JALANDHAR WEATHER

26-02-2024

 ਚਾਈਨਾ ਡੋਰ ਦੀ ਵਰਤੋਂ ਤੇ ਪ੍ਰਸ਼ਾਸਨ
ਪਿਛਲੇ ਦਿਨੀਂ ਆਦਮਪੁਰ ਵਿਖੇ 14 ਸਾਲਾ ਬੱਚੇ ਦੀ ਚਾਇਨਾ ਡੋਰ ਕਾਰਨ ਹੋਈ ਮੌਤ ਦੀ ਖ਼ਬਰ ਕਿਸੇ ਲਈ ਵੀ ਇਸ ਕਾਰਨ ਹੋਈ ਪਹਿਲੀ ਮੌਤ ਦੀ ਖ਼ਬਰ ਨਹੀਂ ਸੀ । ਅਜਿਹੇ ਹਾਦਸੇ ਪਹਿਲਾਂ ਵੀ ਵਾਪਰ ਚੁੱਕੇ ਹਨ, ਪਤੰਗਬਾਜ਼ੀ ਲਈ ਹੋ ਰਹੀ ਚਾਇਨਾ ਡੋਰ ਦੀ ਵਰਤੋਂ ਕਾਰਨ ਅਜਿਹੇ ਹਾਦਸਿਆਂ ਦਾ ਖ਼ਦਸ਼ਾ ਵਰਤਮਾਨ ਸਮੇਂ ਦੌਰਾਨ ਵੀ ਬਣਿਆ ਹੋਇਆ ਏ ਅਤੇ ਜੇ ਚਾਇਨਾ ਡੋਰ ਦੀ ਵਰਤੋਂ ਪਤੰਗਬਾਜ਼ੀ ਲਈ ਇਸੇ ਤਰ੍ਹਾਂ ਚਲਦੀ ਰਹੀ ਤਾਂ ਭਵਿੱਖ ਵਿਚ ਵੀ ਅਜਿਹੇ ਹਾਦਸੇ ਹੁੰਦੇ ਰਹਿਣਗੇ ਤੇ ਸਾਡੇ ਕੰਨੀਂ ਉਪਰੋਕਤ ਜਿਹੀਆਂ ਮੰਦਭਾਗੀਆਂ ਖ਼ਬਰਾਂ ਪੈਂਦੀਆਂ ਰਹਿਣਗੀਆਂ । ਪਤੰਗਬਾਜ਼ੀ ਲਈ ਚਾਇਨਾ ਡੋਰ ਦੀ ਵਰਤੋਂ ਬਲਕਿ ਉਸ ਤੋਂ ਵੀ ਪਹਿਲਾਂ ਚਾਇਨਾ ਡੋਰ ਦੀ ਵਿੱਕਰੀ ਨੂੰ ਰੋਕਣਾ ਪ੍ਰਸ਼ਾਸਨ ਲਈ ਮੁਸ਼ਕਿਲ ਤਾਂ ਹੋ ਸਕਦਾ ਏ, ਪਰ ਮੌਜੂਦਾ ਦੌਰ ਵਿੱਚ ਨਾਮੁਮਕਿਨ ਨਹੀਂ ਹੋ ਸਕਦਾ। ਸਮੇਂ-ਸਮੇਂ 'ਤੇ ਵੱਖ-ਵੱਖ ਕਾਰਜਾਂ ਅਤੇ ਮੁਹਿੰਮਾਂ ਲਈ ਸਰਕਾਰੀ ਤੰਤਰ ਦੁਆਰਾ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਜੰਗੀ-ਪੱਧਰ 'ਤੇ ਸਫ਼ਲ ਉੱਦਮ ਕੀਤੇ ਜਾਂਦੇ ਰਹੇ ਹਨ, ਹੁਣ ਵੀ ਇਸ ਚਾਇਨਾ ਡੋਰ ਦੀ ਵਰਤੋਂ, ਜੋ ਖ਼ਾਸ ਕਰਕੇ ਰਾਹਗੀਰਾਂ ਲਈ ਹਾਦਸਿਆਂ ਦੇ ਨਾਲ-ਨਾਲ ਬੇਅਕਤੀ ਮੌਤ ਦਾ ਕਾਰਨ ਬਣੀ ਰਹਿੰਦੀ ਹੈ, ਨੂੰ ਰੋਕਣ ਲਈ ਲੋਕਾਂ ਦੀ ਸ਼ਮੂਲੀਅਤ ਨਾਲ ਜੰਗੀ-ਪੱਧਰ 'ਤੇ ਜਾਗਰੂਕਤਾ ਮੁਹਿੰਮਾਂ ਚਲਾਉਣ ਦੇ ਨਾਲ-ਨਾਲ ਲੋੜ ਅਨੁਸਾਰ ਸਖ਼ਤੀ ਵਰਤਦੇ ਹੋਏ ਪ੍ਰਸ਼ਾਸਨ ਨੂੰ ਆਪਣਾ ਬਣਦਾ ਰੋਲ ਤੁਰੰਤ ਅਦਾ ਕਰਨ ਦੀ ਲੋੜ ਏ ਤਾਂ ਜੋ ਕਿਸੇ ਵੀ ਘਰ ਦਾ ਕੋਈ ਵੀ ਜੀਅ ਕਿਸੇ ਦੇ ਪਤੰਗਬਾਜ਼ੀ ਦੇ ਸ਼ੌਕ ਕਾਰਨ ਹਾਦਸਿਆਂ ਦਾ ਸ਼ਿਕਾਰ ਨਾ ਹੋਵੇ ਜਾਂ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚ ਸਕੇ ।


-ਜਸਪ੍ਰੀਤ ਸਿੰਘ
ਨਿਊ ਸਤਨਾਮਪੁਰਾ, ਫਗਵਾੜਾ।


ਫ਼ਜ਼ੂਲ ਖ਼ਰਚੀ
ਪੰਜਾਬ ਦੇ ਜ਼ਿਆਦਾਤਰ ਕਿਸਾਨ ਹਮੇਸ਼ਾ ਹੀ ਆਪਣੇ ਆਪ ਨੂੰ ਗ਼ਰੀਬ ਆਖ਼ਦੇ ਰਹਿੰਦੇ ਹਨ। ਪ੍ਰੰਤੂ ਇਹੀ ਲੋਕ ਵਿਆਹਾਂ ਉੱਪਰ ਇਕ ਦੂਜੇ ਨਾਲੋਂ ਵਧ ਕੇ ਖ਼ਰਚੇ ਕਰਦੇ ਹਨ। ਜੇਕਰ ਉਨ੍ਹਾਂ ਨੂੰ ਕੋਈ ਅਜਿਹਾ ਕਾਰਜ ਸਧਾਰਨ ਤੇ ਸਾਦਾ ਕਰਨ ਲਈ ਕਹਿੰਦਾ ਹੈ ਤਾਂ ਅੱਗੋਂ ਉਸ ਨੂੰ ਜਵਾਬ ਦਿੱਤਾ ਜਾਂਦਾ ਹੈ ਕਿ ਅਸੀਂ ਆਪਣੇ ਘਰੋਂ ਖ਼ਰਚ ਕਰਦੇ ਹਾਂ, ਤੁਹਾਨੂੰ ਕੀ ਤਕਲੀਫ਼ ਹੈ..? ਸਾਡੇ ਕਰਜ਼ੇ ਵਿਚ ਡੁੱਬਣ ਦਾ ਇਕ ਵੱਡਾ ਕਾਰਨ ਵਿਆਹਾਂ ਉੱਪਰ ਪੈਸੇ ਦੀ ਬਹੁਤ ਜ਼ਿਆਦਾ ਬਰਬਾਦੀ ਕਰਨਾ ਵੀ ਕਿਹਾ ਜਾ ਸਕਦਾ ਹੈ। ਹੁਣ ਤਾਂ ਇਕ ਵਿਆਹ ਵਿਚ ਹੀ ਕਈ ਤਰ੍ਹਾਂ ਦੇ ਪ੍ਰੋਗਰਾਮ ਹੋਣ ਕਰਕੇ ਵਿਆਹ ਬਹੁਤ ਖ਼ਰਚੀਲੇ ਹੋ ਗਏ ਹਨ। ਪਹਿਲਾਂ ਕਿਸੇ ਪੈਲੇਸ ਜਾਂ ਰੈਸਟੋਰੈਂਟ ਵਿਚ ਕੁੜੀ ਦਾ ਸ਼ਗਨ ਪਾਇਆ ਜਾਂਦਾ ਹੈ। ਫਿਰ ਮੁੰਡੇ ਦੇ ਘਰ ਜਾ ਕੇ ਸ਼ਗਨ ਪਾਇਆ ਜਾਂਦਾ ਹੈ, ਫਿਰ ਜਾਗੋ, ਫਿਰ ਮਹਿੰਗੇ ਪੈਲੇਸ ਵਿਚ ਵਿਆਹ ਸਮਾਗਮ, ਫਿਰ ਅਗਲੇ ਦਿਨ ਪਾਰਟੀ/ਮਿਲਣੀ, ਹੁਣ ਤਾਂ ਮੁੰਡੇ ਵਾਲੇ ਵੀ ਕੁੜੀ ਦੇ ਘਰ ਮਿਲਣੀ ਕਰਨ ਲਈ ਜਾਣ ਲੱਗ ਪਏ ਹਨ। ਇਸ ਤੋਂ ਇਲਾਵਾ ਮਹਿੰਗੀਆਂ ਗੱਡੀਆਂ ਦੀ ਖ਼ਰੀਦਦਾਰੀ, ਬਹੁਤ ਜ਼ਿਆਦਾ ਮਹਿੰਗੇ ਭਾਅ ਦੇ ਸੋਨੇ ਦੀ ਖ਼ਰੀਦ ਕਰ ਕੇ ਅਸੀਂ ਵਿਆਹਾਂ ਨੂੰ ਬਹੁਤ ਜ਼ਿਆਦਾ ਖ਼ਰਚੀਲਾ ਬਣਾ ਦਿੱਤਾ ਹੈ। ਫਿਰ ਅਸੀਂ ਸਰਕਾਰਾਂ ਨੂੰ ਕੋਸਦੇ ਹਾਂ ਕਿ ਸਾਡਾ ਕਰਜ਼ਾ ਮੁਆਫ਼ ਕਰੋ। ਅਮੀਰ ਕਿਸਾਨਾਂ ਤੇ ਹੋਰ ਅਮੀਰ ਵਰਗ ਦੇ ਲੋਕਾਂ ਦੇ ਮਹਿੰਗੇ ਸ਼ੌਂਕ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ਼ ਦਿੰਦੇ ਹਨ। ਅਜਿਹੇ ਸਮਾਗਮਾਂ ਤੋਂ ਆਮ ਹੀ ਭਲੀਭਾਂਤ ਪਤਾ ਲੱਗਦਾ ਹੈ ਕਿ ਅਮੀਰ ਅਤੇ ਗ਼ਰੀਬ ਵਰਗ ਵਿਚ ਬਹੁਤ ਜ਼ਿਆਦਾ ਵੱਡਾ ਪਾੜਾ ਪੈ ਚੁੱਕਾ ਹੈ। ਪ੍ਰੰਤੂ ਇਸ ਪਾੜੇ ਨੂੰ ਪੂਰਨ ਲਈ ਸਰਕਾਰਾਂ ਗੰਭੀਰ ਨਹੀਂ ਹਨ।


-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ, (ਬਠਿੰਡਾ)


ਕੀ ਕਿਰਤੀ ਹੋਣਾ ਗੁਨਾਹ ਹੈ?
ਇਕ ਲੋਕਤੰਤਰੀ ਦੇਸ਼ ਵਿਚ ਆਪਣੀ ਗੱਲ ਕਹਿਣਾ ਤੇ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰਨਾ ਕੋਈ ਗੁਨਾਹ ਨਹੀਂ ਪਰ ਅੱਜ ਸਾਡੇ ਇਸ ਮੁਲਕ ਵਿਚ ਜਨਤਾ ਆਪਣੇ ਨਾਲ ਹੋ ਰਹੇ ਧੱਕੇ ਲਈ ਆਵਾਜ਼ ਵੀ ਨਹੀਂ ਉਠਾ ਸਕਦੀ। ਜੇਕਰ ਆਵਾਜ਼ ਉੱਠਦੀ ਹੈ ਤਾਂ ਉਸ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਸਰਕਾਰਾਂ ਦਾ ਤਾਨਾਸ਼ਾਹੀ ਰੂਪ ਆਮ ਦੇਖਣ ਨੂੰ ਮਿਲ ਰਿਹਾ ਹੈ। ਕੀ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਵੀ ਨਹੀਂ? ਮੁਲਕ ਦੇ ਹਾਕਮ ਇੰਨੇ ਬੇਦਰਦ ਕਿਉਂ ਬਣ ਜਾਂਦੇ ਹਨ, ਜਦੋਂ ਚੋਣਾਂ ਸਮੇਂ ਵੋਟਾਂ ਲੈਣੀਆਂ ਹੁੰਦੀਆਂ ਹਨ, ਉਦੋਂ ਇਹੀ ਹਾਕਮ ਹਰ ਵਰਗ, ਹਰ ਜਾਤੀ ਦੇ ਲੋਕਾਂ ਦੇ ਆਪਣੇ-ਆਪ ਨੂੰ ਸੱਚੇ ਸੇਵਕ ਤੇ ਹਿਤੈਸ਼ੀ ਹੋਣ ਦਾ ਵਿਖਾਵਾ ਕਰਦੇ ਹਨ। ਸੱਤਾ ਹੱਥ 'ਚ ਆਉਣ 'ਤੇ ਇਹੀ ਲੋਕ ਜਿਨ੍ਹਾਂ ਨੇ ਇਨ੍ਹਾਂ ਨੂੰ ਇਸ ਕੁਰਸੀ 'ਤੇ ਬਿਠਾਇਆ ਹੁੰਦਾ ਹੈ, ਉਨ੍ਹਾਂ ਨੂੰ ਇਹ ਭੇਡਾਂ ਬੱਕਰੀਆਂ ਦੇ ਤੁੱਲ ਸਮਝਣ ਲੱਗ ਜਾਂਦੇ ਹਨ। ਅਨਾਜ ਪੈਦਾ ਕਰ ਕੇ ਮੁਲਕ ਦਾ ਢਿੱਡ ਭਰਨ ਵਾਲੇ ਕਿਰਤੀ, ਕਿਸਾਨ ਜੇ ਆਪਣੀ ਫ਼ਸਲ ਦਾ ਉੱਚਿਤ ਭਾਅ ਲੈਣ ਲਈ ਰੋਸ ਪ੍ਰਦਰਸ਼ਨ ਕਰਨ ਤਾਂ ਉਨ੍ਹਾਂ ਦੀ ਸੜਕਾਂ 'ਤੇ ਖਿੱਚ ਧੂਹ ਕੀਤੀ ਜਾਂਦੀ ਹੈ, ਤੇ ਉਨ੍ਹਾਂ ਨੂੰ ਜਲੀਲ ਕੀਤਾ ਜਾਂਦਾ ਹੈ। ਉਨ੍ਹਾਂ ਦਾ ਸਿਰਫ਼ ਇਹੀ ਗੁਨਾਹ ਹੈ ਕਿ ਉਹ ਕਿਰਤੀ ਨੇ, ਕਿਸਾਨ ਨੇ। ਦੇਸ਼ ਦੀ ਸਰਕਾਰ ਨੂੰ ਉੱਚ ਕਾਰਪੋਰੇਟ ਘਰਾਣਿਆਂ ਵੱਲ ਨਹੀਂ ਇਨ੍ਹਾਂ ਧਰਤੀ ਮਾਂ ਦੇ ਸਪੁੱਤਰਾਂ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।


-ਲਾਭ ਸਿੰਘ ਸ਼ੇਰਗਿਲ
ਬਡਰੁੱਖਾਂ (ਸੰਗਰੂਰ)