JALANDHAR WEATHER

01-03-2024

 ਮਾਨਸਿਕਤਾ

ਬਦਲੇ ਜ਼ਮਾਨੇ ਲੋਕਾਂ ਨੂੰ ਬੇਹੱਦ ਸਹੂਲਤਾਂ ਦਿੱਤੀਆਂ ਹਨ। ਇਨ੍ਹਾਂ ਸਹੂਲਤਾਂ ਵਿਚੋਂ ਜੇ ਕਦੇ ਵਾਂਝੇ ਹੋ ਜਾਈਏ ਤਾਂ ਪਰੇਸ਼ਾਨੀ ਦਾ ਸਿਖ਼ਰ ਹੋ ਜਾਂਦਾ ਹੈ। ਕਾਰਨ ਸਪੱਸ਼ਟ ਹੈ ਕਿ ਇਨ੍ਹਾਂ ਸਹੂਲਤਾਂ 'ਤੇ ਨਿਰਭਰਤਾ ਵੱਧ ਚੁੱਕੀ ਹੈ। ਸਭ ਕੁਝ ਹੁੰਦੇ ਹੋਏ ਵੀ ਕਈ ਵਾਰ ਮਾਨਸਿਕਤਾ ਗਿਰਾਵਟ ਵੱਲ ਹੀ ਰਹਿੰਦੀ ਹੈ। ਇਸ ਯੁੱਗ ਵਿਚ ਏ.ਟੀ.ਐਮ ਦੀ ਸਹੂਲਤ ਨੂੰ ਚੱਲਦਾ-ਫਿਰਦਾ ਖਾਤਾ ਸਮਝਿਆ ਜਾਂਦਾ ਹੈ। ਆਮ ਤੌਰ 'ਤੇ ਦੇਖਣ ਵਿਚ ਆਇਆ ਹੈ ਕਿ ਜਦੋਂ ਅਸੀਂ ਪੈਸੇ ਕਢਵਾਉਣ ਏ.ਟੀ.ਐਮ. ਜਾਂਦੇ ਹਾਂ, ਉਸ ਵਿਚ ਪੈਸੇ ਨਾ ਹੋਣ ਤਾਂ ਸਾਡੀ ਪ੍ਰੇਸ਼ਾਨੀ ਵੱਧ ਕੇ ਮਾਨਸਿਕਤਾ ਉਧੇੜਬੁਣ ਕਰਦੀ ਰਹਿੰਦੀ ਹੈ। ਇਸ ਤੋਂ ਵੱਡਾ ਹਲੂਣਾ ਮਾਨਸਿਕਤਾ ਉਦੋਂ ਦਿੰਦੀ ਹੈ, ਜਦੋਂ ਏ.ਟੀ.ਐਮ ਵਿਚੋਂ ਬਾਹਰ ਨਿਕਲਦੇ ਹੋਈਏ ਬਾਹਰ ਖੜ੍ਹਾ ਗ੍ਰਾਹਕ ਪੁੱਛੇ ਕਿ ਪੈਸੇ ਹਨ? ਉੱਤਰ ਮਿਲਦਾ ਹੈ ਨਹੀਂ। ਫਿਰ ਵੀ ਪੁੱਛਣ ਵਾਲਾ ਏ.ਟੀ.ਐਮ. ਨਾਲ ਟੱਕਰ ਮਾਰ ਕੇ ਪੱਥਰ ਚੱਟ ਕੇ ਹੀ ਮੁੜਦਾ ਹੈ। ਇਸ ਲਈ ਮਾਨਸਿਕਤਾ ਵਿਚੋਂ ਬੇਵਸੀ ਅਤੇ ਘੱਟ ਸੂਝਦਾ ਪ੍ਰਗਟਾਵਾ ਵੀ ਹੁੰਦਾ ਹੈ।

-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ

ਵਤਨਾਂ ਵੱਲ ਮੋੜੇ

ਹਰ ਸਾਲ ਸਰਦੀ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਵੱਖ-ਵੱਖ ਦੇਸ਼ਾਂ ਤੋਂ ਪ੍ਰਵਾਸੀ ਪੰਛੀ ਭਾਰਤ ਦੇ ਵੱਖ-ਵੱਖ ਸਮੁੰਦਰਾਂ, ਦਰਿਆਵਾਂ, ਝੀਲਾਂ ਤਕ ਪਹੁੰਚ ਕਰਦੇ ਹਨ। ਇਨ੍ਹਾਂ ਦਾ ਸਫ਼ਰ ਜੇ ਕਿਆਸਿਆ ਜਾਵੇ ਤਾਂ ਕਈ ਸੈਂਕੜੇ ਮੀਲਾਂ ਦਾ ਹੁੰਦਾ ਹੈ। ਵੱਖ-ਵੱਖ ਨਸਲਾਂ ਦੇ ਇਨ੍ਹਾਂ ਪੰਛੀਆਂ ਦੀ ਗਿਣਤੀ ਲੱਖਾਂ 'ਚ ਹੁੰਦੀ ਹੈ। ਪਿਛਲੇ ਸਾਲ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਪੌਣੇ ਦੋ ਲੱਖ ਦੇ ਕਰੀਬ ਦੱਸੀ ਗਈ ਸੀ। ਐਤਕੀਂ ਇਨ੍ਹਾਂ ਦੀ ਗਿਣਤੀ ਦੇ ਅੰਕੜੇ ਕਿਤੇ ਜ਼ਿਆਦਾ ਦੱਸੇ ਗਏ ਹਨ। ਆਉਣ ਦਾ ਅਸਲ ਮਕਸਦ ਇਨ੍ਹਾਂ ਵਲੋਂ ਸਰਦੀ ਦੀ ਰੁੱਤ ਬਤੀਤ ਕਰਨਾ ਹੁੰਦਾ ਹੈ। ਵੱਖ-ਵੱਖ ਨਸਲਾਂ ਤੇ ਵੱਖ-ਵੱਖ ਰੰਗਾਂ ਦੇ ਪੰਛੀਆਂ ਨੂੰ ਜਦ ਪੱਤਣਾ 'ਤੇ ਅਠਖੇਲੀਆਂ ਕਰਦਿਆਂ ਵੇਖਿਆ ਜਾਂਦਾ ਹੈ ਤਾਂ ਉਦੋਂ ਮਨ ਬੜਾ ਅਨੰਦਿਤ ਹੁੰਦਾ ਹੈ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਹਜ਼ਾਰਾਂ ਮੀਲਾਂ ਦੀ ਉਡਾਰੀ ਪ੍ਰੇਰਨਾਮਈ ਹੈ ਜੋ ਆਲਸ ਦੇ ਆਦੀ ਹੋ ਕੇ ਕਦਮਾਂ ਨੂੰ ਰੋਕੀ ਰੱਖਦੇ ਹਨ, ਖ਼ਾਸ ਕਰਕੇ ਉਨ੍ਹਾਂ ਇਨਸਾਨਾਂ ਲਈ। ਸਾਨੂੰ ਉਪਰੋਕਤ ਪੰਛੀਆਂ ਵਾਂਗ ਚੱਲਦੇ ਰਹਿਣਾ ਚਾਹੀਦਾ ਹੈ। ਫਰਵਰੀ ਮਹੀਨੇ ਦੇ ਆਖ਼ਰੀ ਦਿਨਾਂ 'ਚ ਪ੍ਰਵਾਸੀ ਪੰਛੀ ਆਪਣੇ ਵਤਨਾਂ ਵਲ ਮੋੜੇ ਪਾਉਣ ਲੱਗ ਜਾਂਦੇ ਹਨ।

-ਬੰਤ ਸਿੰਘ ਘੁਡਾਣੀ, ਲੁਧਿਆਣਾ।

ਪੰਜਾਬ ਦਾ ਵਾਤਾਵਰਨ

ਪੰਜਾਬ ਦੁਨੀਆ ਭਰ ਵਿਚ ਪਾਣੀਆਂ ਦੀ ਧਰਤੀ (ਪੰਜ ਆਬ) ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਦੇ ਅੰਦਰ ਵਗਦੇ ਦਰਿਆ ਅਤੇ ਦਰੱਖ਼ਤਾਂ ਦੀ ਛਾਂ ਨੇ ਹਮੇਸ਼ਾ ਤੋਂ ਹੀ ਪੰਜਾਬ ਨੂੰ ਇਕ ਵੱਖਰਾ ਸਿਰ ਕੱਢ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ ਪਰ ਪੰਜਾਬ ਵਿਚ ਅੱਜਕੱਲ੍ਹ ਸਭ ਕੁਝ ਠੀਕ ਨਹੀਂ ਹੈ। ਦਰੱਖ਼ਤਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਸੁੰਗੜਦੀ ਜਾ ਰਹੀ ਹੈ। ਪੰਜਾਬ ਵਿਚ ਵੱਸਦੇ ਮਨੁੱਖਾਂ ਦਾ ਜਿਵੇਂ ਰੁੱਖਾਂ ਤੋਂ ਮੋਹ ਭੰਗ ਹੋ ਗਿਆ ਹੋਵੇ, ਬਸ ਕੁਝ ਗਿਣਤੀ ਦੇ ਹੀ ਲੋਕ ਹਨ ਜੋ ਦਰੱਖ਼ਤਾਂ ਦੀ ਗਿਣਤੀ ਵਧਾਉਣ ਵਿਚ ਰੁਚੀ ਦਿਖਾ ਰਹੇ ਹਨ। ਇਹੀ ਕਾਰਨ ਹੈ ਕਿ ਪੰਜਾਬ ਵਿਚ ਭਿਆਨਕ ਬਿਮਾਰੀਆਂ ਨੇ ਆਪਣਾ ਤਾਣਾ-ਬਾਣਾ ਮਜ਼ਬੂਤ ਕਰ ਲਿਆ ਹੈ। ਪੰਜਾਬ ਦਾ ਪਾਣੀ ਹੁਣ ਮਿੱਠਾ ਅੰਮ੍ਰਿਤ ਵੀ ਨਹੀਂ ਰਿਹਾ, ਸਗੋਂ ਮਨੁੱਖ ਨੇ ਖ਼ੁਦ ਹੀ ਗੰਦਲਾ ਕਰ ਸੁੱਟਿਆ ਹੈ, ਜਿਸ ਦੇ ਨਤੀਜੇ ਮਨੁੱਖ ਖ਼ੁਦ ਹੀ ਭੁਗਤ ਰਿਹਾ ਹੈ। ਪੰਛੀਆਂ ਨੂੰ ਰਹਿਣ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ। ਰੋਂਦੇ ਕੁਰਲਾਉਂਦੇ ਵਿਚਾਰੇ ਪੰਛੀ ਤੇਜ਼ੀ ਨਾਲ ਜਾਂ ਤਾਂ ਆਪਣੀਆਂ ਨਸਲਾਂ ਗੁਆ ਰਹੇ ਹਨ ਜਾਂ ਫਿਰ ਉਹ ਪੰਜਾਬ ਨੂੰ ਛੱਡ ਕੋਈ ਆਪਣੇ ਲਈ ਸੁਰੱਖਿਅਤ ਜਗ੍ਹਾ ਨੂੰ ਤਲਾਸ਼ ਰਹੇ ਹਨ, ਪਰ ਪੰਜਾਬ ਦਾ ਵਰਤਮਾਨ ਬੰਦਾ ਆਪ-ਮੁਹਾਰੇ ਕੁਦਰਤ ਦੀਆਂ ਦਿੱਤੀਆਂ ਅਨਮੋਲ ਦਾਤਾਂ ਨੂੰ ਸਸਤੀਆਂ ਸਮਝ ਕੇ ਅੱਖੋਂ ਪਰੋਖੇ ਕਰਦਾ ਹੋਇਆ ਉਨ੍ਹਾਂ ਨੂੰ ਨਸ਼ਟ ਕਰਨ 'ਤੇ ਤੁਲਿਆ ਹੋਇਆ ਹੈ। ਅੱਜ ਪੰਜਾਬ ਦਾ ਵਾਤਾਵਰਨ ਜੋ ਖ਼ੁਦ ਨਾਗਰਿਕਾਂ ਨੇ ਦੂਸ਼ਿਤ ਕੀਤਾ ਹੈ, ਇਸ ਨੂੰ ਸਾਂਭਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਪ੍ਰਤੀ ਸਰਕਾਰਾਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ। ਆਓ, ਆਪਾਂ ਸਾਰੇ ਰਲ ਕੇ ਕੁਦਰਤ ਨੂੰ ਮੰਨਦੇ ਹੋਏ ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਕਰਨ ਵਿਚ ਆਪੋ ਆਪਣੀ ਭੂਮਿਕਾ ਨਿਭਾਈਏ।

-ਬਲਕਰਨ ਸਿੰਘ ਢਿੱਲੋਂ,
ਨੈਸ਼ਨਲ ਲੈਬ, ਮੋਗਾ।

ਬਹੁਤ ਵਧੀਆ ਲੇਖ

ਹਰ ਵਾਰ ਦੀ ਤਰ੍ਹਾਂ 18 ਫਰਵਰੀ ਦਾ 'ਅਜੀਤ' ਮੈਗਜ਼ੀਨ ਵੀ ਮੈਨੂੰ ਭਰਿਆ-ਭਰਿਆ ਲੱਗਾ। ਜੈਤੋ ਮੋਰਚੇ ਦੀ ਸ਼ਤਾਬਦੀ 'ਤੇ ਡਾਕਟਰ ਮਹਿੰਦਰ ਸਿੰਘ ਦਾ ਲਿਖਿਆ ਲੇਖ ''ਜੈਤੋ ਮੋਰਚਾ ਸਿੱਖੀ ਸਿਦਕ ਤੇ ਕੁਰਬਾਨੀ ਦੀ ਅਨੂਠੀ ਦਾਸਤਾਨ' ਖੋਜ ਆਧਾਰਿਤ ਕਾਬਿਲੇ ਤਾਰੀਫ਼ ਸੀ।
ਡਾਕਟਰ ਨਰੇਸ਼ ਵਲੋਂ ਦਾਰਾ ਸ਼ਿਕੋਹ 'ਤੇ ਲਿਖਿਆ ਆਰਟੀਕਲ ਬਹੁਤ ਗੰਭੀਰਤਾ ਭਰਪੂਰ ਸੀ ਤੇ ਸਭ ਧਰਮਾਂ ਦੇ ਅੰਦਰੂਨੀ ਸੂਤਰ ਨੂੰ ਇਕ ਕੇਂਦਰ ਬਿੰਦੂ 'ਤੇ ਨਿਸਚਿਤ ਕਰਦਾ ਸੀ। ਪੰਜਾਬੀ ਸਾਹਿਤ ਦੇ ਰੌਸ਼ਨ ਸਿਤਾਰੇ ਸੁਖਜੀਤ ਬਾਰੇ ਪੜ੍ਹਿਆ ਤੇ ਦੁੱਖ ਲੱਗਾ ਕਿ ਹਾਲੇ ਉਸ ਨੂੰ ਬਹੁਤ ਕੁਝ ਲਿਖਣਾ ਸੀ। ਇਸੇ ਤਰ੍ਹਾਂ ਪ੍ਰੋਫ਼ੈਸਰ ਪੂਰਨ ਸਿੰਘ ਜਾਣਕਾਰੀ ਬਹੁਤ ਵਧੀਆ ਸੀ। ਅਜੀਤ ਕੌਰ ਦਾ ਲੇਖ 'ਇਕ ਉਹ ਵੀ ਸੀ ਦਰਵੇਸ਼' ਪੜ੍ਹ ਕੇ ਬੇਹੱਦ ਮਾਨਸਿਕ ਪੀੜ ਵਿਚੋਂ ਗੁਜ਼ਰਨਾ ਪਿਆ ਤੇ ਸਮਝ ਨਹੀਂ ਆਈ ਕਿ ਇਸ ਤਰ੍ਹਾਂ ਕਿਉਂ ਹੋਇਆ। ਸੋ ਮੁੱਕਦੀ ਗੱਲ ਸਾਡਾ 'ਅਜੀਤ' ਸਾਡੇ ਦਿਲਾਂ ਦੀ ਧੜਕਣ ਹੈ, ਜੋ ਸਾਨੂੰ ਪੜ੍ਹਨ ਦੀ ਚੇਟਕ ਲਾਈ ਰੱਖਦਾ ਹੈ।

-ਭਾਈ ਜੋਗਾ ਸਿੰਘ ਕਵੀਸ਼ਰ
ਭਾਗੋਵਾਲੀਆ, ਜ਼ਿਲ੍ਹਾ ਗੁਰਦਾਸਪੁਰ।