JALANDHAR WEATHER

23-04-2024

 ਨੌਜਵਾਨਾਂ 'ਚ ਖ਼ੁਦਕੁਸ਼ੀਆਂ ਦਾ ਰੁਝਾਨ

ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਹਨ, ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਦੇਸ਼ ਵਿਚ ਨੌਜਵਾਨਾਂ ਦੀ ਗਿਣਤੀ ਵੱਧ ਹੈ, ਪਰੰਤੂ ਅਜੋਕੇ ਸਮੇਂ ਵਿਚ ਬਦਲ ਰਹੀ ਜੀਵਨਸ਼ੈਲੀ ਕਰਕੇ ਨੌਜਵਾਨ ਭਟਕ ਕੇ ਕੁਰਾਹੇ ਪੈ ਚੁੱਕਿਆ ਹੈ, ਜਿਸ ਦਾ ਅੰਤ ਉਹ ਆਪਣੀ ਖੁਦਕੁਸ਼ੀ ਕਰਕੇ ਕਰਦਾ ਹੈ। ਇਹ ਖੁਦਕੁਸ਼ੀ ਇਕੱਲੀ ਉਸ ਦੀ ਨਹੀਂ ਹੁੰਦੀ, ਸਗੋਂ ਉਸ ਦੇ ਨਾਲ ਉਸ ਦਾ ਸਾਰਾ ਪਰਿਵਾਰ ਅਤੇ ਕਈ ਹੋਰ ਜ਼ਿੰਦਗੀਆਂ ਵੀ ਤਬਾਹ ਹੁੰਦੀਆਂ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਸਾਲ ਦਰ ਸਾਲ ਨੌਜਵਾਨਾਂ ਵਿਚ ਹੋਣ ਵਾਲੀਆਂ ਖ਼ੁਦਕੁਸ਼ੀਆਂ ਦੇ ਅੰਕੜਿਆਂ ਵਿਚ ਵਾਧਾ ਹੋਇਆ ਹੈ, ਜਿਸ ਵਿਚ ਭਾਰਤ ਦੇਸ਼ ਵੀ ਚੋਟੀ ਦੇ ਦੇਸ਼ਾਂ ਵਿਚ ਸ਼ਾਮਿਲ ਹੈ। ਨੌਜਵਾਨਾਂ ਦੀ ਖੁਦਕੁਸ਼ੀ ਵਿਚ ਆਰਥਿਕ, ਸਮਾਜਿਕ ਅਤੇ ਮਾਨਸਿਕ ਕਾਰਨ ਸ਼ਾਮਿਲ ਹਨ। ਨੌਜਵਾਨਾਂ ਨੂੰ ਖੁਦਕੁਸ਼ੀ ਵਰਗੇ ਜੀਵਨ ਸਮਾਪਤ ਕਰਨ ਵਾਲੇ ਕਦਮ ਚੁੱਕਣ ਤੋਂ ਰੋਕਣ ਲਈ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੋਵੇਗਾ, ਜਿਸ ਵਿਚ ਬੇਰੁਜ਼ਗਾਰੀ ਸਭ ਤੋਂ ਉੱਪਰ ਹੈ। ਅਜੋਕੇ ਸਮੇਂ ਵਿਚ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਸੰਤਾਪ ਸਭ ਤੋਂ ਜ਼ਿਆਦਾ ਸਤਾਉਂਦਾ ਹੈ। ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਅਸਮਰਥ ਨੌਜਵਾਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲਗਦੇ ਹਨ, ਜਿਸ ਤੋਂ ਛੁਟਕਾਰਾ ਪਾਉਣ ਲਈ ਜਾਂ ਤਾਂ ਉਹ ਨਸ਼ਿਆਂ ਦੀ ਦਲਦਲ ਵਿਚ ਧਸ ਜਾਂਦੇ ਹਨ ਜਾਂ ਫਿਰ ਖੁਦਕੁਸ਼ੀ ਦੇ ਰਾਹ ਚੁਣਦੇ ਹਨ, ਅਜਿਹਾ ਕਰਨ ਨਾਲ ਦਿਨੋ ਦਿਨ ਦੇਸ਼ ਦੀ ਨੌਜਵਾਨ ਸ਼ਕਤੀ ਖ਼ਤਰੇ ਵਿਚ ਜਾ ਰਹੀ ਹੈ। ਨੌਜਵਾਨਾਂ ਵਿਚ ਵਧ ਰਹੇ ਖ਼ੁਦਕੁਸ਼ੀ ਦੇ ਰੁਝਾਨ ਨੂੰ ਰੋਕਣ ਲਈ ਲੋੜੀਂਦਾ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਕਰਨਾ ਹੋਵੇਗਾ, ਜਿਸ ਵਿਚ ਕਿਤਾਬਾਂ ਅਤੇ ਖੇਡਾਂ ਮੁੱਖ ਭੂਮਿਕਾ ਨਿਭਾ ਸਕਦੀਆਂ ਹਨ। ਸਰਕਾਰ ਦੇ ਨਾਲ-ਨਾਲ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨੂੰ ਵੀ ਨੌਜਵਾਨਾਂ ਵਿਚ ਵਧ ਰਹੀ ਖ਼ੁਦਕੁਸ਼ੀ ਦੀ ਪ੍ਰਵਿਰਤੀ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਹੋਣਗੇ ਤਾਂ ਜੋ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕ ਕੇ ਖ਼ੁਸ਼ਹਾਲ ਸਮਾਜ ਦੀ ਸਿਰਜਨਾ ਵਲ ਮੋੜਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਸਰਕਾਰ ਧਿਆਨ ਦੇਵੇ

ਬੀਤੇ ਦਿਨੀਂ ਤਰਨਤਾਰਨ ਦੇ ਇਕ ਪਿੰਡ ਵਿਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਲੋਕਾਂ ਵਿਚ ਪੁਲਿਸ ਤੇ ਪ੍ਰਸ਼ਾਸਨ ਦਾ ਕੋਈ ਖ਼ੌਫ਼ ਨਹੀਂ ਰਿਹਾ, ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ। ਚੋਰੀ, ਲੁੱਟਾਂ, ਖੋਹਾਂ, ਔਰਤਾਂ ਨਾਲ ਜਬਰ-ਜਨਾਹ, ਠਗੀ ਆਦਿ ਦੀਆਂ ਘਟਨਾਵਾਂ ਨਿੱਤ ਵਧ ਰਹੀਆਂ ਹਨ। ਕਿਧਰੇ ਮੋਬਾਈਲ ਖੋਏ ਜਾ ਰਹੇ ਹਨ ਕਿਧਰੇ ਚੇਨੀਆਂ ਖੋਹੀਆਂ ਜਾ ਰਹੀਆਂ ਹਨ। ਪੰਜਾਬੀਆਂ ਨੇ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਛੁਟਕਾਰਾ ਪਾਉਣ ਲਈ ਬਦਲਾਅ ਲਿਆਉਣ ਲਈ ਇਨ੍ਹਾਂ ਦੇ 92 ਐਮ.ਐਲ.ਏ. ਜਿਤਾ ਦਿੱਤੇ ਸਨ ਪਰ ਇਨ੍ਹਾਂ ਦੇ ਰਾਜ ਵਿਚ ਨਸ਼ਿਆਂ ਦਾ, ਜ਼ਹਿਰੀਲੀ ਸ਼ਰਾਬ ਦਾ ਹਰ ਦਿਨ ਕਾਰੋਬਾਰ ਵਧ ਰਿਹਾ ਹੈ, ਅਤੇ ਮੌਤਾਂ ਹੋ ਰਹੀਆਂ ਹਨ। ਅਖ਼ਬਾਰੀ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ, ਕਿ ਅਸੀਂ ਪੰਜਾਬ ਵਿਚ ਆਹ ਕਰ ਦਿਆਂਗੇ ਔਹ ਕਰ ਦਿਆਂਗੇ, ਪਰ ਕੀਤਾ ਕੁਝ ਨਹੀਂ। ਬਦਲਾ ਲਊ ਦੀ ਨੀਤੀ ਅਪਣਾਈ ਜਾ ਰਹੀ ਹੈ। ਆਪਾਂ ਮੁਫ਼ਤ ਦੀਆਂ ਸਹੂਲਤਾਂ ਲੈਣ ਲਈ ਇਨ੍ਹਾਂ ਨੂੰ ਵੋਟਾਂ ਪਾ ਦਿੰਦੇ ਹਾਂ। ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ, ਕਿ ਸਰਕਾਰਾਂ ਤੋਂ ਮੁਫ਼ਤ ਦੀਆਂ ਸਹੂਲਤਾਂ ਨਾ ਲਓ। ਸਗੋਂ ਸਰਕਾਰ ਤੋਂ ਰੁਜ਼ਗਾਰ, ਸਿਹਤ ਸਹੂਲਤਾਂ, ਸਕੂਲੀ ਵਿੱਦਿਆ ਆਦਿ ਚੀਜ਼ਾਂ ਦੀ ਮੰਗ ਕਰੋ। ਸਕੂਲ ਆਫ਼ ਐਮੀਨੈਂਸ ਦੀ ਤਾਂ ਪੋਲ ਖੁੱਲ੍ਹ ਹੀ ਗਈ ਹੈ। ਰਿਹਾ ਮਸਲਾ ਸਿਹਤ ਸਹੂਲਤਾਂ ਦਾ ਉਹ ਵੀ ਅੱਧ ਵਿਚਾਲੇ ਹੀ ਲਟਕਦਾ ਹੈ। ਪੂਰੀਆਂ ਸਿਹਤ ਸਹੂਲਤਾ ਨਹੀਂ ਮਿਲ ਰਹੀਆਂ। ਕਿਸਾਨਾਂ ਦੇ ਕਰਜ਼ੇ ਉਸੇ ਤਰ੍ਹਾਂ ਹੀ ਖੜ੍ਹੇ ਹਨ। ਸਰਕਾਰ ਨੂੰ ਇਨ੍ਹਾਂ ਸਾਰਿਆਂ ਮਸਲਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

-ਡਾ. ਨਰਿੰਦਰ ਸਿੰਘ ਭੱਪਰ
ਪਿੰਡ-ਡਾਕ. ਝਬੇਲਵਾਲੀ, (ਸ੍ਰੀ ਮੁਕਤਸਰ ਸਾਹਿਬ)

ਲੁੱਟ ਦਾ ਸਾਧਨ ਬਣੇ ਅਸ਼ਟਾਮ

ਕਿਸੇ ਵੀ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿਚ ਦਾਖ਼ਲਾ ਲੈਣਾ ਹੋਵੇ। ਕੋਈ ਜ਼ਮੀਨ ਜਾਂ ਵਹੀਕਲ ਵੇਚਣ ਖਰੀਦਣ ਕਰਨਾ ਹੋਵੇ, ਸਾਡੇ ਨਿੱਤ ਦੇ ਹੋਰ ਬਹੁਤ ਸਾਰੇ ਕੰਮਾਂ ਵਿਚ ਅਸ਼ਟਾਮ ਦੀ ਬਹੁਤ ਜ਼ਰੂਰਤ ਪੈਂਦੀ ਹੈ। ਅਸੀਂ ਜਦੋਂ ਵੀ ਤਹਿਸੀਲ ਦਫਤਰ, ਡੀ.ਸੀ. ਦਫਤਰ ਜਾਂ ਜਿਥੇ ਅਸ਼ਟਾਮ ਮਿਲਦੇ ਹਨ। ਜਦੋਂ ਅਸੀਂ ਅਸ਼ਟਾਮ ਵੇਚਣ ਵਾਲੇ ਤੋਂ ਅਸ਼ਟਾਮ ਲੈਂਦੇ ਹਾਂ, ਉਹ ਸਾਡੇ ਤੋਂ ਅਸ਼ਟਾਮ ਦੀ ਕੀਮਤ ਤੋਂ ਵੀਹ ਰੁਪਏ ਤੋਂ ਤੀਹ ਰੁਪਏ ਕਈ ਵਾਰ ਤਾਂ ਪੰਜਾਹ ਰੁਪਏ ਤੱਕ ਵੱਧ ਪੈਸੇ ਲੈ ਲੈਂਦੇ ਹਨ। ਇਹ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ। ਜਦੋਂ ਕਿ ਅਸ਼ਟਾਮ ਵੇਚਣ ਵਾਲੇ ਅਸ਼ਟਾਮ ਵੇਚਣ ਵਾਲੇ ਦੀ ਦੁਕਾਨ, ਖੋਖੇ, ਦਫ਼ਤਰ ਦੇ ਬਾਹਰ ਲਿਖ ਕੇ ਜ਼ਰੂਰ ਲਗਾਇਆ ਜਾਵੇ ਕਿ ਇਹ ਅਸ਼ਟਾਮ ਕਿੰਨੇ ਦਾ ਹੈ। ਇਹ ਸਾਰੇ ਅਸ਼ਟਾਮਾਂ ਵਾਲੇ ਲਿਖ ਕੇ ਜ਼ਰੂਰ ਲਾਉਣ, ਜਿਸ ਨਾਲ ਲੋਕਾਂ ਦੀ ਹੋ ਰਹੀ ਲੁੱਟ 'ਤੇ ਕਾਬੂ ਪਾਇਆ ਜਾ ਸਕੇ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਅਸ਼ਟਾਮ ਵੇਚਣ ਵਾਲਿਆਂ ਨੂੰ ਇਕ ਪੱਤਰ ਜਾਰੀ ਕੀਤਾ ਜਾਵੇ। ਉਹ ਲੋਕਾਂ ਤੋਂ ਅਸ਼ਟਾਮ ਦੀ ਕੀਮਤ ਤੋਂ ਵੱਧ ਪੈਸੇ ਵਸੂਲ ਨਾ ਕਰਨ। ਜੋ ਵੀ ਸਰਕਾਰ ਦੇ ਹੁਕਮ ਦੀ ਅਣਦੇਖੀ ਕਰਦਾ ਹੈ, ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਉਸ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ