JALANDHAR WEATHER

21-02-2024

 ਨਸ਼ਾ ਨਾਸ ਕਰਦਾ ਹੈ

ਮਨੁੱਖਾਂ ਦੁਆਰਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਸ਼ਾ ਅਖਵਾਉਂਦੀ ਹੈ। ਨਸ਼ੀਲੇ ਪਦਾਰਥਾਂ ਦੀ ਵਰਤੋਂ ਮਨੁੱਖ ਦੇ ਨਾੜੀ ਤੰਤਰ ਉੱਤੇ ਅਸਰ ਕਰਦੀ ਹੈ। ਜਦੋਂ ਮਨੁੱਖ ਨਸ਼ਾ ਕਰਦਾ ਹੈ ਤਾਂ ਕੁਝ ਸਮੇਂ ਲਈ ਉਹ ਆਨੰਦ ਅਨੁਭਵ ਕਰਦਾ ਹੈ ਪਰ ਜਦੋਂ ਉਸ ਦਾ ਨਸ਼ਾ ਉੱਤਰ ਜਾਂਦਾ ਹੈ ਤਾਂ ਫਿਰ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਲੋੜ ਮਹਿਸੂਸ ਹੁੰਦੀ ਹੈ। ਇਸ ਤਰ੍ਹਾਂ ਉਹ ਨਸ਼ਾ ਕਰਨ ਦਾ ਆਦੀ ਹੋ ਜਾਂਦਾ ਹੈ। ਫਿਰ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ। ਅਸੀਂ ਹਰ ਰੋਜ਼ ਅਖ਼ਬਾਰਾਂ ਵਿਚ ਪੜ੍ਹਦੇ ਅਤੇ ਟੀ.ਵੀ. ਵਿਚ ਨਸ਼ੀਲੇ ਪਦਾਰਥਾਂ ਦੇ ਫੜੇ ਜਾਣ ਦੀਆਂ ਖ਼ਬਰਾਂ ਵੇਖਦੇ ਸੁਣਦੇ ਹਾਂ। ਇਹ ਪਦਾਰਥ ਕਰੋੜਾਂ ਰੁਪਏ ਦੇ ਮੁੱਲ ਦੇ ਹੁੰਦੇ ਹਨ। ਪੁਰਾਣੇ ਸਮਿਆਂ ਵਿਚ ਅਫ਼ੀਮ, ਪੋਸਤ, ਭੁੱਕੀ ਜਾਂ ਸ਼ਰਾਬ ਦੀ ਨਸ਼ੇ ਵਜੋਂ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਤਾਂ ਚਰਸ, ਗਾਂਜਾ, ਸਮੈਕ, ਸੁਲਫ਼ਾ, ਕੋਕਿਨ, ਤੰਬਾਕੂ ਅਤੇ ਸਿਗਰਟਾਂ ਆਦਿ ਅਨੇਕ ਤਰ੍ਹਾਂ ਦੇ ਨਸ਼ੇ ਆਮ ਵਰਤੇ ਜਾਣ ਲੱਗੇ ਹਨ। ਨਸ਼ੇ ਦੇ ਵਪਾਰੀਆਂ ਦਾ ਜਾਲ ਨਸ਼ਾ ਤਿਆਰ ਕਰਨ ਤੋਂ ਲੈ ਕੇ ਵੇਚਣ ਤੱਕ ਫੈਲਿਆ ਹੋਇਆ ਹੈ। ਨਸ਼ੇ ਦਾ ਵਧੇਰੀ ਮਾਤਰਾ ਵਿਚ ਕੀਤਾ ਹੋਇਆ ਸੇਵਨ ਮਨੁੱਖ ਦੀ ਮੱਤ, ਅਕਲ, ਬੁੱਧੀ ਨੂੰ ਨਸ਼ਟ ਕਰ ਦਿੰਦਾ ਹੈ। ਜਿਹੜਾ ਵਿਅਕਤੀ ਨਸ਼ੇ ਦਾ ਆਦੀ ਹੋ ਜਾਂਦਾ ਹੈ, ਉਸ ਨੂੰ ਚੰਗੇ ਬੁਰੇ ਦੀ ਸਮਝ ਨਹੀਂ ਰਹਿੰਦੀ। ਤਾਹੀਓਂ ਤਾਂ ਕਿਹਾ ਜਾਂਦਾ ਹੈ ਕਿ ਨਸ਼ਾ ਨਾਸ ਕਰਦਾ ਹੈ।

-ਗਗਨਦੀਪ ਕੌਰ, ਵਿਦਿਆਰਥਣ
ਸਰਕਾਰੀ ਹਾਈ ਸਮਾਰਟ ਸਕੂਲ, ਰਾਜਿੰਦਰਗੜ੍ਹ, ਫਤਹਿਗੜ੍ਹ ਸਾਹਿਬ।

ਚੰਗਾ ਸਾਹਿਤ

ਬਾਲ ਸਾਹਿਤ ਦਾ ਮਹੱਤਵ ਬੱਚਿਆਂ ਦੇ ਜੀਵਨ ਵਿਚ ਬਹੁਤ ਡੂੰਘਾ ਹੈ। ਬਾਲ ਸਾਹਿਤ ਬਿਨਾਂ ਬੱਚਿਆਂ ਦਾ ਮਾਨਸਿਕ ਵਿਕਾਸ ਨਹੀਂ ਹੋ ਸਕਦਾ। ਬਾਲ ਰਚਨਾਵਾਂ ਬੱਚਿਆਂ ਦੀ ਸੋਚ ਨੂੰ ਨਿਖਾਰਦੀ ਹੈ। ਕਰਮਜੀਤ ਗਰੇਵਾਲ ਦੀ ਬਾਲ ਰਚਨਾ 'ਮੈਡਮ ਜੀ ਕਮਾਲ' ਸੀ, ਸਾਡੇ ਮਨ ਨੂੰ ਵਧੀਆ ਲੱਗੀ। ਸੋਹਣੇ-ਸੋਹਣੇ ਸ਼ਬਦਾਂ ਦੀ ਵਰਤੋਂ ਨਾਲ ਰਚਨਾ ਪ੍ਰਭਾਵਸ਼ਾਲੀ ਸੀ। ਮਾਸਟਰ ਜਗਦੀਸ਼ ਰਾਏ ਨੇ ਬੱਚਿਆਂ ਨਾਲ ਅਨਮੋਲ ਗੱਲਾਂ ਕੀਤੀਆਂ। ਗੱਲਾਂ ਬਹੁਤ ਕੀਮਤੀ ਸੀ, ਜੀਵਨ ਨੂੰ ਸੇਧ ਪ੍ਰਦਾਨ ਕਰਦੀਆਂ ਨੇ। 'ਜ਼ਿੰਦਗੀ ਸ਼ਾਲਾ' ਸੁੰਦਰਪਾਲ ਪ੍ਰੇਮੀ ਨੇ ਲਿਖੀ ਰਚਨਾ ਕਾਬਿਲੇ ਤਾਰੀਫ਼ ਸੀ। ਬੱਚਿਆਂ ਦੇ ਮਨ ਵਿਚ ਵਿਸ਼ਵਾਸ ਪੈਦਾ ਕਰਦੀ ਹੈ। ਵਿਸ਼ਵਾਸ ਹੀ ਸਫ਼ਲਤਾ ਦਾ ਸਾਧਨ ਹੈ, ਚੰਗਾ ਵਿਸ਼ਵਾਸ ਹੀ ਸਾਨੂੰ ਤਰੱਕੀ ਵੱਲ ਲਿਜਾ ਸਕਦਾ ਹੈ। ਅਵਿਨਾਸ਼ ਜੱਜ ਦੀ ਰਚਨਾ 'ਹੱਸੋ-ਖੇਡੋ' ਬੱਚਿਆਂ ਵਿਚ ਚੰਗੇ ਗੁਣ ਪੈਦਾ ਕਰਦੀ ਹੈ। ਚੰਗੀਆਂ ਗੱਲਾਂ ਅਗਾਂਹ ਜਾ ਕੇ ਨਿਗਰ ਤੇ ਸਾਫ਼-ਸੁਥਰੀ ਰਚਨਾ ਦਾ ਆਧਾਰ ਬਣਦੀਆਂ ਹਨ। ਚੰਗੇ ਵਿਚਾਰ ਮਨ ਵਿਚ ਚੰਗਾ ਦ੍ਰਿੜ੍ਹ ਇਰਾਦਾ ਪੈਦਾ ਕਰਦੇ ਹਨ। ਸੋ, ਸਾਨੂੰ ਚੰਗਾ ਸਾਹਿਤ ਹੀ ਪੜ੍ਹਨਾ ਚਾਹੀਦਾ ਹੈ।

-ਰਾਮ ਸਿੰਘ ਪਾਠਕ

ਵਧਦੀ ਆਰਥਿਕਤਾ ਦਾ ਭਰਮ

ਪਿੱਛੇ ਜਿਹੇ ਸਾਡੇ ਪ੍ਰਧਾਨ ਮੰਤਰੀ ਵਲੋਂ ਦੇਸ਼ ਦੀ ਆਰਥਿਕਤਾ ਬਾਰੇ ਬਿਆਨਬਾਜ਼ੀ ਕੀਤੀ ਗਈ ਕਿ ਸਾਡਾ ਦੇਸ਼ ਆਰਥਿਕਤਾ ਪੱਖੋਂ ਬਰਤਾਨੀਆ ਦੀ ਅਰਥ ਵਿਵਸਥਾ ਨੂੰ ਪਛਾੜ ਕੇ ਪੰਜਵੇਂ ਸਥਾਨ 'ਤੇ ਆ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਜਰਮਨੀ ਅਤੇ ਜਾਪਾਨ ਦੀ ਅਰਥ-ਵਿਵਸਥਾ ਨੂੰ ਪਛਾੜ ਕੇ ਤੀਜੇ ਸਥਾਨ 'ਤੇ ਪਹੁੰਚ ਜਾਵੇਗਾ। ਦੇਸ਼ ਦੇ ਅੰਕੜਿਆਂ ਦੇ ਹਿਸਾਬ ਨਾਲ ਬੇਸ਼ੱਕ ਸਾਡਾ ਦੇਸ਼ ਤਰੱਕੀ ਦੇ ਰਾਹ 'ਤੇ ਚੱਲ ਰਿਹਾ ਹੈ ਪਰ ਵੱਧ ਰਹੀ ਅਰਥ-ਵਿਵਸਥਾ ਦਾ ਆਮ ਜਨਤਾ ਦੀ ਆਰਥਿਕਤਾ ਨਾਲ ਕੋਈ ਖ਼ਾਸ ਸੰਬੰਧ ਨਹੀਂ ਜਾਂ ਇਵੇਂ ਕਹਿ ਲਈਏ ਕਿ ਆਮ ਵਰਗ ਬੇਰੁਜ਼ਗਾਰੀ, ਆਰਥਿਕ ਸੰਕਟ ਤੇ ਵਪਾਰਕ ਪੱਖੋਂ ਹੇਠਲੇ ਪੱਧਰ 'ਤੇ ਜਾ ਰਿਹਾ ਹੈ। ਬੱਚਤ ਦੇ ਹਿਸਾਬ ਨਾਲ ਵੀ ਦੇਖਿਆ ਜਾਵੇ ਤਾਂ ਆਰ.ਬੀ.ਆਈ. ਰਿਪੋਰਟ ਮੁਤਾਬਿਕ ਕੋਰੋਨਾ ਤੋਂ ਪਹਿਲਾਂ ਲੋਕਾਂ ਦੀ ਬੱਚਤ ਦੇਸ਼ ਦੇ ਜੀ.ਡੀ.ਪੀ. ਦਾ 11 ਫ਼ੀਸਦੀ ਸੀ, ਜੋ ਕਿ 2023 ਤਕ ਘੱਟ ਕੇ 5.3 ਫ਼ੀਸਦੀ ਰਹਿ ਗਈ, ਜੋ ਕਿ ਵਪਾਰਕ ਪੱਖੋਂ ਹੇਠਲੇ ਪੱਧਰ 'ਤੇ ਜਾ ਰਿਹਾ ਹੈ। ਪਿੱਛੇ ਜਿਹੇ 'ਅਜੀਤ' 'ਚ ਛਪੇ ਡਾ. ਅਮਨਪ੍ਰੀਤ ਸਿੰਘ ਬਰਾੜ ਦੇ ਲੇਖ 'ਦੇਸ਼ ਦੀ ਵੱਧਦੀ ਆਰਥਿਕਤਾ ਦਾ ਆਮ ਲੋਕਾਂ ਨੂੰ ਕੀ ਭਾਅ' ਵਿਚ ਭੁੱਖਮਰੀ, ਕਰਜ਼ਾ, ਬੇਰੁਜ਼ਗਾਰੀ, ਵਪਾਰ ਤੇ ਆਮ ਲੋਕਾਂ ਦੇ ਬੋਝ ਸੰਬੰਧੀ ਆਰਥਿਕਤਾ ਸੰਬੰਧੀ ਬੜੀ ਹੀ ਵਿਸਥਾਰਮਈ ਤਰੀਕੇ ਨਾਲ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਦੇਸ਼ ਦੀ ਆਰਥਿਕਤਾ ਵਿਚ ਵਾਧਾ ਹੋ ਰਿਹਾ ਹੈ, ਪਰ ਇਸ ਦਾ ਜ਼ਿਆਦਾ ਲਾਭ ਉਪਰਲੇ ਵਰਗ ਦੇ ਕੁਝ ਲੋਕਾਂ ਦੇ ਹਿੱਸੇ ਹੀ ਆਉਂਦਾ ਹੈ, ਜੋ ਕਿ ਸਧਾਰਨ ਲੋਕਾਂ ਦੀ ਪਹੁੰਚ ਤੋਂ ਕਿਤੇ ਦੂਰ ਹੈ। ਕਰਜ਼ੇ ਦੀ ਦਰ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਜੇਕਰ ਕਾਰਪੋਰੇਟ ਵਲੋਂ ਲਿਆ ਗਿਆ ਕਰਜ਼ਾ ਹੀ ਵਾਪਸ ਕਰ ਦਿੱਤਾ ਜਾਵੇ ਤਾਂ ਵਾਕਿਆ ਹੀ ਦੇਸ਼ ਦੇ ਕਈ ਕੰਮ ਸੰਵਾਰੇ ਜਾ ਸਕਦੇ ਹਨ। ਜਾਣਕਾਰੀ ਭਰਪੂਰ ਖ਼ੁਲਾਸੇ ਕਰਨ ਵਿਚ ਡਾ. ਅਮਨਪ੍ਰੀਤ ਸਿੰਘ ਬਰਾੜ ਦਾ ਲੇਖ ਆਪਣੇ ਆਪ ਵਿਚ ਸ਼ਲਾਘਾਯੋਗ ਤਾਂ ਹੈ ਹੀ, ਨਾਲ ਹੀ ਆਰਥਿਕ ਵਿਵਸਥਾ ਦਰ ਦਾ ਸਹੀ ਮਾਰਗ ਦਰਸ਼ਕ ਵੀ ਹੈ।

-ਕੰਵਲਪ੍ਰੀਤ ਕੌਰ ਥਿੰਦ (ਝੰਡ)
ਜੋਧਾਨਗਰੀ, ਅੰਮ੍ਰਿਤਸਰ।