JALANDHAR WEATHER

19-04-2024

 ਰਿਸ਼ਤਿਆਂ 'ਤੇ ਭਾਰੂ ਨਸ਼ੇ

ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਰਿਸ਼ਤਿਆਂ ਦੀ ਅਹਿਮੀਅਤ ਭੁੱਲ ਚੁੱਕੀ ਹੈ। ਹਾਲ ਹੀ ਵਿਚ ਖ਼ਬਰ ਪੜ੍ਹੀ ਕਿ ਪਾਤੜਾਂ ਵਿਖੇ ਇਕ ਨਸ਼ੇੜੀ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀ ਹੀ ਮਾਂ ਤੇ ਭਰਾ ਦਾ ਕਤਲ ਕਰ ਦਿੱਤਾ। ਰਿਸ਼ਤੇ ਤਾਰ-ਤਾਰ ਹੋ ਚੁੱਕੇ ਹਨ। ਨਸ਼ੇ ਦੀ ਭਰਪਾਈ ਲਈ ਅਜਿਹੇ ਨਸ਼ੇੜੀ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਦੇਖੋ ਮਾਂ ਨੇ ਪੁੱਤ ਨੂੰ ਰੋਕਿਆ ਕਿ ਤੂੰ ਨਸ਼ਾ ਨਹੀਂ ਕਰਨਾ। ਇਹ ਕੋਈ ਪਹਿਲੀ ਘਟਨਾ ਨਹੀਂ। ਪਿਛਲੇ ਮਹੀਨੇ ਵੀ ਅੰਮ੍ਰਿਤਸਰ ਵਿਖੇ ਇਕ ਨਸ਼ੇੜੀ ਨੌਜਵਾਨ ਨੇ ਕਾਤਲਾਨਾ ਹਮਲਾ ਕਰ ਕੇ ਆਪਣੀ ਮਾਂ ਨੂੰ ਮਾਰ ਦਿੱਤਾ ਸੀ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਖਾ ਲਈ ਹੈ। ਹਰ ਰੋਜ਼ ਦੋ-ਚਾਰ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰ ਰਹੇ ਹਨ। ਜੇ ਨਸ਼ੇੜੀਆਂ ਨੂੰ ਕਿੱਤੋਂ ਵੀ ਪੈਸੇ ਦਾ ਹੀਲਾ ਨਹੀਂ ਹੁੰਦਾ, ਤਾਂ ਘਰ ਦਾ ਸਾਮਾਨ ਤੱਕ ਵੇਚ ਰਹੇ ਹਨ। ਵਿਚਾਰਨ ਵਾਲੀ ਗੱਲ ਹੈ ਮਾਂ-ਪਿਓ ਆਪਣੇ ਬੱਚਿਆਂ ਨੂੰ ਤੰਗੀਆਂ ਕੱਟ ਕੇ ਪੜ੍ਹਾਉਂਦੇ ਹਨ। ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਉਨ੍ਹਾਂ ਦੇ ਬੱਚੇ ਦਾ ਭਵਿੱਖ ਸੁਰੱਖਿਅਤ ਹੋਵੇ ਪਰ ਉਨ੍ਹਾਂ ਵਿਚਾਰਿਆਂ ਨੂੰ ਕੀ ਪਤਾ ਕਿ ਆਪਣੇ ਹੀ ਜਣਿਆਂ ਦੇ ਹੱਥਾਂ ਤੋਂ ਉਨ੍ਹਾਂ ਦੀ ਮੌਤ ਲਿਖੀ ਹੈ। ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਪਿੱਛੇ ਜਿਹੇ ਖ਼ਬਰ ਵੀ ਪੜ੍ਹੀ ਸੀ ਕਿ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ 'ਚ ਇਕ ਨਸ਼ੇੜੀ ਨੌਜਵਾਨ ਦੀ ਮੌਤ ਵੀ ਹੋਈ ਸੀ। ਦੁਖੀ ਮਾਂ-ਪਿਓ ਆਪਣੀ ਔਲਾਦ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਨਸ਼ਾ-ਮੁਕਤੀ ਕੇਂਦਰਾਂ 'ਚ ਭੇਜਦੇ ਹਨ। ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ 'ਚ ਮਾਂ-ਪਿਓ ਦੀ ਚੰਗੀ ਲੁੱਟ-ਘਸੁੱਟ ਹੋ ਰਹੀ ਹੈ। ਹਾਲਾਂਕਿ ਸੂਬਾ ਸਰਕਾਰ ਵਲੋਂ ਵੀ ਸਰਹੱਦੀ ਖੇਤਰਾਂ 'ਚ ਲਗਾਤਾਰ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ। ਚਿੱਟੇ ਨੇ ਮਾਂ-ਬਾਪ ਦੇ ਸੁਪਨਿਆਂ ਨੂੰ ਗ੍ਰਹਿਣ ਤੱਕ ਲਾ ਦਿੱਤਾ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ।

ਵਾਹਨਾਂ ਦੀ 'ਸਪੀਡ ਲਿਮਟ'

ਪਿਛਲੇ ਦਿਨੀਂ ਬਠਿੰਡਾ ਵਿਚ ਵਾਪਰੀ ਇਕ ਦੁਰਘਟਨਾ ਵਿਚ ਬਠਿੰਡਾ ਦੇ ਦਿੱਲੀ ਪਬਲਿਕ ਸਕੂਲ ਦੇ ਸੋਲਾਂ ਸਾਲਾ ਗਿਆਰਵੀਂ ਜਮਾਤ ਦੇ ਵਿਦਿਆਰਥੀ ਦੀ ਤੇਜ਼ ਰਫ਼ਤਾਰ ਗੱਡੀ ਦੇ ਦਰੱਖਤ ਨਾਲ ਟਕਰਾਉਣ ਕਰਕੇ ਮੌਤ ਹੋ ਗਈ। ਸੜਕਾਂ 'ਤੇ ਅਕਸਰ ਅਸੀਂ ਦੇਖਦੇ ਹਾਂ ਕਿ ਨੌਜਵਾਨ ਜ਼ਿਆਦਾਤਰ ਤੇਜ਼ ਰਫ਼ਤਾਰ ਵਾਹਨ ਚਲਾਉਣ ਦੇ ਨਾਲ-ਨਾਲ ਉਸ ਦੀ ਵੀਡੀਓ ਬਣਾਉਂਦੇ ਹਨ ਤਾਂ ਜੋ ਉਨ੍ਹਾਂ ਨੂੰ ਸੋਸ਼ਲ ਮੀਡੀਏ 'ਤੇ ਵਧੇਰੇ ਲਾਇਕ ਅਤੇ ਕੁਮੈਂਟ ਮਿਲ ਸਕਣ। ਹੱਥ ਛੱਡ ਕੇ ਮੋਟਰ ਸਾਈਕਲ ਚਲਾਉਣਾ, ਗੱਡੀ ਨੂੰ ਘੁਮਾਉਣਾ, ਤੇਜ਼ ਰਫ਼ਤਾਰ ਵਿਚ ਗੱਡੀ ਮੋੜਨਾ ਇਹ ਸਾਰਾ ਕੁਝ ਏ.ਆਈ. ਦੀ ਮਦਦ ਨਾਲ ਫਿਲਮਾਂ ਵਿਚ ਬਾਖੂਬੀ ਦਿਖਾਇਆ ਜਾਂਦਾ ਹੈ, ਪ੍ਰੰਤੂ ਅਜੋਕੀ ਨੌਜਵਾਨ ਪੀੜ੍ਹੀ ਇਸ ਸਟੰਟਬਾਜ਼ੀ ਨੂੰ ਹਕੀਕਤ ਵਿਚ ਕਰਦੀ ਹੋਈ ਮੌਤ ਦੇ ਮੂੰਹ ਵਿਚ ਜਾ ਰਹੀ ਹੈ। ਅਜੋਕੀਆਂ ਫ਼ਿਲਮਾਂ, ਗਾਣੇ ਅਤੇ ਸੋਸ਼ਲ ਮੀਡੀਏ ਨੇ ਨੌਜਵਾਨਾਂ ਨੂੰ ਕੁਰਾਹੇ ਪਾ ਦਿੱਤਾ ਹੈ, ਜਿਸ ਕਰਕੇ ਉਹ ਪੜ੍ਹਨ, ਲਿਖਣ ਅਤੇ ਆਦਰਸ਼ ਨਾਗਰਿਕ ਬਣਨ ਦੀ ਬਜਾਏ ਪੁੱਠੇ ਸਿੱਧੇ ਸਟੰਟਬਾਜ਼ੀ ਵਿਚ ਆਪਣਾ ਸਮਾਂ ਅਤੇ ਪੈਸੇ ਨੂੰ ਬਰਬਾਦ ਕਰਕੇ ਆਪਣੀ ਕੀਮਤੀ ਜਾਨ ਨੂੰ ਵੀ ਜ਼ੋਖਮ ਵਿਚ ਪਾ ਰਹੇ ਹਨ। ਸੋ, ਲੋੜ ਹੈ ਨੌਜਵਾਨਾਂ ਨੂੰ ਸਹੀ ਮਾਰਗ ਦਰਸ਼ਨ ਦੀ ਅਤੇ ਉਨ੍ਹਾਂ ਦੀ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਸਮਝਾਉਣ ਦੀ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
rajvinderpal3@gmail.com

ਕਿਸਾਨਾਂ ਦੀ ਮਿਹਨਤ ਦਾ ਸਹੀ ਮੁੱਲ ਪਵੇ

ਬੇਸ਼ੱਕ ਅੱਜ ਸਾਡਾ ਦੇਸ਼ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਗਿਆ ਹੈ ਅਤੇ ਖਾਣ-ਪੀਣ ਦਾ ਢੰਗ ਵੀ ਪੱਛਮੀ ਹੋ ਗਿਆ ਹੈ ਪਰ ਫਿਰ ਵੀ ਪੱਛਮੀ ਖਾਣਿਆਂ ਦੀ ਉਪਜ ਪੇਂਡੂ ਕਿਸਾਨ ਤੋਂ ਬਗੈਰ ਨਹੀਂ ਹੋ ਸਕਦੀ, ਕਿਉਂਕਿ ਬਰਗਰ, ਪੀਜ਼ਾ ਵੀ ਕਿਸਾਨ ਦੁਆਰਾ ਉਗਾਈ ਹੋਈ ਕਣਕ ਤੋਂ ਹੀ ਬਣਦਾ ਹੈ। ਜੇਕਰ ਅੰਨਦਾਤਾ ਨਾ ਹੁੰਦਾ ਤਾਂ ਸ਼ਾਇਦ ਸਾਡਾ ਦੇਸ਼ ਅੱਜ ਭੁੱਖਾ ਮਰਦਾ। ਬਰਗਰ, ਪੀਜ਼ਾ ਹੋਵੇ ਜਾਂ ਫਿਰ ਰੋਟੀ ਬਰੈੱਡ, ਇਨ੍ਹਾਂ ਸਭ ਪਦਾਰਥਾਂ ਨੂੰ ਪੈਦਾ ਕਰਨ ਵਾਲਾ ਕਿਸਾਨ ਹੀ ਹੈ। ਵਿਸਾਖੀ ਵਾਲਾ ਦਿਨ ਕਿਸਾਨ ਲਈ ਵਿਆਹ ਦੀ ਤਰ੍ਹਾਂ ਹੁੰਦਾ ਹੈ, ਜਿਸ ਤਰ੍ਹਾਂ ਧੀ ਦੇ ਜਵਾਨ ਹੋਣ 'ਤੇ ਮਾਪਿਆਂ ਨੂੰ ਧੀ ਦੇ ਵਿਆਹ ਦੀ ਫਿਕਰ ਪੈ ਜਾਂਦੀ ਹੈ ਅਤੇ ਹਰੇਕ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਸਾਡੀ ਧੀ ਸਹੁਰੇ ਘਰ ਸੁਖੀ-ਸਖੀ ਵਸੇ। ਠੀਕ ਉਸੇ ਤਰ੍ਹਾਂ ਕਿਸਾਨ ਕਣਕਾਂ ਦੇ ਪੱਕਣ ਅਤੇ ਜਵਾਨ ਹੋਣ ਦੀ ਸਾਲ ਭਰ ਦੀ ਉਡੀਕ ਕਰਦਾ ਹੈ ਅਤੇ ਕਿਸਾਨ ਦੀ ਇਹੀ ਤਮੰਨਾ ਹੁੰਦੀ ਹੈ ਕਿ ਫਸਲਾਂ ਦਾ ਮੁੱਲ ਮੰਡੀ ਵਿਚ ਵਧੀਆ ਹੋਵੇ। ਦੇਸ਼ ਦਾ ਅੰਨਦਾਤਾ ਖ਼ੁਸ਼ਹਾਲ ਹੋਵੇ ਅਤੇ ਪਰਮਾਤਮਾ ਉਸ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਹਰੇਕ ਕਿਸਾਨ ਦੀ ਹੱਡ ਭੰਨਵੀਂ ਮਿਹਨਤ ਦਾ ਪੂਰਾ ਮੁੱਲ ਪਵੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮ ਦੇਵ ਨਗਰ, ਘੁਮਾਣ।