JALANDHAR WEATHER

03-05-2024

 ਦਲਬਦਲੀ ਵਾਲੇ ਨੇਤਾ ਨੂੰ ਨਕਾਰੋ

ਲੋਕ ਸਭਾ ਚੋਣਾਂ ਦਾ ਬਿਗਲ ਵਜਦੇ ਸਮੇਂ ਨੇਤਾ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਦਲ ਬਦਲੀਆਂ ਚਿੰਤਾ ਦਾ ਵਿਸ਼ਾ ਹੈ। ਜਿਹੜੀ ਵੀ ਪਾਰਟੀ ਸੱਤਾ ਵਿਚ ਹੁੰਦੀ ਹੈ ਉਹ ਕੇਂਦਰੀ ਏਜੰਸੀਆਂ ਦਾ ਫਾਇਦਾ ਉਠਾ ਸੱਤਾ ਵਿਚ ਆਉਣਾ ਚਾਹੁੰਦੀ ਹੈ। ਰਾਜਨੀਤਕ ਪਾਰਟੀਆਂ ਇਕ-ਦੂਸਰੇ 'ਤੇ ਦੂਸ਼ਣਬਾਜ਼ੀਆਂ ਲਗਾਉਂਦੀਆਂ ਹਨ। ਪਰ ਸੱਤਾ ਵਿਚ ਆ ਕੇ ਉਹ ਵੀ ਇਸੇ ਤਰ੍ਹਾਂ ਵਰਤਾਰਾ ਕਰਦੀਆਂ ਹਨ। ਇਸ ਕਰਕੇ ਹੁਣ ਵੋਟਰ ਨੂੰ ਹੀ ਤੀਸਰੀ ਅੱਖ ਖੋਲ੍ਹ ਦਲ ਬਦਲੀ ਨੇਤਾ ਨੂੰ ਨਕਾਰਨਾ ਪਵੇਗਾ। ਅਗਾਮੀ ਲੋਕ ਸਭਾ ਚੋਣਾਂ ਬੇਦਾਗ, ਇਮਾਨਦਾਰ ਨੇਤਾ ਜੋ ਪੈਸੇ ਤੇ ਸ਼ਰਾਬ ਨਾ ਵੰਡੇ, ਜੋ ਦਲ ਬਦਲੀ ਨਾ ਕਰੇ, ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਾਹਰ ਦਾ ਪ੍ਰਸਾਰ ਰੋਕੇ, ਵਾਤਾਵਰਨ ਦੀ ਗੱਲ ਕਰੇ, ਅੰਧ-ਵਿਸ਼ਵਾਸ ਤੇ ਕਾਨੂੰਨ ਬਣਾਉਣ ਦਾ ਚੋਣਾਂ 'ਚ ਮੁੱਦਾ ਬਣਾਏ, ਐਸਾ ਨੇਤਾ ਸਦਨ ਵਿਚ ਭੇਜ ਕੇ ਚੰਗੇ ਅਕਸ ਵਾਲੀ ਸਰਕਾਰ ਬਣਾਉਣੀ ਚਾਹੀਦੀ ਹੈ। ਇਸ ਵਿਚ ਹੀ ਅਵਾਮ ਤੇ ਦੇਸ਼ ਦਾ ਭਲਾ ਹੈ।

-ਗੁਰਮੀਤ ਸਿੰਘ ਵੇਰਕਾ, ਅੰਮ੍ਰਿਤਸਰ।

ਵੋਟ ਦਾ ਸਹੀ ਇਸਤੇਮਾਲ ਕਰੋ

ਚੋਣਾਂ ਲੋਕਤੰਤਰ ਦਾ ਮਜ਼ਬੂਤ ਥੰਮ੍ਹ ਹੁੰਦੀਆਂ ਹਨ। ਜੇਕਰ ਵੋਟਰ ਗਲਤੀ ਨਾਲ ਸਮਾਜ ਤੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਗਲਤ ਸਰਕਾਰ ਚੁਣ ਲੈਂਦੇ ਹਨ ਤਾਂ ਘੱਟੋ-ਘੱਟ ਲੋਕਾਂ ਨੂੰ ਪੰਜ ਸਾਲ ਆਪਣੀ ਗਲਤੀ ਦਾ ਪਛਤਾਵਾ ਕਰਨਾ ਪੈ ਜਾਂਦਾ ਹੈ। ਪਰੰਤੂ ਵੋਟਰਾਂ ਵਿਚ ਅਜੇ ਵੀ ਵੋਟ ਦੀ ਅਸਲ ਤਾਕਤ ਨੂੰ ਸਮਝਣ ਦੀ ਯੋਗਤਾ ਪੈਦਾ ਨਹੀਂ ਹੋਈ ਅਤੇ ਕਈ ਵੋਟਰ ਧਰਮ, ਜਾਤ, ਧੜੇਬੰਦੀ, ਸ਼ਰਾਬ, ਪੈਸੇ ਦੇ ਲਾਲਚ 'ਚ ਵੋਟਾਂ ਪਾਉਂਦੇ ਹਨ, ਜਿਸ ਕਾਰਨ ਸੂਬਾ/ਦੇਸ਼ ਅਜੇ ਵੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਰਾਜਨੀਤਕ ਲੋਕਾਂ ਨੇ ਅਜਿਹਾ ਤਾਣਾਬਾਣਾ ਬੁਣਿਆ ਹੈ ਕਿ ਵੋਟਰ ਮੁਫ਼ਤ ਦੀਆਂ ਸਹੂਲਤਾਂ, ਆਟਾ, ਦਾਲ ਵਿਚੋਂ ਹੀ ਉਲਝ ਕੇ ਰਹਿ ਗਿਆ ਹੈ। ਬੇਰੁਜ਼ਗਾਰੀ ਇਸ ਕਦਰ ਵਧ ਗਈ ਹੈ ਕਿ ਨੌਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ।
ਸੋ, ਵੋਟਰਾਂ ਨੂੰ ਬੜੀ ਸੂਝਬੂਝ ਨਾਲ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਸਮਾਜ ਅਤੇ ਸੂਬੇ ਦੇ ਹਿੱਤ ਨੂੰ ਮੁੱਖ ਰੱਖ ਕੇ ਵੋਟਾਂ ਦੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਅਜਿਹਾ ਉਮੀਦਵਾਰ/ਸਰਕਾਰ ਚੁਣੋ ਜੋ ਤੁਹਾਡੇ ਤੇ ਸੂਬੇ ਦੇ ਮਸਲੇ ਹੱਲ ਕਰ ਸਕੇ।

-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ, ਬਟਾਲਾ।

ਵਿਦਿਆਰਥੀ ਬਨਾਮ ਮੋਬਾਈਲ

ਮੋਬਾਈਲ ਫੋਨ ਸੂਚਨਾ ਸੰਚਾਰ ਦਾ ਸਭ ਤੋਂ ਉੱਤਮ ਸਾਧਨ ਹੈ। ਪਹਿਲਾਂ ਮੋਬਾਈਲ ਦੀ ਵਰਤੋਂ ਫ਼ੋਨ ਅਤੇ ਮੈਸੇਜ ਕਰਨ ਲਈ ਹੁੰਦੀ ਸੀ ਪਰ ਹੁਣ ਸਮਾਰਟ ਫੋਨ ਦੇ ਆਉਣ ਨਾਲ ਮੋਬਾਈਲ ਫੋਨ ਕੰਪਿਊਟਰ ਦਾ ਕੰਮ ਵੀ ਕਰਦਾ ਹੈ। ਵਿਦਿਆਰਥੀਆਂ ਦੇ ਖੇਤਰ ਵਿਚ ਮੋਬਾਈਲ ਬਹੁਤ ਲਾਭਦਾਇਕ ਹੈ। ਯੂ-ਟਿਊਬ ਰਾਹੀਂ ਵਿਦਿਆਰਥੀ ਆਪਣੇ ਮਨਭਾਉਂਦੇ ਅਧਿਆਪਕ ਤੋਂ ਸਿਖਲਾਈ ਲੈ ਸਕਦੇ ਹਨ। ਪਰ ਬਹੁਤੇ ਵਿਦਿਆਰਥੀ ਮੋਬਾਈਲ ਕਾਰਨ ਆਪਣਾ ਸਮਾਂ ਫਜ਼ੂਲ ਦੇ ਕੰਮਾਂ ਵਿਚ ਬਰਬਾਦ ਕਰ ਲੈਂਦੇ ਹਨ। ਇਸ ਨਾਲ ਉਨ੍ਹਾਂ ਦੇ ਦਿਮਾਗ਼ 'ਤੇ ਵੀ ਬੁਰਾ ਅਸਰ ਪੈਂਦਾ ਹੈ ਅਤੇ ਸਮਾਂ ਵੀ ਬਰਬਾਦ ਹੁੰਦਾ ਹੈ। ਵਿਦਿਆਰਥੀ ਨੂੰ ਮੋਬਾਈਲ ਫੋਨ ਦੀ ਵਰਤੋਂ ਸਿਰਫ਼ ਜ਼ਰੂਰੀ ਕੰਮਾਂ ਲਈ ਕਰਨੀ ਚਾਹੀਦੀ ਹੈ। ਮੋਬਾਈਲ ਫ਼ੋਨ ਦੀ ਦੁਰਵਰਤੋਂ ਨਾਲ ਵਿਦਿਆਰਥੀ ਕਈ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਰੋਕਾਂ ਦਾ ਸ਼ਿਕਾਰ ਹੋ ਜਾਂਦਾ ਹੈ।

-ਰਮਨਦੀਪ ਕੌਰ
ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀ
(ਵਿਦਿਆਰਥਣ) ਭਾਗ ਪਹਿਲਾ।