29-11-2023
ਪਾਣੀ ਦਾ ਸੰਕਟ
ਪੰਜਾਬ ਵਿਚ ਪਾਣੀ ਦਾ ਪੱਧਰ ਦਿਨੋ-ਦਿਨ ਥੱਲੇ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਪਾਣੀ ਦੇ ਸੰਕਟ ਦਾ ਪ੍ਰਮੁੱਖ ਕਾਰਨ ਮੁਫ਼ਤ ਬਿਜਲੀ ਹੈ, ਜਿਸ ਕਾਰਨ ਅਸੀਂ ਲੋਕ ਪਾਣੀ ਦੀ ਸਹੀ ਵਰਤੋਂ ਨਹੀਂ ਕਰਦੇ। ਪਾਣੀ ਜਿਹੜੀਆਂ ਫ਼ਸਲਾਂ ਵਿਚ ਜ਼ਿਆਦਾ ਖਪਤ ਹੁੰਦਾ ਹੈ ਉਸ ਦਾ ਸਰਕਾਰ ਨੂੰ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਹੈ, ਜਿਸ ਤਰ੍ਹਾਂ ਬਾਰਿਸ਼ ਦਾ ਪਾਣੀ ਬਾਹਰਲੇ ਮੁਲਕਾਂ ਵਿਚ ਸਟੋਰ ਹੁੰਦਾ ਹੈ। ਇਸ ਤਰ੍ਹਾਂ ਸਰਕਾਰ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਹਨ। ਆਰ.ਓ. ਦੇ ਵੇਸਟ ਪਾਣੀ ਨੂੰ ਬੂਟਿਆਂ ਤੇ ਭਾਂਡੇ ਧੋਣ ਵਾਸਤੇ ਇਸਤੇਮਾਲ ਕਰੋ। ਗੱਡੀਆਂ ਤੇ ਥਾਂ ਧੌਣ 'ਤੇ ਪਾਣੀ ਵੇਸਟ ਨਾ ਕਰੋ। ਪਾਣੀ ਦੀ ਟੂਟੀ ਖੁੱਲ੍ਹੀ ਨਾ ਛੱਡੋ। ਕਈ ਪ੍ਰੇਮੀ ਆਸਥਾ ਦੇ ਨਾਂਅ 'ਤੇ ਬਾਲਟੀਆਂ ਭਰ-ਭਾਰ ਧਾਰਮਿਕ ਜਗ੍ਹਾ ਨੂੰ ਧੋਂਦੇ ਹਨ। ਕਿਸਾਨਾਂ ਨੂੰ ਟਿਊਬਵੈਲਾਂ ਦਾ ਕੁਨੈਕਸ਼ਨ ਦੇਣ ਲੱਗਿਆਂ ਘੱਟੋ-ਘੱਟ ਚਾਰ ਬੂਟੇ ਲਵਾਉਣੇ ਚਾਹੀਦੇ ਹਨ। ਇਨਸਾਨ ਜੋ ਆਪ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਕਰੇਗਾ ਤਾਂ ਕਿਸੇ ਹੱਦ ਤੱਕ ਪਾਣੀ ਦੇ ਘਟਦੇ ਪੱਧਰ ਨੂੰ ਰੋਕਿਆ ਜਾ ਸਕਦਾ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ
ਵਧ ਰਹੀ ਮਿਲਾਵਟਖੋਰੀ
ਬੀਤੇ ਦਿਨ ਛਾਪਾ ਮਾਰਨ ਤੇ ਫਰੀਦਕੋਟ ਦੇ ਕੋਟਕਪੂਰਾ ਵਿਖੇ ਇਕ ਫੈਕਟਰੀ ਵਿਚੋਂ ਨਕਲੀ ਘਿਉ ਦੇ ਲਗਭਗ 200 ਟੀਨ, ਬਨਸਪਤੀ ਘਿਉ, ਰਿਫਾਇੰਡ ਅਤੇ ਕੁਝ ਹਾਨੀਕਾਰਕ ਪਦਾਰਥ ਵੀ ਬਰਾਮਦ ਕੀਤੇ ਗਏ। ਇਹ ਫੈਕਟਰੀ ਪਿਛਲੇ ਛੇ ਸਾਲਾਂ ਤੋਂ ਆਪਣਾ ਕਾਲਾ ਧੰਦਾ ਕਰਦੀ ਹੋਈ ਇਲਾਕੇ ਵਿਚ ਜ਼ਹਿਰ ਪਰੋਸ ਰਹੀ ਸੀ। ਮਿਲਾਵਟਖੋਰੀ ਅੱਜ ਦੀ ਨਹੀਂ, ਸਮੇਂ-ਸਮੇਂ 'ਤੇ ਮਿਲਾਵਟਖੋਰੀ ਨੂੰ ਰੋਕਣ ਲਾਈ ਮਾਰੇ ਗਏ ਛਾਪਿਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਪ੍ਰੰਤੂ ਇਨ੍ਹਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੋਈ ਕੀਤੇ ਗਏ ਖ਼ਾਸ ਉਪਰਾਲੇ ਜਾਂ ਕਾਰਜ ਦਿਖਾਈ ਨਹੀਂ ਦਿੰਦੇ। ਜ਼ਹਿਰ ਵਰਤਾ ਰਹੀ ਮਿਲਾਵਟਖੋਰੀ ਦੀਆਂ ਇਹ ਦੁਕਾਨਾਂ ਲੋਕਾਂ ਦਾ ਜਿਥੇ ਪੈਸਾ ਬਰਬਾਦ ਕਰ ਰਹੀਆਂ ਹਨ, ਉਥੇ ਉਨ੍ਹਾਂ ਨੂੰ ਉਨ੍ਹਾਂ ਦੀ ਹੱਕ ਦੀ ਕਮਾਈ ਬਦਲੇ ਜ਼ਹਿਰ ਦੇ ਰਹੀਆਂ ਹਨ। ਜਿਉਂ-ਜਿਉਂ ਤਿਉਹਾਰਾਂ ਦਾ ਸਮਾਂ ਕਰੀਬ ਆ ਰਿਹਾ ਹੁੰਦਾ ਹੈ, ਉਵੇਂ-ਉਵੇਂ ਬਾਜ਼ਾਰਾਂ ਵਿਚ ਵਧ ਰਹੀ ਮਠਿਆਈਆਂ ਦੀ ਮੰਗ ਨੂੰ ਪੂਰਾ ਕਰਨ ਲਈ ਮਿਲਾਵਟਖੋਰੀ ਦਾ ਗੋਰਖਧੰਦਾ ਸੁਰੂ ਕੀਤਾ ਜਾਂਦਾ ਹੈ।
ਬਾਹਰ ਬਾਜ਼ਾਰਾਂ ਵਿਚ ਬਣਨ ਵਾਲੀਆਂ ਮਠਿਆਈਾਂ ਨੂੰ ਖਰੀਦਣ ਤੋਂ ਪਰਹੇਜ਼ ਕਰਦੇ ਹੋਏ ਸਾਨੂੰ ਘਰ ਵਿਚ ਹੀ ਮਠਿਆਈ ਬਣਾਉਣੀ ਚਾਹੀਦੀ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਜਿਥੇ ਮਿਲਾਵਟਖੋਰੀ ਨੂੰ ਰੋਕਣ ਲਈ ਸਖ਼ਤੀ ਕਰਕੇ ਫੜੇ ਮੁਲਜ਼ਮਾਂ ਪ੍ਰਤੀ ਸਖ਼ਤ ਤੋਂ ਸਖ਼ਤ ਸਜ਼ਾਵਾਂ ਮੁਕਰਰ ਕਰਨੀ ਚਾਹੀਦੀ ਹੈ, ਉਥੇ ਲੋਕਾਂ ਨੂੰ ਵੀ ਸਮੂਹਿਕ ਏਕਤਾ ਰਾਹੀਂ ਆਪਣੇ ਆਲੇ-ਦੁਆਲੇ ਚਲ ਰਹੀਆਂ ਮਿਲਾਵਟਖੋਰੀ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)
ਅੰਨਦਾਤਾ ਬਣਿਆ ਅੱਗਦਾਤਾ
ਅਜੋਕੇ ਸਮੇਂ ਦੌਰਾਨ ਪਰਾਲੀ ਸਾੜਨ ਦੇ ਮਾਮਲੇ ਵਧਦੇ ਜਾ ਰਹੇ ਹਨ, ਜਿਸ ਦਾ ਮਾੜੂ ਪ੍ਰਭਾਵ ਵਾਤਾਵਰਨ ਅਤੇ ਸਿਹਤ 'ਤੇ ਪੈ ਰਿਹਾ ਹੈ। ਹੁਮ ਤਕ ਪੰਜਾਬ ਵਿਚ ਪਰਾਲੀ ਸਾੜਨ ਦੇ 35000 ਤੋਂ ਵਧੇਰੇ ਅੰਕੜੇ ਸਾਹਮਣੇ ਆ ਗਏ ਹਨ ਅਤੇ ਦਿਨ ਪ੍ਰਤੀ ਦਿਨ ਇਹ ਮਾਮਲੇ ਤੇਜ਼ੀ ਨਾਲ ਵਧਦੇ ਹੀ ਜਾ ਰਹੇ ਹਨ।
ਪਰਾਲੀ ਸਾੜਨ ਦੇ ਨੁਕਸਾਨ ਤੋਂ ਵਾਕਫ਼ ਹੋਣ ਦੇ ਬਾਵਜੂਦ ਵੀ ਅੰਨਦਾਤਾ ਆਬੋ-ਹਵਾ ਪ੍ਰਦੂਸ਼ਿਤ ਕਰਨ ਤੋਂ ਬਾਜ਼ ਨਹੀਂ ਆਉਂਦਾ। ਸਰਕਾਰ ਹਰ ਵਰ੍ਹੇ ਪਰਾਲੀ ਨਾ ਸਾੜਨ ਦੀਆਂ ਹਦਾਇਤਾਂ ਜਾਰੀ ਕਰਦੀ ਹੈ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਲੱਖਾਂ ਹੀ ਤਰਲੇ-ਮਿੰਨਤਾਂ ਕੀਤੇ ਜਾਂਦੇ ਹਨ ਪਰ ਫਿਰ ਵੀ ਜਿੰਮੀਦਾਰਾਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ ਅਤੇ ਧਰਤੀ ਮਾਂ ਨੂੰ ਅੱਗ ਲਗਾ ਕੇ ਆਪਣੀ ਅੜੀ ਪੁਗਾ ਕੇ ਹੀ ਰਹਿੰਦੇ ਹਨ। ਪਰਾਲੀ ਨੂੰ ਅੱਗ ਲਗਾ ਕੇ ਅੰਨਦਾਤਾ ਆਪਣੀ ਅੜੀ ਤਾਂ ਪੁਗਾ ਲੈਂਦਾ ਹੈ ਪਰ ਇਸ ਦਾ ਅੰਜਾਮ ਬਾਕੀ ਸਮਾਜ ਨੂੰ ਭੁਗਤਣਾ ਪੈਂਦਾ ਹੈ। ਆਬੋ-ਹਵਾ ਦੀ ਗੁਣਵੱਤਾ ਘਟਾਉਣ ਵਾਲਾ ਧੂੰਆਂ ਅਨੇਕਾਂ ਹੀ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਅੰਨਦਾਤਾ ਪਰਾਲੀ ਨੂੰ ਸਾੜਨ ਦੇ ਨੁਕਸਾਨ ਤੋਂ ਚੰਗੀ ਤਰ੍ਹਾਂ ਜਾਣੂ ਹੈ ਪਰ ਫਿਰ ਵੀ ਜਾਗਰੂਕ ਹੋਣ ਦੇ ਬਾਵਜੂਦ ਜਾਣ-ਬੁੱਝ ਕੇ ਅਣਜਾਣ ਬਣ ਕੇ ਅੱਗਦਾਤਾ ਬਣਦਾ ਹੈ।
ਗੁਰਬਾਣੀ ਵਿਚ ਧਰਤੀ ਨੂੰ ਮਾਂ ਅਤੇ ਪਵਣ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਪਰ ਅਜੋਕਾ ਕਿਸਾਨ ਕੁਦਰਤ ਨਾਲ ਛੇੜਛਾੜ ਕਰ ਕੇ ਪਾਪਾਂ ਦਾ ਭਾਗੀ ਬਣ ਕੇ ਸਰਾਪ ਕਮਾ ਰਿਹਾ ਹੈ।
ਸਮਾਜ ਅਤੇ ਪ੍ਰਸ਼ਾਸਨ ਦੀਆਂ ਨਜ਼ਰਾਂ ਤੋਂ ਬਚਣ ਲਈ ਬਹੁਤੇ ਕਿਸਾਨ ਪਰਾਲੀ ਨੂੰ ਅੱਗ ਰਾਤ ਵੇਲੇ ਲਗਾਉਂਦੇ ਹਨ, ਅਜਿਹਾ ਕਰ ਕੇ ਕਿਸਾਨ ਸਮਾਜ ਦੀਆਂ ਨਜ਼ਰਾਂ ਤੋਂ ਤਾਂ ਚੋਰੀ ਕਮਾ ਲੈਂਦੇ ਹਨ ਪਰ ਪਰਮਾਤਮਾ ਅਤੇ ਕੁਦਰਤ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਦੇ, ਕਿਉਂਕਿ ਪਰਮਾਤਮਾ ਅਤੇ ਕੁਦਰਤ ਨੂੰ ਤਾਂ ਕਰਮਾਂ ਦਾ ਲੇਖਾ ਦੇਣਾ ਹੀ ਪਵੇਗਾ। ਸੋ, ਲੋੜ ਹੈ ਅੰਨਦਾਤਾ ਨੂੰ ਗੁਰਬਾਣੀ ਤੋਂ ਸੇਧ ਲੈ ਕੇ ਕੁਦਰਤ ਦੀ ਮਹੱਤਤਾ ਤੋਂ ਜਾਣੂ ਹੋਣ ਦੀ। ਪਰਾਲੀ ਸਾੜਨ ਦੇ ਵੱਧ ਰਹੇ ਮਾਮਲਿਆਂ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖ਼ਰ ਅਜੋਕਾ ਕਿਸਾਨ ਅੰਨਦਾਤਾ ਹੈ ਜਾਂ ਫਿਰ ਅੱਗਦਾਤਾ?
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।