16-06-2024
ਪਾਪਾ, ਵੀ ਆਰ ਫਰੈਂਡ ਯਾਰ!
ਸੰਪਾਦਕ : ਅਨੇਮਨ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 650 ਰੁਪਏ, ਸਫ਼ੇ : 304
ਸੰਪਰਕ : 98720-92101
ਅਨੇਮਨ ਸਿੰਘ ਪੰਜਾਬੀ ਕਹਾਣੀ ਵਿਚ ਜ਼ਿਕਰਯੋਗ ਨਾਂਅ ਹੈ। ਉਸ ਨੇ 4 ਮੌਲਿਕ ਕਿਤਾਬਾਂ ਤੋਂ ਇਲਾਵਾ ਸੰਪਾਦਨਾ (4), ਸਹਿ ਸੰਪਾਦਨਾ (3) ਅਤੇ ਅਨੁਵਾਦ (4) ਦੇ ਖੇਤਰ ਵਿਚ ਵੀ ਚੰਗਾ ਕੰਮ ਕੀਤਾ ਹੈ। ਉਸ ਦੀ ਇਕ ਕਹਾਣੀ ਤੇ ਫ਼ਿਲਮ ਵੀ ਬਣ ਰਹੀ ਹੈ। ਸਮੀਖਿਆ ਅਧੀਨ ਕਿਤਾਬ ਵਿਚ ਪਿਤਾ 'ਤੇ ਕੇਂਦਰਿਤ 31 ਕਹਾਣੀਆਂ ਹਨ ਅਤੇ ਇਨ੍ਹਾਂ ਕਹਾਣੀਆਂ ਨੂੰ ਸੰਪਾਦਕ ਨੇ ਲੇਖਕਾਂ ਦੇ ਨਾਂਅ (ੳ, ਅ, ੲ ਕ੍ਰਮ) ਅਨੁਸਾਰ ਤਰਤੀਬ ਦਿੱਤੀ ਹੈ। ਇਸ ਸੰਗ੍ਰਹਿ ਵਿਚਲੇ ਸਾਰੇ ਹੀ ਕਥਾਕਾਰ ਇਸ ਖੇਤਰ ਦੇ ਥੰਮ੍ਹ ਹਨ, ਜਿਨ੍ਹਾਂ ਨੇ ਪਿਤਾ ਨੂੰ ਕੇਂਦਰ ਵਿਚ ਰੱਖ ਕੇ ਵੱਖ-ਵੱਖ ਵਿਸ਼ਿਆਂ ਤੇ ਕਹਾਣੀ-ਸਿਰਜਣਾ ਕੀਤੀ ਹੈ। ਇਹ ਕਥਾਕਾਰ ਕੁਝ ਯੁਵਾ ਹਨ, ਕੁਝ ਸਥਾਪਤ। ਕੁਝ ਪੁਰਸਕਾਰ ਜੇਤੂ ਹਨ, ਕੁਝ ਪਰਵਾਸੀ। ਮੈਨੂੰ ਇਸ ਵਿਚੋਂ ਕੋਈ ਵੀ ਕਹਾਣੀਕਾਰ ਅਜਿਹਾ ਨਹੀਂ ਮਿਲਿਆ ਜਿਹੜਾ ਅਸਲੋਂ ਹੀ ਅਣਗੌਲਿਆ ਹੋਵੇ। ਇਸ ਲਈ ਇਕ-ਦੋ ਕਹਾਣੀਕਾਰਾਂ ਦਾ ਨਾਂਅ ਲੈ ਕੇ ਦੂਜਿਆਂ ਦੀ ਅਵਹੇਲਨਾ ਕਰਨਾ ਸ਼ੋਭਨੀਕ ਨਹੀਂ ਹੈ। ਕੁਝ ਕਥਾਕਾਰਾਂ ਦੀਆਂ ਕਹਾਣੀਆਂ ਕਿਸੇ ਨਾ ਕਿਸੇ ਯੂਨੀਵਰਸਿਟੀ ਸਿਲੇਬਸ ਦਾ ਹਿੱਸਾ ਵੀ ਹਨ। ਅਨੇਮਨ ਨੇ ਇਸ ਪੁਸਤਕ ਦੀ ਸੰਖਿਪਤ ਭੂਮਿਕਾ ਵਿਚ ਮਾਪਿਆਂ, ਵਿਸ਼ੇਸ਼ ਕਰਕੇ ਪਿਤਾ ਦੇ ਯੋਗਦਾਨ ਨੂੰ ਅੰਕਿਆ ਹੈ। ਸੰਪਾਦਕ ਨੇ ਖਾਸ ਤੌਰ 'ਤੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਹੈ ਕਿ ਜੇ ਸਾਡੇ ਮਾਪੇ ਬਿਰਧ ਆਸ਼ਰਮਾਂ ਵਿਚ ਰੁਲਣ ਲਈ ਮਜਬੂਰ ਹਨ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਆਪਣਾ ਬੁਢਾਪਾ ਵੀ ਦਾਅ 'ਤੇ ਲੱਗਿਆ ਹੋਇਆ ਹੈ। ਜਿਵੇਂ ਪਿਤਾ ਧੀ ਲਈ ਉਸ ਦੇ ਜੀਵਨ ਵਿਚ ਆਉਣ ਵਾਲਾ ਪਹਿਲਾ ਹੀਰੋ ਹੁੰਦਾ ਹੈ, ਉਸੇ ਤਰ੍ਹਾਂ ਪੁੱਤਰ ਲਈ ਪਹਿਲਾ ਦੋਸਤ ਹੁੰਦਾ ਹੈ। ਸੰਪਾਦਕ ਨੇ ਇਨ੍ਹਾਂ ਕਹਾਣੀਆਂ ਦੀ ਚੋਣ ਕਰਨ ਵੇਲੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਹੈ ਕਿ ਸੰਤਾਨ ਦੇ ਜੀਵਨ ਵਿਚ ਪਿਤਾ ਵਲੋਂ ਨਿਭਾਈ ਭੂਮਿਕਾ ਆਪਣੀ ਸਮੁੱਚਤਾ ਸਮੇਤ ਉੱਭਰ ਕੇ ਪ੍ਰਸਤੁਤ ਹੋਵੇ। ਅਨੇਮਨ ਨੂੰ ਇਸ ਵੱਡਆਕਾਰੀ ਪੁਸਤਕ ਅਤੇ ਇਕੋ ਵਿਸ਼ੇ ਦੀਆਂ ਕਹਾਣੀਆਂ ਇਕੱਠੀਆਂ ਕਰਨ ਲਈ ਖ਼ੂਬ ਮਿਹਨਤ ਕਰਨੀ ਪਈ ਹੈ, ਜਿਸ ਲਈ ਉਸ ਨੂੰ ਦਾਦ ਦੇਣੀ ਬਣਦੀ ਹੈ। ਪਿਤਾ ਦੇ ਵੱਖ-ਵੱਖ ਰੰਗਾਂ ਰੂਪਾਂ ਨੂੰ ਚਿੱਤਰਦੀਆਂ ਇਸ ਪੁਸਤਕ ਦੀਆਂ ਸਾਰੀਆਂ ਕਹਾਣੀਆਂ ਜ਼ਿੰਦਗੀ ਵਿਚ ਪਿਤਾ ਦੇ ਮਹੱਤਵ, ਲੋੜ, ਮੁਸ਼ੱਕਤ, ਜ਼ਿੰਮੇਵਾਰੀ, ਵੰਗਾਰ, ਸੀਮਾ, ਸੰਭਾਵਨਾ ਆਦਿ ਪਹਿਲੂਆਂ ਦੀ ਬੇਬਾਕੀ ਨਾਲ ਨਿਸ਼ਾਨਦੇਹੀ ਕਰਨ ਦੇ ਸਮਰੱਥ ਹਨ। ਅੰਤਿਕਾ ਵਿਚ ਜੇ ਸਾਰੇ ਕਹਾਣੀਕਾਰਾਂ ਦਾ ਸੰਖਿਪਤ ਪਰਿਚੈ, ਪਤਾ, ਫੋਟੋ ਦੇ ਦਿੱਤੀ ਜਾਂਦੀ ਤਾਂ ਸੋਨੇ 'ਤੇ ਸੁਹਾਗਾ ਹੋਣਾ ਸੀ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਜਦੋਂ ਦੀਵੇ ਸੂਰਜ ਬਣਨਗੇ...!
ਲੇਖਕ : ਸਰਬਜੀਤ ਉੱਖਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 102
ਸੰਪਰਕ : 94650-27799
ਹਥਲੀ ਪੁਸਤਕ ਦੇ ਲੇਖਕ ਵਿਵੇਕਪੂਰਨ ਸੋਚ ਸਦਕਾ ਉਸ ਦਾ ਨਜ਼ਰੀਆ ਵਿਗਿਆਨਕ ਤੇ ਪਰਪੱਕ ਹੋਇਆ ਹੈ। ਉਹ ਸਮਾਜਿਕ ਕਾਰਕੁੰਨ ਵਜੋਂ ਆਪਣਾ ਨਾਂਅ ਸਥਾਪਿਤ ਕਰ ਚੁੱਕਿਆ ਹੈ ਅਤੇ ਇਕ ਪ੍ਰਗਤੀਵਾਦੀ ਲੇਖਕ ਵਜੋਂ ਵੀ ਸਥਾਪਿਤ ਹੁੰਦਾ ਨਜ਼ਰੀ ਪੈਂਦਾ ਹੈ।' ਜਦੋਂ ਦੀਵੇ ਸੂਰਜ ਬਣਨਗੇ' ਉਸ ਦੀ ਚੌਥੀ ਮੌਲਿਕ ਪੁਸਤਕ ਹੈ ਉਸ ਦੀ ਲੇਖਣੀ ਤੇ ਸੋਚ 'ਚ ਪਰਪੱਕਤਾ ਝਲਕਦੀ ਹੈ। ਪਹਿਲੀਆਂ ਤਿੰਨ ਪੁਸਤਕਾਂ ਵਹਿਮਾਂ-ਭਰਮਾਂ ਅਤੇ ਭ੍ਰਿਸ਼ਟ ਸਿਆਸੀ ਤੰਤਰ ਦੇ ਵਿਰੁੱਧ ਲੋਕ-ਲਾਮਬੰਦੀ 'ਤੇ ਸੇਧਿਤ ਸਨ। ਪੁਸਤਕ 'ਜਦੋਂ ਦੀਵੇ ਸੂਰਜ ਬਣਨਗੇ' ਵਿਚ ਉਸ ਨੇ ਮੁੱਢ-ਕਦੀਮ ਤੋਂ ਲੈ ਕੇ ਅਜੋਕੇ ਦੌਰ ਤੱਕ, ਮਨੁੱਖੀ ਦੁਸ਼ਵਾਰੀਆਂ ਦੀ ਪਛਾਣ, ਕਾਰਨ ਅਤੇ ਇਨ੍ਹਾਂ ਦੇ ਇਲਾਜ ਵੱਲ ਆਪਣੀ ਕਲਮ ਦਾ ਮੂੰਹ ਮੋੜਿਆ ਹੈ। ਲੇਖਕ ਨੂੰ ਆਪਣੇ ਹਮਵਤਨੀਆਂ ਦੀ ਸਮਾਜਿਕ ਮੰਦਹਾਲੀ ਦੀ ਫ਼ਿਕਰਮੰਦੀ ਹੈ। ਉਹ ਸਮਾਜਿਕ ਬੁਰਾਈਆਂ, ਅੰਧ-ਵਿਸ਼ਵਾਸਾਂ, ਵਕਤ ਵਿਹਾਅ ਚੁੱਕੇ ਰੀਤੀ-ਰਿਵਾਜਾਂ ਵਿਰੁੱਧ ਆਪਣੀ ਜੱਦੋ-ਜਹਿਦ ਜਾਰੀ ਰੱਖਦਾ ਹੈ। ਉੱਥੇ ਹੀ ਅਖੌਤੀ ਆਧੁਨਿਕੀਕਰਨ 'ਚੋਂ ਉਪਜੀਆਂ ਬੁਰਾਈਆਂ ਜਿਵੇਂ ਕਿ ਸ਼ੋਰ-ਪ੍ਰਦੂਸ਼ਣ ਵਰਗੇ ਵਿਕਾਰਾਂ ਨੂੰ ਦੂਰ ਕਰਨ ਲਈ ਪ੍ਰਚਾਰ ਕਰਨ ਹਿਤ ਆਪ ਰਿਕਸ਼ਾ-ਰੇਹੜੀਆਂ 'ਤੇ ਵੀ ਫੇਰੀਆਂ ਲਾਉਣ ਤੋਂ ਨਹੀਂ ਝਿਜਕਦਾ। ਆਪਣੇ ਕਾਰਜ ਦੀ ਪੂਰਤੀ ਲਈ ਨਵੀਂ ਪੀੜ੍ਹੀ ਤੱਕ ਪਹੁੰਚ ਬਣਾਉਣ ਵਾਸਤੇ ਸਕੂਲਾਂ ਦੇ ਗੇੜੇ ਲਾਉਂਦਾ ਹੈ। ਹਥਲੀ ਪੁਸਤਕ ਉਸ ਦੇ ਸਮਾਜਿਕ ਸਰੋਕਾਰਾਂ 'ਚੋਂ ਉਪਜੀ ਹੋਈ ਆਵਾਜ਼ ਹੈ। ਇਹ ਪੁਸਤਕ 'ਜਦੋਂ ਦੀਵੇ ਸੂਰਜ ਬਣਨਗੇ' 'ਚ ਪੁਰਾਤਨ ਵਿਸ਼ਵਾਸ ਅਤੇ ਵਿਗਿਆਨਕ ਸੋਚ ਦਰਮਿਆਨ ਸੱਚ ਦੇ ਨਿਤਾਰੇ ਲਈ ਸੰਵਾਦ ਦੀ ਵਿਧੀ ਅਪਣਾਉਂਦਾ ਹੈ। ਸਮਕਾਲੀ ਜੀਵਨ ਦੇ ਹਾਕਮਾਂ ਤੋਂ ਧਾਰਮਿਕ ਮੁਖੌਟਾ ਲਾਹੁੰਦਿਆਂ ਆਪਣੇ ਪਾਤਰ ਖੋਜੀ ਦੇ ਮੂੰਹੋਂ ਅਖਵਾਉਂਦਾ ਹੈ ਕਿ 'ਜੇਕਰ ਸੱਤਾ ਦਾ ਸੁੱਖ ਮਾਣਨ ਲਈ ਉਤਾਵਲੇ ਰਹਿਣ ਵਾਲੇ ਲੋਕ 'ਫ਼ਖ਼ਰ-ਏ-ਕੌਮ' ਹੋਣਗੇ ਤਾਂ, 'ਹਸ਼ਰ-ਏ-ਕੌਮ' ਕੌਣ ਹੋਵੇਗਾ?' ਇਸ ਤਰ੍ਹਾਂ ਉਹ ਧਾਰਮਿਕ ਅਤੇ ਰਾਜਨੀਤਕ ਲੋਕਾਂ ਦੇ ਗੱਠਜੋੜ ਨੂੰ ਨੰਗਿਆ ਕਰਦਾ ਹੈ। ਇਸ ਤਰ੍ਹਾਂ ਅੱਗੇ ਜਾ ਕੇ ਉਹ ਫਿਰ ਧਾਰਮਿਕ ਅਕੀਦਿਆਂ ਅਤੇ ਉਨ੍ਹਾਂ ਦੇ ਉਪਦੇਸ਼ਾਂ 'ਤੇ ਸਵਾਲ ਖੜ੍ਹਾ ਕਰਦਾ ਹੈ, ਜਿਨ੍ਹਾਂ ਅਨੁਸਾਰ 'ਇਸ ਜੱਗ 'ਤੇ ਕੋਈ ਕਿਸੇ ਦਾ ਸੰਗੀ ਨਹੀਂ, ਆਦਮੀ ਇਕੱਲਾ ਆਇਆ ਹੈ ਤੇ ਇਕੱਲੇ ਨੇ ਹੀ ਜਾਣਾ ਹੈ' ਆਦਿ।
ਉੱਖਲਾ ਆਧੁਨਿਕ ਤਕਨੀਕੀ ਯੁੱਗ ਨੂੰ ਮਨੁੱਖ ਦੀ ਮੁਕਤੀ ਵਜੋਂ ਹੀ ਨਹੀਂ ਦੇਖਦਾ, ਉਹ ਇਸ ਰਾਹੀਂ ਮਨੁੱਖ ਦੀ ਲੁੱਟ ਦੀ ਜੁਗਤਕਾਰੀ ਵੱਲ ਵੀ ਇਸ਼ਾਰਾ ਕਰਦਾ ਹੈ, 'ਆਧੁਨਿਕ ਸੰਚਾਰ-ਸਾਧਨਾਂ ਰਾਹੀਂ ਤਿੱਕੜੀ', (ਧਨ, ਰਾਜ-ਸੱਤਾ ਤੇ ਧਰਮ) ਦੇ ਛੜਯੰਤਰ ਦਾ ਜਾਲ ਸਾਡੇ ਡ੍ਰਾਇੰਗ ਰੂਮ ਅਤੇ ਬੈੱਡ ਰੂਮ ਤੱਕ ਵਿਛ ਚੁੱਕਾ ਹੈ। ਮਾਸ-ਮੀਡੀਆ ਦੇ ਸਾਧਨ ਟੀ.ਵੀ., ਅਖ਼ਬਾਰ, ਰੇਡੀਓ, ਖ਼ਪਤ ਸੱਭਿਆਚਾਰ, ਅੰਧ-ਵਿਸ਼ਵਾਸ ਤੇ ਭੈਅ ਫ਼ੈਲਾਉਣ ਵੱਲ ਸੇਧਿਤ ਹਨ ਤੇ ਬੜੀ ਸਫ਼ਲਤਾ ਨਾਲ ਆਪਣਾ ਟੀਚਾ ਹਾਸਿਲ ਕਰ ਰਹੇ ਹਨ। ਉਹ ਸਮਾਜਿਕ ਬੁਰਾਈਆਂ ਅਤੇ ਇਨ੍ਹਾਂ ਪਿੱਛੇ ਕਈ ਕਾਰਨਾਂ 'ਤੇ ਹੀ ਚਾਨਣਾ ਨਹੀਂ ਪਾਉਂਦਾ, ਸਗੋਂ ਇਨ੍ਹਾਂ ਦਾ ਹੱਲ ਵੀ ਸੁਝਾਉਂਦਾ ਹੈ:
ਕਿਤਾਬ ਨੂੰ ਉਸ ਨੇ ਛੋਟੇ-ਛੋਟੇ 91 ਉਪ-ਸਿਰਲੇਖਾਂ ਵਿਚ ਵੰਡਿਆਂ ਹੈ। ਜਿਵੇਂ ਚੁਰਾਸੀ ਲੱਖ ਜੂਨਾਂ, ਪੁਨਰ-ਜਨਮ, ਆਤਮਾ, ਜਨਮ-ਦਰ-ਜਨਮ, ਮੋਹ-ਮਾਇਆ ਦਾ ਜਾਲ, ਅੰਮ੍ਰਿਤ ਵੇਲਾ, ਬ੍ਰਹਮ-ਗਿਆਨੀ, ਰੱਬ ਦਾ ਸਰੂਪ, ਰੱਬ ਦੀ ਤਲਾਸ਼, ਸਰਬ-ਵਿਆਪੀ, ਵਸੀਲਾ ਬਨਾਮ ਉਦੇਸ਼, ਸੂਨਯ ਦੀ ਅਵਸਥਾ, ਦੇਵੀ-ਦੇਵਤੇ, ਬ੍ਰਹਮ-ਰਹੱਸ, ਧਰਮੀ-ਪੁਰਖ਼, ਤਿੱਕੜੀ ਦਾ ਗੱਠਜੋੜ, ਨਰਕ-ਸੁਰਗ, ਤਾਣਾ-ਬਾਣਾ, ਸਰਬੱਤ ਦਾ ਭਲਾ, ਸ਼ਬਦ-ਸਰੂਪ, ਨਿਤਨੇਮ, ਸ਼ਰਧਾ ਤੇ ਅੰਧ-ਵਿਸ਼ਵਾਸ, ਇਸ਼ਟ, ਜ਼ਿੰਦਗੀ, ਮੌਤ, ਹਨੇਰਾ, ਜਿਊਣਾ ਝੂਠ ਤੇ ਮਰਨਾ ਸੱਚ, ਡਰ ਵੇਲੇ ਮਨ ਦੀ ਸਥਿਤੀ, ਬੁੱਧੀ ਦੀ ਪਹੁੰਚ ਭੌਤਿਕ ਪਰਾ-ਭੌਤਿਕ, ਰਾਜੇ ਬਨਾਮ ਦੇਵਤੇ, ਅੱਜ ਦੇ ਦੇਵਤੇ, ਬਹਾਦਰ ਤੇ ਡਰਪੋਕ, ਦਾਨ ਦੀ ਮਹਿਮਾ, ਕਿਰਤ ਬਨਾਮ ਨਾਮ, ਜਾਤ-ਪਾਤ, ਸਰਬ-ਵਿਆਪੀ ਸੱਚ, ਨਾਮ-ਸਿਮਰਨ ਫ਼ਜ਼ੂਲ ਕਿਉਂ ? ਮਨ ਅਤੇ ਸ਼ਾਂਤੀ, ਦੁਕਾਨਦਾਰੀਆਂ, ਰੱਬ ਦੀ ਕਲਪਨਾ, ਤਿੰਨ ਵਰਗ, ਧਰਮੀ-ਬੇਧਰਮੀ, ਵਿਚਾਰਧਾਰਾ ਦੀ ਮੱਮੀ, ਰੱਬ ਤੇ ਕੁਦਰਤ, ਮੁਕਤੀ ਆਦਿ ਦਰਜ ਹਨ। ਸਰਬਜੀਤ ਉੱਖਲਾ ਤਰਕਸ਼ੀਲ ਦ੍ਰਿਸ਼ਟੀਕੋਣ ਤੋਂ ਸਾਹਿਤ ਰਚਨਾ ਕਰਨ ਵਾਲਾ ਵਾਲਾ ਮੂਲ ਰੂਪ ਵਿਚ ਇਕ ਪੱਤਰਕਾਰ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਸਰਾਜੀਤ
ਲੇਖਕ : ਗੁਰਦੇਵ ਸਿੰਘ ਘਾਰੂ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 170
ਸੰਪਰਕ : 98885-26776
ਨਾਵਲਕਾਰ ਅਤੇ ਗੀਤਕਾਰ ਗੁਰਦੇਵ ਸਿੰਘ ਘਾਰੂ ਆਪਣੇ ਚੌਥੇ ਨਾਵਲ 'ਸਰਾਜੀਤ' ਨਾਲ ਇਕ ਵਾਰ ਫਿਰ ਪਾਠਕਾਂ ਦੇ ਰੂਬਰੂ ਹੋਇਆ ਹੈ। ਲੇਖਕ ਦੀ ਹਥਲੀ ਰਚਨਾ ਅਜੋਕੇ ਸਮਾਜ ਵਿਚਲੇ ਕਰੂਰ ਯਥਾਰਥ ਦਾ ਬੇਬਾਕ ਚਿਤਰਣ ਹੈ। ਪੀੜਤ, ਸ਼ੋਸ਼ਿਤ, ਲਿਤਾੜੀ ਅਤੇ ਦੁਤਕਾਰੀ ਧਿਰ ਨਾਲ ਖੜੋਤੇ ਲੇਖਕ ਨੇ ਆਪਣੇ ਇਸ ਨਾਵਲ ਵਿਚ ਸੰਤਾਨਹੀਣ ਮੰਗਲ ਸਿੰਘ ਅਤੇ ਬਸੰਤ ਕੌਰ ਵਲੋਂ ਗੋਦ ਲਏ ਗੁਰਨਾਮ ਸਿੰਘ ਉਰਫ਼ ਗਾਮਾ ਅਤੇ ਭਤੀਜੇ ਰੂਪਾ ਨੂੰ ਲੈ ਕੇ ਸਾਰਾ ਕਥਾਨਕ ਬੁਣਿਆ ਹੈ। ਨਾਟਕੀ ਢੰਗ ਨਾਲ ਗਾਮਾ ਅਤੇ ਰੂਪਾ ਨੂੰ ਗੋਦ ਲੈਣਾ, ਉਨ੍ਹਾਂ ਨੂੰ ਪੜ੍ਹਾਈ ਖ਼ਾਤਿਰ ਰਾਜਸਥਾਨ ਭੇਜਣਾ, ਗਾਮੇ ਵਲੋਂ ਸੰਗਤਰਾਸ਼ੀ ਵਿਚ ਮੁਹਾਰਤ ਹਾਸਿਲ ਕਰ ਲੈਣੀ ਅਤੇ ਸ਼ਰਾਰਤੀ ਰੂਪਾ ਵਲੋਂ ਆਪਣੇ ਆਪਹੁਦਰੇਪਣ ਕਰਕੇ ਕੁਰਾਹੇ ਪੈ ਜਾਣਾ ਤੇ ਗ਼ਲਤ ਅਲਾਮਤਾਂ ਦਾ ਸ਼ਿਕਾਰ ਹੋ ਜਾਣਾ। ਹਾਲਾਂਕਿ ਮੰਗਲ ਸਿੰਘ ਦਾ ਰੂਪੇ ਨਾਲ ਇਕ ਤਰ੍ਹਾਂ ਨਾਲ ਖ਼ੁੂਨ ਦਾ ਰਿਸ਼ਤਾ ਹੈ ਅਤੇ ਗਾਮਾ ਇਕਦਮ ਗ਼ੈਰ-ਪਰਿਵਾਰ 'ਚੋਂ ਹਾਸਿਲ ਕੀਤਾ ਗਿਆ ਹੈ। ਇਨ੍ਹਾਂ ਦੀਆਂ ਗਤੀਵਿਧੀਆਂ ਅਤੇ ਆਚਰਣ ਕਰਕੇ ਜਿੱਥੇ ਗਾਮਾ ਮੰਗਲ ਸਿੰਘ ਦੇ ਪਰਿਵਾਰ ਲਈ ਵਫ਼ਾਦਾਰ ਅਤੇ ਸ਼ੁੱਭਚਿੰਤਕ ਸਾਬਿਤ ਹੁੰਦਾ ਹੈ, ਉੱਥੇ ਇਕੋ ਪਰਿਵਾਰ ਵਿਚ ਇਕੋ ਜਿਹੀ ਪਰਵਰਿਸ਼ ਪ੍ਰਾਪਤ ਕਰਕੇ ਵੀ ਰੂਪਾ ਆਪਣੇ-ਆਪ ਨੂੰ ਮੰਗਲ ਪਰਿਵਾਰ ਲਈ ਅਮੰਗਲਕਾਰੀ ਸਿੱਧ ਕਰਦਾ ਹੈ। ਇਕ ਪਾਸੇ ਗਾਮੇ ਦਾ ਬੁੱਤ ਤਰਾਸ਼ੀ ਲਈ ਸਮਰਪਣ ਤੇ ਧਨਾਢ ਪਰਿਵਾਰ ਦੀ ਅਮਨਦੀਪ ਵਲੋਂ ਇਸ ਕਲਾ 'ਤੇ ਰੀਝ ਕੇ ਆਪਾ ਵਾਰ ਦੇਣਾ ਨਾਵਲ ਵਿਚ ਰੁਮਾਂਟਕਿਤਾ ਦਾ ਅਹਿਸਾਸ ਪੈਦਾ ਕਰਦਾ ਹੈ। ਇਸ ਦੇ ਸਮਾਨਾਂਤਰ ਨਸ਼ਿਆਂ ਵਿਚ ਗਲਤਾਨ ਰੂਪਾ ਨੌਕਰ ਸ਼ਕਤੀ ਨਾਲ ਮਿਲ ਕੇ ਸਾਜਿਸ਼ ਘੜਦਾ ਹੈ। ਉਹ ਨਾ ਸਿਰਫ਼ ਫੈਕਟਰੀ ਦੇ ਹਿਤਾਂ ਦੇ ਉਲਟ ਭੁਗਤਦਾ ਹੈ ਸਗੋਂ ਫੈਕਟਰੀ ਘਾਟੇ ਵਿਚ ਚਲੀ ਜਾਣ ਦਾ ਕਾਰਨ ਬਣਦਾ ਹੈ। ਆਪਣੇ ਅੰਨ੍ਹੇ ਸੁਆਰਥ ਦੀ ਪੂਰਤੀ ਲਈ ਉਹ ਆਪਣੇ ਵਲੋਂ ਆਪਣੇ ਹੀ ਭਾਈ ਦਾ ਕਤਲ ਕਰਨੋਂ ਵੀ ਗੁਰੇਜ਼ ਨਹੀਂ ਕਰਦਾ। ਲੇਕਿਨ ਗੁਰਦੇਵ ਘਾਰੂ ਨੇ ਨਾਟਕੀ ਜੁਗਤ ਦਾ ਸਹਾਰਾ ਲੈਂਦਿਆਂ ਆਖ਼ਿਰ ਵਿਚ ਗਾਮੇ ਦੇ ਹੀ ਬੁੱਤ ਨੂੰ ਤੁੜਵਾ ਕੇ ਰੂਪ ਬਦਲੇ ਹੋਏ ਗਾਮੇ ਨੂੰ ਜਿਉਂਦਿਆਂ ਦੱਸ ਕੇ ਕਹਾਣੀ ਨੂੰ ਨਵਾਂ ਮੋੜ ਦਿੱਤਾ ਹੈ ਅਤੇ ਬੱਚੇ ਨੂੰ ਅਗਵਾ ਕਰਨ ਦੇ ਨਾਟਕ ਰਾਹੀਂ ਰੂਪਾ ਅਤੇ ਉਸ ਦੇ ਗਰੋਹ ਦਾ ਪਰਦਾਫਾਸ਼ ਕਰ ਕੇ ਨਾਵਲ ਦਾ ਅੰਤ ਸੁਖਾਂਤ ਕਰ ਦਿੱਤਾ ਹੈ। ਨਾਵਲ 'ਸਰਾਜੀਤ' ਰਾਹੀਂ ਲੇਖਕ ਇਹ ਵਿਚਾਰ ਪੁਖ਼ਤਾ ਕਰਨ ਵਿਚ ਕਾਮਯਾਬ ਹੋਇਆ ਹੈ ਕਿ ਆਪਣਿਆਂ ਨਾਲੋਂ ਬਿਗਾਨੇ ਸਮਝੇ ਜਾਂਦੇ ਰਿਸ਼ਤੇ ਵੱਧ ਵਫਾਦਾਰ ਅਤੇ ਅਪਨਤ ਭਰੇ ਹੁੰਦੇ ਹਨ। ਨਾਵਲਕਾਰ ਨਾਵਲ ਵਿਚ ਸਰਲ ਪਰ ਮੁਹਾਵਰੇਦਾਰ ਭਾਸ਼ਾ, ਰੌਚਿਕਤਾ ਅਤੇ ਰਹੱਸ ਨੂੰ ਬਰਕਰਾਰ ਰੱਖਣ ਵਿਚ ਕਾਮਯਾਬ ਹੋਇਆ ਹੈ। ਨਾਵਲ ਪਾਠਕ ਮਨਾਂ 'ਤੇ ਆਪਣੀ ਛਾਪ ਛੱਡਣ ਵਿਚ ਸਫਲ ਹੋਵੇਗਾ।
- ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਭੂਤਾਂ ਵਾਲਾ ਤੂਤ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 32
ਸੰਪਰਕ : 98764-52223
ਹਥਲੀ ਪੁਸਤਕ 'ਭੂਤਾਂ ਵਾਲਾ ਤੂਤ' ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀ ਬਾਲ ਕਹਾਣੀਆਂ ਦੀ ਪੁਸਤਕ ਹੈ ਜੋ ਬਾਲਾਂ ਨੂੰ ਨੈਤਿਕ ਸਿੱਖਿਆਵਾਂ ਨਾਲ ਭਰਪੂਰ ਕਰਦੀ ਹੈ। ਇਹ ਬਹੁਤ ਹੀ ਪਿਆਰੀ, ਨਿਆਰੀ ਤੇ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਬਹੁ-ਮੁੱਲੀ ਪੁਸਤਕ ਹੈ। ਪਹਿਲੀ ਕਹਾਣੀ 'ਭੂਤਾਂ ਵਾਲਾ ਤੂਤ' ਵਿਚ ਭਾਨ ਸਿਓਂ ਅਤੇ ਦਾਨ ਸਿਓਂ ਦੇ ਪਰਿਵਾਰ ਦੀ ਕਹਾਣੀ ਹੈ। ਦਾਦੀ ਪ੍ਰਤਾਪੀ ਪੁਰਾਣੇ ਖਿਆਲਾਂ ਦੀ ਹੈ ਘਰ ਦੇ ਕੋਲ਼ ਬਹੁਤ ਵੱਡਾ ਤੂਤ ਹੈ ਉੱਥੇ ਉਸ ਦੇ ਪੋਤੇ-ਪੋਤਰੀਆਂ ਸਾਰਾ ਦਿਨ ਖੇਡਦੇ ਹਨ। ਪਿੰਡ ਦੀ ਪੁਰਾਣੇ ਖਿਆਲਾਂ ਦੀ ਮਾਈ ਠਾਕਰੀ ਨੇ ਇਹ ਗੱਲ ਪਿੰਡ ਵਿਚ ਉਡਾ ਦਿੱਤੀ ਕਿ ਤੂਤ 'ਤੇ ਭੂਤਾਂ ਰਹਿੰਦੀਆਂ ਹਨ। ਪ੍ਰਤਾਪੀ ਆਪਣੇ ਪੋਤਰੇ ਦੀਪੂ ਨੂੰ ਉੱਥੇ ਖੇਡਣ ਤੋਂ ਵਰਜਦੀ ਹੈ। ਉਸ ਨੂੰ ਅਚਾਨਕ ਬੁਖਾਰ ਹੋ ਜਾਂਦਾ ਹੈ ਦਾਦੀ ਨੂੰ ਭੂਤਾਂ ਬਾਰੇ ਹੋਰ ਵੀ ਪੱਕ ਹੋ ਜਾਂਦਾ ਹੈ। ਉਹ ਰੌਲਾ ਪਾਉਂਦੀ ਹੈ। ਉਸ ਦੀ ਪੋਤੀ ਦੀਪੀ ਉਸ ਨੂੰ ਸਮਝਾਉਂਦੀ ਹੈ ਕਿ ਸਕੂਲੇ ਸਾਡੀ ਮੈਡਮ ਨੇ ਦੱਸਿਆ ਸੀ ਕਿ ਕੋਈ ਭੂਤ-ਪ੍ਰੇਤ ਨਹੀਂ ਹੁੰਦੇ, ਇਹ ਤਾਂ ਸਿਰਫ਼ ਮਨ ਦਾ ਵਹਿਮ ਹੁੰਦਾ ਹੈ। ਏਵੇਂ ਹੀ 'ਰਾਜੇ ਦੀ ਰਾਜਨੀਤੀ' ਕਹਾਣੀ ਵੀ ਬੜੀ ਦਿਲਚਸਪ ਹੈ। ਸਕੂੁਲ ਵਿਚ ਮਾਸਟਰ ਮਨਦੀਪ ਸਿੰਘ ਬੱਚਿਆਂ ਨੂੰ ਪੁੱਛਦਾ ਹੈ ਕਿ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ? ਤਾਂ ਦੀਪਾ ਬੋਲ ਪਿਆ, ਸਰ ਜੀ, ਭੋਲਾ ਨੇਤਾ ਬਣਨਾ ਚਾਹੁੰਦਾ ਹੈ। ਦੀਪੇ ਦੀ ਗੱਲ ਨੂੰ ਹੋਰ ਪੱਕਾ ਕਰਨ ਲਈ ਜੀਤੂ ਕਹਿਣ ਲੱਗਿਆ ਕਿ ਹਾਂ ਸਰ ਜੀ ਭੋਲਾ ਝੂਠ ਬਹੁਤ ਬੋਲਦਾ ਹੈ, ਬੱਚਿਆਂ ਨੂੰ ਆਪਸ ਵਿਚ ਲੜਾ ਵੀ ਦਿੰਦਾ ਹੈ। ਇਹ ਗੱਲ ਸੁਣ ਕੇ ਮਾਸਟਰ ਜੀ ਕਹਿੰਦੇ ਨੇਤਾ ਬਣਨਾ ਵੀ ਕੋਈ ਸੌਖਾ ਨਹੀਂ ਹੈ, ਰਾਜਨੀਤੀ ਸਿੱਖਣੀ ਪੈਂਦੀ ਹੈ ਮਾਸਟਰ ਜੀ ਨੇ ਇਕ ਰਾਜੇ ਦੀ ਰਾਜਨੀਤੀ ਦੀ ਕਹਾਣੀ ਸੁਣਾਈ ਕਿ ਇਕ ਗ਼ਰੀਬ ਵਿਅਕਤੀ ਤੰਦੂਰ 'ਤੇ ਰੋਟੀਆਂ ਬਣਾ ਕੇ ਲੋਕਾਂ ਨੂੰ ਪੰਜ ਰੁਪਏ ਦੀ ਰੋਟੀ ਵੇਚ ਕੇ ਗੁਜ਼ਰਾ ਕਰਦਾ ਸੀ। ਉਸ ਨੂੰ ਵੇਖ ਕੇ ਹੋਰ ਗ਼ਰੀਬਾਂ ਨੇ ਵੀ ਇਹ ਧੰਦਾ ਅਪਣਾ ਲਿਆ ਸੀ। ਅਚਾਨਕ ਮਹਿੰਗਾਈ ਵੱਧ ਗਈ ਉਸ ਨੇ ਸੋਚਿਆਂ ਕਿ ਜੇ ਮੈਂ ਰੋਟੀ ਦਸ ਰੁਪਏ ਕਰ ਦਿੱਤੀ ਤਾਂ ਗਾਹਕਾਂ ਵਿਚ ਹਾਹਾਕਾਰ ਮੱਚ ਜਾਵੇਗੀ ਉਸ ਨੇ ਆਪਣੀ ਸਮੱਸਿਆ ਰਾਜੇ ਨੂੰ ਜਾ ਦੱਸੀ। ਰਾਜੇ ਨੇ ਉਸੇ ਵੇਲੇ ਹੁਕਮ ਕਰ ਦਿੱਤਾ ਕਿ ਅੱਜ ਤੋਂ ਰੋਟੀ ਦਾ ਰੇਟ 30 ਰੁਪਏ ਹੋਵੇਗਾ ਉਸ ਗ਼ਰੀਬ ਨੇ ਰਾਜੇ ਦਾ ਹੁਕਮ ਮੰਨ ਕੇ ਰੋਟੀ ਦਾ ਰੇਟ ਤੀਹ ਰੁਪਏ ਕਰ ਦਿੱਤਾ ਤਾਂ ਗਾਹਕਾਂ ਵਿਚ ਹਾਹਾਕਾਰ ਮੱਚ ਗਈ ਤਾਂ ਉਨ੍ਹਾਂ ਨੇ ਰਾਜੇ ਕੋਲ ਜਾ ਕੇ ਸ਼ਿਕਾਇਤ ਕੀਤੀ ਤਾਂ ਰਾਜੇ ਨੇ ਉਨ੍ਹਾਂ ਦੀ ਮੁਸ਼ਕਿਲ ਸੁਣ ਕੇ ਰੋਟੀ ਦਾ ਮੁੱਲ ਤੀਹ ਤੋਂ ਪੰਦਰਾਂ ਰੁਪਏ ਕਰ ਦਿੱਤਾ। ਉਹ ਬਾਗ਼ੋ-ਬਾਗ਼ ਹੋ ਗਏ। ਓਧਰ ਰੋਟੀਆਂ ਬਣਾਉਣ ਵਾਲੇ ਗ਼ਰੀਬ ਲੋਕ ਬਾਗ਼ੋ-ਬਾਗ਼ ਹੋ ਗਏ ਮਾਸਟਰ ਜੀ ਨੇ ਬੱਚਿਆਂ ਨੂੰ ਸਮਝਾਇਆ ਕਿ ਵੇਖਿਆ ਰਾਜਨੀਤੀ ਕੀਹਨੂੰ ਕਹਿੰਦੇ ਨੇ। ਏਵੇਂ ਹੀ 'ਭਲੇ ਘਰ ਦੀ ਧੀ' ਕਹਾਣੀ ਵਿਚ ਇਹ ਸਿੱਖਿਆ ਦੇਣ ਦਾ ਯਤਨ ਕੀਤਾ ਹੈ ਕਿ ਸਹੁਰੇ ਘਰ ਜਾਣ ਤੋਂ ਪਹਿਲਾਂ ਬੱਚੀਆਂ ਨੂੰੰ ਚੰਗੇ ਸੰਸਕਾਰ ਅਤੇ ਗੁਣ ਦਿਓ ਤਾਂ ਹੀ ਉਹ 'ਭਲੇ ਘਰ ਦੀਆਂ ਧੀਆਂ' ਅਖਵਾ ਸਕਦੀਆਂ ਹਨ। ਉਹ ਸਹੁਰੇ ਘਰ ਦੇ ਵਿਗੜੇ ਮਹੌਲ ਨੂੰ ਵੀ ਖ਼ੂਬਸੂਰਤ ਬਣਾ ਸਕਦੀਆਂ ਹਨ ਏਵੇਂ ਹੀ ਸਾਰੀਆਂ ਕਹਾਣੀਆਂ ਬਾਲਾਂ ਨੂੰ ਮਨੋਰੰਜਨ ਦੇ ਨਾਲ -ਨਾਲ ਸੁਭਾਵਿਕ ਹੀ ਉੱਚੀ-ਸੁੱਚੀ ਸਿੱਖਿਆ ਦਿੰਦੀਆਂ ਹਨ। ਇਸ ਤੋਂ ਪਹਿਲਾਂ ਲੇਖਕ ਪੰਜ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਮਾਂ-ਬੋਲੀ ਅਤੇ ਬਾਲਾਂ ਦੀ ਝੋਲੀ ਪਾ ਚੁੱਕੇ ਹਨ। ਮੈਂ ਇਸ ਬਹੁਤ ਹੀ ਪਿਆਰੀ ਪੁਸਤਕ ਦਾ ਜ਼ੋਰਦਾਰ ਸਵਾਗਤ ਕਰਦਾ ਹਾਂ ਆਧਿਆਪਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਵਿਚ ਲਿਆਓ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਭੁੱਖ
ਲੇਖਕ : ਕਨੂਤ ਹਾਮਸੁਨ
ਅਨੁਵਾਦਕ : ਵਿਪਨ ਗਿੱਲ
ਪ੍ਰਕਾਸ਼ਕ : ਵਾਈਟ ਕਰੋ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 94632-23251
ਸਾਲ 1800 'ਚ ਸਾਹਿਤ ਦੇ ਚਰਚਿਤ ਹਸਤਾਖਰ ਕੂਨਰ ਹਾਮਰਸਨ ਵਲੋਂ ਲਿਖਿਆ ਨਾਵਲ 'ਭੁੱਖ' ਅਤੇ ਵਿਪਨ ਗਿੱਲ ਵਲੋਂ ਅਨੁਵਾਦਿਤ ਸੰਨ 2022 ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਚਾਰ ਭਾਗਾਂ 'ਚ ਵੰਡੇ ਗਏ ਇਸ ਨਾਵਲ ਦੀ ਵਿਸ਼ਾ ਵਸਤੂ ਕਿਸਤਿਆਨੀਆ ਸ਼ਹਿਰ ਦੀਆਂ ਗਲੀਆਂ 'ਚ ਭਟਕਦੇ ਇਕ ਅਜਿਹੇ ਅਣਖੀਲੇ ਨੌਜਵਾਨ ਦੀ ਜ਼ਿੰਦਗੀ ਦੇ ਇਰਦ-ਗਿਰਦ ਘੁੰਮਦੀ ਹੈ ਜੋ ਬੇਰੁਜ਼ਗਾਰੀ, ਮੰਦਹਾਲੀ, ਲਾਚਾਰੀ ਅਤੇ ਭੁੱਖ ਦਾ ਸ਼ਿਕਾਰ ਹੈ। ਇਸ ਨਾਵਲ ਦਾ ਮੁੱਖ ਪਾਤਰ ਇਕ ਅਣਖੀਲਾ ਨੌਜਵਾਨ ਫਟੇ ਹੋਏ ਕੱਪੜਿਆਂ ਵਿਚ ਕਿਰਾਏ ਦੇ ਮਕਾਨ 'ਚ ਰਹਿਣ ਵਾਲਾ ਅਤੇ ਦੋ ਵਕਤ ਦੀ ਰੋਟੀ ਲਈ ਤਰਸਦਾ, ਇਕ ਅਖ਼ਬਾਰ ਲਈ ਲੇਖ ਲਿਖ ਕੇ ਆਪਣੀ ਰੋਟੀ ਰੋਜ਼ੀ ਕਮਾਉਂਦਾ ਦੱਸਿਆ ਗਿਆ ਹੈ। ਲੇਖਕ ਨੇ ਇਸ ਨਾਵਲ ਵਿਚ ਇਕ ਅਣਖੀਲੇ ਨੌਜਵਾਨ ਦੀ ਜ਼ਿੰਦਗੀ ਦੇ ਮਾਧਿਅਮ ਰਾਹੀਂ ਬੇਰੁਜ਼ਗਾਰੀ ਦੇ ਸ਼ਿਕਾਰ ਕਰੋੜਾਂ ਨੌਜਵਾਨਾਂ ਦੀ ਜ਼ਿੰਦਗੀ ਦੀ ਦਾਸਤਾਨ ਨੂੰ ਬਿਆਨਦਿਆਂ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਬੇਰੁਜ਼ਗਾਰੀ ਕਿੰਨੀ ਭਿਆਨਕ ਸਮੱਸਿਆ ਹੈ। ਭਾਵੇਂ ਇਹ ਬੇਰੁਜ਼ਗਾਰ ਨੌਜਵਾਨ ਨਾਵਲ ਦਾ ਇਕ ਪਾਤਰ ਹੈ ਪਰ ਇਹ ਤਿਲ ਤਿਲ ਕਰਕੇ ਵੰਡਿਆ ਹੋਇਆ ਹਰ ਘਰ 'ਚ ਬੈਠਾ ਨਜ਼ਰ ਆਉਂਦਾ ਹੈ। ਲੇਖਕ ਨੇ ਇਕ ਕਮਰੇ 'ਚ ਖਿੜਕੀ ਅੱਗੇ ਬੈਠੇ ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਦੀ ਜ਼ਿੰਦਗੀ ਦੀ ਲਾਚਾਰੀ ਅਤੇ ਹੋਰ ਪੱਖਾਂ ਨੂੰ ਬਾਖੂਬੀ ਚਿਤਰਿਆ ਹੈ। ਨਾਵਲ ਦੀਆਂ ਇਨ੍ਹਾਂ ਸਤਰਾਂ, 'ਮੈ ਉੱਠ ਕੇ ਪਲੰਘ ਕੋਲ ਪਈ ਗੰਢ ਨੂੰ ਫਰੋਲਣ ਲੱਗ ਪਿਆ ਪਰ ਮੇਰੀ ਆਸ ਦੇ ਉਲਟ ਉਸ ਵਿਚ ਨਾਸ਼ਤੇ ਦੇ ਪ੍ਰਬੰਧ ਲਈ ਕੁਝ ਨਾ ਲੱਭਿਆ।' 'ਮੈਂ ਸੋਚ ਰਿਹਾ ਸੀ ਕਿ ਸ਼ਾਇਦ ਰੱਬ ਹੀ ਜਾਣਦਾ ਹੈ ਕਿ ਮੈਨੂੰ ਨੌਕਰੀ ਲੱਭਣ ਦਾ ਕੋਈ ਫਾਇਦਾ ਹੈ ਕਿ ਨਹੀਂ। ਵਾਰ ਵਾਰ ਨਾਂਹ ਹੋਣ ਕਰਕੇ, ਮੈਂ ਬਚੀ ਖੁਚੀ ਹਿੰਮਤ ਵੀ ਗੁਆ ਬੈਠਾ ਸੀ। ' ਦੇ ਮਾਧਿਅਮ ਰਾਹੀਂ ਉਸ ਨੌਜਵਾਨ ਦੀ ਮਾਨਸਿਕਤਾ ਨੂੰ ਚਿਤਰਨ ਦਾ ਢੰਗ ਪਾਠਕਾਂ ਦੀ ਨਾਵਲ 'ਚ ਰੁਚੀ ਪੈਦਾ ਕਰਦਾ ਹੈ। ਇਕ ਭਾਸ਼ਾ ਤੋਂ ਦੂਜੀ ਭਾਸ਼ਾ 'ਚ ਕਿਸੀ ਪੁਸਤਕ ਦਾ ਅਨੁਵਾਦ ਕਰਨ ਲਈ ਦੋਹਾਂ ਭਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਵਲ ਦੇ ਅਨੁਵਾਦਕ ਵਿਪਨ ਗਿੱਲ ਦੀ ਦੋਵਾਂ ਭਾਸ਼ਾਵਾਂ ਉੱਤੇ ਪਕੜ ਹੈ ਤੇ ਉਹ ਇਸ ਨਾਵਲ ਦਾ ਅਨੁਵਾਦ ਕਰਨ 'ਚ ਸਫ਼ਲ ਰਿਹਾ ਹੈ। ਨਾਵਲ ਵਿਚ ਹਿੰਦੀ ਭਾਸ਼ਾ ਦੇ ਸ਼ਬਦ, ਪ੍ਰਾਣੀ, ਸਵੱਛ, ਚਿਪਕੇ, ਮੁਕਤ ਉਰਦੂ ਦੇ ਸ਼ੈਅ ਫਿਜ਼ਾ ਅੰਗਰੇਜ਼ੀ ਦੇ ਰੌਕਿੰਗ ਰੈੱਡ ਚੇਅਰ, ਟ੍ਰੈਫਿਕ ਵੀ ਪੜ੍ਹਨ ਨੂੰ ਮਿਲਦੇ ਹਨ। ਸ਼ਬਦ ਜੋੜ ਅਜੀਬ ਗ਼ਰੀਬ, ਮਾੜੀ ਮੋਟੀ, ਊਲ ਜਲੂਲ ਅਤੇ ਅੱਧ ਪਚੱਧਾ ਲੇਖਕ ਦੀ ਕਥਾ ਵਸਤੂ ਨੂੰ ਗੁੰਦਣ ਦੀ ਮੁਹਾਰਤ ਨੂੰ ਦਰਸਾਉਂਦੇ ਹਨ। ਅਨੁਵਾਦਕ, ਲੇਖਕ ਦੇ ਉਦੇਸ਼ ਨੂੰ ਪਾਠਕਾਂ ਤੱਕ ਪਹੁੰਚਾਉਣ ਵਿਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਨਾ-ਫ਼ਰਮਾਨ
ਲੇਖਕ : ਪ੍ਰੀਕਸ਼ਤ ਸਾਹਨੀ
ਅਨੁਵਾਦ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 240
ਸੰਪਰਕ : jodha.js@gmail.com
ਇਹ ਯਾਦਾਂ ਬਲਰਾਜ ਸਾਹਨੀ ਦੀ ਮੌਤ ਤੋਂ 40 ਸਾਲ ਬਾਅਦ ਉਨ੍ਹਾਂ ਦੇ ਸਪੁੱਤਰ ਪ੍ਰੀਕਸ਼ਤ ਸਾਹਨੀ ਵਲੋਂ ਅਨੇਕਾਂ ਦੋਸਤਾਂ ਦੇ ਕਹਿਣ 'ਤੇ ਹੋਂਦ ਵਿਚ ਆਈਆਂ ਹਨ। ਇਸੇ ਕਰਕੇ ਇਨ੍ਹਾਂ ਯਾਦਾਂ ਵਿਚ ਹਰ ਥਾਂ ਹਾਜ਼ਰ ਵੇਖਿਆ ਜਾ ਸਕਦਾ ਹੈ। ਇਹ ਯਾਦਾਂ ਜਿਥੇ ਬਲਰਾਜ ਸਾਹਨੀ ਦੀ ਸ਼ਖ਼ਸੀਅਤ ਨੂੰ ਵਾਸਤਵਿਕ ਰੂਪ ਵਿਚ ਪੇਸ਼ ਕਰਦੀਆਂ ਹਨ, ਉਥੇ ਨਾਲ ਹੀ ਲੇਖਕ ਦੀਆਂ ਪ੍ਰਮੁੱਖ ਜੀਵਨ ਘਟਨਾਵਾਂ, ਉਸ ਦੇ ਪਰਿਵਾਰਕ ਅਤੇ ਸੰਪਰਕ ਵਿਚ ਆਉਣ ਵਾਲੀਆਂ ਹੋਰ ਸ਼ਖ਼ਸੀਅਤਾਂ ਨੂੰ ਉਜਾਗਰ ਕਰਦੀਆਂ ਹਨ। ਭਾਵ ਲੇਖਕ ਦੇ ਦਾਦੀ, ਦਾਦੀ (ਸ਼ੀਲਾ ਜੀ), ਪਤਨੀ ਭੀਸ਼ਮ ਜੀ, ਦੰਮੋ ਜੀ (ਬਲਰਾਜ ਦੀ ਪਹਿਲੀ ਪਤਨੀ), ਸੰਤੋਸ਼ ਕਸ਼ਅਪ (ਬਲਰਾਜ ਦੀ ਦੂਜੀ ਪਤਨੀ), ਅਰੁਣਾ ਜੀ (ਲੇਖਕ ਦੀ ਜੀਵਨ ਸਾਥਣ), ਸ਼ਬਨਮ (ਲੇਖਕ ਦੀ ਭੈਣ) ਆਦਿ ਤੋਂ ਬਿਨਾਂ ਅਨੇਕਾਂ ਅਸਾਧਾਰਨ ਵਿਅਕਤੀਆਂ : ਭਾਵ ਸੰਜੀਵ ਕੁਮਾਰ, ਨੂਤਨ, ਦਲੀਪ ਕੁਮਾਰ, ਦੇਵ ਆਨੰਦ, ਰਾਜ ਕਪੂਰ ਅਤੇ ਅਮਿਤਾਭ ਬੱਚਨ ਜਿਨ੍ਹਾਂ ਤੋਂ ਲੇਖਕ ਨੂੰ ਅਨੇਕਾਂ ਅਨੁਭਵ ਪ੍ਰਾਪਤ ਹੋਏ ਸੋਵੀਅਤ ਰੂਸ ਦੀਆਂ ਘਟਨਾਵਾਂ, ਗਿਆਨੀ ਜ਼ੈਲ ਸਿੰਘ ਨਾਲ ਬਲਰਾਜ ਦੇ ਸੰਬੰਧ, ਪਾਕਿਸਤਾਨ ਦਾ ਖ਼ੂਨ ਖਰਾਬਾ, ਕਸ਼ਮੀਰ ਅਤੇ ਸ਼ਿਮਲੇ ਦੀਆਂ ਯਾਦਾਂ ਵੀ ਸ਼ਾਮਿਲ ਹਨ। ਯਾਦਾਂ ਦੇ ਮੁੱਖ ਨਾਇਕ ਬਲਰਾਜ ਸਾਹਨੀ ਦਾ ਅਸਤਿਤਵ ਗੁਣਾਂ ਔਗੁਣਾਂ ਸਮੇਤ ਪੇਸ਼ ਕੀਤਾ ਗਿਆ ਹੈ। ਬਲਰਾਜ ਜੀ ਸਾਦਾ ਜੀਵਨ ਉੱਚੀ ਸੋਚ ਵਾਲੇ, ਇਮਾਨਦਾਰ, ਬੇਬਾਕ, ਦ੍ਰਿੜ੍ਹ ਇਰਾਦੇ ਵਾਲੇ, ਫਿਲਮੀ ਸੈੱਟ ਨੂੰ ਪੂਜਾ ਸਥਾਨ ਸਮਝਣ ਵਾਲੇ, ਕੱਟੜ ਮਾਰਕਸਵਾਦੀ, ਪ੍ਰੋਲਤਾਰੀ ਨੂੰ ਪਿਆਰ ਕਰਨ ਵਾਲੇ, ਬੁਰਜੂਆਵਾਦੀਆਂ ਨੂੰ ਨਫ਼ਰਤ ਕਰਨ ਵਾਲੇ, ਨੀਲੀਆਂ ਅੱਖਾਂ, ਗੋਰੇ ਰੰਗ ਵਾਲੀਆਂ ਔਰਤਾਂ ਦੇ ਚਹੇਤਾ, ਨਾਸਤਿਕ ਤੋਂ ਬਿਨਾਂ ਕਲਾ ਨੂੰ ਸਮਰਪਿਤ ਸਿੱਧ ਕੀਤੇ ਗਏ ਹਨ। ਬਲਰਾਜ ਜੀ ਲੈਨਿਨ ਦੀਆਂ ਲਿਖਤਾਂ ਜਾਂ ਸਰਮਾਇਆ ਪੜ੍ਹ ਕੇ ਹੀ ਸੋਵੀਅਤ ਰਾਜ ਦੇ ਪ੍ਰਸੰਸਕ ਨਹੀਂ ਬਣੇ ਬਲਕਿ ਸੋਵੀਅਤ ਫ਼ਿਲਮਾਂ ਦੇਖ ਕੇ ਇਹ ਚੇਟਕ ਲੱਗੀ ਸੀ। ਪੰ. 54 ਇਸ ਪੁਸਤਕ ਨੂੰ ਮੁੱਖ ਤੌਰ 'ਤੇ 12 ਕਾਂਡਾਂ ਵਿਚ ਵੰਡਿਆ ਗਿਆ ਹੈ : ਮੁਢਲੀਆਂ ਯਾਦਾਂ, ਬੁਰਜੁਆਜ਼ੀ, ਮਾਰਕਸਵਾਦ, ਦੋਵੇਂ ਭਰਾ, ਅਦਾਕਾਰ, ਕਸ਼ਮੀਰ, ਦੋਸਤ, ਇਕ ਬਾਪ, ਵਿਰੋਧਾ ਭਾਸ, ਅਸਾਧਾਰਨ ਲੋਕ, ਇਕਰਾਮ, ਸਾਰ-ਅੰਸ਼ ਆਦਿ। ਭੀਸ਼ਮ ਜੀ ਮਿੱਠ-ਬੋਲੜੇ ਪਰ ਬਲਰਾਜ ਜੀ ਬੜਬੋਲੇ ਅਤੇ ਮਖੌਲੀਆ. ਇੰਜ ਦੋਵਾਂ ਭਰਾਵਾਂ ਦੀਆਂ ਸਮਾਨਤਾਵਾਂ/ਅਸਮਾਨਤਾਵਾਂ ਦੱਸੀਆਂ ਹਨ। ਲੇਖਕ ਨੇ ਆਪਣੇ ਬਾਲ ਮਨ ਦੀਆਂ ਸੋਚਾਂ ਨੂੰ ਵਡੇਰੀ ਆਯੂ ਵਿਚ ਫੋਕਸੀਕਰਨ ਰਾਹੀਂ ਪੇਸ਼ ਕੀਤਾ ਹੈ।
ਬਲਰਾਜ ਨੇ ਆਪਣੇ ਅਕੀਦਿਆਂ ਦੇ ਵਿਰੁੱਧ ਵੀ ਕਈ ਕੁਝ ਕੀਤਾ... ਜੀਵਨ ਦੇ ਸਾਰੇ ਸੁਆਦਾਂ ਕੋਲ ਗਏ... ਇਸ ਕਾਰਨ ਕਈਆਂ ਨੇ ਉਨ੍ਹਾਂ ਨੂੰ 'ਸੋਧ ਵਾਦੀ' ਤੇ 'ਮਾਰਕਸਵਾਦੀ ਵਿਰੋਧੀ ਰਿਹਾ।' ਉਨ੍ਹਾਂ ਮਹਿਲਨੁਮਾ ਘਰ 'ਇਕਰਾਮ' ਬਣਾਇਆ। ਉਸ ਥਾਂ 'ਤੇ ਬਰਤਾਨਵੀ ਲੋਕਾਂ ਦੀਆਂ ਕਬਰਗਾਹਾਂ ਸਨ। ਇਕ ਬੁੱਢੀ ਬਾਰੇ, ਇਹ ਵੀ ਕਿਹਾ ਗਿਆ ਹੈ, ਕਿ ਉਸ ਨੂੰ ਉਥੋਂ ਉਜਾੜਿਆ ਗਿਆ। ਉਹ ਉਜੜਣ ਵੇਲੇ ਇਥੇ ਰਹਿਣ ਵਾਲਿਆਂ ਨੂੰ ਸਰਾਪ ਦੇ ਗਈ ਸੀ। ਇਹ ਸਰਾਪ ਸੱਚ ਹੋ ਨਿਬੜਿਆ। 'ਇਕਰਾਮ' ਮਹਿਲ ਵਿਚ ਸ਼ਾਇਦ ਇਸੇ ਸਰਾਪ ਕਾਰਨ ਲੜੀਵਾਰ ਹਿਰਦੇਧਕ ਮੌਤਾਂ ਹੋਈਆਂ, ਦੱੱਸਿਆ ਗਿਆ। 'ਇਕਰਾਮ' ਮਹਿਲ ਨੇ ਆਪਣਾ ਆਖਰੀ ਸ਼ਿਕਾਰ ਘਰ ਦੇ ਮਾਲਕ ਵਜੋਂ ਕਰ ਲਿਆ ਸੀ?' ਪੰ: 237।
-ਡਾ. ਧਰਮ ਚੰਦ ਵਾਤਿਸ਼
vatish.dharamchand@gmail.com