JALANDHAR WEATHER

14-06-2024

 ਜ਼ਿੰਦਗੀ ਦੀ ਕੋਈ ਕੀਮਤ ਨਹੀਂ?

ਸਾਡੇ ਦੇਸ਼ ਵਿਚ ਮਨੁੱਖੀ ਜਾਨਾਂ ਏਨੀਆਂ ਸਸਤੀਆਂ ਕਿਉਂ ਹਨ? ਮੁਨਾਫ਼ੇ ਦੇ ਲਾਲਚ 'ਚ ਹਰ ਚੀਜ਼ ਮਹਿੰਗੀ ਹੋ ਗਈ ਹੈ। ਇਸ ਦੇਸ਼ ਵਿਚ ਮਨੁੱਖੀ ਜਾਨਾਂ ਦੀ ਕੋਈ ਕੀਮਤ ਨਹੀਂ ਹੈ। ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਗੈਂਗਵਾਰ 'ਚ ਕਤਲ, ਫਿਰੌਤੀਆਂ ਕਾਰਨ ਕਤਲ, ਨਸ਼ਿਆਂ ਦੀ ਡੋਜ਼ ਨਾਲ ਮੌਤਾਂ ਹੋ ਰਹੀਆਂ ਹਨ। ਅਸੀਂ ਅਖ਼ਬਾਰਾਂ ਵਿਚ ਸਰਸਰੀ ਨਜ਼ਰ ਮਾਰ ਵਰਕਾ ਥੱਲ ਦਿੰਦੇ ਹਾਂ, ਜਦੋਂ ਆਪਣੇ ਘਰ ਦਾ ਜੀਅ, ਸਾਈਂ, ਚਿਰਾਗ ਚਲਾ ਜਾਂਦਾ ਹੈ ਫਿਰ ਦੂਸਰੇ ਦੀ ਪੀੜ ਦਾ ਪਤਾ ਲਗਦਾ ਹੈ। ਵਿਕਸਿਤ ਦੇਸ਼ਾਂ ਵਿਚ ਜੇ ਮਾੜੀ ਜਿਹੀ ਵੀ ਘਟਨਾ ਵਾਪਰਦੀ ਹੈ, ਉਹ ਇਸ ਦਾ ਹੱਲ ਲੱਭਦੇ ਹਨ। ਉਹ ਘਟਨਾ ਹੋਣ ਤੋਂ ਪਹਿਲਾਂ ਹੀ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰਦੇ ਹਨ, ਕੇ ਕੋਈ ਘਟਨਾ ਵਾਪਰੇ ਹੀ ਨਾ। ਹੁਣ ਕੁਦਰਤੀ ਆਫਤਾਂ ਤੇ ਹੜ੍ਹਾਂ ਦੀ ਤਬਾਹੀ ਨੇ ਘਰ ਤਬਾਹ ਕਰ ਕੇ ਰੱਖ ਦਿੱਤੇ ਹਨ। ਜੇ ਵਿਕਸਿਤ ਦੇਸ਼ਾਂ ਵਾਂਗ ਪਹਿਲਾਂ ਹੀ ਕੋਈ ਹੱਲ ਲੱਭੇ ਹੋਣ ਤਾਂ ਇਹ ਘਟਨਾਵਾਂ ਹੀ ਨਾ ਵਾਪਰਨ। ਸਾਡੇ ਦੇਸ਼ ਵਿਚ ਜਦੋਂ ਕੋਈ ਦੁਰਘਟਨਾ ਹੋ ਜਾਂਦੀ ਹੈ, ਫਿਰ ਹੱਲ ਲੱਭਣੇ ਸ਼ੁਰੂ ਹੋ ਜਾਂਦੇ ਹਨ। ਸੌੜੀ ਰਾਜਨੀਤੀ ਚੱਲ ਪੈਂਦੀ ਹੈ। ਨਸ਼ੇ ਦੇ ਸੌਦਾਗਰਾਂ ਤੇ ਮਿਲਾਵਟਖੋਰਾਂ ਨੂੰ ਉਦੋਂ ਸੋਝੀ ਆਵੇਗੀ ਜਦੋਂ ਉਨ੍ਹਾਂ ਦੇ ਆਪਣੇ ਘਰ ਅੱਗ ਲੱਗੇਗੀ। ਇਸ 'ਤੇ ਸਰਕਾਰਾਂ ਨੂੰ ਸੰਜੀਦਗੀ ਨਾਲ ਵਿਚਾਰ ਕਰ ਕੇ ਯੋਗ ਕਾਰਵਾਈ ਕਰਨ ਦੀ ਲੋੜ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ, ਪੰਜਾਬ।

ਕੁਦਰਤੀ ਸਾਧਨਾਂ ਦੀ ਲੁੱਟ

ਯਕੀਨਨ ਸੱਭਿਆਤਾਵਾਂ ਦਾ ਨਿਕਾਸ ਤੇ ਵਿਕਾਸ ਕੁਦਰਤੀ ਵਸੀਲਿਆਂ ਦੀ ਭਰਪੂਰਤਾ 'ਤੇ ਨਿਰਭਰ ਕਰਦਾ ਹੈ। ਕੁਦਰਤੀ ਵਸੀਲਿਆਂ ਨੂੰ ਮਾਨਣ ਤੇ ਹੰਢਾਉਣ ਦਾ ਹੱਕ ਮਨੁੱਖ ਦੇ ਨਾਲ-ਨਾਲ ਧਰਤੀ 'ਤੇ ਰਹਿ ਰਹੇ ਹਰ ਪ੍ਰਾਣੀ ਦੇ ਹਿੱਸੇ ਵੀ ਆਉਂਦਾ ਹੈ। ਪਰ ਤ੍ਰਾਸਦੀ ਸਮਝੋ ਜਾਂ ਸਮੇਂ ਦੀਆਂ ਹਕੂਮਤਾਂ ਦੀ ਬੇਪ੍ਰਵਾਹੀ, ਕੁਦਰਤੀ ਸਾਧਨਾਂ ਦੀ ਲੁੱਟ-ਖਸੁੱਟ ਜੋ ਕਿ ਵਿਕਾਸ ਜਾਂ ਆਧੁਨਿਕੀਕਰਨ ਦੇ ਆਧਾਰ 'ਤੇ ਲਗਾਤਾਰ ਵਰਤਾਰਾ ਕੁਦਰਤੀ ਆਫ਼ਤਾਵਾਂ ਨੂੰ ਬੇਝਿਜਕ ਸੱਦਾ ਦੇਣਾ ਹੈ। ਸਾਡੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਰ ਵੀ ਅਸੰਤੁਲਿਤ ਤੇ ਭਿਆਨਕ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇ ਅਸੀਂ ਸਮਾਂ ਰਹਿੰਦਿਆਂ ਕੋਈ ਠੋਸ ਉਪਰਾਲੇ ਨਾ ਕੀਤੇ। ਪਰ ਫਿਰ ਵੀ ਅਸੀਂ ਹਰ ਲਿਹਾਜ ਨਾਲ ਕੁਦਰਤੀ ਸੰਤੁਲਨ ਦੇ ਵਿਗਾੜ ਦਾ ਕਾਰਨ ਬਣਦੇ ਜਾ ਰਹੇ ਹਾਂ ਤੇ ਸਰਕਾਰਾਂ ਨੇ ਵੀ ਇਸ ਪ੍ਰਤੀ ਆਪਣੇ ਚੋਣ ਏਜੰਡੇ ਵਿਚ ਕੋਈ ਤਰਜੀਹ ਨਹੀਂ ਦਿੱਤੀ। ਵਾਕਿਆ ਹੀ ਪੂਰਨ ਚੰਦ ਸਰੀਨ ਦੇ ਲੇਖ 'ਜੇਕਰ ਧਨ ਕਬੇਰਾਂ ਤੇ ਸੱਤਾ 'ਚ ਗੰਢ-ਤੁੱਪ ਹੈ ਤਾਂ ਕੁਝ ਵੀ ਹੋ ਸਕਦਾ ਹੈ' ਤੱਥਾਂ 'ਤੇ ਆਧਾਰਿਤ ਆਪਣੀ ਰਿਪੋਰਟ ਪੇਸ਼ ਕੀਤੀ ਹੈ ਕਿ ਬਹੁਗਿਣਤੀ ਆਦਿਵਾਸੀ ਇਲਾਕੇ ਝਾਰਖੰਡ ਵਿਚ ਕੁਦਰਤੀ ਸਾਧਨਾਂ ਦੀ ਭਰਮਾਰ ਹੋਣ ਕਰਕੇ 295 ਹੈਕਟੇਅਰ ਜ਼ਮੀਨ ਪਾਵਰ ਪਲਾਂਟ ਲਈ ਲੋੜੀਂਦੀ ਹੈ, ਜੋ ਕਿ ਇਸ ਵਕਤ ਤਕਰੀਬਨ 50 ਲੱਖ ਲੋਕਾਂ ਦੇ ਰੁਜ਼ਗਾਰ 'ਤੇ ਨਿਰਭਰਤਾ ਨਾਲ ਜੁੜੀ ਹੋਈ ਹੈ। ਇਸ ਪਾਵਰ ਪਲਾਂਟ 'ਤੇ ਆਧਾਰਿਤ ਗੁਆਂਢੀ ਦੇਸ਼ ਬੰਗਲਾਦੇਸ਼ ਨੂੰ ਬਿਜਲੀ ਦੇਣ ਦਾ ਕਰਾਰ ਵੀ ਹੋ ਗਿਆ ਹੈ। ਇਹ ਕਿਥੋਂ ਤੱਕ ਸਹੀ ਹੈ ਕਿ ਕੁਦਰਤੀ ਵਸੀਲਿਆਂ ਦੇ ਉਜਾੜ ਦੇ ਨਾਲ-ਨਾਲ ਆਮ ਲੋਕਾਂ ਦੀ ਟੈਕਸ ਵਸੂਲੀ 'ਤੇ ਕਰਜ਼ ਦੇ ਰੂਪ ਵਿਚ ਦਿੱਤਾ ਧਨ ਸਾਡਾ ਤੇ ਫਾਇਦਾ ਗੁਆਂਢੀ ਦੇਸ਼ ਦਾ। ਮਤਲਬ ਪੈਸੇ ਦੀ ਚਮਕ-ਦਮਕ ਪਿਛੇ ਬਾਕੀ ਸਭ ਫਿੱਕਾ ਭਾਵੇਂ ਉਹ ਧਨਾਢ ਲੋਕਾਂ ਦੀ ਆਪਣੇ ਐਸ਼ੋ-ਆਰਾਮ ਪ੍ਰਤੀ ਬੇਫਜ਼ੂਲ ਖਰਚੀ ਹੋਵੇ ਜਾਂ ਫਿਰ ਸਰਕਾਰ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਕਰਜ਼ਾ ਮੁਆਫ਼ੀ। ਦੂਜੇ ਪਾਸੇ ਆਮ ਜਨਤਾ ਦੀ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਵੀ ਰਾਹਤ ਦਾ ਨਾ ਮਿਲਣਾ ਤੇ ਬੇਦੋਸ਼ੇ ਕਤਲੇਆਮ ਕਰਨ ਵਾਲੇ ਲਈ ਖੁੱਲ੍ਹਾ ਵੋਟ ਬੈਂਕ ਤੇ ਲੋਕਤੰਤਰਿਕ ਵਿਵਸਥਾ ਦਾ ਹੋਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਬਿਲਕੁਲ ਪੈਸਾ ਤੇ ਸੱਤਾ ਦੇ ਆਧਾਰ 'ਤੇ ਨਾਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ।

-ਕੰਵਲਪ੍ਰੀਤ ਕੌਰ ਥਿੰਦ ਝੰਡ
ਮਾਝਾ ਈਕੋ ਕਲੱਬ ਇੰਚਾਰਜ।