1-12-2023
ਬਰਾਬਰ ਦੀ ਸਿੱਖਿਆ
18 ਨਵੰਬਰ ਦੇ ਅੰਕ ਵਿਚ ਛਪੇ ਲੇਖ 'ਸਭ ਨੂੰ ਮੁਹੱਈਆ ਕੀਤੀ ਜਾਵੇ ਬਰਾਬਰ ਦੀ ਸਿੱਖਿਆ' (ਗੁਰਮੀਤ ਸਿੰਘ ਪਲਾਹੀ) ਨੇ ਭਾਰਤ ਵਿਚ ਸਿੱਖਿਆ ਦੇ ਹਾਲਾਤ ਨੂੰ ਬਿਆਨ ਕੀਤਾ ਹੈ। ਸਿੱਖਿਆ ਖੇਤਰ ਵਿਚ ਭਾਰਤ ਦੇ ਮਾੜੇ ਹਾਲਾਤ ਦੇ ਕਈ ਕਾਰਨ ਹਨ ਜਿਵੇਂ ਬੁਨਿਆਦੀ ਸਹੂਲਤਾਂ, ਸਿੱਖਿਅਤ ਅਧਿਆਪਕਾਂ ਦੀ ਘਾਟ ਆਦਿ। ਰਾਈਟ ਟੂ ਐਜੂਕੇਸ਼ਨ ਐਕਟ ਜੋ ਸਰਕਾਰ ਵਲੋਂ ਪਾਸ ਕੀਤਾ ਗਿਆ ਸੀ, ਸਭ ਲਈ ਲਾਜ਼ਮੀ, ਚੰਗੀ ਪੜ੍ਹਾਈ, ਵਧੀਆ ਅਧਿਆਪਕਾਂ ਦੀ ਨਿਯੁਕਤੀ ਦੀ ਘੋਸ਼ਣਾ (ਵਿਵਸਥਾ) ਕਰਦਾ ਸੀ, ਪਰੰਤੂ ਅਜਿਹਾ ਨਹੀਂ ਹੈ। ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਈ ਜ਼ਿਆਦਾ ਵਧੀਆ ਹੈ ਪਰ ਉੱਥੇ ਫੀਸਾਂ ਜ਼ਿਆਦਾ ਹਨ ਅਤੇ ਮਾਪਿਆਂ ਦੁਆਰਾ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੁਆ ਪਾਉਣਾ ਮੁਸ਼ਕਿਲ ਹੈ। ਸਮਾਜ ਵਿਚ ਗ਼ਰੀਬ ਅਮੀਰ ਦਾ ਵਧ ਰਿਹਾ ਪਾੜਾ ਵੀ ਦਿਖਾਈ ਦਿੰਦਾ ਹੈ, ਜਿਸ ਕਾਰਨ ਗਰੀਬਾਂ ਦੇ ਬੱਚਿਆਂ ਲਈ ਸਕੂਲਾਂ ਦੀ ਘਾਟ ਹੈ। ਸਾਡੇ ਦੇਸ਼ ਵਿਚ ਵਧੀਆ ਚੰਗੇਰੇ ਸਕੂਲਾਂ ਵਿਚ ਚੰਗੇਰੇ ਅਧਿਆਪਕਾਂ, ਸਿੱਖਿਅਤ ਅਤੇ ਹੁਨਰਮੰਦ ਅਧਿਆਪਕਾਂ ਅਤੇ ਵਧੀਆ ਸਹੂਲਤਾਂ ਦੀ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਜੋ ਗਰੀਬਾਂ ਦੇ ਬੱਚਿਆਂ ਲਈ ਪੜ੍ਹਾਈ ਦੀ ਵਿਵਸਥਾ ਹੋ ਸਕੇ। ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਭ ਲਈ ਬਰਾਬਰ ਦੀ ਸਿੱਖਿਆ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ।
-ਰਮਨਦੀਪ ਕੌਰ
ਦਸੌਂਦਾ ਸਿੰਘ ਵਾਲਾ (ਮਾਲੇਰਕੋਟਲਾ)
ਪੰਜਾਬੀ ਪੜ੍ਹਾਉਣ ਵਾਲਿਆਂ ਦਾ ਭਵਿੱਖ ਕੀ ਹੈ?
ਪੰਜਾਬ ਵਿਚ ਪੰਜਾਬੀ ਕਿਥੇ ਹੈ? ਕੀ ਤੁਸੀਂ ਇਕੱਲੇ ਸਕੂਲਾਂ ਤੱਕ ਪੰਜਾਬੀ ਸੀਮਤ ਰੱਖਣੀ ਚਾਹੁੰਦੇ ਹੋ? ਜ਼ਿਆਦਾਤਰ ਬੱਚੇ ਬਾਰ੍ਹਵੀਂ ਤੋਂ ਬਾਅਦ ਆਈਲੈਟਸ ਕਰਕੇ ਬਾਹਰ ਜਾ ਰਹੇ ਹਨ। ਫਿਰ ਉਹ ਪੰਜਾਬੀ ਨੂੰ ਤਵੱਜੋ ਕਿਉਂ ਦੇਣਗੇ? ਜਿਨ੍ਹਾਂ ਬੱਚਿਆਂ ਨੇ ਪੰਜਾਬ ਵਿਚ ਰਹਿਣਾ ਹੈ, ਉਨ੍ਹਾਂ ਨੂੰ ਕਾਲਜ ਯੂਨੀਵਰਸਿਟੀ ਵਿਚ ਵੀ ਪੰਜਾਬੀ ਚਾਹੀਦੀ ਹੈ। ਜਦੋਂਕਿ ਕਾਲਜਾਂ/ਯੂਨੀਵਰਸਿਟੀਆਂ ਵਿਚ ਪੰਜਾਬੀ ਖ਼ਤਮ ਹੀ ਹੋ ਚੁੱਕੀ ਹੈ ਤਾਂ ਫਿਰ ਬੱਚਾ ਸਕੂਲਾਂ ਦੀ ਪੜ੍ਹੀ ਪੰਜਾਬੀ ਨੂੰ ਕੀ ਕਰੂਗਾ, ਜਦੋਂ ਉਸ ਨੂੰ ਅੱਗੇ ਦੀ ਪੜ੍ਹਾਈ ਲਈ ਫਿਰ ਅੰਗਰੇਜ਼ੀ ਹੀ ਪੜ੍ਹਨੀ ਪੈਣੀ ਹੈ। ਜੇ ਬੱਚੇ ਪੰਜਾਬੀ ਸਕੂਲਾਂ ਵਿਚ ਪੜ੍ਹਨਗੇ ਤਾਂ ਫਿਰ ਕਾਲਜਾਂ/ਯੂਨੀਵਰਸਿਟੀਆਂ ਵਿਚ ਦੂਸਰੇ ਬੱਚਿਆਂ ਨਾਲੋਂ ਪਿੱਛੇ ਰਹਿ ਜਾਣਗੇ। ਮੇਰੀ ਵਿਦਵਾਨਾਂ ਨੂੰ ਬੇਨਤੀ ਹੈ ਕਿ ਪੰਜਾਬੀ ਲਈ ਸਕੂਲਾਂ ਨਾਲੋਂ ਜ਼ਿਆਦਾ ਕਾਲਜਾਂ, ਯੂਨੀਵਰਸਿਟੀਆਂ ਵੱਲ ਧਿਆਨ ਦੇਵੋ ਜਿਥੇ ਪੰਜਾਬੀ ਬਿਲਕੁਲ ਖ਼ਤਮ ਕਰ ਦਿੱਤੀ ਗਈ ਹੈ। ਜਦੋਂ ਵੱਡੇ ਅਦਾਰਿਆਂ ਵਿਚ ਪੰਜਾਬੀ ਖ਼ਤਮ ਹੋ ਗਈ ਹੈ ਤਾਂ ਪੰਜਾਬੀ ਦਾ ਮਿਆਰ ਕਿਥੇ ਹੈ? ਕਾਲਜ/ਯੂਨੀਵਰਸਿਟੀਆਂ ਦੇ ਕਹਿਣ ਮੁਤਾਬਕ ਅਸੀਂ ਪੰਜਾਬੀ ਕਿਉਂ ਲਾਈਏ ਜਦੋਂ ਬੱਚਾ ਪੰਜਾਬੀ ਵਾਲਾ ਨਹੀਂ ਆਉਂਦਾ, ਬੱਚਾ ਨਹੀਂ ਤਾਂ ਫੀਸ ਨਹੀਂ, ਫੀਸ ਨਹੀਂ ਤਾਂ ਤਨਖਾਹ ਕਿਥੋਂ ਦੇਣੀ ਹੈ, ਕਹਿੰਦੇ ਸਰਕਾਰਾਂ ਕੋਈ ਮਦਦ ਨਹੀਂ ਦਿੰਦੀਆਂ। ਫਿਰ ਪੰਜਾਬੀ ਦੇ ਅਧਿਆਪਕ ਜਿਨ੍ਹਾਂ ਪੰਜਾਬੀ ਵਿਚ ਪੀ.ਐਚ.ਡੀ. ਕੀਤੀਆਂ ਹਨ, ਉਨ੍ਹਾਂ ਲਈ ਨੌਕਰੀਆਂ ਕਿੱਥੇ? ਜੇ ਅਧਿਆਪਕ ਨਹੀਂ ਤਾਂ ਫਿਰ ਬੱਚਿਆਂ ਨੂੰ ਪੰਜਾਬੀ ਪੜ੍ਹਾਉ ਕੌਣ? ਬੱਚਾ ਨਹੀਂ ਤਾਂ ਅਧਿਆਪਕ ਨਹੀਂ, ਪੰਜਾਬੀ ਖ਼ਤਮ ਤਾਂ ਅਧਿਆਪਕ ਦਾ ਭਵਿੱਖ ਖ਼ਤਰੇ ਵਿਚ। ਤੁਸੀਂ ਜਿੰਨਾ ਮਰਜ਼ੀ ਪੰਜਾਬੀ ਦਾ ਸਕੂਲਾਂ ਵਿਚ ਰੌਲਾ ਪਾ ਲਵੋ ਜਦੋਂ ਤੱਕ ਪੰਜਾਬੀ ਦਾ ਮਿਆਰ ਧੁਰ ਤੱਕ ਨਹੀਂ ਜਾਂਦਾ ਉਦੋਂ ਤੱਕ ਕੋਈ ਹੱਲ ਨਹੀਂ। ਪਹਿਲਾਂ ਪੰਜਾਬੀ ਯੂਨੀਵਰਸਿਟੀਆਂ/ਕਾਲਜਾਂ ਵਿਚ ਲਾਗੂ ਕਰਵਾਉ ਫਿਰ ਸਕੂਲਾਂ ਵਿਚ ਆਪੇ ਆਪ ਲਾਗੂ ਹੋ ਜਾਵੇਗੀ। ਪੰਜਾਬੀ ਲਈ ਕੋਈ ਕੰਮ ਨਹੀਂ ਕਰਦਾ ਸਿਰਫ ਆਪਣੇ ਆਪ ਨੂੰ ਪਰਮੋਟ ਕਰਨ 'ਤੇ ਲੱਗੇ ਹੋਏ ਹਨ।
-ਦਵਿੰਦਰ ਕੌਰ ਖ਼ੁਸ਼ ਧਾਲੀਵਾਲ,
ਖੋਜਕਰਤਾ।
ਮਿਲਾਵਟ ਦਾ ਬੋਲਬਾਲਾ
8 ਨਵੰਬਰ ਦੇ ਅੰਕ ਵਿਚ ਛਪੇ ਫੀਚਰ 'ਤਿਉਹਾਰਾਂ ਦੇ ਸੀਜ਼ਨ 'ਚ ਮਿਲਾਵਟ ਦਾ ਬੋਲਬਾਲਾ' (ਸੰਜੀਵ ਸਿੰਘ ਸੈਣੀ) ਵਿਚ ਛਪੀ ਹਰ ਇਕ ਗੱਲ ਸੱਚ ਦੀ ਹਾਮੀ ਭਰਦੀ ਹੈ। ਨਾ ਜਾਣੇ ਕਿੰਨੇ ਹੀ ਲੋਕ ਮਿਲਾਵਟ ਭਰੀਆਂ ਮਿਠਾਈਆਂ ਖਾ ਕੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਤਿਉਹਾਰਾਂ ਵਿਚ ਮਿਲਾਵਟ ਵਾਲੀਆਂ ਚੀਜ਼ਾਂ ਦੀ ਵਿੱਕਰੀ ਕਰਨਾ ਤਾਂ ਆਮ ਜਿਹੀ ਗੱਲ ਹੋ ਗਈ। ਸਭ ਕੁਝ ਜਾਣਦੇ ਹੋਏ ਵੀ ਸਰਕਾਰ ਦੁਆਰਾ ਬੜੀ ਧੀਮੀ ਗਤੀ ਨਾਲ ਇਸ ਵਿਸ਼ੇ ਵੱਲ ਕਦਮ ਚੁੱਕੇ ਜਾ ਰਹੇ ਹਨ ਪਰ ਸਰਕਾਰ ਨੂੰ ਮਿਲਾਵਟ ਕਰਨ ਵਾਲਿਆਂ ਪ੍ਰਤੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਇਸ ਨੂੰ ਘਟਾਇਆ ਜਾ ਸਕੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣਾ ਬੰਦ ਹੋ ਸਕੇ।
ਜਾਣਕਾਰੀ ਭਰਪੂਰ ਲੇਖ
7 ਨਵੰਬਰ ਦੇ ਅੰਕ ਵਿਚ ਛਪੇ ਫੀਚਰ 'ਕੈਂਸਰ ਵਿਰੁੱਧ ਹੌਂਸਲੇ ਨਾਲ ਲੜਨ ਦੀ ਲੋੜ' (ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ) ਇਕ ਜਾਣਕਾਰੀ ਭਰਪੂਰ ਲੇਖ ਸੀ, ਜਿਸ ਨੂੰ ਪੜ੍ਹ ਕੇ ਕੈਂਸਰ ਬਾਰੇ ਹੋਰ ਬਹੁਤ ਕੁਝ ਨਵਾਂ ਜਾਣਨ ਨੂੰ ਮਿਲਿਆ। ਇਸ ਗੱਲ ਵਿਚ ਪੂਰੀ ਸੱਚਾਈ ਹੈ ਕਿ ਕੈਂਸਰ ਦੇ ਰੋਗੀ ਆਪਣੀ ਇਸ ਬਿਮਾਰੀ ਬਾਰੇ ਜਾਣ ਕੇ ਬਹੁਤ ਦੁਖੀ ਹੁੰਦੇ ਹਨ ਅਤੇ ਕਾਫੀ ਹੱਦ ਤੱਕ ਡਰ ਵੀ ਜਾਂਦੇ ਹਨ ਪਰ, ਇਹ ਕਿਸੇ ਗੱਲ ਦਾ ਹੱਲ ਨਹੀਂ ਹੈ ਸਗੋਂ ਰੋਗੀਆਂ ਨੂੰ ਕੈਂਸਰ ਨਾਲ ਹੌਂਸਲੇ ਨਾਲ ਲੜਨਾ ਚਾਹੀਦਾ ਹੈ ਅਤੇ ਠੀਕ ਹੋਣ ਤੋਂ ਬਾਅਦ ਸਿਹਤਮੰਦ ਜ਼ਿੰਦਗੀ ਜਿਊਣੀ ਚਾਹੀਦੀ ਹੈ।
-ਬੇਅੰਤ ਕੌਰ
ਪਿੰਡ-ਗੁਰਬਖ਼ਸ਼ਪੁਰਾ।