JALANDHAR WEATHER

23-02-2024

 ਵਧਦੀ ਵਸੋਂ 'ਤੇ ਹੋਵੇ ਕੰਟਰੋਲ

ਆਬਾਦੀ ਪੱਖੋਂ ਭਾਰਤ ਚੀਨ ਨੂੰ ਪਛਾੜਦਿਆਂ ਨੰਬਰ ਇਕ 'ਤੇ ਪਹੁੰਚ ਗਿਆ ਹੈ, ਜਿਸ 'ਤੇ ਸਾਡੇ ਬੁੱਧੀਜੀਵੀਆਂ ਤੇ ਮਾਹਿਰਾਂ ਨੇ ਚਿੰਤਾ ਜ਼ਾਹਿਰ ਕੀਤੀ ਸੀ। ਵਧਦੀ ਆਬਾਦੀ ਬੇਰੁਜ਼ਗਾਰੀ, ਭੁੱਖਮਰੀ ਆਦਿ ਦਾ ਕਾਰਨ ਬਣਦੀ ਹੈ। ਜ਼ਿਆਦਾਤਰ ਗਰੀਬੀ ਰੇਖਾ ਵਿਚ ਰਹਿ ਰਹੇ ਝੁੱਗੀ, ਝੌਂਪੜੀ, ਟੱਪਰੀਵਾਸ ਆਬਾਦੀ ਵਿਚ ਵਾਧਾ ਕਰ ਰਹੇ ਹਨ। ਸਰਕਾਰਾਂ ਵੋਟਾਂ ਦੀ ਰਾਜਨੀਤੀ ਕਾਰਨ ਇਸ ਸੰਬੰਧੀ ਸੰਜੀਦਾ, ਸੀਰੀਅਸ ਨਹੀਂ ਹਨ। ਸਰਕਾਰ ਨੂੰ ਇਨ੍ਹਾਂ ਲੋਕਾਂ ਦੀਆਂ ਮੁਫ਼ਤ ਸਹੂਲਤਾਂ ਤੇ ਸਰਕਾਰੀ ਨੌਕਰੀ ਦੇਣੀ ਬੰਦ ਕਰ ਦੇਣੀ ਚਾਹੀਦੀ ਹੈ, ਜੋ ਇਕ ਜਾਂ ਦੋ ਬੱਚੇ ਤੋਂ ਵਧ ਬੱਚੇ ਪੈਦਾ ਕਰਨ।
ਸਰਕਾਰ ਨੂੰ ਸੈਮੀਨਾਰ ਲਗਾ ਜਾਗਰੂਕ ਕਰਨਾ ਚਾਹੀਦਾ ਹੈ। ਇਸ ਸੰਬੰਧੀ ਸਰਕਾਰਾਂ ਨੂੰ ਸਖ਼ਤ ਤੇ ਠੋਸ ਫ਼ੈਸਲੇ ਲੈਣ ਦੀ ਜ਼ਰੂਰਤ ਹੈ। ਵਧਦੀ ਵਸੋਂ ਕਾਰਨ ਬੇਰੁਜ਼ਗਾਰੀ ਦੇ ਆਲਮ ਵਿਚ ਪੰਜਾਬ ਦੀ ਸਾਰੀ ਜਵਾਨੀ ਬਾਹਰ ਜਾ ਰਹੀ ਹੈ। ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਬੁਢਾਪਾ ਰੁਲ ਰਿਹਾ ਹੈ, ਜੋ ਸਰਕਾਰ 'ਤੇ ਬੋਝ ਹੈ। ਪੰਜਾਬ ਵਿਚ ਨੌਜਵਾਨਾਂ ਦੇ ਪ੍ਰਵਾਸ ਦਾ ਭਾਰਤ ਦੀ ਵਸੋਂ ਦੇ ਅਧਿਐਨ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਪੰਜਾਬ ਤੇ ਕੇਰਲਾ ਵਿਚ ਜਵਾਨਾਂ ਦੀ ਆਬਾਦੀ ਘੱਟ ਤੇ ਬਜ਼ੁਰਗਾਂ ਦੀ ਜ਼ਿਆਦਾ ਹੈ। ਇਸ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰਨਾ ਚਾਹੀਦਾ ਹੈ।

ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ

ਆਲਮੀ ਤਪਸ਼

ਆਉਣ ਵਾਲੇ ਸਮੇਂ ਆਲਮੀ ਤਪਸ਼, ਜਲਵਾਯੂ ਪਰਿਵਰਤਨ, ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਜਿਹੇ ਗੰਭੀਰ ਖ਼ਤਰਿਆਂ ਨਾਲ ਸਾਡਾ ਵਾਹ ਪੈਣਾ ਹੈ। ਪਰ ਅਸੀਂ ਇਨ੍ਹਾਂ ਖ਼ਤਰਿਆਂ ਪ੍ਰਤੀ ਬਿਲਕੁਲ ਵੀ ਸੁਹਿਰਦ ਨਹੀਂ ਹਾਂ। ਬਿਨਾਂ ਸ਼ੱਕ ਸੁਧਾਰ ਘਰ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਵਾਤਾਵਰਨ ਦੀ ਸੰਭਾਲ ਲਾਈ ਸਾਨੂੰ ਕੋਈ ਅਲੱਗ ਤੌਰ 'ਤੇ ਖ਼ਾਸ ਮਿਹਨਤ ਅਤੇ ਕੋਈ ਔਖੇ ਜਾਂ ਵੱਡੇ ਕਦਮ ਚੁੱਕਣ ਦੀ ਲੋੜ ਨਹੀਂ, ਬਲਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਨਿੱਤ ਦੇ ਕੰਮਾਂਕਾਰਾਂ ਵਿਚ ਮਾਮੂਲੀ ਤਬਦੀਲੀ ਕਰਕੇ ਵਾਤਾਵਰਨ ਸੰਭਾਲ ਵਿਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ। ਅਸੀਂ ਆਪਣੇ ਘਰਾਂ ਜਾਂ ਜਿਥੇ ਅਸੀਂ ਕੰਮਕਾਰ ਕਰਦੇ ਹਾਂ, ਉਸ ਜਗ੍ਹਾ 'ਤੇ ਨਿੱਕੀਆਂ-ਨਿੱਕੀਆਂ ਚੀਜ਼ਾਂ ਜਿਵੇਂ ਪਲਾਸਟਿਕ ਦੀ ਘੱਟ ਵਰਤੋਂ, ਏ.ਸੀ. ਦੀ ਘੱਟ ਵਰਤੋਂ, ਪਾਣੀ ਦੀ ਲੋੜ ਅਨੁਸਾਰ ਵਰਤੋਂ, ਵਹੀਕਲਾਂ ਦੀ ਘੱਟ ਵਰਤੋਂ, ਆਲੇ-ਦੁਆਲੇ ਦੀ ਸਫ਼ਾਈ, ਕੁਦਰਤੀ ਸਰੋਤਾਂ ਦੀ ਸੰਭਾਲ ਜਿਹੇ ਨਿਯਮਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਲਾਗੂ ਕਰਨ ਦਾ ਦ੍ਰਿੜ੍ਹ ਸੰਕਲਪ ਲੈ ਕੇ ਵਾਤਾਵਰਨ ਸੰਭਾਲ ਵਿਚ ਯੋਗਦਾਨ ਪਾ ਸਕਦੇ ਹਾਂ। ਸਰਕਾਰਾਂ ਨੂੰ ਵੀ ਵਾਤਾਵਰਨ ਨੂੰ ਬਚਾਉਣ ਲਈ ਫ਼ੌਰੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਸਾਨੂੰ ਵੀ ਅਹਿਦ ਲੈਣਾ ਚਾਹੀਦਾ ਹੈ ਕਿ ਆਉਣ ਵਾਲੇ ਖ਼ਤਰੇ ਨੂੰ ਵੇਖਦਿਆਂ ਖ਼ੁਦ ਵੀ ਵਾਤਾਵਰਨ ਦੀ ਸੰਭਾਲ ਕਰੀਏ ਅਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਜਾਗਰੂਕ ਕਰੀਏ ਕਿ ਸਾਰੇ ਮਿਲ ਕੇ ਵਾਤਾਵਰਨ ਦੀ ਸੰਭਾਲ ਕਰੀਏ।

-ਚਰਨਜੀਤ ਸਿੰਘ ਮੁਕਤਸਰ
ਸੈਂਟਰ ਮੁੱਖ ਅਧਿਆਪਕ, ਸਮਸ ਝਬੇਲਵਾਲੀ,
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਵਧੀਆ ਲੇਖ

ਪਿਛਲੇ ਦਿਨੀਂ 'ਅਜੀਤ' ਵਿਚ ਸ. ਬਰਜਿੰਦਰ ਸਿੰਘ ਹਮਦਰਦ ਦੁਆਰਾ ਲਿਖਿਆ ਹੋਇਆ ਸੰਪਾਦਕੀ ਲੇਖ 'ਨਫ਼ਰਤ ਦੇ ਬੀਜ' ਪੜ੍ਹਨ ਨੂੰ ਮਿਲਿਆ, ਜਿਸ ਵਿਚ ਪਹਾੜੀ ਰਾਜ ਉੱਤਰਾਖੰਡ ਦੇ ਹਲਦਵਾਨੀ ਇਲਾਕੇ ਵਿਚ ਵਾਪਰੇ ਘਟਨਾਕ੍ਰਮ ਬਾਰੇ ਜਿਕਰ ਕੀਤਾ ਗਿਆ ਹੈ, ਇਹ ਘਟਨਾਕ੍ਰਮ ਬਹੁਤ ਹੀ ਨਿੰਦਣਯੋਗ ਹੈ।
ਪੁਲਿਸ ਦੀ ਮਦਦ ਨਾਲ ਮਦਰਸੇ ਅਤੇ ਮਸਜਿਦ ਤੋੜਨ ਆਏ ਮਿਊਂਸੀਪਲ ਕਰਮਚਾਰੀਆਂ 'ਤੇ ਭੜਕੀ ਭੀੜ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਖ਼ੂਨੀ ਝੜਪਾਂ ਹੋਈਆਂ, ਭੜਕੀ ਭੀੜ ਨੇ ਵਾਹਨਾਂ ਸਮੇਤ ਪੁਲਿਸ ਚੌਂਕੀ 'ਤੇ ਹਮਲਾ ਕਰ ਦਿੱਤਾ, ਸਖ਼ਤ ਪਥਰਾਅ ਹੋਇਆ, ਬਹੁਤ ਸਾਰੇ ਪੁਲਿਸ ਕਰਮੀ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਚਲਾਈ ਗੋਲੀ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੈਂਕੜੇ ਜ਼ਖ਼ਮੀ ਹੋ ਗਏ। ਕੇਂਦਰ ਅਤੇ ਉਸ ਦੀਆਂ ਪ੍ਰਾਂਤਕ ਸਰਕਾਰਾਂ ਦੁਆਰਾ ਦਿੱਤੀ ਹੱਲਾਸ਼ੇਰੀ ਅਜਿਹੀਆਂ ਘਟਨਾਵਾਂ ਵਿਚ ਵਾਧਾ ਕਰਦੀ ਹੈ।
ਆਧੁਨਿਕ ਯੁਗ ਵਿਚ ਅਮਨ-ਸ਼ਾਂਤੀ ਦੇ ਵਾਤਾਵਰਨ ਵਿਚ ਨਫ਼ਰਤ ਦੀ ਅੱਗ ਲਾਉਣਾ ਮਨੁੱਖਤਾ ਲਈ ਬਹੁਤ ਵੱਡਾ ਖ਼ਤਰਾ ਹੈ। ਸੱਤਾ 'ਤੇ ਕਾਬਜ਼ ਰਹਿਣ ਦੀ ਲਾਲਸਾ ਸਮਾਜ ਨੂੰ 18ਵੀਂ ਸਦੀ ਵੱਲ ਪਿੱਛੇ ਲਿਜਾਣ ਦਾ ਯਤਨ ਹੈ।
1984 ਵਿਚ ਦੇਸ਼ ਦੀ ਰਾਜਧਾਨੀ ਵਿਚ ਸਿੱਖ-ਭਾਈਚਾਰੇ ਦਾ ਦਿਨ-ਦਿਹਾੜੇ ਕਤਲੇਆਮ, 1992 ਵਿਚ ਬਾਬਰੀ ਮਸਜਿਦ ਦਾ ਸ਼ਹੀਦ ਕੀਤਾ ਜਾਣਾ, ਓੜੀਸਾ ਪ੍ਰਾਂਤ ਵਿਚ 1999 ਵਿਚ ਕੋੜ੍ਹਿਆਂ ਦੀ ਸੇਵਾ ਅਤੇ ਮਸੀਹੀ ਪ੍ਰਚਾਰ ਕਰ ਰਹੇ ਈਸਾਈ ਮਿਸ਼ਨਰੀ ਅਤੇ ਉਸ ਦੇ ਦੋ ਪੁੱਤਰਾਂ ਦਾ ਬੇਰਹਿਮੀ ਨਾਲ ਕਤਲ, ਮਨੀਪੁਰ ਵਿਚ ਘੱਟ-ਗਿਣਤੀ ਔਰਤਾਂ ਨਾਲ ਘਿਣਾਉਣਾ ਵਰਤਾਰਾ, ਮਹਾਰਾਸ਼ਟਰ ਵਿਚ ਸਿਖ ਭਾਈਚਾਰੇ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਬਹੁਤ ਹੀ ਅਫ਼ਸੋਸਨਾਕ ਹੈ।ਪ੍ਰਮਾਤਮਾ ਨਫ਼ਰਤ ਫੈਲਾਉਣ ਵਾਲੀਆਂ ਫ਼ਿਰਕੂ-ਸ਼ਕਤੀਆਂ ਨੂੰ ਸੁਮੱਤ ਬਖ਼ਸ਼ੇ।

-ਹਿਜ਼ਕੀਏਲ,
ਲਹਿਰਾਗਾਗਾ, ਜ਼ਿਲ੍ਹਾ ਸੰਗਰੂਰ।