ਹਲਵਾਰਾ, (ਲੁਧਿਆਣਾ), 9 ਸਤੰਬਰ (ਮਨਦੀਪ ਸਿੰਘ ਉੱਭੀ)- ਹਲਵਾਰਾ ਏਅਰਪੋਰਟ ਤੋਂ ਦਿੱਲੀ ਦਾ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਤਿੰਨ ਦਿਨਾਂ ਦੇ ਅੰਦਰ ਦੂਜੀ ਵਾਰ ਏਅਰ ਇੰਡੀਆ ਦੀ ਦਿੱਲੀ-ਹਲਵਾਰਾ-ਦਿੱਲੀ ਉਡਾਣ ਰੱਦ ਹੋਣ ਕਾਰਨ ਬੁੱਧਵਾਰ ਸਵੇਰੇ ਹਲਵਾਰਾ ਏਅਰਪੋਰਟ ’ਤੇ 110 ਤੋਂ ਵੱਧ ਯਾਤਰੀ ਖੱਜਲ-ਖੁਆਰ ਹੋਏ।
ਜਾਣਕਾਰੀ ਅਨੁਸਾਰ ਦਿੱਲੀ ਤੋਂ ਹਲਵਾਰਾ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ ਏ.ਆਈ.-481 ਹਲਵਾਰਾ ਏਅਰਪੋਰਟ ’ਤੇ ਪਹੁੰਚੀ ਹੀ ਨਹੀਂ। ਇਸੇ ਜਹਾਜ਼ ਨੇ ਹਲਵਾਰਾ ਤੋਂ ਦਿੱਲੀ ਲਈ ਏ.ਆਈ.-482 ਬਣ ਕੇ ਵਾਪਸ ਰਵਾਨਾ ਹੋਣਾ ਸੀ, ਪਰ ਜਹਾਜ਼ ਨਾ ਆਉਣ ਕਾਰਨ ਇਹ ਉਡਾਣ ਵੀ ਰੱਦ ਕਰ ਦਿੱਤੀ ਗਈ। ਉਡਾਣ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਏਅਰਪੋਰਟ ਪਹੁੰਚੇ ਯਾਤਰੀਆਂ ਨੂੰ ਉਡਾਣ ਰੱਦ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਯਾਤਰੀ ਨਿੱਜੀ ਵਾਹਨਾਂ ਰਾਹੀਂ ਏਅਰਪੋਰਟ ਪਹੁੰਚੇ ਸਨ, ਜਦਕਿ ਦਿੱਲੀ ਜਾਣ ਲਈ ਜ਼ਰੂਰੀ ਕੰਮ ਵਾਲੇ ਯਾਤਰੀਆਂ ਨੇ ਮਜਬੂਰੀ ਵਿਚ ਟੈਕਸੀਆਂ ਅਤੇ ਹੋਰ ਬਦਲਵੇਂ ਸਾਧਨਾਂ ਦਾ ਸਹਾਰਾ ਲਿਆ।
ਉਡਾਣ ਰੱਦ ਹੋਣ ਤੋਂ ਬਾਅਦ ਕੁਝ ਯਾਤਰੀਆਂ ਨੇ ਦੁਪਹਿਰ ਦੀ ਉਡਾਣ ਏ.ਆਈ.-484 ਵਿਚ ਸੀਟ ਲੈਣ ਦੀ ਕੋਸ਼ਿਸ਼ ਕੀਤੀ। ਕੁਝ ਯਾਤਰੀਆਂ ਨੂੰ ਸੀਟਾਂ ਮਿਲ ਗਈਆਂ ਅਤੇ ਉਹ ਵੇਟਿੰਗ ਹਾਲ ਵਿਚ ਬੈਠ ਕੇ ਅਗਲੀ ਉਡਾਣ ਦੀ ਉਡੀਕ ਕਰਦੇ ਰਹੇ। ਉਥੇ ਹੀ ਕਈ ਯਾਤਰੀਆਂ ਨੇ ਆਪਣੀ ਯਾਤਰਾ ਦੀ ਤਾਰੀਖ ਹੀ ਬਦਲ ਲਈ। ਲਗਾਤਾਰ ਉਡਾਣਾਂ ਰੱਦ ਹੋਣ ਕਾਰਨ ਹਲਵਾਰਾ ਏਅਰਪੋਰਟ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਵਿਚ ਏਅਰ ਇੰਡੀਆ ਦੀ ਹਵਾਈ ਸੇਵਾ ਨੂੰ ਲੈ ਕੇ ਨਾਰਾਜ਼ਗੀ ਪਾਈ ਜਾ ਰਹੀ ਹੈ। ਯਾਤਰੀਆਂ ਨੇ ਮੰਗ ਕੀਤੀ ਕਿ ਉਡਾਣਾਂ ਨੂੰ ਨਿਰਧਾਰਤ ਸਮੇਂ ’ਤੇ ਚਲਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਹੋ ਰਹੀ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ।