ਤੋਪਿਆਂ ਵਾਲੀ ਕਮੀਜ਼
ਲੇਖਕ : ਰਣਬੀਰ ਸਿੰਘ ਪ੍ਰਿੰਸ
ਪ੍ਰਕਾਸ਼ਕ : ਸਾਦਿਕ ਪਬਲਿਕੇਸ਼ਨਜ਼
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98722-99613
'ਤੋਪਿਆਂ ਵਾਲੀ ਕਮੀਜ਼' ਕਹਾਣੀ-ਸੰਗ੍ਰਹਿ ਰਣਬੀਰ ਸਿੰਘ ਪ੍ਰਿੰਸ ਦਾ ਲਿਖਿਆ ਹੈ, ਜਿਸ ਵਿਚ ਉਸ ਨੇ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਕਰਦੀਆਂ 50-55 ਨਿੱਕੀਆਂ-ਵੱਡੀਆਂ ਕਹਾਣੀਆਂ ਦੀ ਬਾਖੂਬੀ ਸਿਰਜਣਾ ਕੀਤੀ ਹੈ। ਜਿਵੇਂ, 'ਠੇਸ', 'ਕਲੀਆਂ ਵਾਲੀ ਫਰਾਕ', 'ਕਰਨੀ ਵਾਲੇ ਸੰਤ' ਕਹਾਣੀਆਂ ਵਿਚ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਤਵੱਜੋ ਦਿੱਤੀ ਗਈ ਹੈ। 'ਤੋਪਿਆਂ ਵਾਲੀ ਕਮੀਜ਼' ਕਹਾਣੀ ਵਿਚ ਇਕ ਗ਼ਰੀਬ ਬੱਚੇ ਰੇਨੂ ਦੀ ਤ੍ਰਾਸਦਿਕ ਹਾਲਤ ਨੂੰ ਬਿਆਨ ਕੀਤਾ ਹੈ, ਜਿਸ ਨੂੰ ਉਸ ਦੀ ਹਿੰਦੀ ਵਾਲੀ ਮੈਡਮ ਨੇ ਤਿੰਨ-ਚਾਰ ਚਿੱਟੀਆਂ ਕਮੀਜ਼ਾਂ ਵੀ ਲਿਆ ਕੇ ਦਿੱਤੀਆਂ ਸਨ। ਅਗਲੀ ਕਹਾਣੀ 'ਕਰਨੀ ਵਾਲੇ ਸੰਤ' ਵਿਚ ਅੰਧ-ਵਿਸ਼ਵਾਸ ਦੀ ਆੜ ਵਿਚ ਤਰ੍ਹਾਂ-ਤਰ੍ਹਾਂ ਦੀ ਲੁੱਟ ਕਰਨ ਲਈ ਹਰ ਹਰਬਾ ਵਰਤਦੇ ਲੋਕਾਂ ਬਾਰੇ ਦੱਸਿਆ ਗਿਆ ਹੈ। ਗੱਲ ਕਿ ਰਣਬੀਰ ਸਿੰਘ ਪ੍ਰਿੰਸ ਦੀਆਂ ਸਾਰੀਆਂ ਕਹਾਣੀਆਂ ਹੀ ਬਹੁਤ ਪ੍ਰਭਾਵਪੂਰਤ ਹਨ, ਜਿਨ੍ਹਾਂ ਵਿਚੋਂ ਪ੍ਰੋੜ੍ਹਤਾ ਝਲਕਦੀ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ ਕਹਾਣੀਆਂ 'ਨਿੱਕੇ ਸ਼ਬਦਾਂ ਦੇ ਵੱਡੇ ਅਰਥ', 'ਤਰਲਾ', 'ਆਹਟ', 'ਕਿਰਦਾਰ', 'ਹਿੰਮਤ', 'ਰਿਸ਼ਤਿਆਂ ਦਾ ਘਾਣ', 'ਤੋਪਿਆਂ ਵਾਲੀ ਕਮੀਜ਼', 'ਧੀ ਹੋਣ ਦਾ ਅਹਿਸਾਸ', 'ਖੁੰਦਕ', 'ਭੁੱਖ', 'ਸ਼ੱਕ ਦੀ ਮੌਤ' ਅਤੇ ਸਾਂਝ ਹਨ ਜੋ ਸਾਰਥਕ ਹੱਲ ਲੱਭਦੀਆਂ ਪ੍ਰਤੀਤ ਹੁੰਦੀਆਂ ਹਨ ਅਤੇ ਇਸ ਨਿੱਘਰ ਰਹੇ ਸਮਾਜ ਦੇ ਪਾਠਕਾਂ ਨੂੰ ਸੁਨੇਹਾ ਦਿੰਦੀਆਂ ਹਨ। ਕਹਾਣੀਆਂ ਵਿਚ ਲੇਖਕ ਨੇ ਤਿੱਖਾ ਵਿਅੰਗ ਅਤੇ ਬੌਧਿਕਤਾ ਦੀ ਪੇਸ਼ਕਾਰੀ ਕੀਤੀ ਗਈ ਹੈ। ਜਿਵੇਂ 'ਧੀਆਂ ਦੀ ਪੰਡ' ਕਹਾਣੀ ਵਿਚ ਲੋਕਾਂ ਦੇ ਮਨ ਵਿਚ ਪੁੱਤਰ ਦੀ ਲਾਲਸਾ ਉਮੜਦੀ ਦਿਖਾਈ ਹੈ ਪਰ ਜਦੋਂ ਧੀਆਂ ਨੂੰ ਕੋਈ ਵੱਡੀ ਨੌਕਰੀ ਮਿਲ ਜਾਂਦੀ ਹੈ ਤੇ ਪੁੱਤਰ ਨਸ਼ੇੜੀ ਬਣ ਜਾਂਦੇ ਹਨ ਤਾਂ ਅਜਿਹੀ ਸੇਧ ਹੀ ਲੋਕਾਂ ਨੂੰ ਸਬਕ ਸਿਖਾਉਂਦੀ ਹੈ। ਇਸੇ ਤਰ੍ਹਾਂ ਅਗਲੀਆਂ ਕਹਾਣੀਆਂ 'ਖਰਚੇ ਤੇ ਪਰਚੇ', 'ਸੂਰਤ ਤੇ ਸੀਰਤ', 'ਬੇਗਾਨੇ ਬੋਹੜ ਦੀ ਛਾਂ' ਵਿਅੰਗਾਤਮਿਕ ਕਹਾਣੀਆਂ ਹਨ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਲੇਖਕ ਦੀਆਂ ਕਾਫੀ ਕਹਾਣੀਆਂ ਭਵਿੱਖ ਵਿਚ ਹੋਰ ਨਿਖਾਰ ਦੀ ਸੰਭਾਵਨਾ ਦੀ ਸ਼ਾਅਦੀ ਭਰਦੀਆਂ ਹਨ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਜ਼ਿੰਦਗੀਨਾਮਾ(ਫ਼ਾਰਸੀ ਮਸਨਵੀ)
(ਗ਼ਜ਼ਲਾਂ ਭਾਈ ਨੰਦ ਲਾਲ)/ਸਟੀਕ
ਲਿਪੀਆਂਤਰ ਅਤੇ ਪੰਜਾਬੀ ਅਨੁਵਾਦ : ਡਾ. ਗੁਰਪ੍ਰੀਤ ਸਿੰਘ ਸੋਢੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 98147-32198
ਦਸਮ ਪਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਥੇ ਆਪ ਅਜ਼ੀਮ ਸ਼ਾਇਰ ਅਤੇ ਸੰਗੀਤਕਾਰ ਸਨ, ਉਥੇ ਹੀ ਸ਼ਾਇਰਾਂ ਦੇ ਬਹੁਤ ਵੱਡੇ ਕਦਰਦਾਨ ਅਤੇ ਸਰਪ੍ਰਸਤ ਸਨ। ਆਪ ਦੇ ਦਰਬਾਰ ਦੇ 52 ਕਵੀਆਂ ਦੇ ਸਿਰਤਾਜ ਸਨ ਦੀਵਾਨ ਨੰਦ ਲਾਲ 'ਗੋਯਾ'। ਗੁਰੂ ਪਾਤਿਸ਼ਾਹ ਦੇ ਸਭ ਤੋਂ ਪਿਆਰੇ ਅਤੇ ਪਸੰਦੀਦਾ ਸਿੱਖ ਆਪ ਜੀ ਵਲੋਂ ਲਿਖੀਆਂ ਫ਼ਾਰਸੀ ਗ਼ਜ਼ਲਾਂ ਨੂੰ ਸਿੱਖ ਪੰਥ ਵਲੋਂ ਕੀਰਤਨ ਚੌਂਕੀਆਂ ਦੌਰਾਨ ਗਾਇਨ ਕਰਨ ਦੀ ਆਗਿਆ ਹੈ। ਪੁਰਾਤਨ ਰਾਗੀ, ਖ਼ਾਸਕਰ ਮਰਹੂਮ ਭਾਈ ਧਰਮ ਸਿੰਘ 'ਜ਼ਖ਼ਮੀ', ਉਨ੍ਹਾਂ ਦੀਆਂ ਫ਼ਾਰਸੀ ਰਚਨਾਵਾਂ ਗਾ ਕੇ ਸਮਾਂ ਬੰਨ੍ਹ ਦਿਆ ਕਰਦੇ ਸਨ। ਅਨੁਵਾਦਕ ਡਾ. ਗੁਰਪ੍ਰੀਤ ਸਿੰਘ ਸੋਢੀ ਨੇ ਦੀਵਾਨ ਨੰਦ ਲਾਲ ਦੀਆਂ ਗ਼ਜ਼ਲਾਂ ਦੇ ਇਕ-ਇਕ ਸ਼ੇਅਰ ਦਾ, ਭਵਪੂਰਤ ਲਿਪੀਆਂਤਰ ਕੀਤਾ ਹੈ। ਮਿਸਾਲ ਵਜੋਂ :-
'ਆਂ ਖ਼ੁਦਾਵੰਦ-ਏ-ਜ਼ਮੀਨ-ਓ-ਆਸਮਾਂ
ਜ਼ਿੰਦਗੀ ਬਖ਼ਸ਼-ਏ-ਵਜੂਦ-ਏ-ਇਨਸ-ਓ-ਜਾਂ।'
ਅਰਥ-ਉਹ (ਰੱਬ) ਧਰਤੀ ਤੇ ਆਕਾਸ਼ ਦਾ ਮਾਲਕ, ਮਨੁੱਖੀ ਵਜੂਦ ਅਤੇ ਜਾਨਦਾਰਾਂ ਦੀ ਜ਼ਿੰਦਗੀ ਬਖ਼ਸ਼ਣ ਵਾਲਾ ਹੈ। (ਪੰਨਾ 7)
ਈ ਲਿਬਾਸ-ਏ-ਦੁਨਿਆਵੀ ਫ਼ਾਨੀ ਬੱਵਦ
ਬਰ ਖੁਦਾਵੰਦੇਸ਼ ਅਰਜ਼ਾਨੀਂ ਬੱਵਦ (ਪੰਨਾ 19)
ਔਖੇ ਸ਼ਬਦ : ਈ-ਇਹ। ਲਿਬਾਸ ਦੁਨਿਆਵੀ-ਦੁਨਿਆਵੀ ਭੇਖ, ਫਾਨੀ ਬਵੱਦ-ਨਾਸ਼ਵਾਨ ਹੁੰਦਾ ਹੈ, ਬਰ ਖ਼ੁਦਾਵੰਦੇਸ਼-ਇਸ ਦਾ ਮਾਲਕ, ਅਰਜ਼ਾਨੀ ਬੱਵਦ-ਮਾਮੂਲੀ ਹੁੰਦਾ ਹੈ। (ਅਰਥ) : ਇਹ ਦੁਨਿਆਵੀ ਪਹਿਰਾਵਾ, ਨਾਸ਼ਵਾਨ ਹੈ, ਇਸ ਦਾ ਮਾਲਕ ਸਾਧਾਰਨ (ਮਾਮੂਲੀ) ਹੁੰਦਾ ਹੈ।
''ਹਰ ਕਿ ਖ਼ੁਦ ਰਾ ਸੂ-ਏ-ਹੱਕ ਮੀ ਆਰਦਸ਼
ਅਜ਼ ਰੁਖੇ-ਏ-ਊ ਨੂਰ-ਏ-ਹੱਕ ਮੀ ਬਾਦਰਸ਼''
(ਪੰਨਾ 82)
(ਅਰਥ:) ਜਿਹੜਾ ਵੀ ਆਪਣੇ ਆਪ ਨੂੰ, ਰੱਬ ਵੱਲ ਲਿਆਉਂਦਾ ਹੈ, ਉਸ ਦੇ ਮੁੱਖ ਤੋਂ ਸੱਚੇ ਨੂਰ ਦੀ ਵਰਖਾ ਹੁੰਦੀ ਹੈ।
ਆਖ਼ਰੀ ਸ਼ੇਅਰ : 'ਦੀਦਾ ਅਜ਼ ਦੀਦਾਰ-ਏ-ਹੱਕ ਪਰ ਨੂਰ ਕੁਨ
ਗ਼ੈਰ ਹੱਕ ਅਜ਼, ਖ਼ਾਤਿਰ-ਓ-ਦਿਲ ਦੂਰ ਕੂਨ'
(ਪੰਨਾ 176)
(ਅਰਥ) : ਤੂੰ ਅੱਖ ਨੂੰ ਰੱਬ ਦੇ ਦਰਸ਼ਨ ਨਾਲ, ਨੂਰੋ-ਨੂਰ ਕਰ, ਰੱਬ ਤੋਂ ਬਿਨਾਂ ਸਭ ਕੁਛ, ਦਿਲ ਤੋਂ ਦੂਰ ਕਰਦੇ।
ਡਾ. ਸੋਢੀ, ਅੱਜ ਦੇ ਦੌਰ ਵਿਚ, ਉਂਗਲਾਂ 'ਤੇ ਗਿਣੇ ਜਾਣ ਵਾਲੇ ਉਨ੍ਹਾਂ ਆਲਮਾਂ ਵਿਚ ਸ਼ੁਮਾਰ ਕੀਤੇ ਜਾਣਗੇ, ਜਿਨ੍ਹਾਂ ਨੇ ਫ਼ਾਰਸੀ ਵਰਗੀ ਅਮੀਰ ਜ਼ਬਾਨ 'ਤੇ ਅਬੂਰ ਹਾਸਿਲ ਕੀਤਾ ਹੈ। ਉਨ੍ਹਾਂ ਲਗਨ ਨਾਲ, ਫ਼ਾਰਸੀ ਭਾਸ਼ਾ ਵਿਚ ਐਮ.ਏ. ਕੀਤੀ। ਡਾ. ਹਰਪਾਲ ਸਿੰਘ ਪੰਨੂ ਨੇ ਦਰੁਸਤ ਲਿਖਿਆ ਹੈ ਕਿ ਫ਼ਾਰਸੀ ਤੋਂ ਅਗਿਆਨਤਾ, ਸਾਨੂੰ ਭਾਈ ਨੰਦ ਲਾਲ ਦੇ ਮਹਿਲਾਂ ਤੋਂ ਦੂਰ ਰੱਖੇਗੀ।' ਇਸ ਪੁਸਤਕ ਨੂੰ ਮਨ ਚਿੱਤ ਲਾ ਕੇ ਪੜ੍ਹਨ ਅਤੇ ਸਮਝਣ ਨਾਲ ਹੀ, ਕੋਈ ਫਰੋਦ-ਬਸ਼ਰ, ਅਗਲ ਜੀਵਨ ਜਾਚ ਦੀ ਸੋਝੀ ਹਾਸਿਲ ਕਰਕੇ, ਕਾਮਿਲ ਮਨੁੱਖ ਬਣ ਸਕੇਗਾ, ਐਸਾ ਮੇਰਾ ਪੱਕਾ ਯਕੀਨ ਹੈ। ਟੇਢੀ ਭਾਵ-ਪੂਰਨ ਲਿਖ਼ਤ ਲਈ ਡਾ. ਸੋਢੀ ਧੰਨਵਾਦ ਦੇ ਪਾਤਰ ਹਨ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਦਾਰ
(1947 ਦੀ ਭਾਰਤ-ਪਾਕਿਸਤਾਨ ਵੰਡ ਬਾਰੇ ਲਿਖਿਆ ਸ਼ਾਹਕਾਰ ਨਾਵਲ)
ਲੇਖਕ : ਕ੍ਰਿਸ਼ਨ ਚੰਦਰ
ਅਨੁ : ਅਮਰ ਆਫ਼ਤਾਬ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨਜ਼, ਰਾਮਪੁਰ (ਲੁਧਿਆਣਾ)
ਮੁੱਲ : 225 ਰੁਪਏ, ਸਫ਼ੇ : 80
ਸੰਪਰਕ : 95016-60416
ਭਾਰਤ-ਪਾਕਿਸਤਾਨ ਦੀ ਵੰਡ ਅੰਗਰੇਜ਼ ਸਰਕਾਰ ਦੀ ਪਾੜੋ ਅਤੇ ਰਾਜ ਕਰੋ ਦੀ ਫਿਰਕਾਪ੍ਰਸਤੀ ਦੀ ਨੀਤੀ ਕਾਰਨ ਹੋਈ। ਦੇਸ਼ਾਂ ਦੀਆਂ ਵੰਡਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ, ਪਰ ਧਰਮ ਦੇ ਨਾਂਅ 'ਤੇ ਆਬਾਦੀ ਵਟਾਂਦਰਾ ਵੱਡਾ ਦੁਖਾਂਤ ਹੋ ਨਿੱਬੜਿਆ। ਸਿੱਖ-ਹਿੰਦੂ/ਮੁਸਲਮਾਨਾਂ ਵਿਚ ਕੁੜੱਤਣ ਇਸ ਹੱਦ ਤੱਕ ਵਧ ਗਈ ਸੀ ਕਿ ਵਿਰੋਧੀ ਧਰਮ ਦੇ ਕਾਫਲਿਆਂ ਦੇ ਕਾਫਲੇ ਮੌਤ ਦੇ ਘਾਟ ਉਤਾਰੇ ਗਏ। ਕਿਸੇ ਵੀ ਉਮਰ/ਲਿੰਗ ਨਾਲ ਕੋਈ ਤਰਸ ਨਾ ਵਿਖਾਇਆ ਗਿਆ। ਔਰਤਾਂ ਦੀ ਵਿਕਰੀ ਹੋਈ। ਧੀਆਂ ਦੀ ਪੱਤ ਲੁੱਟੀ ਗਈ। ਘਰ ਦਾ ਕੋਈ ਜੀਅ ਇਧਰ ਰਹਿ ਗਿਆ, ਕੋਈ ਉਧਰ। ਪੀਣ ਵਾਲਾ ਪਾਣੀ ਵੀ ਹਿੰਦੂ-ਪਾਣੀ/ਮੁਸਲਿਮ ਪਾਣੀ ਵਿਚ ਵੰਡਿਆ ਗਿਆ। ਉੱਜੜ ਕੇ ਆਏ ਹਿੰਦੂ ਸਿੱਖ ਸ਼ਰਨਾਰਥੀ ਅਖਵਾਏ, ਮੁਸਲਮਾਨ ਮੁਹਾਜਰ ਅਖਵਾਏ। ਨਾਇਕ ਗ਼ੱਦਾਰ ਅਖਵਾਇਆ ਜੋ ਦੋਵਾਂ ਸੱਭਿਆਚਾਰਾਂ 'ਚੋਂ ਕਿਸੇ ਧਿਰ ਦਾ ਨਾ ਹੋ ਸਕਿਆ। ਇਸ ਨਾਵਲ ਦੀ ਫੇਬੁਲਾ ਨਾਇਕ ਬੈਜਨਾਥ ਦੇ ਨਾਨਕੇ ਪਿੰਡ ਤੋਂ ਚੱਲ ਕੇ, ਲਾਹੌਰ ਹੁੰਦੀ ਹੋਈ, ਨਾਇਕ ਵਲੋਂ ਗੰਨਿਆਂ ਦੇ ਖੇਤਾਂ ਵਿਚ ਪਨਾਹ ਲੈਂਦੇ ਹੋਏ, ਉਸ ਦੇ ਆਪਣੇ ਮਾਪਿਆਂ ਦੇ ਜੱਦੀ ਪਿੰਡ ਹੁਦੀ ਹੋਈ, ਕਤਲੋਗਾਰਤ ਦੀਆਂ ਘਟਨਾਵਾਂ ਵੇਖਦੀ ਹੋਈ, ਵਿਭਿੰਨ ਘਟਨਾਵਾਂ ਦੇ ਉਤਰਾਅ-ਚੜ੍ਹਾਅ ਪ੍ਰਸਤੁਤਵ ਕਰਦੀ ਹੋਈ ਰਾਵੀ ਦਰਿਆ ਦੇ ਪੁਲ ਤੱਕ ਅੱਪੜਦੀ ਵਿਖਾਈ ਗਈ ਹੈ। ਰਾਵੀ ਦਰਿਆ ਦੇ ਇਕ ਪਾਸੇ ਲਾਸ਼ ਦੇ ਢੇਰਾਂ ਵਿਚ ਇਕ ਮਰੇ ਹੋਏ ਮੁਸਲਿਮ ਬਾਬੇ ਤੋਂ ਇਕ ਬੱਚਾ ਰੋਟੀ ਮੰਗਦਾ ਪੇਸ਼ ਕੀਤਾ ਗਿਆ ਹੈ। ਬ੍ਰਾਹਮਣ ਨਾਇਕ ਬੈਜਨਾਥ ਉਸ ਬੱਚੇ ਨੂੰ ਗੋਦੀ ਚੁੱਕ ਲੈਂਦਾ ਹੈ। ਬੱਚਾ ਉਸ ਨੂੰ ਪੁੱਛਦਾ ਹੈ (ਦੇਖੋ ਸੰਵਾਦ) 'ਤੂੰ ਕੌਣ ਏਂ?' ਮੈਂ ਕਿਹਾ, 'ਮੈਂ ਤੇਰਾ ਚਾਚਾ ਹਾਂ।' 'ਚਾਚਾ', ਬੱਚੇ ਨੇ ਡਰਦੇ-ਡਰਦੇ ਪੁੱਛਿਆ, 'ਤੂੰ ਮੈਨੂੰ ਲੋਤੀ ਦੇਵੇਂਗਾ।' 'ਹਾਂ ਮੈਂ ਤੈਨੂੰ ਰੋਟੀ ਦੇਵਾਂਗਾ।' ਮੈਂ ਭਰੜਾਈ ਆਵਾਜ਼ ਵਿਚ ਕਿਹਾ, 'ਇਸ ਹਿਰਦੇਵੇਧਕ ਸੰਵਾਦ ਨਾਲ ਇਹ ਲਘੂ ਨਾਵਲ ਆਪਣੇ ਅੰਤ ਤੱਕ ਅੱਪੜਦਾ ਹੈ। ਨਾਨਕੇ ਪਿੰਡ ਸਰਕੜੇ ਵਿਚ ਨਾਇਕ ਨਾਲ ਮੁਹੱਬਤ ਕਰਨ ਵਾਲੀ 'ਸ਼ਾਦਾਂ' ਦਾ ਦੋ ਵਾਰੀ ਜ਼ਿਕਰ ਹੈ। ਰੋਮੀ 'ਕੁੱਤੀ' ਨਾਇਕ ਦੀ ਮਰਨ ਤੱਕ ਵਫ਼ਾਦਾਰ ਹੋ ਨਿੱਬੜਦੀ। ਉਂਜ ਇਹ ਨਾਵਲ ਨਾਇਕ ਪ੍ਰਧਾਨ ਹੀ ਹੈ। ਨਾਇਕ ਹੀ ਉੱਤਮ ਪੁਰਖੀ ਸ਼ੈਲੀ ਵਿਚ ਸਾਰਾ ਬਿਰਤਾਂਤ ਕਹਿੰਦਾ ਹੈ। ਕਥਾਵਾਚਿਕ ਭਵਿੱਖਬਾਣੀ ਕਰਦਾ ਹੈ ਕਿ ਉਹ ਦਿਨ ਜ਼ਰੂਰ ਆਵੇਗਾ, ਜਦੋਂ ਮੁਲਕਾਂ/ਧਰਮਾਂ ਦੀਆਂ ਹੱਦਾਂ ਢਹਿ-ਢੇਰੀ ਹੋ ਜਾਣਗੀਆਂ। ਜਦੋਂ ਸੰਸਾਰ ਇਕ ਪਿੰਡ ਬਣ ਜਾਵੇਗਾ। ਇਹ ਲਘੂ ਨਾਵਲ ਕ੍ਰਮਵਾਰ (ਸਿੰਟਗਮੈਟਿਕ) ਤਕਨੀਕ ਰਾਹੀਂ ਲਿਖਿਆ, ਬੜਾ ਹੀ ਗੁੰਦਵਾਂ ਕਥਾਨਕ ਹੈ, ਪਾਤਰਾਂ ਦੇ ਨੈਣ-ਨਕਸ਼ ਬਾਖੂਬੀ ਉਲੀਕੇ ਗਏ ਹਨ। ਦਿਰਸ਼ ਚਿੱਤਰਨ ਸੰਜੀਵ ਹੈ। ਭਾਸ਼ਾ ਕਾਵਿ-ਮਈ ਹੈ। ਇਸ ਦੀਆਂ ਹੋਰ ਬਿਰਤਾਂਤਕ ਜੁਗਤਾਂ ਵੱਖਰੇ ਅਧਿਐਨ ਦੀ ਮੰਗ ਕਰਦੀਆਂ ਹਨ।
-ਡਾ. ਧਰਮ ਚੰਦ ਵਾਤਿਸ਼
vatish.dharamchand@gmail.com
ਗੁਰੀਲਾ ਵਾਰ
ਸਿੱਖ ਲੋਕ ਯੁੱਧ 1699-1768
ਲੇਖਕ : ਅਰਜਨ ਦਾਸ ਮਲਕ
ਅਨੁਵਾਦਕ : ਸਵ: ਕਾਮਰੇਡ ਦੇਵਾ ਸਿੰਘ ਮਾਹਲਾ
ਪ੍ਰਕਾਸ਼ਕ : ਵਾਈਟ ਕ੍ਰੋਅ ਪਬਲਿਸ਼ਰਜ਼, ਮਾਨਸਾ
ਮੁੱਲ : 275 ਰੁਪਏ, ਸਫ਼ੇ : 175
ਸੰਪਰਕ : 97809-09077
ਪੁਰਾਤਨ ਕਾਲ ਤੋਂ ਦੁਨੀਆ ਵਿਚ ਜਦੋਂ ਵੀ ਰਾਜਿਆਂ, ਮਹਾਰਾਜਿਆਂ, ਸਾਮੰਤਾਂ, ਤਾਨਾਸ਼ਾਹਾਂ ਅਤੇ ਜਗੀਰਦਾਰਾਂ ਦੁਆਰਾ ਗ਼ਰੀਬਾਂ, ਮਜ਼ਲੂਮਾਂ ਅਤੇ ਨਿਹੱਥੇ ਲੋਕਾਂ ਉੱਪਰ ਅੱਤਿਆਚਾਰ ਕੀਤੇ ਗਏ ਤਾਂ ਉਨ੍ਹਾਂ ਲੋਕਾਂ ਦੁਆਰਾ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਰਾਖੀ ਲਈ ਸ਼ਾਂਤਮਈ ਵਿਦਰੋਹਾਂ ਦੇ ਨਾਲ-ਨਾਲ ਹਥਿਆਰਬੰਦ ਸੰਘਰਸ਼ ਵੀ ਜਾਰੀ ਰੱਖੇ ਗਏ ਹਨ। ਇਨ੍ਹਾਂ ਸੰਘਰਸ਼ਾਂ ਦੀਆਂ ਕੁਝ ਅਤਿ ਮਹੱਤਵਪੂਰਨ ਉਦਾਹਰਨਾਂ ਮੈਗਨਾ ਕਾਰਟਾ, ਫ਼ਰਾਂਸੀਸੀ ਕ੍ਰਾਂਤੀ, ਧਰਮ ਸੁਧਾਰ ਅੰਦੋਲਨ, ਅਮਰੀਕੀ ਕ੍ਰਾਂਤੀ, ਰੂਸੀ ਕ੍ਰਾਂਤੀ, ਚੀਨ ਦੀ ਕ੍ਰਾਂਤੀ ਅਤੇ ਭਾਰਤੀ ਸੁਤੰਤਰਤਾ ਸੰਗਰਾਮ ਆਦਿ ਹਨ। ਗੁਰੀਲਾ ਯੁੱਧ ਦੀ ਪ੍ਰਥਾ ਵੀ ਅਤਿ ਪੁਰਾਣੀ ਹੈ। ਪੰਜਾਬ ਕਿਉਂਕਿ ਉੱਤਰ-ਪੱਛਮੀ ਸਰਹੱਦੀ ਸੂਬਾ ਹੈ, ਇਥੇ ਕੇਂਦਰੀ ਏਸ਼ੀਆ ਤੋਂ ਅਨੇਕ ਹਮਲਾਵਰ ਪੁਰਾਤਨ ਕਾਲ ਤੋਂ ਆਉਂਦੇ ਰਹੇ ਹਨ। ਪੰਜਾਬੀਆਂ ਨੇ ਆਪਣੇ ਦੇਸ਼, ਹੱਕਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਵਿਦੇਸ਼ੀ ਹਮਲਾਵਰਾਂ ਦਾ ਸਿੱਧੇ ਢੰਗ ਅਤੇ ਗੁਰੀਲਾ ਲੜਾਈਆਂ ਰਾਹੀਂ ਵਿਰੋਧ ਕੀਤਾ ਹੈ। ਇਹ ਕਿਤਾਬ ਅਰਜਨ ਦਾਸ ਮਲਕ ਦੁਆਰਾ ਮੁੱਢਲੇ ਰੂਪ ਵਿਚ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਗਈ ਸੀ। ਇਸ ਦਾ ਵਿਸ਼ਾ ਵਸਤੂ ਹਿੰਦੁਸਤਾਨੀ ਗੁਰੀਲਾ ਯੁੱਧ ਵਿਸ਼ੇਸ਼ ਕਰਕੇ ਸਿੱਖਾਂ ਦੁਆਰਾ ਲੜੀਆਂ ਗਈਆਂ ਲੜਾਈਆਂ 1699-1768 ਈਸਵੀ ਦੇ ਸੰਦਰਭ ਵਿਚ ਹੈ। ਮੂਲ ਰੂਪ ਵਿਚ ਇਸ ਕਿਤਾਬ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ। ਭਾਗ ਪਹਿਲਾ ਗੁਰੀਲਾ ਯੁੱਧ ਦਾ ਮਤਲਬ, ਮੰਤਵ, ਗੁਰੀਲਾ ਯੁੱਧਾਂ ਵਿਚ ਭਾਗ ਲੈਣ ਵਾਲੇ ਲੋਕਾਂ ਦੇ ਅਧਿਕਾਰ ਸਾਧਨ, ਨੀਤੀਆਂ, ਮੂਲ ਸ਼ਰਤਾਂ, ਯੁੱਧ ਸਮੱਗਰੀ, ਮਨੁੱਖੀ ਸਹਾਇਤਾ, ਪੜਾਅ, ਅਨੁਸ਼ਾਸਨ ਅਤੇ ਆਮ ਪ੍ਰਚਲਿਤ ਅਸੂਲਾਂ ਨੂੰ ਵਰਨਣ ਕੀਤਾ ਗਿਆ ਹੈ। ਭਾਗ ਦੂਸਰਾ ਸਿੱਖ ਯੁੱਧਾਂ ਦੀ ਤਿਆਰੀ ਦਾ ਪਿਛੋਕੜ, ਗੁਰੂ ਨਾਨਕ ਦੇਵ ਜੀ ਦਾ ਫ਼ਲਸਫਾ, ਸਿੱਖ ਧਰਮ 8 ਦਰਸ਼ਨ ਸ਼ਾਸਤਰ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਰਾਜਨੀਤਕ-ਸਮਾਜਿਕ ਹਾਲਾਤ, ਪੰਜਾਬ ਦੇ ਲੋਕਾਂ ਦੇ ਮਸਲੇ, ਕਿਰਤੀਆਂ, ਮਜ਼ਲੂਮਾਂ ਦੇ ਹੱਕਾਂ ਵਿਚ ਆਵਾਜ਼ ਉਠਾਉਣ ਵਾਲੇ ਲੋਕਾਂ ਦੇ ਬਾਰੇ ਮਿਲਦੇ ਇਤਿਹਾਸਕ ਸਰੋਤਾਂ 'ਤੇ ਆਧਾਰਿਤ ਹੈ। ਭਾਗ ਤੀਸਰਾ ਵਿਚ ਸਿੱਖ ਗੁਰੀਲਾ ਯੁੱਧ, ਸਿੱਖ ਸੰਪਰਦਾਵਾਂ, ਨਿਰਮਲੇ, ਅਧਿਆਤਮਵਾਦੀ ਫ਼ਿਰਕੇ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਸਿੱਖਾਂ ਦੀ ਦਸ਼ਾ ਅਤੇ ਗੁਰੀਲਾ ਯੁੱਧਾਂ ਦੀਆਂ ਪ੍ਰਾਪਤੀਆਂ ਆਦਿ ਬਾਰੇ ਵਰਨਣ ਹਨ। ਭਾਗ ਚੌਥਾ ਚਲੰਤ ਯੁੱਧ ਦੇ ਪੜਾਅ 'ਤੇ ਆਧਾਰਿਤ ਹੈ। ਇਸ ਵਿਚ ਸਿੱਖਾਂ ਦੀ ਯੁੱਧ-ਨੀਤੀ ਅਤੇ ਦਾਅ ਪੇਚ, ਮਾਲਵੇ ਦੇ ਇਲਾਕੇ ਦਾ ਭੂਗੋਲਿਕ ਚਿੱਤਰਣ, ਮੁਗ਼ਲਾਂ ਵਿਰੁੱਧ ਯੁੱਧ ਨੀਤੀ, ਗੁਰੀਲਾ ਇਲਾਕੇ, ਅਹਿਮਦ ਸ਼ਾਹ ਅਬਦਾਲੀ ਵਿਰੁੱਧ ਯੁੱਧਨੀਤੀ ਅਤੇ ਜਥੇਬੰਦਕ ਢਾਂਚੇ ਆਦਿ ਵਿਸ਼ਿਆਂ 'ਤੇ ਆਧਾਰਿਤ ਹੈ। ਲੇਖਕ ਵਲੋਂ ਭਾਰਤੀ ਗੁਰੀਲਾ ਪ੍ਰਣਾਲੀ ਅਤੇ ਸਿੱਖਾਂ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਅਤੇ ਮੁੱਢਲੇ ਸੋਮਿਆਂ 'ਤੇ ਆਧਾਰਿਤ ਇਸ ਕਿਤਾਬ ਨੂੰ ਲਿਖਿਆ ਗਿਆ ਹੈ। ਜਿਸ ਵਿਚ ਕਿਰਤੀਆਂ, ਕਾਮਿਆਂ, ਮਜ਼ਲੂਮਾਂ, ਬੇਸਹਾਰਾ ਅਤੇ ਗ਼ਰੀਬ ਲੋਕਾਂ ਦੇ ਅਧਿਕਾਰਾਂ ਦੀ ਆਵਾਜ਼ ਅਤੇ ਸੰਘਰਸ਼ ਵੀ ਵਰਣਿਤ ਹਨ। ਅਨੁਵਾਦਕ ਕਾਮਰੇਡ ਦੇਵਾ ਸਿੰਘ ਮਾਹਲਾ ਦੁਆਰਾ ਕਿਤਾਬ ਦਾ ਅਨੁਵਾਦ ਬੜੇ ਸੁਚੱਜੇ ਅਤੇ ਮਿਹਨਤੀ ਢੰਗ ਨਾਲ ਕੀਤਾ ਗਿਆ ਹੈ। ਉਮੀਦ ਹੈ ਕਿ ਕਿਤਾਬ, ਇਤਿਹਾਸ, ਸਿੱਖ ਇਤਿਹਾਸ ਯੁੱਧ ਪ੍ਰਣਾਲੀ ਅਤੇ ਭੂਗੋਲਿਕ ਵਿਗਿਆਨ ਦੇ ਪੰਜਾਬੀ ਪਾਠਕਾਂ ਦੇ ਗਿਆਨ ਵਿਚ ਵਾਧਾ ਕਰੇਗੀ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਪੰਜਾਬੀ ਲੇਖ ਮਾਲਾ
ਲੇਖਕ : ਬਹਦਾਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 98764-52223
ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦਾ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਤੇ ਸਨਮਾਨਯੋਗ ਸਥਾਨ ਹੈ। ਪੰਜਾਬੀ ਸਾਹਿਤ ਦੇ ਵਿਕਾਸ ਹਿਤ 64 ਬਾਲ ਪੁਸਤਕਾਂ ਤੇ 29 ਵਾਰਤਕ ਪੁਸਤਕਾਂ ਪ੍ਰਾਪਤ ਹੁੰਦੀਆਂ ਹਨ। ਨਵੀਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਬਾਲ ਪੁਸਤਕਾਂ ਵਿਸ਼ੇਸ਼ ਅਹਿਮੀਅਤ ਰੱਖਦੀਆਂ ਹਨ। ਜੇਕਰ ਜੜ੍ਹ ਮਜ਼ਬੂਤ ਹੋਵੇਗੀ ਤਾਂ ਨੌਜਵਾਨ ਪੀੜ੍ਹੀ ਡੋਲੇਗੀ ਨਹੀਂ। 28 ਵਾਰਤਕ ਪੁਸਤਕਾਂ ਵਿਚ 'ਪੰਜਾਬ, ਪੰਜਾਬੀ ਅਤੇ ਪੰਜਾਬੀਅਤ' ਦੇ ਸਿਧਾਂਤ ਨੂੰ ਪ੍ਰਚਾਰਿਆ ਗਿਆ ਹੈ। ਇਤਿਹਾਸ, ਧਰਮ, ਸੱਭਿਆਚਾਰ 'ਤੇ ਫੋਕਸ ਕੀਤਾ ਹੈ ਅਤੇ ਵਰਤਮਾਨ ਪ੍ਰਸਥਿਤੀਆਂ ਨੂੰ ਸਮਝਣ ਤੇ ਸਮੱਸਿਆਵਾਂ ਦੇ ਹੱਲ ਲਈ ਇਤਿਹਾਸ ਦਾ ਓਟ ਆਸਰਾ ਲਿਆ ਹੈ। ਸਮਾਜ ਦੇ ਬੁਨਿਆਦੀ ਸਰੋਕਾਰਾਂ ਦੀ ਸਮਝ ਹੋਣ ਕਰਕੇ ਉਸ ਦੀਆਂ ਪੁਸਤਕਾਂ ਵਿਚ ਵਿਚਾਰ-ਚਰਚਾ ਚੱਲਦੀ ਹੈ ਜੋ ਪਾਠਕਾਂ ਨਾਲ ਸੰਵਾਦ ਰਚਾਉਂਦੀ ਹੋਈ ਦਿਸ਼ਾ ਨਿਰਧਾਰਤ ਕਰਨ ਵਿਚ ਸਹਾਇਕ ਸਿੱਧ ਹੁੰਦੀ ਹੈ। ਪ੍ਰਿੰਸੀਪਲ ਗੋਸਲ ਦੀ ਪੁਸਤਕ 'ਪੰਜਾਬੀ ਲੇਖ ਮਾਲਾ' ਤਜਰਬਿਆਂ ਦੀ ਗਾਥਾ ਹੈ, ਜਿਸ ਵਿਚੋਂ ਉਸ ਦੇ ਦ੍ਰਿਸ਼ਟੀਕੋਣ ਦੇ ਨਿਵੇਕਲੇਪਣ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਪੁਸਤਕ ਵਿਚ 27 ਲੇਖ ਦਰਜ ਹਨ। ਸਿੱਖ ਇਤਿਹਾਸ ਤੇ ਧਰਮ ਨਾਲ ਸੰਬੰਧਿਤ ਪ੍ਰਮੁੱਖ ਲੇਖ : ਗੁਰਸਿੱਖਾਂ ਦੇ ਜੀਵਨ ਲਈ ਮਹੱਤਵਪੂਰਨ ਹਨ, ਬਾਣੀ ਤੇ ਪਾਣੀ, ਸਿੱਖ ਇਤਿਹਾਸ 'ਚ ਪਾਪੀਆਂ ਦੀ ਸੂਚੀ 'ਚ ਖੜ੍ਹਾ ਮਹੰਤ ਨਰੈਣੂ, ਸਿੱਖ ਇਤਿਹਾਸ ਵਿਚ ਬਾਲ ਪਿਆਰ ਦੀ ਅਨੂਠੀ ਮਿਸਾਲ, ਸੰਗਤਾਂ ਦਾ ਸ਼ਰਧਾ ਸਥੱਲ ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਝੀਵਰਹੇੜੀ ਯਮੁਨਾ ਨਗਰ, ਗੁਰੂ ਲਾਲਾਂ ਦੀ ਸੇਵਾ ਬਦਲੇ ਵਿਲੱਖਣ ਸ਼ਹੀਦੀ ਪਾਉਣ ਵਾਲਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ, ਸਿੱਖ ਇਤਿਹਾਸ ਦੀ ਵਿਲੱਖਣ ਘਟਨਾ ਨੂਰਜਹਾਂ ਦਾ ਮਾਤਾ ਗੰਗਾ ਜੀ ਨੂੰ ਮਿਲਣਾ, ਆਦਿ ਹਨ ਜੋ ਪਾਠਕਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੀ ਸਮਰੱਥਾ ਰੱਖਦੇ ਹਨ। ਲੇਖ 'ਰੁੱਖਾਂ ਅਤੇ ਸਿੱਖਿਆ ਲਈ ਬਾਬਾ ਸੇਵਾ ਸਿੰਘ ਜੀ ਦੀ ਸੋਚ ਨੂੰ ਸਲਾਮ, ਵਿਚ ਬਾਬਾ ਸੇਵਾ ਸਿੰਘ ਜੀ ਦੀ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਰੁੱਖ ਲਗਾਉਣ ਦੀ ਕੀਤੀ ਵਿਲੱਖਣ ਸੇਵਾ ਉਤੇ ਚਾਨਣਾ ਪਾਇਆ ਹੈ। ਖਡੂਰ ਸਾਹਿਬ ਦੀ ਪਵਿੱਤਰ ਧਰਤੀ ਵੱਲ ਜਾਂਦੀਆਂ ਸੜਕਾਂ ਦੇ ਨਾਲ-ਨਾਲ ਆਲੇ-ਦੁਆਲੇ ਦੇ ਕਸਬਿਆਂ, ਨਗਰਾਂ, ਸ਼ਹਿਰਾਂ ਵਿਚ ਵੀ ਰੁੱਖ ਲਗਾਏ ਹਨ। ਖਡੂਰ ਸਾਹਿਬ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਆਉਂਦੀ ਸੰਗਤ ਨੂੰ ਰੁੱਖਾਂ ਦਾ ਪ੍ਰਸ਼ਾਦ ਦੇ ਕੇ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। 550 ਜੰਗਲ ਲਗਾਉਣ ਦਾ ਉਪਰਾਲਾ ਕੀਤਾ ਜਾਵੇਗਾ, ਜਿਨ੍ਹਾਂ ਵਿਚ 129 ਜੰਗਲ ਲੱਗ ਚੁੱਕੇ ਹਨ। ਰੁੱਖਾਂ ਦੀ ਸੰਭਾਲ ਲਈ 12 ਪਾਣੀ ਦੇ ਟੈਂਕਰ ਤੇ 50 ਸੇਵਾਦਾਰ ਹਾਜ਼ਰ ਰਹਿੰਦੇ ਹਨ। 500 ਕਿਲੋਮੀਟਰ ਤੱਕ ਰੁੱਖ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸਿੱਖਿਆ ਦੇਣ ਲਈ ਕਾਲਜ ਤੇ ਸਕੂਲ ਉਪਲਬਧ ਹਨ। ਵਰਤਮਾਨ ਵਿਚ ਨਸ਼ਿਆਂ ਦੀ ਭਰਮਾਰ ਵਧ ਰਹੀ ਹੈ, ਜਿਸ ਨੇ ਪੰਜਾਬ ਦੇ ਨੌਜਵਾਨ ਵਰਗ ਨੂੰ ਪ੍ਰਭਾਵਿਤ ਕੀਤਾ ਹੈ। ਉਸ ਦੇ ਲੇਖ 'ਨਸ਼ੇ ਨੂੰ ਠੱਲ੍ਹ ਪਾਉਣ ਲਈ ਕਿਤਾਬਾਂ ਦੀ ਭੂਮਿਕਾ' ਵਿਚ ਨਸ਼ਿਆਂ ਨੂੰ ਰੋਕਣ ਲਈ ਕਿਤਾਬਾਂ ਦੇ ਲੜ ਲੱਗਣ ਦੀ ਤਾਕੀਦ ਕੀਤੀ ਹੈ। ਕਿਤਾਬਾਂ ਪੜ੍ਹਨ ਵਾਲੀ ਜੀਵਨ ਹਯਾਤੀ ਮਨੁੱਖ ਦੀ ਮਾਨਸਿਕਤਾ ਵਿਚ ਸਾਕਾਰਾਤਮਿਕ ਵਿਚਾਰਾਂ ਨੂੰ ਜਨਮ ਦਿੰਦੀ ਹੈ। ਉਸ ਦਾ ਵਿਚਾਰ ਹੈ, 'ਸਰਕਾਰ ਨੂੰ ਨਸ਼ਾ ਛੁਡਾਊ ਕੇਂਦਰਾਂ ਜਾਂ ਦਵਾਈਆਂ ਦੇ ਪ੍ਰਯੋਗ ਦੀ ਥਾਂ ਕਿਤਾਬਾਂ ਪੜ੍ਹਨ ਲਈ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ। ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੇ ਤਜਰਬਿਆਂ ਵਿਚੋਂ ਸਿਰਜਤ ਕਿਤਾਬਾਂ ਰੂਪੀ ਚਾਨਣ ਨੇ ਪਾਠਕਾਂ ਦੇ ਮਨ ਮਸਤਕ ਵਿਚ ਸਿੱਖਿਆ ਦਾ ਸੰਚਾਰ ਕਰਕੇ ਜਾਗਰੂਕ ਕੀਤਾ ਹੈ। ਵਾਰਤਕ ਪੁਸਤਕ 'ਪੰਜਾਬੀ ਲੇਖਮਾਲਾ' ਵਿਸ਼ੇਸ਼ ਅਧਿਐਨ ਦੀ ਮੰਗ ਕਰਦੀ ਹੈ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਭੂੰਡੀ ਉਡ ਗਈ
ਲੇਖਕ : ਜੋਗੇ ਭੰਗਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 44
ਸੰਪਰਕ : 94659-52938
ਪਿਛਲੇ ਲੰਮੇ ਅਰਸੇ ਤੋਂ ਕਾਵਿ, ਨਾਟਕ ਅਤੇ ਕਹਾਣੀ ਵਿਧਾ ਨਾਲ ਜੁੜੇ ਹੋਏ ਕਲਮਕਾਰ ਜੋਗੇ ਭੰਗਲ ਨੇ 'ਭੂੰਡੀ ਉਡ ਗਈ' ਕਾਵਿ-ਸੰਗ੍ਰਹਿ ਨਾਲ ਬਾਲ ਸਾਹਿਤ ਵਿਚ ਪ੍ਰਵੇਸ਼ ਕੀਤਾ ਹੈ। ਉਸ ਦੀ ਧਾਰਨਾ ਹੈ ਕਿ ਪ੍ਰੌੜ੍ਹ ਪਾਠਕ ਵਰਗ ਦੇ ਨਾਲ-ਨਾਲ ਬਾਲ ਪਾਠਕਾਂ ਦੀ ਮਾਨਸਿਕਤਾ ਦੇ ਅਨੁਕੂਲ ਵੀ ਸਾਹਿਤ ਸਿਰਜਣਾ ਕਰਨਾ ਲੇਖਕ ਦਾ ਧਰਮ ਹੋਣਾ ਚਾਹੀਦਾ ਹੈ। ਇਸੇ ਸੋਚਣੀ ਦੇ ਮੱਦੇਨਜ਼ਰ ਉਸ ਨੇ ਆਪਣੀਆਂ ਵੱਖ-ਵੱਖ ਰੰਗਾਂ ਵਿਚ ਰੰਗੀਆਂ ਕਵਿਤਾਵਾਂ ਨੂੰ ਇਸ ਪੁਸਤਕ ਦਾ ਆਧਾਰ ਬਣਾਇਆ ਹੈ। ਇਹ ਕਵਿਤਾਵਾਂ ਛੰਦਬੱਧ ਰੂਪ ਵਿਚ ਵੀ ਹਨ ਅਤੇ ਆਜ਼ਾਦਾਨਾ ਭਾਵ ਖੁੱਲ੍ਹੇ ਰੂਪ ਵਿਚ ਵੀ। 'ਸ਼ੇਰ ਇੰਝ ਵੀ ਆਉਂਦਾ' ਕਵਿਤਾ ਜੰਗਲ ਬੇਲਿਆਂ ਦੀ ਤਬਾਹੀ ਦਾ ਪ੍ਰਤੀਕ ਹੈ। ਇਸ ਦੀਆਂ ਕੁਝ ਸਤਰਾਂ ਹਨ, ਜੋ ਬੱਚਿਆਂ ਦੇ ਨਾਲ-ਨਾਲ ਵੱਡੀ ਉਮਰ ਦੇ ਪਾਠਕਾਂ ਲਈ ਵੀ ਚਿੰਤਾਜਨਕ ਸਵਾਲ ਪੈਦਾ ਕਰਦੀਆਂ ਹਨ:
ਨਾ ਜੰਗਲ ਰਹੇ, ਨਾ ਚਰਾਂਦਾ ਰਹੀਆਂ।
ਫਿਰ ਸ਼ੇਰ ਕਿਵੇਂ ਰਹਿੰਦੇ?
ਹੁਣ ਚਰਵਾਹਾ ਸੋਚੇ, ਕਿਵੇਂ ਕਹੇ,
ਸ਼ੇਰ ਆਇਆ, ਸ਼ੇਰ ਆਇਆ? (ਸਫ਼ਾ 15)।
ਕਵੀ ਨੇ ਇਸ ਪੁਸਤਕ ਵਿਚ ਪੰਜਾਬੀ ਬਾਲ ਲੋਕ-ਖੇਡ ਪਰੰਪਰਾ ਨੂੰ ਵੀ ਪੁਨਰ-ਸੁਰਜੀਤ ਕਰਨ ਦਾ ਯਤਨ ਕੀਤਾ ਹੈ। ਇਸ ਸੰਦਰਭ ਵਿਚ 'ਬੇੜੀ, ਬੱਚੇ ਅਤੇ ਪੱਥਰ', 'ਸਨੀ-ਸਨੋਈ', 'ਬੱਚੇ ਖੇਡਣ ਚੋਰ ਸਿਪਾਹੀ', 'ਬੁੱਢੀ ਖ਼ੈਰ ਮਨਾਉਂਦੀ' ਆਦਿ ਕਵਿਤਾਵਾਂ ਵਿਚ ਪੰਜਾਬੀ ਸੱਭਿਆਚਾਰ ਦੀ ਖ਼ੁਰਦੀ ਜਾਂਦੀ ਪਛਾਣ ਪ੍ਰਤੀ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਕਵੀ ਗ਼ਿਲਾ ਪ੍ਰਗਟ ਕਰਦਾ ਹੈ ਕਿ ਅਜੋਕੇ ਮਨੁੱਖ ਨੇ ਬੱਚਿਆਂ ਕੋਲੋਂ ਉਨ੍ਹਾਂ ਦੀ ਵਿਰਾਸਤ ਅਤੇ ਪਿਆਰ-ਮੁਹੱਬਤ, ਜੰਗਲਾਂ ਕੋਲੋਂ ਜੀਵ-ਜੰਤੂ, ਪਿੰਡਾਂ ਕੋਲੋਂ ਭਾਈਚਾਰਕ ਸਾਂਝ, ਪੰਛੀਆਂ ਕੋਲੋਂ ਬੋਟ, ਰੁੱਖਾਂ ਕੋਲੋਂ ਫ਼ਲ ਅਤੇ ਦਰਿਆਵਾਂ ਕੋਲੋਂ ਪਾਣੀ ਖੋਹ ਲਿਆ ਹੈ। 'ਪਿੰਡਾਂ ਵਿਚ ਰੱਬ ਵੱਸਦਾ' ਕਵਿਤਾ ਵੀ ਸੁਪਨਾ ਬਣ ਕੇ ਰਹਿ ਗਏ ਸਾਂਝੇ ਪੰਜਾਬ ਦੀ ਰੌਣਕ ਅਤੇ ਵੁਸਅਤ ਨੂੰ ਯਾਦ ਕਰਵਾਉਂਦੀ ਹੈ। ਇਸ ਦੀਆਂ ਕੁਝ ਸਤਰਾਂ ਇਸ ਵੇਦਨਾ ਨੂੰ ਇਉਂ ਉਜਾਗਰ ਕਰਦੀਆਂ ਹਨ: 'ਪਿੰਡੋਂ ਚਲੇ ਗਏ ਸ਼ਹਿਰ ਨੂੰ, ਅਖੇ ਸ਼ਹਿਰ 'ਚ ਬੜਾ ਅਨੰਦ। ਦੇਖਾ ਦੇਖੀ ਪੈਰ ਪੁੱਟ ਲਿਆ, ਸਿਰ 'ਚ ਪਤਾ ਨਹੀਂ ਕੀ ਖੁੱਭ ਗਿਆ।..ਪਿਆ ਜਦੋਂ ਪਛਾਤਾਵਾ ਪੱਲੇ, ਆਪਣੇ ਆਪ ਨੂੰ ਪੁੱਛਦੇ, ਪਿੰਡ ਕਿਉਂ ਸਾਨੂੰ ਜੰਗਲ ਲੱਗਾ। ਚਾਅ ਸ਼ਹਿਰ ਦਾ ਮੰਗਲ ਲੱਗਾ। ਛੇਤੀਓਂ ਹੀ ਚਾਅ ਲਹਿਣ ਲੱਗਿਆ। ਜਦ ਗੁੰਮੇ ਵਿਚ ਭੀੜ ਭੜੱਕੇ। ਧੂੜ ਧੜੱਕੇ ਖਾੜ-ਖੜੱਕੇ। (ਸਫ਼ਾ 35)
ਇਸ ਪ੍ਰਕਾਰ ਹਰ ਕਵਿਤਾ ਕੋਈ ਨਾ ਕੋਈ ਸੰਦੇਸ਼ ਦਿੰਦੀ ਹੈ। ਇਨ੍ਹਾਂ ਕਵਿਤਾਵਾਂ ਨਾਲ ਕੰਪਿਊਟਰ ਦੁਆਰਾ ਬਣੇ ਢੁਕਵੇਂ ਚਿੱਤਰ ਵੀ ਬਾਲ ਮਨਾਂ ਦਾ ਪ੍ਰਚਾਵਾ ਕਰਦੇ ਹਨ। ਕੁੱਲ ਮਿਲਾ ਕੇ ਪੁਸਤਕ ਪੜ੍ਹਨਯੋਗ ਹੈ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 9814423703
ਮੁਰਦਾ ਰੂਹਾਂ
ਲੇਖਕ: ਨਿਕੋਲਾਈ ਵਾਸਿਲੀਵਿਚ ਗੋਗੋਲ
ਅਨੁਵਾਦ : ਕੇ. ਐੱਲ. ਗਰਗ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 495 ਰੁਪਏ, ਸਫ਼ੇ : 400
ਸੰਪਰਕ : 94635-37050
ਨਿਕੋਲਾਈ ਗੋਗੋਲ (1809-1852) ਰੂਸੀ ਸਾਹਿਤ ਦਾ ਚਰਚਿਤ ਨਾਂਅ ਹੈ। ਉਸ ਨੇ ਸਮਕਾਲੀ ਰੂਸ ਵਿਚ ਰਾਜਨੀਤਿਕ ਭ੍ਰਿਸ਼ਟਾਚਾਰ 'ਤੇ ਤਿੱਖਾ ਵਿਅੰਗ ਕੀਤਾ ਹੈ। ਉਸ ਦੀਆਂ ਲਿਖਤਾਂ ਪੰਜਾਬੀ ਸਮੇਤ ਦੁਨੀਆ ਦੀਆਂ ਵਿਭਿੰਨ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। 'ਮੁਰਦਾ ਰੂਹਾਂ' (ਮੂਲ ਰੂਸੀ ਨਾਂਅ 'ਮਯੋਰੱਤਵਯੇ ਦੁਸ਼ੀ', ਅੰਗਰੇਜ਼ੀ ਅਨੁਵਾਦ 'ਡੈੱਡ ਸੋਲਜ਼') ਉਸ ਦਾ ਕਲਾਸਿਕ ਨਾਵਲ ਹੈ, ਜਿਸ ਦਾ ਪੰਜਾਬੀ ਅਨੁਵਾਦ ਕੇ. ਐਲ. ਗਰਗ ਨੇ ਬੜੀ ਕੁਸ਼ਲਤਾ ਨਾਲ ਕੀਤਾ ਹੈ। ਨਾਵਲ ਦੀਆਂ ਦੋ ਜਿਲਦਾਂ ਹਨ, ਜਿਸ ਨੂੰ ਇਕੋ ਪੁਸਤਕ ਵਿਚ ਸੰਕਲਿਤ ਕੀਤਾ ਗਿਆ ਹੈ। ਪਹਿਲੀ ਜਿਲਦ ਦੇ 11 ਕਾਂਡ (9-260 ਪੰਨੇ) ਹਨ ਅਤੇ ਦੂਜੀ ਦੇ 4 ਕਾਂਡ+ਆਖਰੀ ਕਾਂਡ (262-400 ਪੰਨੇ)। ਪਹਿਲੀ ਜਿਲਦ ਮੱਧ ਵਰਗ ਦੇ ਇਕ ਵਿਅਕਤੀ ਚਿਚੀਕੋਵ ਦੇ ਕਾਰਨਾਮਿਆਂ ਤੇ ਆਧਾਰਿਤ ਹੈ, ਜੋ ਮੱਧ ਸਮਾਜਿਕ ਵਰਗ ਅਤੇ ਸਥਾਨਕ ਅਧਿਕਾਰੀਆਂ 'ਤੇ ਜ਼ਿਮੀਂਦਾਰਾਂ ਨੂੰ ਲੁਭਾਉਣ ਲਈ ਆਕਰਸ਼ਣ ਦੀ ਵਰਤੋਂ ਕਰਦਾ ਹੈ। ਉਹ ਆਪਣੇ ਅਤੀਤ ਜਾਂ ਆਪਣੇ ਉਦੇਸ਼ ਬਾਰੇ ਬਹੁਤ ਘੱਟ ਦੱਸਦਾ ਹੈ ਕਿਉਂਕਿ ਉਹ ਮੁਰਦਾ ਰੂਹਾਂ ਨੂੰ ਪ੍ਰਾਪਤ ਕਰਨ ਦੀ ਆਪਣੀ ਅਨੋਖੀ ਅਤੇ ਰਹੱਸਮਈ ਯੋਜਨਾ ਨੂੰ ਪੂਰਾ ਕਰਨ ਦੇ ਆਹਰ ਵਿਚ ਹੈ। ਨਾਵਲ ਦੀ ਦੂਜੀ ਜਿਲਦ ਵਿਚ ਚਿਚੀਕੋਵ ਰੂਸ ਦੇ ਦੂਜੇ ਹਿੱਸੇ ਵਿਚ ਭੱਜ ਜਾਂਦਾ ਹੈ ਅਤੇ ਆਪਣੇ ਕੰਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਉਹ ਬੇਕਾਰ ਜ਼ਿਮੀਂਦਾਰ ਟੇਂਟੇਟਨਿਕੋਵ ਨੂੰ ਜਨਰਲ ਬੈਟ੍ਰਿਸ਼ਚੇਵ ਦਾ ਪੱਖ ਲੈਣ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਟੇਂਟੇਟਨਿਕੋਵ ਜਨਰਲ ਦੀ ਬੇਟੀ ਉਲਿੰਕਾ ਨਾਲ ਸ਼ਾਦੀ ਕਰ ਸਕੇ। ਜਦ ਉਹ ਖਲੋਬੁਯੇਵ ਦੀ ਅਮੀਰ ਚਾਚੀ ਦੀ ਵਸੀਅਤ ਨੂੰ ਜਾਅਲੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਨੇਕ ਮੌਰਾਜ਼ੇਵ ਦੇ ਦਖ਼ਲ ਕਰਕੇ ਉਸ ਨੂੰ ਮਾਫ਼ ਕਰ ਦਿੱਤਾ ਜਾਂਦਾ ਹੈ ਪਰ ਉਸ ਨੂੰ ਪਿੰਡ ਤੋਂ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਨਾਵਲ ਵਿਚ-ਵਿਚਾਲੇ ਹੀ ਖਤਮ ਹੋ ਜਾਂਦਾ ਹੈ ਜਦੋਂ ਰਾਜਕੁਮਾਰ, ਜੀਹਨੇ ਚਿਚੀਕੋਵ ਦੀ ਗ੍ਰਿਫ਼ਤਾਰੀ ਦਾ ਪ੍ਰਬੰਧ ਕੀਤਾ ਸੀ, ਰੂਸੀ ਸਰਕਾਰ ਵਿਚ ਭ੍ਰਿਸ਼ਟਾਚਾਰ ਦੇ ਖਿਲਾਫ਼ ਇਕ ਸ਼ਾਨਦਾਰ ਭਾਸ਼ਨ ਦਿੰਦਾ ਹੈ। 'ਮੁਰਦਾ ਰੂਹਾਂ' ਉਸ ਜ਼ਮਾਨੇ ਦਾ ਨਾਵਲ ਹੈ, ਜਦੋਂ ਰੂਸ ਵਿਚ ਜ਼ਾਰਸ਼ਾਹੀ ਮੌਜੂਦ ਸੀ। ਸਮਾਜ ਉੱਚ, ਮੱਧ ਅਤੇ ਕਿਰਤੀ ਵਰਗ ਵਿਚ ਵੰਡਿਆ ਹੋਇਆ ਸੀ। ਵਿਅੰਗ ਦੀ ਪੁੱਠ ਦੇ ਬਾਵਜੂਦ ਇਸ ਗੰਭੀਰ ਨਾਵਲ ਵਿਚ ਗੋਗੋਲ ਨੇ ਰੂਸ ਦਾ ਜੀਵਨ ਚਿਤਰਿਆ ਹੈ ਅਤੇ ਤਤਕਾਲੀ ਯੁੱਗ ਦੀਆਂ ਸਾਰੀਆਂ ਬੁਰਾਈਆਂ ਦਾ ਵਿਆਪਕ ਚਿੱਤਰਣ ਕੀਤਾ ਹੈ। ਤਤਕਾਲੀ ਰੂਸੀ ਜੀਵਨ ਦੀ ਨੰਗੀ ਤਸਵੀਰ ਖਿੱਚਣ ਕਰਕੇ ਇਹ ਨਾਵਲ ਉਸ ਯੁੱਗ ਦੀ ਸਭ ਤੋਂ ਮਹੱਤਵਪੂਰਨ ਰਚਨਾ ਹੈ। ਕੇ. ਐੱਲ. ਗਰਗ ਨੇ ਇਸ ਲੰਮੇ ਨਾਵਲ ਨੂੰ ਬੜੀ ਹੀ ਸਰਲ ਤੇ ਸਾਹਿਤਕ ਸ਼ੈਲੀ ਵਿਚ ਅਨੁਵਾਦ ਕੀਤਾ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 9417692015
ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ ਦੀ
ਮਾਤਾ ਜਗਰਾਨੀ ਦੇਵੀ
ਲੇਖਕ : ਅਨਿਲ ਵਰਮਾ
ਅਨੁਵਾਦ : ਬਲਵੀਰ ਲੌਂਗੋਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 98153-17028
ਹੱਥਲੀ ਪੁਸਤਕ 'ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ ਦੀ ਮਾਤਾ ਜਗਰਾਨੀ ਦੇਵੀ' ਦੇ ਲੇਖਕ ਅਨਿਲ ਵਰਮਾ ਭਾਰਤੀ ਸਾਹਿਤ ਜਗਤ ਦੇ ਇਕ ਨਾਮਵਰ ਲੇਖਕ ਹਨ। ਉਨ੍ਹਾਂ ਦੇ ਪੁਰਖਿਆਂ 'ਚੋਂ ਦਾਦਾ ਮਰਹੂਮ ਮੋਤੀ ਲਾਲ ਵਰਮਾ ਉੱਘੇ ਦੇਸ਼ ਭਗਤ ਅਤੇ ਆਜ਼ਾਦੀ ਸੰਗਰਾਮੀਏ ਸਨ, ਜਿਨ੍ਹਾਂ ਨੇ ਅਮਰ ਸ਼ਹੀਦ ਚੰਦਰਸ਼ੇਖ਼ਰ ਆਜ਼ਾਦ ਨਾਲ ਵੀ ਕੰਮ ਕੀਤਾ ਸੀ। ਹੱਥਲੀ ਪੁਸਤਕ ਅਮਰ ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ ਦੀ ਮਾਤਾ ਜਗਰਾਨੀ ਦੇਵੀ ਦੀ ਜੀਵਨ ਗਾਥਾ ਹੈ। ਇਸ ਪੁਸਤਕ 'ਚ ਖੋਜ ਭਰਪੂਰ 12 ਕਾਂਡ ਹਨ। ਪਲੇਠੇ ਕਾਂਡ 'ਆਜ਼ਾਦ ਦੇ ਪੁਰਖੇ' ਵਿਚ ਲੇਖਕ ਨੇ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਪੂਰਵਜਾਂ ਬਾਰੇ ਖੋਜਬਿਰਤੀ ਨਾਲ ਚਾਨਣਾ ਪਾਇਆ ਹੈ। 'ਆਜ਼ਾਦ ਦਾ ਜਨਮ ਅਤੇ ਜਨਮ ਸਥਾਨ' ਸਿਰਲੇਖ 'ਚ ਵੱਖ-ਵੱਖ ਇਤਿਹਾਸਕ ਤੱਥਾਂ ਦਾ ਨਿਚੋੜ ਕੱਢਦਿਆਂ ਉਸ ਦੀ ਜਨਮ ਮਿਤੀ, ਸਾਲ ਅਤੇ ਜਨਮ ਸਥਾਨ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। 'ਮਮਤਾ ਦੀ ਬੁੱਕਲ ਵਿੱਚ ਸੰਵਰਦਾ ਬਚਪਨ' 'ਚ ਮਾਤਾ ਜੀ ਵਲੋਂ ਆਪਣੇ ਪੁੱਤਰ ਪ੍ਰਤੀ ਅਥਾਹ ਮਮਤਾ ਅਤੇ ਅਸੀਮ ਪਿਆਰ ਨੂੰ ਵਰਨਣ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਘਰ ਦੀਆਂ ਤੰਗੀਆਂ-ਤੁਰਸੀਆਂ ਦੇ ਬਾਵਜੂਦ ਵੀ ਆਪਣੇ ਪੁੱਤਰ ਦੇ ਬਚਪਨ ਵਿਚ ਸਾਰੇ ਚਾਅ-ਮਲਾਰ ਪੂਰੇ ਕੀਤੇ ਸਨ। 'ਕ੍ਰਾਂਤੀ ਰਾਹ ਦਾ ਰਾਹੀ ਬਣਿਆ ਆਜ਼ਾਦ' ਅਤੇ 'ਇਕ ਕ੍ਰਾਂਤੀਕਾਰੀ ਪੁੱਤਰ ਲਈ ਮਾਤਾ' ਕਾਂਡ ਵੀ ਵਡਮੁੱਲੀ ਜਾਣਕਾਰੀ ਨਾਲ ਲਬਰੇਜ਼ ਹਨ। 'ਮਾਤਾ ਨਾਲ ਆਜ਼ਾਦ ਦੀ ਉਹ ਆਖ਼ਰੀ ਮੁਲਾਕਾਤ' ਲੇਖ 'ਚ ਆਜ਼ਾਦ ਵਲੋਂ ਭਾਵਰਾ ਵਿਖੇ ਮਾਤਾ ਜੀ ਨਾਲ ਬਿਤਾਏ ਕੁਝ ਦਿਨਾਂ ਦੀਆਂ ਮਨ ਨੂੰ ਝੰਜੋੜਣ ਵਾਲੀਆਂ ਯਾਦਾਂ ਨੂੰ ਸੁੱਚੇ ਮੋਤੀਆਂ ਵਾਂਗ ਲੜੀਬੱਧ ਪਰੋਇਆ ਗਿਆ ਹੈ। 'ਬੇਟੇ ਦੀ ਸ਼ਹਾਦਤ ਅਤੇ ਮਾਂ ਦਾ ਜੀਵਨ ਸੰਘਰਸ਼' ਅਤੇ 'ਮਾਂ ਅਤੇ ਉਸਦਾ ਬੱਚੂ ਸਦੂ', 'ਮਾਤਾ ਦੇ ਰੁਦਨ ਨਾਲ ਗੂੰਜਿਆ ਸਾਤਾਰ ਤਟ', 'ਮਾਤਾ ਜੀ ਚਤੁਰਵੇਦੀ ਪਰਿਵਾਰ ਵਿੱਚ', 'ਸਾਕਾਰ ਹੋਇਆ ਤੀਰਥ ਯਾਤਰਾ ਦਾ ਸੁਪਨਾ' ਕਾਂਡ ਵੀ ਰੌਚਿਕ ਅਤੇ ਜਾਣਕਾਰੀ ਭਰਪੂਰ ਹਨ। 'ਅਲਵਿਦਾ ਮਾਤਾ ਜੀ' ਲੇਖ 'ਚ ਮਾਤਾ ਜਗਰਾਨੀ ਦੇਵੀ ਦੇ ਆਖ਼ਰੀ ਸਮੇਂ ਦਾ ਬੜਾ ਹੀ ਦਰਦਮਈ ਵਰਨਣ ਹੈ। ਸਮੁੱਚੀ ਪੁਸਤਕ ਪੜ੍ਹਨਯੋਗ ਵੀ ਹੈ ਅਤੇ ਇਤਿਹਾਸ ਦੇ ਪਾਠਕਾਂ ਲਈ ਬੇਹੱਦ ਵਡਮੁੱਲੀ ਕ੍ਰਿਤ ਹੈ। ਬਲਵੀਰ ਲੌਂਗੋਵਾਲ ਨੇ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਬਾਖ਼ੂਬੀ ਕੀਤਾ ਹੈ ਜੋ ਕਿ ਸਲਾਹੁਣਯੋਗ ਕਾਰਜ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਟੈਬੂ
ਲੇਖਿਕਾ : ਸੁਰਿੰਦਰ ਨੀਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 251
ਸੰਪਰਕ : 92220-06304
ਸੁਰਿੰਦਰ ਨੀਰ ਜੰਮੂ-ਕਸ਼ਮੀਰ ਦੀ ਸਥਾਪਿਤ ਗਲਪਕਾਰ ਹੈ। ਉਸ ਦੇ ਦੋ ਕਹਾਣੀ ਸੰਗ੍ਰਹਿ, ਦਸਤਕ ਦੀ ਉਡੀਕ, ਖੁੱਲ੍ਹ ਜਾ ਸਿਮ ਸਿਮ ਤੇ ਨਾਵਲ ਸ਼ਿਕਾਰਗਾਹ, ਮਾਇਆ ਤੇ ਚਸ਼ਮਿ-ਬੁਲਬੁਲ ਛਪੇ ਹਨ। ਇਹ ਤੀਸਰਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਸਤਾਰਾਂ ਕਹਾਣੀਆਂ ਹਨ। ਕਹਾਣੀਆਂ ਵਿਚ ਬਿਰਤਾਂਤ ਲੰਮਾ ਹੈ। ਆਕਾਰ ਵੀ 15-25 ਪੰਨਿਆਂ ਤਕ ਦਾ ਹੈ। ਆਲੋਚਕ ਡਾ. ਮਨਮੋਹਨ ਨੇ ਕਿਤਾਬ ਦੀ ਵਿਸਤਰਿਤ ਭੂਮਿਕਾ ਲਿਖੀ ਹੈ। ਡਾ. ਗੁਰਮੁਖ ਸਿੰਘ ਅਨੁਸਾਰ ਸੁਰਿੰਦਰ ਨੀਰ ਦੀਆਂ ਕਹਾਣੀਆਂ ਵਿਚ ਕਸ਼ਮੀਰ ਆਂਚਲ ਦੀ ਖੁਸ਼ਬੋ ਹੈ। ਕਹਾਣੀਆਂ ਦਾ ਇਹ ਮੀਰੀ ਗੁਣ ਹੈ। ਕਹਾਣੀਆਂ ਵਿਚ ਕਸ਼ਮੀਰੀ ਤੇ ਡੋਗਰੀ ਉਪਭਾਸ਼ਾ ਦੀ ਸੁਗੰਧੀ ਹੈ। ਖਾਸ ਗੁਣ ਇਹ ਹੈ ਕਹਾਣੀਆਂ ਵਿਚ ਔਰਤਾਂ, ਮਰਦ ਨਾਲ ਸੰਬੰਧਾਂ ਬਾਰੇ ਬੇਬਾਕ ਹਨ। ਟੈਬੂ ਕਹਾਣੀ ਦੀ ਮਾਂ-ਧੀ ਦੋਵੇਂ ਆਪੋ-ਆਪਣਾ ਨਿੱਜੀ ਜੀਵਨ ਜਿਉਣਾ ਚਾਹੁੰਦੀਆ ਹਨ। ਧੀ ਜਵਾਨ ਹੈ। ਮਾ ਵਿਧਵਾ ਹੈ। ਧੀ ਬਿਨਾਂ ਵਿਆਹ ਦੇ ਲਿਵ ਇਨ ਰਿਲੇਸ਼ਨ ਵਿਚ ਰਹਿਣਾ ਚਾਹੁੰਦੀ ਹੈ। ਮਾਂ ਆਪਣੀ ਜਵਾਨ ਧੀ ਨੂੰ ਸੱਭਿਆਚਾਰ ਦਾ ਪਾਠ ਪੜ੍ਹਾਉਂਦੀ ਹੈ, ਪਰ ਆਪਣਾ ਫੋਨ ਧੀ ਤੋਂ ਲੁਕੋ ਕੇ ਰੱਖਦੀ ਹੈ। ਵਿਆਹ ਬਾਰੇ ਧੀ ਦੇ ਬੋਲ ਹਨ 'ਮੈਂ ਆਪਣੀ ਆਜ਼ਾਦੀ ਕਿਸੇ ਕੋਲ ਸਰੈਂਡਰ ਨਹੀਂ ਕਰ ਸਕਦੀ।' ਕਹਾਣੀ ਅਤਿ ਆਧੁਨਿਕ ਪੱਛਮੀ ਜੀਵਨ ਸ਼ੈਲੀ ਦਾ ਬਿਰਤਾਂਤ ਹੈ। ਕਹਾਣੀ ਪੱਛਮੀ ਸੱਭਿਆਚਾਰ ਦੀ ਤਸਵੀਰ ਹੈ। ਸੰਗ੍ਰਹਿ ਦੀ ਕਹਾਣੀ 'ਭੂਮੀ' ਬਹੁਤ ਜ਼ਬਰਦਸਤ ਰਚਨਾ ਹੈ ਪਤੀ-ਪਤਨੀ ਦਾ ਝਗੜਾ ਅਦਾਲਤ ਵਿਚ ਹੈ। ਜੋੜੇ ਦੇ ਦੋ ਬੱਚੇ ਹਨ। ਪਤੀ ਆਪਣੀ ਪਤਨੀ ਤੋਂ ਜੋ ਖੁੱਲ੍ਹ ਚਾਹੁੰਦਾ ਹੈ, ਉਹ ਪਤਨੀ ਨਹੀਂ ਦੇ ਸਕਦੀ, ਉਸ ਨੇ ਦੋ ਨਿੱਕੇ-ਨਿੱਕੇ ਬੱਚੇ ਵੀ ਆਪਣਾ ਦੁੱਧ ਦੇ ਕੇ ਪਾਲਣੇ ਹਨ, ਪਰ ਪਤੀ ਦੁੱਧ 'ਤੇ ਆਪਣਾ ਹੱਕ ਸਮਝਦਾ ਹੈ। ਪਤਨੀ ਤੈਸ਼ 'ਚ ਹੈ ਤੇ ਉਹ ਭਰੀ ਅਦਾਲਤ ਵਿਚ ਆਪਣੀ ਅੰਗੀ ਖੋਲ੍ਹ ਕੇ ਪਤੀ ਦੇ ਮੂੰਹ 'ਤੇ ਮਾਰਦੀ ਹੈ। ਬਾਕੀ ਕਹਾਣੀ ਵਿਚ ਵੀ ਇਸੇ ਕਿਸਮ ਦੇ ਦ੍ਰਿਸ਼ ਹਨ। ਟੈਬੂ ਸ਼ਬਦ ਪਹਿਲੀ ਵਾਰ ਸਿਗਮੰਡ ਫਰਾਈਡ ਨੇ ਵਰਤਿਆ ਸੀ। ਸ਼ਬਦ ਦਾ ਸੰਬੰਧ ਕਿਸੇ ਦੀ ਨਿੱਜਤਾ ਨਾਲ ਹੈ। ਕਹਾਣੀਆਂ ਵਿਚ ਵੱਖ-ਵੱਖ ਨਾਰੀਵਾਦੀ ਸਰੋਕਾਰ ਹਨ। ਹਰੇਕ ਕਹਾਣੀ ਵਿਚ ਨਾਰੀਆਂ ਆਪੋ-ਆਪਣੇ ਜਲੌਅ ਵਿਚ ਹਨ। ਸੰਗ੍ਰਹਿ ਵਿਚ ਕਹਾਣੀ ਮਿੱਟੀ, ਅਨਾਰਕਲੀ ਦੀ ਔਰਤ ਦੇ ਦੁਖੜੇ , ਆਈਸਬਰਗ ਦੀ ਸਨੇਹ ਲਤਾ ਦੀ ਪਤੀ ਨਾਲ ਦੋ ਮਿੰਟ ਦੀ ਸਾਂਝ, ਕਾਤਲ ਵਿਚ ਔਰਤ ਵਲੋਂ ਕੀਤੀ ਵਾਰਦਾਤ ਦਾ ਵਿਸਥਾਰ ਕਹਾਣੀਆਂ ਦੀ ਰੂਹ ਹਨ। ਕਹਾਣੀ ਦਾਇਰੇ, ਸ਼ਾਂਤੀ, ਮਿੱਸ ਮਿਟੀ, ਰਾਮ ਸਨੇਹੀ, ਨਦੀਓਂ ਵਿਛੜੇ ਨੀਰ ਸੰਗ੍ਰਹਿ ਦੀਆਂ ਬਿਹਤਰੀਨ ਦਿਲਚਸਪ ਕਹਾਣੀਆਂ ਹਨ। ਪਾਠਕ ਇਸ ਸੰਗ੍ਰਹਿ ਨੂੰ ਪੜ੍ਹ ਕੇ ਪੰਜਾਬੀ ਕਹਾਣੀ ਦੇ ਨਵੇਂ ਅਲੋਕਾਰੀ ਸਰੋਕਾਰਾਂ ਨਾਲ ਰੂ-ਬਰੂ ਹੋ ਸਕਦੇ ਹਨ। ਕਹਾਣੀ ਸੰਗ੍ਰਹਿ ਦਾ ਸਵਾਗਤ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 9814856160
ਤੂੰ ਠੀਕ ਕਿਹਾ ਸੀ
ਕਵਿੱਤਰੀ : ਕੌਰ ਸੁਖਰਾਜ
ਪ੍ਰਕਾਸ਼ਕ : ਸਪਰੈਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ : 225 ਰੁਪਏ, ਸਫ਼ੇ : 80
ਸੰਪਰਕ : 95016-60416
ਕੋਮਲਭਾਵੀ ਕਵਿੱਤਰੀ ਕੌਰ ਸੁਖਰਾਜ ਦੇ ਪਲੇਠੇ ਕਾਵਿ-ਸੰਗ੍ਰਹਿ, 'ਤੂੰ ਠੀਕ ਕਿਹਾ ਸੀ' ਵਿਚਲੀਆਂ 66 ਛੋਟੇ-ਵੱਡੇ ਆਕਾਰ ਦੀਆਂ ਕਵਿਤਾਵਾਂ ਪੜ੍ਹਣ ਉਪਰੰਤ ਮਹਿਸੂਸ ਹੁੰਦਾ ਹੈ ਕਿ ਪਰਵਾਸ ਕਰਦੀ ਕਵਿੱਤਰੀ ਨੇ ਆਪਣੇ ਸੱਚੇ-ਸੁੱਚੇ ਜਜ਼ਬਾਤਾਂ ਨੂੰ ਸਰਲ, ਸਪੱਸ਼ਟ, ਸਾਦੇ ਤੇ ਸਹਿਜ ਢੰਗ ਨਾਲ ਕਾਵਿਕ ਵਿਧਾ ਵਿਚ ਬਿਆਨ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ਜਵਾਨੀ ਸਮੇਂ ਦੀਆਂ ਭਾਵਨਾਵਾਂ ਦਾ ਪ੍ਰਚੰਡ ਪ੍ਰਵੇਗ ਹੈ। ਕਵਿਤਾਵਾਂ ਵਿਚਲੇ ਅਹਿਸਾਸ ਨਿੱਜ ਪੀੜਾ ਤੋਂ ਪ੍ਰੇਰਿਤ ਹਨ। ਸਮਾਜ ਵਿਚ ਵਿਚਰਦਿਆਂ ਸੰਵੇਦਨਹੀਣ, ਸਵਾਰਥੀ, ਬੇਯਕੀਨੇ ਅਤੇ ਬੇਜ਼ਮੀਰੇ ਲੋਕਾਂ ਦੀ ਅਸੰਵੇਦਨਹੀਣਤਾ ਤੋਂ ਪੁੱਜੀ ਠੇਸ, ਵਲੂੰਧਰੀਆਂ ਭਾਵਨਾਵਾਂ ਦਾ ਵਾਰ-ਵਾਰ ਪ੍ਰਗਟਾਵਾ ਇਨ੍ਹਾਂ ਕਵਿਤਾਵਾਂ ਦੀ ਮੁੱਖ ਸੁਰ ਬਣ ਕੇ ਉੱਭਰਦਾ ਹੈ। ਜਿਵੇਂ-
'ਬਹੁਤ ਗ਼ਰੂਰ ਸੀ ਉਸਨੂੰ
ਆਵਦਾ ਪੱਥਰ ਜਿਹਾ ਹੋਣ 'ਤੇ
ਫਿਰ ਮੈਂ ਚੱਟਾਨ ਬਣ ਗਈ
ਤੇ ਉਹ ਢੇਰ ਹੋ ਗਿਆ।' (ਗ਼ਰੂਰ)
ਇਨ੍ਹਾਂ ਕਵਿਤਾਵਾਂ ਵਿਚ ਆਮ ਪਰਵਾਸੀ ਵਾਂਗ ਆਪਣੇ ਵਤਨ ਦੀ ਮਿੱਟੀ ਦਾ ਹੇਰਵਾ ਵੀ ਹੈ, ਆਪਣਿਆਂ ਤੋਂ ਵਿਛੜਣ ਦੀ ਹੂਕ ਵੀ ਹੈ। ਅਜੋਕੀ ਔਰਤ ਦੀ ਮਨੋਦਸ਼ਾ ਦਾ ਚਿੱਤਰਣ ਵੀ ਹੈ। ਸਮਾਜਿਕ ਵਿਵਸਥਾ ਦੀ ਮੰਜ਼ਰਕਸ਼ੀ ਵੀ ਹੈ, ਜਿਸ ਤੋਂ ਹਰ ਆਮ-ੳ-ਖ਼ਾਸ ਵਿਅਕਤੀ ਪੀੜਤ ਹੈ। ਲੋਕਾਂ ਦਾ ਦੋਗਲਾਪਣ, ਅਧੂਰੇ ਸੁਪਨੇ, ਰਿਸ਼ਤਿਆਂ ਦੀ ਛਿਣ ਭੰਗਰਤਾ, ਜੁਦਾਈ, ਉਡੀਕ ਆਦਿ ਨੂੰ ਪੂਰੀ ਸ਼ਿੱਦਤ ਨਾਲ ਲਫ਼ਜ਼ਾਂ ਵਿਚ ਪੇਸ਼ ਕਰਨ ਦੀ ਇਮਾਨਦਾਰਾਨਾ ਕੋਸ਼ਿਸ਼ ਕੀਤੀ ਗਈ ਹੈ। ਮਸਲਨ-
'ਦੋਗਲੀਆਂ ਜਿਹੀਆਂ ਜ਼ਿੰਦਗੀਆਂ
ਜੀਵਣ ਵਾਲੇ ਲੋਕ / ਚਿਹਰੇ ਚਿੱਟੇ
ਅੰਦਰੋਂ ਦਿਲ ਦੇ ਕਾਲੇ ਲੋਕ / ਦਿਲ ਵਿਚ ਵਸ ਕੇ
ਰੂਹ ਵੀ ਜ਼ਖਮੀ ਕਰ ਦਿੰਦੇ / ਸਮਝ ਨਾ ਪਾਈ
ਇਸ ਦੁਨੀਆ ਦੇ ਨਿਆਰੇ ਲੋਕ।' (ਦੋਗਲੇ ਲੋਕ)
ਸੰਗ੍ਰਹਿ ਦੀਆਂ ਕਈ ਕਵਿਤਾਵਾਂ ਵਿਚ ਕਵਿੱਤਰੀ ਸ਼ਿਵ ਨੂੰ ਸੰਬੋਧਨ ਹੁੰਦੀ ਹੈ। ਸ਼ਿਵ ਵਰਗੀ ਬਿਰਹੋਂ ਤਲਾਸ਼ਦੀ ਹੈ। ਆਪਣੀਆਂ ਕਵਿਤਾਵਾਂ ਵਿਚ ਸ਼ਿਵ ਵਰਗੀ ਪੀੜ ਤੇ ਡੂੰਘੀ ਸੰਵੇਦਨਾ ਭਾਲਦੀ ਹੈ।
'ਸ਼ਿਵ ਜੇ ਤੇਰੇ ਗੀਤ ਜਿਹਾ
ਮੈਂ ਵੀ ਕੋਈ ਗੀਤ ਲਿਖਾਂ
ਤੂੰ ਬਿਰਹਾ ਬਿਰਹਾ ਰੋਂਦਾ ਸੀ
ਬਿਰਹੇ ਦਾ ਤੈਨੂੰ ਸਾਥ ਵੀ ਸੀ
ਮੇਰੇ ਪੱਲੇ ਬਿਰਹਾ ਵੀ ਨਹੀਂ
ਮੈਂ ਕਿਸ ਨੂੰ ਆਪਣਾ ਮੀਤ ਲਿਖਾਂ।' (ਸ਼ਿਵ ਨੂੰ)
ਕਵਿੱਤਰੀ ਕੌਰ ਸੁਖਰਾਜ ਪਾਸ ਸੂਖਮ ਸੰਵੇਦਨਾ ਨੂੰ ਘੋਖਣ ਵਾਲੀ ਦ੍ਰਿਸ਼ਟੀ ਵੀ ਹੈ, ਜਜ਼ਬਾਤਾਂ ਦਾ ਹੜ੍ਹ ਵੀ ਹੈ। ਨਰੋਈ ਉਮਰ ਦੇ ਤੀਖਣ ਅਨੁਭਵਾਂ ਦਾ ਜ਼ਖੀਰਾ ਵੀ ਹੈ, ਇਨ੍ਹਾਂ ਦੇ ਪ੍ਰਗਟਾਅ ਲਈ ਵਿਹਵਲਤਾ ਵੀ ਹੈ, ਪਰ ਹੋਰ ਵਧੇਰੀ ਡੂੰਘੇ ਅਰਥਾਂ ਤੇ ਪਰਤਾਂ ਵਾਲੀ ਕਾਵਿ ਸਿਰਜਣਾ ਲਈ ਹੋਰ ਸ਼ਬਦ ਸਾਧਨਾ ਦੀ ਲੋੜ ਹੈ। ਇਸ ਸੰਭਾਵਨਾਵਾਂ ਭਰਪੂਰ ਕਵਿੱਤਰੀ ਦੀ ਜ਼ਰਖੇਜ਼ ਕਲਮ ਤੋਂ ਭਵਿੱਖ ਵਿਚ ਹੋਰ ਵੀ ਮਿਆਰੀ ਤੇ ਮੁੱਲਵਾਨ ਕਵਿਤਾ ਦੀ ਆਸ ਬਝਦੀ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761 56964
ਟਾਵੇਂ ਟਾਵੇਂ ਕਿਰਦੇ ਪੱਤਰ
ਕਵੀ : ਸਤਿਨਾਮ ਔਜਲਾ
ਪ੍ਰਕਾਸ਼ਕ : ਪੰਜ ਨਾਦ ਪ੍ਰਕਾਸ਼ਨ ਲਾਂਬੜਾ, ਜਲੰਧਰ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 98152-56266
ਹਥਲਾ ਕਾਵਿ-ਸੰਗ੍ਰਹਿ ਵੈਨਕੂਵਰ ਵਸਦੇ ਪੰਜਾਬੀ ਦੇ ਨਾਮਵਰ ਕਵੀ ਸਤਿਨਾਮ ਸਿੰਘ ਔਜਲਾ ਦੀ ਗਿਆਰਵੀਂ ਕਾਵਿ-ਪੁਸਤਕ ਹੈ। ਉਹ ਇਸ ਤੋਂ ਪਹਿਲਾਂ 'ਇਕ ਦਰਦ ਇਕ ਜ਼ਖ਼ਮ', 'ਪਿਘਲਦਾ ਹੋਇਆ ਆਦਮੀ', 'ਕੈਕਟਸ ਤੇ ਗੁਲਾਬ', 'ਪਰ ਕੱਟੇ ਪਰਿੰਦੇ', 'ਮਹਿਕਾਂ ਦੀ ਪਰਵਾਜ਼', 'ਖੰਡਰਾਂ 'ਚ ਉੱਗੇ ਬਿਰਖ', 'ਤਿੜਕੇ ਅੱਖਰਾਂ ਦਾ ਸ਼ੀਸ਼ ਮਹੱਲ', 'ਇਕ ਪੱਤਰ ਹਰਿਆਵਲਾ', 'ਬਿਰਧ ਅੱਖਾਂ ਦਾ ਸਫ਼ਰ', 'ਕਾਲੇ ਅੱਖਰ ਸਫੈਦ ਪੰਨੇ' ਕਾਵਿ ਸੰਗ੍ਰਹਿ ਪੰਜਾਬੀ ਪਾਠਕਾਂ ਨੂੰ ਭੇਟ ਕਰ ਚੁੱਕਾ ਹੈ। ਹਥਲੀ ਪੁਸਤਕ ਨੂੰ ਹੋਂਦ ਵਿਚ ਲਿਆਉਣ ਲਈ ਪੰਜਾਬੀ ਸੱਥ ਲਾਂਬੜਾ ਨੇ ਸਹਾਇਤਾ ਰਾਸ਼ੀ ਦਿੱਤੀ ਹੈ। ਪੁਸਤਕ ਉੱਤੇ ਮੋਤਾ ਸਿੰਘ ਸਰਾਏ, ਨਿਰਮਲ ਸਿੰਘ ਅਤੇ ਕੁਲਵਿੰਦਰ ਸਿੰਘ ਸਰਾਏ ਦੇ ਨਾਂਅ ਤੇ ਪਤੇ ਹਨ। ਕਵੀ ਔਜਲਾ ਨੇ ਹਥਲੀ ਪੁਸਤਕ ਵਿਚ 76 ਕਵਿਤਾਵਾਂ ਦਰਜ ਕੀਤੀਆਂ ਹਨ, ਜਦੋਂਕਿ ਉਸ ਨੇ 'ਕਕਹਿਰਾ' ਦੇ ਨਾਮਕਰਨ ਹੇਠ ਪੈਂਤੀ ਅੱਖਰਾਂ ਤੋਂ ਆਰੰਭ ਛੋਟੀਆਂ-ਛੋਟੀਆਂ ਸੀਹਰਫੀਆਂ ਵੀ ਦਰਜ ਕੀਤੀਆਂ ਹਨ। ਸਤਿਨਾਮ ਔਜਲਾ ਦੀਆਂ ਕਵਿਤਾਵਾਂ ਵੰਨ-ਸੁਵੰਨੇ ਵਿਸ਼ਿਆਂ ਨਾਲ ਭਰਪੂਰ ਹਨ। ਉਹ ਆਰਥਿਕ, ਰਾਜਨੀਤਕ, ਸੱਭਿਆਚਾਰਕ ਅਤੇ ਧਾਰਮਿਕ ਆਧਾਰਾਂ ਉੱਤੇ ਬੇਬਾਕੀ ਨਾਲ ਕਲਮ ਚਲਾਉਂਦਾ ਹੈ। ਉਸ ਦੀ ਰਾਜਨੀਤੀ ਬਾਰੇ ਇਕ ਕਵਿਤਾ ਬੜੀ ਪ੍ਰਭਾਵੀ ਹੈ:
ਸਿਆਸੀ ਮੁਜਰਾ : ਬਾਜ਼ਾਰ 'ਚ, ਮਦਾਰੀ ਨੇ ਡੁਗਡੁਗੀ ਵਜਾਈ, ਭੀੜ ਇਕੱਠੀ ਹੋ ਗਈ, ਮਦਾਰੀ ਜੁਮਲੇ ਸੁਣਾਉਣ ਲੱਗਾ, ਹਰ ਜੁਮਲੇ ਤੇ ਲੋਕ, ਨਵੀਂ ਉਮੀਦ ਨਾਲ, ਵਾਹ! ਵਾਹ!! ਕਰਨ ਲੱਗੇ... ਇਕ ਦਿਨ ਸਜੇ ਮੰਚ ਤੋਂ, ਫਿਰ ਡੁਡੁਗੀ ਵੱਜੀ, ਮਦਾਰੀ ਨੇ ਫੇਰ, ਓਹੀ ਜੁਮਲੇ ਸੁਣਾਏ...ਮੰਚ ਸੰਚਾਲਕ ਨੇ, ਫਿਰ ਡੁਗਡੁਗੀ ਵਜਾਈ, ਪੂੰਜੀਵਾਦ ਦੇ ਠੁਮਕੇ, ਲੋਕ ਠੁਮਕਿਆਂ ਦੀਆਂ, ਮਸਤ ਆਦਾਵਾਂ.... ਉਸੇ ਮਦਾਰੀ ਨੇ ਫਿਰ ਡੁਗਡੁਗੀ ਵਜਾਈ।... ਅਸਲ ਵਿਚ ਮੰਚ ਸੰਚਾਲਕ, ਪੂੰਜੀਪਤੀਆਂ ਦਾ, ਰੰਗਦਾਰ ਖਿਡੌਣਾ ਹੈ...।
ਹਥਲਾ ਕਾਵਿ ਸੰਗ੍ਰਹਿ ਅਸਲ ਵਿਚ ਨਿੱਕੀ-ਮੋਟੀ ਉਕਾਈ ਨੂੰ ਛੱਡ ਕੇ ਇਕ ਸ਼ਾਨਦਾਰ ਗ਼ਜ਼ਲ ਸੰਗ੍ਰਹਿ ਹੀ ਹੈ, ਪਰ ਔਜਲਾ ਨੇ ਇਹ ਜ਼ਾਹਿਰ ਨਹੀਂ ਕੀਤਾ। ਕੁਝ ਸ਼ਿਅਰ ਜੋ ਵੱਖ-ਵੱਖ ਕਵਿਤਾਵਾਂ ਵਿਚੋਂ ਹਨ ਅਤੇ ਸ਼ਿਅਰ ਨਾਲ ਪੇਸ਼ ਹਨ:
ਭਰ ਹਉਕੇ ਭਾਸ਼ਨ 'ਚ ਦਸਦੇ ਦਰਦ ਆਪਣਾ
ਹੱਥੀਂ ਬਾਲ ਮਸ਼ਾਲਾਂ ਰਾਤ ਨੂੰ ਲੂੰਹਦੇ ਨੇ ਬਸਤੀਆਂ।
ਦਿਨ ਸ਼ਤਰੰਜ ਵਾਂਗ ਬਦਲਦਾ ਹੈ ਚਾਲ,
ਬਾਜ਼ੀ ਜਿੱਤ ਲਾਂ ਹਰ ਚਾਲ ਵਿਖਾ ਰਿਹਾ ਹਾਂ।
ਉਦਾਸੀ 'ਚ ਇਕਰਾਰ ਨਾ ਕਰਿਆ ਕਰ,
ਕੋਈ ਲੱਖ ਕਹਿ ਗਿਆ ਜਰਿਆ ਕਰ।
ਉਹ ਬੇਕਦਰ ਅਸੀਂ ਐਵੇਂ ਗ਼ਮ ਸੁਣਾ ਬੈਠੇ
ਦਿਲ 'ਚ ਉਦਾਸੀ ਐਵੇਂ ਜਗਾ ਬੈਠੇ।
ਸ਼ਹਿਰ ਵੀ ਉਹੋ ਮੇਰਾ ਦਿਲਦਾਰ ਬਦਲ ਗਏ,
ਦਿਲ ਦੇ ਕਰੀਬ ਦੇ ਰਾਜਦਾਰ ਬਦਲ ਗਏ।
ਸ਼ੀਸ਼ਾ ਅੰਦਰ ਹੈ ਪੜ੍ਹਦਾ ਸਾਹਮਣੇ ਖੜ੍ਹੇ ਚਿਹਰੇ ਦੀ,
ਦਰਅਸਲ ਸ਼ੀਸ਼ਾ ਚਿਹਰੇ 'ਤੇ ਕਿੰਨਾ ਹੈ ਸੋਚਦਾ।
ਕਵੀ ਨੇ ਜ਼ਿੰਦਗੀ ਦੇ ਹਰ ਰੰਗ ਉਤੇ ਕਵਿਤਾ ਪੇਸ਼ ਕੀਤੀ ਹੈ। ਖਿਆਲਾਂ ਦੀ ਉਡਾਣ ਅਤੇ ਪੇਸ਼ਕਾਰੀ ਦੀ ਗੰਭੀਰਤਾ ਦਾ ਸਵਾਗਤ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਆਰ ਕਿ ਪਾਰ
ਲੇਖਕ : ਸਤਵਿੰਦਰ ਬੇਗੋਵਾਲੀਆ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 160 ਰੁਪਏ, ਸਫ਼ੇ : 104
ਸੰਪਰਕ : 98154-65620
ਸਤਵਿੰਦਰ ਬੇਗੋਵਾਲੀਆ ਜਾਣਿਆ ਪਹਿਚਾਣਿਆ ਨਾਟਕਕਾਰ ਹੈ, ਜਿਸ ਦੇ ਛੇ ਸੱਤ ਨਾਟ-ਸੰਗ੍ਰਹਿ ਛਪ ਚੁੱਕੇ ਹਨ ਅਤੇ ਹੁਣ ਉਸ ਦਾ ਨਾਟਕ 'ਆਰ ਕਿ ਪਾਰ' ਸੁੰਦਰ ਬੁੱਕ ਡਿਪੋ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਦੁਨੀਆ ਦੀ ਚਕਾਚੌਂਧ ਨਾਲ ਜੁੜੀ ਮਨੁੱਖੀ ਮਾਨਸਿਕਤਾ ਦੇ ਆਧਾਰ 'ਤੇ ਨਾਟਕ 'ਆਰ ਕਿ ਪਾਰ' ਸਾਡੇ ਸਮਾਜ ਦਾ ਉਹ ਦ੍ਰਿਸ਼ ਪੇਸ਼ ਕਰਦਾ ਹੈ, ਜਿਸ ਵਿਚੋਂ ਪਦਾਰਥਵਾਦੀ ਸੋਚ ਦਾ ਝਲਕਾਰਾ ਸਾਹਮਣੇ ਆਉਂਦਾ ਹੈ। ਕਹਾਣੀ ਬੇਸ਼ੱਕ ਇਕ ਪਰਿਵਾਰ ਦੀ ਹੈ ਪਰ ਪਾਠਕ ਨਾਟਕ ਦਾ ਪਾਠ ਕਰਦਾ ਕਰਦਾ ਪਹਿਲਾਂ ਇਸ ਪਰਿਵਾਰ ਵਿਚ ਖ਼ੁਦ ਨੂੰ ਸ਼ਾਮਿਲ ਹੋਇਆ ਮਹਿਸੂਸ ਕਰਦਾ ਹੈ ਅਤੇ ਫਿਰ ਇਹ ਪਰਿਵਾਰ ਸਮਾਜ ਦਾ ਰੂਪ ਧਾਰ ਲੈਂਦਾ ਹੈ, ਕਿਉਂਕਿ ਪਰਿਵਾਰ ਤੋਂ ਬਾਹਰਲੇ ਪਾਤਰ ਭਾਵੇਂ ਉਹ ਰਿਸ਼ਤੇਦਾਰ ਹੋਣ, ਦੋਸਤ, ਹਕੀਮ, ਟਰੈਵਲ ਏਜੰਟ, ਆਂਢੀ-ਗੁਆਂਢੀ ਅਤੇ ਹੋਰ ਕੰਮ ਧੰਦਿਆਂ ਵਾਲੇ ਜਦੋਂ ਵਾਰਤਾਲਾਪ ਅਤੇ ਘਟਨਾਵਾਂ ਦਾ ਹਿੱਸਾ ਬਣਦੇ ਹਨ ਤਾਂ ਪਾਠਕ ਸਾਹਮਣੇ ਸਮੁੱਚੇ ਸਮਾਜ ਦਾ ਨਕਸ਼ਾ ਉੱਭਰਦਾ ਹੈ। ਭਾਵੇਂ ਹਾਲਾਤਵੱਸ, ਭਾਵੇਂ ਲਾਲਚਵੱਸ, ਪੁੱਤਰਾਂ ਨੂੰ ਬਾਹਰਲੇ ਮੁਲਕਾਂ ਵਿਚ ਭੇਜਣਾ ਆਮ ਜਿਹੀ ਗੱਲ ਹੈ। ਪਰਾਈ ਧਰਤੀ 'ਤੇ ਕੰਮ, ਮਿਹਨਤ, ਪੈਸਾ, ਐਸ਼ ਪ੍ਰਸਤੀ, ਸੁੱਖ ਸਾਧਨ ਸਭ ਕੁਝ ਹੈ, ਪਰ ਜਨਮ ਭੂਮੀ ਦੀ ਮਹਿਕ ਅਤੇ ਆਪਣਿਆਂ ਦਾ ਸੰਗ ਨਾ ਮਿਲਣ ਕਰਕੇ ਬੰਦੇ ਮਸ਼ੀਨ ਬਣ ਜਾਂਦੇ ਆ। ਮਸਲਾ ਉਦੋਂ ਖੜ੍ਹਾ ਹੁੰਦਾ ਹੈ ਇਧਰ ਬੈਠੇ ਪੈਸਾ ਉਡੀਕਦੇ ਮਾਂ ਬਾਪ, ਭੈਣ-ਭਰਾ ਵੀ ਉਨ੍ਹਾਂ ਨੂੰ ਮਸ਼ੀਨ ਬਣਿਆ ਰਹਿਣ ਦੀਆਂ ਅਰਦਾਸਾਂ ਕਰਦੇ ਹਨ, ਪਰ ਇਹ ਮਸ਼ੀਨਾਂ ਅੰਦਰਲਾ ਲਾਵਾ ਕਦੇ ਨਾ ਕਦੇ ਤਾਂ ਫੁੱਟਦਾ ਹੀ ਹੈ।
ਸਤਵਿੰਦਰ ਬੇਗੋਵਾਲੀਆ ਦੇ ਇਸ ਨਾਟਕ ਦੀ ਪਾਤਰ ਕਮਲੇਸ਼ ਕੌਰ ਵੀ ਆਪਣੇ ਜਿਗਰ ਦੇ ਟੋਟਿਆਂ ਨੂੰ ਬੇਗਾਨੀ ਧਰਤੀ 'ਤੇ ਜਾ ਕੇ ਕਮਾਈਆਂ ਕਰਨ ਭੇਜਦੀ ਹੈ। ਭਾਵੇਂ ਲਾਲਚਵਸ ਹੀ ਸਹੀ, ਪਰ ਮਮਤਾ ਨੂੰ ਤਾਂ ਦੱਬ ਕੇ ਰੱਖਣਾ ਹੀ ਪੈਂਦਾ ਊਸ ਨੂੰ। ਪੁੱਤਰਾਂ ਦਾ ਬਾਪ ਸੁਰਜੀਤ ਸਿੰਘ ਵੀ ਬੇਵਸ ਇਸ ਫੈਸਲੇ ਵਿਚ ਸ਼ਾਮਿਲ ਹੁੰਦਾ ਹੈ। ਇਸ ਤਰ੍ਹਾਂ ਹਾਲਾਤ ਦੀ ਜਕੜ ਵਿਚ ਆਏ ਮੱਧ ਪਰਿਵਾਰਾਂ ਦੀ ਲੁੱਟ-ਖਸੁੱਟ ਕਰਦੇ ਏਜੰਟ, ਬਾਬਿਆਂ, ਦਲਾਲਾਂ ਦੇ ਨਕਸ਼ ਵੀ ਪਾਠਕ ਸਾਹਮਣੇ ਆਉਂਦੇ ਹਨ ਕਿ ਕਿਸ ਤਰ੍ਹਾਂ ਉਹ ਚੁਸਤੀਆਂ ਚਲਾਕੀਆਂ ਨਾਲ ਅਪਣੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਦੇ ਹਨ