JALANDHAR WEATHER

26-11-2023

 ਪੰਜਾਬੀ ਬੁਝਾਰਤਾਂ
ਸੰਗ੍ਰਹਿਕਰਤਾ : ਆਤਮਾ ਸਿੰਘ ਚਿੱਟੀ
ਪ੍ਰਕਾਸ਼ਕ : ਸਵੇਰਾ ਪ੍ਰਕਾਸ਼ਨ, ਜਲੰਧਰ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 99884-69564


ਬੁਝਾਰਤਾਂ ਮਨੁੱਖੀ ਸਮਾਜ ਦਾ ਉਹ ਮਨੋਰੰਜਕ-ਵਸੀਲਾ ਹਨ, ਜਿਹੜੀਆਂ ਵਿਸ਼ੇਸ਼ ਕਰਕੇ ਬੱਚਿਆਂ ਦੀ ਬੌਧਿਕ ਸਮਰੱਥਾ ਵਿਚ ਵਾਧਾ ਕਰਕੇ ਮਨੋਰੰਜਨ ਪ੍ਰਦਾਨ ਕਰਦੀਆਂ ਹਨ। ਆਤਮਾ ਸਿੰਘ ਚਿੱਟੀ ਦੀ ਨਵੀਂ ਛਪੀ ਬਾਲ ਪੁਸਤਕ 'ਪੰਜਾਬੀ ਬੁਝਾਰਤਾਂ' ਇਸੇ ਵੰਨਗੀ ਨਾਲ ਸੰਬੰਧਿਤ ਹੈ, ਜਿਸ ਵਿਚ 754 ਬੁਝਾਰਤਾਂ ਸੰਗ੍ਰਹਿਤ ਹਨ। ਹਰ ਬੁਝਾਰਤ ਪ੍ਰਸ਼ਨਸੂਚਕ ਅਤੇ ਕਾਵਿਕ-ਅੰਦਾਜ਼ ਵਾਲੀ ਹੈ। ਇਨ੍ਹਾਂ ਬੁਝਾਰਤਾਂ ਦਾ ਵਿਸ਼ਾ-ਵਸਤੂ ਕਿਸੇ ਇਕ ਵਿਸ਼ੇਸ਼ ਖੇਤਰ ਨਾਲ ਸੰਬੰਧਿਤ ਨਹੀਂ ਸਗੋਂ ਇਨ੍ਹਾਂ ਦਾ ਦਾਇਰਾ ਮਨੁੱਖੀ ਸਮਾਜ ਨਾਲ ਜੁੜੇ ਹੋਏ ਖੇਤੀਬਾੜੀ, ਵਣਜ, ਸਿੱਖਿਆ, ਗੀਤ-ਸੰਗੀਤ, ਪਰਿਵਾਰਕ, ਕਿਰਤੀ (ਜਿਸ ਵਿਚ ਫ਼ਲ, ਫੁੱਲ, ਸਬਜ਼ੀਆਂ, ਰੁੱਖ-ਬੂਟੇ, ਚੰਨ, ਸੂਰਜ, ਤਾਰੇ, ਕੀਟ-ਪਤੰਗੇ, ਜੀਵ-ਜੰਤੂ ਆਦਿ ਸ਼ਾਮਿਲ ਹਨ), ਵਿਗਿਆਨਕ ਖੋਜਾਂ-ਕਾਢਾਂ, ਸਰੀਰ ਦੇ ਵਿਭਿੰਨ ਅੰਗਾਂ, ਵੱਖ-ਵੱਖ ਕਿੱਤਾਕਾਰ ਅਤੇ ਉਨ੍ਹਾਂ ਦੇ ਕਿੱਤਿਆਂ ਨਾਲ ਸੰਬੰਧਿਤ ਔਜ਼ਾਰਾਂ, ਮਨੋਰੰਜਨ ਦੇ ਸਰੋਤਾਂ, ਘਰੇਲੂ ਵਸਤਾਂ, ਪੱਤਰਕਾਰੀ, ਸਾਹਿਤ, ਹਾਰ-ਸ਼ਿੰਗਾਰ ਗੱਲ ਕੀ ਜਲ, ਥਲ ਤੇ ਨਭ (ਅਸਮਾਨ) ਆਦਿ ਤੱਕ ਫੈਲਿਆ ਹੋਇਆ ਹੈ, ਜੋ ਇਕ-ਇਕ ਸਤਰ ਤੋਂ ਲੈ ਕੇ ਛੇ-ਛੇ ਸਤਰਾਂ ਵਿਚ ਫੈਲੀਆਂ ਹੋਈਆਂ ਹਨ। ਇਨ੍ਹਾਂ ਬੁਝਾਰਤਾਂ ਦਾ ਉੱਤਰ ਲੱਭਣ ਲਈ ਬੁੱਝਣ ਵਾਲਾ ਆਪਣੀ ਬੌਧਿਕਤਾ ਦੇ ਘੋੜੇ ਦੁੜਾਉਂਦਾ ਹੈ ਅਤੇ ਕੋਸ਼ਿਸ਼ ਕਰਦਾ ਹੈ ਕਿ ਉਹ ਥੋੜ੍ਹੇ ਤੋਂ ਥੋੜ੍ਹੇ ਸਮੇਂ ਵਿਚ ਬੁਝਾਰਤ ਦਾ ਉਤਰ ਦੱਸ ਕੇ ਆਪਣੀ ਅਕਲਮੰਦੀ ਅਤੇ ਹਾਜ਼ਰ-ਦਿਮਾਗ਼ੀ ਦਾ ਪ੍ਰਦਰਸ਼ਨ ਕਰੇ। ਇਨ੍ਹਾਂ ਬੁਝਾਰਤਾਂ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਜਿੱਥੇ ਰਵਾਇਤੀ ਸੁਣੀਦੀਆਂ ਆ ਰਹੀਆਂ ਬੁਝਾਰਤਾਂ ਇਸ ਪੁਸਤਕ ਵਿਚ ਸ਼ਾਮਿਲ ਹਨ ਉਥੇ ਅੱਜਕੱਲ੍ਹ ਦੇ ਗਿਆਨ-ਵਿਗਿਆਨ ਨਾਲ ਸੰਬੰਧਿਤ ਵਸੀਲਿਆਂ ਜਿਵੇਂ ਅਖ਼ਬਾਰ, ਟੈਲੀਫ਼ੋਨ, ਘੜੀ, ਮੋਟਰਸਾਈਕਲ, ਸਿਲਾਈ ਮਸ਼ੀਨ, ਟੈਲੀਵਿਜ਼ਨ, ਸਾਈਕਲ, ਰੇਲ ਗੱਡੀ, ਹਵਾਈ ਜਹਾਜ਼, ਬਿਜਲਈ ਪੱਖਾ, ਮੋਬਾਈਲ ਫ਼ੋਨ, ਟਾਈਪ ਰਾਈਟਰ, ਬਲੱਬ, ਰਿਕਾਰਡ ਆਦਿ ਨਾਲ ਸੰਬੰਧਿਤ ਘੜੀਆਂ ਬੁਝਾਰਤਾਂ ਵੀ ਉਪਲਬਧ ਹਨ।
ਇਸ ਪ੍ਰਕਾਰ ਕੁੱਲ ਮਿਲਾ ਕੇ ਇਹ ਬੁਝਾਰਤਾਂ ਬੱਚਿਆਂ ਅਤੇ ਵੱਡਿਆਂ ਦਾ ਮਨੋਰੰਜਨ ਕਰਦੀਆਂ ਹੋਈਆਂ ਉਨ੍ਹਾਂ ਦੇ ਵਿਹਲੇ ਸਮੇਂ ਦੀ ਸਾਰਥਿਕ ਵਰਤੋਂ ਕਰਨ ਦਾ ਜ਼ਰੀਆ ਬਣਦੀਆਂ ਹਨ ਅਤੇ ਉਨ੍ਹਾਂ ਦੀ ਬੌਧਿਕਤਾ ਅਤੇ ਸੋਚਣ-ਸ਼ਕਤੀ ਨੂੰ ਪ੍ਰਚੰਡ ਕਰਦੀਆਂ ਹਨ। ਇਨ੍ਹਾਂ ਬੁਝਾਰਤਾਂ ਰਾਹੀਂ ਇਹ ਸੰਦੇਸ਼ ਵੀ ਸਾਹਮਣੇ ਆਉਂਦਾ ਹੈ ਕਿ ਸੋਸ਼ਲ ਮੀਡੀਆ ਦੇ ਵਰਤਮਾਨ ਦੌਰ ਵਿਚ ਲੁਪਤ ਹੁੰਦੀ ਜਾ ਰਹੀ ਇਸ ਲੋਕ-ਸਾਹਿਤ ਰਵਾਇਤ ਦੀ ਸਾਂਭ-ਸੰਭਾਲ ਕਰਨੀ ਬਣਦੀ ਹੈ।


-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703


ਅਧੂਰੇ ਸੁਪਨੇ
ਲੇਖਿਕਾ : ਅਮਰਜੀਤ ਕੌਰ ਜੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 95011-45039


ਇਸ ਪੁਸਤਕ ਦੀ ਲੇਖਿਕਾ ਅਮਰਜੀਤ ਕੌਰ ਜੀਤ ਹੈ, ਜਿਨ੍ਹਾਂ ਨੇ ਆਪਣੀ ਸੰਘਰਸ਼ਮਈ ਜ਼ਿੰਦਗੀ ਬਾਰੇ ਸਵੈ-ਜੀਵਨੀ ਲਿਖੀ ਹੈ। ਇਸ ਪੁਸਤਕ ਵਿਚ ਕਈ ਵੱਖੋ-ਵੱਖਰੇ ਅੰਗ ਹਨ। ਭਾਵੇਂ ਲੜੀ ਆਪਸ 'ਚ ਜੁੜਦੀ ਹੈ ਪ੍ਰੰਤੂ ਰੰਗ ਵੱਖਰਾ ਹੈ। ਸਵੈ-ਜੀਵਨੀ ਵਿਚ ਲੇਖਿਕਾ ਨੇ ਬਹੁਤ ਹੀ ਸਰਲ ਭਾਸ਼ਾ ਦੀ ਵਰਤੋਂ ਕਰਕੇ ਇਸ ਨੂੰ ਹੋਰ ਵੀ ਰੌਚਿਕ ਬਣਾ ਦਿੱਤਾ ਹੈ। ਇਸ ਵਿਚ ਲੇਖਿਕਾ ਨੇ ਆਪਣੇ ਨਾਲ ਬੀਤੀ ਹਰ ਗੱਲ ਨੂੰ ਨਾ ਛੁਪਾ ਕੇ ਜੱਗ ਜ਼ਾਹਰ ਕੀਤਾ ਹੈ ਅਤੇ ਨਾਲ ਹੀ ਆਪਣੇ ਜੀਵਨ ਵਿਚ ਆਈ ਬਿਪਤਾ, ਪ੍ਰੇਸ਼ਾਨੀ, ਮੁਸੀਬਤ ਦਾ ਡਟ ਕੇ ਮੁਕਾਬਲਾ ਕਰਨ ਦੇ ਨਾਲ-ਨਾਲ ਉਸ ਨੂੰ ਕਦੇ ਆਪਣੇ 'ਤੇ ਭਾਰੂ ਨਹੀਂ ਹੋਣ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਪਿੰਡੇ 'ਤੇ ਜਰਿਆ। ਪ੍ਰੰਤੂ ਹੌਸਲਾ ਨਾ ਛੱਡ ਕੇ ਉਸ ਨੂੰ ਹਮੇਸ਼ਾ ਬੁਲੰਦ ਰੱਖਿਆ। ਲੇਖਿਕਾ ਦੀਆਂ ਅੰਦਰਲੀਆਂ ਖਾਹਿਸ਼ਾਂ, ਰੁਚੀਆਂ, ਸ਼ੌਕ ਕਈ ਵਾਰ ਮਧੋਲੇ ਗਏ ਪ੍ਰੰਤੂ ਦੁੱਖ-ਸੁੱਖ ਨੂੰ ਭਾਣਾ ਮੰਨ ਕੇ ਇਹ ਜੀਵਨ ਦਾ ਸਫ਼ਰ ਤਹਿ ਕਰਦੀ ਗਈ ਅਤੇ ਕਦੇ ਵੀ ਚਿਹਰੇ 'ਤੇ ਉਦਾਸੀ ਦੇ ਚਿੰਨ੍ਹ ਨਾ ਲਿਆਂਦੇ। ਆਪਣੇ ਮੋਢਿਆਂ 'ਤੇ ਪਈਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਇਆ। ਲੇਖਿਕਾ ਨੇ ਆਰਥਿਕ ਤੰਗੀ, ਪੜ੍ਹਨ ਦੀ ਇੱਛਾ ਦਾ ਬਿਆਨ ਵੀ ਕੀਤਾ ਹੈ ਪ੍ਰੰਤੂ ਇਰਾਦਾ ਪੱਕਾ ਹੋਣ 'ਤੇ ਕਿਸੇ ਪਾਸੇ ਡੋਲੀ ਨਹੀਂ ਤੇ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਿਆ। ਸਿਲਾਈ, ਕਢਾਈ, ਬੁਣਾਈ ਦਾ ਕੰਮ ਕੀਤਾ। ਪੇਕੇ-ਸਹੁਰੇ ਘਰ ਦੀਆਂ ਜ਼ਿੰਮੇਵਾਰੀਆਂ ਨਜਿਠੀਆਂ। ਗੁਰਬਾਣੀ ਨਾਲ ਵੀ ਜੁੜੀ ਰਹੀ। ਅਖ਼ੀਰ ਕੈਨੇਡਾ ਜਾ ਕੇ ਉੱਥੇ ਹੱਥੀਂ ਕੰਮ ਕੀਤਾ। ਵਿਆਹ ਤੋਂ ਬਾਅਦ ਦੀ ਆਰਥਿਕ ਤੰਗੀ ਆਉਣ 'ਤੇ ਵੀ ਉਹ ਡਟੀ ਰਹੀ। ਲੇਖਿਕਾ ਇਸ ਤੋਂ ਪਹਿਲਾਂ 'ਰੇਖ ਤੇ ਮੇਖ' ਅਤੇ 'ਏਕੇ ਦੀ ਤਾਕਤ' ਨਾਂਅ ਦੀਆਂ ਕਿਤਾਬਾਂ ਲਿਖ ਚੁੱਕੀ ਹੈ। ਲੇਖਿਕਾ ਹੋਰ ਵੀ ਕਿਤਾਬਾਂ ਲਿਖ ਰਹੀ ਹੈ। ਸੋ, ਸਵੈ-ਜੀਵਨੀ ਰੌਚਕ ਹੈ ਅਤੇ ਪੜ੍ਹਦੇ-ਪੜ੍ਹਦੇ ਦੁੱਖ ਵੀ ਮਹਿਸੂਸ ਜ਼ਰੂਰ ਹੁੰਦਾ ਹੈ। ਸੋ, ਮਾਣ ਹੈ ਇਸ ਲੇਖਿਕਾ 'ਤੇ।


-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990


ਮਹਿੰਦਰ ਸਾਥੀ ਦੀ ਕਾਵਿ ਸੰਵੇਦਨਾ
ਸੰਪਾਦਕ : ਪ੍ਰੋ. ਜਸਪਾਲ ਘਈ
ਪ੍ਰਕਾਸ਼ਕ : ਰਹਾਓ ਪਬਲੀਕੇਸ਼ਨ, ਨਿਹਾਲ ਸਿੰਘ ਵਾਲਾ (ਮੋਗਾ)
ਮੁੱਲ : 240 ਰੁਪਏ, ਸਫ਼ੇ : 176
ਸੰਪਰਕ : 99150-99926


ਮਹਿੰਦਰ ਸਾਥੀ ਅਵਾਮੀ ਸ਼ਾਇਰ ਸੀ, ਜੋ ਪੁਸਤਕ ਪ੍ਰਕਾਸ਼ਨ ਤੋਂ ਬਿਨਾਂ ਹੀ ਲੋਕਾਈ ਦੇ ਦੁੱਖਾਂ-ਦਰਦਾਂ ਦੀ ਬਾਤ ਆਪਣੀਆਂ ਗ਼ਜ਼ਲਾਂ, ਕਵਿਤਾਵਾਂ, ਦੋਹਿਆਂ ਅਤੇ ਗੀਤਾਂ ਵਿਚ ਬਾਖੂਬੀ ਬਿਆਨਦਾ ਰਿਹਾ ਅਤੇ ਆਪਣੇ ਪਾਠਕਾਂ/ਸਰੋਤਿਆਂ 'ਚ ਮਕਬੂਲ ਰਿਹਾ। ਉਸ ਦੀ ਪਹਿਲੀ ਕਾਵਿ-ਪੁਸਤਕ 'ਜਲਾਵਤਨ ਰੁੱਤ ਪਰਤੇਗੀ' (1990) ਵਿਚ ਪ੍ਰਕਾਸ਼ਿਤ ਹੁੰਦੀ ਹੈ। ਉਸ ਦੀ ਦੂਸਰੀ ਕਾਵਿ-ਪੁਸਤਕ 'ਜਦੋਂ ਤੱਕ ਰਾਤ ਬਾਕੀ ਹੈ' (2012), ਤੀਜੀ ਕਾਵਿ-ਪੁਸਤਕ 'ਦੀਪ ਦਰਪਣ' (2016), ਚੌਥੀ ਕਾਵਿ-ਪੁਤਕ (ਪਤਝੜ ਸਦਾ ਨਾ ਰਹਿਣੀ' (2019) ਪ੍ਰਕਾਸ਼ਿਤ ਹੁੰਦੀ ਹੈ। ਉਸ ਦੀ ਪੰਜਵੀਂ ਕਾਵਿ ਪੁਸਤਕ 'ਸਿਦਕ ਸਵਾਸਾਂ ਸੰਗ' ਉਸ ਦੇ ਇਸ ਦੇ ਫਾਨੀ ਸੰਸਾਰ ਤੋਂ ਰੁਖ਼ਸਤ ਹੋਣ ਤੋਂ ਬਾਅਦ (2021) ਪ੍ਰਕਾਸ਼ਿਤ ਹੁੰਦੀ ਹੈ ਜੋ ਕਿ ਉਸ ਦੇ ਜਿਊਂਦੇ ਜੀਅ ਪ੍ਰੈੱਸ ਵਿਚ ਚਲੀ ਗਈ ਸੀ। ਇਹ ਇਕ ਵੱਡਅਕਾਰੀ ਪੁਸਤਕ ਹੈ, ਜਿਸ ਵਿਚ ਉਸ ਦੀਆਂ ਸਾਰੀਆਂ ਗ਼ਜ਼ਲਾਂ ਇਕ ਥਾਂ ਇਕੱਠੀਆਂ ਕੀਤੀਆਂ ਗਈਆਂ ਹਨ। ਗੁਰਮੀਤ ਕੜਿਆਲਵੀ ਦੇ ਉਚੇਚੇ ਯਤਨਾਂ ਨਾਲ ਹੱਥਲੀ ਆਲੋਚਨਾ ਪੁਸਤਕ ਪੰਜਾਬੀ ਦੇ ਪਾਠਕਾਂ ਲਈ ਉਪਲਬੱਧ ਹੋਈ ਹੈ, ਜਿਸ ਦੀ ਸੰਪਾਦਨਾ ਉੱਘੇ ਲੇਖਕ, ਆਲੋਚਕ ਅਤੇ ਗ਼ਜ਼ਲਗੋਅ ਪ੍ਰੋ. ਜਸਪਾਲ ਘਈ ਨੇ ਕੀਤੀ ਹੈ। ਇਸ ਪੁਸਤਕ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਸ਼ਾਮਿਲ 13 ਆਲੋਚਨਾਤਮਕ ਨਿਬੰਧਾਂ ਨੂੰ ਵੱਖ-ਵੱਖ ਪ੍ਰਚੱਲਿਤ ਵੱਖ-ਵੱਖ ਅਧਿਐਨ ਦ੍ਰਿਸ਼ਟੀਆਂ ਤੋਂ ਮਰਹੂਮ ਮਹਿੰਦਰ ਸਾਥੀ ਕਾਵਿ ਦਾ ਮੁਲਾਂਕਣ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ। ਇਨ੍ਹਾਂ ਨਿਬੰਧਾਂ ਵਿਚ ਡਾ. ਸੁਰਜੀਤ ਸਿੰਘ ਭੱਟੀ, ਡਾ. ਭੀਮ ਇੰਦਰ ਸਿੰਘ, ਡਾ. ਸੁਰਜੀਤ ਬਰਾੜ, ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਅਰਵਿੰਦਰ ਕੌਰ 'ਕਾਕੜਾ', ਡਾ. ਸਮਸ਼ੇਰ ਮੋਹੀ, ਡਾ. ਮਨਜੀਤ ਕੌਰ ਆਜ਼ਾਦ, ਮਨਜੀਤਪੁਰੀ, ਪ੍ਰੋ. ਐੱਚ.ਐੱਸ. ਡਿੰਪਲ, ਪ੍ਰੋ. ਕੁਲਦੀਪ ਸਿੰਘ, ਨਿਰੰਜਨ ਬੋਹਾ, ਜਸਵੀਰ ਕਲਸੀ ਧਰਮਕੋਟ, ਪ੍ਰੋ. ਜਸਪਾਲ ਘਈ ਆਦਿ ਨੇ ਸਾਥੀ ਜੀ ਨੂੰ ਪ੍ਰਤੀਬੱਧਤ ਸ਼ਾਇਰ, ਅਵਾਮੀ ਸ਼ਾਇਰ, ਜਨਵਾਦੀ ਕਵੀ, ਲੋਕ ਧਾਰਾ ਨਾਲ ਜੁੜਿਆ ਹੋਇਆ ਕਵੀ, ਨਾਬਰੀ ਦੇ ਸੰਕਲਪ ਨੂੰ ਪ੍ਰੀਭਾਸ਼ਤ ਕਰਦੇ ਕਵੀ, ਸ਼ਾਹੀ ਤਖ਼ਤਾਂ ਨੂੰ ਲਲਕਾਰਦੀ ਸ਼ਾਇਰੀ, ਮੁਹੱਬਤੀ ਸੰਵੇਦਨਾ ਦੇ ਕਵੀ ਦੇ ਤੌਰ 'ਤੇ ਪ੍ਰੀਭਾਸ਼ਤ ਅਤੇ ਸਥਾਪਤ ਕਰਨ ਦੀ ਭਰਪੂਰ ਮੁਸ਼ੱਕਤ ਕਰਦਿਆਂ, ਉਸ ਦੀ ਕਵਿਤਾ ਦੇ ਵੱਖ-ਵੱਖ ਰੂਪਾਂ ਦੇ ਆਧਾਰਿਤ ਨਿਵੇਕਲੀ, ਨਿਧੜਕ ਅਤੇ ਪ੍ਰਤੀਬੱਧ ਸ਼ਖ਼ਸ ਦੇ ਤੌਰ 'ਤੇ ਭਰਪੂਰ ਜਾਣਕਾਰੀ ਪਾਠਕਾਂ ਨੂੰ ਮੁਹੱਈਆ ਕਰਵਾਈ ਹੈ। ਜਿਥੇ ਇਨ੍ਹਾਂ ਨਿਬੰਧਾਂ ਦੇ ਲੇਖਕਾਂ ਵਲੋਂ ਉਸ ਨੂੰ ਵਿਚਾਰਧਾਰਾਈ ਪੱਖ ਤੋਂ ਸੱਜਗ ਕਵੀ ਦੇ ਤੌਰ 'ਤੇ ਸਵੀਕਾਰਿਆ ਹੈ, ਉਸ ਦੇ ਕਲਾ-ਮਈ ਪੱਖ ਦੀ ਵੀ ਭਰਪੂਰ ਵਿਆਖਿਆ ਕੀਤੀ ਹੈ। ਪ੍ਰੋ. ਜਸਪਾਲ ਘਈ ਦਾ ਬਿਆਨ 'ਜਿਸ ਵਿਚ ਮੈਂ ਸਾਥੀ-ਕਾਵਿ ਵਿਚਲੀ ਗ਼ਜ਼ਲ ਅਤੇ ਰੁਬਾਈ ਨੂੰ ਇਨ੍ਹਾਂ ਦੇ ਵਿਧਾਗਤ ਪਰਿਪੇਖ ਵਿਚ ਸਮਝਣ ਦਾ ਯਤਨ ਕੀਤਾ ਹੈ ਅਤੇ ਇਸ ਨਿਸ਼ਕਰਸ਼ 'ਤੇ ਪੁੱਜਾ ਹਾਂ ਕਿ ਫ਼ਾਰਸੀ ਮੂਲ ਦੇ ਇਨ੍ਹਾਂ ਕਾਵਿ-ਰੂਪਾਂ ਦੇ ਵਿਧਾਗਤ ਵਿਧਾਨ ਦਾ ਅਨੁਸਰਨ ਕਰਦਿਆਂ ਸਾਥੀ ਨੇ ਇਨ੍ਹਾਂ ਕਾਵਿ-ਰੂਪਾਂ ਨੂੰ ਸਮਕਾਲੀ ਸਰੋਕਾਰਾਂ ਨੂੰ ਵਿਅਕਤ ਕਰਨ ਵਾਲੇ ਸਸ਼ਕਤ ਕਾਵਿ-ਰੂਪਾਂ ਵਲੋਂ ਅਪਣਾਇਆ ਹੈ। ਗੁਰਮੀਤ ਕੜਿਆਲਵੀ ਦੇ ਅਨੁਸਾਰ ਸਾਥੀ ਨੇ ਆਪਣੀ ਤਮਾਮ ਉਮਰ 'ਚ ਬੇਸ਼ੱਕ ਅਥਾਹ ਦੁਸ਼ਵਾਰੀਆਂ, ਦੁੱਖ, ਤਕਲੀਫਾਂ ਅਤੇ ਪੀੜਾਂ ਨੂੰ ਆਪਣੇ ਨੰਗੇ ਪਿੰਡੇ 'ਤੇ ਝੱਲਿਆ ਹੈ, ਪ੍ਰੰਤੂ ਉਸ ਨੇ ਆਪਣੀ ਸ਼ਾਇਰੀ ਵਿਚ ਲੋਕਾਈ ਦੇ ਦਰਦ ਨੂੰ ਆਪਣੀ ਲੇਖਣੀ 'ਚ ਪ੍ਰਗਟਾਉਂਦਿਆਂ ਕਿਸੇ ਵੀ ਕਿਸਮ ਦੀ ਵਕਤੀ ਸਾਂਝ ਨਾਲ ਨਾਤਾ ਨਹੀਂ ਜੋੜਿਆ। ਇਸ ਲਈ ਮੈਂ ਤੇ ਮੇਰੀ ਸ਼ਾਇਰੀ ਵਿਚ ਮਹਿੰਦਰ ਸਾਥੀ ਜੀ ਇਹ ਤਸਲੀਮ ਕਰਦਾ ਹੈ ਕਿ ਜੇ ਮਨੁੱਖ ਸੰਵੇਦਨਸ਼ੀਲ ਮਨ ਵਾਲਾ ਹੈ, ਤਾਂ ਉਹ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ ਕਵੀ ਜ਼ਰੂਰ ਹੋ ਜਾਂਦਾ ਹੈ। ਮਨੁੱਖ ਦੀ ਅੰਦਰੂਨੀ ਪੀੜ ਅਤੇ ਸਮਾਜਿਕ ਵਿਸੰਗਤੀਆਂ ਦਾ ਪ੍ਰਭਾਵ ਵੀ ਮਨੁੱਖ ਨੂੰ ਕਵੀ ਬਣਾਉਣ 'ਚ ਸਹਾਈ ਹੁੰਦਾ ਹੈ। ਮੇਰੀ ਜਾਚੇ ਸੰਪਾਦਕ ਵਲੋਂ ਅਤੇ ਮਹਿੰਦਰ ਸਾਥੀ ਯਾਦਗਾਰੀ ਮੰਚ (ਰਜਿ.) ਮੋਗਾ ਵਲੋਂ ਕੀਤਾ ਗਿਆ ਇਹ ਉਪਰਾਲਾ ਜਿਥੇ ਸ਼ਲਾਘਾਯੋਗ ਹੈ, ਉਥੇ ਇਹ ਸਿੱਖਿਆਰਥੀਆਂ, ਆਲੋਚਕਾਂ ਅਤੇ ਬੁੱਧੀਜੀਵੀਆਂ ਲਈ ਮਹਿੰਦਰ ਸਾਥੀ ਦੇ ਕਾਵਿ-ਸਰੋਕਾਰਾਂ ਦੀ ਪਰਖ-ਪੜਚੋਲ ਲਈ ਰਾਹ ਦਸੇਰਾ ਬਣੇਗਾ। ਅਜਿਹੀ ਮੇਰੀ ਪ੍ਰਪੱਕ ਧਾਰਨਾ ਹੈ। ਆਮੀਨ!


-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096


ਬਾਬਾ ਸ਼ੇਖ਼ ਫ਼ਰੀਦ
(ਜੀਵਨ, ਸ਼ਖ਼ਸੀਅਤ ਅਤੇ ਬਾਣੀ)
ਲੇਖਕ : ਪਰਮਪਾਲ ਸਿੰਘ ਸੋਢੀ
ਪ੍ਰਕਾਸ਼ਕ : ਨਵਰੰਗ ਪ੍ਰਕਾਸ਼ਨ, ਸਮਾਣਾ
ਮੁੱਲ : ਮੁਫ਼ਤ ਭੇਟ, ਸਫ਼ੇ : 208
ਸੰਪਰਕ : 99151-29747


ਸ. ਪਰਮਪਾਲ ਸਿੰਘ ਸੋਢੀ ਦੀ ਮੁਢਲੀ ਸਿੱਖਿਆ-ਦੀਖਿਆ, ਬਾਬਾ ਫ਼ਰੀਦ ਦੇ ਪਵਿੱਤਰ ਨਾਂਅ ਉੱਪਰ ਸਥਾਪਿਤ ਨਗਰ ਫ਼ਰੀਦਕੋਟ ਵਿਖੇ ਹੋਈ। ਉਚੇਰੀ ਸਿੱਖਿਆ ਉਸ ਨੇ ਪੰਜਾਬੀ ਯੂਨੀਵਰਸਿਟੀ ਦੇ ਵਿਭਿੰਨ ਕਾਲਜਾਂ ਅਤੇ ਵਿਭਾਗਾਂ ਤੋਂ ਹਾਸਿਲ ਕੀਤੀ। ਇਸ ਉਪਰੰਤ ਬੈਂਕਿੰਗ (ਪੰਜਾਬ ਸਿੰਧ ਬੈਂਕ) ਸੈਕਟਰ ਵਿਚ ਕਈ ਉੱਚ ਅਤੇ ਮਹੱਤਵਪੂਰਨ ਅਹੁਦਿਆਂ ਉੱਪਰ ਸ਼ਾਨਦਾਰ ਸੇਵਾ ਕੀਤੀ। ਇਸ ਸਮੁੱਚੇ ਅਰਸੇ ਦੌਰਾਨ ਬਾਬਾ ਫ਼ਰੀਦ ਦੀ ਅਜ਼ਮਤ ਅਤੇ ਮਹਿਮਾ ਉਸ ਦੇ ਜ਼ਿਹਨ ਵਿਚ ਤਾਜ਼ਾ ਰਹੀ। ਸੇਵਾਮੁਕਤ ਹੋਣ ਉਪਰੰਤ ਉਸ ਨੇ ਸ਼ੇਖ ਫ਼ਰੀਦ ਸਾਹਿਬ ਦੇ ਨਾਲ ਸਿੱਖ ਗੁਰੂ ਸਾਹਿਬਾਨ ਅਤੇ ਗੁਰ-ਇਤਿਹਾਸ ਬਾਰੇ ਕੁਝ ਨਵਾਂ ਅਤੇ ਮੌਲਿਕ ਕਹਿਣ-ਸੁਣਨ ਦੀ ਕੋਸ਼ਿਸ਼ ਵੀ ਕੀਤੀ। ਅਸਲ ਵਿਚ ਹਰ ਗੰਭੀਰ ਪਾਠਕ ਇਕ ਲੇਖਕ ਵੀ ਹੁੰਦਾ ਹੈ। ਪੜ੍ਹਨ ਦੌਰਾਨ ਉਸ ਨੂੰ ਇਤਿਹਾਸਕ, ਧਾਰਮਿਕ ਪੋਥੀਆਂ ਵਿਚ ਕਈ ਖੱਪੇ ਵੀ ਨਜ਼ਰ ਆ ਜਾਂਦੇ ਹਨ ਅਤੇ ਉਨ੍ਹਾਂ ਖੱਪਿਆਂ ਨੂੰ ਭਰਨ/ਪੂਰਨ ਦੀ ਸੁਹਿਰਦ ਕੋਸ਼ਿਸ਼ ਦੇ ਕਾਰਨ ਹੀ ਉਹ ਲੇਖਕ ਬਣਦਾ ਹੈ। ਭਾਵੇਂ ਇਸ ਪੁਸਤਕ ਦਾ ਸਭ ਤੋਂ ਮਹੱਤਵਪੂਰਨ ਭਾਗ ਸ਼ੇਖ਼ ਫ਼ਰੀਦ ਦੀ ਬਾਣੀ ਅਤੇ ਉਸ ਦੀ ਵਿਆਖਿਆ ਹੀ ਹੈ ਪਰ ਆਰੰਭ ਵਿਚ ਦਿੱਤੇ ਗਏ ਦਸ ਲੇਖ (ਜੀਵਨੀ, ਸਮਕਾਲੀ ਇਤਿਹਾਸ, ਪਰਿਵਾਰਿਕ ਪਿਛੋਕੜ, ਜਨਮ, ਬਚਪਨ ਅਤੇ ਵਿੱਦਿਆ, ਪਾਕਪਟਨ ਵਿਚ ਅੱਲ੍ਹਾ ਦੀ ਬੰਦਗੀ ਤੇ ਪ੍ਰਚਾਰ, ਬਾਬਾ ਜੀ ਦੇ ਪ੍ਰਮੁੱਖ ਖਲੀਫ਼ੇ... ਆਦਿ) ਵੀ ਸੂਝਵਾਨ ਪਾਠਕਾਂ ਦਾ ਧਿਆਨ ਖਿੱਚਣਗੇ। ਲੇਖਕ ਨੇ ਇਹ ਪੁਸਤਕ ਲਿਖਣ ਤੋਂ ਪਹਿਲਾਂ ਖ਼ੂਬ ਪਠਨ-ਪਾਠਨ (ਹੋਮ ਵਰਕ) ਵੀ ਕੀਤਾ ਹੈ, ਜਿਸ ਕਾਰਨ ਉਸ ਵਲੋਂ ਕਹੀ ਗਈ ਹਰ ਗੱਲ ਅਤੇ ਟਿੱਪਣੀ ਪ੍ਰਮਾਣਿਕ ਹੋ ਗਈ ਹੈ। ਸ. ਪਰਮਪਾਲ ਸਿੰਘ ਮੇਰਾ ਗਰਾਈਂ ਹੈ। ਉਸ ਨੂੰ ਆਪਣੇ ਵਿਰਸੇ ਅਤੇ ਸਿੱਖ ਧਰਮ ਦੀਆਂ ਪ੍ਰਮੁੱਖ ਸੰਸਥਾਵਾਂ ਉੱਪਰ ਅਤਿਅੰਤ ਗੌਰਵ ਹੈ। ਉਸ ਦੀ ਇਹ ਰਚਨਾ ਫ਼ਰੀਦ ਬਾਰੇ ਲਿਖੇ ਸਾਹਿਤ ਵਿਚ ਨਿੱਗਰ ਵਾਧਾ ਕਰਦੀ ਹੈ। ਮੈਂ ਉਸ ਦੇ ਨਿਸ਼ਕਾਮ ਪੁਰਸ਼ਾਰਥ ਦਾ ਅਭਿਨੰਦਨ ਕਰਦਾ ਹਾਂ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਸਮਕਾਲੀ ਪੰਜਾਬੀ ਕਹਾਣੀ : ਵਿਚਾਰਧਾਰਕ ਪਾਸਾਰ
ਲੇਖਕ : ਡਾ. ਬਲਜਿੰਦਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 280 ਰੁਪਏ, ਸਫ਼ੇ : 164
ਸੰਪਰਕ : 94632-50386


ਗੰਭੀਰ ਖੋਜਕਰਤਾ ਦੀ ਵਿਚਾਰਧੀਨ ਪੁਸਤਕ ਵਿਚ ਪਹਿਲੇ ਪੰਜ ਕਾਂਡ ਵਿਚਾਰਧਾਰਾ ਸਿਧਾਂਤਕ ਪਰਿਪੇਖ (ਸਰੂਪ ਅਤੇ ਸੰਕਲਪ, ਪਰਿਭਾਸ਼ਾ ਅਤੇ ਪ੍ਰਕਿਰਤੀ, ਵਿਚਾਰਧਾਰਾ ਬਨਾਮ ਹੋਰ ਅਨੁਸ਼ਾਸਨ, ਪੰਜਾਬੀ ਕਹਾਣੀ ਵਿਚ ਵਿਚਾਰਧਾਰਾ) ਆਦਿ ਲਈ ਰਾਖਵੇਂ ਹਨ। ਪਾਠਕਾਂ ਲਈ ਇਹ ਗਿਆਨ-ਵਰਧਕ ਹਨ। ਛੇਵੇਂ ਕਾਂਡ ਵਿਚ ਖੋਜ ਕਰਤਾ ਨੇ ਆਪਣੀ ਹਥਲੀ ਖੋਜ ਤੋਂ ਪੂਰਵਲੇ 88 ਸ਼ੋਧ ਪ੍ਰਬੰਧਾਂ ਦੀ ਸੂਚੀ ਦਿੱਤੀ ਹੈ। ਇਹ ਵੀ ਨਵਖੋਜੀਆਂ ਲਈ ਮੁੱਲਵਾਨ ਹੈ। ਸੱਤਵੇਂ ਕਾਂਡ ਵਿਚ ਕਹਾਣੀ ਦਾ ਇਤਿਹਾਸ ਅਤੇ ਵਿਚਾਰਧਾਰਾਈ ਪਰਿਪੇਖ ਡੂੰਘੀ ਨੀਝ ਨਾਲ ਪ੍ਰਸਤੁਤ ਕੀਤਾ ਹੈ। ਇਸ ਉਪਰੰਤ ਖੋਜਕਰਤਾ ਨੇ ਉਨ੍ਹਾਂ ਸਰੋਕਾਰਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ, ਜਿਨ੍ਹਾਂ ਸਰੋਕਾਰਾਂ 'ਤੇ ਅੱਗੇ ਚਲ ਕੇ ਵਿਚਾਰਧੀਨ ਕਹਾਣੀਕਾਰਾਂ ਨੇ ਆਪਣੀਆਂ ਕਹਾਣੀਆਂ 'ਤੇ ਮੁੱਖ ਰੂਪ ਵਿਚ ਫੋਕਸੀਕਰਨ ਕੀਤਾ ਹੈ। ਜਿਵੇਂ ਦਲਿਤ ਸਰੋਕਾਰ, ਨਾਰੀ ਸਰੋਕਾਰ, ਕਿਸਾਨੀ ਸਰੋਕਾਰ, ਪਰਵਾਸੀ ਸਰੋਕਾਰ ਆਦਿ। ਇਨ੍ਹਾਂ ਸਰੋਕਾਰਾਂ ਦੇ ਮਹੱਤਵ ਨੂੰ ਪਛਾਣਦਿਆਂ ਜਿਨ੍ਹਾਂ ਕਹਾਣੀਕਾਰਾਂ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕੀਤਾ ਹੈ। ਉਨ੍ਹਾਂ ਵਿਚ ਸ਼ਾਮਿਲ ਹਨ : ਸੁਖਜੀਤ, ਤਲਵਿੰਦਰ ਸਿੰਘ, ਸਰੂਪ ਸਿਆਲਵੀ, ਨਿਰਮਲ ਜਸਵਾਲ ਅਤੇ ਹਰਪ੍ਰੀਤ ਸੇਖਾ। ਇਸ ਖੋਜ ਕਾਰਜ ਦੀ ਵਿਸ਼ੇਸ਼ਤਾ ਇਹ ਹੈ ਕਿ ਕਹਾਣੀਕਾਰਾਂ ਦੇ ਕਥਾ-ਸੰਗ੍ਰਹਿਆਂ ਤੋਂ ਬਿਨਾਂ ਉਨ੍ਹਾਂ ਦੀਆਂ ਇਕੱਲੀਆਂ ਇਕੱਲੀਆਂ ਕਹਾਣੀਆਂ ਚੁਣ ਕੇ ਬੜਾ ਗਿਆਨਵਾਨ ਵਿਸ਼ਲੇਸ਼ਣ ਕੀਤਾ ਹੈ।
ਸੁਖਜੀਤ ਪਾਤਰਾਂ ਦੇ ਮਾਨਸਿਕ ਅਤੇ ਭਾਵੁਕ ਜਜ਼ਬਾਤਾਂ ਦਾ ਚਿਤੇਰਾ ਹੈ। ਉੱਤਮ ਪੁਰਖੀ ਜੁਗਤ ਨੂੰ ਬੜੀ ਸੂਖ਼ਮਤਾ ਨਾਲ ਵਰਤਦਾ ਹੈ। ਅਣਕਹੀ ਤਕਨੀਕ ਨਾਲ ਬੜਾ ਕੁਝ ਪਾਠਕਾਂ ਦੀ ਸੋਚ 'ਤੇ ਛੱਡ ਜਾਂਦਾ ਹੈ। ਪਰੰਪਰਾ ਨੂੰ ਤਿਆਗਦਾ ਹੋਇਆ ਨਵੀਂ ਪੀੜ੍ਹੀ ਦੀ ਮੂਹਰਲੀ ਕਤਾਰ ਵਿਚ ਜਾ ਖੜ੍ਹਦਾ ਹੈ। ਤਲਵਿੰਦਰ ਨੂੰ ਪੰਜਾਬ ਦੇ ਕਾਲੇ ਦਿਨਾਂ ਦਾ ਅਹਿਸਾਸ ਹੈ। ਉਹ ਸੁਹਿਰਦ ਅਤੇ ਲੋਕ-ਪੱਖੀ ਕਹਾਣੀਕਾਰ ਹੈ। ਪੰਜਾਬੀ ਕਥਾ ਦਾ ਵਿਲੱਖਣ ਹਸਤਾਖ਼ਰ ਹੋ ਨਿਬੜਿਆ ਹੈ। ਸਰੂਪ ਸਿਆਲਵੀ ਦਾ ਦਲਿਤ ਜੀਵਨ ਨੂੰ ਚਿਤਰਨ ਵਿਚ ਗੌਲਣਯੋਗ ਸਥਾਨ ਹੈ। ਮਨੁੱਖੀ ਅਸਤਿਤਵ ਨੂੰ ਕੇਂਦਰ ਵਿਚ ਰੱਖਦਾ ਹੈ। ਨਿਰਮਲ ਜਸਵਾਲ ਵਿਲੱਖਣ ਦ੍ਰਿਸ਼ਟੀਕੋਣ ਰਾਹੀਂ ਇਕ ਸਿੱਖਿਆ ਪ੍ਰਾਪਤ ਅਤੇ ਸਵੈਨਿਰਭਰ ਔਰਤ ਦੀ ਸੰਵੇਦਨਾ ਨੂੰ ਪੋਸਟ-ਮਾਰਟਮ ਨਜ਼ਰੀਏ ਤੋਂ ਪ੍ਰਸਤੁਤ ਕਰਨ ਵਿਚ ਸਿੱਧ-ਹਸਤ ਹੈ। ਪਰ ਔਰਤ ਦੇ ਰੋਣੇ ਨਹੀਂ ਰੋਂਦੀ। ਹਰਪ੍ਰੀਤ ਸੇਖਾ ਦਾ ਮੁੱਖ ਸਰੋਕਾਰ ਇਮੀਗ੍ਰੇਸ਼ਨ ਦਾ ਮਸਲਾ ਹੈ।
ਡਾ. ਬਲਜਿੰਦਰ ਸਿੰਘ ਦਾ ਇਹ ਖੋਜ ਕਾਰਜ ਉਪਾਧੀ-ਸਾਪੇਖ ਪ੍ਰਤੀਤ ਹੁੰਦਾ ਹੈ ਪਰ ਉਸ ਨੇ ਇਸ ਬਾਰੇ ਕੋਈ ਸੰਕੇਤ ਨਹੀਂ ਕੀਤਾ। ਫੁਟ-ਨੋਟਾਂ ਅਤੇ ਪੁਸਤਕ-ਸੂਚੀ ਤੋਂ ਅਜਿਹਾ ਹੀ ਜਾਪਦਾ ਹੈ। ਇਸ ਪੁਸਤਕ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਖੋਜ ਕਰਤਾ ਦਾ ਨੈਰੇਟਾਲੋਜੀ (ਬਿਰਤਾਂਤ ਸ਼ਾਸਤਰ) 'ਤੇ ਅਬੂਰ ਹਾਸਲ ਹੈ। ਪੁਸਤਕ ਪੜ੍ਹਨਯੋਗ ਅਤੇ ਸੰਭਾਲਣਯੋਗ ਹੈ।


-ਡਾ. ਧਰਮ ਚੰਦ ਵਾਤਿਸ਼
ਈਮੇਲ : vatish.dharamchand@gmail.com


ਲੋਕ ਨਾਇਕ ਭਾਈ ਮਹਾਰਾਜ ਸਿੰਘ ਜੀ
ਲੇਖਕ : ਰਾਜਿੰਦਰ ਸਿੰਘ ਜਾਲੀ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 325 ਰੁਪਏ, ਸਫ਼ੇ : 198
ਸੰਪਰਕ :


ਰਾਜਿੰਦਰ ਸਿੰਘ ਜੌਲੀ (ਜੋ ਖ਼ੁਦ ਨੂੰ ਪੰਜਾਬੀ ਵਿਚ ਰਾਜਿੰਦਰ ਸਿੰਘ ਜਾਲੀ ਲਿਖਦੇ ਹਨ) ਵਿਰਜੀਨੀਆ, ਯੂ.ਐੱਸ.ਏ. ਦੇ ਵਸਨੀਕ ਹਨ। ਉਨ੍ਹਾਂ ਨੇ ਵੱਖ-ਵੱਖ ਵਿਧਾਵਾਂ ਵਿਚ ਸਿੱਖ ਇਤਿਹਾਸ (10), ਗ਼ਜ਼ਲ ਸੰਗ੍ਰਹਿ (7), ਗ਼ਜ਼ਲ ਤੇ ਗੀਤ ਸੰਗ੍ਰਹਿ (1), ਗੀਤ ਸੰਗ੍ਰਹਿ (1), ਕਤਾਅਤ (1), ਲੇਖ ਸੰਗ੍ਰਹਿ (1), ਸਫ਼ਰਨਾਮਾ (3), ਸਵੈਜੀਵਨੀ (1) ਦੀ ਰਚਨਾ ਦੇ ਨਾਲ-ਨਾਲ ਅੰਗਰੇਜ਼ੀ ਵਿਚ ਵੀ ਦੋ ਪੁਸਤਕਾਂ ਲਿਖੀਆਂ ਹਨ। ਅਜੇ ਦੋ ਹੋਰ ਪੁਸਤਕਾਂ ਛਪਾਈ ਅਧੀਨ ਹਨ।
ਸਿੱਖ ਪੰਥ ਨੂੰ ਇਹ ਸਿਹਰਾ ਜਾਂਦਾ ਹੈ ਕਿ ਇਸ ਨੇ ਭਾਰਤ ਵਿਚ ਘੱਟ ਗਿਣਤੀ ਹੋਣ ਦੇ ਬਾਵਜੂਦ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਸਮੀਖਿਆ ਅਧੀਨ ਕਿਤਾਬ ਵਿਚ ਸਿੱਖ ਇਤਿਹਾਸ ਦੇ ਇਕ ਭੁੱਲੇ-ਵਿੱਸਰੇ ਮਹਾਨ ਨਾਇਕ ਭਾਈ ਮਹਾਰਾਜ ਸਿੰਘ ਦੇ ਜੀਵਨ, ਸ਼ਖ਼ਸੀਅਤ ਅਤੇ ਸ਼ਹਾਦਤ ਦਾ ਵਿਸਤ੍ਰਿਤ ਮੁੱਲਾਂਕਣ ਕੀਤਾ ਗਿਆ ਹੈ। ਸ. ਜੌਲੀ ਨੇ 7 ਕਾਂਡਾਂ ਵਿਚ ਸਿੱਖ ਰਾਜ ਦਾ ਪਿਛੋਕੜ ਉਲੀਕਦਿਆਂ ਵਾਪਰੀਆਂ ਘਟਨਾਵਾਂ ਦੇ ਪ੍ਰਸੰਗ ਵਿਚ ਭਾਈ ਮਹਾਰਾਜ ਸਿੰਘ ਦੇ ਜੀਵਨ ਸੰਘਰਸ਼ ਨੂੰ ਰੇਖਾਂਕਿਤ ਕੀਤਾ ਹੈ। ਬਚਪਨ ਦੇ ਨਾਂ ਨਿਹਾਲ ਸਿੰਘ ਤੋਂ ਅੰਮ੍ਰਿਤ ਛਕਣ ਪਿੱਛੋਂ ਭਗਵਾਨ ਸਿੰਘ ਬਣੇ ਤੇ ਬਾਬਾ ਬੀਰ ਸਿੰਘ ਦੇ ਡੇਰੇ ਵਿਚ ਹਰ ਆਏ ਗਏ ਨੂੰ 'ਮਹਾਰਾਜ' ਕਹਿਣ ਕਰਕੇ ਉਨ੍ਹਾਂ ਨੂੰ 'ਭਾਈ ਮਹਾਰਾਜ ਸਿੰਘ' ਵਜੋਂ ਜਾਣਿਆ ਜਾਣ ਲੱਗਾ। ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਦਾ ਸਭ ਤੋਂ ਪਹਿਲਾਂ (1847 ਵਿਚ) ਝੰਡਾ ਬੁਲੰਦ ਕਰਨ ਵਾਲੇ ਭਾਈ ਮਹਾਰਾਜ ਸਿੰਘ ਹੀ ਸਨ। ਆਪਣੀ ਹਕੂਮਤ ਲਈ ਖ਼ਤਰਨਾਕ ਸਮਝਦਿਆਂ ਅੰਗਰੇਜ਼ਾਂ ਨੇ ਉਨ੍ਹਾਂ ਨੂੰ 1849 ਵਿਚ ਗ੍ਰਿਫ਼ਤਾਰ ਕਰਕੇ ਸਿੰਗਾਪੁਰ ਜਲਾਵਤਨ ਕਰ ਦਿੱਤਾ ਤੇ ਉੱਥੇ ਹੀ ਅਣਮਨੁੱਖੀ ਤਸੀਹੇ ਸਹਿੰਦਿਆਂ ਭਾਈ ਸਾਹਿਬ 5 ਜੁਲਾਈ 1856 ਨੂੰ ਦਮ ਤੋੜ ਗਏ। ਹੁਣ ਉੱਥੇ ਉਨ੍ਹਾਂ ਦੀ ਯਾਦਗਾਰ ਸਥਾਪਤ ਹੈ ਤੇ ਉਨ੍ਹਾਂ ਦੀ 150ਵੀਂ ਬਰਸੀ ਤੇ ਯਾਦਗਾਰੀ ਚੀਜ਼ਾਂ ਦੀ ਪ੍ਰਦਰਸ਼ਨੀ ਲਾਈ ਗਈ ਸੀ। ਸ. ਜੌਲੀ ਨੇ ਇਸ ਮਹਾਂਨਾਇਕ ਦੇ ਜੀਵਨ ਨਾਲ ਸੰਬੰਧਿਤ ਬੜੀ ਮਿਹਨਤ ਤੇ ਖੋਜ ਪਿੱਛੋਂ ਪੁਸਤਕ ਦੀ ਰਚਨਾ ਕਰਕੇ ਸੇਵਾ ਅਤੇ ਪੁੰਨ ਦਾ ਕਾਰਜ ਕੀਤਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ, ਖੋਜੀਆਂ ਤੇ ਜਗਿਆਸੂਆਂ ਲਈ ਪਥ-ਪ੍ਰਦਰਸ਼ਕ ਸਾਬਤ ਹੋਵੇਗੀ, ਅਜਿਹਾ ਮੇਰਾ ਵਿਸ਼ਵਾਸ ਹੈ!


-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
c c c


ਹਾਰਿ ਗਏ ਸਿ ਠਗਣ ਵਾਲਿਆ
ਲੇਖਕ : ਨਗੀਨਾ ਸਿੰਘ ਬਲੱਗਣ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 99
ਸੰਪਰਕ : 62834-69799


ਲੇਖਾਂ ਅਤੇ ਕਵਿਤਾਵਾਂ ਨਾਲ ਸ਼ਿੰਗਾਰੀ ਇਹ ਪੁਸਤਕ ਸਾਰਥਕ ਅਤੇ ਰੂਹਾਨੀ ਜੀਵਨ ਜਾਚ ਦੀ ਪ੍ਰੇਰਨਾ ਦਿੰਦੀ ਹੈ। ਇਨ੍ਹਾਂ ਦੇ ਵਿਸ਼ੇ ਇਤਿਹਾਸਕ, ਸਮਾਜਿਕ, ਸਦਾਚਾਰਕ ਅਤੇ ਧਾਰਮਿਕ ਹਨ। ਇਨ੍ਹਾਂ ਵਿਚ ਸਾਡੀਆਂ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਵਿਚ ਆਈ ਹੋਈ ਗਿਰਾਵਟ ਦਾ ਜ਼ਿਕਰ ਹੈ। ਠੱਗ ਬਿਰਤੀ ਵਾਲੇ ਲੋਕਾਂ ਦੇ ਪਾਜ ਖੋਲ੍ਹੇ ਗਏ ਹਨ। ਉੱਚਾ-ਸੁੱਚਾ ਜੀਵਨ ਜਿਊਣ ਅਤੇ ਆਪਣੇ ਵਿਰਸੇ ਨਾਲ ਜੋੜਨ ਦਾ ਸ਼ੁਭ ਯਤਨ ਹੈ। ਦਿਲ ਦੀਆਂ ਹੂਕਾਂ ਰਾਹੀਂ ਬਿਰਤਾਂਤ ਸਿਰਜੇ ਗਏ ਹਨ। ਆਪਣੀ ਲਗਨ, ਮਿਹਨਤ ਅਤੇ ਰੱਬੀ ਵਿਸ਼ਵਾਸ ਨਾਲ ਲੇਖਕ ਨੇ ਆਪਣੇ ਅੰਦਰ ਚਾਨਣ ਦੇ ਫੁੱਲ ਖਿੜਾਏ ਹਨ ਅਤੇ ਉਨ੍ਹਾਂ ਦੀ ਲੋਅ ਵੰਡੀ ਹੈ। ਕਿਤੇ-ਕਿਤੇ ਕਵਿਤਾਵਾਂ ਅਤੇ ਸ਼ੇਅਰਾਂ ਦੀ ਸਜਾਵਟ ਹੈ, ਜਿਵੇਂ :-
ਅੰਦਰੋਂ ਮੈਂ ਫੁੱਲ ਮੰਗਿਆ,
ਮੈਨੂੰ ਉਸ ਦਾ ਜਵਾਬ ਇੰਝ ਆ ਗਿਆ।
ਕੰਡਿਆਂ ਦਾ ਬੁੱਕ ਭਰ ਕੇ, ਮੇਰੀ ਝੋਲੀ ਵਿਚ ਪਤਾ ਨਹੀਂ ਕੌਣ ਪਾ ਗਿਆ।
-ਕਿਸੇ ਰੁੱਤੇ ਇਹ ਚਾਨਣ ਦਾ ਫੁੱਲ ਮੋਇਆ ਹੈ
ਕੰਡਿਆਂ ਦੇ ਗਲ਼ ਲੱਗ ਕੇ ਮੌਸਮ ਰੋਇਆ ਹੈ।
-ਨਗੀਨਿਆ ਤੂੰ ਬਣ ਜਾ ਪੰਛੀ,
ਆਤਮਾ ਦਾ ਸੁਖ ਪਾਣਾ
ਜਿਸ ਰੁੱਖ ਹੇਠਾਂ ਬੈਠਾ ਨਾਨਕ,
ਉਸ ਉੱਪਰ ਕਰੀਂ ਟਿਕਾਣਾ।
-ਦਿਲਾਂ ਦਾ ਵਿਛੋੜਾ
ਹੁਣ ਸਹਿਣ ਨਹੀਂ ਹੋਣਾ
ਸਾਵਣ ਆਏ ਫਿਰ
ਕਿਉਂ ਸਾਵਣ ਸਤਾਏ।
ਇਸ ਪੁਸਤਕ ਵਿਚ ਗੁਰਬਾਣੀ ਅਨੁਸਾਰ ਜੀਵਨ ਜਿਊਣ ਦਾ ਸੰਦੇਸ਼ ਦਿੱਤਾ ਗਿਆ ਹੈ। ਝੂਠ, ਕਪਟ, ਪਖੰਡ ਅਤੇ ਬਨਾਉਟੀ ਜੀਵਨ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਸਤਕ ਦੀ ਸ਼ੈਲੀ ਵਿਚ ਸਾਦਗੀ ਅਤੇ ਰਵਾਨੀ ਹੈ। ਨਿੱਕੇ-ਨਿੱਕੇ ਵਾਕਾਂ ਰਾਹੀਂ ਵੱਡੀਆਂ ਸਚਾਈਆਂ ਬਿਆਨ ਕੀਤੀਆਂ ਗਈਆਂ ਹਨ। ਇਹ ਪੁਸਤਕ ਸਾਡੀ ਚੇਤਨਾ ਅਤੇ ਚਿੰਤਨ ਨੂੰ ਟੁੰਬਦੀ ਹੈ। ਇਸ ਦਾ ਭਰਪੂਰ ਸੁਆਗਤ ਹੈ।


-ਡਾ. ਸਰਬਜੀਤ ਕੌਰ ਸੰਧਾਵਾਲੀਆ


ਬਾਗ਼ੀ ਹੋਈ ਪੌਣ
ਲੇਖਕ : ਮਹਿੰਦਰਪਾਲ ਸਿੰਘ ਧਾਲੀਵਾਲ
ਪ੍ਰਕਾਸ਼ਕ : ਪੀਪਲਜ਼ ਫੋਰਮ (ਰਜਿ:), ਬਰਗਾੜੀ, ਫਰੀਦਕੋਟ
ਮੁੱਲ 250 ਰੁਪਏ, ਸਫੇ 288
ਸੰਪਰਕ : 98729-89313


'ਬਾਗੀ ਹੋਈ ਪੌਣ' ਨਾਵਲ ਮਹਿੰਦਰਪਾਲ ਸਿੰਘ ਧਾਲੀਵਾਲ ਦਾ ਲਿਖਿਆ ਹੋਇਆ ਹੈ, ਜਿਸ ਨੂੰ ਉਨ੍ਹਾਂ ਨੇ ਕੁੱਲ 47 ਕਾਂਡਾਂ ਵਿਚ ਤਕਸੀਮ ਕੀਤਾ ਹੈ। ਮਹਿੰਦਰਪਾਲ ਸਿੰਘ ਧਾਲੀਵਾਲ ਇੰਗਲੈਂਡ ਨਿਵਾਸੀ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਅਨੇਕਾਂ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। 'ਮਿੱਟੀ ਦਾ ਮੋਹ' ਨਾਵਲ ਉਨ੍ਹਾਂ ਦੀ ਨਾਵਲਕਾਰੀ ਦਾ ਅਧਾਰ ਬਣਦਾ ਹੈ, ਮਹਿੰਦਰਪਾਲ ਦੇ ਸਾਰੇ ਨਾਵਲਾਂ ਵਿਚ ਹੀ ਬਹੁਪਰਤੀ, ਬਹੁਵਿਧਾਵੀ ਵਿਸ਼ੇ ਲਏ ਗਏ ਹਨ। ਜ਼ਿੰਦਗੀ ਤੇ ਸਾਹਿਤ ਧਾਲੀਵਾਲ ਲਈ ਇੱਕੋ ਜਿਹੇ ਅੰਤਰ ਸੰਬੰਧਿਤ ਮਾਨਵੀ ਵਰਤਾਰੇ ਹਨ, ਜਿਨ੍ਹਾਂ ਦੀ ਪੇਸ਼ਕਾਰੀ ਉਹ ਬੜੀ ਰੀਝ ਨਾਲ ਕਰਦੇ ਹਨ ਤੇ ਆਪਣੇ ਜੀਵਨ ਅਨੁਭਵ ਨੂੰ ਆਧਾਰ ਬਣਾਉਂਦੇ ਹਨ। ਪਰ ਹੱਥਲਾ ਨਾਵਲ ਇਤਿਹਾਸਕ ਨਾਵਲ ਹੈ ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਕਾਲ ਤੋਂ ਲੈ ਕੇ ਰਣਜੀਤ ਸਿੰਘ ਦੇ ਰਾਜਕਾਲ ਤੇ ਉਸ ਦੀ ਮੌਤ ਤੱਕ ਦੇ ਇਤਿਹਾਸ ਨੂੰ ਸਮੋਇਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਇਕ ਇਤਿਹਾਸਕ ਨਾਵਲ 'ਸੋਫੀਆ' ਹੈ ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਉਸ ਦੇ ਆਖਰੀ ਬੇਟੇ ਵਾਰਸ ਦਲੀਪ ਸਿੰਘ ਤੇ ਉਸ ਦੇ ਪਰਿਵਾਰ ਨਾਲ ਸੰਬੰਧਿਤ ਦੁਸ਼ਵਾਰੀਆਂ ਦਾ ਬਿਰਤਾਂਤ ਸਿਰਜਿਆ ਗਿਆ ਹੈ ਅਤੇ ਨਾਵਲ ਵਿਚ ਸਿੱਖ ਰਾਜ ਦੇ ਸਮਾਜਿਕ ਹਾਲਾਤ ਦੇ ਯਥਾਰਥ ਨੂੰ ਚਿੱਤਰਿਆ ਗਿਆ ਹੈ। ਸਮੁੱਚੇ ਨਾਵਲ ਵਿਚ ਮੈਟਕਾਫ ਦੀ ਮਹਾਰਾਜ ਨਾਲ ਮਿਲਣੀ ਦੀ ਪੇਸ਼ਕਾਰੀ ਬਾਖੂਬੀ ਕੀਤੀ ਗਈ ਹੈ। ਜਿਵੇਂ:
'ਮੈਂ ਮਹਾਰਾਜੇ ਨੂੰ ਕਸੂਰ ਵਿਚ ਮਿਲਣ ਆਉਣਾ ਚਾਹੁੰਦਾ ਹਾਂ'। ਮੈਟਕਾਫ ਨੇ ਆਪਣੀ ਚਾਲ ਚੱਲੀ।
'ਜ਼ਰੂਰ ਆਓ। ਮਹਾਰਾਜ ਤੁਹਾਨੂੰ ਮਿਲ ਕੇ ਖੁਸ਼ ਹੋਣਗੇ'। ਅਜੀਜ਼ੂਦੀਨ ਨੇ ਮਿੱਠੀ ਭਾਸ਼ਾ 'ਚ ਕਿਹਾ। ਕਸੂਰ ਵਿਚ ਮੈਟਕਾਫ ਦਾ ਸਵਾਗਤ ਕੀਤਾ ਗਿਆ। ਮੈਟਕਾਫ ਨੂੰ ਇਹ ਗੱਲ ਚੰਗੀ ਨਾ ਲੱਗੀ, ਪਰ ਮਹਾਰਾਜੇ ਨੂੰ ਮਿਲ ਕੇ ਉਸ 'ਤੇ ਚੰਗਾ ਪ੍ਰਭਾਵ ਪਿਆ।'
'ਬਾਗ਼ੀ ਹੋਈ ਪੌਣ' ਨਾਵਲ ਵਿਚ ਨਾਵਲਕਾਰ ਨੇ ਅੰਗਰੇਜ਼ਾਂ ਅਤੇ ਮਹਾਰਾਜਿਆਂ ਦੇ ਜ਼ਿੰਦਗੀ ਦੇ ਬਿਰਤਾਂਤ ਦੀ ਤਰਜ਼ਮਾਨੀ ਕੀਤੀ ਹੈ। ਇਸ ਇਤਿਹਾਸਕ ਨਾਵਲ ਲਿਖਣ ਲਈ ਲੇਖਕ ਨੂੰ ਮੁਬਾਰਕਬਾਦ।


-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161


ਸੋਚੋ ਤੇ ਅਮੀਰ ਬਣੋ
ਲੇਖਕ : ਨੈਪੋਲੀਅਨ ਹਿੱਲ
ਪੰਜਾਬੀ ਅਨੁ: ਅਨੂ ਸ਼ਰਮਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 264
ਸੰਪਰਕ : 01679-233244


'ਸੋਚੋ ਤੇ ਅਮੀਰ ਬਣੋ' ਨੈਪੋਲੀਅਨ ਹਿੱਲ ਵਲੋਂ ਲਿਖੀ ਵਿਸ਼ਵ ਪ੍ਰਸਿੱਧ ਪੁਸਤਕ ਦਾ ਪੰਜਾਬੀ ਅਨੁਵਾਦ ਹੈ। ਇਹ ਅਨੁਵਾਦ ਅਨੂ ਸ਼ਰਮਾ ਨੇ ਇਸ ਸੁਚੱਜਤਾ ਨਾਲ ਕੀਤਾ ਹੈ ਕਿ ਪਾਠ ਕਰਦਿਆਂ ਇੰਜ ਮਹਿਸੂਸ ਹੁੰਦਾ ਹੈ ਕਿ ਮੌਖਿਕ ਪੁਸਤਕ ਪੜ੍ਹੀ ਜਾ ਰਹੀ ਹੋਵੇ। ਲੇਖਕ ਦੇ ਕਥਨ ਅਨੁਸਾਰ ਇਸ ਪੁਸਤਕ ਦੇ ਹਰ ਅਧਿਆਇ ਵਿਚ ਪੈਸਾ ਕਮਾਉਣ ਦਾ ਉਹ ਭੇਦ ਦੱਸਿਆ ਗਿਆ ਹੈ, ਜਿਸ ਨੇ ਦੌਲਤਮੰਦ ਬਣਨ 'ਚ ਸੈਂਕੜੇ ਲੋਕਾਂ ਦੀ ਮਦਦ ਕੀਤੀ ਹੈ। ਉਸ ਦਾ ਮੰਨਣਾ ਹੈ ਕਿ ਸਾਰੀਆਂ ਉਪਲਬੱਧੀਆਂ, ਸਾਰੀ ਕੀਤੀ ਹੋਈ ਕਮਾਈ ਦੀ ਸ਼ੁਰੂਆਤ ਇਕ ਵਿਚਾਰ ਨਾਲ ਹੁੰਦੀ ਹੈ, ਜਿਹੜਾ ਲਗਭਗ ਸਾਡੇ ਸਾਰਿਆਂ ਕੋਲ ਹੁੰਦਾ ਹੈ। ਲੇਖਕ ਵਲੋਂ 15 ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਮਨੁੱਖ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ ਅਰਥਾਤ ਆਪਣੇ ਵਿਚਾਰਾਂ ਨੂੰ ਅਮਲੀ ਰੂਪ ਦਿੱਤਾ ਜਾ ਸਕਦਾ ਹੈ, ਜਿਹੜਾ ਕਿ ਕਮਾਈ ਦਾ ਵਸੀਲਾ ਬਣਦਾ ਹੈ। ਸਫਲਤਾ ਦਾ ਆਰੰਭ ਵਿਚਾਰ ਨਾਲ ਹੁੰਦਾ ਹੈ ਕਿਉਂਕਿ ਵਿਚਾਰ ਹੀ ਵਸਤੂ ਹੈ ਅਤੇ ਬਹੁਤ ਸ਼ਕਤੀਸ਼ਾਲੀ ਵਸਤੂ ਹੈ। ਉਸ ਦਾ ਅਗਲਾ ਪੜਾਅ ਇਸ ਵਿਚਾਰ ਨੂੰ ਅਮਲੀ ਰੂਪ ਦੇਣ ਦੀ ਇੱਛਾ ਹੈ। ਇੱਛਾ ਸ਼ਕਤੀ ਨਾਲ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਪੌੜੀ ਦਾ ਅਗਲਾ ਡੰਡਾ ਆਸਥਾ ਹੈ ਭਾਵ ਆਪਣੀ ਇੱਛਾ ਦੀ ਪ੍ਰਾਪਤੀ ਦਾ ਵਿਸ਼ਵਾਸ ਅਤੇ ਸਪੱਸ਼ਟ ਚਿਤਰ। ਮੰਜ਼ਿਲ 'ਤੇ ਪੁੱਜਣ ਦਾ ਰਸਤਾ ਲੱਭਣ ਵਿਚ ਆਾਸਥਾ ਅਤੇ ਆਤਮ ਸੁਝਾਅ ਅਹਿਮ ਹਨ। ਇਕਾਗਰ ਮਨ ਨਾਲ ਆਪਣੇ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਸੋਚਿਆਂ ਵਿਸ਼ੇਸ਼ ਗਿਆਨ ਪ੍ਰਾਪਤ ਹੋ ਜਾਂਦਾ ਹੈ। ਵਿਅਕਤੀਗਤ ਅਨੁਭਵ ਜਾਂ ਵਿਚਾਰ ਅਮੀਰੀ ਦੀ ਦਿਸ਼ਾ ਵਿਚ ਚੌਥਾ ਕਦਮ ਹੈ। ਹਰ ਮੁਸ਼ਕਿਲ, ਹਰ ਅਸਫਲਤਾ, ਹਰ ਦੁੱਖ ਵਿਚ ਇਸ ਦੇ ਬਰਾਬਰ ਜਾਂ ਇਸ ਤੋਂ ਵੱਡੇ ਲਾਭ ਦਾ ਬੀਜ ਛੁਪਿਆ ਹੁੰਦਾ ਹੈ। ਇਸੇ ਕਲਪਨਾ ਨੂੰ ਦਿਮਾਗ ਦੀ ਵਰਕਸ਼ਾਪ ਆਖਿਆ ਜਾ ਸਕਦਾ ਹੈ। ਇਨਸਾਨ ਜਿਸ ਚੀਜ਼ ਦੀ ਕਲਪਨਾ ਕਰ ਸਕਦਾ ਹੈ, ਉਹ ਉਸ ਦੀ ਰਚਨਾ ਵੀ ਕਰ ਸਕਦਾ ਹੈ। ਕਲਪਨਾ ਤੋਂ ਅਗਲਾ ਕਦਮ ਇਸ ਨੂੰ ਸਾਕਾਰ ਕਰਨਾ ਹੈ ਅਤੇ ਵਿਵਸਥਿਤ ਯੋਜਨਾ ਉਲੀਕਣਾ ਹੈ। ਸੱਤਵਾਂ ਕਦਮ ਫ਼ੈਸਲਾ ਕਰਨਾ ਹੈ, ਫ਼ੈਸਲੇ ਲੈਣ ਦੀ ਘਾਟ ਅਸਫਲਤਾ ਦਾ ਇਕ ਕਾਰਨ ਹੈ। ਟਾਲਮਟੋਲ ਦੀ ਆਦਤ ਇਕ ਤਰ੍ਹਾਂ ਨਾਲ ਮਨੁੱਖ ਦੀ ਦੁਸ਼ਮਣ ਹੈ, ਜਿਸ ਨੂੰ ਜਿੱਤਣਾ ਜ਼ਰੂਰੀ ਹੈ। ਫ਼ੈਸਲੇ ਨੂੰ ਲਾਗੂ ਕਰਨ ਲਈ ਲਗਨ ਨਾਲ ਯਤਨ ਅਮੀਰੀ ਦੀ ਦਿਸ਼ਾ ਵਿਚ ਅੱਠਵਾਂ ਕਦਮ ਹੈ। ਅਗਲਾ ਕਦਮ ਪ੍ਰੇਰਕ ਸ਼ਕਤੀ ਹੈ। ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਉਸ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਸੈਕਸ ਸ਼ਕਤੀ ਦੀ ਵਰਤੋਂ ਅਮੀਰੀ ਦੀ ਦਿਸ਼ਾ ਵਿਚ ਦਸਵਾਂ ਕਦਮਾਂ ਹੈ। ਅਵਚੇਤਨ ਦਿਮਾਗ ਜੋੜਨ ਵਾਲਾ ਸੂਤਰ ਅਮੀਰੀ ਦੀ ਦਿਸ਼ਾ ਵਿਚ ਗਿਆਰਵਾਂ ਕਦਮ ਦੱਸਿਆ ਗਿਆ ਹੈ। ਇਕ ਨਿਸ਼ਚਿਤ ਯੋਜਨਾ ਅਤੇ ਦੌਲਤ ਦੀ ਧੜਕਦੀ ਪ੍ਰਬਲ ਇੱਛਾ ਹੀ ਦੌਲਤ ਕਮਾਉਣ ਦਾ ਭਰੋਸੇਯੋਗ ਸਾਧਨ ਹੈ। ਇਸ ਪਿੱਛੋਂ ਦਿਮਾਗ ਜਿਹੜਾ ਕਿ ਵਿਚਾਰਾਂ ਦਾ ਬ੍ਰਾਡਕਾਸਟਿੰਗ ਅਤੇ ਰਿਸੀਵਿੰਗ ਸਟੇਸ਼ਨ ਹੈ, 12ਵਾਂ ਕਦਮ ਹੈ। ਲੇਖਕ ਦਾ ਮੰਨਣਾ ਹੈ ਕਿ ਸਫਲਤਾ ਦੀ ਪੌੜੀ 'ਤੇ ਉੱਪਰ ਵੱਲ ਕਦੇ ਭੀੜ ਨਹੀਂ ਹੁੰਦੀ। ਬੁੱਧੀਮਾਨੀ ਦੇ ਮੰਦਰ ਦਾ ਦਰਵਾਜ਼ਾ ਲੇਖਕ ਵਲੋਂ ਅਮੀਰੀ ਦੀ ਦਿਸ਼ਾ ਵੱਲ ਤੇਰ੍ਹਵਾਂ ਕਦਮ ਆਖਿਆ ਗਿਆ ਹੈ। ਅਖੀਰ ਵਿਚ ਡਰ ਨੂੰ ਅਗਲਾ ਕਦਮ ਮੰਨਿਆ ਗਿਆ ਹੈ। ਲੇਖਕ ਛੇ ਕਿਸਮ ਦੇ ਡਰ ਲਿਖਦਾ ਹੈ, ਗ਼ਰੀਬੀ ਦਾ ਡਰ, ਆਲੋਚਨਾ ਦਾ ਡਰ, ਬੁਰੀ ਸਿਹਤ ਦਾ ਡਰ, ਪਿਆਰ ਦੇ ਵਿਛੋੜੇ ਦਾ ਡਰ, ਬੁਢਾਪੇ ਦਾ ਡਰ ਅਤੇ ਮੌਤ ਦਾ ਡਰ। ਇਸ ਪੁਸਤਕ ਵਿਚ ਲੇਖਕ ਨੇ ਆਪਣੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਿਆਂ ਅਮਰੀਕਾ ਵਿਚ ਸਫਲ ਹੋਏ ਕਾਰੋਬਾਰੀਆਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਹਨ, ਤਾਂ ਜੋ ਪਾਠਕ ਦਿੱਤੇ ਸੁਝਾਵਾਂ ਨੂੰ ਐਵੇਂ ਕਲਪਨਾ ਨਾ ਸਮਝੇ। ਜੀਵਨ ਵਿਚ ਸਫਲਤਾ ਵਿਸ਼ੇਸ਼ ਕਰਕੇ ਕਾਰੋਬਾਰ ਵਿਚ ਸਫਲਤਾ ਲਈ ਇਸ ਪੁਸਤਕ ਦਾ ਪਾਠ ਸਹਾਈ ਹੋ ਸਕਦਾ ਹੈ, ਕਿਉਂਕਿ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜਿਹੜਾ ਅਮੀਰ ਨਾ ਬਣਨਾ ਚਾਹੁੰਦਾ ਹੋਵੇ।


-ਡਾ. ਰਣਜੀਤ ਸਿੰਘ
ਮੋਬਾਈਲ : 94170-87328


ਤੇ ਦਿਲ ਫਿਰ ਉਦਾਸ ਹੋ ਗਿਆ
ਲੇਖਕ : ਜਸਵਿੰਦਰ ਸਿੰਘ ਛਿੰਦਾ
ਪ੍ਰਕਾਸ਼ਕ : ਸ਼ਬਦ ਅਦਬ ਪ੍ਰਕਾਸ਼ਨ, ਜਗਰਾਉਂ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 98721-93320


''ਤੇ ਦਿਲ ਫਿਰ ਉਦਾਸ ਹੋ ਗਿਆ'' ਕਹਾਣੀ-ਸੰਗ੍ਰਹਿ ਜਸਵਿੰਦਰ ਸਿੰਘ ਛਿੰਦਾ ਦੀ ਪਲੇਠੀ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਨੇ ਇਕ ਜੀਵਨੀ ਅਤੇ 'ਇਕ 'ਹਵਾਲਾਤ' ਨਾਵਲ ਵੀ ਲਿਖਿਆ ਹੈ। ਸਮੁੱਚੀ ਪੁਸਤਕ ਵਿਚ ਉਸ ਨੇ 14 ਕਹਾਣੀਆਂ ਲਿਖੀਆਂ ਹਨ ਜਿਨ੍ਹਾਂ ਵਿਚ ਸਮਾਜਿਕ ਤਾਣੇੇ-ਬਾਣੇ ਨੂੰ ਹੀ ਉਭਾਰਿਆ ਗਿਆ ਹੈ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਹੁੰਦਾ ਦਿਖਾਇਆ ਗਿਆ ਹੈ। ਉਸ ਨੇ ਆਪਣੇ ਕਹਾਣੀ 'ਸਾਲਕੁ ਮਿਤੁ ਨ ਰਹਿਓ ਕੋਈ' ਵਿਚ ਬੇਪਰਤੀਤੀ ਅਤੇ ਬੇਭਰੋਸਗੀ ਜਿਹੀਆਂ ਸਮੱਸਿਆਵਾਂ ਦੀ ਪੇਸ਼ਕਾਰੀ ਕੀਤੀ ਹੈ। ਅਗਲੀ ਕਹਾਣੀ 'ਸਬੱਬੀ ਮੇਲਾ' ਵਿਚ ਇਕ ਗ਼ਰੀਬ ਕਿਸਾਨ ਦੀ ਕਥਾ ਹੈ। 'ਟਾਈਟਲ' ਕਹਾਣੀ 'ਤੇ ਦਿਲ ਫਿਰ ਉਦਾਸ ਹੋ ਗਿਆ' ਵਿਚ ਇਕ ਪ੍ਰੇਮ ਦੀ ਕਹਾਣੀ ਹੈ, ਪ੍ਰੇਮ ਸਫ਼ਲ ਵੀ ਹੁੰਦਾ ਹੈ ਅਤੇ ਅਸਫ਼ਲ ਵੀ, ਪਰ ਪਿਆਰ ਨੂੰ ਸਮਾਜਿਕ ਗ੍ਰਹਿਣ ਲੱਗ ਜਾਂਦਾ ਹੈ ਤਾਂ ਅਕਸਰ ਦੁਖਾਂਤਕ ਸਥਿਤੀ ਵਾਪਰਦੀ ਹੈ। ਇਸ ਤਰ੍ਹਾਂ ਸਾਰੀਆਂ ਕਹਾਣੀਆਂ ਵਿਚ ਹੀ ਮਨੁੱਖ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਦਿਖਾਇਆ ਗਿਆ ਹੈ ਜਿਸ ਵਿਚ ਪਾਤਰਾਂ ਦੀ ਮਾਨਸਿਕਤਾ ਦੀ ਡੂੰਘਾਈ ਦਾ ਯਥਾਰਥ ਸਿਰਜਿਆ ਗਿਆ ਹੈ। ਇਸ ਪੁਸਤਕ ਦੀਆਂ ਹੋਰ ਕਹਾਣੀਆਂ ਜਿਵੇਂ 'ਇਕ ਕੁੜੀ ਵਿਚਾਰੀ', 'ਜੱਟ ਤੇ ਜ਼ਮੀਨ', 'ਬਾਬੁਲ ਦਾ ਵਿਹੜਾ', 'ਭਾਂਬੜ', 'ਵੀਰ ਚੱਕਰ' ਵਿਚ ਕਹਾਣੀਕਾਰ ਨੇ ਬੁੱਧੀ ਅਤੇ ਸਮਝ ਨਾਲ ਸਮਾਜ ਦੇ ਸੁਹਜ ਤੇ ਕੁਹਜ ਨੂੰ ਅਤੇ ਜੀਵਨ ਦੀ ਵੰਨ-ਸੁਵੰਨਤਾ ਨੂੰ ਸੂਖਮ ਤੇ ਕਲਾਮਈ ਮਨੋਵਿਗਿਆਨਕ ਵਿਧੀਆਂ ਵਰਤ ਤੇ ਸਮਾਜਿਕ ਮਸਲਿਆਂ ਨੂੰ ਉਭਾਰਿਆ ਹੈ। ਸਮੁੱਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਛਿੰਦੇ ਨੇ ਅਪਣੀਆਂ ਕਹਾਣੀਆਂ ਵਿਚ ਸਮਾਜਿਕ ਅਤੇ ਆਰਥਿਕ ਗਲਪੀ ਯਥਾਰਥ ਸਿਰਜਿਆ ਹੈ ਜਿਸ ਵਿਚ ਪਿਆਰ ਸਾਂਝ ਅਤੇ ਅਪਣੱਤ ਵਰਗੀਆਂ ਕਦਰਾਂ ਕੀਮਤਾਂ ਦਾ ਭੋਗ ਪੈ ਚੁੱਕਿਆ ਹੈ। ਕਹਾਣੀਕਾਰ ਜਸਵਿੰਦਰ ਛਿੰਦਾ ਦੀ ਕੋਈ ਕਥਾ ਬੋਰ ਨਹੀਂ ਕਰਦੀ ਸਗੋਂ ਉਸ ਦੀ ਪੇਸ਼ਕਾਰੀ ਦਾ ਅੰਦਾਜ਼, ਪਾਠਕ ਨੂੰ ਪ੍ਰਭਾਵਿਤ ਕਰਦਾ ਹੈ।ਕਹਾਣੀਕਾਰ ਨੇ ਆਪਣੀ ਸੂਝ ਅਨੁਸਾਰ ਪ੍ਰਭਾਵਸ਼ਾਲੀ ਬੋਲੀ-ਸ਼ੈਲੀ ਅਤੇ ਵਾਕਾਂ ਵਿਚ ਅਖੌਤਾਂ ਅਤੇ ਮੁਹਾਵਰਿਆਂ ਦੀ ਵਰਤੋਂ ਕਰਕੇ ਆਪਣੇ ਕਹਾਣੀ-ਸੰਗ੍ਰਹਿ ਨੂੰ ਸ਼ਿੰਗਾਰਿਆ ਹੈ। ਪੁਸਤਕ ਪੜ੍ਹਣਯੋਗ ਹੈ। ਲੇਖਕ ਵਧਾਈ ਦਾ ਪਾਤਰ ਹੈ।


-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161


ਜੀਵਨ ਸੰਘਰਸ਼
(ਸੰਤ ਸੁਰਿੰਦਰ ਦਾਸ ਜੀ ਕਠਾਰ)
ਲੇਖਕ : ਮਲਕੀਤ ਸਿੰਘ ਚੱਕੋਵਾਲ ਸ਼ੇਖਾਂ
ਪ੍ਰਕਾਸ਼ਕ : ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਚੱਕੋਵਾਲ ਸ਼ੇਖਾਂ, ਹੁਸ਼ਿਆਰਪੁਰ
ਮੁੱਲ : 140 ਰੁਪਏ, ਸਫ਼ੇ : 116


ਲੇਖਕ ਨੇ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਦੇ ਜੀਵਨ ਸੰਘਰਸ਼ ਬਾਰੇ ਪੁਸਤਕ ਰਚ ਕੇ ਬਹੁਤ ਹੀ ਨੇਕ ਕਾਰਜ ਕਰਨ ਦਾ ਬੀੜਾ ਚੁੱਕਿਆ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਦੁਆਬੇ 'ਚ ਸੰਤ ਸਰਵਨ ਦਾਸ ਚੈਰੀਟੇਬਲ ਟਰੱਸਟ ਸੱਚਖੰਡ ਬੱਲਾਂ ਦਾ ਬੜਾ ਮਸ਼ਹੂਰ ਡੇਰਾ ਹੈ। ਦੇਸ਼-ਵਿਦੇਸ਼ ਦੀਆਂ ਸੰਗਤਾਂ ਇਸ ਡੇਰੇ ਨਾਲ ਜੁੜੀਆਂ ਹੋਈਆਂ ਹਨ। ਡੇਰੇ ਦੇ ਦੂਸਰੇ ਗੱਦੀਨਸ਼ੀਨ ਸੰਤ ਹਰੀ ਦਾਸ ਦੇ ਸੇਵਕ ਸੰਤ ਸੁਰਿੰਦਰ ਦਾਸ ਜੋ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਜਾਂਦਿਆਂ ਪਿੰਡ ਕਠਾਰ ਦੇ ਡੇਰੇ ਦੇ ਗੱਦੀਨਸ਼ੀਨ ਥਾਪੇ ਗਏ ਸਨ, ਜੋ ਕੋਰੋਨਾ ਕਾਲ 'ਚ ਸੰਗਤਾਂ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਸੰਤਾਂ ਨੇ ਡੇਰੇ ਦੀ ਮਰਿਆਦਾ ਤੇ ਆਨ-ਬਾਨ-ਸ਼ਾਨ ਲਈ ਰੱਜ ਕੇ ਸੰਘਰਸ਼ ਕੀਤਾ ਜਿਸ ਬਾਰੇ ਮਲਕੀਤ ਸਿੰਘ ਨੇ ਬੜੀ ਬੇਬਾਕੀ ਨਾਲ ਪੁਸਤਕ 'ਚ ਵਰਣਨ ਕੀਤਾ ਹੈ। ਲੇਖਕ ਨੇ ਸੀਰ ਗੋਵਰਧਨਪੁਰ ਕਾਂਸੀ ਬਨਾਰਸ ਵਿਖੇ ਵਿਰੋਧੀ ਧਿਰ ਵਲੋਂ ਵਿੱਢੇ ਸੰਘਰਸ਼ ਬਾਰੇ ਵੀ ਜ਼ਿਕਰ ਕੀਤਾ ਹੈ। ਸਤਿਗੁਰੂ ਰਵਿਦਾਸ ਜੀ ਦੇ ਯਾਦਗਾਰੀ ਗੇਟ ਨੂੰ ਬਣਾਉਣ 'ਚ ਜੋ ਮੁਸ਼ਕਿਲਾਂ ਆਈਆਂ ਉਨ੍ਹਾਂ ਦਾ ਵੀ ਜ਼ਿਕਰ ਹੈ। ਪੁਸਤਕ ਦੇ ਪੰਨਾ ਨੰ: 44, 48 ਤੇ 49 ਤੇ ਕੁਝ ਸ਼ਰਾਰਤੀ ਤੇ ਗ਼ਲਤ ਅਨਸਰਾਂ ਬਾਰੇ ਖੁੱਲ੍ਹ ਕੇ ਜ਼ਿਕਰ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਲੇਖਕ ਨੇ ਪੰਨਾ ਨੰ: 64 ਉੱਪਰ ਤਾਂ ਇਹ ਵੀ ਲਿਖ ਦਿੱਤਾ ਕਿ 'ਸੰਤ ਨਰਿੰਜਨ ਦਾਸ ਜੀ ਬੱਲਾਂ ਵਾਲਿਆਂ ਨੇ ਆਪਣੇ ਇਰਦ-ਗਿਰਦ ਬੇਕਾਰ ਲੋਕਾਂ ਦੀ ਭੀੜ ਇਕੱਠੀ ਕਰ ਰੱਖੀ ਹੈ। ਲੇਖਕ ਦਾ ਸੰਤ ਸੁਰਿੰਦਰ ਦਾਸ ਕਠਾਰ ਵਾਲੇ ਸੰਤਾਂ ਦੇ ਜੀਵਨ ਸੰਘਰਸ਼ ਬਾਰੇ ਲਿਖਣਾ ਬਹੁਤ ਚੰਗੀ ਤੇ ਕਾਬਿਲੇ ਤਾਰੀਫ਼ ਗੱਲ ਹੈ। ਪਰ ਡੇਰੇ ਬੱਲਾਂ ਬਾਰੇ ਉਨ੍ਹਾਂ ਦੀ ਮਹਿਮਾ ਤੋਂ ਜ਼ਿਆਦਾ ਡੇਰੇ ਦੀਆਂ ਉਣਤਾਈਆਂ ਨੂੰ ਹੀ ਉਘਾੜਿਆ ਹੈ, ਜਿਸ ਨਾਲ ਇਹ ਪੁਸਤਕ ਵਾਦ-ਵਿਵਾਦ ਦੇ ਝਮੇਲਿਆਂ 'ਚ ਉਲਝ ਕੇ ਰਹਿ ਸਕਦੀ ਹੈ। ਲੇਖਕ ਨੇ ਪੰਨਾ ਨੰ: 107 ਤੋਂ 109 ਤੱਕ ਡਾਕਟਰ ਭੀਮ ਰਾਓ ਅੰਬੇਡਕਰ ਵਲੋਂ ਦਲਿਤ ਸਮਾਜ ਲਈ ਪਾਏ ਵਡਮੁੱਲੇ ਯੋਗਦਾਨ ਬਾਰੇ ਵੀ ਬਾਖ਼ੂਬੀ ਚਾਨਣਾ ਪਾਇਆ ਹੈ। ਅੱਗੇ ਤੋਂ ਸਾਨੂੰ ਇਸ ਲੇਖਕ ਤੋਂ ਹੋਰ ਵੀ ਵਡਮੁੱਲੇ ਤੇ ਉਸਾਰੂ ਵਿਸ਼ਿਆਂ ਨੂੰ ਛੋਹਣ ਦੀ ਆਸ ਹੈ ਜੋ ਪਾਠਕਾਂ ਲਈ ਲਾਹੇਵੰਦ ਹੋਣ ਦਾ ਰੁਤਬਾ ਰੱਖਣ।


-ਡੀ. ਆਰ. ਬੰਦਨਾ
ਮੋਬਾਈਲ : 94173-89003


ਪ੍ਰੋ. ਮੇਵਾ ਸਿੰਘ ਤੁੰਗ ਦੀਆਂ ਸਮੂਹ ਕਹਾਣੀਆਂ
(ਸੰਪਾਦਿਤ ਕਹਾਣੀ ਸੰਗ੍ਰਹਿ)
ਸੰਪਾਦਕ : ਡਾ. ਬਲਦੇਵ ਸਿੰਘ ਬੱਧਨ ਅਤੇ ਡਾ. ਰੀਨਾ ਕੁਮਾਰੀ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨ, ਦਿੱਲੀ
ਮੁੱਲ : 350 ਰੁਪਏ, ਸਫ਼ੇ : 187
ਸੰਪਰਕ : 099588-31357


ਪ੍ਰਬੁੱਧ ਸਾਹਿਤਕਾਰ ਅਤੇ ਸੰਪਾਦਕ ਡਾ. ਬਲਦੇਵ ਸਿੰਘ ਬੱਧਨ ਅਤੇ ਡਾ. ਰੀਨਾ ਕੁਮਾਰੀ ਵਲੋਂ ਸੰਪਾਦਿਤ ਪੁਸਤਕ ਪ੍ਰੋ. ਮੇਵਾ ਸਿੰਘ ਦੀਆਂ ਸਮੂਹ ਕਹਾਣੀਆਂ ਵਿਚ ਉਨ੍ਹਾਂ ਦੇ ਤਿੰਨ ਪ੍ਰਕਾਸ਼ਿਤ ਕਹਾਣੀ ਸੰਗ੍ਰਹਿਆਂ ਦੀਆਂ ਕਹਾਣੀਆਂ ਨੂੰ ਸੰਕਲਿਤ ਕੀਤਾ ਗਿਆ ਹੈ। ਕਹਾਣੀ ਸੰਗ੍ਰਹਿ 'ਸੰਘਰਸ਼' (14 ਕਹਾਣੀਆਂ), ਦੂਸਰਾ 'ਕਹਾਣੀਆਂ ਦੀ ਮੌਤ' (17 ਕਹਾਣੀਆਂ) ਅਤੇ ਤੀਸਰਾ ਹੈ 'ਜਾਨਵਰ ਤੇ ਬੰਦੇ' (12 ਕਹਾਣੀਆਂ) ਦਰਜ ਹਨ। ਸੰਪਾਦਕ ਮੁਤਾਬਿਕ, 'ਇਨ੍ਹਾਂ ਸਮੁੱਚੀਆਂ ਕਹਾਣੀਆਂ ਦਾ ਪੁਨਰ ਪ੍ਰਕਾਸ਼ਨ ਹੋਣਾ ਇਹ ਸਾਬਿਤ ਕਰਦਾ ਹੈ ਕਿ ਇਹ ਕਹਾਣੀਆਂ ਸੱਚਮੁੱਚ ਵਚਿੱਤਰ, ਹਾਲਾਤ-ਹਾਜ਼ਰਾ ਦੀਆਂ ਪ੍ਰਤੀਬਿੰਬਤ ਕਹਾਣੀਆਂ ਹੀ ਨਹੀਂ ਬਲਕਿ ਇਨ੍ਹਾਂ ਵਿਚ ਵੱਖਰਾ 'ਕੁਝ' ਵੀ ਹੈ। 'ਪ੍ਰੋ. ਤੁੰਗ ਨੇ ਚੇਤਨਾ ਪ੍ਰਵਾਹ ਦੀ ਵਿਧੀ ਨਾਲ ਆਪਣੀਆਂ ਕਹਾਣੀਆਂ ਦੇ ਯਥਾਰਥ ਨੂੰ ਗਤੀਮਾਨ ਕੀਤਾ ਹੈ। ਕਹਾਣੀ ਸੰਘਰਸ਼ ਹੋਵੇ, ਕਸ਼ਮਕਸ਼ ਹੋਵੇ, ਯੂਨੀਵਰਸਿਟੀ ਅਜੇ ਖੁੱਲ੍ਹੀ ਹੈ ਹੋਵੇ, ਮਿੱਟੀ ਤੇ ਮਾਖਿਉਂ ਹੋਵੇ, ਘੁੰਡੀ, ਹਸਰਤ ਹੋਈ ਨਾ ਪੂਰੀ ਆਦਿ ਇਹ ਸਭ ਆਪਣੇ ਵਿਚ ਅਧੂਰੇ ਤੋਂ ਪੂਰਨ ਹੋਣ ਦੇ ਸੰਘਰਸ਼ ਦੀਆਂ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਵੀ ਇਸ ਅਧੂਰੇਪਨ ਦੀ ਯਾਤਰਾ ਨੂੰ ਪੂਰਾ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਹ ਕਹਾਣੀਆਂ ਇਸ ਸਵਾਲ ਦੇ ਇਰਦ-ਗਿਰਦ ਘੁੰਮਦੀਆਂ ਹਨ, 'ਕਿਉਂ ਹੈ? ਤੇ ਕਿਉਂ ਨਹੀਂ ਹੈ?' ਲੇਖਕ ਦੀ ਇਹ ਮੂਲ ਭਾਵਨਾ ਹੀ ਛੋਟੀ ਤੋਂ ਛੋਟੀ ਘਟਨਾ ਨੂੰ ਕਹਾਣੀ ਸਿਰਜਣ ਲਈ ਮਜਬੂਰ ਕਰਦੀ ਹੈ ਅਤੇ ਘਟਨਾ ਮਾਤਰ ਘਟਨਾ ਨਾ ਰਹਿ ਕੇ ਸ਼ਬਦਾਂ ਤੋਂ ਪਾਰ ਚਲੀ ਜਾਂਦੀ ਹੈ ਅਤੇ ਪਾਠਕ ਨੂੰ ਯਥਾਰਥਵਾਦੀ ਪ੍ਰਗਤੀਵਾਦੀ ਕਹਾਣੀ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਵਿਚ ਲੇਖਕ ਦਾ ਸਵੈ-ਹੰਢਾਏ ਅਨੁਭਵ, ਯਥਾਰਥ ਦੀ ਡੂੰਘੀ ਸਮਝ ਅਤੇ ਸਥਿਤੀਆਂ ਦਾ ਵਿਰੋਧਾਭਾਸ ਅਤੇ ਉਨ੍ਹਾਂ ਦੀ ਚੀਰਫਾੜ ਕਰਨ ਦੀ ਪ੍ਰਵਿਰਤੀ ਇਨ੍ਹਾਂ ਕਹਾਣੀਆਂ ਦੀ ਉਪਜ ਦਾ ਕਾਰਨ ਬਣਦੀਆਂ ਹਨ। ਕਹਾਣੀਕਾਰ ਸੁਚੇਤ ਰੂਪ ਵਿਚ ਸਮਾਜਿਕ ਵਰਤਾਰਿਆਂ ਦੇ ਮੂਲ ਵਿਚ ਜਾ ਕੇ ਉਸ ਦੀ ਥਾਹ ਪਾ ਲੈਣੀ ਚਾਹੁੰਦਾ ਹੈ। ਸਮਾਜਿਕ ਸਮੱਸਿਆਵਾਂ, ਵਿਸੰਗਤੀਆਂ, ਵਿਦਰੂਪਤਾਵਾਂ, ਵਿਡੰਬਨਾਵਾਂ ਨੂੰ ਪੈਦਾ ਕੌਣ ਕਰਨ ਵਾਲਾ ਹੈ? ਯਾਨੀ ਜੜ੍ਹ ਕਿੱਥੇ ਹੈ। ਕਹਾਣੀਆਂ ਦੇ ਪਾਤਰ ਸਾਡੇ ਆਲੇ-ਦੁਆਲੇ ਦੇ ਜਾਣੇ-ਪਛਾਣੇ ਲੋਕ ਹਨ। ਜੋ ਪਿੱਠਭੂਮੀ ਵਿਚ ਚਲ ਰਹੇ ਵਰਤਾਰੇ ਤੋਂ ਅਨਜਾਣ ਹਨ ਤੇ ਇਕ ਆਦ੍ਰਿਸ਼ ਨਿਰਦੇਸ਼ਕ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਇਹ ਜੂਨ ਹੰਢਾਈ ਜਾ ਰਹੇ ਹਨ। ਅਧੂਰੇ ਤੇ ਪੂਰਨ ਵਿਚਾਲੇ ਟੱਕਰ ਇਨ੍ਹਾਂ ਕਹਾਣੀਆਂ ਦੇ ਵੱਖੋ-ਵੱਖਰੇ ਕਥਾਨਕਾਂ ਵਿਚ ਵਾਰ-ਵਾਰ ਦੇਖਣ ਨੂੰ ਮਿਲਦੀ ਹੈ। ਇਹੋ ਪ੍ਰੋ. ਮੇਵਾ ਸਿੰਘ ਤੁੰਗ ਦੀਆਂ ਕਹਾਣੀਆਂ ਦੀ ਮੂਲ ਸੁਰ ਹੈ ਤੇ ਉਸ ਨੇ ਹਰ ਕਹਾਣੀ ਵਿਚ ਇਸੇ ਸੁਰ ਤੇ ਕਲਮੀ ਪਹਿਰਾ ਦਿੱਤਾ ਹੈ। ਨਿਸਚਿਤ ਤੌਰ 'ਤੇ ਇਨ੍ਹਾਂ ਕਹਾਣੀਆਂ ਦਾ ਪਾਠ ਕਰਨ ਉਪਰੰਤ ਪਾਠਕਾਂ ਨੂੰ ਮੌਜੂਦਾ ਲਿਖੀ ਜਾ ਰਹੀ ਪੰਜਾਬੀ ਕਹਾਣੀ ਚਾਲੀ ਸਾਲ ਪਹਿਲਾਂ ਲਿਖੀ ਜਾ ਰਹੀ ਪੰਜਾਬੀ ਕਹਾਣੀ ਦੀ ਤਕਨੀਕ, ਵਿਚਾਰਧਾਰਕ ਪ੍ਰੀਪੇਖ ਅਤੇ ਭਾਸ਼ਾ ਸ਼ੈਲੀ ਬਾਰੇ ਜਾਣਨ, ਸਮਝਣ ਤੇ ਵਿਚਾਰਨ ਲਈ ਬਹੁਤ ਕੁਝ ਮਿਲੇਗਾ।


-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964


ਵਸਲ ਦੇ ਕੰਢੇ
ਲੇਖਿਕਾ : ਦਨਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 95920-40509


ਸ਼ਾਇਰਾ ਦਨਿੰਦਰ ਕੌਰ ਆਪਣੀ ਕਾਵਿ-ਕਿਤਾਬ 'ਵਸਲ ਦੇ ਕੰਢੇ' ਰਾਹੀਂ ਸ਼ਾਬਦਿਕ ਬੁੱਲਿਆਂ ਨਾਲ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ। ਜਦੋਂ ਇਸ ਕਾਵਿ-ਕਿਤਾਬ ਦੇ ਕਾਵਿ-ਪ੍ਰਵਚਨ ਵਿਚੋਂ ਗੁਜ਼ਰਦੇ ਹਾਂ ਤਾਂ ਉਸ ਦੀ ਸ਼ਾਇਰੀ ਦੀ ਤੰਦ ਸੂਤਰ ਕਿਤਾਬ ਦੇ ਨਾਂਅ 'ਵਸਲ ਦੇ ਕੰਢੇ' ਤੋਂ ਸਾਡੇ ਹੱਥ ਆ ਜਾਂਦੀ ਹੈ। ਵਸਲ ਦਾ ਕੰਢਾ ਉਹ ਕੰਢਾ ਹੈ ਜਿਸ ਨੂੰ ਮਾਨਵ ਦੀ ਖਾਤਰ ਝਨਾਂ ਨੂੰ ਵੰਗਾਰਨਾ ਪੈਂਦਾ ਹੈ। ਜੰਡ ਦੇ ਹੇਠਾਂ ਤਰਕਸ਼ ਦੇ ਤੀਰਾਂ ਨੂੰ ਹੋਣੀ ਹੰਢਾਉਣੀ ਪੈਂਦੀ ਹੈ। ਪੱਥਰਾਂ 'ਚੋਂ ਨਹਿਰ ਵਹਾਉਣ ਦੀ ਖ਼ਾਤਰ ਮੱਥੇ 'ਚ ਤੇਸਾ ਮਾਰ ਕੇ ਮਰਨਾ ਪੈਂਦਾ ਹੈ, ਮਿਸਰ ਦੇ ਬਜ਼ਾਰ 'ਚ ਯੂਸਫ਼ ਵਰਗਿਆਂ ਨੂੰ ਸੂਤ ਦੀ ਅੱਟੀ ਦੇ ਮੁੱਲ ਬਰਾਬਰ ਵਿਕਣਾ ਪੈਂਦਾ ਹੈ ਤੇ ਮਹਿੰਦੀ ਰੰਗੇ ਮਲੂਕ ਪੈਰਾਂ ਨੂੰ ਤਪਦੇ ਥਲਾਂ 'ਚ ਸੜਨਾ ਪੈਂਦਾ ਹੈ। ਸ਼ਾਇਰਾ ਦੀ ਸ਼ਾਇਰੀ ਦੇ ਰੰਗਾਂ ਦੇ ਵੱਖ-ਵੱਖ ਸ਼ੇਡਜ਼ ਹਨ ਜਿਨ੍ਹਾਂ ਲਈ ਸ਼ਾਇਰਾ ਬੌਧਿਕ ਤੇ ਤਾਰਕਿਕ ਕਾਵਿ-ਚਿੰਤਨ ਨਾਲ ਦਸਤਪੰਜਾ ਲੈ ਰਹੀ ਹੈ। ਪਰ ਉਸ ਦੀ ਸ਼ਾਇਰੀ ਦਾ ਮੁੱਖ ਸ਼ੇਡ ਉਸ ਦੀ ਤਰੰਗਤੀ ਮੁਹੱਬਤ ਦਾ ਸ਼ੇਡ ਹੈ, ਜਿਸ ਦੀ ਸ਼ਾਇਰਾ ਪਰਿਕਰਮਾ ਕਰ ਰਹੀ ਹੈ। ਉਹ ਇਕ ਜਵਾਨ ਹੋ ਰਹੀ ਬੱਚੀ ਦੀ ਮਾਤਾ-ਪਿਤਾ ਵਲੋਂ ਜਵਾਨ ਹੋਣ 'ਤੇ ਫ਼ਿਕਰਮੰਦੀ ਦਰਸਾਉਂਦੀ ਹੈ। ਇਹੀ ਪਿਉਂਦ ਆਪਣੇ ਮਾਤਾ-ਪਿਤਾ ਤੋਂ ਲੈ ਕੇ ਉਹ ਆਪਣੀ ਜਵਾਨ ਹੋ ਰਹੀ ਬੱਚੀ 'ਤੇ ਵੀ ਚੜ੍ਹਾਉਂਦੀ ਹੈ। ਮੁਹੱਬਤ ਇਕ ਆਦਿ ਜੁਗਾਦੀ ਜਜ਼ਬਾ ਹੈ ਤੇ ਜਦੋਂ ਤੋਂ ਰੱਬ ਨੇ ਮਾਈ ਹਵਾ ਤੇ ਬਾਬਾ ਆਦਮ ਨੂੰ ਵਰਜਿਤ ਫ਼ਲ ਚੱਖਣ ਤੇ ਸਜ਼ਾ ਲਈ ਧਰਤੀ 'ਤੇ ਪਟਕਾ ਮਾਰਿਆ ਤੇ ਸਮਕਾਲੀ ਔਰਤ ਵੀ ਅਜਿਹੀ ਹੀ ਅਉਧ ਹੰਢਾ ਰਹੀ ਹੈ। ਉਹ ਅਕਸਰ ਪਿਤਰੀ ਸੱਤਾ ਦੇ ਦਮਨਕਾਰੀ ਸ਼ੰਕਿਆਂ ਵਿਚਕਾਰ ਘਿਰੀ ਨਜ਼ਰ ਆਉਂਦੀ ਹੈ ਤੇ ਉਹ ਇਕ ਪਿੰਜਰੇ ਵਿਚ ਬੰਦ ਬੁਲਬੁਲ ਵਾਂਗ ਪਿੰਜਰਾ ਤੋੜ

25-11-2023

 ਕਾਲਾ ਪਾਣੀ
ਲੇਖਕ : ਜਗਤਾਰ ਸਿੰਘ, ਗੁਰਦਰਸ਼ਨ ਸਿੰਘ ਬਾਹੀਆ
ਪ੍ਰਕਾਸ਼ਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਮੁੱਲ : 115 ਰੁਪਏ, ਸਫ਼ੇ : 240
ਸੰਪਰਕ : 0183-2553951

ਕਾਲਾਪਾਣੀ ਜਗਤਾਰ ਸਿੰਘ ਅਤੇ ਗੁਰਦਰਸ਼ਨ ਸਿੰਘ ਬਾਹੀਆ ਹੋਰਾਂ ਦੀ ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦਾ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਯੋਗਦਾਨ ਬਾਰੇ ਖੋਜ ਆਧਾਰਿਤ ਅੰਗਰੇਜ਼ੀ ਵਿਚ ਛਪੀ ਪੁਸਤਕ ਹੈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਵਧੀਆ ਢੰਗ ਨਾਲ ਛਾਪਿਆ ਅਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਬਾਰੇ ਇਹ ਆਖਿਆ ਜਾਂਦਾ ਹੈ ਕਿ ਇਹ ਇਤਿਹਾਸ ਸਿਰਜ ਤਾਂ ਸਕਦੇ ਹਨ ਪਰ ਉਸ ਨੂੰ ਸੰਭਾਲਦੇ ਨਹੀਂ ਹਨ। ਇਸ ਪੁਸਤਕ ਵਿਚ ਲੇਖਕਾਂ ਨੇ ਪੂਰੀ ਖੋਜ ਕਰਕੇ ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਵਲੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਪਾਏ ਯੋਗਦਾਨ ਨੂੰ ਉਲੀਕਿਆ ਹੈ। ਪੰਜਾਬੀਆਂ ਨੇ ਹੀ ਹਮੇਸ਼ਾ ਗੁਲਾਮੀ ਵਿਰੁੱਧ ਲੜਾਈ ਲੜੀ ਹੈ। ਵਿਦੇਸ਼ੀ ਧਾੜਵੀਆਂ ਵਿਰੁੱਧ ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਸਾਹਿਬ ਨੇ ਹੀ ਵਿਰੋਧ ਕੀਤਾ ਸੀ। ਉਨ੍ਹਾਂ ਵਲੋਂ ਵਿੱਢੀ ਇਸ ਲੜਾਈ ਸਦਕਾ ਹੀ ਪੰਜਾਬੀਆਂ ਨੇ ਪਹਿਲਾਂ ਬਾਬਾ ਬੰਦਾ ਸਿੰਘ ਦੀ ਅਗਵਾਈ ਹੇਠ ਮੁੜ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜ ਆਪਣਾ ਰਾਜ ਕਾਇਮ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਭਾਵੇਂ ਸਿੰਘਾਂ ਨੇ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਪਰ ਉਨ੍ਹਾਂ ਹੇਰਾਫੇਰੀਆਂ ਅਤੇ ਚਲਾਕੀਆਂ ਨਾਲ 1849 ਵਿਚ ਪੰਜਾਬ ਉੱਤੇ ਭਾਰਤੀ ਸਿਪਾਹੀਆਂ ਦੀ ਮਦਦ ਨਾਲ ਕਬਜ਼ਾ ਕਰ ਲਿਆ। ਇੰਝ ਭਾਰਤੀਆਂ ਨੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣ ਵਿਚ ਸਿੱਖ ਫ਼ੌਜਾਂ ਦੀ ਮਦਦ ਕਰਨ ਦੀ ਥਾਂ ਅੰਗਰੇਜ਼ਾਂ ਦਾ ਸਾਥ ਦਿੱਤਾ ਅਤੇ ਗ਼ੁਲਾਮੀ ਦੀਆਂ ਜੰਜ਼ੀਰਾਂ ਨੂੰ ਹੋਰ ਮਜਬੂਤ ਕੀਤਾ। ਪੰਜਾਬ ਉੱਤੇ ਅੰਗਰੇਜ਼ਾਂ ਦੇ ਕਬਜ਼ੇ ਪਿਛੋਂ ਵੀ ਸਿੱਖ ਚੈਨ ਨਾਲ ਨਹੀਂ ਬੈਠੇ ਸਗੋਂ ਅੰਗਰੇਜ਼ਾਂ ਵਿਰੁੱਧ ਮੁਹਿੰਮ ਚਲਾਈ। ਇਸ ਮੁਹਿੰਮ ਦੇ ਆਗੂ ਭਾਈ ਮਹਾਰਾਜ ਸਿੰਘ ਸਨ। ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ 28 ਦਸੰਬਰ, 1849 ਨੂੰ ਗ੍ਰਿਫ਼ਤਾਰ ਕੀਤਾ ਅਤੇ ਸਿੰਘਾਪੁਰ ਜੇਲ੍ਹ ਵਿਚ ਭੇਜ ਦਿੱਤਾ ਜਿਥੇ ਉਨ੍ਹਾਂ ਦੀ 5 ਜੁਲਾਈ, 1856 ਨੂੰ ਸ਼ਹੀਦੀ ਹੋਈ। ਇੰਝ ਉਹ ਆਜ਼ਾਦੀ ਦੀ ਲੜਾਈ ਦੇ ਪਹਿਲੇ ਆਗੂ ਬਣੇ। ਇਸੇ ਲੜਾਈ ਨੂੰ ਬਾਬਾ ਰਾਮ ਸਿੰਘ ਨੇ ਅੱਗੇ ਤੋਰਿਆ। ਉਨ੍ਹਾਂ ਦੇਸ਼ ਵਿਚ ਨਾਮਿਲਵਰਤਣ ਲਹਿਰ ਸ਼ੁਰੂ ਕੀਤੀ। ਰਾਜਪ੍ਰਬੰਧ ਲਈ ਆਪਣੇ ਸੂਬੇ ਨਿਯੁਕਤ ਕੀਤੇ। ਆਪਣੀ ਹੀ ਡਾਕ ਸੇਵਾ ਬਣਾਈ ਅਤੇ ਅੰਗਰੇਜ਼ੀ ਹਕੂਮਤ ਅਤੇ ਵਸਤਾਂ ਦਾ ਮੁਕੰਮਲ ਬਾਈਕਾਟ ਕੀਤਾ। ਉਨ੍ਹਾਂ ਨੇ ਲੜਾਈ ਦਾ ਰਸਮੀ ਆਰੰਭ 1857 ਦੀ ਵਿਸਾਖੀ ਵਾਲੇ ਦਿਨ ਕੀਤਾ। ਇਹ ਲੜਾਈ ਕੇਵਲ ਅੰਗਰੇਜ਼ਾਂ ਵਿਰੁੱਧ ਹੀ ਨਹੀਂ ਸੀ ਸਗੋਂ ਕੌਮ ਵਿਚ ਆਈਆਂ ਕੁਰੀਤੀਆਂ ਵਿਰੁੱਧ ਵੀ ਸੀ। ਅਖ਼ੀਰ ਅੰਗਰੇਜ਼ਾਂ ਨੇ ਬਾਬਾ ਜੀ ਅਤੇ ਉਨ੍ਹਾਂ ਦੇ ਦਸ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਨੂੰ ਰੰਗੂਨ ਜੇਲ੍ਹ ਵਿਚ ਭੇਜਿਆ ਗਿਆ। ਉਨ੍ਹਾਂ ਦੇ ਸੈਂਕੜੇ ਪੈਰੋਕਾਰਾਂ ਨੂੰ ਤੋਪਾਂ ਨਾਲ ਉਡਾਇਆ ਗਿਆ ਅਤੇ ਫ਼ਾਂਸੀ 'ਤੇ ਟੰਗਿਆ ਗਿਆ ਤੇ ਛੇ ਸਾਥੀਆਂ ਨੂੰ ਕਾਲੇ ਪਾਣੀ ਜੇਲ੍ਹ ਭੇਜਿਆ ਗਿਆ। ਇਕ ਰਿਪੋਰਟ ਮੁਤਾਬਿਕ ਕਾਲੇ ਪਾਣੀ ਜੇਲ੍ਹ ਵਿਚ ਸਜ਼ਾ ਭੁਗਤਣ ਵਾਲੇ 225 ਪੰਜਾਬੀ ਸਨ। ਇਸੇ ਤਰ੍ਹਾਂ ਫ਼ਾਂਸੀ ਦੀ ਸਜ਼ਾ ਪਾਉਣ ਵਾਲੇ ਵੀ ਸਭ ਤੋਂ ਵੱਧ ਪੰਜਾਬੀ ਹੀ ਸਨ। ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਪਰ ਅਫ਼ਸੋਸ ਦੇਸ਼ ਦੀ ਕਿਸੇ ਵੀ ਸਰਕਾਰ ਨੇ ਇਨ੍ਹਾਂ ਕੁਰਬਾਨੀਆਂ ਦੀ ਕਦਰ ਨਹੀਂ ਪਾਈ ਅਤੇ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹਕੂਕ ਨਹੀਂ ਦਿੱਤੇ। ਸਭ ਤੋਂ ਵੱਧ ਕੁਰਬਾਨੀ ਪੰਜਾਬੀਆਂ ਨੂੰ ਆਜ਼ਾਦੀ ਸਮੇਂ ਦੇਣੀ ਪਈ ਜਦੋਂ ਪੰਜਾਬ ਦਾ ਅੱਧਾ ਹਿੱਸਾ ਪਾਕਿਸਤਾਨ ਵਿਚ ਚਲਾ ਗਿਆ। ਪਾਕਿਸਤਾਨ ਵਾਲੇ ਪਾਸਿਓਂ ਖਾਲੀ ਹੱਥ ਇਧਰ ਆਉਂਦੇ ਸਮੇਂ ਹਜ਼ਾਰਾਂ ਲੋਕ ਕਤਲ ਕੀਤੇ ਗਏ। ਔਰਤਾਂ ਦੀ ਇੱਜ਼ਤ ਲੁੱਟੀ ਗਈ ਪਰ ਧੰਨ ਹਨ ਪੰਜਾਬੀ ਅਤੇ ਸਿੱਖ ਜਿਨ੍ਹਾਂ ਨੇ ਮੁੜ ਆਪਣੀ ਹਿੰਮਤ ਨਾਲ ਦੇਸ਼ ਵਿਚੋਂ ਭੁੱਖਮਰੀ ਦੂਰ ਕੀਤੀ ਅਤੇ ਸਰਹੱਦਾਂ ਦੀ ਰਾਖੀ ਕੀਤੀ। ਇਹ ਪੁਸਤਕ ਕਾਲੇ ਪਾਣੀ ਜੇਲ੍ਹ ਵਿਚ ਹੋ ਰਹੇ ਜੁਲਮਾਂ ਦੀ ਕਹਾਣੀ ਦੇ ਨਾਲੋ-ਨਾਲ ਭਾਈ ਮਹਾਰਾਜ ਸਿੰਘ ਅਤੇ ਕੂਕਾ ਲਹਿਰ, ਗ਼ਦਰ ਪਾਰਟੀ, ਜਲ੍ਹਿਆਂ ਵਾਲਾ ਬਾਗ਼, ਬੱਬਰ ਅਕਾਲੀ, ਫ਼ੌਜੀਆਂ ਦੀ ਦੇਣ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕਰਦੀ ਹੈ। ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦੇ ਇਸ ਮਹਾਨ ਵਿਰਸੇ ਅਤੇ ਕੁਰਬਾਨੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਪੁਸਤਕ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਪੁਸਤਕ ਸਰਲ ਅਤੇ ਰੌਚਕ ਭਾਸ਼ਾ ਵਿਚ ਲਿਖੀ ਗਈ ਹੈ।

-ਡਾ. ਰਣਜੀਤ ਸਿੰਘ
ਮੋਬਾਈਲ : 94170-87328

ਪੰਜਾਬੀ ਸਾਹਿਤ ਅਤੇ ਸਭਿਆਚਾਰ
ਸੰਪਾਦਕ : ਸੁਖਿੰਦਰ, ਡਾ. ਦਲਬੀਰ ਸਿੰਘ ਕਥੂਰੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 200
ਸੰਪਰਕ : 94638-36591

ਸੁਖਿੰਦਰ ਪੰਜਾਬੀ ਦਾ ਪਰਿਚਿਤ ਅਤੇ ਚਰਚਿਤ ਸਾਹਿਤਕਾਰ ਹੈ। ਉਸ ਨੇ ਵਿਭਿੰਨ ਵਿਧਾਵਾਂ ਵਿਚ ਹੁਣ ਤੱਕ 43 ਕਿਤਾਬਾਂ ਦੀ ਰਚਨਾ ਕੀਤੀ ਹੈ। ਜਿਨ੍ਹਾਂ ਵਿਚ ਕਵਿਤਾ (23), ਵਾਰਤਕ (5), ਵਿਗਿਆਨ (3), ਸੰਪਾਦਨ (5), ਨਾਵਲ (2), ਬਾਲ ਸਾਹਿਤ (1) ਅਤੇ ਆਲੋਚਨਾ (4) ਦੀਆਂ ਕਿਤਾਬਾਂ ਸ਼ਾਮਿਲ ਹਨ। ਸਮੀਖਿਆ ਅਧੀਨ ਪੁਸਤਕ ਵਿਚ ਦੁਨੀਆ ਭਰ ਦੇ 40 ਲੇਖਕਾਂ ਦੇ 40 ਲੇਖ ਸੰਕਲਿਤ ਹਨ। ਜਿਸ ਵਿਚ ਭਾਰਤ, ਯੂ.ਕੇ., ਕੈਨੇਡਾ, ਆਸਟ੍ਰੇਲੀਆ, ਜਰਮਨੀ, ਇਟਲੀ, ਪਾਕਿਸਤਾਨ ਤੇ ਯੂ.ਐਸ.ਏ. ਦੇ (ਕ੍ਰਮਵਾਰ 15, 2, 14, 1, 1, 2, 4, 1) ਲੇਖਕ ਸ਼ਾਮਿਲ ਹਨ। ਮੁੱਖ ਤੌਰ 'ਤੇ ਕਿਤਾਬ ਵਿਚ 12 ਵਿਸ਼ਿਆਂ 'ਤੇ ਚਰਚਾ ਕੀਤੀ ਗਈ ਹੈ-ਪੰਜਾਬੀ ਸੱਭਿਆਚਾਰ, ਪੰਜਾਬੀ ਲੋਕਗੀਤਾਂ ਵਿਚ ਸੱਭਿਆਚਾਰ, ਡਰੱਗ ਕਲਚਰ ਤੇ ਪੰਜਾਬੀ ਸੱਭਿਆਚਾਰ, ਵਿਆਹਾਂ ਲਈ ਵਿਲਕਦੀਆਂ ਕੁੜੀਆਂ, ਪੰਜਾਬੀ ਸਾਹਿਤਕ-ਸੱਭਿਆਚਾਰਕ ਭ੍ਰਿਸ਼ਟਾਚਾਰ, ਧਰਤੀ-ਹਵਾ-ਪਾਣੀ ਵਿਚ ਵਧ ਰਿਹਾ ਪ੍ਰਦੂਸ਼ਣ, ਗੈਂਗਸਟਰ ਪੰਜਾਬੀ ਗਾਇਕੀ ਤੇ ਪੰਜਾਬੀ ਸੱਭਿਆਚਾਰ, ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਭ੍ਰਿਸ਼ਟਾਚਾਰ, ਆਈਲੈਟਸ ਪੰਜਾਬੀ ਸੱਭਿਆਚਾਰ, ਯੂਰਪੀਅਨ ਪੰਜਾਬੀ ਸਾਹਿਤ ਸੱਭਿਆਚਾਰਕ, ਖੇਡਾਂ ਵਿਚ ਡਰੱਗ ਸੱਭਿਆਚਾਰ, ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ। ਅਸਲ ਵਿਚ ਇਹ ਪੁਸਤਕ ਪੰਜਾਬੀ ਸੱਭਿਆਚਾਰ ਦੇ ਬਹੁਪਰਤੀ ਦਾਇਰੇ ਨੂੰ ਸਮੇਟਦੀ ਹੈ, ਜਿਸ ਵਿਚ ਨਸ਼ਿਆਂ, ਗੈਂਗਸਟਰ, ਠੱਗ, ਆਈਲੈਟਸ, ਕਾਨਫਰੰਸਾਂ ਆਦਿ ਦਾ ਬੋਲਬਾਲਾ ਹੈ। ਸੁਖਿੰਦਰ ਨੇ ਆਪਣੇ ਲੇਖ ਵਿਚ ਸਮਗਲਿੰਗ, ਚੋਰੀ, ਡਾਕੇ, ਕਤਲ, ਮਾਫ਼ੀਆ ਆਦਿ ਵਿਸ਼ਿਆਂ 'ਤੇ ਬੇਬਾਕ ਤੇ ਬੇਖੌਫ਼ ਚਰਚਾ ਕੀਤੀ ਹੈ। ਡਾ. ਦਲਬੀਰ ਸਿੰਘ ਕਥੂਰੀਆ ਨੇ ਇਸ ਪ੍ਰਸੰਗ ਵਿਚ ਆਪਣੇ ਫ਼ਿਕਰ ਤੇ ਸੰਭਾਵਨਾਵਾਂ ਨੂੰ ਸਾਂਝਾ ਕੀਤਾ ਹੈ। ਡਾ. ਮਨਪ੍ਰੀਤ ਕੌਰ ਧਾਲੀਵਾਲ ਨੇ ਆਪਣੇ ਲੇਖ ਵਿਚ 'ਬੇਫ਼ਾਲਤੂ' ਸ਼ਬਦ ਪਤਾ ਨਹੀਂ ਕਿਸ ਸੰਦਰਭ ਵਿਚ ਵਰਤਿਆ ਹੈ? ਟੋਰਾਂਟੋ-ਵਾਸੀ ਸਲੀਮ ਪਾਸ਼ਾ ਦਾ ਸਰਵਰਕ ਆਕਰਸ਼ਕ ਹੈ। ਸਾਰੇ ਲੇਖਕਾਂ ਦੀਆਂ ਤਸਵੀਰਾਂ, ਪਤੇ ਅਤੇ ਈਮੇਲ ਦੇਣ ਨਾਲ ਲੇਖਕ-ਪਾਠਕ ਹੋਰ ਨੇੜੇ ਆ ਗਏ ਹਨ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਜ਼ਿੰਦਗੀ
ਮੇਰੀ ਕਹਾਣੀ ਮੇਰੀ ਜ਼ੁਬਾਨੀ
ਲੇਖਿਕਾ : ਸੁਰਿੰਦਰ ਕੌਰ ਪੁਆਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 159+32
ਸੰਪਰਕ : 95011-45039

'ਜ਼ਿੰਦਗੀ : ਮੇਰੀ ਕਹਾਣੀ, ਮੇਰੀ ਜ਼ੁਬਾਨੀ' ਸੁਰਿੰਦਰ ਕੌਰ ਪੁਆਰ ਦੀ ਪੰਜਾਬੀ ਵਿਚ ਲਿਖੀ ਪਲੇਠੀ ਪੁਸਤਕ ਹੈ ਪਰ ਇਸ ਤੋਂ ਇਲਾਵਾ ਉਸ ਨੇ ਅੰਗਰੇਜ਼ੀ ਵਿਚ ਵੀ ਚਾਰ ਪੁਸਤਕਾਂ ਦੀ ਰਚਨਾ ਕੀਤੀ ਹੈ। ਸੁਰਿੰਦਰ ਕੌਰ ਪੁਆਰ ਦਾ ਜੀਵਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਪਿੰਡ ਤੋਂ ਸ਼ੁਰੂ ਹੁੰਦਾ ਹੈ, ਜਿਥੇ ਉਸ ਨੂੰ ਪਿੰਡ ਦੀ ਪਹਿਲੀ ਮੈਟ੍ਰਿਕ ਕੁੜੀ ਤੇ ਪਹਿਲੀ ਅਧਿਆਪਕਾ ਹੋਣ ਦਾ ਮਾਣ ਹੈ। ਉਸ ਨੇ ਪੜ੍ਹਾਈ ਦੇ ਮਾਮਲੇ ਵਿਚ ਆਪਣੇ ਪਿੰਡ ਵਿਚ ਨਵੀਆਂ ਲੀਹਾਂ ਪਾਈਆਂ ਤੇ ਨਵੇਂ ਤਜਰਬੇ ਕੀਤੇ। ਪੀ.ਐੱਚ.ਡੀ. ਪਾਸ ਪਤੀ ਮਹਿੰਦਰ ਸਿੰਘ ਨਾਲ ਜੁੜ ਕੇ ਉਹ ਅਮਰੀਕਾ ਪ੍ਰਵਾਸ ਕਰ ਗਈ ਤੇ ਉਥੇ ਤਿੰਨ ਬੱਚਿਆਂ ਨੂੰ ਯੋਗ ਅਗਵਾਈ ਦੇ ਕੇ ਆਪਣੇ ਚੰਗੀ ਮਾਂ ਹੋਣ ਦੇ ਗੁਣ ਜ਼ਾਹਿਰ ਕੀਤੇ। ਸੇਵਾਮੁਕਤ ਹੋਣ ਤੋਂ ਬਾਅਦ, ਸਮਾਜਿਕ ਕਾਰਜਾਂ ਵਿਚ ਵੀ ਵਧ ਚੜ੍ਹ ਕੇ ਭਾਗ ਲਿਆ। ਅਮਰੀਕਾ ਵਿਚ ਗੁਰਦੁਆਰਿਆਂ ਦੀ ਸਥਾਪਨਾ, ਸਕੂਲਾਂ ਦਾ ਪ੍ਰਬੰਧ, ਘਰੇਲੂ ਹਿੰਸਾ ਦਾ ਸ਼ਿਕਾਰ ਹੋਏ ਪਰਿਵਾਰਾਂ ਅਤੇ ਬੱਚਿਆਂ ਲਈ ਅਦੁੱਤੀ ਕਾਰਜ ਕੀਤੇ। ਉਸ ਨੂੰ ਪੰਜਾਬ ਨਾਲ ਖ਼ਾਸ ਮੋਹ ਹੈ। ਆਪਣੀ ਮਿੱਟੀ ਨਾਲ ਜੁੜੀ ਹੋਈ ਹੈ। ਉਸ ਦੀ ਜ਼ਿੰਦਗੀ ਵਿਚ ਸਭ ਤੋਂ ਵੱਡਾ ਦੁਖਾਂਤ ਉਦੋਂ ਵਾਪਰਿਆ ਜਦੋਂ ਉਸ ਦੇ ਜਵਾਨ ਪੁੱਤਰ ਸੰਦੀਪ ਸਿੰਘ ਦੀ ਮੌਤ ਦੀ ਅਨਹੋਣੀ ਘਟਨਾ ਵਾਪਰੀ। ਪਰ ਇਸ ਦੁਖਾਂਤ ਨੂੰ ਵੀ ਉਸ ਨੇ ਬਹੁਤ ਸਹਿਜ ਨਾਲ ਲਿਆ ਤੇ ਵਾਹਿਗੁਰੂ ਦਾ ਭਾਣਾ ਵੀ ਮੰਨਿਆ। ਬੇਟੇ ਦੇ ਨਾਂਅ 'ਤੇ ਗ਼ਰੀਬਾਂ ਅਤੇ ਲੋੜਵੰਦ ਬੱਚਿਆਂ ਨੂੰ ਵਜ਼ੀਫੇ ਦੇ ਕੇ ਉੱਚ ਪੜ੍ਹਾਈ ਲਈ ਪ੍ਰੇਰਿਤ ਕੀਤਾ। ਗ਼ਰੀਬਾਂ ਲਈ ਮਕਾਨ ਬਣਾ ਕੇ ਦੇਣ ਦਾ ਉਪਰਾਲਾ ਵੀ ਲੇਖਿਕਾ ਕਰਦੀ ਰਹਿੰਦੀ ਹੈ। ਬਾਣੀ ਵਿਚ ਉਸ ਦੀ ਸ਼ਰਧਾ ਬਾਕਮਾਲ ਹੈ। ਇਸ ਪੁਸਤਕ ਦਾ ਕਾਵਿਕ ਅੰਦਾਜ਼ ਅਤੇ ਸ਼ੈਲੀ ਮਨ ਨੂੰ ਟੁੰਭਦੀ ਹੈ। ਇਹ ਇਕ ਸਾਧਾਰਨ ਔਰਤ ਦੀ ਆਸਾਧਾਰਨ ਜੀਵਨੀ ਹੈ, ਜਿਸ ਵਿਚ ਉਸ ਦਾ ਮਨੁੱਖਵਾਦੀ ਚਿਹਰਾ ਉੱਘੜਦਾ ਪ੍ਰਤੀਤ ਹੁੰਦਾ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

19-11-2023

ਅੰਦਰਲੇ ਯੁੱਧ
ਕਹਾਣੀਕਾਰ : ਬਲਵੰਤ .ਫਰਵਾਲੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 98881-17389

ਬਲਵੰਤ .ਫਰਵਾਲੀ ਨੇ ਦੋ ਕਾਵਿ ਸੰਗ੍ਰਹਿ ਅਤੇ ਇਕ ਨਾਵਲ ਮਗਰੋਂ ਗਿਆਰਾਂ ਸਾਰਥਕ ਕਹਾਣੀਆਂ ਦਾ ਨਵਪ੍ਰਕਾਸ਼ਿਤ ਸੰਗ੍ਰਹਿ 'ਅੰਦਰਲੇ ਯੁੱਧ' ਪੰਜਾਬੀ ਪਾਠਕਾਂ ਦੇ ਰੂਬਰੂ ਕੀਤਾ ਹੈ। ਕਹਾਣੀਕਾਰ ਯਥਾਰਥ ਦੇ ਧਰਾਤਲ 'ਤੇ ਵਿਚਰ ਰਹੇ ਨਿਮਨ ਸਾਧਾਰਨ ਵਰਗ ਦੇ ਲੋਕਾਂ ਦੀਆਂ ਥੁੜਾਂ ਤੇ ਲੋੜਾਂ ਮਾਰੇ ਜੀਵਨ ਤੋਂ ਉਪਜੇ ਦਵੰਦ, ਤਨਾਅ ਅਤੇ ਸੰਘਰਸ਼ ਦੀ ਹਕੀਕਤ ਦੀ ਮੰਜ਼ਰਕਸ਼ੀ ਕਰਦਾ ਹੈ। ਉਸ ਨੇ ਕਹਾਣੀਆਂ ਲਈ ਪਰੰਪਰਿਕ ਸਮਾਜਿਕ ਵਿਸ਼ਿਆਂ ਦੇ ਨਾਲ-ਨਾਲ ਮੌਜੂਦਾ ਸਮੇਂ ਦੇ ਭਖਵੇਂ ਵਿਸ਼ਿਆਂ ਨੂੰ ਵੀ ਚੁਣਿਆ ਹੈ ਅਤੇ ਢੁਕਵੇਂ ਸਿਰਲੇਖਾਂ ਹੇਠ ਲੰਮੀਆਂ ਕਹਾਣੀਆਂ ਦੇ ਰੂਪ ਵਿਚ ਸਿਰਜਿਆ ਹੈ। ਲੇਖਕ ਦੀ ਲੇਖਣੀ ਦੀ ਖ਼ੂਬੀ ਇਹ ਹੈ ਕਿ ਕਹਾਣੀ ਵੱਡ ਅਕਾਰੀ ਹੋਣ ਦੇ ਬਾਵਜੂਦ ਉਸ ਵਿਚਲੀ ਰੌਚਿਕਤਾ ਅਤੇ ਰਹੱਸ ਬਰਕਰਾਰ ਰਹਿੰਦਾ ਹੈ। ਉਹ ਵਿਸ਼ੇ ਦੀ ਡੁੰਘਿਆਈ ਤੱਕ ਜਾ ਕੇ ਪਰਤਾਂ ਫਰੋਲਣ ਦਾ ਯਤਨ ਕਰਦਾ ਹੈ। ਡੋਂਕੀ ਕਹਾਣੀ ਜ਼ਿੰਦਗੀ ਨੂੰ ਜੋਖ਼ਮ ਵਿਚ ਪਾ ਕੇ, ਘਰ ਦਾ ਸਭ ਕੁਝ ਵੇਚ ਵੱਟ ਕੇ ਗ਼ਲਤ ਤਰੀਕਿਆਂ ਨਾਲ ਵਿਦੇਸ਼ ਜਾਣ ਦੀ ਪ੍ਰਵਿਰਤੀ ਨੇ ਬਹੁਤ ਹੀ ਸੂਖਮ ਤੇ ਮਾਰਮਿਕ ਢੰਗ ਨਾਲ ਪੇਸ਼ ਕਰਦੀ ਹੋਈ ਪੰਜਾਬੀਆਂ ਨੂੰ ਇਕ ਵੱਡਾ ਸਬਕ ਦਿੰਦੀ ਹੈ। ਇਸ ਕਹਾਣੀ ਦੇ ਮੁੱਖ ਪਾਤਰ ਸ਼ਿੰਦੀ ਦੇ ਨਾਲ-ਨਾਲ ਉਸ ਦੀ ਪਤਨੀ ਰਾਜੀ, ਪੁੱਤਰ ਅਮਾਨਤ ਅਤੇ ਮਾਤਾ-ਪਿਤਾ ਸਾਰੇ ਹੀ ਇਸ ਸੰਤਾਪ ਰਾਹੀਂ ਗੁਜਰਦੇ ਹਨ। ਜਵਾਰਭਾਟਾ ਕਹਾਣੀ ਵਿਚਲੇ ਪਾਤਰ ਪਰਮਜੀਤ ਅਤੇ ਅਸ਼ਮੀਤ ਮਾਨਸਿਕ ਤੌਰ 'ਤੇ ਸੰਤਾਨਹੀਣਤਾ ਦੇ ਸਮਾਜਿਕ ਸੰਤਾਪ ਨੂੰ ਹੰਢਾਉਂਦੇ ਹਨ ਤੇ ਪਰ ਟੈਸਟਾਂ ਦੀ ਸਹੀ ਰਿਪੋਰਟ ਉਨ੍ਹਾਂ ਨੂੰ ਇਕ ਉਮੀਦ ਨਾਲ ਭਰ ਦਿੰਦੀ ਹੈ। ਕੁੜੱਤਣ ਕਹਾਣੀ ਵਿਚ ਵੀ ਬਸੰਤਾ ਅਤੇ ਕਰਨੈਲੋ, ਪੁੱਤਰ ਬੈਂਕ ਮੈਨੇਜਰ ਦੀਪ ਦਾ ਇਨਕਮ ਟੈਕਸ ਅਫ਼ਸਰ ਪਤਨੀ ਦੇ ਮਗਰ ਲੱਗ ਕੇ ਬਿਰਧ ਮਾਤਾ-ਪਿਤਾ ਨੂੰ ਛੱਡ ਕੇ ਸਹੁਰੇ ਘਰ ਚਲੇ ਜਾਣ 'ਤੇ ਜੋ ਇਕਲਾਪਾ ਹੰਢਾਉਂਦੇ ਹਨ, ਉਸ ਦੀ ਦਿਲ ਟੁੰਬਵੀਂ ਤਸਵੀਰ ਪੇਸ਼ ਕੀਤੀ ਗਈ ਹੈ। ਲੈਫ਼ਟੀਨੈਂਟ ਕਹਾਣੀ ਮੈਡਮ ਦਲਜੀਤ ਵਲੋਂ ਆਪਣੇ ਪੁੱਤਰ ਸੰਸਾਰ ਲਈ ਲਾਇਕ ਵਿਦਿਆਰਥੀ ਤਨਵੀਰ ਦੀਆਂ ਉੱਤਰ ਪੁਸਤਕਾਂ ਬਦਲ ਕੇ ਉਸ ਦੇ ਲੈਫਟੀਨੈਂਟ ਬਣਨ ਦੇ ਸੁਪਨਿਆਂ ਨੂੰ ਤੋੜ ਦੇਣਾ, ਸਿੱਖਿਆ ਜਗਤ ਵਿਚ ਵੀ ਫੈਲੇ ਸਵਾਰਥ ਅਤੇ ਭ੍ਰਿਸ਼ਟਾਚਾਰ ਨੂੰ ਨੰਗਾ ਕਰਦੀ ਹੈ। ਲਾਲ ਲਕੀਰ ਕਹਾਣੀ ਵਿਚ ਜਗੀਰਦਾਰਾਂ ਵਲੋਂ ਆਪਣੇ ਸ਼ੀਰ ਅਤੇ ਉਸ ਦੇ ਨੂੰਹ-ਪੁੱਤਰ ਦਾ ਸਰੀਰਕ ਸ਼ੋਸ਼ਣ ਦਾ ਦੁਖਾਂਤ ਹੈ ਪਰ ਇੱਥੇ ਉਨ੍ਹਾਂ ਦੀ ਨੂੰਹ ਅਮਰਜੋਤ ਵਲੋਂ ਸੁਲੱਖਣ ਦੇ ਗੁੱਟ 'ਤੇ ਚਾਕੂ ਫੇਰ ਕੇ ਜੋ ਆਪਣਾ ਰੋਹ ਪ੍ਰਗਟ ਕੀਤਾ ਹੈ ਉਹ ਇਸ ਪਰੰਪਰਾ ਖ਼ਿਲਾਫ਼ ਬਗ਼ਾਵਤ ਦੀ ਆਵਾਜ਼ ਬਣ ਜਾਂਦੀ ਹੈ। ਬੇਸ਼ੱਕ ਉਸ ਨੂੰ ਇਸ ਦਾ ਖਾਮਿਆਜਾ ਕੰਮ ਖੋਹ ਲੈਣ ਦੇ ਨੁਕਸਾਨ ਵਜੋਂ ਝੱਲਣਾ ਪੈਂਦਾ ਹੈ। ਬੰਦਾ ਹੀ ਤਾਂ ਹੈ ਕਹਾਣੀ ਮਰਦ ਦੇ ਅੰਦਰਲੀ ਬਹੁਗਮਨੀ ਪ੍ਰਵਿਰਤੀ ਨੂੰ ਉਜਾਗਰ ਕਰਦੀ ਖ਼ੂਬਸੂਰਤ ਕਹਾਣੀ ਹੈ, ਜਦੋਂਕਿ ਬੇਕਸੂਰ ਮਿੰਦਰ, ਦਿਉਰ ਰਿੰਪਲ ਨਾਲ ਕੋਈ ਸੰਬੰਧ ਨਾ ਹੋਣ ਦੇ ਬਾਵਜੂਦ ਕਲੰਕ ਦੀ ਭਾਗੀਦਾਰ ਬਣ ਜਾਂਦੀ ਹੈ। ਇੰਜ ਹੀ ਯੁੱਧ ਵਰਗੀ ਜ਼ਿੰਦਗੀ ਦੀ ਸੁਰਜੀਤ ਲੜਕੀਆਂ ਹੋਣ ਦਾ ਸੰਤਾਪ, ਦਾਂਅ ਅਤੇ ਚਾਅ ਦੀ ਪਹਿਲਵਾਨ ਕੁਲਦੀਪ ਵਲੋਂ ਕੋਚਾਂ ਅਤੇ ਪ੍ਰੋਫ਼ੈਸਰਾਂ ਵਲੋਂ ਖਿਡਾਰਨਾਂ ਦੇ ਸਰੀਰਕ ਸ਼ੋਸ਼ਣ ਨੂੰ, ਰਾਸ਼ਟਰੀ ਖਿਡਾਰਨਾਂ ਵਲੋਂ ਜਿਨਸੀ ਸ਼ੋਸ਼ਣ ਖਿਲਾਫ਼ ਦਿੱਤੇ ਧਰਨੇ ਨੂੰ ਆਧਾਰ ਬਣਾ ਕੇ ਬੇਬਾਕੀ ਨਾਲ ਇਸ ਵਿਵਸਥਾ ਦੀ ਚੀਰ-ਫਾੜ ਕੀਤੀ ਗਈ ਹੈ। ਅਪਣੀ ਪੈੜਾਂ ਦੀ ਨਿਸ਼ਾਨਦੇਹੀ ਵਿਚ ਪਿੰਡ ਛੱਡ ਕੇ ਵਿਦੇਸ਼ਾ ਵੱਲ ਵਿਸਥਾਪਤ ਹੋ ਰਹੇ ਪਰਿਵਾਰਾਂ ਤੇ ਉਨ੍ਹਾਂ ਦੇ ਖੰਡਰ ਹੋ ਚੁੱਕੇ ਘਰਾਂ ਦੀ ਨਸ਼ੇ ਦੇ ਵਪਾਰੀਆਂ ਤੇ ਹੋਰ ਗ਼ਲਤ ਕੰਮਾਂ ਲਈ ਹੋ ਰਹੀ ਵਰਤੋਂ ਰਾਹੀਂ ਪੰਜਾਬ ਦੀਆਂ ਕਈ ਬਹੁਤ ਹੀ ਗੰਭੀਰ ਸਮੱਸਿਆਵਾਂ ਨੂੰ ਉਠਾਇਆ ਗਿਆ ਹੈ। ਲੇਖਕ ਦੀ ਵਿਸ਼ਿਆਂ 'ਤੇ ਭਾਸ਼ਾ 'ਤੇ ਪੂਰੀ ਪਕੜ ਹੈ। ਅਲੰਕਾਰਕ ਮਲਵਈ ਭਾਸ਼ਾ, ਚੁਸਤ ਸੰਵਾਦ, ਸੂਖਮ ਮਾਨਸਿਕ ਵਿਸ਼ਲੇਸ਼ਣ ਤੇ ਕਿੱਸਾਗੋਈ ਸ਼ੈਲੀ ਕਰਕੇ ਪਾਠਕ ਨੂੰ ਕਹਾਣੀ ਦੀ ਲੰਬਾਈ ਮਹਿਸੂਸ ਨਹੀਂ ਹੁੰਦੀ। ਕਹਾਣੀਕਾਰ ਨੇ ਸਾਧਾਰਨ ਪਾਤਰਾਂ, ਸਾਧਾਰਨ ਜਿਹੀਆਂ ਘਟਨਾਵਾਂ ਨੂੰ ਆਪਣੀ ਕਲਾਤਮਿਕ ਪੇਸ਼ਕਾਰੀ ਨਾਲ ਅਸਾਧਾਰਨ ਬਣਾ ਦਿੱਤਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਹਸਰਤ
ਸੰਪਾਦਕ : ਗੁਰੀ ਆਦੀਵਾਲ, ਜੀਤ ਕੌਰ ਖ਼ੁਰਦ
ਪ੍ਰਕਾਸ਼ਕ: ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ: 150 ਰੁਪਏ, ਸਫ਼ੇ: 80
ਸੰਪਰਕ: 99151-41606

ਗੁਰੀ ਆਦੀਵਾਲ ਅਤੇ ਜੀਤ ਕੌਰ ਖ਼ੁਰਦ ਵਲੋਂ ਸੰਪਾਦਿਤ ਇਸ ਸਾਂਝੇ ਕਾਵਿ-ਸੰਗ੍ਰਹਿ 'ਹਸਰਤ' ਵਿਚ ਨਵੇਂ-ਪੁਰਾਣੇ ਵੀਹ ਕਵੀਆਂ ਅਤੇ ਕਵਿੱਤਰੀਆਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪੁਸਤਕ ਵਿਚ ਗ਼ਜ਼ਲ ਵੀ ਹੈ, ਗੀਤ ਵੀ ਹੈ, ਕਵਿਤਾ ਅਤੇ ਖੁੱਲ੍ਹੀ ਕਵਿਤਾ ਵੀ ਹੈ। ਵੱਖ-ਵੱਖ ਕਲਮਾਂ ਵਲੋਂ ਵੱਖ-ਵੱਖ ਮੁੱਦਿਆਂ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਉਠਾਇਆ ਗਿਆ ਹੈ, ਜਿਸ ਕਰਕੇ ਇਹ ਪੁਸਤਕ ਵੰਨ-ਸੁਵੰਨੇ ਫੁੱਲਾਂ ਦੇ ਗੁਲਦਸਤੇ ਵਾਂਗ ਬੜੀ ਖ਼ੂਬਸੂਰਤ ਬਣ ਗਈ ਹੈ। ਹਰ ਕਵੀ ਨੂੰ ਇਕ ਪੰਨੇ ਦੀ ਜਾਣ-ਪਛਾਣ ਤੋਂ ਇਲਾਵਾ ਤਿੰਨ ਪੰਨੇ ਰਚਨਾਵਾਂ ਲਈ ਦਿੱਤੇ ਗਏ ਹਨ, ਜਿਨ੍ਹਾਂ ਵਿਚ ਧਾਰਮਿਕ ਕੱਟੜਤਾ, ਡਾਵਾਂਡੋਲ ਆਰਥਿਕਤਾ, ਸਮਾਜਿਕ ਵਿਸੰਗਤੀਆਂ, ਨੈਤਿਕ ਕਦਰਾਂ-ਕੀਮਤਾਂ, ਗੰਧਲੀ ਰਾਜਨੀਤੀ ਆਦਿ ਵਰਤਮਾਨ ਦੀ ਲਗਭਗ ਹਰ ਸਮੱਸਿਆ ਅਤੇ ਚੁਣੌਤੀ ਬਾਰੇ ਸੰਵਾਦ ਰਚਾਉਣ ਦੀ ਸੁਚੱਜੀ ਕੋਸ਼ਿਸ਼ ਕੀਤੀ ਗਈ ਹੈ। ਬੇਸ਼ੱਕ ਕੁਝ ਰਚਨਾਵਾਂ ਵਿਚ ਅਜੇ ਕਾਫ਼ੀ ਸੁਧਾਰ ਦੀ ਗੁੰਜਾਇਸ਼ ਹੈ, ਪਰ ਬਲਵੀਰ ਸਿੰਘ ਸਨੇਹੀ ਦੀ ਗ਼ਜ਼ਲ 'ਇਤਬਾਰ ਨਹੀਂ', ਕੁਲਜੀਤ ਕੌਰ ਗ਼ਜ਼ਲ ਦੀ ਗ਼ਜ਼ਲ 'ਚੋਗ ਚੁਗਦੇ ਹੀ', ਜੱਸ ਬਠਿੰਡਾ ਦੀ ਖੁੱਲ੍ਹੀ ਕਵਿਤਾ 'ਖੰਡਤ ਮਨ ਦੇ ਰੂ-ਬ-ਰੂ', ਕਿਰਨ ਕੌਰ ਦੀ ਖੁੱਲ੍ਹੀ ਕਵਿਤਾ 'ਇਸ਼ਕ' ਅਤੇ ਮਨਪ੍ਰੀਤ ਬੋਤੀਆਂ ਵਾਲਾ ਦੀ ਕਵਿਤਾ 'ਮਜ਼ਦੂਰ' ਆਦਿ ਬਹੁਤ ਸਾਰੀਆਂ ਰਚਨਾਵਾਂ ਅਜਿਹੀਆਂ ਵੀ ਹਨ, ਜਿਨ੍ਹਾਂ ਨੂੰ ਇਸ ਪੁਸਤਕ ਦਾ ਹਾਸਿਲ ਕਿਹਾ ਜਾ ਸਕਦਾ ਹੈ। ਹਰ ਲੇਖਕ ਹੀ ਵਧੀਆ ਲਿਖਣ ਦੀ ਕੋਸ਼ਿਸ਼ ਕਰਦਾ ਹੈ, ਪਰ ਹਰ ਵਿਅਕਤੀ ਦੀ ਆਪਣੀ-ਆਪਣੀ ਸਮਰੱਥਾ ਵੀ ਹੁੰਦੀ ਹੈ। ਕੋਈ ਵੀ ਰਚਨਾ ਕਦੇ ਸੰਪੂਰਨ ਨਹੀਂ ਹੁੰਦੀ, ਉਸ ਨੂੰ ਹੋਰ ਵਧੀਆ ਬਣਾਏ ਜਾਣ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਪੁਸਤਕ ਵਿਚ ਸ਼ਾਮਿਲ ਕਵੀਆਂ ਅਤੇ ਕਵਿੱਤਰੀਆਂ ਦੀਆਂ ਰਚਾਨਵਾਂ ਨੇ ਵੀ ਅਜੇ ਹੋਰ ਪੜਾਅ ਤੈਅ ਕਰਨੇ ਹਨ। ਇਸ ਲਈ ਹੋਰ ਵਧੀਆ ਸਾਹਿਤਕ ਸਿਰਜਣਾ ਦੀ ਉਮੀਦ ਨਾਲ ਗੁਰੀ ਆਦੀਵਾਲ ਅਤੇ ਜੀਤ ਕੌਰ ਖ਼ੁਰਦ ਦੇ ਇਸ ਸੁਹਿਰਦ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਨੀ ਬਣਦੀ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਖ਼ਾਕੀ, ਖਾੜਕੂ ਤੇ ਕਲਮ
(ਕਾਲੇ ਦੌਰ ਦੀ ਦਾਸਤਾਨ)
ਲੇਖਕ : ਜਗਤਾਰ ਸਿੰਘ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 268
ਸੰਪਰਕ : 98556-44003

ਜਗਤਾਰ ਸਿੰਘ ਭੁੱਲਰ ਰਚਿਤ ਇਹ ਪੁਸਤਕ 1978 ਤੋਂ 2000 ਈ. ਤੱਕ ਪੰਜਾਬ ਵਿਚਲੇ ਕਾਲੇ ਦਿਨਾਂ (ਖਾੜਕੂਵਾਦ) ਦੌਰਾਨ, ਪੰਜਾਬ ਪੱਤਰਕਾਰਾਂ ਅਤੇ ਪੱਤਰਕਾਰਿਤਾ ਦੇ ਸਾਹਸ ਦਾ ਸੁਨਹਿਰੀ ਇਤਿਹਾਸ ਹੈ। ਇਹ ਇਤਿਹਾਸ ਪੰਜਾਬ ਵਿਚ ਰਿਪੋਰਟਿੰਗ ਕਰਨ ਵਾਲੇ ਉਨ੍ਹਾਂ 25 ਪੱਤਰਕਾਰਾਂ ਦੀ ਆਪ ਬੀਤੀ ਉੱਪਰ ਆਧਾਰਿਤ ਹੈ, ਜਿਨ੍ਹਾਂ ਨੇ ਸੱਚਾਈ, ਸੁਹਿਰਦਤਾ ਅਤੇ ਇਮਾਨਦਾਰੀ ਦੇ ਨਾਲ-ਨਾਲ ਆਪਣੇ ਜੋਸ਼, ਜਨੂੰਨ ਅਤੇ ਜਜ਼ਬੇ ਨੂੰ ਮਘਦਾ ਰੱਖਿਆ ਹੈ। ਇਹ ਲੋਕ ਨਾ ਤਾਂ ਖਾੜਕੂਆਂ ਦੀਆਂ ਕਾਰਬਾਈਨਾਂ ਤੋਂ ਆਤੰਕਿਤ ਹੋਏ ਅਤੇ ਨਾ ਪੁਲਿਸ ਦੀਆਂ ਧਮਕੀਆਂ ਤੋਂ ਡਰ ਕੇ ਆਪਣੇ ਫ਼ਰਜ਼ ਤੋਂ ਬੇਮੁਖ ਹੋਏ। ਇਨ੍ਹਾਂ ਪੱਤਰਕਾਰਾਂ ਵਿਚ ਨਵੀਨ ਗਰੇਵਾਲ (ਇੰਡੀਅਨ ਐਕਸਪ੍ਰੈੱਸ), ਅਵਿਨਾਸ਼ ਸਿੰਘ (ਹਿੰਦੁਸਤਾਨ ਟਾਈਮਜ਼), ਹਰਕੰਵਲਜੀਤ ਸਿੰਘ (ਅਜੀਤ), ਜਸਪਾਲ ਸਿੰਘ ਸਿੱਧੂ (ਇੰਡੀਅਨ ਐਕਸਪ੍ਰੈੱਸ, ਯੂ.ਐਨ.ਆਈ.), ਸ਼ੰਮੀ ਸਰੀਨ (ਮੇਰਾ ਅੰਮ੍ਰਿਤਸਰ, ਚੌਥੀ ਦੁਨੀਆ), ਨਰਿੰਦਰ ਸ਼ਰਮਾ (ਵੀਰ ਪ੍ਰਤਾਪ), ਅਸ਼ੋਕ ਸੇਠੀ (ਦ ਟ੍ਰਿਬਿਊਨ), ਹਰਕੀਰਤ ਸਿੰਘ (ਯੂ.ਐਨ.ਆਈ.), ਸਰਬਜੀਤ ਪੰਧੇਰ, ਸੁਰਜੀਤ ਸਿੰਘ ਗੁਲਾਟੀ, ਜਗਤਾਰ ਸਿੰਘ ਸਿੱਧੂ, ਏ.ਐਸ. ਪ੍ਰਾਸ਼ਰ, ਸੁਖਬੰਸ ਸਿੰਘ ਗੁਰਬਖ਼ਸ਼ਪੁਰੀ, ਭਾਅ ਜਗਤਾਰ ਸਿੰਘ, ਬਲਜੀਤ ਬੱਲੀ, ਰਮੇਸ਼ ਵਿਨਾਇਕ, ਹਰਜੀਤ ਸਿੰਘ ਆਲਮ, ਸੁਖਦੇਵ ਸਿੰਘ, ਚੰਚਲ ਮਨੋਹਰ ਸਿੰਘ, ਕੰਵਲ ਸੰਧੂ, ਅਮਰ ਸਿੰਘ ਮੋਗਾ, ਹਰਬੀਰ ਸਿੰਘ ਭੰਵਰ, ਸਰਬਜੀਤ ਧਾਲੀਵਾਲ, ਜਗੀਰ ਸਿੰਘ ਜਗਤਾਰ ਅਤੇ ਨਿਰੰਜਨ ਸਿੰਘ, ਐਨ.ਐਸ. ਪਰਵਾਨਾ) ਵਰਗੇ ਸੀਨੀਅਰ ਪੱਤਰਕਾਰ ਸ਼ਾਮਿਲ ਹਨ। ਹਰ ਪਾਠਕ ਜਾਣਦਾ ਹੈ ਕਿ ਪੱਤਰਕਾਰੀ ਦਾ ਖੇਤਰ ਬਹੁਤ ਜੋਖ਼ਮ ਅਤੇ ਸਾਹਸ ਦੀ ਮੰਗ ਕਰਦਾ ਹੈ ਕਿਉਂਕਿ ਹਰ ਵਚਨਬੱਧ ਪੱਤਰਕਾਰ ਦਾ ਉਦੇਸ਼ ਉਪਰਲੀ ਝੱਗ ਨੂੰ ਹੰਘਾਲ ਕੇ ਉਸ ਦੇ ਹੇਠ ਛਿਪੇ ਹੋਏ ਸੱਚ ਨੂੰ ਨਿਤਾਰਨਾ ਹੁੰਦਾ ਹੈ, ਇਸ ਲਈ ਦੰਭੀ ਨੌਕਰਸ਼ਾਹ ਅਤੇ ਅਭਿਮਾਨੀ ਨੇਤਾ ਸੱਚੀ-ਮੁੱਚੀ ਪੱਤਰਕਾਰਿਤਾ ਨੂੰ ਖਰੀਦਣ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ। ਅਜੋਕੇ ਦੌਰ ਵਿਚ ਤਾਂ ਪੱਤਰਕਾਰਾਂ ਨੂੰ 'ਗੋਦੀ ਪੱਤਰਕਾਰ' ਕਿਹਾ ਜਾਣ ਲੱਗਾ ਹੈ। ਇੱਕੀਵੀਂ ਸਦੀ ਵਿਚ ਬਹੁਤੇ ਪੱਤਰਕਾਰ ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਆਪਣੀ ਜ਼ਮੀਰ ਨੂੰ ਗਹਿਣੇ ਤੱਕ ਪਾ ਦਿੰਦੇ ਹਨ ਪਰ ਪਿਛਲੀ ਸਦੀ ਵਿਚ ਸਾਡੇ ਪੱਤਰਕਾਰ ਮਿਸ਼ਨਰੀ ਹੁੰਦੇ ਸਨ। ਜਗਤਾਰ ਸਿੰਘ ਭੁੱਲਰ ਨੇ ਇਹ ਪੁਸਤਕ ਪ੍ਰਕਾਸ਼ਿਤ ਕਰ ਕੇ ਪੰਜਾਬੀ ਦੇ ਵਚਨਬੱਧ ਪੱਤਰਕਾਰਾਂ ਪ੍ਰਤੀ ਆਭਾਰ ਭਾਵ ਪ੍ਰਗਟ ਕੀਤੇ ਹਨ। ਅਜੋਕੇ ਅੰਦਾਜ਼ ਵਿਚ ਲਿਖੀ ਅਤੇ ਆਕਰਸ਼ਕ ਢੰਗ ਨਾਲ ਪ੍ਰਕਾਸ਼ਿਤ ਇਹ ਪੁਸਤਕ ਬੇਹੱਦ ਪ੍ਰਾਸੰਗਿਕ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਕੱਕੇ ਰੇਤੇ ਵਿਚ ਉੱਗੀਆਂ ਬਾਤਾਂ
ਸੰਪਾਦਨ ਤੇ ਅਨੁਵਾਦ: ਕੇਸਰਾ ਰਾਮ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼ ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 238
ਸੰਪਰਕ : 094162-35210

ਸੰਪਾਦਿਤ ਕਹਾਣੀ ਸੰਗ੍ਰਹਿ ਵਿਚ 25 ਰਚਨਾਵਾਂ ਹਨ। ਜਿਨ੍ਹਾਂ ਨੂੰ ਬਾਤਾਂ ਕਿਹਾ ਗਿਆ ਹੈ। ਰਾਜਸਥਾਨੀ ਬੋਲੀ ਤੋਂ ਅਨੁਵਾਦ ਕੀਤੀਆਂ ਕਹਾਣੀਆਂ ਦੇ ਵਿਸ਼ੇ ਵੀ ਵੰਨ-ਸੁਵੰਨੇ ਹਨ। ਸੰਪਾਦਕ ਨੇ ਮੁੱਢਲੇ ਪੰਨਿਆਂ 'ਤੇ ਜਾਣਕਾਰੀ ਦਿੱਤੀ ਹੈ ਕਿ ਰਾਜਸਥਾਨੀ ਬੋਲੀ ਨੂੰ ਦੇਵਨਾਗਰੀ ਵਿਚ ਲਿਖਿਆ ਜਾਂਦਾ ਹੈ। ਇਸ ਜ਼ਬਾਨ ਦੀ ਆਪਣੀ ਕੋਈ ਲਿਪੀ ਨਹੀਂ ਹੈ। ਰਾਜਸਥਾਨੀ ਬੋਲੀ 24 ਭਾਰਤੀ ਭਾਸ਼ਾਵਾਂ ਵਿਚ ਦਰਜ ਹੈ। ਪਰ ਭਾਰਤੀ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿਚ ਸ਼ਾਮਿਲ ਨਹੀਂ ਹੈ। ਇਸ ਲਈ ਰਾਜਸਥਾਨ ਦੇ ਸਾਹਿਤਕਾਰ ਮਾਤ ਭਾਸ਼ਾ ਦੀ ਮਾਨਤਾ ਦਿਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਪੁਸਤਕ ਵੀ ਉਨ੍ਹਾਂ ਦੀ ਜੱਦੋ-ਜਹਿਦ ਕਰਦੇ ਸਾਹਿਤਕਾਰਾਂ ਨੂੰ ਸਮਰਪਿਤ ਹੈ। ਸੰਪਾਦਕ ਕੇਸਰਾ ਰਾਮ ਏਲਨਾਬਾਦ ਜ਼ਿਲ੍ਹਾ ਸਿਰਸਾ (ਹਰਿਆਣਾ) ਦਾ ਵਾਸੀ ਹੈ। ਸੰਪਾਦਕ ਨੇ ਅਨੁਵਾਦ ਦੇ ਖੇਤਰ ਵਿਚ ਇਕ ਦਰਜਨ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿਚ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਨਾਵਲ ਮਨੁੱਖਤਾ ਦਾ ਹਿੰਦੀ ਵਿਚ ਅਨੁਵਾਦ ਕੀਤਾ ਹੈ। ਕੇਸਰਾ ਰਾਮ ਨੂੰ ਵਕਾਰੀ ਢਾਹਾਂ ਪੁਰਸਕਾਰ 2020 ਮਿਲ ਚੁੱਕਾ ਹੈ। ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਲੋਂ ਵੀ ਪੁਰਸਕਾਰ ਦਿੱਤਾ ਗਿਆ ਹੈ। ਸੰਗ੍ਰਹਿ ਦੀ ਪਹਿਲੀ ਕਹਾਣੀ' ਭਾਰਮਲੀ ਭੱਜੀ ਨਹੀਂ' ਵਿਚ ਵਿਧਵਾ ਔਰਤ ਦਾ ਦਰਦ ਹੈ। ਉਹ ਸਮਾਜ ਤੋਂ ਬਾਗੀ ਹੋ ਕੇ ਇਕ ਵਣਜਾਰੇ ਨੂੰ ਕਹਿੰਦੀ ਹੈ-ਮੈਂ ਤਾਂ ਦਿਨ ਦੇ ਚਾਨਣ ਵਿਚ ਮਾਂਗ ਭਰਵਾਵਾਂਗੀ। ਦੇਖਦੀ ਹਾਂ ਕਿਹੜਾ ਰੋਕਦਾ ਮੈਨੂੰ। ਲੰਮੀ ਕਹਾਣੀ 'ਦੁਬਿਧਾ' ਵਿਚ ਰੁੱਖ 'ਤੇ ਬੈਠਾ ਭੂਤ ਨਵਵਿਆਹੁਤਾ ਦਾ ਹਮਸ਼ਕਲ ਪਤੀ ਬਣਦਾ ਹੈ। ਅਸਲ ਪਤੀ ਕਮਾਈ ਕਰਨ ਚਲਾ ਜਾਂਦਾ ਹੈ। ਦੋਨਾਂ ਵਿਚ ਤਕਰਾਰ ਹੁੰਦਾ ਹੈ। ਫ਼ੈਸਲਾ ਇਕ ਆਜੜੀ ਕਰਦਾ ਹੈ। ਭੂਤ ਬਣਿਆ ਪਤੀ ਬੋਤਲ ਵਿਚ ਬੰਦ ਕਰਦਾ ਹੈ। ਕਹਾਣੀ ਵਿਚ 'ਸਸਪੈਂਸ' ਬਹੁਤ ਹੈ।
ਬਾਕੀ ਕਹਾਣੀਆਂ ਵਿਚ ਮਰਦਾਨਗੀ, ਹਮੇਲ, ਦੂਜੀ ਔਰਤ, ਮੰਗਤ ਬਾਦਲ ਦੀ 'ਬੋਲ ਮੇਰੀ ਮਛਲੀ ਕਿੰਨਾ ਪਾਣੀ', ਮਦਨ ਸੇਠੀ ਦੀ ਫੁਰਸਤ, ਮੱਛੀ (ਰਾਮੇਸ਼ਵਰ ਗੋਂਦਾਰਾ) ਮੰਡੀ (ਚੇਤਨ ਸਵਾਮੀ) ਮਰਦ ਜਾਤ (ਬੁਲਾਕੀ ਸ਼ਰਮਾ) ਪ੍ਰਮੋਦ ਕੁਮਾਰ ਸ਼ਰਮਾ ਦੀ ਕਹਾਣੀ ਸਹੀ ਗ਼ਲਤ 'ਮਾਲ ਚੰਦ ਤਿਵਾੜੀ ਦੀ' ਲੀਲਾ' ਦਿਲਚਸਪ ਰਚਨਾਵਾਂ ਹਨ। ਇਕ ਲੰਮੀ ਕਹਾਣੀ ਵਿਚ ਸਾਧਾਰਨ ਪਾਤਰ ਫ਼ਕੀਰਾ ਲਾਟਰੀ ਦਾ ਫੋਨ ਆਉਣ 'ਤੇ ਗੁੰਮਰਾਹ ਹੁੰਦਾ ਹੈ। ਕਹਾਣੀ ਸੇਧਮਈ ਹੈ। ਸਾਰੇ ਕਹਾਣੀਕਾਰ ਰਾਜਸਥਾਨ ਦੇ ਹਨ। ਪੁਸਤਕ ਵਿਚ ਕਹਾਣੀਕਾਰਾਂ ਦੀ ਜਾਣ ਪਛਾਣ ਕਰਾਈ ਗਈ ਹੈ। ਕਹਾਣੀਆਂ ਦਾ ਅਨੁਵਾਦ ਮਿਆਰੀ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਸੰਪਰਕ : 98148-56160

ਮੂਰਤਾਂ ਰੰਗ ਬਰੰਗੀਆਂ
ਲੇਖਕ : ਅਵਤਾਰ ਸਿੰਘ ਬਿਲਿੰਗ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 295 ਰੁਪਏ, ਸਫ਼ੇ : 152
ਸੰਪਰਕ : 82849-09596

ਅਵਤਾਰ ਸਿੰਘ ਬਿਲਿੰਗ ਇਕ ਚਰਚਿਤ ਅਤੇ ਪੁਰਸਕ੍ਰਿਤ ਲੇਖਕ ਹੈ। ਉਨ੍ਹਾਂ ਨੇ ਵੱਖ-ਵੱਖ ਵਿਧਾਵਾਂ ਵਿਚ ਸਾਹਿਤ ਰਚਨਾ ਕੀਤੀ ਹੈ, ਜਿਨ੍ਹਾਂ ਵਿਚ 8 ਨਾਵਲ, 5 ਕਹਾਣੀ ਸੰਗ੍ਰਹਿ, 3 ਬਾਲ ਪੁਸਤਕਾਂ, 1-1 ਸੰਪਾਦਨ ਤੇ ਵਾਰਤਕ ਦੀਆਂ ਕਿਤਾਬਾਂ ਸਮੇਤ ਇਕ ਅੰਗਰੇਜ਼ੀ ਵਾਰਤਕ ਪੁਸਤਕ ਵੀ ਸ਼ਾਮਿਲ ਹੈ। ਬਿਲਿੰਗ ਨੂੰ ਤਿੰਨ ਵੱਡੇ ਪੁਰਸਕਾਰ ਮਿਲ ਚੁੱਕੇ ਹਨ-ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਢਾਹਾਂ ਪੁਰਸਕਾਰ। ਇਹ ਤਿੰਨੇ ਇਨਾਮ ਉਸ ਨੂੰ 2014 ਵਿਚ ਮਿਲੇ ਹਨ। ਇਸ ਤੋਂ ਬਿਨਾਂ ਦੋ ਵੇਰ ਨਾਨਕ ਸਿੰਘ ਗਲਪ ਪੁਰਸਕਾਰ (2003, 2008) ਅਤੇ ਨਵਾਂ ਜ਼ਮਾਨਾ ਐਵਾਰਡ (2010) ਨਾਲ ਵੀ ਉਸ ਨੂੰ ਨਿਵਾਜਿਆ ਜਾ ਚੁੱਕਾ ਹੈ। ਰੀਵਿਊ ਅਧੀਨ ਇਸ ਕਿਤਾਬ ਵਿਚ ਸਵੈਜੀਵਨੀ ਮੂਲਕ 23 ਸ਼ਬਦ ਚਿੱਤਰ ਹਨ, ਜਿਨ੍ਹਾਂ ਵਿਚ ਕੁਝ ਲੇਖਕ ਦੇ ਨਿਕਟਵਰਤੀ, ਕੁਝ ਆਸਪਾਸ ਦੇ, ਪਿੰਡ ਵਾਲੇ ਜਾਣੂ ਹਨ। ਇਨ੍ਹਾਂ ਵਿਚੋਂ ਕੁਝ ਪਹਿਲਾਂ ਵੀ ਏਧਰ-ਓਧਰ ('ਸਮਕਾਲੀ ਸਾਹਿਤ' ਜਿਹੀਆਂ ਪੱਤ੍ਰਿਕਾਵਾਂ ਵਿਚ) ਪ੍ਰਕਾਸ਼ਿਤ ਹੋ ਚੁੱਕੇ ਹਨ। ਪੁਸਤਕ ਦੇ ਮੁੱਢ ਵਿਚ ਬਿਲਿੰਗ ਲਿਖਦਾ ਹੈ, 'ਮੇਰੇ ਦਿਲ ਦੇ ਐਨ ਨੇੜੇ ਮੇਰੇ ਮਾਪੇ। ਚੜ੍ਹਦੀ ਕਲਾ ਵਿਚ ਰਹਿਣ ਵਾਲਾ ਮੇਰਾ ਦਾਦਾ। ਜੀਵਨ ਦੇ ਉਭੜ ਖੁੱਭੜ ਰਾਹਾਂ 'ਤੇ ਤੁਰਦਾ ਰਿਹਾ ਮੇਰਾ ਤਾਇਆ ਸੂਬੇਦਾਰ... ਇੱਥੇ ਉਹ ਵੀ ਲੋਕ ਹਨ, ਜੋ ਮੇਰੇ ਪਿੰਡ ਦੀ ਰੌਣਕ ਰਹੇ...' ਇਹੀ ਉਹ ਲੋਕ ਹਨ, ਜੋ ਲੇਖਕ ਦੇ ਨਾਵਲਾਂ ਕਹਾਣੀਆਂ ਵਿਚ ਪਾਤਰ ਬਣ ਕੇ ਆਏ। ਧਰਤੀ ਨਾਲ ਜੁੜੇ ਇਨ੍ਹਾਂ ਲੋਕਾਂ ਨੂੰ ਲੇਖਕ ਨੇ ਨਿਰ-ਉਚੇਚ ਢੰਗ ਨਾਲ ਉਨ੍ਹਾਂ ਦੇ ਗੁਣਾਂ-ਔਗੁਣਾਂ ਸਮੇਤ ਚਿਤਰਿਆ ਹੈ। ਅਜਿਹੇ ਕਿਰਦਾਰ ਹੀ ਵੱਖ-ਵੱਖ ਰੰਗਾਂ ਰੂਪਾਂ ਰਾਹੀਂ ਸਾਹਿਤ ਦੀ ਸਿਰਜਣਾ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ। ਲੇਖਕ ਨੇ ਸਿਰਫ਼ ਇਹ ਸ਼ਬਦ ਚਿੱਤਰ ਹੀ ਨਹੀਂ ਉਲੀਕੇ, ਸਗੋਂ ਸਾਡੇ ਸਮਾਜਿਕ ਸੱਭਿਆਚਾਰਕ ਚੌਗਿਰਦੇ ਦੀ ਜਿਊਂਦੀ-ਜਾਗਦੀ ਤਸਵੀਰ ਉਲੀਕੀ ਹੈ। ਮੁਹਾਵਰੇ, ਅਖੌਤਾਂ, ਬੋਲੀਆਂ, ਟੱਪਿਆਂ, ਵਾਕਾਂਸ਼ਾਂ ਦੀ ਜੀਵੰਤ ਪੇਸ਼ਕਾਰੀ ਰਾਹੀਂ ਇਨ੍ਹਾਂ 'ਮੂਰਤਾਂ' ਵਿਚੋਂ ਅਸੀਂ ਆਪਣੇ ਪਿੰਡਾਂ ਦੇ ਮੂੰਹ ਮੁਹਾਂਦਰੇ, ਵਿਰਸੇ ਤੇ ਸੰਸਕ੍ਰਿਤੀ ਦੇ ਰੂਬਰੂ ਹੁੰਦੇ ਹਾਂ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015.

ਪਾ ਚਾਨਣ ਦੀ ਬਾਤ
ਸ਼ਾਇਰ : ਜਗਤਾਰ ਗਿੱਲ
ਪ੍ਰਕਾਸ਼ਕ : ਕੈਫ਼ੇ ਵਰਲਡ, ਜਲੰਧਰ, ਬਠਿੰਡਾ
ਮੁੱਲ: 300 ਰੁਪਏ, ਸਫ਼ੇ : 112
ਸੰਪਰਕ-94647-80299

ਦੋਹਾ ਕਾਵਿ ਕਲਾ ਦਾ ਪੁਰਾਤਨ ਰੂਪ ਹੈ, ਜੋ ਆਪਣੀ ਸੰਖੇਪਤਾ ਕਰਕੇ ਵੱਡੀ ਗਿਣਤੀ ਵਿਚ ਲਿਖਿਆ ਤੇ ਪੜ੍ਹਿਆ ਗਿਆ ਹੈ। ਇਸ ਦੀਆਂ ਜੜ੍ਹਾਂ ਅਧਿਆਤਮਿਕਤਾ ਵਿਚ ਲੱਗੀਆਂ ਹਨ, ਪਰ ਹੁਣ ਇਸ ਦੀ ਛਾਂ ਸੀਮਤ ਥਾਂ ਨੂੰ ਛੱਡ ਕੇ ਬਿਨ ਸਿਰਨਾਵਿਓਂ ਥਾਵਾਂ ਤੀਕਰ ਪਹੁੰਚ ਗਈ ਹੈ। ਨਿਸਚਿਤ ਵਜ਼ਨ ਵਾਲੀ ਇਸ ਕਾਵਿ ਵਿਧਾ ਨੂੰ ਪੰਜਾਬੀਆਂ ਨੇ ਚਾਅ ਨਾਲ ਅਪਣਾਇਆ ਹੈ ਤੇ ਨਵੇਂ-ਨਵੇਂ ਦੋਹਾਕਾਰ ਸਾਹਮਣੇ ਆਏ ਹਨ। ਇਨ੍ਹਾਂ ਦੋਹਾਕਾਰਾਂ ਵਿਚ ਜਗਤਾਰ ਗਿੱਲ ਵੀ ਸ਼ਾਮਿਲ ਹੈ, ਜਿਸ ਨੇ ਦੋਹਿਆਂ ਨੂੰ ਆਪਣੀ ਨਵੀਂ ਪੁਸਤਕ 'ਪਾ ਚਾਨਣ ਦੀ ਬਾਤ' ਵਿਚ ਸਾਂਭਿਆ ਹੈ। ਇਸ ਪੁਸਤਕ ਨੂੰ ਸਰਬਜੀਤ ਸਿੰਘ ਸੰਧੂ ਨੇ ਸੰਪਾਦਿਤ ਕੀਤਾ ਹੈ, ਜੋ ਖ਼ੁਦ ਗ਼ਜ਼ਲਕਾਰ ਹਨ ਤੇ ਛੰਦ ਪ੍ਰਬੰਧ 'ਤੇ ਉਨ੍ਹਾਂ ਦੀ ਚੋਖੀ ਪਕੜ ਹੈ। 'ਪਾ ਚਾਨਣ ਦੀ ਬਾਤ' ਵਿਚ ਕੁੱਲ 495 ਦੋਹੇ ਸੰਕਲਿਤ ਹਨ। ਇਹ ਦੋਹੇ ਮਨੁੱਖੀ ਮਨ ਦੀਆਂ ਮਹੀਨ ਤਹਿਆਂ ਦਾ ਪ੍ਰਗਟਾਵਾ ਵੀ ਕਰਦੇ ਹਨ ਤੇ ਬੇਲਗ਼ਾਮ ਹੋਈ ਦਿੱਲੀ ਨਾਲ ਟਕਰਾਉਣ ਇੱਛਾ ਵੀ ਰੱਖਦੇ ਹਨ। ਇਨ੍ਹਾਂ ਵਿਚ ਕੈਨੇਡਾ ਵਿਚ ਬੇਰੀਆਂ ਤੋੜਦੇ ਜਵਾਨੀ ਤੇ ਬੁਢਾਪਾ ਵੀ ਹਨ ਤੇ ਪੰਜਾਬ ਵਿਚ ਦਮ ਤੋੜਦੀ ਕਿਸਾਨੀ ਵੀ ਹੈ। ਇਹ ਮਨੁੱਖੀ ਮਨ ਦੇ ਤਰਜ਼ਮਾਨ ਵੀ ਹਨ ਤੇ ਕੁਦਰਤ ਨਾਲ ਮੋਹ ਵੀ ਪਾਲਦੇ ਹਨ। 'ਬੇਮੁਖ ਹਕੂਮਤਾਂ', 'ਖੇਖਣਹਾਰੀ ਦਿੱਲੀ', 'ਧਰਤੀ', 'ਕਣਕਾਂ ਸੋਨੇ ਰੰਗੀਆਂ', 'ਖੇਤੀਂ ਕਣਕਾਂ ਪੱਕੀਆਂ', 'ਸੁੰਨੀਆਂ ਦਿਸਣ ਹਵੇਲੀਆਂ', 'ਮਾਵਾਂ ਰਾਤ ਨਾ ਸੌਂਦੀਆਂ' ਤੇ 'ਬੇਖ਼ਬਰੇ ਹਾਕਿਮ' ਨੂੰ ਸੰਬੋਧਿਤ ਦਰਜਨਾਂ ਦੋਹੇ ਇਸ ਪੁਸਤਕ ਵਿਚ ਛਪੇ ਮਿਲਦੇ ਹਨ। ਵੱਡੀ ਗੱਲ ਸ਼ਾਇਰ ਅੰਦਰ ਤੋਂ ਮਾਨਵਤਾ ਤੇ ਪੀੜਤ ਲੋਕਾਂ ਦੀ ਧਿਰ ਵਜੋਂ ਖਲੋਂਦਾ ਹੈ। ਧੁੰਦਲੇ ਤੇ ਢਾਹੂ ਵਿਚਾਰ ਇਨ੍ਹਾਂ ਦੋਹਿਆਂ ਵਿਚ ਨਜ਼ਰ ਨਹੀਂ ਆਉਂਦੇ ਤੇ ਨਾ ਹੀ ਸ਼ਾਇਰ ਲੋਕਾਂ ਨੂੰ ਮਜ਼ਹਬ ਤੇ ਜਾਤਾਂ ਵਿਚ ਉਲਝਾਉਂਦਾ ਹੈ। ਹਰ ਕਾਵਿ ਵੰਨਗੀ ਦਾ ਇਕ ਸੁਭਾਅ ਹੁੰਦਾ ਹੈ, ਦੋਹਾ ਕਾਵਿ ਵਿਧੀ ਸੂਖ਼ਮ ਮੰਨੀ ਜਾਂਦੀ ਹੈ, ਸਿੱਧਾ ਤੇ ਉਲਾਰ ਵਰਨਣ ਦੋਹੇ ਨਾਲ ਜ਼ਿਆਦਤੀ ਹੈ, ਜੋ ਇਸ ਪੁਸਤਕ ਵਿਚ ਕਿੱਧਰੇ-ਕਿੱਧਰੇ ਹੋਈ ਲਗਦੀ ਹੈ। ਅਭਿਆਸ ਕਲਮਕਾਰ ਨੂੰ ਹੋਰ ਊਰਜਾ ਦਿੰਦਾ ਹੈ। ਮੈਂ 'ਪਾ ਚਾਨਣ ਦੀ ਬਾਤ' ਦੇ ਸ਼ਾਇਰ ਜਗਤਾਰ ਗਿੱਲ ਦੀ ਪੁਸਤਕ ਤੋਂ ਸੰਤੁਸ਼ਟ ਹਾਂ, ਆਸ ਹੈ ਅਗਲੀ ਪੁਸਤਕ ਹੋਰ ਬਿਹਤਰ ਹੋਵੇਗੀ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਤਾਲ ਪ੍ਰਕਾਸ਼
ਲੇਖਕ : ਡਾ. ਰਣਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 132
ਸੰਪਰਕ : 98554-53539

ਸੰਗੀਤ ਨੂੰ ਰੂਹ ਦੀ ਗਜ਼ਾ ਕਿਹਾ ਜਾਂਦਾ ਹੈ, ਪੁਰਾਤਨ ਕਾਲ ਵਿਚ ਗਾਇਨ ਕਲਾ, ਵਾਦਨ ਕਲਾ ਅਤੇ ਨ੍ਰਿਤ ਕਲਾ ਦੇ ਸੁਮੇਲ ਨੂੰ ਸੰਗੀਤ ਮੰਨਿਆ ਜਾਂਦਾ ਸੀ। ਇਨ੍ਹਾਂ ਤਿੰਨਾਂ ਕਲਾਵਾਂ ਦਾ ਪ੍ਰਦਰਸ਼ਨ ਇਕੱਠਾ ਹੀ ਕੀਤਾ ਜਾਂਦਾ ਸੀ। ਇਨ੍ਹਾਂ ਵਿਚ ਗਾਇਨ ਕਲਾ ਦੀ ਪ੍ਰਧਾਨਤਾ ਹੋਣ ਕਰਕੇ ਇਸ ਨੂੰ ਸੰਗੀਤ ਦਾ ਨਾਂਅ ਦਿੱਤਾ ਗਿਆ ਪਰ ਤਾਲ ਤੋਂ ਬਿਨਾਂ ਇਹ ਕੋਮਲ ਕਲਾਵਾਂ ਅਧੂਰੀਆਂ ਹਨ, ਕਿਉਂਕਿ ਤਾਲ ਦਾ ਸੰਗੀਤ ਨਾਲ ਅਨਿੱਖੜਵਾਂ ਸੰਬੰਧ ਹੈ। ਪੰਜਾਬੀ ਭਾਸ਼ਾ ਵਿਚ ਤਾਲ ਬਾਰੇ ਪੁਸਤਕਾਂ ਦੀ ਕਾਫ਼ੀ ਘਾਟ ਹੈ, ਜਿਸ ਨੂੰ ਮਹਿਸੂਸ ਕਰਦਿਆਂ ਡਾ. ਰਣਜੀਤ ਸਿੰਘ ਨੇ ਸੰਗੀਤ ਦੇ ਵਿਦਿਆਰਥੀ ਦੇ ਸਿਲੇਬਸ ਅਨੁਸਾਰ ਇਸ ਪੁਸਤਕ ਦੀ ਰਚਨਾ ਕੀਤੀ ਹੈ, ਜੋ ਕਿ ਇਕ ਸ਼ਲਾਘਾਯੋਗ ਉਪਰਾਲਾ ਹੈ। ਲੇਖਕ ਨੇ ਗੁਰਮਤਿ ਸੰਗੀਤ ਅਤੇ ਹਿੰਦੋਸਤਾਨੀ ਸੰਗੀਤ ਦੇ ਖੇਤਰ ਵਿਚ ਉੱਚ-ਵਿੱਦਿਆ ਪ੍ਰਾਪਤ ਕੀਤੀ ਹੈ। ਪੁਸਤਕ ਦੇ ਆਰੰਭ ਵਿਚ ਉਸ ਨੇ ਤਬਲੇ ਦਾ ਚਿੱਤਰ ਦੇ ਕੇ ਇਸ ਦੇ ਵੱਖ-ਵੱਖ ਅੰਗਾਂ 'ਤੇ ਰੌਸ਼ਨੀ ਪਾਈ ਹੈ। ਉਪਰੰਤ ਸੰਗੀਤ ਅਤੇ ਲੈਅ, ਤਬਲੇ ਦੀ ਉਤਪਤੀ, ਤਬਲਾ ਮਿਲਾਉਣ ਦੇ ਢੰਗ, ਤਾਲ ਨਾਲ ਸੰਬੰਧਿਤ ਪ੍ਰੀਭਾਸ਼ਿਕ ਸ਼ਬਦ ਅਤੇ ਸਿੱਖਿਆਰਥੀਆਂ ਲਈ ਵਡਮੁੱਲੇ ਸੁਝਾਅ ਦਿੱਤੇ ਹਨ। ਇਸ ਤੋਂ ਛੁੱਟ ਲੈਅਕਾਰੀਆਂ ਅਤੇ ਵੱਖ-ਵੱਖ ਪ੍ਰਚੱਲਿਤ ਤਾਲਾਂ ਅਤੇ ਉਨ੍ਹਾਂ ਦੀਆਂ ਕਿਸਮਾਂ ਦਾ ਵਿਸਥਾਰ ਸਹਿਤ ਵਰਨਣ ਕੀਤਾ ਹੈ। ਲੇਖਕ ਨੇ ਕੁਝ ਅਪ੍ਰਚਲਿਤ ਤਾਲਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ, ਜਿਵੇਂ ਪਸ਼ਤੋ, ਮਤਤਾਲ, ਫਰੋਦਸਤ, ਗਜਝੰਪਾ, ਸਿਖਰ, ਯਤੀਤਾਲ, ਆਨੰਦ, ਬਿਲਹੰਸ, ਨਾਰਾਇਣੀ, ਊਂਟਾ, ਰੁਦਰ, ਖੇਮਟਾ, ਪੰਚਮ ਸਵਾਰੀ, ਇਕਵਾਈ, ਸਰਸਵਤੀ, ਤ੍ਰਿਵੇਣੀ, ਵਿਸ਼ਣੂ ਤਾਲ ਆਦਿ। ਗੁਰਮਤਿ ਸੰਗੀਤ ਪਰੰਪਰਾ ਵਿਚ ਵਰਨਣ ਕੀਤਾ ਪਉੜੀ ਤਾਲ ਦਾ ਨਾਂਅ ਹਿੰਦੋਸਤਾਨੀ ਸੰਗੀਤ ਪੱਧਤੀ ਵਿਚ ਨਹੀਂ ਮਿਲਦਾ। 'ਆਸਾ ਦੀ ਵਾਰ' ਵਿਚ ਪਉੜੀ ਦਾ ਗਾਇਨ ਕਰਨ ਲਈ ਇਹ ਤਾਲ ਵਜਾਇਆ ਜਾਂਦਾ ਹੈ। ਇਸ ਦੀਆਂ ਚਾਰ ਮਾਤਰਾਵਾਂ ਹੁੰਦੀਆਂ ਹਨ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

18-11-2023

 ਚਾਨਣੀ ਦੇ ਦੇਸ ਵਿਚ
(ਅਰਤਿੰਦਰ ਸੰਧੂ ਦੀ ਚੋਣਵੀਂ ਪ੍ਰਗੀਤਕ ਕਵਿਤਾ)
ਸੰਪਾ: ਡਾ. ਮੋਹਨ ਸਿੰਘ ਤਿਆਗੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98144-79150

ਵਿਚਾਰਧੀਨ ਕਾਵਿ-ਪੁਸਤਕ ਸਾਹਿਤਕ ਮੈਗਜ਼ੀਨ 'ਏਕਮ' ਦੀ ਸੰਪਾਦਕਾ ਅਰਤਿੰਦਰ ਸੰਧੂ ਦੀਆਂ ਤਿੰਨ ਕਾਵਿ-ਪੁਸਤਕਾਂ (ਸ਼ੀਸ਼ੇ ਦੀ ਜੂਨ, ਆਪਮੇ ਤੋਂ ਆਪਣੇ ਤੱਕ, ਮਨ ਦਾ ਮੌਸਮ) ਵਿਚੋਂ 82 ਪ੍ਰਗੀਤ ਚੁਣ ਕੇ, ਡਾ. ਮੋਹਨ ਤਿਆਗੀ ਨੇ 'ਚਾਨਣੀ ਦੇ ਦੇਸ ਵਿਚ' ਨਾਮਕਰਨ ਹੇਠ ਪ੍ਰਕਾਸ਼ਿਤ ਕਰਵਾਈ ਹੈ। ਅਸਤਿੱਤਵਾਦੀ ਆਲੋਚਨਾ ਦ੍ਰਿਸ਼ਟੀ ਅਨੁਸਾਰ ਪ੍ਰਗੀਤਾਂ ਦੀ ਇਹ ਪੁਸਤਕ 'ਹੋਂਦ ਅਤੇ ਹੋਣੀ' (ਬੀਇੰਗ ਐਂਡ ਬੀਕਮਿੰਗ) ਦੀ ਕਵਿਤਾ ਦੇ ਅੰਤਰਗਤ ਵਿਚਾਰੇ ਜਾਣ ਦੇ ਯੋਗ ਹੈ ਜਾਂ ਕਹੋ ਵਿਲੀਅਮ ਵਰਡਜ਼ਵਰਥ ਦੀ ਪਰਿਭਾਸ਼ਾ ਅਨੁਸਾਰ 'ਓਵਰ ਫਲੋਅ ਆਫ਼ ਪਾਵਰਫੁਲ ਫੀਲਿੰਗਜ਼' ਦੇ ਪ੍ਰਗੀਤਾਂ ਦਾ ਸੰਗ੍ਰਹਿ ਹੈ। ਪ੍ਰਗੀਤਾਂ ਵਿਚ ਕਾਵਿ-ਨਾਇਕਾਂ (ਪੋਇਟਿਕ ਆਈ) ਅਰਥਾਤ 'ਕਾਵਿ-ਮੈਂ' ਆਪਣੇ ਸਵੈ 'ਤੇ ਕੇਂਦਰਿਤ ਰਹਿੰਦੀ ਹੋਈ ਉੱਤਮ ਪੁਰਖੀ ਸ਼ੈਲੀ ਵਿਚ ਆਪਣੇ ਤਿੱਖੇ ਬੇਕਾਬੂ ਜਜ਼ਬਾਤਾਂ ਦਾ ਪ੍ਰਗਟਾਵਾ ਕਰਦੀ ਹੋਈ ਅਰੁਕ ਨਦੀ ਵਾਂਗ ਵਹਿੰਦੀ ਚਲੀ ਜਾਂਦੀ ਹੈ। ਜ਼ਿੰਦਗੀ ਅਤੇ ਜ਼ਿੰਦ ਦਰਮਿਆਨ ਕੰਪਨ ਵਿਚ ਰਹਿੰਦੀ ਹੋਈ, ਆਸ਼ਾ ਅਤੇ ਨਿਰਾਸ਼ਾ ਦੋਵਾਂ ਸਿਖਰਾਂ ਵਿਚਕਾਰ ਜੂਝਦੀ ਹੈ। ਉਸ ਨੂੰ ਵਿਅਕਤੀਗਤ ਹੋਂਦ ਦੀਆਂ ਵਿਭਿੰਨ ਪ੍ਰਸਥਿਤੀਆਂ ਦਾ ਅਹਿਸਾਸ ਹੈ। ਆਪਣੇ ਭਾਵਾਂ ਦੀ ਅਭਿਵਿਅਕਤੀ ਲਈ ਸੂਖਮ ਅਤੇ ਸਥੂਲ ਦੋਵੇਂ ਤਰ੍ਹਾਂ ਦੇ ਬਿੰਬਾਂ ਦਾ ਸਹਿਜ ਪ੍ਰਯੋਗ ਕਰਦੀ ਹੈ। ਸੂਖਮ ਮਸਲਨ : ਸੋਚ, ਉਦਾਸੀ, ਖਿਆਲ, ਹਵਾ, ਸਾਹ, ਹੌਂਕੇ, ਸੁਪਨੇ ਆਦਿ। ਸਥੂਲ ਮਸਲਨ : ਨਦੀਆਂ, ਸੂਰਜ, ਚੰਦ, ਤਾਰੇ, ਅੰਬਰ, ਪੱਥਰ, ਫੁੱਲ, ਪਾਣੀ, ਫੱਗਣ, ਸਾਵਣ ਆਦਿ ਰੁੱਤਾਂ। ਕਦੀ ਉਸ ਦਾ ਅਸਤਿਤਵ ਬੁਲੰਦ ਹੋ ਜਾਂਦਾ ਹੈ, ਕਦੀ ਉਹ ਹੋਂਦ-ਹੀਣ ਮਹਿਸੂਸ ਕਰਦੀ ਹੈ। 'ਕਾਵਿ-ਮੈਂ ਦਾ ਅਸਤਿਤਵ ਪ੍ਰਗੀਤਾਂ ਪਿੱਛੇ ਲੁਕਣ-ਮੀਟੀ ਖੇਡਦਾ ਵਿਖਾਈ ਦਿੰਦਾ ਹੈ। ਅਰਤਿੰਦਰ ਸੰਧੂ ਦੀ ਅੰਤਰੀਵੀ ਭਾਵਨਾ ਉਭਰ ਕੇ ਸਾਹਮਣੇ ਆ ਜਾਂਦੀ ਹੈ। ਆਮ ਕਰਕੇ ਉਸ ਦੇ ਪ੍ਰਗੀਤਾਂ ਵਿਚ ਇਕੱਲੇ ਵਿਚਾਰ, ਭਾਵਨਾ ਅਤੇ ਸਥਿਤੀ ਮੂੰਹ ਚੜ੍ਹ ਕੇ ਬੋਲਦੀ ਹੈ। ਪ੍ਰਭਾਵ ਦੀ ਏਕਤਾ ਇਨ੍ਹਾਂ ਪ੍ਰਗੀਤਾਂ ਦਾ ਮੁੱਖ ਲੱਛਣ ਹੈ। ਬਣਤਰ ਅਤੇ ਬੁਣਤਰ ਵਿਚ ਸੁਰ, ਤਾਲ ਅਤੇ ਸੰਗੀਤਾਤਮਿਕਤਾ ਉਪਲਬਧ ਹੈ। ਪ੍ਰਗੀਤਾਂ ਦੀ ਭਾਵ ਭੂਮੀ ਲਛਮਣ ਰੇਖਾ ਵਿਚ ਰਹਿੰਦੀ ਹੈ। ਕਿਧਰੇ-ਕਿਧਰੇ ਨਾਟਕੀਅਤਾ ਦੇ ਸੰਵਾਦ ਹਾਜ਼ਰ ਹੋ ਜਾਂਦੇ ਹਨ। ਪ੍ਰਗੀਤਾਂ ਵਿਚ ਫਰੀਕੁਐਂਸੀ/ ਬਾਰੰਬਬਾਰਤਾ/ ਟੇਕ/ ਆਵਿਤੀ ਵਿਦਮਾਨ ਹੈ। ਪ੍ਰਗੀਤ ਜਿਸ ਵਿਚਾਰ ਨਾਲ ਆਰੰਭ ਹੁੰਦੇ ਹਨ, ਉਸੇ ਨਾਲ ਸਮਾਪਤ ਹੁੰਦੇ ਹਨ। ਅਸਤਿਤਵਾਦ 'ਮੈਂ ਵਾਟ' ਨਹੀਂ ਹੁੰਦਾ। ਇਹ ਦੂਜਿਆਂ ਨਾਲ ਸੰਵਾਦ ਰਚਾ ਕੇ ਪ੍ਰਤੱਖ ਹੁੰਦਾ ਹੈ। ਕਾਵਿ-ਨਾਇਕਾ ਬਿੰਬਾਂ ਦਾ ਪ੍ਰਯੋਗ ਕਰ ਕੇ ਆਪਣੀ ਹੋਂਦ ਉਜਾਗਰ ਕਰਦੀ ਹੈ। ਇਥੋਂ ਤੱਕ ਕਿ ਉਹ ਆਪਣੇ ਆਪ ਨਾਲ ਵੀ ਸੰਵਾਦ ਰਚਾਉਂਦੀ ਹੈ। ਰਤਾ ਵੇਖੋ :
ਬਹੁਤ ਸਾਰੀ ਬਹਿਸ ਵਿਚ ਹੁੰਦੀ ਸੀ
ਜਦ ਕਦੀ ਵੀ ਆਪ ਆਪਣੇ ਨਾਲ ਬੈਠੇ। (ਪੰਨਾ : 144)
ਗੁਰੂ ਨਾਨਕ ਦੇਵ ਜੀ ਬਾਣੀ ਤੋਂ ਪ੍ਰਭਾਵਿਤ ਹੈ, ਕਵਿ-ਨਾਇਕਾ। ਮਾਂ-ਬੋਲੀ ਨੂੰ ਪਿਆਰ ਕਰਦੀ ਹੈ। ਬੇਸ਼ੱਕ ਕਈ ਪ੍ਰਗੀਤਾਂ ਵਿਚ ਹੈ ਮਲਟ-ਨੁਮਾ ਹੋ ਜਾਂਦੀ ਹੈ। ਦੁਚਿੱਤੀ ਵਿਚ ਪੈ ਜਾਂਦੀ ਹੈ। ਵੱਖ-ਵੱਖ ਪ੍ਰਾਕ੍ਰਿਤਕ ਵਸਤੂਆਂ ਨੂੰ ਸੰਬੋਧਨ/ਮੁਖਾਤਿਬ ਹੁੰਦੀ ਹੈ। ਆਪਣੀ ਖ਼ੁਦੀ ਦੇ ਅਕਸ ਨੂੰ ਬਾਖੂਬੀ ਪਹਿਚਾਣਦੀ ਹੈ:
ਸਿਰਜਕ ਹਾਂ ਕੁਦਰਤ ਦੀ ਤਰ੍ਹਾਂ
ਰੰਗਾਂ ਦੀ ਰਚਣਹਾਰ ਵੀ
ਮੈਂ ਹੀ ਸੂਰਜਾਂ ਦੀ ਕੁੱਖ ਹਾਂ
ਖ਼ੁਦ ਜ਼ਿੰਦਗੀ ਦਾ ਮਿਜਾਜ਼ ਹਾਂ। (ਪੰਨਾ : 116)

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਮਹਿਫੂਜ਼ ਪਲ
ਲੇਖਕ : ਐੱਸ. ਬਲਵੰਤ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼ ਦਿੱਲੀ
ਮੁੱਲ : 500 ਰੁਪਏ, ਸਫ਼ੇ : 420
ਸੰਪਰਕ : 011-26802488

ਐਸ. ਬਲਵੰਤ ਪੁਸਤਕ ਪ੍ਰਕਾਸ਼ਨ ਦੇ ਭਾਰਤੀ ਪਰਿਪੇਖ ਦਾ ਇਕ ਸ਼ਹਿਨਸ਼ਾਹ ਰਿਹਾ ਹੈ। ਉਹ ਆਪਣੇ ਪਰਿਵਾਰ ਸਮੇਤ 1947 ਈ. ਵਿਚ ਲਾਇਲਪੁਰ ਤੋਂ ਹਿਜਰਤ ਕਰ ਕੇ ਇਧਰ ਜਲੰਧਰ ਪਹੁੰਚਾ ਸੀ। ਚੰਗੀ ਪੜ੍ਹਾਈ ਅਤੇ ਰੁਜ਼ਗਾਰ ਦੀ ਖਿੱਚ ਉਸ ਨੂੰ ਦਿੱਲੀ ਲੈ ਆਈ। ਕੁਝ ਸਮਾਂ ਉਸ ਨੇ 'ਪੀਪਲ ਬੁੱਕ ਸੈਂਟਰਜ਼' ਨੂੰ ਲੀਹਾਂ ਉੱਪਰ ਪਾਉਣ ਲਈ ਚੰਡੀਗੜ੍ਹ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿਚ ਵੀ ਗੁਜ਼ਾਰਿਆ। ਬਾਅਦ ਵਿਚ 'ਅਜੰਤਾ ਪਬਲਿਸ਼ਰਜ਼' ਦੇ ਮੰਚ ਤੋਂ ਉਸ ਨੇ ਅੰਗਰੇਜ਼ੀ ਵਿਚ ਭਾਰਤ ਦੇ ਵਿਖਿਆਤ ਚਿੰਤਕਾਂ (ਐਮ.ਐਨ. ਰਾਯ, ਪ੍ਰੋ. ਰਣਧੀਰ ਸਿੰਘ ਅਤੇ ਰਜਨੀ ਕੋਠਾਰੀ ਆਦਿ) ਨੂੰ ਵੀ ਪ੍ਰਕਾਸ਼ਿਤ ਕੀਤਾ। ਵਿਦੇਸ਼ਾਂ ਤੱਕ ਉਸ ਦੇ ਅਦਾਰੇ 'ਅਜੰਤਾ ਪਬਲਿਸ਼ਰਜ਼' ਦੀ ਧੁੰਮ ਰਹੀ।ਉਸ ਨੂੰ ਇਹ ਪਤਾ ਸੀ ਕਿ ਭਾਰਤੀ ਪਾਠਕਾਂ (ਗਾਹਕਾਂ) ਨੂੰ ਕਿਹੜੀ ਪੁਸਤਕ ਚਾਹੀਦੀ ਹੈ ਅਤੇ ਉਸ ਪੁਸਤਕ ਨੂੰ ਕਿਵੇਂ ਵੇਚਣਾ ਹੈ। ਕੀ ਕੋਈ ਸੋਚ ਸਕਦਾ ਹੈ ਕਿ ਕਾਰਲ ਮਾਰਕਸ ਦੀ 'ਦਾਸ ਕੈਪੀਟਲ' ਵਰਗੀ ਮੁਸ਼ਕਿਲ ਅਤੇ ਸਿਧਾਂਤਕ ਪੁਸਤਕ (ਤਿੰਨ ਜਿਲਦਾਂ) ਨੂੰ ਬੱਸਾਂ ਵਿਚ 'ਹਾਕਰਾਂ' ਦੁਆਰਾ ਵੀ ਵੇਚਿਆ ਜਾ ਸਕਦਾ ਹੈ? ਪਰ ਉਸ ਨੇ ਅਜਿਹਾ ਕਾਰਨਾਮਾ ਵੀਕਰ ਦਿਖਾਇਆ। ਇਹ ਪੁਸਤਕ ਜਲੰਧਰ ਤੋਂ ਨਿਕਲਣ ਵਾਲੀਆਂ ਪੰਜਾਬੀ ਅਖ਼ਬਾਰਾਂ (ਵਿਸ਼ੇਸ਼ ਕਰ 'ਨਵਾਂ ਜ਼ਮਾਨਾ') ਦੀ ਪੱਤਰਕਾਰੀ ਬਾਰੇ ਵੀ ਗੰਭੀਰ ਟਿੱਪਣੀਆਂ ਕਰਦੀ ਹੈ। ਆਨੰਦ, ਸੁਰਜਨ ਜ਼ੀਰਵੀ, ਅੰਮ੍ਰਿਤ ਜ਼ੀਰਵੀ, ਸ਼ੁਕੀਨ ਸਿੰਘ, ਦਲਬੀਰ ਸਿੰਘ, ਸਤਨਾਮ ਚਾਨਾ ਅਤੇ ਬੰਤ ਬਰਾੜ ਆਦਿਕ ਦਾ ਭਰਪੂਰ ਜ਼ਿਕਰ ਹੋਇਆ। ਚੰਡੀਗੜ੍ਹ ਦੇ ਕੁਝ ਹੋਰ ਦੋਸਤਾਂ ਵਿਚ ਕੁਮਾਰ ਵਿਕਲ, ਅਮਿਤੋਜ, ਲੋਕਨਾਥ, ਰਣਜੀਤ ਬਾਜਵਾ, ਸੀਤਲ ਦਾਸ, ਗੌਤਮ ਵਰਗੇ ਮਿੱਤਰਾਂ ਨਾਲ ਬਿਤਾਏ ਖ਼ੂਬਸੂਰਤ ਪਲਾਂ ਦਾ ਜ਼ਿਕਰ ਹੋਇਆ ਹੈ। ਇਹ ਪੁਸਤਕ ਇਕ ਵੱਖਰੀ ਭਾਂਤ ਦੀ ਸਵੈ-ਜੀਵਨੀ ਹੈ। ਲੇਖਕ ਜਾਣਦਾ ਹੈ ਕਿ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਜੀਵਨ ਸ਼ਾਮਿਲ ਹੁੰਦਾ ਹੈ ਅਤੇ ਅਜਿਹੇ ਸਹਿਯੋਗੀ ਲੋਕਾਂ ਦਾ ਜੀਵਨ ਹੀ ਕਿਸੇ ਸ਼ਖ਼ਸ ਦੇ ਜੀਵਨ ਨੂੰ ਪ੍ਰਮਾਣਿਕ ਬਣਾਉਂਦਾ ਹੈ। ਪੰਜਾਬੀ ਪੱਤਰਕਾਰਿਤਾ ਦੇ ਕਈ ਪ੍ਰਸਿੱਧ ਨਾਂਅ ਸਾਧੂ ਸਿੰਘ ਹਮਦਰਦ, ਬਰਜਿੰਦਰ ਸਿੰਘ ਹਮਦਰਦ, ਸ਼ਾਦੀ ਸਿੰਘ, ਅਮਰ ਸਿੰਘ ਦੁਸਾਂਝ ਦਾ ਜ਼ਿਕਰ-ਏ-ਖ਼ੈਰ ਹੈ। ਐਸ. ਬਲਵੰਤ ਪੁਸਤਕ ਪ੍ਰਕਾਸ਼ਨ ਅਤੇ ਵਿਤਰਣ ਦੇ ਖੇਤਰ ਵਿਚ ਇਕ ਬਹੁਤ ਵੱਡਾ ਨਾਂਅ ਹੈ। ਅਫ਼ਸੋਸ! ਕਿ ਹੁਣ ਉਸ ਦੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਣ ਵਾਸਤੇ ਇਕ ਵੀ ਸ਼ਖ਼ਸ ਨਹੀਂ। ਮੈਂ ਪੰਜਾਬੀ ਵਿਚ ਇਹੋ ਜਿਹੀਆਂ ਮੁੱਲਵਾਨ ਅਤੇ ਅਰਥਪੂਰਨ ਬਹੁਤ ਘੱਟ ਕਿਤਾਬਾਂ ਪੜ੍ਹੀਆਂ, ਦੇਖੀਆਂ ਹਨ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਸੂਫ਼ੀਆਨਾ ਰਹੱਸ ਅਨੁਭੂਤੀ
ਲੇਖਕ : ਡਾ. ਭਗਵੰਤ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੋਹਾਲੀ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 150
ਸੰਪਰਕ : 98148-51500

ਇਸ ਪੁਸਤਕ ਵਿਚ ਫ਼ਕੀਰ ਈਸ਼ਵਰਦਾਸ ਸ਼ਾਹ ਗੁਲਾਮ ਅਲਮਸਤ ਜੀ ਦੀਆਂ ਸੂਫ਼ੀਆਨਾ ਰਚਨਾਵਾਂ ਦਾ ਆਲੋਚਨਾਤਮਿਕ ਅਧਿਐਨ ਪੇਸ਼ ਕੀਤਾ ਗਿਆ ਹੈ। ਫ਼ਕੀਰ ਜੀ ਦਾ ਜਨਮ ਗੁਰੂ ਘਰ ਤੋਂ ਵਰੋਸਾਏ ਭਾਈ ਭਗਤੂ ਜੀ ਦੀ ਤੇਰ੍ਹਵੀਂ ਪੀੜ੍ਹੀ ਵਿਚ ਹੋਇਆ। ਆਪ ਨੇ ਧਰਮ, ਦਰਸ਼ਨ, ਇਤਿਹਾਸ, ਮਿਥਿਹਾਸ ਅਤੇ ਰਾਜਨੀਤੀ ਦਾ ਅਧਿਐਨ ਕੀਤਾ। ਕਠਿਨ ਸਾਧਨਾਂ ਅਤੇ ਗੰਭੀਰ ਚਿੰਤਨ ਉਪਰੰਤ ਆਪ ਨੂੰ ਰੂਹਾਨੀ ਅਨੁਭਵ ਨਸੀਬ ਹੋਏ। ਪਹਿਲਾਂ ਇਨ੍ਹਾਂ ਨੇ ਦੁਨਿਆਵੀ ਪੜ੍ਹਾਈ, ਨੌਕਰੀ ਅਤੇ ਦਸਤਾਵੇਜ਼ੀ ਫ਼ਿਲਮਾਂ ਕੀਤੀਆਂ ਪਰ ਫਿਰ ਦੁਨੀਆਦਾਰੀ ਤੋਂ ਮਨ ਉਚਾਟ ਹੋ ਗਿਆ। ਇਕ ਦਿਨ ਅਚਾਨਕ ਹੀ ਅਧਿਆਤਮਿਕਤਾ ਦਾ ਸਿਖ਼ਰਲਾ ਅਨੁਭਵ ਹੋਇਆ ਅਤੇ ਆਕਾਸ਼ਵਾਣੀ ਹੋਈ ਕਿ ਗਿਆਨ ਹੀ ਮੋਕਸ਼ ਹੈ। ਇਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਪੀਰਾਂ-ਫ਼ਕੀਰਾਂ, ਸਾਈਂ ਲੋਕਾਂ ਦੀ ਸੂਫ਼ੀਆਨਾ ਰਹੱਸ ਅਨੁਭੂਤੀ ਪ੍ਰਾਪਤ ਕੀਤੀ। ਸ਼ਾਸਤਰੀ ਸੰਗੀਤ ਸਿੱਖਿਆ, ਵਿਦੇਸ਼ਾਂ ਦੀ ਯਾਤਰਾ ਕੀਤੀ ਅਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਵਿਚ 30 ਕਿਤਾਬਾਂ ਲਿਖੀਆਂ। ਡੂੰਘੀਆਂ ਰਮਜ਼ਾਂ ਵਾਲੀਆਂ ਰਹੱਸਮਈ ਕਵਿਤਾਵਾਂ ਲਿਖੀਆਂ ਜਿਵੇਂ:
ਅਜੀਬ ਦਾਸਤਾਂ ਹੈ ਯੇ
ਹੈ ਨਹੀਂ, ਨ ਹਮ ਹੋਂਗੇ
ਯਾ ਰਬ, ਨਾ ਤੁਮਸੇ ਜੁਦਾ ਥੇ
ਨਾ ਹੈਂ, ਨਾ ਹੀ ਹੋਂਗੇ।
ਇਹ ਖ਼ਾਸ ਹੋ ਕੇ ਆਮ ਵਾਂਗ ਰਹਿ ਰਹੇ ਹਨ। ਆਪ ਨਿਰਮਲ ਪੰਚਾਇਤੀ ਅਖਾੜੇ ਦੇ ਮਹਾਂਮੰਡਲੇਸ਼ਵਰ ਹਨ। ਇਸ ਪੁਸਤਕ ਵਿਚ ਉੱਘੇ ਲੇਖਕਾਂ ਨੇ ਆਪ ਬਾਰੇ ਆਪਣੇ ਨਜ਼ਰੀਏ ਪੇਸ਼ ਕੀਤੇ ਹਨ। ਉਨ੍ਹਾਂ ਨੂੰ ਕਈ ਵਿਸ਼ੇਸ਼ਣਾਂ ਨਾਲ ਸਤਿਕਾਰਿਆ ਗਿਆ ਹੈ ਜਿਵੇਂ ਰੱਬ ਨਾਲ ਸਿੱਧਾ ਨਾਤਾ ਜੋੜਨ ਵਾਲਾ ਫ਼ਕੀਰ, ਸੂਫ਼ੀ ਮਾਰਗ ਦਾ ਸ਼ਾਹ ਸਵਾਰ, ਸੂਫ਼ੀਆਨਾ ਰੀਤ ਦਾ ਬੇਮਿਸਾਲ ਸ਼ਾਇਰ, ਮੁਕਤੀ-ਬੋਧ ਦਾ ਪ੍ਰਵਚਨਕਾਰ ਆਦਿ। ਆਪ ਦੀ ਕਵਿਤਾ ਵਿਚ ਪਰਮ ਪ੍ਰਕਾਸ਼ ਦਾ ਅਨੁਭਵ ਹੈ। ਆਪ ਦੀਆਂ ਰਚਨਾਵਾਂ ਅਧਿਆਤਮਿਕ ਚੇਤਨਾ ਅਤੇ ਮਨੁੱਖੀ ਏਕਤਾ ਦੇ ਭਾਵ ਜਾਗ੍ਰਿਤ ਕਰਦੀਆਂ ਹਨ। ਇਸ ਅਨਮੋਲ ਰੂਹਾਨੀ ਅਨੁਭਵਾਂ ਦੀ ਪੁਸਤਕ ਦਾ ਤਹਿ ਦਿਲੋਂ ਸਵਾਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਬੇਜ਼ੁਬਾਨ ਅੱਖਰ
ਲੇਖਿਕਾ : ਗਗਨਦੀਪ ਸ਼ਰਮਾ (ਯੂ. ਕੇ.)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : gagandeepbooks@gmail.com

ਲੇਖਿਕਾ ਗਗਨਦੀਪ ਸ਼ਰਮਾ ਦੇ ਹਥਲੇ ਕਾਵਿ-ਸੰਗ੍ਰਹਿ ਤੋਂ ਇਸ ਗੱਲ ਦਾ ਝਲਕਾਰਾ ਪੈਂਦਾ ਹੈ ਕਿ ਪੰਜਾਬੋਂ ਜਾ ਕੇ ਯੂ.ਕੇ. ਵਸ ਗਈ ਇਹ ਲੇਖਿਕਾ ਭਾਵੇਂ ਬਹੁਤ ਜ਼ਿਆਦਾ ਮੰਝੀ ਹੋਈ ਕਵਿੱਤਰੀ ਤਾਂ ਨਹੀਂ ਹੈ ਪਰ ਇਸ ਪੁਸਤਕ ਵਿਚ ਉਸ ਵਲੋਂ ਜੋ ਕਾਵਿ ਰੰਗ ਪੇਸ਼ ਕੀਤਾ ਗਿਆ ਹੈ, ਉਸ ਤੋਂ ਲਗਦਾ ਹੈ ਕਿ ਕਾਵਿ ਲੇਖਣੀ 'ਚ ਬੁਹਤ ਵੱਡਾ ਰੁਤਬਾ ਰੱਖਣ ਦੇ ਯੋਗ ਹੈ। 'ਬੇਜ਼ੁਬਾਨ ਅੱਖਰ' ਤੋਂ ਪਹਿਲਾਂ ਵੀ ਉਸ ਨੇ ਇਕ ਕਾਵਿ ਸੰਗ੍ਰਹਿ ਤੇ 'ਕਹਾਣੀ ਸੰਗ੍ਰਹਿ' ਸਾਹਿਤ ਪ੍ਰੇਮੀਆਂ ਦੀ ਝੋਲੀ ਪਾਏ ਹਨ। ਜ਼ਿਕਰਯੋਗ ਹੈ ਕਿ 64 ਸਫ਼ਿਆਂ ਉੱਪਰ 45 ਛੋਟੀਆਂ-ਵੱਡੀਆਂ ਕਵਿਤਾਵਾਂ ਹਨ। ਕੁਝ ਕੁ ਤਾਂ ਚਾਰ-ਪੰਜ ਲਾਈਨਾਂ ਦੇ ਸ਼ੇਅਰ ਹੀ ਹਨ। ਜਿਸ ਤਰ੍ਹਾਂ ਡਰ, ਰੇਪ, ਸਬਰ, ਅੱਥਰੂ, ਚੁੱਪ, ਖ਼ੂਨ ਦੇ ਰਿਸ਼ਤੇ, ਖੁਆਹਿਸ਼, ਮੇਲ, 'ਕਹਾਣੀ' ਆਦਿ। ਇਨ੍ਹਾਂ ਛੋਟੀਆਂ ਕਵਿਤਾਵਾਂ 'ਚ ਬਹੁਤ ਵੱਡਾ ਸੁਨੇਹਾ ਛੁਪਿਆ ਹੋਇਆ ਹੈ। ਜਿਸ ਤਰ੍ਹਾਂ ਸਫ਼ਾ 20 'ਤੇ 'ਡਰ' ਦੀਆਂ ਸਿਰਫ਼ ਤਿੰਨ ਲਾਈਨਾਂ ਇਸ ਤਰ੍ਹਾਂ ਹਨ:
'ਜ਼ਿੰਦਗੀ ਜਿਊਣੀ ਬਹੁਤ ਔਖੀ ਹੈ'
ਇਸ ਲਈ
ਖ਼ੁਦਕੁਸ਼ੀ ਕਰਨ ਜਾ ਰਿਹਾ ਹੈ ਮੇਰਾ ਡਰ।'
ਅਤੇ ਸਫ਼ਾ 34 'ਤੇ 'ਸਬਰ' ਦੀਆਂ ਸਿਰਫ਼ ਦੋ ਲਾਈਨਾਂ:
'ਬੇਸਬਰਾ ਹੋ ਕੇ ਸਭ ਗੁਆ ਲਿਆ,
ਹੁਣ ਖਾਲੀ ਹੋ ਕੇ ਸ਼ੁਕਰ ਮਨਾ ਰਿਹਾ ਹਾਂ।'
ਸਫਾ : 3 'ਤੇ 'ਕਹਾਣੀ' ਦੀਆਂ ਵੀ ਸਿਰਫ਼ ਦੋ ਲਾਈਨਾਂ ਦਾ ਸ਼ੇਅਰ:
'ਇਕ ਕਹਾਣੀ ਪੂਰੀ ਪਈ ਏ,
ਪਰ ਅਧੂਰੀ ਪਈ ਏ।' ਆਦਿ-ਆਦਿ।
ਲੇਖਿਕਾ ਨੇ ਮਾਂ-ਬੋਲੀ ਕਵਿਤਾ ਵਿਚ ਪੰਜਾਬੋਂ ਬਾਹਰ ਜਾ ਕੇ ਵਸੇ ਪੰਜਾਬੀ ਦੀ ਗੱਲ 'ਪਰ ਤੂੰ ਬੇਗਾਨੀ ਜ਼ੁਬਾਨ 'ਤੇ ਡੁੱਲ ਗਿਆ, ਮੇਰੇ ਦਰਦ ਹਕੀਕੀ ਬਣ ਗਏ ਨੇ।' ਵਿਚ ਇਕ ਹੋਕੇ ਦਾ ਵਰਨਣ ਕੀਤਾ ਗਿਆ ਹੈ। ਇਸੇ ਕਵਿਤਾ ਵਿਚ 'ਕੋਈ ਬਾਹਰੋਂ ਪਿਆ ਮੈਨੂੰ ਢੋਲਦਾ ਹੈ ਨਾਲ ਵੱਖਰੇਵਾਂ ਮਹਿਸੂਸ ਹੁੰਦਾ ਹੈ। ਸਫ਼ਾ 12, 13 'ਤੇ 'ਪੰਜਾਬ' ਕਵਿਤਾ ਅਤੇ ਸਫ਼ਾ 25 'ਤੇ ਕਹਿਤਾ 'ਮੈਂ' ਵਿਚ ਪੰਜਾਬ ਦੀ ਮਿੱਟੀ ਦਾ ਮੋਹ ਦਰਸਾਉਂਦੀਆਂ ਕਵਿਤਾਵਾਂ ਹਨ ਜੋ ਵਧੀਆ ਨਿਭੀਆਂ ਹਨ। ਗੱਲ ਕੀ ਇਸ ਕਾਵਿ ਸੰਗ੍ਰਹਿ ਨਾਲ ਗਗਨਦੀਪ ਸ਼ਰਮਾ ਨੇ ਇਕ ਉਸਾਰੂ ਪੁਲਾਂਘ ਪੁੱਟੀ ਹੈ, ਜਿਸ ਲਈ ਉਸ ਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਅੱਗੇ ਤੋਂ ਵੀ ਉਸ ਤੋਂ ਇਸ ਤਰ੍ਹਾਂ ਦੀਆਂ ਪੁਸਤਕਾਂ ਦੀ ਉਮੀਦ ਕਰਦੇ ਹਾਂ।

-ਡੀ.ਆਰ. ਬੰਦਨਾ
ਮੋਬਾਈਲ : 94173-89003

ਰੁੱਖ-ਸਮਾਧੀ
ਲੇਖਕ : ਸ਼ਿਵ ਨਾਥ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 96538-70627

ਬੜਾ ਹੀ ਅਜੀਬ ਇਤਫ਼ਾਕ ਹੈ ਕਿ ਮੈਂ ਜਦੋਂ ਅਸਾਡੇ ਸ਼੍ਰੋਮਣੀ ਕਵੀ ਸ਼ਿਵ ਨਾਥ ਦੀ ਹਥਲੀ ਪੁਸਤਕ 'ਰੁੱਖ ਸਮਾਧੀ' ਪੜ੍ਹਨੀ ਸ਼ੁਰੂ ਕੀਤੀ ਤਾਂ ਉਸੇ ਸਮੇਂ ਖ਼ਬਰ ਆਈ ਕਿ ਸ਼ਾਇਰ 22 ਅਗਸਤ, 2023 ਨੂੰ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਉਹ ਇਸ ਵੇਲੇ ਭਾਵੇਂ ਸਰੀਰ ਕਰਕੇ ਅਸਾਡੇ ਕੋਲ ਨਹੀਂ ਪਰ ਆਪਣੀਆਂ ਲਿਖੀਆਂ 20 ਕਿਤਾਬਾਂ ਨਾਲ ਪੰਜਾਬੀ ਪਾਠਕਾਂ ਦੇ ਦਿਲਾਂ ਵਿਚ ਹਮੇਸ਼ਾ ਜ਼ਿੰਦਾ ਰਹਿਣਗੇ। ਸ਼ਾਇਰ ਸਮਾਜਿਕ ਯਥਾਰਥ ਦੀਆਂ ਵਿਸੰਗਤੀਆਂ ਨੂੰ ਆਪਣੇ ਕਾਵਿ-ਪ੍ਰਵਚਨ ਦਾ ਵਾਹਨ ਬਣਾਉਂਦਾ ਹੈ। ਉਹ ਭਾਵੇਂ ਸਕੂਲੀ ਵਿੱਦਿਆ ਤੋਂ ਕੋਰਾ ਸੀ ਪਰ ਮਨੁੱਖ ਦੀਆਂ ਤੰਗੀਆਂ-ਤੁਰਸ਼ੀਆਂ ਤੇ ਦੁਸ਼ਵਾਰੀਆਂ ਨੂੰ ਸਮਝਣ ਲਈ ਉਸ ਕੋਲ ਬਰੀਕਬੀਨੀ ਦ੍ਰਿਸ਼ਟੀ ਸੀ, ਜਿਸ ਨੂੰ ਉਹ 85 ਸਾਲ ਦੀ ਉਮਰ ਤੱਕ ਕਵਿਤਾਉਂਦਾ ਰਿਹਾ। ਉਹ ਕਹਿੰਦਾ ਹੈ ਕਿ ਭਾਵੇਂ ਉਹ ਬੁੱਢਾ ਹੋ ਗਿਆ ਹੈ ਪਰ ਜਿਊਣ ਦੀ ਲੋਚਾ ਖ਼ਤਮ ਨਹੀਂ ਹੋਈ। ਉਹ ਸਿਧਾਰਥ ਤੋਂ ਬੁੱਧ ਬਣਨ ਤੱਕ ਦੇ ਵਿਵੇਕੀ ਸਫ਼ਰ ਨੂੰ ਬੜੀ ਹੀ ਖੁਰਦਬੀਨੀ ਅੱਖ ਨਾਲ ਪੜਚੋਲਦਾ ਹੈ। ਉਹ ਕਿਸਾਨੀ ਸੰਘਰਸ਼ ਦੀ ਜਿੱਤ ਦੇ ਲਹਿਰਾਉਂਦੇ ਪਰਚਮ ਨੂੰ ਦੇਖ ਕੇ ਬਾਗੋਬਾਗ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਭਗਵੇਂ ਬ੍ਰਿਗੇਡ ਦੀ ਸਰਕਾਰ ਨੇ ਕਿਸਾਨੀ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆ ਕੇ ਕਾਰਪੋਰੇਟ ਦੀ ਰਿਮੋਟ ਕੰਟਰੋਲ ਵਾਲੀ ਨੀਤੀ ਤੇ ਨੀਅਤ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਹੀ ਖੇਤਾਂ ਵਿਚ ਘਸਿਆਰੇ ਤੇ ਮਜ਼ਦੂਰ ਬਣਾਉਣ ਦੀਆਂ ਸਾਜ਼ਿਸ਼ਾਂ ਨੂੰ ਨੰਗਿਆ ਕਰ ਦਿੱਤਾ ਹੈ। ਉਹ ਕਹਿੰਦਾ ਹੈ ਕਿ ਭਗਤ ਸਿੰਘ ਵਰਗੀ ਪਗੜੀ ਬੰਨ੍ਹ ਕੇ ਕੋਈ ਭਗਤ ਸਿੰਘ ਨਹੀਂ ਬਣ ਸਕਦਾ। ਭਗਤ ਸਿੰਘ ਦੇ ਭੈਣ-ਭਰਾ ਤੇ ਰਿਸ਼ਤੇਦਾਰ ਉਹੀ ਹਨ, ਜੋ ਉਸ ਦੀ ਸੋਚ 'ਤੇ ਪਹਿਰਾ ਦਿੰਦੇ ਹਨ। ਉਹ ਸਮੇਂ ਦੀ ਸਰਕਾਰ 'ਤੇ ਤਨਜ਼ ਵੀ ਕੱਸਦਾ ਹੈ, ਜੋ ਸਾਵਰਕਰ ਨੂੰ ਦੇਸ਼ ਭਗਤ ਤੇ ਸੱਚਾ ਦੇਸ਼ ਭਗਤ ਸਮਝਦੇ ਹਨ, ਦਰਅਸਲ ਉਹ ਵੱਡਾ ਗੱਦਾਰ ਸੀ ਜੋ ਮੁਆਫ਼ੀਨਾਮੇ ਦੀਆਂ ਅੰਗਰੇਜ਼ ਸਰਕਾਰ ਨੂੰ ਚਿੱਠੀਆਂ ਲਿਖਦਾ ਰਿਹਾ। ਉਹ 'ਰਾਮ ਰਾਜ' ਨਜ਼ਮ ਵਿਚ ਕਹਿੰਦਾ ਹੈ, 'ਗਰਕ ਹੋ ਜਾਵੇ ਇਹ ਦੁਨੀਆ, ਭਸਮ ਹੋ ਜਾਏ ਨਿਆਂ, ਜਿਸ ਤੋਂ ਡਰ ਕੇ ਰਹਿ ਰਿਹਾ ਹੈ, ਇੱਟਾਂ ਗਾਰੇ ਦਾ ਮਕਾਨ', ਉਹ ਮੰਦਰਾਂ, ਮਸਜਿਦਾਂ, ਚਰਚਾਂ ਤੇ ਗੁਰਦੁਆਰਿਆਂ ਵਿਚ ਬੈਠੇ ਧਰਮ ਦੇ ਠੇਕੇਦਾਰਾਂ ਨੂੰ ਪਾਖੰਡ ਦੇ ਪੁਤਲੇ ਆਖਦਾ ਹੈ। ਉਹ ਡਾ. ਮਹਿੰਦਰ ਸਿੰਘ ਰੰਧਾਵਾ, ਡਾ. ਕੇਸਰ ਸਿੰਘ ਕੇਸਰ ਤੇ ਸੁਲਤਾਨਾ ਬੇਗਮ ਦੀਆਂ ਪ੍ਰਾਪਤੀਆਂ ਨੂੰ ਸਲਾਮ ਆਖਦਾ ਹੈ। ਉਹ ਦੇਸ਼ ਦੀ ਨਿਆਂਪਾਲਿਕਾ ਦੇ ਵੀ ਬਖੀਏ ਉਧੇੜਦਾ ਹੈ। ਜਿਥੇ ਇਨਸਾਫ਼ ਵੀ ਵਿਕਦਾ ਹੈ। ਸ਼ਿਵ ਨਾਥ ਜੀ ਦੀ ਇਸ ਗ਼ਜ਼ਲ ਦਾ ਤੁਸੀਂ ਵੀ ਆਨੰਦ ਮਾਣੋ:
'ਕੋਈ ਮਜ਼੍ਹਬ ਵੀ ਦੇ ਸਕਿਆ ਨਹੀਂ ਹੱਲੇ ਪਨਾਹ ਸਾਨੂੰ,
ਤਬਾਹ ਕਰਨਾ ਸੀ ਕੀਤਾ ਹਰ ਕਿਸੇ ਨੇ ਤਬਾਹ ਸਾਨੂੰ।
ਬੜਾ ਅਭਿਮਾਨ ਸੀ ਸਾਨੂੰ ਘਰਾਂ ਦੀ ਚੌਕਸੀ ਉੱਤੇ,
ਕਦੋਂ ਲੁੱਟੇ ਗਏ ਕੁਝ ਵੀ ਪਤਾ ਨਹੀਂ ਲੱਗਾ ਸਾਨੂੰ।'

-ਭਗਵਾਨ ਢਿੱਲੋਂ
ਮੋਬਾਈਲ : 098143-78254

ਬੱਤੀ ਬਲਦੀ ਹੈ
ਕਵੀ : ਰਣਜੀਤ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 88725-00350

ਰਣਜੀਤ ਦੀ ਇਹ ਕਵਿਤਾ ਦੀ ਕਿਤਾਬ ਪ੍ਰਥਮ ਹੈ। ਭਾਵੇਂ ਕਿ ਉਹ ਇਕ ਸਾਂਝੇ ਕਾਵਿ ਸੰਗ੍ਰਹਿ ਵਿਚ ਵੀ ਸ਼ਾਮਿਲ ਸੀ। ਹਥਲੀ ਪੁਸਤਕ 'ਬੱਤੀ ਬਲਦੀ ਹੈ' ਵਿਚ ਕਵੀ ਰਣਜੀਤ ਨੇ ਵੰਨ-ਸੁਵੰਨੀਆਂ ਰਚਨਾਵਾਂ ਪੇਸ਼ ਕੀਤੀਆਂ ਹਨ। ਕੁਝ ਕਵਿਤਾਵਾਂ ਹਨ ਜੋ ਸੰਖੇਪ ਹਨ ਅਤੇ ਕੁਝ ਗ਼ਜ਼ਲਾਂ ਵਰਗੀਆਂ ਨਜ਼ਮਾਂ ਹਨ। ਕੁੱਲ 63 ਰਚਨਾਵਾਂ ਹਨ। ਉਸ ਦੀਆਂ ਜੋ ਗ਼ਜ਼ਲ ਲਗਦੀਆਂ ਰਚਨਾਵਾਂ ਹਨ, ਉਨ੍ਹਾਂ ਦੇ ਆਮ ਤੌਰ 'ਤੇ ਤਕਨੀਕੀ ਪੱਖ ਦਰੁਸਤ ਨਹੀਂ, ਬਹੁਤੀਆਂ ਤਾਂ ਕਾਫ਼ੀਆਂ ਤੋਂ ਮੁਨਕਰ ਹਨ। ਉਹ ਅਗਨ ਲਗਨ ਮਤਲੇ ਕਾਫ਼ੀਏ ਨਾਲ ਅਗਲੇ ਕਾਫੀਏ ਸ਼ਮਸ਼ਾਨ ਤੇ ਧੁਨ ਕਾਫੀਏ ਲੈਂਦਾ ਹੈ। ਪਰ ਕਈ ਗ਼ਜ਼ਲਾਂ ਦਰੁਸਤੀ ਦੇ ਨੇੜੇ-ਤੇੜੇ ਹਨ।
ਬੁੱਕਲ ਦੇ ਵਿਚ ਝਾਤ ਪਈ ਕੁਝ ਸ਼ਾਮ ਸਵੇਰੇ ਰਹਿ ਗਏ ਨੇ
ਤੀਲ੍ਹਾ ਤੀਲ੍ਹਾ ਹੋ ਕੇ ਸੁਪਨੇ ਤੇਰੇ ਮੇਰੇ ਰਹਿ ਗਏ ਨੇ।
ਪਰ ਇਥੇ ਗ਼ਜ਼ਲ ਦੇ ਮਤਲੇ ਵਿਚ ਫੇਰ ਕਾਫੀਆ ਗ਼ਲਤ ਲੈਂਦਾ ਹੈ:
ਮਾਂ ਸੱਚਮੁੱਚ ਬਦਲ ਗਏ ਨੇ
ਮੇਰੇ ਪਿੰਡ ਦੇ ਨਕਸ਼ ਨੁਹਾਰ
ਤੇਰੇ ਵਾਂਗੂੰ ਮੇਰੇ ਕੋਲ ਵੀ ਅਥਰੂ ਖਾਰੇ ਰਹਿ ਗਏ ਨੇ।
ਪਰ ਇਸ ਦਾ ਇਹ ਭਾਵ ਨਹੀਂ ਕਿ ਕਵੀ/ਸ਼ਾਇਰ ਰਣਜੀਤ ਕੋਲ ਡੂੰਘੇ ਅਹਿਸਾਸ ਨਹੀਂ ਸਗੋਂ ਉਸ ਕੋਲ ਖਿਆਲਾਂ ਦੀਆਂ ਉਡਾਰੀਆਂ ਹਨ ਪਰ ਉਨ੍ਹਾਂ ਖਿਆਲਾਂ ਨੂੰ ਸ਼ੇਅਰੀ ਤਕਨੀਕ ਵਿਚ ਕੈਦ ਕਰਨ ਦੀ ਅਜੇ ਉਸ ਨੂੰ ਪੂਰਾ ਵੱਲ ਨਹੀਂ ਆਇਆ। ਉਸ ਦੀਆਂ ਨਜ਼ਮਾਂ ਅਤੇ ਕਵਿਤਾਵਾਂ ਵਧੀਆਂ ਹਨ:
ਰੌਸ਼ਨ ਕਾਤਰ ਗੁੰਮ ਨਾ ਜਾਵੇ
ਸੂਰਜ ਨੂੰ ਕਹਿ ਆਵਾਂ ਮਾਂ।
ਪੂਰਬ ਵਲੋਂ ਉਠ ਖਲੋਈਆਂ
ਅੱਜ ਪੱਛਮ ਵੱਲ ਬਾਵ੍ਹਾਂ ਮਾਂ।
ਉਸ ਦੀ ਇਕ ਕਵਿਤਾ ਮਾਂ ਦਾ ਆਕਾਰ ਤੇ ਵਿਸ਼ਾ ਵੇਖੋ:
'ਮੈਂ ਰੋਣਾ, ਤੂੰ ਹੱਸ ਪੈਣਾ, ਜੇ ਹੱਸਣਾ ਤੂੰ ਰੋ ਪੈਣਾ, ਅੱਜ ਤੱਕ ਭੇਦ ਨਾ ਪਾ ਸਕਿਆ, ਡੂੰਘੇ ਅਹਿਸਾਸਾਂ ਦੇ' ਇਹ ਕਵਿਤਾ 33 ਸਫ਼ੇ 'ਤੇ ਹੈ, ਹੋਰ ਵੀ ਐਸੀਆਂ ਕਵਿਤਾਵਾਂ ਹਨ। ਮੇਰਾ ਖਿਆਲ ਹੈ ਕਿ ਕਵੀ ਰਣਜੀਤ ਨੇ ਪੁਸਤਕ ਛਾਪਣ ਦੀ ਜਲਦੀ ਕੀਤੀ ਹੈ, ਜੇਕਰ ਉਹ ਕਿਸੇ ਯੋਗ ਸਲਾਹਕਾਰ ਤੋਂ ਨੁਕਤਿਆਂ ਦੀ ਭਾਲ ਕਰ ਕੇ ਉਨ੍ਹਾਂ ਨੂੰ ਅਪਣਾਉਂਦਾ ਤਾਂ ਇਹੀ ਕਾਵਿ ਪੁਸਤਕ ਯਾਦਗਾਰੀ ਬਣ ਜਾਂਦੀ। ਫੇਰ ਵੀ ਲੋਕ-ਸਰੋਕਾਰਾਂ ਅਤੇ ਨੌਜਵਾਨਾਂ ਜਜ਼ਬਿਆਂ ਦੀ ਪੇਸ਼ਕਾਰੀ ਦਾ ਸਵਾਗਤ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

 

 

12-11-2023

 ਹਰੇ ਪੱਤਿਆਂ ਦੀ ਪੀੜ
ਲੇਖਿਕਾ : ਅਮਨ ਗੁਰਲਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 107
ਸੰਪਰਕ : 79869-51255

'ਹਰੇ ਪੱਤਿਆਂ ਦੀ ਪੀੜ' ਅਮਨ ਗੁਰਲਾਲ ਦੀ ਕਹਾਣੀਆਂ ਦੀ ਨਵੀਂ ਪੁਸਤਕ ਹੈ, ਜਿਸ ਵਿਚ ਉਸ ਨੇ ਕੁੱਲ ਸੱਤ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਆਪਾਂ ਅਮਨ ਗੁਰਲਾਲ ਨੂੰ ਆਧੁਨਿਕ ਚੇਤਨਾ ਦੀ ਕਹਾਣੀਕਾਰ ਆਖ ਸਕਦੇ ਹਾਂ। ਉਹ ਆਪਣੀਆਂ ਕਹਾਣੀਆਂ ਵਿਚ ਆਧੁਨਿਕ ਨਾਰੀ ਦੀ ਸੰਵੇਦਨਾ, ਚੇਤਨਾ, ਦੁੱਖ-ਦਰਦ, ਪਿਆਰ-ਮੁਹੱਬਤ, ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਬੜੀ ਹੀ ਬੇਬਾਕੀ ਨਾਲ ਅਤੇ ਨਾਲ ਦੀ ਨਾਲ ਸਹਿਜਤਾ ਨਾਲ ਚਿਤਰਦੀ ਦਿਖਾਈ ਦਿੰਦੀ ਹੈ। 'ਖਿਲਾਅ ਵਿਚ ਤੜਪਦੇ ਆਕਾਰ' ਦੇ ਦੋ ਪਾਤਰ ਪ੍ਰੋ. ਦਵੇਕਰ ਅਤੇ ਮਜ਼ਦੂਰ ਹਰਨੇਕ ਦੀ ਕਹਾਣੀ ਹੈ, ਜੋ ਆਪੋ-ਆਪਣੀ ਪੀੜ ਬਿਆਨਦੇ ਹੋਏ ਸਹਿਜ ਜੀਵਨ ਜੀਣ ਦਾ ਯਤਨ ਕਰਦੇ ਹਨ। ਉਨ੍ਹਾਂ ਕੋਲ ਆਪਣੀ ਪੀੜ੍ਹੀ ਹੈ ਅਤੇ ਆਪਣਾ ਹੀ ਬਿਆਨ। 'ਟਹਿਣੀਆਂ ਤੋਂ ਟਪਕਦੇ ਅੱਥਰੂ' ਬਿਲਕੁਲ ਅਛੂਤੇ ਵਿਸ਼ੇ ਦੀ ਕਹਾਣੀ ਹੈ, ਜਿਸ ਦੇ ਤਿੰਨ ਪਾਤਰ ਕ੍ਰਿਸ਼ਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਲਤਾ ਮੰਗੇਸ਼ਕਰ ਹਨ, ਜੋ ਆਪਣੀ-ਆਪਣੀ ਪ੍ਰਸਿੱਧੀ ਤੇ ਉੱਚਤਾ, ਸੁੱਖ-ਸਹੂਲਤਾਂ ਭੋਗਦੇ ਹੋਏ ਵੀ ਦੁਖੀ ਹਨ। ਉਨ੍ਹਾਂ ਦੀ ਪੀੜ ਵੱਖਰੇ ਹੀ ਕਿਸਮ ਦੀ ਹੈ। ਉਹ ਸੁਖੀ ਹੋ ਕੇ ਵੀ ਦੁਖੀ ਹਨ, ਅਜਿਹਾ ਦੁੱਖ ਅਤੇ ਪੀੜ ਜਿਸ ਵੱਲ ਕਿਸੇ ਨੇ ਵੀ ਝਾਤ ਹੀ ਨਹੀਂ ਮਾਰੀ। 'ਹਰੇ ਪੱਤਿਆਂ ਦੀ ਪੀੜ' ਸੁਮਨ ਦੀ ਕਹਾਣੀ ਬਿਆਨ ਕਰਦੀ ਹੈ ਜੋ ਆਪਣੀ ਮਿਹਨਤ ਦੇ ਬਲਬੂਤੇ ਜ਼ਿੰਦਗੀ ਦੀਆਂ ਉਚਾਈਆਂ ਛੂੰਹਦੀ ਹੈ, ਈਰਖਾ ਦਾ ਸਾਹਮਣਾ ਕਰਦੀ ਹੈ ਤੇ ਜ਼ਿੰਦਗੀ ਜੀਣ ਦਾ ਆਹਾਰ ਕਰਦੀ ਹੈ। 'ਸੜਕ 'ਤੇ ਖਿੱਲਰੇ ਖੰਭ' ਇਸ ਸੰਗ੍ਰਹਿ ਦੀ ਵਧੀਆ ਕਹਾਣੀ ਹੈ ਜੋ ਸੁਖਰਾਜ ਦੀ ਜ਼ਿੰਦਗੀ ਨੂੰ ਲੈ ਕੇ ਕਈ ਤਰ੍ਹਾਂ ਦੀ ਕਾਟ ਕਰਦੀ ਪ੍ਰਤੀਤ ਹੁੰਦੀ ਹੈ। ਸਾਂਢੂ ਨੂੰ ਨਫ਼ਰਤ ਕਰਦਿਆਂ ਵੀ ਉਸ ਘਰੋਂ ਆਪਣੀ ਮਨਪਸੰਦ ਐਂਟੀਕ ਚੁਰਾ ਲਿਆਉਣੀ ਤੇ ਦੁਖੀ ਹੋਣਾ ਇਕ ਨਿਵੇਕਲਾ ਕਾਰਜ ਹੈ ਜੋ ਇਸ ਕਹਾਣੀ ਦਾ ਪਾਵਰ ਆਪਣੇ ਪਿੰਡੇ 'ਤੇ ਭੁਗਤਦਾ ਹੈ। ਭੜਾਸ ਕੱਢਣ ਲਈ ਉਹ ਇਸ ਐਂਟੀਕ ਦੀ ਵਾਰਤਾ ਮਾਲੀ ਨੂੰ ਸੁਣਾ ਕੇ ਸੰਤੁਸ਼ਟ ਹੋ ਜਾਂਦਾ ਹੈ। 'ਪਹਾੜਾਂ 'ਤੇ ਪੈਂਦੀ ਬਾਰਿਸ਼' ਦੀ ਪਾਤਰ ਰਜਾਤ ਵੱਡੇ ਘਰ ਦੀ ਧੀ ਹੈ ਪਰ ਉਹ ਛੋਟੀ ਜਾਤ ਤੇ ਗਰੀਬ ਮੁੰਡੇ ਸੁਮੀਤ ਨੂੰ ਪਿਆਰ ਕਰਦੀ ਹੈ। ਮਿਰਜ਼ਾ ਉਸ ਦਾ ਵਿਆਹ ਐਕਟਰ ਨਾਲ ਕਰਨਾ ਚਾਹੁੰਦੇ ਨੇ। ਪਟਾਕਾ ਉਦੋਂ ਫਟਦਾ ਹੈ, ਜਦੋਂ ਉਹ ਐਕਟਰ ਚਮਾਰ ਨਿਕਲਦਾ ਹੈ। 'ਅਸਮਾਨ ਸੇ ਗਿਰਤੀ ਚਾਂਦਨੀ' ਵੀ ਵਿੱਦਿਆ ਸ੍ਰੀ ਤਰੱਕੀ ਕਰਕੇ, ਮਿਹਨਤ ਨਾਲ ਸਮਾਜ ਦੇ ਸਿਖਰਾਂ 'ਤੇ ਪਹੁੰਚਦੀ ਹੈ ਪਰ ਸਮਾਜਿਕ ਰਿਸ਼ਤੇ ਉਸ ਦੇ ਹਾਣ ਦੇ ਨਹੀਂ ਨਿਕਲਦੇ। ਭਟਕਦੀ ਹੋਈ ਗਰੀਬ ਤੇ ਉਸ ਦੇ ਬੱਚਿਆਂ ਨੂੰ ਸਕੂਨ ਦੇ ਕੇ ਰਾਹਤ ਮਹਿਸੂਸ ਕਰਦੀ ਹੈ। 'ਮੋਰ ਪੰਖ ਸੀ ਤੁਮ' ਦੀ ਅਨੁਸ਼ਕਾ ਅਦਿਤਯ ਨੂੰ ਪਿਆਰ ਕਰਦੀ ਹੈ ਤੇ ਉਸ ਦੀ ਹਰ ਗੱਲ ਖਿੜੇ ਮੱਥੇ ਪ੍ਰਵਾਨ ਕਰਦੀ ਹੈ। ਉਸ ਦੇ ਦੁੱਖ-ਸੁੱਖ ਵਿਚ ਸਹਾਈ ਹੁੰਦੀ ਹੈ। ਕੁਰਬਾਨੀ ਉਸ ਲਈ ਛੋਟੀ ਚੀਜ਼ ਦਾ ਨਾਂਅ ਹੈ। ਲੇਖਿਕਾ ਆਪਣੀਆਂ ਕਹਾਣੀਆਂ ਲਈ ਐਸੀ ਭਾਸ਼ਾ ਸਿਰਜਦੀ ਹੈ ਜੋ ਕਹਾਣੀ ਅਤੇ ਪਾਤਰਾਂ ਦੇ ਐਨ ਮੁਤਾਬਿਕ ਹੁੰਦੀ ਹੈ। ਭਾਸ਼ਾ ਰਾਹੀਂ ਕਹਾਣੀ ਦਾ ਮਾਹੌਲ ਸਿਰਜਣ ਵਿਚ ਉਸ ਨੂੰ ਖਾਸ ਮੁਹਾਰਤ ਹੈ। ਇਥੇ ਕਈ ਉਸ ਦੀਆਂ ਕਹਾਣੀਆਂ ਨਵੇਂ ਬੋਧ ਦਾ ਪ੍ਰਗਟਾਵਾ ਕਰਦੀਆਂ ਹਨ।

-ਕੇ. ਐਲ. ਗਰਗ
ਮੋਬਾਈਲ : 94635-57050

ਸੜਕਾਂ ਤੇ ਕਮਰੇ
ਲੇਖਕ : ਸੁਖਬੀਰ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼ ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 532
ਸੰਪਰਕ : 011-26802488

ਸੁਖਬੀਰ ਪੰਜਾਬੀ ਦਾ ਇਕ ਮਿਸ਼ਨਰੀ ਲੇਖਕ ਸੀ। ਉਹ ਵਿਸ਼ੇ-ਵਸਤੂ ਦੀ ਪ੍ਰਮਾਣਿਕਤਾ ਅਤੇ ਅਭਿਵਿਅਕਤੀ ਦੀ ਸਟੀਕਤਾ ਲਈ ਕਲਮ ਉਠਾਉਂਦਾ ਸੀ, ਉਸ ਨੇ 8 ਕਾਵਿ-ਸੰਗ੍ਰਹਿ, 7 ਨਾਵਲ ਅਤੇ 17 ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਕੀਤੇ। 'ਸੜਕਾਂ ਤੇ ਕਮਰੇ' ਉਸ ਦਾ ਇਕ ਵੱਡਾਕਾਰੀ ਅਤੇ ਪ੍ਰਤੀਨਿਧ ਨਾਵਲ ਹੈ। ਉਸ ਨੇ ਕੁਝ ਸਮਾਂ ਮੁੰਬਈ ਦੇ ਇਕ ਕਾਲਜ ਵਿਚ ਅਧਿਆਪਨ-ਕਾਰਜ ਵੀ ਕੀਤਾ ਪਰ ਉਸ ਤੋਂ ਬਾਅਦ ਇਕ ਕੁਲਵਕਤੀ ਲੇਖਕ ਦੇ ਤੌਰ 'ਤੇ ਵਿਚਰਦਾ ਰਿਹਾ।
ਸੁਖਬੀਰ ਨੇ ਪੰਜਾਬੀ ਸਾਹਿਤ ਨੂੰ ਕਈ ਨਵੀਨ ਦਿਸ਼ਾਵਾਂ ਦਿੱਤੀਆਂ। ਸਾਡੇ ਇਧਰ ਜਦੋਂ ਪ੍ਰਗਤੀਵਾਦ ਨੂੰ ਹੀ ਲੇਖਣ ਦਾ ਇਕੋ-ਇਕ ਸਰੋਕਾਰ ਮੰਨਿਆ ਜਾਂਦਾ ਸੀ, ਉਸ ਨੇ ਮਨੋਵਿਗਿਆਨਕ ਅਤੇ ਅਸਤਿਤਵਵਾਦੀ ਰਚਨਾਵਾਂ ਦੀ ਸ਼ੁਰੂਆਤ ਕੀਤੀ। ਪੰਜਾਬੀ ਸਾਹਿਤ ਨੂੰ ਪਿੰਡਾਂ, ਖੇਤਾਂ-ਖਲਿਆਣਾਂ ਅਤੇ ਭੂਪਵਾਦੀ ਰੂੜ੍ਹੀਆਂ ਵਿਚੋਂ ਕੱਢ ਕੇ ਆਧੁਨਿਕ ਸੰਸਕਾਰ ਪ੍ਰਦਾਨ ਕੀਤੇ। ਆਧੁਨਿਕ ਵਿਅਕਤੀ ਦੀ 'ਲੜਾਈ' ਨੂੰ ਨਵੇਂ ਸੰਦਰਭ ਪ੍ਰਦਾਨ ਕੀਤੇ। 'ਸੜਕਾਂ ਤੇ ਕਮਰੇ' ਨਾਵਲ ਦੀ ਕਹਾਣੀ ਕਿਸੇ ਹੱਦ ਤੱਕ ਲੇਖਕ ਦੀ ਗਲਪੀ-ਸਵੈਜੀਵਨੀ ਹੈ। 'ਪ੍ਰਦੀਪ' ਨਾਂਅ ਦਾ ਇਕ ਸੰਵੇਦਨਸ਼ੀਲ ਲੇਖਕ ਚੰਗੇ ਰੁਜ਼ਗਾਰ ਦੀ ਤਲਾਸ਼ ਵਿਚ ਮੁੰਬਈ ਸ਼ਹਿਰ ਵਿਚ ਆ ਜਾਂਦਾ ਹੈ। ਵਪਾਰਕ ਬਿਰਤੀ ਦਾ ਇਹ ਸ਼ਹਿਰ ਉਸ ਨੂੰ ਰਾਸ ਨਹੀਂ ਆਉਂਦਾ। ਉਸ ਨੂੰ ਇਸ ਸ਼ਹਿਰ ਦਾ ਕਿਰਦਾਰ ਇਕ ਬਿਮਾਰ ਵੇਸਵਾ ਵਾਂਗ ਪ੍ਰਤੀਤ ਹੁੰਦਾ ਹੈ।
ਪ੍ਰਦੀਪ ਨਾਵਲ ਤੇ ਕਹਾਣੀਆਂ ਲਿਖਣ ਦੇ ਨਾਲ ਪਾਤਰਾਂ ਦੇ ਸਕੈਚ ਬਣਾਉਣ ਵਿਚ ਵੀ ਪ੍ਰਬੀਨ ਹੈ। ਉਹ ਇਕ ਪ੍ਰਯੋਗਧਰਮੀ ਲੇਖਕ ਹੈ। ਪਰ ਉਸ ਦੀਆਂ ਚੰਗੀਆਂ ਤੇ ਬਿਹਤਰ ਕਹਾਣੀਆਂ ਛਪਦੀਆਂ ਨਹੀਂ। ਆਪਣਾ ਗੁਜ਼ਾਰਾ ਤੋਰਨ ਲਈ ਉਹ 'ਸ਼ਸ਼ੀਰਾਜ' ਦੇ ਨਾਂਅ ਹੇਠ ਹਲਕੀਆਂ-ਫੁਲਕੀਆਂ ਕਹਾਣੀਆਂ ਲਿਖਦਾ ਹੈ। ਜੋ ਫੌਰਨ ਛਪ ਜਾਂਦੀਆਂ ਹਨ। ਸੇਵਾ-ਫਲ ਵੀ ਆ ਜਾਂਦਾ ਹੈ। ਇਸ ਨਾਵਲ ਵਿਚ ਮੀਨਾ, ਰਾਹੀ ਅਤੇ ਸ਼ਾਂਤੀ ਲਾਲ ਵਰਗੇ ਕਿਰਦਾਰ ਹਨ, ਜੋ ਵਪਾਰੀ ਜਾਂ ਸ਼ਿਕਾਰੀ ਕਿਸਮ ਦੇ ਲੋਕ ਹਨ। ਪ੍ਰਦੀਪ ਲਈ ਇਨ੍ਹਾਂ ਨੂੰ ਬਰਦਾਸ਼ਤ ਕਰਨਾ ਵੀ ਔਖਾ ਹੈ। ਚੇਤਨਾ ਪ੍ਰਵਾਹ ਧਾਰਾ ਵਿਚ ਲਿਖੇ ਇਸ ਨਾਵਲ ਦੇ ਮੁੱਲ-ਮਹੱਤਵ ਦਾ ਕੋਈ ਜਵਾਬ ਨਹੀਂ ਹੈ। ਇਹ ਇਕ ਅਤਿਅੰਤ ਪ੍ਰਾਸੰਗਿਕ ਰਚਨਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਦੁੱਖੜੇ ਬਾਪੂ ਦੇ
ਲੇਖਕ : ਤਰਲੋਕ ਸਿੰਘ ਹੁੰਦਲ
ਪ੍ਰਕਾਸ਼ਕ : ਮਾਝਾ ਵਰਲਡਵਾਈਡ, ਅੰਮ੍ਰਿਤਸਰ ਸਾਹਿਬ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 94787-67620

'ਦੁੱਖੜੇ ਬਾਪੂ ਦੇ' ਤਰਲੋਕ ਸਿੰਘ ਹੁੰਦਲ ਦੀ ਚੌਥੀ ਪੁਸਤਕ ਹੈ। ਇਸ ਪੁਸਤਕ ਦਾ ਸਿਰਲੇਖ ਪੜ੍ਹਦਿਆਂ ਪਾਠਕ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਇਹ ਵਿਅੰਗਕਾਰ ਦੀ ਪੁਸਤਕ ਹੋਵੇ, ਜਿਸ ਵਿਚ ਵਿਸ਼ੇਸ਼ ਕਰਕੇ ਹਾਸ-ਵਿਅੰਗ ਦੀਆਂ ਵਾਰਤਕ ਵੰਨਗੀਆਂ ਪੇਸ਼ ਹੋਈਆਂ ਹੋਣਗੀਆਂ। ਪਰ ਜਦੋਂ ਅਸੀਂ ਪੁਸਤਕ ਦੇ ਪਾਠਕ ਦੀਆਂ ਤੈਆਂ ਫਰੋਲਦੇ ਹਾਂ ਤਾਂ ਇਹ ਪੁਸਤਕ ਵਿਚਲੇ ਵੀਹ ਵਾਰਤਕ ਲੇਖਾਂ ਵਿਚ ਬਹੁਤ ਹੀ ਸੰਜੀਦਾ ਮਸਲਿਆਂ ਬਿਰਤਾਂਤਕ ਸ਼ੈਲੀ ਵਿਚ ਪੇਸ਼ ਕੀਤਾ ਗਿਆ। ਪੁਸਤਕ ਵਿਚ ਦੇਸ਼ ਵੰਡ ਦੀਆਂ ਘਟਨਾਵਾਂ ਦੀ ਪਿੱਠ ਭੂਮੀ ਸਿਰਜ ਕੇ ਅਜੋਕੇ ਪਰਿਵਾਰਕ ਅਤੇ ਸਮਾਜਿਕ ਵਾਤਾਵਰਨ ਬਾਰੇ ਲੇਖਕ ਨੇ ਆਪਣਾ ਪ੍ਰਤੀਕਰਮ ਪੇਸ਼ ਕਰਨ ਦਾ ਯਤਨ ਕੀਤਾ ਹੈ। 1947 ਦੇ ਉਜਾੜੇ ਨੂੰ ਝੱਲ ਚੁੱਕੇ ਪੰਜਾਬੀਆਂ ਦੇ ਪ੍ਰਵਾਸੀ ਜ਼ਿੰਦਗੀ ਨਾਲ ਦੋ-ਚਾਰ ਹੋਣ ਦਾ ਬਿਰਤਾਂਤ ਵੀ ਇਸ ਪੁਸਤਕ ਵਿਚ ਸ਼ਾਮਿਲ ਹੈ। 'ਦੁੱਖੜੇ ਬਾਪੂ ਦੇ' ਵਾਲਾ ਲੇਖ ਇਸੇ ਹੀ ਤਜਰਬੇ ਵਿਚੋਂ ਲਿਖਤ ਗ੍ਰਹਿਣ ਕਰਦਾ ਹੈ। ਲੇਖਕ ਨੇ ਸਿੱਖ ਧਰਮ ਦੇ ਸਿਧਾਂਤਕ ਵਾਤਾਵਰਨ ਅਤੇ ਵਿਹਾਰਕ ਤਬਦੀਲੀਆਂ ਬਾਰੇ ਵੀ ਭਾਵਪੂਰਤ ਵਿਚਾਰ ਪੇਸ਼ ਕੀਤੇ ਹਨ। ਪੁਸਤਕ ਵਿਚ ਮੁੱਖ ਵਿਸ਼ੇ ਦੇ ਤੌਰ 'ਤੇ ਸਿੱਖੀ ਸਿਧਾਂਤਾਂ ਅਤੇ ਮਰਿਆਦਾ ਦੀ ਗੱਲ ਉਭਰਵੇਂ ਰੂਪ ਵਿਚ ਸਾਹਮਣੇ ਆਉਂਦੀ ਹੈ। ਜਦੋਂ ਅਸੀਂ ਇਨ੍ਹਾਂ ਵਾਰਤਕ ਰਚਨਾਵਾਂ ਨੂੰ ਪੜ੍ਹਦੇ ਹਾਂ ਤਾਂ ਬੇਸ਼ੱਕ ਇਨ੍ਹਾਂ ਵਿਚ ਲੇਖ ਦਾ ਨਿੱਜੀ ਤਜਰਬਾ ਪੇਸ਼ ਹੋਇਆ ਹੈ ਪਰ ਇਨ੍ਹਾਂ ਵਿਚਲੀ ਬਿਰਤਾਂਤਕਤਾ ਅਤੇ ਕਹਾਣੀ ਰਸ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ। ਲੇਖਕ ਆਪਣੀ ਰਾਇ ਦੀ ਪ੍ਰਪੱਕਤਾ ਅਤੇ ਪ੍ਰਮਾਣਿਕਤਾ ਲਈ ਗੁਰਬਾਣੀ ਸਤਰਾਂ ਨੂੰ ਵੀ ਪੇਸ਼ ਕਰਦਾ ਹੈ। ਜ਼ਿੰਦਗੀ ਦੀਆਂ ਤਲਖ ਹਕੀਕਤਾਂ, ਪਰਿਵਾਰਾਂ ਦਾ ਵਿਸ਼ੇਸ਼ ਕਰਕੇ ਸਾਂਝੇ ਪਰਿਵਾਰਾਂ ਦਾ ਟੁੱਟਣਾ ਅਤੇ ਮਨੁੱਖੀ ਅਕਾਂਖਿਆਵਾਂ ਦੀ ਨਿਸ਼ਾਨਦੇਹੀ ਕਰਦੀ ਇਹ ਪੁਸਤਕ ਪੜ੍ਹਨਯੋਗ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਕੁਦਰਤ ਦਾ ਏ ਸੀ
ਲੇਖਕ : ਰਘੁਵੀਰ ਸਿੰਘ ਕਲੋਆ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 52
ਸੰਪਰਕ : 98550-24495

'ਕੁਦਰਤ ਦਾ ਏ ਸੀ' ਰਘੁਵੀਰ ਸਿੰਘ ਕਲੋਆ ਰਚਿਤ ਨਵਾਂ ਬਾਲ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਦਾ ਵਸਤੂ-ਜਗਤ ਵਰਤਮਾਨ ਮਨੁੱਖੀ ਸਮਾਜ ਨੂੰ ਦਰਪੇਸ਼ ਚੁਣੌਤੀਆਂ, ਕਦਰਾਂ-ਕੀਮਤਾਂ, ਅਧਿਕਾਰ ਅਤੇ ਕਰਤੱਵਾਂ ਨਾਲ ਸੰਬੰਧਿਤ ਵਰਤਾਰਿਆਂ ਨੂੰ ਉਜਾਗਰ ਕਰਦਾ ਹੈ। ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਮਨੁੱਖ ਨੂੰ ਪ੍ਰਕਿਰਤੀ ਦੀ ਹੋ ਰਹੀ ਹਾਨੀ ਤੋਂ ਸਾਵਧਾਨ ਕਰਦੀਆਂ ਹੋਈਆਂ ਸੁਨੇਹੇ ਦਿੰਦੀਆਂ ਹਨ ਕਿ ਹਰੇ-ਭਰੇ ਰੁੱਖਾਂ ਵਾਲੇ ਜੰਗਲਾਂ, ਪਰਬਤਾਂ, ਦਰਿਆਵਾਂ-ਝੀਲਾਂ ਦਾ ਖ਼ਾਤਮਾ ਕਰਕੇ ਅਜੋਕਾ ਮਾਨਵ ਜਿਹੜਾ 'ਵਿਕਾਸ' ਕਰ ਰਿਹਾ ਹੈ, ਉਹ ਅਸਲ ਵਿਚ ਉਸ ਲਈ ਵਿਨਾਸ਼ਕਾਰੀ ਹੈ ਜੋ ਉਸ ਦੇ ਖ਼ਤਰਨਾਕ ਭਵਿੱਖ ਵੱਲ ਇਸ਼ਾਰਾ ਕਰ ਰਿਹਾ ਹੈ। ਪਹਿਲੀ ਕਹਾਣੀ 'ਅਸਲੀ ਫ਼ਲ', 'ਚਿੜੀ, ਜਨੌਰ ਅਤੇ ਮਨੁੱਖ', 'ਕੁਦਰਤ ਦਾ ਏ ਸੀ', 'ਅਸਲੀ ਗੁਣ', 'ਅਧਿਕਾਰ ਅਤੇ ਕਰਤੱਵ', 'ਸੋਹਣਾ ਘਰ', 'ਅਸਲ ਜੇਤੂ' ਕੁਦਰਤ-ਧਰੋਹਰ ਨੂੰ ਬਚਾਉਣ ਲਈ ਹੀ ਸਿਰਜੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਵਿਚ ਮਾਨਵੀ ਸਮਾਜ ਨਾਲ ਸੰਬੰਧਿਤ ਕੁਝ ਹੋਰਨਾਂ ਪੱਖਾਂ ਅਤੇ ਸਰੋਕਾਰਾਂ ਨੂੰ ਵੀ ਬਾਲਾਂ ਦੀ ਮਾਨਸਿਕਤਾ ਦੇ ਅਨੁਕੂਲ ਪ੍ਰਸਤੁਤ ਕੀਤਾ ਗਿਆ ਹੈ, ਜਿਨ੍ਹਾਂ ਵਿਚ 'ਫੁੱਲ ਅਤੇ ਫੁਲਝੜੀਆਂ' ਕਹਾਣੀ ਦੀਵਾਲੀ ਤੇ ਤਿਉਹਾਰ ਤੇ ਬੰਬ-ਪਟਾਕਿਆਂ ਦੁਆਰਾ ਪ੍ਰਦੂਸ਼ਣ ਪ੍ਰਤੀ ਚੇਤੰਨ ਕਰਦੀ ਹੈ ਕਿਉਂਕਿ ਪ੍ਰਦੂਸ਼ਿਤ ਹਵਾ ਮਨੁੱਖੀ ਜੀਵਨ ਦਾ ਗਲ ਘੁੱਟ ਰਹੀ ਹੈ। 'ਸਫ਼ਲਤਾ ਦੀ ਕੁੰਜੀ ਕਹਾਣੀ' ਵਿਧੀਵਤ, ਸਹਿਜ ਅਤੇ ਲਗਨ ਨਾਲ ਪਾਠਕ੍ਰਮ ਦੀਆਂ ਪੁਸਤਕਾਂ ਦੀ ਪੜ੍ਹਨ ਦੀ ਥਾਂ ਸਫ਼ਲਤਾ ਦੀ ਕੁੰਜੀ ਭਾਵ ਨਿੱਕੀਆਂ-ਨਿੱਕੀਆਂ ਗਾਈਡਾਂ ਦੁਆਰਾ ਸ਼ਾਰਟਕੱਟ ਵਿਧੀ ਨਾਲ ਛੇਤੀ ਅਗਲੀ ਜਮਾਤ ਵਿਚ ਚੜ੍ਹਨ ਦੀ ਕਾਹਲ ਅਤੇ ਹਾਨੀ ਨੂੰ ਦਰਸਾਉਂਦੀ ਹੈ। ਕੁਝ ਹੋਰ ਕਹਾਣੀਆਂ ਵਿਚੋਂ 'ਨਵੀਂ ਦਿਸ਼ਾ', 'ਗੁੱਸੇਖ਼ੋਰ ਸੂਰਜ' ਅਤੇ 'ਹੱਥਾਂ ਦਾ ਹੁਨਰ' ਨੈਤਿਕ-ਕਦਰਾਂ ਕੀਮਤਾਂ ਦੀ ਜਾਚ ਸਿਖਾਉਂਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚਲੀਆਂ ਘਟਨਾਵਾਂ ਰਾਹੀਂ ਬਾਲ ਪਾਠਕਾਂ ਨੂੰ ਫਰਜ਼ਸੱਨਾਸ਼ੀ, ਈਮਾਨਦਾਰੀ, ਸਹਿਜ, ਸਚਾਈ, ਅਨੁਸ਼ਾਸਨਪਸੰਦੀ, ਮਾਨਵਤਾਵਾਦੀ ਰਵੱਈਆ ਆਦਿ ਗੁਣਾਂ ਦਾ ਲੜ ਫੜ ਕੇ ਅੱਗੇ ਵਧਣ ਦਾ ਉਪਦੇਸ਼ ਮਿਲਦਾ ਹੈ। ਕਹਾਣੀਆਂ ਦੇ ਕਥਾਨਕ ਸੁਭਾਵਿਕ ਚਾਲ ਨਾਲ ਚਰਮਸੀਮਾ ਤੱਕ ਅੱਪੜਦੇ ਹਨ। ਕੁੱਲ ਮਿਲਾ ਕੇ ਰੰਗਦਾਰ ਚਿੱਤਰਾਂ ਅਤੇ ਲਿਸ਼ਕਵੇਂ ਪੇਪਰ 'ਤੇ ਛਪੀਆਂ ਇਹ ਕਹਾਣੀਆਂ ਬਾਲ ਪਾਠਕਾਂ ਦਾ ਮਨੋਰੰਜਨ ਕਰਦੀਆਂ ਹਨ ਅਤੇ ਨਵੇਂ ਸ਼ਬਦਾਂ ਦਾ ਗਿਆਨ ਵੀ ਪ੍ਰਦਾਨ ਕਰਦੀਆਂ ਹਨ। ਇਹ ਪੁਸਤਕ ਬਾਲ ਪਾਠਕਾਂ ਲਈ ਮਿਆਰੀ ਤੋਹਫ਼ਾ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਜ਼ਖ਼ਮੀ ਤਲ਼ੀਆਂ ਦੀਆਂ ਤਾੜੀਆਂ
ਲੇਖਕ : ਹਰਦੀਪ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 102
ਸੰਪਰਕ : 98764-57242

ਸ਼ਾਇਰ ਹਰਦੀਪ ਢਿੱਲੋਂ ਦੀ ਹਥਲੀ ਕਾਵਿ-ਵਿਅੰਗ ਦੀ ਕਿਤਾਬ 'ਜ਼ਖ਼ਮੀ ਤਲੀਆਂ ਦੀਆਂ ਤਾੜੀਆਂ' ਤੋਂ ਪਹਿਲਾਂ ਵੀ ਤਿੰਨ ਕਾਵਿ-ਕਿਤਾਬਾਂ 'ਸੰਤਾਪਨਾਮਾ', 'ਕੁਰਸੀਨਾਦ' ਅਤੇ 'ਕੂਲੇ ਗੁਲੇਲੇ' ਨਾਲ ਪੰਜਾਬੀ ਅਦਬ ਦੇ ਕਾਵਿ-ਵਿਅੰਗ ਰਾਹੀਂ ਦਸਤਕ ਦੇ ਚੁੱਕਿਆ ਹੈ। ਸ਼ਾਇਰ ਕਿਸੇ ਰਸਮੀ ਜਾਣ-ਪਛਾਣ ਦਾ ਮੋਹਤਾਜ ਨਹੀਂ ਕਿਉਂਕਿ ਉਹ ਲਗਭਗ ਹਰੇਕ ਸਾਹਿਤਕ ਸੱਥ ਵਿਚ ਹਾਜ਼ਰ ਹੁੰਦਾ ਹੈ ਤੇ ਉਸ ਦੀ ਹਾਜ਼ਰੀ ਤੋਂ ਬਿਨਾਂ ਮਹਿਫ਼ਲ ਬਦਰੰਗ ਹੀ ਰਹਿੰਦੀ ਹੈ। ਉਸ ਦੇ ਕਾਵਿ-ਵਿਅੰਗ 'ਅਜੀਤ' ਦੇ ਪਾਠਕ ਹਰੇਕ ਐਤਵਾਰ ਨੂੰ ਬੇਸਬਰੀ ਨਾਲ ਉਡੀਕਦੇ ਰਹਿੰਦੇ ਹਨ। ਸ਼ਾਇਰ ਜਿਸ ਕਾਵਿ-ਵਿਅੰਗ ਵਿਧੀ ਦਾ ਜਨੂੰਨ ਦੀ ਹੱਦ ਤਕ ਅਨੁਯਾਈ ਹੈ, ਉਹ ਹੈ ਮਹਾਂਮੁਨੀ ਚਰਕ ਜੋ ਭਰਤ ਮੁਨੀ ਦੇ ਸਮਕਾਲੀ ਸਨ ਤੇ ਇਹ ਚਰਕਮੁਨੀ ਦੇ ਸੰਸਕ੍ਰਿਤ ਗ੍ਰੰਥ ਵਿਚ 'ਸ਼ੱਲਿਯਾ ਵਿਧੀ' ਦੇ ਨਾਂਅ ਨਾਲ ਦਰਜ ਹੈ। ਇਸ ਵਿਧੀ ਨਾਲ ਜਿਵੇਂ ਮਾਹਿਰ ਸਰਜਨ ਉਪਰੇਸ਼ਨ ਕਰਕੇ ਗੰਦੇ ਮੁਆਦ ਨੂੰ ਬਾਹਰ ਕੱਢ ਕੇ ਰੋਗੀ ਨੂੰ ਆਰੋਗ ਕਰਦਾ ਹੈ ਤੇ ਇਸ ਵਿਧੀ ਦਾ ਨਸ਼ਤਰ ਸਾਡਾ ਇਹ ਸ਼ਾਇਰ ਨੂੰ ਅਰੋਗ ਕਰਦਾ ਹੈ ਤੇ ਇਸ ਵਿਧੀ ਦਾ ਨਸ਼ਤਰ ਸਾਡਾ ਇਹ ਸ਼ਾਇਰ ਕਰ ਰਿਹਾ ਹੈ। ਕਿਤਾਬ ਦੇ ਪਿਠਵਰਗ 'ਤੇ ਸ਼ਾਇਰ ਦਾ ਕਾਵਿਕ ਬਿਊਰਾ ਦਰਜ ਹੈ ਤੇ ਪੁਸਤਕ ਦੇ ਸ਼ੁਰੂ ਵਿਚ ਹੀ ਉਹ ਆਪਣੀਆਂ ਸਾਹਿਤਕ ਸ਼ਖ਼ਸੀਅਤਾਂ ਦਾ ਕਾਵਿਕ ਵਿਅਕਤੀ ਚਿੱਤਰ ਵੀ ਕਵਿਤਾਉਂਦਾ ਹੈ। ਪੁਸਤਕ ਦੇ ਆਰੰਭ ਵਿਚ ਹੀ ਉਹ ਹਰੇਕ ਰਚਨਾ ਕਾਲ ਦਾ ਮਿਤੀ ਤੇ ਸਥਾਨ ਨਾਲ ਜ਼ਿਕਰ ਕਰਦਾ ਹੈ। ਇਸ ਤਰ੍ਹਾਂ ਇਸ ਪੁਸਤਕ ਦਾ ਰਚਨਾ ਕਾਲ 22-11-1987 ਤੋਂ 31-12-1999 ਅਰਥਾਤ ਬਾਰਾਂ ਸਾਲਾਂ ਦਾ ਹੈ ਜੋ ਉਸ ਕਾਲ ਦਾ ਕਾਵਿਕ ਪ੍ਰਵਚਨ ਕਰਦਾ ਹੈ ਪਰ ਇਹ ਕਾਵਿ-ਪ੍ਰਵਚਨ ਅੱਜ ਵੀ ਓਨਾ ਹੀ ਪ੍ਰਾਸੰਗਿਕ ਹੈ, ਜਿੰਨਾ ਪਹਿਲਾਂ 12 ਸਾਲਾਂ ਦੇ ਰਚਨਾ-ਕਾਲ ਸਮੇਂ ਸੀ।
ਸ਼ਾਇਰ ਦਾ ਕਾਵਿਕ ਸਵੈ-ਕਥਨ ਦੱਸਦਾ ਹੈ ਕਿ ਉਸ ਦੀ ਰਚਨਾ ਰੰਗੇ ਹੋਏ ਗਿੱਦੜ ਵਰਗੀ ਨਹੀਂ ਬਲਕਿ ਸ਼ੇਰ ਦੀ ਦਹਾੜ ਵਰਗੀ ਹੈ। ਉਹ ਸਮਾਜ ਦੀਆਂ ਉਲਟ ਵਿਸੰਗਤੀਆਂ ਨਾਲ ਬੜੀ ਹੀ ਬਾਰੀਕਬੀਨੀ ਅੱਖ ਨਾਲ ਸਕੈਨਿੰਗ ਕਰਕੇ ਵਿਅੰਗ ਦੇ ਅਜਿਹੇ ਨਸ਼ਤਰ ਚਲਾਉਂਦਾ ਹੈ, ਜਿਸ ਨਾਲ ਸੰਬੰਧਿਤ ਵਿਅਕਤੀ ਗਰਮ ਤਵੇ 'ਤੇ ਡਿਗਦੇ ਪਾਣੀ ਦੇ ਛਿੱਟਿਆਂ ਵਾਂਗ ਚੁਰੜ ਚੁਰੜ ਕਰਨ ਲਗਦਾ ਹੈ। ਵਿਭਿੰਨ ਵਿਸੰਗਤੀਆਂ ਤੋਂ ਬਿਨਾਂ ਤਸਕਰ, ਸਾਧ ਤੇ ਸਿਆਸਤਦਾਨ ਉਸ ਦੇ ਵਿਸ਼ੇਸ਼ ਨਿਸ਼ਾਨੇ 'ਤੇ ਰਹਿੰਦੇ ਹਨ ਜਿਨ੍ਹਾਂ ਦੇ ਨੱਕ ਵਿਚ ਨਕੇਲ ਪਾ ਕੇ ਕਿਸੇ ਮਾਹਿਰ ਕਲੰਦਰ ਵਾਂਗ ਉਹ ਬਾਂਦਰ ਦੀ ਤਰ੍ਹਾਂ ਨਚਾ-ਨਚਾ ਕੇ ਸਪੱਸ਼ਟ ਕਰਦਾ ਹੈ ਕਿ ਸਾਧ ਤਾਂ ਆਪਣੇ ਸ਼ਰਧਾਲੂਆਂ ਨੂੰ ਕਰਮਾਂ ਦੇ ਫਲ ਦਾ ਕਲੋਰੋਫਾਰਮ ਸੁੰਘਾ ਕੇ ਆਪ ਤਾਂ ਭਾਂਤ-ਭਾਂਤ ਦੇ ਪਕਵਾਨਾਂ ਨਾਲ ਗੋਗੜ ਭਰ ਕੇ ਚੂਰਨ ਜੋਗੀ ਵੀ ਥਾਂ ਨਹੀਂ ਛੱਡਦੇ ਤੇ ਸ਼ਰਧਾਲੂਆਂ ਨੂੰ ਭਾਵੇਂ ਦੁੱਧ ਦੀ ਤਿੱਪ ਵੀ ਨਾ ਮਿਲੇ ਪਰ ਸਾਧ ਦੀ ਗਾਂ ਨੂੰ ਸੇਬ ਚਾਰੀ ਜਾਂਦੇ ਹਨ। ਤਸਕਰ ਸਿਆਸਤਦਾਨਾਂ ਦੀ ਹਰ ਤਰ੍ਹਾਂ ਜੁਗਤ ਲੜਾ ਕੇ ਝੰਡੀ ਵਾਲੀ ਕਾਰ ਦੀ ਝਾਕ ਰੱਖਦੇ ਹਨ ਤੇ ਸਿਆਸਤਦਾਨਾਂ ਦੀ ਤਾਂ ਹਮੇਸ਼ਾ, ਪੰਜ ਕੱਕਿਆਂ ਕੁੱਕੜ, ਕਾਂਟੇ, ਕੁਰਸੀ, ਕਾਰ ਤੇ ਕੋਠੀ 'ਤੇ ਬਾਜ ਅੱਖ ਰਹਿੰਦੀ ਹੈ ਪਰ ਵੋਟਰਾਂ ਦੇ ਦਰਾਂ ਮੂਹਰੇ ਤਾਂ ਉਹ ਲਾਰਿਆਂ ਦੇ ਗੁਬਾਰੇ ਹੀ ਉਡਾਉਂਦੇ ਹਨ। ਉਸ ਦੇ ਕਾਵਿ-ਵਿਅੰਗ ਦੇ ਨਮੂਨੇ ਦੀ ਝਲਕ ਵੀ ਹਾਜ਼ਰ ਹੈ :
'ਲੱਗਾ ਕਰਫ਼ਿਊ ਸ਼ਹਿਰ ਵਿਚ ਨਿੱਤ ਰਹਿੰਦਾ,
ਮਿਰਜ਼ਾ ਸਾਹਿਬਾਂ ਨੂੰ ਸੈਰ ਕਰਾਏ ਕਿੱਥੇ
ਜੀ.ਟੀ. ਰੋਡ ਤੇ ਬਲੋਚ ਗਸ਼ਤ ਕਰਦੇ,
ਖ਼ਬਰ ਪੁੰਨੂੰ ਦੀ ਸੱਸੀ ਫਿਰ ਪਾਏ ਕਿੱਥੇ
ਲੱਗੀ ਅੱਗ ਜਨੂੰਨ ਦੇ ਪਾਣੀਆਂ ਨੂੰ,
ਸੋਹਣੀ ਝਨਾਂ ਵਿਚ ਤਾਰੀਆਂ ਲਾਏ ਕਿੱਥੇ
ਮਿਲਣੋ ਹਟ ਗਿਆ ਝੰਗ ਵਿਚ ਦੁੱਧ ਅਸਲੀ,
ਚੂਰੀ ਰਾਂਝੇ ਨੂੰ ਹੀਰ ਖਵਾਏ ਕਿੱਥੇ'

-ਭਗਵਾਨ ਢਿੱਲੋਂ
ਮੋਬਾਈਲ : 98143-78254

ਤਿੰਨ ਰੰਗ
ਲੇਖਕ : ਰਣਜੀਤ ਸਿੰਘ ਔਲਖ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94174-55894

ਇਸ ਪੁਸਤਕ ਦੇ ਤਿੰਨ ਭਾਗ ਕੀਤੇ ਗਏ ਹਨ। ਪਹਿਲੇ ਭਾਗ ਵਿਚ ਸੱਤ ਰੇਖਾ ਚਿੱਤਰ ਹਨ, ਜਿਨ੍ਹਾਂ ਵਿਚ ਡਾ. ਗੁਰਚਰਨ ਲਾਲ ਅਵਸਥੀ ਮਸੀਹਾ, ਅੰਬੋ, ਦਰਵੇਸ਼ ਸਿਆਸਤਦਾਨ ਨਰੰਜਨ ਸਿੰਘ ਪੱਟੀ, ਪਾਰਸ, ਰੋਹੀ ਦਾ ਰੁੱਖ, ਕਿੱਥੋਂ ਤੇ ਕਿੱਥੇ, ਜ਼ੀਰੇ ਦਾ ਵਿਧਾਨਕਾਰ, ਤਿਰਛੀ ਨਜ਼ਰ ਮੋਖੋਂ ਆਦਿ ਰੇਖਾ ਚਿੱਤਰ ਲਏ ਗਏ ਹਨ। ਇਨ੍ਹਾਂ ਰੇਖਾ ਚਿੱਤਰਾਂ ਵਿਚ ਜਿਨ੍ਹਾਂ ਸ਼ਖ਼ਸੀਅਤਾਂ ਦਾ ਜ਼ਿਕਰ ਲੇਖਕ ਨੇ ਕੀਤਾ ਹੈ, ਉਨ੍ਹਾਂ ਦੇ ਜੀਵਨ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ, ਜੋ ਕਾਬਲ-ਏ-ਤਾਰੀਫ਼ ਹੈ। ਦੂਸਰੇ ਭਾਗ ਦੇ ਵਿਚ 12 ਮਿੰਨੀ ਕਹਾਣੀਆਂ ਹਨ, ਜਿਨ੍ਹਾਂ ਦੇ ਵੱਖਰੋ-ਵੱਖਰੇ ਵਿਸ਼ੇ ਹਨ ਅਤੇ ਕਈਆਂ ਦੇ ਵਿਚ ਲੇਖਕ ਨੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈ। ਇਨ੍ਹਾਂ ਵਿਚ ਖ਼ੁਸ਼ੀ ਦੇ ਭੇਦ, ਬਦਲਾਓ, ਕਿੱਥੋਂ ਕਿੱਥੇ ਨੋਟ ਟੁੱਟ ਗਿਆ ਵਧੀਆ ਹਨ। ਪੁਸਤਕ ਦੇ ਤੀਸਰੇ ਭਾਗ ਵਿਚ 10 ਨਿਬੰਧ ਹਨ, ਜਿਨ੍ਹਾਂ ਵਿਚ ਧੀਆਂ ਧਰੇਕਾਂ, ਤਿੜਕੇ ਰਿਸ਼ਤੇ, ਸੇਵਾ ਮੁਕਤੀ, ਡੁੱਲ੍ਹੇ ਬੇਰ, ਹਤਿਆਰੇ, ਕਿਥੋਂ ਲੱਭੀਏ ਬੋਹੜ ਦੀ ਛਾਂ, ਸਮੇਂ ਦੀ ਸਫਬੰਦੀ, ਵਾਰ-ਵਾਰ ਪੜ੍ਹਨਯੋਗ ਹਨ। ਪੁਸਤਕ ਦਾ ਲੇਖਕ ਸੇਵਾਮੁਕਤ ਅਧਿਆਪਕ ਹੈ ਅਤੇ ਤਜਰਬਾ ਤੇ ਲੋਕਾਂ ਦੇ ਨਾਲ ਮੇਲ-ਮਿਲਾਪ ਵੀ ਰਿਹਾ। ਇਸ ਤਜਰਬੇ ਦੇ ਵਿਚੋਂ ਬਹੁਤੀਆਂ ਗੱਲਾਂ ਦਾ ਜ਼ਿਕਰ ਲੇਖਕ ਨੇ ਆਪਣੀਆਂ ਰਚਨਾਵਾਂ ਵਿਚ ਪੇਸ਼ ਕਰਕੇ ਆਪਣੇ ਅੰਦਰ ਜਮ੍ਹਾਂ ਗੱਲਾਂ ਨੂੰ ਕੱਢ ਕੇ ਮਨ ਹਲਕਾ ਕੀਤਾ ਜਾਪਦਾ ਹੈ। ਲੇਖਕ ਨੇ ਕੈਨੇਡਾ ਦੀ ਫੇਰੀ ਦੌਰਾਨ ਦੌਰਾਨ ਜਿਥੇ ਬਹੁਤ ਕੁਝ ਅੱਖੀਂ ਵੇਖਿਆ, ਜਿਸ ਨੂੰ ਕਮਲਬੱਧ ਕੀਤਾ। ਕੋਰੋਨਾ ਕਾਲ ਵਿਚ ਆਪਣੇ ਮਨ ਦੇ ਵਲਵਲਿਆਂ ਨੂੰ ਬਾਹਰ ਕੱਢ ਕੇ ਕਾਗਜ਼ਾਂ ਦੀ ਹਿੱਕ 'ਤੇ ਉਲੀਕ ਦਿੱਤਾ ਅਤੇ ਜੋ ਕਿਤਾਬ ਬਣ ਗਈ। ਲੇਖਕ ਦੀ ਜੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਨੇ ਆਪਣੇ ਦਿਲ ਲਿਖਤ ਸਮੇਂ ਆਪਣੇ ਦਿਲ 'ਚ ਕੋਈ ਗੱਲ ਨਾ ਰੱਖ ਕੇ ਬਾਹਰ ਕੱਢ ਮਾਰੀ। ਲੇਖਕ ਨੂੰ ਪੰਜਾਬੀ ਭਾਸ਼ਾ ਦੇ ਘਟ ਰਹੇ ਪਾਠਕਾਂ ਦੀ ਵੀ ਚਿੰਤਾ ਲੱਗੀ ਹੋਈ ਹੈ, ਉਸ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਦੂਜਿਆਂ ਤੋਂ ਜੋ ਉਮੀਦ ਕੀਤੀ ਜਾਂਦੀ ਹੈ, ਪਹਿਲਾਂ ਉਹ ਆਪਣੇ-ਆਪ 'ਤੇ ਲਾਗੂ ਕਰਨੀ ਚਾਹੀਦੀ ਹੈ। ਵੈਸੇ ਤਾਂ ਪੁਸਤਕ ਪੜ੍ਹ ਕੇ ਬਹੁਤ ਗੱਲਾਂ ਦਾ ਪਤਾ ਲਗਦਾ ਹੈ ਕਿ ਇਕੋ ਪੁਸਤਕ ਦੇ ਵਿਚ ਰੇਖਾ, ਚਿੱਤਰ, ਮਿੰਨੀ ਕਹਾਣੀਆਂ, ਆਪਣੇ ਵਿਚਾਰ 'ਤੇ ਆਪ ਬੀਤੀਆਂ ਗੱਲਾਂ, ਨਿਬੰਧ ਸ਼ਾਮਿਲ ਕਰਕੇ ਇਕ ਮਿਲਗੋਭ ਜਿਹਾ ਬਣ ਗਿਆ ਹੈ। ਚੰਗਾ ਹੁੰਦਾ ਜੇਕਰ ਇਨ੍ਹਾਂ ਨੂੰ ਵੱਖੋ-ਵੱਖਰਾ ਕਿਤਾਬੀ ਰੂਪ ਦਿੱਤਾ ਜਾਂਦਾ ਹੈ, ਜੋ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਸ਼ਲਾਘਾਯੋਗ ਹੈ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਤਾਰਿਆਂ ਦਾ ਹਜੂਮ
ਸ਼ਾਇਰ : ਸੀਤਲ ਸਿੰਘ ਗੁੰਨੋਪੁਰ
ਪ੍ਰਕਾਸ਼ਕ : ਖ਼ੁਦ ਸ਼ਾਇਰ
ਮੁੱਲ : 150 ਰੁਪਏ, ਸਫ਼ੇ : 122
ਸੰਪਰਕ : 98153-15034

ਹਥਲਾ ਗ਼ਜ਼ਲ-ਸੰਗ੍ਰਹਿ ਪੰਜਾਬੀ ਦੇ ਸਮਰੱਥ ਸ਼ਾਇਰ ਸੀਤਲ ਸਿੰਘ ਗੁੰਨੋਪੁਰ ਦਾ ਦੂਜਾ ਗ਼ਜ਼ਲ ਸੰਗ੍ਰਹਿ ਹੈ। ਸਾਲ 2019 ਵਿਚ ਆਪਣੇ ਪਹਿਲੇ ਗ਼ਜ਼ਲ ਸੰਗ੍ਰਹਿ 'ਜਮੀਰ ਦੀ ਆਵਾਜ਼' ਨਾਲ ਹੀ ਗੁੰਨੋਪੁਰ ਨੇ ਆਪਣੀ ਪਛਾਣ ਗੂੜ੍ਹੀ ਕਰ ਲਈ ਸੀ। ਇਸ ਸੰਗ੍ਰਹਿ ਵਿਚ 105 ਸ਼ਾਨਦਾਰ ਅਤੇ ਜਾਨਦਾਰ ਗ਼ਜ਼ਲਾਂ ਹਨ। ਜ਼ਿਲ੍ਹਾ ਗੁਰਦਾਸਪੁਰ ਬਜਾਤੇ ਖ਼ੁਦ ਹੀ ਇਕ ਗ਼ਜ਼ਲ ਟਕਸਾਲ ਵਜੋਂ ਸਥਾਪਿਤ ਹੈ। ਸੀਤਲ ਸਿੰਘ ਇਕ ਸੀਤਲ ਦਰਿਆ ਹੈ, ਜੋ ਰਚਨਾ ਦੇ ਖੇਤਾਂ ਵੱਲ ਵਹਿੰਦਾ ਅਤੇ ਲੋਕ ਚੇਤਨਾ ਦੀ ਖੇਤੀ ਕਰਦਾ ਹੈ। ਉਸ ਨੇ ਇਕ ਉਮਰ ਅਧਿਆਪਕ ਸੰਘਰਸ਼ਾਂ ਵਿਚ ਲਾਈ ਅਤੇ ਇਨ੍ਹਾਂ ਸੰਘਰਸ਼ਾਂ ਵਿਚੋਂ ਹੀ ਰਾਜਨੀਤੀ, ਆਰਥਿਕਤਾ ਅਤੇ ਬਿਊਰੋਕੇਸੀ ਦੇ ਅਸਲ ਕਿਰਦਾਰ ਨੂੰ ਸਮਝਿਆ। ਉਸ ਦੇ ਸ਼ਿਅਰਾਂ ਵਿਚ ਵਿਸ਼ੇ ਦੀ ਲੋਕਾਇਤ ਅਤੇ ਗ਼ਜ਼ਲ ਤਕਨੀਕ ਦੀ ਪਕਿਆਈ ਹੈ। ਉਸ ਕੋਲ ਸੂਝ ਦੇ ਖੁੱਲ੍ਹੇ ਅਸਮਾਨ ਅਤੇ ਲੋਕ ਮਸਲਿਆਂ ਦੇ ਆਯਾਮ ਹਨ ਅਤੇ ਉਸ ਦੀ ਪੇਸ਼ਕਾਰੀ ਪੈਗੰਬਰੀ ਹੈ। ਉਹ ਜੋ ਵੀ ਗੱਲ ਕਰਦਾ ਹੈ ਬੜੇ ਵਿਸ਼ਵਾਸ ਨਾਲ ਕਰਦਾ ਹੈ। ਪਾਇਦਾਰੀ ਉਸ ਦਾ ਸ਼ਿਅਰੀ ਅੰਦਾਜ਼ ਅਤੇ ਅਕੀਦਾ ਹੈ। ਉਸ ਕੋਲ ਲੋਕ ਸੰਵੇਦਨਾ ਹੈ ਅਤੇ ਗ਼ਜ਼ਲ ਦੀ ਜ਼ੁਬਾਨ ਵਿਚ ਗੱਲ ਕਰਨ ਦੀ ਸਿਫ਼ਤ ਵੀ ਹੈ।
ਸੀਤਲ ਦੀ ਜ਼ਬਾਨੀ ਗ਼ਜ਼ਲਕਾਰੀ/ਫਨਕਾਰੀ ਦਾ ਰੰਗ ਵੇਖੋ :
-ਹਾਸ਼ੀਏ 'ਤੇ ਸਹਿਕਦੇ ਮਸਲੇ ਗ਼ਜ਼ਲ ਵਿਚ ਢਾਲ ਕੇ
ਖਿੱਚ ਤੂੰ ਸੀਤਲ ਸਾਹਿਤ ਦੇ ਸਫ਼ਿਆਂ ਉੱਤੇ ਵੱਖਰੀ ਲਕੀਰ
-ਲੇਖਕ, ਕਵੀ, ਫਨਕਾਰ, ਚਿੰਤਕ ਜਾਂ ਮੈਂ ਦਾਨਿਸ਼ਵਰ ਬਣਾਂ
ਪਰ ਦੂਜਿਆਂ ਤੋਂ ਵੱਖਰਾ ਤਾਂ ਕੁਝ ਨਾ ਕੁਝ ਆਖਰ ਬਣਾਂ
-ਠੀਕ ਹੈ ਸੀਤਲ ਚਿਰਾਂ ਤੋਂ ਲਿਖ ਰਿਹਾਂ ਤੂੰ ਪਰ ਅਜੇ
ਗ਼ਜ਼ਲ ਤੇਰੀ ਜਜ਼ਬਿਆਂ ਵਿਚ ਖਲਬਲੀ ਪਾਉਂਦੀ ਨਹੀਂ
-ਯਤਨ ਕਰਦਾ ਪਿਆ ਹਾਂ ਮੈਂ ਲਿਖਾਂ ਐਸੀ ਗ਼ਜ਼ਲ ਜਿਹੜੀ
ਤੁਹਾਨੂੰ ਦਾਦ ਦੇਵਣ ਵਾਸਤੇ ਮਜਬੂਰ ਕਰ ਦੇਵੇ
ਗੁਰਦਿਆਲ ਰੌਸ਼ਨ ਦਾ ਕਹਿਣਾ ਹੈ ਕਿ ਸੀਤਲ ਗੁੰਨੋਪੁਰੀ ਦੀ ਗ਼ਜ਼ਲਕਾਰੀ ਜਿਥੇ ਲੋਕ ਮਸਲਿਆਂ ਨੂੰ ਜ਼ੋਰ ਨਾਲ ਪੇਸ਼ ਕਰਦੀ ਹੈ, ਉੱਥੇ ਉਸ ਦੇ ਸ਼ਿਅਰਾਂ ਵਿਚ ਰਾਜਨੀਤੀ, ਆਰਥਿਕਤਾ, ਧਾਰਮਿਕ ਧੁੰਦੂਕਾਰੇ ਅਤੇ ਸੱਭਿਆਚਾਰਕ ਵਿਗਾੜਾਂ ਦੀ ਫ਼ਿਕਰਮੰਦੀ ਵੀ ਹੈ। ਸੀਤਲ ਜਿਸ ਵੀ ਗ਼ਜ਼ਲ ਮਹਿਫ਼ਲ ਵਿਚ ਹੁੰਦਾ ਹੈ, ਉਥੇ ਉਸ ਦੀ ਹਾਜ਼ਰੀ ਤਾਰਿਆਂ ਵਿਚ ਚੰਨ ਵਰਗੀ ਹੁੰਦੀ ਹੈ। ਸਟੇਜ ਦਾ ਧਨੀ ਹੋਣ ਦੇ ਨਾਲ-ਨਾਲ ਉਹ ਪੰਜਾਬੀ ਗ਼ਜ਼ਲ ਦੇ ਅਰਥਚਾਰੇ ਬਾਰੇ ਵੀ ਬੜੀ ਦਾਨਿਸ਼ਵਦੀ ਨਾਲ ਪੇਸ਼ਕਾਰੀ ਕਰਦਾ ਹੈ। ਬਹੁਤ ਸਾਰੇ ਵਿਦਵਾਨਾਂ ਨੇ ਸੀਤਲ ਨੂੰ ਸ਼ਿਅਰੀ ਕ੍ਰਿਸ਼ਮਾਕਾਰ ਕਿਹਾ। ਸਮਰੱਥ ਗ਼ਜ਼ਲ ਚਿੰਤਕ ਮੰਗਤ ਚੰਚਲ ਅਨੁਸਾਰ ਸੀਤਲ ਗੁਰਦਾਸਪੁਰ ਦਾ ਐਸਾ ਗ਼ਜ਼ਲਦੀਪ ਹੈ, ਜਿਸ ਦੀ ਰੌਸ਼ਨੀ ਹੱਦਾਂ ਸਰਹੱਦਾਂ ਨੂੰ ਪਾਰ ਕਰ ਰਹੀ ਹੈ। ਉਸ ਦਾ ਇਕ ਸ਼ਿਅਰ ਦੇ ਕੇ ਫਿਲਹਾਲ ਇਸ ਵਾਰਤਾ ਨੂੰ ਇਥੇ ਵਿਰਾਮ ਦੇਣ ਦੀ ਇਜਾਜ਼ਤ ਦਿਓ :
ਮੇਰੇ ਖ਼ੁਦਾ ਇਹ ਵਰ ਕੇ ਮੈਨੂੰ ਨਾ ਕਦੇ ਵੀ ਉੱਛਲਾਂ
ਮੈਂ ਬੂੰਦ ਤੋਂ ਭਰਿਆ ਹੋਇਆ ਦਰਿਆ ਕਦੇ ਜੇਕਰ ਬਣਾਂ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਅਨੁਪਮ ਗਾਥਾ ਫਫੜੇ ਭਾਈ ਕੇ ਨਗਰ ਦੀ
ਲੇਖਕ: ਪ੍ਰਿੰਸੀਪਲ ਜਗਜੀਤ ਸਿੰਘ ਔਲਖ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ :395 ਰੁਪਏ, ਸਫ਼ੇ : 350
ਸੰਪਰਕ : 99889-13155

ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ, ਕਿ ਇਹ ਕਿਸੇ ਵੀ ਰੂਪ 'ਚ ਲਿਖਤੀ ਨਹੀਂ ਮਿਲਦਾ। ਅਕਸਰ ਹੀ ਬਜ਼ੁਰਗਾਂ ਅਤੇ ਪੀੜ੍ਹੀ ਦਰ ਪੀੜ੍ਹੀ ਦੰਦ-ਕਥਾਵਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਪੁਰਾਣੀ ਪੀੜ੍ਹੀ ਖ਼ਤਮ ਹੋ ਗਈ ਹੈ, ਕੋਈ ਟਾਂਵਾਂ-ਟੱਲਾ ਹੀ ਡੰਗੋਰੀ ਲਈ ਖੜ੍ਹਾ ਹੈ, ਅਧਖੜ ਨੂੰ ਤੰਗੀਆਂ-ਝੋਰਿਆਂ ਨੇ ਝੰਬ ਛੱਡਿਆ ਹੈ ਅਤੇ ਨਵੀਂ ਪੌਂਦ ਨੂੰ ਟੈਲੀ-ਕਲਚਰ ਨੇ ਅੰਦਰੀਂ ਵਾੜ ਦਿੱਤਾ ਹੈ। ਸੱਥਾਂ ਤਾਂ ਕਦੋਂ ਦੀਆਂ ਖਤਮ ਹੋ ਗਈਆਂ ਹਨ, ਜਿੱਥੇ ਚੁੰਝ-ਚਰਚਾ ਚਲਦੀ ਸੀ। ਸਿੱਟੇ ਵਜੋਂ ਪਿੰਡਾਂ ਦਾ ਇਤਿਹਾਸ ਗੁੰਮ ਹੋ ਚੱਲਿਆ ਹੈ। ਹਾਲੇ ਵੀ ਵੇਲਾ ਹੈ ਕਿ ਜਿੰਨਾ ਕੁ ਅਤੇ ਜਿਸ ਵੀ ਰੂਪ ਵਿਚ ਮਿਲ ਸਕਦਾ ਹੈ, ਸਾਂਭ ਲਈਏ। ਨਹੀਂ ਤਾਂ, ਪਿੰਡਾਂ ਦਾ, ਸਾਡੇ ਚੇਤਿਆਂ 'ਚ ਪਿਆ ਇਤਿਹਾਸ ਬਿਲਕੱਲ ਲੁਪਤ ਹੋ ਜਾਵੇਗਾ।
ਉਕਤ ਗੱਲ ਅਤੇ ਫ਼ਿਕਰਮੰਦੀ;ਉਹ ਹੈ ਜੋ ਮੈਂ ਮਗਰੋਂ ਜ਼ਾਹਿਰ ਕਰਨੀ ਸੀ, ਪਹਿਲਾਂ ਕਰ ਦਿੱਤੀ। ਸਬੱਬ ਬਣਿਆ ਸ. ਜਗਜੀਤ ਸਿੰਘ ਔਲਖ, ਦੀ ਬੇਹੱਦ ਭਾਵਪੂਰਤ ਪੁਸਤਕ 'ਅਨੁਪਮ ਗਾਥਾ ਫਫੜੇ ਭਾਈ ਕੇ ਨਗਰ ਦੀ' ਪੜ੍ਹਦਿਆਂ। ਬੇਹੱਦ ਮੁਸ਼ੱਕਤ ਅਤੇ ਤਰ੍ਹਦਦ ਕੀਤਾ ਗਿਆ ਹੈ, ਤੱਥ-ਯੁਕਤ ਇਸ ਪੁਸਤਕ ਦੀ ਲੇਖਣੀ ਹਿੱਤ। ਜਿਸ ਵਿਚ, ਪਿੰਡ ਕਦ ਵਸਿਆ, ਕਿਸ ਵਸਾਇਆ, ਉੱਜੜ ਕੇ ਉੱਥੇ ਵਸ ਜਾਣ ਦੇ ਕਾਰਨ ਅਤੇ ਪਿੰਡ ਦੀ ਮੋੜ੍ਹੀ ਗੱਡਣ ਤੋਂ ਲੈ ਕੇ ਹੁਣ, ਵਿਸ਼ੇਸ਼ ਕਰਕੇ ਤੌੜ ਸੰਤਾਲੀ ਤੱਕ, ਦੀਆਂ ਦੀਆਂ ਉੱਘੜਵੀਆਂ ਗੱਲਾਂ। ਪਹਿਲ-ਪਲੱਕੜੇ ਨਾਮਵਰ ਕਰਮਯੋਗੀ, ਪ੍ਰਚੀਨ ਰਹਿਤਲ-ਜੀਵਨ ਬਸਰ, ਵਰਤੋਂ-ਵਿਹਾਰ, ਅਣਥੱਕ-ਘਾਲਣਾਵਾਂ, ਕਿਰਤੀ-ਸ਼ਿਲਪੀ-ਕਿਸਾਨ, ਆਜ਼ਾਦੀ ਘੁਲਾਟੀਏ ਤੇ ਹੋਰ ਸ਼ਖ਼ਸ਼ੀਅਤਾਂ, ਬੰਸ-ਬੰਸਾਵਲੀਆਂ ਅਤੇ ਸਥਾਨਾਂ-ਅਸਥਾਨਾਂ ਸਮੇਤ ਪੂਰਬ ਆਜ਼ਾਦੀ ਲਹਿਰਾਂ ਤੇ ਦੇਸ਼ਭਗਤਾਂ ਦੀਆਂ ਵੀ ਵਿਸ਼ੇਸ ਗੱਲਾਂ। ਇਹੀ ਨਹੀਂ, ਲਿਖੀ/ਸੰਪਾਦਿਤ ਇਸ ਕਿਤਾਬ ਵਿਚ ਪਿੰਡ ਨਾਲ ਸੰਬੰਧਿਤ ਥੇਹਾਂ, ਢਾਬਾਂ-ਛੱਪੜ, ਬੀਹੀਆਂ-ਦਰਵਾਜ਼ੇ, ਇਸ਼ਟਾਂ, ਪੈੜਾਂ-ਪੰਥਾਂ ਦੀ ਵੀ ਗੱਲ ਕੀਤੀ ਗਈ ਹੈ ਅਤੇ ਨਾਮੀ-ਕਰਮਯੋਗੀਆਂ ਦੇ ਵਿਅਕਤੀਗਤ ਰੇਖਾ ਚਿਤਰ ਤੇ ਯਾਦਗਾਰਾਂ ਵੀ ਦਰਜ ਹਨ ਅਤੇ ਕੁਨਬੇ ਤੇ ਕਿਰਤੀ-ਸ਼ਿਲਪੀ ਸਮੂਹਾਂ ਦੀ ਜਾਣਕਾਰੀ ਅਤੇ ਵਿਸ਼ੇਸ਼ਤਾ ਵੀ।
ਪਿੰਡਾਂ ਨਾਲ ਸੰਬੰਧਿਤ, ਖਾਸ ਕਰਕੇ ਕਿਸੇ ਪਿੰਡ ਵਿਸ਼ੇਸ ਬਾਰੇ ਵੀ, ਮੈਂ ਕਈ ਲੇਖ, ਪੁਸਤਕਾਂ ਪੜ੍ਹੀਆਂ ਹਨ। ਪ੍ਰੰਤੂ, ਹੁਣ ਤੱਕ ਪੜ੍ਹੇ-ਸੁਣਿਆਂ ਵਿਚੋਂ, ਕਈ ਕਾਰਨਾਂ ਕਰਕੇ ਇਹ ਵੀ ਭਾਵ-ਪੂਰਤ ਲੱਗੀ। ਭਲਾ ਕਿਉਂ? ਪੜ੍ਹੋਗੇ ਤਾਂ ਜਾਣੋਗੇ। ਸਥਾਨਕ ਇਤਿਹਾਸਕਾਰੀ ਜਾਂ ਪਿੰਡਾਂ ਦੀ ਤਵਾਰੀਖ ਨਾਲ ਵਾਹ-ਵਾਸਤਾ ਵਿਦਿਆਰਥੀਆਂ ਅਤੇ ਵਿਅਕਤੀਆਂ ਨੂੰ ਇਸ ਪੁਸਤਕ ਦੀ ਸਿਫ਼ਾਰਸ਼।
ਹਾਂ, ਫਫੜੇ ਭਾਈ ਕੇ ਵਾਸੀਆਂ ਅਤੇ ਉਸ ਨਗਰ ਦੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਅਨੁਪਮ ਖਜ਼ਾਨਾ ਹੈ। ਲੇਖਕ ਦੀ ਘਾਲਣਾ ਨੂੰ ਸਲਾਮ

-ਵਿਜੈ ਬੰਬੇਲੀ
ਮੋਬਾਈਲ : 94634-39075

ਧਰਤ ਵਿਹੂਣੇ
ਲੇਖਿਕਾ : ਸੁਖਵਿੰਦਰ ਪੱਪੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 94170-40717

ਮੂਲ ਤੌਰ 'ਤੇ ਕਵੀ ਸੁਖਵਿੰਦਰ ਪੱਪੀ ਨੇ ਤਿੰਨ ਕਾਵਿ ਸੰਗ੍ਰਹਿ ਮਗਰੋਂ ਨਾਵਲ 'ਧਰਤ ਵਿਹੂਣੇ' ਦੀ ਸਿਰਜਣਾ ਕੀਤੀ ਹੈ। ਇਹ ਨਾਵਲ ਦਲਿਤ ਵਰਗ ਦੇ ਬੇਜ਼ਮੀਨੇ ਲੋਕਾਂ ਦੀ ਜ਼ਮੀਨ ਅਧਿਕਾਰ ਸੰਗਠਨ ਵਲੋਂ ਆਰੰਭੇ ਅੰਦੋਲਨ ਦੀ ਸੰਘਰਸ਼ ਗਾਥਾ ਹੈ, ਜਿਸ ਦੀ ਪ੍ਰਮੁੱਖ ਪਾਤਰ ਵੀਰਾਂ ਹੈ। ਇਸ ਸੰਘਰਸ਼ਸੀਲ ਟੀਮ ਵਿਚ ਸੰਦੀਪ, ਵੀਰਾਂ, ਮੋਹਕਮ, ਦੀਪਕ, ਬਲਬੀਰੋ, ਦਲਵੀਰ, ਸ਼ੰਕਰ, ਅਮਨ ਆਦਿ ਸਰਗਰਮ ਮੈਂਬਰ ਹਨ, ਜਿਨ੍ਹਾਂ ਦੀ ਸਕੂਲਿੰਗ ਸੁਰਿੰਦਰ ਨਾਂਅ ਦਾ ਆਗੂ ਕਰਦਾ ਹੈ। ਇਹ ਟੀਮ ਵਿਸ਼ੇਸ਼ ਕਰਕੇ ਮਾਲਵੇ ਦੇ ਪਿੰਡਾਂ ਦੀ ਪਿੱਠਭੂਮੀ ਵਿਚ ਪਿੰਡਾਂ ਦੀ ਪੰਚਾਇਤੀ ਜ਼ਮੀਨ 'ਤੇ ਗ਼ੈਰ-ਦਲਿਤਾਂ ਵਲੋਂ ਕੀਤੇ ਕਬਜ਼ੇ ਤੋਂ ਛੁਡਾ ਕੇ ਉਸ ਦਾ ਬਣਦਾ ਤੀਸਰਾ ਹਿੱਸਾ ਬੇਜ਼ਮੀਨੇ ਦਲਿਤਾਂ ਨੂੰ ਦਿਵਾਉਣਾ ਚਾਹੁੰਦੀ ਹੈ। ਇਸ ਕਥਾਨਕ ਵਿਚ ਦਲਿਤ ਵੀਰਾਂ ਤੇ ਜੱਟ ਸੰਦੀਪ ਦੇ ਪ੍ਰੇਮਕਥਾ ਉਸਰਦੀ ਹੈ। ਵੀਰਾਂ ਦੇ ਬਚਪਨ ਤੋਂ ਦਸਵੀਂ ਪਾਸ ਕਰਨ ਉਪਰੰਤ ਕਾਲਜ ਦਾਖਲਾ ਲੈਣ ਮਗਰੋ ਸੰਦੀਪ ਰਾਹੀਂ ਵਿਦਿਆਰਥੀ ਜਥੇਬੰਦੀ ਵਿਚ ਸ਼ਾਮਿਲ ਹੋ ਕੇ ਸਾਹਿਤ ਅਧਿਐਨ, ਸੰਗਠਨ ਦੀ ਸਕੂਲਿੰਗ ਅਤੇ ਟੀਮ ਦੇ ਸਖ਼ਤ ਫੀਲਡ ਵਰਕ ਰਾਹੀਂ ਸਿਰਕੱਢ ਲੀਡਰ ਬਣਨ ਦਾ ਦਿਲਚਸਪ ਵਰਨਣ ਕੀਤਾ ਗਿਆ ਹੈ। ਮਾ. ਅਜੈਬ ਸਿੰਘ ਵਲੋਂ ਮਾਇਕ ਅਤੇ ਇਖਲਾਕੀ ਮਦਦ ਵੀਰਾਂ ਨੂੰ ਇਸ ਔਕੜਾਂ ਭਰੇ ਰਾਹਾਂ ਦਾ ਪਾਂਧੀ ਬਣਨ ਵਿਚ ਮਦਦਗਾਰ ਸਾਬਤ ਹੁੰਦੀ ਹੈ। ਮਾ. ਅਜੈਬ ਸਿੰਘ ਆਪਣੀ ਬੇਮੇਲ ਪਤਨੀ ਤੋਂ ਦੁਖੀ ਹੋ ਕੇ ਸ਼ਰਾਬ ਪੀਂਦਾ ਹੈ ਤੇ ਸਕੂਲ ਦੀ ਹੀ ਇਕ ਅਧਿਆਪਕਾ 'ਚੋਂ ਪ੍ਰਿਟੀ ਜਿੰਟਾ ਦੇ ਸੁਪਨੇ ਵੀ ਦੇਖਦਾ ਹੈ। ਪਿੰਡ ਵਿਚ ਲਾਇਬ੍ਰੇਰੀ ਖੋਲ੍ਹਣ ਦੀ ਇੱਛਾ ਵੀ ਰੱਖਦਾ ਹੈ ਤੇ ਚਾਰਵਾਕੀਆ ਦੇ ਡੇਰੇ ਤੇ ਮਹੰਤ ਸਚਦਾਨੰਦ ਤੋਂ ਅਸ਼ੀਰਵਾਦ ਵੀ ਗ੍ਰਹਿਣ ਕਰਦਾ ਹੈ। ਉਹ ਵੀਰਾਂ ਦਾ ਅੰਤ ਤੱਕ ਮਜ਼ਬੂਤ ਸਮਰਥਕ ਬਣਿਆ ਰਹਿੰਦਾ ਹੈ। ਬੇਜ਼ਮੀਨੇ, ਛੜੇ ਤੇ ਚਾਚੇ ਬੀਰੂ ਰਾਹੀਂ ਬੇਜ਼ਮੀਨੇ ਦਲਿਤਾਂ ਦੇ ਸੁਪਨਿਆਂ ਨੂੰ ਉਸ ਦੀ ਵਿਲੱਖਣ ਭਾਸ਼ਾ ਸ਼ੈਲੀ ਵਿਚ ਪੇਸ਼ ਕੀਤਾ ਗਿਆ ਹੈ। ਜੋ ਸਾਰੇ ਨਾਵਲ ਵਿਚ ਆਪਣੀ ਉਪਸਥਿਤੀ ਨੂੰ ਬੜੇ ਹੀ ਰੌਚਕ ਢੰਗ ਨਾਲ ਪੇਸ਼ ਕਰਦਾ ਹੈ। ਨਾਵਲ ਵਿਚ ਜ਼ਮੀਨ ਅਧਿਕਾਰ ਸੰਗਠਨ ਦੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੇ ਢੰਗ, ਅਜਿਹੇ ਬਗ਼ਾਵਤੀ ਨੌਜਵਾਨਾਂ ਦਾ ਪਰਿਵਾਰਕ ਤੇ ਉੱਚ ਵਰਗ ਵਲੋਂ ਵਿਰੋਧ, ਆਪਣੇ ਵਰਗ ਵਲੋਂ ਸਵੀਕ੍ਰਿਤੀ, ਪ੍ਰਸ਼ਾਸਨ ਦੀ ਸੋਚ, ਮੀਡੀਆ ਦੀ ਭੂਮਿਕਾ, ਸਿਆਸੀ ਸਮੀਕਰਨ ਆਦਿ ਦੀ ਯਥਾਰਥਮਈ ਤਸਵੀਰ ਪੇਸ਼ ਕੀਤੀ ਗਈ ਹੈ। ਜ਼ਮੀਨ ਦੀ ਲੜਾਈ ਦੇ ਨਾਲ-ਨਾਲ ਜਮਾਤੀ ਸੰਘਰਸ਼ ਦੇ ਨਕਸ਼ ਵੀ ਉਲੀਕੇ ਗਏ ਹਨ। ਪਿੰਡ-ਪਿੰਡ ਜਾ ਕੇ ਬੇਜ਼ਮੀਨਿਆਂ ਨੂੰ ਉਨ੍ਹਾਂ ਦੇ ਹੱਕਾਂ ਲਈ ਜਾਗਰੂਕ ਕਰਨਾ, ਸੰਘਰਸ਼ ਲਈ ਘਰੋਂ ਬਾਹਰ ਕੱਢ ਕੇ ਸੰਗਠਾਤਮਿਕ ਸ਼ਕਤੀ ਦਾ ਮੁਜ਼ਾਹਰਾ ਕਰਨਾ, ਪੁਲਿਸ ਤੇ ਪ੍ਰਸ਼ਾਸਨ ਨਾਲ ਟੱਕਰ, ਰਾਤੋ-ਰਾਤ ਭੈਣੀ ਕਲਾਂ ਦੇ 14-15 ਕਿੱਲ੍ਹਿਆਂ ਦੀ ਜੀਰੀ ਵੱਢ ਕੇ ਉਸ ਨੂੰ ਟਰੈਕਟਰ 'ਤੇ ਗਾਇਬ ਕਰ ਲੈਣਾ, ਪਿੰਡ ਦੇ ਜੱਟਾਂ ਵਲੋਂ ਇਸ ਕਾਰਵਾਈ ਨੂੰ ਜੱਟ-ਦਲਿਤਾਂ ਦੀ ਲੜਾਈ ਤੇ ਨਕਸਲੀਆਂ ਨਾਲ ਜੋੜਨਾ ਆਦਿ ਇਹ ਸਭ ਅਜਿਹੇ ਸੰਘਰਸ਼ਾਂ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਉਜਾਗਰ ਕਰਦੇ ਹਨ। ਲੇਖਕ ਵਲੋਂ ਦਲਿਤਾਂ ਦੇ ਜ਼ਮੀਨ ਅਧਿਕਾਰ ਅੰਦੋਲਨ ਦੇ ਨਾਲ-ਨਾਲ ਪਿੰਡ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਉਜਾਗਰ ਕਰਦੇ ਹਨ। ਲੇਖਕ ਵਲੋਂ ਦਲਿਤਾਂ ਦੇ ਜ਼ਮੀਨ ਅਧਿਕਾਰ ਅੰਦੋਲਨ ਦੇ ਨਾਲ-ਨਾਲ ਪਿੰਡ ਦੇ ਡੇਰੇ ਤੋਂ ਸ਼ਿਵ ਮਹਿਮਾ ਦਾ ਗਾਨ, ਮਹੰਤ ਸਚਦਾਨੰਦ ਵਲੋਂ ਸਮਾਜ ਵਿਚ ਖੱਬੇ-ਪੱਖੀਆਂ ਨੂੰ ਭੰਡੀ ਪ੍ਰਚਾਰ ਤੇ ਆਲੋਚਨਾ ਕਰਨ ਵਾਲੇ ਦੱਸ ਕੇ ਗਾਂਧੀਵਾਦੀ ਤੇ ਆਰ.ਐਸ.ਐਸ. ਦੀ ਸੋਚ ਦੀ ਪ੍ਰੋੜ੍ਹਤਾ ਕਰਕੇ, ਅੰਦੋਲਨ ਦੇ ਸਿਧਾਂਤਾਂ ਪੱਖ ਨੂੰ ਵੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਨਾਵਲ ਦੇ ਦਸਵੇਂ ਕਾਂਡ ਵਿਚ ਸਕੂਲਿੰਗ ਕਰਨ ਆਏ ਸਿਧਾਂਤਵਾਦੀ ਸੁਰਿੰਦਰ ਵਲੋਂ ਇਹ ਪੁੱਛਣਾ ਕਿ ਅੱਜ ਦੀ ਮੀਟਿੰਗ ਵਿਚ ਕਿੰਨੇ ਦਲਿਤ ਤੇ ਹੋਰ ਕਿੰਨੇ ਹਨ। ਚਾਰ ਦਲਿਤ ਤਿੰਨ ਜੱਟ ਤੇ ਇਕ ਬ੍ਰਾਹਮਣ ਦੱਸਣ 'ਤੇ ਇਹ ਕਹਿਣਾ ਕਿ 'ਜਾਹ ਵੀ ਸੰਧੂਆਂ, ਦਲਿਤਾਂ ਨੇ ਤੁਹਾਡੇ ਲੋਕਾਂ ਦੀ ਹਜ਼ਾਰਾਂ ਸਾਲ ਸੇਵਾ ਕੀਤੀ ਹੈ, ਹੁਣ ਤੂੰ ਸਮੋਸੇ ਤੇ ਚਾਹ ਲੈ ਕੇ ਆ।' ਇਹ ਸੰਵਾਦ ਲੇਖਕ ਦੇ ਪੁਰਵਾਗ੍ਰਹਿ ਨਾਲ ਪੀੜਤ ਹੋਣ ਦੀ ਗਵਾਹੀ ਭਰਦਾ ਹੈ ਤੇ ਮਨ ਦੀ ਕੁੜੱਤਣ ਨੂੰ ਪ੍ਰਗਟ ਕਰਦਾ ਹੈ। ਲੇਖਕ ਨੇ ਠੇਠ ਮਲਵਈ ਭਾਸ਼ਾ ਨੂੰ ਅਲੰਕਾਰਕ ਕਾਵਿਕਤਾ ਪ੍ਰਦਾਨ ਕੀਤੀ ਹੈ। ਵਿਸ਼ੇਸ਼ ਕਰਕੇ ਚਾਚੇ ਬੀਰੂ ਵਲੋਂ ਆਪਣੀਆਂ ਬੱਕਰੀਆਂ ਲਈ ਵਰਤੇ ਗਏ ਅਲੰਕਾਰ ਪਾਠਕ ਨੂੰ ਕੀਲ ਲੈਣ ਦੇ ਸਮਰਥ ਹਨ। ਸ਼ੀਬੋ, ਜੰਜੀਰੋ, ਗੁਰਨਾਮੀ, ਸੋਨੀ ਆਦਿ ਪਾਤਰਾਂ ਵੀ ਬੜੇ ਸਜੀਵ ਪਾਤਰ ਵਜੋਂ ਉਭਰਦੇ ਹਨ। ਨਾਵਲ ਅੰਤ ਵਿਚ ਵੀਰਾਂ ਵਲੋਂ ਸੰਦੀਪ ਨੂੰ ਠੁਕਰਾ ਕੇ ਆਪਣਾ ਅਸਲ ਸੁਨੇਹਾ ਦੇਣ ਵਿਚ ਸਫਲ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਬੇਅਦਬੀ
ਲੇਖਕ : ਗੁਰਨਾਮ ਸਿੰਘ ਅਕੀਦਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 400 ਰੁਪਏ, ਸਫ਼ੇ : 296
ਸੰਪਰਕ : 81460-01100

ਚਰਚਾ ਅਧੀਨ ਪੁਸਤਕ ਨਾਵਲ ਹੈ। ਲੇਖਕ ਨੇ ਇਸ ਤੋਂ ਪਹਿਲਾਂ ਤਿੰਨ ਨਾਵਲ, ਦੋ ਕਹਾਣੀ ਸੰਗ੍ਰਹਿ ਇਕ ਜੀਵਨੀ ਕੱਖ ਕੰਡੇ ਪਾਠਕਾਂ ਨੂੰ ਦਿੱਤੇ ਹਨ। ਕਿਤਾਬ 'ਪੱਤਰਕਾਰ ਦੀ ਮੌਤ' ਵੀ ਚਰਚਿਤ ਰਹੀ ਹੈ। ਨਾਵਲਕਾਰ ਨੇ ਲਿਖਿਆ ਹੈ ਕਿ ਪੂਰਾ ਨਾਵਲ ਪੜ੍ਹ ਕੇ ਪਾਠਕ ਨਾਵਲ ਦੇ ਵਿਸ਼ਾ ਵਸਤੂ 'ਤੇ ਵਿਚਾਰ ਕਰਨ। ਨਾਵਲ ਪੁਰਾਤਨ ਸਿੱਖ ਮਰਿਆਦਾ, ਸੱਭਿਆਚਾਰ ਵਿਚ ਬਦਲਾਵ, ਸਿੱਖ ਸਿਧਾਤਾਂ ਵਿਚ ਆਇਆ ਵੱਡਾ ਫਰਕ, ਪੂਰਨ ਸਿੱਖੀ 'ਤੇ ਪਹਿਰਾ ਦੇਣ ਵਾਲੇ ਪਾਤਰ ਨਾਵਲ ਵਿਚ ਲਏ ਹਨ। ਨਾਵਲ ਨੂੰ ਸਮਰਪਿਤ ਵੀ ਉਨ੍ਹਾਂ ਮਹਾਨ ਸਿੱਖ ਯੋਧਿਆਂ ਨੂੰ ਕੀਤਾ ਹੈ, ਜੋ ਅਡੋਲ ਹਨ, ਨਿਰਭੈ ਹਨ, ਜਿਨ੍ਹਾਂ ਨੇ ਬੱਚਿਆਂ ਨੂੰ ਕੁਰਹਿਤਾਂ ਤੋਂ ਦੂਰ ਰੱਖਿਆ। ਪ੍ਰਬੁੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਨਾਵਲ ਪਿਤਾਮਾ ਸਰਦਾਰ ਨਾਨਕ ਸਿੰਘ ਤੋਂ ਪਿਛੋਂ ਨਾਵਲ ਵਿਚ ਆਏ ਵਡੇ ਬਦਲਾਵ ਦੇ ਸੰਦਰਭ ਵਿਚ ਇਸ ਨਾਵਲ ਬਾਰੇ ਸਟੀਕ ਵਿਚਾਰ ਲਿਖੇ ਹਨ। ਪੰਜਾਬ ਦੀ ਫ਼ਿਜ਼ਾ ਵਿਚ ਨਾਵਲ ਦਾ ਸਿਰਲੇਖ (ਬੇਅਦਬੀ) ਪਿਛਲੇ ਸਮੇਂ ਤੋਂ ਉਛਾਲੇ ਮਾਰ ਰਿਹਾ ਹੈ। ਸਿਆਸੀ ਸਥਿਤੀ ਵਿਚ ਭੁਚਾਲ ਵਾਲੀ ਹਾਲਤ ਰਹੀ ਹੈ। ਨਾਵਲ ਵਿਚ ਦਿੱਲੀ ਤੋਂ ਆਇਆ ਸੰਨ ਚੁਰਾਸੀ ਦਾ ਦਿੱਲੀ ਦੰਗਿਆਂ ਦਾ ਪੀੜਤ ਸਿੱਖ ਪਰਿਵਾਰ ਹੈ। ਵੱਡਾ ਪੁੱਤਰ ਇਸ ਕਤਲੇਆਮ ਵਿਚ ਮਾਰਿਆ ਗਿਆ ਸੀ। ਛੋਟੇ ਪੁੱਤ ਨੇ ਕੇਸ ਕਤਲ ਕਰਾ ਦਿੱਤੇ। ਇਕ ਜਵਾਨ ਕੁੜੀ ਸਿਮਰ ਹੈ। ਪਿਤਾ ਪੁਲੀਸ ਅਫ਼ਸਰ ਹੈ। ਪੂਰਨ ਗੁਰਸਿੱਖ ਹੈ। ਮਾਤਾ ਅਧਿਆਪਕਾ ਹੈ। ਮਾਪਿਆਂ ਦੀ ਚਾਹਤ ਹੈ ਕਿ ਧੀ ਸਿੱਖੀ ਧਾਰਨ ਕਰੇ। ਪਰ ਉਹ ਦਿੱਲੀ ਯੂਨੀਵਰਸਿਟੀ ਵਿਚ ਪੜ੍ਹਨ ਸਮੇਂ ਗ਼ਲਤ ਕੰਮਾਂ ਵਿਚ ਪੈ ਗਈ ਸੀ। ਇਹ ਚਾਰ ਸਹੇਲੀਆਂ ਵੀ ਪੈਸਾ ਕਮਾਉਣ ਲਈ ਸਰੀਰ ਵੇਚਣ ਤੱਕ ਜਾਂਦੀਆਂ ਹਨ।
ਨਾਵਲ ਵਿਚ ਪੰਜਾਬ ਦੇ ਪਿੰਡਾਂ ਦੀ ਇਕ ਪਾਸੜ ਤਸਵੀਰ ਹੈ। ਤੀਸਰੇ ਭਾਗ ਵਿਚ ਵੱਡੇ ਪੁੱਤ ਦੀ ਪਤਨੀ ਨੂੰ ਉਸ ਦੀ ਸੱਸ ਹੋਰ ਪੁੱਤਰਾਂ ਨਾਲ ਨਾਜਾਇਜ਼ ਸੰਬੰਧ ਜੋੜਨ ਲਈ ਮਜਬੂਰ ਕਰਦੀ ਹੈ। ਹੋਰ ਵੀ ਨਾਜਾਇਜ਼ ਸੰਬੰਧਾਂ ਦੇ ਕਈ ਦ੍ਰਿਸ਼ ਨਾਵਲ ਵਿਚ ਹਨ। ਦਲਿਤ ਔਰਤ ਦਾ ਸ਼ੋਸ਼ਣ ਹੈ। (ਕਾਂਡ 7 ਭਾਗ ਤੀਸਰਾ) ਦੂਸਰੇ ਸੂਬਿਆਂ ਵਿਚੋਂ ਆਏ ਲੋਕਾਂ ਦੇ ਔਰਤਾਂ ਨਾਲ ਨਾਜਾਇਜ਼ ਸੰਬੰਧਾਂ ਦਾ ਵੇਰਵਾ ਹੈ। ਇਹ ਸਮਾਜਿਕ ਮਸਲੇ ਤਾਂ ਹਨ ਬੇਅਦਬੀ ਨਹੀਂ। ਇਸ ਤੋਂ ਇਲਾਵਾ ਨਾਵਲਕਾਰ ਸਿਆਸੀ ਸ਼ਖਸੀਅਤਾਂ (ਅਕਾਲੀ ਸਿਆਸਤ ਵਿਚੋਂ) ਦਾ ਇਤਿਹਾਸਕ ਬਿਰਤਾਂਤ ਪੇਸ਼ ਕਰਦਾ ਹੈ। ਖਾਸ ਕਰਕੇ ਪੰਜਾਬੀ ਸੂਬਾ ਲਹਿਰ, ਸੰਨ 1978 ਤੇ ਚੁਰਾਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸਾਕਾ ਨਨਕਾਣਾ ਸਾਹਿਬ, ਗੁਰੂ ਕੇ ਬਾਗ਼ ਦਾ ਮੋਰਚਾ ਦੇ ਹਵਾਲੇ ਹਨ। ਨਾਵਲ ਵਿਚ ਅਸ਼ਲੀਲਤਾ ਕੁਝ ਜ਼ਿਆਦਾ ਹੈ, ਜਿਸ ਦਾ ਬੇਅਦਬੀ ਨਾਲ ਕੋਈ ਸੰਬੰਧ ਵੀ ਨਹੀਂ ਹੈ ਕਿਉਂਕਿ 'ਬੇਅਦਬੀ' ਸ਼ਬਦ ਕੁਝ ਸਮੇਂ ਤੋਂ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ। ਪਰ ਨਾਵਲਕਾਰ ਨੇ ਇਸ ਸ਼ਬਦ ਦੀ ਆੜ ਵਿਚ ਪੰਜਾਬ ਦਾ ਇਤਿਹਾਸ, ਸਮਾਜਿਕ ਸੰਕਟ ਤੇ ਸਿਆਸੀ ਰੰਗ ਲਏ ਹਨ। ਪਹਿਲਾਂ ਆਪਣਾ ਸੋਸ਼ਣ ਕਰਵਾ ਚੁੱਕੀ ਉੱਚ ਸਿੱਖਿਆ ਪ੍ਰਾਪਤ ਆਪਹੁਦਰੀ ਸਿਮਰ ਅੰਤ ਵਿਚ ਪੁਲੀਸ ਅਫ਼ਸਰ ਬਣਦੀ ਹੈ। ਇਹ ਸ਼ਖਸੀਅਤ ਦਾ ਦਵੰਦ ਹੈ। ਦੁਖੀ ਬਾਪ ਦੇ ਯਤਨ ਸਫਲ ਨਹੀਂ ਹੁੰਦੇ। ਉਸ ਦਾ ਮਿੱਤਰ ਘਾਤ ਵੀ ਹੁੰਦਾ ਹੈ। ਨਾਵਲ ਦਾ ਸਵਾਗਤ ਹੈ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

ਸ਼ਬਦ ਚੇਤਨਾ
ਲੇਖਕ : ਜਗਪਾਲ ਸਿੰਘ ਸਿੱਧੂ (ਡਾ.)
ਪ੍ਰਕਾਸ਼ਕ : ਲੇਖਕ ਖੁਦ
ਮੁੱਲ : 100 ਰੁਪਏ, ਸਫ਼ੇ : 92

ਪੰਜਾਬੋਂ ਜਾ ਕੇ ਕੈਨੇਡਾ ਦੀ ਧਰਤੀ 'ਤੇ ਵਸੇ ਡਾ. ਜਗਪਾਲ ਸਿੰਘ ਸਿੱਧੂ ਜ਼ਿੰਦਗੀ ਦੇ ਰੁਝੇਵਿਆਂ ਤੋਂ ਸੁਰਖਰੂ ਹੋ ਕੇ ਲੇਖਣੀ ਵੱਲ ਆਏ ਹਨ। ਹਥਲੀ ਪੁਸਤਕ 'ਸ਼ਬਦ ਚੇਤਨਾ' ਤੋਂ ਪਹਿਲਾਂ ਵੀ ਇਕ ਪੁਸਤਕ 'ਸ਼ਬਦ ਫੁਲਕਾਰੀ' ਛਪ ਚੁੱਕੀ ਹੈ। ਸਫ਼ਾ 1 ਤੋਂ 42 ਤੱਕ, 40 ਦੇ ਕਰੀਬ ਖੁੱਲ੍ਹੀ ਕਵਿਤਾ ਦੇ ਰੂਪ ਵਿਚ ਰਚਨਾਵਾਂ ਹਨ। ਸਫ਼ਾ 43 ਤੋਂ 45 ਤੱਕ ਮੱਖਣ ਸਿੰਘ ਉਪਦੇਸ਼ ਦੀਆਂ 3 ਕਵਿਤਾਵਾਂ ਹਨ। ਸਫਾ 46 ਤੋਂ 49 ਤੇ ਕੇਹਰ ਸਿੰਘ ਮਠਾਰੂ ਦੀਆਂ ਦੋ ਰਚਨਾਵਾਂ ਹਨ। ਫਿਰ ਸਫਾ 50 ਤੋਂ 90 ਤੱਕ ਕਰੀਬ 36 ਵਾਰਤਕ ਦੀਆਂ ਹਲਕੀਆਂ-ਫੁਲਕੀਆਂ ਰਚਨਾਵਾਂ ਹਨ। 92 ਸਫ਼ਿਆਂ ਤੋਂ ਇਲਾਵਾ 8 ਸਫੇ ਮਸ਼ਹੂਰੀਆਂ ਦੇ ਅਲੱਗ ਹਨ। ਜਿਨ੍ਹਾਂ ਦਾ ਲੇਖਕ ਦੀ ਲੇਖਣੀ ਨਾਲ ਕੋਈ ਸੰਬੰਧ ਨਹੀਂ ਹੈ।
ਪੁਸਤਕ ਵਿਚ ਮੁਹਰਲੇ 42 ਸਫ਼ਿਆਂ ਤੇ ਲੇਖਕ ਦੀਆਂ ਕਵਿਤਾਵਾਂ ਪੜ੍ਹ ਕੇ ਲਗਦਾ ਹੈ ਕਿ ਲੇਖਕ ਨੇ ਉੱਚ-ਕੋਟੀ ਦੇ ਕਵੀਆਂ ਨਾਲ ਸੰਗਤ ਕੀਤੀ ਹੈ। ਜਿਵੇਂ ਉਸ ਦੀ ਕਵਿਤਾ 'ਮੇਰੀ ਕਵਿਤਾ' ਵਿਚ ਲਿਖਿਆ ਹੈ:
ਮੇਰੀ ਕਵਿਤਾ ਕਦੇ ਗੂੰਗੀ ਬਣ ਜਾਂਦੀ ਹੈ,
ਕਦੇ ਉੱਚੀ ਉੱਚੀ ਦਹਾੜਦੀ ਹੈ।
ਅਮੀਰੀ ਗ਼ਰੀਬੀ ਦੇ ਪਾੜੇ ਨੂੰ ਉਜਾਗਰ ਸਫ਼ਾ 8 'ਤੇ ਉਸ ਦੀ ਕਵਿਤਾ 'ਫਲਾਈ ਓਵਰ' ਵਿਚ ਲਿਖਿਆ ਹੈ:
ਫਲਾਈ ਓਵਰ ਬਥੇਰੇ ਬਣ ਗਏ
ਖੁੱਲ੍ਹਗੇ ਬਰਗਰ ਪੀਜੇ
ਗ਼ਰੀਬ ਗ਼ਰੀਬੀ ਨਾਲ ਹੈ ਪਿਸਦਾ
ਖਾਲੀ ਰਹਿੰਦੇ ਖੀਸੇ।
ਇਸੇ ਤਰ੍ਹਾਂ ਫੁੱਲਾਂ ਵਾਕਣ, ਸਾਵੇਂ ਪੱਤਰ, ਰੁੱਖੜੇ, ਕਿਰਪਾ, ਬਿਰਖ ਦੀ ਦਾਸਤਾਂ, ਪੱਬ, ਅੰਨ੍ਹੀ ਪੀਹੇ ਆਦਿ ਸਾਰੀਆਂ ਕਵਿਤਾਵਾਂ ਵਿਚ ਕੋਈ ਨਾ ਕੋਈ ਪਤੇ ਦੀ ਗੱਲ ਛੁਪੀ ਹੋਈ ਹੈ। ਸਾਰੀਆਂ ਰਚਨਾਵਾਂ ਪੜ੍ਹਨਯੋਗ ਤੇ ਦਿਲਚਸਪ ਹਨ। ਮੱਖਣ ਸਿੰਘ ਉਪਦੇਸ਼ ਤੇ ਕੇਹਰ ਸਿੰਘ ਮਠਾਰੂ ਦੀਆਂ ਰਚਨਾਵਾਂ ਵੀ ਵਧੀਆਂ ਨਿਭੀਆਂ ਹਨ।
ਸਫਾ 50 ਤੋਂ 90 ਤੱਕ ਹਲਕੀਆਂ-ਫੁਲਕੀਆਂ ਵਾਰਤਕ ਰਚਨਾਵਾਂ ਹਨ। ਜਿਨ੍ਹਾਂ ਨੂੰ ਪੜ੍ਹ ਕੇ ਲਗਦਾ ਹੈ, ਇਹ ਰਚਨਾਵਾਂ ਲੇਖਕ ਦੀ ਜ਼ਿੰਦਗੀ ਦੇ ਇਰਦ-ਗਿਰਦ ਵਾਪਰੀਆਂ ਘਟਨਾਵਾਂ ਹਨ, ਜਿਨ੍ਹਾਂ ਨੂੰ ਲੇਖਕ ਨੇ ਬਹੁਤ ਦਿਲਚਸਪ ਬਣਾਇਆ ਹੈ। ਇਹ ਉਸ ਦੀ ਕਲਾਕਾਰੀ ਦਾ ਵਧੀਆ ਨਮੂਨਾ ਕਿਹਾ ਜਾ ਸਕਦਾ ਹੈ। ਸਫਾ 87 'ਤੇ 'ਕੁੱਤਿਆਂ ਦੀ ਦੁਨੀਆ' ਲੇਖ ਪੜ੍ਹ ਕੇ ਪਾਠਕਾਂ ਦੀ ਜਾਣਕਾਰੀ 'ਚ ਵਾਧਾ ਕੀਤਾ ਹੈ। ਕੁੱਲ ਮਿਲਾ ਕੇ ਲੇਖਕ ਦੀ ਇਸ ਪੁਸਤਕ ਦੀ ਤਾਰੀਫ਼ ਕਰਨੀ ਬਣਦੀ ਹੈ। ਅੱਗੇ ਤੋਂ ਹੋਰ ਉਸਾਰੂ ਸਾਹਿਤ ਰਚਨ ਦੀ ਉਮੀਦ ਕੀਤੀ ਜਾ ਸਕਦੀ ਹੈ।

-ਡੀ.ਆਰ. ਬੰਦਨਾ
ਮੋਬਾਈਲ : 94173-89003.

ਅਰਕ
ਸੰਗ੍ਰਹਿ-ਕਰਤਾ : ਅਜ਼ੀਜ਼ ਸਰੋਏ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 95 ਰੁਪਏ, ਸਫ਼ੇ : 40
ਸੰਪਰਕ : 98154-48958

ਵਿਚਾਰਸ਼ੀਲਤਾ ਮਨੁੱਖੀ ਸੁਭਾਅ ਦਾ ਅਟੁੱਟ ਹਿੱਸਾ ਹੈ। ਕੋਈ ਨਾ ਕੋਈ ਵਿਚਾਰ ਉਸ ਦੇ ਜ਼ਿਹਨ ਵਿਚ ਚਲਦਾ ਹੀ ਰਹਿੰਦਾ ਹੈ। ਜਿਸ ਬੰਦੇ ਦੇ ਜ਼ਿਹਨ 'ਚ ਉਸਾਰੂ ਵਿਚਾਰ ਉਪਜਦੇ ਹਨ, ਵਸਦੇ ਹਨ ਉਹ ਇਕ ਚੰਗੇ ਸਮਾਜ ਦਾ ਉਸਰੱਈਆ ਬਣਨ ਦੇ ਕਾਬਲ ਹੁੰਦਾ ਹੈ। ਸੰਗ੍ਰਹਿ ਕਰਤਾ ਅਜ਼ੀਜ਼ ਸਰੋਏ ਦਾ ਇਹ ਵਿਚਾਰ ਸੰਗ੍ਰਹਿ ਅਜਿਹੇ ਹੀ ਵਿਚਾਰਾਂ ਨੂੰ ਪੇਸ਼ ਕਰਦਾ ਹੈ। ਕਈ ਵਿਚਾਰ ਪਾਠਕ ਦੇ ਦਿਮਾਗ਼ ਨੂੰ ਚਕਾਚੌਂਧ ਕਰਦੇ ਹਨ। ਨਿੱਕੀ ਤੇ ਪਿਆਰੀ ਜਿਹੀ ਇਸ ਪੁਸਤਕ ਵਿਚ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਲੇ ਹਨ। ਪੁਸਤਕ 'ਚ ਦਰਜ ਹਰੇਕ ਵਿਚਾਰ 'ਅਨਮੋਲ ਵਚਨ' ਦਾ ਦਰਜਾ ਰੱਖਦਾ ਹੈ। ਹਰੇਕ ਵਿਚਾਰ ਪਿੱਛੇ ਕੰਮ ਕਰਦੇ ਫਲਸਫੇ ਦਾ ਵਿਸਥਾਰ ਹੀ ਇਸ ਪੁਸਤਕ ਦਾ ਹਾਸਲ ਹੈ। ਸੰਗ੍ਰਹਿ ਕਰਤਾ ਅਜ਼ੀਜ਼ ਸਰੋਏ ਨੇ ਬੇਹੱਦ ਮਿਹਨਤ ਅਤੇ ਲਗਨ ਨਾਲ ਇਹ ਵਿਚਾਰ ਇਕੱਤਰ ਕੀਤੇ ਹਨ। ਜਿਵੇਂ ਤਰੇਲ ਦੀਆਂ ਪਵਿੱਤਰ ਬੂੰਦਾਂ, ਅੰਮ੍ਰਿਤ ਰਸ, ਹਜ਼ਾਰਾਂ ਪੁਸਤਕਾਂ 'ਚੋਂ ਕਸ਼ੀਦਿਆ 'ਅਰਕ' ਹਨ, ਇਸ ਪੁਸਤਕ ਦੇ ਵਿਚਾਰ। ਪੁਸਤਕ ਦੇ ਮੁੱਢ 'ਚ ਲਿਖਿਆ ਇਹ ਵਿਚਾਰ ਕਿ 'ਜੋ ਇਨਸਾਨ ਆਪਣਾ ਸ਼ੌਕ ਨਾ ਮਰਨ ਦੇਵੇ, ਉਹ ਦੁਨੀਆ ਦੀ ਭੀੜ ਵਿਚ ਵੱਖਰਾ ਪਛਾਣਿਆ ਜਾ ਸਕਦਾ ਹੈ, ਇਹ ਵਿਚਾਰ ਕਿਸੇ ਸਫਲ ਇਨਸਾਨ ਦੀ ਘਾੜਤ ਦੀ ਕਹਾਣੀ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਪੁਸਤਕ ਦਾ ਹਰੇਕ ਵਿਚਾਰ ਇਕ ਕਹਾਣੀ ਕਹਿੰਦੇ ਜਾਪਦੇ ਹਨ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444

11-11-2023

 ਸਾਡੇ ਪੋਤੇ ਪੋਤੀਆਂ
ਲੇਖਕ : ਸੁਖਦੇਵ ਸਿੰਘ ਕੁੱਕੂ
ਪ੍ਰਕਾਸ਼ਕ : ਆਈਕੋਨ ਪ੍ਰਿੰਟਰਜ਼, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 44
ਸੰਪਰਕ : 98143-81972

ਸੁਖਦੇਵ ਸਿੰਘ ਕੁੱਕੂ ਦੀ ਕਲਮ ਨੇ ਸੱਭਿਆਚਾਰਕ ਗੀਤਾਂ ਅਤੇ ਮਿੰਨੀ ਕਹਾਣੀ ਦੀ ਸਿਰਜਣਾ ਕਰਨ ਦੇ ਨਾਲ-ਨਾਲ ਹੁਣ ਬਾਲ ਸਾਹਿਤ ਰਚਨਾ ਵੱਲ ਵੀ ਰੁਖ਼ ਕੀਤਾ ਹੈ। 'ਬਾਲ ਗੀਤ' ਉਸ ਦੀ ਨਵੀਂ ਅਤੇ ਪਲੇਠੀ ਪੁਸਤਕ ਹੈ, ਜਿਸ ਵਿਚ ਉਸ ਨੇ ਬੱਚਿਆਂ ਲਈ ਸਮਾਜਿਕ-ਚੇਤਨਾ ਦਾ ਵਿਕਾਸ ਕਰਨ ਵਾਲੇ ਗੀਤਾਂ ਦੀ ਰਚਨਾ ਕੀਤੀ ਹੈ। ਇਨ੍ਹਾਂ ਗੀਤਾਂ ਵਿਚ ਜਿਥੇ 'ਪੋਤੇ ਪੋਤੀਆਂ', 'ਵਿੱਦਿਆ ਦੀ ਪੌੜੀ', 'ਮੈਂ ਰੱਖੜੀ ਬੰਨ੍ਹਣੀ ਵੀਰਾਂ ਦੇ', 'ਮੈਂ ਵੀ ਖੂਨਦਾਨ ਕਰਨਾ ਅੰਮੀਏ', 'ਸਫ਼ਲਤਾ ਦੀ ਕੁੰਜੀ', 'ਆਲ੍ਹਣਾ', 'ਕਰ ਲਓ ਪੜ੍ਹਾਈ ਬੱਚਿਓ', 'ਆਜ਼ਾਦੀ ਦਿਵਸ 'ਤੇ ਵਿਸ਼ੇਸ਼', 'ਰੁੱਖ', 'ਫੌਜੀ' ਅਤੇ 'ਸਵੇਰ ਦੀ ਸਭਾ' ਉਸਾਰੂ ਮਾਹੌਲ ਪੈਦਾ ਕਰਕੇ ਬਾਲ-ਮਨਾਂ ਵਿਚ ਰਚਨਾਤਮਕਤਾ ਅਤੇ ਗਿਆਨ ਦੇ ਬੀਜ ਬੀਜਦਾ ਹੈ। 'ਸਕੂਲ' ਕਵਿਤਾ ਦਾ ਨਿਮਨਲਿਖਿਤ ਬੰਦ ਪਿੰਡ ਦੇ ਸਕੂਲ ਦਾ ਚਿੱਤਰਨ ਪ੍ਰਸਤੁਤ ਕਰ ਦਿੰਦਾ ਹੈ :
ਬਣਦਾ ਜੋ ਖਾਣਾ ਚੈੱਕ ਕਰਨ
ਟੀਮਾਂ ਵੀ ਆਉਂਦੀਆਂ।
ਵੇਖ ਕੇ ਸੈਂਪਲ ਉਹ ਵੀ
ਬੜਾ ਹੀ ਸਲਾਹੁੰਦੀਆਂ।
ਘਰ ਨਾਲੋਂ ਲੱਗਦਾ ਸੁਆਦੀ,
ਬੱਚੇ ਮੰਗਦੇ ਦੁਬਾਰਾ ਦੋਸਤਾ।
ਆ ਜਾ ਮੇਰੇ ਪਿੰਡ ਦਾ ਦਿਖਾਵਾਂ ਤੈਨੂੰ
ਵਿੱਦਿਆ-ਅਦਾਰਾ ਦੋਸਤਾ। (ਪੰਨਾ 36)
ਇਨ੍ਹਾਂ ਗੀਤਾਂ ਨਾਲ ਢੁਕਵੇਂ ਕੰਪਿਊਟਰੀਕ੍ਰਿਤ ਚਿੱਤਰ ਵੀ ਦਿੱਤੇ ਗਏ ਹਨ। ਕੁੱਲ ਮਿਲਾ ਕੇ ਇਹ ਪੁਸਤਕ ਬਾਲ ਮਨਾਂ ਵਿਚ ਜਜ਼ਬਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਮਨੋਰੰਜਨ ਕਰਦੀ ਹੈ। ਇਹ ਪੁਸਤਕ ਪੰਜਾਬੀ ਬਾਲ ਸਾਹਿਤ ਵਿਚ ਚੰਗਾ ਵਾਧਾ ਹੈ। ਮੈਂ ਆਸ ਕਰਦਾ ਹਾਂ ਕਿ ਭਵਿੱਖ ਵਿਚ ਇਹ ਗੀਤਕਾਰ ਇਸੇ ਤਰ੍ਹਾਂ ਬਾਲ ਸਾਹਿਤ ਦੀ ਮਿਆਰੀ ਰਚਨਾ ਕਰਦਾ ਹੋਇਆ ਬਾਲ-ਮਨਾਂ ਦਾ ਹਾਣੀ ਬਣੇਗਾ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਸ਼ਬਦੋ ਵਣਜਾਰਿਓ
ਲੇਖਕ : ਪ੍ਰੋ. (ਡਾ.) ਪਰਮਜੀਤ ਸਿੰਘ ਢੀਂਗਰਾ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 375 ਰੁਪਏ, ਸਫ਼ੇ : 224
ਸੰਪਰਕ : 88476-10125

ਨਿਰੰਤਰ ਭਰ ਵਗਦੇ ਦਰਿਆ ਵਰਗੇ ਲੇਖਕ ਪਰਮਜੀਤ ਸਿੰਘ ਢੀਂਗਰਾ ਦੀ ਰਚਨਾ 'ਸ਼ਬਦੋ ਵਣਜਾਰਿਓ' ਆਪਣੀ ਕਿਸਮ ਦਾ ਇਕ ਨਿਵੇਕਲਾ ਸ਼ਬਦ ਕੋਸ਼ ਹੈ। ਲੇਖਕ ਨੇ ਕੁਝ ਚੁਣਵੇਂ ਸ਼ਬਦ ਲੈ ਕੇ ਉਨ੍ਹਾਂ ਦੇ ਪਿਛੋਕੜ, ਮੌਜੂਦਾ ਅਰਥ, ਉਨ੍ਹਾਂ ਦੀ ਵਰਤੋਂ ਆਦਿ ਬਾਰੇ ਵਿਸਥਾਰ ਵਿਚ ਲਿਖਿਆ ਹੈ। ਲੇਖਕ ਦਾ ਇਹ ਅੰਤਰ ਅਨੁਸ਼ਾਸਨੀ ਪਹੁੰਚ ਵਾਲਾ ਕਾਰਜ ਹੈ। ਉਸ ਨੇ ਇਸ ਤੱਥ ਨੂੰ ਉਜਾਗਰ ਕੀਤਾ ਹੈ ਕਿ ਅੱਜ ਭਾਸ਼ਾਵਾਂ ਵਿਚ ਅਨੇਕਾਂ ਵਿਰੋਧ, ਪੁਆੜੇ ਤੇ ਰੰਜਿਸ਼ਾਂ ਨਜ਼ਰ ਆਉਂਦੀਆਂ ਹਨ। ਪਰ ਬੀਤੇ ਯੁੱਗਾਂ ਵਿਚ ਭਾਸ਼ਾਵਾਂ ਦੇ ਆਪਸੀ ਰਿਸ਼ਤੇ ਬੜੇ ਗੂੜ੍ਹੇ ਤੇ ਅਦਾਨ-ਪ੍ਰਦਾਨ ਕਰਨ ਵਿਚ ਖੁੱਲ੍ਹਦਿਲੇ ਸਨ। ਲੇਖਕ ਜਿਥੇ ਇਕ ਵਧੀਆ ਖੋਜ ਕਰਤਾ ਹੈ ਉਥੇ ਆਲੋਚਕ, ਇਤਿਹਾਸਕਾਰ, ਵਾਰਤਾਕਾਰ, ਭਾਸ਼ਾ ਵਿਗਿਆਨੀ ਅਤੇ ਅਨੁਵਾਦਨ ਵੀ ਹੈ। ਆਪਣੇ ਵਿਸ਼ਾਲ ਗਿਆਨ ਦੇ ਆਧਾਰ ਉਤੇ ਉਸ ਨੇ ਇਹ ਸ਼ਬਦ ਕੋਸ਼ ਤਿਆਰ ਕੀਤਾ ਹੈ। ਪੰਜਾਬੀ ਵਿਚ ਸ਼ਬਦਾਂ ਦੀ ਪੈੜ ਨੱਪਣ ਦਾ ਇਹ ਇਕ ਸਫਲ ਯਤਨ ਹੈ। ਲੇਖਕ ਦਾ ਮੰਨਣਾ ਹੈ ਕਿ ਵਿਸ਼ਵੀਕਰਨ ਨੇ ਭਾਸ਼ਾਵਾਂ ਵਿਚ ਨੇੜਤਾ ਪੈਦਾ ਕਰ ਦਿੱਤੀ ਹੈ। ਮੁਕਤ ਵਸਤੂ ਬਾਜ਼ਾਰ ਨੇ ਵਸਤਾਂ ਦੇ ਨਾਲ-ਨਾਲ ਨਵੇਂ ਸ਼ਬਦਾਂ ਲਈ ਵੀ ਸਾਡੀਆਂ ਭਾਸ਼ਾਵਾਂ ਦੇ ਦਰ ਖੋਲ੍ਹ ਦਿੱਤੇ ਹਨ। ਨਵੇਂ-ਨਵੇਂ ਸ਼ਬਦ ਲੈਣ ਲਈ ਸਾਨੂੰ ਝਿਜਕ ਨਹੀਂ ਵਿਖਾਉਣੀ ਚਾਹੀਦੀ ਕਿਉਂਕਿ ਸ਼ਬਦ ਆਪਣੇ ਸੱਭਿਆਚਾਰ ਦੇ ਦੂਤ ਹੁੰਦੇ ਹਨ। ਉਹ ਆਪਣੇ ਨਾਲ ਨਵੀਂ ਜਾਣਕਾਰੀ, ਅਰਥ ਤੇ ਕਈ ਵਾਰ ਸੂਖਮ ਪ੍ਰਗਟਾਵੇ ਵੀ ਲੈ ਕੇ ਆਉਂਦੇ ਹਨ। ਉਸ ਦਾ ਮੰਨਣਾ ਹੈ ਕਿ ਅਜਿਹੇ ਖੋਜ ਕਾਰਜ ਲਈ ਰਾਤ ਦਾ ਸ਼ਾਂਤ ਸਮਾਂ ਸੋਨੇ 'ਤੇ ਸੁਹਾਗੇ ਦਾ ਕੰਮ ਕਰਦਾ ਹੈ। ਚੁਣੇ ਸ਼ਬਦਾਂ ਦੀ ਪੈੜ ਨੱਪਣ ਲਈ ਉਸ ਨੇ ਕਈ-ਕਈ ਰਾਤਾਂ ਦੇ ਜਗਰਾਤੇ ਕੱਟੇ ਹਨ। ਉਹ ਆਪਣੇ ਯਤਨ ਵਿਚ ਸਫਲ ਹੋਇਆ ਹੈ ਅਤੇ ਸ਼ਬਦਾਂ ਦਾ ਇਤਿਹਾਸ ਲਿਖਣ ਦੀ ਨਿਵੇਕਲੀ ਪਿਰਤ ਪਾਈ ਹੈ। ਇਸ ਤੋਂ ਪਹਿਲਾਂ ਵੀ ਉਹ ਕੋਈ 19 ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕਿਆ ਹੈ। ਪੰਜਾਬੀ ਦੀ ਵਰਣਮਾਲਾ ਅਨੁਸਾਰ ਉਸ ਨੇ ਸ਼ਬਦਾਂ ਦੀ ਤਰਤੀਬ ਦਿੱਤੀ ਹੈ। 'ੳ' ਅੱਖਰ ਦੇ ਦੋ ਸ਼ਬਦ ਉਧਾਰ ਅਤੇ ਉੱਲੂ ਚੁਣੇ ਗਏ ਹਨ। ਉਧਾਰ ਦੇ ਕਈ ਅਰਥ ਦੱਸੇ ਗਏ ਹਨ ਜਿਵੇਂ ਕਿ ਉਠਾਣਾ, ਉੱਪਰ ਚੁੱਕਣਾ, ਮੁਕਤੀ, ਬਚਾਓ, ਛੁਟਕਾਰਾ। ਮੂਲ ਰੂਪ ਵਿਚ ਸੰਸਕ੍ਰਿਤ ਦਾ ਸ਼ਬਦ ਹੈ-ਮੰਗ ਕੇ ਲਿਆਂਦੀ ਵਸਤੂ ਜਾਂ ਪੈਸਾ। ਅਖੀਰ ਵਿਚ 'ਵ' ਅੱਖਰ ਹੇਠ ਵਲੀ/ਵਿਲਾਇਤ ਅਤੇ ਵੋਟ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਵੋਟ ਅੰਗਰੇਜ਼ੀ ਭਾਸ਼ਾ ਤੋਂ ਆਇਆ ਸ਼ਬਦ ਹੈ ਜਿਸ ਦੀਆਂ ਜੜ੍ਹਾਂ ਲਾਤੀਨੀ ਭਾਸ਼ਾ ਦੇ ਵੋਟਿਮ ਨਾਲ ਜੁੜੀਆਂ ਹਨ। ਜਿਥੇ ਵੋਟ ਪ੍ਰਣਾਲੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉਥੇ ਵੋਟਾਂ ਸੰਬੰਧੀ ਭਾਰਤੀ ਸਥਿਤੀ ਦਾ ਬਿਆਨ ਕਰਦੇ ਹੋਏ ਲਿਖਿਆ ਗਿਆ ਹੈ, 'ਅੱਜ ਭਾਵੇਂ ਵੋਟ ਤੰਤਰ ਜਿਸ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਗਿਆ ਹੈ, ਉਸ ਨਾਲ ਵੋਟ ਜਾਂ ਮਤ ਦੇ ਅਰਥ ਧੁੰਦਲੇ ਹੋ ਗਏ ਹਨ, ਜਦਕਿ ਉਨ੍ਹਾਂ ਪਿਛੇ ਲੁਕੇ ਅਰਥਾਂ ਦੀ ਭਾਵਨਾ ਦ੍ਰਿੜ੍ਹ ਲੋਕਤੰਤਰੀ ਕੀਮਤਾਂ ਦੀ ਸਥਾਪਨਾ ਨਾਲ ਜੁੜੀ ਹੋਈ ਹੈ। ਸਭ ਤੋਂ ਵੱਧ 13 ਸ਼ਬਦ 'ਕ' ਅਤੇ 'ਮ' ਅੱਖਰ ਨਾਲ ਸ਼ੁਰੂ ਹੋਣ ਵਾਲੇ ਹਨ। ਸ਼ਬਦਾਂ ਦਾ ਇਤਿਹਾਸ ਪੜ੍ਹਨ ਰੌਚਿਕ ਅਤੇ ਜਾਣਕਾਰੀ ਭਰਪੂਰ ਹੈ।

-ਡਾ. ਰਣਜੀਤ ਸਿੰਘ
ਮੋਬਾਈਲ : 94170-87328

ਵੀਹਵੀਂ ਸਦੀ ਦੀਆਂ ਕੁਝ ਸਾਹਿਤਕ ਵੰਨਗੀਆਂ
ਮੂਲ ਲੇਖਕ : ਰਣਜੀਤ ਸਿੰਘ ਖੜਗ
ਸੰਪਾਦਕ : ਕੁਲਦੀਪ ਸਿੰਘ ਬੇਦੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 242
ਸੰਪਰਕ : 77174-65715

ਸ. ਰਣਜੀਤ ਸਿੰਘ ਖੜਗ (1915-1971) ਇਕ ਬਹੁਪੱਖੀ ਲੇਖਕ, ਚਿੰਤਕ, ਇਤਿਹਾਸਕਾਰ ਅਤੇ ਆਲੋਚਕ ਸਨ। ਰਚਨਾ ਕਰਨ ਸਮੇਂ ਆਪ ਵਿਵੇਕ-ਬੁੱਧ ਅਤੇ ਸੰਵੇਦਨਸ਼ੀਲਤਾ ਤੋਂ ਕੰਮ ਲੈਂਦੇ ਸਨ। ਆਪਣੇ ਜੀਵਨ ਦਾ ਬਹੁਤਾ ਸਮਾਂ ਆਪ ਨੇ ਲਾਹੌਰ, ਦਿੱਲੀ, ਨਾਗਪੁਰ ਅਤੇ ਸ਼ਿਮਲਾ ਵਿਖੇ ਗੁਜ਼ਾਰਿਆ। ਸ਼ਿਮਲਾ ਕਈ ਵਰ੍ਹੇ ਪੰਜਾਬੀ ਅਤੇ ਉੱਤਰ-ਭਾਰਤੀ ਸਾਹਿਤ ਦੀਆਂ ਸਰਗਰਮੀਆਂ ਦਾ ਕੇਂਦਰ ਰਿਹਾ ਸੀ। ਇਥੇ ਹੋਣ ਵਾਲੇ ਕਵੀ ਦਰਬਾਰਾਂ ਵਿਚ ਹੀ ਪ੍ਰੋ. ਮੋਹਨ ਸਿੰਘ ਨੂੰ ਖਿਆਤੀ ਹਾਸਿਲ ਹੋਈ ਸੀ। ਇਨ੍ਹਾਂ ਕਵੀ ਦਰਬਾਰਾਂ ਨੂੰ ਸ. ਖੜਗ ਅਤੇ ਈਸ਼ਰ ਸਿੰਘ ਭਾਈਆ ਵਲੋਂ ਕਰਵਾਇਆ ਜਾਂਦਾ ਸੀ। ਹਥਲੀ ਪੁਸਤਕ ਵਿਚ ਉਨ੍ਹਾਂ ਦੇ 13 ਰੇਖਾ-ਚਿੱਤਰ (ਚਾਤ੍ਰਿਕ, ਟੈਗੋਰ, ਨਾਨਕ ਸਿੰਘ, ਮਿਸਟਰ ਬੁੱਕ, ਫ਼ਜ਼ਲ ਸ਼ਾਹ ਅਤੇ ਕਨਿੰਘਮ ਸਾਹਿਬ ਆਦਿ), 15 ਲੇਖ (ਨੋਟ ਵਟਾਉਣਾ, ਨਿਕਸੁੱਕ, ਬਾਜ਼ਾਰ ਤੇ ਘਰ, ਮਾਈ! ਇਹ ਸ਼ਿਮਲਾ ਏ...), 7 ਕਹਾਣੀਆਂ (ਅਭਾਗੀ ਮਾਂ, ਪੱਤੇਬਾਜ਼, ਸ਼ਹਿਦ ਵਾਲੀ...), 6 ਵਿਅੰਗ (ਚਾਚੇ ਦੀ ਨਵੀਂ ਆਰਤੀ, ਚਾਚੇ ਨੇ ਨਕਲ ਮਾਰੀ, ਚਾਚਾ ਅਤੇ ਚਾਚੀ ਨਾਗਪੁਰ ਵਿਚ...) ਅਤੇ ਇਕ ਯਾਤਰਾ ਸੰਸਮਰਣ 'ਹਜ਼ੂਰ ਸਾਹਿਬ ਦੀ ਯਾਤਰਾ' ਸੰਕਲਿਤ ਹੈ। ਖੜਕ ਸਾਹਿਬ ਦੀ ਸਿਰਜਣਾਤਮਿਕ ਪ੍ਰਤਿਭਾ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨ ਲਈ ਸਾਨੂੰ ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਜਾਣਾ-ਖਲੋਣਾ ਪਵੇਗਾ, ਜਦੋਂ ਆਧੁਨਿਕ ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਕਾਰਾਂ ਦਾ ਮੂੰਹ-ਮੱਥਾ ਘੜਿਆ-ਸੰਵਾਰਿਆ ਜਾ ਰਿਹਾ ਸੀ। ਖੋਜ ਅਤੇ ਆਲੋਚਨਾ ਦੇ ਖੇਤਰ ਵਿਚ ਖੜਗ ਸਾਹਿਬ ਦਾ ਵਿਸ਼ੇਸ਼ ਸਥਾਨ ਬਣਦਾ ਹੈ। ਆਪ ਨੇ ਨਿਰਪੱਖ, ਡੂੰਘੀ, ਵਿਵੇਕਪੂਰਨ ਅਤੇ ਮੁਲਾਂਕਣਵਾਦੀ ਆਲੋਚਨਾ ਪੱਧਤੀ ਨੂੰ ਪ੍ਰੋਤਸਾਹਿਤ ਕੀਤਾ, ਜੋ ਸਾਡੇ ਖਿੱਤੇ ਵਿਚ ਅਜੇ ਤੱਕ ਵੀ ਪੂਰਨ ਭਾਂਤ ਪੈਦਾ ਨਹੀਂ ਹੋ ਸਕੀ। ਸ. ਕੁਲਦੀਪ ਸਿੰਘ ਬੇਦੀ ਨੇ ਸੰਪਾਦਕੀ-ਕਾਰਜ ਨੂੰ ਬੜੀ ਸਫ਼ਲਤਾ ਨਾਲ ਸਰੰਜਾਮ ਦਿੱਤਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਦੋਹਰੇ ਕਿਰਦਾਰ
ਲੇਖਕ : ਜਸਪਾਲ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 180 ਰੁਪਏ, ਸਫ਼ੇ : 80
ਸੰਪਰਕ : 98147-85701

65 ਕਵਿਤਾਵਾਂ 'ਤੇ ਆਧਾਰਿਤ ਕਾਵਿ-ਸੰਗ੍ਰਹਿ 'ਦੋਹਰੇ ਕਿਰਦਾਰ' ਕਵੀ ਜਸਪਾਲ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਸ ਨੇ ਇਨ੍ਹਾਂ ਕਵਿਤਾਵਾਂ ਵਿਚ ਮਨ ਦੇ ਫੁਰਨਿਆਂ ਨੂੰ ਜੀਵਨ ਦੇ ਯਥਾਰਥ ਵਿਚ ਪਰੋ ਕੇ ਪੇਸ਼ ਕੀਤਾ ਹੈ। ਪੰਜਾਬੀ ਸਮਾਜ ਦੇ ਮਸਲੇ ਅਤੇ ਆਮ ਲੋਕਾਂ ਦੇ ਦਰਦਾਂ ਨੂੰ ਬਿਆਨ ਕਰਦੀਆਂ ਇਹ ਕਵਿਤਾਵਾਂ ਅਸਲ ਵਿਚ ਵਿਵਸਥਾ ਵਿਚ ਲੁਕੀ ਹੋਈ ਰਾਜਨੀਤੀ ਅਤੇ ਦੋਹਰੇ ਕਿਰਦਾਰ ਦੀ ਗੱਲ ਕਰਦੀਆਂ ਹਨ। ਕਵੀ ਪ੍ਰਤੀਕਾਤਮਕ ਸ਼ਬਦਾਂ ਨੂੰ ਵਿਸ਼ੇਸ਼ ਅਰਥਾਂ ਵਿਚ ਵਰਤ ਕੇ ਅਜਿਹੇ ਮਸਲੇ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ ਕਿ ਪੜ੍ਹਨ ਵਾਲੇ ਦੇ ਦਿਮਾਗ਼ ਵਿਚ ਉਹ ਮਸਲੇ ਸਫੈਦਪੋਸ਼ਾਂ ਦੇ ਦੋਹਰੇ ਕਿਰਦਾਰ ਸਮਝਣ ਵਿਚ ਜ਼ਰੀਆ ਬਣ ਜਾਂਦੇ ਹਨ।
ਮੇਰੀਆਂ ਫ਼ਸਲਾਂ ਮੇਰੇ ਬੂਟੇ,
ਜਿਸਮ ਮੇਰੇ ਦੀਆਂ ਲੜੀਆਂ।
ਜੇ ਕੋਈ ਮੇਰੇ ਜਿਸਮ ਨੂੰ ਵੱਢੇ,
ਦੱਸ ਕਦ ਮੈਂ ਪੀੜਾਂ ਜਰੀਆਂ?
ਬਸ ਹੁਣ ਬੰਨ੍ਹ ਸਬਰ ਦਾ ਟੁੱਟਾ,
ਹੋਰ ਨਾ ਜਾਵੇ ਜਰਿਆ
ਨੀ ਮਾਂ! ਮੈਨੂੰ ਰੰਗ ਖੇਤਾਂ ਦਾ ਚੜ੍ਹਿਆ।
ਰੋਕ ਨਾ ਮੈਨੂੰ ਝਿੜਕ ਨਾ ਮੈਨੂੰ,
ਨੀ ਮੈਂ ਸੂਟ ਸਵਾਉਣਾ ਹਰਿਆ।
ਕਿਸਾਨੀ ਸੰਘਰਸ਼ ਅਤੇ ਹੋਰ ਸਮਾਜਿਕ ਅਤੇ ਰਾਜਨੀਤਕ ਅੰਦੋਲਨਾਂ ਵਿਚ ਸਾਹਿਤ ਸਿਰਜਣਾ ਦੇ ਪੱਧਰ 'ਤੇ ਸੰਘਰਸ਼ੀ ਮੁਹਿੰਮ ਵਿਚ ਕਵੀ ਆਪਣਾ ਯੋਗਦਾਨ ਦਿੰਦਾ ਹੈ ਅਤੇ ਭੂਮਿਕਾ ਵਿਚ ਆਪਣੀ ਕਵਿਤਾ ਬਾਰੇ ਆਪ ਇਹ ਗੱਲ ਮੰਨਦਾ ਹੈ ਕਿ ਇਹ ਕਵਿਤਾਵਾਂ ਉਸ ਦੇ ਪਿਛਲੇ ਜੀਵਨ ਅਤੇ ਵਰਤਮਾਨ ਸਮੇਂ ਦੇ ਜੀਵਨ ਦੇ ਤਜਰਬਿਆਂ 'ਤੇ ਆਧਾਰਿਤ ਹਨ ਅਤੇ ਭਵਿੱਖ ਦੇ ਭਾਵਾਂ ਦੀ ਪੇਸ਼ੀਨਗੋਈ ਹਨ। ਨਾਲ ਹੀ ਕਵੀ ਨੇ ਇਨ੍ਹਾਂ ਕਵਿਤਾਵਾਂ ਵਿਚ ਮਨੋਵਿਸ਼ਲੇਸ਼ਣੀ ਸ਼ੈਲੀ ਵਰਤ ਕੇ ਪਾਠਕ ਦੇ ਦਿਮਾਗ਼ ਵਿਚ ਇਨ੍ਹਾਂ ਮਸਲਿਆਂ ਨੂੰ ਬਿਠਾਉਣ ਦੀ ਗੱਲ ਵੀ ਕੀਤੀ ਹੈ। ਜੀਵਨ ਵਿਚਲੇ ਹਰ ਤਰ੍ਹਾਂ ਦੇ ਵਿਸ਼ੇ ਕਵਿਤਾ ਰੂਪ ਵਿਚ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ। 'ਆਡੰਬਰ', 'ਮਾਂ ਬੋਲੀ', 'ਖੇਤਾਂ ਦੇ ਪੁੱਤ', 'ਕਿਸਾਨੀ', 'ਫ਼ਸਲ', 'ਰਾਵਣ', 'ਹੱਕ', 'ਤਾਕੀਦ', 'ਆਸ ਦੀ ਮੌਤ', 'ਦੋਹਰੇ ਕਿਰਦਾਰ' ਅਤੇ 'ਮੁਕਤੀ ਮਾਰਗ' ਇਸ ਕਾਵਿ-ਸੰਗ੍ਰਹਿ ਦੀਆਂ ਜ਼ਿਕਰਯੋਗ ਕਵਿਤਾਵਾਂ ਹਨ। ਕਵੀ ਨੇ ਪ੍ਰਤੀਕਾਤਮਕ ਸ਼ਬਦਾਂ ਦੀ ਵਰਤੋਂ ਤਾਂ ਕੀਤੀ ਹੈ ਪਰ ਭਾਸ਼ਾ ਸਰਲ ਵਰਤੀ ਗਈ ਹੈ। ਇਸੇ ਤਰਜ਼ 'ਤੇ ਭਵਿੱਖ ਵਿਚ ਇਸ ਕਲਮ ਤੋਂ ਹੋਰ ਪਕੇਰੀਆਂ ਕਵਿਤਾਵਾਂ ਦੀ ਆਸ ਕੀਤੀ ਜਾ ਸਕਦੀ ਹੈ।

-ਡਾ. ਸੰਦੀਪ ਰਾਣਾ
ਮੋਬਾਈਲ : 98728-85551

ਅਰਮਾਨ
ਲੇਖਕ : ਅਤੁਲ ਕੰਬੋਜ਼ 'ਚੰਨ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 91
ਸੰਪਰਕ : 75081-84828

ਹਥਲਾ ਕਾਵਿ-ਸੰਗ੍ਰਿਹ 'ਅਰਮਾਨ' ਅਤੁਲ ਕੰਬੋਜ (ਚੰਨ) ਦੀ ਛੇਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਲੇਖਕ ਨੇ 'ਹਮਸ਼ਾਇਰ' ਕਾਵਿ ਸੰਗ੍ਰਹਿ, 'ਆਵਾਜ਼ ਦਿਲ ਦੀ' ਸੰਪਾਦਿਤ, 'ਤਰਾਟਾਂ' ਕਾਵਿ-ਸੰਗ੍ਰਹਿ, 'ਮਿਸ਼ਰੀ' ਕਾਵਿ ਸੰਗ੍ਰਹਿ , 'ਉਡੀਕਾਂ ਤੇਰੀਆਂ' ਕਾਵਿ-ਸੰਗ੍ਰਹਿ ਪੁਸਤਕਾਂ ਪੰਜਾਬੀ ਸਹਿਤ ਦੀ ਝੋਲੀ ਪਾਈਆਂ ਹਨ। ਇਸ ਸੰਗ੍ਰਹਿ 'ਚ ਉਸ ਦੀਆਂ 64 ਕਾਵਿ-ਰਚਨਾਵਾਂ ਸ਼ਾਮਿਲ ਹਨ। ਲੇਖਕ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜੀਣ ਲਈ ਪ੍ਰੇਰਿਤ ਕਰਦੀ ਹੈ। ਇਸ ਸੰਗ੍ਰਹਿ ਦੀਆਂ ਜ਼ਿਆਦਾਤਰ ਕਾਵਿ ਰਚਨਾਵਾਂ 'ਚ ਪਿਆਰ-ਮੁਹੱਬਤ ਦੇ ਤਰਾਨੇ ਵੀ ਨੇ ਅਤੇ ਵਿਛੋੜਿਆਂ ਦਾ ਸੱਲ੍ਹ ਵੀ ਹੈ। ਕਵੀ ਮੰਦਰਾਂ-ਮਸਜਿਦਾਂ ਦੇ ਝੇੜਿਆਂ ਨੂੰ ਛੱਡਣ ਦਾ ਸੰਕਲਪ ਦੁਹਰਾਉਂਦਾ ਨਿਰੋਲ ਮਾਨਵਤਾ ਦਾ ਮੁਦੱਈ ਹੈ :
ਝਗੜਾ ਨਾ ਹੈ ਮਸਜਿਦ ਤੇ ਮੰਦਰ ਦਾ,
ਸਾਰਾ ਸਿਆਪਾ ਹੈ ਬੰਦੇ ਦੇ ਅੰਦਰ ਦਾ।
ਹਰ ਕਣ ਵਸੇ ਜਦ ਬੰਦੇ ਨੂੰ ਸਮਝ ਆਊ,
ਭੇਦ ਮੁੱਕ ਜਾਣਾ ਰਾਜੇ ਅਤੇ ਕਲੰਦਰ ਦਾ।
ਪੰਨਾ : 31
'ਯਾਦਾਂ' ਕਵਿਤਾ 'ਚ ਲੇਖਕ ਆਪਣੇ ਪਿੰਡ 'ਚ ਬਿਤਾਏ ਬਚਪਨ ਦੇ ਸੁਹਾਣੇ ਦਿਨਾਂ ਨੂੰ ਚੇਤੇ ਕਰਦਿਆਂ ਹੱਟੀਆਂ, ਭੱਠੀਆਂ, ਛੱਪੜਾਂ-ਟੋਭਿਆਂ, ਸੱਥਾਂ, ਗਲੀਆਂ, ਖੇਤਾਂ 'ਚ ਝੂਮਦੇ ਕਮਾਦਾਂ, ਜਵਾਰਾਂ, ਮੱਕੀਆਂ ਦੀਆਂ ਫ਼ਸਲਾਂ ਨੂੰ ਦਿਲੋਂ ਯਾਦ ਕਰਦਾ ਉਨ੍ਹਾਂ ਖ਼ੂਬਸੂਰਤ ਦਿਨਾਂ ਨੂੰ ਵਾਪਿਸ ਵੇਖਣਾ ਲੋਚਦਾ ਹੈ :
ਉਹ ਬਲਦਾਂ ਦੇ ਗਲ
ਅਸੀਂ ਬੰਨ੍ਹਦੇ ਸਾਂ ਟੱਲੀਆਂ।
ਉਹ ਨਰਮੇ ਦੀਆਂ ਘਾੜਾਂ,
ਕਣਕ ਦੀਆਂ ਬੱਲੀਆਂ।
ਉਹ ਜਵਾਰ ਦੇ ਸਿੱਟੇ ਤੇ
ਮੱਕੀ ਦੀਆਂ ਛੱਲੀਆਂ।
ਉਹ ਖੇਡਦੇ ਕਬੱਡੀ
ਜੋ ਪਈਆਂ ਸੀ ਖੱਲੀਆਂ।
(ਪੰਨਾ : 49)
ਲੇਖਕ ਮਨੁੱਖਤਾ ਨੂੰ ਨਫ਼ਰਤਾਂ ਦੇ ਚੁੱਲ੍ਹੇ ਨਾ ਬਲਣ ਦੀ ਅਰਜੋਈ ਕਰਦਾ ਹੈ। ਕਵੀ ਜ਼ਿੰਦਗੀ ਦੇ ਦੁੱਖਾਂ-ਦਰਦਾਂ ਨੂੰ ਪਰਤ ਦਰ ਪਰਤ ਫਰੋਲਦਾ ਹੈ। ਮਾਨਵੀ ਰਿਸ਼ਤਿਆਂ 'ਚ ਪੈ ਰਹੀਆਂ ਤ੍ਰੇੜਾ, ਅਮੀਰ-ਗ਼ਰੀਬ ਦਾ ਵਧ ਰਿਹਾ ਆਰਥਿਕ ਪਾੜਾਂ ਉਸ ਨੂੰ ਬੇਚੈਨ ਕਰਦਾ ਹੈ। ਦੌਲਤ ਦੀ ਅੰਨ੍ਹੀ ਦੌੜ 'ਚ ਮਨੁੱਖੀ ਰਿਸ਼ਤਿਆਂ 'ਤੇ ਜੰਮ ਰਹੀ ਗਰਦਿਸ਼ ਉਸ ਨੂੰ ਧੁਰ ਅੰਦਰੋਂ ਝੰਜੋੜਦੀ ਹੈ। ਕਵੀ ਜ਼ਿੰਦਗੀ ਨੂੰ ਇਕ ਖੇਡ ਤਮਾਸ਼ੇ ਦੀ ਤਰ੍ਹਾਂ ਜ਼ਿੰਦਾਦਿਲੀ ਨਾਲ ਜਿਊਣ ਦਾ ਖਾਹਿਸ਼ਮੰਦ ਹੈ। ਉਸ ਦੀ ਕਵਿਤਾ 'ਚ ਹੰਝੂ-ਹਾਵੇ, ਦਰਦ ਤੇ ਸ਼ਿਕਵੇ ਵੀ ਨੇ ਅਤੇ ਸੱਜਣਾਂ ਦੇ ਦੀਦ ਦੀ ਇਬਾਦਤ ਵੀ ਹੈ। ਇਨ੍ਹਾਂ ਕਾਵਿ ਰਚਨਾਵਾਂ ਦੀ ਭਾਸ਼ਾ ਸਰਲ ਹੈ ਅਤੇ ਕਾਵਿਕ ਰਵਾਨਗੀ ਉਸ ਦੀ ਕਵਿਤਾ ਨੂੰ ਹੋਰ ਸੁਹੱਪਣ ਬਖ਼ਸ਼ਦੀ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਦੀਵੇ ਸੁੱਚੀ ਸੋਚ ਦੇ
ਕਵੀ : ਸਤਿੰਦਰ ਸਿੰਘ ਓਠੀ
ਪ੍ਰਕਾਸ਼ਕ : ਸੁਹਾਵੀ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 99882-21227

ਹਥਲੀ ਪੁਸਤਕ ਵਿਚ 405 ਦੋਹੇ ਹਨ। ਦੋਹੇ ਅਜੋਕੀ ਅਵਸਥਾ ਵਿਚ ਹਰਮਨ ਪਿਆਰਾ ਕਾਵਿ ਰੂਪ ਵੀ ਹੈ ਅਤੇ ਛੰਦ ਵੀ ਹੈ। ਬਾਬਾ ਫ਼ਰੀਦ ਜੀ ਨੇ ਦੋਹੇ ਨੂੰ ਧਾਰਮਿਕ ਅਕੀਦਤ ਦਿੱਤੀ। ਹਰ ਨਗਰ ਵਿਚ ਦੋਹੇ ਸੁਣਦੇ ਹਨ। ਜਦ ਵੀ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਹੈ ਤਾਂ ਕਬੀਰ ਜੀ ਦੇ ਅਤੇ ਫ਼ਰੀਦ ਜੀ ਦੋਹਿਆਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰਥਿਕ ਦੋਹੇ ਵਾਤਾਵਰਨ ਨੂੰ ਸੰਵੇਦਨਤਾ ਬਖ਼ਸ਼ਦੇ ਹਨ। ਬਕੌਲ ਕਵੀ ਅਮਰ ਸੂਫ਼ੀ, ਡਾ. ਸ਼ਹਰਯਾਰ ਅਤੇ ਸੁਲੱਖਣ ਸਰਹੱਦੀ ਦੁਆਰਾ ਰਚਿਤ ਦੋਹੇ ਕਵੀ ਨੂੰ ਦੋਹੇ ਲਿਖਣ ਲਈ ਪ੍ਰੇਰਣਾ ਦਿੰਦੇ ਰਹੇ।
ਕਵੀ ਸਤਿੰਦਰ ਸਿੰਘ ਓਠੀ ਨੇ ਆਪਣੇ ਦੋਹਿਆਂ ਵਿਚ ਹਰ ਵਿਸ਼ੇ ਦੇ ਦੋਹੇ ਸਿਰਜੇ ਹਨ। ਨੈਤਿਕਤਾ, ਵਾਘੇ ਦਾ ਦਰਦ, ਨਸ਼ਿਆਂ ਦਾ ਕਹਿਰ, ਸਿੱਖੀ ਦਾ ਜਲੌਅ, ਧਾਰਮਿਕ ਅਡੰਬਰ, ਆਦਮੀ ਦਾ ਦੋਹਰਾ ਕਿਰਦਾਰ, ਬ੍ਰਿਹਣ ਦਾ ਦਰਦ, ਪਰਵਾਸ ਅਤੇ ਪੰਜਾਬ, ਨਫ਼ਰਤਾਂ ਪ੍ਰਤੀ ਨਫ਼ਰਤ, ਕਿਰਤੀ ਦੀ ਲੁੱਟ ਅਤੇ ਮਾਵਾਂ ਦਾ ਸਤਿਕਾਰ ਵਰਗੇ ਇਨ੍ਹਾਂ ਦੋਹਿਆਂ ਦੇ ਵਿਸ਼ੇ ਹਨ।
ਦੇਸ਼ ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਅੱਜਕਲ੍ਹ ਵਿਦੇਸ਼ਾਂ ਵੱਲ ਨੂੰ ਬੜੇ ਤਿੱਖੇ ਵੇਗ ਵਿਚ ਜਾ ਰਹੇ ਹਨ। ਕਵੀ ਕਹਿੰਦਾ ਹੈ :
ਗੱਭਰੂ ਦੇਸ਼ ਪੰਜਾਬ ਦੇ ਤੁਰੇ ਵਿਦੇਸ਼ਾਂ ਵੱਲ
ਪਿੱਛੇ ਧਰਤੀ ਮਾਂ ਦੇ ਸੀਨੇ ਪੈਂਦੇ ਸੱਲ੍ਹ
ਨਸ਼ਿਆਂ ਬਾਰੇ :
ਨਸ਼ਿਆਂ ਦੇ ਕੁਝ ਤਾਜਰਾਂ ਲੁੱਟਿਆਂ ਮੇਰਾ ਦੇਸ
ਜੋ ਰਹਿੰਦਾ ਹੈ ਠੱਗਿਆ ਧਾਰ ਸਾਧ ਦਾ ਭੇਸ
ਘਰਾਂ ਦੀ ਆਤਮਾ ਬਾਰੇ :
-ਘਰ ਸੰਪੂਰਨ ਹੋਣ ਨਾ ਸੀਮਿੰਟ ਇੱਟਾਂ ਨਾਲ
ਜੀਆਂ ਦੇ ਇਤਫ਼ਾਕ ਨੂੰ ਸਾਹਾਂ ਵਾਂਗ ਸੰਭਾਲ
-ਜੀਆਂ ਬਾਝੋਂ ਮਹਿਲ ਵੀ ਖੰਡਰ ਅਤੇ ਉਜਾੜ
ਵਸਣ ਘੁੱਗ ਇਹ ਝੁੱਗੀਆਂ ਭਾਵੇਂ ਦੁੱਖ ਪਹਾੜ
ਰਾਜਨੀਤੀ ਬਾਰੇ ਦੋਹੇ :
-ਗੰਜਾ ਵੇਚੇ ਕੰਘੀਆਂ ਅੰਨ੍ਹੇ ਹਥ ਮਸ਼ਾਲ
ਗੁੰਡਾ ਮਾਲਕ ਤਖ਼ਤ ਦਾ, ਦੇਸ ਦਾ ਮੰਦਾ ਹਾਲ
-ਸਾਨੂੰ ਕਿਧਰੇ ਨਾ ਦਿਸੇ ਕਹਿੰਦੇ ਬਹੁਤ ਵਿਕਾਸ
ਕਿੰਨੇ ਚਿਰ ਤੋਂ ਸੁਣ ਰਹੇ ਨੇਤਾ ਦੀ ਬਕਵਾਸ
ਓਠੀ ਨੇ ਇਹ ਗੱਲਾਂ ਵੀ ਨੋਟ ਕੀਤੀਆਂ ਹਨ ਕਿ ਅਸੀਂ ਬਾਬੇ ਨਾਨਕ ਦੇ ਸਹਿਜ ਧਰਮ ਨੂੰ ਭੀੜਾਂ ਅਤੇ ਰੌਲੇ ਰੱਪੇ ਵਿਚ ਪ੍ਰਵਰਤਿਤ ਕਰ ਰਹੇ ਹਾਂ ਜੇ ਅਸੀਂ ਸੜਕਾਂ 'ਤੇ ਲੰਗਰ ਲਗਾਉਂਦੇ ਹਾਂ ਤਾਂ ਜੂਠੇ ਡੂੰਨਿਆਂ ਤੇ ਥਾਲੀਆਂ ਦਾ ਗੰਦ ਸਾਫ਼ ਨਹੀਂ ਕਰਦੇ... ਕੁੱਲ ਮਿਲਾ ਕੇ ਇਹ ਪੁਸਤਕ ਚਿੰਤਨ ਅਤੇ ਚੇਤਨਾ ਦੀ ਵਾਹਕ ਹੈ। ਦੋਹੇ ਆਪਣੇ ਰੂਪ ਵਿਚ ਸੰਪੂਰਨ ਹਨ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

05-11-2023

ਰੱਬ ਕਿੱਥੇ ਹੈ!
ਲੇਖਕ : ਨੂਰਦੀਪ ਕੋਮਲ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫੇ : 80
ਸੰਪਰਕ : 83608-51115


ਨੂਰਦੀਪ ਕੋਮਲ ਦੀ ਪੁਸਤਕ 'ਰੱਬ ਕਿੱਥੇ ਹੈ' ਇਕ ਵਾਰਤਕਨੁਮਾ ਪੁਸਤਕ ਹੈ, ਜਿਸ ਵਿਚ ਉਸ ਨੇ ਸਮਾਜ ਵਿਚ ਜੋ ਸੱਚ-ਮੁੱਚ ਵਾਪਰਦਾ ਹੈ, ਉਸ ਬਾਰੇ ਸੱਚੀਆਂ ਤੇ ਯਥਾਰਥਕ ਮੁੱਲਵਾਨ ਗੱਲਾਂ ਕੀਤੀਆਂ ਹਨ, ਜਿਵੇਂ ਧੀ ਦੇ ਵਿਗੜ ਜਾਣ ਦਾ ਅਹਿਸਾਸ ਸਭ ਤੋਂ ਪਹਿਲਾਂ ਮਾਂ ਨੂੰ ਹੁੰਦਾ ਹੈ, ਸਿਆਣੀ ਔਰਤ ਮਾੜੇ ਹਾਲਾਤ ਵਿਚ ਵੀ ਘਰ ਵਸਾ ਲੈਂਦੀ ਹੈ, ਜਦੋਂ ਕਿ ਮਾੜੀ ਔਰਤ ਚੰਗੇ ਹਾਲਾਤ ਵਿਚ ਵੀ ਨਹੀਂ ਵਸਦੀ।
'ਜਿੰਨਾ ਚੰਗਾ ਸੋਚੋਗੇ, ਉਨਾ ਹੀ ਚੰਗਾ ਵਾਪਰਨ ਲੱਗੇਗਾ'।
''ਦੁਆਵਾਂ ਕਦੇ ਵਿਅਰਥ ਨਹੀਂ ਜਾਂਦੀਆਂ''।
ਗੱਲ ਕੀ ਨੂਰਦੀਪ ਕੋਮਲ ਨੇ ਬਹੁਤ ਹੀ ਪ੍ਰਭਾਵਪੂਰਕ ਗੱਲਾਂ ਦੁਆਰਾ ਆਪਣੀ ਡੂੰਘੀ ਸੋਚ ਦਾ ਅਨੁਭਵ ਪਾਠਕਾਂ ਨਾਲ ਸਾਂਝਾ ਕੀਤਾ ਹੈ ਅਤੇ ਸਮਾਜਿਕ ਤਾਣੇ-ਬਾਣੇ ਦੀ ਬਾਤ ਪਾਈ ਹੈ।ਉਸ ਨੇ ਇਸਤਰੀ-ਪੁਰਸ਼ ਦੇ ਸੰਬੰਧਾਂ ਤੇ ਦੁਨੀਆਦਾਰੀ ਦੀ ਸਮਝ ਨੂੰ ਆਪਣੀ ਲਿਖਤ ਵਿਚ ਪੇਸ਼ ਕੀਤਾ ਹੈ ਜਿਵੇਂ :
''ਭੂਆ ਨੂੰ ਜਿੰਨੀ ਖੁਸ਼ੀ ਭਤੀਜੇ ਦੇ ਵਿਆਹ ਦੀ ਹੁੰਦੀ ਹੈ, ਉਨੀ ਖੁਸ਼ੀ ਆਪਣੇ ਪੁੱਤ ਦੇ ਵਿਆਹ ਦੀ ਵੀ ਨਹੀਂ ਹੁੰਦੀ''।
''ਬੱਚੇ ਜਵਾਨੀ ਚਾਹੁੰਦੇ ਹਨ ਤੇ ਜਵਾਨ ਬਚਪਨ ਚਾਹੁੰਦੇ ਹਨ''।
''ਗਰੀਬ ਰੱਬ ਨੂੰ ਰੋਜ਼ ਪਰਖਦਾ ਹੈ''।
''ਜਵਾਨੀ ਵਿਚ ਭਰਮ ਪੈਂਦੇ ਨੇ, ਬੁਢਾਪੇ ਵਿਚ ਭੁਲੇਖੇ ਪੈਂਦੇ ਨੇ''।
''ਹਰ ਘਰ ਦਾ ਗ੍ਰਹਿ-ਮੰਤਰੀ ਘਰ ਦੀ ਔਰਤ ਹੁੰਦੀ ਹੈ''।
''ਵੱਡਾ ਸੋਚੋ, ਵੱਡੇ ਬਦਲਾਅ ਵਾਪਰਨਗੇ''।
''ਖਰਚੇ ਘਟਾਓ! ਘੱਟ ਆਮਦਨ ਵੀ ਵੱਧ ਲੱਗਣ ਲੱਗੇਗੀ''।
''ਮਰਦ ਨੂੰ ਹੰਕਾਰ ਹੁੰਦਾ ਹੈ, ਔਰਤ ਨੂੰ ਗਰੂਰ ਹੁੰਦਾ ਹੈ''।
''ਅੱਗੇ ਵਧਣ ਲਈ ਦੂਜਿਆਂ ਦੇ ਪੈਰ ਖਿੱਚਣੇ ਜ਼ਰੂਰੀ ਨਹੀਂ, ਬਲਕਿ ਆਪਣੇ ਕਦਮਾਂ ਦਾ ਸੰਤੁਲਨ ਬਣਾਉਣਾ ਜ਼ਰੂਰੀ ਹੈ''।
ਇਸਤਰੀ ਵਲੋਂ ਅਜਿਹੀ ਪੁਸਤਕ ਲਿਖਣੀ ਇਕ ਸਲਾਹੁਣਯੋਗ ਉਪਰਾਲਾ ਹੈ। ਸਮੁੱਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਨੂਰਦੀਪ ਨੇ ਆਪਣੇ 27 ਵਰ੍ਹਿਆਂ ਦੇ ਅਨੁਭਵ ਨੂੰ ਛੋਟੀਆਂ-ਛੋਟੀਆਂ ਤੁਕਾਂ ਲਿਖ ਕੇ ਪਾਠਕਾਂ ਦੇ ਸਨਮੁੱਖ ਕੀਤਾ ਹੈ। ਪੁਸਤਕ ਪੜ੍ਹਨਯੋਗ ਹੈ।


-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161


ਸਾਹਿਤ ਚੇਤਨਾ

ਲੇਖਕ : ਪ੍ਰੋ. ਜਗਜੀਤ ਸਿੰਘ ਛਾਬੜਾ
ਸੰਪਾਦਕ : ਡਾ. ਸੁਖਵਿੰਦਰ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ, ਜਲੰਧਰ
ਮੁੱਲ : 350 ਰੁਪਏ, ਸਫ਼ੇ : 218
ਸੰਪਰਕ : 98729-91780


ਇਹ ਮੁੱਲਵਾਨ ਪੁਸਤਕ ਗੁਰੂ-ਸ਼ਾਗਿਰਦ ਪਰੰਪਰਾ ਦੀ ਦੇਣ ਹੈ। ਮਰਹੂਮ ਪ੍ਰੋ. ਛਾਬੜਾ ਦੇ ਸ਼ਾਗਿਰਦ ਡਾ. ਸਵਰਨ ਸਿੰਘ ਪ੍ਰਦੇਸੀ ਨੇ ਲੇਖਕ ਵਲੋਂ ਲਿਖਵਾਏ ਗਏ ਨੋਟਿਸਾਂ ਨੂੰ ਸੰਭਾਲ ਕੇ ਰੱਖਿਆ ਅਤੇ ਪ੍ਰਦੇਸੀ ਦੇ ਸ਼ਾਗਿਰਦ ਡਾ. ਸੁਖਵਿੰਦਰ ਸਿੰਘ ਨੇ ਇਨ੍ਹਾਂ ਦਾ ਸੰਪਾਦਨ ਕਰਕੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਕਰਵਾਇਆ। ਕਮਾਲ ਦੀ ਗੱਲ ਹੈ ਕਿ 40-50 ਸਾਲ ਪਹਿਲੇ ਲਿਖੇ ਗਏ ਲੇਖ ਦਲੀਲ ਭਰਪੂਰ ਭਰਪੂਰ ਹੋਣ ਕਾਰਨ ਅੱਜ ਵੀ ਸਾਰਥਕ ਪ੍ਰਤੀਤ ਹੁੰਦੇ ਹਨ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਸ ਸਮੇਂ ਛਾਬੜਾ ਵਲੋਂ ਲਿਖਵਾਏ ਲੇਖ ਪੰਜਾਬੀ ਸਾਹਿਤ ਸਿਲੇਬਸ ਦਾ ਅੰਗ ਰਹੇ ਹੋਣਗੇ। ਇਸ ਸੰਪਾਦਤ ਪੁਸਤਕ ਵਿਚ 14 ਨਿਬੰਧ ਵਿਭਿੰਨ ਸਾਹਿਤਕ ਵਿਸ਼ਿਆਂ ਨਾਲ ਸੰਬੰਧਿਤ ਹਨ, ਜਿਵੇਂ : ਨਾਥ ਸੰਪ੍ਰਦਾਇ, ਬਾਬਾ ਫ਼ਰੀਦ, ਪੰਜਾਬੀ ਕਾਫ਼ੀ, ਕਾਵਿ ਪ੍ਰਵਿਰਤੀਆਂ ਅਤੇ ਪੰਜਾਬੀ ਨਾਟਕ ਬਾਰੇ 'ਇਕ ਇਕ', ਕਿੱਸਾ ਕਾਵਿ ਬਾਰੇ 4, ਸ਼ਾਹ ਮੁਹੰਮਦ ਬਾਰੇ 3, ਨਾਵਲ ਬਾਰੇ 2 ਆਦਿ। ਤਿੰਨ ਲੇਖਕ ਦੀਆਂ ਯਾਦਾਂ ਹਨ।
ਛਾਬੜਾ ਸਾਹਿਬ ਦੀ ਆਲੋਚਨਾਤਮਿਕ ਦ੍ਰਿਸ਼ਟੀ ਸਮਾਜਵਾਦੀ ਜਾਪਦੀ ਹੈ। ਉਹ ਸਮਝਦਾ ਹੈ ਕਿ ਪਿਆਰ (ਕਾਮ) ਦੀ ਭਾਵਨਾ ਆਰਥਿਕ-ਸਮਾਜਿਕ ਵਿਵਸਥਾ ਵਿਚੋਂ ਉਪਜਦੀ ਹੈ। ਉਹ ਫਰਾਇਡ ਦੀ ਪ੍ਰਵਿਰਤੀ ਮੂਲਕ ਉਪਜ ਨਾਲ ਅਸਹਿਮਤ ਹੈ। ਲੇਖਕ ਲਈ ਧਾਰਮਿਕ ਵਿਚਾਰ ਅਮਲ ਤੋਂ ਬਿਨਾਂ ਨਿਰਾਰਥਕ ਹਨ। ਉਸ ਦੀ ਆਲੋਚਨਾਤਮਕ ਪਹੁੰਚ ਆਦਰਸ਼ਵਾਦੀ ਦੀ ਥਾਂ ਯਥਾਰਥਵਾਦੀ ਹੈ। ਉਹ ਵਿਅਕਤੀਵਾਦ ਦੇ ਮੁਕਾਬਲੇ ਸਮੂਹਵਾਦ ਦਾ ਸਮਰਥਕ ਹੈ। ਉਸ ਦੇ ਵਿਚਾਰ ਅਨੁਸਾਰ ਕਿੱਸਾ-ਕਾਵਿ ਵਿਚ ਪਿਆਰ ਉਸ ਸਮੇਂ ਜੋਬਨ ਵਿਚ ਆਉਂਦਾ ਹੈ ਜਦ ਪਿਆਰ ਦੇ ਖੇਤਰ ਵਿਚ ਕਸ਼ਮਕਸ਼ ਸਿਖ਼ਰ ਨੂੰ ਪੁੱਜਦੀ ਹੈ। ਇਹ ਸਮਾਂ 'ਵਾਰਸ' ਦਾ ਸਮਾਂ ਸੀ। ਫ਼ਰੀਦ ਜੀ ਦੀ ਸ਼ੈਲੀ ਪੰਜਾਬੀ ਕਾਵਿ ਵਿਚ ਵੰਨਗੀਹੀਣ ਹੈ। ਦਮੋਦਰ ਦੀ ਪ੍ਰਾਪਤੀ ਲੋਕ ਪ੍ਰਚੱਲਿਤ ਕਹਾਣੀਆਂ ਦੇ ਪ੍ਰਯੋਗ ਵਿਚ ਨਿਹਿਤ ਹੈ। ਉਸ ਦੇ ਕਿੱਸੇ ਵਿਚ ਹੁਸਨ ਦਾ ਵਰਣਨ ਸਨਾਤਨੀ ਢੰਗ ਦਾ ਹੈ, ਫ਼ਾਰਸੀ ਵਾਂਗ ਸਰੀਰਕ ਸੁੰਦਰਤਾ ਦਾ ਵਰਣਨ ਨਹੀਂ। ਸੈਫ਼ਲ ਮਲੂਕ ਦੇ ਕਿੱਸੇ ਵਿਚ ਉਰਦੂ, ਫ਼ਾਰਸੀ, ਅਰਬੀ ਸ਼ਬਦਾਂ ਦੀ ਭਰਮਾਰ ਹੈ। ਸ਼ਾਹ ਮੁਹੰਮਦ ਦਾ 'ਜੰਗਨਾਮਾ'-ਵਾਰ, ਜੰਗਨਾਮਾ ਅਤੇ ਕਿੱਸੇ ਦਾ 'ਮਿਲਗੋਭਾ' ਹੈ ਪਰ ਲੇਖਕ ਨੇ ਇਸ ਨੂੰ 'ਕਿੱਸਾ' ਹੀ ਸਿੱਧ ਕੀਤਾ ਹੈ। ਸ਼ਾਹ ਮੁਹੰਮਦ ਨੇ ਪੰਜਾਬੀਆਂ ਅਤੇ ਹਿੰਦੁਸਤਾਨੀਅਤ ਦਾ ਸੰਕਲਪ ਪਹਿਲੀ ਵਾਰ ਕਾਵਿ ਵਿਚ ਪੇਸ਼ ਕੀਤਾ ਹੈ। 19ਵੀਂ ਅਤੇ 20ਵੀਂ ਸਦੀ ਦੀਆਂ ਕਾਵਿ-ਪ੍ਰਵਿਰਤੀਆਂ ਦੀ ਚਰਚਾ ਕੀਤੀ ਹੈ। ਭਾਈ ਵੀਰ ਸਿੰਘ ਨੇ ਸਿੱਖ ਪਾਤਰਾਂ ਦਾ ਆਦਰਸ਼ ਰੂਪ ਹੀ ਚਿਤਰਿਆ ਹੈ। ਕਿੱਧਰੇ ਵੀ ਗੋਲ ਪਾਤਰ (ਰਾਉਂਡ ਕਰੈਕਟਰ) ਪੇਸ਼ ਨਹੀਂ ਕੀਤੇ ਗਏ। ਪਵਿੱਤਰ ਪਾਪੀ ਨਾਵਲ ਵਿਚ ਪਾਪ-ਪੁੰਨ ਦਾ ਸੰਕਲਪ ਕਿਸੇ ਦਲੀਲ ਅਤੇ ਆਧਾਰਿਤ ਨਹੀਂ। ਵਿਅਕਤੀਵਾਦੀ ਪੁੰਨ ਹੈ, ਸ਼੍ਰੇਣੀ-ਸੂਝ ਨਾਲ ਇਸ ਦਾ ਸੰਬੰਧ ਨਹੀਂ। ਆਧੁਨਿਕ ਪੰਜਾਬੀ ਨਾਟਕਕਾਰਾਂ ਦੀ ਸੂਚੀ ਦੇ ਕੇ, ਨਾਟਕ ਦੇ ਭਵਿੱਖ ਲਈ ਲੇਖਕ ਆਸ਼ਾਵਾਦੀ ਹੈ।
ਪ੍ਰੋ. ਜਸਵੰਤ ਸਿੰਘ ਵਿਰਦੀ ਨੇ ਛਾਬੜਾ ਦੀ 'ਮਾਡਰਨ ਸੈਂਸੀਬਿਲਟੀ' ਵੱਲ ਸੰਕੇਤ ਕੀਤਾ ਹੈ। ਪ੍ਰੋ. ਨਿਰੰਜਨ ਤਸਨੀਮ ਨੇ ਛਾਬੜਾ ਨਾਲ ਨੇੜਲੇ ਸੰਬੰਧਿਤ ਦਰਸਾਏ ਹਨ। ਸਵਰਨ ਪ੍ਰਦੇਸੀ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਸਾਂਝਾਂ ਦਰਸਾਈਆਂ ਹਨ। ਸੰਖੇਪ ਇਹ ਕਿ ਇਹ ਪੁਸਤਕ ਨਵ-ਆਲੋਚਕਾਂ ਵਿਚ ਸੁਤੰਤਰ ਚਿੰਤਨ ਦੀ ਲਗਨ ਪੈਦਾ ਕਰਨ ਵਾਲੀ ਹੈ।


-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com


ਮੇਰਾ ਦਾਗ਼ਿਸਤਾਨ
(ਭਾਗ ਪਹਿਲਾ)

ਮੂਲ : ਰਸੂਲ ਹਮਜ਼ਾਤੋਵ
ਅਨੁਵਾਦ : ਕਰਮ ਸਿੰਘ ਜ਼ਖਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 250 ਰੁਪਏ, ਸਫ਼ੇ : 264
ਸੰਪਰਕ : 98146-28027


ਰਸੂਲ ਹਮਜ਼ਾਤੋਵ (1923-2003) ਦਾਗ਼ਿਸਤਾਨ (ਰੂਸ) ਦਾ ਇਕ ਮਹਾਨ ਲੇਖਕ ਹੋ ਗੁਜ਼ਰਿਆ ਹੈ। ਉਹ ਛੋਟੀ ਉਮਰੇ ਹੀ ਕਵਿਤਾ ਲਿਖਣ ਲੱਗ ਪਿਆ ਸੀ, ਜੋ ਉਸ ਨੇ ਆਪਣੀ ਮਾਤ ਭਾਸ਼ਾ ਅਵਾਰ ਵਿਚ ਲਿਖੀਆਂ। ਉਸ ਦੀ ਸ਼ੈਲੀ ਅਤੇ ਵਿਸ਼ਿਆਂ ਨੇ ਵਿਦਵਾਨਾਂ ਦਾ ਧਿਆਨ ਖਿੱਚਿਆ। ਉਹਦਾ ਪਹਿਲਾ ਕਾਵਿ-ਸੰਗ੍ਰਹਿ 1933 ਵਿਚ ਛਪਿਆ ਪਰ ਲੋਕਾਂ ਵਿਚ ਉਹਦੀ ਪਛਾਣ 'ਮੇਰਾ ਦਾਗ਼ਿਸਤਾਨ' ਕਰਕੇ ਹੀ ਬਣੀ। ਉਸ ਦੀ ਇਸ ਵਿਸ਼ਵ ਪ੍ਰਸਿੱਧ ਕਿਤਾਬ ਦਾ ਸਿੱਧਾ ਰੂਸੀ ਤੋਂ ਪੰਜਾਬੀ ਅਨੁਵਾਦ ਕਰਨ ਦਾ ਸਿਹਰਾ ਗੁਰੂਬਖਸ਼ (ਡਾ. ਗੁਰਬਖ਼ਸ਼ ਸਿੰਘ ਫ਼ਰੈਂਕ) ਨੂੰ ਜਾਂਦਾ ਹੈ। ਪਿੱਛੋਂ ਹੋਰ ਵੀ ਬਹੁਤ ਸਾਰੇ ਅਨੁਵਾਦਕਾਂ (ਗੁਰਦੀਪ, ਕਰਮ ਸਿੰਘ ਜ਼ਖਮੀ ਆਦਿ) ਨੇ ਆਪੋ-ਆਪਣੇ ਢੰਗ ਨਾਲ ਇਸ ਦਾ ਅਨੁਵਾਦ ਕੀਤਾ। ਹੱਥਲਾ ਅਨੁਵਾਦ ਕਰਮ ਸਿੰਘ ਜ਼ਖ਼ਮੀ ਨੇ ਦੋ ਭਾਗਾਂ ਵਿਚ ਕੀਤਾ ਹੈ। ਪਹਿਲੇ ਭਾਗ ਦੇ ਅੰਤਰਗਤ (ਵਲਾਦੀਮੀਰ ਸ਼ੋਲੋਊਖ਼ਿਨ ਵਲੋਂ ਲਿਖੀ ਭੂਮਿਕਾ ਤੋਂ ਬਿਨਾਂ) 13 ਕਾਂਡ ਬਣਾਏ ਗਏ ਹਨ। ਅਸਲ ਵਿਚ ਇਸ ਪੁਸਤਕ ਵਿਚ ਦੱਸਿਆ ਗਿਆ ਹੈ ਕਿ ਲੇਖਕ ਦੀ ਕਿਤਾਬ ਕਿਹੋ ਜਿਹੀ ਹੋਣੀ ਚਾਹੀਦੀ ਹੈ। ਉਸ ਦੀ ਭੂਮਿਕਾ, ਭਾਸ਼ਾ, ਵਿਧਾ, ਵਿਸ਼ਾ, ਸ਼ੈਲੀ, ਵਿਸ਼ਾ ਵਸਤੂ ਆਦਿ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ ਹੈ। ਰਸੂਲ ਨੇ ਇਹ ਕਿਤਾਬ ਉੱਤਮ ਪੁਰਖ ਵਿਚ ਲਿਖੀ ਹੈ। ਇਸ ਵਿਚ ਗਲਪ, ਕਵਿਤਾ ਤੇ ਵਾਰਤਕ ਦਾ ਬੇਜੋੜ ਸੰਗਮ ਹੈ। ਪੁਸਤਕ ਵਿਚ ਅਵਾਰ ਭਾਸ਼ਾ ਦੀਆਂ ਅਖੌਤਾਂ ਤੇ ਮੁਹਾਵਰਿਆਂ ਨੂੰ ਸਹਿਜ-ਸੁਭਾਵਿਕ ਵਰਤਿਆ ਗਿਆ ਹੈ। ਇਸ ਵਿਚ ਬਹੁਤ ਸਾਰੀਆਂ ਉਕਤੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਆਧੁਨਿਕ ਪੰਜਾਬੀ ਲੇਖਕ ਆਪਣੀਆਂ ਲਿਖਤਾਂ ਵਿਚ ਥਾਂ ਪੁਰ ਥਾਂ ਵਰਤਦੇ ਵਿਖਾਈ ਦਿੰਦੇ ਹਨ। 'ਮੇਰਾ ਦਾਗ਼ਿਸਤਾਨ' ਵਿਚ ਥਾਂ-ਥਾਂ 'ਤੇ ਕਾਵਿਕ ਉਕਤੀਆਂ, ਡਾਇਰੀ ਵਿਚੋਂ, ਯਾਦਾਂ ਆਦਿ ਟਿੱਪਣੀਆਂ ਨਾਲ ਇਸ ਨੂੰ ਸਜਾਇਆ ਗਿਆ ਹੈ। ਇਹ ਇਕ ਅਜਿਹੀ ਪੁਸਤਕ ਹੈ, ਜੋ ਹਰ ਪੰਜਾਬੀ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ। ਕਰਮ ਸਿੰਘ ਜ਼ਖਮੀ ਨੇ (ਹੋਰ 9 ਅਨੁਵਾਦਿਤ ਕਿਤਾਬਾਂ ਵਾਂਗ) ਇਸ ਕਿਤਾਬ ਦਾ ਅਨੁਵਾਦ ਸਰਲ ਤੇ ਸਪੱਸ਼ਟ ਭਾਸ਼ਾ ਵਿਚ ਕਰਕੇ ਪ੍ਰਸੰਸਾਯੋਗ ਕਾਰਜ ਕੀਤਾ ਹੈ।


-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015


ਸਾਂਝਾ ਚੁੱਲ੍ਹਾ

ਲੇਖਕ : ਬਲਵਿੰਦਰ ਸਿੰਘ ਸੋਢੀ
ਪ੍ਰਕਾਸ਼ਕ : ਮੰਨਤ ਤਨਵ ਪਰਮੀਤ ਪ੍ਰਕਾਸ਼ਨ, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 092105-88990


'ਸਾਂਝਾ ਚੁੱਲ੍ਹਾ' ਬਲਵਿੰਦਰ ਸੋਢੀ ਵਲੋਂ ਇਕ ਸਾਂਝੇ ਪਰਿਵਾਰ ਬਾਰੇ ਦਿੱਤੀ ਜਾਣਕਾਰੀ ਬਾਰੇ ਪੁਸਤਕ ਹੈ। ਇਸ ਵਿਚ ਲੇਖਕ ਨੇ ਸਾਂਝੇ ਪਰਿਵਾਰ ਦੀਆਂ ਬਰਕਤਾਂ ਦਾ ਗੁਣਗਾਣ ਕੀਤਾ ਹੈ। ਇਹ ਪਰਿਵਾਰ ਦੁਰਾਹੇ ਰਹਿੰਦਾ ਹੈ ਜਿਸ ਵਿਚ ਦੋ ਭਰਾਵਾਂ ਅਤੇ ਤੀਜਾ ਵਿਧਵਾ ਭੈਣ ਦਾ ਪਰਿਵਾਰ ਸ਼ਾਮਿਲ ਹੈ। ਲੇਖਕ ਅਨੁਸਾਰ ਇਸ ਪਰਿਵਾਰ ਵਿਚ ਕਦੇ ਵੀ ਕੋਈ ਝਗੜਾ ਨਹੀਂ ਹੋਇਆ। ਖ਼ਰਚ ਅਤੇ ਆਮਦਨ ਦਾ ਹਿਸਾਬ ਪਰਿਵਾਰ ਦਾ ਮੁਖੀ ਰੱਖਦਾ ਹੈ, ਜਿਸ ਉੱਤੇ ਕਦੇ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਗਿਆ। ਇਹ ਪਰਿਵਾਰ ਪੁਰਾਣੀ ਜੀਵਨ ਸ਼ੈਲੀ ਨੂੰ ਜਿਊਂਦਿਆਂ ਰੱਖਣ ਦਾ ਯਤਨ ਕਰ ਰਿਹਾ ਹੈ। ਇਹ ਪਰਿਵਾਰ ਅਜੇ ਵੀ ਲੱਕੜਾਂ ਵਾਲੇ ਚੁੱਲ੍ਹੇ ਉੱਤੇ ਹੀ ਖਾਣਾ ਬਣਾਉਂਦਾ ਹੈ ਅਤੇ ਸਾਰਾ ਪਰਿਵਾਰ ਚੁੱਲ੍ਹੇ ਲਾਗੇ ਹੀ ਬੈਠ ਭੋਜਨ ਦਾ ਅਨੰਦ ਮਾਣਦਾ ਹੈ। ਆਮ ਤੌਰ ਉੱਤੇ ਝਗੜੇ ਘਰ ਦੀਆਂ ਔਰਤਾਂ ਵਿਚ ਹੁੰਦੇ ਹਨ ਪਰ ਇਸ ਪਰਿਵਾਰ ਦੀਆਂ ਔਰਤਾਂ ਦੀ ਹਰ ਕੰਮ ਵਿਚ ਸਾਂਝ ਹੈ ਤੇ ਉਹ ਵੀ ਘਰ ਵਿਚ ਬੁਟੀਕ ਖੋਲ੍ਹ ਕੇ ਪਰਿਵਾਰ ਦੀ ਮਾਇਕ ਸਹਾਇਤਾ ਕਰਦੀਆਂ ਹਨ। ਇਸ ਪਰਿਵਾਰ ਦੇ ਸਾਰੇ ਮੈਂਬਰ ਆਪੋ-ਆਪਣੀ ਜ਼ਿੰਮੇਵਾਰੀ ਤੇ ਡਿਊਟੀ ਨੂੰ ਬਿਨਾਂ ਕਿਸੇ ਦੇ ਆਖੇ ਨਿਭਾਉਂਦੇ ਹਨ ਅਤੇ ਸਮੇਂ ਸਿਰ ਕੰਮਾਂਕਾਰਾਂ 'ਤੇ ਜਾਣਾ ਤੇ ਸਮੇਂ ਸਿਰ ਹੀ ਵਾਪਸ ਆਉਣਾ ਘਰ ਦੇ ਹਰ ਮੈਂਬਰ ਦੀ ਆਦਤ ਬਣੀ ਹੋਈ ਹੈ। ਪਰਿਵਾਰ ਦੀ ਕਮਾਂਡ ਇਕੋ ਵਿਅਕਤੀ ਕੋਲ ਹੈ ਅਤੇ ਉਹ ਹਰ ਪਰਿਵਾਰ ਦੇ ਹਰੇਕ ਮੈਂਬਰ ਦੇ ਕੰਮ ਪ੍ਰਤੀ ਸੇਧ ਦਿੰਦਾ ਹੈ। ਵੱਡਾ ਪਰਿਵਾਰ ਹੋਣ ਕਰਕੇ ਇਸ ਘਰ ਨੂੰ ਕਦੀ ਤਾਲਾ ਲਗਾਉਣ ਦੀ ਲੋੜ ਹੀ ਨਹੀਂ ਪਈ ਕਿਉਂਕਿ ਕੋਈ ਨਾ ਕੋਈ ਮੈਂਬਰ ਤਾਂ ਘਰ ਹੁੰਦਾ ਹੀ ਹੈ। ਇਸੇ ਕਰਕੇ ਇਸ ਘਰ ਵਿਚ ਕੋਈ ਤਾਲਾ ਨਹੀਂ ਹੈ। ਅੱਜ ਦੇ ਸਮੇਂ ਵੀ ਇਸ ਘਰ ਬਾਜ਼ਾਰੋਂ ਖਾਣ-ਪੀਣ ਦੀਆਂ ਵਸਤਾਂ ਨਹੀਂ ਆਉਂਦੀਆਂ ਇੱਥੋਂ ਤੱਕ ਕਿ ਮਠਿਆਈ ਵੀ ਘਰ ਹੀ ਬਣਾ ਲਈ ਜਾਂਦਾ ਹੈ। ਇਸ ਘਰ ਵਿਚ ਟੈਲੀਵਿਜ਼ਨ ਅਤੇ ਸਮਾਰਟ ਫੋਨ ਨਹੀਂ ਹੈ। ਇਸੇ ਕਰਕੇ ਸਾਰੇ ਮੈਂਬਰ ਮਿਲ ਬੈਠ ਆਪਸ ਵਿਚ ਗੱਲਾਂ ਕਰਦੇ ਹਨ। ਘਰ ਦੇ ਕਿਸੇ ਵੀ ਮੈਂਬਰ ਨੇ ਕਦੇ ਕੋਈ ਨਸ਼ਾ ਨਹੀਂ ਕੀਤਾ। ਇਹ ਪਰਿਵਾਰ ਵਿਰਾਸਤੀ ਜਾਇਦਾਦ ਦਾ ਮਾਲਕ ਨਹੀਂ ਹੈ ਪਰ ਮਿਹਨਤ ਅਤੇ ਵਿਉਂਤਬੰਦੀ ਨਾਲ ਗੁਜ਼ਾਰਾ ਵਧੀਆ ਹੋ ਰਿਹਾ ਹੈ। ਇਸ ਘਰ ਵਿਚ ਵੱਡੀ ਕਬੀਲਦਾਰੀ ਹੋਣ ਕਰਕੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਹੈ। ਉਨ੍ਹਾਂ ਦੀ ਪੁਰਾਣੀ ਰਿਵਾਇਤ ਅਨੁਸਾਰ ਪੂਰੀ ਆਓ ਭਗਤ ਕੀਤੀ ਜਾਂਦੀ ਹੈ। ਕਰਮਜੀਤ ਸਿੰਘ ਅੜੈਚਾ ਦਾ ਪਰਿਵਾਰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਵਿਚ ਵਿਸ਼ਵਾਸ ਰੱਖਦਾ ਹੈ। ਘਰ ਵਿਚ ਦੋ ਕੁੱਤੇ ਹਨ ਜੋ ਕਿ ਘਰ ਦੇ ਮੈਂਬਰਾਂ ਵਾਂਗ ਹੀ ਰੱਖੇ ਜਾਂਦੇ ਹਨ। ਇਥੋਂ ਤੱਕ ਕਿ ਇਨ੍ਹਾਂ ਨੂੰ ਬਰਾਤ ਵਿਚ ਵੀ ਸ਼ਿੰਗਾਰ ਕੇ ਲਿਜਾਇਆ ਜਾਂਦਾ ਹੈ। ਘਰ ਦੇ 15 ਮੈਂਬਰਾਂ ਦੀ ਆਪਸੀ ਸਾਂਝ, ਘਰ ਦਾ ਸ਼ੁੱਧ ਖਾਣਾ ਅਤੇ ਮਿਹਨਤ ਸਦਕਾ ਬਿਮਾਰੀਆਂ ਇਸ ਘਰ ਤੋਂ ਦੂਰ ਹੀ ਰਹਿੰਦੀਆਂ ਹਨ। ਬੱਚਿਆਂ ਨੂੰ ਪੜ੍ਹਾਈ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਅਸਲ ਵਿਚ ਇਹ ਪਰਿਵਾਰ ਪੰਜਾਬ ਦੀ ਅੱਧੀ ਸਦੀ ਪਹਿਲਾਂ ਦੀ ਤਸਵੀਰ ਪੇਸ਼ ਕਰਦਾ ਹੈ। ਸਾਂਝੇ ਪਰਿਵਾਰਾਂ ਅਤੇ ਆਪਸੀ ਪਿਆਰ ਸਦਕਾ ਹੀ ਸਾਡਾ ਸੂਬਾ ਰੰਗਲਾ ਪੰਜਾਬ ਸੀ।


-ਡਾ. ਰਣਜੀਤ ਸਿੰਘ
ਮੋਬਾਈਲ : 94170-87328


ਜਿਵੇਂ ਅਸੀਂ ਦੇਖਿਆ ਪਾਕਿਸਤਾਨ

ਸੰਪਾਦਕ : ਜੇ.ਬੀ. ਸਿੰਘ ਪੰਮੀ, ਦਲਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 94641-18393


ਦੋਵਾਂ ਪੰਜਾਬਾਂ ਦੇ ਵਸਨੀਕਾਂ ਦਾ ਸੱਭਿਆਚਾਰ, ਮਾਂ ਬੋਲੀ, ਰਸਮ-ਰਿਵਾਜ, ਖਾਣ-ਪੀਣ, ਤਿਉਹਾਰ ਅਤੇ ਪਹਿਰਾਵਾ ਆਦਿ ਸਭ ਕੁਝ ਸਾਂਝਾ ਹੈ ਪਰ 1947 ਦੀ ਵੰਡ ਕਾਰਨ ਜਦੋਂ ਸਭ ਕੁਝ ਵੰਡਿਆ ਗਿਆ ਤਾਂ ਪੰਜ ਪਾਣੀਆਂ ਦੀ ਇਸ ਧਰਤੀ ਨੂੰ ਬਹੁਤ ਵੱਡਾ ਸੰਤਾਪ ਝੱਲਣਾ ਪਿਆ। ਇਸ ਰਾਜਨੀਤਕ ਵੰਡ ਦਾ ਅਸਲ ਖ਼ਮਿਆਜ਼ਾ ਪੰਜਾਬੀਆਂ ਨੂੰ ਭੁਗਤਣਾ ਪਿਆ ਜਦੋਂ ਲੋਕਾਂ ਨੂੰ ਆਪਣੇ ਵਸੇ ਵਸਾਏ ਘਰ, ਪਿੰਡ ਅਤੇ ਦੋਸਤਾਂ ਨੂੰ ਛੱਡ ਕੇ ਬੇਘਰ ਹੋਣਾ ਪਿਆ। ਇਸੇ ਕਾਰਨ ਪਾਕਿਸਤਾਨ ਵੇਖਣ ਦੀ ਉਤਸੁਕਤਾ ਅਤੇ ਉਥੋਂ ਦੇ ਲੋਕਾਂ ਨੂੰ ਮਿਲਣ ਦੀ ਤਾਂਘ ਲਗਭਗ ਹਰ ਪੰਜਾਬੀ ਦੇ ਦਿਲ ਵਿਚ ਹੁੰਦੀ ਹੈ। ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਹਰ ਸਾਲ ਚਾਰ ਜਥੇ ਪਾਕਿਸਤਾਨ ਜਾਂਦੇ ਹਨ। ਹਥਲੀ ਪੁਸਤਕ ਭਾਰਤੀ ਪੰਜਾਬ ਤੋਂ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਗਏ ਜਥੇ ਦੇ ਸਫ਼ਰ ਦੌਰਾਨ ਹੋਏ ਤਜਰਬਿਆਂ ਦੀ ਦਾਸਤਾਨ ਹੈ। ਅਸਲ ਵਿਚ ਸੰਪਾਦਕਾਂ ਦਾ ਇਹ ਪੁਸਤਕ ਪ੍ਰਕਾਸ਼ਿਤ ਕਰਵਾਉਣ ਦਾ ਮੁੱਖ ਉਦੇਸ਼ ਇਸ ਯਾਤਰਾ ਨਾਲ ਸੰਬੰਧਿਤ ਡਰ, ਭੈਅ ਅਤੇ ਵਹਿਮ ਦੂਰ ਕਰਨਾ ਹੈ। ਜਥੇ ਵਿਚ ਜਾਣ ਲਈ ਕੀ ਤਿਆਰੀ ਕਰਨੀ ਹੈ, ਕਿਵੇਂ ਪਾਸਪੋਰਟ 'ਤੇ ਵੀਜ਼ਾ ਲਗਵਾਉਣਾ ਹੈ ਅਤੇ ਕਿਵੇਂ ਸਹੀ ਦਸਤਾਵੇਜ਼ਾਂ ਦੀ ਮਦਦ ਨਾਲ ਯਾਤਰਾ ਦੌਰਾਨ ਸੁਖਾਲੇ ਢੰਗ ਨਾਲ ਬਾਰਡਰ ਪਾਰ ਕਰਨਾ ਹੈ, ਇਨ੍ਹਾਂ ਸਭ ਗੱਲਾਂ ਦਾ ਵੇਰਵਾ ਇਸ ਪੁਸਤਕ ਵਿਚੋਂ ਮਿਲ ਜਾਂਦਾ ਹੈ। ਭਵਿੱਖ ਵਿਚ ਜਥਿਆਂ ਵਿਚ ਪਾਕਿਸਤਾਨ ਜਾਣ ਵਾਲੀ ਸੰਗਤ ਨੂੰ ਗੁਰਦੁਆਰਾ ਸੱਚਾ ਸੌਦਾ, ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਨਾਲ-ਨਾਲ ਲਾਹੌਰ ਸ਼ਹਿਰ ਵਿਚਲੇ ਗੁਰਦੁਆਰੇ ਜਿਨ੍ਹਾਂ ਦੀ ਗਿਣਤੀ ਦੋ ਦਰਜਨ ਤੋਂ ਵੱਧ ਹੈ, ਵਿਚ ਰਿਹਾਇਸ਼, ਮੌਸਮ, ਨਗਰ-ਕੀਰਤਨ ਤੇ ਕਈ ਹੋਰ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਇਸ ਪੁਸਤਕ ਤੋਂ ਪ੍ਰਾਪਤ ਮਿਲਦੀ ਹੈ। ਇਸ ਤੋਂ ਅਗਲੇ ਭਾਗਾਂ ਵਿਚ ਕਰਤਾਰਪੁਰ ਸਾਹਿਬ ਦੇ ਇਤਿਹਾਸ ਬਾਰੇ ਅਤੇ ਲਾਹੌਰ ਸ਼ਹਿਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਰਤਾਰਪੁਰ ਸਾਹਿਬ ਦੇ ਲਾਂਘੇ ਸੰਬੰਧੀ ਅਤੇ ਦਰਸ਼ਨ ਕਰਨ ਜਾਣ ਲਈ ਰਜਿਸਟ੍ਰੇਸ਼ਨ ਸੰਬੰਧੀ ਸਾਰੀ ਜਾਣਕਾਰੀ ਦੇ ਨਾਲ ਪਾਕਿ ਗੁਰਦੁਆਰਾ ਕਮੇਟੀ ਦੀ ਸਥਾਪਨਾ ਅਤੇ ਕਾਰਜਾਂ ਬਾਰੇ ਵੀ ਪਤਾ ਜਾਣਕਾਰੀ ਦਰਜ ਹੈ। ਲਾਹੌਰ ਸ਼ਹਿਰ ਦੀਆਂ ਵੇਖਣ ਯੋਗ ਥਾਵਾਂ ਦੇ ਇਤਿਹਾਸ ਅਤੇ ਅਜੋਕੇ ਲਾਹੌਰ ਸ਼ਹਿਰ ਬਾਰੇ ਹਰ ਪੱਖ ਤੋਂ ਭਾਵ ਜਨਸੰਖਿਆ, ਲਾਹੌਰ ਦਾ ਮੋਟਰ ਵੇਅ, ਡੈਵੂ ਬੱਸਾਂ, ਬਾਜ਼ਾਰਾਂ ਆਦਿ ਬਾਰੇ ਸਾਰੀ ਜਾਣਕਾਰੀ ਵੀ ਇਸ ਪੁਸਤਕ ਤੋਂ ਮਿਲਦੀ ਹੈ। ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਨੂੰ ਜੇ ਅੱਖੋਂ-ਪਰੋਖੇ ਕਰ ਦਿੱਤਾ ਜਾਵੇ ਤਾਂ ਇਸ ਪੁਸਤਕ ਦਾ ਸਫ਼ਰਨਾਮਾ ਸਾਹਿਤ ਵਿਚ ਚੰਗਾ ਯੋਗਦਾਨ ਸਿੱਧ ਹੋਵੇਗਾ। ਭਵਿੱਖ ਵਿਚ ਪਾਕਿਸਤਾਨ ਯਾਤਰਾ 'ਤੇ ਜਾਣ ਵਾਲੇ ਜਥਿਆਂ ਲਈ ਵੀ ਇਹ ਲਾਹੇਵੰਦ ਸਾਬਤ ਹੋਵੇਗੀ।


-ਡਾ. ਸੰਦੀਪ ਰਾਣਾ
ਮੋਬਾਈਲ : 98728-87551


ਤਹਿਰੀਕ

ਸ਼ਾਇਰ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਕੈਫੇ ਵਰਲਡ, ਜਲੰਧਰ ਬਠਿੰਡਾ
ਮੁੱਲ : 190 ਰੁਪਏ, ਸਫ਼ੇ : 96
ਸੰਪਰਕ : 99884-44002


ਗੁਰਦਿਆਲ ਰੌਸ਼ਨ ਪੰਜਾਬੀ ਗ਼ਜ਼ਲ ਦੇ ਗਗਨਾਂ ਦਾ ਡਲ੍ਹਕਦਾ ਸਿਤਾਰਾ ਅਤੇ ਗ਼ਜ਼ਲ ਵਿਚ ਸਾਦਗੀ ਨਾਲ ਲੋਕ ਮਸਲੇ ਪੇਸ਼ ਕਰਨ ਵਾਲਾ ਸ਼ਾਇਰ ਹੈ। 'ਤਹਿਰੀਕ' ਉਸ ਦਾ ਵੀਹਵਾਂ ਗ਼ਜ਼ਲ ਸੰਗ੍ਰਹਿ ਹੈ। ਉਹ ਤੇਜ਼ੀ ਨਾਲ ਗ਼ਜ਼ਲਾਂ ਸਿਰਜਦਾ ਹੈ। ਗੁਰਦਿਆਲ ਪੰਜਾਬੀ ਗ਼ਜ਼ਲ ਦੇ ਕੁਝ ਚੋਣਵੇਂ ਸ਼ਾਇਰਾਂ ਵਿਚ ਸ਼ਾਮਿਲ ਹੈ ਜੋ ਕਿ ਸ਼ਿਅਰਾਂ ਵਿਚ ਵਿਸ਼ੇ ਨੂੰ ਤਰਜੀਹ ਦਿੰਦੇ ਹਨ। ਭਾਵੇਂ ਕਿ ਉਸ ਦੀਆਂ ਗ਼ਜ਼ਲਾਂ ਦੇ ਛੰਦ ਬਹਿਰ ਤੇ ਹੋਰ ਗ਼ਜ਼ਲ ਤਕਨੀਕ ਹਮੇਸ਼ਾ ਉਚੇਰੀ ਤੇ ਉਸਤਾਦੀ ਰੰਗਤ ਵਾਲੀ ਹੁੰਦੀ ਹੈ ਪਰ ਉਹ ਕਦੇ ਵੀ ਬਹੁਤ ਔਖੇ ਬਹਿਰ ਨਹੀਂ ਲੈਂਦਾ। ਅਸਲ ਵਿਚ ਜਦ ਅਸੀਂ ਪੰਜਾਬੀ ਸੁਰ ਅਤੇ ਸੁਰਤ ਤੋਂ ਪਰ੍ਹਾਂ ਦੇ ਫਾਰਸੀ ਨੁਮਾ ਬਹਿਰਾਂ ਦੀ ਵਰਤੋਂ ਕਰਦੇ ਹਾਂ ਤਾਂ ਪੰਜਾਬੀ ਪਾਠਕਾਂ ਨੂੰ ਲਗਦਾ ਹੈ ਕਿ ਇਹ ਬੇ-ਬਹਿਰੀ ਗ਼ਜ਼ਲ ਹੈ। ਸਦਾ ਹੀ ਰੌਸ਼ਨ ਦੇ ਸ਼ਿਅਰ ਰਾਜਨੀਤਕ ਨੀਵਾਣਾਂ, ਕੱਟੜਤਾ ਅਤੇ ਅਰਥਚਾਰੇ ਦੀ ਕਾਣੀ ਵੰਡ ਨੂੰ ਸੇਧਤ ਹੁੰਦੇ ਹਨ :
-ਤੁਸੀਂ ਸਦੀਆਂ ਤੋਂ ਦੱਬੇ ਕੁਚਲਿਆਂ ਨੂੰ ਮਾਣ ਇਹ ਦਿੱਤਾ
ਉਨ੍ਹਾਂ ਨੂੰ ਬਾਹਰ ਕੱਢਣਾ ਸੀ ਸਗੋਂ ਡੂੰਘੇ ਦਬਾ ਦਿੱਤੇ
-ਰੇਸ਼ਮ ਦੇ ਪਰਦੇ ਵਿਚ ਕਾਲੇ ਧੰਦੇ ਵੀ ਹੋ ਸਕਦੇ ਨੇ
ਫੁੱਲਾਂ ਦੀ ਵਾਦੀ ਵਿਚ ਲਾਏ ਫੰਦੇ ਵੀ ਹੋ ਸਕਦੇ ਨੇ
-ਹਰ ਕਿਸੇ ਨੇ ਧਰਮ ਨੂੰ ਇਕ ਜਿਣਸ ਵਾਂਗੂੰ ਵੇਚਿਆ
ਹਾਏ! ਧਰਤੀ ਏਸ ਦੀ ਮੰਡੀ ਬਣਾ ਦਿੱਤੀ ਗਈ
-ਠੀਕ ਹੋਇਆ ਮੈਂ ਕਿਸੇ ਮਜ਼ਹਬ ਦੀ ਪੋਥੀ ਨਾ ਸੁਣੀ
ਮਰਨ ਵੇਲੇ ਹੀਰ ਵਾਰਿਸ ਦੀ ਸੁਣਾ ਦਿੱਤੀ ਗਈ
-ਮੇਰੇ ਮਜ਼ਦੂਰ ਦਾ ਹੈ ਰਿਜਕ ਐ ਰੌਸ਼ਨ ਹਥੌੜੇ ਵਿਚ
ਕਿਸਾਨਾ ਮੇਰਿਆਂ ਨੇ ਬਰਕਤਾਂ ਫਾਲੇ 'ਚ ਰੱਖੀਆਂ ਨੇ
-ਕਿਸ ਨੇ 'ਚਿੱਟਾ' ਰੰਗ ਦਿੱਤਾ ਰੰਗਲੇ ਪੰਜਾਬ ਨੂੰ
ਇਹ ਤਾਂ ਸੋਨਾ ਸੀ ਨਿਰਾ ਜੰਗਲ ਕਿੱਦਾਂ ਹੋ ਗਿਆ?
-ਦੱਲਿਆ ਦਿੱਲੀ ਦਿਆ ਦੱਸ ਤਾਂ ਸਹੀ ਮੈਂ ਪੁੱਛਦਾਂ
ਮੈਂ ਤਬਾਹ ਤੂੰ ਇਸ ਕਦਰ ਖੁਸ਼ਹਾਲ ਕਿੱਦਾਂ ਹੋ ਗਿਆ।
ਰੌਸ਼ਨ ਦਾ ਹਰ ਸ਼ਿਅਰ ਰੌਸ਼ਨ ਅਤੇ ਚਿੰਤਨ ਦੇ ਰੰਗ ਵਿਚ ਰੰਗਿਆ ਹੋਇਆ ਹੈ। ਉਹ ਵਰਤ ਰਹੀ ਵਰਤਮਾਨ ਰਾਜਨੀਤੀ ਉੱਤੇ ਬੜੀ ਦਲੇਰੀ ਨਾਲ ਉਂਗਲ ਚੁੱਕਦਾ ਹੈ। ਰੌਸ਼ਨ ਤਤਕਾਲ ਵਰਤਦੀਆਂ ਘਟਨਾਵਾਂ ਨੂੰ ਸ਼ਿਅਰਾਂ ਵਿਚ ਪੇਸ਼ ਕਰਕੇ ਇਕ ਸਮਾਚਾਰ ਵਾਂਗ ਪੇਸ਼ਕਾਰੀ ਕਰਨ ਦੀ ਵੀ ਕਾਹਲੀ ਕਰਦਾ ਹੈ ਪਰ ਇਸ ਦਾ ਦੂਜਾ ਪਹਿਲੂ ਵੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਐਮਨਾਬਾਦ ਵਿਚ ਹੀ ਬਾਬਰ ਦੇ ਜ਼ੁਲਮ ਵੇਖੇ ਅਤੇ ਤਤਕਾਲ ਹੀ ਬਾਬਰਵਾਣੀ ਸਿਰਜ ਦਿੱਤੀ ਜੋ ਕਿ ਅਮਰ ਹੋ ਗਈ। ਗੁਰਦਿਆਲ ਰੌਸ਼ਨ ਦੀਆਂ ਗ਼ਜ਼ਲਾਂ ਵਿਚ ਚਿਰ ਸਥਾਈ ਰਹਿਣ ਦਾ ਗੁਣ ਅਤੇ ਹਰਮਨ ਪਿਆਰਤਾ ਦਾ ਜਾਦੂ ਹੈ। ਪੁਸਤਕ ਸ਼ਾਇਰੀ ਦੇ ਪਿਆਰਿਆਂ ਵਾਸਤੇ ਪ੍ਰਾਪਤ ਕਰਨਯੋਗ ਹੈ।


-ਸੁਲੱਖਣ ਸਰਹੱਦੀ
ਮੋਬਾਈਲ : 94174-84337

04-10-2023

ਅਸੀਂ ਚੁੱਪ ਕਿਉਂ ਹਾਂ?
ਲੇਖਿਕਾ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 150
ਸੰਪਰਕ : 98150-30221

ਬੀਬੀ ਪ੍ਰਭਜੋਤ ਕੌਰ ਢਿੱਲੋਂ ਸਮਾਜ ਨੂੰ ਚਾਨਣ ਵੰਡਣ ਲਈ ਫ਼ਿਕਰਮੰਦ ਹੈ। ਉਸ ਦੀ ਕਲਮ ਨੇ ਸੱਤ ਪੁਸਤਕਾਂ ਸਿਰਜ ਕੇ ਹਥਲੀ ਪੁਸਤਕ 'ਅਸੀਂ ਚੁੱਪ ਕਿਉਂ ਹਾਂ?' ਸਾਰਿਆਂ ਨੂੰ ਸੰਬੋਧਨ ਕੀਤੀ ਹੈ। ਉਸ ਦਾ ਮਤ ਹੈ : ਸੋਚ ਬਦਲੋ, ਸਮਾਜ ਬਦਲੋ। ਜੇ ਸਮਾਜ ਦਾ ਕੁਹਜ ਦੂਰ ਨਾ ਕੀਤਾ, ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਆਓ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ ਤਦੇ ਸੱਚ ਦਾ ਸੂਰਜ ਚੜ੍ਹੇਗਾ। ਤਦੇ ਉਸ ਦਾ ਮੰਨਣਾ ਹੈ ਕਿ ਸ਼ੀਸ਼ਾ ਝੂਠ ਨਹੀਂ ਬੋਲਦਾ, ਆਓ ਮੋਤੀਆਂ ਦਾ ਛੱਜ ਭਰ-ਭਰ ਵੰਡੀਏ, ਚੁੱਪ ਕਿਉਂ ਰਹੀਏ। ਏਦਾਂ ਚੁੱਪੀ ਧਾਰ ਕੇ, ਸਰਨਾ ਨਹੀਂ। ਅਜਿਹੀ ਉੱਜਵਲ ਸੋਚ ਇਸ ਪੁਸਤਕ ਦੇ ਹਰ ਸਫ਼ੇ 'ਚੋਂ ਉੱਭਰਦੀ ਹੈ। ਪੁਸਤਕ ਦੇ ਲੇਖਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵਿਸ਼ੇ ਅਨੁਸਾਰ ਵਿਦਵਾਨਾਂ, ਚਿੰਤਕਾਂ, ਕਲਾਕਾਰਾਂ, ਲੇਖਕਾਂ ਤੇ ਮਹਾਂਪੁਰਖਾਂ ਦੇ ਕਥਨਾਂ ਨੂੰ ਯਾਦ ਕਰਵਾਇਆ ਗਿਆ ਹੈ। ਜਿਵੇਂ 'ਗੁੱਸਾ ਉਹ ਹਨੇਰੀ ਹੈ ਜੋ ਅਕਲ ਦਾ ਦੀਵਾ ਬੁਝਾ ਦਿੰਦੀ ਹੈ।' 'ਸਾਡੀ ਵੀ ਜੇ ਧੀ ਧਿਆਣੀ ਹੁੰਦੀ, ਮੈਂ ਵੀ ਮਾਂ ਸਿਆਣੀ ਹੁੰਦੀ।' ਲੇਖਿਕਾ ਬੜੀ ਸਪੱਸ਼ਟ ਹੈ ਜਦੋਂ ਉਹ ਕਹਿੰਦੀ ਹੈ : 'ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੇ ਮਨੁੱਖ ਦਾ ਦਿਮਾਗ਼ ਹੀ ਖਰਾਬ ਕਰ ਦਿੱਤਾ ਹੈ। ਸਿਸਟਮ ਨੂੰ ਲੀਰੋ-ਲੀਰ ਕਰ ਦਿੱਤਾ।' ਅਜੋਕੇ ਸਮੇਂ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਛੋਹਣ ਦੀ ਕੋਸ਼ਿਸ਼ ਕਾਰਨ, ਇਹ ਪੁਸਤਕ ਹਰ ਕਿਸੇ ਨੂੰ ਪੜ੍ਹਨ ਲਈ ਮਜਬੂਰ ਕਰਦੀ ਹੈ। ਨਸ਼ਿਆਂ ਦੀ ਸਮੱਸਿਆ ਤੇ ਇਸ ਦੇ ਮਾਰੂ ਨਤੀਜੇ, ਬੇਰੁਜ਼ਗਾਰੀ ਦੀ ਅਲਾਮਤ, ਬਜ਼ੁਰਗਾਂ ਦੀ ਬੇਕਦਰੀ, ਔਰਤਾਂ ਨਾਲ ਦੁਰ-ਵਿਹਾਰ, ਰਿਸ਼ਤਿਆਂ ਦੀ ਮਲੀਨਤਾ, ਜਾਇਦਾਦਾਂ ਦੀ ਖ਼ੂਨੀ ਵੰਡ-ਵੰਡਾਈ, ਖ਼ੁਦਕੁਸ਼ੀਆਂ ਦਾ ਕਹਿਰ, ਕਿਸਾਨ-ਮਜ਼ਦੂਰ ਹੱਕਾਂ ਦੀ ਜੰਗ, ਇਕੱਲਤਾ ਤੇ ਡਿਪਰੈਸ਼ਨ ਦਾ ਰੋਗ, ਅਮਨ-ਚੈਨ ਦੀ ਸਥਿਤੀ, ਅਣਮਨੁੱਖੀ ਵਰਤਾਰੇ ਦਾ ਦੌਰ ਆਦਿ ਗੰਭੀਰ ਮਸਲਿਆਂ ਨੂੰ ਹੱਲ ਕਰਨ ਲਈ ਲੇਖਿਕਾ ਨੇ ਬਹੁਤ ਬੁਲੰਦ ਆਵਾਜ਼ ਰਾਹੀਂ ਚੁੱਪ ਤੋੜਨ ਲਈ ਸੁਚੇਤ ਕੀਤਾ ਹੈ। ਇਸ ਤੋਂ ਬਿਨਾਂ ਪਿਆਰ, ਕੁਦਰਤ, ਸਾਦਗੀ, ਕ੍ਰੋਧ, ਖੁਸ਼ੀ, ਈਰਖਾ ਤੇ ਸਿਆਣਪ ਵਰਗੇ ਵਿਸ਼ਿਆਂ ਬਾਰੇ ਭਾਵ-ਪੂਰਨ ਢੰਗ ਨਾਲ ਆਪਣੇ ਵਿਚਾਰ ਪ੍ਰਸਤੁਤ ਕੀਤੇ। ਇਸ ਲੇਖਿਕਾ ਵਲੋਂ ਰਚੀ ਅਜਿਹੀ ਪੁਸਤਕ ਦੀ ਸ਼ਲਾਘਾ ਕਰਨੀ ਬਣਦੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਅਣ-ਫੋਲਿਆ ਵਰਕਾ
ਇੰਦਰ ਸਿੰਘ ਮੁਰਾਰੀ
ਲੇਖਕ : ਸ਼ਿਵ ਨਾਥ
ਸੰਪਾਦਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 96538-70627

'ਦੇਸ਼ ਨਾਲ ਪਿਆਰ' ਕਹਿਣਾ ਜਿੰਨਾ ਸੌਖਾ ਹੁੰਦਾ ਹੈ, ਨਿਭਾਉਣਾ ਓਨਾ ਹੀ ਔਖਾ ਹੁੰਦਾ ਹੈ। ਪਰ ਜਿਹੜੇ ਸਿਰੜੀ ਯੋਧੇ ਇਸ ਸੇਵਾ ਵਿਚ ਪੈਰ ਧਰ ਲੈਂਦੇ ਹਨ, ਪਿਛਾਂਹ ਨਹੀਂ ਮੁੜਦੇ ਭਾਵੇਂ ਉਨ੍ਹਾਂ ਨੂੰ ਲੱਖਾਂ ਹੀ ਮੁਸੀਬਤਾਂ ਨਾਲ ਮੱਥਾ ਕਿਉਂ ਨਾ ਲਾਉਣਾ ਪਵੇ। ਇਹ ਹਥਲੀ ਪੁਸਤਕ ਵੀ ਇਕ ਅਜਿਹੇ ਅਣਖੀ ਯੋਧੇ ਦੇਸ਼ ਭਗਤ ਇੰਦਰ ਸਿੰਘ ਮੁਰਾਰੀ ਦੀ ਜੀਵਨ ਕਹਾਣੀ ਹੈ। ਪਰ ਇਸ ਪੁਸਤਕ ਨੂੰ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਇਹ ਗਾਥਾ ਸਭ ਦੇਸ਼ ਭਗਤਾਂ ਦੀ ਹੀ ਕਰੜੀ ਘਾਲਣਾ ਦੀ ਤਰਜਮਾਨੀ ਕਰਦੀ ਹੈ, ਜਿਸ ਵਿਚ ਮੁਰਾਰੀ ਆਪਣੇ ਹੰਢਾਏ ਜੀਵਨ ਦਾ ਖ਼ੁਦ ਵਕਤਾ ਹੈ ਤੇ ਲੇਖਕ ਸ਼ਿਵ ਨਾਥ ਨੇ ਆਪਣੀ ਕਲਮ ਨਾਲ ਇਨ੍ਹਾਂ ਬੋਲਾਂ ਨੂੰ ਬੜੀ ਸ਼ਿੱਦਤ ਨਾਲ ਸ਼ਬਦਾਂ ਵਿਚ ਪਰੋਇਆ ਹੈ। ਅੱਗੋਂ ਜਿਸ ਨੂੰ ਗੁਰਬਚਨ ਸਿੰਘ ਭੁੱਲਰ ਨੇ ਇਕ ਬੜੀ ਹੀ ਵਿਉਂਤਬੰਦੀ ਨਾਲ ਸੰਪਾਦਤ ਕੀਤਾ ਹੈ।
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਦੇ ਡੇਰੇ ਠਠਗੜੀਆਂ ਦੇ ਵਾੜੇ ਦੇ ਵਸਨੀਕ ਇੰਦਰ ਸਿੰਘ ਮੁਰਾਰੀ ਦੇ ਜ਼ੁਰਅਤ ਭਰੇ ਕਾਰਨਾਮੇ, ਅੰਗਰੇਜ਼ੀ ਫ਼ੌਜ ਵਿਚਲੀ ਗ਼ੁਲਾਮੀ ਨੂੰ ਠੁੱਡਾ ਮਾਰ ਕੇ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਿਲ ਹੋਣ, ਸਮੇਂ ਦੇ ਕਬਜ਼ਾਧਾਰੀ ਮਹੰਤਾਂ, ਅੰਗਰੇਜ਼ੀ ਪਿੱਠੂਆਂ ਤੇ ਉਨ੍ਹਾਂ ਦੇ ਗੁੰਡਿਆਂ ਨਾਲ ਲੋਹਾ ਲੈਣ, ਗੁਰੂ ਕੇ ਬਾਗ਼ ਮੋਰਚੇ 'ਚ ਹਿੱਸਾ ਲੈਂਦਿਆਂ ਅੰਗਰੇਜ਼ੀ ਜਬਰ ਦਾ ਸਬਰ ਨਾਲ ਟਾਕਰਾ ਕਰਦਿਆਂ, ਉੱਘੇ ਦੇਸ਼ ਭਗਤਾਂ ਜਿਵੇਂ ਊਧਮ ਸਿੰਘ ਸੁਨਾਮ, ਭਾਈ ਸੰਤੋਖ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ ਠੱਠੀਆਂ ਤੇ ਕਾਮਰੇਡ ਕਰਤਾਰ ਸਿੰਘ ਬਾਬਾ ਬਕਾਲਾ ਸਾਹਿਬ ਆਦਿ ਨਾਲ ਮੇਲ ਮਿਲਾਪ, ਭੇਸ ਬਦਲ ਕੇ ਵਿਚਰਨ, ਦੇਸ਼ ਭਗਤੀ ਦੀਆਂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ, ਵੈਨਕੂਵਰ ਵਿਚ ਦੇਸ਼ ਭਗਤਾਂ ਦੇ ਕਤਲ ਕਾਂਡ ਦੇ ਮੁੱਖ ਦੋਸ਼ੀ ਗ਼ਦਾਰ ਬੇਲਾ ਸਿੰਘ ਨੂੰ ਸੋਧਣ, ਪੁਲਿਸ ਦੇ ਢਾਹੇ ਚੜ੍ਹਨ, ਜੁਗਤ ਨਾਲ ਬਚ ਨਿਕਲਣ, ਆਜ਼ਾਦੀ ਸਮੇਂ ਫ਼ਿਰਕੂ ਦੰਗਿਆਂ ਕਾਰਨ ਹੋਈ ਮਾਰਧਾੜ ਵਿਚ ਵੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਪਰਉਪਕਾਰੀ ਉਪਰਾਲੇ ਆਦਿ ਦਾ ਬੜੀ ਸ਼ਿੱਦਤ ਨਾਲ ਵਰਨਣ ਕੀਤਾ ਹੋਇਆ ਹੈ।
ਬਾਬਾ ਈਸ਼ਰ ਸਿੰਘ ਉਰਫ਼ ਹਜ਼ਾਰਾ ਸਿੰਘ ਵਲੋਂ ਆਪਣੇ ਜ਼ਖ਼ਮੀ ਇਨਕਲਾਬੀ ਸਾਥੀ ਦੀ ਜਾਨ ਬਚਾਉਣ ਲਈ ਗੱਡੇ ਵਾਸਤੇ ਇਕ ਬਲਦ ਹੀ ਉਪਲਬਧ ਹੋਣ ਕਰਕੇ ਖ਼ੁਦ ਹੀ ਜੂਲੇ ਦੇ ਦੂਜੇ ਪਾਸੇ ਆਪਣੀ ਧੌਣ ਦੇ ਕੇ ਕਰੀਬ ਚਾਰ ਮੀਲ ਗੱਡਾ ਲਿਜਾਣ ਦੀ ਘਟਨਾ ਯਾਣੀ ਇਨਕਲਾਬੀ ਦੇ ਸਿਰ ਸਵਾਰ ਦੇਸ਼ ਭਗਤੀ ਦੇ ਜਾਨੂੰਨ ਦਾ ਜ਼ਿਕਰ ਇਸ ਪੁਸਤਕ ਦਾ ਸਿਖਰ ਹੋ ਨਿਬੜਦਾ ਹੈ। ਸੋ, ਇਸ ਪੁਸਤਕ ਵਿਚਲੇ ਇਨਕਲਾਬੀ ਜਜ਼ਬਿਆਂ ਦਾ ਸਾਂਭਿਆ ਬਹੁਤ ਸਾਰਾ ਇਤਿਹਾਸ ਪੜ੍ਹਨ ਨੂੰ ਮਿਲਦਾ ਹੈ।
ਆਜ਼ਾਦੀ ਤੋਂ ਬਾਅਦ ਵੀ ਬਹੁਤ ਸਾਰੀਆਂ ਰਾਜਨੀਤਕ ਪ੍ਰਬੰਧ ਦੀਆਂ ਕੁਰੀਤੀਆਂ ਜਿਉਂ ਦੀਆਂ ਤਿਉਂ ਹੀ ਰਹੀਆਂ ਤਾਂ ਇੰਦਰ ਸਿੰਘ ਮੁਰਾਰੀ ਵਰਗੇ ਅਣਖੀ ਇਨਕਲਾਬੀਆਂ ਨੇ ਦੇਸੀ ਸਰਕਾਰ ਵਿਰੁੱਧ ਵੀ ਆਪਣਾ ਸਿਧਾਂਤਕ ਟਕਰਾਅ ਜਾਰੀ ਰੱਖਿਆ ਜਿਸ ਦਾ ਵੇਰਵਾ ਨਾ ਹੋਣ ਕਰਕੇ ਪਾਠਕਾਂ ਨੂੰ ਹੇਰਵਾ ਜ਼ਰੂਰ ਹੀ ਰਹੇਗਾ। ਲੇਖਕ/ਸੰਪਾਦਕ ਅਨੁਸਾਰ ਇੰਦਰ ਸਿੰਘ ਮੁਰਾਰੀ ਨੇ 'ਹਾਲ ਦੀ ਘੜੀ ਏਨਾ ਹੀ ਸਹੀ' ਆਖ ਗੱਲ ਮੁੱਕਦੀ ਕਰ ਦਿੱਤੀ ਸੀ ਪਰ ਉਸ 'ਹਾਲ ਦੀ ਘੜੀ' ਤੋਂ ਅਗਲੀ ਘੜੀ ਕਦੇ ਵੀ ਨਾ ਆਈ ਕਿਉਂਕਿ ਅਗਲੀ ਘੜੀ ਮੁਰਾਰੀ ਨਾਲ ਹੀ ਦੁਨੀਆ ਤੋਂ ਰੁਖ਼ਸਤ ਹੋ ਗਈ।

-ਮਾ: ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋਬਾਈਲ : 98764-74858

ਮਾਸਕ
ਲੇਖਕ : ਵਰਿਆਮ ਮਸਤ
ਪ੍ਰਕਾਸ਼ਕ : ਨਵਯੁੱਗ ਪਬਲੀਸ਼ਰਜ਼, ਨਵੀਂ ਦਿੱਲੀ
ਮੁੱਲ : 150 ਰੁਪਏ, ਸਫ਼ੇ : 85
ਸੰਪਰਕ : 098102-71749

ਇਹ ਨਾਟਕ ਕੋਰੋਨਾ ਕਾਲ ਵਿਚ ਸੰਪੂਰਨ ਹੋਇਆ ਅਤੇ ਤਾਲਾਬੰਦੀ ਨੂੰ ਸਮਰਪਿਤ ਹੈ। ਕੋਰੋਨਾ ਦੇ ਖ਼ਤਰਨਾਕ ਦੌਰ, ਮੌਤਾਂ ਹੀ ਮੌਤਾਂ ਅਤੇ ਮਾਸਕ, ਤਾਲਾਬੰਦੀ ਨੇ ਨਾਟਕਕਾਰ ਨੂੰ ਹਿਲਾ ਕੇ ਰੱਖ ਦਿੱਤਾ। ਆਕਸੀਜਨ ਤੋਂ ਬਿਨਾਂ ਵਿਲਕਦੇ ਹੋਏ ਲੋਕ, ਉਦਾਸ ਬੁੱਝੇ ਹੋਏ ਚਿਹਰੇ, ਅੰਦਰ ਧਸੀਆਂ ਹੋਈਆਂ ਅੱਖਾਂ, ਸਹਿਮ ਅਤੇ ਦਰਦ ਦੇ ਆਲਮ ਵਿਚ ਲੇਖਕ ਜਿਵੇਂ ਸੁੰਨ ਹੋ ਗਿਆ। ਉਸ ਦੇ ਕਈ ਦੋਸਤ ਅਤੇ ਰਿਸ਼ਤੇਦਾਰ ਕੋਰੋਨਾ ਨੇ ਨਿਗਲ ਲਏ। ਫਿਰ ਆਪਣੇ ਆਪ ਨੂੰ ਬਚਾਉਣ ਲਈ ਉਸ ਨੇ ਵੀ ਮਾਸਕ ਪਾ ਲਿਆ। ਨਾਟਕ ਵਿਚ ਦਰਸਾਇਆ ਗਿਆ ਹੈ ਕਿ ਹਰ ਬੰਦੇ ਨੇ ਆਪਣੇ ਉੱਪਰ ਝੂਠ ਫਰੇਬ ਦਾ ਮਾਸਕ ਪਾਇਆ ਹੋਇਆ ਹੈ। ਇਸ ਮਾਸਕ ਉਹਲੇ ਉਹਦੀ ਅਸਲੀਅਤ ਲੁਕੀ ਰਹਿੰਦੀ ਹੈ। ਜਦੋਂ ਮਾਸਕ ਪਰ੍ਹਾਂ ਹੁੰਦਾ ਹੈ ਤਾਂ ਬੰਦਿਆਂ ਦਾ ਕਾਲਾ ਨਕਲੀ ਕਿਰਦਾਰ ਨਜ਼ਰ ਆਉਂਦਾ ਹੈ। ਨਾਟਕ ਦੇ ਪਾਤਰ ਤਿੜਕੇ ਹੋਏ, ਨਾਜਾਇਜ਼ ਰਿਸ਼ਤਿਆਂ ਨੂੰ ਨਿਭਾਉਂਦੇ ਹੋਏ ਨੀਮ-ਪਾਗਲ ਜਿਹੇ ਜਾਪਦੇ ਹਨ। ਨਾਟਕ ਦੀ ਕਹਾਣੀ ਹਰਮਨ ਅਤੇ ਉਸ ਦੀ ਪਤਨੀ ਜਿਓਤੀ ਦੁਆਲੇ ਘੁੰਮਦੀ ਹੈ। ਜਿਓਤੀ ਸੰਤਾਨ ਨੂੰ ਤਰਸਦੀ ਹੈ। ਆਪਣੇ ਪਤੀ ਤੋਂ ਨਿਰਾਸ਼ ਹੋ ਕੇ ਉਹ ਗੁੰਮਰਾਹ ਹੋ ਜਾਂਦੀ ਹੈ ਅਤੇ ਦੂਸਰੇ ਪੁਰਸ਼ਾਂ ਨਾਲ ਰਿਸ਼ਤੇ ਬਣਾ ਲੈਂਦੀ ਹੈ। ਹਰਮਨ ਦਾ ਆਚਾਰ ਵਿਹਾਰ ਵੀ ਬਹੁਤ ਮਾੜਾ ਹੈ। ਇਹ ਜੋੜਾ ਸਾਰੀ ਉਮਰ ਭਟਕਣਾ ਵਿਚ ਹੀ ਗੁਜ਼ਾਰ ਦਿੰਦਾ ਹੈ। ਨਾਟਕ ਦੇ ਹੋਰ ਪਾਤਰ ਰਹਿਮਤ, ਕਮਲ, ਭਾਨਾ ਅਤੇ ਨਿੰਦੀ ਹਨ। ਹਰਮਨ ਨੇ ਆਪਣੇ ਧਰਮ ਅਤੇ ਜਨਮ ਬਾਰੇ ਝੂਠੇ ਸਰਟੀਫ਼ਿਕੇਟ ਬਣਵਾਏ ਹੋਏ ਹਨ। ਪਤਾ ਲੱਗਣ 'ਤੇ ਸਰਕਾਰ ਨੇ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ। ਜਿਓਤੀ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦਾ ਪਤੀ ਕਿਸੇ ਅਜਿਹੀ ਏਜੰਸੀ ਲਈ ਗੁਪਤ ਕੰਮ ਕਰਦਾ ਰਿਹਾ ਹੈ ਜੋ ਹਿੰਦੂਆਂ ਦਾ ਧਰਮ ਪਰਿਵਰਤਿਤ ਕਰਦੀ ਹੈ। ਅਨੇਕਾਂ ਬੇਗੁਨਾਹਾਂ ਦੀ ਮੌਤ ਦਾ ਜ਼ਿੰਮੇਵਾਰ ਹਰਮਨ ਅੰਤ ਵਿਚ ਜਿਓਤੀ ਤੋਂ ਮੁਆਫ਼ੀ ਮੰਗਦਾ ਹੈ। ਇਉਂ ਇਹ ਨਾਟਕ ਰਿਸ਼ਤਿਆਂ ਦਾ ਦੁਖਾਂਤ ਪੇਸ਼ ਕਰਦਾ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਮੇਰੀਆਂ ਧੁੱਪਾਂ ਮੇਰੀਆਂ ਛਾਵਾਂ
ਸ਼ਾਇਰ : ਅਮਰੀਕ ਡੋਗਰਾ
ਸੰਪਾਦਕ : ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 600 ਰੁਪਏ, ਸਫ਼ੇ : 546
ਸੰਪਰਕ : 099588-31357

ਅਮਰੀਕ ਡੋਗਰਾ ਪੰਜਾਬੀ ਗ਼ਜ਼ਲ ਦਾ ਪ੍ਰਬੁੱਧ ਹਸਤਾਖ਼ਰ ਹੈ ਤੇ ਉਸ ਨੇ ਲੰਬਾ ਸਮਾਂ ਗ਼ਜ਼ਲ ਸਿਰਜਦਿਆਂ ਗੁਜ਼ਾਰਿਆ ਹੈ। ਇਸ ਦੇ ਨਾਲ-ਨਾਲ ਉਸ ਨੇ ਕਵਿਤਾ ਨਾਲ-ਨਾਤਾ ਵੀ ਰੱਖਿਆ ਹੈ। 'ਮੇਰੀਆਂ ਧੁੱਪਾਂ ਮੇਰੀਆਂ ਛਾਵਾਂ' ਵੱਡ ਆਕਾਰੀ ਪੁਸਤਕ ਉਸ ਦਾ ਹੁਣ ਤਕ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ, ਜਿਸ ਨੂੰ ਬਲਦੇਵ ਸਿੰਘ ਬੱਦਨ ਨੇ ਸੰਪਾਦਿਤ ਕੀਤਾ ਹੈ। ਇਸ ਪੁਸਤਕ ਦੇ ਪਹਿਲੇ 52 ਪੰਨਿਆਂ ਵਿਚ ਅਮਰੀਕ ਡੋਗਰਾ ਦੇ ਜੀਵਨ ਸੰਘਰਸ਼ ਤੇ ਸਾਹਿਤਕ ਪ੍ਰਾਪਤੀਆਂ ਸੰਬੰਧੀ ਵਿਸਤਰਤ ਜਾਣਕਾਰੀ ਮਿਲਦੀ ਹੈ। ਇਨ੍ਹਾਂ ਪੰਨਿਆਂ 'ਤੇ ਉਸ ਦੀ ਜ਼ਿੰਦਗੀ ਦੇ ਕਈ ਅਣਫੋਲੇ ਪਹਿਲੂ ਸਾਹਮਣੇ ਆਉਂਦੇ ਹਨ, ਜੋ ਨਿਰਾਸ਼ਾ ਵੀ ਉਪਜਦੇ ਹਨ ਤੇ ਉਤਸ਼ਾਹ ਵੀ। ਜਿਥੇ ਇਹ ਰੌਚਕ ਹਨ ਉਥੇ ਇਨ੍ਹਾਂ ਦਾ ਇਤਿਹਾਸਕ ਮਹੱਤਵ ਵੀ ਹੈ। 'ਮੇਰੀਆਂ ਧੁੱਪਾਂ ਮੇਰੀਆਂ ਛਾਵਾਂ' ਪੁਸਤਕ ਵਿਚ ਡੋਗਰਾ ਦੇ 9 ਕਾਵਿ-ਸੰਗ੍ਰਹਿਆਂ ਦਾ ਮੁੜ ਪ੍ਰਕਾਸ਼ਨ ਹੋਇਆ ਹੈ ਤੇ ਕੁਝ ਨਵੀਆਂ ਕਵਿਤਾਵਾਂ ਨੂੰ ਜੋੜਿਆ ਗਿਆ ਹੈ। ਇਸ ਕਿਤਾਬ ਵਿਚ ਮੁੜ ਪ੍ਰਕਾਸ਼ਿਤ ਪੁਸਤਕਾਂ 'ਪਰਕਰਮਾ', 'ਇਕੱਲ ਦਾ ਸਫ਼ਰ', 'ਇਕ ਸ਼ਾਇਰ-ਇਕ ਪੈਗ਼ੰਬਰ', 'ਕੱਚ ਦਾ ਗੁੰਬਦ', 'ਸੁਨਹਿਰੀ ਬੀਨ', 'ਝਾਂਜਰ ਵੀ ਜ਼ੰਜੀਰ ਵੀ', 'ਅਲਵਿਦਾ ਨਹੀਂ', 'ਗੁਲਬੀਨ' ਤੇ 'ਸ਼ਬਦ ਸ਼ਬਦ ਗੁਲਾਬ' ਸ਼ਾਮਲ ਹਨ, ਜੋ ਕ੍ਰਮਵਾਰ 1978, 1982, 1993, 1999, 2004, 2012, 2012, 2018 ਤੇ 2022 ਵਿਚ ਪ੍ਰਕਾਸ਼ਿਤ ਹੋਈਆਂ ਸਨ। ਡੋਗਰਾ ਦੀਆਂ ਗ਼ਜ਼ਲਾਂ ਵਿਚ ਗ਼ਜ਼ਲ ਦੀ ਵਿਆਕਰਣ ਦਾ ਨਿਭਾਅ ਵੀ ਹੈ ਤੇ ਸ਼ਬਦੀ ਡੂੰਘਾਣ ਤੇ ਉਚਾਣ ਵੀ ਹੈ। ਇਹ ਗ਼ਜ਼ਲਾਂ ਕਿਸੇ ਹੋਰ ਦੀ ਸ਼ੈਲੀ ਦਾ ਪ੍ਰਭਾਵੀਕਰਨ ਨਹੀਂ ਹਨ, ਸਗੋਂ ਇਨ੍ਹਾਂ ਦਾ ਆਪਣਾ ਮੌਲਿਕ ਮੁਹਾਂਦਰਾ ਹੈ। ਪੁਸਤਕ ਦੇ ਸ਼ਿਅਰਾਂ ਨੂੰ ਸਿਰਫ਼ ਅਮਰੀਕ ਡੋਗਰਾ ਦੀ ਪਛਾਣ ਹਾਸਿਲ ਹੈ। ਉਸ ਦੇ ਗੀਤਾਂ 'ਤੇ ਵੀ ਗ਼ਜ਼ਲਕਾਰੀ ਦਾ ਪ੍ਰਭਾਵ ਹੈ। ਕਈਆਂ ਘਟਨਾਵਾਂ ਤੇ ਦ੍ਰਿਸ਼ਾਂ ਨੂੰ ਗ਼ਜ਼ਲ ਵਿਚ ਓਨਾ ਖੁੱਲ੍ਹ ਕੇ ਨਹੀਂ ਪ੍ਰਗਟਾਇਆ ਜਾ ਸਕਦਾ, ਸ਼ਾਇਦ ਇਸੇ ਲਈ ਡੋਗਰਾ ਨੇ ਗ਼ਜ਼ਲ ਦੇ ਨਾਲ-ਨਾਲ ਕਵਿਤਾ ਨੂੰ ਵੀ ਚੁਣਿਆ ਹੈ। ਬਿਨਾਂ ਸ਼ੱਕ ਉਸ ਦੀਆਂ ਕਵਿਤਾਵਾਂ ਦੀ ਊਰਜਾ ਤੇ ਵੇਗ ਵੀ ਤਾਰੀਫ਼ ਦੇ ਕਾਬਿਲ ਹਨ। ਡੋਗਰਾ ਦੇ ਸਵੈ-ਕਥਨ ਅਨੁਸਾਰ ਕਿਸੇ ਅਨਹੋਣੀ ਤੋਂ ਪਹਿਲਾਂ ਆਪਣੀਆਂ ਤਮਾਮ ਰਚਨਾਵਾਂ ਨੂੰ ਇਕ ਪੁਸਤਕ ਰਾਹੀਂ ਸਾਂਭਣ ਦੀ ਉਸ ਦੀ ਇੱਛਾ ਸੀ, ਜੋ ਬੜੇ ਸ਼ਾਨਦਾਰ ਢੰਗ ਨਾਲ ਪੂਰੀ ਹੋਈ ਹੈ। ਅਨਹੋਣੀ ਬਾਰੇ ਉਸ ਦੀ ਕਲਪਨਾ ਨੂੰ ਰੱਦ ਕਰਦਾ ਹੋਇਆ ਮੈਂ 'ਮੇਰੀਆਂ ਧੁੱਪਾਂ ਮੇਰੀਆਂ ਛਾਵਾਂ' ਨੂੰ ਖ਼ੁਸ਼ਆਮਦੀਦ ਕਹਿੰਦਾ ਹਾਂ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਯਾਦ ਯਾਦਾਂ ਦੀ
ਲੇਖਕ : ਮਾਸਟਰ ਜਸਵੰਤ ਸਿੰਘ ਗਿੱਲ
ਪ੍ਰਕਾਸ਼ਕ : ਮਾਸਟਰ ਜਸਵੰਤ ਸਿੰਘ ਗਿੱਲ, ਤਰਨ ਤਾਰਨ
ਮੁੱਲ : 350 ਰੁਪਏ, ਸਫ਼ੇ : 120
ਸੰਪਰਕ : 89683-03787

ਮਾਸਟਰ ਜਸਵੰਤ ਸਿੰਘ ਗਿੱਲ ਦੀ ਪੁਸਤਕ 'ਯਾਦ ਯਾਦਾਂ ਦੀ' ਤੋਂ ਇਕ ਗੱਲ ਸਾਹਮਣੇ ਆਈ ਹੈ ਕਿ ਇਹ ਪੁਸਤਕ ਉਨ੍ਹਾਂ ਦੀ 84 ਸਾਲਾਂ ਦੀ ਜ਼ਿੰਦਗੀ ਦੇ ਕੌੜੇ ਕੁਸੈਲੇ ਤਜਰਬਿਆਂ ਦੀ ਉਪਜ ਹੈ, ਜਿਸ ਵਿਚ ਬੜੀ ਵਿਦਵਤਾ ਤੇ ਸਿਆਣਪ ਨਾਲ ਯਾਦਾਂ ਨੂੰ ਇਕੱਠਿਆਂ ਕਰਕੇ ਯਾਦਾਂ ਦੇ ਗੁਲਦਸਤੇ ਦੇ ਰੂਪ 'ਚ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ, ਜੋ ਕਿ ਕਾਬਲ-ਏ-ਤਾਰੀਫ਼ ਹੈ। ਲੇਖਕ ਦੀਆਂ ਯਾਦਾਂ ਦਾ ਜ਼ਿਕਰ ਕਰਦਿਆਂ ਬਚਪਨ ਦੀ ਗੱਲ 'ਸਾਰਾ ਦਿਨ ਰੋਈ ਜਾਣਾ, ਗੁੱਸੇ 'ਚ ਆ ਕੇ ਘਰ ਦੀਆਂ ਚੀਜ਼ਾਂ ਖੂਹੀ 'ਚ ਸੁੱਟੀ ਜਾਣੀਆਂ। ਸਕੂਲ 'ਚ ਪ੍ਰੀਤੂ ਨੂੰ ਮੋਰੀ ਵਾਲਾ ਪੈਸਾ ਦੇ ਕੇ ਪ੍ਰਸ਼ਨਾਂ ਦੇ ਉੱਤਰ ਲੈਣਾ, ਮਾਸਟਰਾਂ ਦੀ ਕੁੱਟ, ਮਾਸਟਰ ਨੇ ਰੱਖੇ ਡੰਗਰਾਂ ਲਈ ਵਰ੍ਹਦੇ ਮੀਂਹ 'ਚ ਪੱਠੇ ਵੱਢਣਾ ਜਿਸਦਾ, ਲੇਖਕ ਨੂੰ ਫਾਇਦਾ ਵੀ ਹੋਇਆ, 2 ਅਕਤੂਬਰ, 1957 ਵਾਲੀ 'ਉਮਰ' ਵਾਲੀ ਯਾਦ, ਸਟੇਸ਼ਨ ਮਾਸਟਰ ਦੇ ਘਰ ਤਾਜ਼ੀ ਲੱਸੀ ਲੈ ਕੇ ਜਾਣਾ, ਅੱਖਾਂ ਸਾਹਮਣੇ ਹੋਏ ਦੋ ਕਤਲਾਂ ਦੀ ਯਾਦ ਆਦਿ ਇਨ੍ਹਾਂ ਦੇ ਨਾਲ-ਨਾਲ ਸਕੂਲਾਂ, ਕਾਲਜਾਂ 'ਚੋਂ ਲਈਆਂ ਡਿਗਰੀਆਂ, ਏਅਰ ਫੋਰਸ 'ਚ ਕੀਤੀ ਨੌਕਰੀ ਤੇ ਬਦਲੀਆਂ ਦੌਰਾਨ ਯਾਦਾਂ ਨੂੰ ਬੜੇ ਸੁਹਜਮਈ ਤਰੀਕੇ ਨਾਲ ਲੇਖਕ ਨੇ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਪੰਜਾਬ ਵਿੱਦਿਆ ਵਿਭਾਗ ਵਿਚ ਨੌਕਰੀ ਕਰਦਿਆਂ, ਇੰਗਲੈਂਡ ਦੋ ਵਾਰੀ ਫੇਰੀ ਮਾਰਨ ਸਮੇਂ ਤਰਨ ਤਾਰਨ 'ਚ ਅੰਗਰੇਜ਼ੀ ਸਕੂਲ ਖੋਲ੍ਹਣ ਤੱਕ ਦੀਆਂ ਯਾਦਾਂ ਨੂੰ ਪੇਸ਼ ਕਰਨਾ ਬੜੀ ਰੌਚਿਕਤਾ ਨਾਲ ਪੇਸ਼ ਕੀਤਾ ਹੈ। 'ਯਾਦ ਚਾਣਕਯ ਨੀਤੀ ਦੀ' ਲੇਖ 'ਚ ਬਹੁਤ ਹੀ ਕੰਮ ਦੀਆਂ ਗੱਲਾਂ ਜੋ ਕਿ ਪੁਸਤਕ ਲਈ ਸੋਨੇ 'ਤੇ ਸੁਹਾਗੇ ਦਾ ਕੰਮ ਕਰਦੀਆਂ ਹਨ। ਜਿਵੇਂ:
* ਸ਼ੇਰ ਤੋਂ ਇਕ, ਬਗਲੇ ਤੋਂ ਚਾਰ, ਕਾਂ ਤੋਂ ਪੰਜ, ਕੁੱਤੇ ਤੋਂ ਛੇ, ਖੋਤੇ ਤੋਂ ਤਿੰਨ, ਮੁਰਗੇ ਤੋਂ ਚਾਰ ਗੁਣ ਸਿੱਖੇ ਜਾ ਸਕਦੇ ਹਨ।
* ਹਾਥੀ ਨੂੰ ਦੇਖ ਕੇ ਹਜ਼ਾਰ ਹੱਥ ਦੂਰ, ਘੋੜੇ ਤੋਂ ਸੌ ਹੱਥ ਦੂਰ, ਸਿੰਗ ਵਾਲੇ ਪਸ਼ੂ ਤੋਂ ਦਸ ਹੱਥ ਦੂਰ ਰਹੋਗੇ ਤਾਂ ਬਚੋਗੇ।
* ਅੱਗ, ਪਾਣੀ, ਸੱਪ ਤੇ ਮੂਰਖ ਤੋਂ ਸਦਾ ਦੂਰ ਰਹੋ, ਜ਼ਰਾ ਜਿੰਨੀ ਗ਼ਲਤੀ ਨਾਲ ਜਾਨ ਵੀ ਜਾ ਸਕਦੀ ਹੈ।
* ਮਨੁੱਖ ਦੀ ਇਨ੍ਹਾਂ ਚਾਰ ਚੀਜ਼ਾਂ ਪੈਸਾ, ਜੀਵਨ, ਔਰਤ ਅਤੇ ਭੋਜਨ ਦੀ ਭੁੱਖ ਕਦੇ ਨਹੀਂ ਮਿਟਦੀ।
* ਸੱਪ ਦੇ ਦੰਦਾਂ ਵਿਚ, ਮੱਖੀ ਦੇ ਸਿਰ ਵਿਚ, ਬਿੱਛੂ ਦੀ ਪੂਛ ਵਿਚ ਪਰ ਬੁਰੇ ਆਦਮੀ ਦੇ ਸਾਰੇ ਸਰੀਰ ਵਿਚ ਜ਼ਹਿਰ ਹੁੰਦਾ ਹੈ।
ਸਾਰੀ ਪੁਸਤਕ ਨੂੰ ਨਿੱਠ ਕੇ ਪੜ੍ਹਨ ਦੀ ਜ਼ਰੂਰਤ ਹੈ। ਇਹ ਇਕ ਰੋਮਾਂਟਿਕ ਫ਼ਿਲਮ ਦੀ ਤਰ੍ਹਾਂ ਹੋਰ ਤੇ ਹੋਰ ਸਵਾਦਲੀ ਹੋਈ ਜਾਂਦੀ ਹੈ। ਪੁਸਤਕ ਸਾਂਭਣਯੋਗ ਹੈ, ਜਿਸ ਨੂੰ ਪੜ੍ਹ ਕੇ ਬਹੁਤ ਲਾਹਾ ਖੱਟਿਆ ਜਾ ਸਕਦਾ ਹੈ। ਲੇਖਕ ਪਾਸੋਂ ਹੋਰ ਵੀ ਇਸ ਤਰ੍ਹਾਂ ਦੀਆਂ ਪੁਸਤਕਾਂ ਦੀ ਆਸ ਕੀਤੀ ਜਾ ਸਕਦੀ ਹੈ।

-ਡੀ. ਆਰ. ਬੰਦਨਾ
ਮੋਬਾਈਲ : 94173-89003

ਦਿਲਚਸਪ ਨਜ਼ਾਰੇ ਪੰਜਾਬੀ ਸਭਿਆਚਾਰ ਦੇ
ਲੇਖਕ : ਪ੍ਰਿੰ. ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 98764-52223

ਪ੍ਰਿੰ. ਬਹਾਦਰ ਸਿੰਘ ਗੋਸਲ 5 ਦਰਜਨ ਦੇ ਲਗਭਗ ਬਾਲ ਸਾਹਿਤ ਦੀਆਂ ਪੁਸਤਕਾਂ ਅਤੇ 2 ਦਰਜਨ ਵਾਰਤਕ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਹਥਲੀ ਪੁਸਤਕ ਸੱਭਿਆਚਾਰਕ ਲੇਖਾਂ 'ਤੇ ਆਧਾਰਿਤ ਉਸ ਦੀ ਨਵੀਂ ਪੁਸਤਕ ਹੈ। ਇਨ੍ਹਾਂ ਸੱਭਿਆਚਾਰਕ ਲੇਖਾਂ ਵਿਚ ਪ੍ਰਿੰ. ਗੋਸਲ ਨੇ ਪੰਜਾਬੀ ਸੱਭਿਆਚਾਰ ਦੇ ਅਣਮੋਲ ਸਰੋਕਾਰਾਂ ਨੂੰ ਪੇਸ਼ ਕੀਤਾ ਹੈ। ਅਲੋਪ ਹੋ ਰਿਹਾ ਸੱਭਿਆਚਾਰ, ਵਰਤਮਾਨ ਵਿਚ ਤਬਦੀਲ ਹੋ ਰਹੇ ਵਰਤਾਰੇ ਅਤੇ ਭਵਿੱਖ ਵਿਚ ਪ੍ਰਚਲਿਤ ਹੋ ਰਹੇ ਕਈ ਰੁਝਾਨ ਪੇਸ਼ ਕਰਕੇ ਉਸ ਨੇ ਪੰਜਾਬੀ ਸੱਭਿਆਚਾਰ ਦੀ ਅਣਮੁੱਲੀ ਤਸਵੀਰ ਪੇਸ਼ ਕਰ ਦਿੱਤੀ ਹੈ। ਉਸ ਦੇ ਲੇਖਾਂ ਵਿਚ ਕਿਤੇ ਵਿਆਹ ਦੇ ਲੱਡੂ ਭੁਰਦੇ ਹਨ ਤੇ ਕਿਤੇ ਖੁਰਪਾ ਕਾਸ਼ਤਕਾਰੀ ਵਿਚ ਰੁੱਝਿਆ ਹੈ। ਵਿਸਾਖੀ ਦੇ ਜਸ਼ਨਾਂ ਵਿਚ ਰੁੱਝਿਆ ਪੰਜਾਬੀ ਆਪਣੀ ਮਿਹਨਤ ਦੇ ਸਿਰ 'ਤੇ ਝੂਮਦਾ ਫਿਰਦਾ ਹੈ। ਗੁਲੇਲਾਂ ਖੇਡ ਆਪਣੇ ਸ਼ੌਕ ਪੂਰੇ ਕਰਦਾ ਹੈ, ਚਾਦਰਾ ਤੇੜ ਬੰਨ੍ਹ ਆਪਣੇ ਸੱਭਿਆਚਾਰ ਨੂੰ ਪੂਰਦਾ ਹੈ ਅਤੇ ਸਮੇਂ ਦੇ ਬਦਲਾਅ ਦੇ ਪਰਿਵਰਤਨ ਨੂੰ ਜੀਵਨ ਵਿਚ ਸਮੋਂਦਾ ਹੈ। ਇਨ੍ਹਾਂ ਲੇਖਾਂ ਵਿਚ ਹੀ ਸੁਹਲ ਪਰ ਹਿੰਮਤਵਾਲੀ ਕਿਸੇ ਪੰਜਾਬਣ ਦੇ ਕੰਨਾਂ ਦੀਆਂ ਡੰਡੀਆਂ ਊਠ ਦੀ ਸਵਾਰੀ ਵੇਲੇ ਦੁਖਦੀਆਂ ਹਨ ਤੇ ਕੋਈ ਹੋਰ ਆਪਣੇ ਢੋਲ ਦੀ ਚਿੱਠੀ ਉਡੀਕਦੀ ਹੈ। ਸੇਵੀਆਂ ਵੱਟਣ, ਕਪਾਹ ਚੁਗਣ ਤੇ ਸੂਤ ਕੱਤਣ ਦੇ ਹੁਨਰਾਂ ਵਿਚ ਰੁੱਝੀ ਸੁਆਣੀ ਆਪਣੀਆਂ ਰੰਗ-ਬਰੰਗੀਆਂ ਚੁੰਨੀਆਂ ਵਿਚ ਸਾਹ ਲੈਂਦੀ ਹੈ। ਸੂਫ਼ ਦੇ ਘੱਗਰੇ ਉਸ ਦੇ ਹੁਸਨ ਨੂੰ ਚਾਰ ਚੰਨ ਲਾਉਂਦੇ ਹਨ ਤੇ ਸ਼ੀਸ਼ਿਆਂ ਵਾਲਾ ਸੰਦੂਕ ਉਸ ਦੀ ਸੁੰਦਰਤਾ ਨੂੰ ਤੱਕ ਕੇ ਆਪਣੇ-ਆਪ 'ਤੇ ਰਸ਼ਕ ਕਰਦਾ ਹੈ। ਵਿਆਹ ਦੀਆਂ ਰਸਮਾਂ ਵਿਚ ਨਾਨਕੀਆਂ ਛੱਜ ਤੋੜ ਕੇ ਆਪਣੀਆਂ ਜ਼ਿੰਮੇਵਾਰੀਆਂ ਵੀ ਸਰ-ਅੰਜਾਮ ਦਿੰਦੀਆਂ ਹਨ। ਇਸ ਪੁਸਤਕ ਦੇ ਦੋ ਲੇਖ ਕੀ ਕਿਹਾ? ਡਰੱਗ ਮੇਰੇ ਯਾਰ ਨੂੰ ਪਹੁੰਚਾਈਂ ਵੇ ਕਬੂਤਰਾ ਅਤੇ ਪੰਜਾਬ ਵਿਚ ਪੱਗਾਂ ਤੇ ਚੁੰਨੀਆਂ ਦੀ ਘਟ ਰਹੀ ਗਿਣਤੀ ਦੀ ਚਿੰਤਾ 'ਤੇ ਚਿੰਤਨ ਦੀ ਲੋੜ ਖ਼ਾਸ ਤੌਰ 'ਤੇ ਵਿਚਾਰ ਕਰਨ ਯੋਗ ਲੇਖ ਹਨ। ਇਨ੍ਹਾਂ ਲੇਖਾਂ ਵਿਚ ਤੱਥ ਸਹੀ ਅਰਥਾਂ ਵਿਚ ਚਿੰਤਨਯੋਗ ਹਨ ਤਾਂ ਕਿ ਆਧੁਨਿਕਤਾ ਦੀ ਮਾਰ ਤੋਂ ਸੱਭਿਆਚਾਰ ਬਚ ਸਕੇ। ਪੁਸਤਕ ਦੀ ਭਾਸ਼ਾ ਸਿੱਧੀ ਤੇ ਸਰਲ ਹੈ। ਲੇਖਕ ਦੀ ਸ਼ੈਲੀ ਦਿਲਚਸਪ ਹੈ ਤੇ ਲੇਖਕ ਆਪਣੀ ਗੱਲ ਨੂੰ ਕਾਵਿਕ ਹਵਾਲੇ ਦੇ ਕੇ ਸਿੱਧ ਕਰਨ ਦੀ ਮੁਹਾਰਤ ਰੱਖਦਾ ਹੈ। ਇਹ ਪੁਸਤਕ ਲੇਖਕ ਦੀਆਂ ਵਾਰਤਕ ਪੁਸਤਕਾਂ ਵਿਚ ਇਕ ਗੁਣਾਤਮਿਕ ਵਾਧਾ ਸਾਬਤ ਹੋਵੇਗੀ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

29-10-2023

 ਮਨ ਦਾ ਵਿਚਾਰ
ਲੇਖਕ : ਬਾਲਾ ਮੰਗੂਵਾਲੀਆ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 99156-01274

ਸ਼ਾਇਰ ਬਾਲਾ ਮੰਗੂਵਾਲੀਆ ਆਪਣੀ ਹਥਲੀ ਕਾਵਿ-ਕਿਤਾਬ 'ਮਨ ਦਾ ਵਿਚਾਰ' ਤੋਂ ਪਹਿਲਾਂ ਵੀ 'ਸੁੱਚੇ ਮੋਤੀ' ਕਿਤਾਬ ਨਾਲ ਪੰਜਾਬੀ ਪਾਠਕਾਂ ਦੇ ਰੂਬਰੂ ਹੋ ਚੁੱਕਾ ਹੈ। ਸ਼ਾਇਰ ਦੀ ਇਹ ਸ਼ਾਇਰੀ ਆਧੁਨਿਕ ਸ਼ਾਇਰੀ ਤੋਂ ਵਿੱਥ ਸਿਰਜ ਕੇ ਅਧਿਆਤਮਵਾਦੀ ਸ਼ਾਇਰੀ ਦੇ ਖਾਨੇ ਵਿਚ ਆ ਜਾਂਦੀ ਹੈ ਜੋ ਭਾਰਤੀ ਫਲਸਫ਼ੇ ਅਤੇ ਗੁਰਬਾਣੀ ਦੇ ਮਾਰਗ ਦੀ ਆਸਥਾ ਦੀ ਸੌਖੇ ਤੇ ਸਪਾਟ ਸ਼ਬਦਾਂ ਵਿਚ ਵਿਆਖਿਆ ਕਰਦੀ ਹੈ।
ਜਦੋਂ ਉਹ ਵਿਆਖਿਆ ਕਰ ਰਿਹਾ ਹੁੰਦਾ ਹੈ ਤਾਂ ਗੁਰਬਾਣੀ ਦੀ ਉਹ ਤੁਕ ਜਾਂ ਸ਼ਬਦ ਸਹਿਜੇ ਹੀ ਅਸਾਡੇ ਦ੍ਰਿਸ਼ਟੀ ਗੋਚਰ ਹੋ ਜਾਂਦੇ ਹਨ। ਉਹ ਜਦੋਂ ਸਫ਼ਾਈ ਤੇ ਇਸ਼ਨਾਨ ਦਾ ਜ਼ਿਕਰ ਕਰਦਾ ਹੈ ਤਾਂ ਗੁਰਬਾਣੀ ਦਾ ਉਹ ਸ਼ਬਦ 'ਕਰਿ ਇਸ਼ਨਾਨੁ ਸਿਮਰਿ ਪ੍ਰਭੁ ਅਪਨਾ ਤਨ ਮਨ ਭਏ ਅਰੋਗਾ' ਦਾ ਦ੍ਰਿਸ਼ਟਾਂਤ ਸਾਡੇ ਸਾਹਮਣੇ ਆ ਜਾਂਦਾ ਹੈ। ਜਦੋਂ ਉਹ ਮਿੱਟੀ ਦਾ ਜ਼ਿਕਰ ਕਰਦਾ ਹੈ ਤਾਂ ਬਾਬਾ ਫ਼ਰੀਦ ਦਾ ਉਹ ਸਲੋਕ ਅਸਾਡੇ ਦ੍ਰਿਸ਼ਟੀਗੋਚਰ ਹੋ ਜਾਂਦਾ ਹੈ 'ਫਰੀਦਾ ਖਾਕੁ ਨਾ ਨਿੰਦੀਐ, ਖਾਕੁ ਜੇਡੁ ਨ ਕੋਇ॥ ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ॥'
ਸ਼ਾਇਰ ਸਕਾਟਲੈਂਡ ਦੀ ਉਸ ਧਰਤੀ 'ਤੇ ਰੋਜ਼ੀ-ਰੋਟੀ ਕਮਾ ਰਿਹਾ ਹੈ ਜਿਥੇ ਪੌਂਡਾਂ ਦੀ ਦੌਲਤ ਅੱਖਾਂ ਚੁੰਧਿਆ ਦਿੰਦੀ ਹੈ ਪਰ ਫਿਰ ਵੀ ਉਹ ਸਮਾਜ ਸੇਵਾ ਵਿਚ ਹੱਥ ਵਟਾਉਂਦਾ ਰਹਿੰਦਾ ਹੈ ਤੇ ਦਸਵੰਧ ਨਾਲ ਲੋੜਵੰਦਾਂ ਦੀ ਮਦਦ ਵੀ ਕਰਦਾ ਰਹਿੰਦਾ ਹੈ। ਉਹ ਚੌਰਾਸੀ ਦੇ ਚੱਕਰ ਦੇ ਆਵਾਗਮਨ ਤੋਂ ਬਚਣ ਲਈ ਕਿਸੇ ਗੁਰੂ ਦੇ ਚਰਨੀਂ ਲੱਗ ਕੇ ਨਾਮ ਦੇ ਜਹਾਜ਼ ਚੜ੍ਹ ਕੇ ਜੀਵਨ ਸਫਲਾ ਕਰਨਾ ਚਾਹੁੰਦਾ ਹੈ। ਉਹ ਸਪੱਸ਼ਟ ਕਹਿੰਦਾ ਹੈ ਜੋ ਸਾਡੇ ਅੰਦਰ ਲੋਭ, ਮੋਹ, ਹੰਕਾਰ, ਕਾਮ ਤੇ ਕ੍ਰੋਧ ਦੇ ਪੰਜ ਚੋਰ ਭਟਕਣਾ ਵਿਚ ਪਾਈ ਰੱਖਦੇ ਹਨ, ਉਨ੍ਹਾਂ ਤੋਂ ਬਚਣ ਲਈ ਨਾਮ ਦੀ ਠਾਹਰ ਭਾਲਣੀ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਜਿਨ੍ਹਾਂ ਲਈ ਤੂੰ ਪਾਪ ਕਮਾ-ਕਮਾ ਮਾਇਆ ਇਕੱਠੀ ਕਰ ਰਿਹਾ ਹੈਂ, ਉਨ੍ਹਾਂ ਨੇ ਤੇਰਾ ਕੁਝ ਨਹੀਂ ਸੰਵਾਰਨਾ। ਉਹ ਸਮਾਜ ਅੰਦਰ ਫੈਲੇ ਭਰੂਣ ਹੱਤਿਆ ਦੀ ਲਾਹਣਤ 'ਤੇ ਵੀ ਫ਼ਿਕਰਮੰਦੀ ਕਰਦਾ ਹੈ ਕਿ ਧੀਆਂ ਨੂੰ ਕੁੱਖ ਵਿਚ ਕਤਲ ਕਰਨਾ ਮਹਾਂਪਾਪ ਹੈ ਕਿਉਂਕਿ ਬਾਬਾ ਨਾਨਕ ਨੇ ਤਾਂ ਏਥੋਂ ਤੱਕ ਕਿਹਾ ਹੈ ਕਿ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ'। ਸ਼ਾਇਰ ਪੁਨਰ ਜੀਵਨ ਵਿਚ ਵਿਸ਼ਵਾਸ ਰੱਖਦਾ ਹੈ ਤੇ ਤਾਹੀਓਂ ਅਗਾਊਂ ਸੁਚੇਤ ਕਰਦਾ ਹੈ ਕਿ ਜੇ ਇਸ ਜਨਮ ਵਿਚ ਚੰਗਾ ਕੰਮ ਕਰੋਗੇ ਤਾਂ ਅਗਲੇ ਜਨਮ ਵਿਚ ਚੰਗੀ ਢੋਈ ਮਿਲੇਗੀ। ਸੋ, 'ਕਰਮਾ ਸੰਦੜਾ ਖੇਤੁ' ਹੀ ਸਾਡਾ ਰਾਹ ਦਸੇਰਾ ਬਣੇਗਾ। ਇਹ ਕਿਤਾਬ ਹਰੇਕ ਧਾਰਮਿਕ ਸਥਾਨ ਦੀ ਲਾਇਬ੍ਰੇਰੀ ਦੀ ਸ਼ਾਨ ਬਣਨ ਦੇ ਯੋਗ ਹੈ।

-ਭਗਵਾਨ ਢਿੱਲੋਂ
ਮੋਬਾਈਲ : 098143-78254

ਦੋ ਕੱਪ ਚਾਹ
ਲੇਖਕ : ਜਸਬੀਰ ਸਿੰਘ ਆਹਲੂਵਾਲੀਆ (ਸਿਡਨੀ)
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98889-24664

'ਦੋ ਕੱਪ ਚਾਹ' ਸਿਡਨੀ ਨਿਵਾਸੀ ਜਸਬੀਰ ਸਿੰਘ ਆਹਲੂਵਾਲੀਆ ਦਾ ਪਲੇਠਾ ਮੌਲਿਕ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ 16 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਉਂਝ ਤਿੰਨ ਸਾਂਝੇ ਕਹਾਣੀ-ਸੰਗ੍ਰਹਿਆਂ ਵਿਚ ਉਸ ਦੀਆਂ ਕਹਾਣੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਜਸਬੀਰ ਸਿੰਘ ਦੀਆਂ ਕਹਾਣੀਆਂ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਉਹ ਗੁਰੂ ਘਰ ਦਾ ਪੱਕਾ ਸ਼ਰਧਾਲੂ ਹੈ ਤੇ ਗੁਰਬਾਣੀ ਵਿਚ ਉਸ ਦਾ ਬਹੁਤ ਇਤਕਾਦ ਹੈ। ਕੁਝ ਕਹਾਣੀਆਂ ਇਨਸਾਨੀ ਫਿਤਰਤ ਅਤੇ ਅਕੀਦੇ ਨਾਲ ਵੀ ਜੁੜੀਆਂ ਹੋਈਆਂ ਹਨ। ਪਤੀ ਜਾਂ ਪਤਨੀ ਦੇ ਸੁਰਗਵਾਸ ਹੋਣ ਤੋਂ ਬਾਅਦ ਇਨ੍ਹਾਂ ਕੁਝ ਕਹਾਣੀਆਂ ਦੇ ਪਾਤਰ ਸੱਚੇ ਮਿੱਤਰ ਬਣਾਉਂਦੇ ਹਨ ਜੋ ਉਨ੍ਹਾਂ ਦੇ ਪਹਿਲੇ ਪਤੀ-ਪਤਨੀ ਦੇ ਰਿਸ਼ਤਿਆਂ ਦਾ ਸਨਮਾਨ ਕਾਇਮ ਰੱਖਦਿਆਂ, ਦੋਸਤੀ ਦੇ ਰਿਸ਼ਤਿਆਂ ਨੂੰ ਸਿਜਦਾ ਕਰਦੇ ਹਨ ਤੇ ਉਨ੍ਹਾਂ ਦਾ ਮਾਣ ਰੱਖਦੇ ਹਨ। 'ਦੋ ਕੱਪ ਚਾਹ', 'ਮੈਂ ਅਤੇ ਮਿਸਿਜ਼ ਸੰਧੂ' ਅਤੇ 'ਇਸ਼ਾਰਾ' ਕਹਾਣੀਆਂ ਇਸੇ ਤਰਤੀਬ ਦੀਆਂ ਹਨ। ਇਨਸਾਨੀ ਫਿਤਰਤ ਨੂੰ ਉਜਾਗਰ ਕਰਨ ਅਤੇ ਚੰਗੀਆਂ ਇਨਸਾਨੀ ਕਦਰਾਂ-ਕੀਮਤਾਂ 'ਤੇ ਪਹਿਰਾ ਦੇਣ ਵਾਲੀਆਂ ਕਹਾਣੀਆਂ 'ਇਮਾਨ', ਕੈਫ਼ੇ ਵਾਲੀ ਜੋਸਿਕਾ, ਰਿਸਦੇ ਜ਼ਖ਼ਮ, ਕੁਦਰਤਿ ਕੇ ਸਭ ਬੰਦੇ, 'ਮੈਂ ਹੁਣ ਕੀਹਦੇ ਨਾਲ ਖੇਡਾਂ ਜੀ' ਹਨ ਜਿਥੇ ਇਨਸਾਨੀਅਤ ਅਤੇ ਮਨੁੱਖਵਾਦ ਜਿੱਤਦੇ ਦਿਖਾਈ ਦਿੰਦੇ ਹਨ। 'ਕਾਰਜ ਆਇਆ ਰਾਸ' ਅਤੇ 'ਮੈਂ ਹੁਣ ਕੀਹਦੇ ਨਾਲ ਖੇਡਾਂਗੀ' ਕਹਾਣੀਆਂ ਗੁਰੂ ਦੀ ਸ਼ਰਧਾ ਪਰਿਪੇਖ ਵਾਲੀਆਂ ਕਹਾਣੀਆਂ ਹਨ। 'ਹਵਾਈ ਫਾਇਰ' ਅਤੇ 'ਅਸੀਂ ਜਾਣੀ ਜਾਣ ਹੁੰਦੇ ਹਾਂ' ਹਾਸ-ਰਸੀ ਤੇ ਵਿਅੰਗ ਭਰਪੂਰ ਕਹਾਣੀਆਂ ਹਨ ਜਿਥੇ ਧਰਮ ਦਾ ਆਸਰਾ ਲੈ ਕੇ, ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟਿਆ ਜਾਂਦਾ ਹੈ। ਜਸਬੀਰ ਦੀਆਂ ਇਹ ਕਹਾਣੀਆਂ ਬਿਲਕੁਲ ਸਾਦੀ ਭਾਸ਼ਾ ਅਤੇ ਸਹਿਜਤਾ ਨਾਲ ਲਿਖੀਆਂ ਗਈਆਂ ਹਨ। ਮਾਨਵਵਾਦੀ ਕਦਰਾਂ-ਕੀਮਤਾਂ, ਸ਼ਰਧਾ ਅਤੇ ਵਿਸ਼ਵਾਸ ਜ਼ਾਹਰ ਕਰਦੀਆਂ ਹਨ। ਚੰਗੇ, ਸਾਫ਼-ਸੁਥਰੇ ਕਿਰਦਾਰ ਦਾ ਸੁਨੇਹਾ ਦਿੰਦੀਆਂ ਹਨ।

-ਕੇ. ਐਲ. ਗਰਗ
ਮੋਬਾਈਲ : 94635-37050

ਰਾਵੀ ਦੀਆਂ ਛੱਲਾਂ
ਲੇਖਕ : ਮੁਖਤਾਰ ਗਿੱਲ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 240
ਸੰਪਰਕ : 98140-82217

ਲੇਖਕ ਇਕ ਅਨੁਭਵੀ ਕਹਾਣੀਕਾਰ ਹੈ। ਇਸ ਕਹਾਣੀ ਸੰਗ੍ਰਹਿ ਵਿਚ ਉਸ ਨੇ ਆਪਣੀਆਂ ਚੋਣਵੀਆਂ 30 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਕਹਾਣੀਆਂ ਦੀ ਆਂਚਲਿਕਤਾ ਰਾਵੀ ਦਰਿਆ ਕੰਢੇ, ਕੰਡਿਆਲੀ ਤਾਰ ਦੇ ਨਾਲ ਵਸਦੇ, ਨਿਰੰਤਰ ਹੜ੍ਹਾਂ ਦੀ ਮਾਰ ਹੇਠ ਆਉਂਦੇ ਪਿੰਡਾਂ ਦੇ ਵਸਨੀਕਾਂ ਦੀਆਂ ਹਿਰਦੇਵੇਧਕ ਜੀਵਨ ਕਥਾਵਾਂ ਹਨ। ਇਨ੍ਹਾਂ ਪਿੱਛੇ ਕਥਾਵਾਚਕ ਦਾ ਅਸਤਿੱਤਵ ਖੜ੍ਹਾ ਵਿਖਾਈ ਦਿੰਦਾ ਹੈ। ਸਵੈਜੀਵਨਾਤਮਕ ਘਟਨਾਵਾਂ ਵੀ ਉਪਲਬਧ ਹਨ। ਇਨ੍ਹਾਂ 30 ਕਹਾਣੀਆਂ ਦੇ ਕੇਂਦਰੀ ਸੂਤਰ/ਵਿਸ਼ਾ ਵਸਤੂ ਅਧਿਐਨ ਕਰਦਿਆਂ ਪਛਾਣੇ ਜਾ ਸਕਦੇ ਹਨ। ਜਿਵੇਂ ਨਵੀਆਂ ਚੱਪਲਾਂ, ਨਵੀਂ ਔਰਤ ਦਾ ਮੈਟਾਫ਼ਰ ਹੈ (ਬੀਤੇ ਦੇ ਨਕਸ਼), ਲਾਗੀਆਂ ਦੀ ਧੀ ਨੂੰ ਗ਼ਰੀਬੀ ਕਾਰਨ ਆਪਣੇ ਵਿਆਹ ਦੀ ਚਿੰਤਾ (ਆਖ਼ਰੀ ਚੂੜੀਆਂ), ਖਿੰਡੇ ਸੁਪਨਿਆਂ ਦੀ ਦਾਸਤਾਂ (ਖਿਲਰੇ ਟੋਟੇ), ਸਮਾਜਿਕ ਰਿਸ਼ਤਿਆਂ ਵਿਚ ਵਧ ਰਹੀ ਦੂਰੀ (ਫ਼ਾਸਲੇ), 'ਵੱਢ' ਦੇ ਮਾਨਵੀਕਰਨ ਰਾਹੀਂ ਬੀਤੇ ਬਚਪਨ ਦੀ ਦਿਲ-ਕੰਬਾਊ ਗਾਥਾ ਵਿੱਢ ਜਿਹਾ ਬਚਪਨ, ਭਾਰਤ-ਪਾਕਿ ਵੰਡ ਕਾਰਨ ਨਾਇਕ ਅਤੇ ਨਾਇਕਾ ਦਾ ਵਿਛੋੜਾ (ਬੁੱਢਾ ਦਰਿਆ), ਸਰਦਾਰਾਂ ਦੇ ਕਾਮਿਆਂ ਦੀ ਦਾਸਤਾਂ (ਤ੍ਰਕਾਲ ਸੰਧਿਆ), ਆਖਰੀ ਸਾਹਾਂ 'ਤੇ ਵੀ ਵਜੂਹੀਅਤ ਬੁਲੰਦ (ਤ੍ਰਕਾਲਾਂ ਦੇ ਪਰਛਾਵੇਂ), ਹੌਲੀ-ਹੌਲੀ ਖੇਤੀ ਦਾ ਵਿਕਾਸ (ਆਲ੍ਹਣਾ), ਕਰਜ਼ੇ ਦੇ ਕਾਰਨਾਂ ਦਾ ਗਲਪੀਕਰਨ (ਨਾ ਹੋਏ), ਪੰਜਾਬ ਦੇ ਕਾਲੇ ਦਿਨਾਂ ਵਿਚ ਚੂਚਿਆਂ, ਕੱਟੀਆਂ, ਵੱਛੀਆਂ ਨਾਲ ਹੋਲੀ ਖੇਡਣਾ (ਦੂਜੀ ਸੂਰਤ), ਪੈਸਿਆਂ ਖਾਤਰ ਗਲਨੈੜ (ਕਾਲੀ ਘਟਾ ਵਿਕ ਗਈ), ਸ਼ਾਹ ਦਾ ਹਿਰਦੇਵੇਧਕ ਦੁਖਾਂਤ (ਬਾਗਸ਼ਾਹ), ਕਾਮ-ਅਤ੍ਰਿਪਤੀ (ਸੁੱਕੀ ਖੂਹੀ), ਹੜ੍ਹ-ਤਬਾਹੀ ਦੇ ਫਲਸਰੂਪ (ਸੰਦਲੀ ਸੁਪਨਿਆਂ ਦਾ ਮਾਤਮ), ਕਾਮਰੇਡ ਦੇ ਅਧੂਰੇ ਕਾਰਜ (ਅੱਧ ਵਾਟੇ), ਮੁਹੱਬਤ ਦਾ ਪ੍ਰਤੀਕ (ਇਮਲੀ ਦਾ ਰੁੱਖ), ਧੀ ਦੇ ਵਿਆਹ ਲਈ ਹਾੜ੍ਹੀ ਦੀ ਉਡੀਕ (ਅਗਲੀ ਫ਼ਸਲ), ਔਰਤ ਬਾਰੇ ਸੋਚ (ਸ਼ਾਮਲਾਟ), ਮਰਗ ਸਮੇਂ ਧੀ ਦੇ ਸਹੁਰਿਆਂ ਲਈ ਟੂਮ-ਤਗਾਦਾ (ਕਾਲੀ ਰੁੱਤ), ਜਨਮ ਭੂਮੀ ਤਿਆਗਣਾ ਆਸਾਨ ਨਹੀਂ (ਆਪਣੀ ਜੂਹ), ਸ਼ੂਕਦੀ ਸੱਕੀ ਨਦੀ ਦਾ ਕਹਿਰ (ਸ਼ੂਕਦੀ ਨਦੀ ਦਾ ਕਹਿਰ), ਆਪਣੇ ਵਤਨ ਨੂੰ ਭਟਕਦਾ ਨਾਇਕ (ਆਰ ਨਾ ਪਾਰ), ਬੇਰਹਿਮ ਰਿਸ਼ਤੇ ਦੇ ਭੋਗ 'ਤੇ ਜਾਣ ਦਾ ਪਛਤਾਵਾ (ਸਿਸਕਦੇ ਰਿਸ਼ਤਿਆਂ ਦਾ ਸੱਚ), ਅੰਗੂਠੇ ਵਾਲੀ ਪਰਚੀ 'ਤੇ ਖ਼ੁਦਕੁਸ਼ੀ ਨੋਟ (ਅੰਗੂਠੇ 'ਤੇ ਨੀਲੀ ਸਿਆਹੀ ਦਾ ਨਿਸ਼ਾਨ), ਸੁਖੀ ਨਦੀ, ਧੁੱਸੀ ਬੰਨ੍ਹ, ਹੜ੍ਹਾਂ ਨਾਲ ਤਬਾਹੀ (ਮੋਰ, ਘੁੱਗੀਆਂ ਦਾ ਮਾਤਮ), ਦੋਨਾਂ ਪੁੱਤਰਾਂ (ਸਹਿਜ ਤੇ ਸੂਖਮ) ਵਲੋਂ ਕਥਾਵਾਰਚਕ ਦਾ ਦੁਖੀ ਹੋਣਾ (ਤ੍ਰਕਾਲਾਂ ਦੇ ਸਿਆਹ ਰੰਗ), ਨਾਇਕਾ ਮਾਪਿਆਂ ਨਾਲ ਦੁੱਖ ਵੰਡਾ ਕੇ ਕੈਨੇਡਾ ਵਾਪਸ (ਮੋਹ ਮਮਤਾ ਦਾ ਰਿਣ), ਪੈਸੇ ਦੀ ਦੌੜ ਕਾਰਨ ਖੂਨ ਸਫ਼ੈਦ (ਅੰਨ੍ਹੇ ਖੂਹ ਵੱਲ ਕਦਮ), ਜ਼ਿੰਦਗੀ ਦੀ ਆਥਣ ਵੇਲੇ ਬੱਚਿਆਂ ਦੀ ਲੋੜ (ਆਥਣ ਵੇਲਾ) ਆਦਿ। ਬਿਰਤਾਂਤਕਤਾ ਆਪਣੇ ਸਿਖ਼ਰ ਨੂੰ ਛੋਂਹਦੀ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਉਮਰਾਂ ਦੇ ਪੈਂਡੇ
ਲੇਖਕ : ਰਣਜੀਤ ਸਿੰਘ ਔਲਖ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 94174-55894

ਇਸ ਪੁਸਤਕ ਵਿਚ ਲੇਖਕ ਰਣਜੀਤ ਸਿੰਘ ਔਲਖ ਨੇ ਆਪਣੀ ਸਵੈ-ਜੀਵਨੀ ਦਾ ਜ਼ਿਕਰ ਆਪਣੇ ਹੀ ਅੰਦਾਜ਼ ਵਿਚ ਕਰ ਕੇ ਪੁਸਤਕ ਨੂੰ ਦਿਲਚਸਪ ਬਣਾਇਆ ਹੈ। ਉਸ ਨੇ ਪੁਸਤਕ ਵਿਚ ਜੋ ਜ਼ਿਕਰ ਕੀਤਾ ਹੈ, ਉਸ ਨੂੰ ਆਪਣੇ ਪਿੰਡੇ ਵੀ ਹੰਢਾ ਲਿਆ ਹੈ। ਲੇਖਕ ਨੇ ਸਵੈ-ਜੀਵਨੀ ਵਿਚ ਮਾਲਵੇ ਦੇ ਕਸਬੇ ਜ਼ੀਰੇ ਅਤੇ ਇਸ ਦੇ ਆਸ-ਪਾਸ ਦੀ ਕਾਫ਼ੀ ਜਾਣਕਾਰੀ ਦਿੱਤੀ ਹੈ। ਲੇਖਕ ਨੇ ਆਪਣੇ ਨਿੱਜੀ ਅਨੁਭਵ ਨੂੰ ਵਰਤ ਕੇ ਸਵੈ-ਜੀਵਨੀ ਨੂੰ ਹੋਰ ਵੀ ਦਿਲਚਸਪ ਬਣਾਇਆ ਹੈ। ਲੇਖਕ ਨੇ ਖ਼ੁਦ ਹੀ ਦੱਸਿਆ ਹੈ ਕਿ ਉਸ ਨੇ ਆਖ਼ਰੀ ਉਮਰੇ ਲਿਖਣਾ ਸ਼ੁਰੂ ਕੀਤਾ। ਸਵੈ-ਜੀਵਨੀ ਵਿਚ ਸਪੱਸ਼ਟਤਾ, ਅੰਦਾਜ਼ ਦੀ ਆਪਣੇ-ਆਪ ਹੀ ਝਲਕ ਪੈਂਦੀ ਹੈ। ਲੇਖਕ ਨੇ ਆਪਣੀ ਕੈਨੇਡਾ ੍ਰਫੇਰੀ ਦਾ ਵੀ ਜ਼ਿਕਰ ਕੀਤਾ ਹੈ ਅਤੇ ਦੱਸਿਆ ਹੈ ਕਿ ਉਹ ਉਥੇ ਰੋਜ਼ਾਨਾ ਡਾਇਰੀ ਵੀ ਲਿਖਦਾ ਰਿਹਾ। ਸਵੈ-ਜੀਵਨੀ ਵਿਚ ਲਗਦਾ ਹੈ ਕਿ ਲੇਖਕ ਨੇ ਕੋਈ ਗੱਲ ਛੁਪਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਕਈ ਥਾਵਾਂ 'ਤੇ ਕਟਾਖਸ਼ ਵੀ ਕੀਤਾ ਹੈ ਭਾਵੇਂ ਕਿਸੇ ਦੇ ਗੋਡੇ ਲੱਗੇ ਜਾਂ ਗਿੱਟੇ। ਬਾਰੀਕੀ ਵਿਚ ਹਰ ਗੱਲ ਨੂੰ ਲਿਖਣ ਦੀ ਤਰਤੀਬ, ਦ੍ਰਿਸ਼ ਦੀ ਆਪਣੇ ਢੰਗ ਨਾਲ ਕੀਤੀ ਪੇਸ਼ਕਾਰੀ ਵਧੀਆ ਹੈ। ਕਈ ਗੱਲਾਂ ਨੂੰ ਲੇਖਕ ਨੇ ਬਹੁਤ ਹੀ ਨੇੜਿਓਂ ਵੇਖਿਆ। ਭਾਵੇਂ ਦਿਲ ਦੁਖਿਆ ਪ੍ਰੰਤੂ ਹਮੇਸ਼ਾ ਆਪਣਾ ਵਿਹਾਰ ਹਾਂ-ਪੱਖੀ ਰੱਖਿਆ ਤਾਂ ਸਹੀ ਪ੍ਰੰਤੂ ਇਸ ਦੇ ਅੰਦਰ ਵਲਵਲੇ ਉੱਠਦੇ ਰਹੇ ਅਤੇ ਅੰਦਰਲੀ ਹੂਕ ਨੇ ਇਸ ਨੂੰ ਕਿਤਾਬੀ ਰੂਪ ਦੇ ਕੇ ਮਨ ਦੇ ਵਲਵਲਿਆਂ ਨੂੰ ਬਾਹਰ ਕੱਢਿਆ। ਸਵੈ-ਜੀਵਨੀ ਕਾਫ਼ੀ ਰੌਚਕ ਹੈ। ਜ਼ਿੰਦਗੀ ਵਿਚ ਸੰਘਰਸ਼ ਕਰਕੇ ਮੰਜ਼ਿਲ 'ਤੇ ਪੁੱਜਣ ਦਾ ਇਕ ਵੱਖਰਾ ਹੀ ਸੁਆਦ ਹੁੰਦਾ ਹੈ। ਇਸ ਨੂੰ ਲੇਖਕ ਨੇ ਭਲੀ-ਭਾਂਤ ਚੱਖਿਆ ਹੈ। ਭਾਵੇਂ ਸੁਆਦ ਖੱਟਾ-ਮਿੱਠਾ ਆਇਆ ਪ੍ਰੰਤੂ ਹਿੰਮਤ ਤੇ ਹੌਸਲਾ ਵਧਾਉਂਦਿਆਂ ਕਦਮ ਅੱਗੇ ਪੁੱਟਦਾ ਰਿਹਾ, ਜਿਥੇ ਕਹਿਣ ਵਾਲੀ ਗੱਲ ਸੀ, ਉਹ ਕਹਿ ਮਾਰੀ। ਸਵੈ-ਜੀਵਨੀ ਦੇ ਵੱਖੋ-ਵੱਖਰੇ ਭਾਗਾਂ ਵਿਚ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਵਿਚੋਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਲਗਦਾ ਹੈ। ਸੋ, ਲੇਖਕ ਦੀ ਇਹ ਕੋਸ਼ਿਸ਼ ਕਾਫ਼ੀ ਸਫ਼ਲ ਕਹੀ ਜਾ ਸਕਦੀ ਹੈ। ਲੇਖਕ ਨੇ ਹੋਰ ਵੀ ਕਿਤਾਬਾਂ ਲਿਖਣ 'ਤੇ ਹੱਥ ਅਜ਼ਮਾਇਆ ਹੈ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਸਵਾਂਤੀ ਬੂੰਦ
ਲੇਖਕ : ਗੁਰਨਾਮ ਬਾਵਾ
ਪ੍ਰਕਾਸ਼ਕ ; ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 83073-64301

''ਸਵਾਂਤੀ ਬੂੰਦ'' ਗੁਰਨਾਮ ਸਿੰਘ ਬਾਵਾ ਦਾ ਨਾਵਲ ਹੈ ਜਿਸ ਵਿਚ ਉਨ੍ਹਾਂ ਨੇ ਕੁੱਲ 16 ਕਾਂਡ ਲਿਖੇ ਹਨ। ਸਮੁੱਚੇ ਨਾਵਲ ਵਿਚ ਉਸ ਨੇ ਸਮਾਜਿਕ ਵਰਤਾਰੇ ਨੂੰ ਬਾਖੂਬੀ ਚਿਤਰਿਆ ਹੈ, ਨਾਵਲਕਾਰ ਨੇ ਨਾਵਲੀ ਬਿਰਤਾਂਤ ਵਿਚ ਅਜਿਹਾ ਗਲਪੀ ਪੈਰਾਡਾਇਮ ਸਿਰਜਿਆ ਹੈ ਕਿ ਕਹਾਣੀ ਨਾਵਲ ਨੂੰ ਅਸਲੀਅਤ ਜ਼ਿੰਦਗੀ ਵਾਂਗ ਪੇਸ਼ ਕਰਦੀ ਹੈ ਭਾਵ ਨਾਵਲ ਦੇ ਸਾਰੇ ਪਾਤਰ ਕੋਈ ਹੱਡ-ਮਾਸ ਦੇ ਪੁਤਲੇ ਨਹੀਂ ਹਨ ਸਗੋਂ ਜ਼ਿੰਦਗੀ ਵਿਚ ਬਹੁਤ ਆਤਮ-ਵਿਸ਼ਵਾਸ ਨਾਲ ਅੱਗੇ ਵਧਦੇ ਦਿਖਾਏ ਗਏ ਹਨ ਪਰ ਫਿਰ ਵੀ ਨਾਵਲੀ ਬਿਰਤਾਂਤ ਵਿਚ ਕਸ਼ਮ-ਕਸ਼ ਚਲਦੀ ਰਹਿੰਦੀ ਹੈ ਕਿ ਜੋ ਸਾਡੇ ਸਮਾਜਿਕ ਢਾਂਚੇ ਵਿਚ ਸਚੁਮੱਚ ਵਾਪਰ ਰਿਹਾ ਹੈ ਉਸ ਦੀ ਨਿਸ਼ਾਨਦੇਹੀ ਹੀ ਕੀਤੀ ਗਈ ਹੈ। ਸਮਾਜਿਕ ਮਸਲਿਆਂ ਨੂੰ ਬਾਖ਼ੂਬੀ ਚਿਤਰਿਆ ਹੈ। ਇਹ ਨਾਵਲ ਮਨੁੱਖੀ ਦਰਦ, ਤੜਪ, ਤਮੰਨਾ ਅਤੇ ਅਹਿਸਾਸ ਜਿਹੜੇ ਹਰ ਮਨੁੱਖ ਦੀ ਜ਼ਿੰਦਗੀ ਵਿਚ ਹਨ, ਉਨ੍ਹਾਂ ਬਾਰੇ ਹੈ, ਜੋ ਇਸ ਨਾਵਲ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜਦੇ ਹਨ। ਨਾਵਲ ਵਿਚ ਜ਼ਿੰਦਗੀ ਵਿਚ ਆਉਂਦੀਆਂ ਕਠਨਾਈਆਂ, ਮੁਸ਼ਕਿਲਾਂ ਅਤੇ ਖ਼ਵਾਹਿਸ਼ਾਂ ਦੀ ਤਰਜ਼ਮਾਨੀ ਤੇ ਪੇਸ਼ਕਾਰੀ ਕੀਤੀ ਗਈ ਹੈ। ਔਰਤ ਔਰਤ ਦੀ ਦੁਸ਼ਮਣ ਇਸ ਨਾਵਲ ਵਿਚ ਝਲਕਦੀ ਹੈ। ਔਰਤ ਦੇ 365 ਚਲਿੱਤਰ ਵੀ ਹਨ ਜੋ ਜੂਲੀ ਦੀ ਚਾਚੀ ਕਰ ਕੇ ਦਿਖਾਉਂਦੀ ਹੈ। ਨਾਵਲ ਵਿਚ ਦੁਸ਼ਵਾਰੀਆਂ ਹੋਣ ਦੇ ਬਾਵਜੂਦ ਵੀ ਪਾਤਰਾਂ ਨੂੰ ਆਸਾਵਾਦੀ ਜ਼ਿੰਦਗੀ ਜਿਊਣ ਦੀ ਉਡੀਕ ਵੀ ਹੁੰਦੀ ਹੈ ਤੇ ਉਹ ਹਮੇਸ਼ਾ ਸੁਨਹਿਰੀ ਮੌਕੇ 'ਤੇ ਸਵਾਂਤੀਬੂੰਦ ਦੀ ਉਡੀਕ ਹੀ ਕਰਦੇ ਹਨ ਜਿਵੇਂ ਸੁਰਜੀਤ ਜੂਲੀ ਦੀ ਉਡੀਕ ਕਰਦਾ ਹੈ।
ਕਹਾਣੀ ਦਾ ਬਿਰਤਾਂਤ ਸੁਰਜੀਤ ਤੇ ਜੂਲੀ ਦੀ ਜ਼ਿੰਦਗੀ ਦੁਆਰਾ ਸਿਰਜਿਆ ਗਿਆ ਹੈ ਜੋ ਅਨੇਕਾਂ ਮੁਸ਼ਕਿਲਾਂ ਹੁੰਦੇ ਹੋਏ ਵੀ ਜ਼ਿੰਦਗੀ ਦੀ ਸਹਿਜਤਾ ਵੱਲ ਤੁਰ ਪੈਂਦੇ ਹਨ। ਸਹਿਜਤਾ ਹੀ ਇਸ ਨਾਵਲ ਦਾ ਹਾਸਲ ਹੈ। ਕਿਤੇ ਵੀ ਉਥਲ-ਪੁਥਲ ਨਹੀਂ ਹੈ। ਸਮੁੱਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਗੁਰਨਾਮ ਬਾਵਾ ਨਾਵਲ 'ਸਵਾਂਤੀ ਬੂੰਦ' ਮਾਨਸਿਕਤਾ ਦੀ ਬਾਤ ਪਾਉਂਦਾ ਹੋਇਆ ਸਾਡੇ ਸਾਹਮਣੇ ਆਪਣਾ ਦਿਲ ਖੋਲ੍ਹ ਦਿੰਦਾ ਹੈ। ਭਾਸ਼ਾ ਦੇ ਪੱਖੋਂ ਸਹਿਜ ਤੇ ਸਰਲਤਾ ਨਾਵਲੀ ਬਿਰਤਾਂਤ ਦੇ ਗੁਣ ਹਨ। ਸੱਭਿਆਚਾਰਕ ਬਦਲਾਵ ਵੀ ਹਨ। ਗੁਰਨਾਮ ਬਾਵਾ ਨੇ ਸਮੁੱਚੇ ਨਾਵਲ ਵਿਚ ਗਲਪੀ ਯਥਾਰਥ ਦੀ ਪੇਸ਼ਕਾਰੀ ਬਾਖੂਬੀ ਕੀਤੀ ਹੈ ਕਿ ਜਿਵੇਂ ਕਿ ਪਾਤਰਾਂ ਨੂੰ ਚੜ੍ਹਦੀ ਕਲਾ ਦੀ ਬਖ਼ਸ਼ਿਸ਼ ਹੀ ਕੀਤੀ ਹੋਵੇ। ਪਾਠਕਾਂ ਨੂੰ ਇਸ ਨਾਵਲ ਤੋਂ ਆਸ਼ਾਵਾਦੀ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਮਿਲੇਗੀ। ਲੇਖਕ ਵਧਾਈ ਦਾ ਪਾਤਰ ਹੈ।

-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161

ਸਿਵਿਆਂ ਦੇ ਰਾਹੀ
ਲੇਖਕ : ਬਲਜੀਤ ਸਿੰਘ ਪਪਨੇਜਾ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 164
ਸੰਪਰਕ : 98151-58904

ਇਸ ਨਾਵਲ ਵਿਚ ਅਜੋਕੇ ਪੰਜਾਬ ਦੀ ਤ੍ਰਾਸਦੀ ਦਾ ਵਰਣਨ ਕੀਤਾ ਗਿਆ ਹੈ। ਅੱਜ ਦੇ ਪੰਜਾਬ ਵਿਚ ਸਰੂ ਵਰਗੇ ਕੱਦ, ਤਾਕਤਵਰ ਸਰੀਰ ਅਤੇ ਬਲਵਾਨ ਮਨ ਦਿਖਾਈ ਨਹੀਂ ਦਿੰਦੇ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖੋਖਲਾ ਕਰ ਦਿੱਤਾ ਹੈ। ਮਾਨਸਿਕ ਉਲਝਣਾਂ, ਭਟਕਣਾਂ ਅਤੇ ਨਿਰਾਸ਼ਾਵਾਦ ਨੇ ਨੌਜਵਾਨਾਂ ਨੂੰ ਏਨਾ ਨਿਰਬਲ ਅਤੇ ਹਤਾਸ਼ ਕਰ ਦਿੱਤਾ ਹੈ ਕਿ ਉਹ ਠੇਕਿਆਂ ਅਤੇ ਥਾਣਿਆਂ ਜੋਗੇ ਹੀ ਰਹਿ ਗਏ ਹਨ। ਚਿੰਤਾ, ਨਸ਼ਿਆਂ, ਘਰੇਲੂ ਕਲੇਸ਼ਾਂ ਅਤੇ ਢਹਿੰਦੀ ਕਲਾ ਨੇ ਉਨ੍ਹਾਂ ਨੂੰ ਜ਼ਿੰਦਗੀ ਤੋਂ ਦੂਰ ਮੌਤ ਦੇ ਰਾਹ 'ਤੇ ਤੋਰ ਦਿੱਤਾ ਹੈ। ਇਸ ਲਈ ਪੰਜਾਬ ਦੇ ਚੜ੍ਹਦੀ ਕਲਾ ਅਤੇ ਸੁਡੌਲ ਜੁੱਸਿਆਂ ਦੇ ਮਾਲਕ ਹੁਣ ਆਪਣਾ ਸਭ ਕੁਝ ਗੁਆ ਕੇ ਸਿਵਿਆਂ ਦੇ ਰਾਹ ਪੈ ਗਏ ਹਨ। ਇਨ੍ਹਾਂ ਨਿੱਘਰੇ ਹੋਏ ਹਾਲਾਤ ਨੇ ਸਾਡਾ ਸਭ ਦਾ ਬੁਰਾ ਹਾਲ ਕਰ ਦਿੱਤਾ ਹੈ। ਇਸ ਤੋਂ ਬਿਨਾਂ ਅਮੀਰ ਅਤੇ ਗ਼ਰੀਬ ਵਰਗ ਦਾ ਆਪਸੀ ਪਾੜਾ, ਸੰਘਰਸ਼, ਰਾਜਨੀਤਕ ਦਬਾਅ, ਭ੍ਰਿਸ਼ਟਾਚਾਰ ਅਤੇ ਡਿਗਦੇ ਕਿਰਦਾਰ ਚਿੰਤਾ ਦਾ ਵਿਸ਼ਾ ਬਣ ਗਏ ਹਨ। ਰੰਗਲੇ ਪੰਜਾਬ ਵਿਚ ਹੁਣ ਮੌਤ, ਡਰ ਅਤੇ ਬੇਚੈਨੀ ਦੇ ਕਾਲੇ ਸਾਇਆਂ ਦਾ ਪਹਿਰਾ ਹੈ। ਪੁਲਿਸ ਪ੍ਰਬੰਧ, ਟਰੱਕ ਯੂਨੀਅਨਾਂ, ਅਦਾਲਤਾਂ ਆਦਿ ਵੀ ਸੱਤਾ ਦੇ ਕਬਜ਼ੇ ਵਿਚ ਹਨ। ਸਾਰਾ ਢਾਂਚਾ ਅਤੇ ਪ੍ਰਬੰਧ ਹੀ ਵਿਗੜਿਆ ਹੋਇਆ ਹੈ। ਖੁਸ਼ਹਾਲੀ ਅਤੇ ਤਰੱਕੀ ਦੀ ਥਾਂ ਦੁੱਖਾਂ ਅਤੇ ਫ਼ਿਕਰਾਂ ਦਾ ਡੇਰਾ ਹੈ। ਨਾਵਲ ਵਿਚ ਸ਼ਿੰਦੀ, ਜੀਤੇ ਅਤੇ ਯੁਵਰਾਜ ਦੀ ਤਿਕੋਣੀ ਪ੍ਰੇਮ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਨਾਵਲ ਦਾ ਇਕ ਪਾਤਰ ਫ਼ੌਜੀ ਅਤੇ ਦੂਜਾ ਨਸ਼ੇੜੀ ਅੰਬਾ ਸਾਨੂੰ ਸਾਵਧਾਨ ਕਰਦੇ ਹਨ ਕਿ ਆਪਣੀ ਜਿੰਦ ਦੇਸ਼ ਲਈ ਕੁਰਬਾਨ ਕਰਨੀ ਹੈ ਕਿ ਨਸ਼ਿਆਂ ਦੀ ਭੇਟ ਚੜ੍ਹਾਉਣੀ ਹੈ। ਇਕ ਪਾਸੇ ਫ਼ੌਜੀ ਆਪਣੇ ਦੇਸ਼ ਲਈ ਲੜਦਾ-ਲੜਦਾ ਸ਼ਹੀਦ ਹੋ ਜਾਂਦਾ ਹੈ ਅਤੇ ਦੂਜੇ ਪਾਸੇ ਨਸ਼ਿਆਂ ਦੇ ਵੱਸ ਪਿਆ ਨੌਜਵਾਨ ਮੜ੍ਹੀਆਂ ਦਾ ਰਾਹੀ ਬਣ ਜਾਂਦਾ ਹੈ। ਇਹ ਨਾਵਲ ਸਾਡੇ ਚਿੰਤਨ ਅਤੇ ਚੇਤਨਾ ਨੂੰ ਜਗਾਉਂਦਾ ਹੈ, ਦਿਲਾਂ ਨੂੰ ਟੁੰਬਦਾ ਹੈ ਅਤੇ ਬੁਰਾਈਆਂ ਪ੍ਰਤੀ ਸਾਵਧਾਨ ਕਰਦਾ ਹੈ। ਪ੍ਰੇਰਨਾ ਦੇਣ ਵਾਲੇ ਇਸ ਨਾਵਲ ਦਾ ਸੁਆਗਤ ਹੈ।

ਸਿਮ੍ਰਿਤੀਆਂ ਦੀ ਲੋਅ
ਲੇਖਕ : ਨਿਰੰਜਣ ਸਿੰਘ ਸੈਲਾਨੀ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 98762-28703

ਇਹ ਪੁਸਤਕ ਲੇਖਕ ਦੀ ਸਵੈ-ਜੀਵਨੀ ਦਾ ਦੂਜਾ ਭਾਗ ਹੈ। ਇਸ ਵਿਚ ਜੀਵਨ ਦੇ ਖੱਟੇ-ਮਿੱਠੇ ਤਜਰਬੇ, ਯਾਦਾਂ, ਸਫ਼ਰਾਂ ਅਤੇ ਸ਼ਹਿਰਾਂ ਦੀ ਰੌਚਕ ਜਾਣਕਾਰੀ ਹੈ। ਯਾਤਰਾ ਦੌਰਾਨ ਹੋਏ ਅਨੁਭਵਾਂ, ਇਤਿਹਾਸਕ ਅਤੇ ਮਿਥਿਹਾਸਕ ਹਵਾਲਿਆਂ ਨਾਲ ਪੁਸਤਕ ਨੂੰ ਸ਼ਿੰਗਾਰਿਆ ਗਿਆ ਹੈ। ਲੇਖਕ ਦਾ ਜੀਵਨ ਬਹੁਤ ਸੰਘਰਸ਼ ਅਤੇ ਗ਼ਰੀਬੀ ਵਿਚ ਗੁਜ਼ਰਿਆ। ਪੜ੍ਹਨ ਅਤੇ ਸੈਰ-ਸਪਾਟੇ ਦੇ ਸ਼ੌਕ ਨੇ ਉਸ ਦੇ ਜੀਵਨ ਵਿਚ ਰੰਗ ਭਰੀ ਰੱਖੇ। ਬਚਪਨ ਦੀ ਮਾਸੂਮੀਅਤ, ਜਵਾਨੀ ਦੇ ਅੱਲ੍ਹੜਪਣ ਅਤੇ ਸਿਆਣੀ ਉਮਰ ਦੀ ਫਿਲਾਸਫ਼ੀ ਦੀਆਂ ਯਾਦਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤਾ ਗਿਆ ਹੈ। ਸਾਹਿਤ ਦੀ ਰੁਚੀ ਅਤੇ ਧਾਰਮਿਕ ਸ਼ੌਕ ਨੇ ਲੇਖਕ ਦੀ ਸ਼ਖ਼ਸੀਅਤ ਨੂੰ ਨਿਖਾਰਿਆ ਹੈ। ਨੌਕਰੀ ਦੌਰਾਨ ਹੋਏ ਤਜਰਬਿਆਂ ਅਤੇ ਯਾਤਰਾਵਾਂ ਨੇ ਉਸ ਦਾ ਦ੍ਰਿਸ਼ਟੀਕੋਣ ਵਿਸ਼ਾਲ ਕੀਤਾ ਹੈ। ਪੁਸਤਕ ਵਿਚ ਪਟਨਾ ਸਾਹਿਬ, ਚੰਡੀਗੜ੍ਹ, ਸਾਂਗਲਾ ਵਾਦੀ, ਹਜ਼ੂਰ ਸਾਹਿਬ, ਨਾਨਕ ਝੀਰਾ, ਹੇਮਕੁੰਟ ਸਾਹਿਬ, ਮੁਹਾਲੀ, ਨਾਭੇ ਅਤੇ ਹਰਿਆਣੇ ਤੱਕ ਦੀ ਯਾਤਰਾ ਦਾ ਵਰਣਨ ਕੀਤਾ ਗਿਆ ਹੈ। ਲੇਖਕ ਨੇ ਪਹਾੜਾਂ ਦੇ ਵੀ ਨਜ਼ਾਰੇ ਮਾਣੇ ਹਨ। ਹਿਮਾਚਲ ਪ੍ਰਦੇਸ਼, ਮਾਊਂਟ ਆਬੂ ਅਤੇ ਸਨ-ਸੈੱਟ ਪੁਆਇੰਟ ਦੀ ਖ਼ੂਬਸੂਰਤੀ ਦਾ ਸੁੰਦਰ ਉਲੇਖ ਹੈ। ਪੁਸਤਕ ਦੇ ਅੰਤ ਵਿਚ ਲੇਖਕ ਨੇ ਪ੍ਰੋ. ਫੂਲ ਚੰਦ ਮਾਨਵ ਦੇ ਸਫ਼ਰਨਾਮੇ 'ਮੁਹਾਲੀ ਤੋਂ ਮੈਲਬੋਰਨ' ਦੀ ਸਮੀਖਿਆ ਕੀਤੀ ਹੈ। ਸਾਹਿਤ ਸਿਰਜਣਾ ਲੇਖਕ ਦਾ ਚਾਉ, ਉਮਾਹ ਅਤੇ ਢਾਲ ਹੈ। ਉਸ ਨੂੰ ਕਿਤਾਬਾਂ ਨਾਲ ਆਸ਼ਕੀ ਹੈ ਅਤੇ ਪੜ੍ਹਨਾ ਉਸ ਦਾ ਸਕੂਨ ਅਤੇ ਸਹਾਰਾ ਹੈ। ਇਸ ਸਫ਼ਰਨਾਮੇ ਰਾਹੀਂ ਲੇਖਕ ਨੇ ਆਪਣੀ ਜ਼ਿੰਦਗੀ ਦੇ ਵੱਖੋ-ਵੱਖਰੇ ਪੜਾਵਾਂ, ਮਨੋਸਥਿਤੀਆਂ ਅਤੇ ਰੁਚੀਆਂ ਦੀ ਗੱਲ ਕੀਤੀ ਹੈ। ਉਸ ਦੀ ਜ਼ਿੰਦਗੀ ਦਾ ਸਫ਼ਰ ਸੁਹਾਉਣਾ, ਸੁਆਦਲਾ ਅਤੇ ਸਕਾਰਥਾ ਹੈ। ਆਪਣੀਆਂ ਯਾਦਾਂ ਦੀ ਲੋਅ ਉਸ ਨੇ ਆਪਣੇ ਹਰਫ਼ਾਂ ਵਿਚ ਸਮੋਈ ਹੈ। ਇਸ ਆਤਮਕਥਾ ਦਾ ਭਰਪੂਰ ਸਵਾਗਤ ਕਰਨਾ ਚਾਹੀਦਾ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਸਮਾਜ ਅਤੇ ਜੀਵਨ-ਜਾਚ
ਲੇਖਕ : ਸੰਜੀਵ ਸਿੰਘ ਸੈਣੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 179
ਸੰਪਰਕ : 78889-66168

ਸੰਜੀਵ ਸਿੰਘ ਸੈਣੀ ਪੰਜਾਬੀ ਦਾ ਉੱਭਰਦਾ ਨੌਜਵਾਨ ਲੇਖਕ ਹੈ, ਜਿਸ ਨੇ ਅਖ਼ਬਾਰਾਂ ਤੇ ਰਸਾਲਿਆਂ ਰਾਹੀਂ ਆਪਣੀ ਪੈਂਠ ਜਮਾ ਕੇ 'ਕਿਸਾਨ ਅੰਦੋਲਨ' ਪੁਸਤਕ ਪਾਠਕਾਂ ਦੇ ਰੂਬਰੂ ਕੀਤੀ। ਇਸ ਪੁਸਤਕ ਰਾਹੀਂ ਉਸ ਨੇ ਆਪਣੀ ਸੂਝ-ਸਿਆਣਪ ਅਤੇ ਕਿਸਾਨਾਂ ਦੇ ਹੱਕ-ਸੱਚ ਨੂੰ ਸੁਚੱਜੀ ਵਾਰਤਕ ਰਾਹੀਂ ਉਭਾਰਿਆ। ਵਿਚਾਰ ਅਧੀਨ ਪੁਸਤਕ 'ਸਮਾਜ ਅਤੇ ਜੀਵਨ-ਜਾਚ' ਹੋਰ ਦ੍ਰਿੜ੍ਹ ਕਰਵਾਉਂਦੀ ਹੈ ਕਿ ਸੰਜੀਵ ਸਿੰਘ ਜੋਸ਼ੀ ਲੋਕ-ਹਿਤੈਸ਼ੀ ਅਤੇ ਸੱਚ 'ਤੇ ਪਹਿਰਾ ਦੇਣ ਵਾਲਾ ਉੱਦਮੀ ਲੇਖਕ ਹੈ। ਪੁਸਤਕ ਦੇ ਪੰਜ ਖੰਡ ਬਣਾਏ ਗਏ ਹਨ। 1. ਮਨੁੱਖ ਬਣੀਏ, 2. ਦਰਪੇਸ਼ ਸਮੱਸਿਆਵਾਂ, 3. ਸੋਹਣਾ ਵਾਤਾਵਰਨ, 4. ਚੜ੍ਹਦੀ ਕਲਾ, 5. ਫ਼ਰਜ਼ਾਂ ਦੀ ਪਛਾਣ। ਲੇਖਾਂ ਦੇ ਸਿਰਲੇਖਾਂ ਤੋਂ ਸਮੁੱਚਾ ਉਦੇਸ਼ ਸਪੱਸ਼ਟ ਹੋ ਜਾਂਦਾ ਹੈ ਜਿਵੇਂ : ਮੁਸ਼ਕਿਲਾਂ ਤੋਂ ਨਾ ਘਬਰਾਓ, ਸੁੰਦਰ ਮੁਸਕਰਾਹਟ, ਖ਼ੂਬਸੂਰਤ ਜ਼ਿੰਦਗੀ ਦੀ ਕਲਾ, ਚੰਗਿਆਈ ਅਪਣਾਈੇ, ਬਣੀਏ ਇਕ ਦੂਜੇ ਦਾ ਸਹਾਰਾ, ਸਬਰ-ਸੰਜਮ ਤੇ ਹੌਸਲਾ, ਸੰਜਮੀ ਤੇ ਮਿੱਠੇ ਬੋਲ, ਘੱਟ ਬੋਲਣਾ ਤੇ ਥੋੜ੍ਹਾ ਖਾਣਾ, ਜ਼ਿੰਦਗੀ ਦਾ ਅਸਲ ਮਕਸਦ, ਨਿਰਮਾਤਾ ਪ੍ਰੀਤ-ਪਿਆਰ ਤੇ ਸਤਿਕਾਰ। ਚੰਗੀ ਵਾਰਤਕ ਚੰਗੀ ਅਗਵਾਈ ਕਰਦੀ ਹੈ। ਉੱਤਮ ਵਾਰਤਕ ਕਿਸੇ ਭਾਸ਼ਾ ਦਾ ਖ਼ਜ਼ਾਨਾ ਤੇ ਕਥਨਾਵਲੀ ਹੁੰਦੀ ਹੈ। ਇਸ ਪੁਸਤਕ ਦੀ ਸਾਦਗੀ ਤੇ ਸਪੱਸ਼ਟ ਸ਼ੈਲੀ ਪਸੰਦ ਆਉਣ ਵਾਲੀ ਹੈ। ਲੇਖਕ ਨੇ ਸਰਕਾਰਾਂ, ਅਦਾਰਿਆਂ, ਅਧਿਕਾਰੀਆਂ, ਸਮਾਜ ਦੇ ਵੱਖ-ਵੱਖ ਚਿੰਤਕਾਂ ਤੇ ਮਾਪਿਆਂ ਨੂੰ ਉਤੇਜਿਤ ਕਰਕੇ, ਸਮਾਜ ਪ੍ਰਤੀ ਉਸਾਰੂ ਭੂਮਿਕਾ ਨਿਭਾਉਣ ਲਈ ਪ੍ਰੇਰਿਆ ਹੈ। ਮਾਨਵਤਾ ਲਈ ਉਸ ਦੇ ਦਿਲ ਅੰਦਰ ਸੰਵੇਦਨਾ ਉਬਾਲੇ ਖਾਂਦੀ ਹੈ। ਕੁਝ ਟੂਕਾਂ ਇੰਝ ਹਨ : ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਮਾਂ-ਬਾਪ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਬਾਰੇ ਦੱਸੇ। ਸਾਨੂੰ ਸਾਰਿਆਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਸਾਡੀ ਸਿਹਤ ਹੀ ਅਸਲੀ ਧਨ ਦੌਲਤ ਹੈ। ਬੋਲਬਾਣੀ ਮਨੁੱਖੀ ਜੀਵਨ ਦਾ ਸ਼ਿੰਗਾਰ ਹੈ। ਅਜੋਕੇ ਸਮਾਜਿਕ ਸਰੋਕਾਰਾਂ ਦੀ ਤਰਜਮਾਨੀ ਦਾ ਮੁਜੱਸਮਾ ਹਨ, ਇਹ ਲੇਖ। ਪੁਸਤਕ ਦੀ ਦਿੱਖ ਸੁੰਦਰਮਈ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਕਲਮ ਦਾ ਇਸ਼ਕ
ਲੇਖਕ : ਰਣਜੀਤ ਲਹਿਰਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 94175-88616

ਰਣਜੀਤ ਲਹਿਰਾ ਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਪੁਸਤਕਾਂ 'ਜ਼ਿੰਦਗੀ ਦੇ ਰਾਹਾਂ 'ਤੇ', 'ਜੋ ਜੂਝੇ ਆਜ਼ਾਦੀ ਲਈ', 'ਸਟਾਲਿਨ ਯੁੱਗ' (ਅਨੁਵਾਦ) ਆਦਿ ਹਨ। 'ਜ਼ਿੰਦਗੀ ਦੇ ਰਾਹਾਂ 'ਤੇ' ਵਿਦਿਆਰਥੀ ਜਥੇਬੰਦੀਆਂ ਵਿਚ ਜ਼ਿਆਦਾ ਪੜ੍ਹੀ ਤੇ ਸਲਾਹੀ ਗਈ। 'ਜੋ ਜੂਝੇ ਆਜ਼ਾਦੀ ਲਈ' ਵਿਚ ਕ੍ਰਾਂਤੀਕਾਰੀ ਵਿਚਾਰਾਂ ਦੀ ਵਚਨਬੱਧਤਾ ਦਾ ਜ਼ਿਕਰ ਹੈ। 'ਸਟਾਲਿਨ ਯੁੱਗ' ਵਿਦਿਆਰਥੀ ਵਰਗ ਨੂੰ ਨਵੀਨ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ। ਰਣਜੀਤ ਲਹਿਰਾ ਲੰਮਾ ਸਮਾਂ 'ਲਾਲ ਪਰਚਮ' ਮੈਗਜ਼ੀਨ ਦੇ ਸੰਪਾਦਕ ਵੀ ਰਹੇ। ਉਹ ਸੰਪਾਦਕੀ ਵਿਚ ਸਮਾਜਿਕ, ਰਾਜਨੀਤੀ, ਆਰਥਿਕ, ਧਾਰਮਿਕ, ਸਭਿਆਚਾਰਕ, ਮਨੋਵਿਗਿਆਨਕ, ਵਿਸ਼ਵੀਕਰਨ, ਮਨੁੱਖਤਾ ਦੀ ਹੋਣੀ, ਵਿਕਰਾਲ ਸਮੱਸਿਆਵਾਂ ਵਿਚ ਘਿਰਿਆ ਵਿਅਕਤੀ ਆਦਿ ਅਨੇਕ ਪਾਸਾਰ ਆਪਣੇ ਕਲਾਵੇ ਵਿਚ ਲੈਂਦਾ ਹੈ। ਰਣਜੀਤ ਲਹਿਰਾ ਦੇ ਵਿਸ਼ੇਸ਼ ਤੌਰ 'ਤੇ 'ਨਵਾਂ ਜ਼ਮਾਨਾ', 'ਦੇਸ਼ ਸੇਵਕ', 'ਸਪੋਕਸਮੈਨ' ਵਿਚ ਛਪਦੇ ਲੇਖ ਪਾਠਕਾਂ ਦਾ ਵਰਤਮਾਨ ਵਰਤਾਰਿਆਂ ਪ੍ਰਤੀ ਧਿਆਨ ਖਿੱਚਦੇ ਹਨ। ਸਮਾਜਿਕ ਸਮਾਨਤਾ ਤੇ ਨਿਆਂ-ਪ੍ਰਣਾਲੀ ਦੀ ਨਿਰਪੱਖਤਾ ਲਈ ਯਤਨ ਸਲਾਹੁਣਯੋਗ ਹਨ। ਪੁਸਤਕ 'ਕਲਮ ਦਾ ਇਸ਼ਕ' ਵਿਚ ਸਮਕਾਲੀ ਵਰਤਾਰਿਆਂ ਤੇ ਰਾਜਨੀਤਕ ਕਾਰਜ ਪ੍ਰਣਾਲੀਆਂ ਦੇ ਨਿਖੇਧਾਤਮਕ ਕਾਰਜਾਂ ਉੱਪਰ ਵਿਅੰਗਾਤਮਕ ਟਿੱਪਣੀਆਂ ਪ੍ਰਾਪਤ ਹੁੰਦੀਆਂ ਹਨ। ਪੁਸਤਕ ਵਿਚ 41 ਮਹੱਤਵਪੂਰਨ ਲੇਖ ਦਰਜ ਹਨ, ਜਿਨ੍ਹਾਂ ਦੇ ਵਿਸ਼ੇ ਪਾਸਾਰ ਬਹੁ-ਦਿਸ਼ਾਵੀਂ ਹਨ। 'ਕਲਮ ਦਾ ਇਸ਼ਕ' ਲੇਖ ਵਿਚ ਉਸ ਦੀ ਕਲਾਤਮਕ ਲੇਖਣੀ ਦੇ ਦਰਸ਼ਨ ਹੁੰਦੇ ਹਨ, ਜਿਵੇਂ 'ਕਲਮ ਦੇ ਵਹਿੰਦੇ ਰਹਿਣ ਦੀ ਹੀ ਕਰਾਮਾਤ ਹੈ ਕਿ ਅਸੀਂ ਪਿਆਰ ਅਤੇ ਨਫ਼ਰਤ, ਚਾਨਣ ਤੇ ਹਨੇਰੇ, ਹਾਕਮ ਤੇ ਮਜ਼ਲੂਮ ਵਿਚਕਾਰ ਹੁੰਦੇ ਰਹੇ ਸੰਘਰਸ਼ਾਂ ਨੂੰ ਅੱਖਾਂ ਅੱਗੇ ਸਾਕਾਰ ਹੁੰਦੇ ਦੇਖਦੇ ਹਾਂ।' ਕਲਮ ਦੀ ਸ਼ਕਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੁਰੀਤੀਆਂ ਦਾ ਵਿਰੋਧ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਫ਼ਰਨਾਮੇ ਨਾਲ ਜੁੜਦਾ ਹੈ। ਗੁਰੂ ਸਾਹਿਬਾਨਾਂ ਨੇ ਸਾਮਰਾਜਵਾਦੀ ਤਖ਼ਤ ਦਾ ਵਿਰੋਧ ਕਲਮ ਦੀ ਕਰਾਮਾਤ ਨਾਲ ਕੀਤਾ। ਇਸ ਤੋਂ ਇਲਾਵਾ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਵੀ ਨੌਜਵਾਨਾਂ ਲਈ ਰਾਹ ਦਸੇਰਾ ਹੈ ਤੇ ਸਾਮਰਾਜਵਾਦੀ ਸੱਪ ਦੀ ਸਿਰੀ ਫੇਹਣ ਦੀ ਸ਼ਕਤੀ ਰੱਖਦੀ ਹੈ। ਪੁਸਤਕ ਦੇ ਲੇਖ 'ਕੋਰੋਨਾ ਨਾਲ ਮੁਲਾਕਾਤ' ਵਿਚ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਈ ਮਨੁੱਖਤਾ ਨੂੰ ਰਾਜਸੀ ਪਾਰਟੀਆਂ ਤੇ ਸਮੇਂ ਦੀਆਂ ਸਰਕਾਰਾਂ ਨੇ ਇਕੱਲਾ ਛੱਡ ਦਿੱਤਾ। ਕੋਰੋਨਾ ਕਾਲ ਵਿਚ ਖੌਫ਼ਜ਼ਦਾ ਮਾਹੌਲ ਪੈਦਾ ਕੀਤਾ ਗਿਆ, ਭਾਈਚਾਰਕ ਸਾਂਝਾਂ ਟੁੱਟੀਆਂ, ਸਿਹਤ ਸਹੂਲਤਾਂ ਦੀ ਪੋਲ ਖੁੱਲ੍ਹੀ, ਬੇਰੁਜ਼ਗਾਰੀ ਵਿਚ ਅਥਾਹ ਵਾਧਾ ਹੋਇਆ, ਕੰਮ ਠੱਪ ਹੋ ਗਏ, ਲੋਕਾਂ ਦੀ ਆਰਥਿਕਤਾ ਢਹਿ-ਢੇਰੀ ਹੋਈ ਆਦਿ ਦਾ ਜ਼ਿਕਰ ਕੀਤਾ ਹੈ। ਰਣਜੀਤ ਲਹਿਰਾ ਵੀ ਕੋਰੋਨਾ ਦੀ ਦੂਜੀ ਲਹਿਰ ਦੀ ਲਪੇਟ ਵਿਚ ਆਏ ਸਨ ਪਰ ਡਾਕਟਰੀ ਸਲਾਹ, ਵਿਗਿਆਨਕ ਸੋਚ, ਉੱਚੀ-ਸੁੱਚੀ ਮਾਨਸਿਕਤਾ, ਸੰਜਮਤਾ ਭਰਿਆ ਜੀਵਨ, ਸਹਿਜਤਾ ਦੀ ਸੁਰ ਨਾਲ ਹੀ ਸਿਹਤਯਾਬ ਹੋਏ ਸਨ। ਇਸ ਦੇ ਨਾਲ-ਨਾਲ ਵਾਰਤਕਕਾਰ ਨੇ ਸਮਾਜਿਕ ਸਿਸਟਮ ਉੱਤੇ ਵਿਅੰਗ ਕੱਸਿਆ ਹੈ, 'ਥਾਲੀਆਂ-ਚਮਚੇ ਖੜਕਾ ਕੇ ਬਿਮਾਰੀ ਦੇ ਭੱਜਣ ਦਾ ਭਰਮ ਨਹੀਂ ਪਾਲਣਾ ਚਾਹੀਦਾ, ਬਿਮਾਰੀ ਨਾਲ ਲੜਨ ਲਈ ਹੌਸਲਾ ਤੇ ਵਿਗਿਆਨਕ ਸਮਝ ਜ਼ਰੂਰੀ ਹੈ। ਰਣਜੀਤ ਲਹਿਰਾ ਲਈ ਲਿਖਣਾ 'ਇਨਕਲਾਬੀ ਮਿਸ਼ਨ' ਵਾਂਗ ਹੈ। ਵਿਅਕਤੀ ਵਿਸ਼ੇਸ਼ ਉੱਤੇ ਕੇਂਦਰਿਤ ਲੇਖਾਂ ਵਿਚ ਵੀ ਉਹ ਵਿਅਕਤੀ ਦੇ ਬਹਾਨੇ ਕਿਸੇ ਇਤਿਹਾਸਕ ਘਟਨਾ ਦੇ ਤੱਥਾਂ ਤੋਂ ਜਾਣੂ ਕਰਵਾਉਂਦਾ ਹੈ।
ਉਸ ਦੇ ਲੇਖਾਂ ਵਿਚ ਤਰਕ ਆਧਾਰਿਤ ਸਕਾਰਾਤਮਿਕ ਸੋਚ ਦ੍ਰਿਸ਼ਟੀਗੋਚਰ ਹੁੰਦੀ ਹੈ। ਉਨ੍ਹਾਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਰਣਜੀਤ ਲਹਿਰਾ ਦੀ 'ਤੀਖਣ ਬੁੱਧੀ' ਤੇ 'ਤੀਖਣ ਵਿਅੰਗ' ਪੁਸਤਕ 'ਕਲਮ ਦਾ ਇਸ਼ਕ' ਵਿਚਲੇ ਲੇਖਾਂ ਤੋਂ ਉਜਾਗਰ ਹੁੰਦੀ ਹੈ। ਵਰਤਮਾਨ ਵਰਤਾਰਿਆਂ, ਅਤੀਤਮੁਖੀ ਇਤਿਹਾਸ ਤੇ ਭਵਿੱਖਮੁਖੀ ਚੇਤਨਾ ਨੂੰ ਸਮਝਣ ਲਈ ਪਾਠਕਾਂ ਨੂੰ ਜਾਗ੍ਰਿਤ ਦ੍ਰਿਸ਼ਟੀ ਪ੍ਰਦਾਨ ਕਰੇਗੀ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810
---

ਪੌਣਾਂ ਕਰਨ ਸਰਗੋਸ਼ੀਆਂ
ਲੇਖਕ : ਮਾਲਵਿੰਦਰ ਸ਼ਾਇਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 94781-85742

ਹਥਲੀ ਗ਼ਜ਼ਲ ਪੁਸਤਕ ਵਿਚ ਮਾਲਵਿੰਦਰ ਸ਼ਾਇਰ ਦੀਆਂ 94 ਗ਼ਜ਼ਲਾਂ ਹਨ ਅਤੇ ਹਰ ਗ਼ਜ਼ਲ ਦੇ ਸਿਰ ਉੱਤੇ ਉਸ ਦੇ ਬਹਿਰ ਦਾ ਨਾਂਅ ਅਤੇ ਰੁਕਨ ਸਾਰਨੀ ਲਿਖੀ ਹੋਈ ਹੈ ਜਿਵੇਂ ਕਿ ਪਹਿਲੀ ਗ਼ਜ਼ਲ ਦਾ ਉਸ ਨੇ ਬਹਿਰ : 'ਮੁਤਦਾਰਿਕ ਮੁਸੱਬਾ ਮਖਬੂਨ ਮਸਕਿਨ' ਲਿਖਿਆ ਹੈ ਤੇ ਹੇਠਾਂ ਉਸ ਨੇ 7 ਵੇਰ ਫੇਲੁਨ ਲਿਖਿਆ ਹੈ। ਹਾਲਾਂਕਿ ਇਹ ਛੰਦ ਵੀ ਹੈ, ਜਿਸ ਦਾ ਨਾਂਅ ਦਵੱਈਆ ਹੈ। ਦਵੱਈਏ ਦੀਆਂ ਮਾਤਰਾ 16+12=28 ਹੁੰਦੀਆਂ ਹਨ ਜਾਂ ਇਸ ਗ਼ਜ਼ਲ ਦਾ ਨਾਂਅ 7 ਫੇਲੁਨ ਲਿਖਣਾ ਚਾਹੀਦਾ ਸੀ (ਵੇਖੋ ਸੰਪੂਰਨ ਪਿੰਗਲ ਅਤੇ ਅਰੂਜ + ਪਿੰਗਲ ਅਤੇ ਅਰੂਜ ਸੰਦਰਭ ਕੋਸ਼ - ਪੰਜਾਬੀ ਯੂਨੀਵਰਸਿਟੀ ਕਰਤਾ ਸਰਹੱਦੀ)। ਏਸੇ ਤਰ੍ਹਾਂ ਦੂਜੀ ਗ਼ਜ਼ਲ ਦਾ ਬਹਿਰ ਮੁਤਕਾਰਿਬ ਮੁਰੋਬਾ ਅਸਲਮ ਅਸ਼ਰਮ ਲਿਖਦਾ ਹੈ। ਹਾਲਾਂਕਿ ਇਸ ਦਾ ਨਾਂਅ 7 ਫੇਲੁਨ+ਫੇ ਲਿਖਣਾ ਸੌਖ ਪੈਦਾ ਕਰਦਾ ਹੈ। ਏਸੇ ਤਰ੍ਹਾਂ ਉਹ ਛੰਦ ਕੁਕਭ 16+14=30 ਮਾਤਰਾ ਨੂੰ 7 ਫੇਲੁਨ + ਫੇ ਲਿਖਣ ਦੀ ਬਜਾਏ ਬਹਿਰ ਮੁਤੁਦਾਰਿਕ ਸਾਂਜਦਹਿ ਮਕਤੂਅ ਮਹਿਨੂਫ ਲਿਖ ਕੇ ਨਵੇਂ ਲੇਖਕਾਂ ਲਈ ਗੁੰਝਲ ਪੈਦਾ ਕਰ ਦਿੰਦਾ ਹੈ। ਪੁਸਤਕ ਦੇ ਬੈਕ ਟਾਈਟਲ ਉੱਤੇ ਨਦੀਮ ਪਰਮਾਰ ਦੇ ਸ਼ਬਦ ਹਨ : 'ਮਾਲਵਿੰਦਰ ਉਨ੍ਹਾਂ ਬਹਿਰਾਂ ਵਿਚ ਗ਼ਜ਼ਲਾਂ ਕਹਿ ਰਿਹਾ ਹੈ ਜਿਨ੍ਹਾਂ ਵਿਚ ਉਰਦੂ ਕੀ ਫਾਰਸੀ ਤੇ ਅਰਬੀ ਦੇ ਸ਼ਾਇਰ ਵੀ ਗ਼ਜ਼ਲ ਕਹਿਣ ਤੋਂ ਕੰਨੀ ਕਤਰਾਉਂਦੇ ਹਨ। ਜਿਵੇਂ ਕਿ ਮੁਰੱਕਬ ਬਹਿਰਾਂ, ਮਨਸਰਹਿ ਖਫੀਫ ਮੁਨਾਰਿਆ, ਮੁਕਤਜਬ, ਮੁਜੱਤਸ ਤਵੀਲ, ਮਦੀਦ, ਬਸੀਤ, ਮੁਸ਼ਾਕਿਲ, ਸਰੀਅ ਜਦੀਦ ਕਰੀਬ ਆਦਿ।'
ਪੰਜਾਬੀ ਗ਼ਜ਼ਲ ਵਿਚ ਕੁਝ ਦਹਾਕੇ ਪਹਿਲਾਂ ਗ਼ਜ਼ਲ ਵਿਆਕਰਨ ਦਾ ਐਨਾ ਦਖਲ ਨਹੀਂ ਸੀ। ਪਰ ਅਜੋਕੀ ਅਵਸਥਾ ਵਿਚ ਗ਼ਜ਼ਲ ਤਕਨੀਕ ਉੱਤੇ ਕਈ ਗ਼ਜ਼ਲ ਵਿਦਵਾਨਾਂ ਨੇ ਯੋਗ ਤੇ ਪੰਜਾਬੀ ਲਹਿਜ਼ਾ ਮੁਖੀ ਪੁਸਤਕਾਂ ਲਿਖੀਆਂ। ਗ਼ਜ਼ਲ ਵਿਚ ਦੋ ਧਾਰਾਵਾਂ ਹਨ। ਕੁਝ ਸ਼ਾਇਰ ਤਾਂ ਵਿਸ਼ੇ ਨੂੰ ਤਰਜੀਹ ਦਿੰਦੇ ਹਨ ਅਤੇ ਬਹਿਰਾ ਛੰਦਾਂ ਪਿੱਛੇ ਭੱਜ ਭੱਜ ਕੇ ਹਫ਼ਦੇ ਨਹੀਂ। ਪਰ ਕੁਝ ਸ਼ਾਇਰ ਹਨ ਕਿ ਉਹ ਗ਼ਜ਼ਲ ਤਕਨੀਕ ਗਿਆਨ ਨੂੰ ਆਪਣੀਆਂ ਗ਼ਜ਼ਲਾਂ ਵਿਚ ਵਿਹਾਰਕ ਕਰਨਾ ਲੋਚਦੇ ਹਨ। ਮਾਲਵਿੰਦਰ ਆਪਣੀਆਂ ਗ਼ਜ਼ਲਾਂ ਦੀ ਪੇਸ਼ਕਾਰੀ ਰਾਹੀਂ ਅਰੂਜ ਦੇ ਬਹਿਰਾਂ ਦੀ ਜਾਣਕਾਰੀ ਦੇਣਾ ਲੋਚਦਾ ਹੈ।
ਗ਼ਜ਼ਲ ਵਿਚ ਮਾਲਵਿੰਦਰ ਪਹਿਲਾਂ ਵੀ ਤਜਰਬੇ ਕਰਦਾ ਰਹਿੰਦਾ ਹੈ। ਉਸ ਨੇ ਗ਼ਜ਼ਲ ਸੰਗ੍ਰਹਿ ਨੂੰ 'ਹਜ਼ਲ ਸੰਗ੍ਰਹਿ' ਵੀ ਲਿਖ ਕੇ ਪਾਠਕਾਂ ਨੂੰ ਭੇਟ ਕੀਤਾ ਸੀ। ਉਹ ਲਗਾਤਾਰ ਲਿਖਦਾ ਹੈ।
ਮਾਲਵਿੰਦਰ ਦੀ ਸ਼ਿਅਰਕਾਰੀ ਚੰਗੀ ਹੈ :
ਮੰਗ ਸਮੇਂ ਦੀ ਯਾਰ ਕਲਮ ਹਥਿਆਰ ਬਣਾ
ਸ਼ਬਦ ਬੜੇ ਤਾਂ ਮਾਰ ਉਡਾਰੀ ਫਿਰਦੇ ਨੇ

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਨਾਬਰੀ ਦਾ ਗੀਤ
ਲੇਖਕ : ਜਗਤਾਰ ਸਿੰਘ ਹਿੱਸੋਵਾਲ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 130 ਰੁਪਏ, ਸਫ਼ੇ : 104
ਸੰਪਰਕ : 98783-30324

ਹਥਲਾ ਕਾਵਿ-ਸੰਗ੍ਰਹਿ 'ਨਾਬਰੀ ਦਾ ਗੀਤ' ਲੇਖਕ ਜਗਤਾਰ ਸਿੰਘ ਹਿੱਸੋਵਾਲ ਦੀ ਦੂਸਰੀ ਪੁਸਤਕ ਹੈ। ਲੇਖਕ ਇਸ ਤੋਂ ਪਹਿਲਾਂ 'ਬੋਧਗਯਾ ਤੋਂ ਗਿਆਨ ਦੀ ਧਾਰਾ' ਪੁਸਤਕ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ 'ਚ ਮਨੁੱਖਤਾ ਨੂੰ ਹਲੂਣਾ ਦਿੱਤਾ ਗਿਆ ਹੈ। ਲੇਖਕ ਪੰਜਾਬ ਸਿੰਹੁ ਨੂੰ ਜਾਗਣ ਦੀ ਦੁਹਾਈ ਦਿੰਦਾ ਸੁਚੇਤ ਕਰਦਾ ਹੈ ਕਿ ਕਿਵੇਂ ਉਸ ਦੀਆਂ ਫ਼ਸਲਾਂ ਨੂੰ ਸੂਦਖੋਰ ਖਾ ਰਹੇ ਹਨ। ਉਸ ਦੀ ਜਵਾਨੀ ਨੂੰ ਚਿੱਟੇ ਵਰਗੇ ਖ਼ਤਰਨਾਕ ਨਸ਼ੇ ਨਿੱਗਲ ਰਹੇ ਹਨ। ਨੌਜਵਾਨ ਮੁੰਡੇ-ਕੁੜੀਆਂ ਬੇਰੁਜ਼ਗਾਰੀ ਦੇ ਡਰੋਂ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ :
ਫ਼ਸਲਾਂ ਤੇਰੀਆਂ ਨੂੰ ਸ਼ਾਹੂਕਾਰਾਂ ਨੇ ਖਾ ਲਿਆ।
ਪੁੱਤਾਂ ਤੇਰਿਆਂ ਨੂੰ ਚਿੱਟਿਆਂ ਤੇ ਲਾ ਲਿਆ।
ਤੇਰੇ ਫੁੱਟ ਚਲੇ ਭਾਗ ਓ ਪੰਜਾਬ ਸਿਆਂ।
ਉਠ ਜਾਗ ਓ ਪੰਜਾਬ ਸਿਆਂ। (ਪੰਨਾ : 24)
ਇਨ੍ਹਾਂ ਕਾਵਿ-ਰਚਨਾਵਾਂ 'ਚ ਲੋੜਾਂ-ਥੋੜਾਂ ਨਾਲ ਜੂਝ ਰਹੇ ਕਿਰਤੀ ਦੀ ਹੂਕ ਹੈ, ਕਰਜ਼ੇ ਦੇ ਮੱਕੜਜਾਲ 'ਚ ਉਲਝੇ ਉਦਾਸ ਕਿਸਾਨ ਦੀ ਵੇਦਨਾ ਹੈ, ਹਵਾ 'ਚ ਘੁਲ ਰਹੇ ਪ੍ਰਦੂਸ਼ਣ, ਧੜਾ-ਧੜ ਕੱਟੇ ਜਾ ਰਹੇ ਰੁੱਖਾਂ ਦੀ ਪੀੜ੍ਹ ਹੈ, ਹਸਪਤਾਲਾਂ 'ਚ ਰੁਲਦੀ ਅਤੇ ਲੁੱਟ ਦਾ ਸ਼ਿਕਾਰ ਹੋ ਰਹੀ ਜ਼ਿੰਦਗੀ ਦਾ ਦਰਦ ਹੈ। ਲੇਖਕ ਭ੍ਰਿਸ਼ਟ ਸਿਸਟਮ ਖ਼ਿਲਾਫ਼ ਗਰਜਵੀਂ ਹੁੰਕਾਰ ਭਰਦਾ ਸਮੇਂ ਦੇ ਹਾਕਮਾਂ ਦੀਆਂ ਧੱਕੇਸ਼ਾਹੀਆਂ, ਬੇਇਨਸਾਫੀਆਂ ਅੱਗੇ ਹਿੱਕ ਡਾਹ ਕੇ ਖਲ੍ਹੋਣ ਦਾ ਜਿਗਰਾ ਰੱਖਦਾ ਹੈ :
ਇਹ ਨਾ ਸੋਚਿਓ ਕਿ
ਤੁਹਾਡੀ ਕੁਰਸੀ ਦਾ 'ਸ਼ਮਲਾ',
ਮੇਰੀ ਜੁਬਾਨ ਵਿਚ,
ਵਿਵਸਥਾ ਦੇ ਕਿੱਲ ਠੋਕ ਕੇ,
ਟੰਗ ਦੇਵੇਗਾ ਮੈਨੂੰ ਦੀਵਾਰ ਨਾਲ,
ਮੇਰੀ ਹਿੱਕ 'ਚ ਗੂੰਜਦੇ
ਨਾਬੁਰੀ ਦੇ ਗੀਤਾਂ ਦਾ
ਕੀ ਕਰੋਗੇ? (ਪੰਨਾ : 49)
ਇੰਨਾਂ ਕਵਿਤਾਵਾਂ 'ਚ ਕਿਰਤੀ ਲੋਕਾਂ ਦੇ ਮੁੜਕੇ ਦੀ ਮਹਿਕ ਹੈ, ਸਰਬਸਾਂਝੀਵਾਲਤਾ ਦਾ ਸੰਕਲਪ ਹੈ। ਜਗਤਾਰ ਸਿੰਘ ਹਿੱਸੋਵਾਲ ਦੀ ਸ਼ਾਇਰੀ ਠੇਠ ਪੇਂਡੂ ਸ਼ਬਦਾਵਲੀ ਨਾਲ ਲਬਰੇਜ਼ ਹੈ ਅਤੇ ਲੋਕ ਪੱਖੀ ਹੋਣ ਕਰਕੇ ਦੱਬੇ-ਕੁਚਲੇ, ਮਿਹਨਤਕਸ਼ ਲੋਕਾਂ ਦੀ ਤਾਕਤ ਬਣ ਕੇ ਉਭਰਦੀ ਹੈ। ਕਵੀ ਮਾਨਵੀ ਜੀਵਨ 'ਚ ਦਰਪੇਸ਼ ਸਮੱਸਿਆਵਾਂ, ਮਸਲਿਆਂ ਨੂੰ ਛੋਂਹਦਾ ਹੀ ਨਹੀਂ ਸਗੋਂ ਉਨ੍ਹਾਂ ਦੇ ਸਾਰਥਿਕ ਹੱਲ ਲਈ ਠੋਸ ਸੁਝਾਅ ਵੀ ਦਿੰਦਾ ਜਾਪਦਾ ਹੈ। ਇਸ ਕਾਵਿ ਸੰਗ੍ਰਹਿ ਨੂੰ ਖ਼ੁਸ਼ਆਮਦੀਦ ਕਹਿਣਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਦੀਵੇ ਦੀ ਲੋਅ
ਲੇਖਕ : ਗੁਰਜਿੰਦਰ ਸੰਧੂ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 94
ਸੰਪਰਕ : 99151-29747

ਨਾਵਲਕਾਰ ਗੁਰਜਿੰਦਰ ਸੰਧੂ ਨੇ ਆਪਣੀ ਚੜ੍ਹਦੀ ਜਵਾਨੀ (20 ਸਾਲ) ਵਿਚ ਹੀ ਇਕ ਉੱਚ ਪਾਏ ਦਾ ਨਾਵਲ 'ਦੀਵੇ ਦੀ ਲੋਅ' ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਕੇ ਆਪਣੀ ਅੱਲੜ੍ਹ ਉਮਰ ਵਿਚ ਪਰਪੱਕ ਸੋਚ ਦਾ ਇਕ ਵੱਡਾ ਸਬੂਤ ਦਿੱਤਾ ਸੀ। ਹੁਣ ਫਿਰ ਉਸੇ ਨਾਵਲ ਦਾ ਦੂਜਾ ਐਡੀਸ਼ਨ ਛਪ ਕੇ ਪਾਠਕਾਂ ਦੇ ਰੂ-ਬਰੂ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਕਾਫ਼ੀ ਸਮਾਂ ਪਹਿਲਾਂ ਇਸ ਨਾਵਲ ਵਿਚ ਉਠਾਏ ਗਏ ਮੁੱਦੇ ਸਾਡੇ ਸਮਾਜ ਵਿਚ ਅਜੇ ਵੀ ਕਾਫ਼ੀ ਹੱਦ ਤੱਕ ਜਿਉਂ ਦੇ ਤਿਉਂ ਹੀ ਕਾਇਮ ਹਨ, ਜਿਨ੍ਹਾਂ ਦਾ ਖ਼ਾਤਮਾ ਸਮਾਜ ਦੇ ਭਲੇ ਲਈ ਬਹੁਤ ਜ਼ਰੂਰੀ ਹੈ।
'ਦੀਵੇ ਦੀ ਲੋਅ' ਨਾਵਲ ਧਾਕੜ ਜਾਤ ਵਲੋਂ ਮਚਾਈ ਜਾ ਰਹੀ ਲੁੱਟ ਖਸੁੱਟ ਵਾਲੀ ਜਗੀਰੂ ਮਾਨਸਿਕਤਾ ਉੱਤੇ ਇਕ ਕਰਾਰੀ ਸੱਟ ਹੈ। ਧਾਕੜ ਲੋਕ ਹਮਾਤੜ ਧਮਾਤੜਾਂ ਨੂੰ ਕੀੜੇ-ਮਕੌੜੇ ਸਮਝ ਕੇ ਮਸਲਣਾ, ਉਨ੍ਹਾਂ ਦੀਆਂ ਇੱਜ਼ਤਾਂ ਨਾਲ ਖੇਡਣਾ ਆਪਣੇ ਜਮਾਂਦਰੂ ਹੱਕ ਸਮਝ ਲੈਂਦੇ ਹਨ। ਨਸ਼ਿਆਂ ਦੇ ਰੁਝਾਨ ਵਿਚ ਵੀ ਜਗੀਰੂ ਸੋਚ ਦਾ ਵੱਡਾ ਹੱਥ ਰਿਹਾ ਹੈ। ਥੱਕੇ-ਟੁੱਟੇ ਕਿਰਤੀ ਲੋਕਾਂ ਨੂੰ ਥਕੇਵਾਂ ਦੂਰ ਕਰਨ ਦੀ ਆੜ ਵਿਚ ਨਸ਼ਿਆਂ 'ਤੇ ਲਾਉਣ ਤੇ ਜਦ ਉਹ ਨਸ਼ਿਆਂ ਦੇ ਗ਼ੁਲਾਮ ਹੋ ਜਾਂਦੇ ਹਨ ਤੇ ਰੋਟੀ ਟੁੱਕ ਕਮਾਉਣ ਨਾਲ-ਨਾਲ ਨਸ਼ਿਆਂ ਦੀ ਪ੍ਰਾਪਤੀ ਲਈ ਹੱਥ-ਪੈਰ ਮਾਰਦੇ ਹਨ, ਜਦ ਫਿਰ ਪੂਰੀ ਨਹੀਂ ਪੈਂਦੀ ਤਾਂ ਉਹ ਥਾਂ-ਥਾਂ ਹੱਥ ਅੱਡਣ ਲਈ ਮਜਬੂਰ ਹੋ ਜਾਂਦੇ ਹਨ। ਅੱਗੇ ਧਾਕੜ ਲੋਕ ਇਨ੍ਹਾਂ ਲੋਕਾਂ ਦੀਆਂ ਜਾਇਦਾਦਾਂ ਜ਼ਮੀਨਾਂ ਤੇ ਇੱਜ਼ਤਾਂ ਉੱਤੇ ਮੈਲੀ ਅੱਖ ਰੱਖਣ ਲੱਗ ਪੈਂਦੇ ਹਨ ਤੇ ਜਿਨ੍ਹਾਂ ਨੂੰ ਹਰ ਹਾਲਤ ਵਿਚ ਹੜੱਪਣ ਦੀ ਕੋਸ਼ਿਸ਼ ਵੀ ਕਰਦੇ ਹਨ। ਇਹ ਸਿਲਸਿਲਾ ਪੀੜ੍ਹੀ-ਦਰ-ਪੀੜ੍ਹੀ ਚਲਦਾ ਰਹਿੰਦਾ ਹੈ। ਜਦ ਜ਼ੁਲਮ ਸਭ ਹੱਦਾਂ ਨੂੰ ਪਾਰ ਕਰ ਜਾਂਦਾ ਹੈ ਤਾਂ ਮੁੜ ਕੇ ਪਸੀਨੇ ਦੀ ਮਨੁੱਖੀ ਖੇਤੀ ਵਿਚੋਂ ਕੋਈ ਨਾ ਕੋਈ ਦੂਲਾ ਸ਼ੇਰ ਪੈਦਾ ਹੁੰਦੈ ਤੇ ਧਾਕੜ ਲੋਟੂਆਂ ਦੀਆਂ ਜੜ੍ਹਾਂ ਹਿਲਾ ਦਿੰਦਾ ਹੈ।
ਹਥਲੇ ਇਸ ਨਾਵਲ ਵਿਚ ਬਿੱਕਰ ਸਿੰਘ ਦੀ ਰਾਖ਼ਸ਼ ਬਿਰਤੀ ਅਤੇ ਗੁਰਦੇਵ ਸਿੰਘ ਦੀ ਅਣਖੀ ਇਨਸਾਨੀਅਤ ਦੀ ਬਿਰਤੀ ਵਿਚਕਾਰ ਇਕ ਜੰਗ ਛਿੜਦੀ ਹੈ। ਬਿੱਕਰ ਸਿੰਘ ਹੈਂਕੜਬਾਜ਼ੀ ਦੀ ਇਹ ਜੰਗ ਜਿੱਤਣ ਲਈ ਪੈਸੇ ਦੇ ਜ਼ੋਰ ਨਾਲ ਤਰ੍ਹਾਂ-ਤਰ੍ਹਾਂ ਦੀਆਂ ਫਰੇਬੀ ਚਾਲਾਂ ਖੇਡਦਾ ਹੈ ਤੇ ਪਾਲਤੂ ਗੁੰਡਿਆਂ ਰਾਹੀਂ ਹਰ ਤਰ੍ਹਾਂ ਦੀ ਬੁਰਛਾਗਰਦੀ ਭਰੇ ਧੱਕੇ ਕਰਵਾਉਂਦਾ ਹੈ ਪਰ ਨੌਜਵਾਨ ਗੁਰਾ ਉਰਫ਼ ਗੁਰਦੇਵ ਸਿੰਘ ਆਪਣੇ ਜੋਸ਼ ਨੂੰ ਹੋਸ਼ ਵਿਚ ਰੱਖਦਿਆਂ ਸੰਜਮ ਦੇ ਜ਼ਾਬਤੇ ਵਿਚ ਰਹਿ ਕੇ ਸਮੇਂ-ਸਮੇਂ ਢੁਕਵੇਂ ਜਵਾਬ ਦਿੰਦਾ ਹੈ, ਜਿਨ੍ਹਾਂ ਨਾਲ ਬਿੱਕਰ ਮਾਨਸਿਕ ਹਾਰ ਦੇ ਜ਼ਖਮਾਂ ਨਾਲ ਜਿਉਂ-ਜਿਉਂ ਪੱਛਿਆ ਜਾਂਦਾ ਹੈ ਤਿਉਂ-ਤਿਉਂ ਜ਼ਖ਼ਮੀ ਨਾਗ ਵਾਂਗ ਫੁੰਕਾਰੇ ਮਾਰਦਾ ਹੈ। ਆਖ਼ਰ ਆਪਣੇ ਹੰਕਾਰ ਦੀ ਸਿਰੀ ਨੂੰ ਹੀ ਵਢਾ ਬਹਿੰਦਾ ਹੈ। ਯਾਨੀ ਬਦੀ ਦੀ ਹਾਰ ਤੇ ਨੇਕੀ ਦੀ ਜਿੱਤ ਹੁੰਦੀ ਹੈ। ਗੁਰਦੇਵ ਸਿੰਘ ਦੀਵੇ ਦੀ ਲੋਅ ਬਣ ਕੇ ਗ਼ੁਲਾਮੀ ਦਾ ਜੂਲਾ ਕੱਟਣ ਲਈ ਸੂਰਜ ਨੂੰ ਇੰਜ ਸਿਜਦਾ ਕਰਦਾ ਹੈ :
'ਮੈਂ ਸੂਰਜ ਦਾ ਸਾਥੀ ਯਾਰੋ,
ਨਿੱਘੇ ਹੱਥਾਂ ਦਾ ਸੇਕ ਨਾ ਜਿਹਨੂੰ,
ਮੁਦਤਾਂ ਤੀਕ ਥਿਆਇਆ।
ਬਚਪਨ ਦੀ ਥਾਂ ਬਿਰਹਾ
ਆਪਣੇ ਹੰਝੂਆਂ ਨਾਲ ਰਲਾਇਆ।'
ਇਸ ਨਾਵਲ ਵਿਚ ਗੁਰਦੇਵ ਦੀ ਮਾਂ ਰੂਪਾ ਦਾ ਤਿਆਗ਼ ਤੇ ਸ਼ਰੀਕੇ ਵਿਚ ਲਗਦੀ ਅਣਖੀ ਭੂਆ ਗੁਰਦੇਵ ਦੀ ਪਾਲਣਹਾਰੀ ਮਾਂ ਦਾ ਰੋਲ ਮਾਣਮਤੀਆਂ ਔਰਤਾਂ ਦਾ ਪ੍ਰਤੀਕ ਵਜੋਂ ਪੇਸ਼ਕਾਰੀ ਚੰਗਾ ਸਮਾਜ ਸਿਰਜਣ ਲਈ ਸੁਲੱਖਣੀਆਂ ਔਰਤਾਂ ਦੀ ਭਾਈਵਾਲੀ ਦੀ ਬਾਤ ਪਾਉਂਦੀ ਹੈ। ਕੁੱਲ ਮਿਲਾ ਕੇ ਗੁਰਜਿੰਦਰ ਸੰਧੂ ਦਾ 'ਦੀਵੇ ਦੀ ਲੋਅ' ਇਹ ਨਾਵਲ ਹਨੇਰਗਰਦੀ ਦੇ ਯੁੱਗ ਚਾਨਣ ਭਰਨ ਦੇ ਸਮਰੱਥਾ ਰੱਖਦਾ ਹੈ।

-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋਬਾਈਲ : 98764-74858

ਕਿਣ ਮਿਣ ਤਿੱਪ ਤਿੱਪ
ਲੇਖਕ : ਰਾਣਾ ਰਣਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 87
ਸੰਪਰਕ : 95011-45039

ਰਣਬੀਰ ਰਾਣਾ ਪੰਜਾਬੀ ਫ਼ਿਲਮਾਂ 'ਚ ਪੂਰੀ ਤਰ੍ਹਾਂ ਛਾਇਆ ਹੋਇਆ ਕਾਮੇਡੀ ਕਲਾਕਾਰ ਹੈ। ਉਹ ਇਕ ਅਜਿਹੀ ਸ਼ਖ਼ਸੀਅਤ ਹੈ ਜੋ ਕਾਮੇਡੀ ਦੇ ਨਾਲ-ਨਾਲ ਮੰਝਿਆ ਹੋਇਆ ਕਾਵਿ-ਰੰਗ 'ਚ ਵੀ ਰੰਗਿਆ ਹੋਇਆ ਲੇਖਕ ਹੈ। ਉਸ ਨੇ ਪਹਿਲਾਂ ਵੀ ਚਾਰ ਪੰਜ ਅਜਿਹੀਆਂ ਪੁਸਤਕਾਂ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਈਆਂ ਹਨ। ਜ਼ਿਕਰ ਅਧੀਨ ਪੁਸਤਕ 'ਕਿਣ ਮਿਣ ਤਿੱਪ ਤਿੱਪ' ਇਹ ਕਾਵਿ-ਸੰਗ੍ਰਹਿ ਚੌਥੇ ਐਡੀਸ਼ਨ ਦੇ ਰੂਪ ਵਿਚ ਪੇਸ਼ ਕੀਤਾ ਹੈ। ਰਾਣਾ ਰਣਬੀਰ ਦੀ ਪੁਸਤਕ 'ਜ਼ਿੰਦਗੀ ਜ਼ਿੰਦਾਬਾਦ' ਪੰਜਾਬੀ, ਹਿੰਦੀ ਤੇ ਅੰਗਰੇਜ਼ੀ 'ਚ ਵੀ ਛਪ ਚੁੱਕੀ ਹੈ। ਪਰ ਹਥਲੀ ਪੁਸਤਕ ਦਾ ਇਹ ਐਡੀਸ਼ਨ ਉਸ ਨੇ ਨਿਰਦੇਸ਼ਕ, ਲੇਖਕ ਤੇ ਗਾਇਕ ਮਨਮੋਹਨ ਸਿੰਘ ਨੂੰ ਸਮਰਪਣ ਕੀਤਾ ਹੈ।
ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ 87 ਪੰਨਿਆਂ ਦੀ ਇਹ ਪੁਸਤਕ ਦੇ ਸ਼ੁਰੂ 'ਚ ਤਰਤੀਬ 'ਚ 98 ਪੰਨੇ ਲਿਖੇ ਗਏ ਹਨ। 86 ਪੰਨਿਆਂ 'ਤੇ 66 ਕਵਿਤਾਵਾਂ ਹਨ ਜੋ ਬੇਹੱਦ ਸਵਾਦਲੀਆਂ ਕਹੀਆਂ ਜਾ ਸਕਦੀਆਂ ਹਨ। ਹਰ ਰਚਨਾ ਵਿਚ ਕੋਈ ਨਾ ਕੋਈ ਵੱਡਾ ਸੁਨੇਹਾ ਵੀ ਛੁਪਿਆ ਹੋਇਆ ਹੈ। ਤਰਤੀਬ ਵਿਚ ਹੀ ਪੰਨਾ ਨੰ: 9 'ਤੇ ਸੁਰਜੀਤ ਪਾਤਰ ਸਾਹਿਬ ਹੋਰਾਂ ਦਾ ਅਗਲੀ ਸਵੇਰ ਲੇਖ ਦਾ ਹਵਾਲਾ ਦਿੱਤਾ ਗਿਆ ਹੈ ਪਰ ਪਾਤਰ ਸਾਹਿਬ ਦਾ ਲੇਖ ਗਾਇਬ ਹੈ। ਇਸੇ ਪੰਨੇ 'ਤੇ 'ਦੀਵਾ ਜਗਾਉਣ ਦੇ ਮੈਨੂੰ' ਰਚਨਾ ਛਪੀ ਹੈ। ਇਸੇ ਤਰ੍ਹਾਂ 'ਰਾਣਾ ਰਣਬੀਰ ਦੀ ਯਾਤਰਾ' ਜੋ ਡਾ. ਸੁਰਜੀਤ ਸਿੰਘ ਹੋਰਾਂ ਲਿਖੀ ਹੈ। ਪੰਨਾ 15 ਤੋਂ ਗਾਇਬ ਹੈ, ਇਸ ਦੀ ਜਗ੍ਹਾ 'ਖਾਬ ਹਕੀਕਤ' ਰਚਨਾ ਛਪੀ ਹੈ। ਇਸੇ ਤਰ੍ਹਾਂ ਹੀ ਬਲਜਿੰਦਰ ਨਸਰਾਲੀ ਤੇ ਅਮਰਦੀਪ ਗਿੱਲ ਹੋਰਾਂ ਦੇ ਦੋ ਸ਼ਬਦ ਪੰਨਾ ਨੰ: 19 ਤੇ 20 ਤੋਂ ਹਟਾਏ ਗਏ ਹਨ। ਇਨ੍ਹਾਂ ਦੀ ਥਾਂ 'ਤੇ ਰਚਨਾਵਾਂ ਹੀ ਛਪੀਆਂ ਹਨ।
ਜਿਥੋਂ ਤੱਕ ਪੁਸਤਕ ਦੀ ਕਾਵਿ-ਸ਼ੈਲੀ ਦਾ ਸੰਬੰਧ ਹੈ ਉਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਥੋੜ੍ਹੀ ਹੈ, ਜਿਸ ਤਰ੍ਹਾਂ 'ਕਿਣ ਮਿਣ ਤਿੱਪ ਤਿੱਪ' ਵਿਚ :
''ਕਿਣ ਮਿਣ ਤਿੱਪ ਤਿੱਪ' ਮੀਂਹ ਪਿਆ ਵਰ੍ਹਦਾ
ਮਿੱਟੀ ਮਹਿਕ ਖਿੰਡਾਵੇ
ਆ ਲਫ਼ਜ਼ਾਂ ਦੀ ਸੇਜ਼ ਹੰਢਾਲੈ
ਕਵਿਤਾ ਮੁੱਕ ਨਾ ਜਾਵੇ।''
ਆਪਣੇ ਆਪ ਤਾਰੀਫ਼ਯੋਗ ਹੈ। ਇਸੇ ਤਰ੍ਹਾਂ 'ਸ਼ੁਦਾਈ' ਕਵਿਤਾ ਵਿਚ :
'ਦੱਸ ਕਿਉਂ ਸਾਡਾ ਦਿਲ ਤੈਨੂੰ ਮਨਜ਼ੂਰ ਨਹੀਂ।
ਪਾ ਲਈ ਏ ਸੌਂਹ ਅਸੀਂ, ਰਹਿਣਾ ਤੈਥੋਂ ਦੂਰ ਨਹੀਂ।'
ਇਸੇ ਤਰ੍ਹਾਂ ਬਾਕੀ ਦੀਆਂ ਸਾਰੀਆਂ ਰਚਨਾਵਾਂ ਜਿਵੇਂ ਹੁਨਰ, ਪੱਤਣ, ਵਕਤ, ਹਕੀਕਤ, ਸਖਾਵੇਂ ਕਦਮ ਆਦਿ ਸਾਰੀਆਂ ਰਚਨਾਵਾਂ ਇਕ ਦੂਜੇ ਤੋਂ ਉੱਪਰ ਨੇ। ਰਾਣਾ ਰਣਬੀਰ ਨੂੰ ਇਸ ਕਿਤਾਬ ਲਈ ਮੁਬਾਰਕਵਾਦ ਦਿੰਦੇ ਹਾਂ ਤੇ ਆਸ ਵੀ ਕਰਦੇ ਹਾਂ ਕਿ ਉਸ ਦਾ ਅੱਗੋਂ ਵੀ ਸਾਹਿਤ ਲਈ ਕੁਝ ਨਾ ਕੁਝ ਦੇਣ ਦਾ ਹੰਭਲਾ ਨਿਰੰਤਰ ਜਾਰੀ ਰਹੇਗਾ।

-ਡੀ. ਆਰ. ਬੰਦਨਾ
ਮੋਬਾਈਲ : 94173-89003

28-10-2023

 ਆ ਮੁੜ ਚੱਲੀਏ
ਨਾਵਲਕਾਰ : ਚੰਨ ਮੋਮੀ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 250 ਰੁਪਏ, ਸਫ਼ੇ : 150
ਸੰਪਰਕ : 94171-90352

ਇਹ ਨਾਵਲ ਬੀਤੇ ਹੋਏ ਭਲੇ ਵੇਲਿਆਂ ਦੀ ਅਤੇ ਅਜੋਕੇ ਸਹਿਕਦੇ ਸਮਿਆਂ ਦੀ ਬਾਤ ਪਾਉਂਦਾ ਹੈ। ਪੁਰਾਣੇ ਪੰਜਾਬ ਨੂੰ ਯਾਦ ਕਰਦਿਆਂ ਨਾਵਲਕਾਰ ਲਿਖਦਾ ਹੈ ਕਿ ਕਿਸੇ ਸਮੇਂ ਪੰਜਾਬੀਆਂ ਦੇ ਚਿਹਰਿਆਂ 'ਤੇ ਸਬਰ, ਸ਼ੁਕਰ ਦਾ ਖੇੜਾ ਅਤੇ ਜਲੌਅ ਹੁੰਦਾ ਸੀ। ਪਸ਼ੂਆਂ ਦੀ ਵੀ ਬੰਦੇ ਜਿੰਨੀ ਕਦਰ ਅਤੇ ਪੁੱਛ-ਗਿਛ ਸੀ। ਆਦਮੀ ਕਾਦਰ ਵਲੋਂ ਵਰੋਸਾਈ ਧਰਤੀ ਦੀ ਕੁਦਰਤੀ ਗੋਦ ਵਿਚ ਬੈਠ ਕੇ ਉਸ ਦਾ ਪਿਆਰ ਮਾਣਦਾ ਸੀ। ਲੋਕ ਰੁੱਖੀ-ਸੁੱਕੀ ਖਾ ਕੇ ਵੀ ਸਬਰ ਸ਼ੁਕਰ ਵਿਚ ਰਹਿੰਦੇ ਸਨ। ਫਿਰ ਕਈ ਅਣਹੋਣੀਆਂ ਅਤੇ ਘੱਲੂਘਾਰਿਆਂ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਇੱਜ਼ਤਾਂ ਰੋਲ ਦਿੱਤੀਆਂ ਗਈਆਂ, ਜਵਾਨੀਆਂ ਦਾ ਘਾਣ ਕਰ ਦਿੱਤਾ ਗਿਆ, ਮਨੁੱਖੀ ਕਦਰਾਂ-ਕੀਮਤਾਂ ਅਲੋਪ ਹੋ ਗਈਆਂ। ਝੂਠ, ਸਿਆਸਤ, ਲਾਲਚ, ਨਸ਼ੇ ਅਤੇ ਵਿਕਾਰ ਭਾਰੂ ਹੋ ਗਏ। ਇਨਸਾਨ ਇਨਸਾਨੀਅਤ ਭੁੱਲ ਗਏ, ਰੂਹਾਨੀਅਤ ਤੋਂ ਦੂਰ ਹੋ ਗਏ ਅਤੇ ਹਰ ਤਰ੍ਹਾਂ ਦੇ ਕੁਕਰਮਾਂ, ਨਸ਼ਿਆਂ, ਵਿਸ਼ਿਆਂ ਵਿਚ ਗ਼ਲਤਾਨ ਹੋ ਗਏ। ਨਾਵਲਕਾਰ ਨੇ ਬਹੁਤ ਹੀ ਭਾਵਪੂਰਤ ਢੰਗ ਨਾਲ ਸਾਡੇ ਸੱਭਿਆਚਾਰ ਦੇ ਨਿਘਾਰ ਦਾ ਵਰਨਣ ਕੀਤਾ ਹੈ। ਔਰਤਾਂ ਦੀ ਤ੍ਰਾਸਦੀ ਦਾ ਵਰਨਣ ਕਰਦਾ ਹੋਇਆ ਉਹ ਇਕ ਇਸਤਰੀ ਪਾਤਰ ਵਲੋਂ ਬਿਆਨ ਕਰਦਾ ਹੈ। ਇਸਤਰੀ ਭਾਵੇਂ ਸੰਸਾਰ ਦੇ ਕਿਸੇ ਦੇਸ਼, ਸ਼ਹਿਰ, ਬਾਜ਼ਾਰ, ਨਗਰ, ਪਿੰਡ, ਘਰ ਹੋਵੇ, ਉਹ ਭਾਵੇਂ ਮਹਾਰਾਣੀ, ਪ੍ਰਧਾਨ ਮੰਤਰੀ, ਪ੍ਰਸ਼ਾਸਨਿਕ, ਜੱਜ, ਆਈ.ਪੀ.ਐਸ. ਜਾਂ ਕਿਸੇ ਦਫ਼ਤਰ ਦੀ ਮੁਖੀ ਹੋਵੇ, ਘਰ ਦੀ ਮਾਲਕ ਹੋਵੇ ਜਾਂ ਨੌਕਰਾਣੀ, ਉਹ ਬੱਸ ਭੋਗ ਦੀ ਵਸਤੂ ਹੀ ਹੈ। ਭਾਵੇਂ ਉਹ ਮੁਕਤੀ ਵਾਹਨੀ ਦੇ ਕਾਬੂ ਆਈ ਹੋਵੇ, ਚੁਰਾਸੀ ਦੇ ਦੰਗਿਆਂ ਦੇ ਵੱਸ ਪਈ ਹੋਵੇ, ਜੰਮੂ-ਕਸ਼ਮੀਰ ਵਿਚ ਮਚ ਰਹੇ ਕੁਹਰਾਮ ਵਿਚ ਫ਼ੌਜੀਆਂ ਦੇ ਚੁੰਗਲ ਵਿਚ ਹੋਵੇ, ਸ਼ੋਸ਼ਣ ਕੇਵਲ ਇਸਤਰੀ ਦਾ ਹੀ ਹੁੰਦਾ ਹੈ। ਸਮੁੱਚੇ ਤੌਰ 'ਤੇ ਇਹ ਇਕ ਸੰਵੇਦਨਸ਼ੀਲ ਦਿਲ-ਹਿਲਾਊ ਨਾਵਲ ਹੈ, ਜਿਸ ਦਾ ਸੁਆਗਤ ਕਰਨਾ ਬਣਦਾ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਮੇਰੀ ਨਜ਼ਰ ਵਿਚ
ਲੇਖਕ : ਡਾ. ਕਰਨਜੀਤ ਸਿੰਘ
ਪ੍ਰਕਾਸ਼ਕ : ਨਵਯੁੱਗ ਪਬਲੀਸ਼ਰਜ਼, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 176
ਸੰਪਰਕ : 098711-89446

ਪੰਜਾਬੀ ਸਾਹਿਤ ਦੇ ਪ੍ਰਮੁੱਖ ਹਸਤਾਖਰੀ ਸਨਮਾਨਿਤ ਲੇਖਕ ਡਾ. ਕਰਨਜੀਤ ਸਿੰਘ ਲੰਮੇ ਸਮੇਂ ਤੋਂ ਵੱਖ-ਵੱਖ ਵਿਧਾਵਾਂ 'ਤੇ ਤੀਹ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾ ਚੁੱਕੇ ਹਨ। ਉਸ ਦੀਆਂ ਚੌਦਾਂ ਮੌਲਿਕ ਕਿਤਾਬਾਂ ਹਨ। ਚਾਰ ਕਾਵਿ-ਸੰਗ੍ਰਹਿ, ਤਿੰਨ ਸਵੈ-ਜੀਵਨੀ, ਚਾਰ ਅਲੋਚਨਾ, ਚਾਰ ਕਿਤਾਬਾਂ ਦੀ ਸੰਪਾਦਨਾ ਅਤੇ ਦਰਜਨ ਦੇ ਲਗਭਗ ਅਨੁਵਾਦ ਕੀਤੀਆਂ ਪੁਸਤਕਾਂ ਹਨ। ਹਥਲੀ ਪੁਸਤਕ ਵਿਚ 25 ਦੇ ਕਰੀਬ ਲੇਖ ਸ਼ਾਮਿਲ ਹਨ, ਜਿਨ੍ਹਾਂ ਵਿਚ ਸੁਤੰਤਰਤਾਪੂਰਵ ਪੰਜਾਬੀ ਕਵਿਤਾ ਮੁੱਖ ਰੁਝਾਨ, ਗ਼ਦਰ ਪਾਰਟੀ ਦਾ ਪੰਜਾਬੀ ਸਾਹਿਤ, ਸੱਭਿਆਚਾਰ ਤੇ ਪੱਤਰਕਾਰੀ ਨੂੰ ਦੇਣ, ਜੰਗੀ ਕੈਦੀ, ਗੁਰਬਖ਼ਸ਼ ਸਿੰਘ : ਵਿਚਾਰਧਾਰਕ ਦ੍ਰਿਸ਼ਟੀ, ਕਰਤਾਰ ਸਿੰਘ ਦੁੱਗਲ ਦੇ ਰਚਨਾ-ਸੰਸਾਰ ਉਤੇ ਇਕ ਪੰਛੀ-ਝਾਤ, ਦੁੱਗਲ ਦੀ ਇਤਿਹਾਸਕ ਤਿਕੜੀ, ਵਿਸ਼ਵੀਕਰਨ-ਗੁਰੂ ਗ੍ਰੰਥ ਸਾਹਿਬ ਤੇ ਸਿੱਖ ਪੰਥ, 'ਰਾਜ ਦਾ ਸਿੱਖ ਸੰਕਲਪ-ਇਕ ਟਿੱਪਣੀ, ਵਿਰਸਾ ਤੇ ਵਰਤਮਾਨ ਇਕ ਸਰਵੇਖਣ, ਕੀ ਗਾਂਧੀ ਜੀ ਭਾਰਤ ਵਿਚ ਮਾਰਕਸ ਦਾ ਬਦਲ ਬਣ ਸਕਦੇ ਹਨ?, ਪੰਜਾਬੀ ਵਿਚ ਪ੍ਰਤੀਬੱਧ ਸਾਹਿਤ, ਗੱਲ ਇਕ ਪੁਸਤਕ ਦੀ, ਮਿੰਨੀ ਗਰੇਵਾਲ ਦੀ 'ਚਾਂਦੀ ਦਾ ਗੇਟ', ਪ੍ਰੋ. ਰਣਜੀਤ ਸਿੰਘ ਦੀ ਕਹਾਣੀ ਦਾ ਮੁਹਾਂਦਰਾ, ਨਵਤੇਜ ਸਿੰਘ : ਸਾਹਿਤਕਾਰ ਪੱਤਰਕਾਰ, ਗੁਰਮੁਖ ਸਿੰਘ ਜੀਤ ਦੀ ਅਨੁਵਾਦ ਕਲਾ, ਬੁੱਢੀ ਚੁੜੇਲ ਤੇ ਹੋਰ ਕਹਾਣੀਆਂ, ਕਹਾਣੀ-ਸੰਗ੍ਰਹਿ-ਨਿਸ਼ਾ ਪਰੀ ਦੀ ਸੁੰਦਰੀ, ਸਲੀਬ 'ਤੇ ਲਟਕਦਾ ਖੁਦਾ ਇਕ ਟਿੱਪਣੀ, ਜੁਸਤਜੂ ਜਾਰੀ ਰਹੇ, 'ਟਾਵਰਜ਼' ਕਹਾਣੀ-ਸੰਗ੍ਰਹਿ ਬਾਰੇ ਕੁਝ ਪ੍ਰਭਾਵ, ਸਾਹਿਤ ਅਨੁਵਾਦ ਰਾਹੀਂ ਸਾਹਿਤ ਵਿਕਾਸ, ਹਿੰਦੀ ਕਵੀ ਨਾਗਾਰਜੁਨ : ਕੁਝ ਸਾਹਿਤਕ ਯਾਦਾਂ ਅੰਕਿਤ ਕੀਤੀਆਂ ਹਨ। ਲੇਖਕ ਨੇ ਆਪਣੀ ਹਥਲੀ ਕਿਤਾਬ ਮਾਨਵ ਮਿੱਤਰ ਲੋਕ ਕਵੀ ਪਿਆਰਾ ਸਿੰਘ ਸਹਿਰਾਈ ਦੀਆਂ ਅਭੁੱਲ ਯਾਦਾਂ ਨੂੰ ਸਮਰਪਿਤ ਕੀਤੀ ਹੈ।
ਲੇਖਕ ਪੰਜਾਬ ਵਿਚ ਬਰਤਾਨਵੀ ਰਾਜ ਦੀ ਸਥਾਪਤੀ ਬਾਰੇ ਇਕ ਲੇਖ ਸੁਤੰਤਰਤਾਪੂਰਵ ਪੰਜਾਬੀ ਕਵਿਤਾ ਮੁੱਖ ਰੁਝਾਨ ਵਿਚ ਲਿਖਦਾ ਹੈ ਕਿ ਇਸ ਸਮੇਂ ਪੰਜਾਬੀ ਸਮਾਜ ਅਤੇ ਸਾਹਿਤ ਆਧੁਨਿਕਤਾ ਦੀਆਂ ਬਰੂਹਾਂ ਲੰਘਦਾ ਹੈ। ਇਸ ਦੌਰ ਦੇ ਪੰਜਾਬੀ ਕਾਵਿ ਨੇ ਕਦੇ ਅਧੁਨਿਕਤਾ, ਕਦੇ ਪ੍ਰਯੋਗਵਾਦੀ, ਕਦੇ ਪ੍ਰਗਤੀਵਾਦੀ ਲਹਿਰ ਦੇ ਸੰਗ ਸਾਂਝ ਪਾਈ ਹੈ। ਇਸ ਸਮੇਂ ਦੀ ਪੰਜਾਬੀ ਅਧੁਨਿਕ ਕਵਿਤਾ ਦਾ ਕਵੀ ਭਾਈ ਵੀਰ ਸਿੰਘ ਨੂੰ ਮੰਨਿਆ ਜਾਂਦਾ ਹੈ। ਪਰ ਲੇਖਕ ਨਾਲ ਹੀ ਕਹਿੰਦਾ ਹੈ ਜੇ ਆਧੁਨਿਕ ਸੰਵੇਦਨਾ ਦੀ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਕਵੀ ਸ਼ਾਹ ਮੁਹੰਮਦ ਨੂੰ ਮੰਨਿਆ ਜਾਣਾ ਚਾਹੀਦਾ ਹੈ। ਫਿਰ ਪ੍ਰੋ. ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਚਰਨ ਸਿੰਘ ਸ਼ਹੀਦ, ਭਗਵਾਨ ਸਿੰਘ 'ਪ੍ਰੀਤਮ', ਹਰਨਾਮ ਸਿੰਘ ਟੁੰਡੀ ਲਾਟ, ਮੁਨਸ਼ਾ ਸਿੰਘ ਦੁਖੀ ਆਦਿ ਉੱਘੇ ਗ਼ਦਰੀ ਕਵੀ ਹਨ। ਹੀਰਾ ਸਿੰਘ ਦਰਦ, ਗੁਰਮੁਖ ਸਿੰਘ ਮੁਸਾਫ਼ਿਰ, ਵਿਧਾਤਾ ਸਿੰਘ ਤੀਰ ਅਕਾਲੀ ਲਹਿਰ ਨਾਲ ਸੰਬੰਧਿਤ ਪ੍ਰਮੁੱਖ ਕਵੀ ਹਨ। ਇਨ੍ਹਾਂ ਵਿਚੋਂ ਕੁਝ ਕਵੀ ਅਜਿਹੇ ਵੀ ਹਨ ਜਿਨ੍ਹਾਂ ਵਿਚ ਗਤੀਸ਼ੀਲਤਾ ਹੈ ਅਤੇ ਉਹ ਇਕੋ ਥਾਂ ਟਿਕੇ ਨਹੀਂ ਰਹਿੰਦੇ ਜਿਵੇਂ ਹੀਰਾ ਸਿੰਘ ਦਰਦ ਅਕਾਲੀ ਲਹਿਰ ਤੋਂ ਮਗਰੋਂ ਪ੍ਰਗਤੀਵਾਦੀ ਲਹਿਰ ਵਿਚ ਜਾ ਸ਼ਾਮਿਲ ਹੋਇਆ ਅਤੇ ਗੁਰਮੁਖ ਸਿੰਘ ਮੁਸਾਫਿਰ ਰਾਸ਼ਟਰੀ ਅੰਦੋਲਨ ਵਿਚ ਕੁੱਦ ਪਿਆ। ਫਿਰੋਜ਼ਦੀਨ ਸ਼ਰਫ਼ ਨੇ ਆਪਣੀ ਕਲਮ ਨਾਲ ਅਕਾਲੀ ਲਹਿਰ ਵਿਚ ਵੀ ਤੇ ਰਾਸ਼ਟਰੀ ਅੰਦੋਲਨ ਵਿਚ ਵੀ ਬੜਾ ਉੱਘਾ ਯੋਗਦਾਨ ਪਾਇਆ। ਬਸਤੀਵਾਦੀ ਰਾਜ ਦੇ ਜ਼ੁਲਮਾਂ ਪ੍ਰਤੀ ਰੋਹ, ਦੇਸ਼ ਪਿਆਰ ਦੀ ਭਾਵਨਾ, ਦੇਸ਼ ਤੋਂ ਕੁਰਬਾਨ ਹੋ ਜਾਣਦਾ ਸੰਕਲਪ ਤੇ ਜਜ਼ਬਾ, ਵੱਖ-ਵੱਖ ਫ਼ਿਰਕਿਆਂ ਵਿਚ ਮਾਨਵੀ ਸਾਂਝ, ਗ਼ੁਲਾਮੀ ਦੇ ਜੂਲੇ ਨੂੰ ਗਲੋਂ ਲਾਹੁਣ ਦੀ ਤੜਪ ਅਤੇ ਦੇਸ਼ ਦੇ ਰੌਸ਼ਨ ਭਵਿੱਖ ਦੀ ਪ੍ਰਚੰਡ ਸਿੱਕ ਇਨ੍ਹਾਂ ਲਹਿਰਾਂ ਦੀ ਕਵਿਤਾ ਦੇ ਸਾਂਝੇ ਲੱਛਣ ਹਨ। ਲੇਖਕ ਨੇ ਉਪਰੋਕਤ ਲੇਖਾਂ ਨੂੰ ਅਲੋਚਨਾਤਮਿਕ ਪੱਖੋਂ ਕਾਲ ਵੰਡ ਅਨੁਸਾਰ ਵਧੀਆ ਪੇਸ਼ਕਾਰੀ ਕੀਤੀ ਹੈ। ਕਿਤਾਬ ਵਿਚਲੇ ਬਾਕਮਾਲ ਖ਼ੂਬਸੂਰਤ ਵੰਨ-ਸੁਵੰਨਤਾ ਵਾਲੇ ਲੇਖਾਂ ਦਾ ਗੁਲਦਸਤਾ ਹੈ ਅਤੇ ਪੜ੍ਹਨਯੋਗ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਮਿੱਠੇ ਅੰਬ ਤੇ ਕੋਇਲ
ਲੇਖਕ : ਪ੍ਰਿੰ. ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 32
ਸੰਪਰਕ : 98764-52223

ਬਾਲ ਕਵਿਤਾਵਾਂ ਦੀ ਛੋਟੀ ਪੁਸਤਕ 'ਮਿੱਠੇ ਅੰਬ ਤੇ ਕੋਇਲ' ਦੇ ਲੇਖਕ ਬਹਾਦਰ ਸਿੰਘ ਗੋਸਲ ਹਨ, ਜਿਨ੍ਹਾਂ ਨੇ 59 ਦੇ ਕਰੀਬ ਬਾਲ ਪੁਸਤਕਾਂ ਅਤੇ 24 ਦੇ ਕਰੀਬ ਵਾਰਤਕ ਪੁਸਤਕਾਂ ਲਿਖੀਆਂ ਹਨ। ਇਸ ਪੁਸਤਕ ਵਿਚ ਇਨ੍ਹਾਂ ਨੇ 23 ਕਵਿਤਾਵਾਂ ਲਿਖੀਆਂ ਹਨ। ਸਾਰੀਆਂ ਹੀ ਕਵਿਤਾਵਾਂ ਆਪੋ-ਆਪਣੇ ਕੱਦ ਦਾ ਵਰਣਨ ਕਰ ਰਹੀਆਂ ਹਨ ਅਤੇ ਪੜ੍ਹਨਯੋਗ ਵੀ ਹਨ, ਜਿਨ੍ਹਾਂ ਨੂੰ ਪੜ੍ਹ ਕੇ ਬੱਚਿਆਂ ਨੂੰ ਗਿਆਨ ਹਾਸਿਲ ਹੋਵੇਗਾ। ਲੇਖਕ ਨੇ ਵੱਖ-ਵੱਖ ਵਿਸ਼ਿਆਂ 'ਤੇ ਕਵਿਤਾਵਾਂ ਲਿਖਣ ਦਾ ਜੋ ਉਪਰਾਲਾ ਕੀਤਾ ਹੈ, ਉਹ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ। ਲੇਖਕ ਆਪ ਵੀ ਪ੍ਰਿੰਸੀਪਲ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਬੱਚਿਆਂ ਬਾਰੇ ਸਾਰੀਆਂ ਗੱਲਾਂ ਦੀ ਜਾਣਕਾਰੀ ਹੈ। ਹਰ ਕਵਿਤਾ ਦੇ ਨਾਲ ਜੋ ਚਿੱਤਰ ਦਿੱਤੇ ਗਏ ਹਨ, ਉਨ੍ਹਾਂ ਦੀ ਵੀ ਇਕ ਵੱਖਰੀ ਮਹੱਤਤਾ ਹੈ। ਬਾਲ ਸਾਹਿਤ ਵਿਚ ਲੇਖਕ ਨੇ ਕਾਫ਼ੀ ਹੱਥ ਅਜ਼ਮਾਇਆ ਹੈ, ਜਿਸ ਕਰਕੇ ਉਹ ਆਪਣੀ ਲੇਖਣੀ ਤੋਂ ਕਦੇ ਡੋਲਦਾ ਨਹੀਂ ਅਤੇ ਨਿਰੰਤਰ ਲਿਖਦਾ ਜਾ ਰਿਹਾ ਹੈ, ਜੋ ਕਿ ਇਕ ਚੰਗੇ ਲੇਖਕ ਦੀ ਖ਼ੂਬੀ ਵੀ ਕਹੀ ਜਾ ਸਕਦੀ ਹੈ। ਲਿਖਣ ਦੇ ਨਾਲ-ਨਾਲ ਲੇਖਕ ਦੀ ਕੋਸ਼ਿਸ਼ ਵੀ ਹੈ ਕਿ ਉਹ ਇਨ੍ਹਾਂ ਲਿਖਤਾਂ ਤੋਂ ਕੁਝ ਨਾ ਕੁਝ ਪ੍ਰੇਰਨਾ ਵੀ ਲੈ ਸਕਣ। ਲਿਖਤਾਂ ਦੇ ਪ੍ਰਤੀ ਲੇਖਕ ਨੂੰ ਜੋ ਪਾਠਕਾਂ ਵਲੋਂ ਹੁੰਗਾਰਾ, ਪਿਆਰ, ਹੱਲਾਸ਼ੇਰੀ ਮਿਲੀ ਉਸੇ ਦੇ ਸਦਕੇ ਉਨ੍ਹਾਂ ਨੇ ਆਪਣਾ ਸਾਹਿਤਕ ਸਫ਼ਰ ਜਾਰੀ ਰੱਖਿਆ। ਏਨੀਆਂ ਕਿਤਾਬਾਂ ਲਿਖਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ। ਆਮ ਤੌਰ 'ਤੇ 2-4 ਕਿਤਾਬਾਂ ਲਿਖ ਕੇ ਬੱਸ ਹੋ ਜਾਂਦੀ ਹੈ ਪ੍ਰੰਤੂ ਸਦਕੇ ਜਾਈਏ ਇਸ ਲੇਖਕ ਦੇ ਜਿਨ੍ਹਾਂ ਨੇ ਗਿਆਨ ਨੂੰ ਆਪਣੇ ਕੋਲ ਨਾ ਰੱਖ ਕੇ ਉਸ ਨੂੰ ਵੰਡਣ ਦੀ ਨਿਰੰਤਰ ਕੋਸ਼ਿਸ਼ ਕੀਤੀ ਹੈ। ਆਪਣੀਆਂ ਲਿਖਤਾਂ ਦੇ ਵਿਚ ਸਰਲ ਭਾਸ਼ਾ ਦੀ ਵਰਤੋਂ ਕਰਕੇ ਲੇਖਕ ਨੇ ਬਹੁਤ ਚੰਗੀ ਗੱਲ ਕੀਤੀ ਹੈ। ਪੁਸਤਕ ਵਿਚਲੀਆਂ ਸਾਰੀਆਂ ਕਵਿਤਾਵਾਂ ਸਾਂਭਣ ਤੇ ਪੜ੍ਹਨਯੋਗ ਹਨ ਅਤੇ ਬੱਚਿਆਂ ਨੂੰ ਪੜ੍ਹਨੀਆਂ ਵੀ ਚਾਹੀਦੀਆਂ ਹਨ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

22-10-2023

ਲੁਕਵਾਂ ਸੱਚ
ਲੇਖਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 98146-28027

ਕਰਮ ਸਿੰਘ ਜ਼ਖ਼ਮੀ ਦਾ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਤੇ ਸਨਮਾਨਯੋਗ ਸਥਾਨ ਹੈ। ਉਨ੍ਹਾਂ ਦੀ ਕਲਮ ਦੀ ਤੀਖਣਤਾ ਨੇ ਪਾਠਕਾਂ ਦਾ ਘੇਰਾ ਵਿਸ਼ਾਲ ਕੀਤਾ ਹੈ। ਉਹ ਪ੍ਰਸਿੱਧ ਸਮੀਖਿਆਕਾਰ ਵੀ ਹਨ। ਉਹ ਪੁਸਤਕਾਂ ਦਾ ਗਹਿਣ ਅਧਿਐਨ ਕਰਕੇ ਵਡਮੁੱਲੀ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ ਤਾਂ ਜੋ ਪਾਠਕ ਪੁਸਤਕ ਸੱਭਿਆਚਾਰ ਨਾਲ ਜੁੜ ਸਕਣ। ਉਨ੍ਹਾਂ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਮੁੱਲਵਾਨ ਪੁਸਤਕਾਂ ਪਾਈਆਂ ਹਨ, ਜਿਨ੍ਹਾਂ ਵਿਚ 8 ਮੌਲਿਕ ਪੁਸਤਕਾਂ, 5 ਸੰਪਾਦਿਤ ਪੁਸਤਕਾਂ, 10 ਅਨੁਵਾਦਤ ਪੁਸਤਕਾਂ ਪ੍ਰਾਪਤ ਹੁੰਦੀਆਂ ਹਨ ਅਤੇ 5 ਰਿਕਾਰਡ ਕੈਸੇਟਾਂ ਵੀ ਸੰਗੀਤਕ ਜਗਤ ਨੂੰ ਦਿੱਤੀਆਂ। ਕਰਮ ਸਿੰਘ ਜ਼ਖ਼ਮੀ ਨੂੰ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਬੇਅੰਤ ਐਵਾਰਡ ਪ੍ਰਦਾਨ ਕੀਤੇ ਗਏ ਹਨ।
ਕਰਮ ਸਿੰਘ ਜ਼ਖ਼ਮੀ ਦੀ ਹਥਲੀ ਪੁਸਤਕ 'ਲੁਕਵਾਂ ਸੱਚ' ਵਿਚ 25 ਲੇਖ ਦਰਜ ਹਨ। ਇਨ੍ਹਾਂ ਵਿਚਲੀ ਕਲਾਤਮਕ ਸ਼ੈਲੀ ਪਾਠਕਾਂ ਨੂੰ ਸੁਹਜ-ਤ੍ਰਿਪਤੀ ਦੇ ਨਾਲ-ਨਾਲ ਗਿਆਨ ਤੇ ਸੂਝ ਵੀ ਪ੍ਰਦਾਨ ਕਰਦੇ ਹਨ। ਇਨ੍ਹਾਂ ਤਰਕ ਆਧਾਰਿਤ ਲੇਖਾਂ ਵਿਚ ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ, ਸੱਭਿਆਚਾਰਕ, ਇਤਿਹਾਸਕ, ਮਨੋਵਿਗਿਆਨਕ ਪੱਖ ਦ੍ਰਿਸ਼ਟੀਗੋਚਰ ਹੁੰਦੇ ਹਨ। ਵਾਰਤਕਕਾਰ ਨੇ ਆਧੁਨਿਕ ਸਮਾਜ ਵਿਚਲੇ ਮੁਖੌਟਾਧਾਰੀ ਵਿਅਕਤੀਆਂ ਦੀ ਤਸਵੀਰਕਸ਼ੀ ਕੀਤੀ ਹੈ।
'ਉਹ ਸਾਨੂੰ ਉਸੇ ਤਰ੍ਹਾਂ ਦਿਸਣਾ ਚਾਹੁੰਦਾ ਹੈ, ਜਿਸ ਤਰ੍ਹਾਂ ਅਸੀਂ ਉਸ ਨੂੰ ਦੇਖਣਾ ਚਾਹੁੰਦੇ ਹਾਂ ਅਤੇ ਕਿਹੜੇ ਵੇਲੇ ਕਿਹੜਾ ਮਖੌਟਾ ਪਹਿਣਨਾ ਚਾਹੀਦਾ ਹੈ, ਇਸ ਬਾਰੇ ਉਹ ਬੜੀ ਸੂਖ਼ਮ ਸੂਝ ਰੱਖਦਾ ਹੈ।'
ਕਰਮ ਸਿੰਘ ਜ਼ਖ਼ਮੀ ਦੀ ਵਾਰਤਕ ਵਿਚ ਚਾਰ ਦਹਾਕਿਆਂ ਦੇ ਉਤਰਾਅ-ਚੜ੍ਹਾਅ ਵੀ ਨਜ਼ਰ ਆਉਂਦੇ ਹਨ। ਪਹਿਲੇ ਦਹਾਕੇ ਵਿਚ ਉਸ ਉੱਤੇ ਧਾਰਮਿਕ ਰਹੁ-ਰੀਤਾਂ ਦਾ ਪ੍ਰਭਾਵ ਭਾਰੂ ਰਿਹਾ। ਦੂਜੇ ਦਹਾਕੇ ਵਿਚ ਤਰਕਸ਼ੀਲਤਾ ਦਾ ਪ੍ਰਭਾਵ ਕਬੂਲਦੇ ਹੋਏ ਤਰਕ ਆਧਾਰਿਤ ਤੱਥਾਂ ਦੀ ਪਰਖ-ਪੜਚੋਲ ਕਰਕੇ ਨਵੀਨ ਰਾਹਾਂ ਉੱਤੇ ਚੱਲਣ ਦੀ ਜੀਵਨ ਜਾਚ ਸਿਖਾਈ। ਤੀਜੇ ਦਹਾਕੇ ਵਿਚ ਆਸਤਿਕ-ਨਾਸਤਿਕ ਤੋਂ ਪਾਰ ਸੱਚ ਦਾ ਮਾਰਗ ਤਲਾਸ਼ਿਆ। ਉਸ ਦਾ ਵਿਚਾਰ ਹੈ ਕਿ ਲੇਖਕ ਨੂੰ ਨਿਰਪੱਖ ਨਹੀਂ ਹੋਣਾ ਚਾਹੀਦਾ। ਇਹੋ ਕਾਰਨ ਹੈ ਕਿ ਉਹ ਸਮਾਜ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਂਦਾ ਹੈ। ਮਿਹਨਤਕਸ਼ ਲੋਕ ਹਰੇਕ ਯੁੱਗ ਵਿਚ ਲੁੱਟੇ ਜਾਂਦੇ ਰਹੇ ਹਨ। ਦੂਜੇ ਪਾਸੇ ਪੂੰਜੀਵਾਦੀ ਸਾਮਰਾਜਵਾਦ ਅਨੇਕ ਪ੍ਰਕਾਰ ਦੇ ਹੱਥਕੰਡੇ ਵਰਤ ਕੇ ਲੋਕਾਂ ਦੀ ਲੁੱਟ-ਖਸੁੱਟ ਕਰਕੇ ਹੋਰ ਤਾਕਤਵਰ ਹੋ ਰਿਹਾ ਹੈ। 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦੇ ਸਿਧਾਂਤ ਉੱਤੇ ਚੱਲਣ ਵਾਲਿਆਂ ਨੂੰ 'ਬਾਬੇ ਕਿਆਂ' ਅਤੇ ਸਾਮਰਾਜਵਾਦੀ ਤਖ਼ਤ ਨੂੰ 'ਬਾਬਰ ਕਿਆਂ' ਵਜੋਂ ਸਮਝਿਆ ਜਾ ਸਕਦਾ ਹੈ।
ਕਰਮ ਸਿੰਘ ਜ਼ਖ਼ਮੀ ਦੀ ਪੁਸਤਕ ਦੇ ਟਾਈਟਲ ਵਾਲੇ ਲੇਖ 'ਲੁਕਵਾਂ ਸੱਚ' ਵਿਚ ਇਤਿਹਾਸ, ਮਿਥਿਹਾਸ, ਤਰਕ-ਵਿਤਰਕ, ਅਖਾਣ-ਮੁਹਾਵਰੇ, ਔਰਤ ਦੀ ਸਮਾਜ ਵਿਚ ਸਥਿਤੀ, ਰਸਮੋ-ਰਿਵਾਜ, ਨੈਤਿਕ-ਅਨੈਤਿਕਤਾ, ਮੁੱਲ-ਵਿਧਾਨ, ਧਰਮਾਂ ਵਿਚਕਾਰ ਅੰਤਰ-ਸੰਬੰਧ, ਮਨੁੱਖ ਦੀ ਮੁਖੌਟਾਧਾਰੀ ਜੀਵਨ ਸ਼ੈਲੀ ਬਾਰੇ ਤੁਲਨਾਤਮਕ ਵਿਚਾਰ-ਚਰਚਾ ਕੀਤੀ ਗਈ ਹੈ। ਮਨੁੱਖੀ ਸ਼ਖ਼ਸੀਅਤ ਨੂੰ ਰੂਪਮਾਨ ਕਰਦੇ ਵਿਚਾਰ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ ਜਿਵੇਂ ਉਧਾਰ ਸਮੇਂ ਸਿਰ ਵਾਪਸ ਕਰਨਾ, ਇਮਾਨਦਾਰੀ ਨਾਲ ਡਿਊਟੀ ਕਰਨਾ, ਆਂਢ-ਗੁਆਂਢ ਵਿਚ ਸਹਿਚਾਰਤਾ ਵਾਲਾ ਵਿਵਹਾਰ, ਜ਼ਿੰਮੇਵਾਰੀਆਂ ਨਿਭਾਉਣਾ, ਸੱਚੀ-ਸੁੱਚੀ ਕਿਰਤ, ਜੱਜ ਤੇ ਵਕੀਲ ਦਾ ਨਿਆਂ ਪ੍ਰਦਾਨ ਕਰਨਾ, ਸਿਆਸਤਦਾਨ ਦੇ ਲੋਕਾਈ ਦੇ ਵਿਕਾਸ ਲਈ ਫ਼ਰਜ਼, ਪੁਲਿਸ ਦੁਆਰਾ ਸੁਰੱਖਿਆ ਦੇਣਾ ਤੇ ਜ਼ੁਲਮ ਦਾ ਖ਼ਾਤਮਾ, ਅਧਿਆਪਕ ਵਿਦਿਆਰਥੀ ਦੇਸ਼ ਦੇ ਨਿਰਮਾਤਾ ਆਦਿ ਹਨ। ਇਸ ਤੋਂ ਇਲਾਵਾ ਦੇਵਤਿਆਂ ਤੇ ਵਿਅਕਤੀਆਂ ਵਲੋਂ ਔਰਤ ਨੂੰ ਭੋਗਣ ਦੀ ਵਸਤੂ ਸਮਝਣ ਦਾ ਵਿਰੋਧ ਕੀਤਾ ਗਿਆ ਹੈ ਤਾਂ ਜੋ ਔਰਤ ਦਾ ਸਮਾਜ ਵਿਚ ਸਨਮਾਨਯੋਗ ਸਥਾਨ ਨਿਸਚਿਤ ਹੋਵੇ। ਪੱਛਮੀ ਤੇ ਇਸਲਾਮਿਕ ਦੇਸ਼ਾਂ ਵਿਚ ਧਰਮ ਤੇ ਕਾਨੂੰਨ ਵਿਚਕਾਰ ਤੁਲਨਾਤਮਕ ਅਧਿਐਨ ਕਰਕੇ ਵਿਚਾਰ ਪ੍ਰਗਟਾਏ ਹਨ। ਇਸ ਲੇਖ ਵਿਚਲੀ ਸਟੀਕ ਤੇ ਵਿਸ਼ਾਲ ਅਰਥਾਂ ਦੀ ਧਾਰਨੀ ਜਾਣਕਾਰੀ ਦੇ ਆਧਾਰ 'ਤੇ ਲੁਕਵੇਂ ਸੱਚ ਨੂੰ ਪ੍ਰਤੱਖ ਕਰਨ ਦਾ ਯਤਨ ਕੀਤਾ ਗਿਆ ਹੈ। ਹਰ ਇਕ ਵਿਅਕਤੀ ਨੂੰ ਡਰ ਹੈ ਕਿ ਉਸ ਦੀ ਝੂਠੀ ਨੈਤਿਕਤਾ ਦਾ ਮਖੌਟਾ ਤਾਰ-ਤਾਰ ਨਾ ਹੋ ਜਾਵੇ। ਪ੍ਰਬੁੱਧ ਪਾਠਕਾਂ, ਖੋਜਾਰਥੀਆਂ ਤੇ ਚਿੰਤਕਾਂ ਲਈ ਪੁਸਤਕ 'ਲੁਕਵਾਂ ਸੱਚ' ਵਿਚਾਰਨਯੋਗ ਹੈ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810

--

ਲੋਕਧਾਰਾ ਅਤੇ ਸਭਿਆਚਾਰ ਚਿੰਤਨ
ਲੇਖਕ : ਡਾ. ਰਾਜਿੰਦਰ ਸਿੰਘ ਸੇਖੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 270
ਸੰਪਰਕ : 94638-81931

ਇਹ ਪੁਸਤਕ ਪੰਜਾਬ ਅਤੇ ਵਿਸ਼ਵ ਪਰਿਪੇਖ ਦੇ ਅੰਤਰਗਤ ਲੋਕਧਾਰਾ ਅਤੇ ਸੱਭਿਆਚਾਰਕ ਚਿੰਤਨ ਨੂੰ ਪੇਸ਼ ਕਰਦੀ ਹੈ। ਲੇਖਕ ਨੇ ਵਿਸ਼ਵ ਪ੍ਰਸਿੱਧ ਲੋਕਧਾਰਾ ਵਿਗਿਆਨੀ ਵਲਾਦੀਮਿਰ ਪ੍ਰਾਪ, ਰਿਚਰਡ ਡੌਰਸਨ, ਐਲਨ ਡੰਡੀਜ਼, ਕਲਾਦ ਲੈਵੀ ਸਤ੍ਰਾਸ ਅਤੇ ਸਾਈਮਨ ਜੇ. ਬ੍ਰੋਨਰ ਪ੍ਰਤੀ ਮੁਕੰਮਲ ਜਾਣਕਾਰੀ ਦਿੱਤੀ ਹੈ। ਇਸੇ ਤਰ੍ਹਾਂ ਵਿਸ਼ਵ ਪ੍ਰਸਿੱਧ ਸੱਭਿਆਚਾਰ ਵਿਗਿਆਨੀ ਐਨਤੋਨੀਓ ਗ੍ਰਾਮਸ਼ੀ, ਰੇਮੰਡ ਵਿਲੀਅਮਜ਼, ਸਰ ਜੇਮਜ਼ ਜਾਰਜ ਫਰੇਜ਼ਰ, ਐਡਵਰਡ ਸਈਅਦ, ਟੈਰੀ ਈਗਲਟਨ, ਸਟੂਅਰਟ ਹਾਲ, ਫਰੈਡਰਿਕ ਜੇਮਸਨ, ਯਾਂ ਬੌਦਰੀਲਾ ਦੇ ਜੀਵਨ ਅਤੇ ਕਾਰਜਸ਼ੈਲੀ 'ਤੇ ਚਾਨਣਾ ਪਾਇਆ ਗਿਆ ਹੈ। ਇਸ ਤੋਂ ਬਿਨਾਂ ਪੰਜਾਬ ਦੇ ਪ੍ਰਸਿੱਧ ਲੋਕਧਾਰਾ ਵਿਗਿਆਨੀਆਂ ਦੇ ਚਿੰਤਨ ਬਾਰੇ ਪਾਠਕਾਂ ਨੂੰ ਜਾਣੂੰ ਕਰਵਾਇਆ ਹੈ ਜਿਵੇਂ ਰਿਚਰਡ ਸੀ. ਟੈਂਪਲ, ਦਵਿੰਦਰ ਸਤਿਆਰਥੀ, ਸੋਹਿੰਦਰ ਸਿੰਘ ਵਣਜਾਰਾ ਬੇਦੀ, ਡਾ. ਮਹਿੰਦਰ ਸਿੰਘ ਰੰਧਾਵਾ, ਕਰਨੈਲ ਸਿੰਘ ਥਿੰਦ ਅਤੇ ਨਾਹਰ ਸਿੰਘ। ਪੰਜਾਬ ਦੇ ਪ੍ਰਸਿੱਧ ਸੱਭਿਆਚਾਰ ਵਿਗਿਆਨੀਆਂ ਦੀ ਜਾਣ-ਪਛਾਣ ਕਰਾਉਂਦਿਆਂ ਟੀ.ਆਰ. ਵਿਨੋਦ, ਗੁਰਬਖ਼ਸ਼ ਸਿੰਘ ਫਰੈਂਕ ਅਤੇ ਜਸਵਿੰਦਰ ਸਿੰਘ ਦੀ ਸਾਹਿਤਕ ਦੇਣ ਬਾਰੇ ਦੱਸਿਆ ਗਿਆ ਹੈ। ਕਾਵਿਕ ਹਵਾਲੇ ਪੁਸਤਕ ਨੂੰ ਦਿਲਚਸਪ ਬਣਾਉਂਦੇ ਹਨ ਜਿਵੇਂ :-
ਆਦਮੀ, ਭੀੜ ਤੋਂ ਬਿਨਾਂ,
ਜਿਉਂ ਨਹੀਂ ਸਕਦਾ।
ਆਦਮੀ, ਭੀੜ 'ਚ ਰਲ ਕੇ,
ਮਰ ਜਾਂਦਾ ਹੈ।
ਆਦਮੀ,
ਅਨੋਖੀ ਤਰ੍ਹਾਂ ਦਾ ਇਕੱਲਾ ਹੈ।
ਬਹੁਤ ਹੀ ਮਿਹਨਤ ਨਾਲ ਲਿਖੀ ਗਈ ਇਹ ਪੁਸਤਕ ਇਤਿਹਾਸਕ ਦਸਤਾਵੇਜ਼ ਬਣ ਗਈ ਹੈ। ਇਸ ਵਿਚ ਬੜੀ ਦੁਰਲੱਭ ਜਾਣਕਾਰੀ ਦਿੱਤੀ ਗਈ ਹੈ, ਜੋ ਖ਼ਾਸ ਕਰ ਕੇ ਸਾਹਿਤ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ। ਸਾਰੀਆਂ ਜੀਵਨੀਆਂ ਬਹੁਤ ਪ੍ਰੇਰਨਾਦਾਇਕ ਹਨ। ਇਸ ਖੋਜ ਅਤੇ ਜਾਣਕਾਰੀ ਭਰਪੂਰ ਪੁਸਤਕ ਦਾ ਅਤਿਅੰਤ ਸੁਆਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਕ੍ਰਿਸ਼ਨ
ਆਧੁਨਿਕ ਪੰਜਾਬੀ ਕਵੀਆਂ ਦੀ ਨਜ਼ਰ ਵਿਚ
ਲੇਖਿਕਾ : ਡਾ. ਸੁਨੀਤਾ ਵਸ਼ਿਸ਼ਟ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ 232
ਸੰਪਰਕ : 94638-36591

ਕ੍ਰਿਸ਼ਨ, ਜਿਸ ਨੂੰ ਭਾਰਤੀ ਮਿਥਿਹਾਸ ਵਿਚ ਕਰੀਬ 108 ਨਾਵਾਂ ਨਾਲ ਸੰਗਿਆ ਦਿੱਤੀ ਗਈ ਹੈ, 'ਹਿੰਦੂ ਮਿਥਿਹਾਸ ਕੋਸ਼' ਦੇ ਕਰਤਾ ਜੌਨ ਡੌਸਨ ਮੁਤਾਬਕ ਉੱਘਾ ਨਾਇਕ ਹੈ ਅਤੇ ਸਾਰੇ ਦੇਵਤਿਆਂ ਨਾਲੋਂ ਪ੍ਰਸਿੱਧ ਤੇ ਲੋਕਪ੍ਰਿਯ ਹੈ। ਉਸ ਨੂੰ ਵਿਸ਼ਨੂੰ ਦਾ ਅੱਠਵਾਂ ਅਵਤਾਰ ਜਾਂ ਉਸ ਦਾ ਦੂਜਾ ਰੂਪ ਹੀ ਮੰਨਿਆ ਜਾਂਦਾ ਹੈ। ਉਸ ਦੁਆਲੇ ਬਹੁਤ ਸਾਰੀਆਂ ਕਥਾ-ਕਹਾਣੀਆਂ ਘੁੰਮਦੀਆਂ ਹਨ। ਬਾਲਪਨ ਦੀਆਂ ਖਰਮਸਤੀਆਂ ਤੇ ਚੋਜ, ਲੜਕਪਨ ਦੀਆਂ ਨਾਦਾਨੀਆਂ ਅਤੇ ਯੁਵਾਵਸਥਾ ਦੀ ਸ਼ਿੰਗਾਰਮਈ ਪ੍ਰੀਤ ਕੁਝ ਅਜਿਹੇ ਵਿਸ਼ੇ ਹਨ ਜਿਹੜੇ ਅਸੀਮਤ ਖ਼ੁਸ਼ੀ ਤੇ ਅਨੰਦ ਦਾ ਪ੍ਰਗਟਾਵਾ ਕਰਦੇ ਹਨ।
ਗੌਰਮਿੰਟ ਕਾਲਜ ਨਾਭਾ ਵਿਚ ਸਹਾਇਕ ਪ੍ਰਾਧਿਆਪਕ ਵਜੋਂ ਕਾਰਜਸ਼ੀਲ ਡਾ. ਸੁਨੀਤਾ ਵਸ਼ਿਸ਼ਟ ਪੰਜਾਬੀ ਕਵਿਤਾ ਅਤੇ ਭਾਰਤੀ ਮਿਥਿਹਾਸ ਵਿਚ ਵਿਸ਼ੇਸ਼ ਦਿਲਚਸਪੀ ਰੱਖਦੀ ਹੈ। ਉਸ ਨੇ ਡਾ. ਗੁਰਨਾਇਬ ਸਿੰਘ ਦੀ ਅਗਵਾਈ ਹੇਠ ਆਪਣਾ ਖੋਜ ਕਾਰਜ ਮੁਕੰਮਲ ਕਰਦਿਆਂ ਕ੍ਰਿਸ਼ਨ ਦਾ ਆਧੁਨਿਕ ਪੰਜਾਬੀ ਕਵੀਆਂ ਦੀ ਨਜ਼ਰ ਵਿਚ ਬਿੰਬ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਾ ਉਸ ਨੇ ਈਸ਼ਵਰੀ ਬਿੰਬ, ਮਾਨਵੀ ਬਿੰਬ, ਦਾਰਸ਼ਨਿਕ ਬਿੰਬ ਆਦਿ ਭਾਗਾਂ ਵਿਚ ਵਿਭਾਜਨ ਕਰਕੇ ਮੁਲਾਂਕਣ ਕੀਤਾ ਹੈ। ਡਾ. ਸੁਨੀਤਾ ਨੇ 170 ਕਵੀਆਂ ਦੀਆਂ ਸੌ ਤੋਂ ਵਧੀਕ ਕਵਿਤਾਵਾਂ ਨੂੰ ਆਧਾਰ ਬਣਾ ਕੇ ਇਸ ਪੁਸਤਕ ਦੀ ਸਿਰਜਣਾ ਕੀਤੀ ਹੈ। ਅੰਤ ਵਿਚ ਪੰਜ ਅੰਤਿਕਾਵਾਂ ਦੇ ਅੰਤਰਗਤ ਕ੍ਰਿਸ਼ਨ ਦਾ ਸੰਖਿਪਤ ਜੀਵਨ ਸਮਾਚਾਰ, ਕ੍ਰਿਸ਼ਨ ਦੇ 108 ਨਾਂਅ, ਕ੍ਰਿਸ਼ਨ ਦੀਆਂ ਸੋਲਾਂ ਕਲਾਵਾਂ, ਕ੍ਰਿਸ਼ਨ ਨਾਲ ਸੰਬੰਧਿਤ ਵਿਅਕਤੀ-ਵਸਤੂ-ਸੰਕਲਪ, ਖੋਜ ਪਾਠ ਦੀ ਸੂਚੀ ਉਧ੍ਰਿਤ ਕਰਕੇ ਇਸ ਨੂੰ ਮਹੱਤਵਪੂਰਨ ਢੰਗ ਨਾਲ ਉਲੇਖਯੋਗ ਬਣਾਇਆ ਹੈ। ਹਰ ਅਧਿਆਇ ਦੇ ਆਰੰਭ ਵਿਚ ਵਿਸ਼ੇਸ਼ ਕਾਵਿ ਟੂਕਾਂ (ਸੁਹਾਗ, ਪ੍ਰੋ. ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਸੁਰਜੀਤ ਪਾਤਰ, ਅਜਮੇਰ ਰੋਡੇ ਆਦਿ) ਦੇ ਕੇ ਡਾ. ਸੁਨੀਤਾ ਨੇ ਸ਼ੋਧ ਦੇ ਨਾਲ-ਨਾਲ ਸੁਹਜ ਨੂੰ ਵੀ ਪ੍ਰਾਥਮਿਕਤਾ ਪ੍ਰਦਾਨ ਕੀਤੀ ਹੈ। ਸਾਹਿਤ, ਸੱਭਿਆਚਾਰ ਅਤੇ ਮਿਥਿਹਾਸ ਵਿਚ ਰੁਚੀ ਰੱਖਣ ਵਾਲੇ ਜਗਿਆਸੂਆਂ ਲਈ ਇਸ ਕਿਤਾਬ ਦਾ ਆਗਮਨ ਸ਼ੁੱਭ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਗ਼ਦਰੀ ਗੁਲਾਬ ਕੌਰ ਅਤੇ ਹੋਰ ਕਾਵਿ ਨਾਟਕ
ਲੇਖਕ : ਮਾਸਟਰ ਦੇਸ ਰਾਜ ਛਾਜਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 68
ਸੰਪਰਕ : 98723-25201

ਮਾਸਟਰ ਦੇਸ ਰਾਜ ਛਾਜਲੀ ਭਾਵੇਂ ਸਕੂਲ ਅਧਿਆਪਕੀ ਕਾਰਜ ਕਰਦਾ ਰਿਹਾ ਹੈ, ਪ੍ਰੰਤੂ ਉਸ ਨੇ ਆਪਣੇ ਜੀਵਨ ਦਾ ਤਰਜ਼ਿਫਿਕਰ ਅਤੇ ਤਰਜ਼ਿ ਅਮਲ, ਹਮੇਸ਼ਾ ਲੋਕ-ਪੱਖੀ ਅਤੇ ਲੋਕ-ਹਿਤੈਸ਼ੀ ਹੀ ਰੱਖਿਆ ਹੈ। ਸਮਾਜਿਕ, ਵਿੱਦਿਅਕ ਅਤੇ ਸੱਭਿਆਚਾਰਕ ਖੇਤਰ ਵਿਚ ਸਦਾ ਹੀ ਆਪਣੇ ਵਿਗਿਆਨਕ ਚੇਤਨਾ ਤੇ ਸੱਭਿਆਚਾਰਕ ਰੁਚੀਆਂ ਦੀ ਜਾਗੋ ਵੰਡੀ ਹੈ। ਅਧਿਆਪਕੀ ਕਾਰਜਾਂ ਨੂੰ ਪੂਰਾ ਕਰਦਿਆਂ ਆਪ ਨੇ ਸਾਹਿਤ ਖੇਤਰ ਵਿਚ ਵੀ ਕਲਮ ਚਲਾਈ ਹੈ। ਗ਼ਦਰੀ ਗ਼ੁਲਾਬ ਕੌਰ ਅਤੇ ਹੋਰ ਕਾਵਿ-ਨਾਟਕ ਲਿਖਣ ਤੋਂ ਇਲਾਵਾ, ਆਪ ਦੀਆਂ 'ਗਾਥਾ ਕਿਸ਼ਨ ਗੜ੍ਹ', 'ਕਾਮਰੇਡ ਤਾਰਾ ਸਿੰਘ ਜਵਾਹਰ ਵਾਲਾ', 'ਮੁਜ਼ਾਰਾ ਲਹਿਰ ਦਾ ਸ਼ੇਰ-ਬੰਤ ਰਾਮ ਅਲੀਸ਼ੇਰ' (ਜੀਵਨੀ), 'ਜੰਗਨਾਮਾ', 'ਭਾਰਤ ਤੇ ਦਿੱਲੀ' ਪੁਸਤਕਾਂ ਦਾ ਪ੍ਰਕਾਸ਼ਨ ਕਰਵਾਇਆ ਹੈ। ਹਥਲੀ ਪੁਸਤਕ ਮਾਸਟਰ ਜਨਾਬ ਦੇਸ ਰਾਜ ਲਿਖਤ ਚਾਰ ਕਾਵਿ-ਨਾਟਕ ਹਨ (1) ਬੀਬੀ ਗੁਲਾਬ ਕੌਰ, (2) ਸ਼ਹੀਦ ਊਧਮ ਸਿੰਘ, (3) ਬੰਤ ਰਾਮ ਅਲੀਸ਼ੇਰ ਤੇ (4) ਲਾਲ ਫਰੇਰਾ। ਚਾਰੇ ਨਾਟਕਾਂ ਦੇ ਮੁੱਖ ਪਾਤਰ ਨਾਇਕ ਪੁਰਸ਼ ਹਨ। ਬੀਬੀ ਗੁਲਾਬ ਕੌਰ, ਅਜਿਹੀ ਸੂਰਬੀਰ, ਬਹਾਦਰ, ਦਲੇਰ ਔਰਤ ਹੈ, ਜਿਸ ਨੇ ਗ਼ਦਰ ਲਹਿਰ ਵਿਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਲੇਖਕ ਨੇ ਗ਼ਦਰੀ ਗੁਲਾਬ ਕੌਰ ਨੂੰ ਕਾਵਿ-ਨਾਟਕ ਰਾਹੀਂ ਪੇਸ਼ ਕੀਤਾ ਹੈ। ਇਸ ਕਾਵਿ-ਨਾਟ ਦੇ ਕੋਰਸ (ਗੀਤ) ਅਤੇ ਕੋਰਸ ਰਾਹੀਂ, ਕਾਵਿ-ਨਾਟ ਦੇ ਪਾਤਰ, ਵਿਚਰਦੇ, ਦ੍ਰਿਸ਼ਟੀਗੋਚਰ ਹੁੰਦੇ ਹਨ ਅਤੇ ਇਕਾਂਗੀ ਲੇਖ ਗੁਲਾਬ ਕੌਰ ਦੀ ਕੁਰਬਾਨੀ ਦੀ ਗਾਥਾ ਪੇਸ਼ ਕਰਦਾ ਹੈ। ਸੂਤਰਧਾਰ ਰਾਹੀਂ ਕਹਾਣੀ ਅੱਗੇ ਵਧਦੀ ਹੈ। ਗੁਲਾਬ ਕੌਰ, ਜਿਉਣ ਸਿੰਘ, ਮਾਨ ਸਿੰਘ ਆਦਿ ਬੀਬੀ ਗੁਲਾਬ ਕੌਰ ਦੀ ਸੱਚੀ ਕਹਾਣੀ ਹੈ। ਕਵੀ ਲੇਖਕ ਨੇ ਇਸ ਨੂੰ ਕਾਵਿ-ਇਕਾਂਗੀ ਵਿਚ ਪੇਸ਼ ਕੀਤਾ ਹੈ। 28 ਜੁਲਾਈ, 1924 ਵਿਚ ਗੁਲਾਬ ਕੌਰ ਦੀ ਮੌਤ ਹੋ ਜਾਂਦੀ ਹੈ। ਅਜਿਹੀ ਦੇਸ਼ ਭਗਤ ਨਾਰੀ ਦੀ ਗਾਥਾ ਨੂੰ ਕਾਵਿ-ਨਾਟ ਵਿਚ ਮੁੜ ਪੇਸ਼ ਕਰਕੇ ਕਵੀ ਨੇ ਇਸ ਸ਼ਹੀਦ ਬੀਬੀ ਨੂੰ ਮੁੜ ਜੀਵਤ ਕੀਤਾ ਹੈ। ਦੂਜਾ ਕਾਵਿ ਇਕਾਂਗੀ ਸ਼ਹੀਦ ਊਧਮ ਸਿੰਘ ਹੈ। ਇਕਾਂਗੀ ਦੀ ਪੇਸ਼ਕਾਰੀ ਰਾਹੀਂ ਸ਼ਹੀਦ ਊਧਮ ਸਿੰਘ ਦੀ ਜਾਣ-ਪਛਾਣ ਕਰਵਾ ਕੇ, ਉਸ ਦੇ ਜੀਵਨ ਟੀਚੇ ਦੀ ਗਾਥਾ ਬਿਆਨ ਕਰਦਾ ਇਹ ਇਕਾਂਗੀ, ਮੁਕੰਮਲ ਗਾਥਾ ਪੇਸ਼ ਕਰਨ ਵਾਲਾ ਸਫ਼ਲ ਇਕਾਂਗੀ ਹੈ। ਤੀਜਾ ਨਾਟਕ 'ਅਲੀ ਸ਼ੇਰ ਦਾ ਸ਼ੇਰ', 'ਕਾ. ਬੰਤ ਰਾਮ ਅਲੀ-ਸ਼ੇਰ ਹੈ' ਇਸ ਕਾਵਿ-ਨਾਟ ਦੀ ਪੇਸ਼ਕਾਰੀ, ਲੋਕਵਿਧੀ ਰਾਹੀਂ ਸੁਭਾਵਿਕ ਤੇ ਰੌਚਿਕ ਵਿਧੀ ਨਾਲ ਕੀਤੀ ਗਈ ਹੈ। ਹੌਲੇ-ਹੌਲੇ ਬੰਤ ਰਾਮ ਅਲੀਸ਼ੇਰ ਦੀ ਜੀਵਨਗਾਥਾ ਪਾਤਰਾਂ ਰਾਹੀਂ ਉਜਾਗਰ ਕਰਵਾਈ ਗਈ ਹੈ। ਬੋਲੀ ਤੇ ਲੋਕ ਆਵਾਜ਼ਾਂ ਰਾਹੀਂ ਕਹਾਣੀ ਅੱਗੇ ਵਧਦੀ ਹੈ ਤੇ ਨਾਇਕ ਪੁਰਸ਼ ਦੀ ਗਾਥਾ ਸੰਪੂਰਨ ਹੁੰਦੀ ਹੈ। ਕਹਾਣੀ, ਸੂਤਰਧਾਰ ਪਾਤਰਾਂ ਕੋਰਸ ਗਾਣ ਰਾਹੀਂ ਅੱਗੇ ਵਧਾਈ ਗਈ ਹੈ। ਬੰਤ ਰਾਮ ਜੇਲ੍ਹ ਵਿਚ ਹੋਰ ਦੇਸ਼ ਭਗਤ ਕੈਦੀਆਂ ਨੂੰ ਮਿਲਦਾ ਹੈ। ਮੁਜ਼ਾਰੇ ਲੋਕਾਂ ਦਾ ਪਹਿਰੇਦਾਰ ਬਣਦਾ ਹੈ। ਇਨ੍ਹਾਂ ਕਾਵਿ ਨਾਟਕਾਂ ਦੀ ਗੁਣੀਂ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਦੇ ਪਾਤਰ ਸਾਰੇ ਦੇ ਸਾਰੇ ਦੇਸ਼ ਭਗਤ ਹਨ। ਇਹ ਕਾਵਿ-ਨਾਟਕ ਹਨ। ਸੰਗੀਤ ਉੱਪਰ ਗਾਏ ਜਾ ਸਕਦੇ ਹਨ। ਕਹਾਣੀਆਂ ਰੌਚਿਕ ਤੇ ਸੱਚੀਆਂ ਹਨ। ਇਨ੍ਹਾਂ ਸੰਗੀਤ ਇਕਾਂਗੀਆਂ ਰਾਹੀਂ ਲੇਖਕ ਨੇ ਉਨ੍ਹਾਂ ਸ਼ਹੀਦਾਂ ਮਹਾਂਪੁਰਸ਼ ਵਿਅਕਤੀਆਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਆਪਣੇ ਸਮੇਂ ਅੰਗਰੇਜ਼ਾਂ ਦੀਆਂ ਵਧੀਕੀਆਂ ਨੂੰ ਨਾ ਝਲਦੇ ਹੋਏ, ਉਨ੍ਹਾਂ ਨੂੰ ਸਬਕ ਸਿਖਾਇਆ ਸੀ। ਇਨ੍ਹਾਂ ਨਾਟਕਾਂ ਦਾ ਸਾਹਿਤਕ ਮੁੱਲ ਹੈ। ਗਾਥਾਵਾਂ ਇਤਿਹਾਸਕ ਹਨ। ਨਾਟਕਾਂ ਦਾ ਸੰਚਾਰਨ, ਲੋਕ (ਕਾਵਿ) ਭਾਸ਼ਾ ਹੈ। ਜੋ ਲੋਕ ਸ਼ੈਲੀ ਦੀ ਭਾਸ਼ਾ ਹੈ। ਕਾਵਿ-ਸ਼ੈਲੀ ਪਾਠਕ-ਮਨਾਂ ਅੰਦਰ ਸਹਿਜੇ ਹੀ ਸੰਚਾਰਕ ਹੁੰਦੀ ਹੈ। ਇਹ ਸਾਰੇ ਨਾਟਕ ਸਟੇਜ ਜਾਂ ਆਕਾਸ਼ਬਾਣੀ ਰਾਹੀਂ ਢੁਕਵੇਂ ਸੰਗੀਤ ਰਾਹੀਂ ਸੰਚਾਰਨ ਹੋ ਸਕਦੇ ਹਨ।

-ਡਾ. ਅਮਰ ਕੋਮਲ
ਮੋਬਾਈਲ : 84378-73565

ਸੂਹੇ ਰੰਗ
ਲੇਖਕ : ਹੀਰਾ ਸਿੰਘ ਤੂਤ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ,
ਸ੍ਰੀ ਮੁਕਤਸਰ ਸਾਹਿਬ
ਮੁੱਲ : 140 ਰੁਪਏ, ਸਫ਼ੇ : 88
ਸੰਪਰਕ : 98724-55994

ਸ਼ਾਇਰ ਹੀਰਾ ਸਿੰਘ ਤੂਤ ਬਹੁ-ਵਿਧਾਈ ਲੇਖਕ ਤਾਂ ਹੈ ਜੋ ਹਥਲੀ ਕਾਵਿ-ਕਿਤਾਬ 'ਸੂਹੇ ਰੰਗ' ਤੋਂ ਪਹਿਲਾਂ ਵੀ ਪੰਜਾਬੀ ਅਦਬ ਨਾਲ ਆਪਣੀਆਂ ਸਤਾਰਾਂ ਪੁਸਤਕਾਂ ਨਾਲ ਰੂਬਰੂ ਹੋ ਚੁੱਕਾ ਹੈ। ਸ਼ਾਇਰ ਬੜਾ ਪ੍ਰਬੀਨ ਤੇ ਕਲਾਵੰਤ ਹੈ ਜੋ ਆਪਣੀਆਂ ਨਿੱਕੀਆਂ-ਨਿੱਕੀਆਂ ਨਜ਼ਮਾਂ ਨਾਲ ਆਪਣੇ ਵੱਡੇ ਅਰਥਾਂ ਨਾਲ ਸ਼ਾਇਰੀ ਦਾ ਸਿੱਕੇਬੰਦ ਹਸਤਾਖ਼ਰ ਹੋ ਨਿੱਬੜਿਆ ਹੈ। ਉਹ ਆਪਣੀ ਸੰਬੋਧਨੀ ਸ਼ਾਇਰੀ ਨਾਲ ਅਸਾਡੇ ਸਾਹਮਣੇ ਪ੍ਰਸ਼ਨ ਰੱਖਦਾ ਹੈ ਜਿਸ ਦੀ ਸ਼ਾਇਰ ਨੂੰ ਸਾਡੇ ਸਾਰਿਆਂ ਕੋਲੋਂ ਉੱਤਰਾਂ ਦੀ ਉਡੀਕ ਹੈ। ਉਹ ਆਪਣੀ ਪਹਿਲੀ ਹੀ ਨਜ਼ਮ 'ਹੇ ਨਾਨਕ' ਨਾਲ ਸਿੱਖੀ ਦੇ ਅਲੰਬਰਦਾਰਾਂ ਦੇ ਹੁੱਝ ਮਾਰਦਾ ਹੈ ਕਿ, ਕੀ ਤੁਸੀਂ ਬਾਬੇ ਨਾਨਕ ਦੇ ਤਿੰਨ ਮੁਢਲੇ ਅਸੂਲਾਂ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੀ ਪਹਿਰੇਦਾਰੀ ਕੀਤੀ ਹੈ। ਦਰਅਸਲ ਅਸੀਂ ਹਿੰਦੂ ਸਿੱਖ ਅਤੇ ਮੁਸਲਮਾਨ ਦੇ ਖਾਨਿਆਂ ਵਿਚ ਵੰਡੇ ਗਏ ਹਾਂ। ਸ਼ਾਇਰ ਪ੍ਰਸ਼ਨ ਖੜ੍ਹਾ ਕਰਦਾ ਹੈ ਕਿ, ਕੀ ਅਸੀਂ ਆਦਮੀ ਤੋਂ ਇਨਸਾਨ ਕਦੋਂ ਬਣਾਂਗੇ। ਉਹ ਪ੍ਰਸ਼ਨ ਖੜ੍ਹਾ ਕਰਦਾ ਹੈ ਤੇ ਸਾਡੇ ਚਿੰਤਨ 'ਤੇ ਵੀ ਸੰਦੇਹ ਕਰਦਾ ਹੈ ਕਿ, ਕੀ ਅਸੀਂ ਅਵਤਾਰ ਪਾਸ਼ ਨੂੰ ਪੜ੍ਹਿਆ ਹੈ ਤੇ ਕੀ ਮਾਰਕਸਵਾਦ ਤੇ ਡਾ. ਬੀ. ਆਰ. ਅੰਬੇਡਕਰ ਦੇ ਫ਼ਲਸਫ਼ੇ ਦਾ ਤੁਲਨਾਤਮਕ ਅਧਿਐਨ ਕਰਕੇ ਆਪਣੇ ਚਿੰਤਨ ਨੂੰ ਗੰਭੀਰ ਕੀਤਾ ਹੈ। ਉਹ ਇਹ ਤਾਂ ਮੰਨਦਾ ਹੈ ਕਿ ਹਿੰਦ-ਪਾਕਿ ਦੀ ਵੰਡ ਸਮੇਂ ਦੋ ਜੀਉਗ੍ਰਾਫ਼ੀਆਈ ਹੱਦਾਂ ਬੰਨੇ ਦੇ ਦੇਸ਼ ਬਣ ਗਏ ਪਰ ਅਜੇ ਵੀ ਦੋਹਾਂ ਦੇਸ਼ਾਂ ਵਿਚਕਾਰ ਦਿਸਦੀ ਤੇ ਅਣਦਿਸਦੀ ਕੁੜੱਤਣ ਮੌਜੂਦ ਹੈ। ਇਹ ਕੁੜੱਤਣ ਕੌਣ ਪੈਦਾ ਕਰ ਰਿਹਾ ਹੈ। ਉਸ ਕਲੰਦਰ ਦੀ ਨਿਸ਼ਾਨਦੇਹੀ ਵੀ ਕਰਨੀ ਬਣਦੀ ਹੀ ਹੈ। ਉਹ ਕੱਟੜ ਮੌਲਾਣਿਆਂ ਨੂੰ ਵੀ ਲਾਹਣਤਾਂ ਦੀ ਵਾਛੜ ਮਾਰਦਾ ਜੋ ਸ਼ਾਇਰ ਜੋਗੀ ਅੱਲਾ ਯਾਰ ਖਾਂ ਨੂੰ ਗ਼ੱਦਾਰ ਅਤੇ ਕਾਫ਼ਰ ਹੋਣ ਦਾ ਇਸ ਲਈ ਫ਼ਤਵਾ ਜਾਰੀ ਕਰਦੇ ਹਨ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ 'ਤੇ ਲੰਮੀ ਸਿਫ਼ਤ ਭਰੀ ਨਜ਼ਮ ਲਿਖੀ। ਉਹ ਆਧੁਨਿਕਤਾ ਦੀ ਚਕਾਚੌਂਧ ਵਿਚ ਲੜਕੀਆਂ ਨੂੰ ਪਾਕੀਜ਼ਗੀ 'ਤੇ ਪਹਿਰਾ ਦੇਣ ਦੀ ਨਸੀਹਤ ਵੀ ਦਿੰਦਾ ਹੈ। ਉਹ ਵਿਕਾਸ ਦੀਆਂ ਟਾਹਰਾਂ ਮਾਰਨ ਵਾਲੇ ਦਿੱਲੀ ਦੀ ਭਗਵੀਂ ਬ੍ਰਿਗੇਡ 'ਤੇ ਵੀ ਪ੍ਰਸ਼ਨ ਖੜ੍ਹਾ ਕਰਦਾ ਹੈ ਕਿ ਉਹ ਗੁਰਬੱਤ ਨਾਲ ਕਦੋਂ ਲੜਨਗੇ। ਨਜ਼ਮਾਂ ਵਿਚ ਤਰੰਗਤੀ ਮੁਹੱਬਤ ਦੇ ਰੰਗ ਬਰੰਗੇ ਸ਼ੇਡਜ਼ ਵੀ ਨਜ਼ਰ ਆਉਂਦੇ ਹਨ। ਨੇੜ ਭਵਿੱਖ ਵਿਚ ਸ਼ਾਇਰ ਤੋਂ ਇਹ ਵੀ ਉਮੀਦ ਰੱਖੀ ਜਾਵੇਗੀ ਕਿ ਉਹ ਸੂਹੇ ਰੰਗਾਂ ਤੋਂ ਬਗ਼ੈਰ ਹੋਰ ਰੰਗਾਂ ਨੂੰ ਕਿਹੜੀ ਕਾਵਿ-ਦ੍ਰਿਸ਼ਟੀ ਤੋਂ ਦੇਖਦੇ ਹਨ।

-ਭਗਵਾਨ ਢਿੱਲੋਂ
ਮੋਬਾਈਲ : 98143-78254

ਸ਼ਬਦ ਜਿਨ੍ਹਾਂ ਦੇ ਅੰਦਰ ਵਸਦੇ
ਸੰਪਾਦਕ : ਸਾਦਿਕ ਤਖਤੂਪੁਰੀਆ
ਪ੍ਰਕਾਸ਼ਕ : ਸਾਦਿਕ ਪਬਲੀਸ਼ਰਜ਼, ਬਠਿੰਡਾ
ਮੁੱਲ : 200 ਰੁਪਏ, ਸਫ਼ੇ : 150
ਸੰਪਰਕ : 99151-41606

'ਸ਼ਬਦ ਜਿਨ੍ਹਾਂ ਦੇ ਅੰਦਰ ਵਸਦੇ' ਅਸਲੋਂ ਨਵੇਂ ਪੰਜਾਬੀ ਕਾਵਿ-ਖੇਤਰ ਵਿਚ ਪੈਰ ਧਰਨ ਵਾਲੇ 37 ਕਵੀਆਂ/ਸ਼ਾਇਰਾਂ ਦੀਆਂ ਕਾਵਿ-ਰਚਨਾਵਾਂ ਸਮਲਿਤ ਤੌਰ 'ਤੇ ਸ਼ਾਮਿਲ ਕੀਤੀਆਂ ਗਈਆਂ ਹਨ। ਆਸਟ੍ਰੇਲੀਆ ਵਸਦੇ ਸਾਦਿਕ ਤਖਤੂਪੁਰੀਆ ਦੀ 'ਅਦਾਰਾ ਪੰਜਾਬੀ ਤੇ ਪੰਜਾਬ ਆਸਟ੍ਰੇਲੀਆ' ਦੀ ਭਰਪੂਰ ਮਦਦ ਸਦਕਾ ਅਤੇ ਕੁਲਦੀਪ ਸਿੰਘ ਦੀਪ ਸਾਦਿਕ ਪਬਲੀਕੇਸ਼ਨ ਦੀ ਘਾਲਣਾ ਸਦਕਾ ਇਹ ਕੀਮਤੀ ਪੁਸਤਕ ਪਾਠਕਾਂ ਤੱਕ ਪਹੁੰਚ ਸਕੀ ਹੈ। ਇਸ ਪੁਸਤਕ 'ਚ ਦੋ ਗੁਣ ਸਪੱਸ਼ਟ ਹਨ ਕਿ 37 ਨਵੇਂ ਖਿਆਲਾਂ ਵਾਲੇ ਕਵੀਆਂ ਨੂੰ ਇਕ ਹੀ ਜਿਲਦ ਵਿਚ ਮਿਲਣਾ ਤੇ ਉਨ੍ਹਾਂ ਦੀ ਰਚਨਾਵਾਂ ਦਾ ਰੰਗ ਪਰਖਣਾ ਇਕ ਵੱਖਰਾ ਅਹਿਸਾਸ ਹੈ ਅਤੇ 37 ਕਵੀਆਂ ਨੂੰ ਪੁਸਤਕ ਦਾ ਮਾਣ ਦੇਣਾ ਵੀ ਸੁਖੈਨ ਅਵਸਥਾ ਹੈ।
ਅੱਜਕਲ੍ਹ ਕਿਸੇ ਨਵੇਂ ਅਤੇ ਘੱਟ ਆਮਦਨ ਵਾਲੇ ਕਵੀ ਵਲੋਂ ਆਪਣੀਆਂ ਕਵਿਤਾਵਾਂ ਦਾ ਸੰਗ੍ਰਹਿ ਪ੍ਰਕਾਸ਼ਿਤ ਕਰਨਾ ਬਹੁਤ ਮਹਿੰਗਾ ਕਾਰਜ ਹੈ। ਫਿਰ ਛਪੀ ਪੁਸਤਕ ਨੂੰ ਪਾਠਕਾਂ ਤੱਕ ਪਹੁੰਚਾਉਣਾ ਹੋਰ ਵੀ ਔਖਾ ਕਾਰਜ ਹੈ। ਕੱਲ੍ਹ ਦਾ ਭਵਿੱਖ ਇਨ੍ਹਾਂ ਨਵੀਆਂ ਕਲਮਾਂ ਦੇ ਹੱਥ ਹੈ। ਇਨ੍ਹਾਂ ਵਿਚੋਂ ਹੀ ਕਈ ਪ੍ਰਸਿੱਧ ਕਵੀ ਪੈਦਾ ਹੋਣਗੇ ਅਤੇ ਪੰਜਾਬੀ ਸਾਹਿਤ ਨੂੰ ਅਮੀਰ ਕਰਨਗੇ। ਸਹਿਕਾਰੀ ਤੌਰ ਉੱਤੇ ਸਾਂਝੇ ਖ਼ਰਚਿਆਂ ਨਾਲ ਇਕ ਤਾਂ ਪੁਸਤਕ ਪਾਠਕਾਂ ਤੱਕ ਸਹਿਲ ਤੇ ਸਹਿਜ ਤਰੀਕੇ ਨਾਲ ਪੁੱਜਦੀ ਹੈ। 37 ਲੇਖਕ ਜੇਕਰ 10-10, 11-12 ਪੁਸਤਕਾਂ ਵੀ ਪਾਠਕਾਂ ਤੀਕ ਪਹੁੰਚਾਉਣ ਤਾਂ ਵੱਡੀ ਗਿਣਤੀ ਵਿਚ ਪਾਠਕ ਪੜ੍ਹਨਗੇ।
ਇਹ 37 ਦੇ 37 ਕਵੀ ਆਪਣੀ ਕਲਮ ਨੂੰ ਪਿਆਰ ਕਰਦੇ ਹਨ ਅਤੇ ਉਹ ਸਿਆਹੀ ਦੀ ਥਾਂ ਦਿਲ ਦਾ ਲਹੂ ਵਰਤਦੇ ਹਨ। ਹੇਠਾਂ ਇਨ੍ਹਾਂ 37 ਕਵੀਆਂ ਦੇ ਨਾਂਅ ਹਨ: ਸਾਦਿਕ ਤਖਤੂਪੁਰੀਆ, ਕੁਲਦੀਪ ਸਿੰਘ ਦੀਪ, ਵੀਰਪਾਲ ਕੌਰ ਵੀਰਾ, ਕੁਲਜੀਤ ਕੌਰ ਪਟਿਆਲਾ, ਗਗਨ ਫੂਲ, ਮਨਪ੍ਰੀਤ ਕੌਰ ਮੱਟੂ, ਭੁਪਿੰਦਰ ਕੌਰ ਬਾਜ, ਗਗਨਦੀਪ ਸਿੰਘ ਸੰਧੂ, ਦਵਿੰਦਰ ਮਾਹਲ, ਲਾਡੀ ਰਣਬੀਰਪੁਰੇਵਾਲਾ, ਅਰਸ਼ ਸੋਹੀਆ, ਜਸਕਰਨ ਸਿੰਘ ਔਲਖ, ਅਮਨਦੀਪ ਕੌਰ ਅਠਵਾਲ, ਸੁਖਰਮਨ ਸਹੋਤਾ, ਕਸ਼ਮੀਰ ਮਾਨਾ, ਅਮਰਜੀਤ ਸਿੰਘ ਸਿੱਧੂ, ਅਵਤਾਰ ਸਿੰਘ ਢਿੱਲੋਂ, ਆਸਿਫ , ਮਹਿੰਦਰੂ, ਰਾਜ ਦਵਿੰਦਰ, ਗੁਲਲਾਲ ਸਿੰਘ ਮਾਨ, ਨਿਰਮਲ ਸਿੰਘ ਨਿੰਮਾ, ਰਣਜੀਤ ਆਜ਼ਾਦ ਕਾਂਜਲਾ, ਰਮਨਦੀਪ ਕੌਰ, ਬੀ.ਐਸ. ਵਿਰਕ, ਸ਼ਾਇਰ ਅਲੀ, ਬਲਕਾਰ ਸਿੰਘ ਸੋਗੀ, ਪਰਮ ਬੋਹਾਨੀ, ਗੁਰੀ ਚੰਦੜ, ਸ਼ੈਲਜਾ, ਹਰਪ੍ਰੀਤ ਕੌਰ ਪ੍ਰੀਤ, ਜਸਪ੍ਰੀਤ ਕੌਰ ਗੁਰਨਾ, ਚਮਕੌਰ ਸਿੰਘ ਟਹਿਣਾ, ਕੁਲਵਿੰਦਰ ਕੁਮਾਰ, ਡਾ. ਹਰਵਿੰਦਰ ਸਿੰਘ, ਜੋਗੀ ਭਗਤ ਬਟਾਲਵੀ ਮਲਕੀਤ ਸਿੰਘ ਅਤੇ ਰਾਜੂ। ਭੂਮਿਕਾ ਭੱਟੀ ਮੌੜਾਂ ਵਾਲੇ ਨੇ ਭਾਵਪੂਰਤ ਲਿਖੀ ਹੈ। ਹਰ ਕਵੀ ਦੀਆਂ 3-3, 4-4 ਰਚਨਾਵਾਂ ਹਨ। ਇਕ ਪੂਰਾ ਸਫ਼ਾ ਹਰ ਕਵੀ ਦੇ ਬਾਇਓਡਾਟਾ ਤੇ ਤਸਵੀਰ ਲਈ ਦਿੱਤਾ ਗਿਆ ਹੈ। ਨਵੇਂ ਲੇਖਕਾਂ ਵਾਸਤੇ ਇਹ ਪੁਸਤਕ ਬਹੁਤ ਵਧੀਆ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

 

21-10-2023

ਸਿੱਖ ਰਹਿਤ ਮਰਯਾਦਾ
ਲੇਖਕ : ਡਾ. ਰਿਜਬਨ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 160
ਸੰਪਰਕ : 94638-36591

ਹਥਲੀ ਪੁਸਤਕ ਨੂੰ ਲੇਖਿਕਾ ਨੇ ਚਾਰ ਅਧਿਆਇਆਂ ਵਿਚ ਵੰਡਿਆ ਹੈ। ਦੋ ਸ਼ਬਦ ਸਿਰਲੇਖ ਹੇਠ ਡਾ. ਸਰਬਜਿੰਦਰ ਸਿੰਘ ਨੇ ਅਸੀਸ ਅੰਕਿਤ ਕੀਤੀ ਹੈ। ਭੂਮਿਕਾ ਡਾ. ਅਬਨੀਸ਼ ਕੌਰ ਦੀ ਹੈ। ਅਸਲ ਵਿਚ ਡਾ. ਰਿਜਬਨ ਕੌਰ ਦਾ ਇਹ ਪੀ.ਐੱਚ.ਡੀ. ਖੋਜ ਦਸਤਾਵੇਜ਼ ਹੈ। ਪਹਿਲੇ ਅਧਿਆਏ ਵਿਚ 'ਰਹਿਤ' ਦੇ ਅਰਥ ਅਤੇ ਸਰੂਪ ਉੱਪਰ ਚਾਨਣਾ ਪਾਇਆ ਗਿਆ ਹੈ। 'ਸਿੱਖ ਰਹਿਤ ਮਰਯਾਦਾ : ਇਤਿਹਾਸਕ ਪਰਿਪੇਖ' ਵਿਚ 'ਸਿੱਖ ਰਹਿਤ ਮਰਯਾਦਾ' ਦੀ ਸਮੁੱਚੀ ਬਣਤਰ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਇਥੇ ਕੇਵਲ ਸਿੱਖ ਧਰਮ ਵਿਚ ਪ੍ਰਾਪਤ 'ਰਹਿਤ' ਨੂੰ ਹੀ ਅਧਾਰ ਨਹੀਂ ਬਣਾਇਆ ਗਿਆ ਬਲਕਿ ਸੰਸਾਰ ਦੇ ਵੱਖਰੇ-ਵੱਖਰੇ ਧਰਮਾਂ ਵਿਚ ਪ੍ਰਾਪਤ 'ਰਹਿਤ' ਦੇ ਸੰਕਲਪ ਅਤੇ ਸਰੂਪ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। 'ਰਹਿਤ' ਦਾ ਤੁਲਨਾਤਮਕ ਪਰਿਪੇਖ 'ਸਿੱਖ ਰਹਿਤ' ਦੀ ਵਿਲੱਖਣਤਾ ਨੂੰ ਉਭਾਰਨ ਵਿਚ ਸਹਾਈ ਹੁੰਦਾ ਹੈ। ਦੂਜੇ ਅਧਿਆਇ ਵਿਚ 'ਸਿੱਖ ਰਹਿਤ ਮਰਯਾਦਾ' ਦੇ ਇਤਿਹਾਸਕ ਪਿਛੋਕੜ 'ਤੇ ਚਰਚਾ ਕੀਤੀ ਗਈ ਹੈ। 'ਸਿੱਖ ਰਹਿਤ ਮਰਯਾਦਾ' ਦੇ ਹੋਂਦ ਵਿਚ ਆਉਣ ਦੇ ਕਾਰਨ ਅਤੇ ਇਸ ਦੇ ਮੌਜੂਦਾ ਸਰੂਪ ਨੂੰ ਵਿਚਾਰਿਆ ਗਿਆ ਹੈ। ਪੁਸਤਕ ਦੇ ਤੀਜੇ ਅਧਿਆਇ ਵਿਚ 'ਸਿੱਖ ਰਹਿਤ ਮਰਯਾਦਾ' ਦਾ ਅਧਾਰ ਬਣੇ ਸਰੋਤਾਂ ਨੂੰ ਪਛਾਣਨ ਅਤੇ ਉਨ੍ਹਾਂ ਦੀ ਭੂਮਿਕਾ ਦੇ ਪ੍ਰਸੰਗ ਨੂੰ ਥਾਂ ਦਿੱਤੀ ਗਈ ਹੈ। ਇਸ ਵਿਚ 'ਸ੍ਰੀ ਗੁਰੂ ਗ੍ਰੰਥ ਸਾਹਿਬ', 'ਸ੍ਰੀ ਦਸਮ ਗ੍ਰੰਥ', 'ਭਾਈ ਗੁਰਦਾਸ ਜੀ ਦੀਆਂ ਵਾਰਾਂ' ਸਮੇਤ ਹੋਰ ਇਤਿਹਾਸਕ ਸਰੋਤਾਂ, ਹੁਕਮਨਾਮਿਆਂ ਅਤੇ ਰਹਿਤਨਾਮਿਆਂ ਦੀ ਭੂਮਿਕਾ ਨੂੰ ਸ਼ਾਮਿਲ ਕੀਤਾ ਗਿਆ ਹੈ। ਪੁਸਤਕ ਦੇ ਚੌਥੇ ਅਧਿਆਏ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ 'ਸਿੱਖ ਰਹਿਤ ਮਰਯਾਦਾ' ਦੇ ਇਤਿਹਾਸ ਅਤੇ ਸਰੂਪ ਬਾਰੇ ਚਾਨਣਾ ਪਾਅਿਾ ਗਿਆ ਹੈ। ਇਸ ਵਿਚ ਦਰਜ ਕੀਤੇ ਗਏ ਸਖ਼ਸ਼ੀ ਅਤੇ ਪੰਥਕ ਰਹਿਣੀ ਨੂੰ ਹਵਾਲਿਆਂ ਸਹਿਤ ਵਿਚਾਰਿਆ ਗਿਆ ਹੈ। 'ਸਿੱਖ ਰਹਿਤ ਮਰਯਾਦਾ' ਦੇ ਦੋਵੇਂ ਪੱਖਾਂ ਨੂੰ ਸ਼ਖ਼ਸੀ ਅਤੇ ਪੰਥਕ' ਰਹਿਣੀ ਨੂੰ ਸਮਾਜਿਕ ਅਤੇ ਅਧਿਆਤਮਕ ਹਵਾਲੇ ਨਾਲ ਇਸ ਅਧਿਆਇ ਵਿਚ ਪੇਸ਼ ਕੀਤਾ ਗਿਆ ਹੈ।
ਲੇਖਿਕਾ ਅਨੁਸਾਰ 'ਸਿੱਖ ਰਹਿਤ ਮਰਯਾਦਾ' ਵਿਚ ਨਿਰਦੇਸ਼ ਅਤੇ ਸੋਝੀ ਮੌਜੂਦ ਹੈ। ਧਰਮ ਰੂਹਾਨੀ ਅਨੁਭਵ ਅਤੇ ਸਾਰਥਕ ਜੀਵਨ-ਜਾਚ ਦਾ ਮੂਲ ਸਰੋਤ ਹੈ। ਮਨੁੱਖੀ ਜੀਵਨ ਨੂੰ ਉਚੇਰੇ ਆਦਰਸ਼ ਨਾਲ ਜੋੜਨ ਲਈ ਧਰਮ ਦੀ ਆਧਾਰਭੂਤ ਭੂਮਿਕਾ ਹੈ। ਸੰਸਾਰ ਦੇ ਸਾਰੇ ਧਰਮ ਮਨੁੱਖ ਜੀਵਨ ਦੇ ਉਚੇਰੇ ਰੂਪ ਨੂੰ ਤਲਾਸ਼ਣ ਅਤੇ ਸਿਰਜਣ ਲਈ ਯਤਨਸ਼ੀਲ ਰਹੇ ਹਨ। ਹਰ ਧਰਮ ਦਾ ਉਦੇਸ਼ ਮਨੁੱਖ ਨੂੰ ਅਧਿਆਤਮਕ ਅਨੁਭਵ ਦੀ ਗਹਿਰਾਈ ਦੇਣਾ ਅਤੇ ਨੈਤਿਕ ਪੱਖੋਂ ਠੀਕ ਜੀਵਨ ਜਿਊਣ ਲਈ ਦ੍ਰਿੜ੍ਹ ਕਰਨਾ ਹੈ। ਧਰਮ ਦੇ ਸੰਗਠਿਤ ਰੂਪ ਵਿਚ ਜੀਵਨ ਨੂੰ ਸੇਧਿਤ ਕਰਨ ਲਈ ਨਿਯਮਾਂ ਦਾ ਪ੍ਰਬੰਧ ਬਣਾਇਆ ਜਾਂਦਾ ਹੈ। ਇਸ ਪ੍ਰਬੰਧ ਦਾ ਮੂਲ ਜੀਵਨ ਦੀਆਂ ਗਹਿਰੀਆਂ ਰਮਜ਼ਾਂ ਅਤੇ ਸੂਖ਼ਮ ਰਾਹਾਂ ਨੂੰ ਸੁਰੱਖਿਅਤ ਰੱਖਣਾ ਹੁੰਦਾ ਹੈ। ਧਰਮ ਵਿਚ ਅਨੁਯਾਈਆਂ ਨੂੰ ਮੁਕਤੀ ਮਾਰਗ 'ਤੇ ਚੱਲਣ ਲਈ ਤਾਕੀਦ ਕੀਤੀ ਗਈ ਹੁੰਦੀ ਹੈ। ਇਸੇ ਆਦੇਸ਼ ਵਿਚ ਕੁਝ ਨਿਯਮ ਵਿਸ਼ੇਸ਼ ਹੁੰਦੇ ਹਨ। ਇਨ੍ਹਾਂ ਦਾ ਨਾਤਾ ਅਧਿਆਤਮ ਨਾਲ ਹੁੰਦਾ ਹੈ ਅਤੇ ਰੀਤਾਂ ਰਸਮਾਂ ਅਤੇ ਸੰਸਕਾਰਾਂ ਦਾ ਮਿਸ਼ਰਨ ਵੀ ਹੁੰਦਾ ਹੈ। ਧਰਮ ਵਿਸ਼ੇਸ਼ ਦੇ ਅਨੁਯਾਈ ਨੇ ਮੁਢਲੇ ਰੂਪ ਵਿਚ ਇਨ੍ਹਾਂ ਨਿਯਮਾਂ ਜਾਂ ਜੀਵਨ-ਵਿਧੀਆਂ ਨੂੰ ਧਾਰਨ ਕਰਨਾ ਹੁੰਦਾ ਹੈ ਅਤੇ ਇਨ੍ਹਾਂ 'ਤੇ ਨਿਰੰਤਰ ਚੱਲਣਾ ਹੁੰਦਾ ਹੈ। ਉਹ ਨੈਤਿਕ ਅਤੇ ਸੰਸਾਰ ਲਈ ਕਲਿਆਣਕਾਰੀ ਹੁੰਦਾ ਹੈ ਪਰ ਧਰਮ ਦੇ ਰਸਤੇ ਦੇ ਆਰੰਭਲੇ ਪੜਾਅ ਵਿਚ ਤੈਅ ਕੀਤੀ ਜੀਵਨ-ਜਾਚ ਨੂੰ ਜਿਊਣ ਦੀ ਬਹੁਤ ਅਹਿਮੀਅਤ ਹੈ।
ਉਮੀਦ ਹੈ ਇਸ ਪੁਸਤਕ ਨਾਲ 'ਸਿੱਖ ਰਹਿਤ ਮਰਿਯਾਦਾ' ਦੀ ਲੋੜ ਅਤੇ ਅਹਿਮੀਅਤ ਨੂੰ ਸਮਝਣ ਵਿਚ ਮਦਦ ਮਿਲੇਗੀ। ਇਹ ਪੁਸਤਕ 'ਸਿੱਖ ਰਹਿਤ ਮਰਯਾਦਾ' ਨਾਲ ਸੰਵਾਦ ਹੈ, ਇਸ ਦਾ ਉਦੇਸ਼ ਧਰਮ ਅਤੇ ਅਕਾਦਮਿਕਤਾ ਦੇ ਰਿਸ਼ਤੇ ਨੂੰ ਮਜ਼ਬੂਤ ਕਰਨਾ ਵੀ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਖੇਤੀ ਸੰਕਟ ਬਨਾਮ ਆਰਥਿਕ ਚੁਣੌਤੀਆਂ
ਲੇਖਕ : ਡਾ. ਸਰਬਜੀਤ ਸਿੰਘ ਛੀਨਾ
ਸੰਪਾਦਕ : ਸੁਲੱਖਣ ਸਰਹੱਦੀ
ਪ੍ਰਕਾਸ਼ਕ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)
ਸਫ਼ੇ : 154
ਸੰਪਰਕ : 94174-84337

ਇਸ ਪੁਸਤਕ ਦੇ ਮਹੱਤਵ ਨੂੰ ਦੇਖਦੇ ਹੋਏ ਸਰਬੱਤ ਦਾ ਭਲਾ ਮੈਨੇਜਿੰਗ ਟਰੱਸਟੀ ਡਾ. ਐਸ. ਪੀ. ਸਿੰਘ ਓਬਰਾਏ ਨੇ ਇਸ ਨੂੰ ਛਪਵਾ ਕੇ ਮੁਫ਼ਤ ਵੰਡਣ ਦਾ ਨਿਸ਼ਕਾਮ ਸੇਵਾ ਦਾ ਕਾਰਜ ਕੀਤਾ ਹੈ। ਇਸ ਕਿਤਾਬ ਦਾ ਸੰਪਾਦਨ ਸੁਲੱਖਣ ਸਰਹੱਦੀ ਨੇ ਡਾ. ਛੀਨਾ ਦੇ 1000 ਤੋਂ ਉੱਪਰ, ਸਮੇਂ-ਸਮੇਂ ਲਿਖੇ ਲੇਖਾਂ ਵਿਚੋਂ ਚੁਣ ਕੇ 40 ਲੇਖਾਂ ਦਾ ਸੰਕਲਨ ਕੀਤਾ ਹੈ। ਆਰੰਭ ਵਿਚ ਡਾ. ਛੀਨਾ ਦੀ ਮੁਕਤ-ਕੰਠ ਨਾਲ ਪ੍ਰਸੰਸਾ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਡਾ. ਛੀਨਾ ਨੇ 'ਖੇਤੀਬਾੜੀ ਅਰਥ-ਵਿਵਸਥਾ' 'ਤੇ ਗੰਭੀਰ ਖੋਜ ਕਰਕੇ ਪੀ.ਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ ਹੈ। ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਡੀਨ ਐਗਰੀਕਲਚਰ ਵਜੋਂ ਸੇਵਾਮੁਕਤ ਹਨ ਅਤੇ ਫੈਡਰੇਸ਼ਨ ਆਫ਼ ਯੂਨੈਸਕੋ ਕਲੱਬਜ਼ ਇਨ ਇੰਡੀਆ ਦੇ ਪ੍ਰਧਾਨ ਵਜੋਂ ਮਾਣ ਪ੍ਰਾਪਤ ਕੀਤਾ। ਵਿਚਾਰਾਧੀਨ 40 ਲੇਖਾਂ ਵਿਚ ਕਿਸਾਨ ਸੰਕਟ ਨਾਲ ਸੰਬੰਧਿਤ ਅਨੇਕਾਂ ਖੇਤੀ ਸਮੱਸਿਆਵਾਂ 'ਤੇ ਫੋਕਸੀਕਰਨ ਕੀਤਾ ਗਿਆ ਹੈ, ਜਿਵੇਂ ਕਿਸਾਨੀ ਕਰਜ਼ੇ, ਖੇਤੀ ਲਾਹੇਵੰਦ ਕਿਵੇਂ ਹੋਵੇ, ਕਾਰਪੋਰੇਟ ਖੇਤੀ ਦਾ ਮਸਲਾ, ਸਹਿਕਾਰੀ ਖੇਤੀ, ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ, ਯਕੀਨੀ ਮੰਡੀਕਰਨ, ਖੇਤੀ ਆਮਦਨ ਦੁੱਗਣੀ ਕਿਵੇਂ ਹੋਵੇ, ਫ਼ਸਲੀ ਚੱਕਰ, ਸਬਜ਼ੀਆਂ ਪ੍ਰਤੀ ਨੀਤੀ, ਰਸਾਇਣਾਂ ਦੀ ਵਰਤੋਂ, ਤਿੰਨ ਖੇਤੀ ਕਾਨੂੰਨ, ਜ਼ਮੀਨ ਰਿਕਾਰਡ ਦਾ ਆਧਾਰ ਆਦਿ। ਸੰਪਾਦਕ ਨੇ ਬੜੀ ਸੂਝ ਨਾਲ ਅਨੇਕਾਂ ਹੋਰ ਫੁਟਕਲ ਵਿਸ਼ਿਆਂ ਦੀ ਚੋਣ ਕੀਤੀ ਹੈ, ਜਿਵੇਂ ਤੇਲ ਦੀਆਂ ਕੀਮਤਾਂ, ਵਧਦੀ ਮਹਿੰਗਾਈ, ਵਧਦੀ ਆਬਾਦੀ, ਕੋਰੋਨਾ ਦੇ ਦਿਨਾਂ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਹਾਲਤ, ਭਾਰਤ-ਪਾਕਿ ਵਪਾਰ, ਗ਼ਰੀਬ ਕਲਿਆਣ ਯੋਜਨਾ, ਚੋਣਾਂ ਬਨਾਮ ਮੁਫ਼ਤ ਤੋਹਫ਼ੇ, ਕੌਮੀ ਬਜਟ ਵਿਸ਼ਲੇਸ਼ਣ, ਕਾਂਗਰਸ ਸਰਕਾਰ ਦੇ ਪੰਜਾਬ 'ਚ ਪਹਿਲੇ ਤਿੰਨ ਸਾਲ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਅੱਗੇ ਚੁਣੌਤੀਆਂ, ਭਾਰਤੀ ਕਮਿਊਨਿਸਟ ਪਾਰਟੀ ਉਥਾਨ ਅਤੇ ਗਿਰਾਵਟ, ਵਾਤਾਵਰਨ ਸੰਤੁਲਨ, ਰੂਸ-ਯੂਕਰੇਨ ਯੁੱਧ, ਖੇਤੀ ਆਧਾਰਿਤ ਉਦਯੋਗ, ਚੋਣਾਂ ਦੀ ਖੇਡ ਆਦਿ। ਉਪਰੋਕਤ ਅਜਿਹੇ ਲੇਖਾਂ ਦਾ ਮਹੱਤਵ ਇਸ ਗੱਲ ਵਿਚ ਨਿਹਿਤ ਹੈ ਕਿ ਇਨ੍ਹਾਂ ਵਿਚ ਸ਼ੁੱਧ ਪ੍ਰਮਾਣਿਕ, ਅੰਕੜਿਆਂ ਸਹਿਤ ਸਰਬਪੱਖੀ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਵੱਖ-ਵੱਖ ਸਮਿਆਂ 'ਤੇ ਲਿਖੇ ਲੇਖਾਂ ਕਾਰਨ ਅਨੇਕਾਂ ਅੰਕੜਿਆਂ ਅਤੇ ਵਿਚਾਰਾਂ ਵਿਚ ਬਿਰਤਾਂਤਕ ਬਾਰੰਬਾਰਤਾ (ਨੈਰੇਟਿਵ ਫਰੀਕੁਐਂਸੀ) ਦਾ ਆ ਜਾਣਾ ਸੁਭਾਵਿਕ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਬਿੰਬ-ਪ੍ਰਤਿਬਿੰਬ
ਕਵੀ : ਇੰਦਰਪਾਲ ਸਿੰਘ ਬੱਗਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 203
ਸੰਪਰਕ : 094177-78181

ਇਹ ਕਾਵਿ-ਸੰਗ੍ਰਹਿ ਕਿਸੇ ਪਵਿੱਤਰਤਾ ਅਤੇ ਧਾਰਮਿਕਤਾ ਵਿਚ ਭਿੱਜ ਕੇ ਲਿਖਿਆ ਗਿਆ ਹੈ। ਇਸ ਵਿਚ ਡੂੰਘੇ ਚਿੰਤਨ ਦਾ ਪ੍ਰਗਟਾਵਾ ਹੈ। ਕਵੀ ਨੇ ਸਿੱਖ ਧਰਮ ਅਤੇ ਦੂਜੇ ਧਰਮਾਂ ਪ੍ਰਤੀ ਆਪਣੇ ਵਿਚਾਰ ਕਾਵਿਮਈ ਸ਼ੈਲੀ ਵਿਚ ਪ੍ਰਗਟਾਏ ਹਨ। ਜ਼ਿੰਦਗੀ ਦੇ ਅਸਲ ਮਕਸਦ ਬਾਰੇ ਸੁਚੇਤ ਕੀਤਾ ਗਿਆ ਹੈ। ਕੁਝ ਝਲਕਾਂ ਦੇਖੋ
-ਪਿਆਰ ਕੇਵਲ ਕਿਸੇ ਇਕ ਨਾਲ
ਤੇ ਕੇਵਲ ਕਿਸੇ ਇਕ ਵੇਲੇ ਨਹੀਂ ਹੁੰਦਾ
ਜਦੋਂ ਤੁਸੀਂ ਸਰਬੱਤ ਦਾ ਭਲਾ ਮੰਗਦੇ ਹੋ
ਇਹੀ ਤਾਂ ਸੱਚਾ ਸੁੱਚਾ ਪਿਆਰ ਹੈ
-ਆਦਮੀ ਤੇ ਔਰਤ ਦੇ
ਪਿਆਰ ਵਿਚ ਫ਼ਰਕ ਬੱਸ ਇਤਨਾ ਕੁ ਹੈ
ਕਿ ਔਰਤ ਆਪਣੇ ਪਿਆਰ ਨਾਲ
ਆਦਮੀ ਨੂੰ ਬੰਨ੍ਹਦੀ ਫ਼ਿਰਦੀ ਹੈ
ਅਤੇ ਆਦਮੀ, ਤੜਫ਼-ਤੜਫ਼ ਕੇ
ਅਜਿਹੇ ਬੰਧਨ ਤੋਂ ਮੁਕਤ ਹੋਣਾ ਚਾਹੁੰਦਾ ਹੈ।
ਇਸ ਪਰਮ-ਅਨੰਦ ਦੀ ਗੱਲ ਦਾ
ਕਈ ਧਰਮਾਂ ਵਿਚ ਜ਼ਿਕਰ ਆਉਂਦਾ ਹੈ
ਪਰ ਇਸ ਪਰਮ-ਅਨੰਦ ਨੂੰ ਪਾਉਣਾ ਕਿਸ ਤਰ੍ਹਾਂ
ਕੋਈ ਧਰਮ ਨਹੀਂ ਸਿਖਾਉਂਦਾ।
ਇਨ੍ਹਾਂ ਕਵਿਤਾਵਾਂ ਵਿਚ ਡੂੰਘੀ ਫ਼ਿਲਾਸਫ਼ੀ ਅਤੇ ਗਿਆਨ ਹੈ। ਇਹ ਅੰਤਰ-ਮਨ ਨੂੰ ਟੁੰਬਦੀਆਂ ਹਨ। ਇਹ ਸਾਡੇ ਚਿੰਤਨ ਅਤੇ ਚੇਤਨਾ ਨੂੰ ਜਗਾਉਂਦੀਆਂ ਹਨ। ਇਨ੍ਹਾਂ ਭਾਵਪੂਰਤ, ਬੌਧਿਕ ਅਤੇ ਮਾਰਮਿਕ ਕਵਿਤਾਵਾਂ ਦਾ ਭਰਪੂਰ ਸੁਆਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਲੇਲ੍ਹੜੀਆਂ
ਲੇਖਕ : ਮਾਲਵਿੰਦਰ ਸ਼ਾਇਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 94781-85742

ਮਾਲਵਿੰਦਰ ਸ਼ਾਇਰ ਹਾਸ-ਵਿਅੰਗ ਦਾ ਲੇਖਕ ਹੈ। 'ਲੇਲ੍ਹੜੀਆਂ' ਉਸ ਦੀ ਸੱਤਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਨੇ ਕਾਵਿ-ਸੰਗ੍ਰਹਿ, ਗ਼ਜ਼ਲ-ਸੰਗ੍ਰਹਿ ਅਤੇ ਰੁਬਾਈ ਆਦਿ ਕਿਤਾਬਾਂ ਦੀ ਸਿਰਜਣਾ ਕੀਤੀ ਹੈ। ਹੱਥਲੇ ਮਿੰਨੀ ਕਹਾਣੀ-ਸੰਗ੍ਰਹਿ ਵਿਚ ਉਸ ਨੇ ਕੁੱਲ 45 ਮਿੰਨੀ ਕਹਾਣੀਆਂ ਲਿਖੀਆਂ ਹਨ, ਜਿਨ੍ਹਾਂ ਵਿਚ ਪਾਠਕਾਂ ਦੇ ਮਨ ਨੂੰ ਮਿੱਠੀ ਚੀਜ਼ ਦੁਆਰਾ ਝੰਜੋੜਿਆ ਗਿਆ ਹੈ ਤੇ ਸਮਾਜਿਕ ਕੁਰੀਤੀਆਂ ਨੂੰ ਛੋਹਿਆ ਗਿਆ ਹੈ। 'ਲੇਲ੍ਹੜੀਆਂ' ਕਹਾਣੀ ਵਿਚ ਲੇਖਕਾਂ 'ਤੇ ਵਿਅੰਗ ਕੱਸਿਆ ਗਿਆ ਹੈ ਕਿ ਕਿਵੇਂ ਲੇਖਕ ਆਪਣੀਆਂ ਪਤਨੀਆਂ ਦੀ ਖਿਦਮਤ ਕਰਦੇ ਰਹਿੰਦੇ ਹਨ। ਅਗਲੀ ਕਹਾਣੀ 'ਸਾਹਿਤਕ ਠਿੱਬੀ' ਵਿਚ ਦੱਸਿਆ ਗਿਆ ਹੈ ਕਿ ਕਿਵੇਂ ਸਾਹਿਤਕਾਰ ਕਿਸੇ ਵੀ ਸਾਹਿਤਕ ਸਮਾਗਮ ਵਿਚ ਜਾ ਕੇ ਇਕ-ਦੂਜੇ ਨੂੰ ਠਿੱਬੀ ਲਗਾਉਂਦੇ ਹਨ, ਨੰਗੋਚਾਂ ਕੱਢਦੇ ਹਨ ਤੇ ਇਕ-ਦੂਜੇ ਦੀ ਵਧ-ਵਧ ਕੇ ਚੁਗਲਖੋਰੀ ਕਰਦੇ ਹਨ ਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ। 'ਅਵਾ-ਤਵਾ' ਕਹਾਣੀ ਵਿਚ ਬੱਚੇ ਦੇ ਆਪਣੇ ਪਿਤਾ ਨੂੰ ਬਲੈਕਮੇਲ ਕਰਨ ਬਾਰੇ ਹਨ ਕਿ ਬੱਚੇ ਮਾਂ-ਬਾਪ ਤੋਂ ਹੀ ਅਜਿਹੀਆਂ ਕਧਿਤਾਂ ਸਿੱਖਦੇ ਹਨ ਤੇ ਫਿਰ ਆਪ ਵੀ ਉਹੀ ਕਰਦੇ ਹਨ। 'ਛੜੇ ਦੀ ਬਹਾਰ' ਕਹਾਣੀ ਵਿਚ ਛੜੇ ਦਾ ਆਪਣੀ ਕਾਲਪਨਿਕ ਪਤਨੀ ਨਾਲ ਮੌਜ-ਬਹਾਰ ਕਰਨ ਬਾਰੇ ਵਿਚਾਰ ਹੈ। ਇਸੇ ਤਰ੍ਹਾਂ 'ਟੁੱਟਪੈਣੀਆਂ ਕਿਤਾਬਾਂ' ਕਹਾਣੀ ਵਿਚ ਕਿਤਾਬਾਂ ਦੀ ਤ੍ਰਾਸਦੀ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਲੇਖਕ ਦਾ ਕਿਤਾਬਾਂ ਛਪਾਉਣ 'ਤੇ ਖ਼ਰਚ ਜ਼ਿਆਦਾ ਹੋ ਜਾਂਦਾ ਹੈ ਪਰ ਪਾਠਕ ਮੁਫ਼ਤਖੋਰੇ ਹੀ ਮਿਲਦੇ ਹਨ, ਜੋ ਮੁਫ਼ਤ ਵਿਚ ਹੀ ਕਿਤਾਬਾਂ ਲੈ ਜਾਂਦੇ ਹਨ ਤੇ ਲੇਖਕ ਨੂੰ ਆਪਣੀ ਘਰਵਾਲੀ ਅੱਗੇ ਸ਼ਰਮਿੰਦਾ ਹੋਣਾ ਪੈਂਦਾ ਹੈ। 'ਭੂਆ ਨੂੰ ਵਿਆਹ 'ਤੇ ਨਿਓਤਾ' ਕਹਾਣੀ ਵਿਚ ਚਤਰ-ਚਲਾਕ ਭੂਆ 'ਤੇ ਵਿਅੰਗ ਕੱਸਿਆ ਗਿਆ ਹੈ ਕਿ ਕਿਵੇਂ ਭੂਆ ਆਪਣੀਆਂ ਗੱਲਾਂ ਮਨਵਾਉਂਦੀਆਂ ਹਨ, ਪਰ ਅੱਗੋਂ ਭਤੀਜਾ ਵੀ ਘੱਟ ਨਹੀਂ। ਇਸ ਕਹਾਣੀ ਵਿਚ ਤਾਂ ਚੋਰਾਂ ਨੂੰ ਪੈ ਗਏ ਮੋਰ ਵਾਲੀ ਗੱਲ ਢੁਕਵੀਂ ਲੱਗਦੀ ਹੈ। ਅਗਲੀ ਕਹਾਣੀ 'ਬਿਸ਼ੰਬਰੀ ਦੀ ਪੁਸਤਕ ਗੋਸ਼ਟੀ' ਹੈ ਜਿਸ ਵਿਚ ਬਿਸ਼ੰਬਰੀ ਦੀ ਪੁਸਤਕ ਲੋਕ-ਅਰਪਣ ਹੋਣ ਕਰਕੇ ਉਸ ਦੀ ਛੋਟੀ ਸੋਚ ਵਾਲੀ ਪਤਨੀ 'ਤੇ ਵਿਅੰਗ ਹੈ। ਇਸੇ ਤਰ੍ਹਾਂ 'ਮੈਟਾ ਆਲੋਚਨਾ' ਕਹਾਣੀ ਹੈ ਜਿਸ ਵਿਚ ਵਿਅਕਤੀ ਦੀ ਗੱਲਬਾਤ ਤੋਂ ਉਸ ਦੇ ਕਿੱਤੇ ਬਾਰੇ ਕੰਮ ਬਾਰੇ ਪਤਾ ਲੱਗ ਜਾਂਦਾ ਹੈ। 'ਫਰਾਡ ਪ੍ਰਤੀ ਚਿੰਤਾ' ਕਹਾਣੀ ਵਿਚ ਫਰਾਡ ਕਰਨ ਵਾਲਿਆਂ ਪ੍ਰਤੀ ਚਿੰਤਾ ਦਰਸਾਈ ਗਈ ਹੈ। ਸਮੁੱਚੇ ਰੂਪ ਵਿਚ ਕਹਿ ਸਕਦੇ ਹਾਂ ਕਿ ਕਥਾਕਾਰ ਨੇ ਜ਼ਿਆਦਾਤਰ ਕਹਾਣੀਆਂ ਵਿਚ ਰਾਜਨੀਤਕ ਅਤੇ ਸਾਹਿਤਕ ਕਟਾਖਸ਼ ਹੀ ਕੱਸੇ ਹਨ। ਸਾਹਿਤਕਾਰਾਂ 'ਤੇ ਤਨਜ਼ ਕੱਸਣ ਦੇ ਯਥਾਰਥ ਦਾ ਲੇਖਕ ਨੂੰ ਚੰਗੀ ਤਰ੍ਹਾਂ ਤਜਰਬਾ ਹੈ। ਉਸ ਦੀ ਸ਼ੈਲੀ ਮੌਲਿਕ ਹੈ। ਲੇਖਕ ਨੂੰ ਮੁਬਾਰਕਬਾਦ।

-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161

ਜਲ ਸੈਨਵਾ ਦਾ ਨਾਇਕ
ਸ. ਹਰਦਿਆਲ ਸਿੰਘ
'ਮਯੂਟਨੀਅਰ'
ਲੇਖਕ ਤੇ ਪ੍ਰਕਾਸ਼ਕ : ਪਰਮਿੰਦਰ ਸਿੰਘ ਪੰਮੀ
ਮੁੱਲ : 125 ਰੁਪਏ, ਸਫ਼ੇ : 72
ਸੰਪਰਕ : 95019-92684

ਜਦ ਕੋਈ ਵੀ ਸ਼ਕਤੀਸ਼ਾਲੀ ਤਾਕਤ ਲੋਕਾਂ ਉੱਤੇ ਆਪਣੇ ਜੁਰਮ ਦੇ ਹੱਦ-ਬੰਨੇ ਟੱਪ ਜਾਂਦੀ ਹੈ ਤਾਂ 'ਮਯੂਟਨੀਅਰ' (ਵਿਦਰੋਹੀ) ਪੈਦਾ ਹੋਣੇ ਕੁਦਰਤੀ ਵਰਤਾਰਾ ਹੋ ਨਿਬੜਦਾ ਹੈ। ਅੰਗਰੇਜ਼ੀ ਸਾਮਰਾਜ ਵੇਲੇ ਭਾਰਤ ਵਿਚ ਵੀ ਅੱਤਿਆਚਾਰੀ ਨਿਜ਼ਾਮ ਵਿਰੁੱਧ ਬਹੁਤ ਸਾਰੇ ਵਿਦਰੋਹੀ ਝੰਡਾ ਬਰਦਾਰ ਹੋਏ ਹਨ, ਜਿਨ੍ਹਾਂ ਦੇਸ਼ ਸੇਵਾ ਵਿਚ ਉੱਘਾ ਯੋਗਦਾਨ ਪਾਇਆ ਹੈ। ਭਾਵੇਂ ਉਨ੍ਹਾਂ ਨੂੰ ਲੱਖਾਂ ਹੀ ਮੁਸੀਬਤਾਂ ਝੱਲਣੀਆਂ ਪਈਆਂ। ਪਰ ਇਕ ਵੱਡੀ ਤ੍ਰਾਸਦੀ ਹੈ ਕਿ ਬਹੁਤ ਸਾਰੇ ਗੁੰਮਨਾਮ ਦੇਸ਼ ਭਗਤਾਂ ਦਾ ਜੀਵਨ ਅਜੇ ਵੀ ਪ੍ਰਕਾਸ਼ਿਤ ਹੋਣ ਤੋਂ ਲੁਕਿਆ ਪਿਆ ਹੈ। ਲੇਖਕ ਤੇ ਪ੍ਰਕਾਸ਼ਕ ਪਰਮਿੰਦਰ ਸਿੰਘ ਪੰਮੀ ਨੇ ਇਸ ਹਥਲੀ ਪੁਸਤਕ 'ਸ੍ਰ. ਹਰਦਿਆਲ ਸਿੰਘ ਮਯੂਟਨੀਅਰ' ਵਿਚ ਜੋ ਉਸ ਵਕਤ ਸਮੁੰਦਰੀ ਜਹਾਜ਼ ਵਿਚ ਸਿਗਨਲਮੈਨ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਦੇ ਜੀਵਨ ਦੇ ਬਹੁਤ ਸਾਰੇ ਪਹਿਲੂਆਂ ਨੂੰ ਪਾਠਕਾਂ ਦੇ ਸਨਮੁੱਖ ਕਰਨ ਦਾ ਇਕ ਸਾਰਥਿਕ ਉਪਰਾਲਾ ਕੀਤਾ ਹੈ। 'ਮਯੂਟਨੀਅਰ' ਤੇ ਉਸ ਦੇ ਸਾਥੀਆਂ ਵਲੋਂ ਬੇੜਿਆਂ ਉੱਤੇ ਯੂਨੀਅਨ ਜੈਕ ਝੰਡਿਆਂ ਦੀ ਥਾਂ ਤਿਰੰਗੇ ਝੰਡੇ ਲਹਿਰਾਉਣੇ, ਵਿਦੇਸ਼ ਹੁਕਮਰਾਨਾਂ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਹੋਣਾ, ਲਾਲਚ ਤੇ ਡਰਾਵੇ ਅੱਗੇ ਨਾ ਝੁਕਦਿਆਂ ਮੁਆਫ਼ੀ ਮੰਗਣ ਤੋਂ ਨਾਂਹ ਕਰਨੀ, ਗੋਲੀ ਮਾਰਨ ਦੇ ਹੁਕਮ ਹੋ ਜਾਣੇ, ਸਮੇਂ ਦੇ ਬਾਗ਼ੀਆਂ ਦੀ ਵਕਾਲਤ ਕਰਨ ਵਾਲੇ ਉੱਘੇ ਵਕੀਲਾਂ ਦਲੀਲਾਂ ਕਰਕੇ ਸਜ਼ਾ-ਏ-ਮੌਤ ਦੇ ਹੁਕਮ ਵਾਪਸ ਹੋਣੇ, ਜਲ ਸੈਨਾ 'ਚੋਂ ਕੱਢੇ ਜਾਣਾ, ਆਜ਼ਾਦੀ ਤੋਂ ਬਾਅਦ ਕਲਰਕੀ ਦੀ ਨੌਕਰੀ ਕਰਕੇ ਜੀਵਨ ਬਸਰ ਕਰਨਾ ਤੇ ਸਰਕਾਰ ਵਲੋਂ ਆਜ਼ਾਦੀ ਘੁਲਾਟੀਏ ਵਾਲੀਆਂ ਸਹੂਲਤਾਂ ਦੀ ਪ੍ਰਾਪਤੀ ਤੇ ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਜੋ ਉੱਚ ਵਿੱਦਿਆ ਯੋਗਤਾ ਪ੍ਰਾਪਤ ਸੀ, ਵਾਸਤੇ ਨੌਕਰੀ ਲਈ ਰਾਸ਼ਟਰਪਤੀ ਤੱਕ ਵੀ ਪਹੁੰਚ ਕਰਨੀ ਪਰ ਝਾਂਸਿਆਂ ਤੋਂ ਬਗ਼ੈਰ ਕੁਝ ਹਾਸਲ ਨਾ ਹੋਣਾ ਸਿਆਸੀ ਭ੍ਰਿਸ਼ਟ ਪ੍ਰਬੰਧ ਦਾ ਕਰੂਪ ਚਿਹਰੇ ਦੀ ਦਿੱਖ ਆਦਿ ਦਾ ਬੜੀ ਬੇਬਾਕੀ ਨਾਲ ਕੀਤਾ ਵਰਨਣ ਪੜ੍ਹਨ ਨੂੰ ਮਿਲਦਾ ਹੈ ਪਰ ਇਸ ਪੁਸਤਕ ਵਿਚ ਸਿਰੜੀ ਯੋਧੇ ਦੇ ਜੀਵਨ ਦੇ ਹੋਰ ਬਹੁਤ ਸਾਰੇ ਪੱਖਾਂ ਦਾ ਜ਼ਿਕਰ ਨਾ ਹੋਣ ਕਰਕੇ ਪਾਠਕ ਦੀ ਇਸ ਦੇਸ਼ ਭਗਤ ਦੇ ਜੀਵਨ ਜਾਂਚ ਨੂੰ ਹੋਰ ਡੂੰਘਾਈ ਜਾਨਣ ਦੀ ਜਗਿਆਸਾ ਪੂਰੀ ਨਹੀਂ ਹੁੰਦੀ। ਆਸ ਹੈ ਕਿ ਲੇਖਕ ਪਰਮਿੰਦਰ ਸਿੰਘ ਪੰਮੀ ਆਪਣੇ ਪਿਤਾ ਜਲ ਸੈਨਾ ਦੇ ਨਾਇਕ ਸ੍ਰ. ਹਰਦਿਆਲ ਸਿੰਘ 'ਮਯੂਟਨੀਅਰ' ਦੇ ਜੀਵਨ ਦੇ ਅਧੂਰੇ ਤੇ ਅੱਖਾਂ ਤੋਂ ਪਰੋਖੇ ਰਹਿ ਚੁੱਕੇ ਪੱਖਾਂ ਨੂੰ ਇਸ ਪੁਸਤਕ ਦੇ ਅਗਲੇ ਐਡੀਸ਼ਨ ਪਾਠਕ ਦੇ ਸਨਮੁੱਖ ਕਰਨ ਜ਼ਰੂਰ ਯਤਨ ਕਰੇਗਾ, ਜਿਸ ਨਾਲ ਪਾਠਕਾਂ ਵਿਚ ਇਤਿਹਾਸ ਨੂੰ ਜਾਨਣ ਦੀ ਚੇਸ਼ਟਾ ਜ਼ਰੂਰ ਸੰਤੁਸ਼ਟ ਹੋਵੇਗੀ।

-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋਬਾਈਲ : 98764-{}੍ਰeh

ਅਹਿਸਾਸਾਂ ਦੀ ਸਰਗਮ
ਲੇਖਕ : ਸੇਵਾ ਸਿੰਘ 'ਨੂਰਪੁਰੀ '
ਪ੍ਰਕਾਸ਼ਕ : ਬੀ.ਆਰ.ਐਸ. ਪਬਲੀਕੇਸ਼ਨਜ਼, ਹੁਸ਼ਿਆਰਪੁਰ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98149-35961

'ਅਹਿਸਾਸਾਂ ਦੀ ਸਰਗਮ' ਲੇਖਕ ਸੇਵਾ ਸਿੰਘ 'ਨੂਰਪੁਰੀ' ਦੀ ਤੀਸਰੀ ਕਾਵਿ-ਪੁਸਤਕ ਹੈ। ਇਸ ਤੋਂ ਪਹਿਲਾਂ ਲੇਖਕ 'ਆਲ੍ਹਣੇ ਤੋਂ ਪਰਵਾਜ਼ ਤੱਕ' ਅਤੇ 'ਦੂਰ ਵਸੇਂਦੇ ਸੱਜਣ' ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਇਸ ਹਥਲੇ ਕਾਵਿ-ਸੰਗ੍ਰਹਿ ਦੀਆਂ ਰਚਨਾਵਾਂ 'ਚ ਨਸ਼ਿਆਂ 'ਚ ਗ੍ਰਸਤ ਹੋ ਰਹੀ ਜਵਾਨੀ ਦਾ ਫ਼ਿਕਰ ਹੈ। ਬੇਰੁਜ਼ਗਾਰੀ ਦੀ ਸਮੱਸਿਆ ਦਾ ਹੇਰਵਾ ਹੈ। ਦੇਸ਼ ਦੇ ਸਨਮੁੱਖ ਮੂੰਹ ਅੱਡੀ ਖਲੋਤੀਆਂ ਚੁਣੌਤੀਆਂ ਉਸ ਨੂੰ ਧੁਰ ਅੰਦਰੋਂ ਬੇਚੈਨ ਕਰਦੀਆਂ ਹਨ। ਪੁਰਾਣੇ ਪੰਜਾਬ ਦੇ ਮੁਹੱਬਤੀ ਵੇਲੇ ਉਸ ਦੇ ਅੰਦਰ ਸੁਗੰਧ ਵਾਂਗ ਵਸੇ ਹੋਏ ਜਾਪਦੇ ਹਨ । ਇਨ੍ਹਾਂ ਖ਼ੂਬਸੂਰਤ ਸਮਿਆਂ ਨੂੰ ਚੇਤੇ ਕਰਦਾ ਕਵੀ ਲਿਖਦਾ ਹੈ :
ਨਾ ਚਾਟੀ ਨਾ ਘੁੰਮੇ ਮਧਾਣੀ।
ਨਾ ਤੜਕੇ ਉਠਦੀ ਸੁਆਣੀ।
ਦੁੱਧ, ਦਹੀਂ 'ਧਰੇੜ੍ਹਕੇ ਨ ਜਾਣੇ,
ਮੱਥੇ ਤਿਉੜੀ ਪਾਣ ਨਿਆਣੇ। (ਪੰਨਾ : 30)
ਲੇਖਕ ਧਰਮਾਂ, ਕਰਮਾਂ, ਜਾਤਾਂ-ਪਾਤਾਂ, ਪਾਖੰਡਾਂ ਤੋਂ ਨਿਰਲੇਪ ਨਿਰੋਲ ਮਾਨਵਤਾ ਦਾ ਮੁਦੱਈ ਹੈ। ਤਾਕਤਵਰਾਂ ਵਲੋਂ ਕਮਜ਼ੋਰਾਂ ਨੂੰ ਲੁੱਟਣਾ ਉਸ ਨੂੰ ਚੁੱਭਦਾ ਹੈ। ਧਰਮਾਂ ਤੇ ਮਜ੍ਹਬਾਂ ਦਾ ਰੌਲਾ, ਕਵੀ ਅਨੁਸਾਰ ਅਜੋਕੇ ਜ਼ਮਾਨੇ ਦਾ ਅਨੋਖਾ ਰਾਮ ਰਾਜ ਜਿਸ ਵਿਚ ਗੁੰਡਾਗਰਦੀ ਦੀ ਚੜ੍ਹਤ ਹੈ ਅਤੇ ਸਾਮਰਾਜ ਦਾ ਬੋਲਬਾਲਾ ਹੈ, ਉਸ ਦਾ ਹਿਰਦਾ ਵਲੂੰਧਰਦਾ ਹੈ। ਭੁੱਖਮਰੀ, ਬੇਰੁਜ਼ਗਾਰੀ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਵਰਗੇ ਮਸਲਿਆਂ ਦੇ ਜਟਿਲ ਹੱਲ ਲਈ ਉਸ ਦੀ ਕਲਮ ਦੁਹਾਈ ਦਿੰਦੀ ਜਾਪਦੀ ਹੈ :
ਨਿੱਜੀਕਰਨ ਤਾਂ ਚੁਫ਼ੇਰੇ ਠਾਠਾਂ ਹੈ ਮਾਰਦਾ,
ਸਰਕਾਰੀ ਅਦਾਰਾ ਹੌਕੇ ਭਰ ਹੈ ਸਾਰਦਾ।
ਭੁੱਖਮਰੀ ਅਤੇ ਬੇਰੁਜ਼ਗਾਰੀ ਮੋਢੇ ਚੜ੍ਹੀ ਹੈ,
ਤੱਕ ਰਹੀ ਬਿਚਾਰੀ ਜੰਤਾ ਬੇਵੱਸ ਖੜ੍ਹੀ ਹੈ।(ਪੰਨਾ : 71)
ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਵੱਲ ਵਧ ਰਿਹਾ ਰੁਝਾਨ ਉਸ ਨੂੰ ਬੇਚੈਨ ਕਰਦਾ ਹੈ। ਧਰਮਾਂ-ਮਜ਼੍ਹਬਾਂ ਦੇ ਲੰਬੜਦਾਰਾਂ ਨੂੰ ਨਫ਼ਰਤਾਂ ਨੂੰ ਮਨੋ ਵਿਸਰਾਨ ਦੀ ਦੁਹਾਈ ਦਿੰਦਾ ਲੇਖਕ 'ਜੀਓ ਅਤੇ ਜਿਉਣ ਦਿਓ' ਦੇ ਸਿਧਾਂਤ ਦੀ ਪਹਿਰੇਦਾਰੀ ਕਰਦਾ ਜਾਪਦਾ ਹੈ। ਕਵੀ ਦਾ ਉਦਮ ਪ੍ਰਸੰਸਾਯੋਗ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

15-10-2023

 ਚੱਲ ਨਗ਼ੀਨੇ ਤਰਾਸ਼ੀਏ
ਲੇਖਕ : ਮਹਿੰਦਰ ਸਿੰਘ ਪੰਜੂ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 195 ਰੁਪਏ, ਸਫ਼ੇ : 84
ਸੰਪਰਕ : 011-23280657

ਪੰਜਾਬੀ ਕਾਵਿ-ਜਗਤ ਦੇ ਜਾਣੇ-ਪਛਾਣੇ ਕਲਮਕਾਰ ਮਹਿੰਦਰ ਸਿੰਘ ਪੰਜੂ ਨੇ ਬਾਲ ਸਾਹਿਤ ਪਿੜ ਵਿਚ ਆਪਣੇ ਬਾਲ ਨਾਵਲ 'ਚੱਲ ਨਗ਼ੀਨੇ ਤਰਾਸ਼ੀਏ' ਨਾਲ ਪ੍ਰਵੇਸ਼ ਕੀਤਾ ਹੈ, ਜੋ ਕੁੱਲ 15 ਅਧਿਆਇਆਂ ਵਿਚ ਵੰਡਿਆ ਹੈ। ਇਸ ਬਾਲ ਨਾਵਲ ਦਾ ਵਸਤੂ-ਜਗਤ ਸੰਕੇਤ ਕਰਦਾ ਹੈ ਕਿ ਜੇਕਰ ਬੱਚਿਆਂ ਅੰਦਰ ਲੁਕੀ ਪ੍ਰਤਿਭਾ ਅਤੇ ਹੁਨਰ ਦੀ ਤਲਾਸ਼ ਕਰਕੇ ਉਨ੍ਹਾਂ ਨੂੰ ਉਸਾਰੂ ਵਾਤਾਵਰਨ ਪ੍ਰਦਾਨ ਕੀਤਾ ਜਾਵੇ ਤਾਂ ਉਹ ਵੀ ਯਕੀਨਨ ਤਰੱਕੀ ਦੀ ਬੁਲੰਦੀ ਹਾਸਿਲ ਕਰਕੇ ਕੌਮ ਦੀ ਉਸਾਰੀ ਵਿਚ ਨਿੱਗਰ ਯੋਗਦਾਨ ਪਾ ਸਕਦੇ ਹਨ। ਇਸ ਬਾਲ ਨਾਵਲ ਦਾ ਆਗ਼ਾਜ਼ ਮਾਲੀ ਚਾਂਦ ਰਾਮ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਅੰਗੂਰੀ ਦੇਵੀ ਦੇ ਆਪਣੀਆਂ ਸਹੇਲੀਆਂ ਨਾਲ ਪਰਸਪਰ ਸੰਵਾਦ ਨਾਲ ਹੁੰਦਾ ਹੈ। ਸਹੇਲੀਆਂ ਅੰਗੂਰੀ ਦੇਵੀ ਦੇ ਵਾਲਾਂ ਵਿਚ ਗੁੰਦੇ ਫੁੱਲਾਂ ਨੂੰ ਲੈ ਕੇ ਉਸ ਨਾਲ ਹਾਸਾ-ਠੱਠਾ ਕਰਦੀਆਂ ਵਿਖਾਈ ਦਿੰਦੀਆਂ ਹਨ। ਇਸ ਬਾਲ ਨਾਵਲ ਵਿਚਲੇ ਪ੍ਰਗਤੀਸ਼ੀਲ ਅਤੇ ਅਗਾਂਹਵਧੂ ਸੋਚ ਵਾਲੇ ਅਧਿਆਪਕ ਵਿਦਿਆਰਥੀਆਂ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਜਾਣਨ-ਸਮਝਣ ਲਈ ਪ੍ਰੇਰਿਤ ਕਰਦੇ ਹਨ ਅਤੇ ਜੀਵਨ ਵਿਚ ਕੋਈ ਵਿਸ਼ੇਸ਼ ਖੇਤਰ ਚੁਣ ਕੇ ਉਸ ਵਿਚ ਬੁਲੰਦੀ ਹਾਸਿਲ ਕਰਨ ਲਈ ਉਤਸ਼ਾਹ ਵਧਾਉਂਦੇ ਹਨ। ਨਾਵਲਕਾਰ ਨੇ ਢੁਕਵੀਆਂ ਕਾਵਿ-ਟੂਕਾਂ ਅਤੇ ਲੋਕ-ਕਹਾਣੀਆਂ ਦੇ ਹਵਾਲਿਆਂ ਨਾਲ ਇਹ ਦਰਸਾਉਣ ਦਾ ਸਾਰਥਕ ਯਤਨ ਕੀਤਾ ਹੈ ਕਿ ਜੇਕਰ ਨੀਂਹ ਮਜ਼ਬੂਤ ਨਾ ਹੋਵੇ ਤਾਂ ਠੋਸ ਧੌਲਰ ਨਹੀਂ ਉਸਰ ਸਕਦੇ। ਮਨੁੱਖ ਦਾ ਕੱਦ-ਕਾਠ, ਰੰਗ ਰੂਪ, ਅਮੀਰੀ-ਗਰੀਬੀ, ਜਾਤ-ਪਾਤ ਜਾਂ ਊਚ-ਨੀਚ ਵਰਗੀਆਂ ਨਿਗੂਣੀਆਂ ਗੱਲਾਂ ਜਾਂ ਤਕੱਬਰੀ-ਸੋਚ ਦਾ ਤਿਆਗ ਕਰਕੇ ਮਾਨਵਤਾਵਾਦੀ ਆਦਰਸ਼ ਮਿੱਥਣੇ ਚਾਹੀਦੇ ਹਨ। ਇਹ ਨਾਵਲ ਬਾਲ ਪ੍ਰਤਿਭਾ ਨੂੰ ਨਿਖਾਰਨ ਲਈ ਜ਼ਮੀਨ ਤਿਆਰ ਹੀ ਨਹੀਂ ਕਰਦਾ, ਸਗੋਂ ਬਾਲ-ਮਨਾਂ ਵਿਚ ਸਿਰਜਣਾਤਮਿਕਤਾ ਦੇ ਬੀਜ ਬੀਜ ਕੇ ਉਨ੍ਹਾਂ ਦਾ ਪੰਜਾਬੀ ਮਾਂ ਬੋਲੀ ਨਾਲ ਨਾਤਾ ਵੀ ਜੋੜਦਾ ਹੈ। ਠੇਠ, ਪੇਂਡੂ ਸ਼ਬਦਾਵਲੀ ਅਤੇ ਸਥਿਤੀ ਅਨੁਸਾਰ ਢੁਕਵੇਂ ਅਖਾਣਾਂ ਅਤੇ ਮੁਹਾਵਰਿਆਂ ਨਾਲ ਖਿੱਚ ਪਾਉਣ ਵਾਲੇ ਇਸ ਬਾਲ ਨਾਵਲ ਵਿਚ ਵੱਖ-ਵੱਖ ਅਧਿਆਪਕ ਅਤੇ ਅਧਿਆਪਕਾਵਾਂ ਆਪਣੇ ਵਿਦਿਆਰਥੀਆਂ ਦੇ ਮਨਾਂ ਵਿਚੋਂ ਹਰ ਕਿਸਮ ਦੇ ਡਰ-ਭੈਅ ਅਤੇ ਵਹਿਮ-ਭਰਮ ਦੇ ਜਾਲੇ ਸਾਫ਼ ਕਰਦੇ ਹਨ। ਪੰਜਾਬੀ ਭਾਸ਼ਾ ਦੇ ਅਨੇਕ ਪੇਂਡੂ ਰਹਿਤਲ ਵਾਲੇ ਸ਼ਬਦ ਬਾਲ ਪਾਠਕਾਂ ਦੇ ਸ਼ਬਦ ਗਿਆਨ ਵਿਚ ਇਜ਼ਾਫ਼ਾ ਕਰਦੇ ਹਨ। ਇਹ ਬਾਲ ਨਾਵਲ ਮੂਲ ਰੂਪ ਵਿਚ ਇਹੀ ਸੰਦੇਸ਼ ਦਿੰਦਾ ਹੈ ਕਿ ਜੇਕਰ ਵਿਦਿਆਰਥੀ ਰੂਪੀ ਨਗੀਨਿਆਂ ਦੇ ਗੁਣਾਂ ਨੂੰ ਤਰਾਸ਼ ਕੇ ਸਾਹਮਣੇ ਲਿਆਉਣ ਦੇ ਸੁਨਹਿਰੀ ਮੌਕੇ ਦਿਤੇ ਜਾਣ ਤਾਂ ਇਸ ਨਾਲ ਉਨ੍ਹਾਂ ਅਨੇਕ ਬਾਲਾਂ ਨੂੰ ਆਪਣਾ ਹੁਨਰ ਦਿਖਾਉਣ ਦੇ ਸੁਨਹਿਰੀ ਅਵਸਰ ਮਿਲ ਸਕਦੇ ਹਨ ਜਿਸ ਨਾਲ ਉਨ੍ਹਾਂ ਦੇ ਵਿਅਕਤੀਤਵ ਵਿਚ ਨਿਖਾਰ ਆ ਸਕਦਾ ਹੈ। ਕੁੱਲ ਮਿਲਾ ਕੇ ਇਹ ਬਾਲ ਨਾਵਲ ਪੜ੍ਹਨਯੋਗ ਹੈ ਅਤੇ ਸੇਧਮਈ ਵੀ। ਇਸ ਮਿਆਰੀ ਬਾਲ ਨਾਵਲ ਲਈ ਮਹਿੰਦਰ ਸਿੰਘ ਪੰਜੂ ਨੂੰ ਮੁਬਾਰਕਵਾਦ ਦਿੰਦਾ ਹਾਂ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਵੈਦਿਕ ਸੰਸਕ੍ਰਿਤੀ
ਲੇਖਕ : ਸੁਰਿੰਦਰ ਸ਼ਰਮਾ ਨਾਗਰਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 395 ਰੁਪਏ, ਸਫ਼ੇ : 176
ਸੰਪਰਕ : 98786-46595

ਸ੍ਰੀ ਸੁਰਿੰਦਰ ਸ਼ਰਮਾ ਆਪਣੇ ਦੇਸ਼ ਦੇ ਸੱਭਿਆਚਾਰ ਨੂੰ ਪ੍ਰੇਮ ਕਰਨ ਵਾਲਾ ਇਕ ਜਨਤਕ ਬੁੱਧੀਜੀਵੀ ਹੈ। ਅਜੋਕੇ ਯੁੱਗ ਵਿਚ ਕਿਸੇ ਵਿਸ਼ੇ ਦੇ ਮਾਹਿਰ ਤਾਂ ਬਹੁਤ ਮਿਲ ਜਾਂਦੇ ਹਨ (ਕਿਉਂਕਿ ਜੋ ਇਥੇ ਹਰ ਕੋਈ ਆਪਣੇ-ਆਪ ਨੂੰ ਹਰ ਵਿਸ਼ੇ ਦਾ ਮਾਹਿਰ ਸਮਝਦਾ ਹੈ।) ਪ੍ਰੰਤੂ ਜਨਤਕ ਬੁੱਧੀਜੀਵੀ ਨਹੀਂ ਮਿਲਦੇ, ਜੋ ਕਿਸੇ ਵਿਸ਼ੇ ਨੂੰ ਸਾਧਾਰਨ ਭਾਸ਼ਾ ਵਿਚ ਸਮਝਾ ਸਕਣ। ਪਰ ਸੁਰਿੰਦਰ ਸ਼ਰਮਾ ਦੀ ਅਜਿਹੀ ਸਮਰੱਥਾ ਲਈ ਮੈਂ ਉਸ ਦੀ ਪ੍ਰਸੰਸਾ ਕਰਦਾ ਹਾਂ। ਇਹ ਪੁਸਤਕ ਪੰਜਾਬ ਵਿਚ ਰਚੇ ਗਏ ਚਾਰ ਵੇਦਾਂ (ਰਿਗ, ਯਜੁਰ, ਸਾਮ ਅਤੇ ਅਥਰਵ) ਬਾਰੇ ਸਟੀਕ ਅਤੇ ਭਰਵੀਂ ਜਾਣਕਾਰੀ ਪ੍ਰਦਾਨ ਕਰਦੀ ਹੈ। ਪੁਸਤਕ ਵਿਚ ਅੰਕਿਤ, ਲੇਖਕ ਦੀ ਇਹ ਟਿੱਪਣੀ ਕਾਫ਼ੀ ਸਹੀ ਹੈ ਕਿ ਪੰਜਾਬੀ ਭਾਸ਼ਾ ਵਿਚ ਵੇਦਾਂ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲਦੀ। ਕਈ ਸਦੀਆਂ ਵਿਦੇਸ਼ੀ ਹਾਕਮਾਂ ਅਤੇ ਹਮਲਾਵਰਾਂ ਦੇ ਹਮਲਿਆਂ ਨੂੰ ਝੱਲਦੇ ਰਹੇ ਪੰਜਾਬੀਆਂ ਦਾ ਸੁਭਾਅ 'ਨਕਾਰਵਾਦੀ' ਬਣ ਗਿਆ ਹੈ। ਉਹ ਕਿਸੇ ਵੀ ਸਿਧਾਂਤ, ਵਿਸ਼ਵਾਸ ਜਾਂ ਵਿਅਕਤੀ ਦੀ ਸਿਰਮੌਰਤਾ ਨੂੰ ਪ੍ਰਵਾਨ ਨਹੀਂ ਕਰਦੇ। ਅਜਿਹੇ ਨਾਬਰ ਲੋਕਾਂ ਦੀ ਵਜ੍ਹਾ ਕਾਰਨ ਹੀ ਪੰਜਾਬ ਵਿਚ ਦਰਸ਼ਨ, ਸਾਹਿਤ, ਸੱਭਿਆਚਾਰ ਅਤੇ ਹਾਕਮਾਂ ਦਾ ਇਤਿਹਾਸ ਸਹੀ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਸਕਿਆ। ਭਾਰਤੀ ਦਰਸ਼ਨ ਬਾਰੇ ਇਹ ਪੋਥੀ ਲਿਖ ਕੇ ਸੁਰਿੰਦਰ ਸ਼ਰਮਾ ਨੇ ਇਕ ਖੱਪੇ ਨੂੰ ਪੂਰਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ। ਇਸ ਪੁਸਤਕ ਵਿਚ ਰਿਗਵੇਦ (ਵਿਭਿੰਨ ਦੇਵਤਿਆਂ, ਖਾਣ-ਪਾਣ, ਆਸ਼ਰਮਾਂ ਦੇ ਸਿਧਾਂਤਾਂ ਅਤੇ ਸੰਸਕਾਰਾਂ), ਸਾਮਵੇਦ (ਰਚਨਾ ਅਤੇ ਵਿਆਖਿਆ, ਗੀਤ-ਵਿਸ਼ਲੇਸ਼ਣ), ਯਜੁਰਵੇਦ (ਵਿਆਖਿਆ ਅਤੇ ਯੱਗ-ਹਵਨ) ਅਤੇ ਅਥਰਵ ਵੇਦ (ਪ੍ਰਮੁੱਖ ਸੂਕਤ) ਬਾਰੇ ਭਰਪੂਰ ਚਰਚਾ ਹੋਈ ਹੈ। ਵੱਡੀ ਗੱਲ ਇਹ ਕਿ ਲੇਖਕ ਨੇ ਖ਼ੁਦ ਵੇਦ-ਸਹਿੱਤਾਵਾਂ ਨੂੰ ਨਿੱਠ ਕੇ ਪੜ੍ਹਿਆ ਅਤੇ ਆਤਮਸਾਤ ਕੀਤਾ ਹੈ। ਇਸੇ ਕਾਰਨ ਇਹ ਪੁਸਤਕ ਪਾਠਕਾਂ ਲਈ ਮਾਰਗ-ਦਰਸ਼ਕ ਸਿੱਧ ਹੋਵੇਗੀ। ਭਾਰਤੀ ਲੋਕ ਪਿਛਲੀਆਂ ਕਈ ਸਦੀਆਂ ਤੋਂ ਆਤਮ-ਗਿਲਾਨੀ ਦੀ ਮੁਦਰਾ ਵਿਚੋਂ ਗੁਜ਼ਰ ਰਹੇ ਹਨ। ਸੁਤੰਤਰਤਾ ਉਪਰੰਤ ਵੀ ਇਹ ਮੁਦਰਾ ਉਨ੍ਹਾਂ ਵਿਚੋਂ ਆਲੋਪ ਨਹੀਂ ਹੋਈ। ਉਨ੍ਹਾਂ ਨੂੰ ਆਪਣੇ ਵਿਰਸੇ ਉੱਪਰ ਮਾਣ ਨਹੀਂ ਰਿਹਾ। ਪਰਵਾਸ ਦੀ ਰੁਚੀ ਦਾ ਵੱਡਾ ਕਾਰਨ ਵੀ ਆਤਮ-ਹੀਣਤਾ ਦੀ ਭਾਵਨਾ ਹੀ ਹੈ। ਅਜਿਹੀਆਂ ਪੁਸਤਕਾਂ ਸਾਡੇ ਪੰਜਾਬੀਆਂ ਵਿਚ ਆਤਮ-ਗੌਰਵ ਦੇ ਭਾਵ ਪੈਦਾ ਕਰ ਸਕਦੀਆਂ ਹਨ, ਇਸ ਕਾਰਨ ਇਨ੍ਹਾਂ ਦੀ ਬਹੁਤ ਲੋੜ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਨਜ਼ਰ ਨਾ ਲੱਗੇ
ਲੇਖਕ : ਗੋਗੀ ਜ਼ੀਰਾ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 97811-36240

ਗੀਤਾਂ ਦੀ ਪੁਸਤਕ ਦੇ ਲੇਖਕ ਗੋਗੀ ਜ਼ੀਰਾ ਹਨ, ਜਿਨ੍ਹਾਂ ਨੇ ਇਸ ਪੁਸਤਕ ਵਿਚ 64 ਗੀਤ ਲਿਖੇ ਹਨ। ਲੇਖਕ ਨੇ ਇਸ ਤੋਂ ਪਹਿਲਾਂ 8 ਪੁਸਤਕਾਂ ਵੀ ਲਿਖੀਆਂ ਹਨ। ਲੇਖਕ ਇਕ ਗ਼ਜ਼ਲਗੋ ਵੀ ਹੈ ਜੋ ਕਿ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਹੈ। ਲੇਖਕ ਦੀ ਹਰ ਰਚਨਾ ਪ੍ਰਤੀ ਪੇਸ਼ਕਾਰੀ ਬਾ-ਕਮਾਲ ਦੀ ਹੈ ਅਤੇ ਲੇਖਕ ਆਪਣੀ ਰਚਨਾਵਾਂ ਵਿਚ ਮਾਨਵਤਾ ਤੇ ਇਨਸਾਨੀਅਤ ਦੀ ਜਾਗ ਜ਼ਰੂਰ ਲਗਾਉਂਦਾ ਹੈ। ਕੋਮਲ ਹਿਰਦਾ ਹੋਣ ਕਰਕੇ ਸਾਹਿਤ ਦੇ ਸਾਰੇ ਰੰਗਾਂ ਦੀ ਸੂਝ-ਬੂਝ ਰੱਖਦਾ ਹੈ। ਇਨ੍ਹਾਂ ਦੇ ਲਿਖੇ ਗੀਤਾਂ ਵਿਚੋਂ ਬਹੁਤ ਕੁਝ ਝਲਕਦਾ ਹੈ। ਸਾਰੇ ਗੀਤਾਂ ਦੇ ਵੱਖੋ-ਵੱਖਰੇ ਵਿਸ਼ੇ ਹਨ, ਜੋ ਕਿ ਸਮਾਜ ਵਿਚ ਵਿਚਰਦੇ ਹਨ। ਲੇਖਕ ਕਿਉਂਕਿ ਮਾਂ-ਬੋਲੀ ਪੰਜਾਬੀ ਪ੍ਰਤੀ ਸਮਰਪਿਤ ਹੈ। ਇਸ ਕਰਕੇ ਉਸ ਨੇ ਸਮਾਜ ਦੇ ਹਰ ਪਹਿਲੂ ਦਾ ਜ਼ਿਕਰ ਆਪਣੇ ਗੀਤਾਂ ਵਿਚ ਕਰਕੇ ਆਪਣੀ ਆਤਮਾ ਦੀ ਆਵਾਜ਼ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਲੇਖਕ ਦੇ ਲਿਖੇ ਗੀਤ ਵੈਸੇ ਤਾਂ ਸਾਰੇ ਹੀ ਵਧੀਆ ਹਨ ਪ੍ਰੰਤੂ ਫਿਰ ਵੀ ਪੈਸਾ, ਪੰਜਾਬ, ਧੀ, ਕਿਸਮਤ, ਕੰਧਾਂ ਦੇ ਕੰਨ, ਮਾਣ ਨਹੀਂ ਕਰੀਦਾ, ਰਿਸ਼ਤੇ, ਮਾਂ, ਗਿਰਗਿਟ ਦੁਨੀਆ ਦੀ, ਤਕਦੀਰਾਂ, ਨੇਤਾ, ਕੁੜੀਆਂ ਆਦਿ ਦਿਲ-ਖਿੱਚਵੇਂ ਕਹੇ ਜਾ ਸਕਦੇ ਹਨ। ਇਨ੍ਹਾਂ ਸਾਰੇ ਗੀਤਾਂ ਵਿਚ ਲੇਖਕ ਦੀ ਕੂਕ ਮਹਿਸੂਸ ਕਰਦਿਆਂ ਵੇਖਿਆ ਗਿਆ ਹੈ ਕਿ ਸਮਾਜ ਵਿਚ ਸਾਰੇ ਹਾਲਾਤ ਨੂੰ ਆਪਣੀ ਅੱਖੀਂ ਵੇਖ ਰਿਹਾ ਹੈ, ਕੰਨਾਂ ਦੇ ਨਾਲ ਸੁਣ ਰਿਹਾ ਹੈ ਅਤੇ ਫਿਰ ਇਨ੍ਹਾਂ ਦੀ ਕਲਮ ਆਪ ਮੁਹਾਰੇ ਵੀ ਗੁਲਦਸਤੇ ਬਣਾਉਂਦੀ ਚੱਲੀ ਜਾ ਰਹੀ ਹੈ। ਲੇਖਕ ਨੇ ਜੋ ਵੀ ਪਹਿਲਾਂ ਕਿਤਾਬਾਂ ਲਿਖੀਆਂ ਹਨ, ਉਨ੍ਹਾਂ ਦੇ ਨਾਂਅ ਤੋਂ ਹੀ ਸਪੱਸ਼ਟ ਹੋ ਰਿਹਾ ਹੈ ਕਿ ਉਨ੍ਹਾਂ ਵਿਚ ਕਿਸ ਤਰ੍ਹਾਂ ਦੀ ਹੂਕ, ਦਰਦ, ਜਾਗਰੂਕਤਾ ਹੈ। ਲੇਖਕ ਨੇ ਆਪਣੀਆਂ ਰਚਨਾਵਾਂ ਵਿਚ ਕਈ ਹੇਰ-ਫੇਰ, ਅਸਪੱਸ਼ਟਤਾ, ਲੁਕ-ਛਿਪ ਦੀ ਵਰਤੋਂ ਨਹੀਂ ਕੀਤੀ ਅਤੇ ਪੁਸਤਕ ਵਿਚ ਜੋ ਸ਼ਬਦਾਵਲੀ ਵਰਤੀ ਗਈ ਹੈ, ਉਹ ਵੀ ਬਹੁਤ ਸਰਲ ਤੇ ਸਪੱਸ਼ਟ ਹੈ। ਉਮੀਦ ਹੈ ਕਿ ਲੇਖਕ ਇਸੇ ਤਰ੍ਹਾਂ ਹੀ ਆਪਣੀ ਲੇਖਣੀ ਦੇ ਅਗਾਂਹਵਧੂ ਕਦਮ ਪੁੱਟਣ ਵਿਚ ਪਿੱਛੇ ਨਹੀਂ ਹਟੇਗਾ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਨਾਂਗੇਲੀ
ਕਹਾਣੀਕਾਰ : ਸਰੂਪ ਸਿਆਲਵੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 122
ਸੰਪਰਕ : 98881-29977

'ਨਾਂਗੇਲੀ' ਕਹਾਣੀ-ਸੰਗ੍ਰਹਿ ਸਰੂਪ ਸਿਆਲਵੀ ਦਾ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਆਪਣੀਆਂ 12 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਵਿਚ ਕੁਝ ਲੰਮੀਆਂ ਕਹਾਣੀਆਂ ਹਨ ਅਤੇ ਕੁਝ ਮਿੰਨੀ ਕਹਾਣੀਆਂ ਦੀ ਤਰਜ਼ 'ਤੇ ਲਿਖੀਆਂ ਗਈਆਂ ਕਹਾਣੀਆਂ ਹਨ। ਸਰੂਪ ਸਿਆਲਵੀ ਦੀਆਂ ਇਨ੍ਹਾਂ ਕਹਾਣੀਆਂ ਨੂੰ ਪੜ੍ਹਦਿਆਂ ਇਕ ਸਾਂਝਾ ਸੂਤਰ ਇਹ ਸਾਹਮਣੇ ਆਉਂਦਾ ਹੈ ਕਿ ਉਹ ਉਸ ਸਾਧਨਹੀਣ ਧਿਰ ਨੂੰ ਕਹਾਣੀ ਦੇ ਬਿਰਤਾਂਤਕ ਚੌਖਟੇ ਵਿਚ ਪੇਸ਼ ਕਰਦਾ ਹੈ ਜੋ ਸਦੀਆਂ ਤੋਂ ਸਮਾਜਿਕ ਸ਼ੋਸ਼ਣ ਦਾ ਸ਼ਿਕਾਰ ਬਣਦੀ ਰਹੀ। ਕਹਾਣੀਕਾਰ ਨੇ ਸਮਾਜਿਕ ਵਿਵਸਥਾ ਅਤੇ ਕਾਨੂੰਨ ਪ੍ਰਬੰਧ ਵਿਚ ਇਸ ਧਿਰ ਦੇ ਹਿੱਤਾਂ ਬਾਰੇ ਦਿੱਤੀ ਗਈ ਜਾਣਕਾਰੀ ਨੂੰ ਵੀ ਭਰਪੂਰ ਰੂਪ ਵਿਚ ਪ੍ਰਸਤੁਤ ਕੀਤਾ ਹੈ। ਸਰੂਪ ਸਿਆਲਵੀ ਕੋਲ ਕਹਾਣੀ ਬਣਾਉਣ ਦੀ ਸੂਝ ਹੈ, ਚਾਹੇ ਕਹਾਣੀ 'ਨਾਂਗੇਲੀ' ਹੋਵੇ ਜਾਂ 'ਬਰਲਿਨ ਦੀ ਦੀਵਾਰ' ਹੋਵੇ ਜਾਂ 'ਕੱਟੀਆਂ ਜੀਭਾਂ ਵਾਲੇ' ਉਹ ਕਹਾਣੀ ਦੇ ਬਿਰਤਾਂਤ ਵਿਚ ਕਿਸੇ ਹੋਰ ਕਥਾ ਪਾਸਾਰ ਨੂੰ ਇਸ ਤਰ੍ਹਾਂ ਪਰੋਂਦਾ ਹੈ ਕਿ ਕਹਾਣੀ ਬਹੁਪਾਸਾਰੀ ਹੋ ਨਿਬੜਦੀ ਹੈ। ਕਿਤੇ-ਕਿਤੇ ਉਹ ਸੰਵਿਧਾਨਕ ਜਾਣਕਾਰੀ ਦਿੰਦਾ ਹੋਇਆ ਕਹਾਣੀ ਰੋਕ ਵੀ ਲੈਂਦਾ ਹੈ, ਜਿਥੇ ਕਥਾ ਰਸ ਵਿਚ ਜ਼ਰੂਰ ਰੁਕਾਵਟ ਪੈਂਦੀ ਹੈ ਪਰ ਕਹਾਣੀ ਦੀਆਂ ਤੰਦਾਂ ਪਾਠਕ ਨੂੰ ਜਾਣਕਾਰੀ ਦੇ ਨਾਲ-ਨਾਲ ਆਪਣੇ ਨਾਲ ਤੋਰਦੀਆਂ ਵੀ ਹਨ। 'ਮੈਂ ਸਤਲੁਜ ਬੋਲਦਾ' ਕਹਾਣੀ ਭਾਵੇਂ ਇਤਿਹਾਸਕ ਸਮਿਆਂ ਦੇ ਸੱਚ ਨੂੰ ਸਾਡੇ ਰੂ-ਬਰੂ ਕਰਦੀ ਹੈ ਪਰ ਨਾਲ ਦੀ ਨਾਲ ਇਹ ਕਹਾਣੀ ਸਤਲੁਜ ਦਰਿਆ ਦੀ ਆਤਮ-ਕਥਾ ਵੀ ਹੋ ਨਿਬੜਦੀ ਹੈ ਜੋ ਪਾਠਕ ਲਈ ਨਵੀਂ ਜਾਣਕਾਰੀ ਦਾ ਸਬੱਬ ਬਣਦੀ ਹੈ। ਸਰੂਪ ਸਿਆਲਵੀ ਪੰਜਾਬ ਦੇ ਪੇਂਡੂ ਭਾਈਚਾਰੇ ਵਿਚੋਂ ਵੀ ਕਹਾਣੀ ਦੀ ਸਮੱਗਰੀ ਪ੍ਰਾਪਤ ਕਰਦਾ ਹੈ ਅਤੇ ਉੱਚ ਸਿੱਖਿਆ ਸੰਸਥਾਵਾਂ ਵਿਚੋਂ ਵੀ ਆਪਣੀਆਂ ਕਹਾਣੀਆਂ ਦੇ ਬਿਰਤਾਂਤਕ ਚੌਖਟਿਆਂ ਦੀ ਸਿਰਜਣਾਤਮਕ ਪਿੱਠਭੂਮੀ ਤਿਆਰ ਕਰਦਾ ਹੈ। ਸਰੂਪ ਸਿਆਲਵੀ ਦੀਆਂ ਇਸ ਪੁਸਤਕ ਵਿਚ ਸ਼ਾਮਿਲ ਕਹਾਣੀਆਂ ਪੰਜਾਬੀ ਦੇ ਸਾਹਿਤਕ ਮੈਗਜ਼ਨਾਂ 'ਪ੍ਰਵਚਨ', 'ਸ਼ਬਦ', 'ਮੁਹਾਂਦਰਾ' ਆਦਿ ਵਿਚ ਪਹਿਲਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਵੇਰਵਾ ਲੇਖਕ ਨੇ ਕਹਾਣੀ ਦੇ ਅੰਤ 'ਤੇ ਦਿੱਤਾ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਅੰਗਰੇਜ਼ੋ ਦਾ ਲਾਡਲਾ
ਲੇਖਕ : ਰਘਬੀਰ ਸਿੰਘ ਮਹਿਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 300 ਰੁਪਏ, ਸਫ਼ੇ : 127
ਸੰਪਰਕ : 96460-24321

ਕਥਾਕਾਰ ਰਘਬੀਰ ਸਿੰਘ ਮਹਿਮੀ ਦੀ ਇਹ ਸਵੈ-ਜੀਵਨੀ 'ਅੰਗਰੇਜ਼ੋ ਦਾ ਲਾਡਲਾ' ਮੁੱਖ ਤੌਰ 'ਤੇ ਉਸ ਦੇ ਵਿਦਿਆਰਥੀ ਕਾਲ ਨੂੰ ਕੇਂਦਰ ਵਿਚ ਰੱਖ ਕੇ ਲਿਖੀ ਗਈ ਹੈ। ਉਸ ਨੇ ਬਚਪਨ, ਜਵਾਨੀ ਤੇ ਪ੍ਰੌੜ੍ਹ ਅਵਸਥਾ 'ਚੋਂ ਆਪਣੇ ਬਚਪਨ ਤੇ ਵਿਦਿਆਰਥੀ ਜੀਵਨ ਨੂੰ ਵਿਸ਼ੇਸ਼ ਤੌਰ 'ਤੇ ਚੁਣਿਆ ਹੈ। ਲੇਖਕ ਨੇ ਆਪਣੇ ਵਿਦਿਆਰਥੀਕਾਲ ਨੂੰ ਵੀ ਤਿੰਨ ਭਾਗਾਂ/ਪੜਾਵਾਂ ਵਿਚ ਵੰਡਿਆ ਹੈ। ਪਹਿਲਾ ਮੁਢਲਾ ਬਚਪਨ (ਪ੍ਰਾਇਮਰੀ ਸਕੂਲ ਦਾ ਸਮਾਂ), ਦੂਸਰਾ ਵਿਚਕਾਰਲਾ ਬਚਪਨ (ਮਿਡਲ ਸਕੂਲ ਦਾ ਸਮਾਂ) ਅਤੇ ਤੀਸਰਾ ਅਖੀਰਲਾ ਬਚਪਨ (ਹਾਇਰ ਸੈਕੰਡਰੀ ਦਾ ਸਮਾਂ)। ਲੇਖਕ ਨੇ ਮੁਢਲਾ ਬਚਪਨ ਨੂੰ 67 ਉਪ ਸਿਰਲੇਖਾਂ, ਵਿਚਕਾਰਲਾ ਬਚਪਨ ਨੂੰ 57 ਅਤੇ ਅਖੀਰਲਾ ਬਚਪਨ ਨੂੰ 40 ਉਪ ਸਿਰਲੇਖਾਂ ਵਿਚ ਵੰਡ ਕੇ ਇਸ ਸਮੇਂ ਦੌਰਾਨ ਦੀਆਂ ਨਿੱਕੀਆਂ ਤੇ ਸਾਧਾਰਨ ਤੋਂ ਸਾਧਾਰਨ ਘਟਨਾਵਾਂ ਨੂੰ ਵੀ ਦਰਜ ਕੀਤਾ ਹੈ ਕਿਉਂਕਿ ਲੇਖਕ ਮੂਲ ਤੌਰ 'ਤੇ ਮਿੰਨੀ ਕਹਾਣੀ ਲੇਖਕ ਹੈ ਇਸ ਲਈ ਸਵੈ ਜੀਵਨੀ ਦੇ ਇਨ੍ਹਾਂ ਉਪ-ਸਿਰਲੇਖਾਂ ਵਿਚ ਵੀ ਘਟਨਾਵਾਂ ਨੂੰ ਬਿਆਨ ਕਰਦਿਆਂ ਮਿੰਨੀ ਕਹਾਣੀ ਵਾਲੀ ਸ਼ੈਲੀ/ਸ਼ਿਲਪ ਦਾ ਚੇਤਨ/ਅਵਚੇਤਨ ਤੌਰ 'ਤੇ ਇਸਤੇਮਾਲ ਕਰ ਗਿਆ ਹੈ। ਸੰਖੇਪਤਾ, ਨਪੇ ਤੁਲੇ ਸ਼ਬਦਾਂ ਵਿਚ ਬਿਆਨ ਤੇ ਕਲਾਈਮੈਕਸ ਸਿਰਜ ਕੇ ਪਾਠਕ ਨੂੰ ਕਥਾਰਸ ਨਾਲ ਵੀ ਸਰਾਬੋਰ ਕੀਤਾ ਹੈ। ਇਸ ਨਾਲ ਇਸ ਸਵੈ-ਜੀਵਨੀ ਵਿਚ ਰੌਚਕਿਤਾ ਅਤੇ ਜਿਗਿਆਸਾ ਵਧਦੀ ਹੈ ਜੋ ਪਾਠਕ ਨੂੰ ਹੋਰ ਅੱਗੇ ਪੜ੍ਹਨ ਲਈ ਪ੍ਰੇਰਦੀ ਜਾਂਦੀ ਹੈ। ਪਹਿਲੇ ਭਾਗ ਦੇ 'ਮੇਰੇ ਪਿੰਡ ਦਾ ਪਿਛੋਕੜ' ਤੋਂ ਲੈ ਕੇ 'ਸ਼ਰਾਬ ਪੀਣਾ ਮਨ੍ਹਾਂ ਹੈ' ਤੱਕ ਲੇਖਕ ਕੇ ਆਪਣੇ ਮਾਤਾ-ਪਿਤਾ, ਨਾਨਕੇ ਤੇ ਦਾਦਕੇ ਜਾਤੀ ਸੂਚਕ ਕਟਾਖਸ਼ਾਂ, ਘਰ, ਡੰਗਰ ਦੀ ਸਾਂਭ ਸੰਭਾਲ, ਰਿਸ਼ਤੇ-ਨਾਤਿਆਂ ਦੇ ਨਿੱਕੇ ਮੋਟੇ ਝਗੜਿਆਂ, ਰੋਸਿਆਂ, ਗਿਲੇ-ਸ਼ਿਕਵਿਆਂ ਉੱਤੇ ਨਸ਼ੇਖੋਰੀ ਦਾ ਸੂਖਮਤਾ ਨਾਲ ਦਿਲਚਸਪ ਵਰਨਣ ਕੀਤਾ ਹੈ। ਦੂਸਰੇ ਪੜਾਅ ਵਿਚਕਾਰਲਾ ਬਚਪਨ ਵਿਚ ਵੀ ਵਧੇਰੇ ਕਰਕੇ ਸਕੂਲੀ ਅਤੇ ਸਮਾਜਿਕ ਵਾਤਾਵਰਨ ਨੂੰ ਚਿਤਰਿਆ ਹੈ। ਸਕੂਲ ਵਿਚ ਆਪਣੇ ਅਧਿਆਪਕਾਂ ਅਤੇ ਸਹਿਪਾਠੀਆਂ ਅਤੇ ਦੋਸਤਾਂ-ਮਿੱਤਰਾਂ ਨਾਲ ਗੁਜ਼ਾਰੇ ਪਲਾਂ ਦੇ ਛੋਟੇ-ਛੋਟੇ ਪਰ ਸਾਰਥਕ ਤੇ ਮਹੱਤਵਪੂਰਨ ਅਨੁਭਵਾਂ ਦਾ ਵੇਰਵਾ ਦਰਜ ਕੀਤਾ ਹੈ। ਤੀਸਰੇ ਪੜਾਅ 'ਚ ਅਖੀਰਲਾ ਬਚਪਨ ਵਿਚ ਲੇਖਕ ਵਲੋਂ ਪਿੰਡ ਦੀ ਵਲਗਣ ਤੋਂ ਬਾਹਰ ਨਿਕਲ ਕੇ ਪਟਿਆਲਾ ਸ਼ਹਿਰ ਜਾਣਾ, ਸਮਾਜਕ ਰਹੁਰੀਤਾਂ, ਬਿਮਾਰੀਆਂ ਅਤੇ ਉਨ੍ਹਾਂ ਦਾ ਇਲਾਜ, ਨਵੇਂ ਬਣੇ ਮਿੱਤਰਾਂ ਨਾਲ ਰਚਾਏ ਸੰਵਾਦ, ਸਾਹਿਤ ਵੱਲ ਰੁਚੀ, ਕਿਸ਼ੋਰ ਅਵਸਥਾ ਤੇ ਪੁੱਜ ਕੇ ਮਾਨਸਿਕ ਉਲਝਣਾ ਤੇ ਸਮਾਜਿਕ ਗੁੰਝਲਾਂ ਨਾਲ ਰੂ-ਬਰੂ ਹੋਣ ਨੂੰ ਘਟਨਾ ਦਰ ਘਟਨਾ ਤਰਤੀਬਵਾਰ ਬਿਆਨ ਕੀਤਾ ਹੈ। ਬੇਸ਼ੱਕ ਬੀਤਿਆ ਸਮਾਂ ਮੁੜਦਾ ਨਹੀਂ ਹੈ ਤੇ ਬਚਪਨ ਨੂੰ ਤਾਂ ਆਦਮੀ ਮਰਦੇ ਦਮ ਤੱਕ ਚੇਤੇ ਕਰਦਾ ਰਹਿੰਦਾ ਹੈ, ਪਰ ਲੇਖਕ ਨੇ ਇਹ ਸਵੈ-ਜੀਵਨੀ ਲਿਖ ਕੇ ਜਿਵੇਂ ਆਪਣੇ ਬਚਪਨ ਨੂੰ ਮੁੜ ਜੀਅ ਲਿਆ ਹੈ। ਬਚਪਨ ਤੋਂ ਕਿਸ਼ੋਰ ਅਤੇ ਕਿਸ਼ੋਰ ਤੋਂ ਪ੍ਰੌੜ ਹੋਣ ਸਮੇਂ ਜਿਹੜੀਆਂ ਪਰਿਵਾਰਕ, ਸਮਾਜਿਕ, ਸੱਭਿਅਚਾਰਕ, ਭਾਈਚਾਰਕ ਅਤੇ ਸਿੱਖਿਆ ਖੇਤਰ ਤੇ ਹੋਰ ਕਾਰਕਾਂ ਦਾ ਵਿਅਕਤੀਤਵ ਦੇ ਨਿਰਮਾਣ ਦਾ ਪ੍ਰਭਾਵ ਪੈਂਦਾ ਹੈ, ਉਨ੍ਹਾਂ ਦਾ ਲੇਖਕ ਨੇ ਬੜੀ ਇਮਾਨਦਾਰ ਤੇ ਸਪਸ਼ੱਟਤਾ ਨਾਲ ਜ਼ਿਕਰ ਕੀਤਾ ਹੈ। ਲੇਖਕ ਨੇ ਆਪਣੀ ਇਸ ਸਵੈ-ਜੀਵਨੀ ਰਾਹੀਂ ਇਸ ਭਰਮ ਨੂੰ ਤੋੜਿਆ ਹੈ ਕਿ ਸਵੈ-ਜੀਵਨੀਆਂ ਕੇਵਲ ਵੱਡੇ ਲੋਕਾਂ ਦੀਆਂ ਹੀ ਹੁੰਦੀਆਂ ਹਨ। ਉਨ੍ਹਾਂ ਪਾਸ ਹੀ ਲੋਕਾਂ ਨੂੰ ਦੱਸਣ ਲਈ ਵੱਡੇ ਆਦਰਸ਼ ਹੁੰਦੇ ਹਨ। ਇਹ ਸਵੈ-ਜੀਵਨੀ ਇਸ ਗੱਲ ਦੀ ਗਵਾਹ ਹੈ ਕਿ ਆਮ ਲੋਕਾਂ ਦੀਆਂ ਸਾਧਾਰਨ ਗੱਲਾਂ ਅਤੇ ਛੋਟੇ-ਆਦਰਸ਼ਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਸਰਲ, ਸਪੱਸ਼ਟ ਅਤੇ ਸਿਲਸਿਲੇਵਾਰ ਲਿਖੀ ਗਈ ਇਹ ਇਸ ਸਵੈ-ਜੀਵਨੀ ਵਿਚੋਂ ਪਾਠਕਾਂ ਨੂੰ ਨਾ ਸਿਰਫ ਆਪਣਾ ਬਚਪਨ ਚੇਤੇ ਆਵੇਗਾ ਸਗੋਂ ਗਿਆਨ ਵਿਚ ਵੀ ਢੇਰ ਸਾਰਾ ਵਾਧਾ ਹੋਵੇਗਾ । 'ਅੰਗਰੇਜ਼ੋ ਦਾ ਲਾਡਲਾ' ਸਵੈ-ਜੀਵਨੀ ਮਗਰੋਂ ਰਘਬੀਰ ਸਿੰਘ ਮਹਿਮੀ ਆਪਣੇ ਮਾਤਾ-ਪਿਤਾ ਦਾ ਹੀ ਨਹੀਂ ਸਗੋਂ ਪਾਠਕਾਂ ਦੇ ਬਹੁਤ ਵਿਸ਼ਾਲ ਪਰਿਵਾਰ ਦਾ ਵੀ ਲਾਡਲਾ ਬਣ ਗਿਆ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਤਲੀ 'ਤੇ ਜੁਗਨੂੰ
ਲੇਖਕ : ਰੂਪ ਦੁਬਰਜੀ
ਪ੍ਰਕਾਸ਼ਕ : ਆਸ਼ਨਾ ਪਬਲੀਕੇਸ਼ਨਜ਼, ਹੁਸ਼ਿਆਰਪੁਰ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 81949-99333

ਹਥਲੀ ਪੁਸਤਕ 'ਤਲੀ 'ਤੇ ਜੁਗਨੂੰ' ਲੇਖਕ ਰੂਪ ਦੁਬਰਜੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ ਕਾਵਿ-ਰਚਨਾਵਾਂ 'ਚ ਲੇਖਕ ਨੇ ਵੱਖ-ਵੱਖ ਮਾਨਵੀ ਗੰਭੀਰ ਮਸਲਿਆਂ ਨੂੰ ਪਰਤ-ਦਰ-ਪਰਤ ਛੋਹਿਆ ਹੈ। ਕਵੀ ਅਨੁਸਾਰ ਉਲਝਣਾਂ ਦੇ ਨਾਲ ਲੜਣਾ ਹੀ ਜ਼ਿੰਦਗੀ ਹੈ। ਰਿਸ਼ਤਿਆਂ 'ਚ ਸੁਆਰਥ ਭਾਰੂ ਹੋਣਾ, ਜਾਤਾਂ, ਪਾਤਾਂ ਧਰਮਾਂ, ਮਜ਼੍ਹਬਾਂ ਦੀਆਂ ਸਮਾਜ 'ਚ ਖਿੱਚੀਆਂ ਲੀਕਾਂ ਉਸ ਨੂੰ ਧੁਰ ਅੰਦਰੋਂ ਬੇਚੈਨ ਕਰਦੀਆਂ ਹਨ। ਅਜੋਕੇ ਭ੍ਰਿਸ਼ਟ ਅਤੇ ਗੰਧਲੇ ਸਿਸਟਮ ਉੱਪਰ ਲੇਖਕ ਤਿੱਖੀ ਚੋਟ ਕਰਦਾ ਹੈ। ਮਾਸੂਮਾਂ ਅਤੇ ਨਿਰਦੋਸ਼ਾਂ ਉੱਪਰ ਹੁੰਦੇ ਜ਼ੁਲਮ ਅੱਗੇ ਉਸ ਦੇ ਸ਼ਬਦ ਤਲਵਾਰ ਬਣੇ ਜਾਪਦੇ ਹਨ :
ਦਿਲਬਰ ਜਦ ਮੱਕਾਰ ਬਣੇ।
ਫੁੱਲ ਉਦੋਂ ਅੰਗਿਆਰ ਬਣੇ।
ਮਾਸੂਮਾਂ 'ਤੇ ਜ਼ੁਲਮ ਜਦੋਂ,
ਸ਼ਬਦ ਉਦੋਂ ਤਲਵਾਰ ਬਣੇ। (ਪੰਨਾ : 37)
ਇਨ੍ਹਾਂ ਕਾਵਿ-ਰਚਨਾਵਾਂ 'ਚ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ, ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਡੂੰਘਾ ਹੋਣ ਦਾ ਦਰਦ ਹੈ। ਨੌਜਵਾਨ ਪੀੜ੍ਹੀ ਦੇ ਨਸ਼ਿਆਂ ਵੱਲ ਵਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ, ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਦਾ ਹੋਕਾ ਦਿੰਦਾ ਲੇਖਕ ਆਖਦਾ ਹੈ:
ਅੰਮ੍ਰਿਤ ਵਰਗੇ ਪਾਣੀ ਦੇ ਵਿਚ,
ਜ਼ਹਿਰ ਕਦੇ ਨਾ ਘੋਲੋ।
ਲੋੜੋਂ ਵੱਧ ਦਵਾਈਆਂ ਪਾ ਕੇ,
ਜੀਵਨ ਨੂੰ ਨਾ ਰੋਲੋ।
ਮਾਂ ਧਰਤੀ ਦੇ ਸੀਨੇ ਵਿਚ,
ਨਾ ਖੰਜਰ ਹੋਰ ਚਲਾਓ।
ਵਾਤਾਵਰਣ ਬਚਾਓ ਬੇਲੀਓ,
ਵਾਤਾਵਰਨ ਬਚਾਓ।
(ਪੰਨਾ : 85)
ਲੇਖਕ ਮਨੁੱਖਤਾ 'ਚ ਅਮਨ-ਚੈਨ, ਸ਼ਾਂਤੀ-ਸਦਭਾਵਨਾ ਦੀ ਬਹਾਲੀ ਦਾ ਖਾਹਿਸ਼ਮੰਦ ਹੈ। ਅਜੋਕੇ ਦੌਰ 'ਚ ਬੇਰੁਜ਼ਗਾਰੀ ਦਾ ਵਿਕਰਾਲ ਦੈਂਤ, ਵਧ ਰਹੀ ਆਬਾਦੀ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਵਰਗੀਆਂ ਅਲਾਮਤਾਂ ਦੀ ਪੀੜ ਉਸ ਦੀਆਂ ਕਵਿਤਾਵਾਂ 'ਚੋਂ ਸਾਫ਼ ਝਲਕਦੀ ਹੈ ਅਤੇ ਲੇਖਕ ਇਨ੍ਹਾਂ ਸਮੱਸਿਆਵਾਂ ਦੇ ਠੋਸ ਹੱਲ ਲਈ ਦੁਹਾਈ ਦਿੰਦਾ ਜਾਪਦਾ ਹੈ।
ਇਸ ਹਥਲੇ ਕਾਵਿ-ਸੰਗ੍ਰਹਿ 'ਚ ਲੇਖਕ ਨੇ ਗ਼ਜ਼ਲ, ਗੀਤ, ਹਾਇਕੂ, ਦੋਹੇ, ਟੱਪੇ, ਬੋਲੀਆਂ ਆਦਿ ਵੱਖ-ਵੱਖ ਕਾਵਿ ਸਿਨਫਾਂ ਨਾਲ ਇਨ੍ਹਾਂ ਰਚਨਾਵਾਂ ਨੂੰ ਖ਼ੂਬ ਸ਼ਿੰਗਾਰਿਆ ਹੈ। ਇਸ ਕਾਵਿ-ਸੰਗ੍ਰਹਿ ਦਾ ਤਹਿ ਦਿਲੋਂ ਸਵਾਗਤ ਕਰਨਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਦ੍ਰਿਸ਼ਟੀਕੋਣ
ਲੇਖਕ : ਅਮਰਜੀਤ ਬਰਾੜ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ ਜਲੰਧਰ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 94179-49079

ਸਾਹਿਤ ਦੀਆਂ ਕਈ ਵਿਧਾਵਾਂ, ਹਿੰਦੀ ਤੇ ਪੰਜਾਬੀ ਭਾਸ਼ਾਵਾਂ 'ਚ ਲਿਖਣ ਵਾਲੇ ਚਰਚਿਤ ਲੇਖਕ ਅਮਰਜੀਤ ਬਰਾੜ ਦੀ 2023 'ਚ ਪ੍ਰਕਾਸ਼ਿਤ ਹਥਲੀ ਪੁਸਤਕ 'ਦ੍ਰਿਸ਼ਟੀਕੋਣ' ਇਕ ਮਿਆਰੀ ਪੁਸਤਕ ਹੈ। ਨਿਬੰਧਾਂ ਦੀ ਇਸ ਪੁਸਤਕ ਵਿਚ ਕੁੱਲ 23 ਨਿਬੰਧ ਹਨ। ਲੇਖਕ ਦੀਆਂ ਹੁਣ ਤੱਕ ਪ੍ਰਕਾਸ਼ਿਤ 10 ਪੁਸਤਕਾਂ ਨਿਬੰਧਾਂ, ਕਥਨਕੋਸ਼ ਅਤੇ ਵਿਸ਼ਵ ਪ੍ਰਸਿੱਧ ਔਰਤਾਂ ਆਦਿ ਵਿਸ਼ਿਆਂ 'ਤੇ ਆਧਾਰਿਤ ਹਨ। ਲੇਖਕ ਦੀਆਂ ਪੁਸਤਕਾਂ ਦੀ ਵਿਲੱਖਣਤਾ ਇਹ ਹੈ ਕਿ ਉਹ ਕੇਵਲ ਗਿਣਤੀ ਵਧਾਉਣ ਲਈ ਨਹੀਂ ਲਿਖੀਆਂ ਗਈਆਂ, ਸਗੋਂ ਉਨ੍ਹਾਂ ਦੀ ਮਿਆਰ ਪੱਖੋਂ ਵੀ ਸਾਹਿਤ ਦੇ ਖੇਤਰ ਵਿਚ ਆਪਣੀ ਥਾਂ ਹੈ। ਪੁਸਤਕ ਦ੍ਰਿਸ਼ਟੀਕੋਣ ਲੋਕ ਗਾਇਕ ਸਾਗਰ ਲਾਲ ਏਂਜਲਸ ਅਤੇ ਹੋਰ ਮਿੱਤਰਾਂ ਸੱਜਣਾ ਨੂੰ ਸਮਰਪਿਤ ਕੀਤੀ ਗਈ ਹੈ। ਪੁਸਤਕ ਦੇ ਵਿਸ਼ਿਆਂ ਦੀ ਚੋਣ ਲੇਖਕ ਦੀ ਸੂਝ ਬੂਝ, ਉਸ ਦੀ ਸਮਾਜ ਨੂੰ ਸਮਝਣ ਦੀ ਸਮਰੱਥਾ, ਸੰਵੇਦਨਸ਼ੀਲਤਾ, ਮਨੁੱਖੀ ਜ਼ਿੰਦਗੀ ਨੂੰ ਜਿਊਣ ਦੇ ਲਹਿਜੇ ਅਤੇ ਨਜ਼ਰੀਏ ਨੂੰ ਦਰਸਾਉਂਦੀ ਹੈ। ਪੁਸਤਕ ਦਾ ਸਿਰਲੇਖ ਇਸ ਦੇ ਪਹਿਲੇ ਨਿਬੰਧ ਦ੍ਰਿਸ਼ਟੀਕੋਣ 'ਤੇ ਰੱਖਿਆ ਗਿਆ ਹੈ। ਪਹਿਲੇ ਨਿਬੰਧ ਦੀਆਂ ਇਹ ਸਤਰਾਂ ਅਜਿਹਾ ਇਸ ਲਈ ਹੁੰਦਾ ਹੈ ਕਿ ਬਹੁਤੇ ਲੋਕ ਸਿਰਫ਼ ਚਾਹੁੰਦੇ ਹੀ ਹਨ ਪਰ ਉਹ ਚਾਹਤ ਨੂੰ ਪੂਰਾ ਕਰਨ ਲਈ ਕਰਦੇ ਕੁਝ ਨਹੀਂ। ਉਨ੍ਹਾਂ ਲੋਕਾਂ ਦੀ ਪ੍ਰੇਸ਼ਾਨੀ, ਦੁਖੀ ਹੋਣ, ਸਮੱਸਿਆਵਾਂ ਨਾਲ ਘਿਰਨ ਅਤੇ ਅਸਫ਼ਲ ਹੋਣ ਦੇ ਕਾਰਨਾਂ ਨੂੰ ਬਾਖੂਬੀ ਬਿਆਨ ਕਰ ਰਹੀਆਂ ਹਨ। ਪੁਸਤਕ ਦੇ ਨਿਬੰਧਾਂ ਵਿਚ ਲੇਖਕ ਦੇ ਜੀਵਨ ਦੇ ਅਨੁਭਵ, ਕੌੜੇ-ਮਿੱਠੇ ਤਜਰਬੇ, ਸਮਾਜ ਦੇ ਲੋਕਾਂ ਦੀ ਮਾਨ ਸਿਕਤਾ ਦਾ ਕੀਤਾ ਅਧਿਐਨ ਅਤੇ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਦੀ ਡੂੰਘਾਈ ਨਾ ਵਾਚਣ ਦਾ ਤੌਰ-ਤਰੀਕਾ ਝਲਕਦਾ ਹੈ। ਹਾਥੀ ਅਤੇ ਬੱਕਰੀ ਦੀ ਉਦਾਹਰਨ ਬੇਸਬਰੇ ਲੋਕਾਂ ਦੀ ਮਾਨਸਿਕਤਾ ਨੂੰ ਉਜਾਗਰ ਕਰਦੀ ਹੈ। ਦੌਲਤ ਦੀ ਘਾਟ ਅਤੇ ਦੌਲਤਮੰਦ ਹੋਣ ਦਾ ਹੰਕਾਰ ਜ਼ਿੰਦਗੀ ਦੇ ਦੋਵੇਂ ਨਕਾਰਾਤਮਕ ਪੱਖਾਂ ਨੂੰ ਬਹੁਤ ਹੀ ਸੰਜੀਦਗੀ ਨਾਲ ਪੇਸ਼ ਕੀਤਾ ਗਿਆ ਹੈ। ਬਦਲੇ ਦੀ ਭਾਵਨਾ ਦੂਜਿਆਂ ਲਈ ਨਹੀਂ ਸਗੋਂ ਖੁਦ ਲਈ ਮਿੱਠੇ ਜ਼ਹਿਰ ਵਾਂਗ ਹੁੰਦੀ ਹੈ, ਮਨੁੱਖ ਨੂੰ ਜ਼ਿੰਦਗੀ ਦਾ ਇਹ ਰਾਜ਼ ਦੱਸ ਕੇ ਲੇਖਕ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾ ਰਿਹਾ ਹੈ। ਦੂਜਿਆਂ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਨੂੰ ਸਮਝ ਲਿਆ ਜਾਵੇ। ਸਾਰਿਆਂ ਨੂੰ ਖ਼ੁਸ਼ ਕਰਨ ਦਾ ਮਤਲਬ ਖ਼ੁਦ ਖ਼ੁਸ਼ ਰਹਿਣਾ ਨਹੀਂ ਹੁੰਦਾ, ਨਿਬੰਧਾਂ ਦੀਆਂ ਇਨ੍ਹਾਂ ਨਸੀਹਤਾਂ ਉੱਤੇ ਅਮਲ ਕਰਕੇ ਮਨੁੱਖ ਜ਼ਿੰਦਗੀ ਦੀਆਂ ਵੱਡੀਆਂ ਗੁੰਝਲਾਂ ਸੁਲਝਾ ਸਕਦਾ ਹੈ। ਬਿਮਾਰੀ ਦੇ ਦੌਰ 'ਚ ਲੋਕ ਹਾਲ ਪੁੱਛ ਕੇ ਆਪਣੇ ਬਣਦੇ ਫਰਜ਼ਾਂ ਦੀ ਪੂਰਤੀ ਕਰਨ ਦੀ ਮਨੁੱਖ ਦੀ ਸਵਾਰਥੀ ਮਾਨਸਿਕਤਾ ਨੂੰ ਉਜਾਗਰ ਕਰਕੇ ਲੇਖਕ ਮਨੁੱਖ ਨੂੰ ਉਸ ਦੇ ਫਰਜ਼ਾਂ ਤੋਂ ਜਾਣੂ ਕਰਵਾਉਂਦਾ ਵਿਖਾਈ ਦੇ ਰਿਹਾ ਹੈ। ਮਰਦ ਦੀ ਹਿੰਮਤ ਅਤੇ ਔਰਤ ਦੀ ਸਹਿਜ ਬਿਰਤੀ ਦਾ ਸੁਮੇਲ ਇਕ ਚੰਗੇ ਸਮਾਜ ਦਾ ਸਿਰਜਕ ਹੋ ਸਕਦਾ ਹੈ, ਲੇਖਕ ਦੇ ਨਿਬੰਧ ਦੇ ਇਹ ਵਿਚਾਰ ਔਰਤ ਅਤੇ ਮਰਦ ਨੂੰ ਇਕ ਦੂਜੇ ਦੇ ਵਿਰੋਧੀ ਨਹੀਂ ਸਗੋਂ ਪੂਰਕ ਹੋਣ ਦੀ ਗੱਲ ਸਮਝਾ ਰਹੇ ਹਨ। ਪੁਸਤਕ ਦਾ ਹਰ ਨਿਬੰਧ ਪਾਠ ਕਾਂ ਨੂੰ ਵਡਮੁੱਲੇ ਸੁਨੇਹੇ ਪਰੋਸਣ ਦੀ ਸਮਰੱਥਾ ਰੱਖਦਾ ਨਜ਼ਰ ਆ ਰਿਹਾ ਹੈ। ਪੁਸਤਕ ਨੂੰ ਇਕ ਵੇਰ ਪੜ੍ਹਨਾ ਸ਼ੁਰੂ ਕਰਨ ਤੇ ਅਖੀਰ ਤੱਕ ਪੜ੍ਹਨ ਦੀ ਮਨ ਵਿਚ ਕਾਹਲ ਪੈਦਾ ਹੁੰਦੀ ਹੈ। ਨਿਬੰਧਾਂ ਦੀ ਭਾਸ਼ਾ, ਸ਼ਬਦਾਵਲੀ, ਗੱਲ ਨੂੰ ਕਹਿਣ ਦਾ ਤਕਾਜ਼ਾ ਲੇਖਕ ਦੀ ਭਾਸ਼ਾ ਉੱਤੇ ਪਕੜ ਦੀ ਹਾਮੀ ਭਰਦੇ ਹਨ। ਪੁਸਤਕ ਪਾਠਕਾਂ ਦੇ ਪੜ੍ਹਨ ਯੋਗ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਔਨਰ ਕਿਲਿੰਗ
ਨਾਵਲਕਾਰ : ਜਸਬੀਰ ਸਿੰਘ ਸਾਹਨੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 98720-13867

'ਔਨਰ ਕਿਲਿੰਗ' ਨਾਵਲ ਵੀ ਹੋਰਨਾਂ ਨਾਵਲਾਂ ਵਾਂਗ ਕਲਪਨਾ ਆਧਾਰਿਤ ਇਕ ਦਿਲਚਸਪ ਕਹਾਣੀ ਹੈ। ਪਰ ਇਸ ਨਾਵਲ ਵਿਚ ਜੋ ਘਟਨਾਵਾਂ ਘਟਦੀਆਂ ਹਨ, ਸਾਡੇ ਸਮਾਜ ਦੇ ਯਥਾਰਥਵਾਦ ਦਾ ਇਕ ਸ਼ੀਸ਼ਾ ਹਨ। ਬਹੁਤ ਸਾਰੀਆਂ ਵਾਪਰਦੀਆਂ ਦੁਖਾਂਤਕ ਘਟਨਾਵਾਂ/ਸਮੱਸਿਆਵਾਂ ਦੀਆਂ ਜੜ੍ਹਾਂ ਨੂੰ ਪਛਾਨਣਾ ਤੇ ਉਨ੍ਹਾਂ ਨੂੰ ਹੱਲ ਕਰਨ ਦੇ ਯਤਨਾਂ ਨੂੰ ਲੇਖਕ ਜਸਬੀਰ ਸਿੰਘ ਸਾਹਨੀ ਨੇ ਕਲਮ ਬੰਦ ਕਰ ਕੇ ਪਾਠਕਾਂ ਦੇ ਰੂ-ਬਰੂ ਕੀਤਾ ਗਿਆ ਹੈ।
'ਔਨਰ ਕਿਲਿੰਗ' ਨਾਂਅ ਦੇ ਇਸ ਨਾਵਲ ਵਿਚ ਇਕ ਨਿਵੇਕਲਾ ਮੁੱਦਾ (ਮਾਪਿਆਂ ਦੀ ਬੇਲੋੜੀ ਹੱਦੋਂ ਵੱਧ ਸਖ਼ਤੀ, ਪ੍ਰੇਮ ਵਿਆਹ ਵਿਚ ਵਾਧਾ ਪਰ ਸਫ਼ਲਤਾ ਘੱਟ ਤੇ ਅਣਖ ਖ਼ਾਤਿਰ ਮਾਰਧਾੜ/'ਔਨਰ ਕਿਲਿੰਗ' ਦਾ (ਬੋਲਬਾਲਾ) ਉਠਾਇਆ ਹੈ। ਨਾਵਲ ਦਾ ਨਾਇਕ ਡਾਕਟਰ ਸਰਬਜੀਤ ਕਿਸ਼ੋਰ ਅਵਸਥਾ ਵਿਚ ਕਿਸੇ ਅਵਤਾਰ ਤੋਂ ਘੱਟ ਨਹੀਂ ਲਗਦਾ। ਉਹ ਇਕ ਗ਼ਰੀਬ ਪਰਿਵਾਰ ਕਰੀਬ ਹਮ ਉਮਰ ਮੇਲੀ-ਕੁਚੈਲੀ ਕੁੜੀ ਮੰਗਲਾ ਜੋ ਉਸ ਦੇ ਕਮਰੇ ਝਾੜੂ ਮਾਂਜਾ ਕਰਨ ਆਉਂਦੀ ਹੈ, ਨੂੰ ਜੀਵਨ ਦੇ ਅਜਿਹੇ ਗੁਰ ਸਮਝਾਉਂਦਾ ਹੈ, ਜਿਨ੍ਹਾਂ ਨਾਲ ਜਿਥੇ ਉਸ ਦਾ ਪਰਿਵਾਰ ਆਪਣੇ ਉੱਦਮ ਤੇ ਮਿਹਨਤ ਨਾਲ ਗ਼ਰੀਬੀ ਦੀ ਗੁਰਬਤ ਨੂੰ ਗਲੋਂ ਲਾਹ ਸੁੱਟਦਾ ਹੈ, ਉਥੇ ਇਹ ਕੁੜੀ ਆਈ.ਏ.ਐਸ. ਪਾਸ ਕਰਕੇ ਜੀਵਨ ਉੱਚ ਮੁਕਾਮ 'ਤੇ ਪਹੁੰਚ ਜਾਂਦੀ ਹੈ। ਇਸ ਸਫ਼ਰ ਵਿਚ ਇਸ ਜੋੜੀ ਗੁਰੂ-ਚੇਲੀ ਦਾ ਰਿਸ਼ਤਾ ਕਾਇਮ ਹੋਣਾ, ਮੰਗਲਾ ਦੀ ਮਰਜ਼ੀ ਬਗ਼ੈਰ ਸ਼ਾਦੀ ਨੂੰ ਰੁਕਵਾਉਣ ਵਾਸਤੇ ਇਸ ਜੋੜੀ ਵਲੋਂ ਰਫ਼ੂ ਚੱਕਰ ਹੋ ਜਾਣਾ, ਚਰਿੱਤਰ ਦੀ ਲਕਸ਼ਮਣ ਰੇਖਾ ਬਣਾਈ ਰੱਖਣੀ, ਡਾਕਟਰ ਸਰਬਜੀਤ ਦੀ ਮੌਤ (ਅਸਲ ਵਿਚ ਮਰਿਆ ਨਹੀਂ ਹੁੰਦਾ), ਉਸ ਦੇ ਹੀ ਮਾਪਿਆਂ ਦੀ ਗ੍ਰਿਫ਼ਤਾਰੀ, ਪਰ ਉਸ ਦਾ ਆਣ ਪ੍ਰਗਟ ਹੋਣਾ ਤੇ ਫਿਰ ਗੁਰੂ ਚੇਲੀ ਦਾ ਵਿਆਹ ਹੋ ਜਾਣਾ ਕਿਸੇ ਵੀ ਕਰਾਮਾਤ ਤੋਂ ਘੱਟ ਨਹੀਂ। ਨਾਵਲ ਵਿਚਲਾ ਤੇਜ਼ੀ ਨਾਲ ਵਾਪਰਦਾ ਇਸ ਸਾਰਾ ਘਟਨਾਕ੍ਰਮ ਇਕ ਸੁਪਨਮਈ ਦੁਨੀਆ ਦੀ ਪਰਿਕਰਮਾ ਕਰਵਾ ਦਿੰਦਾ ਹੈ। ਪਰ ਸਰਗਰਮੀਆਂ ਜਾਤਾਂ-ਪਾਤਾਂ ਤੋਂ ਉੱਪਰ ਉੱਠ ਕੇ ਦਿਲੋਂ ਸਹਿਯੋਗ ਤੇ ਮਦਦ ਅਤੇ ਮੰਦੇ ਕਰਮਾਂ ਤੋਂ ਬਚ ਕੇ ਮਿਹਨਤ ਦੇ ਰਾਹੇ ਪੈ ਕੇ ਤਰੱਕੀ ਕਰਨਾ ਦਾ ਜਜ਼ਬਾ ਸਮਾਜ ਲਈ ਇਕ ਚੰਗਾ ਸੁਨੇਹਾ ਏਸੇ ਨਾਵਲ ਦਾ ਇਕ ਵੱਡਾ ਹਾਸਲ ਵੀ ਹੈ। ਐਕਸੀਡੈਂਟ ਵਿਚ ਹੋਈ ਮੌਤ ਦੀ ਡੂੰਘਾਈ ਨਾਲ ਪੁਣਛਾਣ ਨਾ ਹੋ ਕਾਰਨ ਕੋਈ ਹੋਰ ਜਿਊਂਦੇ ਗੁਪਤਵਾਸ ਵਿਅਕਤੀ ਨੂੰ ਹੀ ਮ੍ਰਿਤਕ ਕਰਾਰ ਦੇਣ ਦੇ ਅਜੀਬ ਵਰਤਾਰੇ ਵਰਤਾਉਣ ਵਾਲੇ ਜਾਂਚ ਅਧਿਕਾਰੀਆਂ ਦੀ ਲਾਪ੍ਰਵਾਹ ਭਰੀ ਕਾਰਗੁਜ਼ਾਰੀ ਉੱਤੇ ਵੀ ਬੇਬਾਕੀ ਨਾਲ ਉਂਗਲ ਧਰੀ ਗਈ ਹੈ। ਵੱਖ-ਵੱਖ ਸੂਬਿਆਂ ਦਾ ਸਫ਼ਰ, ਸੱਭਿਆਚਾਰ ਮੇਲਜੋਲ, ਰੀਤੀ ਰਿਵਾਜਾਂ ਮਾਨਣੇ, ਇਮਾਨਦਾਰ ਪੁਲਿਸ ਅਫ਼ਸਰ ਉਸ ਦੇ ਮਤਹਿਤ ਕਰਮਚਾਰੀਆਂ ਵਲੋਂ ਹੀ ਕਤਲ ਕਰਕੇ ਰਫ਼ਾ-ਦਫ਼ਾ ਹੋਏ ਕੇਸ ਨੂੰ 31 ਸਾਲ ਬਾਅਦ ਉਸ ਦੀਆਂ ਉੱਚੇ ਅਹੁਦੇ ਪਹੁੰਚੀਆਂ ਉਸ ਦੀਆਂ ਧੀਆਂ ਵਲੋਂ ਆਪਣੇ ਪਿਤਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਤੇ ਅਬਦੁਲ ਕਲਾਮ ਦਾ ਗ਼ਰੀਬੀ ਦੀ ਦਲਦਲ ਵਿਚ ਕਮਲ ਦਾ ਫੁੱਲ ਬਣ ਉੱਭਰਨਾ ਆਦਿ ਮਾਣ ਭਰੀਆਂ ਹਕੀਕੀ ਮਿਸਾਲਾਂ ਇਸ ਨਾਵਲ ਦਾ ਸਿਖ਼ਰ ਹੋ ਨਿਬੜਦੀਆਂ ਹਨ। ਬਗ਼ੈਰ ਦਿਮਾਗ਼ ਦੇ ਫ਼ੈਸਲਾ ਕਰਨ ਵਾਲੇ ਅੱਲ੍ਹੜ ਬੱਚੇ ਅਤੇ ਵਿਰੋਧ ਵਿਚ ਕਰੜੇ ਫ਼ੈਸਲੇ ਲੈਣ ਵਾਲੇ ਮਾਪਿਆਂ ਲਈ ਇਕ ਵੱਡਾ ਸਾਰਥਿਕ ਸੰਦੇਸ਼ ਦੇਣ ਵਾਲੇ ਇਸ ਨਾਵਲ ਦੀ ਪੰਜਾਬੀ ਸਾਹਿਤ ਜਗਤ ਵਿਚ ਆਮਦ ਦਾ ਦਿਲੀ ਸਵਾਗਤ ਹੈ।

-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਮੋਬਾਈਲ : 98764-74858

ਜੁਗਨੂੰਆਂ ਦੀ ਗੁਫ਼ਤਗੂ
ਸੰਪਾਦਕ : ਆਤਮਾ ਰਾਮ ਰੰਜਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 125
ਸੰਪਰਕ : 94787-02793

ਹਥਲੀ ਪੁਸਤਕ 32 ਗ਼ਜ਼ਲਕਾਰਾਂ ਉੱਤੇ ਆਧਾਰਿਤ ਸਮਿਲਤ ਜਾਂ ਸਾਂਝ ਗ਼ਜ਼ਲ ਸੰਗ੍ਰਹਿ ਹੈ ਜੋ ਕਿ ਪ੍ਰਸਿੱਧ ਗ਼ਜ਼ਲਕਾਰ ਆਤਮਾ ਰਾਮ ਰੰਜਨ ਦੁਆਰਾ ਸੰਪਾਦਿਤ ਕੀਤਾ ਗਿਆ ਹੈ। ਬਕੌਲ ਸੰਪਾਦਕ ਕੋਰੋਨਾ ਕਾਲ ਵਿਚ ਸਾਹਿਤਕ ਇਕੱਠ ਅਤੇ ਗ਼ਜ਼ਲ/ਕਵੀ ਦਰਬਾਰ ਮਜਬੂਰੀ ਵੱਸ ਬੰਦ ਹੋ ਗਏ ਸਨ। ਪਰ ਲਿਖਣ ਵਾਲੇ ਤਾਂ ਰੁਕ ਨਹੀਂ ਸਨ ਸਕਦੇ। ਸ਼ਾਇਰ ਫੇਸਬੁੱਕ ਅਤੇ ਹੋਰ ਸ਼ੋਸ਼ਲ ਮੀਡੀਆ ਉੱਤੇ ਆਪਣੀਆਂ ਗ਼ਜ਼ਲਾਂ ਸਿੱਧੀਆਂ ਹੀ ਪ੍ਰਕਾਸ਼ਿਤ ਕਰਦੇ ਰਹੇ। ਅਨੇਕਾਂ ਸਾਹਿਤਕ ਗਰੁੱਪ ਅਤੇ ਈ-ਮੈਗਜ਼ੀਨ ਹੋਂਦ ਵਿਚ ਆਏ। ਇਕ ਗਰੁੱਪ ਸੀ 'ਅੰਤਰਰਾਸ਼ਟਰੀ ਪੰਜਾਬੀ ਸਾਹਿਤ ਸਭਾ' ਇਹ ਫੇਸਬੁੱਕ ਉੱਤੇ ਪਹਿਲਾਂ ਹੀ ਸਰਗਰਮ ਸੀ, ਬਾਅਦ ਵਿਚ ਇਸ ਗਰੁੱਪ ਵਿਚ ਜਿਨ੍ਹਾਂ ਗ਼ਜ਼ਲਕਾਰਾਂ ਨੇ ਮਿਆਰੀ ਗ਼ਜ਼ਲਾਂ ਛਾਪੀਆਂ ਉਨ੍ਹਾਂ ਵਿਚੋਂ ਹੀ ਕੁਝ ਮਿੱਤਰਾਂ ਮਿਲ ਕੇ ਚੋਣਵੀਆਂ ਗ਼ਜ਼ਲਾਂ ਚੁਣ ਕੇ ਹਥਲੀ ਪੁਸਤਕ ਪ੍ਰਕਾਸ਼ਿਤ ਕਰਵਾਈ।
ਇਸ ਪੁਸਤਕ ਵਿਚ ਕੁਝ 32 ਗ਼ਜ਼ਲਗੋਆਂ ਦੀਆਂ ਗ਼ਜ਼ਲਾਂ ਸ਼ਾਮਿਲ ਹਨ ਅਤੇ ਹਰ ਗ਼ਜ਼ਲਕਾਰ ਦੀਆਂ 4-4 ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਸਾਰੀਆਂ ਹੀ ਗ਼ਜ਼ਲਾਂ ਮਿਆਰੀ ਅਤੇ ਗ਼ਜ਼ਲ ਤਕਨੀਕ ਵਿਚ ਸੰਪੂਰਨ ਹਨ। ਜਿਹੜੇ ਗ਼ਜ਼ਲਕਾਰ ਸ਼ਾਮਿਲ ਹਨ, ਉਨ੍ਹਾਂ ਦੇ ਨਾਂਅ ਹਨ : ਆਤਮਾ ਰਾਮ ਰੰਜਨ, ਸੁਖਚਰਨ ਸਿੰਘ ਸਿੱਧੂ, ਜਸਵਿੰਦਰ ਜੱਸੀ, ਕੁਲਦੀਪ ਬੰਗੀ, ਰਾਜਦੀਪ ਤੂਰ, ਗੁਰਸ਼ਰਨ ਸਿੰਘ ਅਜੀਬ ਲੰਡਨ, ਰਣਜੀਤ ਸਿੰਘ ਧੂਰੀ, ਕੁਲਜਿੰਦਰ ਭਾਰਤੀ, ਮੋਹਨ ਬੇਗੋਵਾਲ, ਗੁਰਦੀਪ ਸਿੰਘ ਸੈਣੀ, ਇਕਬਾਲ ਸਿੰਘ ਬਰਾੜ, ਜਗਤਾਰ ਪੱਖੋ, ਜਗੀਰ ਸੱਧਰ, ਅਮਰਜੀਤ ਜੀਤ, ਗੁਲਸ਼ਨ ਮਿਰਜ਼ਾਪੁਰੀ, ਸੁਖਵਿੰਦਰ ਸਿੰਘ ਲੋਟੇ, ਸੁਖਬੀਰ ਸਿੰਘ, ਕਲਿਆਣ ਅੰਮ੍ਰਿਤਸਰੀ, ਨਰਿੰਦਰ ਜੌਹਲ, ਹਰਪ੍ਰੀਤ ਸਿੰਮੀ, ਕੁਲਵਿੰਦਰ ਕੰਵਲ, ਸੁਖਦੇਵ ਸਿੰਘ ਅਰਮਾਨ, ਗੁਰਦੀਪ ਭਾਟੀਆ, ਬਲਵਿੰਦਰ ਸਿੰਘ ਮੋਹੀ, ਰਾਜ ਗੁਰਦਾਸਪੁਰੀ, ਰਜਨੀ ਸ਼ਰਮਾ, ਰਜਨੀ, ਰਣਬੀਰ ਰਾਣਾ, ਰਣਬੀਰ ਆਕਾਸ਼, ਅਮਰਜੀਤ ਕੌਰ, ਨਿਸ਼ਾਨ ਸਿੰਘ ਸੰਘਾ ਅਤੇ ਜਸਪਾਲ ਸਿੰਘ ਸੂਸ।
ਉਕਤ ਸਾਰੇ ਗ਼ਜ਼ਲਕਾਰ ਮਿਆਰੀ ਗ਼ਜ਼ਲ ਲਿਖਦੇ ਹਨ ਅਤੇ ਕਈ ਤਾਂ ਗ਼ਜ਼ਲ-ਸੰਗ੍ਰਹਿ ਵੀ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਅਸਲ ਵਿਚ ਗ਼ਜ਼ਲਕਾਰ ਗ਼ਜ਼ਲਾਂ ਤਾ ਸਿਰਜ ਲੈਂਦੇ ਹਨ ਪ੍ਰੰਤੂ ਉਨ੍ਹਾਂ ਵਲੋਂ ਆਪਣਾ ਵੱਖਰਾ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਕਰਵਾਉਣਾ ਬੇਹੱਦ ਜ਼ੋਖ਼ਮ ਭਰਿਆ ਕਾਰਜ ਹੁੰਦਾ ਹੈ। 20-20, 25-25 ਹਜ਼ਾਰ ਰੁਪਏ ਲਾ ਕੇ ਕਿਤਾਬ ਪ੍ਰਕਾਸ਼ਿਤ ਹੁੰਦੀ ਹੈ ਅਤੇ ਫਿਰ ਉਸ ਕਿਤਾਬ ਨੂੰ ਰਿਲੀਜ਼ ਕਰਵਾਉਣਾ ਅਤੇ ਗੋਸ਼ਟੀ ਕਰਵਾਉਣੀ ਵੀ ਵਕਤ, ਸਾਧਨ ਅਤੇ ਪੈਸੇ ਮੰਗਦੀ ਹੈ। ਪਰ ਇਸ ਪੁਸਤਕ ਦੀ ਤਰਜ ਉੱਤੇ ਕੋਆਪਰੇਟਿਵ ਤੌਰ ਉੱਤੇ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਕਰਵਾਉਣਾ ਵੀ ਸੁਖੈਲ ਹੁੰਦਾ ਹੈ ਅਤੇ ਇਹ ਪੁਸਤਕ 32 ਵੰਡਕਾਰ ਹੱਥਾਂ ਵਿਚ ਜਾ ਕੇ ਦੂਰ ਤੱਕ ਪਹੁੰਚਦੀ ਹੈ। ਹੇਠਾਂ ਕੁਝ ਸ਼ਿਅਰ ਦਿੱਤੇ ਜਾ ਰਹੇ ਹਨ :
-ਨਿੱਤ ਨਵਾਂ ਉਹ ਮਜਮਾ ਲਾਉਂਦਾ ਕੱਠੀ ਕਰਕੇ ਢਾਣੀ ਨੂੰ
ਸਾਜਿਸ਼ ਰੋਜ਼ ਨਵੀਂ ਹੈ ਘੜਦਾ ਲਾ ਦੇਵੇ ਅੱਗ ਪਾਣੀ ਨੂੰ (ਆਤਮਾ ਰਾਮ ਰੰਜਨ)
-ਪਰਾਈ ਆਸ ਨੇ ਤੈਨੂੰ ਕਦੇ ਵੀ ਪਾਰ ਨਾ ਲਾਉਣਾ।
ਪਸਾਰੀਂ ਪੈਰ ਚਾਦਰ ਵਿਚ ਪਵੇ ਨਾ ਪੀੜ ਫਿਰ ਵੱਖਰੀ (ਸੁਖਚਰਨ ਸਿੰਘ ਸਿੱਧੂ)
-ਦੁਨੀਆਦਾਰੀ ਦਾ ਕੁਝ ਖ਼ੌਫ਼ ਤਾਂ ਖਾਇਆ ਕਰ
ਮੇਰਾ ਹੋ ਕੇ ਮੈਨੂੰ ਨਾ ਅਜਮਾਇਆ ਕਰ
(ਕੁਲਦੀਪ ਸਿੰਘ ਬੰਗੀ)
-ਇਸ ਦੇ ਪੁੱਤਰ ਖੁਦ ਹੀ ਜਦ ਭੁੱਲ ਬੈਠੇ ਨੇ ਇਸ ਨੂੰ
ਕੌਣ ਕਰੇਗਾ ਦੱਸੋ ਫਿਰ ਸਤਿਕਾਰ ਪੰਜਾਬੀ ਦਾ
(ਮੋਹਨ ਬੇਗੋਵਾਲ)
-ਹੋਛੇ ਨੇਰਿਆਂ ਤੋਂ ਡਰ ਕੇ ਧੂਰੀ ਆਸਰਾ ਭਾਲੀਂ
ਅਦਿੱਖ ਸ਼ਕਤੀ ਤਾਂ ਤੇਰੇ ਖੂਨ ਦੇ ਆਪਣੇ ਕਣਾਂ ਵਿਚ ਹੈ
(ਰਣਜੀਤ ਸਿੰਘ ਪੂਰ)
ਸਾਰੇ ਹੀ ਗ਼ਜ਼ਲਕਾਰਾਂ ਦੇ ਸ਼ਿਅਰ ਨੋਟ ਕਰਨਯੋਗ ਹਨ ਪਰ ਇਸ ਸਮੀਖਿਆ ਦੀ ਆਪਣੀ ਹੱਦ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਕਿੰਜ ਨਸ਼ਾ ਮੁਕਤ ਹੋਵੇ ਪੰਜਾਬ?
ਲੇਖਕ : ਮੋਹਨ ਸ਼ਰਮਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 122
ਸੰਪਰਕ : 94171-48866

ਮੋਹਨ ਸ਼ਰਮਾ ਦੀ ਸ਼ਖ਼ਸੀਅਤ ਬਹੁਪੱਖੀ ਹੈ, ਉਹ ਪੰਜਾਬੀ ਕਵਿਤਾ, ਕਹਾਣੀ, ਮਿੰਨੀ ਕਹਾਣੀ, ਵਾਰਤਕ, ਇਕਾਂਗੀ ਆਦਿ ਵਿਚ ਮਹੱਤਵਪੂਰਨ ਸਾਹਿਤ ਰਚ ਚੁੱਕਿਆ ਹੈ। ਉਹ ਅਧਿਆਪਕ, ਸਮਾਜ ਉਸਾਰੀ ਕਰਨ ਵਾਲੇ ਅਨੇਕਾਂ ਖੇਤਰਾਂ ਦਾ ਸੰਚਾਲਕ ਅਤੇ ਨਸ਼ਾ ਛੁਡਾਊ ਕੇਂਦਰ ਸੰਗਰੂਰ ਦਾ ਸੰਚਾਲਕ ਵੀ ਰਿਹਾ ਹੈ। 'ਕਿੰਜ ਨਸ਼ਾ ਮੁਕਤ ਹੋਵੇ ਪੰਜਾਬ?' ਉਸ ਦੀ ਅਜਿਹੀ ਪੁਸਤਕ ਹੈ, ਜਿਸ ਵਿਚ ਦੋ ਦਰਜਨ ਤੋਂ ਲਿਖੇ ਅਜਿਹੇ ਲੇਖ ਹਨ, ਜਿਨ੍ਹਾਂ ਵਿਚ ਹਕੀਕਤ ਪਸੰਦ ਅਜਿਹੇ ਅੱਖੀਂ ਦੇਖੀਆਂ ਨਸ਼ੀਲੇ ਗੱਭਰੂਆਂ ਦੀਆਂ ਹੱਡ-ਬੀਤੀਆਂ, ਉਨ੍ਹਾਂ ਨੇ ਬੁੱਢੇ ਮਾਂ-ਬਾਪ ਦੀਆਂ ਵੇਦਨਾਵਾਂ-ਸੰਵੇਦਨਾਵਾਂ ਵੀ ਹਨ, ਜਿਨ੍ਹਾਂ ਨੂੰ ਪੜ੍ਹ ਕੇ, ਅਸੀਂ ਪੰਜਾਬ ਵਿਚ ਕਿੰਨੇ ਨੌਜਵਾਨ, ਭਿਆਨਕ ਅਤੇ ਖ਼ਤਰਨਾਕ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਹਨ, ਨਸ਼ਾ ਕਰ ਰਹੇ ਪੀੜਤ ਗੱਭਰੂ ਤਿਲ-ਤਿਲ ਕਰਕੇ ਮਰਦੇ ਉਨ੍ਹਾਂ ਦਾ ਜੀਵਨ, ਨਸ਼ਈ : ਸੁੱਕੇ ਖੂਹ ਦੇ ਵਸਨੀਕ, ਸਕੂਲੀ ਨਸ਼ਈ-ਵਿਦਿਆਰਥੀ, ਮਾਪਿਆਂ ਦੇ ਹੋਣਹਾਰ ਪੁੱਤ, ਕਿਵੇਂ ਨਸ਼ੇ ਦਾ ਸ਼ਿਕਾਰ ਹੁੰਦੇ ਹਨ। ਮਹਿੰਦੀ ਵਾਲੇ ਹੱਥ ਵਿਚ ਚਿੱਟੇ ਦੀਆਂ ਪੁੜੀਆਂ। ਪਿੰਡਾਂ ਕਸਬਿਆਂ, ਸ਼ਹਿਰਾਂ ਵਿਚ ਭਿਆਨਕ ਵੱਖ-ਵੱਖ ਕਿਸਮ ਦੇ ਮਿਲਣ ਵਾਲੇ ਨਸ਼ਿਆਂ ਦੇ ਅੱਡੇ, ਕਿਵੇਂ ਨਸ਼ਾ ਵੇਚਦੇ ਹਨ? ਜ਼ਮੀਰ ਵਿਹੂਣੇ ਸਿਆਸਤਦਾਨ ਆਦਿ ਅਨੇਕਾਂ ਅਜਿਹੇ ਦੋ ਦਰਜਨ ਤੋਂ ਉੱਪਰ ਲੇਖ ਹਨ, ਜਿਨ੍ਹਾਂ ਨੂੰ ਪੜ੍ਹ ਕੇ ਆਮ ਸਾਧਾਰਨ ਪਾਠਕਾਂ, ਸਿਆਸਤਦਾਨਾਂ, ਸਰਕਾਰੀ ਪ੍ਰਬੰਧਕਾਂ ਅਤੇ ਮਾਪਿਆਂ ਦੀ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ। ਸਭ ਨੂੰ ਆਪਣੇ-ਆਪਣੇ ਬੱਚੇ-ਬੱਚੀਆਂ, ਸਕੂਲੀ ਵਿਦਿਆਰਥੀਆਂ, ਕਾਲਜਾਂ ਦੇ ਨੌਜਵਾਨ ਬੱਚੀਆਂ-ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਰਕਾਰੀ ਸਕੂਲਾਂ ਕਾਲਜਾਂ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਵੀ ਨਿਗਰਾਨੀ ਕੇਂਦਰ ਬਣਾ ਕੇ, ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ।
ਨਸ਼ਾ ਕੇਂਦਰ ਦਾ ਮੁਖੀ ਪ੍ਰਬੰਧਕ ਹੋਣ ਦੇ ਨਾਤੇ, ਇਸ ਪੁਸਤਕ ਵਿਚ ਸੱਚੇ ਤੇ ਹਕੀਕਤ ਪਸੰਦ, ਕੇਸ, ਲੇਖਕ ਦੇ ਦ੍ਰਿਸ਼ਟੀ-ਗੋਚਰ ਹੋਏ ਹਨ, ਜਿਨ੍ਹਾਂ ਵਿਚ ਨਸ਼ਈ ਨੌਜਵਾਨ ਪੁੱਤਰ, ਆਪਣੀ ਬੁੱਢੀ ਮਾਂ ਦੇ ਗਹਿਣੇ ਵੇਚ ਕੇ ਨਸ਼ੇ ਕਰਦੇ ਹਨ। ਪਿੰਡਾਂ-ਸ਼ਹਿਰਾਂ ਵਿਚ ਨਸ਼ਾ ਵਿਕਾਊ ਕੇਂਦਰ ਹਨ, ਜਿਥੇ ਹਰ ਪ੍ਰਕਾਰ ਦੇ ਨਸ਼ੇ ਪ੍ਰਾਪਤ ਹਨ। ਲੇਖਕ ਹਕੀਕਤ ਪਸੰਦ ਘਟਨਾਵਾਂ ਦੀਆਂ ਹਕੀਕੀ ਕਹਾਣੀਆਂ ਪੇਸ਼ ਕਰਦਾ ਹੈ। ਬੁੱਢੀ ਮਾਂ ਦੇ ਸਾਰੇ ਗਹਿਣੇ ਵੇਚਣ ਵਾਲਾ ਨਸ਼ਈ, ਜਦ ਨਸ਼ਾ ਕੇਂਦਰ ਵਿਚ ਸੰਗਰੂਰ ਆ ਕੇ ਆਪਣੀ ਦਾਸਤਾਨ ਪੇਸ਼ ਕਰਦਾ ਹੈ ਤਾਂ ਪਤਾ ਲਗਦਾ ਹੈ ਕਿ ਕਿਵੇਂ ਪਿੰਡ ਅੱਜ ਨਸ਼ੇ ਦਾ ਸ਼ਿਕਾਰ ਹਨ? ਜਿਸ ਪ੍ਰਕਾਰ ਦਾ ਨਸ਼ਾ, ਆਪ ਲੈਣਾ ਚਾਹੋ ਮਿਲ ਸਕਦਾ ਹੈ। ਸਰਕਾਰੀ ਅਦਾਰੇ ਪ੍ਰਬੰਧਕ ਬੇਵੱਸ ਹਨ? ਕਿਉਂ?
ਮੋਹਨ ਸ਼ਰਮਾ ਅੱਜ ਆਪਣੇ ਪੰਜਾਬੀ ਭਰਾਵਾਂ ਪੰਜਾਬ ਦੀ ਸਰਕਾਰ, ਸਮਾਜ ਸੁਧਾਰਕਾਂ ਅਤੇ ਘਰ-ਘਰ ਦੇ ਮਾਪਿਆਂ ਨੂੰ 'ਕਿੰਜ ਨਸ਼ਾ ਮੁਕਤ ਹੋਵੇ ਪੰਜਾਬ?' ਇਕ ਮਹੱਤਵਪੂਰਨ ਸਵਾਲ ਪੁੱਛਦਾ ਹੈ? ਸਵਾਲ ਸਾਡੇ ਸਾਹਮਣੇ ਹੈ। ਸਵਾਲ ਦਾ ਜਵਾਬ ਕਿਸੇ ਕੋਲ ਨਹੀਂ ਕਿ ਅਸੀਂ ਵਿਸ਼ੇਸ਼ ਆਮ ਲੋਕ, ਸਿਆਸੀ ਨੇਤਾ, ਚੂਹੇ ਬਣੇ, ਜਾਣ ਤਾਂ ਗਏ ਹਾਂ ਕਿ ਬਿੱਲੀ (ਨਸ਼ਿਆਂ ਨੂੰ ਰੋਕਿਆ ਜਾਣਾ ਚਾਹੀਦਾ ਹੈ, ਪਰ ਰੋਕੂ ਕੌਣ? ਬਿੱਲੀ (ਸਮੱਸਿਆ) ਦੇ ਗਲ਼ ਟੱਲੀ ਕੌਣ ਪਾਊਗਾ? ਆਓ ਅਸੀਂ ਮਿਲ ਕੇ ਸੋਚੀਏ?

-ਡਾ. ਅਮਰ ਕੋਮਲ
ਮੋਬਾਈਲ : 84378-73565

ਗੁਰਮੁਖੀ ਦੀ ਜੁਗਤ
ਲੇਖਕ : ਮਨਮੋਹਨ (ਡਾ.)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 95
ਸੰਪਰਕ : 82839-48811

ਮਨਮੋਹਨ (ਡਾ.) ਪੰਜਾਬੀ ਦਾ ਅਜਿਹਾ ਬੁੱਧ-ਬਿਬੇਕ ਤੇ ਗੁਣਵੰਤਾ ਲੇਖਕ ਹੈ ਜਿਸ ਨੇ 1982 ਤੋਂ ਵੱਖ-ਵੱਖ ਵਿਧਾਵਾਂ 'ਚ ਸਾਹਿਤ ਸਿਰਜਣਾ ਕਰਦੇ ਕਰਦੇ ਪੂਰੇ ਜਲੌਅ ਦਾ ਸਾਹਿਤ-ਮੰਡਲ ਸਥਾਪਤ ਕਰ ਲਿਆ ਹੈ। ਉਸ ਨੇ ਦੋ ਨਾਵਲ ਪਹਿਲਾ 'ਨਿਰਵਾਣ' (ਸਾਹਿਤ ਅਕਾਦਮੀ ਪੁਰਸਕ੍ਰਿਤ) ਅਤੇ 'ਸਹਜ ਗੁਫਾ ਮਹਿ ਆਸਣੁ' ਪੰਜਾਬੀ ਦੀ ਝੋਲੀ ਪਾਏ। ਸੰਪਾਦਨ ਅਤੇ ਅਨੁਵਾਦ ਕਰਨ ਵਿਚ ਵੀ ਉਹ ਸਿਰਜੋੜ ਕੇ ਕਰਨ ਵਾਲਾ ਤਪੱਸਵੀ ਹੈ। ਖੋਜ ਤੇ ਆਲੋਚਨਾ ਦੇ ਖੇਤਰ ਵਿਚ ਉਸ ਦੀ ਮਿਹਨਤ ਮੂੰਹੋਂ ਬੋਲਦੀ ਹੈ। ਅੰਗਰੇਜ਼ੀ ਸਾਹਿਤ ਨੂੰ ਪੰਜਾਬੀ ਆਲੋਚਨਾ ਰਾਹੀਂ ਗਿਆਤ ਕਰਾਉਣਾ ਉਸ ਦਾ ਸ਼ੌਕ ਵੀ ਹੈ ਮਹਾਰਤ ਵੀ। ਸਮੀਖਿਆ ਅਧੀਨ ਪੁਸਤਕ 'ਗੁਰਮੁਖੀ ਦੀ ਜੁਗਤ' ਬਿਲਕੁਲ ਹੀ ਵੱਖਰੀ ਖੋਜ ਭਰਪੂਰ ਭਾਸ਼ਾ ਵਿਗਿਆਨ ਦੇ ਦਿਸਹੱਦਿਆਂ ਨੂੰ ਨਵੀਂ ਦ੍ਰਿਸ਼ਟੀ ਪ੍ਰਦਾਨ ਕਰਦੀ ਹੈ। ਥੋੜ੍ਹੇ ਸਫ਼ਿਆਂ 'ਚ ਕੁੱਝੇ 'ਚ ਸਮੁੰਦਰ ਅੰਕਿਤ ਕਰਨ ਵਾਲੀ ਹੈ। ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਬਾਰੇ ਜੋ ਤਰਕ ਤੇ ਵਿਗਿਆਨਕ-ਦ੍ਰਿਸ਼ਟੀ ਰਾਹੀਂ ਜਾਣਕਾਰੀ ਦਿੱਤੀ ਗਈ ਹੈ, ਉਹ ਬਹੁਤ ਪ੍ਰਸੰਗਿਕ ਹੈ। ਅੰਗਰੇਜ਼ੀ, ਹਿੰਦੀ ਤੇ ਪੰਜਾਬੀ-ਵਿਦਵਾਨਾਂ ਦੇ ਕਥਨਾਂ ਅਤੇ ਉਨ੍ਹਾਂ ਦੀਆਂ ਪੁਸਤਕਾਂ ਦੇ ਹਵਾਲੇ, ਪਾਠਕ ਨੂੰ ਸੋਚਣ ਲਈ ਮਜਬੂਰ ਕਰਦੇ ਹਨ ਕਿ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਬਾਰੇ ਏਨੀ ਡੂੰਘਾਈ ਨਾਲ ਸੋਚਣ ਵਾਲਾ ਮਨਮੋਹਨ (ਡਾ.) ਵਿਆਕਰਨ ਦੇ ਕਠਿਨ ਵਿਸ਼ੇ ਨੂੰ ਕਿਵੇਂ ਸਹਿਜਮਈ ਢੰਗ ਨਾਲ ਸਮਝਾ ਰਿਹਾ ਹੈ। ਸਫ਼ਲ ਅਧਿਆਪਕ ਦਾ ਇਹੋ ਗੁਣ ਹੋਣਾ ਚਾਹੀਦਾ ਹੈ। ਵਰਤੀ ਗਈ ਪੰਜਾਬੀ ਸ਼ਬਦਾਵਲੀ ਦੇ ਸਹੀ ਅਰਥ ਸਮਝਣ ਲਈ ਬਰੈਕਟਾਂ ਵਿਚ ਅੰਗਰੇਜ਼ੀ ਦੇ ਸ਼ਬਦ ਪੜ੍ਹੇ ਜਾ ਸਕਦੇ ਹਨ। ਇੰਝ ਹੀ ਆਲੋਚਕਾਂ/ਵਿਦਵਾਨਾਂ ਦੇ ਨਾਂਅ ਵੀ ਪੰਜਾਬੀ ਤੇ ਅੰਗਰੇਜ਼ੀ ਵਿਚ ਦਿੱਤੇ ਗਏ ਹਨ। ਹਰ ਕਾਂਡ ਤੋਂ ਬਾਅਦ ਪੁਸਤਕਾਂ ਦੀ ਸਹਾਇਕ ਸੂਚੀ ਦਿੱਤੀ ਗਈ ਹੈ। ਇਸ ਪੁਸਤਕ 'ਚ ਦਿੱਤੀ ਸਮੱਗਰੀ ਭੂਮਿਕਾ ਤੋਂ ਸ਼ੁਰੂ ਹੁੰਦੀ ਹੈ। ਫਿਰ ਔਰਥੋਗ੍ਰਾਫ਼ੀ, ਗੁਰਮੁਖੀ ਬਾਰੇ ਪ੍ਰਾਪਤ ਅਧਿਐਨ, ਗੁਰਮੁਖੀ ਦੀ ਜੁਗਤ ਤੇ ਅੰਤ 'ਚ ਪੁਸਤਕ ਦਾ ਸਾਰੰਸ਼ ਸਿੱਟੇ ਤੇ ਪ੍ਰਾਪਤੀਆਂ। ਇਹ ਪੁਸਤਕ ਖੋਜ-ਨਿਬੰਧਾਂ ਦਾ ਸੰਗ੍ਰਹਿ ਆਖੀ ਜਾ ਸਕਦੀ ਹੈ। ਪੁਸਤਕ 'ਚੋਂ ਮੁੱਲਵਾਨ ਵਿਚਾਰਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਤਾਂ ਜੋ ਭਾਸ਼ਾ ਤੇ ਲਿੱਪੀ ਬਾਰੇ ਭਰਮ ਭੁਲੇਖੇ ਦੂਰ ਹੋ ਸਕਣ ਤੇ ਸੱਜਰੀ ਖੋਜ ਪੱਲੇ ਪੈ ਸਕੇ।
ਇਸ ਖੋਜ ਪੁਸਤਕ ਦੇ ਤਿੰਨ ਅਧਿਆਇ ਹਨ। ਪਹਿਲੇ 'ਚ ਔਰਥੋਗ੍ਰਾਫ਼ੀ ਸੰਕਲਪ ਦਾ ਇਤਿਹਾਸਕ, ਸਿਧਾਂਤਕ ਤੇ ਪ੍ਰਕਾਰਜੀ ਪਰਿਪੇਖ ਵਿਚ ਵਰਣਨ ਹੈ। ਦੂਜੇ ਵਿਚ ਗੁਰਮੁਖੀ ਬਾਰੇ ਹੋਏ ਖੋਜ-ਕਾਰਜਾਂ ਦਾ ਸਰਵੇਖਣ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ। ਤੀਜੇ ਵਿਚ ਗੁਰਮੁਖੀ ਦੀ ਜੁਗਤ ਦਾ ਅਧਿਐਨ। ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਬਾਰੇ ਵਿਸਤ੍ਰਿਤ ਅਧਿਐਨ ਦੇ ਸੁਝਾਅ ਦਿੱਤੇ ਗਏ ਹਨ। ਪੰਜਾਬੀ ਭਾਸ਼ਾ ਦੇ ਸ਼ੁੱਧ ਉਚਾਰਨ ਅਤੇ ਸ਼ੁੱਧ ਲਿਖਤ ਪ੍ਰਕਰਨ ਲਈ ਇਹ ਪੁਸਤਕ ਅਧਿਆਪਕਾਂ, ਖੋਜੀ-ਵਿਦਿਆਰਥੀਆਂ ਤੇ ਪੰਜਾਬੀ ਪ੍ਰੇਮੀਆਂ ਲਈ ਪੜ੍ਹਨਯੋਗ ਹੈ। ਜੋ ਹੋ ਸਕੇ ਤਾਂ ਐਮ.ਏ. ਸਿਲੇਬਸ ਦੇ ਭਾਸ਼ਾ-ਵਿਗਿਆਨ ਪਰਚੇ ਲਈ ਸਹਾਇਕ ਪੁਸਤਕ ਵਜੋਂ ਸੁਝਾਈ ਜਾ ਸਕਦੀ ਹੈ। ਇਹ ਮੰਨਿਆ ਜਾ ਚੁੱਕਿਆ ਹੈ ਕਿ ਲਿਖਤ, ਉਚਾਰਨ ਉੱਤੇ ਆਧਾਰਿਤ ਹੁੰਦੀ ਹੈ ਜਿਸ ਦਾ ਮਾਧਿਅਮ ਉਸ ਭਾਸ਼ਾ ਦੀ ਲਿੱਪੀ ਹੁੰਦੀ ਹੈ। ਡਾ. ਮਨਮੋਹਨ ਨੇ ਇਸ ਗੱਲ ਨੂੰ ਨਿਰਖ-ਪਰਖ ਕੇ ਸਿੱਧ ਕੀਤਾ ਹੈ ਕਿ ਪੰਜਾਬੀ ਭਾਸ਼ਾ ਲਈ ਢੁਕਵੀਂ ਲਿੱਪੀ ਗੁਰਮੁਖੀ ਹੀ ਹੈ। ਇਸ ਦੇ ਅੰਤਰਗਤ ਅੱਖਰ ਕ੍ਰਮ, ਵਰਣਾਂ, ਲਗਾਂ-ਮਾਤਰਾਵਾਂ ਅਤੇ ਸਹਾਇਕ ਚਿੰਨ੍ਹਾਂ ਤੋਂ ਇਲਾਵਾ ਵਿਰਾਮ-ਚਿੰਨ੍ਹਾਂ, ਮੁੱਢ-ਅੱਖਰੀ ਸ਼ਬਦਾਂ, ਸੰਖਿਪਤ ਤਰਕੀਬ ਆਦਿ ਦੀ ਵਰਤੋਂ ਤੇ ਕਾਰਜ ਦਾ ਵਰਣਨ ਕੀਤਾ ਗਿਆ। ਔਰਥੋਗ੍ਰਾਫ਼ੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਹਰ ਲਿੱਪੀ ਵਿਚ ਵਿਭਿੰਨ ਕਰੈਕਟਰ ਸ਼ਾਮਿਲ ਹੁੰਦੇ ਹਨ। ਲਿੱਪੀ ਉਹ ਪਰੰਪਰਕ ਚਿੰਨ੍ਹ ਹੁੰਦੇ ਹਨ ਜੋ ਲਿਖਤ ਰਾਹੀਂ ਕਿਸੇ ਭਾਸ਼ਾ ਦੀ ਦ੍ਰਿਸ਼ਮੂਲਕ ਪ੍ਰਸਤੁਤੀ ਕਰਦੇ ਹਨ। ਇਸੇ ਕਰਕੇ ਭਾਸ਼ਾ ਤੇ ਲਿਖਤ ਨੂੰ ਪੜ੍ਹਨ ਤੇ ਪੜ੍ਹਾਉਣ ਦੀ ਪ੍ਰਕਿਰਿਆ ਵਿਚ ਔਰਥੋਗ੍ਰਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਅਜੋਕੇ ਸਮਿਆਂ 'ਚ ਪੰਜਾਬੀ ਦੇ ਬੁਲਾਰੇ ਲਹਿੰਦੇ ਪੰਜਾਬ (ਪਾਕਿਸਤਾਨ), ਯੂਰਪ, ਅਮਰੀਕਾ, ਕੈਨੇਡਾ, ਮੱਧਪੂਰਵ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਵਿਚ ਜਾ ਵਸੇ ਹਨ। ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਭਾਰਤੀ ਵਿਰਸੇ ਨਾਲ ਜੋੜਨ ਲਈ ਪੰਜਾਬੀ ਭਾਸ਼ਾ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਗੁਰਮੁਖੀ ਦੀ ਪੈਂਤੀ ਨੂੰ ਤੋੜ, ਅੱਖਰਾਂ ਥੱਲੇ ਪੈਂਦੀਆਂ ਬਿੰਦੀਆਂ, ਮੁਹਾਰਨੀ ਅਤੇ ਬਿੰਦੀ, ਟਿੱਪੀ ਤੇ ਅੱਧਕ ਚਿੰਨ੍ਹਾਂ ਦੀ ਕੁੱਲ ਗਿਣਤੀ 53 ਬਣਦੀ ਹੈ, ਜਿਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਹੈ। ਪੁਸਤਕ ਦਾ ਨਾਂਅ ਢੁਕਵਾਂ ਅਤੇ ਸਰਵਰਕ ਫੱਟੀ 'ਤੇ ਅੰਕਿਤ ਲਿੱਪੀ ਚਿੰਨ੍ਹ ਇਸ ਪੁਸਤਕ ਦੀ ਵਿਸ਼ਾ-ਸਮੱਗਰੀ

14-10-2023

ਡੂੰਘੀਆਂ ਰਮਜ਼ਾਂ
ਲੇਖਕ : ਅਮਰਜੀਤ ਬਰਾੜ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 94179-49079

'ਡੂੰਘੀਆਂ ਰਮਜ਼ਾਂ' ਨਿਬੰਧ ਲੇਖਕ ਅਮਰਜੀਤ ਬਰਾੜ ਦਾ ਨੌਵਾਂ ਨਿਬੰਧ-ਸੰਗ੍ਰਹਿ ਹੈ। ਪੁਸਤਕ ਵਿਚਲੇ 67 ਨਿਬੰਧਾਂ ਦੇ ਪਾਠ ਤੋਂ ਸਪੱਸ਼ਟ ਹੁੰਦਾ ਹੈ ਕਿ ਨਿਬੰਧਕਾਰ ਆਪਣੀਆਂ ਇਨ੍ਹਾਂ ਲਿਖਤਾਂ ਰਾਹੀਂ ਅਜੋਕੇ ਮਨੁੱਖ ਅਤੇ ਖਾਸ ਕਰਕੇ ਆਧੁਨਿਕ ਪੀੜ੍ਹੀ ਵਿਚੋਂ ਮਨਫ਼ੀ ਹੋ ਰਹੀਆਂ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਫ਼ਿਕਰਮੰਦ ਹੈ। ਜਿਸ ਕਾਰਨ ਸਮਾਜ ਵਿਚ ਅਨਾਰਕੀ, ਅਰਾਜਕਤਾ, ਆਪਾਧਾਪੀ, ਆਪਹੁਦਰੇਪਣ ਅਤੇ ਅਸ਼ਿਸ਼ਟਾਚਾਰ ਵਾਲਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਸੰਸਕਾਰਾਂ ਦੀ ਘਾਟ ਕਾਰਨ ਲੋਕ ਸਵਾਰਥਪੁਣੇ ਦੇ ਸ਼ਿਕਾਰ ਹੋ ਕੇ ਰਿਸ਼ਤਿਆਂ ਦਾ ਘਾਣ ਕਰ ਰਹੇ ਹਨ। ਭੌਤਿਕਤਾ ਦੀ ਅੰਨ੍ਹੀ ਦੌੜ ਅਤੇ ਮੁਕਾਬਲੇਬਾਜ਼ੀ ਵਿਚ ਫਸ ਕੇ ਸਾਰੇ ਬੇਕਾਇਦੀਆਂ ਦੇ ਸ਼ਿਕਾਰ ਹੋ ਰਹੇ ਹਨ। ਸੰਯੁਕਤ ਪਰਿਵਾਰ ਟੁੱਟ ਰਹੇ ਹਨ। ਵਿਅਕਤੀਵਾਦੀ ਇਕਾਈਆਂ ਸਥਾਪਿਤ ਹੋ ਰਹੀਆਂ ਹਨ। ਰਿਸ਼ਤਿਆਂ ਵਿਚਾਲੇ ਤਰੇੜਾਂ ਵਧ ਰਹੀਆਂ ਹਨ। ਵਿਚਾਰਾਂ ਦੀਆਂ ਨੀਹਾਂ ਖੁਰ ਰਹੀਆਂ ਹਨ। ਵਿਸ਼ਵਾਸ ਗ਼ਰਕ ਰਿਹਾ ਹੈ। ਅਵਿਸ਼ਵਾਸ ਤੇ ਅਕ੍ਰਿਤਘਣਤਾ ਵਧਣ ਨਾਲ ਬਜ਼ੁਰਗਾਂ ਦੀ ਬੇਕਦਰੀ ਹੋ ਰਹੀ ਹੈ। ਨੈਤਿਕਤਾ ਦਾ ਪੰਛੀ ਉਡ ਜਾਣ ਕਰਕੇ ਪਵਿੱਤਰ ਰਿਸ਼ਤੇ ਕਲੰਕਿਤ ਹੋ ਰਹੇ ਹਨ। ਹੰਕਾਰ, ਬੇਸਬਰਾਪਣ, ਬਦਤਮੀਜ਼ੀ, ਬਦਇਖਲਾਕੀ, ਹੈਂਕੜਬਾਜ਼ੀ ਕਰਕੇ ਰੋਡਰੇਜਿੰਗ, ਆਨਰ-ਕਿਲਿੰਗ (ਅਣਖ਼ ਖਾਤਿਰ ਕਤਲ) ਹੋ ਰਹੀ ਹੈ। ਵਧ ਚੁੱਕੀ ਨਸ਼ਾਖੋਰੀ, ਨੰਗੇਜ, ਅਸ਼ਲੀਲਤਾ, ਭੜਕਾਉ ਪਹਿਰਾਵੇ ਕਰਕੇ ਜਬਰ-ਜਨਾਹ ਤੇ ਕਤਲ ਦੀਆਂ ਵਾਰਦਾਤਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਛੋਟੇ ਬੱਚਿਆਂ ਨੂੰ ਉਮਰ ਤੋਂ ਪਹਿਲਾਂ ਹੀ ਉਹ ਸਭ ਕੁਝ ਮੁਹੱਈਆ ਹੋ ਰਿਹਾ ਹੈ, ਜਿਸ ਦੀ ਹਾਲੇ ਉਨ੍ਹਾਂ ਨੂੰ ਬਿਲਕੁਲ ਵੀ ਲੋੜ ਨਹੀ ਹੈ। ਸਾਡੇ ਨੌਜਵਾਨ ਹੱਥੀਂ ਮਿਹਨਤ ਨਾ ਕਰਕੇ 'ਇਜ਼ੀ ਮਨੀ ਅਰਨਿੰਗ' ਲਈ ਗੈਂਗਸਟਰਾਂ, ਮਾਫ਼ੀਆ ਦੇ ਹੱਥਾਂ 'ਚ ਖੇਡ ਰਹੇ ਹਨ। ਏ. ਟੀ. ਐਮ. ਲੁੱਟਾਂ, ਝਪਟਮਾਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੋਇਆ ਹੈ। ਇਸ ਸਭ ਮੂਹਰੇ ਪ੍ਰਸ਼ਾਸਨ ਅਤੇ ਪੁਲਿਸ ਬੇਬੱਸ ਜਾਪਦੀ ਹੈ। ਜਵਾਨੀ ਵਿਦੇਸ਼ਾਂ ਵੱਲ ਭੱਜ ਰਹੀ ਹੈ। ਬ੍ਰੇਨ ਡਰੇਨ ਹੋ ਰਿਹਾ ਹੈ। ਬੇਰੁਜ਼ਗਾਰੀ ਕਰਕੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਗ਼ਲਤ ਹੱਥਾਂ ਦਾ ਖਿਡਾਉਣਾ ਬਣਨ ਦੀ ਬਜਾਏ, ਕਿਸੇ ਨਸ਼ੇੜੀ ਟੋਲੇ, ਮਾਫ਼ੀਏ ਜਾਂ ਗੈਂਗਸਟਰਾਂ ਦਾ ਸਾਥੀ ਬਣਨ ਤੋਂ ਪਹਿਲਾਂ ਵਿਦੇਸ਼ ਨਿਕਲ ਜਾਵੇ ਤੇ ਉਹ ਮਿਹਨਤ ਤੇ ਸੁੱਖ ਦੀ ਰੋਟੀ ਖਾ ਸਕੇ। ਇਸ ਮਾਹੌਲ ਤੋਂ ਦੁਖੀ ਹੋਏ ਮਾਪੇ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਤੋਂ ਦੂਰ ਕਰਕੇ ਆਪਣਾ ਬੁਢਾਪਾ ਰੋਲਣ ਲਈ ਮਜਬੂਰ ਹੋ ਰਹੇ ਹਨ। ਅਜਿਹੇ ਅਣਸੁਖਾਵੇਂ ਤੇ ਫ਼ਿਕਰਮੰਦ ਹਾਲਾਤ ਵਿਚ ਅਮਰਜੀਤ ਬਰਾੜ ਆਪਣੀ ਪੁਸਤਕ 'ਡੂੰਘੀਆਂ ਰਮਜ਼ਾਂ' ਰਾਹੀਂ ਸਮੁੱਚੀ ਲੋਕਾਈ ਨੂੰ ਸੁਚੇਤ, ਜਾਗਰੂਕ ਕਰਕੇ ਉਨ੍ਹਾਂ ਅੰਦਰ ਸੁੱਕਦੇ ਜਾਂਦੇ ਸੰਵੇਦਨਾ ਦੇ ਸੋਮੇ ਨੂੰ ਮੁੜ ਸੁਰਜੀਤ ਕਰਨ ਦਾ ਉਪਰਾਲਾ ਕਰ ਰਹੇ ਹਨ। ਆਮ ਲੋਕਾਂ ਨੂੰ ਸੁਣਨ, ਪੜ੍ਹਨ ਨੂੰ ਸਧਾਰਨ ਜਿਹੀਆਂ ਪਰ ਜ਼ਿੰਦਗੀ ਲਈ ਅੰਮ੍ਰਿਤ ਵਰਗਾ ਅਸਰ ਪਾਉਣ ਵਾਲੀਆਂ ਇਨ੍ਹਾਂ ਲਿਖਤਾਂ ਰਾਹੀਂ ਆਪਣਾ ਫ਼ਰਜ਼ ਅਦਾ ਕਰ ਰਹੇ ਹਨ। ਇਸ ਪੁਸਤਕ ਦੇ ਇਕ-ਇਕ ਨਿਬੰਧ ਦੇ ਇਕ-ਇਕ ਪੈਰ੍ਹੇ, ਇਕ-ਇਕ ਸਤਰ, ਇਕ-ਇਕ ਲਫਜ਼ ਵਿਚ ਜ਼ਿੰਦਗੀ ਕਸ਼ੀਦ ਕੇ ਰੱਖੀ ਗਈ ਹੈ। ਲੇਖਕ ਨੇ ਆਪਣੇ ਅਨੁਭਵਾਂ ਦਾ ਅਰਕ ਨਿਚੋੜ ਕੇ ਛੋਟੇ-ਛੋਟੇ ਪਰ ਵਿਸ਼ਾਲ ਅਰਥੀ ਤੇ ਗਹਿਰਾਈ ਵਾਲੇ ਜ਼ਜ਼ਬਾਤਾਂ ਵਾਲੇ ਨਿਬੰਧਾਂ ਰਾਹੀ ਗਿਆਨ ਦੀਆਂ ਪੁੜੀਆਂ ਵੰਡੀਆਂ ਹਨ। ਅਕਲ ਦਾ ਛੱਟਾ ਦਿੱਤਾ ਹੈ। ਲੇਖਕ ਦੀ ਭਾਸ਼ਾ ਸਰਲ, ਮੁਹਾਵਰੇਦਾਰ ਅਤੇ ਸਿੱਧਾ ਦਿਲ 'ਤੇ ਅਸਰ ਕਰਨ ਵਾਲੀ ਹੈ। ਕੁਝ ਕੁਟੇਸ਼ਨਾਂ ਤਾਂ ਜਿਵੇ ਸ਼ਲੋਕ ਜਾਂ ਸੁਕਤੀਆਂ, ਨਸੀਹਤਾਂ, ਉਪਦੇਸ਼ ਬਣ ਗਈਆਂ ਹਨ। ਮਿਸਾਲ ਵਜੋਂ-ਜੇ ਤੁਸੀਂ ਕਿਸੇ ਨੂੰ ਹਸਾ ਨਹੀਂ ਸਕਦੇ ਤਾਂ ਸਮਝ ਲੈਣਾ ਚਾਹੀਦਾ ਹੈ ਤੁਸੀਂ ਪਿਆਰ ਦੇ ਯੋਗ ਹੀ ਨਹੀਂ ਹੋ। 'ਡੱਡੂ ਭਾਵੇਂ ਹੀਰਿਆਂ ਦੀ ਖਾਣ 'ਤੇ ਬੈਠਾ ਹੋਵੇ ਪਰ ਉਹ ਛਾਲ ਗੰਦੇ ਪਾਣੀ ਵਿਚ ਹੀ ਮਾਰੇਗਾ।' ਬੇਸ਼ੱਕ ਇਹ ਨਿਬੰਧ ਸਮੇਂ-ਸਮੇਂ 'ਤੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ ਪਰ ਇਨ੍ਹਾਂ ਨੂੰ ਪੁਸਤਕ ਰੂਪ ਵਿਚ ਪੜ੍ਹਨਾ ਦਿਲ-ਦਿਮਾਗ਼ 'ਤੇ ਡੂੰਘਾ ਤੇ ਸਦੀਵੀਂ ਅਸਰ ਪਾਉਣ ਦੀ ਸਮਰੱਥਾ ਰੱਖਦਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਸਿੱਖ ਧਰਮ ਦੀਆਂ ਮਹਾਨ ਇਸਤਰੀਆਂ
ਸੰਪਾਦਕ : ਦਿਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਮੁੱਲ : 450 ਰੁਪਏ, ਸਫ਼ੇ : 272
ਸੰਪਰਕ : 98148-98570


ਸਰਦਾਰ ਦਿਲਜੀਤ ਸਿੰਘ ਇਕ ਉੱਦਮੀ, ਕਰਮਸ਼ੀਲ ਅਤੇ ਵਿਰਸੇ ਪ੍ਰਤੀ ਸਜੱਗ ਲੇਖਕ ਹੈ। ਆਪਣੀਆਂ ਲਿਖਤਾਂ ਦੁਆਰਾ ਉਹ ਸਿੱਖ ਧਰਮ ਦੇ ਕੁਝ ਵਿਸ਼ੇਸ਼ ਪਹਿਲੂਆਂ ਦਾ ਇਕ 'ਇਨਸਾਈਕਲੋਪੀਡੀਆ' ਤਿਆਰ ਕਰ ਰਿਹਾ ਹੈ। ਸਿੱਖ ਕੌਮ ਆਪਣੇ ਸਮੇਂ ਦੇ ਇਕ ਬਹੁਤ ਸ਼ਕਤੀਸ਼ਾਲੀ ਸਾਮਰਾਜ (ਮੁਗ਼ਲ ਵੰਸ਼) ਨਾਲ ਆਜ਼ਾਦੀ ਦਾ ਮਹਾਨ ਯੁੱਧ ਲੜ ਰਹੀ ਸੀ, ਜੋ ਵਿਚਾਰਧਾਰਕ ਤੇ ਅਮਲੀ ਤੌਰ 'ਤੇ 16ਵੀਂ ਸਦੀ ਦੇ ਆਰੰਭ ਤੋਂ ਲੈ ਕੇ 20ਵੀਂ ਸਦੀ ਦੇ ਅੱਧ (1947 ਈ.) ਤੱਕ ਲੜਿਆ ਗਿਆ ਸੀ। ਪਰ ਇਹ ਯੁੱਧ ਅਜੇ ਤੱਕ ਵੀ ਸਮਾਪਤ ਨਹੀਂ ਹੋਇਆ ਅਤੇ ਜਿੰਨੀ ਦੇਰ ਤੱਕ 'ਹਲੇਮੀ ਰਾਜ' ਦੀ ਸਥਾਪਨਾ ਨਹੀਂ ਹੋ ਜਾਂਦੀ, ਇਹ ਲੜਿਆ ਜਾਂਦਾ ਰਹੇਗਾ। ਇਸ ਲੰਮੇ ਯੁੱਧ ਦੇ ਕਈ ਮਹਾਨ ਦੌਰ ਸ. ਬੇਦੀ ਨੇ ਇਕੱਤਰ ਕਰ ਕੇ ਸੰਭਾਲੇ ਹਨ। ਉਸ ਦੀਆਂ ਸਾਰੀਆਂ ਲਿਖਤਾਂ ਸਰੋਤ-ਗ੍ਰੰਥਾਂ ਦੇ ਰੂਪ ਵਿਚ ਵਾਚੀਆਂ ਜਾਣ ਵਾਲੀਆਂ ਹਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਧਰਮ ਵਿਚ 'ਜੈਂਡਰ' ਦਾ ਕੋਈ ਮਹੱਤਵ ਨਹੀਂ ਹੈ। ਸ. ਬੇਦੀ ਨੇ ਇਸ ਪੁਸਤਕ ਵਿਚ ਸਿੱਖ ਧਰਮ ਦੀਆਂ ਕੁਝ ਮਹਾਨ ਇਸਤਰੀਆਂ ਬਾਰੇ ਲਿਖੇ-ਲਿਖਵਾਏ ਕੁਝ ਵਿਸ਼ੇਸ਼ ਲੇਖ ਆਪਣੀ ਪੁਸਤਕ ਵਿਚ ਸੰਗ੍ਰਹਿਤ ਕੀਤੇ ਹਨ। ਡਾ. ਕੁਲਵੰਤ ਕੌਰ, ਡਾ. ਗੁਰਨਾਮ ਕੌਰ, ਡਾ. ਸਰਬਜੀਤ ਕੌਰ ਸੰਧਾਵਾਲੀਆ ਅਤੇ ਸ੍ਰੀਮਤੀ ਪਰਮਜੀਤ ਕੌਰ ਸਰਹਿੰਦ, (ਯਸ਼ਪ੍ਰੀਤ ਕੌਰ, ਡਾ. ਰਾਜਵੰਤ ਕੌਰ ਪੰਜਾਬੀ...) ਸਮੇਤ ਕੁਝ ਪੁਰਸ਼ ਲੇਖਕਾਂ ਨੇ ਵੀ ਮਹਾਨ ਸਿੱਖ-ਇਸਤਰੀਆਂ ਦੇ ਯੋਗਦਾਨ ਬਾਰੇ ਲਿਖਿਆ ਹੈ। ਪ੍ਰੰਤੂ ਸੰਪਾਦਕ ਦੀ ਸ਼ੁਭ ਭਾਵਨਾ ਦੇ ਉਲਟ ਬਹੁਤੇ (ਮਰਦ) ਲੇਖਕ ਇਸਤਰੀ ਦੀ ਮਹਿਮਾ ਨੂੰ ਮੱਧਯੁਗੀਨ ਮਾਪਦੰਡਾਂ ਦੁਆਰਾ ਹੀ ਨਿਰਖਦੇ-ਪਰਖਦੇ ਹਨ। ਉਨ੍ਹਾਂ ਅਨੁਸਾਰ ਮਮਤਾ, ਕੁਰਬਾਨੀ, ਸੇਵਾ, ਸਹਿਣਸ਼ੀਲਤਾ, ਖ਼ਾਨਦਾਨੀ-ਗੌਰਵ, ਲੱਜਾ, ਰਸੋਈ-ਨਿਪੁੰਨਤਾ ਅਤੇ ਪਤੀ-ਭਗਤੀ ਹੀ ਨਾਰੀ ਦੇ ਮੁੱਖ ਲੱਛਣ ਹੁੰਦੇ ਹਨ ਜਾਂ ਹੋਣੇ ਚਾਹੀਦੇ ਹਨ। ਪਰ ਹੁਣ ਸਮਾਜ ਅਤੇ ਸੱਭਿਆਚਾਰ ਦੀਆਂ ਲੋੜਾਂ ਬਦਲ ਗਈਆਂ ਹਨ, ਜਿਨ੍ਹਾਂ ਕਾਰਨ ਨਾਰੀ ਦੀ ਸੋਚ ਵੀ ਬਦਲ ਰਹੀ ਹੈ। ਨਵੀਂ ਸੋਚ ਵਾਲੀ ਨਾਰੀ ਦਾ ਇਤਿਹਾਸ ਲਿਖਣ ਲਈ ਨਾਰੀਆਂ ਨੂੰ ਖ਼ੁਦ ਅੱਗੇ ਆਉਣਾ ਪਵੇਗਾ...।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਓਹਲਿਆਂ ਦੇ ਆਰ ਪਾਰ
ਕਹਾਣੀਕਾਰਾ : ਜਸਪਾਲ ਕੌਰ
ਪ੍ਰਕਾਸ਼ਕ : ਕਸਤੂਰੀ ਲਾਲ ਐਂਡ ਸੰਨਜ਼, ਅੰਮ੍ਰਿਤਸਰ
ਮੁੱਲ : 180 ਰੁਪਏ, ਸਫ਼ੇ : 112
ਸੰਪਰਕ : 90230-78868

ਇਸ ਪੁਸਤਕ ਵਿਚ ਦਸ ਕਹਾਣੀਆਂ ਹਨ ਜੋ ਅਜੋਕੇ ਮਨੁੱਖ ਦੀ ਮਾਨਸਿਕਤਾ ਅਤੇ ਸੰਤਾਪ ਦੀ ਬਾਤ ਪਾਉਂਦੀਆਂ ਹਨ। ਅੱਜ ਹਰ ਮਨੁੱਖ ਪ੍ਰੇਸ਼ਾਨ ਹੈ, ਚਿੰਤਿਤ ਹੈ ਅਤੇ ਤਿੜਕੇ ਹੋਏ ਰਿਸ਼ਤਿਆਂ ਦਾ ਦਰਦ ਹੰਢਾ ਰਿਹਾ ਹੈ। ਹਰ ਇਕ ਬੰਦੇ ਨੇ ਆਪਣੇ ਅੰਦਰ ਓਹਲੇ ਰੱਖੇ ਹੋਏ ਹਨ। ਕਹਾਣੀਕਾਰਾ ਨੇ ਇਨ੍ਹਾਂ ਓਹਲਿਆਂ ਦੇ ਆਰ-ਪਾਰ ਝਾਕ ਕੇ ਵੱਖੋ-ਵੱਖਰੇ ਵਿਸ਼ਿਆਂ ਅਤੇ ਰੰਗਾਂ ਦੀਆਂ ਕਥਾਵਾਂ ਲਿਖੀਆਂ ਹਨ। ਇਨ੍ਹਾਂ ਵਿਚ ਕਿਤੇ ਕੋਈ ਧੀ-ਭੈਣ ਆਪਣਿਆਂ ਦੀ ਬੇਰੁਖੀ ਹੰਢਾਉਂਦੀ, ਰਿਸ਼ਤਿਆਂ ਤੋਂ ਬੇਜ਼ਾਰ ਹੋ ਜਾਂਦੀ ਹੈ, ਕਿਤੇ ਕੋਈ ਮਾਸੀ ਕਿਸੇ ਦਾ ਚੁੱਲ੍ਹਾ ਚੌਂਕਾ ਸੰਭਾਲਦੀ ਆਪ ਹੀ ਸਿਮਟ ਜਾਂਦੀ ਹੈ। ਚਾਵਾਂ, ਹੱਕਾਂ, ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਦੀ ਜੰਗ ਵਿਚ ਜੂਝਦਾ ਬੰਦਾ ਹੰਭੀ ਹਾਰੀ ਹੋਈ ਜ਼ਿੰਦਗੀ ਦਾ ਭਾਰ ਢੋਂਦਾ ਰਹਿੰਦਾ ਹੈ। ਕਹਾਣੀਆਂ ਦੇ ਪਾਤਰ ਸਾਡੇ ਆਲੇ-ਦੁਆਲੇ ਦੀ ਜ਼ਿੰਦਗੀ ਵਿਚ ਹੀ ਵਿਚਰਦੇ ਹਨ। ਕਹਾਣੀਕਾਰਾ ਨੇ ਬਹੁਤ ਸਾਦਗੀ, ਸੁਹਜ ਅਤੇ ਇਮਾਨਦਾਰੀ ਨਾਲ ਇਹ ਕਹਾਣੀਆਂ ਸਿਰਜੀਆਂ ਹਨ। ਇਨ੍ਹਾਂ ਨੂੰ ਰੌਚਕ ਬਣਾਉਣ ਲਈ ਕਾਵਿ ਟੂਕਾਂ ਅਤੇ ਗੀਤਾਂ ਦੇ ਹਵਾਲੇ ਵੀ ਦਿੱਤੇ ਗਏ ਹਨ। ਬੱਚੀਆਂ ਨਾਲ ਹੋਣ ਵਾਲੀਆਂ ਅਸ਼ਲੀਲ ਹਰਕਤਾਂ ਕਰਨ ਵਾਲੇ ਰਿਸ਼ਤੇਦਾਰਾਂ ਤੋਂ ਸੁਚੇਤ ਕੀਤਾ ਗਿਆ ਹੈ। ਬਹੁਤੀਆਂ ਔਰਤਾਂ ਸੁਲਘ-ਸੁਲਘ ਕੇ ਜਿਊਂਦੀਆਂ ਅਤੇ ਮਰ ਜਾਂਦੀਆਂ ਹਨ। ਕਈ ਸਮਾਜ ਦੇ ਖੋਖਲੇ ਨਿਯਮਾਂ ਨੂੰ ਦਰੜਨ ਦੀ ਹਿੰਮਤ ਵੀ ਰੱਖਦੀਆਂ ਹਨ। ਉਹ ਘੁੱਟ-ਘੁੱਟ ਕਰਕੇ ਜ਼ਿੰਦਗੀ ਨੂੰ ਪੀਂਦੀਆਂ ਅਤੇ ਮਾਣਦੀਆਂ ਹਨ। ਕਈ ਰਿਸ਼ਤਿਆਂ ਦੀ ਕੋਈ ਮੰਜ਼ਿਲ ਨਹੀਂ ਹੁੰਦੀ। ਔਰਤਾਂ ਜਦੋਂ ਸੰਸਕਾਰਾਂ ਨੂੰ ਤਿਲਾਂਜਲੀ ਦੇ ਦਿੰਦੀਆਂ ਹਨ ਤਾਂ ਜ਼ਿੰਦਗੀ ਵਿਚ ਤੂਫ਼ਾਨ ਆ ਜਾਂਦਾ ਹੈ। ਉਨ੍ਹਾਂ ਦੇ ਅੰਦਰੋਂ ਕੋਇਲ ਦੀ ਹੂਕ ਭਰੀ ਹੂਕ ਵਰਗੇ ਹਉਕੇ ਨਿਕਲਦੇ ਹਨ। ਆਪਣੇ-ਆਪ ਨੂੰ ਮਿਟਾ ਦੇਣਾ ਹੀ ਇਸ਼ਕ ਦੀ ਮੰਜ਼ਿਲ ਹੈ। ਸਾਰੀਆਂ ਹੀ ਕਹਾਣੀਆਂ ਬਹੁਤ ਭਾਵਪੂਰਤ ਅਤੇ ਸੰਵੇਦਨਾ ਜਗਾਉਣ ਵਾਲੀਆਂ ਹਨ। ਇਹ ਮਨੁੱਖੀ ਮਨ ਦੀਆਂ ਅਚੇਤ ਭਾਵਨਾਵਾਂ ਨੂੰ ਉਜਾਗਰ ਕਰਦੀਆਂ ਹਨ। ਲੇਖਿਕਾ ਦੇ ਇਸ ਪਲੇਠੇ ਕਹਾਣੀ-ਸੰਗ੍ਰਹਿ ਦਾ ਭਰਪੂਰ ਸੁਆਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਦਾਗ਼ੀ
ਲੇਖਕ : ਰਾਜਬੀਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 84
ਸੰਪਰਕ : 95019-80201

'ਦਾਗ਼ੀ' ਨਾਵਲ ਰਾਜਬੀਰ ਰੰਧਾਵਾ ਦਾ ਅੱਠਵਾਂ ਨਾਵਲ ਹੈ। ਇਸ ਤੋਂ ਪਹਿਲਾਂ ਉਹ ਸੱਤ ਕਾਵਿ-ਸੰਗ੍ਰਹਿ, ਕਹਾਣੀ-ਸੰਗ੍ਰਹਿ, ਸਫ਼ਰਨਾਮੇ ਅਤੇ ਸਵੈ-ਜੀਵਨੀਆਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਰਾਜਬੀਰ ਰੰਧਾਵਾ ਨੇ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਤੇ ਹੀ ਆਪਣੀ ਕਲਮ ਚਲਾਈ ਹੈ ਜੋ ਬਹੁ-ਵਿਧਾ ਲੇਖਕਾ ਹੈ। ਹਥਲੇ ਨਾਵਲ 'ਦਾਗ਼ੀ' ਨੂੰ ਉਨ੍ਹਾਂ ਨੇ ਕੁੱਲ ਗਿਆਰਾਂ ਕਾਂਡਾਂ ਵਿਚ ਵੰਡਿਆ ਹੈ ਜਿਸ ਵਿਚ ਲੇਖਿਕਾ ਨੇ ਦੇਸ਼ ਵੰਡ ਦਾ ਗਲਪੀ ਪੈਰਾਡਾਇਮ ਸਿਰਜਿਆ ਹੈ, ਜਿਸ ਵਿਚ ਦੇਸ਼ ਵੰਡ ਵੇਲੇ ਔਰਤ ਨੇ ਜੋ ਦੁਸ਼ਵਾਰੀਆਂ ਝੱਲੀਆਂ ਹਨ, ਉਨ੍ਹਾਂ ਨੂੰ ਲੇਖਿਕਾ ਨੇ ਔਰਤ ਹੋਣ ਦੇ ਨਾਤੇ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ। ਸਮੁੱਚੇ ਨਾਵਲੀ ਬਿਰਤਾਂਤ ਵਿਚ ਔਰਤਾਂ ਦੇ ਸ਼ੋਸ਼ਣ ਦੀ ਗੱਲ ਕੀਤੀ ਗਈ ਹੈ ਕਿ ਔਰਤ ਤ੍ਰਾਸਦੀ, ਸੰਕਟ, ਸਰੀਰਕ ਤੇ ਮਾਨਸਿਕ ਸ਼ੋਸ਼ਣ ਸਹਿ ਕੇ ਵੀ ਮਨ ਤੋਂ ਪਵਿੱਤਰ ਹੈ। ਸਮੁੱਚੇ ਨਾਵਲ ਵਿਚ ਹੀ ਔਰਤ ਦੀ ਤ੍ਰਾਸਦੀ ਦੀ ਤਰਜਮਾਨੀ ਕੀਤੀ ਗਈ ਹੈ ਕਿ ਔਰਤਾਂ ਦਾਗ਼ੀ ਹੋ ਕੇ ਵੀ ਆਪਣੇ ਅੰਦਰ ਕਿੰਨੀਆਂ ਦੁੱਖਾਂ-ਤਕਲੀਫ਼ਾਂ ਨੂੰ ਸਮੋਈ ਬੈਠੀਆਂ ਹਨ ਤੇ ਉਨ੍ਹਾਂ ਨੇ ਆਪਣੇ ਵਿਛੜੇ ਪਰਿਵਾਰਾਂ ਦੇ ਬਗੋਚੇ ਦੀਆਂ ਮਾਨਸਿਕ ਪੀੜਾਂ ਸਭ ਤੋਂ ਵੱਧ ਝੱਲੀਆਂ ਹਨ ਜੋ ਲਾਹੌਰ ਜਾਣਾ ਲੋਚਦੀਆਂ ਹਨ, ਆਪਣਿਆਂ ਨੂੰ ਮਿਲਣਾ ਚਾਹੁੰਦੀਆਂ ਹਨ ਤੇ ਹਮੇਸ਼ਾ ਹੀ ਮਰ-ਮਰ ਕੇ ਜਿਊਂਦੀਆਂ ਹਨ ਜੋ ਹੁਣ ਤੱਕ ਵੀ ਬਹੁਤ ਵੱਡਾ ਮਾਨਸਿਕ ਸੰਤਾਪ ਭੋਗ ਰਹੀਆਂ ਹਨ। 'ਦਾਗ਼ੀ' ਨਾਵਲ ਵਿਚ ਨਾਵਲਕਾਰਾ ਨੇ 1947 ਦੇ ਮਨੁੱਖ ਦੀ ਪੀੜਾ ਨੂੰ ਬਾਖੂਬੀ ਬਿਆਨ ਕੀਤਾ ਹੈ। ਨਾਵਲ ਮਨੁੱਖੀ ਪੀੜਾਂ, ਦੁਸ਼ਵਾਰੀਆਂ ਅਤੇ ਅਨੇਕਾਂ ਹੋਰ ਉਪ-ਵਿਸ਼ਿਆਂ ਦੀ ਪੇਸ਼ਕਾਰੀ ਕਰਦਾ ਦਿਖਾਇਆ ਗਿਆ ਹੈ। ਨਾਵਲ ਵਿਚ ਸੁੱਖ ਭੈਣ ਅਤੇ ਮਨਵੀਰ ਦੀ ਤ੍ਰਾਸਦੀ ਪਾਠਕਾਂ ਦੇ ਸਾਹਮਣੇ ਲਿਆਂਦੀ ਗਈ ਹੈ। ਰਾਜਬੀਰ ਨੂੰ ਆਪਣੀ ਗੱਲ ਕਹਿਣੀ ਆਉਂਦੀ ਹੈ ਅਤੇ ਉਸ ਦਾ ਭਾਸ਼ਾਈ ਸੰਸਾਰ ਵਿਲੱਖਣ ਹੈ। ਉਪਰੋਕਤ ਚਰਚਾ ਦੇ ਅਧਾਰ 'ਤੇ ਅਸੀਂ ਸਮੁੱਚੇ ਰੂਪ ਵਿਚ ਕਹਿ ਸਕਦੇ ਹਾਂ ਕਿ ਨਾਵਲ ਪੜ੍ਹਨਯੋਗ ਹੈ ਤੇ ਲੇਖਿਕਾ ਵਧਾਈ ਦੀ ਪਾਤਰ ਹੈ।

-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161

ਰਘੁਬੀਰ ਢੰਡ ਦੀਆਂ 21 ਕਹਾਣੀਆਂ
ਸੰਪਾਦਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 595 ਰੁਪਏ, ਸਫ਼ੇ : 267
ਸੰਪਰਕ : 080763-63058

ਗੁਰਬਚਨ ਸਿੰਘ ਭੁੱਲਰ ਨੇ ਸੰਪਾਦਕ ਵਜੋਂ ਮੁੱਖ ਸ਼ਬਦ ਲਿਖਦਿਆਂ 'ਢੰਡ' ਦੀਆਂ ਕਹਾਣੀਆਂ ਦੇ ਹਵਾਲਿਆਂ ਸਹਿਤ, ਮੁਕਤ-ਕੰਠ ਨਾਲ ਵਡਿਆਈ ਕੀਤੀ ਹੈ। ਇਸ ਪੁਸਤਕ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਢੰਡ ਨੂੰ 1970 ਵਿਚ ਡਾਕਟਰਾਂ ਨੇ ਨਕਾਰਾ ਕਰਾਰ ਦੇ ਦਿੱਤਾ ਸੀ ਕਿਉਂਕਿ ਉਸ ਨੂੰ ਸਾਹ ਦੀ ਕਸਰ (ਦਮਾ) ਸੀ ਅਤੇ ਉਹ 27 ਦਸੰਬਰ, 1990 ਨੂੰ ਕੈਂਸਰ ਦੀ ਬਿਮਾਰੀ ਨਾਲ ਸਵਰਗ ਸਿਧਾਰ ਗਿਆ। ਭੁੱਲਰ ਨੇ ਜਿਨ੍ਹਾਂ 21 ਕਹਾਣੀਆਂ ਦਾ ਸੰਪਾਦਨ ਕੀਤਾ, ਉਨ੍ਹਾਂ ਵਿਚ ਲੇਖਕ ਦੀ ਸਵੈ-ਜੀਵਨੀ ਦੇ ਅੰਸ਼ ਸਹਿਜੇ ਹੀ ਮਹਿਸੂਸ ਕੀਤੇ ਜਾ ਸਕਦੇ ਹਨ। ਜਿਵੇਂ:-ਉਹ ਦਮੇ ਵਾਲੇ ਪਾਤਰ ਪ੍ਰਸਤੁਤ ਕਰਕੇ ਆਪਣਾ ਕਥਾਰਸਿਨ ਕਰਦਾ ਪ੍ਰਤੀਤ ਹੁੰਦਾ ਹੈ। ਉਹ ਹਰ ਕੂਲੀ ਚੀਜ਼ (ਕੂਲੇਪਣ) ਨੂੰ ਪਿਆਰ ਕਰਦਾ ਹੈ (ਮੋਮਬੱਤੀਆਂ ਵਰਗੇ ਕੂਲੇ ਕੂਲੇ ਸਰੀਰ, ਗਜ਼ ਗਜ਼ ਲੰਮੇ-ਨਰਮ ਨਰਮ ਵਾਲ, ਕਥਾਵਾਂ ਵਿਚ ਪਤਨੀਆਂ ਦਾ ਰੋਲ, ਸਮਾਜਵਾਦੀ ਪਾਤਰ, ਮਾਲਵੇ ਦੀਆਂ ਯਾਦਾਂ ਇਤਿਆਦਿ)। ਇੰਝ ਇਨ੍ਹਾਂ ਕਹਾਣੀਆਂ ਦੀਆਂ ਤੈਹਾਂ ਫਰੋਲ ਕੇ ਰਘੂਬੀਰ ਢੰਡ ਦੀ (ਪੂਰੀ ਨਾ ਸਹੀ) ਅੱਧੀ ਪੌਣੀ ਸਵੈ-ਜੀਵਨੀ ਕੋਈ ਵੀ ਪਾਰਖੂ ਲਿਖਣ ਦੇ ਸਮਰੱਥ ਹੋ ਸਕਦਾ ਹੈ। ਲੇਖਕ ਦਾ ਅਸਤਿਤਵ ਇਨ੍ਹਾਂ ਵਿਚੋਂ ਝਲਕਾਰੇ ਮਾਰਦਾ ਵਿਖਾਈ ਦਿੰਦਾ ਹੈ। ਇਨ੍ਹਾਂ ਇੱਕੀ ਕਹਾਣੀਆਂ ਦੇ ਕੇਂਦਰੀ ਸੂਤਰ/ਵਿਸ਼ੇ ਆਦਿ ਦੀ ਨਿਸ਼ਾਨਦੇਹੀ ਸੰਭਵ ਹੈ। ਜਿਵੇਂ : ਰੁਜ਼ਗਾਰ ਲਈ ਭਟਕਦਾ ਯੁਵਕ (ਹੂੰ), ਅਤਿ ਸੰਵੇਦਨਸ਼ੀਲ ਲੜਕੀ ਜੋ ਚਿੜੀ ਦੇ ਡੀਟੀ ਵੱਜਣ ਕਾਰਨ ਬਿਮਾਰ ਹੋ ਜਾਂਦੀ ਹੈ (ਚਿੜੀਆਂ), ਵੀ.ਆਈ.ਪੀਆਂ ਦੇ ਬੱਚਿਆਂ 'ਚ ਗਿਆਨ ਦੀ ਘਾਟ (ਗਧੇ), ਵਿਚਾਰਧਾਰਾਈ ਵਿਰੋਧ (ਕੀੜਾ), ਕਸ਼ਮੀਰ ਦੇ ਪਿੰਡਾਂ ਵਿਚ ਕੋਈ ਸਮਾਜਿਕ ਬੰਦਸ਼ਾਂ ਨਹੀਂ (ਜਾਨਵਰ), ਉੱਤਰੀ ਅਤੇ ਦੱਖਣੀ ਕੋਰੀਆ ਨੂੰ ਵੰਡ ਦਾ ਰੇਲਵੇ ਲਾਈਨ ਦੇ ਵਿਚਕਾਰ ਖੜ੍ਹਾ ਬਿਰਛ (ਦਰੱਖਤ), ਪੰਜਾਬੀਅਤ ਦੇ ਸੁਭਾਅ ਦੀ ਪ੍ਰਤੀਨਿਧਤਾ ਕਰਦਾ ਨਾਇਕ (ਸ਼ਾਨੇ ਪੰਜਾਬ), ਵਜੂਦੀਅਤ ਨੂੰ ਵੱਜਿਆ ਡੰਗ (ਨਵੀਂ ਕਿਸਮ ਦਾ ਨਾਗ), ਲੋਕ ਕਲਾਕਾਰਾਂ ਦੀ ਬੇਅਦਬੀ (ਕੁਰਸੀ), ਆਰਥਿਕ ਪਾੜੇ ਦਾ ਦੁਖਾਂਤ (ਕਾਲੀ ਨਦੀ ਦਾ ਸੇਕ), ਗੋਰੀ ਔਰਤ ਲਈ ਕਾਲੇ ਟੈਕਸੀ ਵਾਲੇ ਖ਼ਤਰਨਾਕ (ਆਪਣੇ ਪਰਾਏ), ਐਮਰਜੈਂਸੀ ਸਮੇਂ ਜੇਲ੍ਹ (ਕਾਇਆ ਕਲਪ), ਪੌਂਡਾਂ ਨਾਲ, ਨਫ਼ਰਤ ਦੀ, ਪ੍ਰੀਤ 'ਚ ਤਬਦੀਲੀ (ਸੱਪ ਦੀ ਅੱਖ), ਚਕਵਾ ਅਤੇ ਚਕਵੀ ਦੇ ਮਾਧਿਅਮ ਰਾਹੀਂ ਸਾਹਿਤਕ ਟੁਣਕਾਰਾਂ (ਛਣਕਾਰ), 1947 ਤੋਂ 1984 ਦਾ ਦੁਖਾਂਤ (ਕਬਰਾਂ ਤੋਂ ਸਿਵਿਆਂ ਨੂੰ), ਨਾਇਕਾ ਵਲੋਂ ਖ਼ੁਦ ਦੀ ਬੇਕਦਰੀ ਅਤੇ ਹੋਰ ਲੜਕੀ ਦੀ ਕਦਰ ਦਾ ਅੱਖੀਂ ਵੇਖਿਆ ਸੱਚ (ਮਲਬਾ), ਚੰਗੇ ਬੰਦੇ ਸ਼ਰੀਕਾਂ ਨੂੰ ਨੁਕਸਾਨ ਨਹੀਂ ਪੁਚਾ ਸਕਦੇ (ਸਾਈਲਾਕ ਫਿਰ ਜਿੱਤ ਗਿਆ), ਅਣ-ਸੱਦੇ ਮਹਿਮਾਨ (ਡਸਟਬਿਨ), ਨੂੰਹਾਂ, ਪੁੱਤ, ਪੋਤੇ, ਪੋਤੀਆਂ ਵਲੋਂ ਦੁਰਕਾਰੇ ਬਜ਼ੁਰਗ (ਅਮਰਨਾਥ ਦੀ ਯਾਤਰਾ), ਕਾਲੇ ਦਿਨਾਂ 'ਚ ਅਧਿਆਪਕਾਂ ਦਾ ਕਤਲ (ਭੋਗ), ਭਾਰਤੀ ਹੋਂਦ 'ਤੇ ਹਮਲਾ (ਤੁਸੀਂ ਲੋਕ) ਆਦਿ। ਕਲਾਤਮਕ ਪੱਖੋਂ ਕਥਾਵਾਂ ਦੇ ਸਿਰਲੇਖ ਸ਼ਕਤੀਸ਼ਾਲੀ ਮੈਟਾਫ਼ਰ ਹਨ। ਲੇਖਕ ਸਮਾਂ/ਸਥਾਨ/ਪਾਤਰ ਨਾਲ ਜਾਣਕਾਰੀ ਦੇ ਕੇ ਕਹਾਣੀਆਂ ਦਾ ਆਰੰਭ ਕਰਦਾ ਹੈ ਅਤੇ ਅੰਤ 'ਤੇ ਕਹਾਣੀ ਨੂੰ ਅਜਿਹਾ ਮੋੜ ਦਿੰਦਾ ਹੈ ਕਿ ਕਹਾਣੀਕਾਰ ਦਾ ਗਾਲਪਨਿਕ ਵਿਵੇਕ ਉਜਾਗਰ ਹੋ ਜਾਂਦਾ ਹੈ। ਕਹਾਣੀਆਂ ਵਿਚ ਇਤਿਹਾਸਕ ਹਵਾਲੇ ਵੀ ਹਨ। ਕਹਾਣੀਆਂ ਅਪ੍ਰਤੀਬਿੰਬਤ ਚੇਤਨਾ ਤੋਂ ਆਰੰਭ ਹੋ ਕੇ ਪ੍ਰਤੀਬਿੰਬਤ ਚੇਤਨਾ 'ਤੇ ਅਪੜਦੀਆਂ ਹਨ। ਕਹਾਣੀਆਂ ਵਿਚ 'ਢੰਡ' ਦੀ ਮਾਰਕਸਵਾਦੀ ਸੋਚ ਵਿਖਾਈ ਦਿੰਦੀ ਹੈ। ਪੱਛਮ ਵਿਚ ਰਹਿ ਕੇ ਸਿਰਜੀਆਂ ਕਹਾਣੀਆਂ 'ਚੋਂ ਮਾਲਵੇ ਦੀ ਧੜਕਣ ਸੁਣਾਈ ਦਿੰਦੀ ਹੈ। ਸੰਪਾਦਕ ਵਲੋਂ ਕਥਾਵਾਂ ਦੀ ਚੋਣ ਸ਼ਲਾਘਾਯੋਗ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਸਰਮਾਇਆ
ਸੰਪਾਦਕ : ਸ. ਸ. ਰਮਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 130
ਸੰਪਰਕ : 98722-50956

ਮੋਹਨ ਸ਼ਰਮਾ ਪੰਜਾਬੀ ਦਾ ਕਰਮਯੋਗੀ ਸਨਮਾਨਯੋਗ ਲੇਖਕ ਹੈ, ਜਿਸ ਨੂੰ ਸਟੇਟ ਐਵਾਰਡ ਅਤੇ ਪੰਜਾਬ ਸਰਕਾਰ ਵਲੋਂ ਪੁਰਸਕਾਰ ਮਿਲ ਚੁੱਕੇ ਹਨ। ਉਸ ਦਾ ਕਾਰਜ ਖੇਤਰ ਅਧਿਆਪਕੀ, ਨਸ਼ਾ ਛੁਡਾਊ ਅਧਿਕਾਰੀ ਤੇ ਸਮਾਜ-ਸੇਵੀ ਪ੍ਰਮੁੱਖ ਸ਼ਖ਼ਸੀਅਤ ਵਜੋਂ, ਜ਼ਿਲ੍ਹਾ ਸੰਗਰੂਰ ਨੂੰ ਆਪਣੀਆਂ ਲਿਖਤਾਂ ਰਾਹੀਂ ਉੱਜਵਲ ਕਰਨ ਵਾਲਾ ਰਿਹਾ ਹੈ। ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ 'ਚ ਲਿਖਣ ਕਾਰਨ, ਮੋਹਨ ਸ਼ਰਮਾ ਦੀਆਂ ਪੈੜਾਂ ਅਮਿੱਟ ਹਨ। 'ਸਰਮਾਇਆ' 'ਚ ਉਸ ਦੀਆਂ ਚੋਣਵੀਆਂ ਮਿੰਨੀ ਕਹਾਣੀਆਂ ਹਨ, ਜਿਨ੍ਹਾਂ ਨੂੰ ਬੜੀ ਮਿਹਨਤ ਨਾਲ ਸ. ਸ. ਰਮਲਾ ਨੇ ਸੰਪਾਦਿਤ ਕੀਤਾ ਹੈ। ਨਿੱਕੀ ਕਹਾਣੀ ਦੀ ਛਾਵੇਂ ਪਨਪੀ ਮਿੰਨੀ ਕਹਾਣੀ ਨੇ ਆਪਣੀ ਸਥਾਪਤੀ ਕਾਇਮ ਕਰ ਲਈ ਹੈ, ਜਿਸ ਵਿਚ ਮੋਹਨ ਸ਼ਰਮਾ ਦੀ ਦੇਣ ਸਲਾਹੁਣਯੋਗ ਹੈ। 'ਸਰਮਾਇਆ' ਵਿਚਲੀਆਂ ਮਿੰਨੀ ਕਹਾਣੀਆਂ ਸਾਡੇ ਆਲੇ-ਦੁਆਲੇ ਰੋਜ਼ਾਨਾ ਵਾਪਰਨ ਵਾਲੀਆਂ ਘਟਨਾਵਾਂ ਦੀ ਪਿੱਠਭੂਮੀ 'ਚੋਂ ਸਿਰਜੀਆਂ ਗਈਆਂ ਹਨ, ਜੋ ਬਿਨਾਂ ਉਚੇਚ ਸਹਿਜ-ਸੁਭਾਅ ਗੁੰਦੀਆਂ ਗਈਆਂ ਹਨ। ਕਹਾਣੀ ਦੀ ਵਾਰਤਕ ਟੁੰਬਣ ਵਾਲੀ ਅਤੇ ਪਾਤਰਾਂ ਦੇ ਮੂੰਹੋਂ ਸਚਾਈ ਨੂੰ ਪ੍ਰਗਟ ਕਰਨ ਵਾਲੀ ਹੈ। ਇਹ ਸ਼ੈਲੀ ਮਿੰਨੀ ਕਹਾਣੀ ਦੇ ਗੁਣਾਂ 'ਤੇ ਪੂਰੀ ਉਤਰਦੀ ਹੈ। ਕਹਾਣੀ ਦਾ ਅੰਤ ਨਾਟਕੀ ਅੰਸ਼ ਵਾਲਾ ਪਾਠਕ ਨੂੰ ਗੰਭੀਰ ਕਰ ਦਿੰਦਾ ਹੈ। ਵੱਡੀ ਸਮੱਸਿਆ ਨੂੰ ਥੋੜ੍ਹੇ ਸ਼ਬਦਾਂ ਰਾਹੀਂ ਬਿਆਨ ਕਰਨਾ ਮਿੰਨੀ ਕਹਾਣੀ ਦਾ ਵਿਸ਼ੇਸ਼ ਗੁਣ ਹੈ। ਲਗਭਗ ਜੀਵਨ ਦੇ ਹਰ ਮਸਲੇ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਮਾਜ ਦੇ ਹਰ ਵਿਭਾਗ ਦੀ ਜਾਣਕਾਰੀ ਹੋਣ ਕਾਰਨ, ਮੋਹਨ ਸ਼ਰਮਾ ਦੀਆਂ ਇਹ ਕਹਾਣੀਆਂ ਬਹੁ-ਵਿਸ਼ਿਆਂ ਨੂੰ ਕਲਾਵੇ 'ਚ ਲੈਂਦੀਆਂ ਹਨ। ਲੇਖਕ ਦੀ ਕਲਾ ਦਾ ਰੰਗ ਟੁੰਬਣ ਵਾਲਾ ਹੈ। 'ਲੀਡਰ ਦੇ ਇਸ਼ਾਰੇ 'ਤੇ ਡਰਾਈਵਰ ਨੇ ਗੱਡੀ ਹੋਰ ਤੇਜ਼ ਕਰ ਦਿੱਤੀ, ਅੱਤਵਾਦੀਆਂ ਦਾ ਇਲਾਕਾ ਜੋ ਪਾਰ ਕਰਨਾ ਸੀ' (ਰਾਸ਼ਟਰੀ ਮਸਲਾ), 'ਦਹਿਲੀਜ਼ 'ਤੇ ਪੈਰ ਰੱਖਦਿਆਂ ਉਹ ਸਿਕੰਦਰ ਹੁੰਦਾ ਸੀ ਤੇ ਪਤਨੀ ਦਾ ਸਾਹਮਣਾ ਕਰਨ ਲੱਗਿਆਂ ਪੋਰਸ' (ਸਿਕੰਦਰ ਤੇ ਪੋਰਸ), 'ਝੌਂਪੜੀ ਮਹਿਲਾਂ ਦਾ ਮੂੰਹ ਚਿੜਾ ਰਹੀ ਸੀ' (ਅਸਲੀ ਖ਼ੁਸ਼ੀ), 'ਇਸ ਵਾਰ ਪੈਸੇ ਨਹੀਂ, ਉਹ ਭਰਾ ਕੋਲੋਂ ਜ਼ਿੰਦਗੀ ਦੀ ਖ਼ੈਰ ਮੰਗ ਰਹੀ ਸੀ' (ਖੈਰਾਤ), 'ਹੁਣ ਮੀਆਂ-ਬੀਵੀ ਆਪਣੇ ਬੱਚੇ ਨਾਲ ਅੱਖਾਂ ਮਿਲਾਉਣ ਤੋਂ ਝਿਜਕ ਰਹੇ ਸਨ।' ਇਸ ਮਿਆਰੀ ਰਚਨਾ ਨਾਲ ਮਿੰਨੀ ਕਹਾਣੀ ਦਾ ਕੱਦ ਵਧਿਆ ਹੈ। (ਚਿੜੀ ਦਾ ਬੱਚਾ)

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

08-10-2023

 ਅੰਗਰੇਜ਼ੀ ਦਾ ਸੰਸਾਰ ਪ੍ਰਸਿੱਧ ਨਾਵਲ 1984
ਲੇਖਕ : ਜਾਰਜ ਓਰਵੈੱਲ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 270 ਰੁਪਏ, ਸਫ਼ੇ : 199
ਸੰਪਰਕ : 01679-233244

ਜਾਰਜ ਓਰਵੈੱਲ ਨੇ ਲੋਕਾਂ ਨੂੰ ਨਕਾਰਾਤਮਕ ਚੀਜ਼ਾਂ ਬਾਰੇ ਸਬਕ ਸਿਖਾਉਣ ਲਈ ਨਾਵਲ '1984' ਲਿਖਿਆ। ਇਸ ਨਾਵਲ ਵਰਗੀ 'ਐਨੀਮਲ ਫਾਰਮ' ਵੀ ਉਸ ਦੀ ਵਿਅੰਗਾਤਮਕ ਰਚਨਾ ਹੈ, ਜਿਸ ਵਿਚ ਸਮਾਜਵਾਦੀਆਂ ਨੂੰ ਨਿਸ਼ਾਨਾ ਬਣਾਇਆ। ਨਾਵਲ ਛਪਣ ਤੋਂ ਬਾਅਦ ਹਰ ਰਾਜਨੀਤਕ ਪਾਰਟੀ ਨੇ ਨਾਵਲ ਦੇ ਵਿਚਾਰਾਂ ਦਾ ਸਮਰਥਨ ਕੀਤਾ। ਨਾਵਲ 1984 ਵਿਚ ਬਹੁਤ ਸਾਰੇ ਪ੍ਰਭਾਵਦਾਇਕ ਥੀਮ ਤੇ ਵਿਸ਼ੇ ਹਨ। ਭਾਸ਼ਾ, ਤਕਨਾਲੋਜੀ, ਹੇਰਾ-ਫੇਰੀ, ਤਾਨਾਸ਼ਾਹੀ ਸਿਸਟਮ, ਸਵੈ-ਪਹਿਚਾਣ ਤੇ ਇਨਕਲਾਬੀ ਥੀਮ ਹਨ। ਨਾਵਲੀ ਬਿਰਤਾਂਤ ਤੋਂ ਸਪੱਸ਼ਟ ਹੁੰਦਾ ਹੈ ਕਿ ਸਮਾਜਵਾਦ ਨੇ ਮਨੁੱਖ ਦੀ ਆਜ਼ਾਦੀ ਨੂੰ ਖ਼ਤਮ ਕਰਕੇ ਪਾਰਟੀ ਦੀ ਤਾਨਾਸ਼ਾਹੀ ਸਥਾਪਿਤ ਕੀਤੀ। ਸਾਰੀ ਜਾਇਦਾਦ ਨੂੰ ਪਾਰਟੀ ਦੀ ਮਲਕੀਅਤ ਬਣਾ ਦਿੱਤਾ ਗਿਆ। ਪ੍ਰਭਾਵਿਤ ਟਿੱਪਣੀ 'ਖੇਤਾਂ ਨੂੰ ਘੋੜਿਆਂ ਨਾਲ ਵਾਹਿਆ ਜਾ ਰਿਹਾ ਹੈ ਤੇ ਕਿਤਾਬਾਂ ਨੂੰ ਮਸ਼ੀਨਾਂ ਨਾਲ ਲਿਖਿਆ ਜਾ ਰਿਹਾ ਹੈ।' ਜਾਰਜ ਨੂੰ ਸੱਜੇ ਪੱਖੀਆਂ ਦੀ ਪੂੰਜੀਵਾਦੀ ਤਾਨਾਸ਼ਾਹੀ ਤੇ ਔਗੁਣ ਨਜ਼ਰ ਨਹੀਂ ਆਉਂਦੇ। ਤਾਨਾਸ਼ਾਹੀ ਕਿਸੇ ਵੀ ਵਿਅਕਤੀ, ਪਾਰਟੀ, ਰਾਜ ਜਾਂ ਦੇਸ਼ ਦੀ ਹੋਵੇ 'ਖ਼ਤਰਨਾਕ' ਸਾਬਤ ਹੁੰਦੀ ਹੈ।
ਪਾਰਟੀ ਦੁਆਰਾ ਬਣਾਈ ਭਾਸ਼ਾ, ਨਿਊਜ਼ ਸਪੀਕ 'ਤੇ ਚਰਚਾ ਕਰਨ ਵੇਲੇ ਭਾਸ਼ਾ ਖ਼ਾਸ ਤੌਰ 'ਤੇ ਪ੍ਰਮੁੱਖ ਹੈ। ਚਿੰਨ੍ਹ ਬਿੱਗ ਬ੍ਰਦਰ, ਟੈਲੀ-ਸਕਰੀਨ, ਗਲਾਸ, ਪੇਪਰ ਵੇਟ, ਗਾਉਣ ਵਾਲੀ ਪ੍ਰੋਲ ਔਰਤ ਹਨ। ਜਾਰਜ ਨੇ ਵਿਸ਼ਿਆਂ ਤੇ ਪ੍ਰਤੀਕਾਂ ਰਾਹੀਂ ਤਾਨਾਸ਼ਾਹੀ ਤੇ ਨਿਗਰਾਨੀ ਦੇ ਵਿਰੋਧ ਵਜੋਂ ਸਾਵਧਾਨੀ ਦੀ ਕਹਾਣੀ ਦਾ ਬਿਰਤਾਂਤ ਸਿਰਜਿਆ ਹੈ। ਨਾਵਲ 1984 ਦਾ ਪਲਾਟ ਓਸ਼ੇਨੀਆ ਦੇ ਸੁਪਰ ਸਟੇਟ ਵਿਚ ਵਾਪਰਦਾ ਹੈ ਜੋ ਅਮਰੀਕਾ, ਦੱਖਣੀ ਅਫ਼ਰੀਕਾ, ਬ੍ਰਿਟਿਸ਼ ਟਾਪੂਆਂ, ਆਸਟ੍ਰੇਲੀਆ ਤੇ ਏਸ਼ੀਆ ਦੇ ਛੋਟੇ-ਛੋਟੇ ਹਿੱਸੇ ਨਾਲ ਬਣਿਆ ਹੈ। ਨਾਵਲ ਦੀਆਂ ਪ੍ਰਮੁੱਖ ਘਟਨਾਵਾਂ ਲੰਡਨ ਵਿਚ ਵਾਪਰਦੀਆਂ ਹਨ ਅਤੇ ਇੰਗਲੈਂਡ ਨੂੰ ਏਅਰ ਸਟ੍ਰਿਪ ਵਨ ਕਿਹਾ ਗਿਆ ਹੈ। ਵਿਕਸਟਨ ਸੱਚਾਈ ਮੰਤਰਾਲੇ ਵਿਚ ਕਰਮਚਾਰੀ ਹੈ, ਜਿਥੇ ਉਹ ਇਤਿਹਾਸਕ ਘਟਨਾਵਾਂ ਨੂੰ ਦੁਬਾਰਾ ਲਿਖਦਾ ਹੈ। ਜੋ ਪਾਰਟੀ ਦੇ ਬਦਲਦੇ ਬਿਰਤਾਂਤ ਨਾਲ ਫਿੱਟ ਹੋਣ, ਟੈਲੀ ਸਕਰੀਨ ਰਾਹੀਂ ਕੋਈ ਕੀ ਕਰਦਾ ਹੈ ਦੀ ਨਿਗਰਾਨੀ ਕੀਤੀ ਜਾਂਦੀ ਹੈ। ਵਿਕਸਟਨ ਰਸਾਲੇ ਵਿਚ ਮੌਜੂਦਾ ਸਰਕਾਰ ਦੇ ਵਿਰੋਧ ਵਿਚ ਲਿਖਦਾ ਹੈ। ਵਿਕਸਟਨ ਉਨ੍ਹਾਂ ਖੇਤਰਾਂ ਦਾ ਦੌਰਾ ਵੀ ਕਰਦਾ ਹੈ, ਜਿਥੇ ਓਸ਼ਨੀਆ ਦੇ ਸਭ ਤੋਂ ਗ਼ਰੀਬ ਪ੍ਰੌੜ ਮੈਂਬਰ ਰਹਿੰਦੇ ਹਨ। ਇਹ ਸਰਕਾਰ ਦੀ ਨਜ਼ਰ ਤੋਂ ਬਾਹਰ ਹਨ। ਉਸ ਦਾ ਸਹਿਕਰਮੀ ਓ ਬ੍ਰਾਇਨ ਪਾਰਟੀ ਦਾ ਵਫ਼ਾਦਾਰ ਮੈਂਬਰ ਹੈ ਜੋ ਵਿਕਾਸਟਨ ਨੂੰ ਫਸਾਉਣ ਲਈ 7 ਸਾਲ ਤੋਂ ਜਾਲ ਵਿਛਾ ਰਿਹਾ ਹੈ। ਉਸ ਦੀ ਪਤਨੀ ਕੈਥਰੀਨ ਹੈ। ਬੱਚਾ ਨਾ ਹੋਣ ਕਰਕੇ ਦੋਵੇਂ ਵੱਖ ਹੋ ਗਏ। ਉਸ ਦਾ ਜੂਜੀਆ ਨਾਲ ਅਫੇਅਰ ਵੀ ਚੱਲਿਆ।
ਵਿਕਸਟਨ ਇਤਿਹਾਸ ਨਾਲ ਛੇੜ-ਛਾੜ ਵੀ ਕਰਦਾ ਹੈ। ਉਹ ਪਿਛਲੇ ਲੇਖਾਂ ਵਿਚਲੀਆਂ ਗ਼ਲਤੀਆਂ ਨੂੰ ਠੀਕ ਕਰਦਾ ਹੈ ਤਾਂ ਜੋ ਅਤੀਤ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਇਤਿਹਾਸ ਦੇ ਸੰਸਕਰਣ ਨੂੰ ਜਾਣ ਸਕਣ। ਉਹ ਗੁਪਤ ਅਪਾਰਟਮੈਂਟ ਵਿਚ ਸਰਕਾਰ ਤੇ ਪਾਰਟੀ ਦਾ ਵਿਰੋਧ ਕਰਦਾ ਹੈ, ਜਿਸ ਕਾਰਨ ਉਸ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਉਸ ਨੂੰ 101 ਕਮਰੇ ਵਿਚ ਭੇਜਿਆ ਜਾਂਦਾ ਹੈ। ਓ ਬ੍ਰਾਇਨ, ਵਿਕਸਟਨ ਦੇ ਸਿਰ 'ਤੇ ਚੂਹਿਆਂ ਦਾ ਪਿੰਜਰਾ ਬੰਨ੍ਹਦਾ ਹੈ, ਜਿਸ ਕਾਰਨ ਉਸ ਦੀ ਆਤਮਾ 'ਚੋਂ ਵੀ ਵਿਰੋਧੀ ਨਸ਼ਟ ਹੋ ਜਾਂਦਾ ਹੈ। ਫਿਰ ਤੋਂ ਵਿਕਸਟਨ ਬਿੱਗ ਬ੍ਰਦਰ ਪ੍ਰਤੀ ਵੱਚਨਬੱਧ ਹੋ ਕੇ ਜੂਲੀਆ ਨਾਲ ਵਿਸ਼ਵਾਸਘਾਤ ਕਰਦਾ ਹੈ। ਡਿਸਟੋਪੀਅਨ ਨਾਵਲ ਦੇ ਤੌਰ 'ਤੇ ਓਸ਼ੀਆਨੀਆ ਤੇ ਬੇਇਨਸਾਫ਼ੀ ਤੇ ਦੁਖੀ ਸਮਾਜ ਨੂੰ ਦਰਸਾਉਂਦਾ ਹੈ। ਇਹ ਨਾਵਲ ਚਿਤਾਵਨੀ ਵਜੋਂ ਲਿਖਿਆ ਗਿਆ ਸੀ, ਕਿਉਂਕਿ ਨਾਜ਼ੀ ਜਰਮਨੀ ਵਿਚ ਲੋਕਾਂ ਨਾਲ ਬਹੁਤ ਬੁਰਾ ਵਾਪਰਿਆ। ਇਸ ਵਿਚ ਸਾਰੀਆਂ ਸਰਕਾਰਾਂ ਦੀਆਂ ਹਕੀਕਤਾਂ ਵੀ ਨਸ਼ਰ ਹੋਈਆਂ। ਜਾਰਜ ਓਰਵੈੱਲ ਨਿਗਰਾਨੀ ਤੇ ਤਾਨਾਸ਼ਾਹੀ ਦੇ ਅਭਿਆਸਾਂ ਦੇ ਵਿਰੋਧ ਵਿਚ ਕਹਿੰਦਾ ਹੈ, 'ਮੈਂ 1936 ਤੋਂ ਲੈ ਕੇ ਹੁਣ ਤੱਕ ਲਿਖੀਆਂ ਗੰਭੀਰ ਰਚਨਾਵਾਂ ਦੀ ਹਰ ਲਾਈਨ, ਸਿੱਧੇ ਜਾਂ ਅਸਿੱਧੇ ਰੂਪ ਵਿਚ ਤਾਨਾਸ਼ਾਹੀ ਦੇ ਵਿਰੁੱਧ ਅਤੇ ਜਮਹੂਰੀ ਸਮਾਜਵਾਦ ਲਈ ਲਿਖੀ।'
ਬਿੱਗ ਬ੍ਰਦਰ ਪਾਰਟੀ ਦੇ ਨੇਤਾ ਅਤੇ ਸਰਕਾਰ ਦਾ ਉਪ ਨਾਮ ਹੈ। ਸਰਕਾਰ ਦੁਆਰਾ ਨਾਵਲ ਵਿਚ ਫੈਲਾਇਆ ਪ੍ਰਾਪੇਗੰਡਾ ਨਾਵਲ ਦੀ ਕੇਂਦਰ ਸੁਰ ਹੈ, ਜਿਵੇਂ 'ਵੱਡਾ ਭਰਾ ਤੁਹਾਨੂੰ ਦੇਖ ਰਿਹਾ ਹੈ' ਨਾਵਲਕਾਰ ਦੀ ਕਲਾਤਮਕ ਸ਼ੈਲੀ ਤੇ ਅਨੁਵਾਦ ਕਰਤਾ ਅਨੂ ਸ਼ਰਮਾ ਦੀ ਅਨੁਵਾਦ ਉੱਤੇ ਪਕੜ ਪਾਠਕਾਂ ਨੂੰ ਆਪਣੇ ਨਾਲ ਉਂਗਲ ਫੜ ਤੋਰ ਲੈਂਦੀ ਹੈ। ਅੱਗੇ ਕੀ ਹੋਵੇਗਾ? ਦੀ ਉਤਸੁਕਤਾ ਅਖੀਰ ਤੱਕ ਕਾਇਮ ਰਹਿੰਦੀ ਹੈ। ਨਾਵਲ ਦਾ ਬਿਰਤਾਂਤ ਮਨੁੱਖ ਨੂੰ ਰਾਜਨੀਤਕ ਵਰਤਾਰਿਆਂ ਦੀ ਸਮਝ ਪ੍ਰਦਾਨ ਕਰਦਾ ਹੈ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810

ਇਹ ਜ਼ਿੰਦਗੀ ਦਾ ਕਾਰਵਾਂ
ਲੇਖਕ : ਪ੍ਰਵੇਸ਼ ਸ਼ਰਮਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 295 ਰੁਪਏ, ਸਫ਼ੇ : 208
ਸੰਪਰਕ : 98884-50099

ਵਿਚਾਰ ਅਧੀਨ ਕਿਤਾਬ ਪ੍ਰਵੇਸ਼ ਸ਼ਰਮਾ ਦੀ ਸਵੈ-ਜੀਵਨੀ ਹੈ। ਇਸ ਤੋਂ ਪਹਿਲਾਂ 2013 ਵਿਚ ਇਸੇ ਨਾਲ ਮਿਲਦੀ ਵਿਧਾ (ਯਾਦਾਂ) ਵਿਚ ਉਹ ਇਕ ਕਿਤਾਬ ਲਿਖ ਚੁੱਕਿਆ ਹੈ-'ਮਾਂ ਕਹਿੰਦੀ ਹੁੰਦੀ ਸੀ', ਪ੍ਰਵੇਸ਼ ਦੀ ਇਸ ਸਵੈਜੀਵਨੀ ਦੇ 'ਭੂਮਿਕਾ' ਅਤੇ 'ਆਪਣੇ ਵਲੋਂ' ਤੋਂ ਇਲਾਵਾ 15 ਕਾਂਡ ਹਨ, ਜਿਨ੍ਹਾਂ ਨੂੰ ਉਸ ਨੇ ਕ੍ਰਮਵਾਰ ਜਨਮ, ਸਹਿਮਿਆ-ਸਹਿਮਿਆ ਬਚਪਨ, ਮੇਰੀ ਸਕੂਲ ਵਰ੍ਹੇਸ, ਸੁਨਾਮ ਦੇ ਕੁਝ ਅਹਿਮ ਕਿਰਦਾਰ, ਨਾਨਕਿਆਂ ਦੇ ਕਿਰਦਾਰ, ਯਾਰ ਅਣਮੁੱਲੇ, ਮੇਰੀ ਕਾਲਜ ਵਰ੍ਹੇਸ, ਸਕੂਲ ਅਧਿਆਪਕੀ, ਯੂਨੀਵਰਸਿਟੀ ਦਾ ਸੁਪਨ ਲੋਕ, ਬੇਰੁਜ਼ਗਾਰੀ ਦਾ ਦੌਰ, ਬੈਂਕ ਜੌਬ ਦੇ ਅਨੁਭਵ, ਮੀਡੀਆ ਕਰਮੀ ਵਜੋਂ ਯਾਤਰਾ ਸ਼ੁਰੂ, ਮੇਰਾ ਵਿਆਹ, ਨੌਕਰੀ ਵਿਚ ਤਰੱਕੀ, ਰਿਟਾਇਰਮੈਂਟ-ਪੋਸਟ ਰਿਟਾਇਰਮੈਂਟ ਨਾਮੀ ਸਿਰਲੇਖਾਂ ਹੇਠ ਵਿਉਂਤਬੱਧ ਕੀਤਾ ਹੈ। ਇਨ੍ਹਾਂ ਅਧਿਆਇਆਂ ਵਿਚ ਕਿਤੇ-ਕਿਤੇ ਉਸ ਨੇ ਮੱਧ ਟਿੱਪਣੀ, ਨੋਟ, ਦੁਮਛੱਲਾ ਜਿਹੇ ਉਪ-ਸਿਰਲੇਖ ਲਿਖ ਕੇ ਆਪਣੀ ਸਵੈ-ਜੀਵਨੀ ਨੂੰ ਵੱਖਰੀ ਪਛਾਣ ਦੇਣ ਦੀ ਕੋਸ਼ਿਸ਼ ਕੀਤੀ ਹੈ। ਅੰਗਰੇਜ਼ੀ, ਹਿੰਦੀ, ਉਰਦੂ ਵਾਕਾਂ/ ਸ਼ੇਅਰਾਂ ਨਾਲ ਓਤ-ਪੋਤ ਇਹ ਕਿਤਾਬ ਪੜ੍ਹਨ ਨਾਲ ਵਾਬਸਤਾ ਹੈ, ਜਿਸ ਵਿਚੋਂ ਸਮਕਾਲੀ ਜ਼ਿੰਦਗੀ ਦੇ ਨਕਸ਼ ਉਭਰਦੇ ਹੋਏ ਵੇਖੇ ਜਾ ਸਕਦੇ ਹਨ। ਅੰਗਰੇਜ਼ੀ ਦੀ ਐਮ.ਏ. ਪਾਸ ਪ੍ਰਵੇਸ਼ ਨੇ ਵੱਖ-ਵੱਖ ਨੌਕਰੀਆਂ ਸਮੇਂ ਹੋਏ ਤਜਰਬਿਆਂ, ਵਿਅਕਤੀਆਂ ਦੇ ਚਰਿੱਤਰਾਂ ਨੂੰ ਬੜੀ ਬਰੀਕੀ ਨਾਲ ਉਲੀਕਿਆ ਹੈ। ਕੁਝ ਦਿਲਚਸਪ ਉਕਤੀਆਂ :
* 'ਮਾਈ ਹੋਰ ਕੋਈ ਦੂਜਾ ਵਿਆਹ ਵਿਊਹ ਤਾਂ ਨਹੀਂ ਕਰਾਇਆ?'
'ਵੇ ਫੋਟ, ਮੈਂ ਪਹਿਲਾਂ ਮਸਾਂ ਗਲੋਂ ਲਾਹਿਐ। ਨਾਲੇ ਮੇਰੀ ਹੁਣ ਉਮਰ ਐ ਕੋਈ ਡੋਲੀ ਚੜ੍ਹਨ ਦੀ? ਕਿਵੇਂ ਸ਼ਰਮ ਹਿਆ ਲਾਹੀ ਐ। ਅਖੇ ਅੰਨ੍ਹਾ ਜੁਲਾਹਾ ਮਾਂ ਨਾਲ ਮਸ਼ਕਰੀਆਂ।' (ਪੰਨਾ 39)
* ਸਿਰ ਉੱਤੇ ਤਿੱਖੀ ਚੁੰਝ ਵਾਲੀ ਦਸਤਾਰ ਸਜਾਈ ਰੱਖਣ ਵਾਲੇ ਡਾ. ਗੁਰਦਿੱਤ ਸਿੰਘ ਦੇਖਣ ਨੂੰ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਘੱਟ ਅਤੇ 'ਰਾਵਲਪਿੰਡੀ ਵਾਲੇ ਵੀਰਾਂ ਦੀ ਸਸਤੇ ਕੱਪੜੇ ਦੀ ਹੱਟੀ' ਵਰਗੇ ਸਾਈਨਬੋਰਡ ਵਾਲੀ ਦੁਕਾਨ ਤੇ ਬੈਠਣ ਵਾਲੇ ਟਕਸਾਲੀ ਭਾਪੇ ਜ਼ਿਆਦਾ ਲਗਦੇ ਸਨ। (ਪੰਨਾ 103)
ਭਾਵੇਂ ਕਿਤਾਬ ਵਿਚ ਮਿਤੀ/ਸੰਨ ਦੇ ਬੜੇ ਘੱਟ ਵੇਰਵੇ ਹਨ, ਪਰ ਅੰਗਰੇਜ਼ੀ ਅਧਿਆਪਕਾਂ ਦੀ ਜਾਣ-ਪਛਾਣ ਵਿਚ ਮੈਨੂੰ ਲੱਗਿਆ ਹੈ ਕਿ ਉਹ ਮੈਥੋਂ ਇਕ-ਅੱਧ ਸਾਲ ਅੱਗੇ-ਪਿੱਛੇ ਪੜ੍ਹਿਆ ਹੋਵੇਗਾ। ਪ੍ਰਵੇਸ਼ ਦੇ ਕਥਨ ਅਨੁਸਾਰ ਉਸ ਦੀ ਇਸ ਸਵੈ-ਜੀਵਨੀ ਵਿਚ ਸੱਚ ਦਾ ਅੰਸ਼ ਕਾਫੀ ਜ਼ਿਆਦਾ ਹੈ ਤੇ ਨਾਲ ਹੀ ਉਸ ਦੀ ਜੀਵਨ-ਗਾਥਾ ਨਿੱਜੀ ਨਾ ਹੋ ਕੇ ਸਮੂਹ ਤੱਕ ਦੀ ਯਾਤਰਾ ਕਰਦੀ ਨਜ਼ਰ ਆਵੇਗੀ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਅਜਮੇਰ ਸਿੱਧੂ ਦਾ ਕਹਾਣੀ ਜਗਤ : ਵਿਭਿੰਨ ਪਾਸਾਰ
ਲੇਖਕ ਅਤੇ ਸੰਪਾਦਕ : ਕੇਵਲ ਰਾਮ ਨਵਾਂ ਸ਼ਹਿਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 500 ਰੁਪਏ, ਸਫ਼ੇ : 352
ਸੰਪਰਕ : 94634-05229

ਇਸ ਪੁਸਤਕ ਵਿਚ ਲੇਖਕ ਨੇ ਪ੍ਰਪੱਕ ਕਹਾਣੀਕਾਰ ਅਜਮੇਰ ਸਿੱਧੂ ਦੀ ਸਿਰਜਣਾ ਬਾਰੇ ਆਲੋਚਨਾਤਮਕ ਖੋਜ ਪੱਤਰ ਪੇਸ਼ ਕੀਤੇ ਹਨ। ਇਨ੍ਹਾਂ ਖੋਜ-ਪੱਤਰਾਂ ਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਅਜਮੇਰ ਸਿੱਧੂ ਦਾ ਕਥਾਬਿਰਤਾਂਤ, ਵਸਤੂ, ਰੂਪ ਅਤੇ ਦ੍ਰਿਸ਼ਟੀ ਬਾਬਤ 11 ਲਿਖਾਰੀਆਂ ਵਲੋਂ ਵਿਚਾਰ ਦਰਜ ਕੀਤੇ ਗਏ ਹਨ। ਦੂਜੇ ਭਾਗ ਵਿਚ ਸਿੱਧੂ ਦੇ ਕਹਾਣੀ-ਸੰਗ੍ਰਹਿ ਦੇ ਸ਼ਿਲਪ ਵਿਧਾਨ, ਵਿਚਾਰਧਾਰਾਈ ਚੇਤਨਾ ਅਤੇ ਅਧਿਐਨ ਦਾ ਵਰਣਨ ਹੈ। ਤੀਜੇ ਭਾਗ ਵਿਚ ਇਨ੍ਹਾਂ ਕਹਾਣੀਆਂ ਦਾ ਪਾਠਮੂਲਕ ਅਧਿਐਨ ਪੇਸ਼ ਕੀਤਾ ਗਿਆ ਹੈ। ਚੌਥੇ ਭਾਗ ਵਿਚ ਇਨ੍ਹਾਂ ਕਥਾਵਾਂ ਦੀ ਰਚਨਾ ਪ੍ਰਕਿਰਿਆ, ਪੰਜਵੇਂ ਭਾਗ ਵਿਚ ਮੁਲਾਕਾਤਾਂ ਆਦਿ ਦਿੱਤੀਆਂ ਗਈਆਂ ਹਨ। ਅੰਤ ਵਿਚ ਅਜਮੇਰ ਸਿੱਧੂ ਅਤੇ ਸੰਪਾਦਕ ਦਾ ਜੀਵਨ ਬਿਓਰਾ ਦਿੱਤਾ ਗਿਆ ਹੈ। ਪੁਸਤਕ ਵਿਚਲੇ ਵੱਖੋ-ਵੱਖ ਲੇਖ ਅਜਮੇਰ ਸਿੱਧੂ ਨੂੰ ਕਿਤੇ ਸ਼ਕਤੀਸ਼ਾਲੀ ਨਾਰੀ ਪਾਤਰਾਂ ਦਾ ਰਚਨਾਕਾਰ, ਕਿਤੇ ਪੰਜਾਬ ਦੇ ਸਾਂਝੇ ਫ਼ਿਕਰਾਂ ਦਾ ਕਲਾਮਈ ਬਿਰਤਾਂਤਕਾਰ, ਕਿਤੇ ਵਿਗਿਆਨਕ ਕਹਾਣੀਆਂ ਦਾ ਵਿਲੱਖਣ ਰਚੇਤਾ, ਕਿਤੇ ਪੰਜਵੀਂ ਪੀੜ੍ਹੀ ਦਾ ਝੰਡਾਬਰਦਾਰ ਕਹਿ ਕੇ ਮਾਣ ਦਿੰਦੇ ਹਨ। ਇਨ੍ਹਾਂ ਖੋਜ ਪੱਤਰਾਂ ਦੇ ਲੇਖਕ ਗੁਰਬਚਨ ਸਿੰਘ ਭੁੱਲਰ, ਡਾ. ਪਰਮਜੀਤ ਢੀਂਗਰਾ, ਡਾ. ਚਰਨਜੀਤ ਕੌਰ, ਡਾ. ਜੇ. ਬੀ. ਸੇਖੋਂ, ਡਾ. ਮੀਨਾਕਸ਼ੀ ਰਾਠੌਰ, ਡਾ. ਸਤਿੰਦਰ ਸਿੰਘ ਰੈਬੀ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਗੁਰਜੰਟ ਸਿੰਘ, ਡਾ. ਰਵਿੰਦਰ ਘੁੰਮਣ, ਡਾ. ਡੀ. ਪੀ. ਸਿੰਘ, ਸਤਿੰਦਰਪਾਲ ਸਿੰਘ ਬਾਵਾ, ਡਾ. ਰਮਨਦੀਪ ਕੌਰ, ਡਾ. ਮਮਤਾ ਰਾਣੀ, ਡਾ. ਬਿੰਦਰ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਜਸਵੀਰ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਨਿਰਮਲਜੀਤ ਕੌਰ, ਡਾ. ਸੰਗੀਤਾ, ਹਰਵਿੰਦਰ ਕੌਰ, ਪਰਗਟ ਸਿੰਘ ਟਿਵਾਣਾ, ਡਾ. ਅੰਮ੍ਰਿਤਪਾਲ ਕੌਰ, ਹਰਮੀਤ ਸਿੰਘ ਅਟਵਾਲ ਅਤੇ ਪ੍ਰੋ. ਬਲਵੀਰ ਕੌਰ ਰੀਹਲ ਹਨ। ਕੇਵਲ ਰਾਮ ਨਵਾਂ ਸ਼ਹਿਰ ਨੇ ਸਿੱਧੂ ਨਾਲ ਮੁਲਾਕਾਤ ਕਰਕੇ ਉਸ ਦੇ ਜੀਵਨ, ਰਚਨਾ, ਮਾਣ-ਸਨਮਾਨ ਦਾ ਵੇਰਵਾ ਦਿੱਤਾ ਹੈ। ਸਮੁੱਚੇ ਤੌਰ 'ਤੇ ਇਹ ਇਕ ਵਧੀਆ ਕ੍ਰਿਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਕਾਫ਼ਰ ਕੌਣ
ਨਾਵਲਕਾਰ : ਜਸਬੀਰ ਸਿੰਘ ਸਾਹਨੀ
ਪ੍ਰਕਾਸ਼ਕ : ਨਵਰੰਗ ਪਬਲਿਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 183
ਸੰਪਰਕ : 98720-13867

ਸੰਨ 1947 ਦੀ ਦੇਸ਼ ਵੰਡ ਵੇਲੇ ਵਾਪਰੇ ਫ਼ਿਰਕੂ ਫ਼ਸਾਦਾਂ ਦੀ ਭਿਆਨਕਤਾ ਨੂੰ ਅੱਖੀਂ ਵੇਖਣ ਵਾਲੇ ਲੇਖਕ ਜਸਬੀਰ ਸਿੰਘ ਸਾਹਨੀ ਦਾ ਇਹ ਨਾਵਲ 'ਕਾਫ਼ਰ ਕੌਣ' ਮਨੁੱਖੀ ਕਰੂਰਤਾ ਦੀ ਇਕ ਦਰਦਨਾਕ ਗਾਥਾ ਹੈ।
ਅਨੇਕਾਂ ਲੋਕ/ਪਰਿਵਾਰਾਂ ਦੇ ਪਰਿਵਾਰ ਇਸ ਫ਼ਿਰਕੂ ਅੱਗ ਦੀ ਭੇਟ ਚੜ੍ਹ ਕੇ ਮਰ ਮੁੱਕ ਗਏ ਸਨ ਅਤੇ ਅਨੇਕਾਂ ਆਪਣਾ ਸਭ ਕੁਝ ਗਵਾ ਕੇ ਨਾ ਉਹ ਜਿਊਂਦਿਆਂ 'ਚ ਸਨ ਤੇ ਨਾ ਮੋਇਆਂ 'ਚ। ਬਹੁਤਿਆਂ ਨੂੰ ਮਜਬੂਰੀ ਵੱਸ ਆਪਣੀਆਂ ਜਨਮ ਭੂਮੀਆਂ ਛੱਡ ਕੇ ਆਪਣੇ ਹੀ ਮੁਲਕ ਵਿਚ ਪਰਾਏ ਹੋਣਾ ਪਿਆ ਸੀ ਜਾਂ ਫਿਰ ਧਰਮ ਬਦਲੀਆਂ ਦੇ ਕੁਚੱਕਰ ਵਿਚ 'ਮੋਮਨ' ਹੋਣ ਦੇ ਝੂਠੇ ਟੈਗ ਲਵਾ ਕੇ ਜੂਨ ਹੰਢਾਉਣੀ ਪਈ ਸੀ।
ਕਰੂਰਤਾ ਦੀ ਵਗੀ ਕਾਲੀ ਬੋਲੀ ਇਸ ਹਨੇਰੀ ਵਿਚ ਕਿਤੇ-ਕਿਤੇ ਸੋਚ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਹਮਦਰਦੀ ਭਰੇ ਵਰਤੇ ਵਰਤਾਰਿਆਂ ਨੇ ਇਹ ਵੀ ਸਾਬਤ ਕਰ ਦਿੱਤਾ ਸੀ ਕਿ ਮਨੁੱਖਤਾ ਵੀ ਕਦੇ ਨਹੀਂ ਮਰਦੀ। ਇਸ ਨਾਵਲ ਦਾ ਨਾਇਕ ਗੁਰਸੇਵਕ ਆਪਣਾ ਸਾਰਾ ਕੁਝ ਗਵਾ ਕੇ ਵੀ ਇਨਸਾਨੀਅਤ ਦਾ ਪੱਲਾ ਨਹੀਂ ਛੱਡਦਾ। ਆਪਣੇ ਆਪ ਨੂੰ ਖ਼ਤਰੇ ਵਿਚ ਪਾ ਕੇ ਸ਼ੱਬੋ ਦਾ ਦੰਗਾਕਾਰੀਆਂ ਤੋਂ ਬਚਾਅ ਕਰਦਾ ਹੋਇਆ ਖ਼ੁਦ ਜ਼ਖ਼ਮੀ ਵੀ ਹੋ ਜਾਂਦਾ ਹੈ ਤੇ ਜਾਸੂਸ ਵਿਭਾਗ ਵਿਚ ਭਰਤੀ ਹੋ ਕੇ ਉਹ ਜਿਥੇ ਆਪਣੇ ਦੇਸ਼ ਲਈ ਮਹੱਤਵਪੂਰਨ ਜਾਣਕਾਰੀ ਇਕੱਤਰ ਕਰਦਾ ਹੈ, ਉਥੇ ਆਪਣੀ ਵਿਛੜੀ ਮਾਂ ਨੂੰ ਵੀ ਜਾ ਲੱਭਦਾ ਹੈ।
ਇਹ ਨਾਵਲ ਜਿਥੇ ਸੰਨ ਸੰਤਾਲੀ ਦੇ ਸੰਤਾਪ ਨੂੰ ਉਜਾਗਰ ਕਰਦਾ ਹੈ। ਉਥੇ ਜਾਸੂਸੀ ਵਿਭਾਗ ਦੀ ਨਿਵੇਕਲੀ ਜਾਣਕਾਰੀ ਵੀ ਦਿੰਦਾ ਹੈ। ਇਸ ਵਿਭਾਗ ਵਿਚ ਭਰਤੀ ਹੋ ਕੇ ਜਾਂਬਾਜ਼ ਬਣਨ ਲਈ ਪਹਿਲਾਂ ਕਰੜੀਆਂ ਪ੍ਰੀਖਿਆਵਾਂ ਵਿਚੋਂ ਦੀ ਲੰਘਣਾ ਪੈਂਦਾ ਹੈ ਫਿਰ ਡਿਊਟੀ ਨਿਭਾਉਣ ਲਈ ਕਈ ਖ਼ਤਰੇ ਵੀ ਮੁੱਲ ਲੈਣੇ ਪੈਂਦੇ ਹਨ ਖ਼ਾਸ ਕਰਕੇ ਹੋਰਨਾਂ ਦੇਸ਼ਾਂ ਦੀ ਸੂਹ/ਕੰਨਸੋਅ ਲੈਣ ਵਾਲਿਆਂ ਨੂੰ ਤਾਂ ਜਾਨ ਤੋਂ ਹੱਥ ਵੀ ਧੋਣੇ ਪੈ ਸਕਦੇ ਹਨ। ਖ਼ਤਰਿਆਂ ਭਰਪੂਰ ਮੁਹਿੰਮਾਂ ਨੂੰ ਸਰ ਕਰ ਕੇ ਵਾਪਸੀ ਕਰਨ ਵਾਲੇ ਜਾਂ ਫਿਰ ਮਰ ਮਿੱਟਣ ਵਾਲੇ ਕਿਸੇ ਵੀ ਨਾਇਕ ਤੋਂ ਘੱਟ ਨਹੀਂ ਹੁੰਦੇ।
ਧਰਮ ਦਾ ਵਿਖਾਵਾ ਅਸਲੀਅਤ ਤੋਂ ਕੋਹਾਂ ਦੂਰ ਹੁੰਦਾ ਹੈ। ਧਰਮ ਦੇ ਚੋਲਿਆਂ ਵਿਚ ਅਧਰਮੀ, ਕੁਕਰਮ ਕਾਂਡ 'ਅਸਲ ਕਾਫ਼ਰ' ਹੋਣ ਦੇ ਪ੍ਰਤੀਕ ਹਨ ਜਦ ਕਿ ਪਰਉਪਕਾਰੀ ਕਰਮਾਂ ਨੂੰ ਕਿਸੇ ਵੀ ਧਰਮ ਦੇ ਅਦਾਰੇ ਵਿਚ ਕੈਦ ਨਹੀਂ ਕੀਤਾ ਜਾ ਸਕਦਾ ਤੇ ਇਕ ਚੰਗੇ ਧਰਮ ਦਾ ਮੁੱਢ ਵੀ ਇਕ ਚੰਗਾ ਮਨੁੱਖੀ ਕਿਰਦਾਰ ਹੀ ਹੁੰਦਾ ਹੈ ਆਦਿ ਦੀ ਬਾਤ ਪਾਉਣ ਵਾਲੇ ਲੇਖਕ ਜਸਬੀਰ ਸਿੰਘ ਸਾਹਨੀ ਦੁਆਰਾ ਰਚਿਤ ਇਹ ਨਾਵਲ 'ਕਾਫ਼ਰ ਕੌਣ' ਸ਼ੁਰੂ ਤੋਂ ਅੰਤ ਤੱਕ ਹੀ ਰੌਚਿਕਤਾ ਭਰਪੂਰ ਘਟਨਾਵਾਂ ਤੇ ਆਮ ਬੋਲਬਾਣੀ ਵਿਚ ਪਾਤਰਾਂ ਦੀ ਆਪਸੀ ਵਾਰਤਾਲਾਪ ਪਾਠਕਾਂ ਨੂੰ ਆਪਣੇ ਨਾਲ ਜੋੜਨ ਤੇ ਕੁਝ ਨਵਾਂ ਜਾਣਨ ਦੀ ਤਾਂਘ ਨੂੰ ਬਣਾਈ ਰੱਖਣ ਦੇ ਸਮਰੱਥ ਹੈ ਤੇ ਨਾਲ ਹੀ ਸੋਚ ਕੇ ਨਿਤਾਰਾ ਕਰਨ ਲਈ ਮਜਬੂਰ ਵੀ ਕਰਦਾ ਹੈ ਕਿ ਕਾਫ਼ਰ ਕੌਣ ਹੁੰਦੇ ਹਨ? ਧਰਮ ਖ਼ਾਤਰ ਮਰਨ ਵਾਲੇ ਜਾਂ ਫਿਰ ਕਤਲੇਆਮ ਕਰਨ ਵਾਲੇ।

-ਮਾ: ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋਬਾਈਲ : 98764-74858

ਵਹਿਮੀ ਬਾਦਸ਼ਾਹ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ, ਹੁਸ਼ਿਆਰਪੁਰ
ਮੁੱਲ : 125 ਰੁਪਏ, ਸਫ਼ੇ : 32
ਸੰਪਰਕ : 98764-52223

ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦਾ ਬਾਲ ਸਾਹਿਤ ਵਿਚ ਬਹੁਤ ਵੱਡਾ ਯੋਗਦਾਨ ਰਿਹਾ ਹੈ। 60 ਬਾਲ ਪੁਸਤਕਾਂ ਤੇ 20 ਤੋਂ ਜ਼ਿਆਦਾ ਵਾਰਤਕ ਦੀਆਂ ਪੁਸਤਕਾਂ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਉਣਾ, ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਹਥਲੀ ਜ਼ਿਕਰ ਅਧੀਨ ਬਾਲ ਪੁਸਤਕ 'ਵਹਿਮੀ ਬਾਦਸ਼ਾਹ' 9 ਬਾਲ ਕਹਾਣੀਆਂ ਦਾ ਕਹਾਣੀ-ਸੰਗ੍ਰਹਿ ਹੈ ਜੋ ਬੱਚਿਆਂ ਨੂੰ ਜੀਵਨ ਜਾਚ ਸਿਖਾਉਣ 'ਚ ਕਾਫ਼ੀ ਮਦਦਗਾਰ ਸਾਬਿਤ ਹੋਣ ਦਾ ਰੁਤਬਾ ਰੱਖਦੀਆਂ ਹਨ।
ਕਹਾਣੀ 'ਅੱਗ ਪੌਦੇ ਅਤੇ ਮਿੱਤਰ' ਇਕ ਬੱਚੇ ਦੇ ਅੰਦਰ ਸਾੜੇ ਦੀ ਅੱਗ ਦੀ ਤਪਸ਼ ਮਿੱਤਰਤਾ ਦਾ ਬੀਜ ਪੁੰਗਰਨ ਤੋਂ ਰੋਕਦੀ ਹੈ। ਜਦੋਂ ਬੱਚੇ ਨੂੰ ਇਸ ਦੀ ਮਹੱਤਤਾ ਬਾਰੇ ਪਤਾ ਲਗਦਾ ਹੈ ਤਾਂ ਉਸ ਦੇ ਦਿਲ 'ਚ ਨਫ਼ਰਤ ਦੀ ਜਗ੍ਹਾ ਪਿਆਰ ਕਰਨ ਦੀ ਚਿਣਗ ਪੈਦਾ ਹੋ ਜਾਂਦੀ ਹੈ। 'ਕਬੀਰ ਜੀ ਦੀ ਸਲਾਹ' ਵਿਚ ਕਬੀਰ ਜੀ ਦੀ ਸਾਖੀ ਨੂੰ ਬੜੀ ਵਿਦਵਤਾ ਨਾਲ ਬਾਲ ਕਾਹਣੀ 'ਚ ਢਾਲਿਆ ਹੈ। ਗੋਸਲ ਦੀ ਇਹ ਕਰਾਮਾਤ ਚੰਗੀ ਲੱਗੀ ਹੈ ਤੇ ਬੱਚਿਆਂ ਲਈ ਸਿੱਖਿਆਦਾਇਕ ਹੈ। 'ਪੱਪੂ ਦੀ ਸੋਚ' ਵਿਚ ਕਿਸ ਤਰ੍ਹਾਂ 8-10 ਸਾਲ ਦਾ ਬੱਚਾ ਮਿਹਨਤ ਮਜ਼ਦੂਰੀ ਕਰਕੇ ਅਮੀਰ ਬਣ ਜਾਂਦਾ ਹੈ। 'ਰਾਜ ਕੁਮਾਰ ਸਾਧੂ=' ਵਿਚ ਪੁੰਨ ਦਾਨ ਕਰਨ ਦੀ ਰਸਮ ਨਹੀਂ ਸਗੋਂ ਚੰਗੀ ਆਦਤ ਹੈ ਜੋ ਬਾਲ ਮਨਾਂ ਨੂੰ ਹਲੂਣਦੀ ਹੈ। 'ਰੁੱਖ' ਅਤੇ 'ਵੇਲ' ਕਹਾਣੀ ਦਾ ਅੰਤਰ ਭਾਵ ਬਹੁਤ ਡੂੰਘਾ ਹੈ ਜੋ ਉਚੇਰੀ ਸੋਚ ਦਾ ਪ੍ਰਗਟਾਵਾ ਕਰਦੀ ਹੈ। 'ਸੋਨੇ ਦੀ ਇੱਟ' ਕਹਾਣੀ ਵੀ ਮਿਹਨਤ ਕਰਨ ਵੱਲ ਇਸ਼ਾਰਾ ਕਰਦੀ ਹੈ। ਕਹਾਣੀ ਦੇ ਸਿਰਲੇਖ ਵਹਿਮੀ ਬਾਦਸ਼ਾਹ ਵਿਚ ਦੱਸਿਆ ਗਿਆ ਹੈ ਕਿ ਵਹਿਮਾਂ-ਭਰਮਾਂ ਤੋਂ ਕਿਵੇਂ ਦੂਰ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ 'ਬਾਦਸ਼ਾਹ ਤੇ ਪ੍ਰਭੂ ਦਿਆਲ' ਕਹਾਣੀ ਬੱਚਿਆਂ ਦੇ ਬਾਲ ਮਨਾਂ ਨੂੰ ਪ੍ਰਮਾਰਥ ਨਾਲ ਸਾਂਝ ਪਾਉਣ ਦੀ ਸਿੱਖਿਆ ਦਿੰਦੀ ਹੈ। ਕਹਿ ਸਕਦੇ ਹਾਂ ਕਿ ਇਹ ਪੁਸਤਕ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣਨ ਦੇ ਯੋਗ ਹੈ।

-ਡੀ. ਆਰ. ਬੰਦਨਾ
ਮੋਬਾਈਲ : 94173-89003

ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਦੀਆਂ ਦੋ ਬਾਲ-ਸਾਹਿਤ ਪੁਸਤਕਾਂ
ਸੰਪਰਕ : 97806-67686

ਪੰਜਾਬੀ ਵਿਚ ਪਿਛਲੇ ਲੰਮੇ ਅਰਸੇ ਤੋਂ ਵਿਗਿਆਨਕ ਬਾਲ ਸਾਹਿਤ ਦੀ ਰਚਨਾ ਕਰਨ ਵਾਲੇ ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਦੀਆਂ ਦੋ ਤਾਜ਼ਾ ਪੁਸਤਕਾਂ ਛਪ ਕੇ ਬਾਲ ਹੱਥਾਂ ਵਿਚ ਅੱਪੜੀਆਂ ਹਨ। ਇਹ ਪੁਸਤਕਾਂ ਭਾਂਤ-ਭਾਂਤ ਦੇ ਜੀਵ ਜੰਤੂਆਂ ਬਾਰੇ ਕਾਵਿਮਈ ਅੰਦਾਜ਼ ਵਿਚ ਰਚੀਆਂ ਗਈਆਂ ਹਨ। ਪਹਿਲੀ ਪੁਸਤਕ 'ਅਸੀਂ ਜੀਵ ਜੰਤੂ ਭਾਗ-1' ਹੈ ਜਿਸ ਵਿਚ ਊਲੂ, ਊਠ, ਸੱਪ, ਸ਼ੁਤਰਮੁਰਗ, ਸ਼ੇਰ, ਸਾਰਸ, ਹਾਥੀ, ਕੱਛੂਕੁੰਮਾ, ਕੰਨਖਜੂਰਾ, ਕੀੜੀ, ਕਬੂਤਰ, ਕਠਫੋੜਾ, ਖ਼ਰਗੋਸ਼, ਗੰਡੋਆ, ਗੋਹ ਅਤੇ ਚਮਗਾਦੜ ਬਾਰੇ ਵਾਕਫ਼ੀਅਤ ਕਰਵਾਈ ਗਈ ਹੈ। ਇਸ ਪੁਸਤਕ ਵਿਚ ਇਨ੍ਹਾਂ ਜੀਵ-ਜੰਤੂਆਂ ਦੀਆਂ ਵੰਨ-ਸੁਵੰਨੀਆਂ ਨਸਲਾਂ-ਰੰਗਾਂ, ਕਿਸਮਾਂ, ਕੱਦ-ਕਾਠ, ਖਾਣ-ਪੀਣ, ਗੁਣ-ਔਗੁਣ, ਆਂਡਿਆਂ, ਬੱਚਿਆਂ ਬਾਰੇ ਤਫ਼ਸੀਲ ਨਾਲ ਬਿਊਰੇ ਦਿੱਤੇ ਗਏ ਹਨ। ਇਨ੍ਹਾਂ ਕਵਿਤਾਵਾਂ ਵਿਚ ਇਹ ਜੀਵ ਮਨੁੱਖ ਨੂੰ ਆਪਣੀ ਹੋਂਦ ਬਚਾਉਣ ਲਈ ਵਾਸਤਾ ਪਾਉਂਦੇ ਪ੍ਰਤੀਤ ਹੁੰਦੇ ਹਨ। 'ਗੰਡੋਆ' ਕਵਿਤਾ ਦੇ ਨਿਮਨਲਿਖਤ ਬੰਦ ਵਿਚ ਗੰਡੋਆ ਮਨੁੱਖ ਨੂੰ ਇਸ ਪ੍ਰਕਾਰ ਸੰਬੋਧਨ ਕਰ ਰਿਹਾ ਹੈ:
ਕੀੜੇ ਮਾਰ ਦਵਾਈਆਂ ਵੀ
ਮੈਨੂੰ ਪਾਰ ਬੁਲਾਣਗੀਆਂ।
ਜੇ ਬੰਜਰ ਹੋ ਗਈ ਧਰਤੀ
ਫ਼ਸਲਾਂ ਕਿੱਥੋਂ ਆਣਗੀਆਂ? (ਪੰਨਾ 57)
ਦੂਜੀ ਪੁਸਤਕ 'ਅਸੀਂ ਜੀਵ-ਜੰਤੂ ਭਾਗ-2' ਹੈ ਵਿਚ ਚਕੋਰ, ਜੁਗਨੂੰ, ਟਟੀਹਰੀ, ਡੱਡੂ, ਤੋਤਾ, ਤਿਤਲੀ, ਨੀਲਕੰਠ, ਨਿਓਲਾ, ਪੈਂਗੁਇਨ, ਬਿੱਛੂ, ਬਿੱਲੀ, ਰੇਸ਼ਮ ਦਾ ਕੀੜਾ, ਮਧੂ ਮੱਖੀ, ਮਗਰਮੱਛ ਅਤੇ ਲਾਲ ਪਾਂਡਾ ਕਵਿਤਾਵਾਂ ਅੰਕਿਤ ਹਨ। ਇਨ੍ਹਾਂ ਕਵਿਤਾਵਾਂ ਵਿਚ ਵੀ ਪਹਿਲੀ ਪੁਸਤਕ ਵਾਂਗ ਇਨ੍ਹਾਂ ਜੀਵ ਜੰਤੂਆਂ ਦੇ ਵਿਵਹਾਰ ਨੂੰ ਪ੍ਰਗਟਾਇਆ ਗਿਆ ਹੈ। ਇਨ੍ਹਾਂ ਕਵਿਤਾਵਾਂ ਵਿਚ ਜੀਵ-ਜੰਤੂ ਆਪਣੇ ਮੂੰਹੋਂ ਬੋਲਦੇ ਹੋਏ ਵਾਕਫ਼ੀਅਤ ਸਾਂਝੀ ਕਰਦੇ ਹਨ, ਜਿਨ੍ਹਾਂ ਵਿਚ ਗਿਆਨ-ਵਿਗਿਆਨ ਦੀ ਚਾਸ਼ਨੀ ਵੀ ਘੁਲੀ ਹੁੰਦੀ ਹੈ। ਇਸ ਸੰਦਰਭ ਵਿਚ 'ਰੇਸ਼ਮ ਦਾ ਕੀੜਾ' ਕਵਿਤਾ ਦਾ ਨਿਮਨਲਿਖਿਤ ਬੰਦ ਪ੍ਰਸੰਗਿਕ ਬਣਦਾ ਹੈ:
ਮੈਂ ਇਕ ਨਿੱਕਾ ਕੀੜਾ,
ਉਣਦਾ ਰੇਸ਼ਮ ਫੁੱਟ ਹਜ਼ਾਰ।
ਆਪਣੇ ਗਿਰਦ ਲਪੇਟੀ ਜਾਵਾਂ
ਕਰ ਲੈਂਦਾ ਕੋਕੂਨ ਤਿਆਰ। (ਪੰਨਾ 49)
ਲੇਖਕ ਨੇ ਇਹ ਦੋਵਾਂ ਪੁਸਤਕਾਂ ਵਿਚ ਜੀਵ-ਜੰਤੂਆਂ ਪ੍ਰਤੀ ਕਰੂਰ ਵਿਵਹਾਰ ਲਈ ਮਨੁੱਖ ਨੂੰ ਦੋਸ਼ੀ ਠਹਿਰਾਇਆ ਹੈ, ਜੋ ਇਨ੍ਹਾਂ ਮਾਸੂਮ ਜੀਵ-ਜੰਤੂਆਂ ਅਤੇ ਕੁਦਰਤ ਨੂੰ ਖ਼ਤਮ ਕਰਨ ਲਈ ਧੜਾਧੜ ਜੰਗਲ ਕੱਟ ਰਿਹਾ ਹੈ ਅਤੇ ਜਲ-ਪ੍ਰਦੂਸ਼ਣ, ਹਵਾ, ਪਾਣੀ, ਮਿੱਟੀ ਵਿਚ ਜ਼ਹਿਰੀਲਾਪਣ ਪੈਦਾ ਕਰ ਰਿਹਾ ਹੈ। ਕੁੱਲ ਮਿਲਾ ਕੇ ਇਹ ਜੀਵ ਇਹੋ ਇਲਤਿਜ਼ਾ ਕਰਦੇ ਅਨੁਭਵ ਹੁੰਦੇ ਹਨ ਕਿ, ਕੀ ਧਰਤੀ ਉਪਰ ਮਨੁੱਖ ਨੂੰ ਹੀ ਰਹਿਣ ਦਾ ਅਧਿਕਾਰ ਹੈ? ਇਹ ਜੀਵ-ਜੰਤੂ ਮਨੁੱਖ ਨੂੰ ਆਪਣੇ ਪ੍ਰਤੀ ਹਮਦਰਦੀ, ਸਨੇਹ ਅਤੇ ਅਪਣੱਤ ਦੀ ਭਾਵਨਾ ਰੱਖਣ ਲਈ ਸੁਨੇਹਾ ਵੀ ਦੇ ਰਹੇ ਹਨ। ਇਹ ਕਵਿਤਾਵਾਂ ਕੁਝ ਵਿਸ਼ੇਸ਼ ਜੀਵ-ਜੰਤੂਆਂ ਪ੍ਰਤੀ ਮਨੁੱਖ ਦੇ ਮਨ ਵਿਚ ਵੱਸੀਆਂ ਮਨਘੜਤ ਮਿੱਥਾਂ ਅਤੇ ਵਹਿਮਾਂ-ਭਰਮਾਂ ਨੂੰ ਦਲੀਲਯੁਕਤ ਢੰਗ ਨਾਲ ਦੂਰ ਕਰਦੀਆਂ ਹਨ। ਟਾਈਟਲਾਂ ਸਮੇਤ ਖ਼ੂਬਸੂਰਤ ਚਿੱਤਰਾਂ ਨਾਲ ਸੁਸੱਜਿਤ ਇਹ ਦੋਵੇਂ ਪੁਸਤਕਾਂ ਗੋਰਕੀ ਪ੍ਰਕਾਸ਼ਨ, ਲੁਧਿਆਣਾ ਵਲੋਂ ਛਾਪੀਆਂ ਗਈਆਂ ਹਨ। ਪ੍ਰਤੀ ਪੁਸਤਕ ਕੀਮਤ 150 ਰੁਪਏ ਹੈ ਅਤੇ ਪੰਨੇ 64-64 ਹਨ। ਇਹ ਪੁਸਤਕਾਂ ਮਿਆਰੀ ਬਾਲ ਸਾਹਿਤ ਦਾ ਸੁੰਦਰ ਨਮੂਨਾ ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 9814423703

07-10-2023

 ਵਿਸ਼ਵੇਂਦ੍ਰ
ਲੇਖਕ : ਸੰਤ ਇੰਦਰ ਸਿੰਘ ਚੱਕਰਵਰਤੀ
ਸੰਪਾਦਕ : ਸੁਵਰਨ ਸਿੰਘ ਵਿਰਕ
ਪ੍ਰਕਾਸ਼ਕ : ਨਾਮਧਾਰੀ ਦਰਬਾਰ, ਸ੍ਰੀ ਭੈਣੀ ਸਾਹਿਬ
ਮੁੱਲ : 500 ਰੁਪਏ, ਸਫ਼ੇ : 456

(ਮਾਲਵੇਂਦ੍ਰ) ਤੋਂ ਬਣੇ (ਵਿਸ਼ਵੇਂਦ੍ਰ) ਵੱਡ ਅਕਾਰੀ ਸੰਤ ਇੰਦਰ ਸਿੰਘ ਚੱਕਰਵਰਤੀ ਦੀ ਕਾਵਿ-ਰਚਨਾ ਹੈ। ਜਿਸ ਨੂੰ ਸੁਵਰਨ ਸਿੰਘ ਵਿਰਕ ਨੇ ਸੰਪਾਦਨ ਕੀਤਾ ਹੈ। ਚੱਕਰਵਰਤੀ ਦੀਆਂ 32 ਕਾਵਿ-ਵੰਨਗੀਆਂ ਜਿਸ ਵਿਚ ਨਾਮਧਾਰੀ ਇਤਿਹਾਸਕ ਘਟਨਾਵਾਂ ਦੇ ਇਤਿਹਾਸ ਨੂੰ ਬਾਖੂਬੀ ਕਲਮਬੱਧ ਕੀਤਾ ਗਿਆ ਹੈ। ਜਿਵੇਂ ਪੰਜਾਬ ਕਾਵਿ-ਪ੍ਰਸੰਗ ਤੋਂ ਅਰੰਭਤਾ ਹੋ ਬਸੰਤ ਆਗਮਨ ਤੇ ਗੁਰੂ ਅਵਤਾਰ, ਸਿੱਖ ਸੈਨਾ ਦੇ ਸੈਨਿਕ 1837 ਈ. ਭੈਣੀ ਸਾਹਿਬ, ਫ਼ਿਰੋਜ਼ਪੁਰ, ਹਜਰੋਂ ਦਾ ਦੌਰਾ, ਜੋਤਿ ਪ੍ਰਕਾਸ਼, ਬਾਬਾ ਜਵਾਹਰ ਸਿੰਘ, ਰਾਇ ਸਿੰਘ ਹਜ਼ੂਰ ਸਾਹਿਬ, ਮਾਲਵੇ ਦਾ ਦੌਰਾ, ਮੜ੍ਹੀਆਂ ਤੇ ਗੋਰਾਂ ਢਾਹੁਣੀਆਂ, ਹਰਦੁਆਰ ਦੀ ਅਧਚੁੱਬੀ, ਅੰਮ੍ਰਿਤਸਰ ਦੀਵਾਲੀ, ਨਨਕਾਣਾ ਸਾਹਿਬ, ਅਨੰਦ ਦੀ ਮਰਯਾਦਾ ਦਾ ਗੁਰੂਮਤ ਅਨੁਸਾਰ ਆਰੰਭ, ਡਾਕ ਦਾ ਮਹਿਕਮਾ, ਅਨੰਦਪੁਰ ਦਾ ਹੋਲਾਮਹੱਲਾ, ਮਾਨਾਂਵਾਲਾ ਹੋਲਾ, ਬਗ਼ਾਵਤ ਬਹਾਨੇ ਲੁੱਟ, ਰਾਇਕੋਟ ਦਾ ਸਾਕਾ, ਮਲੇਰਕੋਟਲੇ ਦਾ ਸਾਕਾ, ਦੇਸ਼ ਨਿਕਾਲਾ, ਪਰਾਗਰਾਜ ਦੇ ਕਿਲ੍ਹੇ ਵਿਚ, ਰੰਗਨੂ ਜੇਲ੍ਹ ਆਦਿ ਤੀਕ ਸ਼ਾਮਿਲ ਹਨ। ਕਿਤਾਬ ਦੇ ਪਹਿਲੇ ਭਾਗ ਵਿਚ ਪੰਨਾ 3 ਤੋਂ 42 ਤੀਕ ਸੁਵਰਨ ਸਿੰਘ ਵਿਰਕ ਦੀ ਸੰਪਾਦਕੀ, ਕਾਵਿ-ਗ੍ਰੰਥ ਅਤੇ ਲੇਖਕ ਸੰਤ ਇੰਦਰ ਸਿੰਘ ਚੱਕਰਵਰਤੀ ਬਾਰੇ ਅਤੇ ਉਸ ਸਮੇਂ ਦੇ ਨਾਮਵਰ ਵਿਦਵਾਨਾਂ ਪ੍ਰੋ: ਤੇਜਾ ਸਿੰਘ, ਮੋਹਣ ਸਿੰਘ ਦੀਵਾਨਾ, ਦੇਵਿੰਦਰ ਸਤਿਆਰਥੀ, ਕਰਤਾਰ ਸਿੰਘ ਬਲੱਗਣ, ਜੀਤ ਸਿੰਘ ਸੀਤਲ, ਪਰਮਾਨੰਦ ਐਮ.ਏ, ਸੰਤ ਫ਼ਤਹਿ ਸਿੰਘ, ਵਿਧਾਤਾ ਸਿੰਘ ਤੀਰ, ਅਵਤਾਰ ਸਿੰਘ ਆਜ਼ਾਦ, ਡਾ. ਗੋਪਾਲ ਸਿੰਘ ਅਤੇ ਸੰਤ ਨਿਧਾਨ ਸਿੰਘ ਆਲਿਮ ਵਰਗੇ ਲੇਖਕਾਂ ਦੀਆਂ ਟਿਪਣੀਆਂ ਇਸ ਕਾਵਿ-ਰਚਨਾ ਦੇ ਵਿਸ਼ਾ-ਵਸਤੂ ਅਤੇ ਰੂਪ ਬਾਰੇ ਕੀਮਤੀ ਮਸਲਾ ਸਮੋਈ ਬੈਠੀਆਂ ਹਨ।
ਇਤਿਹਾਸ ਨੂੰ ਕਵਿਤਾ ਵਿਚ ਲਿਖਣਾ ਬਹੁਤ ਔਖਾ ਹੈ ਪਰ ਚੱਕਰਵਰਤੀ ਨੇ ਨਾਮਧਾਰੀ ਸੰਪਰਦਾਇ ਦੇ ਮੁਖੀ ਬਾਬਾ ਰਾਮ ਸਿੰਘ ਅਤੇ ਸਮੁੱਚੇ ਇਤਿਹਾਸ ਨੂੰ ਸਹੀ ਰੂਪ ਵਿਚ ਉਜਾਗਰ ਕੀਤਾ ਹੈ। ਲੇਖਕ ਦੀਆਂ ਇਸ ਕਿਤਾਬ ਤੋਂ ਇਲਾਵਾ ਮੇਰੇ ਚੋਣਵੇ ਇਕਾਂਗੀ, ਪੰਥ ਕੀ ਜੀਤ, ਪੂਰਬ ਪੱਛਮ, ਸ਼ੂਦਰ ਦਾ ਬਲੀਦਾਨ, ਪੀਰ ਪੈਗੰਬਰ, ਪਟਨ ਸ਼ਹਿਰ ਵਿਖੇ, ਸ਼ਾਹੀ ਕੈਦੀ ਅਤੇ ਰਾਸ਼ਟਰ ਭਾਸ਼ਾ ਤੋਂ ਇਲਾਵਾ ਉਹ ਸਤਿਯੁਗ, ਪਰਜਾ ਮਿੱਤਰ, ਪ੍ਰੀਤ ਸੈਨਿਕ, ਲੋਕਰਾਇ, ਸਪਤਾਹਿਕ ਅਤੇ ਪਹੁਫੁੱਟੀ ਅਤੇ ਜੀਵਨੀ ਪ੍ਰੀਤੀ ਮਾਸਿਕ ਪੱਤਰਾਂ ਦੇ ਸੰਪਾਦਕ ਵੀ ਰਹੇ ਹਨ। ਹਥਲੀ ਪੁਸਤਕ ਇਕ ਲੰਬੀ ਮਹਾਂ-ਕਾਵਿ ਰਚਨਾ ਹੈ ਜੋ ਨਾਮਧਾਰੀ ਸੰਪਰਦਾ ਤੇ ਜੁਝਾਰੂ ਸਿੰਘਾਂ ਦਾ ਜੀਵਨ ਇਤਿਹਾਸ ਨੂੰ ਇਕ ਨਵੀਨ ਖੜਗਧਾਰੀ ਪੁਠ ਦੇ ਕੇ ਸਿਰਜਦਾ ਹੈ। ਸਾਰੀ ਕਿਤਾਬ ਮਾਲਵੇਂਦ੍ਰ ਮਹਾਂਕਾਵਿ ਦੀ ਹੈ ਪਰ ਟਾਈਟਲ 'ਤੇ ਵਿਸ਼ਵੇਂਦ੍ਰ ਪ੍ਰਕਾਸ਼ਤ ਹੈ ਜੋ ਪਾਠਕਾਂ ਲਈ ਏਨੀ ਦੁਬਿਧਾ ਵਾਲੀ ਗ਼ਲਤੀ ਹੈ। ਪਹਿਲਾਂ ਇਹ ਕਾਵਿ-ਰਚਨਾ 1957 ਵਿਚ ਮਾਲਵੇਂਦ੍ਰ ਦੇ ਨਾਂਅ ਹੇਠ ਪ੍ਰਕਾਸ਼ਿਤ ਹੋਈ ਜਿਸ ਨੂੰ ਹੁਣ ਮੁੜ ਸੁਵਰਨ ਸਿੰਘ ਵਿਰਕ ਨੇ ਸੰਪਾਦਕ ਕਰਕੇ ਨਾਮਧਾਰੀ ਦਰਬਾਰ ਭੈਣੀ ਸਾਹਿਬ ਵਲੋਂ ਪ੍ਰਕਾਸ਼ਿਤ ਕੀਤਾ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਮੁਤਬੰਨਾ
ਲੇਖਿਕਾ : ਰਾਜਬੀਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 76
ਸੰਪਰਕ : 951019-80201

ਲੇਖਿਕਾ ਮੈਡਮ ਰਾਜਬੀਰ ਕੌਰ ਰੰਧਾਵਾ ਦੀਆਂ ਪੁਸਤਕਾਂ ਤੋਂ ਪਤਾ ਲਗਦਾ ਹੈ ਕਿ ਆਪ ਨੇ 10 ਕਾਵਿ ਸੰਗ੍ਰਹਿ, 6 ਕਹਾਣੀ ਸੰਗ੍ਰਹਿ, 6 ਨਾਵਲ ਪਹਿਲਾਂ ਪ੍ਰਕਾਸ਼ਨ ਕਰਵਾਏ ਹੋਏ ਹਨ, ਕਦੋਂ ਇਨ੍ਹਾਂ ਪੁਸਤਕਾਂ ਦਾ ਪ੍ਰਕਾਸ਼ਨ ਹੋਇਆ? ਇਸ ਦਾ ਵੇਰਵਾ ਨਹੀਂ? ਇਸ ਨਾਵਲ ਦੀ ਨਾ ਕੋਈ ਭੂਮਿਕਾ ਹੈ। ਪਿਛਲੇ ਸਰਵਰਕ ਉੱਪਰ ਜੋ ਰਾਏ ਹੈ। ਇਸ ਨਾਵਲ ਸੰਬੰਧੀ ਕੋਈ ਟਿੱਪਣੀ ਨਹੀਂ? ਕੇਵਲ ਨਾਵਲ ਜਾਂ ਕਹਾਣੀ ਸੰਬੰਧੀ ਹੀ ਵਿਦਵਾਨ ਟਿੱਪਣੀਕਾਰ ਨੇ ਆਪਣੀ ਟਿੱਪਣੀ ਪੇਸ਼ ਕੀਤੀ ਹੈ। ਇਸ ਨਾਵਲ ਸੰਬੰਧੀ ਕੋਈ ਵਸਤੂ-ਵੇਰਵਾ ਨਹੀਂ? ਨਾਵਲਿਟ ਦੀ ਕਹਾਣੀ ਰਾਜ ਨਾਂਅ ਦੀ ਪਾਤਰ ਇਸਤਰੀ ਤੋਂ ਆਰੰਭ ਹੁੰਦੀ ਹੈ, ਜਿਹੜੀ ਸਹੇਲੀ ਦੇ ਘਰ ਪਹੁੰਚਦੀ ਹੈ, ਗੋਲਗੱਪੇ ਖਾ ਬਿਮਾਰ ਹੋ ਜਾਂਦੀ ਹੈ ਤੇ ਬਿਮਾਰੀ ਦੀ ਹਾਲਤ ਵਿਚ ਘਰ ਪਹੁੰਚਦੀ ਹੈ, ਜਿਥੇ ਉਸ ਦਾ ਇਲਾਜ ਹੋਣ 'ਤੇ ਉਹ ਆਪਣੇ ਪਠਾਨਕੋਟ ਨੇੜੇ ਹਵੇਲੀ ਪਹੁੰਚਦੀ ਹੈ, ਉਸ ਸਮੇਂ ਅਜੇ ਵੀ ਉਹ ਆਪਣੇ-ਆਪ ਨੂੰ ਤੰਦਰੁਸਤ ਨਹੀਂ ਸੀ ਸਮਝਦੀ। ਦਿੱਲੀ ਰਹਿ ਕੇ ਉਸ ਦਾ ਇਲਾਜ ਹੋਣ ਪਿੱਛੋਂ ਰਾਜ ਆਪਣੇ ਫਾਰਮ ਹਾਊਸ ਦੀ ਗਾਥਾ ਆਰੰਭ ਕਰਦੀ ਹੈ। ਇਹੋ ਹੀ ਸਮੁੱਚੇ ਨਾਵਲ ਦੀ ਕਹਾਣੀ ਹੈ। ਪਿਆਰੀ ਅਤੇ ਉਸ ਦੇ ਪਤੀ ਦੀ ਜੋ ਜੰਮੂ ਤੋਂ ਏਥੇ ਇਸ ਜਸਮੀਤ ਦੇ ਫਾਰਮ ਉੱਪਰ ਕੰਮ ਕਰਨ ਲੱਗੇ ਸਨ। ਜਿਨ੍ਹਾਂ ਦਾ ਪਰਿਵਾਰ ਏਥੇ ਦਸ ਸਾਲ ਪਹਿਲਾਂ ਏਥੇ ਫਾਰਮ ਦੀ ਸੰਭਾਲ ਕਰਨ ਲਈ ਠਹਿਰੇ ਹੋਏ ਸਨ। ਦਰਅਸਲ ਅਸੀਂ ਇਸ ਨਾਵਲ ਦਾ ਆਕਾਰ-ਪਾਸਾਰ, ਦੇਖ ਕੇ ਕਹਿ ਸਕਦੇ ਹਾਂ ਕਿ ਇਹ ਨਾਵਲ ਨਹੀਂ, ਨਾਵਲਿਟ ਹੈ ਅਸਲ ਕਹਾਣੀ ਦੇ ਪੰਨੇ 50-60 ਹੀ ਹਨ। ਪਿਆਰੀ ਜੋ ਜੰਮੂ ਤੋਂ ਆ ਕੇ ਆਪਣੇ ਪਰਿਵਾਰ ਸਮੇਤ ਰਾਜ ਅਤੇ ਜਸਮੀਤ ਦੇ ਫਾਰਮ ਉੱਤੇ ਕੰਮ ਕਰਦੇ ਸਨ, ਪਿਆਰੀ ਦਾ ਪਤੀ ਘਾਲੂ ਸੀ, ਪਿਆਰੀ ਘਰ ਦਾ, ਘਾਲੂ ਖੇਤਾਂ 'ਚ ਕੰਮ ਕਰਦਾ ਸੀ। ਇਹ ਦਸ ਸਾਲ ਪਹਿਲਾਂ, ਇਸ ਥਾਂ ਆ ਕੇ ਕੰਮ ਕਰਨ ਲੱਗੇ ਸਨ। ਕੁੜੀ ਦੇ ਵਿਆਹ ਸਮੇਂ ਹੀ ਇਕ ਨਿੱਕੀ ਜਿਹੀ ਗੱਲ ਕਾਰਨ ਵਿਆਹ ਪੂਰਾ ਨਾ ਹੋ ਸਕਿਆ। ...ਇੰਝ ਇਸ ਨਾਵਲ ਦੀਆਂ ਦੋਵੇਂ ਕਹਾਣੀਆਂ, ਅੱਗੇ ਕਈ ਪੀੜ੍ਹੀਆਂ ਤੱਕ ਚਲਦੀਆਂ ਹਨ। ਪੋਤਾ ਅਰਮਾਨ ਵੱਡਾ ਅਫ਼ਸਰ ਘਰ, ਪੁਰਾਣੇ ਕਾਗ਼ਜ਼ ਫਰੋਲਦਾ ਹੈ ਤਾਂ ਉਸ ਨੂੰ ਇਕ ਅਹਿਦਨਾਮਾ ਦਾਦੀ ਰਾਜ ਕੌਰ ਤੇ ਦਾਦਾ ਜਸਜੀਤ ਦਾ ਲਿਖਿਆ ਹੋਇਆ ਮਿਲਦਾ ਹੈ, 'ਮੰਗੋ ਦੀ ਮਾਂ ਨੂੰ, ਮੰਗੋ ਦਾ ਇਕ ਬੱਚਾ, ਨਵਤੇਜ ਨੂੰ ਦੇਣ ਬਦਲੇ, ਚਾਰ ਕਿੱਲੇ ਜ਼ਮੀਨ ਨਹਿਰੋਂ ਪਾਰ ਵਾਲੀ ਦਿੱਤੀ ਗਈ। ਜੋ ਉਸ ਦੇ ਮਾਂ-ਪਿਓ ਦੇ ਨਾਵੇਂ ਕਰ ਦਿੱਤੀ ਗਈ।' ਅਰਮਾਨ ਨੂੰ ਸਾਰੀ ਰਹੱਸਾਤਮਿਕ ਕਹਾਣੀ ਦਾ ਪਤਾ ਲੱਗ ਜਾਂਦਾ ਹੈ। ਇਹ ਇਸ ਨਾਵਲ ਦੀ ਕਹਾਣੀ ਹੈ।

-ਡਾ. ਅਮਰ ਕੋਮਲ
ਮੋਬਾਈਲ : 84378-73565

ਸਮੇਂ ਦੀ ਦਾਸਤਾਨ
ਲੇਖਿਕਾ : ਦਵਿੰਦਰ ਕੌਰ ਖ਼ੁਸ਼ ਧਾਲੀਵਾਲ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 300 ਰੁਪਏ, ਸਫ਼ੇ : 202
ਸੰਪਰਕ : 88472-27740

ਇਕ ਕਾਵਿ-ਸੰਗ੍ਰਹਿ ਅਤੇ ਪ੍ਰੇਰਨਾਮਈ ਕਹਾਣੀਆਂ ਤੇ ਵਿਚਾਰਾਂ ਦੀ ਇਕ ਪੁਸਤਕ ਤੋਂ ਬਾਅਦ ਲੇਖਿਕਾ ਦਵਿੰਦਰ ਕੌਰ ਖ਼ੁਸ਼ ਧਾਲੀਵਾਲ ਦੀ ਇਹ ਤੀਜੀ ਪੁਸਤਕ ਹੈ, ਜੋ ਉਸ ਦੁਆਰਾ ਦੇਸ਼ ਦੇ ਸਮਕਾਲੀ ਮਸਲਿਆਂ ਅਤੇ ਅਰਥਵਿਵਸਥਾ ਬਾਰੇ ਲਿਖੇ ਲੇਖਾਂ 'ਤੇ ਆਧਾਰਿਤ ਹੈ। ਲੇਖਿਕਾ ਨੇ ਇਨ੍ਹਾਂ ਲੇਖਾਂ ਲਈ ਅਜਿਹੇ ਵਿਸ਼ਿਆਂ ਦੀ ਚੋਣ ਕੀਤੀ ਹੈ ਜੋ ਕਿਸੇ ਵੀ ਕਾਰਨ ਗਾਹੇ-ਬ-ਗਾਹੇ ਚਰਚਾ ਵਿਚ ਰਹੇ ਹੋਣ। ਇਸ ਪੁਸਤਕ ਵਿਚ ਕੁੱਲ 51 ਲੇਖ ਹਨ, ਜਿਨ੍ਹਾਂ ਵਿਚ ਲੇਖਿਕਾ ਨੇ ਲੀਡਰਾਂ ਦੀਆਂ ਰਾਜਨੀਤੀ, ਧਾਰਮਿਕ, ਪਾਖੰਡ, ਅਰਥਵਿਵਸਥਾ, ਡਾਕਟਰੀ ਸਹੂਲਤਾਂ ਤੇ ਰੋਗਾਂ, ਔਰਤਾਂ ਦਾ ਸ਼ੋਸ਼ਣ ਅਤੇ ਆਧੁਨਿਕ ਸਮਾਜ ਬਾਰੇ ਤਰਕਪੂਰਨ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਦਾਹਰਨ ਵਜੋਂ ਵਧਦੀ ਮਹਿੰਗਾਈ ਬਾਰੇ ਲਿਖੇ ਲੇਖ ਵੇਖੇ ਜਾ ਸਕਦੇ ਹਨ। ਇਸ ਵਿਸ਼ੇ 'ਤੇ ਕੁੱਲ ਤਿੰਨ ਲੇਖਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਲੇਖਿਕਾ ਨੇ ਵਧ ਰਹੀ ਮਹਿੰਗਾਈ ਸੰਬੰਧੀ ਹਾਲਤ ਦੀ ਘੋਖ ਕਰਕੇ ਇਸ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੰਕੜਿਆਂ ਸਮੇਤ ਹਰ ਹੱਲ ਅਤੇ ਉਸ ਦੇ ਪੱਖ ਪੇਸ਼ ਕੀਤੇ ਹਨ। ਕਿਸੇ ਲੇਖ ਵਿਚ ਉਹ ਪਾਣੀ ਸੰਕਟ ਬਾਰੇ ਆਪਣੇ ਵਿਚਾਰ ਪ੍ਰਗਟਾਉਂਦੀ ਹੈ ਤੇ ਕਿਸੇ ਲੇਖ ਵਿਚ ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਘੱਟ ਰਹੇ ਰੁਜ਼ਗਾਰ ਮੌਕਿਆਂ ਬਾਰੇ। ਵਿੱਦਿਅਕ ਢਾਂਚੇ, ਕੋਚਿੰਗ ਸੈਂਟਰਾਂ ਅਤੇ ਕਿਤਾਬਾਂ ਬਾਰੇ ਵੀ ਅੱਡ-ਅੱਡ ਲੇਖ ਲਿਖੇ ਗਏ ਹਨ। ਸਿਹਤ ਸੰਬੰਧੀ ਲੇਖਾਂ ਵਿਚ ਕੈਂਸਰ ਸੰਬੰਧੀ ਲੇਖ ਬਹੁਤ ਉਪਯੋਗੀ ਹੈ ਜਿਸ ਵਿਚ ਇਸ ਭਿਆਨਕ ਰੋਗ ਨਾਲ ਸੰਬੰਧਿਤ ਅੰਕੜੇ ਪੇਸ਼ ਕਰਕੇ ਆਪਣੇ ਉਪਯੋਗੀ ਵਿਚਾਰ ਪੇਸ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਖੂਨ ਦੀ ਕਮੀ ਤੇ ਕੁਪੋਸ਼ਣ ਬਾਰੇ ਵੀ ਲੇਖ ਇਸ ਪੁਸਤਕ ਵਿਚ ਸ਼ਾਮਿਲ ਹਨ। ਚੰਗੇ ਜੀਵਨ ਜਾਂਚ ਵਿਚ ਨਸ਼ੇ ਤੋਂ ਬਚਾਅ, ਬੱਚਿਆਂ ਦੇ ਪਾਲਣ-ਪੋਸ਼ਣ, ਹੰਕਾਰ, ਖ਼ੁਦਕੁਸ਼ੀ ਦੇ ਰੁਝਾਨ ਆਦਿ ਵਿਸ਼ਿਆਂ ਨੂੰ ਮਨੋਵਿਗਿਆਨਕ ਢੰਗ ਨਾਲ ਘੋਖਿਆ ਗਿਆ ਹੈ। ਔਰਤ ਦੀ ਸਿੱਖਿਆ, ਸ਼ੋਸ਼ਣ ਅਤੇ ਹਾਲਾਤ ਨੂੰ ਬਿਆਨ ਕਰਦੇ ਲੇਖ ਵੀ ਇਸ ਪੁਸਤਕ ਵਿਚ ਸ਼ਾਮਿਲ ਹਨ।
ਲੇਖਿਕਾ ਨੇ ਇਹ ਸਾਰੇ ਲੇਖ ਲਿਖਣ ਲਈ ਚਿੰਤਨ ਭਰਪੂਰ ਅਤੇ ਤਰਕਪੂਰਨ ਬਿਆਨੀਆ ਸ਼ੈਲੀ ਦੀ ਵਰਤੋਂ ਕੀਤੀ ਹੈ। ਭਾਸ਼ਾ ਸਰਲ ਹੈ ਪਰ ਲੋੜ ਅਨੁਸਾਰ ਤਕਨੀਕੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਗਈ ਹੈ। ਪੁਸਤਕ ਦੀ ਇਕੋ-ਇਕ ਕਮੀ ਇਸ ਦੇ ਮੁੱਖ ਬੰਦ ਵਿਚ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਹਨ ਜੋ ਕਿ ਪੁਸਤਕ ਦੇ ਸ਼ੁਰੂਆਤੀ ਸਫ਼ਿਆਂ 'ਤੇ ਹੋਣ ਕਾਰਨ ਬਹੁਤ ਚੁੱਭਦੀਆਂ ਹਨ। ਜੇ ਇਸ ਕਮੀ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਵੇ ਤਾਂ ਇਹ ਕਿਤਾਬ ਪਾਠਕਾਂ ਵਿਚ ਬਹੁਤ ਹਰਮਨਪਿਆਰੀ ਹੋਵੇਗੀ।

-ਡਾ. ਸੰਦੀਪ ਰਾਣਾ
ਮੋਬਾਈਲ : 98728-85551

ਕਲਾਮ
ਬਾਬੂ ਰਜਬ ਅਲੀ
ਚੋਣ ਤੇ ਸੰਪਾਦਨ : ਬੁੱਧ ਸਿੰਘ ਨੀਲੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 95011-45039

ਸੂਝਵਾਨ ਅਤੇ ਅਨੁਭਵੀ ਸੰਪਾਦਕ ਵਲੋਂ ਬਾਬੂ ਰਜਬ ਅਲੀ ਦੀ ਚੋਣਵੀਂ ਰਚਨਾ ਦਾ ਤੀਸਰਾ ਸੰਸਕਰਨ ਪਾਠਕਾਂ ਦੇ ਹੱਥਾਂ ਵਿਚ ਹੈ। ਵਿਦਵਾਨ ਨੀਲੋਂ ਨੇ 'ਕਵੀ ਤੇ ਕਵੀਸ਼ਰ ਬਾਬੂ ਰਜਬ ਅਲੀ' ਸਿਰਲੇਖ ਹੇਠ ਕਵੀਸ਼ਰੀ ਦੀ ਪਰੰਪਰਾ ਦਾ ਆਰੰਭ ਅਤੇ ਪਤਨ ਤੋਂ ਬਿਨਾਂ ਕਵੀ ਬਾਰੇ ਵੀ ਬੜੀ ਵਡਮੁੱਲੀ ਜਾਣਕਾਰੀ ਪ੍ਰਸਤੁਤ ਕੀਤੀ ਹੈ। ਹਰ ਸਾਹਿਤਕ ਵਿਧਾ ਤਤਕਾਲੀ ਸਮਾਜਿਕ, ਇਤਿਹਾਸਕ, ਸੱਭਿਆਚਾਰਕ ਅਤੇ ਭੂਗੋਲਿਕ ਪਰਿਸਥਿਤੀਆਂ 'ਚੋਂ ਹੋਂਦ ਗ੍ਰਹਿਣ ਕਰਿਆ ਕਰਦੀ ਹੈ। ਇਵੇਂ ਹੀ ਕਵੀਸ਼ਰੀ 19ਵੀਂ ਸਦੀ ਦੇ ਆਰੰਭ ਵਿਚ, ਸਿੱਖ-ਰਾਜ ਦੇ ਸੰਸਕ੍ਰਿਤਕ ਅਸਰ ਹੇਠ ਹੋਂਦ ਵਿਚ ਆਈ। 19ਵੀਂ ਸਦੀ ਦੇ ਦੂਸਰੇ ਅੱਧ ਅਤੇ ਵੀਹਵੀਂ ਸਦੀ ਦੇ ਪਹਿਲੇ ਚਾਰ ਦਹਾਕਿਆਂ ਤੱਕ ਪੰਜਾਬੀ ਸਾਹਿਤਕ ਗਗਨ 'ਤੇ ਛਾਈ ਰਹੀ ਪਰ ਦੇਸ਼-ਵੰਡ ਦੇ ਨਾਲ ਹੀ ਇਸ ਦਾ ਪਤਨ ਸ਼ੁਰੂ ਹੋ ਗਿਆ। ਬਾਬੂ ਰਜਬ ਅਲੀ ਦਾ ਜਨਮ 10 ਅਗਸਤ, 1892 ਨੂੰ ਪਿੰਡ ਸਾਹੋਕੇ, ਜ਼ਿਲ੍ਹਾ ਮੋਗਾ ਵਿਖੇ ਹੋਇਆ। ਬਾਬੂ ਜੀ ਸਕੂਲ ਵਿਚੋਂ ਐਂਟਰੈਂਸ ਪਾਸ ਕਰ ਕੇ ਰਸੂਲੋਂ ਓਵਰਸੀਅਰ ਬਣੇ। 27 ਸਾਲ ਦੀ ਸੇਵਾ ਕਰ ਕੇ ਗਜ਼ਟਿਡ ਅਫ਼ਸਰ ਵਜੋਂ ਸੇਵਾਮੁਕਤ ਹੋਏ। ਉਨ੍ਹਾਂ ਦੇ ਸਮੇਂ ਪਿਤਾ ਵਲੋਂ ਲਗਾਏ ਜਾਂਦੇ ਕੁਸ਼ਤੀ ਦੇ ਅਖਾੜੇ, ਬਾਬੂ ਜੀ ਦੇ ਸਮੇਂ ਕਵੀਸ਼ਰੀ ਅਖਾੜਿਆਂ ਵਿਚ ਬਦਲ ਗਏ। ਬਾਬੂ ਜੀ ਨੇ ਅੰਤਿਮ ਸਾਹ 6 ਜੂਨ, 1979 ਨੂੰ ਲੈ ਕੇ ਫ਼ਾਨੀ ਸੰਸਾਰ ਤਿਆਗ ਦਿੱਤਾ। ਇਸ ਪੁਸਤਕ ਨੂੰ ਸੰਪਾਦਕ ਨੇ ਪੰਜ ਮੁੱਖ ਭਾਗਾਂ (ਨੀਤੀ ਕਬਿਤ, ਧਾਰਮਿਕ, ਲੋਕ ਰੰਗ, ਬਹੱਤਰ ਕਲਾ ਛੰਦ, ਗਣਨਾ ਦੇ ਬੈਂਤ) ਵੰਡ ਕੇ, ਅੱਗੋਂ ਅਨੇਕਾਂ ਉਪ-ਸਿਰਲੇਖਾਂ ਵਿਚ ਵੰਡਿਆ ਹੈ। ਸਾਰਾ ਕਾਵਿ ਬਿਰਤਾਂਤਕ-ਕਾਵਿ ਹੈ। ਬਾਬੂ ਜੀ ਦੇ ਇਸ ਕਵੀਸ਼ਰੀ ਸੰਗ੍ਰਹਿ ਦਾ ਗਹਿਨ ਅਧਿਐਨ ਕਰਦਿਆਂ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦੀਆਂ ਵੱਖ-ਵੱਖ ਛੰਦਾਂ ਵਿਚ ਰਚੀਆਂ ਰਚਨਾਵਾਂ ਅਤੇ ਕਥਾਵਸਤੂ ਦਾ ਮਹੱਤਵ ਮਾਲਵੇ ਦੀ ਬਹੁਪੱਖੀ 'ਆਂਚਲਿਕਤਾ' ਵਿਚ ਨਿਹਿਤ ਹੈ। ਮਾਲਵੇ ਦੇ ਪਿੰਡਾਂ, ਸ਼ਹਿਰਾਂ, ਗੱਭਰੂਆਂ, ਮੁਟਿਆਰਾਂ, ਰਸਮੋ-ਰਿਵਾਜ਼ਾਂ, ਗੱਲ ਕੀ ਮਾਲਵੇ ਦੇ ਸੱਭਿਆਚਾਰ ਦੀ ਰੰਗੀਨ 'ਚਿੱਤਰਾਵਲੀ' ਹੈ। ਕਵੀ ਪੰਜਾਬੀ ਮਾਂ-ਬੋਲੀ ਦਾ ਦੀਵਾਨਾ ਹੈ। ਆਪਣੀ ਜਨਮ-ਭੂਮੀ ਲਈ ਤਾਂਘਦਾ ਹੈ।
ਮੈਨੂੰ ਰੱਖਲੋ ਨਗਰ ਮੇਂ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ।
'ਬਾਬੂ' ਜਾਣ ਦੇਵਣਾ ਨਾ, ਦਾਸ ਦੀ ਕਬਰ ਬਣਾ ਲੋ ਸਾਹੋ। ਪੰ.65
ਗੱਲ ਕੀ, ਕਵੀ ਪੰਜਾਬ 'ਚ ਵਸਦੀਆਂ ਤਿੰਨਾਂ ਕੌਮਾਂ (ਹਿੰਦੂ, ਸਿੱਖ, ਮੁਸਲਿਮ) ਦੀ ਸਾਂਝ ਦਾ ਕਾਵਿ ਸਿਰਜਣ ਵਾਲਿਆਂ ਕਵੀਆਂ ਨੂੰ ਸਿਆਣੇ ਮੰਨਦਾ ਹੈ:
ਨਾਮ ਰੱਬ ਦਾ ਜਪ ਕੇ ਤੇ 'ਰਜਬ ਅਲੀ ਰੱਖਦਾ ਦਿਲਾਂ ਨੂੰ ਮਾਂਜੀ, ਧਰਮ ਦਾ ਸੋਮਾ।
ਸਿਆਣੇ ਸਮਝਣ ਉਹਨੂੰ ਅੱਛਾ ਜੀ, ਜਿਹੜਾ ਸ਼ਾਇਰ ਨਜ਼ਮ ਬਣਾਵੇ ਸਾਂਝੀ, ਸੁਣਨੇ ਤਿੰਨੇ ਕੌਮਾਂ।
ਕਵੀਸ਼ਰੀ ਦੇ ਖੇਤਰ 'ਚ ਬਾਬੂ ਜੀ ਦੇ ਅਨੇਕਾਂ ਸ਼ਾਗਿਰਦ ਹੋ ਚੁੱਕੇ ਨੇ। ਰਜਬ ਅਲੀ ਤਾਂ ਅਖਾੜੇ ਨੂੰ ਇਉਂ ਕਹਿੰਦਾ ਹੋਇਆ ਵੀ, ਮਘਾਉਂਦਾ ਵੇਖਿਆ ਜਾ ਸਕਦਾ ਹੈ :
ਚੌਧਵੀਂ ਦਾ ਚੰਦ ਚੰਗਾ, ਬਾਊ ਜੀ ਦਾ ਛੰਦ ਚੰਗਾ।
ਆਂਵਦਾ ਆਨੰਦ ਚੰਗਾ, ਲਾਉਂਦਾ ਸੋਣੀ ਤੁੱਕ ਜੇ। ਪੰ. 22
ਬਾਬੂ ਰਜਬ ਅਲੀ ਦੇ ਕਾਵਿ ਦੀ ਡੂੰਘੀ ਖੋਜ ਕਰਕੇ, ਉਨ੍ਹਾਂ ਦਾ ਕਵੀਸ਼ਰੀ ਦੀ ਪਰੰਪਰਾ ਵਿਚ ਸਥਾਨ ਨਿਸਚਿਤ ਕਰਨ ਦੀ ਲੋੜ ਹੈ। ਸੰਪਾਦਕ ਦਾ ਕਾਰਜ ਸ਼ਲਾਘਾਯੋਗ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਅੱਖਰ ਅੱਖਰ ਲੋਅ
ਲੇਖਿਕਾ : ਗੁਰਪ੍ਰੀਤ ਕੌਰ ਸੈਣੀ 'ਪ੍ਰੀਤ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 094660-12433

ਸ਼ਾਇਰਾ ਗੁਰਪ੍ਰੀਤ ਕੌਰ ਸੈਣੀ 'ਪ੍ਰੀਤ' ਹਥਲੀ ਕਾਵਿ-ਕਿਤਾਬ 'ਅੱਖਰ ਅੱਖਰ ਲੋਅ' ਤੋਂ ਪਹਿਲਾਂ ਵੀ ਚਾਰ ਪੁਸਤਕਾਂ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਹਥਲੀ ਕਿਤਾਬ ਗ਼ਜ਼ਲਾਂ ਦੀ ਹੈ ਤੇ ਉਸ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਕਿਤਾਬ ਦੇ ਨਾਂਅ 'ਅੱਖਰ-ਅੱਖਰ ਲੋਅ' ਤੋਂ ਹੀ ਅਸਾਡੇ ਹੱਥ ਆ ਜਾਂਦੀ ਹੈ। ਉਹ ਅੱਖਰ ਹੀ ਹਨ ਜੋ ਅਗਾਂਹ ਜਾ ਕੇ ਸ਼ਬਦ ਬਣਦੇ ਹਨ ਤੇ ਉਸ ਤੋਂ ਬਾਅਦ 'ਘੜੀਏ ਸ਼ਬਦ ਸੱਚੀ ਟਕਸਾਲ' ਰਾਹੀਂ ਦੁਮੇਲ ਤੱਕ ਲੋਅ ਨਾਲ ਰੌਸ਼ਨ ਕਰਦੇ ਹਨ ਤੇ ਤਾਂ ਹੀ 'ਵਿੱਦਿਆ ਵੀਚਾਰੀ ਤਾਂ ਪਰਉਪਕਾਰੀ' ਲਈ ਰਾਹ ਦਸੇਰਾ ਬਣਦੇ ਹਨ। ਪੁਸਤਕ ਦੇ ਪਿਠਵਰਕ ਤੇ ਸ਼ਾਇਰਾ ਦੀ ਜੋ ਖ਼ੂਬਸੂਰਤ ਤਸਵੀਰ ਛਪੀ ਹੈ ਮੈਨੂੰ ਤਾਂ ਉਹ ਤਸਵੀਰ ਹੀ ਗ਼ਜ਼ਲ ਦਾ ਮਤਲਾ ਲਗਦੀ ਹੈ। ਸ਼ਾਇਰਾ ਤਿੰਨ ਸੱਸਿਆਂ ਨਾਲ ਮਿਹਰਬਾਨ ਹੋਈ ਲਗਦੀ ਹੈ। ਤਿੰਨ ਸੱਸਿਆਂ ਦੇ ਉਹ ਤਿੰਨ ਸ਼ਬਦ ਹਨ, 'ਸੂਰਤ, ਸੀਰਤ ਤੇ ਸ਼ਬਦ'। ਪਲੈਖਾਨੋਵ ਆਖਦਾ ਹੈ ਕਿ ਮੱਥਾ ਖ਼ੂਬਸੂਰਤ ਨਹੀਂ ਹੁੰਦਾ, ਖ਼ੂਬਸੂਰਤ ਤਾਂ ਮੱਥੇ ਅੰਦਰ ਪਿਆ ਖ਼ੂਬਸੂਰਤ ਖਿਆਲ ਹੁੰਦਾ ਹੈ। ਸੋ ਇਸ ਗ਼ਜ਼ਲਗੋ ਬੀਬੀ ਰਾਣੀ ਦੇ ਖਿਆਲ ਵੀ ਖ਼ੂਬਸੂਰਤ ਹਨ। ਸ਼ਾਇਰਾ ਰਵਾਇਤੀ ਕਵਿਤਰੀਆਂ ਵਾਂਗ ਪਿੱਤਰੀ ਸੱਤਾ ਦੇ ਦਬਾਅ ਹੇਠ ਆਈਆਂ ਔਰਤਾਂ ਦੇ ਰੋਣੇ ਧੋਣੇ ਨਹੀਂ ਰੋਂਦੀ ਬਲਕਿ ਉਹ ਤਾਂ ਔਰਤ ਨੂੰ ਤੂਫ਼ਾਨਾਂ ਦੀ ਗੁੜ੍ਹਤੀ ਦੇ ਕੇ ਕੁੜੀਆਂ ਨੂੰ ਚਿੜੀਆਂ ਨਹੀਂ ਬਲਕਿ ਬਾਜ ਬਣਨ ਦੀ ਹੁੱਝ ਮਾਰਦੀ ਹੈ ਤੇ ਅਗਾਊਂ ਜਾਗਰੂਕ ਕਰਦੀ ਹੈ। ਉਹ ਤਰੰਗਤੀ ਮੁਹੱਬਤ ਦੀਆਂ ਗੱਲਾਂ ਕਰਦੀ ਹੋਈ ਕਿਸੇ ਵੀ ਭੈਂਗੀ ਅੱਖ ਦੇ ਟੀਰ ਵਿਚ ਮੋਤੀਆਬਿੰਦ ਉਤਾਰਨ ਲਈ ਦਸਤਪੰਜਾ ਲੈਂਦੀ ਨਜ਼ਰ ਆਉਂਦੀ ਹੈ ਤੇ ਅਬਲਾ ਤੋਂ ਆ ਬਲਾ ਬਣਨ ਲਈ ਊਰਜਿਤ ਕਰਦੀ ਹੈ। ਸ਼ਾਇਰਾ ਦੰਭੀਆਂ, ਚੁਗਲਖੋਰਾਂ, ਰਿਸ਼ਵਤਖੋਰਾਂ ਸਿਆਸੀ ਘੜੰਮ ਚੌਧਰੀਆਂ ਤੇ ਭਰੂਣ ਹੱਤਿਆ ਕਰਨ ਵਾਲਿਆਂ ਨੂੰ ਚੌਰਾਹੇ ਵਿਚ ਨੰਗਿਆਂ ਕਰਦੀ ਹੈ। ਉਹ ਉਨ੍ਹਾਂ ਲੇਖਕਾਂ ਦੇ ਵੀ ਬਖੀਏ ਉਧੇੜਦੀ ਹੈ ਜੋ ਸਨਮਾਨਾਂ ਤੇ ਪੁਰਸਕਾਰਾਂ ਲਈ ਆਪਣੀ ਜ਼ਮੀਰ ਨੂੰ ਗਹਿਣੇ ਰੱਖ ਕੇ ਸਰਕਾਰੇ ਦਰਬਾਰੇ ਲੇਲ੍ਹੜੀਆਂ ਕੱਢਦੇ ਫਿਰਦੇ ਹਨ। ਉਹ ਹਿੰਦ-ਪਾਕਿ ਦੀ ਵੰਡ 'ਤੇ ਵੀ ਹੰਝੂ ਕੇਰਦੀ ਹੈ ਕਿ ਜੇਕਰ ਜੁਗਰਾਫ਼ੀਆ ਦੀ ਹੱਦ ਬੰਨ੍ਹਿਆਂ ਨਾਲ ਦੋ ਦੇਸ਼ ਵੰਡੇ ਗਏ ਹਨ ਤਾਂ ਕੰਡਿਆਲੀ ਤਾਰ ਤੋਂ ਉਰਾਂਹ ਤੇ ਪਾਰ ਕੋਈ ਖਿੜਕੀ ਤਾਂ ਖੁੱਲ੍ਹੀ ਰਹਿਣੀ ਚਾਹੀਦੀ ਹੈ। ਸ਼ਾਇਰਾ ਦਾ ਸੁਹਜਾਤਮਿਕ ਤੇ ਕਲਾਤਮਿਕ ਪ੍ਰਗਟਾਵਾ ਕਿਤੇ ਵੀ ਝੋਲ ਨਹੀਂ ਖਾਂਦਾ ਤੇ ਇਸ ਦਾ ਗ੍ਰਾਫ਼ ਉਤਾਂਹ ਤੋਂ ਉਤਾਂਹ ਵੱਲ ਹੀ ਚਲੇ ਜਾਂਦਾ ਹੈ। ਸ਼ਾਇਰਾ ਦੇ ਕਾਵਿ-ਚਿੰਤਨ, ਕਾਵਿ-ਸ਼ਿਲਪ ਤੇ ਕਾਵਿ-ਧਰਮ ਨੂੰ ਸਲਾਮ। ਇਸ ਲਈ ਕਹਿਣਾ ਬਣਦਾ ਹੈ ਕਿ ਸਾਡੇ ਸਮਿਆਂ ਦੇ ਪ੍ਰਬੁੱਧ ਸ਼ਾਇਰ ਜਨਾਬ ਸੁਰਜੀਤ ਪਾਤਰ ਉਸ ਨੂੰ ਭਵਿੱਖ ਦੀ ਅੰਮ੍ਰਿਤਾ ਪ੍ਰੀਤਮ ਕਹਿਣ ਤੋਂ ਭੋਰਾ ਵੀ ਨਹੀਂ ਹਿਚਕਾਉਂਦੇ। ਸ਼ਾਇਰਾ ਦੀ ਗ਼ਜ਼ਲ ਦੀ ਵੰਨਗੀ ਦਾ ਤੁਸੀਂ ਖ਼ੁਦ ਅੰਦਾਜ਼ਾ ਲਾਓ ਕਿ ਉਸ ਦੀ ਕਾਵਿ-ਉਡਾਰੀ ਕਿੰਨੀ ਉੱਚੀ ਹੈ :
''ਕਾਹਦੀ ਮਿਲੀ ਆਜ਼ਾਦੀ, ਸਾਡੀਆਂ ਖੋਹ ਲਈਆਂ ਤਕਦੀਰਾਂ
ਸਾਡੇ ਪੈਰੀਂ ਹਾਲੇ ਤੱਕ, ਗ਼ੁਲਾਮੀ ਦੀਆਂ ਜ਼ੰਜੀਰਾਂ।
ਇਕ ਵੀ ਵਾਅਦਾ ਵਫ਼ਾ ਨਾ ਹੋਇਆ, ਸੁਲਝਿਆ ਨਾ ਕੋਈ ਮਸਲਾ।
ਤੁਰੀ ਫਿਰਦੀਆਂ ਨੇਤਾਵਾਂ ਦੀਆਂ, ਲੁੱਟਣ ਲਈ ਵਹੀਰਾਂ।

-ਭਗਵਾਨ ਢਿੱਲੋਂ
ਮੋਬਾਈਲ : 098143-78254

ਗਿਆਨ ਅਤੇ ਵਿਗਿਆਨ
ਲੇਖਕ : ਪ੍ਰਿੰ: ਅਵਤਾਰ ਸਿੰਘ ਕਰੀਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 56
ਸੰਪਰਕ : 94170-05183

ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਗਿਆਨ ਅਤੇ ਵਿਗਿਆਨ ਦੀ ਪੁਸਤਕ 'ਚ ਗਿਆਨ ਤੇ ਵਿਗਿਆਨ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਪੁਸਤਕ ਦੇ ਲੇਖਕ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਹਨ, ਜਿਨ੍ਹਾਂ ਨੇ ਇਸ ਪੁਸਤਕ ਤੋਂ ਪਹਿਲਾਂ ਆਓ ਜਾਣੀਏ ਕੰਪਿਊਟਰ ਅਤੇ ਵਿਗਿਆਨ ਬਾਰੇ ਅਤੇ ਲੋਕ ਬੁਝਾਰਤਾਂ ਪੁਸਤਕਾਂ ਲਿਖ ਕੇ ਪਾਠਕਾਂ ਦੀ ਝੋਲੀ ਵਿਚ ਪਾਈਆਂ ਹਨ। ਇਸ ਪੁਸਤਕ ਵਿਚ 42 ਵੱਖ-ਵੱਖ ਵਿਸ਼ਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਜੇਕਰ ਇਸ ਪੁਸਤਕ ਨੂੰ ਪੜ੍ਹਨ ਲੱਗ ਜਾਈਏ ਤਾਂ ਅੱਗੋਂ ਹੋਰ ਤੇ ਹੋਰ ਪੜ੍ਹਨ ਦੀ ਜਗਿਆਸਾ ਰਹਿੰਦੀ ਹੈ। ਪੁਸਤਕ ਵਿਚ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਬਹੁਤ ਰੌਚਕ ਹੈ ਅਤੇ ਜੋ ਵੀ ਇਸ ਵਿਚ ਗੱਲਾਂ ਦੱਸੀਆਂ ਗਈਆਂ ਹਨ ਉਹ ਗਿਆਨ ਦੇ ਵਿਚ ਭਰਪੂਰ ਵਾਧਾ ਕਰਦੀਆਂ ਹਨ। ਵਿਸ਼ੇਸ਼ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਲਈ ਇਹ ਪੁਸਤਕ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ। ਜੇਕਰ ਕਹਿ ਲਿਆ ਜਾਵੇ ਕਿ ਸਮੁੰਦਰ ਨੂੰ ਗਾਗਰ ਵਿਚ ਬੰਦ ਕੀਤਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਲੇਖਕ ਆਪ ਕਾਮਰਸ ਦੇ ਮੰਨੇ-ਪ੍ਰਮੰਨੇ ਅਧਿਆਪਕ ਰਹੇ ਹਨ। ਇਸ ਪੁਸਤਕ ਵਿਚ ਜਾਨਵਰਾਂ, ਆਲੇ-ਦੁਆਲੇ, ਮੰਡੀਆਂ, ਰੁੱਖਾਂ, ਵਿਗਿਆਨ ਦੀਆਂ ਕਾਢਾਂ, ਮਨੁੱਖੀ ਸਰੀਰ, ਕਾਗ਼ਜ਼, ਰੇਲ ਗੱਡੀ, ਰੰਗਾਂ, ਗੰਜਾਪਣ, ਦੰਦਾਂ, ਗੱਡੀਆਂ, ਰੇਸ਼ਮ ਦੀ ਖੋਜ, ਬਾਇਓਮੈਟ੍ਰਿਕ ਤਕਨੀਕ, ਪਿਆਸ, ਐਨਕ, ਨਵੀਂ ਪਾਰਲੀਮੈਂਟ, ਪਿੰਨ ਕੋਡ ਅਤੇ ਹੋਰਨਾਂ ਵਿਸ਼ਿਆਂ ਦੀ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਆਮ ਤੌਰ 'ਤੇ ਵੇਖਿਆ ਗਿਆ ਗਿਆ ਹੈ ਕਿ ਪੰਜਾਬੀ ਵਿਚ ਗਿਆਨ ਵਿਗਿਆਨ ਸਾਹਿਤ ਦੀ ਵੱਡੀ ਘਾਟ ਹੈ ਪ੍ਰੰਤੂ ਪ੍ਰਿੰ: ਅਵਤਾਰ ਸਿੰਘ ਕਰੀਰ ਨੇ ਇਹ ਪੁਸਤਕ ਲਿਖ ਕੇ ਬਹੁਤ ਵੱਡਾ ਕੰਮ ਕੀਤਾ ਹੈ, ਜਿਸ ਕਰਕੇ ਇਨ੍ਹਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਥੋੜ੍ਹੀ ਹੈ। ਉਮੀਦ ਹੈ ਕਿ ਲੇਖਕ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਹੋਰ ਪੁਸਤਕਾਂ ਪੰਜਾਬੀ ਵਿਚ ਲਿਖ ਕੇ ਪਾਠਕਾਂ ਦੀ ਝੋਲੀ ਵਿਚ ਪਾਉਣਗੇ। ਇਹ ਪੁਸਤਕ ਬੱਚਿਆਂ ਤੋਂ ਇਲਾਵਾ ਨੌਜਵਾਨਾਂ ਅਤੇ ਵਡੇਰੀ ਉਮਰ ਵਾਲਿਆਂ ਲਈ ਲਾਹੇਵੰਦ ਸਾਬਤ ਹੋਵੇਗੀ। ਇਹ ਪੁਸਤਕ ਸਿਲੇਬਸ ਦੀ ਪੜ੍ਹਾਈ ਲਈ ਵੀ ਮੀਲ ਪੱਥਰ ਸਾਬਤ ਹੋਵੇਗੀ। ਪੁਸਤਕ ਵਿਚਲੀ ਭਾਸ਼ਾ ਬਹੁਤ ਸਰਲ ਅਤੇ ਸਮਝਣ ਵਾਲੀ ਵਰਤੀ ਗਈ ਹੈ। ਗਿਆਨ ਵਿਗਿਆਨ ਦੀ ਜਾਣਕਾਰੀ ਦੇ ਨਾਲ ਲੇਖਕ ਕੋਲ ਸ਼ਬਦਾਵਲੀ ਦਾ ਵੀ ਵੱਡਾ ਭੰਡਾਰ ਜਾਪਦਾ ਹੈ। ਸੋ ਅਜਿਹੀ ਪੁਸਤਕ ਲਿਖਣ 'ਤੇ ਲੇਖਕ ਵਧਾਈ ਦਾ ਪਾਤਰ ਹੈ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

01-10-2023

ਵਿਦਾਅ ਹੋਇਆ ਕਿਸ ਰੁੱਤੇ!
ਲੇਖਕ : ਅਵਤਾਰ ਟੱਲੇਵਾਲੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 93562-30990

ਅਵਤਾਰ ਟੱਲੇਵਾਲੀਆ ਬਰਨਾਲੇ ਲਾਗਲੇ ਪ੍ਰਸਿੱਧ ਪਿੰਡ ਟੱਲੇਵਾਲ ਦਾ ਜੰਮਪਲ ਸੀ। ਬਚਪਨ ਤੋਂ ਹੀ ਉਸ ਵਿਚ ਕਾਵਿ-ਪ੍ਰਤਿਭਾ ਦਾ ਜਲੌਅ ਸੀ। ਸ਼ਿਵ ਕੁਮਾਰ ਬਟਾਲਵੀ ਦਾ ਉਹ ਕਵੀ ਸਾਥੀ ਤੇ ਸ਼ਿਵ ਕਈ ਵਾਰ ਉਸ ਕੋਲ ਟੱਲੇਵਾਲ ਜਾ ਕੇ ਹਫ਼ਤਾ ਭਰ ਰਹਿ ਕੇ ਆਉਂਦਾ ਹੈ। ਉਹ ਸਕੂਲ ਸਮੇਂ ਤੋਂ ਹੀ ਕਵਿਤਾ, ਗ਼ਜ਼ਲ, ਗੀਤ ਲਿਖਦਾ ਵੀ ਸੀ ਅਤੇ ਗਾਉਂਦਾ ਵੀ ਸੀ। ਅਵਤਾਰ ਨੇ 30 ਸਾਲ ਦੀ ਨਿੱਕੀ ਜਿਹੀ ਜ਼ਿੰਦਗੀ ਵਿਚ ਹੀ ਕਵਿਤਾ ਤੇ ਹੋਰ ਵਿਧਾਵਾਂ ਦੇ ਰਚਨ ਕਰਕੇ ਸਥਾਪਤੀ ਪ੍ਰਾਪਤੀ ਕੀਤੀ ਸੀ। ਉਹ ਦਰਜਨਾਂ ਮੈਗਜ਼ੀਨਾਂ ਅਤੇ ਨਵਾਂ ਜ਼ਮਾਨਾ ਸਮੇਤ ਅਗਾਂਹਵਧੂ ਅਖ਼ਬਾਰਾਂ ਵਿਚ ਕਵਿਤਾਵਾਂ ਨਾਲ ਛਪਦਾ ਸੀ। ਅਵਤਾਰ ਦੀ ਜੀਵਨਸ਼ੈਲੀ ਮਿਲਣਸਾਰਤਾ ਅਤੇ ਹਸੂੰ ਹਸੂੰ ਕਰਦੇ ਚਿਹਰੇ ਕਰਕੇ ਉਸ ਦੇ ਮਿੱਤਰ ਤੇ ਪਿੰਡ ਵਾਲੇ ਉਸ ਨੂੰ ਹੁਣ ਤੱਕ ਵੀ ਆਪਣੇ ਆਸ-ਪਾਸ ਸਮਝਦੇ ਹਨ। ਐਸਾ ਹੋਣਹਾਰ ਤੇ ਵਿਲੱਖਣ ਕਵੀ ਕੇਵਲ 30 ਸਾਲ ਦੀ ਭਰ ਜਵਾਨੀ ਵਿਚ ਅਚਾਨਕ ਮੌਤ ਦੇ ਮੂੰਹ ਵਿਚ ਜਾ ਪਿਆ। ਕਹਿੰਦੇ ਹਨ ਕਿ ਸ਼ਿਵ ਕੁਮਾਰ ਬਟਾਲਵੀ ਨੇ ਆਪਣਾ ਪ੍ਰਸਿੱਧ ਗੀਤ : 'ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨ ਦੇ' ਅਵਤਾਰ ਟੱਲੇਵਾਲੀਏ ਦੇ ਪਿੰਡ ਭੱਠੀ ਤੋਂ ਦਾਣੇ ਭੁਣਾਉਣ ਗਿਆਂ ਚਿਤਵਿਆ ਤੇ ਘਰ ਆ ਕੇ ਚਿੱਤਰਿਆ ਸੀ। ਟੱਲੇਵਾਲ ਪਿੰਡ ਦੇ ਲੋਕਾਂ ਅਤੇ ਮਿੱਤਰਾਂ ਨੂੰ ਪਿੰਡ ਟੱਲੇਵਾਲ ਵਿਖੇ ਅਵਤਾਰ ਟੱਲੇਵਾਲੀਏ ਦੇ ਨਾਂਅ 'ਤੇ ਲਾਇਬ੍ਰੇਰੀ ਸਥਾਪਿਤ ਕੀਤੀ ਹੋਈ ਹੈ। ਅਵਤਾਰ 1971 ਵਿਚ ਆਪਣੇ ਮਿੱਤਰਾਂ ਪਿਆਰਿਆਂ ਤੇ ਘਰ ਪਰਿਵਾਰ ਨੂੰ ਛੱਡ ਗਿਆ। ਹਥਲੀ ਪੁਸਤਕ ਉਸ ਦੇ ਗਰਾਈਂ ਮਿੱਤਰ ਜੋ ਕਿ ਹੁਣ ਕੈਨੇਡਾ ਜਾ ਵਸਿਆ, ਨੇ ਆਪਣੇ ਪਿਆਰੇ ਮਿੱਤਰ ਨੂੰ ਸ਼ਰਧਾਂਜਲੀ ਵਜੋਂ ਪ੍ਰਕਾਸ਼ਿਤ ਕਰਵਾਈ ਹੈ। ਓਮ ਪ੍ਰਕਾਸ਼ ਗਾਸੋ, ਅਜਾਇਬ ਟੱਲੇਵਾਲੀਆ, ਗੁਰਚਰਨ ਟੱਲੇਵਾਲੀਆ, ਗੁਰਬਚਨ ਸਿੰਘ ਭੁੱਲਰ, ਜਰਨੈਲ ਸਿੰਘ ਸਨੇਚਾ, ਦਰਸ਼ਨ ਨੱਤ ਅਤੇ ਭੋਲਾ ਸਿੰਘ ਸੰਘੇੜਾ ਆਦਿ ਵੱਡੇ ਸਾਹਿਤਕਾਰਾਂ ਨੇ ਅਵਤਾਰ ਸੰਬੰਧੀ ਬੜੀਆਂ ਦਿਲਟੁੰਬਵੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਟੱਲੇਵਾਲੀਆ ਨੇ ਕਹਾਣੀ, ਕਵਿਤਾ, ਗ਼ਜ਼ਲ ਅਤੇ ਹੋਰ ਵੀ ਵਿਧਾਵਾਂ ਵਿਚ ਪੂਰੇ ਪਿਆਰ, ਆਕਾਰ ਅਤੇ ਸ਼ਾਹਕਾਰ ਸਥਿਤੀ ਵਿਚ ਸਿਰਜਣਾ ਕੀਤੀ ਪਰ ਜਿਵੇਂ ਹੁੰਦਾ ਹੈ ਕਿ ਉਸ ਦੀ ਸਿਰਜਣਾਤਮਿਕਤਾ ਦੀ ਵੀਨਤਾ ਨੇ ਪੁਸਤਕ ਛਾਪਣ ਵੱਲ ਧਿਆਨ ਹੀ ਨਾ ਜਾਣ ਦਿੱਤਾ। ਪਰ ਸੰਪਾਦਕ ਅਜਾਇਬ ਨੇ ਟੱਲੇਵਾਲੀਆ ਦੀਆਂ 50-60 ਸਾਲ ਪੁਰਾਣੀਆਂ ਰਚਨਾਵਾਂ ਲੱਭ ਕੇ ਉਨ੍ਹਾਂ ਨੂੰ ਇਕ ਪੁਸਤਕ ਦਾ ਰੂਪ ਦਿੱਤਾ। ਇਹ ਪੁਸਤਕ ਕਿਸੇ ਮੁੱਦੇ 'ਤੇ ਅਣਪੁਸਤਕ ਸਾਹਿਤਕਾਰ ਨੂੰ ਇਕ ਬਹੁਤ ਵੱਡੀ ਸਾਹਿਤਕ ਸਲਾਮੀ ਹੈ। ਪੁਸਤਕ ਵਿਚ ਯੋਗ ਸੰਪਾਦਕ ਨੇ ਅਵਤਾਰ ਦੀਆਂ ਜਿੰਨੀਆਂ ਕੁ ਸਾਹਿਤਕ ਸਿਰਜਣਾਵਾਂ ਲੱਭੀਆਂ, ਨੂੰ ਯੋਗਤਾ ਨਾਲ ਇਸ ਪੁਸਤਕ ਵਿਚ ਸਾਂਭ ਦਿੱਤਾ। ਜੇਕਰ ਅਵਤਾਰ ਟੱਲੇਵਾਲੀਆ ਕੋਲ ਕੁਝ ਹੋਰ ਸਮਾਂ ਹੁੰਦਾ ਤਾਂ ਉਹ ਪੰਜਾਬੀ ਦਾ ਵੱਡਾ ਸਮਾਲੋਚਕ ਅਤੇ ਵੱਡਾ ਕਵੀ/ਗ਼ਜ਼ਲਗੋ ਹੁੰਦਾ। ਪੇਸ਼ ਹਨ ਉਸ ਦੇ ਕੁਝ ਸ਼ਿਅਰ:
-ਸਤ ਸਮੁੰਦਰੋਂ ਸੱਜਣ ਆਏ ਵੰਡਦੇ ਫਿਰਨ ਸੁਗਾਤਾਂ
ਸਾਨੂੰ ਉਮਰ ਦੀ ਦਰਦ ਦੇ ਗਏ, ਇਕੋ ਇਕ ਸੁਗਾਤ
-ਸੁਤ ਉਨੀਂਦੇ ਸੁਪਨੇ ਆਵਣ ਕਿ ਮਿਲ ਮਿਲ ਕਰੀਏ ਗੱਲਾਂ
ਨੈਣ ਖੁੱਲ੍ਹਿਆ ਨਜ਼ਰ ਨਾ ਆਵਣ ਕੈਸੀ ਲੁਕਣ ਮੀਚਾਕੀ...

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਡਾ. ਅੰਬੇਡਕਰ ਦੀ ਸੰਘਰਸ਼ ਗਾਥਾ
ਲੇਖਕ : ਗਗਨ ਫੂਲ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 135 ਰੁਪਏ, ਸਫ਼ੇ : 59
ਸੰਪਰਕ : 75289-03512

ਇਸ ਗੱਲ 'ਚ ਅਟੱਲ ਸਚਾਈ ਹੈ ਕਿ ਦਲਿਤਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਉਹ ਇਕ ਮਹਾਨ ਸ਼ਖ਼ਸੀਅਤ ਹੋਏ ਹਨ, ਜਿਨ੍ਹਾਂ ਬਾਰੇ ਲਿਖਣਾ ਏਨਾ ਅਸਾਨ ਨਹੀਂ। ਉਨ੍ਹਾਂ ਦਾ ਸਾਰਾ ਜੀਵਨ ਹੀ ਸੰਘਰਸ਼ ਨਾਲ ਭਰਿਆ ਪਿਆ ਹੈ। 22-23 ਸਾਲਾਂ ਦੇ ਨੌਜਵਾਨ ਲੇਖਕ ਗਗਨ ਫੂਲ ਨੇ ਜੋ ਉਨ੍ਹਾਂ ਬਾਰੇ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਤਾਰੀਫ਼ ਯੋਗ ਹੈ। ਇਸ ਲਈ ਹਥਲੀ ਪੁਸਤਕ ਬਾਰੇ ਪੜਚੋਲ ਕਰਨ ਤੋਂ ਪਹਿਲਾਂ ਇਸ ਛੋਟੀ ਉਮਰ ਦੇ ਵੱਡੇ ਲੇਖਕ ਨੂੰ ਇਹ ਪੁਸਤਕ ਲਿਖਣ 'ਤੇ ਮੁਬਾਰਕਵਾਦ ਦਿੰਦੇ ਹਾਂ। ਬਾਬਾ ਸਾਹਿਬ ਬਾਰੇ ਅੱਜ ਤੱਕ ਬਹੁਤ ਜ਼ਿਆਦਾ ਲਿਖਿਆ ਜਾ ਰਿਹਾ ਹੈ। ਉਨ੍ਹਾਂ ਦੇ ਜੀਵਨ ਤੇ ਸੰਘਰਸ਼ ਬਾਰੇ ਛਪ ਚੁੱਕੇ ਅਨੇਕਾਂ ਖੰਡ ਨਿੱਠ ਕੇ ਪੜ੍ਹਨ ਦੀ ਜ਼ਰੂਰਤ ਹੈ।... ਜਿਸ ਤਰ੍ਹਾਂ ਬ੍ਰਾਹਮਣ ਮਾਸਟਰ ਵਲੋਂ ਉਨ੍ਹਾਂ ਨੂੰ ਚਿੜਾਉਣਾ ਤੇ ਅਪਮਾਨਿਤ ਕਰਨਾ ਇਸ ਦੇ ਬਦਲੇ 'ਚ ਬਾਬਾ ਸਾਹਿਬ ਵਲੋਂ ਤਿੱਖਾ ਪ੍ਰਤੀਕਰਮ ਕਰਨਾ ਛੋਟੀ ਗੱਲ ਨਹੀਂ ਹੈ। ਦਲਿਤ ਸਮਾਜ ਦੀ ਬਿਹਤਰੀ ਲਈ ਸਾਰੀ ਉਮਰ ਸੰਘਰਸ਼ ਕੀਤਾ। 1919 'ਚ ਮੂਕਨਾਇਕ ਪੰਦਰਾਂ ਰੋਜ਼ਾ ਅਖ਼ਬਾਰ ਕੱਢਣ ਨਾਲ ਦਲਿਤ ਸਮਾਜ ਦੀਆਂ ਦੁਸ਼ਵਾਰੀਆਂ ਨੂੰ ਉਜਾਗਰ ਕਰਨਾ। ਔਰਤਾਂ ਦੇ ਅਧਿਕਾਰਾਂ ਨੂੰ ਦਿਵਾਉਣਾ, ਹਰ ਇਕ ਲਈ ਸਸਤੀ ਸਿੱਖਿਆ, ਜਣੇਪੇ ਦੌਰਾਨ ਉਨ੍ਹਾਂ ਨੂੰ ਛੁੱਟੀ ਦਾ ਅਧਿਕਾਰ ਦਿਵਾਉਣਾ। ਬਾਬਾ ਸਾਹਿਬ ਬਾਰੇ ਸਫ਼ਾ 47 ਤੋਂ 59 ਤੱਕ ਸੰਖੇਪ ਜਾਣਕਾਰੀ ਦੇ ਕੇ ਲੇਖਕ ਨੇ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਨ ਦਾ ਵਧੀਆ ਉਪਰਾਲਾ ਕੀਤਾ। ਸਫ਼ਾ 42 ਤੋਂ 46 ਤੱਕ ਸੁੱਖਪਾਲ ਸਿੰਘ ਵਲੋਂ ਕਾਵਿਕ ਰਚਨਾਵਾਂ ਪੇਸ਼ ਕਰਨੀਆਂ ਪੁਸਤਕ 'ਚ ਨਵਾਂ ਰੰਗ ਭਰਦੀਆਂ ਹਨ। ਲੇਖਕ ਦਾ ਪਹਿਲਾ ਉਪਰਾਲਾ ਕਾਬਲੇ ਤਾਰੀਫ਼ ਕਿਹਾ ਜਾ ਸਕਦਾ ਹੈ।

-ਡੀ. ਆਰ. ਬੰਦਨਾ
ਮੋਬਾਈਲ : 94173-89003

ਨਾਰੀਵਾਦ : ਵਿਭਿੰਨ ਪਰਿਪੇਖ
ਸੰਪਾਦਕ : ਡਾ. ਨੀਲਮ ਸ਼ਰਮਾ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ ਜਲੰਧਰ
ਮੁੱਲ : 400 ਰੁਪਏ, ਸਫ਼ੇ : 367
ਸੰਪਰਕ : 98144-72782

ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਲੋਂ 8 ਮਾਰਚ, 2022 ਨੂੰ ਅੰਤਰ-ਰਾਸ਼ਟਰੀ ਔਰਤ ਦਿਵਸ ਸਮੇਂ ਨਾਰੀਵਾਦ ਸੈਮੀਨਾਰ ਕਰਵਾਇਆ ਗਿਆ ਸੀ। ਇਸ ਸਮੇਂ ਪੰਜਾਬੀ ਵਿਚ 38, ਹਿੰਦੀ ਵਿਚ 4 ਅਤੇ ਅੰਗਰੇਜ਼ੀ ਵਿਚ 14 ਖੋਜ ਪੱਤਰ ਪੇਸ਼ ਕੀਤੇ ਗਏ। ਇਨ੍ਹਾਂ ਸਾਰੇ ਖੋਜ-ਪੱਤਰਾਂ ਦਾ ਸੰਪਾਦਨ ਪੰਜਾਬੀ ਵਿਭਾਗ ਦੇ ਤਿੰਨ ਅਸਿਸਟੈਂਟ ਪ੍ਰੋਫ਼ੈਸਰਾਂ ਦੇ ਸਹਿਯੋਗ ਨਾਲ ਕੀਤਾ ਗਿਆ। ਆਧੁਨਿਕ ਪੰਜਾਬੀ, ਹਿੰਦੀ, ਅੰਗਰੇਜ਼ੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ (ਕਵਿਤਾਵਾਂ, ਕਹਾਣੀ, ਨਾਵਲ, ਨਾਟਕ, ਸਵੈ-ਜੀਵਨੀ ਆਦਿ) ਨੂੰ ਗ੍ਰਹਿਣ ਵਸਤ ਵਜੋਂ ਲੈ ਕੇ ਇਨ੍ਹਾਂ ਦਾ ਨਾਰੀਵਾਦੀ ਦ੍ਰਿਸ਼ਟੀ ਤੋਂ ਮੁਲਾਂਕਣ ਕੀਤਾ ਗਿਆ। ਵਿਸ਼ੇਸ਼ ਕਰ ਕੇ ਪੰਜਾਬੀ ਦੀਆਂ ਸਾਰੀਆਂ ਵਿਧਾਵਾਂ 'ਤੇ ਫੋਕਸ ਕੀਤਾ ਗਿਆ। ਮਾਨਵ ਪ੍ਰਧਾਨ/ਪਿਤਰੀ ਪ੍ਰਧਾਨ ਸਮਾਜ ਵਿਚ ਔਰਤਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੀ ਨਿਸ਼ਾਨਦੇਹੀ ਕੀਤੀ ਗਈ। ਜਿਵੇਂ ਬਾਲ ਵਿਆਹ, ਬੇਮੇਲ ਵਿਆਹ, ਲੜਕੀ ਦੀ ਸਲਾਹ ਬਿਨਾਂ ਵਰ ਦੀ ਚੋਣ, ਬਲਾਤਕਾਰ, ਦਹੇਜ, ਭਰੂਣ ਹੱਤਿਆ, ਪਤੀ ਦੀ ਨਪੁੰਸਕਤਾ, ਪਤੀ ਦੇ ਹੋਰਨਾਂ ਔਰਤਾਂ ਨਾਲ ਸੰਬੰਧ, ਮਰਦ ਦੀ ਅਣਹੋਂਦ, ਘਰੇਲੂ ਹਿੰਸਾ, ਤਲਾਕ, ਵਿਧਵਾ ਜੀਵਨ, ਨੌਕਰੀ ਪੇਸ਼ਾ ਔਰਤਾਂ ਦੀ ਸਮੱਸਿਆ, ਸੌਂਕਣ ਦਾ ਦੁਖਾਂਤ, ਸੱਸ ਦੀ ਚੌਧਰ, ਔਰਤ ਦੀ ਵੈਰਨ ਔਰਤ ਇਤਿਆਦਿ। ਔਰਤ ਕੇਵਲ ਭੋਗਣ ਦੀ ਵਸਤੂ ਬਣ ਕੇ ਰਹਿ ਜਾਂਦੀ ਹੈ। ਉਹ ਅੱਧ-ਵਿਚਾਲੇ ਲਟਕ ਜਾਂਦੀ ਹੈ। ਨਾ ਪਰੰਪਰਾ ਨੂੰ ਛੱਡ ਸਕਦੀ ਹੈ, ਨਾ ਆਧੁਨਿਕ ਬਣ ਸਕਦੀ ਹੈ। ਕੁੜੀਆਂ ਜੰਮਣ ਵਾਲੀ ਮਾਂ ਦੀ ਕਦਰ ਨਹੀਂ ਹੁੰਦੀ। ਕਈ ਥਾਵੇਂ ਪਸ਼ੂਆਂ ਵਾਂਗ ਵੇਚੀਆਂ ਜਾਂਦੀਆਂ ਹਨ। ਦਲਿਤ ਔਰਤਾਂ ਦੀ ਜੂਨ ਹੀ ਭੈੜੀ ਹੋ ਜਾਂਦੀ ਹੈ। ਇੰਜ ਔਰਤ ਨੂੰ ਹਾਸ਼ੀਏ 'ਤੇ ਰਹਿਣਾ ਪੈਂਦਾ ਹੈ। ਪਰ ਕੁਝ ਖੋਜ-ਪੱਤਰਾਂ ਵਿਚ ਸਿੱਖਿਆ ਦੇ ਪ੍ਰਚਾਰ ਨਾਲ ਸਥਿਤੀ ਬਦਲਦੀ ਵਿਖਾਈ ਗਈ ਹੈ। ਔਰਤ ਰਚਨਾਵਾਂ ਵਿਚ ਵਿਦਰੋਹੀ ਸੁਰ ਵੀ ਅਲਾਪਦੀ ਹੈ। ਆਸ਼ਾਵਾਦੀ ਦ੍ਰਿਸ਼ਟੀ ਤੋਂ ਵੇਖਿਆ ਜਾਂਦਾ ਹੈ ਕਿ ਔਰਤਾਂ ਚਾਰਦੀਵਾਰੀ ਦੀ ਕੈਦ ਨੂੰ ਪਸੰਦ ਨਹੀਂ ਕਰਦੀਆਂ। ਔਰਤਾਂ ਪੁਲਿਸ ਅਤੇ ਫ਼ੌਜ ਵਿਚ ਭਰਤੀ ਹੋ ਰਹੀਆਂ ਹਨ। ਦਫ਼ਤਰਾਂ ਵਿਚ ਕੰਮ ਕਰ ਰਹੀਆਂ ਹਨ। ਆਪਣੇ ਪੱਧਰ 'ਤੇ ਖੇਤੀ ਅਤੇ ਹੋਰ ਮਰਦਾਂ ਵਰਗੇ ਕੰਮ ਕਰ ਰਹੀਆਂ ਹਨ। ਮਰਦਾਂ ਵਾਂਗ ਇਸਤਰੀ ਲੇਖਿਕਾਵਾਂ ਸਾਹਿਤਕਾਰ ਬਣ ਰਹੀਆਂ ਹਨ। ਸੰਵਿਧਾਨ ਉਨ੍ਹਾਂ ਦੀ ਰਾਖੀ ਕਰ ਰਿਹਾ ਹੈ। ਉਂਝ ਅਜੇ ਵੀ ਬਚਪਨ ਵਿਚ ਪਿਤਾ, ਜਵਾਨੀ ਵਿਚ ਪਤੀ ਅਤੇ ਬੁਢਾਪੇ ਵਿਚ ਪੁੱਤਰ ਔਰਤ ਦੀ ਰਾਖੀ ਕਰਦਾ ਹੈ। ਦਰਅਸਲ ਨਾਰੀ ਚਿੰਤਨ ਦਾ ਮੁੱਢ ਪੱਛਮ ਵਿਚ ਬੱਝਦਾ ਹੈ। ਇਸ ਦੇ ਪਿਛੋਕੜ ਵਿਚ 1782 ਵਿਚ ਛਪੀ 'ਮੈਰੀ ਵੋਲਸਟੋਨਕਰਾਫ਼ਟ' ਦੀ ਪੁਸਤਕ 'ਏ ਵਿੰਡੀਕੇਸ਼ਨ ਆਫ਼ ਦ ਰਾਈਟਸ ਆਫ਼ ਵੂਮਨ' ਕਾਰਜਸ਼ੀਲ ਰਹੀ ਹੈ।
1929 ਵਿਚ ਵਰਜੀਨੀਆ ਵੁਲਫ਼ ਦੀ ਪੁਸਤਕ 'ਏ ਰੂਮ ਆਫ਼ ਵਨਜ਼ ਓਨ' ਇਸਤਰੀ ਨਾਲ ਹੋ ਰਹੇ ਦੁਰਵਿਵਹਾਰ ਦੀ ਚਰਚਾ ਕਰਦੀ ਹੈ। ਇਲੈਨ ਸ਼ੋਵਾਲਟਰ ਨੇ ਨਾਰੀਵਾਦੀ ਆਲੋਚਨਾ ਲਈ 'ਜੀਨੋ ਕ੍ਰਿਟੀਸਿਜ਼ਮ' ਦੀ ਟਰਮ ਘੜੀ। 'ਸਿਮੋਨ ਦ ਬੁਆਵਰ' ਨੇ 1949 ਵਿਚ 'ਦ ਸੈਕਿੰਡ ਸੈਕਸ' ਪੁਸਤਕ ਲਿਖੀ ਜਿਸ ਦਾ ਨਾਰੀਵਾਦੀ ਆਲੋਚਕ ਨੇ ਸਭ ਤੋਂ ਵੱਧ ਪ੍ਰਭਾਵ ਕਬੂਲਿਆ। ਉਹ ਲਿਖਦੀ ਹੈ 'ਵਨ ਇਜ਼ ਨੌਟ ਬੌਰਨ ਬੱਟ ਰਾਦਰ ਬੀਕਮਜ਼ ਏ ਵੂਮਨ... ਇਟ ਇਜ਼ ਦ ਸਿਵਲਾਈਜ਼ੇਸ਼ਨ ਐਜ਼ ਏ ਹੋਅਲ ਦੈਟ ਪਰੋਡਿਊਸਜ਼ ਦਿਸ ਕਰੀਏਚਰ।' ਔਰਤ ਦੀ ਅਧੀਨਗੀ ਵਾਲਾ ਸਥਾਨ ਸੋਸ਼ਲ ਕੰਨਸਟਰੱਟ ਦੀ ਦੇਣ ਹੈ। ਵਿਦੇਸ਼ਾਂ ਵਿਚ ਸ਼ਾਦੀ ਕਰਵਾਉਣ ਵਾਲੀਆਂ ਲੜਕੀਆਂ ਦੀਆਂ ਸਮੱਸਿਆਵਾਂ ਵੀ ਹਨ, ਜਿਨ੍ਹਾਂ ਦਾ ਹੱਲ ਜ਼ਰੂਰੀ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ 'ਨਾਰੀਵਾਦ : ਵਿਭਿੰਨ ਪਰਿਪੇਖ' ਪੁਸਤਕ ਨਵੇਂ ਖੋਜੀਆਂ ਲਈ ਮੁੱਲਵਾਨ ਦਸਤਾਵੇਜ਼ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਨਦੀ ਤੇ ਨਾਰੀ
ਨਾਵਲਕਾਰ : ਭੁਪਿੰਦਰ ਸਿੰਘ ਰੈਣਾ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 099060-27601

ਇਹ ਇਕ ਆਦਰਸ਼ਵਾਦੀ ਨਾਵਲ ਹੈ ਜੋ ਭਾਰਤ ਵੰਡ ਤੋਂ ਪਹਿਲਾਂ ਅਤੇ ਮਗਰੋਂ ਕਸ਼ਮੀਰ ਖਿੱਤੇ ਦੇ ਦੁਖਾਂਤ ਦਾ ਵਰਨਣ ਕਰਦਾ ਹੈ। ਨਾਵਲਕਾਰ ਅਨੁਸਾਰ ਨਦੀ ਨਾਰੀ ਦੀ ਤਰ੍ਹਾਂ ਹੁੰਦੀ ਹੈ, ਜੋ ਸੁਖ ਦਿੰਦੀ ਹੈ, ਜੀਵਨ ਦਿੰਦੀ ਹੈ ਅਤੇ ਜਿਉਣ ਲਈ ਸਭ ਕੁਝ ਦਿੰਦੀ ਹੈ। ਨਾਰੀ ਆਪਣਾ ਸਭ ਕੁਝ ਮਰਦ ਨੂੰ ਸੌਂਪ ਦਿੰਦੀ ਹੈ, ਉਸ ਦੇ ਵਾਰਸ ਪੈਦਾ ਕਰਦੀ ਹੈ। ਉਸ ਦੀ ਹੋਂਦ ਨੂੰ ਵਜੂਦ ਦਿੰਦੀ ਹੈ। ਪਰ ਜਦੋਂ ਉਸ ਦੀ ਇੱਜ਼ਤ ਨਾਲ ਖਿਲਵਾੜ ਹੁੰਦਾ ਹੈ ਤਾਂ ਉਹ ਚੰਡੀ ਬਣ ਜਾਂਦੀ ਹੈ। ਨਾਵਲ ਦੀ ਮੁੱਖ ਪਾਤਰ ਪਾਰੋ ਦਾ ਸਾਰਾ ਜੀਵਨ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ। ਉਸ ਦਾ ਜਨਮ ਬਾਰਾਮੂਲੇ ਇਲਾਕੇ ਦੇ ਇਕ ਪਿੰਡ ਵਿਚ ਹੁੰਦਾ ਹੈ। ਬਚਪਨ ਵਿਚ ਹੀ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਅਤੇ ਘਰੇਲੂ ਜ਼ਿੰਮੇਵਾਰੀਆਂ ਦਾ ਬੋਝ ਪਾਰੋ 'ਤੇ ਆ ਜਾਂਦਾ ਹੈ। ਉਸ ਦਾ ਵਿਆਹ ਹੋਣ ਉਪਰੰਤ ਉਸ ਦੇ ਇਕ ਮੁੰਡਾ ਪੈਦਾ ਹੁੰਦਾ ਹੈ। ਕੁਝ ਸਮੇਂ ਬਾਅਦ ਉਸ ਦਾ ਪਤੀ ਗੁਜ਼ਰ ਜਾਂਦਾ ਹੈ। ਪਾਰੋ ਨੂੰ ਹਸਪਤਾਲ ਵਿਚ ਦਾਈ ਦੀ ਨੌਕਰੀ ਮਿਲ ਜਾਂਦੀ ਹੈ। ਉਸ ਦੇ ਪਿਤਾ ਦੀ ਵੀ ਮੌਤ ਹੋ ਜਾਂਦੀ ਹੈ। ਪਾਰੋ ਆਪਣੇ ਛੋਟੇ ਭਰਾ ਨੂੰ ਖੇਤੀਬਾੜੀ ਦੇ ਕੰਮਾਂ ਵਿਚ ਲਾ ਕੇ ਉਸ ਦਾ ਵਿਆਹ ਕਰ ਦਿੰਦੀ ਹੈ। ਸੰਨ 1947 ਵਿਚ ਦੇਸ਼ ਵੰਡ ਕਾਰਨ ਕਸ਼ਮੀਰ ਵੀ ਵੰਡਿਆ ਜਾਂਦਾ ਹੈ। ਕਬਾਇਲੀ ਧਾੜਵੀ ਇਧਰਲੇ ਕਸ਼ਮੀਰ ਉੱਤੇ ਹਮਲਾ ਕਰ ਕੇ ਹਿੰਦੂ ਸਿੱਖਾਂ ਦਾ ਕਤਲੇਆਮ ਅਤੇ ਔਰਤਾਂ ਦੀ ਬੇਪਤੀ ਕਰਦੇ ਹਨ। ਪਾਰੋ ਦਾ ਭਰਾ ਕਬਾਇਲੀਆਂ ਤੋਂ ਡਰ ਕੇ ਆਪਣੀ ਪਤਨੀ ਅਤੇ ਧੀ ਦਾ ਆਪ ਹੀ ਕਤਲ ਕਰ ਦਿੰਦਾ ਹੈ। ਪਾਰੋ ਵਿਧਵਾ ਹੋਣ ਦੇ ਬਾਵਜੂਦ ਆਪਣੇ ਪੁੱਤਰ ਅਤੇ ਆਪਣੇ ਭਰਾ ਦਾ ਸਹਾਰਾ ਬਣਦੀ ਹੈ। ਉਹ ਆਪਣੇ ਭਰਾ ਨੂੰ ਆਪਣਾ ਇਕ ਗੁਰਦਾ ਦੇ ਕੇ ਜੀਵਨ ਦਾਨ ਦਿੰਦੀ ਹੈ। ਨਾਵਲ ਵਿਚ ਕਸ਼ਮੀਰ ਖਿੱਤੇ ਦਾ ਦ੍ਰਿਸ਼ ਚਿੱਤਰਨ, ਸੱਭਿਆਚਾਰ, ਵਿਆਹ-ਸ਼ਾਦੀ ਦੇ ਰਸਮੋ-ਰਿਵਾਜਾਂ ਅਤੇ ਭਾਈਚਾਰਕ ਸਾਂਝ ਦਾ ਖ਼ੂਬਸੂਰਤ ਵਰਨਣ ਕੀਤਾ ਗਿਆ ਹੈ। ਇਹ ਨਾਵਲ ਪੜ੍ਹਨਯੋਗ ਅਤੇ ਵਿਚਾਰਯੋਗ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਕਵਿਤਾ ਵਰਗੀਆਂ ਧੀਆਂ
ਲੇਖਕ : ਪ੍ਰੋ.ਕੁਲਵੰਤ ਸਿੰਘ ਔਜਲਾ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 84377-88856

ਉੱਘੇ ਕਵੀ ਅਤੇ ਨਿਬੰਧਕਾਰ ਪ੍ਰੋ.ਕੁਲਵੰਤ ਸਿੰਘ ਔਜਲਾ ਦੇ ਨਿਬੰਧਾਂ ਦੀ ਨਵਪ੍ਰਕਾਸ਼ਿਤ ਪੁਸਤਕ 'ਕਵਿਤਾ ਵਰਗੀਆਂ ਧੀਆਂ' ਵਿਚਲੇ 33 ਨਿਬੰਧਾਂ ਦਾ ਪਾਠ ਕਰਨ ਮਗਰੋਂ ਪਤਾ ਲਗਦਾ ਹੈ ਕਿ ਪ੍ਰੋ. ਔਜਲਾ ਨੂੰ ਜਿੰਨਾ ਅਬੂਰ ਕਵਿਤਾ 'ਤੇ ਹਾਸਿਲ ਹੈ ਓਨਾ ਹੀ ਵਾਰਤਕ 'ਤੇ ਵੀ ਹੈ। ਮੂਲ ਤੌਰ 'ਤੇ ਕਵੀ ਹੋਣ ਕਰਕੇ ਇਨ੍ਹਾਂ ਨਿਬੰਧਾਂ ਦੀ ਸ਼ੈਲੀ ਵਿਚ ਕਾਵਿਕਤਾ ਹੈ। ਤਾਰਕਿਕਤਾ ਹੈ। ਵਾਸਤਵਿਕਤਾ ਹੈ। ਸੂਖ਼ਮਤਾ ਹੈ। ਸੰਵੇਦਨਸ਼ੀਲਤਾ ਹੈ। ਦਾਰਸ਼ਨਿਕਤਾ ਹੈ। ਗੰਭੀਰਤਾ ਹੈ। ਵਿਗਿਆਨਕਤਾ ਹੈ। ਨਜ਼ਰੀਏ ਦੀ ਭਿੰਨਤਾ ਹੈ। ਵਿਸ਼ਲੇਸ਼ਣਾਤਮਕਤਾ ਹੈ। ਇਨ੍ਹਾਂ ਨਿਬੰਧਾਂ ਨੂੰ ਪੜ੍ਹਦਿਆਂ ਇਕੋ ਸਮੇਂ ਕਵਿਤਾ, ਕਥਾ, ਸੰਸਮਰਣ, ਸਫ਼ਰਨਾਮਾ ਅਤੇ ਰੇਖਾ-ਚਿੱਤਰਾਂ ਜਿਹੀ ਰੌਚਕਤਾ ਅਤੇ ਲੈਆਤਮਕਤਾ ਨਾਲ ਸਰਾਬੋਰ ਹੋਇਆ ਪਾਠਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰੂ-ਬਰੂ ਹੁੰਦਾ ਹੈ। ਨਾਲ ਹੀ ਪੰਜਾਬ 'ਚੋਂ ਉਠ ਕੇ ਪਰਵਾਸੀ ਹੋਈ ਪੰਜਾਬ ਦੀ ਹਾਈਬ੍ਰਿਡ ਕਲਚਰ ਵਿਚ ਵਿਚਰਨ ਲਗਦਾ ਹੈ। ਲੇਖਕ ਆਪਣਾ ਸੰਦੇਸ਼ ਦੇਣ ਲਈ ਆਪਣੇ ਹੀ ਰਿਸ਼ਤੇਦਾਰਾਂ, ਦੋਸਤਾਂ, ਸੱਜਣਾ-ਸਨੇਹੀਆਂ ਨੂੰ ਪਾਤਰ ਵਜੋਂ ਪੇਸ਼ ਕਰਕੇ ਸਕਾਰਾਤਮਕ ਪ੍ਰਭਾਵ ਦਿੰਦਾ ਹੈ। ਸਮਕਾਲ ਦੇ ਕਰੂਰ ਯਥਾਰਥ ਦਾ ਵਰਨਣ ਕਰਦਿਆਂ ਲੇਖਕ ਬੇਬਾਕ ਤੇ ਬੇਦਰਦ ਢੰਗ ਨਾਲ ਹਾਲਾਤ ਦਾ ਪੋਸਟਮਾਰਟਮ ਕਰਦਾ ਹੈ। ਸਮੱਸਿਆਵਾਂ ਦੀਆਂ ਡੂੰਘੀਆਂ ਪਰਤਾਂ ਫਰੋਲਦਾ ਹੈ। ਪਾਠਕਾਂ ਨੂੰ ਆਈਨਾ ਵਿਖਾਲਦੇ ਹੋਏ ਉਨ੍ਹਾਂ ਲੋਕਾਂ ਦੇ ਚਿਹਰਿਆਂ ਤੋਂ ਵੀ ਨਕਾਬ ਨੋਚ ਕੇ ਉਨ੍ਹਾਂ ਨੂੰ ਬੇਨਕਾਬ ਕਰਦਾ ਹੈ ਜਿਹੜੇ ਲੋਕ ਅਜਿਹੇ ਨਿਘਰੇ ਹੋਏ ਹਾਲਾਤ ਲਈ ਜ਼ਿੰਮੇਵਾਰ ਹਨ। ਇਹ ਨਿਬੰਧ ਵੰਨ-ਸੁਵੰਨੇ ਵਿਸ਼ਿਆਂ ਨਾਲ ਸਾਖਸ਼ਾਤਕਾਰ ਕਰਾਉਂਦੇ ਹਨ। ਸਾਡੇ ਸਮਾਜ ਵਿਚ ਧੀਆਂ ਦੀ ਹੋਂਦ, ਮਾਂ ਦਾ ਕਨਸੈਪਟ, ਪਤਨੀ ਦੀ ਭੂਮਿਕਾ, ਰਿਸ਼ਤਿਆਂ ਦੀ ਮਹਤੱਤਾ, ਪਰਵਾਸ ਦੀ ਪੀੜ, ਆਪਣੇ ਮੁਲਕ ਤੇ ਪਰਿਵਾਰ ਲਈ ਹੇਰਵਾ, ਨਵੀਂ ਪੀੜ੍ਹੀ ਦੀ ਵਿਦੇਸ਼ਾਂ ਵੱਲ ਦੌੜ, ਡਿਜਿਲਟਾਈਜੇਸ਼ਨ ਦੇ ਯੁੱਗ ਵਿਚ, ਮੋਬਾਈਲ ਇੰਟਰਨੈਟ ਦੇ ਮਕੜਜਾਲ ਵਿਚ ਫਸਿਆ ਮਨੁੱਖ, ਬਜ਼ੁਰਗਾਂ ਪ੍ਰਤੀ ਉਪਰਾਮਤਾ, ਪੁਸਤਕਾਂ ਦੀ ਲੋੜ ਉੱਤੇ ਪੁਸਤਕ ਸੱਭਿਆਚਾਰ ਦੀ ਉਪਯੋਗਤਾ, ਭੌਤਿਕਤਾ ਦੇ ਪ੍ਰਦਰਸ਼ਨ ਦੀ ਦੌੜ, ਕਰਜ਼ਿਆਂ ਹੇਠ ਦੱਬੇ ਕਿਸਾਨਾਂ ਵਲੋਂ ਕੀਤੀਆਂ ਜਾਂਦੀਆਂ ਖ਼ੁਦਕੁਸ਼ੀਆਂ, ਦਹਿਸ਼ਤ ਅਤੇ ਖ਼ੌਫਜ਼ਦਾ ਮਾਹੌਲ ਤੋਂ ਮੁਕਤੀ ਦੀ ਆਸ, ਸੱਤਾ ਦੀ ਆਪਹੁਦਰਾਸ਼ਾਹੀ, ਸਿਮਰਤੀਆਂ ਸੰਗ ਸੰਵਾਦ, ਹੰਕਾਰਿਆ ਹੋਇਆ ਵਰਤਮਾਨ, ਗੁਆਚਦਾ ਜਾਂਦਾ ਵਿਰਸਾ ਜਿਹੇ ਭਖਦੇ ਮਸਲਿਆਂ ਵੱਲ ਧਿਆਨ ਖਿੱਚਿਆ ਗਿਆ ਹੈ। ਇਹ ਸਾਰੇ ਨਿਬੰਧ ਲੇਖਕ ਦੇ ਆਪਣੇ ਅਨੁਭਵਾਂ, ਗਿਆਨ ਤੇ ਤਰਕ ਦੀ ਉਪਜ ਹਨ। ਲੇਖਕ ਦੀ ਭਾਸ਼ਾ ਸ਼ੈਲੀ ਅਨੂਠੀ ਹੈ। ਢੁਕਵੇਂ ਸ਼ਬਦਾਂ ਦੀ ਚੋਣ, ਮੁਹਾਵਰੇਦਾਰ ਲਹਿਜ਼ਾ, ਥਾਂ-ਥਾਂ 'ਤੇ ਕਾਵਿ ਟੂਕਾਂ ਨੇ ਕਾਵਿਕਤਾ ਪੈਦਾ ਕੀਤੀ ਹੈ। 'ਕਵਿਤਾ ਵਰਗੀਆ ਧੀਆਂ' ਪੜ੍ਹਨ ਉਪਰੰਤ ਪਾਠਕ ਡੂੰਘੇ ਗਿਆਨ, ਮਹਤੱਵਪੂਰਨ ਸੂਚਨਾਵਾਂ, ਸਮਾਜਿਕ ਸਰੋਕਾਰਾਂ, ਅੰਦਰਲੇ-ਬਾਹਰਲੇ ਸੰਸਾਰ ਦੀਆਂ ਰਮਜ਼ਾਂ, ਨਾਲ ਸਰਸ਼ਾਰ ਹੋਣਗੇ ਅਤੇ ਸਵੈ-ਸੰਵਾਦ ਦੀ ਅਵਸਥਾ ਵਿਚ ਆਉਣ ਲਈ ਪ੍ਰੇਰਿਤ ਹੋਣਗੇ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਸੁਲਘਦੇ ਸਮਿਆਂ ਦਾ ਸੱਚ
ਸੰਪਾਦਕ : ਡਾ. ਬਲਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 800 ਰੁਪਏ, ਸਫ਼ੇ : 540
ਸੰਪਰਕ : 98728-35835

ਪੰਜਾਬੀ ਸਾਹਿਤ ਦਾ ਬਲਦੇਵ ਸਿੰਘ ਧਾਲੀਵਾਲ ਸਥਾਪਤ ਹਸਤਾਖ਼ਰ ਹੈ। ਉਸ ਦੀਆਂ ਹੁਣ ਤੱਕ ਪੰਤਾਲੀ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਇਕ ਕਾਵਿ-ਸੰਗ੍ਰਹਿ, ਦੋ ਕਹਾਣੀ-ਸੰਗ੍ਰਹਿ, ਚਾਰ ਸਫ਼ਰਨਾਮੇ, ਇਕ ਵਾਰਤਕ, ਅਠਾਰਾਂ ਆਲੋਚਨਾ ਦੀਆਂ ਅਤੇ ਵੀਹ ਸੰਪਾਦਤ ਪੁਸਤਕਾਂ ਸ਼ਾਮਿਲ ਹਨ। ਕੋਰੋਨਾ ਸੰਕਟ ਅਤੇ ਕਿਸਾਨੀ ਸੰਘਰਸ਼ ਦੇ ਦੌਰ ਵਿਚ ਸਾਲ 2021 ਦੇ ਬਿਹਤਰੀਨ ਪੰਜਾਬੀ ਸਾਹਿਤ ਨੂੰ ਉਸ ਨੇ ਸੰਪਾਦਨ ਕਰਕੇ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਇਹ ਕਿਤਾਬ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਵੱਡੇ ਸੁਪਨੇ ਲੈਣ ਵਾਲੇ ਦਾਰਸ਼ਨਿਕ ਲੋਕ ਕਵੀ ਸੁਰਜੀਤ ਪਾਤਰ ਨੂੰ ਸਮਰਪਿਤ ਕੀਤੀ ਗਈ ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਸਾਲ 2021 ਦਾ ਵਰ੍ਹਾ ਪੰਜਾਬ, ਭਾਰਤ ਲਈ ਹੀ ਨਹੀਂ ਬਲਕਿ ਸਮੁੱਚੀ ਲੋਕਾਈ ਦੇ ਚੇਤਿਆਂ ਵਿਚ ਉੱਕਰ ਜਾਣ ਵਾਲਾ ਸਾਲ ਮੰਨਿਆ ਜਾ ਚੁੱਕਾ ਹੈ। ਵਿਸ਼ਵ ਵਿਚ ਕੋਰੋਨਾ ਦੇ ਸੰਕਟ ਅਤੇ ਭਾਰਤ ਵਿਚ ਕਿਸਾਨੀ ਦੇ ਲਾਮਿਸਾਲ ਅੰਦੋਲਨ ਕਰਕੇ ਇਸ ਵਰ੍ਹੇ ਦੀ ਇਤਿਹਾਸਕ ਮਹੱਤਤਾ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਇਸ ਦੌਰ-ਵਿਸ਼ੇਸ਼ ਦੀ ਸੰਵੇਦਨਾ ਦੀਆਂ ਡੂੰਘੀਆਂ ਰਮਜ਼ਾਂ ਇਸ ਵਰ੍ਹੇ ਦੀ ਸਾਹਿਤ-ਸਿਰਜਣਾ ਰਾਹੀਂ ਉਜਾਗਰ ਹੁੰਦੀਆਂ ਹਨ। ਇਸ ਦੌਰ ਦੇ ਇਤਿਹਾਸਕ ਮਹੱਤਵ ਵਾਲੇ ਬਿਹਤਰੀਨ ਸਾਹਿਤ ਨੂੰ ਕਿਸੇ ਨਾ ਕਿਸੇ ਰੂਪ ਵਿਚ ਸੰਭਾਲਣ ਦੀ ਦਿਸ਼ਾ ਵੱਲ ਹਥਲੀ ਪੁਸਤਕ ਪਹਿਲਾ ਤੇ ਬਿਹਤਰੀਨ ਕਦਮ ਹੈ।
ਇਹ ਇਕ ਵੱਖਰੇ ਅੰਦਾਜ਼ ਦੀ ਪੁਸਤਕ ਹੈ। ਪੰਜਾਬੀ ਕਲਾਵਾਂ ਦੀਆਂ ਬਿਹਤਰੀਨ ਕਿਰਤਾਂ ਨੂੰ ਸੰਗ੍ਰਹਿ ਕਰਕੇ ਪੰਜਾਬੀ ਕਲਾ-ਪ੍ਰੇਮੀਆਂ ਅੱਗੇ ਪਰੋਸਿਆ ਗਿਆ ਹੈ ਤਾਂ ਜੋ ਉਹ ਪੰਜਾਬੀ ਦੀਆਂ ਸਰਬੋਤਮ ਰਚਨਾਵਾਂ ਨੂੰ ਬਿਨਾਂ ਬਹੁਤੇ ਤਰੱਦਦ ਤੋਂ ਇਕੋ ਜਗ੍ਹਾ 'ਤੇ ਪ੍ਰਾਪਤ ਕਰ ਸਕਣ, ਸਭ ਸੀਮਾਵਾਂ ਦੇ ਬਾਵਜੂਦ ਇਹ ਇਕ ਨਵਾਂ, ਨਿਵੇਕਲਾ ਅਤੇ ਅਹਿ ਫ਼ਖ਼ਰ ਕਰਨ ਵਾਲਾ ਤਜਰਬਾ ਹੈ। ਸਾਲ-ਵਿਸ਼ੇਸ਼ ਦਾ ਸਮੁੱਚੇ ਪੰਜਾਬੀ ਸਾਹਿਤ ਸੰਬੰਧੀ ਅਜਿਹਾ ਵੱਡਾ ਇਤਿਹਾਸਕ ਮਹੱਤਤਾ ਵਾਲਾ ਕਾਰਜ ਹੈ। ਸੰਪਾਦਕ ਵਧਾਈ ਦਾ ਪਾਤਰ ਹੈ।
ਸੁਘੜ ਸੰਪਾਦਕ ਨੇ ਹਥਲੀ ਕਿਤਾਬ ਨੂੰ ਛੇ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਚੋਣਵੀ ਪੰਜਾਬੀ ਕਹਾਣੀ ਬਾਰੇ ਬਲਦੇਵ ਧਾਲੀਵਾਲ ਨੇ ਪੰਜਾਬੀ ਕਹਾਣੀ ਸਰਵੇਖਣ ਅਤੇ ਮੁਲਾਂਕਣ ਕੀਤਾ ਹੈ। ਚੋਟੀ ਦੇ ਨਾਮਵਰ ਕਹਾਣੀਕਾਰਾਂ ਦੀਆਂ ਦਸ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ, ਇਸ ਤਰ੍ਹਾਂ ਹੀ ਜਗਦੀਸ਼ ਰਾਏ ਕੁਲਰੀਆਂ ਨੇ ਚੋਣਵੀਂ ਪੰਜਾਬੀ ਮਿੰਨੀ ਕਹਾਣੀ ਸਰਵੇਖਣ ਤੇ ਮੁਲਾਂਕਣ ਕੀਤਾ ਹੈ, ਜਿਸ ਵਿਚ ਪੰਦਰਾਂ ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਦੂਜੇ ਭਾਗ ਵਿਚ ਪੰਜਾਬੀ ਕਵਿਤਾ ਅਤੇ ਪੰਜਾਬੀ ਰਿਕਾਰਡ ਗੀਤ ਗੀਤਕਾਰੀ ਤੇ ਕ੍ਰਮਵਾਰ ਅਰਵਿੰਦਰ ਕੌਰ ਕਾਕੜਾ ਅਤੇ ਸਿਮਰਨਜੀਤ ਸਿੰਘ ਨੇ ਸਰਵੇਖਣ ਤੇ ਮੁਲਾਂਕਣ ਕੀਤਾ ਹੈ, ਜਿਸ ਵਿਚ ਦਸ ਦੇ ਕਰੀਬ ਨਾਮਵਰ ਗੀਤਕਾਰਾਂ ਦੀਆਂ ਰਚਨਾਵਾਂ ਸ਼ਾਮਿਲ ਹਨ, ਜਿਸ ਵਿਚ ਸਰਤਾਜ, ਕੰਵਰ ਗਰੇਵਾਲ ਤੇ ਹੋਰ ਸਿਰਕੱਢ ਗੀਤਕਾਰ ਸ਼ਾਮਿਲ ਹਨ। ਚੋਣਵੀਂ ਪੰਜਾਬੀ ਕਵਿਤਾ ਵਿਚ ਅਮਰਜੀਤ ਚੰਦਨ ਤੋਂ ਲੈ ਕੇ ਨਵਤੇਜ ਭਾਰਤੀ ਤੀਕ 35 ਕਵੀਆਂ ਦੀਆਂ ਕਵਿਤਾਵਾਂ ਹਨ ਫਿਰ ਚੋਣਵੀ ਪੰਜਾਬੀ ਗ਼ਜ਼ਲਾਂ ਦੇ ਖੇਤਰ ਵਿਚ 21 ਗ਼ਜ਼ਲਗੋ ਸ਼ਾਮਿਲ ਹਨ। ਭਾਗ ਤੀਜੇ ਵਿਚ ਰਾਜਿੰਦਰਪਾਲ ਸਿੰਘ ਨੇ ਵਾਰਤਕ ਲਿਖਤਾਂ ਦਾ ਸਰਵੇਖਣ ਤੇ ਮੁਲਾਂਕਣ ਹਾਜ਼ਰ ਕੀਤਾ ਹੈ, ਜਿਸ ਵਿਚ ਵਰਿਆਮ ਸਿੰਘ ਸੰਧੂ, ਜਸਵੰਤ ਸਿੰਘ ਜ਼ਫ਼ਰ, ਸੁਰਜੀਤ ਪਾਤਰ, ਨਰਿੰਦਰ ਸਿੰਘ ਕਪੂਰ, ਹਰਪਾਲ ਸਿੰਘ ਪੰਨੂੰ, ਨਿੰਦਰ ਘੁਗਿਆਣਵੀ, ਗੁਰਬਚਨ ਸਿੰਘ ਭੁੱਲਰ, ਸਤੀਸ਼ ਕੁਮਾਰ ਵਰਮਾ ਵਰਗੇ 19 ਉੱਚ ਪਾਏ ਵਾਲੇ ਲੇਖਕਾਂ ਦੀ ਵਾਰਤਕ ਪਾਠਕਾਂ ਗੋਚਰ ਹੈ। ਚੌਥੇ ਭਾਗ ਵਿਚ ਨਾਟਕ ਸਰਵੇਖਣ ਹੈ, ਜਿਸ ਵਿਚ ਕਿਸਾਨੀ ਸੰਘਰਸ਼ ਵਿਚ ਰੰਗਮੰਚ ਕੇਵਲ ਧਾਲੀਵਾਲ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਰਿਹਾ। 2021 ਦਾ ਪੰਜਾਬੀ ਰੰਗਮੰਚ ਹਰਪ੍ਰੀਤ ਸਿੰਘ ਨੇ ਬਾਖੂਬੀ ਅੰਕਿਤ ਕੀਤਾ ਹੈ। ਪੰਜਵੇਂ ਭਾਗ ਵਿਚ ਨਾਵਲ ਵਿਧਾ ਹੈ ਇਸ 'ਤੇ ਜੇ.ਬੀ. ਸਿੰਘ ਸੇਖੋਂ ਅਤੇ ਅਖੀਰਲਾ ਛੇਵੇਂ ਭਾਗ ਵਿਚ ਸਿਨੇਮਾ ਤੇ ਪੰਜਾਬੀ ਫਿਲਮਾਂ ਦਾ ਸਰਵੇਖਣ ਸ੍ਰੀ ਇਕਬਾਲ ਸਿੰਘ ਚਾਨਾ ਨੇ ਕੀਤਾ ਹੈ। ਇਹ ਕਿਤਾਬ ਪੰਜਾਬੀ ਸਾਹਿਤ ਦੇ ਜਾਣਕਾਰਾਂ, ਪਾਠਕਾਂ, ਲੇਖਕਾਂ, ਵਿਦਿਆਰਥੀਆਂ, ਖੋਜਾਰਥੀਆਂ ਲਈ ਇਕ ਤੋਹਫ਼ਾ ਹੈ। ਮੈਂ ਇਸ ਕਿਤਾਬ ਨੂੰ ਜੀ ਆਇਆਂ ਕਹਿੰਦਾ ਹਾਂ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਬਿਰਧ ਅੱਖਾਂ ਦਾ ਸਫ਼ਰ
ਲੇਖਕ : ਸਤਿਨਾਮ ਔਜਲਾ
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ, ਲਾਂਬੜਾ (ਜਲੰਧਰ)
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98152-56266

ਇਸ ਪੁਸਤਕ ਵਿਚ ਸ਼ਾਮਿਲ ਕੁੱਲ 54 ਰਚਨਾਵਾਂ ਨੂੰ ਲੇਖਕ ਨੇ ਲੇਖਾਂ ਦਾ ਨਾਂਅ ਦਿੱਤਾ ਹੈ। ਜਿਨ੍ਹਾਂ ਵਿਚ ਉਸ ਨੇ ਆਪਣੇ ਅਛੂਤੇ-ਮੌਲਿਕ ਜਜ਼ਬਾਤਾਂ ਨੂੰ ਨਿੱਠ ਕੇ ਬਿਆਨਿਆ ਹੈ। ਮੁੱਢ ਵਿਚ ਦਰਜ ਕੁਝ ਰਚਨਾਵਾਂ ਕਥਾ-ਸ਼ੈਲੀ 'ਚ ਲਿਖੀਆਂ ਗਈਆਂ ਹਨ। ਪੁਸਤਕ ਦੇ ਅੰਤ ਵਿਚ ਦਰਜ ਰਚਨਾਵਾਂ ਵਾਰਤਕ ਸ਼ੈਲੀ 'ਚ ਰਚੀਆਂ ਮਿਸਾਲੀ ਰਚਨਾਵਾਂ ਹਨ। ਉਸ ਨੇ ਪੁਸਤਕ ਦੀਆਂ ਕੁੱਲ 54 ਰਚਨਾਵਾਂ ਨੂੰ ਕਥਾ ਅਤੇ ਵਾਰਤਕ ਸ਼ੈਲੀ ਦੇ ਸੁਮੇਲ ਨਾਲ ਰਚਿਆ ਹੈ। ਲੇਖਕ ਸਤਿਨਾਮ ਔਜਲਾ ਨੇ ਪੁਸਤਕ ਵਿਚ ਦਰਜ ਲੇਖਾਂ ਅਤੇ ਕਹਾਣੀਆਂ ਵਿਚ ਕਦੀ ਤਿਰਛੀ, ਕਦੀ ਸਿੱਧੀ, ਕਦੀ ਤਿੱਖੀ ਨਜ਼ਰ ਨਾਲ ਤੱਕੇ-ਹੰਡਾਏ ਮਿੱਠੇ-ਖੱਟੇ, ਕੌੜੇ-ਕੋਹਝੇ ਸੱਚ ਨੂੰ ਸਾਦੀ ਸਰਲ ਪੰਜਾਬੀ ਵਿਚ ਪੇਸ਼ ਕੀਤਾ ਹੈ। ਪੰਜਾਬੀ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਉਸ ਦੀਆਂ ਪਿਆਰ ਭਾਵਨਾਵਾਂ ਆਪ ਮੁਹਾਰੇ ਉੱਛਲਦੀਆਂ ਤੱਕੀਆਂ ਜਾ ਸਕਦੀਆਂ ਹਨ। ਬਦਲੇ ਹਾਲਾਤ ਅਤੇ ਆਧੁਨਿਕਤਾ ਦੀ ਹਨੇਰੀ ਵਿਚ ਉੱਡਦੇ ਖੁਰਦੇ ਪੰਜਾਬੀ ਦੇ ਸੱਭਿਆਚਾਰਕ ਰੰਗ ਉਸ ਦੀ ਆਤਮਾ ਨੂੰ ਦੁਖੀ ਕਰਦੇ ਹਨ। ਉਹ ਆਪਣੇ ਇਨ੍ਹਾਂ ਲੇਖਾਂ, ਕਹਾਣੀਆਂ ਵਿਚ ਮਹਾਨ ਪੰਜਾਬੀ ਕਵੀ ਪ੍ਰੋ. ਪੂਰਨ ਸਿੰਘ ਵਾਂਗ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦੀ ਜਾਪਦੀ ਹੈ। ਆਧੁਨਿਕਤਾ ਦੀ ਹਨੇਰੀ ਵਿਚ ਵਹਿ ਰਹੇ ਧੀਆਂ-ਪੁੱਤ ਆਪਣੇ ਬਜ਼ੁਰਗ ਮਾਪਿਆਂ ਨਾਲ ਜੋ ਸਲੂਕ ਕਰ ਰਹੇ ਹਨ, ਉਹ ਉਸ ਦੇ ਕਾਲਜੇ ਹੌਲ ਪਾ ਰਿਹਾ ਜਾਪਦਾ ਹੈ। ਮਾਮੇ ਦਾ ਵਿਆਹ, ਜਿੰਦਰਾ, ਗਰਾਜ ਵਿਚ ਗਾਰਬੇਜ, ਜੜ੍ਹਾਂ ਵਰਗੀਆਂ ਰਚਨਾਵਾਂ ਇਸੇ ਸੱਚ ਦਾ ਸਬੂਤ ਹਨ। ਬਿਰਧ ਅੱਖਾਂ ਦਾ ਸਫ਼ਰ ਰਚਨਾ ਮਾਂ ਦੇ ਸਤਿਕਾਰ ਅਤੇ ਉਸ ਦੀ ਮਹਾਨਤਾ ਦੱਸਦੀ ਹੈ। ਜਿਸ ਦੀਆਂ ਅੱਖਾਂ ਲੈ ਕੇ ਉਸ ਨੇ ਦੁਨੀਆ ਨੂੰ ਤੱਕਦਿਆਂ ਇਹ ਰਚਨਾਵਾਂ ਸਿਰਜੀਆਂ ਹਨ। ਐ ਪੰਜਾਬ ਨਾਲੇ ਯਾਦ ਕਰਾਂ ਨਾਲੇ ਰੋਵਾਂ, ਨਸ਼ਾ ਸਾਡੀ ਜਵਾਨੀ ਨਿਗਲ ਜਾਵੇਗਾ, ਕਿਉਂ ਬਣ ਰਿਹਾ ਮਨ ਬੰਜਰ ਪੰਜਾਬ, ਧਨੀ ਰਾਮ ਚਾਤ੍ਰਿਕ ਦਾ ਚਿੰਤਨ ਵਰਗੇ ਲੇਖ ਪੰਜਾਬ ਨਾਲ ਉਸ ਦੀ ਸੱਚੀ-ਸੁੱਚੀ ਮੁਹੱਬਤ ਸਿੱਧ ਕਰਦੇ ਹਨ। ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਸ਼ਖ਼ਸੀਅਤ ਬਾਰੇ ਲੇਖ 'ਬੇਕਸਾਂ ਦਾ ਯਾਰ' ਉਸ ਦੀ ਸਾਹਿਤ ਰਚਨਾ ਦੇ ਅਤਿ-ਉੱਤਮ ਹੋਣ ਦੀ ਵੱਡੀ ਮਿਸਾਲ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

ਆਪਣੇ-ਆਪ ਬਾਰੇ ਆਪਣੀ ਸੋਚ ਬਦਲੋ ਅਤੇ ਮਨ ਚਾਹਿਆ ਜੀਵਨ
ਪ੍ਰਾਪਤ ਕਰੋ

ਲੇਖਕ : ਇੰਜੀ: ਗੁਰਚਰਨਜੀਤ ਸਿੰਘ
ਪ੍ਰਕਾਸ਼ਕ: ਗੋਰਕੀ ਪਬਲੀਕੇਸ਼ਨਜ਼ ਲੁਧਿਆਣਾ
ਮੁੱਲ : 280 ਰੁਪਏ, ਸਫ਼ੇ : 154
ਸੰਪਰਕ : 73800-65065

ਸਾਹਿਤ ਦੇ ਖੇਤਰ 'ਚ ਚਰਚਿਤ ਹਸਤਾਖ਼ਰ ਇੰਜੀ: ਗੁਰਚਰਨਜੀਤ ਸਿੰਘ ਦੀ ਲਿਖੀ ਮਿਆਰੀ ਪੁਸਤਕ ਕੁੱਲ ਸੱਤ ਭਾਗਾਂ 'ਚ ਵੰਡੀ ਹੋਈ ਹੈ। ਸੰਨ 2023 'ਚ ਪ੍ਰਕਾਸ਼ਿਤ ਇਸ ਪ੍ਰੇਰਨਾਦਾਇਕ ਪੁਸਤਕ ਨੂੰ ਆਰਟਿਸਟ ਦਲਜੀਤ ਕੌਰ ਅਤੇ ਉਨ੍ਹਾਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ ਜਿਨ੍ਹਾਂ ਨੇ ਲੇਖਕ ਨੂੰ ਜ਼ਿੰਦਗੀ ਜਿਊਣ ਦੇ ਗੁਰ ਦੱਸੇ ਹਨ। ਮਨੁੱਖੀ ਜੀਵਨ ਦੀਆਂ ਤਲਖ਼ ਹਕੀਕਤਾਂ ਦਾ ਜ਼ਿਕਰ ਕਰਕੇ ਲੇਖਕ ਨਿਵੇਕਲੇ ਢੰਗ-ਤਰੀਕੇ ਦੱਸ ਕੇ ਮਨੁੱਖ ਨੂੰ ਉਸ ਦੀ ਸਫ਼ਲਤਾ ਦੀ ਜ਼ਮੀਨ ਤਿਆਰ ਕਰਨ ਲਈ ਪ੍ਰੇਰਿਤ ਕਰਦਾ ਨਜ਼ਰ ਆ ਰਿਹਾ ਹੈ। ਪੁਸਤਕ 'ਚ ਜ਼ਿੰਦਗੀ ਜਿਊਣ ਦੇ ਹੁਨਰ, ਸਲੀਕੇ ਅਤੇ ਤਰੀਕੇ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਲੇਖਕ ਪਾਠਕਾਂ ਨਾਲ ਆਪਣੀ ਜ਼ਿੰਦਗੀ ਦਾ ਇਹ ਅਨੁਭਵ ਸਾਂਝਾ ਕਰ ਰਿਹਾ ਹੈ ਕਿ ਮਨੁੱਖ ਆਪਣਾ ਆਤਮ ਮੰਥਨ ਕਰਕੇ ਆਪਣੀਆਂ ਅੰਦਰੂਨੀ ਤਾਕਤਾਂ ਨੂੰ ਆਪਣੀ ਸਫ਼ਲਤਾ ਲਈ ਪ੍ਰਯੋਗ ਕਰ ਸਕਦਾ ਹੈ। ਪੁਸਤਕ ਦਾ ਨਿਵੇਕਲਾ ਪੱਖ ਇਹ ਵੀ ਹੈ ਕਿ ਪੁਸਤਕ ਦੇ ਸ਼ੁਰੂ ਵਿਚ ਹੀ ਪੁਸਤਕਾਂ ਪੜ੍ਹਨ ਦੇ ਲਾਭਾਂ ਦਾ ਤਫ਼ਸੀਲ ਨਾਲ ਬਿਆਨ ਕਰਦਾ ਲੇਖਕ ਦੱਸਦਾ ਹੈ ਕਿ ਪੁਸਤਕਾਂ ਗਿਆਨ ਵਧਾਉਣ, ਪ੍ਰੇਰਨਾ ਦੇਣ, ਮਾਨਸਿਕ ਕੱਦ ਨੂੰ ਉੱਚਾ ਕਰਨ ਤੇ ਕਾਮਯਾਬੀ ਦੇ ਰਾਹ ਨੂੰ ਸੌਖਾ ਬਣਾਉਣ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਹਨ। ਜ਼ਿੰਦਗੀ ਦੇ ਅੱਡ ਰਾਹ 'ਤੇ ਚੱਲਣ ਲਈ ਵੱਧ ਤੋਂ ਵੱਧ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਪੁਸਤਕਾਂ ਸਵੈ-ਅਨੁਭਵ ਅਤੇ ਤਜਰਬੇ ਦਾ ਖ਼ਜ਼ਾਨਾ ਹਨ। ਇਸ ਪੁਸਤਕ ਦੀ ਵਿਸ਼ਾ ਵਸਤੂ ਨੂੰ ਸੱਤ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ 'ਚ ਕਾਮਯਾਬੀ ਦੇ ਭੇਦਾਂ, ਅਣਗੌਲੇ ਤੱਥਾਂ ਤੇ ਮਨੁੱਖ ਦੀਆਂ ਅਸੀਮਤ ਸ਼ਕਤੀਆਂ ਦਾ ਜ਼ਿਕਰ, ਅਸਫ਼ਲਤਾ ਦਾ ਕਾਰਨ ਆਪਣੇ ਅੰਦਰ ਛੁਪੇ ਹੁਨਰ ਅਤੇ ਗੁਣਾਂ ਨੂੰ ਨਾ ਪਹਿਚਾਣ ਸਕਣ, ਸ਼ਖ਼ਸੀਅਤ ਨੂੰ ਸਵੀਕਾਰ ਕਰਨ ਤੇ ਕਮਜ਼ੋਰ ਹੋਣ ਤੋਂ ਬਚਣ ਦਾ ਜ਼ਿਕਰ ਕੀਤਾ ਗਿਆ ਹੈ। ਦੂਜੇ ਭਾਗ ਵਿਚ ਤੁਹਾਡੀ ਪਹਿਚਾਣ ਅਧੀਨ, ਤੁਹਾਡੀ ਅੱਜ ਦੀ ਜ਼ਿੰਦਗੀ, ਦਿਮਾਗ਼ ਮਨ ਤੇ ਆਦਤਾਂ, ਆਪਣੀਆਂ ਆਦਤਾਂ ਦੀ ਨਿਸ਼ਾਨਦੇਹੀ ਤੇ ਆਪਣੇ-ਆਪ ਨਾਲ ਗੱਲਾਂ ਕਰਨ, ਸੁਭਾਅ ਦੇ ਜ਼ਿੱਦੀ ਤੇ ਕਾਮਯਾਬੀ ਹਾਸਲ ਕਰਨ ਵਾਲੇ ਲੋਕਾਂ ਦੇ ਸੁਪਨੇ ਸਧਾਰਨ ਨਹੀਂ ਹੁੰਦੇ, ਦੀ ਚਰਚਾ ਕੀਤੀ ਗਈ ਹੈ। ਤੀਜੇ ਭਾਗ ਵਿਚ ਤੁਹਾਡੀਆਂ ਮੂਲ ਕੁਦਰਤੀ ਸ਼ਕਤੀਆਂ ਅਧੀਨ ਕੁਦਰਤ ਤੇ ਬੀਜ ਸਿਧਾਂਤ, ਬੱਚਿਆਂ ਤੋਂ ਸਿੱਖੋ ਜਿਹੇ ਸੰਕਲਪਾਂ ਨੂੰ ਚਿਤਰਿਆ ਗਿਆ ਹੈ। ਚੌਥੇ ਭਾਗ 'ਚ ਕਾਮਯਾਬੀ ਪ੍ਰਤੀ ਨਜ਼ਰੀਆ ਅਤੇ ਅਫ਼ਵਾਹਾਂ ਜਿਹੇ ਮੁੱਦਿਆਂ ਬਾਰੇ ਚਰਚਾ ਕੀਤੀ ਗਈ ਹੈ। ਪੰਜਵੇਂ ਭਾਗ ਵਿਚ ਮਨਚਾਹੀ ਕਾਮਯਾਬੀ ਹਾਸਲ ਕਰਨ ਲਈ ਆਪਣੇ ਵਿਚਾਰਾਂ ਨੂੰ ਬਦਲਣ ਦੇ ਢੰਗ ਅਤੇ ਸੁਪਨੇ ਸੱਚ ਕਰਨ ਦੇ ਰਸਤੇ ਬਾਰੇ ਵਿਚਾਰ ਕੀਤਾ ਗਿਆ ਹੈ। ਉਮਰ ਦੇ ਕਿਸੇ ਵੀ ਦੌਰ ਵਿਚ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਛੇਵੇਂ ਭਾਗ 'ਚ ਕਾਮਯਾਬੀ ਲਈ ਉਦਾਸੀ ਤੋਂ ਬਾਹਰ ਆਉਣ ਲਈ ਢੁਕਵੇਂ ਸੁਝਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਸੱਤਵੇਂ ਭਾਗ ਵਿਚ ਕੁਝ ਮਹੱਤਵਪੂਰਨ ਗੱਲਾਂ ਦੀ ਬਾਤ ਪਾਉਂਦਿਆਂ ਲੋੜੀਂਦੀਆਂ ਚੰਗੀਆਂ ਆਦਤਾਂ ਬਣਾਉਣ ਤੇ ਸਦਾ ਚੜ੍ਹਦੀ ਕਲਾ 'ਚ ਰਹਿਣ ਦੀ ਹਾਮੀ ਭਰੀ ਗਈ ਹੈ। ਚੁਣੇ ਗਏ ਵਿਸ਼ਿਆਂ ਦੀ ਪੇਸ਼ਕਾਰੀ, ਸ਼ਬਦਾਂ ਦੀ ਚੋਣ, ਭਾਸ਼ਾ ਉੱਤੇ ਪਕੜ ਅਤੇ ਪਾਠਕਾਂ ਤੱਕ ਆਪਣੀ ਸੰਵੇਦਨਾ ਨੂੰ ਪਹੁੰਚਾਉਣ ਦਾ ਤਰੀਕਾ ਤੇ ਸਲੀਕਾ ਤੇ ਲੇਖਕ ਨੂੰ ਸਾਹਿਤ ਦੇ ਖੇਤਰ 'ਚ ਮਹਤੱਵਪੂਰਨ ਸਥਾਨ ਪ੍ਰਦਾਨ ਕਰਦਾ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਇਕ ਪੱਤਰ ਹਰਿਆਵਲਾ
ਲੇਖਕ : ਸਤਿਨਾਮ ਔਜਲਾ
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ, ਲਾਂਬੜਾ, ਜਲੰਧਰ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 60471-02332

ਹਥਲੇ ਕਾਵਿ-ਸੰਗ੍ਰਹਿ 'ਇਕ ਪੱਤਰ ਹਰਿਆਵਲਾ' 'ਚ ਲੇਖਕ ਸਤਿਨਾਮ ਔਜਲਾ ਦੀਆਂ 72 ਕਾਵਿ ਰਚਨਾਵਾਂ ਸ਼ਾਮਿਲ ਹਨ। ਲੇਖਕ ਨੇ ਇਨ੍ਹਾਂ ਕਵਿਤਾਵਾਂ 'ਚ ਸਮਾਜਿਕ, ਆਰਥਿਕ, ਸਿਆਸੀ ਅਤੇ ਧਾਰਮਿਕ ਵਰਤਾਰਿਆਂ ਨੂੰ ਆਪਣੇ ਨਿੱਜੀ ਅਨੁਭਵਾਂ 'ਚੋਂ ਚੁਣ ਕੇ ਇਕ ਤਰਤੀਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਵੀ ਮਨੁੱਖ ਨੂੰ ਇੱਛਾਵਾਂ ਦੀ ਕੈਦ 'ਚੋਂ ਨਿਕਲਣ ਦੀ ਨਸੀਹਤ ਦਿੰਦਾ, ਸਮੇਂ ਦਾ ਹਾਕਮਾਂ ਖਿਲਾਫ਼ ਜੂਝਣ ਦਾ ਜ਼ਜਬਾ ਪ੍ਰਗਟਾਉਂਦਾ, ਭ੍ਰਿਸ਼ਟ ਨਿਜ਼ਾਮ ਨੂੰ ਬਦਲਣ ਦਾ ਸੰਕਲਪ ਕਰਦਾ ਜਾਪਦਾ ਹੈ। ਕੁਦਰਤ ਨਾਲ ਖਿਲਵਾੜ, ਵਾਤਾਵਰਨ ਪ੍ਰਦੂਸ਼ਣ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਉਸ ਨੂੰ ਧੁਰ ਅੰਦਰੋਂ ਬੇਚੈਨ ਕਰਦੀ ਹੈ :
ਸੁਣ ਵੇ ਆਰੇ ਵਾਲਿਆ, ਵੇ ਕੁਹਾੜੀ ਵਾਲਿਆ
ਨਾ ਵੱਢੀਂ, ਨਾ ਵੱਢੀ ਮੈਨੂੰ
ਮੈਂ ਨਾ ਤੇਰਾ ਕੁਝ ਗਵਾਇਆ,
ਤੂੰ ਕਾਹਤੋਂ ਵੱਢਣ ਮੈਨੂੰ ਆਇਆ।
(ਪੰਨਾ : 25)
ਲੇਖਕ ਕਰਮ ਕਾਂਡ ਨੂੰ ਫਜ਼ੂਲ ਦੱਸਦਾ ਮਨੁੱਖਤਾ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਦਾ ਹੈ। ਅਜੋਕੇ ਭ੍ਰਿਸ਼ਟ ਨਿਜ਼ਾਮ ਅਤੇ ਦੇਸ਼ ਦੇ ਹਾਕਮਾਂ ਖਿਲਾਫ਼ ਸਖ਼ਤ ਵਿਦਰੋਹ ਉਸ ਦੀਆਂ ਕਵਿਤਾਵਾਂ 'ਚ ਉਬਾਲੇ ਮਾਰਦਾ ਜਾਪਦਾ ਹੈ :
ਕਾਲੇ ਹਾਸ਼ੀਏ 'ਚ ਰਾਜਾ ਦਾ ਹਵਾ ਮਹਿਲ ਹੈ
ਜਿਸਦੇ ਜੁਮਲਿਆਂ ਦੇ ਕਿੰਗਰੇ ਹਨ।
ਰਾਜਾ ਧਰਮਾਂ ਦੇ ਜਜ਼ਬਾਤ ਭੜਕਾਉਂਦਾ ਹੈ।
ਸੱਤਾ ਪ੍ਰਾਪਤੀ ਲਈ ਨਸ਼ਲਕੁਸ਼ੀ ਕਰਦਾ ਹੈ।
(ਪੰਨਾ : 67)
ਕਵੀ ਨੂੰ ਗਿਲ੍ਹਾ ਹੈ ਕਿ ਮਨੁੱਖ ਕੁਦਰਤ ਦੀਆਂ ਨਿਹਮਤਾਂ ਦੀ ਦੁਰਵਰਤੋਂ ਕਰਕੇ, ਕੁਦਰਤ ਪ੍ਰਤੀ ਅਕ੍ਰਿਤਘਣ ਹੋ ਰਿਹਾ ਹੈ। ਉਹ ਆਪਣੇ ਅਖ਼ਲਾਕ ਨੂੰ ਬੁਲੰਦ ਰੱਖਣ ਅਤੇ ਮਨੁੱਖ 'ਚੋਂ ਮਨੁੱਖਤਾ ਮਨਫ਼ੀ ਨਾ ਹੋਣ ਦੀ ਦੁਹਾਈ ਦਿੰਦਾ ਹੈ। ਲੇਖਕ ਅਨੁਸਾਰ ਆਧੁਨਿਕ ਯੁੱਗ 'ਚ ਭਾਵੇਂ ਭਾਰਤ ਵਿਸ਼ਵ ਗੁਰੂ ਬਣਨ ਦੇ ਸੁਪਨੇ ਦੇਖ ਰਿਹਾ ਹੈ ਪਰ ਸਿਆਸੀ ਪ੍ਰਦੂਸ਼ਣ ਕਰਕੇ ਭ੍ਰਿਸ਼ਟਾਚਾਰ ਦੇ ਚਿਹਰੇ 'ਤੇ ਦਿਨ ਪਤੀ ਦਿਨ ਨਿਖ਼ਾਰ ਆ ਰਿਹਾ ਹੈ। ਇਸ ਸੰਗ੍ਰਹਿ 'ਚ ਜ਼ਿਆਦਾਤਾਰ ਖੁੱਲ੍ਹੀਆਂ ਕਵਿਤਾਵਾਂ ਹਨ ਅਤੇ ਕੁਝ ਲੈਅਬੱਧ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਸਮੁੱਚੀਆਂ ਕਵਿਤਾਵਾਂ 'ਚ ਸਾਰਥਿਕ ਸੁਨੇਹਾ ਹੈ। ਇਸ ਕਾਵਿ ਸੰਗ੍ਰਹਿ ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਬੰਨ੍ਰਿ ਉਠਾਈ ਪੋਟਲੀ
ਮੂਲ ਲੇਖਕ : ਪ੍ਰਿਤਪਾਲ ਸਿੰਘ ਬੇਤਾਬ
ਅਨੁਵਾਦਕ : ਹਰਜੀਤ ਸਿੰਘ ਉੱਪਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 284
ਸੰਪਰਕ : 094191-29886

ਸਵੈ-ਜੀਵਨੀ ਲਿਖਣਾ ਬੜਾ ਔਖਾ ਕਾਰਜ ਹੈ। ਸਵੈ-ਜੀਵਨੀ ਆਪਣੇ-ਆਪ ਨੂੰ ਹੀ ਇਕ ਵਿੱਥ 'ਤੇ ਰੱਖ ਕੇ ਦੇਖਣਾ ਹੈ। ਦੇਖਣਾ ਵੀ ਸਾਧਾਰਨ ਨਜ਼ਰ ਨਾਲ ਨਹੀਂ ਬਲਕਿ ਆਪਣੀ ਪੜਚੋਲ ਆਪ ਕਰਨਾ ਹੈ ਤੇ ਇਹ ਪੜਚੋਲ ਵੀ ਇਮਾਨਦਾਰਾਨਾ ਹੋਣੀ ਚਾਹੀਦੀ ਹੈ। ਜੇਕਰ ਕੋਈ ਲੇਖਕ ਆਪਣੇ ਗੁਣਾਂ ਦਾ ਗੁਣਗਾਣ ਕਰਦਾ ਹੈ ਤੇ ਔਗੁਣਾਂ ਤੋਂ ਪਾਸਾ ਵੱਟਦਾ ਹੈ ਤਾਂ ਇਹੋ ਜਿਹੀ ਸਵੈ-ਜੀਵਨੀ ਪਾਠਕ ਨੂੰ ਪ੍ਰਭਾਵਿਤ ਨਹੀਂ ਕਰਦੀ ਕਿਉਂਕਿ ਜ਼ਿੰਦਗੀ ਕਦੇ ਵੀ ਸਾਵੀਂ-ਪੱਧਰੀ ਨਹੀਂ ਰਹਿੰਦੀ। 'ਬੰਨ੍ਹਿ ਉਠਾਈ ਪੋਟਲੀ' ਪ੍ਰਿਤਪਾਲ ਸਿੰਘ ਬੇਤਾਬ ਜੋ ਕਿ ਉਰਦੂ ਸ਼ਾਇਰੀ ਵਿਚ ਆਪਣਾ ਮਹੱਤਵਪੂਰਨ ਮੁਕਾਮ ਰੱਖਦੇ ਹਨ ਤੇ ਆਈ.ਏ.ਐਸ. ਅਧਿਕਾਰੀ ਸੇਵਾ ਮੁਕਤ ਹੋਏ ਹਨ, ਦੀ ਲਿਖੀ ਅਤੇ ਹਰਜੀਤ ਸਿੰਘ ਉੱਪਲ ਦੁਆਰਾ ਉਰਦੂ ਤੋਂ ਪੰਜਾਬੀ ਵਿਚ ਅਨੁਵਾਦ ਕੀਤੀ ਸਵੈ-ਜੀਵਨੀ ਹੈ। ਉਰਦੂ ਵਿਚ ਇਸ ਦਾ ਸਿਰਲੇਖ 'ਮੇਰੇ ਹਿੱਸੇ ਦੀ ਦੁਨੀਆ' ਹੈ। ਇਸ ਸਵੈ-ਜੀਵਨੀ ਵਿਚ ਲੇਖਕ ਨੇ ਜਿਥੇ ਆਪਣੇ ਜੀਵਨ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਦਾ ਜ਼ਿਕਰ ਕੀਤਾ ਹੈ ਉਥੇ ਦੇਸ਼ ਵੰਡ ਤੋਂ ਗੱਲ ਸ਼ੁਰੂ ਕਰ ਕੇ 'ਪੁੰਛ' ਜੋ ਜੰਮੂ-ਕਸ਼ਮੀਰ ਦਾ ਇਕ ਇਲਾਕਾ ਹੈ, ਉਸ ਨਾਲ ਜੁੜੀਆਂ ਬਹੁਤ ਹੀ ਖ਼ੂਬਸੂਰਤ ਯਾਦਾਂ ਦਾ ਜ਼ਿਕਰ ਕੀਤਾ ਹੈ। ਫ਼ਿਰੋਜ਼ਪੁਰ ਛਾਉਣੀ ਦੇ ਵੇਰਵੇ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਰੌਚਿਕ ਜਾਣਕਾਰੀ ਲੇਖਕ ਨੇ ਉਪਲਬਧ ਕਰਵਾਈ ਹੈ। ਆਪਣੀ ਨੌਕਰੀ ਦੌਰਾਨ ਵੱਖ-ਵੱਖ ਅਹੁਦਿਆਂ ਉੱਤੇ ਕਾਰਜ ਕਰਨ ਅਤੇ ਵੱਖ-ਵੱਖ ਸਮਿਆਂ ਦੌਰਾਨ ਆਪਣੀ ਸ਼ਾਇਰੀ ਨੂੰ ਮਿਲੇ ਹੁਲਾਰਿਆਂ ਅਤੇ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਣ ਬਾਰੇ ਵੀ ਭਾਵਪੂਰਤ ਜਾਣਕਾਰੀ ਇਸ ਸਵੈ-ਜੀਵਨੀ ਵਿਚ ਦਰਜ ਹੈ। ਸਾਹਿਤ ਸਭਾਵਾਂ ਨਾਲ ਮੇਲ-ਜੋਲ ਅਤੇ ਉਰਦੂ ਸ਼ਾਇਰੀ ਵਿਚ ਵਿਸ਼ੇਸ਼ ਮੁਕਾਮ ਰੱਖਣ ਵਾਲੇ ਸ਼ਾਇਰਾਂ ਅਤੇ ਦੋਸਤਾਂ ਬਾਰੇ ਵੀ ਭਰਪੂਰ ਅਤੇ ਰੌਚਿਕ ਜਾਣਕਾਰੀ ਸਵੈ-ਜੀਵਨੀ ਵਿਚ ਦਰਜ ਹੈ। ਉਰਦੂ ਦੇ ਸ਼ੇਅਰ ਵੀ ਬਹੁਤੀ ਥਾਈਂ ਸਥਿਤੀ ਨੂੰ ਪੇਸ਼ ਕਰਨ ਹਿਤ ਇਸ ਸਵੈ-ਜੀਵਨੀ ਵਿਚ ਦਰਜ ਹਨ। ਅਨੁਵਾਦਕ ਦੀ ਮਿਹਨਤ ਵੀ ਇਸ ਸਵੈ-ਜੀਵਨੀ ਵਿਚੋਂ ਬਾਖ਼ੂਬੀ ਝਲਕਦੀ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਪੰਜਾਬ ਦੀ ਸ਼ਾਨ ਪੁਰਾਤਨ ਹਵੇਲੀਆਂ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 118
ਸੰਪਰਕ : 98764-52223

ਹਵੇਲੀ ਅਰਬੀ ਭਾਸ਼ਾ ਦਾ ਸ਼ਬਦ ਹੈ, ਉਹ ਮਕਾਨ (ਜਿਸ ਦੀ ਸੁਰੱਖਿਆ ਲਈ) ਜੋ ਚਾਰੇ ਪਾਸੇ ਕੰਧਾਂ ਨਾਲ ਘਿਰਿਆ ਹੋਇਆ ਹੋਵੇ। ਖਾਨਦਾਨੀ ਅਮੀਰ ਲੋਕ, ਜਗੀਰਦਾਰ ਤੇ ਨਾਮਵਰ ਪਰਿਵਾਰ ਸਰਹੰਦੀ ਇੱਟਾਂ ਤੇ ਚੂਨੇ ਨਾਲ ਸੁੰਦਰ ਦਿੱਖ ਵਾਲੀਆਂ ਮਜ਼ਬੂਤ ਹਵੇਲੀਆਂ ਬਣਾ ਕੇ ਆਪਣੇ ਰੁਤਬੇ ਅਨੁਸਾਰ ਰਹਿੰਦੇ ਹੁੰਦੇ ਸਨ। ਇਮਾਰਤਸ਼ਾਲੀ ਦੇ ਹੁਨਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਦੀ ਕਸ਼ੀਦਕਾਰੀ ਵੇਖਣਯੋਗ ਹੁੰਦੀ ਸੀ। ਪ੍ਰਿੰ. ਗੋਸਲ ਨੇ ਇਨ੍ਹਾਂ ਪੁਰਾਤਨ ਹਵੇਲੀਆਂ ਦੀ ਇਤਿਹਾਸਕ ਮਹੱਤਤਾ ਨੂੰ ਸਮਝਦੇ ਹੋਏ 'ਪੰਜਾਬ ਦੀ ਸ਼ਾਨ ਪੁਰਾਤਨ ਹਵੇਲੀਆਂ' ਪੁਸਤਕ ਬਹੁਤ ਮਿਹਨਤ ਨਾਲ ਖੋਜ ਕਰ ਕੇ ਲਿਖੀ ਹੈ। ਇਸ ਤੋਂ ਪਹਿਲਾਂ ਪ੍ਰਿੰ. ਗੋਸਲ ਨੇ ਬਹੁ-ਗਿਣਤੀ ਬਾਲ-ਸਾਹਿਤ ਪੁਸਤਕਾਂ ਅਤੇ ਦੋ ਦਰਜਨ ਦੇ ਕਰੀਬ ਵਾਰਤਕ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ ਹਨ। ਪੰਜਾਬ ਦੇ ਪੁਰਾਤਨ ਵਿਰਸੇ-ਵਿਰਾਸਤ ਨਾਲ ਸੰਬੰਧਿਤ ਇਮਾਰਤਾਂ, ਕਿਲ੍ਹਿਆਂ ਤੇ ਹੋਰ ਸੰਸਥਾਨਾਂ ਬਾਰੇ ਖੋਜ ਤੇ ਸੰਭਾਲਣ ਦਾ ਮੁੱਖ ਕਾਰਜ, ਪੰਜਾਬ ਦੇ ਸੱਭਿਆਚਾਰ ਤੇ ਪੁਰਾਤੱਤਵ ਵਿਭਾਗ ਦਾ ਹੈ ਪਰੰਤੂ ਪ੍ਰਿੰਸ: ਗੋਸਲ ਨੇ ਇਹ ਨਿਆਰਾ ਕਾਰਜ ਕਰ ਵਿਖਾਇਆ ਹੈ। 1947 ਦੀ ਵੰਡ ਦੇ ਦੁਖਾਂਤ ਤੇ ਸੰਤਾਪ ਦੇ ਮਾਰੂ ਨਤੀਜੇ ਕਾਰਨ ਪਾਕਿਸਤਾਨ 'ਚ ਰਹੀਆਂ ਹਵੇਲੀਆਂ ਦਾ ਜ਼ਿਕਰ ਮਨ ਨੂੰ ਝੰਜੋੜਨ ਵਾਲਾ ਹੈ। ਮਿਸਾਲ ਵਜੋਂ ਲਾਲ ਹਵੇਲੀ ਰਾਵਲਪਿੰਡੀ (ਪਾਕਿਸਤਾਨ) ਤੇ ਪਿਸ਼ਾਵਰ ਸਥਿਤ ਕਪੂਰ ਹਵੇਲੀ ਜਿਸ ਦਾ ਸੰਬੰਧ ਫ਼ਿਲਮ ਜਗਤ ਦੇ ਕਲਾਕਾਰ ਰਿਸ਼ੀ ਕਪੂਰ ਦੇ ਦਾਦਾ ਪ੍ਰਿਥਵੀ ਰਾਜ ਕਪੂਰ ਪਿਤਾ ਅਰਥਾਤ ਰਿਸ਼ੀ ਕਪੂਰ ਦੇ ਪੜਦਾਦਾ ਸ੍ਰੀ ਬਸ਼ੇਸ਼ਵਰਨਾਥ ਕਪੂਰ ਨਾਲ ਦੱਸਿਆ ਜਾਂਦਾ ਹੈ। ਸਲੀਮ ਹਵੇਲੀ ਬਸੀ ਪਠਾਣਾਂ ਅਤੇ ਟੋਡਰ ਮੱਲ ਦੀ ਜਹਾਜ਼ ਹਵੇਲੀ ਬਹੁਤ ਚਰਚਿਤ ਰਹੀਆਂ ਜਿਨ੍ਹਾਂ ਦੀਆਂ ਇੱਟਾਂ 'ਚੋਂ ਇਤਿਹਾਸ ਪੜ੍ਹਿਆ ਜਾ ਸਕਦਾ ਹੈ। ਪਿੰਡ ਬਹਿਰਾਮ ਦੀ ਹਵੇਲੀ ਇਮਾਰਤਸਾਜ਼ੀ ਦੀ ਅਤਿ ਸੁੰਦਰ ਕਾਰੀਗਰੀ ਦਾ ਕ੍ਰਿਸ਼ਮਾ ਹੈ। ਪੁਆਧ ਖੇਤਰ 'ਚ ਪੱਕੀ-ਰੁੜਕੀ ਜ਼ੈਲਦਾਰਾਂ ਦੀ ਹਵੇਲੀ ਇਸ ਕਰਕੇ ਵੀ ਮਸ਼ਹੂਰ ਹੈ ਕਿ ਇਥੇ ਹੀਰ-ਰਾਂਝੇ ਫ਼ਿਲਮ ਦੀ ਸ਼ੂਟਿੰਗ ਨਸੀਬ ਹੋਈ। ਭਾਈ ਬਚਿੱਤਰ ਸਿੰਘ ਦੀ ਸ਼ਹੀਦੀ ਦੇ ਇਤਿਹਾਸ ਨਾਲ ਸੰਬੰਧਿਤ ਪਠਾਣ ਨਿਹੰਗ ਖਾਨ ਦੀ ਹਵੇਲੀ ਪਿੰਡ ਕੋਟਲਾ ਨਿਹੰਗ ਹੈ। ਪੰਜਾਬ ਦੇ ਪਿੰਡਾਂ ਦੇ ਇਤਿਹਾਸ ਤੇ ਸੱਭਿਆਚਾਰ ਦੀ ਬਾਤ ਪਾਉਂਦੀਆਂ ਹਵੇਲੀਆਂ ਪਿੰਡ ਖਮਾਣੋ, ਪਿੰਡ ਬਰਨਾਲਾ, ਪਿੰਡ ਮੂਸਾ (ਸਿੱਧੂ ਮੂਸੇਵਾਲਾ ਹਵੇਲੀ), ਬਸੀ ਪਠਾਣਾ, ਪਿੰਡ ਗੋਸਲਾਂ (ਲੇਕਪ ਦੇ ਪਿੰਡ), ਮਨੈਲਾ, ਨਾਰਲੀ, ਧਮੋਟ, ਬਠਿੰਡਾ ਨਹਿਰੀ ਕੋਠੀ, ਉੱਭਾਵਾਲ, ਵਡਾਲਾ ਸੰਧੂਆਂ, ਗੁਜਰਵਾਲ (ਲੁਧਿਆਣਾ), ਗੜ੍ਹੀ ਚਮਕੌਰ ਗਰੀਬੂ ਦੀ ਹਵੇਲੀ, ਮਹਿਤਪੁਰ, ਬਹਿਰਾਮਪੁਰ ਬੇਟ ਤੇ ਹਵੇਲੀਆਂ ਦੀ ਧਰਤ-ਪੱਟੀ ਸਰਹਿੰਦ ਤੋਂ ਚਮਕੌਰ ਸਾਹਿਬ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਭਰਪੂਰ ਹਨ। ਲੇਖਕ ਨੇ ਜਿਸ ਮਿਹਨਤ ਨਾਲ ਹਵੇਲੀਆਂ ਦੇ ਪਿਛੋਕੜ 'ਚ ਲੁਕੇ ਇਤਿਹਾਸ ਨੂੰ ਪੁਨਰ-ਸੁਰਜੀਤ ਕੀਤਾ ਹੈ, ਉਸ ਲਈ ਪ੍ਰਿੰ. ਗੋਸਲ ਦੇ ਕਾਰਜ ਦੀ ਸ਼ਲਾਘਾ ਕਰਨੀ ਬਣਦੀ ਹੈ। ਲੇਖਕ ਤੇ ਪ੍ਰਕਾਸ਼ਕ ਇਸ ਸੁੰਦਰ-ਸਜੀਲੀ ਪੁਸਤਕ ਲਈ ਵਧਾਈ ਦੇ ਹੱਕਦਾਰ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਜ਼ਿੰਦਗੀ ਦੇ ਬਦਲਦੇ ਰੰਗ
ਲੇਖਕ : ਕੇਵਲਜੀਤ ਸਿੰਘ ਕੰਵਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 172
ਮੋਬਾਈਲ : 98775-66190

ਇਸ ਕਾਵਿ-ਸੰਗ੍ਰਹਿ ਵਿਚ ਲੇਖਕ ਨੇ 81 ਕਵਿਤਾਵਾਂ ਲਿਖੀਆਂ ਅਤੇ ਨਾਲ ਹੀ ਕੁਝ ਸ਼ੇਅਰ ਲਿਖ ਕੇ ਪੁਸਤਕ ਵਿਚ ਇਕ ਹੋਰ ਰੰਗ ਭਰ ਦਿੱਤਾ ਹੈ। ਇਸ ਤੋਂ ਪਹਿਲਾਂ ਲੇਖਕ ਨੇ ਹਿੰਦੀ ਦੀ ਪੁਸਤਕ 'ਸਫ਼ਰ ਜ਼ਿੰਦਗੀ ਕਾ' ਕਵਿਤਾ ਦੀ ਕਿਤਾਬ ਲਿਖੀ ਸੀ। ਲੇਖਕ ਨੇ ਆਪਣੇ ਜ਼ਿੰਦਗੀ ਦੇ ਸਫ਼ਰ ਵਿਚ ਕਈ ਥਾਂ ਨੌਕਰੀ ਕੀਤੀ ਅਤੇ ਅਖੀਰ ਪ੍ਰਿੰਸੀਪਲ ਦੇ ਅਹੁਦੇ 'ਤੇ ਪੁੱਜਿਆ। ਲੇਖਕ ਦੇ ਵਿਚ ਲਿਖਣ ਦੀ ਇੱਛਾ ਉਨ੍ਹਾਂ ਦੇ ਦਿਲ ਵਿਚ ਦੱਬੀ ਪਈ ਸੀ ਅਤੇ ਇਨ੍ਹਾਂ ਨੇ ਆਪਣੀ ਸੇਵਾਮੁਕਤੀ ਤੋਂ ਬਾਅਦ ਇਹ ਕਿਤਾਬ ਲਿਖੀ। ਆਮ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਸਾਡੇ ਦਿਲ ਵਿਚ ਕਈ ਤਰ੍ਹਾਂ ਦੇ ਵਲਵਲੇ ਹੁੰਦੇ ਹਨ ਅਤੇ ਉਹ ਕਈ ਵਾਰ ਅੰਦਰ ਹੀ ਦੱਬੇ ਰਹਿ ਜਾਂਦੇ ਹਨ, ਪਰੰਤੂ ਕੁਝ ਲੋਕ ਇਨ੍ਹਾਂ ਵਲਵਲਿਆਂ ਨੂੰ ਆਪਣੇ ਅੰਦਰੋਂ ਬਾਹਰ ਕੱਢ ਕੇ ਕਿਤਾਬ ਦਾ ਰੂਪ ਦੇ ਦਿੰਦੇ ਹਨ। ਇਨ੍ਹਾਂ ਵਿਚੋਂ ਹੀ ਲੇਖਕ ਕੇਵਲਜੀਤ ਸਿੰਘ ਕੰਵਲ ਕਿਹਾ ਜਾ ਸਕਦਾ ਹੈ। ਲੇਖਕ ਦਾ ਕੋਮਲ ਹਿਰਦਾ ਹੋਣ ਕਰਕੇ ਹਰ ਪ੍ਰਸਥਿਤੀ ਨੂੰ ਵਿਚਾਰਦਾ, ਮਹਿਸੂਸ ਕਰਦਾ ਰਿਹਾ ਅਤੇ ਉਹੀ ਖਿਆਲਾਂ ਨੂੰ ਕਿਤਾਬ ਦਾ ਰੂਪ ਦੇ ਦਿੱਤਾ, ਜੋ ਕਿ ਬਹੁਤ ਵੱਡੀ ਗੱਲ ਹੈ। ਕਿਤਾਬ ਵਿਚੋਂ ਲੇਖਕ ਦਾ ਪੰਜਾਬੀ ਮਾਂ-ਬੋਲੀ ਪ੍ਰਤੀ ਪਿਆਰ ਵੀ ਝਲਕਦਾ ਹੈ। ਕਿਤਾਬਾਂ ਵਿਚਲੀਆਂ ਮਨੁੱਖਤਾ, ਕਦੀ ਚਾਨਣ ਕਦੇ ਹਨੇਰਾ, ਖੰਡਰ ਬੋਲਦੇ ਨੇ, ਗੁਜ਼ਰੇ ਵਕਤ ਦਾ, ਧੂੰਏ ਦੀ ਲਕੀਰ, ਆਖ਼ਰੀ ਰਿਸ਼ਤਾ, ਪਿਤਾ, ਆਪਣੀ ਹਸਤੀ, ਆਦਮਖੋਰ ਮਾਨਵ ਝੰਡੇ, ਇਕੱਲਾਪਣ ਬਜ਼ੁਰਗ ਮਾਂ-ਬਾਪ ਦਾ, ਆਪਣਿਆਂ ਦਾ ਸਾਥ, ਸਾਡੇ ਜ਼ਮਾਨੇ ਦੇ ਤੱਕ, ਕਵਿਤਾਵਾਂ ਦਿਲ ਨੂੰ ਟੁੰਬਦੀਆਂ ਹਨ। ਕਵਿਤਾਵਾਂ ਦੇ ਵਿਚ ਵੱਖ-ਵੱਖ ਵਿਸ਼ਿਆਂ 'ਤੇ ਲੇਖਕ ਨੇ ਹੱਥ ਅਜ਼ਮਾਇਆ ਹੈ, ਜਿਨ੍ਹਾਂ ਦੇ ਵਿਚੋਂ ਉਨ੍ਹਾਂ ਦਾ ਨਿੱਜੀ ਤਜਰਬਾ ਵੀ ਝਲਕਦਾ ਵਿਖਾਈ ਦੇ ਰਿਹਾ ਹੈ। ਕਵਿਤਾਵਾਂ ਦੇ ਵਿਚ ਕਿਤੇ-ਕਿਤੇ ਕਚਿਆਈ ਦੀ ਝਲਕ ਨਜ਼ਰ ਆਉਂਦੀ ਹੈ, ਜੋ ਕਿ ਜ਼ਿਆਦਾ ਨਹੀਂ ਚੁੱਭਦੀ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 92105-88990

30-09-2023

ਅੱਖੀਂ ਡਿੱਠੇ ਪਲਾਂ ਦੀ ਗਾਥਾ
ਲੇਖਕ : ਮਨਮੋਹਨ ਸਿੰਘ ਢਿੱਲੋਂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 83603-81597

ਇਸ ਪੁਸਤਕ ਦੇ ਲੇਖਕ ਇਕ ਸਫ਼ਲ ਪੱਤਰਕਾਰ ਹਨ। ਸੁਹਿਰਦ ਪੱਤਰਕਾਰ ਵਜੋਂ ਉਨ੍ਹਾਂ ਸਖ਼ਤ ਘਾਲਣਾ ਘਾਲੀ ਹੈ। ਇਸ ਤੋਂ ਇਲਾਵਾ ਉਹ ਤਿੰਨ ਕਿਤਾਬਾਂ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕੇ ਹਨ। ਇਸ ਪੁਸਤਕ ਵਿਚ ਛਪੀਆਂ ਰਚਨਾਵਾਂ/ਲੇਖ ਉਨ੍ਹਾਂ ਵਿਰਸੇ ਵਿਚ ਮਿਲੇ ਗੁਣਾਂ ਦਾ ਸਦ-ਉਪਯੋਗ ਕਰਦਿਆਂ ਉਨ੍ਹਾਂ ਘਟਨਾਵਾਂ ਨੂੰ ਪੇਸ਼ ਕਰਨ ਦਾ ਵਧੀਆ ਉਪਰਾਲਾ ਕੀਤਾ ਹੈ। ਆਪਣੀ ਪੱਤਰਕਾਰੀ ਦੇ ਸਫ਼ਰ ਵਿਚ ਉਨ੍ਹਾਂ ਵਲੋਂ 'ਪੰਜਾਬੀ ਟ੍ਰਿਬਿਊਨ' ਵਿਚ ਛਪੀਆਂ ਘਟਨਾਵਾਂ ਦਾ ਇਕ ਦਸਤਾਵੇਜ਼ ਹੈ, ਜਿਸ ਨੂੰ ਕਿਤਾਬੀ ਰੂਪ ਵਿਚ ਭਵਿੱਖ ਵਿਚ ਸਾਡੀ ਵਾਰਿਸ ਪੀੜ੍ਹੀ ਦੇ ਨੌਜਵਾਨਾਂ, ਜੋ ਇਤਿਹਾਸ, ਸਿੱਖ-ਇਤਿਹਾਸ ਦੇ ਖੋਜਾਰਥੀ ਤੇ ਵਿਦਿਆਰਥੀ ਅਤੇ ਪਾਠਕਾਂ ਦੇ ਰੂਬਰੂ ਕੀਤਾ ਹੈ। ਇਹ ਦਸਤਾਵੇਜ਼ ਕੌੜੇ-ਮਿੱਠੇ ਅਨੁਭਵਾਂ ਤੇ ਤਜਰਬਿਆਂ ਦਾ ਸੁਮੇਲ ਹੈ। ਲੇਖਕ ਮੁਤਾਬਿਕ ਮੇਰੇ ਜੀਵਨ ਦੌਰਾਨ ਅਨੇਕਾਂ ਇਤਿਹਾਸਕ ਤੇ ਯਾਦਗਾਰੀ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੂੰ ਮੈਂ ਨੇੜਿਓਂ ਤੱਕਿਆ ਅਤੇ ਕਲਮ ਦੀ ਛੋਹ ਨਾਲ ਕਾਗ਼ਜ਼ਾਂ 'ਤੇ ਉਤਾਰਿਆ ਤੇ ਸੰਭਾਲਿਆ। ਇਸ ਪੁਸਤਕ ਵਿਚ ਛਪੀਆਂ ਵਿਸ਼ੇਸ਼ ਘਟਨਾਵਾਂ ਵਿਚ ਸਿੱਖ ਧਾਰਮਿਕ ਮੁਖੀਆਂ ਦੀ ਅਗਵਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰ ਸੇਵਾ, ਸ੍ਰੀ ਦਰਬਾਰ ਸਾਹਿਬ ਦੀ ਕਾਰ ਸੇਵਾ, ਖ਼ਾਲਸਾ ਮਾਰਚ, ਵਿਸ਼ਵ ਸਿੱਖ ਸੰਮੇਲਨ ਦੀ ਰਿਪੋਰਟ, ਧਰਮ ਤੇ ਰਾਜਨੀਤੀ ਦੇ ਸੁਮੇਲ ਦੀ ਬਰਕਾਰਤਾ, ਗੁਰਧਾਮਾਂ ਦੀ ਮਰਯਾਦਾ, ਸਿੱਖ ਵਿਸ਼ਵ ਕੌਂਸਲ ਦੀ ਸਥਾਪਤੀ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਣ ਦਾ ਸੱਦਾ, ਸਰਬੱਤ ਖ਼ਾਲਸਾ ਦੀ ਕਾਰਵਾਈ, ਸਰਬੱਤ ਖ਼ਾਲਸਾ ਵਲੋਂ ਖ਼ਾਲਿਸਤਾਨ ਦਾ ਸਮਰਥਨ, ਨਵ-ਨਿਯੁਕਤ ਜਥੇਦਾਰਾਂ 'ਚੋਂ ਇਕ ਸਾਬਕਾ ਐਮ. ਪੀ. ਤੇ ਇਕ ਸਜ਼ਾਯਾਫ਼ਤਾ, ਸਰਬੱਤ ਖ਼ਾਲਸਾ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਨੁਮਾਇੰਦੇ, ਸਰਬੱਤ ਖ਼ਾਲਸਾ 'ਤੇ ਪ੍ਰਤੀਕਰਮ, ਪੰਥਕ ਅਸੈਂਬਲੀ ਵਿਚ ਬਾਦਲ ਪਰਿਵਾਰ 'ਤੇ ਹਮਲੇ, ਅੰਮ੍ਰਿਤਸਰ ਵਿਚ ਰੋਸ ਮਾਰਚ ਦਾ ਨਾਕਾਮ ਯਤਨ, ਸੰਤ ਭਿੰਡਰਾਂਵਾਲੇ ਦੀ ਲਾਸ਼ ਦੀ ਪਛਾਣ, ਘੱਲੂਘਾਰਾ ਦਿਵਸ ਦੀ ਰਿਪੋਰਟ, ਸੰਤ ਭਿੰਡਰਾਂਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਮੰਨਿਆ, ਪ੍ਰਕਾਸ਼ ਦਿਵਸ 'ਤੇ ਸੋਨੇ ਚਾਂਦੀ ਦੇ ਸਿੱਕੇ, ਪ੍ਰਧਾਨ ਮੰਤਰੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼-ਵਿਸ਼ਵਵਿਆਪੀ, ਵੀ.ਪੀ. ਸਿੰਘ ਵਲੋਂ ਪਿੰਡਾਂ ਦੀ ਪਦਯਾਤਰਾ ਦਾ ਐਲਾਨ, ਵਾਜਪਾਈ ਵਲੋਂ ਨੀਲਾ ਤਾਰਾ ਮੰਦਭਾਗਾ ਕਰਾਰ, ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਜਥੇ ਭੇਜਣ ਦੀ ਪਾਬੰਦੀ ਹਟਾਈ, ਪੰਜਾਬੀ ਜ਼ਬਾਨ ਭਾਰਤ-ਪਾਕਿ ਮਸਲਿਆਂ ਦਾ ਹੱਲ, ਗਿਆਨੀ ਮਸਕੀਨ ਜੀ ਨੂੰ ਭਾਈ ਗੁਰਦਾਸ ਪੁਰਸਕਾਰ, ਫੈੱਡਰੇਸ਼ਨ ਤੇ ਖ਼ਾਲਸਾ ਪੰਚਾਇਤ ਵਿਚ ਲੜਾਈ, ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ. ਬਾਦਲ ਨੂੰ ਫ਼ਖ਼ਰ-ਏ-ਕੌਮ, ਸੁਖਬੀਰ ਸਿੰਘ ਬਾਦਲ ਬਣੇ ਅਕਾਲੀ ਦਲ ਦੇ ਪ੍ਰਧਾਨ, ਹਿੰਦ-ਪਾਕਿ ਦੋਸਤੀ ਦੇ ਜਸ਼ਨ ਆਦਿ ਮਹੱਤਵਪੂਰਨ ਖ਼ਬਰਾਂ, ਫੀਚਰ, ਲੇਖ ਆਦਿ ਸ਼ਾਮਿਲ ਕੀਤੇ ਗਏ ਹਨ। ਅਖ਼ਬਾਰ ਦੇ ਸੰਪਾਦਕ ਵਲੋਂ ਸਮੇਂ-ਸਮੇਂ ਲਿਖਵਾਏ ਮਜ਼ਮੂਨਾਂ ਤੋਂ ਨਵੇਂ ਉੱਭਰ ਰਹੇ ਪੱਤਰਕਾਰ ਵੀ ਸੇਧ ਲੈ ਸਕਦੇ ਹਨ। ਇਸ ਪੱਤਰਕਾਰ ਵਲੋਂ ਅਜਿਹਾ ਉਪਰਾਲਾ ਅਤੇ ਉੱਦਮ ਕਿਤਾਬੀ ਰੂਪ ਪਾਠਕਾਂ ਨੂੰ ਮਿਲਣਾ, ਸਾਂਭਣਯੋਗ ਖ਼ਜ਼ਾਨਾ ਹੋ ਨਿੱਬੜੇਗਾ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਬਹਾਦਰ ਰਜਬ ਅਲੀ
ਸੰਪਾਦਕ : ਸੁਖਵਿੰਦਰ ਸਿੰਘ ਸੁਤੰਤਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 275 ਰੁਪਏ, ਸਫ਼ੇ : 264
ਸੰਪਰਕ : 79861-66956

ਬਾਬੂ ਰਜਬ ਅਲੀ ਪੰਜਾਬੀ ਸਾਹਿਤ ਦੀ ਕਵੀਸ਼ਰੀ-ਪਰੰਪਰਾ ਦਾ ਇਕ ਮੋਹਤਬਰ ਕਵੀ ਸੀ, ਜਿਸ ਨੇ ਪੰਜਾਬੀ ਵਿਚ ਅਨੇਕ ਪ੍ਰਸੰਗਾਂ, ਕਿੱਸਿਆਂ, ਲੋਕਪ੍ਰਿਆ-ਬਿਰਤਾਂਤਾਂ ਅਤੇ ਇਤਿਹਾਸਕ-ਮਿਥਿਹਾਸਕ ਕਹਾਣੀਆਂ ਨੂੰ ਕਾਵਿਬੱਧ ਕੀਤਾ। ਉਹ ਮਾਲਵਾ ਖੇਤਰ ਦੇ ਫ਼ਰੀਦਕੋਟ-ਮੋਗਾ ਖੇਤਰ ਵਿਚ ਪੈਂਦੇ ਇਕ ਪਿੰਡ ਸਾਹੋਕੇ ਵਿਚ ਜੰਮਿਆ-ਪਲਿਆ। ਇਹ ਪਿੰਡ ਪਹਿਲਾਂ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਪੈਂਦਾ ਸੀ। ਪੰਜਾਬ ਦੇ ਪ੍ਰਸਿੱਧ ਕਵੀ ਡਾ. ਆਤਮ ਹਮਰਾਹੀ ਨੇ ਜਦੋਂ ਪੀ.ਐੱਚ.ਡੀ. ਦੀ ਪ੍ਰਾਪਤੀ ਲਈ ਆਪਣਾ ਸ਼ੋਧ-ਪ੍ਰਬੰਧ ਲਿਖਣਾ ਸੀ ਤਾਂ ਉਸ ਨੂੰ ਰਜਬ ਅਲੀ ਦੀ ਮਹਿਮਾ ਬਾਰੇ ਜਾਣਕਾਰੀ ਹੋਈ ਸੀ। ਰਜਬ ਅਲੀ ਦੀ ਕਵੀਸ਼ਰੀ ਨੂੰ ਸਾਹਿਤਕ ਮਾਣ-ਸਨਮਾਨ ਦਿਵਾਉਣ ਅਤੇ ਮਹਿਮਾਮੰਡਿਤ ਕਰਨ ਵਿਚ ਵੱਡਾ ਯੋਗਦਾਨ ਮਰਹੂਮ ਆਤਮ ਹਮਰਾਹੀ ਦਾ ਹੀ ਰਿਹਾ ਹੈ। ਬਾਅਦ ਵਿਚ ਡਾ. ਰੁਲੀਆ ਸਿੰਘ ਅਤੇ ਸੁਖਵਿੰਦਰ ਸਿੰਘ ਸੁਤੰਤਰ ਨੇ ਵੀ ਇਸ ਸੇਵਾ ਵਿਚ ਕਾਫ਼ੀ ਯੋਗਦਾਨ ਪਾਇਆ।
ਹਥਲੀ ਪੁਸਤਕ ਵਿਚ ਰਜਬ ਅਲੀ ਸਾਹਿਬ ਦੀਆਂ ਪੰਜ ਰਚਨਾਵਾਂ ਸੰਗ੍ਰਹਿਤ ਹਨ : '. ਕਬਿੱਤ ਤੇ ਬੈਂਤ, 2. ਊਖਾ-ਅਨੁਰੁੱਧ, 3. ਕਿੱਸਾ ਸੁੱਚਾ ਸਿੰਘ ਸੂਰਮਾ, 4. ਕਿੱਸਾ ਦਹੂਦ ਬਾਦਸ਼ਾਹ ਅਤੇ 5. ਕਿੱਸਾ ਹਰਪੂਲ ਸਿੰਘ ਸੂਰਮਾ। ਪੰਜਾਬੀ ਕਵੀਸ਼ਰੀ, ਛੰਦ ਪ੍ਰਧਾਨ ਕਾਵਿ-ਪਰੰਪਰਾ ਹੈ। ਬਾਬੂ ਰਜਬ ਅਲੀ ਦੀ ਮਹਿਮਾ ਦਾ ਇਕ ਕਾਰਨ ਉਸ ਦੀ ਛੰਦ-ਪ੍ਰਬੀਨ ਅਤੇ ਨਵੇਂ-ਨਵੇਂ ਛੰਦ ਈਜਾਦ ਕਰਨ ਦੀ ਕਾਬਲੀਅਤ ਵੀ ਸੀ। ਉਸ ਦਾ ਰਚਨਾ-ਸੰਚਾਰ, ਪੰਜਾਬੀ ਸੱਭਿਆਚਾਰ ਦਾ ਇਕ ਮਹਾਨ ਕੋਸ਼ ਹੈ। ਉਹ ਪੰਜਾਬ, ਵਿਸ਼ੇਸ਼ ਕਰ ਮਾਲਵਾ ਖੇਤਰ ਦੇ ਲੋਕਾਂ ਅਤੇ ਉਨ੍ਹਾਂ ਦੇ ਚਰਿੱਤਰ ਬਾਰੇ ਬੜੀ ਡੂੰਘੀ ਅਤੇ ਨਿੱਗਰ ਵਾਕਫ਼ੀ ਰੱਖਦਾ ਸੀ। ਉਸ ਦੁਆਰਾ ਲਿਖੇ ਅਨੇਕ ਬੰਦ, ਅਖੌਤਾਂ ਦਾ ਰੂਪ ਧਾਰਨ ਕਰ ਗਏ ਹਨ। ਦੇਖੋ :
ਫੁੱਲ ਨੀ ਗੁਲਾਬ ਜੈਸਾ,
ਹੌਸਲਾ ਸ਼ਰਾਬ ਜੈਸਾ
ਚਾਨਣ ਮਹਤਾਬ ਜੈਸਾ,
ਹੁੰਦਾ ਮਨਮੋਹਣਾ ਨ੍ਹੀ।
ਹੁਨਰ ਬੰਗਾਲ ਜੈਸਾ,
ਰੂਪ ਝੰਗ ਸਿਆਲ ਜੈਸਾ
ਕੂੜਾ ਮਹੀਵਾਲ ਜੈਸਾ,
ਜਣੇਂ-ਖਣੇ ਢੋਣਾ ਨ੍ਹੀ।
ਬਾਬੂ ਰਜਬ ਅਲੀ 1947 ਦੀ ਦੇਸ਼ ਵੰਡ ਸਮੇਂ ਪਾਕਿਸਤਾਨ ਵਿਚ ਹਿਜਰਤ ਕਰ ਗਿਆ ਸੀ ਪਰ ਉਹ ਰਹਿੰਦੀ ਸਾਰੀ ਉਮਰ ਆਪਣੀ ਜਨਮ ਦੇ ਵਿਛੋੜੇ ਵਿਚ ਵਿਲਕਦਾ ਰਿਹਾ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਅੰਤਰੰਗ
ਨਿਬੰਧਕਾਰ : ਹਰਜੀਤ ਅਟਵਾਲ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ 216
ਸੰਪਰਕ : 011-23280657

ਹਰਜੀਤ ਅਟਵਾਲ ਇਕ ਚਰਚਿਤ ਤੇ ਪਰਿਚਿਤ ਪਰਵਾਸੀ ਲੇਖਕ ਹੈ। ਉਸ ਨੇ ਹੁਣ ਤੱਕ 14 ਨਾਵਲ, 9 ਕਹਾਣੀ ਸੰਗ੍ਰਹਿ, 1 ਸਫ਼ਰਨਾਮਾ, 2 ਨਿਬੰਧ ਸੰਗ੍ਰਹਿ, 1 ਜੀਵਨੀ, 1 ਕਾਵਿ ਸੰਗ੍ਰਹਿ ਅਤੇ 3 ਸੰਪਾਦਿਤ ਪੁਸਤਕਾਂ ਦੀ ਰਚਨਾ ਕੀਤੀ ਹੈ। ਉਸ ਦੀਆਂ ਪੁਸਤਕਾਂ ਹਿੰਦੀ, ਮਰਾਠੀ ਤੋਂ ਇਲਾਵਾ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਚੁੱਕੀਆਂ ਹਨ। ਹਥਲੀ ਪੁਸਤਕ ਵਿਚ ਕੁੱਲ 40 ਲੇਖ ਹਨ ਜੋ ਵਧੇਰੇ ਕਰਕੇ ਲੰਡਨ ਨਾਲ ਸੰਬੰਧਿਤ ਹਨ - ਬਰਾਈਟਨ ਬੀਚ, ਹਾਈਡ ਪਾਰਕ ਦਾ ਸਪੀਕਰਜ਼ ਕਾਰਨਰ, ਸਟਰੈਟਫੋਰਡ, ਲੇਡੀ ਗੌਡਿਵਾ, ਲੰਡਨ ਦੇ ਜਿਪਸੀ, ਲੰਡਨ-ਆਈ, ਟਾਵਰ ਬ੍ਰਿਜ, ਚਿਜ਼ਲਹਰਸਟ ਗੁਫ਼ਾਵਾਂ, ਯੂਕੇ ਵਿਚ ਸੱਪ, ਸਾਊਥਾਲ ਦਾ ਬ੍ਰਾਡਵੇਅ, ਐਡਨਬਰਾ ਦਾ ਬੁੱਤ-ਵਿਧਾਨ, ਸੁਏਜ਼ ਨਹਿਰ, ਬਰਾਈਟਨ ਛਤਰੀ, ਬੌਕਸ ਹਿੱਲ, ਯੂ.ਕੇ. ਦਾ ਨਹਿਰੀ ਤਾਣਾ-ਬਾਣਾ, ਇੰਗਲਿਸ਼ ਚੈਨਲ, ਚੈਡਰ ਗੋਰਜ, ਬਰਤਾਨੀਆ ਵਿਚ ਪਹਿਲਾ ਭਾਰਤੀ ਪਰਵਾਸੀ, ਲੰਡਨ ਦਾ ਮਰਨਾ ਮਹਿੰਗਾ ਆਦਿ। ਕੁਝ ਲੇਖ ਆਮ ਜਾਣਕਾਰੀ ਵਾਲੇ ਹਨ - ਆਤਿਸ਼ਬਾਜ਼ੀ, ਸਵਾਸਤਿਕ, ਉਲੰਪਿਕ ਖੇਡਾਂ, ਗ੍ਰੈਫ਼ਿਟੀ, ਈ-ਸਕੂਟਰ, ਪੈੱਟ ਪਾਲਣਾ, ਪੈਪਾਰਾਜ਼ੀ, ਹੋਰਡਿੰਗ, ਵਰਲਡ ਵਿਸਕੀ ਡੇ, ਮਹਾਰਾਜਾ ਦਲੀਪ ਸਿੰਘ, ਤਾਂਤਰਿਕਤਾ, ਫ਼ਿਦਾ ਹੁਸੈਨ, ਮਾਸਟਰ ਬੈੱਡਰੂਮ, ਧਰੁੱਵੀ ਰੌਸ਼ਨੀਆਂ, ਇਸ਼ਨਾਨ ਘਰ ਆਦਿ। ਪਰਵਾਸ ਬਾਰੇ ਵੀ ਦੋ ਲੇਖ ਹਨ - ਡਾਇਸਪੋਰਾ ਨੂੰ ਸਮਝਦਿਆਂ ਅਤੇ ਪੀੜ੍ਹੀ ਪਾੜਾ। ਇਸ ਕਿਤਾਬ 'ਚੋਂ ਕੁਝ ਵਰਣਨਯੋਗ ਉਕਤੀਆਂ :
* 'ਕੈਨੇਡਾ ਵਿਚ ਮਰਨ ਉਪਰੰਤ ਫ਼ਿਊਨਰਲ ਉੱਪਰ ਕਿੰਨਾ ਕੁ ਖਰਚਾ ਆਉਂਦਾ ਹੈ?'
'ਅੱਠ ਦਸ ਹਜ਼ਾਰ ਡਾਲਰ ਦੇ ਕਰੀਬ।'
'ਏਨੇ ਵਿਚ ਤਾਂ ਇੰਡੀਆ ਵਿਚ ਭਾਵੇਂ ਸਾਰਾ ਪਿੰਡ ਫੂਕ ਲਓ।'
* ਜਿੱਥੇ ਪਹਿਲਾ ਪਰਵਾਸੀ ਪੰਜਾਬੀ ਮਹਾਰਾਜਾ ਦਲੀਪ ਸਿੰਘ ਹੈ ਉੱਥੇ ਸ਼ੇਖ ਦੀਨ ਮੁਹੰਮਦ ਪਹਿਲਾ ਭਾਰਤੀ ਪਰਵਾਸੀ ਹੈ।
* ਦੁਨੀਆ ਵਿਚ ਸਭ ਤੋਂ ਵੱਡਾ ਭਾਰਤੀ ਡਾਇਸਪੋਰਾ ਹੈ। ਇਸ ਵੇਲੇ ਲਗਭਗ ਦੋ ਕਰੋੜ ਭਾਰਤੀ ਵਿਦੇਸ਼ਾਂ ਵਿਚ ਵਸਦੇ ਹਨ, ਭਾਵ ਕਿ ਇਕ ਮੁਲਕ ਜਿੰਨੀ ਆਬਾਦੀ। ਕਿਤਾਬ ਵਿਚਲੇ ਇਕ ਲੇਖ ਵਿਚ ਹਰਜੀਤ ਅਟਵਾਲ ਨੇ ਆਪਣੇ ਨਾਵਲ 'ਸਾਜਰੇ ਦੀ ਚੋਗ' ਦਾ ਜ਼ਿਕਰ ਤਾਂ ਕੀਤਾ ਹੈ, ਪਰ ਇਹਦਾ ਵੇਰਵਾ ਉਹਦੇ ਪ੍ਰਕਾਸ਼ਿਤ ਨਾਵਲਾਂ ਦੀ ਸੂਚੀ ਵਿਚ ਦਰਜ ਨਹੀਂ ਹੈ। ਪਤਾ ਨਹੀਂ ਕਿਉਂ? ਬਹਿਰਹਾਲ, 'ਅੰਤਰੰਗ' ਵਿਚ ਹਰਜੀਤ ਨੇ ਬਹੁਤ ਛੋਟੇ ਤੇ ਜਾਣਕਾਰੀ ਭਰਪੂਰ ਲੇਖ ਦਿਲਚਸਪ ਸ਼ੈਲੀ ਵਿਚ ਲਿਖੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਨਵੀਨਤਮ ਗਿਆਨ ਮਿਲਦਾ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

80 ਦਿਨਾਂ ਵਿੱਚ
ਦੁਨੀਆ ਦੀ ਸੈਰ
ਮੂਲ ਲੇਖਕ : ਜ਼ੂਲ ਵਿਆਨ
ਅਨੁਵਾਦ ਅਤੇ ਸੰਪਾਦਨ : ਸੋਮਾ ਸਬਲੋਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 98146-93992

'80 ਦਿਨਾਂ ਵਿਚ ਦੁਨੀਆ ਦੀ ਸੈਰ' ਦੇ ਮੂਲ ਲੇਖਕ ਜੂਨ ਵਿਆਨ ਹਨ ਅਤੇ ਇਸ ਪੁਸਤਕ ਦਾ ਅਨੁਵਾਦ ਤੇ ਸੰਪਾਦਨ ਸੋਮਾ ਸਬਲੋਕ ਨੇ ਕੀਤਾ ਹੈ। ਇਸ ਨੂੰ ਸੰਸਾਰ ਪ੍ਰਸਿੱਧ ਨਾਵਲ ਵੀ ਕਿਹਾ ਹੈ। ਇਸ ਪੁਸਤਕ ਦੇ 12 ਭਾਗ ਬਣਾਏ ਗਏ ਹਨ, ਜਿਨ੍ਹਾਂ ਵਿਚ ਵੱਖੋ-ਵੱਖਰੀਆਂ ਗੱਲਾਂ ਤੇ ਸਫ਼ਰ ਦਾ ਜ਼ਿਕਰ ਲੇਖਕ ਨੇ ਵਿਸਥਾਰ ਦੇ ਨਾਲ ਕਰਕੇ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸੋਮਾ ਸਬਲੋਕ ਨੇ ਇਸ ਨਾਵਲ ਦਾ ਤਰਜਮਾ ਕਰਕੇ ਪਾਠਕਾਂ ਤੀਕ ਇਸ ਨੂੰ ਪੁੱਜਦਾ ਕੀਤਾ ਹੈ ਅਤੇ ਇਹ ਉਪਰਾਲਾ ਸ਼ਲਾਘਾਯੋਗ ਹੈ ਕਿ ਇਕ ਨਵੇਂ ਵਿਸ਼ੇ 'ਤੇ ਬੱਚਿਆਂ ਤੋਂ ਇਲਾਵਾ ਨੌਜਵਾਨਾਂ ਤੇ ਹੋਰਾਂ ਨੂੰ ਇਕ ਨਵੀਂ ਜਾਣਕਾਰੀ ਮਿਲੀ ਹੈ, ਜਿਸ ਨੂੰ ਹਰ ਵਰਗ ਦੇ ਲੋਕਾਂ ਨੂੰ ਪੜ੍ਹਨ ਦੀ ਜ਼ਰੂਰਤ ਹੈ। ਸੋਮਾ ਸਬਲੋਕ ਨੇ 5 ਪੁਸਤਕਾਂ ਦਾ ਅਨੁਵਾਦ ਕਰਕੇ ਪਾਠਕਾਂ ਦੀ ਝੋਲੀ ਵਿਚ ਪਾਈਆਂ ਹਨ। ਪੁਸਤਕ ਵਿਚ ਪਹਿਲੇ ਭਾਗ ਵਿਚ ਸੰਨ 1872 ਦੀ ਗੱਲ ਦਾ ਜ਼ਿਕਰ ਕੀਤਾ ਹੈ, ਜਿਸ ਵਿਚ ਲੰਡਨ ਦੇ ਰਿਫਾਰਮ ਕਲੱਬ ਦੇ ਇਕ ਮੈਂਬਰ ਮਿਸਟਰ ਫਾਸ ਬਾਰੇ ਜਾਣਕਾਰੀ ਦਿੱਤੀ ਹੈ। ਭਾਗ ਦੋ ਵਿਚ ਮਿਸਟਰ ਫਾਸ ਅਤੇ ਮਿਸਟਰ ਰਾਲਫ਼ ਦੀਆਂ ਆਪਸੀ ਗੱਲਾਂ ਦਾ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਹੀ ਹੋਰਨਾਂ ਭਾਗਾਂ ਵਿਚ ਵੱਖ-ਵੱਖ ਹੋਰਨਾਂ ਦੇ ਨਾਲ ਕੀਤੀਆਂ ਮੁਲਾਕਾਤਾਂ ਦਾ ਜ਼ਿਕਰ ਵੀ ਲੇਖਕ ਨੇ ਬਾਖ਼ੂਬੀ ਕੀਤਾ ਹੈ। ਨਾਵਲ ਨੂੰ ਜੇਕਰ ਇਕ ਵਾਰ ਪੜ੍ਹਨਾ ਸ਼ੁਰੂ ਕਰ ਦਿੱਤਾ ਜਾਵੇ ਤਾਂ ਉਸ ਨੂੰ ਅੱਧ ਵਿਚਕਾਰ ਛੱਡਣ ਨੂੰ ਦਿਲ ਨਹੀਂ ਕਰਦਾ। ਬਲਕਿ ਉਤਸੁਕਤਾ ਬਣੀ ਰਹਿੰਦੀ ਹੈ, ਜਿਵੇਂ ਕਿ ਇਕ ਫਿਲਮ ਨੂੰ ਵੇਖਦੇ ਹੋਏ ਦਿਲ ਵਿਚ ਪ੍ਰਸ਼ਨ ਅੱਗੇ ਕੀ, ਉੱਠਦਾ ਹੈ, ਉਸੇ ਹੀ ਤਰ੍ਹਾਂ ਦੇ ਵਿਚ ਇਕ ਨਾਵਲ ਦੇ ਵਿਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦਿਲਚਸਪੀ ਬਣੀ ਰਹਿੰਦੀ ਹੈ। ਸੋ ਲੇਖਕ ਅਤੇ ਅਨੁਵਾਦ ਤੇ ਸੰਪਾਦਨ ਕਰਨ ਵਾਲੀ ਸੋਮਾ ਸਬਲੋਕ ਦਾ ਯਤਨ ਸ਼ਲਾਘਾਯੋਗ ਹੈ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਧਨ ਨੂੰ ਆਕਰਸ਼ਿਤ ਕਿਵੇਂ ਕਰੀਏ
ਲੇਖਕ : ਡਾ. ਜੋਸੇਫ਼ ਮਰਫ਼ੀ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 64
ਸੰਪਰਕ : 84277-12890

'ਧਨ ਨੂੰ ਕਿਵੇਂ ਆਕਰਸ਼ਿਤ ਕਰੀਏ' ਡਾ. ਜੋਸੇਫ਼ ਮਰਫ਼ੀ ਦੀ ਪੁਸਤਕ 'ਹਾਓ ਟੂ ਐਟਰੈਕਟ ਮਨੀ' ਦਾ ਅਨੂ ਸ਼ਰਮਾ ਅਤੇ ਡਾ. ਰੇਨੂ ਬਾਲਾ ਸਿੰਗਲਾ ਦੁਆਰਾ ਕੀਤਾ ਪੰਜਾਬੀ ਅਨੁਵਾਦ ਹੈ।
ਡਾ. ਮਰਫ਼ੀ ਆਇਰਲੈਂਡ ਦੇ ਰਹਿਣ ਵਾਲੇ ਸਨ ਜੋ ਬਾਅਦ ਵਿਚ ਪ੍ਰਵਾਸ ਕਰਕੇ ਅਮਰੀਕਾ ਪਹੁੰਚ ਗਏ। ਇਹੋ ਜਿਹੀਆਂ ਪੁਸਤਕਾਂ ਪੂੰਜੀਵਾਦੀ ਨਜ਼ਰੀਏ ਨਾਲ ਲਿਖੀਆਂ ਗਈਆਂ ਹੁੰਦੀਆਂ ਹਨ ਤੇ ਨਾਲ ਹੀ ਇਨ੍ਹਾਂ ਨੂੰ ਇਸਾਈ ਧਰਮ ਦੇ ਨਜ਼ਰੀਏ ਤੋਂ ਪਰਿਪੁਟ ਕੀਤਾ ਗਿਆ ਹੁੰਦਾ ਹੈ। ਇਨ੍ਹਾਂ ਦੇ ਟਾਈਟਲ ਹੀ ਏਨੇ ਦਿਲਖਿੱਚਵੇਂ ਹੁੰਦੇ ਹਨ ਕਿ ਪਾਠਕ ਮੱਲੋ-ਮੱਲੀ ਇਨ੍ਹਾਂ ਵੱਲ ਖਿੱਚਿਆ ਜਾਂਦਾ ਹੈ ਤੇ ਇਨ੍ਹਾਂ ਨੂੰ ਖ਼ਰੀਦ ਕੇ ਪੜ੍ਹਨ ਦਾ ਚਾਹਵਾਨ ਹੁੰਦਾ ਹੈ।
ਹਥਲੀ ਪੁਸਤਕ ਦਾ ਆਕਾਰ ਇਕ ਪੈਂਫਲਿਟ ਜਿੰਨਾ ਹੈ ਜਿਸ ਰਾਹੀਂ ਲੇਖਕ ਵਲੋਂ ਅਮੀਰ ਬਣਨ ਦੇ ਢੰਗ ਦਰਸਾਏ ਗਏ ਹੁੰਦੇ ਹਨ। ਉਸ ਦਾ ਕਹਿਣਾ ਹੈ ਕਿ ਅਮੀਰ ਬਣਨਾ, ਖ਼ੁਸ਼ਹਾਲ ਹੋਣਾ ਅਤੇ ਸਫ਼ਲ ਜੀਵਨ ਜਿਊਣਾ ਹਰੇਕ ਮਨੁੱਖ ਦਾ ਅਧਿਕਾਰ ਹੁੰਦਾ ਹੈ। ਅਮੀਰੀ ਦਾ ਰਾਹ ਮਨੁੱਖ ਦੇ ਮਨ ਰਾਹੀਂ ਹੋ ਕੇ ਲੰਘਦਾ ਹੈ। ਪਹਿਲਾਂ ਉਹ ਮਨ ਵਿਚ ਧਾਰੇ ਕਿ ਉਸ ਨੇ ਧਨੀ ਬਣਨਾ ਹੈ। ਸੁਫ਼ਨੇ ਦੇਖੇ ਅਤੇ ਉਨ੍ਹਾਂ ਨੂੰ ਵਾਰ-ਵਾਰ ਮਨ ਵਿਚ ਦੁਹਰਾਏ, ਕੁਦਰਤ ਤੇ ਪਰਮਾਤਮਾ ਵੀ ਉਸ ਦੇ ਇਸ ਯਤਨ ਵਿਚ ਹਾਂ-ਨਾਲ-ਹਾਂ ਮਿਲਾਉਂਦੇ ਹਨ ਤੇ ਮਨੁੱਖ ਅਮੀਰ ਬਣ ਜਾਂਦਾ ਹੈ। ਉਹ ਇਸਾਈ ਧਰਮ ਅਨੁਸਾਰ ਈਰਖਾ, ਦਵੇਸ਼, ਘ੍ਰਿਣਾ ਤੋਂ ਪਰ੍ਹੇ ਰਹੇ ਅਤੇ ਦੂਸਰਿਆਂ ਦੀ ਤਰੱਕੀ ਤੋਂ ਸੜੇ ਨਾ। ਸਰਵਹਿੱਤ ਲਈ ਸੋਚੇ ਤਾਂ ਦੁਨੀਆ ਦੀ ਕੋਈ ਤਾਕਤ ਉਸ ਨੂੰ ਅਮੀਰ ਬਣਨੋਂ ਨਹੀਂ ਰੋਕ ਸਕਦੀ। ਲੇਖਕ ਸਫ਼ਲ ਹੋਏ ਅਨੇਕਾਂ ਬੰਦਿਆਂ ਦੀਆਂ ਮਿਸਾਲਾਂ ਪੇਸ਼ ਕਰਕੇ ਆਪਣੀ ਗੱਲ ਵੀ ਵਜ਼ਨਦਾਰ ਬਣਾਉਣ ਦਾ ਯਤਨ ਕਰਦਾ ਹੈ। ਪੁਸਤਕ ਦਿਲਚਸਪ ਹੈ। ਅਨੁਵਾਦ ਵਧੀਆ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

ਸੁੱਚੇ ਮੋਤੀ
ਲੇਖਕ : ਬਾਲਾ ਮੰਗੂਵਾਲੀਆ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 82640-41645

'ਮਨ ਦਾ ਵਿਚਾਰ' ਪੁਸਤਕ ਦਾ ਲੇਖਕ ਆਪਣੇ ਕਾਵਿ-ਸੰਗ੍ਰਹਿ 'ਸੁੱਚੇ-ਮੋਤੀ' ਦੇ ਪ੍ਰਕਾਸ਼ਨ ਨੂੰ ਲੈ ਕੇ ਆਪਣੇ ਪਾਠਕਾਂ ਦੇ ਸਨਮੁੱਖ ਹੈ। ਇਸ ਵਿਚ ਉਸ ਦੀਆਂ ਛੋਟੀਆਂ-ਵੱਡੀਆਂ ਲਗਭਗ 13 ਦਰਜਨ ਕਵਿਤਾਵਾਂ ਹਨ। ਲੇਖਕ-ਕਵੀ, ਭਾਵੇਂ ਸਕਾਟਲੈਂਡ ਦਾ ਪਰਵਾਸੀ ਪੰਜਾਬੀ ਹੈ, ਪਰ ਪੰਜਾਬ, ਪੰਜਾਬੀ (ਸਾਹਿਤ), ਪੰਜਾਬੀਅਤ ਉਸ ਦੀ ਬੁੱਕਲ ਦੇ ਯਾਰ ਹਨ। ਜਦ ਕੋਈ ਨਵੀਂ ਕਾਵਿ ਰਚਨਾ ਕਰਦਾ ਹੈ, ਉਹ ਉਸੇ ਸਮੇਂ ਟੈਲੀਫੋਨ ਰਾਹੀਂ, ਆਪਣੇ ਪੰਜਾਬ ਦੇ ਪਿੰਡ ਬੈਠੇ ਯਾਰਾਂ-ਦੋਸਤਾਂ ਨੂੰ ਸੁਣਾ ਦਿੰਦਾ ਹੈ। ਬਾਲਾ ਮੰਗੂ ਵਾਲੀਆ ਦਾ ਕਾਵਿ, ਨਾ ਸੁਧਾਰਵਾਦੀ ਹੈ, ਨਾ ਪ੍ਰਗਤੀਵਾਦੀ, ਰੁਮਾਂਸਵਾਦੀ, ਨਾ ਪ੍ਰਯੋਗਵਾਦੀ, ਬਲਕਿ ਉਸ ਦੇ ਕਾਵਿ ਦੇ ਅੰਦਰ, ਮਾਨਵੀ ਦੁੱਖ-ਦਰਦ, ਵੇਦਨਾ-ਸੰਵੇਦਨਾ, ਹਾਲਾਤਿ-ਹਾਜ਼ਰਾ ਦਾ ਚਿਤਰਨ, ਪਿਆਰ, ਦੁੱਖ, ਦਰਦ, ਮਮਤਾ, ਸੰਯੋਗ-ਵਿਯੋਗ, ਰਾਜਨੀਤੀ, ਇਸ਼ਕ, ਹੁਸਨ, ਦਿਲ, ਮੇਲਾ ਹੂਕ, ਦਵਾ ਤੇ ਦੂਆ, ਹੱਕ-ਹਕੂਕ ਇਸ਼ਕ ਜਾਂ ਹੱਕ, ਹਾਰ ਪਰਿਵਾਰ, ਦਰਦ-ਪਿਆਰ, ਫਰੇਬੀ ਰਿਸ਼ਤੇ, ਮੇਲਾ, ਨੇਤਾ, ਹਾਰ-ਜਿੱਤ, ਕਸਤੂਰੀ, ਮਸ਼ਨੂਕ-ਮੁਹੱਬਤ ਆਦਿ ਨਾਂਅ ਦੀਆਂ ਛੋਟੀਆਂ-ਵੱਡੀਆਂ ਕਵਿਤਾਵਾਂ ਹਨ, ਜਿਥੇ ਉਸ ਦੇ ਕਾਵਿ ਵਿਚ ਅਰਸ਼ ਦੀਆਂ ਬਾਤਾਂ ਹਨ, ਉਥੇ ਫਰਸ਼ ਦੇ ਹਾਲਾਤ ਦਾ ਕਾਵਿ ਚਿਤਰਨ ਹੈ। ਉਸ ਦੀ ਕਵਿਤਾ ਦੀ ਭਾਸ਼ਾ ਸਾਧਾਰਨ, ਅਲੰਕਾਰਿਤ, ਪ੍ਰਤੀਕਾਤਮ ਹੈ। ਇਸ ਦੇ ਕਾਵਿ ਦੇ ਕੁਝ ਨਮੂਨੇ, ਭਾਵੇਂ ਪਰੰਪਰਾਗਤ ਹਨ, ਪਰ ਕਾਵਿ ਹੁਲਾਰੇ ਦੇ ਜਾਂਦੇ ਹਨ, ਜਿਵੇ :
'ਵਾਹ ਓ ਮੇਰਿਆ ਨਾਨਕਾ,
ਕੀ ਤੇਰਾ ਅਫ਼ਸਾਨਾ
ਏਕਤਾ ਦਾ ਦੁਨੀਆ ਨੂੰ,
ਤੁਸੀਂ ਵੰਡਿਆ ਖਜ਼ਾਨਾ
ਇਕ ਪਾਸੇ ਸੀ ਭਾਈ ਬਾਲਾ,
ਦੂਜੇ ਪਾਸੇ ਮਰਦਾਨਾ
ਹੁਣ, ਭਾਈ ਭਾਈ ਮਾਰੇ,
ਪਾ ਪਾਪ ਦਾ ਦਸਤਾਨਾ।
ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਧੇਰੇ ਕਵੀ ਦਰਬਾਰਾਂ ਲਈ ਲਿਖੀਆਂ ਸਰੋਤਾ-ਮੁਖੀ ਕਵਿਤਾਵਾਂ ਹਨ, ਜੋ ਪਾਠਕਾਂ ਦੀ ਚੇਤਨਾ ਨੂੰ ਹਲੂਣਾ ਦਿੰਦੀਆਂ ਹਨ। ਪੰਜਾਬੀ-ਕਾਵਿ ਦੇ ਨਵੇਂ ਪੁਰਾਣੇ ਪਾਠਕਾਂ ਲਈ ਇਸ ਪੁਸਤਕ ਦਾ ਕਾਵਿ-ਪਾਠ, ਗੁਣਕਾਰੀ ਅਤੇ ਸਿੱਖਿਆਦਾਇਕ ਹੋਵੇਗਾ।

-ਡਾ. ਅਮਰ ਕੋਮਲ
ਮੋਬਾਈਲ : 88376-84173

24-09-2023

 ਜੁਰਮ ਕੀ ਹੈ?
ਲੇਖਕ : ਬੀ. ਅਨੁਰਾਧਾ
ਅਨੁਵਾਦ : ਬੂਟਾ ਸਿੰਘ ਮਹਿਮੂਦਪੁਰ
ਪ੍ਰਕਾਸ਼ਕ : ਬਾਬਾ ਬੂਝਾ ਸਿੰਘ ਪ੍ਰਕਾਸ਼ਨ, ਸ਼ਹੀਦ ਭਗਤ ਸਿੰਘ ਨਗਰ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 94634-74342

ਹਥਲੀ ਪੁਸਤਕ ਹੈਦਰਾਬਾਦ ਦੀ ਵਸਨੀਕ ਅਤੇ ਔਰਤ ਦੇ ਹੱਕਾਂ ਲਈ ਕੰਮ ਕਰਨ ਵਾਲੀ ਕਾਰਕੁੰਨ ਬੀ. ਅਨੁਰਾਧਾ ਵਲੋਂ ਜੇਲ੍ਹ ਵਿਚ ਰਹਿ ਕੇ ਲਿਖੀਆਂ 18 ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਨੂੰ ਬੂਟਾ ਸਿੰਘ ਮਹਿਮੂਦਪੁਰ ਨੇ ਪੰਜਾਬੀ ਵਿਚ ਅਨੁਵਾਦ ਕੀਤਾ ਹੈ। ਨਾਰੀ ਮੁਕਤੀ ਸੰਘ ਦੀ ਕਾਰਕੁੰਨ ਬੀ. ਅਨੁਰਾਧਾ ਨੇ ਔਰਤਾਂ ਦੇ ਹੱਕਾਂ ਵਿਚ ਕੰਮ ਕਰਨ ਲਈ ਬੈਂਕ ਦੀ ਨੌਕਰੀ ਛੱਡ ਦਿੱਤੀ ਅਤੇ ਫੁੱਲ ਟਾਈਮ ਨਾਰੀ ਮੁਕਤੀ ਅੰਦੋਲਨ ਦੀ ਕਾਰਕੁੰਨ ਬਣ ਗਈ। 2009 ਵਿਚ ਉਸ ਨੂੰ ਜੇਲ੍ਹ ਜਾਣਾ ਪਿਆ। ਉੱਥੇ ਰਹਿੰਦਿਆਂ ਉਸ ਨੇ ਬਹੁਤ ਸਾਰੀਆਂ ਕੈਦੀ ਔਰਤਾਂ ਦੀ ਹੱਡਬੀਤੀ ਸੁਣੀ ਤੇ ਉਨ੍ਹਾਂ ਦੀ ਹਾਲਤ ਨੂੰ ਕਹਾਣੀਆਂ ਰਾਹੀਂ ਉਜਾਗਰ ਕਰਨਾ ਸ਼ੂਰੂ ਕਰ ਦਿੱਤਾ। ਉਸ ਦੀਆਂ ਲਿਖੀਆਂ ਇਹ ਕਹਾਣੀਆਂ ਬੰਗਾਲੀ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਆਦਿ ਭਾਸ਼ਾਵਾਂ ਵਿਚ ਅਨੁਵਾਦਤ ਹੋ ਕੇ ਬਹੁਤ ਸਾਰੇ ਪ੍ਰਗਤੀਸ਼ੀਲ ਅਤੇ ਇਨਕਲਾਬੀ ਨਾਰੀਵਾਦੀ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਈਆਂ ਹਨ। ਔਰਤਾਂ ਦੀ ਜੇਲ੍ਹ ਦੀ ਦੁਨੀਆ ਦੀ ਦਾਸਤਾਨ ਦਾ ਬਿਰਤਾਂਤ ਸਿਰਜਦੀ ਇਹ ਪੁਸਤਕ ਪਾਠਕ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਜੇਲ੍ਹ ਯਾਤਰਾ ਦੌਰਾਨ ਹੀ ਬੀ. ਅਨੁਰਾਧਾ ਨਾਲ ਇਨ੍ਹਾਂ ਕਿਸਮਤ ਦੀਆਂ ਮਾਰੀਆਂ ਔਰਤਾਂ ਨੇ ਆਪਣੇ ਦੁੱਖ ਤੇ ਤਜਰਬੇ ਸਾਂਝੇ ਕੀਤੇ ਤੇ ਲੇਖਿਕਾ ਨੇ ਇਨ੍ਹਾਂ ਨੂੰ ਕਲਮਬੰਦ ਕਰਨ ਦਾ ਫ਼ੈਸਲਾ ਕੀਤਾ। ਫਿਰ ਰਸਾਲਿਆਂ ਵਿਚ ਛਪਦਿਆਂ ਸਾਰ ਹੀ ਇਨ੍ਹਾਂ ਕਹਾਣੀਆਂ ਨੇ ਬੁੱਧੀਜੀਵੀ ਅਤੇ ਸਧਾਰਨ ਪਾਠਕਾਂ ਨੂੰ ਹਲੂਣ ਕੇ ਰੱਖ ਦਿੱਤਾ। ਦਰਅਸਲ ਸਾਡੇ ਸਮਾਜ ਵਿਚ ਬਹੁਤ ਸਾਰੀਆਂ ਅਨਪੜ੍ਹ ਜਾਂ ਘੱਟ ਪੜ੍ਹੀਆਂ-ਲਿਖੀਆਂ ਔਰਤਾਂ ਜਿਹੜੀਆਂ ਸਮਾਜਿਕ ਕਾਇਦੇ ਕਨੂੰਨ ਪ੍ਰਤੀ ਜਾਗਰੂਕ ਨਹੀਂ ਹੁੰਦੀਆਂ। ਭਾਵੁਕਤਾ, ਅਣਭੋਲਪੁਣੇ ਜਾਂ ਦੂਸਰਿਆਂ ਦੇ ਬਹਿਕਾਵੇ ਤੇ ਉਕਸਾਵੇ ਵਿਚ ਆ ਕੇ ਕੁਝ ਅਜਿਹਾ ਕਰ ਬੈਠਦੀਆਂ ਹਨ, ਜਿਸ ਨੂੰ ਸਾਡਾ ਸੱਭਿਅਕ ਸਮਾਜ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕੰਮ ਕਰਕੇ ਕਾਨੂੰਨ ਦੀ ਉਲੰਘਣਾ ਕਰ ਰਹੀਆਂ ਹਨ। ਉਹ ਜੇਲ੍ਹ ਦੀ ਅਣਮਨੁੱਖੀ ਤੇ ਬੇਰਹਿਮ ਦੁਨੀਆ ਵਿਚ ਪੁੱਜ ਜਾਂਦੀਆਂ ਹਨ, ਕਈ ਵਾਰੀ ਉਨ੍ਹਾਂ ਦੇ ਮਗਰ ਉਨ੍ਹਾਂ ਦੀ ਕੋਈ ਪੈਰਵੀ ਕਰਨ ਵਾਲਾ ਵੀ ਨਹੀਂ ਹੁੰਦਾ ਤੇ ਉਹ ਉਮਰ ਭਰ ਰਾਜ ਦੇ ਰਹਿਮੋ-ਕਰਮ ਤੇ ਰਿਹਾਈ ਦੀ ਉਡੀਕ ਕਰਦੀਆਂ ਹਨ, ਜਦੋਂ ਕਿ ਬਾਹਰਲੇ ਸੰਸਾਰ ਵਿਚ ਉਨ੍ਹਾਂ ਦੀ ਵੁਕਤ ਨਾਂਹ ਦੇ ਬਰਾਬਰ ਰਹਿ ਜਾਂਦੀ ਹੈ। ਕਿਸੇ ਨੂੰ ਉਨ੍ਹਾਂ ਦੀ ਰਿਹਾਈ ਦਾ ਇੰਤਜ਼ਾਰ ਨਹੀਂ ਹੁੰਦਾ। ਇਹ ਕਹਾਣੀਆਂ ਆਪਣਿਆਂ ਤੇ ਸਮਾਜ ਵਿਚਲੇ ਦਰਿੰਦਿਆਂ ਵਲੋਂ ਸਤਾਈਆਂ ਔਰਤਾਂ ਅਤੇ ਬੱਚਿਆਂ ਦੀਆਂ ਤਰਾਸਦਕ, ਦਿਲ ਵਲੂੰਧਰ ਦੇਣ ਵਾਲੀਆਂ ਕਹਾਣੀਆਂ ਹਨ, ਜਿਹੜੇ ਅਗਿਆਨਤਾਵੱਸ ਅਪਰਾਧ ਦੀ ਦੁਨੀਆ ਵਿਚ ਧਕੇਲੇ ਗਏ ਜਾਂ ਫਿਰ ਉਹ ਆਪਣੇ ਖ਼ਿਲਾਫ਼ ਖਿੱਚੀਆਂ ਗਈਆਂ ਵਰਜਣਾਵਾਂ ਦੀਆਂ ਲਛਮਣ ਰੇਖਾਵਾਂ ਟੱਪਣ ਅਤੇ ਆਪਣੇ ਖ਼ਿਲਾਫ਼ ਘੜੇ ਮੌਖਿਕ-ਲਿਖਤ ਜਾਲਮ ਨਿਯਮਾਂ ਦਾ ਵਿਰੋਧ ਕਰਨ ਦਾ ਜੁਰਮ ਕਰ ਬੈਠਦੀਆਂ ਹਨ। ਸੰਗ੍ਰਹਿ ਦੀ ਲਾਠੀ ਬੁਢੀਆਂ, ਜੁਰਮ ਅਤੇ ਸਜ਼ਾ, ਪਾਰੋ ਦੇ ਬੱਚੇ, ਏਕ ਚਾਦਰ ਮੈਲੀ ਸੀ, ਅਸਲੀ ਜੇਲ੍ਹ, ਮੁੰਨੀ ਬਦਨਾਮ ਹੁਈ, ਜਿੱਥੇ ਖਾਣਾ ਬਣਾਉਣਾ ਜੁਰਮ ਹੈ ਆਦਿ ਅਜਿਹੀਆਂ ਹੀ ਕਹਾਣੀਆਂ ਹਨ ਜਿਹੜੀਆਂ ਨਾ ਸਿਰਫ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ, ਸਗੋਂ ਇਨ੍ਹਾਂ ਕਹਾਣੀਆਂ ਦੇ ਪਾਤਰ ਪਾਠਕ ਦਾ ਜਲਦੀ ਨਾਲ ਖਹਿੜਾ ਨਹੀਂ ਛੱਡਦੇ ਤੇ ਹਰ ਸਮੇਂ ਉਸ ਦੀਆਂ ਸੋਚਾਂ ਦੇ ਅੰਗ-ਸੰਗ ਬਣੇ ਰਹਿੰਦੇ ਹਨ। ਜੇਲ੍ਹ ਦੀਆਂ ਕੰਧਾਂ ਦੇ ਉਸ ਪਾਰਲੇ ਸੰਸਾਰ ਦੇ ਨਿੱਕੇ-ਨਿੱਕੇ ਵੇਰਵੇ ਕਿਹੜੇ ਜੇਲ੍ਹ ਅੰਦਰ ਹਢਾਏ ਤਜਰਬਿਆਂ ਤੋਂ ਬਗੈਰ ਲਿਖੇ ਹੀ ਨਹੀਂ ਜਾ ਸਕਦੇ ਉਹ ਇਸ ਪੁਸਤਕ ਵਿਚ ਦਰਜ ਹਨ। ਚਾਂਦਨੀ ਨਾਂਅ ਦੀ ਅਜਿਹੀ ਬੱਚੀ ਜਿਸ ਨੂੰ ਹੋਲੀ ਦੀ ਰਾਤ ਹੀ ਚੰਨ ਵੇਖਣਾ ਨਸੀਬ ਹੁੰਦਾ ਹੈ ਜਾਂ ਫਿਰ ਪਾਰੋ ਦੀ ਕਹਾਣੀ ਦੀ ਪਾਰੋ ਜਿਸ ਦੀਆਂ ਧੀਆਂ ਜੇਲ੍ਹ 'ਚੋਂ ਬਾਹਰ ਹਨ ਅਤੇ ਉਸ ਦੇ ਬਿੱਲੇ ਜੇਲ੍ਹ ਦੇ ਅੰਦਰ, ਉਨ੍ਹਾਂ ਦੀ ਤੜਪਣ ਦਿਲਾਂ ਨੂੰ ਵਲੂੰਧਰ ਦਿੰਦੀ ਹੈ। ਇਸ ਪੁਸਤਕ ਦੀਆਂ ਕਹਾਣੀਆਂ ਇਕ ਅਜਿਹੀ ਦੁਨੀਆ ਨਾਲ ਸਾਨੂੰ ਰੂ-ਬਰੂ ਕਰਾਉਂਦੀਆਂ ਹਨ, ਜਿਸ ਬਾਰੇ ਆਮ ਤੌਰ 'ਤੇ ਅਸੀਂ ਅਨਜਾਣ ਹੁੰਦੇ ਹਾਂ। ਅਨੁਵਾਦ ਕਰਦਿਆਂ ਅਨੁਵਾਦਕ ਨੇ ਕਹਾਣੀਆਂ ਨਾਲ ਨਿਆਂ ਕੀਤਾ ਹੈ। ਆਮ ਔਰਤਾਂ ਲਈ ਇਨ੍ਹਾਂ ਕਹਾਣੀਆਂ ਨੂੰ ਪੜ੍ਹਣਾ ਲਾਜ਼ਮੀ ਲਗਦਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਪਿੰਡ ਸੇਲਬਰਾਹ
ਦੀ ਇਤਿਹਾਸਕ ਗਾਥਾ
ਲੇਖਕ : ਹਰਚਰਨ ਸਿੰਘ ਸੇਲਬਰਾਹ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 350, ਸਫ਼ੇ : 201
ਸੰਪਰਕ : 98146-13178

ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੁੰਦੀ ਹੈ ਕਿ ਇਹ ਕਿਸੇ ਵੀ ਰੂਪ 'ਚ ਲਿਖਤੀ ਨਹੀਂ ਮਿਲਦਾ। ਹਾਂ, ਕਿਤੇ-ਕਿਤੇ ਇਤਿਹਾਸ ਪੁਸਤਕਾਂ, ਮਾਲ-ਦਸਤਾਵੇਜ਼ਾਂ ਅਤੇ ਗਜ਼ਟੀਅਰਾਂ ਵਿਚ ਕਿਸੇ-ਕਿਸੇ ਪਿੰਡ-ਨਗਰ ਜਾਂ ਸਥਾਨਕ ਇਤਿਹਾਸ ਦੇ ਇਸ਼ਾਰੇ ਮਿਲਦੇ ਹਨ, ਪਰ ਉਹ ਵੀ ਬੱਝਵੇਂ ਰੂਪ ਵਿਚ ਨਹੀਂ। ਅਕਸਰ ਹੀ ਪੀੜ੍ਹੀ-ਦਰ-ਪੀੜ੍ਹੀ, ਬਜ਼ੁਰਗਾਂ ਅਤੇ ਦੰਦ-ਕਥਾਵਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਪੁਰਾਣੀ ਪੀੜ੍ਹੀ ਖ਼ਤਮ ਹੋ ਗਈ ਹੈ, ਕੋਈ ਟਾਂਵਾ-ਟੱਲਾ ਹੀ ਡੰਗੋਰੀ ਲਈ ਖੜ੍ਹਾ ਹੈ। ਸੱਥਾਂ ਤਾਂ ਕਦੋਂ ਦੀਆਂ ਖ਼ਤਮ ਹੋ ਗਈਆਂ ਹਨ, ਜਿਥੇ ਚੁੰਝ-ਚਰਚਾ ਚਲਦੀ ਸੀ। ਸਿੱਟੇ ਵਜੋਂ ਪਿੰਡਾਂ ਦਾ ਇਤਿਹਾਸ ਗੁੰਮ ਹੋ ਚੱਲਿਆ ਹੈ। ਬੇਹੱਦ ਮੁਸ਼ੱਕਤ ਅਤੇ ਤਰੱਦਦ ਕੀਤਾ ਗਿਆ ਹੈ, ਤੱਥ ਅਤੇ ਅੰਕੜਾ-ਯੁਕਤ ਇਸ ਪੁਸਤਕ ਹਿੱਤ ਜਿਸ ਵਿਚ, ਪਿੰਡ ਕਦ ਵਸਿਆ, ਕਿਸ ਵਸਾਇਆ, ਉੱਥੇ ਵਸ ਜਾਣ ਦੇ ਕਾਰਨ ਅਤੇ ਪਿੰਡ ਦੀ ਮੋੜ੍ਹੀ ਗੱਡਣ ਪਹਿਲਾਂ ਦੀਆਂ ਉੱਘੜਵੀਆਂ ਗੱਲਾਂ। ਪਹਿਲ-ਪਲੱਕੜੇ ਨਾਮਵਰ ਕਰਮਯੋਗੀ, ਪ੍ਰਚੀਨ ਰਹਿਤਲ-ਵਹਿਤਲ, ਜੀਵਨ- ਵਸਰ, ਵਰਤੋਂ-ਵਿਹਾਰ, ਅਣਥੱਕ-ਘਾਲਣਾਵਾਂ, ਕਿਰਤੀ-ਸ਼ਿਲਪੀ-ਕਿਸਾਨ, ਆਜ਼ਾਦੀ ਘੁਲਾਟੀਏ ਤੇ ਹੋਰ ਸ਼ਖ਼ਸੀਅਤਾ, ਬੰਸਾਵਲੀਆਂ ਅਤੇ ਖੇਤ-ਖਲਿਆਣ, ਖੂਹ-ਟੋਬਿਆਂ ਤੇ ਸਥਾਨਾਂ-ਅਸਥਾਨਾਂ ਦੀਆਂ ਵਿਸ਼ੇਸ਼ ਗੱਲਾਂ ਅਤੇ ਵਿਅਕਤੀਗਤ ਰੇਖਾ ਚਿੱਤਰਾਂ ਸਮੇਤ ਪਿੰਡ ਸੇਲਬਰਾਹ ਵਿਚੋਂ ਨਿਕਲੇ-ਉੱਗਮੇ ਪਿੰਡਾਂ ਬੰਬੀਹਾ ਭਾਈਕਾ, ਚੱਕ ਭਾਈਕਾ ਅਤੇ ਬਣਵਾਲਾ ਦੀ ਗਾਥਾ ਹੈ। ਤਰਕ, ਇਤਿਹਾਸ ਅਤੇ ਤੱਥ ਅਧਾਰਿਤ ਇਸ ਪੁਸਤਕ ਨੂੰ ਸੰਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਵਾਰਸਾਂ ਅਤੇ ਆਉਣ ਵਾਲੀਆਂ ਨਸਲਾਂ ਲਈ ਸਾਂਭ ਲੈਣੀ ਚਾਹੀਦੀ ਹੈ। ਪਿਛੋਕੜ ਅਤੇ ਜ਼ਮੀਨ ਦੀ ਬਾਤ ਪਾਉਂਦੀਆਂ ਇਹ ਗਾਥਾਵਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਕਰਕੇ ਵੀ ਪੜ੍ਹਨੀਆਂ-ਸੁਣਨੀਆਂ ਚਾਹੀਦੀਆਂ ਹਨ, ਕਿਉਂਕਿ ਇਹ ਉਨ੍ਹਾਂ ਦੀ ਜੜ੍ਹ ਦੀ ਗੱਲ ਕਰਦੀਆਂ ਹਨ। ਹਾਂ ਸਥਾਨਕ ਇਤਿਹਾਸਕਾਰੀ ਜਾਂ ਪਿੰਡਾਂ ਦੀ ਤਵਾਰੀਖ ਨਾਲ ਵਾਹ-ਵਾਸਤਾ ਵਿਦਿਆਰਥੀਆਂ ਅਤੇ ਖੋਜਆਰਥੀਆਂ ਨੂੰ ਇਹ ਪੁਸਤਕ ਵੀ ਵਾਚ ਲੈਣੀ ਚਾਹੀਦੀ ਹੈ।

-ਵਿਜੇ ਬੰਬੇਲੀ
ਮੋਬਾਈਲ : 94634 39075

ਧੁੰਦ 'ਚ ਲੋਅ
ਲੇਖਕ : ਚਰਨਜੀਤ ਸਿੰਘ 'ਕਤਰਾ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 132
ਸੰਪਰਕ : 98769-31529

ਲੇਖਕ ਚਰਨਜੀਤ ਸਿੰਘ 'ਕਤਰਾ' ਨੇ ਪਹਿਲਾਂ ਵੀ ਤਿੰਨ ਪੁਸਤਕਾਂ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਈਆਂ ਹਨ। ਹਥਲੀ ਪੁਸਤਕ ਕਹਾਣੀ ਸੰਗ੍ਰਹਿ ਦੇ ਰੂਪ ਵਿਚ 'ਧੁੰਦ 'ਚ ਲੋਅ' ਜ਼ਿਕਰ ਅਧੀਨ ਹੈ। ਇਸ ਪੁਸਤਕ ਵਿਚ ਕੁੱਲ 15 ਕਹਾਣੀਆਂ ਹਨ। ਇਨ੍ਹਾਂ 'ਚੋਂ ਤਿੰਨ ਕਹਾਣੀਆਂ 'ਧੁੰਦ 'ਚ ਲੋਅ', 'ਸੌਕਣ' ਤੇ 'ਪਾਗਲ ਮਰਦ ਦੀ ਤਲਾਸ਼' ਲੇਖਕ ਦੇ ਸਵ: ਭਰਾ ਹਰਪਾਲ ਸਿੰਘ ਭੋਲੀ ਦੀਆਂ ਹਨ ਜਿਸ ਨਾਲ ਲੇਖਕ ਨੇ ਆਪਣੇ ਭਰਾ ਦੀ ਯਾਦ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਹਾਣੀ 'ਧੁੰਦ 'ਚ ਲੋਅ' ਦੀ ਛਿੰਦੋ ਨਾਂਅ ਦੀ ਪਾਤਰ, ਜੋ ਇਕ ਨੌਜਵਾਨ ਨੂੰ ਪਿਆਰ ਕਰਦੀ ਹੈ ਪਰ ਸਮਾਜ 'ਚ ਪਤਾ ਲੱਗਣ 'ਤੇ ਪਿਆਰ ਤੋਂ ਮੁੱਖ ਮੋੜ ਕੇ ਮੌਤ ਨੂੰ ਗਲੇ ਲਾਉਣ ਬਾਰੇ ਸੋਚਦੀ ਹੈ। ਪਰ ਮਾਂ-ਪਿਉ ਦੀ ਇੱਜ਼ਤ ਦਾ ਖਿਆਲ ਰੱਖਦੀ ਹੋਈ ਪਿਆਰ ਨੂੰ ਨਕਾਰ ਕੇ ਸਮਾਜ ਵਿਚ ਰਹਿ ਕੇ ਜ਼ਿੰਦਗੀ ਬਸਰ ਕਰਦੀ ਹੈ। ਇਸੇ ਤਰ੍ਹਾਂ 'ਸੌਂਕਣ' ਕਹਾਣੀ ਵਿਚ ਔਰਤ, ਜਿਸ ਦੇ ਕਾਫ਼ੀ ਦੇਰ ਤੋਂ ਬੱਚਾ ਨਹੀਂ ਹੁੰਦਾ, ਉਸ ਦੇ ਅੰਤਰੀਵ ਭਾਵਾਂ ਨੂੰ ਲੇਖਕ ਨੇ ਬੜੇ ਸੁਹਜਮਈ ਤਰੀਕੇ ਨਾਲ ਵਰਣਨ ਕੀਤਾ ਹੈ। 'ਪਾਗਲ ਮਰਦ ਦੀ ਤਲਾਸ਼' ਵਿਚ ਰਸਤਾ ਭਟਕ ਚੁੱਕੀ ਰੰਜਨਾ ਨੂੰ ਅਖੀਰ 'ਤੇ ਸੱਟ ਵੱਜਦੀ ਹੈ ਤਾਂ ਉਹ ਆਪਣੇ ਸਹਿਪਾਠੀ ਪਾਗਲ ਮਰਦ ਜਾਣੀ ਕਪਿਲ ਨੂੰ ਲੱਭਣ ਤੁਰ ਪੈਂਦੀ ਹੈ। 'ਮਜ਼ਬੂਰ' 12 ਸਫ਼ਿਆਂ ਦੀ ਲੰਮੀ ਕਹਾਣੀ ਹੈ, ਜਿਸ ਵਿਚ ਦੋ ਸਕੀਆਂ ਭੈਣਾਂ ਦਾ ਰਿਸ਼ਤਾ ਇਕੋ ਸਹੁਰੇ ਘਰ ਹੋ ਜਾਂਦਾ ਹੈ। ਛੋਟੀ ਦਾ ਮੁਕਲਾਵਾ ਬਾਅਦ 'ਚ ਜਾਣਾ ਹੈ। ਉਸ ਦੇ ਘਰ ਵਾਲਾ ਨਸ਼ੇ ਦਾ ਆਦੀ ਹੈ। ਉਸ ਦਾ ਪਿਤਾ ਨਾ ਚਾਹੁੰਦਾ ਹੋਇਆ ਵੀ ਇਹ ਰਿਸ਼ਤਾ ਨਹੀਂ ਛੁਡਵਾ ਸਕਦਾ। 'ਦੱਬੀ ਹੋਈ ਚੀਸ' ਵਿਚ ਕਿਸਾਨੀ ਸਮੱਸਿਆਵਾਂ ਨੂੰ ਉਘਾੜਦੀ ਕਹਾਣੀ ਹੈ, ਇਸੇ ਤਰ੍ਹਾਂ 'ਗੁਨਾਹ ਦੀ ਹਕੀਕਤ' ਗ਼ਰੀਬੀ ਅੰਨਪੜ੍ਹਤਾ ਤੇ ਬਿਮਾਰੀ ਦੇ ਜਾਲ 'ਚ ਫ਼ਸੇ ਆਦਮੀ ਦੀ ਤਰਸਯੋਗ ਕਹਾਣੀ ਹੈ। 'ਵਕਤ ਦੀ ਪੰਜਾਬੀ, ਅੱਜ ਦਾ ਸੱਚ, ਧੂੜ 'ਚ ਦੱਬੀਆਂ ਕੁਰਬਾਨੀਆਂ' ਆਦਿ ਸਾਰੀਆਂ ਕਹਾਣੀਆਂ ਪੜ੍ਹਨਯੋਗ ਹਨ। ਇਸ ਕਹਾਣੀ ਸੰਗ੍ਰਹਿ ਲਈ ਚਰਨਜੀਤ ਸਿੰਘ ਕਤਰਾ ਵਧਾਈ ਦਾ ਹੱਕਦਾਰ ਹੈ।

-ਡੀ. ਆਰ. ਬੰਦਨਾ
ਮੋਬਾਈਲ : 94173-89003

ਲੱਭ ਲਏ ਲਾਲ ਗੁਆਚੇ
ਲੇਖਕ : ਅਜ਼ੀਜ਼ ਸਰੋਏ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 200 ਰੁਪਏ ਪੰਨੇ 102
ਸੰਪਰਕ : 97791-23262

ਨਵੀਂ ਪੀੜ੍ਹੀ ਦੇ ਕੁਝ ਸੰਭਾਵਨਾਵਾਂ ਭਰਪੂਰ ਬਾਲ ਨਾਵਲਕਾਰਾਂ ਵਿਚੋਂ ਅਜ਼ੀਜ਼ ਸਰੋਏ ਇਕ ਹੈ। ਉਸ ਦਾ ਨਵ-ਪ੍ਰਕਾਸ਼ਿਤ ਬਾਲ ਨਾਵਲ 'ਲੱਭ ਲਏ ਲਾਲ ਗੁਆਚੇ' ਦਾ ਕਥਾਨਕ ਇਕ ਅਜਿਹੇ ਊਰਜਾਵਾਨ, ਕੁਸ਼ਲ ਪ੍ਰਬੰਧਕ, ਪ੍ਰੇਰਣਾ ਜਗਾਉਣ ਵਾਲੇ ਅਧਿਆਪਕ ਪ੍ਰਤੀਕ ਸਿੰਘ ਦੁਆਲੇ ਘੁੰਮਦਾ ਹੈ, ਜੋ ਇਕ ਆਦਰਸ਼ ਅਧਿਆਪਕ ਦਾ ਮਾਡਲ ਸਿਰਜਦਾ ਹੈ। ਇਹ ਮਿਕਨਾਤੀਸੀ ਖਿੱਚ ਵਾਲਾ ਮੁੱਖ ਪਾਤਰ ਸਕੂਲ ਦੀ ਬੇਜਾਨ ਅਵਸਥਾ ਨੂੰ ਮੁੜ ਜੀਵੰਤ ਕਰਕੇ ਵਿਦਿਅਕ-ਸਿਸਟਮ ਪ੍ਰਤੀ ਆਕਰਸ਼ਣ ਪੈਦਾ ਕਰਦਾ ਹੈ। ਪ੍ਰਤੀਕ ਸਿੰਘ ਦਾ ਜਿਸ ਜਿਸ ਸਕੂਲ ਵਿਚ ਵੀ ਤਬਾਦਲਾ ਹੁੰਦਾ ਹੈ, ਉਹ ਉਥੋਂ ਦੀ ਕਾਇਆ ਕਲਪ ਕਰਨ ਵਿਚ ਤਾਣ ਲਗਾ ਦਿੰਦਾ ਹੈ। ਉਹ ਆਪਣੇ ਹੀ ਸਟਾਫ ਦੇ ਕੁਝ ਇਕ ਕੰਮਚੋਰ ਅਤੇ ਆਪਣਾ ਮੌਜੂ ਉਡਾਉਣ ਵਾਲੇ ਸਹਿਕਰਮੀਆਂ ਨਾਲ ਜ਼ਾਬਤੇ ਵਿਚ ਰਹਿੰਦਾ ਹੈ ਅਤੇ ਮੁਖ਼ਾਲਫਤ ਪ੍ਰਸਥਿਤੀਆਂ ਨਾਲ ਦਲੀਲਮਈ ਢੰਗ ਟੱਕਰ ਲੈਂਦਾ ਹੈ। ਇਕ ਅਡਿੱਗ ਅਤੇ ਮਜ਼ਬੂਤ ਚੱਟਾਨ ਦਾ ਪ੍ਰਤੀਕ ਬਣਨ ਵਾਲਾ ਨਾਇਕ ਪ੍ਰਤੀਕ ਸਿੰਘ ਵਿਦਿਆਰਥੀਆਂ ਨੂੰ ਆਪਣੀ ਅਸਲ ਧਰੋਹਰ ਸਮਝਦਾ ਹੋਇਆ ਮੰਜ਼ਿਲ ਵੱਲ ਨਿਰੰਤਰ ਕਾਰਜਸ਼ੀਲ ਰਹਿੰਦਾ ਹੈ। ਉਹ ਸਕੂਲ ਦੇ ਪ੍ਰਤਿਭਾਸ਼ਾਲੀ ਜਾਂ ਸ਼ਰਾਰਤੀ ਕਿਸਮ ਦੇ ਵਿਦਿਆਰਥੀਆਂ ਅੰਦਰ ਛੁਪੇ ਹੋਏ ਹੁਨਰ ਅਤੇ ਸਿਰਜਣਾਤਮਕ ਗੁਣਾਂ ਦੀ ਪਛਾਣ ਕਰਕੇ ਉਨ੍ਹਾਂ ਲਈ ਸਾਰਥਿਕ ਅਤੇ ਸੁਨਹਿਰੀ ਅਵਸਰ ਪੈਦਾ ਕਰਦਾ ਹੈ। ਪ੍ਰਤੀਕ ਸਿੰਘ ਦੇ ਵਿਅਕਤੀਤਵ ਤੋਂ ਪ੍ਰਭਾਵਿਤ ਹੋ ਕੇ ਬੰਟੀ ਵਰਗੇ ਸ਼ਰਾਰਤੀ ਵਿਦਿਆਰਥੀ ਅਨੁਸ਼ਾਸਨਪਸੰਦੀ ਦੇ ਦਾਇਰੇ ਵਿਚ ਆ ਕੇ ਮਿਹਨਤੀ ਅਤੇ ਲਗਨਸ਼ੀਲ ਬਣਦੇ ਹਨ। ਉਹ ਗ਼ੁਰਬਤ ਨਾਲ ਜੂਝਦੇ ਪਰਿਵਾਰ ਦੀਆਂ ਬੀਰਾਂ ਵਰਗੀਆਂ ਮਾਸੂਮ ਵਿਦਿਆਰਥਣਾਂ ਦੀ ਯਥਾਯੋਗ ਮਦਦ ਕਰਕੇ ਸੁੱਕ ਰਹੀਆਂ ਕਰੂੰਬਲਾਂ ਨੂੰ ਹਰਿਆਵਲ ਅਤੇ ਤਾਜ਼ਗੀ ਪ੍ਰਦਾਨ ਕਰਦਾ ਹੈ। ਉਸ ਦੇ ਪੜ੍ਹਾਏ ਤੇ ਜਗਾਏ ਵਿਦਿਆਰਥੀ ਦੀਵੇ ਤੋਂ ਮਸ਼ਾਲਾਂ ਬਣ ਕੇ ਵਿਦਿਅਕ-ਮੁਕਾਬਲਿਆਂ ਵਿਚ ਸਕੂਲ ਦਾ ਨਾਂਅ ਚਮਕਾਉਂਦੇ ਹਨ। ਇਸ ਪ੍ਰਕਾਰ ਇਕ ਤੋਂ ਦੂਜੇ ਸਕੂਲ ਵਿਚ ਜਾ ਕੇ ਉਹ ਵਿਦਿਆਰਥੀ ਵਰਗ ਵਿਚ ਵਿਕਾਸ-ਲੜੀ ਜਾਰੀ ਰੱਖਦਾ ਹੈ। ਇਸ ਬਾਲ ਨਾਵਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਕਾਵਿ ਟੂਕਾਂ ਅਤੇ ਉਦਾਹਰਣਾਂ ਦੀ ਯਥਾਯੋਗ ਦਿਲਚਸਪ ਵਰਤੋਂ ਕੀਤੀ ਗਈ ਹੈ।
ਇਸ ਨਾਵਲ ਵਿਚੋਂ ਦਾਰਸ਼ਨਿਕ ਕਿਸਮ ਦੀ ਸੂਝ ਬੂਝ ਅਤੇ ਸਿਆਣਪਾਂ ਪ੍ਰਗਟ ਹੁੰਦੀਆਂ ਹਨ ਜਿਵੇਂ ਪਰਿਵਾਰ ਦੀ ਤਾਕਤ ਮੈਂ ਵਿਚ ਨਹੀਂ, ਅਸੀਂ ਵਿਚ ਹੁੰਦੀ ਹੈ। ਹਾਲਾਤ ਅੱਗੇ ਬੇਵੱਸ ਨਹੀਂ ਹੋਣਾ ਹੁੰਦਾ, ਸਗੋਂ ਹਾਲਾਤ ਨੂੰ ਬਦਲਣਾ ਹੁੰਦਾ ਹੈ। ਪਾਤਰਾਂ ਦੇ ਢੁਕਵੇਂ ਸੰਵਾਦ ਨਾਵਲ ਦੇ ਬਿਰਤਾਂਤ ਨੂੰ ਸਹਿਜਤਾ ਨਾਲ ਅੱਗੇ ਤੋਰਦੇ ਹਨ। ਇਹ ਬਾਲ ਨਾਵਲ ਮਿੱਟੀ ਵਿਚ ਗੁਆਚੇ ਲਾਲਾਂ ਦੀ ਤਲਾਸ਼ ਕਰਕੇ ਉਨ੍ਹਾਂ ਦੀ ਗੁਣਵੱਤਾ ਨੂੰ ਸਮਾਜ ਸਾਹਮਣੇ ਲਿਆਉਂਦਾ ਹੈ ਅਤੇ ਵਿਦਿਆਰਥੀਆਂ ਲਈ ਇਕ ਮਿਆਰੀ, ਦਿਲਚਸਪ ਅਤੇ ਪ੍ਰੇਰਨਾ ਦਾ ਸੋਮਾ ਸਿੱਧ ਹੁੰਦਾ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 9814423703

ਕਾਲੇ ਅੱਖਰ ਸਫ਼ੈਦ ਪੰਨੇ
ਲੇਖਕ : ਸਤਿਨਾਮ ਔਜਲਾ
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ ਲਾਂਬੜਾ, ਜਲੰਧਰ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98152-56266


'ਕਾਲੇ ਅੱਖਰ ਸਫ਼ੈਦ ਪੰਨੇ' ਹਥਲੀ ਪੁਸਤਕ ਕੈਨੇਡਾ ਵਸਦੇ ਪੰਜਾਬੀ ਲੇਖਕ ਸਤਿਨਾਮ ਔਜਲਾ ਦਾ ਕਾਵਿ ਸੰਗ੍ਰਹਿ ਹੈ। ਲੇਖਕ ਨੇ ਇਸ ਤੋਂ ਪਹਿਲਾਂ 9 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਅਜੋਕੇ ਦੌਰ ਸਮੇਂ ਜ਼ਿੰਦਗੀ 'ਚ ਦਿਨੋਂ-ਦਿਨ ਵਧ ਰਹੀ ਉਪਰਾਮਤਾ, ਮਾਨਸਿਕ ਤਣਾਅ, ਸਿਆਸੀ ਪ੍ਰਦੂਸ਼ਣ ਉਸ ਨੂੰ ਧੁਰ ਅੰਦਰੋਂ ਬੇਚੈਨ ਕਰਦੇ ਜਾਪਦੇ ਹਨ। ਲੇਖਕ ਧਰਤੀ, ਹਵਾ, ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਰੁੱਖਾਂ ਦਾ ਕਤਲੇਆਮ ਬੰਦ ਕਰਨ ਦੀ ਦੁਹਾਈ ਦਿੰਦਾ ਲਿਖਦਾ ਹੈ :
ਖ਼ੂਬਸੂਰਤ ਖ਼ਿਜ਼ਾ ਰੁੱਤ ਦਾ
ਆਖਰੀ ਪਹਿਰ ਹੈ।
ਜੰਗਲ ਕੁਦਰਤ ਦਾ
ਖ਼ੂਬਸੂਰਤ ਸ਼ਹਿਰ ਹੈ।
ਕਿਉਂ ਕਰ ਰਿਹਾਂ ਪਲੀਤ ਪੌਣ,
ਪਾਣੀ 'ਤੇ ਧਰਤ
ਨਾ ਕਰ ਰੱਬ ਦਾ ਵਾਸਤਾ
ਇਹ ਡਾਢਾ ਕਹਿਰ ਹੈ।
(ਪੰਨਾ : 19)
ਕਿਰਤੀ ਕਿਸਾਨ ਦੀ ਬਦ ਤੋਂ ਬਦਤਰ ਹੋ ਰਹੀ ਹਾਲਤ, ਖੁਦਕੁਸ਼ੀਆਂ ਦਾ ਵਧ ਰਿਹਾ ਵਰਤਾਰਾ ਉਸ ਦਾ ਹਿਰਦਾ ਵਲੂੰਧਰਦਾ ਹੈ। ਬੇਰੁਜ਼ਗਾਰੀ ਦੀ ਸਮੱਸਿਆ, ਨੌਜਵਾਨ ਪੀੜ੍ਹੀ 'ਚ ਨਸ਼ਿਆਂ ਦੇ ਵਧ ਰਹੇ ਰੁਝਾਨ ਤੋਂ ਲੇਖਕ ਡਾਹਢਾ ਚਿੰਤਾਵਾਨ ਜਾਪਦਾ ਹੈ । 'ਐਹ ਪੰਜਾਬ' ਕਵਿਤਾ 'ਚ ਕਵੀ ਪੰਜਾਬ ਦੇ ਅੰਦਰਲੇ ਦਰਦ ਨੂੰ ਬਿਆਨਦਾ ਲਿਖਦਾ ਹੈ :
ਦੇਖੋ ਪੰਜਾਬ ਕਿਉਂ
ਅੱਖਾਂ ਭਰ ਕੇ ਰੋ ਰਿਹਾ ਹੈ।
ਸ਼ਾਇਦ ਇਹਨੂੰ ਕੁਝ ਹੋ ਗਿਆ ਹੈ।
ਪੜ੍ਹ ਕੇ ਬੋਰੋਜ਼ਗਾਰ
ਚੌਰਾਹੇ 'ਚ ਭੀਖ ਮੰਗਦਾ
ਦੇਸ਼ ਦਾ ਹਾਕਮ ਅੱਖਾਂ ਤੋਂ
ਅੰਨ੍ਹਾ ਹੋ ਗਿਆ ਹੈ।
(ਪੰਨਾ : 41)
ਸਮਾਜਿਕ ਰਿਸ਼ਤਿਆਂ 'ਚ ਪੈ ਰਹੀਆਂ ਤ੍ਰੇੜਾਂ , ਇਨਸਾਫ਼ ਦੀ ਉਡੀਕ 'ਚ ਮੁਰਦਾ ਬਣੇ ਮਨੁੱਖ ਦਾ ਦਰਦ ਉਸ ਦੀਆਂ ਕਵਿਤਾਵਾਂ 'ਚੋਂ ਸਾਫ਼ ਝਲਕਦਾ ਹੈ। ਹੱਥਲੇ ਕਾਵਿ ਸੰਗ੍ਰਿਹ 'ਕਾਲੇ ਅੱਖਰ ਸਫ਼ੈਦ ਪੰਨੇ' ਦਾ ਮੈਂ ਤਹਿ ਦਿਲੋਂ ਸਵਾਗਤ ਕਰਦਾ ਹਾਂ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਟਾਪੂ ਨਹੀਂ ਹਾਂ ਮੈਂ
ਲੇਖਕ : ਖ਼ਵਾਜ਼ਾ ਅਹਿਮਦ ਅੱਬਾਸ
ਪੰਜਾਬੀ ਅਨੁਵਾਦ : ਡਾ. ਨਰੇਸ਼
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 617
ਸੰਪਰਕ : 011-26802488

'ਟਾਪੂ ਨਹੀਂ ਹਾਂ ਮੈਂ' ਖ਼ਵਾਜ਼ਾ ਅਹਿਮ ਅੱਬਾਸ ਦੀ ਆਤਮ-ਕਥਾ ਹੈ, ਜਿਸ ਨੂੰ ਉਸ ਨੇ ਪਹਿਲੀ ਵਾਰ ਉਰਦੂ ਭਾਸ਼ਾ ਵਿਚ ਆਪ ਲਿਖਿਆ, ਇਸ ਦਾ ਅਨੁਵਾਦ ਡਾ. ਨਰੇਸ਼ ਨੇ ਆਪਣੀ ਮਾਤ-ਭਾਸ਼ਾ ਪੰਜਾਬ ਵਿਚ ਕੀਤਾ ਹੈ। 617 ਸਫ਼ਿਆਂ ਦੀ ਇਸ ਪੁਸਤਕ ਨੂੰ ਥੋੜ੍ਹੇ ਸ਼ਬਦਾਂ ਵਿਚ ਸਮੀਖਿਆ ਕਰਕੇ ਪੰਜਾਬੀ ਪਾਠਕਾਂ ਨਾਲ ਜਾਣ-ਪਛਾਣ ਕਰਵਾਉਣੀ ਬੇਇਨਸਾਫ਼ੀ ਹੈ। ਭਾਰਤੀ ਅਦਬ ਦੀ ਦੁਨੀਆ ਵਿਚ ਖ਼ਵਾਜ਼ਾ ਅਹਿਮਦ ਅੱਬਾਸ ਦਾ ਚਰਚਿਤ ਨਾਂਅ ਹੈ। 'ਟਾਪੂ ਨਹੀਂ ਹਾਂ ਮੈਂ' ਡੂੰਘੇ ਮਹੱਤਵਪੂਰਨ ਅਰਥਾਂ ਦਾ ਇਹ ਜੁਮਲਾ ਬਹੁਤ ਡੂੰਘੇ ਅਤੇ ਮਹੱਤਵਪੂਰਨ ਸ਼ਬਦਾਂ ਦਾ ਸੂਚਕ ਫਿਕਰਾ ਹੈ ਕਿ 'ਕੋਈ ਇਨਸਾਨ, ਟਾਪੂ ਨਹੀਂ ਬਣਨਾ ਚਾਹੁੰਦਾ। ਟਾਪੂ ਇਕੱਲਤਾ ਸੁੰਞੇਪਨ ਅਤੇ ਨਿਰਲੇਪਤਾ ਦਾ ਪ੍ਰਤੀਕ ਸ਼ਬਦ ਹੈ। ਜਨਾਬ ਖ਼ਵਾਜ਼ਾ ਅਹਿਮਦ ਵਿਸ਼ਾਲ ਖਿਆਲਾਂ ਦਾ ਪ੍ਰਗਤੀਵਾਦੀ, ਵਿਗਿਆਨਕ ਵਿਚਾਰਧਾਰਾ ਦਾ ਸਵੈ ਨੂੰ ਉਸਾਰਨ ਵਾਲਾ, ਬੁੱਧੀਜੀਵੀ ਨੇਤਾ ਬਣ ਕੇ, ਪ੍ਰਸਿੱਧ ਲੇਖਕ ਅਖਵਾਇਆ ਹੈ।
ਪੁਸਤਕ ਦੇ ਤੀਜੇ ਸਫ਼ੇ ਉੱਪਰ ਜੋਨ ਡਾਨ ਦੇ ਅੰਗਰੇਜ਼ੀ ਸ਼ਬਦ ਲਿਖੇ ਹਨ, ਜਿਸ ਦੇ ਅਨੁਵਾਦਕ ਵਲੋਂ ਪੰਜਾਬੀ ਅਨੁਵਾਦ ਇਸ ਪ੍ਰਕਾਰ ਹੈ : 'ਆਪਣੀ ਥਾਂ 'ਤੇ ਕੋਈ ਇਨਸਾਨ ਟਾਪੂ ਨਹੀਂ ਹੁੰਦਾ, ਹਰ ਵਿਅਕਤੀ ਮਹਾਂਦੀਪ ਦਾ ਅੰਸ਼ ਹੁੰਦਾ ਹੈ। ਕਿਸੇ ਇਕ ਬੰਦੇ ਦੀ ਮੌਤ 'ਤੇ ਮੈਂ ਵਿਚਲਿਤ ਨਹੀਂ ਹੁੰਦਾ, ਕਿਉਂਕਿ ਮਾਨਵਤਾ ਦੇ ਸਿਲਸਿਲੇ ਨਾਲ ਜੁੜਿਆ ਹੋਇਆ ਹਾਂ। ਇਸ ਲਈ ਕਦੀ ਇਹ ਪਤਾ ਕਰਨ ਦੀ ਖੇਚਲ ਨਾ ਕਰੋ ਕਿ ਮੌਤ ਦੀ ਘੰਟੀ, ਕਿਸ ਦੇ ਲਈ ਵੱਜੀ ਹੈ। ਇਹ ਤੁਹਾਡੇ ਲਈ ਵੱਜ ਰਹੀ ਹੈ।' ਤੱਤਕਰੇ ਦੇ 49 ਅਧਿਆਇ ਹਨ। ਹਰ ਅਧਿਆਇ ਇਤਿਹਾਸ ਹੈ। ਖ਼ਵਾਜ਼ਾ ਸਾਹਿਬ ਦੇ ਜੀਵਨ-ਸਫ਼ਰ ਦੇ ਹਰ ਕਦਮ ਦਰ ਕਦਮ ਦੀ ਦਾਸਤਾਨ ਹੈ।
ਖ਼ਵਾਜ਼ਾ ਸਾਹਿਬ ਦੀ ਬਹੁਪੱਖੀ ਸ਼ਖ਼ਸੀਅਤ ਦੇ ਕਈ ਰੂਪ ਸਨ, ਜਾਗਦੇ ਇਨਸਾਨ ਸਨ। ਪ੍ਰਗਤੀਵਾਦੀ ਵਿਚਾਰਾਂ ਦੇ ਨੇਤਾ ਸਨ। ਕਮਿਊਨਿਸਟ ਵਿਚਾਰਾਂ ਦੇ ਸਰਗਰਮ ਪਾਰਟੀ ਕਾਮੇ ਸਨ। ਫਿਰ ਵੀ ਆਜ਼ਾਦ ਖ਼ਿਆਲੀਏ ਸਨ। ਦੇਸ਼ ਵੰਡ ਦੇ ਨਹਿਰੂ ਦੇ ਫ਼ੈਸਲੇ ਦੇ ਵਿਰੋਧੀ ਸਨ। ਉਨ੍ਹਾਂ ਲਈ ਦੇਸ਼ ਵੰਡ ਦਾ ਦੁਖਾਂਤ, ਮਾਨਵਤਾ ਲਈ ਸਭ ਤੋਂ ਵੱਡਾ ਦੁਖਾਂਤ ਹੈ। ਖ਼ਵਾਜ਼ਾ ਅਹਿਮਦ ਦੀ ਦ੍ਰਿਸ਼ਟੀ ਵਿਚ, ਦੇਸ਼ ਵੰਡ ਸਮੇਂ ਮਹਾਤਮਾ ਗਾਂਧੀ ਅਤੇ ਪੰਡਿਤ ਨਹਿਰੂ ਹੀ ਦੋ ਅਜਿਹੇ ਨੇਤਾ ਸਨ, ਜਿਨ੍ਹਾਂ ਨੇ ਆਪ ਆਪਣੀ ਹਾਜ਼ਰੀ ਵਿਚ ਦੰਗੇ ਰੋਕਣ ਦੇ ਯਤਨ ਕੀਤੇ ਸਨ। ਇਹ ਪੁਸਤਕ ਕੇਵਲ ਆਤਮਕਥਾ ਨਹੀਂ, ਦੇਸ਼ ਦੇ ਇਤਿਹਾਸ ਦੇ ਕੌੜੇ ਸਫ਼ਿਆਂ ਦੀ ਕੌੜੀ ਹਕੀਕਕਤ ਹੈ। ਉਸ ਸਮੇਂ ਕਮਿਊਨਿਸਟ ਪਾਰਟੀਆਂ ਦੀ ਸਰਗਰਮੀਆਂ ਦਾ ਹਾਲ ਹੈ। ਆਪ ਦੀ ਰੂਸ ਫੇਰੀ ਦੀਆਂ ਦਿਲਚਸਪ ਗੱਲਾਂ ਹਨ। ਅਨੇਕਾਂ ਗੁੱਝੀਆਂ ਗੱਲਾਂ ਦੇ ਖ਼ਲਾਸੇ ਹਨ, ਨਵੀਆਂ ਵਾਕਫ਼ੀਅਤਾਂ ਹਨ। ਆਪ ਬੀਤੇ ਦੇ ਦਿਲਚਸਪ ਕਿੱਸੇ ਹਨ, ਲੰਮੇ ਇਸ਼ਕ ਦੀ ਦਾਸਤਾਨ ਹੈ।
ਉਸ ਨੇ ਆਪਣੇ-ਆਪ ਨੂੰ ਲੁਕੋ ਕੇ ਨਹੀਂ ਰੱਖਿਆ, ਜੋ ਹੈ, ਜਿਹੋ ਜਿਹਾ ਉਹ ਹੈ, ਲਿਖ ਦਿੱਤਾ ਹੈ। ਜੋ ਜੀਵਨ ਵਿਚ ਵਾਪਰਿਆ ਹੋਇਆ, ਲਿਖ ਦਿੱਤਾ ਹੈ। ਇਸ ਪੁਸਤਕ ਦੇ ਅਨੁਵਾਦਕ ਜਨਾਬ ਡਾ. ਨਰੇਸ਼, ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਦੇ ਨਾਮਵਰ ਸਾਹਿਤਕਾਰ ਹਨ। ਐਡੇ ਵੱਡੇ ਕੰਮ ਨੂੰ ਹੱਥ ਪਾਉਣਾ ਬਹਾਦਰੀ ਹੈ। ਡਾ. ਨਰੇਸ਼ ਹੀ ਅਜਿਹਾ ਵੱਡਾ ਅਨੁਵਾਦ ਕਰ ਸਕਦੇ ਹਨ।

-ਡਾ. ਅਮਰ ਕੋਮਲ
ਮੋਬਾਈਲ : 84378-73565

 

23-09-2023

 ਦੈਰੀਦੀਅਨ ਵਿਖੰਡਨ ਤੇ ਭਾਰਤੀ ਗਿਆਨ ਸ਼ਾਸਤਰ
ਲੇਖਕ : ਮਨਮੋਹਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 116
ਸੰਪਰਕ : 082829-48811

ਮਨਮੋਹਨ ਹਮੇਸ਼ਾ ਗਿਆਨ ਦੇ ਨਵੇਂ ਸੋਮਿਆਂ ਵਿਚ ਜੁਟਿਆ ਰਹਿੰਦਾ ਹੈ। ਹਥਲੀ ਪੁਸਤਕ ਵਿਚ ਉਸ ਨੇ ਦੈਰੀਦੀਅਨ ਵਿਖੰਡਨ ਅਤੇ ਭਾਰਤੀ ਗਿਆਨ ਸ਼ਾਸਤਰੀਆਂ ਦੇ ਵਿਚਾਰਾਂ ਦੀਆਂ ਸਮਾਨਤਾਵਾਂ ਅਤੇ ਭਿੰਨਤਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਕਿਤਾਬ ਦਾ ਗਹਿਨ ਅਧਿਐਨ ਕਰਦਿਆਂ ਹੈਰਾਨੀ ਹੁੰਦੀ ਹੈ ਕਿ ਏਨੇ ਕਾਲੰਤਰ ਨਾਲ ਵਿਖੰਡਨ ਸੰਬੰਧੀ ਭਾਰਤੀ ਗਿਆਨ ਸ਼ਾਸਤਰੀਆਂ ਅਤੇ ਦੈਰੀਦਾ ਦੇ ਵਿਚਾਰਾਂ ਵਿਚ ਏਨੀਆਂ ਸਮਾਨਤਾਵਾਂ ਕਿਵੇਂ ਆ ਗਈਆਂ। ਮਨਮੋਹਨ ਨੇ ਇਸ ਕਿਤਾਬ ਦੇ 8 ਕਾਂਡ ਬਣਾਏ ਹਨ। ਪਹਿਲੇ ਦੋ ਕਾਂਡਾਂ ਵਿਚ (ਵਿਖੰਡਨਵਾਦ : ਇਕ ਪਰਿਪੇਖ : ਦੈਰੀਦੀਅਨ ਵਿਖੰਡਨ : ਸਿਧਾਂਤਕਤਾ) ਵਿਸਤਾਰ ਸਹਿਤ ਚਰਚਾ ਕੀਤੀ ਗਈ ਹੈ। ਤੀਜੇ ਕਾਂਡ ਵਿਚ ਮੁੱਖ ਬੋਧੀ, ਵੇਦਾਂਤਕ, ਮੀਮਾਂਸਕ, ਲੋਕਾਇਤ ਅਤੇ ਨਿਆਇ ਪਰੰਪਰਾਵਾਂ ਵਿਚੋਂ ਵਿਖੰਡਨ ਸੰਬੰਧੀ ਵਿਸ਼ੇਸ਼ ਗੱਲਾਂ ਨੋਟ ਕੀਤੀਆਂ ਗਈਆਂ ਹਨ। ਚੌਥੇ ਤੋਂ ਅੱਠਵੇਂ ਕਾਂਡ ਤੱਕ ਕ੍ਰਮਵਾਰ ਭਰਥਰੀ ਹਰੀ ਦਾ 'ਸਫੋਟ' ਸਿਧਾਂਤ, ਰਤਨਕੀਰਤੀ-ਧਰਮਕੀਰਤੀ ਦਾ 'ਅਪੋਹ' ਵਰਤਾਰਾ, ਨਾਗਰਜੁਨ : ਸ਼ੂਨਯ ਦਾ ਪਰਿਪੇਖ, ਸ਼ੰਕਰ : ਅਸਲ ਦੀ ਅਨੁਭੂਤੀ, ਔਰੋਬਿੰਦੋ : ਧੁਨੀ-ਜ਼ਹਿਰ ਜਾਂ ਔਸ਼ਧੀ ਆਦਿ ਪਰੰਪਰਾਵਾਂ ਦੀ ਦੈਰੀਦਾ ਦੇ ਵਿਖੰਡਨ ਨਾਲ ਸਾਂਝ ਦਰਸਾਈ ਗਈ ਹੈ। ਯੂਰਪ ਵਿਚ ਦਰਸ਼ਨ ਆਰੰਭ ਤੋਂ ਹੀ ਬ੍ਰਹਮਪਰਕ (ਲੋਗੋਸੈਂਟਰਿਕ) ਰਿਹਾ ਹੈ। ਸੁਕਰਾਤ ਅਤੇ ਪਲੈਟੋ ਨੇ 'ਬ੍ਰਹਮ' ਦਾ ਵਿਚਾਰ ਦਿੱਤਾ। ਮੂਲ ਸਤਾ ਇਉਂ ਬਿਆਨ ਕੀਤੀ ਜਾਂਦੀ ਰਹੀ ਜਿਵੇਂ ਈਸ਼ਵਰ ਕੋਈ ਬੰਦਾ ਹੋਵੇ। ਸ਼ਰਧਾ ਨਾਲ ਰੂਪਾਮਕ ਭਾਸ਼ਾ ਦਾ ਪ੍ਰਯੋਗ ਹੁੰਦਾ ਰਹਿੰਦਾ। ਭਾਰਤੀ ਸ਼ਾਸਤਰੀਆਂ ਵਿਚ ਬੁੱਧ, ਮਹਾਂਵੀਰ, ਲੋਕਾਇਤ, ਚਾਰਵਾਕ ਆਦਿ ਅਜਿਹੇ ਵਿਚਾਰਕ/ਚਿੰਤਕ ਹੋਏ ਹਨ, ਜੋ ਧਰਮ ਗ੍ਰੰਥਾਂ ਨੂੰ ਚੁਣੌਤੀ ਦਿੰਦੇ ਹਨ। ਦੈਰੀਦਾ ਵੀ ਪੱਛਮ ਦੀ ਬ੍ਰਹਮਪਰਕੇ ਦਾ ਵਿਖੰਡਨ ਕਰਦਾ ਹੈ। ਸੋ, ਫਿਸਟ ਵੀ ਬ੍ਰਹਮ ਜਾਂ ਈਸ਼ਵਰ ਨਹੀਂ ਮੰਨਦਾ ਬਲਕਿ ਸੰਸਾਰ ਨੂੰ ਪੰਚਭੂਤੀ ਮੰਨਦਾ ਹੈ। ਯੱਕ ਦੈਰੀਦਾ ਨੇ 1964 ਵਿਚ ਹੌਪਕਿੰਨ ਯੂਨੀਵਰਸਿਟੀ ਅਮਰੀਕਾ ਵਿਖੇ 'ਸਟਰੱਕਚਰ ਸਾਈਨ ਐਂਡ ਪਲੇਅ ਇਨ ਦੀ ਡਿਸਕੋਰਸ ਆਫ਼ ਹਿਊਮਨ ਸਾਇੰਸ' ਵਿਸ਼ੇ 'ਤੇ ਅਜਿਹਾ ਭਾਸ਼ਨ ਦਿੱਤਾ ਕਿ ਅਕਾਦਮਿਕਤਾ ਨੂੰ ਝੰਜੋੜ ਕੇ ਰੱਖ ਦਿੱਤਾ ਜਿਸ ਦੇ ਨਤੀਜੇ ਵਜੋਂ ਸਾਰੀ ਸਝ ਨੂੰ ਮੁੜ ਕੇ ਵਿਚਾਰਨ ਦੀ ਲੋੜ ਮਹਿਸੂਸ ਕੀਤੀ ਗਈ। ਦੈਰੀਦਾ ਦੀਆਂ ਤਿੰਨ ਕਿਤਾਬਾਂ 'ਔਫ ਗਰੈਮਾਟਾਲੋਜੀ, ਰਾਈਟਿੰਗ ਐਂਡ ਡਿਫਰੈਂਸ, ਸਪੀਚ ਐਂਡ ਫੈਨੋਮੈਨਾ' ਦੇ ਪ੍ਰਕਾਸ਼ਨ ਨਾਲ ਵਿਖੰਡਨਾਵਾਦ ਦਾ ਸਿਧਾਂਤ ਪੂਰੀ ਤਰ੍ਹਾਂ ਸਥਾਪਿਤ ਹੋ ਗਿਆ। ਦੈਰੀਦਾ ਦੇ ਬਹੁਤੇ ਵਿਚਾਰਾਂ 'ਤੇ ਨੀਤਸ਼ੇ, ਹੈਡੇਗਰ, ਫਰਾਇਡ, ਸੌਸਿਊਰ ਦਾ ਪ੍ਰਭਾਵ ਵਿਖਾਈ ਦਿੰਦਾ ਹੈ। ਵਿਰੋਧੀ ਜੁੱਟਾਂ ਵਿਚੋਂ 'ਹਾਸ਼ੀਏ' ਨੂੰ ਕੇਂਦਰ 'ਚ ਲਿਆਂਦਾ ਜਾ ਸਕਦਾ ਹੈ। ਹਾਜ਼ਰ ਤੇ ਗ਼ੈਰ-ਹਾਜ਼ਰ ਵੀ ਇਕ ਖੇਡ ਹੈ। ਕਦੇ ਵੀ ਕੁਝ ਹਾਜ਼ਰ ਨਹੀਂ ਹੁੰਦਾ, ਸੁਰਾਗ (ਟਰੇਸ) ਦਰ ਸੁਰਾਗ ਮਿਲਦੇ ਹਨ। ਦੈਰੀਦਾ ਦਾ ਵਿਚਾਰ ਹੈ ਕਿ ਭਾਸ਼ਾ ਵਸਤਾਂ ਨੂੰ ਉਨ੍ਹਾਂ ਦੀ ਅਸਲ ਸਮੁੱਚਤਾ ਵਿਚ ਨਹੀਂ ਥਾਪਦੀ। ਇਹੋ ਹੀ ਡਿਫਰੈਂਸ ਦੀ ਪੱਧਰ ਹੈ। ਏਸੇ ਨੂੰ ਯੱਕ ਦੈਰੀਦਾ 'ਡਿਫਰਾਂਸ' ਕਹਿੰਦਾ ਹੈ। ਖੋਜੀ ਵਿਦਵਾਨ ਵਜੋਂ ਮਨਮੋਹਨ ਦਾ ਮਹੱਤਵ ਇਸ ਮਿਹਨਤ ਵਿਚ ਨਿਹਿਤ ਹੈ ਕਿ ਉਸ ਨੇ 'ਡਿਫਰਾਂਸ' ਦੀਆਂ ਉਦਾਹਰਨਾਂ ਭਰਥਹੀ ਹਰੀ ਦੇ ਸਫੋਟ, ਰਤਨਕੀਰਤੀ-ਧਰਮਕੀਰਤੀ ਦੇ 'ਅਪੋਹ' ਸਿਧਾਂਤ, ਨਾਗਰਜੁਨ ਦੇ 'ਸ਼ੂਨਯ', ਸ਼ੰਕਰ ਦੇ 'ਪਹਿਚਾਣ' ਸਿਧਾਂਤ ਵਿਚੋਂ ਨੋਟ ਕਰ ਵਿਖਾਈਆਂ ਹਨ। ਦੈਰੀਦਾ ਦੀ ਟਰੇਸ ਅਤੇ ਔਰੋਬਿੰਦੋ ਦੀ ਬਹੁਚਿੰਨ੍ਹਾਤਮਕਤਾ (ਬੀਜ ਧੁਨੀਆਂ) ਦੀ ਸਮਝ ਵੱਲ ਸੰਕੇਤ ਕਰ ਦਿੱਤਾ ਹੈ। ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਐ। ਇਸ ਪੁਸਤਕ ਦਾ ਡੂੰਘਾ ਅਧਿਐਨ ਕਰ ਕੇ ਹੀ ਯੱਕ ਦੈਰੀਦਾ ਦੇ ਵਿਖੰਡਨਵਾਦ (ਡੀਕੰਸਟੱਕਸ਼ਨ) ਅਤੇ ਭਾਰਤੀ ਗਿਆਨ ਸ਼ਾਸਤਰੀਆਂ ਦੀਆਂ ਸਮਾਨਤਾਵਾਂ/ਅਸਮਾਨਤਾਵਾਂ ਦੀ ਸਮਝ ਪੱਲੇ ਪੈ ਸਕਦੀ ਹੈ।

-ਡਾ. ਧਰਮ ਚੰਦ ਵਾਤਿਸ਼
vat}sh.dharamchand0{ma}&.com

ਪੰਜਾਬੀ ਸੱਭਿਆਚਾਰ ਦੀ ਸ਼ਾਨ
ਵਿਰਾਸਤੀ ਦਰਵਾਜ਼ੇ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 99
ਸੰਪਰਕ : 98764-52223

ਪ੍ਰਿੰ: ਬਹਾਦਰ ਸਿੰਘ ਗੋਸਲ ਦੀ ਹਥਲੀ 24ਵੀਂ ਪੁਸਤਕ ਹੈ। ਲੇਖਕ ਦੀਆਂ ਅੱਧੇ ਸੈਂਕੜੇ ਤੋਂ ਵੱਧ ਬਾਲ-ਸਾਹਿਤ ਪੁਸਤਕਾਂ (ਕਿਤਾਬੜੀਆਂ) ਵੀ ਛਪ ਚੁੱਕੀਆਂ ਹਨ। 'ਪੰਜਾਬੀ ਸੱਭਿਆਚਾਰ ਦੀ ਸ਼ਾਨ ਵਿਰਾਸਤੀ ਦਰਵਾਜ਼ੇ' ਨਾਂਅ ਤੋਂ ਹੀ ਸਪੱਸ਼ਟ ਹੈ ਕਿ ਪਿੰਡਾਂ ਦੇ ਪ੍ਰਮੁੱਖ ਦਰਵਾਜ਼ੇ ਪੰਜਾਬ ਦੇ ਇਤਿਹਾਸ, ਸੱਭਿਆਚਾਰ ਅਤੇ ਇਮਾਰਤਸਾਜ਼ੀ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੇ ਰਹੇ ਹਨ। ਪੁਸਤਕ ਦੇ ਤਤਕਰੇ ਵਾਂਗ ਪਿੰਡ ਦਾ ਦਰਵਾਜ਼ਾ ਇਕ ਦਰਪਣ ਦਾ ਕੰਮ ਕਰਦਾ ਹੈ। ਦਰਵਾਜ਼ਾ ਪਿੰਡ ਦਾ ਖਿੱਚ ਕੇਂਦਰ ਹੈ ਜਿਥੇ ਪਿੰਡ ਦੇ ਦਿਲ ਦੀ ਹਰ ਧੜਕਣ ਸਾਹ ਲੈਂਦੀ ਹੈ। ਭਾਈਚਾਰਕ ਸਾਂਝ ਵਧਾਉਣ ਵਿਚ ਹਰ ਤਰ੍ਹਾਂ ਦੇ ਸਮਾਗਮ, ਜਸ਼ਨ ਤੇ ਇਕੱਠ ਕਰਨ ਲਈ ਮੌਕਾ-ਮੇਲ ਜੁੜਦੇ ਹਨ। ਇਮਾਰਤਸਾਜ਼ੀ ਦੇ ਹੁਨਰ ਦੀ ਪ੍ਰਦਰਸ਼ਨੀ ਦਰਵਾਜ਼ਿਆਂ ਤੋਂ ਮਾਣੀ ਜਾ ਸਕਦੀ ਹੈ। ਅਜਿਹੀ ਖੋਜ ਰਾਹੀਂ ਪ੍ਰਿੰ: ਗੋਸਲ ਨੇ ਵੱਖ-ਵੱਖ ਥਾਵਾਂ 'ਤੇ ਬਣੇ ਦਰਵਾਜ਼ਿਆਂ ਨੂੰ ਅੱਖੀਂ ਵੇਖ ਕੇ ਜਾਣਕਾਰੀ ਉਪਲਬਧ ਕੀਤੀ ਹੈ। 'ਆਪਣੀ ਪੁਰਾਣੀ ਸ਼ਾਨ ਤੇ ਵਿਰਾਸਤੀ ਸੰਭਾਲ ਲਈ ਤਰਸ ਰਿਹਾ ਰਾਹੋਂ ਦਾ ਦਿੱਲੀ ਦਰਵਾਜ਼ਾ ਸੋਲ੍ਹਵੀਂ ਸਦੀ 'ਚ ਰਾਹੋਂ ਉੱਨਤ ਤੇ ਪ੍ਰਸਿੱਧ ਵਿਉਪਾਰਕ ਕੇਂਦਰ ਰਿਹਾ, ਜਿਸ ਰਾਹੀਂ ਦਿੱਲੀ ਤੱਕ ਵਪਾਰ ਹੁੰਦਾ ਸੀ। ਮੁਸਲਮਾਨ ਕਾਰੀਗਰ ਰੇਸ਼ਮੀ ਕੱਪੜੇ, ਗੋਟਾ, ਕਿਨਾਰੀ ਤੇ ਕਈ ਹੋਰ ਕੰਮਾਂ ਕਰਕੇ ਜਾਣੇ ਜਾਂਦੇ ਸਨ। ਪਿੰਡ ਬਰਨਾਲਾ ਦਾ ਸਜਾਵਟੀ ਸੁੰਦਰ ਵਿਰਾਸਤੀ ਦਰਵਾਜ਼ਾ, ਪਿੰਡ ਮਾਨੂੰਪੁਰ ਖੇੜੇ ਦਾ ਦਰਵਾਜ਼ਾ, ਪੁਰਾਤਨ ਦਿੱਖ ਵਾਲਾ ਢੀਂਡਸਾ (ਲੁਧਿਆਣਾ) ਦਾ ਦਰਵਾਜ਼ਾ, ਪਿੰਡ ਉੱਭਾਵਾਲ ਦਰਵਾਜ਼ਾ, ਪਿੰਡ ਧਮੋਟ ਦਾ ਵਿਲੱਖਣ ਦਰਵਾਜ਼ਾ, ਲਸਾੜਾ ਦਾ ਅਜੋਕਾ ਵਧੀਆ ਦਰਵਾਜ਼ਾ, ਪਿੰਡ ਘੁਡਾਣੀ ਦੇ ਛੇ ਦਰਵਾਜ਼ੇ, ਲੇਖਕ ਦੇ ਪਿੰਡ ਗੋਸਲਾਂ ਦਾ ਅਧਿਆਤਮਕ-ਸੂਰਬੀਰਤਾ ਦਾ ਦਰਵਾਜ਼ਾ, ਪਿੰਡ ਕੈਂਡ ਦਾ ਦਰਵਾਜ਼ਾ, ਮਨੈਲੀ ਦਾ ਦਰਵਾਜ਼ਾ, 12 ਦਰਵਾਜ਼ਿਆਂ ਵਾਲਾ ਉਟਾਲਾਂ ਪਿੰਡ, ਨਵੀਨਤਾ ਵਾਲਾ ਪਿੰਡ ਬੀਬੀ ਦਾ ਦਰਵਾਜ਼ਾ, ਪਿੰਡ ਚੜ੍ਹੀ ਤੇ ਖਾਨਪੁਰ ਦਾ ਅਲੋਪ ਹੋ ਰਿਹਾ ਦਰਵਾਜ਼ਾ, ਦੋ ਜੌੜੇ ਪਿੰਡਾਂ ਦੇ ਪੁਰਾਤਨੀ ਦਰਵਾਜ਼ੇ ਆਦਿ ਬਹੁਤ ਰੌਚਿਕ ਤੱਥ ਸਮੋਈ ਬੈਠੇ ਹਨ। ਜ਼ਿਕਰਯੋਗ ਹੈ ਕਿ ਪ੍ਰਿੰ: ਗੋਸਲ ਨੇ ਦਰਵਾਜ਼ਿਆਂ ਦੇ ਮਾਧਿਅਮ ਰਾਹੀਂ ਉਨ੍ਹਾਂ ਪਿੰਡਾਂ ਦੀ ਸਮੁੱਚੀ ਹੋਂਦ ਬਾਰੇ ਵੀ ਭਰਪੂਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਦਾਹਰਣ ਵਜੋਂ ਸੰਗਰੂਰ ਦਾ ਪਿੰਡ ਬਡਰੁੱਖਾਂ, ਸਿੱਖ ਇਤਿਹਾਸ ਦਾ ਮਹੱਤਵਪੂਰਨ ਪਿੰਡ ਹੈ, ਜਿਥੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਸਨ। ਦਰਵਾਜ਼ਿਆਂ ਦੀਆਂ ਸੁੰਦਰ ਤਸਵੀਰਾਂ ਬੜੀਆਂ ਹੀ ਆਕਰਸ਼ਿਕ ਹਨ। ਕੁਝ ਤਸਵੀਰਾਂ ਕਾਲੀਆਂ-ਚਿੱਟੀਆਂ ਹਨ। ਹੋਰ ਵੀ ਚੰਗਾ ਹੁੰਦਾ ਜੇਕਰ ਇਕ ਖ਼ਾਸ ਤਰਤੀਬ ਵਿਚ ਦਰਵਾਜ਼ਿਆਂ ਬਾਰੇ ਕਲਾਤਮਿਕ ਢੰਗ ਨਾਲ ਜਾਣਕਾਰੀ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ। ਪੁਸਤਕ ਦਾ ਸਰਵਰਕ ਤੇ ਨਾਂਅ ਖਿੱਚ ਪਾਊ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਡਾ. ਤੇਜਵੰਤ ਮਾਨ ਦੀ ਆਲੋਚਨਾ
ਸੰਪਾਦਕ : ਡਾ. ਗੁਰਜੀਤ ਸਿੰਘ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 395 ਰੁਪਏ, ਸਫ਼ੇ : 158
ਸੰਪਰਕ : 94633-43898

ਬਹੁਪੱਖੀ ਸਾਹਿਤਕਾਰ ਡਾ. ਤੇਜਵੰਤ ਮਾਨ ਦੀਆਂ ਲਿਖੀਆਂ 60 ਪੁਸਤਕਾਂ ਵਿਚ ਖੋਜ, ਆਲੋਚਨਾ, ਸਾਹਿਤ, ਸੰਪਾਦਨ, ਪੱਤਰ ਕਲਾ, ਨਿਬੰਧ, ਡਾਇਰੀ, ਕਹਾਣੀਆਂ, ਜੀਵਨੀਆਂ ਅਤੇ ਕਾਵਿ-ਰਚਨਾਵਾਂ ਸ਼ਾਮਿਲ ਹਨ। ਦਰਸ਼ਨ, ਚਿੰਤਨ, ਚੇਤਨਾ ਅਤੇ ਵਿਗਿਆਨਕ ਨਜ਼ਰੀਏ ਨਾਲ ਓਤਪੋਤ ਇਹ ਰਚਨਾਵਾਂ ਸਾਡੇ ਸਾਹਿਤ, ਸੱਭਿਆਚਾਰ ਅਤੇ ਪੰਜਾਬੀਅਤ ਦੀ ਸ਼ਾਨ ਹਨ। ਉਸ ਨੇ ਮੌਲਿਕ, ਨਵੀਨ ਅਤੇ ਵਿਗਿਆਨਕ ਧਾਰਨਾਵਾਂ ਰਾਹੀਂ ਪੰਜਾਬੀ ਸਾਹਿਤ ਆਲੋਚਨਾ ਨੂੰ ਇਕ ਨਵਾਂ ਰੂਪ ਦਿੱਤਾ ਹੈ। ਪੁਸਤਕ ਵਿਚ ਡਾ. ਤੇਜਵੰਤ ਮਾਨ ਦੀ ਆਲੋਚਨਾ ਬਾਰੇ ਦਿੱਤੇ ਗਏ ਵੱਖੋ-ਵੱਖ ਵਿਦਵਾਨਾਂ ਦੇ ਵਿਚਾਰ ਪੇਸ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਡਾ. ਮਾਨ ਦਾ ਇਕ ਮਹੱਤਵਪੂਰਨ ਨਿਬੰਧ 'ਸਮਾਜਿਕ ਚੇਤਨਾ ਅਤੇ ਲੇਖਕ ਦਾ ਕਰਤੱਵ' ਵੀ ਸ਼ਾਮਿਲ ਕੀਤਾ ਗਿਆ ਹੈ। ਡਾ. ਮਾਨ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਆਲੋਚਨਾ ਦਾ ਸੱਚਾ-ਸੁੱਚਾ ਪਹਿਰੇਦਾਰ ਹੈ। ਉਸ ਨੇ ਲੋਕ-ਪੱਖੀ ਸਾਹਿਤ ਨੂੰ ਇਕ ਲਹਿਰ ਬਣਾ ਦਿੱਤਾ ਹੈ। ਉਸ ਦੇ ਲੇਖਾਂ ਵਿਚ ਕਾਵਿ-ਟੂਕਾਂ ਵੀ ਸ਼ਾਮਿਲ ਹੁੰਦੀਆਂ ਹਨ। ਉਸ ਨੇ ਪੰਜਾਬੀ ਭਾਸ਼ਾ, ਪੰਜਾਬੀਅਤ ਅਤੇ ਪੰਜਾਬੀ ਸਾਹਿਤ ਵਿਰੁੱਧ ਹੋ ਰਹੀਆਂ ਸਾਜਿਸ਼ਾਂ ਨੂੰ ਅਸਫ਼ਲ ਕਰਨ ਲਈ ਪੂਰੀ ਵਾਹ ਲਾਈ ਹੈ। ਉਸ ਨੇ ਉਸਾਰੂ ਅਤੇ ਨਿਰਪੱਖ ਆਲੋਚਨਾ ਕੀਤੀ ਹੈ। ਉਸ ਦੀਆਂ ਲਿਖਤਾਂ ਪਾਠਕਾਂ ਵਿਚ ਜਾਗ੍ਰਿਤੀ ਪੈਦਾ ਕਰਦੀਆਂ ਹਨ। ਉਸ ਨੇ ਚਿੱਠੀ ਪੱਤਰ ਦਾ ਘੇਰਾ ਵੀ ਵਿਸ਼ਾਲ ਕੀਤਾ ਹੈ। ਉਸ ਦੀ ਦ੍ਰਿੜ੍ਹਤਾ, ਲਗਨ, ਮਿਹਨਤ ਨਾਲ ਲਿਖੀਆਂ ਕਿਰਤਾਂ ਪੰਜਾਬੀ ਸਾਹਿਤ ਦਾ ਅਨਮੋਲ ਦਸਤਾਵੇਜ਼ ਬਣ ਗਈਆਂ ਹਨ। ਚਿੰਤਨ ਦੀਆਂ ਬਾਰੀਕੀਆਂ, ਗਿਆਨ, ਸੁਹਿਰਦਤਾ, ਵਿਦਵਤਾ ਅਤੇ ਸਾਹਿਤ ਪ੍ਰਤੀ ਪ੍ਰਤੀਬੱਧਤਾ ਡਾ. ਮਾਨ ਦੀਆਂ ਰਚਨਾਵਾਂ ਵਿਚ ਵਿਦਮਾਨ ਹਨ। ਆਮ ਤੌਰ 'ਤੇ ਆਲੋਚਨਾ ਦੀਆਂ ਪੁਸਤਕਾਂ ਬੌਧਿਕ ਹੋਣ ਕਰਕੇ ਰਸ ਤੋਂ ਸੱਖਣੀਆਂ ਹੁੰਦੀਆਂ ਹਨ ਪਰ ਡਾ. ਮਾਨ ਦੀਆਂ ਰਚਨਾਵਾਂ ਵਿਚ ਸ਼ਬਦ ਰਸ, ਸਪੱਸ਼ਟਤਾ, ਦਲੀਲ, ਬੇਬਾਕੀ ਅਤੇ ਇਮਾਨਦਾਰੀ ਦੀ ਖ਼ੁਸ਼ਬੂ ਹੈ. ਇਹ ਪੁਸਤਕ ਇਕ ਸਾਂਭਣਯੋਗ ਦਸਤਾਵੇਜ਼ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਲਾਹ-ਪਾਹ
ਕਹਾਣੀਕਾਰ : ਕੰਵਲਜੀਤ ਕੌਰ ਜੁਨੇਜਾ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 200 ਰੁਪਏ, ਸਫ਼ੇ : 94
ਸੰਪਰਕ : 098120-32868

ਪੰਜਾਬੀ ਗਲਪ ਸਾਹਿਤ ਦੀ ਵੰਨਗੀ ਮਿੰਨੀ ਕਹਾਣੀਆਂ ਦੇ ਇਸ ਸੰਗ੍ਰਹਿ ਦੀ ਕਹਾਣੀਕਾਰਾ ਨੇ ਇਸ ਪੁਸਤਕ ਵਿਚ ਕੁੱਲ 135 ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਹਨ, ਜਿਨ੍ਹਾਂ ਦੀ ਰਚਨਾ ਕਰਦਿਆਂ ਉਸ ਨੇ ਪ੍ਰਮੁੱਖ ਤੌਰ 'ਤੇ ਨਾਟਕੀ ਸ਼ੈਲੀ ਦੀ ਵਰਤੋਂ ਕੀਤੀ ਹੈ। ਮਿੰਨੀ ਕਹਾਣੀ ਦਾ ਇਹ ਸੁਭਾਅ ਹੈ ਕਿ ਉਹ ਇਕ ਨੁਕਤਾ ਸਮਝਾਉਂਦੀ ਹੋਈ ਪਾਠਕ ਨੂੰ ਇਕ ਅਚੰਭਿਤ ਕਰਨ ਵਾਲਾ ਝਟਕਾ ਦੇ ਜਾਂਦੀ ਹੈ। ਕੰਵਲਜੀਤ ਕੌਰ ਜੁਨੇਜਾ ਦੀ ਕਹਾਣੀ 'ਲਾਹ-ਪਾਹ', 'ਸਰਪ੍ਰਾਈਜ਼ ਗਿਫ਼ਟ', 'ਸਮਾਜ ਸੇਵੀ', 'ਅੱਜ ਦਾ ਸੱਚ' ਆਦਿ ਅਨੇਕਾਂ ਕਹਾਣੀਆਂ ਪਾਠਕ ਨੂੰ ਹੈਰਾਨੀ ਦੇ ਝਟਕੇ ਦੇਣ ਦੇ ਸਮਰੱਥ ਹਨ।
ਜੁਨੇਜਾ ਨੇ ਆਪਣੀਆਂ ਕਹਾਣੀਆਂ ਵਿਚ ਸਮਾਜ ਦੇ ਲੁਕੇ ਹੋਏ ਕੋਹਝੇ ਸੱਚ ਨੂੰ ਉਜਾਗਰ ਕੀਤਾ ਹੈ। ਸਮਾਜਿਕ ਅਤੇ ਖੂਨ ਦੇ ਰਿਸ਼ਤਿਆਂ 'ਚ ਮੁੱਕਦੀ ਜਾ ਰਹੀ ਦਿਲੀ ਹਮਦਰਦੀ ਤੇ ਪਿਆਰ ਦੀ ਸਪੱਸ਼ਟ ਸ਼ਬਦਾਂ ਵਿਚ ਬਾਤ ਪਾਈ ਹੈ। ਪੁਸਤਕ ਦੇ ਮੁੱਖ ਬੰਦ ਵਿਚ ਪ੍ਰੋ. ਸ਼ਾਮ ਲਾਲ ਕੌਸ਼ਲ ਰੋਹਤਕ ਲਿਖਦੇ ਹਨ ਕਿ 'ਕਹਾਣੀਕਾਰਾ ਨੇ ਜ਼ਿੰਦਗੀ ਦੀਆਂ ਔਕੜਾਂ ਅਤੇ ਸੰਵੇਦਨਾਵਾਂ ਨੂੰ ਆਪਣੀਆਂ ਕਹਾਣੀਆਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਇਹ ਮਿੰਨੀ ਕਹਾਣੀ ਸੰਗ੍ਰਹਿ ਪਾਠਕ 'ਤੇ ਤਿੱਖਾ ਤੇ ਬੱਝਵਾਂ ਅਸਰ ਪਾਉਂਦਾ ਹੈ।' ਕਹਾਣੀ ਤੋਂ ਇਲਾਵਾ ਕਵਿਤਾਵਾਂ, ਲੇਖ ਆਦਿ ਸਾਹਿਤ ਵੰਨਗੀਆਂ ਦੀਆਂ ਪੁਸਤਕਾਂ ਲਿਖਣ ਵਾਲੀ ਕਹਾਣੀਕਾਰਾ ਕੰਵਲਜੀਤ ਜੁਨੇਜਾ ਦਾ ਭਰਵਾਂ ਸਵਾਗਤ ਹੋਣਾ ਤਾਂ ਬਣਦਾ ਹੀ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

ਮਾਤਾ ਰਮਾਬਾਈ ਅੰਬੇਡਕਰ
ਲੇਖਕ : ਰਾਜੇਸ਼ ਭਬਿਆਣਾ
ਪ੍ਰਕਾਸ਼ਕ : ਬਹੁਜਨ ਸਾਹਿਤ ਸੰਸਥਾ (ਪੰਜਾਬ)
ਮੁੱਲ : 100 ਰੁਪਏ, ਸਫ਼ੇ : 102
ਸੰਪਰਕ : 62399-56927

'ਮਾਤਾ ਰਮਾਬਾਈ ਅੰਬੇਡਕਰ' ਪੁਸਤਕ ਰਾਹੀਂ ਲੇਖਕ ਰਾਜੇਸ਼ ਭਬਿਆਣਾ ਨੇ ਇਕ ਅਦੁੱਤੀ ਸ਼ਖ਼ਸੀਅਤ ਨੂੰ ਪਾਠਕਾਂ ਦੇ ਰੂਬਰੂ ਕਰਵਾਉਣ ਦਾ ਯਤਨ ਕੀਤਾ ਹੈ, ਜਿਸ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਧਰਮ ਪਤਨੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਰਾਮਾ (ਰਮਾਬਾਈ) ਦੀ ਜੀਵਨੀ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇਕ ਸੁੱਘੜ ਸਿਆਣੀ ਔਰਤ ਦਾ ਘਰ ਪਰਿਵਾਰ ਚਲਾਉਣ ਵਿਚ ਇਕ ਉੱਘਾ ਯੋਗਦਾਨ ਹੁੰਦਾ ਹੈ, ਜਿਸ ਨੂੰ ਰਮਾਬਾਈ ਨੇ ਬਾਖੂਬੀ ਨਾਲ ਨਿਭਾਉਂਦਿਆਂ ਆਪਣੇ ਪਤੀ ਦੇ ਸਮਾਜ ਭਲਾਈ ਦੇ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਪੂਰਨ ਸਹਿਯੋਗ ਵੀ ਦਿੱਤਾ। ਘਰ-ਬਾਹਰ ਚਲਾਉਣ ਲਈ ਸਖ਼ਤ ਮਿਹਨਤ ਕਰਦਿਆਂ ਸਮਾਂ ਮਿਲਣ 'ਤੇ ਪਤੀ ਦੇਵ ਤੋਂ ਪੜ੍ਹਨ ਦਾ ਸ਼ੌਕ ਵੀ ਪੂਰਾ ਕਰਦੀ ਰਹੀ। ਉਨ੍ਹਾਂ ਆਪਣੀ ਪੁਸਤਕ 'ਥਾਟਸ ਆਪ ਪਾਕਿਸਤਾਨ' ਵਿਚ ਆਪਣੀ ਪਤਨੀ ਦੀ ਪ੍ਰਸੰਸਾ ਵਜੋਂ ਇਹ ਸ਼ਬਦ ਦਰਜ ਕੀਤੇ ਹਨ : 'ਮੈਂ ਇਹ ਪੁਸਤਕ ਰਾਮੂ ਨੂੰ ਉਸ ਦੀ ਚੰਗਿਆਈ, ਮਨ ਦੀ ਨੇਕੀ, ਸਦਾਚਾਰੀ ਦੀ ਪਵਿੱਤਰਤਾ ਅਤੇ ਮੇਰੇ ਮਨ ਨਾਲ ਦੁੱਖ ਕੱਟਣ ਵਿਚ ਥੁੜ੍ਹ ਅਤੇ ਪ੍ਰੇਸ਼ਾਨੀ ਦੇ ਦਿਨਾਂ ਵਿਚ ਜਦੋਂ ਕਿ ਸਾਡਾ ਕੋਈ ਮਦਦਗਾਰ ਨਹੀਂ ਸੀ ਅੱਤ ਦੀ ਸਹਿਣਸ਼ੀਲਤਾ ਅਤੇ ਰਜ਼ਾਮੰਦੀ ਵਿਖਾਉਣ ਦੀ ਪ੍ਰਸੰਸਾ ਵਜੋਂ ਭੇਟ ਕਰਦਾ ਹਾਂ।'
ਆਪਣੀ ਪਿਆਰੀ ਪਤਨੀ ਦੀ ਹੋਈ ਬੇਵਕਤੀ ਮੌਤ ਦਾ ਦਿਲੀ ਦੁੱਖ ਮਨਾਉਂਦਿਆਂ ਬਾਬਾ ਸਾਹਿਬ ਨੇ ਸੰਨਿਆਸੀ ਰੂਪ ਵੀ ਧਾਰਨ ਕਰ ਲਿਆ ਸੀ। ਇਸ ਤਰ੍ਹਾਂ ਬਾਬਾ ਸਾਹਿਬ ਤੇ ਉਨ੍ਹਾਂ ਦੀ ਪਤਨੀ ਰਮਾਬਾਈ ਦੇ ਸੰਘਰਸ਼ਮਈ ਜੀਵਨ ਦੇ ਹੋਰ ਬਹੁਤ ਸਾਰੇ ਅਣਛੋਹੇ ਕਿੱਸੇ ਇਸ ਪੁਸਤਕ ਵਿਚ ਵਾਰਤਕ ਤੇ ਕਵਿਤਾ ਦੇ ਰੂਪ ਵਿਚ ਪੜ੍ਹਨ ਨੂੰ ਮਿਲਦੇ ਹਨ। ਸੰਘਰਸ਼ਮਈ ਜੀਵਨ ਬਾਰੇ ਇੰਝ ਦਰਜ ਹੈ : 'ਕੀਮਤ ਚੁਕਾਏ ਬਿਨਾਂ ਪਰਿਵਰਤਨ ਸੰਭਵ ਨਹੀਂ।' ਆਦਿ ਮੁੱਲਵਾਨ ਵਿਚਾਰਾਂ ਵਾਲੀ ਇਹ ਪੁਸਤਕ 'ਮਾਤਾ ਰਮਾਬਾਈ ਅੰਬੇਡਕਰ' ਉਸ ਹਰ ਸ਼ਖ਼ਸ ਨੂੰ ਪੜ੍ਹਨੀ ਚਾਹੀਦੀ ਹੈ, ਜੋ ਇਕ ਸੋਹਣਾ ਸਮਾਜ ਸਿਰਜਣ ਦੀ ਤਮੰਨਾ ਰੱਖਦਾ ਹੈ।

-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋਬਾਈਲ : 98764-74858

ਸੌ ਸਾਖੀ
(ਪੋਥੀ ਵਿਚੋਂ ਭਵਿੱਖਤ ਸਾਖੀਆਂ ਦਾ ਸੰਗ੍ਰਹਿ ਅਤੇ ਕਰਨੀਨਾਮਾ)
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ ਜਲੰਧਰ
ਮੁੱਲ : 180 ਰੁਪਏ, ਸਫ਼ੇ : 120
ਸੰਪਰਕ : 98729-91780

ਹਥਲੀ ਪੁਸਤਕ ਵਿਚ ਦੁਰਲੱਭ ਧਾਰਮਿਕ ਲਿਖਤਾਂ ਤੋਂ ਪ੍ਰਾਪਤ ਕੁਝ ਸਾਖੀਆਂ ਅੰਕਿਤ ਕੀਤੀਆਂ ਗਈਆਂ ਹਨ। ਫਿਰ ਇਸ ਦੇ ਲਿਖੇ ਜਾਣ ਸੰਬੰਧੀ ਪ੍ਰਸਤਾਵਨਾ ਅੰਕਿਤ ਕੀਤੀ ਗਈ ਹੈ। ਕੁਝ ਕੁ ਪ੍ਰਸੰਗਾਂ ਵਿਚ ਗੁਰੂ ਜੀ ਦੇ ਚਮਤਕਾਰਾਂ ਅਤੇ ਕਰਾਮਾਤਾਂ ਦਾ ਚਿਤ੍ਰਣ ਹੈ। ਚੌਫਿਰਨੀ ਛੰਦ ਵਿਚ ਭਵਿੱਖਤ 2004 ਤੋਂ 2031 ਬਿਕਰਮੀ ਤੱਕ ਦਾ ਹਾਲ ਕਾਵਿ ਰੂਪੀ ਅੰਕਿਤ ਕੀਤਾ ਹੈ। ਜਿਵੇਂ:
ਸੁਣਲੋ ਭਵਿੱਖਤ ਦਾ ਬਿਆਨ ਵੀਰਨੋਂ,
ਲਿਖਗੇ ਨੇ ਜਿਵੇਂ ਵਿਦਵਾਨ ਵੀਰਨੋਂ।
ਸ਼ੈਰ ਦੇ ਲਫ਼ਜ ਝੂਠ ਨਾ ਅਲੌਣਗੇ,
ਐਹੋ ਜੇਹੇ ਸਮੇਂ ਦੇਸ਼ ਵਿਚ ਔਣਗੇ।
ਕਥਾ ਸ਼ੁਰੂ ਹੁੰਦੀ ਦੋ ਹਜ਼ਾਰ ਚਾਰ ਤੋਂ,
ਫਗਣ ਦੀ ਪਾਪਾਂ ਭਰੀ ਰਫ਼ਤਾਰ ਤੋਂ।
ਲਿਖਿਆ ਸੀ ਲੋਕ ਖੂਨ ਵਿਚ ਨੌਣਗੇ,
ਐਹੋ ਜੇਹੇ ਸਮੇਂ ਦੇਸ਼ ਵਿਚ ਔਣਗੇ।
ਦੋ ਹਜ਼ਾਰ ਪੰਜ ਦੀ ਵੀ ਭੈੜੀ ਚਾਲ ਹੈ,
ਔਣ ਭਾਰੀ ਹੜ੍ਹ ਰੋਗ ਤੇ ਭੁਚਾਲ ਹੈ।
ਲੀਡਰ ਹੈਰਾਨ ਹੋ ਕੇ ਘਬਰੋਣਗੇ,
ਐਹੋ ਜੇਹੇ ਸਮੇਂ ਦੇਸ਼ ਵਿਚ ਆਉਣਗੇਂ।
ਉਪਰੰਤ ਸਿੱਖ ਗੁਰੂਆਂ ਦਾ ਮੰਗਲ ਹੈ ਅਤੇ 13ਵੀਂ ਸਾਖੀ ਤੋਂ ਸਾਖੀਆਂ ਦਾ ਆਰੰਭ ਹੁੰਦਾ ਹੈ। ਇਨ੍ਹਾਂ ਸਾਖੀਆਂ ਦੀ ਸ਼ੈਲੀ ਉਪਦੇਸ਼ਾਤਮਿਕ ਅਤੇ ਬਿਰਤਾਂਤਿਕ ਹੈ, ਪਰ ਇਸ ਵਿਚ ਕਿਸੇ ਸੋਹਜ, ਸਾਹਿਤਿਕਤਾ ਜਾਂ ਕਲਾਤਮਕਤਾ ਦਾ ਕੋਈ ਗੁਣ ਨਹੀਂ ਮਿਲਦਾ। ਇਸ ਵਿਚਲੀ ਕਵਿਤਾ ਨਿਰੀ ਤੁਕਬੰਦੀ ਹੈ। ਕਈਆਂ ਸਾਖੀਆਂ ਵਿਚ ਗੱਲਾਂ ਬੁਝਾਰਤਾਂ ਵਾਂਗ ਕਹੀਆਂ ਗਈਆਂ ਹਨ। ਇਸ ਦੀ ਭਾਸ਼ਾ ਵਿਚ ਸੁਹਜ ਅਤੇ ਭਾਵ-ਪ੍ਰਸੰਗ ਅਨੁਕੂਲਤਾ ਵਾਲੀ ਮਾਰਮਿਕਤਾ ਨਹੀਂ ਹੈ। ਸਾਹਿਤਿਕ ਗੁਣਾਂ ਤੋਂ ਇਹ ਰਚਨਾ ਲਗਭਗ ਵੰਚਿਤ ਹੈ। ਇਨ੍ਹਾਂ ਸਾਖੀਆਂ ਦਾ ਆਕਾਰ-ਪ੍ਰਕਾਰ ਵੀ ਇਕ ਸਮਾਨ ਨਹੀਂ ਹੈ। ਇਸ ਤਰ੍ਹਾਂ ਸਪੱਸ਼ਟ ਹੈ ਕਿ ਇਨ੍ਹਾਂ ਸਾਖੀਆਂ ਦਾ ਵਿਧਾਨ ਕਿਸੇ ਵਿਸ਼ੇਸ਼ ਵਿਵਸਥਾ ਜਾਂ ਯੋਜਨਾ ਨੂੰ ਅਪਣਾ ਕੇ ਨਹੀਂ ਕੀਤਾ ਗਿਆ। ਨਾਵਾਂ, ਥਾਵਾਂ ਦਾ ਵਰਣਨ ਹੈ, ਜਿਸ ਪੱਖੋਂ ਇਹ ਕਿਤਾਬ ਇਤਿਹਾਸਕ ਧਾਰਮਿਕ ਜਾਣਕਾਰੀ ਮੁਹੱਈਆ ਕਰਦੀ ਹੈ। ਜਿਵੇਂ :-
ਦੁਆਬ, ਸਤਲੁਦਰ ਕੇ ਪਾਰਾ,
ਮਾਲਵਾ ਜੀਤ ਜੰਗਲ ਪਗ ਧਾਰਾ।
ਸਾਖੀ 13ਵੀਂ, 15ਵੀਂ, 24ਵੀਂ, 31ਵੀਂ, 51ਵੀਂ, 58ਵੀਂ, 59ਵੀਂ, 60ਵੀਂ, 65ਵੀਂ, 70ਵੀਂ, 71ਵੀਂ, 82ਵੀਂ, 86ਵੀਂ, 99ਵੀਂ, ਸਾਖੀ ਭਾਵ 14 ਸਾਖੀਆਂ ਦਾ ਵਰਨਣ ਹੈ। ਅਖੀਰ ਤੇ ਕਰਨੀਨਾਮਾ ਰਚਨਾ ਸ਼ਾਮਿਲ ਕੀਤੀ ਹੈ। ਜਿਸ ਵਿਚ ਨਾਨਕ ਸਾਹਿਬ ਦੀ ਰੁਕਨਦੀਨ ਨਾਲ ਵਾਰਤਾਲਾਪ ਹੈ, ਜਿਸ ਵਿਚ ਭਵਿੱਖਤ ਬਚਨ ਕਰਦੇ ਹੋਏ ਜ਼ਿਕਰ ਹੈ-ਦੱਸਵਾਂ ਜਾਮਾ-
ਪਹਿਰ ਕਰ ਬੈਠੂੰ ਪਰ ਕਰਤਾਰ।
ਔਰਗਜ਼ੇਬ ਪਾਤਸ਼ਾਹ ਸਿਉਂ ਜੁਧ ਕਰੂੰ ਬਹੁ ਬਾਰ॥2॥
ਤੇ ਅਖੀਰ ਵਿਚ ਗੁਰੂ ਪ੍ਰਤਾਪ ਸੂਰਜ ਰੁਤ ਪੰਜਵੀਂ ਸੋਲਵਾਂ ਅੰਸ਼ ਦੇ ਕੁਝ ਅੰਸ਼ਾਂ ਦਾ ਜ਼ਿਕਰ ਕੀਤਾ ਹੈ। ਕਿਤਾਬ ਵਿਚ ਸਾਰੀਆਂ ਸਾਖੀਆਂ ਵਿਚ ਛੰਦ ਦੋਹਰਾ, ਸਵੈਯਾ, ਚੌਪਈ ਕੁੰਡਲੀਆਂ ਚੌਫਿਰਨੀ ਛੰਦ ਦੀ ਵਰਤੋਂ ਕੀਤੀ ਗਈ ਹੈ। ਪਰ ਪ੍ਰਕਾਸ਼ਕ ਵਲੋਂ ਰਚਨਾ ਦਾ ਕੋਈ ਹਵਾਲਾ ਨਹੀਂ ਦਿੱਤਾ ਗਿਆ ਕਿ ਕਿਸ ਗ੍ਰੰਥ ਵਿਚੋਂ ਇਹ ਕਾਵਿ ਸਾਖੀ ਹੈ ਇਸ ਦਾ ਕਰਤਾ ਕੌਣ ਹੈ ਅਤੇ ਨਾ ਹੀ ਰਚਨ ਕਾਲ ਬਾਰੇ ਸਪੱਸ਼ਟ ਕੀਤਾ ਗਿਆ ਹੈ। ਸੰਗ੍ਰਹਿ ਕਰਤਾ ਜਾਂ ਲੇਖਕ ਦਾ ਨਾਂਅ ਵੀ ਨਹੀਂ ਹੈ। ਕਿਤਾਬ ਪੜ੍ਹ ਕੇ ਦੁਬਿਧਾ ਵਿਚ ਰਹਿੰਦਾ ਹੈ। ਪੁਰਾਤਨ ਇਤਿਹਾਸ ਅਤੇ ਗੁਰਇਤਿਹਾਸ ਦੇ ਜਾਣਕਾਰਾਂ ਲਈ ਕੁਝ ਕੁ ਪੁਸਤਕਾਂ ਸਹਾਈ ਹੁੰਦੀਆਂ ਹਨ, ਜਿਸ ਵਿਚ ਧਾਰਮਿਕ ਇਤਿਹਾਸਕ ਪੁਰਾਤਨਤਾ ਦੀ ਕਿਰਨ ਮੱਧਮ ਜਿਹੀ ਦਿਸਦੀ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

 

17-09-2023

 ਸੰਬਾਦ
(ਗਿਆਨੀ ਦਿੱਤ ਸਿੰਘ ਜੀ ਅਤੇ ਸਾਧੂ ਦਯਾ ਨੰਦ)
ਲੇਖਕ : ਪ੍ਰਿੰ: ਪਾਖਰ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 98729-91780


ਲੇਖਕ ਨੇ ਗੁਰਮਤਿ ਸਿਧਾਂਤਾਂ ਦੇ ਪਹਿਰੇਦਾਰ ਅਤੇ ਗੁਰਮਤਿ ਦੇ ਮਾਰਤੰਡ ਗਿਆਨੀ ਦਿੱਤ ਸਿੰਘ ਵਲੋਂ ਉਸ ਸਮੇਂ ਹੋਏ ਸਾਧੂ ਦਯਾ ਨੰਦ ਨਾਲ ਹੋਏ 'ਸੰਬਾਦ' ਨੂੰ ਪੁਸਤਕ ਰੂਪ ਵਿਚ ਪੇਸ਼ ਕੀਤਾ ਹੈ। ਇਸ ਸੰਖੇਪ ਅਤੇ ਭਾਵਪੂਰਤ ਵਿਚਾਰ-ਵਟਾਂਦਰੇ ਨੂੰ ਲੇਖਕ ਵਲੋਂ ਕੀਤੇ ਉੱਦਮ ਅਤੇ ਸਫਲ ਯਤਨ ਨੂੰ ਪ੍ਰਕਾਸ਼ਕ ਵਲੋਂ ਦੂਜੇ ਐਡੀਸ਼ਨ ਵਜੋਂ ਮੁੜ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਸ ਤੋਂ ਪਹਿਲਾਂ ਵੀ ਲੇਖਕ ਨੇ ਵੱਡੀ ਗਿਣਤੀ ਵਿਚ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਸਿੱਖ ਕੌਮ ਦੇ ਸਫਲ ਬੁਲਾਰੇ ਤੇ ਚਿੰਤਕ ਗਿਆਨੀ ਦਿੱਤ ਸਿੰਘ ਨੇ ਉੱਨ੍ਹੀਵੀਂ ਸਦੀ ਵਿਚ ਸਿੱਖ ਧਰਮ ਦੇ ਪ੍ਰਚਾਰ ਤੇ ਗੁਰਮਤਿ ਦੀ ਨਿਵੇਕਲੀ ਜੀਵਨ-ਜਾਚ ਨੂੰ ਸੰਸਾਰ ਦੇ ਦੂਜੇ ਧਰਮਾਂ ਦੇ ਮੰਚ ਤੋਂ ਸਫਲਤਾ ਨਾਲ ਪੇਸ਼ ਕੀਤਾ। ਇਹ ਸਾਰਾ ਯਤਨ ਪਾਵਨ ਗੁਰਬਾਣੀ ਦੀ ਸਰਬਵਿਆਪੀ ਰੌਸ਼ਨੀ ਵਿਚ ਕੀਤਾ। ਗਿਆਨੀ ਜੀ ਦਾ ਜੀਵਨਕਾਲ ਭਾਵੇਂ ਬਹੁਤਾ ਵੱਡਾ ਨਹੀਂ। ਉਨ੍ਹਾਂ ਦੀ ਦੁਨਿਆਵੀ ਫੇਰੀ ਭਾਵੇਂ 50 ਕੁ ਸਾਲਾਂ ਦੀ ਹੀ ਸੀ ਪਰ ਜਿਹੜੇ ਕਾਰਜ ਉਨ੍ਹਾਂ ਕੀਤੇ, ਉਨ੍ਹਾਂ ਦਾ ਜ਼ਿਕਰ ਹਮੇਸ਼ਾ-ਹਮੇਸ਼ਾ ਲਈ ਹੁੰਦਾ ਰਹੇਗਾ। ਸਿੱਖ ਰਾਜ ਦੇ ਜਾਣ ਤੋਂ ਪਿੱਛੋਂ ਸਿੱਖਾਂ ਦੀ ਘਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਸੀ। ਗਿਆਨੀ ਦਿੱਤ ਸਿੰਘ ਤੇ ਹੋਰ ਸਮਕਾਲੀ ਵਿਦਵਾਨਾਂ ਦੇ ਉਪਰਾਲੇ ਨਾਲ ਸਿੰਘ ਸਭਾ ਲਹਿਰ ਦਾ ਮੁੱਢ ਬੱਝਾ। ਉਸ ਸਮੇਂ ਸਾਡੇ ਸਾਰੇ ਰਸਮ-ਰਿਵਾਜ ਵੀ ਹਿੰਦੂ ਸੋਚ ਦੇ ਭੇਟ ਚੜ੍ਹ ਚੁੱਕੇ ਸਨ। ਅਖੌਤੀ ਜਾਤ-ਪਾਤ, ਛੂਤ-ਭਿੱਟ ਵੀ ਉਸ ਕਾਲ ਵਿਚ ਆਪਣੇ ਸਿਖ਼ਰਾਂ 'ਤੇ ਸੀ। ਗਿਆਨੀ ਦਿੱਤ ਸਿੰਘ ਵਲੋਂ ਲਗਭਗ ਸਾਢੇ ਚਾਰ ਦਰਜਨ ਪੁਸਤਕਾਂ ਤੇ ਟ੍ਰੈਕਟ ਸਿੱਖ ਧਰਮ ਦੀ ਜਾਗ੍ਰਿਤੀ ਨੂੰ ਪ੍ਰਗਟ ਕਰਨ ਲਈ ਪਾਠਕਾਂ ਦੀ ਝੋਲੀ ਪਾਏ। 1875 ਈ: ਵਿਚ ਆਰੀਆ ਸਮਾਜ ਦੀ ਸਥਾਪਨਾ ਹੋਈ। 1877 ਈ: ਵਿਚ ਸੁਆਮੀ ਦਯਾਨੰਦ ਨਾਲ ਹੋਏ 'ਸੰਬਾਦ' ਸ਼ਾਸਤਰਾਰਥ ਵਿਚ ਗਿਆਨੀ ਦਿੱਤ ਸਿੰਘ ਤੋਂ ਸੁਆਮੀ ਦਯਾ ਨੰਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਦੋਂ 1883 ਈ: ਵਿਚ ਸੁਆਮੀ ਦਯਾ ਨੰਦ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਤਾਂ ਆਰੀਆ ਸਮਾਜ ਦੇ ਮੰਚ ਤੋਂ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿਚ ਸਮਾਜਿਕ ਤੇ ਧਾਰਮਿਕ ਸਮੱਸਿਆ ਦਾ ਸਮਾਧਾਨ ਕਰਦੇ ਰਹੇ। ਗਿਆਨੀ ਦੇ ਪ੍ਰਸ਼ਨਾਂ ਵਿਚ ਸੰਸਾਰ ਦਾ ਕਰਤਾ ਕੌਣ ਹੈ? ਵਰਗੇ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਵਿਚ ਸੁਆਮੀ ਜੀ ਕਈ ਵਾਰ ਗੁੱਸੇ ਵਿਚ ਆ ਜਾਂਦੇ ਸਨ। ਇਕ ਵਾਰ ਤਾਂ ਇਹ ਵੀ ਆਖ ਦਿੱਤਾ ਤੁਸੀਂ ਜਿੱਤ ਗਏ, ਸੁਆਮੀ ਜੀ ਹਾਰ ਗਏ। ਇਸ ਸਮੁੱਚੀ ਪੁਸਤਕ ਵਿਚ ਗਿਆਨੀ ਜੀ ਵਲੋਂ ਸਮੇਂ-ਸਮੇਂ ਹੋਏ 'ਸੰਬਾਦ' ਵਿਚ ਗੁਰਬਾਣੀ ਦੇ ਚਾਨਣ ਵਿਚ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ ਤੇ ਸੁਆਮੀ ਦਯਾ ਨੰਦ ਵੇਦ ਮੰਤਰਾਂ ਵਿਚੋਂ ਪ੍ਰਮਾਣ ਦਿੰਦੇ, ਅੰਤ ਗਿਆਨੀ ਜੀ ਵਲੋਂ ਕੀਤੇ ਵਿਚਾਰਾਂ ਨੂੰ ਹਾਜ਼ਰ ਵਿਦਵਾਨਾਂ ਵਲੋਂ ਪ੍ਰਵਾਨ ਕੀਤਾ ਗਿਆ। ਅਧਿਆਤਮ ਸਿੱਖਿਆ ਦੇ ਪੰਜਾਬੀਆਂ ਵਲੋਂ ਇਸ ਪੁਸਤਕ ਨੂੰ ਵਾਚ ਕੇ ਗਹਿਰ-ਗੰਭੀਰ ਪ੍ਰਸ਼ਨਾਂ ਦੇ ਜੁਆਬਾਂ ਪ੍ਰਤੀ ਸਪੱਸ਼ਟ ਰਾਏ ਮਿਲ ਸਕਦੀ ਹੈ।


-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040


ਗੁਰੂ ਨਾਨਕ ਬਾਣੀ ਵਿਚ ਨਾਰੀ ਰੂਪਕ
ਲੇਖਕ : ਡਾ. ਰਾਜਵੀਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 95019-59192


ਗੁਰੂ ਨਾਨਕ ਬਾਣੀ ਦਾ ਖੇਤਰ ਬਹੁਤ ਵਿਸਤ੍ਰਿਤ ਹੈ। ਇਸ ਵਿਚਲੇ ਵਿਭਿੰਨ ਵਿਸ਼ਿਆਂ ਨੂੰ ਲੇਖਕਾਂ ਤੇ ਖੋਜਕਾਰਾਂ ਵਲੋਂ ਸਮੇਂ-ਸਮੇਂ 'ਤੇ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ। ਡਾ. ਰਾਜਵੀਰ ਕੌਰ ਇਸ ਕਿਤਾਬ ਤੋਂ ਪਹਿਲਾਂ ਵੀ ਆਲੋਚਨਾ ਦੇ ਖੇਤਰ ਵਿਚ ਆਪਣੀਆਂ ਤਿੰਨ ਕਿਤਾਬਾਂ ('ਪੰਜਾਬੀ ਨਾਵਲ ਦੇ ਅਜੋਕੇ ਸਰੋਕਾਰ', 'ਔਰਤ ਦੀ ਸੰਵੇਦਨਸ਼ੀਲਤਾ ਨੂੰ ਟੁੰਬਦਾ', 'ਨਾਰੀ ਸੰਵੇਦਨਾ : ਬਦਲਦੇ ਸੰਦਰਭ') ਰਾਹੀਂ ਦਸਤਕ ਦੇ ਚੁੱਕੀ ਹੈ। ਰੀਵਿਊ ਅਧੀਨ ਪੁਸਤਕ ਨੂੰ ਉਸ ਨੇ ਚਾਰ ਅਧਿਆਇਆਂ ਵਿਚ ਵੰਡ ਕੇ ਮੁਲਾਂਕਣ ਕੀਤਾ ਹੈ। ਪਹਿਲੇ ਦੇ ਅੰਤਰਗਤ ਰੂਪਕ ਦਾ ਸਿਧਾਂਤਕ ਪਰਿਪੇਖ (ਸਰੂਪ ਤੇ ਪਰਿਭਾਸ਼ਾ, ਨਾਰੀਵਾਦੀ ਪਰਿਪੇਖ, ਸਾਹਿਤਕ ਪਰਿਪੇਖ), ਦੂਜੇ ਵਿਚ ਮਿਥਿਹਾਸ ਅਤੇ ਨਾਨਕ ਬਾਣੀ ਵਿਚ ਪੇਸ਼ ਨਾਰੀ ਮੁਖੀ ਰੂਪਕਾਂ ਦੀ ਪ੍ਰਤੀਕਾਤਮਕ ਅਭਿਵਿਅਕਤੀ (ਭਾਰਤੀ ਇਤਿਹਾਸ ਵਿਚ ਨਾਰੀ ਦੀ ਸਥਿਤੀ, ਭਾਰਤੀ ਮਿਥਿਹਾਸ ਵਿਚ ਨਾਰੀ ਦੇ ਵਿਭਿੰਨ ਰੂਪ, ਸਿੱਖ ਇਤਿਹਾਸ ਵਿਚ ਪੇਸ਼ ਨਾਰੀ ਦਾ ਰੂਪ ਤੇ ਪ੍ਰਤੀਕਾਤਮਕਤਾ), ਤੀਜੇ ਵਿਚ ਗੁਰੂ ਨਾਨਕ ਬਾਣੀ ਵਿਚ ਨਾਰੀ ਮੁਖੀ ਰੂਪਕਾਂ ਦੀ ਸਿਰਜਣਾਤਮਿਕ ਤੇ ਵਿਭਿੰਨ ਸੰਦਰਭ (ਨਾਨਕ ਬਾਣੀ ਵਿਚ ਨਾਰੀ ਮੁਖੀ ਰੂਪਕਾਂ ਦੀ ਸਿਰਜਣਕਾਰੀ, ਮਾਨਵੀ ਰਿਸ਼ਤਿਆਂ ਦੇ ਸੰਦਰਭ ਵਿਚ ਵਰਤੇ ਗਏ ਰੂਪਕਾਂ ਦਾ ਅਧਿਐਨ, ਸਮਾਜਿਕ ਰਿਸ਼ਤਿਆਂ ਦੇ ਸੰਦਰਭ ਵਿਚ ਵਰਤੇ ਗਏ ਰੂਪਕਾਂ ਦਾ ਅਧਿਐਨ, ਪ੍ਰਕਿਰਤੀ ਦੇ ਸੰਦਰਭ ਵਿਚ ਵਰਤੇ ਗਏ ਰੂਪਕਾਂ ਦਾ ਅਧਿਐਨ, ਮਿਥਿਹਾਸ ਦੇ ਸੰਦਰਭ ਵਿਚ ਵਰਤੇ ਗਏ ਰੂਪਕਾਂ ਦਾ ਅਧਿਐਨ) ਅਤੇ ਚੌਥੇ ਵਿਚ ਗੁਰੂ ਨਾਨਕ ਬਾਣੀ ਵਿਚ ਨਾਰੀ ਮੁਖੀ ਰੂਪਕਾਂ ਦੀ ਕਾਵਿ ਸੰਚਾਰ ਯੋਜਨਾ (ਸੰਚਾਰ ਤੇ ਵਿਚਾਰਧਾਰਾ, ਕਾਵਿ ਭਾਸ਼ਾ ਦੀ ਸਿਰਜਣਾ) ਨੂੰ ਪ੍ਰਮੁੱਖਤਾ ਨਾਲ ਆਂਕਿਆ ਹੈ। ਇਸ ਤਰ੍ਹਾਂ ਲੇਖਿਕਾ ਨੇ ਗੁਰੂ ਨਾਨਕ ਬਾਣੀ ਵਿਚ ਪ੍ਰਸਤੁਤ ਹੁੰਦੇ ਵੱਖ-ਵੱਖ ਰੂਪਾਂ ਰਾਹੀਂ ਨਾਰੀ ਦੇ ਰੂਪਕ ਨੂੰ ਸਮਝਣ ਸਮਝਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਇਹ ਕਿਤਾਬ ਉਸ ਦੇ ਪੀ.ਐਚ.ਡੀ. ਦੇ ਖੋਜ ਪ੍ਰਬੰਧ ਦਾ ਸੋਧਿਆ ਰੂਪ ਹੈ, ਜਿਸ ਨੂੰ ਹਵਾਲੇ, ਟਿੱਪਣੀਆਂ ਤੇ ਪੁਸਤਕ ਸੂਚੀ ਸਹਿਤ ਪ੍ਰਸਤੁਤ ਕੀਤਾ ਗਿਆ ਹੈ।


-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015


ਸ਼ੇਅਰ ਮਾਰਕੀਟ
ਵਿਚੋਂ ਪੈਸੇ ਕਮਾਉਣ ਦੇ ਢੰਗ
ਲੇਖਕ : ਰਿਚਰਡ ਡੀ. ਵਾਈਕਾਫ਼
ਅਨੁਵਾਦਕ : ਸਵਰਨ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 01679233244


ਇਹ ਪੁਸਤਕ ਅਮਰੀਕੀ ਲੇਖਕ ਰਿਚਰਡ ਡੀ. ਵਾਈਕਾਫ਼ ਦੀ ਪੁਸਤਕ 8ow "o "How To Trade And Invest In Stocus And Bonds" ਦਾ ਸਵਰਨ ਵਲੋਂ ਕੀਤਾ ਗਿਆ ਪੰਜਾਬੀ ਅਨੁਵਾਦ ਹੈ। ਲੇਖਕ ਅਮਰੀਕਨ ਸਟਾਕ ਮਾਰਕੀਟ ਨਿਵੇਸ਼ਕ ਅਤੇ 'ਵਾਲ ਸਟਰੀਟ' ਦੇ ਰਸਾਲੇ ਦਾ ਸੰਪਾਦਕ ਸੀ। ਉਹ 'ਸਟਾਕ ਮਾਰਕੀਟ' ਦਾ ਵੀ ਸੰਪਾਦਕ ਸੀ। ਲੋਕ ਰਾਤੋ-ਰਾਤ ਅਮੀਰ ਬਣਨਾ ਲੋਚਦੇ ਹਨ। ਇਸੇ ਲਈ ਉਹ ਸਟਾਕ ਐਕਸਚੇਂਜ, ਬਾਂਡਾਂ, ਸਕਿਉਰਟੀਆਂ ਆਦਿ ਵਿਚ ਅੰਨ੍ਹੇਵਾਹ ਨਿਵੇਸ਼ ਕਰਦੇ ਹਨ। ਬਹੁਤੇ ਲੋਕਾਂ ਨੂੰ ਇਸ ਧੰਦੇ ਦਾ ਕੋਈ ਗਿਆਨ ਨਹੀਂ ਹੁੰਦਾ। ਉਹ ਨਿਰੋਲ ਤੁੱਕੇਬਾਜ਼ ਹੁੰਦੇ ਹਨ। ਕਈਆਂ ਦਾ ਤੀਰ-ਤੁੱਕਾ ਲੱਗ ਵੀ ਜਾਂਦਾ ਹੈ। ਉਨ੍ਹਾਂ ਨੂੰ ਅਚਾਨਕ ਅਮੀਰ ਬਣਿਆ ਦੇਖਦੇ ਦੂਸਰੇ ਲੋਕਾਂ ਨੂੰ ਹੁਲਾਰਾ ਮਿਲਦਾ ਹੈ ਤੇ ਉਹ 'ਬਾਲਟੀਬਾਜ਼ਾਂ' ਦੇ ਚੁੰਗਲ ਵਿਚ ਫਸ ਕੇ ਆਪਣੀ ਉਮਰ ਭਰ ਦੀ ਕਮਾਈ ਡੋਬ ਕੇ, ਤਾ-ਜ਼ਿੰਦਗੀ ਕੱਖੋਂ ਹੌਲੇ ਹੋਏ ਰਹਿੰਦੇ ਹਨ। ਵਾਈਕਾਫ਼ ਨੇ ਪਹਿਲਾਂ ਖ਼ੁਦ ਸਟਾਕਾਂ 'ਚ ਨਿਵੇਸ਼ਕਾਰੀ ਦਾ ਅਨੁਭਵ ਪ੍ਰਾਪਤ ਕੀਤਾ ਤੇ ਫਿਰ ਆਪਣੇ ਰਸਾਲੇ ਰਾਹੀਂ ਹੋਰਨਾਂ ਨਿਵੇਸ਼ਾਂ ਨੂੰ ਲਾਭ ਕਮਾਉਣ ਦੇ ਗੁਰ ਅਤੇ ਢੰਗ ਤਰੀਕੇ ਦੱਸੇ। ਉਸ ਦਾ ਮਕਸਦ ਅਨਾੜੀ ਨਿਵੇਸ਼ਕਾਰਾਂ ਨੂੰ ਬਚਾਉਣਾ ਸੀ। ਨਿਵੇਸ਼ ਬਾਰੇ ਦੱਸਦਿਆਂ ਵਾਈਕਾਫ਼ ਆਖਦਾ ਹੈ ਕਿ ਪਹਿਲਾਂ ਸ਼ੇਅਰ ਅਤੇ ਸਟਾਕ ਦਾ ਰੁਝਾਨ ਪਤਾ ਹੋਣਾ ਚਾਹੀਦਾ ਹੈ। ਫਿਰ ਜ਼ੋਖ਼ਮਾਂ ਨੂੰ ਸੀਮਤ ਕਰਨ ਦਾ ਕੰਮ ਹੁੰਦਾ ਹੈ। ਉਸ ਅਨੁਸਾਰ ਪਹਿਲਾਂ ਤੋਂ ਅਨੁਮਾਨ ਮੁਨਾਫ਼ੇ ਜ਼ੋਖ਼ਮ ਵਿਚ ਪਾਈ ਰਕਮ ਨਾਲੋਂ ਘੱਟੋ-ਘੱਟ ਤਿੰਨ ਜਾਂ ਚਾਰ ਗੁਣੇ ਹੋਣੇ ਚਾਹੀਦੇ ਹਨ। ਵਿਅਕਤੀ ਨੂੰ ਮੰਡੀ ਵਿਚ ਖੁੱਲ੍ਹ ਕੇ ਵਪਾਰ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਵਪਾਰ ਸਰਗਰਮ ਸਟਾਕਾਂ ਵਿਚ ਹੋਣਾ ਚਾਹੀਦਾ ਹੈ। ਵਪਾਰ ਨੂੰ ਲਗਾਤਾਰ ਚਲਦੇ ਰੱਖਣਾ ਚਾਹੀਦਾ ਹੈ। ਵਾਈਕਾਫ਼ ਦਾ ਕਹਿਣਾ ਹੈ ਕਿ ਨਿਵੇਸ਼ ਕਰਦਿਆਂ ਮੁੱਖ ਗੱਲ ਸਮਝਦਾਰੀ ਦੀ ਹੁੰਦੀ ਹੈ। ਪਹਿਲਾਂ ਸਟਾਕ ਅਤੇ ਸ਼ੇਅਰ ਬਾਰੇ ਪੂਰੀ-ਪੂਰੀ ਜਾਣਕਾਰੀ ਹਾਸਲ ਕਰੋ ਤੇ ਫਿਰ ਸੋਚ-ਵਿਚਾਰ ਕੇ ਨਿਵੇਸ਼ ਕਰੋ ਤਦ ਹੀ ਚੰਗੇ ਨਤੀਜਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ। ਨਿਵੇਸ਼ਕਾਰ ਇਸ ਪੁਸਤਕ ਦਾ ਚੰਗਾ ਲਾਹਾ ਲੈ ਸਕਦੇ ਹਨ। ਭਾਸ਼ਾ ਸਰਲ ਹੈ।


-ਕੇ. ਐਲ. ਗਰਗ
ਮੋਬਾਈਲ : 94635-37050


ਛਿਣ ਕੁ ਦਾ ਵਿੰਗ
ਲੇਖਕ : ਡਾ. ਸਰਬਜੀਤ ਕੌਰ ਸੋਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 107
ਸੰਪਰਕ : 98151-72073


ਡਾ. ਸਰਬਜੀਤ ਕੌਰ ਸੋਹਲ ਬਹੁ-ਵਿਧਾਈ ਲੇਖਿਕਾ ਹੈ। ਉਹ ਕਵਿਤਾ, ਆਲੋਚਨਾ, ਕਹਾਣੀਆਂ ਲਿਖਦੀ ਅਤੇ ਅਨੁਵਾਦ ਦੀ ਦੁਨੀਆ 'ਚ ਵੀ ਗਹਿਰੀ ਤਾਰੀ ਲਾਉਂਦੀ ਮੁਸੱਲਸਲ ਸਾਹਿਤ ਸਿਰਜਣਾ 'ਚ ਜੁਟੀ ਰਹਿੰਦੀ ਹੈ। 'ਛਿਣ ਕੁ ਦਾ ਵਿੰਗ' ਉਸ ਦਾ ਅੱਠਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਸਫ਼ਰ-ਦਰ-ਸਫ਼ਰ' (2010), 'ਐਵੇਂ ਕਿਵੇਂ' (2011), 'ਗੁੰਨ੍ਹੀ ਮਿੱਟੀ' (2013), 'ਕਾਵਿ ਕੁਣਕਾ' (2015), 'ਮੁਹੱਬਤ ਗਿਰੀ' (2016), 'ਐਨੀਮੇਟਿਡ ਰਿਸ਼ਤੇ' (2018) ਅਤੇ 'ਕਿਣਕਾ ਕਿਣਕਾ ਹਿੱਸਾ' (2022) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਕਾਵਿ ਸੰਗ੍ਰਹਿ ਦੇ ਸਮਰਪਣ 'ਚ ਆਏ ਰਜਿੰਦਰ ਸੋਹਲ, ਆਲਮ, ਏਕਮ ਅਤੇ ਅਮਨਪ੍ਰੀਤ, ਸੰਸਾਰਕ ਰਿਸ਼ਤਿਆਂ ਦੇ ਵਿਭਿੰਨ ਪਾਸਾਰਾਂ, ਰੋਕਾਂ-ਟੋਕਾਂ ਅਤੇ ਸੰਭਾਵਨਾਵਾਂ ਵੱਲ ਵਿਅੰਗਾਤਮਕ ਲਹਿਜ਼ੇ 'ਚ ਇਸ ਸੰਗ੍ਰਹਿ ਵਿਚਲੀਆਂ 'ਅੱਜਕਲ੍ਹ ਕੁੜੀਆਂ' ਤੋਂ ਲੈ ਕੇ 'ਜੀਣ ਦੀ ਭੱਲ' ਤੱਕ ਦੀਆਂ 63 ਕਵਿਤਾਰਾਂ 'ਚ ਫੈਲਦੇ ਅਤੇ ਸੁੰਘੜਦੇ ਹਨ। ਇਨ੍ਹਾਂ ਕਵਿਤਾਵਾਂ ਦਾ ਪਾਠ ਕਰਦਿਆਂ ਪਾਠਕ ਆਪਣੇ-ਆਪ ਨੂੰ ਤੀਹਰੇ ਸੰਵਾਦ 'ਚ ਘਿਰਿਆ ਮਹਿਸੂਸ ਕਰੇਗਾ। ਇਹ ਸੰਵਾਦ ਪੂੰਜੀਵਾਦੀ ਵਿਵਸਥਾ ਦੇ ਅੰਤਰਗਤ ਵਿਚਰਦੇ ਮਨੁੱਖ ਦਾ ਦੁਖਾਂਤ ਹੀ ਅਨੁਭਵ ਕੀਤਾ ਜਾ ਸਕਦਾ ਹੈ। ਇਹ ਸੰਵਾਦ 'ਸਵੈ' ਨਾਲ ਅੰਦਰੂਨੀ ਅਤੇ ਬਾਹਰੀ ਹੈ। ਦੂਸਰਾ ਸੰਵਾਦ 'ਮੈਂ' ਅਤੇ 'ਤੂੰ' ਦਾ ਹੈ। ਤੀਸਰਾ ਸੰਵਾਦ ਵਿਚ-ਵਿਚਾਲੇ ਕਿਧਰੇ 'ਉਹ' ਨਾਲ ਵੀ ਹੈ, ਜੋ ਅਤੀਤ ਦੀ ਪਰਛਾਈਂ ਬਣਿਆ ਨਾਲ-ਨਾਲ ਫਿਰਦਾ। ਵਿਚਰਦਾ ਧੱਕੇ ਨਾਲ ਜ਼ਿਹਨ 'ਚ ਆ ਧਮਕਦਾ ਹੈ। ਇਹ ਵਰਤਾਰਾ ਦੁਵੱਲੇ ਮਾਨਵੀ ਸੰਬੰਧਾਂ ਦੀ ਥਾਵੇਂ ਬਹੁ-ਪਰਤੀ ਸੰਬੰਧਾਂ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਬਿਰਤਾਂਤਕ ਪਲ ਪਾਲ ਪਾਠਕ 'ਅਤੀਤ ਦੀ ਸੁਗੰਧੀਆਂ', 'ਮੁਹੱਬਤ', 'ਇਹ ਔਰਤਾਂ', 'ਉਜੜ ਜਾਓ', 'ਅਬਨੋਰਮਲ ਕੁੜੀ', 'ਰਾਤ', 'ਭਾਲ', 'ਚਾਹਤ', 'ਸਹਿਜ ਜਿਉਣ', 'ਜਗਦੇ ਬੁਝਦੇ ਅਸੀਂ', 'ਤਾਮ ਝਾਮ ਪਿਆਰ', 'ਮੈਂ ਸੌਣ ਜਾ ਰਹੀ ਹਾਂ', 'ਮੇਰੇ ਮਰਨ ਉਪਰੰਤ' ਆਦਿ ਕਵਿਤਾਵਾਂ 'ਚ ਸਹਿਜੇ ਹੀ ਅਨੁਭਵ ਕਰ ਸਕਦਾ ਹੈ। ਕੁਝ ਸਤਰਾਂ ਹਾਜ਼ਰ ਹਨ :
ਦਫ਼ਨ ਕਰ ਦੇਣੀਆਂ
ਮੇਰੀਆਂ ਯਾਦਾਂ
ਪਰ ਵੰਡ ਦੇਣੀਆਂ
ਮੇਰੀਆਂ ਕਿਤਾਬਾਂ
ਕਿ ਕਿਤਾਬਾਂ ਦੇ
ਕੋਈ ਘਰ ਨਹੀਂ ਹੁੰਦੇ
(ਪੰਨਾ : 83)
ਡਾ. ਸਰਬਜੀਤ ਕੌਰ ਸੋਹਲ ਦੀ ਕਾਵਿ-ਭਾਸ਼ਾ, ਕਾਵਿ-ਬਿੰਬਾਵਾਲੀ ਸਧਾਰਨ ਸੂਝ ਦੀ ਥਾਵੇਂ ਵਿਅੰਗ ਦੀ ਟੇਡ ਰਾਹੀਂ 'ਸਵੈ' ਨੂੰ ਪਰਖਣ ਦਾ ਮੌਕਾ ਪ੍ਰਦਾਨ ਕਰਦੀ ਹੈ। ਅੰਗਰੇਜ਼ੀ ਭਾਸ਼ਾ ਦੀ ਸ਼ਬਦਾਂ ਵਰਤੋਂ ਕਰਿਔਨ ਭਾਸ਼ਾ ਦਾ ਭਰਮ ਸਿਰਜਦੀ ਹੈ। ਡਾ. ਸਾਹਿਬ ਨੂੰ ਮੁਬਾਰਕ! ਪਾਠਕਾਂ ਤੋਂ ਉਮੀਦ ਕਰਦਾ ਹਾਂ ਕਿ ਉਹ ਇਸ ਕਾਵਿ-ਸੰਗ੍ਰਹਿ ਨੂੰ ਆਪਣਾ ਭਰਪੂਰ ਸਮਰਥਨ ਦੇੇਣਗੇ।


-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096


ਪੁੰਨਿਆਂ
ਲੇਖਕ : ਸੁਖਵਿੰਦਰ ਅੰਮ੍ਰਿਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 88
ਸੰਪਰਕ : sukhwinderamrit@gmail.com


ਗ਼ਜ਼ਲ ਕੇਵਲ ਵਿਚਾਰਾਂ ਦਾ ਆਦਾਨ-ਪ੍ਰਦਾਨ ਹੀ ਨਹੀਂ ਹੁੰਦੀ, ਇਹ ਤਾਂ ਅਰਥਾਂ ਦਾ ਗੁੰਝਲਦਾਰ ਪੈਟਰਨ ਹੁੰਦੀ ਹੈ। ਇਸ ਲਈ ਇਸ ਵਿਧਾ ਦਾ ਗੁੰਝਲਦਾਰ ਪੈਟਰਨ ਸਲਾਹਿਆ ਅਤੇ ਮੁਲਾਂਕਣ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਗ਼ਜ਼ਲ ਅਭਿਧਾ ਅਤੇ ਲਕਸ਼ਣਾ/ਵਿਅੰਜਨਾਂ ਅਰਥਾਂ ਦਾ ਸੁਮੇਲ ਹੁੰਦੀ ਹੈ। ਸੁਖਵਿੰਦਰ ਅੰਮ੍ਰਿਤ ਦੀਆਂ ਗ਼ਜ਼ਲਾਂ ਨੂੰ ਵੀ ਡੂੰਘਾਈ ਨਾਲ ਸਮਝਣਾ ਬਣਦਾ ਹੈ। ਹਥਲੇ ਗ਼ਜ਼ਲ ਸੰਗ੍ਰਹਿ ਵਿਚ ਕਵਿੱਤਰੀ ਨੇ ਜ਼ਿੰਦਗੀ ਦੇ ਰਹੱਸ ਨੂੰ ਬੜੀ ਗਹਿਰਾਈ ਨਾਲ ਸਮਝਣ ਦਾ ਉਪਰਾਲਾ ਕੀਤਾ ਹੈ। ਉਹ ਪੰਜਾਂ ਤੱਤਾਂ (ਹਵਾ, ਮਿੱਟੀ (ਧਰਤੀ, ਮੇਦਨੀ), ਆਕਾਸ਼, ਅੱਗ, ਪਾਣੀ) ਆਦਿ ਦੀ ਬਿੰਬਾਵਲੀ ਦੁਆਰਾ ਵੱਖ-ਵੱਖ ਸ਼ਿਅਰਾਂ ਵਿਚ ਪ੍ਰਯੋਗ ਕਰਦੀ ਹੈ। ਉਸ ਦੀਆਂ ਗ਼ਜ਼ਲਾਂ ਦਾ ਕੇਂਦਰੀ ਸੂਤਰ ਹੀ ਇਹੋ ਹੈ। ਉਹ ਲਿਖਦੀ ਹੈ:
ਅਗਨੀ, ਆਕਾਸ਼, ਮਿੱਟੀ, ਪਾਣੀ, ਹਵਾ ਹੋ ਜਾਣਾ
ਦੁਨੀਆ 'ਚ ਸਭ ਨੇ ਮਿਲਣਾ ਮਿਲ ਕੇ ਜੁਦਾ ਹੋ ਜਾਣਾ
ਮਿਟ ਜਾਣੇ ਅੰਤ ਇਕ ਦਿਨ ਸਭ ਹਰਫ਼ ਰਿਸ਼ਤਿਆਂ ਦੇ
ਇਸ ਜ਼ਿੰਦਗੀ ਨੇ ਮੁੜ ਕੇ ਕੋਰਾ ਸਫਾ ਹੋ ਜਾਣਾ।
ਉਸੇ ਹੀ ਸਰ 'ਚ ਮੁੜ ਕੇ ਰਲ ਜਾਣੀਆਂ ਇਹ ਬੂੰਦਾਂ
ਮਿਟ ਜਾਣੀ ਹੋਂਦ ਸਭ ਦੀ ਸਭ ਨੇ ਖ਼ੁਦਾ ਹੋ ਜਾਣਾ।
(ਪੰਨਾ : 85)
ਇਨ੍ਹਾਂ ਗ਼ਜ਼ਲਾਂ ਦਾ ਗਹਿਨ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਕੁਝ (ਟਾਵੀਆਂ-ਟਾਵੀਆਂ) ਗ਼ਜ਼ਲਾਂ ਨੂੰ ਛੱਡ ਕੇ ਬਾਕੀ ਸਾਰੀਆਂ ਗ਼ਜ਼ਲਾਂ ਵਿਚ ਉਪਰੋਕਤ ਪੰਜ ਤੱਤਾਂ ਦੀਆਂ ਚੋਣਵੀਂ (ਸ਼ਿਅਰਾਂ ਦੀ ਲੋੜ ਅਨੁਸਾਰ) ਬਿੰਬਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ। ਸ਼ਾਇਰੀ ਨੂੰ ਕਵਿੱਤਰੀ ਇਬਾਦਤ ਮੰਨਦੀ ਹੈ। ਇਸੇ ਲਈ ਕਿਹਾ ਜਾ ਸਕਦਾ ਕਿ ਪੰਜਾਬੀ ਸ਼ਾਇਰੀ ਵਿਚ ਸੁਖਵਿੰਦਰ ਦਾ ਰੰਗ ਗੂੜ੍ਹਾ ਅਤੇ ਵਿਲੱਖਣ ਹੈ। ਕਿਧਰੇ-ਕਿਧਰੇ ਉਹ ਪੰਜ ਤੱਤਾਂ ਵਿਚੋਂ ਚੋਣਵੇਂ ਮਨਪਸੰਦ ਤੱਤਾਂ ਦਾ ਮਾਨਵੀਕਰਨ ਵੀ ਕਰ ਜਾਂਦੀ ਹੈ। ਆਮ ਤੌਰ 'ਤੇ ਉਸ ਦੇ ਸ਼ਿਅਰ ਮੈਂ ਵਲੋਂ ਤੂੰ ਨੂੰ ਸੰਬੋਧਨ ਹਨ। ਇਸ ਲਈ ਇਨ੍ਹਾਂ 'ਚ ਸ਼ੈਲੀ ਉੱਤਮ ਪੁਰਖ ਵਲੋਂ ਮੱਧਮ ਪੁਰਖ ਨੂੰ ਜ਼ਿਆਦਾਤਰ ਸੰਬੋਧਨ ਹੈ। 'ਮੁਹੱਬਤ ਦਾ ਜਜ਼ਬਾ' ਸੁਖਵਿੰਦਰ ਦੀ ਗ਼ਜ਼ਲ ਕਲਾ 'ਕਾਵਿ-ਪੈਰਾਡਾਇਮ' ਹੈ। ਉਸ ਦੀਆਂ ਗ਼ਜ਼ਲਾਂ ਵਿਚ 'ਰੇਤਾ' ਜ਼ਿਆਦਾ ਉਡਦਾ ਹੈ। ਸ਼ਾਇਦ ਇਹ 'ਰੇਤਾ' ਟੀ.ਐਸ. ਇਲੀਅਟ ਦੀ ਕਵਿਤਾ 'ਵੇਸਟ ਲੈਂਡ' ਦਾ ਮੈਟਾਫੁਰ ਹੋ ਸਕਦਾ ਹੈ। ਪੰਜ ਤੱਤਾਂ ਤੋਂ ਬਿਨਾਂ ਸੂਰਜ, ਚੰਨ, ਸਿਤਾਰੇ, ਸਵੇਰ, ਸ਼ਾਮ ਆਦਿ ਬਿੰਬਾਵਲੀ ਵੀ ਉਪਲਬਧ ਹੈ। ਉਸ ਦੀਆਂ ਗ਼ਜ਼ਲਾਂ ਦੇ ਬਲਦੇ ਬੋਲਾਂ ਵਿਚੋਂ ਸੇਕ ਮਾਰਦਾ ਹੈ ਪਰ ਉਸ ਦੇ ਮੱਥੇ ਦੀ ਜੋਤ ਚਾਨਣ ਕਰਦੀ ਹੈ। ਉਹ ਅੰਗਿਆਰੇ ਚੁੱਕ ਕੇ ਜ਼ਿੰਦਗੀ ਦਾ ਭਾਰ ਵੰਡਾਉਂਦੀ ਹੈ। ਉਸ ਦੇ ਕਹਿਣਾ ਹੈ ਕਿ ਜੇ ਦੀਵੇ ਬੁਝਦੇ ਨੇ, ਜ਼ਰੂਰੀ ਨਹੀਂ ਹਵਾ ਹੀ ਬੁਝਾਉਂਦੀ ਹੋਵੇ। ਇਸ ਗ਼ਜ਼ਲ ਸੰਗ੍ਰਹਿ ਵਿਚ ਉਹ ਜੀਵਨ ਦੇ ਦੁੱਖਾਂ-ਸੁੱਖਾਂ ਨਾਲ ਸੰਬੰਧ ਜੋੜਦੀ ਹੋਈ ਮਾਨਵ ਦੀ ਜਟਿਲ ਜ਼ਿੰਦਗੀ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਸਮਝਣ ਦਾ ਉਪਰਾਲਾ ਕਰਦੀ ਹੈ। ਇਤਿਹਾਸ, ਮਿਥਿਹਾਸ ਦਾ ਪ੍ਰਯੋਗ ਵੀ ਕਰਦੀ ਹੈ।
ਉਸ ਨੂੰ ਛੰਦਾਂ ਅਤੇ ਬਹਿਰਾਂ 'ਤੇ ਅਬੂਰ ਹਾਸਲ ਹੈ। ਗੱਲ ਕੀ ਸੁਖਵਿੰਦਰ ਦਾ ਸੰਪੂਰਨ ਅਸਤਿੱਤਵ ਉਸ ਦੀ ਸ਼ਾਇਰੀ ਨਾਲ ਇਕਮਿਕ ਹੈ।
ਤਾਰੇ ਵਿਛਣੇ ਸੀ ਤੇਰੇ ਕਦਮਾਂ ਵਿਚ,
ਚੰਨ ਪੁੰਨਿਆ ਦਾ ਨਾਲ ਹੋਣਾ ਸੀ।
ਮੇਰੀ ਹਸਤੀ ਦੇ ਤੰਗ ਦਾਮਨ ਤੋਂ,
ਪਰ ਨਾ ਚਾਨਣ ਸੰਭਾਲ ਹੋਣਾ ਸੀ।
(ਪੰਨਾ : 48)
ਸੁਖਵਿੰਦਰ ਦੀ ਕੋਈ ਵੀ ਗ਼ਜ਼ਲ ਲੈ ਲਵੋ, ਉਸ ਦਾ ਹਰ ਸ਼ਿਅਰ ਸੋਚਣ ਲਈ ਮਜਬੂਰ ਕਰਦਾ ਹੈ। ਸੁਰਜੀਤ ਪਾਤਰ ਨੇ ਸੁਖਵਿੰਦਰ ਦੀ ਮੁਕਤ ਕੰਠ ਨਾਲ ਪ੍ਰਸੰਸਾ ਕੀਤੀ ਹੈ।


-ਡਾ. ਧਰਮ ਚੰਦ ਵਾਤਿਸ਼
vatishdharamchand@gmail.com


ਅਭਿਨੰਦਨ ਗ੍ਰੰਥ
(ਅਕਾਲੀ ਫੂਲਾ ਸਿੰਘ ਸ਼ਹੀਦ)
ਸੰਪਾਦਕ : ਦਿਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਬੁੱਢਾ ਦਲ, ਪੰਜਵਾਂ ਤਖ਼ਤ ਨਿਹੰਗ ਸਿੰਘਾਂ, ਪੰਜਾਬ
ਮੁੱਲ : 550 ਰੁਪਏ, ਸਫ਼ੇ 484
ਸੰਪਰਕ : 98148-98750


ਸ. ਦਿਲਜੀਤ ਸਿੰਘ ਬੇਦੀ ਦੀ ਪਰਿਪੱਕ ਸੰਪਾਦਨ-ਦ੍ਰਿਸ਼ਟੀ ਅਧੀਨ ਪ੍ਰਕਾਸ਼ਿਤ ਹੋਇਆ ਇਹ ਅਭਿਨੰਦਨ ਪੁਸਤਕ ਲੇਖਣ ਅਤੇ ਪ੍ਰਕਾਸ਼ਨ ਦੀ ਦ੍ਰਿਸ਼ਟੀ ਤੋਂ ਇਕ ਅਨਮੋਲ ਰਚਨਾ ਹੈ। ਪੁਸਤਕ ਦਾ ਢੁਕਵਾਂ ਸਾਈਜ਼, ਕਾਗ਼ਜ਼, ਛਪਾਈ, ਸਜਾਵਟ ਤੇ ਇਲਸਟ੍ਰੇਸ਼ਨ, ਸਮੱਗਰੀ ਦੀ ਚੋਣ ਅਤੇ ਲੇਖਕਾਂ ਦੀ ਰਚਨਾ-ਸਮਰੱਥਾ ਆਦਿਕ ਸਭ ਪਹਿਲੂਆਂ ਵੱਲ ਉਚੇਰੀ ਤਵੱਜੋ ਦੇ ਕੇ ਸ. ਬੇਦੀ ਨੇ ਇਸ ਗ੍ਰੰਥ ਨੂੰ ਇਕ ਸਾਂਭਣਯੋਗ ਸੌਗਾਤ ਬਣਾ ਦਿੱਤਾ ਹੈ। ਆਰੰਭ ਵਿਚ ਸਿੱਖ ਧਰਮ ਦੀਆਂ 14 ਪ੍ਰਮੁੱਖ ਸ਼ਖ਼ਸੀਅਤਾਂ (ਵਰਤਮਾਨ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਤੋਂ ਡਾ. ਬਲਵੀਰ ਸਿੰਘ ਪ੍ਰਧਾਨ ਗੁਰਦੁਆਰਾ ਝੀਰਾ ਸਾਹਿਬ ਬਿਦਰ ਤੱਕ) ਦੇ ਸ਼ੁੱਭ ਸੰਦੇਸ਼ ਅੰਕਿਤ ਹੋਏ ਹਨ। ਉਪਰੰਤ ਸੰਪਾਦਕੀ ਤੋਂ ਬਾਅਦ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਬਾਬਾ ਫੂਲਾ ਸਿੰਘ ਸ਼ਹੀਦ ਦੇ ਜੀਵਨ ਅਤੇ ਕੀਰਤੀ ਬਾਰੇ 42 ਲੇਖ ਹਨ ਅਤੇ ਅੰਤਿਮ ਭਾਗ ਵਿਚ ਨਿਹੰਗ ਸਿੰਘਾਂ ਦੇ ਪਿਛੋਕੜ, ਵਰਤਮਾਨ ਅਤੇ ਬੋਲਿਆਂ ਬਾਰੇ ਅੱਠ ਲੇਖ ਸੰਗ੍ਰਹਿਤ ਹਨ।
ਸ੍ਰੀ ਗੋਬਿੰਦ ਸਿੰਘ ਜੀ ਨੇ ਨਾਂਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਰਵਾਨਾ ਕਰਨ ਸਮੇਂ ਬਾਬਾ ਬਿਨੋਟ ਸਿੰਘ ਨੂੰ ਆਪਣਾ ਨਿਸ਼ਾਨ ਅਤੇ ਨਗਾਰਾ ਦੇ ਕੇ ਬੁੱਢਾ ਦਲ ਦਾ ਪਹਿਲਾ ਜਥੇਦਾਰ ਥਾਪਿਆ ਸੀ। ਮਹਾਰਾਜਾ ਰਣਜੀਤ ਦਾ ਸੂਰਬੀਰ ਜਰਨੈਲ ਅਕਾਲੀ ਫੂਲਾ ਸਿੰਘ ਇਸ ਵਚਿੱਤਰ ਅਕਾਲੀ ਦਲ ਦਾ ਛੇਵਾਂ ਜਰਨੈਲ ਸੀ ਅਤੇ ਵਰਤਮਾਨ ਸਮੇਂ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਅਕਾਲੀ, ਬੁੱਢਾ ਦਲ ਦੇ 14ਵੇਂ ਮੁਖੀ ਹਨ। ਬੁੱਢਾ ਦਲ ਦਾ ਹੈੱਡ-ਕੁਆਰਟਰ ਦਮਦਮਾ ਸਾਹਿਬ ਵਿਖੇ ਹੈ ਪਰ ਉਂਝ ਇਹ 'ਚਲਦਾ ਵਹੀਰ' ਹੈ। ਇਹ ਪੂਰੇ ਵਿਸ਼ਵ ਨੂੰ ਆਪਣਾ ਘਰ ਸਮਝਦਾ ਹੈ। ਇਸ ਪੁਸਤਕ ਦੇ ਲੇਖਕ, ਪੰਜਾਬ ਦੇ ਜਾਣੇ-ਪਛਾਣੇ ਅਤੇ ਪ੍ਰਮਾਣਿਕ ਇਤਿਹਾਸਕਾਰ ਹਨ। ਉਨ੍ਹਾਂ ਨੇ ਅਕਾਲੀ ਫੂਲਾ ਸਿੰਘ ਦੇ ਹਵਾਲੇ ਨਾਲ ਬੁੱਢੇ ਦਲ ਦੀ ਪ੍ਰਮਾਣਿਕਤਾ ਅਤੇ ਪ੍ਰਾਸੰਗਿਕਤਾ ਬਾਰੇ ਬੜੀ ਵਚਨਬੱਧਤਾ ਨਾਲ ਲਿਖਿਆ ਹੈ। ਸਰਦਾਰ ਬੇਦੀ ਨੇ ਇਕ ਇਤਿਹਾਸਕਾਰ ਦੀ ਜ਼ਿੰਮੇਵਾਰੀ ਅਤੇ ਸੰਪਾਦਕ ਦੀ ਭੂਮਿਕਾ ਨੂੰ ਬਾਖ਼ੂਬੀ ਨਿਭਾਇਆ ਹੈ। ਸਮੂਹ ਪੰਜਾਬੀਆਂ ਲਈ ਇਹ ਪੁਸਤਕ ਇਕ ਅਨਮੋਲ ਤੋਹਫ਼ਾ ਹੈ। ਮੈਂ ਉਨ੍ਹਾਂ ਦੀ ਮਿਹਨਤ ਅਤੇ ਨਿਸ਼ਠਾ ਦੀ ਪ੍ਰਸੰਸਾ ਕਰਦਾ ਹਾਂ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਜ਼ਿੰਦਗੀ : ਜ਼ਿੰਦਾਦਿਲੀ
ਲੇਖਿਕਾ : ਕਮਲਜੀਤ ਕੌਰ ਬਾਂਗਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 98146-00562


29 ਨਿਬੰਧਾਂ ਦੀ ਸੰਨ 2022 'ਚ ਪ੍ਰਕਾਸ਼ਿਤ ਹੋਈ ਇਸ ਪੁਸਤਕ ਨੂੰ ਲੇਖਿਕਾ ਨੇ ਉਨ੍ਹਾਂ ਲੋਕਾਂ ਨੂੰ ਸਮਰਪਿਤ ਕੀਤਾ ਹੈ, ਜੋ ਉਸ ਦੇ ਆਦਰਸ਼ ਰਹੇ ਹਨ, ਜਿਨ੍ਹਾਂ ਤੋਂ ਉਹ ਪ੍ਰੇਰਨਾ ਤੇ ਅਗਵਾਈ ਲੈ ਕੇ ਅੱਗੇ ਵਧੀ ਹੈ। ਲੇਖਿਕਾ ਨੇ ਖ਼ੁਦ ਆਪਣੇ ਸਿਰੜ ਅਤੇ ਅਕੀਦੇ ਦੀ ਮਿਸਾਲ ਪੇਸ਼ ਕਰਕੇ ਆਪਣੀਆਂ ਲਿਖਤਾਂ ਦੇ ਮਾਧਿਅਮ ਰਾਹੀਂ ਔਰਤਾਂ ਨੂੰ ਆਪਣੀ ਹੋਂਦ ਦਾ ਝੰਡਾ ਬੁਲੰਦ ਕਰਨ ਦੀ ਚਰਚਾ ਛੇੜੀ ਹੈ। ਉਸ ਦੇ ਨਿਬੰਧਾਂ 'ਚ ਡੂੰਘਾਈ, ਸੰਵੇਦਨਸ਼ੀਲਤਾ, ਸਮਾਜਿਕ ਵਿਵਸਥਾ ਉੱਤੇ ਵਿਅੰਗ ਤੇ ਟਕੋਰਾਂ ਕੀਤੀਆਂ ਹਨ। ਪੁਸਤਕ ਦਾ ਸਿਰਲੇਖ ਹੀ ਪਾਠਕਾਂ 'ਚ ਊਰਜਾ, ਉਤਸ਼ਾਹ ਤੇ ਪ੍ਰੇਰਨਾ ਦਾ ਜਜ਼ਬਾ ਪੈਦਾ ਕਰਦਾ ਹੈ। ਲੇਖਿਕਾ ਦੀਆਂ ਰਚਨਾਵਾਂ ਬਰਸਾਤੀ ਨਦੀ ਨਾਲਿਆਂ ਵਾਂਗ ਨਹੀਂ, ਸਗੋਂ ਪਹਾੜਾਂ ਦੀ ਛਾਤੀ ਨੂੰ ਚੀਰਦੇ ਹੋਏ ਫੁੱਟਦੇ ਸਦੀਵੀਂ ਝਰਨਿਆਂ ਦੀ ਤਰ੍ਹਾਂ ਹਨ, ਜੋ ਕਿ ਸੁੱਕਦੇ ਤੇ ਮੁੱਕਦੇ ਨਹੀਂ ਹਨ। ਪੁਸਤਕ ਦੇ ਨਿਬੰਧ ਪਾਠਕਾਂ ਦੇ ਮਨਾਂ 'ਚ ਹੌਂਸਲਾ ਉਤਸ਼ਾਹ ਅਤੇ ਔਕੜਾਂ ਨਾਲ ਲੜਣ ਦਾ ਅਕੀਦਾ ਪੈਦਾ ਕਰਨ ਦੇ ਨਾਲ-ਨਾਲ ਨਿਰਾਸ਼ਾ 'ਚੋਂ ਨਿਕਲ ਕੇ ਆਸ ਉਮੀਦ ਨਾਲ ਜ਼ਿੰਦਗੀ ਜਿਊਣ ਦਾ ਹੋਕਾ ਦਿੰਦੇ ਹਨ। ਲੇਖਿਕਾ ਦੀਆਂ ਸਾਹਿਤਕ ਖ਼ੂਬੀਆਂ ਦਾ ਇਕ ਪੱਖ ਇਹ ਵੀ ਹੈ ਕਿ ਮੌਲਿਕ ਲਿਖਤਾਂ ਲਿਖਣ ਦੇ ਨਾਲ-ਨਾਲ ਉਹ ਆਲੋਚਨਾ, ਸੰਪਾਦਨਾ ਅਤੇ ਖੋਜ ਵਰਗੇ ਅਹਿਮ ਸਾਹਿਤਕ ਕਾਰਜਾਂ ਦੇ ਖੇਤਰ ਵਿਚ ਵੀ ਕਲਮ ਚਲਾਉਣ ਦੀ ਸਮਰੱਥਾ ਰੱਖਦੀ ਹੈ। ਉਹ ਆਪਣੇ ਨਿਬੰਧਾਂ ਰਾਹੀਂ ਪਾਠਕਾਂ ਨੂੰ ਜਿੱਥੇ ਗਿਆਨ ਵਿਗਿਆਨ ਦਾ ਖਜ਼ਾਨਾ ਮੁਹੱਈਆ ਕਰਵਾਉਂਦੀ ਹੈ ਉਥੇ ਉਹ ਆਪਣੇ ਬਾਗ਼ੀ ਸੁਰਾਂ ਰਾਹੀਂ ਉਨ੍ਹਾਂ ਨੂੰ ਹਾਕਮਾਂ ਦੀ ਆਪਹੁਦਰਾਸ਼ਾਹੀ ਤੇ ਉਨ੍ਹਾਂ ਦੇ ਜ਼ੁਲਮਾਂ ਦੇ ਵਿਰੁੱਧ ਲੜਨ ਤੇ ਖੜ੍ਹਾ ਹੋਣ ਦਾ ਹੋਕਾ ਦੇ ਰਹੀ ਹੈ। ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਲੇਖਿਕਾ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਸ ਦਾ ਹਰ ਨਿਬੰਧ ਜਿਥੇ ਜ਼ਮੀਨੀ ਹਕੀਕਤ ਦੀ ਬਾਤ ਪਾਉਂਦਾ ਹੈ, ਉੱਥੇ ਹਰ ਸ਼ਬਦ ਪ੍ਰੇਰਨਾਮਈ ਸੁਨੇਹੇ ਸਾਂਭੀ ਬੈਠਾ ਹੈ। ਭਾਵੇਂ ਲੇਖਿਕਾ ਦੇ ਨਿਬੰਧਾਂ ਦੀ ਇਹ ਪਹਿਲੀ ਪੁਸਤਕ ਹੈ ਪਰ ਨਿਬੰਧਾਂ ਦੀ ਪੇਸ਼ਕਾਰੀ, ਵਿਸ਼ਿਆਂ ਦੀ ਚੋਣ, ਉਸ ਨੂੰ ਪੇਸ਼ ਕਰਨ ਦੀ ਕਲਾ ਨੂੰ ਵੇਖ ਕੇ ਇੰਝ ਜਾਪਦਾ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਨਾਮੀ ਨਿਬੰਧਕਾਰਾਂ ਦੀ ਕਤਾਰ 'ਚ ਨਜ਼ਰ ਆਵੇਗੀ। ਉਹ ਬਹੁਤ ਹੀ ਸੌਖੇ ਸ਼ਬਦਾਂ 'ਚ ਬਹੁਤ ਹੀ ਗੰਭੀਰ ਮੁੱਦਿਆਂ 'ਤੇ ਗੱਲ ਕਰਦੀ ਵਿਖਾਈ ਦਿੰਦੀ ਹੈ।
ਇਸ ਪੁਸਤਕ ਦੇ ਪਹਿਲੇ ਨਿਬੰਧ ਵਿਚ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਵਿਚ ਜ਼ਿੰਦਗੀ ਦੀ ਸੱਚਾਈ ਨੂੰ ਬੜੀ ਬਾਰੀਕੀ ਨਾਲ ਉਕਰਿਆ ਗਿਆ ਹੈ। ਲੇਖਿਕਾ ਨੇ ਮੌਜੂਦਾ ਸਮੇਂ 'ਚ ਗ਼ਰੀਬ ਵਰਗ ਦੇ ਲੋਕਾਂ ਦੀ ਨਿਰਾਸ਼ਾ ਭਰੀ ਜ਼ਿੰਦਗੀ ਬਾਰੇ ਚਿੰਤਾ ਤੇ ਚਿੰਤਨ ਕਰਦਿਆਂ ਆਪਣਾ ਮਸ਼ਵਰਾ ਪੇਸ਼ ਕੀਤਾ ਕਿ ਉਨ੍ਹਾਂ ਨੂੰ ਜ਼ਿੰਦਗੀ ਜਿਊਣ ਲਈ ਪ੍ਰੇਰਨਾ ਕਿਵੇਂ ਦਿੱਤੀ ਜਾਵੇ। ਇਸ ਪੁਸਤਕ ਨੂੰ ਪੜ੍ਹਦਿਆਂ ਇਹ ਮਹਿਸੂਸ ਹੋਇਆ ਹੈ ਕਿ ਲੇਖਿਕਾ ਹਰ ਰਚਨਾ ਵਿਚ ਇਕ ਉਸਾਰੂ ਸੇਧ ਦੇਣ ਵਿਚ ਸਫਲ ਰਹੀ ਹੈ।


-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136


ਕੋਸੇ ਬੋਲਾਂ ਦੀ ਟਕੋਰ
ਕਵੀ : ਰਘਬੀਰ ਸਿੰਘ ਸੋਹਲ
ਪ੍ਰਕਾਸ਼ਕ : ਟੀ.ਡੀ. ਸੰਨਜ਼, ਮਹਿਤਾ ਚੌਕ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98152-64132


ਹਥਲੀ ਪੁਸਤਕ ਗ਼ਜ਼ਲਾਂ ਅਤੇ ਗੀਤਾਂ ਦਾ ਸੰਗ੍ਰਹਿ ਹੈ। 128 ਸਫ਼ਿਆਂ ਵਿਚ ਪਹਿਲੇ ਹਿੱਸੇ ਵਿਚ 84 ਗ਼ਜ਼ਲਾਂ ਹਨ ਅਤੇ ਪਿਛਲੇ ਹਿੱਸੇ ਵਿਚ 15 ਗੀਤ ਹਨ। ਸ਼ਾਇਰ ਰਘਬੀਰ ਸਿੰਘ ਸੋਹਲ ਜਾਣਿਆ-ਪਛਾਣਿਆ ਚਿਹਰਾ ਹੈ। ਜਿੰਨਾ ਸਰਲ ਅਤੇ ਸਹਿਜ ਉਹ ਆਪ ਹੈ, ਓਨੀਆਂ ਹੀ ਉਸ ਦੀਆਂ ਕਾਵਿ ਰਚਨਾਵਾਂ ਹੁੰਦੀਆਂ ਹਨ। ਸਮਾਂ ਬੜਾ ਬੇਕਿਰਕ ਹੈ ਕਿ ਉਹ ਰਘਬੀਰ ਸਿੰਘ ਕੋਲੋਂ ਉਸ ਦੀ ਪਤਨੀ ਸ੍ਰੀਮਤੀ ਇੰਦਰਜੀਤ ਕੌਰ ਨੂੰ ਖੋਹ ਕੇ ਲੈ ਗਿਆ। ਸੋਹਲ ਉਦਾਸ ਤਾਂ ਬਹੁਤ ਹੋਇਆ, ਪ੍ਰੰਤੂ ਉਸ ਨੇ ਆਪਣੀ ਉਦਾਸੀ ਨੂੰ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਵਿਚ ਢਾਲ ਕੇ ਨਾਮਣਾ ਖੱਟਿਆ। ਉਹ ਸਾਦਗੀ ਨਾਲ ਤੇ ਸਰਲ ਭਾਸ਼ਾ ਨਾਲ ਪਾਠਕਾਂ ਦੇ ਸਨਮੁੱਖ ਹੁੰਦਾ ਹੈ ਤੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਵਿਡੰਬਨਾਵਾਂ ਨੂੰ ਮੁਖ਼ਾਤਬ ਹੁੰਦਾ ਹੈ। ਭਾਵੇਂ ਸੋਹਲ ਆਪਣੀ ਪਤਨੀ ਦੇ ਦੁੱਖ ਵਿਚ ਕਾਫ਼ੀ ਦੁਖੀ ਵੀ ਰਿਹਾ ਪਰ ਫੇਰ ਉਸ ਨੇ ਉਸ ਦੀ ਯਾਦ ਦੀ ਦਰਦ ਆਪਣੇ ਸ਼ਿਅਰਾਂ ਵਿਚ ਢਾਲਣੀ ਅਰੰਭੀ :
ਖਾਲੀ ਹੋ ਗਈਆਂ ਸਭ ਗਲੀਆਂ
ਸਭ ਖੁਸ਼ੀਆਂ ਸੀ ਤੇਰੇ ਨਾਲ
ਅਚਨਚੇਤ ਤੇਰਾ ਰੁਖਸਤ ਹੋਣਾ,
ਸੁੰਨਾ ਹੋ ਗਿਆ ਸ਼ਹਿਰ ਭਮਬੋਰ
ਪਰ ਇਸ ਦੁੱਖ ਨੂੰ ਭੁੱਲ ਕੇ ਤੇ ਜ਼ਰਾ ਪਾਸੇ ਕਰਕੇ ਉਸ ਨੇ ਸਮਾਜ ਵਿਚ ਪਏ ਵਿਗਾੜਾਂ ਨੂੰ ਵੀ ਸ਼ਬਦਾਂ ਦਾ ਜਾਮਾ ਪਹਿਨਾਇਆ :
-ਮਸਤਕ ਭਾਂਬੜ ਗਿਆਨ ਦਾ ਜਦ ਹੋ ਜਾਏ ਪ੍ਰਚੰਡ
ਦੰਭ ਅਧਰਮ ਕੁਫਰ ਦਾ, ਚਲਦਾ ਨਹੀਂ ਪਖੰਡ
-ਮੁੜ੍ਹਕੇ ਨਾਲ ਮਿੱਟੀ ਗੁੰਨ੍ਹ ਕੇ, ਰਤ ਨਾਲ ਸਿੰਜੇ ਖੇਤ
ਜਿੰਦੜੀ ਕਿਸਾਨ ਦੀ ਜਾਊਗੀ, ਮੁਫ਼ਤੋ ਮੁਫ਼ਤੀ ਹੰਢ
-ਮਜ਼੍ਹਬੀ ਜਨੂੰਨ ਨਾ ਕੱਢ ਦਏ ਕੰਨਾਂ ਵਿਚ ਦੀ ਧੂੰਅ
ਫਿਰ ਕਿਉਂ ਨਾ ਚੇਤੇ ਆਊਗੀ ਸੰਨ ਸੰਤਾਲੀ ਦੀ ਵੰਡ
ਉਹ ਆਪਣੀਆਂ ਕਾਵਿ ਰਚਨਾਵਾਂ ਨੂੰ ਹੋਰ ਸੁੰਦਰ ਤੇ ਸਹਿਜਤਾ ਵਿਚ ਢਾਲਣ ਦੇ ਆਹਰ ਵਿਚ ਹੈ :
-ਚੰਗੀ ਗ਼ਜ਼ਲ ਲਿਖਣ ਦੀ ਕੋਸ਼ਿਸ਼,
ਸੋਹਲ ਨਿਰੰਤਰ ਜਾਰੀ ਹੈ
ਸ਼ਾਇਰ ਦੇ ਨਾਲ ਇਸ਼ਕ ਦਾ ਬੂਟਾ ਹੌਲੀ ਹੌਲੀ ਪਰ ਫੁੱਲੇਗਾ
-ਕਰ ਅਕਲ ਨਾਲ ਸੋਹਲ ਵਿਅੰਗਬਾਜ਼ੀ
ਕਿਤੇ ਤੇਰੀ ਵੀ ਅੱਜ ਨਾ ਭੰਡ ਪੈ ਜਾਏ।
ਸੋਹਲ ਦੇ ਗੀਤ ਬਹੁਤ ਮਾਰਮਿਕਤਾ ਭਰਪੂਰ ਤੇ ਦਿਲ ਨੂੰ ਟੁੰਬਣ ਵਾਲੇ ਹਨ। ਉਹ ਨੌਜਵਾਨਾਂ ਨੂੰ ਕਾਵਿਕ ਮੱਤ ਦਿੰਦਾ ਹੈ :
ਦੇਸ਼ ਮੇਰੇ ਦੇ ਗੱਭਰੂ ਮੁੰਡਿਓ
ਕਿਤੇ ਨਸ਼ਿਆਂ 'ਤੇ ਲਗ ਜਾਇਓ ਨਾ
ਤੁਸੀਂ ਨਸ਼ਿਆਂ ਦੇ ਆਦੀ ਹੋ ਕੇ
ਜਿੰਦ ਅਜਾਬ 'ਚ ਪਾ ਦਿਓ ਨਾ
ਸੋਹਲ ਵਿਚਾਰਾਂ-ਵਿਸ਼ਿਆਂ ਪੱਖੋਂ ਵੀ ਅਤੇ ਰੂਪਕ-ਤਕਨੀਕ ਪੱਖੋਂ ਪੂਰਾ ਸੂਰਾ ਹੈ। ਸਮੇਂ ਨਾਲ ਉਹ ਗ਼ਜ਼ਲਾਂ ਤੇ ਗੀਤਾਂ ਦੀ ਬਣਤਰ ਵਿਚ ਉਸਤਾਦੀ ਰੰਗ ਪ੍ਰਾਪਤ ਕਰ ਗਿਆ ਹੈ। ਉਸ ਦੇ ਹਰ ਸ਼ਿਅਰ ਤੇ ਹਰ ਗੀਤ ਵਿਚ ਸਿੱਖਿਆਦਾਇਕ ਮੁਹਾਵਰਾ ਹੈ। ਮੈਂ ਇਸ ਸਾਦਗੀ ਭਰਪੂਰ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਹਥਲੀ ਪੁਸਤਕ ਨੂੰ ਜੀ ਆਇਆਂ ਕਹਿਣ ਵਿਚ ਖੁਸ਼ੀ ਪ੍ਰਤੀਤਦਾ ਹਾਂ।


-ਸੁਲੱਖਣ ਸਰਹੱਦੀ
ਮੋਬਾਈਲ : 94174-84337


ਅਸਫਲ ਸਕੂਲ
ਲੇਖਕ : ਜਾਨ ਹੋਲਟ
ਅਨੁਵਾਦਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250, ਸਫ਼ੇ : 183
ਸੰਪਰਕ : 98153-17028


'ਅਸਫਲ ਸਕੂਲ' ਵਿਦੇਸ਼ੀ ਲੇਖਕ ਜਾਨ ਹੋਲਟ ਦੀ ਸਿੱਖਿਆ ਪ੍ਰਬੰਧ 'ਤੇ ਲਿਖੀ ਗਈ ਪੁਸਤਕ ਦਾ ਬਲਬੀਰ ਲੌਂਗੋਵਾਲ ਵਲੋਂ ਕੀਤਾ ਗਿਆ ਪੰਜਾਬੀ ਅਨੁਵਾਦ ਹੈ। ਇਸ ਵਿਚ ਜਾਨ ਹੋਲਟ ਵਲੋਂ ਸਮੇਂ-ਸਮੇਂ 'ਤੇ ਸਕੂਲੀ ਸਿੱਖਿਆ ਨੂੰ ਲੈ ਕੇ ਲਿਖੇ ਗਏ ਛੋਟੇ-ਵੱਡੇ ਲੇਖਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਾਨ ਹੋਲਟ ਮੰਨਿਆ-ਪ੍ਰਮੰਨਿਆ ਸਿੱਖਿਆ ਸ਼ਾਸਤਰੀ ਹੋਣ ਦੇ ਨਾਲ-ਨਾਲ ਬਾਲ ਮਨੋਵਿਗਿਆਨ ਦਾ ਵੀ ਮਾਹਿਰ ਲੇਖਕ ਹੈ। ਸਤਾਰਾਂ ਅਧਿਆਇ ਵਿਚ ਵੰਡੀ ਗਈ ਇਸ ਪੁਸਤਕ ਵਿਚ ਅਸਲੀ ਸਿੱਖਿਆ ਦੇ ਅਰਥ, ਸਕੂਲ ਬੱਚਿਆਂ ਲਈ ਖ਼ਰਾਬ ਜਗ੍ਹਾ ਹੈ ਸਕੂਲ, ਨੰਬਰਾਂ ਦੀ ਚੂਹਾ ਦੌੜ, ਅਧਿਆਪਕਾਂ ਦੀ ਬੌਲਣ ਦੀ ਪ੍ਰਵਿਰਤੀ, ਪ੍ਰੀਖਿਆ ਦਾ ਭੈਅ, ਸਿੱਖਿਆ ਦੇ ਰਵਾਇਤੀ ਅਰਥ ਅਤੇ ਨਿਯਮਾਂ ਦਾ ਪਛੜੇਵਾਂ, ਬੱਚਿਆਂ ਵਿਚ ਪੜ੍ਹਣ ਪ੍ਰਤੀ ਨਫ਼ਰਤ ਪੈਦਾ ਕਰਨਾ, ਸਕੂਲਾਂ ਦਾ ਪ੍ਰਬੰਧ ਅਤੇ ਕੁਪ੍ਰਬੰਧ, ਅਸੰਭਵ ਪੜ੍ਹਾਈ ਨੂੰ ਪੜ੍ਹਾਉਣਾ, ਭਵਿੱਖ ਲਈ ਸਿੱਖਿਆ, ਬਲੈਕਬੋਰਡ ਦੀ ਗੜਬੜ, ਜੇਲ੍ਹ ਵਿਚ ਬੱਚੇ, ਗੰਭੀਰ ਸਮੱਸਿਆ ਦਾ ਮਜਾਕੀਆ ਸੱਚ, ਭਾਸ਼ਣ, ਪੱਤਰ ਉੱਤੇ ਹਵਾਲਾ ਕਿਤਾਬਾਂ ਰਾਹੀਂ ਲੇਖਕ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚੇ ਉਦੋਂ ਹੀ ਸਭ ਤੋਂ ਚੰਗਾ ਸਿੱਖਦੇ ਹਨ ਜਦ ਉਹ ਖ਼ੁਦ ਕਿਸੇ ਚੀਜ਼ ਨੂੰ ਸਿੱਖਣਾ ਚਾਹੁੰਦੇ ਹਨ। ਉਹ ਕਿਸੇ ਦੇ ਕਹਿਣ 'ਤੇ ਨਹੀਂ ਸਗੋਂ ਆਪਣੀ ਜਗਿਆਸਾ ਸ਼ਾਂਤ ਕਰਨ ਲਈ ਸਿੱਖਦੇ ਹਨ। ਲੇਖਕ ਨੂੰ ਸਿੱਖਣ ਦੀ ਪ੍ਰਕ੍ਰਿਆ ਦੌਰਾਨ ਟੈਸਟਾਂ, ਪ੍ਰੀਖਿਆਵਾਂ ਤੇ ਅੰਕਾਂ ਦੀ ਕੋਈ ਲਾਹੇਵੰਦ ਭੂਮਿਕਾ ਵਿਖਾਈ ਨਹੀਂ ਦਿੰਦੀ। ਉਹ ਇਨ੍ਹਾਂ ਸਭ ਨੂੰ ਸਿੱਖਣ ਦੀ ਪ੍ਰਕਿਰਿਆ ਵਿਚ ਰੁਕਾਵਟ ਮੰਨਦਾ ਹੈ। ਲੇਖਕ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਬੱਚਿਆਂ ਨੂੰ ਬਿਲਕੁਲ ਵੀ ਨਾ ਪੜ੍ਹਾਇਆ ਜਾਵੇ, ਉਹ ਆਪ ਹੀ ਬਿਹਤਰ ਰੂਪ ਵਿਚ ਸੁਹਜਤਾ ਨਾਲ ਪੜ੍ਹਣਾ ਸਿੱਖ ਜਾਣਗੇ। ਸਾਨੂੰ ਸਕੂਲਾਂ ਵਿਚ ਲਗਾਤਾਰ ਉਨ੍ਹਾਂ ਲੋਕਾਂ ਨੂੰ ਬੁਲਾਉਣਾ ਚਾਹੀਦਾ ਹੈ ਜਿਹੜੇ ਅਧਿਆਪਕ ਨਾ ਹੋਣ। ਸਿਰਫ ਬੱਚਿਆਂ ਦੀ ਸਿੱਖਿਆ ਦੀ ਚਿੰਤਾ ਕਰਨ ਵਾਲੇ ਲੋਕਾਂ ਨਾਲ ਬੱਚਿਆਂ ਦਾ ਕੋਈ ਭਲਾ ਨਹੀਂ ਹੋਣ ਵਾਲਾ। ਬੱਚਿਆਂ ਨੂੰ ਆਪਣਾ ਗਿਆਨ ਵਧਾਉਣ ਲਈ ਸਕੂਲੋਂ ਬਾਹਰਲੇ ਸਾਧਨਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਲੇਖਕ ਅਨੁਸਾਰ ਅਸੀਂ ਸਿੱਖਿਆ ਰਾਹੀਂ ਉਨ੍ਹਾਂ ਦੇ ਵਿਕਾਸ ਵਿਚ ਇਕ ਵੱਡਾ ਰੋੜਾ ਖੜ੍ਹਾ ਕੀਤਾ ਹੋਇਆ ਹੈ। ਸਾਨੂੰ ਹਰੇਕ ਬੱਚੇ ਅਤੇ ਉਸ ਵਲੋਂ ਕੀਤੇ ਜਾਣ ਵਾਲੇ ਕਿਸੇ ਵੀ ਲਾਹੇਵੰਦ ਸਮਾਜਿਕ ਕਾਰਜ ਦੇ ਰਾਹ ਵਿਚਲੀਆਂ ਸਾਰੀਆਂ ਰੋਕਾਂ ਨੂੰ ਹਟਾ ਦੇਣਾ ਚਾਹੀਦਾ ਹੈ। ਅਸੀਂ ਜੋ ਵੀ ਕਹਿੰਦੇ ਹਾਂ, ਉਸ ਰਾਹੀਂ ਅਸੀਂ ਸਿੱਖਣ ਅਤੇ ਜਿਊਣ ਨੂੰ ਵੱਖ ਕਰ ਦਿੰਦੇ ਹਾਂ। ਜਦੋਂ ਕਿ ਸਾਨੂੰ ਉਨ੍ਹਾਂ ਨੂੰ ਜੋੜਣ ਦਾ ਯਤਨ ਕਰਨਾ ਚਾਹੀਦਾ ਹੈ। ਬਿਨਾਂ ਸ਼ੱਕ ਜਾਨ ਹੋਲਟ ਨੇ ਅਸਫ਼ਲ ਸਕੂਲ ਰਾਹੀਂ ਸਕੂਲਾਂ ਦੇ ਵਾਤਾਵਰਨ 'ਤੇ ਬਹੁਤ ਹੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਅਤੇ ਇਨ੍ਹਾਂ 'ਤੇ ਓਨੀ ਹੀ ਗੰਭੀਰ ਤੇ ਵਿਸਥਾਰਤ ਚਰਚਾ ਹੋਣੀ ਵੀ ਲਾਜ਼ਮੀ ਹੈ, ਅਸੀਂ ਬੱਚੇ ਤੇ ਅਨੁਸ਼ਾਸਨ ਅਤੇ ਨੈਤਿਕਤਾ ਦੇ ਨਾਂਅ 'ਤੇ ਏਨਾ ਕੁਝ ਨਹੀਂ ਥੋਪ ਸਕਦੇ ਜਿਹੜਾ ਉਸ ਦੀ ਅਗਲੇਰੀ ਜ਼ਿੰਦਗੀ ਲਈ ਸਮੱਸਿਆ ਖੜ੍ਹੀ ਕਰ ਦੇਵੇ। ਇਹ ਹੋ ਵੀ ਰਿਹਾ ਹੈ। ਸਾਡੇ ਸਕੂਲਾਂ ਵਿਚ ਬੱਚਿਆਂ ਦੇ ਮਨਾਂ 'ਚ ਜਿਹੜੇ ਆਦਰਸ਼ ਤੁੰਨੇ ਜਾ ਰਹੇ ਹਨ, ਜਿਹੜੀਆਂ ਮਨੁੱਖੀ ਕਦਰਾਂ-ਕੀਮਤਾਂ ਦੀ ਦੁਹਾਈ ਦਿੱਤੀ ਜਾ ਰਹੀ ਹੈ, ਜਦੋਂ ਉਹ ਵਿਦਿਆਰਥੀ ਸਕੂਲੀ ਤੇ ਕਾਲਜੀ ਜ਼ਿੰਦਗੀ ਤੋਂ ਬਾਹਰ ਆਉਂਦਾ ਹੈ, ਉਸ ਨੂੰ ਪਹਿਲੋਂ ਪੜ੍ਹਿਆ-ਸੁਣਿਆ-ਸਿੱਖਿਆ ਰਟਿਆ ਕੁਝ ਵੀ ਤਾਂ ਨਜ਼ਰ ਨਹੀਂ ਆਉਂਦਾ। ਉਹ ਕੁੰਠਿਤ ਹੁੰਦਾ ਹੈ ਤੇ ਫਿਰ ਆਪਣੇ-ਆਪ ਨੂੰ ਉਸ ਮਾਹੌਲ ਅਤੇ ਕਦਰਾਂ-ਕੀਮਤਾ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਦਾ ਹੈ। ਲੇਖਕ ਦੇ ਉਪਰੋਕਤ ਵਿਚਾਰ ਭਾਰਤ ਤੇ ਵਿਸ਼ੇਸ਼ ਤੌਰ 'ਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਅਤੇ ਰਹਿਤਲ-ਬਹਿਤਲ ਲਈ ਕਿੰਨੇ ਲਾਹੇਵੰਦ ਸਾਬਿਤ ਹੋਣਗੇ, ਇਹ ਤਾਂ ਵਿਦਵਾਨ ਪਾਠਕ ਹੀ ਤੈਅ ਕਰ ਸਕਣਗੇ। ਇਹ ਪੁਸਤਕ ਸਿੱਖਿਆ ਪ੍ਰਬੰਧ ਬਾਰੇ ਸੋਚਣ ਲਈ ਮਜਬੂਰ ਜ਼ਰੂਰ ਕਰਦੀ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964


ਚੁੱਪ ਦਾ ਮਰਮ ਪਛਾਣੀਏ
ਲੇਖਕ : ਮਲਵਿੰਦਰ
ਪ੍ਰਕਾਸ਼ਕ : ਕੈਫੇ ਵਰਲਡ ਜਲੰਧਰ
ਮੁੱਲ : 220 ਰੁਪਏ, ਸਫ਼ੇ : 135
ਸੰਪਰਕ : 97795-91344


ਮਲਵਿੰਦਰ ਸੰਵੇਦਨਸ਼ੀਲ ਤੇ ਜ਼ਹੀਨ ਸ਼ਾਇਰ ਹੈ, ਜਿਸ ਦੀ ਕਾਵਿ-ਕਲਾ ਨੇ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮਲਵਿੰਦਰ ਨੇ ਅੱਠ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਏ ਹਨ। ਉਸ ਦੀ ਪਲੇਠੀ ਵਾਰਤਕ ਪੁਸਤਕ 'ਚੁੱਪ ਦਾ ਮਰਮ ਪਛਾਣੀਏ' ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੈ। ਸਵੈ ਤੇ ਸਮਾਜ ਦੇ ਸਰੋਕਾਰ ਅਧੀਨ 23 ਲੇਖ ਅਤੇ ਪਰਵਾਸ ਦੇ ਸਰੋਕਾਰ ਅਧੀਨ 11 ਲੇਖ ਦਰਜ ਹਨ। ਇਸ ਵਾਰਤਕ ਪੁਸਤਕ ਵਿਚ ਆਰਥਿਕ, ਸਮਾਜਿਕ, ਰਾਜਨੀਤਕ, ਧਾਰਮਿਕ, ਸੱੱਭਿਆਚਾਰਕ, ਵਿਗਿਆਨਕ, ਇਤਿਹਾਸਕ, ਮਨੋ-ਵਿਗਿਆਨਕ ਸਰੋਕਾਰ ਦ੍ਰਿਸ਼ਟੀ-ਗੋਚਰ ਹੁੰਦੇ ਹਨ। ਮਲਵਿੰਦਰ ਦੇ ਜੀਵਨ ਤਜਰਬੇ ਤੇ ਵਿਚਾਰਧਾਰਾ ਲੇਖਾਂ ਵਿਚਲੀ ਵਿਚਾਰ ਜੁਗਤ ਤੋਂ ਉਜਾਗਰ ਹੁੰਦੇ ਹਨ। ਵਿਚਾਰ ਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਹੋਂਦ ਦਾ ਸਵਾਲ, ਸੁਚੱਜ, ਸਿੱਖਿਅਤ ਭਾਸ਼ਾ ਅਤੇ ਸਾਹਿਤ, ਸੰਜਮ ਅਤੇ ਸੁਹਜ, ਵੱਖਰੀ ਤਰ੍ਹਾਂ ਸੋਚਣ ਦੀ ਲੋੜ, ਭੀੜ, ਕਵੀ ਅਤੇ ਭਾਸ਼ਾ ਲੇਖਾਂ ਤੋਂ ਦ੍ਰਿਸ਼ਟੀਗੋਚਰ ਹੁੰਦੀ ਹੈ। ਪੁਸਤਕ ਦੇ ਲੇਖ ਚੁੱਪ ਦੀਆਂ ਤਹਿਆਂ ਖੋਲ੍ਹਣ ਤੇ ਫਰੋਲਣ ਲਈ ਸ਼ਲਾਘਾਯੋਗ ਕਾਰਜ ਕਰਦੇ ਹਨ। ਲੇਖ 'ਸਿੱਖਿਆ ਭਾਸ਼ਾ ਅਤੇ ਸਾਹਿਤ' ਵਿਚਲੀ ਸਟੀਕ ਟਿੱਪਣੀਆਂ 'ਕਿਤਾਬਾਂ ਪਿਆਰ ਕਰਨਾ ਸਿਖਾਉਂਦੀਆਂ ਹਨ। ਇਹ ਕੁਕਨਸ ਵਾਂਗ ਆਪਣੀ ਰਾਖ ਵਿਚੋਂ ਮੁੜ ਜਨਮ ਲੈਣ ਦਾ ਵਲ ਦੱਸਦੀਆਂ ਹਨ...।'
ਲੇਖ 'ਨਾਗ ਦੇ ਸਾਏ ਦਾ ਨਾਗਵਲ' ਵਿਚ ਵਾਰਤਾਕਾਰ ਵਜੋਂ ਵਹਿਮ-ਭਰਮ ਦਾ ਵਿਰੋਧ ਕਰਦੇ ਹੋਏ ਤਰਕਸ਼ੀਲ ਸੁਸਾਇਟੀ ਦੇ ਮੁਖੀ ਨੂੰ ਸਕੂਲ ਵਿਚ ਸੱਦ ਕੇ ਵਿਦਿਆਰਥੀਆਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਆਪਨਾਉਣ ਵੱਲ ਮੋੜਿਆ ਗਿਆ। ਤੱਥਕ ਦ੍ਰਿਸ਼ਟੀਕੋਣ ਮਨੁੱਖ ਲਈ ਬਹੁਤ ਜ਼ਰੂਰੀ ਹੈ। ਲੇਖ ਕਵਿਤਾ ਤੇ ਸਵੈ-ਸੰਵਾਦ, ਵੱਖਰੀ ਤਰ੍ਹਾਂ ਸੋਚਣ ਦੀ ਲੋੜ, ਭੀੜ, ਹੋਂਦ ਦਾ ਸਵਾਲ ਵਿਚ ਜੀਵਨ ਹਯਾਤੀ ਦੇ ਨਿਸ਼ਾਨੇ, ਮੰਤਵ, ਸੰਜਮਤਾ, ਨਿਰਮਲਤਾ ਤੇ ਨਿਰਮਾਣਤਾ, ਚਰਿੱਤਰ ਉਸਾਰੀ ਦੀ ਜੁਗਤ, ਵਿਵਹਾਰਕਤਾ ਦਾ ਪ੍ਰਵਚਨ, ਸੁਹਜ-ਸਵਾਦ ਆਦਿ ਉੱਤੇ ਕੇਂਦਰਿਤ ਕੀਤਾ ਗਿਆ ਹੈ, ਜਿਸ ਸਦਕਾ ਮਨੁੱਖ ਦੇ ਨਵੀਨ ਦ੍ਰਿਸ਼ਟੀਕੋਣ ਦੀ ਉਸਾਰੀ ਹੁੰਦੀ ਹੈ। ਲੇਖ 'ਕਵੀ ਤੇ ਭਾਸ਼ਾ' ਵਿਚ ਭਾਸ਼ਾ ਦੇ ਡਿਜੀਟਲ ਰੂਪ ਉੱਤੇ ਕੇਂਦਰਿਤ ਕੀਤਾ ਹੈ ਤਾਂ ਜੋ ਵਰਤਮਾਨ ਪ੍ਰਸਥਿਤੀਆਂ ਵਿਚ ਭਾਸ਼ਾ ਦੇ ਸੰਚਾਰ ਲਈ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ।
ਮਲਵਿੰਦਰ ਦਾ ਲੇਖ 'ਕਿਛੁ ਸੁਣੀਐ ਕਿਛੁ ਕਹੀਐ' ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫ਼ੀ ਉੱਪਰ ਕੇੇਂਦਰਿਤ ਹੈ। ਗੁਰੂ ਸਾਹਿਬ ਦੇ ਸਿਧਾਂਤ ਤੋਂ ਪ੍ਰੇਰਨਾ ਲਈ ਹੈ। ਵਿਚਾਰਾਂ ਦਾ ਆਦਾਨ-ਪ੍ਰਦਾਨ ਜੀਵਨ ਹਯਾਤੀ ਲਈ ਨਵੀਨ ਰਾਹ ਖੋਲ੍ਹਦਾ ਹੈ। ਲੇਖ 'ਹੋਂਦ ਦਾ ਸਵਾਲ' ਵਿਚ ਸਵੈ-ਪਹਿਚਾਣ, ਸਵੈ-ਹੋਂਦ ਤੇ ਸਵੈ-ਮਾਣ ਉੱਪਰ ਫੋਕਸ ਕੀਤਾ ਗਿਆ ਹੈ। ਮਲਵਿੰਦਰ ਦੇ ਲੇਖਾਂ ਦੀ ਕਲਾਤਮਕਤਾ ਇਹ ਹੈ ਕਿ ਉਸ ਦੀ ਵਾਕ ਬਣਤਰ ਚੁਸਤ, ਮੁਹਾਵਰੇਦਾਰ, ਸੰਜਮਤਾ, ਸਾਦਗੀ, ਸਪੱਸ਼ਟਤਾ ਤੇ ਰਹੱਸਮਈ ਅਨੁਭਵ ਵਾਲੀ ਹੈ। ਲੇਖਾਂ ਵਿਚਲੇ ਵਿਚਾਰ ਪੁਖ਼ਤਗੀ ਦੇ ਲਖਾਇਕ ਹਨ। ਮਲਵਿੰਦਰ ਦੇ ਲੇਖ ਸੰਗ੍ਰਹਿ 'ਚੁੱਪ ਦਾ ਮਰਮ ਪਛਾਣੀਏ' ਨੂੰ ਚਿੰਤਕ ਤੇ ਪਾਠਕ ਜ਼ਰੂਰ ਵਾਚਣਗੇ।


-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810


ਆਖ਼ਰੀ ਮੁਸਕਾਨ
ਕਹਾਣੀਕਾਰ : ਪਰਸ਼ੋਤਮ ਧਾਲੀਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 131
ਸੰਪਰਕ : 94172-01704


ਪਰਸ਼ੋਤਮ ਧਾਲੀਵਾਲ ਦਾ ਕਹਾਣੀ ਸੰਗ੍ਰਹਿ 'ਆਖ਼ਰੀ ਮੁਸਕਾਨ' ਨੂੰ ਪੜ੍ਹਦਿਆਂ ਪਾਠਕ ਇਹ ਮਹਿਸੂਸ ਕਰਦਾ ਹੈ ਕਿ ਇਹ ਕਹਾਣੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਪੇਸ਼ ਕਰਦੀਆਂ ਕਹਾਣੀਆਂ ਹਨ ਪਰ ਨਾਲ ਦੀ ਨਾਲ ਮਨੁੱਖੀ ਮਾਨਸਿਕਤਾ ਦੀ ਤਹਿ ਥੱਲੇ ਛੁਪੀ ਲਾਲਚੀ ਬਿਰਤੀ ਨੂੰ ਵੀ ਪੇਸ਼ ਕਰਦੀਆਂ ਹਨ। ਜਿਵੇਂ ਇਸ ਸੰਗ੍ਰਹਿ ਵਿਚਲੀ ਪਹਿਲੀ ਕਹਾਣੀ 'ਆਖ਼ਰੀ ਮੁਸਕਾਨ' ਵਿਚ ਹੀ ਸੜਕ ਕਿਨਾਰੇ ਡਿੱਗੇ ਵਿਅਕਤੀ ਦੀ ਕਹਾਣੀ ਅਤੇ ਵਸੀਅਤ ਵਿਚ ਸੋਨੇ ਦੀ ਖਾਣ ਦਾ ਵੇਰਵਾ ਸ਼ਹਿਰ ਦੇ ਲੋਕਾਂ ਦਾ ਰਵੱਈਆ ਹੀ ਬਦਲ ਕੇ ਰੱਖ ਦਿੰਦਾ ਹੈ। ਇਸੇ ਤਰ੍ਹਾਂ ਕਲਾਕਾਰੀ ਨੂੰ ਜੇਕਰ ਸਹੀ ਦਿਸ਼ਾ ਮਿਲ ਜਾਵੇ ਤਾਂ ਸੋਨੇ 'ਤੇ ਸੁਹਾਗਾ ਹੋ ਨਿੱਬੜਦੀ ਹੈ, ਜੋ ਸੰਗ੍ਰਹਿ ਵਿਚਲੀ ਕਹਾਣੀ 'ਦੋ ਅਜਨਬੀ' ਵਿਚੋਂ ਪੇਸ਼ ਕੀਤਾ ਗਿਆ ਹੈ। ਇਥੇ ਵੀ ਮਾਨਵੀ ਧਰਾਤਲ ਪਾਤਰਾਂ ਦੇ ਰਵੱਈਏ ਤੋਂ ਉਜਾਗਰ ਹੋ ਜਾਂਦਾ ਹੈ। ਇਸ ਕਹਾਣੀ-ਸੰਗ੍ਰਹਿ ਵਿਚਲੀ ਕਹਾਣੀ, ਜਿਥੇ ਦਾਰਸ਼ਨਿਕ 'ਸੁਕਰਾਤ' ਦੀ ਸੰਵਾਦੀ ਸੁਰ ਵੱਲ ਇਸ਼ਾਰਾ ਕਰਦੀ ਕਹਾਣੀ ਹੈ, ਉਥੇ 'ਕਿਸਮਤ ਦਾ ਖੇਲ' ਕਹਾਣੀ ਆਪਸੀ ਸਾਂਝ ਨੂੰ ਅਤੇ ਮੇਲ ਵਿਛੋੜੇ ਦੀ ਸਥਿਤੀ ਨੂੰ ਪੇਸ਼ ਕਰਦੀ ਹੈ। 'ਜੱਜ ਸਾਹਿਬ ਦਾ ਆਖ਼ਰੀ ਫ਼ੈਸਲਾ' ਜਿਥੇ ਰਿਸ਼ਤਿਆਂ ਦੀ ਕਸ਼ਮਕਸ਼ ਨੂੰ ਪੇਸ਼ ਕਰਦੀ ਕਹਾਣੀ ਹੈ, ਉਥੇ 'ਅੰਤ ਬੁਰੇ ਦਾ ਬੁਰਾ' ਵਾਲੀ ਕਹਾਵਤ ਨੂੰ ਸਿੱਧ ਕਰਦੀ ਹੈ। 'ਕੇਸੂ ਦੇ ਫੁੱਲ' ਕਹਾਣੀ ਮੁਹੱਬਤੀ ਪਲਾਂ ਦੀ ਦਾਸਤਾਨ ਅਤੇ ਇਨਸਾਨੀ ਜਜ਼ਬੇ ਨੂੰ ਪੇਸ਼ ਕਰਦੀ ਕਹਾਣੀ ਹੈ। 'ਵਕਤ ਦੇ ਗ਼ੁਲਾਮ' ਕਹਾਣੀ ਵੀ ਇਸੇ ਹੀ ਤਰਜ਼ ਦੀ ਕਹਾਣੀ ਹੈ ਜਿਥੇ ਵਫ਼ਾ ਅਤੇ ਬੇਵਫ਼ਾਈ ਬਰਾਬਰ ਨਿਭਦੀਆਂ ਜਾਪਦੀਆਂ ਹਨ। 'ਬਾਜ਼ੀ' ਕਹਾਣੀ ਵੀ ਇਸ ਕਹਾਣੀ-ਸੰਗ੍ਰਹਿ ਵਿਚ ਵੱਖਰੇ ਬਿਰਤਾਂਤ ਨੂੰ ਸਿਰਜਦੀ ਹੈ ਜਿੱਥੇ ਅਨੈਤਿਕ ਰਿਸ਼ਤਿਆਂ ਦੀ ਸਥਿਤੀ ਪੇਸ਼ ਹੋਈ ਹੈ। 'ਬਲੀ ਦਾ ਬੱਕਰਾ' ਕਹਾਣੀ ਵਿਚ ਜਿਥੇ ਸਧਾਰਨ ਲੋਕਾਂ ਦੇ ਵਹਿਮਾਂ-ਭਰਮਾਂ ਨੂੰ ਦਰਸਾਇਆ ਗਿਆ, ਉਥੇ ਜਾਨਵਰਾਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਰੱਖਣ ਵਾਲੇ ਮਨੁੱਖ ਸੰਤੂ ਦੀ ਮਾੜੀ ਹਾਲਤ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। 'ਬਾਜ਼ ਦਾ ਹੰਝੂ' ਕਹਾਣੀ ਕੋਮਲ ਕਲਾਵਾਂ ਅਤੇ ਮਨੁੱਖੀ ਜੀਵਨ ਵਿਚ ਇਸ ਦੀ ਅਹਿਮੀਅਤ ਦਾ ਜ਼ਿਕਰ ਛੇੜਦਿਆਂ ਕੁਦਰਤ ਨਾਲ ਇਨ੍ਹਾਂ ਦੇ ਸੁਮੇਲ ਬਾਰੇ ਬਿਰਤਾਂਤ ਸਿਰਜਿਆ ਹੈ। 'ਲਕੀਰਾਂ ਦੀ ਜੰਗ' ਕਹਾਣੀ ਵਿਚ ਮਜ਼੍ਹਬੀ ਕੱਟੜਤਾ, ਇਨਸਾਨੀ ਕਦਰਾਂ-ਕੀਮਤਾਂ ਨੂੰ ਕਿਵੇਂ ਤਹਿਸ-ਨਹਿਸ ਕਰਦੀ ਹੈ, ਦੇ ਬਿਰਤਾਂਤ ਨੂੰ ਪੇਸ਼ ਕਰਦੀ ਕਹਾਣੀ ਹੈ। ਇਨ੍ਹਾਂ ਕਹਾਣੀਆਂ ਵਿਚ ਕੁਦਰਤੀ ਦ੍ਰਿਸ਼ ਦੇ ਬਿਰਤਾਂਤ ਵੀ ਪਾਠਕ ਨੂੰ ਪ੍ਰਭਾਵਿਤ ਕਰਦੇ ਹਨ।


-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


ਆਈਨਾ ਇੰਝ ਬੋਲਿਆ

ਲੇਖਕ : ਰਾਮ ਪ੍ਰਕਾਸ਼ 'ਟੋਨੀ'
ਪ੍ਰਕਾਸ਼ਕ : ਜੋਗਿੰਦਰ ਰਾਮ ਦੁਸਾਂਝ ਪਰਿਵਾਰਕ ਯਾਦਾਂ, ਭਲਾਈ ਟਰੱਸਟ, ਦੁਸਾਂਝ ਕਲਾਂ, ਜਲੰਧਰ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 76963-97246


ਹਥਲਾ ਕਾਵਿ-ਸੰਗ੍ਰਹਿ 'ਆਈਨਾ ਇੰਝ ਬੋਲਿਆ' ਰਾਮ ਪ੍ਰਕਾਸ਼ 'ਟੋਨੀ' ਦਾ ਦੂਜਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪੁਸਤਕ 'ਆਉਣਾ ਕਿਰਤੀ ਦਾ ਰਾਜ' ਪ੍ਰਕਾਸ਼ਿਤ ਹੋ ਚੁੱਕੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਖੌਤੀ ਆਜ਼ਾਦੀ ਦੀ ਪੌਣੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਆਮ ਆਦਮੀ ਦੀ ਨਰਕੋਂ ਭੈੜੀ ਹਾਲਤ ਵਿਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ ਬਲਕਿ ਇਸ ਨਾਲ ਮੁੱਠੀ ਭਰ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੀ ਖੁੱਲ੍ਹ ਜ਼ਰੂਰ ਮਿਲ ਗਈ ਹੈ:
ਕਿਰਤੀ ਦੇ ਵਿਹੜੇ ਵੀ ਫੇਰੀ ਪਾਈਂ ਨੀ ਆਜ਼ਾਦੀਏ।
ਖ਼ੁਸ਼ੀ ਖੇੜੇ ਨਿਆਮਤਾਂ ਲਿਆਈਂ ਨੀ ਆਜ਼ਾਦੀਏ।
ਲੇਖਕ ਦਾ ਲਿਖਣਾ ਹੀ ਮਹੱਤਵਪੂਰਨ ਨਹੀਂ ਹੁੰਦਾ ਬਲਕਿ ਮਹੱਤਵਪੂਰਨ ਤਾਂ ਇਹ ਹੁੰਦਾ ਹੈ ਕਿ ਉਸ ਨੇ ਲਿਖਣਾ ਕੀ ਹੈ। ਭਾਵੇਂ ਬਹੁਤ ਥੋੜ੍ਹੀ ਗਿਣਤੀ ਵਿਚ ਹੀ ਕਿਉਂ ਨਾ ਹੋਣ ਪਰ ਅਜਿਹੇ ਲੇਖਕ ਹਮੇਸ਼ਾ ਹੀ ਰਹੇ ਹਨ, ਜਿਹੜੇ ਸਰਕਾਰੀ ਮਾਨ-ਸਨਮਾਨ ਲਈ ਲਾਲਾਂ ਸੁੱਟਣ ਦੀ ਬਜਾਏ ਹੱਕ-ਸੱਚ ਦੀ ਆਵਾਜ਼ ਬਣਨ ਨੂੰ ਤਰਜੀਹ ਦਿੰਦੇ ਹਨ। ਰਾਮ ਪ੍ਰਕਾਸ਼ ਟੋਨੀ ਕਹਿੰਦੇ ਹਨ ਕਿ ਲੋਕ-ਸਰੋਕਾਰਾਂ ਨੂੰ ਪ੍ਰਣਾਈ ਅਜਿਹੀ ਕਲਿਆਣਕਾਰੀ ਕਵਿਤਾ ਹੀ ਖ਼ੂਬਸੂਰਤ ਹੁੰਦੀ ਹੈ:
ਮੈਂ ਨਹੀਂ ਡਰਾਂਗਾ, ਮੈਂ ਤਾਂ ਲੋਕੋ ਬਗ਼ਾਵਤ ਕਰਾਂਗਾ।
ਨਾ ਡਾਂਗਾਂ, ਨਾ ਤਲਵਾਰਾਂ, ਨਾ ਗੋਲੀਆਂ ਤੋਂ ਡਰਾਂਗਾ।
ਪੁਸਤਕ ਵਿਚ ਸ਼ਾਮਿਲ ਰਾਮ ਪ੍ਰਕਾਸ਼ 'ਟੋਨੀ' ਦੇ ਗੀਤਾਂ ਅਤੇ ਕਵਿਤਾਵਾਂ ਵਿਚ ਆਪਣੇ ਦੇਸ਼ ਦੀ ਮਿੱਟੀ ਦਾ ਮੋਹ ਵੀ ਹੈ ਅਤੇ ਪ੍ਰਦੇਸਾਂ ਵਿਚ ਰੁਲਦੀ ਜਵਾਨੀ ਦਾ ਦਰਦ ਵੀ। ਉਹ ਕਿਰਤੀ ਕਿਸਾਨ ਦੇ ਏਕਤਾ ਦੀ ਗੱਲ ਵੀ ਕਰਦੇ ਹਨ ਅਤੇ ਬਜ਼ੁਰਗਾਂ ਵਲੋਂ ਨਿਰਧਾਰਿਤ ਕੀਤੀ ਬੇਗਮਪੁਰੇ ਦੀ ਉਸਾਰੀ ਦੀ ਵੀ। ਜੀਵਨ ਦੇ ਹਰੇਕ ਪੱਖ ਨੂੰ ਉਨ੍ਹਾਂ ਨੇ ਬੜੀ ਸਹਿਜਤਾ ਅਤੇ ਗੰਭੀਰਤਾ ਨਾਲ ਛੋਹਣ ਦੀ ਸਫ਼ਲ ਅਤੇ ਸੁਚੱਜੀ ਕੋਸ਼ਿਸ਼ ਕੀਤੀ ਹੈ। ਵਿਚਾਰਧਾਰਕ ਪੱਖ ਦੇ ਨਾਲ-ਨਾਲ ਉਨ੍ਹਾਂ ਦੀ ਕਵਿਤਾ ਦਾ ਰੂਪਕ ਪੱਖ ਵੀ ਤਸੱਲੀਬਖ਼ਸ਼ ਹੈ। ਉਮੀਦ ਹੈ ਕਿ ਪਾਠਕ ਇਸ ਪੁਸਤਕ ਦਾ ਪੁਰਜ਼ੋਰ ਸਵਾਗਤ ਕਰਨਗੇ।


-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

16-09-23

ਚੀ ਤੇ ਫੀਦਲ
ਲੇਖਕ : ਏਸੀ ਕਾਰਗਿਲ
ਅਨੁਵਾਦਕ : ਗੁਰਬਚਨ ਸਿੰਘ ਬਰਾੜ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 150 ਰੁਪਏ, ਸਫ਼ੇ :79
ਸੰਪਰਕ : 99151-29747

ਸੰਨ 2023 'ਚ ਪ੍ਰਕਾਸ਼ਿਤ ਅੰਗਰੇਜ਼ੀ ਭਾਸ਼ਾ 'ਚ ਲਿਖੀ ਲੇਖਕ ਏਸੀ ਕਾਰਗਿਲ ਦੀ ਪੁਸਤਕ 'ਚੀ ਤੇ ਫੀਦਲ' ਦਾ ਅਨੁਵਾਦ ਗੁਰਬਚਨ ਸਿੰਘ ਬਰਾੜ ਵਲੋਂ ਕੀਤਾ ਗਿਆ ਹੈ। ਕਮਿਊਨਿਸਟ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਬਾਤ ਪਾਉਂਦਾ 16 ਅੰਕਾਂ 'ਚ ਵੰਡਿਆ ਇਹ ਨਾਟਕ ਪੜ੍ਹਨਯੋਗ ਤੇ ਪ੍ਰੇਰਨਾ ਯੁਕਤ ਹੈ। ਇਸ ਪੁਸਤਕ ਦੇ ਅਨੁਵਾਦ ਕਰਨ ਲਈ ਪ੍ਰੇਰਿਤ ਹੋਣ ਪਿੱਛੇ ਅਨੁਵਾਦਕ ਲੇਖਕ ਦੇ ਇਮਾਨਦਾਰ, ਸੁਹਿਰਦ, ਆਦਰਸ਼ ਅਤੇ ਪ੍ਰਤਿਬੱਧ ਅਧਿਆਪਕ ਹੋਣ ਦੇ ਨਾਲ-ਨਾਲ ਜਥੇਬੰਦਕ ਵਿਚਾਰਧਾਰਾ ਦੇ ਨਾਲ ਪ੍ਰਤੀਬੱਧਤਾ ਨਾਲ ਜੁੜੇ ਹੋਣ ਦੀ ਭਾਵਨਾ ਹੈ। ਉਹ ਆਪਣੇ ਅਧਿਆਪਨ ਸਫ਼ਰ 'ਚ ਖੱਬੇ-ਪੱਖੀ ਵਿਚਾਰਧਾਰਾ ਵਾਲੀ ਅਧਿਆਪਕ ਜਥੇਬੰਦੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਿਹਾ ਹੈ। ਖੱਬੇ-ਪੱਖੀ ਵਿਚਾਰਧਾਰਾ ਦਾ ਹੋਣ ਦੇ ਨਾਲ ਨਾਲ ਉਸ ਨੇ ਕੈਨੇਡਾ 'ਚ ਆ ਕੇ ਵੀ ਰਾਜਨੀਤਕ, ਸੱਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ। ਸਮਾਜਿਕ ਰਿਸ਼ਤਿਆਂ ਨੂੰ ਨਿਭਾਉਣ ਦੇ ਧਨੀ ਇਸ ਅਨੁਵਾਦਕ ਲੇਖਕ ਦਾ ਸਮਾਜਿਕ, ਰਾਜਨੀਤਕ, ਸੱਭਿਆਚਾਰਕ ਅਤੇ ਸਾਹਿਤਕ ਘੇਰਾ ਲੰਬਾ ਚੌੜਾ ਹੈ। ਅਨੁਵਾਦਕ ਲੇਖਕ ਨੂੰ ਕਿਊਬਾ ਦੇ ਇਨਕਲਾਬ ਨੂੰ ਸਫਲ ਬਣਾਉਣ ਲਈ ਫ਼ੀਦਲ, ਕਾਮਤੋਰ, ਚੀ, ਗੁਊਲ ਗਵੇਰਾ, ਹਿਲਡਾ ਗੜੀਆ, ਕਮੀਲੋ ਅਤੇ ਸ਼ੈਲੀਆ ਵਲੋਂ ਨਿਭਾਈ ਭੂਮਿਕਾ ਨੇ ਕਾਫੀ ਪ੍ਰਭਾਵਿਤ ਕੀਤਾ।
ਅਮਰੀਕੀ ਸਾਮਰਾਜ ਤੇ ਉਸ ਦੀ ਖੁਫ਼ੀਆ ਏਜੰਸੀ ਸੀ.ਆਈ.ਏ. ਨੇ ਕਿਊਬਨ ਇਨਕਲਾਬ ਨੂੰ ਕੁਚਲਣ ਦੇ ਸਿਰਤੋੜ ਯਤਨ ਕੀਤੇ ਕਿਉਂਕਿ ਅਮਰੀਕਾ ਨਹੀਂ ਚਾਹੁੰਦਾ ਸੀ ਕਿ ਕਿਊਬਾ 'ਚ ਕੋਈ ਤਬਦੀਲੀ ਆਵੇ ਪਰ ਕਿਊਬਾ ਦੇ ਕ੍ਰਾਂਤੀਕਾਰੀ ਯੋਧਿਆਂ ਨੇ ਅਮਰੀਕਾ ਦੇ ਮਨਸੂਬੇ ਪੂਰੇ ਨਹੀਂ ਹੋਣ ਦਿੱਤੇ। ਅੱਜ ਵੀ ਅਮਰੀਕਾ ਤੇ ਪੱਛਮੀ ਦੇਸ਼ ਕਿਊਬਾ 'ਚ ਆਉਣ ਵਾਲੀ ਤਬਦੀਲੀ ਨੂੰ ਰੋਕਣ ਲਈ ਉਸ ਦੀ ਘੇਰਾਬੰਦੀ ਕਰੀ ਬੈਠੇ ਹਨ। ਇਕ ਛੋਟੇ ਜਿਹੇ ਦੇਸ਼ ਕਿਊਬਾ ਦਾ ਅਮਰੀਕਾ ਸਾਮਰਾਜ ਨਾਲ ਟੱਕਰ ਲੈਣਾ ਅਤੇ ਉਸ ਅੱਗੇ ਨਾ ਝੁਕਣਾ ਦੁਨੀਆ ਦੇ ਬਾਕੀ ਮੁਲਕਾਂ ਲਈ ਇਤਿਹਾਸਕ ਮਿਸਾਲ ਹੈ। ਗੁਰਬਚਨ ਸਿੰਘ ਬਰਾੜ ਵਲੋਂ ਏਸੀ ਕਾਰਗਿਲ ਦਾ ਪੜ੍ਹਨਯੋਗ ਨਾਟਕ (ਨਾਵਲ ਵਰਗਾ ਅੰਗਰੇਜ਼ੀ ਤੋਂ ਪੰਜਾਬੀ 'ਚ ਅਨੁਵਾਦਿਤ ਪੂਰਾ ਨਾਟਕ), ਆਪਣੇ-ਆਪ ਵਿਚ ਇਕ ਇਤਿਹਾਸਿਕ ਦਸਤਾਵੇਜ਼ ਹੈ। ਭਾਵੇਂ ਇਹ ਨਾਟਕ ਮੰਚ ਉੱਤੇ ਖੇਡਣ ਦੇ ਚੌਖਟੇ 'ਚ ਫਿੱਟ ਨਹੀਂ ਹੁੰਦਾ ਪਰ ਕਿਊਬਾ ਦੇ ਇਨਕਲਾਬ ਬਾਰੇ ਮਹਤੱਵਪੂਰਨ ਪੱਖਾਂ ਨੂੰ ਪੇਸ਼ ਕਰਨ ਪੱਖੋਂ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਕਿਊਬਨ ਇਨਕਲਾਬੀ ਯੋਧਿਆਂ ਦੀ ਸੋਚ ਦ੍ਰਿਸ਼ਟੀ ਵਿਚਾਰਧਾਰਾ ਬਾਰੇ ਯਥਾਰਥ ਜਾਣਕਾਰੀ ਪ੍ਰਾਪਤ ਹੋਣਾ ਨਾਟਕ ਦਾ ਵਿਲੱਖਣ ਪੱਖ ਹੈ। ਇਨਕਲਾਬੀ ਯੋਧਿਆਂ ਦੀ ਜ਼ਿੰਦਗੀ ਦੇ ਅਨੇਕਾਂ ਪੱਖਾਂ ਉੱਤੇ ਰੌਸ਼ਨੀ ਬਿਖੇਰਦਾ ਇਹ ਨਾਟਕ ਸਾਹਿਤਕ ਵੀ ਹੈ ਤੇ ਇਤਿਹਾਸਕ ਵੀ। ਇਸ ਨਾਟਕ ਦੇ ਪਾਤਰ ਚੀ ਅਤੇ ਫ਼ੀਦਲ ਕਾਲਪਨਿਕ ਘੱਟ, ਇਤਿਹਾਸਕ ਜ਼ਿਆਦਾ ਹਨ। ਦੁਨੀਆ ਦੇ ਦੂਜੇ ਦੇਸ਼ਾਂ ਲਈ ਚੇਤਨਤਾ ਦੀ ਰੌਸ਼ਨੀ ਜਗਾਉਂਦੇ ਇਹੋ ਜਿਹੇ ਹੋਰ ਨਾਟਕਾਂ ਦਾ ਵੀ ਅਨੁਵਾਦ ਹੋਣਾ ਚਾਹੀਦਾ ਹੈ। ਕਿਸੇ ਵੀ ਰਚਨਾ ਦਾ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਅਨੁਵਾਦ ਕਰਨਾ ਸੌਖਾ ਕੰਮ ਨਹੀਂ ਹੁੰਦਾ ਪਰ ਇਸ ਅਨੁਵਾਦਿਤ ਨਾਟਕ ਨੂੰ ਪੜ੍ਹਦਿਆਂ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਅਨੁਵਾਦਿਤ ਲੇਖਕ ਦੀ ਦੋਹਾਂ ਭਾਸ਼ਾਵਾਂ ਉੱਤੇ ਪੂਰੀ ਪਕੜ ਹੈ। ਉਸ ਨੇ ਘਟਨਾਵਾਂ ਅਤੇ ਪਾਤਰਾਂ ਦੇ ਚਰਿੱਤਰ ਦਾ ਚਿਤਰਣ ਕਰਦਿਆਂ ਢੁਕਵੇਂ ਸ਼ਬਦਾਂ ਦੀ ਵਰਤੋਂ ਕੀਤੀ ਹੈ। ਅਨੁਵਾਦਿਤ ਲੇਖਕ ਆਪਣੇ ਉਦੇਸ਼ ਦੀ ਪੂਰਤੀ ਵਿਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਗਗਨ ਗੋਲਡੀ
ਲੇਖਕ : ਪੂਰਨ ਚੰਦ ਜੋਸ਼ੀ (ਡਾ.)
ਪ੍ਰਕਾਸ਼ਕ : ਖ਼ੁਦ ਲੇਖਕ
ਸਫ਼ੇ : 136, ਮੁੱਲ : 250 ਰੁਪਏ
ਸੰਪਰਕ : 98141-47405

ਡਾ. ਪੂਰਨ ਚੰਦ ਜੋਸ਼ੀ ਦੀ ਹਥਲੀ ਰੀਵਿਊ ਅਧੀਨ ਪੁਸਤਕ 13ਵੀਂ ਹੈ। ਤੇਰਾਂ ਡੰਡੇ ਚੜ੍ਹ ਕੇ ਬੰਦਾ ਮਕਾਨ (ਕੋਠੇ) 'ਤੇ ਚੜ੍ਹ ਜਾਂਦਾ ਹੈ। ਇੰਜ ਹੀ ਡਾ. ਜੋਸ਼ੀ ਦੀ ਸਾਹਿਤਕ ਸਿਰਜਣਾ ਵੱਖੋ-ਵੱਖ ਸਾਹਿਤ-ਵਿਧਾਵਾਂ ਵਿਚ ਗੌਲਣਯੋਗ ਹੈ। ਡਾ. ਜੋਸੀ ਗੂੜ-ਗਿਆਨ ਦਾ ਮਾਲਕ ਹੈ, ਜਿਸ ਨੇ ਉੱਚ ਪ੍ਰੀਖਿਆਵਾਂ ਪਾਸ ਕਰਕੇ ਪੀ.ਸੀ.ਐਸ. ਦੀ ਉਪਾਧੀ ਹਾਸਲ ਕੀਤੀ ਅਤੇ ਪੰਜਾਬ ਸਰਕਾਰ ਦੇ ਸਹਿਕਾਰੀ ਵਿਭਾਗ 'ਚੋਂ ਡਿਪਟੀ ਰਜਿਸਟਰਾਰ ਸੇਵਾ ਮੁਕਤ ਹੋਇਆ। ਉਹ ਹੱਸਦੇ-ਨੱਚਦੇ ਗਾਉਂਦੇ ਪੰਜਾਬ ਦਾ ਮੁਦਈ ਹੈ, ਇਸੇ ਕਰਕੇ ਹਥਲੀ ਪੁਸਤਕ ਗਿੱਧਾ, ਬੋਲੀਆਂ ਤੇ ਟੱਪਿਆਂ ਦੇ ਛੱਜ ਨਾਲ ਭਰੀ ਹੋਈ ਹੈ। ਸਮਾਜ ਦੇ ਹਰ ਵਿਸ਼ੇ ਨਾਲ ਸੰਬੰਧਿਤ ਰਚਨਾਵਾਂ ਬੋਲੀ ਪਾਉਂਦੀਆਂ ਹਨ। ਤੂੜੀ ਦੀ ਪੰਡ 'ਚੋਂ ਸ਼ਬਦਾਂ ਦੇ ਦਾਣੇ ਪਾਠਕਾਂ ਨੇ ਆਪਣੀ ਪਸੰਦ ਅਨੁਸਾਰ ਚੁਗਣੇ ਹਨ। ਅਜੋਕੇ ਸਮਾਜਿਕ ਵਰਤਾਰੇ ਦੇ ਹੋ ਰਹੇ ਪਲੀਤ ਬਿੰਬ ਬਾਰੇ ਉਸ ਦੀ ਫ਼ਿਕਰਮੰਦੀ ਸਲਾਹੁਣਯੋਗ ਹੈ। ਬੋਲੀਆਂ ਤੇ ਟੱਪਿਆਂ 'ਚ ਕਟਾਖਸ਼, ਵਿਅੰਗ ਤੇ ਚੋਭ ਵੀ ਹੈ ਤੇ ਬੇਬਾਕੀ ਵੀ। ਸਮੇਂ ਦੀ ਰਾਜਸੀ ਸੱਤਾ ਵੱਲ ਸਿੱਧੀ ਉਂਗਲ ਉਠਾਈ ਗਈ ਹੈ ਅਤੇ ਪੰਜਾਬੀਆਂ ਨੂੰ ਆਪਣੀ ਗ਼ੈਰਤ ਸਾਂਭਣ ਲਈ ਸੁਚੇਤ ਵੀ ਕੀਤਾ ਗਿਆ ਹੈ। ਪੰਜਾਬੀ ਲੋਕ ਸਾਹਿਤ ਵਿਚ ਬੋਲੀਆਂ ਤੇ ਟੱਪਿਆਂ ਦੀ ਲੋਕਪ੍ਰਿਅਤਾ ਮੁਢਲੇ ਸਮਿਆਂ ਤੋਂ ਹੀ ਲੋਕ ਹਿਰਦਿਆਂ ਵਿਚ ਵਸੀ ਹੋਈ ਹੈ। ਇਹ ਵੰਨਗੀਆਂ ਦਿਲਾਂ ਨੂੰ ਧੂਹ ਪਾਉਂਦੀਆਂ ਹਨ। ਸੱਭਿਆਚਾਰ ਦੇ ਪਛਾਣ-ਚਿੰਨ੍ਹ ਭਾਸ਼ਾ ਦਾ ਖ਼ਜ਼ਾਨਾ ਹੁੰਦੇ ਹਨ। ਇਸ ਪੱਖੋਂ ਲੇਖਕ ਨੇ ਬਹੁਤ ਮਿਹਨਤ ਕਰਕੇ ਆਪਣੀ ਦਿੱਬ-ਦ੍ਰਿਸ਼ਟੀ ਰਾਹੀਂ ਆਪਣੀ ਗੱਲ ਕਹਿਣ ਦਾ ਜ਼ੇਰਾ ਕੀਤਾ ਹੈ, ਵੇਖੋ:
ਗਿੱਧਾ, ਬੋਲੀਆਂ, ਟੱਪੇ ਭੰਗੜਾ ਇਹ ਗਹਿਣੇ
ਪੂਰੀ ਦੁਨੀਆ ਦੇ ਵਿਚ ਪਾਉਣੀਆਂ ਨੇ
ਛਣਕਾਰਾਂ ਪੂਰੇ ਪੰਜਾਬ ਦੀਆਂ
ਵਿਦੇਸ਼ਾਂ ਵਿਚ ਸੁਣਾਉਣੀਆਂ ਨੇ।
ਡਾ. ਭਗਵੰਤ ਸਿੰਘ ਦੇ ਵਿਚਾਰ ਅਨੁਸਾਰ ਡਾ. ਜੋਸ਼ੀ ਨੇ ਇਨ੍ਹਾਂ ਬੋਲੀਆਂ ਤੇ ਟੱਪਿਆਂ ਰਾਹੀਂ ਪੰਜਾਬੀ ਭਾਸ਼ਾ, ਸੱਭਿਆਚਾਰ, ਚੱਜ-ਆਚਾਰ, ਰਸਮ-ਰਿਵਾਜ, ਤਿੱਥ-ਤਿਉਹਾਰਾਂ ਬਾਰੇ ਜਾਣਕਾਰੀ ਦਿੱਤੀ ਹੈ ਤੇ ਪੰਜਾਬ ਦੇ ਸਮੁੱਚੇ ਜਨ-ਜੀਵਨ ਨੂੰ ਵੀ ਹੰਘਾਲਿਆ ਹੈ। ਕਿਤੇ-ਕਿਤੇ ਕਾਵਿਕ ਪੱਖੋਂ ਵੰਨਗੀ ਰੂਪਾਂ ਨੂੰ ਹੋਰ ਮਾਂਜਣ ਦੀ ਲੋੜ ਮਹਿਸੂਸ ਜ਼ਰੂਰ ਹੁੰਦੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਮੋਹ ਦੀਆਂ ਰਿਓੜੀਆਂ
ਲੇਖਿਕਾ : ਉਮਾ ਕਮਲ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ
ਮੁੱਲ : 195 ਰੁਪਏ, ਸਫ਼ੇ : 32
ਸੰਪਰਕ : 94655-73989

ਬਾਲ ਸਾਹਿਤ ਵਿਚ ਕਾਰਜਸ਼ੀਲ ਉਮਾ ਕਮਲ ਦਾ ਨਵਾਂ ਬਾਲ ਕਾਵਿ ਸੰਗ੍ਰਹਿ 'ਮੋਹ ਦੀਆਂ ਰਿਓੜੀਆਂ' ਬਾਲ ਹੱਥਾਂ ਵਿਚ ਆਇਆ ਹੈ, ਜਿਸ ਦੀਆਂ ਕਵਿਤਾਵਾਂ ਵਿਚ ਗਿਆਨ-ਵਿਗਿਆਨ ਸੰਬੰਧੀ ਪਸਾਰਿਆਂ ਅਤੇ ਸੋਚਣੀ ਦੀ ਚਾਸ਼ਨੀ ਘੁਲੀ ਹੋਈ ਹੈ। ਇਹ ਕਵਿਤਾਵਾਂ ਬੱਚਿਆਂ ਨੂੰ ਭੂਤ-ਪ੍ਰੇਤਾਂ, ਜਿੰਨਾਂ-ਰਾਖ਼ਸ਼ਸ਼ਾਂ ਵਰਗੇ ਪ੍ਰਾਸਰੀਰਕ ਪਾਤਰਾਂ ਦੇ ਤਲਿਸਮੀ ਜਾਲ ਜਾਂ ਚਮਤਕਾਰਾਂ ਦੇ ਤਾਣੇ-ਬਾਣੇ ਵਿਚ ਨਹੀਂ ਉਲਝਾਉਂਦੀਆਂ ਸਗੋਂ ਅੰਧਵਿਸ਼ਵਾਸ ਅਤੇ ਵਹਿਮ ਭਰਮ ਦੇ ਹਨੇਰੇ ਨੂੰ ਛੰਡਦੀਆਂ ਹੋਈਆਂ ਦਲੀਲਮਈ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਵਾਤਾਵਰਨ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ। ਉਮਾ ਕਮਲ ਦੀ ਇਕ ਕਵਿਤਾ 'ਵਾਤਾਵਰਨ ਬਚਾਈਏ' ਦੀਆਂ ਕੁਝ ਸਤਰਾਂ ਹਨ :
ਚਾਹੁੰਦੇ ਜੋ ਉਪਜਾਊ ਭੂਮੀ
ਦੇਸੀ ਰੂੜੀ ਪਾ ਲਈਏ।
ਰਸਾਇਣ ਖਾਦਾਂ ਨੂੰ ਨਾ ਵਰਤ ਕੇ
ਆਰਗੈਨਿਕ ਫ਼ਸਲ ਉਗਾ ਲਈਏ।
ਜੇਕਰ ਧੂੰਆਂ ਛੱਡਦੇ ਵਾਹਨ
ਸਮੇਂ ਸਮੇਂ ਸਰਵਿਸ ਕਰਵਾਈਏ।
ਰੁੱਖਾਂ ਨਾਲ ਸਜਾ ਕੇ ਧਰਤੀ
ਪਿਆਰਾ ਵਾਤਾਵਰਣ ਬਚਾਈਏ। (ਸਫ਼ਾ 21)
ਲੇਖਿਕਾ ਨੇ 'ਤਾਰੇ, 'ਪੰਛੀ', 'ਮੇਰਾ ਸਾਈਕਲ', 'ਪ੍ਰਦੂਸ਼ਣ ਰਹਿਤ ਦੀਵਾਲੀ', 'ਪੌਸ਼ਟਿਕ ਆਹਾਰ', 'ਆਓ ਇਕ ਇਕ ਰੁੱਖ ਲਗਾਈਏ', 'ਵੋਟ ਬੜੀ ਅਨਮੋਲ', 'ਸੜਕ ਸੁਰੱਖਿਆ ਨਿਯਮ' ਅਤੇ 'ਫਾਰਮੂਲੇ' ਆਦਿ ਕਵਿਤਾਵਾਂ ਵਿਚ ਵੀ ਬਾਲ ਚੇਤਨਾ ਵਿਚ ਇਜ਼ਾਫ਼ਾ ਕੀਤਾ ਹੈ। 'ਚੂਹੇ ਦਾ ਵਿਆਹ', 'ਦਾੜ੍ਹ ਦਾ ਦਰਦ' ਅਤੇ 'ਸੰਗਤ ਦਾ ਰੰਗ' ਕਾਵਿ-ਕਹਾਣੀਆਂ ਹਾਸਰਸੀ ਵਾਤਾਵਰਣ ਦੀ ਸਿਰਜਣਾ ਕਰਦੀਆਂ ਹਨ। ਚਿੱਤਰਕਾਰ ਸੁਖਮਨ ਸਿੰਘ ਵਲੋਂ ਸਿਰਜਿਆ ਰੰਗਦਾਰ ਟਾਈਟਲ ਬਾਲ ਮਨਾਂ ਨੂੰ ਖਿੱਚਦਾ ਹੈ। ਰੰਗਦਾਰ ਚਿੱਤਰਾਂ ਨਾਲ ਸ਼ਿੰਗਾਰੀ ਅਤੇ ਸੁੰਦਰ ਕਾਗਜ਼ 'ਤੇ ਛਪੀ ਇਹ ਪੁਸਤਕ ਬਾਲ ਪਾਠਕਾਂ ਲਈ ਇਕ ਸੁੰਦਰ ਤੋਹਫ਼ਾ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਬਸਪਾ ਦਾ ਰੋਪੜ ਮੋਰਚਾ-1987
ਲੇਖਕ : ਜਗਦੀਸ਼ ਸਿੰਘ ਹਵੇਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 118
ਸੰਪਰਕ : 79863-19189

ਇਤਿਹਾਸ ਗਵਾਹ ਹੈ ਕਿ ਲੋਕ-ਸੰਘਰਸ਼ ਹਮੇਸ਼ਾ ਹੀ ਚਲਦੇ ਰਹਿੰਦੇ ਹਨ। ਲੋਕ ਆਪਣੇ ਹੱਕਾਂ ਲਈ ਹਮੇਸ਼ਾ ਹੀ ਜੂਝਦੇ ਰਹਿੰਦੇ ਹਨ ਅਤੇ ਇਨ੍ਹਾਂ ਸੰਘਰਸ਼ਾਂ ਤੋਂ ਹੀ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਨਾ ਲੈ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲੋਕ-ਸੰਘਰਸ਼ ਲਈ ਚਲਦੀਆਂ ਲਹਿਰਾਂ ਦਾ ਅੰਗ ਬਣਦੀਆਂ ਰਹਿੰਦੀਆਂ ਹਨ। ਜਗਦੀਸ਼ ਸਿੰਘ ਹਵੇਲੀ ਦੀ ਪੁਸਤਕ 'ਬਸਪਾ ਦਾ ਰੋਪੜ ਮੋਰਚਾ-1987' ਵੀ ਇਸੇ ਤਰ੍ਹਾਂ ਹੀ ਗਾਥਾ ਨੂੰ ਬਿਆਨ ਕਰਦੀ ਪੁਸਤਕ ਹੈ। ਇਹ ਮੋਰਚਾ ਬਸਪਾ ਵਲੋਂ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਵਾਉਣ ਲਈ ਲਗਾਇਆ ਗਿਆ ਸੀ। ਮੋਰਚੇ ਦਾ ਮਕਸਦ ਬੇਜ਼ਮੀਨੇ ਮਜ਼ਦੂਰਾਂ ਦੁਆਰਾ ਸਰਕਾਰ ਕੋਲੋਂ ਕਰਜ਼ੇ ਮੁਆਫ਼ ਕਰਵਾਉਣ ਲਈ ਮੋਰਚਾ ਪੂਰੇ ਯੋਜਨਾਬੱਧ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਸੀ। ਇਸ ਪੁਸਤਕ ਵਿਚ ਮੋਰਚੇ ਵਿਚ ਹਿੱਸਾ ਲੈਣ ਵਾਲੇ ਵਰਕਰਾਂ 'ਤੇ ਸਰਕਾਰ ਵਲੋਂ ਸਖ਼ਤੀ ਵੀ ਵਰਤੀ ਗਈ ਪਰ ਇਹ ਮੋਰਚਾ ਬਸਪਾ ਦੇ ਕੌਮੀ ਪ੍ਰਧਾਨ ਕਾਂਸ਼ੀ ਰਾਮ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ 3 ਮਈ, 1987 ਨੂੰ ਸ਼ੁਰੂ ਕਰਕੇ ਆਪਣੇ ਪੱਧਰ 'ਤੇ ਭੁੱਖ, ਪਿਆਸ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਮੋਰਚੇ ਦੀ ਸਫਲਤਾ ਲਈ ਯਤਨ ਕੀਤੇ। ਪੁਸਤਕ ਵਿਚ ਬਸਪਾ ਦੇ ਹੋਰ ਵੀ ਬਹੁਤ ਸਾਰੇ ਆਗੂਆਂ ਦੇ ਨਾਂਅ ਦਿੱਤੇ ਗਏ ਹਨ, ਜਿਨ੍ਹਾਂ ਨੇ ਇਸ ਮੋਰਚੇ ਵਿਚ ਹਿੱਸਾ ਪਾਇਆ। ਵੱਖ-ਵੱਖ ਸਮਿਆਂ 'ਤੇ ਬਸਪਾ ਆਗੂਆਂ ਦੀਆਂ ਪ੍ਰਸ਼ਾਸਨ ਨਾਲ ਹੋਈਆਂ ਮੀਟਿੰਗਾਂ ਦਾ ਵੀ ਜ਼ਿਕਰ ਇਸ ਪੁਸਤਕ ਵਿਚ ਦਰਜ ਹੈ। ਇਸ ਪੁਸਤਕ ਵਿਚ ਜਿਥੇ ਮੋਰਚੇ ਦੀਆਂ ਰੰਗਦਾਰ ਤਸਵੀਰਾਂ ਮੋਰਚੇ ਬਾਰੇ ਭਾਵਪੂਰਤ ਜਾਣਕਾਰੀ ਪ੍ਰਦਾਨ ਕਰਦੀਆਂ ਹਨ, ਉਥੇ ਮੋਰਚੇ ਨੂੰ ਚਲਾਉਣ ਲਈ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ 'ਤੇ ਗ੍ਰਿਫ਼ਤਾਰੀਆਂ ਦੇਣ ਵਾਲੇ ਵਰਕਰਾਂ ਦੇ ਨਾਂਅ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੋਰਚੇ ਨੂੰ ਦਿਸ਼ਾ-ਨਿਰਦੇਸ਼ ਦੇਣ ਵਾਲੇ ਆਗੂਆਂ ਦੀਆਂ ਰੰਗਦਾਰ ਤਸਵੀਰਾਂ ਵੀ ਪੁਸਤਕ ਦੀ ਸ਼ਾਨ ਹਨ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਤ੍ਰਿਪਤ ਭੱਟੀ ਦੀਆਂ ਚੋਣਵੀਆਂ ਮਿੰਨੀ ਕਹਾਣੀਆਂ
ਸੰਪਾਦਕ : ਡਾ ਹਰਪ੍ਰੀਤ ਸਿੰਘ ਰਾਣਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98885-53162

ਪੰਜਾਬੀ ਮਿੰਨੀ ਕਹਾਣੀ ਨੂੰ ਵੱਖਰੀ ਵਿਧਾ ਦੇ ਤੌਰ 'ਤੇ ਸਥਾਪਿਤ ਕਰਨ ਵਾਲੇ ਸਾਹਿਤਕਾਰਾਂ ਵਿਚ ਤ੍ਰਿਪਤ ਭੱਟੀ ਦਾ ਨਾਂਅ ਸ਼ੁਮਾਰ ਹੈ। ਤ੍ਰਿਪਤ ਭੱਟੀ ਬਹੁਪੱਖੀ ਕਲਮਕਾਰ ਹੈ। ਵੱਖ-ਵੱਖ ਵਿਧਾਵਾਂ ਵਿਚ ਉਸ ਦੇ 3 ਕਾਵਿ-ਸੰਗ੍ਰਹਿ, 3 ਕਹਾਣੀ ਪੁਸਤਕਾਂ, 5 ਵਾਰਤਕ ਕਿਤਾਬਾਂ, 9 ਕਿਤਾਬਾਂ ਦੇ ਅਨੁਵਾਦ ਤੇ 10 ਮਿੰਨੀ ਕਹਾਣੀ-ਸੰਗ੍ਰਹਿ ਹਨ। ਸਿੱਖਿਆ ਵਿਭਾਂਗ ਤੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ ਉਹ ਅਮਰੀਕਾ ਚਲਾ ਗਿਆ। ਯੂ. ਐਸ. ਏ. ਵਿਚ ਲੰਮੇ ਸਮੇਂ ਤੋਂ ਰਹਿਣ ਕਰਕੇ ਉਸ ਨੂੰ ਅਮਰੀਕੀ ਸੱਭਿਆਚਾਰ ਦੀ ਚੰਗੀ ਜਾਣਕਾਰੀ ਹੈ। ਇਸ ਲਈ ਤ੍ਰਿਪਤ ਭੱਟੀ ਦੀ ਮਿੰਨੀ ਕਹਾਣੀ ਵਿਚ ਇਧਰਲੇ ਤੇ ਉਧਰਲੇ (ਪੱਛਮੀ ਸਮਾਜ) ਦੇ ਦੀਦਾਰ ਹੁੰਦੇ ਹਨ। ਤ੍ਰਿਪਤ ਭੱਟੀ ਮਿੰਨੀ ਕਹਾਣੀ ਦਾ ਉਸਤਾਦ ਹੈ। ਉਸ ਨੂੰ ਪਤਾ ਹੈ ਕਿ ਮਿੰਨੀ ਕਹਾਣੀ ਦਾ ਆਕਾਰ ਸੰਖੇਪ ਹੈ। ਸਰਲਤਾ ਮਿੰਨੀ ਕਹਾਣੀ ਦਾ ਗਹਿਣਾ ਹੈ। ਮਿੰਨੀ ਕਹਾਣੀ ਦਾ ਅੰਤ ਪੜ੍ਹ ਕੇ ਪਾਠਕ ਹੈਰਾਨ ਰਹਿ ਜਾਂਦਾ ਹੈ। ਪਾਤਰ ਵੀ ਜ਼ਿਆਦਾ ਨਹੀਂ ਹੁੰਦੇ ਨਾ ਹੀ ਘਟਨਾਵਾਂ ਦੀ ਬਹੁਲਤਾ ਹੁੰਦੀ ਹੈ। ਇਸ ਕਿਸਮ ਦੇ ਸਾਰੇ ਗੁਣ ਤ੍ਰਿਪਤ ਭੱਟੀ ਦੀਆਂ 131 ਚੋਣਵੀਆਂ ਕਹਾਣੀਆਂ ਦੀ ਇਸ ਪੁਸਤਕ ਵਿਚ ਮਿਲਦੇ ਹਨ। ਸੰਪਾਦਕ ਡਾ. ਰਾਣਾ ਨੇ ਚਾਰ ਸਫ਼ਿਆਂ 'ਤੇ ਲੇਖਕ ਤ੍ਰਿਪਤ ਭੱਟੀ ਦੀ ਮਿੰਨੀ ਕਹਾਣੀ ਕਲਾ ਬਾਰੇ ਵਿਸਥਾਰ ਵਿਚ ਲਿਖਿਆ ਹੈ। ਤ੍ਰਿਪਤ ਭੱਟੀ ਦਾ ਪਹਿਲਾ ਮਿੰਨੀ ਕਹਾਣੀ ਸੰਗ੍ਰਹਿ 1995 ਵਿਚ ਛਪਦਾ ਹੈ। ਦੂਸਰਾ 1997 ਵਿਚ ਤੇ ਤੀਸਰਾ ਮਿੰਨੀ ਕਹਾਣੀ-ਸੰਗ੍ਰਹਿ 2000 ਵਿਚ ਅਮਰੀਕਾ ਰਹਿੰਦੇ ਛਪਿਆ। ਇਸ ਤਰ੍ਹਾਂ ਤ੍ਰਿਪਤ ਭੱਟੀ ਪਹਿਲਾ ਪਰਵਾਸੀ ਕਲਮਕਾਰ ਦਾ ਮੌਲਿਕ ਮਿੰਨੀ ਕਹਾਣੀਕਾਰ ਹੈ। ਸੰਪਾਦਿਤ ਮਿੰਨੀ ਕਹਾਣੀ ਪੁਸਤਕ 'ਗੁਆਚੇ ਦਿਨਾਂ ਦੀ ਭਾਲ' ਸੰਪਾ. ਗੁਰਦੀਪ ਸਿੰਘ ਪੁਰੀ 1992 ਵਿਚ ਛਪ ਚੁੱਕੀ ਸੀ। ਇਨ੍ਹਾਂ ਕਹਾਣੀਆਂ ਦੇ ਸਿਰਲੇਖ ਵਧੇਰੇ ਇਕ ਸ਼ਬਦੀ ਹਨ। ਹਿੰਦੂ, ਸਿੱਖ, ਚਿੱਠੀ, ਜਵਾਈ, ਪਹਿਚਾਣ ਇਨਾਮ, ਭਾਲ, ਮਾਪੇ, ਭਵਿੱਖ ਕਦਮ, ਸਲਾਮਤੀ, ਸਲੂਟ, ਭੁੱਖ, ਸਕੂਨ, ਫਾਇਰ, ਟੀਚਰ, ਪਟਾ, ਵਿਡੰਬਨਾ ਆਦਿ। ਸੰਗ੍ਰਹਿ ਵਿਚ 35 ਰਚਨਾਵਾਂ ਦੇ ਸਿਰਲੇਖ ਦੋ, ਤਿੰਨ ਜਾਂ ਚਾਰ ਸ਼ਬਦੀ ਹਨ। ਕਿਸੇ ਸਿਰਲੇਖ ਵਿਚ ਦੁਹਰਾਉ ਨਹੀਂ ਹੈ। ਵਿਸ਼ੇ ਬਹੁਭਾਂਤੀ ਹਨ। ਪਤੀ-ਪਤਨੀ ਰਿਸ਼ਤਾ, ਮਸ਼ੀਨੀ ਜ਼ਿੰਦਗੀ, ਕਾਹਲ, ਬਜ਼ੁਰਗਾਂ ਦਾ ਜੀਵਨ, ਵਿਧਵਾ ਔਰਤ ਦਾ ਸੰਤਾਪ, ਪੰਜਾਬੀ ਮਾਪਿਆਂ ਦੀਆਂ ਸੱਭਿਆਚਾਰਕ ਉਲਝਣਾਂ, ਵਿਗਿਆਨਕ ਸੋਚ, ਮਨੁੱਖੀ ਮਨੋਵਿਗਿਆਨ, ਪੂਰਬੀ ਤੇ ਪੱਛਮੀ ਪੰਜਾਬ ਦੀ ਸਾਂਝ ਆਦਿ ਮਹੱਤਵਪੂਰਨ ਵਿਸ਼ੇ ਹਨ। ਰਚਨਾ 'ਇਹ ਅਮਰੀਕਾ ਹੈ' ਵਿਚ ਪਾਤਰ ਨਕਲੀ ਵਿਆਹ ਲਈ ਮੁੰਡੇ ਦਾ ਬਾਪ ਬਣਦਾ ਹੈ ਕਿਉਂਕਿ ਅਸਲ ਬਾਪ ਇਧਰ ਹੈ।

-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160

ਕਿਰਤ
ਕਵੀ : ਅਮਨ ਜੱਖਲਾਂ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 94782-26980

ਹਥਲੀ ਕਾਵਿ-ਪੁਸਤਕ ਵਿਚ 100 ਦੇ ਕਰੀਬ ਕਵਿਤਾਵਾਂ ਹਨ। ਪਰ ਪੁਸਤਕ ਦੇ ਅਖੀਰ ਵਿਚ ਅਮਨ ਜੱਖਲ ਨੇ ਕੁਝ ਨੀਤੀ ਲੇਖ ਵੀ ਦਿੱਤੇ ਹਨ, ਜਿਨ੍ਹਾਂ ਦੀ ਗਿਣਤੀ 10 ਹੈ। ਕਵੀ ਦੀ ਇਸ ਪੁਸਤਕ ਤੋਂ ਪਹਿਲਾਂ 'ਇਨਸਾਨੀਅਤ' ਨਾਂਅ ਦਾ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕਾ ਹੈ। ਜੱਖਲਾਂ ਦੀਆਂ ਕਵਿਤਾਵਾਂ ਦੀ ਮਨੋਬਿਰਤੀ ਅਤੇ ਪੇਸ਼ਕਾਰੀ ਆਮ ਕਰਕੇ ਕਿਰਤੀਆਂ ਅਤੇ ਕਿਰਤ ਸੱਭਿਆਚਰਕ ਦੇ ਦੁਆਲੇ ਘੁੰਮਦੀ ਹੈ। ਕਵੀ ਕੋਲ ਧਰਮ-ਮਜ਼ਹਬ, ਸਮਾਜ, ਰਾਜਨੀਤੀ ਅਤੇ ਸੱਭਿਆਚਾਰਕ ਅਹਿਸਾਸ ਹਨ, ਜਿਨ੍ਹਾਂ ਨੂੰ ਉਸ ਨੇ ਸਹਿਜ ਸ਼ਬਦਾਂ ਵਿਚ ਕਾਵਿ ਰੂਪ ਵਿਚ ਪ੍ਰਗਟਾਇਆ ਹੈ। ਉਹ 'ਮਾਨਸ ਕੀ ਜਾਤ ਸਭੇ ਏਕੋ ਪਹਿਚਾਨਬੋ' ਵਰਗੀ ਸਰਬ-ਸਾਂਝ ਦਾ ਪੈਰੋਕਾਰ ਹੈ।
'ਹਿੰਦੂ ਮੁਸਲਿਮ, ਸਿੱਖ ਇਸਾਈ, ਬੋਧੀ, ਜੈਨੀ, ਜਹੂਦੀ, ਰਾਧਾ ਸੁਆਮੀ, ਪ੍ਰੇਮੀ ਨਿਰੰਕਾਰੀ, ਆਸਤਿਕ, ਨਾਸਤਿਕ, ਸਭ ਮੇਰੇ ਆਪਣੇ ਹਨ, ਤੇਰਾ ਮੇਰਾ ਤੋਲਣ ਵਾਲੇ, ਨੀਚ ਹਨ...।
ਕਵੀ ਮਹਾਤਮਾ ਬੁੱਧ ਨੂੰ ਬੜੀ ਸਾਦਗੀ ਨਾਲ ਪੇਸ਼ ਕਰਦਿਆਂ ਕਹਿੰਦਾ ਹੈ, 'ਬੁੱਧ, ਨਰਕਾਂ ਤੋਂ ਡਰਨ ਵਾਲੇ, ਕਦੇ ਨਹੀਂ ਹੁੰਦੇ ਅਤੇ ਨਾ ਹੀ, ਸੁਰਗਾਂ ਦੇ ਲਾਲਚੀ, ਉਹ ਹਵਾ ਦੇ ਬੁੱਲ੍ਹੇ ਨਹੀਂ ਹੁੰਦੇ, ਬਸ ਆਏ ਤੇ ਗਏ...।'
ਬਕੌਲ ਅਮਨ ਜੱਖਲਾਂ : 'ਕਿਰਤ' ਸਿਜਦਾ ਹੈ, ਉਨ੍ਹਾਂ ਯੋਧਿਆਂ ਦੇ ਚਰਨਾਂ ਵਿਚ ਜਿਨ੍ਹਾਂ ਦੇ ਹੱਥਾਂ ਨੇ ਸੂਈ ਤੋਂ ਲੈ ਕੇ ਜਹਾਜ਼ ਬਣਾਏ। ਕਵੀ ਜੱਖਲਾਂ ਨੇ ਕਿਰਤ ਨੂੰ ਸਲਾਮੀ ਦਿੱਤੀ ਹੈ। ਕਿਰਤੀਆਂ ਦੀ ਕਾਵਿ-ਵਡਿਆਈ ਕੀਤੀ ਹੈ। ਜੋ ਲੁਟੇਰੇ ਕਿਰਤੀ ਦੇ ਹੱਕ ਮਾਰਦੇ ਹਨ, ਉਨ੍ਹਾਂ ਨੂੰ ਲਲਕਾਰਿਆ ਹੈ। ਉਸ ਦੀਆਂ ਨਿੱਕੀਆਂ-ਨਿੱਕੀਆਂ ਕਵਿਤਾਵਾਂ ਵਿਚ ਵੱਡੇ ਅਰਥ ਨਜ਼ਰੀਂ ਪੈਂਦੇ ਨੇ:
'ਬੋਲਿਆਂ ਦੀ ਮੰਡੀ ਵਿਚ, ਗੂੰਗਿਆਂ ਨੇ ਹੋਕਾ ਦਿੱਤਾ, ਕਹਿੰਦੇ ਅਸੀਂ ਅੰਨ੍ਹਿਆਂ ਨੂੰ ਰੱਬ ਦਿਖਲਾਵਾਂਗੇ, ਗੀਤਾਂ ਦੇ ਵਿਚ ਪੁਰਜੇ ਆਖੋ ਹੋਰਾਂ ਨੂੰ, ਢਿੱਡੋਂ ਜੰਮੀਆਂ ਲਾਹਨਤਾਂ ਤੈਨੂੰ ਪਾਉਣਗੀਆਂ।'
ਕਵੀ ਜੱਖਲ ਲਿਖਦਾ ਹੈ ਇਨ੍ਹਾਂ ਨੇ ਕੁੱਤਿਆਂ ਦਾ ਜੂਠਾ ਨਹੀਂ ਖਾਧਾ, ਇਹ ਇਸ ਕਰਕੇ ਭੌਂਕਦੇ ਹਨ, ਕਿਉਂਕਿ ਭੇਡਾਂ ਚੁੱਪ ਹਨ, ਕੁੱਤੇ ਰਾਹ ਜਾਂਦੀਆਂ, ਬੱਕਰੀਆਂ ਨੂੰ ਨਹੀਂ ਫੜਦੇ, ਬੱਕਰੀਆਂ ਖੁਦ ਚੱਲ ਕੇ ਆਉਂਦੀਆਂ, ਹਲਾਲ ਹੋਣ ਲਈ...।
ਕਵੀ ਨੇ ਟੱਪੇ ਬੜੇ ਭਾਵਪੂਰਤ ਲਿਖੇ ਹਨ ਜਿਵੇਂ: 'ਕੋਈ ਕਰਕੇ ਵਪਾਰ ਗਿਆ, ਰੌਲਾ ਪਾ ਕੇ ਰੋਟੀ ਦਾਲ ਦਾ, ਸਾਨੂੰ ਭੁੱਖਿਆਂ ਮਾਰ ਗਿਆ', 'ਅੱਖ ਖੁੱਲ੍ਹੀ ਤਾਂ ਪਤਾ ਲੱਗਿਆ, ਪੱਥਰ ਸੀ ਆਇਆ ਮਹਿਲ 'ਚੋਂ, ਸਾਡੀ ਕੁੱਲੀ ਉਤੇ ਠਾਹ ਵੱਜਿਆ', 'ਇਕੋ ਰੰਗ ਵਿਚ ਕੇਸ਼ ਰੰਗਣਾ, ਜਿਹੜਾ ਕਰੂ ਗੱਲ ਹੱਕਾਂ ਦੀ, ਟੋਟੇ ਕਰਕੇ ਚੁਰਾਹੇ ਟੰਗਣਾ...।'
ਕਵੀ ਜੱਖਲਾਂ ਦੀਆਂ ਸਾਰੀਆਂ ਕਵਿਤਾਵਾਂ ਕਿਰਤੀਆਂ ਦੀ ਸੁਰਤ ਅੱਖ ਨੂੰ ਖੋਲ੍ਹਦੀਆਂ ਹਨ ਅਤੇ ਲੋਟੂਆਂ ਦੀ ਨਿਸ਼ਾਨਦੇਹੀ ਕਰਦੀਆਂ ਹਨ।
ਪੁਸਤਕ ਦੇ ਅਖੀਰ ਵਿਚ ਜੱਖਲਾਂ ਨੇ ਕੁਝ ਮਿੰਨੀ ਲੇਖ ਦਿੱਤੇ ਹਨ ਜੋ ਕਿ ਮਹੱਤਵਪੂਰਨ ਮੁੱਦਿਆਂ ਨੂੰ ਸੰਵੇਦਨਾ ਸਹਿਤ ਪੇਸ਼ ਕਰਨ ਵਿਚ ਸਫਲ ਕੋਸ਼ਿਸ਼ ਹੈ। ਪੁਸਤਕ ਨੂੰ ਜੀ ਆਇਆਂ ਹੈ।'

-ਸੁਲੱਖਣ ਸਰਹੱਦੀ
ਮੋਬਾਈਲ : 94174-84337.

10-09-23

ਰੰਗ ਆਪੋ ਆਪਣੇ
ਲੇਖਕ : ਸਤਨਾਮ ਸਿੰਘ ਢਾਅ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 550 ਰੁਪਏ, ਸਫ਼ੇ : 394
ਸੰਪਰਕ : 94638-36591

ਸਤਨਾਮ ਸਿੰਘ ਢਾਅ ਦੀਆਂ ਮੁਲਾਕਾਤਾਂ ਦੀ ਇਹ ਤੀਸਰੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਮੁਲਾਕਾਤਾਂ ਦੀਆਂ ਦੋ ਪੁਸਤਕਾਂ (ਡੂੰਘੇ ਵਹਿਣਾਂ ਦੇ ਭੇਦ ਭਾਗ ਪਹਿਲਾ ਅਤੇ ਦੂਜਾ) ਪੰਜਾਬੀ ਪਾਠਕਾਂ ਨੂੰ ਦੇ ਚੁੱਕਾ ਹੈ। ਉਨ੍ਹਾਂ ਪੁਸਤਕਾਂ ਨੂੰ ਬੇਹੱਦ ਹੁੰਗਾਰਾ ਮਿਲਿਆ ਹੈ। ਇਸੇ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਤੀਜੀ ਪੁਸਤਕ (ਰੰਗ ਆਪੋ-ਆਪਣੇ) ਮਾਂ ਬੋਲੀ ਦੀ ਝੋਲੀ ਪਾਈ ਹੈ। ਇਸ ਕਿਤਾਬ ਵਿਚ 10 ਸ਼ਖ਼ਸੀਅਤਾਂ ਨਾਲ ਮੁਲਾਕਾਤ ਕਰਵਾਈ ਗਈ ਹੈ, ਜਿਨ੍ਹਾਂ ਵਿਚੋਂ 4 ਸਵਰਗ ਸਿਧਾਰ ਗਏ ਹਨ। ਵਿਛੋੜਾ ਦੇ ਗਈਆਂ ਸ਼ਖ਼ਸੀਅਤਾਂ ਵਿਚ ਉਲੰਪੀਅਨ ਬਲਬੀਰ ਸਿੰਘ ਸੀਨੀਅਰ, ਲੋਕ ਕਵੀ ਸੰਤੋਖ ਸਿੰਘ ਸੰਤੋਖ, ਡਾ. ਇਕਬਾਲ ਸਿੰਘ ਪੰਨੂੰ-ਮਨੁੱਖੀ ਕਦਰਾਂ-ਕੀਮਤਾਂ ਦਾ ਝੰਡਾ ਬਰਦਾਰ, ਜੀਵ ਵਿਗਿਆਨੀ ਡਾ. ਪੁਸ਼ਪਿੰਦਰ ਜੈਰੂਪ ਸ਼ਾਮਿਲ ਹਨ। ਪਾਠਕਾਂ ਨੂੰ ਅਜਿਹੀ ਹਦਾਇਤ ਕੀਤੀ ਗਈ ਕਿ ਇਨ੍ਹਾਂ ਨੂੰ ਪੜ੍ਹਨ ਸਮੇਂ 'ਹੈ' ਦੀ ਥਾਂ 'ਸੀ' ਸਮਝਿਆ ਜਾਵੇ। ਇਹ ਇੰਟਰਵਿਊਆਂ ਉਨ੍ਹਾਂ ਦੇ ਜੀਵਤ ਸਮੇਂ ਕੀਤੀਆਂ ਗਈਆਂ ਸਨ। ਜੀਵਤ ਸ਼ਖ਼ਸੀਅਤਾਂ ਵਿਚ ਜੁਗਿੰਦਰ ਅਮਰ (ਕਵਿਤਾ ਦਾ ਇੰਜੀਨੀਅਰ), ਡਾ. ਪ੍ਰੀਤਮ ਸਿੰਘ ਕੈਂਬੋ (ਖੋਜ-ਸਮੀਖਿਆਕਾਰ), ਗੁਰਨਾਮ ਢਿੱਲੋਂ (ਕ੍ਰਾਂਤੀਕਾਰੀ ਕਵੀ), ਜਰਨੈਲ ਸਿੰਘ (ਵਿਸ਼ਵੀਕਰਨ ਸਰੋਕਾਰਾਂ ਦਾ ਕਹਾਣੀਕਾਰ), ਸੂਫ਼ੀ ਅਮਰਜੀਤ (ਯੂਨੀਅਨਿਸਟ), ਜਤਿੰਦਰ ਪੰਨੂੰ (ਬੇਬਾਕ ਪੱਤਰਕਾਰ) ਸ਼ਾਮਿਲ ਹਨ। ਮੁਲਾਕਾਤਾਂ ਨੂੰ ਸੰਪਾਦਿਤ ਕਰਦਿਆਂ ਵਿਅਕਤੀਆਂ ਨੂੰ ਉਮਰ ਅਨੁਸਾਰ ਤਰਤੀਬ ਦਿੱਤੀ ਗਈ ਹੈ। ਹਰ ਸ਼ਖ਼ਸੀਅਤ ਦੀ ਪਹਿਲਾਂ ਤਸਵੀਰ ਲਾਈ ਗਈ ਹੈ। ਫਿਰ ਉਸ ਦੀ ਲਿਖਤ ਦਾ ਨਮੂਨਾ ਛਾਪਿਆ ਗਿਆ ਹੈ। ਫਿਰ ਉਸ ਦਾ 'ਬਾਇਓਡਾਟਾ' ਦਿੱਤਾ ਗਿਆ ਹੈ। ਫਿਰ ਇੰਟਰਵਿਊਕਾਰ ਆਪਣੇ ਵਲੋਂ ਉਸ ਦੇ ਜਨਮ ਸਥਾਨ, ਪਰਿਵਾਰਕ ਪਿਛੋਕੜ, ਪ੍ਰਾਪਤ ਵਿੱਦਿਆ, ਉਸ ਉੱਪਰ ਪਏ ਪ੍ਰਭਾਵਾਂ ਦੀ ਜਾਣਕਾਰੀ ਆਪਣੇ ਸ਼ਬਦਾਂ ਵਿਚ ਦਿੰਦਾ ਹੈ। ਇਉਂ ਪਾਠਕਾਂ ਨੂੰ ਮੁਲਾਕਾਤਾਂ ਪੜ੍ਹਨ ਲਈ ਉਤੇਜਿਤ ਕਰਦਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਵਿਦਵਾਨ ਢਾਅ ਉਨ੍ਹਾਂ ਸ਼ਖ਼ਸੀਅਤਾਂ ਦੀ ਦੇਣ ਅਤੇ ਰਚਨਾਵਾਂ ਆਦਿ ਦਾ ਪਹਿਲਾਂ ਹੀ ਅਧਿਐਨ ਕਰ ਚੁੱਕਾ ਹੈ। ਅਜਿਹੇ ਪੂਰਵ ਅਧਿਐਨ/ਜਾਣਕਾਰੀ ਦੁਆਰਾ ਪ੍ਰਸ਼ਨ-ਕਰਤਾ ਨੂੰ ਸਵਾਲ ਕਰਨ ਦੀ ਸੁਵਿਧਾ ਪ੍ਰਾਪਤ ਹੋਣੀ ਸੁਭਾਵਿਕ ਹੈ। ਸ਼ਖ਼ਸੀਅਤਾਂ ਦੇ ਉੱਤਰਾਂ 'ਚੋਂ ਸਹਿਜੇ ਹੀ ਹੋਰ ਪ੍ਰਸ਼ਨ ਪੈਦਾ ਹੁੰਦੇ ਵੇਖੇ ਜਾ ਸਕਦੇ ਹਨ। ਪਰ ਖ਼ੂਬੀ ਇਹ ਹੈ ਕਿ ਜਦੋਂ ਪ੍ਰਸਤੁਤ ਸ਼ਖ਼ਸੀਅਤ ਆਪਣੇ ਲੰਮੇ ਉੱਤਰ ਦੇ ਰਹੀ ਹੁੰਦੀ ਹੈ। ਉਸ ਸਮੇਂ ਇੰਟਰਵਿਊਕਾਰ ਵਿਚਕਾਰੋਂ ਨਹੀਂ ਟੋਕਦਾ। ਇੰਟਰਵਿਊਕਾਰ ਨੂੰ ਸੰਬੰਧਿਤ ਸ਼ਖ਼ਸੀਅਤ ਪਾਸੋਂ ਖੁੱਲ੍ਹਾ ਸਮਾਂ ਲੈਣ ਦਾ ਹੁਨਰ ਹਾਸਿਲ ਹੈ। ਜਦੋਂ ਲਗਭਗ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਜਾ ਚੁੱਕੇ ਹੁੰਦੇ ਹਨ ਤਾਂ ਲੇਖਕ ਲਗਭਗ ਹਰ ਮੁਲਾਕਾਤ ਦੇ ਅੰਤ ਵਿਚ ਇੰਜ ਕਹਿੰਦਾ ਹੈ 'ਕੋਈ ਗੱਲ ਜੋ ਮੈਂ ਪੁੱਛ ਨਾ ਸਕਿਆ ਹੋਵਾਂ ਤੇ ਤੁਸੀਂ ਦੱਸਣੀ ਜ਼ਰੂਰੀ ਸਮਝਦੇ ਹੋਵੋਂ?' ਇੰਝ ਮਿੱਠ ਪਿਆਰ ਨਾਲ ਧੰਨਵਾਦਾਂ ਦੇ ਵਟਾਂਦਰੇ ਨਾਲ ਹਰ ਮੁਲਾਕਾਤ ਬੰਦ ਹੋ ਜਾਂਦੀ ਹੈ। ਇਸ ਪੁਸਤਕ ਦੇ ਅਧਿਐਨ ਤੋਂ ਇੰਝ ਜਾਪਦਾ ਹੈ, ਜਿਵੇਂ ਸਤਨਾਮ ਢਾਅ ਦਾ ਅਧਿਐਨ ਵਿਸ਼ਾਲ ਹੈ। ਉਸ ਨੂੰ ਮਨੋਵਿਗਿਆਨ ਦਾ ਭਰਪੂਰ ਗਿਆਨ ਹੈ।
ਇਸੇ ਗਿਆਨ ਦੁਆਰਾ ਪਾਠਕਾਂ ਦੇ ਸਨਮੁਖ ਸੰਬੰਧਿਤ ਸ਼ਖ਼ਸੀਅਤ ਦੇ 'ਬੰਦੇ ਅੰਦਰ ਬੈਠੇ ਬੰਦੇ' ਨੂੰ ਪੇਸ਼ ਕਰ ਜਾਂਦਾ ਹੈ। ਇਨ੍ਹਾਂ ਇੰਟਰਵਿਊਆਂ ਦੇ ਅਧਿਐਨ ਨਾਲ ਪਾਠਕਾਂ ਨੂੰ ਸਰਬਪੱਖੀ ਗਿਆਨ ਹੋਣਾ ਸੁਭਾਵਿਕ ਹੈ। ਕਈ ਅਜਿਹੀਆਂ ਗੱਲਾਂ ਦਾ ਪਤਾ ਲਗਦਾ ਹੈ ਜਿਨ੍ਹਾਂ ਬਾਰੇ ਹੋਰ ਕਿਸੇ ਸਾਧਨ ਤੋਂ ਜਾਣਕਾਰੀ ਪ੍ਰਾਪਤ ਹੋਣੀ ਅਸੰਭਵ ਜਾਪਦੀ ਹੈ। ਨਿਰੀਖਕ ਅਤੇ ਨਿਰੀਖਿਅਤ ਮੈਂ+ਤੂੰ ਸੰਬੰਧਾਂ ਵਿਚ ਵਿਚਰਦੇ ਵੇਖੇ ਜਾ ਸਕਦੇ ਹਨ। ਸਤਨਾਮ ਢਾਅ ਦੀਆਂ ਅਜਿਹੀਆਂ ਮੁਲਾਕਾਤਾਂ ਨਾਲ ਸਾਹਿਤ ਵਿਚ 'ਮੁਲਾਕਾਤ' ਵੱਖਰੀ ਵਿਧਾ ਵਜੋਂ ਪੱਕੇ ਤੌਰ 'ਤੇ ਸਥਾਪਿਤ ਹੋਣ ਦੀ ਸੰਭਾਵਨਾ ਹੈ। ਕੋਈ ਵੀ ਸੂਝਵਾਨ ਲੇਖਕ ਇਨ੍ਹਾਂ ਮੁਲਾਕਾਤਾਂ ਦੇ ਆਧਾਰ 'ਤੇ ਸੰਬੰਧਿਤ ਸ਼ਖ਼ਸੀਅਤ ਦੀ ਜੀਵਨੀ/ਸ਼ਬਦ ਚਿੱਤਰ/ਰੇਖਾ ਚਿੱਤਰ ਉਲੀਕਣ ਦੇ ਸਮਰੱਥ ਹੋ ਸਕਦਾ ਹੈ। ਇਹ ਮੁਲਾਕਾਤਾਂ ਕਰਨ ਵਾਸਤੇ ਆਹਮੋ-ਸਾਹਮਣੇ, ਈਮੇਲ, ਸਕਾਈਪ ਅਤੇ ਮੋਬਾਈਲ ਫੋਨ ਵਰਗੀਆਂ ਅਨੇਕਾਂ ਸੁਵਿਧਾਵਾਂ ਤੋਂ ਲਾਭ ਉਠਾਇਆ ਗਿਆ ਹੈ। ਪੁਸਤਕ ਦੀ ਪ੍ਰਸ਼ਨਾਵਲੀ ਬੜੀ ਭਾਵਪੂਰਤ ਹੈ। ਸੰਵਾਦ-ਜੁਗਤ ਪ੍ਰਸੰਸਾਯੋਗ ਹੈ। ਕਿਤਾਬ ਪੜ੍ਹਨਯੋਗ ਅਤੇ ਸੰਭਾਲਣਯੋਗ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਤੇਰੀ ਚਾਹਤ
ਕਵਿੱਤਰੀ : ਰਮਿੰਦਰ ਰੰਮੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 395 ਰੁਪਏ, ਸਫ਼ੇ : 176
ਸੰਪਰਕ : 011-23280657

ਹਥਲੀ ਕਾਵਿ-ਪੁਸਤਕ ਦੇ ਕੁੱਲ 176 ਸਫ਼ਿਆਂ ਵਿਚ 73 ਵਾਰਤਕ ਕਵਿਤਾਵਾਂ ਹਨ। ਰੰਮੀ ਇਕ ਨਵੀਂ ਕਵਿੱਤਰੀ ਹੈ ਅਤੇ ਕੈਨੇਡਾ ਵਿਚ ਵਸਦੀ ਹੈ। ਭਾਵੇਂ ਕਿ ਉਸ ਨੇ ਇਸ ਕਾਵਿ ਸੰਗ੍ਰਹਿ ਤੋਂ ਪਹਿਲਾਂ ਵੀ 'ਕਿਸ ਨੂੰ ਆਖਾਂ' ਨਾਂਅ ਦਾ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ ਹੈ। ਪ੍ਰੋ. ਰਵੇਲ ਸਿੰਘ ਅਨੁਸਾਰ ਰਮਿੰਦਰ ਰੰਮੀ ਦੀ ਕਲਮ ਨੇ ਅਜੇ ਪੁਖਤਗੀ ਤਕ ਪੁੱਜਣਾ ਹੈ ਪਰ ਕਾਵਿ ਉਡਾਰੀ ਲਈ ਯਤਨਸ਼ੀਲ ਹੋਣ ਕਾਰਨ ਚੰਗੀਆਂ ਸੰਭਾਵਨਾਵਾਂ ਦੀ ਉਮੀਦ ਕੀਤੀ ਜਾ ਸਕਦੀ ਹੈ...
ਰਮਿੰਦਰ ਪੁਰ ਅਹਿਸਾਸ ਅਤੇ ਸੰਵੇਦਨਸ਼ੀਲ ਕਵਿੱਤਰੀ ਹੈ। ਉਸ ਨੇ ਆਪਣੇ ਆਸ-ਪਾਸ ਫੈਲੇ ਹਰ ਦ੍ਰਿਸ਼, ਘਟਨਾਵਾਂ ਅਤੇ ਬੇਚੈਨੀ ਨੂੰ ਸ਼ਬਦਾਂ ਵਿਚ ਢਾਲਣ ਦਾ ਯਤਨ ਕੀਤਾ ਹੈ। ਨਾਰੀ ਮਨ ਦੀ ਪੇਸ਼ਕਾਰੀ ਵਿਚ ਰੰਮੀ ਬਹੁਤ ਡੂੰਘੇ ਅਹਿਸਾਸ ਪ੍ਰਗਟਾਉਂਦੀ ਹੈ। ਉਸ ਦੀਆਂ ਕਾਵਿ ਉਡਾਰੀਆਂ ਐਨੀਆਂ ਉੱਚੀਆਂ ਹੁੰਦੀਆਂ ਹਨ ਕਿ ਉਸ ਦੇ ਖੰਭ (ਸ਼ਬਦ) ਉਸ ਦਾ ਸਾਥ ਨਹੀਂ ਦਿੰਦੇ। ਉਸ ਦੀ ਕਵਿਤਾ ਧਰਤ ਦੇ ਜ਼ੱਰੇ-ਜ਼ੱਰੇ ਨਾਲ ਮੋਹ ਪਾਲਦੀ ਹੈ। ਉਸ ਦੀ ਕਵਿਤਾ ਵਿਚ ਲੈਂਡ ਸਕੇਪ ਨਦੀਆਂ, ਬੇਲਿਆਂ, ਪਾਰਕਾਂ, ਆਸ਼ਕਾਂ ਤੇ ਸੂਰਮਿਆਂ ਦੇ ਚਿਹਨ ਨਜ਼ਰ ਆਉਂਦੇ ਹਨ। ਕੈਨੇਡਾ ਵਿਚ ਉਸ ਨੇ ਕਈ ਸਾਹਿਤਕ ਮਿਲਣੀਆਂ ਵੀ ਕਰਵਾਈਆਂ ਹਨ ਜਿਨ੍ਹਾਂ ਵਿਚ ਪੰਜਾਬੀ ਦੇ ਨਾਮਵਰ ਸਾਹਿਤਕਾਰ ਸ਼ਾਮਿਲ ਹੁੰਦੇ ਰਹੇ ਹਨ।
ਹਥਲੀ ਪੁਸਤਕ ਵਿਚ ਰੰਮੀ ਦੀਆਂ ਬਹੁਤੀਆਂ ਕਵਿਤਾਵਾਂ ਪ੍ਰੇਮ ਪਿਆਰ ਦੀਆਂ ਭਾਵੁਕ ਯਾਦਾਂ ਤੇ ਹੁਬਕੀਆਂ ਹਨ। ਔਰਤ ਜੋ ਆਖ ਨਹੀਂ ਸਕਦੀ, ਬੋਲ ਨਹੀਂ ਸਕਦੀ, ਰੰਮੀ ਨੇ ਉਨ੍ਹਾਂ ਨੂੰ ਸ਼ਬਦਾਂ ਦੀ ਆਵਾਜ਼ ਦਿੱਤੀ ਹੈ :
- ਤੇਰੀ ਚਾਹਤ ਦਾ ਕੈਸਾ ਅਵੱਲੜਾ ਰੋਗ ਹੈ ਲੱਗਾ
ਰਾਤਾਂ ਨੂੰ ਤ੍ਰਬਕ ਕੇ ਉੱਠ ਬਹਿੰਦੀ ਹਾਂ...
- 'ਮੁਹੱਬਤ ਅਹਿਸਾਸ ਦਾ ਨਾਮ ਹੈ
ਬਿਨਾਂ ਦੇਖੇ ਮਿਲੇ
ਕਦੀ ਵੀ ਕਿਸੇ ਉਮਰ ਵਿਚ ਹੋ ਜਾਂਦੀ ਹੈ'
-'ਜ਼ਿੰਦਗੀ ਵਿਚ ਕੁਝ ਲੋਕ / ਅਜਿਹੇ ਵੀ ਹੁੰਦੇ ਨੇ/ ਜਿਨ੍ਹਾਂ ਨੂੰ ਪਹਿਲੀ ਵੇਰ ਮਿਲਣ ਤੇ ਇਵੇਂ ਲਗਦਾ ਹੈ/ ਜਿਵੇਂ ਮੁੱਦਤਾਂ ਤੋਂ / ਇਕ ਦੂਜੇ ਦੇ / ਜਾਣੂੰ ਹੋਈਏ...।'
-'ਤੈਨੂੰ ਪਤੈ/ ਸ਼ਾਇਦ ਨਹੀਂ / ਜਦ ਤੂੰ ਮੇਰੇ ਨਾਲ / ਗੱਲ ਨਹੀਂ ਕਰਦਾ / ਮੈਸਿਜ ਰਿਪਲਾਈ ਨਹੀਂ ਕਰਦਾ/ ਮੇਰੀ ਜਾਨ ਨਿਕਲ ਜਾਂਦੀ ਹੈ'
-'ਚੁਪ ਦਾ ਜ਼ਹਿਰ/ ਚੰਗਾ ਨਹੀਂ ਹੁੰਦਾ / ਇਹ ਰਿਸ਼ਤਿਆਂ ਨੂੰ/ ਅੰਦਰੋਂ ਅੰਦਰੀ/' ਘੁਣ ਵਾਂਗ ਖਾ ਜਾਂਦਾ ਹੈ..
-'ਉਸ ਦਾ ਤੇਜ਼ ਜਲੌਅ ਦੇਖ/ ਅੱਖਾਂ ਮੁੰਦ ਗਈਆਂ/ ਨੂੰ ਰੁਸ਼ਨਾਅ ਗਿਆ/ਅੱਧਮੋਈ ਨੂੰ ਨਵਜੀਵਨ/ ਮਿਲ ਗਿਆ...'
ਪ੍ਰੇਮ ਪਿਆਰ ਅਤੇ ਆਤਮ ਪ੍ਰਗਟਾਅ ਤੋਂ ਬਿਨਾਂ ਵੀ ਉਸ ਦੀਆਂ ਵਧੀਆ ਕਵਿਤਾਵਾਂ ਹਨ। ਜਿਵੇਂ ਮੇਰੇ ਗੁਰਦੇਵ, ਪਿੰਜਰੇ ਦਾ ਪੰਛੀ, ਸੁਲਤਾਨਾ ਦਾ ਵਿਹੜਾ, ਜੀਣਾ ਸਿੱਖ ਲਿਆ ਆਦਿ ਦਿਨਾਂ ਬ੍ਰਿਤਾਂ ਵਿਚ ਗੁੰਨ੍ਹੀਆਂ ਅਤੇ ਔਰਤ ਮਨ ਦੀ ਬੇਬਾਕ ਹੂਕਮੱਤੀਆਂ ਕਵਿਤਾਵਾਂ ਵਿਚ ਨਾਗ ਦੇ ਮਨ ਦੇ ਅਹਿਸਾਸ ਤੇ ਇਲਤਜ਼ਾਵਾਂ ਹਨ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਸ੍ਰੀਮਦ ਭਗਵਦ ਗੀਤਾ
ਅਨੁ: ਤੇ ਵਿਆ: ਹਰਪਾਲ ਸਿੰਘ ਪੰਨੂ
ਲੇਖਕ : ਡਾ. ਦੀਪ ਸ਼ਿਖਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 318
ਸੰਪਰਕ : 94642-51454

ਗੀਤਾ, ਭਗਵਾਨ ਦੀ ਉਸਤਤਿ ਵਿਚ ਲਿਖਿਆ ਗਿਆ ਇਕ ਅਜਿਹਾ ਗੀਤ ਹੈ, ਜਿਸ ਨੂੰ ਸਾਰੇ ਵੇਦਾਂ ਅਤੇ ਉਪਨਿਸ਼ਦਾਂ ਦਾ ਸਾਰ-ਤੱਤ ਮੰਨਿਆ ਜਾਂਦਾ ਹੈ। ਇਸ ਪਾਵਨ-ਗੀਤ ਨੂੰ ਸ਼੍ਰਵਣ, ਮਨਨ ਅਤੇ ਪਠਨ ਦੁਆਰਾ ਮਨ ਵਿਚ ਧਾਰਨ ਕਰ ਲੈਣ ਦਾ ਉਪਦੇਸ਼ ਹੈ। ਇਸ ਮਹਾਨ ਗ੍ਰੰਥ ਦੇ ਅਠਾਰ੍ਹਾਂ ਅਧਿਆਇ ਹਨ ਅਤੇ ਇਹ ਅਧਿਆਇ ਮਹਾਂਭਾਰਤ ਦੇ 18-ਦਿਵਸੀ ਯੁੱਧ ਦੇ ਦਿਨਾਂ ਵਿਚ ਮਾਨਵਤਾ ਦੇ ਸਾਰਥੀ ਸ੍ਰੀ ਕ੍ਰਿਸ਼ਨ ਜੀ ਦੇ ਮੁਖਾਰਬਿੰਦ ਵਿਚੋਂ ਉਚਰਿਤ ਹੋਏ ਸਨ। ਇਸ ਮਹਾਨ ਗ੍ਰੰਥ ਦਾ ਪੰਜਾਬੀ ਅਨੁਵਾਦ ਅਤੇ ਸਰਲ ਵਿਆਖਿਆ ਪੰਜਾਬ ਦੇ ਦੋ ਪ੍ਰਸਿੱਧ ਆਚਾਰੀਆਂ ਪ੍ਰੋ. ਪੰਨੂ ਅਤੇ ਡਾ. ਦੀਪ ਸ਼ਿਖਾ ਨੇ ਸਮਰਪਿਤ ਭਾਵਨਾ ਨਾਲ ਕੀਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਦਸਮ ਗ੍ਰੰਥ ਵਿਚ ਭਾਰਤ ਦੇ ਕੁਝ ਹੋਰ ਪੌਰਾਣਿਕ ਗ੍ਰੰਥਾਂ ਦੇ ਨਾਲ-ਨਾਲ 'ਗੋਵਿੰਦ ਗੀਤਾ' ਦੀ ਟੈਕਸਟ ਵੀ ਅੰਕਿਤ ਹੈ। ਵਿਦਵਾਨ ਲੇਖਕਾਂ ਨੇ ਇਸ ਟੈਕਸਟ ਨੂੰ ਵੀ 'ਭਗਵਦ ਗੀਤਾ' ਦੀ ਮੂਲ ਟੈਕਸਟ ਦੇ ਨਾਲ ਹੀ ਜੋੜ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਯੁੱਧ-ਕ੍ਰੀੜਾ ਨੂੰ ਮਨੁੱਖ ਮਾਤਰ ਦਾ ਇਕ ਪਰਮ ਕਰਤੱਵ ਮੰਨਦੇ ਸਨ, ਕਿਉਂਕਿ ਇਕ ਯੋਧਾ-ਪੁਰਸ਼ ਹੀ ਵਰਨਣ ਜਾਂ ਲੇਖਣ ਦਾ ਹੱਕਦਾਰ ਹੁੰਦਾ ਹੈ। ਜੋ ਯੁੱਧ ਨਹੀਂ ਕਰਦਾ, ਉਹ ਬੇਹੱਦ ਬਦਨਸੀਬ ਹੁੰਦਾ ਹੈ। ਯੁੱਧ ਹੀ ਇਨਸਾਨੀ ਜੀਵਨ ਦੀ ਪ੍ਰਮਾਣਿਕਤਾ ਨੂੰ ਸਿੱਧ ਕਰਦਾ ਹੈ। ਯੁੱਧ ਦੇ ਮੈਦਾਨ ਵਿਚ ਜਦੋਂ ਕੁੰਤੀਪੁੱਤਰ ਅਰਜੁਨ ਪ੍ਰਸ਼ਨ ਕਰਦਾ ਹੈ ਕਿ ਜੇ ਮੇਰੇ ਸੰਗੀ, ਸਾਥੀ ਅਤੇ ਰਿਸ਼ਤੇਦਾਰ ਹੀ ਇਸ ਜੰਗ ਵਿਚ ਮਾਰੇ ਜਾਣਗੇ ਤਾਂ ਅਜਿਹਾ ਯੁੱਧ ਮੇਰੇ ਲਈ ਨਿਸ਼ਫ਼ਲ ਹੋਵੇਗਾ। ਕ੍ਰਿਸ਼ਨ ਜੀ ਕਹਿੰਦੇ ਹਨ ਕਿ ਬੰਦੇ ਦਾ ਕਰਮ ਯੁੱਧ ਕਰਨਾ ਹੈ। ਕਿਸੇ ਫਲ ਦੀ ਆਸ਼ਾ ਵਿਚ ਯੁੱਧ ਨਹੀਂ ਕੀਤਾ ਜਾਂਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਨੁੱਖਤਾ ਦੇ ਇਸ ਲਕਸ਼ ਨੂੰ ਵਾਰ-ਵਾਰ ਦ੍ਰਿੜ੍ਹ ਕਰਵਾਇਆ ਸੀ। ਪੰਨੂ ਸਾਹਿਬ ਅਤੇ ਬੀਬਾ ਦੀਪ ਸ਼ਿਖਾ ਨੇ ਭਾਰਤੀ ਸੱਭਿਆਚਾਰ ਦੀ ਇਸ ਅਨਮੋਲ ਵਿਰਾਸਤ ਨੂੰ ਪੰਜਾਬੀ ਵਿਚ ਉਲਥਾ ਕੇ ਇਕ ਬੇਹੱਤ ਸ਼ੁਭ ਕਾਰਜ ਨੂੰ ਸਰੰਜਾਮ ਦਿੱਤਾ ਹੈ। ਪ੍ਰਕਾਸ਼ਕਾਂ ਵਲੋਂ ਇਸ ਪੁਸਤਕ ਦੇ ਆਕਾਰ-ਪ੍ਰਕਾਰ ਦਾ ਪੂਰਾ ਧਿਆਨ ਰੱਖਿਆ ਗਿਆ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਹਾਇਕੂ ਪਰਵਾਜ਼
ਲੇਖਕ : ਡਾ. ਸੁਰਿੰਦਰ ਕੰਬੋਜ਼
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 94654-13100

ਸ਼ਾਇਰ ਡਾ. ਸੁਰਿੰਦਰ ਕੰਬੋਜ਼ ਆਪਣੀ ਹਾਇਕੂ ਕਾਵਿ-ਕਿਤਾਬ 'ਹਾਇਕੂ ਪਰਵਾਜ਼' ਰਾਹੀਂ ਪੰਜਾਬੀ ਅਦਬ ਦੇ ਰੂਬਰੂ ਹੋ ਰਿਹਾ ਹੈ। ਹਾਇਕੂ ਜਾਪਾਨੀ ਸ਼ਾਇਰੀ ਦੀ ਤਿੰਨ ਸਤਰੀ ਕਾਵਿ-ਸਿਨਫ਼ ਹੈ। ਪਹਿਲਾਂ-ਪਹਿਲਾਂ ਜਾਪਾਨ ਵਸਦੇ ਪੰਜਾਬੀ ਸ਼ਾਇਰ ਪਰਮਿੰਦਰ ਸੋਢੀ ਨੇ ਜਾਪਾਨੀ ਹਾਇਕੂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਦਾ ਇਸ ਕਾਵਿ ਸਿਨਫ਼ ਨਾਲ ਰਾਬਤਾ ਕਾਇਮ ਕੀਤਾ ਸੀ। ਇਤਫਾਕ ਇਹ ਹੈ ਕਿ ਤਿੰਨ ਸਤਰੀ ਕਾਵਿ ਸਿਨਫ਼ 'ਟੱਪਾ' ਪਹਿਲਾਂ ਹੀ ਪੰਜਾਬੀ ਵਿਚ ਮੌਜੂਦ ਹੈ, ਜਿਸ ਨਾਲ ਨਾਮਵਰ ਗਾਇਕਾਂ ਨੇ ਸਾਜ਼ ਤੇ ਆਵਾਜ਼ ਰਾਹੀਂ ਸਰੋਤਿਆਂ ਨੂੰ ਕੀਲਿਆ ਹੈ। ਮੁਕਤਸਰ ਇਕ ਤਰ੍ਹਾਂ ਨਾਲ ਹਾਇਕੂ ਦੀ ਨਰਸਰੀ ਹੈ ਤੇ ਇਹ ਨਰਸਰੀ ਹੁਣ ਇਕ ਵੱਡਾ ਬਾਗ਼ ਬਣ ਚੁੱਕੀ ਹੈ। ਇਸ ਸਿਨਫ਼ ਲਈ ਜਨਾਬ ਕਸ਼ਮੀਰੀ ਲਾਲ ਚਾਵਲਾ ਸਿਰੜ ਤੇ ਜਨੂੰਨ ਨਾਲ ਇਸ ਨੂੰ ਪ੍ਰਚਾਰਨ ਤੇ ਕਾਵਿਤਾਉਣ ਲਈ ਇਕ ਮਸੀਹੀ ਵਰਕਰ ਵਾਂਗ ਕੰਮ ਕਰ ਰਹੇ ਹਨ। ਇਸ ਪੁਸਤਕ ਦੇ ਮੁੱਖ ਬੰਦ ਵਿਚ ਕਸ਼ਮੀਰੀ ਲਾਲ ਚਾਵਲਾ ਨੇ ਗਿਆਰਾਂ ਸਫ਼ਿਆਂ ਵਿਚ ਹਾਇਕੂ ਬਾਰੇ ਵਿਸਤਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਇਕੂ ਪਹਿਲਾਂ-ਪਹਿਲਾਂ ਭਾਰਤ ਵਿਚ 1951 ਦੌਰਾਨ ਭਾਰਤੀ ਸ਼ਾਇਰੀ ਵਿਚ ਪ੍ਰਵੇਸ਼ ਹੁੰਦਾ ਹੈ ਤੇ 1997-98 ਵਿਚ ਪੰਜਾਬੀ ਸ਼ਾਇਰਾਂ ਨੇ ਇਸ ਨੂੰ ਅਪਣਾ ਲਿਆ। ਜਨਾਬ ਕਸ਼ਮੀਰੀ ਲਾਲ ਚਾਵਲਾ ਦਾ ਇਹ ਮੁੱਖ ਬੰਦ ਖੋਜਾਰਥੀਆਂ ਲਈ ਬੜਾ ਹੀ ਲਾਹੇਵੰਦ ਸਾਬਤ ਹੋਵੇਗਾ। ਡਾ. ਸੁਰਿੰਦਰ ਕੰਬੋਜ਼ ਡਾਕਟਰੀ ਪੇਸ਼ੇ ਨਾਲ ਸੰਬੰਧ ਰੱਖਦੇ ਹਨ ਤੇ ਹੁਣ ਸ਼ਬਦ ਪੈਥੀ ਰਾਹੀਂ ਮਨੁੱਖੀ ਗ੍ਰੰਥੀਆਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਦੀ ਸ਼ਾਇਰੀ ਵੱਖ-ਵੱਖ ਰੰਗਾਂ ਦਾ ਕੋਲਾਜ਼ ਹੈ ਜੋ ਵਿਭਿੰਨ ਸਰੋਕਾਰਾਂ ਤੇ ਫ਼ਿਕਰਾਂ ਨਾਲ ਦਸਤਪੰਜਾ ਲੈਂਦੀ ਹੈ। ਸ਼ਾਇਰ ਕਿਸੇ ਵਿਚਾਰਧਾਰਾ ਨਾਲ ਬੱਝਿਆ ਹੋਇਆ ਨਹੀਂ। ਉਸ ਦੀ ਵਿਚਾਰਧਾਰਾ ਤਾਂ ਸੁਹਿਰਦਤਾ ਹੈ ਤੇ ਉਨ੍ਹਾਂ ਦੀ ਇਹ ਸੁਹਿਰਦਤਾ 72 ਪੰਨਿਆਂ ਤੱਕ ਫੈਲੀ ਹੋਈ ਹੈ। ਸ਼ਾਇਰ ਪ੍ਰਕਿਰਤੀ ਦਾ ਤਾਂ ਸ਼ੈਦਾਈ ਹੈ ਹੀ ਤੇ ਨਾਲ ਹੀ ਨਾਲ ਨੇਤਾਵਾਂ ਦੀ ਨੀਤੀ ਤੇ ਨੀਯਤ ਦੇ ਵੀ ਬਖੀਏ ਉਧੇੜਦਾ ਹੈ ਜੋ ਵੋਟਾਂ ਮੰਗਣ ਵੇਲੇ ਤਾਂ ਬੜੇ ਮੀਸਣੇ ਬਣ ਕੇ ਪਾਲਤੂ ਨਿਮਰਤਾ ਨਾਲ ਵੋਟਰਾਂ ਦੇ ਬਗਲਗੀਰ ਹੁੰਦੇ ਹਨ ਤੇ ਚੋਣ ਜਿੱਤਣ ਤੋਂ ਬਾਅਦ ਕਦੇ ਨਜ਼ਰ ਨਹੀਂ ਆਉਂਦੇ ਤੇ ਸਮਾਜਿਕ ਮੁੱਦਿਆਂ ਵੱਲ ਤਾਂ ਪਿੱਠ ਕਰਕੇ ਆਪਣੇ ਏ.ਸੀ. ਕਮਰਿਆਂ ਵਿਚ ਬੈਠੇ ਰਹਿੰਦੇ ਹਨ। ਉਹ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਆਪਣਾ ਕਾਵਿ-ਧਰਮ ਨਿਭਾਅ ਰਹੇ ਹਨ। ਵਿਕਾਊ ਡਿਗਰੀਆਂ ਰਾਹੀਂ ਵਿੱਦਿਆ ਦੇ ਖੇਤਰ ਵਿਚ ਆਏ ਨਿਘਾਰ ਨੂੰ ਵੀ ਉਹ ਚੌਰਾਹੇ ਵਿਚ ਨੰਗਿਆਂ ਕਰਦੇ ਹਨ ਤੇ ਭਾਰਤੀ ਸੰਵਿਧਾਨ ਨੂੰ ਲੱਗੀ ਸਿਓਂਕ ਬਾਰੇ ਵੀ ਫ਼ਿਕਰਮੰਦੀ ਕਰਦੇ ਹਨ। ਉਹ ਪੰਜਾਬ ਤੇ ਪੰਜਾਬੀਅਤ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਦੇ ਹਨ ਤੇ ਪੰਜਾਬ ਦੇ ਪੰਜ ਦਰਿਆ ਸ਼ਾਇਰ ਦੇ ਦਿਲ ਦੀ ਧੜਕਣ ਬਣੇ ਰਹਿੰਦੇ ਹਨ। ਇਸ ਖ਼ੂਬਸੂਰਤ ਸ਼ਾਇਰੀ ਨੂੰ ਸਲਾਮ ਤਾਂ ਕਰਨਾ ਬਣਦਾ ਹੀ ਹੈ।

-ਭਗਵਾਨ ਢਿੱਲੋਂ
ਮੋਬਾਈਲ : 98143-78254.

ਨੀਨਾ ਜਿਉਂਦੀ ਹੈ
ਲੇਖਕ : ਓਮ ਪ੍ਰਕਾਸ਼ ਸਰੋਏ
ਪ੍ਰਕਾਸ਼ਨ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 200 ਰੁਪਏ, ਸਫ਼ੇ : 171
ਸੰਪਰਕ : 94178-66097

ਇਹ ਨਾਵਲ ਜੀਵਨ ਦੀ ਸੱਚੀ ਘਟਨਾ ਉੱਪਰ ਆਧਾਰਿਤ ਹੈ। ਓਮ ਪ੍ਰਕਾਸ਼ ਸਰੋਏ ਦੁਆਰਾ ਮਨ ਤੇ ਦਿਲ ਅੰਦਰ ਨੀਨਾ ਪ੍ਰਤੀ ਵਗਦੇ ਮੁਹੱਬਤ ਦੇ ਦਰਿਆ ਨੂੰ ਲੋਕਾਈ ਤੱਕ ਪਹੁੰਚਾਉਣ ਲਈ ਕੀਤਾ ਯਤਨ ਹੈ। ਅੰਤਰਜਾਤੀ ਪ੍ਰੇਮ ਵਿਆਹ ਕਾਰਨ ਅਨੇਕ ਸਮੱਸਿਆਵਾਂ ਤੇ ਤਾਅਨੇ-ਮਿਹਣਿਆਂ ਦਾ ਸਾਹਮਣਾ ਕਰਨਾ ਪਿਆ। ਸਰੋਏ ਬੇਬਾਕੀ ਨਾਲ ਕਹਿੰਦਾ ਹੈ, 'ਰਿਸ਼ਤੇਦਾਰ ਭਾਵੇਂ ਮੇਰੇ ਕੁਣਬੇ ਦੇ ਸਨ ਜਾਂ ਨੀਨਾ ਦੇ ਕੁਣਬੇ ਦੇ, ਹਮੇਸ਼ਾ ਸਾਡੇ ਪ੍ਰੇਮ ਵਿਆਹ ਦੇ ਟੁੱਟਣ ਦੀ ਉਡੀਕ ਕਰਦੇ ਰਹੇ।' ਇਸ ਨਾਵਲ ਦੇ 23 ਕਾਂਡ ਹਨ, ਜਿਨ੍ਹਾਂ ਦੀ ਸਿਰਜਣਾ ਦਾ ਆਧਾਰ ਵਿਛੋੜਾ, ਦੁਖਾਂਤ, ਉਦਾਸੀ, ਸੱਖਣਾਪਣ, ਵੀਰਾਨ ਹੋਣਾ, ਟੁੱਟਣਾ, ਤੜਫਣਾ, ਰੋਣਾ-ਕੁਰਲਾਉਣਾ ਆਦਿ ਸਨ। ਗੁਰਮੀਤ ਕੜਿਆਲਵੀ ਦਾ ਵਿਚਾਰ, 'ਇਹ ਰਚਨਾ ਅੱਧ ਤੱਕ ਤਾਂ ਕਿਸੇ ਰੁਮਾਂਟਿਕ ਨਾਵਲ ਵਾਂਗ ਪਾਠਕ ਨੂੰ ਧੂੰਹਦੀ ਹੋਈ ਰੁਮਾਂਸ ਨਾਲ ਭਰੀ ਰੱਖਦੀ ਹੈ।' ਨਾਵਲ 'ਨੀਨਾ ਜਿਊਂਦੀ ਹੈ' ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ ਪ੍ਰਸਥਿਤੀਆਂ ਦੇ ਵਿਰੋਧ ਵਜੋਂ ਪਿਆਰ-ਵਿਆਹ ਲਈ ਕਿਵੇਂ ਲਗਾਤਾਰ ਸੰਘਰਸ਼ ਕਰਦਾ ਹੈ, ਦਾ ਬਿਰਤਾਂਤ ਸਿਰਜਿਆ ਗਿਆ ਹੈ। ਨੀਨਾ ਤੇ ਸਰੋਏ ਇਸ ਅਗਨ ਕੁੰਡ ਵਿਚੋਂ ਲੰਘ ਕੇ 'ਕੁੰਦਨ' ਬਣਦੇ ਹਨ। ਭਾਵੇਂ ਕਿ ਨਾਵਲ ਓਮ ਪ੍ਰਕਾਸ਼ ਦੇ ਪਿਆਰ, ਅਨੁਭਵ, ਵਲਵਲੇ, ਜਜ਼ਬਾਤਾਂ ਤੇ ਮਨੋਭਾਵਾਂ ਦਾ ਪ੍ਰਗਟਾਵਾ ਹੈ ਪਰ ਇਸ ਦੇ ਬਿਰਤਾਂਤ ਵਿਚੋਂ ਸਮਾਜਿਕ ਸਿਸਟਮ ਦਾ ਕਰੂਰ ਸੱਚ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਨਾਵਲ ਅਮਾਨਵੀ ਪਿਰਤਾਂ ਵਿਰੁੱਧ ਕ੍ਰਾਂਤੀਕਾਰੀ ਆਵਾਜ਼ ਬੁਲੰਦ ਕਰਦਾ ਹੈ।
ਨਾਵਲ ਦਾ ਵੱਡਾ ਹਿੱਸਾ ਦੋ ਮਹੀਨਿਆਂ ਵਿਚ ਸੰਪੂਰਨ ਹੋਇਆ ਪਰ ਆਖ਼ਰੀ ਕਾਂਡ ਡੇਢ ਸਾਲ ਵਿਚ ਪੂਰਾ ਹੋਇਆ, ਕਿਉਂਕਿ ਨੀਨਾ ਦੀ ਕੈਂਸਰ ਦੀ ਬਿਮਾਰੀ ਦਾ ਸੰਤਾਪ ਭੋਗਦਿਆਂ ਦੀਆਂ ਘਟਨਾਵਾਂ ਲਿਖਣਾ ਅਸਹਿ ਪੀੜ ਨੂੰ ਦੁਬਾਰਾ ਸਹਿਣ ਕਰਨਾ ਸੀ। ਉਸ ਨੇ ਰਚਨਾ ਨੂੰ ਸੰਪੂਰਨ ਕਰਨ ਲਈ ਬੁੱਧਮਤਿ ਤੇ ਗੁਰਮਤਿ ਦੇ ਫਲਸਫ਼ੇ ਦਾ ਗਹਿਣ ਅਧਿਐਨ ਕੀਤਾ। ਉਸ ਨੇ ਅਨੁਭਵ ਕੀਤਾ ਕਿ ਨੀਨਾ ਦਾ ਸਰੀਰਕ ਤੌਰ 'ਤੇ ਸਦਾ ਲਈ ਅਲੱਗ ਹੋ ਜਾਣਾ ਕੁਦਰਤ ਦਾ ਨਾ ਟਾਲਿਆ ਜਾਣ ਵਾਲਾ ਵਰਤਾਰਾ ਹੈ। ਸਰੋਏ ਕਹਿੰਦਾ ਹੈ, 'ਜਿਸ ਨੂੰ ਕਹਾਣੀ ਦਾ ਅੰਤ ਖ਼ੁਸ਼ੀ ਵਾਲਾ ਤੇ ਸੁਖਾਵਾਂ ਚਾਹੀਦਾ ਸੀ, ਉਹ ਮੈਨੂੰ ਅੰਤ ਦੁੱਖਾਂ ਦੇ ਸਮੁੰਦਰ ਵਿਚ ਹੀ ਧੱਕਾ ਦੇ ਗਈ।' ਨਾਵਲ ਵਿਚ ਫ਼ਜ਼ਲ ਸ਼ਾਹ ਦੀਆਂ ਕਾਵਿ-ਸਤਰਾਂ, ਭਗਤ ਕਬੀਰ ਜੀ ਦੇ ਸਲੋਕ, ਭਗਤ ਪੀਪਾ ਜੀ ਦੇ ਸਲੋਕ ਵੀ ਦਰਜ ਕੀਤੇ ਹਨ।
ਸੁਚੱਜੀ ਸ਼ਬਦ ਜੜਤ, ਖ਼ੂਬਸੂਰਤ ਵਾਕ ਬਣਤਰ, ਉੱਤਮਪੁਰਖੀ ਸ਼ੈਲੀ, ਮੁਹਾਵਰੇਦਾਰ ਠੇਠ ਪੰਜਾਬੀ ਬੋਲੀ 'ਚ ਲਿਖੀ ਪ੍ਰੀਤ ਕਹਾਣੀ ਹੈ। ਨਾਵਲੀ ਬਿਰਤਾਂਤ 'ਜਦੋਂ ਇਹ ਪਤਾ ਹੋਵੇ ਕਿ ਜਿਸ ਨੂੰ ਤੁਸੀਂ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਹੋ, ਉਹ ਤੁਹਾਡੇ ਕੋਲ ਕੁਝ ਪਲਾਂ ਦੀ ਮਹਿਮਾਨ ਹੈ, ਕੋਈ ਇਨਸਾਨ ਕਿਵੇਂ ਟੁੱਟਦਾ, ਭੁਰਦਾ, ਖੁਰਦਾ, ਰੋਂਦਾ, ਪਿਘਲਦਾ, ਵਹਿੰਦਾ ਹੈ।' ਸ਼ੈਲੀ ਵਿਚ ਰਵਾਨਗੀ ਹੈ, ਘਟਨਾਵਾਂ ਕਾਲਪਨਿਕ ਨਹੀਂ ਯਥਾਰਥਕ ਰੰਗਣ ਵਾਲੀਆਂ ਹਨ। ਪਾਤਰ ਹੱਡ-ਮਾਸ ਦੇ ਸੰਜੀਵ ਮਨੁੱਖ ਹਨ, ਹਰ ਕਾਂਡ ਇਕ ਕੜੀ ਹੈ ਜੋ ਜੀਵਨ ਦੀਆਂ ਤੰਦਾਂ ਜੋੜਦਾ ਹੈ। ਨਾਵਲੀ ਬਿਰਤਾਂਤ ਸਵੈ-ਚਿਤਰਨ ਦੀ ਤਰਜ਼ਮਾਨੀ ਕਰਦਾ ਹੈ। ਨੌਜਵਾਨ ਵਰਗ ਲਈ ਵਾਚਣਯੋਗ ਰਚਨਾ ਹੈ ਤਾਂ ਜੋ ਨੌਜਵਾਨਾਂ ਦਾ ਮਾਰਗ ਦਰਸ਼ਨ ਹੋ ਸਕੇ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810

ਮਹਾਂ ਮਾਨਵ ਕਿਵੇਂ ਬਣੀਏ
ਲੇਖਕ : ਸੰਤੋਖ ਸਿੰਘ ਗੁਰਾਇਆ (ਟੌਂਗ)
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 138
ਸੰਪਰਕ : 89689-74502

ਹਥਲੀ ਪੁਸਤਕ ਵਿਚ ਲੇਖਕ ਵਲੋਂ ਸੁਰਤੀ ਦੇ ਸਫ਼ਰ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੇਖਕ ਵਲੋਂ ਸੱਤ ਪੁਸਤਕਾਂ ਸਮੇਂ-ਸਮੇਂ ਪਾਠਕਾਂ ਦੇ ਸਨਮੁੱਖ ਭੇਟ ਕੀਤੀਆਂ ਜਾ ਚੁੱਕੀਆਂ ਹਨ। ਲੇਖਕ ਵਲੋਂ ਚੁਣੇ ਗਏ ਵਿਸ਼ੇ ਨੂੰ ਪਾਠਕਾਂ ਸਨਮੁੱਖ ਪੇਸ਼ ਕਰਨਾ ਕੋਈ ਸੁਖੈਨ ਕਾਰਜ ਨਹੀਂ। ਸਿੱਖ ਧਰਮ ਨਵੀਨ ਤੇ ਨਿਵੇਕਲੀ ਵਿਚਾਰਧਾਰਾ ਨੂੰ ਸੰਸਾਰ ਦੇ ਮੰਚ 'ਤੇ ਪੇਸ਼ ਕਰਦਾ ਹੈ। ਮਨੁੱਖ ਨੇ ਕਰਮ-ਕਾਂਡਾਂ ਵੱਲ ਪਿੱਠ ਕਰਕੇ ਆਪਣੇ ਅੰਦਰ ਚੰਗੇ ਗੁਣਾਂ ਦਾ ਸੰਚਾਰ ਕਰਨਾ ਹੈ। ਅਸੀਂ ਵੇਖਦੇ ਹਾਂ, ਮਨੁੱਖ ਸਾਰੀ ਉਮਰ ਬਾਹਰ ਮੁਖੀ ਜੀਵਨ ਬਸਰ ਕਰਦਾ ਹੈ, ਉਹ ਆਪ ਸਹੇੜੇ ਦੁੱਖਾਂ ਤੇ ਕਸ਼ਟਾਂ ਨਾਲ ਜੂਝਦਾ ਰਹਿੰਦਾ ਹੈ। ਪਰ ਇਸ ਪੁਸਤਕ ਦੇ ਲੇਖਕ ਮੁਤਾਬਿਕ ਮਨੁੱਖੀ ਸੁਰਤ ਦਾ ਪੈਂਡਾ ਸੁਚੇਤ ਮਨ ਤੋਂ ਅਚੇਤ ਮਨ ਵੱਲ ਜਾਣ ਦਾ ਸਫ਼ਰ ਹੈ। ਪਰ ਇਸ ਸਫ਼ਰ ਵਿਚ ਹੰਕਾਰ ਰੂਪੀ ਟੋਏ ਟਿੱਬੇ ਅਤੇ ਚਤੁਰਾਈ ਦੀਆਂ ਵੱਡੀਆਂ ਰੁਕਾਵਟਾਂ ਹਨ। ਇਨ੍ਹਾਂ ਰੁਕਾਟਵਾਂ ਤੇ ਰੋਕਾਂ ਵਿਚੋਂ ਸੁਰਤ ਪਾਰ ਨਹੀਂ ਹੋ ਸਕਦੀ। ਆਪਣੀ ਹਯਾਤੀ ਦੌਰਾਨ ਪਦਾਰਥਕ ਸੁੱਖਾਂ ਨੂੰ ਇਕੱਠਿਆਂ ਕਰਦਿਆਂ ਹੀ ਜੀਵਨ ਸਫ਼ਰ ਬੀਤ ਜਾਂਦਾ ਹੈ। ਗਿਆਨ ਦੀ ਤਾਂ ਕੋਈ ਸੀਮਾ ਨਹੀਂ। ਮਨਮਤਿ ਤੋਂ ਗੁਰਮਤਿ ਵੱਲ ਤੁਰਨ ਦਾ ਨਾਂਅ ਹੀ ਸੁਰਤ ਦਾ ਪੈਂਡਾ ਹੈ।
ਲੇਖਕ ਵਲੋਂ ਪੁਸਤਕ ਵਿਚ ਸ਼ਾਮਿਲ ਸਾਰੇ ਲੇਖ ਗੁਰਮਤਿ ਦੀ ਰੌਸ਼ਨੀ ਵਿਚ ਸਾਨੂੰ ਅਗਵਾਈ ਦੇ ਰਹੇ ਹਨ। ਇਨ੍ਹਾਂ ਲੇਖਾਂ ਵਿਚ 'ਮੂਲ ਮੰਤਰ ਦੀ ਵਿਆਖਿਆ', 'ਮਨਮੁੱਖ ਤੋਂ ਗੁਰਮੁੱਖ ਕਿਵੇਂ ਬਣੀਏ', 'ਰੱਬ ਆਪਣੇ ਨਿਯਮਾਂ ਵਿਚ ਚਲਦਾ ਹੈ', 'ਅਸੀਂ ਚੜ੍ਹਦੀ ਕਲਾ ਵਿਚ ਕਿਵੇਂ ਰਹਿਣਾ ਹੈ', 'ਅੱਜ ਸਿੱਖ ਕੌਮ ਦੀ ਧਾਰਮਿਕ ਸਥਿਤੀ ਕੀ ਹੈ?', 'ਸਾਡੀ ਸਮੁੱਚੀ ਜ਼ਿੰਦਗੀ ਢਹਿੰਦੀ ਕਲਾ ਵਾਲੀ ਕਿਉਂ ਹੈ?', 'ਮੇਰੇ ਅੰਦਰ ਮੇਰਾ ਰੱਬ ਨੀਂ', 'ਰੱਬ ਦਰਸ਼ਨ ਕਰਨ ਦੀ ਨਹੀਂ ਮਹਿਸੂਸ ਕਰਨ ਵਾਲੀ ਸ਼ਕਤੀ ਹੈ', 'ਮਨੁੱਖ ਦੀ ਸੁਰਤ ਹੀ ਮਨੁੱਖ ਦੀ ਸਭ ਤੋਂ ਵੱਡੀ ਜਾਇਦਾਦ ਹੈ', 'ਮੇਰੇ ਸਮੁੱਚੇ ਵਿਚਾਰ ਮੇਰਾ ਦਾਰੋਮਦਾਰ ਹਨ', 'ਜੇ ਰੱਬ ਮਿਲ ਪਵੇ ਤਾਂ, ਰੱਬ ਕੋਲੋਂ ਕੰਮ ਕਿਵੇਂ ਲੈਣਾ ਹੈ', 'ਜੀਊਂਦੇ ਜੀਅ ਦਾ ਸਵਰਗ', 'ਜੀਊਂਦੇ ਜੀਅ ਮੁਕਤ ਹੋ ਜਾਣਾ ਕੀ ਹੈ', 'ਪੁੰਨੀ ਪਾਪੀ ਆਖਣ ਨਾਇ', 'ਮਨੁੱਖ ਨਿਰਭਉ ਕਿਵੇਂ ਹੋਵੇ', 'ਅਸੀਂ ਰੱਬ ਕੋਲੋਂ ਮੰਗਣਾ ਕੀ ਹੈ', 'ਅਸੀਂ ਮੂੰਹੋਂ ਵਾਹ ਕਹਿਣ ਦੇ ਯੋਗ ਕਦੋਂ ਹੋਵਾਂਗੇ', 'ਸੁਰਤੀ ਦਾ ਸਫ਼ਰ', 'ਕੋਈ ਬੰਦਾ ਦੁਖੀ, ਕੋਈ ਬੰਦਾ ਸੁਖੀ ਕਿਉਂ ਹੈ', 'ਸਾਡੀ ਜ਼ਿੰਦਗੀ ਅਨੰਦਮਈ ਕਿਵੇਂ ਹੋ ਸਕਦੀ ਹੈ', 'ਮਨੁੱਖ ਅਤੇ ਰੱਬ ਦਾ ਸੰਬੰਧ', 'ਧਰਮ ਅਤੇ ਰੱਬ ਦਾ ਸੰਬੰਧ', 'ਜੋ ਮੇਰੇ ਵਿਚਾਰ ਸੋ ਮੇਰਾ ਸੰਸਾਰ', 'ਜ਼ਿਹਨ ਦੇ ਜੰਗਲ ਤੋਂ ਉਸ ਪਾਰ (ਕਵਿਤਾ)' ਵਿਸ਼ੇ ਮਨੁੱਖ ਮਾਤਰ ਨੂੰ ਅਗਵਾਈ ਦਿੰਦੇ ਹਨ।
ਪੁਸਤਕ ਵਿਚ ਸ਼ਾਮਿਲ ਉਪਰੋਕਤ ਸਾਰੇ ਵਿਸ਼ਿਆਂ ਨੂੰ ਵਾਚਦਿਆਂ ਗਹਿਰ ਗੰਭੀਰ ਪਾਠਕ ਅੰਦਰ ਦੇ ਖੇੜੇ ਅਤੇ ਪ੍ਰੇਮ ਭਾਵਨਾਵਾਂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ ਰਿਹਾ ਹੁੰਦਾ ਹੈ। ਇਹ ਜੀਵਨ ਸਫ਼ਰ ਹੀ ਮਨੁੱਖ ਦਾ ਮਹਾਂ-ਮਾਨਵ ਬਣਨ ਦੀ ਯਾਤਰਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

 

03-09-23

ਸ਼ਹੀਦਾਨਿ ਵਫ਼ਾ ਅਤੇ ਗੰਜਿ ਸ਼ਹੀਦਾਂ
ਲੇਖਕ : ਅੱਲ੍ਹਾ ਯਾਰ ਖ਼ਾਂ ਜੋਗੀ
ਅਨੁਵਾਦਕ : ਕਿਰਪਾਲ ਸਿੰਘ 'ਦਰਦੀ'
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ, ਜਲੰਧਰ
ਮੁੱਲ : 300 ਰੁਪਏ, ਸਫ਼ੇ : 192
ਸੰਪਰਕ : 98140-74901

ਅੱਲ੍ਹਾ ਯਾਰ ਖਾਂ ਜੋਗੀ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੋ ਲੰਮੀਆਂ ਨਜ਼ਮਾਂ 'ਸ਼ਹੀਦਾਨਿ ਵਫ਼ਾ' ਅਤੇ 'ਗੰਜਿ ਸ਼ਹੀਦਾਂ' ਲਿਖੀਆਂ ਹਨ, ਜਿਨ੍ਹਾਂ ਵਿਚ ਫ਼ਾਰਸੀ, ਅਰਬੀ ਅਤੇ ਹਿੰਦੀ ਦੇ ਰਲਵੇਂ-ਮਿਲਵੇਂ ਸ਼ਬਦ ਵਰਤੇ ਗਏ ਹਨ ਅਤੇ ਲਿੱਪੀ ਸ਼ਾਹਮੁਖੀ ਹੈ। ਅਨੁਵਾਦਕ ਨੇ ਨਾਮਵਰ ਸ਼ਾਇਰ ਮਿਰਜ਼ਾ ਗ਼ਾਲਿਬ, ਅਲਤਾਫ ਹੁਸੈਨ ਹਾਲੀ, ਅਕਬਰ ਅਲ੍ਹਾਬਾਦੀ, ਲੱਭੂ ਰਾਮ ਜੋਸ਼ ਮਲਸਿਆਨੀ, ਸਾਹਿਰ ਲੁਧਿਆਣਵੀ, ਚਕਬਸਤ ਅਤੇ ਹੋਰ ਉਰਦੂ ਸ਼ਾਇਰਾਂ ਦੀਆਂ ਕ੍ਰਿਤਾਂ ਨੂੰ ਪੜ੍ਹਿਆ ਹੈ, ਅੱਲ੍ਹਾ ਯਾਰ ਖਾਂ ਜੋਗੀ ਦੀਆਂ ਨਜ਼ਮਾਂ ਜੋ ਮਰਸੀਆ ਦੇ ਰੂਪ ਵਿਚ ਹਨ, ਨੂੰ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਿਪੀਅੰਤਰ ਅਤੇ ਅਨੁਵਾਦ ਸ. ਕਿਰਪਾਲ ਸਿੰਘ ਦਰਦੀ ਨੇ ਕੀਤਾ ਹੈ।
ਮੂਲ ਪਾਠ ਤੋਂ ਪਹਿਲਾਂ ਅਨੁਵਾਦਕ ਸ. ਕਿਰਪਾਲ ਸਿੰਘ ਦਰਦੀ ਨੇ ਉਸ ਵੇਲੇ ਦੇ ਹਾਲਾਤ ਦਾ ਸੰਖੇਪ ਵੇਰਵਾ ਵੀ ਦਿੱਤਾ ਹੈ ਤਾਂ ਕਿ ਪਾਠਕ ਜਨ ਇਹ ਜਾਣ ਸਕਣ ਕਿ ਉਹ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਅਨੰਦਪੁਰ ਛੱਡਣਾ ਪਿਆ ਅਤੇ ਸਾਹਿਬਜ਼ਾਦੇ ਸ਼ਹੀਦ ਹੋਏ। ਸਰਹਿੰਦ ਦਾ ਸੰਖੇਪ ਇਤਿਹਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਸ ਨੂੰ ਫ਼ਤਿਹ ਕਰਨ ਦਾ ਵਰਣਨ ਵੀ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀਆਂ ਸੁਪਤਨੀਆਂ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਦਿੱਲੀ ਕਿਉਂ ਗਈਆਂ ਜਦਕਿ ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਵੱਲ ਮਾਲਵੇ 'ਚ ਚਲੇ ਗਏ ਸਨ ਅਤੇ ਮੁਗਲ ਫੌਜਾਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ। ਉਨ੍ਹਾਂ ਦਾ ਦਿੱਲੀ ਮੌਤ ਦੇ ਮੂੰਹ ਵਿਚ ਜਾਣ ਦੇ ਕਾਰਨਾਂ ਬਾਰੇ ਵੀ ਲਿਖਿਆ ਗਿਆ ਹੈ।
ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ
ਸਿੱਖੀ ਕੀ ਨੀਂਵ ਹਮ ਹੈ ਸਰੋਂ ਪਰ ਉਠਾ ਚਲੇ
ਗੁਰਿਆਈ ਕਾ ਹੈਂ ਕਿੱਸਾ ਜਹਾਂ ਮੇਂ ਬਨਾ ਚਲੇ
ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ
ਗੱਦੀ ਸੇ ਤਾਜੋ-ਤਖ਼ਤ ਬਸ ਅਬ ਕੌਮ ਪਾਏਗੀ।
ਦੁਨੀਆ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।
 
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ
ਕਟਾਏ ਬਾਪ ਨੇ ਬੱਚੇ ਜਹਾ ਖ਼ੁਦਾ ਕੇ ਲੀਏ।
ਗੁਰੂ ਗੋਬਿੰਦ ਕੇ ਲਖ਼ਤਿ-ਜਿਗਰ ਅਜੀਤੋ ਜੁਝਾਰ
ਫ਼ਲਕ ਪਿ ਇਕ ਯਹਾਂ ਦੋ ਚਾਂਦ ਹੈਂ ਜ਼ਿਬਾ ਕੇ ਲੀਏ।
ਸਤਿਗੁਰ ਕੇ ਲਾਲ ਬੋਲੇ 'ਨ ਛੂਨਾ ਹਮਾਰੇ ਹਾਥ
ਗੜਨੇ ਹਮ ਆਜ ਜ਼ਿੰਦਾ ਚਲੇਂਗੇ ਖੁਸ਼ੀ ਕੇ ਸਾਥ।
ਹਾਥੋਂ ਮੇਂ ਹਾਥ ਡਾਲ ਕੇ ਦੋਨੋਂ ਵਹੁ ਨੌਨਿਹਾਲ
ਕਹਤੇ ਹੁਏ ਜ਼ੁਬਾਂ ਸੇ ਬੜ੍ਹੇ 'ਸਤਿ ਸ੍ਰੀ ਅਕਾਲ।'
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 27 ਦਸੰਬਰ 1704 ਈ: ਨੂੰ ਹੋਈ। ਇਸ ਤੋਂ ਪਿਛੋਂ ਸਿੱਖ ਪੰਥ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਨੇ ਸੂਬੇਦਾਰ ਸਰਹਿੰਦ ਨੂੰ ਮਾਰ ਕੇ ਸਰਹਿੰਦ ਨੂੰ ਫ਼ਤਿਹ ਕੀਤਾ ਅਤੇ ਸਿੱਖ ਸੈਨਾਵਾਂ 24 ਮਈ 1710 ਈ: ਨੂੰ ਸਰਹਿੰਦ ਵਿਚ ਦਾਖ਼ਿਲ ਹੋਈਆਂ ਅਤੇ ਸਰਹਿੰਦ ਨੂੰ ਤਬਾਹ ਕਰਕੇ ਪੰਜਾਬ ਵਿਚ ਪਹਿਲਾ ਸਿੱਖ ਰਾਜ ਸਥਾਪਤ ਕੀਤਾ। ਇਹ ਸਿੱਖ ਰਾਜ ਭਾਵੇਂ ਬਹੁਤ ਘੱਟ ਸਮਾਂ ਸਥਾਪਤ ਰਿਹਾ ਅਤੇ ਬੰਦਾ ਬਹਾਦਰ ਨੂੰ 10 ਜੂਨ 1716 ਨੂੰ ਸ਼ਹੀਦ ਕਰ ਦਿੱਤਾ ਗਿਆ, ਪਰ ਇਹ ਰਾਜ ਸਿੱਖ ਮਨਾਂ 'ਤੇ ਅਮਿਟ ਛਾਪ ਛੱਡ ਗਿਆ। ਇਸ ਤੋਂ ਪਿਛੋਂ 1753 ਤੱਕ ਦਾ ਸਮਾਂ ਸਿੱਖਾਂ ਲਈ ਬੜਾ ਹੀ ਨਾਜ਼ੁਕ ਸਮਾਂ ਸੀ। ਲਾਹੌਰ ਦੇ ਗਵਰਨਰਾਂ ਨੇ ਸਿੱਖਾਂ 'ਤੇ ਅਸਹਿ ਤੇ ਅਕਹਿ ਜ਼ੁਲਮ ਕੀਤੇ। ਕਦੀ ਈਰਾਨੀ ਹੁਕਮਰਾਨ ਨਾਦਰ ਸ਼ਾਹ ਅਤੇ ਕਦੇ ਅਫ਼ਗਾਨੀ ਹੁਕਮਰਾਨ ਅਹਿਮਦ ਸ਼ਾਹ ਅਬਦਾਲੀ ਦੇ ਨਾਲ-ਨਾਲ ਮੁਗਲਾਂ ਦੇ ਜ਼ੁਲਮ ਵੀ ਸਹਿਣੇ ਪਏ। ਅਹਿਮਦ ਸ਼ਾਹ ਅਬਦਾਲੀ ਨੇ ਮੁਗਲਾਂ ਕੋਲੋਂ 1761 ਵਿਚ ਸਰਹਿੰਦ ਫ਼ਤਿਹ ਕਰਕੇ ਆਪਣਾ ਗਵਰਨਰ ਜੈਨ ਖਾਂ ਨੂੰ ਮੁਕੱਰਰ ਕੀਤਾ। ਸੰਨ 1761 ਵਿਚ ਖ਼ਾਲਸਾ ਪੰਥ ਨੇ ਜੈਨ ਖਾਂ ਨੂੰ ਮਾਰ ਕੇ ਸਰਹਿੰਦ ਨੂੰ ਦੁਬਾਰਾ ਫ਼ਤਿਹ ਕੀਤਾ ਅਤੇ ਪੰਜਾਬ ਦੇ ਇਕ ਵੱਡੇ ਖੇਤਰ ਨੂੰ ਅਫ਼ਗ਼ਾਨਿਸਤਾਨ ਦੀ ਪ੍ਰਭੁਤਾ ਤੋਂ ਸੁਤੰਤਰ ਕਰਾ ਕੇ, ਸਰਹਿੰਦ ਨੂੰ ਖੂਬ ਤਬਾਹ ਤੇ ਬਰਬਾਦ ਕੀਤਾ ਅਤੇ ਸਿੱਖ ਰਾਜ ਦੁਬਾਰਾ ਸਥਾਪਤ ਕਰ ਲਿਆ। ਘਟਨਾਵਾਂ ਨੂੰ ਮੁਖ਼ਤਸਰ ਤੌਰ 'ਤੇ ਲਿਖਿਆ ਹੈ।
ਅੱਲ੍ਹਾ ਯਾਰ ਖਾਂ ਜੋਗੀ 'ਗੰਜਿ ਸ਼ਹੀਦਾਂ' (33) ਵਿਚ ਲਿਖਦੇ ਹਨ 'ਬਰਕਤ ਨੇ ਮਿਰੀ ਫਤਹ ਥਾਂ ਆਸਾਮ ਕਰਾਯਾ'। ਉਸ ਦੇ ਇਸ ਇਸ਼ਾਰੇ ਬਾਰੇ ਵੀ ਲਿਖਿਆ ਗਿਆ ਹੈ ਕਿ ਕਿਵੇਂ ਗੁਰੂ ਤੇਗ਼ ਬਹਾਦਰ ਜੀ ਨੇ ਰਾਜਾ ਰਾਮ ਸਿੰਘ ਅੰਬੇਰ (ਜੈਪੁਰ) ਜਿਹੜਾ ਔਰੰਗਜ਼ੇਬ ਵਲੋਂ ਥਾਪਿਆ ਆਸਾਮ ਦਾ ਗਵਰਨਰ ਸੀ, ਦੀ ਆਸਾਮ ਫ਼ਤਿਹ ਕਰਨ ਵਿਚ ਸਹਾਇਤਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਹਿੰਦੂ ਰਾਜਪੂਤ ਰਾਜਿਆਂ ਨੂੰ ਜੋ ਆਪਸ ਵਿਚ ਲੜਦੇ-ਭਿੜਦੇ ਰਹਿੰਦੇ ਸਨ ਸੁਲਾਹ ਵੀ ਕਰਵਾਣੀ ਚਾਹੀ ਅਤੇ ਰਿਵਾਲਸਰ (ਹਿਮਾਚਲ) ਵਿਚ ਇਕ ਸੰਮੇਲਨ ਬੁਲਾ ਕੇ ਇਨ੍ਹਾਂ ਵਿਚ ਕੌਮੀਵਾਦ (Nationalism)) ਦੀ ਭਾਵਨਾ ਕਾਇਮ ਲਈ ਆਯੋਜਿਤ ਕੀਤਾ, ਇਸ ਬਾਰੇ ਵੀ ਥੋੜ੍ਹਾ ਬਹੁਤ ਜ਼ਿਕਰ ਕੀਤਾ ਗਿਆ ਹੈ।
ਕਿਤਾਬ ਵਿਚ ਸੰਪਾਦਕ ਵਲੋਂ ਲਿਖੀ ਆਦਿਕਾ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਹਾਲਤ, ਗੁਰੂ ਜੀ ਦਾ ਪਾਉਂਟੇ ਜਾਣਾ, ਗੁਰੂ ਸਾਹਿਬ ਫਿਰ ਅਨੰਦਪੁਰ ਵਿਚ, ਨਦੌਣ ਦੀ ਜੰਗ, ਖਾਨਜ਼ਾਦਾ ਦੀ ਮੁਹਿੰਮ, ਹੁਸੈਨ ਖਾਂ ਦੀ ਅਨੰਦਪੁਰ ਤੇ ਚੜ੍ਹਾਈ (1695 ਈ.), ਸ਼ਹਿਜ਼ਾਦਾ ਮੁਅਜ਼ਮ ਦਾ ਆਉਣਾ, ਖ਼ਾਲਸੇ ਦੀ ਸਿਰਜਣਾ, ਰਿਵਾਲਸਰ ਵਿਖੇ ਪਹਾੜੀ ਰਾਜਿਆਂ ਦੇ ਮਨਾਂ ਵਿਚ ਆਜ਼ਾਦੀ ਦੀ ਚਿਣਗ ਬਾਲਣੀ ਚਾਹੀ, ਗੁਰੂ ਜੀ ਇਕ ਅਨੁਭਵੀ ਨੇਤਾ ਸਨ, ਖ਼ਾਲਸਾ ਸਿਰਜਣਾ ਤੋਂ ਚਮਕੌਰ ਤੱਕ, ਗੁਰੂ ਜੀ ਦਾ ਨਿਰਮੋਹ ਜਾਣਾ, ਗੁਰੂ ਜੀ ਬਸੌਲੀ ਵਿਖੇ, ਗੁਰੂ ਜੀ ਫਿਰ ਅਨੰਦਪੁਰ ਵਿਚ, ਦੁਸ਼ਮਨ ਸੈਨਾ ਦੀ ਅਨੰਦਪੁਰ ਤੇ ਆਖਰੀ ਚੜ੍ਹਾਈ, ਗੁਰੂ ਸਾਹਿਬ ਚਮਕੌਰ ਵਿਖੇ, ਸਰਹਿੰਦ ਦਾ ਪੁਰਾਣਾ ਇਤਿਹਾਸ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਰਹਿੰਦ, ਬੰਦਾ ਬਹਾਦਰ ਨਾਲ ਗੁਰੂ ਜੀ ਦੀ ਮਿਲਣੀ, ਬੰਦਾ ਬਹਾਦਰ ਦੀ ਸਰਹਿੰਦ 'ਤੇ ਚੜ੍ਹਾਈ, ਸਰਹਿੰਦ ਨੂੰ ਫਿਰ ਫ਼ਤਹਿ ਕਰਨਾ, ਮਾਤਾ ਸੁੰਦਰੀ ਤੇ ਸਾਹਿਬ ਕੌਰ ਦਿੱਲੀ ਕਿਉਂ ਗਈਆਂ?, ਅੱਲ੍ਹਾ ਯਾਰ ਖਾਂ ਜੋਗੀ, ਗੰਜਿ ਸ਼ਹੀਦਾਂ (ਮੂਲ ਪਾਠ ਤੇ ਅਰਥ), ਸ਼ਹੀਦਾਨਿ-ਵਫ਼ਾ (ਮੂਲ ਪਾਠ ਤੇ ਅਰਥ), ਹਾਲਾਤਿ ਚਮਕੌਰ ਅਤੇ ਪੁਸਤਕ ਸੂਚੀ (Bibliography ) ਅੰਕਿਤ ਹੈ।
ਸ਼ਹੀਦਾਨਿ ਵਫ਼ਾ ਦੇ 110 ਬੰਦ ਅਤੇ ਗੰਜਿ ਸ਼ਹੀਦਾਂ ਕਵਿਤਾ ਦੇ 117 ਬੰਦ ਹਨ ਕੁੱਲ 227 ਬੰਦਾਂ ਵਾਲੀ ਇਹ ਅੱਲਾ ਯਾਰ ਖਾਂ ਜੋਗੀ ਦੀਆਂ ਦੋ ਰਚਨਾਵਾਂ ਇਕ ਅਨੂਠਾ, ਮਰਸੀਆ ਹਨ ਜੋ ਸਦਾ ਸਿੱਖ ਇਤਿਹਾਸ ਵਿਚ ਕਾਇਮ ਰਹੇਗਾ। ਉਮੀਦ ਹੈ ਅੱਲ੍ਹਾ ਯਾਰ ਖਾਂ ਜੋਗੀ ਦੀ ਕ੍ਰਿਤ 'ਸ਼ਹੀਦਾਨਿ ਵਫ਼ਾ' ਅਤੇ 'ਗੰਜਿ ਸ਼ਹੀਦਾਂ' ਦਾ ਅਨੁਵਾਦ ਸ. ਕਿਰਪਾਲ ਸਿੰਘ ਦਰਦੀ ਵਲੋਂ ਕੀਤਾ ਗਿਆ ਹੈ, ਨੂੰ ਪਾਠਕ ਪਸੰਦ ਕਰਨਗੇ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਗੁਰਮਤਿ ਦੀ ਨਿਰੋਗ ਜੀਵਨਧਾਰਾ
ਲੇਖਿਕਾ : ਅਮਰ ਕੌਰ ਬੇਦੀ
ਪ੍ਰਕਾਸ਼ਕ : ਪ੍ਰੇਰਨਾ ਪ੍ਰਕਾਸ਼ਨ, ਅੰਮ੍ਰਿਤਸਰ
ਸਫ਼ੇ : 176
ਸੰਪਰਕ : 99881-76886

ਲੇਖਿਕਾ ਵਲੋਂ ਹਥਲੀ ਪੁਸਤਕ ਗੁਰਮਤਿ ਦੇ ਚਾਨਣ ਵਿਚ ਅੱਜ ਤੱਕ ਜੋ ਉਨ੍ਹਾਂ ਜੀਵਿਆ, ਮਾਣਿਆ ਤੇ ਹੰਢਾਇਆ ਹੈ, ਇਸ ਦਾ ਪ੍ਰਗਟਾਵਾ ਇਨ੍ਹਾਂ ਲੇਖਾਂ ਵਿਚ ਕਰਨ ਦਾ ਸਫ਼ਲ ਉਪਰਾਲਾ ਹੈ। ਇਸ ਤੋਂ ਪਹਿਲਾਂ ਵੀ ਲੇਖਿਕਾ ਨੇ ਵੱਖ-ਵੱਖ ਵਿਧਾਵਾਂ ਵਿਚ ਪੰਜ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਅਸਲ ਵਿਚ ਇਹ ਕਿਤਾਬ ਗੁਰਮਤਿ ਦੇ ਸਿਰਜਣਾਤਮਿਕ ਸਾਹਿਤ ਨਾਲ ਸੰਬੰਧਿਤ ਹੈ। ਗੁਰਮਤਿ ਨੇ ਮਨੁੱਖਤਾ ਨੂੰ ਅਜਿਹੀ ਰੌਸ਼ਨੀ ਦਿੱਤੀ ਹੈ, ਜਿਸ ਦੇ ਚਾਨਣ ਵਿਚ ਧਰਮ ਦੇ ਖੇਤਰ ਵਿਚੋਂ ਦੰਭ, ਪਾਖੰਡ ਤੇ ਕਰਮਕਾਂਡ ਦੇ ਨਦੀਨ ਨੂੰ ਮਾਰਨ ਦਾ ਇਕ ਸਰਬ ਸਾਂਝਾ ਸੁਨੇਹਾ ਮਿਲਦਾ ਹੈ। ਮਨੁੱਖੀ ਜੀਵਨ ਨੂੰ ਕਿਵੇਂ ਹੋਰ ਵਧੇਰੇ ਚੰਗਾ ਬਣਾ ਕੇ ਗੁਣਾਂ ਦਾ ਸੰਚਾਰ ਕਰਨਾ ਹੈ। ਗੁਰਮਤਿ ਦੇ ਉੱਚ ਆਦਰਸ਼ਾਂ ਨਾਲ ਓਤ-ਪੋਤ ਸ਼ਾਮਿਲ ਸਾਰੇ ਲੇਖ ਵਾਚਣਯੋਗ ਹਨ। ਲੇਖਿਕਾ ਦੀ ਵਿਦਵਤਾ ਦੀ ਝਲਕ ਇਸ ਵਿਚ ਸ਼ਾਮਿਲ ਵੱਖ-ਵੱਖ ਵਿਸ਼ਿਆਂ ਉੱਪਰ ਕੀਤੀ ਗਹਿਰ ਗੰਭੀਰ ਵਿਚਾਰ ਤੋਂ ਪੈਂਦੀ ਹੈ। ਉਸ ਨੇ ਗੁਰਮਤਿ ਸਿਧਾਂਤਾਂ 'ਤੇ ਆਧਾਰਿਤ ਸਮਾਜ ਦੀ ਸੇਵਾ, ਮਨੁੱਖੀ ਜੀਵਨ ਜਾਚ ਤੇ ਜੀਵਨ ਵਿਚਾਰਧਾਰਾ ਨੂੰ ਵਿਕਾਰਾਂ ਤੋਂ ਕਿਵੇਂ ਨਜ਼ਾਤ ਦਿਵਾਉਣੀ ਹੈ, ਦੇ ਆਦਰਸ਼ ਨੂੰ ਸਾਹਮਣੇ ਰੱਖਿਆ ਹੈ। ਕਿਤਾਬ ਵਿਚ ਸ਼ਾਮਿਲ 15 ਲੇਖਾਂ ਵਿਚੋਂ ਸੱਤ ਲੇਖ ਸ੍ਰੀ ਸੁਖਮਨੀ ਸਾਹਿਬ ਜੀ ਵਿਚ ਆਏ ਵੱਖ-ਵੱਖ ਵਿਚਾਰ ਜਿਵੇਂ ਸੁੱਖ ਦਾ ਸੰਕਲਪ, ਪ੍ਰਭੂ ਸਿਮਰਨ, ਬੰਦਗੀ ਅਤੇ ਸਤਿਗੁਰੂ ਦੀ ਉਸਤਤਿ ਦੇ ਉਦੇਸ਼ ਨੂੰ ਲੈ ਕੇ ਪਾਠਕਾਂ ਦੇ ਰੂ-ਬਰੂ ਕੀਤੇ ਹਨ। ਇਕ ਲੇਖ ਸੁਖਮਨੀ ਸਾਹਿਬ ਅਤੇ ਜਪੁਜੀ ਦੀ ਵਿਆਖਿਆ ਸ਼ੈਲੀ ਦਾ ਵਿਸਥਾਰ ਕੀਤਾ ਹੈ।
ਪੁਸਤਕ ਵਿਚ ਸ਼ਾਮਿਲ ਪਹਿਲਾ ਲੇਖ 'ਸ੍ਰੀ ਗੁਰੂ ਤੰਗ ਬਹਾਦਰ ਜੀ : ਰੁਹਾਨੀ ਮਸੀਹਾ', 'ਗੁਰੂ ਸਾਹਿਬ ਦੀ ਸਰਬਪੱਖੀ ਸ਼ਖ਼ਸੀਅਤ ਨੂੰ ਦਰਸਾਉਂਦਾ ਹੈ, ਜਿਸ ਵਿਚੋਂ ਨੌਵੇਂ ਪਾਤਿਸ਼ਾਹ ਦਾ ਜੀਵਨ ਉਦੇਸ਼ ਨਿਰਸੁਆਰਥ ਜੀਵਨ ਜਾਚ, ਤਿਆਗ, ਨਿਰਭਉ, ਨਿਰਵੈਰ, ਪ੍ਰਭੂ-ਪ੍ਰਾਪਤੀ ਦਾ ਜ਼ਿਕਰ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਇਸ ਤੋਂ ਅੱਗੇ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਮਹੱਤਤਾ, ਸਿੱਖ ਅਤੇ ਸਿੱਖੀ, ਸਮਾਜਿਕ ਪੁਨਰਨਿਰਮਾਣ ਅਤੇ ਕਲਿਆਣ-ਹਿੱਤ ਗੁਰਬਾਣੀ ਸਿਧਾਂਤ, ਸਵਾਲਾਂ-ਜਵਾਬਾਂ ਵਿਚ 'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ' ਨੂੰ ਸੁਖੈਨ ਸ਼ਬਦਾਂ ਵਿਚ ਵਰਣਨ ਕੀਤਾ ਹੈ। 'ਸਿਮਰਨ ਦੀ ਮਹਾਨਤਾ', ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿਚ 'ਸਤਿਗੁਰੂ ਦੀ ਮਹਿਮਾ', 'ਸੁਖਮਨੀ ਵਿਚ ਸੁੱਖ ਦਾ ਸੰਕਲਪ', 'ਵਿਆਖਿਆ ਸ਼ੈਲੀ ਵਿਚ ਗੁਰੂ ਨਾਨਕ ਸਾਹਿਬ ਦੀ ਪਾਵਨ ਰਚਨਾ' ਜਪੁਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ 'ਸੁਖਮਨੀ' ਦੇ ਅੰਤਰਗਿਆਨ ਤੇ ਵਿਚਾਰ-ਚਰਚਾ ਕੀਤੀ ਗਈ ਹੈ। ਅਗਲੇ ਲੇਖ ਵਿਚ 'ਸੁਖਮਨੀ ਸਾਹਿਬ ਦੇ ਅਰਥ ਅਤੇ ਨਾਂਅ-ਸੰਸਕਾਰ', 'ਸੁਖਮਨੀ ਵਿਚ ਅਧਿਆਤਮਕਤਵਾਦ', 'ਸੁਖਮਨੀ ਵਿਚ ਨਾਮ ਦੀ ਮਹਿਮਾ', 'ਸੁਖਮਨੀ ਇਕ ਸਰੋਦੀ ਕਾਵਿ', 'ਨਿਰੋਗ ਜੀਵਨ ਹੀ ਵਰਦਾਨ' ਲੇਖ ਵਿਚ ਸੁਖੀ ਜੀਵਨ ਜਿਊਣ ਅਤੇ ਅਰੋਗ ਰਹਿਣ ਲਈ ਦੇਸੀ ਵਸਤੂਆਂ ਦੇ ਨੁਸਖੇ ਅਪਣਾਉਣ ਲਈ ਸੁਝਾਅ ਦਿੱਤੇ ਗਏ ਹਨ। ਸਮੁੱਚੇ ਰੂਪ ਵਿਚ ਵਿਦਵਾਨ ਲੇਖਿਕਾ ਵਲੋਂ ਸਖ਼ਤ ਘਾਲਣਾ ਘਾਲ ਕੇ ਗੁਰਮਤਿ ਦੇ ਆਸ਼ੇ ਮੁਤਾਬਿਕ, ਗੁਰਬਾਣੀ ਦੀਆਂ ਪਾਵਨ ਤੁਕਾਂ ਪ੍ਰਮਾਣ ਵਜੋਂ ਵਰਤੀਆਂ ਹਨ। ਗੁਰਮਤਿ ਦੇ ਵਿਦਿਆਰਥੀਆਂ, ਖੋਜੀਆਂ ਤੇ ਪ੍ਰਚਾਰਕਾਂ ਲਈ ਇਹ ਉੱਦਮ ਲਾਹੇਵੰਦ ਰਹੇਗਾ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਕਿਣਕਾ ਕਿਣਕਾ ਹਿੰਸਾ
ਲੇਖਿਕਾ : ਡਾ. ਸਰਬਜੀਤ ਕੌਰ ਸੋਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 295 ਰੁਪਏ, ਸਫ਼ੇ : 112
ਸੰਪਰਕ : 98151-72073

'ਕਿਣਕਾ ਕਿਣਕਾ ਹਿੰਸਾ' ਕਾਵਿ-ਸੰਗ੍ਰਹਿ ਡਾ. ਸਰਬਜੀਤ ਕੌਰ ਸੋਹਲ ਦਾ ਸੱਤਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਸਫ਼ਰ ਦਰ ਸਫ਼ਰ (2010), 'ਐਵੇਂ ਕਿਵੇਂ' (2011), 'ਗੁੰਨ੍ਹੀ ਮਿੱਟੀ' (2013), 'ਕਾਵਿ-ਕੁਣਕਾ' (2015), 'ਮੁਹੱਬਤਗਿਰੀ' (2016), 'ਐਨੀਮੇਟਿਡ ਰਿਸ਼ਤੇ' (2018) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਪੰਜਾਬੀ ਕਾਵਿ-ਪਾਠਕਾਂ ਦੇ ਦਰਾਂ 'ਤੇ ਦਸਤਕ ਦੇ ਚੁੱਕੇ ਹਨ। ਉਹ ਸਰਬਾਂਗੀ ਲੇਖਿਕਾ ਹੈ। ਕਵਿਤਾ ਦੇ ਨਾਲ-ਨਾਲ ਉਹ ਕਹਾਣੀ, ਆਲੋਚਨਾ, ਅਨੁਵਾਦ ਅਤੇ ਸੰਪਾਦਨਾ ਦਾ ਸਾਹਿਤਕ ਫ਼ਰਜ਼ ਵੀ ਨਿਭਾਉਂਦੀ ਹੈ। ਇਸ ਕਾਵਿ-ਸੰਗ੍ਰਹਿ ਨੂੰ ਕਿਰਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਸੰਘਰਸ਼ੀ ਯੋਧਿਆਂ ਦੇ ਨਾਂਅ ਸਮਰਪਿਤ ਕਰਦਿਆਂ ਹਾਕਮ ਧਿਰ ਨੂੰ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਉਸ ਦੀ ਹਮਦਰਦੀ ਅਤੇ ਸਹਿਯੋਗ ਜ਼ਿੰਦਗੀ ਨੂੰ ਧੜਕਾਉਂਦੀਆਂ ਧਿਰਾਂ ਦੇ ਨਾਲ ਹੈ। ਇਸੇ ਲਈ ਕਾਵਿ-ਪਾਠਕ ਜਦੋਂ ਉਸ ਦੇ ਇਸ ਕਾਵਿ-ਸੰਗ੍ਰਹਿ ਦੀਆਂ 'ਧਰਤੀ ਪੁੱਤਰ ਦੀ ਤਾਸੀਰ' ਤੋਂ ਲੈ ਕੇ 'ਜੀਵਨ ਰਹੱਸ' ਤੱਕ ਦੀਆਂ 56 ਕਵਿਤਾਵਾਂ ਦਾ ਪਾਠ, ਚਿੰਤਾ ਅਤੇ ਚਿੰਤਨ ਦੀਆਂ ਪ੍ਰਕਿਰਿਆਵਾਂ ਵਿਚੋਂ ਲੰਘੇਗਾ ਤਾਂ ਉਹ ਸਹਿਜ ਭਾਅ ਹੀ 'ਕੇਂਦਰ' ਦੀ ਫਾਸ਼ੀਵਾਦੀ ਸੋਚ ਦੇ ਖ਼ਿਲਾਫ਼ ਵਿੱਢੇ ਸੰਘਰਸ਼, ਘੋਲ, ਯੁੱਧ ਦਾ ਹਿੱਸਾ ਸਮਝੇਗਾ। ਬੇਸ਼ੱਕ! ਮੁੱਢ ਕਦੀਮ ਤੋਂ ਪੰਜਾਬ ਦਾ ਹਿੰਦੁਸਤਾਨ ਨਾਲ 'ਨਾਬਰੀ' ਦਾ ਰਿਸ਼ਤਾ ਰਿਹਾ ਹੈ, ਪ੍ਰੰਤੂ ਇਸ ਦੇ ਭਾਰਤ-ਵਰਸ਼ ਬਣਨ ਉਪਰੰਤ ਹੀ ਪੰਜਾਬ ਦੇ ਅਣਖੀਲੇ ਸੁਭਾਅ ਕਾਰਨ 'ਕੇਂਦਰ' ਦੀ ਸੱਤਾ ਦੀ ਵਾਗ ਡੋਰ ਸੰਭਾਲੀ ਹਾਕਮਾਂ ਦੀ ਜੁੰਡਲੀ ਨੂੰ ਪੰਜਾਬ ਅੰਦਰ ਪਨਪਦੀ ਆਜ਼ਾਦਾਨਾ ਤਬੀਅਤ ਪਸੰਦ ਨਹੀਂ ਆਈ। ਹਰ ਤਰ੍ਹਾਂ ਦੇ ਹੱਥ-ਕੰਡੇ ਅਪਣਾ ਕੇ ਆਪਣੀ ਧੌਂਸ ਦਾ ਦਾਬਾ ਪੰਜਾਬੀਆਂ 'ਤੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਪੰਜਾਬੀਆਂ ਨੇ ਹਰ ਸਮੇਂ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਸਾਂਝੀਵਾਲਤਾ ਦਾ ਸੰਦੇਸ਼ ਇਸੇ ਧਰਤੀ ਤੋਂ ਤੁਰਿਆ ਤੇ ਫਿਰ ਸਾਰੀ ਦੁਨੀਆ 'ਚ ਫੈਲ ਗਿਆ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਅਸਲ ਗਣਤੰਤਰ', 'ਨਾਨਕ ਵੇਲਾ', 'ਲੋਹ ਪੁਰਸ਼', 'ਗਿਰਵੀ ਮਨੁੱਖ', 'ਆ ਵੇਖ ਓ ਬਾਬਾ ਨਾਨਕਾ', 'ਵਿਕਾਊ ਆਸਥਾ', 'ਸੀਸ ਦਾ ਸਵਾਲ', 'ਕਿਣਕਾ ਕਿਣਕਾ ਹਿੰਸਾ', 'ਮੌਤ', 'ਪੰਜਾਬ ਸਿਆਂ', 'ਮੈਂ ਪੰਜਾਬ ਬੋਲਦਾਂ', 'ਪਰਿਵਰਤਨ' ਅਤੇ ਹੋਰ ਕਵਿਤਾਵਾਂ ਉਕਤ ਵਰਣਿਤ ਵਿਚਾਰਾਂ ਨੂੰ ਪੁਸ਼ਟ ਕਰਦੀਆਂ ਹਨ। 'ਜਿਉਣ ਦੀ ਜਾਚ ਸਾਨੂੰ ਸ਼ਹੀਦੀਆਂ ਦਾ ਵਲ/ਟਿਕੇ ਨਾ ਮੂਹਰੇ ਸਾਡੇ ਕਦੇ ਵੀ ਜਾਬਰ। ਹਿਟਲਰ ਦਾ ਅੰਤ ਕਰ, ਮੁੜਨਗੇ ਧੀਆਂ ਪੁੱਤ/ਲਾਉਣਗੇ ਜੈਕਾਰੇ, ਮਨਾਉਣਗੇ ਜਸ਼ਨ', 'ਨਾਨਕ ਵੇਲਾ ਕਵਿਤਾ' 'ਚ ਆਈਆਂ ਸਤਰਾਂ : 'ਜਾਬਰ, ਜਰਵਾਣੇ ਦੇ ਜ਼ੁਲਮ ਨੂੰ/ਚਿੰਤਨ, ਚੇਤਨਾ, ਹਿੰਮਤ, ਧੀਰਜ/ਮਾਤ ਦੇ ਰਿਹਾ' ਬਹੁਤ ਕੁਝ ਬਿਆਨ ਕਰ ਜਾਂਦੀਆਂ ਹਨ। ਅੰਤ ਵਿਚ ਲੇਖਿਕਾ ਵਲੋਂ ਵਰਤੀ ਗਈ ਕਾਵਿਕ-ਭਾਸ਼ਾ, ਬਿੰਬੀਵਲੀ ਵੀ ਕਾਵਿ-ਪਾਠਕ ਨੂੰ ਜਿਥੇ ਪ੍ਰਭਾਵਿਤ ਕਰਦੀ ਹੈ, ਉਥੇ ਉਸ ਦੇ ਹਿਰਦੇ 'ਚ ਹੁਲਾਸ-ਉਮਾਹ ਦੀਆਂ ਚਿਣਗਾਂ ਵੀ ਪੈਦਾ ਕਰਦੀ ਹੈ।

-ਸੰਧੂ ਵਰਿਆਣਵੀ
ਮੋਬਾਈਲ : 98786-14096

ਬੰਦਗੀ
ਸ਼ਾਇਰ : ਗੁਰਸ਼ਰਨ ਸਿੰਘ ਅਜੀਬ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 750 ਰੁਪਏ, ਸਫ਼ੇ : 274
ਸੰਪਰਕ : 94638-36591

ਗੁਰਸ਼ਰਨ ਸਿੰਘ ਅਜੀਬ ਇਕ ਬੇਹੱਦ ਸੰਵੇਦਨਸ਼ੀਲ ਅਤੇ ਭਾਵੁਕ ਸ਼ਖ਼ਸ ਹੈ। ਅਜੋਕੇ ਪੂੰਜੀਵਾਦੀ ਦੌਰ ਵਿਚ ਉਸ ਵਰਗੇ ਵਿਅਕਤੀ ਬਹੁਤ ਘੱਟ ਮਿਲਦੇ ਹਨ। ਉਹ ਗ਼ਜ਼ਲ ਕਾਵਿ-ਰੂਪ ਨੂੰ ਪ੍ਰਣਾਇਆ ਹੋਇਆ ਹੈ। ਦਿਨ-ਰਾਤ ਇਸ ਸਿਨਫ਼ ਦੀ ਸਿਰਜਣਾ ਵਿਚ ਲੀਨ ਰਹਿੰਦਾ ਹੈ। ਉਹ ਇਸ ਕਾਵਿ-ਰੂਪ ਨੂੰ ਸਿਖ਼ਰ 'ਤੇ ਪਹੁੰਚਾਉਣ ਲਈ ਜਾਨ ਤੋੜ ਕੇ ਮਿਹਨਤ ਕਰ ਰਿਹਾ ਹੈ। ਗ਼ਜ਼ਲ ਉਸ ਦੇ ਅਨੁਭਵ ਨੂੰ ਪ੍ਰਕਾਸ਼ਮਾਨ ਕਰਨ ਵਾਲਾ ਮਾਧਿਅਮ ਮਾਤਰ ਨਹੀਂ ਹੈ, ਬਲਕਿ ਇਸ ਦੀ ਸਿਰਜਣਾ ਹੀ ਉਸ ਦਾ ਲਕਸ਼ ਹੈ। ਇਸੇ ਕਾਰਨ ਉਹ 'ਅਜੀਬ' ਹੈ। ਆਪਣਾ ਇਹ ਤਖੱਲਸ ਉਸ ਨੇ ਖ਼ੁਦ ਹੀ ਰੱਖਿਆ ਜਾਪਦਾ ਹੈ। ਕੁਦਰਤ ਵਲੋਂ ਹਰ ਬੱਚਾ ਅਜੀਬ ਹੀ ਜਨਮਦਾ ਹੈ ਪਰ ਅਸੀਂ ਸਮਾਜ-ਪਰਿਵਾਰ ਵਾਲੇ ਉਸ ਨੂੰ ਅਜੀਬ ਰਹਿਣ ਨਹੀਂ ਦਿੰਦੇ। ਇਕ-ਦੂਜੇ ਵਰਗਾ ਮਾਮੂਲੀ ਬਣਾ ਕੇ ਹੀ ਦਮ ਲੈਂਦੇ ਹਾਂ।
ਉਸ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਇਸ ਕਾਵਿ-ਰੂਪ ਦੇ ਮੰਤਵ ਅਤੇ ਸੌਂਦਰਯ ਦੀ ਸਿਫ਼ਤ ਸਾਲਾਹ ਕਰਦੀਆਂ ਹਨ। ਕਵੀ ਲਿਖਦਾ ਹੈ:
ਹੁੰਦੀ ਸੀ ਜੋ ਪਰਾਈ ਅਪਣੀ ਬਣਾ ਲਈ ਏ
ਸੁੰਦਰ ਸਿਨਫ਼ ਗ਼ਜ਼ਲ ਦੀ ਸੀਨੇ ਲਗਾ ਲਈ ਏ
ਜੀਣਾ ਗ਼ਜ਼ਲ ਦੇ ਬਾਝੋਂ ਸੱਚਮੁੱਚ ਮੁਹਾਲ ਹੈ ਸੀ
ਤਾਂ ਹੀ ਬਣਾ ਕੇ ਤਸਬੀ ਮੈਂ ਗਲ 'ਚ ਪਾ ਲਈ ਏ।
ਕਵੀ ਦੀਆਂ ਗ਼ਜ਼ਲਾਂ ਵਿਚ ਉਸ ਦਾ ਸਮਕਾਲ ਝਾਤੀਆਂ ਮਾਰਦਾ ਹੈ। ਉਹ ਆਪਣੀਆਂ ਗ਼ਜ਼ਲਾਂ ਰਾਹੀਂ ਪਰਿਵਰਤਨ ਦਾ ਸੁਨੇਹਾ ਦਿੰਦਾ ਹੈ। ਪਰਿਵਰਤਨ ਤੋਂ ਬਿਨਾਂ ਜੀਵਨ ਜੜ੍ਹ ਹੋ ਜਾਂਦਾ ਹੈ। ਉਸ ਨੂੰ ਇਨਸਾਨੀ ਸੁੰਦਰਤਾ ਵਿਚੋਂ ਰੱਬੀ ਨੂਰ ਨਜ਼ਰ ਆਉਂਦਾ ਹੈ। ਸੌਂਦਰਯ ਉਸ ਨੂੰ ਪਾਜ਼ੀਟਿਵ ਕਦਰਾਂ-ਕੀਮਤਾਂ ਪ੍ਰਦਾਨ ਕਰਦਾ ਹੈ। ਉਹ ਵਿੱਛੜ ਗਏ ਸੱਜਣਾਂ ਦੇ ਵਿਗੋਚੇ ਨੂੰ ਵੀ ਪਿੱਠ ਨਹੀਂ ਦਿੰਦਾ ਸਗੋਂ ਇਸ ਨੂੰ ਆਪਣੇ ਸੀਨੇ ਨਾਲ ਲਾਈ ਰੱਖਦਾ ਹੈ। ਉਹ ਸੁਰ ਅਤੇ ਤਾਲ ਨੂੰ ਇਨਸਾਨੀ ਜੀਵਨ ਦੀ ਕਸੌਟੀ ਮੰਨਦਾ ਹੈ ਕਿਉਂਕਿ ਜਿਹੜਾ ਸ਼ਖ਼ਸ ਸੁਰ-ਤਾਲ ਤੋਂ ਖੁੰਝ ਗਿਆ, ਉਹ ਸਮਝੋ ਆਪਣੇ ਜੀਵਨ ਦੀ ਲੈਅ ਅਤੇ ਮਰਯਾਦਾ ਤੋਂ ਬੇਸੁਰਾ-ਬੇਤਾਲਾ ਹੋ ਗਿਆ। ਚੰਗੇ ਖਿਆਲ ਚੰਗੇ ਲਿਬਾਸ ਵਿਚ ਹੀ ਫੱਬਦੇ ਹਨ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਡੂੰਘੀਆਂ ਸੋਚਾਂ ਦੀ ਫੁਲਕਾਰੀ
ਲੇਖਕ : ਅਮਰਜੀਤ ਬਰਾੜ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ ਜਲੰਧਰ
ਮੁੱਲ : 120 ਰੁਪਏ, ਸਫ਼ੇ : 87
ਸੰਪਰਕ : 94179-49079

ਮਾਂ ਬੋਲੀ ਪੰਜਾਬੀ ਦੇ ਸਾਹਿਤ ਨੂੰ ਸਮਰਪਿਤ ਤੇ ਪ੍ਰਸਿੱਧ ਲੇਖਕ ਅਮਰਜੀਤ ਸਿੰਘ ਬਰਾੜ ਦੀ ਨਿਰੰਤਰ ਸਾਹਿਤ ਸਾਧਨਾ ਦੀ ਪ੍ਰਤੀਕ 2023 'ਚ ਪ੍ਰਕਾਸ਼ਿਤ ਪਲੇਠੀ ਨਿਬੰਧਾਂ ਦੀ ਪੁਸਤਕ 'ਡੂੰਘੀਆਂ ਸੋਚਾਂ ਦੀ ਫੁਲਕਾਰੀ' ਵਿਚ ਕੁੱਲ 24 ਨਿਬੰਧ ਹਨ। ਇਸ ਪੁਸਤਕ ਤੋਂ ਪਹਿਲਾਂ ਲੇਖਕ ਮਾਂ ਬੋਲੀ ਪੰਜਾਬੀ ਦੀ ਝੋਲੀ ਵਿਚ ਨਿਬੰਧਾਂ ਦੀ ਪੁਸਤਕ 'ਜ਼ਿੰਦਗੀ ਦੇ ਸਬਕ' ਅਰਪਿਤ ਕਰਕੇ ਮਾਂ ਬੋਲੀ ਪੰਜਾਬੀ ਦੀ ਫੁਲਵਾੜੀ ਮਹਿਕਾਅ ਚੁੱਕਾ ਹੈ। 'ਡੂੰਘੀਆਂ ਸੋਚਾਂ ਦੀ ਫੁਲਕਾਰੀ' ਸਿਰਲੇਖ ਅਧੀਨ ਛਪੀ ਪੁਸਤਕ ਨੂੰ ਲੇਖਕ ਨੇ ਆਪਣੇ ਪਿਆਰੇ ਮਿੱਤਰਾਂ ਨੂੰ ਸਮਰਪਿਤ ਕੀਤਾ ਹੈ ਇਸ ਪੁਸਤਕ ਦੇ ਨਿਬੰਧਾਂ ਵਿਚੋਂ ਇਕ ਨਿਬੰਧ 'ਡੂੰਘੀਆਂ ਸੋਚਾਂ ਦੀ ਫੁਲਕਾਰੀ' ਦੇ ਨਾਂਅ ਦੇ ਆਧਾਰ 'ਤੇ ਹੀ ਇਸ ਪੁਸਤਕ ਦਾ ਸਿਰਲੇਖ ਰੱਖਿਆ ਗਿਆ ਹੈ। ਇਸ ਪੁਸਤਕ ਨੂੰ ਪੜ੍ਹਦਿਆਂ ਮਨ 'ਚ ਇਹ ਵਿਚਾਰ ਉਪਜਦਾ ਹੈ ਕਿ ਇਸ ਪੁਸਤਕ ਦਾ ਹਰ ਨਿਬੰਧ ਲੇਖਕ ਦੀ ਜ਼ਿੰਦਗੀ ਦੇ ਡੂੰਘੇ ਤਜਰਬਿਆਂ, ਅਨੁਭਵਾਂ ਤੇ ਅਮਲਾਂ ਦੀ ਪੈਦਾਇਸ਼ ਹੈ। ਉਹ ਆਪਣੀ ਜ਼ਿੰਦਗੀ 'ਚ ਵਾਪਰੀਆਂ ਘਟਨਾਵਾਂ ਤੇ ਹੰਢਾਏ ਅਨੁਭਵਾਂ ਦੇ ਮਾਧਿਅਮ ਰਾਹੀਂ ਆਪਣੇ ਪਾਠਕਾਂ ਅਤੇ ਸਮਾਜ ਦੇ ਲੋਕਾਂ ਨੂੰ ਜ਼ਿੰਦਗੀ ਜਿਊਣ ਦੇ ਗੁਰ ਤੇ ਢੰਗ ਸਮਝਾਉਣਾ ਚਾਹੁੰਦਾ ਹੈ। ਲੇਖਕ ਛੋਟੇ-ਛੋਟੇ ਵਾਕਾਂ ਅਤੇ ਦਿਲਚਸਪ ਸ਼ਬਦਾਵਲੀ ਨਾਲ ਵੱਡੇ ਸੁਨੇਹੇ ਦੇਣ ਦੇ ਯਤਨ ਕਰ ਰਿਹਾ ਹੈ। ਡੂੰਘੀਆਂ ਸੋਚਾਂ ਦੀ ਫੁਲਕਾਰੀ ਨਿਬੰਧ ਦੇ ਵਾਕਾਂ 'ਝੂਠੀ ਤੇ ਬਨਾਵਟੀ ਮੁਸਕਰਾਹਟ ਦੀ ਉਮਰ ਲੰਬੀ ਨਹੀਂ ਹੁੰਦੀ, ਧੋਖਾ ਲੰਬੇ ਸਮੇਂ ਦਾ ਮੁਨਾਫ਼ਾ ਨਹੀਂ ਹੁੰਦਾ, ਰਿਸ਼ਵਤ ਥੋੜ੍ਹੇ ਸਮੇਂ ਦੀ ਤਸੱਲੀ ਹੈ ਅਤੇ ਸੂਰਾਂ ਨਾਲ ਦੋਸਤੀ ਕਰਕੇ ਤੁਸੀਂ ਆਪਣੇ ਕੱਪੜਿਆਂ ਨੂੰ ਮੈਲਾ ਹੋਣ ਤੋਂ ਨਹੀਂ ਬਚਾਅ ਸਕਦੇ' 'ਚ ਝੂਠੇ ਹਾਸੇ, ਧੋਖੇ, ਰਿਸ਼ਵਤ ਅਤੇ ਸੂਰਾਂ ਨਾਲ ਦੋਸਤੀ ਨੂੰ ਲੇਖਕ ਜ਼ਿੰਦਗੀ ਲਈ ਭੈੜੇ ਵਰਤਾਰੇ ਦੱਸ ਕੇ ਡੂੰਘੇ ਵਿਅੰਗ ਕੱਸ ਕੇ ਪਾਠਕਾਂ ਦਾ ਰਾਹ ਦਸੇਰਾ ਬਣ ਰਿਹਾ ਹੈ। ਇਸ ਪੁਸਤਕ ਦੇ ਨਿਬੰਧ 'ਕੰਮ ਖੁਦ ਮੂੰਹੋਂ ਬੋਲਦਾ' ਦੇ ਵਾਕਾਂ 'ਜਦੋਂ ਤੁਹਾਡੇ ਕੰਮ ਤੇ ਤੁਹਾਡੇ ਦੁਆਰਾ ਬੋਲੇ ਸ਼ਬਦ ਮੇਲ ਨਹੀਂ ਖਾਂਦੇ ਤਾਂ ਉਸ ਸਮੇਂ ਨਾ ਕੇਵਲ ਤੁਹਾਡੇ ਸ਼ਬਦਾਂ ਦੀ ਕੀਮਤ ਘਟਦੀ ਹੈ ਸਗੋਂ ਉਸ ਸਮੇਂ ਆਪਣੇ ਭਰੋਸੇ ਦੀ ਕੀਮਤ ਨੂੰ ਨੀਵਾਂ ਕਰਦੇ ਹੋ ਤੇ ਤੁਹਾਡੀ ਸ਼ਖ਼ਸੀਅਤ ਬਾਰੇ ਹੋਰਾਂ ਨੂੰ ਦੱਸ ਕੇ ਜੇਕਰ ਦੂਜਿਆਂ ਨੂੰ ਮਾਣ ਅਤੇ ਖ਼ੁਸ਼ੀ ਹੁੰਦੀ ਹੈ ਤਾਂ ਤੁਸੀਂ ਸਮਝੋ ਸਫਲ ਹੋ', ਵਿਚ ਲੇਖਕ ਜਿਥੇ ਸਮਾਜ ਦੇ ਲੋਕਾਂ ਨਾਲ ਮਿਹਨਤੀ ਹੋਣ ਦੇ ਵਿਚਾਰਾਂ ਦੀ ਸਾਂਝ ਪਾ ਰਿਹਾ ਹੈ ਉੱਥੇ ਗੱਲੀਂ-ਬਾਤੀਂ ਬੜੇ ਕਹਾਉਣ ਦੇ ਔਗੁਣ ਦੇ ਸ਼ਿਕਾਰ ਹੋਣ ਤੋਂ ਵਰਜ ਵੀ ਰਿਹਾ ਹੈ ਇਸ ਪੁਸਤਕ ਦੇ ਇਕ ਹੋਰ ਨਿਬੰਧ ਕੱਦ ਅਤੇ ਕਿਰਦਾਰ ਦੇ ਵਾਕਾਂ 'ਕੱਦ ਮਿਣਤੀ ਵਿਚ ਹੁੰਦਾ ਹੈ ਤੇ ਕਿਰਦਾਰ ਗਿਣਤੀ ਵਿਚ ਕਈ ਮਿਣਤੀਆਂ ਵਿਚ ਤਾਂ ਹੁੰਦੇ ਹਨ ਪਰ ਉਹ ਕਿਸੇ ਗਿਣਤੀ ਵਿਚ ਨਹੀਂ ਹੁੰਦੇ। ਕੱਦ ਕੁਦਰਤ ਦਾ ਤੋਹਫ਼ਾ ਹੈ ਪਰ ਕਿਰਦਾਰ ਬਣਾਉਣ ਤੇ ਸਿਰਜਣ ਲਈ ਘਾਲਣਾ ਘਾਲਣੀ ਪੈਂਦੀ ਹੈ ਤੇ ਕੱਦ ਤਾਕਤ ਹੈ ਅਤੇ ਕਿਰਦਾਰ ਪ੍ਰਭਾਵ', ਵਿਚ ਕੱਦ ਤੇ ਕਿਰਦਾਰ 'ਚ ਫ਼ਰਕ ਦਰਸਾਉਂਦਾ ਹੋਇਆ ਇਹ ਸਮਝਾਉਣ ਦਾ ਯਤਨ ਕਰ ਰਿਹਾ ਹੈ ਕਿ ਕੱਦ ਦੀ ਆਪਣੀ ਹੀ ਅਹਿਮੀਅਤ ਹੈ ਅਤੇ ਕਿਰਦਾਰ ਦੀ ਆਪਣੀ। ਕੱਦ ਕੇਵਲ ਤਾਕਤ ਦਾ ਸੂਚਕ ਹੈ, ਚੰਗੇ ਕਿਰਦਾਰ ਨਾਲ ਦੂਜਿਆਂ ਦੇ ਮਨਾਂ ਉੱਤੇ ਰਾਜ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਇਸ ਪੁਸਤਕ ਦੇ ਦੂਜੇ ਨਿਬੰਧ ਵੀ ਮਨੁੱਖੀ ਜੀਵਨ 'ਚ ਸੁਧਾਰ ਲਿਆ ਕੇ ਨਿੱਗਰ ਸਮਾਜ ਦੀ ਉਸਾਰੀ ਦਾ ਆਧਾਰ ਬਣਦੇ ਨਜ਼ਰ ਆਉਂਦੇ ਹਨ। ਪੁਸਤਕ ਦੇ ਸਮੂਹ ਲੇਖਾਂ ਦੀ ਭਾਸ਼ਾ, ਸ਼ੈਲੀ ਅਤੇ ਪੇਸ਼ਕਾਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਲੇਖਕ ਆਪਣੇ ਉਦੇਸ਼ ਵਿਚ ਸਫਲ ਰਿਹਾ ਹੈ ਤੇ ਉਸ ਦੀ ਨਿਬੰਧ ਲਿਖਣ ਦੀ ਕਲਾ ਵਿਚ ਪੂਰੀ ਮੁਹਾਰਤ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਨਿਵੇਕਲੀ ਗੀਤਕਾਰੀ ਦਾ ਸ਼ਹਿਨਸ਼ਾਹ :
ਦੇਵ ਥਰੀਕਿਆਂ ਵਾਲਾ
ਲੇਖਕ : ਗੁਲਜ਼ਾਰ ਸਿੰਘ ਸ਼ੌਂਕੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 98552-28224

ਗੁਲਜ਼ਾਰ ਸਿੰਘ ਸ਼ੌਂਕੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦਾ ਮੀਤ ਪ੍ਰਧਾਨ ਹੈ। ਉਹ ਵਿਰਸੇ ਨੂੰ ਸਜੀਵ ਰੱਖਣ ਵਾਲਾ ਲੇਖਕ ਹੈ। ਉਹਨੇ ਹੁਣ ਤੱਕ 21 ਮੌਲਿਕ ਅਤੇ 36 ਸੰਪਾਦਿਤ ਪੁਸਤਕਾਂ ਦੀ ਰਚਨਾ ਕੀਤੀ ਹੈ। ਸ਼ੌਂਕੀ ਨੇ ਮੁੱਖ ਤੌਰ 'ਤੇ ਵਾਰ, ਓਪੇਰਾ, ਕਵਿਤਾ, ਇਤਿਹਾਸ, ਜੀਵਨੀ ਆਦਿ ਸਾਹਿਤ- ਵਿਧਾਵਾਂ ਵਿਚ ਲਿਖਿਆ ਹੈ। ਵਿਚਾਰ ਅਧੀਨ ਪੁਸਤਕ ਵਿਚ ਉਸ ਨੇ ਸਾਡੇ ਸਮਿਆਂ ਦੇ ਚਰਚਿਤ ਗੀਤਕਾਰ ਦੇਵ ਥਰੀਕਿਆਂ ਵਾਲਾ (ਹਰਦੇਵ ਸਿੰਘ/ ਹਰਦੇਵ ਦਿਲਗੀਰ ; 1939-2022) ਦੀ ਜੀਵਨੀ ਦੇ ਨਾਲ ਨਾਲ ਮੁਲਾਕਾਤ, ਕਾਵਿ ਚਿੱਤਰ, ਯਾਦਾਂ ਤੇ ਕੁਝ ਵਿਦਵਾਨਾਂ ਦੇ ਵਿਚਾਰ ਸ਼ਾਮਿਲ ਕੀਤੇ ਹਨ। ਪੁਸਤਕ ਦੇ ਆਰੰਭ ਵਿਚ ਡਾ. ਤੇਜਵੰਤ ਮਾਨ ਅਤੇ ਪਵਨ ਹਰਚੰਦਪੁਰੀ ਵਲੋਂ ਮੁੱਖ ਸ਼ਬਦ ਲਿਖੇ ਗਏ ਹਨ। ਦੇਵ ਥਰੀਕਿਆਂ ਵਾਲਾ ਨੇ ਜੇ.ਬੀ.ਟੀ. ਕਰਕੇ 1960 ਤੋਂ 1997 ਤੱਕ ਕਰੀਬ 37 ਸਾਲ ਸਕੂਲ-ਅਧਿਆਪਕ ਵਜੋਂ ਸੇਵਾ ਨਿਭਾਈ। ਉਸ ਨੇ ਪਹਿਲੀ ਰਚਨਾ ਵਜੋਂ ਚੁਟਕਲੇ, ਬਾਲ ਸਾਹਿਤ ਕਹਾਣੀਆਂ ਦੀ ਰਚਨਾ ਕੀਤੀ, ਡੇਢ ਦਰਜਨ ਤੋਂ ਵੱਧ ਫ਼ਿਲਮਾਂ ਲਈ ਗੀਤ ਲਿਖੇ, ਉਸ ਦੇ ਗੀਤਾਂ ਨੂੰ ਕਰਮਜੀਤ ਧੂਰੀ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਜਿਹੇ ਮਕਬੂਲ ਗਾਇਕਾਂ ਨੇ ਆਵਾਜ਼ ਦਿੱਤੀ। ਦੇਵ ਨੂੰ ਲਿਖਣ ਦੀ ਪ੍ਰੇਰਨਾ ਪ੍ਰਸਿੱਧ ਗਲਪਕਾਰ ਹਰੀ ਸਿੰਘ ਦਿਲਬਰ ਤੋਂ ਮਿਲੀ, ਜੋ ਉਹਨੂੰ ਲਲਤੋਂ ਦੇ ਸਕੂਲ ਵਿਚ ਪੜ੍ਹਾਇਆ ਕਰਦੇ ਸਨ। ਸਕੂਲ ਪੜ੍ਹਦਿਆਂ ਹੀ ਉਹ ਗੀਤਕਾਰੀ ਵੱਲ ਰੁਚਿਤ ਹੋ ਗਿਆ ਸੀ ਤੇ ਉਸ ਨੇ ਪ੍ਰੇਮ ਕੁਮਾਰ ਸ਼ਰਮਾ ਲਈ ਸਭ ਤੋਂ ਪਹਿਲਾਂ ਚੁਣੌਤੀ ਵਜੋਂ 5 ਗੀਤ ਲਿਖੇ ਤੇ ਇਹ ਸਾਰੇ ਹੀ ਹਿੱਟ ਹੋਏ। ਉਸ ਦੇ ਜੀਵਨ ਵਿਚ ਗੁਰਦੇਵ ਸਿੰਘ ਮਾਨ, ਯਮਲਾ ਜੱਟ, ਨਰਿੰਦਰ ਬੀਬਾ, ਸਵਰਨ ਲਤਾ ਦੀ ਵੱਡੀ ਭੂਮਿਕਾ ਰਹੀ। ਉਸ ਦੇ ਲਿਖੇ ਗੀਤਾਂ ਨੂੰ ਕਰੀਬ 65-70 ਸਿਰਮੌਰ ਗਾਇਕਾਂ ਨੇ ਆਵਾਜ਼ ਦਿੱਤੀ। ਲੇਖਕ ਵਲੋਂ ਦੇਵ ਨਾਲ ਕੀਤੀ ਲੰਮੀ ਮੁਲਾਕਾਤ (25-57 ਪੰਨੇ) ਦੇਵ ਦੀ ਜ਼ਿੰਦਗੀ ਅਤੇ ਸਾਹਿਤ ਬਾਰੇ ਮਹੱਤਵਪੂਰਨ ਤੱਥਾਂ ਨੂੰ ਸਾਹਮਣੇ ਲਿਆਉਂਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਕਸਕ
ਲੇਖਕ : ਡਾ. ਧਰਮਪਾਲ ਸਾਹਿਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 188
ਸੰਪਰਕ : 98761-56964

ਪ੍ਰਿੰ. (ਡਾ.) ਸਾਹਿਲ ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਬਹੁ-ਭਾਸ਼ਾਈ ਅਤੇ ਬਹੁ-ਵਿਧਾਵੀ ਲੇਖਕ ਹੈ। ਉਸ ਦਾ ਵਿਚਾਰਾਧੀਨ ਨਾਵਲ 'ਕਸਕ' ਭਾਰਤ-ਪਾਕਿ ਵੰਡ ਦੀਆਂ ਹਿਰਦੇਵੇਧਕ ਘਟਨਾਵਾਂ ਦਾ ਬਿਰਤਾਂਤ ਹੈ। ਉਸ ਨੇ ਇਨ੍ਹਾਂ ਘਟਨਾਵਾਂ ਨੂੰ ਇਕੱਤਰ ਕਰਨ ਲਈ, ਲਗਭਗ ਨੱਬੇ ਸਾਲ ਤੋਂ ਉੱਪਰ ਜਿਊਂਦੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਬੜੀ ਮੁਸ਼ਕਿਲ ਨਾਲ ਫ਼ੀਲਡ ਵਰਕ, ਖੋਜੀਆਂ ਵਾਂਗ ਕੀਤਾ ਹੈ। ਕਿਸੇ ਬੁੱਢੇ ਨੂੰ ਸੁਣਦਾ ਨਹੀਂ ਸੀ, ਕਿਸੇ ਨੂੰ ਦਿਸਦਾ ਨਹੀਂ ਸੀ, ਕਿਸੇ ਦੀ ਜ਼ਬਾਨ ਕੰਬਦੀ ਸੀ, ਕੋਈ ਬਿਆਨ ਕਰਨ ਸਮੇਂ ਹੰਝੂ ਵਹਾਉਂਦਾ ਸੀ। ਲੇਖਕ ਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਇਕ ਪਾਤਰ 'ਪ੍ਰੋ. ਨੰਦਾ' 'ਸਪੋਕਸਮੈਨ' ਸਿਰਜ ਲਿਆ। ਪ੍ਰੋ. ਨੰਦਾ ਸਾਰੇ ਨਾਵਲ ਵਿਚ ਲੇਖਕ ਦੇ ਵਿਚਾਰਾਂ ਦੀ ਹੀ ਤਰਜਮਾਨੀ ਕਰਦਾ ਹੈ। ਪ੍ਰੋ. ਨੰਦਾ ਕਈ ਕਾਂਡਾਂ ਵਿਚ 47 ਦੀਆਂ ਘਟਨਾਵਾਂ ਬਾਰੇ ਆਪਣੇ ਪੋਤੇ ਨੂੰ ਦੁਖਦਾਈ ਘਟਨਾਵਾਂ ਸੁਣਾਉਂਦਾ ਲੰਮੇ-ਲੰਮੇ ਹਉਕੇ ਭਰਦਾ ਹੈ। ਦਰਅਸਲ ਉਹ ਅਸਿੱਧੇ ਤੌਰ 'ਤੇ ਦੂਜੀ, ਤੀਜੀ ਨਵੀਂ ਪੀੜ੍ਹੀ ਨੂੰ ਜਾਗਰੂਕਤਾ ਪ੍ਰਦਾਨ ਕਰਦਾ ਹੈ ਤਾਂ ਕਿ ਅੱਗੋਂ ਲਈ ਅਜਿਹੀਆਂ ਘਟਨਾਵਾਂ ਨਾ ਵਾਪਰਨ। ਪੱਤਰ/ਖ਼ਤ ਸ਼ੈਲੀ ਦਾ ਪ੍ਰਯੋਗ ਕੀਤਾ ਗਿਆ ਹੈ। ਇਸੇ ਮਨੋਰਥ ਲਈ ਪ੍ਰੋ. ਨੰਦਾ ਕਾਲਜ ਵਿਚ ਭਾਸ਼ਨ ਵੀ ਕਰਦਾ ਹੈ।
ਕਾਲਜ ਦੇ ਕੁਝ ਵਿਦਿਆਰਥੀਆਂ ਨਾਲ ਮਿਲਣੀ ਸਮੇਂ ਉਨ੍ਹਾਂ ਦੀਆਂ ਸ਼ੰਕਾਵਾਂ ਵਿਸਥਾਰ ਸਹਿਤ ਨਵ੍ਰਿਤ ਕਰਦਾ ਹੈ। ਵਿਦਿਆਰਥੀ ਪ੍ਰੋ. ਨੰਦਾ ਨੂੰ ਅਜਿਹੇ ਪ੍ਰਸ਼ਨ ਕਰਦੇ ਹਨ। ਜਿਵੇਂ : ਕੀ ਭਾਰਤ ਦੀ ਵੰਡ ਜ਼ਰੂਰੀ ਸੀ? 'ਵੰਦੇ ਮਾਤਰਮ' ਰਾਸ਼ਟਰ ਗੀਤ ਦੀ ਥਾਂ 'ਜਨ ਗਣ ਮਨ' ਦੀ ਲੋੜ ਕਿਉਂ ਪੈ ਗਈ? ਤਿਰੰਗੇ ਨੇ ਸਾਡੇ ਕੌਮੀ ਝੰਡੇ ਦਾ ਸਥਾਨ ਕਿਵੇਂ ਲਿਆ? ਕੀ ਭਾਰਤ-ਪਾਕਿ ਦਾ ਪੁਨਰ-ਮਿਲਣ ਸੰਭਵ ਹੈ? ਇਵੇਂ ਵਿਦਿਆਰਥੀਆਂ ਅੱਗੇ ਆਜ਼ਾਦੀ ਸੰਘਰਸ਼ ਵਿਚ ਨਰਮ ਦਲੀਆਂ ਅਤੇ ਗਰਮ ਦਲੀਆਂ ਦੇ ਯੋਗਦਾਨ ਦੀ ਚਰਚਾ ਕੀਤੀ ਗਈ। ਵੰਡ ਦਾ ਅਸਲ ਕਾਰਨ ਨੇਤਾਵਾਂ ਦੀ 'ਸੱਤਾ ਦੀ ਲਾਲਸਾ' ਹੀ ਸੀ।
ਪਰ ਇਸ ਨਾਵਲ ਦੀ ਮੁੱਖ ਨਾਇਕਾ 'ਬੀਬੀ ਮੁਹੰਮਦ' ਹੈ। ਉਸ ਦੇ ਪਤੀ ਸ਼ਿਕੋਹ ਮਲਿਕ ਨੂੰ ਜਨੂੰਨੀ ਧਾਰਮਿਕ ਦਰਿੰਦਿਆਂ ਨੇ ਆਪਣੇ ਵਲੋਂ ਮਾਰ ਹੀ ਦਿੱਤਾ ਸੀ। ਹਾਲਾਤ ਦੇ ਥਪੇੜੇ ਸਹਿੰਦਿਆਂ ਆਪਣੀ ਇੱਜ਼ਤ ਲੁਟਾਉਂਦਿਆਂ ਉਸ ਦੇ ਜੀਵਨ 'ਚ ਅਜਿਹਾ ਮੋੜ ਆਇਆ ਕਿ ਉਹ ਅੰਮ੍ਰਿਤ ਛਕ ਕੇ ਬੀਬੀ ਮੁਹੰਮਦ ਤੋਂ ਮਨਜੀਤ ਕੌਰ ਬਣ ਕੇ, ਨਵਾਂ ਵਿਆਹ ਕਰਵਾ ਕੇ ਇੰਗਲੈਂਡ ਚਲੀ ਗਈ ਅਤੇ ਨਵੇਂ ਪਤੀ ਤੋਂ ਪੂਰਨ ਸੁੱਖ ਅਤੇ ਸਤਿਕਾਰ ਪ੍ਰਾਪਤ ਕੀਤਾ। ਪ੍ਰੋ. ਨੰਦਾ ਦਾ ਮੁੱਖ ਉਦੇਸ਼ ਬੀਬੀ ਮੁਹੰਮਦ ਉਰਫ਼ ਮਨਜੀਤ ਕੌਰ ਦਾ ਜਿਊਂਦੇ ਸ਼ਿਕੋਹ ਮਲਿਕ ਨਾਲ ਪੁਨਰ-ਮਿਲਣ ਕਰਵਾਉਣਾ ਹੈ। ਇਸ ਮਨੋਰਥ ਲਈ ਨਾਵਲਕਾਰ ਨੇ 'ਪ੍ਰਾਪਤ ਯਥਾਰਥ' ਨਾਲ, ਮੁਕਤੀ-ਜੁਗਤ ਸਥਿਤੀ ਬਣਾ ਕੇ, ਭਾਰਤ-ਪਾਕਿ ਸੰਬੰਧਾਂ ਨੂੰ ਸਮਰਪਿਤ ਇਕ ਸੱਭਿਆਚਾਰਕ ਸਮਾਗਮ ਪੰਜਾਬ ਦੇ ਉਸੇ ਪਿੰਡ ਵਿਚ ਆਯੋਜਿਤ ਕਰ ਕੇ, ਅਜਿਹੇ ਅਜਨਬੀਕਰਨ ਦੀ ਸਥਿਤੀ ਪੈਦਾ ਕਰ ਦਿੱਤੀ ਜਿਸ ਵਿਚ 'ਇੱਛਿਤ ਯਥਾਰਥ' ਦੀ ਪ੍ਰਾਪਤੀ ਸੰਭਵ ਹੋ ਗਈ। ਬੀਬੀ ਮੁਹੰਮਦ ਅਤੇ ਸ਼ਿਕੋਹ ਮਲਿਕ ਦਾ ਪੁਨਰ-ਮਿਲਾਪ ਹੋ ਗਿਆ। ਟੀਚੇ ਦੀ ਪ੍ਰਾਪਤੀ ਕਾਰਨ ਨਾਵਲ ਦਾ ਕਥਾਨਕ 'ਕੰਟਰਾਈਵਡ' ਹੈ। ਨਾਵਲ ਵਿਚ ਦਰਦਨਾਕ ਘਟਨਾਵਾਂ ਦੇ ਚਿੱਤਰ ਪੇਸ਼ ਕਰ ਕੇ ਦੁਖਦਾਇਕ ਘਟਨਾਵਾਂ ਨੂੰ ਪ੍ਰਮਾਣਿਕਤਾ ਪ੍ਰਦਾਨ ਕੀਤੀ ਗਈ ਹੈ। ਲੋੜ ਅਨੁਸਾਰ ਕਾਵਿਕ ਟੁਕੜੀਆਂ ਵੀ ਦਿੱਤੀਆਂ ਗਈਆਂ ਹਨ। ਇੰਜ ਇਹ ਨਾਵਲ ਭਾਰਤ-ਪਾਕਿ ਵੰਡ ਬਾਰੇ, ਨਵੀਂ ਪੀੜ੍ਹੀ ਨੂੰ ਜਾਗਰੂਕਤਾ ਪ੍ਰਦਾਨ ਕਰਨ ਵਾਲਾ ਦਸਤਾਵੇਜ਼ ਹੋ ਨਿੱਬੜਿਆ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਔਰਤ ਮੇਰੇ ਅੰਦਰ
ਅਨੁਵਾਦ : ਅਮਰਜੀਤ ਕੌਂਕੇ
ਮੂਲ ਲੇਖਕ : ਪਵਨ ਕਰਣ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 170 ਰੁਪਏ, ਸਫ਼ੇ : 111
ਸੰਪਰਕ : 98142-31698

ਸ਼ਾਇਰ ਪਵਨ ਕਰਣ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ 1964 ਨੂੰ ਜਨਮਿਆ ਪ੍ਰਬੁੱਧ ਹਿੰਦੀ ਦਾ ਸ਼ਾਇਰ ਹੈ, ਜਿਸ ਦੀ ਕਾਵਿ-ਕਿਤਾਬ 'ਇਸਤਰੀ ਮੇਰੇ ਭੀਤਰ' ਦਾ ਪੰਜਾਬੀ ਅਨੁਵਾਦ ਅਮਰਜੀਤ ਕੌਂਕੇ ਜੋ 1964 ਵਿਚ ਪਿੰਡ ਕੌਂਕੇ ਜ਼ਿਲ੍ਹਾ ਲੁਧਿਆਣਾ ਵਿਚ ਜਨਮਿਆ ਬੌਧਿਕ ਮੁਹਾਵਰੇ ਦਾ ਪ੍ਰਸਿੱਧ ਸ਼ਾਇਰ ਹੈ, ਨੇ ਇਸ ਕਿਤਾਬ ਨੂੰ 'ਔਰਤ ਮੇਰੇ ਅੰਦਰ' ਨਾਂਅ ਹੇਠ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਸ਼ਾਇਰ ਅਮਰਜੀਤ ਕੌਂਕੇ ਹਿੰਦੀ ਅਤੇ ਪੰਜਾਬੀ ਵਿਚ ਇਕ ਪੁਲ ਦਾ ਕੰਮ ਕਰ ਰਿਹਾ ਹੈ, ਜਿਸ ਨੇ ਪਹਿਲਾਂ ਵੀ ਨਾਮਵਰ ਹਿੰਦੀ ਸ਼ਾਇਰਾਂ ਡਾ. ਕੇਦਾਰ ਨਾਥ ਸਿੰਘ, ਨਰੇਸ਼ ਮਹਿਤਾ, ਕੁੰਵਰ ਨਰਾਇਣ, ਅਰੁਣ ਕਮਲ, ਰਾਜੇਸ਼ ਜੋਸ਼ੀ, ਵਿਪਨ ਚੰਦਰਾ, ਹਿਮਾਂਸ਼ੂ ਜੋਸ਼ੀ, ਊਸ਼ਾ ਯਾਦਵ, ਬਲਭੱਦਰ ਠਾਕਰ, ਮਣੀ ਮੋਹਨ, ਆਤਮ ਰੰਜਨ, ਡਾ. ਹੰਸਾ ਦੀਪ ਜਿਹੇ ਨਾਮਵਰ ਲੇਖਕਾਂ ਨੂੰ ਪੰਜਾਬੀ ਵਿਚ ਅਨੁਵਾਦਿਆ ਹੈ। ਅਨੁਵਾਦਕ ਦੀ ਖ਼ੂਬੀ ਇਹ ਹੈ ਕਿ ਕਿਤੇ ਵੀ ਝਉਲਾ ਨਹੀਂ ਪੈਂਦਾ ਕਿ ਇਹ ਅਨੁਵਾਦਕ ਰਚਨਾ ਹੈ, ਇਸ ਦੇ ਐਨ ਉਲਟ ਮੌਲਿਕ ਰਚਨਾ ਲੱਗਦੀ ਹੈ। ਹਥਲੀ ਪੁਸਤਕ ਵਿਚ ਸ਼ਾਇਰ ਪਵਨ ਕਰਣ ਨੇ ਔਰਤ ਦੀਆਂ ਅੰਦਰਲੀਆਂ ਕੁੰਦਰਾਂ ਨੂੰ ਬੌਧਿਕ ਪ੍ਰਿਜ਼ਮ ਨਾਲ ਜਿਸ ਤਰ੍ਹਾਂ ਸਕੈਨਿੰਗ ਕੀਤੀ ਹੈ, ਉਹ ਕਾਵਿ-ਚਿੰਤਨ ਦਾ ਸਿਖਰ ਹੋ ਨਿਬੜਦੀ ਹੈ। ਔਰਤ ਪਿੱਤਰਤ ਸੱਤਾ ਅਤੇ ਪਰੰਪਰਕ ਮੰਗਲ ਸੂਤਰੀ ਕੈਦ ਤੋਂ ਛੁਟਕਾਰਾ ਪਾਉਣ ਲਈ ਛਟਪਟਾਉਂਦੀ ਨਜ਼ਰ ਆਉਂਦੀ ਹੈ। ਕਾਵਿ-ਪ੍ਰਵਚਨ ਦੀ ਥਾਹ ਪਾਉਣ ਲਈ ਨਿਤਸ਼ੇ ਦਾ ਇਹ ਕਥਨ 'ਬੌਨੀਆਂ ਮਰਯਾਦਾਵਾਂ ਪਲੇਗ ਤੋਂ ਵੀ ਜ਼ਿਆਦਾ ਘਾਤਕ ਹੁੰਦੀਆਂ ਹਨ ਤੇ ਅਜਿਹੀਆਂ ਵਰਜਣਾਵਾਂ ਦੀ ਰਾਮਕਾਰ ਉਲੰਘ ਕੇ ਹੀ ਜੀਵਨ ਜਿਊਣ ਜੋਗਾ ਹੋ ਜਾਂਦਾ ਹੈ। ਸ਼ਾਇਰ ਇਕ ਪਿਤਾ ਨੂੰ ਆਪਣੀ ਜਵਾਨ ਹੋ ਰਹੀ ਪੁੱਤਰੀ ਨੂੰ ਪਿਆਰਦਾ ਤੇ ਨਿਹਾਰਦਾ ਹੈ ਤੇ ਇਹ ਵੀ ਸੋਚਦਾ ਹੈ ਕਿ ਉਸ ਦੀ ਪੁੱਤਰੀ ਤਾਂ ਇਕ ਵਗਦੀ ਨਦੀ ਹੈ ਜੋ ਮਿਥ ਕੇ ਕੰਢੇ ਨਹੀਂ ਬਣਾਉਂਦੀ। ਇਸੇ ਤਰ੍ਹਾਂ ਇਕ ਭਰਾ ਆਪਣੀ ਭੈਣ ਦੇ ਪ੍ਰੇਮ ਨੂੰ ਪਰੰਪਰਕ ਤਾੜਨਾਵਾਂ ਵੀ ਕਰਦਾ ਹੈ ਤੇ ਆਪਣੀ ਭੈਣ ਦੀ ਤਰੰਗਤੀ ਮੁਹੱਬਤ ਅੱਗੇ ਰੋੜਾ ਨਹੀਂ ਬਣਦਾ। ਇਸੇ ਤਰ੍ਹਾਂ ਇਕ ਜਵਾਨ ਬੇਟੀ ਆਪਣੀ ਅਧੇੜ ਉਮਰ ਦੀ ਵਿਧਵਾ ਮਾਂ ਦੀ ਪ੍ਰੇਮ ਕ੍ਰੀੜਾ ਨੂੰ ਚੋਰੀ-ਚੋਰੀ ਦੇਖਦੀ ਤੇ ਮਹਿਸੂਸਦੀ ਹੈ ਤੇ ਜਵਾਨ ਬੇਟੀ ਤ੍ਰੇਹ ਤੇ ਦੇਹ ਦੇ ਵੇਗ ਨੂੰ ਸਲਾਮ ਕਰਦਿਆਂ ਮਾਂ ਨੂੰ ਦੇਖ ਕੇ ਨਿੰਮ੍ਹਾ-ਨਿੰਮ੍ਹਾ ਮੁਸਕਰਾਉਂਦੀ ਹੈ, ਜਿਵੇਂ ਮਾਈ ਹੱਵਾ ਤੇ ਬਾਬਾ ਆਦਮ ਨੂੰ ਵਰਜਿਤ ਫਲ ਚਖਣ ਤੇ ਬਹਿਸ਼ਤ ਤੋਂ ਧਰਤੀ 'ਤੇ ਪਟਕਾ ਮਾਰਿਆ ਸੀ ਤੇ ਹੁਣ ਧਰਤੀ ਤੇ ਅੱਜ ਦੀ ਮਾਈ ਹੱਵਾ ਉਸ ਵਰਜਿਤ ਫਲ ਨੂੰ ਚਖਣ ਲਈ ਉਤਾਵਲੀ ਨਜ਼ਰ ਆਉਂਦੀ ਹੈ ਅਤੇ ਇੱਛਾਵਾਂ ਦੀਆਂ ਤਿਤਲੀਆਂ ਨੂੰ ਫੜਨ ਲਈ ਉੱਡੀ ਫਿਰਦੀ ਹੈ। ਡਾ. ਅਮਰਜੀਤ ਕੌਂਕੇ ਦੇ ਸਿਰੜ ਨੂੰ ਸਲਾਮ ਤਾਂ ਕਰਨਾ ਹੀ ਬਣਦਾ ਹੈ।

-ਭਗਵਾਨ ਢਿੱਲੋਂ
ਮੋਬਾਈਲ : 098143-78254

ਚਾਣੱਕ ਅੰਨ੍ਹੇ ਹਨ
ਲੇਖਕ : ਅਜਾਇਬ ਕਮਲ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 98725-09890

ਅਜਾਇਬ ਕਮਲ ਹਥਲੇ ਕਾਵਿ-ਨਾਟਕ 'ਚਾਣੱਕ ਅੰਨ੍ਹੇ ਹਨ' ਤੋਂ ਪਹਿਲਾਂ 11 ਕਾਵਿ-ਨਾਟਕਾਂ ਸਮੇਤ ਵੱਖ-ਵੱਖ ਵਿਧਾਵਾਂ ਵਿਚ ਅੱਧਾ ਸੈਂਕੜਾ ਪੁਸਤਕਾਂ ਦੀ ਸਿਰਜਣਾ ਕਰ ਚੁੱਕੇ ਹਨ। ਇਸ ਨਵੀਂ ਕਿਸਮ ਦੀ ਕਥਾ-ਰਹਿਤ ਕਾਵਿ-ਨਾਟਕ ਵਿਧਾ 'ਤੇ ਵੀ ਉਨ੍ਹਾਂ ਦੀ ਬੜੀ ਮਜ਼ਬੂਤ ਪਕੜ ਹੈ। ਇਸ ਕਾਵਿ-ਨਾਟਕ ਨੂੰ ਉਨ੍ਹਾਂ ਨੇ ਪੰਜ ਖ਼ੂਬਸੂਰਤ ਹਿੱਸਿਆਂ ਵਿਚ ਵੰਡਿਆ ਹੈ, ਜਿਨ੍ਹਾਂ ਵਿਚ ਚਾਰ-ਚੁਫੇਰੇ ਪਸਰੀ ਭੁੱਖ, ਲੁੱਟ, ਧੱਕੇਸ਼ਾਹੀ, ਭ੍ਰਿਸ਼ਟਾਚਾਰ, ਹਾਹਾਕਾਰ, ਬੇਸਬਰੀ ਅਤੇ ਬੇਚੈਨੀ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਮੇਂ ਦਾ ਚੱਕਰ ਅਜਿਹਾ ਉਲਟਾ ਘੁੰਮ ਰਿਹਾ ਹੈ ਕਿ ਜਿਹੜੇ ਕਿਸੇ ਵੇਲੇ ਨਾਇਕ ਹੁੰਦੇ ਸਨ, ਉਹ ਖ਼ਲਨਾਇਕ ਬਣੇ ਦਿਖਾਈ ਦਿੰਦੇ ਹਨ ਅਤੇ ਜਿਹੜੇ ਖ਼ਲਨਾਇਕ ਸਮਝੇ ਜਾਂਦੇ ਸਨ, ਉਨ੍ਹਾਂ ਨੂੰ ਨਾਇਕ ਮੰਨ ਲਿਆ ਗਿਆ ਹੈ। ਜ਼ਿੰਦਗੀ ਦੇ ਅਰਥ ਹਰ ਕਿਸੇ ਲਈ ਵੱਖਰੇ-ਵੱਖਰੇ ਹਨ ਅਤੇ ਹਰ ਕੋਈ ਆਪਣਾ ਹੀ ਉੱਲੂ ਸਿੱਧਾ ਕਰਨ ਨੂੰ ਤਰਜੀਹ ਦੇ ਰਿਹਾ ਹੈ। ਆਪਣੇ ਸੁੱਖ-ਆਰਾਮ ਦਾ ਸਾਮਾਨ ਇਕੱਠਾ ਕਰਦਿਆਂ-ਕਰਦਿਆਂ ਮਨੁੱਖ ਖ਼ੁਦ ਮਸ਼ੀਨ ਬਣ ਕੇ ਰਹਿ ਗਿਆ ਹੈ:
ਮਨੁੱਖ ਨੇ ਐਟਮ ਸਿਧਾਅ ਲਿਆ
ਅੜ੍ਹਬ ਅੱਥਰੇ ਘੋੜਿਆਂ 'ਤੇ ਕਾਠੀ ਪਾ ਲਈ
ਇਹ ਆਪਣੇ ਮੋਢਿਆਂ 'ਤੇ ਉੱਗੇ ਖੰਭਾਂ ਨਾਲ
ਉਪ-ਗ੍ਰਹਿਆਂ ਤੱਕ ਉਡਾਰੀ ਲਾ ਸਕਦਾ ਹੈ
ਬੌਧਿਕ ਚਮਤਕਾਰ ਨਾਲ
ਡੂੰਘੇ ਸਮੁੰਦਰਾਂ ਦੀ ਤਹਿ 'ਤੇ ਤਰ ਸਕਦਾ
ਤਲ 'ਤੇ ਤਾਰੀ ਲਾ ਸਕਦਾ ਹੈ
ਪਰ ਸਭ ਕੁੱਝ ਹੁੰਦਿਆਂ ਹੋਇਆਂ ਵੀ
ਇਸ ਕੋਲ ਕੁੱਝ ਵੀ ਨਹੀਂ...
'ਚਾਣੱਕ ਅੰਨ੍ਹੇ ਹਨ' ਵਿਚ ਪਿੱਠਭੂਮੀ ਵਿਚੋਂ ਪ੍ਰਤੀਧੁਨੀਆਂ ਦੀ ਨਵੀਂ ਨਾਟਕੀ ਤਕਨੀਕ ਨਾਲ ਅਜਾਇਬ ਕਮਲ ਨੇ ਇਕ ਬੇਹੱਦ ਸਫ਼ਲ ਅਤੇ ਸੁਚੱਜਾ ਪ੍ਰਯੋਗ ਕੀਤਾ ਹੈ। ਇਹ ਪੰਜਾਬੀ ਦੇ ਪਰੰਪਰਾਵਾਦੀ ਨਾਟਕਾਂ ਨਾਲੋਂ ਬਿਲਕੁਲ ਹੀ ਵੱਖਰੀ ਬਣਤਰ ਵਾਲਾ ਕਾਵਿ-ਨਾਟਕ ਹੈ। ਬੇਸ਼ੱਕ ਕਾਵਿ-ਨਾਟਕ ਦਾ ਸੁਭਾਅ, ਨਿਭਾਅ ਅਤੇ ਪ੍ਰਗਟਾਅ ਵਿਧਾਨ ਵੀ ਵੱਖਰਾ ਹੈ ਪਰ ਤਸੱਲੀ ਵਾਲੀ ਗੱਲ ਹੈ ਕਿ ਸ਼ੈਲੀ ਅਤੇ ਸ਼ਬਦਾਵਲੀ ਦੀ ਸਰਲਤਾ ਅਤੇ ਸਹਿਜਤਾ ਕਾਰਨ ਇਹ ਕਿਸੇ ਤਰ੍ਹਾਂ ਵੀ ਓਪਰਾ ਦਿਖਾਈ ਨਹੀਂ ਦਿੰਦਾ। ਕੁੱਝ ਨਵਾਂ ਪੜ੍ਹਨ ਵਾਲੇ ਪਾਠਕਾਂ ਲਈ ਇਹ ਪੁਸਤਕ ਸੱਚਮੁੱਚ ਹੀ ਇਕ ਮੀਲ ਪੱਥਰ ਸਾਬਤ ਹੋਵੇਗੀ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਪੰਜਾਬੀ ਨਾਵਲ ਵਿਚ ਆਂਚਲਿਕਤਾ
ਲੇਖਿਕਾ : ਡਾ. ਸੁਖਬੀਰ ਕੌਰ ਮਾਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 192
ਸੰਪਰਕ : 98882-48711

ਹੱਥਲੀ ਪੁਸਤਕ ਪੰਜਾਬੀ ਗਲਪ ਦੇ ਸੁਪ੍ਰਸਿੱਧ ਰੂਪਾਕਾਰ 'ਨਾਵਲ' ਦਾ ਦਿਸ਼ਾ-ਸੰਪੰਨ ਅਥਵਾ ਦ੍ਰਿਸ਼ਟੀ-ਮੂਲਕ ਅਧਿਐਨ ਪਰੰਪਰਾਗਤ ਅਤੇ ਵਿਸ਼ੇਸ਼ਤਰ ਗੁਰਦਿਆਲ ਸਿੰਘ ਦੇ ਨਾਵਲਾਂ ਵਿਚਲੇ ਆਂਚਲਿਕ ਸੰਦਰਭ-ਪ੍ਰਗਟਾਵਿਆਂ ਦੇ ਸਰੂਪ ਨੂੰ ਪ੍ਰਗਟ ਕਰਦੀ ਹੈ। ਵਿਦਵਾਨ ਲੇਖਿਕਾ ਨੇ ਪੁਸਤਕ ਨੂੰ ਮੁਕੰਮਲ ਰੂਪ ਪ੍ਰਦਾਨ ਕਰਨ ਹਿਤ ਇਸ ਦੇ ਪੰਜ ਕਾਂਡ ਬਣਾਏ ਹਨ। ਡਾ. ਜਸਵਿੰਦਰ ਸਿੰਘ ਦੁਆਰਾ ਲਿਖੀ ਪੁਸਤਕ ਦੀ ਭੂਮਿਕਾ ਅਤੇ ਲੇਖਿਕਾ ਦੇ ਆਰੰਭਲੇ ਸ਼ਬਦਾਂ ਵਿਚੋਂ ਵੀ ਇਸ ਪੁਸਤਕ ਦਾ ਭਾਵ-ਬੋਧ ਪ੍ਰਗਟ ਹੋ ਜਾਂਦਾ ਹੈ। ਪੁਸਤਕ ਦੇ ਆਰੰਭ ਵਿਚ ਡਾ. ਜੋਗਿੰਦਰ ਸਿੰਘ ਰਾਹੀ ਅਤੇ ਡਾ. ਜਸਵਿੰਦਰ ਸਿੰਘ ਦੇ ਵਿਚਾਰਾਂ ਨੂੰ 'ਪਰਿਚੈ' ਅਤੇ ਭੂਮਿਕਾ ਵਜੋਂ ਪੇਸ਼ ਕਰਨ ਤੋਂ ਬਾਅਦ ਪੁਸਤਕ ਦੇ 'ਨਾਵਲ ਅਤੇ ਆਂਚਲਿਕਤਾ' ਦੇ ਸੰਕਲਪਾਂ ਨੂੰ ਸਿਰਜਿਆ ਹੈ, ਜਿਸ ਵਿਚ ਨਾਵਲ ਦੀਆਂ ਗਲਪੀ ਜੁਗਤਾਂ ਵਿਚ ਆਂਚਲਿਕਤਾ ਦੇ ਸਿਧਾਂਤਕ ਸਰੂਪ ਦਾ ਪ੍ਰਗਟਾਵਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਕੋਈ ਨਾਵਲ-ਰਚਨਾਹਾਰ ਆਪਣੇ ਇਰਦ-ਗਿਰਦ ਦੀ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕਤਾ ਨੂੰ ਨਹੀਂ ਵਿਸਾਰ ਸਕਦਾ। 'ਪੰਜਾਬੀ ਨਾਵਲ ਦੀ ਪਰੰਪਰਾ' ਅਤੇ 'ਆਂਚਲਿਕਤਾ' ਦੇ ਅੰਤਰਗਤ ਲੇਖਿਕਾ ਨੇ ਦੀਰਘ ਖੋਜ ਦ੍ਰਿਸ਼ਟੀ-ਮੂਲਕ ਪੱਧਤੀ ਤੇ ਕਾਰਜਸ਼ੀਲ ਹੁੰਦਿਆਂ ਭਾਈ ਵੀਰ ਸਿੰਘ, ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਸੁਰਿੰਦਰ ਸਿੰਘ ਨਰੂਲਾ, ਸੋਹਣ ਸਿੰਘ ਸੀਤਲ, ਰਾਮ ਸਰੂਪ ਅਣਖੀ, ਮੋਹਨ ਕਾਹਲੋਂ, ਸੰਤ ਸਿੰਘ ਸੇਖੋਂ ਅਤੇ ਦਲੀਪ ਕੌਰ ਟਿਵਾਣਾ ਦੇ ਬਹੁਤ ਸਾਰੇ ਨਾਵਲਾਂ ਵਿਚੋਂ ਪ੍ਰਗਟ ਹੁੰਦੀ ਆਂਚਲਿਕਤਾ ਨੂੰ ਪਛਾਣਿਆ ਹੈ।
ਪੁਸਤਕ ਦਾ ਹੋਰ ਜ਼ਿਕਰਯੋਗ ਅਤੇ ਮਹੱਤਵਪੂਰਨ ਭਾਗ ਉਹ ਹੈ ਜਿਸ ਵਿਚ ਡਾ. ਸੁਖਬੀਰ ਕੌਰ ਮਾਹਲ ਨੇ ਮਾਲਵਾ ਖੇਤਰ ਦੇ ਉੱਘੇ ਅਤੇ ਨਾਵਲ-ਜਗਤ ਦੀ ਸਿਰਜਣਾ ਕਰਨ ਵਿਚ ਆਂਚਲਿਕਤਾ ਦੀ ਚਿੱਤਰਣ-ਸ਼ੈਲੀ ਨੂੰ ਉਭਾਰਨ ਦੇ ਮਹਾਨ ਗਲਪਕਾਰ ਗੁਰਦਿਆਲ ਸਿੰਘ ਦੇ ਨਾਵਲਾਂ 'ਮੜ੍ਹੀ ਦਾ ਦੀਵਾ', 'ਅਣਹੋਏ', 'ਅੱਧ ਚਾਨਣੀ ਰਾਤ', 'ਆਥਣ ਉੱਗਣ', 'ਅੰਨ੍ਹੇ ਘੋੜੇ ਦਾ ਦਾਨ', 'ਪਰਸਾ', 'ਆਹਣ', 'ਰੇਤੇ ਦੀ ਇਕ ਮੁੱਠੀ' ਅਤੇ 'ਪਹੁ ਫੁਟਾਲੇ ਤੋਂ ਪਹਿਲਾਂ' ਆਦਿ ਨਾਵਲਾਂ ਦਾ ਉਕਤ ਦ੍ਰਿਸ਼ਟੀ ਤੋਂ ਵਿਸ਼ਲੇਸ਼ਣ ਬੜੀ ਡੂੰਘੀ ਖੋਜ ਨਾਲ ਕੀਤਾ ਗਿਆ ਹੈ ਅਤੇ ਉਘੇ ਵਿਦਵਾਨਾਂ ਦੇ ਹਵਾਲਿਆਂ ਸਹਿਤ ਇਸ ਖੋਜ ਕਰਤਾ ਨੇ ਆਪਣੇ ਵਿਚਾਰਾਂ ਨੂੰ ਸਾਰਥਕ ਰੂਪ ਪ੍ਰਦਾਨ ਕੀਤਾ ਹੈ। ਉਸ ਅਨੁਸਾਰ ਪੰਜਾਬੀ ਨਾਵਲ ਜਗਤ ਵਿਚ ਗੁਰਦਿਆਲ ਸਿੰਘ ਨੇ ਵਿਲੱਖਣ ਅਤੇ ਨਵੀਆਂ ਸੰਭਾਵਨਾਵਾਂ ਨੂੰ ਪ੍ਰਗਟਾਇਆ ਹੈ, ਜੋ ਕਿ ਪਹਿਲੇ ਨਾਵਲਕਾਰਾਂ ਦੀਆਂ ਰਚਨਾਵਾਂ ਵਿਚ ਸੰਕੇਤ ਮਾਤਰ ਸਨ ਜਾਂ ਸਹਿਜ ਸੁਭਾਵਿਕ ਜਾਂ ਸਾਧਾਰਨ ਦ੍ਰਿਸ਼ਟੀ-ਮੂਲਕ ਸਨ। ਲੇਖਿਕਾ ਨੇ ਪਛਾਣਿਆ ਹੈ ਕਿ ਬਿਸ਼ਨਾ, ਜਗਸੀਰ ਆਦਿ ਪਾਤਰ ਦੁਰਲੱਭ ਪਾਤਰ ਮੰਨੇ ਜਾਂਦੇ ਹੋਏ ਵੀ ਅਜੋਕੇ ਸਮਾਜ ਦੇ ਚਿਰਜੀਵ ਪਾਤਰ ਹਨ। ਸਮਾਜਿਕ ਅਧੋਗਤੀਆਂ ਦੇ ਸ਼ਿਕਾਰ ਜਾਂ ਗ਼ਰੀਬੀ ਦੀ ਦਲਦਲ 'ਚ ਜੀਵਨ ਬਸਰ ਕਰ ਰਹੇ ਸਾਰੇ ਨਾਵਲਾਂ ਦੇ ਮੁੱਖ ਪਾਤਰ ਪੰਜਾਬੀਅਤ ਦੀ ਪਛਾਣ ਦੇ ਚਿੰਨ੍ਹ ਨੂੰ ਉਭਾਰਦੇ ਪ੍ਰਤੀਤ ਹੁੰਦੇ ਹਨ। ਦਿਸ਼ਾ-ਮੂਲਕ ਦ੍ਰਿਸ਼ਟੀ ਤੋਂ ਲਿਖੀ ਇਹ ਪੁਸਤਕ ਸੱਚਮੁੱਚ ਨਵੇਂ ਖੋਜਾਰਥੀਆਂ ਲਈ ਸੇਧ ਮੂਲਕ ਸਾਬਤ ਹੋ ਸਕਦੀ ਹੈ ਕਿਉਂ ਜੋ ਇਸ ਦਾ ਸੰਬੰਧ ਕੇਵਲ ਗੁਰਦਿਆਲ ਸਿੰਘ ਦੇ ਨਾਵਲਾਂ ਤੱਕ ਹੀ ਸੀਮਤ ਨਹੀਂ ਰੱਖਿਆ ਗਿਆ ਸਗੋਂ ਪੰਜਾਬੀ ਨਾਵਲ ਵਿਚ ਅਗਲੇਰੀਆਂ ਸੀਮਾਵਾਂ ਸੰਭਾਵਨਾਵਾਂ ਦਾ ਵੀ ਉਲੇਖ ਕੀਤਾ ਗਿਆ ਹੈ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

ਰੋੜਾਂ ਤੋਂ ਕਰੋੜਾਂ ਤੱਕ ਦਾ ਸਫ਼ਰ
ਲੇਖਕ : ਚੰਨਾ ਆਲਮਗੀਰ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 224
ਸੰਪਰਕ : 98140-87063

'ਰੋੜਾਂ ਤੋਂ ਕਰੋੜਾਂ ਤੱਕ ਦਾ ਸਫ਼ਰ' ਸਟਾਰ ਕਬੱਡੀ ਖਿਡਾਰੀ, ਭੰਗੜਾ ਕਲਾਕਾਰ ਅਤੇ ਪਹਿਲਵਾਨ ਚਰਨਜੀਤ ਸਿੰਘ ਕੁਲਾਰ ਉਰਫ਼ ਚੰਨਾ ਆਲਮਗੀਰ ਦੀ ਸਵੈ-ਜੀਵਨੀ ਹੈ ਜੋ ਉਸ ਨੇ ਅਮਰੀਕਨ ਜੇਲ੍ਹ ਵਿਚ ਬਹਿ ਕੇ ਲਿਖੀ ਹੈ। ਇਹ ਕੈਦ ਵੀ ਉਸ ਨੂੰ ਕਿਸੇ ਸਮਗਲਿੰਗ, ਗ਼ੈਰ-ਕਾਨੂੰਨੀ ਦਾਖ਼ਲੇ ਜਾਂ ਕਿਸੇ ਮਾੜੇ ਕਾਰਜ ਬਦਲੇ ਨਹੀਂ ਹੋਈ ਸੀ ਸਗੋਂ ਕਿਸੇ ਦੀ ਔਖੇ ਵੇਲੇ ਕੀਤੀ ਮਦਦ ਕਾਰਨ ਹੋਈ ਸੀ ਜੋ ਅਮਰੀਕਨ ਕਾਨੂੰਨ ਅਨੁਸਾਰ ਜਾਇਜ਼ ਨਹੀਂ ਮੰਨੀ ਗਈ ਸੀ। ਇਹ ਉਸ ਦੀ ਸਵੈ-ਜੀਵਨੀ ਦੀ ਤੀਸਰੀ ਐਡੀਸ਼ਨ ਹੈ ਜਿਸ ਤੋਂ ਇਸ ਪੁਸਤਕ ਦੀ ਹਰਮਨਪਿਆਰਤਾ, ਪ੍ਰਸਿੱਧੀ ਅਤੇ ਰੌਚਿਕਤਾ ਦਾ ਪਤਾ ਚਲਦਾ ਹੈ।
ਲੇਖਕ ਨੇ ਬਚਪਨ ਵਿਚ ਅਤੇ ਜਵਾਨੀ ਵਿਚ ਗ਼ਰੀਬੀ ਹੱਥੋਂ ਬਹੁਤ ਕਸ਼ਟ ਸਹੇ। ਗ਼ਰੀਬੀ ਉਸ ਦੇ ਰਾਹ 'ਚ ਥਾਂ-ਪੁਰ-ਥਾਂ ਅੜਚਨਾਂ ਅਤੇ ਅੜਿੱਕੇ ਡਾਹੁੰਦੀ ਰਹੀ ਪਰ ਉਸ ਦੇ ਜਜ਼ਬੇ, ਮਿਹਨਤ, ਸਿਰੜ ਅਤੇ ਨੇਕਨੀਤੀ ਸਾਹਮਣੇ ਇਹ ਸਭ ਹਵਾ ਵਿਚ ਉੱਡਦੇ ਰਹੇ। ਉਸ ਦੀ ਸਾਫ਼ਗੋਈ ਕਾਰਨ ਉਸ ਨੂੰ ਅਮਰੀਕ ਭਲਵਾਨ ਜਿਹੇ ਹਮਦਰਦ ਮਿਲੇ, ਅਨੇਕਾਂ ਦੋਸਤ ਮਿਲੇ ਜਿਨ੍ਹਾਂ ਨੇ ਔਖੇ ਵੇਲੇ ਉਸ ਦੀ ਬਾਂਹ ਫੜੀ ਤੇ ਉਸ ਦਾ ਵੀ ਸਿਦਕ ਦੇਖੋ ਕਿ ਉਹ ਉਨ੍ਹਾਂ ਦੇ ਕੀਤੇ ਨੂੰ ਕਦੀ ਭੁੱਲਿਆ ਨਹੀਂ। ਅੰਤਾਂ ਦੀ ਗ਼ਰੀਬੀ ਕੱਟਣ ਵਾਲਾ ਇਹ ਨੌਜਵਾਨ ਅੱਜ ਅਮਰੀਕਾ ਦਾ ਵੱਡਾ ਬਿਲਡਰ ਹੈ ਤੇ ਕਰੋੜਾਂ ਵਿਚ ਖੇਡਦਾ ਹੈ। ਵੱਡੇ-ਵੱਡੇ ਲੋਕ ਉਸ ਕੋਲ ਮਿਲਣ ਆਉਂਦੇ ਹਨ। ਉਹ ਹਰ ਕੰਮ ਨਿੱਠ ਕੇ ਕਰਦਾ ਹੈ। ਪ੍ਰੇਮ ਜਾਂ ਇਸ਼ਕ ਕੀਤਾ ਤਾਂ ਵੀ ਧੰਨ-ਧੰਨ ਕਰਵਾ ਦਿੱਤੀ ਤੇ ਸਫ਼ਲਤਾ ਪ੍ਰਾਪਤ ਕਰਕੇ ਮਨਦੀਪ ਜਿਹੀ ਜੀਵਨ-ਸਾਥਣ ਹਾਸਲ ਕੀਤੀ। ਕਬੱਡੀ ਨੂੰ ਆਪਣੀ ਦੂਸਰੀ ਮਾਂ ਸਮਝਦਿਆਂ ਤੇ ਇਸ ਖੇਡ ਨੂੰ ਪ੍ਰਮੋਟ ਕਰਨ ਲਈ ਲੱਖ-ਲੱਖ ਡਾਲਰ ਦੇ ਇਨਾਮ ਦਿੱਤੇ।
ਉਸ ਦੀ ਇਸ ਸਵੈ-ਜੀਵਨੀ ਤੋ

02-09-23

 ਮਾਣਮੱਤੀ ਮਹਾਰਾਣੀ
ਜਿੰਦ ਕੌਰ
ਲੇਖਕ : ਕਰਤਾਰ ਸਿੰਘ ਸੰਘਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 124
ਸੰਪਰਕ : 95011-45039

ਹਰਚੰਦ ਸਿੰਘ ਬਾਗੜੀ ਅਨੁਸਾਰ ਕਰਤਾਰ ਸਿੰਘ ਸੰਘਾ ਇਕ ਬਹੁਪੱਖੀ ਲੇਖਕ ਹੈ। ਉਸ ਅਨੁਸਾਰ ਉਸ ਨੇ ਇਤਿਹਾਸ ਨੂੰ ਬੜੀ ਨੀਝ ਨਾਲ ਪੜ੍ਹਿਆ ਅਤੇ ਸੂਝ ਅਨੁਸਾਰ ਇਤਿਹਾਸ ਦੀ ਪੁਨਰ ਸਿਰਜਣਾ ਕਰਦਿਆਂ ਪੰਜਾਬ ਦੇ ਇਤਿਹਾਸ (ਖ਼ਾਸ ਕਰ ਸਿੱਖ ਇਤਿਹਾਸ) ਦੇ ਕੁਝ ਪੰਨਿਆਂ ਤੋਂ ਗਰਦ ਲਾਹੁਣ ਦਾ ਬਹੁ-ਮੁੱਲਾ ਕਾਰਜ ਕੀਤਾ ਹੈ। ਇਸ ਕਰਕੇ ਉਸ ਨੇ ਆਪਣੀ ਪੁਸਤਕ ਦਾ ਨਾਂਅ 'ਮਾਣ-ਮੱਤੀ ਮਹਾਰਾਣੀ ਜਿੰਦ ਕੌਰ' ਰੱਖਿਆ ਹੈ। ਇਹ ਪੁਸਤਕ ਉਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਣ ਕਰਦਿਆਂ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਇਹ ਖਿੱਤਾ ਕਿਸੇ ਇਕ ਧਰਮ, ਮਜ਼ਹਬ, ਸੰਪਰਦਾਇ ਜਾਂ ਫ਼ਿਰਕੇ ਨਾਲ ਸੰਬੰਧਿਤ ਨਹੀਂ ਹੈ, ਸਗੋਂ ਇਹ ਮਾਨਵ ਜਾਤੀ ਲਈ ਗੁਰਬਾਣੀ ਅਤੇ ਪੀਰਾਂ, ਫ਼ਕੀਰਾਂ ਦੀ ਵਰੋਸਾਈ ਧਰਤੀ ਹੈ ਜੋ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਇਸ ਪੁਸਤਕ ਵਿਚ ਵਾਰਤਕ ਅਤੇ ਕਵਿਤਾ ਰਾਹੀਂ ਜਿਥੇ ਮਹਾਰਾਣੀ ਜਿੰਦ ਕੌਰ ਦੀ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਨੂੰ ਉਘਾੜਿਆ ਹੈ, ਉੱਥੇ ਉਹ ਸਿੱਖ ਰਾਜ ਦੀ ਸਥਾਪਨਾ ਤੋਂ ਪਹਿਲਾਂ ਗੁਰੂਆਂ, ਗੁਰੂ ਗੋਬਿੰਦ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵਿਚਾਰ ਪ੍ਰਗਟਾਏ ਗਏ ਹਨ। 'ਸਿੱਖ ਰਾਜ ਦੇ ਪਦਚਿੰਨ੍ਹ ਘਟਨਾਵਾਂ' ਲੇਖ ਵਿਚ ਕੰਵਰ ਦਲੀਪ ਸਿੰਘ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਘਟਨਾਵਾਂ ਦਾ ਤਾਰੀਖ-ਵਾਰ ਵੇਰਵਾ ਦਿੱਤਾ ਗਿਆ ਹੈ।
ਇਸ ਦੇ ਨਾਲ ਅਗਲੇ ਨਿਬੰਧ 'ਕੰਵਰ ਦਲੀਪ ਸਿੰਘ ਦਾ ਪਰਿਵਾਰ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਉਸ ਦੇ ਤਿੰਨ ਪੁੱਤਰ ਅਤੇ ਤਿੰਨ ਪੁੱਤਰੀਆਂ ਸਨ। ਜੇਕਰ ਉਸ ਦੇ ਪਰਿਵਾਰ ਨੂੰ ਸੁਨਮੁੱਖ ਰੱਖਦਿਆਂ 'ਜਬਰੀ ਪਰਵਾਸ' ਦੇ ਪ੍ਰਸੰਗ ਨੂੰ ਵਿਚਾਰੀਏ ਜਾਂ ਅਜੋਕੇ 'ਜਬਰੀ ਪਰਵਾਸ' ਨੂੰ ਸਨਮੁੱਖ ਰੱਖੀਏ ਤਾਂ ਦੋਵਾਂ ਵਰਤਾਰਿਆਂ ਵਿਚ ਕੋਈ ਫ਼ਰਕ ਨਹੀਂ। ਇਸ ਅਮਲ ਰਾਹੀਂ ਤੀਜੀ ਪੀੜ੍ਹੀ 'ਚ ਜਾ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਸਲੋਂ ਭੋਗ ਪੈਂਦਾ ਨਜ਼ਰੀਂ ਪਵੇਗਾ। ਕਵਿਤਾ ਅਤੇ ਵਾਰਤਕ ਵਿਚ ਮਹਾਰਾਣੀ ਜਿੰਦਾਂ ਭਿਆਨਕ ਹੋਣੀ ਦਾ ਬਿਰਤਾਂਤ ਸਿਰਜਿਆ ਗਿਆ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਵਕਤ ਦੇ ਗੱਦਾਰ ਬਿਰਤੀ ਦੇ ਮਾਲਕ ਲੋਕਾਂ ਵਲੋਂ ਕਿਸ ਤਰ੍ਹਾਂ ਦਾ ਭੰਬਲ-ਭੂਸਾ ਪਾਇਆ ਗਿਆ ਹੈ। ਇਸ ਦੇ ਨਾਲ ਹੀ 'ਔਰਤ ਦੇ ਵੈਣਾਂ' ਨੂੰ ਆਧਾਰ ਬਣਾ ਕੇ ਉਸ ਨੂੰ ਅੰਗਰੇਜ਼ਾਂ ਨਾਲ ਮਿਲੀ ਹੋਈ ਹੋਣ ਦਾ ਖ਼ਿਤਾਬ ਦੇ ਕੇ ਬਦਨਾਮ ਕੀਤਾ ਗਿਆ। ਜਿਸ ਦਾ ਸ਼ਿਕਾਰ ਸ਼ਾਹ ਮੁਰੀਦ ਕਵੀ ਵੀ ਹੋ ਜਾਂਦਾ ਹੈ। ਕਰਤਾਰ ਸਿੰਘ ਸੰਘਾ ਨੇ 'ਵਾਰ' ਅਤੇ 'ਜੰਗ-ਨਾਮਾ' ਕਾਵਿ ਵਿਧਾ ਦੀਆਂ ਸਮਾਨਤਾਵਾਂ ਅਤੇ ਵਖਰੇਵਿਆਂ ਨੂੰ ਵੀ 'ਕਿੱਸਾ, ਵਾਰ ਜਾਂ ਜੰਗਨਾਮਾ' ਨਿਬੰਧ ਵਿਚ ਸਪੱਸ਼ਟ ਕੀਤਾ ਹੈ। ਇਸ ਪੁਸਤਕ ਵਿਚ ਮਹਾਰਾਣੀ ਜਿੰਦ ਕੌਰ, ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਸ਼ੇਰ ਸਿੰਘ, ਬੰਦਾ ਸਿੰਘ ਬਹਾਦਰ, ਮਹਾਰਾਜਾ ਦਲੀਪ ਸਿੰਘ ਆਦਿ ਚਿੱਤਰਾਂ ਦੇ ਨਾਲ-ਨਾਲ ਉਸ ਸਮੇਂ ਦੇ ਨਕਸ਼ੇ ਵੀ ਹਨ। ਠੁੱਕਦਾਰ ਮੁਹਾਵਰਿਆਂ ਸੰਗ, ਸਰਲ ਠੇਡ ਅਤੇ ਸਮਝ ਆਉਣ ਵਾਲੀ ਸ਼ਬਦਾਵਲੀ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦੇ ਦ੍ਰਿਸ਼ਟਾਤਾਂ ਨੂੰ ਇਸ ਪੁਸਤਕ ਵਿਚ ਵਾਰਤਕ ਅਤੇ ਕਵਿਤਾ ਰਾਹੀਂ ਪੇਸ਼ ਕਰਦਿਆਂ ਤਰਕ, ਦਲੀਲ ਨਾਲ ਆਪਣੇ ਕਹੇ ਕਥਨਾਂ ਨੂੰ ਉਸ ਵਲੋਂ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। 'ਕਿੱਸਾ ਸ਼ਾਹ ਮੁਹੰਮਦ' ਕਵਿਤਾ ਵਿਚ ਸ਼ਾਹ ਮੁਹੰਮਦ ਦਾ ਪ੍ਰਸੰਗ ਲੈ ਕੇ ਉਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮਹਾਰਾਣੀ ਜਿੰਦਾਂ ਪੰਜਾਬ ਦੀ ਅਣਖ ਸੀ ਅਤੇ ਉਹ ਦੇਸ਼ ਪੰਜਾਬ ਦੀ ਅਣਖ ਲਈ ਮਰ-ਮੋਈ : 'ਉਹ ਤਾਂ ਦੇਸ਼ ਪੰਜਾਬ ਖ਼ਾਤਰ ਕੁਰਬਾਨ ਹੋਈ। ਗੱਲ ਦੱਸੀ ਹੈ ਜੋ ਦੱਸਣ ਵਾਲੀ।' ਉਮੀਦ ਕਰਦਾ ਹਾਂ ਕਿ ਪੰਜਾਬ ਦੇ ਇਤਿਹਾਸ ਅਤੇ ਕਵਿਤਾ ਨਾਲ ਮੋਹ ਰੱਖਣ ਵਾਲੇ ਪਾਠਕ ਇਸ ਪੁਸਤਕ ਨੂੰ ਜੀ ਆਇਆਂ ਕਹਿੰਦਿਆਂ ਭਰਪੂਰ ਸਮਰਥਨ ਅਤੇ ਸਹਿਯੋਗ ਦੇਣਗੇ।

-ਪ੍ਰੋ. ਸੰਧੂ ਵਰਿਆਣਵੀ
ਮੋਬਾਈਲ : 98786-14096

ਚੂਹੀ ਨੂੰ ਬੁਖ਼ਾਰ ਚੜ੍ਹਿਆ
ਲੇਖਿਕਾ : ਮਨਦੀਪ ਰਿੰਪੀ
ਪ੍ਰਕਾਸ਼ਕ : ਹਜ਼ੂਰੀਆ ਐਂਡ ਸੰਨਜ਼, ਜਲੰਧਰ
ਮੁੱਲ : 140 ਰੁਪਏ, ਸਫ਼ੇ : 29
ਸੰਪਰਕ : 0181-2459220

ਵੱਖੋ-ਵੱਖ ਪ੍ਰਕਾਸ਼ਕਾਂ ਨੇ ਪੰਜਾਬੀ ਬਾਲ ਸਾਹਿਤ ਦੀ ਮਹੱਤਤਾ ਨੂੰ ਸਮਝਦਿਆਂ, ਸੁੰਦਰ ਸਜੀਲੀਆਂ ਰੰਗਦਾਰ ਗਲੇਜ਼ਡ ਪੇਪਰ 'ਤੇ ਬਾਲ ਸਾਹਿਤ ਨੂੰ ਛਾਪਣਾ ਸ਼ੁਰੂ ਕੀਤਾ ਹੈ। ਇਹ ਉੱਦਮ ਸ਼ਲਾਘਾਯੋਗ ਹੈ। ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨਾ, ਇਸ ਵੇਲੇ ਹੋਰ ਵੀ ਜ਼ਰੂਰੀ ਹੋ ਗਿਆ ਹੈ। ਹਜ਼ੂਰੀਆ ਐਂਡ ਸੰਨਜ਼ ਨੇ ਵੀ ਇਸ ਪਾਸੇ ਧਿਆਨ ਦਿੱਤਾ ਹੈ। 'ਕਿੱਟੀ ਦੀ ਖੀਰ' ਬਾਲ ਕਹਾਣੀਆਂ ਤੋਂ ਬਾਅਦ ਲੇਖਿਕਾ ਮਨਦੀਪ ਰਿੰਪੀ ਦੀ ਬਾਲ-ਕਵਿਤਾਵਾਂ ਦੀ ਦੂਜੀ ਪੁਸਤਕ 'ਚੂਹੀ ਨੂੰ ਬੁਖਾਰ ਚੜ੍ਹਿਆ' ਬੱਚਿਆਂ ਨੂੰ ਆਪਣੇ ਵੱਲ ਖਿੱਚਣ ਲਈ ਹਾਕ ਮਾਰਦੀ ਹੈ। ਇਸ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਾਂਝ ਪਾਉਂਦੀਆਂ 20 ਕਵਿਤਾਵਾਂ ਹਨ, ਜਿਨ੍ਹਾਂ ਨੂੰ ਰੰਗਦਾਰ ਚਿੱਤਰਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਲੇਖਿਕਾ ਅਧਿਆਪਕਾਂ ਦੇ ਕਿੱਤੇ ਨਾਲ ਸੰਬੰਧਿਤ ਹੋਣ ਕਾਰਨ, ਬੱਚਿਆਂ ਦੀਆਂ ਰੁਚੀਆਂ ਤੋਂ ਭਲੀ-ਭਾਂਤ ਜਾਣੂ ਹੈ। ਉਸ ਨੂੰ ਬਾਲ-ਮਨੋਵਿਗਿਆਨ ਦੀ ਸੋਝੀ ਹੈ। ਉਸ ਨੂੰ ਬਾਲ ਸਾਹਿਤ ਦੀ ਮਹੱਤਤਾ ਤੇ ਉਦੇਸ਼ਾਂ ਬਾਰੇ ਵੀ ਜਾਣਕਾਰੀ ਹੈ, ਇਸੇ ਕਰਕੇ ਇਹ ਕਵਿਤਾਵਾਂ ਭਾਰੂ ਨਹੀਂ। ਬੱਚਿਆਂ ਨੂੰ ਉਪਦੇਸ਼ ਦੇਣ ਨਾਲੋਂ ਚੰਗੀ ਤੇ ਉਸਾਰੂ ਦੇਣ ਪ੍ਰਦਾਨ ਕਰਨ ਵਾਲੀਆਂ ਕਵਿਤਾਵਾਂ ਹਨ। ਵਿਅੰਗ ਤੇ ਹਾਸਾ ਪੈਦਾ ਕਰਨ ਵਾਲੀਆਂ ਹਨ। ਨਿੱਕੀਆਂ-ਨਿੱਕੀਆਂ ਘਟਨਾਵਾਂ ਨੂੰ ਕਾਵਿਕਤਾ 'ਚ ਬੰਨ੍ਹਣ ਦੀ ਕੋਸ਼ਿਸ਼ ਮਨ ਨੂੰ ਭਾਉਂਦੀ ਹੈ। ਸਾਡੇ ਆਲੇ-ਦੁਆਲੇ 'ਚ ਵਾਪਰ ਰਹੀਆਂ ਸਮੱਸਿਆਵਾਂ ਨੂੰ ਪੰਛੀਆਂ, ਜਾਨਵਰਾਂ ਤੇ ਜੀਵਾਂ ਰਾਹੀਂ ਸਮਝਾਉਣ ਦਾ ਪ੍ਰਯੋਗ ਸ਼ਲਾਘਾਯੋਗ ਹੈ ਜਿਵੇਂ 'ਕਿੱਧਰ ਦਿੱਤੀਆਂ ਚਿੜੀਆਂ ਤੋਰ', 'ਸਮਾਂ ਕੀਮਤੀ' ਅਤੇ 'ਮਿਹਨਤ ਅਜਾਈਂ ਨਾ ਜਾਵੇ' ਕਵਿਤਾਵਾਂ। ਪਰਿਵਾਰਕ ਰਿਸ਼ਤਿਆਂ ਦੇ ਸਤਿਕਾਰ ਨੂੰ ਪ੍ਰਗਟ ਕਰਦੀਆਂ ਕਵਿਤਾਵਾਂ 'ਵੀਰਾ ਮੇਰਾ', 'ਮੇਰੀ ਭੂਆ' ਤੇ 'ਹੈਲੋ ਹੈਲੋ'। 'ਤੋਤੇ ਅਤੇ ਮੋਰ ਦੀ ਲੜਾਈ ਹੋ ਗਈ', 'ਇਕ ਦਿਨ ਚੂਹੀ ਨੂੰ ਬੁਖ਼ਾਰ ਚੜ੍ਹਿਆ', 'ਚੂਹਿਆਂ ਨੇ ਰੇਲ ਹੈ ਬਣਾਈ' ਅਤੇ 'ਕੀੜੀਆਂ ਤੋਂ ਅੱਜ ਆਪਾਂ ਲੈਣੀ ਸਿਖਲਾਈ' ਬੱਚਿਆਂ ਨੂੰ ਮੋਂਹਦੀਆਂ ਹਨ ਅਤੇ ਸਿੱਖਿਅਕ ਵੀ ਕਰਦੀਆਂ ਹਨ। ਲੇਖਿਕਾ ਨੂੰ ਇਸ ਸਾਹਿਤ ਵਿਧਾ 'ਚ ਜੁਟੇ ਰਹਿਣਾ ਚਾਹੀਦਾ ਅਤੇ ਕਾਵਿ-ਲੈਅ ਨੂੰ ਸਰੋਦੀ ਬਣਾਉਣ ਲਈ ਹੋਰ ਧਿਆਨ ਦੇਣ ਦੀ ਲੋੜ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਹਿੰਮਤ ਨਾ ਹਾਰੋ
ਲੇਖਕ : ਸਵੇਟ ਮਾਰਡਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ (ਮਾਨਸਾ)
ਮੁੱਲ : 125 ਰੁਪਏ, ਸਫ਼ੇ : 112
ਸੰਪਰਕ : 99151-29747

ਸਵੇਟ ਮਾਰਡਨ ਦੁਆਰਾ ਲਿਖੀ ਪੁਸਤਕ 'ਹਿੰਮਤ ਨਾ ਹਾਰੋ' ਨੂੰ ਪ੍ਰਕਾਸ਼ਕ ਨੇ ਪੰਜਾਬੀ ਵਿਚ ਅਨੁਵਾਦ ਕਰਵਾ ਕੇ ਪਾਠਕਾਂ ਲਈ ਪੇਸ਼ ਕੀਤਾ ਹੈ ਤਾਂ ਕਿ ਉਹ ਇਸ ਨੂੰ ਪੜ੍ਹ ਕੇ ਜੀਵਨ ਵਿਚ ਸਫ਼ਲ ਮਨੁੱਖ ਬਣ ਸਕਣ। 'ਹਿੰਮਤ ਨਾ ਹਾਰੋ' ਨੂੰ ਇਕ ਪ੍ਰਤੀਕ ਵਜੋਂ ਵਰਤ ਕੇ ਸਫ਼ਲਤਾ ਦੇ ਤੌਰ-ਤਰੀਕੇ ਦੱਸੇ ਗਏ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਸਮਾਜ ਵਿਚ ਰਹਿੰਦਾ ਮਨੁੱਖ ਸਫ਼ਲ, ਕਾਮਯਾਬ ਅਤੇ ਸੁਖੀ ਮਨੁੱਖ ਬਣ ਸਕੇ।
ਲੇਖਕ ਅਨੁਸਾਰ ਸਫ਼ਲ ਹੋਣ ਲਈ ਮਨੁੱਖ ਨੂੰ ਆਪਣੇ ਅਤੀਤ ਅਤੇ ਭਵਿੱਖ ਦੀ ਚਿੰਤਾ ਨਾ ਕਰਕੇ ਆਪਣੇ ਵਰਤਮਾਨ 'ਤੇ ਹੀ ਟੇਕ ਰੱਖਣੀ ਚਾਹੀਦੀ ਹੈ। ਸੁਖਾਵਾਂ ਅਤੇ ਸਫ਼ਲਤਾ ਭਰਿਆ ਵਰਤਮਾਨ ਹੀ ਚੰਗੇ ਭਵਿੱਖ ਦਾ ਜਾਮਨ ਹੁੰਦਾ ਹੈ। ਸਫ਼ਲਤਾ ਲਈ ਆਤਮ-ਵਿਸ਼ਵਾਸ ਦੀ ਅਤਿਅੰਤ ਲੋੜ ਹੁੰਦੀ ਹੈ। ਸਫ਼ਲਤਾ ਲਈ ਜ਼ਰੂਰੀ ਨਹੀਂ ਕਿ ਮਨੁੱਖ ਹਮੇਸ਼ਾ ਸਿਰ ਧੁਨ ਕੇ ਆਪਣੇ ਕੰਮ 'ਚ ਦਿਨ-ਰਾਤ ਜੁਟਿਆ ਰਹੇ। ਥੋੜ੍ਹਾ-ਥੋੜ੍ਹਾ ਵਕਤੀ ਆਰਾਮ ਵੀ ਕੰਮ ਲਈ ਨਵੀਂ ਊਰਜਾ ਨੂੰ ਜਨਮ ਦਿੰਦਾ ਹੈ। ਮੁਸ਼ਕਿਲਾਂ ਦੀ ਪਰਵਾਹ ਨਾ ਕਰੋ ਅਤੇ ਪ੍ਰੇਸ਼ਾਨੀਆਂ ਦਾ ਤਿਆਗ ਕਰੋ। ਸਵੈ-ਭਰੋਸਾ ਅਜਿਹੀ ਸ਼ਕਤੀ ਹੁੰਦੀ ਹੈ ਜੋ ਮਨੁੱਖ ਨੂੰ ਸਫ਼ਲਤਮ ਵਿਅਕਤੀ ਬਣਾ ਸਕਦੀ ਹੈ। ਨਿਰਾਸ਼ਾ ਤੋਂ ਹਮੇਸ਼ਾ ਪਰ੍ਹੇ ਰਹਿਣਾ ਚਾਹੀਦਾ ਹੈ। ਹਿੰਮਤ ਕਦੀ ਨਹੀਂ ਹਾਰਨੀ ਚਾਹੀਦੀ। ਹਮੇਸ਼ਾ ਪ੍ਰਸੰਨਚਿਤ ਰਹਿਣਾ ਚਾਹੀਦਾ ਹੈ। ਗੁੱਸੇ ਤੋਂ ਸੰਕੋਚ ਕਰੋ ਅਤੇ ਆਪਣੀ ਸ਼ਕਤੀ ਦੀ ਪਛਾਣ ਖ਼ੁਦ ਕਰੋ। ਸੰਕਲਪ ਅਤੇ ਸਾਹਸ ਵੀ ਮਨੁੱਖ ਨੂੰ ਸਫ਼ਲ ਬਣਾਉਂਦੇ ਹਨ।
ਇਨ੍ਹਾਂ ਵਿਚਾਰਾਂ ਅਤੇ ਕਾਰਜਾਂ ਨੂੰ ਅਪਣਾਉਣ 'ਤੇ ਮਨੁੱਖ ਸੌ ਫ਼ੀਸਦੀ ਹੀ ਨਹੀਂ ਬਲਕਿ ਦੋ ਸੌ ਫ਼ੀਸਦੀ ਨਿਪੁੰਨ ਅਤੇ ਕਾਮਯਾਬ ਹੋ ਸਕਦਾ ਹੈ। ਆਪਣੀ ਗੱਲ ਦੀ ਪੁਸ਼ਟੀ ਲਈ ਉਹ ਇਸ ਪੁਸਤਕ ਵਿਚ ਅਨੇਕਾਂ ਵੱਡੇ, ਪ੍ਰਸਿੱਧ ਅਤੇ ਮਹਾਨ ਵਿਅਕਤੀਆਂ ਦੇ ਵਿਚਾਰਾਂ ਦੀਆਂ ਟੂਕਾਂ ਵਰਸਾਉਂਦਾ ਹੈ, ਇਨ੍ਹਾਂ 'ਤੇ ਚੱਲ ਕੇ ਹੀ ਉਹ ਪ੍ਰਸਿੱਧ ਅਤੇ ਸਫ਼ਲ ਵਿਅਕਤੀ ਬਣ ਸਕੇ। ਇਹ ਪੁਸਤਕ ਸਫ਼ਲਤਾ ਲਈ ਨਵੇਂ ਰਾਹ ਦਰਸਾਉਂਦੀ ਹੈ।

-ਕੇ.ਐਲ. ਗਰਗ
ਮੋਬਾਈਲ : 94635-37050

ਵਿਵਸਥਾ ਪਰਿਵਰਤਨ
ਲੇਖਕ : ਧਰਮ ਪਾਲ ਪੈਂਥਰ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 84370-44212

ਹਥਲੇ ਕਾਵਿ-ਸੰਗ੍ਰਹਿ 'ਵਿਵਸਥਾ ਪਰਿਵਰਤਨ' ਦੇ ਲੇਖਕ ਧਰਮ ਪਾਲ ਪੈਂਥਰ ਮਹਾਤਮਾ ਬੁੱਧ, ਗੁਰੂ ਰਵਿਦਾਸ, ਗੁਰੂ ਨਾਨਕ ਅਤੇ ਡਾ. ਅੰਬੇਡਕਰ ਦੀ ਬ੍ਰਹਿਮੰਡੀ ਵਿਚਾਰਧਾਰਾ ਦੇ ਧਾਰਨੀ ਹਨ। ਉਹ ਕੇਵਲ ਕਵੀ ਅਖਵਾਉਣ ਦੀ ਲਾਲਸਾ ਕਾਰਨ ਕਵਿਤਾ ਨਹੀਂ ਲਿਖਦੇ ਬਲਕਿ ਕਵਿਤਾ ਉਨ੍ਹਾਂ ਲਈ ਜ਼ਿੰਦਗੀ ਦੀ ਜੰਗ ਵਿਚ ਹਥਿਆਰ ਦੀ ਭੂਮਿਕਾ ਨਿਭਾਉਂਦੀ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਅੱਜ ਲੋਕਾਂ ਨੂੰ ਧਰਮ ਦੇ ਨਾਂਅ 'ਤੇ ਇਕ ਦੂਜੇ ਦੇ ਵੈਰੀ ਬਣਾ ਕੇ ਦਿਸ਼ਾਹੀਣ ਕਰ ਦਿੱਤਾ ਗਿਆ ਹੈ:
ਲੱਗਦਾ ਅੱਜਕਲ੍ਹ ਲੋਕ
ਆਪਣੇ ਮਸਲੇ ਭੁੱਲ ਗਏ ਨੇ,
ਹਿੰਦੂ, ਮੋਮਨ, ਗਾਂ 'ਤੇ
ਮਸਲਾ ਅੜਿਆ ਲਗਦਾ ਏ।
ਜਨਮ ਆਧਾਰਿਤ ਰਾਖਵੇਂਕਰਨ ਨੇ ਵੀ ਦਲਿਤ ਸਮਾਜ ਦਾ ਕੁਝ ਨਹੀਂ ਸੰਵਾਰਿਆ ਬਲਕਿ ਇਸ ਨੀਤੀ ਨਾਲ ਦਲਿਤ ਸਮਾਜ ਵਿਚ ਇਕ ਅਜਿਹਾ ਵਰਗ ਜ਼ਰੂਰ ਪੈਦਾ ਹੋ ਗਿਆ ਹੈ, ਜੋ ਰਾਖਵੇਂਕਰਨ ਦਾ ਭਰਪੂਰ ਫ਼ਾਇਦਾ ਉਠਾ ਕੇ ਖ਼ੂਬ ਮਾਲੋਮਾਲ ਹੋ ਰਿਹਾ ਹੈ ਪਰ ਸਮਾਜ ਦੇ ਸੱਚਮੁੱਚ ਦੱਬੇ-ਕੁਚਲੇ ਲੋਕ ਅਜੇ ਵੀ ਪਸ਼ੂਆਂ ਤੋਂ ਭੈੜੀ ਜੂਨ ਹੰਢਾ ਰਹੇ ਹਨ। ਧਰਮ ਪਾਲ ਪੈਂਥਰ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਈਮਾਨਦਾਰੀ ਨਾਲ ਲੋਕ ਹਿਤੈਸ਼ੀ ਨੀਤੀਆਂ ਘੜਨ 'ਤੇ ਜ਼ੋਰ ਦਿੰਦੇ ਹਨ:
ਜਨਮ ਆਧਾਰਿਤ ਰਾਖਵਾਂਕਰਨ ਬੰਦ ਕਰਨ ਦੀ ਜ਼ਰੂਰਤ ਹੈ,
ਲੋਕ ਹਿੱਤੂ ਨੀਤੀਆਂ
ਘੜਨ ਦੀ ਜ਼ਰੂਰਤ ਹੈ।
ਰੋਟੀ-ਬੇਟੀ ਦੀ ਸਾਂਝ
ਪਾਉਣ ਦੀ ਜ਼ਰੂਰਤ ਹੈ,
ਬੇਗ਼ਮਪੁਰਾ ਵਸਾਉਣ ਦੀ
ਜ਼ਰੂਰਤ ਹੈ।
ਧਰਮ ਪਾਲ ਪੈਂਥਰ ਸਮਝਦੇ ਹਨ ਕਿ ਦੇਸ਼ ਦੀ ਅਖੌਤੀ ਆਜ਼ਾਦੀ ਨਾਲ ਕੇਵਲ ਸੱਤ੍ਹਾ ਪਰਿਵਰਤਨ ਹੀ ਹੋਇਆ ਹੈ, ਜਿਸ ਨਾਲ ਦੇਸ਼ ਦੇ ਰਾਜਭਾਗ ਦੀ ਡੋਰ ਮੁੱਠੀ ਭਰ ਲੋਕਾਂ ਦੇ ਹੱਥ ਵਿਚ ਆ ਗਈ ਹੈ। ਉਨ੍ਹਾਂ ਮੁਤਾਬਿਕ ਜਦੋਂ ਤੱਕ ਸਹੀ ਅਰਥਾਂ ਵਿਚ ਵਿਵਸਥਾ ਪਰਿਵਰਤਨ ਨਹੀਂ ਹੁੰਦਾ, ਉਦੋਂ ਤੱਕ ਦੇਸ਼ ਦੇ ਸਮੂਹ ਲੋਕਾਂ ਨੂੰ ਆਜ਼ਾਦੀ ਦਾ ਨਿੱਘ ਨਹੀਂ ਮਿਲ ਸਕਦਾ। ਇਸ ਮਕਸਦ ਲਈ ਉਹ ਲੋਕਾਂ ਨੂੰ ਪੜ੍ਹਨ, ਜੁੜਨ ਅਤੇ ਸੰਘਰਸ਼ ਕਰਨ ਦਾ ਰਸਤਾ ਅਖ਼ਤਿਆਰ ਕਰਨ ਦਾ ਹੋਕਾ ਦਿੰਦੇ ਹਨ। ਦਲਿਤ ਜੱਦੋ-ਜਹਿਦ ਨੂੰ ਸਮਝਣ ਲਈ ਇਹ ਪੁਸਤਕ ਬੜੀ ਲਾਹੇਵੰਦ ਸਾਬਤ ਹੋ ਸਕਦੀ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

27-08-23

 ਸਮਾਜ ਕੁਦਰਤ ਤੇ ਵਿਗਿਆਨ
ਲੇਖਕ : ਮਲਕੀਤ ਸਿੰਘ ਬਰਮੀ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਬੁੱਕ ਸੈਂਟਰ,
ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 92
ਸੰਪਰਕ : 95015-94604

ਮਲਕੀਤ ਸਿੰਘ ਬਰਮੀ ਮੂਲ ਤੌਰ 'ਤੇ ਅਨੁਵਾਦਕ ਹੈ। ਉਸ ਨੇ ਪੀਪਲਜ਼ ਸਾਇੰਸ ਨੈੱਟਵਰਕ ਅਤੇ ਕੇਰਲਾ ਦੀ ਸੰਸਥਾ ਤੋਂ ਗ੍ਰਹਿਣ ਕੀਤੇ ਵਿਚਾਰਾਂ ਨੂੰ ਆਧਾਰ ਬਣਾ ਕੇ '' ਸਮਾਜ ਕੁਦਰਤ ਅਤੇ ਵਿਗਿਆਨ'' ਨਾਂਅ ਦੀ ਪੁਸਤਕ ਦੀ ਰਚਨਾ ਕੀਤੀ ਹੈ। ਲੇਖ ਮੁਤਾਬਿਕ ਇਸ ਕਿਤਾਬ ਦਾ ਖਰੜਾ ਤਾਂ ਤੀਹ ਕੁ ਵਰ੍ਹੇ ਪਹਿਲਾਂ ਤਿਆਰ ਕਰ ਲਿਆ ਸੀ, ਪਰ ਛਪਾਈ ਕਾਫ਼ੀ ਦੇਰ ਨਾਲ ਹੋਣ ਕਰਕੇ ਪਾਠਕਾਂ ਦੇ ਹੱਥ ਵਿਚ ਹੁਣ ਪੁੱਜੀ ਹੈ। ਜਿਵੇਂ ਕਿ ਪੁਸਤਕ ਦੇ ਸਿਰਲੇਖ, ''ਸਮਾਜ, ਕੁਦਰਤ ਤੇ ਵਿਗਿਆਨ'' ਤੋਂ ਹੀ ਅਨੁਮਾਨ ਹੋ ਜਾਂਦਾ ਹੈ ਕਿ ਪੁਸਤਕ ਵਿਚਲੇ ਵੀਹ ਲੇਖਾਂ ਦਾ ਵਿਸ਼ਾ ਵਸਤੂ ਗਿਆਨ- ਵਿਗਿਆਨ ਨਾਲ ਸੰਬੰਧਤ ਹੈ। ਲੇਖਕ ਨੇ ਕਿਸੇ ਪਾਠਕ੍ਰਮ ਦੀ ਪੁਸਤਕ ਵਾਂਗ ਸਿਲਸਿਲੇਵਾਰ ਬ੍ਰਹਿਮੰਡ ਤੋਂ ਸ਼ੂਰੂ ਕਰਕੇ ਖਗੋਲ ਦੇ ਵਿਸਥਾਰ ਅਤੇ ਪਸਾਰ ਦੀ ਗੱਲ ਕੀਤੀ ਹੈ। ਪਦਾਰਥਾਂ ਦਾ ਅਵਸਥਾ ਪਰਿਵਰਤਨ, ਉਨ੍ਹਾਂ ਦੇ ਨਿਯਮ ਅਤੇ ਇਸ ਵਰਤਾਰੇ ਦੇ ਜੀਵਨ ਵਿਚ ਲਾਭ, ਵਿਸ਼ਾਲ ਬ੍ਰਹਿਮੰਡ ਵਿਚ ਸੂਖਮ ਜੀਵਾਂ ਦਾ ਨਿੱਕਾ ਜਿਹਾ ਸੰਸਾਰ, ਮਾਦੇ ਅਤੇ ਥਾਂ ਦਾ ਸੰਬੰਧ, ਬ੍ਰਹਿਮੰਡ ਦੇ ਲਘੂ ਤੋਂ ਲਘੂ ਆਕਾਰ ਅਣੂ, ਪਰਮਾਣੂ, ਇਲੈਕਟ੍ਰਾਨ, ਪ੍ਰੋਟ੍ਰਾਨ, ਨਿਉਟ੍ਰਾਨ ਆਦਿ ਦਾ ਸਪੱਸ਼ਟੀਕਰਨ, ਸਮੇਂ ਦੀ ਗਿਣਤੀ-ਮਿਣਤੀ, ਇਸ ਨਾਲ ਧਰਤੀ, ਸੂਰਜ, ਗ੍ਰਹਿਆਂ ਆਦਿ ਦੀ ਗਤੀ ਰਿਸ਼ਤਾ, ਸਾਡੇ ਆਲੇ-ਦੁਆਲੇ ਨਿਰੰਤਰ ਹੋ ਰਹੇ ਬਦਲਾਅ, ਵੀ ਲੱਖ ਵਰ੍ਹੇ ਪਹਿਲੋਂ ਇਸ ਧਰਤੀ 'ਤੇ ਆਏ ਜੀਵਨ ਅਤੇ ਲਗਭਗ ਦਸ ਵਰ੍ਹੇ ਪਹਿਲੋਂ ਮਨੁੱਖੀ ਹੋਂਦ, ਜੀਵ ਅਤੇ ਮਨੁੱਖੀ ਵਿਕਾਸ ਦੀ ਸੰਖੇਪ ਕਹਾਣੀ, ਬ੍ਰਹਿਮੰਡ ਵਿਚ ਸੂਖਮ ਇਕ ਸੈੱਲੀ ਜੀਵ ਤੋਂ ਬਹੁ ਸੈੱਲੀ, ਫਿਰ ਜਲਚਰ, ਜਲਥਲਚਰ, ਰੀੰਘਣ ਵਾਲੇ, ਉੱਡਣ ਵਾਲੇ ਤੇ ਧਰਤੀ 'ਤੇ ਵਿਚਰਨ ਵਾਲੇ ਬਾਂਦਰ ਤੋਂ ਮਨੁੱਖ ਦੀ ਵਿਕਾਸ ਗਾਥਾ, ਸਾਡੇ ਮਹਾਂ ਬਜ਼ੁਰਗਾਂ ਦਾ ਰਹਿਣ-ਸਹਿਣ, ਖਾਣ-ਪਾਣ, ਧਰਤੀ 'ਤੇ ਖੇਤੀ ਦਾ ਆਰੰਭ, ਖੇਤੀ ਦੇ ਨਾਲ-ਨਾਲ ਕੁਦਰਤੀ ਸੰਸਾਧਨਾਂ ਦੀ ਦੁਰਵਰਤੋਂ ਤੇ ਲੁੱਟ-ਖੋਹ ਦੇ ਬੁਰੇ ਸਿੱਟੇ, ਮਨੁੱਖੀ ਬੇਨਿਯਮੀਆਂ ਅਤੇ ਬੇਕਾਇਦਗੀਆਂ, ਕੁਦਰਤ ਨਾਲ ਖਿਲਵਾੜ, ਕਬੀਲਿਆਂ ਤੋਂ ਬਸਤੀਆਂ ਦਾ ਜਨਮ, ਕੁਦਰਤੀ ਸੋਮਿਆਂ 'ਤੇ ਕਬਜ਼ਾਵਾਦੀ ਨੀਤੀ, ਰਾਜੇ-ਪ੍ਰਜਾ ਦਾ ਚਲਣ, ਸਰਮਾਏਦਾਰ ਤੇ ਗ਼ੁਲਾਮਦਾਰੀ, ਪੂੰਜੀਵਾਦੀ ਪ੍ਰਬੰਧ ਦਾ ਵਿਕਾਸ, ਧਰਤੀ ਦਾ ਲੋਕਾਂ ਤੇ ਜੋਕਾਂ ਵਿਚ ਵੰਡੇ ਜਾਣਾ, ਅਮੀਰ ਤੇ ਗ਼ਰੀਬ ਜਮਾਤ ਦਾ ਜਨਮ, ਸਰਮਾਏਦਾਰਾਂ ਤੇ ਮੁਨਾਫ਼ੇਖੋਰਾਂ ਦੀ ਚੜ੍ਹਤ, ਗ਼ਰੀਬੀ ਦੇ ਨਾਲ-ਨਾਲ ਅਨਪੜ੍ਹਤਾ, ਅੰਧਵਿਸ਼ਵਾਸ, ਪਖੰਡ, ਧਾਰਮਿਕ ਸ਼ੋਸ਼ਣ, ਸਮਾਜਵਾਦ ਦਾ ਫਲਸਫ਼ਾ, ਅਮੀਰ-ਗ਼ਰੀਬ ਦੀ ਬਰਾਬਰਤਾ ਵਾਲੇ ਸਮਾਜ ਦਾ ਸੁਪਨਾ, ਮਨੁੱਖੀ ਜੀਵਨ ਵਿਚ ਵਿਗਿਆਨ ਦਾ ਮਹੱਤਵ ਆਦਿ ਵਿਸ਼ਿਆ ਨੂੰ ਲਘੂ ਲੇਖਾਂ ਵਿਚ ਸਮੇਟਣ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ। ਲੇਖਕ ਅਨੁਸਾਰ ਦੇਸ਼ ਵਿਚੋਂ ਬੇਰੁਜ਼ਗਾਰੀ, ਗ਼ਰੀਬੀ, ਸਮਾਜ ਭਲਾਈ ਅਤੇ ਸਮਾਜਿਕ ਇਨਕਲਾਬ ਵਿਗਿਆਨ ਰਾਹੀਂ ਹੀ ਸੰਭਵ ਹੈ। ਬੇਸ਼ੱਕ ਲੇਖਕ ਨੇ ਇਸ ਕਿਤਾਬ ਦੀ ਰਚਨਾ ਨਵਸਾਖ਼ਰਾਂ ਨੂੰ ਮੱਦੇਨਜ਼ਰ ਰੱਖ ਕੇ ਕੀਤੀ ਹੋਵੇਗੀ, ਪਰ ਇਸ ਵਿਚਲਾ ਗਿਆਨ-ਵਿਗਿਆਨ ਹਰ ਉਮਰ, ਹਰ ਵਰਗ ਦੇ ਆਦਮੀ ਅੰਦਰ ਵਿਗਿਆਨਿਕ ਸੋਚ ਪੈਦਾ ਕਰਨ ਵਾਲਾ ਹੈ। ਪੁਸਤਕ ਇਕਦਮ ਸਰਲ ਪੰਜਾਬੀ ਵਿਚ ਕਿੱਸਾਗੋਈ ਸ਼ੈਲੀ ਵਿਚ ਰੌਚਕ ਢੰਗ ਨਾਲ ਲਿਖੀ ਗਈ ਹੈ। ਵਿਗਿਆਨ ਦੀਆਂ ਗੂੜ੍ਹ ਤੇ ਪੇਚੀਦਾ ਨੁਕਤਿਆਂ ਨੂੰ ਬਹੁਤ ਆਸਾਨ ਉਦਾਹਰਨਾਂ ਦੇ ਕੇ ਸਰਲ ਤੇ ਸਹਿਜ ਢੰਗ ਨਾਲ ਸਪੱਸ਼ਟ ਕੀਤਾ ਗਿਆ ਹੈ ਜਿਸ ਨੂੰ ਹਰੇਕ ਪਾਠਕ ਆਸਾਨੀ ਨਾਲ ਸਮਝ ਸਕਦਾ ਹੈ। ਤੀਹ ਸਾਲ ਪਹਿਲਾਂ ਲਿਖੀ ਇਸ ਪੁਸਤਕ ਦੀ ਪ੍ਰਸੰਗਕਿਤਾ ਅੱਜ ਵੀ ਓਨੀ ਹੀ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 9876156964

ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਦੋ ਬਾਲ ਪੁਸਤਕਾਂ
ਸੰਪਰਕ : 98764-52223

ਪੰਜਾਬੀ ਬਾਲ ਸਾਹਿਤ ਦੀ ਨਿਰੰਤਰ ਰਚਨਾ ਕਰ ਰਹੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਦੋ ਨਵੀਆਂ ਛਪੀਆਂ ਬਾਲ ਪੁਸਤਕਾਂ ਮੇਰੇ ਸਨਮੁੱਖ ਹਨ, ਜਿਨ੍ਹਾਂ ਵਿਚ ਉਸ ਨੇ ਮੌਜੂਦਾ ਸਮਾਜ ਨਾਲ ਜੁੜੇ ਵੰਨ-ਸੁਵੰਨੇ ਵਿਸ਼ਆਂ ਨੂੰ ਦੋ ਅਲੱਗ-ਅਲੱਗ ਵਿਧਾਵਾਂ ਵਿਚ ਰੂਪਮਾਨ ਕੀਤਾ ਹੈ। ਪ੍ਰਿੰ. ਗੋਸਲ ਦੀ ਪ੍ਰਥਮ ਬਾਲ ਪੁਸਤਕ 'ਮਾਂ ਦੇ ਰੂਪ' ਹੈ ਜਿਸ ਵਿਚ ਕੁੱਲ 25 ਕਵਿਤਾਵਾਂ ਸ਼ਾਮਿਲ ਹਨ। ਜੇ 'ਲਾਲ ਫੁੱਲਾਂ ਦਾ ਰੁੱਖ', 'ਰੁੱਖ, ਮਨੁੱਖ ਅਤੇ ਸੁੱਖ', 'ਪਾਣੀ ਦਾ ਮੁੱਲ', 'ਹਰ ਮਨੁੱਖ ਲਾਵੇ ਰੁੱਖ', 'ਬੋਹੜ ਦਾ ਰੁੱਖ', 'ਬਰਸਾਤੀ ਮੀਂਹ' ਅਤੇ 'ਇਕ ਬੂਟਾ ਅੰਬੀ ਦਾ' ਕਵਿਤਾਵਾਂ ਪ੍ਰਕਿਰਤਕ ਮਾਹੌਲ ਦਾ ਚਿਤ੍ਰਣ ਪ੍ਰਸਤੁਤ ਕਰਦੀਆਂ ਹਨ ਤਾਂ ਦੂਜੇ ਪਾਸੇ 'ਦੇਸ਼ ਪੰਜਾਬ' ਅਤੇ 'ਮਾਲ੍ਹਪੂੜਿਆਂ ਦਾ ਜੱਗ' ਕਵਿਤਾਵਾਂ ਵਿਚੋਂ ਸੱਭਿਆਚਾਰਕ ਮਹਿਕ ਆਉਂਦੀ ਅਨੁਭਵ ਹੁੰਦੀ ਹੈ। 'ਹਿਰਨ ਦਾ ਬੱਚਾ', 'ਕੋਇਲ ਦਾ ਘੁਮੰਡ', 'ਘੁੱਗੀ ਦੀ ਪੁਕਾਰ', 'ਮੋਰ ਦੇ ਖੰਭ', 'ਟਟਹਿਰੀ ਦਾ ਸ਼ੋਰ' ਤੇ 'ਚਲਾਕ ਤਿੱਤਲੀ' ਵੰਨ-ਸੁਵੰਨੇ ਜੀਵ-ਜੰਤੂਆਂ ਦੇ ਬਹੁਪੱਖੀ ਵਿਵਹਾਰ ਨੂੰ ਦਿਲਚਸਪ ਢੰਗ ਨਾਲ ਪ੍ਰਸਤੁਤ ਕਰਦੀਆਂ ਹਨ। ਪ੍ਰਿੰ. ਗੋਸਲ ਦੀ ਦੂਜੀ ਪੁਸਤਕ 'ਅੰਗੂਰ ਨਾ ਖੱਟੇ, ਨਾ ਮਿੱਠੇ' ਵਿਚਲੀਆਂ ਨੌਂ ਕਹਾਣੀਆਂ ਬਾਲ ਪਾਠਕਾਂ ਨੂੰ ਲੁਕੇ-ਛੁਪੇ ਰੂਪ ਵਿਚ ਉਪਦੇਸ਼ ਪ੍ਰਦਾਨ ਕਰਕੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਨ ਲਈ ਮਾਰਗ ਦਰਸ਼ਨ ਕਰਦੀਆਂ ਹਨ। 'ਅੰਗੂਰ ਨਾ ਖੱਟੇ, ਨਾ ਮਿੱਠੇ' ਕਹਾਣੀ ਆਜ਼ਾਦੀ ਦੇ ਕੁਦਰਤੀ ਅਧਿਕਾਰ ਦੀ ਗੱਲ ਕਰਦੀ ਹੈ। 'ਬਾਦਸ਼ਾਹ ਦੇ ਤਿੰਨ ਸੁਆਲ' ਕਹਾਣੀ ਬੁੱਧੀ ਦੀ ਪ੍ਰੀਖਿਆ' ਨਾਲ ਸੰਬੰਧਤ ਹੈ ਜੋ ਹੰਕਾਰ ਦੀ ਭਾਵਨਾ ਦਾ ਤਿਆਗ ਕਰਕੇ ਜਨ-ਹਿਤ ਵਿਚ ਸੇਵਾ ਕਰਨ ਦੀ ਪ੍ਰੇਰਨਾ ਦਿੰਦੀ ਹੈ। 'ਬੇਜ਼ੁਬਾਨ ਨੂੰ ਮਾਰ' ਕਹਾਣੀ ਬੇਜ਼ੁਬਾਨ ਜੀਵਾਂ ਨਾਲ ਸਨੇਹ-ਭਾਵਨਾ ਉਤਪੰਨ ਕਰਦੀ ਹੈ। ਇਸੇ ਪ੍ਰਕਾਰ 'ਗੁਰੂ ਕ੍ਰਿਸ਼ਮਾ', 'ਗਿਆਨ ਰਾਹੀਂ ਰਾਹ' ਅਤੇ 'ਰੱਬ ਦਾ ਚੇਲਾ' ਕਹਾਣੀਆਂ ਵੀ ਬਾਲ ਪਾਠਕਾਂ ਨੂੰ ਨਿੱਗਰ ਸੁਨੇਹੇ ਪ੍ਰਦਾਨ ਕਰਕੇ ਸਮੇਂ ਦਾ ਹਾਣੀ ਬਣਨ ਲਈ ਜਜ਼ਬਾ ਪੈਦਾ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਕਥਾ-ਰਸ ਪ੍ਰਧਾਨ ਹੈ ਅਤੇ ਮੁਹਾਵਰਿਆਂ ਤੇ ਅਖਾਣਾਂ ਵਾਲੀ ਠੁੱਕ-ਭਰੀ ਸ਼ਬਦਾਵਲੀ ਦਾ ਸੁੰਦਰ ਇਸਤੇਮਾਲ ਕੀਤਾ ਗਿਆ ਹੈ। ਇਹ ਦੋਵੇਂ ਪੜ੍ਹਨਯੋਗ ਪੁਸਤਕਾਂ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਨੇ ਛਾਪੀਆਂ ਹਨ। ਦੋਵਾਂ ਦੀ ਕੀਮਤ 100 ਰੁਪਏ, ਪੁਸਤਕ ਦੇ ਪੰਨੇ 32-32 ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਹੁਨਰ ਬਨਾਮ ਹਿਕਮਤ
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਮਿੱਤਰ ਮੰਡਲ ਪ੍ਰਕਾਸ਼ਨ, ਬਰਨਾਲਾ
ਮੁੱਲ : 50 ਰੁਪਏ, ਸਫ਼ੇ : 232
ਸੰਪਰਕ : 94635-61123

ਓਮ ਪ੍ਰਕਾਸ਼ ਗਾਸੋ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਕਾਰਜਸ਼ੀਲ ਇਕ ਸਨਮਾਨਿਤ ਲੇਖਕ ਹੈ। ਉਹ ਹੁਣ ਤੱਕ 29 ਨਾਵਲ, 18 ਸੰਸਕ੍ਰਿਤੀ ਤੇ ਸੱਭਿਆਚਾਰ, 3 ਬਾਲ ਸਾਹਿਤ, 2 ਆਲੋਚਨਾ, 2 ਕਾਵਿ-ਸੰਗ੍ਰਹਿ, 2 ਸਵੈਜੀਵਨੀ, 4 ਹਿੰਦੀ ਕਿਤਾਬਾਂ ਦੀ ਰਚਨਾ ਸਮੇਤ ਲਗਭਗ 85 ਪੁਸਤਕਾਂ ਲਿਖ ਚੁੱਕਾ ਹੈ। ਵਿਚਾਰ ਅਧੀਨ ਪੁਸਤਕ ਨੂੰ ਉਸ ਨੇ ਤਿੰਨ ਭਾਗਾਂ ਵਿਚ ਵੰਡਿਆ ਹੈ, ਜਿਸ ਨੂੰ ਉਸ ਨੇ ਪਹਿਲਾ ਤੀਰ, ਦੂਜਾ ਤੀਰ ਅਤੇ ਤੀਜਾ ਤੀਰ ਦਾ ਨਾਂਅ ਦਿੱਤਾ ਹੈ। ਆਰੰਭ ਵਿਚ ਡਾ.ਕਰਮਜੀਤ ਸਿੰਘ ਧਾਲੀਵਾਲ, ਡਾ.ਰਵਿੰਦਰ ਗਾਸੋ, ਡਾ. ਸੁਦਰਸ਼ਨ ਗਾਸੋ ਅਤੇ ਖ਼ੁਦ ਲੇਖਕ ਵਲੋਂ ਕਿਤਾਬ ਬਾਰੇ ਵਿਭਿੰਨ ਵਿਚਾਰ ਪੇਸ਼ ਹੋਏ ਹਨ। ਪਹਿਲੇ ਭਾਗ ਵਿਚ 19 ਸਿਰਲੇਖਾਂ ਹੇਠ ਪੰਜਾਬ, ਪੰਜਾਬੀ, ਪੰਜਾਬੀਅਤ, ਰੁੱਖਾਂ ਅਤੇ ਸਿਆਸਤ ਨੂੰ ਵਿਚਾਰਿਆ ਗਿਆ ਹੈ; ਦੂਜੇ ਭਾਗ ਦੇ 13 ਸਿਰਲੇਖਾਂ ਵਿਚ ਸੰਵੇਦਨਾ, ਸੂਖਮਤਾ, ਆਦਮੀ, ਇਤਿਹਾਸ ਦੇ ਨਾਲ-ਨਾਲ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ, ਕੈਬਨਿਟ ਮੰਤਰੀ ਸਮੇਤ ਆਪਣੀ ਨੂੰਹ ਸੁਮਨ ਗਾਸੋ ਦੀ ਸਾਹਿਤ ਪ੍ਰਤੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਗਿਆ ਹੈ; ਜਦਕਿ ਤੀਜੇ ਭਾਗ ਦੇ 3 ਸਿਰਲੇਖਾਂ ਅਧੀਨ ਲੇਖਕ ਦੇ ਦੋ ਨਾਵਲਾਂ- 'ਮੌਤ ਦਰ ਮੌਤ' ਅਤੇ 'ਮਿੱਟੀ ਦਾ ਮੁੱਲ' ਦਾ ਨਾਟਕੀ ਰੂਪ ਪ੍ਰਕਾਸ਼ਿਤ ਹੈ। ਪੁਸਤਕ ਦੇ ਆਖਰੀ 8 ਪੰਨਿਆਂ 'ਤੇ 20 ਰੰਗੀਨ ਤਸਵੀਰਾਂ ਰਾਹੀਂ ਲੇਖਕ ਨੇ ਮੁੱਖ ਮੰਤਰੀ ਅਤੇ ਹੋਰਾਂ ਨਾਲ ਆਪਣੀ ਹਾਜ਼ਰੀ ਦਰਸਾਈ ਹੈ। ਕਿਤਾਬ ਵਿਚ ਡਾ. ਸੁਦਰਸ਼ਨ ਗਾਸੋ ਅਤੇ ਨਿੰਦਰ ਘੁਗਿਆਣਵੀ ਦੀ ਵੀ ਇਕ ਇਕ ਲਿਖਤ ਹੈ, ਜਿਨ੍ਹਾਂ ਵਿਚ ਭਗਵੰਤ ਮਾਨ ਅਤੇ ਮੀਤ ਹੇਅਰ ਦੇ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਸਤਿਕਾਰ ਨੂੰ ਚਿਤਰਿਆ ਗਿਆ ਹੈ। ਓਮ ਪ੍ਰਕਾਸ਼ ਗਾਸੋ ਲੇਖਨ ਦੇ ਨਾਲ-ਨਾਲ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਵੀ ਲਾਉਂਦਾ ਹੈ। ਗਾਸੋ ਨੇ ਪੰਜਾਬ ਦੇ ਧੁਆਂਖੇ ਮਾਹੌਲ 'ਤੇ ਚਿੰਤਾ ਪ੍ਰਗਟਾਈ ਹੈ ਤੇ ਇਸ ਲਈ ਠੋਸ ਹੱਲ ਵੀ ਸੁਝਾਏ ਹਨ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਫੇਰ ਮਿਲਾਂਗੇ
ਲੇਖਕ : ਚਰਨਜੀਤ ਰਾਹੀ
ਪ੍ਰਕਾਸ਼ਕ : ਆਰਸੀ ਪਬਲੀਸ਼ਰਜ਼ ਨਵੀਂ ਦਿੱਲੀ
ਮੁੱਲ : 325 ਰੁਪਏ, ਸਫ਼ੇ : 168
ਸੰਪਰਕ :011-23280657

ਸਾਹਿਤ ਜਗਤ ਦੇ ਪ੍ਰਮੁੱਖ ਹਸਤਾਖ਼ਰ ਡਾਕਟਰ ਰਵੇਲ ਸਿੰਘ ਦੀ ਰਹਿਨੁਮਾਈ ਵਿਚ ਸਨ 2021 'ਚ ਪ੍ਰਕਾਸ਼ਿਤ ਚਰਨਜੀਤ ਸਿੰਘ ਰਾਹੀ ਦਾ ਲਿਖਿਆ ਹੋਇਆ ਇਹ ਕਹਾਣੀ-ਸੰਗ੍ਰਹਿ 'ਫੇਰ ਮਿਲਾਂਗੇ' ਸਾਰੇ ਪਰਿਵਾਰਕ ਮੈਂਬਰਾਂ ਅਤੇ ਇਸ ਨੂੰ ਨੇਪਰੇ ਚਾੜ੍ਹਣ ਵਾਲੇ ਸੁਹਿਰਦ ਸੱਜਣਾ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਕਹਾਣੀ ਸੰਗ੍ਰਹਿ ਦੀਆਂ ਕੁੱਲ 9 ਕਹਾਣੀਆਂ ਨੂੰ ਪੜ੍ਹ ਕੇ ਪਾਠਕ ਮਨੁੱਖੀ ਵੇਦਨਾ ਅਤੇ ਸੰਵੇਦਨਾ ਦੇ ਵਹਿਣ ਵਿਚ ਬਹਿ ਜਾਂਦੇ ਜਾਪਦੇ ਹਨ। ਲੇਖਕ ਦੀ ਜ਼ਿੰਦਗੀ ਦੇ ਯਥਾਰਥ ਨੂੰ ਬਿਆਨ ਕਰਦੀਆਂ ਘਟਨਾਵਾਂ ਦੀ ਪੇਸ਼ਕਾਰੀ ਨੇ ਕਹਾਣੀਆਂ ਨੂੰ ਸਹਿਜ ਰੂਪ ਪ੍ਰਦਾਨ ਕਰ ਦਿੱਤਾ ਹੈ। ਯਥਾਰਥ ਅਤੇ ਕਲਪਨਾ ਦੇ ਸੁਮੇਲ ਨੇ ਕਹਾਣੀਆਂ ਵਿਚ ਗਹਿਨਤਾ ਤੇ ਗੰਭੀਰਤਾ ਨੂੰ ਉਜਾਗਰ ਕਰ ਦਿੱਤਾ ਹੈ। ਮਾਨਵੀ ਕਦਰਾਂ ਕੀਮਤਾਂ ਨੂੰ ਉਜਾਗਰ ਕਰਦੀਆਂ ਇਹ ਕਹਾਣੀਆਂ ਪਰੰਪਰਾ ਅਤੇ ਆਧੁਨਿਕਤਾ ਦੀ ਪੈਦਾਇਸ਼ ਨਜ਼ਰ ਆਉਂਦੀਆਂ ਹਨ। ਸਮਾਜਿਕ ਬੰਧਨਾਂ ਤੋਂ ਮੁਕਤੀ ਦੀ ਬਾਤ ਪਾਉਂਦੀਆਂ ਇਹ ਕਹਾਣੀਆਂ ਪਾਠਕ ਵਰਗ ਨੂੰ ਪਰੰਪਰਾ ਨੂੰ ਤਿਆਗਣ ਦਾ ਸੁਨੇਹਾ ਦੇ ਰਹੀਆਂ ਹਨ। ਅਮੀਰ ਤੇ ਗ਼ਰੀਬ ਵਰਗ ਦੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਇਨ੍ਹਾਂ ਕਹਾਣੀਆਂ ਨੂੰ ਪੜ੍ਹ ਕੇ ਪਾਠਕਾਂ ਨੂੰ ਇੰਜ ਜਾਪਦਾ ਹੈ ਕਿ ਜਿਵੇਂ ਲੇਖਕ ਉਨ੍ਹਾਂ ਦੀ ਜ਼ਿੰਦਗੀ ਦੀ ਗੱਲ ਕਰ ਰਿਹਾ ਹੈ। ਉੱਤਰ ਆਧੁਨਿਕ ਯੁੱਗ ਦੀਆਂ ਦੁਸ਼ਵਾਰੀਆਂ, ਪ੍ਰਾਪਤੀਆਂ, ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ, ਸਭ ਕੁਝ ਮੌਜੂਦ ਹੁੰਦਿਆਂ ਵੀ ਬਹੁਤ ਕੁਝ ਪਾਉਣ ਦੀ ਲਾਲਸਾ ਅਤੇ ਖੁਰ ਗਏ ਸੁਪਨਿਆਂ ਦੇ ਖੰਡਰਾਂ ਤੋਂ ਬਿਨਾਂ ਹੋਰ ਬਹੁਤ ਕੁਝ ਕਹਿ ਰਹੀਆਂ ਹਨ ਇਹ ਕਹਾਣੀਆਂ। ਆਪਣੀ ਜੰਮਣ ਭੋਂਇ ਤੋਂ ਦੂਰ ਰਹਿੰਦਿਆਂ ਵੀ ਆਪਣੀਆਂ ਕਹਾਣੀਆਂ ਦੇ ਪਾਤਰਾਂ ਦੀ ਬੋਲਚਾਲ 'ਚ ਪੁਆਦ ਦੀ ਬੋਲੀ ਅਤੇ ਸੰਸਕ੍ਰਿਤੀ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਉਹ ਆਪਣੀ ਜੰਮਣ ਭੋਂਇ ਨੂੰ ਅਜੇ ਭੁੱਲ ਨਹੀਂ ਸਕਿਆ। ਆਪਣੇ ਪਹਿਲੇ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਨੂੰ ਮਿਆਰੀ ਸਾਹਿਤਕ ਪੱਧਰ ਪ੍ਰਦਾਨ ਕਰਕੇ ਲੇਖਕ ਆਪਣੇ ਆਪ ਨੂੰ ਨਾਮਵਰ ਲੇਖਕਾਂ ਦੀ ਕਤਾਰ ਵਿਚ ਖੜ੍ਹਾ ਕਰਨ ਦੀ ਤਿਆਰੀ ਕਰ ਰਿਹਾ ਹੈ। ਕਹਾਣੀਆਂ ਨੂੰ ਪੜ੍ਹਦਿਆਂ ਆਪ ਮੁਹਾਰੇ ਮਨ 'ਚ ਇਹ ਵਿਚਾਰ ਉਪਜਦਾ ਹੈ ਕਿ ਕਹਾਣੀਆਂ ਦਾ ਵਾਤਾਵਰਣ ਲੇਖਕ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਸਫ਼ਰ 'ਚੋਂ ਉਪਜਿਆ ਹੈ। ਇਨ੍ਹਾਂ ਕਹਾਣੀਆਂ ਦੇ ਪਾਤਰ ਭਾਵੇਂ ਲੇਖਕ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੇ ਜਾਪਦੇ ਹਨ ਪਰ ਉਹ ਸਮਾਜ ਦਾ ਹੀ ਇਕ ਹਿੱਸਾ ਲੱਗਦੇ ਹਨ। ਮੁਖਤਿਆਰ ਅਤੇ ਸੀਰੀ ਸਾਡੇ ਮਜ਼ਦੂਰ ਵਰਗ ਦੀ ਜ਼ਿੰਦਗੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਹੇ ਹਨ ਤੇ ਸਾਡੇ ਸਮਾਜ 'ਚ ਤਿਲ-ਤਿਲ ਕਰਕੇ ਵੰਡੇ ਹੋਏ ਹਨ। ਗੁੱਡਾ, ਮੈਲੀ ਅੱਖ ਅਤੇ ਪਰਵਾਜ਼ ਕਹਾਣੀਆਂ ਭਾਵੇਂ ਲੇਖਕ ਦੇ ਨਿੱਜੀ ਜ਼ਿੰਦਗੀ ਦੀ ਉਪਜ ਹਨ ਪਰ ਇਨ੍ਹਾਂ ਨੂੰ ਪੜ੍ਹ ਕੇ ਪਾਠਕਾਂ ਨੂੰ ਇਵੇਂ ਅਨੁਭਵ ਹੁੰਦਾ ਹੈ ਕਿ ਸਾਡੇ ਸਮਾਜ ਦੀ ਹੀ ਗੱਲ ਕਰ ਰਹੀਆਂ ਹਨ। ਲੇਖਕ ਕਹਾਣੀਆਂ ਦੇ ਪਾਤਰਾਂ ਦੇ ਚਰਿੱਤਰ ਨੂੰ ਉਨ੍ਹਾਂ ਦੀ ਬੋਲੀ ਦੇ ਮਾਧਿਅਮ ਰਾਹੀਂ ਪੇਸ਼ ਕਰਨ ਤੇ ਮਾਨਵੀ ਰਿਸ਼ਤਿਆਂ ਵਿਚਲੇ ਅਜੋਕੇ ਸੱਚ ਨੂੰ ਉਜਾਗਰ ਕਰਨ 'ਚ ਸਫ਼ਲ ਰਿਹਾ ਹੈ। ਕਹਾਣੀਆਂ ਦੇ ਪਾਤਰ ਲੇਖਕ ਦੇ ਹੱਥ ਦੀ ਕਠਪੁਤਲੀ ਨਹੀਂ ਸਗੋਂ ਉਹ ਆਪਣੇ ਕਿਰਦਾਰ ਦਾ ਆਜ਼ਾਦੀ ਨਾਲ ਮੁਜ਼ਾਹਰਾ ਕਰਦੇ ਜਾਪਦੇ ਹਨ। ਕਹਾਣੀਆਂ ਵਿਚ ਹਿੰਦੀ ਅਤੇ ਉਰਦੂ ਦੇ ਸ਼ਬਦ ਵੀ ਆਏ ਹਨ। ਕਿਤੇ-ਕਿਤੇ ਗ਼ਲਤੀਆਂ ਵੀ ਵੇਖਣ ਨੂੰ ਮਿਲਦੀਆਂ ਹਨ ਪਰ ਫੇਰ ਵੀ ਪਾਤਰਾਂ ਦੇ ਉਨ੍ਹਾਂ ਦੀ ਬੋਲੀ ਵਿਚ ਸੰਵਾਦ, ਪੇਸ਼ਕਾਰੀ, ਸ਼ੈਲੀ ਅਤੇ ਪਰਿਵਾਰਾਂ ਅਤੇ ਸਮਾਜ ਦੇ ਭਖਦੇ ਮਸਲਿਆਂ ਨੂੰ ਚੁੱਕਣਾ ਇਹ ਸਾਰੇ ਤੱਥ ਕਹਾਣੀਕਾਰ ਦੀ ਕਹਾਣੀ ਲਿਖਣ ਦੀ ਕਲਾ ਵਿਚ ਮੁਹਾਰਤ ਰੱਖਣ ਦਾ ਸਬੂਤ ਹਨ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਮੁਆਫ਼ ਕਰਨਾ ਸਾਹਿਬ
ਸਮਕਾਲੀ ਸਮਾਜ ਦਾ ਯਥਾਰਥ
ਸੰਪਾਦਕ : ਰਮਨਦੀਪ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 112
ਸੰਪਰਕ : 98721-03209

ਹਥਲੀ ਪੁਸਤਕ ਪਬਲਿਸ਼ਰ ਤਰਲੋਚਨ ਸਿੰਘ ਦੁਆਰਾ ਪ੍ਰਸਿੱਧ ਚੋਣਵੀਆਂ ਦਸ ਕਹਾਣੀਆਂ ਨੂੰ ਉਸ ਨੇ 'ਮੁਆਫ਼ ਕਰਨਾ ਸਾਹਿਬ' ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਸੀ, ਦਾ ਵੱਖ-ਵੱਖ ਵੀਹ ਵਿਦਵਾਨ ਲੇਖਕਾਂ/ਲੇਖਿਕਾਵਾਂ ਵਲੋਂ ਆਲੋਚਨਾਤਮਕ ਅਧਿਐਨ ਪੇਸ਼ ਕਰਦੀ ਹੈ। ਸੰਪਾਦਕ ਰਮਨਦੀਪ ਕੌਰ ਨੇ ਬੜੀ ਮਿਹਨਤ ਨਾਲ ਇਸ ਪੁਸਤਕ ਵਿਚ ਅੰਕਿਤ ਪੁਸਤਕ ਦੇ ਸਮੁੱਚੇ ਰੂਪ-ਸਰੂਪ ਬਾਰੇ ਅਤੇ ਇਕੱਲੀ-ਇਕੱਲੀ ਕਹਾਣੀ ਬਾਰੇ ਵਿਦਵਾਨਾਂ ਤੱਕ ਪਹੁੰਚ ਕਰਕੇ ਖੋਜ ਪਰਚੇ ਲਿਖਵਾਏ, ਜਿਨ੍ਹਾਂ ਦਾ ਸਾਰ ਤੱਤ ਅਜੋਕੇ ਮਨੁੱਖੀ ਜੀਵਨ ਨਿਰਬਾਹ ਦੀ ਸ਼ੈਲੀ ਵਿਚ ਘਰੇਲੂ, ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਮਨੋਵਿਗਿਆਨਕ ਤੌਰ 'ਤੇ ਘੁਟਣ ਅਤੇ ਸਹਿਕ ਦਾ ਭਾਵ-ਬੋਧ ਉਭਰਦਾ ਪ੍ਰਤੀਤ ਹੁੰਦਾ ਹੈ ਅਤੇ ਨਾਲ ਦੀ ਨਾਲ ਪਰਵਾਸ ਵਿਚਲੀ ਜੀਵਨ ਸ਼ੈਲੀ ਉੱਤੇ ਵੀ ਝਾਤ ਪੁਆਈ ਗਈ ਹੈ। ਕਹਾਣੀ 'ਅਧੂਰਾ ਚਾਅ', 'ਇਕ ਛਿੱਟ ਚਾਣਨ ਦੀ', 'ਮਿੱਟੀ ਨਾ ਫਰੋਲ ਜੋਗੀਆ', 'ਮੁਆਫ਼ ਕਰਨਾ ਸਾਹਿਬ', 'ਪਹਿਰੇਦਾਰ ਪਹਿਰੇ', 'ਅਧੂਰੀ ਔਰਤ', 'ਹਾਰ ਜਿਹੀ ਜਿੱਤ', 'ਪੇਕਾ ਘਰ', 'ਅਰਸ਼ ਤੋਂ ਫਰਸ਼', 'ਤਾਈ ਆਸੋ' ਆਦਿ ਕਹਾਣੀਆਂ ਦਾ ਵਿਦਵਾਨ ਲੇਖਿਕਾਵਾਂ ਵਲੋਂ ਨਿਕਟਵਰਤੀ ਗੰਭੀਰ ਵਿਸ਼ਲੇਸ਼ਣ ਕਹਾਣੀਆਂ ਵਿਚੋਂ ਉਦਾਹਰਨਾਂ ਦੇ ਕੇ ਵੀ ਅਤੇ ਵੱਖ-ਵੱਖ ਵਿਦਵਾਨਾਂ ਵਲੋਂ ਕਹਾਣੀ ਸਿਧਾਂਤ, ਪ੍ਰਕਿਰਤੀ ਅਤੇ ਪ੍ਰਕਾਰਜ ਸੰਬੰਧੀ ਕਥਨਾਂ ਨੂੰ ਵੀ ਆਪੋ-ਆਪਣੇ ਖੋਜ ਲੇਖਾਂ ਜ਼ਰੀਏ ਪੇਸ਼ ਕੀਤਾ ਹੈ।
ਪੁਸਤਕ ਵਿਚਲੇ ਹੋਰ ਮਹੱਤਵਪੂਰਨ ਉਹ ਖੋਜ ਲੇਖ ਵੀ ਹਨ, ਜਿਨ੍ਹਾਂ ਵਿਚ ਪਰਵਾਸ ਕਬੂਲਦੀ ਚੇਤਨਾ ਅਤੇ ਪਰਵਾਸ ਵਿਚਲੇ ਪੰਜਾਬ ਦੇ ਸਮਾਜ ਦੀ ਵਿਵਸਥਾ ਨੂੰ ਵੀ ਦਰਸਾਇਆ ਗਿਆ ਹੈ ਅਤੇ 'ਮੁਆਫ਼ ਕਰਨਾ ਸਾਹਿਬ' ਕਹਾਣੀ-ਸੰਗ੍ਰਹਿ ਦੇ ਸਮੁੱਚੇ ਸਰੂਪ ਨੂੰ ਪ੍ਰਗਟਾਉਂਦਿਆਂ ਹੋਇਆਂ ਔਰਤ ਦੀ ਸਥਿਤੀ ਨੂੰ ਤਰਾਸਦਿਕ ਸਮਝਦਿਆਂ ਹੋਇਆਂ ਸਮੁੱਚੇ ਰੂਪ ਵਿਚ ਵਿਚਾਰ ਪ੍ਰਗਟ ਕੀਤੇ ਹਨ। ਇਹ ਖੋਜ ਲੇਖ ਭਾਵੇਂ ਸੰਖੇਪ ਹਨ ਪਰ ਭਾਵ-ਪੂਰਤ ਅਤੇ ਦਿਸ਼ਾ-ਮੂਲਕ ਹਨ।

-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732

ਕੋਸੀ ਕੋਸੀ ਧੁੱਪ
ਲੇਖਕ : ਬਿੰਦਰ ਸਿੰਘ ਖੁੱਡੀਕਲਾਂ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨਜ਼ ਰਾਮਪੁਰ (ਲੁਧਿਆਣਾ )
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98786-05965

ਬਿੰਦਰ ਸਿੰਘ ਖੁੱਡੀਕਲਾਂ ਲਗਾਤਾਰ ਅਖ਼ਬਾਰਾਂ ਵਿਚ ਲਿਖ ਰਿਹਾ ਹੈ। ਉਸ ਦੀ ਇਹ ਪਹਿਲੀ ਕਿਤਾਬ ਮਿੰਨੀ ਕਹਾਣੀਆਂ ਦੀ ਛਪ ਕੇ ਆਈ ਹੈ। ਅੱਖਰ ਨਾਲ ਜੋੜਨ ਵਾਲੇ ਅਕਾਲ ਪੁਰਖ ਤੇ ਮਾਤਾ-ਪਿਤਾ ਨੂੰ ਸਮਰਪਿਤ ਪੁਸਤਕ ਵਿਚ 74 ਮਿੰਨੀ ਕਹਾਣੀਆਂ ਹਨ। ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਪੁਸਤਕ ਦੀਆਂ ਰਚਨਾਵਾਂ ਨੂੰ ਕਰੂਰ ਯਥਾਰਥ ਵਿਚੋਂ ਉਪਜੀਆਂ ਕਹਾਣੀਆਂ ਕਿਹਾ ਹੈ। ਕਹਾਣੀਆਂ ਵਿਚ ਸਮਾਜ ਦਾ ਸ਼ੀਸ਼ਾ ਹੈ। ਲੇਖਕ ਆਪਣੇ ਆਲੇ-ਦੁਆਲ਼ੇ ਦੀਆਂ ਘਟਨਾਵਾਂ 'ਤੇ ਤਿੱਖੀ ਨਜ਼ਰ ਰੱਖਦਾ ਹੈ। ਲੇਖਕ ਕੋਲ ਮਿੰਨੀ ਕਹਾਣੀ ਲਿਖਣ ਦੀ ਜੁਗਤ ਹੈ। ਜਿਸ ਵਿਚ ਸੰਖੇਪਤਾ, ਸਮਾਜਿਕ ਵਿਸ਼ਾ, ਪਾਤਰੀ ਸੰਵਾਦ, ਸਮੇਂ ਦਾ ਸੱਚ, ਬਿਰਤਾਂਤ, ਵਿਅੰਗਮਈ ਤਨਜ਼ ਆਦਿ ਹਨ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਹਾਣੀਆਂ ਅੰਦਰਲੀ ਹਕੀਕਤ (ਸੱਚ) ਦੀ ਨਿਸ਼ਾਨਦੇਹੀ ਕੀਤੀ ਹੈ। ਕਥਾਕਾਰ ਜਗਦੀਸ਼ ਰਾਏ ਕੁਲਰੀਆਂ ਨੇ ਲੇਖਕ ਵਲੋਂ ਰਚਨਾਵਾਂ ਵਿਚ ਦਬੇ-ਕੁਚਲੇ ਤੇ ਨਪੀੜੇ ਲੋਕਾਂ ਨਾਲ ਖੜ੍ਹੇ ਹੋਣ ਦੀ ਪ੍ਰਸੰਸਾ ਕੀਤੀ ਹੈ। ਇਹ ਸਾਹਿਤਕਾਰ ਦੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ। ਲੇਖਕ ਨੇ ਆਪਣੀ ਕਾਲਜ ਸਿੱਖਿਆ ਦੌਰਾਨ ਇਕ ਦਿਲਚਸਪ ਘਟਨਾ ਦਾ ਜ਼ਿਕਰ ਕੀਤਾ ਹੈ। ਜਿਸ ਤੋਂ ਪਿਛੋਂ ਉਹ ਲਿਖਣ ਦੇ ਰਾਹ ਪਿਆ। ਪੁਸਤਕ ਦੇ ਸਿਰਲੇਖ ਵਾਲੀ ਕੋਈ ਰਚਨਾ ਨਹੀ ਹੈ। ਇਹ ਨਵੀਂ ਜੁਗਤ ਹੈ। ਸਾਰੀਆਂ ਰਚਨਾਵਾਂ ਦਾ ਨਿੱਘ ਪਾਠਕ ਲਈ ਸਿਆਲ ਦੀ ਕੋਸੀ-ਕੋਸੀ ਧੁੱਪ ਵਾਲਾ ਹੈ। ਕਹਾਣੀਆਂ ਦੇ ਪਾਤਰ ਆਪਸੀ ਸੰਵਾਦ ਵਿਚ ਕੁਝ ਅੱਟਲ ਸਚਾਈਆਂ ਵੇਖੋ - ਇਨਸਾਨੀ ਸਰੀਰ ਨੇ ਇਕ ਦਿਨ ਨਾਸ਼ ਹੋ ਜਾਣਾ ਹੈ। (ਉਪਦੇਸ਼)....
ਬੱਚੇ ਸਿੱਖਦੇ ਨਹੀ ਨਕਲ ਕਰਦੇ ਹਨ (ਗੁਨਾਹ)...ਵੀਰੇ ਮੈਂ ਉਸ ਨੂੰ ਸੱਚਾ ਪਿਆਰ ਕਰਦੀ ਹਾਂ (ਸਹੀ ਅਰਥ)...ਚੋਣਾਂ ਲੜ ਕੇ ਲੀਡਰ ਬਣਨ ਤੋਂ ਉੱਤਮ ਬਿਜ਼ਨਿਸ ਕੋਈ ਨਹੀਂ (ਕਹਾਣੀ ਬਿਜ਼ਨੈਸ)
ਕਿਸਾਨੀ ਪਿਛੋਕੜ ਹੋਣ ਕਰਕੇ ਲੇਖਕ ਕਹਾਣੀਆਂ ਵਿਚ ਕਿਸਾਨੀ ਮਸਲਿਆਂ ਬਾਰੇ ਕਲਮ ਚਲਾਉਂਦਾ ਹੈ। ਬੇਰੁਜ਼ਗਾਰ, ਗ਼ਰੀਬੀ, ਕਿਸਾਨ ਅੰਦੋਲਨ, ਕੋਰੋਨਾ ਪੀੜਤਾਂ ਦਾ ਦੁਖਾਂਤ, ਫ਼ੌਜੀ ਜੀਵਨ, ਬਿਹਾਰ, ਯੂਪੀ ਦੇ ਲੋਕ