09-04-2023
ਲੋਕਰਾਜ ਸਿਰਜਕ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ
ਲੇਖਕ : ਰਣਜੀਤ ਸਿੰਘ (ਡਾ.)
ਪ੍ਰਕਾਸ਼ਕ : ਅਸਥੈਟਿਕਸ ਪਬਲੀਕੇਸ਼ਨਜ਼ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 94170-87328
ਪੁਸਤਕ ਦੇ ਲੇਖਕ ਡਾ. ਰਣਜੀਤ ਸਿੰਘ ਇਸ ਤੋਂ ਇਲਾਵਾ ਦੋ ਦਰਜਨ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕੇ ਹਨ। ਹਥਲੀ ਪੁਸਤਕ ਸਿੱਖਾਂ ਦੇ ਮਹਾਨ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਨ ਜੀਵਨ ਤੇ ਕੁਰਬਾਨੀ ਦੀ ਗਾਥਾ ਨੂੰ ਬਿਆਨ ਕਰਦੀ ਹੈ। ਸਮੁੱਚੇ ਰੂਪ ਵਿਚ ਬਾਬਾ ਬੰਦਾ ਸਿੰਘ ਦੀ ਬਹਾਦਰੀ ਅਤੇ ਦਸਮੇਸ਼ ਪਿਤਾ ਜੀ ਵਲੋਂ ਦਿੱਤੇ ਥਾਪੜੇ ਦਾ ਜ਼ਿਕਰ ਲੇਖਕ ਨੇ ਬੜੇ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਪੇਸ਼ ਕਰਨ ਲਈ ਵੱਖ-ਵੱਖ 13 ਅਧਿਆਇ ਲਿਖ ਕੇ ਸਰਲ ਅਤੇ ਸੁਖੈਨ ਸ਼ੈਲੀ ਵਿਚ ਪਾਠਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਕਲਮ ਰਾਹੀਂ ਇਤਿਹਾਸ ਨਾਲ ਇਨਸਾਫ਼ ਕਰਨ ਦਾ ਸਫਲ ਉਪਰਾਲਾ ਕੀਤਾ ਹੈ। ਸਮੁੱਚੇ ਰੂਪ ਵਿਚ ਪੰਜਾਬ ਦਾ ਇਤਿਹਾਸ ਯੋਧਿਆਂ, ਸੂਰਬੀਰਾਂ ਤੇ ਮਰਜੀਵੜਿਆਂ ਵਲੋਂ ਮੌਤ ਨਾਲ ਕਲੋਲਾਂ ਕਰਨ ਦੀ ਅਮਰ ਕਹਾਣੀ ਹੈ। ਸਰਬੰਸਦਾਨੀ ਦੇ ਸਿਰਜੇ ਸੰਤ ਸਿਪਾਹੀ ਖ਼ਾਲਸੇ ਨੇ ਕੇਵਲ ਆਪਣੇ ਹੱਕਾਂ ਦੀ ਖ਼ਾਤਰ ਹੀ ਨਹੀਂ, ਸਗੋਂ ਗੁਰਬਤ ਦੇ ਮਾਰੇ ਦੱਬੇ ਕੁਚਲੇ ਲੋਕਾਂ ਨਾਲ ਖੜ੍ਹ ਕੇ ਆਪਣੇ ਫ਼ਰਜ਼ ਨੂੰ ਨਿਭਾਇਆ ਹੈ। ਸਦੀਆਂ ਤੋਂ ਗ਼ੁਲਾਮ ਦੇਸ਼ ਵਾਸੀਆਂ ਨੂੰ ਸਰਦਾਰੀਆਂ ਦੀ ਬਖ਼ਸ਼ਿਸ਼ ਕੀਤੀ। ਇਸ ਛੋਟੀ ਤੇ ਘੱਟ ਗਿਣਤੀ ਕੌਮ ਨੇ ਮਹਾਨ ਸੂਰਬੀਰ, ਬਾਦਸ਼ਾਹ, ਵਿਦਵਾਨ ਅਤੇ ਸਫਲ ਕਿਰਤੀ ਦਿੱਤੇ ਹਨ, ਉਥੇ ਅਣਖ ਅਤੇ ਦਲੇਰੀ ਨਾਲ ਜੀਊਣ ਦੀ ਜੀਵਨ-ਜੁਗਤਿ ਵੀ ਦਿੱਤੀ ਹੈ। ਲੇਖਕ ਨੇ ਸੱਚ ਦਾ ਪੱਲਾ ਫੜਦਿਆਂ ਇਸ ਗੱਲ ਨੂੰ ਵੀ ਕਬੂਲ ਕੀਤਾ ਹੈ ਕਿ ਅਸੀਂ ਆਪਣੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ਸ਼ੀਲ ਕੁਰਬਾਨੀ ਭਰੇ ਜੀਵਨ ਨੂੰ ਵੀ ਸਹੀ ਸੰਦਰਭ ਵਿਚ ਪੇਸ਼ ਨਹੀਂ ਕੀਤਾ। ਉਹ ਮਹਾਨ ਲੋਕ ਨਾਇਕ ਤੇ ਜਰਨੈਲ ਜਿਸ ਨੇ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਸਾਨੂੰ ਮੁਕਤ ਕਰਵਾਇਆ ਤੇ ਹੱਥੀਂ ਕਿਰਤ ਕਰਨ ਵਾਲਿਆਂ ਨੂੰ ਸਰਦਾਰ ਬਣਾਇਆ, ਹਲ ਵਾਹਕਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ, ਉਸ ਸੰਬੰਧੀ ਸਮਕਾਲੀਆਂ ਨੇ ਕਿੰਨੇ ਭਰਮ ਭੁਲੇਖੇ ਪਾ ਕੇ ਇਤਿਹਾਸ ਲਿਖਣ ਸਮੇਂ ਇਨਸਾਫ਼ ਨਹੀਂ ਕੀਤਾ। ਗਿਣਤੀ ਦੇ ਸਿੰਘਾਂ ਨਾਲ ਨਾਂਦੇੜ ਤੋਂ ਚੱਲੇ ਸਨ, ਦਸਮੇਸ਼ ਪਿਤਾ ਦੇ ਥਾਪੜੇ ਨਾਲ ਪੰਜਾਬ ਸੋਨੀਪਤ ਤੱਕ ਪਹੁੰਚਦਿਆਂ ਇਹ ਗਿਣਤੀ ਹਜ਼ਾਰਾਂ ਤੱਕ ਪਹੁੰਚ ਗਈ। ਇਨ੍ਹਾਂ ਮਰਜੀਵੜਿਆਂ ਕੋਲ ਕੇਵਲ ਸੱਚ ਸੀ, ਨਾ ਹਥਿਆਰ ਸਨ ਤੇ ਨਾ ਹੀ ਗੋਲਾ ਬਾਰੂਦ, ਨਾ ਖਾਣ ਲਈ ਰਾਸ਼ਨ ਪਾਣੀ। ਲੋਕ-ਸ਼ਕਤੀ ਨੇ ਇਤਿਹਾਸ ਦਾ ਮੁਹਾਵ ਬਦਲ ਦਿੱਤਾ, ਦਿੱਲੀ ਤੋਂ ਲਾਹੌਰ ਤੱਕ ਕਬਜ਼ਾ ਕਰ ਲਿਆ। ਗੁਰੂ ਸਾਹਿਬ ਦੇ ਨਾਂਅ ਦਾ ਸਿੱਕਾ ਚੱਲਿਆ। ਦੋ ਸਾਲ ਦੇ ਰਾਜ ਤੋਂ ਬਾਅਦ ਮਰਜੀਵੜਿਆਂ ਦੀ ਸ਼ਹਾਦਤ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਪੁਸਤਕ ਵਿਚ ਵੱਖ-ਵੱਖ ਚਿੱਤਰਾਂ ਰਾਹੀਂ ਜੀਵਨ ਸਫ਼ਰ ਵੀ ਦਰਸਾਇਆ ਗਿਆ ਹੈ।
ਲੇਖਕ ਨੇ ਪੁਸਤਕ ਦੇ ਆਰੰਭ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਪਿਛੋਕੜ ਅਤੇ ਉਸ ਤੋਂ ਬਾਅਦ ਦੋ ਸਦੀਆਂ ਵਿਚ ਸਿਰਜੀ ਕ੍ਰਾਂਤੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਬਾਬਾ ਜੀ ਦੀ ਮਿਲਣੀ, ਪੰਜਾਬ ਵੱਲ ਚੜ੍ਹਾਈ, ਸਰਹਿੰਦ ਫ਼ਤਹਿ, ਖ਼ਾਲਸਾ ਰਾਜ ਦੀ ਸਥਾਪਨਾ, ਖ਼ਾਲਸੇ ਦੀਆਂ ਹੋਰ ਜਿੱਤਾਂ, ਬਹਾਦਰਸ਼ਾਹ ਦੀ ਚੜ੍ਹਾਈ, ਪਹਾੜੀ ਰਾਜਿਆਂ ਨੂੰ ਸੋਧਣਾ, ਬਾਬਾ ਜੀ ਦੀ ਗ੍ਰਿਫ਼ਤਾਰੀ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ, ਬਾਬਾ ਜੀ ਦੀ ਸ਼ਹਾਦਤ, ਬੰਦੀ ਵੀਰ ਵਿਸ਼ੇ 'ਤੇ ਵੱਖ-ਵੱਖ ਲੇਖ ਲਿਖ ਕੇ ਸੰਪੂਰਨ ਕੀਤਾ ਹੈ। ਅੰਤ ਵਿਚ ਹਵਾਲਾ ਪੁਸਤਕਾਂ ਦੀ ਸੂਚੀ ਵੀ ਦਰਜ ਕੀਤੀ ਹੈ। ਲੇਖਕ ਦੇ ਇਸ ਸਫ਼ਲ ਕਾਰਜ ਦੀ ਪ੍ਰਸੰਸਾ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਜਰਨੈਲ ਕਿਹਾ ਹੈ, ਜਿਸ ਨੇ ਸੰਤ ਸਿਪਾਹੀ ਦੀ ਪਰਿਭਾਸ਼ਾ ਨੂੰ ਸਾਕਾਰ ਰੂਪ ਦਿੱਤਾ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਲੋਅ
ਗ਼ਜ਼ਲਕਾਰ : ਮੁਰੀਦ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 79
ਸੰਪਰਕ-93575-44440
ਬਿਨਾਂ ਸ਼ੱਕ ਪੰਜਾਬੀ ਗ਼ਜ਼ਲ ਇਸ ਸਮੇਂ ਆਪਣੇ ਸ਼ਾਨਾਮੱਤੇ ਦੌਰ 'ਚੋਂ ਗੁਜ਼ਰ ਰਹੀ ਹੈ। ਕੋਈ ਵਕਤ ਸੀ ਜਦੋਂ ਪੰਜਾਬੀ ਵਿਚ ਗ਼ਜ਼ਲ ਕਹਿਣ ਵਾਲੇ ਉਂਗਲਾਂ 'ਤੇ ਗਿਣੇ ਜਾ ਸਕਦੇ ਸਨ ਪਰ ਹੁਣ ਗਿਣਨਾ ਹੀ ਅਸੰਭਵ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਪੁਰਾਣੇ ਗ਼ਜ਼ਲਕਾਰਾਂ ਨੇ ਗ਼ਜ਼ਲ ਦੀ ਜ਼ਮੀਨ ਨੂੰ ਜ਼ਰਖੇਜ਼ ਤੇ ਵੱਤਰ ਕੀਤਾ ਅਤੇ ਨਵਿਆਂ ਨੇ ਭਰਪੂਰ ਫ਼ਸਲ ਲਈ ਪ੍ਰਸੰਸਾਯੋਗ ਯਤਨ ਕੀਤੇ ਹਨ। ਮੁਰੀਦ ਸੰਧੂ ਇਨ੍ਹਾਂ ਨਵੇਂ ਕਾਸ਼ਤਕਾਰਾਂ 'ਚੋਂ ਉੱਘਾ ਨਾਂਅ ਹੈ। 'ਲੋਅ' ਮੁਰੀਦ ਸੰਧੂ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਛਿਆਹਠ ਗ਼ਜ਼ਲਾਂ ਅੰਕਿਤ ਹਨ। ਸਮੁੱਚੇ ਸੰਗ੍ਰਹਿ ਨੂੰ ਪੜ੍ਹਦਿਆਂ ਇਉਂ ਜਾਪਿਆ ਹੈ ਕਿ ਮੁਰੀਦ ਨੇ ਕਿਸੇ ਦੀ ਨਕਲ ਕਰਨ ਦੀ ਥਾਂ ਆਪਣੀ ਗ਼ਜ਼ਲ ਨੂੰ ਆਪਣੀ ਸ਼ੈਲੀ ਵਿਚ ਢਾਲਣ ਦਾ ਯਤਨ ਕੀਤਾ ਹੈ। 'ਲੋਅ' ਦੀ ਪਹਿਲੀ ਗ਼ਜ਼ਲ ਬਹੁਤ ਹੀ ਸ਼ਾਨਦਾਰ ਹੈ, ਉਹ ਆਖਦਾ ਹੈ ਮੰਜ਼ਿਲ ਭਾਵੇਂ ਅੱਖਾਂ ਤੋਂ ਓਹਲੇ ਸੀ ਪਰ ਉਸ ਦੇ ਮੱਥੇ ਨੂੰ ਉਸ ਦੇ ਸਿਰਨਾਵੇਂ ਦਾ ਅਹਿਸਾਸ ਸੀ। ਉਹ ਕਹਿੰਦਾ ਹੈ ਬਹੁਤਾ ਮਾਨਣ ਦੀ ਇੱਛਾ ਨੇ ਕੁਝ ਵੀ ਮਾਨਣ ਨਹੀਂ ਦਿੱਤਾ ਅਤੇ ਹਰ ਪਲ ਵਿਚ ਜੀਵਨ ਹੈ ਜਿਸ ਨੂੰ ਉਹ ਜਾਣ ਨਹੀਂ ਸਕਿਆ। ਖ਼ੂਬਸੂਰਤ ਸ਼ਿਅਰਾਂ ਵਾਲੀ ਇਸ ਗ਼ਜ਼ਲ ਵਿਚ ਉਦਾਸੀ ਦਾ ਆਲਮ ਹੈ ਜੋ ਗ਼ਜ਼ਲਕਾਰ ਦੀ ਜ਼ਿੰਦਗੀ ਨਾਲ ਵੀ ਜੁੜਿਆ ਹੋਇਆ ਪ੍ਰਤੀਤ ਹੁੰਦਾ ਹੈ। ਗ਼ਜ਼ਲ ਦੀ ਖ਼ੂਬੀ ਹੁੰਦੀ ਹੈ ਕਿ ਉਹ ਕਲਾਤਮਿਕ ਪੇਸ਼ਕਾਰੀ ਦੇ ਨਾਲ-ਨਾਲ ਸੁਭਾਵਿਕ ਤੇ ਯਥਾਰਥਮਈ ਮਹਿਸੂਸ ਹੋਣੀ ਚਾਹੀਦੀ ਹੈ। ਮੁਰੀਦ ਸੰਧੂ ਨੇ ਬਹੁਤੀਆਂ ਗ਼ਜ਼ਲਾਂ ਵਿਚ ਸੁਸਤ ਕਾਫ਼ੀਏ ਵਰਤੇ ਹਨ ਜਿਨ੍ਹਾਂ ਕਰਕੇ ਗ਼ਜ਼ਲ ਦਾ ਰੰਗ ਬਹੁਤਾ ਨਹੀਂ ਉੱਠਦਾ ਪਰ ਮੁਰੀਦ ਦੀਆਂ ਗ਼ਜ਼ਲਾਂ ਵਿਚ ਅਜਿਹੇ ਕਾਫ਼ੀਏ ਬਹੁਤੇ ਓਪਰੇ ਨਹੀਂ ਲਗਦੇ। ਇਸ ਪੁਸਤਕ ਦੀਆਂ ਗ਼ਜ਼ਲਾਂ ਵਿਚ ਮਾਯੂਸੀ, ਪਛਤਾਵਾ ਤੇ ਨਾਉਮੀਦੀ ਵਧੇਰੇ ਹੈ, ਗ਼ਜ਼ਲਕਾਰ ਨੂੰ ਚੜ੍ਹਦੀ ਕਲਾ ਵਿਚ ਰਹਿ ਕੇ ਮੁਸ਼ਕਿਲ ਜੀਵਨ ਜੀਅ ਰਹੇ ਲੋਕਾਂ ਦਾ ਰਾਹ ਦਸੇਰਾ ਬਣਨਾ ਚਾਹੀਦਾ ਹੈ। ਆਪਣੇ ਸਫ਼ਰ ਨੂੰ ਹੋਰ ਪੱਕੇ ਪੈਰੀਂ ਕਰਨ ਲਈ ਉਸ ਨੂੰ ਤਿੰਨ ਅੱਖਰੀ ਸ਼ਬਦਾਂ ਦੇ ਉਚਾਰਨ ਦਾ ਅਧਿਐਨ ਕਰਨਾ ਚਾਹੀਦਾ ਹੈ। ਉਂਝ ਮੁਰੀਦ ਸੰਧੂ ਦਾ ਗ਼ਜ਼ਲ ਸੰਗ੍ਰਹਿ 'ਲੋਅ' ਵਧੀਆ ਹੈ ਤੇ ਉਸ ਦੀ ਭਰਪੂਰ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਤਿਤਲੀਆਂ ਬਹੁਰੰਗੀਆਂ
ਲੇਖਕ :ਗੁਰਸ਼ਰਨ ਸਿੰਘ ਨਰੂਲਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 93165-44777
'ਤਿਤਲੀਆਂ ਬਹੁਰੰਗੀਆਂ' ਗੁਰਸ਼ਰਨ ਸਿੰਘ ਨਰੂਲਾ ਦੀ ਲੇਖਕ ਮੁਤਾਬਕ ਕਹਾਣੀਆਂ ਦੀ ਪੁਸਤਕ ਹੈ। ਪਰ ਜੇਕਰ ਵਿਧਾਗਤ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਇਹ ਕਹਾਣੀਨੁਮਾ ਬਿਰਤਾਂਤ ਹਨ, ਜਿਨ੍ਹਾਂ ਨੂੰ ਲੇਖਕ ਨੇ ਆਪਣੇ ਤਜਰਬੇ ਦੇ ਆਧਾਰ 'ਤੇ ਸਿਰਜ ਕੇ ਪਾਠਕਾਂ ਦੇ ਸਨਮੁੱਖ ਕੀਤਾ। ਇਨ੍ਹਾਂ ਕਹਾਣੀਨੁਮਾ ਬਿਰਤਾਂਤ ਵਿਚ ਇਕ ਮੂਲ ਸੁਰ ਉੱਭਰਦੀ ਹੈ, ਉਹ ਹੈ ਇਨਸਾਨੀ ਅਤੇ ਜਜ਼ਬਾਤੀ ਰਿਸ਼ਤੇ ਜਿਥੇ ਤਰਕ ਦੀ ਕੋਈ ਥਾਂ ਨਹੀਂ ਸਿਰਫ਼ ਤੇ ਸਿਰਫ਼ ਰਿਸ਼ਤੇ ਦੀ ਅਹਿਮੀਅਤ ਹੈ ਭਾਵੇਂ ਕਿ ਕਿਤੇ-ਕਿਤੇ ਕਹਾਣੀ ਦੇ ਨਾਇਕ ਤੇ ਨਾਇਕਾ ਦਰਮਿਆਨ ਇਹ ਰਿਸ਼ਤਾ ਮੁਹੱਬਤੀ ਰੂਪ ਵਿਚ ਪਹਿਲੀ ਨਜ਼ਰੇ ਹੀ ਸਿਰਜਿਆ ਜਾਂਦਾ ਹੈ, ਜਿਵੇਂ 'ਇਨਸਾਨੀਅਤ ਦਾ ਰਿਸ਼ਤਾ' ਵਿਚ ਬੰਧਨੀ ਅਤੇ ਡਾਕਟਰ ਦਾ ਰਿਸ਼ਤਾ 'ਦਿਲਾਂ ਦੀ ਭਾਸ਼ਾ' ਵਿਚ ਤੇਜੇ ਅਤੇ ਤੁਜੱਸਵੀ ਦਾ ਰਿਸ਼ਤਾ ਅਤੇ 'ਉਹ ਚੁਰਾਹੇ 'ਤੇ ਖੜ੍ਹੇ ਸਨ' ਵਿਚ ਮੇਜਰ ਸਿੰਘ ਅਤੇ ਧੀਦੋ ਦਾ ਰਿਸ਼ਤਾ। ਇਹ ਰਿਸ਼ਤੇ ਇਨ੍ਹਾਂ ਬਿਰਤਾਂਤਾਂ ਵਿਚ ਰੁਮਾਂਟਿਕ ਵਾਤਾਵਰਨ ਸਿਰਜਦੇ ਹੋਏ ਇਨਸਾਨੀਅਤ ਦੇ ਰਿਸ਼ਤੇ ਹੋ ਨਿਬੜਦੇ ਹਨ। 'ਤਿਤਲੀਆਂ ਬਹੁਰੰਗੀਆਂ' ਇਨਸਾਨੀ ਸੂਝ-ਬੂਝ ਬਾਰੇ ਖ਼ੂਬਸੂਰਤ ਬਿਰਤਾਂਤ ਸਿਰਜਿਆ ਹੈ। ਸਾਹਿਤ ਸਿਰਜਣਾ ਵਾਲੇ ਵਿਅਕਤੀ ਦਾ ਕਿਵੇਂ ਅਤੇ ਕਿੰਨਾ ਸਤਿਕਾਰ ਹੋ ਸਕਦਾ ਹੈ ਉਹ ਇਸ ਪੁਸਤਕ ਵਿਚਲੀਆਂ ਰਚਨਾਵਾਂ ਵਿਚ ਦੇਖਿਆ ਅਤੇ ਮਾਣਿਆ ਜਾ ਸਕਦਾ ਹੈ। ਬਹੁਤੀ ਵਾਰ ਇਨ੍ਹਾਂ ਬਿਰਤਾਂਤਕ ਰਚਨਾਵਾਂ ਵਿਚ ਲੇਖਕ ਮੌਕਾ-ਮੇਲ ਦੀ ਵਿਧੀ ਦੁਆਰਾ ਪਾਤਰਾਂ ਦੀ ਆਪਸੀ ਮੇਲ ਜੋਲ ਦੀ ਸਥਿਤੀ ਪੈਦਾ ਕਰਦਾ ਹੈ ਜੋ ਬਾਅਦ ਵਿਚ ਰਿਸ਼ਤੇ ਵਿਚ ਬਦਲਦੀ ਹੈ। ਇਸੇ ਤਰ੍ਹਾਂ 'ਚਿੜੀਆਂ ਦਾ ਚੰਬਾ' ਵਰਗੇ ਬਿਰਤਾਂਤ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਪਿਆਰ ਦਾ ਜਜ਼ਬਾ ਭੂਗੋਲਿਕ ਵਲਗਣਾਂ ਤੋਂ ਵੀ ਪਰ੍ਹੇ ਹੈ। ਇਹ ਕਹਾਣੀ-ਨੁਮਾ ਬਿਰਤਾਂਤ ਕਦੇ-ਕਦੇ ਲੋਕ-ਕਹਾਣੀਆਂ ਵਰਗੇ ਜਾਪਦੇ ਹਨ ਜਿਨ੍ਹਾਂ ਵਿਚ ਲੇਖਕ ਪੜ੍ਹੀਆਂ ਜਾਂ ਸੁਣੀਆਂ/ਦੇਖੀਆਂ ਘਟਨਾਵਾਂ ਨੂੰ ਕਹਾਣੀ ਦੀ ਸੰਰਚਨਾ ਵਿਚ ਢਾਲਦਾ ਹੈ ਜਿਵੇਂ 'ਮੇਰਾ ਖ਼ਿਆਲ ਹੈ' ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਪੁਸਤਕ ਵਿਚਲੀਆਂ ਬਿਰਤਾਂਤਕ ਰਚਨਾਵਾਂ ਮਿੰਨੀ-ਕਹਾਣੀ ਵਾਂਗ ਆਕਾਰ ਪੱਖੋਂ ਲੰਮੀਆਂ ਨਹੀਂ ਹਨ ਇਨ੍ਹਾਂ ਵਿਚਲੀ ਨਾਟਕੀਅਤਾ ਪ੍ਰਭਾਵਿਤ ਕਰਦੀ ਹੈ। ਮੌਕੇ ਮੁਤਾਬਿਕ ਅੰਗਰੇਜ਼ੀ ਦੇ ਸ਼ਬਦ ਵੀ ਵਰਤੇ ਗਏ ਹਨ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਤੇਗ਼ਜ਼ਨ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ
ਲੇਖਕ : ਡਾ. ਜਸਬੀਰ ਸਿੰਘ ਸਰਨਾ
ਪ੍ਰਕਾਸ਼ਕ : ਸੰਤ ਸੇਵਾ ਸਿੰਘ, ਗੁਰਦੁਆਰਾ ਰਾਮਪੁਰ ਖੇੜਾ ਸਾਹਿਬ, ਹੁਸ਼ਿਆਰਪੁਰ
ਭੇਟਾ : ਵੀਚਾਰ ਅਤੇ ਅਮਲ : ਸਫ਼ੇ :240
ਡਾ. ਜਸਬੀਰ ਸਿੰਘ ਸਰਨਾ ਨੇ ਗੁਰਬਾਣੀ ਤੇ ਸਿੱਖ ਇਤਿਹਾਸ ਦਾ ਡੂੰਘਾ ਅਧਿਐਨ ਤੇ ਖੋਜ ਕਰਨ ਉਪਰੰਤ ਕਈ ਪੁਸਤਕਾਂ ਦੀ ਰਚਨਾ ਕੀਤੀ ਹੈ। ਹਥਲੀ ਪੁਸਤਕ ਵਿਚ ਉਸ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਦੀਆਂ ਅਦਭੁਤ ਘਟਨਾਵਾਂ ਦੀ ਵਿਆਖਿਆ ਕੀਤੀ ਹੈ ਅਤੇ ਗੁਰੂ ਸਾਹਿਬ ਦੇ ਲਾਸਾਨੀ ਸਿੱਖਾਂ ਬਾਰੇ ਗਿਆਨ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਹੈ। ਪੁਸਤਕ ਦੇ ਆਰੰਭਿਕ ਪੰਨਿਆਂ ਵਿਚ ਗੁਰੂ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਹੇਠ ਲਿਖੇ ਸਿਰਲੇਖਾਂ ਅਧੀਨ ਚਾਨਣਾ ਪਾਇਆ ਹੈ :
ਮੁਢਲਾ ਜੀਵਨ, ਸਿੱਖ ਫ਼ੌਜ ਦੇ ਐਲਾਨਨਾਮੇ ਦੀ ਸ਼ੁਰੂਆਤ, ਅਕਾਲ ਤਖ਼ਤ ਸਾਹਿਬ, ਗਵਾਲੀਅਰ ਕਿਲ੍ਹੇ ਵਿਚ ਨਜ਼ਰਬੰਦੀ ਤੇ ਰਿਹਾਈ, ਸਫ਼ਰ, ਸਮੇਂ ਦੀਆਂ ਅਹਿਮ ਦਾਸਤਾਨਾਂ, ਜੰਗਾਂ, ਨੀਸਾਣ ਅਤੇ ਹੁਕਮਨਾਮੇ, ਗੁਰਦੁਆਰੇ, ਅਸਥਾਨ ਤੇ ਯਾਦ ਚਿੰਨ੍ਹ। ਅੰਤਿਕਾ 1 ਦੇ ਅੰਤਰਗਤ ਤੌਜ਼ਕੇ ਜਹਾਂਗੀਰ ਨੂੰ ਫ਼ਾਰਸੀ ਲਿਪੀ ਵਿਚ ਛਾਪਿਆ ਗਿਆ ਹੈ। ਅੰਤਿਕਾ 2 ਵਿਚ ਗੁਰੂ ਸਾਹਿਬ ਨਾਲ ਸੰਬੰਧਿਤ ਸਮਕਾਲੀ ਇਤਿਹਾਸਕ ਸਰੋਤ : ਦਬਿਸਤਾਨੇ-ਮੁਜ਼ਾਹਿਬ ਦਾ ਜ਼ਿਕਰ ਕੀਤਾ ਹੈ। ਅੰਤਿਕਾ 3 ਵਿਚ ਦਬਿਸਤਾਨ-ਮੁਜ਼ਾਹਿਬ ਨੂੰ ਫ਼ਾਰਸੀ ਅੱਖਰਾਂ ਵਿਚ ਪੇਸ਼ ਕੀਤਾ ਹੈ ਅਤੇ ਅੰਤਿਕਾ 4 ਵਿਚ ਮਹਿਮਾਨਾਮਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਵਰਣਨ ਹੈ। ਗੁਰੂ ਸਾਹਿਬ ਦੀਆਂ ਜੀਵਨ ਝਲਕਾਂ ਤੋਂ ਬਾਅਦ ਆਪ ਜੀ ਦੇ 129 ਲਾਸਾਨੀ ਸਿੱਖਾਂ ਨਾਲ ਸੰਖੇਪ ਜਾਣ-ਪਛਾਣ ਕਰਵਾਈ ਗਈ ਹੈ। ਸਿੱਖ ਧਰਮ ਤੇ ਇਤਿਹਾਸ ਦੇ ਖੋਜਾਰਥੀਆਂ ਲਈ ਇਹ ਪੁਸਤਕ ਬਹੁਤ ਲਾਹੇਵੰਦ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਹਾਇਕੂ ਤ੍ਰਿਵੈਣੀ
ਲੇਖਕ : ਕਸ਼ਮੀਰੀ ਲਾਲ ਚਾਵਲਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ :64
ਸੰਪਰਕ : 98148-14791
ਜਾਪਾਨ ਦੇਸ਼ ਦੀਆਂ ਹਾਇਕੂ, ਤਾਂਕਾ, ਚੋਕਾ, ਸੇਦੋਕਾ, ਹਾਈਬਨ, ਰੇਂਗਾ, ਹਾਇਗਾ ਅਤੇ ਕਤੌਤਾ ਉਹ ਕਾਵਿ-ਵਿਧਾਵਾਂ ਹਨ, ਜਿਨ੍ਹਾਂ ਦੀ ਤਕਨੀਕ ਨੂੰ ਵਰਤ ਕੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਕਾਵਿ-ਰਚਨਾਵਾਂ ਲਿਖੀਆਂ ਜਾ ਰਹੀਆਂ ਹਨ। ਇਨ੍ਹਾਂ ਵਿਧਾਵਾਂ ਵਿਚੋਂ ਤਿੰਨਾਂ ਵਿਧਾਵਾਂ ਜਿਨ੍ਹਾਂ ਵਿਚ ਕਤੌਤਾ, ਹਾਈਬਨ ਅੇਤ ਚੌਕਾ ਸ਼ਾਮਿਲ ਹਨ, ਨੂੰ ਵਰਤ ਕੇ 'ਹਾਇਕੂ ਤ੍ਰਿਵੈਣੀ' ਨਾਂਅ ਦੀ ਇਸ ਪੁਸਤਕ ਦੀ ਸਿਰਜਣਾ ਕੀਤੀ ਗਈ ਹੈ। ਲੇਖਕ ਨੇ ਪੁਸਤਕ ਦੇ ਆਰੰਭ ਵਿਚ ਲਿਖਿਆ ਹੈ ਕਿ ਇਨ੍ਹਾਂ ਕਾਵਿ-ਵਿਧਾਵਾਂ ਵਿਚ ਲੋਕ-ਰੰਗ, ਲੋਕ-ਉਮੰਗ ਅਤੇ ਲੋਕ-ਜੀਵਨ ਬੋਲਦਾ ਹੈ। ਪੰਜਾਬੀ ਵਿਚ ਇਨ੍ਹਾਂ ਵਿਧਾਵਾਂ ਦੀ ਵਰਤੋਂ ਕਰਨ ਵਾਲੇ ਲੇਖਕਾਂ ਨੂੰ ਹਾਇਕੂਕਾਰ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇਸ ਪੁਸਤਕ ਵਿਚ 'ਹਾਇਕੂ ਲਹਿਰ' ਨਾਂਅ ਦੇ ਸਿਰਲੇਖ ਹੇਠ ਪੰਜਾਬ ਵਿਚ ਹਾਇਕੂਕਾਰੀ ਦੇ ਹੋ ਰਹੇ ਫੈਲਾਓ ਦਾ ਵਿਸਤ੍ਰਿਤ ਜ਼ਿਕਰ ਕੀਤਾ ਹੈ।
ਹਾਇਕੂਕਾਰੀ ਦੀਆਂ ਪੁਸਤਕਾਂ ਦੀ ਰਚਨਾ ਅਤੇ ਪੰਜਾਬ ਦੇ ਨਾਮੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਵਿਚ ਹਾਇਕੂ-ਸਾਹਿਤ ਦੀਆਂ ਪੁਸਤਕਾਂ ਦੀ ਪਹੁੰਚ ਦਾ ਜ਼ਿਕਰ ਵੀ ਕੀਤਾ ਹੈ। ਪੰਜਾਬੀ ਸਾਹਿਤਕਾਰੀ ਵਿਚ ਇਹ ਪੁਸਤਕ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਜਾਪਦੀ ਹੈ। ਇਸ ਸੰਬੰਧੀ ਗੰਭੀਰਤਾ ਨਾਲ ਗੱਲ ਹੋਣੀ ਚਾਹੀਦੀ ਹੈ।
-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444
ਸ਼ਬਦਾਂ ਦੇ ਸੁਰ ਪੰਛੀ
ਕਵੀ : ਹਰਜੀਤ ਸਿੰਘ ਉੱਪਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 156
ਸੰਪਰਕ : 094191-29886
ਪੁਣਛ (ਜੰਮੂ ਅਤੇ ਕਸ਼ਮੀਰ) ਵੱਸਦੇ ਕਵੀ ਹਰਜੀਤ ਸਿੰਘ ਉੱਪਲ ਦਾ ਇਹ ਭਾਵੇਂ ਪਹਿਲਾ ਕਾਵਿ-ਸੰਗ੍ਰਹਿ ਹੈ ਪਰ ਉਸ ਦੀਆਂ ਸਿਰਜੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਲੰਮੇ ਤਜਰਬੇ ਦਾ ਅਤਾ-ਪਤਾ ਦਿੰਦੀਆਂ ਹਨ। ਹਥਲੀ ਪੁਸਤਕ ਕਵੀ ਉੱਪਲ ਨੇ ਦੋਹਾਂ ਭਾਗਾਂ ਵਿਚ ਵੰਡ ਕੇ ਪੇਸ਼ ਕੀਤੀ ਹੈ। ਪਹਿਲੇ ਭਾਗ ਵਿਚ 41 ਗ਼ਜ਼ਲਾਂ ਹਨ ਅਤੇ ਦੂਜੇ ਹਿੱਸੇ ਵਿਚ 50 ਕੁ ਕਵਿਤਾਵਾਂ ਹਨ। ਇਨ੍ਹਾਂ 50 ਕਵਿਤਾਵਾਂ ਵਿਚ ਵੀ ਕਈ ਗ਼ਜ਼ਲਾਂ ਹਨ। ਸ਼ਾਇਰ ਉੱਪਲ ਅਹਿਸਾਸਮੰਦ ਸ਼ਾਇਰ ਹੈ। ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਵੰਨ-ਸੁਵੰਨਤਾ ਪਰ ਸਮੇਂ ਬਰਾਬਰ ਨਵੀਨਤਾ ਹੈ। ਗ਼ਜ਼ਲ ਇਕ ਨਿਰਧਾਰਿਤ ਰੂਪਾਕਾਰ ਵਿਚ ਪੇਸ਼ ਕਾਵਿ-ਵਿਧਾ ਹੈ। ਜਿਥੇ ਇਸ ਦੇ ਕਾਫ਼ੀਏ, ਬਹਿਰ ਤੇ ਰਦੀਫ਼ ਇਸ ਦੀ ਘਾੜਤ ਵਿਚ ਸੁਖੈਨਤਾ ਪੈਦਾ ਕਰਦੇ ਹਨ, ਉਥੇ ਹਰ ਸ਼ਿਅਰ ਵਿਚ ਨਵੀਨ ਵਿਸ਼ੇ ਦੀ ਮੰਗ ਸ਼ਾਇਰ ਦੀ ਸੁਘੜਤਾ ਦੀ ਮੰਗ ਕਰਦੀ ਹੈ। ਹਰਜੀਤ ਸਿੰਘ ਉੱਪਲ ਦੀਆਂ ਗ਼ਜ਼ਲਾਂ ਦਿਲ ਦੀਆਂ ਬਾਤਾਂ ਪਾਉਂਦੀਆਂ ਅਤੇ ਜ਼ਹੀਨ ਵਿਚਾਰ ਪੇਸ਼ ਕਰਦੀਆਂ ਹਨ। ਉੱਪਲ ਨੇ ਅੱਧੀ ਸਦੀ ਉਮਰ ਦੀ ਬਿਤਾ ਕੇ ਗ਼ਜ਼ਲ ਤੇ ਕਵਿਤਾ ਸਿਰਜਣ ਵੱਲ ਰੁਖ਼ ਕੀਤਾ ਸੀ। ਏਸੇ ਲਈ ਉਸ ਦੇ ਸ਼ਿਅਰਾਂ ਵਿਚ ਖ਼ਿਆਲ ਦੀ ਪਰਪੱਕਤਾ ਹੈ। ਉਸ ਦੇ ਸ਼ਿਅਰ ਆਧੁਨਿਕ ਗ਼ਜ਼ਲ ਦੀ ਪ੍ਰਪੰਰਾ ਪਾਲਦੇ ਹਨ। ਉਹ ਵਿਸ਼ੇ ਪੱਖੋਂ ਗ਼ਜ਼ਲੀਅਤ ਦੀ ਹਦੂਦ ਵਿਚ ਰਹਿ ਕੇ ਪੇਸ਼ ਹੁੰਦਾ ਹੈ। ਉਹ ਧਾਰਮੁਕਤਾ, ਰਾਜਨੀਤੀ, ਆਰਥਿਕਤਾ ਅਤੇ ਸੱਭਿਆਚਾਰਕ ਸੰਸਥਾਨਾਂ ਨੂੰ ਸਮਝਦਾ ਅਤੇ ਆਮ ਪਾਠਕ ਦੀ ਸਮਝ-ਧਰਤ ਉੱਤੇ ਸਹਿਜ ਗਿਆਨ ਪੇਸ਼ ਕਰਦਾ ਹੈ। ਉਸ ਦੇ ਸ਼ਿਅਰਾਂ ਵਿਚ ਫ਼ਲਸਫ਼ੇ ਦਾ ਰੰਗ ਵੀ ਪੱਕਾ ਹੈ ਪਰ ਸਮਾਜਿਕ ਸਰੋਕਾਰਤਾ ਅਤੇ ਇਨਸਾਨੀਅਤ ਦੇ ਰਾਹਾਂ ਵਿਚੋਂ ਕੰਡੇ ਤੇ ਵਿੰਗਾਂ ਨੂੰ ਪਰੇ ਕਰਨਾ ਉਸ ਦਾ ਪਰਮ ਧਰਮ ਅਤੇ ਨਜ਼ਰੀਆ ਹੈ। ਕੁਝ ਸ਼ਿਅਰ ਵੇਖੋ :
-ਸੌਰਮੰਡਲ ਤੋਂ ਅਗਾਂਹ ਤੱਕ
ਕਹਿਕਸ਼ੀਂ ਪਰਵਾਜ਼ ਸੀ
ਧਾਰ ਕੇ ਬੰਦੇ ਦੀ ਮੂਰਤ
ਪਰ ਕਟਾ ਆਇਆ ਹਾਂ ਮੈਂ
-ਪਰਿੰਦਾ ਹਾਂ ਆਜ਼ਾਦੀ
ਜਨਮ ਸਿੱਧ ਅਧਿਕਾਰ ਹੈ ਮੇਰਾ
ਜਗਾਏ ਹਰ ਤੇਰੇ ਪਹਿਰੇ ਨੂੰ
ਮੈਂ ਦੁਰਕਾਰ ਜਾਵਾਂਗਾ
ਹਰਜੀਤ ਸਿੰਘ ਉੱਪਲ ਦੀਆਂ ਕਵਿਤਾਵਾਂ ਵੀ ਨਜ਼ਮਾਂ ਹਨ ਭਾਵ ਕਿ ਕਿਸੇ ਨਿਜ਼ਾਮ ਵਿਚ ਹਨ। ਗ਼ਜ਼ਲਾਂ ਅਤੇ ਕਵਿਤਾਵਾਂ ਦੇ ਹਥਲੇ ਸ਼ਗੁਫ਼ਤਾ ਗੁਲਦਸਤੇ ਦਾ ਸਵਾਗਤ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਸਿਫ਼ਤਾਂ ਦੇ ਪਾਰ
ਲੇਖਕ : ਪੰਮੀ ਖੁਸ਼ਹਾਲਪੁਰੀ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ
ਮੁੱਲ : 195 ਰੁਪਏ, ਸਫ਼ੇ : 104
ਸੰਪਰਕ : 77173-60133
ਹਥਲੀ ਕਾਵਿ ਪੁਸਤਕ 'ਸਿਫ਼ਤਾਂ ਦੇ ਪਾਰ' ਲੇਖਕ ਪੰਮੀ ਖੁਸ਼ਹਾਲਪੁਰੀ ਦਾ ਦੂਜਾ ਕਾਵਿ-ਸੰਗ੍ਰਹਿ ਹੈ। ਇਸ ਪੁਸਤਕ 'ਚ ਉਸ ਦੀਆਂ 103 ਕਾਵਿ ਰਚਨਾਵਾਂ ਸ਼ਾਮਿਲ ਹਨ। ਕਵੀ ਮਨੁੱਖਤਾ ਨੂੰ ਸਮੇਂ ਦਾ ਹਾਣੀ ਬਣਨ ਲਈ ਪ੍ਰੇਰਦਾ ਹੈ। ਮਤਲਬਖੋਰ ਦੁਨੀਆ ਤੋਂ ਉਸ ਨੂੰ ਸਖ਼ਤ ਘ੍ਰਿਣਾ ਹੈ। ਇਨ੍ਹਾਂ ਕਾਵਿ-ਰਚਨਾਵਾਂ 'ਚ ਗੁਰੂ ਸਾਹਿਬਾਨਾਂ ਦੇ ਸੱਚੀ-ਸੁੱਚੀ ਕਿਰਤ ਦੇ ਸਿਧਾਂਤ 'ਤੇ ਪਹਿਰਾ ਦੇਣ, ਨੈਤਿਕਤਾ ਦਾ ਪ੍ਰਚਾਰ ਅਤੇ ਪਾਸਾਰ, ਸਰਬੱਤ ਦੇ ਭਲੇ ਦੀ ਲੋਚਾ ਹੈ। ਕਵੀ ਇਨਸਾਨ ਨੂੰ ਆਪਣੀ ਸਵੈ-ਪੜਚੋਲ ਕਰਨ ਅਤੇ ਦੂਸਰੇ ਦੀ ਬੁਰਾਈ ਕਰਨ ਤੋਂ ਪਹਿਲਾਂ ਆਪਣਾ ਆਪ ਸੰਵਾਰਨ ਦੀ ਨਸੀਹਤ ਦਿੰਦਾ ਆਖਦਾ ਹੈ :
ਨਿੰਦ ਨਾ ਕਿਸੇ ਨੂੰ ਬੰਦੇ ਆਪ ਨੂੰ ਸੁਆਰ ਲੈ।
ਕਰੇ ਚਤੁਰਾਈਆਂ ਜਿਹੜਾ, ਮਨ ਤਾਈਂ ਮਾਰ ਲੈ।
ਅਜੋਕੇ ਯੁੱਗ 'ਚ ਗਰਜ਼ਾਂ ਬੱਝੇ ਰਿਸ਼ਤੇ, ਫੋਕੀ ਸ਼ੋਸ਼ੇਬਾਜ਼ੀ, ਅੱਜ-ਕੱਲ੍ਹ ਦੇ ਗੀਤਾਂ ਵਿਚਲੀ ਮਾਰਧਾੜ ਉਸ ਦਾ ਹਿਰਦਾ ਵਲੂੰਧਰਦੀ ਹੈ। ਲੇਖਕ ਪਰਾਇਆ ਹੱਕ ਖਾਣ ਦੇ ਸਖ਼ਤ ਖਿਲਾਫ਼ ਹੈ ਅਤੇ ਹੱਕ ਦੀ ਸੱਚੀ-ਸੁੱਚੀ ਕਿਰਤ ਨੂੰ ਬਰਕਤ ਮੰਨਦਾ ਹੈ:
ਬਰਕਤ ਪਾਉਂਦਾ ਰੱਬ ਹੱਕ ਦੀ ਕਮਾਈ ਵਿਚ
ਹੱਕ ਕਦੇ ਦੂਜਿਆਂ ਦਾ ਭੁੱਲ ਕੇ ਵੀ ਖਾਈਏ ਨਾ।
ਦੁਖੀਆਂ ਦੇ ਨਾਲ ਦੁੱਖ ਦਰਦ ਵੰਡਾਉਂਦੇ ਰਹੀਏ,
ਦਿਲ ਕਦੇ ਕਿਸੇ ਵੀ ਗ਼ਰੀਬ ਦਾ ਦੁਖਾਈਏ ਨਾ।
ਕਰੇ ਅਹਿਸਾਨ ਜੇ ਕੋਈ , ਰਹੀਏ ਅਹਿਸਾਨ ਮੰਦ,
ਕੀਤੇ ਹੋਏ ਕਿਸੇ ਦੇ ਅਹਿਸਾਨ ਨੂੰ ਭੁਲਾਈਏ ਨਾ।
ਕਵੀ ਕਿਸਾਨ ਨੂੰ ਕੁਦਰਤੀ ਖੇਤੀ ਅਪਣਾਉਣ ਦੀ ਨਸੀਹਤ ਦਿੰਦਾ ਫ਼ਸਲੀ ਚੱਕਰਾਂ 'ਚੋਂ ਨਿਕਲਣ ਦੀ ਗੁਹਾਰ ਲਗਾਉਂਦਾ ਹੈ। ਅਜੋਕੇ ਦੌਰ 'ਚ ਨਸ਼ਿਆਂ ਦਾ ਵਧ ਰਿਹਾ ਰੁਝਾਨ, ਕਤਲੋ ਗਾਰਤ ਦੀਆਂ ਦਿਲ ਕੰਬਾਊ ਘਟਨਾਵਾਂ, ਚਿੱਟੇ ਦਿਨ ਇੱਜ਼ਤਾਂ ਦਾ ਤਾਰ-ਤਾਰ ਹੋਣਾ ਉਸ ਨੂੰ ਧੁਰ ਅੰਦਰ ਤੱਕ ਝੰਜੋੜਦਾ ਹੈ। ਇਸ ਕਾਵਿ ਸੰਗ੍ਰਿਹ ਦੀਆਂ ਬਹੁ ਗਿਣਤੀ ਕਵਿਤਾਵਾਂ 'ਚੋਂ ਅਧਿਆਤਮਵਾਦ ਦੀ ਮਹਿਕ ਆਉਂਦੀ ਹੈ। ਕਵੀ ਨਵੇਂ ਨਰੋਏ ਸਮਾਜ ਦੀ ਸਿਰਜਣਾ ਲਈ ਆਸਵੰਦ ਹੈ। ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ ਵਿਸ਼ਾ-ਵਸਤੂ ਅਤੇ ਰੂਪਕ ਪੱਖ ਤੋਂ ਖ਼ੂਬਸੂਰਤੀ ਦਾ ਪ੍ਰਮਾਣ ਦਿੰਦੀਆਂ ਹਨ ਅਤੇ ਕਾਵਿਕ ਰਵਾਨਗੀ ਇਨ੍ਹਾਂ ਕਾਵਿ ਰਚਨਾਵਾਂ ਨੂੰ ਹੋਰ ਸੁਹੱਪਣ ਬਖ਼ਸਦੀ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625