ਜੰਮੂ-ਕਸ਼ਮੀਰ, 3 ਅਗਸਤ- ਖ਼ਰਾਬ ਮੌਸਮ ਅਤੇ ਕੁਦਰਤੀ ਆਫਤਾਂ ਨੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ 'ਚ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੋਮਵਾਰ ਨੂੰ ਪਹਿਲਗਾਮ, ਜ਼ੋਜਿਲਾ ਅਤੇ ਸ਼ੋਪੀਆਂ ਵਿਚ ਵੱਖ-ਵੱਖ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪ੍ਰਮੁੱਖ ਸੜਕਾਂ ਨੂੰ ਨੁਕਸਾਨ ਪਹੁੰਚਿਆ ਅਤੇ ਰਿਹਾਇਸ਼ੀ ਖੇਤਰ ਹੜ੍ਹ ਗਏ, ਸੋਨਮਰਗ ਵਿਚ ਜ਼ਮੀਨ ਖਿਸਕਣ ਦੀ ਸੂਚਨਾ ਮਿਲੀ। ਪ੍ਰਸ਼ਾਸਨ ਅਤੇ ਬਚਾਅ ਦਲ ਲਗਾਤਾਰ ਰਾਹਤ ਕਾਰਜਾਂ 'ਚ ਲੱਗੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਸੀਮਾ ਬੇਗਮ (52) ਕੁਪਵਾੜਾ ਜ਼ਿਲੇ ਦੇ ਲੋਲਾਬ ਖੇਤਰ 'ਚ ਬੱਦਲ ਫਟਣ ਕਾਰਨ ਆਏ ਤੇਜ਼ ਹੜ੍ਹ 'ਚ ਉਸ ਸਮੇਂ ਰੁੜ੍ਹ ਗਈ ਜਦੋਂ ਉਹ ਸੁੱਜੇ ਨਾਲੇ 'ਤੇ ਬਣੇ ਪੁਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਬਾਅਦ 'ਚ ਉਸ ਦੀ ਲਾਸ਼ ਸ਼ਾਹਾਬਾਦ ਤੋਂ ਹੇਠਲੇ ਇਲਾਕੇ 'ਚੋਂ ਬਰਾਮਦ ਹੋਈ।
ਸ਼੍ਰੀਨਗਰ-ਲੇਹ ਅਤੇ ਪਹਿਲਗਾਮ ਤੋਂ ਇਲਾਵਾ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਵੀ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ। ਪਹਿਲਪੋਰਾ ਅਤੇ ਹੀਰਪੋਰਾ ਵਿਚ ਬੱਦਲ ਫਟਣ ਦੀਆਂ ਘਟਨਾਵਾਂ ਦੇ ਦੋ ਦਿਨ ਬਾਅਦ ਸੋਮਵਾਰ ਦੁਪਹਿਰ ਨੂੰ ਬਦਰਾਮਾ ਪਿੰਡ ਵਿਚ ਬੱਦਲ ਫਟ ਗਿਆ।
ਪਾਣੀ ਦੇ ਅਚਾਨਕ ਤੇਜ਼ ਵਹਾਅ ਕਾਰਨ ਕਈ ਰਿਹਾਇਸ਼ੀ ਘਰਾਂ ਵਿਚ ਪਾਣੀ ਵੜ ਗਿਆ, ਜਿਸ ਕਾਰਨ ਇਲਾਕਾ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਾਨਕ ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਨੇ ਮਿਲ ਕੇ ਪਾਣੀ ਨੂੰ ਮੋੜਨ ਲਈ ਕੰਮ ਕੀਤਾ ਤਾਂ ਜੋ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਸ਼ੋਪੀਆਂ ਦੇ ਵਿਧਾਇਕ ਐਡਵੋਕੇਟ ਸ਼ਬੀਰ ਅਹਿਮਦ ਕੁੱਲੇ ਨੇ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ।