ਲਹਿਰਾ ਮੁਹੱਬਤ (ਬਠਿੰਡਾ), 17 ਅਗਸਤ (ਸੁਖਪਾਲ ਸਿੰਘ ਸੁੱਖੀ)- ਸਰਕਾਰੀ ਖੇਤਰ ਦੇ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ 1875 ਦੇ ਕਰੀਬ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਮੁਕੰਮਲ 18 ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ 4 ਚੋਂ ਦੋ ਯੂਨਿਟ ਪਹਿਲਾਂ ਹੀ ਬੰਦ ਨੇ ਤੇ ਬੀਤੀ ਰਾਤ ਕੋਲਾ ਪਲਾਂਟ ਦੇ ਸਟੈਕਰ ਦੀਆਂ ਕੇਵਲਾਂ ਨੂੰ ਅੱਗ ਲੱਗਣ ਨਾਲ ਦੋ ਹਫ਼ਤੇ ਲਈ 3 ਨੰ ਯੂਨਿਟ ਦਾ ਬਿਜਲੀ ੳਤੁਪਾਦਨ ਠੱਪ ਹੋਣ ਕਿਨਾਰੇ ਹੈ। ਪਾਵਰਕਾਮ ਨੂੰ ਬਿਜਲੀ ਬਾਹਰੋਂ ਖਰੀਦਣ ਤੇ ਮਸ਼ੀਨਰੀ ਖ਼ਰਾਬ ਹੋਣ ਨਾਲ ਕਰੋੜਾਂ ਦਾ ਘਾਟਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਸੂਬੇ ਵਿਚ ਜਿੱਥੇ ਹੁੰਮਸ ਤੇ ਗਰਮੀ ਕਾਰਨ ਬਿਜਲੀ ਦੀ ਮੰਗ ਅੱਜ 14902 ਮੈਗਾਵਾਟ ਤੱਕ ਪੁੱਜ ਗਈ ਸੀ ਤੇ ਜਿਸ ਨੂੰ ਪੂਰਾ ਕਰਨ ਲਈ 10618 ਮੈਗਾਵਾਟ ਬਿਜਲੀ ਬਾਹਰੋਂ ਪ੍ਰਾਪਤ ਕੀਤੀ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 940 ਮੈਗਾਵਾਟ ਦੇ 4 ਯੂਨਿਟਾਂ ਚੋਂ 2 ਯੂਨਿਟਾਂ ਦਾ ਉਤਪਾਦਨ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਹਿਲਾਂ ਹੀ ਠੱਪ ਪਿਆ ਹੈ ਤੇ ਬੀਤੀ ਰਾਤ ਕੋਲਾ ਪਲਾਂਟ ਵਿਚ ਸਟੈਕਰ ਸੀ ਦੇ ਦੋ ਤੇ 8 ਦੇ ਸੀ ਹੈਡ ਟੇਲ ਦੀਆਂ ਬਿਜਲੀ ਸਪਲਾਈ ਕੇਵਲਾਂ ਨੂੰ ਸ਼ਾਟ ਸਰਕਟ ਨਾਲ ਅੱਗ ਲੱਗਣ ਦਾ ਪਤਾ ਲੱਗਾ ਹੈ। ਜਿੱਥੇ ਕਰੀਬ 14-15 ਲੱਖ ਦਾ ਨੁਕਸਾਨ ਹੋਣ ਦੇ ਨਾਲ ਦੋ ਹਫ਼ਤੇ ਲਈ 3 ਨੰ. ਯੁਨਿਟ ਦੀ ਕੋਲ ਸਪਲਾਈ ਬੰਦ ਹੋਣ ਨਾਲ 250 ਮੈਗਾਵਾਟ ਬਿਜਲੀ ਉਤਪਾਦਨ ਠੱਪ ਹੋਣ ਕਿਨਾਰੇ ਹੈ।
ਕਿਉਂਕਿ ਹੁਣ ਕੋਲ ਫੀਡ ਭਰੇ ਬੰਕਰ ਚੋਂ ਮਿਲ ਰਹੀ ਹੈ, ਖਾਲੀ ਹੋਣ ਨਾਲ ਬੰਦ ਹੋ ਜਾਵੇਗਾ। ਸਟੇਜ ਇਕ ਦਾ 2 ਨੰ, ਯੂਨਿਟ ਕਿਸੇ ਤਕਨੀਕੀ ਖ਼ਰਾਬੀ ਕਾਰਨ ਰਾਤ ਬੰਦ ਹੋ ਗਿਆ ਸੀ, ਜੋ ਸਵੇਰ ਸਮੇਂ ਮੁੜ ਚਾਲੂ ਕੀਤਾ ਗਿਆ। ਜੋ ਆਪਣੀ ਉਤਪਾਦਨ ਸਮਰੱਥਾ ਤੋਂ ਘਟਾ ਕੇ ਸਿਰਫ਼ 158 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਰੋਪੜ ਤਾਪ ਘਰ ਦੇ 4 ਚੋਂ 2 ਯੂਨਿਟ ਬਿਜਲੀ ਪੈਦਾ ਕਰ ਰਹੇ ਹਨ। ਜੋ 840 ਚੋਂ 256 ਮੈਗਾਵਾਟ ਪੈਦਾਵਾਰਟ ਦੇ ਰਹੇ ਹਨ। ਇਸੇ ਤਰਾਂ ਗੋਇੰਦਵਾਲ ਸਾਹਿਬ ਤਾਪ ਘਰ ਦੇ 2 ਯੂਨਿਟ 540 ਚੋਂ 290 ਮੈਗਾਵਾਟ ਬਿਜਲੀ ਦੀ ਪੈਦਾਵਾਰ ਕਰ ਰਹੇ ਹਨ।
ਸੂਬੇ ਵਿਚ ਆਪਣਾ ਬਿਜਲੀ ਉਤਪਾਦਨ 1735 ਮੈਗਾਵਾਟ ਹੈ ਤੇ ਨਿੱਜੀ ਤਾਪ ਘਰ ਰਾਜਪੁਰਾ ਤੇ ਤਲਵੰਡੀ ਸਾਬੋ ਦੇ 2876 ਮੈਗਾਵਾਟ ਨੂੰ ਮਿਲਾ ਕੇ 4771 ਮੈਗਾਵਾਟ ਬਿਜਲੀ ਪੈਦਾਵਾਰ ਹੈ। ਪਰ ਪਾਵਰਕਾਮ ਨੂੰ 10600 ਮੈਗਾਵਾਟ ਤੋਂ ਵਧੇਰੇ ਬਿਜਲੀ ਬਾਹਰੋਂ ਪ੍ਰਾਪਤ ਕਰਨੀ ਪੈ ਰਹੀ ਹੈ। ਇਸ ਸਬੰਧੀਂ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਮੁੱਖ ਇੰਜ. ਸ਼ੱਤ ਪ੍ਰਕਾਸ਼ ਸਿੰਘ ਨਾਲ ਫੋਨ ਰਾਹੀਂ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਥਰਮਲ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਸਟੈਕਰ ਦੀਆਂ ਸਪਲਾਈ ਕੇਵਲਾਂ ਨੂੰ ਅੱਗ ਲੱਗਣ ਨਾਲ ਬਿਜਲੀ ਉਤਪਾਦਨ ਪ੍ਰਭਾਵਿਤ ਹੋਵੇਗਾ। ਜੋ ਜਲਦ ਠੀਕ ਕਰਨ ਦੀ ਕੋਸ਼ਿਸ ਕਰ ਰਹੇ ਹਾਂ।