JALANDHAR WEATHER

13-05-2024

 ਹਮੇਸ਼ਾ ਖ਼ੁਸ਼ ਰਹੀਏ
ਸਾਨੂੰ ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਸੁੱਖ ਹੈ ਉਹ ਵਸਤੂਆਂ 'ਚ ਨਹੀਂ ਹੈ ਸਗੋਂ ਸੁੱਖ, ਖ਼ੁਸ਼ੀ, ਅਨੰਦ ਸਾਡੇ ਅੰਦਰ ਹੀ ਹੈ। ਜਿਸ ਕੋਲ ਇਕ ਕਰੋੜ ਦੀ ਗੱਡੀ ਹੈ, ਉਸ ਕੋਲ ਵੀ ਸਕੂਨ ਨਹੀਂ ਹੈ। ਜੇ ਵਸਤੂਆਂ 'ਚ ਸੁੱਖ ਹੁੰਦਾ ਤਾਂ ਸਭ ਨੂੰ ਇਨ੍ਹਾਂ ਤੋਂ ਸੁੱਖ ਮਿਲ ਗਿਆ ਹੁੰਦਾ। ਖ਼ੁਸ਼ੀ ਹਮੇਸ਼ਾ ਆਪਣੇ ਅੰਦਰੋਂ ਹੀ ਲੱਭੋ। ਜੇ ਤੁਹਾਨੂੰ ਸ਼ੌਕ ਹੈ ਪੌਦੇ ਲਗਾਉਣ ਦਾ ਤਾਂ ਉਨ੍ਹਾਂ ਨਾਲ ਗੱਲਾਂ ਕਰੋ, ਆਪਣੇ ਘਰ 'ਚ ਛੋਟਾ ਜਿਹਾ ਬਾਗ-ਬਗੀਚਾ ਬਣਾਓ। ਜੇ ਨਹੀਂ ਹੋ ਸਕਦਾ ਤਾਂ ਗਮਲੇ ਰੱਖ ਲਵੋ, ਉਨ੍ਹਾਂ ਦੀ ਸਮੇਂ-ਸਮੇਂ 'ਤੇ ਦੇਖਭਾਲ ਕਰਦੇ ਰਹੋ। ਅਜਿਹਾ ਕੰਮ ਕਰੋ, ਜਿਸ 'ਚ ਤੁਹਾਨੂੰ ਸਕੂਨ ਮਿਲੇ। ਸਮੇਂ ਸਿਰ ਪਾਣੀ ਖਾਦ ਪਾਓ। ਤੁਹਾਨੂੰ ਬਹੁਤ ਹੀ ਖ਼ੁਸ਼ੀ ਮਿਲੇਗੀ। ਤੁਹਾਡਾ ਮਨ ਵਧੀਆ ਹੋਵੇਗਾ। ਨਕਾਰਾਤਮਿਕ ਵਿਚਾਰ ਨਹੀਂ ਆਉਣਗੇ।
ਜਿੰਨਾ ਵੀ ਤੁਹਾਡੇ ਕੋਲ ਹੈ, ਉਸ 'ਚ ਸੰਤੁਸ਼ਟ ਰਹੋ। ਨਿਰਸਵਾਰਥ ਹੋ ਕੇ ਲੋੜਵੰਦਾਂ ਦੀ ਮਦਦ ਕਰੋ। ਕੁਦਰਤ ਤੋਂ ਹਮੇਸ਼ਾ ਕੁਝ ਲਵੋ ਤਾਂ, ਕੁਦਰਤ ਨੂੰ ਦੁੱਗਣਾ ਕਰਕੇ ਮੋੜੋ। ਕੋਈ ਵੀ ਕੰਮ ਕਰ ਰਹੇ ਹੋ ਤਾਂ ਉਸ ਨੂੰ ਪੂਰੀ ਇਕਾਗਰਤਾ ਨਾਲ ਕਰੋ। ਪਰਮਾਤਮਾ ਦਾ ਧਿਆਨ ਕਰੋ। ਹਰ ਰੋਜ਼ ਥੋੜ੍ਹਾ ਸਮਾਂ ਧਿਆਨ ਲਾਓ। ਇਧਰ-ਉਧਰ ਦੀਆਂ ਗੱਲਾਂ 'ਤੇ ਆਪਣਾ ਸਮਾਂ ਨਸ਼ਟ ਨਾ ਕਰੋ।


-ਸੰਜੀਵ ਸਿੰਘ ਸੈਣੀ, ਮੋਹਾਲੀ।


ਅਲੋਪ ਹੋ ਰਿਹਾ ਸਰਮਾਇਆ
ਕਦੀ ਸਮਾਂ ਸੀ, ਸਣ ਤੇ ਸੁਨੱਕੜਾ ਜਿਸਨੂੰ ਵੱਢ ਕੇ ਛੱਪੜ ਵਿਚ ਕਈ ਦਿਨ ਡੋਬ ਕੇ ਰੱਖਿਆ ਜਾਂਦਾ ਸੀ, ਫਿਰ ਬਾਹਰ ਕੱਢ ਕੇ ਉਸ ਦੇ ਰੱਸੇ ਵੱਟੇ ਜਾਂਦੇ ਸਨ ਜਾਂ ਵਾਣ ਵੱਟ ਕੇ ਮੰਜੇ ਬੁਣੇ ਜਾਂਦੇ ਸਨ, ਜਿਨ੍ਹਾਂ ਦੀ ਥਾਂ ਹੁਣ ਪਲਾਸਟਿਕ ਦੇ ਰੱਸੇ-ਰੱਸੀਆਂ ਨੇ ਲੈ ਲਈ ਹੈ। ਫ਼ਸਲਾਂ ਵਿਚ ਵੀ ਕਈ ਕੀਮਤੀ ਜੜ੍ਹੀਆਂ-ਬੂਟੀਆਂ ਨੂੰ ਨਦੀਨਨਾਸ਼ਕ ਸਪਰੇਆਂ ਨੇ ਖਤਮ ਕਰ ਦਿੱਤਾ ਹੈ। ਕਈ ਫਸਲਾਂ ਦੀਆਂ ਪੁਰਾਣੀਆਂ ਨਸਲਾਂ ਵੀ ਲਗਭਗ ਖ਼ਤਮ ਹੋ ਗਈਆਂ ਹਨ। ਮਿੱਟੀ ਵਿਚ ਵਸਣ ਵਾਲੇ ਕੀੜਿਆਂ ਵਿਚ ਗੰਡੋਏ, ਘੁਮਾਰ ਆਦਿ ਰਸਾਇਣਾਂ ਦੀ ਵਰਤੋਂ ਕਰਕੇ ਲਗਭਗ ਖ਼ਤਮ ਹੁੰਦੇ ਜਾ ਰਹੇ ਹਨ। ਪਹਿਲਾਂ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਬਲਦਾਂ ਨਾਲ ਹਲ ਵਾਹਿਆ ਜਾਂਦਾ ਸੀ ਤਾਂ ਕਈ ਕਿਸਮ ਦੇ ਰੰਗ-ਬਰੰਗੇ ਕੀੜੇ ਨਿਕਲਦੇ ਸਨ ਅਤੇ ਨਾਲ ਹੀ ਚਿੱਟੇ-ਚਿੱਟੇ ਬਗਲੇ ਵੀ ਇਨ੍ਹਾਂ ਨੂੰ ਚੁਗਣ ਲਈ ਆ ਜਾਂਦੇ ਸਨ ਅਤੇ ਹੁਣ ਕੋਈ ਅਜਿਹਾ ਕੀੜਾ ਨਜ਼ਰ ਨਹੀਂ ਆਉਂਦਾ। ਗਰਮੀਆਂ ਦੀਆਂ ਰਾਤਾਂ ਨੂੰ ਜੁਗਨੂੰ (ਟਟਹਿਣੇ) ਜੋ ਕਿ ਟਿਮਟਿਮਾਉਂਦੇ ਸਨ, ਉਹ ਹੁਣ ਕਿਤੇ ਨਜ਼ਰ ਨਹੀਂ ਆਉਂਦੇ ਅਤੇ ਜਾਲ ਬੁਣਨ ਵਾਲੀਆਂ ਮੱਕੜੀਆਂ ਵੀ ਰਸਾਇਣਾਂ ਦੀ ਭੇਟ ਚੜ੍ਹ ਗਈਆਂ ਹਨ। ਸੋ, ਸਮੇਂ ਦੇ ਫੇਰ ਨਾਲ ਵਿਰਾਸਤੀ ਦਰੱਖਤਾਂ, ਫ਼ਸਲੀ ਕੀੜਿਆਂ-ਮਕੌੜਿਆਂ ਦਾ ਸਰਮਾਇਆ ਅਲੋਪ ਹੁੰਦਾ ਜਾ ਰਿਹਾ ਹੈ।


-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ, (ਬਟਾਲਾ) ਗੁਰਦਾਸਪੁਰ।


ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ
ਪਿਛਲੇ ਦਿਨੀਂ ਡਾ. ਮਨਪ੍ਰੀਤ ਕੌਰ ਦਾ ਉਮਦਾ ਲੇਖ 'ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਕਿਸਾਨਾਂ ਤੇ ਖਪਤਕਾਰਾਂ ਦੋਵਾਂ ਦੇ ਹਿਤ ਵਿਚ' ਪੜ੍ਹਿਆ। ਅਜੋਕੀ ਭਾਰਤੀ ਕਿਸਾਨੀ 'ਕਰੋ ਜਾਂ ਮਰੋ' ਦੀ ਸਥਿਤੀ ਵਿਚੋਂ ਲੰਘ ਰਹੀ ਹੈ। ਪੰਜਾਬ ਵਿਚ ਜਿਥੇ ਹਰੀ ਕ੍ਰਾਂਤੀ ਨੇ ਇਸ ਖਿੱਤੇ ਦੀ ਅਰਥ-ਵਿਵਸਥਾ ਨੂੰ ਉੱਪਰ ਚੁੱਕਣ ਦਾ ਕੰਮ ਕੀਤਾ, ਉਥੇ ਹੀ ਇਸ ਦੇ ਮਾੜੇ ਨਤੀਜੇ ਵੀ ਵੇਖਣ ਨੂੰ ਮਿਲੇ ਹਨ। ਵੱਧ ਪੈਦਾਵਾਰ ਦੇ ਚੱਕਰ ਵਿਚ ਕੀਟਨਾਸ਼ਕ ਦਵਾਈਆਂ ਦੀ ਬੇਲੋੜੀ ਵਰਤੋਂ, ਪਰਾਲੀ ਨੂੰ ਸਾੜਨ ਅਤੇ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਡੂੰਘਾ ਹੋ ਚੁੱਕਿਆ ਹੈ। ਇਸ ਸਭ ਨੂੰ ਸਹੀ ਕਰਨ ਦਾ ਤਰੀਕਾ ਇਹੀ ਹੋਵੇਗਾ ਕਿ ਸਰਕਾਰ ਫਸਲੀ ਵਿਭਿੰਨਤਾ ਨੂੰ ਹੱਲਾਸ਼ੇਰੀ ਦੇਵੇ ਜੋ ਕਿ ਬਾਕੀ ਫਸਲਾਂ ਉੱਪਰ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨਾਲ ਹੀ ਸੰਭਵ ਹੋ ਸਕਦਾ ਹੈ। ਇਸ ਨਾਲ ਕਈ ਫਸਲਾਂ ਜਿਵੇਂ ਦਾਲਾਂ ਆਦਿ ਦੀ ਦਰਾਮਦ ਘਟੇਗੀ, ਜੋ ਕਿਸਾਨੀ, ਭਾਰਤੀ ਅਰਥਚਾਰੇ ਅਤੇ ਖਪਤਕਾਰਾਂ ਲਈ ਵੀ ਫਾਇਦੇਮੰਦ ਹੋਵੇਗੀ ਅਤੇ ਝੋਨਾ-ਕਣਕ ਦੇ ਫਸਲੀ ਚੱਕਰ ਤੋਂ ਕਿਸਾਨਾਂ ਨੂੰ ਲਾਂਭੇ ਕਰਕੇ ਵਾਤਾਵਰਨ ਨੂੰ ਵੀ ਦੂਸ਼ਿਤ ਹੋਣ ਤੋਂ ਬਚਾ ਲਵੇਗੀ।


-ਨਵਜੋਤ ਸਿੰਘ ਜੌਹਲ
1johalnavjot@gmail.com


ਹੱਥਾਂ ਦੀ ਥਾਂ ਕੰਬਾਈਨ ਨੇ ਲਈ
ਕਣਕ ਦੀ ਸੰਭਾਲ ਲਈ ਪੁਰਾਣੇ ਸਮਿਆ ਤੋਂ ਹੀ ਸਿਆਲ ਵਿਚ ਤਿਆਰੀ ਸ਼ੁਰੂ ਹੋ ਜਾਂਦੀ ਸੀ। ਪਰ ਹੁਣ ਅਜਿਹਾ ਨਹੀਂ ਹੁੰਦਾ। ਕਣਕ ਦੀ ਫ਼ਸਲ ਦੀ ਕਟਾਈ ਮਗਰੋਂ ਭਰੇ ਬਨਣ ਲਈ ਸਿਆਲ ਵਿਚ ਸੂਬ (ਰੱਸੀਆਂ) ਵੱਟੇ ਜਾਂਦੇ। ਕਣਕ ਦੀ ਕਟਾਈ ਹੁੰਦਿਆਂ ਹੀ ਪਿੜ ਬਣਾਏ ਜਾਂਦੇ। ਹੱਥਾਂ ਨਾਲ ਕਣਕ ਦੀ ਵਾਢੀ ਲੰਮਾਂ ਸਮਾਂ ਚੱਲਦੀ ਰਹਿੰਦੀ। ਕਈ-ਕਈ ਦਿਨ ਛੋਟੀਆਂ ਡਰਾਮੀਆ ਚੱਲਦੀਆ ਰਹਿੰਦੀਆਂ। ਫਿਰ ਹੜੰਬੇ ਆ ਗਏ ਤਾਂ ਕਣਕ ਦੀ ਸਾਂਭ-ਸੰਭਾਲ ਦਾ ਕੰਮ ਹੋਰ ਜਲਦੀ ਖ਼ਤਮ ਹੋਣ ਲੱਗਾ। ਕੰਬਾਇਨਾਂ ਨਾਲ ਵੀ ਕਣਕ ਦੀ ਕਟਾਈ ਹੋਣ ਲੱਗੀ। ਕਿਸਾਨੀ ਕੰਮ ਹੋਰ ਸੌਖਾ ਹੋ ਗਿਆ। ਕੰਬਾਇਨਾਂ ਨਾਲ ਕਟਾਈ ਦਾ ਕੰਮ ਹਰ ਸਾਲ ਵਧਦਾ ਗਿਆ ਅਤੇ ਹੱਥਾਂ ਨਾਲ ਕਟਾਈ ਦਾ ਕੰਮ ਘਟਦਾ ਗਿਆ। ਇਸ ਵਾਰ ਹੱਥਾਂ ਨਾਲ ਕਣਕ ਦੀ ਕਟਾਈ ਦਾ ਕੰਮ ਬਿਲਕੁਲ ਨਹੀਂ ਹੋਇਆ। ਪੰਜਾਬ ਵਿਚ ਕਣਕ ਦੀ ਸਾਰੀ ਕਟਾਈ ਕੰਬਾਈਨਾਂ ਨਾਲ ਹੀ ਹੋਈ ਹੈ। ਕਣਕ ਦੀ ਕਟਾਈ ਅਤੇ ਸੰਭਾਲ ਦਾ ਕੰਮ ਪੁਰਾਣੇ ਸਮਿਆਂ ਵਿਚ ਡੇਢ-ਦੋ ਮਹੀਨੇ ਚਲਦਾ ਸੀ। ਇਸ ਵਾਰ ਕਣਕ ਦੀ ਵਾਢੀ ਦਾ ਸ਼ੀਜਨ 15-20 ਦਿਨਾਂ ਵਿਚ ਹੀ ਖ਼ਤਮ। ਪੰਜਾਬ ਵਿਚ ਕਣਕ ਦੀ ਕਟਾਈ ਕੰਬਾਈਨਾਂ ਨਾਲ ਹੋ ਗਈ ਅਤੇ ਸਟਰਾਅ ਰੀਪਰਾਂ ਨਾਲ ਤੂੜੀ ਬਣੀ ਹੈ। ਕਣਕ ਦੀ ਵਾਢੀ ਲਈ ਦਾਤਰੀਆਂ ਦੀ ਖ਼ਰੀਦ ਬੰਦ ਹੋ ਗਈ ਹੈ। ਕਣਕ ਦੀ ਵਾਢੀ ਲਈ ਮਜ਼ਦੂਰਾਂ ਦੀ ਲੋੜ ਵੀ ਖ਼ਤਮ ਹੋ ਗਈ। ਕੰਬਾਈਨਾਂ ਨਾਲ ਕਣਕ ਦੀ ਕਟਾਈ ਹੋਣ ਕਰਕੇ ਮਜ਼ਦੂਰਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ। ਦਾਤਰੀਆਂ ਅਤੇ ਹੜੰਬੇ ਦੇ ਦਾਤਾਂ ਦੇ ਦੰਦੇ ਕੱਢਣ ਵਾਲਿਆਂ ਦਾ ਕਾਰੋਬਾਰ ਵੀ ਅਲੋਪ ਹੋ ਗਿਆ ਹੈ।


-ਹਰਬੰਸ ਸਿੰਘ ਛਾਜਲੀ
ਪਿੰਡ ਛਾਜਲੀ (ਸੰਗਰੂਰ)