29-09-2023
ਨੌਕਰੀਆਂ 'ਤੇ ਏ.ਆਈ. ਦਾ ਪ੍ਰਭਾਵ
ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਭਾਵ ਮਸਨੂਈ ਬੁੱਧੀ ਦੀ ਤਰੱਕੀ ਦਿਨ ਪ੍ਰਤੀ ਦਿਨ ਹੁੰਦੀ ਜਾ ਰਹੀ ਹੈ। ਜਿਸ ਦੇ ਨਾਲ ਨੌਕਰੀਆਂ ਉੱਪਰ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਜੋ ਕੰਮ ਇਨਸਾਨ ਕਰਦੇ ਹਨ, ਉਸ ਤੋਂ ਵਧੀਆ ਕੰਮ ਆਰਟੀਫੀਸੀਅਲ ਇੰਟੈਲੀਜੈਂਸ ਕਰ ਰਿਹਾ ਹੈ। ਜਿਸ ਨਾਲ ਲੋਕ ਬੇਰੁਜ਼ਗਾਰ ਹੁੰਦੇ ਜਾ ਰਹੇ ਹਨ ਅਤੇ ਆਉਣ ਵਾਲੇ ਸਾਲਾਂ ਵਿਚ ਇਹ ਸਮੱਸਿਆ ਵਧ ਵੀ ਸਕਦੀ ਹੈ। ਸਾਨੂੰ ਇਸ ਮੁੱਦੇ 'ਤੇ ਚਰਚਾ ਕਰਨੀ ਚਾਹੀਦੀ ਹੈ ਅਤੇ ਸੰਤੁਲਿਤ ਭਵਿੱਖ ਨੂੰ ਯਕੀਨੀ ਬਣਾਉਣ ਲਈ ਸਾਨੂੰ ਸਿੱਖਿਆ ਅਤੇ ਨਵੇਂ ਮੌਕਿਆਂ ਨਾਲ ਤਿਆਰ ਹੋਣ ਦੀ ਲੋੜ ਹੈ।
-ਵਿਸ਼ਾਲ, ਜਲੰਧਰ।
ਵਿਦਿਆਰਥੀਆਂ ਦੀ ਖ਼ੁਦਕੁਸ਼ੀ
ਪਿਛਲੇ ਦਿਨੀਂ ਹੀ ਕੋਟਾ ਸ਼ਹਿਰ ਵਿਚ ਪੜ੍ਹਾਈ ਕਰ ਰਹੀ ਵਿਦਿਆਰਥਣ ਵਲੋਂ ਖ਼ੁਦਕੁਸੀ ਕਰਨ ਦੀ ਖ਼ਬਰ ਸੁਣਨ ਨੂੰ ਮਿਲੀ। ਇਹ ਪਹਿਲੀ ਘਟਨਾ ਨਹੀਂ ਸਗੋਂ ਇਸ ਤੋਂ ਪਹਿਲਾਂ ਇਸੇ ਸਾਲ ਪੱਚੀ ਤੋਂ ਵੱਧ ਵਿਦਿਆਰਥੀਆਂ ਦੇ ਖ਼ਦਕੁਸ਼ੀ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਵਿਦਿਆਰਥਣ ਦੀ ਖ਼ੁਦਕੁਸ਼ੀ ਪਿੱਛੇ ਮੁੱਖ ਕਾਰਨ ਵਿਦਿਆਰਥਣ ਦੇ ਪਿਤਾ ਵਲੋਂ ਉਸ ਨਾਲ ਪਿਛਲੇ ਇਕ ਮਹੀਨੇ ਤੋਂ ਗੱਲ ਨਾ ਕਰਨਾ ਸੀ। ਪੜ੍ਹਾਈ ਦਾ ਤਣਾਅ ਨਾ ਸਹਿਣ ਕਰਦਿਆਂ ਮਜਬੂਰੀ ਵਿਚ ਵਿਦਿਆਰਥਣ ਨੂੰ ਇਹ ਕਦਮ ਚੁੱਕਣਾ ਪਿਆ। ਕੋਟਾ ਸ਼ਹਿਰ ਇੰਜੀਨੀਅਰ ਅਤੇ ਡਾਕਟਰ ਦੀ ਪੜ੍ਹਾਈ ਦੀ ਤਿਆਰੀ ਕਰਨ ਵਾਲਿਆਂ ਲਈ ਹੱਬ ਬਣ ਚੁੱਕਿਆ ਹੈ। ਜਿੰਨੇ ਵੀ ਵਿਦਿਆਰਥੀ ਕੋਟੇ ਸ਼ਹਿਰ ਵਿਚ ਤਿਆਰੀ ਕਰਦੇ ਹਨ, ਉਨ੍ਹਾਂ ਦੇ ਮਾਪਿਆਂ ਦਾ ਆਪਣੇ ਬੱਚਿਆਂ ਨੂੰ ਸਿਰਫ਼ ਤੇ ਸਿਰਫ਼ ਪੜ੍ਹਾਈ ਕਰਨ ਲਈ ਹੀ ਕਿਹਾ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੇ ਦੋਸਤ ਬਣਾਉਣ 'ਤੇ ਪਾਬੰਦੀ ਲਗਾਈ ਜਾਂਦੀ ਹੈ। ਮਾਪਿਆਂ ਦੁਆਰਾ ਦੋਸਤ ਬਣਾਉਣ ਨੂੰ ਸਮੇਂ ਦੀ ਬਰਬਾਦੀ ਸਮਝਿਆ ਜਾਂਦਾ ਹੈ। ਇਹ ਕਿਹੋ ਜਿਹੀ ਸਿੱਖਿਆ ਜੋ ਸਾਡੇ ਬੱਚਿਆਂ ਨੂੰ ਇਕ ਚੰਗਾ ਨਾਗਰਿਕ ਅਤੇ ਇਨਸਾਨ ਬਣਾਉਣ ਦੀ ਬਜਾਏ ਖ਼ੁਦਕੁਸ਼ੀਆਂ ਦੀ ਦਲਦਲ ਵਿਚ ਧੱਕ ਰਹੀ ਹੈ। ਮਾਪਿਆਂ ਵਲੋਂ ਬੱਚਿਆਂ ਨਾਲ ਕੀਤੀ ਜਾ ਰਹੀ ਬੇਰੁਖ਼ੀ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਅਤੇ ਮਾਨਸਿਕਤਾ ਦਾ ਵੀ ਧਿਆਨ ਰੱਖਣਾ ਹੋਵੇਗਾ। ਬੱਚੇ ਦੇ ਸ਼ੌਕ ਅਤੇ ਉਸ ਦੇ ਦੋਸਤ ਸਮੇਂ ਨੂੰ ਬਰਬਾਦ ਕਰਨ ਦੀ ਬਜਾਏ ਉਸ ਦੀ ਕਾਬਲੀਅਤ ਨੂੰ ਹੋਰ ਨਿਖਾਰਨਗੇ। ਦੋਸਤ ਬਣਾ ਕੇ ਇਕੱਠੇ ਪੜ੍ਹਨ ਨਾਲ ਪੜ੍ਹਾਈ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਕੋਚਿੰਗ ਸੰਸਥਾਨਾਂ ਦੇ ਨਾਲ-ਨਾਲ ਮਾਪਿਆਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਵੀ ਇਸ ਗੰਭੀਰ ਸਮੱਸਿਆ ਪ੍ਰਤੀ ਚਿੰਤਨ ਕਰਦੇ ਹੋਏ ਲੋੜੀਂਦੇ ਹੱਲ ਤਲਾਸ਼ਣੇ ਚਾਹੀਦੇ ਹਨ ਤਾਂ ਜੋ ਸਾਡੇ ਬੱਚੇ ਖ਼ੁਦਕੁਸ਼ੀਆਂ ਦੇ ਰਾਹ ਨੂੰ ਛੱਡ ਕੇ ਜ਼ਿੰਦਗੀ ਵਿਚ ਅੱਗੇ ਵਧ ਸਕਣ।
-ਰਜਵਿੰਦਰਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ,
ਤਹਿ: ਤੇ ਜ਼ਿਲ੍ਹਾ ਬਠਿੰਡਾ।
ਇਕ ਰਾਸ਼ਟਰ, ਇਕ ਚੋਣ
ਕੇਂਦਰ ਸਰਕਾਰ ਵਲੋਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਇਕੱਠੀਆਂ ਚੋਣਾਂ ਬਾਰੇ ਜੋ ਕਮੇਟੀ ਗਠਿਤ ਕੀਤੀ ਸ਼ਲਾਘਾਯੋਗ ਫ਼ੈਸਲਾ ਹੈ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਨਾਲ ਧਨ ਦੀ ਬਰਬਾਦੀ ਰੁਕੇਗੀ, ਸਮੇਂ ਦੀ ਬੱਚਤ ਹੋਵੇਗੀ, ਚੋਣ ਜ਼ਾਬਤੇ ਕਾਰਨ ਵਿਕਾਸ ਦੇ ਕੰਮ ਵਿਚ ਜੋ ਰੁਕਾਵਟ ਪੈਂਦੀ ਸੀ 'ਤੇ ਰੋਕ ਲੱਗੇਗੀ। ਵਾਰ-ਵਾਰ ਵੋਟਾਂ ਨਾਲ ਸਿਆਸੀ ਪਾਰਟੀਆਂ ਵੋਟਾਂ ਵਿਚ ਉਲਝੀਆਂ ਰਹਿੰਦੀਆਂ ਸਨ ਦੇਸ਼ ਦੇ ਹਿਤ ਦੇ ਵਿਸ਼ਿਆਂ ਤੋਂ ਪਰੇ ਹਟ ਜ਼ਿਆਦਾ ਧਿਆਨ ਨਹੀਂ ਸਨ ਦਿੰਦੀਆਂ। ਉਹ ਹੁਣ ਦੇਸ਼ ਦੇ ਹਿਤ ਵਿਚ ਧਿਆਨ ਦੇਣਗੀਆਂ। ਇਸ ਦੇ ਨਾਲ ਲੋਕਲ ਬਾਡੀਆਂ ਦੀਆਂ ਵੋਟਾਂ ਵੀ ਇਕੱਠੀਆਂ ਕਰਵਾਉਣ ਬਾਰੇ ਵੀ ਮੋਦੀ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ। ਇਸ ਸੰਬੰਧੀ ਜੋ ਰਾਜਨੀਤਕ ਪਾਰਟੀਆਂ ਵਿਰੋਧ ਕਰ ਕੇ ਸੌੜੀ ਰਾਜਨੀਤੀ ਕਰ ਰਹੀਆਂ ਹਨ, ਨੂੰ ਕੇਂਦਰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਵੀ ਰਾਜਨੀਤਕ ਪਾਰਟੀਆਂ ਨੂੰ ਨਾਲ ਲੈ ਕੇ ਮਸ਼ਵਰਾ ਕਰਨਾ ਚਾਹੀਦਾ ਹੈ। ਮੋਦੀ ਜੀ ਪਹਿਲਾਂ ਹੀ ਇਕੱਠੀਆਂ ਚੋਣਾਂ ਦੀ ਵਕਾਲਤ ਕਰ ਰਹੇ ਸਨ, ਜੇ ਕਰ ਵੋਟਾਂ ਇਕੱਠੀਆਂ ਪੈਂਦੀਆਂ ਹਨ ਤਾਂ ਇਹ ਦੇਸ਼ ਤੇ ਲੋਕ ਭਲੇ ਦੇ ਹਿਤ ਵਿਚ ਹੈ। ਜੋ ਪੈਸਿਆਂ ਦੀ ਬਰਬਾਦੀ ਬਾਰ-ਬਾਰ ਚੋਣਾਂ ਕਰਵਾਉਣ ਨਾਲ ਹੁੰਦੀ ਸੀ, ਉਹ ਪੈਸਾ ਮੁਲਕ ਦੇ ਵਿਕਾਸ, ਅਵਾਮ ਲਈ ਵਰਤੋਂ ਵਿਚ ਆਵੇਗਾ। ਮੁਲਕ ਖ਼ੁਸ਼ਹਾਲ ਹੋਵੇਗਾ ਤੇ ਤਰੱਕੀ ਕਰੇਗਾ।
-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।