JALANDHAR WEATHER

21-05-2024

 ਏਜੰਟਾਂ ਦੀ ਧੋਖਾਧੜੀ
ਬੇਰੁਜ਼ਗਾਰੀ ਦੀ ਮਾਰ ਅਤੇ ਚੰਗੇ ਜੀਵਨ ਦੀ ਭਾਲ ਵਿਚ ਨੌਜਵਾਨਾਂ ਦਾ ਪ੍ਰਵਾਸ ਦਿਨੋ-ਦਿਨ ਵਧ ਰਿਹਾ ਹੈ। ਨੌਜਵਾਨ ਜਿੱਥੇ ਬਾਹਰ ਜਾਣ ਲਈ ਕਾਹਲੀ ਪਏ ਹਨ, ਉਥੇ ਧੋਖੇਬਾਜ਼ ਟ੍ਰੈਵਲ ਏਜੰਟਾਂ ਦਾ ਵੀ ਕਾਲਾ ਧੰਦਾ ਪੂਰੀ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਕੁਝ ਵੀ ਹੋ ਜਾਵੇ ਹੁਣ ਹਰ ਇਕ ਵਿਅਕਤੀ ਵਿਦੇਸ਼ ਜਾਣਾ ਲੋਚਦਾ ਹੈ, ਚਾਹੇ ਇਸ ਦੀ ਕੀਮਤ ਉਸ ਨੂੰ ਆਪਣੀ ਜਾਨ ਗਵਾ ਕੇ ਹੀ ਕਿਉਂ ਨਾ ਤਾਰਨੀ ਪਵੇ। ਬੀਤੇ ਦਿਨ ਫਿਲੌਰ ਵਿਖੇ ਇਕ ਵਿਅਕਤੀ ਜੋ ਡੌਂਕੀ ਲਾ ਕੇ ਜਰਮਨੀ ਜਾ ਰਿਹਾ ਸੀ, ਉਸ ਦੀ ਮੌਤ ਹੋ ਗਈ। ਟਰੈਵਲ ਏਜੰਟ ਪਹਿਲਾਂ ਹੀ ਉਸ ਤੋਂ ਬਾਰਾਂ ਲੱਖ ਤੋਂ ਜ਼ਿਆਦਾ ਰੁਪਏ ਲੈ ਚੁੱਕੇ ਸਨ ਅਤੇ ਹੁਣ ਲਾਸ਼ ਦੇਣ ਲਈ ਵੀ ਚਾਰ ਲੱਖ ਰੁਪਏ ਮੰਗ ਰਹੇ ਹਨ। ਇਹ ਪੰਜਾਬ ਦੀ ਧਰਤੀ 'ਤੇ ਕਿਹੋ ਜਿਹੇ ਕਾਲੇ ਦਿਨ ਆ ਗਏ ਹੁਣ ਲਾਸ਼ ਦੇ ਵੀ ਸੌਦੇ ਹੋਣੇ ਸ਼ੁਰੂ ਹੋ ਗਏ। ਬਾਬੇ ਨਾਨਕ ਦੀ ਬਾਣੀ ਦਾ ਪੈਗਾਮ ਤਾਂ ਕਿਧਰੇ ਗਵਾਚ ਹੀ ਗਿਆ। ਸਾਨੂੰ ਸਾਰਿਆਂ ਨੂੰ ਜਿਥੇ ਇਨ੍ਹਾਂ ਧੋਖੇਬਾਜ਼ ਏਜੰਟਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਉਥੇ ਸਰਕਾਰ ਨੂੰ ਵੀ ਵਧ ਰਹੇ ਪ੍ਰਵਾਸ ਨੂੰ ਰੋਕਣ ਲਈ ਰੁਜ਼ਗਾਰ ਦੇਣ ਲਈ ਹੋਰ ਉਪਰਾਲੇ ਕਰਨੇ ਚਾਹੀਦੇ ਹਨ। ਇਸ ਦੇ ਨਾਲ-ਨਾਲ ਧੋਖੇਬਾਜ਼ ਏਜੰਟਾਂ ਖਿਲਾਫ਼ ਸਖ਼ਤ ਕਦਮ ਚੁੱਕ ਕੇ ਲੋੜੀਂਦੀ ਸਜ਼ਾ ਦੇਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਕੋਈ ਵੀ ਨੌਜਵਾਨ ਧੋਖੇਬਾਜ਼ ਏਜੰਟਾਂ ਦੇ ਜਾਲ ਵਿਚ ਨਾ ਫਸ ਸਕੇ।


-ਰਜਵਿੰਦਰ ਪਾਲ ਸ਼ਰਮਾ


ਕਤਲੇਆਮ ਦਾ ਜ਼ਿੰਮੇਵਾਰ ਕੌਣ?
ਜਿਸ ਤਰ੍ਹਾਂ ਪੰਜਾਬ ਵਿਚ ਹਰ ਰੋਜ਼ ਕਤਲੇਆਮ ਹੋ ਰਿਹਾ ਹੈ, ਉਸ ਦਾ ਜ਼ਿੰਮੇਵਾਰ ਕੌਣ ਹੈ? ਪਹਿਲਾਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਵੋਟਾਂ ਲੈ ਕੇ ਕੁਰਸੀ 'ਤੇ ਬਿਠਾ ਚੁੱਕੇ ਹਾਂ, ਜਿਨ੍ਹਾਂ ਨੂੰ ਅਸੀਂ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਸੀ, ਉਹ ਕਿੰਨੀ ਕੁ ਨਿਭਾਅ ਸਕੇ ਹਨ, ਜੋ ਹੁਣ ਫਿਰ ਵੋਟਾਂ ਲੈਣ ਲਈ ਘਰ-ਘਰ ਗੇੜੇ ਮਾਰ ਰਹੇ ਹਨ, ਕੀ ਆਮ ਲੋਕ ਜਾਗਣਗੇ? ਕਦੋਂ ਜਾਗਣਗੇ ਆਮ ਲੋਕਾਂ ਨੂੰ ਕਦੋਂ ਪਤਾ ਲੱਗੂਗਾ ਕਿ ਅਸੀਂ ਆਪਣੀ ਸੁਰੱਖਿਆ ਖੁਦ ਕਰਨੀ ਹੈ। ਅਸੀਂ ਇਨ੍ਹਾਂ ਸਰਕਾਰਾਂ 'ਤੇ ਭਰੋਸਾ ਨਹੀਂ ਕਰਨਾ, ਅਸੀਂ ਇਨ੍ਹਾਂ ਨੂੰ ਵੋਟਾਂ ਨਹੀਂ ਪਾਉਣੀਆਂ ਜੇ ਅਸੀਂ ਵੋਟ ਪਾਉਣੀ ਵੀ ਹੈ ਤਾਂ ਆਪਣੀ ਵੋਟ ਖਰਾਬ ਨਾ ਕਰੋ ਸਿਰਫ ਨੋਟਾ ਦਾ ਬਟਨ ਦਬਾਓ ਜੋ ਤੁਹਾਡੀ ਆਪਣੀ ਸੁਰੱਖਿਆ ਕਰੇਗਾ। ਆਮ ਇਨਸਾਨ ਹਰ ਚੀਜ਼ ਨਾਲ ਲੜ ਰਿਹਾ ਹੈ ਮਹਿੰਗਾਈ ਨਾਲ, ਬੇਰੁਜ਼ਗਾਰੀ ਨਾਲ, ਨਸ਼ਿਆਂ ਲਈ ਲੜ ਰਿਹਾ ਹੈ। ਕੀ ਇਨ੍ਹਾਂ ਸਰਕਾਰਾਂ ਨੂੰ ਕੁਝ ਫਰਕ ਪਿਆ? ਜੋ ਪੈਸਾ ਹੁਣ ਆਪਣੀ ਇਲੈਕਸ਼ਨ 'ਤੇ ਲਾ ਰਹੇ ਹਨ, ਉਹੀ ਪੈਸਾ ਜੇ ਆਮ ਲੋਕਾਂ ਉੱਤੇ ਲਾਉਣ ਤਾਂ ਕੀ ਦੇਸ਼ ਦਾ ਸੁਧਾਰ ਨਹੀਂ ਹੋ ਸਕਦਾ? ਆਮ ਲੋਕਾਂ ਨੂੰ ਹੁਣ ਇਨ੍ਹਾਂ ਦਲ-ਬਦਲੂਆਂ ਦਾ ਪੱਲਾ ਛੱਡ ਕੇ ਆਪਣੇ ਆਪ ਲਈ ਇਕੱਠੇ ਹੋਣਾ ਪਵੇਗਾ ਤੇ ਆਪਣੇ ਮਸਲੇ ਉਹ ਇਕੱਠੇ ਹੋ ਕੇ ਆਮ ਲੋਕ ਹੀ ਸੁਲਝਾ ਸਕਣਗੇ।


-ਦਵਿੰਦਰ ਕੌਰ ਖੁਸ਼ ਧਾਲੀਵਾਲ
ਰਿਸਰਚ ਐਸੋਸੀਏਟ, ਧੂਰਕੋਟ, ਮੋਗਾ।


ਹਮੇਸ਼ਾ ਦੂਜਿਆਂ ਦੀ ਮਦਦ ਕਰੋ
ਅਸੀਂ ਜ਼ਿੰਦਗੀ ਦੀ ਇਸ ਭੱਜ-ਦੌੜ ਵਿਚ ਏਨੇ ਗਵਾਚ ਗਏ ਹਾਂ, ਏਨੇ ਪਦਾਰਥਕ ਹੋ ਗਏ ਹਾਂ ਕਿ ਵਿਵਹਾਰਕ ਜੀਵਨ ਦੇ ਮਾਅਨੇ ਹੀ ਭੁੱਲਦੇ ਜਾ ਰਹੇ ਹਾਂ। ਸਾਡੇ ਆਲੇ-ਦੁਆਲੇ ਕਿੰਨਾ ਕੁਝ ਅਣਸੁਖਾਵਾਂ ਵਾਪਰ ਰਿਹਾ ਹੈ। ਨੌਜਵਾਨੀ ਗ਼ਲਤ ਰਾਹੇ ਤੁਰ ਪਈ ਹੈ, ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਕਿਸੇ ਨੂੰ ਕਿਸੇ ਦੂਸਰੇ ਦੀ ਕੋਈ ਪਰਵਾਹ ਨਹੀਂ, ਦੂਸਰੇ ਦਾ ਭਾਵੇਂ ਕਿੰਨਾ ਹੀ ਨੁਕਸਾਨ ਕਿਉਂ ਨਾ ਹੋ ਜਾਵੇ ਸਿਰਫ਼ ਖ਼ੁਦ ਦਾ ਫ਼ਾਇਦਾ ਹੋਣਾ ਚਾਹੀਦਾ ਹੈ। ਇਹ ਸੋਚਣੀ ਦੇ ਮਾਲਕ ਅਸੀਂ ਹੋ ਗਏ ਹਾਂ। ਕੀ ਇਹ ਸਾਡੇ ਤੇ ਸਾਡੇ ਸਮਾਜ ਲਈ ਚੰਗਾ ਹੈ? ਨਹੀਂ ਹਰਗਿਜ਼ ਨਹੀਂ, ਜੋ ਸਕੂਨ ਕਿਸੇ ਦੀ ਮਦਦ ਕਰ ਕੇ ਮਿਲਦਾ ਹੈ ਉਹ ਸਾਨੂੰ ਪਦਾਰਥਕ ਬਹੁਲਤਾ ਵਿਚੋਂ ਨਹੀਂ ਮਿਲਦਾ। ਸਾਨੂੰ ਹਮੇਸ਼ਾ ਦੂਸਰੇ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ। ਦੂਜਿਆਂ ਦੀ ਮਦਦ ਕਰੋ। ਇਸ ਲਈ ਨਹੀਂ ਕਿ ਇਹ ਪੁੰਨ ਦਾ ਕੰਮ ਹੈ। ਇਸ ਡਰ ਨਾਲ ਵੀ ਨਹੀਂ ਕਿ ਕਦੇ ਤੁਹਾਨੂੰ ਦੂਜਿਆਂ ਦੀ ਮਦਦ ਦੀ ਲੋੜ ਪੈ ਸਕਦੀ ਹੈ। ਮਦਦ ਕਰੋ, ਕਿਉਂਕਿ ਇਸ ਨਾਲ ਤੁਹਾਡਾ ਵੀ ਭਲਾ ਹੁੰਦਾ ਹੈ। ਦਰਅਸਲ, ਕਿਸੇ ਦੀ ਮਦਦ ਕਰਨ ਨਾਲ ਮਨ ਨੂੰ ਉਹ ਖ਼ੁਸ਼ੀ ਅਤੇ ਸ਼ਾਂਤੀ ਮਿਲਦੀ ਹੈ, ਜਿਹੜੀ ਦਵਾਈਆਂ ਅਤੇ ਥਰੈਪੀ ਨਾਲ ਵੀ ਨਹੀਂ ਮਿਲਦੀ।


-ਗੌਰਵ ਮੁੰਜਾਲ
ਪੀ.ਸੀ.ਐਸ.


ਨਕਲ ਨੂੰ ਠੱਲ੍ਹ ਪਾਈ ਜਾਵੇ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਦਾ ਨਤੀਜਾ 97.24 ਫ਼ੀਸਦੀ ਐਲਾਨਿਆ ਗਿਆ ਹੈ। ਪਿਛਲੇ ਕਾਫੀ ਸਮੇਂ ਤੋਂ ਪੰਜਵੀਂ ਤੋਂ ਲੈ ਕੇ ਬਾਰ੍ਹਵੀਂ ਤਕ ਪ੍ਰਤੀਸ਼ਤ 95 ਫ਼ੀਸਦੀ ਤੋਂ ਉੱਪਰ ਆ ਰਹੀ ਹੈ। ਇਹ ਬੱਚਿਆਂ ਦੇ ਸਿੱਖਿਅਕ ਮਿਆਰ ਨਾਲ ਮੇਲ ਨਹੀਂ ਖਾਂਦੀ। ਕਈ ਸਰਵੇਖਕਾਂ ਮੁਤਾਬਿਕ ਪੰਜਾਬ ਦੇ ਵਿਦਿਆਰਥੀ ਪੜ੍ਹਨ-ਲਿਖਣ ਅਤੇ ਭਾਗ ਕਰਨ ਜਿਹੀ ਪ੍ਰਕਿਰਿਆ 'ਚ ਬਾਕੀ ਦੇਸ਼ ਦੇ ਵਿਦਿਆਰਥੀਆਂ ਤੋਂ ਪਿੱਛੇ ਹਨ। ਲੰਮੇ ਸਮੇਂ ਤੋਂ ਹੁੰਦੀ ਨਕਲ ਇਸ ਵਰਤਾਰੇ ਲਈ ਜ਼ਿੰਮੇਵਾਰ ਹੈ। ਹਰ ਸਰਕਾਰ ਨੇ ਇਸ ਮਹਾਂਮਾਰੀ ਨੂੰ ਅਣਗੌਲਿਆਂ ਹੀ ਕੀਤਾ ਹੈ। ਇਸ ਮਹਾਂਮਾਰੀ ਨੇ ਨੌਜਵਾਨਾਂ 'ਚ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਪੈਦਾ ਕਰ ਦਿੱਤੀ ਹੈ। ਇਹ ਦਸਵੀਂ, ਬਾਰ੍ਹਵੀਂ ਪਾਸ ਨੌਜਵਾਨ ਕੋਈ ਵੀ ਕੋਰਸ ਕਰਨ ਦੇ ਯੋਗ ਨਹੀਂ ਹਨ। ਕਿਸੇ ਨੌਕਰੀ ਦੇ ਨਾ ਕਾਬਲ ਇਹ ਨੌਜਵਾਨ ਲੁੱਟਾਂ-ਖੋਹਾਂ, ਬੈਂਕਾਂ 'ਚ ਡਾਕੇ ਮਾਰਨ ਲਈ ਮਜਬੂਰ ਹਨ। ਜੇਕਰ ਕੋਈ ਸਰਕਾਰ ਸਕੂਲਾਂ 'ਚ ਵੱਜਦੀ ਸਰਬ-ਵਿਆਪਕ ਨਕਲ ਨੂੰ ਠੱਲ੍ਹ ਪਾਵੇਗੀ ਤਾਂ ਸਕੂਲ ਸਿੱਖਿਆ ਨਕਲ ਰਹਿਤ ਹੋ ਜਾਵੇਗੀ ਤਾਂ ਇਹ ਨਤੀਜੇ 50 ਫ਼ੀਸਦੀ ਤੋਂ ਉੱਪਰ ਕਦੇ ਵੀ ਨਹੀਂ ਆਉਣਗੇ। ਕਿਸੇ ਵੀ ਸਮਾਜ ਦੀ ਮਜ਼ਬੂਤ ਨੀਂਹ ਉਸ ਦੇ ਨੌਜਵਾਨਾਂ ਦੀ ਸਹੀ ਸਿੱਖਿਆ ਹੈ।


-ਵੀਰ ਸਿੰਘ ਬਾਜਵਾ
ਰਿਟਾ. ਲੈਕਚਰਾਰ।


ਰੁੱਤ ਦਲ-ਬਦਲਣ ਦੀ ਆਈ
ਪੰਜਾਬ ਵਿਚ ਜਿਵੇਂ-ਜਿਵੇਂ ਲੋਕ ਸਭਾ ਦੀਆਂ ਵੋਟਾਂ ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਵੋਟਾਂ ਦਾ ਅਖਾੜਾ ਭਖਦਾ ਜਾ ਰਿਹਾ ਹੈ। ਜਿੱਥੇ ਸਿਆਸੀ ਲੀਡਰ ਲੋਕਾਂ ਨਾਲ ਕੰਮਾਂ ਦੇ ਵਾਅਦੇ ਕਰ ਰਹੇ ਹਨ ਜਾਂ ਕੰਮ ਕਰਨ ਵਾਲੀ ਗਾਰੰਟੀ ਦੇ ਰਹੇ ਹਨ ਉਥੇ ਹੀ ਕੁਝ ਆਗੂ ਜਾਂ ਲੀਡਰ ਦਲ ਬਦਲਣ ਦੀ ਹਨੇਰੀ ਲਿਆ ਰਹੇ ਹਨ। ਜਿਹੜੇ ਲੀਡਰ ਵਿਰੋਧੀ ਪਾਰਟੀਆਂ ਤੋਂ ਹਰ ਸਮੇਂ ਕੋਈ ਨਾ ਕੋਈ ਦੂਸ਼ਣਬਾਜ਼ੀ ਲਾਉਂਦੇ ਰਹੇ ਹਨ, ਉਹੀ ਲੀਡਰ ਹੁਣ ਟਿਕਟ ਲਈ ਉਸੇ ਪਾਰਟੀ ਵਿਚ ਜਾਣ ਨੂੰ ਇਕ ਮਿੰਟ ਵੀ ਨਹੀਂ ਲਗਾ ਰਹੇ। ਕਈ ਲੀਡਰ ਤਾਂ ਇੱਦਾਂ ਦੇ ਵੀ ਹਨ ਜੋ ਪਿਛਲੇ 6 ਮਹੀਨਿਆਂ ਤੋਂ ਪਤਾ ਨਹੀਂ ਕਿੰਨੀਆਂ ਕੁ ਪਾਰਟੀਆਂ ਬਦਲ ਚੁੱਕੇ ਹਨ। ਕੀ ਅਜਿਹੇ ਲੀਡਰਾਂ 'ਤੇ ਦੁਬਾਰਾ ਵਿਸ਼ਵਾਸ ਕੀਤਾ ਜਾ ਸਕਦਾ ਹੈ ਜੋ ਸਵੇਰੇ ਹੋਰ ਪਾਰਟੀ ਵਿਚ ਹੁੰਦੇ ਹਨ, ਦੁਪਹਿਰ ਵੇਲੇ ਹੋਰ ਅਤੇ ਸ਼ਾਮ ਵੇਲੇ ਹੋਰ ਪਾਰਟੀ ਵਿਚ।
ਵੋਟਾਂ ਵੇਲੇ ਦਲ ਬਦਲਣ ਵਾਲੇ ਲੀਡਰਾਂ ਤੋਂ ਤਾਂ ਇਹੋ ਕਿਆਸ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੂੰ ਸਿਰਫ਼ ਕੁਰਸੀ ਦੀ ਭੁੱਖ ਹੁੰਦੀ ਹੈ। ਕੁਰਸੀ ਲਈ ਇਹ ਕੁਝ ਵੀ ਕਰ ਸਕਦੇ ਹਨ। ਕੀ ਅਜਿਹੇ ਲੀਡਰਾਂ ਤੋਂ ਵਿਕਾਸ ਦੀ ਉਮੀਦ ਕੀਤੀ ਜਾ ਸਕਦੀ ਹੈ? ਜਨਤਾ ਨੂੰ ਵੀ ਸੋਚ-ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਚੰਗੇ ਲੀਡਰ ਦੀ ਚੋਣ ਹੋ ਸਕੇ। ਵੋਟਾਂ ਵੇਲੇ ਟਿਕਟ ਨਾ ਮਿਲਣ ਕਰਕੇ ਪਾਰਟੀ ਬਦਲਣ ਵਾਲਿਆਂ ਨੂੰ ਦੇਖ ਕੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਰੁੱਤ ਦਲ-ਬਦਲਣ ਦੀ ਆਈ.


-ਇੰਦਰਜੀਤ ਸਿੰਘ ਗੁਰਮ
(ਲੁਧਿਆਣਾ)