JALANDHAR WEATHER

15-05-2024

 ਵਧਦੀ ਆਬਾਦੀ ਚਿੰਤਾ ਦਾ ਵਿਸ਼ਾ
ਭਾਰਤ ਦੀ ਵਧ ਰਹੀ ਆਬਾਦੀ ਚਿੰਤਾ ਦਾ ਵਿਸ਼ਾ ਤੇ ਖਤਰੇ ਦੀ ਘੰਟੀ ਹੈ। ਵਧਦੀ ਹੋਈ ਆਬਾਦੀ ਸੰਬੰਧੀ ਇਕ ਖ਼ਬਰ ਪੜ੍ਹੀ ਸੀ ਕਿ ਆਬਾਦੀ ਪਖੋਂ ਭਾਰਤ ਪਹਿਲੇ ਨੰਬਰ 'ਤੇ ਆ ਗਿਆ ਹੈ ਅਤੇ ਉਸ ਦੀ ਕੁੱਲ ਜਨਸੰਖਿਆ 142 ਕਰੋੜ ਤੋਂ ਪਾਰ ਪਹੁੰਚ ਗਈ ਹੈ। ਪੰਜਾਬ ਅਤੇ ਕੇਰਲ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਹਨ। ਵਧਦੀ ਆਬਾਦੀ, ਬੇਰੁਜ਼ਗਾਰੀ, ਭੁੱਖਮਰੀ ਆਦਿ ਦਾ ਕਾਰਨ ਬਣਦੀ ਹੈ। ਜ਼ਿਆਦਾਤਰ ਗ਼ਰੀਬੀ ਰੇਖਾ ਵਿਚ ਰਹਿ ਰਹੇ ਝੁੱਗੀ, ਝੌਂਪੜੀ, ਟੱਪਰੀਵਾਸ ਆਬਾਦੀ ਵਿਚ ਵਾਧਾ ਕਰ ਰਹੇ ਹਨ। ਸਰਕਾਰਾਂ ਵੋਟਾਂ ਦੀ ਰਾਜਨੀਤੀ ਕਾਰਨ ਇਸ ਸੰਬੰਧੀ ਸੰਜੀਦਾ ਅਤੇ ਗੰਭੀਰ ਨਹੀਂ ਹਨ। ਸਰਕਾਰ ਨੂੰ ਇਨ੍ਹਾਂ ਲੋਕਾਂ ਦੀਆਂ ਮੁਫਤ ਸਹੂਲਤਾਂ ਤੇ ਸਰਕਾਰੀ ਨੌਕਰੀ ਦੇਣੀ ਬੰਦ ਕਰ ਦੇਣੀ ਚਾਹੀਦੀ ਹੈ। ਜੋ ਇਕ ਜਾਂ ਦੋ ਬੱਚੇ ਤੋਂ ਵੱਧ ਬੱਚੇ ਪੈਦਾ ਕਰਨ, ਸਰਕਾਰ ਨੂੰ ਸੈਮੀਨਾਰ ਲਗਾ ਕੇ ਜਾਗਰੂਕ ਕਰਨਾ ਚਾਹੀਦਾ ਹੈ। ਇਸ ਸੰਬੰਧੀ ਸਰਕਾਰਾਂ ਨੂੰ ਸਖਤ ਤੇ ਠੋਸ ਫੈਸਲੇ ਲੈਣ ਦੀ ਜ਼ਰੂਰਤ ਹੈ।


-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ।


ਵਿਦੇਸ਼ ਜਾਣ ਦੀ ਹੋੜ
ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਵਿਦਿਆਰਥੀਆਂ ਵਿਚ ਆਮ ਕਰਕੇ ਪਲੱਸ ਟੂ ਕਰਨ ਤੋਂ ਮਗਰੋਂ ਵਿਦੇਸ਼ਾਂ ਵਿਚ ਜਾ ਕੇ ਪੜ੍ਹਨ ਦੀ ਸੂਚੀ ਜਨੂੰਨ ਵਾਂਗ ਸਵਾਰ ਹੋ ਚੁੱਕੀ ਹੈ, ਜਿਸ ਦੇ ਨਤੀਜੇ ਵਜੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਨ ਲਈ ਜਾ ਰਹੇ ਹਨ ਅਤੇ ਇਹ ਗਿਣਤੀ ਹੁਣ ਲੱਖਾਂ ਤੱਕ ਜਾ ਪਹੁੰਚੀ ਹੈ। ਫਲਸਰੂਪ 2021 ਵਿਚ 1.50 ਲੱਖ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਨ ਲਈ ਗਏ। ਵਿਦੇਸ਼ਾਂ ਵਿਚ ਜਾਣ ਵਾਲੇ ਨੌਜਵਾਨਾਂ ਦਾ ਮੁੱਖ ਟੀਚਾ ਪੜ੍ਹਾਈ ਨਹੀਂ, ਸਗੋਂ ਖ਼ੁਸ਼ਹਾਲ ਭਵਿੱਖ ਉਥੇ ਪੱਕੇ ਹੋਣਾ ਹੈ, ਪੜ੍ਹਾਈ ਇਕ ਬਹਾਨਾ ਹੈ, ਜਿਸ ਦਾ ਬਹੁਤੇ ਫਾਇਦਾ ਉਠਾ ਰਹੇ ਹਨ, ਪਰ ਕਈ ਵਿਦੇਸ਼ਾਂ ਵਿਚ ਵੀ ਜ਼ਿੰਦਗੀਆਂ ਖਰਾਬ ਕਰਨ ਦੇ ਰਾਹ ਪਏ ਹੋਏ ਹਨ। ਇਸ ਲਈ ਸਰਕਾਰ, ਸਾਡੀਆਂ ਸਮਾਜਿਕ ਸੇਵੀ ਜਥੇਬੰਦੀਆਂ ਤੇ ਵਿਦੇਸ਼ੀ ਦੂਤਾਵਾਸਾਂ ਦਾ ਫ਼ਰਜ਼ ਹੈ ਕਿ ਉਹ ਵਿਦੇਸ਼ਾਂ ਵਿਚ ਪੜ੍ਹਨ ਲਈ ਆਉਣ ਵਾਲੇ ਨੌਜਵਾਨਾਂ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਵਿਦੇਸ਼ਾਂ ਵਿਚ ਰਾਜਧਾਨੀ ਤੇ ਜ਼ਿੰਮੇਵਾਰੀ ਨਾਲ ਵਿਚਰਨ ਲਈ ਜ਼ਰੂਰੀ ਸੇਧ ਤੇ ਅਗਵਾਈ ਦੇਣ ਲਈ ਸੈਮੀਨਾਰਾਂ ਦਾ ਪ੍ਰਬੰਧ ਕਰਨ।


-ਰਮਨਦੀਪ ਕੌਰ
ਜਰਨਲਿਜ਼ਮ ਐਂਡ ਮਲਟੀਮੀਡੀਆ ਤਕਨਾਲੋਜੀ (ਵਿਦਿਆਰਥਣ) ਭਾਗ ਪਹਿਲਾ।


ਵਧ ਰਹੀਆਂ ਲੁੱਟਾਂ-ਖੋਹਾਂ
ਲੁੱਟ-ਖਸੁੱਟ, ਚੋਰੀ-ਚੱਕਾਰੀ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਇਕ ਸ਼ੌਕ ਵਜੋਂ ਪੈਦਾ ਹੋ ਰਹੀ ਹੈ। ਆਏ ਦਿਨ ਸੁਰਖੀਆਂ ਵਿਚ ਹਜ਼ਾਰਾਂ ਤੋਂ ਲੈ ਕੇ ਕਰੋੜਾਂ ਤੱਕ, ਸਾਈਕਲ ਤੋਂ ਲੈ ਕੇ ਕਾਰਾਂ ਤੱਕ ਚੋਰੀ ਹੋਣ ਜਾਂ ਫਿਰ ਨਕਾਬਪੋਸ਼ ਵਿਅਕਤੀਆਂ ਵਲੋਂ ਲੁੱਟੇ ਜਾਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਲੋਕਾਂ ਦਾ ਘਰਾਂ 'ਚ ਰਹਿਣਾ ਤੇ ਘਰਾਂ 'ਚੋਂ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੈ। ਚੋਰੀਆਂ ਕਰਨ ਵਾਲੇ ਐਨੇ ਬੇਖੌਫ਼ ਹੋ ਗਏ ਹਨ ਕਿ ਦਿਨ-ਦਿਹਾੜੇ ਵੀ ਲੋਕਾਂ ਦੇ ਘਰਾਂ 'ਚ ਆ ਵੜਦੇ ਹਨ। ਕਈ ਵਾਰ ਉਨ੍ਹਾਂ ਦੇ ਦਿਮਾਗ 'ਚ ਐਨਾ ਵਹਿਸ਼ੀਪੁਣਾ ਚੜ੍ਹ ਜਾਂਦਾ ਹੈ ਕਿ ਉਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਅਜਿਹੀਆਂ ਵਾਰਦਾਤਾਂ ਦਾ ਮੁੱਖ ਕਾਰਨ ਬੇਰੁਜ਼ਗਾਰੀ ਤੇ ਨਸ਼ੇ ਹਨ। ਬੇਰੁਜ਼ਗਾਰੀ ਦੇ ਮਾਰੇ ਹੋਏ ਲੋਕ ਪੇਟ ਭਰਨ ਲਈ ਅਜਿਹੇ ਕੰਮਾਂ ਦਾ ਸਹਾਰਾ ਲੈਂਦੇ ਹਨ। ਇਸੇ ਦੇ ਨਾਲ ਹੀ ਨਸ਼ੇੜੀ ਨਸ਼ਿਆਂ ਦੀ ਪੂਰਤੀ ਲਈ ਵੱਡੀ ਗਿਣਤੀ ਵਿਚ ਲੁੱਟਾਂ-ਖੋਹਾਂ ਕਰ ਰਹੇ ਹਨ। ਸੋ, ਇਨ੍ਹਾਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਜੀਵਨ ਨਿਰਬਾਹ ਲਈ ਪੈਸੇ ਕਮਾ ਸਕਣ।


-ਰਾਜਿੰਦਰ ਕੌਰ
ਬੀ. ਵੋਕ (ਜਰਨਲਿਜ਼ਮ ਐਂਡ ਮਲਟੀਮੀਡੀਆ ਤਕਨਾਲੋਜੀ) ਭਾਗ-ਪਹਿਲਾ।