JALANDHAR WEATHER

17-06-2024

 ਆਓ ਵਾਤਾਵਰਨ ਬਚਾਈਏ
ਬੰਗਲੌਰ ਤੋਂ ਬਾਅਦ ਹੁਣ ਦਿੱਲੀ ਵਿਚ ਪੀਣ ਵਾਲੇ ਪਾਣੀ ਦੀ ਕਮੀ ਅਤੇ ਦਿਨੋ-ਦਿਨ ਵਧ ਰਹੀ ਆਲਮੀ ਤਪਸ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲਗਾਤਾਰ ਮਨੁੱਖੀ ਕਾਰਵਾਈਆਂ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਕੇ ਧਰਤੀ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਰਹੀਆਂ ਹਨ। ਗੱਲ ਚਾਹੇ ਫਸਲਾਂ 'ਤੇ ਕੀਤੇ ਜਾ ਰਹੇ ਕੀਟਨਾਸ਼ਕਾਂ ਦੀ ਹੋਵੇ, ਜੰਗਲਾਂ ਦੀ ਕਟਾਈ ਜਾਂ ਫਿਰ ਘਰਾਂ ਵਿਚ ਚੱਲਣ ਵਾਲੇ ਏ.ਸੀ. ਅਤੇ ਰੈਫਰੀਜਰੇਟਰਾਂ ਦੀ ਇਨ੍ਹਾਂ ਸਾਰਿਆਂ ਨੇ ਹੀ ਵਾਤਾਵਰਨ ਨੂੰ ਪਲੀਤ ਕੀਤਾ ਹੈ।
ਮਨੁੱਖ ਦੇ ਵਧ ਰਹੇ ਲਾਲਚ ਨੇ ਉਸ ਨੂੰ ਅੰਨ੍ਹੇ ਕਰਕੇ ਪੈਸੇ ਦੀ ਦਲਦਲ ਵਿਚ ਇਸ ਤਰ੍ਹਾਂ ਧਕੇਲ ਦਿੱਤਾ ਹੈ, ਜਿਥੋਂ ਉਹ ਵਾਪਸ ਮੁੜਨਾ ਵੀ ਚਾਹੇ ਤਾਂ ਮੁਸ਼ਕਿਲ ਹੀ ਜਾਪਦਾ ਹੈ। ਉਂਜ ਤਾਂ ਵਾਤਾਵਰਨ ਨੂੰ ਬਚਾਉਣ ਦੀਆਂ, ਧਰਤੀ ਹੇਠਲੇ ਪਾਣੀ ਨੂੰ ਸੁਰੱਖਿਅਤ ਕਰਨ ਦੀਆਂ ਅਤੇ ਰੁੱਖਾਂ ਨੂੰ ਲਗਾਉਣ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ, ਵਚਨ ਦਿੱਤੇ ਜਾਂਦੇ ਹਨ, ਕੌਲ ਕਰਾਰ ਕੀਤੇ ਜਾਂਦੇ ਹਨ, ਪ੍ਰੰਤੂ ਇਹ ਕੌਲ ਨਿਭਾਏ ਨਹੀਂ ਜਾਂਦੇ। ਮਨੁੱਖ ਦੇ ਦਿਮਾਗ ਵਿਚ ਇਹ ਵਹਿਮ ਹੈ ਕਿ ਸ਼ਾਇਦ ਵਾਤਾਵਰਨ ਨੂੰ ਬਚਾਉਣ ਲਈ ਕੋਈ ਮੰਗਲ ਗ੍ਰਹਿ ਤੋਂ ਏਲੀਅਨ ਉਤਰੇਗਾ। ਉਸ ਨੂੰ ਇਹ ਯਕੀਨਨ ਪਤਾ ਨਹੀਂ ਕਿਵੇਂ ਹੋਵੇਗਾ ਕਿ ਇਹ ਧਰਤੀ, ਇਹ ਪੌਣ ਪਾਣੀ, ਇਹ ਜੀਵ-ਜੰਤੂ ਜੋ ਖ਼ਤਮ ਹੋਣ ਦੀ ਕੰਗਾਰ 'ਤੇ ਪਹੁੰਚ ਚੁੱਕੇ ਹਨ, ਉਨ੍ਹਾਂ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਹੀ ਜ਼ਿੰਮੇਵਾਰੀ ਹੈ। ਸਾਡੀ ਜਾਨ ਫਿਰ ਹੀ ਸੁਰੱਖਿਅਤ ਰਹੇਗੀ ਜੇਕਰ ਅਸੀਂ ਧਰਤੀ ਦੇ ਫੇਫੜੇ ਵਜੋਂ ਜਾਣੇ ਜਾਂਦੇ ਪੁਰਾਣੇ ਰੁੱਖਾਂ ਦੀ ਸਾਂਭ-ਸੰਭਾਲ ਅਤੇ ਨਵੇਂ ਰੁੱਖਾਂ ਨੂੰ ਲਗਾਉਣ ਲਈ ਉਪਰਾਲੇ ਕਰਾਂਗੇ।
ਸਾਨੂੰ ਸਾਰਿਆਂ ਨੂੰ ਅੱਜ ਤੋਂ ਵਾਤਾਵਰਨ ਪੱਖੀ ਕਾਰਵਾਈਆਂ ਕਰਦੇ ਹੋਏ ਵਾਤਾਵਰਨ ਬਚਾਉਣ, ਭਵਿੱਖ ਬਚਾਓ ਮੁਹਿੰਮ ਸ਼ੁਰੂ ਕਰਕੇ ਇਸ ਨੂੰ ਜਨ-ਅੰਦੋਲਨ ਬਣਾਉਣਾ ਹੋਵੇਗਾ, ਤਾਂ ਜੋ ਧਰਤੀ 'ਤੇ ਮਨੁੱਖ ਦੀ ਹੋਂਦ ਬਰਕਰਾਰ ਰੱਖੀ ਜਾ ਸਕੇ।


-ਰਜਵਿੰਦਰ ਪਾਲ ਸ਼ਰਮਾ


ਆਨਲਾਈਨ ਠੱਗਾਂ ਤੋਂ ਬਚ ਕੇ
ਅੱਜਕਲ੍ਹ ਸੋਸ਼ਲ ਮੀਡੀਆ 'ਤੇ ਕੁਝ ਠੱਗ ਕਿਸਮ ਦੇ ਲੋਕਾਂ ਨੇ ਫ਼ਰਜ਼ੀ ਅਕਾਊਂਟ ਬਣਾ ਕੇ ਲੋਕਾਂ ਤੋਂ ਦਾਨ ਦੇ ਨਾਂਅ 'ਤੇ ਪੈਸੇ ਮੰਗਣ ਦਾ ਕੰਮ ਚਲਾ ਰੱਖਿਆ ਹੈ। ਇਹ ਆਨਲਾਈਨ ਪੈਸੇ ਮੰਗਣ ਵਾਲੇ ਠੱਗਾਂ ਦਾ ਗਰੋਹ ਕਾਫੀ ਸਮੇਂ ਤੋਂ ਲੋਕਾਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਫ਼ਰਜ਼ੀ ਤਸਵੀਰਾਂ ਪਾ ਕੇ ਪੈਸੇ ਦੀ ਮੰਗ ਕਰਦਾ ਰਹਿੰਦਾ ਹੈ। ਇਹ ਆਨਲਾਈਨ ਠੱਗ ਕਦੀ ਕਿਸੇ ਦੀ ਕਦੀ ਕਿਸੇ ਦੀ ਫੋਟੋ ਲਗਾ ਕੇ ਕਹਿ ਰਹੇ ਹਨ ਕਿ ਇਹ ਇਨਸਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਨੂੰ ਪੈਸੇ ਦੀ ਬਹੁਤ ਜ਼ਰੂਰਤ ਹੈ, ਇਸ ਦੀ ਮਦਦ ਕਰੋ। ਇਹ ਠੱਗ ਪੈਸੇ ਲੈਣ ਲਈ ਗੂਗਲ ਪੇ, ਬੈਂਕ ਖਾਤਾ ਨੰਬਰ ਅਤੇ ਹੋਰ ਕਈ ਤਰ੍ਹਾਂ ਦੇ ਪੈਸੇ ਪਾਉਣ ਲਈ ਆਪਣੇ ਫ਼ਰਜ਼ੀ ਨੰਬਰ ਦੇ ਰਹੇ ਹਨ। ਇਹ ਆਨਲਾਈਨ ਠੱਗ ਦਾਨੀ ਸੱਜਣਾਂ ਵਲੋਂ ਪਾਇਆ ਪੈਸਾ ਇਕੱਠਾ ਕਰਕੇ ਨਸ਼ਾ ਅਤੇ ਮੌਜਮਸਤੀ ਕਰਦੇ ਹਨ।
ਸਾਡੀ ਸਾਰੇ ਹੀ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਵੀ ਲੋੜਵੰਦ ਨੂੰ ਆਨਲਾਈਨ ਦਾਨ ਦੇਣ ਤੋਂ ਪਹਿਲਾਂ ਉਸ ਬਾਰੇ ਪੂਰਾ ਪਤਾ ਜ਼ਰੂਰ ਕਰ ਲਿਆ ਕਰੋ ਕਿ ਸਾਡਾ ਦਿੱਤਾ ਪੈਸਾ ਸਹੀ ਲੋੜਵੰਦ ਤੱਕ ਪੁੱਜ ਰਿਹਾ ਹੈ। ਲੋੜਵੰਦ ਦੀ ਮਦਦ ਕਰਨਾ ਸਾਡਾ ਸਭ ਦਾ ਫ਼ਰਜ਼ ਹੈ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਆਨਲਾਈਨ ਠੱਗਾਂ ਬਾਰੇ ਕ੍ਰਾਈਮ ਅਤੇ ਸਾਈਬਰ ਸੈੱਲ ਅਤੇ ਹੋਰ ਵਿੰਗਾਂ ਤੋਂ ਪੂਰਾ ਪਤਾ ਲਗਾ ਕੇ ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।


-ਗੁਰਤੇਜ ਸਿੰਘ ਖੁਡਾਲ
ਗਲੀ ਨੰ: 11, ਭਾਗੂ ਰੋਡ, ਬਠਿੰਡਾ।


ਜੰਗਲਾਂ ਦੀ ਅੱਗ
ਹਰ ਵਾਰ ਗਰਮੀਆਂ ਦੀ ਰੁੱਤ ਆਉਂਦੇ ਹੀ ਹਿਮਾਚਲ, ਉੱਤਰਾਖੰਡ ਅਤੇ ਹੋਰ ਪਹਾੜੀ ਰਾਜਾਂ ਵਿਚ ਅੱਗਾਂ ਲੱਗਣ ਦੀਆਂ ਘਟਨਾਵਾਂ ਵਿਚ ਵਾਧਾ ਹੋ ਜਾਂਦਾ ਹੈ। ਇਨ੍ਹਾਂ ਅੱਗਾਂ ਦਾ ਕਾਰਨ ਵਧੇਰੇ ਕਰਕੇ ਵਧਦੀ ਗਰਮੀ ਹੀ ਦੱਸਿਆ ਜਾਂਦਾ ਹੈ ਜਦਕਿ ਇਨ੍ਹਾਂ ਅੱਗਾਂ ਲੱਗਣ ਦਾ ਕਾਰਨ ਵਧੇਰੇ ਕਰਕੇ ਮਨੁੱਖੀ ਹੀ ਹੁੰਦਾ ਹੈ। ਸਰਕਾਰ ਵਲੋਂ ਚਲਾਈਆਂ ਗਈਆਂ ਇਨਕੁਆਰੀਆਂ ਅੱਜ ਤੱਕ ਫਾਈਲਾਂ ਵਿਚ ਹੀ ਬੰਦ ਹਨ। ਕਈ ਵਾਰ ਹਿਮਾਚਲ ਜਾਂਦੇ ਸਾਨੂੰ ਇਨ੍ਹਾਂ ਅੱਗਾਂ ਲੱਗਣ ਦਾ ਕਾਰਨ ਆਪਣੇ ਆਪ ਸਮਝ ਆ ਜਾਂਦਾ ਹੈ ਕਿਉਂਕਿ ਹਿਮਾਚਲ ਵਲੋਂ ਰੋਜ਼ਾਨਾ ਸੈਂਕੜੇ ਗੱਡੀਆਂ ਲੱਕੜ ਦੀਆਂ ਭਰ ਕੇ ਪੰਜਾਬ ਜਾਂ ਹੋਰ ਰਾਜਾਂ ਵੱਲ ਦੌੜੀਆਂ ਜਾਂਦੀਆਂ ਸਵੇਰੇ-ਸਵੇਰੇ ਆਮ ਦੇਖੀਆਂ ਜਾ ਸਕਦੀਆਂ ਹਨ।
ਲੱਕੜ ਤਸਕਰਾਂ ਵਲੋਂ ਜੰਗਲਾਂ ਨੂੰ ਕੱਟ-ਕੱਟ ਕੇ ਉਨ੍ਹਾਂ ਦੀ ਲੱਕੜ ਮਹਿੰਗੇ ਭਾਅ ਵੇਚੀ ਜਾਂਦੀ ਹੈ। ਸਰਕਾਰ ਵਲੋਂ ਇਨ੍ਹਾਂ ਲੋਕਾਂ ਨੂੰ ਬਹੁਤ ਥੋੜ੍ਹੇ ਰੁੱਖ ਜਿਹੜੇ ਨੁਕਸਾਨ ਪਹੁੰਚਾ ਰਹੇ ਹੁੰਦੇ ਹਨ, ਨੂੰ ਕੱਟਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰ ਮਿਲੀਭੁਗਤ ਕਰ ਕੇ ਇਹ ਤਸਕਰ ਸੈਂਕੜਿਆਂ ਦੇ ਹਿਸਾਬ ਨਾਲ ਰੁੱਖਾਂ ਦੀ ਕਟਾਈ ਕਰ ਦਿੰਦੇ ਹਨ ਜਾਂ ਇਕ ਜੰਗਲ 'ਚੋਂ ਹਜ਼ਾਰਾਂ ਹੀ ਰੁੱਖ ਵੱਢ ਲਏ ਜਾਂਦੇ ਹਨ ਅਤੇ ਬਾਅਦ ਵਿਚ ਇਨ੍ਹਾਂ ਜੰਗਲਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਕਿ ਇਨ੍ਹਾਂ ਦਾ ਇਹ ਕਾਲਾ ਧੰਦਾ ਸਫ਼ੈਦ ਸਾਬਿਤ ਹੋ ਜਾਵੇ। ਦੂਜੇ ਪਾਸੇ ਇਨ੍ਹਾਂ ਜੰਗਲਾਂ ਦੀ ਅੱਗ ਕਰਕੇ ਵਧੇਰੇ ਜੀਵ-ਜੰਤੂ ਵੀ ਅਜਾਈਂ ਮੌਤ ਮਾਰੇ ਜਾਂਦੇ ਹਨ। ਇਸ ਸੰਬੰਧ ਵਿਚ ਸਰਕਾਰੀ ਕਰਮਚਾਰੀਆਂ ਦੀ ਮਿਲੀਭਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਨੂੰ ਇਸ ਸਾਰੀ ਚੀਜ਼ ਦਾ ਪਤਾ ਹੁੰਦਾ ਹੈ ਪਰ ਕੁਝ ਕੁ ਰੁਪਏ ਲੈ ਕੇ ਉਹ ਆਪਣਾ ਮੂੰਹ ਬੰਦ ਕਰ ਦਿੰਦੇ ਹਨ। ਸੋ, ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਜੰਗਲਾਂ ਨੂੰ ਆਮ ਹੀ ਅੱਗ ਨਾ ਲਗਾਈ ਜਾ ਸਕੇ।


-ਅਸ਼ੀਸ਼ ਸ਼ਰਮਾ
ਜਲੰਧਰ।


ਮੁਸ਼ਕਿਲਾਂ ਦਾ ਡਟ ਕੇ ਮੁਕਾਬਲਾ ਕਰੋ
ਮਨੁੱਖ ਦੇ ਜਨਮ ਦੇ ਸਮੇਂ ਤੋਂ ਹੀ ਸੰਸਾਰਕ ਯਾਤਰਾ ਸ਼ੁਰੂ ਹੋ ਜਾਂਦੀ ਹੈ। ਇਸ ਸੰਸਾਰਕ ਯਾਤਰਾ ਸ਼ੁਰੂ ਹੋਣ ਦੌਰਾਨ ਹੀ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਦੇ ਹਨ। ਸਾਡੀ ਜ਼ਿੰਦਗੀ ਇਸ ਫੁਲਵਾੜੀ ਵਿਚ ਦੁੱਖ-ਸੁੱਖ ਨਾਂਅ ਦੇ ਦੋ ਫੁੱਲ ਖਿੜ੍ਹਦੇ ਹਨ। ਜ਼ਿੰਦਗੀ ਵਿਚ ਦੁੱਖ ਵੀ ਆਉਂਦੇ ਹਨ ਅਤੇ ਸੁੱਖ ਵੀ। ਸਾਡੀ ਜ਼ਿੰਦਗੀ ਦੇ ਦੁੱਖ-ਸੁੱਖ ਇਕੋ ਸਿੱਕੇ ਦੇ ਦੋ ਪਹਿਲੂ ਹੀ ਹਨ। ਜ਼ਿੰਦਗੀ ਵਿਚ ਵਿਚਰਦਿਆਂ ਸਾਨੂੰ ਦੁੱਖਾਂ, ਤਕਲੀਫਾਂ, ਮੁਸ਼ਕਿਲਾਂ, ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਕਰਕੇ ਕਈ ਲੋਕ ਜ਼ਿੰਦਗੀ ਵਿਚ ਆਈਆਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਦੇ, ਸਗੋਂ ਆਈਆਂ ਮੁਸ਼ਕਿਲਾਂ ਨੂੰ ਲੋਕ ਬੋਝ ਬਣਾ ਲੈਂਦੇ ਹਨ। ਪਰ ਜੇਕਰ ਮਨੁੱਖ ਉੱਪਰ ਕੋਈ ਮੁਸ਼ਕਿਲ ਜਾਂ ਦੁੱਖ ਆ ਗਿਆ ਹੈ ਤਾਂ ਉਸ ਦੇ ਬਾਰੇ ਵਿਚ ਜ਼ਿਆਦਾ ਨਹੀਂ ਸੋਚਣਾ ਚਾਹੀਦਾ, ਸਗੋਂ ਉਸ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਉਸ ਮੁਸ਼ਕਿਲ ਨੂੰ ਹੱਲ ਕਰਨਾ ਚਾਹੀਦਾ ਹੈ।
ਇਸ ਲਈ ਸਕਾਰਾਤਮਿਕ ਸੋਚ ਨੂੰ ਅਪਣਾਉਣਾ ਚਾਹੀਦਾ ਹੈ। ਕਈ ਮਨੁੱਖ ਛੋਟੀ ਜਿਹੀ ਮੁਸ਼ਕਿਲ ਆਉਣ 'ਤੇ ਹੀ ਉਸ ਨੂੰ ਵੱਡੀ ਬਣਾ ਕੇ ਢੇਰੀ ਢਾਹ ਕੇ ਬੈਠ ਜਾਂਦੇ ਹਨ। ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਸਾਡੀ ਜ਼ਿੰਦਗੀ ਵਿਚ ਖੁਸ਼ਹਾਲੀ ਹੈ ਤਾਂ ਕਈ ਵਾਰ ਦੁੱਖਾਂ-ਤਕਲੀਫਾਂ ਤੇ ਮੁਸ਼ਕਿਲਾਂ ਵੀ ਨਾਲ ਆ ਹੀ ਜਾਂਦੀਆਂ ਹਨ। ਇਸ ਲਈ ਸਾਨੂੰ ਮੁਸ਼ਕਿਲਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।


-ਸੁਖਮੰਦਰ ਪੁੰਨੀ
ਪਿੰਡ ਘੱਟਿਆਂ ਵਾਲੀ ਜੱਟਾਂ।