JALANDHAR WEATHER

24-05-2024

 ਚੋਣਾਂ ਤੇ ਪੰਜਾਬ ਦੇ ਬੁਨਿਆਦੀ ਮੁੱਦੇ

ਪੰਜਾਬ ਵਿਚ ਜਿਉਂ-ਜਿਉਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ,ਤਿਉਂ-ਤਿਉਂ ਰਾਜਨੀਤਕ ਪਾਰਟੀਆਂ ਵਲੋਂ ਜਨਤਕ ਰੈਲੀਆਂ ਰਾਹੀਂ ਸਿਰਫ ਇਕ-ਦੂਜੇ 'ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਪਰ ਪੰਜਾਬ ਦੇ ਅਸਲ ਮੁੱਦੇ ਜਿਵੇਂ ਪਾਣੀ ਦਾ ਮੁੱਦਾ, ਨਸ਼ੇ, ਘੱਟੋ-ਘੱਟ ਸਮਰਥਨ ਮੁੱਲ, ਮਹਿੰਗਾਈ, ਬੇਰੁਜ਼ਗਾਰੀ, ਨੌਜਵਾਨਾਂ ਦਾ ਪ੍ਰਵਾਸ ਕਰਨਾ, ਭ੍ਰਿਸ਼ਟਾਚਾਰ, ਲੁੱਟ-ਖੋਹ ਆਦਿ ਬਾਰੇ ਸਾਰੀਆਂ ਰਾਜਨੀਤਕ ਪਾਰਟੀਆਂ ਚੁੱਪ ਹਨ। ਇਸ ਵਾਰ ਚੋਣ ਮੈਦਾਨ ਵਿਚ 45 ਫ਼ੀਸਦੀ ਉਮੀਦਵਾਰ ਦਲਬਦਲੂ ਹਨ। ਜਿਨ੍ਹਾਂ ਦਾ ਪੰਜਾਬ ਦੇ ਮੁੱਦਿਆਂ ਦਾ ਕੋਈ ਸਰੋਕਾਰ ਨਹੀਂ। ਉਨ੍ਹਾਂ ਨੂੰ ਤਾਂ ਸਿਰਫ਼ ਕੁਰਸੀ ਚਾਹੀਦੀ ਹੈ।
ਇਸ ਵਾਰ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਸੰਬੰਧਿਤ 11 ਮੌਜੂਦਾ ਵਿਧਾਇਕਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਆਪ ਦੇ 9 ਅਤੇ ਕਾਂਗਰਸ ਦੇ 2 ਵਿਧਾਇਕ ਸ਼ਾਮਿਲ ਹਨ। ਇਨ੍ਹਾਂ ਵਿਚ 5 ਕੈਬਨਿਟ ਮੰਤਰੀ ਵੀ ਹਨ। ਉਪਰੋਕਤ ਵਿਚੋਂ ਜਿੱਤਣ ਦੀ ਸੂਰਤ ਵਿਚ ਸੰਬੰਧਿਤ ਹਲਕਿਆਂ ਦੀ ਜ਼ਿਮਨੀ ਚੋਣ ਕਰਵਾਈ ਜਾਵੇਗੀ। ਜਿਸ ਦਾ ਬੋਝ ਫਿਰ ਜਨਤਾ ਸਿਰ ਪਵੇਗਾ। ਸੋ, ਅੱਜ ਲੋਕਾਂ ਦਾ ਫਰਜ਼ ਬਣਦਾ ਹੈ, ਜਿਸ ਨੂੰ ਉਹ ਨਿਭਾਅ ਵੀ ਰਹੇ ਹਨ, ਕਿ ਅਜਿਹੇ ਮੌਕਾਪ੍ਰਸਤ ਲੀਡਰਾਂ ਤੋਂ ਉਪਰੋਕਤ ਮਸਲਿਆਂ 'ਤੇ ਸਵਾਲ ਪੁੱਛਣ।

-ਇੰਜੀ. ਰਛਪਾਲ ਸਿੰਘ ਚੰਨੂੰਵਾਲਾ
ਡੀ.ਐਸ.ਪੀ.ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਸੀ.ਏ.ਏ. ਨੂੰ ਲਾਗੂ ਕਰਨਾ ਸਵਾਗਤਯੋਗ

ਕੁਝ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਸੰਗਠਨਾਂ ਅਤੇ ਉਨ੍ਹਾਂ ਦੇ ਨੇਤਾਵਾਂ ਦੁਆਰਾ ਕੇਂਦਰ ਸਰਕਾਰ ਦੇ ਸਿਰਫ ਵਿਰੋਧ ਦੀ ਖਾਤਰ ਨਾਗਰਿਕਤਾ (ਸੋਧ) ਐਕਟ, ਜਾਂ ਸੀ.ਏ.ਏ. ਦੇ ਵਿਰੁੱਧ ਰੌਲਾ-ਰੱਪਾ ਪਾਏ ਜਾਣ ਦੇ ਬਾਵਜੂਦ, ਐਕਟ ਤਹਿਤ 300 ਲੋਕਾਂ ਦੇ ਪਹਿਲੇ ਬੈਚ ਨੂੰ ਭਾਰਤੀ ਨਾਗਰਿਕਤਾ ਦੇਣ ਵਾਲੇ ਸਰਟੀਫਿਕੇਟ ਜਾਰੀ ਕਰਨ ਦੇ ਨਾਲ ਹੀ ਸੀ.ਏ.ਏ. ਨੂੰ ਲਾਗੂ ਕਰਨ ਦੀ ਪ੍ਰਕਿਰਿਆ ਆਰੰਭ ਹੋ ਗਈ ਹੈ।
ਤਿੰਨਾਂ ਦੇਸ਼ਾਂ ਭਾਵ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿਚੋਂ ਧਾਰਮਿਕ ਅੱਤਿਆਚਾਰ ਕਾਰਨ ਭੱਜ ਗਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਇਸਾਈ ਭਾਈਚਾਰਿਆਂ ਦੇ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕਰਕੇ, ਭਾਰਤ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕੀਤਾ ਹੈ। ਇਕ ਤਰ੍ਹਾਂ ਨਾਲ ਅਸੀਂ ਆਪਣੇ ਹੀ ਲੋਕਾਂ ਨੂੰ ਅਪਣਾਇਆ ਹੈ ਅਤੇ ਉਨ੍ਹਾਂ ਦਾ ਪੁਨਰਵਾਸ ਕਰਕੇ ਇਕ ਮਾਨਵਤਾਵਾਦੀ ਫ਼ਰਜ਼ ਨਿਭਾਇਆ ਹੈ। ਉਮੀਦ ਹੈ ਕਿ ਬਾਕੀ ਦੇ ਬਿਨੈਕਾਰਾਂ ਦੀ ਸੀ.ਏ.ਏ. ਦੇ ਤਹਿਤ ਪੁਸ਼ਟੀ ਅਤੇ ਉਨ੍ਹਾਂ ਨੂੰ ਨਾਗਰਿਕਤਾ ਦੇ ਪ੍ਰਮਾਣ ਪੱਤਰ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਬੇਸ਼ੱਕ, ਸੀ.ਏ.ਏ. ਨੂੰ ਲਾਗੂ ਕਰਨਾ ਸੱਚਮੁੱਚ ਸਵਾਗਤਯੋਗ ਹੈ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।

ਰਾਜਨੀਤਕਾਂ ਦਾ ਡਿਗਦਾ ਗਰਾਫ਼

ਅੱਜ ਸਿਆਸਤ ਇਸ ਕਦਰ ਗੰਧਲੀ ਹੋਈ ਜਾਪ ਰਹੀ ਹੈ ਕਿ ਜਿਹੜੇ ਆਗੂਆਂ ਨੂੰ ਲੋਕਾਂ ਨੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਕੀਮਤੀ ਵੋਟ ਰਾਹੀਂ ਵਾਰ-ਵਾਰ ਕੁਰਸੀਆਂ ਉੱਪਰ ਬਿਠਾਇਆ, ਮਾਣ-ਸਨਮਾਨ ਦਿੱਤਾ ਹੁਣ ਉਹੀ ਆਗੂ ਲੋਕਾਂ ਦੀ ਬਿਲਕੁਲ ਪਰਵਾਹ ਕਰਦੇ ਨਹੀਂ ਦਿਖ ਰਹੇ। ਪਿਛਲੇ ਥੋੜੇ ਜਿਹੇ ਸਮੇਂ ਤੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਰਾਤ ਨੂੰ ਕੁਝ ਹੋਰ ਪਾਰਟੀ ਹੁੰਦੀ ਹੈ ਦਿਨ ਚੜ੍ਹਦੇ ਹੀ ਕਿਸੇ ਹੋਰ ਪਾਰਟੀ ਵਿਚ ਸ਼ਾਮਿਲ ਹੋ ਜਾਂਦੇ ਹਨ।
ਕਈਆਂ ਦੀ ਇੰਨੀ ਜ਼ਮੀਰ ਮਰ ਚੁੱਕੀ ਹੈ ਕਿ ਵਾਰ-ਵਾਰ ਇਕ ਪਾਰਟੀ ਦੇ ਵਿਧਾਇਕ ਰਹਿਣ ਤੋਂ ਬਾਅਦ ਵੀ ਆਪਣੀ ਪਾਰਟੀ ਦਾ ਗਰਾਫ ਡਿੱਗਦੇ ਸਾਰ ਹੀ ਦੂਸਰੀ ਪਾਰਟੀ ਵਿਚ ਗਏ ਹਨ। ਅੱਜਕਲ੍ਹ ਆਗੂ ਸਿਰਫ਼ ਤੇ ਸਿਰਫ਼ ਨਿੱਜੀ ਹਿਤਾਂ ਤੇ ਆਪਣੀ ਚੌਧਰ ਨੂੰ ਬਣਾਏ ਰੱਖਣ ਲਈ ਇਧਰ-ਉਧਰ ਭੱਜ ਰਹੇ ਹਨ। ਇਨ੍ਹਾਂ ਆਗੂਆਂ ਵਿਚ ਕਦਰਾਂ-ਕੀਮਤਾਂ ਵਾਲੀ ਕੋਈ ਗੱਲ ਨਹੀਂ ਦਿਖ ਰਹੀ।
ਸਿਆਸੀ ਲੋਕਾਂ 'ਤੇ ਬੇਭਰੋਸਗੀ ਦਾ ਆਲਮ ਅੱਜ ਇਸ ਕਦਰ ਵਧ ਗਿਆ ਹੈ ਕਿ ਕੋਈ ਨਹੀਂ ਜਾਣਦਾ ਕੀ ਕਿਹੜੀ ਪਾਰਟੀ ਦੇ ਕਿਹੜੇ ਆਗੂ ਨੇ ਕਦੋਂ ਦੂਜੀ ਪਾਰਟੀ ਵਿਚ ਚਲੇ ਜਾਣਾ ਹੈ। ਇਸ ਵਰਤਾਰੇ ਨੇ ਜਿੱਥੇ ਸਿਆਸਤਦਾਨਾਂ ਦੇ ਚਰਿੱਤਰ ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ, ਉਥੇ ਲੋਕ ਮਨਾਂ 'ਚ ਕਈ ਤਰ੍ਹਾਂ ਦੇ ਸ਼ੰਕੇ ਵੀ ਪੈਦਾ ਕਰ ਦਿੱਤੇ ਹਨ। ਸਾਨੂੰ ਇਨ੍ਹਾਂ ਸਿਆਸਤਦਾਨਾਂ ਤੋਂ ਬਚ ਕੇ ਸੂਝ-ਬੂਝ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

-ਗੌਰਵ ਮੁੰਜਾਲ
ਪੀ.ਸੀ.ਐਸ.