JALANDHAR WEATHER

27-05-2024

 ਚਿੰਤਾ ਦਾ ਵਿਸ਼ਾ
ਪਿਛਲੇ ਪੰਜ ਦਹਾਕਿਆਂ ਵਿਚ ਭਾਰਤ ਵਿਚ ਖੁਦਕੁਸ਼ੀ ਦੀ ਦਰ ਤੇਜ਼ੀ ਨਾਲ ਵਧੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਕਿਸਾਨਾਂ ਤੋਂ ਬਾਅਦ ਦੇਸ਼ ਦੀ ਪੜ੍ਹੀ-ਲਿਖੀ ਨੌਜਵਾਨ ਆਬਾਦੀ ਵੀ ਤੇਜ਼ੀ ਨਾਲ ਖੁਦਕੁਸ਼ੀਆਂ ਵੱਲ ਵਧ ਰਹੀ ਹੈ। ਭਾਰਤ ਦੇ ਨੌਜਵਾਨਾਂ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਨਿਰਾਸ਼ਾ ਅਤੇ ਉਦਾਸੀ ਦਾ ਸ਼ਿਕਾਰ ਹੈ। ਉਹ ਦਿਸ਼ਾਹੀਣ ਅਤੇ ਉਦੇਸ਼ ਰਹਿਤ ਹੈ। ਘੱਟ ਨੰਬਰ ਆਉਣ 'ਤੇ ਵਿਦਿਆਰਥੀ ਆਪਣੇ-ਆਪ ਨੂੰ ਨਿਕੰਮਾ ਸਮਝਦਾ ਹੈ। ਸਿੱਖਿਆ, ਬੇਰੁਜ਼ਗਾਰੀ, ਪਿਆਰ ਆਦਿ ਕਈ ਕਾਰਨ ਹਨ, ਜੋ ਨੌਜਵਾਨਾਂ ਨੂੰ ਖੁਦਕੁਸ਼ੀਆਂ ਵੱਲ ਉਕਸਾਉਂਦੇ ਹਨ। ਅੰਕੜੇ ਦੱਸਦੇ ਹਨ ਕਿ ਭਾਰਤ ਵਿਚ ਖੁਦਕੁਸ਼ੀ ਕਰਨ ਵਾਲੇ ਜ਼ਿਆਦਾਤਰ ਲੋਕ ਲਗਭਗ 40 ਫ਼ੀਸਦੀ ਕਿਸ਼ੋਰ ਅਵਸਥਾ ਵਿਚੋਂ ਹਨ। ਸ਼ਾਇਦ ਹੀ ਕੋਈ ਦਿਨ ਲੰਘਦਾ ਹੋਵੇ ਜਦੋਂ ਕਿਸੇ ਦੀ ਖੁਦਕੁਸ਼ੀ ਦੀ ਖ਼ਬਰ ਅਖ਼ਬਾਰਾਂ ਵਿਚ ਨਾ ਛਪੀ ਹੋਵੇ। ਹਾਲ ਹੀ ਵਿਚ ਪੰਜਾਬ ਵਿਚ ਵੀ 10ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਇਕ ਬੱਚੇ ਨੇ ਘੱਟ ਅੰਕਾਂ ਕਾਰਨ ਖੁਦਕੁਸ਼ੀ ਕਰ ਲਈ ਹੈ। ਇਹ ਸਮਝਣ ਦੀ ਲੋੜ ਹੈ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਤਣਾਅ ਦੀ ਸਥਿਤੀ ਕਦੇ ਘੱਟ ਅਤੇ ਕਦੇ ਜ਼ਿਆਦਾ ਹੁੰਦੀ ਹੈ, ਪਰ ਇਸ ਦਾ ਹੱਲ ਕੀਮਤੀ ਜ਼ਿੰਦਗੀ ਨੂੰ ਖ਼ਤਮ ਕਰਨਾ ਨਹੀਂ ਹੈ। ਮਾਪਿਆਂ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ 'ਤੇ ਜ਼ਿਆਦਾ ਦਬਾਅ ਨਹੀਂ ਪਾਉਣਾ ਚਾਹੀਦਾ। ਬੱਚਿਆਂ 'ਤੇ ਵਿਸ਼ੇ ਥੋਪਣ ਦੀ ਬਜਾਏ ਉਨ੍ਹਾਂ ਨੂੰ ਆਪਣੀ ਪਸੰਦ ਦੇ ਵਿਸ਼ੇ ਚੁਣਨ ਦੀ ਪਹਿਲ ਦਿਓ। ਬੱਚਿਆਂ ਦੀ ਸਮੇਂ-ਸਮੇਂ 'ਤੇ ਕੌਂਸਲਿੰਗ ਜ਼ਰੂਰ ਕਰਵਾਉਣੀ ਚਾਹੀਦੀ ਹੈ।


-ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ।


ਪਾਣੀ ਦਾ ਮੁੱਦਾ
ਦਿਨ ਪ੍ਰਤੀ ਦਿਨ ਜਿਥੇ ਧਰਤੀ ਹੇਠਲਾ ਪਾਣੀ ਘਟ ਰਿਹਾ ਹੈ, ਉਥੇ ਹੀ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਵਧ ਰਹੀ ਹੈ। ਉਦਯੋਗਕ ਇਕਾਈਆਂ ਵਿਚ ਜਿੰਨਾ ਪਾਣੀ ਵਰਤਿਆ ਜਾ ਰਿਹਾ ਹੈ, ਉਸ ਦਾ ਗੰਦਾ ਕੈਮੀਕਲ ਵਾਲਾ ਪਾਣੀ ਧਰਤੀ ਹੇਠਾਂ ਪਾਇਆ ਜਾਂਦਾ ਹੈ ਜਾਂ ਫਿਰ ਨਾਲਿਆਂ ਵਿਚ ਹੁੰਦਾ ਹੋਇਾ ਦਰਿਆਵਾਂ ਵਿਚ ਪਹੁੰਚ ਜਾਂਦਾ ਹੈ। ਮਾਲਵਾ ਖੇਤਰ ਇਸ ਵੇਲੇ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੈ ਅਤੇ ਸਰਕਾਰਾਂ ਕਰੋੜਾਂ ਰੁਪਏ ਖਰਚ ਕੇ ਕੈਂਸਰ ਹਸਪਤਾਲ ਤਾਂ ਖੋਲ੍ਹ ਰਹੀਆਂ ਹਨ ਪ੍ਰੰਤੂ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਲੋਕ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਹਨ। ਸੋ, ਚੋਣਾਂ ਵਿਚ ਜਿਥੇ ਬੇਰੁਜ਼ਗਾਰੀ, ਸਿਹਤ, ਸਿੱਖਿਆ ਆਦਿ ਅਤੇ ਹੋਰ ਮੁੱਦੇ ਉਠਾਏ ਜਾਣੇ ਹਨ, ਉਥੇ ਹੀ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਅਤੇ ਪਾਣੀ ਦੇ ਆ ਰਹੇ ਸੰਕਟ ਨੂੰ ਹੱਲ ਕਰਨ ਦਾ ਮੁੱਦਾ ਵੀ ਰਾਜਨੀਤਕ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਰੱਖਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਬਟਾਲਾ।


ਭਿਆਨਕ ਗਰਮੀ ਦੀ ਚਿਤਾਵਨੀ
ਗਰਮੀ ਦੇ ਮੌਸਮ ਵਿਚ 'ਹੀਟ ਸਟਰੋਕ' ਦਾ ਖਤਰਾ ਵਧ ਜਾਂਦਾ ਹੈ। ਲੂ ਲੱਗ ਜਾਂਦੀ ਹੈ। ਘਰ ਤੋਂ ਬਾਹਰ ਗਰਮੀ ਕਰਕੇ ਪਿੱਤ ਹੋ ਜਾਵੇ, ਦਿਲ ਘਬਰਾਏ, ਚੱਕਰ ਆਉਣ, ਸਿਰ ਦਰਦ ਹੋਵੇ, ਉਲਟੀਆਂ ਆਉਣ, ਜ਼ਿਆਦਾ ਪਸੀਨਾ, ਘਬਰਾਹਟ ਹੋਵੇ, ਤੁਰੰਤ ਡਾਕਟਰੀ ਸਹਾਇਤਾ ਲਓ। ਗਰਮੀਆਂ ਦਾ ਮੌਸਮ ਆ ਗਿਆ ਹੈ। ਪੰਜਾਬ ਵਿਚ ਤਾਪਮਾਨ ਗਰਮੀ ਦਾ ਵਧ ਰਿਹਾ ਹੈ। ਗਰਮੀ ਵਿਚ ਜ਼ਿਆਦਾ ਬਾਹਰ ਨਾ ਨਿਕਲੋ, ਖਾਸ ਕਰ ਬਜ਼ੁਰਗ, ਬੱਚੇ, ਬਿਮਾਰ, ਮੋਟੇ ਵਿਅਕਤੀ, ਗੁਰੇਜ ਕਰਨ। ਸਰੀਰ ਵਿਚ ਪਾਣੀ ਦੀ ਘਾਟ ਨਾ ਆਵੇ ਇਸ ਲਈ ਓ.ਆਰ.ਐਸ. ਪੀਓ, ਵੱਧ ਤੋਂ ਵੱਧ ਪਾਣੀ ਪੀਓ, ਬਟਰ ਮਿਲਕ, ਨਾਰੀਅਲ ਪਾਣੀ, ਜੂਸ, ਨਿੰਬੂ ਪਾਣੀ, ਲੱਸੀ, ਸਪੈਸ਼ਲ ਬਦਾਮ, ਮਖਾਣਿਆਂ ਦੀ ਪੰਜੀਰੀ, ਤਰਲ ਪਦਾਰਥ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰੋ। ਘੜੇ ਦਾ ਪਾਣੀ ਪੀਓ। ਪੌਸ਼ਟਿਕ ਸਬਜ਼ੀਆਂ, ਹਲਕਾ ਭੋਜਨ, ਦਾਲ, ਚਾਵਲ, ਖਿਚੜੀ, ਦਲੀਆ ਖਾਓ ਜੋ ਛੇਤੀ ਹਜ਼ਮ ਹੋ ਜਾਵੇ। ਮੌਸਮੀ ਫਲ ਅੰਬ, ਤਰਬੂਜ਼, ਖਰਬੂਜ਼ਾ, ਲੀਚੀ, ਜ਼ਿਆਦਾ ਸਲਾਦ ਖੀਰੇ ਦੀ ਵਰਤੋਂ ਕਰੋ। ਹਲਕੇ ਭਾਰ ਵਾਲੇ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜਿਆਂ ਦੀ ਵਰਤੋਂ ਕਰੋ। ਜੇਕਰ ਤੁਸੀਂ ਬਾਹਰ ਹੋ ਸਿਰ ਕੱਪੜੇ, ਟੋਪੀ, ਛਤਰੀ ਨਾਲ ਢਕੋ, ਅੱਖਾਂ ਨੂੰ ਐਨਕ ਲਾਓ। ਬਾਹਰ ਕੰਮ ਕਰਦੇ ਧੁੱਪ ਦਾ ਖਿਆਲ ਰੱਖੋ, ਠੰਢੇ ਪਾਣੀ ਦਾ ਇੰਤਜ਼ਾਮ ਕਰੋ। ਸਵੇਰ ਜਾਂ ਠੰਢੇ ਵੇਲੇ ਕੰਮ ਕਰਨ ਦੀ ਕੋਸ਼ਿਸ ਕਰੋ।


-ਗੁਰਮੀਤ ਸਿੰਘ ਵੇਰਕਾ


ਕਲਮਾਂ ਦੇ ਬੋਲ
ਅੰਗਰੇਜ਼ੀ ਦੇ ਮਹਾਨ ਕਵੀ ਪੀ.ਬੀ. ਸ਼ੈਲੀ ਨੇ ਸੱਚ ਹੀ ਕਿਹਾ ਹੈ ਕਿ ਇਸ ਪਦਾਰਥਵਾਦੀ ਦੁਨੀਆ 'ਚ ਹਰੇਕ ਸ਼ੈਅ ਨਾਸ਼ਵਾਨ ਹੈ। ਹਰੇਕ ਸ਼ੈਅ ਦਾ ਅੰਤ ਨਿਸਚਿਤ ਹੈ। ਜੇਕਰ ਇਸ ਦੁਨੀਆ 'ਚ ਕੁਝ ਸਦਾ ਲਈ ਅਮਰ ਹੈ ਤਾਂ ਉਹ ਹਨ ਕਲਮ ਦੇ ਬੋਲ, ਜੋ ਕਿ ਯੁਗਾਂ-ਯੁਗਾਂ ਤੱਕ ਨਹੀਂ ਮਰਦੇ। 79 ਸਾਲਾਂ ਦਾ ਸਫਰ ਤੈਅ ਕਰ ਕੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪਦਮਸ੍ਰੀ ਸੁਰਜੀਤ ਪਾਤਰ ਸਾਹਿਬ ਬੇਸ਼ੱਕ ਇਸ ਫਾਨੀ ਸੰਸਾਰ ਨੂੰ ਸਰੀਰ ਪੱਖੋਂ ਅਲਵਿਦਾ ਆਖ ਗਏ ਹਨ, ਪਰ ਉਨ੍ਹਾਂ ਦੀ ਲਿਖਤ ਅਤੇ ਸਾਹਿਤ ਰਹਿੰਦੀ ਦੁਨੀਆ ਤੱਕ ਪ੍ਰਚਲਿਤ ਰਹੇਗੀ, ਕਿਉਂਕਿ ਦੁਨੀਆ ਦੀ ਕੋਈ ਵੀ ਤਾਕਤ ਕਲਮ ਦੇ ਬੋਲਾਂ ਦਾ ਖਾਤਮਾ ਨਹੀਂ ਕਰ ਸਕਦੀ। ਹਰਮਨ-ਪਿਆਰੇ ਕਵੀ, ਸ਼ਾਇਰ, ਲਿਖਾਰੀ, ਗ਼ਜ਼ਲਕਾਰ ਸੁਰਜੀਤ ਪਾਤਰ ਸਾਹਿਬ ਨੇ ਸਾਹਿਤ ਕਲਾ ਸਦਕਾ ਦੁਨੀਆ ਦੇ ਦਿਲਾਂ 'ਤੇ ਰਾਜ ਕੀਤਾ ਹੈ। ਸੋ, ਦੁਨੀਆ 'ਚ ਹਰੇਕ ਸ਼ੈਅ ਦਾ ਅੰਤ ਹੈ, ਪਰ ਸਾਹਿਤ ਕਲਾ ਦਾ ਕੋਈ ਅੰਤ ਨਹੀਂ। ਸਮਾਜ ਦੇ ਹਰੇਕ ਖੇਤਰ 'ਚ ਸਮੇਂ ਮੁਤਾਬਿਕ ਪਦਵੀਆਂ ਬਦਲਦੀਆਂ ਰਹਿੰਦੀਆਂ ਹਨ ਅਤੇ ਕੁਰਸੀ 'ਤੇ ਨਵੇਂ-ਨਵੇਂ ਸੱਤਾ ਹਾਸਿਲ ਕਰਨ ਵਾਲੇ ਉਤਰਾਧਿਕਾਰੀ ਵਿਰਾਜਦੇ ਰਹਿੰਦੇ ਹਨ, ਪਰ ਕਲਮ ਦੇ ਧਨੀ ਦੀ ਪਦਵੀ ਅਨਮੋਲ ਹੈ ਕਿਉਂਕਿ ਕਲਮ ਅਤੇ ਸਾਹਿਤ ਦੀ ਕਲਾ ਦਾ ਤੋਹਫ਼ਾ ਅਜਿਹਾ ਤੋਹਫ਼ਾ ਹੈ ਜੋ ਪਰਮਾਤਮਾ ਨੇ ਕਿਸੇ ਵਿਰਲੇ ਦੀ ਝੋਲੀ ਹੀ ਪਾਇਆ ਹੈ। ਸੋ, ਕਲਮ ਦੇ ਧਨੀ ਪਦਮਸ੍ਰੀ ਸੁਰਜੀਤ ਪਾਤਰ ਬੇਸ਼ੱਕ ਤਨ ਪੱਖੋਂ ਮਿੱਟੀ ਹੋ ਕੇ ਨਾਸ਼ਵਾਨ ਹੋ ਗਏ, ਪਰ ਦੁਨੀਆ ਦੇ ਮਨਾਂ 'ਚ ਉਨ੍ਹਾਂ ਦੀ ਸਾਹਿਤ ਕਲਾ ਪ੍ਰਤੀ ਜੋ ਮੁਹੱਬਤ ਹੈ ਉਹ ਸਦਾ ਲਈ ਅਮਰ ਰਹੇਗੀ, ਕਿਉਂਕਿ ਕਲਮ ਦੀਆਂ ਲਿਖਤਾਂ ਦੇ ਬੋਲ ਸਦਾ ਲਈ ਗੂੰਜਦੇ ਰਹਿੰਦੇ ਹਨ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।