JALANDHAR WEATHER

26-05-2024

 ਨੌਜਵਾਨੀ ਨੂੰ ਸਹੀ ਸੇਧ ਦੀ ਜ਼ਰੂਰਤ
ਨੌਜਵਾਨ ਪੀੜ੍ਹੀ ਵਿਚ ਕੰਮ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ, ਪਰ ਜੇ ਇਨ੍ਹਾਂ ਨੂੰ ਸਹੀ ਸੇਧ ਮਿਲੇ ਤੇ ਯੋਗਤਾ ਮੁਤਾਬਿਕ ਢੁਕਵਾਂ ਕਾਰਜ ਮਿਲੇ ਤਾਂ ਇਹ ਦੇਸ਼ ਦੇ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਅਕਸਰ ਦੇਖਿਆ ਇਹ ਜਾ ਰਿਹਾ ਹੈ ਕਿ ਇਨ੍ਹਾਂ ਦੀ ਸ਼ਕਤੀ ਨੂੰ ਸਹੀ ਪਾਸੇ ਦੀ ਬਜਾਇ ਉਲਟੇ ਪਾਸੇ ਵੱਲ ਲਾਇਆ ਜਾ ਰਿਹਾ ਹੈ।
ਗੀਤਾਂ, ਵੀਡੀਓਜ਼ ਵਿਚ ਹਥਿਆਰਾਂ ਦੀ ਪੂਰੀ ਨੁਮਾਇਸ਼ ਕੀਤੀ ਜਾਂਦੀ ਹੈ ਤੇ ਨੌਜਵਾਨਾਂ ਨੂੰ ਸ਼ਰਾਬ ਪੀਂਦੇ ਤੇ ਹੋਰ ਨਸ਼ਾ ਕਰਦੇ, ਵੱਡੇ ਦਲੇਰ ਬਮਾ ਕੇ, ਮਾਰ-ਧਾੜ ਦੇ ਦ੍ਰਿਸ਼ ਦਿਖਾਏ ਜਾਂਦੇ ਹਨ ਪਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਕਿ ਵੀਡਿਓਜ਼ ਵਿਚ ਕੁੜੀਆਂ ਨੂੰ ਵੀ ਇਹੋ ਜਿਹੇ ਢੰਗ ਨਾਲ ਵੱਖ-ਵੱਖ ਦ੍ਰਿਸ਼ਾਂ ਵਿਚ ਹੱਥਾਂ ਵਿਚ ਹਥਿਆਰ ਚੁੱਕੀ ਤੇ ਨਾਲ ਮੁੰਡਿਆਂ ਦੀ ਢਾਣੀ ਸਮੇਤ ਪ੍ਰਦਰਸ਼ਿਤ ਕੀਤਾ ਗਿਆ।
ਇਹ ਬੜੇ ਸ਼ਰਮ ਦੀ ਗੱਲ ਹੈ ਪਹਿਲਾਂ ਨੌਜਵਾਨਾਂ ਨੂੰ ਇਨ੍ਹਾਂ ਗੀਤਾਂ, ਵੀਡੀਓਜ਼ ਨੇ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ ਹੁਣ ਕੁੜੀਆਂ ਨੂੰ ਵੀ ਇਨ੍ਹਾਂ ਜ਼ਰੀਏ ਪੁੱਠੇ ਪਾਸੇ ਲਾਉਣ ਤੇ ਇਸ ਤਰ੍ਹਾਂ ਕਰਨ ਲਈ ਉਕਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਜੇ ਕੁਝ ਸੰਵਾਰਿਆ ਨਹੀਂ ਜਾ ਸਕਦਾ ਤਾਂ ਸਾਨੂੰ ਵਿਗਾੜਨ ਦਾ ਵੀ ਕੋਈ ਹੱਕ ਨਹੀਂ।
ਇਸ ਉਦਯੋਗ ਨਾਲ ਜੁੜੇ ਸਾਰੇ ਵੀਰਾਂ-ਭਰਾਵਾਂ ਨੂੰ ਅਰਜ਼ ਹੈ ਕਿ ਸਾਡੀ ਕੁਰਾਹੇ ਪਈ ਨੌਜਵਾਨੀ ਨੂੰ ਪਹਿਲਾਂ ਹੀ ਸੰਭਾਲਣਾ ਔਖਾ ਹੋ ਰਿਹਾ ਹੈ, ਇਸ ਦਾ ਹੋਰ ਘਾਣ ਨਾ ਕਰੋ। ਆਪਣੀਆਂ ਫ਼ਿਲਮਾਂ, ਗੀਤਾਂ, ਐਲਬਮਾਂ ਵਿਚ ਰੱਬ ਦਾ ਵਾਸਤਾ ਇਹੋ ਜਿਹਾ ਕੁੱਝ ਨਾ ਪੇਸ਼ ਕਰੋ, ਜਿਸ ਨਾਲ ਸਾਡੇ ਸਮਾਜ ਦੇ ਅਕਸ ਨੂੰ ਢਾਹ ਲੱਗੇ।


-ਲਾਭ ਸਿੰਘ ਸ਼ੇਰਗਿੱਲ
(ਸੰਗਰੂਰ)