JALANDHAR WEATHER

26-05-2024

 ਖੋਜ ਨਿਧਾਨ
ਸਿੱਖ ਅਧਿਐਨ ਅਤੇ ਚਿੰਤਕ
(ਵਿਸ਼ੇਸ਼ ਅੰਕ ਜਨਵਰੀ ਤੋਂ ਜੂਨ 2024)
ਮੁੱਖ ਸੰਪਾਦਕ :
ਡਾ. ਗੁਰਮੀਤ ਸਿੰਘ ਸਿੱਧੂ
ਪ੍ਰਕਾਸ਼ਕ : ਗੁਰਗਿਆਨ ਇੰਸਟੀਚਿਊਟ ਫਾਰ ਹਿਊਮਨ ਕੰਸਰਲਜ਼, ਪਟਿਆਲਾ
ਮੁੱਲ : 100 ਰੁਪਏ ਸਫ਼ੇ : 94
ਸੰਪਰਕ : 98145-90699

ਸਾਲ ਵਿਚ ਦੋ ਵਾਰ ਛਪਣ ਵਾਲਾ ਖੋਜ ਨਿਧਾਨ ਅੰਕ ਸਿੱਖ ਅਧਿਐਨ ਚਿੰਤਕ ਵਿਸ਼ੇਸ਼ ਅੰਕ ਵਜੋਂ ਪਾਠਕਾਂ ਦੇ ਰੂ-ਬਰੂ ਕੀਤਾ ਗਿਆ ਹੈ। ਮੁੱਖ ਸੰਪਾਦਕ ਵਲੋਂ ਇਸ ਅੰਕ ਵਿਚ ਉੱਘੇ ਸਿੱਖ ਚਿੰਤਕਾਂ ਤੇ ਵਿਦਵਾਨਾਂ ਵਲੋਂ ਵੱਖ-ਵੱਖ ਵਿਸ਼ਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ ਹੈ। ਅਸੀਂ ਰੋਜ਼ਾਨਾ ਦੇ ਜੀਵਨ ਵਿਚ ਵੇਖ ਰਹੇ ਹਾਂ, ਗੁਰਬਾਣੀ ਦੀ ਸਮਝ ਲਈ ਗੁਰਮਤਿ ਵਿਚਾਰ ਗੁਰੂ ਕਾਲ ਤੋਂ ਨਿਰੰਤਰ ਹੋ ਰਹੀ ਹੈ। ਇਸ ਲਗਾਤਾਰਤਾ ਵਿਚ ਯੋਗਦਾਨ ਪਾਉਣ ਵਾਲੇ ਸਿੱਖ ਚਿੰਤਕਾਂ ਤੇ ਵਿਚਾਰਵਾਨਾਂ ਤੋਂ ਸੇਧ ਲੈਣ ਲਈ ਇਨ੍ਹਾਂ ਦੇ ਕਾਰਜਾਂ ਦਾ ਸਿਲਸਿਲੇਵਾਰ ਅਧਿਐਨ ਕਰਨ ਦੀ ਲੋੜ ਹੈ। ਭਾਵੇਂ ਸਿੱਖ ਚਿੰਤਨ ਦਾ ਮੂਲ ਆਧਾਰ ਗੁਰਬਾਣੀ ਹੈ, ਪ੍ਰੰਤੂ ਆਧੁਨਿਕ ਚਿੰਤਨ ਦੇ ਪ੍ਰਭਾਵ ਅਧੀਨ ਗੁਰਬਾਣੀ ਵਿਆਖਿਆ ਉੱਪਰ ਇਤਿਹਾਸ ਤੇ ਰਾਜਨੀਤੀ ਦੀ ਝਲਕ ਸਾਫ਼ ਵਿਖਾਈ ਦਿੰਦੀ ਹੈ। ਸੰਪਾਦਕ ਮੁਤਾਬਿਕ ਅਜੋਕੇ ਸਿੱਖ ਚਿੰਤਕ ਦੇ ਰੁਝਾਨ ਨੂੰ ਸਮਝਣ ਲਈ ਸਿੱਖ ਚਿੰਤਨ ਦੀ ਮੌਲਿਕਤਾ ਨੂੰ ਸਮਝਣਾ ਜ਼ਰੂਰੀ ਹੈ। ਸਿੱਖ ਅਧਿਐਨ ਦੇ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਬਹੁਤੇ ਵਿਦਵਾਨਾਂ ਨੇ ਸਿੱਖ ਪਛਾਣ ਦੀ ਵਿਲੱਖਣਤਾ ਦੇ ਸਿਧਾਂਤਕ ਆਧਾਰਾਂ ਨੂੰ ਸਮਝਣ ਦੀ ਬਜਾਏ ਸਿੱਖੀ ਨੂੰ ਇਤਿਹਾਸਕ ਪਰਕਿਰਿਆ ਜਾਂ ਪ੍ਰਚੱਲਿਤ ਪਰੰਪਰਾਵਾਂ ਦੀ ਲਗਾਤਾਰਤਾ ਵਿਚ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸੰਪਾਦਕ ਵਲੋਂ ਇਸ ਅੰਕ ਨੂੰ ਪਾਠਕਾਂ ਦੇ ਸਨਮੁੱਖ ਕਰਨ ਦਾ ਮੁੱਖ ਉਦੇਸ਼ ਗੁਰਬਾਣੀ ਦੇ ਸਿਧਾਂਤ ਸਮਝਣਾ ਹੈ। ਸਮੇਂ-ਸਮੇਂ ਭਾਵੇਂ ਗੁਰਬਾਣੀ ਵਿਆਖਿਆ ਦੇ ਤੌਰ-ਤਰੀਕੇ ਬਦਲਦੇ ਰਹੇ ਹਨ ਪਰ ਗੁਰਬਾਣੀ ਦੀ ਸਮਝ ਲਈ ਅਤੇ ਧਰਮ ਗ੍ਰੰਥਾਂ ਦੇ ਅਧਿਐਨ ਲਈ ਨਵੀਆਂ ਦ੍ਰਿਸ਼ਟੀਆਂ ਅਤੇ ਧਾਰਮਿਕ ਵਿਆਖਿਆ ਸ਼ਾਸਤਰ ਦੀਆਂ ਵਿਧੀਆਂ ਨੂੰ ਦ੍ਰਿਸ਼ਟੀਗੋਚਰ ਕਰਨਾ ਪਵੇਗਾ। ਇਸ ਖੋਜ ਪੱਤਰ ਵਿਚ ਛੇ ਖੋਜ ਪੱਤਰ ਸ਼ਾਮਿਲ ਕੀਤੇ ਗਏ ਹਨ।
ਇਨ੍ਹਾਂ ਖੋਜ ਪੱਤਰਾਂ ਵਿਚ ਮੁੱਖ ਸੰਪਾਦਕ ਡਾ. ਗੁਰਮੀਤ ਸਿੰਘ ਸਿੱਧੂ ਵਲੋਂ ਪੇਸ਼ ਕੀਤਾ ਖੋਜ-ਪੱਤਰ 'ਸਿੱਖ ਅਧਿਐਨ : ਰਹੱਸਮਈ ਚਿੰਤਨ ਜਾਂ ਸਿੱਖ ਇਤਿਹਾਸ' ਜਿਸ ਵਿਚ 'ਸਿੱਖ ਅਧਿਐਨ ਦੀ ਸਥਿਤੀ', 'ਸਿੱਖ ਅਧਿਐਨ ਦੀ ਉਤਪਤੀ', 'ਸਿੱਖ ਅਧਿਐਨ ਦਾ ਉਦੇਸ਼' ਉੱਪਰ ਵਿਚਾਰ ਪੇਸ਼ ਕੀਤੇ ਗਏ ਹਨ। ਦੂਜਾ ਖੋਜ ਪੱਤਰ ਵਿਦਵਾਨ ਰੇਸ਼ਮ ਸਿੰਘ ਵਲੋਂ 'ਭਾਈ ਨੰਦ ਲਾਲ ਗੋਇਆ ਦੀਆਂ ਰਚਨਾਵਾਂ', 'ਪੁਨਰ ਸਮੀਖਿਆ ਅਧੀਨ ਸੰਖੇਪ ਜੀਵਨ' ਅਤੇ 'ਰਚਨਾਵਾਂ' ਨੂੰ ਵਿਚਾਰ ਗੋਚਰੇ ਰੱਖਿਆ ਗਿਆ ਹੈ। ਤੀਜਾ ਖੋਜ ਉੱਘੇ ਵਿਦਵਾਨ ਡਾ. ਤੇਜਿੰਦਰ ਕੌਰ ਧਾਲੀਵਾਲ ਵਲੋਂ 'ਗਿਆਨੀ ਗਿਆਨ ਸਿੰਘ', 'ਜੀਵਨ' ਅਤੇ 'ਰਚਨਾ ਸੰਸਾਰ' ਵਿਸ਼ੇ ਅਧੀਨ 'ਪਰਿਵਾਰਕ ਪਿਛੋਕੜ', 'ਮੁੱਢਲਾ ਜੀਵਨ', 'ਗਿਆਨੀ ਗਿਆਨ ਸਿੰਘ ਦੀ ਸ਼ਖ਼ਸੀਅਤ' ਅਤੇ 'ਰਚਨਾ ਸੰਸਾਰ', ਚੌਥਾ ਖੋਜ ਪੱਤਰ 'ਪ੍ਰਿੰਸੀਪਲ ਤੇਜਾ ਸਿੰਘ' ਦੇ 'ਜੀਵਨ ਤੇ ਸ਼ਖ਼ਸੀਅਤ' : 'ਅਧਿਆਪਨ ਕਾਰਜ', 'ਪ੍ਰਬੰਧਕੀ ਕਾਰਜ', 'ਘਰੇਲੂ ਜੀਵਨ' ਉੱਪਰ ਵਿਦਵਤਾ ਭਰਪੂਰ ਵਿਚਾਰ ਡਾ. ਤੇਜਿੰਦਰਪਾਲ ਸਿੰਘ ਵਲੋਂ ਪੇਸ਼ ਕੀਤੇ ਗਏ ਹਨ। ਪੰਜਵਾਂ ਖੋਜ ਪੱਤਰ ਡਾ. ਗੁਰਮੇਲ ਸਿੰਘ ਵਲੋਂ 'ਡਾ. ਤਾਰਨ ਸਿੰਘ ਦੀ ਗੁਰਬਾਣੀ ਵਿਆਖਿਆਕਾਰੀ' ਅਧੀਨ 'ਵਿਸ਼ੇਸ਼ਤਾਵਾਂ/ਲੱਛਣ', 'ਪ੍ਰਸੰਗਿਕ ਇਕਾਈ ਅਰਥ ਪੱਧਤੀ', 'ਸਿਧਾਂਤਿਕ ਵਿਆਖਿਆ ਅਤੇ ਅੰਤਿਮ ਖੋਜ ਪੱਤਰ', 'ਡਾ. ਵਿਕਰਮ ਸਿੰਘ' : 'ਜੀਵਨ, ਕਾਰਜ' ਅਤੇ 'ਚਿੰਤਨ' ਅਧੀਨ 'ਡਾ. ਸਾਹਿਬ ਦੇ ਕਾਰਜ', 'ਰਚਨਾ ਕਾਰਜ', 'ਗੁਰਮਤਿ ਦਰਸ਼ਨ ਅਧਿਐਨ' ਵਿਚ 'ਡਾ. ਵਿਕਰਮ ਸਿੰਘ ਦਾ ਸਥਾਨ' ਤੇ ਉੱਘੇ ਵਿਦਵਾਨ ਵਿਕਰਮਜੀਤ ਸਿੰਘ ਦੇ ਵਿਚਾਰਾਂ ਦੀ ਲੜੀ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਪੁਸਤਕ ਦੇ ਆਰੰਭ ਵਿਚ ਸੰਪਾਦਕੀ ਅਧੀਨ ਮੁੱਖ ਸੰਪਾਦਕ ਵਲੋਂ 'ਸਿੱਖ ਚਿੰਤਨ ਅਤੇ ਸਿੱਖ ਅਧਿਐਨ' ਅੰਕ ਨਾਲ ਸਾਂਝ ਪਵਾਉਣ ਦਾ ਸਫਲ ਉਪਰਾਲਾ ਕੀਤਾ ਹੈ। ਖੋਜ ਨਿਧਾਨ ਅੰਕ ਦੇ ਅੰਤ ਵਿਚ ਇਕ ਪੁਸਤਕ ਦਾ ਰੀਵਿਊ ਵੀ ਪੇਸ਼ ਕੀਤਾ ਹੈ।
ਸਮੁੱਚਾ ਖੋਜ ਨਿਧਾਨ ਅੰਕ ਦੀ ਸਫਲ ਸੰਪਾਦਨਾ ਲਈ ਮੁੱਖ ਸੰਪਾਦਕ ਆਪਣੇ ਮਿੱਥੇ ਟੀਚੇ ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕਰਨ ਲਈ ਵਧਾਈ ਦਾ ਪਾਤਰ ਹੈ। ਨਿਕਟ ਭਵਿੱਖ ਵਿਚ ਖੋਜੀ ਵਿਦਵਾਨਾਂ ਨੂੰ ਨਿੱਗਰ ਸਮੱਗਰੀ ਦੇਣ ਲਈ ਖੋਜ-ਨਿਧਾਨ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦਾ ਰਹੇਗਾ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਮਾਵਾਂ
ਲੇਖਕ : ਡਾ. ਅਮਰਜੀਤ ਸਿੰਘ 'ਉਮਰ'
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼ ਨਵੀਂ ਦਿੱਲੀ
ਮੁੱਲ : 275 ਰੁਪਏ ਸਫ਼ੇ : 108
ਸੰਪਰਕ : 098111-65455

ਡਾ. ਅਮਰਜੀਤ ਸਿੰਘ 'ਉਮਰ' ਗਲਪਕਾਰ ਅਤੇ ਕਵੀ ਹੈ। ਉਹਦੇ ਦੋ ਕਾਵਿ-ਸੰਗ੍ਰਹਿ (ਰਿਸਦੇ ਜ਼ਖ਼ਮ, ਜੁਗਨੂੰ), ਇਕ ਕਹਾਣੀ ਸੰਗ੍ਰਹਿ (ਠੱਕ-ਠੱਕ-ਠੱਕ) ਅਤੇ 'ਮਾਵਾਂ' ਤੋਂ ਬਿਨਾਂ ਦੋ ਨਾਵਲ (ਹੋਰ ਨਹੀਂ, ਅੰਨ੍ਹੀਆਂ) ਛਪ ਚੁੱਕੇ ਹਨ। ਰੀਵਿਊ ਅਧੀਨ ਨਾਵਲ 'ਮਾਵਾਂ' ਦੇ 32 ਛੋਟੇ-ਛੋਟੇ ਕਾਂਡ ਹਨ, ਜਿਸ ਵਿਚ ਆਦਰਸ਼ਕ, ਸਮਾਜਿਕ ਤੇ ਰੁਮਾਂਟਿਕ ਕਹਾਣੀ ਹੈ। ਮੁੱਖ ਤੌਰ 'ਤੇ ਇਸ ਵਿਚ ਦੋ ਕਹਾਣੀਆਂ ਹਨ - ਮਾਂ-ਮਹਿੱਟਰ ਬੱਚੇ (ਭੈੜਾ) ਦੇ ਪਰਵਰਿਸ਼ ਦੀ ਗਾਥਾ ਅਤੇ ਸਨੇਹ ਨਾਂਅ ਦੀ ਵਿਆਹੁਤਾ, ਪਰ ਨਿਰਸੰਤਾਨ ਔਰਤ ਦੀ ਆਪਣੇ ਗੁਆਂਢੀ ਸੇਵਾ ਸਿੰਘ ਪ੍ਰਤੀ ਕਾਮ-ਖਿੱਚ। ਹਰਨਾਮ ਕੌਰ (ਨਾਮੋ) ਦੀ ਬੱਚੇ (ਭੈੜਾ) ਦੇ ਜਨਮ ਤੋਂ ਤੁਰੰਤ ਬਾਅਦ ਮੌਤ ਹੋ ਜਾਂਦੀ ਹੈ, ਜਿਸ ਦੇ ਪਹਿਲਾਂ ਦੋ ਬੱਚੇ (ਇਕ ਹੋਰ ਧੀ ਤੇ ਪੁੱਤ) ਹਨ। ਨਵਜੰਮਿਆ ਬਾਲ (ਭੈੜਾ) ਗੁਆਂਢਣ ਸਰਦਾਰਨੀ ਭਾਬੀ, ਭਾਬੀ ਦੀ ਨੂੰਹ, ਨਾਨੀ, ਮਾਸੀ, ਮਾਸੀ ਦੀ ਦਰਾਣੀ, ਨਾਨੀ ਦੀ ਵੱਡੀ ਭੈਣ, ਨਾਨੀ ਦੀ ਨੂੰਹ ਤੋਂ ਮਾਂ ਦਾ ਪਿਆਰ ਲੈਂਦਾ ਹੈ। ਪਤਨੀ ਦੀ ਮੌਤ ਪਿੱਛੋਂ ਪਤੀ ਸੇਵਾ ਸਿੰਘ (46 ਸਾਲ) ਦਾ ਰੁਟੀਨ ਬਦਲ ਜਾਂਦਾ ਹੈ।
ਉਹਦਾ ਚੰਗਾ ਕੰਮ-ਕਾਰ ਹੈ, ਪੈਸੇ ਵਾਲਾ ਹੈ, ਪਰ ਹੁਣ ਰੋਜ਼ ਸ਼ਾਮ ਨੂੰ ਦਾਰੂ ਪੀ ਕੇ ਘਰ ਆਉਂਦਾ ਹੈ। ਘਰ 'ਚ ਵੱਡੀ ਧੀ ਦੀ ਪੜ੍ਹਾਈ ਛੁੱਟ ਜਾਂਦੀ ਹੈ, ਉਹ ਘਰ ਦਾ ਸਾਰਾ ਕੰਮ ਧੰਦਾ ਕਰਦੀ ਹੈ, ਭਰਾ ਨੂੰ ਤਿਆਰ ਕਰਕੇ ਸਕੂਲ ਭੇਜਦੀ ਹੈ, ਉਹਨੂੰ ਮਾਂ ਤੇ ਭੈਣ ਦਾ ਪਿਆਰ ਦਿੰਦੀ ਹੈ। ਨਵਜੰਮਿਆ ਬਾਲ ਨਾਨੀ ਲੈ ਜਾਂਦੀ ਹੈ । ਸੇਵਾ ਸਿੰਘ ਉਮਰ ਤੋਂ ਬਹੁਤਾ ਵੱਡਾ ਨਹੀਂ ਲੱਗਦਾ।
ਨੇੜੇ ਰਹਿੰਦੀ ਗੁਆਂਢਣ ਸਨੇਹ, ਜੋ ਸ਼ੇਰੂ ਨਾਲ ਵਿਆਹੀ ਹੈ, ਨਾਮੋ ਦੀ ਪੱਕੀ ਸਹੇਲੀ ਹੈ, ਹੁਣ ਸੇਵਾ ਸਿੰਘ ਨਾਲ ਕਾਮ-ਸੰਬੰਧ ਬਣਾ ਕੇ ਮਾਂ ਬਣਨ ਦੇ ਸੁਪਨੇ ਵੇਖਦੀ ਹੈ। ਨਾਮੋ ਦੀ ਮੌਤ ਪਿੱਛੋਂ ਉਹ ਸੇਵਾ ਸਿੰਘ ਦੇ ਬੱਚਿਆਂ ਦੀ ਦੇਖਭਾਲ ਦੇ ਬਹਾਨੇ ਅਕਸਰ ਸੇਵਾ ਸਿੰਘ ਦੇ ਘਰ ਆਉਂਦੀ- ਜਾਂਦੀ ਹੈ। ਉਹਨੂੰ ਸੇਵਾ ਸਿੰਘ ਨਾਲ ਇਕੱਲਿਆਂ ਮਿਲਣ ਦੇ ਬਹੁਤ ਮੌਕੇ ਮਿਲਦੇ ਹਨ, ਜਿਸ ਨਾਲ ਉਹ ਆਪਣੀ ਕਾਮ-ਇੱਛਾ ਪੂਰੀ ਕਰ ਸਕੇ, ਪਰ ਹਰ ਵਾਰ ਕੋਈ ਨਾ ਕੋਈ ਵਿਘਨ ਪੈ ਜਾਂਦਾ ਹੈ। ਸੇਵਾ ਸਿੰਘ ਆਪਣੀ ਧੀ ਦਾ ਵਿਆਹ ਕਰਕੇ ਪਿੱਛੋਂ ਆਪ ਵੀ ਵਿਆਹ ਕਰ ਲੈਂਦਾ ਹੈ। ਵਿਚਾਰੀ ਸਨੇਹ ਦੀਆਂ ਮਨ ਦੀਆਂ ਮਨ ਵਿਚ ਹੀ ਰਹਿ ਜਾਂਦੀਆਂ ਹਨ। ਡਾ. ਉਮਰ ਨੇ ਕੁਝ ਥਾਵਾਂ 'ਤੇ ਉਲਟ ਬਿਆਨੀ ਵੀ ਕੀਤੀ ਹੈ - 28ਵੇਂ ਕਾਂਡ ਵਿਚ ਗੁੱਡੀ (ਸੇਵਾ ਸਿੰਘ ਦੀ ਧੀ) ਦੇ ਵਿਆਹ ਲਈ ਬਰਾਤ ਰਾਤੀਂ ਨੌਂ ਵਜੇ ਆਉਂਦੀ ਹੈ ਤੇ ਅਗਲੇ ਦਿਨ ਸਵੇਰੇ ਅਨੰਦ ਕਾਰਜ ਹੁੰਦੇ ਹਨ; 29ਵੇਂ ਕਾਂਡ ਵਿਚ ਚਾਰ ਫੇਰਿਆਂ ਦਾ ਜ਼ਿਕਰ ਕੀਤਾ ਹੈ। ਕਈ ਥਾਈਂ ਗੁਰਬਾਣੀ ਅਤੇ ਆਪਣੀਆਂ ਕਵਿਤਾਵਾਂ ਕਿਤੇ-ਕਿਤੇ ਕਿਸੇ ਕਥਨ ਦੀ ਪ੍ਰੋੜ੍ਹਤਾ ਲਈ ਵਰਤੀਆਂ ਹਨ। ਸਿੱਧ-ਪੱਧਰੀ ਕਹਾਣੀ ਅਤੇ ਸਧਾਰਨ ਕਥਾਨਕ ਵਾਲੇ ਇਸ ਸੰਖਿਪਤ ਨਾਵਲ ਨੂੰ ਪਾਠਕ ਮਹਿਜ਼ ਦੋ ਕੁ ਘੰਟੇ ਵਿਚ ਪੜ੍ਹ ਸਕਦਾ ਹੈ। ਲੇਖਕ ਨੇ ਇਸ ਨੂੰ ਸੱਚੀ ਕਹਾਣੀ 'ਤੇ ਆਧਾਰਿਤ ਦੱਸਿਆ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਭਾਰਤੀ ਫ਼ੌਜ ਦੀਆਂ ਜੰਗਾਂ
ਲੇਖਕ : ਕਰਨਲ ਬਲਬੀਰ ਸਿੰਘ ਸਰਾਂ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 200 ਰੁਪਏ, ਸਫ਼ੇ : 167
ਸੰਪਰਕ : 92165-50612

ਕਰਨਲ ਬਲਬੀਰ ਸਿੰਘ ਸਾਬਕਾ ਫ਼ੌਜੀ ਹੈ, ਜਿਸ ਦਾ ਬੇਟਾ ਵੀ ਫ਼ੌਜ ਵਿਚ ਰਿਹਾ ਹੈ। ਉਸ ਨੂੰ ਫ਼ੌਜੀ ਜੀਵਨ ਬਾਰੇ ਨਿੱਜੀ ਅਨੁਭਵ ਹੈ, ਜਿਸ ਨੂੰ ਉਸ ਨੇ ਸ਼ਬਦਾਂ ਵਿਚ ਪਰੋ ਕੇ ਪਾਠਕਾਂ ਦੇ ਹਵਾਲੇ ਕੀਤਾ ਹੈ। ਉਸ ਨੇ ਫ਼ੌਜੀ ਜੀਵਨ ਦਾ ਇਤਿਹਾਸ ਵੀ ਗਹੁ ਨਾਲ ਵਾਚਿਆ ਹੋਇਆ ਹੈ। ਉਸ ਨੇ ਨੌਕਰੀ ਕਰਦਿਆਂ ਹੋ ਚੁੱਕੀਆਂ ਲੜਾਈਆਂ ਦੀ ਰਣ-ਭੂਮੀ ਅਤੇ ਰਣ-ਤੱਤੇ ਦੇ ਮੈਦਾਨ ਵੀ ਵੇਖੇ ਹੋਏ ਹਨ। ਇਸ ਪੁਸਤਕ ਵਿਚ ਉਸ ਨੇ ਭਾਰਤੀ ਰੱਖਿਆ ਸੈਨਾਵਾਂ ਵਲੋਂ ਲੜੀਆਂ ਗਈਆਂ ਲੜਾਈਆਂ/ਯੁੱਧਾਂ ਦਾ ਬਾਖੂਬੀ ਵਰਣਨ ਕੀਤਾ ਹੈ। ਹਥਲੀ ਪੁਸਤਕ ਦੇ ਉਸ ਨੇ 14 ਕਾਂਡ ਬਣਾਏ ਹਨ। ਵਿਭਿੰਨ ਕਾਂਡਾਂ ਵਿਚ ਜਨਰਲ ਕਰਿਆਪਾ ਸਮੇਂ ਜ਼ੋਜੀਲਾ ਫ਼ਤਹਿ ਕਾਂਡ, ਆਪ੍ਰੇਸ਼ਨ ਵਿਜੇ ਕਾਂਡ 1961 ਗੋਆ, (ਇਸ ਕਾਂਡ ਦੇ ਅੰਤ 'ਤੇ ਮੇਜਰ ਸ਼ਿਵਦੇਵ ਸੰਧੂ ਦੀ ਸ਼ਹੀਦੀ ਦਾ ਜ਼ਿਕਰ ਹੈ) ਰਣਖੇਤਰ ਛੰਬ (ਕਸ਼ਮੀਰ) ਦੀਆਂ ਤਿੰਨ ਲੜਾਈਆਂ 1947, 1965, 1971 ਦਾ ਬਿਰਤਾਂਤ ਹਾਸਿਲ ਹੈ, ਜਿਸ ਵਿਚ ਭਾਰਤੀ ਫ਼ੌਜ ਦੀ ਹਾਰ ਦਾ ਕਾਰਨ ਇਕਦਮ ਬਦਲੀ ਪਲਾਨ ਬਾਰੇ ਦੱਸਿਆ ਹੈ। ਬੈਟਲ ਆਫ਼ ਤੁਕਤੁਕ 1971 ਵਿਚ ਲੱਦਾਖ ਖੇਤਰ ਵਿਚ ਲੜੀ ਗਈ। ਇਸ ਬਾਰੇ ਰੈਜੀਮੈਂਟ ਦੇ ਇਤਿਹਾਸ 'ਤੇ ਆਧਾਰਿਤ ਵਿਸਥਾਰ ਵਿਚ ਚਾਨਣਾ ਪਾਇਆ ਗਿਆ ਹੈ। ਪੁੰਛ ਦੀਆਂ ਤਿੰਨ ਲੜਾਈਆਂ (1947, 1965, 1971) ਦਾ ਬਿਰਤਾਂਤ ਸਿਰਜਿਆ ਗਿਆ ਹੈ। ਕਮੋਡੋਰ ਗੁਰਨਾਮ ਸਿੰਘ ਅਤੇ ਮੇਜਰ ਜਨਰਲ ਕਸ਼ਮੀਰੀ ਲਾਲ ਰਤਨ ਵਿਚਕਾਰ 2016 ਵਿਚ ਹੋਈ ਇੰਟਰਵਿਊ ਨੂੰ ਆਧਾਰ ਬਣਾਇਆ ਗਿਆ ਹੈ। 8 ਸਿੱਖ ਐਲ. ਆਈ. ਦੁਆਰਾ ਫ਼ਤਹਿਪੁਰ 'ਤੇ ਜਿੱਤ ਬਾਰੇ ਗੱਲ ਕਰਦਿਆਂ ਭਾਰਤੀ ਅਤੇ ਪਾਕਿਸਤਾਨੀ ਫ਼ੌਜ ਦੇ ਹੋਏ ਨੁਕਸਾਨ ਬਾਰੇ ਦੱਸਿਆ ਹੈ। ਇਵੇਂ ਹੀ ਬੈਟਲ ਆਫ਼ ਫ਼ਾਜ਼ਿਲਕਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਰਬਤੀ ਅਲੀ (ਰਾਜਿਸਥਾਨ) 1971 ਵਿਚ ਕਬਜ਼ਾ ਕਰਨ ਦੀ ਕਥਾ ਪ੍ਰਸਤੁਤ ਹੈ। 1999 ਵਿਚ ਕਾਰਗਿਲ ਦੀਆਂ ਚੋਟੀਆਂ ਬਾਰੇ 8 ਸਿੱਖ ਬਟਾਲੀਅਨ ਦਾ ਚਿੱਤਰਨ ਹੈ। ਸੰਘਰਸ਼ ਕਰਦੇ ਫ਼ੌਜੀਆਂ ਨੂੰ ਭੁੱਖ ਲਗਦੀ ਹੈ। ਸਵਾਦੀ ਖਾਣਾ ਮੰਗਦੇ ਹਨ। ਬੰਗਲਾਦੇਸ਼ ਦੀ ਲੜਾਈ ਦੀ ਜਿੱਤ ਸਮੇਂ ਦੋ ਪੀਪੇ ਅੰਬ ਦੇ ਆਚਾਰ ਦੇ ਆਏ, ਜਿਸ ਦਾ ਫ਼ੌਜੀਆਂ ਨੇ ਸਵਾਦ ਮਾਣਿਆ। ਸ੍ਰੀਨਗਰ ਫੀਲਡ ਅਫ਼ਸਰ ਅਤੇ ਫਲਾਇੰਗ ਅਫ਼ਸਰ (1971) ਨਿਰਮਲ ਜੀਤ ਸਿੰਘ ਸੇਖੋਂ 'ਪਰਮ ਵੀਰ ਚੱਕਰ (ਮਰਨ ਉਪਰੰਤ), ਮੇਜਰ ਸ਼ਸ਼ੀਧਰਨ ਅਤੇ ਉਸ ਦੀ ਅਪਾਹਜ ਪਤਨੀ ਦੀ ਹਿਰਦੇਵੇਧਕ ਕਥਾ ਹੈ। 19 ਸਤੰਬਰ, 2023 ਅਤੇ 23/24 ਨਵੰਬਰ 2023 ਨੂੰ ਜਿਹੜੇ ਵੀਰਗਤੀ ਨੂੰ ਪ੍ਰਾਪਤ ਕਰਕੇ ਅਸਮਾਨ ਦੇ ਤਾਰੇ ਬਣ ਗਏ, ਉਨ੍ਹਾਂ ਨੂੰ ਸ਼ਰਧਾ ਨਾਲ ਯਾਦ ਕੀਤਾ ਗਿਆ ਹੈ। ਫ਼ੌਜ ਦੀ ਲੜਾਈ ਬਾਰੇ ਬੜੀ ਮੁੱਲਵਾਨ ਗੱਲ ਕਹੀ ਗਈ ਹੈ :-'ਫ਼ੌਜ ਕੋਈ ਵੀ ਲੜਾਈ ਵਿਉਂਤ ਕਰਨ ਵੇਲੇ, ਜ਼ਮੀਨ ਦੀ ਬਣਤਰ, ਮੌਸਮ, ਪਾਣੀ, ਹੱਥ ਹੇਠ ਸਾਧਨ ਅਤੇ ਦੁਸ਼ਮਨ ਵਲੋਂ ਕਿਆਸ ਕੀਤੀ ਕਾਰਵਾਈ ਨੂੰ ਧਿਆਨ ਵਿਚ ਰੱਖ ਕੇ ਕਰਦੀ ਹੈ। ਸਰਕਾਰ (ਸਿਵਲ) ਵਲੋਂ ਫ਼ੌਜ ਨੂੰ ਦਿੱਤਾ ਮੰਤਵ ਹਮੇਸ਼ਾ ਮੁੱਖ ਉਦੇਸ਼ ਹੁੰਦਾ ਹੈ। ਹਰ ਕਾਰਵਾਈ ਇਸ ਉਦੇਸ਼ ਦੀ ਪੂਰਤੀ ਹਿਤ ਕੀਤੀ ਜਾਂਦੀ ਹੈ।' ਪੰਨਾ 119. ਫ਼ੌਜ ਨੂੰ ਬਹਾਦਰੀ ਬਦਲੇ ਮਿਲੇ ਮਾਨਾਂ-ਸਨਮਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਘਟਨਾਵਾਂ ਨੂੰ ਮਿਤੀਆਂ ਅਤੇ ਸਾਲ ਸਮੇਤ ਪ੍ਰਮਾਣਿਕਤਾ ਪ੍ਰਦਾਨ ਕੀਤੀ ਗਈ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਪੰਜਾਬੀ ਵਿਆਕਰਨ
ਲੇਖਕ : ਪਾਲੀ ਖਾਦਿਮ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 150 ਰੁਪਏ, ਸਫੇ : 52
ਸੰਪਰਕ : 99143-10063

'ਪੰਜਾਬੀ ਵਿਆਕਰਨ' ਪੁਸਤਕ ਪਾਲੀ ਖਾਦਿਮ ਦੀ ਬਹੁਤ ਹੀ ਪਿਆਰੀ ਅਤੇ ਨਿਆਰੀ ਬਾਲ ਪੁਸਤਕ ਹੈ। ਲੇਖਕ ਇਸ ਤੋਂ ਪਹਿਲਾਂ ਪੰਜ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕਾ ਹੈ। ਇਹ ਪੁਸਤਕ ਵਿਆਕਰਨ ਬਾਰੇ ਹੈ ਜੋ ਕਿ ਪੰਜਾਬੀ ਮਾਂ ਬੋਲੀ ਨੂੰ ਸੁੰਦਰ ਅਤੇ ਸਫਲ ਢੰਗ ਨਾਲ ਲਿਖਣ ਦਾ ਗਿਆਨ ਬਾਲਾਂ ਨੂੰ ਬਖ਼ਸ਼ੇਗੀ। ਵਿਆਕਰਨ ਕੀ ਹੈ? ਵਿਆਕਰਨ ਦੇ ਭਾਗ, ਭਾਸ਼ਾ, ਲਿਪੀ, ਵਰਨਮਾਲਾ, ਸਵਰ, ਵਿਅੰਜਨ, ਦੁੱਤ ਅੱਖਰ, ਲਗਾਂ, ਲਗਾਖਰ, ਸ਼ਬਦ ਬੋਧ, ਨਾਂਵ, ਲਿੰਗ, ਵਚਨ, ਪੜ੍ਹਨਾਂਵ, ਕਿਰਿਆ, ਕਾਲ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸਬੰਧਕ, ਯੋਜਕ, ਵਿਸਮਿਕ ਅਤੇ ਵਾਕ-ਬੋਧ ਦਾ ਬਾਲਾਂ ਨੂੰ ਬਹੁਤ ਹੀ ਸਰਲ, ਠੇਠ ਅਤੇ ਕਾਵਿਕ ਢੰਗ ਨਾਲ ਸਮਝਾਇਆ ਗਿਆ ਹੈ। ਉਦਾਹਰਨ ਦੇ ਤੌਰ 'ਤੇ 'ਵਿਆਕਰਨ ਕੀ ਹੈ'
ਇਹ ਦੱਸੇ ਭਾਸ਼ਾ ਨੂੰ ਹੈ ਕਿਵੇਂ ਬੋਲਣਾ।
ਸ਼ੁਧ ਰੂਪ ਵਿਚ ਇਹ ਸਿਖਾਏ ਲਿਖਣਾ।
ਲਿਖਣਾ ਤੇ ਬੋਲਣਾ ਹੀ ਮੂਲ ਹੁੰਦੇ ਨੇ।
ਇਹਨਾਂ ਦੇ ਵੀ ਕੁੱਝ ਕੁ ਅਸੂਲ ਹੁੰਦੇ ਨੇ।
ਜਿਹੜੀ ਸਭ ਇਹ ਨਿਯਮ ਬਣਾਉਂਦੀ ਏ।
ਉਹੀ ਤਾਂ ਵਿਆਕਰਨ ਕਹਾਉਂਦੀ ਏ।
ਇਵੇਂ ਹੀ 'ਭਾਸ਼ਾ' ਬਾਰੇ ਬਹੁਤ ਹੀ ਸੁੰਦਰ ਢੰਗ ਨਾਲ ਸਮਝਾਇਆ ਹੈ:-
ਅੱਜ ਆਪਾਂ ਭਾਸ਼ਾ ਬਾਰੇ ਗੱਲ ਕਰਨੀ।
ਭਾਸ਼ਾ ਦੀ ਹਰੇਕ ਹੀ ਰਮਜ਼ ਪੜ੍ਹਨੀ।
ਭਾਸ਼ਾ ਹੁੰਦੀ ਦੋ ਪ੍ਰਕਾਰ ਦੀ ਸੁਣੋ।
ਪਹਿਲੀ ਨੂੰ ਤਾਂ ਆਮ ਬੋਲ ਚਾਲ ਦੀ ਕਹੋ।
ਦੂਜੀ ਭਾਸ਼ਾ ਜੋ ਸਾਹਿਤਕ ਅਖਵਾਂਵਦੀ।
ਟਕਸਾਲੀ ਭਾਸ਼ਾ ਵੀ ਇਹ ਸਦਵਾਂਵਦੀ।
ਸਾਹਿਤਕ ਭਾਸ਼ਾ ਲੇਖਣੀ 'ਚ ਆਵਦੀ।
ਵਿਆਕਰਨ ਦੇ ਨਿਯਮ ਪੁਗਾਂਵਦੀ।
ਏਵੇਂ ਹੀ 'ਲਿਪੀ' ਬਾਰੇ ਬਹੁਤ ਸੁੰਦਰ ਲਿਖਿਆ ਗਿਆ ਹੈ ਜਿਵੇਂ:-
ਊੜਾ, ਆੜਾ, ਬਿੰਦੀ, ਕੰਨਾਂ ਉਤੇ ਟਿੱਪੀ ਏ।
ਅੱਖਰਾਂ ਤੇ ਚਿੰਨ੍ਹਾਂ ਦਾ ਸਮੂਹ ਲਿਪੀ ਏ।
ਗੁਰਮਖੀ ਲਿਪੀ ਏ ਪੰਜਾਬੀ ਭਾਸ਼ਾ ਦੀ
ਹਿੰਦੀ ਭਾਸ਼ਾ ਦੀ ਏ ਦੇਵਨਾਗਰੀ।
ਲਿਪੀ ਬਿਨਾਂ ਭਾਸ਼ਾ ਨਹੀਓਂ ਯਾਦ ਰੱਖਿਓ।
ਬਾਗ ਮਿੱਠੀ ਬੋਲੀ ਦਾ ਆਬਾਦ ਰੱਖਿਓ।
ਏਵੇਂ ਹੀ 'ਵਰਨਮਾਲਾ' ਬਾਰੇ ਬਹੁਤ ਹੀ ਪਿਆਰਾ ਲਿਖਿਆ ਹੈ ਜਿਵੇਂ:-
ਤੁਰੀ ਪੈਂਤੀ ਅੱਖਰੀ ਕਤਾਰ ਆਉਂਦੀ ਹੈ।
ਤਾਹੀਓਂ ਗੁਰਮੁਖੀ ਦੇ 'ਪੈਂਤੀ' ਅਖਵਾਉਂਦੀ ਹੈ।
ਅਰਬੀ ਤੇ ਫਾਰਸੀ ਤੋਂ ਲੈ ਕੇ ਧੁਨੀਆਂ।
ਪੰਜ ਅੱਖਰਾਂ ਦੇ ਹੇਠ ਪਾਈਆਂ ਬਿੰਦੀਆਂ।
ਸੱਸਾ, ਖੱਖਾ, ਗੱਗਾ, ਜੱਜਾ ਅਤੇ ਫੱਫਾ ਬਈ।
ਪੰਜਾਬੀ ਯੂਨੀਵਰਸਿਟੀ ਲਿਆਈ ਲੱਲਾ ਬਈ।
ਗੁਰਮੁਖੀ ਪੈਂਤੀ ਤੋਂ 'ਕਤਾਲੀ ਹੋ ਗਈ।
ਪੱਤੇ ਵਧੇ ਹੋਰ ਸੋਹਣੀ ਡਾਲੀ ਹੋ ਗਈ।
ਇਵੇਂ ਹੀ ਉੱਪਰ ਲਿਖੇ ਚਿੰਨ੍ਹਾਂ ਅਤੇ ਸ਼ਬਦਾਂ ਦੀ ਵਿਆਖਿਆ ਬਹੁਤ ਹੀ ਵਧੀਆ ਸੂਝਬੂਝ ਨਾਲ ਕੀਤੀ ਗਈ ਹੈ। ਵਿਆਕਰਨ ਬਾਰੇ ਜਿੰਨੀ ਵੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕਦੀ ਹੈ ਲੇਖਕ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤਾਂ ਲਿਖਤ ਲੰਬੀ ਹੋਣ ਦੇ ਡਰੋਂ ਥੋੜ੍ਹਾ ਜਿਹਾ ਨਮੂਨਾ ਹੀ ਦੇ ਸਕਿਆ ਹਾਂ ਕੁੱਲ ਮਿਲਾ ਕੇ ਬਹੁਤ ਹੀ ਮੁਸ਼ਕਿਲ ਵਿਸ਼ੇ ਨੂੰ ਬਹੁਤ ਹੀ ਸਰਲ, ਠੇਠ ਅਤੇ ਕਲਾਤਮਿਕ ਢੰਗ ਨਾਲ ਬਾਲਾਂ ਨੂੰ ਸਮਝਾਉਣ ਦਾ ਬਹੁਤ ਹੀ ਸਾਰਥਕ ਯਤਨ ਕੀਤਾ ਹੈ। ਢੁਕਵੀਆਂ ਤਸਵੀਰਾਂ ਵੀ ਬਣਾਈਆਂ ਗਈਆਂ ਹਨ। ਮੈਂ ਜਿਥੇ ਲੇਖਕ ਦੀ ਮਿਹਨਤ ਦੀ ਦਾਦ ਦਿੰਦਾ ਹਾਂ ਉਥੇ ਬਾਲਾਂ ਅਤੇ ਅਧਿਆਪਕਾਂ ਨੂੰ ਖ਼ਾਸ ਕਰਕੇ ਪ੍ਰਾਇਮਰੀ ਦੇ ਅਧਿਆਪਕਾਂ ਨੂੰ ਇਹ ਪਿਆਰੀ ਜਹੀ ਬਾਲ ਪੁਸਤਕ ਪੜ੍ਹ ਕੇ ਵੱਧ ਤੋਂ ਵੱਧ ਲਾਹਾ ਲੈਣ ਦੀ ਬੇਨਤੀ ਕਰਦਾ ਹਾਂ। ਜਿਥੇ ਮੈਂ ਇਸ ਬਾਲ ਪੁਸਤਕ ਦਾ ਸਵਾਗਤ ਕਰਦਾ ਹਾਂ ਉੱਥੇ ਲੇਖਕ ਨੂੰ ਮੁਬਾਰਕਬਾਦ ਵੀ ਦਿੰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896

ਡੁੱਲ੍ਹੇ ਬੇਰ
ਲੇਖਕ : ਵਜ਼ੀਰ ਸਿੰਘ ਰੰਧਾਵਾ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 240 ਰੁਪਏ, ਸਫ਼ੇ : 112
ਸੰਪਰਕ :

'ਡੁੱਲ੍ਹੇ ਬੇਰ' ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਦਾ ਦੂਸਰਾ ਨਾਵਲ ਹੈ। ਇਸ ਤੋਂ ਪਹਿਲਾਂ ਉਹ ਹੋਕਾ (ਮਿੰਨੀ ਕਹਾਣੀ-ਸੰਗ੍ਰਹਿ) ਅਤੇ ਨਾਵਲ 'ਦੁੱਧ ਦੀ ਲਾਜ' ਲਿਖ ਕੇ ਪੰਜਾਬੀ ਪਾਠਕਾਂ ਕੋਲ ਆਪਣੀ ਹਾਜ਼ਰੀ ਲਗਵਾ ਚੁੱਕਿਆ ਹੈ।
ਨਾਵਲ 'ਡੁੱਲ੍ਹੇ ਬੇਰ' ਪੰਜਾਬੀ ਜੀਵਨ ਦੇ ਕਠੋਰ ਅਤੇ ਕੌੜੇ ਯਥਾਰਥ ਨੂੰ ਪੇਸ਼ ਕਰਦਾ ਹੈ। ਪੰਜਾਬੀ ਮੁਹਾਵਰੇ 'ਡੁੱਲ੍ਹੇ ਬੇਰ' ਦਾ ਕੁਝ ਨਹੀਂ ਵਿਗੜਿਆ ਜਿਹੇ ਪ੍ਰਚੱਲਿਤ ਮੁਹਾਵਰੇ ਨੂੰ ਆਪਣੀ ਗਲਪੀ ਕਿਰਤ ਵਿਚ ਢਾਲ ਕੇ, ਉਥੇ ਆਪਣੀ ਨਾਵਲੀ ਸਿਰਜਣਾ ਦਾ ਪਰਿਚੈ ਦਿੱਤਾ ਹੈ। ਨਾਵਲ ਪੰਜਾਬੀ ਨੌਜਵਾਨਾਂ ਦੀ ਬੇਰੁਜ਼ਗਾਰੀ ਵੱਲ ਸੰਕੇਤ ਕਰਦਾ ਹੋਇਆ 'ਪਰਮਜੀਤ' ਜਿਹੇ ਨੌਜਵਾਨਾਂ ਨੂੰ ਪ੍ਰਵਾਸ ਕਰਨ ਲਈ ਮਜਬੂਰ ਹੁੰਦਾ ਦਿਖਾਇਆ ਗਿਆ ਹੈ। 'ਕੰਵਲ' ਜਿਹੀਆਂ ਹੋਣਹਾਰ ਸੁੰਦਰ ਕੁੜੀਆਂ ਵੱਡੇ ਘਰਾਂ ਦੇ ਨਸ਼ੇੜੀ ਕਾਕਿਆਂ ਰਮਨ ਜਿਹਿਆਂ ਨਾਲ ਵਿਆਹ ਕਰਵਾਉਣ ਲਈ ਮਜਬੂਰ ਹਨ। ਰਮਨ ਜਿਹੇ ਚਿੱਟੇ ਦੇ ਆਦੀ ਨਸ਼ੇ ਦੀ ਓਵਰਡੋਜ਼ ਲੈ ਕੇ ਮੌਤ ਨੂੰ ਗਲੇ ਲਗਾਉਂਦੇ ਦਿਖਾਏ ਗਏ ਹਨ। ਸ਼ਹਿਰਾਂ ਵਿਚ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਦੀ ਕਾਰਗੁਜ਼ਾਰੀ 'ਤੇ ਵੀ ਇਹ ਨਾਵਲ ਪ੍ਰਸ਼ਨ-ਚਿੰਨ੍ਹ ਲਗਾਉਂਦਾ ਦਿਖਾਈ ਦਿੰਦਾ ਹੈ। ਪੰਜਾਬ ਦੇ ਪਿੰਡਾਂ ਵਿਚ ਬੱਚਿਆਂ ਦੀ ਘੱਟ ਰਹੀ ਗਿਣਤੀ ਵੱਲ ਵੀ ਇਹ ਨਾਵਲ ਸੰਕੇਤ ਕਰਦਾ ਹੈ। ਜਦੋਂ ਰਮਨ ਜਿਹੇ ਨਸ਼ੇੜੀ ਓਵਰਡੋਜ਼ ਲੈਣ ਕਾਰਨ ਮੌਤ ਦੇ ਮੂੰਹ ਜਾ ਪੈਂਦੇ ਹਨ ਤਾਂ ਚੇਅਰਮੈਨ ਜਿਹੇ ਮਾਪਿਆਂ ਦੀ ਤਾਂ ਸਮਝੋ ਦੁਨੀਆ ਹੀ ਲੁੱਟੀ ਜਾਂਦੀ ਹੈ। ਨੌਜਵਾਨਾਂ ਦੀ ਬਜ਼ੁਰਗਾਂ ਪ੍ਰਤੀ ਘੱਟ ਰਹੀ ਆਸਥਾ ਤੇ ਜਾਇਦਾਦ ਪ੍ਰਤੀ ਵਧ ਰਿਹਾ ਮੋਹ ਵੀ ਰਿਸ਼ਤਿਆਂ ਦੇ ਦੁਖਾਂਤ ਨੂੰ ਪੇਸ਼ ਕਰਦਾ ਹੈ। ਕੰਵਲ ਦਾ ਭਰਾ ਮੁਸੀਬਤ ਵਿਚ ਫਸੀ ਆਪਣੀ ਭੈਣ ਦੀ ਮਦਦ ਕਰਨ ਦੀ ਬਜਾਏ, ਉਸ ਤੋਂ ਕਿਨਾਰਾਕਸ਼ੀ ਕਰਦਾ ਹੀ ਦਰਸਾਇਆ ਗਿਆ ਹੈ।
ਪਰ ਨਾਵਲਕਾਰ ਇਸ ਨਾਵਲ ਦੀਆਂ ਦੁਖਾਂਤਕ ਘਟਨਾਵਾਂ ਤੋਂ ਪਾਰ ਜਾ ਕੇ ਇਸ ਨੂੰ ਅੰਤ ਵਿਚ ਸੁਖਾਂਤਕ ਰਚਨਾ ਬਣਾਉਣ ਵਿਚ ਸਫ਼ਲ ਰਿਹਾ ਹੈ। ਇਕ ਦੂਸਰੇ ਨੂੰ ਪਸੰਦ ਕਰਨ ਵਾਲੇ ਪਾਤਰ ਪਰਮਜੀਤ ਤੇ ਕੰਵਲ ਕੈਨੇਡਾ ਜਾਂਦੇ ਮੁੜ ਮਿਲ ਜਾਂਦੇ ਹਨ ਤੇ ਆਪਣਾ ਮਨਇੱਛਤ ਸਾਥੀ ਪ੍ਰਾਪਤ ਕਰ ਲੈਂਦੇ ਹਨ। ਇਹ ਰਚਨਾ ਆਸ਼ਾਵਾਦੀ ਸੁਨੇਹਾ ਦਿੰਦੀ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

ਜੁਗਲਬੰਦੀ
ਲੇਖਕ : ਦੀਨਾ ਨਾਥ ਚਮਦਲ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਜਲੰਧਰ
ਮੁੱਲ :150 ਰੁਪਏ, ਸਫ਼ੇ : 157
ਸੰਪਰਕ : 98143-18326

ਦੀਨਾ ਨਾਥ ਚਮਦਲ ਦੀ ਰਚਨਾ 'ਜੁਗਲਬੰਦੀ' ਉਸ ਦੀ ਪਲੇਠੀ ਨਾਵਲੀ ਕ੍ਰਿਤ ਹੈ। ਲੇਖਕ ਨੇ ਇਸ ਨਾਵਲ ਵਿਚਲੇ ਬਿਰਤਾਂਤ ਨੂੰ ਇਸ ਢੰਗ ਨਾਲ ਸਿਰਜਿਆ ਹੈ ਕਿ ਆਰੰਭ ਤੋਂ ਅੰਤ ਤੱਕ ਜ਼ਬਰਦਸਤ ਉਤਸੁਕਤਾ ਬਣੀ ਰਹਿੰਦੀ ਹੈ। ਇਸੇ ਰੁਚੀ ਵਿਚ ਬੱਝਿਆ ਪਾਠਕ ਪੂਰੀ ਰਚਨਾ ਨੂੰ ਇਕੋ ਸਾਹੇ ਪੜ੍ਹ ਲੈਂਦਾ ਹੈ। ਨਾਵਲਕਾਰ ਨੇ ਸਾਰੀ ਕਹਾਣੀ ਨੂੰ ਇਸ ਢੰਗ ਨਾਲ ਵਿਉਂਤਿਆ ਹੈ ਕਿ ਸਾਰੀ ਰਚਨਾ ਵਿਚ ਰਿਸ਼ਤਿਆਂ ਦੀ ਪਾਕੀਜ਼ਗੀ, ਅਹਿਮੀਅਤ, ਸਤਿਕਾਰ, ਪਿਆਰ, ਹਾਸਾ ਠੱਠਾ ਪਾਠਕ ਨੂੰ ਹਰੇਕ ਵਾਕ ਵਿਚ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਨਾਵਲ ਵਿਚ ਵਾਰ-ਵਾਰ ਗੁੰਝਲਾਂ ਪੈਂਦੀਆਂ ਹਨ। ਪਾਠਕ ਸਾਹ ਰੋਕ ਕੇ 'ਅੱਗੇ ਕੀ ਹੋਵੇਗਾ', ਜਾਣਨ ਲਈ ਅਗਲਾ ਕਾਂਡ ਪੜ੍ਹਨ ਲਈ ਤੁਰੰਤ ਤੱਤਪਰ ਹੋ ਜਾਂਦਾ ਹੈ। ਇਹੋ 'ਜੁਗਲਬੰਦੀ' ਨਾਵਲ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਹੈ। ਨਾਵਲ ਦੀ ਕਥਾ ਵਸਤੂ ਵਿਚ ਤਿੰਨ ਪੀੜ੍ਹੀਆਂ ਦੀ ਕਹਾਣੀ ਨੂੰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਿ ਇੱਕੀਵੀਂ ਸਦੀ ਦੇ ਤੀਜੇ ਦਹਾਕੇ ਦੇ ਆਰੰਭ ਤੋਂ ਨਾਵਲ ਦੀ ਸ਼ੁਰੂਆਤ ਹੁੰਦੀ ਹੈ, ਜਿੱਥੇ ਇਕ ਕਿਸਾਨ ਜਰਨੈਲ ਸਿੰਘ ਅਤੇ ਉਸ ਦੀ ਪਤਨੀ ਕੁਲਵੰਤ ਕੌਰ ਦੇ ਆਪਸੀ ਸੰਵਾਦ ਰਾਹੀਂ ਪਾਠਕ ਦੇ ਮਨ ਵਿਚ ਇਕ ਖਿੱਚ ਪੈਦਾ ਹੁੰਦੀ ਹੈ। ਤੀਜੀ ਪੀੜ੍ਹੀ ਦੀ ਪ੍ਰਤੀਨਿੱਧਤਾ ਕਰਦਾ ਨਾਵਲ ਦਾ ਨਾਇਕ ਸੁਖਜੀਤ ਸਿੰਘ ਜਿੱਥੇ ਕਾਲਜ ਦੀ ਪੜ੍ਹਾਈ ਦੇ ਨਾਲ-ਨਾਲ ਆਪਣੇ ਪਿਉ-ਦਾਦੇ ਨਾਲ ਖੇਤੀਬਾੜੀ ਦੇ ਧੰਦੇ ਵਿਚ ਵੀ ਪੂਰੀ ਦਿਲਚਸਪੀ ਲੈਂਦਾ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਪੜ੍ਹਾਈ ਕਰਕੇ ਖੇਤੀਬਾੜੀ ਦੇ ਧੰਦੇ ਨੂੰ ਹੋਰ ਬਿਹਤਰ ਬਣਾਉਣ ਲਈ ਇੰਗਲੈਂਡ ਵਿਚ ਜਾ ਕੇ ਪੜ੍ਹਾਈ ਕਰਨ ਨੂੰ ਤਰਜੀਹ ਦਿੰਦਾ ਹੈ। ਪਰੰਤੂ ਇਸ ਦੇ ਨਾਲ ਹੀ ਨਾਵਲ ਵਿਚੋਂ ਉਸ ਦਾ ਇਕ ਅਜਿਹਾ ਆਦਰਸ਼ ਨਾਇਕ ਦਾ ਮੁਹਾਂਦਰਾ ਉੱਭਰਦਾ ਹੈ, ਜਿਸ ਉੱਤੇ ਉਸ ਦੇ ਮਾਂਪਿਓ ਅਤੇ ਦਾਦਾ ਵੀ ਮਾਣ ਕਰਦੇ ਹਨ। ਨਾਵਲਕਾਰ ਨੇ ਕਥਾ ਬਿਰਤਾਂਤ ਸਿਰਜਦਿਆਂ 1947 ਵਿਚ ਹੋਈ ਦੇਸ਼ ਦੀ ਵੰਡ ਦੇ ਕੁਝ ਦ੍ਰਿਸ਼ ਇਸ ਢੰਗ ਨਾਲ ਚਿੱਤਰੇ ਹਨ ਕਿ ਬੇਸ਼ੱਕ ਹਿੰਦੂਆਂ-ਸਿੱਖਾਂ ਅਤੇ ਮੁਸਲਮਾਨਾਂ ਨੇ ਇਕ-ਦੂਜੇ ਦੇ ਖ਼ੂਨ ਵਿਚ ਹੱਥ ਰੰਗੇ। ਪਰੰਤੂ ਮੁਸਲਮਾਨਾਂ ਅਤੇ ਸਿੱਖਾਂ ਵਿਚ ਸਦੀਆਂ ਤੋਂ ਚੱਲੀ ਆ ਰਹੀ ਆਪਸੀ ਪਿਆਰ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਉਸ ਔਖੇ ਵੇਲੇ ਵੀ ਬਹੁਤ ਸਾਰੇ ਲੋਕਾਂ ਨੇ ਕਾਇਮ ਰੱਖਿਆ। ਨਾਵਲ ਦੀ ਕਥਾ ਵਸਤੂ ਵਿਚ ਦਲੀਪ ਸਿੰਘ ਆਪਣੇ ਜਿਗਰੀ ਯਾਰ ਕਰੀਮ ਖ਼ਾਨ ਦੀ ਜਾਨ ਬਚਾਉਣ ਲਈ ਹਿੰਦੂਆਂ ਸਿੱਖਾਂ ਦੇ ਬਹੁਤ ਵੱਡੇ ਨਸਲੀ ਹਜ਼ੂਮ ਸਾਹਮਣੇ ਘੋਟਨਾ ਫ਼ੜ ਕੇ ਖੜ੍ਹ ਜਾਂਦਾ ਹੈ। ਇਸ ਪ੍ਰਕਾਰ ਉਹ ਨਸਲੀ ਭੀੜ ਕੋਲੋਂ ਆਪਣੇ ਮਿੱਤਰ ਦੀ ਜਾਨ ਬਚਾਉਣ ਵਿਚ ਸਫਲ ਹੋ ਜਾਂਦਾ ਹੈ। ਨਾਵਲਕਾਰ ਨੇ ਨਾਵਲ ਦੀਆਂ ਘਟਨਾਵਾਂ ਨੂੰ ਇਸ ਢੰਗ ਨਾਲ ਜੋੜਿਆ ਹੈ ਕਿ ਬਦਲਦੀਆਂ ਪਰਿਸਥਿਤੀਆਂ ਵਿਚ ਦਲੀਪ ਸਿੰਘ ਅਤੇ ਕਰੀਮ ਖ਼ਾਨ ਇੰਗਲੈਂਡ ਪਹੁੰਚ ਜਾਂਦੇ ਹਨ ਅਤੇ ਸੱਠ ਸਾਲ ਪਹਿਲਾਂ ਉਨ੍ਹਾਂ ਦੋਵਾਂ ਦੀ ਢੋਲ ਅਤੇ ਤੂੰਬਾ ਵਜਾਉਣ ਦੀ ਬਣੀ ਜੁਗਲਬੰਦੀ ਉਨ੍ਹਾਂ ਨੂੰ ਇਕ ਵਾਰੀ ਫ਼ੇਰ ਮਿਲਾ ਦਿੰਦੀ ਹੈ। ਇਸ ਪ੍ਰਕਾਰ 'ਜੁਗਲਬੰਦੀ' ਨਾਵਲ ਦਾ ਅੰਤ ਸੁਖਾਂਤਮਈ ਹੋ ਨਿੱਬੜਦਾ ਹੈ। ਦੀਨਾ ਨਾਥ ਚਮਦਲ ਦਾ ਨਾਵਲ 'ਜੁਗਲਬੰਦੀ' ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਿਤ ਹੋਣਾ ਜਿੱਥੇ ਪੰਜਾਬੀ ਨਾਵਲ ਸਾਹਿਤ ਨੂੰ ਹੋਰ ਵਧੇਰੇ ਸਮਰਿੱਧ ਕਰੇਗਾ, ਉੱਥੇ ਨਾਲ ਹੀ ਪੰਜਾਬੀ ਨਾਵਲ ਦੇ ਪਾਠਕਾਂ ਨੂੰ ਵੀ ਇਕ ਵਧੀਆ, ਸਿੱਖਿਆਦਾਇਕ, ਰੌਚਕ ਨਾਵਲ ਪੜ੍ਹਨ ਲਈ ਮਿਲਿਆ ਹੈ।

-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 8427685020

ਹਰਫ਼ਾਂ ਦੇ ਰੰਗ
ਸੰਪਾਦਕ : ਮਨਜਿੰਦਰ ਸਿੰਘ ਸ਼ੈਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 280 ਰੁਪਏ, ਸਫ਼ੇ : 176
ਸੰਪਰਕ : 98156-41312

ਹਰਫ਼ਾਂ ਦੇ ਰੰਗ (ਸਾਂਝਾ ਕਾਵਿ-ਸੰਗ੍ਰਹਿ) ਸੰਪਾਦਕ ਮਨਜਿੰਦਰ ਸਿੰਘ ਗੋਲ੍ਹੀ ਦੇ ਵਿਸ਼ੇਸ਼ ਯਤਨਾਂ ਨਾਲ ਪਾਠਕਾਂ ਤੱਕ ਪਹੁੰਚਿਆ ਹੈ। ਇਸ ਤੋਂ ਪਹਿਲਾਂ ਮਨਜਿੰਦਰ ਸਿੰਘ ਨੇ ਪੰਜਾਬ ਦੇ ਵਾਰਸੋ (ਕਾਵਿ ਸੰਗ੍ਰਹਿ) ਕਵੀਸ਼ਰ ਅਮਰ ਸਿੰਘ ਰਾਜਿਆਣਾ : ਜੀਵਨ ਤੇ ਰਚਨਾ ਪੰਜਾਬੀ ਪਾਠਕਾਂ ਦੀ ਝੋਲੀ ਪਾਈ ਹੈ। ਇਸ ਪੁਸਤਕ ਦੀ ਭੂਮਿਕਾ ਪ੍ਰੋ. ਬ੍ਰਹਮਜਗਦੀਸ਼ ਨੇ ਲਿਖੀ ਹੈ। ਜਿਨ੍ਹਾਂ ਨੇ ਇਸ ਪੁਸਤਕ ਵਿਚ ਸ਼ਾਮਿਲ ਅੱਠ ਕਵੀਆਂ ਦੀ ਜਾਣ ਪਛਾਣ ਵੀ ਕਰਵਾਈ ਹੈ। ਇਸ ਕਾਵਿ ਸੰਗ੍ਰਹਿ ਵਿਚ ਦੋ ਨਾਰੀਆਂ ਵੀ ਸ਼ਾਮਿਲ ਹਨ। ਜਿਨ੍ਹਾਂ ਵਿਚ ਰਮਨਦੀਪ ਰਮਣੀਕ ਅਤੇ ਬਲਜਿੰਦਰ ਕੌਰ ਸ਼ੇਰਗਿੱਲ ਨੇ ਨਾਰੀ ਸਰੋਕਾਰਾਂ ਅਤੇ ਸਮਾਜਿਕ ਸਰੋਕਾਰਾਂ ਬਾਰੇ ਚਿੰਤਾ ਅਤੇ ਚੇਤਨਾ ਭਰਪੂਰ ਕਵਿਤਾਵਾਂ ਰਚੀਆਂ ਹਨ।
ਤਾਰਿਆਂ 'ਚ ਜਦ ਮੈਂ ਟਿਮਟਿਮਾਉਣਾ
ਜੁਗਨੂੰਆਂ ਵਾਂਗ ਮੈਂ ਰੁਸ਼ਨਾਉਣਾ
(ਬਲਜਿੰਦਰ ਕੌਰ ਸ਼ੇਰਗਿੱਲ)
ਬੇਵਫਾਈ ਦੀ ਵਰਣਮਾਲਾ 'ਚੋਂ
ਹਰਫ਼ ਵਫ਼ਾ ਦਾ ਢੂੰਡਦੇ ਗੁਜ਼ਰ ਚੱਲੇ
ਉਹ ਕੀ ਕਰਨਗੇ ਪਿਆਰ ਵਫ਼ਾ ਲੋਕੋ
ਜਿਹੜੇ ਉਲਝ ਕੇ ਰਹਿ ਗਏ, ਦੌਲਤਾਂ ਥੱਲੇ। ਕਵੀ ਈਸ਼ਰ ਸਿੰਘ ਲੰਭਵਾਲੀ ਨੇ ਆਪਣੀ ਰਚਨਾਵਾਂ ਰਾਹੀਂ ਸਮਾਜਿਕ ਵਿਸ਼ਿਆਂ ਉਤੇ ਬਹੁਤ ਚੇਤਨਾ ਭਰਪੂਰ ਰਚਨਾਵਾਂ ਲਿਖੀਆਂ ਹਨ। ਮਾਂ ਬੋਲੀ ਪੰਜਾਬੀ ਬਾਰੇ ਵੀ ਕਵੀ ਲਿਖਦਾ ਹੈ:
ਬਾਬੇ ਨਾਨਕ ਨੇ ਕਿੰਨਾ ਮੈਨੂੰ ਮਾਣ ਦਿੱਤਾ
ਹੋਰ ਬੋਲੀਆਂ ਨੂੰ ਆਪ ਮੇਰਾ ਹਾਣ ਦਿੱਤਾ
ਸ਼ਿਵ ਮੋਹਨ ਸਿੰਘਾ ਤੇ ਸੁਖਵਿੰਦਰਾ
ਇਨ੍ਹਾਂ ਸਾਹਮਣੇ ਨਾ ਸੋਟੇ ਤੁਸੀਂ ਚੁੱਕੋ ਵੇ
ਜੀਤ ਕੰਮੇਆਣਾ ਸੰਵੇਦਨਾਭਰਪੂਰ ਕਾਵਿ ਰਚਨਾਵਾਂ ਰਚ ਕੇ ਵਿਸ਼ਿਆਂ ਦੀ ਵੰਨ-ਸੁਵੰਨਤਾ ਬਾਰੇ ਵੀ ਚੇਤਨਾ ਰੱਖੀ ਹੈ। ਸੱਭਿਆਚਾਰਕ ਬਦਲਾਵਾਂ ਪ੍ਰਤੀ ਵੀ ਕਵੀ ਚਿੰਤਨਸ਼ੀਲ ਹੈ। ਸੁੰਦਰਪਾਲ ਪ੍ਰੇਮੀ ਨੇ ਜੀਵਨ ਸ਼ੈਲੀ, ਵਿਚਾਰਧਾਰਾ, ਸਪੂਤ ਅਤੇ ਸਿਰਨਾਵਾਂ ਨਾਂਅ ਦੀਆਂ ਰਚਨਾਵਾਂ ਰਚ ਕੇ ਮਾਨਵੀ ਜੀਵਨ ਦੇ ਬਹੁਤ ਸਾਰੇ ਪਹਿਲੂਆਂ ਬਾਰੇ ਧਿਆਨ ਦਿਵਾਇਆ ਹੈ। ਮਨਜਿੰਦਰ ਸਿੰਘ ਗੋਲ੍ਹੀ ਨੇ ਜਿਥੇ ਇਸ ਪੁਸਤਕ ਦੀ ਸੰਪਾਦਨਾ ਦਾ ਮੁਸ਼ਕਿਲ ਕਾਰਜ ਕੀਤਾ ਹੈ, ਉਥੇ ਨਾਲ ਹੀ ਬਹੁਤ ਵਧੀਆ ਰਚਨਾਵਾਂ ਵੀ ਰਚੀਆਂ ਹਨ।
ਮੋਹ ਦੀ ਟੁੱਟ ਗਈ ਤਾਰ,
ਤੂੰਬਾ ਵੱਜਣਾ ਨਹੀਂ।
ਬਣ ਗਏ ਦੁਸ਼ਮਣ ਯਾਰ, / ਮੇਲਾ ਲੱਗਣਾ ਨਹੀਂ।
ਸੱਚੇ ਨੂੰ ਪੱਥਰ, ਖ਼ੂਨ ਦਾ ਰਿਸ਼ਤਾ, ਜਾਗ ਕਿਸਾਨਾਂ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਸੁਲੱਖਣ ਮੈਹਮੀ (ਹਕੀਰ) ਨੇ ਦੁਆਵਾਂ ਰਾਹੀਂ ਪੰਜਾਬ ਦੀ ਸੁੱਖ-ਸਾਂਦ ਮੰਗੀ ਹੈ। ਦੇਸ਼ ਕੈਨੇਡਾ ਰਾਹੀਂ ਕੈਨੇਡਾ ਦੀ ਤਸਵੀਰ ਪੇਸ਼ ਕੀਤੀ ਹੈ। ਲਖਵਿੰਦਰ ਕੋਟ ਸੁਖੀਆ ਨੇ ਪੁਰਾਣੇ ਪੰਜਾਬ ਦੇ ਚਿੱਤਰ ਬਾਖੂਬੀ ਚਿਹਰੇ ਹਨ। ਕਵੀ ਨੇ 'ਸਕੂਨ' ਨਾਂਅ ਦੀ ਕਵਿਤਾ ਵਿਚ ਅਜਿਹੇ ਸਕੂਨ ਦੀ ਤਲਾਸ਼ ਕੀਤੀ ਹੈ। ਸਮੁੱਚੇ ਤੌਰ 'ਤੇ ਇਹ ਪੁਸਤਕ ਬਹੁਤ ਦਿਲਚਸਪ ਹੈ। ਸੰਪਾਦਕ ਵਧਾਈ ਦਾ ਹੱਕਦਾਰ ਹੈ।

-ਪ੍ਰੋ. ਕੁਲਜੀਤ ਕੌਰ

ਰਾਵਣ ਤੋਂ ਬੰਦੇ ਤੱਕ
ਲੇਖਕ : ਬਲਵੰਤ ਮਾਂਗਟ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਪੰਜਾਬ)
ਮੁੱਲ : 250 ਰੁਪਏ, ਸਫ਼ੇ : 80
ਸੰਪਰਕ : 78889-29853

ਇਸ ਪੁਸਤਕ ਵਿਚ ਬਲਵੰਤ ਮਾਂਗਟ ਨੇ ਬੀਤੇ ਸਮੇਂ ਦੇ 7 ਮਹਾਨ ਮਿਥਿਹਾਸਕ ਤੇ ਇਤਿਹਾਸਕ ਪਾਤਰਾਂ ਨੂੰ ਅੱਜ ਦੇ ਸੰਦਰਭ ਵਿਚ ਆਪਣੇ ਦ੍ਰਿਸ਼ਟੀਕੋਣ ਤੋਂ ਮੁੜ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਪਾਤਰ ਹਨ ਰਾਵਣ, ਦੁਰਯੋਧਨ, ਜੈਦਰਥ, ਸ਼ਿਸ਼ੂਪਾਲ, ਜਰਾਸੰਧ, ਮੱਖਲੀ ਗੁਸਾਲਕ ਅਤੇ ਬਾਬਾ ਬੰਦਾ ਸਿੰਘ ਬਹਾਦਰ। 'ਸੱਤਯਮੇਵ ਜਯਤੇ ਤੋਂ ਅੰਤ ਭਲੇ ਦਾ ਭਲਾ' ਸਿਰਲੇਖ ਦੇ ਅੰਤਰਗਤ ਲੇਖਕ ਦਾ ਮੰਨਣਾ ਹੈ ਕਿ 'ਇਨ੍ਹਾਂ 7 ਕਿਰਦਾਰਾਂ ਦੇ ਜੀਵਨ ਬਾਰੇ ਅਨੇਕਾਂ ਦ੍ਰਿਸ਼ਟੀਕੋਣ ਹੋ ਸਕਦੇ ਹਨ ਤੇ ਉਨ੍ਹਾਂ ਅਨੇਕਾਂ ਦ੍ਰਿਸ਼ਟੀਕੋਣਾਂ ਵਿਚੋਂ ਇਕ ਦ੍ਰਿਸ਼ਟੀਕੋਣ ਮੇਰਾ ਵੀ ਹੋ ਸਕਦਾ ਹੈ। ਇਹ ਦ੍ਰਿਸ਼ਟੀਕੋਣ ਬਹੁਤ ਸੀਮਤ ਅਤੇ ਅਧੂਰਾ ਹੋ ਸਕਦਾ ਹੈ।' ਨਿਰਸੰਦੇਹ ਸਮਝ ਸੂਝ ਆਪੋ-ਆਪਣੀ ਹੁੰਦੀ ਹੈ। ਮੂਲ ਰੂਪ 'ਚ ਇਹ ਪੁਸਤਕ ਖੋਜਮੂਲਕ ਸੁਭਾਅ ਦੀ ਹੈ। ਲੇਖਕ ਨੇ ਵਿਸ਼ਲੇਸ਼ਣਾਤਮਿਕ ਵਿਧੀ ਤਹਿਤ ਸਮੇਂ, ਸਥਾਨ ਤੇ ਸਥਿਤੀਆਂ ਦੇ ਸੰਦਰਭ ਵਿਚ ਸੰਬੰਧਿਤ ਪਾਤਰਾਂ ਬਾਰੇ ਗੱਲ ਕਰਨ ਦਾ ਉਪਰਾਲਾ ਕੀਤਾ ਹੈ। ਮਿਸਾਲ ਵਜੋਂ :
-ਇਕ ਪਿੰਡ ਹੈ ਜਿਥੇ ਦੁਰਯੋਧਨ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪਿੰਡ ਕੇਰਲ ਵਿਚ ਹੈ। ਇਸ ਪਿੰਡ ਵਿਚ ਦੁਰਯੋਧਨ ਨਾਲ ਸੰਬੰਧਿਤ ਇਕ ਮੰਦਰ ਹੈ। ਇਸ ਮੰਦਰ ਦਾ ਇਸ਼ਟਦੇਵ ਦੁਰਯੋਧਨ ਹੈ। ਦੁਰਯੋਧਨ ਦੀ ਮਾਂ ਗੰਧਾਰੀ ਅਤੇ ਕਰਨ ਇਸ ਮੰਦਰ ਦੇ ਉੱਪਦੇਵ ਦੇ ਤੌਰ 'ਤੇ ਪੂਜੇ ਜਾਂਦੇ ਹਨ। (ਪੰਨਾ-23)
-ਜੈਦਰਥ ਸ਼ਬਦ ਦਾ ਅਰਥ ਹੁੰਦਾ ਹੈ ਇਕ ਐਸਾ ਵਿਅਕਤੀ ਜਿਸ ਕੋਲ ਇਕ ਜਿੱਤਣ ਵਾਲਾ ਰੱਥ ਹੋਵੇ। ਜੋ ਆਪਣੇ ਰੱਥ 'ਤੇ ਬੈਠ ਕੇ ਲਗਾਤਾਰ ਜਿੱਤ ਰਿਹਾ ਹੋਵੇ। ਸਿੰਧੂ-ਨਰੇਸ਼ ਜੈਦਰਥ ਦੁਰਯੋਧਨ ਦਾ ਜੀਜਾ ਸੀ। (ਪੰਨਾ-35)
-ਤੁਸੀਂ ਚਾਹੋ ਜਾਂ ਨਾ ਚਾਹੋ ਤੁਸੀਂ ਜਰਾਸਿੰਧ ਜ਼ਰੂਰ ਹੁੰਦੇ ਹੋ। ਇਸ ਨਾਂਅ ਦੇ ਵੱਡੇ ਅਰਥ ਹਨ। ਜਰਾ ਤੋਂ ਭਾਵ ਹੁੰਦਾ ਹੈ 'ਬਿਮਾਰੀ, ਕਮਜ਼ੋਰੀ, ਬੁਢਾਪਾ ਅਤੇ ਨਿਰਭਲਤਾ ਅਤੇ ਸਿੰਧ ਤੋਂ ਭਾਵ ਹੁੰਦਾ ਹੈ ਜੁੜਨਾ। ਜਰਾਸਿੰਧ ਤੋਂ ਭਾਵ ਹੁੰਦਾ ਹੈ ਜਿਸ ਨਾਲ ਕਮਜ਼ੋਰੀ, ਨਿਰਬਲਤਾ ਜਾਂ ਬੁਢਾਪਾ ਜੁੜਿਆ ਹੋਵੇ। (ਪੰਨਾ-49)
ਬਿਨਾਂ ਸ਼ੱਕ ਪੂਰੀ ਪੁਸਤਕ ਅਨੇਕ ਪੁਸਤਕਾਂ ਦੇ ਡੂੰਘੇ ਅਧਿਐਨ ਉਪਰੰਤ ਲੇਖਕ ਦੇ ਆਪਣੇ ਦ੍ਰਿਸ਼ਟੀਕੋਣ ਦੇ ਅੰਤਰਗਤ ਅਰਕ ਰੂਪ 'ਚ ਹੋਂਦ ਵਿਚ ਆਈ ਜਾਣੀ ਜਾ ਸਕਦੀ ਹੈ। ਮਿਥਿਹਾਸ-ਇਤਿਹਾਸ ਵਿਚ ਰੁਚੀ ਰੱਖਣ ਵਾਲੇ ਪਾਠਕਾਂ ਲਈ ਇਹ ਵੱਧ ਦਿਲਚਸਪ ਤੇ ਅਰਥ ਭਰਪੂਰ ਹੋ ਸਕਦੀ ਹੈ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

ਬੀ ਜੀ
ਲੇਖਕ : ਡਾ. ਸਚਿਨ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 232
ਸੰਪਰਕ : 98729-21121

ਸਪਲੀਮੈਂਟਰੀ ਬੈਚ ਮਗਰੋਂ ਬੀ ਜੀ ਡਾ. ਸਚਿਨ ਦਾ ਦੂਸਰਾ ਨਾਵਲ ਹੈ। ਜਿਵੇਂ ਕਿ ਨਾਵਲ ਦੇ ਸਿਰਲੇਖ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਨਾਵਲ ਨਾਇਕਾ ਚਰਿੱਤਰ ਪ੍ਰਧਾਨ ਨਾਵਲ ਹੈ। ਇਸ ਵਿਚ ਬੀ ਜੀ ਉਰਫ਼ ਅੰਬੋ ਉਰਫ਼ ਨਿਰਮਲਾ ਦੇ ਸਮੁੱਚੇ ਮਿਸਾਲੀ ਜੀਵਨ ਦਾ ਸ਼ਾਬਦਿਕ ਚਿਤਰਨ ਕੀਤਾ ਗਿਆ ਹੈ। ਨਾਵਲ ਦੀ ਪਿੱਠਭੂਮੀ ਮਾਲਵੇ ਦਾ ਪਿੰਡ ਕਰਮਗੜ੍ਹ ਹੈ। ਪੇਂਡੂ ਰਹਿਤਲ-ਬਹਿਤਲ ਅਤੇ ਸੱਭਿਆਚਾਰ ਨਾਲ ਓਤ-ਪੋਤ ਕਥਾਨਕ ਪਾਠਕ ਨੂੰ ਬੀ ਜੀ ਪਾਤਰ ਦੇ ਨਾਲ-ਨਾਲ ਬਲਦੇਵ, ਕੈਲਾਸ਼, ਸਰੋਜ, ਬੰਤ ਕੌਰ, ਤੋਤੀ, ਦੀਪਕ, ਮਮਤਾ ਜਿਹੇ ਵੱਖੋ-ਵੱਖਰੀ ਸੋਚ ਤੇ ਸਲੀਕੇ ਵਾਲੇ ਪਾਤਰਾਂ ਦੇ ਵੀ ਰੂ-ਬਰੂ ਕਰਾਉਂਦਾ ਹੈ। ਬੀ ਜੀ ਸਾਨੂੰ ਹਰ ਘਰ ਦੀ ਉਸ ਸਿਆਣੀ, ਸੁਘੜ ਤੇ ਸਿਦਕੀ ਸੁਆਣੀ ਨਾਲ ਸਾਖਸ਼ਾਤਕਾਰ ਕਰਾਉਂਦੀ ਹੈ, ਜਿਹੜੀ ਉਮਰ ਭਰ ਆਪਣੇ ਪਤੀ ਅਤੇ ਨੂਹਾਂ-ਪੁੱਤਰਾਂ ਨਾਲ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦੀ ਚਲੀ ਜਾਂਦੀ ਹੈ ਲੇਕਿਨ ਉਸ ਦੇ ਅਖੌਤੀ ਆਪਣੇ ਉਸ ਨਾਲ ਆਪਣਿਆਂ ਵਾਲਾ ਸਲੂਕ ਨਹੀਂ ਕਰਦੇ। ਨਾਵਲ ਵਿਚਲੀਆਂ ਕੈਲਾਸ਼ ਤੇ ਸਰੋਜ ਵਰਗੀਆਂ ਨੂਹਾਂ ਆਪਣੇ ਸੁਆਰਥੀਪਨ, ਈਰਖਾਲੂ ਅਤੇ ਹੰਕਾਰ ਭਰੇ ਵਤੀਰੇ ਨਾਲ ਇਹ ਸਾਬਿਤ ਕਰਨ ਵਿਚ ਕੋਈ ਕਸਰ ਨਹੀਂ ਛੱਡਦੀਆਂ ਹਨ ਕਿ ਭਾਰਤੀ ਪਰੰਪਰਾਵਾਦੀ ਸਮਾਜ ਵਿਚ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਇਹ ਦੋਵੇਂ ਪਾਤਰ ਪਰਿਵਾਰ ਦਾ ਸੁੱਖ-ਚੈਨ, ਆਪਸੀ ਪ੍ਰੇਮ ਅਤੇ ਸਾਂਝੀਵਾਲਤਾ ਵਾਲਾ ਮਾਹੌਲ ਕਾਇਮ ਨਹੀਂ ਰਹਿਣ ਦਿੰਦੀਆਂ ਅਤੇ ਗੋਪਾਲ ਵਰਗਾ ਸਾਊ ਤੇ ਸੁਹਿਰਦ ਵਿਅਕਤੀ ਇਸ ਚੱਕਰਵਿਊ ਵਿਚ ਫਸ ਕੇ ਰਹਿ ਜਾਂਦਾ ਹੈ। ਲੇਖਕ ਨੇ ਦੀਪਕ ਅਤੇ ਮਮਤਾ ਪਾਤਰਾਂ ਰਾਹੀਂ ਨਵੀਂ ਪੀੜ੍ਹੀ ਲਈ ਆਪਣੇ ਬਜ਼ੁਰਗਾਂ ਦੀ ਸਾਂਭ-ਸੰਭਾਲ ਅਤੇ ਸੇਵਾ ਕਰਨ ਦਾ ਆਦਰਸ਼ ਪੇਸ਼ ਕੀਤਾ ਹੈ। ਨਾਵਲ ਪੜ੍ਹਦਿਆਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪਿੰਡ ਦੇ ਘਰਾਂ, ਸੱਥਾਂ, ਗਲੀ- ਮੁਹੱਲੇ ਵਿਚ ਵਿਚਰਦੇ ਗੱਲ-ਬਾਤ ਕਰਦੇ ਲੋਕ ਸਹਿਜ ਸੁਭਾਓ ਹੀ ਨਾਵਲ ਦੇ ਕਥਾਨਕ ਦਾ ਹਿੱਸਾ ਬਣ ਕੇ ਇਕ ਜਾਣਿਆ-ਪਛਾਣਿਆ ਪੇਂਡੂ ਪਰਿਵੇਸ਼ ਸਿਰਜ ਲੈਂਦੇ ਹਨ ਅਤੇ ਪਾਠਕ ਉਨ੍ਹਾਂ ਨਾਲ ਇਕ-ਮਿੱਕ ਹੋਇਆ ਉਨ੍ਹਾਂ ਨਾਲ ਜੁੜ ਜਾਂਦਾ ਹੈ। ਇਹ ਪਾਠਕੀ ਇਨਵਾਲਵਮੈਂਟ ਇਸ ਨਾਵਲ ਦੀ ਸਭ ਤੋਂ ਵੱਡੀ ਖੂਬੀ ਹੈ। ਦੂਸਰੇ ਇਹ ਪਾਤਰ ਜਿਵੇਂ ਹਨ ਉਵੇਂ ਹੀ ਵਿਚਰਦੇ ਹਨ ਤੇ ਪਾਠਕ ਦੇ ਮਨ ਤੇ ਆਪਣੀ ਛਾਪ ਛੱਡਦੇ ਜਾਂਦੇ ਹਨ। ਨਿਰਮਲਾ ਦਾ ਸਾਉਪਣ, ਤੋਤੀ ਦਾ ਬੜਬੋਲਾਪਣ, ਕੈਲਾਸ਼ ਦਾ ਜਿੱਦੀਪੁਣਾ, ਸਰੋਜ ਦਾ ਈਰਖਾਪਣ, ਬਲਦੇਵ ਦਾ ਮੁਹੱਬਤ ਲਈ ਸਮਰਪਣ ਭਾਵ ਆਦਿ ਉੱਘੜ ਕੇ ਸਾਮਣੇ ਆਉਂਦੇ ਹਨ। ਅਜਿਹੇ ਪਾਤਰ ਹਰ ਘਰ, ਹਰ ਪਰਿਵਾਰ, ਹਰ ਸਮਾਜ ਅਤੇ ਸਭਾ ਸੁਸਾਇਟੀ ਵਿਚ ਆਪਣੀ ਹਾਜ਼ਰੀ ਦਰਜ਼ ਕਰਾਉਂਦੇ ਅਸਾਨੀ ਨਜ਼ਰ ਆ ਜਾਂਦੇ ਹਨ। ਇਸੇ ਕਰਕੇ ਨਾਵਲ ਬੀ ਜੀ ਭਾਰਤੀ ਖ਼ਾਸ ਕਰਕੇ ਪੰਜਾਬੀ ਪੇਂਡੂ ਸਮਾਜ ਦੀ ਘਰ-ਘਰ ਦੀ ਕਹਾਣੀ ਪ੍ਰਤੀਤ ਹੁੰਦਾ ਹੈ। ਡਾ. ਸਚਿਨ ਨੇ ਆਪਣੇ ਇਸ ਨਾਵਲ ਰਾਹੀਂ ਬੀ ਜੀ ਉਰਫ਼ ਅੰਬੋ ਉਰਫ਼ ਨਿਰਮਲਾ ਪਾਤਰ ਨੂੰ ਸਦੀਵਤਾ ਪ੍ਰਦਾਨ ਕੀਤੀ ਹੈ ਅਤੇ ਨਾਵਲ ਵਿਚ ਅਜਿਹਾ ਪਰਿਵੇਸ਼ ਸਿਰਜਣਾ ਲੇਖਕ ਦੀ ਸਫਲਤਾ ਹੈ। ਨਾਵਲ ਕਥਾਨਕ ਦੀ ਗੁੰਦਵੀ ਗੋਂਦ, ਪ੍ਰਭਾਵਸ਼ਾਲੀ ਚੁਸਤ ਸੰਵਾਦਾਂ, ਸੁਭਾਵਿਕ ਮਾਨਸਿਕ ਚਰਿੱਤਰ ਚਿਤਰਣ, ਰੌਚਕ ਦ੍ਰਿਸ਼ਟਾਂਤਾਂ, ਵਾਤਾਵਰਨ ਦੀ ਕੁਦਰਤੀ ਉਸਾਰੀ ਅਤੇ ਮਲਵਈ ਮੁਹਾਵਰੇਦਾਰ ਬੋਲੀ-ਸ਼ੈਲੀ ਕਰਕੇ ਆਪਣੇ ਨਾਵਲੀ ਉਦੇਸ਼ ਦੀ ਪੂਰਤੀ ਕਰਦਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਤ੍ਰਾਤਸਕੀਵਾਦੀ ਹੋਣ ਦਾ ਅਰਥ
ਲੇਖਕ : ਰਾਜੇ ਤਿਆਗੀ
ਅਨੁਵਾਦ : ਰਾਜਿੰਦਰ ਕੁਮਾਰ
ਸੰਪਾਦਕ : ਸਰਬਜੀਤ ਸਿੰਘ ਸੰਧੂ
ਪ੍ਰਕਾਸ਼ਕ : ਕੈਫ਼ੇ ਵਰਲਡ, ਜਲੰਧਰ
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 94179-62820

ਸੋਵੀਅਤ ਯੂਨੀਅਨ ਦੀ ਕਦੇ ਚੜ੍ਹਤ ਹੁੰਦੀ ਸੀ ਅਤੇ ਉਥੋਂ ਦਾ ਸਿਸਟਮ, ਨੇਤਾਵਾਂ ਅਤੇ ਲਿਟਰੇਚਰ ਦਾ ਆਪਣਾ ਇਕ ਮੁਕਾਮ ਹੁੰਦਾ ਸੀ। ਪਰ ਇਸ ਦੇ ਢਹਿ-ਢੇਰੀ ਹੋਣ ਉਪਰੰਤ ਕੇਵਲ ਰੂਸ ਰਹਿ ਗਿਆ, ਜਿਸ ਨੇ ਪੱਛਮੀ ਦੇਸ਼ਾਂ ਦੀਆਂ ਨੀਤੀਆਂ ਵਿਰੁੱਧ ਯੂਕਰੇਨ ਨਾਲ ਜੰਗ ਛੇੜ ਰੱਖੀ ਹੈ। ਇਸ ਪੁਸਤਕ ਵਿਚ 10 ਕੁ ਲੇਖ ਹਨ ਜੋ ਤ੍ਰਾਤਸਕੀਵਾਦੀ ਹੋਣ ਦੇ ਅਰਥਾਂ ਨੂੰ ਨਵੇਂ ਨਜ਼ਰੀਏ ਤੋਂ ਸਮਝਣ-ਸਮਝਾਉਣ ਦਾ ਯਤਨ ਕਰਦੇ ਹਨ। ਪਹਿਲਾ ਹੀ ਲੇਖ ਜਿਸ ਦੇ ਨਾਂਅ 'ਤੇ ਕਿਤਾਬ ਨੂੰ ਟਾਈਟਲ ਦਿੱਤਾ ਗਿਆ ਹੈ, ਵਿਚੋਂ ਕੁਝ ਸਤਰਾਂ ਜਿਵੇਂ : ਲੈਨਿਨ ਅਤੇ ਤ੍ਰਾਤਸਕੀ ਇਕ-ਦੂਜੇ ਨਾਲ ਸਹਿਮਤ ਅਤੇ ਅਸਹਿਮਤ ਸਨ। ਤ੍ਰਾਤਸਕੀ ਦੇ ਇਨਕਲਾਬ ਦੇ ਸਿਧਾਂਤ ਦੀ ਗੂੰਜ 1906 ਵਿਚ ਲਿਖੀ ਉਸ ਦੀ ਪ੍ਰਭਾਵਸ਼ਾਲੀ ਰਚਨਾ ਰੂਸੀ ਇਨਕਲਾਬ : ਨਤੀਜੇ ਅਤੇ ਭਵਿੱਖ ਵਿਚ ਸੁਣੀ ਗਈ। ਇਸ ਨੇ ਇਸ ਦੇ ਸਥਾਈ ਇਨਕਲਾਬ ਦੇ ਪ੍ਰਸਿੱਧ ਥੀਸਿਸ ਵਜੋਂ ਅੰਤਿਮ ਰੂਪ ਹਾਸਿਲ ਕੀਤਾ।
ਦੂਸਰੇ ਲੇਖ ਇਕ ਮੁਲਕ 'ਚ ਸਮਾਜਵਾਦ ਜਾਂ ਸਥਾਈ ਇਨਕਲਾਬ? ਵਿਚ ਪ੍ਰਸ਼ਨ-ਉੱਤਰ ਰਾਹੀਂ ਇਸ ਲੇਖ ਦੇ ਟਾਈਟਲ ਦੇ ਸੰਦਰਭ ਵਿਚ ਇਸ ਲੇਖ ਦੇ ਵਿਸ਼ੇ ਤੇ ਮਕਸਦ ਨੂੰ ਸਮਝਿਆ ਜਾ ਸਕਦਾ ਹੈ। ਤੀਸਰੇ ਲੇਖ ਸਟਾਲਿਨ ਨੇ, ਇਨਕਲਾਬ ਵਿਰੁੱਧ ਲਾਮਬੰਦੀ ਕਰਦਿਆਂ ਹੋਇਆਂ ਸੱਤਾ ਕਿਵੇਂ ਹੜੱਪੀ? ਸਟਾਲਿਨ ਨੂੰ ਇਕ ਡਿਕਟੇਟਰ ਤੇ ਜਾਬਰ ਵਜੋਂ ਦਰਸਾਇਆ ਗਿਆ ਹੈ, ਜਿਸ ਨੇ ਲੱਖਾਂ ਲੋਕਾਂ ਨੂੰ ਜੇਲ੍ਹ ਸੁੱਟਿਆ ਜਾਂ ਮੌਤ ਦੇ ਘਾਟ ਉਤਾਰਿਆ। ਉਸ ਨੂੰ ਹਿਟਲਰ ਵਾਂਗ ਹੀ ਯਹੂਦੀਆਂ ਦਾ ਦੁਸ਼ਮਣ ਵੀ ਐਲਾਨਿਆ ਗਿਆ? ਇਹ ਕੱਚ-ਸੱਚ ਹੋਰ ਪੜਤਾਲ ਦੀ ਮੰਗ ਕਰਦਾ ਹੈ। ਮਹਾਨ ਅਕਤੂਬਰ - ਇਨਕਲਾਬ ਅਤੇ ਸਾਡੇ ਕੰਮ-- ਨਾਮੀ ਲੇਖ ਦੇ ਵੀ ਕੁਝ ਦਿਲਚਸਪ ਪਹਿਲੂ ਹਨ। ਜਿਵੇਂ ਇਸ ਲੇਖ ਦੇ ਇਕ ਪੈਰ੍ਹੇ ਵਿਚ ਕੁਝ ਸਤਰਾਂ ਤੋਂ ਗਿਆਤ ਹੁੰਦਾ ਹੈ--ਅਕਤੂਬਰ ਦੌਰਾਨ ਅਸਲ ਸੰਘਰਸ਼ ਦੇ ਅਖਾੜੇ ਵਿਚ ਵੱਖ-ਵੱਖ ਮੱਤਾਂ ਦੀ ਪਰਖ ਹੋਈ ਅਤੇ ਜਿਉਂ ਹੀ ਇਹ ਅੱਗੇ ਵਧਿਆ ਇਸ ਨੇ, ਇਨ੍ਹਾਂ ਮੱਤਾਂ ਨੂੰ ਜਾਂ ਤਾਂ ਨਕਾਰ ਦਿੱਤਾ ਜਾਂ ਅਪਣਾ ਲਿਆ।
ਪੁਸਤਕ ਦੇ ਹੋਰ ਵੀ ਲੇਖ ਪੜ੍ਹਨੇ ਬਣਦੇ ਹਨ। ਸੋਵੀਅਤ ਯੂਨੀਅਨ ਅਤੇ ਸਮਾਜਵਾਦ ਤੇ ਕਮਿਊਨਿਸਟ ਦੀ ਵਿਚਾਰਧਾਰਾ ਅਤੇ ਪ੍ਰਾਪਤੀਆਂ-ਅਪ੍ਰਾਪਤੀਆਂ ਦੇ ਖ਼ੁਲਾਸਿਆਂ ਵਿਚ ਰੁਚੀ ਰੱਖਣ ਵਾਲੇ ਪਾਠਕ ਤੇ ਸਿਖਿਆਰਥੀ ਜ਼ਰੂਰ ਇਸ ਕਿਤਾਬ ਤੋਂ ਆਪੋ-ਆਪਣੇ, ਸ਼ੰਕੇ ਜਿੱਥੇ ਨਿਵਿਰਤ ਕਰਨਗੇ, ਉਥੇ ਹੋਰ ਬਹੁਤ ਕੁਝ ਗ੍ਰਹਿਣ ਕਰਦਿਆਂ ਆਪਣਾ ਇਕ ਮੱਤ ਜਾਂ ਵਿਚਾਰ ਬਣਾਉਣ ਵਿਚ ਵੀ ਸਫ਼ਲ ਹੋਣਗੇ। ਸੰਪਾਦਕਾਂ ਸਰਬਜੀਤ ਸਿੰਘ ਸੰਧੂ, ਰਾਜਿੰਦਰ ਕੁਮਾਰ ਦਾ ਇਹ ਯਤਨ ਆਪਣੇ-ਆਪ ਵਿਚ ਕਾਮਯਾਬ ਰਿਹਾ ਹੈ ਅਤੇ ਉਹ ਅੱਗਿਓਂ ਵੀ ਅਜਿਹੀਆਂ ਭਰਪੂਰ ਕੋਸ਼ਿਸ਼ਾਂ ਕਰਦੇ ਰਹਿਣਗੇ।

-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693

ਜ਼ਿੰਦਗੀ ਦੇ ਬਾਕਮਾਲ ਰਹੱਸ
ਲੇਖਕ : ਗੌਰ ਗੋਪਾਲ ਦਾਸ
ਅਨੁ: ਡਾ. ਲਖਵੀਰ ਸਿੰਘ ਜੱਟਪੁਰਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 215
ਸੰਪਰਕ : 98147-32198

ਇਸ ਪੁਸਤਕ ਦਾ ਲੇਖਕ ਇੰਜੀਨੀਅਰ ਹੈ, ਜਿਸ ਨੇ ਨੌਕਰੀ ਛੱਡ ਕੇ ਮੁੰਬਈ ਵਿਚ ਸੰਨਿਆਸੀ ਹੋ ਕੇ ਜੀਵਨ ਬਤੀਤ ਕਰਨ ਦੇ ਖਿਆਲ ਨਾਲ ਇਕ ਆਸ਼ਰਮ ਵਿਖੇ ਰਹਿਣਾ ਸ਼ੁਰੂ ਕੀਤਾ। ਪੁਸਤਕ ਦੀ ਰੂਪ-ਰੇਖਾ ਇਸ ਤਰ੍ਹਾਂ ਹੈ: ਸੰਪੂਰਨਤਾ ਅਤੇ ਸੰਤੁਲਨ ਭਰਪੂਰ ਜ਼ਿੰਦਗੀ ਜਿਊਣਾ, ਜ਼ਿੰਦਗੀ ਦੇ ਬਾਕਮਾਲ ਰਹੱਸਾਂ ਵਿਚੋਂ ਇਕ ਹੈ, ਜਿਸ ਨੂੰ ਪੁਸਤਕ ਵਿਚ ਪ੍ਰਸਤੁਤ ਕੀਤਾ ਗਿਆ ਹੈ। ਜ਼ਿੰਦਗੀ ਦਾ ਰਹੱਸ ਸੰਤੁਲਨ ਲੱਭਣਾ ਹੈ। ਜਿਸ ਤਰ੍ਹਾਂ ਗੱਡੀ ਚਾਰ ਚੱਕਿਆਂ ਉੱਪਰ ਸੰਤੁਲਨ ਬਣਾਉਂਦੀ ਹੈ, ਉਸੇ ਤਰ੍ਹਾਂ ਜ਼ਿੰਦਗੀ ਦੇ ਚਾਰ ਚੱਕਿਆਂ ਵਿਚ ਸੰਤੁਲਨ ਬਣਾਉਣ ਦੀ ਲੋੜ ਹੁੰਦੀ ਹੈ। ਇਹ ਚਾਰ ਚੱਕੇ ਹਨ : 1. ਨਿੱਜੀ ਜ਼ਿੰਦਗੀ, 2. ਰਿਸ਼ਤੇ, 3. ਕੰਮਕਾਜ਼ੀ ਜ਼ਿੰਦਗੀ, 4. ਸਮਾਜ ਨੂੰ ਦੇਣ। ਇਨ੍ਹਾਂ ਚਾਰ ਚੱਕਿਆਂ ਦੀ ਵਿਆਖਿਆ 20 ਕਾਂਡਾਂ ਵਿਚ ਕੀਤੀ ਗਈ ਹੈ। 1. ਚਾਬੀਆਂ ਭੁੱਲਣਾ (ਜਦੋਂ ਤੁਸੀਂ ਸਫਲ ਹੋ ਜਾਓ ਤਾਂ ਖ਼ੁਸ਼ੀ ਦੀਆਂ ਚਾਬੀਆਂ ਨਾ ਭੁੱਲ ਜਾਣਾ, 2. ਦਿਖਦੇ ਤੋਂ ਪਾਰ ਦੇਖਣਾ (ਹਾਸਿਆਂ ਦੇ ਓਹਲੇ ਹਰ ਕੋਈ ਇਕ ਨਿੱਜੀ ਸੰਘਰਸ਼ 'ਚੋਂ ਲੰਘ ਰਿਹਾ ਹੈ, ਜਿਸ ਬਾਰੇ ਅਸੀਂ ਕੁਝ ਨਹੀਂ ਜਾਣਦੇ), 3. ਸਫਰ ਦੀ ਸ਼ੁਰੂਆਤ (ਤੁਹਾਡੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਨ ਅਤੇ ਉਨ੍ਹਾਂ 'ਤੇ ਚਰਚਾ ਕਰਨ ਲਈ ਇਕ ਮਿੱਤਰ ਦਾ ਹੋਣਾ, ਉਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਸ਼ੁਰੂਆਤ ਹੈ), 4. ਸ਼ੁਕਰ ਵਿਚ ਵਿਗਸਣਾ (ਸਾਨੂੰ ਸਭ ਤੋਂ ਖਰਾਬ ਸਥਿਤੀਆਂ ਵਿਚ ਵੀ ਚੰਗਿਆਈ ਲੱਭਣੀ ਚਾਹੀਦੀ ਹੈ ਅਤੇ ਸ਼ੁਕਰਾਨੇ ਦੇ ਸਿਧਾਂਤ ਨਾਲ ਜੀਣਾ ਚਾਹੀਦਾ ਹੈ), 5. ਜ਼ਰਾ ਰੁਕੋ (ਸਮੇਂ-ਸਮੇਂ ਤੋਂ ਰੁਕੋ ਅਤੇ ਆਪਣੀ ਜ਼ਿੰਦਗੀ ਉੱਪਰ ਵਿਚਾਰ ਕਰੋ), 6. ਚਿੰਤਾ ਕਿਉਂ (ਜਦ ਹਾਲਾਤ ਵਸੋਂ ਬਾਹਰ ਹੋਣ ਤੇ ਤੁਸੀਂ ਕੁਝ ਕਰਨ ਦੀ ਸਥਿਤੀ 'ਚ ਨਾ ਹੋਵੋ, ਤਾਂ ਚਿੰਤਾ ਕਿਉਂ?), 7. ਅਧਿਆਤਮਕ ਅਭਿਆਸ (ਅਧਿਆਤਮਿਕ ਅਭਿਆਸ ਸਾਡੀ ਖ਼ੁਸ਼ੀ ਦੀ ਬੁਨਿਆਦ), 8. ਸੰਵੇਦਨਸ਼ੀਲ ਬੋਲੀ (ਇਕ-ਦੂਜੇ ਨਾਲ ਸੰਵੇਦਨਸ਼ੀਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ), 9. ਸਦਾਚਾਰੀ ਦ੍ਰਿਸ਼ਟੀਕੋਣ (ਦੂਜਿਆਂ ਨੂੰ ਸਮਝਣ ਲਈ ਉਹ ਰਾਹ ਚੁਣਨਾ ਚਾਹੀਦਾ ਹੈ, ਜੋ ਸਾਕਾਰਾਤਮਿਕਤਾ ਵਧਾਉਂਦਾ ਹੈ ਅਤੇ ਨਾਕਾਰਾਤਮਿਕ ਤੋਂ ਬਚਾਉਂਦਾ ਹੈ। 10, ਸੁਚੇਤ ਸੁਧਾਰ (ਸੁਧਰਨ ਲਈ ਦਿੱਤਾ ਸੁਝਾਅ ਸਾਡੇ ਰਿਸ਼ਤੇ ਨੂੰ ਬਣਾ ਜਾਂ ਤੋੜ ਸਕਦਾ ਹੈ), 11. ਮੁਆਫ਼ ਕਰਨਾ (ਨਫ਼ਰਤ ਕਦੇ ਵੀ ਨਫ਼ਰਤ ਨਹੀਂ ਮਿਟਾ ਸਕਦੀ, ਸਿਰਫ਼ ਪਿਆਰ ਹੀ ਅਜਿਹਾ ਕਰ ਸਕਦਾ ਹੈ), 12. ਸੰਬੰਧਾਂ ਦੀ ਅਹਿਮੀਅਤ (ਸਾਡੇ ਰਿਸ਼ਤੇ ਉਦੋਂ ਮਜ਼ਬੂਤ ਹੁੰਦੇ ਹਨ, ਜਦੋਂ ਉਨ੍ਹਾਂ ਵਿਚ ਅਧਿਆਤਮਿਕ ਤੱਤ ਹੁੰਦਾ ਹੈ), 13. ਹਰ ਤਰਫ਼ ਮੁਕਾਬਲਾ (ਆਪਣਾ ਮੁਕਾਬਲਾ ਖ਼ੁਦ ਨਾਲ ਕਰਨ ਦੀ ਬਜਾਏ ਦੂਜਿਆਂ ਨਾਲ ਕਰਨਾ ਹੁੰਦਾ ਹੈ), 14. ਆਤਮ ਖੋਜ (ਆਪਣਾ ਉਦੇਸ਼ ਲੱਭਣ ਲਈ ਤੁਹਾਨੂੰ ਆਤਮ-ਖੋਜ ਦੀ ਯਾਤਰਾ ਉੱਪਰ ਨਿਕਲਣਾ ਪਵੇਗਾ), 15. ਕੰਮ ਦੌਰਾਨ ਅਧਿਆਤਮਿਕਤਾ ਦੀ ਖੋਜ (ਸਾਨੂੰ ਜੀਵਨ ਵਿਚ ਅਧਿਆਤਮਿਕ ਬਣਨ ਦੀ ਇੱਛਾ ਨਹੀਂ ਰੱਖਣੀ ਚਾਹੀਦੀ ਹੈ), 16. ਅਖੰਡਤਾ ਅਤੇ ਚਰਿੱਤਰ (ਅਧਿਆਤਮਿਕਤਾ ਚੰਗੇ ਚਰਿੱਤਰ ਦੇ ਵਿਕਾਸ ਵਿਚ ਮਦਦ ਕਰਦੀ ਹੈ), 17. ਨਿਸ਼ਕਾਮ ਤਿਆਗ (ਜ਼ਿੰਦਗੀ ਸਵਾਰਥੀ ਹੋਣ ਤੋਂ ਨਿਰਸਵਾਰਥੀ ਹੋਣ ਦਾ ਸਫਰ ਹੈ), 18. ਪਹਿਲਾਂ ਪਰਿਵਾਰ (ਨਿਰਸਵਾਰਥ ਹੋਣ ਦਾ ਪਹਿਲਾ ਕਦਮ ਆਪਣੇ ਪਰਿਵਾਰ ਤੋਂ ਸ਼ੁਰੂ ਹੁੰਦਾ ਹੈ), 19. ਰਾਸ਼ਟਰ ਦੀ ਗੱਲ (ਅਸੀਂ ਰਾਸ਼ਟਰੀ ਦੀ ਸੇਵਾ ਕਰਨ ਲਈ ਆਪਣੀ ਨਿਰਸਵਾਰਥਤਾ ਨੂੰ ਵਧਾ ਸਕਦੇ ਹਨ), 20. ਸੇਵਾ ਵਿਚ ਅਨੰਦ (ਸੇਵਾ ਭਾਵਨਾ ਵਿਚ ਅਧਿਆਤਮਿਕਤਾ ਦਾ ਮਿਸ਼ਰਨ ਇਸ ਨੂੰ ਹੋਰ ਵੀ ਸੰਤੋਖਜਨਕ ਬਣਾ ਸਕਦਾ ਹੈ।)
ਪੁਸਤਕ ਦੀ ਗੈੱਟਅੱਪ, ਛਪਾਈ ਅਤੇ ਸਮੁੱਚੀ ਦਿੱਖ ਬਹੁਤ ਸੋਹਣੀ ਹੈ। ਡਾ. ਲਖਵੀਰ ਸਿੰਘ ਜਟਪੁਰਾ ਨੇ ਇਕ ਸਫਲ ਅਨੁਵਾਦਕ ਵਜੋਂ ਸ਼ਲਾਘਾਯੋਗ ਕੰਮ ਕੀਤਾ ਹੈ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

25-05-2024

 ਕਲਾਕਾਰੀਆਂ
ਲੇਖਕ : ਰਾਣਾ ਰਣਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 359
ਸੰਪਰਕ : 095011-45039

ਰਾਣਾ ਰਣਬੀਰ ਜਿਥੇ ਉਘੇ ਅਦਾਕਾਰ ਅਤੇ ਫ਼ਿਲਮੀ ਨਿਰਦੇਸ਼ਕ ਹਨ, ਉਥੇ ਉਹ ਸੰਜੀਦਾ ਬਹੁ-ਵਿਧਾਈ ਸਾਹਿਤਕਾਰ ਵੀ ਹਨ। 'ਕਲਾਕਾਰੀਆਂ' ਉਨ੍ਹਾਂ ਦੀ ਦੂਸਰੀ ਵਾਰਤਕ ਪੁਸਤਕ ਹੈ, ਜਿਸ ਦਾ ਤੀਸਰਾ ਐਡੀਸ਼ਨ ਮੇਰੇ ਹੱਥਾਂ 'ਚ ਹੈ। 'ਜ਼ਿੰਦਗੀ ਜ਼ਿੰਦਾਬਾਦ' ਉਨ੍ਹਾਂ ਦੀ ਪਹਿਲੀ ਵਾਰਤਕ ਪੁਸਤਕ ਹੈ, ਜਿਸ ਦੀਆਂ ਹੁਣ 10 ਤੋਂ ਵੱਧ ਐਡੀਸ਼ਨਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਹ ਪੁਸਤਕ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਵੀ ਉਪਲਬੱਧ ਹੈ। 'ਕਿਣਮਿਣ ਤਿੱਪ ਤਿੱਪ', 'ਦੀਵਾ' (ਕਾਵਿ ਸੰਗ੍ਰਹਿ) ਅਤੇ '20 ਨਵੰਬਰ' (ਨਾਵਲੈਟ) ਵੀ ਪ੍ਰਕਾਸ਼ਿਤ ਕਰਵਾਏ ਹਨ। 'ਕਲਾਕਾਰੀਆਂ' ਪੁਸਤਕ ਦਾ ਸਮਰਪਣ ਬਿੰਦੂ, ਸੀਰਤ ਤੇ ਦਾਰਿਸ ਦੇ ਨਾਂਅ ਹੋਣ ਕਰਕੇ ਉਹ ਦਿਸ਼ਾਵੀ ਚਿੰਤਨ, ਚੇਤਨਾ, ਬੁੱਧੀ ਅਤੇ ਦਰਸ਼ਨ ਆਦਿ ਨਾਲ ਲਖਾਇਕ ਬਣਦੇ ਹਨ। ਇਸ ਪੁਸਤਕ ਦਾ ਮੁੱਖ-ਬੰਦ 'ਮੇਰੇ ਪਿਆਰਿਓ' ਹੀ ਅਚੰਭਿਤ ਕਰਦਾ ਹੈ। 'ਪਿਆਰ ਦਾ ਪਹਾੜਾ' ਤੋਂ ਲੈ ਕੇ 'ਸੰਵਾਦ ਦਾ ਸਵਾਦ' ਤੱਕ ਆਦਿ ਸਿਰਲੇਖਾਂ ਹੇਠ ਅਚੰਭਿਤ, ਉਤਸ਼ਾਹਿਤ ਅਤੇ ਬਹੁ-ਦਿਸ਼ਾਵੀ ਵਿਸ਼ਿਆਂ ਨੂੰ ਸੰਜੋਇਆ ਗਿਆ ਹੈ। ਇਹ ਸਿਰਲੇਖ ਅੱਖੀਆਂ ਸਾਹਵੇਂ ਆਉਂਦੇ ਹੀ ਜ਼ਿੰਦਗੀ ਦੇ ਅਨੇਕਾਂ ਸ਼ਬਦੀ-ਚਿੱਤਰ ਪਾਠਕਾਂ ਸਾਹਵੇਂ ਨੱਚਣ ਲੱਗ ਪੈਂਦੇ ਹਨ, ਜਿਨ੍ਹਾਂ ਜਾਨਣ-ਮਾਨਣ ਲਈ ਪਾਠਕ ਅੰਦਰ ਉਤਸੁਕਤਾ ਅਤੇ ਜਿਗਿਆਸਾ ਪੈਦਾ ਹੁੰਦੀ ਹੈ। ਪਾਠਕ ਨੂੰ ਇਹ ਸ਼ਬਦ ਅੱਖੀਆਂ ਸਾਹਵੇਂ ਲਿਆਉਂਦਿਆਂ 'ਜਿੱਤ ਦੇ ਝੰਡੇ, ਖ਼ੁਦ ਲਈ ਪਿਆਰ, ਉਸਤਾਦ ਮਿੱਤਰ, ਉਡੀਕ ਦਾ ਰਾਹ, ਦੋਸਤੀ, ਮੌਤ, ਕਲਾਕਾਰ, ਮਸਤ ਕਲੰਦਰ, ਅੱਜ ਨੂੰ ਜੀਵਾਂ, ਤੁਰਿਆ ਚੱਲ, ਜਿਊਂਦੇ ਹੋਣ ਦਾ ਸਬੂਤ, ਰੀਝਾਂ ਪੂਰਨ ਵਾਲੇ, ਕਰਤਵ ਕਰ, ਜਨਮ ਦਿਨ ਉਤੇ, ਅੱਗ ਦੀਆਂ ਬਾਤਾਂ, ਸਿਫ਼ਰ ਹੋਣਾ, ਸਾਡਾ ਹਾਲ, ਸਾਡਾ ਖਿਆਲ, ਠਰੰਮੇ ਦਾ ਪਾਣੀ, ਅਸੀਂ ਤਾਂ ਫੁੱਲ ਬੀਜਣੇ ਨੇ, ਜ਼ਿੰਦਗੀ ਦਾ ਗੀਤ, ਹੇ ਗੁਰੂ ਮੇਰੇ ਸਾਹਿਬਾਂ, ਮੈਂ ਤਾਂ ਅਨੰਦ ਲੈਣਾ ਹੈ, ਅੱਜ ਨੂੰ ਜੀਵਾਂ ਹੁਣ ਨੂੰ ਮਾਣਾਂ, ਮੋਹ ਦੇ ਲੈਂਜ, ਯਾਤਰੀ ਅਤੇ ਜਾਗੋ ਆਦਿ ਸਿਰਲੇਖ ਮਨੁੱਖੀ ਜ਼ਿੰਦਗੀ ਦੇ ਅਨੇਕਾਂ ਪੱਖਾਂ ਦੁੱਖਾਂ, ਸੁੱਖ, ਗ਼ਰੀਬੀ, ਅਮੀਰੀ, ਰੋਗ, ਸੋਗ, ਨਿਰਾਸ਼ਤਾ, ਆਸ਼ਾ, ਉਪਰਾਮਤਾ, ਆਨੰਦਤਾ ਆਦਿ ਨੂੰ ਮਨੁੱਖ ਦੀ ਫਿਤਰਤ ਨਾਲ ਜੋੜ ਕੇ 'ਚੜ੍ਹਦੀ ਕਲਾ' ਵਿਚ ਰਹਿਣ ਦੀ ਤਰਕੀਬ ਸੁਝਾਈ ਗਈ ਹੈ। ਹਰ ਭਾਸ਼ਾ ਦੇ ਸ਼ਬਦ ਉਹੀ ਹੁੰਦੇ ਹਨ, ਪ੍ਰੰਤੂ ਅਰਥ ਉਨ੍ਹਾਂ ਦੇ ਮਨੁੱਖੀ 'ਨਜ਼ਰੀਏ' ਜਾਂ ਦ੍ਰਿਸ਼ਟੀ ਅਨੁਸਾਰ ਹੁੰਦੇ ਹਨ, ਜੋ ਮਨੁੱਖੀ ਵਰਤਾਰੇ ਦਾ ਹਿੱਸਾ ਬਣਦੇ ਹਨ। 'ਮੇਰੇ ਪਿਆਰਿਓ' ਮੁੱਖ ਬੰਦ ਦੇ ਇਹ ਸ਼ਬਦ 'ਲਿਖਤ ਜੇ ਗਿਆਨ ਵਿਚ ਵਾਧਾ ਕਰਦੀ ਹੈ ਤਾਂ ਸਫਲ ਹੈ ਲੇਖਕ। ਜਿਹੜਾ ਜ਼ਿੰਦਗੀ ਨਾਲੋਂ ਤੋੜ ਦੇਵੇ, ਜਿਹੜਾ ਮਨੁੱਖਤਾ ਨਾਲੋਂ ਤੋੜ ਦੇਵੇ ਉਹ ਕਾਹਦਾ ਲੇਖਕ। ਮੈਂ ਜ਼ਿੰਦਗੀ ਨਾਲੋਂ ਤੋੜਨ ਵਾਲਾ ਨਹੀਂ ਲਿਖ ਸਕਦਾ। ਮੈਂ ਤਾਂ ਮਨੁੱਖਤਾ ਨਾਲ ਜੁੜਿਆ ਹੋਇਆ ਹਾਂ।' ਮਨੁੱਖਤਾ ਪ੍ਰਤੀ ਲੇਖਕ ਦੀ ਸੁਹਿਰਦਤਾ ਅਤੇ ਪ੍ਰਤੀਬੱਧਤਾ ਦਰਸਾਉਂਦੇ ਹਨ। 'ਔਰਤ', 'ਕੁਦਰਤ', 'ਧਰਤ' ਤੋਂ ਬਗੈਰ ਮਾਨਵੀ ਸਰੋਕਾਰਾਂ ਦੀ ਬਾਤ ਪਾਉਣੀ ਅਸੰਭਵ ਹੈ। ਇਨ੍ਹਾਂ ਤੋਂ ਬਿਨਾਂ 'ਸ੍ਰਿਸ਼ਟੀ' ਕਿਆਸੀ ਹੀ ਨਹੀਂ ਜਾ ਸਕਦੀ। 'ਸ੍ਰਿਸ਼ਟੀ' ਦੀ ਸਿਰਜਣਾ ਅਤੇ ਪ੍ਰਫੁੱਲਤਾ ਵਿਚ ਧਰਤੀ, ਪਾਣੀ, ਹਵਾ, ਚਾਨਣ ਆਦਿ ਦੀ ਅਹਿਮ ਮਹੱਤਤਾ ਹੈ। ਇਹ ਮਨੁੱਖੀ ਜ਼ਿੰਦਗੀ ਦੀ ਚਾਲਕ ਹਨ। ਇਨ੍ਹਾਂ ਇਸਤਰੀ ਲਿੰਗ ਸ਼ਬਦਾਂ ਦੀ ਸਾਰਥਿਕਤਾ ਹੇਠ ਲਿਖੀਆਂ ਸਤਰਾਂ ਵਿਚ ਦੇਖੀ ਜਾ ਸਕਦੀ ਹੈ:
ਰੰਗਾਂ ਦੀ ਗਾਗਰ / ਸਬਰ ਦਾ ਸਾਗਰ
ਸੁਪਨੇ ਦਾ ਸ਼ਿੰਗਾਰ /ਪਿਆਰ ਦਾ ਆਧਾਰ
ਔਰਤ ਜਾਤ / ਸ਼ਾਂਤ, ਹਥਿਆਰ, ਸਾਰ, ਧਰਵਾਸ, ਆਸ।
'ਕਲਾਕਾਰੀਆਂ', 'ਵਾਰਤਕ ਪੁਸਤਕ ਪੜ੍ਹਦਿਆਂ ਪਾਠਕ ਨੂੰ ਕਦੇ ਇਹ ਰਾਣਾ ਰਣਬੀਰ ਦੀ 'ਸਵੈ-ਜੀਵਨੀ' ਲੱਗੇਗੀ ਜਾਂ ਫਿਰ ਕਾਵਿ-ਪੁਸਤਕ ਜਾਂ ਫਿਰ ਨਾਟਕ। ਸੁਰਤੀ ਅਤੇ ਆਲਮ 'ਸਿਲੇਬਸ ਤੋਂ ਬਾਹਰ' ਨਾਟਕ ਦੇ ਦੋ ਕਿਰਦਾਰ ਹਨ। 'ਸੁਰਤੀ' ਬੁੱਧੀ, ਚੇਤਨਾ ਅਨੁਭਵ ਅਤੇ ਸਿੱਖਿਆ ਦੀ ਪ੍ਰਤੀਕ ਹੈ, ਜਦਕਿ 'ਆਲਮ, ਜਗਤ, ਸਿੱਖਿਆਰਥੀ, ਵਿਦਿਆਰਥੀ ਦਾ ਪ੍ਰਤੀਕ ਹੈ। 'ਪਿਆਰਾ' ਅਤੇ 'ਤੁਲਸਾ', 'ਸੰਪੂਰਨ' ਉਹ ਪਾਤਰ ਹਨ, ਜ਼ਿੰਦਗੀ ਦੀ ਨਿਰਾਸ਼ਾ ਦੀ ਘੁੰਮਣ-ਘੇਰੀ ਵਿਚ ਫਸੀ ਬੇੜੀ ਨੂੰ ਉਤਸ਼ਾਹ, ਸਿਦਕ, ਲਗਨ, ਸਬਰ, ਦ੍ਰਿੜ੍ਹਤਾ ਨਾਲ ਕੰਢੇ ਲਿਆਉਣ ਲਈ ਸਹਾਇਕ ਸਿੱਧ ਹੁੰਦੇ ਹਨ। ਜੋ ਮਨੁੱਖ ਨੂੰ ਜਿਥੇ ਕਿਰਤ ਨਾਲ ਜੋੜਦੇ ਹਨ, ਉਥੇ ਪੜ੍ਹਨ, ਲਿਖਣ ਲਈ ਵੀ ਪ੍ਰੇਰਦੇ ਹਨ। ਬਹੁਤ ਥਾਈਂ ਰਾਣਾ ਰਣਬੀਰ ਆਲੋਚਕਾਂ 'ਤੇ ਆਪਣੀ ਕਵਿਤਾ ਦੀਆਂ ਲਿਖੀਆਂ ਸਤਰਾਂ ਬਾਰੇ 'ਸਤਹੀ' ਸ਼ਬਦ ਦਾ ਪ੍ਰਯੋਗ ਵੀ ਕਰਦਾ ਹੈ।
ਮੇਰੀ ਜਾਚੇ ਜਿਹੜੀ ਲਿਖਤ ਮਨੁੱਖੀ ਭਾਵਾਂ ਨੂੰ ਤਰੰਗਿਤ ਕਰਦਿਆਂ ਸਹੀ ਦਿਸ਼ਾ ਦਿਖਾਵੇ, ਉਹੀ ਲਿਖਤ ਉੱਤਮ ਕਹੀ ਜਾ ਸਕਦੀ ਹੈ। ਇਸ ਪੱਖੋਂ ਇਸ ਪੁਸਤਕ ਦਾ ਹਰ ਸ਼ਬਦ ਸਾਰਥਿਕ ਜਾਪਦਾ ਹੈ। ਰਾਣਾ ਰਣਬੀਰ ਨੂੰ ਇਸ ਪੁਸਤਕ ਰਾਹੀਂ ਜ਼ਿੰਦਗੀ ਜ਼ਿੰਦਾਬਾਦ ਦੇ ਕਹਿਣ ਤੱਕ ਦੇ ਸਫਰ 'ਤੇ ਤੋਰਨ ਲਈ ਵਧਾਈ। ਪਾਣੀ ਉਹੀ ਪੀਏਗਾ, ਜਿਸ ਨੂੰ ਪਿਆਸ ਹੋਵੇਗੀ। ਗਿਆਨ ਦੇ ਪਿਆਸਿਆਂ ਲਈ ਇਹ ਪੁਸਤਕ ਸਰਲ, ਸਪੱਸ਼ਟ, ਤਰਕ-ਯੁਕਤ ਤਸ਼ਬੀਹਾਂ ਸਹਿਤ, ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੈ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਕਥੂਰੀ
ਲੇਖਕ : ਕੁਲਬੀਰ ਸਿੰਘ ਕੰਵਲ
ਪ੍ਰਕਾਸ਼ਕ : ਕੁਕਨੁਸ ਪ੍ਰਕਾਸ਼ਨ, ਜਲੰਧਰ
ਮੁੱਲ : 190 ਰੁਪਏ, ਸਫ਼ੇ : 112
ਸੰਪਰਕ : 98151-43028

ਕੁਲਵੀਰ ਸਿੰਘ ਕੰਵਲ ਦੇ ਗ਼ਜ਼ਲ-ਸੰਗ੍ਰਹਿ 'ਕਥੂਰੀ' ਵਿਚੋਂ ਲੰਘਦਿਆਂ ਪਾਠਕ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਦੀਆਂ ਗ਼ਜ਼ਲਾਂ ਵਿਚ ਵਰਤੀ ਗਈ ਸ਼ਬਦਾਵਲੀ ਅਸਲੋਂ ਹੀ ਨਿਵੇਕਲੀ ਹੈ। ਕਿਸੇ ਪੱਖੋਂ ਵੀ ਉਹ ਕਿਸੇ ਆਪਣੇ ਤੋਂ ਪਹਿਲੇ ਜਾਂ ਸਮਕਾਲੀ ਗ਼ਜ਼ਲਕਾਰ ਦੀ ਰੀਸ ਕਰਦੇ ਦਿਖਾਈ ਨਹੀਂ ਦਿੰਦੇ। ਉਨ੍ਹਾਂ ਵਿਚ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਦਲੇਰੀ ਹੈ। ਸਮਾਜਿਕ ਤਾਣੇ-ਬਾਣੇ ਵਿਚ ਪਸਰ ਰਹੇ ਦੋਗਲੇ ਕਿਰਦਾਰ ਵਾਲੀ ਮਾਨਸਿਕਤਾ ਨੂੰ ਵੀ ਉਹ ਬੜੇ ਬੇਬਾਕ ਢੰਗ ਨਾਲ ਸ਼ੀਸ਼ਾ ਦਿਖਾਉਂਦੇ ਹਨ:
ਪਿਆਸੇ ਪੰਛੀਆਂ ਨੂੰ ਰੋਜ਼ ਉਹ ਪਾਣੀ ਪਿਲਾਉਂਦਾ ਹੈ।
ਤੇ ਬੁੱਢੇ ਬਾਪ ਕੋਲੋਂ ਘਰ ਦੇ ਵਿਚ ਪੋਚਾ ਲਵਾਉਂਦਾ ਹੈ।
ਕੁਲਵੀਰ ਸਿੰਘ ਕੰਵਲ ਦੀ ਗ਼ਜ਼ਲਕਾਰੀ ਇਸ਼ਕ-ਮੁਹੱਬਤ ਦੇ ਹਾਸਿਆਂ-ਠੱਠਿਆਂ ਜਾਂ ਰੋਸਿਆਂ-ਗਿਲਿਆਂ ਦਾ ਗੁਲਦਸਤਾ ਨਹੀਂ ਬਲਕਿ ਤੰਗੀਆਂ-ਤੁਰਸ਼ੀਆਂ ਨਾਲ ਜੂਝ ਰਹੇ ਆਮ ਆਦਮੀ ਦੇ ਜੀਵਨ ਦਾ ਯਥਾਰਥਕ ਬਿਰਤਾਂਤ ਹੈ। ਉਨ੍ਹਾਂ ਦੀ ਇੱਛਾ ਹੈ ਕਿ ਇਹ ਦੁਨੀਆ ਇਕ ਅਜਿਹਾ ਬੇਗਮਪੁਰਾ ਬਣ ਜਾਵੇ, ਜਿੱਥੇ ਨਾ ਕੋਈ ਲੁੱਟਣ ਵਾਲਾ ਹੋਵੇ ਅਤੇ ਨਾ ਹੀ ਕੋਈ ਲੁੱਟਿਆ ਜਾਵੇ। ਤਸੱਲੀ ਵਾਲੀ ਗੱਲ ਹੈ ਕਿ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਹੀ ਉਨ੍ਹਾਂ ਦੀ ਗ਼ਜ਼ਲਕਾਰੀ ਦਾ ਮੁੱਖ ਮਨੋਰਥ ਪ੍ਰਤੀਤ ਹੁੰਦਾ ਹੈ:
ਬੜਾ ਚੰਗਾ ਸੀ ਧਰਤੀ 'ਤੇ ਇਕ ਐਸਾ ਗਰਾਂ ਹੁੰਦਾ।
ਸੀ ਚੰਗਾ ਹੋਰ ਵੀ, ਬੇਗਮਪੁਰਾ ਜੇ ਉਸ ਦਾ ਨਾਂਅ ਹੁੰਦਾ।
ਬੇਸ਼ੱਕ ਇਸ ਪੁਸਤਕ ਵਿਚ ਉਨ੍ਹਾਂ ਨੇ ਵਰਤਮਾਨ ਦੇ ਲਗਭਗ ਹਰੇਕ ਭੱਖਦੇ ਮਸਲੇ ਨੂੰ ਬੜੇ ਸੁਚੱਜੇ ਢੰਗ ਨਾਲ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਿਰਤੀ ਅਤੇ ਔਰਤ ਉਨ੍ਹਾਂ ਦੀ ਗ਼ਜ਼ਲਕਾਰੀ ਦੇ ਕੇਂਦਰ ਵਿਚ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਿਰਤੀ ਅਤੇ ਔਰਤ ਦੇ ਹਾਲਾਤ ਅੱਜ ਵੀ ਬਹੁਤੇ ਸੁਖਾਵੇਂ ਨਹੀਂ। ਕਿਰਤੀ-ਕਾਮਿਆਂ ਦਾ ਦਰਦ ਵੀ ਉਨ੍ਹਾਂ ਲਈ ਕੋਈ ਸੁਣੀ-ਸੁਣਾਈ ਗੱਲ ਨਹੀਂ ਬਲਕਿ ਉਨ੍ਹਾਂ ਦਾ ਹੱਡੀਂ ਹੰਢਾਇਆ ਹੋਇਆ ਹੈ ਅਤੇ ਵੱਡੇ ਗ਼ਜ਼ਲਕਾਰ ਦਾ ਪ੍ਰਭਾਵ ਪੈਦਾ ਕਰਨ ਲਈ ਉਹ ਬੋਝਲ ਜਾਂ ਗੁੰਝਲਦਾਰ ਸ਼ਬਦਾਂ ਦੀ ਵਰਤੋਂ ਵੀ ਨਹੀਂ ਕਰਦੇ। ਉਮੀਦ ਹੈ ਕਿ ਪਾਠਕ ਸਾਹਿਤ ਦੀ ਇਸ ਕਥੂਰੀ ਦਾ ਆਨੰਦ ਜ਼ਰੂਰ ਮਾਣਨਗੇ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਫੁੱਲ ਪੱਤੀਆਂ
ਸੰਪਾਦਕ : ਜਸਬੀਰ ਸਿੰਘ ਆਹਲੂਵਾਲੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 94
ਸੰਪਰਕ : 94638-36591

ਭਿੰਨ-ਭਿੰਨ ਕਾਰਨਾਂ ਕਰਕੇ ਪਰਵਾਸ ਪੰਜਾਬੀਆਂ ਦੀ ਜੀਵਨ ਸ਼ੈਲੀ ਤੇ ਜ਼ਰੂਰਤ ਰਹੀ ਹੈ। ਅਜੋਕੇ ਦੌਰ ਵਿਚ ਇਸ ਦੌੜ ਵਿਚ ਹੋਰ ਵੀ ਤੇਜ਼ੀ ਆਈ ਹੈ ਪਰ ਪੰਜਾਬੀ ਜਿੰਨੇ ਮਰਜ਼ੀ ਸੌਖੇ ਹੋ ਜਾਣ ਆਪਣੀ ਮਿੱਟੀ ਤੇ ਬੋਲੀ ਨੂੰ ਕਦੇ ਨਹੀਂ ਵਿਸਾਰਦੇ। ਆਪਣੇ ਅੰਦਰਲੇ ਖ਼ਲਾਅ ਨੂੰ ਭਰਨ ਲਈ ਕਲਾ ਤੇ ਅਦਬ ਤੋਂ ਬੜਾ ਹੋਰ ਕੋਈ ਸਾਥੀ ਨਹੀਂ ਹੈ। ਇਹੀ ਕਾਰਨ ਹੈ ਬਾਹਰਲੇ ਦੇਸ਼ਾਂ ਵਿਚ ਅਦਬੀ ਸਰਗਰਮੀਆਂ ਤੇ ਸਾਹਿਤ ਸਿਰਜਣਾ ਕਦੇ ਮੱਠੀ ਨਹੀਂ ਪੈਂਦੀ। 'ਫੁੱਲ ਪੱਤੀਆਂ' ਕਾਵਿ ਸੰਗ੍ਰਹਿ ਇਸ ਦਾ ਪ੍ਰਮਾਣ ਹੈ, ਜਿਸ ਨੂੰ ਤਿੰਨ ਪਰਵਾਸੀ ਸ਼ਾਇਰਾਂ ਨੇ ਮਿਲ ਕੇ ਪ੍ਰਕਾਸ਼ਿਤ ਕਰਵਾਇਆ ਹੈ। ਇਹ ਹਨ ਆਸਟ੍ਰੇਲੀਆ ਨਿਵਾਸੀ ਤਖਤਿੰਦਰ ਸਿੰਘ ਸੰਧੂ, ਜਸਬੀਰ ਸਿੰਘ ਆਹਲੂਵਾਲੀਆ ਤੇ ਅਮਰੀਕ ਸਿੰਘ ਡੋਗਰਾ । ਪੰਜਾਬੀ ਪੁਸਤਕ ਪ੍ਰਕਾਸ਼ਨ ਵਿਚ ਇਹ ਤਜਰਬਾ ਕਦੇ ਕਦਾਈਂ ਦੇਖਣ ਨੂੰ ਮਿਲਦਾ ਹੈ। ਕਈਆਂ ਪੱਖਾਂ ਤੋਂ ਅਜਿਹੀਆਂ ਪੁਸਤਕਾਂ ਕਾਫ਼ੀ ਉਪਯੋਗੀ ਸਾਬਿਤ ਹੁੰਦੀਆਂ ਹਨ। 'ਫੁੱਲ ਪੱਤੀਆਂ' ਦੇ ਪਹਿਲੇ ਹਿੱਸੇ ਵਿਚ ਤਖਤਿੰਦਰ ਸਿੰਘ ਸੰਧੂ ਦੀਆਂ ਬਾਈ ਕਵਿਤਾਵਾਂ ਛਪੀਆਂ ਹੋਈਆਂ ਮਿਲਦੀਆਂ ਹਨ। ਉਸ ਦੀ ਪਹਿਲੀ ਰਚਨਾ 'ਮਿੱਟੀ ਦਾ ਮੋਹ' ਮੇਰੇ ਸ਼ੁਰੂਆਤੀ ਕਥਨ ਦੀ ਤਸਦੀਕ ਕਰਦੀ ਹੈ। ਇਸ ਵਿਚ ਸੰਧੂ ਨੇ ਲਿਖਿਆ ਹੈ ਕਿ ਪੈਸੇ ਦੀ ਪ੍ਰਾਪਤੀ ਲਈ ਅਸੀਂ ਬਹੁਤ ਦੌੜ ਲਗਾਈ ਹੈ ਪਰ ਰੂਹ ਦਾ ਰੱਜ ਫਿਰ ਵੀ ਨਹੀਂ ਹੋ ਸਕਿਆ। ਉਸ ਦੀਆਂ ਬਾਕੀ ਰਚਨਾਵਾਂ ਵੀ ਪੰਜਾਬ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਵਿਚ ਕਿਸਾਨੀ ਦਰਦ, ਡਾਲਰਾਂ ਪਿੱਛੇ ਅੰਨ੍ਹੀ ਦੌੜ, ਰਿਸ਼ਤਿਆਂ ਦਾ ਸੱਚ, ਮਾਂ ਦੀ ਮਮਤਾ ਤੇ ਰੁੱਖਾਂ ਦੀ ਮਹੱਤਤਾ ਵਰਗੇ ਵਿਸ਼ੇ ਲਏ ਗਏ ਹਨ। ਪੁਸਤਕ ਦੇ ਦੂਸਰੇ ਭਾਗ ਵਿਚ ਜਸਬੀਰ ਸਿੰਘ ਆਹਲੂਵਾਲੀਆ ਦੀਆਂ ਵੀਹ ਕਵਿਤਾਵਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। 'ਬੂਹੇ 'ਤੇ ਲੱਗੀ ਘੰਟੀ' ਉਸ ਦੀ ਪਹਿਲੀ ਤੇ ਹਾਸਿਲ ਰਚਨਾ ਹੈ। ਆਹਲੂਵਾਲੀਆ ਦੀਆਂ ਕੁਝ ਰਚਨਾਵਾਂ ਗ਼ਜ਼ਲ ਕਾਵਿ ਰੂਪ ਵਿਚ ਹਨ। ਉਸ ਦੀ ਸ਼ੈਲੀ ਪ੍ਰਭਾਵਿਤ ਕਰਦੀ ਹੈ। ਉਹ ਇਸ ਪੁਸਤਕ ਦਾ ਸੰਪਾਦਕ ਵੀ ਹੈ। ਤੀਸਰਾ ਤੇ ਆਖ਼ਰੀ ਭਾਗ ਅਮਰੀਕ ਸਿੰਘ ਡੋਗਰਾ ਦੀਆਂ ਕਵਿਤਾਵਾਂ ਦਾ ਹੈ, ਜਿਸ ਵਿਚ ਇਤਿਹਾਸਕ ਤੇ ਧਾਰਮਿਕ ਪ੍ਰਵਚਨ ਹਨ। ਇੰਝ ਇਹ ਪੁਸਤਕ ਵੰਨ-ਸੁਵੰਨਤਾ ਨਾਲ ਓਤ-ਪੋਤ ਹੈ, ਜੋ ਨਵੀਂ ਪਿਰਤ ਪਾਉਂਦੀ ਪ੍ਰਤੀਤ ਹੁੰਦੀ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਧਰਤ ਪਰਾਈ ਆਪਣੇ ਲੋਕ
ਲੇਖਕ : ਬਲਵਿੰਦਰ ਸਿੰਘ ਭੁੱਲਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਮੁਹਾਲੀ
ਮੁੱਲ : 395 ਰੁਪਏ, ਸਫ਼ੇ : 173
ਸੰਪਰਕ : 98882-75913

ਬਲਵਿੰਦਰ ਸਿੰਘ ਭੁੱਲਰ ਦਾ ਇਹ ਆਸਟ੍ਰੇਲੀਆਈ ਸਫ਼ਰਨਾਮਾ ਬਹੁਤ ਦਿਲਚਸਪ, ਜਾਣਕਾਰੀ ਭਰਿਆ ਤੇ ਭਾਵਪੂਰਤ ਹੈ। ਦਰਅਸਲ ਜਿਸ ਲੇਖਕ ਦੇ ਬਿਆਨ ਦੀ ਸ਼ੈਲੀ ਵਿਚ ਬੌਧਿਕ ਸ਼ਕਤੀ ਹੋਵੇ ਤੇ ਜਿਸ ਕੋਲ ਅਨੁਭਵ ਦਾ ਤਿੱਖਾਪਨ ਹੋਵੇ ਤਾਂ ਉਸ ਦੀ ਲਿਖਤ ਦਾ ਜਾਦੂ ਪੜ੍ਹਨ ਵਾਲੇ ਦੀ ਸੁਰਤੀ-ਬਿਰਤੀ ਨੂੰ ਆਪਣੇ ਨਾਲ ਸਹਿਜੇ ਹੀ ਜੋੜ ਲੈਂਦਾ ਹੈ। ਅੱਗੇ ਚੱਲ ਕੇ ਇਹੀ ਸ਼ੈਲੀ ਜਦੋਂ ਵਿਚ ਵਿਚਾਲੇ ਲੋੜ ਅਨੁਸਾਰ ਭਾਵਯੁਕਤ ਹੁੰਦੀ ਜਾਵੇ ਤੇ ਅੱਖੀਂ ਦੇਖੇ ਦ੍ਰਿਸ਼ਾਂ ਨੂੰ ਹੋਰ ਵੀ ਮਨਮੋਹਕ ਬਣਾ ਕੇ ਲਿਖਦੀ ਜਾਵੇ ਤਾਂ ਅਜਿਹੀ ਕਲਮ ਦੀ ਕਰਾਮਾਤ ਦੇ ਹਾਂ-ਪੱਖੀ ਪ੍ਰਭਾਵ ਤੋਂ ਅਧਿਐਨ ਕਰਨ ਵਾਲਾ ਕੋਈ ਵੀ ਮਨ-ਮਸਤਕ ਵਾਂਝਾ ਨਹੀਂ ਰਹਿ ਸਕਦਾ। ਬਲਵਿੰਦਰ ਸਿੰਘ ਭੁੱਲਰ ਦੀ ਕਲਮ ਇਸ ਪੱਖੋਂ ਸੁਭਾਗੀ ਹੈ।
'ਧਰਤ ਪਰਾਈ ਆਪਣੇ ਲੋਕ' ਵਿਚ ਭੁੱਲਰ ਨੇ ਆਸਟ੍ਰੇਲੀਆ ਦੇ ਲੋਕਾਂ ਦੇ ਰਹਿਣ-ਸਹਿਣ, ਪਹਿਰਾਵੇ, ਖਾਣ-ਪੀਣ, ਸੁਭਾਅ, ਖੁਸ਼ੀਆਂ-ਖੇੜਿਆਂ, ਦੁੱਖਾਂ-ਸੁੱਖਾਂ ਬਾਬਤ ਲਿਖਣ ਤੋਂ ਇਲਾਵਾ ਧਾਰਮਿਕ, ਸਮਾਜਿਕ ਤੇ ਰਾਜਨੀਤਕ ਅਸਥਾਨ ਵੇਖਣ-ਵਾਚਣ ਅਤੇ ਉਥੋਂ ਦੀ ਆਬੋ-ਹਵਾ ਸਣੇ ਭਾਰਤ ਤੇ ਆਸਟ੍ਰੇਲੀਆ ਦੇ ਅੰਤਰ ਨੂੰ ਸਮਝਣ ਦਾ ਯਤਨ ਵੀ ਕੀਤਾ ਹੈ। ਕੁੱਲ 17 ਅਧਿਆਇ ਲਿਖੇ ਹਨ ਤੇ ਅੰਤ 'ਚ ਇਕ ਅੰਤਿਕਾ ਹੈ। ਪੂਰੀ ਗੱਲ ਤਾਂ ਪੂਰਾ ਸਫ਼ਰਨਾਮਾ ਪੜ੍ਹਿਆਂ ਹੀ ਬਣੇਗੀ। ਕੁਝ ਅੰਸ਼ ਇਥੇ ਸਾਂਝੇ ਕੀਤੇ ਜਾਂਦੇ ਹਨ :-
-ਆਸਟ੍ਰੇਲੀਆ ਇਕ ਮਹਾਂਦੀਪ ਵੀ ਹੈ ਜੋ ਦੁਨੀਆ ਦੇ 7 ਮਹਾਂਦੀਪਾਂ 'ਚੋਂ ਸਭ ਤੋਂ ਛੋਟਾ ਮਹਾਂਦੀਪ ਹੈ। ਇਸ ਮਹਾਂਦੀਪ ਦਾ ਕੁੱਲ ਘੇਰਾ 86 ਲੱਖ ਵਰਗ ਕਿਲੋਮੀਟਰ ਹੈ।
-ਦੇਸ਼ ਦੇ ਤੌਰ 'ਤੇ ਆਸਟ੍ਰੇਲੀਆ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਦੇਸ਼ ਹੈ।
-ਆਸਟ੍ਰੇਲੀਆ ਵਿਚ 755 ਕਿਸਮਾਂ ਦੇ ਸੱਪ ਹਨ।
-ਸਿਡਨੀ ਨੂੰ ਬੀਚਾਂ ਦਾ ਘਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਸ਼ਹਿਰ ਦੇ ਆਲੇ-ਦੁਆਲੇ ਵੱਡੀਆਂ-ਛੋਟੀਆਂ ਕਰੀਬ ਇਕ ਸੌ ਬੀਚਾਂ ਹਨ। ਬੀਚ ਅਸਲ ਵਿਚ ਸਮੁੰਦਰ ਦਾ ਉਹ ਕਿਨਾਰਾ ਹੀ ਹੁੰਦਾ ਹੈ, ਜਿੱਥੋਂ ਸਮੁੰਦਰ ਦੀ ਲਹਿਰ ਵਾਪਸ ਮੁੜਦੀ ਹੈ, ਉਥੇ ਬਹੁਤ ਵਧੀਆ ਖੰਡ ਵਰਗੀ ਰੇਤ ਹੁੰਦੀ ਹੈ ਜੋ ਸਰੀਰ ਨਾਲ ਚਿੰਬੜਦੀ ਨਹੀਂ।
-ਮੌਲਬੌਰਨ ਵਿਕਟੋਰੀਆ ਰਾਜ ਦੀ ਰਾਜਧਾਨੀ ਹੈ। ਆਸਟ੍ਰੇਲੀਆ ਦੀ ਕੁੱਲ ਆਬਾਦੀ 'ਚੋਂ 19 ਫ਼ੀਸਦੀ ਲੋਕ ਇਸ ਸ਼ਹਿਰ ਵਿਚ ਹੀ ਰਹਿੰਦੇ ਹਨ।
-ਨਿਰੋਲ ਵਪਾਰ ਦਾ ਧੰਦਾ ਕਰਨ ਵਾਲੇ ਬਾਬਾ ਰਾਮ ਸਿੰਘ ਤੇ ਉੱਤਮ ਸਿੰਘ ਨੂੰ ਆਸਟ੍ਰੇਲੀਆ ਦੇ ਪਹਿਲੇ ਪੰਜਾਬੀ ਸਿੱਖ ਮੰਨਿਆ ਜਾ ਰਿਹਾ ਹੈ, ਜੋ 1890 ਵਿਚ ਉਥੇ ਪਹੁੰਚੇ ਸਨ।
-ਆਸਟ੍ਰੇਲੀਆ ਵਾਈਨ ਦਾ ਪ੍ਰਮੁੱਖ ਨਿਰਯਾਤਕ ਤੇ ਖਪਤਕਾਰ ਹੈ।
ਸੋ, ਤੱਤਸਾਰ ਇਹੀ ਹੈ ਕਿ ਆਸਟ੍ਰੇਲੀਆ ਦਾ ਇਹ ਸਫ਼ਰਨਾਮਾ ਆਦਿ ਤੋਂ ਅੰਤ ਤੱਕ ਪੜ੍ਹਨ ਤੇ ਵਿਚਾਰਨਯੋਗ ਹੈ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

19-05-2024

ਪਾਠ-ਭੇਦ ਗਾਥਾ
ਸ੍ਰੀ ਗੁਰੂ ਗ੍ਰੰਥ ਸਾਹਿਬ
ਲੇਖਕ : ਗਿ. ਜਗਤਾਰ ਸਿੰਘ ਜਾਚਕ
ਪ੍ਰਕਾਸ਼ਕ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਰ ਮੰਚ 'ਟੋਰਾਂਟੋ' ਕੈਨੇਡਾ
ਮੁੱਲ : 495 ਰੁਪਏ, ਸਫ਼ੇ : 255
ਸੰਪਰਕ : jachakji@gmail.com

ਰੂਹਾਨੀਅਤ ਦੇ ਅਬਿਨਾਸੀ ਸੂਰਜ, ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਐਸੇ ਧਰਮ-ਗ੍ਰੰਥ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਆਪ ਸੰਪਾਦਿਤ ਕਰ ਕੇ ਮਾਨਵਤਾ ਦੀ ਸਰਬਪੱਖੀ ਤੇ ਸਦੀਵੀ ਅਗਵਾਈ ਲਈ ਗੁਰਿਆਈ ਤਖ਼ਤ 'ਤੇ ਸੁਭਾਇਮਾਨ ਕੀਤਾ। ਸਤਿਗੁਰੂ ਜੀ ਦੀ ਨਿਗਰਾਨੀ ਹੇਠ ਸਮੁੱਚੀ ਬਾਣੀ ਲਿਖਣ ਦੀ ਜ਼ਿੰਮੇਵਾਰੀ ਭਾਈ ਗੁਰਦਾਸ ਜੀ ਨੇ ਨਿਭਾਈ, ਜੋ ਸੰਸਕ੍ਰਿਤ ਤੇ ਫ਼ਾਰਸੀ ਭਾਸ਼ਾ ਦੇ ਵਿਦਵਾਨ ਸਨ।
ਗੁਰੂ ਕਾਲ ਦੇ ਵੇਲੇ ਹੋਏ ਸ਼ਰਧਾਵਾਨ ਸਿੱਖ ਕਾਤਿਬਾਂ ਨੇ ਗੁਰੂ ਜੀ ਦੀ ਬਾਣੀ ਨੂੰ ਸਤਿਕਾਰ ਸਹਿਤ ਲਿਖਿਆ, ਨਕਲਾਂ ਤਿਆਰ ਕੀਤੀਆਂ ਤੇ ਵੰਡੀਆਂ। ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਪਰ ਕਾਤਿਬ ਕਿੱਤਾਕਾਰਾਂ ਤੋਂ ਭੁੱਲਾਂ ਹੋਈਆਂ ਹਨ। ਇਹ ਪੁਸਤਕ ਸਾਨੂੰ ਕਾਤਿਬਾਂ ਦੀਆਂ ਅਜਿਹੀਆਂ ਭੁੱਲਾਂ ਨੂੰ ਯਾਦ ਕਰਵਾਉਂਦੀ ਹੈ ਅਤੇ ਭੁੱਲਾਂ ਨੂੰ ਸੁਧਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਪੰਥ ਪ੍ਰਮਾਣਿਤ ਪਾਵਨ ਬੀੜ ਸਿੱਖ ਸੰਗਤਾਂ ਨੂੰ ਦੇਣ ਲਈ ਪ੍ਰੇਰਿਤ ਕਰਦੀ ਹੈ। ਕਿਤਾਬ ਨੂੰ ਲੇਖਕ ਨੇ 7 ਭਾਗਾਂ ਵਿਚ ਵੰਡਿਆ ਹੈ। ਪਹਿਲੇ ਅਧਿਆਇ ਵਿਚ ਗਾਥਾ : ਧਰਮ ਗ੍ਰੰਥਾਂ ਦੀ ਲਿਖਤੀ ਪਰੰਪਰਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ੇਸ਼ ਸਥਾਨ ਦੀ, ਦੂਸਰੇ ਅਧਿਆਇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਤੇ ਛਪਾਈ ਦੀ, ਤੀਸਰੇ ਅਧਿਆਇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ-ਲਿਖਤੀ ਪੁਰਾਤਨ ਬੀੜਾਂ ਦੇ ਖੋਜ ਦੀ, ਚੌਥੇ ਅਧਿਆਇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ-ਭੇਦਾਂ ਦੀ ਪੈਦਾਇਸ਼ ਤੇ ਸੋਧ-ਸੁਧਾਈ ਦੀ, ਪੰਜਵੇਂ ਅਧਿਆਇ ਵਿਚ ਪਾਵਨ ਬੀੜ ਦੀ ਸ਼ੁੱਧ ਛਪਾਈ ਲਈ ਸ਼੍ਰੋਮਣੀ ਕਮੇਟੀ ਦੇ ਖੋਜ ਕਾਰਜਾਂ ਦੀ, ਛੇਵੇਂ ਅਧਿਆਇ ਵਿਚ ਪਾਠ-ਭੇਦ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਸਤਵੇਂ ਅਧਿਆਇ ਵਿਚ ਪਾਠ-ਭੇਦ ਗੁਰਬਾਣੀ ਪਾਠ ਦਰਸ਼ਨ ਦਰਜ ਹੈ। ਕਿਤਾਬ ਦੇ ਮੁੱਖ ਪੰਨੇ 'ਤੇ ਚਿੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮੰਨੀ ਜਾਂਦੀ ਸੁਨਹਿਰੀ ਬੀੜ (ਦਮਦਮੀ) ਦਾ ਹੈ ਜੋ ਹੁਣ ਦਰਸ਼ਨੀ ਡਿਓੜੀ ਵਾਲੇ ਤੋਸ਼ੇਖਾਨੇ ਵਿਚ ਸੁਰੱਖਿਅਤ ਹੈ। ਏਸੇ ਤਰ੍ਹਾਂ ਕਿਤਾਬ ਦੇ ਅਖਰੀਲੇ ਪੰਨਿਆਂ ਵਿਚ ਵੱਖ-ਵੱਖ ਬੀੜਾਂ ਦੇ 53 ਫੋਟੋ ਚਿੱਤਰ ਹਵਾਲੇ ਸਹਿਤ ਪ੍ਰਕਾਸ਼ਿਤ ਕੀਤੇ ਗਏ ਹਨ। ਅੰਤਿਕਾ 'ਚ ਵਿਦਵਾਨਾਂ ਅਧਾਰਿਤ ਬਣੀ ਕਮੇਟੀ ਦੀ ਰਿਪੋਰਟ ਵੀ ਦਰਜ ਹੈ।
ਵਿਸ਼ਵ ਧਰਮ ਗ੍ਰੰਥ ਪਰੰਪਰਾ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਟੀਕਰਨ ਬਗ਼ੈਰ ਕਿਸੇ ਮਿੱਥ, ਅਤਾਰਕਿਕ ਅਤੇ ਰਹੱਸ ਦੇ ਸਾਡੇ ਸਾਹਮਣੇ ਜਿਸ ਪ੍ਰਕਾਰ ਆਉਂਦਾ ਹੈ, ਉਸ ਨੂੰ ਵੇਖਦੇ ਹੋਏ ਇਹ ਗੱਲ ਕਰਨੀ ਸੁਭਾਵਿਕ ਹੋ ਜਾਂਦੀ ਹੈ। ਸਿੱਖਾਂ ਲਈ ਇਹ ਸਮੱਸਿਆ ਇਸ ਲਈ ਵੀ ਵੱਡੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਦੇ ਉਨ੍ਹਾਂ ਕੋਲ ਇਕ ਜਾਂ ਦੋ ਨਹੀਂ, ਕਈ ਸਾਰੇ ਪ੍ਰਮਾਣ ਹਨ। ਇਸ ਦੇ ਵੀ ਕਈ ਕਾਰਨ ਹਨ, ਜੋ ਅਸੀਂ ਹਥਲੀ ਕਿਤਾਬ ਵਿਚ ਦੇਖਾਂਗੇ। ਗਿਆਨੀ ਜਗਤਾਰ ਸਿੰਘ ਜਾਚਕ ਪਿਛਲੇ ਕਈ ਦਹਾਕਿਆਂ ਤੋਂ ਇਸ ਕਾਰਜ ਵਿਚ ਲੱਗੇ ਹੋਏ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਅਜਿਹਾ ਸਰੂਪ ਸਾਡੇ ਸਾਹਮਣੇ ਹੋਏ, ਜੋ ਨਾ ਸਿਰਫ਼ ਸ਼ਬਦ-ਜੋੜ ਤੇ ਲਗ-ਮਾਤਰੀ ਰੂਪ ਵਿਚ ਆਪਣੇ ਮੌਲਿਕ ਸਰੂਪ ਨੂੰ ਪ੍ਰਗਟ ਕਰੇ, ਬਲਕਿ ਜਿਸ ਦੀ ਪਹੁੰਚ ਜਨ-ਸਾਧਾਰਨ ਤਕ ਵੀ ਆਸਾਨੀ ਨਾਲ ਹੋਏ। ਇਹ ਗੱਲ ਤਾਂ ਬਿਲਕੁਲ ਸਪੱਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਾ ਬੀੜ ਅੰਦਰ ਲਿਖਤ ਦੀ ਮੌਲਿਕਤਾ ਖੰਡਿਤ ਹੋਈ ਹੈ। ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ ਹੱਥ-ਲਿਖਤ ਬੀੜਾਂ ਨਾਲੋਂ ਨਾ ਸਿਰਫ਼ ਲਗ-ਮਾਤਰੀ, ਬਲਕਿ ਸ਼ਾਬਦਿਕ ਵੱਖਰੇਵੇਂ ਵੀ ਵੱਡੀ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਕਾਰਜ ਨੂੰ ਜਿੱਥੇ ਦਮਦਮੀ ਟਕਸਾਲ ਨੇ ਗੁਰਬਾਣੀ ਪਾਠ ਦਰਸ਼ਨ ਰਾਹੀਂ ਸਵੀਕਾਰਿਆ ਹੈ, ਉੱਥੇ ਹੀ ਸ਼੍ਰੋਮਣੀ ਕਮੇਟੀ ਤੇ ਹੋਰਨਾਂ ਧਿਰਾਂ ਨੇ ਪਾਠ-ਭੇਦਾਂ ਦੀ ਸੂਚੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਾਰੇ ਜ਼ਰੂਰੀ ਵਾਕਫ਼ੀਅਤ ਆਦਿ ਪ੍ਰਕਾਸ਼ਿਤ ਕੰਮਾਂ ਰਾਹੀਂ ਮਾਨਤਾ ਦਿੱਤੀ ਹੈ।
ਅਸ਼ੁੱਧੀਆਂ ਹੱਥ-ਲਿਖਤ, ਪੱਥਰ ਛਾਪਾ ਤੇ ਪ੍ਰਿੰਟ ਤਿੰਨਾਂ ਤਰ੍ਹਾਂ ਦੇ ਸਰੂਪਾਂ ਵਿਚ ਮਿਲਦੀਆਂ ਹਨ। ਫਿਰ ਇਸ ਗੱਲ ਦਾ ਕੀ ਅਰਥ ਰਹਿ ਜਾਂਦਾ ਹੈ ਕਿ ਅਸ਼ੁੱਧੀਆਂ ਦਾ ਵੱਡਾ ਕਾਰਨ ਸਿਰਫ਼ ਪਦ-ਛੇਦ ਸਰੂਪ ਹਨ? ਮਸਲਾ ਇਹ ਹੈ ਕਿ ਇਨ੍ਹਾਂ ਨੂੰ ਹੁਣ ਦੂਰ ਕਿਵੇਂ ਕੀਤਾ ਜਾਏ? ਗੁਰਬਾਣੀ ਵਿਚੋਂ ਇਹ ਅਸ਼ੁੱਧੀਆਂ ਦੂਰ ਕਰਨ ਦਾ ਮਸਲਾ ਹੀ ਦਰਅਸਲ ਕਈ ਸਮੱਸਿਆਵਾਂ ਦੀ ਜੜ੍ਹ ਹੈ। ਭੰਗਤਾ ਕੇਂਦਰ ਵਿਚ ਨਹੀਂ, ਬਲਕਿ ਉਸ ਦੇ ਭੌਤਿਕ ਸਰੂਪ ਵਿਚ ਹੈ। ਇਹ ਮਸਲਾ ਬੜਾ ਪੇਚੀਦਾ ਹੈ । ਇਹ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਾਰੇ ਧਰਮਾਂ ਲਈ ਕਦੀ ਨਾ ਕਦੀ ਚੁਣੌਤੀ ਬਣ ਕੇ ਸਾਹਮਣੇ ਆਇਆ ਹੋਇਆ ਹੈ।
ਗਿਆਨੀ ਜਗਤਾਰ ਸਿੰਘ ਜਾਚਕ ਹੁਰਾਂ ਕਿਤਾਬ ਵਿਚ ਧਰਮ ਗ੍ਰੰਥ ਪਰੰਪਰਾ ਅਤੇ ਭੌਤਿਕ ਸਰੂਪ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਇਤਿਹਾਸ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਨਾਲ ਇਕ ਬੱਝਵਾਂ ਸੰਵਾਦ ਵੀ ਸਿਰਜਿਆ ਹੈ। ਇਹ ਕਿਤਾਬ ਬਹੁਤ ਸਾਰੀਆਂ ਉਲਝੀਆਂ ਤੰਦਾਂ ਨੂੰ ਸਮੇਟਣ ਵਿਚ ਸਾਨੂੰ ਸਫਲਤਾ ਪ੍ਰਦਾਨ ਕਰਾਏਗੀ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਚੱਕਰਵਿਊ
ਲੇਖਕ : ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਨਕੋਦਰ
ਮੁਲ : 225 ਰੁਪਏ, ਸਫ਼ੇ : 192
ਸੰਪਰਕ : 94171-40380

ਨਾਵਲ ਵਿਧਾ ਦੇ ਖੇਤਰ 'ਚ ਮੂਹਰਲੀ ਕਤਾਰ ਵਿਚ ਖੜ੍ਹੇ ਅਤੇ ਨਵੀਆਂ ਪੈੜਾਂ ਸਿਰਜਣ ਵਾਲੇ ਹਰਨੇਕ ਸਿੰਘ ਹੇਅਰ ਦਾ ਸਾਲ 2023 'ਚ ਪ੍ਰਕਾਸ਼ਿਤ 'ਚੱਕਰਵਿਊ' ਤੀਜਾ ਨਾਵਲ ਹੈ। ਨਾਵਲ, ਖੋਜ, ਸੰਪਾਦਨ ਤੇ ਸਮੀਖਿਆ, ਲੋਕ-ਕਾਵਿ ਅਤੇ ਆਲੋਚਨਾ ਦਾ ਕਲਮਕਾਰ ਹਰਨੇਕ ਸਿੰਘ ਹੇਅਰ ਮਾਂ ਬੋਲੀ ਪੰਜਾਬੀ ਦੀ ਝੋਲੀ ਵਿਚ 10 ਪੁਸਤਕਾਂ ਪਾ ਕੇ ਪੰਜਾਬੀ ਸਾਹਿਤ ਦੇ ਭੰਡਾਰ 'ਚ ਵਾਧਾ ਕਰ ਚੁੱਕਾ ਹੈ। ਉਹ ਪੰਜਾਬੀ ਨਾਵਲ ਨੂੰ ਨਵੇਂ ਸਰੂਪ ਅਤੇ ਢਾਂਚੇ ਵਿਚ ਢਾਲ ਕੇ ਨਾਵਲ ਦਾ ਵਰਤਮਾਨ ਅਤੇ ਯੁੱਗ ਸਿਰਜਕ ਬਣ ਕੇ ਉੱਭਰਿਆ ਲੇਖਕ ਹੈ। ਉਸ ਦੇ ਨਾਵਲਾਂ ਦੇ ਬਿਰਤਾਂਤ ਪਰੰਪਰਾ ਤੋਂ ਹਟ ਕੇ ਹੁੰਦੇ ਹਨ। ਉਸ ਨੇ ਆਪਣੇ ਨਾਵਲਾਂ ਦੇ ਪਾਤਰਾਂ ਦੇ ਸੰਵਾਦਾਂ ਨੂੰ ਨਾਟਕੀ ਕਵਚ ਚੜ੍ਹਾ ਕੇ ਇਕ ਨਵੀਂ ਸਿਰਜਣਾ ਦਾ ਆਗਾਜ਼ ਕੀਤਾ ਹੈ। ਪਾਠਕ ਉਸਦੇ ਨਾਵਲਾਂ ਨੂੰ ਪੜ੍ਹਦਿਆਂ ਮੁੱਖ ਪਾਤਰ ਦੀ ਚੋਣ ਕਰਨ ਨੂੰ ਲੈ ਕੇ ਦੁਬਿਧਾ ਵਿਚ ਪੈ ਜਾਂਦੇ ਹਨ। ਨਾਵਲ ਦਾ ਪਲਾਟ ਸਿਮਰਨ, ਸਰਬਜੀਤ, ਪ੍ਰਿੰਸੀਪਲ ਤੇ ਪ੍ਰੋਫ਼ੈਸਰ ਤਰਸੇਮ ਸਿੰਘ ਪਾਤਰਾਂ ਦੇ ਆਲੇ ਦੁਆਲੇ ਘੁੰਮਦਾ ਨਜ਼ਰ ਆਉਂਦਾ ਹੈ। ਨਾਵਲ 'ਚੱਕਰਵਿਊ' ਦਾ ਬਿਰਤਾਂਤ ਭਾਵੇਂ ਉਸ ਦੇ ਪਹਿਲੇ ਨਾਵਲਾਂ ਵਾਂਗ ਹੈ, ਪਰ ਉਸ ਨੇ ਨਾਵਲ ਦੀ ਮੌਲਿਕਤਾ ਦਾ ਪੂਰਾ ਧਿਆਨ ਰੱਖਿਆ ਹੈ। ਨਾਵਲ 'ਚ ਅਨਾੜੀ ਅਤੇ ਅਪਰਾਧੀ ਲੋਕਾਂ ਵਲੋਂ ਚਲਾਏ ਜਾ ਰਹੇ ਸਿੱਖਿਆ ਸੰਸਥਾਨਾਂ, ਕੰਮਚੋਰ ਅਤੇ ਚਾਪਲੂਸ ਅਧਿਆਪਕਾਂ ਦੀ ਪੁੱਛ ਅਤੇ ਮਿਹਨਤੀ, ਖੁੱਦਾਰ ਅਤੇ ਇਮਾਨਦਾਰ ਅਧਿਅਪਕਾਂ ਦੀ ਬੇਕਦਰੀ ਬਾਰੇ ਚੁੱਕੇ ਮੁੱਦਿਆਂ ਰਾਹੀਂ ਉਸ ਨੇ ਅਜੋਕੀ ਉੱਚ ਸਿੱਖਿਆ ਦੀ ਜੋ ਅਨਾਰਕੀ ਪੇਸ਼ ਕੀਤੀ ਹੈ,ਉਸ ਵਿਚੋਂ ਉਸਦਾ ਵਿਸ਼ਾਲ ਅਨੁਭਵ ਝਲਕਾਰੇ ਮਾਰਦਾ ਹੈ। ਉਸ ਨੇ ਨਾਵਲ ਦੇ ਪਾਤਰਾਂ ਦੇ ਮੂੰਹੋਂ ਕੋਤਰ, ਕਾਰਸਤਾਨੀ, ਕਾਹਤੇ ਅਤੇ ਆਰੀ ਸ਼ਬਦ ਬੁਲਵਾ ਕੇ ਦੁਆਬੇ ਦੀ ਉਪ-ਬੋਲੀ ਨੂੰ ਸਾਂਭਣ ਦਾ ਉਪਰਾਲਾ ਕੀਤਾ ਹੈ। ਨਾਵਲ ਵਿਚ ਆਏ ਸ਼ਬਦਾਂ ਦੇ ਜੋੜੇ ਨਿੱਕ-ਸੁੱਕ, ਵੱਡਾ ਵਧੀਆ ਅਤੇ ਗੁੰਮ ਗੁਆਚਾ ਮੁਹਾਵਰੇ ਪੂੰਛ ਪੂਰੇ ਹਾਥੀ ਉੱਤੇ ਭਾਰੀ ਹੋ ਗਈ, ਆਪੇ ਫਾਥੜੀਏ ਤੈਨੂੰ ਕੌਣ ਬਚਾਵੇ ਪਾਠਕਾਂ ਦੀ ਦਿਲਚਸਪੀ ਪੈਦਾ ਕਰਦੇ ਹਨ। ਨਾਵਲ ਵਿਚ ਜੁਆਇਨ, ਪ੍ਰੋਬੇਸ਼ਨ ਪੀਰੀਅਡ, ਮਿਊਜ਼ਿਕ ਰੂਮ, ਸਪੈਸਿਮਨ, ਕੁਲੀਗ, ਹੈਲਪ ਅੰਗਰੇਜ਼ੀ ਸ਼ਬਦਾਂ ਦੀ ਭਰਮਾਰ ਹੈ। ਕਿਤੇ-ਕਿਤੇ ਜਿਵੇਂ ਕਿ ਕੁਝ ਹਿੰਦੀ ਭਾਸ਼ਾ ਦੇ ਸ਼ਬਦ ਵੀ ਪੜ੍ਹਨ ਨੂੰ ਮਿਲਦੇ ਹਨ। ਲੇਖਕ ਦੀ ਭਾਸ਼ਾ ਉੱਤੇ ਪਕੜ, ਪਾਤਰਾਂ ਦੇ ਸੰਵਾਦਾਂ ਅਤੇ ਮਾਨਸਿਕਤਾ ਅਨੁਸਾਰ ਸ਼ਬਦ ਚੋਣ, ਮੁਹਾਵਰਿਆਂ ਦੀ ਵਰਤੋਂ, ਮੁੱਦਿਆਂ ਨੂੰ ਚੁੱਕਣ ਦੀ ਕਲਾ ਉਸ ਦੇ ਅਨੁਭਵੀ ਅਤੇ ਚੇਤੰਨ ਨਾਵਲਕਾਰ ਹੋਣ ਦਾ ਪ੍ਰਮਾਣ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਲਹੂ ਭਿੱਜੀਆਂ ਦਾਸਤਾਂ
ਲੇਖਕ : ਅਵਤਾਰ ਸਿੰਘ ਓਠੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 75080-18875

ਇਸ ਪੁਸਤਕ ਤੋਂ ਪਹਿਲਾਂ, ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 'ਖ਼ਾਲਸ' 2022 ਵਿਚ ਪ੍ਰਕਾਸ਼ਿਤ ਹੋਇਆ ਸੀ। ਇਹ ਉਸ ਦਾ ਦੂਜਾ ਕਹਾਣੀ ਸੰਗ੍ਰਹਿ ਹੈ। ਇਸ ਵਿਚ ਉਸ ਦੀਆਂ 17 ਕਹਾਣੀਆਂ ਹਨ। ਲਹੂ ਭਿੱਜੀਆਂ ਕਹਾਣੀਆਂ ਦਾ ਪਿੱਛੋਕੜ, ਦੇਸ਼ ਵੰਡ, ਸਮੇਂ ਨਾਲ ਸੰਬੰਧਿਤ ਕਹਾਣੀਆਂ ਨਾਲ ਹੈ, ਕਿਵੇਂ ਨਿਰਦੋਸ਼ੇ ਮੁਸਲਮਾਨਾਂ ਨਾਲ ਬੇਵਫਾਈ ਕੀਤੀ ਗਈ ਅਤੇ ਮੁਸਲਮਾਨਾਂ ਨੇ ਹਿੰਦੂਆਂ, ਸਿੱਖਾਂ ਨਾਲ ਧੋਖਾ ਕੀਤਾ। ਸਿੱਖਾਂ ਤੇ ਹਿੰਦੂਆਂ ਨੇ, ਮੁਸਲਮਾਨਾਂ ਨਾਲ। ਮਜ਼੍ਹਬੀ ਜਨੂੰਨ ਮਚਲ ਰਿਹਾ ਸੀ। ਮੂਲ ਉਦੇਸ਼ ਇਕ-ਦੂਜੇ ਨੂੰ ਕੁੱਟਣ ਦਾ ਸੀ। ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਵਿਚ ਆਪਸੀ ਪਿਆਰ ਖ਼ਤਮ ਹੋ ਚੁੱਕਾ ਸੀ।
'ਸਿੰਘ ਆ ਗਏ ਜੀ' ਮੁੱਖ ਕਹਾਣੀ ਹੈ, ਜਿਸ ਵਿਚ ਲੇਖਕ ਦੇ ਪਿਆਰੇ ਮਿੱਤਰ, ਪ੍ਰਤਾਪ ਦਾ ਜ਼ਿਕਰ ਹੈ। ਜਿਸ ਦੀਆਂ ਤਿੰਨ ਭੈਣਾਂ ਸਨ। ਆਪਣੀ ਮਾਂ ਨੂੰ ਉਹ ਬੀਬੀ ਕਹਿੰਦਾ ਹੁੰਦਾ ਸੀ। ਲੇਖਕ ਵੀ ਉਸ ਦੀ ਮਾਂ ਨੂੰ ਬੀਬੀ ਕਹਿ ਕੇ ਬੁਲਾਉਂਦਾ ਸੀ। ਪ੍ਰਤਾਪ, ਬਾਰੇ ਉਸ ਦੀ ਮਾਂ ਸੁਪਨੇ ਲੈਂਦੀ, ਕਿ ਉਸ ਦੀ ਨੂੰਹ ਦਾਜ ਬਿਨਾਂ ਆਏਗੀ ਤੇ ਹੋਵੇਗੀ ਉਹ ਖੂਬਸੂਰਤ। ਪ੍ਰਤਾਪ ਨੂੰ ਬਹੁਤ ਸਾਰੇ ਰਿਸ਼ਤੇ ਆਉਂਦੇ ਹਨ ਪਰ ਬੀਬੀ ਨੂੰ ਪਸੰਦ ਨਾ ਆਉਂਦੇ। ਜੇ ਬੀਬੀ ਪਸੰਦ ਕਰ ਲੈਂਦੀ ਤਾਂ ਪ੍ਰਤਾਪ ਨਾਪਸੰਦ ਕਰ ਦਿੰਦਾ। ਪ੍ਰਤਾਪ ਚਾਹੁੰਦਾ ਸੀ ਕਿ ਉਸ ਦੀ ਘਰਵਾਲੀ ਪੜ੍ਹੀ-ਲਿਖੀ ਹੋਵੇ ਤੇ ਨੌਕਰੀ ਉੱਪਰ ਲੱਗੀ ਹੋਵੇ। ਪਰ ਹਾਲਾਤ ਇਹ ਹਨ ਕਿ ਮੂੰਹ ਮੰਗੇ ਪਰ ਅੱਖਾਂ ਸ਼ਰਮਾਉਣ। ਆਖਰ ਨਿੰਦਰ ਤੇ ਪ੍ਰਤਾਪ ਦਾ ਰਿਸ਼ਤਾ ਸਿਰੇ ਚੜ੍ਹਿਆ। ਨਿੰਦਰ ਨਾਂਅ ਦੀ ਕੁੜੀ ਪਸੰਦ ਆ ਗਈ। ਆਖਰ ਵਿਆਹ ਹੋਟਲ ਵਿਚ ਕਰਨਾ ਤਹਿ ਹੋ ਗਿਆ। ਪਰ ਫਤਵਿਆਂ ਦਾ ਖੌਫ਼ ਸੀ, ਨਿੰਦਰ ਦੇ ਡੈਡੀ ਨੇ ਆਪਣੇ ਸਮੇਂ ਬਹੁਤ ਰਿਸ਼ਵਤ ਲਈ ਸੀ। ਵਿਆਹ ਕੇ ਜੰਞ ਵਾਪਸ ਆ ਗਈ। ਉਨ੍ਹਾਂ ਦਿਨਾਂ ਵਿਚ ਧਰੀਕ ਸਿੰਘ ਦਾ ਖੌਫ਼ ਸੀ। ਜਦੋਂ ਵਿਆਹ ਵਾਲੇ ਘਰ ਆਏ ਤਾਂ ਉਨ੍ਹਾਂ ਨੇ ਧਾਵਾ ਬੋਲ ਦਿੱਤਾ। ਸਿੰਘਾਂ ਨੇ ਹਦਾਇਤ ਕੀਤੀ ਕਿ ਸ਼ਾਮ ਦੇ ਚਾਰ ਵਜੇ, ਗੁਰਦੁਆਰੇ ਉਹ ਦਸਵੰਧ ਲੈ ਕੇ ਆਉਣਾ ਜਾਂਦੇ ਹੋਏ ਦਬਕਾ ਮਾਰ ਗਏ ਕਿ ਜੇਕਰ ਨਾ ਆਏ ਤਾਂ ਚੇਤੇ ਰੱਖਿਓ, ਪ੍ਰਤਾਪ ਦੀ ਸੁਹਾਗ ਰਾਤ, ਨਰਕ ਬਣ ਗਈ। ਇਸ ਕਹਾਣੀ ਦੀ ਕਹਾਣੀ ਬੱਸ ਐਨੀ ਹੈ।

-ਡਾ. ਅਮਰ ਕੋਮਲ
ਮੋਬਾਈਲ : 84378-73565

ਨਾਗ ਲੋਕ
ਕਵੀ : ਲਾਲ ਸਿੰਘ ਦਿਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 222
ਸੰਪਰਕ : 95011-45039

ਨਾਗ ਲੋਕ ਕਾਵਿ ਸੰਗ੍ਰਹਿ ਪ੍ਰਸਿੱਧੀ ਪ੍ਰਾਪਤ ਸੰਗ੍ਰਹਿ ਹੈ, ਜੋ ਕਿ ਪਹਿਲੀ ਵਾਰ 1998 ਵਿਚ ਪ੍ਰਕਾਸ਼ਿਤ ਹੋਇਆ ਹੈ। ਇਹ ਸੰਗ੍ਰਹਿ ਲਾਲ ਸਿੰਘ ਦਿਲ ਦੀ ਮੌਤ ਤੋਂ ਪਹਿਲਾਂ ਹੀ ਪ੍ਰਕਾਸ਼ਿਤ ਹੋ ਗਿਆ। ਬਾਅਦ ਵਿਚ ਨਾਗ ਲੋਕ ਤਦੋਂ ਨਵੇਂ ਐਡੀਸ਼ਨ ਵਿਚ ਆਇਆ, ਜਿਸ ਸਾਲ ਦਿਲ ਦੀ ਮੌਤ ਹੋਈ। ਹਥਲੀ ਪੁਸਤਕ ਪੰਜਵੀਂ ਐਡੀਸ਼ਨ ਹੈ। ਇਸ ਦੀ ਭੂਮਿਕਾ ਪ੍ਰੇਮ ਪ੍ਰਕਾਸ਼ ਨੇ ਲਿਖੀ। ਹਰਿਭਜਨ ਸਿੰਘ, ਜਗਤਾਰ ਅਤੇ ਅਮਰਜੀਤ ਚੰਦਨ ਨੇ ਵੀ ਇਸ ਪੁਸਤਕ ਵਾਸਤੇ ਲੇਖ ਲਿਖੇ ਜੋ ਕਿ ਪੁਸਤਕ ਵਿਚ ਸ਼ਾਮਿਲ ਹਨ। ਦਿਲ ਨਕਸਲਬਾੜੀ ਲਹਿਰ ਨਾਲ ਜੁੜਿਆ ਜੁਝਾਰ ਪਰ ਦਲਿਤ ਕਵੀ ਸੀ। ਉਸ ਦਾ ਜਨਮ 11 ਅਪ੍ਰੈਲ, 1943 ਅਤੇ ਮੌਤ 14 ਅਗਸਤ, 2007 ਨੂੰ ਹੋਈ। ਉਸ ਦੀਆਂ ਹੋਰ ਪੁਸਤਕਾਂ ਵੀ ਲੋਕਾਂ ਨੇ ਮਕਬੂਲ ਕੀਤੀਆਂ ਜਿਵੇਂ ਸਤਲੁਜ ਦੀ ਹਵਾ (1971), ਬਹੁਤ ਸਾਰੇ ਸੂਰਜ (1982), ਸੱਥਰ (1997) ਅਤੇ ਉਸ ਦੇ ਮਰਨ ਉਪਰੰਤ ਛਪੀ ਪੁਸਤਕ ਪ੍ਰਤੀਨਿਧ ਕਵਿਤਾਵਾਂ 'ਲਹੂ ਦੇ ਫੁੱਲ, ਲੰਬਾ ਕਾਰਵਾਂ ਕਾਵਿਤਾਵਾਂ ਵੀ ਪ੍ਰਸਿੱਧ ਹੋਈਆਂ ਹਨ। ਅਸਲ ਵਿਚ ਹਥਲੀ ਕਾਵਿ ਪੁਸਤਕ ਇਹ ਸਤਲੁਜ ਦੀ ਹਵਾ, ਬਹੁਤ ਸਾਰੇ ਸੂਰਜ, ਸੱਥਰ ਕਾਵਿ ਸੰਗ੍ਰਹਿਆਂ ਦੀਆਂ ਪ੍ਰਸਿੱਧ ਕਵਿਤਾਵਾਂ ਨੂੰ ਮੁੜ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਸੰਗ੍ਰਹਿ ਵਿਚ ਕਰੀਬ 150 ਕਵਿਤਾਵਾਂ ਹਨ। ਬਹੁਤ ਸਾਰੇ ਸੂਰਜ ਦੀ ਸੰਪਾਦਕੀ ਵਿਚ ਅਮਰਜੀਤ ਚੰਦਨ ਲਿਖਦਾ ਹੈ ਕਿ ਲਾਲ ਸਿੰਘ ਦਿਲ ਦੀ ਪਹਿਲੀ ਪੁਸਤਕ 'ਸਤਲੁਜ ਦੀ ਹਵਾ' 1971 ਵਿਚ ਛਪੀ ਸੀ। ਤਦੋਂ ਪੰਜਾਬ ਵਿਚ ਨਕਸਲਬਾੜੀ ਲਹਿਰ ਸਿਖਰ 'ਤੇ ਸੀ ਅਤੇ ਇਹ ਸੰਸਾਰ ਤੋਂ ਨਿਵੇਕਲੀ ਸੀ। 'ਬਹੁਤ ਸਾਰੇ ਸੂਰਜ' ਵਿਚ ਦਲਿਤ ਸਮਾਜ ਦੀ ਜਜ਼ਬਾਤੀ ਦੁਨੀਆ ਦੀ ਅਸਲ ਤਸਵੀਰ ਕਸ਼ੀ ਹੈ। ਦਿਲ ਦੇ ਕਾਵਿ ਪਾਤਰ ਤਰਸ ਦੇ ਪਾਤਰ ਨਹੀਂ ਹਨ, ਸਗੋਂ ਅਸਲ ਮਨੁੱਖ ਹਨ।
'ਦਿਲ' ਦੀਆਂ ਕੁਝ ਕਵਿਤਾਵਾਂ ਦੀਆਂ ਟੂਕਾਂ ਹਾਜ਼ਰ ਹਨ : 'ਲੋਕ ਮਾਰੇ ਮਾਰੇ ਫਿਰਦੇ ਹਨ, ਹਾਂ ਜੀ, ਹੋ ਜੀ ਕਰਦੇ ਹਨ, ਹਨੇਰੀਆਂ ਨੁੱਕਰਾਂ 'ਚ ਬਹਿੰਦੇ ਹਨ। ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਸਾਂ ਦੇਵਤਿਆਂ ਦੇ ਪੈਰਾਂ 'ਚ ਜਨਮੇ ਹੋ, ਸ਼ਕਤੀ ਮਾਰੀ ਮਾਰੀ ਫਿਰਦੀ ਹੈ, ਅੱਖੀਆਂ ਤੋਂ ਮੱਖੀਆਂ ਝਲਦੀ ਹੈ, ਸ਼ਕਤੀ ਸਫਾ 134 ਮਿੱਤਰੋ, ਜਿੰਨਾ ਮਰਜ਼ੀ ਘ੍ਰਿਣਤ ਤੁਸੀਂ ਮੈਨੂੰ ਸਮਝੋ, ਇਹ ਵੇਸਵਾ ਤ੍ਰੀਮਤਾਂ ਕੁੜੀਆਂ, ਮੇਰੀਆਂ ਮਾਵਾਂ-ਭੈਣਾਂ ਤੇ ਧੀਆਂ ਹਨ ਤੇ ਤੁਹਾਡੀਆਂ ਵੀ ਇਹ ਗਊਆਂ ਪੂਜਣ ਵਾਲੇ ਹਿੰਦੁਸਤਾਨ ਦੀਆਂ, ਮਾਵਾਂ ਧੀਆਂ ਤੇ ਭੈਣਾਂ ਹਨ...', ਵੇਸਵਾ ਤ੍ਰੀਮਤਾਂ ਸਫਾ 138, ਜਿਨ੍ਹਾਂ ਆਰੀਆ ਦੇ ਮੁਕਾਬਲੇ ਲਈ, ਘਰ ਛੱਡੇ ਸਨ, ਪਿੰਡਾਂ ਦੇ ਪਿੰਡ, ਟੱਬਰ ਗੱਡੇ, ਡੰਗਰਾਂ ਚਾਟੀਆਂ ਸਮੇਤ, ਭੀਲਾਂ, ਜਦੋਂ ਆਰੀਆ, ਜਿਨ੍ਹਾਂ ਦੀ ਫ਼ੌਜ, ਹੋਰ ਹੋਰ ਕੰਮਾਂ ਸੰਗ ਵਧਦੀ ਗਈ, ਉਨ੍ਹਾਂ ਸੰਗ ਟਕਰਾ ਕੇ ਉਨ੍ਹਾਂ ਨੂੰ ਹਾਰ ਦੇਂਦੇ ਹਨ, ਕੈਦੀ ਬਣਾਉਂਦੇ ਹਨ', ਭੀਲ : ਬਹਾਦਰ ਦਰਾਵੜ ਸਫਾ 140 'ਸ਼ਾਮ ਦਾ ਰੰਗ ਫਿਰ ਪੁਰਾਣਾ, ਕੀ ਉਨ੍ਹਾਂ ਬੋਲਾਂ ਦਾ ਨਾਂਅ ਹੈ, ਸਵੇਤਲਾਨਾ, ਕੋਈ ਹੋਰ ਹੈ, ਅੱਜ ਤੁਹਾਡੇ ਮੂੰਹ ਵਿਚ ਸੂਰਜ ਹੈ, ਸਿਰ ਬਿਨਾਂ ਤੁਰਦੇ ਰਹੇ ਸੰਗ੍ਰਾਮੀਏ, ਕਿਥੇ ਰਾਜਾ ਭੋਜ, ਕਿਥੇ ਕਾਂਗਲਾ...', ਸਫਾ 34.
ਲਾਲ ਸਿੰਘ ਦਿਲ ਨੂੰ ਇਹ ਵੀ ਰੋਸ ਸੀ ਕਿ ਉਹ ਚਮਾਰਾਂ ਦੇ ਘਰ ਜੰਮਿਆ ਸੀ ਅਤੇ ਉਸ ਨੂੰ ਅਛੂਤ ਸਮਝ ਕੇ ਘੱਟ ਪੜ੍ਹਿਆ ਜਾਂਦਾ ਹੈ। ਉਸ ਨੇ ਨਕਸਲੀ ਲਹਿਰ ਤੇ ਪਾਰਟੀ ਬਾਰੇ ਇਹ ਸੰਕੇਤ ਦਿੱਤੇ ਸਨ ਕਿ ਉਸ ਨਾਲ ਕਵਿਤਾ ਵਿਚ ਵੀ ਵਿਤਕਰਾ ਕੀਤਾ ਜਾਂਦਾ ਹੈ। ਇਹ ਪੁਸਤਕ ਲਾਲ ਸਿੰਘ ਦਿਲ ਦੀਆਂ ਕਵਿਤਾਵਾਂ ਅਤੇ ਉਸ ਦੇ ਨਿੱਜੀ ਜੀਵਨ ਬਾਰੇ ਬਹੁਤ ਕੁਝ ਸਾਂਭੀ ਬੈਠੀ ਹੈ ਜੋ ਕਿ ਸਾਂਭਣਯੋਗ ਹੈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

Mountains and A Monastery
ਲੇਖਕ : ਪੀਟਰ ਹੋਮਜ਼
ਪ੍ਰਕਾਸ਼ਕ : ਜਿਊਫਰੀ ਬਲੈੱਸ, ਲੰਡਨ
ਸਫ਼ੇ : 196

ਇਹ ਨਾਵਲ/ਸਫ਼ਰਨਾਮਾ ਭਾਰਤ ਦੇ ਉੱਤਰ ਵਿਚ ਸਥਿਤ 'ਸਪਿਤੀ' ਦੇ ਸੱਭਿਆਚਾਰ, ਜਲਵਾਯੂ ਅਤੇ ਭੂਮੀ ਦਾ ਬਿਰਤਾਂਤ ਪੇਸ਼ ਕਰਦਾ ਹੈ। ਇਹ ਖੇਤਰ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ। 'ਸਪਿਤੀ' ਦਾ ਅਰਥ ਹੈ : ਵਿਚਕਾਰਲੀ ਜ਼ਮੀਨ। ਇਹ ਤਿੱਬਤ ਅਤੇ ਭਾਰਤ ਦੇ ਦਰਮਿਆਨ ਪੈਂਦਾ ਖੇਤਰ ਹੈ। ਇਥੇ 'ਸਪਿਤੀ' ਦਰਿਆ ਵਗਦਾ ਹੈ। ਇਉਂ ਇਹ ਖੇਤਰ ਦਰਿਆ ਦੀ ਇਕ ਵਾਦੀ ਹੈ। ਸਪਿਤੀ ਦੇ ਪੂਰਬ ਵਿਚ ਤਿੱਬਤ ਹੈ, ਉੱਤਰ ਵਿਚ ਲੱਦਾਖ ਅਤੇ ਦੱਖਣ-ਪੱਛਮ ਵਿਚ ਲਾਹੌਲ ਹੈ, ਜਿਸ ਕਾਰਨ ਕਈ ਵਾਰ ਇਸ ਖੇਤਰ ਨੂੰ ਲਾਹੌਲ-ਸਪਿਤੀ ਵੀ ਕਿਹਾ ਜਾਂਦਾ ਹੈ। ਇਹ ਇਲਾਕਾ ਇਕ ਅਤਿਅੰਤ ਠੰਢਾ ਰੇਗਿਸਤਾਨ ਹੈ। ਇਥੇ ਆਬਾਦੀ ਬਹੁਤ ਵਿਰਲੀ ਹੈ। ਇਸ ਖੇਤਰ ਨੂੰ ਗਾਹੁੰਦਿਆਂ ਹੋਇਆਂ ਪੀਟਰ ਹੋਮਜ਼, ਉਸ ਦੀ ਪਤਨੀ ਜੂਹੀ ਅਤੇ ਇਨ੍ਹਾਂ ਦੀ ਟੀਮ ਦੇ ਕੁਝ ਮੈਂਬਰ ਇਕ 12 ਵਰ੍ਹਿਆਂ ਦੇ ਲੜਕੇ 'ਸ਼ਿਰਿੰਗ ਦਾਵਾ' ਨੂੰ ਮਿਲੇ। ਇਥੋਂ ਇਕ ਪਿੰਡ ਰਾਨਰਿਕ ਵਿਚ ਇਕ ਬੋਧੀ ਆਸ਼ਰਮ ਬਣਿਆ ਹੋਇਆ ਸੀ, ਜਿਸ ਦੀ ਪ੍ਰਥਾ ਸੀ ਕਿ ਅੱਠ-ਨੌਂ ਵਰ੍ਹਿਆਂ ਦੇ ਲੜਕਿਆਂ ਨੂੰ ਫੜ ਕੇ ਆਸ਼ਰਮ ਵਿਚ ਡੱਕ ਦਿਉ ਅਤੇ ਫਿਰ ਮਰਨ ਤੱਕ ਉਨ੍ਹਾਂ ਨੂੰ ਉਥੇ ਹੀ ਡੱਕੀ ਰੱਖੋ। ਸ਼ਿਰਿੰਗ ਦਾਵਾ ਆਪਣੇ ਬੁੱਧ-ਬਿਬੇਕ ਅਤੇ ਮਜ਼ਬੂਤ ਇਰਾਦੇ ਦੀ ਵਜ੍ਹਾ ਨਾਲ ਇਸ ਆਸ਼ਰਮ ਵਿਚੋਂ ਦੌੜ ਜਾਂਦਾ ਹੈ। ਪੀਟਰ ਹੋਮਜ਼ ਉਸ ਦੀ ਕਾਰਗੁਜ਼ਾਰੀ ਉੱਪਰ ਬੜਾ ਪ੍ਰਸੰਨ ਹੁੰਦਾ ਹੈ ਅਤੇ ਉਸ ਨਾਲ ਦੋਸਤੀ ਕਰ ਲੈਂਦਾ ਹੈ। ਸਪਿਤੀ ਦੇ ਸੱਭਿਆਚਾਰ ਅਤੇ ਰਹਿਣ-ਸਹਿਣ ਬਾਰੇ ਪੀਟਰ ਉਸ ਤੋਂ ਕਾਫ਼ੀ ਕੁਝ ਸਿੱਖਦਾ ਹੈ।
ਇਸ ਮੁਲਾਕਾਤ ਤੋਂ ਪੀਟਰ ਦੀ ਹਿਮਾਲਿਆ ਪਰਬਤ ਵਿਚ ਵਸੇ ਪਿੰਡਾਂ-ਸ਼ਹਿਰਾਂ ਬਾਰੇ ਜਗਿਆਸਾ ਬਹੁਤ ਵਧ ਜਾਂਦੀ ਹੈ ਅਤੇ ਉਹ ਇਨ੍ਹਾਂ ਨੂੰ ਘੁੰਮ-ਫਿਰ ਕੇ ਦੇਖਦਾ ਹੈ। ਇਸ ਪੁਸਤਕ ਵਿਚ ਇਹ ਸਾਰੇ ਵੇਰਵੇ ਬੜੀ ਸਟੀਕਤਾ ਨਾਲ ਪਕੜੇ ਅਤੇ ਉਜਾਗਰ ਕੀਤੇ ਗਏ ਹਨ। ਪੁਸਤਕ ਵਿਚਲੀ ਸਕ੍ਰਿਪਟ ਨੂੰ ਜ਼ਿੰਦਾ ਜਾਵੇਦ ਬਣਾਉਣ ਲਈ ਵਿਚ-ਵਿਚਕਾਰ ਅਤੇ ਅੰਤ ਵਿਚ ਕੁਝ ਤਸਵੀਰਾਂ ਆਦਿ ਵੀ ਦਿੱਤੀਆਂ ਗਈਆਂ ਹਨ, ਜਿਨ੍ਹਾਂ ਤੋਂ ਇਨ੍ਹਾਂ ਸੈਲਾਨੀਆਂ ਦੇ ਸਾਹਸ ਅਤੇ ਪਰਕ੍ਰਮਾਂ ਬਾਰੇ ਪਤਾ ਚਲਦਾ ਹੈ। ਬਖ਼ਸ਼ੀ ਪ੍ਰਾਣ ਨਾਥ, ਸ਼ਿਰਿੰਗ ਦਾਗ਼ ਅਤੇ ਤੇਰਜ਼ਿੰਗ ਆਦਿ ਦੀਆਂ ਸੁੰਦਰ ਤਸਵੀਰਾਂ ਹਨ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਜੀਵਨ ਜੀਣ ਦੇ ਫੰਡੇ
ਲੇਖਕ : ਐਨ. ਰਘੁਰਾਮਨ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 0181-2214196

'ਜੀਵਨ ਜੀਣ ਦੇ ਫੰਡੇ' ਪੁਸਤਕ ਤਿੰਨ ਦਹਾਕਿਆਂ ਤੋਂ ਪੱਤਰਕਾਰੀ ਅਤੇ ਪ੍ਰਮੁੱਖ ਅਖ਼ਬਾਰਾਂ ਨਾਲ ਜੁੜੇ ਅਨੁਭਵੀ ਲੇਖਕ ਐਨ. ਰਘੁਰਾਮਨ ਦਾ ਚਰਚਿਤ ਕਾਲਮ 'ਮੈਨੇਜਮੈਂਟ ਫੰਡਾ' ਵਿਚ ਲਏ ਗਏ ਕਰੀਬ ਸਵਾ ਕੁ ਸੌ ਵਿਸ਼ਿਆਂ ਲੇਖਾਂ ਦਾ ਸੰਗ੍ਰਹਿ ਹੈ। ਇਨ੍ਹਾਂ ਵਿਸ਼ਿਆਂ ਰਾਹੀਂ ਜੀਵਨ ਨਾਲ ਜੁੜੇ ਹਰ ਮਹੱਤਵਪੂਰਨ ਪਹਿਲੂ ਨੂੰ ਛੂਹਿਆ ਗਿਆ ਹੈ। ਜਨਮਦਾਤੀ ਤੇ ਪਾਲਣ ਹਾਰੀ 'ਗੁਰੂ ਮਾਂ' ਦੀਆਂ ਗੱਲਾਂ ਗੱਲਾਂ (ਸਿੱਧੇ ਅਸਿੱਧੇ ਰੂਪ) ਵਿਚ ਸਮਝਾਉਣੀਆਂ (ਸਿਖਿਆਵਾਂ) ਵੀ ਜੀਵਨ ਨੂੰ ਰੁਸ਼ਨਾਉਣ ਵਿਚ ਪੂਰੀਆਂ ਸਹਾਇਕ ਹੁੰਦੀਆਂ ਹਨ। ਭਾਵੇਂ ਕਿ ਇਹ ਸਭ ਕੁਝ ਉਸ ਸਮੇਂ ਕੌੜੀਆਂ ਕੁਸੈਲੀਆਂ ਹੀ ਲੱਗਦੀਆਂ ਹੁੰਦੀਆਂ ਹਨ। ਪਰ ਇਨ੍ਹਾਂ ਦਾ ਫ਼ਲ ਮਿੱਠਾ ਤੇ ਜੀਵਨ ਸੇਧਕ ਹੁੰਦਾ ਹੈ।ਜੀਵਨ ਹੈ ਤਾਂ ਸਭ ਕੁਝ ਹੈ। ਸੋ ਖ਼ੁਦ ਆਪਣੇ ਜੀਵਨ ਨਾਲ ਪਿਆਰ ਤੇ ਹੋਰਨਾਂ ਦਾ ਖਿਆਲ ਕਰਨਾ ਵੀ ਜ਼ਰੂਰੀ ਹੁੰਦਾ ਹੈ। ਨਕਾਰਤਮਿਕ / ਨਿਰਾਸ਼ਾ/ਢਹਿੰਦੀ ਕਲਾ ਤੋਂ ਨਿਕਲ ਕੇ ਸਾਕਾਰਾਤਮਿਕ/ਆਸ/ ਚੜ੍ਹਦੀਕਲਾ ਦੀ ਸੋਚ ਨਾਲ ਵਿਚਰਨਾ , ਸਿਰਜਣਾਤਮਿਕ ਬਿਰਤੀ, ਇਮਾਨਦਾਰੀ, ਮਿਹਨਤ ਨਾਲ ਸਵੈਮਾਣ ਕਾਇਮ ਕਰਨਾ ਹੀ ਅਸਲ ਜ਼ਿੰਦਗੀ ਹੈ। ਜ਼ਿੰਦਗੀ ਦੇ ਤਿੰਨੇ ਰੰਗਾਂ (ਬਚਪਨ, ਜਵਾਨੀ ਤੇ ਬੁਢਾਪੇ) ਨੂੰ ਮਾਨਣ ਤੇ ਹੰਢਾਉਣ ਤੋਂ ਖੁੰਝਣਾ ਨਹੀਂ ਚਾਹੀਦਾ। ਖ਼ਾਸ ਕਰਕੇ 'ਬੁਢਾਪਾ' ਜਿਸ ਨੂੰ ਆਮ ਕਰਕੇ ਜੀਵਨ ਦੀ ਦੁੱਖਾਂ ਭਰੀ ਸ਼ਾਮ ਸਮਝ ਕੇ ਵਧੇਰੇ ਕਰਕੇ ਝੂਰਿਆ ਹੀ ਜਾਂਦਾ ਹੈ। ਪਰ ਕੁਦਰਤ ਦੇ ਮਿਲੇ ਇਸ ਤੋਹਫ਼ੇ ਨੂੰ ਮਾਨਣ ਦੇ ਯਤਨ ਕਰਦਿਆਂ ਕਾਦਰ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਬੁਢਾਪਾ ਮਾਨਣਾ ਕਿਸੇ ਵਿਰਲੇ ਟਾਵੇਂ ਦੇ ਹਿੱਸੇ ਹੀ ਆਉਂਦੀ ਹੈ। ਕੀਤੀ ਗਈ ਪਰੳਪਕਾਰੀ, ਕਿਸੇ ਦੀ ਭਲਾਈ/ ਨਿਰਸਵਾਰਥ ਮਦਦ ਨਾਲ ਮਿਲਦੀ ਖੁਸ਼ੀ, ਸੰਤੁਸ਼ਟੀ ਜੀਵਨ ਨੂੰ ਤਣਾਅ ਤੋਂ ਮੁਕਤ ਰੱਖਦੀ ਹੈ ਜੋ ਤੰਦਰੁਸਤੀ ਭਰੇ ਜੀਵਨ ਦਾ ਆਧਾਰ ਹੁੰਦੀ ਹੈ। ਹੰਕਾਰ ਤੋਂ ਬਚਣ, ਪਛਤਾਉਣ ਨਾਲੋਂ ਗੁੱਸੇ ਨੂੰ ਕਾਬੂ ਰੱਖਣ, ਬੁਰੇ ਦਾ ਵੀ ਭਲਾ ਕਰਨ ਦੀ ਸੋਚ, ਉਸਾਰੂ ਉਦੇਸ਼, ਸਾਰਥਕ ਕੰਮਾਂ ਦਾ ਰੁਝਾਨ, ਮਜ਼ਬੂਤ ਇਰਾਦੇ, ਗ਼ਲਤੀਆਂ ਦੇ ਠੇਡਿਆਂ ਤੋਂ ਸਬਕ ਸਿੱਖਣ ਆਦਿ ਦੇ ਜੀਵਨ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਕੰਮ ਆਉਣ ਵਾਲੇ ਫ਼ਲਸਫ਼ੇ ਪਾਠਕ ਨੂੰ ਮਾਨਸਿਕ ਤੌਰ ਮਜ਼ਬੂਤ ਹੋਣ ਅਤੇ ਆਪਣੇ ਨੈਤਿਕ ਫ਼ਰਜ਼ ਨਿਭਾਉਣ ਦੇ ਸਮਰੱਥ ਬਣਾਉਣ ਵਿਚ ਸਹਾਈ ਹੋ ਸਕਦੇ ਹਨ।

-ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋਬਾਈਲ : 98764-74858

 

18-05-2024

 ਪਿਰਾਮਿਡ ਯੁੱਗ ਆਦਿ ਤੋਂ ਅੰਤ
ਲੇਖਕ : ਬੂਟਾ ਸਿੰਘ ਵਾਕਫ਼
ਪ੍ਰਕਾਸ਼ਕ : ਤਰਕਸ਼ੀਲ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 129
ਸੰਪਰਕ : 98762-24461

ਤਰਕਸ਼ੀਲ ਸੁਸਾਇਟੀ (ਰਜਿ.) ਬਰਨਾਲਾ, ਪੰਜਾਬ ਵਿਚ ਲੰਮੇ ਸਮੇਂ ਤੋਂ ਲੋਕਾਂ 'ਚ ਵਿਗਿਆਨਕ ਸੋਚ ਤੇ ਚੇਤਨਾ ਜਗਾਉਣ ਵਿਚ ਲੱਗੀ ਹੋਈ ਹੈ। ਆਪਣੇ ਸਮਾਗਮਾਂ, ਕਾਨਫ਼ਰੰਸਾਂ ਅਤੇ ਭਾਸ਼ਨਾਂ ਰਾਹੀਂ ਬਲਾਕ-ਪੱਧਰ ਤੋਂ ਸੂਬਾ ਪੱਧਰ ਤਕ ਤਰਕਸ਼ੀਲ-ਉੱਦਮੀ ਕਾਰਜਸ਼ੀਲ ਹਨ। ਹੋਰ ਵੀ ਅੱਗੇ ਪੰਜਾਬੀ ਵਿਚ ਉਸਾਰੂ ਸਾਹਿਤ ਦੀ ਪ੍ਰਕਾਸ਼ਨਾ ਰਾਹੀਂ ਸਸਤੇ ਭਾਅ ਪੜ੍ਹਨਯੋਗ ਪੁਸਤਕਾਂ ਵੀ ਉਪਲਬਧ ਕਰਨ ਵਿਚ ਜੁਟੇ ਹੋਏ ਹਨ। ਦੂਜੀਆਂ ਭਾਸ਼ਾਵਾਂ 'ਚੋਂ ਅਨੁਵਾਦ ਕਰਕੇ ਮਾਂ-ਬੋਲੀ ਦੀ ਸੇਵਾ ਵੀ ਕਰ ਰਹੇ ਹਨ। ਇਹ ਲਗਨ ਤੇ ਸਿਰੜ ਵਾਲੀ ਪ੍ਰਤੀਬੱਧਤਾ ਹੈ। ਵਿਚਾਰ ਅਧੀਨ ਪੁਸਤਕ ਮਿਸਰ (ਈਜਿਪਟ) ਦੇ ਪਿਰਾਮਿਡ ਅਜੂਬਿਆਂ ਬਾਰੇ ਕਰੜੀ ਮਿਹਨਤ ਕਰਕੇ ਬੂਟਾ ਸਿੰਘ ਵਾਕਫ਼ ਨੇ ਲਿਖੀ ਹੈ। ਬੜੀ ਦੇਰ ਤੋਂ ਮਿਸਰ ਦੇ ਪਿਰਾਮਿਡਾਂ ਬਾਰੇ ਚਰਚਾ ਹੁੰਦੀ ਆਈ ਹੈ, ਇਨ੍ਹਾਂ ਦੇ ਰਹੱਸ ਨੂੰ ਹਰ ਕੋਈ ਸਮਝਣਾ ਚਾਹੁੰਦਾ ਹੈ। ਪੇਤਲੀ-ਪੇਤਲੀ ਜਾਣਕਾਰੀ ਤਾਂ ਮਿਲਦੀ ਰਹੀ ਹੈ ਪਰੰਤੂ ਜਿਸ ਖੋਜ-ਵਿਧੀ ਰਾਹੀਂ ਬੂਟਾ ਸਿੰਘ ਵਾਕਫ਼ ਨੇ ਇਸ ਵਿਸ਼ੇ ਨੂੰ ਯੋਜਨਾਬੱਧ ਅਤੇ ਦ੍ਰਿੜ੍ਹਤਾ ਨਾਲ ਪੇਸ਼ ਕੀਤਾ ਹੈ, ਉਹ ਵੀ ਇਕ ਅਜੂਬਾ ਸਿਰਜਣ ਵਾਲੀ ਗੱਲ ਹੈ। ਤਰਕਸ਼ੀਲ ਸੁਸਾਇਟੀ (ਰਜਿ.) ਪੰਜਾਬ ਦੇ ਸੂਬਾ ਮੁਖੀ ਸਾਹਿਤ ਵਿਭਾਗ ਦੇ ਸਟੈਨੋ ਹੇਮ ਰਾਜ ਵਲੋਂ ਇਸ ਪੁਸਤਕ ਦਾ ਆਦਿ ਕਥਨ ਲੇਖਕ ਲਈ ਉਤਸ਼ਾਹਜਨਕ ਸਿੱਧ ਹੋਇਆ। ਮਿਸਰ ਦੇ ਫੈਰੋਹ ਰਾਜਿਆਂ ਦੁਆਰਾ ਪੀੜ੍ਹੀ-ਦਰ-ਪੀੜ੍ਹੀ ਪਿਰਾਮਿਡਾਂ ਦੇ ਨਿਰਮਾਣ ਦੀ ਪੂਰੀ ਕਹਾਣੀ ਬਹੁਤ ਵਿਸਥਾਰ ਅਤੇ ਅੰਕੜਿਆਂ ਨਾਲ ਬਿਆਨ ਕੀਤੀ ਗਈ ਹੈ। ਮਿਸਰ ਘਾਟੀ ਨੂੰ ਨੀਲ ਨਦੀ ਦੇ ਤੋਹਫ਼ਾ ਦਾ ਜ਼ਿਕਰ ਬਹੁਤ ਖੋਜ-ਤੱਥਾਂ ਰਾਹੀਂ ਵਰਨਣ ਕੀਤਾ। ਦੁਨੀਆ ਦੀ ਸਭ ਤੋਂ ਲੰਮੀ ਨਦੀ, ਜਿਸ ਦੀ ਲੰਬਾਈ 6650 ਕਿਲੋਮੀਟਰ ਹੈ, ਜਿਸ ਨੂੰ ਮਿਸਰ ਘਾਟੀ ਦੀ ਸਭਿਅਤਾ ਦੀ ਜਨਮਦਾਤੀ ਮੰਨਿਆ ਗਿਆ। ਪਿਰਾਮਿਡਾਂ ਲਈ ਨੀਲ ਨਦੀ ਰਾਹੀਂ ਪੱਥਰਾਂ ਤੇ ਹੋਰ ਸਮੱਗਰੀ ਕਿੰਝ ਢੋਈ ਜਾਂਦੀ ਸੀ, ਉਹ ਵੀ ਰੌਚਕ ਵੇਰਵੇ ਹਨ, ਨੀਲ ਨਦੀ ਦਾ ਇਤਿਹਾਸਕ, ਭੂਗੋਲਿਕ, ਆਰਥਿਕ ਤੇ ਸਮਾਜਿਕ ਸੰਬੰਧ ਮਿਸਰ ਦੇ ਲੋਕਾਂ ਲਈ ਵਰਦਾਨ ਸੀ। ਮਿਸਰ ਦੇ ਸ਼ਾਹੀ ਰਾਜ ਦੀ ਕਾਲ ਵੰਡ ਮੁੱਢਲੇ ਰਾਜ ਵੰਸ਼ ਤੋਂ ਇਕੱਤੀਵੇਂ ਰਾਜ-ਕਾਲ ਦਾ ਜ਼ਿਕਰ ਹੈ। ਬਿੱਲੀ ਪੂਜਾ : ਵਿਸ਼ਵਾਸ ਤੇ ਮਿੱਥਾਂ ਬਹੁਤ ਹੈਰਾਨ ਕਰਨ ਵਾਲੀਆਂ ਹਨ। ਮਿਸਰੀਆਂ ਲਈ ਬਿੱਲੀ ਪੂਜਾ ਧਰਮ ਕਰਤਵ ਬਣ ਗਿਆ। ਪਿਰਾਮਿਡ ਸ਼ਾਹੀ ਘਰਾਣਿਆਂ ਦੇ ਜਨਮ ਤੇ ਮੌਤ ਤੋਂ ਬਾਅਦ ਪੁਨਰ ਜਨਮ ਦੇ ਅੰਧ ਵਿਸ਼ਵਾਸਾਂ ਦੀ ਦੇਣ ਹੈ। ਪਿਰਾਮਿਡਾਂ ਦੇ ਅੰਦਰੂਨੀ ਕਮਰਿਆਂ ਆਦਿ ਦੀ ਜਾਣਕਾਰੀ ਲੇਖਕ ਨੇ ਬਹੁਤ ਬਰੀਕ-ਬੀਨੀ ਨਾਲ ਪੇਸ਼ ਕੀਤੀ। ਅਨੋਖੀ ਤੇ ਹੈਰਾਨਕੁੰਨ ਜਾਣਕਾਰੀ ਦਿੱਤੀ ਗਈ। ਪਿਰਾਮਿਡਾਂ ਦੀ ਬਣਤਰ ਕਿੰਨੇ ਖੇਤਰ 'ਚ, ਕਿਹੋ ਜਿਹੇ ਪੱਥਰ, ਮਿੱਟੀ ਚੂਨਾ ਨਾਲ ਲਿਪਾਈ, ਲੰਬਾਈ, ਚੌੜਾਈ, ਉਚਾਈ ਆਦਿ ਦੇ ਵੇਰਵੇ ਹੈਰਾਨ ਕਰਨ ਵਾਲੇ ਹਨ। ਲੇਖਕ ਨੇ ਏਨੀ ਮਿਹਨਤ ਪੁਸਤਕਾਂ ਦੇ ਅਧਿਐਨ ਕਰ ਕੇ ਇਕੱਤਰ ਕੀਤੀ। ਮਿਸਰ ਦਾ ਪਹਿਲਾ ਸਟੈੱਪ ਪਿਰਾਮਿਡ, ਫੈਰੋਹ ਸਨੇਫੇਰੂ ਦੁਆਰਾ ਬਣਾਏ ਪਿਰਾਮਿਡ ਜਿਵੇਂ ਝੁਕਿਆ ਹੋਇਆ ਪਿਰਾਮਿਡ, ਸੈਟੇਲਾਈਟ ਪਿਰਾਮਿਡ, ਲਾਲ ਪਿਰਾਮਿਡ, ਗੀਜ਼ਾ ਦੇ ਮਹਾਨ ਪਿਰਾਮਿਡ ਆਦਿ ਦੇ ਵੇਰਵੇ ਖੋਜ ਦਾ ਪ੍ਰਮਾਣ ਹਨ। ਪਿਰਾਮਿਡਾਂ ਦੇ ਨਾਲ ਮੰਦਰਾਂ ਦਾ ਨਿਰਮਾਣ ਵੀ ਕੀਤਾ ਜਾਂਦਾ ਸੀ, ਜਿਨ੍ਹਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ। ਭਾਗ-1 ਪੰਨਾ 64 ਤੋਂ ਭਾਗ-2 ਪੰਨਾ 76 ਤੋਂ 87 ਤੱਕ ਰਾਜ-ਵੰਸ਼ਾਂ ਤੋਂ ਸਮੇਂ-ਸਮੇਂ ਬਣਾਏ ਗਏ ਪਿਰਾਮਿਡ ਤੇ ਉਨ੍ਹਾਂ ਦੇ ਚਿੱਤਰ ਵੀ ਦਿੱਤੇ ਗਏ ਹਨ। ਰਾਜਿਆਂ ਦੀ ਘਾਟੀ, ਰੋਜ਼ੇ ਦਾ ਪੱਥਰ, ਮੰਮੀਕਰਨ, ਪਿਰਾਮਿਡ ਨਿਰਮਾਣ ਤਕਨੀਕ, ਨਿਰਮਾਣ ਕਲਾ ਦਾ ਪਤਨ ਦੌਰ ਤੇ ਅੰਤ 'ਚ ਪਿਰਾਮਿਡ ਯੁੱਗ ਦਾ ਕੱਚ-ਸੱਚ ਇਸ ਪੁਸਤਕ ਦਾ ਸੰਪੂਰਨ ਗਿਆਨ, ਪਾਠਕ ਦੀ ਜਾਣਕਾਰੀ 'ਚ ਵਾਧਾ ਕਰਦਾ। ਪੰਨਾ 123 ਤੋਂ 129 ਤੱਕ ਹਵਾਲੇ, ਟਿੱਪਣੀਆਂ ਤੇ ਵੈੱਬਸਾਈਟ ਲਿੰਕ ਹਵਾਲੇ ਲੇਖਕ ਦੀ ਮਿਹਨਤ ਦਾ ਸਬੂਤ ਹਨ। ਪੰਜਾਬੀ ਵਿਚ ਅਜਿਹੀ ਦੁਰਲਭ ਪੁਸਤਕ ਪਿਰਾਮਿਡ ਅਜੂਬਿਆਂ ਬਾਰੇ ਸ਼ਾਨਦਾਰ ਲਿਖਤ ਮੰਨੀ ਜਾ ਸਕਦੀ ਹੈ। ਪੂਰੀ ਘੋਖ ਕਰਨ ਉਪਰੰਤ ਲੇਖਕ ਦਾ ਮੰਨਣਾ ਹੈ ਕਿ ਪਿਰਾਮਿਡਾਂ ਦਾ ਨਿਰਮਾਣ ਫੈਰੋਹ ਰਾਜ-ਵੰਸ਼ਾਂ ਦੀ ਆਪਣੀ ਸ਼ਕਤੀ ਦਾ ਪ੍ਰਗਟਾਵਾ ਤੇ ਅਗਲੇ ਜਨਮ ਸਵਾਰ ਲੈਣ ਦਾ ਅੰਧ-ਵਿਸ਼ਵਾਸ ਹੀ ਸੀ ਤੇ ਲੱਖਾਂ ਮਜ਼ਦੂਰਾਂ, ਕਲਾਕਾਰਾਂ ਤੇ ਕਾਰੀਗਰਾਂ ਦੇ ਖ਼ੂਨ-ਪਸੀਨੇ ਰਾਹੀਂ ਐਸ਼ਪ੍ਰਸਤੀ ਦਾ ਪ੍ਰਗਟਾਵਾ ਸੀ। ਮਿਸਰ 'ਚ ਲਗਭਗ 150 ਪਿਰਾਮਿਡਾਂ ਦਾ ਜ਼ਿਕਰ ਆਉਂਦਾ ਹੈ। ਬਹੁਤ ਸਾਰੇ ਪਿਰਾਮਿਡ ਰਹੱਸ ਤੇ ਖੋਜ ਕਰਨ ਲਈ ਖੰਡਰਾਂ ਦਾ ਰੂਪ ਧਾਰ ਗਏ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਹਰਫ਼ ਇਲਾਹੀ
ਗ਼ਜ਼ਲਗੋ : ਬਿੰਦੂ ਦਲਵੀਰ ਕੌਰ
ਪ੍ਰਕਾਸ਼ਕ : ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 93

ਕਵਿੱਤਰੀ ਨੇ ਆਪਣੇ ਮਨੋਭਾਵਾਂ ਨੂੰ ਵਿਅਕਤ ਕਰਨ ਲਈ ਗ਼ਜ਼ਲ ਵਰਗੀ ਪਿਆਰੀ ਵਿਧਾ ਨੂੰ ਚੁਣਿਆ ਹੈ। ਇਨ੍ਹਾਂ ਗ਼ਜ਼ਲਾਂ ਵਿਚੋਂ ਕਈ ਰੰਗ ਝਲਕਦੇ ਹਨ ਪਰ ਰੂਹਾਨੀਅਤ ਦਾ ਰੰਗ ਕੁਝ ਗੂੜ੍ਹਾ ਹੈ। ਰੂਹ ਵਿਚੋਂ ਨਿਕਲੀਆਂ ਹੋਈਆਂ ਇਹ ਗ਼ਜ਼ਲਾਂ ਰੂਹਾਂ ਨੂੰ ਟੁੰਬਦੀਆਂ ਹਨ। ਆਓ ਕੁਝ ਝਲਕਾਂ ਮਾਣੀਏ :
ਨਾਨਕ ਦੇ ਰਾਹ ਜੋ ਤੁਰੇ ਰੂਹ ਦੀ ਹੈ ਤਾਸੀਰ
ਨਾਨਕ ਨੂੰ ਜੇ ਸਮਝਣਾ ਬਾਣੀ ਹੈ ਤਸਵੀਰ।
-ਜ਼ਿੰਦਗੀ ਜੀਓ ਤੇ ਮਾਣੋ ਉਮਰ ਭਰ ਆਨੰਦ ਨੂੰ।
ਹਸਦਿਆਂ ਹੋਇਆਂ ਮੁਕਾਓ ਜ਼ਿੰਦਗੀ ਦੇ ਪੰਧ ਨੂੰ।
-ਜਿਸ ਪਾਸੇ ਮੈਂ ਨਜ਼ਰ ਉਠਾਈ, ਹਰ ਪਾਸੇ ਤੇਰੀ ਵਡਿਆਈ
ਬ੍ਰਿਖ, ਪਰਿੰਦੇ, ਜੰਗਲ, ਬੇਲੇ, ਤੇਰੇ ਨਾਂ ਦੀ ਦੇਣ ਗਵਾਹੀ।
-ਉੱਚਾ ਰੱਖਣਾ ਜੀਵਨ ਵਿਚ ਕਿਰਦਾਰ ਵੀ ਹੈ।
ਲੱਭਣਾ ਦਿਲ ਦੇ ਅੰਦਰ ਆਪਣਾ ਪਿਆਰ ਵੀ ਹੈ।
-ਸਾਹਾਂ ਦੀ ਇਕ ਸਰਗਰਮ ਸੁਣਦੀ, ਜਦ ਵੀ ਆਪਣੇ ਅੰਦਰ ਵੇਖਾਂ।
ਤੂੰ ਹੀ ਤੂੰ ਦਾ ਤੂੰਬਾ ਵੱਜਦਾ, ਜਦ ਵੀ ਨਿੱਜ ਦਾ ਮੰਦਰ ਵੇਖਾਂ।
ਇਨ੍ਹਾਂ ਗ਼ਜ਼ਲਾਂ ਵਿਚ ਦਿਲਦਾਰੀਆਂ, ਸਰਸ਼ਾਰੀਆਂ ਅਤੇ ਰੂਹਾਨੀ ਉਡਾਰੀਆਂ ਹਨ। ਇਨ੍ਹਾਂ ਵਿਚੋਂ ਪਰਮ ਸੁੰਦਰਤਾ, ਕੁਦਰਤ ਅਤੇ ਕਾਦਰ ਦੇ ਦੀਦਾਰ ਹੁੰਦੇ ਹਨ। ਸੋਹਣੇ ਸ਼ਬਦਾਂ ਨਾਲ ਗੁੰਦੀਆਂ ਇਹ ਪ੍ਰਭਾਵਸ਼ਾਲੀ ਗ਼ਜ਼ਲਾਂ ਸਾਡੇ ਹਿਰਦਿਆਂ 'ਤੇ ਛਾਪ ਛੱਡ ਜਾਂਦੀਆਂ ਹਨ। ਇਨ੍ਹਾਂ ਨੂੰ ਪੜ੍ਹਨਾ, ਮਾਣਨਾ ਆਪੇ ਨੂੰ ਪਛਾਨਣ ਵਾਂਗ ਹੈ। ਇਸ ਖ਼ੂਬਸੂਰਤ ਗ਼ਜ਼ਲ ਸੰਗ੍ਰਹਿ ਦਾ ਭਰਪੂਰ ਸਵਾਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

Positive
ਸੋਚ ਦੇ ਫੰਡੇ
ਲੇਖਕ : ਐਨ ਰਘੂਰਾਮਨ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 0181-2214196

ਪੁਸਤਕ ਦਾ ਆਰੰਭ 17ਵੀਂ ਸਦੀ ਦੇ ਚਿੰਤਕ ਸਟੇਮ ਦੇ ਹਵਾਲੇ ਨਾਲ ਕੀਤਾ ਹੈ ਕਿ ਗਿਆਨ ਵੀ ਭੁੱਖ ਦੀ ਤਰ੍ਹਾਂ ਹੁੰਦਾ ਹੈ। ਜਿੰਨਾ ਮਿਲਦਾ ਹੈ ਭੁੱਖ ਓਨੀ ਵਧਦੀ ਹੈ। ਅੱਜ ਦਾ ਯੁੱਗ, ਗਿਆਨ ਦਾ ਯੁੱਗ ਹੈ। ਚੁਪਾਸੀ ਗਿਆਨ ਅਸੀਮਤ ਗਿਆਨ ਨੂੰ ਪ੍ਰਾਪਤ ਕਰਨਾ ਆਸਾਨ ਨਹੀਂ ਹੈ। ਅਸੀਂ ਵਕਤ ਦੀ ਆਪਾਧਾਪੀ ਵਿਚ ਆਪਣੇ ਵਿਚ ਹੀ ਵਾਪਰਨ ਵਾਲੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰੀ ਜਾਂਦੇ ਹਾਂ। ਪੁਸਤਕ ਦੀ ਵਿਸ਼ਾ-ਸੂਚੀ ਅਨੇਕ ਕਿਸਮ ਦੀ ਹੈ। ਸਿਧਾਂਤਾਂ ਉੱਪਰ ਕੋਈ ਵਿਵਾਦ ਨਹੀਂ। ਇੱਛਾਵਾਂ ਘੱਟ ਹੋਣਗੀਆਂ ਤਾਂ ਖ਼ੁਸ਼ਹਾਲ ਰਹੋਗੇ। ਆਖ਼ਰੀ ਵਕਤ ਤੱਕ ਹਾਰ ਕਬੂਲ ਨਾ ਕਰੋ। ਲੋੜ ਬੁੱਧੀਜੀਵੀ ਦੀ ਅਤਿ ਜ਼ਰੂਰੀ ਹੈ। ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜਿਊਣ ਨਾਲ ਕਦੇ ਨਵੀਂ ਸ਼ੁਰੂਆਤ ਹੋ ਸਕਦੀ ਹੈ। ਮੁਸ਼ਕਿਲਾਂ ਦੇ ਅੱਗੇ ਕਦੇ ਹਾਰ ਨਾ ਮੰਨੋ। ਲੱਭੋ ਖ਼ੁਸ਼ੀਆਂ ਦੇ ਛੋਟੇ ਛੋਟੇ ਜਿਹੇ ਪਲ, ਛੋਟਾ ਸ਼ਹਿਰ, ਜਾਂ ਗ਼ਰੀਬ ਵਰਗਾ ਕੁਝ ਨਹੀਂ ਹੁੰਦਾ, ਜ਼ਿੰਦਗੀ ਵਿਚ ਡੰਗ ਟਪਾਊ ਰਵੱਈਆ ਨਹੀਂ ਚਲਦਾ, ਚੁਣੌਤੀ ਮਿਲਣ 'ਤੇ ਉਦਾਸ ਹੋ ਕੇ ਨਾ ਬੈਠ ਜਾਵੋ, ਕੰਮ ਦਾ ਜਜ਼ਬਾ ਹੋਵੇ ਤਾਂ ਉਮਰ ਮਾਇਨੇ ਨਹੀਂ ਰੱਖਦੀ, ਇਨਸਾਨ ਲਈ ਕਦੇ ਕੋਈ ਹੱਦ ਨਹੀਂ ਹੁੰਦੀ, ਕਾਮਯਾਬੀ ਲਈ ਆਟੋ ਮੋਡ ਤੋਂ ਬਾਹਰ ਨਿਕਲੋ। ਪੀਜ਼ਾ ਦੀ ਤਰ੍ਹਾਂ ਹੈ ਜ਼ਿੰਦਗੀ। ਉਪਰੋਕਤ ਕੁਝ ਚੋਣਵੇਂ ਵਿਸ਼ੇ ਹਨ, ਜਿਹੜੇ ਲੇਖਕ ਨੇ ਲਿਖੇ ਹਨ। ਚੜ੍ਹਦੀ ਕਲਾ ਦਾ ਸੰਕਲਪ, ਹਰ ਲੇਖ ਵਿਚ ਹੈ। ਨਿਰਾਸ਼ਾ ਨੇ ਅਸਫ਼ਲਤਾ ਅਤੇ ਨਾ ਕਾਮਯਾਬੀ ਦੀ ਕਿਧਰੇ ਵੀ ਸੋਚ ਨਹੀਂ। ਅਜਿਹਾ ਵਿਚਾਰ, ਜੇਕਰ ਹਰ ਕੋਈ ਧਾਰਨ ਕਰ ਲਵੇ ਤਾਂ ਹਰ ਵਿਅਕਤੀ ਦਾ ਜੀਵਨ ਖ਼ੁਸ਼ਹਾਲ, ਸਫਲ ਅਤੇ ਕਾਮਯਾਬ ਰਹਿ ਸਕਦਾ ਹੈ।

-ਡਾ. ਅਮਰ ਕੋਮਲ
ਮੋਬਾਈਲ : 88376-84173

ਜ਼ਿੰਦਗੀ ਦੇ ਰੰਗ
ਲੇਖਕ : ਜਗਰਾਜ ਸਿੰਘ ਰਾਮੇਆਣਾ
ਪ੍ਰਕਾਸ਼ਕ : ਗੁਰਪਰਮ ਪਬਲੀਕੇਸ਼ਨ, ਨਵਾਂ ਸ਼ਹਿਰ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 095713-01981

'ਜ਼ਿੰਦਗੀ ਦੇ ਰੰਗ' ਜਗਰਾਜ ਸਿੰਘ ਰਾਮੇਆਣਾ ਦਾ ਪਹਿਲਾ ਕਾਵਿ ਸੰਗ੍ਰਹਿ ਹੈ। ਬਹੁਤ ਹੀ ਸਧਾਰਨ ਪਰ ਮਹੱਤਵਪੂਰਨ ਵਿਸ਼ਿਆਂ ਨਾਲ ਸੰਬੰਧਿਤ ਇਹ ਕਾਵਿ-ਸੰਗ੍ਰਹਿ 51 ਕਵਿਤਾਵਾਂ ਦਾ ਹੈ।
ਭੁਪਿੰਦਰ ਸਿੰਘ ਮਾਨ ਨੇ ਇਸ ਪੁਸਤਕ ਬਾਰੇ ਲਿਖਿਆ ਹੈ ਕਿ ਇਹ ਕਾਵਿ-ਸੰਗ੍ਰਹਿ ਰਾਮੇਆਣਾ ਦੇ ਅਹਿਸਾਸਾਂ, ਸੋਚਾਂ, ਵਿਚਾਰਾਂ, ਆਦਰਸ਼ਾਂ, ਦੁੱਖਾਂ ਅਤੇ ਸੁਖਾਂ ਨਾਲ ਸੰਬੰਧਿਤ ਹੈ। ਕਵੀ ਅਜੋਕੀ ਪੀੜ੍ਹੀ ਦੇ ਆਪਣੇ ਸੱਭਿਆਚਾਰ ਤੋਂ ਟੁੱਟ ਕੇ ਜਿਊਣ ਤੋਂ ਦੁਖੀ ਹੈ। ਉਹ ਪੀੜ੍ਹੀ ਨੂੰ ਵਿਰਸੇ ਵਿਰਾਸਤ ਤੇ ਸੱਭਿਆਚਾਰ ਨਾਲ ਜੋੜਨ ਲਈ ਪ੍ਰੇਰਿਤ ਕਰਦਾ ਹੈ। ਉਹ ਰਿਸ਼ਤਿਆਂ ਦੇ ਖ਼ੂਬਸੂਰਤ ਅਹਿਸਾਸਾਂ ਨੂੰ ਪੇਸ਼ ਕਰਦਾ ਰਿਸ਼ਤਿਆਂ ਵਿਚ ਪਿਆਰ ਮੁਹੱਬਤ ਅਤੇ ਨਿੱਘ ਦੇ ਭਾਵ ਪ੍ਰਗਟਾਉਂਦਾ ਹੈ।
ਸਭ ਤੋਂ ਗੂੜ੍ਹਾ ਰਿਸ਼ਤਾ ਭੈਣ ਤੇ ਭਾਈ ਦਾ
ਉਮਰਾਂ ਤਾਈਂ ਬਖਸ਼ੀਂ ਰੱਬਾ ਪਿਆਰ ਅੰਮਾਂ ਦੀ ਜਾਈ ਦਾ
ਚੱਕੀ ਚਰਖਾ ਤੇ ਮਧਾਣੀ ਹਰ ਘਰ ਦਾ ਮਾਣ ਹੁੰਦੇ ਸੀ
ਹਰ ਔਰਤ ਦੇ ਇਹ ਤਿੰਨੇ ਜਿੰਦ ਜਾਨ ਹੁੰਦੇ ਸੀ ਕਵੀ ਜ਼ਿੰਦਗੀ ਮਿਹਨਤ, ਹਿੰਮਤ ਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਨਾ ਦਿੰਦਾ ਹੈ। ਅਜੋਕੇ ਦੌਰ ਵਿਚ ਤਰਸ ਦਾ ਪਾਤਰ ਬਣੀ ਜਵਾਨੀ ਨਸ਼ਿਆਂ ਦੇ ਦਰਿਆ ਵਿਚ ਵਹਿੰਦੀ ਜਵਾਨੀ ਪ੍ਰਤੀ ਵੀ ਕਵੀ ਚਿੰਤਤ ਹੈ।
ਮੈਂ ਜਵਾਨੀ ਦੁਖਿਆਰੀ
ਦੁੱਖਾਂ ਮਾਰੀ ਦਰਦ ਸੁਣਾਉਣਾ ਚਾਹੁੰਦੀ ਹਾਂ
ਘਰ ਖਾਲੀ ਹੱਥ ਆਉਂਦਿਆਂ ਨੂੰ ਵੇਖ ਚਿਹਰਾ ਉੱਤਰ ਜਾਵੇ ਮਾਂ ਬਾਪ ਦਾ
ਐ ਖ਼ੁਦਾ ਕੋਈ ਬੇਰੁਜ਼ਗਾਰ ਨਾ ਹੋਵੇ ਜੁਗਰਾਜ ਇਹੋ ਹੀ ਅਰਜ਼ ਗੁਜ਼ਾਰਦਾ।
ਰੁਮਾਂਟਿਕ ਰਚਨਾਵਾਂ ਵਿਚ ਖ਼ਤ, ਸੱਜਣਾ, ਹੰਝੂ ਪੁੱਛਦਾ ਰਿਹਾ, ਰੂਪ, ਦਸਤੂਰ ਮੁਹੱਬਤ ਦਾ, ਇਸ਼ਕ ਬਹੁਤ ਹੀ ਭਾਵਪੂਰਤ ਹਨ।
ਵਾਤਾਵਰਨ ਪ੍ਰਤੀ ਵੀ ਕਵੀ ਬਹੁਤ ਸੁਚੇਤ ਹੈ ਤੇ ਉਹ ਰੁੱਖਾਂ ਦੇ ਪਾਲਣ ਪੋਸ਼ਣ, ਧਰਤੀ ਦੇ ਬਚਾਅ ਪ੍ਰਤੀ ਵੀ ਸੁਚੇਤ ਕਰਦਾ ਹੈ। ਔਰਤ ਨੂੰ ਉਸ ਦੇ ਬਣਦੇ ਹੱਕ ਦੇਣ ਲਈ ਵੀ ਕਵੀ ਸਮਾਜ ਨੂੰ ਕਾਨੂੰਨੀ ਵਾਸਤੇ ਪਾਉਂਦਾ ਹੈ।
ਭਾਵੇਂ ਅੱਜ ਔਰਤ ਉੱਚੇ ਅਹੁਦਿਆਂ 'ਤੇ ਬਹਿ ਕੇ ਹੁਕਮ ਚਲਾਉਂਦੀ ਏ
ਪਰ ਅਜੇ ਵੀ ਔਰਤ ਹੋਣ ਦਾ ਸੰਤਾਪ ਹੰਢਾਉਂਦੀ ਏ
ਸਮੁੱਚੇ ਤੌਰ 'ਤੇ ਸਰਲ ਤੇ ਸਧਾਰਨ ਭਾਸ਼ਾ ਵਿਚ ਲਿਖੀ ਇਹ ਪੁਸਤਕ ਸਮਾਜ ਦੇ ਕਈ ਰੰਗ ਪੇਸ਼ ਕਰਦੀ ਹੈ।

-ਪ੍ਰੋ. ਕੁਲਜੀਤ ਕੌਰ

12-05-2024

 ਕੁੱਲੀ ਵਾਲਾ ਬਾਬਾ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 32
ਸੰਪਰਕ : 98764-52023


ਬਾਲ ਪਾਠਕ ਦੀ ਕਹਾਣੀ ਵੰਨਗੀ ਪ੍ਰਤੀ ਖ਼ਾਸ ਦਿਲਚਸਪੀ ਅਤੇ ਉਤਸੁਕਤਾ ਹੁੰਦੀ ਹੈ। ਵੱਡੀ ਤਾਦਾਦ ਵਿਚ ਪੁਸਤਕਾਂ ਦੇ ਮਾਧਿਅਮ ਦੁਆਰਾ ਬਾਲਾਂ ਦੀ ਕਹਾਣੀਆਂ ਨਾਲ ਸਾਂਝ ਪੁਆਉਣ ਵਾਲੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਨਵੀਂ ਪੁਸਤਕ 'ਕੁੱਲੀ ਵਾਲਾ ਬਾਬਾ' ਮੰਜ਼ਰ-ਇ-ਆਮ 'ਤੇ ਆਈ ਹੈ। ਇਸ ਵਿਚ ਕੁੱਲ 8 ਕਹਾਣੀਆਂ ਅੰਕਿਤ ਹਨ। ਇਨ੍ਹਾਂ ਕਹਾਣੀਆਂ ਵਿਚ ਬੱਚਿਆਂ ਨੂੰ ਇਮਾਨਦਾਰੀ, ਲਾਲਚ, ਮੂਰਖਤਾ, ਭਲੇਮਾਣਸੀ, ਮੱਕਾਰੀ, ਚਲਾਕੀ, ਸਾਊਪੁਣਾ, ਮਿਹਨਤ, ਲਗਨ, ਅਨੁਸ਼ਾਸਨਪਸੰਦੀ, ਝੂਠ-ਸੱਚ ਅਤੇ ਫਰਜ਼ ਦੀ ਪਾਲਣਾ ਆਦਿ ਵਰਗੀਆਂ ਭਾਵਨਾਵਾਂ ਅਤੇ ਗੁਣ-ਔਗੁਣਾਂ ਨੂੰ ਘਟਨਾਵਾਂ ਨਾਲ ਸੰਬੰਧਿਤ ਕਰਕੇ ਸਿੱਖਿਆ ਪ੍ਰਦਾਨ ਦਾ ਪਯਤਨ ਕੀਤਾ ਗਿਆ ਹੈ। 'ਮਾਂ ਦੀ ਆਗਿਆ ਦਾ ਪਾਲਣ', 'ਬਜ਼ੁਰਗ ਦੀ ਸਿੱਖਿਆ' ਅਤੇ 'ਨਿਮਰਤਾ ਦਾ ਪਾਠ' ਕਹਾਣੀਆਂ ਦਾ ਕੇਂਦਰ ਬਿੰਦੂ ਇਹ ਹੈ ਕਿ ਜੇਕਰ ਵੱਡਿਆਂ ਦੀਆਂ ਸਿੱਖਿਆਵਾਂ ਦਾ ਪਾਲਣ ਕੀਤਾ ਜਾਵੇ ਅਤੇ ਜੀਵਨ ਵਿਚ ਨਿਮਰਤਾ-ਸਹਿਣਸ਼ੀਲਤਾ ਵਰਗੇ ਗੁਣ ਧਾਰਨ ਕੀਤੇ ਜਾਣ ਤਾਂ ਮੰਜ਼ਿਲ-ਪ੍ਰਾਪਤੀ ਆਸਾਨ ਹੋ ਜਾਂਦੀ ਹੈ। ਸਮਾਜ ਵਿਚ ਸੰਕਟਕਾਲੀਨ ਪ੍ਰਸਥਿਤੀਆਂ ਉੱਪਰ ਕਾਬੂ ਪਾ ਕੇ ਹਰਮਨਪਿਆਰਾ ਵਿਅਕਤੀ ਬਣਿਆ ਜਾ ਸਕਦਾ ਹੈ। 'ਸ਼ੇਰ ਅਤੇ ਬਾਂਦਰ ਦੀ ਦੋਸਤੀ' ਕਹਾਣੀ ਵਿਚ ਬਾਂਦਰ ਆਪਣੀ ਹਾਜ਼ਰ-ਦਿਮਾਗ਼ੀ ਨਾਲ ਸ਼ੇਰ ਤੋਂ ਜਾਨ ਬਚਾ ਕੇ ਸੁਨੇਹਾ ਦਿੰਦਾ ਹੈ ਕਿ ਸਹਿਜਤਾ ਅਤੇ ਚਤੁਰਾਈ ਨਾਲ ਬਿਪਤਾ ਦੀ ਘੜੀ ਵਿਚੋਂ ਮੁਕਤ ਹੋਇਆ ਜਾ ਸਕਦਾ ਹੈ। 'ਕੁੱਲੀ ਵਾਲਾ ਬਾਬਾ' ਕਹਾਣੀ ਵਿਚ ਪਿੰਡੋਂ ਬਾਹਰ ਰਹਿੰਦਾ ਬਜ਼ੁਰਗ ਬਾਬਾ ਆਉਂਦੇ ਜਾਂਦੇ ਮੁਸਾਫ਼ਰਾਂ ਨੂੰ ਠੰਢਾ ਜਲ ਵਰਤਾ ਕੇ ਸੰਦੇਸ਼ ਦਿੰਦਾ ਹੈ ਕਿ ਵਰਤਮਾਨ ਸਮੇਂ ਵਿਚ ਮਨੁੱਖ ਲਈ ਕਲਿਆਣਕਾਰੀ ਕਾਰਜ ਕਰਦਿਆਂ ਜੀਵਨ ਸਫ਼ਲ ਕੀਤਾ ਜਾ ਸਕਦਾ ਹੈ। 'ਬੇਜ਼ੁਬਾਨਾਂ ਨੂੰ ਮਾਰ' ਕਹਾਣੀ ਵਿਚਲਾ ਬਾਲ ਪਾਤਰ ਮਨਵੀਰ ਗਧਿਆਂ ਤੋਂ ਤਰਸਹੀਣਤਾ ਨਾਲ ਕੰਮ ਲੈਣ ਵਾਲੇ ਢੇਰੂ ਨੂੰ ਅਹਿਸਾਸ ਕਰਵਾਉਂਦਾ ਹੈ ਕਿ ਜੇਕਰ ਉਹ ਮਨਵੀਰ ਦੀ ਗੱਲ ਮੰਨ ਕੇ ਆਪਣੇ ਗਧਿਆਂ ਉਪਰ ਲੋੜੋਂ ਵੱਧ ਭਾਰ ਨਾ ਲੱਦਦਾ ਤਾਂ ਉਸ ਦੇ ਇਕ ਬੇਜ਼ੁਬਾਨ ਗਧੇ ਨੂੰ ਸੱਟ ਤੋਂ ਬਚਾਇਆ ਜਾ ਸਕਦਾ ਸੀ। 'ਗਣਿਤ ਦਾ ਖੋਜੀ' ਕਹਾਣੀ ਦਾ ਸਾਰਾਂਸ਼ ਇਹ ਹੈ ਕਿ ਕੋਈ ਵੀ ਪ੍ਰਤਿਭਾ ਗ਼ਰੀਬੀ ਜਾਂ ਮੁਸ਼ਕਿਲਾਂ ਕਾਰਨ ਲੁਕਵੀਂ ਨਹੀਂ ਰਹਿ ਸਕਦੀ। ਅਧਿਆਪਕ ਦੀ ਸਿੱਖਿਆ ਅਤੇ ਅਗਵਾਈ ਨਾਲ ਪ੍ਰਤਿਭਾ ਨੂੰ ਚਾਰ ਚੰਨ ਲੱਗ ਜਾਂਦੇ ਹਨ। 'ਘਰ ਜਾਂ ਮਕਾਨ' ਕਹਾਣੀ' ਦੇ ਪਾਤਰ ਪ੍ਰਤਾਪ ਨੂੰ ਕਹਾਣੀ ਦੀ ਚਰਮਸੀਮਾ 'ਤੇ ਜਾ ਕੇ ਅਹਿਸਾਸ ਹੁੰਦਾ ਹੈ ਕਿ ਪਰਿਵਾਰਕ ਜੀਆਂ ਵਲੋਂ ਜ਼ਿੰਮੇਵਾਰਾਨਾ ਤੌਰ 'ਤੇ ਬਜ਼ੁਰਗਾਂ ਨੂੰ ਇਕੱਲੇਪਣ ਵਿਚ ਸਹਾਰਾ ਅਤੇ ਮਿਲਵਰਤਣ ਦੇਣਾ ਬਹੁਤ ਜ਼ਰੂਰੀ ਹੈ। ਇਸ ਪ੍ਰਕਾਰ ਸਮੁੱਚੀਆਂ ਬਾਲ ਕਹਾਣੀਆਂ ਬਾਲ-ਮਨਾਂ ਵਿਚ ਸਦਾਚਾਰਕ ਅਤੇ ਕਲਿਆਣਕਾਰੀ ਭਾਵਨਾਵਾਂ ਨੂੰ ਪ੍ਰਫੁੱਲਿਤ ਕਰਦੀਆਂ ਹੋਈਆਂ ਬੱਚਿਆਂ ਨੂੰ ਚੰਗੇਰੇ ਨਾਗਰਿਕ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ। ਕਲਾ ਪੱਖ ਤੋਂ ਪਾਤਰਾਂ ਦੇ ਸੰਵਾਦ ਢੁਕਵੇਂ ਹਨ। ਸਮੇਂ, ਸਥਿਤੀ ਅਤੇ ਸਥਾਨ ਦੇ ਅਨੁਕੂਲ ਇਨ੍ਹਾਂ ਕਹਾਣੀਆਂ ਵਿਚਲੀਆਂ ਘਟਨਾਵਾਂ ਦੀ ਤਾਮੀਰ ਕੀਤੀ ਗਈ ਹੈ। ਸੁੰਦਰ ਅਤੇ ਢੁਕਵੇਂ ਚਿੱਤਰਾਂ ਨਾਲ ਸੁਸੱਜਿਤ ਇਹ ਕਹਾਣੀਆਂ ਪੜ੍ਹਨਯੋਗ ਹਨ।


-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703


ਗਹਿਰੀ ਚੁੱਪ
ਲੇਖਕ : ਸਤਪ੍ਰੀਤ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ 150 ਰੁਪਏ, ਸਫ਼ੇ : 72
ਸੰਪਰਕ : 0161-2413613


ਕਿਸੇ ਦੌਰ ਵਿਚ ਨਾਵਲ ਤੋਂ ਨਾਵਲੈਟ ਵੀ ਪ੍ਰਚੱਲਿਤ ਹੋਏ ਤੇ ਖ਼ਾਸ ਕਰਕੇ ਡਾ. ਬਰਜਿੰਦਰ ਸਿੰਘ ਹਮਦਰਦ ਹੁਰਾਂ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਸਾਹਿਤਕ ਮੈਗਜ਼ੀਨ ਦ੍ਰਿਸ਼ਟੀ ਨੇ ਇਸ ਨੂੰ ਕਾਫ਼ੀ ਉਤਸ਼ਾਹਿਤ ਕੀਤਾ। ਕਿਤਾਬੀ ਰੂਪ ਵਿਚ ਵੀ ਪ੍ਰਕਾਸ਼ਿਤ ਹੁੰਦੇ ਰਹੇ। ਪਰ ਹੁਣ ਵੀ ਕਿਤੇ ਨਾ ਕਿਤਿਓਂ ਕੋਈ ਨਾ ਕੋਈ ਨਾਵਲੈਟ ਪੜ੍ਹਨ ਨੂੰ ਮਿਲ ਹੀ ਜਾਂਦੈ। ਹਥਲਾ ਨਾਵਲ ਵੀ ਇਕ ਨਾਵਲੈਟ ਹੈ। ਇਸ ਨਾਵਲੈਟ ਦੇ 14 ਨਿੱਕੇ-ਨਿੱਕੇ ਕਾਂਡ ਹਨ ਅਤੇ ਇਉਂ ਜਾਪਦੈ ਇਕ ਵੱਡੀ ਕਹਾਣੀ ਨੂੰ ਇਕ ਨਾਵਲੈਟ ਵਿਚ ਸਮੋਇਆ, ਪਰੋਇਆ ਗਿਆ ਹੈ। ਕਹਾਣੀ ਦਾ ਵਿਸ਼ਾ ਕਿਸ਼ੋਰ ਅਵਸਥਾ, ਬੇਰੋਜ਼ਗਾਰੀ, ਨੌਕਰੀ ਤੇ ਖਾਸ ਕਰਕੇ ਪ੍ਰੇਮ-ਸੰਬੰਧਾਂ ਦੀ ਤਸਵੀਰ ਪੇਸ਼ ਕਰਦਾ ਹੈ। ਨਾਵਲੈਟ ਦੀ ਕਹਾਣੀ ਰੌਚਕ ਹੈ ਤੇ ਆਮ ਪਾਠਕ ਨੂੰ ਨਾਲ ਲੈ ਕੇ ਤੁਰਨ ਦੇ ਸਮਰੱਥ ਹੈ। ਇਸ ਵਿਚ ਨਿੱਕੇ-ਵੱਡੇ ਪਾਤਰ ਹਨ ਜੋ ਕਹਾਣੀ ਨੂੰ ਅੱਗੇ ਤੋਰਦੇ ਹਨ। ਇਹ ਯਥਾਰਥ ਤੇ ਕਲਪਨਾ ਦਾ ਸੁਮੇਲ ਜਾਪਦੇ ਹਨ। ਪਾਤਰ--ਜਿੰਦ, ਗੁਰਬੀਰ, ਮਾਨ ਕੌਰ, ਬੀਰੋ--। ਨਾਵਲੈਟ ਦੇ ਛੇੇਵੇਂ ਕਾਂਡ ਦਾ ਇਕ ਰੁਮਾਟਿਕ ਡਾਇਲਾਗ--ਮੈਂ ਤਾਂ ਤੇਰੀ ਹੀ ਆਂ ਸਰਦਾਰ, ਚਾਹੇ ਜਿੱਥੇ ਮਰਜ਼ੀ ਲੈ ਚੱਲ, ਮੈਂ ਕੋਈ ਸਵਾਲ ਥੋੜ੍ਹਾ ਕਰਨਾ ਵਾਂ। ਇਕ ਨਹੀਂ ਬਹੁਤ ਥਾਈਂ ਅਜਿਹੇ ਰੁਮਾਂਟਿਕ ਸੀਨ ਤੇ ਸੰਵਾਦ ਪੜ੍ਹਨ ਨੂੰ ਮਿਲਣਗੇ। ਇਉਂ ਜਾਪਦੈ ਜਿਵੇਂ ਇਹ ਨਾਵਲ ਨਾਨਕ ਸਿੰਘ-ਜਸਵੰਤ ਸਿੰਘ ਕੰਵਲ ਕਾਲ ਵਿਚ ਲਿਖਿਆ ਗਿਆ ਹੋਵੇ? ਪਰ ਜਿਵੇਂ ਵੀ ਹੈ ਲੇਖਕ ਦੀ ਲੇਖਣੀ ਤੇ ਸ਼ੈਲੀ ਵਿਚ ਰਵਾਨਗੀ ਹੈ ਤੇ ਪਾਠਕ ਇਸ ਨੂੰ ਕਾਹਲੀ ਕਾਹਲੀ ਪੜ੍ਹਦਾ ਤੁਰਿਆ ਜਾਂਦਾ ਹੈ। 72 ਸਫ਼ਿਆਂ ਦੇ ਨਾਵਲ ਦਾ ਮੁੱਲ ਪ੍ਰਕਾਸ਼ਕ ਵਲੋਂ 150 ਰੁਪਏ ਰੱਖਿਆ ਗਿਆ ਹੈ। ਉਮੀਦ ਹੈ ਪਾਠਕ ਪੜ੍ਹ ਕੇ ਇਸ ਨਾਵਲੀ ਰਚਨਾ ਦਾ ਅਨੰਦ ਮਾਣੇਗਾ। ਨਾਵਲਕਾਰ ਸਤਪ੍ਰੀਤ ਸਿੰਘ ਤੋਂ ਅੱਗਿਓਂ ਹੋਰ ਬਿਹਤਰ ਨਾਵਲਾਂ ਦੀ ਆਸ ਰੱਖਣਾ ਕੁਥਾਂ ਨਹੀਂ ਹੋਵੇਗੀ।


-ਸੁਖਮਿੰਦਰ ਸੇਖੋਂ
ਮੋਬਾਈਲ : 98145-07693


ਸਿੱਖੀ ਖਾਣ ਸ਼ਹੀਦਾਂ ਦੀ
ਲੇਖਕ : ਬਲਜੀਤ ਸਿੰਘ ਬਾਗੀ ਟੂਸਾ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 231
ਸੰਪਰਕ : 95924-30738


ਹਥਲੀ ਪੁਸਤਕ ਦਾ ਲੇਖਕ/ਕਵੀ ਵਜੋਂ ਇਸ ਤੋਂ ਪਹਿਲਾਂ ਵੀ ਪੰਜ ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਧਾਰਮਿਕ ਕਵਿਤਾਵਾਂ ਤੇ ਪ੍ਰਸੰਗ ਲਿਖਣ ਲਈ ਅਨੇਕਾਂ ਕਵੀ ਅਤੇ ਲੇਖਕ ਆਪਣਾ ਕਲਮੀ ਯੋਗਦਾਨ ਪਾ ਚੁੱਕੇ ਹਨ। ਧਾਰਮਿਕ ਤੇ ਇਤਿਹਾਸਕ ਕਵਿਤਾਵਾਂ ਲਿਖਣ ਲਈ ਹਰ ਲੇਖਕ ਨੂੰ ਸਖ਼ਤ ਘਾਲਣਾ ਘਾਲਣੀ ਪੈਂਦੀ ਹੈ, ਗੁਰਬਾਣੀ ਅਤੇ ਸਿੱਖ ਇਤਿਹਾਸ ਜਾਣਕਾਰੀ ਇਕੱਤਰ ਕਰਨੀ ਕੋਈ ਸੁਖੈਨਾ ਕਾਰਜ ਨਹੀਂ। ਇਸ ਪੁਸਤਕ ਵਿਚ ਸ਼ਾਮਿਲ ਵੱਖ-ਵੱਖ ਇਤਿਹਾਸਕ ਪ੍ਰਸੰਗ ਤੇ ਕਵਿਤਾਵਾਂ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਪ੍ਰਤੀ ਸੰਗਤ ਦੀ ਅਥਾਹ ਸ਼ਰਧਾ ਅਤੇ ਪ੍ਰੇਮ ਨੂੰ ਮੱਦੇ-ਨਜ਼ਰ ਰੱਖ ਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। 'ਬਾਗੀ' ਅਜਿਹਾ ਕਵੀ ਤੇ ਲੇਖਕ ਹੈ, ਜਿਸ ਨੂੰ ਅਨੇਕਾਂ ਕਲਾਕਾਰਾਂ ਅਤੇ ਢਾਡੀਆਂ, ਕਵੀਸ਼ਰਾਂ ਨੇ ਗਾਇਨ ਕੀਤਾ ਹੈ। ਉਸ ਦੀਆਂ ਕਾਵਿ-ਰਚਨਾ ਦੀਆਂ ਵੱਖ-ਵੱਖ ਵੰਨਗੀਆਂ ਵਿਚ ਕੋਰੜਾ ਛੰਦ, ਦੋਤਾਰਾ, ਡੋਲੀ, ਕਮਾਣੀ, ਬੈਂਤ, ਕਬਿੱਤ, ਸਾਕਾ ਅਤੇ ਵਾਰਾਂ ਸ਼ਾਮਿਲ ਹਨ। ਉਸ ਦੇ ਲਿਖੇ ਪ੍ਰਸੰਗ ਅਤੇ ਕਵਿਤਾਵਾਂ ਸਰੋਤੇ ਤੇ ਪਾਠਕ ਨੂੰ ਕੀਲਣ ਦੀ ਵੱਡੀ ਤਾਕਤ ਰੱਖਦੇ ਹਨ। ਉਸ ਦੀ ਹਰ ਰਚਨਾ ਵਿਚ ਸਰਲਤਾ ਤੇ ਸਪੱਸ਼ਟਤਾ ਦੀ ਝਲਕ ਮਿਲਦੀ ਹੈ।
ਪੁਸਤਕ ਦੇ ਪਹਿਲੇ ਹਿੱਸੇ ਵਿਚ ਸ਼ਾਮਿਲ ਪ੍ਰਸੰਗ ਅਤੇ ਕਵਿਤਾਵਾਂ ਵਿਚ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ, ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸ਼ਹੀਦੀ ਛੋਟੇ ਸਾਹਿਬਜ਼ਾਦੇ, ਸ਼ਹੀਦੀ ਭਾਈ ਮਨੀ ਸਿੰਘ ਜੀ, ਸ਼ਹੀਦੀ ਭਾਈ ਤਾਰੂ ਸਿੰਘ, ਸ਼ਹੀਦੀ ਭਾਈ ਹਕੀਕਤ ਰਾਏ, ਸ਼ਹੀਦੀ ਭਾਈ ਸ਼ਾਹਬਾਜ਼ ਸਿੰਘ, ਸੁਬੇਗ ਸਿੰਘ, ਸ਼ਹੀਦੀ ਬੀਬੀ ਸ਼ਰਨ ਕੌਰ ਅਤੇ ਸ਼ਹੀਦ ਸਿੰਘਣੀਆਂ ਸ਼ਾਮਿਲ ਹਨ। ਪੁਸਤਕ ਦੇ ਪਹਿਲੇ ਹਿੱਸੇ ਵਿਚ ਦੋ ਕਵਿਤਾਵਾਂ ਅਤੇ ਦੂਜੇ ਭਾਗ ਵਿਚ ਸੱਤ ਕਵਿਤਾਵਾਂ ਸ਼ਾਮਿਲ ਹਨ, ਜਿਨ੍ਹਾਂ ਵਿਚ 'ਖ਼ਤਮ ਸਿੱਖਾਂ ਨੂੰ ਕਰਦੀਆਂ ਆਈਆਂ', 'ਸੱਚ ਦਾ ਚਾਨਣ ਕਰ ਦੇ', 'ਬਣ ਗਈ ਨਹਿਰ', 'ਸਿੱਖੀ ਨੂੰ ਮੁਕਾਉਣ ਵਾਲੇ ਆਪ ਮੁੱਕ ਗਏ', 'ਖ਼ਾਲਸਾ ਪੰਥ', 'ਸਿੱਖ ਕੌਮ ਸ਼ਹੀਦਾਂ ਦੀ', 'ਤੂੰ ਸਿੱਖਾਂ ਨਾਲ ਮੁੱਢ ਤੋਂ ਦਿੱਲੀਏ' ਕਵਿਤਾਵਾਂ ਨੂੰ ਯੋਗ ਥਾਂ ਦਿੱਤੀ ਗਈ ਹੈ। ਪੁਸਤਕ ਦੇ ਆਰੰਭ ਵਿਚ ਸਫ਼ਲ ਢਾਡੀ ਸੁਖਨਰੰਜਣ ਸਿੰਘ ਸੁੰਮਨ ਲੁਧਿਆਣਾ ਵਲੋਂ 'ਦੋ ਸ਼ਬਦ' ਸਿਰਲੇਖ ਅਧੀਨ ਲੇਖਨ ਸੰਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਸਤਕ ਦੇ ਆਰੰਭ ਵਿਚ ਪਹਿਲੀ ਕਵਿਤਾ 'ਜੁਗਨੀ' ਦੀ ਵੰਨਗੀ :-
ਲੋਹਾਂ ਤੱਤੀਆਂ 'ਤੇ ਚੜ੍ਹ ਬਹਿੰਦੇ ਜੋ,
ਸੀਅ ਤੱਕ ਨਾ ਮੌਤ ਮੂੰਹੋਂ ਕਹਿੰਦੇ ਜੋ,
ਸੜ ਅੱਗ ਵਿਚ ਵੀ ਖੁਸ਼ ਰਹਿੰਦੇ ਜੋ,
ਹੈ ਇਹ ਪਹਿਚਾਣ ਸ਼ਹੀਦਾਂ ਦੀ,
ਇਹ ਸਿੱਖੀ ਖਾਣ ਸ਼ਹੀਦਾਂ ਦੀ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪ੍ਰਸੰਗ ਦੀ ਇਕ ਵੰਨਗੀ :
ਰੱਬ ਦਾ ਭਾਣਾ ਮਿੱਠਾ ਕਰਕੇ
ਜੋ ਜਗਿਆਸੂ ਮੰਨੇ,
ਉਹਦੀ ਬੇੜੀ ਡੁੱਬਦੀ ਲਾਉਂਦਾ ਆਪ ਵਾਹਿਗੁਰੂ ਬੰਨੇ।
ਹਰ ਥਾਂ ਆਣ ਸਹਾਈ ਹੁੰਦਾ, ਵਿੰਗਾ ਹੋਵੇ ਵਾਲ ਨਾ,
ਜੋ ਕਰਨਾ ਅਕਾਲ ਪੁਰਖ ਨੇ, ਸਕਦਾ ਕੋਈ ਟਾਲ ਨਾ।
ਕਵਿਤਾ 'ਤੂੰ ਸਿੱਖਾਂ ਨਾਲ ਮੁੱਢ ਤੋਂ ਦਿੱਲੀਏ' ਦੀ ਇਕ ਵੰਨਗੀ ਵੀ ਵਾਚਣਯੋਗ ਹੈ :
ਸੀਰ ਖੋਰਿਆਂ ਨੂੰ ਚੁੱਕ ਬਰਛਿਆਂ ਵਿਚ ਪਰੋਇਆ ਨੀ,
ਧਰਤੀ ਥਰ ਥਰ ਕੰਬਦੀ ਉੱਪਰੋਂ ਅੰਬਰ ਰੋਇਆ ਨੀ,
ਪਰ ਬੇਦਰਦੇ ਤੂੰ ਤਾਂ ਭੋਰਾ ਰਹਿਮ ਨਾ ਖਾਇਆ ਨੀ,
ਤੂੰ ਸਿੱਖਾਂ ਨਾਲ ਮੁੱਢ ਤੋਂ ਦਿੱਲੀਏ ਵੈਰ ਕਮਾਇਆ ਨੀ।
ਲੇਖਕ ਵਲੋਂ ਰਚੀ ਗਈ ਹਰ ਕਵਿਤਾ ਤੇ ਪ੍ਰਸੰਗ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਪਾਠਕਾਂ ਲਈ ਭਰਪੂਰ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਨਿਕਟ ਭਵਿੱਖ ਵਿਚ ਵੀ ਲੇਖਕ ਵਲੋਂ ਅਜਿਹੇ ਯਤਨ ਜਾਰੀ ਰਹਿਣਗੇ, ਹਰ ਸੂਝਵਾਨ ਪਾਠਕ ਅਜਿਹੀ ਆਸ ਰੱਖਦਾ ਹੈ।


-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
c c c


ਬਾਬਾ ਮੂਲ
(ਭਾਈ ਮੂਲ ਚੰਦ ਜੀ)
ਲੇਖਕ : ਹਰਭਜਨ ਸਿੰਘ ਸੇਲਬਰਾਹ
ਪ੍ਰਕਾਸ਼ਕ : ਮਾਲਵਾ ਬੁੱਕ ਸੈਂਟਰ, ਰਾਮਪੁਰਾ ਫੂਲ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98146-13178


ਸੰਨ 1588 ਈਸਵੀ ਵਿਚ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਵਿਖੇ ਸੰਤੋਖਸਰ ਦੀ ਸੇਵਾ ਕਰਵਾ ਰਹੇ ਸਨ ਤਾਂ ਉਸ ਸਮੇਂ ਗੰਗਾ ਰਾਮ ਝਾਹਮਟ ਨੇ ਅਨਾਜ ਨਾਲ ਲੰਗਰ ਦੀ ਮਹਾਨ ਸੇਵਾ ਕੀਤੀ ਸੀ। ਉਸ ਦੇ ਸੇਵਾ-ਭਾਵ ਤੇ ਸ਼ਰਧਾ ਤੋਂ ਪ੍ਰਸੰਨ ਹੋ ਕੇ ਆਪਣਾ ਸਿਖ ਬਣਾ ਲਿਆ। ਗੁਰੂ ਸਾਹਿਬ ਦੀ ਆਗਿਆ ਨਾਲ ਉਹ ਬਠਿੰਡਾ ਇਲਾਕੇ ਵਿਚ ਗੁਰਮਤਿ ਦਾ ਪ੍ਰਚਾਰ ਕਰਨ ਲੱਗਾ। ਭਾਈ ਮੂਲ ਚੰਦ ਜੋ ਗੰਗਾ ਰਾਮ ਬ੍ਰਾਹਮਣ ਦਾ ਚੇਲਾ ਸੀ, ਉਸ ਦਾ ਜਨਮ ਬਾਬਾ ਗੰਗਾ ਰਾਮ ਦੇ ਬਚਨਾਂ ਨਾਲ ਹੋਇਆ ਸੀ। ਉਸ ਬਾਰੇ ਮੰਨਿਆ ਜਾਂਦਾ ਸੀ ਕਿ ਉਹ ਪੁੱਤਰਾਂ ਦੀ ਬਖ਼ਸ਼ਿਸ਼ ਕਰਿਆ ਕਰਦਾ ਸੀ। ਲੇਖਕ ਨੇ ਕਈ ਪੁਸਤਕਾਂ ਦਾ ਅਧਿਐਨ ਤੇ ਡੂੰਘੀ ਖੋਜ ਕਰਨ ਉਪਰੰਤ ਇਸ ਕਿਤਾਬ ਦੀ ਰਚਨਾ ਕੀਤੀ ਹੈ। ਇਸ ਵਿਚ ਭਾਈ ਮੂਲ ਚੰਦ ਜੀ ਦੇ ਜੀਵਨ ਨਾਲ ਸੰਬੰਧਿਤ ਹੇਠ ਲਿਖੇ ਸਿਰਲੇਖਾਂ ਅਧੀਨ ਵਿਆਖਿਆ ਕੀਤੀ ਗਈ ਹੈ। ਬਾਬਾ ਮੂਲਾ ਬਚਨਾਂ ਦਾ ਪੂਰਾ, ਭਾਈ ਮੂਲ ਚੰਦ ਜੀ ਦਾ ਜਨਮ, ਪਰਿਵਾਰਕ ਪਿਛੋਕੜ, ਭਾਈ ਸਾਹਿਬ ਦੇ ਫੂਲਕਿਆਂ ਨਾਲ ਸੰਬੰਧ, ਭਾਈ ਸਾਹਿਬ ਦੀਆਂ ਕਰਾਮਾਤਾਂ, ਤਲਵੰਡੀ ਸਾਬੋ ਵਿਖੇ ਰੋਟੀ ਪਾਣੀ ਛਕਣਾ, ਮਿੱਤਰ ਸੈਨ ਦੀ ਹੈਂਕੜ ਮਿਟਾਉਣੀ, ਬਾਲਕ ਸੰਤੋਖ ਰਾਏ ਦਾ ਜਨਮ, ਪਰਮਾਤਮਾ ਦੇ ਨਾਮ ਦੇ ਦਸਵੰਧ ਕਢਵਾਉਣੇ, ਰਾਣੀਆਂ ਵਿਖੇ ਮੀਂਹ ਦੀ ਮਿਹਰ ਕਰਨੀ, ਡੋਗਰੀ ਦੀ ਗੋਦ ਭਰਨੀ, ਬਾਬਾ ਆਲਾ ਸਿੰਘ ਜੀ ਦੀ ਉਲਝਣ ਦਾ ਹੱਲ ਕਰਨਾ, ਦੁੱਧ ਦੀ ਥੁੜ ਦੂਰ ਕਰਨੀ, ਆਸਾਂ ਪੂਰੀਆਂ ਹੋਣ ਲੱਗੀਆਂ, ਬੀਬੀ ਨੰਦ ਕਿਸ਼ੋਰੀ ਦੀ ਵਾਰਤਾ, ਭਾਈ ਸਾਹਿਬ ਦੀ ਬੈਕੁੰਠ ਯਾਤਰਾ, ਭਾਈ ਸਾਹਿਬ ਬਾਰੇ ਵੱਖ-ਵੱਖ ਇਤਿਹਾਸਕਾਰਾਂ ਦੇ ਵਰਣਨ, ਭਾਈ ਸਾਹਿਬ ਦੇ ਪਿਤਾ ਸਿੰਧੀ ਚੰਦ ਦਾ ਦਿਹਾਂਤ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਵਰਨਣ, ਭਾਈ ਸਾਹਿਬ ਜੀ ਦੀ ਵੰਸ਼ ਦੇ ਆਖ਼ਰੀ ਚਿਰਾਗ, ਸ. ਭਗਵਾਨ ਸਿੰਘ ਕਵੀਸ਼ਰ ਦੀ ਜੀਵਨੀ, ਸਹਾਇਕ ਪੁਸਤਕਾਂ ਦੀ ਸੂਚੀ ਆਦਿ। ਲੇਖਕ ਹਰਭਜਨ ਸਿੰਘ ਸੇਲਬਰਾਹ ਨੇ ਜਿਸ ਲਗਨ ਤੇ ਮਿਹਨਤ ਨਾਲ ਇਸ ਪੁਸਤਕ ਦੀ ਰਚਨਾ ਕੀਤੀ ਹੈ, ਉਸ ਲਈ ਉਹ ਪ੍ਰਸੰਸਾ ਤੇ ਵਧਾਈ ਦਾ ਪਾਤਰ ਹੈ। ਉਮੀਦ ਹੈ ਪਾਠਕਾਂ ਨੂੰ ਭਾਈ ਮੂਲ ਚੰਦ ਜੀ ਬਾਰੇ ਬੜੀ ਰੌਚਕ ਤੇ ਪ੍ਰੇਰਨਾਦਾਇਕ ਜਾਣਕਾਰੀ ਪ੍ਰਾਪਤ ਹੋਵੇਗੀ।


-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241


ਚਿੜੀਆਂ
ਲੇਖਕ : ਸੁਖਵਿੰਦਰ ਅੰਮ੍ਰਿਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 95
ਸੰਪਰਕ : sukhwinderamrit@gmail.com



ਪੰਜਾਬੀ ਕਵਿਤਾ ਦੇ ਵਿਹੜੇ ਵਿਚ ਸੁਖਵਿੰਦਰ ਅੰਮ੍ਰਿਤ ਕਿਸੇ ਰਸਮੀ ਜਾਣ-ਪਛਾਣ ਦੀ ਮੁਥਾਜ ਨਹੀਂ। ਉਸ ਦੇ ਅਨੇਕਾਂ ਕਾਵਿ-ਸੰਗ੍ਰਹਿਆਂ ਦੀਆਂ ਵਾਰ-ਵਾਰ ਪ੍ਰਕਾਸ਼ਨਾਵਾਂ ਹੋ ਰਹੀਆਂ ਹਨ। ਉਸ ਦੀਆਂ ਕਵਿਤਾਵਾਂ ਵਿਚ ਆਤਮ-ਨਿਰੀਖਣ, ਆਤਮ-ਸੰਵਾਦ, ਆਤਮ-ਵਿਸ਼ਵਾਸ ਅਤੇ ਆਤਮ-ਸਨਮਾਨ ਦਾ ਪ੍ਰਗਟਾਵਾ ਹੋਇਆ ਪ੍ਰਤੀਤ ਹੁੰਦਾ ਹੈ। ਕਿਹਾ ਜਾ ਸਕਦਾ ਹੈ ਕਿ ਉਹ ਕਾਵਿ ਦਾ ਵਗਦਾ ਦਰਿਆ ਹੈ। ਇੰਜ ਜਾਪਦਾ ਹੈ ਜਿਵੇਂ ਉਸ ਦਾ ਵਜੂਦ ਹੀ ਕਵਿਤਾ ਨਾਲ ਲਬਰੇਜ਼ ਹੈ। ਕਵਿਤਾ ਹੀ ਅੰਮ੍ਰਿਤ ਹੈ, ਅੰਮ੍ਰਿਤ ਹੀ ਕਵਿਤਾ ਹੈ। ਉਸ ਦੀਆਂ ਕਵਿਤਾਵਾਂ ਵਿਚ ਕਾਵਿ-ਮੈਂ (ਪੋਇਟਿਕ ਆਈ), ਕਾਵਿ-ਤੂੰ (ਪੋਇਟਿਕ-ਯੂ) ਨੂੰ ਸੰਬੋਧਨ ਕਰਦੀ ਹੈ। ਕਿਧਰੇ ਚਿੜੀਆਂ ਨੂੰ, ਕਿਧਰੇ ਕੁੜੀਆਂ ਨੂੰ, ਕਿਧਰੇ ਪ੍ਰਕਿਰਤੀ ਨੂੰ, ਕਿਧਰੇ ਪਿਆਰੇ ਨੂੰ, ਕਿਧਰੇ ਰਿਸ਼ਤਿਆਂ (ਮਾਂ, ਪੁੱਤ, ਧੀਆਂ, ਬਾਬਲ) ਨੂੰ। ਪਰ ਇਹ ਸਾਰੇ ਸੰਵਾਦ ਇਕ-ਪਾਸੜ ਹਨ। ਦੂਜੀ ਧਿਰ ਨੂੰ ਆਪਣੀ ਕਹਿਣ ਦਾ ਸਮਾਂ ਮਿਲਦਾ, ਪਰ ਘੱਟ। ਕਵਿ-ਮੈਂ ਮੁਹੱਬਤ ਦੀ ਦ੍ਰਿਸ਼ਟੀ ਤੋਂ ਪ੍ਰੀਤ ਦੇ ਸੰਕਲਪ ਸੰਤੁਸ਼ਟਤਾ ਅਤੇ ਅਸੰਤੁਸ਼ਟਤਾ ਦਰਮਿਆਨ ਕੰਪਨ ਵਿਚ ਹੈ। ਪ੍ਰਕਿਰਿਤਕ ਮੈਟਾਫ਼ਰਾਂ ਦੇ ਪੰਜ ਤੱਤ (ਹਵਾ, ਪਾਣੀ, ਧਰਤੀ, ਅਕਾਸ਼, ਅੱਗ) ਸਾਰਥਕ ਰੂਪ ਵਿਚ ਪ੍ਰਯੋਗ ਕੀਤੇ ਮਿਲਦੇ ਹਨ। ਇਸ ਸੰਗ੍ਰਹਿ ਦੀ ਸਾਰੀ ਕਵਿਤਾ ਬੰਧਨ-ਮੁਕਤ (ਬਲੈਂਕ ਵਰਸ) ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਬੀਇੰਗ (ਹੋਂਦ), ਬਿਕਮਿੰਗ (ਹੋਣੀ) ਦੀ ਦ੍ਰਿਸ਼ਟੀ ਤੋਂ ਵਿਚਾਰੇ ਜਾਣ ਦੇ ਯੋਗ ਹਨ ਕਿਉਂਕਿ 'ਕਾਵਿ-ਮੈਂ' ਨੂੰ ਆਪਣੇ ਅਸਤਿਤਵ ਦੀ ਪਛਾਣ ਹੈ। ਉਸ ਨੂੰ ਨਿਜੀ ਹੋਂਦ ਦੀਆਂ ਵਿਭਿੰਨ ਪਰਿਸਿਥਤੀਆਂ ਦੀ ਗਹਿਰੀ ਪਕੜ ਹੈ। ਜਜ਼ਬਾਤਾਂ ਦਾ ਆਪ ਮੁਹਾਰਾ ਵਹਿਣ ਹੈ-ਹਥਲਾ ਕਾਵਿ-ਸੰਗ੍ਰਹਿ। ਕਵਿਤਾ ਉਸ ਲਈ ਕੁਦਰਤੀ ਤੋਹਫ਼ਾ ਹੈ। ਉਹਦੇ ਬੋਲ, ਉਹਦੀ ਸਿਰਜਣ-ਪ੍ਰਕਿਰਿਆ ਦੀ ਸਾਖੀ ਭਰਦੇ ਹਨ। ਰਤਾ ਵੇਖੋ :
ਤੇ ਇਕ ਦਿਨ /ਇਹ ਕ੍ਰਿਸ਼ਮੇ ਸੱਚਮੁੱਚ ਵਾਪਰ ਗਏ
ਮੈਨੂੰ ਵਰ ਪ੍ਰਾਪਤ ਹੋ ਗਏ / ਮੈਂ ਪਹਾੜੋਂ ਉਤਰੀ ਨਦੀ ਵਾਂਗ
ਸਫ਼ਿਆਂ 'ਤੇ ਵਹਿਣ ਲੱਗੀ। ਪੰ. 39
ਉਸ ਦੇ ਕਾਵਿ ਦਾ ਕੇਂਦਰੀ ਕਾਵਿ-ਪੈਰਾਡਾਇਮ ਮੁਹੱਬਤ ਹੈ, ਜਿਸ ਵਿਚ ਉਹ ਸੰਜੋਗ/ਵਿਜੋਗ ਤੋਂ ਵੈਰਾਗ ਤੱਕ ਦੀ ਯਾਤਰਾ ਕਰਦੀ ਪ੍ਰਤੀਤ ਹੁੰਦੀ ਹੈ। ਸੁਖਵਿੰਦਰ ਅੰਮ੍ਰਿਤਾ ਮਹਿਲਾ (ਫੀਮੇਲ), ਨਾਰੀਤਵ (ਫੈਮੀਲਿਟੀ) ਅਤੇ ਨਾਰੀਵਾਦ (ਫੈਮੀਨਿਜ਼ਮ) ਤਿੰਨਾਂ ਸਟੇਜਾਂ ਦੀ ਪ੍ਰਸਤੁਤੀ 'ਤੇ ਪੂਰੀ ਉਤਰਦੀ ਹੈ। ਕਿਧਰੇ-ਕਿਧਰੇ ਮਰਦਾਂ ਦੇ ਔਰਤ ਨਾਲ ਵਿਤਕਰੇ ਦਾ ਪ੍ਰਗਟਾਵਾ ਕਰਦੀ ਵਿਦਰੋਹੀ ਸੁਰ ਵੀ ਅਪਣਾ ਜਾਂਦੀ ਹੈ। ਕਵਿਤਾ 'ਇਹ ਨਹੀਂ ਜਾਣਦੇ' ਇਸ ਦੀ ਉਦਾਹਰਨ ਹੈ :
ਇਹ ਤਾਂ ਸੱਤ ਨਰਕਾਂ ਦੀ ਅੱਗ ਵਿਚ ਤਪ ਕੇ ਵੀ
ਰਾਂਝੇ ਨੂੰ ਵੀਰ / ਅਤੇ ਹੀਰ ਨੂੰ ਭੈਣ ਕਹਿਣ ਦੇ /
ਕਾਬਲ ਨਹੀਂ ਹੋ ਸਕਦੇ। ਪੰ. 88
ਸੰਖੇਪ ਇਹ ਕਿ ਅੰਮ੍ਰਿਤਾ ਦੀਆਂ ਕਵਿਤਾਵਾਂ ਅਪ੍ਰਤੀਬਿੰਬਤ ਚੇਤਨਾ ਤੋਂ ਆਰੰਭ ਹੋ ਕੇ ਪ੍ਰਤਿਬਿੰਬਤ ਚੇਤਨਾ ਤੱਕ ਅੱਪੜ ਜਾਂਦੀਆਂ ਹਨ।


-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com


ਗਿਆਨੀ ਦਿੱਤ ਸਿੰਘ ਦੀ ਪੰਜਾਬੀ ਵਾਰਤਕ

(ਸਾਹਿਤ ਇਤਿਹਾਸ-ਮੂਲਕ ਅਧਿਐਨ)
ਲੇਖਿਕਾ : ਡਾ. ਵਰਿੰਦਰ ਕੌਰ ਭਾਟੀਆ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 216
ਸੰਪਰਕ : 96466-68524


'ਗਿਆਨੀ ਦਿੱਤ ਸਿੰਘ ਦੀ ਪੰਜਾਬੀ ਵਾਰਤਕ' (ਸਾਹਿਤ ਇਤਿਹਾਸ-ਮੂਲਕ ਅਧਿਐਨ) ਡਾ. ਵਰਿੰਦਰ ਕੌਰ ਭਾਟੀਆ ਦੀ ਖੋਜ ਭਰਪੂਰ ਪੁਸਤਕ ਹੈ। ਇਸ ਪੁਸਤਕ ਵਿਚ ਲੇਖਿਕਾ ਨੇ 19ਵੀਂ ਸਦੀ ਦੇ ਅੱਧ ਵਿਚ ਜਨਮੇ ਗਿਆਨੀ ਦਿੱਤ ਸਿੰਘ ਦੇ ਇਤਿਹਾਸਕ, ਮੁੱਲਵਾਨ, ਗੌਲਣਯੋਗ ਅਤੇ ਸਲਾਹੁਣਯੋਗ ਕਾਰਜਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਹੈ।
ਗਿਆਨੀ ਜੀ ਇਕ ਸਫ਼ਲ ਅਧਿਆਪਕ, ਕਲਮ ਦੇ ਧਨੀ, ਕਵੀ ਅਤੇ ਵਾਰਤਾਕਾਰ, ਗੋਸ਼ਟੀ ਕਲਾ ਦੇ ਮਾਹਿਰ, ਸੁਘੜ ਸੰਪਾਦਕ, ਸੁਲਝੇ ਹੋਏ ਪੱਤਰਕਾਰ, ਬਹੁਤ ਹੀ ਪ੍ਰਭਾਵਸ਼ਾਲੀ ਵਕਤਾ, ਮਨੋਵਿਗਿਆਨੀ, ਵਿਗਿਆਨਕ ਧਾਰਨਾ ਦੇ ਪੱਖੀ, ਅੰਧਵਿਸ਼ਵਾਸੀ ਵਰਤਾਰੇ ਦੇ ਸਖ਼ਤ ਵਿਰੋਧੀ, ਵਿੱਦਿਆ ਪ੍ਰੇਮੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪੰਥ ਨੂੰ ਸਮਰਪਿਤ ਸ਼ਖ਼ਸੀਅਤ, ਗੁਰਬਾਣੀ ਦੇ ਡੂੰਘੇ ਵਿਚਾਰਵਾਨ, ਕੌਮੀ ਉੱਨਤੀ ਦੇ ਆਸ਼ਕ, ਬੜੀ ਨਿਆਰੀ ਸ਼ੈਲੀ ਦੇ ਮਾਹਿਰ, ਪ੍ਰਮੁੱਖ ਸਮਾਜ ਸੁਧਾਰਕ, ਇਸਤਰੀਆਂ ਦੀ ਪੜ੍ਹਾਈ ਦੇ ਹਮਾਇਤੀ, ਸਿੰਘ ਸਭਾਈ ਵਿਆਖਿਆ ਪ੍ਰਣਾਲੀ ਦੇ ਮੋਢੀ, ਆਪਣਾ ਪੂਰਾ ਜੀਵਨ ਇਕ ਮਿਸ਼ਨਰੀ ਭਾਵਨਾ ਤਹਿਤ ਸਿੱਖ ਕੌਮ ਦੇ ਲੇਖੇ ਲਾਉਣ ਵਾਲ਼ੇ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਬਹੁਤ ਵੱਡੇ ਮੁੱਦਈ ਸਨ।
ਲੇਖਿਕਾ ਨੇ ਆਪਣੀ ਇਸ ਖੋਜ ਭਰਪੂਰ ਪੁਸਤਕ ਨੂੰ ਕੁੱਲ ਸੱਤ ਅਧਿਆਇਆਂ ਵਿਚ ਵੰਡਿਆ ਹੈ। ਪਹਿਲੇ ਅਧਿਆਇ ਵਿਚ ਸਿੰਘ ਸਭਾ ਲਹਿਰ ਦੇ ਧਾਰਮਿਕ, ਸਮਾਜਿਕ, ਸਾਹਿਤਕ, ਵਿੱਦਿਅਕ, ਸੱਭਿਆਚਾਰਕ ਪਿਛੋਕੜ ਸੰਬੰਧੀ ਜ਼ਿਕਰ ਕਰਦਿਆਂ ਇਹ ਤੱਤ ਕੱਢਿਆ ਹੈ ਕਿ ਗਿਆਨੀ ਦਿੱਤ ਸਿੰਘ ਜੀ, ਪ੍ਰੋ. ਗੁਰਮੁਖ ਸਿੰਘ ਦੀ ਪ੍ਰੇਰਨਾ ਸਦਕਾ ਸਿੰਘ ਸਭਾ ਲਹਿਰ ਨਾਲ ਜੁੜ ਗਏ। ਉਹ ਆਪਣੇ ਜੀਵਨ ਦੇ ਅੰਤ ਤੱਕ ਇਸ ਲਹਿਰ ਨਾਲ ਜੁੜ ਕੇ ਸਮਾਜ ਸੁਧਾਰ ਦੇ ਕਾਰਜ ਕਰਦੇ ਰਹੇ। ਦੂਜੇ ਅਧਿਆਇ ਵਿਚ ਗਿਆਨੀ ਜੀ ਵਲੋਂ ਇਕ ਪੱਛੜੇ ਪੇਂਡੂ ਪਰਿਵਾਰ ਵਿਚ ਜਨਮ ਲੈ ਕੇ ਅਨੇਕਾਂ ਘਾਟਾਂ, ਅਣਹੋਂਦਾਂ, ਸੀਮਾਵਾਂ ਨੂੰ ਉਲੰਘ ਕੇ ਆਪਣੀ ਅਦਭੁੱਤ ਯੋਗਤਾ ਦਾ ਸਿੱਕਾ ਮਨਵਾਉਣ ਦਾ ਜ਼ਿਕਰ ਕੀਤਾ ਗਿਆ ਹੈ। ਤੀਜੇ ਅਧਿਆਇ ਵਿਚ ਗਿਆਨੀ ਜੀ ਵਲੋਂ ਗੁਲਾਬਦਾਸੀ ਸੰਪਰਦਾਇ ਵਿਚ ਰਹਿੰਦਿਆਂ ਹੋਇਆਂ ਅਬਲਾ ਨਿੰਦ, ਮਨਸੰਬੋਧਕ ਗ੍ਰੰਥ, ਕਿੱਸਾ ਸ਼ੀਰੀ ਫਰਹਾਦ ਰਚਨਾਵਾਂ ਦੀ ਸਿਰਜਣਾ ਕੀਤੀ। ਚੌਥੇ ਅਧਿਆਇ ਵਿਚ ਗਿਆਨੀ ਜੀ ਦੁਆਰਾ ਰਚਿਤ ਧਾਰਮਿਕ ਰਚਨਾਵਾਂ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਜੀਵਨ ਕਥਾ ਗੁਰੂ ਅੰਗਦ ਦੇਵ ਜੀ ਸੰਬੰਧੀ ਗੱਲ ਕੀਤੀ ਗਈ ਹੈ। ਪੰਜਵੇਂ ਅਧਿਆਇ ਵਿਚ ਨਕਲੀ ਸਿੱਖ ਪ੍ਰਬੋਧ, ਮੇਰਾ ਤੇ ਸਾਧੂ ਦਯਾ ਨੰਦ ਜੀ ਦਾ ਸੰਵਾਦ, ਦੰਭ ਵਿਦਾਰਨ, ਨੀਤੀ ਵਿਚਾਰ, ਨੀਤੀ ਪ੍ਰਕਾਸ਼, ਨੀਤੀ ਗੁਲਦਸਤਾ ਆਦਿ ਰਚਨਾਵਾਂ ਉੱਤੇ ਵਿਚਾਰ-ਚਰਚਾ ਕੀਤੀ ਗਈ ਹੈ। ਛੇਵੇਂ ਅਧਿਆਇ ਵਿਚ ਗਿਆਨੀ ਜੀ ਦੀ ਵਾਰਤਕ ਦੀ ਸਰਲ, ਸਪੱਸ਼ਟ, ਸੰਜਮਤਾ ਦੀ ਧਾਰਨੀ ਭਾਸ਼ਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੱਤਵੇਂ ਅਧਿਆਏ ਵਿਚ ਗਿਆਨੀ ਜੀ ਦੇ ਪੰਜਾਬੀ ਪੱਤਰਕਾਰੀ ਲਈ ਕੀਤੇ ਮਹੱਤਵਪੂਰਨ ਕਾਰਜਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।
ਸੱਚ ਤਾਂ ਇਹ ਹੈ ਕਿ ਪੰਜਾਬੀ ਪੱਤਰਕਾਰੀ ਵਿਚ ਉਨ੍ਹਾਂ ਦਾ ਸਥਾਨ ਮੋਢੀਆਂ ਵਾਲ਼ਾ ਰਿਹਾ ਹੈ। ਲਾਹੌਰ ਤੋਂ ਛਪਦੇ 'ਖ਼ਾਲਸਾ' ਅਖ਼ਬਾਰ ਵਿਚ ਉਨ੍ਹਾਂ ਦੇ ਲਿਖੇ ਅਣਗਿਣਤ ਲੇਖ, ਵਾਰਤਾਵਾਂ, ਪ੍ਰਸੰਗ ਉਨ੍ਹਾਂ ਦੀ ਪੰਜਾਬੀ ਪੱਤਰਕਾਰੀ ਵਿਚ ਘਾਲੀ ਘਾਲਣਾ ਨੂੰ ਉਜਾਗਰ ਕਰਦੇ ਹਨ।
ਸੱਚ ਤਾਂ ਇਹ ਹੈ ਕਿ ਗਿਆਨੀ ਦਿੱਤ ਸਿੰਘ ਜੀ ਦਾ ਮੁੱਖ ਉਦੇਸ਼ ਸਿੱਖ ਧਰਮ ਦੇ ਮਹਾਨ ਸਿਧਾਂਤਾਂ, ਅਸੂਲਾਂ ਅਤੇ ਸਿੱਖ ਗੁਰੂ ਸਾਹਿਬਾਨ ਦੇ ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੇ ਮਹਾਨ ਸੰਕਲਪਾਂ ਨੂੰ ਬਹੁਤ ਹੀ ਠੇਠ, ਸਰਲ ਅਤੇ ਸੌਖੀ ਸ਼ਬਦਾਵਲੀ ਵਿਚ ਪੇਸ਼ ਕਰਕੇ ਜਨ ਸਧਾਰਨ ਵਿਚ ਪਾਏ ਜਾਂਦੇ ਵਹਿਮਾਂ-ਭਰਮਾਂ, ਊਚ-ਨੀਚ, ਹੋਰ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਪੁੱਟ ਸੁੱਟਣਾ ਹੀ ਸੀ। ਜਿਸ ਵਿਚ ਗਿਆਨੀ ਜੀ ਬਹੁਤ ਹੱਦ ਤੱਕ ਕਾਮਯਾਬ ਹੋਏ।
ਅੰਤ ਵਿਚ ਮੈਂ ਇਸ ਖੋਜ ਭਰਪੂਰ ਪੁਸਤਕ ਦੀ ਲੇਖਿਕਾ ਡਾ. ਵਰਿੰਦਰ ਕੌਰ ਭਾਟੀਆ ਨੂੰ ਮੁਬਾਰਕਬਾਦ ਦਿੰਦਾ ਹੋਇਆ ਸਿੱਖੀ ਸੰਕਲਪਾਂ ਸੰਬੰਧੀ ਭਰਪੂਰ ਜਾਣਕਾਰੀ ਹਾਸਿਲ ਕਰਨ ਵਾਲੇ ਪਾਠਕਾਂ ਅਤੇ ਜਗਿਆਸੂਆਂ ਨੂੰ 'ਗਿਆਨੀ ਦਿੱਤ ਸਿੰਘ ਦੀ ਪੰਜਾਬੀ ਵਾਰਤਕ ਸਾਹਿਤ ਇਤਿਹਾਸ-ਮੂਲਕ ਅਧਿਐਨ' ਖੋਜ ਭਰਪੂਰ ਪੁਸਤਕ ਪੜ੍ਹਨ ਲਈ ਸੁਝਾਅ ਦਿੰਦਾ ਹਾਂ।


-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020


ਆਈਸ਼ਾ ਕਰੋ
ਲੇਖਕ : ਸੁਰਿੰਦਰਜੀਤ ਸਿੰਘ ਸੰਧੂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 102
ਸੰਪਰਕ : 93562-92513


'ਆਈਸ਼ਾ ਕਰੋ' ਸੁਰਿੰਦਰਜੀਤ ਸਿੰਘ ਸੰਧੂ ਦਾ ਨਵਾਂ ਕਹਾਣੀ-ਸੰਗ੍ਰਹਿ ਹੈ। ਇਸ ਕਹਾਣੀ-ਸੰਗ੍ਰਹਿ ਵਿਚ ਕਹਾਣੀਕਾਰ ਦੀਆਂ 17 ਕਹਾਣੀਆਂ ਸ਼ਾਮਿਲ ਹਨ। ਇਸ ਪੁਸਤਕ ਦਾ ਸਿਰਲੇਖ 'ਆਈਸ਼ਾ ਕਰੋ' ਪਾਠਕ ਦਾ ਧਿਆਨ ਆਪਣੇ ਵੱਲ ਆਪਣੀ ਰੌਚਿਕਤਾ ਕਰਕੇ ਖਿੱਚਦਾ ਹੈ ਪਰ ਇਹ ਇਕ ਸਰਕਾਰੀ ਅਫ਼ਸਰ ਭਾਵ ਕਮਿਸ਼ਨਰ ਸਾਹਿਬ ਦਾ ਕਹਾਣੀ ਵਿਚ ਵਾਰਤਾਲਾਪ ਹੈ ਜੋ ਫਾਇਰ ਪਲੇਸ ਬਣਾਉਣ ਲਈ ਆਪਣੇ ਮਾਤਹਿਤ ਅਫ਼ਸਰਾਂ ਨੂੰ ਹਦਾਇਤ ਕਰ ਰਿਹਾ ਸੀ। ਇਸ ਕਹਾਣੀ-ਸੰਗ੍ਰਹਿ ਦੀ ਖ਼ਾਸੀਅਤ ਇਹ ਹੈ ਕਿ ਜਿਵੇਂ ਪੰਜਾਬੀ ਕਹਾਣੀਕਾਰਾ ਅਜੀਤ ਕੌਰ ਆਪਣੀਆਂ ਕਹਾਣੀਆਂ ਵਿਚ ਸਰਕਾਰੀ ਤੰਤਰ ਅਤੇ ਅਮਲੇ ਫੈਲੇ ਦੀਆਂ ਮਨਮਾਨੀਆਂ ਅਤੇ ਅਫ਼ਸਰੀ ਰੋਬ੍ਹ ਦਾਬ ਤੋਂ ਉਛਾੜ ਲਾਹੁੰਦੀ ਹੈ, ਉਸੇ ਤਰ੍ਹਾਂ ਹੀ ਸੁਰਿੰਦਰਜੀਤ ਸਿੰਘ ਸੰਧੂ ਵੀ ਆਪਣੀ ਬਾਰੀਕਬੀਨੀ ਦ੍ਰਿਸ਼ਟੀ ਨਾਲ ਸਰਕਾਰੀ ਤੰਤਰ ਦੇ ਕਾਰਜਾਂ ਨੂੰ ਆਪਣੀ ਵਿਅੰਗਾਤਮਿਕ ਸ਼ੈਲੀ ਵਿਚ ਪੇਸ਼ ਕਰਦਾ ਹੈ। 'ਇੰਝ ਤਾਂ ਭੁੱਖੇ ਮਰ ਜਾਂਗੇ', 'ਪਰਸ਼ਾਦ ਵੀ ਕਰਾ ਦਿੱਤਾ ਸਰ', 'ਆਈਸ਼ਾ ਕਰੋ', 'ਵਿਦਾਇਗੀ ਖਾਣਾ' ਆਦਿ ਕਹਾਣੀਆਂ ਸਰਕਾਰੀ ਅਫ਼ਸਰਾਂ ਅਤੇ ਉਨ੍ਹਾਂ ਦੇ ਵਰਤਾਰਿਆਂ ਤੋਂ ਪਰਦਾ ਲਾਹੁੰਦੀਆਂ ਕਹਾਣੀਆਂ ਹਨ। ਇਸੇ ਤਰ੍ਹਾਂ 'ਵੱਡਿਆਂ ਨਾਲ ਪੰਗਾ ਨਹੀਂ ਲਈਦਾ' ਕਹਾਣੀ ਆਪਣੇ ਘਰ ਲੱਗੀ ਅੱਗ ਅਤੇ ਦੂਜੇ ਦੇ ਘਰ ਬਸੰਤਰ ਵਾਲੀ ਕਹਾਵਤ ਨੂੰ ਹੂ-ਬਹੂ ਸੱਚ ਕਰ ਜਾਂਦੀ ਹੈ। ਘੁੱਦੀ ਕਹਾਣੀ 1947 ਦੀ ਦੇਸ਼ ਵੰਡ ਦੇ ਦੁਖਾਂਤ ਨੂੰ ਪੇਸ਼ ਕਰਦੀ ਕਹਾਣੀ ਹੈ। 'ਇਹ ਵੀ ਦਸਵੰਧ' ਇਕ ਵੱਖਰੇ ਵਿਸ਼ੇ ਨੂੰ ਪੇਸ਼ ਕਰਦੀ ਕਹਾਣੀ ਹੈ। 'ਪਿਆਰਾ ਮਰ ਗਿਆ' ਕਹਾਣੀ ਵੀ ਸਮਾਜਿਕ ਰਿਸ਼ਤਿਆਂ ਦੇ ਸਮੀਕਰਨਾਂ ਨੂੰ ਪੇਸ਼ ਕਰਦੀ ਵਿਅੰਗਾਤਮਿਕ ਕਹਾਣੀ ਹੈ। 'ਲੱਡੂ' ਕਹਾਣੀ ਇਕ ਵੱਖਰੇ ਦ੍ਰਿਸ਼ਟੀਕੋਣ ਤੋਂ ਲਿਖੀ ਕਹਾਣੀ ਹੈ ਜੋ ਦੋਸਤੀ ਅਤੇ ਸਮਾਜਿਕ ਰਿਸ਼ਤਿਆਂ ਦੀਆਂ ਤੰਦਾਂ ਪਕੜਦੀ ਹੈ। ਜੇਕਰ ਪੁਸਤਕ ਵਿਚਲੀਆਂ ਸਾਰੀਆਂ ਕਹਾਣੀਆਂ ਨੂੰ ਸਮੁੱਚੇ ਰੂਪ ਵਿਚ ਵੇਖਿਆ ਜਾਵੇ ਤਾਂ ਇਹ ਕਹਾਣੀਆਂ ਜ਼ਿੰਦਗੀ ਦੇ ਨਿੱਕੇ-ਨਿੱਕੇ ਅਤੇ ਨਿੱਤਾਪ੍ਰਤੀ ਦਰਪੇਸ਼ ਆਉਂਦੇ ਮਸਲਿਆਂ ਨੂੰ ਪੇਸ਼ ਕਰਦੀਆਂ ਹਨ, ਜੋ ਮਨੁੱਖੀ ਜ਼ਿੰਦਗੀ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦੇ ਰੂ-ਬਰੂ ਕਰਦੇ ਹਨ।


-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


ਹਰਫ਼ਾਂ ਦੇ ਹਰਕਾਰੇ
ਕਵੀ : ਹਰਮਿੰਦਰ ਸਿੰਘ ਕੋਹਾਰਵਾਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 114
ਸੰਪਰਕ : 98768-73735


ਹਰਮਿੰਦਰ ਸਿੰਘ ਕੋਹਾਰਵਾਲਾ ਪ੍ਰਸਿੱਧ ਗ਼ਜ਼ਲਗਾਰ ਹੈ। ਇਸ ਕਾਵਿ-ਚਿੱਤਰ ਪੁਸਤਕ ਤੋਂ ਪਹਿਲਾਂ ਉਹ 8 ਕਾਵਿ-ਪੁਸਤਕਾਂ ਦੀ ਪ੍ਰਕਾਸ਼ਨਾ ਕਰਵਾ ਚੁੱਕਾ ਹੈ। ਉਸ ਦੀਆਂ ਪੂਰਵ ਪੁਸਤਕਾਂ ਦਾ ਵੇਰਵਾ ਇਸ ਤਰ੍ਹਾਂ ਹੈ : ਇਕ ਲੱਖ ਲਾਵਾਂ (ਕਾਵਿ-ਸੰਗ੍ਰਹਿ) 2006, ਜਦ ਜ਼ਖ਼ਮ ਦਵਾਤ ਬਣੇ (ਗ਼ਜ਼ਲ ਸੰਗ੍ਰਹਿ) 2012, ਪੀੜਾਂ ਦੀ ਪਰਿਕਰਮਾ (ਗ਼ਜ਼ਲ ਸੰਗ੍ਰਹਿ) 2012, ਕਿਰਨਾਂ ਦੀ ਕਾਸ਼ਤ (ਗ਼ਜ਼ਲ ਸੰਗ੍ਰਹਿ) 2018, ਮਾਲੀ ਮਿਲੇ ਮਕਾਰ (ਦੋਹੇ) 2019, ਜਾਗਰਤ ਪਿੰਡ ਕੋਹਾਰਵਾਲਾ (ਜਾਣਕਾਰੀ) 2019, ਮੈਲੇ ਮੰਜ਼ਰ (ਗ਼ਜ਼ਲ ਸੰਗ੍ਰਹਿ) 2023. ਹਥਲੀ ਪੁਸਤਕ ਪੰਜਾਬੀ ਦੇ ਸਪੂਤ ਤੇ ਪ੍ਰਸਿੱਧ 50 ਲੇਖਕਾਂ ਦੇ ਸ਼ਾਨਦਾਰ ਕਾਵਿ-ਚਿੱਤਰ ਹਨ, ਜਿਨ੍ਹਾਂ ਸਾਹਿਤਕਾਰਾਂ ਦੇ ਕੋਹਾਰਵਾਲਾ ਨੇ ਕਾਵਿ-ਚਿੱਤਰ ਪੇਸ਼ ਕੀਤੇ ਹਨ, ਉਨ੍ਹਾਂ ਵਿਚ ਪੁਰਾਣੇ ਪ੍ਰੌੜ ਅਤੇ ਨਵੇਂ ਵੀ ਹਨ। ਉਸ ਨੇ ਸਾਰੇ ਸਾਹਿਤਕਾਰਾਂ ਨੂੰ ਜਨਮ ਤਾਰੀਖ ਅਨੁਸਾਰ ਪੇਸ਼ ਕੀਤਾ ਹੈ। ਉਸ ਨੇ ਪਹਿਲਾਂ ਸਾਹਿਤਕਾਰ ਸ੍ਰੀ ਰਾਮ ਅਰਸ਼ ਦਾ ਚਿੱਤਰ ਸਿਰਜਿਆ ਹੈ ਜੋ ਕਿ 1936 ਈਸਵੀ ਵਿਚ ਜਨਮਿਆ ਅਤੇ ਆਖਰੀ ਦੀਪਕ ਧਲੇਵਾਂ ਜਨਮ 1985 ਦਾ ਕਾਵਿ-ਚਿੱਤਰ ਪੇਸ਼ ਕੀਤਾ ਹੈ। ਇਸ ਤਰ੍ਹਾਂ ਸ਼ਾਇਰ ਨੇ 50 ਸਾਲਾਂ ਦਾ ਹੀ ਵਕਫ਼ਾ ਲਿਆ ਹੈ ਅਤੇ 50 ਹੀ ਸਾਹਿਤਕਾਰ ਸ਼ਾਮਿਲ ਕੀਤੇ ਹਨ। ਖੂਬੀ ਇਹ ਹੈ ਕਿ ਹਰ ਸਾਹਿਤਕਾਰ ਦੇ ਨਾਂਅ ਨਾਲ ਉਸ ਨੇ ਵਧੀਆ ਵਿਸ਼ੇਸ਼ਣ ਵੀ ਜੋੜੇ ਹਨ ਜਿਵੇਂ :
ਪ੍ਰਬੁੱਧ ਸ਼ਾਇਰ ਸਿਰੀ ਰਾਮ ਅਰਸ਼, ਤੇਜ ਤਰਾਰ ਵਕਤਾ ਡਾ. ਤੇਜਵੰਤ ਮਾਨ, ਉਸਤਾਦ ਸ਼ਾਇਰ ਸੁਲੱਖਣ ਸਰਹੱਦੀ, ਫੱਕਰ ਸ਼ਾਇਰ ਜਗੀਰ ਸੱਧਰ, ਸਮਾਜ ਸੇਵੀ ਲੇਖਿਕਾ ਡਾ. ਗੁਰਚਰਨ ਕੌਰ ਕੋਚਰ, ਸ਼ਾਇਰ ਪਿਉ ਦੀ ਧੀ ਡਾ. ਸਿਮਰਤ ਸੁਮੈਰਾ, ਗ਼ਜ਼ਲਕਾਰ ਸ਼ਮਸ਼ੇਰ ਸਿੰਘ ਮੋਹੀ, ਸਰਸਵਤੀ ਦਾ ਜਾਇਆ ਡਾ. ਦਵਿੰਦਰ ਸੈਫ਼ੀ ਆਦਿ।
50 ਦੇ 50 ਸਾਹਿਤਕਾਰਾਂ ਦੇ ਸ਼ਬਦ ਚਿੱਤਰ ਪ੍ਰਸੰਸਾਮਈ ਅੰਦਾਜ਼ ਵਿਚ ਅਤੇ ਉਨ੍ਹਾਂ ਦੇ ਸਾਹਿਤਕ ਗੁਣਾਂ ਨੂੰ ਉਜਾਗਰ ਕਰਦੇ ਹਨ। ਕੋਹਾਰਵਾਲਾ ਨੇ ਕੋਸ਼ਿਸ਼ ਕੀਤੀ ਹੈ ਕਿ ਹਰ ਸਾਹਿਤਕਾਰ ਦਾ ਜਨਮ ਸਥਾਨ ਅਤੇ ਵਿਚਰਨ ਸਥਾਨ ਦਾ ਵੀ ਜ਼ਿਕਰ ਕੀਤਾ ਜਾਵੇ ਜਿਵੇਂ : ਸਿਰੀ ਰਾਮ ਅਰਸ਼ ਬਾਰੇ :
ਸ਼ਹਿਰ ਮੁਹਾਲੀ ਵਿਚ ਹੈ ਉਸ ਦੀ ਪੱਕੀ ਠਹਿਰ,
ਲੰਘ ਰਿਹਾ ਹੈ ਉਮਰ ਦਾ ਵਧੀਆ ਅੰਤਿਮ ਪਹਿਰ।
ਦੋ ਬੇਟੇ ਦੋ ਬੇਟੀਆਂ ਪਤਨੀ ਹੈ ਹਰਬੰਸ,
ਹਰਨਾਮ ਤੇ ਠਾਕਰ ਦਾਸ ਦੀ ਓਸ ਵਧਾਈ ਅੰਸ਼
ਗਿਆਨੀ ਗੁਰਦੇਵ ਸਿੰਘ :
ਜਿਸ ਸਾਥੀ ਗੁਰਦੇਵ ਦੇ ਗੁਣ ਮੈਂ ਕਰਾਂ ਬਿਆਨ,
ਸਦਾ ਰਿਹਾ ਉਹ ਛਿੜਕਦਾ ਕਿਰਤੀ ਉੱਤੇ ਜਾਨ
ਖੂਬ ਨਿਭੀ ਹੈ ਓਸ ਦੀ ਰਕਸ਼ਾ ਦੇਵੀ ਨਾਲ,
ਯਾ ਰੱਬ ਜੋੜੀ ਦਾ ਕਦੇ ਕਰੀਂ ਨਾ ਵਿੰਗਾ ਵਾਲ।
ਗੁਣਾਂ ਦਾ ਗੁਲਦਸਤਾ ਡਾ. ਐੱਸ. ਤਰਸੇਮ
ਲਿਖਦੈ ਕਥਾ ਕਹਾਣੀਆਂ ਗ਼ਜ਼ਲਾਂ ਦਾ ਉਸਤਾਦ,
ਉਸ ਦੇ ਸਿਰ ਜ਼ਰਖੇਜ਼ ਵਿਚ ਹਰ ਇਕ ਸਿਨਫ਼ ਆਬਾਦ।
ਨਿਰਾਲਾ ਸਾਹਿਤਕਾਰ ਡਾ. ਜੋਗਿੰਦਰ ਨਿਰਾਲਾ :
ਨਾਮ ਜੋਗਿੰਦਰ ਸਿੰਘ ਹੈ-ਕਹਿਣ ਨਿਰਾਲਾ ਯਾਰ,
ਹੈ ਬਰਨਾਲੇ ਸ਼ਹਿਰ ਵਿਚ ਉਸ ਦਾ ਘਰ ਪਰਿਵਾਰ।
ਉਸਤਾਦ ਸ਼ਾਇਰ ਸੁਲੱਖਣ ਸਰਹੱਦੀ :
ਨਾਮ ਸੁਲੱਖਣ ਸਿੰਘ ਹੈ ਸਰਹੱਦੀ ਉਪਨਾਮ
ਜੰਮਣ ਭੋਇੰ ਓਸ ਦੀ ਹੈ ਕੋਹਾੜ ਗਰਾਮ।
ਸੋਹਣ ਸਿਹੁੰ ਨਾਂ ਬਾਪ ਦਾ ਮਾਂ ਗੁਰਮੇਜ ਕੌਰ...
ਉਹ ਗ਼ਜ਼ਲਾਂ ਦਾ ਸ਼ਹਿਨਸ਼ਾਹ ਦੋਹਿਆਂ ਦਾ ਸੁਲਤਾਨ
ਉਸ ਦੀ ਝੋਲੀ ਵਿਚ ਨੇ ਸੌ ਵੱਡੇ ਸਨਮਾਨ
ਨਿਵੇਕਲਾ ਸ਼ਾਇਰ ਦੀਪਕ ਧਲੇਵਾਂ
ਪਿੰਡ ਧਲੇਵਾਂ ਓਸ ਦਾ ਹੈ ਬੁਢਲਾਡੇ ਕੋਲ
ਮਾਂ ਦਾ ਨਾਂ ਸਵਿਤਰੀ ਧਰਮਪਾਲ ਹੈ ਬਾਪ...
ਇਸ ਤਰ੍ਹਾਂ ਕੋਹਾਰਵਾਲਾ ਨੇ 50 ਸਾਹਿਤਕਾਰਾਂ ਦੇ ਬਹਿਰ ਦੋਹਰਿਆਂ ਵਿਚ ਪੂਰੇ ਵੇਰਵੇ ਪ੍ਰਦਾਨ ਕਰਕੇ ਬਹੁਤ ਨਿਵੇਕਲਾ ਕਾਰਜ ਸਿਰੇ ਚਾੜ੍ਹਿਆ ਹੈ। ਖੂਬੀ ਇਹ ਹੈ ਕਿ ਹਰ ਲੇਖਕ ਦਾ ਉਸ ਨੇ ਮੋਬਾਈਲ ਨੰਬਰ ਅਤੇ ਜਨਮ ਤਾਰੀਖ ਵੀ ਦਰਜ ਕੀਤੀ ਹੈ। ਇਹ ਇਕ ਸਲਾਹੁਣਯੋਗ ਕਾਵਿ ਦਸਤਾਵੇਜ਼ ਹੈਤੇ ਕਵੀਆਂ ਵਾਸਤੇ ਸਨਮਾਨ ਪੱਤਰ।


-ਸੁਲੱਖਣ ਸਰਹੱਦੀ
ਮੋਬਾਈਲ : 94174-84337


ਕਾਸ਼
ਲੇਖਕ : ਮਿਹਰਵਾਨ ਸਿੰਘ ਜੋਸ਼ਨ
ਪ੍ਰਕਾਸ਼ਕ : ਗੁਰਮੇਹਰ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 99149-50884


ਇਸ ਪੁਸਤਕ ਦੇ ਲੇਖਕ ਮਿਹਰਵਾਨ ਸਿੰਘ ਜੋਸ਼ਨ ਹਨ, ਜਿਨ੍ਹਾਂ ਦਾ ਇਹ ਪਹਿਲਾ ਕਾਵਿ-ਸੰਗ੍ਰਹਿ ਹੈ। ਮਿਹਰਵਾਨ ਵਿਚ ਪੰਜਾਬੀ ਭਾਸ਼ਾ, ਪੰਜਾਬੀਅਤ ਦੇ ਪ੍ਰਤੀ ਅੰਦਰੂਨੀ ਹੂਕ ਹੈ ਜੋ ਇਨ੍ਹਾਂ ਨੂੰ ਪਲ-ਪਲ ਸੁਚੇਤ ਰੱਖਦੀ ਹੈ, ਜਿਸ ਕਰਕੇ ਇਨ੍ਹਾਂ ਦੀ ਕਲਮ ਬਸ ਆਪ ਮੁਹਾਰੇ ਹੀ ਅੱਗੇ ਵਧਦੀ ਜਾਂਦੀ ਹੈ। ਇਸ ਪੁਸਤਕ ਵਿਚ ਬੇਤੁਕੇ ਸ਼ਬਦਾਂ ਤੋਂ ਪ੍ਰਹੇਜ਼ ਕਰਦੇ ਹੋਏ ਕੇਵਲ ਢੁਕਵੇਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਇਕ ਚੰਗੇ ਲੇਖਕ ਦਾ ਗੁਣ ਵੀ ਮੰਨਿਆ ਜਾ ਸਕਦਾ ਹੈ। 'ਕਾਸ਼' ਸ਼ਬਦ ਦਾ ਬਹੁਤ ਵੱਡਾ ਅਰਥ ਹੈ ਜੋ ਸਾਡੀ ਜ਼ਿੰਦਗੀ ਵਿਚ ਆ ਕੇ ਬਸ ਕਾਸ਼ ਹੀ ਬਣਿਆ ਰਹਿੰਦਾ ਹੈ। ਪੁਸਤਕ ਦਾ ਨਾਂਅ 'ਕਾਸ਼' ਪੂਰੀ ਤਰ੍ਹਾਂ ਢੁਕਦਾ ਹੈ। ਲੇਖਕ ਦੀ ਅੱਖ ਪੂਰੀ ਤਰ੍ਹਾਂ ਪਾਰਖੂ ਹੈ ਕਿਉਂਕਿ ਕੈਮਰੇ ਦੀ ਅੱਖ ਉਥੇ ਜਾਂਦੀ ਹੈ, ਜਿਥੇ ਕਿ ਆਮ ਆਦਮੀ ਪੁੱਜਣ ਤੋਂ ਅਸਮਰੱਥ ਹੁੰਦਾ ਹੈ। ਕੈਮਰਾ ਬਿਨਾਂ ਬੋਲੇ ਸਭ ਕੁਝ ਦੱਸ ਦਿੰਦਾ ਹੈ। ਉਸ ਦੀ ਬਹੁਤੀ ਚਰਚਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਲੇਖਕ ਨੇ ਹਮੇਸ਼ਾ ਆਪਣੀ ਅੱਖ ਤੇ ਕੰਨ ਪੂਰੀ ਤਰ੍ਹਾਂ ਖੁੱਲ੍ਹੇ ਰੱਖੇ ਹਨ ਅਤੇ ਬਹੁਤ ਜਲਦੀ ਹਰ ਗੱਲ ਨੂੰ ਭਾਂਪ ਲੈਂਦਾ ਹੈ ਅਤੇ ਫਿਰ ਉਸ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਦੇਣ ਵਿਚ ਵੀ ਦੇਰ ਨਹੀਂ ਲਗਾਉਂਦਾ। ਇਸ ਕਾਵਿ-ਸੰਗ੍ਰਹਿ ਵਿਚ ਲੇਖਕ ਨੇ ਅਨੇਕਾਂ ਵਿਸ਼ਿਆਂ ਨੂੰ ਛੂਹਿਆ ਹੈ ਜੋ ਇਨ੍ਹਾਂ ਦੀ ਵਿਦਵਤਾ ਨੂੰ ਜ਼ਾਹਿਰ ਕਰਦੇ ਹੋਏ ਹੋਰ ਹੱਲਾਸ਼ੇਰੀ ਵੀ ਦਿੰਦੇ ਹਨ। ਲੇਖਕ ਸਮਾਜ ਦੇ ਹਰ ਵਰਗ ਪ੍ਰਤੀ ਚਿੰਤਤ ਹੈ ਅਤੇ ਉਨ੍ਹਾਂ ਨਾਲ ਆਪਣਾ ਅੰਦਰੂਨੀ ਮੋਹ ਵੀ ਵਿਖਾਉਂਦਾ ਹੈ ਅਤੇ ਕਹਿਣ ਵਾਲੀ ਗੱਲ ਬੇਧੜਕ ਹੋ ਕੇ ਕਹਿ ਵੀ ਜਾਂਦਾ ਹੈ। ਬਸ ਇਹੀ ਖ਼ੂਬੀ ਲੇਖਕ ਨੂੰ ਹੋਰ ਅੱਗੇ ਵਧਾਏਗੀ। ਇਹ ਪਹਿਲਾ ਕਾਵਿ-ਸੰਗ੍ਰਹਿ ਹੈ ਅਤੇ ਅਗਲੀਆਂ ਰਚਨਾਵਾਂ ਵਿਚ ਹੋਰ ਵੀ ਨਿਖਾਰ ਆਵੇਗਾ। ਕਿਤੇ-ਕਿਤੇ ਘਾਟਾ ਵਾਧਾ ਮਹਿਸੂਸ ਜ਼ਰੂਰ ਹੁੰਦਾ ਹੈ ਪਰ ਫਿਰ ਵੀ ਜ਼ਿਆਦਾ ਫਿਕ ਨਜ਼ਰ ਨਹੀਂ ਆਉਂਦੀ। ਵੈਸੇ ਤਾਂ ਸਾਰੀਆਂ ਕਵਿਤਾਵਾਂ ਹੀ ਵਧੀਆ ਹਨ ਪ੍ਰੰਤੂ ਵੀ ਮਾਂ, ਕੰਜਕਾਂ, ਬੇਟੀ, ਸਿਰ ਮੱੱਥੇ, ਫੁੱਟਪਾਥ, ਰੱਬ ਬਣ ਕੇ, ਉਮੀਦ ਹੈ, ਪਰਾਇਆ ਨਾ ਕਰ, ਦਰਦ, ਰਿਸ਼ਤੇ, ਪਾਕਿ ਰੂਹ, ਮਦਰ ਡੇਅ, ਬਚਪਨ ਆਦਿ ਦਿਲ ਖਿੱਚਵੀਆਂ ਰਚਨਾਵਾਂ ਹਨ। ਜ਼ਿੰਦਗੀ ਨਾਂਅ ਦੀ ਕਵਿਤਾ ਵਿਚ ਲੇਖਕ ਕਹਿੰਦਾ ਹੈ :-
'ਜਿਥੋਂ ਤੀਕ ਭਜਾਉਣਾ ਐ
ਜ਼ਿੰਦਗੀ ਭਜਾ ਲੈ ਸਾਨੂੰ।
ਆਪਣੇ ਹੌਸਲਿਆਂ 'ਚ,
ਉੱਚੀ ਉਡਾਣ ਰੱਖਦੇ ਹਾਂ।'


-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990


ਬੇਤਰਤੀਬੀਆਂ
ਲੇਖਕ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 94654-64502


ਜਗਵਿੰਦਰ ਜੋਧਾ ਪੰਜਾਬੀ ਦੇ ਸਿਰਮੌਰ ਅਤੇ ਸਮਰੱਥ ਗ਼ਜ਼ਲਕਾਰ ਹਨ। ਉਨ੍ਹਾਂ ਦੀ ਹਥਲੀ ਪੁਸਤਕ 'ਬੇਤਰਤੀਬੀਆਂ' ਨੂੰ ਗਹੁ ਨਾਲ ਪੜ੍ਹਦਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਗ਼ਜ਼ਲਕਾਰੀ ਉੱਪਰ ਕਿਸੇ ਵੀ ਪੁਰਾਣੇ ਗ਼ਜ਼ਲਕਾਰ ਦਾ ਪਰਛਾਵਾਂ ਨਹੀਂ। ਉਨ੍ਹਾਂ ਦੀ ਇਹ ਵਿਲੱਖਣਤਾ ਇਸ ਪੱਖੋਂ ਵੀ ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਗੱਲ ਕਹਿਣ ਦਾ ਹੁਨਰ ਵੀ ਪੂਰੀ ਤਰ੍ਹਾਂ ਮੌਲਿਕ ਹੈ। ਅਜੋਕੇ ਪਦਾਰਥਵਾਦੀ ਵਰਤਾਰੇ ਦੀ ਮਾਨਸਿਕ ਦਸ਼ਾ ਅਤੇ ਦਿਸ਼ਾ ਬਾਰੇ ਉਨ੍ਹਾਂ ਦੀ ਸੂਝ-ਬੂਝ ਵੀ ਬੜੀ ਸੂਖਮ ਹੈ:
ਗੁਜ਼ਾਰੀ ਉਮਰ ਏਸੇ ਕਸ਼ਮਕਸ਼ ਵਿਚ
ਰਹਾਂ ਏਧਰ ਕਿ ਪਰਲੇ ਪਾਰ ਜਾਵਾਂ
ਇਕੱਲਾ ਦੌੜਦਾਂ ਹਰ ਦੌੜ ਫਿਰ ਵੀ
ਮੈਂ ਆਪਣੇ ਆਪ ਤੋਂ ਹੀ ਹਾਰ ਜਾਵਾਂ
ਮਨੁੱਖ ਦਾ ਸਭ ਤੋਂ ਵੱਡਾ ਦੁੱਖਾਂਤ ਇਹੋ ਹੀ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਆਪਣੇ-ਆਪ ਨਾਲ ਇੱਕਸੁਰ ਨਹੀਂ ਹੁੰਦਾ। ਕਦੇ ਉਸ ਨੂੰ ਭਵਿੱਖ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਅਤੇ ਕਦੇ ਉਹ ਬੀਤੇ ਦੀਆਂ ਘਟਨਾਵਾਂ ਨੂੰ ਚੇਤੇ ਕਰ ਕਰ ਕੇ ਝੂਰਦਾ ਰਹਿੰਦਾ ਹੈ। ਜੀਵਨ ਦੇ ਕਿਸੇ ਵੀ ਬਿੰਦੂ 'ਤੇ ਉਹ ਇੱਕਜੁਟ ਹੁੰਦਾ ਦਿਖਾਈ ਨਹੀਂ ਦਿੰਦਾ। ਉਸ ਦਾ ਇਸ ਤਰ੍ਹਾਂ ਹਰ ਸਮੇਂ ਬਿਖਰਿਆ ਰਹਿਣਾ ਹੀ ਅਸਲ ਵਿਚ ਉਸ ਦੇ ਆਪਣੇ-ਆਪ ਨਾਲ ਅਸਹਿਮਤ ਰਹਿਣ ਦਾ ਕਾਰਨ ਬਣ ਜਾਂਦਾ ਹੈ:
ਆਖ਼ਰੀ ਮੰਜ਼ਿਲ 'ਤੇ
ਪਹੁੰਚਣ ਬਾਅਦ ਵੀ ਮੇਰਾ ਵਜੂਦ
ਥੋੜ੍ਹਾ-ਥੋੜ੍ਹਾ ਰਸਤਿਆਂ ਵਿਚ
ਬਿਖਰਿਆ ਹੀ ਰਹਿ ਗਿਆ
ਜਗਵਿੰਦਰ ਜੋਧਾ ਦੀ ਕਲਮ ਤੋਂ ਹੁਣ ਤੱਕ ਡੇਢ ਦਰਜਨ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਸਾਹਿਤਕ ਹਲਕਿਆਂ ਵਿਚ ਬੇਹੱਦ ਸਲਾਹਿਆ ਗਿਆ ਹੈ। ਬਹਿਰ-ਵਜ਼ਨ ਦਾ ਮਸਲਾ ਵੀ ਉਨ੍ਹਾਂ ਲਈ ਕੋਈ ਜ਼ਾਬਤੇ ਵਰਗੀ ਸ਼ੈਅ ਨਹੀਂ ਕਿਉਂਕਿ ਉਹ ਜੋ ਕੁਝ ਵੀ ਕਹਿੰਦੇ ਹਨ, ਉਸ ਨੂੰ ਕਿਸੇ ਤਰਤੀਬ ਵਿਚ ਕਰਨ ਦੀ ਗੁੰਜ਼ਾਇਸ਼ ਹੀ ਨਹੀਂ ਹੁੰਦੀ। ਸਿਧਾਂਤ, ਵਿਚਾਰਧਾਰਾ, ਇਤਿਹਾਸ, ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਪਰੰਪਰਾ ਸੰਬੰਧੀ ਉਨ੍ਹਾਂ ਦੀ ਜਾਣਕਾਰੀ ਬੜੀ ਵਿਆਪਕ ਹੈ। ਪੰਜਾਬੀ ਗ਼ਜ਼ਲ ਨੂੰ ਪਿਆਰ ਕਰਨ ਵਾਲੇ ਪਾਠਕਾਂ ਲਈ ਉਨ੍ਹਾਂ ਦਾ ਇਹ ਸੁਹਿਰਦ ਉਪਰਾਲਾ ਬੇਹੱਦ ਮਹੱਤਵਪੂਰਨ ਅਤੇ ਜ਼ਿਕਰਯੋਗ ਹੈ।


-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027


ਪਰਵੀਨ
ਲੇਖਕ : ਡਾ. ਗੁਰਬੀਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 116
ਸੰਪਰਕ : 98780-34447


'ਪਰਵੀਨ' ਨਾਵਲ ਡਾ. ਗੁਰਬੀਰ ਸਿੰਘ ਦੁਆਰਾ ਲਿਖਿਆ ਗਿਆ ਹੈ। ਹਥਲਾ ਨਾਵਲ ਉਨ੍ਹਾਂ ਦਾ ਦੂਸਰਾ ਨਾਵਲ ਹੈ। ਇਸ ਤੋਂ ਪਹਿਲਾਂ ਉਸ ਨੇ ਇਕ ਕਹਾਣੀ ਸੰਗ੍ਰਹਿ 'ਮੈਂ ਪੰਜਾਬ ਬੋਲਦਾ ਹਾਂ' ਅਤੇ ਇਕ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਏ ਹਨ। ਹਥਲੇ ਨਾਵਲ ਨੂੰ 26 ਕਾਂਡਾਂ ਵਿਚ ਤਕਸੀਮ ਕੀਤਾ ਗਿਆ ਹੈ। ਜਿਨ੍ਹਾਂ ਵਿਚ ਸਮਾਜ ਵਿਚਲੇ ਅਜੋਕੇ ਯਥਾਰਥ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਨਸ਼ਿਆਂ ਅਤੇ ਦਾਜ ਲੋਭੀ ਲੋਕਾਂ ਦੁਆਰਾ ਕੋਹਲੂ ਦੇ ਬੈਲ ਵਾਂਗ ਨਪੀੜੀ ਜਾ ਰਹੀ ਔਰਤ ਦੀ ਤ੍ਰਾਸਦੀ ਨੂੰ ਪੇਸ਼ ਕੀਤਾ ਹੈ। ਸਮੁੱਚਾ ਨਾਵਲ ਹੀ ਇਕ ਔਰਤ ਦੀ ਸੰਘਰਸ਼ਮਈ ਜ਼ਿੰਦਗੀ, ਦੁੱਖਾਂ ਸੰਤਾਪਾਂ ਦੀ ਗਾਥਾ ਨੂੰ ਬਿਆਨ ਕਰਦਾ ਹੈ ਕਿ ਧੀਆਂ ਮਾਂ-ਪਿਓ ਨੂੰ ਕਿੰਨੀਆਂ ਪਿਆਰੀਆਂ ਹੁੰਦੀਆਂ ਹਨ ਤਾਂ ਹੀ ਤਾਂ ਕਹਿੰਦੇ ਹਨ ਕਿ 'ਧੀਆਂ ਦੇ ਦੁੱਖ ਢਾਡੇ, ਇਹ ਰਾਤ ਨੂੰ ਉੱਠ ਕੇ ਨਹੀਂ ਖਾਂਦੀਆਂ'। ਇਹੋ ਜਿਹਾ ਕੁਝ ਹੀ ਦੋ ਭੈਣਾਂ ਦੀ ਜ਼ਿੰਦਗੀ ਵਿਚਲਾ ਸੱਚ ਹੋ ਨਿੱਬੜਦਾ ਹੈ, ਜਿਨ੍ਹਾਂ ਨੂੰ ਅਜਿਹੇ ਕੋਝੇ ਮਨੁੱਖਾਂ ਦਾ ਸਾਥ ਮਿਲਦਾ ਹੈ ਤੇ ਇਕ ਭੈਣ ਤਾਂ ਵਿਚਾਰੀ ਉਸ ਦੇ ਪਤੀ ਦੁਆਰਾ ਮਾਰ ਹੀ ਦਿੱਤੀ ਜਾਂਦੀ ਹੈ ਤੇ ਦੂਜੀ ਭੈਣ ਪਰਵੀਨ ਦੇ ਪਤੀ ਜਗਜੀਵਨ ਨੂੰ ਨਸ਼ੇ ਦੀ ਲਤ ਲੱਗੀ ਹੁੰਦੀ ਹੈ। ਇਸ ਤਰ੍ਹਾਂ ਪਰਵੀਨ ਨਾਲ ਵੀ ਧੋਖਾ ਹੀ ਹੋ ਜਾਂਦਾ ਹੈ ਤੇ ਲਵਲੀਨ ਦਾ ਪਤੀ ਪਾਲੀ ਉਸ ਨੂੰ ਕੁੱਟ-ਕੁੱਟ ਕੇ ਹੀ ਮਾਰ ਦਿੰਦਾ ਹੈ। ਸਮੁੱਚਾ ਨਾਵਲ ਪਰਵੀਨ ਦੀ ਜ਼ਿੰਦਗੀ ਦੁਆਲੇ ਹੀ ਘੁੰਮਦਾ ਹੈ। ਪਰਵੀਨ ਆਪਣੀ ਜ਼ਿੰਦਗੀ ਤੋਂ ਅੱਕ ਕੇ ਕਿਸੇ ਸਾਧ ਦੇ ਡੇਰੇ 'ਤੇ ਵੀ ਜਾਣਾ ਚਾਹੁੰਦੀ ਹੈ ਪਰ ਫਿਰ ਜੁਆਕ ਸਿਆਣੇ ਹੋ ਜਾਂਦੇ ਹਨ ਅਤੇ ਉਹ ਡੇਰੇ ਵਾਲੇ ਸਾਧ ਦੇ ਅਯਾਸ਼ੀ ਭਰੇ ਵਤੀਰੇ ਨੂੰ ਭਾਂਪ ਜਾਂਦੀ ਹੈ ਜਿਸ ਤੋਂ ਪੱਲਾ ਛੁਡਾ ਕੇ ਉਹ ਆਪਣੇ ਪਤੀ ਜਗਜੀਵਨ ਨੂੰ ਨਸ਼ਾ ਛਡਾਊ ਕੇਂਦਰ ਵਿਚ ਦਾਖਲ ਕਰਾ ਦਿੰਦੀ ਹੈ ਅਤੇ ਆਪਣੇ ਬੇਟੇ ਆਕਾਸ਼ ਨੂੰ ਆਪਣੇ ਭਰਾ ਨਾਲ ਕੈਨੇਡਾ ਪਹੁੰਚਾ ਦਿੰਦੀ ਹੈ। ਜਦੋਂ ਹੀ ਪਰਵੀਨ ਦੀ ਜ਼ਿੰਦਗੀ ਵਿਚ ਕੁਝ ਸੁਖਾਂਤਕ ਪਲ ਆਉਂਦੇ ਹਨ ਤਾਂ ਨਾਵਲ ਇਕਦਮ ਹੀ ਦੁਖਾਂਤ ਵਿਚ ਬਦਲ ਜਾਂਦਾ ਹੈ, ਜਦੋਂ ਜਗਜੀਵਨ ਦਾ ਦੋਸਤ ਰੌਕੀ ਪਰਵੀਨ ਦੀ ਬੇਟੀ ਖੁਸ਼ੀ ਨਾਲ ਜਬਰਜਨਾਹ ਕਰ ਦਿੰਦਾ ਹੈ ਤੇ ਵਿਚਾਰੀ ਖੁਸ਼ੀ ਦੀ ਜ਼ਿੰਦਗੀ ਰੋਲ ਦਿੰਦਾ ਹੈ, ਜੋ ਬਹੁਤ ਹੀ ਤ੍ਰਾਸਦਿਕ ਘਟਨਾ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਸ ਪੂਰੇ ਨਾਵਲ ਵਿਚ ਹੀ ਔਰਤ ਦੀ ਤ੍ਰਾਸਦੀ ਅਤੇ ਗਾਥਾ ਦੀ ਪੇਸ਼ਕਾਰੀ ਦਾ ਬਿਰਤਾਂਤ ਸਿਰਜਿਆ ਗਿਆ ਹੈ। ਨਾਵਲ ਪੜ੍ਹਣਯੋਗ ਹੈ। ਨਾਵਲਕਾਰ ਨੂੰ ਮੁਬਾਰਕਬਾਦ।


-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161


ਵਿਗਿਆਨੀਆਂ ਨਾਲ ਜੁੜੀਆਂ ਕਥਾ-ਕਹਾਣੀਆਂ
ਲੇਖਕ : ਗੁਰਦੇਵ ਸਿੰਘ ਜੌਹਲ (ਸਵ:)
ਪ੍ਰਕਾਸ਼ਕ : ਸਵੇਰਾ ਪ੍ਰਕਾਸ਼ਨ, ਜਲੰਧਰ
ਮੁੱਲ : 225 ਰੁਪਏ, ਸਫ਼ੇ : 152
ਸੰਪਰਕ : 0181-2210996


ਹਥਲੀ ਪੁਸਤਕ ਦੇ ਲੇਖਕ ਸਵ: ਪ੍ਰੋਫ਼ੈਸਰ ਗੁਰਦੇਵ ਸਿੰਘ ਜੌਹਲ ਦੀ ਅਖ਼ੀਰਲੀ ਲਿਖਤ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਵਿਗਿਆਨੀਆਂ ਦੀਆਂ ਜੀਵਨੀਆਂ ਆਧਾਰਿਤ ਪੁਸਤਕਾਂ ਲਿਖੀਆਂ ਹਨ, ਜੋ ਬਹੁਤ ਪਸੰਦ ਕੀਤੀਆਂ ਗਈਆਂ ਹਨ। ਇਸ ਪੁਸਤਕ ਵਿਚ ਵਿਗਿਆਨੀਆਂ ਦੀਆਂ ਕਾਢਾਂ ਤੇ ਉਨ੍ਹਾਂ ਦੇ ਨਿੱਜੀ ਜੀਵਨ ਨਾਲ ਜੁੜੀਆਂ ਘਟਨਾਵਾਂ ਦਾ ਵਰਨਣ ਕੀਤਾ ਗਿਆ ਹੈ, ਜੋ ਪਾਠਕ ਵਰਗ ਲਈ ਪ੍ਰੇਰਨਾ ਸਰੋਤ ਹੈ।
ਲੇਖਕ ਨੇ ਪੂਰੀ ਪੁਸਤਕ ਵਿਚ 123 ਘਟਨਾਵਾਂ ਨੂੰ ਬਹੁਤ ਹੀ ਸੁਹਜਮਈ ਤਰੀਕੇ ਨਾਲ ਪੇਸ਼ ਕੀਤਾ ਹੈ, ਪਰ ਕਿਤੇ-ਕਿਤੇ ਇਕੋ ਵਿਗਿਆਨੀ ਦੀ ਇਕੋ ਘਟਨਾ ਨੂੰ ਤਿੰਨ-ਚਾਰ ਵਾਰ ਦੁਹਰਾਇਆ ਗਿਆ ਹੈ, ਜਿਸ ਤਰ੍ਹਾਂ ਯੂਨਾਨੀ ਲੇਖਕ ਥੇਲਜ਼ ਤਾਰੇ ਦੇਖਣ ਦਾ ਬਹੁਤ ਸ਼ੌਕੀਨ ਸੀ, ਉਹ ਤਾਰੇ ਦੇਖਦਾ-ਦੇਖਦਾ ਖ਼ੂਹ 'ਚ ਹੀ ਡਿੱਗ ਪਿਆ। ਇਹ ਘਟਨਾ ਪੰਨਾ 24 'ਤੇ ਵੀ ਹੈ ਤੇ ਫਿਰ ਪੰਨਾ 28 'ਤੇ ਵੀ ਹੈ ਇਕ ਹੋਰ ਜਗ੍ਹਾ ਵੀ ਹੈ। ਇਸ ਤਰ੍ਹਾਂ ਕਈ ਵਿਗਿਆਨੀਆਂ ਦੀਆਂ ਘਟਨਾਵਾਂ ਨੂੰ ਦੁਹਰਾਇਆ ਗਿਆ ਹੈ। ਇਥੇ ਕੁਝ ਕੁ ਵਿਗਿਆਨੀਆਂ ਦੀਆਂ ਦਿਲਚਸਪ ਗੱਲਾਂ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ। ਜਿਸ ਤਰ੍ਹਾਂ ਪੰਨਾ 9 'ਤੇ ਭਾਰਤੀ ਵਿਗਿਆਨੀ ਜਗਦੀਸ਼ ਚੰਦਰ ਬੋਸ ਨੇ ਇਹ ਸਿੱਧ ਕਰਨ ਲਈ ਕਿ ਜ਼ਹਿਰ ਦਾ ਪੌਦਿਆਂ 'ਤੇ ਕੀ ਅਸਰ ਹੁੰਦਾ ਹੈ। ਇਕ ਪੌਦੇ ਨੂੰ ਜ਼ਹਿਰ ਦਾ ਟੀਕਾ ਲਾਇਆ ਤਾਂ ਉਸ ਨੂੰ ਕੁਝ ਵੀ ਨਾ ਹੋਇਆ ਫਿਰ ਉਸ ਨੇ ਆਪਣੇ ਟੀਕਾ ਲਾਇਆ ਤੇ ਉਸ ਨੂੰ ਵੀ ਕੁਝ ਨਾ ਹੋਇਆ। ਦਰਅਸਲ ਟੀਕਾ ਕਿਸੇ ਹੋਰ ਦਵਾਈ ਦਾ ਸੀ। ਜ਼ਹਿਰ ਦਾ ਟੀਕਾ ਲਾਇਆ ਤਾਂ ਉਹ ਮੁਰਝਾ ਗਿਆ। ਇਸੇ ਤਰ੍ਹਾਂ ਵਿਗਿਆਨੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਨੇ ਟੈਲੀਫੋਨ ਦੀ ਕਾਢ ਆਪਣੀ ਮਾਂ ਤੇ ਪਤਨੀ ਲਈ ਕੀਤੀ ਸੀ ਕਿਉਂਕਿ ਉਹ ਸੁਣ ਨਹੀਂ ਸਨ ਸਕਦੀਆਂ। ਇਸੇ ਤਰ੍ਹਾਂ ਰਸਾਇਣ ਵਿਗਿਆਨੀ ਭਾਰਤ ਰਤਨ ਚਿੰਤਾਮਣੀ ਨਾਗੇਸ਼ ਰਾਮ ਚੰਦਰ ਰਾਓ ਨੇ 60 ਯੂਨੀਵਰਸਿਟੀਆਂ ਤੋਂ ਆਨਰੇਰੀ ਡਿਗਰੀਆਂ ਲਈਆਂ ਹੋਈਆਂ ਸਨ। ਇਸ ਵਿਗਿਆਨੀ ਦੇ 1400 ਤੋਂ ਵੱਧ ਲੇਖ ਛਪ ਚੁੱਕੇ ਸਨ। 45 ਤੋਂ ਵੱਧ ਵਿਗਿਆਨ ਬਾਰੇ ਪੁਸਤਕਾਂ ਵੀ ਲਿਖੀਆਂ ਸਨ। ਅਸਫਰਿਡ ਹਿੱਚਕਾਕ ਜਿਸ ਨੇ ਰੇਬੀਜ਼ ਦੀ ਖੋਜ ਕੀਤੀ ਉਹ ਆਂਡਿਆਂ ਤੋਂ ਬਹੁਤ ਡਰਦੇ ਸਨ। ਆਪਣੇ ਵਿਆਹ ਵਾਲੇ ਦਿਨ ਉਹ ਪ੍ਰੋਯਗਸ਼ਾਲਾ 'ਚ ਤਜਰਬੇ ਕਰਨ 'ਚ ਰੁੱਝੇ ਹੋਏ ਸਨ, ਲਾਵਾਂ ਲੈਣ ਦਾ ਚੇਤਾ ਹੀ ਨਾ ਰਿਹਾ। ਪ੍ਰਯੋਗਸ਼ਾਲਾ 'ਚੋਂ ਕੰਮ ਨਿਬੇੜ ਕੇ ਫਿਰ ਲਾਵਾਂ ਲੈਣ ਗਏ ਸਨ। ਬੱਲਬ ਦੀ ਖੋਜ ਕਰਨ ਵਾਲੇ ਥਾਮਸ ਐਡੀਸਨ ਨੂੰ ਬੱਲਬ ਬਣਾਉਂਦਿਆਂ 2000 ਵਾਰ ਅਸਫ਼ਲਤਾ ਦਾ ਮੂੰਹ ਦੇਖਣਾ ਪਿਆ ਸੀ। ਠੀਕ ਇਸੇ ਤਰ੍ਹਾਂ ਉਨ੍ਹਾਂ ਦੀਆਂ ਸਾਰੀਆਂ ਘਟਨਾਵਾਂ ਬੜੀਆਂ ਰੌਚਿਕ ਤੇ ਜਾਣਕਾਰੀ ਭਰਪੂਰ ਹਨ। ਕਹਿ ਸਕਦੇ ਹਾਂ ਕਿ ਵਿਦਿਆਰਥੀਆਂ ਲਈ ਇਹ ਪੁਸਤਕ ਬਹੁਤ ਲਾਹੇਵੰਦ ਸਾਬਿਤ ਹੋ ਸਕਦੀ ਹੈ।


-ਡੀ. ਆਰ. ਬੰਦਨਾ
ਮੋਬਾਈਲ : 94173-89003

05-05-2024

  ਸਿੱਖ ਪੰਥ ਵਿਚ ਬ੍ਰਾਹਮਣ ਭਾਈਚਾਰੇ ਦਾ ਯੋਗਦਾਨ
ਲੇਖਕ : ਮਹਿੰਦਰ ਸਿੰਘ ਰਾਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲਧਿਆਣਾ
ਮੁੱਲ : 350 ਰੁਪਏ, ਸਫ਼ੇ : 231
ਸੰਪਰਕ : 93560-92469

ਸ. ਮਹਿੰਦਰ ਸਿੰਘ ਰਾਹੀ ਖੋਜੀ ਬਿਰਤੀ ਦੇ ਮਾਲਕ ਹਨ | ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ 'ਤੇ ਪੰਜਾਬੀ ਦੀਆਂ ਗਿਆਰਾਂ ਕਿਤਾਬਾਂ ਅਤੇ ਤਿੰਨ ਹਿੰਦੀ ਵਿਚ ਸਾਹਿਤ ਜਗਤ ਨੂੰ ਦਿਤੀਆਂ ਹਨ | ਹਥਲੀ ਕਿਤਾਬ ਬਹੁਤ ਹੀ ਮਿਹਨਤ ਤੇ ਖੋਜ ਵਾਲੀ ਹੈ | ਇਸ ਪੁਸਤਕ ਨੂੰ ਲੇਖਕ ਨੇ ਚਾਰ ਭਾਗਾਂ ਵਿਚ ਤਕਸੀਮ ਕੀਤਾ ਹੈ | ਪਹਿਲੇ ਭਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਪੰਜ ਬਾਣੀਕਾਰਾਂ ਦੇ ਜੀਵਨ ਅਤੇ ਰਚਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ | ਇਹ ਸਾਰੇ ਬ੍ਰਾਹਮਣ ਜਾਤੀ ਵਿਚੋਂ ਹਨ | ਜਿਵੇਂ ਭਗਤ ਜੈਦੇਵ, ਭਗਤ ਬੇਣੀ, ਭਗਤ ਰਾਮਾਨੰਦ, ਭਗਤ ਪਰਮਾਨੰਦ, ਭਗਤ ਸੂਰਦਾਸ ਹਨ | ਇਨ੍ਹਾਂ ਬਾਣੀਕਾਰਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਰਚਨਾ ਵਿਚੋਂ ਇਕ-ਇਕ ਸ਼ਬਦ ਚੁਣ ਕੇ ਲੇਖਕ ਨੇ ਉਸ ਦੀ ਵਿਆਖਿਆ ਕੀਤੀ ਹੈ | ਦੂਜੇ ਭਾਗ ਵਿਚ ਗਿਆਰਾਂ ਭੱਟ ਬਾਣੀਕਾਰਾਂ ਦੇ ਜੀਵਨ ਅਤੇ ਰਚਨਾ ਬਾਰੇ ਵੇਰਵਾ ਦਿੱਤਾ ਗਿਆ ਹੈ | ਬ੍ਰਾਹਮਣ ਭੱਟ ਬਾਣੀਕਾਰ, ਜਿਨ੍ਹਾਂ ਵਿਚ ਭੱਟ ਕਲਸਹਾਰ, ਭੱਟ ਜਾਲਪ, ਭੱਟ ਕੀਰਤ, ਭੱਟ ਭਿੱਖਾ, ਭੱਟ ਸਲ੍ਹ, ਭੱਟ ਭਲ, ਭੱਟ ਨਲ੍ਹ, ਭੱਟ ਗਯੰਦ, ਭੱਟ ਮਥੁਰਾ, ਭੱਟ ਬਲ੍ਹ, ਭੱਟ ਹਰਿਬੰਸ ਅਤੇ ਉਨ੍ਹਾਂ ਵਲੋਂ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਵਿਚ ਰਚੇ ਬਾਈ ਸਵੱਈਆਂ ਦੇ ਮੂਲ ਪਾਠ ਸਹਿਤ ਵਿਆਖਿਆ ਕੀਤੀ ਗਈ ਹੈ | ਤੀਜੇ ਭਾਗ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 26 ਬ੍ਰਾਹਮਣ ਦਰਬਾਰੀ ਕਵੀਆਂ ਵਿਚ, ਕੁੰਵਰੇਸ਼ ਕਵੀ, ਗੋਪਾਲ ਜੀ, ਹੰਸ ਰਾਮ ਬਾਜਪੇਈ, ਪੰਡਿਤ ਦੇਵੀ ਦਾਸ, ਕਵੀ ਸੁੰਦਰ ਜੀ, ਪੰਡਿਤ ਬਿ੍ਜ ਲਾਲ, ਹਰਿਜਸ ਰਾਇ, ਪੰਡਿਤ ਮਿੱਠੂ, ਪੰਡਿਤ ਸੁਖਦੇਵ, ਪਿੰਡੀ ਲਾਲ, ਪੰਡਿਤ ਨੰਦ ਲਾਲ, ਕਵੀ ਚੰਦਨ ਜੀ, ਕਵੀ ਬਿ੍ੰਦ ਜੀ, ਅੰਮਿ੍ਤ ਰਾਯ ਲਾਹੌਰੀਆ, ਹੀਰ ਭੱਟ, ਬ੍ਰਹਿਮ ਭੱਟ, ਕੇਸੋ ਸਿੰਘ ਭੱਟ, ਦੇਸਾ ਸਿੰਘ ਭੱਟ, ਨੂਰਬਦ ਸਿੰਘ ਭੱਟ, ਕਵੀ ਆਲਮ ਸਿੰਘ, ਕਲੂਆ ਭੱਟ, ਬੱਲੂ ਭੱਟ, ਮੱਲੂ ਭੱਟ, ਬੱਲਭ, ਸੁਦਾਮਾ, ਭਾਈ ਚਉਪਾ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਅਤੇ ਉਨ੍ਹਾਂ ਦੀਆਂ ਉਪਲਬਧ ਰਚਨਾਵਾਂ ਦਾ ਖ਼ੁਲਾਸਾ ਕੀਤਾ ਹੈ | ਚੌਥੇ ਭਾਗ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਦੇ ਸਿੱਖ ਪੰਥ ਵਿਚ ਬ੍ਰਾਹਮਣ ਭਾਈਚਾਰੇ ਦੇ 16 ਸ਼ਹੀਦਾਂ ਅਤੇ ਸੇਵਕਾਂ ਦੇ ਯੋਗਦਾਨ ਬਾਰੇ ਹਵਾਲਿਆਂ ਸਹਿਤ ਚਰਚਾ ਕੀਤੀ ਹੈ | ਭਾਈ ਗੰਗਾ ਰਾਮ, ਬਾਬਾ ਅਲਮਸਤ ਜੀ, ਬਾਬਾ ਬਾਲੂ ਹਸ਼ਣਾ ਜੀ, ਭਾਈ ਜੱਟੂ ਜੀ ਸ਼ਹੀਦ, ਭਾਈ ਪਿਰਾਗਾ ਜੀ ਸ਼ਹੀਦ, ਭਾਈ ਸਿੰਘਾ ਜੀ ਪੁਰੋਹਿਤ ਸ਼ਹੀਦ, ਭਾਈ ਜਾਤੀ ਮਲਿਕ, ਮਾਤਾ ਭਾਗਭਰੀ ਤੇ ਸੇਵਾ ਦਾਸ, ਭਾਈ ਬੱਠਾ, ਭਾਈ ਮਤੀ ਦਾਸ ਸ਼ਹੀਦ, ਭਾਈ ਸਤੀ ਦਾਸ ਸ਼ਹੀਦ, ਭਾਈ ਕਿ੍ਪਾ ਸਿੰਘ ਸ਼ਹੀਦ, ਭਾਈ ਸਾਹਿਬ ਚੰਦ (ਸਾਹਿਬ ਸਿੰਘ ਸ਼ਹੀਦ), ਭਾਈ ਸੁੰਦਰ ਸਿੰਘ ਸ਼ਹੀਦ, ਭਾਈ ਦਯਾ ਰਾਮ ਪੁਰੋਹਿਤ ਅਤੇ ਸ਼ਹੀਦਾਂ ਦੇ ਜੀਵਨ ਬਾਰੇ ਧਰਮ ਨਾਲ ਸੰਬੰਧਿਤ ਸਿੱਖ ਇਤਿਹਾਸਕ ਗ੍ਰੰਥਾਂ ਦੇ ਹਵਾਲਿਆਂ ਨਾਲ ਭਰਪੂਰ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ | ਪੰਜਵੇਂ ਭਾਗ ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਛੱਡਣ ਸਮੇਂ ਬੀਬੀ ਲੱਛਮੀ ਦੇਵੀ, ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸੇਵਾ ਅਤੇ ਸਿੱਖ ਮਿਸਲਾਂ ਦੇ ਰਾਜ ਸਮੇਂ ਹੋਈਆਂ ਬਹਾਦਰ ਬੀਬੀਆਂ ਬੀਬੀ ਲੱਛਮੀ ਦੇਵੀ, ਬੀਬੀ ਸ਼ਰਣ ਕੌਰ ਅਤੇ ਬੀਬੀ ਸ਼ਮਸ਼ੇਰ ਕੌਰ, ਜੋ ਬ੍ਰਾਹਮਣ ਬਰਾਦਰੀ ਵਿਚੋਂ ਸਨ, ਦੀ ਬੀਰਤਾ ਬਾਰੇ ਵੀ ਉਲੇਖ ਹੈ | ਇਸ ਪੁਸਤਕ ਦੀ ਸਮੱਗਰੀ ਵਾਸਤੇ ਕਵਿ ਸੈਨਾਪਤਿ ਦਾ ਗੁਰੂ ਸੋਭਾ (1711 ਈ:), ਕਵੀ ਸੋਹਨ ਗੁਰ ਬਿਲਾਸ ਪਾਤਿਸ਼ਾਹੀ ਛੇਵੀਂ (1718 ਈ.), ਕਵੀ ਕੁਇਰ ਸਿੰਘ ਗੁਰ ਬਿਲਾਸ ਪਾਤਿਸ਼ਾਹੀ ਦਸਵੀਂ (1751ਈ.), ਬਾਬਾ ਸਰੂਪ ਦਾਸ ਭੱਲਾ ਦਾ ਮਹਿਮਾ ਪ੍ਰਕਾਸ਼ (1776 ਈ.), ਕੇਸਰ ਸਿੰਘ ਛਿੱਬਰ ਬੰਸਾਵਲੀਨਾਮਾ ਦਸਾਂ ਪਾਤਿਸ਼ਾਹੀਆਂ ਕਾ (1779 ਈ.), ਭਾਈ ਸੁੱਖਾ ਸਿੰਘ ਗੁਰ ਬਿਲਾਸ ਪਾਤਿਸ਼ਾਹੀ 10 (1797 ਈ.), ਸ. ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ (1841 ਈ.), ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਦਾ ਗੁਰ ਪ੍ਰਤਾਪ ਸੂਰਯ (1842 ਈ.), ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ (1880 ਈ.), ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ (1930 ਈ.) ਦੇ ਇਤਿਹਾਸਕ ਗ੍ਰੰਥਾਂ ਵਿਚੋਂ ਸਰੋਤ ਹਵਾਲਿਆਂ ਦਾ ਸਹਿਯੋਗ ਲਿਆ ਗਿਆ ਹੈ | ਲਗਭਗ 46 ਦੇ ਕਰੀਬ ਹਵਾਲਾ ਪੁਸਤਕਾਂ ਦੀ ਸੂਚੀ ਵੀ ਦਿਤੀ ਗਈ ਹੈ, ਜਿਨ੍ਹਾਂ ਤੋਂ ਸਹਿਯੋਗ ਲਿਆ ਗਿਆ ਹੈ | ਕਿਤਾਬ ਬਹੁਤ ਗਿਆਨਵਾਨ, ਮੁਲਵਾਨ ਹੈ ਲੇਖਕ ਸਿੱਖ ਪੰਥ ਵਿਚ ਬ੍ਰਾਹਮਣ ਭਾਈਚਾਰੇ ਦੇ ਯੋਗਦਾਨ ਦੀ ਇਤਿਹਾਸਕਾਰੀ ਨੂੰ ਪੇਸ਼ ਕਰਨ ਵਿਚ ਸਫ਼ਲ ਹੋਇਆ ਹੈ | ਇਹ ਕਿਤਾਬ ਖੋਜਾਰਥੀਆਂ ਲਈ ਗਿਆਨ ਵਰਧਕ ਹੈ |

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਅਕਥੁ ਨ ਕਥਨਾ ਜਾਈ
ਲੇਖਕ : ਤੇਜਿੰਦਰ ਚੰਡਿਹੋਕ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 168
ਸੰਪਰਕ : 95010-00224

ਪੰਜਾਬੀ ਵਿਚ ਸੈਂਕੜੇ ਨਹੀਂ, ਬਲਕਿ ਹਜ਼ਾਰਾਂ ਕਿਤਾਬਾਂ ਹਰ ਵਰ੍ਹੇ ਛਪਦੀਆਂ ਹਨ ਤੇ ਪੰਜਾਬੀ ਦੇ ਅਖ਼ਬਾਰ ਇਨ੍ਹਾਂ ਪੁਸਤਕਾਂ ਦੀ ਸਮੀਖਿਆ ਜਾਂ ਰੀਵਿਊ ਆਪਣੇ ਉੱਦਮ ਅਤੇ ਖ਼ਰਚ 'ਤੇ ਪ੍ਰਕਾਸ਼ਿਤ ਕਰਦੇ ਰਹਿੰਦੇ ਹਨ | ਉਨ੍ਹਾਂ ਵਲੋਂ ਨਿਸ਼ਚਿਤ ਕੀਤੇ ਸਮੀਖਿਆਕਾਰ/ਆਲੋਚਕ ਇਨ੍ਹਾਂ ਪੁਸਤਕਾਂ ਦੀ ਸਮੀਖਿਆ ਕਰਕੇ ਅਖ਼ਬਾਰਾਂ ਨੂੰ ਭੇਜਦੇ ਰਹਿੰਦੇ ਹਨ | ਇਸ ਕਾਰਜ ਖ਼ਾਤਰ ਉਨ੍ਹਾਂ ਨੂੰ ਥੋੜ੍ਹਾ-ਬਹੁਤ ਸੇਵਾਫ਼ਲ ਵੀ ਮਿਲਦਾ ਰਹਿੰਦਾ ਹੈ | ਪ੍ਰਕਾਸ਼ਿਤ ਸਮੀਖਿਆਵਾਂ ਨੂੰ ਕਿਤਾਬੀ ਰੂਪ ਵਿਚ ਛਪਵਾਉਣ ਦੀ ਨਾ ਕੋਈ ਪਰੰਪਰਾ ਹੈ ਤੇ ਨਾ ਹੀ ਕੋਈ ਪਿਰਤ ਹੈ | ਕਦੀ-ਕਦਾਈਾ ਕੋਈ-ਕੋਈ ਲੇਖਕ ਇਸ ਸਮੀਖਿਆ ਨੂੰ ਕਿਤਾਬੀ ਰੂਪ ਵਿਚ ਛਪਵਾਉਣ ਦਾ ਉੱਦਮ ਵੀ ਕਰਦਾ ਵਿਖਾਈ ਦੇ ਜਾਂਦਾ ਹੈ | ਪਿੱਛੇ ਜਿਹੇ ਡਾ. ਲਾਭ ਸਿੰਘ ਖੀਵਾ ਦੀ ਅਜਿਹੀ ਹੀ ਪੁਸਤਕ ਪ੍ਰਕਾਸ਼ ਵਿਚ ਆਈ ਸੀ ਤੇ ਹੁਣ ਚੰਡਿਹੋਕ ਨੇ ਇਹੋ ਉਪਰਾਲਾ ਕੀਤਾ ਹੈ | ਪਰ ਇਸ ਕਿਤਾਬ ਵਿਚਲੀਆਂ ਸਮੀਖਿਆਵਾਂ ਕਿਸੇ ਅਖ਼ਬਾਰ ਜਾਂ ਪੱਤਿ੍ਕਾ ਨੇ ਲੇਖਕ ਨੂੰ ਕਿਤਾਬਾਂ ਘੱਲ ਕੇ ਨਹੀਂ ਕਰਵਾਈਆਂ ਗਈਆਂ | ਸਗੋਂ ਇਹ ਕਿਤਾਬਾਂ ਲੇਖਕਾਂ ਨੇ ਸਮੀਖਿਆ ਲਈ ਲੇਖਕ ਨੂੰ ਭੇਟ ਕੀਤੀਆਂ ਹੋਈਆਂ ਹਨ ਜਾਂ ਡਾਕ/ਕੋਰੀਅਰ ਰਾਹੀਂ ਭੇਜੀਆਂ ਹੋਈਆਂ ਹਨ | ਲੇਖਕ ਨੇ ਦੋਸਤੀ ਜਾਂ ਅਪਣੱਤ ਵਜੋਂ ਇਸ ਕਾਰਜ ਦਾ ਉੱਦਮ ਕੀਤਾ ਹੈ | ਸਮੀਖਿਆ ਜਿਥੇ ਨਵੀਂ ਕਿਤਾਬ ਦੀ ਮੋਟੀ-ਮੋਟੀ ਜਾਣ-ਪਛਾਣ ਹੁੰਦੀ ਹੈ | ਇਹ ਪੂਰੇ ਆਲੋਚਨਾ ਪੇਪਰ ਦੀ ਥਾਂ ਮਿੰਨੀ ਆਲੋਚਨਾ ਹੁੰਦੀ ਹੈ ਜਿਸ ਵਿਚ ਬਹੁਤਾ ਵਿਸਥਾਰ ਨਹੀਂ ਹੁੰਦਾ | ਲੇਖਕ ਨੇ ਇਸ ਪੁਸਤਕ ਵਿਚ ਕੁੱਲ ਸੰਤਾਲੀ ਸਮੀਖਿਆਵਾਂ ਸ਼ਾਮਿਲ ਕੀਤੀਆਂ ਹਨ, ਜਿਨ੍ਹਾਂ ਵਿਚ ਨਾਵਲ, ਕਹਾਣੀਆਂ, ਕਵਿਤਾਵਾਂ, ਮਿੰਨੀ ਕਹਾਣੀਆਂ ਤੇ ਹਾਇਕੂ ਦੀਆਂ ਕਿਤਾਬਾਂ ਸ਼ਾਮਿਲ ਹਨ | ਲੇਖਕ ਪਹਿਲਾਂ ਸਮੀਖਿਆਵਾਂ ਨੂੰ ਢੁੱਕਵਾਂ ਸਿਰਲੇਖ ਦਿੰਦਾ ਹੈ ਤੇ ਫਿਰ ਉਸ ਵਿਚਲੀ ਸਮੱਗਰੀ ਅਤੇ ਵਿਚਾਰਾਂ ਦੀ ਤਨਕੀਟ ਕਰਦਾ ਹੈ, ਪਰ ਉਸ ਦੀਆਂ ਬਹੁਤੇ ਸਮੀਖਿਆਵਾਂ ਸੁਖਾਂਤਕਾਰੀ ਹੁੰਦੀ ਹਨ | ਸਮੀਖਿਆਵਾਂ ਦੇ ਅੰਤ ਵਿਚ ਉਹ ਕਿਤਾਬ ਦੇ ਲੇਖਕ ਨੂੰ ਸ਼ਾਬਾਸ਼ ਦਿੰਦਿਆਂ ਉਸ ਦੀ ਉਸਤਤਿ ਹੀ ਕਰਦਾ ਹੈ | ਇਸ ਤਰ੍ਹਾਂ ਸਮੀਖਿਆਕਾਰ ਲੇਖਕਾਂ ਦੀਆਂ ਵਾਧੂ ਦੁਸ਼ਮਣੀਆਂ, ਰੰਜਿਸ਼ਾਂ ਅਤੇ ਉਲਾਂਭਿਆਂ ਤੋਂ ਬਚਿਆ ਰਹਿੰਦਾ ਹੈ |

-ਕੇ. ਐਲ. ਗਰਗ
ਮੋਬਾਈਲ : 94635-37050

ਸਿੰਘ ਸਭਾ ਲਾਹੌਰ ਦਾ ਧੁਰਾ
ਪ੍ਰੋ. ਗੁਰਮੁਖ ਸਿੰਘ
ਲੇਖਕ : ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 176
ਸੰਪਰਕ : 98550-93211

ਡਾ. ਗੁਰਦੇਵ ਸਿੰਘ ਸਿੱਧੂ ਨੇ ਆਪਣਾ ਲੇਖਕੀ-ਜੀਵਨ ਮਾਲਵੇ ਦੇ ਕਿੱਸਾ-ਕਾਵਿ ਦੇ ਅਧਿਐਨ ਤੋਂ ਸ਼ੁਰੂ ਕੀਤਾ ਅਤੇ ਉਸ ਉਪਰੰਤ ਸੁਤੰਤਰਤਾ ਅੰਦੋਲਨ ਵਿਚ ਪੰਜਾਬੀਆਂ ਦੇ ਯੋਗਦਾਨ ਤੋਂ ਹੁੰਦਾ ਹੋਇਆ ਸਿੱਖ ਇਤਿਹਾਸ ਦੇ ਗੌਰਵ ਤਕ ਪਹੁੰਚ ਗਿਆ ਹੈ | ਹਥਲੇ ਮੋਨੋਗ੍ਰਾਫ਼ ਵਿਚ ਉਸ ਨੇ ਓਰੀਐਂਟਲ ਕਾਲਜ ਲਾਹੌਰ ਦੇ ਰੀਡਰ-ਪ੍ਰੋਫ਼ੈਸਰ ਗੁਰਮੁਖ ਸਿੰਘ ਦਾ ਪ੍ਰਮਾਣਿਕ ਜੀਵਨ-ਚਰਿੱਤਰ ਤਿਆਰ ਕੀਤਾ ਹੈ | ਉਸ ਨੇ ਤੱਥਾਂ ਦੀ ਖੋਜ-ਪੜਤਾਲ ਲਈ ਪੂਰੀ ਸਿਦਕਦਿਲੀ ਅਤੇ ਨਿਸ਼ਠਾ ਤੋਂ ਕੰਮ ਲਿਆ ਹੈ | ਪ੍ਰੋ. ਗੁਰਮੁਖ ਸਿੰਘ ਦਾ ਜਨਮ ਪਿੰਡ ਚੰਧੜ ਜ਼ਿਲ੍ਹਾ ਗੁੱਜਰਾਂਵਾਲਾ ਵਿਚ ਹੋਇਆ ਸੀ, ਪਰ ਉਸ ਦੀ ਪਾਲਣਾ-ਪੋਸ਼ਣਾ ਤੇ ਮੁਢਲੀ ਪੜ੍ਹਾਈ-ਲਿਖਾਈ ਕਪੂਰਥਲਾ ਦੇ ਕੰਵਰ ਬਿਕਰਮ ਸਿੰਘ ਦੀ ਸਰਪ੍ਰਸਤੀ ਵਿਚ ਹੋਈ, ਜੋ ਖ਼ੁਦ ਸਿੱਖ-ਕਾਜ਼ ਦਾ ਮੁਦਈ ਅਤੇ ਵਿਦਵਾਨ ਰਾਜਪੁਰਖ ਸੀ | ਉਸ ਨੇ ਗੁਰਮੁਖ ਸਿੰਘ ਨੂੰ ਉਚੇਰੀ ਪੜ੍ਹਾਈ ਲਈ ਗੌਰਮਿੰਟ ਕਾਲਜ ਲਾਹੌਰ ਭੇਜਿਆ, ਜੋ ਉਨ੍ਹਾਂ ਦਿਨਾਂ ਵਿਚ ਕਲਕੱਤਾ ਯੂਨੀਵਰਸਿਟੀ ਨਾਲ ਸੰਬੰਧਿਤ ਸੀ | ਇਥੋਂ ਉਸ ਨੇ ਐਫ.ਏ. ਕੀਤੀ ਅਤੇ ਬਾਅਦ ਵਿਚ ਐਮ.ਏ. (ਗਣਿਤ) ਤਕ ਦੀ ਪੜ੍ਹਾਈ ਕੀਤੀ | ਇਸ ਉਪਰੰਤ ਉਹ ਓਰੀਐਂਟਲ ਕਾਲਜ ਲਾਹੌਰ ਵਿਚ ਪ੍ਰਾਧਿਆਪਕ ਲੱਗ ਗਿਆ ਅਤੇ ਲਗਭਗ ਛੇ ਵਰ੍ਹੇ ਇਸ ਕਾਲਜ ਵਿਚ ਪੜ੍ਹਾਇਆ | ਗਿਆਨੀ ਦਿੱਤ ਸਿੰਘ ਵੀ ਇਸੇ ਕਾਲਜ ਵਿਚ ਪੰਜਾਬੀ ਦੇ ਅਧਿਆਪਕ ਸਨ | ਸਿੱਖ ਸਮਾਜ ਵਿਚ ਅਧੋਗਤੀ ਅਤੇ ਕੁਰੀਤੀਆਂ ਨੂੰ ਦੇਖ ਕੇ ਪ੍ਰੋ. ਗੁਰਮੁਖ ਸਿੰਘ ਦੇ ਯਤਨਾਂ ਨਾਲ ਸਿੰਘ ਸਭਾ ਅੰਮਿ੍ਤਸਰ (1873) ਅਤੇ ਸਿੰਘ ਸਭਾ ਲਾਹੌਰ (1879) ਦੀ ਸਥਾਪਨਾ ਹੋਈ | ਬਾਅਦ ਵਿਚ ਪੰਜਾਬ ਦੀਆਂ ਸਾਰੀਆਂ ਸਿੰਘ ਸਭਾਵਾਂ ਨੂੰ ਸੰਗਠਿਤ ਅਤੇ ਸੂਤਰਬੱਧ ਕਰਨ ਲਈ 'ਖ਼ਾਲਸਾ ਦੀਵਾਨ' ਦੀ ਸਥਾਪਨਾ ਵੀ ਕੀਤੀ ਗਈ | ਪ੍ਰੋ. ਗੁਰਮੁਖ ਸਿੰਘ ਇਨ੍ਹਾਂ ਸਭਾਵਾਂ ਅਤੇ 'ਦੀਵਾਨ' ਦੇ ਜਨਰਲ ਸਕੱਤਰ ਰਹੇ | ਉਨ੍ਹਾਂ ਨੇ ਸਿੱਖ ਧਰਮ ਦੀ ਪ੍ਰਮਾਣਿਕਤਾ ਬਰਕਰਾਰ ਰੱਖਣ ਲਈ ਬੜਾ ਵਡਮੁੱਲਾ ਯੋਗਦਾਨ ਦਿੱਤਾ | ਡਾ. ਗੁਰਦੇਵ ਸਿੰਘ ਸਿੱਧੂ ਦਾ ਲਿਖਿਆ ਹੋਇਆ ਇਹ ਮੋਨੋਗ੍ਰਾਫ਼ ਇਕ ਇਤਿਹਾਸਕ ਦਸਤਾਵੇਜ਼ ਹੈ |

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਆਪਣੇ ਘਰੀਂ ਪ੍ਰੌਹਣੇ
ਲੇਖਕ : ਅਬਦੁਲ ਕਰੀਮ ਕੁਦਸੀ
ਸੰਪਾਦਕ : ਫ਼ੈਸਲ ਮਕਸੂਦ, ਕੁਲਵਿੰਦਰ, ਸਤੀਸ਼ ਗੁਲਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 96
ਸੰਪਰਕ : 95011-45039

ਪਿਛਲੇ ਕੁਝ ਸਮੇਂ ਤੋਂ ਭਾਰਤੀ ਪੰਜਾਬ ਵਿਚ ਪਾਕਿਸਤਾਨੀ ਪੰਜਾਬੀ ਅਦੀਬਾਂ ਦੀਆਂ ਪੁਸਤਕਾਂ ਨੂੰ ਲਿਪੀਅੰਤਰ ਕਰਨ ਦਾ ਰੁਝਾਨ ਵਧਿਆ ਹੈ | ਇਸ ਦੇ ਉਲਟ ਪਾਕਿਸਤਾਨ ਵਿਚ ਇੱਧਰਲੇ ਪੰਜਾਬ ਦੇ ਕਲਮਕਾਰਾਂ ਨੂੰ ਓਨਾ ਮਹੱਤਵ ਨਹੀਂ ਦਿੱਤਾ ਗਿਆ | ਓਧਰ ਕਿਤਾਬਾਂ ਪੜ੍ਹਨ ਦੀ ਹਾਲਤ ਸਾਡੇ ਨਾਲੋਂ ਵੀ ਮਾੜੀ ਹੈ | ਉਂਝ ਅਦਬ ਦੀ ਕੋਈ ਸਰਹੱਦ ਨਹੀਂ ਹੁੰਦੀ ਤੇ ਕਲਾਕਾਰ ਦੀ ਕਲਾ ਨੂੰ ਵੰਡਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ | ਵਿਚਾਰਅਧੀਨ ਪੁਸਤਕ 'ਆਪਣੇ ਘਰੀਂ ਪ੍ਰੌਹਣੇ' ਪਾਕਿਸਤਾਨ ਦੇ ਪ੍ਰਸਿੱਧ ਪੰਜਾਬੀ ਸ਼ਾਇਰ ਅਬਦੁਲ ਕਰੀਮ ਕੁਦਸੀ ਦੁਆਰਾ ਰਚਿਤ ਹੈ | ਉਸ ਨੇ ਗ਼ਜ਼ਲ ਦੇ ਨਾਲ-ਨਾਲ ਨਜ਼ਮ ਤੇ ਗੀਤ ਰਚਨਾ ਵੀ ਕੀਤੀ ਹੈ ਤੇ ਸ਼ਾਇਰੀ ਦੀਆਂ ਇਹ ਤਿੰਨੇ ਸਿਨਫ਼ਾਂ ਇਸ ਪੁਸਤਕ ਵਿਚ ਦੇਖੀਆਂ ਜਾ ਸਕਦੀਆਂ ਹਨ | ਕੁਦਸੀ ਦੇਸੀ ਲਹਿਜ਼ੇ ਵਾਲੀ ਬੇਬਾਕੀ ਲਈ ਮਸ਼ਹੂਰ ਹੈ ਤੇ ਉਸ ਦੀਆਂ ਰਚਨਾਵਾਂ ਨੂੰ ਹਰ ਖਿੱਤੇ ਵਿਚ ਚਾਹ ਕੇ ਪੜਿ੍ਹਆ ਜਾਂਦਾ ਹੈ | ਇਸ ਕਾਵਿ-ਸੰਗ੍ਰਹਿ ਦੀ ਪਹਿਲੀ ਰਚਨਾ ਸ਼ਰਧਾਂਜਲੀ ਵਜੋਂ ਮਨਜ਼ੂਰ ਵਜ਼ੀਰਾਬਾਦੀ ਨੂੰ ਸਮਰਪਿਤ ਹੈ | ਇਸ ਤੋਂ ਅਗਲੀ ਗ਼ਜ਼ਲ ਵਿਚ ਉਹ ਆਸ਼ਾਵਾਦੀ ਹੈ ਕਿ ਆਉਣ ਵਾਲਾ ਸਮਾਂ ਉਨ੍ਹਾਂ ਦਾ ਹੋਵੇਗਾ, ਜਿਨ੍ਹਾਂ ਦੇ ਘਰਾਂ ਤਕ ਜ਼ਿੰਦਗੀ ਨਹੀਂ ਪਹੁੰਚੀ | ਗ਼ਜ਼ਲਕਾਰ ਅਨੁਸਾਰ ਜਿਨ੍ਹਾਂ ਨੇ ਚਿਹਰਿਆਂ 'ਤੇ ਨਕਾਬ ਪਹਿਨ ਰੱਖੇ ਹਨ ਉਨ੍ਹਾਂ ਦੇ ਨਾਮੋ-ਨਿਸ਼ਾਨ ਮਿਟ ਜਾਣਗੇ, ਉਹ ਕਿਤੇ ਨਜ਼ਰ ਨਹੀਂ ਆਉਣੇ | 'ਭੁੱਲ ਗਏ ਹਾਂ' ਰਦੀਫ਼ ਵਾਲੀ ਗ਼ਜ਼ਲ ਵਿਚ ਉਹ ਖ਼ੁਦ ਰਾਹੀਂ ਖ਼ਾਮੋਸ਼ੀਆਂ ਦੇ ਰੂਬਰੂ ਹੁੰਦਾ ਹੈ ਤੇ ਜੂਝਣ ਦੀ ਤਾਕੀਦ ਕਰਦਾ ਹੈ | ਉਹ ਕਹਿੰਦਾ ਹੈ ਸਾਨੂੰ ਕੱਤਣਾ ਤੇ ਅਟੇਰਨਾ ਭੁੱਲ ਗਿਆ ਹੈ ਤੇ ਸਾਂਝਾਂ ਦੀ ਥਾਂ ਨਫ਼ਰਤ ਸਾਡੇ ਜੀਵਨ ਦਾ ਹਿੱਸਾ ਬਣ ਗਈ ਹੈ | ਇੰਝ ਹੀ ਆਪਣੀਆਂ ਤਮਾਮ ਰਚਨਾਵਾਂ ਵਿਚ ਕੁਦਸੀ ਪ੍ਰਬੰਧਨ ਦੇ ਖ਼ਿਲਾਫ਼ ਆਪਣੀ ਆਵਾਜ਼ ਨੂੰ ਉਚਾਈ ਦਿੰਦਾ ਹੈ ਤੇ ਲਿਤਾੜੇ ਗਏ ਲੋਕਾਂ ਨੂੰ ਜੂਝਣ ਲਈ ਪ੍ਰੇਰਦਾ ਹੈ | ਇਸ ਪੁਸਤਕ ਦੀਆਂ ਰਚਨਾਵਾਂ ਦਾ ਸੰਦੇਸ਼ ਇਸ ਪਾਸੇ ਵੀ ਓਨਾ ਹੀ ਪ੍ਰਾਸੰਗਿਕ ਹੈ | ਕੁਲਵਿੰਦਰ ਤੇ ਸਤੀਸ਼ ਗੁਲਾਟੀ ਇਸ ਕਾਰਜ ਲਈ ਵਧਾਈ ਦੇ ਪਾਤਰ ਹਨ | ਇਸ ਕਾਵਿ ਸੰਗ੍ਰਹਿ ਵਿਚਲੀਆਂ ਗ਼ਜ਼ਲਾਂ ਵਿਚ ਤਕਨੀਕੀ ਤੌਰ 'ਤੇ ਕਾਫ਼ੀ ਭੁੱਲਾਂ ਹਨ ਤੇ ਪਾਕਿਸਤਾਨ ਵਿਚ ਆਮ ਕਰਕੇ ਇਨ੍ਹਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ | ਪੁਸਤਕ ਪੜ੍ਹਨਯੋਗ ਹੈ |

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਮਨਹੁ ਕੁਸੁਧਾ ਕਾਲੀਆ
ਲੇਖਕ : ਯਾਦਵਿੰਦਰ ਸਿੰਘ ਭੁੱਲਰ
ਪ੍ਰਕਾਸ਼ਕ : ਪੁਲਾਂਘ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 97790-50692

ਸਫ਼ਰਨਾਮਾ, ਪੱਤਰਕਾਰਤਾ ਅਤੇ ਕਾਵਿ ਵਿਧਾ ਰਾਹੀਂ ਆਪਣੀ ਪਛਾਣ ਬਣਾ ਚੁੱਕਿਆ ਲੇਖਕ ਯਾਦਵਿੰਦਰ ਸਿੰਘ ਭੁੱਲਰ ਆਪਣੇ ਪਲੇਠੇ ਨਾਵਲ 'ਮਨਹੁ ਕੁਸੁਧਾ ਕਾਲੀਆ' ਨਾਲ ਪਾਠਕਾਂ ਦੇ ਰੂ-ਬਰੂ ਹੋਇਆ ਹੈ | ਨਾਵਲਕਾਰ ਨੇ ਪੰਜਾਬ ਵਿਚ ਬੜੀ ਤੇਜ਼ੀ ਨਾਲ ਫੈਲ ਰਹੇ ਡੇਰਾਵਾਦ ਨੂੰ ਆਧਾਰ ਬਣਾ ਕੇ ਇਸ ਨਾਵਲ ਦਾ ਕਥਾਨਕ ਬੁਣਿਆ ਹੈ | ਬਿਨਾਂ ਸ਼ੱਕ ਇਨ੍ਹਾਂ ਡੇਰਿਆਂ ਦੀਆਂ ਸਰਗਰਮੀਆਂ ਬਾਰੇ ਬਹੁਤ ਕੁਝ ਮੀਡੀਆ ਦੀ ਸੁਰਖੀ ਬਣਿਆ ਰਹਿੰਦਾ ਹੈ | ਤ੍ਰਾਸਦੀ ਇਹ ਹੈ ਕਿ ਇਨ੍ਹਾਂ ਦੀ ਅਸਲੀਅਤ ਦੇਖ-ਸੁਣ ਤੇ ਪੜ੍ਹ ਕੇ ਵੀ ਕੀ ਗ਼ਰੀਬ, ਕੀ ਅਮੀਰ, ਕੀ ਪੜ੍ਹੇ-ਲਿਖੇ ਤੇ ਕੀ ਅਨਪੜ੍ਹ, ਕੀ ਪੇਂਡੂ ਤੇ ਕੀ ਸ਼ਹਿਰੀ, ਕੀ ਔਰਤਾਂ ਤੇ ਕੀ ਮਰਦ, ਕੀ ਬੱਚੇ-ਜਵਾਨ ਤੇ ਕੀ ਬਿਰਧ ਸਾਰੇ ਹੀ ਇਨ੍ਹਾਂ ਦੇ ਤਲਿਸਮੀ ਮਾਇਆਜਾਲ ਵੱਲ ਆਕਰਸ਼ਿਤ ਹੋ ਕੇ ਆਪਣਾ ਸਭ ਕੁਝ ਗੁਆ ਕੇ ਵੀ ਆਪਣੇ-ਆਪ ਨੂੰ ਇਸ ਤੋਂ ਅਲੱਗ ਨਹੀਂ ਕਰ ਪਾ ਰਹੇ | ਇਹ ਨਾਵਲ ਮੁੱਖ ਤੌਰ 'ਤੇ ਕਿਸ਼ੋਰ ਮਨਪ੍ਰੀਤ ਰਾਹੀਂ ਮਾਲਵੇ ਵਿਚ ਬੜੀ ਤੇਜ਼ੀ ਨਾਲ ਫੈਲ ਚੁੱਕੀ ਕੈਂਸਰ ਦੀ ਬਿਮਾਰੀ ਦੀ ਭਿਆਨਕਤਾ ਤੇ ਦੁਖਾਂਤ ਨੂੰ ਬਿਆਨ ਕਰਦਾ ਹੈ ਤੇ ਇਸ ਵਿਸ਼ੇ ਨੂੰ ਬੜੀ ਕੁਸ਼ਲਤਾ ਨਾਲ ਟਿੱਬੀ ਵਾਲੇ ਡੇਰੇ ਨਾਲ ਜੋੜ ਕੇ ਉੱਥੋਂ ਦੀ ਕਾਰਜਸ਼ੈਲੀ ਨੂੰ ਪੂਰੀ ਬੇਬਾਕੀ ਤੇ ਦਲੇਰੀ ਨਾਲ ਪੇਸ਼ ਕਰਦਾ ਹੈ | ਨਾਵਲ ਦਾ ਮੁੱਖ ਪਾਤਰ ਜਰਨੈਲ ਸਿੰਘ ਉਸ ਦੇ ਭਾਣਜੇ ਯਾਦ ਰਾਹੀਂ ਡੇਰੇ ਵਿਚ ਹੁੰਦੇ ਅਤੇ ਡੇਰੇ ਦੇ ਸੰਤ ਵਲੋਂ ਕੀਤੇ ਜਾਂਦੇ ਕੁਕਰਮਾਂ ਦੇ ਇਕ-ਇਕ ਕਰਕੇ ਪਾਜ ਉਘੇੜਦਾ ਹੈ | ਇਸ ਨਾਵਲ ਦਾ ਸਭ ਤੋਂ ਰੌਚਕਪਾਤਰ ਹੈ ਕਿਸ਼ੋਰ ਉਮਰ ਦਾ ਯਾਦ, ਜਿਹੜਾ ਡੇਰੇ ਵਿਚ ਛੇ ਸਾਲ ਰਹਿ ਕੇ ਡੇਰੇ ਦਾ ਸਾਰਾ ਨੰਗ ਵੇਖ ਆਪਣੇ ਘਰ ਪਰਤ ਆਇਆ ਹੈ ਤੇ ਉਹ ਉਸ ਡੇਰੇ ਤੋਂ ਉਪਰਾਮ ਹੋ ਚੁੱਕਿਆ ਹੈ | ਲੇਕਿਨ ਤ੍ਰਾਸਦੀ ਇਹ ਹੈ ਕਿ ਉਸ ਦੇ ਭਰਾ-ਭਰਜਾਈਆਂ ਉਸ ਨੂੰ ਮੁੜ ਡੇਰੇ ਭੇਜਣ ਲਈ ਤਰਲੋਮੱਛੀ ਹੁੰਦੇ ਹਨ ਤਾਂ ਕਿ ਉਸ ਦੇ ਜਾਣ ਮਗਰੋਂ ਉਹ ਉਸ ਦੇ ਹਿੱਸੇ ਦੀ ਜ਼ਮੀਨ ਹੜੱਪ ਕਰ ਸਕਣ ਤੇ ਡੇਰੇ ਵਾਲਾ ਸੰਤ ਉਸ ਨੂੰ ਮੁੜ ਡੇਰੇ ਵਿਚ ਲਿਆਉਣ ਲਈ ਇਸ ਲਈ ਕਾਹਲਾ ਹੈ ਕਿ ਉਹ ਕਿਧਰੇ ਉਸ ਡੇਰੇ ਦੀ ਪੋਲ ਨਾ ਖੋਲ੍ਹ ਦੇਵੇ | ਜਦੋਂ ਕਿ ਯਾਦ ਕਿਸੇ ਵੀ ਹਾਲਤ ਵਿਚ ਡੇਰੇ ਪਰਤਣਾ ਨਹੀਂ ਚਾਹੁੰਦਾ | ਫਿਰ ਉਸ ਤੋਂ ਡੇਰੇ ਵਿਚਲੀਆਂ ਕਰਤੂਤਾਂ ਜਾਣਨ ਮਗਰੋਂ ਉਸ ਦਾ ਮਾਮਾ ਜਰਨੈਲ ਸਿੰਘ ਵੀ ਡੇਰੇ ਦੇ ਖ਼ਿਲਾਫ਼ ਹੋ ਜਾਂਦਾ ਹੈ | ਨਾਵਲਕਾਰ ਨੇ ਇਸ ਨਾਵਲ ਰਾਹੀਂ ਅੰਨ੍ਹੀ ਸ਼ਰਧਾ ਦੇ ਮਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੈ |

- ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਬਾਤਾਂ
ਲੇਖਕ : ਭਰਗਾ ਨੰਦ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 160 ਰੁਪਏ, ਸਫ਼ੇ :”128
ਸੰਪਰਕ : 94646-97422

ਪੰਜਾਬੀ ਲੋਕ ਸਾਹਿਤ ਦਾ ਵਿਰਸਾ ਸਦੀਆਂ ਪੁਰਾਣਾ ਹੈ | ਲੋਕ-ਗੀਤਾਂ ਅਤੇ ਲੋਕ-ਕਹਾਣੀਆਂ 'ਚ ਸਾਡੇ ਸਭਿਆਚਾਰ ਦਾ ਖ਼ਜ਼ਾਨਾ ਓਤ-ਪੋਤ ਹੈ | ਮੌਖਿਕ ਰੂਪ 'ਚ ਲੋਕ-ਸਾਹਿਤ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੁਰਦਾ ਰਿਹਾ | ਸੁਣਨ ਦੀ ਪਰੰਪਰਾ ਨੇ ਇਸ ਖ਼ਜ਼ਾਨੇ ਨੂੰ ਜਿਊਾਦਾ ਰੱਖਿਆ | ਪੁਸਤਕ ਰੂਪ ਵਿਚ ਸੰਗ੍ਰਹਿਣ ਨਾਲ ਇਸ ਦੀ ਮਹੱਤਤਾ ਹੋਰ ਵੀ ਵਧ ਗਈ | ਲੋਕ-ਸਾਹਿਤ ਦੇ ਪਿਤਾਮਾ ਡਾ. ਵਣਜਾਰਾ ਬੇਦੀ ਨੇ ਅਥਾਹ ਮਿਹਨਤ ਕਰ ਕੇ ਇਸ ਨੂੰ ਸੰਭਾਲਣ ਦਾ ਅਦੁੱਤੀ ਕਾਰਜ ਕਰ ਵਿਖਾਇਆ | 'ਬਾਤਾਂ ਮੁੱਢ ਕਦੀਮ ਦੀਆਂ' ਪੁਸਤਕਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ | ਪਰਿਵਾਰਾਂ 'ਚ ਬਜ਼ੁਰਗਾਂ ਨੇ ਆਪਣੇ ਬੱਚਿਆਂ ਨੂੰ ਲੋਰੀਆਂ, ਬੁਝਾਰਤਾਂ, ਗੀਤਾਂ, ਚੁਟਕਲਿਆਂ ਅਤੇ ਬਾਤਾਂ ਰਾਹੀਂ ਜਿਥੇ ਮਨੋਰੰਜਨ ਕਰਨਾ ਹੁੰਦਾ ਸੀ, ਉਥੇ ਜੀਵਨ ਲਈ ਸਿੱਖਿਆ ਵੀ ਦੇਣੀ ਹੁੰਦੀ ਸੀ | ਇਹ ਪਰੰਪਰਾ ਅੱਗੇ-ਅੱਗੇ ਚਲਦੀ ਰਹੀ | ਅਜੋਕੇ ਯੁੱਗ ਵਿਚ ਸਾਡੀ ਜੀਵਨ ਸ਼ੈਲੀ ਬਦਲ ਗਈ | ਸਿੱਖਿਆ-ਪ੍ਰਣਾਲੀ ਰਾਹੀਂ ਲੋਕ-ਸਾਹਿਤ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਸਭਿਆਚਾਰ ਦੇ ਪਾਠਕ੍ਰਮ ਦਾ ਹਿੱਸਾ ਬਣ ਗਿਆ | ਇੰਝ ਬਾਤਾਂ ਸੁਣਨ ਨਾਲੋਂ ਪਾਠਨ ਵਿਧੀ ਬਣ ਗਈ | ਇਸ ਪ੍ਰਸੰਗ ਵਿਚ ਲੇਖਕ ਭਰਗਾ ਨੰਦ ਨੇ ਬਾਤਾਂ ਦੀ ਮਹੱਤਤਾ ਨੂੰ ਸਮਝਦਿਆਂ, ਇਨ੍ਹਾਂ ਬਾਤਾਂ ਨੂੰ ਪੁਨਰ ਸੁਰਜੀਤ ਕੀਤਾ | ਇਨ੍ਹਾਂ ਬਾਤਾਂ 'ਚ ਜਿਥੇ ਰੌਚਿਕਤਾ ਹੈ, ਉਥੇ ਜੀਵਨ ਦੇ ਡੂੰਘੇ ਤਜਰਬਿਆਂ ਰਾਹੀਂ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਗਈ | ਹਾਸਾ-ਠੱਠਾ ਵੀ ਹੈ ਅਤੇ ਕਟਾਖ਼ਸ਼ (ਵਿਅੰਗ) ਵੀ | ਸਮਾਜ ਦੇ ਵੱਖ-ਵੱਖ ਵਰਗਾਂ ਦੇ ਪਾਤਰ ਬਾਤਾਂ ਵਿਚ ਪ੍ਰਤੀਬਿੰਬਤ ਹੁੰਦੇ ਹਨ | ਜਾਨਵਰਾਂ, ਜੀਵਾਂ ਤੇ ਪੰਛੀਆਂ ਰਾਹੀਂ ਬਾਤਾਂ ਦੀ ਸਿਰਜਣਾ ਕੀਤੀ ਗਈ | ਬੋਲ-ਚਾਲ ਵਾਲੀ ਭਾਸ਼ਾ ਰਾਹੀਂ ਇਹ ਬਾਤਾਂ ਮਨੁੱਖ ਦੇ ਬਹੁਤ ਨੇੜੇ ਹਨ | ਸੰਵਾਦ ਵਿਧੀ ਪ੍ਰਬਲ ਹੈ | ਪੁਸਤਕ ਦੇ ਪਹਿਲੇ (ੳ) ਸਰਮ ਵਿਚ 'ਲਪੋਟ ਸੰਖ' ਬਾਤ ਤੋਂ ਲੈ ਕੇ ਅ-ਚਾਰੂਦੱਤ ਤੱਕ 21 ਕਥਾਵਾਂ ਹਨ ਅਤੇ ਸਰਮ ਦੂਜੇ-ਅ ਵਿਚ ਨਿੱਕੀਆਂ ਲੋਕ-ਕਥਾਵਾਂ 'ਰਿਸ਼ਤਿਆਂ ਦੀ ਮਹਿਕ' 22 ਤੋਂ 'ਫੁਰ-ਰ-ਰ' 33 ਤੱਕ 12 ਕਥਾਵਾਂ ਸ਼ਾਮਿਲ ਹਨ | 'ਕਾਂ ਦਾ ਬਦਲਾ' ਪੜ੍ਹਦਿਆਂ ਪੁਰਾਣੀ ਕਾਵਿ-ਕਹਾਣੀ ਦਾ ਸਾਰਾਂਸ਼ ਯਾਦ ਆਉਂਦਾ ਹੈ, ਜਿਸ ਵਿਚ ਬਲ ਨਾਲੋਂ ਢੰਗ (ਵਿਧੀ) ਦੀ ਸ਼ਕਤੀ ਵੱਧ ਦੱਸੀ ਗਈ ਹੈ : 'ਬਲ ਤੋਂ ਕਾਰਜ ਨਾ ਸਰੇ, ਢੰਗ ਨਾਲ ਹੋ ਜਾਏ | ਕਾਉਣੀ ਕਾਲੇ ਸੱਪ ਨੂੰ ਹਾਰ ਚੁਰਾ ਮਰਵਾਏ |' ਇੰਝ ਹੀ ਹੋਰ ਕਥਾਵਾਂ ਸਾਨੂੰ ਚੇਤੇ ਆਉਂਦੀਆਂ ਹਨ | ਅੱਜ ਦੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਅਜਿਹੀਆਂ ਪੁਸਤਕਾਂ ਦੀ ਆਪਣੀ ਅਹਿਮੀਅਤ ਹੈ | ਭਰਗਾ ਨੰਦ ਨੇ ਮਿਹਨਤ ਕਰਕੇ ਇਨ੍ਹਾਂ ਕਥਾਵਾਂ ਨੂੰ ਪੁਸਤਕ 'ਬਾਤਾਂ' ਰਾਹੀਂ ਸੰਗ੍ਰਹਿਣ ਦਾ ਪ੍ਰਸੰਸਾਮਈ ਉੱਦਮ ਕੀਤਾ ਹੈ | ਬਾਲ-ਸਾਹਿਤ ਦੇ ਪੱਖੋਂ ਇਹ ਪੁਸਤਕ ਬੱਚਿਆਂ ਲਈ ਪੜ੍ਹਨਯੋਗ ਹੈ |

-ਮਨਮੋਹਨ ਸਿੰਘ ਦਾਊ
ਮੋਬਾਈਲ : 98151-23900

05-05-2024

ਕਲੰਦਰੀ
ਗੀਤਕਾਰ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਰੌਸ਼ਨ ਕਲਾ ਕੇਂਦਰ, ਹੁਸ਼ਿਆਰਪੁਰ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 99184-44002


ਗੁਰਦਿਆਲ ਰੌਸ਼ਨ ਦਾ ਇਹ ਗੀਤ ਸੰਗ੍ਰਹਿ 'ਕਲੰਦਰੀ' ਉਸ ਦੀ 48ਵੀਂ ਸਾਹਿਤਕ ਪ੍ਰਕਾਸ਼ਿਤ ਪੁਸਤਕ ਹੈ। ਰੌਸ਼ਨ ਨੇ ਆਪਣੀ ਕਲਮ ਦੀ ਸਿਆਹੀ ਕਦੇ ਵੀ ਸੁੱਕਣ ਨਹੀਂ ਦਿੱਤੀ। ਉਸ ਨੇ ਆਪਣੀ ਉਮਰ ਦੇ ਸਾਰੇ ਬਿਹਤਰ ਸਾਲ ਲੇਖਣੀ ਦੇ ਨਾਂਅ ਲਾਏ ਹਨ। ਉਸ ਨੇ ਜਿਥੇ 20 ਗ਼ਜ਼ਲ-ਸੰਗ੍ਰਹਿ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਏ ਹਨ, ਉਥੇ 10 ਗੀਤ-ਸੰਗ੍ਰਹਿ ਵੀ ਸਿਰਜੇ ਅਤੇ ਪ੍ਰਕਾਸ਼ਿਤ ਕਰਵਾਏ ਹਨ। ਰੌਸ਼ਨ ਸਮਕਾਲ ਦੇ ਸਾਰੇ ਭਖਦੇ ਮਸਲਿਆਂ ਪ੍ਰਤੀ ਚੇਤਨਤਾ ਜਗਾਈ ਰੱਖਦਾ ਹੈ। ਦੇਸ਼ ਭਾਰਤ ਹੀ ਨਹੀਂ, ਉਹ ਸੰਸਾਰ ਦੇ ਲੋਕ ਮਸਲਿਆਂ ਉੱਤੇ ਵੀ ਲਿਖਦਾ ਆ ਰਿਹਾ ਹੈ। ਉਸ ਦੀ ਸ਼ਿਅਰਕਾਰੀ ਵਕਤ ਦੇ ਸਰੋਕਾਰਾਂ ਦਾ ਆਇਨਾ ਹੈ। ਉਹ ਕਹਿੰਦਾ ਹੈ ਕਿ ਸ਼ਾਇਰੀ ਨਿੱਜੀ ਪਿਆਰ ਅਤੇ ਨਿੱਜੀ ਮਸਲਿਆਂ ਤੱਕ ਹੀ ਮਹਿਦੂਦ ਨਹੀਂ ਹੋਣੀ ਚਾਹੀਦੀ, ਸਗੋਂ ਉਹ ਮਸਲੇ ਜੋ ਲੋਕਾਂ ਦੇ ਸਾਹਮਣੇ ਮੂੰਹ ਅੱਡੀ ਖੜ੍ਹੇ ਹਨ, ਉਨ੍ਹਾਂ ਬਾਰੇ ਵੀ ਕਵੀਆਂ/ ਗੀਤਕਾਰਾਂ ਨੂੰ ਕਲਮ ਚੁੱਕਣੀ ਚਾਹੀਦੀ ਹੈ। ਭਾਰਤ ਵਰਗਾਂ ਵਿਚ ਵੰਡਿਆ ਦੇਸ਼ ਹੈ। ਹੇਠਲੇ ਵਰਗ ਨਪੀੜੇ ਜਾ ਰਹੇ ਹਨ। ਮੰਨੂਵਾਦੀ ਨਜ਼ਰੀਆ ਬੇਜ਼ਮੀਨੇ ਲੋਕਾਂ ਵਿਚ ਅਤਿ ਤ੍ਰਾਸਦੀ ਪੇਸ਼ ਕਰ ਰਿਹਾ ਹੈ। ਰੌਸ਼ਨ ਨੂੰ ਇਸ ਗੱਲ ਦਾ ਇਲਮ ਹੈ ਕਿ ਲੋਕਾਂ ਨੂੰ ਮਾਨਵ ਮਸਲਿਆਂ ਤੋਂ ਪਰ੍ਹਾਂ ਧੱਕਦੀ ਸ਼ਾਇਰੀ ਦਾ ਹਕੂਮਤਾਂ ਅਤੇ ਗਾਇਕਾਂ ਨੇ ਲੋਕਾਂ ਨੂੰ ਚਸਕਾ ਪਾ ਦਿੱਤਾ ਹੋਇਆ ਹੈ, ਇਸ ਚਸਕੇ ਨੂੰ ਸਾਦਗੀ ਨਾਲ ਬਦਲਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਵੰਗਾਰਿਆ ਸੀ ਅਤੇ 'ਰਾਜੇ ਸੀਹ ਮੁਕਦਮ ਕੁਤੇ' ਕਹਿ ਕੇ ਹਾਕਮਾਂ ਨੂੰ ਦੁਰਕਾਰਿਆ ਸੀ।
ਦੇਸ਼ ਆਜ਼ਾਦ ਹੋਇਆ ਭਗਤ, ਰਾਜਗੁਰੂ ਤੇ ਸੁਖਦੇਵ ਸਿੰਘ ਜਿਹੇ ਅਨੇਕਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਪਰ ਜਿਹੜੀ ਆਜ਼ਾਦੀ ਸਾਡੇ ਗ਼ਦਰੀ ਬਾਬਿਆਂ ਨੇ ਚਿਤਵੀ ਸੀ, ਉਹ ਕਿੱਥੇ ਹੈ? ਸਿਰਫ਼ ਸੱਤਾਧਾਰੀ ਧਿਰ ਹੀ ਬਦਲਦੀ ਹੈ। ਹੁਣ ਵੀ ਐਸਾ ਹੀ ਹੈ ਕਿ ਪਾਰਟੀਆਂ ਬਦਲ ਜਾਂਦੀਆਂ ਨੇ, ਮਸਲੇ ਜਿਉਂ ਦੇ ਤਿਉਂ ਰਹਿੰਦੇ ਹਨ। ਬੇਰੁਜ਼ਗਾਰੀ, ਅਨਪੜ੍ਹਤਾ, ਗ਼ਰੀਬੀ ਅਤੇ ਲਾਰੇ-ਲੱਪੇ ਦੀ ਰਾਜਨੀਤੀ ਲੋਕਾਂ ਨੂੰ ਉੱਲੂ ਬਣਾ ਕੇ ਰਾਜ ਕਰਦੀ ਹੈ। ਐਸੇ ਲੋਕ ਮਸਲਿਆਂ ਨੂੰ ਗੁਰਦਿਆਲ ਰੌਸ਼ਨ ਆਪਣੇ ਸ਼ਿਅਰਾਂ/ਕਵਿਤਾਵਾਂ ਅਤੇ ਖ਼ਾਸ ਕਰ ਗੀਤਾਂ ਵਿਚ ਦਲੇਰੀ ਨਾਲ ਪੇਸ਼ ਕਰਦਾ ਹੈ। ਉਹ ਸੰਸਾਰ ਭਰ ਦੇ ਸ਼ਾਇਰਾਂ ਦੇ ਚੰਗੇ ਸ਼ਿਅਰ ਪੇਸ਼ ਕਰਦਾ ਹੈ, ਜਿਨ੍ਹਾਂ ਵਿਚ ਲੋਕ ਮਸਲਿਆਂ ਦੀ ਮਹਿਕ ਹੈ।
ਕਲੰਦਰੀ ਗੀਤ ਸੰਗ੍ਰਹਿ ਇਕ ਭਰਪੂਰ ਗੀਤ ਸੰਗ੍ਰਹਿ ਹੈ, ਜਿਸ ਵਿਚ ਕਰੀਬ 225 ਸ਼ਾਨਦਾਰ ਗੀਤ ਹਨ। ਇਹ ਗੀਤ ਗੀਤਕਾਰੀ ਦੇ ਸਾਹੇ ਤਕਨੀਕੀ ਪੱਖ ਪੂਰਨ ਕਰਦੇ ਹਨ।
ਪਹਿਲੇ ਹੀ ਗੀਤ ਵਿਚ ਉਹ ਸੰਸਾਰ ਭਰ ਦੇ ਲੇਖਕਾਂ ਵਾਸਤੇ ਕਲੰਦਰੀ ਸਿਰਜਦਾ ਹੈ :
-ਪੱਲੇ 'ਚ ਫਕੀਰੀਆਂ ਤੇ ਸਾਹ ਨੇ ਕਲੰਦਰੀ।
ਸਾਥੋਂ ਕੀ ਤੂੰ ਲੈਣਾ, ਸਾਡੇ ਰਾਹ ਨੇ ਕਲੰਦਰੀ...
ਪੁੱਛ ਨਾ ਤੂੰ ਸਾਨੂੰ ਅਸੀਂ ਕਿੰਨੇ ਮਜਬੂਰ ਆਂ,
ਰੌਸ਼ਨ ਬੁਰੇ ਆਂ ਤੇਰੀ ਦੁਨੀਆ ਤੋਂ ਦੂਰ ਆਂ,
ਹੋਏ ਜਲ ਥਲ ਕੇ ਸੁਆਹ ਨੇ ਕਲੰਦਰੀ।...
ਉਸ ਦੇ ਕੁਝ ਗੀਤਾਂ ਦੇ ਮੁਖੜੇ ਇਥੇ ਦਰਜ ਨੇ ਤੇ ਸਾਰਾ ਗੀਤ ਉਸ ਦੀ ਕਲੰਦਰੀ ਵਿਚ ਹੈ :
-ਸੂਟ ਬੂਟ ਨਵੇਂ ਤੇ ਨਕੋਰ ਲੈ ਗਏ,
ਮੁੰਨੀ ਤੇਰੀ ਗੁੱਡੀ ਕਾਲੇ ਚੋਰ ਲੈ ਗਏ।
-ਜਦ ਗਾਇਆ ਇਕ ਸੁਰ ਵਿਚ, ਦੂਰ ਹਨੇਰਾ ਹੋਵੇਗਾ
ਚੰਦ ਸਿਤਾਰੇ ਕਿ ਦਿਨ ਸੂਰਜ ਤੇਰਾ ਹੋਵੇਗਾ
-ਹੰਝੂ, ਪੀੜ, ਲਹੂ, ਦੁੱਖਾਂ ਦੀ ਪੰਡ ਭੁਲਾਈ ਜਾ ਨਹੀਂ ਸਕਦੀ,
ਸਾਡੇ ਕੋਲੋਂ ਸੰਤਾਲੀ ਦੀ ਵੰਡ ਭੁਲਾਈ ਜਾ ਨਹੀਂ ਸਕਦੀ।
-ਬਾਬਿਆਂ ਦੇ ਡੇਰਿਆਂ 'ਤੇ ਨਾ ਜਾਈਂ ਕੁੜੀਏ
ਆਪਣੀ ਤੂੰ ਆਬਰੂ ਬਚਾਈਂ ਕੁੜੀਏ।
ਕਲੰਦਰੀ ਦੇ ਸਾਰੇ ਗੀਤ ਲੋਕ ਮਸਲਿਆਂ ਅਤੇ ਪੱਛੜੇ ਵਰਗ ਦੀਆਂ ਵਿਰੋਧਤਾਈਆਂ ਨੂੰ ਅਕਲ ਨਾਲ ਪੇਸ਼ ਕਰਦੇ ਹਨ। ਸਾਰੇ ਗੀਤ ਸਟੇਜਾਂ ਉੱਤੇ ਗਾਏ ਜਾਣ ਵਾਲੇ ਹਨ। ਰੌਸ਼ਨ ਇਨਕਲਾਬੀ ਗੀਤਕਾਰ ਹੈ ਤੇ ਉਸ ਦੇ ਗੀਤ ਲੋਕ ਧਰਾਤਲ ਦੀ ਜੀਨਤ ਹਨ।

-ਸੁਲੱਖਣ ਸਰਹੱਦੀ
ਮੋਬੀਲ : 94174-84337

ਚਾਰ ਸਾਹਿਬਜ਼ਾਦੇ
ਲੇਖਕ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ:- ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98141-45047

ਹਥਲੀ ਕਿਤਾਬ ਦੇਸ਼, ਕੌਮ ਤੇ ਧਰਮ ਲਈ ਕੁਰਬਾਨ ਹੋਏ ਦਸਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਅਨੌਖੀ, ਲਾਸਾਨੀ ਤੇ ਦਿਲ ਚੀਰਵੀਂ ਸ਼ਹਾਦਤ ਦੀ ਗਾਥਾ ਹੈ। ਇਸ ਕਿਤਾਬ ਦਾ ਸਮਰਪਨ ਵੀ ਉਨ੍ਹਾਂ ਸਾਰੇ ਸ਼ਹੀਦ ਸਿੰਘ-ਸਿੰਘਣੀਆਂ ਨੂੰ ਜਿਨ੍ਹਾਂ ਨੇ ਆਪਣੇ ਦੇਸ਼ ਕੌਮ ਤੇ ਧਰਮ ਖ਼ਾਤਿਰ ਆਪਣੀਆਂ ਅਨਮੋਲ ਜ਼ਿੰਦੜੀਆਂ ਕੁਰਬਾਨ ਕਰ ਦਿੱਤੀਆਂ। ਲੇਖਿਕਾ ਨੇ ਕਿਤਾਬ ਨੂੰ ਚੌਦਾਂ ਅਧਿਆਇਆਂ ਵਿਚ ਵੰਡਿਆ ਹੈ। ਪਹਿਲੇ ਅਧਿਆਇ ਵਿਚ ਸਾਹਿਬਜ਼ਾਦਿਆਂ ਦਾ ਜਨਮ ਤੇ ਬਚਪਨ, ਦੂਜੇ ਵਿਚ ਖ਼ਾਲਸਾ ਪੰਥ ਦੀ ਸਾਜਨਾ ਤੇ ਸਾਹਿਬਜ਼ਾਦਿਆਂ ਦਾ ਅੰਮ੍ਰਿਤ ਛਕਣਾ, ਅਧਿਆਇ ਤੀਜੇ ਵਿਚ ਪਹਾੜੀ ਰਾਜਿਆਂ ਵਲੋਂ ਵਿਰੋਧ, ਚੌਥੇ ਵਿਚ ਪਹਾੜੀ ਰਾਜਿਆਂ ਨਾਲ ਜੰਗਾਂ, ਪੰਜਵਾਂ, ਅਨੰਦਪੁਰ ਦੀ ਆਖ਼ਰੀ ਜੰਗ, ਛੇਵੇਂ ਵਿਚ ਪਰਿਵਾਰ ਵਿਛੋੜਾ, ਸੱਤਵਾਂ, ਵੱਡੇ ਸਾਹਿਬਜ਼ਾਦੇ (ਚਮਕੌਰ ਦੀ ਜੰਗ), ਅੱਠਵਾਂ, ਛੋਟੇ ਸਾਹਿਬਜ਼ਾਦੇ ਤੇ ਕੁੰਮਾ ਮਾਛੀ, ਨੌਵਾਂ, ਗੰਗੂ ਬ੍ਰਾਹਮਣ ਨਾਲ ਮੇਲ, ਦਸਵੇਂ ਵਿਚ ਕਚਹਿਰੀ ਵਿਚ ਪਹਿਲਾ ਦਿਨ, ਗਿਆਰ੍ਹਵਾ, ਕਚਹਿਰੀ ਵਿਚ ਦੂਜਾ ਦਿਨ, 12ਵਾਂ, ਨੀਂਹਾਂ ਵਿਚ ਚਿਣਨਾ, ਤੇਰ੍ਹਵਾਂ, ਕਲਗੀਧਰ ਪਿਤਾ ਦੀ ਭਵਿੱਖਬਾਣੀ, ਚੌਦਵੇਂ ਵਿਚ ਸਾਹਿਬਜ਼ਾਦਿਆਂ ਦੀ ਮੌਤ ਦਾ ਬਦਲਾ ਭਾਵਪੂਰਤ ਤਰੀਕੇ ਨਾਲ ਦਰਜ ਕੀਤਾ ਹੈ। ਸੰਸਾਰ ਵਿਚ ਅਲੱਗ-ਅਲੱਗ ਕਲਾ ਨਾਲ ਨਾਤਾ ਰੱਖਣ ਵਾਲੇ ਕੁਝ ਵਿਰਲੇ ਵਿਅਕਤੀ ਹੁੰਦੇ ਹਨ। ਇਹ ਵਿਅਕਤੀ ਬਹੁਤ ਨਾਜੁਕ, ਭਾਵੁਕ ਤੇ ਸੋਹਲ ਹੁੰਦੇ ਹਨ। ਸਮਾਜ ਅੰਦਰ ਵਾਪਰੀਆਂ ਹਿਰਦੇ-ਵੇਦਕ ਘਟਨਾਵਾਂ ਨਾਲ ਇਨ੍ਹਾਂ ਦੀ ਆਤਮਾ ਝੰਜੋੜੀ ਜਾਂਦੀ ਹੈ, ਅਜਿਹੀਆਂ ਘਟਨਾਵਾਂ ਇਨ੍ਹਾਂ ਦੇ ਮਨ ਉੱਤੇ ਅਮਿੱਟ ਛਾਪ ਛੱਡ ਜਾਂਦੀਆਂ ਹਨ। ਜਿਨ੍ਹਾਂ ਤੋਂ ਕਿਸੇ ਨਾ ਕਿਸੇ ਪ੍ਰਕਾਰ ਦੀ ਕਲਾ ਦਾ ਜਨਮ ਹੁੰਦਾ ਹੈ। ਲਿਖਣਾ ਵੀ ਇਕ ਕਲਾ ਹੈ। ਇਨਸਾਨ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੀ ਕਲਮ ਦਾ ਇਸਤੇਮਾਲ ਬਹੁਤ ਸੋਚ ਸਮਝ ਕੇ ਕਰੇ ਜਿਸ ਨਾਲ ਸਮਾਜ ਦੇ ਲੋਕਾਂ ਦਾ ਭਲਾ ਹੋ ਸਕੇ। ਲੇਖਕ ਦੀ ਲੇਖਣੀ ਤੋਂ ਪਾਠਕਾਂ ਨੂੰ ਕੁਝ ਸਾਰਥਿਕ ਪ੍ਰਾਪਤ ਹੋ ਸਕੇ। ਸਮਾਜ ਅੰਦਰ ਫੈਲ ਚੁੱਕੀਆਂ ਬੁਰਾਈਆਂ ਤੇ ਉਨ੍ਹਾਂ ਦੇ ਸਮਾਧਾਨ ਬਾਰੇ, ਕਿਸੇ ਰਾਸ਼ਟਰੀ ਜਾਂ ਅੰਤਰ- ਰਾਸ਼ਟਰੀ ਸਮੱਸਿਆ ਬਾਰੇ, ਗੁਰੂਆਂ, ਪੀਰਾਂ, ਪੈਗੰਬਰਾਂ ਦੀਆਂ ਜੀਵਨੀਆਂ, ਉਨ੍ਹਾਂ ਸ਼ਹੀਦਾਂ ਬਾਰੇ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਸਾਹਿਤ ਸੱਚ ਦੀ ਆਵਾਜ਼ ਤੇ ਉਤਸ਼ਾਹ ਦਾ ਸ੍ਰੋਤ ਹੋਣਾ ਹੁੰਦਾ ਹੈ। ਸਾਹਿਤ ਸਤਿਮਈ ਵਿਚਾਰਾਂ ਤੇ ਹਿਰਦੇ-ਸਪਰਸ਼ੀ ਭਾਵਾਂ-ਭਾਵਨਾਵਾਂ ਦਾ ਅਚੁੱਕ ਪ੍ਰਵਾਹ ਹੁੰਦਾ ਹੈ। ਉਰਦੂ ਤੇ ਫ਼ਾਰਸੀ ਵਿਚ ਸਾਹਿਤ ਨੂੰ ਅਦਬ ਆਖਿਆ ਗਿਆ ਹੈ। ਸਾਹਿਤ ਦੀ ਕਿਸੇ ਵੀ ਵੰਨਗੀ ਵਿਚ ਪ੍ਰਸਤੁਤ ਕੀਤੇ ਜਾਣ ਵਾਲੇ ਵਿਚਾਰ ਗਹਿਰ-ਗੰਭੀਰ ਤੇ ਗੁਣੀ-ਗਹੀਰ ਹੋਣੇ ਚਾਹੀਦੇ ਹਨ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਸਾਂਝ ਰੂਹਾਂ ਦੀ
ਕਵੀ : ਜਸਵਿੰਦਰ ਸਿੰਘ ਝਬਾਲ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 82270-88811

ਜਸਵਿੰਦਰ ਸਿੰਘ ਝਬਾਲ ਦੀ ਇਹ ਕਾਵਿ-ਪੁਸਤਕ ਉਸ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਸਮਾਜਿਕ ਸਰੋਕਾਰਾਂ ਨਾਲ ਜੁੜੀ ਉਸ ਦੀ ਇਹ ਕਾਵਿ-ਪੁਸਤਕ ਸਮਾਜ ਦੇ ਨੌਜਵਾਨ ਵਰਗ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਵੀ ਕਰਦੀ ਹੈ। ਜਸਵਿੰਦਰ ਝਬਾਲ ਦੀਆਂ ਰਚਨਾਵਾਂ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ। ਉਹ ਆਪਣੇ ਨਿੱਜ ਤੋਂ ਸ਼ੁਰੂ ਕਰਦੇ ਸਮਾਜਿਕ ਚੇਤਨਾ ਤੱਕ ਆਪਣੀ ਸੋਚ ਫੈਲਾਉਂਦਾ ਹੈ। ਬਾਬਾ ਨਾਨਕ ਤੋਂ ਸ਼ੁਰੂ ਕਰਕੇ ਵਰਤਮਾਨ ਦੌਰ ਤੱਕ ਸਮਾਜਿਕ ਚੁਣੌਤੀਆਂ ਨੂੰ ਖੁੱਲ੍ਹ ਕੇ ਪੇਸ਼ ਕਰਦਾ ਕਵੀ ਸਮੇਂ ਦਾ ਹਾਣੀ ਹੈ।
ਉਹ ਸਮਾਜ ਵਿਚ ਦਬਾਈ ਜਾ ਰਹੀ ਧਿਰ ਦੀ ਆਵਾਜ਼ ਵੀ ਬਣਦਾ ਹੈ। 'ਬਗ਼ਾਵਤ' ਕਵਿਤਾ ਇਸ ਦੀ ਖ਼ੂਬਸੂਰਤ ਉਦਾਹਰਨ ਹੈ। ਕਿਸਾਨੀ ਜੀਵਨੀ ਦੀਆਂ ਚੁਣੌਤੀਆਂ ਚਿਤਰਦਾ ਕਵੀ ਪੁੱਤਾਂ ਵਾਂਗਰ ਪਾਲੀ ਕਿਸਾਨਾਂ ਦੀ ਫ਼ਸਲ ਦਾ ਪੂਰਾ ਮੁੱਲ ਨਾ ਮਿਲਣ ਦੀ ਸੂਰਤ ਤੇ ਕਿਸਾਨ ਦੀ ਮਨੋਦਸ਼ਾ ਬੜੀ ਖ਼ੂਬਸੂਰਤੀ ਨਾਲ ਬਿਆਨ ਕਰਦਾ ਹੈ।
ਕਦੇ ਸੋਕਾ ਮਾਰ ਜਾਂਦਾ ਤੇ ਕਦੇ ਮਾਰੇ ਗੜੇਮਾਰੀ
ਪਾਣੀ ਵਿਚ ਹੜ੍ਹ ਜਾਂਦੀ ਕੀਤੀ ਮਿਹਨਤ ਸਾਰੀ।
ਰਹਿੰਦੀ ਫ਼ਸਲ ਰੁਲ ਜਾਂਦੀ ਪਈ ਵਿਚ ਮੰਡੀ ਦੇ
ਲੁੱਟ ਲੈ ਜਾਂਦੀ ਸ਼ਾਹੂਕਾਰ ਤੇ ਸਰਕਾਰ ਦੀ ਯਾਰੀ।
ਨਾਰੀ ਪ੍ਰਤੀ ਸਨਮਾਨ ਦੇ ਭਾਵ, ਭੇਖਾਂ, ਪਾਖੰਡਾਂ ਤੋਂ ਪਰਦਾ ਉਠਾਉਣਾ, ਦੇਸ਼ ਭਗਤੀ, ਭਗਤ ਸਿੰਘ ਦੀ ਵਿਚਾਰਧਾਰਾ ਦਾ ਵਰਤਮਾਨ ਸਮੇਂ ਮਹੱਤਵ, ਲੋਕਤੰਤਰ ਦੀ ਹਾਲਤ ਆਦਿ ਸਮਾਜਿਕ ਵਿਸ਼ੇ ਕਵੀ ਨੇ ਬੜੀ ਬਾਖ਼ੂਬੀ ਚਿਤਰੇ ਹਨ। ਇਤਿਹਾਸਕ ਘਟਨਾਵਾਂ ਦੀ ਕਾਵਿ-ਸਿਰਜਣਾ ਵੀ ਕੀਤੀ ਹੈ। ਮੁਹੱਬਤ ਵਰਗੇ ਕੀਮਤੀ ਅਹਿਸਾਸ ਵੀ ਉਸ ਦੀ ਰਚਨਾ ਦਾ ਵਿਸ਼ਾ ਬਣੇ ਹਨ।
ਅੱਜ ਪੁੱਛ ਤਾਂ ਸਹੀ ਕਿੰਨੇ ਚੰਗੇ ਨੇ
ਮੇਰੇ ਹਾਲ ਸੱਜਣਾ
ਸਾਰਾ ਦਿਨ ਲੰਘਿਆ ਯਾਦਾਂ
ਤੇਰੀਆਂ ਦੇ ਨਾਲ ਸੱਜਣਾ।
ਦੇਸ਼ ਵੰਡ, ਪੰਜਾਬ, ਰੁੱਖ, ਕੁਦਰਤੀ ਨਜ਼ਾਰੇ, ਲਾਸ਼, ਪੱਗੜੀ ਸੰਭਾਲ ਜੱਟਾ, ਮਿੰਨਤ, ਦੁਆ, ਅਰਦਾਸ, ਜਨਮ ਦਿਨ ਉਸ ਦੀਆਂ ਖ਼ੂਬਸੂਰਤ ਰਚਨਾਵਾਂ ਹਨ। ਨਸ਼ਿਆਂ ਪ੍ਰਤੀ ਨੌਜਵਾਨਾਂ ਨੂੰ ਰੋਕਣਾ, ਕੁਦਰਤ ਨੂੰ ਸਾਫ਼-ਸੁਥਰਾ ਰੱਖਣਾ, ਰੁੱਖ ਲਗਾਉਣਾ ਆਦਿ ਪ੍ਰੇਰਨਾਤਮਿਕ ਵਿਸ਼ਿਆਂ ਬਾਰੇ ਕਵੀ ਜਸਵਿੰਦਰ ਝਬਾਲ ਨੇ ਖੁੱਲ੍ਹ ਕੇ ਲਿਖਿਆ ਹੈ। ਧੀ ਦੇ ਬਚਪਨ ਤੇ ਪਿਤਾ ਵਲੋਂ ਵਧਾਈ ਸੰਦੇਸ਼ ਬਹੁਤ ਹੀ ਸੰਵੇਦਨਾ ਭਰਪੂਰ ਹੈ :
ਦੁਆ ਕਿ ਮੇਰੀ ਉਮਰ ਨੂੰ ਤੈਨੂੰ ਲੱਗ ਜਾਏ
ਹੋਵੇ ਜਨਮ ਦਿਨ ਦੀ ਵਧਾਈ ਧੀਏ ਮੇਰੀ ਏ।
ਜਿਹੜੇ ਆਖਦੇ ਧੀਆਂ ਨੂੰ ਘੱਟ ਪੁੱਤਾਂ ਨਾਲੋਂ,
ਬਣ ਜ਼ਿੰਦਗੀ 'ਚ ਉਨ੍ਹਾਂ ਲਈ ਮਿਸਾਲ ਧੀਏ ਮੇਰੀਏ।
ਇਸ ਪੁਸਤਕ ਲਈ ਲੇਖਕ ਨੂੰ ਮੁਬਾਰਕਾਂ!

-ਪ੍ਰੋ. ਕੁਲਜੀਤ ਕੌਰ

ਢਾਈ ਆਬ
ਲੇਖਕ : ਕਮਲਜੀਤ ਸਿੰਘ ਬਨਵੈਤ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 126
ਸੰਪਰਕ : 98147-34035

ਸ਼੍ਰੋਮਣੀ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਵਲੋਂ ਲਿਖੇ ਗਏ ਵਿਸ਼ਲੇਸ਼ਣਾਤਮਕ ਤੇ ਖੋਜਾਤਮਿਕ ਬਿਰਤੀ ਵਾਲੇ ਲਘੂ ਨਿਬੰਧਾਂ ਦਾ ਸੰਗ੍ਰਹਿ 'ਢਾਈ ਆਬ' ਪੰਜਾਬੀ ਵਾਰਤਕ ਵਿਚ ਇਕ ਗੁਣਾਤਮਿਕ ਸ਼ਮੂਲੀਅਤ ਹੈ। ਬਨਵੈਤ ਦੀ ਖੁਰਦਬੀਨੀ ਸੂਝ ਸੰਬੰਧਿਤ ਵਿਸ਼ੇ ਦੀ ਗਹਿਰਾਈ 'ਚ ਜਾ ਕੇ ਦੁੱਧ-ਪਾਣੀ ਵੱਖਰਾ ਕਰਦੀ ਹੈ ਤੇ ਅਸਲੀਅਤ ਜਾਂ ਅਸਲ ਸਥਿਤੀ ਪਾਠਕਾਂ ਸਨਮੁੱਖ ਰੱਖਦੀ ਹੈ। ਪੁਸਤਕ 'ਚ ਸ਼ਾਮਿਲ ਲੇਖਾਂ ਦੇ ਨਾਂਅ ਜਿਹਾ ਕਿ 'ਨਸ਼ੇ ਦੀ ਓਵਰਡੋਜ਼', 'ਸਵਾ ਲੱਖ ਟੀਚਰ', 'ਡੱਬਿਆਂ ਹੇਠ ਚਲਦਾ ਨਗਦਨਾਮਾ', 'ਡੰਕੀ ਰਸਤਾ', 'ਪੰਜਾਬ ਬਿਨਾਂ ਨਹੀਂ ਸਰਨਾ', 'ਪੰਜਾਬੀ ਚੜ੍ਹਦੇ ਨੇ ਗ਼ੈਰ-ਕਾਨੂੰਨੀ ਜਹਾਜ਼', 'ਪੰਜਾਬ ਦਾ ਖ਼ੂਨ ਡੁੱਲ੍ਹਿਆ', 'ਪੰਜਾਬ ਨਾਲ ਜ਼ਿਆਦਤੀਆਂ', 'ਚਿੱਕੜਬਾਜ਼ੀ ਦੀ ਸਿਆਸਤ', 'ਕਰਜ਼ਾਈ ਪੰਜਾਬ', 'ਸਿਆਸੀ ਕਿੱਕਲੀ', 'ਰੱਬਾ!' ਪੰਜਾਬ ਦੇ ਚੁੱਲ੍ਹਿਆਂ 'ਚ ਘਾਹ ਨਾ ਉਗਾਵੀਂ', 'ਵਿਆਹਾਂ ਦਾ ਕਾਰੋਬਾਰ ਛੇ ਲੱਖ ਕਰੋੜ ਸਾਲਾਨਾ' ਆਦਿ ਹੀ ਸੰਬੰਧਿਤ ਲਘੂ ਨਿਬੰਧ ਦੇ ਅੰਤਰ ਵਸਤੂ ਵੱਲ ਸਿੱਧਾ ਸੰਕੇਤ ਕਰ ਜਾਂਦੇ ਹਨ। ਪੰਜਾਬ ਦੀ ਤੇ ਪੰਜਾਬੀਆਂ ਦੀ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਤੇ ਹੋਰ ਅਨੇਕਾਂ ਪੱਖੀ ਸਥਿਤੀ ਨੂੰ ਇਸ ਪੁਸਤਕ 'ਚੋਂ ਬਿਹਤਰ ਸਮਝਿਆ ਜਾ ਸਕਦਾ ਹੈ। ਕਲਮਕਾਰ ਦੀ ਸ਼ੈਲੀ ਸਰਲ, ਸਪੱਸ਼ਟ ਤੇ ਜਾਣਕਾਰੀ ਭਰਪੂਰ ਹੈ। ਵੰਨਗੀ ਵਜੋਂ 'ਡੰਕੀ ਰਸਤਾ' ਨਾਂਅ ਦੀ ਲਿਖਤ 'ਚੋਂ ਕੁਝ ਸਤਰਾਂ ਪੜ੍ਹੋ :-
ਰਿਪੋਰਟ ਅਨੁਸਾਰ ਅਮਰੀਕਾ ਵਿਚ ਦਾਖ਼ਲ ਹੋਣ ਦੇ ਇੱਛੁਕ ਭਾਰਤੀਆਂ ਨੂੰ ਸਭ ਤੋਂ ਪਹਿਲਾਂ ਲਾਤੀਨੀ ਅਮਰੀਕਾ ਦੇ ਦੇਸ਼ ਇਕਵਾਡੋਰ ਲਿਜਾਇਆ ਜਾਂਦਾ ਹੈ, ਉਥੇ ਦਾ ਵੀਜ਼ਾ ਏਅਰਪੋਰਟ 'ਤੇ ਮਿਲ ਜਾਂਦਾ ਹੈ, ਜਿਸ ਕਰਕੇ ਕੋਈ ਦਿੱਕਤ ਨਹੀਂ ਆਉਂਦੀ। ਇਕਵਾਡੋਰ ਤੋਂ ਬਾਅਦ ਸਭ ਤੋਂ ਪਹਿਲਾਂ ਕੋਲੰਬੀਆ ਪਹੁੰਚਣਾ ਹੁੰਦਾ ਹੈ। ਇਹ ਰਸਤਾ ਸਮੁੰਦਰ ਰਾਹੀਂ ਤੈਅ ਕਰਨ ਲਈ ਕਿਹਾ ਜਾਂਦਾ ਹੈ। ਕੋਲੰਬੀਆ ਤੋਂ ਅਗਲਾ ਸੁਰੱਖਿਅਤ ਪੜਾਅ ਪਨਾਮਾ ਦਾ ਹੁੰਦਾ ਹੈ, ਜਿਥੋਂ ਜੰਗਲ ਰਾਹੀਂ ਪੈਦਲ ਚੱਲ ਕੇ ਨਿਕਾਰਵਗੁਆ ਰਾਹੀਂ ਮੈਕਸੀਕੋ ਪੁੱਜਦੇ ਹਨ। ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ 3100 ਕਿੱਲੋਮੀਟਰ ਲੰਮੀ ਹੈ। ਉਥੋਂ ਦੇ ਵੱਡੇ ਹਿੱਸੇ ਵਿਚ ਕੰਧ ਬਣੀ ਹੋਈ ਹੈ। ਕੰਧ ਟੱਪ ਕੇ ਅਮਰੀਕਾ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ, ਜਿਹੜੇ ਕੰਧ ਪਾਰ ਨਹੀਂ ਕਰ ਸਕਦੇ, ਉਹ ਰੀਓ ਨਦੀ ਦਾ ਰਸਤਾ ਚੁਣਦੇ ਹਨ। (ਪੰਨਾ 26)
ਕਮਲਜੀਤ ਸਿੰਘ ਬਨਵੈਤ ਨੇ 'ਜੰਮਦੀਆਂ ਸੂਲਾਂ' ਅਤੇ 'ਗੋਇਟੇ ਮਰ ਚੁੱਕਾ ਹੈ' ਨਾਂਅ ਦੇ ਦੋ ਕਹਾਣੀ ਸੰਗ੍ਰਹਿ ਵੀ ਪੰਜਾਬੀ ਕਹਾਣੀ ਦੇ ਪਾਠਕਾਂ ਦੇ ਹੱਥਾਂ ਵਿਚ ਪੁੱਜਦੇ ਕੀਤੇ ਹਨ। 'ਸਾਡੇ ਪੇਂਡੂ ਬੱਚੇ ਅਤੇ ਮਾਵਾਂ' (ਖੋਜ ਨਿਬੰਧ), ਪੁਸਤਕ ਵੀ ਪਾਠਕਾਂ ਨੇ ਪੜ੍ਹੀ ਹੈ ਲੇਖਕ ਦੀ। ਹੋਰ ਵੀ ਕਾਫ਼ੀ ਲਿਖਤਾਂ ਲਿਖੀਆਂ ਹਨ ਕਮਲਜੀਤ ਸਿੰਘ ਬਨਵੈਤ ਨੇ। ਸੰਖੇਪ ਰੂਪ 'ਚ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਲੇਖਕ ਪੱਤਰਕਾਰ ਦੇ ਨਾਲ-ਨਾਲ ਚੰਗਾ ਸਾਹਿਤਕਾਰ ਵੀ ਹੈ। ਉਸ ਦੀ ਹਰ ਲਿਖਤ ਅਰਥ ਭਰਪੂਰ ਹੈ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

ਸੁਮੇਲ
ਲੇਖਕ : ਜੇ.ਐੱਸ. ਸੇਖੋਂ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 73475-60156

'ਸੁਮੇਲ' ਜੇ. ਐੱਸ. ਸੇਖੋਂ ਦਾ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 51 ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਸੰਗ੍ਰਹਿ ਵਿਚ ਜਿੰਨੀਆਂ ਵੀ ਕਹਾਣੀਆਂ ਹਨ, ਉਨ੍ਹਾਂ ਵਿਚ ਲੇਖਕ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਅਤੇ ਅਨੁਭਵ ਪੇਸ਼ ਕੀਤੇ ਹਨ। ਇਸ ਕਰਕੇ ਪੁਸਤਕ ਵਿਚ ਸ਼ਾਮਿਲ ਕਹਾਣੀਆਂ ਨੂੰ ਕਹਾਣੀ ਦੀ ਵਿਧਾ ਦ੍ਰਿਸ਼ਟੀ ਤੋਂ ਕੁਝ ਇਕ ਨੂੰ ਛੱਡ ਕੇ ਕਹਾਣੀਆਂ ਨਾਲੋ ਯਾਦਾਂ, ਸਵੈ-ਜੀਵਨੀ ਦੇ ਅੰਸ਼ ਜਾਂ ਫਿਰ 'ਹੱਡੀਂ ਹੰਡਾਏ ਅਨੁਭਵ' ਕਹਿਣਾ ਜ਼ਿਆਦਾ ਮੁਨਾਸਿਬ ਹੋਵੇਗਾ। ਪਰ ਇਹ ਗੱਲ ਵਰਣਨਯੋਗ ਹੈ ਕਿ ਲੇਖਕ ਕੋਲ ਕਹਾਣੀ ਬਣਾਉਣ ਦਾ ਤਜਰਬਾ ਹੈ, ਜਿਸ ਕਰਕੇ ਉਹ ਆਪਣੇ ਅਨੁਭਵ ਵਿਚੋਂ ਕਿਸੇ ਵੀ ਪਹਿਲੂ ਚੁਣ ਕੇ ਕਹਾਣੀਨੁਮਾ ਲਹਿਜ਼ੇ ਵਿਚ ਪੇਸ਼ ਜ਼ਰੂਰ ਕਰ ਦਿੰਦਾ ਹੈ, ਜਿਸ ਕਰਕੇ ਇਸ ਸੰਗ੍ਰਹਿ ਵਿਚ ਸ਼ਾਮਿਲ ਉਸ ਦੇ ਅਨੁਭਵ ਕਹਾਣੀਆਂ ਬਣ ਕੇ ਪਾਠਕ ਨੂੰ ਕਥਾ-ਰਸ ਦੀ ਅਨੁਭੂਤੀ ਪ੍ਰਦਾਨ ਕਰਦੇ ਹਨ। ਇਨ੍ਹਾਂ ਕਹਾਣੀਆਂ ਵਿਚ ਲੇਖਕ ਨੇ ਆਪਣੇ ਵਿਦੇਸ਼ੀ ਸਫ਼ਰ ਬਾਰੇ ਵੀ ਜ਼ਿਕਰ ਕੀਤਾ ਹੈ ਪਰ ਜਿਥੇ ਨਿਰੋਲ ਕਹਾਣੀ ਸ਼ਾਮਿਲ ਹੋਈ ਹੈ, ਉਹ ਬਹੁਤ ਹੀ ਖ਼ੂਬਸੂਰਤੀ ਨਾਲ ਆਪਣਾ ਸੁਨੇਹਾ ਵੀ ਪ੍ਰਦਾਨ ਕਰ ਜਾਂਦੀ ਹੈ। 'ਸ਼ਬਦਾਂ ਦਾ ਅਸਰ', 'ਖ਼ੁਸ਼ਨਸੀਬ, 'ਸੁਮੇਲ', 'ਸੱਭਿਆਚਾਰ ਲਈ ਯੋਗਦਾਨ', 'ਨਵੀਂ ਸੋਚ', 'ਵਿਦੇਸ਼ੀ ਝਾਕ' ਤੋਂ ਇਲਾਵਾ ਹੋਰ ਕਹਾਣੀਆਂ ਦੇਖੀਆਂ ਜਾ ਸਕਦੀਆਂ ਹਨ। ਕਿਤੇ-ਕਿਤੇ ਲੇਖਕ ਨੇ ਆਪਣੀਆਂ ਕਹਾਣੀਆਂ ਵਿਚ ਵਾਰਤਾਲਾਪੀ ਸ਼ੈਲੀ ਦੀ ਵਰਤੋਂ ਕਰਕੇ ਇਸ ਨੂੰ ਦਿਲਚਸਪ ਅਤੇ ਰੌਚਿਕ ਬਣਾਇਆ ਹੈ। ਅਸਲ ਵਿਚ ਲੇਖਕ ਕੋਲ ਜ਼ਿੰਦਗੀ ਦਾ ਗੂੜ੍ਹ ਤਜਰਬਾ ਹੈ, ਇਸੇ ਕਰਕੇ ਹੀ ਉਹ ਕਹਾਣੀ ਵਿਚ ਕੋਈ ਨਾ ਕੋਈ ਘਟਨਾ ਅਜਿਹੀ ਬਿਆਨ ਕਰਦਾ ਹੈ, ਜਿਸ ਨਾਲ ਪਾਠਕ ਦੀ ਦਿਲਚਸਪੀ ਵੀ ਬਣੀ ਰਹੇ ਅਤੇ ਉਸ ਨੂੰ ਕੋਈ ਸੇਧ ਵੀ ਪ੍ਰਾਪਤ ਹੋਵੇ। ਇਸੇ ਕਰਕੇ ਹੀ ਹਰੇਕ ਜੀਵਨ ਅਨੁਭਵ ਜਾਂ ਕਹਾਣੀ ਦੇ ਅੰਤ ਉੱਤੇ ਉਹ ਮਾਨਵੀ ਦ੍ਰਿਸ਼ਟੀ ਤੋਂ ਇਕ ਜਾਂ ਦੋ ਪੰਕਤੀਆਂ 'ਕਥਨ' ਦੇ ਰੂਪ ਵਿਚ ਦਰਜ ਕਰ ਦਿੰਦਾ ਹੈ। ਇਹ ਪੁਸਤਕ ਅਸਲ ਵਿਚ ਫੈਲੇ ਕੁਹਜ ਅਤੇ ਵਿਸੰਗਤੀਆਂ ਨੂੰ ਪੇਸ਼ ਕਰਕੇ ਹਮਦਰਦੀ, ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲੀ ਪੁਸਤਕ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਮੌਤ ਦਾ ਤਾਂਡਵ
ਲੇਖਕ : ਜਰਨੈਲ ਸਿੰਘ ਮੱਲੇਆਣਾ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ 200 ਰੁਪਏ, ਸਫ਼ੇ : 104
ਸੰਪਰਕ : 84375-29875

ਵੰਡ ਮੁਲਕ ਦੀ ਹੋਵੇ ਜਾਂ ਘਰ ਦੀ, ਹਮੇਸ਼ਾ ਤ੍ਰਾਸਦਿਕ ਹੀ ਹੁੰਦੀ ਹੈ। ਨਾਵਲਕਾਰ ਜਰਨੈਲ ਸਿੰਘ ਮੱਲੇਆਣਾ ਵਲੋਂ ਰਚਿਤ ਤੀਸਰਾ ਨਾਵਲ 'ਮੌਤ ਦਾ ਤਾਂਡਵ' ਸੰਨ 1947 ਦੀ ਭਾਰਤ-ਪਾਕਿ ਵੰਡ ਦੇ ਦੁਖਾਂਤ 'ਤੇ ਆਧਾਰਿਤ ਹੈ। ਬੇਸ਼ੱਕ ਇਸ ਤੋਂ ਪਹਿਲਾਂ ਵੀ ਇਸ ਗੰਭੀਰ ਵਿਸ਼ੇ 'ਤੇ ਬਹੁਤ ਸਾਰਾ ਕਥਾ ਸਾਹਿਤ ਲਿਖਿਆ ਜਾ ਚੁੱਕਿਆ ਹੈ ਪਰ ਇਸ ਨਾਵਲ ਦੀ ਵਿਲੱਖਣਤਾ ਇਸ ਗੱਲ ਵਿਚ ਹੀ ਹੈ ਕਿ 47 ਦੀ ਵੰਡ ਸਮੇਂ ਲੇਖਕ ਸਿਰਫ ਪੰਜ ਵਰ੍ਹਿਆਂ ਦਾ ਮਾਸੂਮ ਬੱਚਾ ਸੀ ਪਰ ਉਸ ਦੇ ਮਲੂਕ ਮਨ 'ਤੇ ਇਸ ਵੰਡ ਦੀਆਂ ਝਰੀਟਾਂ ਉਕਰੀਆਂ ਪਈਆਂ ਹਨ ਅਤੇ ਉਨ੍ਹਾਂ ਦੀ ਟੀਸ ਤੇ ਕਸਕ ਹੁਣ ਉਮਰ ਦੇ ਨੌਵੇਂ ਦਹਾਕੇ ਵਿਚ ਵੀ ਜਿਉਂ ਦੀ ਤਿਉਂ ਮੌਜੂਦ ਹੈ। ਇਸ ਸਦੀਵੀ ਪੀੜ ਨੇ ਹੀ ਲੇਖਕ ਦੀ ਕਲਮ ਤੋਂ ਇਸ ਤ੍ਰਾਸਦੀ ਤੇ ਮੌਤ ਦਾ ਤਾਂਡਵ ਵਰਗਾ ਗੰਭੀਰ ਨਾਵਲ ਲਿਖਣ ਲਈ ਪ੍ਰੇਰਿਆ ਹੈ। ਹੁਣ ਲੇਖਕ ਨੇ ਇਸ ਸਮੇਂ ਦੌਰਾਨ ਇਸ ਵੰਡ ਸੰਬੰਧੀ ਕਾਰਨਾਂ ਅਤੇ ਇਸ ਦੀਆਂ ਪੇਚੀਦਗੀਆਂ ਨੂੰ ਸਮਝ ਕੇ ਬੜੀ ਸੰਤੁਲਿਤ ਅਤੇ ਪਰਪੱਕ ਸੋਚ ਨਾਲ ਇਸ ਨੂੰ ਨਾਵਲੀ ਰੂਪ ਦਿੱਤਾ ਹੈ। ਲੇਖਕ ਨੇ ਇਸ ਕਥਾਨਕ ਵਿਚ ਧਰਮੇ ਅਤੇ ਨਜ਼ੀਰਾਂ ਦੀ ਪ੍ਰੇਮ ਕਹਾਣੀ ਨੂੰ ਫ਼ਿਰਕੂ ਏਕਤਾ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਹੈ ਅਤੇ ਇਸ ਦੇ ਨਾਲ-ਨਾਲ ਚੰਨਣ ਸਿੰਘ, ਗੁਰਦਿਆਲ ਸਿੰਘ ਦਿਆਲ, ਪਾਲ ਕੌਰ, ਫਰੀਦਾ, ਨੂਰ, ਸੰਪੂਰਾ, ਬੀਘੜ, ਘੱਕਰ ਬਸ਼ੀਰੇ, ਖੈਰਦੀਨ, ਮੇਹਰਦੀਨ ਜਿਹੇ ਪਾਤਰਾਂ ਰਾਹੀਂ ਨਾਵਲ ਦਾ ਕਥਾਨਕ ਬੁਣਿਆ ਹੈ। ਵੰਡ ਸਮੇਂ ਦੀ ਦਹਿਸ਼ਤ, ਆਪਣੀ ਧਰਤੀ ਤੇ ਮਨੁੱਖਾਂ ਦੀਆਂ ਜੜ੍ਹਾਂ ਨਾਲੋਂ ਟੁੱਟਣ ਦਾ ਰੁਦਨ, ਆਪਸੀ ਭਾਈਚਾਰਾ ਭੁੱਲ ਕੇ ਜਾਨਵਰਾਂ ਨਾਲੋਂ ਵੀ ਖੂੰਖਾਰ ਹੋ ਕੇ ਕੀਤੀ ਗਈ ਵੱਢ-ਟੁੱਕ ਦੇ ਜਿਹੜੇ ਦ੍ਰਿਸ਼ਟਾਂਤ ਸਿਰਜੇ ਗਏ ਹਨ, ਉਹ ਬਹੁਤ ਹੀ ਹਿਰਦੇਵੇਦਕ ਅਤੇ ਲੂੰਅ-ਕੰਡੇ ਖੜ੍ਹੇ ਕਰਨ ਵਾਲੇ ਹਨ। ਇਨ੍ਹਾਂ ਨੂੰ ਪੜ੍ਹਦਿਆਂ ਪਾਠਕ ਦੀ ਸੋਚ ਸੁੰਨ ਹੋ ਜਾਂਦੀ ਹੈ। ਲੇਖਕ ਨੇ ਇਨ੍ਹਾਂ ਦਿਲ ਵਲੂੰਧਰ ਦੇਣ ਵਾਲੀਆਂ ਘਟਨਾਵਾਂ ਦਾ ਚਿਤਰਣ ਕਰਦਿਆਂ, ਉਸ ਸਮੇਂ ਦਾ ਦਹਿਸ਼ਤੀ ਮਾਹੌਲ, ਅਫ਼ਵਾਹਾਂ ਦਾ ਬਾਜ਼ਾਰ, ਧਾਰਮਿਕ ਕੱਟੜਤਾ, ਫ਼ਿਰਕੂ ਉਨਮਾਦ, ਇਸ ਫ਼ਿਰਕੂ ਅੱਗ ਵਿਚ ਘਿਉ ਪਾਉਂਦੇ ਮੌਕਾਪ੍ਰਸਤ ਅਤੇ ਇਸ ਨੂੰ ਬੁਝਾਉਣ ਲਈ ਏਕਤਾ ਦੀ ਮਸ਼ਾਲ ਲੈ ਕੇ ਤੁਰੇ ਲੋਕਾਂ ਦਾ ਵੀ ਵਰਣਨ ਕੀਤਾ ਹੈ। ਇਹ ਨਾਵਲ ਖ਼ਾਸ ਕਰ ਕੇ ਨਵੀਂ ਪੀੜ੍ਹੀ ਨੂੰ 47 ਦੀ ਵੰਡ ਦੇ ਮੂਲ ਕਾਰਨਾਂ, ਇਸ ਲਈ ਜ਼ਿੰਮੇਦਾਰ ਲੀਡਰਾਂ ਦਾ ਸੁਆਰਥੀਪਣ ਆਦਿ ਕਈ ਮਹੱਤਵਪੂਰਨ ਨੁਕਤਿਆਂ 'ਤੇ ਪੰਛੀ-ਝਾਤ ਪੁਆਉਂਦਾ ਹੈ। ਕਥਾਨਕ ਮੁਤਾਬਿਕ ਭਾਰਤੀ ਪੰਜਾਬ ਨੂੰ ਛੱਡ ਕੇ ਜਾ ਰਹੇ ਨੂਰ ਮੁਹੰਮਦ ਦੇ ਪਰਿਵਾਰ 'ਤੇ ਕੱਟੜ, ਜ਼ਰਾਇਮਪੇਸ਼ਾ ਅਤੇ ਹੋਰ ਗੁੰਡਿਆਂ ਦੇ ਹਮਲੇ ਵਿਚ ਬਚੀ ਹੋਈ ਨਜ਼ੀਰਾਂ ਕਿਸੇ ਤਰ੍ਹਾਂ ਬਚਦੀ-ਬਚਾਉਂਦੀ ਮੁੜ ਧਰਮੇ ਦੇ ਪਰਿਵਾਰ ਵਿਚ ਪੁੱਜ ਜਾਂਦੀ ਹੈ । ਫਿਰ ਧਰਮ-ਨਿਰਪੱਖ ਕਮੇਟੀ ਅਤੇ ਚੰਨਣ ਸਿੰਘ ਦੀ ਰਜ਼ਾਮੰਦੀ ਨਾਲ ਦੋ ਪ੍ਰੇਮੀਆਂ ਧਰਮੇ ਅਤੇ ਨਜ਼ੀਰਾਂ ਨੂੰ ਵਿਆਹ ਬੰਧਨ ਵਿਚ ਬੰਨ੍ਹ ਕੇ ਮੁੜ ਬਿਖੜੇ ਰਾਹਾਂ 'ਤੇ ਤੋਰ ਦਿੱਤਾ ਜਾਂਦਾ ਹੈ। ਅੰਤ ਵਿਚ ਇਹ ਪ੍ਰੇਮੀ ਜੋੜੀ ਸੰਪੂਰੇ, ਬੀਘੜ ਅਤੇ ਘੱਕਰ ਰਖਵਾਲਿਆਂ ਦੇ ਹੁੰਦਿਆਂ ਵੀ ਘਾਤ ਲਾ ਕੇ ਬੈਠੇ ਇਨਸਾਨੀਅਤ ਦੇ ਦੁਸ਼ਮਣਾਂ ਹੱਥੋਂ ਅਨਿਆਈਂ ਮੌਤ ਮਾਰੀ ਜਾਂਦੀ ਹੈ। ਨਾਵਲ ਸਰਲ ਭਾਸ਼ਾ ਅਤੇ ਕਿੱਸਾਗੋਈ ਸ਼ੈਲੀ ਰਾਹੀਂ ਸ਼ੁਰੂ ਤੋਂ ਅੰਤ ਤੀਕ ਰੌਚਕ ਬਣਿਆ ਰਹਿੰਦਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

 

04-05-2024

 ਢਾਡੀ ਪਰੰਪਰਾ ਦੇ ਪ੍ਰਚਾਰਕ ਸਿਤਾਰੇ
ਲੇਖਕ : ਬਲਬੀਰ ਸਿੰਘ ਚੰਗਿਆੜਾ
ਸੰਪਾਦਕ : ਦਿਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 250 ਰੁਪਏ, ਸਫ਼ੇ : 232
ਸੰਪਰਕ : 98148-98570

ਗੁਰੂ ਸਾਹਿਬ ਸਮੇਂ ਤੋਂ ਹੀ ਗੁਰਬਾਣੀ ਕੀਰਤਨ ਅਤੇ ਸ਼ਬਦ ਗਾਇਨ ਕਰਨ ਦੀਆਂ ਬਹੁਤ ਸਾਰੀਆਂ ਵਿਧਾਵਾਂ ਪ੍ਰਚਲਿਤ ਹਨ। ਢਾਡੀ ਕਲਾ ਵੀ ਪੁਰਾਤਨ ਸਮੇਂ ਤੋਂ ਹੀ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਭਰਪੂਰ ਯੋਗਦਾਨ ਪਾ ਰਹੀ ਹੈ। ਹਥਲੀ ਪੁਸਤਕ ਦੇ ਲੇਖਕ ਹੰਢੇ ਹੋਏ ਪ੍ਰਚਾਰਕ ਹੋਣ ਦੇ ਨਾਲ-ਨਾਲ ਸਫ਼ਲ ਬੁਲਾਰੇ ਵਜੋਂ ਵੀ ਉਨ੍ਹਾਂ ਦਾ ਸਤਿਕਾਰ ਹਰ ਪੰਥਕ ਆਗੂ ਕਰਦਾ ਰਿਹਾ ਹੈ। ਲੇਖਕ ਨੇ ਬੜੀ ਸਖ਼ਤ ਮਿਹਨਤ ਨਾਲ ਇਸ ਪੁਸਤਕ ਵਿਚ ਪੰਜ ਦਰਜਨ ਉੱਚ ਕੋਟੀ ਦੇ ਢਾਡੀਆਂ ਅਤੇ ਦੋ ਦਰਜਨ ਦੇ ਲਗਭਗ ਗੁਰਮਤਿ ਦੇ ਪ੍ਰਚਾਰਕਾਂ ਦੇ ਜੀਵਨ ਉੱਪਰ ਪੰਛੀ ਝਾਤ ਪਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸ ਪੁਸਤਕ ਦੇ ਸੰਪਾਦਕ ਦਿਲਜੀਤ ਸਿੰਘ ਬੇਦੀ ਜੋ ਸਫ਼ਲ ਸਿੱਖ ਚਿੰਤਕ, ਲੇਖਕ ਅਤੇ ਯੋਗ ਪ੍ਰਬੰਧਕ ਹਨ, ਨੇ ਪੁਸਤਕ ਵਿਚ ਸ਼ਾਮਿਲ ਸਫ਼ਲ ਢਾਡੀ ਅਤੇ ਪ੍ਰਚਾਰਕ ਨੂੰ ਉਸ ਦੇ ਰੁਤਬੇ ਮੁਤਾਬਿਕ ਲੜੀ ਵਿਚ ਪ੍ਰੋਣ ਦੇ ਫ਼ਰਜ਼ ਨੂੰ ਨਿਭਾਇਆ ਹੈ। ਗੁਰਮਤਿ ਸੰਗੀਤ ਅਤੇ ਢਾਡੀ ਕਲਾ ਨਾਲ ਪਿਆਰ ਕਰਨ ਵਾਲੇ ਸੰਤ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲਿਆਂ ਵਲੋਂ ਸੰਸਾਰ ਤੋਂ ਵਿਦਾ ਹੋਣ ਵਾਲੇ ਪ੍ਰਚਾਰਕਾਂ ਤੇ ਢਾਡੀਆਂ ਦੇ ਪਿੰਡਾਂ/ਸ਼ਹਿਰਾਂ ਵਿਚ ਜਾ ਕੇ ਉਨ੍ਹਾਂ ਦੀ ਯਾਦ ਵਿਚ ਸਮਾਗਮ ਕਰਕੇ ਅਤੇ ਉਤਸ਼ਾਹਤ ਕਰਨ ਦਾ ਸਫ਼ਲ ਉਪਰਾਲਿਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਪੁਸਤਕ ਦੇ ਆਰੰਭ ਵਿਚ ਲੇਖਕ ਵਲੋਂ ਪੁਸਤਕ ਸੰਬੰਧੀ ਵਿਸਥਾਰ ਸਾਹਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਤੋਂ ਅਗਲੇ ਹਿੱਸੇ ਵਿਚ ਪੁਸਤਕ ਦੇ ਸੰਪਾਦਕ ਦਿਲਜੀਤ ਸਿੰਘ ਬੇਦੀ ਨੇ 'ਭਾਈ ਚੰਗਿਆੜਾ ਵਿਸ਼ਵ ਦਾ ਪ੍ਰਚਾਰਕ ਕਿਵੇਂ ਬਣਿਆ?' ਲੇਖ ਵਿਚ ਲੇਖਕ ਦੇ ਜੀਵਨ ਪਰਿਵਾਰ ਅਤੇ ਪੰਥਕ ਪਿਆਰ ਦਾ ਜ਼ਿਕਰ ਬੜੇ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਇਸ ਤੋਂ ਅੱਗੇ ਵਿਦਵਾਨ ਲੇਖਕ ਸੰਤੋਖ ਸਿੰਘ ਸਿਡਨੀ ਨੇ 'ਸਿੱਖ ਧਰਮ ਦੇ ਪ੍ਰਚਾਰਕ ਦਾ ਧਰੂ ਤਾਰਾ' ਲੇਖ ਵਿਚ ਲੇਖਕ ਦੇ ਮੁਢਲੇ ਜੀਵਨ ਤੋਂ ਸਫ਼ਰ ਨੂੰ ਬਿਆਨਿਆ ਹੈ। ਇਸ ਤੋਂ ਬਾਅਦ ਰਘਬੀਰ ਸਿੰਘ ਚੰਗਾਲ ਨੇ 'ਸਿੱਖ ਇਤਿਹਾਸ ਵਿਚ ਢਾਡੀ ਕਲਾ ਦਾ ਵਿਸ਼ੇਸ਼ ਮਹੱਤਵ' ਵਿਚ ਢਾਡੀ ਕਲਾ ਦੇ ਯੋਗਦਾਨ ਸੰਬੰਧੀ ਵਿਚਾਰਾਂ ਦੀ ਸਾਂਝ ਵੀ ਕੀਤੀ ਹੈ। ਸਮੁੱਚੀ ਪੁਸਤਕ ਦਾ ਅਧਿਐਨ ਕਰਨ ਤੋਂ ਪਿੱਛੋਂ ਪਾਠਕ ਇਸ ਵਿਚਾਰ ਨਾਲ ਮੁਤਫ਼ਿਕ ਹੋਣਗੇ ਕਿ ਢਾਡੀ ਕਲਾ ਗੁਰਮਤਿ ਦਾ ਅਨਿੱਖੜਵਾਂ ਅੰਗ ਹੈ। ਢਾਡੀ ਕਲਾ ਅਜਿਹੀ ਕਲਾ ਹੈ, ਜਿਸ ਦਾ ਪੰਜਾਬ ਦੇ ਸੱਭਿਆਚਾਰ ਤੇ ਸੰਸਕ੍ਰਿਤੀ ਨਾਲ ਵੀ ਡੂੰਘਾ ਸੰਬੰਧ ਹੈ। 'ਢਾਡੀ' ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿਚ ਵੀ ਅੰਕਿਤ ਹੈ।
ਪੁਸਤਕ ਵਿਚ ਹੁਣ ਤੱਕ ਇਕ ਸਦੀ ਵਿਚ ਹੋ ਚੁੱਕੇ ਅਤੇ ਮੌਜੂਦਾ ਢਾਡੀਆਂ ਦੀ ਮੰਤਰ-ਮੁਗਧ ਕਰਨ ਵਾਲੀ ਢਾਡੀ ਕਲਾ ਅਤੇ ਪ੍ਰਚਾਰਕਾਂ ਵਲੋਂ ਸਰੋਤਿਆਂ ਨੂੰ ਗੁਰਮਤਿ ਦੀਆਂ ਸੁਹਝ-ਰਮਜ਼ਾਂ ਨੂੰ ਸਮਝਾਉਣ ਲਈ ਸਫ਼ਲ-ਬੁਲਾਰੇ ਵਜੋਂ ਕੀਤੀ ਪੇਸ਼ਕਾਰੀ ਦਾ ਵਰਨਣ ਵੀ ਮਿਲਦਾ ਹੈ। ਸਫ਼ਲ ਢਾਡੀਆਂ ਵਿਚ 'ਗਿਆਨੀ ਸੋਹਣ ਸਿੰਘ ਸੀਤਲ', 'ਗਿਆਨੀ ਦਇਆ ਸਿੰਘ ਦਿਲਬਰ', 'ਗਿਆਨੀ ਕੁਲਵੰਤ ਸਿੰਘ ਬੀ.ਏ.', 'ਗਿਆਨੀ ਨਰਾਇਣ ਸਿੰਘ ਚੰਦਨ' ਤੋਂ ਲੈ ਕੇ ਮੌਜੂਦਾ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਢਾਡੀ ਬਲਦੇਵ ਸਿੰਘ ਐਮ.ਏ., ਗਿਆਨੀ ਚਰਨ ਸਿੰਘ ਆਲਮਗੀਰ ਸਮੇਤ ਹਰ ਸਫ਼ਲ ਅਤੇ ਅਲਫ਼ਾਜਾਂ ਦੇ ਜਾਦੂਗਰ ਢਾਡੀਆਂ ਅਤੇ ਪ੍ਰਚਾਰਕਾਂ ਨੂੰ ਪਾਠਕਾਂ ਦੇ ਸਨਮੁੱਖ ਕਰਕੇ ਲੇਖਕ ਬਲਬੀਰ ਸਿੰਘ ਚੰਗਿਆੜਾ ਨੇ ਕੁੱਜੇ ਵਿਚ ਸਮੁੰਦਰ ਬੰਦ ਕਰਨ ਦਾ ਯਤਨ ਕੀਤਾ ਹੈ। ਪੁਸਤਕ ਵਿਚ ਅਨੇਕਾਂ ਤਸਵੀਰਾਂ ਅਤੇ ਢਾਡੀਆਂ ਦੇ ਸੰਪਰਕ ਨੰਬਰ ਦੇ ਕੇ ਸਰੋਤਿਆਂ ਦੇ ਮਨ ਦੀ ਬੁੱਝੀ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਸਿੱਖ ਧਰਮ ਦੇ ਵਾਧੇ ਦਾ ਉਪਰਾਲਾ ਅਤੇ ਵਿਧੀ
ਲੇਖਕ : ਪਰਕਾਸ਼ ਸਿੰਘ
ਪ੍ਰਕਾਸ਼ਕ : ਲੇਖਕ ਖ਼ੁਦ
ਸਫ਼ੇ : 80
ਸੰਪਰਕ : 98150-10317

ਸ. ਪਰਕਾਸ਼ ਸਿੰਘ ਲੇਖਕ ਦਾ ਵਿਚਾਰ ਹੈ ਕਿ ਸਿੱਖੀ ਦੇ ਵਿਕਾਸ ਲਈ ਹਰ ਸਿੱਖ ਦੀ ਪ੍ਰਬਲ ਇੱਛਾ ਹੋਣੀ ਚਾਹੀਦੀ ਹੈ। ਇਸ ਲਈ ਦਿਮਾਗ਼, ਨੇਤਰ ਅਤੇ ਕੰਨਾਂ ਦੁਆਰਾ ਸੇਵਾ ਦੀ ਵਧੇਰੇ ਲੋੜ ਹੈ। ਗੁਰਬਾਣੀ ਦਿਮਾਗ਼ ਨਾਲ ਸੋਚਣ, ਅੱਖਾਂ ਰਾਹੀਂ ਦੇਖਣ ਅਤੇ ਕੰਨਾਂ ਰਾਹੀਂ ਸੁਣਨ ਦੀ ਪ੍ਰੇਰਨਾ ਦਿੰਦੀ ਹੈ। ਲੇਖਕ ਨੇ ਦਿਮਾਗ, ਨੇਤਰਾਂ ਅਤੇ ਕੰਨਾਂ ਦੀ ਸ਼ਕਤੀ ਵਾਲੇ ਦਸਵੰਧ ਨੂੰ ਇਸ ਪਾਸੇ ਲਗਾਉਣ 'ਤੇ ਜ਼ੋਰ ਦਿੱਤਾ ਹੈ। ਜੋ ਪ੍ਰਚਾਰ ਅਸੀਂ ਲੱਖਾਂ, ਕਰੋੜਾਂ ਰੁਪਏ ਕੀਰਤਨ ਦਰਬਾਰਾਂ, ਨਗਰ ਕੀਰਤਨਾਂ ਅਤੇ ਲੰਗਰਾਂ ਤੇ ''ਆਪਣੇ ਵਲੋਂ ਸਫਲ ਜਾਣ ਕੇ'' ਕਰ ਰਹੇ ਹਾਂ, ਉਹ ਕਰੋੜਾਂ ਰੁਪਏ ਦਾ ਦਸਵੰਧ, ਇੱਛਾ ਸ਼ਕਤੀ, ਦਿਮਾਗ, ਨੇਤਰ ਅਤੇ ਕੰਨਾਂ ਰਾਹੀਂ ਸਿੱਖੀ 'ਚ ਆ ਰਹੇ ਨਿਘਾਰ ਨੂੰ ਠੱਲ ਪਾਉਣ ਵੱਲ ਲਾਉਣਾ ਚਾਹੀਦਾ ਹੈ। ਕਿਤਾਬਚੇ ਵਿਚ 21 ਸਿਰਲੇਖ ਦਰਜ ਹਨ ਅਤੇ ਸੰਬੰਧਿਤ ਵਿਸ਼ੇ ਬਾਰੇ ਹੱਲ ਲੱਭਣ ਦੀ ਪ੍ਰੇਰਨਾ ਕੀਤੀ ਹੈ। ਕਿਤਾਬ ਵਿਚ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਵਿਚ ਵੀ ਵਿਚਾਰ ਲਿਖੇ ਹਨ। ਹਰ ਚੈਪਟਰ ਵਿਚ, ਸਿੱਖੀ ਬਾਰੇ ਕੀਮਤੀ ਸੁਝਾਓ ਹਨ ਜੋ ਪੁਸਤਕ 'ਚੋਂ ਪੜ੍ਹਨ 'ਤੇ ਹੀ ਸਿੱਖੀ ਖ਼ਜ਼ਾਨੇ ਦੀ ਸਮਝ ਪੈ ਸਕਦੀ ਹੈ। ਕਿਤਾਬ ਦੀ ਵੱਡੀ ਵਿਸ਼ੇਸ਼ਤਾ ਹੈ, ਭਾਸ਼ਾ ਬਹੁਤ ਸਰਲ ਹੈ। ਸਿੱਖ ਧਰਮ ਦੇ ਫੈਲਾਓ ਲਈ ਰਸਤੇ ਤ੍ਰਾਸ਼ਣ ਲਈ ਸ਼੍ਰੋਮਣੀ ਕਮੇਟੀ, ਕੇਂਦਰੀ ਸਿੰਘ ਸਭਾ, ਸਥਾਨਕ ਗੁਰਦੁਆਰਾ ਕਮੇਟੀਆਂ, ਕਾਰ ਸੇਵਾ ਵਾਲੇ ਬਾਬੇ, ਰਾਗੀ ਵੀਰਾਂ, ਡੇਰੇ ਦੇ ਮੁਖੀਆਂ, ਬੁੱਧੀਜੀਵੀ ਸਿੰਘਾਂ ਨੂੰ ਸੁਲਝੇ ਹੋਏ ਪ੍ਰੇਰਕ ਸ਼ਬਦਾਂ ਨਾਲ ਪ੍ਰੇਰਨਾ ਕੀਤੀ ਹੈ। ਇਹ ਕਿਤਾਬਚਾ ਸ਼ਰਧਾਵਾਨ ਸਿੱਖ ਨੇ ਸਿੱਖੀ ਦੇ ਵਿਕਾਸ ਦੀ ਲੋਚਾ ਲਈ ਲਿਖਿਆ ਹੈ। ਸਿੱਖ ਧਰਮ ਦਾ ਇਤਿਹਾਸ ਲਾਸਾਨੀ ਹੈ, ਪਰ ਇਸ ਦੇ ਬਾਵਜੂਦ ਇਹ ਧਰਮ ਬਹੁਤ ਘੱਟ ਪ੍ਰਫੁੱਲਿਤ ਹੋਇਆ। ਹਥਲੀ ਪੁਸਤਕ ਸਿੱਖ ਸੰਗਤ ਨੂੰ ਸਿੱਖ ਧਰਮ ਵਿਚ ਆਏ ਨਿਘਾਰ ਦਾ ਵਿਸ਼ਲੇਸ਼ਣ ਕਰਨ ਅਤੇ ਇਸ ਨਿਘਾਰ ਨੂੰ ਰੋਕਣ ਦੀ ਪੁਰਜ਼ੋਰ ਅਪੀਲ ਕਰਦੀ ਹੈ। ਸਿੱਖ ਧਰਮ ਦੇ ਆਰਥਿਕ, ਸਮਾਜਿਕ, ਧਾਰਮਿਕ, ਸਿੱਖਿਆ ਸੰਬੰਧੀ ਅਤੇ ਭਾਸ਼ਾਈ ਵਿਕਾਸ ਲਈ ਇਕ ਸਿੱਖ ਦੇ ਕੀ ਫਰਜ ਹਨ, ਪ੍ਰਤੀ ਹਲੂਣਾ ਦਿੰਦੀ ਹੈ। ਲੇਖਕ ਦਾ ਨਿੱਜੀ ਵਿਚਾਰ ਹੈ ਕਿ ਸਿੱਖ ਧਰਮ ਨਾ ਬਹੁਤਾ ਫੈਲਿਆ ਹੈ, ਨਾ ਫੈਲ ਰਿਹਾ ਹੈ, ਸਗੋਂ ਦਿਨ-ਬਦਿਨ ਘੱਟਦਾ ਜਾ ਰਿਹਾ ਹੈ। ਸਿੱਖ ਧਰਮ ਵਿਚ ਜੋ ਤਨ, ਮਨ, ਧਨ ਨਾਲ ਸੇਵਾ ਕਰੇ, ਉਸ ਨੂੰ ਬਹੁਤ ਵਡਿਆਈ ਦਿੱਤੀ ਜਾਂਦੀ ਹੈ। ਪਰ ਇਸ ਦੇ ਨਾਲ-ਨਾਲ ਸਿੱਖ ਧਰਮ ਵਿਚ ਦਿਮਾਗ, ਅੱਖਾਂ ਅਤੇ ਕੰਨਾਂ ਨਾਲ ਸੇਵਾ ਕਰਨ ਦੀ ਮਨਾਹੀ ਕੋਈ ਨਹੀਂ ਸਗੋਂ ਸਿੱਖ ਧਰਮ ਵਿਚ ਦਿਮਾਗ ਨਾਲ ਸੋਚਣ ਦੀ, ਅੱਖਾਂ ਰਾਹੀਂ ਦੇਖਣ ਅਤੇ ਕੰਨਾਂ ਰਾਹੀਂ ਸੁਣਨ ਵਾਸਤੇ ਪ੍ਰੇਰਨਾ ਦਿੱਤੀ ਗਈ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਡਾ. ਜਗਤਾਰ
ਦੀਆਂ ਗ਼ਜ਼ਲਾਂ ਵਿਚ ਖ਼ੂਬੀਆਂ ਤੇ ਅਲੰਕਾਰ
ਲੇਖਕ : ਨਿਸ਼ਾਨ ਸਿੰਘ ਜੌਹਲ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 176
ਸੰਪਰਕ : 94179-66662

ਪੰਜਾਬੀ ਗ਼ਜ਼ਲ ਸਾਹਿਤ ਵਿਚ ਸੰਤੁਲਿਤ ਸਮੀਖਿਆ ਦੀ ਘਾਟ ਰਹੀ ਹੈ। ਇਸ ਦੇ ਸਮੁੱਚ ਦੀ ਥਾਂ ਇਕ ਪਾਸੜ ਸਮੀਖਿਆ ਨੇ ਨਿਰਣਾਇਕ ਸਿੱਟੇ ਨਹੀਂ ਕੱਢੇ। ਗ਼ਜ਼ਲ ਦੀ ਸਵੀਕ੍ਰਿਤੀ ਅਨੁਸਾਰ ਆਲੋਚਕਾਂ ਨੇ ਇਸ ਨੂੰ ਬਣਦਾ ਸਥਾਨ ਵੀ ਨਹੀਂ ਦਿੱਤਾ। ਉਂਜ ਇਸ ਖ਼ੇਤਰ ਵਿਚ ਥੋੜ੍ਹਾ-ਬਹੁਤਾ ਕੰਮ ਹੋਇਆ ਹੈ, ਜਿਸ ਦੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ। ਡਾ. ਜਗਤਾਰ ਪੰਜਾਬੀ ਗ਼ਜ਼ਲ ਦੀ ਇਕ ਮਿੱਥ ਹੈ, ਜਿਸ ਨੂੰ ਮੌਜੂਦਾ ਦੌਰ 'ਤੇ ਭਵਿੱਖ ਵਿਚ ਤੋੜ ਸਕਣਾ ਨਾਮੁਮਕਿਨ ਹੈ। ਨਵੇਂ ਪੁਰਾਣੇ ਅਨੇਕਾਂ ਗ਼ਜ਼ਲਕਾਰਾਂ ਦੀ ਉਹ ਪ੍ਰੇਰਨਾ ਰਿਹਾ ਹੈ ਤੇ ਡਾ. ਜਗਤਾਰ ਨੇ ਬਹੁਤਿਆਂ ਦੀ ਗ਼ਜ਼ਲਕਾਰੀ ਨੂੰ ਪ੍ਰਭਾਵਿਤ ਵੀ ਕੀਤਾ ਹੈ। ਉਸ ਦੀਆਂ ਗ਼ਜ਼ਲਾਂ 'ਤੇ ਅਨੇਕਾਂ ਖੋਜ-ਕਾਰਜ ਹੋਏ ਹਨ ਤੇ ਲੇਖ ਛਾਪੇ ਗਏ ਹਨ। ਨਿਸ਼ਾਨ ਸਿੰਘ ਜੌਹਲ ਨੇ ਗ਼ਜ਼ਲ ਦੀਆਂ ਖੂਬੀਆਂ ਤੇ ਅਲੰਕਾਰਾਂ 'ਤੇ ਕਾਫ਼ੀ ਕੰਮ ਕੀਤਾ ਹੈ ਤੇ ਇਸ ਪੁਸਤਕ ਨੂੰ ਉਸ ਨੇ ਡਾ. ਜਗਤਾਰ ਦੀਆਂ ਗ਼ਜ਼ਲਾਂ ਵਿਚ ਖੂਬੀਆਂ ਤੇ ਅਲੰਕਾਰਾਂ 'ਤੇ ਕੇਂਦਰਿਤ ਕੀਤਾ ਹੈ। ਪੁਸਤਕ ਦੇ ਪਹਿਲੇ ਹਿੱਸੇ ਵਿਚ ਵਿਸ਼ੇ ਨਾਲੋਂ ਹਟ ਕੇ ਵੀ ਸੰਵਾਦ ਛੇੜੇ ਗਏ ਹਨ। 'ਦੀਪਕ ਗ਼ਜ਼ਲ ਸਕੂਲ' ਸੰਬੰਧੀ ਇਕ ਵਿਸ਼ੇਸ਼ ਭਾਗ ਮੁਕੰਮਲ ਦਸਤਾਵੇਜ਼ ਹੈ, ਜੋ ਭਵਿੱਖ ਵਿਚ ਖੋਜੀਆਂ ਦੇ ਜ਼ਰੂਰ ਕੰਮ ਆਵੇਗਾ। 'ਗ਼ਜ਼ਲ ਦੇ ਸਿਰਲੇਖ ਬਾਰੇ', 'ਉਸਤਾਦ ਦੀ ਪਰੰਪਰਾ ਕਿਉਂ ਜ਼ਰੂਰੀ' ਤੇ ਇਸ ਸਕੂਲ ਬਾਰੇ ਵਿਸਤ੍ਰਿਤ ਜਾਣਕਾਰੀ ਇਸ ਪੁਸਤਕ ਦਾ ਹਾਸਲ ਹਨ। ਅਗਲੇ ਹਿੱਸੇ ਵਿਚ ਡਾ. ਜਗਤਾਰ ਦੀਆਂ ਗ਼ਜ਼ਲਾਂ ਵਿਚ ਖ਼ੂਬੀਆਂ ਤੇ ਅਲੰਕਾਰਾਂ ਦੀ ਚਰਚਾ ਕੀਤੀ ਗਈ ਹੈ। ਪੁਸਤਕ ਵਿਚ ਵੱਖ-ਵੱਖ ਵਿਦਵਾਨਾਂ ਦੀ ਦ੍ਰਿਸ਼ਟੀ ਤੋਂ ਖੂਬੀ ਤੇ ਅਲੰਕਾਰਾਂ ਦੀਆਂ ਪਰਿਭਾਸ਼ਾਵਾਂ ਦਾ ਵਿਸ਼ੇਸ਼ ਵਰਨਣ ਕੀਤਾ ਗਿਆ ਹੈ। ਸ਼ਿਅਰਾਂ ਵਿਚ ਖ਼ੂਬੀਆਂ ਦੀਆਂ ਕਿਸਮਾਂ ਬਾਰੇ ਚਰਚਾ ਪਹਿਲਾਂ ਵੀ ਹੋਈ ਹੈ ਪਰ ਇਸ ਪੁਸਤਕ ਵਿਚ ਨਿੱਠ ਕੇ ਲਿਖਿਆ ਗਿਆ ਹੈ ਜੋ ਨਵੇਂ ਗ਼ਜ਼ਲਕਾਰਾਂ ਲਈ ਸਹਾਈ ਹੋ ਸਕਦਾ ਹੈ। ਡਾ. ਜਗਤਾਰ ਦੀ ਗ਼ਜ਼ਲਕਾਰੀ ਦੇ ਵੱਡੇ ਹਿੱਸੇ ਨੂੰ ਵਿਚਾਰਿਆ ਗਿਆ ਹੈ ਤੇ ਵਧੇਰੇ ਕਰਕੇ ਪ੍ਰਸੰਸਾ ਕੀਤੀ ਗਈ ਹੈ। ਜੌਹਲ ਨੇ ਖ਼ੂਬ ਮਿਹਨਤ ਕੀਤੀ ਹੈ ਤੇ ਉਹ ਮੁਬਾਰਕ ਦਾ ਪਾਤਰ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002


ਸ਼ਮੀਰੋ
ਲੇਖਕ : ਜਨਮੇਜਾ ਸਿੰਘ ਜੌਹਲ
ਪ੍ਰਕਾਸ਼ਕ : ਮੰਜਕੀ ਪੰਜਾਬੀ ਸੱਥ ਭੰਗਾਲਾ, ਜਲੰਧਰ
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 98159-45018

'ਸ਼ਮੀਰੋ' ਜਨਮੇਜਾ ਸਿੰਘ ਜੌਹਲ ਦੀ ਨਵੀਂ ਪੁਸਤਕ ਹੈ, ਜਿਸ ਵਿਚ ਉਸ ਦੀਆਂ 11 ਲਘੂ ਕਹਾਣੀਆਂ ਅਤੇ ਇਕ ਰਾਜਵੰਤ ਸਿੰਘ (ਸਿਡਨੀ) ਦੁਆਰਾ ਲਿਖਿਆ ਜਨਮੇਜਾ ਸਿੰਘ ਜੌਹਲ ਦਾ ਰੇਖਾ-ਚਿੱਤਰ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਵੇਂ ਕਿ ਇਸ ਪੁਸਤਕ ਦਾ ਨਾਂਅ ਹੀ ਸਪੱਸ਼ਟ ਕਰਦਾ ਹੈ ਕਿ 'ਸ਼ਮੀਰੋ' ਕੋਈ ਇਨ੍ਹਾਂ ਕਹਾਣੀਆਂ ਵਿਚਲਾ ਪਾਤਰ ਹੋਵੇਗਾ ਜਾਂ ਫਿਰ ਕਿਸੇ ਇਕ ਕਹਾਣੀ ਵਿਚਲੇ ਪਾਤਰ ਦੇ ਨਾਂਅ 'ਤੇ ਪੁਸਤਕ ਦਾ ਨਾਮਕਰਨ ਕੀਤਾ ਗਿਆ ਹੋਵੇਗਾ। ਇਹ ਗੱਲ ਬਿਲਕੁਲ ਠੀਕ ਹੈ ਕਿ ਇਨ੍ਹਾਂ ਕਹਾਣੀਆਂ ਦਾ ਕੇਂਦਰੀ ਪਾਤਰ 'ਸ਼ਮੀਰੋ' ਨਾਂਅ ਦੀ ਔਰਤ ਹੀ ਹੈ, ਜਿਸ ਨੂੰ ਵੱਖ-ਵੱਖ ਕਹਾਣੀਆਂ ਵਿਚ ਵੱਖਰੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਹੈ। ਉਸ ਦੀਆਂ ਰੀਝਾਂ, ਖਾਹਿਸ਼ਾਂ, ਉਸ ਦੇ ਸਮਾਜਿਕ ਰੁਤਬੇ, ਉਸ ਦੇ ਸੁਭਾਅ ਦੀਆਂ ਵੱਖ-ਵੱਖ ਪਰਤਾਂ ਨੂੰ ਇਨ੍ਹਾਂ ਲਘੂ ਕਥਾਵਾਂ ਵਿਚ ਪੇਸ਼ ਕੀਤਾ ਗਿਆ ਹੈ, ਕਿਤੇ ਉਹ ਅੱਲੜ ਸੁਭਾਅ ਦੀ ਨਜ਼ਰੀਂ ਆਉਂਦੀ ਹੈ, ਕਿਤੇ ਗੰਭੀਰ ਅਤੇ ਕਿਧਰੇ ਪਰਿਵਾਰਕ ਝਮੇਲਿਆਂ ਅਤੇ ਦੁਨੀਆਦਾਰੀ ਨਿਭਾਉਂਦੀ ਔਰਤ ਦੇ ਰੂਪ ਵਿਚ ਉਸ ਦਾ ਪਾਤਰ ਚਿਤਰਨ ਕਹਾਣੀਕਾਰ ਦੁਆਰਾ ਕੀਤਾ ਗਿਆ ਹੈ। 'ਸੱਚ ਨਾ ਦੱਸੀਂ' ਵਰਗੀ ਕਹਾਣੀ ਬੇਸ਼ੱਕ ਉਸ ਦੀ ਨਾਂਹਵਾਚੀ ਆਚਰਨ ਦੀ ਪੇਸ਼ਕਾਰੀ ਕਰਦੀ ਹੈ ਕਿ ਉਹ ਝੂਠ ਬੋਲ ਕੇ ਆਪਣੇ ਪਤੀ ਦੀ ਨੌਕਰੀ ਪ੍ਰਾਪਤ ਕਰਦੀ ਹੈ ਪਰ 'ਛੁੱਟੜ' ਵਰਗੀ ਕਹਾਣੀ ਉਸ ਦੀ ਅਤ੍ਰਿਪਤ ਭਾਵਨਾਵਾਂ ਦੀ ਨਿਸ਼ਾਨਦੇਹੀ ਵੀ ਕਰਦੀ ਹੈ। ਇਸ ਪੁਸਤਕ ਦੀਆਂ ਪਹਿਲੀਆਂ ਕਹਾਣੀਆਂ 'ਸ਼ਮੀਰੋ' ਦੀ ਪਾਤਰ ਉਸਾਰੀ ਹੀ ਵੱਖ-ਵੱਖ 'ਕਹਾਣੀ-ਸਿਰਲੇਖ' ਤਹਿਤ ਕਰਦੀਆਂ ਹਨ ਪਰ 'ਮਹੰਤ' ਕਹਾਣੀ 'ਸ਼ਮੀਰੋ' ਦੀ ਜੌੜੀ ਭੈਣ, ਜੋ ਕਿ ਉਸ ਨਾਲੋਂ 15 ਕੁ ਮਿੰਟ ਛੋਟੀ ਸੀ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕਰਦੀ ਹੈ। ਇਹ 'ਬਸ਼ੀਰੋ' ਦੀ ਹੋਣੀ ਨਹੀਂ, ਸਗੋਂ ਬਹੁਤ ਸਾਰੀਆਂ ਔਰਤਾਂ ਦੀ ਹੋਣੀ ਹੈ ਜੋ ਸਮਾਜਿਕ ਤ੍ਰਿਸਕਾਰ ਕਰਕੇ ਆਪਣੇ ਰਾਹ ਆਪ ਲੱਭਦੀਆਂ ਹਨ ਅਤੇ ਜ਼ਿੰਦਗੀ ਭੋਗਦੀਆਂ ਹਨ। 'ਰੂੰਗਾ' ਕਹਾਣੀ ਜਿੱਥੇ-ਜਿੱਥੇ ਬੇਈਮਾਨ ਸਰਕਾਰੀ ਅਧਿਕਾਰੀਆਂ 'ਤੇ ਵਿਅੰਗ ਕਰਦੀ ਕਹਾਣੀ ਉਥੇ ਹੈ, 'ਚੋਰ' ਕਹਾਣੀ ਬੇਸ਼ੱਕ ਛੋਟੀ ਕਹਾਣੀ ਹੈ ਪਰ ਇਕ ਇਤਿਹਾਸਕ ਸਮੇਂ ਨੂੰ ਪਕੜਦੀ ਵਧੀਆ ਕਹਾਣੀ ਹੈ। ਪੁਸਤਕ ਦੇ ਅਖ਼ੀਰ 'ਤੇ ਰਾਜਵੰਤ ਸਿੰਘ ਸਿਡਨੀ ਨੇ ਜਨਮੇਜਾ ਸਿੰਘ ਜੌਹਲ ਦੀ ਸ਼ਖ਼ਸੀਅਤ ਨੂੰ ਪੇਸ਼ ਕਰਦਾ ਉਸ ਦੀ ਕਲਾਤਮਿਕ ਪ੍ਰਤਿਭਾ ਬਾਰੇ ਭਾਵਪੂਰਤ ਰੇਖਾ-ਚਿੱਤਰ ਉਲੀਕਿਆ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਕੁਦਰਤ ਦੇ ਚਾਨਣ
ਲੇਖਕ : ਕੁਲਵਿੰਦਰ ਸਿੰਘ ਬੱਬੂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94653-66353

ਵੱਖ-ਵੱਖ ਵਿਧਾਵਾਂ ਦੀਆਂ ਚਾਰ ਪੁਸਤਕਾਂ ਤੋਂ ਬਾਅਦ ਹਥਲਾ ਕਾਵਿ-ਸੰਗ੍ਰਹਿ 'ਕੁਦਰਤ ਦੇ ਚਾਨਣ' ਪ੍ਰੋ. ਕੁਲਵਿੰਦਰ ਸਿੰਘ ਬੱਬੂ ਦੀ ਪੰਜਵੀਂ ਪ੍ਰਕਾਸ਼ਿਤ ਪੁਸਤਕ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀਆਂ 68 ਖ਼ੂਬਸੂਰਤ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਰਿਸ਼ਤਿਆਂ ਦੀ ਸੰਜੀਦਗੀ ਦੀ ਅਭਿਲਾਸ਼ਾ ਵੀ ਹੈ ਅਤੇ ਇਨਸਾਨੀਅਤ ਦਾ ਦਰਦ ਮਹਿਸੂਸ ਕਰਨ ਦੀ ਸੰਵੇਦਨਾ ਵੀ। ਉਨ੍ਹਾਂ ਦੀਆਂ ਕਵਿਤਾਵਾਂ ਹੰਝੂਆਂ ਨੂੰ ਸੁੱਚੇ ਮੋਤੀ ਸਮਝਣ ਦੇ ਅਹਿਸਾਸ ਨਾਲ ਵੀ ਲਿਬਰੇਜ਼ ਹਨ:
ਹਨੇਰੇ ਰੁਸ਼ਨਾ, ਸੁਸਤ ਜ਼ਮੀਰ ਜਗਾ ਕੇ
ਤਖ਼ਤ ਪਲਟਾ ਦਿੰਦੇ ਦੋ ਹੀ ਹੰਝੂ।
ਪ੍ਰੋ. ਕੁਲਵਿੰਦਰ ਸਿੰਘ ਬੱਬੂ ਦੇ ਮਨ ਵਿਚ ਮਿਹਨਤਕਸ਼ ਲੋਕਾਂ ਲਈ ਅੰਤਾਂ ਦਾ ਦਰਦ ਅਤੇ ਪਿਆਰ ਹੈ। ਉਹ ਚਾਹੁੰਦੇ ਹਨ ਕਿ ਕਿਰਤੀ ਨੂੰ ਉਸ ਦੀ ਮਿਹਨਤ ਦਾ ਫ਼ਲ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜਾਣਾ ਚਾਹੀਦਾ ਹੈ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੁੰਦੀ ਦੇਖ ਕੇ ਉਨ੍ਹਾਂ ਦਾ ਮਨ ਬੜਾ ਬੇਚੈਨ ਹੋ ਜਾਂਦਾ ਹੈ ਅਤੇ ਇਸ ਲੋਕ-ਵਿਰੋਧੀ ਵਰਤਾਰੇ ਨੂੰ ਕਿਸਮਤ ਦਾ ਨਾਂਅ ਦੇਣ ਤੋਂ ਇਨਕਾਰੀ ਹੁੰਦਿਆਂ ਉਹ ਬੜੇ ਬੇਬਾਕ ਢੰਗ ਨਾਲ ਲੁੱਟ-ਰਹਿਤ ਪ੍ਰਬੰਧ ਦੀ ਉਸਾਰੀ ਲਈ ਆਵਾਜ਼ ਬੁਲੰਦ ਕਰਦੇ ਹਨ :
ਪੂੰਜੀਵਾਦੀ ਸਮਾਜ ਅੰਦਰ
ਪਤਾ ਨਹੀਂ ਕਿੰਨੀਆਂ ਹੋਰ ਖਾਣੀਆਂ ਨੇ
ਸਾਡੇ ਹਿੱਸੇ ਦੀਆਂ ਰੋਟੀਆਂ!
ਪ੍ਰੋ. ਕੁਲਵਿੰਦਰ ਸਿੰਘ ਬੱਬੂ ਇਤਿਹਾਸ ਅਤੇ ਮਿਥਿਹਾਸ ਦੇ ਬਿਰਤਾਂਤ ਵਿਚੋਂ ਸ਼ਬਦਾਵਲੀ ਸਿਰਜ ਕੇ ਲੋਕ ਮਨਾਂ ਨਾਲ ਸੰਵਾਦ ਰਚਾਉਣ ਦੀ ਮੁਹਾਰਤ ਰੱਖਦੇ ਹਨ। ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਉਹ ਵਿਹਾਰਕ ਰੂਪ ਵਿਚ ਲਾਗੂ ਹੋਇਆ ਦੇਖਣਾ ਚਾਹੁੰਦੇ ਹਨ। ਉਨ੍ਹਾਂ ਦੀ ਕਵਿਤਾ ਰਿਸ਼ਤਿਆਂ-ਨਾਤਿਆਂ ਵਿਚਲੀ ਅਪਣੱਤ ਦੀ ਬਹਾਲੀ ਅਤੇ ਜਿੱਤਾਂ-ਹਾਰਾਂ ਤੋਂ ਪਾਰ ਜਾ ਕੇ ਮੁਹੱਬਤਾਂ ਦੀ ਜੋਤ ਜਗਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੰਵੇਦਨਸ਼ੀਲਤਾ ਅਤੇ ਮਿਲਵਰਤਣ ਭਰਪੂਰ ਮਾਨਵੀ ਗੁਣ ਸੰਸਾਰ ਦੀ ਖ਼ੂਬਸੂਰਤੀ ਲਈ ਬੇਹੱਦ ਜ਼ਰੂਰੀ ਹਨ। ਉਮੀਦ ਹੈ ਕਿ ਲੋਕ ਮਨਾਂ ਦੇ ਵਿਗਿਆਨ ਦੀ ਸੂਖਮ ਸੂਝ-ਬੂਝ ਰੱਖਣ ਵਾਲੀ ਇਹ ਕਲਿਆਣਕਾਰੀ ਕਵਿਤਾ ਪੰਜਾਬੀ ਪਾਠਕਾਂ ਦੀ ਕਸੌਟੀ 'ਤੇ ਜ਼ਰੂਰ ਖਰੀ ਉੱਤਰੇਗੀ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਦਰੀਚਾ-ਏ-ਦਸਤਾਰ
ਲੇਖਕ : ਡਾ. ਆਸਾ ਸਿੰਘ ਘੁੰਮਣ
ਪ੍ਰਕਾਸ਼ਕ : ਯੂਰਪੀਅਨ ਪੰਜਾਬੀ ਸੱਥ, ਯੂ.ਕੇ.
ਮੁੱਲ : 200 ਰੁਪਏ, ਸਫ਼ੇ : 159
ਸੰਪਰਕ : 97798-53245

ਵਿਚਾਰਾਧੀਨ ਪੁਸਤਕ ਦਸਤਾਰ ਸੰਬੰਧੀ ਵਿਭਿੰਨ ਦ੍ਰਿਸ਼ਟੀਕੋਨ ਤੋਂ ਚਰਚਾ ਕਰਦੀ ਇਕ ਵਿਲੱਖਣ ਪੁਸਤਕ ਹੈ। ਆਰੰਭ ਵਿਚ ਹੀ ਲੇਖਕ ਨੇ ਦਸਤਾਰ ਸੰਬੰਧੀ ਵਿਸ਼ਵ ਪੱਧਰ ਦੇ ਹਵਾਲਿਆਂ ਨਾਲ ਵਿਭਿੰਨ ਮੁਲਕਾਂ ਦੇ ਸੱਭਿਆਚਾਰ ਵਿਚ ਇਸ ਦੀ ਹੋਂਦ ਇਸ ਦੇ ਅਨੇਕ ਨਾਵਾਂ ਦਾ ਇਤਿਹਾਸ ਉਲੀਕਿਆ ਹੈ। ਇਸ ਕਿਤਾਬ ਦੀ ਖੋਜ ਦੀ ਦ੍ਰਿਸ਼ਟੀ ਤੋਂ ਤਿੰਨ ਭਾਗਾਂ ਵਿਚ ਵੰਡ ਕੀਤੀ ਹੈ ਜਿਵੇਂ : 'ਦਸਤਾਰ ਦਾ ਧਾਰਮਿਕ ਮਹੱਤਵ, ਸਾਹਿਤਕ ਅਤੇ ਸੱਭਿਆਚਾਰਕ ਪੱਖ, ਦੇਸ਼-ਵਿਦੇਸ਼ ਵਿਚ ਛਪ ਚੁੱਕੇ' ਆਦਿ। ਪਹਿਲੇ ਭਾਗ ਵਿਚ ਗੁਰਬਾਣੀ ਵਿਚ ਆਏ ਸ਼ਬਦਾਂ (ਪੱਗ, ਪਾਗ, ਪਗੜੀ, ਦਸਤਾਰ) ਬਾਰੇ ਡੂੰਘੇ ਅਰਥਾਂ ਬਾਰੇ ਸਮਝਾਇਆ ਹੈ। ਭਾਈ ਮਿਹਰਬਾਨ ਦੀ ਸਾਖੀ, ਭਾਈ ਗੁਰਦਾਸ ਦੀ ਵਾਰ ਤੋਂ ਬਿਨਾਂ ਹੋਰ ਉਦਾਹਰਨਾਂ ਰਾਹੀਂ ਅੰਗੋਛਾ, ਪਟਕਾ, ਦਸਤਾਰ ਆਦਿ ਦੇ ਮੈਟਰਾਫਰਾਂ ਦੇ ਪ੍ਰਯੋਗ ਰਾਹੀਂ ਪਗੜੀ ਦਾ ਮਹੱਤਵ ਉਜਾਗਰ ਕੀਤਾ ਹੈ। ਹਰ ਰਹਿਤਨਾਮੇ ਵਿਚੋਂ ਦਸਤਾਰ ਦੇ ਮਹੱਤਵ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਵੱਖ-ਵੱਖ ਵਿਦਵਾਨਾਂ ਦੀਆਂ ਰਾਵਾਂ, ਅਨੇਕਾਂ ਸ਼ਬਦ-ਕੋਸ਼ਾਂ ਦੇ ਹਵਾਲੇ ਦੇ ਕੇ ਪ੍ਰਮਾਣਿਤ ਜਾਣਕਾਰੀ ਦਿੱਤੀ ਗਈ ਹੈ। ਇੰਝ ਨਤੀਜੇ ਵਜੋਂ ਪਹਿਲੇ ਭਾਗ ਦੇ ਅੰਤ 'ਤੇ ਨਿਰਣਾਜਨਕ ਗੱਲ ਕੀਤੀ ਗਈ ਹੈ। 'ਦਸਤਾਰ ਇਕ ਪਰੰਪਰਾ ਵੀ ਹੈ, ਰੀਤ ਵੀ ਹੈ, ਫੈਸ਼ਨ ਵੀ ਹੈ, ਸੱਭਿਆਚਾਰਕ ਅਤੇ ਮੌਸਮੀ ਪਹਿਰਾਵਾ ਵੀ ਪਰ ਮੁੱਖ ਤੌਰ 'ਤੇ ਧਾਰਮਿਕ ਅਮਲ ਹੈ।' ਪੰਨਾ 50. ਦੂਜੇ ਭਾਗ ਵਿਚ, ਸੋਲਾਂ ਪੰਨਿਆਂ ਵਿਚ ਵੱਖ-ਵੱਖ ਸਤਿਕਾਰਿਤ ਸ਼ਖ਼ਸੀਅਤਾਂ ਦੀਆਂ ਤਕਰੀਬਨ 48 ਰੰਗੀਨ ਤਸਵੀਰਾਂ ਦੇ ਕੇ ਦਸਤਾਰ ਦਾ ਮਹੱਤਵ ਪ੍ਰਮਾਣੀਕ੍ਰਿਤ ਕੀਤਾ ਹੈ। ਪੰਜਾਬੀ ਕਿੱਸਿਆਂ ਵਿਚ ਖ਼ਾਸ ਤੌਰ 'ਤੇ ਮੁਸਲਿਮ ਸਮਾਜ ਵਿਚ ਪੱਗ, ਪਗੜੀ, ਚੀਰੇ, ਦਸਤਾਰ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਇਹ ਸਿਰ-ਵਸਤਰ ਪੰਜਾਬੀਆਂ ਦਾ ਫੈਸ਼ਨ ਰਿਹਾ ਹੈ। ਪੰਜਾਬੀ ਦੇ ਕਾਵਿ-ਸਾਹਿਤ ਵਿਚ ਅੰਮ੍ਰਿਤਾ ਪ੍ਰੀਤਮ, ਪ੍ਰੋ. ਪੂਰਨ ਸਿੰਘ, ਸੁਰਜੀਤ ਪਾਤਰ ਅਤੇ ਸੁਖਵਿੰਦਰ ਅੰਮ੍ਰਿਤ ਵਲੋਂ ਪਗੜੀ ਨੂੰ ਰੂਪਮਾਨ ਕਰਨ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਹਨ। 'ਗ਼ਜ਼ਲ ਗੁਲਜ਼ਾਰ ਵਾਘਿਓਂ ਪਾਰ' ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਦਸਤਾਰ ਜਜ਼ਬਾਤਾਂ ਦਾ ਵਹਿਣ ਬਣਦੀ ਰਹੀ ਹੈ। ਤੀਜੇ ਭਾਗ ਵਿਚ ਵਿਚ ਨੋਟ ਕੀਤਾ ਗਿਆ ਹੈ ਕਿ ਔਰਤਾਂ ਵਿਚ ਗੋਲ ਦਸਤਾਰ ਸਜਾਉਣ ਦਾ ਰਿਵਾਜ ਵਧ ਰਿਹਾ ਹੈ। ਵੱਡੇ ਅਹੁਦਿਆਂ 'ਤੇ ਕੰਮ ਕਰਨ ਵਾਲੀਆਂ ਔਰਤਾਂ ਦੀ ਸੂਚੀ ਦਿੱਤੀ ਗਈ ਹੈ। ਨੋਬਲ ਪੁਰਸਕਾਰ ਵਿਜੇਤਾ ਡਾ. ਸੀ. ਵੀ. ਰਮਨ ਅਤੇ ਡਾ. ਅਬਦੁਸ ਸਲਾਮ ਪੱਗੜੀ ਵਾਲੀਆਂ ਅਹਿਮ ਸ਼ਖ਼ਸੀਅਤਾਂ ਬਾਰੇ ਸੂਚਿਤ ਕੀਤਾ ਗਿਆ ਹੈ। ਬਰਤਾਨੀਆ ਦੇ ਦਸਤਾਰਧਾਰੀ ਪਾਇਲਟ ਹਰਦਿੱਤ ਸਿੰਘ ਮਲਕ ਨੂੰ ਯਾਦ ਕੀਤਾ ਗਿਆ ਹੈ। ਲੇਖਕ ਨੂੰ ਦੁੱਖ ਹੈ ਕਿ ਕੁਝ ਮੁੰਡੇ ਵਾਲ ਕਟਾ ਕੇ ਪੱਗ ਬੰਨ੍ਹ ਕੇ ਸਮਾਰਟ ਅਖਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੱਗ ਬੰਨ੍ਹਣ ਦੇ ਨਿਯਮ ਇਸਲਾਮ ਧਰਮ ਅਤੇ ਸਿੱਖ ਧਰਮ ਦੋਵਾਂ ਵਿਚ ਪ੍ਰਚਲਿਤ ਹਨ। ਲੇਖਕ ਨੇ ਤੀਜੇ ਭਾਗ ਦੇ ਅਖੀਰ 'ਚ ਬਰਤਾਨਵੀ ਪਾਰਲੀਮੈਂਟ ਵਿਚ ਦਸਤਾਰ ਸੰਬੰਧੀ ਚੱਲੀ ਕਾਰਵਾਈ ਦੇ ਅੰਸ਼ ਵੀ ਦਿੱਤੇ ਹਨ। ਕੁੱਲ ਮਿਲਾ ਕੇ ਇਹ ਪੁਸਤਕ ਦਸਤਾਰ ਸੰਬੰਧੀ ਵਡਮੁੱਲਾ ਖੋਜਕਾਰਜ (ਥੀਸਿਸ) ਹੋ ਨਿਬੜੀ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
-

ਕੋਲਕਾਤਾ ਦੇ 18 ਓਵਰਾਂ ਤੋਂ ਬਾਅਦ 155/9 ਦੌੜਾਂ

28-04-2024

 ਮੇਲਾ ਦੋ ਘੜੀਆਂ...
ਲੇਖਕ : ਖ਼ੁਸ਼ਵੰਤ ਸਿੰਘ
ਅਨੁਵਾਦ : ਰਵਨੀਤ ਕੌਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98147-32198


ਸ. ਖ਼ੁਸ਼ਵੰਤ ਸਿੰਘ ਇਕ ਬਹੁਵਿਧਾਈ ਅਤੇ ਤੀਖਣ-ਅਨੁਭਵੀ ਲੇਖਕ ਸੀ। ਲੰਡਨ ਤੋਂ ਬਾਰ-ਐਟ-ਲਾਅ ਕਰਨ ਉਪਰੰਤ ਕੁਝ ਵਰ੍ਹੇ ਉਸ ਨੇ ਪ੍ਰੈਕਟਿਸ ਵੀ ਕੀਤੀ ਪਰ ਬਾਅਦ ਵਿਚ ਇਕ ਕੁਲਵਕਤੀ ਲੇਖਕ (ਨਾਵਲਕਾਰ, ਨਿਬੰਧਕਾਰ, ਪੱਤਰਕਾਰ, ਇਤਿਹਾਸਕਾਰ ਅਤੇ ਸੰਪਾਦਕ... ਆਦਿ) ਬਣ ਗਿਆ। ਉਸ ਦੁਆਰਾ ਲਿਖੀ 'ਅ ਹਿਸਟਰੀ ਆਫ਼ ਦ ਸਿੱਖਸ' ਆਪਣੀ ਕਿਸਮ ਦੀ ਇਕੋ-ਇਕ ਹਵਾਲਾ-ਪੁਸਤਕ ਹੈ। ਉਹ ਅਖ਼ਬਾਰਾਂ ਵਿਚ ਕਾਲਮ ਵੀ ਲਿਖਦਾ ਸੀ, ਜੋ ਬਹੁਤ ਪਸੰਦ ਕੀਤੇ ਜਾਂਦੇ ਸਨ। ਬੀਬਾ ਰਵਨੀਤ ਕੌਰ ਨੇ ਉਸ ਦੁਆਰਾ ਲਿਖੇ ਇਹੋ ਜਿਹੇ ਕੁਝ ਕਾਲਮਾਂ ਦਾ ਸੁੰਦਰ ਅਨੁਵਾਦ ਕੀਤਾ ਹੈ। ਇਹ ਕਾਲਮ ਬਹੁਤ ਪਸੰਦ ਕੀਤੇ ਜਾਂਦੇ ਹਨ।
ਇਸ ਪੁਸਤਕ ਵਿਚ ਸਰਦਾਰ ਸਾਹਿਬ ਦੇ 34 ਲਘੂ-ਲੇਖਾਂ ਦਾ ਅਨੁਵਾਦ ਸੁਲੱਭ ਹੈ। ਆਖਰੀ ਲੇਖ ਪ੍ਰਸਿੱਧ ਦਾਨਿਸ਼ਵਰ-ਪੱਤਰਕਾਰ ਸ. ਰੂਪਿੰਦਰ ਸਿੰਘ ਦਾ ਲਿਖਿਆ ਹੋਇਆ ਹੈ, ਜਿਸ ਵਿਚ ਉਹ ਦੱਸਦਾ ਹੈ ਕਿ ਕਿਵੇਂ ਖ਼ੁਸ਼ਵੰਤ ਇਕ 'ਨਾਕਾਮ ਵਕੀਲ ਅਤੇ ਪ੍ਰਸਿੱਧ ਲੇਖਕ' ਸੀ। ਭੂਮਿਕਾ ਵਿਚ ਅਨੁਵਾਦਕਾ ਨੇ ਅਨੁਵਾਦ-ਕਲਾ ਦੀ ਵਿਧਾ ਬਾਰੇ ਪ੍ਰਕਾਸ਼ ਪਾਇਆ ਹੈ। ਪੱਤਰਕਾਰਿਤਾ ਦੇ ਖਤੇਰ ਵਿਚ ਉਹ ਡਾ. ਨਵਜੀਤ ਜੌਹਲ ਦੀ ਵਿਦਿਆਰਥੀ ਰਹੀ ਸੀ, ਉਨ੍ਹਾਂ ਦਾ ਵੀ ਜ਼ਿਕਰੇ-ਖ਼ੈਰ ਹੋਇਆ ਹੈ। ਲੇਖਿਕਾ ਖ਼ੁਦ ਇਕ ਸੁਹਿਰਦ ਅਤੇ ਸੰਵੇਦਨਸ਼ੀਲ ਨਾਰੀ ਹੈ।
ਖ਼ੁਸ਼ਵੰਤ ਸਿੰਘ ਦਾ ਰਚਨਾ-ਸੰਸਾਰ ਬਹੁਤ ਵਿਸ਼ਾਲ ਅਤੇ ਵੰਨ-ਸੁਵੰਨਾ ਹੈ, ਜਿਸ ਵਿਚ ਸ੍ਰੀਮਤੀ ਇੰਦਰਾ ਗਾਂਧੀ, ਸੰਜੇ ਗਾਂਧੀ, ਕਾਰਟੂਨਿਸਟ ਆਰ. ਕੇ. ਲਕਸ਼ਮਣ, ਜੋਤਸ਼ੀ-ਬਾਬੇ, ਲੋਭੀ-ਪ੍ਰਕਾਸ਼ਕ, ਦੇਸ਼-ਵੰਡ ਦਾ ਸੰਤਾਪ, ਪੰਜਾਬੀ ਲੇਖਕ ਕਰਤਾਰ ਸਿੰਘ ਦੁੱਗਲ ਅਤੇ ਸ਼ਿਵ ਕੁਮਾਰ ਆਦਿ ਬਾਰੇ ਬਹੁਤ ਸਾਰੇ ਵਿਸ਼ੇ ਛੋਹੇ ਗਏ ਹਨ। ਉਹ ਇਕ ਬੇਬਾਕ ਅਤੇ ਦੰਭ-ਨਿਵਾਰਕ ਲੇਖਕ ਸੀ। ਰਸਮੀ ਵਰਤੋਂ-ਵਿਹਾਰ ਨਹੀਂ ਸੀ ਕਰਦਾ। ਸੱਚਮੁੱਚ ਦਾ ਸੈਕੂਲਰ ਇਨਸਾਨ ਸੀ। ਉਹੋ ਜਿਹਾ ਜੀਵਨ ਅਤੇ ਲੇਖਣ ਹਰ ਕਿਸੇ ਦੇ ਵੱਸ ਦਾ ਨਹੀਂ। ਅਨੁਵਾਦਕ ਨੂੰ ਸਾਬਾਸ਼।
c c c


ਬੋਧ ਗਯਾ ਤੋਂ ਗਿਆਨ ਦੀ ਧਾਰਾ
ਲੇਖਕ : ਜਗਤਾਰ ਸਿੰਘ ਹਿੱਸੋਵਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਮੁਹਾਲੀ
ਮੁੱਲ : 250 ਰੁਪਏ, ਸਫ਼ੇ : 150
ਸੰਪਰਕ : 98783-30324


ਸ. ਜਗਤਾਰ ਸਿੰਘ ਹਿੱਸੋਵਾਲ ਦੀ ਇਹ ਪੁਸਤਕ ਪੜ੍ਹ ਕੇ ਮੈਨੂੰ ਖੁਸ਼ੀ ਹੋਈ ਹੈ ਕਿ ਪੰਜਾਬੀ ਵਿਚ ਧਰਮ-ਸ਼ਾਸਤਰ ਬਾਰੇ ਕੁਝ ਜਗਿਆਸੂ ਅਤੇ ਸੂਝਵਾਨ ਲੋਕ ਵੀ ਬੜਾ ਚੰਗਾ ਕੰਮ ਕਰ ਰਹੇ ਹਨ, ਵਰਨਾ ਧਰਮ-ਗੁਰੂਆਂ ਜਾਂ ਵਿਭਿੰਨ ਧਰਮਾਂ ਬਾਰੇ ਕੇਵਲ ਅਕਾਦਮਿਕ ਕਿਸਮ ਦੇ ਵਿਦਵਾਨ ਹੀ ਖ਼ੁਸ਼ਕ ਜਿਹੀਆਂ ਕਿਤਾਬਾਂ ਲਿਖ ਛੱਡਦੇ ਸਨ। ਹਿੱਸੋਵਾਲ ਸਾਹਿਬ ਦੀ ਸਮੱਗਰੀ ਉਹਦੇ ਨਿੱਜੀ ਅਨੁਭਵ ਵਿਚੋਂ ਨਿੱਤਰੀ ਹੋਣ ਕਾਰਨ ਬੜੀ ਤਾਜ਼ਾ ਅਤੇ ਨਿੱਘੀ ਹੈ।
ਇਹ ਪੁਸਤਕ ਮਹਾਤਮਾ ਬੁੱਧ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਦੀ ਪ੍ਰਮਾਣਿਕਤਾ ਬਾਰੇ ਸੰਵਾਦ ਰਚਾਉਂਦੀ ਹੈ। ਲੇਖਕ ਨੇ ਸਮੁੱਚੀ ਸਮੱਗਰੀ ਨੂੰ 12 ਭਾਗਾਂ ਵਿਚ ਵੰਡਿਆ ਹੈ : ਮਹਾਤਮਾ ਬੁੱਧ ਦਾ ਜਨਮ ਅਤੇ ਵੈਰਾਗ, ਮਹਾਂ-ਤਿਆਗ, ਸੰਬੋਧੀ ਦੀ ਪ੍ਰਾਪਤੀ, ਪਰਿਵਰਤਨ ਦਾ ਪਹਿਲਾ ਗੇੜ, ਕਪਿਲਵਸਤੂ ਵੱਲ ਫੇਰੀ, ਸਭ ਲਈ ਖੁੱਲ੍ਹੇ ਦਰਵਾਜ਼ੇ, ਔਰਤਾਂ ਨੂੰ 'ਧੰਮ' ਦੀ ਦੀਕਸ਼ਾ, ਜਾਤਕ-ਕਥਾਵਾਂ, ਸੰਘ ਵਿਚ ਮੱਤਭੇਦ, ਵੈਸ਼ਾਲੀ ਨੂੰ ਅਲਵਿਦਾ, ਮਹਾਂਪਰਿਨਿਰਵਾਣ, ਗਿਆਨ ਧਾਰਾ ਦੇ ਸੁੱਚੇ ਮੋਤੀ, ਪੁਸਤਕ ਦੇ ਅੰਤਿਮ ਭਾਗ ਵਿਚ ਮਹਾਤਮਾ ਬੁੱਧ ਦੇ ਕੁਝ ਵਚਨ ਅੰਕਿਤ ਕੀਤੇ ਗਏ ਹਨ। ਇਸ ਪੁਸਤਕ ਦੇ ਕੁਝ ਵਿਸ਼ੇਸ਼ ਲੇਖਾਂ ਵਿਚ ਜੀਵਨ ਦੇ ਉਦੇਸ਼, ਖ਼ੁਦ ਦੀ ਖੋਜ, ਪ੍ਰੇਮ ਵਿਚ ਦੁੱਖ ਦੇ ਬੀਜ, ਸੱਚਾ ਸੁੱਖ, ਅਨੁਚਿਤ ਕੰਮ, ਮਨ ਦੀ ਸ਼ੁੱਧੀ, ਸਵੈ-ਸੰਜਮ, ਚੰਗੇ ਕਰਮ, ਦਯਾ ਤੇ ਪਿਆਰ, ਭੈਮੁਕਤੀ, ਸਰਬਦਰਸ਼ਿਤਾ, ਉੱਤਮ ਜੀਵਨ ਅਤੇ ਹੋਸ਼ ਨੂੰ ਜਗਾਓ ਆਦਿ ਵਿਸ਼ਿਆਂ ਬਾਰੇ ਸੰਖੇਪ ਟਿੱਪਣੀਆਂ ਵੀ ਦ੍ਰਿਸ਼ਟੀਗੋਚਰ ਹੋਣਗੀਆਂ, ਜਿਨ੍ਹਾਂ ਨੂੰ ਪੜ੍ਹ ਕੇ ਹਰ ਮਾਨਵ ਆਪਣੇ ਜੀਵਨ ਦਾ ਰੂਪਾਂਤਰਣ ਕਰ ਸਕਦਾ ਹੈ।
ਪੁਸਤਕ ਦੀ ਭੂਮਿਕਾ ਵਿਚ ਬੁੱਧ-ਦਰਸ਼ਨ ਦੀ ਮਹਿਮਾ ਦਾ ਬਖਾਣ ਕਰਦਾ ਹੋਇਆ ਲੇਖਕ ਲਿਖਦਾ ਹੈ, 'ਜਦੋਂ ਗੌਤਮ ਬੁੱਧ ਨੂੰ ਪੜ੍ਹਿਆ ਵਿਚਾਰਿਆ ਤਾਂ ਜ਼ਿੰਦਗੀ ਵਿਚ ਸਹਿਜ ਹੀ ਪਰਿਵਰਤਨ ਆਉਂਦਾ ਨਜ਼ਰ ਆਇਆ। ਅਧਿਆਤਮਿਕ ਦੇ ਇਸ ਨਵੇਂ ਆਕਾਸ਼ ਵਿਚ ਵਿਚਰਦਿਆਂ ਜ਼ਿੰਦਗੀ ਵਿਚ ਨਵਾਂ ਵਿਸ਼ਵਾਸ, ਨਵਾਂ ਜੋਸ਼ ਅਤੇ ਨਵਾਂ ਇਤਫ਼ਾਕ ਪੈਦਾ ਹੋਇਆ।' (ਪੰਨਾ 14). ਜਗਤਾਰ ਸਿੰਘ ਹਿੱਸੋਵਾਲ ਦੀ ਇਹ ਪੁਸਤਕ 'ਅਜੀਤ' ਦੇ ਧਰਮ ਤੇ ਵਿਰਸਾ ਅੰਕ ਵਿਚ ਹਰ ਮੰਗਲਵਾਰ ਲੜੀਵਾਰ ਪ੍ਰਕਾਸ਼ਿਤ ਹੁੰਦੀ ਰਹੀ ਹੈ। ਇਹ ਤੱਥ ਪੁਸਤਕ ਦੀ ਪ੍ਰਮਾਣਿਕਤਾ ਦਾ ਸਬੂਤ ਹੈ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਤੰਦ-ਤਾਣੀਆਂ
ਲੇਖਿਕਾ : ਕਰਮਜੀਤ ਕੌਰ ਮੁਕਤਸਰ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 98
ਸੰਪਰਕ: 89685-94379


ਕਰਮਜੀਤ ਕੌਰ ਮੁਕਤਸਰ ਦੀ ਇਹ ਪਲੇਠੀ ਪੁਸਤਕ ਹੈ, ਜਿਸ ਵਿਚ ਉਸ ਨੇ ਕਹਾਣੀਆਂ, ਯਾਦਾਂ, ਘਟਨਾਵਾਂ ਅਤੇ ਸਫ਼ਰਨਾਮੇ ਦਰਜ ਕੀਤੇ ਹਨ। ਇਸ ਪੁਸਤਕ ਵਿਚ ਉਸ ਦੀਆਂ 27 ਵਾਰਤਕ ਰਚਨਾਵਾਂ ਸ਼ਾਮਿਲ ਹਨ। ਉਸ ਦੀ ਹਰ ਰਚਨਾ ਵਿਚ 'ਮੈਂ' ਪਾਤਰ ਹਾਜ਼ਰ ਰਹਿੰਦਾ ਹੈ। ਇਹ ਰਚਨਾਵਾਂ ਉਸ ਦੇ ਹੱਡੀਂ ਹੰਢਾਏ ਅਨੁਭਵ ਹਨ ਜਿਨ੍ਹਾਂ ਨੂੰ ਉਹ ਕਦੀ ਕਹਾਣੀ ਦਾ, ਕਦੀ ਲੇਖਨੁਮਾ ਕਹਾਣੀ ਦਾ, ਕਦੀ ਲੇਖ ਦਾ ਤੇ ਕਦੀ ਸਫ਼ਰਨਾਮੇ ਦਾ ਰੂਪ ਦਿੰਦੀ ਹੈ। ਇਸ ਲਈ ਇਸ ਪੁਸਤਕ ਦੀਆਂ ਰਚਨਾਵਾਂ ਨੂੰ ਕਿਸੇ ਇਕ ਵਿਧਾ ਵਿਚ ਬੰਨ੍ਹਣਾ ਮੁਸ਼ਕਿਲ ਕਾਰਜ ਹੈ।
ਇਸ ਵਿਚ 'ਅਸੀਂ ਪੰਜਾਬੀ ਸੰਘਰਸ਼ੀ ਹੱਕ-ਸੱਚ ਵਾਲੇ', 'ਹੋਲਾ ਮਹੱਲਾ', 'ਵਿਸਾਖੀ', 'ਪਰਵਾਸੀ ਪੰਛੀ', 'ਜੀਵਨ ਜਾਚ', 'ਕੰਧੋਲੀ', 'ਇਕ ਸਵੇਰ ਟਹਿਲਦਿਆਂ-ਟਹਿਲਦਿਆਂ', 'ਅੰਮ੍ਰਿਤ ਜਾਂ ਜ਼ਹਿਰ' ਲੇਖ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚ ਸਮੇਂ ਦੀਆਂ ਸਮੱਸਿਆਵਾਂ ਵੱਲ ਕਿੰਤੂ-ਪ੍ਰੰਤੂ ਕੀਤਾ ਹੋਇਆ ਹੈ। 'ਚੰਨ ਮਾਤਾ-ਗੁਜਰੀ ਦਾ' ਤੇ 'ਸ਼ਰਧਾ ਦੇ ਫੁੱਲ' ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਯਾਤਰਾਵਾਂ ਦਰਜ ਕੀਤੀਆਂ ਗਈਆਂ ਹਨ।
'ਤਾਂਡਵ', 'ਨਵੀਂ ਸਵੇਰ' ਤੇ ਕੁਝ ਹੋਰ ਬਿਹਤਰ, ਅਮਾਨਤ ਨੰਦ ਕੌਰ ਦੀ, ਕਿਰਾਏ ਦੀ ਛੱਤ, ਸੁੰਨਾ ਵਿਹੜਾ, ਕਹਾਣੀਆਂ ਔਰਤ ਦੀ ਦੁਰਦਸ਼ਾ ਤੇ ਦਲੇਰੀ ਨੂੰ ਪ੍ਰਗਟ ਕਰਦੀਆਂ ਹਨ।
ਚਾਲੀ ਰੁਪਏ, ਜੀਣਾ, ਚਾਹ ਦੀ ਇਕ ਘੁੱਟ, ਫੁਲਕਾਰੀ ਦੀ ਬੁੱਕਲ ਆਖਰ ਕਦੋਂ ਤੱਕ, ਗੋਹਲ ਦੀ ਆਸ, ਆਪ ਬੀਤੀ ਆਦਿ ਆਪ ਬੀਤੀਆਂ ਹਨ ਜੋ ਯਾਦਾਂ ਦੇ ਰੂਪ ਵਿਚ ਕਦੀ-ਕਦਾਈਂ ਲੇਖਿਕਾ ਦੇ ਮਨ ਵਿਚ ਉੱਭਰਦੀਆਂ ਹਨ। ਇਹ ਪੁਸਤਕ ਹਾਲੇ ਲੇਖਿਕਾ ਦੀ ਅਭਿਆਸੀ ਪੁਸਤਕ ਹੈ। ਉਸ ਨੂੰ ਹਾਲੇ ਹੋਮਵਰਕ ਦੀ ਲੋੜ ਹੈ।


-ਕੇ. ਐਲ. ਗਰਗ
ਮੋਬਾਈਲ : 94635-37050


ਸ਼ਾਇਰ ਦਾ ਦਿਲ
ਸੰਪਾਦਕ : ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 126
ਸੰਪਰਕ : 87086-19568


ਵੈਦ ਇੰਦਰ ਸਿੰਘ ਦੀਆਂ ਰਚਨਾਵਾਂ ਦੀ ਸੰਪਾਦਨਾ ਦੀ ਇਹ ਪੁਸਤਕ ਉਨ੍ਹਾਂ ਦੇ ਜੀਵਨ ਸਫ਼ਰ ਉੱਪਰ ਵੀ ਝਾਤ ਪਵਾਉਂਦੀ ਹੈ। ਜ਼ਿਲ੍ਹਾ ਮਾਨਸਾ ਦੇ ਪਿੰਡ ਦਾਤੇਵਾਸ ਵਿਚ 1906 ਵਿਚ ਜਨਮੇ ਵੈਦ ਇੰਦਰ ਸਿੰਘ ਨੇ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਸਨ ਜੋ ਉਨ੍ਹਾਂ ਦੀਆਂ ਹੱਥ ਲਿਖਤਾਂ ਦੇ ਰੂਪ ਵਿਚ ਸਨ। ਸੰਪਾਦਕਾ ਡਾ. ਖੁਸ਼ਨਸੀਬ ਅਤੇ ਗੁਰਬਖਸ਼ੀਸ਼ ਕੌਰ ਨੇ ਇਹ ਸਾਰੀਆਂ ਰਚਨਾਵਾਂ ਇਕੱਤਰ ਕਰਕੇ ਇਨ੍ਹਾਂ ਨੂੰ ਸੰਗ੍ਰਹਿ ਕਰਕੇ ਸ਼ਾਇਰ ਦਾ ਦਿਲ ਪੁਸਤਕ ਵਿਚ ਸ਼ਾਮਿਲ ਕੀਤਾ ਹੈ।
ਕਵੀ ਵੈਦ ਇੰਦਰ ਸਿੰਘ ਦੀਆਂ ਰਚਨਾਵਾਂ ਦੇ ਵਿਸ਼ਿਆਂ ਵਿਚ ਵੰਨ-ਸੁਵੰਨਤਾ ਹੈ। ਉਨ੍ਹਾਂ ਨੇ ਸ਼ਾਇਰ ਦਾ ਦਿਲ ਨਾਂਅ ਦੀ ਕਵਿਤਾ ਰਾਹੀਂ ਸੱਚ ਅਤੇ ਹੱਕ ਬਾਰੇ ਜਾਣੂ ਕਰਵਾਇਆ ਹੈ-
ਜੀਆਂ ਨੂੰ ਪਿਆਰ ਨਾ ਕਰਨਾ ਅਮਾਨਤ ਵਿਚ ਖਿਆਨਤ ਹੈ
ਜਿਹੜਾ ਮੁਨਸਫ਼ ਦੀ ਕੁਰਸੀ 'ਤੇ ਬੈਠ ਕੇ ਇਨਸਾਫ਼ ਨਹੀਂ ਕਰਦਾ
ਉਹਨੂੰ ਏਥੇ ਵੀ ਲਾਹਨਤ ਹੈ
ਉਹਨੂੰ ਉਥੇ ਵੀ ਲਾਹਨਤ ਹੈ।
'ਕਲੀ ਹੀਰ ਦੀ' ਆਪ ਦੀ ਪਰੰਪਰਾਗਤ ਹੀਰ ਦੇ ਕਿੱਸੇ ਵਾਂਗ ਬਹੁਤ ਪ੍ਰਭਾਵਕਾਰੀ ਰਚਨਾ ਹੈ। 'ਰੱਬ ਨਾਲ ਮੁਲਾਕਾਤ' ਦੇ ਵਿਚਾਰ ਵਾਲੀ ਕਵਿਤਾ ਰਾਹੀਂ ਕਵੀ ਨੇ ਆਰਥਿਕ ਪਾੜੇ ਬਾਰੇ ਬਹੁਤ ਹੀ ਭਾਵਪੂਰਤ ਰਚਨਾ ਪੇਸ਼ ਕੀਤੀ ਹੈ। ਖੁਸ਼ੀ ਦੀ ਘਾਟ, ਪੁੱਤਰ ਦਾ ਸੁੱਖ, ਤਿਆਗ, ਹਾਏ ਪੈਸਾ, ਕੁਨਬਾ ਪਰਵਰੀ, ਆਵਾਗਵਨ ਦਾ ਭਰਮ, ਮਜ਼ਹਰਬ ਦਾ ਝੋਲਾ, ਸਾਇੰਸ ਦੀ ਤਰੱਕੀ, ਵੇਦਾਂਤ ਸਾਰ, ਸਿੱਖੀ ਦੀ ਰਹਤ ਬਹੁਤ ਹੀ ਪ੍ਰਭਾਵਕਾਰੀ ਨਜ਼ਮਾਂ ਹਨ। ਰਾਜਨੀਤਕ ਅਤੇ ਇਤਿਹਾਸਕ ਘਟਨਾਵਾਂ ਬਾਰੇ ਵੀ ਬਹੁਤ ਵਧੀਆ ਰਚਨਾਵਾਂ ਰਚੀਆਂ ਹਨ ਕਰਫਿਊ, ਦਿੱਲੀ ਦੰਗੇ, ਹਰਿਮੰਦਰ ਦੀ ਹੁਕਮਤ, ਐਮਰਜੈਂਸੀ, ਨਾਹਰਾ ਗੁਰੂ ਦਸਮੇਸ਼ ਦਾ, ਰਾਖਾ ਬਣਿਆ ਸੀ ਸਾਰੀ ਹਿੰਦ ਵੈਣ ਦਾ ਜੀ ਆਦਿ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਇਸ ਪੁਸਤਕ ਦਾ ਦੂਸਰਾ ਭਾਗ ਸੀਹਰਫੀਆਂ ਦਾ ਹੈ। ਸੀਹਰਫ਼ੀ ਤੀਹ ਅੱਖਰਾਂ ਦੀ ਰਚਨਾ ਹੈ। ਇਸ ਦੇ ਹਰ ਪਹਿਲੇ ਅੱਖਰ ਨੂੰ ਲੈ ਕੇ ਕਵੀ ਨੇ ਕਾਵਿ ਰਚਨਾ ਕੀਤੀ ਹੈ। ਇਨ੍ਹਾਂ ਰਚਨਾਵਾਂ ਵਿਚ ਵਧੇਰੇ ਰਚਨਾਵਾਂ ਅਟੱਲ-ਸੱਚਾਈਆਂ ਅਤੇ ਜੀਵਨ ਦੇ ਡੂੰਘੇ ਗਿਆਨ ਨਾਲ ਸੰਬੰਧਿਤ ਹਨ। ਇਕ ਆਦਰਸ਼ ਮਾਨਵ ਦੇ ਜੋ ਗੁਣ ਹੋਣੇ ਚਾਹੀਦੇ ਹਨ। ਉਨ੍ਹਾਂ ਦਾ ਕਵੀ ਨੇ ਕੁਝ ਸੀਹਰਫੀਆਂ ਰਾਹੀਂ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਹੈ :-
ਬੇ: ਵਾਸਨਾ ਪੁੰਜ ਨੂੰ ਮਾਰ ਕੇ ਤੂੰ
ਪਾਪੀ ਚਿੱਤ ਨੂੰ ਵਿਸ਼ਿਆਂ ਤੋਂ ਮੋੜ ਖਾਂ ਤੂੰ
ਹਿਰਦੇ ਜਾਲ ਤੂੰ ਚਿਰਾਗ ਏਕਤਾ ਦਾ
ਦਿਲੋਂ ਭਰਮ ਦਵੈਤ ਨੂੰ ਛੋੜ ਖਾਂ ਤੂੰ।
ਇਸ ਪ੍ਰਕਾਰ ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਨੇ ਵੈਦ ਇੰਦਰ ਸਿੰਘ ਦੀਆਂ ਰਚਨਾਵਾਂ ਨੂੰ ਇਕੱਤਰ ਕਰਕੇ ਸੰਪਾਦਨਾ ਕਰਕੇ ਬਹੁਤ ਵਧੀਆ ਸਾਹਿਤਕ ਕਾਰਜ ਕੀਤਾ ਹੈ। ਇਸ ਉੱਦਮ ਲਈ ਉਹ ਵਧਾਈ ਦੇ ਹੱਕਦਾਰ ਹਨ।


-ਪ੍ਰੋ. ਕੁਲਜੀਤ ਕੌਰ
ਐਚ.ਐੱਮ.ਵੀ. ਜਲੰਧਰ


ਮਤਰਏ ਸਾਕ

ਲੇਖਕ : ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 495 ਰੁਪਏ, ਸਫ਼ੇ : 376
ਸੰਪਰਕ : 98152-18545


'ਕਾਲ ਚੱਕਰ' ਅਤੇ 'ਉੱਚਾ ਥੇਹ' ਨਾਵਲਾਂ ਮਗਰੋਂ ਹਰਬੰਸ ਸਿੰਘ ਧੀਮਾਨ ਦਾ ਨਵ-ਪ੍ਰਕਾਸ਼ਿਤ ਨਾਵਲ 'ਮਤਰਏ ਸਾਕ' ਆਪਣੇ ਸਿਰਲੇਖ ਮੁਤਾਬਕ ਪੰਜਾਬੀ ਪਰਿਵਾਰਾਂ ਵਿਚ ਮਤਰੇਅ ਸਾਕਾਂ ਦੀ ਹੋਣੀ ਨਿਭਾਉਂਦੇ ਪਾਤਰਾਂ ਦੀ ਵਿਅਥਾ-ਕਥਾ ਹੈ। ਸਾਡੇ ਸਮਾਜ ਵਿਚ ਮਨੁੱਖ ਰੇਸ਼ਮ ਦੇ ਕੀੜੇ ਵਾਂਗ ਆਪਣੇ ਇਰਦ-ਗਿਰਦ ਰਿਸ਼ਤਿਆਂ ਦਾ ਰੇਸ਼ਮ ਲਪੇਟ ਲੈਂਦਾ ਹੈ ਤੇ ਫਿਰ ਇਸੇ ਰੇਸ਼ਮੀ ਜੰਜਾਲ ਵਿਚ ਉਲਝ ਕੇ ਆਪਣਾ ਜੀਵਨ ਗੁਆ ਬਹਿੰਦਾ ਹੈ। ਇਸ ਨਾਵਲ ਦੀ ਮੁੱਖ ਪਾਤਰਾ ਬਚਨੀ ਹੈ ਜੋ ਵਿਧਵਾ ਹੋਣ ਉਪਰੰਤ ਹਰਮੋਹਿੰਦਰ ਸਿੰਘ ਅਤੇ ਬੇਟੀ ਬਾਵੀ ਸਮੇਤ ਪਿਆਰਾ ਸਿੰਘ ਦੇ ਘਰ ਬਿਠਾ ਦਿੱਤੀ ਜਾਂਦੀ ਹੈ। ਪਿਆਰਾ ਸਿੰਘ ਦੀ ਪਤਨੀ ਵੀ ਤਿੰਨ ਲੜਕੇ ਤੇ ਲੜਕੀਆਂ ਛੱਡ ਕੇ ਰੱਬ ਨੂੰ ਪਿਆਰੀ ਹੋ ਚੁੱਕੀ ਹੁੰਦੀ ਹੈ। ਜ਼ੁਬਾਨੋ ਕੌੜੀ ਪਰ ਪਤੀ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਬਚਨੀ ਪਹਿਲੇ ਪਤੀ ਅਤੇ ਪਿਆਰਾ ਸਿੰਘ ਦੀ ਪਹਿਲੀ ਪਤਨੀ ਦੇ ਬੱਚਿਆਂ ਦੀ ਆਪਣੀ ਕੁੱਖੋਂ ਜਾਏ ਸਮਝ ਕੇ ਪਰਵਰਿਸ਼ ਕਰਦੀ ਹੈ। ਪਿਆਰਾ ਸਿੰਘ ਵੀ ਆਪਣੇ ਜਿਊਂਦੇ ਜੀਅ ਮਨ ਵਿਚ ਕੋਈ ਵੱਲ-ਫਰੇਬ ਰੱਖੇ ਬਿਨਾਂ ਸਾਰੇ ਪਰਿਵਾਰ ਪ੍ਰਤੀ ਇਕੋ ਜਿਹੇ ਫਰਜ਼ ਨਿਭਾਉਂਦਾ ਹੈ। ਨਾਲ ਉਸ ਦਾ ਛੋਟਾ ਭਰਾ ਹਰਦੀਪ ਸਿੰਘ ਵੀ ਆਪਣੀ ਈਰਖਾਲੂ ਸੁਭਾਅ ਦੀ ਪਤਨੀ ਸੁਰਜੀਤ ਦੇ ਹੁੰਦਿਆਂ ਅਤੇ ਅੱਡ ਹੋ ਕੇ ਵੀ ਇਸ ਪਰਿਵਾਰ ਨਾਲ ਪੂਰਾ ਮੋਹ ਰੱਖਦਾ ਹੈ ਤੇ ਉਹ ਹਰ ਔਖੀ-ਭਾਰੀ ਘੜੀ ਵਿਚ ਉਨ੍ਹਾਂ ਦੀ ਬਾਂਹ ਵੀ ਫੜਦਾ ਹੈ। ਨਵਲ ਦੇ ਮੁੱਖ ਕਥਾਨਕ ਦੇ ਨਾਲ-ਨਾਲ ਕਈ ਸਪੋਰਟਿੰਗ ਸਟੋਰੀਜ਼ ਵੀ ਚਲਦੀਆਂ ਹਨ ਅਤੇ ਕਥਾਨਕ ਦੀ ਗੋਂਦ ਨੂੰ ਗੁੰਦਵਾਂ ਬਣਾਉਣ ਵਿਚ ਮਦਦਗਾਰ ਭੂਮਿਕਾ ਨਿਭਾਉਂਦੀਆਂ ਹਨ। ਚਾਹੇ ਉਹ ਬਾਵੀ ਦੇ ਪੂਰਨ ਨਾਲ ਪ੍ਰੇਮ ਸੰਬੰਧ ਅਤੇ ਚੋਰੀ-ਚੋਰੀ ਉਸ ਦਾ ਹਮਲ ਗਿਰਾਉਣ ਦਾ ਪ੍ਰਸੰਗ ਹੋਵੇ ਜਾਂ ਪਿਆਰਾ ਸਿੰਘ ਅਤੇ ਹਰਦੀਪ ਸਿੰਘ ਦੋਹਾਂ ਭਰਾਵਾਂ ਵਲੋਂ ਮਿਲ ਕੇ ਪੂਰਨ ਦਾ ਕਤਲ ਕਰਨ ਵਾਲਾ ਦ੍ਰਿਸ਼ਟਾਂਤ ਹੋਵੇ, ਗੁਰਜਿੰਦਰ ਦਾ ਆਪਹੁਦਰਾਪਣ, ਨਫ਼ਰਤੀ ਤੇ ਫ਼ਿਤਰਤੀ ਦਿਮਾਗ਼ ਕਰਕੇ ਮਤਰੇਈ ਮਾਂ ਬਚਨੀ ਨਾਲ ਗਾਲੀ-ਗਲੌਚ ਤੇ ਮਾਰਨਾ-ਕੁੱਟਣਾ, ਖਿੱਚ-ਧੂਹ ਕਰਨੀ, ਘਰੋਂ ਗ਼ਾਇਬ ਰਹਿਣਾ ਤੇ ਵੇਸ਼ਵਾ ਗਮਨੀ ਕਰਨ ਵਾਲਾ ਕਿੱਸਾ, ਹਰਦੀਪ ਸਿੰਘ ਵਲੋਂ ਗੈਰਾਜ ਦਾ ਸੌਦਾ, ਸੁਖਬੀਰ ਇੰਸਪੈਕਟਰ ਤੇ ਪ੍ਰੇਮ ਪ੍ਰਕਾਸ ਦੀ ਗੁੱਝੀ ਮਿੱਤਰਤਾ, ਪ੍ਰੇਮ ਪ੍ਰਕਾਸ਼ ਦੀ ਬੇਟੀ ਦੇ ਵਿਆਹ ਤੋਂ ਪਹਿਲੋਂ ਗਰਭਵਤੀ ਹੋਣਾ ਅਤੇ ਪ੍ਰੇਮ ਪ੍ਰਕਾਸ਼ ਤੇ ਉਸ ਦੀ ਪਤਨੀ ਵਲੋਂ ਮਿਲ ਕੇ ਬੇਟੀ ਨੂੰ ਕਰੰਟ ਲਾ ਕੇ ਮਾਰ ਦੇਣਾ, ਫਿਰ ਪੁਲਿਸ ਦੇ ਸ਼ਿਕੰਜੇ ਤੋਂ ਬਚ ਜਾਣਾ। ਅੰਤ ਵਿਚ ਲਗਭਗ ਸਾਰੇ ਬੱਚਿਆਂ ਦੀਆਂ ਸ਼ਾਦੀਆਂ ਤੋਂ ਸੁਰਖਰੂ ਹੋਣਾ, ਪਹਿਲੋਂ ਪਿਆਰਾ ਸਿੰਘ ਦਾ ਪਰਲੋਕ ਸਿਧਾਰਨਾ ਤੇ ਸਾਰੀ ਉਮਰ ਪਿਆਰਾ ਸਿੰਘ ਦੇ ਟੱਬਰ ਦੇ ਲੇਖੇ ਲਾਉਣ ਤੇ ਬੇਟੇ ਹਰਮੋਹਿੰਦਰ ਵਲੋਂ ਪਿਤਾ, ਭੈਣਾਂ-ਭਰਾਵਾਂ ਤੇ ਪਰਿਵਾਰ ਪ੍ਰਤੀ ਪੂਰੀ ਵਫਾਦਾਰੀ ਤੇ ਫਰਮਾਬਰਦਾਰੀ ਨਿਭਾਉਣ ਦੇ ਬਾਵਜੂਦ ਉਨ੍ਹਾਂ ਨੂੰ ਘਰ ਦੀ ਮਲਕੀਅਤ ਤੋਂ ਬੇਦਖ਼ਲ ਕਰਕੇ ਮਤਰੇਅ ਹੀ ਕਹਾਉਣਾ ਤੇ ਬਚਨੀ ਦਾ ਬਿਰਧ ਅਵਸਥਾ ਵਿਚ ਆਪਣੇ ਬਹੂ-ਬੇਟੇ ਨਾਲ ਘਰ ਛੱਡਣ ਲਈ ਮਜਬੂਰ ਹੋਣਾ 'ਮਤਰੇਅ ਸਾਕਾਂ' ਦੀ ਦੁਖਾਂਤਕ ਹੋਣੀ ਨੂੰ ਬਿਆਨ ਕਰਦਾ ਹੈ। 376 ਸਫ਼ਿਆਂ ਦੇ ਵੱਡ-ਆਕਾਰੀ ਕਥਾਨਕ ਵਿਚ ਫੈਲਿਆ ਇਹ ਦੁਖਾਂਤਕ ਨਾਵਲ ਧੀਮੀ ਗਤੀ ਦੇ ਸਮਾਚਾਰਾਂ ਵਾਂਗ ਹੌਲੀ-ਹੌਲੀ ਅੱਗੇ ਵਧਦਾ ਹੈ। ਲੇਖਕ ਨੇ ਸੂਖ਼ਮ ਤੋਂ ਸੂਖ਼ਮ ਵੇਰਵਿਆਂ ਨੂੰ ਵਿਸਥਾਰ ਵਿਚ ਇਸ ਤਰ੍ਹਾਂ ਚਿਤਰਿਆ ਹੈ ਕਿ ਹਰੇਕ ਪਾਤਰ ਦੀ ਮਾਨਸਿਕਤਾ, ਗੱਲਬਾਤ ਕਰਨ ਦਾ ਢੰਗ, ਉਸ ਦੀ ਸੋਚ ਅਤੇ ਕਿਰਦਾਰ ਉਭਰ ਕੇ ਸਾਹਮਣੇ ਆ ਜਾਂਦੇ ਹਨ। ਨਾਵਲ ਮਤਰੇਅ ਸਾਕਾਂ ਦੀ ਬਾਤ ਪਾਉਂਦਾ ਹੋਇਆ ਆਨਰ ਕਿਲਿੰਗ ਅਤੇ ਨਸ਼ਿਆਂ ਦੇ ਨੁਕਸਾਨ ਨਾਲ ਵੀ ਨਾਲ ਜੋੜ ਦਿੰਦਾ ਹੈ। ਪੰਜਾਬੀ ਮਿਹਨਤਕਸ਼ ਸਮਾਜ ਦੇ ਸੱਭਿਆਚਾਰ ਦਾ ਯਥਾਰਥਮਈ ਚਿੱਤਰਣ ਹੋਣ ਕਰਕੇ ਨਾਵਲ ਵਿਚ ਰੌਚਕਿਤਾ ਬਰਾਬਰ ਬਣੀ ਰਹਿੰਦੀ ਹੈ।


-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964


ਅਕੀਦਾ
ਲੇਖਕ : ਰੂਪ ਕੌਰ ਕੂੰਨਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 299 ਰੁਪਏ, ਸਫ਼ੇ : 144
ਸੰਪਰਕ : 97797-70922


'ਅਕੀਦਾ' ਪੁਸਤਕ ਦੀ ਲੇਖਿਕਾ ਰੂਪ ਕੌਰ ਕੂੰਨਰ ਹੈ। ਇਸ ਪੁਸਤਕ ਵਿਚ 98 ਕਵਿਤਾਵਾਂ ਹਨ। ਪੁਸਤਕ ਵਿਚ ਕੁਝ ਕਵਿਤਾਵਾਂ ਬਹੁਤ ਹੀ ਛੋਟੀਆਂ ਹਨ, ਜਿਨ੍ਹਾਂ ਵਿਚ ਕੁਝ ਨਾ ਕੁਝ ਛੁਪਿਆ ਹੋਇਆ ਤਾਂ ਹੈ ਪਰ ਜੇਕਰ ਹੋਰ ਵਿਸਥਾਰ ਦਿੱਤਾ ਜਾਂਦਾ ਤਾਂ ਚੰਗਾ ਹੋਣਾ ਸੀ। ਕਵਿਤਾਵਾਂ ਦੇ ਵਿਸ਼ੇ ਕਾਫ਼ੀ ਵੰਨ-ਸੁਵੰਨੇ ਹਨ, ਜਿਨ੍ਹਾਂ ਵਿਚ ਜੀਵਨ ਦੇ ਹਰ ਮੋੜ ਦੀ ਗੱਲ ਕੀਤੀ ਗਈ ਹੈ। ਜੇਕਰ ਪ੍ਰਪੱਕਤਾ ਹੁੰਦੀ ਤਾਂ ਵਧੀਆ ਹੋਣਾ ਸੀ। ਇਹ ਗੱਲ ਨਹੀਂ ਕਿ ਸਾਰੀਆਂ ਹੀ ਕਵਿਤਾਵਾਂ ਵਿਚ ਪ੍ਰਪੱਕਤਾ ਦੀ ਘਾਟ ਹੈ, ਬਲਕਿ ਕੁਝ ਕਵਿਤਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਲੇਖਿਕਾ ਨੇ ਇਹ ਕਵਿਤਾ ਕਿਸ ਮੂਡ, ਕਿਸ ਦ੍ਰਿਸ਼, ਕਿਸ ਵਾਤਾਵਰਨ, ਕਿਸ ਹਾਲਾਤ, ਕਿਸ ਮੌਕੇ 'ਤੇ ਮਹਿਸੂਸ ਕਰਦੇ ਹੋਏ ਲਿਖੀ। ਇਸ ਬਾਰੇ ਲੇਖਿਕਾ ਹੀ ਭਲੀਭਾਂਤ ਜਾਣਦੀ ਹੈ ਕਿ ਸਾਡੀ ਤਾਂ ਇਕ ਕਲਪਨਾ ਹੀ ਕਹੀ ਜਾ ਸਕਦੀ ਹੈ। ਕਵਿਤਾਵਾਂ ਵਿਚ ਵਕਤ, ਜੜ੍ਹ, ਟੱਪੇ, ਸਬਰ, ਫਾਡੀ, ਸਫ਼ਰ, ਇਸ਼ਕ, ਰੰਗ, ਸਾਦੀ ਜ਼ਿੰਦਗੀ, ਦੁਨੀਆਦਾਰੀ, ਹਿਸਾਬ, ਭੁਲੇਖਾ, ਰਾਜ, ਚੀਜ਼ਾਂ ਚਾਰ, ਵਜੂਦ, ਜਿੰਦ, ਮਾਸੂਮ ਦਿਲ, ਅਣਖ, ਸਾਦਗੀ, ਅੰਦਾਜ਼ਾ, ਨੀਅਤਾਂ, ਸ਼ੁਕਰ, ਫਿਤਰਤ, ਦਰਦੀ, ਨਾਂਹ ਕਹਿਣਾ ਸਿੱਖ, ਗੱਲ ਹੋਰ ਏ, ਸਕੂਨ, ਜੀਅ ਕਰਦੈ, ਬੇਅਕਲੀ, ਬਚਪਨ, ਸਮਾਂ, ਸਲੀਕਾ ਆਦਿ ਕਵਿਤਾਵਾਂ ਬਹੁਤ ਛੋਟੇ ਆਕਾਰ ਦੀਆਂ ਹਨ। ਲੇਖਿਕਾ ਦੀ ਇਹ ਗੱਲ ਸ਼ਲਾਘਾਯੋਗ ਹੈ ਕਿ ਏਨੇ ਵਿਸ਼ਿਆਂ 'ਤੇ ਹੱਥ ਅਜਮਾਉਣਾ ਕੋਈ ਸੌਖੀ ਗੱਲ ਨਹੀਂ, ਉਨ੍ਹਾਂ ਦੇ ਅੰਦਰ ਇਕ ਜਨੂੰਨ ਛਿਪਿਆ ਹੋਇਆ ਹੈ ਅਤੇ ਨਾਲ ਹੀ ਅੰਦਰਲੇ ਦਰਦ ਨੂੰ ਇਨ੍ਹਾਂ ਨੇ ਪਾਠਕਾਂ ਦੇ ਨਾਲ ਸਾਂਝਾ ਕਰਕੇ ਆਪਣੇ ਵਲਵਲਿਆਂ ਨੂੰ ਬਾਹਰ ਕੱਢਿਆ ਹੈ। ਇਸ ਪੁਸਤਕ ਤੋਂ ਪਹਿਲਾਂ ਜੇ ਕੁਝ ਲਿਖਿਆ ਹੋਵੇ, ਉਸ ਦਾ ਕੋਈ ਜ਼ਿਕਰ ਨਹੀਂ। ਲੇਖਿਕਾ ਨੂੰ ਅਜੇ ਹੋਰ ਅਭਿਆਸ ਦੀ ਜ਼ਰੂਰਤ ਹੈ। ਇਨ੍ਹਾਂ ਦੀ ਹੱਲਾਸ਼ੇਰੀ ਹੀ ਕਾਫ਼ੀ ਹੈ ਕਿ ਪੁਸਤਕ ਪਾਠਕਾਂ ਦੀ ਝੋਲੀ ਵਿਚ ਪਾ ਕੇ ਕੁਝ ਕਹਿਣ ਦੀ ਹਿੰਮਤ ਤਾਂ ਕੀਤੀ ਹੈ। ਇਕ ਥਾਂ 'ਤੇ ਲੇਖਿਕਾ ਲਿਖਦੀ ਹੈ :
ਸੁਣ ਵੇ ਸੱਜਣਾ, ਵੇਖ ਕੇ ਚੱਲੀਂ,
ਆਸਾ ਪਾਸਾ, ਉੱਪਰ ਥੱਲੀਂ,
ਦੁਨੀਆ ਦੀ ਇਹ ਅੱਲ-ਅਵੱਲੀ,
ਗੱਲ ਗੱਲ 'ਤੇ ਪੈਂਦੀ ਥਰਥੱਲੀ।


-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 92105-88990

ਬੂੰਦ ਬੂੰਦ ਬਰਸਾਤ
(ਰੁਬਾਈ ਮਾਲਾ ਤੇ ਮਣਕੇ)
ਲੇਖਿਕਾ : ਬੀਬੀ ਸੁਰਜੀਤ ਕੌਰ 'ਸੈਕਰਾਮੈਂਟੋ'
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਸ੍ਰੀ ਅੰਮ੍ਰਿਤਸਰ
ਮੁੱਲ : 295 ਰੁਪਏ, ਸਫ਼ੇ : 95
ਸੰਪਰਕ : 0183-2258633


ਬੀਬੀ ਸੁਰਜੀਤ ਕੌਰ 'ਸੈਕਰਾਮੈਂਟੋ' ਦਾ ਅਮਰੀਕਨ ਕਵਿਤਾ 'ਚ ਉੱਘਾ ਨਾਂਅ ਹੈ। 'ਬੂੰਦ ਬੂੰਦ ਬਰਸਾਤ' ਉਨ੍ਹਾਂ ਦਾ ਚੌਥਾ ਕਾਵਿ-ਸੰਗ੍ਰਹਿ ਹੈ। 'ਬੂੰਦ ਬੂੰਦ ਬਰਸਾਤ' ਕਾਵਿ-ਸੰਗ੍ਰਹਿ ਵਿਚ 'ਜਿਸ ਦਾ ਸਤਿਕਾਰ ਨਿਆਰਾ ਹੈ' ਤੋਂ ਲੈ ਕੇ 'ਫੁਲਵਾੜੀ ਵਿਚ ਰੰਗ ਬਰੰਗੇ ਫੁੱਲ', 'ਰੁਬਾਈ ਮਾਲਾ' ਅਨੁਵਾਨ ਤਹਿਤ 211 ਰੁਬਾਈਆਂ ਅਤੇ 'ਮਣਕੇ' ਅਨੁਵਾਨ ਹੇਠ 'ਸਭ ਅਪਣੇ ਬੇਗਾਨੇ ਬਣ' ਤੋਂ ਲੈ ਕੇ 'ਜਿਨ੍ਹਾਂ ਦਾ ਨਾਂਅ ਗੁਰਦੁਆਰਾ' ਤੱਕ ਦੋਹੜੇ ਸੰਕਲਿਤ ਕੀਤੇ ਗਏ ਹਨ। ਉਸ ਨੇ ਇਹ ਕਾਵਿ-ਸੰਗ੍ਰਹਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼ਬਦ ਗੁਰੂ ਗੁਰਬਾਣੀ ਜੀ ਨੂੰ ਸਮਰਪਿਤ ਕੀਤਾ ਹੈ। ਇਹ ਸਮਰਪਣ ਤਸਦੀਕ ਕਰਦਾ ਹਾਂ ਕਿ ਉਨ੍ਹਾਂ ਦੀ ਵਿਚਾਰਧਾਰਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਅਤੇ ਸਮੁੱਚੀ ਮਾਨਵਤੀ ਦੀ ਅਲੰਬਰਦਾਰ ਮਿਕਨਾਤੀਸੀ ਸੋਚ ਦੀ ਪ੍ਰਸੰਸਕ ਅਤੇ ਅਨੁਸਰਣ ਕਰਨ ਵਾਲੀ ਹੈ, ਜਿਸ ਦਾ ਮੂਲ ਆਧਾਰ ਅਧਿਆਤਮ, ਜਿਗਿਆਸਾ, ਕਿਰਤ, ਗੁਰਮੁਖ, ਮਨਮੁੱਖ ਅਤੇ ਸਿਮਰਨ ਦੇ ਮਾਨਵੀ ਆਤਮ ਚਿੰਤਨ ਰਾਹੀਂ ਅਨੰਦਿਤ ਹੋਣ ਦੀ ਪ੍ਰਕਿਰਿਆ ਰਾਹੀਂ 'ਸਚਿਆਰ' ਹੋਣ ਦੇ ਸਫ਼ਰ ਦੀ ਧਾਰਨੀ ਹੈ। ਇਹ ਪ੍ਰਕਿਰਿਆ ਥੀਂ ਗੁਜ਼ਰਦਾ ਮਨੁੱਖ ਇਹ ਅਨੁਭਵ ਕਰਦਾ ਹੈ ਕਿ ਬੇਸ਼ੱਕ ਇਹ ਮਾਰਗ ਬਿਖੜਾ ਹੈ, ਸਹਿਜ ਨਹੀਂ ਪ੍ਰੰਤੂ ਗੁਰ ਕਿਰਪਾ ਨਾਲ ਇਹ ਮਾਰਗ ਸਹਿਜ ਵੀ ਹੈ, ਸਰਲ ਵੀ ਹੈ ਅਤੇ ਅਕੀਦਤ ਭਰਿਆ ਵੀ ਹੈ। ਇਹ ਸਾਰਾ ਵਰਤਾਰਾ ਪੂਰੇ ਬ੍ਰਹਿਮੰਡ 'ਚ ਇਹ ਵਚਿੱਤਰ ਵਰਤਾਰੇ ਦੇ ਝਲਕਾਰੇ ਗੁਰਮੁੱਖ ਮਹਿਸੂਸ ਕਰਦਾ ਹੈ ਜੋ ਆਦਿ-ਜੁਗਾਦੀ, ਸਰਵ-ਵਿਆਪਕ ਪ੍ਰਭੂ ਦੀ ਰਜ਼ਾ 'ਚ ਰਹਿੰਦਾ ਹੈ। ਇਸ ਲਈ 'ਸਮਾਂ', ਉਸ ਦੀ 'ਨਦਰਿ' ਰਾਹੀਂ ਅਨੇਕਾਂ ਰੰਗਾਂ 'ਚ ਵਰਤਦਾ ਨਜ਼ਰ ਆਉਂਦਾ ਹੈ। ਪੁਸ਼ਟੀ ਹਿੱਤ ਰੁਬਾਈ ਨੰਬਰ 22 ਪੇਸ਼-ਏ-ਖ਼ਿਦਮਤ ਹੈ : 'ਸਮੇਂ ਦੀਆਂ ਕੀ ਗੱਲਾਂ ਕਰੀਏ, ਸਭ ਤੋਂ ਬੱਧ (ਵੱਧ) ਬਲਵਾਨ ਸਮਾਂ ਹੈ, ਸਮਾਂ ਹੀ ਰਾਮ, ਸਮਾਂ ਹੀ ਰਾਵਣ, ਸੀਤਾ ਦਾ ਅਪਮਾਨ ਸਮਾਂ ਹੈ, ਸਮਾਂ ਕ੍ਰਿਸ਼ਨ ਹੈ, ਸਮਾਂ ਕੰਸ ਹੈ, ਸਮਾਂ ਗਿਆਨ ਹੀ ਗੀਤਾ ਦਾ ਹੈ, ਸਭ ਕੁਝ ਹੱਥ 'ਸੁਰਜੀਤ' ਸਮੇਂ ਦੇ, ਹਰ ਜੁਗ ਦਾ ਭਗਵਾਨ ਸਮਾਂ ਹੈ।' ਉਨ੍ਹਾਂ ਅਨੁਸਾਰ ਹੀ ਦੁਨਿਆਵੀ ਦੁੱਖ-ਸੁੱਖ, ਰਿਸ਼ਤੇ-ਨਾਤੇ, ਖੂਨੀ ਖੇਡਾਂ, ਅਮੀਰੀ-ਗ਼ਰੀਬੀ, ਊਚਤਾ-ਨੀਚਤਾ ਦੇ ਸਭ ਵਰਤਾਰੇ ਉਸ ਦੀ ਰਜ਼ਾ ਅਨੁਸਾਰ ਹੈ। ਗਰਮੁਖ ਦਾ ਆਤਮ-ਸਮਰਪਣ ਹੀ ਆਪਣੇ ਗੁਰੂ ਅੱਗੇ ਆਤਮ-ਸੋਝੀ ਦਾ ਪ੍ਰਗਟਾਅ ਹੈ। ਮਾਂ-ਬੋਲੀ ਪੰਜਾਬੀ ਪ੍ਰਤੀ ਉਨ੍ਹਾਂ ਦਾ ਪਿਆਰ ਅਤੇ ਸਤਿਕਾਰ ਇਨ੍ਹਾਂ ਸਤਰਾਂ ਰਾਹੀਂ ਝਲਕਦਾ ਹੈ : 'ਮੇਰੀ ਮਾਂ ਬੋਲੀ ਪੰਜਾਬੀ ਹੈ, ਮੈਂ ਧੀ ਹਾਂ ਪੰਜ ਦਰਿਆਵਾਂ ਦੀ', ਦੇਖਿਆ ਜਾ ਸਕਦਾ ਹੈ। ਮਾਂ-ਬੋਲੀ ਪੰਜਾਬੀ ਰਾਹੀਂ ਹੀ ਫੜੀ ਕਲਮ 'ਕਲਮ ਨਾਲ ਹੀ ਮੁਰਦਾ ਰੂਹਾਂ ਫਿਰ 'ਸੁਰਜੀਤ' ਬਨਾਵਾਂਗੀ ਮੈਂ', ਮੁਰਦਾ ਰੂਹਾਂ 'ਚ ਜੀਵਨ-ਫਲਸਫ਼ੇ ਦਾ ਸੰਚਾਰ ਕਰ ਸਕਦੀ ਹੈ। ਆਸ ਕਰਦਾ ਹਾਂ ਕਿ ਪੰਜਾਬੀ ਕਾਵਿ-ਪਾਠਕ ਇਸ ਕਾਵਿ-ਪੁਸਤਕ ਦਾ ਭਰਪੂਰ ਸਮਰਥਨ ਕਰਨਗੇ।


-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096


ਯਾਰ ਭਰਾਵਾਂ ਵਰਗੇ
ਗ਼ਜ਼ਲਕਾਰ : ਰਾਜਿੰਦਰ ਪਰਦੇਸੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 350 ਰੁਪਏ, ਸਫ਼ੇ :152
ਸੰਪਰਕ : 98551-00712


ਰਾਜਿੰਦਰ ਪ੍ਰਦੇਸੀ ਪੰਜਾਬੀ ਗ਼ਜ਼ਲ ਦੇ ਕਾਫ਼ਿਲੇ ਵਿਚ ਉਦੋਂ ਸ਼ਾਮਿਲ ਹੋਇਆ, ਜਦੋਂ ਗ਼ਜ਼ਲ ਪੰਜਾਬੀ ਵਿਚ ਸਥਾਪਤੀ ਲਈ ਅਹੁਲ ਰਹੀ ਸੀ। ਪ੍ਰਿੰ. ਤਖ਼ਤ ਸਿੰਘ ਦੇ ਸੰਪਰਕ ਵਿਚ ਆ ਕੇ ਉਹ ਹੋਰ ਲਿਸ਼ਕਿਆ ਤੇ ਕੁਝ ਸਮਾਂ ਪਹਿਲਾਂ ਸੰਸਾਰ ਨੂੰ ਅਲਵਿਦਾ ਕਹਿਣ ਦੀ ਕਾਹਲ ਕਰ ਗਿਆ। 'ਯਾਰ ਭਰਾਵਾਂ ਵਰਗੇ' ਗ਼ਜ਼ਲ-ਸੰਗ੍ਰਹਿ ਉਸ ਦੇ ਤੁਰ ਜਾਣ ਬਾਅਦ ਛਪਿਆ ਹੈ। ਪਰਦੇਸੀ ਦੀਆਂ ਛਪਣੋਂ ਰਹਿ ਗਈਆਂ ਗ਼ਜ਼ਲਾਂ ਨੂੰ ਇਕੱਤਰ ਕਰ ਕੇ ਕਿਤਾਬੀ ਰੂਪ ਦੇਣ ਵਿਚ ਉਸ ਦੇ ਬੇਟੇ ਤੇਜਿੰਦਰ ਮਨਚੰਦਾ ਪਰਦੇਸੀ ਦਾ ਵੱਡਾ ਯੋਗਦਾਨ ਹੈ। ਇਸ ਪੁਸਤਕ ਨਾਲ ਰਾਜਿੰਦਰ ਪਰਦੇਸੀ ਦੀਆਂ ਛਪੀਆਂ ਪੁਸਤਕਾਂ ਦੀ ਗਿਣਤੀ ਵੀ ਇਕ ਦਰਜਨ ਨੂੰ ਪਹੁੰਚ ਜਾਂਦੀ ਹੈ। 'ਯਾਰ ਭਰਾਵਾਂ ਵਰਗੇ' ਗ਼ਜ਼ਲ-ਸੰਗ੍ਰਹਿ ਵਿਚ ਕੁੱਲ 92 ਗ਼ਜ਼ਲਾਂ ਛਪੀਆਂ ਹੋਈਆਂ ਮਿਲਦੀਆਂ ਹਨ। ਪਰਦੇਸੀ ਪੰਜਾਬੀ ਗ਼ਜ਼ਲ ਦੇ ਵੱਡੇ ਹਸਤਾਖ਼ਰਾਂ ਦੀ ਸੰਗਤ ਵਿਚ ਰਿਹਾ ਹੈ ਤੇ ਆਪਣੇ ਖ਼ੇਤਰ ਵਿਚ ਉਸ ਨੂੰ ਉੱਚਾ ਮੁਕਾਮ ਹਾਸਿਲ ਸੀ। ਇਸੇ ਕਾਰਨ ਉਸ ਦੀਆਂ ਤਮਾਮ ਗ਼ਜ਼ਲਾਂ ਦੇ ਸ਼ਿਅਰ ਜਿੱਥੇ ਗ਼ਜ਼ਲ ਦੇ ਤਕਨੀਕੀ ਅਨੁਸ਼ਾਸਨ ਦੀ ਪਾਲਣਾ ਕਰਦੇ ਹਨ, ਉਥੇ ਸ਼ਬਦਾਵਲੀ ਪੱਖੋਂ ਵੀ ਇਹ ਗ਼ਜ਼ਲੀਅਤ ਦੀਆਂ ਮਿਥਾਂ ਪਾਰ ਨਹੀਂ ਕਰਦੇ। ਸ਼ਾਮਿਲ ਗ਼ਜ਼ਲਾਂ 'ਚੋਂ ਬਹੁਤੀਆਂ ਗ਼ਜ਼ਲਾਂ ਮਾਨਵੀ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਹਨ ਤੇ ਇਨ੍ਹਾਂ ਵਿਚ ਮਨੁੱਖੀ ਜੀਵਨ ਦੇ ਕੌੜੇ-ਕੁਸੈਲੇ ਸੱਚ ਨੂੰ ਦਰਸਾਇਆ ਗਿਆ ਹੈ। ਕਿਤੇ-ਕਿਤੇ ਛੋਟੇ-ਛੋਟੇ ਲੇਕਿਨ ਮਹੱਤਵਪੂਰਨ ਅਨੁਭਵਾਂ ਨੂੰ ਵਿਸਥਾਰ ਦਿੱਤਾ ਹੋਇਆ ਵੀ ਮਿਲਦਾ ਹੈ। ਪਰਦੇਸੀ ਦੀਆਂ ਕੁਝ ਗ਼ਜ਼ਲਾਂ ਬਰਜਿੰਦਰ ਸਿੰਘ ਹਮਦਰਦ, ਜਗਤਾਰ, ਕਰਨੈਲ ਸਿੰਘ ਨਿੱਝਰ, ਅਜੀਤ ਸਿੰਘ, ਮਦਨ ਮੋਹਨ ਤੇ ਤਲਵਿੰਦਰ ਸਿੰਘ ਆਦਿ ਮਿੱਤਰ-ਪਿਆਰਿਆਂ ਦੇ ਨਾਂਅ ਵੀ ਹਨ, ਜਿਸ ਤੋਂ ਪਤਾ ਚਲਦਾ ਹੈ ਕਿ ਗ਼ਜ਼ਲਕਾਰ ਮੁਹੱਬਤੀ ਰਿਸ਼ਤਿਆਂ ਪ੍ਰਤੀ ਕਿੰਨਾ ਸਮਰਪਿਤ ਸੀ। ਗ਼ਜ਼ਲਕਾਰ ਨੇ ਕੁਝ ਨਵੀਆਂ ਰਦੀਫ਼ਾਂ ਦਾ ਪ੍ਰਯੋਗ ਕਰਕੇ ਸ਼ਿਅਰਾਂ ਵਿਚ ਸੱਜਰਾਪਨ ਵੀ ਪੈਦਾ ਕੀਤਾ ਹੈ ਜਿਵੇਂ ਕੀੜੀਆਂ, ਤਰਸੋਗੇ, ਸਰਫ਼ਰੋਸ਼, ਚਿੜੀਆਂ ਚੂਕਦੀਆਂ, ਕੈਂਚੀ, ਜਾਦੂ, ਗੱਲ ਬਣੇ ਤੇ ਕ੍ਰਿਸ਼ਨ ਮੁਰਾਰੀ। 'ਯਾਰ ਭਰਾਵਾਂ ਵਰਗੇ' ਵਿਚ ਪਰਦੇਸੀ ਦੇ ਇਕ ਜ਼ਰੂਰੀ ਲੇਖ ਨੂੰ ਮੁੱਖ ਬੰਦ ਨੂੰ ਵੀ ਸਾਂਭਿਆ ਗਿਆ ਹੈ। ਇਹ ਸੰਗ੍ਰਹਿ ਨਵੇਂ ਗ਼ਜ਼ਲਗੋਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਰਾਜਿੰਦਰ ਪਰਦੇਸੀ ਦਾ ਇਹ ਗ਼ਜ਼ਲ-ਸੰਗ੍ਰਹਿ ਉਸ ਨੂੰ ਸੱਚੀ ਸ਼ਰਧਾਂਜਲੀ ਹੈ ਤੇ ਉਸ ਦੀਆਂ ਛਪਣੋਂ ਰਹਿ ਗਈਆਂ ਗ਼ਜ਼ਲਾਂ ਦਾ ਇਹ ਕਿਤਾਬੀ ਰੂਪ ਨਿਸ਼ਚੇ ਹੀ ਤਾਰੀਫ਼ ਦੇ ਕਾਬਿਲ ਹੈ। ਗ਼ਜ਼ਲਕਾਰ ਦੇ ਪਰਿਵਾਰ ਦਾ ਇਹ ਉੱਦਮ ਗ਼ਜ਼ਲ ਸਾਹਿਤ ਲਈ ਵੀ ਵੱਡੀ ਪ੍ਰਾਪਤੀ ਹੈ।
c c c


ਜਲ ਕਣ
ਸ਼ਾਇਰ : ਗੁਰਭਜਨ ਗਿੱਲ
ਪ੍ਰਕਾਸ਼ਕ : ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98726-31199


ਰੁਬਾਈ ਸਦੀਆਂ ਪੁਰਾਣੀ ਕਾਵਿ-ਵਿਧਾ ਹੈ, ਜਿਸ ਨੇ ਫ਼ਾਰਸੀ, ਅਰਬੀ ਤੇ ਉਰਦੂ ਵਿਚ ਬੜੀ ਮਕਬੂਲੀਅਤ ਹਾਸਿਲ ਕੀਤੀ ਹੈ। ਇਸ ਦੇ ਪੰਜਾਬੀ ਵਿਚ ਪ੍ਰਵੇਸ਼ ਨੂੰ ਬਹੁਤਾ ਸਮਾਂ ਨਹੀਂ ਹੋਇਆ। ਨਿਸ਼ਚਿਤ ਵਜ਼ਨ ਵਾਲੀ ਇਸ ਲਘੂ ਸਿਨਫ਼ ਦਾ ਹੁਣ ਇਧਰਲੇ ਪੰਜਾਬ ਵਿਚ ਫ਼ੈਲਾਓ ਸ਼ੁਰੂ ਹੋ ਚੁੱਕਾ ਹੈ। ਗੁਰਭਜਨ ਗਿੱਲ ਪੰਜਾਬੀ ਦਾ ਮਕਬੂਲ ਸ਼ਾਇਰ ਹੈ, ਜਿਸ ਨੇ ਸ਼ਾਇਰੀ ਦੇ ਹਰ ਖ਼ੇਤਰ 'ਤੇ ਕਲਮ ਅਜ਼ਮਾਈ ਹੈ। ਉਸ ਦੀਆਂ ਪੇਂਡੂ ਮੁਹਾਵਰੇ ਵਾਲੀਆਂ ਗ਼ਜ਼ਲਾਂ ਵਿਸ਼ੇਸ਼ ਤੌਰ 'ਤੇ ਚਰਚਾ ਵਿਚ ਰਹੀਆਂ ਹਨ। ਹੁਣ ਉਸ ਨੇ ਰੁਬਾਈ ਵੱਲ ਵੀ ਧਿਆਨ ਦਿੱਤਾ ਹੈ। 'ਜਲ ਕਣ' ਉਸ ਦਾ 660 ਰੁਬਾਈਆਂ ਦਾ ਸੰਗ੍ਰਹਿ ਹੈ, ਜਿਸ ਨੂੰ ਬੜੀ ਰੀਝ ਨਾਲ ਛਾਪਿਆ ਗਿਆ ਹੈ। ਇਨ੍ਹਾਂ ਰੁਬਾਈਆਂ ਦੀ ਕੈਨਵਸ 'ਤੇ ਰੰਗਾਂ ਤੇ ਉਪ-ਰੰਗਾਂ ਦੀ ਭਰਮਾਰ ਹੈ, ਕੁਝ ਚਟਕੀਲੇ, ਭੜਕੀਲੇ, ਗੂੜ੍ਹੇ ਤੇ ਜਵਾਨ ਅਤੇ ਕੁਝ ਉਦਾਸੇ-ਉਦਾਸੇ, ਕਾਲੇ-ਚਿੱਟੇ, ਸੁੱਘੜ-ਸਿਆਣੇ ਤੇ ਦੱਬੇ-ਦੱਬੇ ਹਨ। ਮਾਨਵੀ ਜੀਵਨ ਨਾਲ ਜੁੜੀਆਂ ਇਨ੍ਹਾਂ ਰੁਬਾਈਆਂ ਵਿਚ ਕੁਰਸੀ ਲਈ ਤਾਂਘਦੀਆਂ ਸ਼ਕਤੀਆਂ ਦੀ ਹਕੀਕਤ ਦਾ ਵਰਨਣ ਵੀ ਹੈ ਤੇ ਤਖ਼ਤਾਂ ਹੇਠਾਂ ਬੇਵੱਸ ਇੱਛਾਵਾਂ ਦੀਆਂ ਕਬਰਾਂ ਦਾ ਸੱਚ ਵੀ ਹੈ। ਇਨ੍ਹਾਂ ਰੁਬਾਈਆਂ ਵਿਚ ਕੁਦਰਤ ਦੀ ਇਬਾਦਤ ਵੀ ਤੇ ਮਾਨਵਤਾ ਦੀ ਖ਼ੈਰ ਵੀ ਮੰਗੀ ਗਈ ਹੈ। ਇਨ੍ਹਾਂ ਵਿਚ ਧੀਆਂ-ਪੁੱਤਰਾਂ ਲਈ ਦੁਆਵਾਂ ਵੀ ਹਨ ਤੇ ਘਰਾਂ ਦੀ ਸਲਾਮਤੀ ਲਈ ਅਰਦਾਸਾਂ ਵੀ ਹਨ। ਰੁਬਾਈ ਕਵਿਤਾ ਦਾ ਛੋਟਾ ਰੂਪ ਹੈ ਤੇ ਇਹ ਹਰ ਵਿਸ਼ੇ ਨੂੰ ਨਿਭਾਉਣ ਦੇ ਸਮਰੱਥ ਹੁੰਦੀ ਹੈ। ਇਕ ਲੰਮੀ ਕਵਿਤਾ ਵਿਚ ਵਿਚਾਰਾਂ ਦਾ ਪ੍ਰਗਟਾਓ ਨੂੰ ਇਕ ਰੁਬਾਈ ਵਿਚ ਸਮੇਟਿਆ ਜਾ ਸਕਦਾ ਹੈ। ਇਸੇ ਕਾਰਨ ਇਸ ਪੁਸਤਕ ਦੇ ਵਿਸ਼ਿਆਂ ਦਾ ਦਾਇਰਾ ਸੀਮਤ ਨਹੀਂ ਮਹਿਸੂਸ ਹੁੰਦਾ। ਰੁਬਾਈ ਦਾ ਚੌਥਾ ਮਿਸਰਾ ਰੁਬਾਈ ਦੀ ਜਾਨ ਹੁੰਦਾ ਹੈ ਤੇ ਪੁਸਤਕ ਨੂੰ ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਗਿੱਲ ਵਧੇਰੇ ਕਰਕੇ ਇਸ ਨਿਭਾਅ ਵਿਚ ਸਫ਼ਲ ਹੋਇਆ ਹੈ। ਇਹ ਵੀ ਸੱਚ ਹੈ ਕਿ ਕਿਸੇ ਪੁਸਤਕ ਵਿਚ ਸਾਰਾ ਕੁਝ ਇਕਸਾਰ ਪ੍ਰਭਾਵ ਵਾਲਾ ਨਹੀਂ ਹੁੰਦਾ, ਕਿਸੇ ਸ਼ਾਇਰ ਦੀ ਸਫ਼ਲਤਾ ਦਾ ਨਿਰਣਾ ਬਹੁਗਿਣਤੀ ਰਚਨਾਵਾਂ ਦੇ ਅਸਰ ਅਨੁਸਾਰ ਲਿਆ ਜਾਣਾ ਚਾਹੀਦਾ ਹੈ। ਗੁਰਭਜਨ ਗਿੱਲ ਦਾ ਇਹ ਯਤਨ ਸਲਾਹੁਣਯੋਗ ਹੈ ਤੇ ਨਿਸ਼ਚੇ ਹੀ ਇਹ ਪੰਜਾਬੀ ਵਿਚ ਰੁਬਾਈ ਨੂੰ ਹੋਰ ਲੋਕਪ੍ਰਿਆ ਬਣਾਉਣ ਵਿਚ ਸਹਾਈ ਹੋਵੇਗਾ। 'ਜਲ ਕਣ' ਜਲਵਾਸ਼ਪ ਨਹੀਂ ਸਗੋਂ ਬਾਰਿਸ਼ ਵਿਚ ਤਬਦੀਲ ਹੋ ਕੇ ਔੜ ਨੂੰ ਮਾਤ ਦੇਣਗੇ, ਮੈਨੂੰ ਇਸ ਦੀ ਆਸ ਹੈ।


-ਗੁਰਦਿਆਲ ਰੌਸ਼ਨ
ਮੋਬਾਈਲ : 99884-44002


ਰੌਸ਼ਨ ਮੀਨਾਰ ਸੇਵਾ ਸਿੰਘ ਠੀਕਰੀਵਾਲਾ

ਸੰਪਾਦਕ : ਬਲਵਿੰਦਰ ਸਿੰਘ ਠੀਕਰੀਵਾਲਾ
ਪ੍ਰਕਾਸ਼ਕ : ਰੀਥਿਕ ਬੁੱਕਸ ਸੰਗਰੂਰ
ਮੁੱਲ : 299 ਰੁਪਏ, ਸਫ਼ੇ : 112
ਸੰਪਰਕ : 94633-30551


ਹਥਲੀ ਪੁਸਤਕ ਦਾ ਸੰਪਾਦਕ ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦੇ ਪਿੰਡ ਠੀਕਰੀਵਾਲਾ ਦਾ ਹੀ ਵਾਸੀ ਹੈ। ਸ. ਸੇਵਾ ਸਿੰਘ ਠੀਕਰੀਵਾਲਾ ਅਜਿਹਾ ਜਾਂਬਾਜ਼ ਸੂਰਬੀਰ ਯੋਧਾ ਹੈ, ਜਿਸ ਨੇ 18ਵੀਂ ਅਤੇ 19ਵੀਂ ਸਦੀ ਦੇ ਸਮੇਂ ਜਦੋਂ ਦੇਸ਼ ਵਾਸੀ ਅੰਗਰੇਜ਼ ਹਕੂਮਤ ਅਤੇ ਰਜਵਾੜਾਸ਼ਾਹੀ ਅਧੀਨ ਚੱਕੀ ਵਿਚ ਪਿਸ ਰਹੇ ਸਨ, ਲਈ ਆਪਣਾ ਆਪਾ ਕੁਰਬਾਨ ਕੀਤਾ। ਪੁਸਤਕ ਦੇ ਸੰਪਾਦਕ ਨੇ ਆਪਣੀ ਸਿੱਖਿਆ ਪ੍ਰਾਪਤੀ ਸਮੇਂ ਹੀ ਇਸ ਜਾਂਬਾਜ਼ ਸੂਰਮੇ ਦੇ ਜੀਵਨ ਦੇ ਕਾਰਨਾਮਿਆਂ ਨੂੰ ਵੱਖ-ਵੱਖ ਲੇਖਕਾਂ ਵਲੋਂ ਲਿਖੇ ਜੀਵਨ ਬਿਰਤਾਂਤ ਤੋਂ ਪ੍ਰਭਾਵਿਤ ਹੋ ਪੁਸਤਕ ਰੂਪ ਵਿਚ ਪੇਸ਼ ਕਰਨ ਦਾ ਮਨ ਬਣਾ ਲਿਆ ਸੀ। ਸ. ਸੇਵਾ ਸਿੰਘ ਠੀਕਰੀਵਾਲਾ ਨੇ ਰਿਆਸਤੀ ਮਹਾਰਾਜਿਆਂ ਦੀ ਐਸ਼-ਪ੍ਰਸਤੀ, ਫਜ਼ੂਲ ਖ਼ਰਚੀ ਮਨਮਾਨੀਆਂ ਦੇ ਸ਼ਿਕਾਰ ਹੋ ਰਹੇ ਪੇਂਡੂ/ ਸ਼ਹਿਰੀ ਗ਼ਰੀਬ ਕਿਸਾਨਾਂ, ਮਜ਼ਦੂਰਾਂ ਦੀ ਦਸ਼ਾ ਨੂੰ ਬਹੁਤ ਨੇੜਿਓਂ ਤੱਕਿਆ। ਉਸ ਸਮੇਂ ਦੇਸ਼ ਵਾਸੀਆਂ ਉੱਪਰ ਮੁਗਲਾਂ ਵਾਂਗ ਅੰਗਰੇਜ਼ ਹਕੂਮਤ ਵਲੋਂ ਰਿਆਸਤੀ ਰਾਜਿਆਂ ਵਲੋਂ ਧਾਰਮਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਖੇਤਰ ਵਿਚ ਸਿੱਧੀ ਦਖ਼ਲ-ਅੰਦਾਜ਼ੀ ਕੀਤੀ ਜਾਂਦੀ ਸੀ। ਉਸ ਸਮੇਂ ਦੇ ਲਿਤਾੜੇ ਹੋਏ ਇਹ ਲੋਕ ਕਿਸੇ ਨਿਧੜਕ ਅਤੇ ਤਿਆਗੀ ਆਗੂ ਦੀ ਅਗਵਾਈ ਚਾਹੁੰਦੇ ਸਨ। ਅਮਰ ਸ਼ਹੀਦ ਸ. ਠੀਕਰੀਵਾਲਾ ਦਾ ਮੁਢਲਾ ਜੀਵਨ ਧਾਰਮਿਕ ਸੀ। ਸਿੱਖ ਧਰਮ ਤੋਂ ਮਿਲੀ ਪ੍ਰੇਰਨਾ ਅਨੁਸਾਰ ਉਸ ਨੇ ਦੱਬੇ ਤੇ ਲਿਤਾੜੇ ਲੋਕਾਂ ਦੀ ਅਗਵਾਈ ਕਰਕੇ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਦੇ ਜੀਵਨ ਤੋਂ ਕੁਰਬਾਨੀ ਦਾ ਮਾਰਗ ਚੁਣਿਆ। ਪੁਸਤਕ 'ਚ ਸੰਪਾਦਕ ਵਲੋਂ ਇਕ ਦਰਜਨ ਤੋਂ ਵੱਧ ਵੱਖ-ਵੱਖ ਲੇਖਾਂ ਜਿਨ੍ਹਾਂ ਵਿਚ ਲੇਖਕ ਬਲਦੇਵ ਸਿੰਘ ਸੜਕਨਾਮਾ ਦਾ ਲੇਖ 'ਪੰਜਾਬ ਰਿਆਸਤੀ ਪਰਜਾ ਮੰਡਲ ਦਾ ਮਹਾਂਨਾਇਕ ਸ. ਸੇਵਾ ਸਿੰਘ ਠੀਕਰੀਵਾਲਾ', ਕੇ. ਐਲ. ਗਰਗ ਦੀ ਰਚਨਾ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਡਾ. ਅਰਵਿੰਦਰ ਕੌਰ ਕਾਕੜਾ ਦਾ ਲੇਖਕ 'ਪਰਜਾ ਮੰਡਲ ਲਹਿਰ ਦੀ ਸਥਾਪਨਾ, ਮੰਤਵ ਤੇ ਅਜੋਕੀ ਸਾਰਥਕਿਤਾ' (ਨਿਸ਼ਾਨੀ ਅੰਦੋਲਨ ਦੀ ਨਿਰੰਤਰਤਾ ਦੇ ਪ੍ਰਸੰਗਿਕ ਵਿਚ), ਡਾ. ਸੁਰਜੀਤ ਬਰਾੜ ਦਾ ਲੇਖ 'ਬੇਜੋੜ ਅਮਰ ਸ਼ਹੀਦ, ਸੇਵਾ ਸਿੰਘ ਠੀਕਰੀਵਾਲਾ', ਲੇਖਕ ਬੂਟਾ ਸਿੰਘ ਚੌਹਾਨ ਵਲੋਂ 'ਲਾਸਾਨੀ ਸ਼ਹਾਦਤ ਦੇ ਕੇ ਕਾਲ ਮੁਕਤ ਹੋਏ ਸੇਵਾ ਸਿੰਘ ਠੀਕਰੀਵਾਲਾ', ਜਸਬੀਰ ਕਲਸੀ ਧਰਮਕੋਟ ਵਲੋਂ 'ਪ੍ਰੇਰਨਾ ਪ੍ਰਸੰਗ', ਨਿਰੰਜਣ ਬੋਹਾ ਦੀ ਰਚਨਾ 'ਰਿਆਸਤੀ ਰਾਜਿਆਂ ਤੇ ਬਰਤਾਨਵੀ ਸਮਰਾਜ ਦੀਆਂ ਜੜ੍ਹਾਂ ਪੁੱਟਣ ਵਾਲਾ ਲੋਕ ਨਾਇਕ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ, ਮਾਰਕੰਡਾ ਦਾ ਲੇਖ 'ਪਰਜਾ ਮੰਡਲ ਦਾ ਉਸਰਈਆ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ', ਜਰਨੈਲ ਸਿੰਘ ਅੱਚਰਵਾਲ ਦੀ ਰਚਨਾ 'ਸ਼ਹੀਦ ਸੇਵਾ ਸਿੰਘ ਠੀਕਰੀਵਾਲਾ, 'ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਵਲੋਂ ਲਿਖੇ ਕਿੱਸਾ ਸੇਵਾ ਸਿੰਘ ਠੀਕਰੀਵਾਲਾ' ਬਾਰੇ ਖੋਜ ਭਰਪੂਰ ਲੇਖ ਤੇਜਾ ਸਿੰਘ ਤਿਲਕ ਵਲੋਂ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਅਗਲਾ ਲੇਖ ਭੋਲਾ ਸਿੰਘ ਸੰਘੇੜਾ ਵਲੋਂ 'ਧੱਕੇਸ਼ਾਹੀ ਵਿਰੁੱਧ ਜੂਝਣ ਵਾਲੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ', ਡਾ. ਭੁਪਿੰਦਰ ਸਿੰਘ ਬੇਦੀ ਵਲੋਂ ਲਿਖਿਆ ਲੇਖ 'ਬਹੁਤ ਉੱਚੀ ਤੇ ਸੁੱਚੀ ਸ਼ਖ਼ਸੀਅਤ ਦੇ ਮਾਲਕ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ', ਪੁਸਤਕ ਦੇ ਸੰਪਾਦਕ ਬਲਵਿੰਦਰ ਸਿੰਘ ਠੀਕਰੀਵਾਲਾ ਦਾ ਲੇਖ 'ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ' ਅਤੇ ਪੁਸਤਕ ਦੇ ਅੰਤ ਵਿਚ ਜਰਨੈਲ ਸਿੰਘ ਅੱਚਰਵਾਲ ਦੀ ਇਕ ਹੋਰ ਰਚਨਾ ਪਰਜਾ ਮੰਡਲ ਦਾ ਮੁਢੈਲੀ ਪਿੰਡ ਠੀਕਰੀਵਾਲਾ ਸ਼ਾਮਿਲ ਕਰਕੇ ਇਸ ਪਿੰਡ ਨਾਲ ਵੀ ਸਾਂਝ ਪੁਆਈ ਗਈ ਹੈ।


-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040


ਇਹ ਦੁਨੀਆ ਪਿੱਤਲ ਦੀ
(ਸਵੈ ਨੂੰ ਉਤਸ਼ਾਹਿਤ ਕਰਨ ਵਾਲੀ)
ਲੇਖਕ : ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਯੂ.ਕੇ.
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਭੀਖੀ, ਮਾਨਸਾ
ਮੁੱਲ : 250 ਰੁਪਏ, ਸਫ਼ੇ : 170
ਸੰਪਰਕ : 99889-13155


ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਵੱਖ-ਵੱਖ ਵਿਸ਼ਿਆਂ ਭਾਸ਼ਾ ਵਿਗਿਆਨ, ਸਮਾਜ ਵਿਗਿਆਨ, ਮਨੋਵਿਗਿਆਨ, ਇਤਿਹਾਸ ਅਤੇ ਸਵੈ-ਪ੍ਰੇਰਨਾ ਆਦਿ ਬਾਰੇ ਦਰਜਨ ਤੋਂ ਵੱਧ ਪੁਸਤਕਾਂ ਦੀ ਰਚਨਾ ਕਰ ਚੁੱਕਿਆ ਹੈ। 'ਇਹ ਦੁਨੀਆ ਪਿੱਤਲ ਦੀ' ਰਚਨਾ ਵਿਚ 50 ਤੋਂ ਵੱਧ ਨਿੱਕੇ-ਵੱਡੇ ਲੇਖ ਹਨ, ਜਿਨ੍ਹਾਂ ਬਾਰੇ ਸਰਲ ਭਾਸ਼ਾ ਵਿਚ ਜੀਵਨ ਤਜਰਬੇ ਸਾਂਝੇ ਕੀਤੇ ਗਏ ਹਨ, ਜਿਸ ਵਿਚ ਜੀਵਨ ਰਹੱਸਾਂ ਦੇ ਭੇਦ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਾਰਤਕ ਸੰਜਮੀ ਤੇ ਸਰਲ ਹੈ। ਵਿਸ਼ੇ ਨੂੰ ਰੌਚਿਕ ਬਣਾਉਣ ਲਈ ਇਤਿਹਾਸ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਵਿਦਵਾਨਾਂ, ਗੁਰੂਆਂ, ਰਾਜਸੀ ਨੇਤਾਵਾਂ ਤੇ ਲੋਕ-ਕਥਾਵਾਂ ਰਾਹੀਂ ਚਾਨਣਾ ਪਾਇਆ ਗਿਆ ਹੈ। ਸੁਚੱਜੀ ਜੀਵਨ ਜਾਚ ਵਾਸਤੇ ਸੇਧ ਦੇਣ ਵਾਲੀਆਂ ਪੁਸਤਕਾਂ 'ਚੋਂ ਇਸ ਨੂੰ ਸ਼ਾਮਿਲ ਕੀਤਾ ਜਾ ਸਕਦਾ। ਸਮੁੱਚੇ ਰੂਪ ਵਿਚ ਮਨੁੱਖ ਸਫ਼ਲਤਾ ਅਤੇ ਖ਼ੁਸ਼ਹਾਲੀ ਵਾਲਾ ਜੀਵਨ ਕਿਵੇਂ ਬਤੀਤ ਕਰ ਸਕਦਾ ਹੈ, ਇਹ ਇਸ ਪੁਸਤਕ ਦਾ ਕੇਂਦਰ ਬਿੰਦੂ ਹੈ। ਪੁਸਤਕ ਦੇ ਨਾਂਅ ਕਰਨ ਵਾਲੇ ਲੇਖ ਦਾ ਆਰੰਭ ਕਰਦਾ ਲੇਖਕ ਕਹਿੰਦਾ : ਚੰਗੀਆਂ ਪੁਸਤਕਾਂ, ਨੇਕ ਬੰਦੇ, ਚੰਗੇ ਦੋਸਤ ਤੇ ਸਾਫ਼ ਦਿਲ ਲੋਕ ਜਲਦੀ ਨਾਲ ਸਮਝ ਨਹੀਂ ਆਉਂਦੇ, ਇਹ ਦੁਨੀਆ ਪਿੱਤਲ ਦੀ ਹੈ, ਸੋਹਣੀ ਵੀ ਹੈ ਤੇ ਕੋਝੀ ਵੀ ਬਹੁਤ ਹੈ। ਆਦਤ ਲੇਖ ਦਾ ਸਿੱਟਾ ਕਹਿੰਦਾ ਕਿ ਸੋਸ਼ਲ ਮੀਡੀਆ ਨੇ ਮਨੁੱਖ ਨੂੰ ਇਕੱਲੇ ਰਹਿਣ ਦੀ ਆਦਤ ਪਾ ਦਿੱਤੀ ਹੈ। ਆਸ ਮੁਕਤ ਜੀਵਨ ਵਾਸਤੇ ਕਰਮਯੋਗੀ ਹੋਣਾ ਪਹਿਲਾ ਗੁਰੂ ਹੈ। ਬ੍ਰਹਿਮੰਡ ਵਿਚ ਸ਼ਬਦ ਸਭ ਤੋਂ ਵੱਡੀ ਸ਼ਕਤੀ ਹਨ। ਕਲਮ ਦੀ ਤਾਕਤ ਵੱਡੀ ਹੈ, ਲਿਖਣ ਲਈ ਤਪੱਸਿਆ ਜ਼ਰੂਰੀ ਹੈ। ਪੁਸਤਕਾਂ ਸਮਾਜ ਦਾ ਅਕਸ ਅਤੇ ਖ਼ਜ਼ਾਨਾ ਹੁੰਦੀਆਂ ਹਨ। ਜ਼ਿੰਦਗੀ ਕੁਦਰਤ ਦੇ ਨਾਲ ਸਮਤੋਲ ਦਾ ਹੀ ਦੂਸਰਾ ਨਾਂਅ ਹੈ। ਕੁਦਰਤ ਨਾਲ ਛੇੜ-ਛਾੜ ਤਬਾਹੀ ਲਿਆਉਣਾ ਹੈ। ਮਨੁੱਖ ਦੀ ਫ਼ਿਤਰਤ ਬਦਲਦੀ ਨਹੀਂ, ਸੁਧਾਰੀ ਜਾ ਸਕਦੀ ਹੈ। ਅਧਿਆਪਕ ਦੀ ਸ਼ਖ਼ਸੀਅਤ ਸ਼ਾਗਿਰਦ ਲਈ ਪ੍ਰੇਰਨਾਦਾਇਕ ਹੋਣੀ ਚਾਹੀਦੀ ਹੈ। ਇੱਕੀਵੀਂ ਸਦੀ ਦਾ ਸੱਚ, ਲੇਖ ਦਾ ਸਾਰੰਸ਼ ਹੈ : ਪੂੰਜੀਵਾਦ ਦੇ ਸ਼ੋਰ-ਸ਼ਰਾਬੇ ਵਾਲੀ ਇਸ ਸਦੀ ਵਿਚ ਨੈਤਿਕ ਕਦਰਾਂ-ਕੀਮਤਾਂ, ਪੂੰਜੀ ਅਤੇ ਪਦਾਰਥ ਦੇ ਗਲਬੇ ਹੇਠ ਕੁਚਲੀਆਂ ਗਈਆਂ ਹਨ। ਕੁਦਰਤ ਦਾ ਰਾਖਾ ਬਣਿਆਂ ਹੀ ਸਵਰਗ ਮਾਣਨਾ ਹੈ। ਮਸ਼ੀਨਾਂ ਦੀ ਸਹੀ ਵਰਤੋਂ ਕਰਨੀ ਜ਼ਰੂਰੀ ਹੈ। ਬਦਲਾਵ ਕੁਦਰਤ ਦਾ ਇਕ ਅਟੱਲ ਨਿਯਮ ਹੈ। ਨਾਰੀ, ਦੋਸਤੀ, ਅਸਲ ਧਰਮ, ਮਾਇਆ, ਮਿਹਨਤ, ਸ਼ਹੀਦ, ਮੌਤ, ਫ਼ਰਜ਼, ਮਾਂ, ਸੋਚ, ਜੀਵਨ ਸਾਥੀ ਆਦਿ ਵਿਸ਼ਿਆਂ ਨੂੰ ਕਥਨਾਂ ਅਤੇ ਉਦਾਹਰਨਾਂ ਰਾਹੀਂ ਵਰਨਣ ਕੀਤਾ ਗਿਆ। ਅੰਤਲੇ ਸਫ਼ਿਆਂ ਵਿਚ ਕੁਟੇਸ਼ਨਾਂ ਰਾਹੀਂ ਕੌੜੇ ਅਨੁਭਵ, ਸਿਆਣੀਆਂ ਗੱਲਾਂ, ਜ਼ਰਾ ਸੋਚੋ ਅਤੇ ਸਿਆਣੇ ਕਹਿੰਦੇ ਹਨ, ਮੁੱਲਵਾਨ ਪ੍ਰਵਚਨ ਸਾਂਝੇ ਕੀਤੇ ਗਏ ਹਨ। ਸੈਲਫ਼ ਮੋਟੀਵੇਸ਼ਨ ਵਿਸ਼ੇ ਨੂੰ ਲੈ ਕੇ ਲਿਖੀ ਗਈ ਹੈ ਜੋ ਮਨੁੱਖੀ ਜੀਵਨ ਨੂੰ ਸੇਧ ਦੇਣ ਵਾਲੀ ਹੈ ਜਿਵੇਂ ਮਨੁੱਖ ਨੂੰ ਉਸ ਦੇ ਗੁਣ ਉੱਚਾ ਕਰਦੇ, ਪਦਵੀ ਨਹੀਂ। ਅਜਿਹੀ ਕਥਨਾਵਲੀ ਵਰਗੀ ਪੁਸਤਕ, ਮਾਂ-ਬੋਲੀ ਲਈ ਖ਼ੁਸ਼ਨਸੀਬੀ ਹੈ।
c c c


ਚੁੰਬਕੀ ਅਪਣੱਤ
ਲੇਖਕ : ਗੁਰਮਲਕੀਅਤ ਸਿੰਘ ਕਾਹਲੋਂ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 196
ਸੰਪਰਕ : 98141-77676


'ਜੱਦੀ ਸਰਮਾਇਆ' (2022) ਕਹਾਣੀ ਸੰਗ੍ਰਹਿ ਤੋਂ ਬਾਅਦ ਗੁਰਮਲਕੀਅਤ ਸਿੰਘ ਕਾਹਲੋਂ ਦਾ ਦੂਜਾ ਕਹਾਣੀ-ਸੰਗ੍ਰਹਿ 'ਚੁੰਬਕੀ ਅਪਣੱਤ' ਹੈ, ਜਿਸ ਵਿਚ 19 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਅਜੋਕੀ ਕਹਾਣੀ ਜਿਥੇ ਸਮਾਜਕ ਸਰੋਕਾਰਾਂ ਨੂੰ ਆਧਾਰ ਬਣਾ ਕੇ, ਰਾਜ-ਪ੍ਰਬੰਧ ਦੀਆਂ ਖਾਮੀਆਂ ਨੂੰ ਨੰਗਿਆਂ ਕਰਦੀ ਹੈ, ਉਥੇ ਮਨੁੱਖ ਦੇ ਅੰਦਰਲੇ ਸੰਸਿਆਂ ਨੂੰ ਬਾਰੀਕੀ ਨਾਲ ਚਿਤਰਨ ਦੀ ਦਲੇਰੀ ਵੀ ਕਰਦੀ ਹੈ। ਮਾਨਵੀ-ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਅਣਮਨੁੱਖੀ ਵਰਤਾਰਿਆਂ ਦੇ ਸੰਤਾਪ ਨੂੰ ਪੇਸ਼ ਕਰਨਾ ਵੀ ਜ਼ਰੂਰੀ ਸਮਝਦੀ ਹੈ। ਸ੍ਰੀ ਕਾਹਲੋਂ ਪੱਤਰਕਾਰੀ ਕਰਦੇ-ਕਰਦੇ ਕਹਾਣੀਆਂ ਲਿਖਣ ਲੱਗ ਪਏ। ਉਨ੍ਹਾਂ ਦਾ ਲੋਕ-ਜੀਵਨ ਨਾਲ ਨੇੜਲਾ ਅਨੁਭਵ ਅਤੇ ਤਜਰਬਾ ਹੋਣ ਕਾਰਨ, ਉਨ੍ਹਾਂ ਕੋਲ ਬਿਰਤਾਂਤ ਸਿਰਜਣ ਦੀ ਕਲਾ ਹੈ। ਉਸ ਦਾ ਆਪਣਾ ਮੰਨਣਾ ਹੈ : ''ਰਚਨਾਵਾਂ ਵਿਚ ਮੈਂ ਕਿਸੇ ਵਲੋਂ ਪ੍ਰਗਟਾਏ ਅਹਿਸਾਸ ਤੇ ਦੱਸੀ ਹੱਡਬੀਤੀ ਨੂੰ ਉਸੇ ਰੂਪ ਵਿਚ ੇਪਸ਼ ਕਰਨ ਦੀ ਥਾਂ, ਉਸ ਦਾ ਰੰਗ-ਰੂਪ ਨਿਖਾਰ ਕੇ ਪਾਠਕਾਂ ਮੂਹਰੇ ਲਿਆਉਣ ਦਾ ਯਤਨ ਕਰਦਾ ਹਾਂ।'' ਇਸ ਨਜ਼ਰੀਏ ਤੋਂ 'ਚੁੰਬਕੀ ਅਪਣੱਤ' ਕੈਨੇਡਾ ਵਸੇ ਪਰਿਵਾਰ ਨਾਲ ਮੁਸਲਮਾਨ ਮੁਬੱਸਰ ਦੇ ਪਰਿਵਾਰਕ ਮੈਂਬਰ ਹਾਮਿਦ ਤੇ ਫਾਇਜਾ 1947 ਦੀ ਕਤਲੋ-ਗਾਰਤ ਵਿਚ ਨਿੱਕੀ ਬੱਚੀ ਨੂੰ ਕਿਵੇਂ ਬਚਾਉਂਦੇ ਤੇ ਧੀ ਵਾਂਗ ਪਾਲਦੇ ਜੋ ਸੁਲਤਾਨਾ ਬਣ ਜਾਂਦੀ ਹੈ। ਇਨਸਾਨੀਅਤ ਦੇ ਸੁੱਚੇ ਕਿਰਦਾਰ ਦੀ ਸੰਵੇਦਨਾ ਨੂੰ ਝੰਜੋੜਨ ਵਾਲੀ ਮਾਰਮਿਕ ਕਹਾਣੀ ਹੈ। ਕਹਾਣੀ ਅੰਦਰ ਕਹਾਣੀ ਦਾ ਬਿਰਤਾਂਤ ਰੌਚਿਕ ਬਣ ਜਾਂਦਾ ਹੈ। ਇੰਝ ਹੀ 'ਲਿਫਟ' ਕਹਾਣੀ 'ਚ ਸੀਤੋ ਮੁੱਖ ਪਾਤਰ ਆਪਣੀ ਹੱਡ-ਬੀਤੀ ਸੁਣਾਉਂਦੀ ਤੇ ਕਹਾਣੀ ਦਾ ਨਾਇਕ ਉਸ ਦੀ ਮਦਦ ਕਰਦੈ। 'ਰੂਹ ਦਾ ਨਿਖਾਰ' 'ਚ ਛੜਾ ਰਿਹਾ ਤਾਇਆ ਆਪਣੀ ਪ੍ਰੇਮ ਕਹਾਣੀ ਦਾ ਚਿੱਠਾ ਸੁਣਾਉਂਦੈ। ਨਰਸ ਨਿੰਮੀ ਨੂੰ ਆਪਣੀ ਵਾਰਿਸ ਬਣਾਉਂਦੈ। 'ਸ਼ੌਕਾਂ ਦੀ ਮੰਡੀ ਵਿਚ ਸਮਝੌਤੇ' ਹਰਮਨ ਗਾਇਕਾ ਕਿੰਝ ਆਪਣੀ ਪ੍ਰਸਿੱਧੀ ਲਈ ਫਿਲਮ ਡਾਇਰੈਕਟਰ ਦੀ ਕਾਮਨਾ ਪੂਰੀ ਕਰਦੀ ਹੈ ਤੇ ਸਵੈ-ਮਾਣ ਤੋਂ ਮੁੱਖ ਮੋੜਦੀ। 'ਮੇਰਾ ਰੱਬ ਬਹੁੜਿਆ' 'ਚ ਪੁਲਿਸ ਦੇ ਦੁਰਵਿਹਾਰ ਤੋਂ ਪੀ.ਸੀ.ਓ. 'ਚ ਨੌਕਰੀ ਕਰਦੀ ਔਰਤ ਨੂੰ ਪੱਤਰਕਾਰ ਰੱਬ ਵਾਂਗ ਬਹੁੜਦੈ। 'ਮਨਾਂ ਦੀਆਂ ਤਰੰਗਾਂ 'ਚ ਵੀ ਚਾਣਚੱਕ ਪਾਤਰਾਂ ਦੀ ਹੱਡਬੀਤੀ ਦਾ ਹੀ ਰੂਪ ਹੈ। 'ਇਕੋ ਵੇਲੇ ਦੋ ਚੰਨ' ਅਜੀਬ ਤਰ੍ਹਾਂ ਦੀ ਘਟਨਾ ਮਾਨਵੀਕਰਨ 'ਤੇ ਆਧਾਰਿਤ ਹੈ। 'ਫੌਜੀ ਜਾਂ ਫਰਿਸ਼ਤਾ' ਕਹਾਣੀ ਦੇ ਪਾਤਰ ਨੂੰ ਪਾਕਿਸਤਾਨ ਦੀ ਸਰਹੱਦ ਪਾਰ ਕਰਨ ਦੀ ਗ਼ਲਤੀ ਨੂੰ ਪਹਿਰੇਦਾਰ ਮੁਸਲਮਾਨ ਸੁਧਾਰ ਕਰਕੇ ਬਚਾਉਂਦੈ। ਕਹਾਣੀਆਂ ਦਾ ਉਦੇਸ਼ ਮਾਨਵਵਾਦੀ ਹੈ। ਸਮਾਜ 'ਚ ਵਾਪਰਦੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਕਹਾਣੀ ਸਿਰਜਣ ਦਾ ਹੁਨਰ ਬਿਰਤਾਂਤਿਰਕ ਹੈ, ਕਹਾਣੀ 'ਚ ਕਲਾਤਮਿਕ ਸੰਜਮ ਰੱਖਣ ਨਾਲ ਹੋਰ ਵੀ ਨਿਖਾਰ ਆ ਸਕਦਾ ਹੈ।


-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

27-04-2024

 ਟੋਟਕੇ-2
ਲੇਖਕ : ਰਣਜੋਧ ਸਿੰਘ
ਪ੍ਰਕਾਸ਼ਕ : ਏਵਿਜ਼ਮ ਕੁਲੈਕਸ਼ਨ
ਮੁੱਲ : 199, ਸਫ਼ੇ : 500
ਸੰਪਰਕ : 98144-22744

ਹਥਲੀ ਪੁਸਤਕ 'ਟੋਟਕੇ' ਲੇਖਕ ਸ. ਰਣਜੋਧ ਸਿੰਘ ਦੀ ਦੂਜੀ ਕਿਤਾਬ ਹੈ ਅਤੇ ਇਸ ਦੇ 500 ਸਫ਼ੇ ਹਨ। ਹਰ ਸਫ਼ੇ ਉੱਤੇ ਕੇਵਲ ਇਕ ਹੀ ਟੋਟਕਾ ਦਰਜ ਕੀਤਾ ਗਿਆ ਹੈ ਅਤੇ ਇਸ ਹਿਸਾਬ ਨਾਲ ਇਹ 500 ਹੀ ਟੋਟਕੇ ਹਨ। ਪਿਛਲੇ ਸਮੇਂ ਵਿਚ ਇਨ੍ਹਾਂ ਟੋਟਕਿਆਂ ਦੀਆਂ ਕਿਤਾਬਾਂ ਸਾਹਿਤ ਵਿਚ ਆਈਆਂ ਹਨ। ਸੱਭਿਆਚਾਰਕ ਤੌਰ ਉੱਤੇ ਇਹ ਟੋਟਕੇ ਸਭ ਤੋਂ ਪੁਰਾਣੇ ਵੇਦ 'ਰਿਗਵੇਦ' ਵਿਚ ਵੀ ਪ੍ਰਮੁੱਖਤਾ ਨਾਲ ਸ਼ਾਮਿਲ ਹਨ। ਪਿਛੋਂ ਇਹੀ ਟੋਟਕੇ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦੇ ਹਿੱਸੇ ਵੀ ਬਣੇ ਰਹੇ। ਸਾਰੇ ਸੰਸਕ੍ਰਿਤ ਮੰਤਰ ਸਿੱਖਿਆਦਾਇਕ ਟੋਟਕੇ ਹਨ ਪਰ ਉਕਤ ਟੋਟਕੇ ਕਵਿਤਾ ਵਿਚ ਹਨ। ਯੁੱਗ ਬਦਲਣ ਨਾਲ ਵਸਤਾਂ, ਰਿਸ਼ਤੇ ਅਤੇ ਵਿਚਾਰ ਬਦਲਦੇ ਰਹੇ ਹਨ। ਸਮਾਜਿਕ ਮਾਨਤਾਵਾਂ ਅਤੇ ਗੱਲਾਂ ਦੇ ਮੁੱਲ ਬਦਲਦੇ ਰਹੇ ਹਨ। ਪੁਰਾਣੀਆਂ ਮਾਨਤਾਵਾਂ ਟੁੱਟਦੀਆਂ-ਤਿੜਕਦੀਆਂ ਹਨ ਤਾਂ ਉਨ੍ਹਾਂ ਦੀ ਥਾਂ ਨਵੀਆਂ ਮਾਨਤਾਵਾਂ ਉਨ੍ਹਾਂ ਦਾ ਸਥਾਨ ਲੈਂਦੀਆਂ ਰਹੀਆਂ ਹਨ। ਧਾਰਮਿਕ ਅਕੀਦੇ ਬਦਲਦੇ ਹਨ। ਜਦ ਨਵੇਂ ਘਰ ਬਣਦੇ ਹਨ ਤਾਂ ਉਨ੍ਹਾਂ ਦੇ ਸ਼ੋਅ ਪੀਸ ਵੀ ਬਦਲਦੇ ਹਨ। ਇਹ ਟੋਟਕੇ ਜ਼ਿੰਦਗੀ ਦੀਆਂ ਕੋਠੀਆਂ ਦੇ ਸ਼ੋਅਕੇਸ ਹਨ। ਜਿਨ੍ਹਾਂ ਵਿਚ ਰੰਗ-ਰੰਗ ਦੀਆਂ ਮੱਛੀਆਂ ਤੈਰਦੀਆਂ ਹਨ। ਅੱਜ ਤੱਕ ਜਿੰਨੇ ਵੀ ਵਲੀ, ਅਵਤਾਰ, ਖ਼ੁਦਾ, ਰਹਿਬਰ ਧਰਤੀ ਉੱਤੇ ਆਏ ਹਨ, ਉਨ੍ਹਾਂ ਸਭਨਾਂ ਨੇ ਨੈਤਿਕਤਾ ਦੇ ਟੋਟਕੇ ਜਗਤ ਨੂੰ ਦਿੱਤੇ ਹਨ। ਪਵਿੱਤਰ ਜਪੁਜੀ ਸਾਹਿਬ ਸਿੱਖਿਆਦਾਇਕ ਟੋਟਕੇ ਹਨ। ਪਰ ਉਹ ਸਾਰੇ ਕਾਵਿ ਦੇ ਪਾਸ ਟੋਟਕੇ ਹਨ। ਅਜੋਕੇ ਸਮੇਂ ਇਹ ਟੋਟਕਾ ਲੇਖਕ ਖ਼ੁਦ ਕਵੀ ਨਹੀਂ ਹਨ, ਪਰ ਵਾਰਤਕ ਲਿਖਾਰੀ ਹਨ। ਉਨ੍ਹਾਂ ਵਲੋਂ ਵਕਤ ਦੀ ਕਸਵੱਟੀ ਉੱਤੇ ਪਰਖੇ ਗਏ ਅਤੇ ਮੰਨੇ ਗਏ ਇਥੇ ਟੋਟਕਿਆਂ ਦੀ ਕੁਲੈਕਸ਼ਨ ਹੋ ਕੇ ਪੁਸਤਕੀ ਰੂਪ ਧਾਰਨ ਕਰ ਰਹੀਆਂ ਹਨ। ਪਰ ਮੇਰੇ ਖਿਆਲ ਵਿਚ ਇਨ੍ਹਾਂ ਟੋਟਕਿਆਂ ਦਾ ਅਜੇ ਸਤਿਕਾਰਤ ਨਾਮਕਰਨ ਹੋਣਾ ਹੈ। ਟੋਟਕੇ ਕੋਈ ਬਹੁਤਾ ਵਧੀਆ ਨਾਂਅ ਨਹੀਂ ਲਗਦਾ। ਵਕਤ ਨਾਲ ਇਨ੍ਹਾਂ ਸਿੱਖਿਆਵਾਂ ਦੇ ਨਾਮਕਰਨ ਉੱਤੇ ਵੀ ਚਰਚਾ ਜ਼ਰੂਰ ਚੱਲੇਗੀ। ਪੰਜਾਬੀ ਵਿਚ ਇਨ੍ਹਾਂ ਸਿੱਖਿਆਵਾਂ ਕੁਲੈਕਸ਼ਨਾਂ ਦਾ ਰਿਵਾਜ ਵਧ ਰਿਹਾ ਹੈ। ਕਈ ਲੇਖਕ ਤਾਂ ਇਸੇ ਵਿਧਾ ਕਰਕੇ ਹੀ ਪ੍ਰਸਿੱਧ ਹੋਏ ਹਨ। ਟੋਟਕਾ ਜਾਂ ਸਿੱਖਿਆਵਾਂ ਲੇਖਕ ਸ. ਨਰਿੰਦਰ ਸਿੰਘ ਕਪੂਰ ਦਾ ਨਾਂਅ ਇਨ੍ਹਾਂ ਟੋਟਕਿਆਂ ਨੇ ਹੀ ਪ੍ਰਸਿੱਧ ਕੀਤਾ। ਆਮ ਕਰਕੇ ਸਾਰੇ ਟੋਟਕਾ ਲੇਖਕ ਲਗਾਤਾਰ ਹੀ ਟੋਟਕੇ ਲਿਖੀ ਜਾਂਦੇ ਹਨ। ਉਹ ਵਿਸ਼ੇ ਦੀ ਚੋਟ ਨਹੀਂ ਕਰਦੇ। ਕਈ ਮਾਹਿਰਾਂ ਨੇ ਇਨ੍ਹਾਂ ਟੋਟਕਿਆਂ ਦੇ ਵੱਖ-ਵੱਖ ਵਿਸ਼ਾ ਕਾਂਡ ਬਣਾਏ ਵੀ ਹਨ ਪਰ ਹਥਲੀ ਪੁਸਤਕ ਵਿਚ ਵੀ ਅਤੇ ਲੇਖਕ ਦਾ ਟੋਟਕਿਆਂ ਦੀ ਪਹਿਲੀ ਕਿਤਾਬ ਵਿਚ ਐਸਾ ਨਹੀਂ ਕੀਤਾ ਗਿਆ। ਇਹ ਟੋਟਕਾ ਸੰਗ੍ਰਹਿ ਪੰਜਾਬੀਆਂ ਵਾਸਤੇ ਹੁਣ ਜਾਣੀ-ਪਹਿਚਾਣੀ ਵਿਧਾ ਹੈ। ਬਹੁਤ ਸਾਰੇ ਪੁਰ ਅਹਿਸਾਸ ਪਾਠਕ ਇਨ੍ਹਾਂ ਟੋਟਕਿਆਂ ਦੀ ਸਿੱਖਿਆ ਦੀ ਦਿਲ ਉੱਤੇ ਗੰਢ ਦੇ ਲੈਂਦੇ ਹਨ। ਇਹ ਦੋ ਤੇ ਦੋ-ਚਾਰ ਹੁੰਦੇ ਹਨ। ਜ਼ਿੰਦਗੀ ਦੇ ਸਿੱਧੇ ਰਸਤਿਆਂ ਦੀ ਤਸੀਦਕ। ਪਰ ਹਥਲੀ ਪੁਸਤਕ ਦੇ ਇਕ ਸਫ਼ੇ ਉੱਤੇ ਇਕ ਹੀ ਟੋਟਕਾ ਹੈ ਜੋ ਸਫ਼ੇ ਵਧਾਉਣ ਤੇ ਪੁਸਤਕ ਦਾ ਭਾਰ ਵਧਾਉਣ ਵਾਂਗ ਜਾਪਦਾ ਹੈ। ਆਓ, ਕੁਝ ਟੋਟਕੇ ਪੜ੍ਹਦੇ ਹਾਂ :
-ਸਮੋਸੇ ਪੂਰੀਆਂ ਨੂੰ ਨੈਪਕਨ ਨਾਲ ਪੂੰਝਣ 'ਤੇ ਫੈਟ ਨਹੀਂ ਘਟਦੀ।
-ਭੋਲੇ ਬੰਦਿਆਂ ਨੂੰ ਲੋਕ ਜ਼ਿਆਦਾ ਤੰਗ ਕਰਦੇ ਹਨ।
-ਫ਼ਜ਼ੂਲ ਬੰਦਿਆਂ 'ਤੇ ਵਕਤ ਖਰਾਬ ਨਾ ਕਰੋ। ਵਕਤ ਥੋੜ੍ਹਾ ਹੈ ਦਿਨ ਦਾ ਸਹੀ ਇਸਤੇਮਾਲ ਕਰੋ।
-ਰਿਸ਼ਤੇ ਥੋੜ੍ਹੇ ਹੀ ਬਣਾਓ, ਜਿਹੜੇ ਬਣਾਓ ਉਹ ਦਿਲੋਂ ਨਿਭਾਓ।
-ਸਭ ਤੋਂ ਔਖਾ ਕੰਮ ਹੈ ਆਪਣੇ ਕੰਮ ਨਾਲ ਕੰਮ ਰੱਖਣਾ, ਦੂਜੇ ਦੇ ਨਹੀਂ।
-ਚਲਦੇ ਰਹਾਂਗੇ ਤਾਂ ਚੰਗੇ ਰਹਾਂਗੇ। ਜੇ ਬਹਿ ਗਏ ਤਾਂ ਰਹਿ ਗਏ।
-ਜ਼ਿੰਦਾ ਹੋ ਤਾਂ ਕੰਡੇ ਚੁੱਭਣਗੇ। ਮਰੇ ਹੋਏ ਨੂੰ ਤਾਂ ਅੱਗ ਵੀ ਕੁਝ ਨਹੀਂ ਕਹਿੰਦੀ।
ਉਕਤ ਸਿੱਖਿਆ ਟੂਕਾਂ ਵਾਂਗ ਹੀ ਹੋਰ ਵੀ 500 ਟੂਕਾਂ ਹਨ ਜੋ ਕਿ ਪਾਠਕਾਂ ਵਾਸਤੇ ਰਾਹ ਦਸੇਰਾ ਤੇ ਕੰਪਾਸ ਹੋ ਸਕਦੀਆਂ ਹਨ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਚਿੱਠੀਆਂ ਤੁਰੀਆਂ ਮੇਰੇ ਨਾਲ
ਸੰਪਾਦਕ : ਨਿੰਦਰ ਘੁਗਿਆਣਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 94174-21700

'ਚਿੱਠੀਆਂ ਤੁਰੀਆਂ ਮੇਰੇ ਨਾਲ' ਨਿੰਦਰ ਘੁਗਿਆਣਵੀ ਦੀ ਸੰਪਾਦਤ ਕੀਤੀ ਨਵੀਂ ਪੁਸਤਕ ਹੈ, ਜਿਸ ਵਿਚ ਉਸ ਨੂੰ ਵੱਖ-ਵੱਖ ਲੇਖਕਾਂ ਵਲੋਂ ਮੌਕੇ-ਬੇ ਮੌਕੇ ਲਿਖੀਆਂ ਚਿੱਠੀਆਂ ਸ਼ਾਮਿਲ ਕੀਤੀਆਂ ਹਨ। ਇਸ ਵਿਚ ਲੇਖਕ ਹਨ, ਪੱਤਰਕਾਰ ਹਨ, ਵੱਡੇ ਬੰਦੇ ਹਨ।
ਚਿੱਠੀ ਲਿਖਣ ਦਾ ਰਿਵਾਜ ਲਗਭਗ ਮੁੱਕ ਹੀ ਗਿਆ ਹੈ। ਮੋਬਾਈਲ, ਇੰਟਰਨੈੱਟ, ਕੋਰੀਅਰ ਆਦਿ ਸੇਵਾਵਾਂ ਨੇ ਇਹ ਰੁਚੀ ਲਗਭਗ ਖ਼ਤਮ ਹੀ ਕਰ ਦਿੱਤੀ ਹੈ। ਲੋਕ ਮਨ ਦੀ ਗੱਲ ਨਹੀਂ ਕਰਦੇ, ਸਗੋਂ ਕਰਨਾ ਭੁੱਲ ਹੀ ਗਏ ਹਨ। ਮੋਬਾਈਲਾਂ 'ਤੇ ਓਪਰੀਆਂ-ਓਪਰੀਆਂ ਗੱਲਾਂ ਕਰਨ ਦੇ ਆਦੀ ਹੁੰਦੇ ਜਾ ਰਹੇ ਹਨ। ਹੁਣ ਖ਼ਤ ਲਿਖਣ ਲਈ ਲੋਕਾਂ ਕੋਲ ਸਮਾਂ ਹੀ ਨਹੀਂ ਹੈ। ਇਸੇ ਲਈ ਆਪਸੀ ਰਿਸ਼ਤਿਆਂ ਦਾ ਨਿੱਘ ਅਤੇ ਗਰਮੀ ਮੁੱਕਦੀ ਜਾ ਰਹੀ ਹੈ।
ਨਿੰਦਰ ਸਿਰੜੀ ਬੰਦਾ ਹੈ। ਪੁਰਾਣੇ ਖ਼ਤਾਂ ਨੂੰ ਸੰਭਾਲ ਕੇ ਰੱਖਣਾ ਵੀ ਚੰਗੀ ਜੀਵਨ-ਜੁਗਤ ਦੀ ਨਿਸ਼ਾਨੀ ਹੈ। ਇਨ੍ਹਾਂ ਖ਼ਤਾਂ ਤੋਂ ਲਿਖਣ ਵਾਲਿਆਂ ਦਾ ਨਿੱਘ, ਮਤਲਬ, ਔਕਾਤ ਵੀ ਸਪੱਸ਼ਟ ਹੁੰਦੀ ਹੈ। ਕਈ ਤਾਂ ਨਿੰਦਰ ਦੀਆਂ ਛਪੀਆਂ ਕਿਤਾਬਾਂ ਹੀ ਮੰਗ ਕਰਦੇ ਦਿਖਾਈ ਦਿੰਦੇ ਹਨ। ਕਈ ਆਪਣੇ ਮਤਲਬ ਦੀ ਪੂਰਤੀ ਦੀ ਨਿੰਦਰ ਤੋਂ ਉਮੀਦ ਕਰਦੇ ਹਨ। ਕਈ ਆਪਣੇ ਮਤਲਬ ਦੀ ਪੂਰਤੀ ਦੀ ਨਿੰਦਰ ਤੋਂ ਉਮੀਦ ਕਰਦੇ ਹਨ। ਕਈ ਉਸ ਦੇ ਲਿਖੇ ਲੇਖਾਂ ਤੇ ਛਪੀਆਂ ਰਚਨਾਵਾਂ ਦੀ ਰਸਮੀ ਜਿਹੀ ਪ੍ਰਸੰਸਾ ਕਰਦੇ ਦਿਖਾਈ ਦਿੰਦੇ ਹਨ। ਇਨ੍ਹਾਂ ਖ਼ਤਾਂ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਨਿੰਦਰ ਖ਼ੁਦ ਵੀ ਵੱਡੇ ਲੇਖਕਾਂ ਨੂੰ ਆਪਣੀਆਂ ਛਪੀਆਂ ਕਿਤਾਬਾਂ ਘੱਲਦਾ ਰਹਿੰਦਾ ਸੀ ਤੇ ਕਈ ਵਾਰੀ ਉਨ੍ਹਾਂ ਨਾਲ ਰਾਬਤਾ ਬਣਾਉਣ ਲਈ ਵੀ ਖ਼ਤ ਲਿਖਦਾ ਰਹਿੰਦਾ ਸੀ। ਇਸ ਤਰ੍ਹਾਂ ਉਸ ਦਾ ਸੰਪਰਕ ਲੇਖਕਾਂ ਨਾਲ ਬਣਿਆ ਰਹਿੰਦਾ ਸੀ। ਜੇ ਉਹ ਕਿਤੇ ਲੋਕ-ਸੰਪਰਕ ਅਧਿਕਾਰੀ ਹੁੰਦਾ ਤਾਂ ਉਸ ਨੇ ਬਹੁਤ ਕਾਮਯਾਬ ਲੋਕ-ਸੰਪਰਕ ਅਧਿਕਾਰੀ ਹੋਣਾ ਸੀ ਕਿਉਂਕਿ ਉਸ ਨੂੰ ਲੋਕਾਂ ਨਾਲ ਦੋਸਤੀਆਂ ਅਤੇ ਸੰਪਰਕ ਬਣਾਉਣੇ ਆਉਂਦੇ ਹਨ। ਉਸ ਨੂੰ ਨਵੀਂ ਕਿਤਾਬ ਲਈ ਸ਼ਾਬਾਸ਼। ਇਹੋ ਜਿਹੀਆਂ ਕਿਤਾਬਾਂ ਬਹੁਤ ਔਖੀਆਂ ਛਪਦੀਆਂ ਹਨ।

-ਕੇ. ਐੱਲ. ਗਰਗ
ਮੋਬਾਈਲ : 94635-37050

ਕਿਉਂ ਹੋ ਰਿਹਾ ਦੇਸ਼ ਬੇਗਾਨਾ
ਲੇਖਕ : ਗੁਰਮੀਤ ਸਿੰਘ ਪਲਾਹੀ
ਸੰਪਾਦਕ : ਪਰਵਿੰਦਰਜੀਤ ਸਿੰਘ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ (ਰਜਿ.) ਪਲਾਹੀ, ਫਗਵਾੜਾ
ਮੁੱਲ : 250 ਰੁਪਏ, ਸਫ਼ੇ : 216
ਸੰਪਰਕ : 98158-02070

ਵਿਚਾਰਾਧੀਨ ਪੁਸਤਕ ਲੇਖਕ ਦੇ ਪੱਤਰਕਾਰਿਤਾ/ਜਰਨਲਲਿਜ਼ਮ ਵਜੋਂ ਨਿਰੰਤਰ ਲਿਖੇ ਲੇਖਾਂ ਦਾ ਸੰਗ੍ਰਹਿ ਹੈ, ਜਿਸ ਨੂੰ ਪਰਵਿੰਦਰਜੀਤ ਸਿੰਘ ਨੇ ਸੰਪਾਦਿਤ ਕੀਤਾ ਹੈ। ਇਨ੍ਹਾਂ ਲੇਖਾਂ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਲੇਖਕ ਨੇ ਸਮਕਾਲੀ ਸਮੱਸਿਆਵਾਂ 'ਤੇ ਬੇਬਾਕ ਕਲਮ ਚਲਾਈ ਹੈ। ਪੱਤਰਕਾਰਿਤਾ ਨਾਲ ਸੰਬੰਧਿਤ ਇਸ ਕਿਤਾਬ ਵਿਚ 51 ਚੋਣਵੇਂ ਲੇਖ ਸੰਕਲਿਤ ਕੀਤੇ ਗਏ ਹਨ। ਅਨੇਕ ਮਹੱਤਵ ਵਾਲੇ ਵਿਸ਼ਿਆਂ ਵਿਚ ਸਮੁੱਚੇ ਦੇਸ਼ ਤੋਂ ਬਿਨਾਂ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ 'ਤੇ ਫੋਕਸੀਕਰਨ ਕੀਤਾ ਗਿਆ ਹੈ, ਜਿਵੇਂ : ਪੰਜਾਬ ਵਿਚ ਵਗਦਾ ਨਸ਼ਿਆਂ ਦਾ ਦਰਿਆ, ਕਿਸਾਨਾਂ ਨਾਲ ਸੰਬੰਧਿਤ ਵਿਸ਼ੇ ਜਿਵੇਂ : ਕਣਕ ਅਤੇ ਚਾਵਲ ਦਾ ਚੱਕਰਵਿਊ, ਦੁੱਗਣੀ ਆਮਦਨ ਕਰਨ ਦਾ ਮਸਲਾ, ਕੁਦਰਤੀ ਖੇਤੀ, ਪਾਣੀ ਦਾ ਹੱਕ, ਹੜ੍ਹਾਂ ਦਾ ਕਹਿਰ, ਸੱਪਾਂ ਦੀਆਂ ਸਿਰੀਆਂ ਮਿੱਧਦਾ ਕਿਸਾਨ, ਪੇਂਡੂ ਵਿਕਾਸ ਦੀ ਸਮੱਸਿਆ ਆਦਿ। ਕਿਰਤੀਆਂ ਦੀ ਦਸ਼ਾ ਜਿਵੇਂ : ਕਾਮਿਆਂ ਦੀ ਦਿਹਾੜੀ, ਬੰਧੂਆ ਮਜ਼ਦੂਰੀ, ਹਾਸ਼ੀਏ 'ਤੇ ਆਦਮੀ, ਭੁੱਖੇ ਢਿੱਡ ਜ਼ਿੰਦਗੀ ਦਾ ਸਫ਼ਰ, ਭੁੱਖ ਤੇ ਸਬਰ ਆਦਿ। ਸੰਵਿਧਾਨ ਬਾਰੇ ਚਰਚਾ, ਸੂਬਿਆਂ ਦੇ ਹੱਕ ਖੋਹਣਾ, ਭਾਰਤੀ ਲੋਕਤੰਤਰ ਦੇ ਅੰਤਰਗਤ ਲੋਕਤੰਤਰ ਦੀ ਪਰਿਭਾਸ਼ਾ। ਚੋਣਾਂ ਸੰਬੰਧੀ ਵਿਸ਼ੇ : ਚੋਣ ਵਾਅਦੇ ਅਤੇ ਤੋਹਫ਼ੇ, ਵਿਰੋਧੀ ਧਿਰ ਦੇ ਏਕੇ ਦਾ ਸਵਾਲ, ਆਦਰਸ਼ ਨੇਤਾ ਕਿੱਧਰ ਗੁਆਚ ਗਏ, ਲੋਕ ਸਭਾ ਦੀਆਂ 2024 ਦੀਆਂ ਚੋਣਾਂ ਵਿਚ ਤਿਕੋਣੀ ਟੱਕਰ ਦੀ ਸੰਭਾਵਨਾ ਆਦਿ। ਔਰਤਾਂ ਨਾਲ ਸੰਬੰਧਿਤ ਵਿਸ਼ੇ ਜਿਵੇਂ : ਔਰਤਾਂ 'ਤੇ ਹੋ ਰਹੇ ਜ਼ੁਲਮ, ਔਰਤਾਂ ਦੀ ਸੁਰੱਖਿਆ ਕਿਵੇਂ ਹੋਵੇ, ਔਰਤਾਂ ਲਈ ਨਿਆਂ ਅਤੇ ਔਰਤਾਂ ਲਈ ਰਾਖਵਾਂਕਰਨ ਆਦਿ। ਕੁਝ ਫੁਟਕਲ ਵਿਸ਼ਿਆਂ 'ਤੇ ਵੀ ਕਲਮ ਚਲਾਈ ਗਈ ਹੈ ਜਿਵੇਂ : ਅਰਾਜਕਤਾ ਵੱਲ ਵਧ ਰਿਹਾ ਪੰਜਾਬ, ਪੰਜਾਬ ਅਤੇ ਭਾਰਤ ਦੇ ਬਜਟ, ਪੰਜਾਬੀਆਂ ਦਾ ਪ੍ਰਵਾਸ, ਸਿਹਤ ਸਹੂਲਤਾਂ, ਪਰਿਵਾਰਕ ਝਗੜਿਆਂ ਦਾ ਬੱਚਿਆਂ 'ਤੇ ਪ੍ਰਭਾਵ, ਜੰਗਲਾਂ ਦੀ ਸੰਭਾਲ, ਜਾਨਲੇਵਾ ਫਾਸਟ ਫੂਡ, ਹਵਾ ਪ੍ਰਦੂਸ਼ਣ, ਸਿੱਖਿਆ ਸੰਬੰਧੀ ਚੁਣੌਤੀਆਂ, ਮਨੀਪੁਰ ਦੀਆਂ ਹਿਰਦੇਵੇਦਕ ਘਟਨਾਵਾਂ ਆਦਿ।
ਲੇਖਕ ਦੀ ਵਾਰਤਕ ਸ਼ੈਲੀ ਸਰਲ, ਸਪੱਸ਼ਟ ਅਤੇ ਰਵਾਨਗੀ ਭਰਪੂਰ ਹੈ। ਵਾਰਤਕ ਦਾ ਨਮੂਨਾ ਵੇਖੋ :
''...ਇਹ ਲੋਕ ਹਰ ਹੀਲਾ-ਵਸੀਲਾ ਵਰਤ ਕੇ, ਆਪਣੀ ਜਮ੍ਹਾਂ ਪੂੰਜੀ, ਆਪਣੀ ਛੋਟੀ-ਮੋਟੀ ਜਾਇਦਾਦ ਗਿਰਵੀ ਰੱਖ ਕੇ ਆਪਣੇ ਬੱਚਿਆਂ ਨੂੰ ਅਤੇ ਫਿਰ ਆਪ ਬਾਹਰ ਤੁਰ ਰਹੇ ਹਨ। ਮੁੱਖ ਤੌਰ 'ਤੇ ਪੰਜਾਬ ਦੀ ਨਪੀੜੀ ਜਾ ਰਹੀ ਛੋਟੀ ਕਿਸਾਨੀ ਆਰਥਿਕ ਤੰਗੀ ਕਾਰਨ ਵਧੇਰੇ ਕਰਕੇ ਇਸ ਰਾਹ ਪੈ ਰਹੀ ਹੈ।... ਫਿਰ ਲੋਕਾਂ ਲਈ ਇਹ ਦੇਸ਼ ਬੇਗਾਨਾ ਕਿਉਂ ਨਾ ਹੋਏਗਾ? ਪੰ. 82. ਲੇਖਕ ਦਾ ਗਿਆਨ ਭੰਡਾਰ ਉਸ ਦੇ ਵਿਚਾਰਾਂ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਦਾ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ: : vatish.dharamchand@gmail.com

-
ਡਾ. ਅਮਰ ਕੋਮਲ ਦੀ ਚੋਣਵੀਂ ਕਵਿਤਾ ਅਤੇ ਵਿਵਹਾਰਕ ਸਮਾਲੋਚਨਾ
ਸੰਪਾਦਕ : ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲਿਕੇਸ਼ਨਜ਼, ਦਿੱਲੀ
ਮੁੱਲ : 750 ਰੁਪਏ, ਸਫ਼ੇ : 562
ਸੰਪਰਕ : 099588-31357

'ਡਾ. ਅਮਰ ਕੋਮਲ ਦੀ ਚੋਣਵੀਂ ਕਵਿਤਾ ਅਤੇ ਵਿਵਹਾਰਕ ਸਮਾਲੋਚਨਾ' ਪੁਸਤਕ ਦਾ ਸੰਕਲਨ ਅਤੇ ਸੰਪਾਦਨ ਡਾ. ਬਲਦੇਵ ਸਿੰਘ ਬੱਦਨ ਨੇ ਕੀਤਾ ਹੈ। ਡਾ. ਬੱਦਨ ਨੇ ਬਹੁਤ ਸਾਰਾ ਸਾਹਿਤ ਰਚਿਆ ਅਤੇ ਅਨੁਵਾਦ ਕੀਤਾ ਹੈ। ਇਸ ਕਿਤਾਬ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ ਲਗਭਗ 233 ਕਵਿਤਾਵਾਂ ਅਤੇ ਦੂਜੇ ਭਾਗ 'ਵਿਵਹਾਰਕ ਸਮਾਲੋਚਨਾ' ਵਿਚ 24 ਖੋਜ-ਪੱਤਰ ਅਤੇ ਇਕ ਰੇਖਾ-ਚਿੱਤਰ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿਚ ਵੱਖ-ਵੱਖ ਲੇਖਕਾਂ ਦੇ ਲੇਖ ਲਿਖੇ ਗਏ ਹਨ। ਮੂਲ ਰੂਪ ਵਿਚ ਇਸ ਪੁਸਤਕ ਵਿਚ ਅਮਰ ਕੋਮਲ ਦੀ ਕਾਵਿ-ਪ੍ਰਕਿਰਤੀ, ਉਸ ਦੀ ਸ਼ਖ਼ਸੀਅਤ ਅਤੇ ਉਸ ਦੀ ਜੀਵਨ-ਨੀਤੀ ਨੂੰ ਪਹਿਚਾਨਣਾ ਹੈ, ਜਿਸ ਵਿਚ ਉਸ ਨੇ ਪ੍ਰਗਤੀਵਾਦੀ ਦ੍ਰਿਸ਼ਟੀ ਦੀ ਵਿਚਾਰਧਾਰਾ ਅਪਣਾਈ ਹੈ ਤੇ ਪੁਸਤਕ ਵਿਚ ਇਕ ਨਵੀਨਤਾ ਹੈ। ਸ਼ੁੱਧ-ਸਨਾਤਨੀ ਵਿਚਾਰ ਜਿਸ ਵਿਚ ਵਹਿਮਾਂ-ਭਰਮਾਂ ਨੂੰ ਨਕਾਰਿਆ ਹੈ ਅਤੇ ਸਮੁੱਚੀ ਪੁਸਤਕ ਵਿਚ ਹੀ ਅਮਰ ਕੋਮਲ ਦੀ ਜੀਵਨ ਭਰ ਦੀ ਕਮਾਈ ਨੂੰ ਸਮੋਇਆ ਗਿਆ ਹੈ ਜਿਵੇਂ ਉਸਦੀ ਇਕ ਕਵਿਤਾ ਹੈ:
'ਬਚਪਨ ਗਿਆ, ਜਵਾਨੀ ਆਈ
ਫੇਰ ਬੁਢਾਪਾ ਆਇਆ,
ਕਿਉਂ ਮਨ ਘਬਰਾਇਆ।'
ਇਸ ਤਰ੍ਹਾਂ ਕਵੀ ਨੇ ਅਨੇਕਾਂ ਹੀ ਕਵਿਤਾਵਾਂ ਇਕੱਠੀਆਂ ਕੀਤੀਆਂ ਹਨ ਜਿਵੇਂ, 'ਕੁੜੀ ਨਿਆਰੀ', 'ਕਾਸ਼', 'ਧਰਤੀ ਤੇ ਰੁੱਖ', 'ਸੁਪਨੇ', 'ਨੇਤਾ', 'ਚੁੰਨੀ', 'ਆਦਮੀ', 'ਕਾਲੇ ਨਾਗ', 'ਰੁੱਖ', 'ਨਵੇਂ ਸੁਨੇਹੜੇ', ਆਦਿ ਜਿਨ੍ਹਾਂ ਵਿਚ ਸਮਾਜ ਨੂੰ ਸੇਧ ਦੇਣ ਵਾਲੀਆਂ ਸਮਾਜਿਕ ਕਵਿਤਾਵਾਂ ਦੇ ਯਥਾਰਥ ਨੂੰ ਬਿਆਨ ਕੀਤਾ ਗਿਆ ਹੈ। ਪੁਸਤਕ ਦੇ ਦੂਜੇ ਭਾਗ ਵਿਚ ਵੱਖ-ਵੱਖ ਲੇਖਕਾਂ ਦੁਆਰਾ ਲਿਖੇ ਗਏ ਲੇਖਾਂ ਨੂੰ ਇਕੱਤਰ ਕੀਤਾ ਗਿਆ ਹੈ ਜਿਵੇਂ 'ਤਿੰਨ ਚਿੱਠੀਆਂ ਡਾ. ਅਮਰ ਕੋਮਲ ਦੇ ਨਾਂ' (ਪ੍ਰੋ. ਪ੍ਰੀਤਮ ਸਿੰਘ ਰਾਹੀ), 'ਪਿਆਰ ਤੇ ਸੰਗਰਾਮ ਦਾ ਕਵੀ'' (ਪ੍ਰੋ. ਗੁਰਚਰਨ ਸਿੰਘ), 'ਪ੍ਰਸੰਗ ਅਤੇ ਵਿਰੋਧ ਦੀ ਕਵਿਤਾ- ਤਥਾ ਅਸਤੂ' (ਸੁਲੱਖਣ ਸਰਹੱਦੀ), 'ਸਤਿਯਮ ਸ਼ਿਵਮ ਸੁੰਦਰਮ-ਚਾਨਣ ਵੰਡਦੇ ਦੀਵਿਆਂ ਦਾ ਥਾਲ' (ਮਨਮੋਹਨ ਸਿੰਘ ਦਾਊਂ), ਆਦਿ। ਇਹ ਪੁਸਤਕ ਡਾ. ਅਮਰ ਕੋਮਲ ਦੀ ਬਹੁਪੱਖੀ ਸੋਚ ਦਾ ਵਿਸ਼ਾਲ ਪਸਾਰਾ ਹੈ, ਜਿਸ ਵਿਚ ਉਨ੍ਹਾਂ ਦੀ ਵਿਚਾਰਧਾਰਾ ਵਿਚਲੀ ਵਿਗਿਆਨਕ ਸੋਚ ਬਾਰੇ ਪਤਾ ਲੱਗਦਾ ਹੈ। ਪੁਸਤਕ ਪੜ੍ਹਣਯੋਗ ਹੈ। ਲੇਖਕ ਵਧਾਈ ਦਾ ਪਾਤਰ ਹੈ।

-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161

21-04-2024

ਵੀਹ ਗ੍ਰਾਮ ਜ਼ਿੰਦਗੀ
ਲੇਖਕ : ਗੁਰਪ੍ਰੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 158
ਸੰਪਰਕ : 98723-75898

ਗੁਰਪ੍ਰੀਤ ਪੰਜਾਬੀ ਕਵਿਤਾ ਵਿਚ ਵਿਲੱਖਣ ਹਸਤਾਖਰ ਹੈ। ਉਹ ਨਿਵੇਕਲੀ ਕਿਸਮ ਦਾ ਸ਼ਾਇਰ ਹੈ ਜਿਸ ਦੀਆਂ ਕਵਿਤਾਵਾਂ ਦੀ ਰਮਜ਼ ਵੱਖਰੀ ਹੈ। ਆਪਣੀ ਕਵਿਤਾ ਵਾਂਗ ਹੀ ਉਹ ਇਸ ਵਾਰਤਕ ਦੀ ਪੁਸਤਕ ਵਿਚ ਸਰਲ ਪਰ ਡੂੰਘੇ ਰਮਜ਼ਾਂ ਵਾਲੀਆਂ ਗੱਲਾਂ ਕਰਦਾ ਨਜ਼ਰ ਆਉਂਦਾ ਹੈ। ਡਾਇਰੀਨੁਮਾ ਸ਼ੈਲੀ ਵਿਚ ਲਿਖੀ ਇਸ ਵੀਹ ਗ੍ਰਾਮ ਜ਼ਿੰਦਗੀ ਵਿਚ ਉਹ ਸਹਿਜਤਾ, ਸਕੂਨ, ਅਹਿਸਾਸ ਅਤੇ ਸੰਵੇਦਨਾ ਨਾਲ ਗੁਜ਼ਾਰੇ ਪਲਾਂ ਨੂੰ ਆਪਣੇ ਲਫ਼ਜ਼ਾਂ ਵਿਚ ਬਿਆਨ ਕਰਦਾ ਹੈ। ਵੀਹ ਦਾ ਹਿੰਦਸਾ ਅਤੇ ਇਸ ਵਿਚ ਉਸ ਦੀ ਦਿਲਚਸਪੀ ਨੂੰ ਉਹ ਡਾਇਰੀ ਦੀ ਸ਼ੁਰੂਆਤ ਵਿਚ ਵੀਹ ਸੌ ਵੀਹ ਸਿਰਲੇਖ ਅਧੀਨ ਪੇਸ਼ ਕਰਦਾ ਹੈ। ਲੇਖਕ ਦੇ ਆਪਣੇ ਸ਼ਬਦਾਂ ਵਿਚ ਉਸ ਦੀ ਇਹ ਕਿਤਾਬ ਉਸ ਦੀ ਓਦਰੀ ਜਿੰਦ ਦਾ ਚਿੱਤ ਹੈ, ਜਿਸ ਵਿਚ ਉਹ ਖ਼ੁਦ ਨੂੰ ਜਾਨਣ ਦੇ ਰਾਹ ਤੁਰਦਾ ਹੈ। ਕੋਰੋਨਾ ਤੋਂ ਪਹਿਲਾਂ, ਕੋਰੋਨਾ ਕਾਲ ਦੌਰਾਨ ਅਤੇ ਕੋਰੋਨਾ ਤੋਂ ਬਾਅਦ ਦੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ, ਗੁਜ਼ਰੇ ਪਲ ਅਤੇ ਆਸ-ਪਾਸ ਵਾਪਰ ਰਹੇ ਸਧਾਰਨ ਵਰਤਾਰਿਆਂ ਵਿਚੋਂ ਅਸਧਾਰਨ ਨੂੰ ਭਾਲਣ ਦਾ ਉਸ ਦਾ ਆਪਣਾ ਇਕ ਨਜ਼ਰੀਆ ਇਸ ਪੁਸਤਕ ਵਿਚ ਨਜ਼ਰ ਆਉਂਦਾ ਹੈ। ਸ਼ਾਇਦ ਇਸੇ ਕਾਰਨ ਲੇਖਕ ਦਰਾਜਾਂ ਵਿਚ ਵੀ ਧੜਕਣ ਮਹਿਸੂਸ ਕਰਦਾ ਹੈ। ਉਸ ਦਾ ਕਾਵਿਕ ਲਹਿਜ਼ਾ ਵਾਰਤਕ ਵਿਚ ਵੀ ਕਵਿਤਾ ਦਾ ਅਹਿਸਾਸ ਕਰਾਉਂਦਾ ਹੈ। ਕੋਰੋਨਾ ਕਾਲ ਤੋਂ ਪਹਿਲਾਂ ਦੇ ਉਸ ਦੀ ਡਾਇਰੀ ਦੇ ਕੁਝ ਪੰਨੇ ਇਸ ਪੁਸਤਕ ਦਾ ਹਿੱਸਾ ਹਨ, ਜਿਨ੍ਹਾਂ ਵਿਚ ਉਹ ਆਪਣੀਆਂ ਪੜ੍ਹੀਆਂ ਕਵਿਤਾਵਾਂ, ਕਹਾਣੀਆਂ ਅਤੇ ਕਿਤਾਬਾਂ ਦਾ ਜ਼ਿਕਰ ਕਰਦਾ ਹੈ। ਮਾਰਚ 2020 ਤੋਂ ਬਾਅਦ ਦੀਆਂ ਘਟਨਾਵਾਂ ਨੂੰ ਆਪਣੀ ਡਾਇਰੀ ਵਿਚ ਉਸ ਨੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਪਲਾਂ ਨੂੰ ਬਿਆਨਿਆ ਹੈ, ਜਿਨ੍ਹਾਂ ਵਿਚ ਸਾਹਿਤ ਦਾ ਮਕਸਦ ਬਾਰੇ ਚਰਚਾ ਕਰਦਾ ਹੈ, ਕਈ ਵਾਰ ਮਨ ਦੀ ਉਦਾਸੀ ਉਸ ਨੂੰ ਉਦਾਸ ਕਰ ਦਿੰਦੀ ਹੈ ਅਤੇ ਆਪਣੀ ਬੇਬਸੀ ਤੇ ਉਹ ਖ਼ੁਦ ਨੂੰ ਸਹਿਜ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਈ ਵਾਰ ਇਨ੍ਹਾਂ ਦਿਨਾਂ ਵਿਚ ਪੜ੍ਹੀਆਂ ਚੰਗੀਆਂ ਕਿਤਾਬਾਂ ਅਤੇ ਕਵਿਤਾਵਾਂ ਕਿਸ ਤਰ੍ਹਾਂ ਉਸ ਦੀ ਚੁੱਪ ਦਾ ਵਿਸਤਾਰ ਕਰਦੀਆਂ ਹਨ, ਅਜਿਹੇ ਕਈ ਪਲ ਉਸ ਨੇ ਡਾਇਰੀ ਵਿਚ ਸਮੇਟੇ ਹਨ। ਮਾਂ ਦੀ ਇਸ ਦੁਨੀਆ ਤੋਂ ਰੁਖਸਤੀ ਅਤੇ ਉਸ ਨਾਲ ਜੁੜੀਆਂ ਯਾਦਾਂ ਵੀ ਡਾਇਰੀ ਦਾ ਹਿੱਸਾ ਬਣੇ ਹਨ। 100 ਦਿਨਾਂ ਦੀ ਪੇਂਟਿੰਗ ਦਾ ਤਜਰਬਾ ਵੀ ਸ਼ਾਮਿਲ ਹੈ। ਕੋਵਿਡ ਦਾ ਸਹਿਮ ਅਤੇ ਕਹਿਰ ਦੋਵੇਂ ਝੱਲਦਿਆਂ ਕਵਿਤਾ ਉਸ ਦੇ ਅੰਗ-ਸੰਗ ਵਿਚਰਦੀ ਹੈ ਅਤੇ ਇਸ ਗੱਲ ਦੀ ਗਵਾਹੀ ਉਸ ਦੀ ਡਾਇਰੀ ਦਾ ਹਰ ਪੰਨਾ ਭਰਦਾ ਹੈ। ਪੁਸਤਕ ਪੜ੍ਹਦਿਆਂ ਪਾਠਕ ਇਸ ਨੂੰ ਮਹਿਸੂਸ ਕਰ ਸਕਦੇ ਹਨ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823

ਸੋਚ ਤੋਂ ਸੱਚ ਤੱਕ
ਲੇਖਿਕਾ : ਬਲਜਿੰਦਰ ਕੌਰ ਸ਼ੇਰਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 36
ਸੰਪਰਕ : 98785-19278

ਸਮਕਾਲੀਨ ਪੰਜਾਬੀ ਸਾਹਿਤ ਵਿਚ ਬਾਲ ਸਾਹਿਤ ਵਿਸ਼ੇਸ਼ ਮਹੱਤਵ ਦਾ ਧਾਰਣੀ ਹੈ ਅਤੇ ਬਾਲ ਸਾਹਿਤ ਦੀਆਂ ਅਹਿਮ ਵੰਨਗੀਆਂ ਵਿਚ 'ਕਵਿਤਾ' ਦਾ ਆਪਣਾ ਖ਼ਾਸ ਸਥਾਨ ਹੈ। ਬਲਜਿੰਦਰ ਕੌਰ ਸ਼ੇਰਗਿੱਲ ਨੇ ਆਪਣੀ ਤਾਜ਼ਾਤਰੀਨ ਬਾਲ ਪੁਸਤਕ 'ਸੋਚ ਤੋਂ ਸੱਚ ਤੱਕ' ਵਿਚ 26 ਬਾਲ-ਕਵਿਤਾਵਾਂ ਨੂੰ ਆਧਾਰ ਬਣਾਇਆ ਹੈ। ਇਨ੍ਹਾਂ ਬਾਲ-ਕਵਿਤਾਵਾਂ ਦਾ ਕੇਂਦਰ-ਬਿੰਦੂ ਸਮਾਜ ਦੀ ਅਹਿਮ ਕੜੀ ਬੱਚੇ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ਿਆਂ ਦੀ ਵਿਭਿੰਨਤਾ ਇਸ ਗੱਲ ਦੀ ਸੂਚਕ ਹੈ ਕਿ ਬਾਲ ਹਰ ਉਸ ਵਿਸ਼ੇ ਵਿਚ ਵਿਸ਼ੇਸ਼ ਦਿਲਚਸਪੀ ਲੈਂਦੇ ਹਨ, ਜੋ ਉਨ੍ਹਾਂ ਦੀ ਮਾਨਸਿਕਤਾ ਅਤੇ ਸੋਚਣੀ ਦੇ ਬਹੁਤ ਨਜ਼ਦੀਕ ਹੁੰਦੇ ਹਨ।
ਬਲਜਿੰਦਰ ਕੌਰ ਸ਼ੇਰਗਿੱਲ ਦੀਆਂ ਇਨ੍ਹਾਂ ਵੰਨ-ਸੁਵੰਨੀਆਂ ਕਵਿਤਾਵਾਂ ਵਿਚੋਂ 'ਕਿਤਾਬਾਂ', 'ਪੰਜਾਬੀ ਮਾਂ ਬੋਲੀ ਬੋਲ ਰਹੀ ਹਾਂ', 'ਅੱਖਰ','ਮੇਰੀ ਬੋਲੀ', 'ਪੜ੍ਹਾਈ' ਅਤੇ 'ਬਸਤਾ' ਆਦਿ ਕਵਿਤਾਵਾਂ ਵਿਸ਼ੇਸ਼ ਤੌਰ 'ਤੇ ਅਜਿਹਾ ਉਸਾਰੂ ਵਿੱਦਿਅਕ ਵਾਤਾਵਰਨ ਸਿਰਜਣ ਲਈ ਪ੍ਰੇਰਿਤ ਕਰਦੀਆਂ ਹਨ, ਜਿਥੇ ਬਾਲ ਆਪਣੇ ਸੁਪਨਿਆਂ ਨੂੰ ਸਾਕਾਰ ਰੂਪ ਪ੍ਰਦਾਨ ਕਰ ਸਕਣ ਅਤੇ ਭਵਿੱਖ ਲਈ ਆਦਰਸ਼ ਕਾਇਮ ਕਰ ਸਕਣ। 'ਆਈ ਵਿਸਾਖੀ ਚੜ੍ਹਿਆ ਵੈਸਾਖ', 'ਬਸੰਤ ਰੁੱਤ', 'ਬੂਟਾ', 'ਪਿਆਸੇ ਪੰਛੀ', 'ਤਿੱਤਲੀ', 'ਭੰਬੀਰੀ' (ਫ਼ਿਰਕੀ), 'ਸੂਰਜ ਉਠਦਾ ਦੇਰੀ ਨਾਲ' ਆਦਿ ਕਵਿਤਾਵਾਂ ਪ੍ਰਕ੍ਰਿਤਕ-ਸੁੰਦਰਤਾ ਅਤੇ ਜੀਵ-ਜੰਤੂਆਂ ਪ੍ਰਤੀ ਸਨੇਹ ਅਤੇ ਸਾਂਝ ਮਜ਼ਬੂਤ ਕਰਨ ਦੇ ਸੁਨੇਹੇ ਦਿੰਦੀਆਂ ਹਨ। ਕੁਝ ਹੋਰ ਫੁਟਕਲ ਕਵਿਤਾਵਾਂ ਵਿਚੋਂ 'ਨੈੱਟ ਬੰਦ', 'ਮਿਲਾਵਟ', 'ਵੋਟ' ਅਤੇ 'ਯੋਗਾ' ਆਦਿ ਮਾਨਸਿਕ ਅਤੇ ਸਰੀਰਕ ਚੇਤਨਾ ਪ੍ਰਤੀ ਜਾਗ੍ਰਿਤੀ ਪੈਦਾ ਕਰਦੀਆਂ ਹਨ। ਇਨ੍ਹਾਂ ਤੋਂ ਇਲਾਵਾ 'ਡੋਰ' ਅਤੇ 'ਸੋਸ਼ਲ ਮੀਡੀਆ' ਕਵਿਤਾਵਾਂ ਦੇ ਮਾਧਿਅਮ ਦੁਆਰਾ ਖ਼ਤਰਨਾਕ ਡੋਰ ਦੇ ਨੁਕਸਾਨ ਅਤੇ ਮੋਬਾਈਲ ਫ਼ੋਨ ਦੀ ਫ਼ਜ਼ੂਲ ਵਰਤੋਂ ਦੇ ਸਿੱਟਿਆਂ ਪ੍ਰਤੀ ਸੁਚੇਤ ਕੀਤਾ ਗਿਆ ਹੈ ਅਤੇ ਪਾਠਕਾਂ ਨੂੰ ਮੰਜ਼ਿਲ ਪ੍ਰਾਪਤੀ ਵੱਲ ਅਗਰਸਰ ਰਹਿਣ ਦੀ ਹੀ ਹੱਲਾਸ਼ੇਰੀ ਦਿੱਤੀ ਗਈ ਹੈ। ਇਸ ਪ੍ਰਕਾਰ ਇਹ ਨੈਤਿਕ ਬਾਲ ਕਵਿਤਾਵਾਂ ਜਿੱਥੇ ਇਕ ਪਾਸੇ ਬਾਲ ਮਨਾਂ ਵਿਚ ਨਿਆਏਸ਼ੀਲ-ਸੋਚਣੀ ਪੈਦਾ ਕਰਦੀਆਂ ਹਨ, ਉੱਥੇ ਆਪਣੀ ਵਿਰਾਸਤ ਦੇ ਰੂਪ ਵਿਚ ਪਾਠਕਾਂ ਨੂੰ ਮੁੱਲਵਾਨ ਪਿੱਛੋਕੜ ਨਾਲ ਵੀ ਜੋੜਦੀਆਂ ਹਨ। ਹਰ ਕਵਿਤਾ ਨਾਲ ਢੁੱਕਵੇਂ ਚਿੱਤਰ ਕਵਿਤਾਵਾਂ ਦੀ ਸਾਰਥਿਕਤਾ ਵਿਚ ਵਾਧਾ ਕਰਦੇ ਹਨ। ਪੁਸਤਕ ਦੀ ਛਪਾਈ ਅਤੇ ਗੈਟਅਪ ਸੁੰਦਰ ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਉੱਘੇ ਗ਼ਦਰੀ ਸੂਰਬੀਰ
ਲੇਖਕ : ਦਲਜੀਤ ਰਾਏ ਕਾਲੀਆ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨਾ, ਬਰਨਾਲਾ
ਮੁੱਲ : 300, ਸਫ਼ੇ 168
ਸੰਪਰਕ : 97812-00168

ਲੇਖਕ ਲੰਬੇ ਸਮੇਂ ਤੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸੇਵਾ ਵਿਚ ਲੀਨ ਹੈ। ਸ਼ਹੀਦਾਂ ਤੇ ਉੱਘੇ ਸੁਤੰਤਰਤਾ ਸੈਨਾਨੀਆਂ ਬਾਰੇ ਲਿਖਣ ਵਿਚ ਉਸ ਦੀ ਰੁਚੀ ਹੈ। ਸਾਂਝੇ ਸੰਗ੍ਰਿਹਾਂ ਵਿਚ ਵੀ ਉਸ ਦੀਆਂ ਰਚਨਾਵਾਂ ਸ਼ਾਮਿਲ ਹਨ। ਕਵਿਤਾ ਨਾਲ ਵੀ ਉਹ ਬਰਾਬਰ ਜੁੜਿਆ ਹੋਇਆ ਹੈ। ਵਿਚਾਰ ਅਧੀਨ ਪੁਸਤਕ ਵਿਚ ਉਸ ਦੇ 20 ਲੇਖ ਸ਼ਾਮਿਲ ਕੀਤੇ ਹਨ। ਲਾਲਾ ਹਰਦਿਆਲ ਬਾਰੇ ਉਹ ਲਿਖਦਾ ਹੈ--ਹਰਦਿਆਲ ਦਾ ਵਿਆਹ 17 ਸਾਲ ਦੀ ਉਮਰ ਵਿਚ ਬਰਨਾਲਾ ਸ਼ਹਿਰ ਦੇ ਵਸਨੀਕ ਲਾਲਾ ਗੋਪਾਲ ਚੰਦ ਦੀ ਸਪੁੱਤਰੀ ਬੀਬੀ ਸੁੰਦਰ ਨਾਲ ਹੋਇਆ। ਅਗਸਤ 1908 ਵਿਚ ਲਾਲਾ ਹਰਦਿਆਲ ਨੇ ਵਤਨ ਛੱਡ ਦਿੱਤਾ ਅਤੇ ਫਿਰ ਵਿਦੇਸ਼ ਰਵਾਨਾ ਹੋ ਗਿਆ। 1909 ਵਿਚ ਪੈਰਿਸ ਵਸਦੇ ਦੇਸ਼ ਭਗਤਾਂ ਨੇ ਇਕ ਕ੍ਰਾਂਤੀਕਾਰੀ ਰਸਾਲਾ ਛਾਪਣ ਦੀ ਵਿਊਂਤ ਬਣਾਈ। ਪਰ ਅੱਗੇ ਚਲ ਕੇ ਲੇਖਕ ਲਿਖਦਾ ਹੈ--ਆਪਣੇ ਲੈਕਚਰਾਂ ਰਾਹੀਂ ਹਿੰਦੁਸਤਾਨੀਆਂ ਨੂੰ ਸਭ ਕੁਝ ਦਾਅ 'ਤੇ ਲਾ ਦੇਣ ਦੀ ਪ੍ਰੇਰਣਾ ਕਰਨ ਵਾਲੇ ਹਰਦਿਆਲ ਨੇ ਜੀਵਨ ਦੇ ਅੰਤਲੇ ਸਾਲਾਂ ਵਿਚ ਇਨਕਲਾਬੀ ਵਿਚਾਰਾਂ ਨੂੰ ਪੂਰੀ ਤਿਲਾਂਜਲੀ ਦੇ ਦਿੱਤੀ ਸੀ। ਬਾਬਾ ਸੋਹਣ ਸਿੰਘ ਭਕਨਾ ਬਾਰੇ ਗੱਲ ਕਰਦਿਆਂ ਲੇਖਕ ਲਿਖਦਾ ਹੈ ਕਿ ਸੋਹਣ ਸਿੰਘ ਭਕਨਾ ਉਨ੍ਹਾਂ ਇਨਕਲਾਬੀਆਂ ਵਿਚੋਂ ਸਨ, ਜਿਨ੍ਹਾਂ ਵੀਹਵੀਂ ਸਦੀ ਦੇ ਸ਼ੁਰੂ ਵਿਚ ਗਦਰ ਪਾਰਟੀ ਦੀ ਨੀਂਹ ਰੱਖੀ। ਹੋਰ ਆਜ਼ਾਦੀ ਘੁਲਾਟੀਆਂ ਬਾਰੇ ਵੀ ਢੁਕਵੀਂ ਜਾਣਕਾਰੀ ਇਸ ਪੁਸਤਕ ਵਿਚ ਮਿਲਦੀ ਹੈ, ਜਿਵੇਂ ਭਾਈ ਸੰਤੋਖ ਸਿੰਘ ਕਿਰਤੀ, ਬਾਬਾ ਹਰਨਾਮ ਸਿੰਘ ਟੁੰਡੀਲਾਟ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ, ਗ਼ਦਰੀ ਗੁਲਾਬ ਕੌਰ, ਪੰਡਤ ਜਗਤ ਰਾਮ ਹਰਿਆਣਾ, ਮੁਣਸ਼ਾ ਰਾਮ ਦੁਖੀ, ਭਾਈ ਰਣਧੀਰ ਸਿੰਘ ਨਾਰੰਗਵਾਲ ਆਦਿ। ਸਾਰੇ ਹੀ ਘੁਲਾਟੀਏ ਸੱਚੇ ਭਾਰਤੀ ਸਨ ਤੇ ਉਨ੍ਹਾਂ ਦੇਸ਼ ਨੂੰ ਗ਼ੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ। ਸਾਰੇ ਹੀ ਲੇਖ ਪੜ੍ਹਨਯੋਗ ਹਨ। ਇਹ ਜਿੱਥੇ ਵਿਦਿਆਰਥੀਆਂ ਲਈ ਲਾਹੇਵੰਦ ਹਨ ਉਥੇ ਭਾਰਤੀਆਂ ਤੇ ਖ਼ਾਸ ਕਰਕੇ ਪੰਜਾਬੀਆਂ ਦੀ ਨੇਕ ਦਿਲੀ ਤੇ ਦੇਸ਼ ਭਗਤੀ ਦੀ ਮਿਸਾਲ ਵੀ ਹਨ। ਲੇਖਕ ਦਲਜੀਤ ਸਿੰਘ ਕਾਲੀਆ ਦੇ ਸਿਰੜ ਨੂੰ ਸਲਾਮ ਕਰਨਾ ਬਣਦਾ ਹੈ।

-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693

ਜੜ੍ਹ-ਮੂਲ
ਲੇਖਕ : ਭੋਲਾ ਸਿੰਘ ਸੰਘੇੜਾ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 190 ਰੁਪਏ, ਸਫ਼ੇ : 112
ਸੰਪਰਕ : 98147-87506

ਭੋਲਾ ਸਿੰਘ ਸੰਘੇੜਾ ਕਹਾਣੀ, ਨਾਵਲ, ਵਾਰਤਕ, ਅਨੁਵਾਦ ਅਤੇ ਸੰਪਾਦਨਾ 'ਚ ਇਕ ਸਥਾਪਤ ਨਾਂਅ ਹੈ। ਵਿਚਾਰ ਅਧੀਨ ਕਹਾਣੀ-ਸੰਗ੍ਰਹਿ 'ਜੜ੍ਹ-ਮੂਲ' ਉਸ ਦੀਆਂ ਅੱਠ ਕਹਾਣੀਆਂ 'ਤੇ ਆਧਾਰਿਤ ਹੈ। ਇਹ ਕਹਾਣੀਆਂ ਲਿਖਣ ਲਈ ਉਸ ਦੁਆਰਾ ਚੁਣੇ ਗਏ ਵਿਸ਼ੇ ਉਸ ਦੀ ਸੋਚ, ਵਿਚਾਰਧਾਰਾ ਅਤੇ ਜੀਵਨ ਅਨੁਭਵਾਂ ਦੀ ਤਰਜਮਾਨੀ ਕਰਦੇ ਹਨ। ਇਨ੍ਹਾਂ ਅਨੁਭਵਾਂ ਦੀ ਬਦੌਲਤ ਉਹ ਜ਼ਿੰਦਗੀ ਦੇ ਕਈ ਸਰੋਕਾਰਾਂ ਨੂੰ ਆਪਣੀਆਂ ਕਹਾਣੀਆਂ ਵਿਚ ਨਾਲ ਲੈ ਕੇ ਚਲਦਾ ਹੈ। ਉਸ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਹ ਆਪਣੇ ਜ਼ਿਹਨ ਵਿਚਲੇ ਖਿਆਲਾਂ ਨੂੰ ਆਪਣੇ ਪਸੰਦ ਦੇ ਵਿਧਾ ਰੂਪ ਵਿਚ ਢਾਲਣ ਦੀ ਸਮਰੱਥਾ ਰੱਖਦਾ ਹੈ। ਕਹਾਣੀਆਂ 'ਸਰਹੱਦ' ਅਤੇ 'ਜੜ੍ਹ-ਮੂਲ' ਅਜੋਕੇ ਪੰਜਾਬੀ ਸਮਾਜ ਦੇ ਪ੍ਰਚਲਿਤ ਰੁਝਾਨਾਂ ਵਿਚੋਂ ਬਾਹਰਲੇ ਦੇਸ਼ਾਂ ਵੱਲ ਪਰਵਾਸ ਦੇ ਰੁਝਾਨ ਨੂੰ ਦਰਸਾਉਂਦੀਆਂ ਕਹਾਣੀਆਂ ਹਨ। ਬਾਹਰਲੇ ਦੇਸ਼ਾਂ ਵਿਚ ਜਾ ਵਸੀ ਜਵਾਨ ਪੀੜ੍ਹੀ ਇਕ ਵੱਖਰਾ ਦ੍ਰਿਸ਼ਟੀਕੋਣ ਰੱਖਦੀ ਹੈ, ਜਿਸ ਕਾਰਨ ਪੁਰਾਣੀ ਪੀੜ੍ਹੀ ਨਾਲ ਟਕਰਾਅ ਹਰ ਕਦਮ 'ਤੇ ਸਾਹਮਣੇ ਆਉਂਦਾ ਹੈ। ਉਨ੍ਹਾਂ ਨੂੰ ਪੁਰਾਣੇ ਪਿੰਡ ਅਤੇ ਘਰ ਨਾਲ ਕੋਈ ਭਾਵਨਾਤਮਕ ਲਗਾਅ ਨਹੀਂ। 'ਨਹੀਂ ਪਾਪਾ ਨਹੀਂ' ਵੀ ਆਰਥਿਕ ਬੋਝ ਥੱਲੇ ਦੱਬੇ ਇਕ ਅਜਿਹੇ ਹੀ ਬਾਪ ਦੀ ਕਹਾਣੀ ਹੈ, ਜੋ ਕਰਜ਼ੇ ਕਾਰਨ ਆਪਣੀ ਧੀ ਦੇ ਭਵਿੱਖ ਨੂੰ ਕੁਰਬਾਨ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ ਪਰ ਉਸ ਦੀ ਧੀ ਆਪਣੀ ਕਮਾਈ ਨਾਲ ਉਸ ਕਰਜ਼ੇ ਨੂੰ ਮੋੜਦੀ ਹੈ ਅਤੇ ਆਪਣੇ ਬਾਪ ਨੂੰ ਬੋਝ ਤੋਂ ਮੁਕਤ ਵੀ ਕਰਦੀ ਹੈ। ਇਸੇ ਤਰ੍ਹਾਂ 'ਪਰਤ ਆਵਾਂਗਾ ਮੈਂ', 'ਧੁੰਦ', 'ਵਾਅਦਾ' ਅਤੇ 'ਬੰਦੇ ਦਾ ਪੁੱਤ' ਵੀ ਸ਼ਾਨਦਾਰ ਕਹਾਣੀਆਂ ਹਨ ਪਰ ਇਸ ਪੁਸਤਕ ਦੀ ਸ਼ਾਹਕਾਰ ਰਚਨਾ ਕਹਾਣੀ ਸ਼ਿਵ ਰਾਜ ਹੈ, ਜਿਸ ਵਿਚ 'ਸ਼ਹਿਰ ਵਿਚਲਾ ਇਕ ਰਾਹ-ਇਕ ਸੜਕ' ਕਹਾਣੀ ਦੀ ਸੂਤਰਧਾਰ ਹੈ, ਜੋ ਆਪਣੀ ਕਹਾਣੀ ਸੁਣਾਉਂਦੀ ਹੈ ਕਿ ਕਿਵੇਂ ਉਹ ਇਕ ਕੱਚੇ ਰਾਹ ਤੋਂ ਕਰਮ ਸਿੰਘ ਦੀਆਂ ਬੇਰੀਆਂ ਵਾਲਾ ਰਾਹ ਬਣੀ ਤੇ ਫਿਰ ਬਚਨ ਸਿੰਘ ਬਾਗ਼ੀ ਵਾਲੀ ਗਲੀ ਵਜੋਂ ਮਸ਼ਹੂਰ ਹੋਈ ਤੇ ਫਿਰ ਸ਼ਿਵ ਰਾਜ ਦੇ ਨਾਂਅ 'ਤੇ ਪੱਕੀ ਸੜਕ ਵਜੋਂ ਮਕਬੂਲ ਹੁੰਦੀ ਹੈ। ਉਸ ਦਾ ਅਜਿਹੇ ਬਿਰਤਾਂਤ ਸਿਰਜਣ ਦਾ ਢੰਗ ਬਾ-ਕਮਾਲ ਹੈ ਕਿ ਪਾਠਕ ਹਰ ਕਹਾਣੀ ਦੇ ਨਾਲ ਹੀ ਚਲਦਾ ਜਾਂਦਾ ਹੈ। ਉਸ ਦੀ ਭਾਸ਼ਾ ਸਰਲ ਅਤੇ ਸਾਦੀ ਹੈ ਜਿਸ ਵਿਚ ਉਸ ਨੇ ਖੇਤਰੀ ਭਾਸ਼ਾ ਦੇ ਵੀ ਲਫ਼ਜ਼ ਵੀ ਵਰਤੇ ਹਨ। ਉਸ ਦੀ ਸ਼ੈਲੀ ਵੀ ਵੰਨ-ਸੁਵੰਨਤਾ ਭਰੀ ਹੈ, ਜਿਸ ਕਾਰਨ ਉਸ ਦੀਆਂ ਕਹਾਣੀਆਂ ਹਰ ਵਰਗ ਨੂੰ ਪਸੰਦ ਆਉਂਦੀਆਂ ਹਨ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਬਿਰਹੋਂ ਦੀ ਰੜਕ
ਲੇਖਕ : ਅਬਦੁਲ ਕਰੀਮ ਕੁਦਸੀ
ਸੰਪਾਦਨ : ਕੁਲਵਿੰਦਰ, ਸਤੀਸ਼ ਗੁਲਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 120
ਸੰਪਰਕ : 98152-98459

ਅਬਦੁਲ ਕਰੀਮ ਕੁਦਸੀ ਲਹਿੰਦੇ ਪੰਜਾਬ ਦਾ ਵਿਦੇਸ਼ੀ ਧਰਤੀ 'ਤੇ ਵਸਦਾ ਪੰਜਾਬੀ ਅਤੇ ਉਰਦੂ ਦਾ ਉੱਘਾ ਸ਼ਾਇਰ ਹੈ। 'ਬਿਰਹੋਂ ਦੀ ਰੜਕ' ਗੀਤ-ਸੰਗ੍ਰਹਿ ਉਨ੍ਹਾਂ ਦਾ ਪਹਿਲੀ ਵਾਰ 2002 ਈਸਵੀ ਵਿਚ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਹੋਇਆ ਸੀ। ਗੁਰਮੁਖੀ ਲਿੱਪੀ ਵਿਚ ਇਸ ਨੂੰ ਜਨਾਬ ਫ਼ੈਸਲ ਮਕਸੂਦ ਹੁਰਾਂ ਉਲਥਾਇਆ ਹੈ। ਇਸ ਤੋਂ ਇਲਾਵਾ ਅਬਦੁਲ ਕਰੀਮ ਕੁਦਸੀ ਹੁਰਾਂ 'ਪੀੜ ਦੇ ਪੱਥਰ', 'ਹੰਗਾਲ' (ਟੱਪੇ, ਮਾਹੀਆ ਬੋਲੀਆਂ, ਚੌਮਿਸ਼ਰੇ), 'ਮਾਸਕੂ' (ਗ਼ਜ਼ਲਾਂ, ਨਜ਼ਮਾਂ, ਗੀਤ), 'ਲਫ਼ਜ਼ਾਂ ਦੀ ਸਰਿੰਜ' (ਕਹਾਣੀਆਂ), ਮਨਜ਼ੂਮ ਪੰਜਾਬੀ ਤਰਜੁਮਾ 'ਅਲਕਸੀਦਾ' (ਅਰਬੀ), 'ਕਲਮ ਕਬੂਤਰ' (ਦੋਸਤਾਂ ਨੂੰ ਲਿਖੇ ਮਨਜ਼ੂਮ ਖ਼ਤ) ਅਤੇ 'ਤ੍ਰੇਵੜ' (ਗ਼ਜ਼ਲਾਂ, ਨਜ਼ਮਾਂ, ਗੀਤ) ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਇਨ੍ਹਾਂ ਤੋਂ ਇਲਾਵਾ 'ਰੰਗ ਸੰਗ' (ਗ਼ਜ਼ਲਾਂ), 'ਰਿਜ਼ਕਿ ਖਿਆਲ' (ਗ਼ਜ਼ਲਾਂ, ਨਜ਼ਮਾਂ), 'ਅਦਾਬਿ ਹਿਜਰ', 'ਇਲਤਮਾਸ' (ਕੱਤਾਅ ਅਤੇ 'ਮਨਜ਼ੂਮ ਉਰਦੂ ਤਰਜੁਮਾ ਅਲਕਸੀਦਾ' (ਅਰਬੀ) ਆਦਿ ਪੁਸਤਕਾਂ ਉਰਦੂ ਅਦਬ ਨੂੰ ਪੇਸ਼-ਏ-ਖ਼ਿਤਮਤ ਹਨ। ਗੀਤ ਸੰਗ੍ਰਹਿ 'ਬਿਰਹੋਂ ਦੀ ਰੜਕ' 'ਚ 'ਅੱਲਾਹ ਵਾਲੀ ਤੇਰਾ ਮੇਰਾ' ਤੋਂ ਲੈ ਕੇ 'ਤੇਰੀ ਯਾਦ ਦੇ ਹਲੋਰੇ' ਤੱਕ 80 ਗੀਤ ਸੰਕਲਿਤ ਕੀਤੇ ਗਏ ਹਨ। ਗੀਤ ਦਾ ਸੰਬੰਧ ਮਨੁੱਖੀ ਜੀਵਨ ਦੇ ਆਤਮ-ਪਰਕ ਅਤੇ ਵਿਅਕਤੀਗਤ ਤਬੀਅਤ ਦਾ ਪ੍ਰਗਟਾ ਆਦਿਕਾਲ ਤੋਂ ਮੰਨਿਆ ਗਿਆ ਹੈ। ਤੀਬਰ ਵੇਗ ਇਸ ਦੀ ਮੰਜ਼ਰ-ਕਸ਼ੀ 'ਚ ਵਿਸ਼ੇਸ਼ ਥਾਂ ਰੱਖਦਾ ਹੈ। ਮਾਨਵੀ ਦੁੱਖਾਂ-ਸੁੱਖਾਂ, ਆਪਣੀ ਪਹਿਚਾਣ ਅਤੇ ਦੂਸਰਿਆਂ ਨਾਲ ਪ੍ਰਸਪਰ ਸੰਬੰਧਾਂ ਦੀ ਪੇਸ਼ਕਾਰੀ ਹੀ ਗੀਤ ਰਾਹੀਂ ਮਾਨਵੀ ਰੂਹ 'ਚ ਥਰਥਰਾਹਟ (ਕੰਪਨ) ਪੈਦਾ ਕਰਦੀ ਹੈ। ਸ਼ਿੰਗਾਰ ਰਸ 'ਚ ਗੀਤ ਬਿਰਹਾ ਜਾਂ ਮਿਲਾਪ ਦੀ ਅਨੁਭੂਤੀ ਮਾਨਵੀ ਸੁਭਾਅ ਦੀ ਵਿਸ਼ੇਸ਼ ਅਨੁਭੂਤੀ ਅਤੇ ਵਿਆਖਿਆ ਦਾ ਅਨੁਭਵ ਮਹਿਸੂਸ ਕਰਦਿਆਂ ਆਨੰਦਿਤ ਹੁੰਦਾ ਹੈ। ਉਪਰੋਕਤ ਵਰਣਿਤ ਰੰਗਾਂ ਨੂੰ ਕਾਵਿ-ਪਾਠਕ 'ਕੁਦਸੀ' ਹੁਰਾਂ ਦੇ ਗੀਤਾਂ 'ਚੋਂ ਮਹਿਸੂਸ ਕਰ ਸਕਦੇ ਹਨ। ਮੁਲਕੀ ਵੰਡ ਦੇ ਦੁਖਾਂਤ ਦਾ ਅਹਿਸਾਸ 'ਪੁਰੇ ਦੀਏ ਵਾਏ ਇਕ ਛਿੱਟ ਖ਼ੁਸ਼ਬੋਈ ਦੀ, ਸਾਡੇ ਜਹੇ ਥੁੜ੍ਹੇ ਤੇ ਨੁਮਾਣਿਆਂ ਤੇ ਸੁੱਟ ਨੀ, ਸਾਨੂੰ ਵੀ ਪਿਆਲੀ ਕੋਈ ਚਾਨਣੀ ਦਾ ਘੁੱਟ ਨੀ, ਪੁਰੇ ਦੀਏ ਵਾਏ' 'ਚੋਂ ਮਹਿਸੂਸਿਆ ਜਾ ਸਕਦਾ ਹੈ। ਇਹ ਵਿਛੋੜਾ ਆਤਮ-ਪਰਕ ਵੀ ਹੈ ਅਤੇ ਦੁਨਿਆਵੀ ਵੀ ਹੈ। ਵਸਲ ਦੀ ਤਾਂਘ 'ਚ ਰਾਂਝਣ ਦੀ ਯਾਦ ਮਨ ਨੂੰ ਧਰਵਾਸ ਦਿੰਦੀ ਹੈ :
ਤੇਰੀ ਯਾਦ ਦੇ ਹਲੋਰੇ
ਜਿਵੇਂ ਖੰਡ ਦੇ ਖਡੌਣੇ
ਜਿਵੇਂ ਦੁੱਧ ਦੇ ਕਟੋਰੇ
ਤੇਰੀ ਯਾਦ ਦੇ ਹਲੋਰੇ
ਇਨ੍ਹਾਂ ਗੀਤਾਂ 'ਚ ਰਾਗ ਹੈ, ਸੰਗੀਤ ਹੈ, ਇਸ ਲਈ ਗਾਉਣ ਲਈ ਗਾਇਕਾਂ ਵਾਸਤੇ ਹਨ। ਕੁਲਵਿੰਦਰ, ਸਤੀਸ਼ ਗੁਲਾਟੀ ਹੋਰੀਂ ਵਧਾਈ ਦੇ ਪਾਤਰ ਹਨ, ਜਿਨ੍ਹਾਂ 'ਕੁਦਸੀ' ਹੋਰਾਂ ਦੇ ਗੀਤ ਪੰਜਾਬੀ ਕਾਵਿ-ਅਦਬ ਨੂੰ ਭੇਟ ਕੀਤੇ ਹਨ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਕਿਸਾਨ ਘੋਲ
ਬਣ ਰਹੇ ਇਤਿਹਾਸ ਦੇ ਅੰਗ-ਸੰਗ
ਲੇਖਕ : ਸਰਦਾਰਾ ਸਿੰਘ ਮਾਹਿਲ, ਰਜਿੰਦਰ ਸਿੰਘ ਦੀਪ ਸਿੰਘ ਵਾਲਾ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 200
ਸੰਪਰਕ : 98152-11079

ਪੰਜਾਬੀਆਂ ਬਾਰੇ ਇਹ ਧਾਰਨਾ ਬਣੀ ਹੋਈ ਹੈ ਕਿ ਇਹ ਇਤਿਹਾਸ ਸਿਰਜ ਤਾਂ ਸਕਦੇ ਹਨ ਪਰ ਉਸ ਨੂੰ ਸੰਭਾਲ ਨਹੀਂ ਸਕਦੇ। ਪੰਜਾਬੀਆਂ ਦਾ ਇਤਿਹਾਸ ਬਹੁਤ ਹੀ ਗੌਰਵਮਈ ਹੈ। ਇਨ੍ਹਾਂ ਹਰੇਕ ਖੇਤਰ ਵਿਚ ਮੱਲਾਂ ਮਾਰੀਆਂ ਹਨ। ਮੁਢ ਕਦੀਮ ਤੋਂ ਹੀ ਇਹ ਸੱਚ ਤੇ ਹੱਕ ਦੀ ਲੜਾਈ ਲੜਦੇ ਰਹੇ ਹਨ, ਪਰ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਕੁਰਬਾਨੀਆਂ ਨਾਲ ਇਤਿਹਾਸ ਨੇ ਕਦੇ ਇਨਸਾਫ਼ ਨਹੀਂ ਕੀਤੀ ਕਿਉਂਕਿ, ਇਤਿਹਾਸ ਲਿਖਣ ਵਾਲੇ ਉਹ ਲੋਕ ਸਨ ਜਿਨ੍ਹਾਂ ਵਿਰੁੱਧ ਜੱਦੋਜਹਿਦਾਂ ਕੀਤੀਆਂ ਗਈਆਂ ਸਨ। ਇਸ ਸਦੀ ਵਿਚ ਪੰਜਾਬੀਆਂ ਨੇ ਕਿਸਾਨ ਅੰਦੋਲਨ ਦੇ ਰੂਪ ਵਿਚ ਨਵਾਂ ਇਤਿਹਾਸ ਸਿਰਜਿਆ ਹੈ। ਇਸ ਸਦੀ ਵਿਚ ਅਜਿਹਾ ਅੰਦੋਲਨ ਦੇਸ਼ ਵਿਚ ਤਾਂ ਕੀ ਸਾਰੇ ਸੰਸਾਰ ਵਿਚ ਨਹੀਂ ਹੋਇਆ। ਇਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਇਸ ਸ਼ਾਂਤਮਈ ਅੰਦੋਲਨ ਨੇ ਆਖਿਰ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਤੇ ਉਸ ਤਿੰਨੇ ਕਾਲੇ ਕਾਨੂੰਨ ਵਾਪਸ ਲਏ। ਜੇਕਰ ਇਸ ਇਤਿਹਾਸ ਨੂੰ ਸੰਭਾਲਿਆ ਨਾ ਗਿਆ ਤਾਂ ਕੁਝ ਵਰ੍ਹਿਆਂ ਪਿਛੋਂ ਹੀ ਸ਼ਾਇਦ ਇਸ ਬਾਰੇ ਨਵੀਂ ਪੀੜ੍ਹੀ ਨੂੰ ਕੋਈ ਜਾਣਕਾਰੀ ਨਾ ਹੋਵੇ। ਇਸ ਅੰਦੋਲਨ ਦੇ ਇਤਿਹਾਸ ਨੂੰ ਸੰਭਾਲਣ ਦਾ ਸਰਦਾਰਾ ਸਿੰਘ ਮਾਹਿਲ ਅਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਆਪਣੀ ਪੁਸਤਕ, 'ਕਿਸਾਨ ਅੰਦੋਲਨ ਬਣ ਰਹੇ ਇਤਿਹਾਸ ਦੇ ਅੰਗ-ਸੰਗ' ਵਿਚ ਸੰਭਾਲਣ ਦਾ ਸਫ਼ਲ ਯਤਨ ਕੀਤਾ ਹੈ। ਇਨ੍ਹਾਂ ਦੋਵਾਂ ਨੇ ਕੇਵਲ ਅੰਦੋਲਨ ਨੂੰ ਨੇੜੇ ਹੋ ਕੇ ਵੇਖਿਆ ਹੀ ਨਹੀਂ, ਸਗੋਂ ਇਸ ਵਿਚ ਸਰਗਰਮ ਹਿੱਸਾ ਵੀ ਲਿਆ ਹੈ। ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਰਤੀ ਕਿਸਾਨ ਯੂਨੀਅਨ ਦਾ ਮੀਤ ਪ੍ਰਧਾਨ ਹੈ। ਸਰਦਾਰ ਸਿੰਘ ਮਾਹਿਲ ਇਸ ਅੰਦੋਲਨ ਨਾਲ ਨੇੜਿਉਂ ਜੁੜੇ ਹੋਏ ਹਨ। ਇਸ ਪੁਸਤਕ ਵਿਚ ਕਿਸਾਨ ਅੰਦੋਲਨ ਸਮੇਂ ਇਨ੍ਹਾਂ ਵਲੋਂ ਲਿਖੇ ਗਏ 25 ਲੇਖ ਸ਼ਾਮਿਲ ਹਨ ਜਿਨ੍ਹਾਂ ਵਿਚੋਂ 15 ਮਾਹਿਲ ਦੇ ਤੇ 10 ਦੀਪ ਸਿੰਘ ਵਾਲਾ ਦੇ ਲਿਖੇ ਹੋਏ ਹਨ। ਇਨ੍ਹਾਂ ਲੇਖਾਂ ਰਾਹੀਂ ਤਿੰਨੇ ਕਾਲੇ ਕਾਨੂੰਨਾਂ ਦੀ ਵਿਆਖਿਆ, ਕਿਸਾਨੀ ਉੱਤੇ ਪੈਣ ਵਾਲੇ ਮਾੜੇ ਪ੍ਰਭਾਵ, ਭੋਜਨ ਸੁਰੱਖਿਆ ਆਦਿ ਬਾਰੇ ਵਿਸਥਾਰ ਵਿਚ ਦੱਸਿਆ ਗਿਆ ਹੈ। ਕਿਸਾਨ ਸੰਘਰਸ਼ ਦਾ ਸਾਰਾ ਇਤਿਹਾਸ, ਜਿਵੇਂ ਕਿ ਕਿਵੇਂ ਸ਼ੁਰੂ ਹੋਇਆ, ਇਹ ਅੰਦੋਲਨ, ਆਈਆਂ ਔਕੜਾਂ, ਸਰਕਾਰ ਵਲੋਂ ਸਾਜ਼ਿਸ਼ਾਂ, ਅੰਦਰੂਨੀ ਖ਼ਤਰੇ ਆਦਿ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਹਰੇਕ ਲੇਖ ਨਾਲ ਲਿਖਣ ਦਾ ਮਹੀਨਾ ਤੇ ਸਾਲ ਲਿਖਿਆ ਗਿਆ ਹੈ ਤਾਂ ਜੋ ਪਾਠਕ ਅੰਦੋਲਨ ਦਾ ਪੜਾਅ ਵਾਰ ਜਾਣਕਾਰੀ ਲੈ ਸਕੇ। ਕਿਸਾਨ ਅੰਦੋਲਨ ਬਾਰੇ ਸੱਚੋ ਸੱਚ ਬਚਨ ਬਿਆਨ ਕਰਦੀ ਇਹ ਪੁਸਤਕ ਇਕ ਸਾਂਭਣ ਯੋਗ ਦਸਤਾਵੇਜ਼ ਹੈ।

-ਰਣਜੀਤ ਸਿੰਘ
ਮੋਬਾਈਲ : 94170-87328

ਅਮਾਨਤ
ਲੇਖਕ : ਪਿਆਰਾ ਸਿੰਘ ਟਾਂਡਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 78
ਸੰਪਰਕ : 98880-79692

ਇਸ ਕਹਾਣੀ ਸੰਗ੍ਰਹਿ ਦੀ ਭੂਮਿਕਾ ਵਿਚ ਹੀ ਲੇਖਕ ਦੀ ਪੰਜਾਬੀ ਸਾਹਿਤ ਨੂੰ ਦੇਣ ਅਤੇ ਉਨ੍ਹਾਂ ਦੀ ਬਟਾਲਾ ਸਾਹਿਤ ਸਭਾ ਨਾਲ ਸਾਹਿਤਕ ਸਾਂਝ ਬਾਰੇ ਚਰਚਾ ਕੀਤੀ ਹੈ ਜਿਸ ਵਿਚ ਜੁੜ ਉਨ੍ਹਾਂ ਸਭਾ ਨੂੰ ਹੋਰ ਸ਼ਿੱਦਤ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਲੇਖਕ ਦੁਆਰਾ ਲਿਖੀਆਂ 7 ਕਹਾਣੀਆਂ ਜੋ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ ਉਨ੍ਹਾਂ ਕਹਾਣੀਆਂ ਵਿਚ ਲੇਖਕ ਦੇ ਜੀਵਨ ਅਨੁਭਵਾਂ ਦੀ ਝਲਕ ਮਿਲਦੀ ਹੈ ਜਿਸ ਨੂੰ ਉਨ੍ਹਾਂ ਕਹਾਣੀ ਰੂਪ ਵਿਚ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਇਕ ਚਿੰਤਨਸ਼ੀਲ ਅਤੇ ਚੇਤੰਨ ਵਿਅਕਤੀ ਦੇ ਤੌਰ 'ਤੇ ਗ੍ਰਹਿਣ ਕੀਤੇ ਅਨੁਭਵ ਉਨ੍ਹਾਂ ਦੀਆਂ ਕਹਾਣੀਆਂ ਦੇ ਵਿਸ਼ਿਆਂ ਵਜੋਂ ਸਾਹਮਣੇ ਆਉਂਦੇ ਹਨ। 'ਅਮਾਨਤ' ਕਹਾਣੀ ਸੰਵੇਦਨਾ ਅਤੇ ਜਜ਼ਬਤਾ ਨਾਲ ਭਰਪੂਰ ਕਹਾਣੀ ਹੈ ਜਿਸ ਵਿਚ ਵੰਡ ਦਾ ਰੌਲਾ, ਪਿਆਰ, ਵਿਛੋੜਾ ਅਤੇ ਮੁੜ-ਮਿਲਾਪ ਦਾ ਜ਼ਿਕਰ ਕਹਾਣੀ ਨੂੰ ਰੌਚਕ ਬਣਾਈ ਰੱਖਦਾ ਹੈ ਅਤੇ ਅੰਤ ਇਹ ਦਰਸਾਉਂਦਾ ਹੈ ਕਿ ਸੱਚ ਅਤੇ ਪਿਆਰ ਦੇ ਰਿਸ਼ਤੇ ਸਦੀਵੀ ਕਾਇਮ ਰਹਿੰਦੇ ਹਨ। ਕਹਾਣੀ 'ਸਲਫਾਸ' ਨਿਮਨ ਕਿਸਾਨੀ ਦੇ ਸੰਕਟ ਨੂੰ ਉਭਾਰਨ ਦੇ ਨਾਲ-ਨਾਲ ਕਈ ਹੋਰ ਸਮਾਜਿਕ ਸਮੱਸਿਆਵਾਂ ਨੂੰ ਵੀ ਪੇਸ਼ ਕਰਦੀ ਹੈ ਜਿਨ੍ਹਾਂ ਨਾਲ ਕਈ ਸਮਾਜਿਕ ਸਮੀਕਰਨਾਂ ਆਪਸ ਵਿਚ ਉਲਝਦੀਆਂ ਉੱਤੇ ਸੁਲਝਦੀਆਂ ਨਜ਼ਰ ਆਉਂਦੀਆਂ ਹਨ। ਕੀ ਜ਼ੋਰ ਗ਼ਰੀਬਾਂ ਦਾ ਅਤੇ ਲੁੱਡਣ ਦੁਨਿਆਵੀ ਰਿਸ਼ਤਿਆਂ ਤੋਂ ਉੱਪਰ ਸੱਚੇ ਸੁਚੇ ਰਿਸ਼ਤਿਆਂ ਨੂੰ ਨਿਭਾਉਣ ਦੀ ਗਾਥਾ ਹੈ ਜਿਸ ਵਿਚ ਸਤਿਕਾਰ ਅਤੇ ਪਿਆਰ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ। ਕੋਰੋਨਾ ਦੇ ਕਹਿਰ ਦੌਰਾਨ ਪਰਵਾਸੀ ਮਜ਼ਦੂਰਾਂ ਨੇ ਕਿਸ ਤਰ੍ਹਾਂ ਸਾਰੇ ਡਰ ਇਕ ਪਾਸੇ ਰੱਖ ਆਪਣੀਆਂ ਜੜ੍ਹਾਂ ਨਾਲ ਜੁੜਨ ਲਈ ਲੰਬੇ ਸਫ਼ਰ ਤੈਅ ਕੀਤੇ ਅਤੇ ਅੰਤ ਮੰਜ਼ਿਲ ਪ੍ਰਾਪਤੀ ਦੀ ਖ਼ੁਸ਼ੀ ਸਾਹਮਣੇ ਹੋਰ ਸਭ ਵਿਅਰਥ ਜਾਪਦਾ ਹੈ। ਨਸ਼ਿਆਂ ਦੀ ਹਨੇਰੀ ਕਿਸ ਕਦਰ ਸਭ ਕੁਝ ਉੜਾ ਲੈ ਜਾਂਦੀ ਅਤੇ ਇਸ ਹਨੇਰੀ ਖ਼ਿਲਾਫ਼ ਲੜਨ ਦਾ ਅਹਿਦ ਕਰਦੇ ਲੋਕ ਇਸ ਲਈ ਸੰਘਰਸ਼ਸ਼ੀਲ ਰਹਿੰਦੇ ਹਨ। ਗੁੰਝਲਾਂ ਵੀ ਅਜਿਹੇ ਹੀ ਸਮਾਜਿਕ ਸੰਘਰਸ਼ ਦੀ ਕਹਾਣੀ ਹੈ ਜਿਸ ਵਿਚ ਲੋਕ ਵਿਦਰੋਹ ਅੱਗੇ ਜ਼ਾਲਮ ਝੁਕਦਾ ਨਜ਼ਰ ਆਉਂਦਾ ਹੈ। ਕੁੱਲ ਮਿਲਾ ਕੇ ਲੰਮੀ ਕਹਾਣੀ ਦੇ ਰੂਪ ਵਿਚ ਲਿਖੀਆਂ ਇਹ ਕਹਾਣੀਆਂ ਸਰਲ ਭਾਸ਼ਾ ਵਿਚ ਆਪਣੀ ਗੱਲ ਕਹਿਣ ਵਿਚ ਕਾਮਯਾਬ ਰਹੀਆਂ ਹਨ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
-

 

20-04-2024

ਹਜ਼ਰਤ ਪੀਰ ਬਾਬਾ
ਮੋਹਕਮਦੀਨ ਵਲੀ ਅੱਲ੍ਹਾ
(ਜਗਰਾਵਾਂ ਵਾਲੇ)
ਅਤੇ ਦਰਵੇਸ਼ੀ ਸਿਲਸਿਲਾ
ਲੇਖਕ : ਪ੍ਰਿੰ: ਗੁਰਚਰਨ ਸਿੰਘ ਤਲਵਾੜਾ
ਪ੍ਰਕਾਸ਼ਕ : ਕੇ.ਜੀ. ਗ੍ਰਾਫਿਕ ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 144
ਸੰਪਰਕ : 94634-63193

ਪ੍ਰਿੰਸੀਪਲ ਗੁਰਚਰਨ ਸਿੰਘ ਤਲਵਾੜਾ ਨੇ ਸੂਫ਼ੀਮਤ ਨਾਲ ਸੰਬੰਧਿਤ ਕੋਈ ਇਕ ਦਰਜਨ ਕਿਤਾਬਾਂ ਲਿਖੀਆਂ ਹਨ ਅਤੇ ਉਹ ਬਹੁਤ ਮਿਹਨਤੀ ਇਨਸਾਨ ਹਨ। ਹਥਲੀ ਕਿਤਾਬ ਨੂੰ ਲੇਖਕ ਨੇ 9 ਸਿਰਲੇਖਾਂ ਹੇਠ ਵੰਡਿਆ ਹੈ। ਪਹਿਲੇ ਅਧਿਆਇ ਵਿਚ ਸੂਫ਼ੀ ਦਰਵੇਸ਼ਾਂ ਦੀ ਵਿਚਾਰਧਾਰਾ, ਸੂਫ਼ੀਮਤ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਦੂਜਾ ਅਧਿਆਇ 'ਪੰਜਾਬ ਵਿਚ ਸੂਫ਼ੀਮਤ ਅਤੇ ਸਿਲਸਿਲੇ' ਨਾਲ ਸੰਬੰਧਿਤ ਹੈ। ਤੀਜੇ ਅਧਿਆਏ ਵਿਚ ਨਕਸ਼ਬੰਦੀ ਸੂਫ਼ੀ ਸਿਲਸਿਲੇ ਦੇ ਇਤਿਹਾਸ ਦਾ ਸੰਖੇਪ ਵਰਨਣ ਕੀਤਾ ਗਿਆ ਹੈ। ਚੌਥੇ ਅਧਿਆਇ ਵਿਚ ਨਕਸ਼ਬੰਦੀ ਸੂਫ਼ੀ ਸਿਲਸਿਲੇ ਦੇ ਸਾਧਨਾਂ ਮਾਰਗ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੰਜਵਾਂ ਅਧਿਆਇ ਹਜ਼ਰਤ ਪੀਰ ਮੋਹਕਮਦੀਨ ਵਲੀ ਅੱਲ੍ਹਾ ਦੇ ਜੀਵਨ ਨਾਲ ਸੰਬੰਧਿਤ ਹੈ, ਜਿਸ ਵਿਚ ਨਵੀਂ ਅਤੇ ਨਿਵੇਕਲੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਛੇਵਾਂ ਅਧਿਆਇ ਹਜ਼ਰਤ ਪੀਰ ਮੋਹਕਮਦੀਨ ਵਲੀ ਅੱਲ੍ਹਾ ਤੋਂ ਪ੍ਰਚਲਿਤ ਹੋਈ ਆਗਰੇ ਵਾਲੀ ਸ਼ਾਖ਼ਾ ਦੇ ਸੂਫ਼ੀ ਦਰਵੇਸ਼ਾਂ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ। ਸੱਤਵਾਂ ਅਧਿਆਇ ਹਜ਼ਰਤ ਪੀਰ ਮੋਹਕਮਦੀਨ ਵਲੀ ਅੱਲ੍ਹਾ ਦੇ ਪੰਜਾਬ ਨਾਲ ਸੰਬੰਧਿਤ ਉੱਤਰਾਧਿਕਾਰੀ ਦਰਵੇਸ਼ਾਂ ਬਾਰੇ ਜਾਣਕਾਰੀ ਉਪਲਬਧ ਕਰਾਉਂਦਾ ਹੈ। ਇਸ ਅਧਿਆਇ ਵਿਚ ਹਜ਼ਰਤ ਪੀਰ ਮੋਹਕਮਦੀਨ ਵਲੀ ਅੱਲ੍ਹਾ ਦੇ ਉੱਤਰਾਧਿਕਾਰੀ ਹਜ਼ਰਤ ਭਾਈ ਸੁੰਦਰ ਅਨੂਪ ਪੋਨੇ ਵਾਲਿਆਂ ਤੋਂ ਪ੍ਰਚਲਿਤ ਹੋਏ 'ਦਰਵੇਸ਼ੀ ਸਿਲਸਿਲੇ' ਬਾਰੇ ਨਿਵੇਕਲੀ ਕਿਸਮ ਦੀ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਪੁਸਤਕ ਦੇ ਅੱਠਵੇਂ ਅਧਿਆਇ ਵਿਚ ਪ੍ਰਮਾਣ ਦੇ ਕੇ ਇਹ ਸਿੱਧ ਕਰਨ ਦੇ ਯਤਨ ਕੀਤੇ ਗਏ ਹਨ ਕਿ 'ਸੂਫ਼ੀਮਤ : ਸਰਬ ਸਾਂਝਾ ਪੰਥ' ਹੈ । ਉਨ੍ਹਾਂ ਵਿਦਵਾਨਾਂ ਦੇ ਵਿਚਾਰਾਂ ਦਾ ਬਾ-ਦਲੀਲ ਖੰਡਨ ਕੀਤਾ ਗਿਆ ਹੈ ਜਿਹੜੇ ਇਹ ਲਿਖਦੇ ਹਨ ਕਿ ਸੂਫ਼ੀ ਬਣਨ ਲਈ ਮੁਸਲਮਾਨ ਬਣਨਾ ਅਤੇ ਇਸਲਾਮ ਧਾਰਨ ਕਰਨਾ ਲਾਜ਼ਮੀ ਹੈ। ਨੌਵੇਂ ਅਧਿਆਇ ਵਿਚ ਸੂਫ਼ੀ ਦਰਵੇਸ਼ਾਂ ਦੇ ਪੈਗ਼ਾਮ ਦਾ ਵਰਨਣ ਕੀਤਾ ਗਿਆ ਹੈ ਤਾਂ ਕਿ ਜਨ-ਸਾਧਾਰਨ ਨੂੰ ਪਤਾ ਲੱਗੇ ਕਿ ਸੂਫ਼ੀਮਤ ਸਾਧਨਾ-ਬੰਦਗੀ ਦਾ ਮਾਰਗ ਹੈ। ਸਿਰਫ ਸੂਫ਼ੀ ਮਜ਼ਾਰਾਂ ਤੇ ਮੱਥਾ ਟੇਕਣ ਅਤੇ ਸੁੱਖਾਂ-ਨਿਆਜ਼ਾਂ, ਮੰਨਤਾਂ ਤੱਕ ਹੀ ਸੀਮਤ ਨਹੀਂ। ਹਜ਼ਰਤ ਪੀਰ ਮੋਹਕਮਦੀਨ ਵਲੀ ਅੱਲ੍ਹਾ ਤੋਂ ਪ੍ਰਚਲਿਤ ਹੋਈ ਆਗਰੇ ਵਾਲੀ ਸ਼ਾਖ਼ਾ ਅਤੇ ਪੰਜਾਬ ਦੇ ਦਰਵੇਸ਼ੀ ਸਿਲਸਿਲੇ ਨਾਲ ਲੱਖਾਂ ਪੈਰੋਕਾਰ ਜੁੜੇ ਹੋਏ ਹਨ। ਲੇਖਕ ਨੇ ਇਸ ਪੁਸਤਕ ਵਿਚ ਯਥਾ ਸੰਭਵ ਦਰਵੇਸ਼ਾਂ ਅਤੇ ਪੈਰੋਕਾਰਾਂ ਬਾਰੇ ਜ਼ਿਕਰ ਕੀਤਾ ਹੈ। ਪੁਸਤਕ ਵਿਚ ਮੁੱਖ ਤੌਰ 'ਤੇ ਉਹ ਜਾਣਕਾਰੀ ਉਪਲਬਧ ਕਰਵਾਈ ਗਈ ਹੈ, ਜੋ ਜਗਰਾਵਾਂ ਸ਼ਰੀਫ਼ ਦੇ ਗੱਦੀਨਸ਼ੀਨ ਹਜ਼ਰਤ ਜਨਾਬ ਡਾ. ਮਹਿੰਦਰ ਸਿੰਘ ਦਰਵੇਸ਼ ਵਲੀ ਅੱਲ੍ਹਾ ਦੇ ਪ੍ਰਮੁੱਖ ਸੇਵਕਾਂ ਕੋਲੋਂ ਲਿਖਤੀ ਰੂਪ ਵਿਚ ਜਾਂ ਮੌਖਿਕ ਰੂਪ ਵਿਚ ਪ੍ਰਾਪਤ ਹੋਈ ਹੈ। ਆਗਰੇ ਵਾਲੀ ਸ਼ਾਖ਼ਾ ਬਾਰੇ ਪ੍ਰਸਿੱਧ ਸੂਫ਼ੀ ਸੰਤ ਹਜ਼ਰਤ ਜਨਾਬ ਖ਼ਵਾਜਾ ਗ਼ੁਲਾਮ ਹੈਦਰ ਸ਼ਾਹ ਅਤੇ ਖ਼ਲੀਫ਼ਾ ਹਜ਼ਰਤ ਜਨਾਬ ਹਾਜੀ ਡਾ. ਰਿਆਜ਼ਉੱਦੀਨ ਆਗਰੇ ਵਾਲਿਆਂ ਕੋਲੋਂ ਪ੍ਰਾਪਤ ਜਾਣਕਾਰੀ ਵੀ ਦਿੱਤੀ ਗਈ ਹੈ। ਹਜ਼ਰਤ ਪੀਰ ਬਾਬਾ ਮੋਹਕਮਦੀਨ ਵਲੀ ਅੱਲ੍ਹਾ ਆਧੁਨਿਕ ਕਾਲ ਦੇ ਨਕਸ਼ਬੰਦੀ ਸੂਫ਼ੀ ਸਿਲਸਿਲੇ ਦੇ ਬੁਲੰਦ ਮਰਤਬੇ ਵਾਲੇ ਸੂਫ਼ੀ ਦਰਵੇਸ਼ ਹੋ ਗੁਜ਼ਰੇ ਹਨ। ਜਗਰਾਵਾਂ ਹਜ਼ਰਤ ਪੀਰ ਮੋਹਕਮਦੀਨ ਵਲੀ ਅੱਲ੍ਹਾ ਦੇ ਨਾਂਅ ਜਗਰਾਵਾਂ ਸ਼ਰੀਫ਼ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਦੀ ਕਰਮ ਭੂਮੀ ਜਗਰਾਵਾਂ (ਪੰਜਾਬ, ਭਾਰਤ) ਬਣਿਆ। ਇਸ ਕਰਕੇ ਆਪ ਨੂੰ ਜਗਰਾਵਾਂ ਸਰਕਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਹਜ਼ਰਤ ਪੀਰ ਮੋਹਕਮਦੀਨ ਦਾ ਰੂਹਾਨੀ ਫ਼ੈਜ਼ ਸਭ ਕੌਮਾਂ, ਮਜ਼ਹਬਾਂ, ਧਰਮਾਂ, ਜਾਤੀਆਂ ਅਤੇ ਇਲਾਕਿਆਂ ਦੇ ਲੋਕਾਂ ਲਈ ਸਾਂਝਾ ਸੀ। ਇਸ ਪੁਸਤਕ ਵਿਚ ਸੂਫ਼ੀਮਤ ਅਤੇ ਪੰਜਾਬ ਦੇ ਪ੍ਰਮੁੱਖ ਸਿਲਸਿਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਨਕਸ਼ਬੰਦੀ ਸਿਲਸਿਲੇ ਅਤੇ ਹਜ਼ਰਤ ਪੀਰ ਮੋਹਕਮਦੀਨ ਦੇ ਜੀਵਨ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਦਰਵੇਸ਼ਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ ਹੈ। ਸੂਫ਼ੀਮਤ ਦੇ ਜਾਣਕਾਰਾਂ ਲਈ ਇਹ ਪੁਸਤਕ ਇਕ ਸੰਦ ਵਜੋਂ ਕਾਰਜ ਕਰੇਗੀ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਮੁਹੱਬਤੀ ਧਾਗੇ
ਲੇਖਿਕਾ : ਗੁਰਵੀਰ ਅਤਫ਼
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 87279-62914

'ਮੁਹੱਬਤੀ ਧਾਗੇ' ਉੱਭਰਦੀ ਲੇਖਿਕਾ ਗੁਰਵੀਰ ਅਤਫ਼ ਦੀ ਪਲੇਠੀ ਪੁਸਤਕ ਹੈ ਪਰ ਉਨ੍ਹਾਂ ਦੀ ਕਵਿਤਾ ਦੀ ਗਹਿਰਾਈ, ਗੰਭੀਰਤਾ ਅਤੇ ਸਹਿਜਤਾ ਦਾ ਪ੍ਰਵਾਹ ਉਨ੍ਹਾਂ ਨੂੰ ਇਕ ਸਮਰੱਥ ਕਵਿੱਤਰੀ ਦੇ ਰੂਪ ਵਿਚ ਪ੍ਰਗਟ ਕਰਦਾ ਹੈ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਕੋਲ ਕਹਿਣ ਲਈ ਬਹੁਤ ਕੁਝ ਹੈ ਅਤੇ ਗੱਲ ਕਹਿਣ ਦਾ ਹੁਨਰ ਵੀ ਹੈ। ਆਪਣੀ ਇਸ ਕਵਿਤਾ ਵਿਚ ਸਮਕਾਲੀ ਆਰਥਿਕ, ਸਮਾਜਿਕ, ਪਰਿਵਾਰਕ ਅਤੇ ਰਾਜਨੀਤਕ ਨੂੰ ਵਰਤਾਰੇ ਦਾ ਮੁੱਲਾਂਕਣ ਉਹ ਬੜੇ ਅਰਥਪੂਰਨ ਢੰਗ ਨਾਲ ਕਰਦੇ ਹਨ:
ਹੋ ਚੱਲੇ ਸੀ ਪੰਨੇ ਫਿੱਕੇ
ਸਾਡੇ ਇਤਿਹਾਸਾਂ ਦੇ।
ਲੈ ਲਈ ਸਿਆਹੀ ਸੁਨਹਿਰੀ,
ਨਵੀਆਂ ਪਰਵਾਜ਼ਾਂ ਨੇ।
ਔਰਤ ਵਰਗ ਸਾਡੇ ਸਮਾਜ ਦਾ ਲਗਭਗ ਅੱਧਾ ਹਿੱਸਾ ਹੈ ਅਤੇ ਸੰਸਾਰ ਦੇ ਸਮੁੱਚੇ ਵਜੂਦ ਦੀ ਉਸਾਰੀ ਵਿਚ ਵੀ ਉਸ ਦਾ ਹਿੱਸਾ ਮਰਦ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਹੈ ਪਰ ਆਦਿ ਕਾਲ ਤੋਂ ਹੀ ਮਰਦ ਪ੍ਰਧਾਨ ਸਮਾਜ ਵਲੋਂ ਹਰ ਹੀਲਾ-ਵਸੀਲਾ ਵਰਤ ਕੇ ਉਸ ਨੂੰ ਛੁਟਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਕੁੜੀਆਂ-ਚਿੜੀਆਂ ਲਈ ਤਿਆਰ ਕੀਤੇ ਤਰ੍ਹਾਂ-ਤਰ੍ਹਾਂ ਦੇ ਖ਼ੂਬਸੂਰਤ ਪਿੰਜਰਿਆਂ ਨੂੰ, ਉੱਚੇ ਅੰਬਰਾਂ ਵਿਚ ਉੱਡਣ ਦੇ ਉਨ੍ਹਾਂ ਦੇ ਵਿਦਰੋਹੀ ਅਰਮਾਨ ਉੱਕਾ ਹੀ ਪਰਵਾਨ ਨਹੀਂ ਕਰਦੇ:
ਮੇਰੇ ਮਨ ਦੀਏ ਚਿੜੀਏ ਨੀ,
ਆ ਪਾਵਾਂ ਸੋਨ ਤੜਾਗੀ।
ਸਰਘੀ ਵੇਲੇ ਅੜੀਏ ਨੀ,
ਕਿਉਂ ਕਰਦੀ ਚਿੱਤ ਬਾਗ਼ੀ।
ਗੁਰਵੀਰ ਅਤਫ਼ ਲਿਖਦੇ ਹਨ ਕਿ ਮਾਂ ਆਪਣੇ ਬੱਚੇ ਨਾਲ ਮੁਹੱਬਤ ਕਰਦੀ ਹੈ, ਪੰਛੀ ਕੁਦਰਤ ਨਾਲ, ਮਿੱਟੀ ਹਵਾ ਨਾਲ, ਪਾਣੀ ਢਲਾਣਾਂ ਨਾਲ ਅਤੇ ਹਾਣੀ ਆਪਣੇ ਹਾਣੀਆਂ ਨਾਲ ਪਰ ਕੁਝ ਲੋਕ ਪੰਛੀਆਂ ਵਰਗੇ ਵੀ ਹੁੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮੁਹੱਬਤ ਕਰਨ ਲਈ ਬੰਦੇ ਨੂੰ ਕੇਵਲ ਬੰਦਾ ਹੀ ਨਹੀਂ ਚਾਹੀਦਾ ਹੁੰਦਾ ਕਿਉਂਕਿ ਕੁਦਰਤ ਹੀ ਰਚਦੀ ਹੈ ਸਾਰੀ ਜੀਵਨੀ ਨੂੰ। ਬੰਦੇ ਨੇ ਤਾਂ ਕੇਵਲ ਕੁਦਰਤ ਦੇ ਇਸ ਨਾਟਕ ਨਾਲ ਇੱਕਸੁਰ ਹੀ ਹੋਣਾ ਹੁੰਦਾ ਹੈ। ਉਨ੍ਹਾਂ ਦਾ ਇਹ ਸੂਫ਼ੀਆਨਾ ਖ਼ਿਆਲ ਪਾਠਕ ਦੇ ਮਨ ਨੂੰ ਵਿਸਮਾਦੀ ਰੰਗ ਵਿਚ ਰੰਗ ਦਿੰਦਾ ਹੈ। ਅਜਿਹੇ ਖ਼ੂਬਸੂਰਤ ਸੁਹਿਰਦ ਕਾਰਜ ਲਈ ਉਹ ਵਧਾਈ ਦੇ ਹੱਕਦਾਰ ਹਨ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਨਿੱਕ-ਸੁੱਕ
ਲੇਖਕ : ਇਕਵਾਕ ਸਿੰਘ ਪੱਟੀ
ਪ੍ਰਕਾਸ਼ਕ : ਮਾਝਾ ਵਰਲਡ ਵਾਈਡ ਅੰਮ੍ਰਿਤਸਰ
ਮੁੱਲ : 180 ਰੁਪਏ, ਸਫ਼ੇ : 95
ਸੰਪਰਕ : 98150-24920

ਲੇਖਕ ਨੇ ਪਹਿਲਾਂ ਵੀ ਅੱਠ ਪੁਸਤਕਾਂ ਪਾਠਕਾਂ ਦੀ ਝੌਲੀ ਪਾਈਆਂ ਹਨ। ਹਥਲੀ ਪੁਸਤਕ ਉਸ ਦੀ ਨੌਵੀਂ ਪੁਸਤਕ ਹੈ। ਇਸ ਪੁਸਤਕ ਨਾਲ ਲੇਖਕ ਨੇ ਨਵਾਂ ਤਜਰਬਾ ਕਰਕੇ ਨਵੇਂ ਦਿਸਹੱਦਿਆਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਇਸ ਪੁਸਤਕ ਵਿਚ ਲਗਭਗ 42 ਰਚਨਾਵਾਂ ਅੰਕਿਤ ਕੀਤੀਆਂ ਹਨ ਤੇ ਹਰ ਰਚਨਾ ਦੀ ਨਾਲ-ਨਾਲ ਪੜਚੋਲ ਵੀ ਕੀਤੀ ਹੈ ਤਾਂ ਕਿ ਪਾਠਕ ਨੂੰ ਰਚਨਾ ਦੀ ਪੜਚੋਲ ਪੜ੍ਹ ਕੇ ਅਸਾਨੀ ਨਾਲ ਉਸ ਮੁੱਦੇ ਦੇ ਅੰਤ ਤੱਕ ਪਹੁੰਚਣ 'ਚ ਕੋਈ ਔਖਿਆਈ ਨਾ ਆਵੇ।
ਉਸ ਦੀਆਂ ਕਹਾਣੀਆਂ ਬਾਰੇ ਜ਼ਿਕਰ ਕਰਨ ਲੱਗਿਆਂ ਦੇਖਿਆ ਜਾਵੇ ਤਾਂ ਪੰਨਾ 78 'ਤੇ ਉਸ ਦੀ ਕਹਾਣੀ 'ਚਪੇੜਾਂ' ਸਿਰਫ਼ ਇਕ ਲਾਈਨ ਦੀ ਹੈ, ਜੋ ਕਿ ਮਿੰਨੀ ਕਹਾਣੀ ਦੇ ਕੱਦ ਤੋਂ ਵੀ ਛੋਟੀ ਹੈ। ਇਸੇ ਤਰ੍ਹਾਂ ਪੰਨਾ 74 ਤੇ 'ਚੁੰਨੀ' ਮਿੰਨੀ ਕਹਾਣੀ ਹੀ ਆਖੀ ਜਾ ਸਕਦੀ ਹੈ। ਪੰਨਾ 68 'ਤੇ 'ਮਤੇ' ਵੀ ਮਿੰਨੀ ਕਹਾਣੀ ਨਾਲ ਮੇਲ ਖਾਂਦੀ ਹੈ। ਸਮਾਜਿਕ ਬੁਰਾਈਆਂ ਨੂੰ ਉਘਾੜਦੀ ਕਹਾਣੀ 'ਕਿਉਂ' ਹੈ। ਇਸ ਤਰ੍ਹਾਂ ਹੀ 'ਸੁਖਮਣੀ ਸਾਹਿਬ', '23 ਮਾਰਚ' ਤੇ ਅੰਮ੍ਰਿਤ ਕਹਾਣੀਆਂ ਹਨ, ਜੋ ਸਮਾਜ ਨੂੰ ਬਹੁਤ ਵੱਡਾ ਸੁਨੇਹਾ ਦਿੰਦੀਆਂ ਹਨ। ਉਸ ਦੀਆਂ ਸਾਰੀਆਂ ਹੀ ਕਹਾਣੀਆਂ ਬਹੁਤ ਵੱਡੇ ਲੇਖਕਾਂ ਵਾਂਗ ਕੋਈ ਨਾ ਕੋਈ ਸੇਧ ਜਾਂ ਸੁਨੇਹਾ ਦਿੰਦੀਆਂ ਹਨ। ਪਰ ਅੱਧੋ ਜ਼ਿਆਦਾ ਕਹਾਣੀਆਂ ਵਿਚ ਲੇਖਕ ਨੇ ਦੋ ਹੀ ਪਾਤਰ 'ਉਜਾਗਰ ਸਿੰਘ' ਤੇ 'ਬੰਤਾ ਸਿੰਹਾਂ' ਨੂੰ ਹੀ ਵਾਰ-ਵਾਰ ਦੁਹਰਾਇਆ ਹੈ। ਇਹ ਦੁਹਰਾਅ-ਪਾਠਕਾਂ ਨੂੰ ਥੋੜ੍ਹਾ ਰੜਕਦਾ ਹੈ। 'ਪਾਪ' ਕਹਾਣੀ ਮਿਲਾਵਟੀ ਦੁੱਧ ਦਾ ਜ਼ਿਕਰ ਵਪਾਰਕ ਬਿਰਤੀ ਵੱਲ ਧਿਆਨ ਖਿੱਚਦੀ ਹੈ। 'ਮਾਸਕ ਬਨਾਮ ਰਾਣੀਹਾਰ' ਤੇ 'ਮੁਫ਼ਤ ਮਾਸਕ' ਸਮਾਜ ਲਈ ਵਿਅੰਗ ਤੇ ਕਟਾਖ਼ਸ਼ ਕੱਸਦੀਆਂ ਕਹਾਣੀਆਂ ਹਨ। ਗੱਲ ਕੀ ਮਧਰੇ ਜਿਹੇ ਕੱਦ ਦੀ ਪੂਰੀ ਪੁਸਤਕ ਪਾਠਕਾਂ ਲਈ ਜਾਣਕਾਰੀ ਤੇ ਸਵਾਦਲੀ ਹੈ। ਲੇਖਕ ਦਾ ਨਿਵੇਕਲਾ ਉਪਰਾਲਾ ਹੈ, ਜਿਸ ਲਈ ਉਹ ਵਧਾਈ ਦਾ ਹੱਕਦਾਰ ਹੈ। ਉਸ ਤੋਂ ਅਜਿਹੀਆਂ ਪੁਸਤਕਾਂ ਦੀ ਉਮੀਦ ਕਰਨੀ ਬਣਦੀ ਹੈ।

-ਡਾ. ਆਰ. ਬੰਦਨਾ
ਮੋਬਾਈਲ : 94173-89003

ਆਪਣੇ-ਆਪਣੇ ਤਾਜਮਹਿਲ
ਸੰਪਾਦਨ ਅਤੇ ਅਨੁਵਾਦ : ਡਾ. ਅਮਰਜੀਤ ਕੌਂਕੇ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 195 ਰੁਪਏ, ਸਫ਼ੇ : 157
ਸੰਪਰਕ : 98142-31698

ਡਾ. ਅਮਰਜੀਤ ਕੌਂਕੇ ਇਕ ਬਹੁ-ਪੱਖੀ ਸਾਹਿਤਕ ਪ੍ਰਤਿਭਾ ਵਾਲਾ ਅਦੀਬ ਹੈ। ਉਹ ਬਹੁਤ ਮਿਆਰੀ ਕਵਿਤਾਵਾਂ ਦਾ ਕਰਤਾ ਹੈ। ਕੌਂਕੇ 'ਪ੍ਰਤਿਮਾਨ' ਨਾਂਅ ਦਾ ਪੰਜਾਬੀ ਰਸਾਲਾ ਵੀ ਕਈ ਵਰ੍ਹਿਆਂ ਤੋਂ ਨਿਰੰਤਰ ਸੰਪਾਦਿਤ ਕਰ ਰਿਹਾ ਹੈ ਤੇ ਹੁਣ ਉਸ ਨੇ 'ਆਪਣੇ-ਆਪਣੇ ਤਾਜ ਮਹਿਲ' ਨਾਂਅ ਦੀ ਇਸ ਪੁਸਤਕ ਵਿਚ ਉੱਚ ਪਾਏ ਦੀਆਂ 14 ਹਿੰਦੀ ਕਹਾਣੀਆਂ ਦਾ ਪੰਜਾਬੀ ਅਨੁਵਾਦ ਕਰਕੇ ਪਾਠਕਾਂ ਦੇ ਹੱਥਾਂ 'ਚ ਪੁੱਜਦਾ ਕੀਤਾ ਹੈ। ਇਨ੍ਹਾਂ ਕਹਾਣੀਆਂ ਵਿਚ ਕਥਾ ਰਸ ਬਹੁਤ ਹੈ। ਜਿਥੇ ਇਹ ਕਹਾਣੀਆਂ ਸਮੇਂ ਦਾ ਸੱਚ, ਬਲਕਿ ਸਾਹਿਤਕ ਸੱਚ ਦਰਸਾਉਂਦੀਆਂ ਹਨ, ਉਥੇ ਇਹ ਕਹਾਣੀਆਂ ਹਿੰਦੀ ਜਗਤ ਅੰਦਰ ਕਹਾਣੀ ਵਿਧਾ ਦੀ ਸਥਿਤੀ ਬਾਰੇ ਵੀ ਅਸਿੱਧੇ ਰੂਪ 'ਚ ਕੁਝ ਚਾਨਣਾ ਪਾ ਜਾਂਦੀਆਂ ਹਨ। ਡਾ. ਅਮਰਜੀਤ ਕੌਂਕੇ ਨੇ ਇਨ੍ਹਾਂ ਕਹਾਣੀਆਂ ਦਾ ਅਨੁਵਾਦ ਵੀ ਪੂਰਾ ਪੰਜਾਬੀ ਮੁਹਾਵਰੇ ਮੁਤਾਬਿਕ ਕੀਤਾ ਹੈ, ਜਿਸ ਸਦਕਾ ਪ੍ਰਭਾਵ ਮੌਲਿਕ ਕਹਾਣੀਆਂ ਦਾ ਬਣਿਆ ਹੈ। ਸੰਖਿਪਤ ਗੱਲ ਕਰੀਏ ਤਾਂ ਪਹਿਲੀ ਕਹਾਣੀ 'ਦੂਸਰਾ ਤਾਜ ਮਹਿਲ' ਨਾਸਿਰਾ ਖਾਨ ਦੀ ਹੈ, ਜਿਹੜੀ ਪੁਸਤਕ ਅੰਦਰਲੀਆਂ ਸਾਰੀਆਂ ਕਹਾਣੀਆਂ ਨਾਲੋਂ ਲੰਮੀ ਕਹਾਣੀ ਹੈ। ਮਨੋਵਿਗਿਆਨਕ ਧਰਾਤਲ 'ਤੇ ਲਿਖੀ ਗਈ, ਇਹ ਕਹਾਣੀ ਮਾਨਸਿਕ ਪੱਧਰ ਤੋਂ ਪਾਤਰਾਂ ਦੀ ਮਨੋਅਵਸਥਾ ਦਾ ਬੜਾ ਦਿਲਚਸਪ ਤੇ ਅਰਥ ਭਰਪੂਰ ਬਿਰਤਾਂਤ ਸਿਰਜਦੀ ਹੈ। ਐੱਸ. ਆਰ. ਹਰਨੋਟ ਦੀ ਕਹਾਣੀ 'ਆਭੀ' ਇਕ ਆਭੀ ਨਾਂਅ ਦੀ ਚਿੜੀ ਦੀ ਉਦਾਹਰਨ ਦੇ ਕੇ ਕੁਦਰਤੀ ਸੰਪਤੀ ਦੀ ਸੁਰੱਖਿਆ ਦੀ ਬਾਤ ਪਾਉਂਦੀ ਹੈ। ਡਾ. ਊਸ਼ਾ ਯਾਦਵ ਦੀ ਕਹਾਣੀ 'ਸੌਗਾਤ' ਵਿਚੋਂ ਕਾਮਗ੍ਰਸਤ ਬੰਦੇ ਨੂੰ ਨਾਡਾਇਜ਼ ਸਰੀਰਕ ਸੰਬੰਧ 'ਚੋਂ ਮਿਲਦੀ ਏਡਜ਼ ਰੂਪੀ 'ਸੌਗਾਤ' ਦਾ ਬੜਾ ਗੁੰਦਵਾਂ ਪਲਾਟ ਸਿਰਜਿਆ ਮਿਲਦਾ ਹੈ। ਸੁਭਾਸ਼ ਪੰਤ ਦੀ ਕਹਾਣੀ 'ਸੜਕ ਪਾਰ ਖੜ੍ਹਾ ਬੁੱਢਾ' ਬਿਰਧ ਆਦਮੀ ਦੇ ਜ਼ਰੀਏ ਸ਼ਹਿਰਾਂ ਦੀ ਦੁਰਦਸ਼ਾ 'ਤੇ ਝਾਤ ਪਵਾਉਂਦੀ ਹੈ। ਤੇਜੇਂਦਰ ਸ਼ਰਮਾ ਦੀ ਕਹਾਣੀ 'ਪਾਪਾਂ ਦੀ ਸਜ਼ਾ' ਵਿਚ ਮਨੁੱਕੀ ਮਨ ਦੇ ਮਾੜੇ ਪੱਖ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ਤਹਿਤ ਗੱਲ ਕਤਲ ਤੱਕ ਪੁੱਜ ਜਾਂਦੀ ਹੈ। ਮਨੀਸ਼ ਵੈਦਯ ਦੀ ਕਹਾਣੀ 'ਘੜੀਸਾਜ਼' ਵਿਚ ਲੰਘ ਗਏ ਵੇਲਿਆਂ ਤੋਂ ਅੱਜ ਤੱਕ ਪੁੱਜੇ ਕਿੱਤਿਆਂ 'ਤੇ ਕਿੱਤਾਕਾਰਾਂ ਦੀ ਬੇਕਦਰੀ ਦੀ ਵਿਥਿਆ ਹੈ। ਡਾ. ਰੰਜਨਾ ਜਾਇਸਵਾਲ ਦੀ ਕਹਾਣੀ 'ਅੰਤਿਮ ਇੱਛਾ' ਵਿਅਕਤੀ ਦੀ ਅੰਤਿਮ ਇੱਛਾ ਬਾਬਤ ਸਮਾਜ ਸਨਮੁੱਖ ਬੜਾ ਗੰਭੀਰ ਸੁਆਲ ਖੜ੍ਹਾ ਕਰਦੀ ਹੈ। ਇੰਝ ਹੀ ਮਹੇਸ਼ ਦਰਪਣ, ਭਾਲ ਚੰਦਰ ਜੋਸ਼ੀ, ਭੂਮਿਕਾ ਦਿਵੇਦੀ ਅਸ਼ਕ, ਡਾ. ਹੰਸਾ ਦੀਪ, ਵੰਦਨਾ ਗੁਪਤਾ ਤੇ ਸੁਧਾ ਓਮ ਢੀਂਗਰਾ ਦੀਆਂ ਕਹਾਣੀਆਂ ਵੀ ਕਮਾਲ ਦੀਆਂ ਹਨ। ਕੁੱਲ ਮਿਲਾ ਕੇ 'ਆਪਣੇ ਆਪਣੇ ਤਾਜ ਮਹਿਲ' ਦੀਆਂ ਕਹਾਣੀਆਂ ਸਚਮੁੱਚ ਆਪੋ-ਆਪਣੇ ਹਿੱਸੇ ਦਾ ਅਦਬੀ ਤਾਜ ਮਹਿਲ ਬਾਖੂਬੀ ਬਣਾਉਂਦੀਆਂ ਹਨ। ਹਿੰਦੀ ਭਾਸ਼ਾ 'ਚੋਂ ਪੰਜਾਬੀ 'ਚ ਆਈਆਂ ਇਨ੍ਹਾਂ ਕਹਾਣੀਆਂ ਨੂੰ ਪੜ੍ਹਨ, ਸਮਝਣ ਤੇ ਮਾਨਣ ਦਾ ਵੀ ਇਕ ਆਪਣਾ ਹੀ ਕਿਸਮ ਦਾ ਸਾਹਿਤਕ ਸੁਹਜ ਸੁਆਦ ਹੈ। ਨਿਰਸੰਦੇਹ ਡਾ. ਅਮਰਜੀਤ ਕੌਂਕੇ ਦਾ ਇਹ ਅਨੁਵਾਦੀ ਉੱਦਮ ਬਿਲਕੁਲ ਸਫ਼ਲ ਹੈ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

ਵਾਇਰਸ
ਲੇਖਕ : ਪਾਲੀ ਖਾਦਿਮ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 56
ਸੰਪਰਕ : 9914310063

'ਵਾਇਰਸ' ਪਾਲੀ ਖਾਦਿਮ ਦਾ ਬਹੁਤ ਹੀ ਪਿਆਰਾ ਅਤੇ ਨਿਆਰਾ ਬਾਲ ਨਾਵਲ ਹੈ। ਲੇਖਕ ਇਸ ਤੋਂ ਪਹਿਲਾਂ ਤਿੰਨ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕਾ ਹੈ। ਇਹ ਬਾਲ ਨਾਵਲ ਕੰਪਿਊਟਰ ਦੀ ਦੁਨੀਆ ਬਾਰੇ ਵਿਸ਼ਾਲ ਜਾਣਕਾਰੀ ਪ੍ਰਦਾਨ ਕਰਨ ਵਾਲਾ ਨਾਵਲ ਹੈ। ਇਸ ਨਾਵਲ ਦੀ ਕਹਾਣੀ ਸਕੂਲ ਦੇ ਦੋ ਦੋਸਤ ਸਰਬਜੋਤ ਸਿੰਘ ਜਿਸ ਦਾ ਛੋਟਾ ਨਾਂਅ ਜੋਤ ਹੈ ਅਤੇ ਰਹਿਮਾਨ ਦੇ ਦੁਆਲੇ ਘੁੰਮਦੀ ਹੈ ਤੀਜੇ ਪਾਤਰ ਹਨ ਇਨ੍ਹਾਂ ਦੇ ਕੰਪਿਊਟਰ ਅਧਿਆਪਕ ਯਾਦਵਿੰਦਰ ਸਿੰਘ। ਇਹ ਤਿੰਨੇ ਬਹੁਤ ਹੀ ਰੌਚਕ ਕਹਾਣੀ ਰਾਹੀਂ ਕੰਪਿਊਟਰ ਦੀ ਅੰਦਰਲੀ ਦੁਨੀਆ ਬਾਰੇ ਸਮਝਾਉਂਦੇ ਹਨ ਕਿ ਕਰਸਰ ਕੀ ਹੈ, ਪ੍ਰੋਗਰਾਮ ਐਪਲੀਕੇਸ਼ਨ ਕੀ ਹੈ, ਫਾਈਲਾਂ ਫੋਲਡਰ ਕੀ ਹੁੰਦੀਆਂ ਹਨ, ਖ਼ਤਰਨਾਕ ਵਾਇਰਸ ਅਤੇ ਐਂਟੀਵਾਇਰਸ ਕੀ ਹੈ, ਮਾਊਸ, ਸੀ.ਯੂ. ਆਈ. ਕੀ ਹੈ, ਕਮਾਂਡ ਕਿਵੇਂ ਦਿੱਤੀ ਜਾਂਦੀ ਹੈ ਸਾਫਟਵੇਅਰ, ਟੂਲਜ਼ ਅਤੇ ਕੀ-ਬੋਰਡ ਕੀ ਹੈ? ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਫਾਈਲ ਬਣਾਉਣੀ ਹੈ ਅਤੇ ਕਿਵੇਂ ਸੇਵ ਕਰਨੀ ਹੈ, ਕੰਪਿਊਟਰ ਤੇ ਖੇਡਾਂ ਕਿਵੇਂ ਖੇਡਣੀਆਂ ਹਨ। ਗੱਲ ਕੀ ਇਸ ਛੋਟੇ ਜਿਹੇ ਨਾਵਲ ਵਿਚ ਕੰਪਿਊਟਰ ਬਾਰੇ ਜਿੰਨੀ ਵੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕਦੀ ਹੈ ਲੇਖਕ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕੁੱਲ ਮਿਲਾ ਕੇ ਬਹੁਤ ਹੀ ਮੁਸ਼ਕਿਲ ਵਿਸ਼ੇ ਨੂੰ ਬਹੁਤ ਹੀ ਸਰਲ, ਠੇਠ ਅਤੇ ਕਲਾਤਮਿਕ ਢੰਗ ਨਾਲ ਬਾਲਾਂ ਨੂੰ ਸਮਝਾਉਣ ਦਾ ਬਹੁਤ ਹੀ ਸਾਰਥਕ ਯਤਨ ਕੀਤਾ ਹੈ। ਢੁਕਵੀਆਂ ਤਸਵੀਰਾਂ ਵੀ ਬਣਾਈਆਂ ਗਈਆਂ ਹਨ। ਮੈਂ ਜਿੱਥੇ ਲੇਖਕ ਦੀ ਮਿਹਨਤ ਦੀ ਦਾਦ ਦਿੰਦਾ ਹਾਂ ਉਥੇ ਬਾਲਾਂ ਨੂੰ ਇਹ ਪਿਆਰੀ ਜਿਹੀ ਪੁਸਤਕ ਪੜ੍ਹ ਕੇ ਵੱਧ ਤੋਂ ਵੱਧ ਲਾਹਾ ਲੈਣ ਦੀ ਬੇਨਤੀ ਕਰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 94635-42896


ਡਾ. ਭੀਮਰਾਵ ਰਾਮਜੀ
ਅੰਬੇਡਕਰ ਯਾਤਰਾ ਦੇ ਪਦਚਿੰਨ੍ਹ
ਲੇਖਕ : ਡਾ. ਕੁਲਦੀਪ ਚੰਦ ਅਗਨੀਹੋਤਰੀ
ਅਨੁਵਾਦਕ : ਹਰਮੀਤ ਸਿੰਘ
ਪ੍ਰਕਾਸ਼ਕ : ਨੈਸ਼ਨਲ ਬੁੱਕ ਟਰੱਸਟ, ਇੰਡੀਆ
ਮੁੱਲ : 295 ਰੁਪਏ, ਸਫ਼ੇ : 196

''ਡਾ. ਭੀਮ ਰਾਓ ਰਾਮ ਜੀ ਅੰਬੇਡਕਰ ਯਾਤਰਾ ਦੇ ਪਦਚਿੰਨ੍ਹ'' ਜੋ ਕਿ ਕੁਲਦੀਪ ਚੰਦ ਅਗਨੀਹੋਤਰੀ ਨੇ ਹਿੰਦੀ ਵਿਚ ਪੁਸਤਕ ਲਿਖੀ ਸੀ, ਉਸ ਦਾ ਪੰਜਾਬੀ ਵਿਚ ਅਨੁਵਾਦ ਹਰਮੀਤ ਸਿੰਘ ਦੁਆਰਾ ਕੀਤਾ ਗਿਆ ਹੈ। ਇਸ ਪੁਸਤਕ ਨੂੰ ਕੁੱਲ ਸੱਤ ਪਾਠਾਂ ਵਿਚ ਵੰਡਿਆ ਗਿਆ ਹੈ ਜਿਵੇਂ ਜੀਵਨ ਯਾਤਰਾ, ਜਾਤੀ ਪ੍ਰਬੰਧ ਦੀ ਜਾਂਚ-ਪੜਤਾਲ, ਪੱਛਮ ਦਾ ਆਰੀਆ ਸਿਧਾਂਤ, ਭਾਰਤ ਵੰਡ ਅਤੇ ਪਾਕਿਸਤਾਨ ਦਾ ਪ੍ਰਸ਼ਨ, ਸਿੱਖਿਆ ਦਾ ਮਹੱਤਵ ਅਤੇ ਉਸ ਦਾ ਲਾਭ, ਜੰਮੂ-ਕਸ਼ਮੀਰ ਦਾ ਪ੍ਰਸ਼ਨ ਅਤੇ ਬੁੱਧ ਦੀ ਸ਼ਰਨ ਵਿਚ। ਇਨ੍ਹਾਂ ਸਾਰੇ ਪਾਠਾਂ ਵਿਚ ਲੇਖਕ ਨੇ ਡਾ. ਬੀ. ਆਰ. ਅੰਬੇਡਕਰ ਬਾਰੇ ਦੱਸਿਆ ਹੈ ਕਿ ਅੰਬੇਡਕਰ ਨੇ ਆਪਣੇ ਸਮਕਾਲੀਨ ਭਾਰਤੀ ਵਿਦਵਾਨਾਂ ਅਤੇ ਸਮਾਜ ਵਿਗਿਆਨੀਆਂ ਵਿਚੋਂ ਸਭ ਤੋਂ ਵੱਧ ਵਿੱਦਿਅਕ ਉਪਲਬਧੀਆਂ ਹਾਸਲ ਕੀਤੀਆਂ ਸਨ। ਸਮੁੱਚੀ ਪੁਸਤਕ ਵਿਚ ਅੰਬੇਡਕਰ ਦੀਆਂ ਜੀਵਨ ਉਪਲਬਧੀਆਂ ਬਾਰੇ ਹੀ ਚਾਨਣਾ ਪਾਇਆ ਗਿਆ ਹੈ ਕਿ ਕਿਵੇਂ ਉਸ ਨੇ ਭਾਰਤ ਦੀ ਵੰਡ, ਸਿੱਖਿਆ ਦੀ ਮਹੱਤਤਾ, ਭਾਰਤੀ ਜਾਤੀ ਵਿਵਸਥਾ ਅਤੇ ਹੋਰ ਛੂਆ-ਛਾਤ ਜਿਹੀਆਂ ਸਮੱਸਿਆਵਾਂ ਦਾ ਅੰਤ ਕੀਤਾ ਹੈ। ਰਾਜਾ ਰਾਮ ਮੋਹਨ ਰਾਏ, ਦਵੇਂਦਰ ਨਾਥ ਠਾਕੁਰ, ਚੰਦਰ ਵਿੱਦਿਆ ਸਾਗਰ ਆਦਿ ਨੇ ਆਪਣਾ ਸਾਰਾ ਜੀਵਨ ਭਾਰਤ ਨੂੰ ਮੁੜ ਲੀਹ 'ਤੇ ਲਿਆਉਣ ਲਈ ਲਾ ਦਿੱਤਾ। ਅੰਬੇਡਕਰ ਜੀ ਨੇ ਜੋ ਵੀ ਕੀਤਾ ਅਤੇ ਲਿਖਿਆ ਉਹ ਸਭ ਤਰਕ 'ਤੇ ਆਧਾਰਿਤ ਹੈ। ਇਸ ਪੁਸਤਕ ਵਿਚ ਡਾ. ਅੰਬੇਡਕਰ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ ਗਈ ਹੈ। ਬਾਬਾ ਸਾਹਿਬ ਦਾ ਨਜ਼ਰੀਆ ਨਾ ਤਾਂ ਤੰਗ ਸੀ ਅਤੇ ਨਾ ਹੀ ਪੱਖ-ਪਾਤੀ ਸੀ। ਬਾਬਾ ਸਾਹਿਬ ਰਾਜਨੀਤਕ ਬਰਾਬਰਤਾ ਦੇ ਨਾਲ ਨਾਲ ਆਰਥਿਕ ਅਤੇ ਸਮਾਜਿਕ ਸਬਰਾਬਰੀ ਦਾ ਹੋਣਾ ਵੀ ਲਾਜ਼ਮੀ ਸਮਝਦੇ ਸਨ। ਇਹ ਪੁਸਤਕ ਲੇਖਕ ਅਗਨੀਹੋਤਰੀ ਦੇ ਸਮਾਜਿਕ ਪਰਿਪੇਖ ਅਤੇ ਉਸ ਤੋਂ ਵਿਕਸਿਤ ਉਨ੍ਹਾਂ ਦੇ ਚਿੰਤਨ ਦਾ ਪ੍ਰਤੀਕ ਹੈ, ਜਿਨ੍ਹਾਂ ਨੇ ਡਾ. ਅੰਬੇਡਕਰ ਦੇ ਜੀਵਨ ਨੂੰ ਕੇਂਦਰ ਵਿਚ ਰੱਖ ਕੇ ਤੱਥਾਂ ਦੇ ਅਧਾਰ 'ਤੇ ਵੱਡਮੁੱਲੀ ਜਾਣਕਾਰੀ ਦਿੱਤੀ ਹੈ। ਅੰਬੇਡਕਰ ਦਾ ਮੰਨਣਾ ਹੈ ਕਿ 'ਭਾਰਤ ਵਿਚ ਆਰੀਆ ਦੁਆਰਾ ਹਮਲੇ ਦੇ ਸਿਧਾਂਤ ਨੂੰ ਜੋ ਏਨੀ ਜ਼ਿਆਦਾ ਮਾਨਤਾ ਮਿਲੀ ਉਸ ਦਾ ਇਕ ਕਾਰਨ ਇਹ ਹੈ ਕਿ ਇੱਥੋਂ ਦੇ ਬ੍ਰਾਹਮਣ ਵਿਦਵਾਨਾਂ ਨੇ ਉਸ ਦਾ ਸਮਰਥਨ ਕੀਤਾ, ਉਨ੍ਹਾਂ ਅਨੁਸਾਰ ਹਿੰਦੂ ਹੋਣ ਦੇ ਨਾਤੇ ਬ੍ਰਾਹਮਣਾਂ ਨੂੰ ਪੱਛਮੀ ਵਿਦਵਾਨਾਂ ਦੇ ਇਸ ਮੱਤ ਨੂੰ ਅਯੋਗ ਠਹਿਰਾਉਣਾ ਚਾਹੀਦਾ ਸੀ'। (ਪੰਨਾ ਨੰ. 92)। ਅਜਿਹੀ ਮੁੱਲਵਾਨ ਪੁਸਤਕ ਦਾ ਅਨੁਵਾਦ ਕਰਨ ਲਈ ਲੇਖਕ ਨੂੰ ਮੁਬਾਰਕਬਾਦ।

-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 09855395161

14-04-2024

 ਅਣਗੌਲਿਆ ਆਜ਼ਾਦੀ ਘੁਲਾਟੀਆ
ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ
ਲੇਖਕ : ਡਾ. ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 87
ਸੰਪਰਕ : 94170-49417


ਡਾ. ਗੁਰਦੇਵ ਸਿੰਘ ਸਿੱਧੂ ਸਾਹਿਤਕ ਖੇਤਰ ਦਾ ਜਾਣਿਆ-ਪਛਾਣਿਆ ਨਾਂਅ ਹੈ। ਉਨ੍ਹਾਂ ਨੂੰ ਬਹੁ-ਵਿਧਾਈ ਲੇਖਕ ਤਸਲੀਮ ਕੀਤਾ ਜਾਂਦਾ ਹੈ। ਉਹ 35 ਪੁਸਤਕਾਂ ਸਾਹਿਤ ਪ੍ਰੇਮੀਆਂ ਦੀ ਨਜ਼ਰ ਕਰ ਚੁੱਕੇ ਹਨ। ਸੱਜਰੀ ਪੁਸਤਕ ਆਜ਼ਾਦੀ ਅੰਦੋਲਨ ਵਿਚ ਉੱਘਾ ਹਿੱਸਾ ਪਾਉਣ ਵਾਲੇ ਪਰ ਅਣਗੌਲੇ ਆਜ਼ਾਦੀ ਘੁਲਾਟੀਏ ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ ਦੀ ਸੰਘਰਸ਼ਪੂਰਨ ਘਾਲਣਾ ਨੂੰ ਵਧੀਆ ਢੰਗ ਨਾਲ ਬਿਆਨ ਕਰਦੀ ਹੈ। ਵਿਚਾਰ-ਗੋਚਰੀ ਪੁਸਤਕ ਦੇ ਮੁੱਖ ਤੌਰ 'ਤੇ 10 ਅਧਿਆਇ ਹਨ। ਪਹਿਲੇ ਅਧਿਆਏ ਵਿਚ ਮਾਸਟਰ ਜੀ ਦੇ ਮੁਢਲੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਦੇਸ਼ ਪ੍ਰੇਮ ਦਾ ਜਜ਼ਬਾ ਉਨ੍ਹਾਂ ਨੂੰ ਭਰ ਜਵਾਨੀ ਵੇਲੇ ਹੀ ਸ਼ੰਘਾਈ ਲੈ ਗਿਆ। ਦੂਜੇ ਅਧਿਆਏ ਵਿਚ ਸ਼ੰਘਾਈ ਦੇ ਇਨਕਲਾਬੀ ਵਿਰਸੇ ਬਾਰੇ ਚਰਚਾ ਕੀਤੀ ਗਈ ਹੈ। ਤੀਜੇ ਅਧਿਆਏ ਵਿਚ ਸ਼ੰਘਾਈ ਵਿਚ ਗੱਜਣ ਸਿੰਘ ਦੀਆਂ ਸਰਗਰਮੀਆਂ ਕਾਰਜਾਂ ਸੰਬੰਧੀ ਦਿਲਚਸਪ ਜਾਣਕਾਰੀ ਦਰਜ ਹੈ। ਉਥੇ ਹੀ ਉਨ੍ਹਾਂ ਦੀ ਪਤਨੀ ਦੀ ਮੌਤ ਹੋਈ। (ਪੰਨਾ 22). ਅਧਿਆਏ ਚੌਥਾ ਮਾਸਟਰ ਗੱਜਣ ਸਿੰਘ ਨੇ ਗ਼ਦਰ ਲਹਿਰ ਦੇ ਵੱਡੇ ਨੇਤਾਵਾਂ ਨਾਲ ਸੰਪਰਕ ਸਾਧਿਆ। ਅਧਿਆਏ ਪੰਜਵਾਂ ਇਸ ਅਧਿਆਏ ਵਿਚ ਸ਼ੰਘਾਈ ਪੁਲਿਸ ਦੇ ਜਮਾਂਦਾਰ ਬੁੱਢਾ ਸਿੰਘ ਦੇ ਕਤਲ ਦੇ ਦੋਸ਼ ਵਿਚ ਸਾਥੀਆਂ ਸਮੇਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਕ ਸਾਲ ਦੀ ਸਜ਼ਾ ਮਗਰੋਂ ਦੇਸ਼-ਨਿਕਾਲਾ ਦੇ ਦਿੱਤਾ ਗਿਆ। ਇਕ ਅਧਿਆਏ ਦਾ ਅਨੁਵਾਨ ਹੈ, 'ਕਿਰਤੀ ਰਸਾਲੇ ਵਿਚ ਅਦਾਲਤੀ ਕਾਰਵਾਈ ਦੀ ਰਿਪੋਰਟ। ''ਇਸ ਕਾਰਵਾਈ ਦਾ ਵੇਰਵਾ ਪੜ੍ਹਨਯੋਗ ਹੈ। ਜੱਜਾਂ ਤੇ ਕੈਦੀਆਂ ਵਿਚਾਲੇ ਸਵਾਲ-ਜਵਾਬ ਧਿਆਨ ਨਾਲ ਪੜ੍ਹਨ ਵਾਲੇ ਹਨ। ਪੂਰਕ ਅਨੁਵਾਨ ਹੇਠਲੇ ਚੈਪਟਰ ਵਿਚ ਸ਼ੰਘਾਈ ਦੇ ਗੁਰਦੁਆਰਾ ਸਾਹਿਬ ਨੂੰ ਕ੍ਰਾਂਤੀਕਾਰੀ ਸਰਗਰਮੀਆਂ ਦਾ ਕੇਂਦਰੀ ਅਸਥਾਨ ਦੱਸਿਆ ਗਿਆ ਹੈ। 6ਵਾਂ ਅਧਿਆਏ ਹਿੰਦੋਸਤਾਨ ਦੀਆਂ ਮੁਕਤਲਿਫ਼ ਜੇਲ੍ਹਾਂ ਵਿਚ ਆਜ਼ਾਦੀ ਘੁਲਾਟੀਆਂ ਦੀ ਦਸ਼ਾ, ਉਨ੍ਹਾਂ ਅੰਦਰੋਂ ਵੀ ਸਰਗਰਮੀਆਂ ਨੂੰ ਮੱਠਾ ਨਾ ਪੈਣ ਦੇਣ ਬਾਰੇ ਜ਼ਿਕਰ ਦੇ ਨਾਲ-ਨਾਲ ਗੱਜਣ ਸਿੰਘ ਦੇ 'ਵਾਰੰਟ' ਦੀ ਉਤਾਰਾ ਕਾਪੀ ਦਰਜ ਹੈ। ਉਨ੍ਹਾਂ ਦੀ ਰਿਹਾਈ ਦੇ ਹੁਕਮ ਦੀ ਨਕਲ ਵੀ ਸ਼ਾਇਆ ਕੀਤੀ ਗਈ ਹੈ, ਉਨ੍ਹਾਂ ਦੇ ਦਸਤਖ਼ਤਾਂ ਸਮੇਤ। 7ਵੇਂ ਅਧਿਆਏ ਰਾਹੀਂ ਕੁਝ ਦਸਤਾਵੇਜ਼ਾਂ ਜ਼ਰੀਏ ਇਹ ਚਰਚਾ ਕੀਤੀ ਗਈ ਹੈ ਕਿ 'ਕੀ ਮਾਸਟਰ ਗੱਜਣ ਸਿੰਘ ਮਾਸਕੋ ਗਿਆ?' ਲੇਖਕ ਅਨੁਸਾਰ, ਉਨ੍ਹਾਂ ਦੀ ਮਾਸਕੋ ਫੇਰੀ ਦੀ ਪੁਸ਼ਟੀ ਨਹੀਂ ਹੁੰਦੀ। (ਪੰਨਾ 48)
ਅੱਠਵਾਂ ਅਧਿਆਏ ਉਨ੍ਹਾਂ ਦੀ ਘਰ ਵਾਪਸੀ ਅਤੇ ਸਿਆਸੀ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕਰਦਾ ਹੈ। ਸਿੰਧ ਸੂਬੇ ਵਿਚ ਕਿਰਤੀ ਕੰਮ ਦੀ ਜ਼ਿੰਮੇਵਾਰੀ, ਇਸ ਜਥੇਬੰਦੀ ਨੂੰ ਗ਼ੈਰ-ਕਾਨੂੰਨੀ ਐਲਾਨਣਾ, ਯੂਨੀਅਨਿਸਟ ਪਾਰਟੀ ਸਰਕਾਰ ਦੀ ਕਿਰਤੀ ਪਾਰਟੀ ਉੱਤੇ ਕਰੋਪੀ, ਲਾਹੌਰ ਦਾ ਕਿਸਾਨ ਮੋਰਚਾ ਅਤੇ ਮੁਜ਼ਾਰਾ ਲਹਿਰ ਬਾਰੇ ਸਿੱਕੇਬੰਦ ਜਾਣਕਾਰੀ ਇਸ ਚੈਪਟਰ ਵਿਚ ਦਰਜ ਹੈ। ਨੌਵੇਂ ਅਧਿਆਏ ਵਿਚ ਦੂਜੀ ਆਲਮੀ ਜੰਗ ਸਮੇਂ ਜੇਲ੍ਹ ਯਾਤਰਾ ਅਤੇ ਮਗਰੋਂ ਦੀਆਂ ਸਰਗਰਮੀਆਂ ਦਾ ਮੁਕੰਮਲ ਵੇਰਵਾ ਹੈ। ਅੰਤਲੇ ਅਧਿਆਏ ਵਿਚ ਗ਼ੈਰ-ਸਰਗਰਮੀ ਦੇ ਤੀਹ ਵਰ੍ਹਿਆਂ, ਪਰਿਵਾਰਕ ਜੀਵਨ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਉਮਦਾ ਜ਼ਿਕਰ ਹੈ। ਉਨ੍ਹਾਂ ਦੀ ਪੱਤਰਕਾਰ ਪੋਤਰੀ ਪਰਮਜੀਤ ਕੌਰ ਦਾ ਉਨ੍ਹਾਂ ਬਾਰੇ ਇਕ ਲੇਖ ਵੀ ਸ਼ਾਮਿਲ ਕੀਤਾ ਗਿਆ ਹੈ। ਅੰਗਰੇਜ਼ੀ ਅਤੇ ਪੰਜਾਬੀ ਦੀਆਂ ਸਹਾਇਕ ਪੁਸਤਕਾਂ/ਅਖ਼ਬਾਰਾਂ ਦੇ ਹਵਾਲੇ ਦਰਜ ਹਨ। ਅੰਤਲੇ ਪੰਨਿਆਂ 'ਤੇ ਮਹਾਨ ਅਣਖੀ ਸੂਰਮੇ ਦੇ ਪਰਿਵਾਰਕ ਮੈਂਬਰ/ਸੰਗੀਆਂ ਦੀਆਂ 13 ਦੁਰਲੱਭ ਰੰਗੀਨ ਤਸਵੀਰਾਂ ਪੁਸਤਕ ਦਾ ਸ਼ਿੰਗਾਰ ਹਨ। ਡਾ. ਸਿੱਧੂ ਨੇ ਜਿਸ ਘਾਲਣਾ ਨਾਲ ਇਹ ਪੁਸਤਕ ਲਿਖੀ ਹੈ, ਪਾਠਕਾਂ ਨੂੰ ਉਸੇ ਸ਼ਿੱਦਤ ਨਾਲ ਇਸ ਨੂੰ ਪੜ੍ਹਨਾ ਚਾਹੀਦਾ ਹੈ। ਪੁਸਤਕ ਨਾਯਾਬ ਇਤਿਹਾਸਕ ਦਸਤਾਵੇਜ਼ ਹੋ ਨਿੱਬੜੀ ਹੈ।


-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710


ਸੰਤੋਖ ਸਿੰਘ ਧੀਰ : ਸ਼ਾਇਰੀ ਤੇ ਸੋਚ - ਸਾਹਿਤ ਚਿੰਤਨ
ਲੇਖਕ : ਪ੍ਰੋ. ਮੇਵਾ ਸਿੰਘ ਤੁੰਗ
ਸੰਕਲਨ ਤੇ ਸੰਪਾਦਨ : ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯਾ ਪਬਲੀਕੇਸ਼ਨਜ਼, ਦਿੱਲੀ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 099588-31357


ਪੰਜਾਬੀ ਕਵਿਤਾ ਦੀ ਪ੍ਰਗਤੀਵਾਦੀ ਧਾਰਾ ਦੇ ਕਵੀ ਸੰਤੋਖ ਸਿੰਘ ਧੀਰ ਦੇ ਕਾਵਿ-ਪ੍ਰੇਮੀਆਂ ਨੂੰ ਸਮਰਪਿਤ ਇਹ ਕਿਤਾਬ ਪ੍ਰੋ. ਮੇਵਾ ਸਿੰਘ ਤੁੰਗ ਨੇ ਬਹੁਤ ਮਿਹਨਤ ਨਾਲ ਲਿਖੀ ਪ੍ਰਤੀਤ ਹੁੰਦੀ ਹੈ। ਇਸ ਵਿਲੱਖਣ ਕਿਤਾਬ ਦਾ ਸੰਕਲਨ ਅਤੇ ਸੰਪਾਦਨ ਡਾਕਟਰ ਬਲਦੇਵ ਸਿੰਘ 'ਬੱਦਨ' ਨੇ ਬੇਹੱਦ ਖ਼ੂਬਸੂਰਤੀ ਨਾਲ ਕੀਤਾ ਹੈ। ਇਸ ਕਿਤਾਬ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਇਕ ਤਰ੍ਹਾਂ ਨਾਲ ਸੰਤੋਖ ਸਿੰਘ ਧੀਰ ਦੀ ਜੀਵਨੀ ਵੀ ਹੈ, ਉਸ ਦਾ ਸ਼ਬਦ ਚਿੱਤਰ ਵੀ ਹੈ ਅਤੇ ਉਸ ਦੀ ਸਮੁੱਚੀ ਸ਼ਾਇਰੀ ਅਤੇ ਉਸ ਦੀ ਜੀਵਨ ਸ਼ੈਲੀ ਦਾ ਮੁਲਾਂਕਣ ਵੀ ਹੈ। ਸੰਤੋਖ ਸਿੰਘ ਧੀਰ ਦੀ ਵਿਚਾਰਧਾਰਾ, ਉਸ ਦਾ ਬੌਧਿਕ ਵਿਕਾਸ, ਉਸ ਦੀ ਕਾਵਿ-ਸ਼ੈਲੀ, ਉਸ ਦੇ ਸਮਾਜਿਕ ਅਤੇ ਰਾਜਨੀਤਕ ਸਰੋਕਾਰ ਇਸ ਕਿਤਾਬ ਵਿਚੋਂ ਵਿਸਥਾਰ ਪੂਰਬਕ ਗ੍ਰਹਿਣ ਕੀਤੇ ਜਾ ਸਕਦੇ ਹਨ। ਪ੍ਰੋ. ਮੇਵਾ ਸਿੰਘ ਤੁੰਗ ਦੀ ਘਾਲਣਾ ਅਤੇ ਇਕ ਸਾਹਿਤਕ-ਸਮੀਖਿਅਕ ਵਜੋਂ ਉਸ ਦੀ ਦ੍ਰਿਸ਼ਟੀ ਨੂੰ ਦ੍ਰਿਸ਼ਮਾਨ ਕਰਦੀ ਇਸ ਕਿਤਾਬ ਦੀ ਭੂਮਿਕਾ ਸਮੇਤ ਇਹ ਕਿਤਾਬ ਪੰਜ ਭਾਗਾਂ ਵਿਚ ਵੰਡੀ ਹੋਈ ਹੈ। ਭੂਮਿਕਾ ਤੋਂ ਬਿਨਾਂ ਬਾਕੀ ਚਾਰ ਭਾਗ ਸੰਤੋਖ ਸਿੰਘ ਧੀਰ ਬਾਰੇ ਵੱਡੇ ਲੇਖਾਂ ਰਾਹੀਂ ਪ੍ਰਗਟ ਹੁੰਦੇ ਹਨ। ਇਹ ਚਾਰ ਲੇਖ ਹਨ (1) ਸੰਤੋਖ ਸਿੰਘ ਧੀਰ ਦਾ ਸਾਹਿਤਕ ਸਫ਼ਰ (2) ਸੰਤੋਖ ਸਿੰਘ ਧੀਰ ਦਾ ਲੇਖਕਾਂ ਵਿਚ ਵਿਚਰਨਾ (3) ਸੰਤੋਖ ਸਿੰਘ ਧੀਰ ਦੀ ਕਵਿਤਾ ਦਾ ਸਫ਼ਰ (4) ਜਦੋਂ ਅਸੀਂ ਆਵਾਂਗੇ : ਸੰਤੋਖ ਸਿੰਘ ਧੀਰ ਦਾ ਮੈਨੀਫੈਸਟੋ। ਵੱਖ-ਵੱਖ ਆਲੋਚਕਾਂ ਵਲੋਂ ਸੰਤੋਖ ਸਿੰਘ ਧੀਰ ਬਾਰੇ ਹੁਣ ਤੱਕ ਕੀਤੇ ਗਏ ਸਮੀਖਿਆ ਕਾਰਜਾਂ ਦੀ ਤੁਲਨਾ ਵਿਚ ਵੇਖੀਏ ਤਾਂ ਇਹ ਕਿਤਾਬ ਰਵਾਇਤੀ ਸਮੀਖਿਆ ਦੀਆਂ ਬੰਦਿਸ਼ਾਂ ਨੂੰ ਉਲੰਘ ਕੇ ਇਹ ਨਿਰੀ ਅਕਾਦਮਿਕ ਆਲੋਚਨਾ ਤੱਕ ਸੀਮਤ ਨਹੀਂ ਹੈ। ਸੰਤੋਖ ਸਿੰਘ ਧੀਰ ਦੇ ਵਿਚਾਰਧਾਰਕ ਇਕਹਿਰੇਪਨ ਨੂੰ ਕਾਟੇ ਹੇਠ ਲਿਆਉਣ ਦੀ ਜ਼ੁਰਅਤ ਕਰਦੀ ਹੋਈ ਇਹ ਸਮੀਖਿਆ, ਉਨ੍ਹਾਂ ਕੌੜੀਆਂ ਹਕੀਕਤਾਂ ਦਾ ਵੀ ਰਹੱਸ ਉਦਘਾਟਨ ਕਰਦੀ ਹੈ, ਜਿਨ੍ਹਾਂ ਉੱਤੇ ਰਵਾਇਤੀ ਸਮੀਖਿਆ ਅਕਸਰ ਪਰਦਾ ਪਾਉਣ ਦੇ ਯਤਨਾਂ ਵਿਚ ਰਹਿੰਦੀ ਹੈ। ਭਾਰਤੀ ਕਮਿਊਨਿਸਟ ਪਾਰਟੀ ਦੀਆਂ ਵਿਚਾਰਧਾਰਕ ਅਤੇ ਦਾਅਪੇਚਕ ਊਣਤਾਈਆਂ, ਸੋਵੀਅਤ ਯੂਨੀਅਨ ਅਤੇ ਭਾਰਤ ਦੇ ਸੰਬੰਧਾਂ ਦੀਆਂ ਬਾਰੀਕੀਆਂ ਦੇ ਨਾਲ-ਨਾਲ ਕਮਿਊਨਿਸਟਾਂ ਦੇ ਪ੍ਰਭਾਵ ਵਾਲੇ ਅਦਾਰਿਆਂ ਦੀਆਂ ਆਪਸੀ ਤ੍ਰੇੜਾਂ, 'ਪ੍ਰੀਤ ਲੜੀ' ਵਰਗੇ ਹਰਮਨ ਪਿਆਰੇ ਰਸਾਲਿਆਂ ਦੀਆਂ ਅੰਦਰੂਨੀ ਹਾਲਤਾਂ ਅਤੇ ਇਨ੍ਹਾਂ ਸਾਰੇ ਖਿਲਾਰਿਆਂ ਵਿਚ ਸੰਤੋਖ ਸਿੰਘ ਧੀਰ ਦੀ ਸਥਿਤੀ ਦਾ ਇਸ ਕਿਤਾਬ ਵਿੱਚ ਕੀਤਾ ਗਿਆ ਬੇਬਾਕ ਵਿਸ਼ਲੇਸ਼ਣ ਕਾਫ਼ੀ ਦਿਲਚਸਪ ਹੈ। ਸੰਤੋਖ ਸਿੰਘ ਧੀਰ ਦੀ ਕਵਿਤਾ ਦੇ ਸਫ਼ਰ ਨੂੰ ਕਿਤਾਬ-ਦਰ-ਕਿਤਾਬ ਨਿਹਾਰਨਾ ਅਤੇ ਹਰ ਕਿਤਾਬ ਵਿਚ ਪੇਸ਼ ਹੋਈ ਕਵਿਤਾ ਦੀ ਵਿਚਾਰਧਾਰਕ, ਰੂਪਾਤਮਿਕ ਅਤੇ ਰਚਨਾਤਮਿਕ ਵਿਆਖਿਆ ਕਰਨਾ, ਇਸ ਕਿਤਾਬ ਦਾ ਹਾਸਿਲ ਹੈ। ਸਮਕਾਲੀ ਸਮੀਖਿਅਕ ਸੰਤੋਖ ਸਿੰਘ ਧੀਰ ਬਾਰੇ ਕਿਸ ਤਰ੍ਹਾਂ ਦੀ ਰਾਇ ਰੱਖਦੇ ਸਨ। ਸਮਕਾਲੀ ਕਵੀਆਂ ਵਿਚ ਸੰਤੋਖ ਸਿੰਘ ਧੀਰ ਦਾ ਕੀ ਸਥਾਨ ਸੀ?, ਉਸ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ? ਉਸ ਉੱਪਰ ਕਿਹੋ ਜਿਹੇ ਸਮਾਜਿਕ ਅਤੇ ਵਿਚਾਰਧਾਰਕ ਦਬਾਓ ਸਨ? ਸੰਤ ਸਿੰਘ ਸੇਖੋਂ ਵਰਗੇ ਵੱਡੇ ਪ੍ਰਗਤੀਵਾਦੀ ਆਲੋਚਕ ਸੰਤੋਖ ਸਿੰਘ ਧੀਰ ਬਾਰੇ ਕਿਵੇਂ ਸੋਚਦੇ ਸਨ? ਅਤੇ ਉਸ ਦਾ ਸਮਕਾਲੀ ਕਵਿਤਾ ਵਿਚ ਕੀ ਸਥਾਨ ਨਿਸਚਿਤ ਕਰਦੇ ਸਨ ਅਤੇ ਕਿਵੇਂ ਕਦੇ-ਕਦੇ ਉਸ ਨੂੰ ਨਜ਼ਰਅੰਦਾਜ਼ ਵੀ ਕਰਦੇ ਸਨ? ਇਹ ਸਭ ਕੁਝ ਇਸ ਕਿਤਾਬ ਵਿਚ ਅੰਕਿਤ ਹੈ।
''ਸਾਰੀ ਉਮਰ ਪਾਰਟੀ ਲਾਈਨ 'ਤੇ ਚੱਲਣ ਕਾਰਨ ਉਸ ਦੀ ਸੋਚ ਇਕ ਥਾਂ ਟਿਕ ਗਈ ਹੈ। ਉਸ ਦੀ ਜ਼ਿੰਦਗੀ ਦੇ ਪਿਛਲੇਰੇ ਤੀਹ ਵਰ੍ਹੇ ਇਸ ਤਰ੍ਹਾਂ ਹੀ ਲੰਘੇ ਹਨ।''
ਇਸ ਤਰ੍ਹਾਂ ਦੀਆਂ ਸਪਾਟ ਟਿੱਪਣੀਆਂ ਵਾਲੀ ਇਹ ਕਿਤਾਬ ਸੰਤੋਖ ਸਿੰਘ ਧੀਰ ਦੇ ਸਾਹਿਤ ਕਾਰਜਾਂ, ਵਿਚਾਰਧਾਰਾ ਅਤੇ ਜੀਵਨ ਸ਼ੈਲੀ ਦਾ ਦਿਲਚਸਪ ਅਤੇ ਮਹੱਤਵਪੂਰਨ ਦਸਤਾਵੇਜ਼ ਹੈ।


-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812


ਨੈਣਾਂ ਦੇ ਆਰ-ਪਾਰ
ਲੇਖਕ : ਕਰਨੈਲ ਸਿੰਘ ਵਜ਼ੀਰਾਬਾਦ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 206
ਸੰਪਰਕ : 94649-61436


ਸਾਹਿਤਕਾਰ ਕਰਨੈਲ ਸਿੰਘ ਵਜ਼ੀਰਾਬਾਦ ਦੀ ਇਹ ਪੁਸਤਕ ਨਾਵਲ ਹੈ। ਬਿਨਾਂ ਭੂਮਿਕਾ ਦੇ ਨਾਵਲ ਵਿਚ ਕੁੱਲ 37 ਕਾਂਡ ਹਨ। ਨਾਵਲ ਦਾ ਪਲਾਟ ਗੁੰਦਵਾਂ ਹੈ। ਧੋਬੀ ਪਰਿਵਾਰ (ਬੁੱਧ ਰਾਮ ਤੇ ਕਰਮੋ) ਦੀ ਇਕੋ ਇਕ ਲੜਕੀ ਬੇਅੰਤ ਕੌਰ ਨੇਤਰਹੀਣ ਹੈ। ਬਰੇਲ ਸਕੂਲ ਅੰਮ੍ਰਿਤਸਰ ਵਿਚ ਪੜ੍ਹਦੀ ਹੈ। ਬੁਧੀ ਜ਼ਹੀਂਨ ਹੈ। ਮਿਹਨਤੀ ਹੈ। ਗੱਲਬਾਤ ਵਿਚ ਪ੍ਰਬੀਨ ਹੈ। ਹੋਸਟਲ ਵਿਚ ਰਹਿੰਦੀ ਹੈ। ਸਕੂਲ ਵਿਚ ਸੰਗੀਤ ਦੀ ਪੜ੍ਹਾਈ ਪੂਰੀ ਕਰਕੇ ਯੂਨੀਵਰਸਿਟੀ ਜਾਂਦੀ ਹੈ। ਅਧਿਆਪਕ ਉਸ ਨੂੰ ਬਹੁਤ ਪਿਆਰ ਕਰਦੇ ਹਨ। ਯੂਨੀਵਰਸਿਟੀ ਵਿਚ ਉਸ ਦੀ ਮੁਹਬੱਤ ਆਪਣੇ ਹੀ ਇਕ ਅਧਿਆਪਕ ਨਾਲ ਹੋ ਜਾਂਦੀ ਹੈ । ਨਾਵਲਕਾਰ ਨੇ ਬੇਅੰਤ ਬਾਰੇ ਬਚਪਨ ਤੋਂ ਵਿਆਹ ਤਕ ਬਹੁਤ ਕੁਝ ਲਿਖਿਆ ਹੈ।
ਇਸ ਪਰਿਵਾਰ ਦੇ ਨੇੜੇ ਹੀ ਇਕ ਹੋਰ ਪਰਿਵਾਰ ਹੈ। ਕੰਮ ਖੇਤੀ ਦਾ ਹੈ। ਦੋਵੇਂ ਪਰਿਵਾਰ ਮਿਹਨਤੀ ਹਨ। ਇਕ-ਦੂਸਰੇ ਦੇ ਸਹਿਯੋਗੀ ਹਨ। ਦੁਖਾਂਤ ਇਹ ਹੈ ਕਿ ਦੂਸਰੇ ਗੁਆਂਢੀ ਪਰਿਵਾਰ (ਪਾਖਰ ਸਿੰਘ ਨਛੱਤਰ ਕੌਰ) ਦਾ ਇਕ ਲੜਕਾ ਹੈ। ਉਹ ਜਨਮ ਤੋਂ ਦਿਮਾਗ਼ੀ ਤੌਰ 'ਤੇ ਠੀਕ ਨਹੀਂ ਹੈ। ਪਾਗਲਾਂ ਵਾਲੀਆਂ ਕੁਝ ਹਰਕਤਾਂ ਕਰਦਾ ਹੈ। ਮਾਪੇ ਪ੍ਰੇਸ਼ਾਨ ਹਨ। ਤਜਰਬੇਕਾਰ ਡਾਕਟਰ, ਮੁੰਡੇ (ਹਰਭਾਗ) ਦਾ ਇਲਾਜ ਕਰਦੇ ਹਨ। ਮੁੰਡਾ ਠੀਕ ਹੋ ਜਾਂਦਾ ਹੈ। ਪਰ ਡਾਕਟਰਾਂ ਦੀ ਹਿਦਾਇਤ ਹੈ ਕਿ ਇਸ ਨੂੰ ਸਕੂਲ ਨਾ ਭੇਜਿਆ ਜਾਵੇ। ਘਰ ਵਿਚ ਕਿਸੇ ਅਧਿਆਪਕਾ ਦਾ ਪ੍ਰਬੰਧ ਕਰ ਦਿੱਤਾ ਜਾਵੇ। ਉਸ ਨੂੰ ਘਰ ਵਿਚ ਹੀ ਪੜ੍ਹਾਇਆ ਜਾਂਦਾ ਹੈ। ਲੇਖਕ ਨਾਵਲ ਵਿਚ ਅਧਿਆਪਕਾਂ ਦੇ ਪਰਿਵਾਰਾਂ, ਮੁੰਡੇ ਦੇ ਹੋਰ ਰਿਸ਼ਤੇਦਾਰਾਂ ਦਾ ਖਿਲਾਰਾ ਪਾ ਕੇ ਪਾਤਰਾਂ ਦੀ ਭੀੜ ਇਕੱਠੀ ਕਰ ਲੈਂਦਾ ਹੈ। ਪਰ ਸਹਿਜੇ-ਸਹਿਜੇ ਸਾਰੀਆਂ ਘਟਨਾਵਾਂ ਨੂੰ ਸਮੇਟ ਲੈਂਦਾ ਹੈ। ਹਰੇਕ ਛੋਟੇ-ਛੋਟੇ ਪਲ ਨਾਵਲ ਵਿਚ ਸਸਪੈਂਸ ਪੈਦਾ ਕਰਦੇ ਹਨ। ਮੁੰਡੇ ਦੀ ਅਧਿਆਪਕਾ (ਪ੍ਰਵੀਜ਼ ਖਾਂ) ਕਾਲਜ ਲੈਕਚਰਾਰ ਬਣ ਜਾਂਦੀ ਹੈ। ਉਸ ਦੀਆਂ ਦੋ ਹੋਰ ਸਹੇਲੀਆ ਕਿਰਨ ਤੇ ਨਿਰਲੇਪ ਕੌਰ ਵੀ ਉਸ ਦੇ ਨਾਲ ਹਨ। ਨਿਰਲੇਪ ਕੌਰ ਰਿਸ਼ਤੇਦਾਰੀ ਵਿਚੋਂ ਹੈ। ਪਰ ਉਸ ਦਾ ਪਤੀ ਕਿਸੇ ਕੇਸ ਵਿਚ ਜੇਲ੍ਹ ਵਿਚ ਹੈ। ਜੇਲ੍ਹ ਵਿਚ ਹੀ ਉਸ ਦੀ ਮੌਤ ਹੁੰਦੀ ਹੈ।
ਅਖੀਰ ਵਿਚ ਬੇਅੰਤ ਕੌਰ ਨੂੰ ਅਪਰੇਸ਼ਨ ਪਿਛੋਂ ਅੱਖਾਂ ਮਿਲ ਜਾਂਦੀਆਂ ਹਨ। ਪਰ ਅੱਖਾਂ ਜਿਸ ਦੀਆਂ ਲਗਦੀਆਂ ਹਨ, ਉਹ ਮੁੰਡਾ ਹਾਦਸੇ ਵਿਚ ਮਰਦਾ ਹੈ ਤੇ ਬੇਅੰਤ ਦੇ ਪਿੰਡ ਦਾ ਹੈ ਜਿਸ ਬਾਰੇ ਨਾਵਲਕਾਰ ਸਪੱਸ਼ਟ ਨਹੀਂ ਕਰ ਸਕਿਆ। ਪਾਠਕ ਅੰਦਾਜ਼ਾ ਲਾਉਂਦਾ ਹੈ। ਪਰ ਮੁੰਡਾ ਨਾਵਲ ਦਾ ਹੀ ਇਕ ਪਾਤਰ ਹੈ। ਬੇਅੰਤ ਦਾ ਵਿਆਹ ਉਸ ਦੇ ਸੰਗੀਤ ਅਧਿਆਪਕ ਨਾਲ ਹੋ ਕੇ ਨਾਵਲ ਖ਼ਤਮ ਹੋ ਜਾਂਦਾ ਹੈ। ਨਾਵਲ ਮਿਹਨਤੀ ਪਰਿਵਾਰਾਂ ਦੀ ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਦੀ ਦਿਲਚਸਪ ਦਾਸਤਾਨ ਹੈ।


-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160


ਜਪੁਜੀ ਸਾਹਿਬ ਜੀ ਤੇ ਸੋਹਿਲਾ ਸਾਹਿਬ ਜੀ
ਦੀ ਭਾਵ-ਅਰਥੀ ਕਾਵਿਕ ਵਿਆਖਿਆ
ਲੇਖਕ : ਗਿਆਨੀ ਕੇਵਲ ਸਿੰਘ 'ਨਿਰਦੋਸ਼'
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲਧਿਆਣਾ
ਮੁੱਲ : 200 ਰੁਪਏ, ਸਫ਼ੇ : 103
ਸੰਪਰਕ : 98157-39855


ਗਿਆਨੀ ਕੇਵਲ ਸਿੰਘ ਨਿਰਦੋਸ਼ ਨੇ ਹਥਲੀ ਕਿਤਾਬ ਵਿਚ ਜਪੁਜੀ ਸਾਹਿਬ ਤੇ ਸੋਹਿਲਾ ਸਾਹਿਬ ਦੇ ਭਾਵ ਅਰਥ ਕਾਵਿ ਵਿਆਖਿਆ ਰਾਹੀਂ ਪੇਸ਼ ਕੀਤੇ ਹਨ। ਗੁਰਬਾਣੀ ਨੂੰ ਸਮਝਣ ਸਮਝਾਉਣ ਲਈ ਇਹ ਇੱਕ ਚੰਗਾ ਉਪਰਾਲਾ ਹੈ। ਲੇਖਕ ਨੇ ਪਹਿਲਾਂ ਵੀ ਸਾਹਿਤਕ ਧਾਰਮਿਕ ਖੇਤਰ ਵਿਚ ਚੰਗਾ ਯੋਗਦਾਨ ਪਾਇਆ ਹੈ। ਤਿੰਨ ਦਰਜਨ ਪੁਸਤਕਾਂ ਛਪਵਾ ਕੇ ਪਾਠਕ ਜਗਤ ਨੂੰ ਗਿਆਨ ਵੰਡਣ ਦਾ ਕੰਮ ਕੀਤਾ ਹੈ। ਜਿਵੇਂ ਜਪੁਜੀ ਸਾਹਿਬ ਦੇ ਅਰੰਭਤਾ ਵਿਚ ਹੀ ੴ ਸਤਿਨਾਮੁ ਤੋਂ ਲੈ ਕੇ ''ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ ਤੀਕ ਬਹੁਤ ਵਧੀਆ ਕਾਵਿਕ ਰੂਪ 'ਚ ਵਿਆਖਿਆ ਕੀਤੀ ਹੈ। ਜਪੁਜੀ ਸਾਹਿਬ ਵਿਚ ਆਉਂਦਾ ਹੈ ਕਿ
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥
ਹੁਕਮੀ ਉਤਮ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥੨॥

ਦੀ ਕਾਵਿਕ ਵਿਆਖਿਆ ਏਵੇਂ ਕੀਤੀ ਹੈ।
ਵਾਹਿਗੁਰੂ ਦੇ ਹੁਕਮ 'ਚ ਹੁੰਦਾ, ਇਹ ਸਭ ਜਗਤ ਪਸਾਰਾ।
ਐਪਰ ਦੱਸਣਾ ਖਰਾ ਹੈ ਔਖਾ, ਉਸਦਾ ਖੇਲ੍ਹ ਨਿਆਰਾ।
ਆਪਣੇ ਹੁਕਮ ਦੇ ਵਿਚ ਹੀ ਸਿਰਜੀ, ਉਸਨੇ ਸਭ ਲੁਕਾਈ।
ਹੁਕਮ 'ਚ ਮਿਲਦੀ ਕਿਸੇ ਕਿਸੇ ਨੂੰ, ਇਸ ਦਰ ਤੋਂ ਵਡਿਆਈ।
ਹੁਕਮ 'ਚ ਉੱਚਾ ਨੀਵਾਂ ਬਣਦਾ, ਕਰਮ ਕਰਦਿਆਂ ਪ੍ਰਾਣੀ।
ਕਰਮਾਂ ਕਰਕੇ ਦੁੱਖ ਸੁੱਖ ਪਾਉਂਦਾ, ਕਹਿੰਦੀ ਹੈ ਗੁਰਬਾਣੀ।
ਹੁਕਮ 'ਚ ਮਿਹਰਾਂ ਹੋਣ ਜੀਵ ਤੇ, ਹੁਕਮ 'ਚ ਫਿਰਦਾ ਭਾਉਂਦਾ।
ਜਨਮ ਮਰਨ ਦੇ ਗੇੜ 'ਚ ਪੈਕੇ, ਜੂਨਾਂ ਅਨਿਕ ਹੰਢਾਉਂਦਾ।
ਸੂਤਰਧਾਰ ਨੇ ਹੁਕਮ 'ਚ ਸਾਰੀ, ਹੈ ਕਾਇਨਾਤ ਪਰੋਈ।
ਇਸ ਬ੍ਰਹਮੰਡੀ ਖੇਡ ਦੇ ਤਾਈਂ, ਵਿਰਲਾ ਸਮਝੇ ਕੋਈ।
ਜਿਸ ਤੇ ਉਹ ਮਿਹਰੰਮਤ ਕਰਦਾ, ਜਾਣੇ ਰੱਬੀ ਰਮਜ਼ਾਂ।
ਹੰਗਤਾ ਨੇੜ ਨਾ ਆਵੇ ਉਸਦੇ, ਜਿਸਨੂੰ ਆਈਆਂ ਸਮਝਾਂ।੨।

ਇਸੇ ਤਰ੍ਹਾਂ ਹਰੇਕ ਪਉੜੀ ਦੀ ਕਾਵਿਕ ਵਿਆਖਿਆ ਬਰਾਬਰ ਦੇ ਪੰਨੇ 'ਤੇ ਕੀਤੀ ਗਈ ਹੈ। ਇਸੇ ਤਰ੍ਹਾਂ ਸੋਹਿਲਾ ਰਾਗ ਗਾਉੜੀ ਦੀਪਕੀ ਮਹਲਾ (੧) ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ਤੋਂ ਲੈ ਕੇ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ॥ ਨਾਨਕ ਦਾਸੁ ਇਹੈ ਸੁਖ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ॥ ਤੀਕ ਕਾਵਿਕ ਭਾਵ ਵਿਆਖਿਆ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ। ਲੇਖਕ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸਮੁੱਚੀ ਬਾਣੀ, ਭੱਟਾਂ ਦੇ ਸਵੱਈਏ, ਕਬੀਰ ਜੀ ਦੇ ਸਲੋਕ ਤੇ ਵਾਰਾਂ ਤੇ ਵਧੀਕ ਬਾਣੀਆਂ ਦੀ ਵੀ ਇਸੇ ਤਰ੍ਹਾਂ ਕਾਵਿਕ ਵਿਆਖਿਆ ਕੀਤੀ ਹੈ। ਗੁਰਬਾਣੀ ਵਿਚਾਰਵਾਨਾਂ ਲਈ ਇਹ ਪੁਸਤਕ ਲਾਹੇਵੰਦੀ ਹੈ।


-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570


ਹਾਜ਼ਰ-ਗ਼ੈਰਹਾਜ਼ਰ
ਲੇਖਕ : ਲਖਵਿੰਦਰ ਸਿੰਘ ਜੌਹਲ
ਪ੍ਰਕਾਸ਼ਕ : ਰਾਈਵਰਜ਼ ਪ੍ਰੈੱਸ, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 94171-94444


ਡਾ. ਲਖਵਿੰਦਰ ਸਿੰਘ ਜੌਹਲ ਨੇ ਆਪਣੇ ਜੀਵਨ ਦਾ ਲੰਮਾ ਅਰਸਾ ਮਾਸ-ਮੀਡੀਆ (ਪ੍ਰਿੰਟ ਅਤੇ ਇਲੈਕਟ੍ਰਾਨਿਕ) ਲਈ ਕੰਮ ਕੀਤਾ ਹੈ। 'ਨਵਾਂ ਜ਼ਮਾਨਾ' ਜਲੰਧਰ ਅਤੇ ਦੂਰਦਰਸ਼ਨ ਉਸ ਦੇ ਪ੍ਰਮੁੱਖ ਪਲੇਟਫਾਰਮ ਰਹੇ ਹਨ। ਇਹੀ ਕਾਰਨ ਹੈ ਕਿ ਉਸ ਦੀ ਲੇਖਣੀ ਸਪੱਸ਼ਟ ਅਤੇ ਸਾਦ੍ਰਿਸ਼ ਹੁੰਦੀ ਹੈ। ਇਸ ਨੂੰ ਸਮਝਣ ਅਤੇ ਵਾਚਣ ਵਿਚ ਕੋਈ ਕਠਿਨਾਈ ਨਹੀਂ ਆਉਂਦੀ। ਸੇਵਾਮੁਕਤੀ ਉਪਰੰਤ ਵੀ ਉਹ ਨਿਸ਼ਕਿਰਿਆ ਹੋ ਕੇ ਨਹੀਂ ਬੈਠਾ ਬਲਕਿ ਉਸ ਦੀ ਕਿਰਿਆਸ਼ੀਲਤਾ ਹੋਰ ਵਧ ਗਈ ਹੈ। ਉਹ ਪੰਜਾਬੀ ਸਮਾਜ ਅਤੇ ਸੱਭਿਆਚਾਰ ਦੀ ਚੜ੍ਹਦੀ ਕਲਾ ਦਾ ਮੁਤਲਾਸ਼ੀ ਹੈ।
ਇਸ ਪੁਸਤਕ ਵਿਚ ਉਸ ਦੇ 14 ਲੇਖਕਾਂ/ਪੱਤਰਕਾਰਾਂ ਬਾਰੇ ਲਿਖੇ ਸ਼ਬਦ-ਚਿੱਤਰ ਸੰਗ੍ਰਹਿਤ ਹਨ। ਬਹੁਤੇ ਸ਼ਬਦ-ਚਿੱਤਰ ਪੰਜਾਬੀ ਲੇਖਕਾਂ ਬਾਰੇ ਹਨ ਜਿਨ੍ਹਾਂ ਵਿਚ ਸ. ਜਸਵੰਤ ਸਿੰਘ ਕੰਵਲ, ਸ. ਸੰਤੋਖ ਸਿੰਘ ਧੀਰ, ਹਰਭਜਨ ਸਿੰਘ ਹੁੰਦਲ, ਸੋਹਣ ਸਿੰਘ ਮੀਸ਼ਾ, ਡਾ. ਜਗਤਾਰ, ਡਾ. ਰਣਧੀਰ ਸਿੰਘ ਚੰਦ, ਅਮਿਤੋਜ, ਪ੍ਰਮਿੰਦਰਜੀਤ, ਪ੍ਰੇਮ ਗੋਰਖੀ ਅਤੇ ਪਾਸ਼ (10 ਲੇਖ) ਬਾਰੇ ਹਨ। ਸ. ਜਗਜੀਤ ਸਿੰਘ ਅਨੰਦ, ਸ੍ਰੀ ਸੁਰਜਨ ਸਿੰਘ ਜ਼ੀਰਵੀ, ਡਾ. ਗੁਰਬਖ਼ਸ਼ ਸਿੰਘ ਫਰੈਂਕ ਅਤੇ ਜਗਦੀਸ਼ ਸਿੰਘ ਵਰਿਆਮ ਪੱਤਰਕਾਰ ਅਤੇ ਅਨੁਵਾਦਕ ਰਹੇ ਹਨ।
ਲਖਵਿੰਦਰ ਜੌਹਲ ਨੇ ਇਨ੍ਹਾਂ ਲੇਖਕਾਂ ਜਾਂ ਪੱਤਰਕਾਰਾਂ ਦੀ ਸ਼ਖ਼ਸੀਅਤ ਬਾਰੇ ਸੁਣ-ਸੁਣਾ ਕੇ ਨਹੀਂ ਲਿਖਿਆ ਬਲਕਿ ਆਪਣੇ ਨਿੱਜੀ ਅਨੁਭਵ ਦੇ ਆਧਾਰ ਉੱਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਪੁਨਰ-ਉਸਾਰ ਕੀਤਾ ਹੈ। ਹਰ ਵਿਅਕਤੀ ਦੇ ਜੀਵਨ ਵਿਚ ਕੋਈ ਕਮਜ਼ੋਰੀ ਜਾਂ ਦੋਸ਼ ਵੀ ਹੁੰਦਾ ਹੈ ਪਰ ਇਹ ਦੋਸ਼ ਜਾਂ ਕਮਜ਼ੋਰੀ ਹੀ ਉਸ ਦੀ ਤਾਕਤ ਬਣਦਾ ਹੈ। ਲੇਖਕ ਨੇ ਧੀਰ, ਅਨੰਦ, ਚੰਦ, ਜਗਤਾਰ ਅਤੇ ਅਮਿਤੋਜ ਦੇ ਜੀਵਨ ਵਿਚਲੀਆਂ ਕਮਜ਼ੋਰੀਆਂ ਵੱਲ ਸੰਕੇਤ ਕੀਤਾ ਹੈ। ਯੂਨਾਨੀ ਰੂਪਾਂਤਕਾਰ ਅਤੇ ਬਾਅਦ ਵਿਚ ਡਾ. ਫਰਾਇਡ ਕਿਸੇ ਕਮੀ-ਕਮਜ਼ੋਰੀ ਨੂੰ ਵਿਅਕਤੀ ਦੀਆਂ ਸਰਗਰਮੀਆਂ ਦੀ ਚੂਲ ਮੰਨਦਾ ਹੈ। ਜੌਹਲ ਵੀ ਇਸੇ ਪਰੰਪਰਾ ਦਾ ਨਿਰਵਾਹ ਕਰਦਾ ਹੈ।
c c c


A Game of Fire

(ਅੱਗ ਦੀ ਖੇਡ)
ਨਾਵਲਕਾਰ : ਸ. ਨਾਨਕ ਸਿੰਘ
ਅਨੁਵਾਦਕ : ਨਵਦੀਪ ਸੂਰੀ
ਪ੍ਰਕਾਸ਼ਕ : ਹਰਪਰ ਪਰਮੀਨਲ, ਗੁੁਰੂ ਗ੍ਰਾਮ
ਮੁੱਲ : 499 ਰੁਪਏ, ਸਫ਼ੇ : 326
ਸੰਪਰਕ :


ਸ. ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਸ ਨੇ ਪੰਜਾਬੀ ਨਾਵਲ ਨੂੰ ਇਕ ਵਿਲੱਖਣ ਨੁਹਾਰ ਪ੍ਰਦਾਨ ਕੀਤੀ। ਉਸ ਨੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲਾਂ ਤੋਂ ਪ੍ਰੇਰਨਾ ਲੈ ਕੇ ਇਸ ਵਿਚ ਮਹੱਤਵਪੂਰਨ ਅਤੇ ਮੌਲਿਕ ਕਾਰਜ ਕੀਤਾ ਹੈ, ਵਰਨਾ ਨਾਵਲ ਲਿਖਣ ਤੋਂ ਪਹਿਲਾਂ ਉਹ ਇਕ 'ਕਵੀਸ਼ਰ' ਦੇ ਤੌਰ 'ਤੇ ਪ੍ਰਸਿੱਧ ਸੀ। ਉਸ ਨੇ ਅੱਧਾ ਸੈਂਕੜਾ ਤੋਂ ਵੀ ਵੱਧ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ ਅਤੇ ਕਿਹਾ ਜਾਂਦਾ ਹੈ ਕਿ ਉਸ ਦੇ ਯੁੱਗ (1897-1971) ਵਿਚ ਬਹੁਤੇ ਪਾਠਕਾਂ ਨੇ ਉਸ ਦੇ ਨਾਵਲ ਪੜ੍ਹਨ ਵਾਸਤੇ ਹੀ ਗੁਰਮੁਖੀ ਲਿੱਪੀ ਸਿੱਖੀ ਸੀ। ਉਹ ਇਕ ਮਾਨਵਵਾਦੀ ਲੇਖਕ ਸੀ ਅਤੇ ਉਸ ਨੇ ਆਪਣੇ ਸਮਕਾਲੀ ਸਮਾਜ ਦੀਆਂ ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਸਮੱਸਿਆਵਾਂ ਬਾਰੇ ਬੜਾ ਖੁੱਲ੍ਹ ਕੇ ਲਿਖਿਆ। ਉਸ ਦੇ ਪੋਤਰੇ ਨਵਦੀਪ ਸੂਰੀ ਨੇ 'ਅੱਗ ਦੀ ਖੇਡ' ਨਾਵਲ ਦਾ ਅੰਗਰੇਜ਼ੀ ਅਨੁਵਾਦ ਉਕਤ ਸਿਰਲੇਖ ਹੇਠ ਕੀਤਾ ਹੈ। ਨਵਦੀਪ ਸੂਰੀ ਭਾਰਤੀ ਵਿਦੇਸ਼ ਸੇਵਾਵਾਂ (ਆਈ.ਐਫ.ਐਸ.) ਵਿਚ ਇਕ ਪ੍ਰਮੁੱਖ ਡਿਪਲੋਮੈਟ ਰਿਹਾ ਹੈ। ਭਾਰਤ ਨੂੰ ਆਜ਼ਾਦੀ ਮਿਲਣ ਤੋਂ ਪੰਜ-ਛੇ ਮਹੀਨੇ ਬਹੁਤ ਗੜਬੜ ਅਤੇ ਅਰਾਜਕਤਾ ਵਾਲੇ ਰਹੇ। ਮਿਸਟਰ ਮੁਹੰਮਦ ਅਲੀ ਜਿਨਾਹ ਦੀ ਅਗਵਾਈ ਅਧੀਨ ਕਾਰਜਸ਼ੀਲ ਮੁਸਲਿਮ ਲੀਗ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਅਸੀਂ ਮੁਸਲਮਾਨਾਂ ਦਾ ਇਕ ਵੱਖਰਾ ਦੇਸ਼ ਚਾਹੁੰਦੇ ਹਾਂ, ਜਿਥੇ ਇਸਲਾਮਿਕ ਤਰਜ਼ ਦਾ ਰਾਜ ਹੋਵੇ। ਆਪਣੀ ਇਸ ਮੰਗ ਨੂੰ ਅਮਲੀ ਰੂਪ ਦੇਣ ਲਈ ਲੀਗ ਨੇ ਮੁਸਲਿਮ ਬਹੁਗਿਣਤੀ ਵਾਲੇ ਖੇਤਰਾਂ ਵਿਚੋਂ ਹਿੰਦੂ-ਸਿੱਖਾਂ ਦੇ ਘਰਾਂ ਦੀ ਸਾੜ-ਫੂਕ ਅਤੇ ਕਤਲੇਆਮ ਸ਼ੁਰੂ ਕਰ ਦਿੱਤਾ। ਇਸ ਘੱਲੂਘਾਰੇ ਵਿਚ ਲੱਖਾਂ ਹਿੰਦੂ-ਸਿੱਖ ਮਾਰੇ ਗਏ। ਕੁਝ ਜਾਨ ਬਚਾ ਕੇ ਹਿੰਦੂ-ਸਿੱਖ ਬਹੁਗਿਣਤੀ ਵਾਲੇ ਖੇਤਰਾਂ ਅੰਮ੍ਰਿਤਸਰ, ਪਟਿਆਲੇ, ਫ਼ਰੀਦਕੋਟ ਅਤੇ ਦਿੱਲੀ ਆਦਿ ਵਿਚ ਪਹੁੰਚ ਗਏ। ਫਿਰ ਏਧਰ ਵੀ ਮੁਸਲਮਾਨਾਂ ਦਾ ਕਤਲੇਆਮ ਸ਼ੁਰੂ ਹੋ ਗਿਆ। ਸ. ਨਾਨਕ ਸਿੰਘ ਨੇ ਇਸ ਵਰਤਾਰੇ ਨੂੰ 'ਅੱਗ ਦੀ ਖੇਡ' (1 7ame of 6}re) ਦਾ ਨਾਂਅ ਦਿੱਤਾ ਹੈ। ਇਹ ਨਾਵਲ ਪੁਤਲੀਘਰ ਅੰਮ੍ਰਿਤਸਰ ਅਤੇ ਖ਼ਾਲਸਾ ਕਾਲਜ ਦੇ ਦਰਮਿਆਨ ਵਸੀ ਆਬਾਦੀ ਦੇ ਇਕ ਘਰ ਵਿਚ ਘਟਿਤ ਹੁੰਦਾ ਹੈ। ਮਾਰਚ ਮਹੀਨੇ ਵਿਚ ਹੋਲੀ ਦੇ ਦਿਨ ਸਨ। ਪੰਜ-ਛੇ ਨੌਜਵਾਨਾਂ ਨੇ ਏਕਤਾ ਕੌਂਸਲ ਬਣਾ ਕੇ ਹਾਲਾਤ ਨੂੰ ਸੁਧਾਰਨ ਦਾ ਬੀੜਾ ਚੁੱਕਿਆ ਹੋਇਆ ਸੀ, ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਗਈ। 'ਖੂਨ ਦੀ ਹੋਲੀ' ਖੇਡੀ ਜਾਣ ਲੱਗੀ। ਸਤਨਾਮ ਦੇ ਕਿਰਦਾਰ ਦੁਆਲੇ ਘੁੰਮਦਾ ਇਹ ਨਾਵਲ ਦੇਸ਼ ਵੰਡ ਦੇ ਸੰਤਾਪ ਦਾ ਦਸਤਾਵੇਜ਼ ਹੈ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਨਾਬਰ
ਲੇਖਕ : ਜਰਨੈਲ ਸਿੰਘ ਸੇਖਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 147
ਸੰਪਰਕ : 95011-45039


'ਨਾਬਰ' ਨਾਵਲ ਜਰਨੈਲ ਸਿੰਘ ਸੇਖਾ ਦਾ ਪੰਜਵਾਂ ਨਾਵਲ ਹੈ। ਇਸ ਤੋਂ ਪਹਿਲਾਂ ਉਸ ਨੇ ਦੋ ਕਹਾਣੀ-ਸੰਗ੍ਰਹਿ, ਇਕ ਸਫ਼ਰਨਾਮਾ ਅਤੇ ਸਵੈ-ਜੀਵਨੀਆਂ ਤੇ ਵੀ ਹੱਥ ਅਜ਼ਮਾਈ ਕੀਤੀ ਹੈ। ਹਥਲਾ ਨਾਵਲ 'ਨਾਬਰ' ਚੌਵੀ ਕਾਂਡਾਂ ਵਿਚ ਵੰਡਿਆ ਗਿਆ ਹੈ ਜਿਸ ਵਿਚ ਇਕ ਔਰਤ ਦੀ ਜ਼ਿੰਦਗੀ ਦੀ ਤ੍ਰਾਸਦੀ ਨੂੰ ਬਿਆਨ ਕੀਤਾ ਗਿਆ ਹੈ। ਨਾਵਲ ਵਿਚ ਸ਼ਾਮ ਕੌਰ ਅਤੇ ਉਸ ਦੀ ਧੀ ਰਾਜਬੀਰ ਨੂੰ ਸ਼ਾਮ ਕੌਰ ਦਾ ਪਤੀ ਛੱਡ ਕੇ ਚਲਾ ਜਾਂਦਾ ਹੈ ਤੇ ਰਾਜਬੀਰ ਦੀ ਮਾਂ ਸ਼ਾਮ ਕੌਰ ਰਾਜਬੀਰ ਨੂੰ ਗੁਰਚੇਤ ਨਾਲ ਵਿਆਹ ਕਰਵਾਉਣ ਲਈ ਕਹਿੰਦੀ ਹੈ, ਪਰ ਰਾਜਬੀਰ ਗੁਆਂਢ ਵਿਚ ਰਹਿੰਦੇ ਸਤਿਆ ਦੇ ਮੁੰਡੇ ਚੰਦਨ ਨੂੰ ਪਿਆਰ ਕਰਦੀ ਹੈ, ਪਰ ਚੰਦਨ ਦੀ ਮਾਂ ਉਸ ਦਾ ਵਿਆਹ ਆਪਣੀ ਰਿਸ਼ਤੇਦਾਰ ਕੁੜੀ ਸੁਨੈਨਾ ਨਾਲ ਕਰਾਉਣਾ ਚਾਹੁੰਦੀ ਹੈ ਤੇ ਵਿਆਹ ਨਾ ਕਰਾਉਣ ਦੀ ਸੂਰਤ ਵਿਚ ਚੰਦਨ ਨੂੰ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੰਦੀ ਹੈ ਤੇ ਚੰਦਨ ਮਾਂ ਦੀ ਇਸ ਧਮਕੀ ਤੋਂ ਡਰਦਾ ਹੋਇਆ ਸੁਨੈਨਾ ਨਾਲ ਵਿਆਹ ਕਰਵਾ ਲੈਂਦਾ ਹੈ ਅਤੇ ਮਜਬੂਰ ਹੋਇਆ ਰਾਜਬੀਰ ਦਾ ਪਿਆਰ ਠੁਕਰਾ ਦਿੰਦਾ ਹੈ। ਜਿਸ ਕਰਕੇ ਰਾਜਬੀਰ ਬਹੁਤ ਦੁਖੀ ਹੁੰਦੀ ਹੈ ਅਤੇ ਦੂਜੇ ਪਾਸੇ ਰਾਜਬੀਰ ਦੀ ਮਾਂ 'ਤੇ ਫੈਕਟਰੀ ਵਿਚ ਕੰਮ ਕਰਨ ਸਮੇਂ ਫਲੈਟ ਡਿੱਗ ਪੈਂਦੇ ਹਨ, ਜਿਸ ਨਾਲ ਉਸ ਦੇ ਲੱਕ 'ਤੇ ਸੱਟ ਲੱਗ ਜਾਂਦੀ ਹੈ ਤੇ ਰਾਜਬੀਰ ਦੀ ਮਾਂ ਰਾਜਬੀਰ ਦੇ ਵਿਆਹ ਅਤੇ ਆਪਣੀ ਬਿਮਾਰੀ ਦੀ ਚਿੰਤਾ ਕਰਦੀ ਹੈ ਤਾਂ ਰਾਜਬੀਰ ਨੇ ਸੋਚਿਆ ਜੇਕਰ ਚੰਦਨ ਨੇ ਉਸ ਨੂੰ ਧੋਖਾ ਹੀ ਦੇ ਦਿੱਤਾ ਹੈ ਤਾਂ ਉਸ ਨੂੰ ਵੀ ਆਪਣੀ ਮਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਉਹ ਗੁਰਚੇਤ ਨਾਲ ਵਿਆਹ ਕਰਾਉਣ ਲਈ ਮੰਨ ਜਾਂਦੀ ਹੈ। ਇਸ ਤਰ੍ਹਾਂ ਸਮੁੱਚਾ ਨਾਵਲ ਮਾਵਾਂ-ਧੀਆਂ ਦੀ ਜ਼ਿੰਦਗੀ ਦੀ ਕਸ਼ਮਕਸ਼ ਦੇ ਗਲਪੀ ਪੈਰਾਡਾਈਮ ਦਾ ਬਿਰਤਾਂਤ ਸਿਰਜਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕਿੰਨੇ ਦੁੱਖ-ਤਕਲੀਫ ਆਉਂਦੇ ਹਨ। ਇਹ ਸਭ ਕੁਝ ਵਿਦੇਸ਼ ਦੀ ਧਰਤੀ 'ਤੇ ਹੁੰਦਾ ਹੈ। ਨਾਵਲਕਾਰ ਨੇ ਨਾਵਲ ਵਿਚ ਅਜਿਹੀਆਂ ਸਮਾਜਿਕ ਸਮੱਸਿਆ ਨੂੰ ਹੀ ਉਭਾਰਿਆ ਹੈ। ਨਾਵਲ ਪੜ੍ਹਣਯੋਗ ਹੈ। ਲੇਖਕ ਵਧਾਈ ਦਾ ਪਾਤਰ ਹੈ।


-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161


ਮੰਮਾ ਸਮਝਦੇ ਕਿਉਂ ਨਹੀਂ
(ਮਾਂ 'ਤੇ ਕੇਂਦਰਿਤ 31 ਕਹਾਣੀਆਂ)
ਸੰਪਾਦਕ : ਅਨੇਮਨ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 650 ਰੁਪਏ, ਸਫ਼ੇ : 320
ਸੰਪਰਕ : 98720-92101


ਸੂਝਵਾਨ ਸੰਪਾਦਕ ਨੇ ਇਸ ਸੰਗ੍ਰਹਿ ਵਿਚ ਮਾਂ ਦੇ ਵਿਸ਼ੇ 'ਤੇ ਫੋਕਸੀਕ੍ਰਿਤ ਹੋ ਰਹੀਆਂ 31 ਕਹਾਣੀਆਂ ਸੰਕਲਿਤ ਕੀਤੀਆਂ ਹਨ। ਇਨ੍ਹਾਂ ਕਹਾਣੀਆਂ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰਦਿਆਂ ਮਾਂ ਦੇ ਅਨੇਕਾਂ ਪਾਸਾਰਾਂ ਦੀਆਂ ਡੂੰਘੀਆਂ ਪਰਤਾਂ ਵਿਚ ਗੰਭੀਰ ਸਮੱਸਿਆਵਾਂ ਦੀ ਨਿਸ਼ਾਨਦੇਹੀ ਵੀ ਹੁੰਦੀ ਹੈ ਅਤੇ ਇਨ੍ਹਾਂ ਦੇ 'ਕੇਂਦਰੀ ਸੂਤਰ' ਵੀ ਪਛਾਣੇ ਜਾ ਸਕਦੇ ਨੇ। ਜਿਵੇਂ : ਮਾਂ ਤਾਂ ਮਾਂ ਹੁੰਦੀ ਐ, ਉਹ ਆਪਣੇ ਅਤੇ ਉਸ ਵਰਗੇ ਦੂਜੇ ਬੱਚਿਆਂ ਲਈ ਵੀ ਕੁਰਬਾਨੀ ਕਰ ਸਕਦੀ ਹੈ। ਪਰ ਉਸ ਦੀ ਠੀਕ ਸੰਭਾਲ ਨਾ ਹੋਣ ਕਾਰਨ ਬੁਢਾਪੇ ਵਿਚ ਬਿਰਧ ਆਸ਼ਰਮ 'ਚ ਬੈਠੀ ਵੀ ਆਪਣੇ ਬੇਟੇ ਲਈ ਚਿੰਤਤ ਰਹਿੰਦੀ ਹੈ। ਮਾਂ ਦਾ ਹਿਰਦਾ ਅਜਿਹਾ ਹੁੰਦਾ ਹੈ ਕਿ ਆਪਣੇ ਮਰ ਚੁੱਕੇ ਪੁੱਤਰ ਨੂੰ ਵੀ ਵਾਪਸ ਆਉਣ ਦੀ ਉਡੀਕ ਵਿਚ ਰਹਿੰਦੀ ਹੈ। ਮਾਂ ਸਮਝਦੀ ਹੈ ਕਿ ਪੁੱਤਰ ਲਈ ਬਾਪ ਦੀ ਲੋੜ ਹੈ। ਉਹ ਵਿਚਾਰੀ ਤਾਂ ਸੁਪਨਿਆਂ ਵਿਚ ਹੀ ਗੁਆਚੀ ਰਹਿੰਦੀ ਹੈ। ਕਈ ਮਾਵਾਂ ਪਰਿਵਾਰ ਲਈ ਚੰਗੇ ਦਿਨਾਂ ਦੀ ਆਸ ਵਿਚ ਸਖ਼ਤ ਪਰ ਘਟੀਆ ਸਮਝੀ ਜਾਂਦੀ ਕਿਰਤ (ਗੋਹਾ-ਕੂੜਾ ਢੋਣ ਵਰਗੇ) ਵੀ ਕਰ ਸਕਦੀਆਂ ਹਨ। ਧੀ ਜਾਂ ਪੁੱਤ ਦੇ ਜਨਮ ਲਈ ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਦਰਅਸਲ ਔਰਤ ਦੀ ਕੁੱਖ ਵਿਚ ਐਕਸ ਗੁਣ-ਸੂਤਰ ਹੁੰਦਾ ਹੈ, ਜਦੋਂ ਕਿ ਮਰਦ ਵਿਚ ਐਕਸ ਅਤੇ ਵਾਈ ਦੋਵੇਂ ਸੂਤਰ ਹੁੰਦੇ ਹਨ। ਜੇ ਔਰਤ ਦੇ ਐਕਸ ਸੂਤਰ ਨਾਲ ਮਰਦ ਦਾ ਵਾਈ ਸੂਤਰ ਮਿਲ ਜਾਵੇ ਤਾਂ ਮੁੰਡਾ ਹੀ ਹੁੰਦਾ ਹੈ, ਕੁਦਰਤੀ ਪ੍ਰਕਿਰਿਆ ਰਾਹੀਂ ਅਜਿਹਾ ਹੁੰਦਾ ਹੈ, ਕਿਸੇ ਦੇ ਵੱਸ ਕੁਝ ਨਹੀਂ ਹੁੰਦਾ। ਮਾਵਾਂ ਦਾ ਵਿਆਹੀ ਹੋਈ ਧੀ ਪ੍ਰਤੀ ਵਿਸ਼ੇਸ਼ ਲਗਾਵ ਹੁੰਦਾ ਹੈ। ਮਾਂ ਦੀ ਹੋਂਦ ਅਤੇ ਨਿਰਹੋਂਦ ਦੋਵੇਂ ਪਰਿਸਥਿਤੀਆਂ ਪ੍ਰਭਾਵਿਤ ਕਰਿਆ ਕਰਦੀਆਂ ਹਨ। ਕਈ ਪਤੀਆਂ ਦੇ ਕਠੋਰ ਵਤੀਰੇ ਕਾਰਨ ਮਾਂ ਦੀ ਅੰਤਿਮ ਸਮੇਂ ਸੰਭਾਲ ਨਹੀਂ ਹੁੰਦੀ, ਨਾ ਹੀ ਸਾਰੀ ਉਮਰ ਉਸ ਨੂੰ ਕਿਸੇ ਰੀਝ ਨੂੰ ਪੂਰਾ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਕਈ ਵਾਰ ਮਾਵਾਂ ਸੋਚਦੀਆਂ ਹਨ, ਧੀ ਨੂੰ ਵੱਡੇ ਘਰ ਵਿਆਹ ਦੇਵਾਂ, ਉਹ ਰਾਜ ਕਰੇਗੀ, ਪਰ ਵੱਡੇ ਘਰ ਵਿਚ ਜਾ ਕੇ ਉਸ ਨੂੰ ਸੁਖ ਨਹੀਂ ਮਿਲਦਾ। ਇਹ ਵੀ ਸੱਚ ਹੈ ਕਿ ਕਿਰਤੀ ਦੀ ਮਾਂ ਵੀ ਠੰਢੀ ਛਾਂ ਪ੍ਰਦਾਨ ਕਰ ਸਕਦੀ ਹੈ। ਅਨੇਕਾਂ ਵਾਰ ਪਤੀ ਦਾ ਵਿਵਹਾਰ ਨਿਰਦਈ ਹੋ ਨਿਬੜਦਾ ਹੈ, ਵਿਧਵਾ ਔਰਤ ਨੂੰ ਵੀ ਧੀ-ਪੁੱਤ ਅਣਗੌਲਿਆਂ ਕਰ ਦਿੰਦੇ ਨੇ। ਆਰਥਿਕ ਤੰਗੀ ਕਾਰਨ ਮਾਂ ਨੂੰ ਲਾਵਾਰਿਸ ਸਮਝਣਾ ਠੀਕ ਨਹੀਂ। ਮਾਂ ਦੇ ਮਰਨ ਉਪਰੰਤ-ਭੂਆ, ਮਾਸੀ, ਭੈਣ ਆਦਿ ਕਦੇ ਮਿਲਣ ਨਹੀਂ ਆਉਂਦੀਆਂ, ਉਸ ਦੇ ਕਮਰੇ ਦਾ ਦਰਵਾਜ਼ਾ ਹਮੇਸ਼ਾ ਬੰਦ ਹੀ ਰਹਿੰਦਾ ਹੈ। ਜਾਨਵਰ ਵੀ ਮਾਂ ਦੀ ਮਮਤਾ ਲਈ ਤੜਪਦੇ ਵੇਖੇ ਜਾ ਸਕਦੇ ਨੇ। ਪਿਤਾ ਦੀ ਮੌਤ ਤੋਂ ਬਾਅਦ ਮਾਂ ਦਾ ਇਕਲੌਤੇ ਅੰਕਲ ਦੇ ਨੇੜੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਵਿਦੇਸ਼ ਵਿਚ ਮਰਨ ਕਿਨਾਰੇ ਪਈ ਮਾਂ ਦੀ ਅਵਸਥਾ ਤਰਸਯੋਗ ਹੋ ਸਕਦੀ ਹੈ। ਮਾਂ ਦਾ ਸਮੇਂ ਸਿਰ ਮਿਲਿਆ ਸਹਿਯੋਗ ਪੁੱਤਰ ਨੂੰ ਵੱਡਾ ਅਫ਼ਸਰ ਬਣਾਉਣ ਵਿਚ ਸਹਾਈ ਹੋ ਸਕਦਾ ਹੈ। ਪਾਲਕ ਮਾਂ ਵੀ ਸਕੀ ਮਾਂ ਦਾ ਰੋਲ ਨਿਭਾਅ ਸਕਦੀ ਹੈ। ਮਾਂ ਦੀ ਇਕੱਲਤਾ ਦਾ ਦੁਖਾਂਤ ਉਸ ਦਾ ਵਿਧਵਾ ਜੀਵਨ ਹੁੰਦਾ ਹੈ, ਮਾਂ-ਬਾਪ, ਵਡੇਰਿਆਂ ਦੀਆਂ ਯਾਦਾਂ ਹਮੇਸ਼ਾ ਸੁਰੱਖਿਅਤ ਰਹਿੰਦੀਆਂ ਹਨ। ਮਾਂ ਦਾ ਸ਼ਬਦ ਸੁਣਦਿਆਂ ਹੀ ਔਰਤ ਦੀਆਂ ਛਾਤੀਆਂ 'ਚੋਂ ਦੁੱਧ ਛਲਕ ਪੈਂਦਾ ਹੈ। ਮਾਂ ਬਣਨ ਲਈ ਕਿਰਾਏ ਦੀ ਕੁੱਖ ਵੀ ਉਪਲਬਧ ਹੋ ਸਕਦੀ ਹੈ। ਹਿਜੜੀਆਂ ਵਿਚ ਵੀ ਮਾਂ ਦੀ ਮਮਤਾ ਹੁੰਦੀ ਹੈ। ਕਿਸੇ ਵੀ ਮਾਂ ਨੂੰ ਆਪਣੇ ਬੱਚੇ ਦੀ ਮਾਨਸਿਕਤਾ ਨੂੰ ਸਮਝਣਾ ਚਾਹੀਦਾ ਹੈ। ਮਾਵਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚੇ ਕਿਵੇਂ ਟੀ.ਵੀ. ਸੀਰੀਅਲ ਦੇ ਪਾਤਰਾਂ ਦੀ ਰੀਸ ਕਰਦੇ ਹਨ। ਪੁਰਾਣੀਆਂ ਮਾਵਾਂ, ਨੂੰਹਾਂ ਦੇ ਨਵੇਂ ਕੰਮ ਧੰਦਿਆਂ ਵਿਚ ਪੈਣ ਤੋਂ ਦੁਖੀ ਹੁੰਦੀਆਂ ਹਨ। ਇਸ ਕਹਾਣੀ ਸੰਗ੍ਰਹਿ ਦੀਆਂ ਰਚਨਾਵਾਂ ਵਿਚੋਂ ਮਾਂ ਸੰਬੰਧੀ ਅਜਿਹੇ ਅਨੇਕਾਂ ਪਾਸਾਰ ਦ੍ਰਿਸ਼ਟੀਗੋਚਰ ਹੁੰਦੇ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਹ ਇਕੱਤੀ ਕਹਾਣੀਆਂ ਦਾ ਸੰਗ੍ਰਹਿ ਮਾਂ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਉਣ ਵਾਲਾ ਦਸਤਾਵੇਜ਼ ਹੋ ਨਿਬੜਿਆ ਹੈ। ਸੰਪਾਦਕ ਅਜਿਹੀ ਚੋਣ ਲਈ ਪ੍ਰਸੰਸਾ ਦਾ ਅਧਿਕਾਰੀ ਹੈ।


-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com


ਹਰਫ਼ ਹੁਲਾਰੇ
ਲੇਖਕ : ਚਰਨਜੀਤ ਜੋਗੀ
ਪ੍ਰਕਾਸ਼ਕ : ਜ਼ੀਨਤ ਪਬਲੀਕੇਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 70876-79100


'ਹਰਫ਼ ਹੁਲਾਰੇ' (ਵਾਰਤਕ ਪੁਸਤਕ) ਲੋਕ-ਕਥਨਾਂ ਦਾ ਸੰਗ੍ਰਹਿ ਹੈ, ਜਿਸ ਨੂੰ ਚਰਨਜੀਤ ਜੋਗੀ ਹੁਰਾਂ ਹਰਫ਼ਾਂ ਨੂੰ ਸ਼ਬਦਾਂ ਅਤੇ ਸ਼ਬਦਾਂ ਨੂੰ ਵਾਕਾਂ 'ਚ ਬਦਲਦਿਆਂ ਕਾਵਿਕ ਲਹਿਜ਼ੇ 'ਚ ਪੰਜਾਬੀ ਸਾਹਿਤ ਦੇ ਪਾਠਕਾਂ ਦੀ ਕਚਹਿਰੀ 'ਚ ਪੱਖ ਪੇਸ਼ ਕੀਤਾ ਹੈ। ਇਸ ਦੇ ਸਮਰਪਣ ਬੋਲ 'ਉਨ੍ਹਾਂ ਧੱਕਿਆਂ ਨੂੰ/ਜੋ ਡੋਬਲ ਨਹੀਂ ਪਏ/ ਪਰ ਤੈਰਨਾ ਸਿਖਾ ਗਏ।' ਜ਼ਿੰਦਗੀ ਦੀ ਰਹੱਸਾਤਮਿਕਤਾ ਦਾ ਵਿਵਹਾਰਕ ਪੇਸ਼ ਕੀਤੇ ਹਨ। ਇਸ ਪੁਸਤਕ ਵਿਚ ਲਗਭਗ 453 ਲੋਕ-ਕਥਨਾਂ ਨੂੰ ਕਾਵਿਕ ਦਾ ਮਨੁੱਖੀ ਜ਼ਿੰਦਗੀ ਵਿਚ ਅਹਿਮ ਦਖ਼ਲ ਹੈ ਜਿਸ ਨਾਲ ਮਨੁੱਖੀ ਜ਼ਿੰਦਗੀ ਰਾਹੀਂ ਮਨੁੱਖਾਂ ਦੇ ਸਮੂਹ ਪਰਿਵਾਰਕ, ਭਾਈਚਾਰਿਆਂ ਅਤੇ ਕੌਮਾਂ ਦੇ ਵਰਤ-ਵਰਤਾਵਿਆਂ ਨੂੰ ਸਮਝਦਿਆਂ, ਆਤਮ-ਸਾਤ ਕਰਦਿਆਂ ਸੁਚੱਜੀ, ਸਾਂਵੀਂ ਸ਼ਖ਼ਸੀਅਤ ਨੂੰ ਉਸਾਰਿਆ ਜਾ ਸਕਦਾ ਹੈ। ਮਨੁੱਖ ਦੇ ਵਿਵਹਾਰਕ ਜੀਵਨ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ, ਧਾਰਮਿਕ ਵਰਤ-ਵਰਤਾਰਿਆਂ ਦਾ ਅਹਿਮ ਦਖ਼ਲ ਅਤੇ ਯੋਗਦਾਨ ਰਿਹਾ ਹੈ। ਮਨੁੱਖੀ ਸ਼ਖ਼ਸੀਅਤ ਵਿਚ ਉਸ ਦਾ ਸੁਭਾਅ, ਵਿਵਹਾਰ, ਮਿਲਵਰਤਨ ਅਤੇ ਵਿਰੋਧ ਦੀਆਂ ਪ੍ਰਕਿਰਿਆਵਾਂ ਰਾਹੀਂ ਉਸ ਦੀ ਯੋਗਤਾ, ਬੁੱਧੀਮਤਾ, ਸਬਰ-ਸੰਤੋਖ ਅਤੇ ਸਹਿਣ-ਸ਼ੀਲਤਾ ਦੇ ਪੱਖ ਉਸਾਰਨ 'ਚ 'ਧੁਨੀ' ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਧੁਨੀਆਂ ਦਾ ਸੁਮੇਲ ਸ਼ਬਦ, ਵਾਕ, ਪੈਰ੍ਹੇ, ਅਤੇ ਰਚਨਾਵਾਂ ਦੀ ਸਿਰਜਣਾ ਕਰਦਾ ਹੈ। ਇਹ ਬੋਲ ਰੂਪ ਹੈ। ਇਸ ਨੂੰ ਲਿੱਪੀ ਰਾਹੀਂ ਦੂਸਰਿਆਂ ਲਈ ਪੜ੍ਹਨਯੋਗ ਬਣਾਇਆ ਜਾ ਸਕਦਾ ਹੈ। ਇਸ ਲਈ 'ਹਰਫ਼' ਦਾ ਸੰਕੇਤ 'ਧੁਨੀ' ਦਾ ਦਿਸਦਾ ਆਕਾਰ ਹੈ। ਇਸ ਲਈ ਚਰਨਜੀਤ ਜੋਗੀ ਹੁਰਾਂ ਦਾ ਇਹ ਯਤਨ ਸਲਾਹੁਣਯੋਗ ਹੈ ਕਿ ਉਹ ਮਨੁੱਖੀ ਰਿਸ਼ਤਿਆਂ ਦੀ ਬਣਤਰ, ਬੁਣਤਰ, ਸਾਰਥਕਿਤਾ, ਨਿਰਾਰਥਕਤਾ ਦੇ ਅਨੇਕਾਂ ਪੱਖਾਂ ਨੂੰ ਇਨ੍ਹਾਂ ਲੋਕ-ਕਥਨਾਂ ਰਾਹੀਂ ਮਹਿਸੂਸਣ ਅਤੇ ਪ੍ਰਗਟਾਉਣ ਦਾ ਸਾਰਥਕ ਉਪਰਾਲਾ ਕਰ ਰਿਹਾ ਹੈ। ਮਨੁੱਖ ਲਈ ਮਾਂ-ਬੋਲੀ ਦੀ 'ਤੁਸੀਂ ਕਿਹੜੀ ਬੋਲੀ ਬੋਲ ਰਹੇ ਓ/ ਮਸਲਾ ਇਸ ਗੱਲ ਦਾ ਨਹੀਂ/ ਮਸਲਾ ਇਹ ਹੈ/ ਕਿ ਤੁਸੀਂ ਮਾਂ-ਬੋਲੀ ਕਿਉਂ ਨਹੀਂ ਬੋਲ ਰਹੇ?' ਸਾਰਥਕਤਾ ਦੇ ਪ੍ਰਸ਼ਨ ਨੂੰ ਪਾਠਕਾਂ ਸਾਹਮਣੇ ਰੱਖਿਆ ਹੈ। ਰਿਸ਼ਤਿਆਂ ਦੀ ਵਿਆਕਰਨ 'ਰਿਸ਼ਤਿਆਂ ਤੇ ਕੰਧਾਂ ਵਿਚ/ ਤਰੇੜਾਂ ਨਾ ਪੈਣ ਦਿਓ / ਨਹੀਂ ਤਾਂ ਰਿਸ਼ਤਿਆਂ ਵਿਚ ਗ਼ੈਰ ਵੜਨਗੇ/ ਤੇ ਕੰਧਾਂ ਵਿਚ ਪਿੱਪਲ ਉੱਗਣਗੇ,' ਨੂੰ ਇਸ ਕਥਨ ਰਾਹੀਂ ਸਮਝਿਆ ਜਾ ਸਕਦਾ ਹੈ। ਤੁਸੀਂ ਆਪਣੀ ਮਿੱਟੀ ਨਾਲ 'ਪੰਜਾਬ 'ਚ ਰਹਿਣਾ ਚੰਗੀ ਗੱਲ ਹੈ,/ ਪਰ ਪੰਜਾਬ ਤੋਂ ਬਾਹਰ ਰਹਿ ਕੇ/ ਪੰਜਾਬੀ ਰਹਿਣਾ/ ਇਸ ਤੋਂ ਵੀ ਵਧੀਆ ਗੱਲ ਹੈ।' ਜੁੜੇ ਰਹਿਣ ਦੀ ਸ਼ਾਅਦੀ ਇਸ ਕਥਨ ਰਾਹੀਂ ਦੇਖ ਸਕਦੇ ਹੋ। ਮੈਂ ਸਮਝਦਾ ਹਾਂ ਕਿ ਇਹ ਪੁਸਤਕ ਹਰ ਪੰਜਾਬੀ ਦੇ ਘਰ ਦਾ ਸ਼ਿੰਗਾਰ ਬਣ ਸਕਦੀ ਹੈ।


-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096


ਕਲਮ ਦਾ ਸਫ਼ਰ

ਲੇਖਕ : ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਪ੍ਰਕਾਸ਼ਕ : ਮੰਨਤ ਤਨਵ ਪਰਮੀਤ ਪ੍ਰਕਾਸ਼ਨ, ਨਵੀਂ ਦਿੱਲੀ
ਮੁੱਲ : 170 ਰੁਪਏ, ਸਫ਼ੇ : 96
ਸੰਪਰਕ : 092105-88990


ਬਲਵਿੰਦਰ ਸਿੰਘ ਸੋਢੀ (ਮੀਰਹੇੜੀ) ਮੁਤਾਬਿਕ ਅਜੋਕੀ ਪਦਾਰਥਵਾਦੀ ਦੌੜ ਵਿਚ ਵਸਤੂਆਂ ਇਕੱਤਰ ਕਰਦਾ ਮਨੁੱਖ ਖ਼ੁਦ ਵੀ ਇਕ ਵਸਤੂ ਬਣ ਕੇ ਰਹਿ ਗਿਆ ਹੈ। ਆਪਣੀਆਂ ਲਾਲਸਾਵਾਂ ਦੀ ਪੂਰਤੀ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਕਿਉਂਕਿ ਇਸ ਚਕਾਚੌਂਧ ਵਿਚ ਉਸ ਨੂੰ ਆਪਣੇ ਅੰਦਰਲੀ ਆਵਾਜ਼ ਸੁਣਨੀ ਉੱਕਾ ਹੀ ਬੰਦ ਹੋ ਚੁੱਕੀ ਹੈ। ਹੁਣ ਉਸ ਲਈ ਕੁਝ ਵੀ ਜਾਇਜ਼ ਜਾਂ ਨਾਜਾਇਜ਼ ਨਹੀਂ ਰਿਹਾ, ਬਲਕਿ ਆਪਣਾ ਉੱਲੂ ਸਿੱਧਾ ਕਰਨਾ ਹੀ ਉਸ ਦੇ ਜੀਵਨ ਦਾ ਟੀਚਾ ਬਣ ਗਿਆ ਹੈ:
ਕਦੇ ਆਪਣੀ ਜ਼ਮੀਰ ਨੂੰ ਵੀ ਵੇਖ ਲੈ ਤੂੰ,
ਕਾਹਨੂੰ ਭੇੜੀਆਂ ਅੰਦਰਲੀਆਂ ਤੂੰ ਬਾਰੀਆਂ ਨੇ।
ਲੇਖਕ ਜਿੰਨਾ ਮਰਜ਼ੀ ਲਿਖ ਲਵੇ, ਪਰ ਜੀਵਨ ਦੇ ਆਖਰੀ ਮੋੜ 'ਤੇ ਉਸ ਨੂੰ ਅਜਿਹਾ ਮਹਿਸੂਸ ਹੋਣਾ ਸੁਭਾਵਿਕ ਹੈ ਕਿ ਜੋ ਕੁਝ ਉਹ ਲਿਖਣਾ ਚਾਹੁੰਦਾ ਸੀ, ਉਹ ਅਜੇ ਉਸ ਤੋਂ ਲਿਖਿਆ ਨਹੀਂ ਜਾ ਸਕਿਆ। ਬਹੁਤ ਕੁਝ ਕਹਿਣ ਦੇ ਬਾਵਜੂਦ ਵੀ ਉਸ ਨੂੰ ਲਗਦਾ ਹੈ ਕਿ ਅਜੇ ਬਹੁਤ ਕੁਝ ਕਹਿਣਾ ਬਾਕੀ ਹੈ। ਤਕਰੀਬਨ ਹਰ ਲੇਖਕ ਕੁਝ ਨਾ ਕੁਝ ਅਧੂਰਾ ਛੱਡ ਕੇ ਹੀ ਮਰਦਾ ਹੈ। ਬਲਵਿੰਦਰ ਸਿੰਘ ਸੋਢੀ (ਮੀਰਹੇੜੀ) ਵੀ ਆਪਣੀ ਕਵਿਤਾ ਦੀਆਂ ਇਨ੍ਹਾਂ ਸਤਰਾਂ ਵਿਚ ਕੁਝ ਅਜਿਹਾ ਹੀ ਕਹਿਣਾ ਚਾਹੁੰਦੇ ਹਨ:
ਜਿਊਣਾ ਚਾਹੁੰਦਾ ਹਾਂ ਅਜੇ ਹੋਰ ਲਿਖਣ ਦੇ ਲਈ,
ਬੰਨ੍ਹ ਦੇਵੇ ਮੇਰੀ ਮੌਤ ਦਾ ਕੋਈ ਕਾਲ ਮੀਆਂ।
ਹਥਲਾ ਕਾਵਿ-ਸੰਗ੍ਰਹਿ 'ਕਲਮ ਦਾ ਸਫ਼ਰ' ਬਲਵਿੰਦਰ ਸਿੰਘ ਸੋਢੀ (ਮੀਰਹੇੜੀ) ਦੀ 18ਵੀਂ ਮੌਲਿਕ ਪ੍ਰਕਾਸ਼ਿਤ ਪੁਸਤਕ ਹੈ ਅਤੇ ਨੈਸ਼ਨਲ ਬੁੱਕ ਟਰੱਸਟ ਦੀਆਂ ਚਾਰ ਪੁਸਤਕਾਂ ਉਨ੍ਹਾਂ ਨੇ ਅਨੁਵਾਦ ਵੀ ਕੀਤੀਆਂ ਹਨ। ਬੇਸ਼ੱਕ ਤੋਲ-ਤੁਕਾਂਤ ਪੱਖੋਂ ਕਿਸੇ ਹੱਦ ਤੱਕ ਕਚਿਆਈ ਵੀ ਰੜਕਦੀ ਹੈ, ਪਰ ਕਵਿਤਾ ਵਿਚ ਵਰਤੀ ਗਈ ਸ਼ਬਦਾਵਲੀ ਬੜੀ ਸਰਲ ਅਤੇ ਦਿਲਚਸਪ ਹੈ। ਉਨ੍ਹਾਂ ਦੀ ਕਾਮਨਾ ਹੈ ਕਿ ਸਾਡੀ ਇਹ ਧਰਤੀ ਹੀ ਏਨੀ ਸੋਹਣੀ ਬਣ ਜਾਵੇ ਕਿ ਮਨੁੱਖ ਦੇ ਮਨ ਵਿਚ ਕਿਸੇ ਸਵਰਗ ਦੀ ਇੱਛਾ ਹੀ ਬਾਕੀ ਨਾ ਰਹੇ। ਅਜਿਹੀ ਮਾਨਵਵਾਦੀ ਖ਼ੂਬਸੂਰਤ ਕਵਿਤਾ ਦੀ ਸਿਰਜਣਾ ਲਈ ਮੈਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।


-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027


ਸ਼ਖ਼ਸੀਅਤ ਸੋਚ ਅਤੇ ਸਲੀਕਾ
ਲੇਖਕ : ਅਮਰਜੀਤ ਬਰਾੜ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 151
ਸੰਪਰਕ : 94179-49079


ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਨਾਲ ਭਰੀ ਪਈ ਇਹ ਪੁਸਤਕ ਵਿਅਕਤੀ ਦੀ ਸ਼ਖ਼ਸੀਅਤ ਦੇ ਗੁਣਾਤਮਿਕ ਵਿਕਾਸ ਵਿਚ ਬੇਹੱਦ ਸਹਾਈ ਹੋ ਸਕਦੀ ਹੈ। ਕੁੱਲ 41 ਲਘੂ ਨਿਬੰਧਾਂ 'ਚ ਸਮੁੱਚੇ ਵਿਸ਼ਾ ਵਸਤੂ ਨੂੰ ਬਾਖ਼ੂਬੀ ਨਿਭਾਇਆ ਗਿਆ ਹੈ। ਪੁਸਤਕ ਦਾ ਹਰ ਸ਼ਬਦ ਵਾਕ ਅਰਥ ਭਰਪੂਰ ਹੈ। ਇਸ ਵਿਚੋਂ ਸ਼ਖ਼ਸੀਅਤ, ਸੋਚ ਤੇ ਸਲੀਕੇ ਦੀ ਬਿਹਤਰੀ ਹਿੱਤ ਪ੍ਰਗਟਾਏ ਗਏ ਵਿਚਾਰਾਂ 'ਚੋਂ ਕੁਝ ਇਕ ਇਥੇ ਸਾਂਝੇ ਕੀਤੇ ਜਾਂਦੇ ਹਨ :
-ਆਪਣੇ ਔਗੁਣਾਂ ਦੇ ਪਰਦੇ ਕੱਜਣਾ ਅਸਲ ਵਿਚ ਸਮੇਂ ਦੀ ਬਰਬਾਦੀ ਹੈ।
-ਸਿਆਣਪ ਬੁੱਧੀ 'ਤੇ ਨਿਰਭਰ ਹੈ ਅਤੇ ਸਮਝਦਾਰੀ ਦਾ ਸੰਬੰਧ ਤੁਹਾਡੇ ਵਿਵਹਾਰ ਨਾਲ ਹੈ।
-ਜਦ ਅੰਦਰ ਰੌਣਕਾਂ ਲੱਗੀਆਂ ਹੋਣ ਤਾਂ ਫਿਰ ਬਾਹਰ ਦੇ ਸ਼ੋਰ ਕਦੇ ਵੀ ਪ੍ਰੇਸ਼ਾਨੀ ਦਾ ਸਬੱਬ ਨਹੀਂ ਬਣਦੇ।
-ਸਮੱਸਿਆ ਮੌਕੇ ਨੂੰ ਜਨਮ ਦਿੰਦੀ ਹੈ। ਰੁਕਾਵਟਾਂ ਰਫ਼ਤਾਰ ਨੂੰ ਜਨਮ ਦਿੰਦੀਆਂ ਹਨ ਤੇ ਹਰ ਮੁਸ਼ਕਿਲ ਇਕ ਨਵੀਂ ਸੋਚ ਨੂੰ ਜਨਮ ਦਿੰਦੀ ਹੈ।
-ਅਕਸਰ ਦੂਜਿਆਂ ਤੋਂ ਅੱਗੇ ਲੰਘਣ ਦੇ ਚੱਕਰ ਵਿਚ ਅਸੀਂ ਆਪਣੇ-ਆਪ ਤੋਂ ਵੀ ਪਿੱਛੇ ਰਹਿ ਜਾਂਦੇ ਹਾਂ।
-ਢੰਗ ਤੋਂ ਬਗ਼ੈਰ ਰੰਗ ਕਦੇ ਵੀ ਪ੍ਰਭਾਵਿਤ ਨਹੀਂ ਕਰਦਾ। ਕਿਰਦਾਰ ਤੋਂ ਬਗ਼ੈਰ ਕੱਦ ਦਾ ਕੋਈ ਮਹੱਤਵ ਨਹੀਂ।
-ਅਕਸਰ ਬੰਦਾ ਉਸ ਚੀਜ਼ ਦਾ ਗ਼ੁਲਾਮ ਹੁੰਦਾ ਹੈ ਜਿਸ ਨੂੰ ਉਹ ਸਭ ਤੋਂ ਵੱਧ ਚਾਹੁੰਦਾ ਹੈ।
-ਜਿਨ੍ਹਾਂ ਕੋਲ ਜ਼ਿੰਦਗੀ ਦੇ ਮਾਇਨੇ ਨਹੀਂ ਹੁੰਦੇ, ਉਨ੍ਹਾਂ ਕੋਲ ਤਾਅਨੇ ਤੇ ਬਹਾਨੇ ਹੀ ਹੁੰਦੇ ਹਨ।
-ਆਪਣੀ ਕਲਪਨਾ ਨੂੰ ਆਪਣੀ ਸਮਰੱਥਾ ਦੇ ਮੇਚ ਦੀ ਰੱਖੋ।
-ਸਾਦਗੀ ਵਿਚ ਹੀ ਸੁੰਦਰਤਾ ਹੈ। ਸਬਰ ਦੌੜਦਾ ਨਹੀਂ ਫਿਰ ਵੀ ਛੇਤੀ ਪਹੁੰਚਦਾ ਹੈ।
-ਫ਼ਸਲ ਲੈਣ ਲਈ ਬੀਜ ਬੀਜਣੇ ਪੈਂਦੇ ਹਨ, ਵਰਨਾ ਘਾਹ ਫ਼ੂਸ ਤਾਂ ਆਪਣੇ-ਆਪ ਹੀ ਬਹੁਤ ਉੱਗ ਪੈਂਦਾ ਹੈ।
-ਭੀੜਾਂ ਵਿਚ ਮਿਆਰ ਨਹੀਂ ਵੇਖੇ ਜਾਂਦੇ। ਤੱਕੜੀ ਨਾਲ ਭਾਰ ਤੋਲਿਆ ਜਾਂਦਾ ਹੈ, ਗੁਣਵੱਤਾ ਨਹੀਂ।
-ਜ਼ਿਆਦਾ ਜਜ਼ਬਾਤੀ ਲੋਕਾਂ ਦੇ ਫ਼ੈਸਲੇ ਦੁੱਧ ਦੇ ਉਬਾਲ ਦੀ ਤਰ੍ਹਾਂ ਹੁੰਦੇ ਹਨ।
ਇੰਝ ਸਾਰੀ ਪੁਸਤਕ ਵਿਚਾਰਧਾਰਕ ਅਮੀਰੀ ਨਾਲ ਭਰਪੂਰ ਹੈ। ਸਹੀ ਮਾਇਨਿਆਂ ਵਿਚ ਇਹ ਪੁਸਤਕ ਪੰਜਾਬ ਦੇ ਹਰ ਸਕੂਲ ਤੇ ਕਾਲਜ ਦੀ ਲਾਇਬ੍ਰੇਰੀ ਵਿਚ ਮੌਜੂਦ ਹੋਣੀ ਚਾਹੀਦੀ ਹੈ ਤਾਂ ਕਿ ਵਿਦਿਆਰਥੀ ਇਸ ਦਾ ਆਸਾਨੀ ਨਾਲ ਲਾਹਾ ਲੈ ਸਕਣ। ਅਮਰਜੀਤ ਬਰਾੜ ਦੀ ਕਲਮ ਇਕ ਸੁਚੱਜੇ ਵਾਰਤਕਕਾਰ ਦੀ ਕਲਮ ਹੈ। ਮਾਨਵੀ ਸ਼ਖ਼ਸੀਅਤ, ਸੋਚ ਤੇ ਸਲੀਕੇ ਬਾਰੇ ਉਸ ਦਾ ਦੀਰਘ ਅਧਿਐਨ ਉਸ ਦੀਆਂ ਲਿਖਤਾਂ ਵਿਚੋਂ ਸਪੱਸ਼ਟ ਨਜ਼ਰ ਆਉਂਦਾ ਹੈ।


-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287


ਸਾਡਾ ਪਿੰਡ ਜਟਾਣਾ
ਲੇਖਕ : ਹਰਪਾਲ ਸਿੰਘ ਮਾਂਗਟ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫੇ : 112
ਸੰਪਰਕ : 98724-77668


ਭਾਰਤ, ਪੰਜਾਬ ਵੀ, ਪਿੰਡਾਂ ਦਾ ਦੇਸ਼ ਹੈ। ਪੰਜਾਬ ਵਿਚ 12581 ਪਿੰਡ ਹਨ। ਪਰ ਅਫਸੋਸ! ਪਿੰਡਾਂ ਦਾ ਇਤਿਹਾਸ ਲਿਖਤ ਰੂਪ ਸਾਂਭਿਆ ਨਹੀਂ ਗਿਆ। ਕਿਸੇ-ਕਿਸੇ ਪਿੰਡ ਦਾ ਜ਼ਿਕਰ ਕੁਝ ਇਤਿਹਾਸ ਪੁਸਤਕਾਂ ਜਾਂ ਦਸਤਾਵੇਜ਼ਾਂ ਵਿਚ ਆਉਂਦਾ ਹੈ, ਪਰ ਉਹ ਵੀ ਓਨਾ ਨਹੀਂ ਹੁੰਦਾ ਕਿ ਸੰਬੰਧਿਤ ਪਿੰਡ ਦਾ ਇਤਿਹਾਸ ਮੁਕੰਮਲ ਰੂਪ ਵਿਚ ਕਲਮਬੱਧ ਕੀਤਾ ਜਾ ਸਕੇ। ਸੋ, ਪਿੰਡ ਦੇ ਇਤਿਹਾਸ ਲਈ ਦੰਦ-ਕਥਾਵਾਂ, ਪੀੜ੍ਹੀ-ਦਰ-ਪੀੜ੍ਹੀ ਤੁਰੀਆਂ ਆਉਂਦੀਆਂ ਗੱਲਾਂ, ਸੱਥ ਚਰਚਾਵਾਂ ਅਤੇ ਬਜ਼ੁਰਗਾਂ 'ਤੇ ਟੇਕ ਰੱਖਣੀ ਪੈਂਦੀ ਹੈ। ਇਹ, ਮੌਖਿਕ ਤਵਾਰੀਖ, ਵੀ ਕਈ ਵਾਰ ਐਨੀ ਆਪਾ-ਵਿਰੋਧੀ ਹੁੰਦੀ ਹੈ ਕਿ ਸੰਬੰਧਿਤ ਲੇਖਕ ਭੰਬਲ-ਭੂਸੇ ਵਿਚ ਪੈ ਜਾਂਦਾ ਹੈ। ਪਰ ਹਠੀ ਲੇਖਕ ਇਸ ਸਾਰੇ ਨੂੰ ਇਤਿਹਾਸਕ ਅਤੇ ਦਸਤਾਵੇਜ਼ੀ ਕਸਵੱਟੀ 'ਤੇ ਲਾ ਕੇ ਆਪਣੀ ਸਮਰੱਥਾ ਮੁਤਾਬਿਕ ਇਕ ਖ਼ਾਸ ਹੱਦ ਤੀਕ ਉਸ ਪਿੰਡ ਦੀ ਯਥਾ-ਸੰਭਵ ਤਵਾਰੀਖ ਨੂੰ ਕਿਸੇ ਹੋਰ ਪ੍ਰਬੁੱਧ ਲੇਖਕ ਜਾਂ ਭਵਿੱਖੀ ਲੇਖਣੀ ਹਿੱਤ ਇਕ ਅਧਾਰ ਚੌਖਟਾ ਮੁਹੱਈਆ ਕਰਵਾਉਣ ਵਿਚ ਕਾਮਯਾਬ ਹੋ ਜਾਂਦਾ ਹੈ। ਇਸ ਕਾਰਜ ਵਿਚ ਗੋਤਾਂ, ਜਾਤਾਂ, ਧਰਮਾਂ, ਕਬੀਲਿਆਂ ਦੀਆਂ ਗਾਥਾਵਾਂ ਅਤੇ ਮਰਾਸੀਆਂ ਦੀਆਂ ਉਚਾਰਨਾ, ਪਰਿਵਾਰਕ ਬੰਸਾਵਲੀਆਂ, ਹੋਰ ਪਿੰਡਾਂ ਦੀਆਂ ਤਵਾਰੀਖਾ ਅਤੇ ਹਰਦੁਆਰੀ ਕਲਮਬੰਧਤਾਂ ਵੀ ਇੱਕ ਹੱਦ ਤੀਕ ਸਹਾਈ ਹੁੰਦੀਆਂ ਹਨ। ਬੜਾ ਸਿਰੜੀ ਕਾਰਜ ਹੈ ਇਹ।
ਉਕਤ ਸਾਰੇ ਨੂੰ, ਹਥਲੀ ਪੁਸਤਕ ਦੇ ਲੇਖਕ ਸ. ਹਰਪਾਲ ਸਿੰਘ ਮਾਂਗਟ ਨੇ ਸੰਭਵ ਹੱਦ ਤੀਕ ਭਲੀ-ਭਾਂਤ ਵਰਤ-ਸਲੂਟ ਕੇ ਆਪਣੇ ਪਿਤਾ-ਪੁਰਖੀ ਪਿੰਡ 'ਜਟਾਣਾ', ਤਾਲੁਕਾ ਖੰਨਾ, ਜ਼ਿਲ੍ਹਾ ਲੁਧਿਆਣਾ ਬਾਰੇ 'ਸਾਡਾ ਪਿੰਡ ਜਟਾਣਾ' ਨਾਮੀ ਦਸਤਾਵੇਜ਼ ਲਿਖਣ ਦੀ ਸੁਹਿਰਦ ਕੋਸ਼ਿਸ਼ ਕੀਤੀ ਹੈ। ਪਿੰਡ ਦੇ ਮੋੜ੍ਹੀ ਗੱਡ ਕਰਮਯੋਗੀਆਂ ਸਮੇਤ, ਜਟਾਣਾ ਗੋਤ ਦੀ ਵਿਆਖਿਆ, ਪੁਰਖਿਆਂ ਅਤੇ ਹੋਰ ਨਾਮਵਰਾਂ ਦੇ ਰੇਖਾ ਚਿੱਤਰ, ਨਾਮੀ-ਗਰਾਮੀ ਸੰਸਥਾਵਾਂ, ਵਿਅਕਤੀਗਤ ਕਿੱਤਾਕਾਰਾਂ ਅਤੇ ਪਰਿਵਾਰਾਂ ਆਦਿ ਬਾਰੇ ਲਿਖ ਕੇ ਪਿੰਡ ਦਾ ਰਿਣ ਚੁਕਾਇਆ ਹੈ, ਜਿਹੜਾ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਜੜ੍ਹਾਂ ਫਰੋਲਣ ਹਿੱਤ ਬੇਹੱਦ ਸਹਾਈ ਦਸਤਾਵੇਜ਼ ਹੈ। ਪਿੰਡਾਂ ਦੇ ਇਤਿਹਾਸ ਵਿਚ ਦਿਲਚਪਸੀ ਰੱਖਣ ਵਾਲਿਆਂ ਅਤੇ ਖੋਜਾਰਥੀਆਂ ਲਈ ਇਹ ਮੁੱਲਵਾਨ ਲਿਖਤ ਹੈ।


-ਵਿਜੇ ਬੰਬੇਲੀ
ਮੋਬਾਈਲ : 94634 39075

13-04-2024

 ਚਿੰਤਾ ਦੀਰਘ ਰੋਗ ਹੈ
ਲੇਖਕ : ਪ੍ਰੋ. ਬਸੰਤ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98149-41214

ਕਿਤਾਬਾਂ ਤਾਂ ਨਿੱਤ ਹੀ ਪੜ੍ਹਦੇ ਰਹੀਦੈ ਪਰ ਹਥਲੀ ਪੁਸਤਕ ਇਕੋ ਵਾਰੀ ਸਾਰੀ ਪੜ੍ਹੇ ਬਿਨਾਂ ਪਾਠਕ ਦਮ ਨਹੀਂ ਲੈ ਸਕਦਾ। ਇਹ ਪੁਸਤਕ ਲੇਖਕ ਦੇ ਨਿੱਜੀ ਅਨੁਭਵਾਂ (ਅੱਖੀਂ ਵੇਖੀਆਂ, ਹੱਡੀਂ ਹੰਢਾਈਆਂ, ਪੜ੍ਹੀਆਂ ਪੜ੍ਹਾਈਆਂ, ਸੁਣੀਆਂ-ਸੁਣਾਈਆਂ) ਅਤੇ ਯਾਦਾਂ 'ਤੇ ਆਧਾਰਿਤ ਅਨੂਠੀ ਕਿਸਮ ਦੀ ਸਵੈ-ਜੀਵਨੀ ਹੈ। ਭਾਵੇਂ ਲੇਖਕ ਨੇ ਰਸਮੀ ਤੌਰ 'ਤੇ ਆਤਮਕਥਾ ਨਹੀਂ ਲਿਖੀ। ਇਸ ਪੁਸਤਕ ਦੀ ਸਮੱਗਰੀ ਦੇ ਆਧਾਰ 'ਤੇ ਕੋਈ ਵੀ ਕਲਮ ਥੋੜ੍ਹੀ ਜਿਹੀ ਮਿਹਨਤ ਨਾਲ ਲੇਖਕ ਦੀ ਸ਼ਖ਼ਸੀਅਤ ਬਾਰੇ ਸ਼ਬਦ-ਚਿੱਤਰ ਉਲੀਕ ਸਕਦੀ ਹੈ। ਲੇਖਕ ਦਾ ਜਨਮ 25 ਅਕਤੂਬਰ, 1940 ਨੂੰ ਅਜੋਕੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿਚਲੇ ਪਿੰਡ ਰਘੂਆਣਾ ਵਿਚ ਹੋਇਆ। ਉਹ ਐੱਮ.ਏ. ਅੰਗਰੇਜ਼ੀ ਕਰ ਕੇ ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿਚ ਪ੍ਰੋਫ਼ੈਸਰ ਵਲੋਂ ਕਾਰਜ ਕਰਦਾ ਰਿਹਾ ਅਤੇ 1998 ਅਕਤੂਬਰ ਵਿਚ ਸੇਵਾਮੁਕਤ ਹੋਇਆ। ਹਥਲੀ ਪੁਸਤਕ ਵਿਚ ਉਸ ਦੇ 30 ਨਿਬੰਧ ਸ਼ਾਮਿਲ ਹਨ ਜਿਹੜੇ ਦੇਸ਼ੀ, ਵਿਦੇਸ਼ੀ ਅਤੇ ਨਿੱਜ ਨਾਲ ਵਾਪਰੀਆਂ ਘਟਨਾਵਾਂ ਨਾਲ ਲਬਰੇਜ਼ ਹਨ। ਇਹ ਘਟਨਾਵਾਂ ਦਿਲਚਸਪ ਵੀ ਹਨ ਅਤੇ ਪਾਠਕਾਂ ਦਾ ਮਾਰਗ ਦਰਸ਼ਨ ਕਰਨ ਦੀ ਸਮਰੱਥਾ ਰੱਖਦੀਆਂ ਹਨ। ਪੁਰਾਤਨਤਾ, ਆਧੁਨਿਕਤਾ ਅਤੇ ਉੱਤਰ-ਆਧੁਨਿਕਤਾ ਦੀਆਂ ਸਮੱਸਿਆਵਾਂ ਨੂੰ ਆਪਣੇ ਕਲਾਵੇ ਵਿਚ ਲੈਂਦੀਆਂ ਹਨ। ਉਸ ਦਾ ਇਹ ਲਿਖਣਾ ਸਹੀ ਜਾਪਦਾ ਹੈ 'ਮੇਰੇ ਮਨ ਦੀ ਗੱਲ ਕਹਿਣ ਨਾਲ ਹਰ ਇਕ ਦੇ ਮਨ ਦੀ ਤਰਜਮਾਨੀ ਵੀ ਹੋ ਸਕਦੀ ਹੈ।' ਪੰਨਾ 87, ਕਿਉਂ ਜੋ ਸਮੁੱਚੀ ਮਾਨਵਤਾ ਦਾ ਮਨ ਇਕੋ ਕੱਖਾਂ-ਕਾਨਿਆਂ ਦਾ ਬਣਿਆ ਹੁੰਦਾ ਹੈ। ਨਿਬੰਧ ਪੀ.ਬੀ. ਸ਼ੈਲੀ ਦੇ ਵਿਚਾਰਾਂ ਅਨੁਸਾਰ ਮਾਣੇਂ ਜਾ ਸਕਦੇ ਹਨ 'ਵੀ ਲੁਕ ਬਿਫੋਰ ਐਂਡ ਆਫ਼ਟਰ ਐਂਡ ਪਾਇਨ ਫਾਰ ਵੋਟ ਇਜ਼ ਨੌਟ।' ਲੇਖਕ ਨੇ ਆਪਣੇ ਬਚਪਨ, ਜਵਾਨੀ ਅਤੇ ਸੇਵਾਮੁਕਤੀ ਤੋਂ ਬਾਅਦ ਤੱਕ ਦੇ ਜੀਵਨ 'ਤੇ ਫੋਕਸੀਕਰਨ ਕੀਤਾ ਹੈ। ਲੇਖਕ ਦੀ ਵਾਰਤਕ ਸਰਲ ਅਤੇ ਰਵਾਨਗੀ ਭਰਪੂਰ ਹੈ। ਪਾਠਕਾਂ ਨੂੰ ਅਨੇਕਾਂ ਮੁੱਲਵਾਨ ਜਾਣਕਾਰੀਆਂ ਉਪਲਬਧ ਕਰਵਾਈਆਂ ਗਈਆਂ ਹਨ। ਜਿਵੇਂ ਲੜਕੇ/ਲੜਕੀ ਦਾ ਪੈਦਾ ਹੋਣਾ ਔਰਤ ਦੇ ਵੱਸ ਨਹੀਂ ਹੁੰਦਾ। 'ਔਰਤ ਦੇ ਐਕਸ ਅਤੇ ਆਦਮੀ ਦੇ ਵਾਈ ਕਰੋਮੋਸੋਮ ਦੇ ਜੁੜਨ ਨਾਲ ਲੜਕੇ ਦੀ ਸਿਰਜਣਾ ਹੁੰਦੀ ਹੈ।' ਪੰਨਾ 74. ਲੇਖਕ ਦੀ ਸ਼ੈਲੀ ਵਿਚ ਅਨੇਕਾਂ ਹਾਸ-ਵਿਅੰਗ ਦੇ ਵਿਸ਼ੇ ਹਨ। ਜਿਵੇਂ 'ਟਰੱਕ ਵਿਚ ਚੋਣ-ਅਮਲੇ ਬਾਰੇ ਦ੍ਰਿਸ਼ ਵੇਖੋ 'ਅੱਗੇ ਡਰਾਈਵਰ ਦੇ ਨਾਲ ਪਹਿਲਾਂ ਹੀ ਪੁਲਿਸ ਵਾਲੇ ਚੜ੍ਹ ਜਾਂਦੇ ਹਨ। ਚੋਣ ਅਮਲਾ ਪਿੱਛੇ ਪੀਂਘ ਝੂਟਦਾ ਆਉਂਦਾ ਹੈ।' ਪੰਨਾ. 107.

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vat}sh.dharamchand0{ma}&.com

ਕਦੇ ਕਦਾਈਂ
ਲੇਖਕ : ਦਰਸ਼ਨ ਬੁਲੰਦਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 785 ਰੁਪਏ, ਸਫ਼ੇ : 592
ਸੰਪਰਕ : 95011-45039

ਦਰਸ਼ਨ ਬੁਲੰਦਵੀ ਮੂਲ ਰੂਪ ਵਿਚ ਇਕ ਪਰਵਾਸੀ ਕਵੀ ਹੈ। ਹਾਲਾਂਕਿ ਉਸ ਨੇ ਆਪਣਾ ਕਾਵਿ ਸਫ਼ਰ ਪਰਵਾਸ ਧਾਰਨ ਕਰਨ ਤੋਂ ਪਹਿਲਾਂ ਹੀ ਆਰੰਭ ਦਿੱਤਾ ਸੀ। ਉਸ ਦੀ ਪਹਿਲੀ ਕਾਵਿ-ਪੁਸਤਕ 1973 ਵਿਚ ਉਦੋਂ ਹੀ ਛਪ ਗਈ ਸੀ, ਜਦੋਂ ਪੰਜਾਬ ਵਿਚ ਪ੍ਰਗਤੀਵਾਦੀ ਕਵਿਤਾ ਦਾ ਬੋਲਬਾਲਾ ਸੀ। ਹੁਣ ਉਸ ਨੇ ਅੱਧੀ ਸਦੀ ਦੇ ਸਮੇਂ ਵਿਚ ਵੱਖ-ਵੱਖ ਕਿਤਾਬਾਂ ਵਿਚ ਛਪੀਆਂ ਆਪਣੀਆਂ ਕਵਿਤਾਵਾਂ ਨੂੰ 'ਕਦੇ ਕਦਾਈਂ' ਸਿਰਲੇਖ ਹੇਠ ਇਕੋ ਜਿਲਦ ਵਿਚ ਬੰਨ੍ਹ ਕੇ ਪੰਜਾਬੀ ਕਵਿਤਾ ਦੇ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਪਹਿਲਾਂ ਛਪੀਆਂ ਕਿਤਾਬਾਂ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਸਮੇਤ ਫੇਰ ਛਾਪ ਕੇ ਉਸ ਨੇ ਆਪਣੀ ਕਵਿਤਾ ਦਾ ਇਕ ਬੱਝਵਾਂ ਪ੍ਰਭਾਵ ਸਿਰਜਣ ਦਾ ਯਤਨ ਕੀਤਾ ਹੈ। ਇਸ ਵੱਡ-ਅਕਾਰੀ ਕਿਤਾਬ ਦੀ ਆਪਣੀ ਕੋਈ ਭੂਮਿਕਾ ਨਹੀਂ ਲਿਖੀ ਜਾਂ ਲਿਖਵਾਈ ਗਈ, ਪਰ ਇਸ ਦੇ ਸਰਵਰਕ ਉੱਤੇ ਅੰਕਿਤ ਕੀਤੇ ਗਏ ਕੁਝ ਆਲੋਚਕਾਂ ਅਤੇ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ ਦੇ ਵਿਚਾਰ ਗਵਾਹੀ ਭਰਦੇ ਹਨ ਕਿ ਦਰਸ਼ਨ ਬੁਲੰਦਵੀ ਦਾ ਵਰਤਮਾਨ ਕਾਵਿ-ਸੰਸਾਰ ਵਿਚ ਕੀ ਸਥਾਨ ਹੈ। ਸਤਿੰਦਰ ਸਿੰਘ ਨੂਰ ਲਿਖਦਾ ਹੈ 'ਕਵਿਤਾ ਵਿਚ ਪ੍ਰਭਾਵਸ਼ਾਲੀ ਕਵਿਤਾ ਦੀ ਤਲਾਸ਼ ਕਰਦਿਆਂ ਅਸੀਂ ਇਸੇ ਕਿਸਮ ਦੀ ਕਵਿਤਾ ਦੀ ਤਲਾਸ਼ ਨਾਲ ਜੁੜੇ ਹੋਏ ਹਾਂ। ਇਹ ਕਵਿਤਾ ਇਸ ਪੱਖ ਤੋਂ ਸੰਤੁਸ਼ਟ ਕਰਦੀ ਹੈ।'
ਹਰਭਜਨ ਸਿੰਘ ਭਾਟੀਆ ਦਾ ਵਿਚਾਰ ਹੈ 'ਵਿਸ਼ਿਆਂ ਦੀ ਸਾਂਝ ਦੇ ਬਾਵਜੂਦ ਅੰਦਾਜ਼ ਦੀ ਵੱਖਰਤਾ ਅਤੇ ਦ੍ਰਿਸ਼ਟੀ ਦੇ ਤਰਕਸ਼ੀਲ ਤੇ ਵਿਗਿਆਨਕ ਹੋਣ ਨੇ ਇਸ ਸ਼ਾਇਰੀ ਨੂੰ ਆਧੁਨਿਕ ਮੁਹਾਂਦਰਾ ਪ੍ਰਦਾਨ ਕੀਤਾ ਹੈ।'
ਪੰਜਾਬੀ ਕਾਵਿ ਸਮੀਖਿਆ ਦੇ ਇਨ੍ਹਾਂ ਹਸਤਾਖਰ ਸਮੀਖਿਅਕਾਂ ਦੇ ਵਿਚਾਰਾਂ ਨੂੰ ਦਰਸ਼ਨ ਬੁਲੰਦਵੀ ਦੀ ਕਵਿਤਾ ਨਾਲ ਮੇਚ-ਮੇਚ ਕੇ ਵੇਖੀਏ ਤਾਂ ਸਪੱਸ਼ਟ ਦਿਸਦਾ ਹੈ ਕਿ ਦਰਸ਼ਨ ਬੁਲੰਦਵੀ ਸਾਡੇ ਸਮਿਆਂ ਦਾ ਸਮਰੱਥ ਕਵੀ ਹੈ। ਉਸ ਨੂੰ ਖੁੱਲ੍ਹੀ ਕਵਿਤਾ, ਗੀਤ ਅਤੇ ਗ਼ਜ਼ਲ ਉੱਤੇ ਇਕੋ ਜਿਹੀ ਮੁਹਾਰਤ ਹਾਸਿਲ ਹੈ। ਜਦੋਂ ਉਹ 'ਸਮੁੰਦਰ' ਵਰਗੀ ਲੰਮੀ ਕਵਿਤਾ ਸਿਰਜਦਾ ਹੈ ਤਾਂ ਉਸ ਦੀ ਕਾਵਿ-ਸਮਰੱਥਾ ਦਾ ਇਕ ਹੋਰ ਪਾਸਾਰ ਉਜਾਗਰ ਹੁੰਦਾ ਹੈ। ਅੱਠ ਖੰਡਾਂ ਵਿਚ ਫੈਲੀ ਹੋਈ ਇਹ ਕਵਿਤਾ 'ਸਮੁੰਦਰ ਨਾਲ ਗੱਲਾਂ' ਇਸ ਕਿਤਾਬ ਦੀ ਪਹਿਲੀ ਕਵਿਤਾ ਹੈ। 'ਸਮੁੰਦਰ ਤੇਰੇ ਨਾਲ ਗੱਲਾਂ', 'ਸਮੁੰਦਰ', 'ਅੱਜ ਉਹਦਾ ਖ਼ਤ ਆਇਆ', 'ਸਮੁੰਦਰ ਜਦੋਂ ਇਕ ਸਾਂ', 'ਸਮੁੰਦਰ ਲੈ ਸੁਣ ਦਿਲ ਦਾ ਰਾਜ਼', 'ਸਮੁੰਦਰ ਇਹ ਬੇਖ਼ਬਰ ਹੋਣਾ ਸੀ', 'ਸਮੁੰਦਰ ਅਸੀਂ ਬੜਾ ਚਿਰ ਤੁਰਦੇ ਰਹੇ' ਤੇ 'ਸਮੁੰਦਰ ਅਸੀਂ ਇਕ ਦੂਜੇ ਦੀ ਮੰਜ਼ਿਲ ਹਾਂ...' ਵੱਖ-ਵੱਖ ਖੰਡਾਂ ਨਾਲ ਤੁਰਦੀ ਹੋਈ ਇਹ ਕਵਿਤਾ ਇਕ ਦਿਲਚਸਪ ਅਤੇ ਜਟਲ ਪੈਟਰਨ ਸਿਰਜਦੀ ਹੈ। ਸਮੁੰਦਰ ਦੇ ਬਹਾਨੇ ਨਾਲ ਦਿਲ ਦੀ ਆਵਾਜ਼ ਨੂੰ ਬੋਲ ਬਖ਼ਸ਼ਣੇ ਇਸ ਕਵਿਤਾ ਦਾ ਕਮਾਲ ਹੈ:-
ਸਮੁੰਦਰ! ਤੇਰੇ ਨਾਲ ਗੱਲਾਂ
ਜਿਵੇਂ ਹਵਾਵਾਂ ਦੇ ਲੜ ਬੰਨ੍ਹ ਕੇ
ਪਾਰ ਸੁਨੇਹਾ ਘਲ ਰਿਹਾ ਹੋਵਾਂ
ਜਾਂ ਜਿਵੇਂ ਜਾਂਦੇ ਵਕਤ ਦੇ ਕੰਨੀਂ
ਆਪਣੀ ਦਾਸਤਾਨ ਕਹਿ ਰਿਹਾ ਹੋਵਾਂ
ਜਾਂ ਜਿਵੇਂ ਅੱਖਾਂ 'ਚ ਘੁੰਮਦੇ ਖਾਬ ਨੂੰ
ਹੱਥਾਂ ਵਿਚ ਥੰਮ੍ਹ ਰਿਹਾ ਹੋਵਾਂ
ਜਾਂ ਜਿਵੇਂ ਆਪਣੀ ਟੁੱਟ ਭੱਜ ਨੂੰ
ਆਪੇ ਗੰਢ ਤੁਪ ਰਿਹਾ ਹੋਵਾਂ...
ਕਿਸੇ ਪਰਵਾਸੀ ਕਵੀ ਦੀ ਆਪਣੇ ਸਮਾਜ, ਸੱਭਿਆਚਾਰ ਪ੍ਰਤੀ ਸੰਵੇਦਨਾ ਅਤੇ ਕਰਮ ਭੂਮੀ ਦਾ ਯਥਾਰਥ, ਜਦੋਂ ਕਵਿਤਾ ਵਿਚ ਢਲਦਾ ਹੈ ਤਾਂ ਜੀਵੰਤ ਕਵਿਤਾ ਰੂਪਮਾਨ ਹੁੰਦੀ ਹੈ। ਇਸ ਕਿਤਾਬ ਵਿਚ ਉਸ ਦੀਆਂ ਛੇ ਕਿਤਾਬਾਂ ਹਨ 'ਸਮੁੰਦਰ ਨਾਲ ਗੱਲਾਂ', 'ਧੁੱਪ 'ਚ ਜਗਦਾ ਦੀਵਾ', 'ਕਿਰਦੀ ਮਿੱਟੀ', 'ਮਹਿਕਾਂ ਦਾ ਸਿਰਨਾਵਾਂ', 'ਚਾਨਣ ਦੇ ਪਰਛਾਵੇਂ' ਅਤੇ 'ਪਾਰ ਦਾ ਸਫ਼ਰ' ਉਸ ਦੀਆਂ ਇਹ ਕਿਤਾਬਾਂ 1985 ਤੋਂ 2022 ਤੱਕ ਛਪੀਆਂ ਸਨ। ਉਸ ਦੀ ਸਮੁੱਚੀ ਕਵਿਤਾ ਸਹਿਜ ਤੋਰ ਵਾਲੀ ਕਵਿਤਾ ਹੈ, ਜਿਸ ਵਿਚ ਵੇਦਨਾ ਹੈ, ਤੜਫ਼ ਹੈ, ਨਸੀਹਤ ਹੈ, ਉਪਦੇਸ਼ ਹੈ, ਜ਼ਿੰਦਗੀ ਨੂੰ ਜਿਊਣ ਦਾ ਸੂਖ਼ਮ ਸੰਦੇਸ਼ ਹੈ।
ਪਰਦਿਆਂ 'ਚ ਰਹਿਣ ਨੂੰ
ਜੇ ਤੇਰਾ ਚਿਤ ਕਰਦਾ ਏ
ਸ਼ੀਸ਼ਿਆਂ ਦੇ ਘਰ ਕਿਉਂ
ਰਹਿਣ ਨੂੰ ਬਣਾਉਨਾ ਏਂ

-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812

ਦਿਲ ਦੇ ਹੇਠਲੇ ਰਖਨੇ 'ਚੋਂ
ਲੇਖਿਕਾ : ਗੁਰਪ੍ਰੀਤ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 78376-80367

'ਦਿਲ ਦੇ ਹੇਠਲੇ ਰਖਨੇ 'ਚੋਂ' ਨਾਂਅ ਦੀ (ਕਾਵਿ-ਸੰਗ੍ਰਹਿ) ਪੁਸਤਕ ਦੀ ਲੇਖਿਕਾ ਗੁਰਪ੍ਰੀਤ ਗਿੱਲ ਹੈ, ਜਿਨ੍ਹਾਂ ਨੇ ਇਸ ਪੁਸਤਕ ਵਿਚ 81 ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਇਸ ਪੁਸਤਕ ਦੀ ਲੇਖਿਕਾ ਨੇ ਆਪਣੀ ਹਰ ਰਚਨਾ ਵਿਚ ਆਪਣੇ ਦਿਲ ਦੇ ਅੰਦਰਲਿਆਂ ਵਲਵਲਿਆਂ ਨੂੰ ਪੇਸ਼ ਕਰਕੇ ਆਪਣੀ ਅੰਦਰ ਰੱਖੀ ਹੂਕ ਨੂੰ ਪਾਠਕਾਂ ਦੇ ਨਾਲ ਸਾਂਝਾ ਕਰਕੇ ਆਪਣਾ ਦਿਲ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਈ ਗੱਲਾਂ, ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਦਿਲ ਵਿਚ ਬੈਠ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਥੋੜ੍ਹਾ ਬਹੁਤ ਤਾਂ ਕਿਸੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਪ੍ਰੰਤੂ ਲਿਖਣ ਵੇਲੇ ਉਸ ਘਟਨਾ ਦਾ, ਗੱਲ ਨੂੰ ਅੱਖਾਂ ਦੇ ਸਾਹਮਣੇ ਰੱਖ ਕੇ ਲਿਖਣ ਦਾ ਆਪਣਾ ਹੀ ਸਵਾਦ ਹੈ, ਜਿਸ ਨੂੰ ਲੇਖਿਕਾ ਨੇ ਪੂਰੀ ਤਰ੍ਹਾਂ ਨਾਲ ਅਜਮਾਇਆ ਲਗਦਾ ਹੈ। ਇਸ ਪੁਸਤਕ ਵਿਚ ਲੇਖਿਕਾ ਨੇ ਜ਼ਿੰਦਗੀ ਦੇ ਵੱਖ-ਵੱਖ ਮੌਕਿਆਂ, ਪੜਾਅ, ਦ੍ਰਿਸ਼, ਪਲ, ਅਹਿਸਾਸ, ਉਮੰਗ, ਵਲਵਲੇ ਨੂੰ ਕਵਿਤਾ ਦਾ ਰੂਪ ਦੇ ਕੇ ਬਿਮਾਨ ਕਰਨ ਵਿਚ ਕਸਰ ਨਹੀਂ ਛੱਡੀ। ਕੁਝ ਰਚਨਾਵਾਂ ਤਾਂ ਬਹੁਤ ਹੀ ਛੋਟੀਆਂ ਹਨ ਪ੍ਰੰਤੂ ਉਨ੍ਹਾਂ ਵਿਚ ਕਿਸੇ ਨਾ ਕਿਸੇ ਗੱਲ ਦੀ ਝਲਕ ਵਿਖਾਈ ਦਿੰਦੀ ਹੈ। ਲੇਖਿਕਾ ਦੀਆਂ ਕਵਿਤਾਵਾਂ ਵਿਚ ਕਚਿਆਈ ਨਜ਼ਰ ਆ ਰਹੀ ਹੈ। ਹੋ ਸਕਦਾ ਹੈ ਲੇਖਿਕਾ ਦਾ ਇਹ ਕਾਵਿ-ਸੰਗ੍ਰਹਿ ਪਲੇਠਾਂ ਹੋਵੇ ਪ੍ਰੰਤੂ ਕੋਸ਼ਿਸ਼ ਚੰਗੀ ਹੈ ਕਿ ਆਪਣੀ ਅੰਦਰਲੀ ਆਵਾਜ਼ ਨੂੰ ਸ਼ਬਦਾਂ ਦੀ ਮਾਲਾ ਵਿਚ ਪਰੋ ਕੇ ਪਾਠਕਾਂ ਦੇ ਨਾਲ ਸਾਂਝਾ ਕੀਤਾ ਹੈ, ਲੇਖਿਕਾ 'ਸੱਚ' ਨਾਂਅ ਦੀ ਕਵਿਤਾ ਵਿਚ ਲਿਖਦੀ ਹੈ :
'ਨੈਣਾਂ ਵਿਚ ਇਕ ਹੜ੍ਹ ਆਇਆ,
ਕੁਝ ਸੁਪਨੇ ਡੁੱਬ ਗਏ।
ਕੁਝ ਸੁਪਨੇ ਡੁੱਬਣ ਦੇ ਡਰੋਂ,
ਪਹਿਲਾਂ ਹੀ ਨੈਣਾਂ ਵਿਚੋਂ ਉਡ ਗਏ।
ਫਿਰ ਵੀ ਅਧੂਰੀ ਕਵਿਤਾ, ਸਮੇਂ ਸਮੇਂ ਦੀ ਗੱਲ, ਸੁੱਤੀ ਕਲਾ, ਸੱਚ, ਬੜੀ ਯਾਦ ਆਉਂਦੀ ਹੈ, ਇਕ ਨਦੀ ਦੀ ਕਹਾਣੀ, ਉਹਦਾ ਖਿਆਲ, ਇਹ ਕਵਿਤਾ ਕਿੱਥੋਂ ਆ ਗਈ, ਬਰਖਾਸਤ, ਕੌਮੇ ਵਰਗਾ ਦਿਨ, ਔਖੇ ਸਵਾਲ ਆਦਿ ਸ਼ਲਾਘਾਯੋਗ ਹਨ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਇਰਾਦੇ ਹੋਣ ਤਾਂ ਅਜਿਹੇ
ਲੇਖਕ : ਐੱਨ. ਰਘੁਰਾਮਨ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 275 ਰੁਪਏ, ਸਫ਼ੇ : 152
ਸੰਪਰਕ : 0181-2214196

ਉੱਘੇ ਪੱਤਰਕਾਰ ਸ੍ਰੀ ਐੱਨ. ਰਘੁਰਾਮਨ ਬਤੌਰ ਸੰਪਾਦਕ 'ਇੰਡੀਅਨ ਐਕਸਪ੍ਰੈੱਸ', 'ਡੀ.ਐੱਨ.ਏ.', ਅਤੇ 'ਦੈਨਿਕ ਭਾਸਕਰ' ਵਰਗੇ ਰੋਜ਼ਾਨਾ ਰਾਸ਼ਟਰੀ ਅਖ਼ਬਾਰਾਂ ਵਿਚ ਨਾਮਣਾ ਖੱਟ ਚੁੱਕੇ ਹਨ। ਇਨ੍ਹਾਂ ਦੀ ਪੰਜਾਬੀ ਵਿਚ 'ਇਰਾਦੇ ਹੋਣ ਤਾਂ ਅਜਿਹੇ' ਪੁਸਤਕ ਪਾਠਕ ਦਾ ਧਿਆਨ ਖਿੱਚਦੀ ਹੈ। ਅਪਰਾਧ ਤੋਂ ਲੈ ਕੇ ਰਾਜਨੀਤੀ ਅਤੇ ਵਪਾਰ-ਵਿਕਾਸ ਤੋਂ ਲੈ ਕੇ ਉਦਮਤਾ ਤੱਕ ਸਾਰੇ ਵਿਸ਼ਿਆਂ ਨੂੰ ਬੜੀ ਸਫ਼ਲਤਾ ਨਾਲ ਕਾਨੀਬੰਦ ਕੀਤਾ ਹੈ। ਅੱਜ ਦੇ ਸਮਿਆਂ ਵਿਚ ਜਦੋਂ ਮਨੁੱਖ ਬੇਚੈਨ ਅਤੇ ਉਦਾਸੀ ਦੇ ਆਲਮ 'ਚੋਂ ਲੰਘ ਰਿਹਾ ਹੈ, ਉਦੋਂ ਅਜਿਹੇ ਸਾਹਿਤ ਦੀ ਲੋੜ ਪੱਥ-ਪ੍ਰਦਸਤਕ ਸਿੱਧ ਹੋ ਸਕਦੀ ਹੈ। ਅਜਿਹੇ ਵਿਸ਼ਿਆਂ ਬਾਰੇ ਅੰਗਰੇਜ਼ੀ ਵਿਚ ਬਹੁਤ ਪੁਸਤਕਾਂ ਉਪਲਬਧ ਹਨ। ਇਸ ਪੁਸਤਕ ਦਾ ਸਾਰੰਸ਼ ਇਹ ਨਿਰਣਾ ਕਰਦਾ ਹੈ ਕਿ ਜੇਕਰ ਉਦੇਸ਼ ਸਹੀ ਹੋਣ, ਇਰਾਦਾ ਪੱਕਾ ਹੋਵੇ, ਦ੍ਰਿਸ਼ਟੀ ਤੇ ਸੋਚ ਸਪੱਸ਼ਟ ਹੋਵੇ ਤਾਂ ਘੱਟ ਗਿਣਤੀ ਦੇ ਬੰਦੇ ਅਤੇ ਆਮ-ਸਾਧਾਰਨ ਵਿਅਕਤੀ ਵੀ ਜੀਵਨ ਵਿਚ ਬਦਲਾਓ ਲਿਆਉਣ ਵਿਚ ਸਫਲ ਹੋ ਸਕਦੇ ਹਨ। ਮਨੁੱਖ ਦੀ ਸਮਰੱਥਾ ਸਭ ਕੁਝ ਹਾਸਿਲ ਕਰ ਸਕਦੀ ਹੈ। ਮਿਹਨਤ, ਸਬਰ, ਦ੍ਰਿੜ੍ਹਤਾ ਤੇ ਟੀਚਾ ਹਰ ਮੁਸ਼ਕਿਲ ਨੂੰ ਹੱਲ ਕਰ ਸਕਦੀ ਹੈ। ਪਹਿਲੇ ਲੇਖਕ 'ਹਰ ਕਿਸੇ ਨੂੰ ਉਸ ਦੀ ਮਰਜ਼ੀ ਦੇ ਅਨੁਸਾਰ ਸਿੱਖਣ ਦਾ ਅਧਿਕਾਰ' ਤੋਂ ਲੈ ਕੇ ਅੰਤਲੇ ਲੇਖ 'ਜ਼ਿੰਦਗੀ ਵਿਚ ਛਾਪ ਛੱਡਣੀ ਹੈ ਤਾਂ ਕਦੀ ਹਾਰ ਨਾ ਮੰਨੋ' ਲਗਭਗ ਦੋ ਪੰਨਿਆਂ 'ਚ ਸੰਪੂਰਨ 64 ਲੇਖ ਸ਼ਾਮਿਲ ਹਨ। ਨਿੱਕੇ-ਨਿੱਕੇ ਕੰਮ ਸ਼ੁਰੂ ਕਰ ਕੇ ਕਿਵੇਂ ਨਾਂਅ ਸਥਾਪਿਤ ਹੁੰਦੇ ਹਨ, ਕੰਪਨੀਆਂ ਆਪਣੇ ਉਤਪਾਦ ਵਧਾਉਣ ਲਈ ਗਾਹਕਾਂ ਪ੍ਰਤੀ ਕਿਵੇਂ ਸੁਚੇਤ ਹੋ ਕੇ ਲਾਭ ਉਠਾਉਂਦੀਆਂ ਹਨ, ਉਨ੍ਹਾਂ ਦਾ ਵਿਵਰਣ ਬੜਾ ਰੌਚਿਕ ਤੇ ਹੈਰਾਨ ਕਰਨ ਵਾਲਾ ਹੈ। ਲੇਖਕ ਨੇ ਸਮਾਜ 'ਚੋਂ ਆਮ ਪਾਤਰਾਂ ਦੀ ਸਫ਼ਲਤਾ ਦੇ ਰਾਜ ਬਹੁਤ ਨੇੜਿਓਂ ਹੋ ਕੇ ਵਰਣਨ ਕੀਤੇ ਹਨ। ਮੋਬਾਈਲ, ਸੰਚਾਰ ਸਾਧਨ, ਰੋਜ਼ਾਨਾ ਵਰਤਣ ਵਾਲੀਆਂ ਵਸਤਾਂ ਦੇ ਟ੍ਰੇਡ ਮਾਰਕ ਕਿਵੇਂ ਮਸ਼ਹੂਰ ਹੋਏ, ਉਨ੍ਹਾਂ ਬਾਰੇ ਜਾਣਕਾਰੀ ਪਾਠਕ ਨੂੰ ਅਚੰਭਤ ਅਤੇ ਉਤਸ਼ਾਹਿਤ ਕਰਦੀ ਹੈ। ਇਕ ਉਦਾਹਰਨ ਰਾਜਸਥਾਨ ਦੇ ਕਿਸਾਨ ਭਰਾਵਾਂ ਰਾਮ ਚਰਨ, ਓਮ ਪ੍ਰਕਾਸ਼ ਅਤੇ ਕੰਚਨ ਸਿੰਘ ਦੀ ਹੈ ਜੋ ਖੇਤੀ ਦੇ ਧੰਦੇ ਗੁਆਰ ਫਲੀ ਦੀ ਉਪਜ ਨਾਲ ਕਿਵੇਂ ਸਫ਼ਲਤਾ ਨਾਲ ਖ਼ੁਸ਼ਹਾਲ ਹੁੰਦੇ ਹਨ। ਗੁਆਰ ਫਲੀ ਲਈ ਰਾਜਸਥਾਨ ਦੁਨੀਆ 'ਚ ਨੰਬਰ ਇਕ ਹੈ। ਇਸ ਉਪਜ ਦੀ ਵਰਤੋਂ ਆਈਸਕ੍ਰੀਮ ਤੇ ਟੋਮੈਟੋ ਕੈਚਅਪ 'ਚ ਹੁੰਦੀ ਹੈ। ਸਿੱਟਾ ਇਹ ਕੱਢਿਆ ਗਿਆ ਕਿ ਯੋਜਨਾਬੱਧ ਖੇਤੀਬਾੜੀ, ਉਦਯੋਗਾਂ ਨੂੰ ਪਿੱਛੇ ਛੱਡ ਸਕਦੀ ਹੈ। ਇੰਝ ਹੀ ਜਸਲੀਨ ਰੋਇਆਲ ਲੁਧਿਆਣੇ ਦੀ ਜੰਮਪਲ ਕ੍ਰਿਕਟ ਨੂੰ ਛੱਡ ਉੱਘੀ ਸੰਗੀਤਕਾਰ ਕਿਵੇਂ ਬਣੀ ਦੀ ਕਹਾਣੀ ਪ੍ਰੇਰਨਾਦਾਇਕ ਹੈ। ਗਿਆਨ, ਮਿਹਨਤ ਤੇ ਤਜਰਬਾ ਜ਼ਿੰਦਗੀ ਦੀ ਸਫ਼ਲਤਾ ਦੇ ਭੇਦ ਹਨ। ਇਹ ਪੁਸਤਕ ਹਰ ਕਿਸੇ ਨੂੰ ਪੜ੍ਹਨ ਦਾ ਚਸਕਾ ਪ੍ਰਦਾਨ ਕਰਦੀ ਹੈ। ਜੇਕਰ ਤੁਹਾਡਾ ਇਰਾਦਾ ਪੱਕਾ ਹੈ ਤਾਂ ਤੁਸੀਂ ਆਪਣੇ ਹੁਨਰ ਦਾ ਸਿੱਕਾ ਜਮਾ ਸਕਦੇ ਹੋ। ਪਾਣੀ ਬਾਰੇ ਕਮਾਲ ਦੀ ਪ੍ਰੇਰਨਾ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਤਿਲਫੁਲ-2
ਲੇਖਕ : ਹਰਪਾਲ ਸਿੰਘ ਪੰਨੂੰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 288
ਸੰਪਰਕ : 094642-51454

ਡਾ. ਹਰਪਾਲ ਸਿੰਘ ਪੰਨੂੰ ਇਕ ਬਹੁਵਿਧਾਈ ਅਤੇ ਅਨੁਭਵੀ ਲੇਖਕ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਲੇਖਣ ਉਸ ਦਾ ਮੁੱਖ ਪ੍ਰਕਰਨ ਬਣਿਆ ਹੋਇਆ ਹੈ। ਲੇਖਣ-ਕਾਰਜ ਉਸ ਦੀ ਵਚਨਬੱਧਤਾ ਹੈ। ਉਹ ਆਪਣਾ ਫ਼ਰਜ਼ ਨਿਭਾਉਣ ਲਈ ਲਿਖ ਰਿਹਾ ਹੈ। ਬੇਸ਼ੱਕ ਉਸ ਦੀ ਮੁਢਲੀ ਵਚਨਬੱਧਤਾ ਧਰਮ-ਸ਼ਾਸਤਰ ਨਾਲ ਹੈ ਪਰ ਉਹ ਵਿਸ਼ਵ-ਸੱਭਿਆਚਾਰ ਦੇ ਹੋਰ ਪਹਿਲੂਆਂ ਬਾਰੇ ਵੀ ਲਿਖਦਾ ਰਹਿੰਦਾ ਹੈ। 'ਤਿਲਫੁਲ' ਸਿਰਲੇਖ ਅਧੀਨ ਉਹ ਜੀਵਨ ਦੇ ਬਹੁਤ ਸਾਰੇ ਪੱਖਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਰਿਹਾ ਹੈ। ਇਸ ਪੁਸਤਕ ਲੜੀ ਦੇ ਹਥਲੇ ਦੂਜੇ ਭਾਗ ਵਿਚ ਉਸ ਦੇ 52 ਲੇਖ ਸੰਗ੍ਰਹਿਤ ਹਨ। ਤਾਸ਼ ਦੇ ਪੱਤਿਆਂ ਅਤੇ ਵਰ੍ਹੇ ਦੇ ਹਫ਼ਤਿਆਂ ਦੀ ਗਿਣਤੀ ਵਾਂਗ 52 ਅੰਕ ਉਲਟਾ ਪਸੰਦੀਦਾ ਅੰਕ ਹੈ। ਇਸ ਪੁਸਤਕ ਵਿਚ ਕਹਾਣੀਆਂ, ਗ਼ੈਰ-ਕਹਾਣੀਆਂ, ਜੱਗਬੀਤੀਆਂ ਅਤੇ ਹੱਡਬੀਤੀਆਂ ਆਦਿ ਕਈ ਵੰਨਗੀਆਂ ਦੀਆਂ ਰਚਨਾਵਾਂ ਅੰਕਿਤ ਹੋਈਆਂ ਹਨ। ਕੁਝ ਹੋਰ ਵੱਡੇ ਲੇਖਕਾਂ ਦੀਆਂ ਰਚਨਾਵਾਂ ਵੀ ਆਭਾਰ ਸਹਿਤ ਪੁਸਤਕ ਦਾ ਅੰਗ ਬਣੀਆਂ ਹਨ। ਇਨ੍ਹਾਂ ਲੇਖਕਾਂ ਵਿਚ ਐਂਟੋਨ ਚੈਖਵ (ਵਾਨਕਾ) ਅਤੇ ਅਨੰਦ ਲਹਿਰ (ਬਟਵਾਰਾ) ਉਲੇਖਯੋਗ ਹਨ। ਸ. ਪੰਨੂੰ ਦਾ ਵਿਚਾਰ ਹੈ ਕਿ ਲਿਖ ਦਿੱਤੇ ਜਾਣ ਤੋਂ ਬਾਅਦ ਕੋਈ ਰਚਨਾ, ਮੂਲ ਲੇਖਕ ਦੀ ਨਹੀਂ ਰਹਿੰਦੀ ਬਲਕਿ ਪਾਠਕ ਦੀ ਬਣ ਜਾਂਦੀ ਹੈ। ਉਹ ਜਿਵੇਂ ਚਾਹੇ, ਇਸ ਨੂੰ ਵਰਤੇ, ਇਸ ਦਾ ਉਪਯੋਗ ਕਰੇ। ਗੰਗਾ ਦੇ ਪਾਣੀਆਂ ਵਾਂਗ ਗਿਆਨ-ਗੰਗਾ ਉੱਪਰ ਵੀ ਕਿਸੇ ਇਕ ਵਿਅਕਤੀ ਦਾ ਹੱਕ ਨਹੀਂ ਰਹਿੰਦਾ।
ਡਾ. ਪੰਨੂੰ ਵੱਖਰੀ ਕਿਸਮ ਦਾ ਲੇਖਕ ਹੈ। ਉਸ ਦੀਆਂ ਰਚਨਾਵਾਂ ਵਿਚ ਦਰਵੇਸ਼, ਫ਼ਕੀਰ, ਸਾਧੂ-ਸੰਤਦ, ਸਾਖੀਕਾਰ ਅਤੇ ਫਿਲਾਸਫ਼ਰ ਆਦਿ ਵਿਅਕਤੀ ਸੰਵਾਦ ਰਚਾਉਂਦੇ ਅਤੇ ਇਸ ਨੂੰ ਅੱਗੇ ਤੋਰਦੇ ਹਨ। ਉਹ ਪਟਿਆਲੇ ਦੇ ਭੂਤ-ਅਚਾਰਯ ਬਾਬਾ ਲਾਲੀ ਦੁਆਰਾ ਤੋਰੀ 'ਕਥਨ-ਪ੍ਰਾਕਥਨ' ਦੀ ਪਰੰਪਰਾ ਦਾ ਇਕ ਨਵਾਂ ਆਯਾਮ ਸਿਰਜਦਾ ਹੈ। ਉਹ ਹਾਜ਼ਰੀ ਦੇ ਨਾਲ-ਨਾਲ ਗ਼ੈਰ-ਹਾਜ਼ਰੀ ਦੇ ਪ੍ਰਵਚਨ ਨੂੰ ਵੀ ਜ਼ਬਾਨ ਦਿੰਦਾ ਹੈ। ਉਸ ਦੀਆਂ ਹੋਰ ਪੋਥੀਆਂ ਵਾਂਗ ਇਹ ਪੋਥੀ ਵੀ ਨਿੱਠ ਕੇ ਪੜ੍ਹਨ ਵਾਲੀ ਰਚਨਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

'ਧਰਤ ਪੁਆਧ' ਦਾ ਆਲੋਚਨਾਤਮਿਕ ਅਧਿਐਨ
ਲੇਖਿਕਾ : ਸੁਨੀਤਾ ਰਾਣੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 139
ਸੰਪਰਕ : 76529-40866

ਹਥਲੀ ਕਿਤਾਬ ਸੁਨੀਤਾ ਰਾਣੀ ਦਾ ਐਮ.ਫਿਲ. ਦਾ ਥੀਸਿਸ ਹੈ, ਜੋ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਸਿਲ ਕੀਤੀ ਹੈ। ਇਸ ਕਿਤਾਬ ਵਿਚ ਸ. ਮਨਮੋਹਨ ਸਿੰਘ ਦਾਊਂ ਵਲੋਂ ਸੰਪਾਦਿਤ 'ਧਰਤ ਪੁਆਧ' ਦਾ ਮੁਲਾਂਕਣ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਾਊਂ ਦੀ ਇਹ ਕਿਤਾਬ ਆਪਣੇ-ਆਪ ਵਿਚ ਇਕ ਵਡਮੁੱਲਾ ਖੋਜ ਕਾਰਜ ਹੈ, ਜਿਸ ਨੂੰ 2017 ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ 'ਪ੍ਰਿੰ. ਤੇਜਾ ਸਿੰਘ ਸਰਬੋਤਮ ਸੰਪਾਦਨ ਪੁਰਸਕਾਰ' ਪ੍ਰਦਾਨ ਕੀਤਾ ਜਾ ਚੁੱਕਾ ਹੈ। ਲੇਖਿਕਾ ਨੇ ਇਸ ਕਿਤਾਬ ਦੇ ਪੰਜ ਭਾਗ ਬਣਾਏ ਹਨ, ਜਿਨ੍ਹਾਂ ਵਿਚ ਕ੍ਰਮਵਾਰ 'ਧਰਤ ਪੁਆਧ' ਪੁਸਤਕ ਦੇ ਸੰਦਰਭ ਵਿਚ ਪੁਆਧ ਦੀਆਂ ਭੂਗੋਲਿਕ ਸੀਮਾਵਾਂ, 'ਧਰਤ ਪੁਆਧ' ਪੁਸਤਕ ਦੇ ਸੰਦਰਭ ਵਿਚ ਪੁਆਧ ਦੀ ਭਾਸ਼ਾ, 'ਧਰਤ ਪੁਆਧ' ਪੁਸਤਕ ਦੇ ਸੰਦਰਭ ਵਿਚ ਪੁਆਧ ਦਾ ਇਤਿਹਾਸ, 'ਧਰਤ ਪੁਆਧ' ਪੁਸਤਕ ਦੇ ਸੰਦਰਭ ਵਿਚ ਪੁਆਧ ਦਾ ਸੱਭਿਆਚਾਰ, 'ਧਰਤ ਪੁਆਧ' ਪੁਸਤਕ ਦੇ ਸੰਦਰਭ ਵਿਚ ਪੁਆਧ ਦੇ ਲੋਕ ਨਾਇਕ ਨਾਂਅ ਦੇ ਅਧਿਆਇ ਸ਼ਾਮਿਲ ਹਨ। ਇਸ ਤੋਂ ਇਲਾਵਾ ਮੁੱਢ ਵਿਚ ਸੁਨੀਤਾ ਰਾਣੀ ਵਲੋਂ ਲਿਖੀ ਭੂਮਿਕਾ ਅਤੇ ਅੰਤਕਾ ਵਜੋਂ ਪੁਸਤਕ ਸੂਚੀ ਦਰਜ ਹੈ। ਭਾਵੇਂ ਪੁਆਧ ਦੇ ਹੋਰ ਬਹੁਤ ਸਾਰੇ ਪੱਖਾਂ ਅਤੇ ਵਿਸ਼ਿਆਂ ਨੂੰ ਵੀ ਅਧਿਐਨ ਵਜੋਂ ਲਿਆ ਜਾ ਸਕਦਾ ਸੀ, ਪਰ ਲੇਖਿਕਾ ਨੇ ਇਸ ਕਾਰਜ ਨੂੰ 'ਧਰਤ ਪੁਆਧ' ਪੁਸਤਕ 'ਤੇ ਕੇਂਦਰਿਤ ਰੱਖਿਆ ਹੈ, ਹੋਰ ਵਿਸਤਾਰ ਵਿਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਆਪਣੀ ਇਸ ਪੁਸਤਕ ਦੀ ਭੂਮਿਕਾ ਵਿਚ ਸੁਨੀਤਾ ਰਾਣੀ ਨੇ ਕਿਤੇ ਵੀ ਇਹ ਸਪਸ਼ਟ ਨਹੀਂ ਕੀਤਾ ਕਿ 'ਧਰਤ ਪੁਆਧ' ਕਿਸ ਦੀ ਪੁਸਤਕ ਹੈ। ਉਸ ਨੇ ਕਿਤਾਬ ਦੇ ਲੇਖਕ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹਿਲੇ ਅਧਿਆਏ ਦੇ ਹਵਾਲੇ 'ਤੇ ਟਿੱਪਣੀਆਂ ਵਾਲੇ ਹਿੱਸੇ ਵਿਚ ਦਿੱਤੀ ਹੈ। ਪੁਸਤਕ ਦੀ ਅੰਤਕਾ (ਪੁਸਤਕ ਸੂਚੀ) ਵਿਚ ਇਸ ਕਿਤਾਬ ਦਾ ਕੋਈ ਵੇਰਵਾ ਨਹੀਂ ਮਿਲਦਾ। ਪਰੂਫ਼ ਰੀਡਿੰਗ ਦੀਆਂ ਗ਼ਲਤੀਆਂ (ਤਕਸ਼ਿਲਾ 10, ਬਲਬੀਰ 13, ਗ੍ਰੀਅਰਸਨ 15, ਡਿਸਕ੍ਰਿਪਟਿਵ ਗਰਾਮਰ ਆਗਫ ਪੰਜਾਬੀ 17, ਸੁਖਨਾ 19, ਲੋਪ 26, ਡਾ. ਪ੍ਰੇਮ ਪ੍ਰਕਾਸ਼ ਸਿੰਘ 31, ਰਾਓ 74, ਵਿਗਿਆਨੀ 77, ਪੁਆਧੀ ਸੱਥ 79, ਦੁਯੀ 94, ਸੁਤੰਤਰਤਾ 125, 112 ਆਦਿ) ਦੇ ਬਾਵਜੂਦ ਇਹ ਪੁਸਤਕ ਪੁਆਧ ਬਾਰੇ ਅਗਲੇਰੀ ਖੋਜ ਕਰਨ ਵਾਲੇ ਖੋਜਾਰਥੀਆਂ ਲਈ ਮੁੱਢਲੇ ਸਰੋਤ ਵਜੋਂ ਵਰਤੀ ਜਾ ਸਕਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

07-04-2024

ਬੌਰੀਆ ਕਬੀਲੇ ਦਾ ਸੱਭਿਆਚਾਰ
(ਅਤੀਤ ਅਤੇ ਵਰਤਮਾਨ)
ਲੇਖਕ : ਡਾ. ਮਨਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 151
ਸੰਪਰਕ : 98761-56679

ਸੱਭਿਆਚਾਰ 'ਸਭਯ' ਅਤੇ 'ਆਚਾਰ' ਦੇ ਸੁਮੇਲ ਤੋਂ ਬਣਿਆ ਸ਼ਬਦ ਹੈ, ਜਿਸ ਨੂੰ 'ਸੰਸਕ੍ਰਿਤੀ' ਅਤੇ 'ਕਲਚਰ' ਦੇ ਅਰਥ ਵਜੋਂ ਵਰਤਿਆ ਜਾਂਦਾ ਹੈ। ਕਬੀਲਾ ਸੱਭਿਆਚਾਰ ਵਿਚ ਕਬੀਲੇ ਦਾ ਇਕ ਸਾਂਝਾ ਇਲਾਕਾ, ਸਾਂਝੀ ਉਪਭਾਸ਼ਾ, ਸ਼ਾਸਨ ਤੇ ਨਿਆਂ ਪ੍ਰਬੰਧ ਹੁੰਦਾ ਹੈ ਅਤੇ ਇਸ ਵਿਚ ਅੰਤਰਰਾਜੀ ਵਿਆਹ, ਸਾਂਝੀਆਂ ਰੀਤਾਂ, ਰਸਮਾਂ, ਕਾਰਜ, ਵਿਰਸਾ ਅਤੇ ਮਨਾਹੀਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਵਿਚਾਰ ਅਧੀਨ ਪੁਸਤਕ ਡਾ. ਮਨਜੀਤ ਕੌਰ ਦਾ ਪੀ.ਐੱਚ.ਡੀ. ਪੱਧਰ ਦਾ ਖੋਜ-ਕਾਰਜ ਹੈ, ਜੋ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ ਹੈ। ਇਸ ਅਧਿਐਨ ਨੂੰ ਡਾ. ਮਨਜੀਤ ਕੌਰ ਨੇ 15 ਭਾਗਾਂ ਅਧੀਨ ਰੱਖ ਕੇ ਵਿਚਾਰਿਆ ਹੈ, ਜਿਸ ਦੇ ਅੰਤਰਗਤ ਕਬੀਲਾ ਸ਼ਬਦ ਦੀ ਪਰਿਭਾਸ਼ਾ ਤੇ ਸੱਭਿਆਚਾਰਕ ਪ੍ਰਬੰਧ, ਬੌਰੀਆ ਕਬੀਲੇ ਦਾ ਇਤਿਹਾਸਕ ਪਿਛੋਕੜ, ਵੱਖ-ਵੱਖ ਤਰ੍ਹਾਂ ਦੀਆਂ ਰੀਤਾਂ ਰਸਮਾਂ (ਜਨਮ, ਵਿਆਹ ਤੇ ਮੌਤ), ਧਰਮ ਪ੍ਰਬੰਧ, ਨਿਆਂ ਪ੍ਰਬੰਧ, ਰਿਸ਼ਤੇ-ਨਾਤੇ, ਭਾਸ਼ਾ ਪ੍ਰਬੰਧ, ਕੰਮ-ਧੰਦੇ, ਨਿਵਾਸ ਸਥਾਨ, ਪਹਿਰਾਵਾ ਤੇ ਖਾਣਪੀਣ, ਮਨੋਰੰਜਨ, ਲੋਕ ਕਲਾਵਾਂ, ਲੋਕ ਸਾਹਿਤ ਆਦਿ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਅੰਤ ਵਿਚ ਵਿਦੁਸ਼ੀ ਨੇ ਬੌਰੀਆ ਕਬੀਲੇ ਦੇ ਸਮਕਾਲੀ ਪਰਿਪੇਖ ਨੂੰ ਰੇਖਾਂਕਿਤ ਕੀਤਾ ਹੈ, ਜਿਸ ਵਿਚ ਉਸ ਨੇ ਸਿੱਟਾ ਕੱਢਿਆ ਹੈ ਕਿ ਪੰਜਾਬ ਦੇ ਬੌਰੀਆ ਕਬੀਲੇ ਦੇ ਸੱਭਿਆਚਾਰਕ ਜੀਵਨ ਧਰਾਤਲ ਦੇ ਵੱਖ-ਵੱਖ ਅੰਗਾਂ ਵਿਚ ਥੋੜ੍ਹੇ ਬਹੁਤ ਫ਼ਰਕ ਨਾਲ ਸੂਖਮ ਤਬਦੀਲੀ ਆਈ ਹੈ। ਸੁਚੇਤ ਪੱਧਰ 'ਤੇ ਇਹ ਤਬਦੀਲੀ ਸਮੇਂ ਦੇ ਬਦਲਣ ਨਾਲ ਆਈ ਹੈ, ਜਦ ਕਿ ਅਚੇਤ ਤੌਰ 'ਤੇ ਅਜੇ ਵੀ ਕਬੀਲਿਆਈ ਵਰਤਾਰਾ ਵਿਦਮਾਨ ਹੈ। ਸਮਕਾਲੀ ਦੌਰ ਵਿਚ ਬੌਰੀਆ ਕਬੀਲੇ ਦੇ ਸੱਭਿਆਚਾਰਕ ਜੀਵਨ ਵਿਚ ਆਈ ਤਬਦੀਲੀ ਪਿੱਛੇ ਸਮਾਜਿਕ, ਆਰਥਿਕ, ਰਾਜਨੀਤਕ, ਭੂਗੋਲਿਕ ਜੀਵਨ ਹਾਲਾਤਾਂ ਦੇ ਵਿਵਿਧ ਪਹਿਲੂਆਂ ਦੀ ਮਹੱਤਵਪੂਰਨ ਭੂਮਿਕਾ ਹੈ। ਬੌਰੀਆ ਕਬੀਲੇ ਦੇ ਸੱਭਿਆਚਾਰ ਨੂੰ ਅਤੀਤ ਤੇ ਵਰਤਮਾਨ ਪ੍ਰਸੰਗਾਂ ਵਿਚ ਸਮਝਣ, ਜਾਣਨ ਲਈ ਇਸ ਪੁਸਤਕ ਦਾ ਯੋਗਦਾਨ ਜ਼ਿਕਰਯੋਗ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਪੰਜਾਬ ਦੀ ਖੇਤੀ ਪ੍ਰਬੰਧਨ ਦੀ ਅੱਖ ਤੋਂ
ਲੇਖਕ : ਡਾ. ਅਮਨਪ੍ਰੀਤ ਸਿੰਘ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 131
ਸੰਪਰਕ : 96537-90000

ਖੇਤੀ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸੰਭਾਵਿਤ ਹੱਲ ਬਾਰੇ ਇਹ ਪੁਸਤਕ ਵਡਮੁੱਲੀ ਜਾਣਕਾਰੀ ਦਿੰਦੀ ਹੈ। ਇਸ ਦਾ ਲੇਖਕ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਵਿਖੇ ਐਸੋਸੀਏਟ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਅ ਰਿਹਾ ਹੈ। ਪਿੰਡਾਂ ਵਿਚ ਜਾ ਕੇ ਸੰਵਾਦ ਰਚਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਫੀਲਡ ਵਰਕ ਕਰ ਕੇ ਉਹ ਸਮੇਂ-ਸਮੇਂ 'ਤੇ ਇਨ੍ਹਾਂ ਸਮੱਸਿਆਵਾਂ ਬਾਰੇ ਆਪਣੇ ਖੋਜ ਭਰਪੂਰ ਲੇਖ ਪੰਜਾਬੀ ਦੇ ਪ੍ਰਸਿੱਧ ਅਖ਼ਬਾਰਾਂ ਨੂੰ ਭੇਜਦਾ ਰਹਿੰਦਾ ਹੈ। ਡਾ. ਸਤਿਬੀਰ ਸਿੰਘ ਗੋਸਲ ਵਾਇਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਪੁਸਤਕ ਦੀ ਭਰਪੂਰ ਪ੍ਰਸੰਸਾ ਕੀਤੀ ਹੈ। ਲੇਖਕ ਨੇ ਆਪਣੇ ਵਿਚਾਰਾਂ ਨੂੰ ਅੰਕੜੇ ਦੇ ਕੇ ਪ੍ਰਮਾਣਿਕ ਕੀਤਾ ਹੈ। ਇਸ ਪੁਸਤਕ ਵਿਚ ਅਨੇਕਾਂ ਸਮਕਾਲੀ ਸਮੱਸਿਆਵਾਂ 'ਤੇ ਬਰੀਕੀ ਵਿਚ ਫੋਕਸੀਕਰਨ ਕਰਨ ਕੀਤਾ ਗਿਆ ਹੈ, ਜਿਵੇਂ ਪੰਜਾਬ ਦੀ ਖੇਤੀ ਨੂੰ ਜਲ-ਸੰਕਟ, ਝੋਨੇ ਦੀ ਖੇਤੀ ਨਾਲ ਜੂਝ ਰਹੀ ਕਿਸਾਨੀ, ਕੀ ਫ਼ਸਲੀ ਚੱਕਰ ਨਾਲ ਮੁਸ਼ਕਿਲਾਂ ਹੱਲ ਹੋ ਸਕਦੀਆਂ ਨੇ, ਫ਼ਸਲਾਂ ਨਾਲ ਸੰਬੰਧਿਤ ਜੀ.ਐਮ. ਸਮੱਸਿਆਵਾਂ, ਭਾਰਤ ਦੀ ਅੰਨ ਸਥਿਤੀ ਵਿਚ ਪੰਜਾਬ ਦਾ ਅਹਿਮ ਯੋਗਦਾਨ, ਰਸਾਇਣਕ ਖਾਦਾਂ ਦਾ ਪ੍ਰਯੋਗ, ਮਿਲਟ ਸੰਬੰਧੀ ਚਿੰਤਨ, ਨੈਨੋ ਖਾਦਾਂ ਬਾਰੇ, ਸਿਹਤ ਬਨਾਮ ਪ੍ਰੋਸੈਸਡ ਫੂਡ, ਮਾਰਕੀਟਿੰਗ ਬਨਾਮ ਕੰਟਰੈਕਟ ਕਾਸ਼ਤ, ਲਾਭਦਾਇਕ ਮੰਡੀਕਰਨ ਕਿਵੇਂ ਕੀਤਾ ਜਾ ਸਕਦਾ ਹੈ? ਕਿਸਾਨ ਦਾ ਹੱਕ-ਐਮ.ਐਸ.ਪੀ.? ਖੇਤੀ ਰਿਸਰਚ ਵਿਚ ਨਿੱਜੀ ਕੰਪਨੀਆਂ ਦੀ ਭਾਈਵਾਲੀ? ਕਾਰਬਨ-ਕਿਸਾਨਾਂ ਲਈ ਦੁਖਦਾਇਕ ਜਾਂ ਸੁਖਦਾਇਕ ਇਤਿਆਦਿ। ਇਸ ਪੁਸਤਕ ਵਿਚ ਪੰਜਾਬ ਦੇ ਪਾਣੀ ਦੇ ਹੇਠਾਂ ਜਾਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਫ਼ਸਲਾਂ ਦੀ ਬਰਾਮਦ ਵਿਚ ਸਰਕਾਰੀ ਏਜੰਸੀਆਂ, ਮਾਰਕਫੈੱਡ, ਪੰਜਾਬ ਐਗਰੋ ਨੂੰ ਸਹਿਯੋਗ ਦੇਣ ਦਾ ਸੁਝਾਅ ਦਿੱਤਾ ਗਿਆ ਹੈ।
ਨਵਾਂ ਕਰਾਪਿੰਗ ਪੈਟਰਨ ਬਣਾਉਣ ਦੀ ਲੋੜ ਹੈ। ਇਸ ਵਿਚ ਸਵੈ-ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਸਲਾਹ ਕੀਤੀ ਜਾਣੀ ਚਾਹੀਦੀ ਹੈ। ਬਹੁਤਾ ਧਿਆਨ ਤਕਨੀਕੀ ਖੇਤੀ ਵੱਲ ਹੋਣਾ ਸਮੇਂ ਦੀ ਲੋੜ ਹੈ। ਜੀ.ਐਮ. ਖਾਧ ਪਦਾਰਥ (ਜਿਵੇਂ ਸੇਬ, ਚਾਵਲ) ਦੀ ਆਗਿਆ ਤਾਂ ਹੀ ਦਿੱਤੀ ਜਾਵੇ ਜੇਕਰ ਹਰ ਪਦਾਰਥ 'ਤੇ ਲਿਖਿਆ ਹੋਵੇ ਕਿ ਇਹ ਪਦਾਰਥ ਜੀ.ਐਮ. ਫ਼ਸਲ ਦੀ ਉਪਜ ਤੋਂ ਹੋਂਦ 'ਚ ਆਇਆ ਹੈ।
ਤਕਨੀਕੀ ਖੇਤੀ ਕਾਰਨ ਕੁਆਲਿਟੀ ਚੈੱਕ ਪ੍ਰਯੋਗਸ਼ਾਲਾਵਾਂ ਖੋਲ੍ਹੀਆਂ ਜਾਣ। ਮੋਟੇ ਅਨੇਜਾਂ ਦੀ ਵਰਤੋਂ ਆਟਾ, ਖਿਚੜੀ, ਦਲੀਆ ਬਣਾ ਕੇ ਕਰਨੀ ਚਾਹੀਦੀ ਹੈ। ਨੈਨੋ ਖਾਦਾਂ ਦੀ ਕੁਸ਼ਲਤਾ ਬਾਰੇ ਮਾਹਿਰਾਂ ਨੂੰ ਸੋਚਣਾ ਚਾਹੀਦਾ ਹੈ। ਪ੍ਰੋਸੈੱਸਡ ਫੂਡ ਦੀ ਘੋਖ ਕਰਨ ਦੀ ਲੋੜ ਹੈ। ਕਿਸਾਨ ਜੋ ਐਮ.ਐਸ.ਪੀ. ਦਾ ਕਾਨੂੰਨੀ ਹੱਕ ਮੰਗਦੇ ਹਨ, ਅਸਲ ਵਿਚ ਕੰਟ੍ਰੈਕਟ ਖੇਤੀ ਤੋਂ ਇਕ ਕਦਮ ਅਗੇਰਾ ਪ੍ਰਤੀਤ ਹੁੰਦਾ ਹੈ। ਅਜੋਕੇ ਬੀ.ਕਾਮ, ਬੀ.ਬੀ.ਏ., ਐਮ.ਬੀ.ਏ. ਦੇ ਵਿਦਿਆਰਥੀ ਬਿਜ਼ਨਸ ਪਲੈਨ ਬਣਾਉਣ ਤੋਂ ਅਸਮਰੱਥ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਫਲ਼ਾਂ ਅਤੇ ਸਬਜ਼ੀਆਂ ਵਾਲੇ ਕਿਸਾਨਾਂ ਨੂੰ ਓਨੇ ਪੈਸੇ ਨਹੀਂ ਮਿਲਦੇ ਜਿੰਨੇ ਵਪਾਰੀ ਨੂੰ ਮਿਲਦੇ ਹਨ। ਸਰਕਾਰ ਨੂੰ ਆਪਣਾ ਖੋਜ ਕੇਂਦਰ ਬਿਗਾਨੇ ਹੱਥਾਂ ਵਿਚ ਦੇਣ ਦੀ ਲੋੜ ਨਹੀਂ। ਵਾਤਾਵਰਨ ਦਾ ਸੰਤੁਲਨ ਰੱਖਣਾ ਸਮੇਂ ਦੀ ਸਖ਼ਤ ਲੋੜ ਹੈ। ਇਹ ਕਿਤਾਬ ਖੇਤੀ ਸੰਬੰਧੀ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਸੁਝਾਵਾਂ ਦਾ ਵਿਹਾਰਕ ਦਸਤਾਵੇਜ਼ ਹੋ ਨਿੱਬੜੀ ਹੈ। ਲੇਖਕ ਵਧਾਈ ਦਾ ਪਾਤਰ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vat}sh.dharamchand0{ma}&.com

ਪੋਹਲੀ ਦੇ ਫੁੱਲ
ਲੇਖਕ : ਧਰਮ ਕੰਮੇਆਣਾ
ਪ੍ਰਕਾਸ਼ਕ : ਆਟਮ ਆਰਟ ਪਟਿਆਲਾ
ਮੁੱਲ : 175 ਰੁਪਏ, ਸਫ਼ੇ : 121
ਸੰਪਰਕ : 91158-72450

'ਪੋਹਲੀ ਦੇ ਫੁੱਲ' (ਗੀਤ ਸੰਗ੍ਰਹਿ) ਦੇ ਲੇਖਕ ਮੰਨੇ ਪ੍ਰਮੰਨੇ ਧਰਮ ਕੰਮੇਆਣਾ ਹਨ, ਜਿਨ੍ਹਾਂ ਨੇ ਕਾਵਿ-ਸੰਗ੍ਰਹਿ, ਗੀਤ-ਸੰਗ੍ਰਹਿ, ਕਾਵਿ-ਨਾਟਕ, ਵਾਰਤਕ, ਸਵੈ-ਜੀਵਨੀ, ਨਾਵਲ, ਬਾਲ ਸਾਹਿਤ, ਸਫ਼ਰਨਾਮਾ, ਮਿੰਨੀ ਕਹਾਣੀਆਂ, ਖੋਜ ਪੁਸਤਕਾਂ ਲਿਖੀਆਂ ਹਨ। ਪੰਜਾਬੀ ਸਾਹਿਤ ਦੇ ਖੇਤਰ ਵਿਚ ਧਰਮ ਕੰਮੇਆਣਾ ਨੇ ਹਰ ਵਿਧਾ 'ਤੇ ਹੱਥ ਅਜ਼ਮਾ ਕੇ ਲੇਖਕਾਂ ਦੀ ਪਹਿਲੀ ਕਤਾਰ ਵਿਚ ਖੜ੍ਹੇ ਹੋ ਜਾਣਾ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ। ਸਾਲ 1978 ਤੋਂ ਲੈ ਕੇ ਲਗਾਤਾਰ ਕਲਮ ਘਸਾਉਣਾ ਅਸਾਨ ਗੱਲ ਨਹੀਂ ਹੁੰਦੀ ਸੋ ਲੇਖਕ ਪ੍ਰਸੰਸਾ ਦਾ ਹੱਕਦਾਰ ਹਨ। ਇਸ ਪੁਸਤਕ ਵਿਚ ਲੇਖਕ ਨੇ 99 ਗੀਤ ਲਿਖੇ ਹਨ। ਧਰਮ ਕੰਮੇਆਣਾ ਦੇ ਲਿਖੇ ਗੀਤਾਂ ਨੂੰ ਅਨੇਕਾਂ ਗਾਇਕਾਂ ਨੇ ਆਪਣੀ ਆਵਾਜ਼ ਵਿਚ ਗਾਇਆ ਵੀ ਹੈ। ਲੇਖਕ ਦੀ ਇਕ ਖਾਸੀਅਤ ਹੈ ਕਿ ਉਹ ਲੱਚਰ ਗੀਤਾਂ ਤੋਂ ਕੋਹਾਂ ਦੂਰ ਤਹਿ ਕੇ ਸੱਭਿਆਚਾਰਕ ਗੀਤ ਲਿਖੇ। ਇਸ ਦੇ ਗੀਤਾਂ ਦੇ ਵਿਚੋਂ ਪੰਜਾਬ ਦੇ ਵਿਰਸੇ ਦੀ ਝਲਕ ਵੀ ਵਿਖਾਈ ਦਿੰਦੀ ਹੈ। ਇਨ੍ਹਾਂ ਦੇ ਗੀਤਾਂ ਬਾਰੇ ਜਿੰਨਾ ਵੀ ਕਹਿ ਲਿਆ ਜਾਵੇ ਉਹ ਥੋੜ੍ਹਾ ਹੈ ਬਲਕਿ ਇਨ੍ਹਾਂ ਦੇ ਲਿਖੇ ਗੀਤ ਆਪਣੇ ਮੂੰਹੋਂ ਆਪ ਹੀ ਬੋਲਦੇ ਹਨ। ਇਨ੍ਹਾਂ ਦੇ 3 ਗੀਤ ਸੰਗ੍ਰਹਿ ਪਹਿਲਾਂ ਵੀ ਆ ਚੁੱਕੇ ਹਨ। ਇਨ੍ਹਾਂ ਨੇ ਸਵੈ-ਜੀਵਨੀ ਦੇ ਵਿਚ 'ਮੇਰੀ ਗੀਤਕਾਰੀ ਦਾ ਸਫ਼ਰ' ਵਿਚ ਬਹੁਤ ਕੁਝ ਦੱਸ ਕੇ ਆਪਣੀ ਬਣੀ ਪਛਾਣ ਦਰਸਾਈ ਹੈ। ਕਾਵਿ-ਸੰਗ੍ਰਹਿ ਦੀਆਂ 13 ਪੁਸਤਕਾਂ ਲਿਖ ਕੇ ਇਨ੍ਹਾਂ ਨੇ ਪਾਠਕਾਂ ਦੀ ਝੋਲੀ ਪਾਈਆਂ ਹਨ। ਬਾਲ ਸਾਹਿਤ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਪ੍ਰੰਤੂ ਇਸ 'ਤੇ ਵੀ ਉਨ੍ਹਾਂ ਨੇ 8 ਪੁਸਤਕਾਂ ਲਿਖੀਆਂ ਹਨ। ਜਦੋਂ ਗੱਲ ਇਨ੍ਹਾਂ ਦੀ ਗੀਤਕਾਰੀ ਦੀ ਕਰੀਏ ਤਾਂ ਇਹੀ ਕਹਿ ਸਕਦੇ ਹਾਂ ਕਿ ਧਰਮ ਕੰਮੇਆਣਾ ਕੋਲ ਸ਼ਬਦਾਂ ਦਾ ਭੰਡਾਰ ਹੈ ਅਤੇ ਉਸ ਦੇ ਕੰਨ ਤੇ ਅੱਖਾਂ ਪੂਰੀ ਤਰ੍ਹਾਂ ਖੁੱਲ੍ਹੀਆਂ ਹਨ, ਜਿਨ੍ਹਾਂ ਦੀ ਝਲਕ ਇਨ੍ਹਾਂ ਦੇ ਗੀਤਾਂ ਵਿਚੋਂ ਦੇਖਣ ਨੂੰ ਮਿਲਦੀ ਹੈ। ਵੰਨ-ਸੁਵੰਨੇ, ਵੱਖ-ਵੱਖ ਵਿਸ਼ੇ ਲੈ ਕੇ ਗੀਤ ਲਿਖ ਕੇ ਇਨ੍ਹਾਂ ਕਾਫ਼ੀ ਨਾਮਣਾ ਖੱਟਿਆ ਹੈ, ਗੀਤਾਂ ਦੇ ਵਿਚੋਂ ਨੀ ਜਿੰਦੇ, ਵਿਚ ਪ੍ਰਦੇਸਾਂ ਦੇ, ਪੰਜਾਬੀ (ਭਾਸ਼ਾ), ਸ਼ੀਸ਼ੇ ਨੂੰ, ਪੰਜਾਬ-92, ਕਬਰਾਂ ਦਾ ਸਿਰਨਾਵਾਂ, ਗਵਾਚੇ ਹੋਏ ਬੋਲ, ਸੁਣ ਵੇ ਪਿੱਪਲਾ, ਮਾਹੀ ਵੇ ਦਿਲ ਨੂੰ ਟੁੰਬਦੇ ਹਨ।

-ਬਲਵਿੰਦਰ ਸਿੰਘ ਸੋਢੀ (ਮਰੀਹੇੜੀ)
ਮੋਬਾਈਲ : 092105-88990

ੴ ਜਿਤੁ ਬਹਿ ਸਰਬ ਸਮਾਲੇ
ਲੇਖਕ : ਡਾ. ਸੁਰਜੀਤ ਸਿੰਘ ਕੁੰਜਾਹੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 450 ਰੁਪਏ, ਸਫ਼ੇ : 216
ਸੰਪਰਕ : 098105-80870

ਵਿਦਵਾਨ ਲੇਖਕ ਡਾ. ਸੁਰਜੀਤ ਸਿੰਘ ਕੁੰਜਾਹੀ, ਬਹੁ-ਵਿਧਾਈ ਲੇਖਕ ਹਨ। ਉਨ੍ਹਾਂ ਦੀ ਪੁਰਜ਼ੋਰ ਕਲਮ ਹੁਣ ਤੱਕ 12 ਨਾਯਾਬ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕੀ ਹੈ। ਇਹ ਪੁਸਤਕਾਂ ਵੱਖ-ਵੱਖ ਸਾਹਿਤਕ ਵਿਧਾਵਾਂ ਨਾਲ ਵਾਬਸਤਾ ਹਨ ਜਿਵੇਂ ਕਹਾਣੀਆਂ, ਨਾਵਲ ਅਤੇ ਅਦਬੀ ਲੇਖ। ਪੰਜਾਬੀ ਕਾਵਿ-ਕਲਾ ਦੇ ਖੇਤਰ ਵਿਚ ਵੀ ਉਨ੍ਹਾਂ ਕੰਮ ਕੀਤਾ ਹੈ। ਉਨ੍ਹਾਂ ਨੇ ਤਿੰਨ ਕਿਤਾਬਾਂ ਅੰਗਰੇਜ਼ੀ ਭਾਸ਼ਾ ਵਿਚ ਵੀ ਲਿਖੀਆਂ ਹਨ। ਵਿਚਾਰ ਹੇਠਲੀ ਪੁਸਤਕ, ਉਨ੍ਹਾਂ ਦੇ ਵਿਵਿਧ ਲੇਖਾਂ ਦਾ ਕੀਮਤੀ ਸੰਗ੍ਰਹਿ ਹੈ। ਪੁਸਤਕ ਵਿਚ ਕੁੱਲ 24 ਲੇਖ ਸ਼ਾਮਿਲ ਹਨ, ਜਦ ਕਿ ਅੰਤਲਾ ਲੇਖ ਉਨ੍ਹਾਂ ਦੇ ਮੁਢਲੇ ਜੀਵਨ ਬਾਰੇ ਹੈ। ਇਨ੍ਹਾਂ ਲੇਖਾਂ ਦੀ ਪੁਸਤਕ ਦੀ ਪ੍ਰਕਾਸ਼ਨਾ ਦਾ ਮੁੱਖ ਮਨੋਰਥ ਮਨੁੱਖੀ ਹਿਰਦਿਆਂ ਨੂੰ ਅਗੰਮੀ ਰਸ ਪ੍ਰਦਾਨ ਕਰਨਾ ਹੈ। ਪੁਸਤਕ ਦੇ ਪਹਿਲੇ ਲੇਖ ਰਾਹੀਂ ਕੋਰੋਨਾ ਕਾਲ ਦੀ ਤ੍ਰਾਸਦੀ ਦਾ ਵਰਨਣ ਕਰਦਿਆਂ ਅਜਿਹੀਆਂ ਆਫ਼ਤਾਂ ਤੋਂ ਬਚਾਓ, ਗੁਰਮਤਿ ਸਿਧਾਂਤਾਂ ਦੇ ਅਨੁਸਾਰੀ ਹੋ ਕੇ ਵਿਚਰਨ ਵਿਚ ਹੀ ਨਿਹਿਤ ਦੱਸਿਆ ਗਿਆ ਹੈ। ਦੂਜਾ ਲੇਖ ਹਵਾਈ ਫ਼ੌਜ ਦੇ ਅਧਿਕਾਰੀ ਡਾ. ਸੁਰਜੀਤ ਸਿੰਘ ਭਾਟੀਆ ਅਤੇ ਡਾ. ਕੁੰਜਾਹੀ ਦੀ ਸਾਂਝੀ ਰਚਨਾ ਹੈ। ਲੇਖ ਮਨੁੱਖੀ ਜੀਵਨ ਦੀ ਨਾਸ਼ਮਾਨਤਾ ਨੂੰ ਉਜਾਗਰ ਕਰਦਾ ਹੈ। ਚੁੱਪ-ਚੁਪੀਤੇ ਸਾਂਝ ਸਵੇਰੇ 'ਆਜ਼ਾਦ ਹਿੰਦ ਫ਼ੌਜ' ਦੀ ਆਜ਼ਾਦੀ ਸੰਗ੍ਰਾਮ ਦੌਰਾਨ ਦੇਣ ਦਾ ਉਲੇਖ ਕਰਦਾ ਹੋਇਆ ਮੌਜੂਦਾ ਆਪਾਧਾਪੀ ਦੇ ਦੌਰ 'ਚੋਂ ਨਿਜਾਤ ਪਾਉਣ ਦਾ ਸੁਨੇਹਾ ਹੈ। (ਪੰਨਾ 38), 'ਜੁਗ ਪਰਿਵਰਤਨ' ਲੇਖ ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ ਦੇ ਦੁਖਾਂਤ 'ਚੋਂ ਬਾਹਰ ਆਉਣ ਦਾ ਸੁਨੇਹੜਾ ਦਿੰਦਾ ਹੈ।
'ਧਰਤੀ ਤੋਂ ਸਾਰੀਆਂ ਵਲਗਣਾਂ ਤੇ ਲੱਗੀਆਂ ਤਾਰਾਂ ਬੁੱਤੀਆਂ ਤੋਂ ਛੁਟਕਾਰਾ ਬਖਸ਼।' (ਪੰਨਾ 42)
'ਕੁਝ ਖ਼ਾਸ ਮਾਨਵ-ਵੰਨਗੀਆਂ' ਸਿਰਲੇਖ ਵਾਲੇ ਲੇਖ ਰਾਹੀਂ ਮਨੁੱਖੀ ਜੀਵਨ ਦੀਆਂ ਵੱਖ-ਵੱਖ ਕਲਾਵਾਂ ਦਾ, ਭਾਵਪੂਰਤ ਬਿਰਤਾਂਤ ਹੈ।
ਕੁਝ ਲੇਖ ਨਿਰੋਲ ਗੁਰਮਤਿ ਵਿਚਾਰਧਾਰਾ ਨੂੰ ਰੂਪਮਾਨ ਕਰਨ ਵਾਲੇ ਹਨ ਜਿਵੇਂ 'ਗੁਰਮਤਿ ਸਿਧਾਂਤ ਤੇ ਮਾਨਵ ਜੀਵਨ', 'ਕਾਦਰੀ ਨਿਜ਼ਾਮ ਵਿਚ ਮਨੁੱਖ', 'ਕੂੜਿ ਕੂੜੈ ਨੇਹੁ ਲੱਗਾ ਵਿਸਰਿਆ ਕਰਤਾਰੁ', 'ਆਤਮ-ਸ਼ੀਸ਼ਾ', 'ਹਉਮੈ ਦੀਰਘ ਰੋਗੁ ਹੈ', 'ਕੂੜੁ ਫਿਰੈ ਪਰਧਾਨੁ ਵੇ ਲਾਲੋ', 'ਬਾਬਾ ਬਿਖੁ ਦੇਖਿਆ ਸੰਸਾਰੁ', 'ਨਾਵੈ ਕੈ ਰੰਗਿ' ਆਦਿ। ਦੂਜੇ ਭਾਗ ਦੇ ਸਾਰੇ ਦੇ ਸਾਰੇ 'ਲੇਖ ਗੁਰਮਤਿ ਗਿਆਨ ਦੀ ਵਿਆਖਿਆ ਕਰਦੇ ਹਨ, ਨਾਲ ਹੀ ਕੁਝ ਧਾਰਮਿਕ ਕਵਿਤਾਵਾਂ ਵੀ ਹਨ। ਪਹਿਲੇ ਭਾਗ ਵਿਚ ਵੀ ਕੁਝ ਮਿਆਰੀ ਕਾਵਿਕ ਵੰਨਗੀਆਂ ਸ਼ਾਮਿਲ ਹਨ। ਸਿੱਖੀ ਦੇ ਤਮਾਮਤਰ ਸਿਧਾਂਤਾਂ, ਸੰਸਕਾਰਾਂ, ਸੰਸਥਾਵਾਂ, ਮਰਿਆਦਾ, ਗੁਰੂਘਰਾਂ ਸੰਬੰਧੀ ਵਿਵਰਣ ਹੈ, ਨਾਲ ਹੀ ਕੁਝ ਸੁਝਾਓ ਵੀ ਹਨ ਜਿਵੇਂ ਨਗਰ ਕੀਰਤਨਾਂ ਲਈ ਗੇਟ ਬਣਾਉਣੇ ਬੰਦ ਹੋਣ। 'ਲਾਊਡ ਸਪੀਕਰਾਂ ਦੀ ਵਰਤੋਂ ਨਾ ਕੀਤੀ ਜਾਵੇ।' (ਪੰਨਾ 135)
ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਬਿਰਤਾਂਤ (ਸਮੇਤ ਕਾਵਿਕ ਰਚਨਾਵਾਂ) ਅੰਤਲੇ ਲੇਖਾਂ ਦੀ ਜ਼ੀਨਤ ਹਨ। ਲੇਖਕ ਅਨੁਸਾਰ ਸ੍ਰੀ ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ, ਵਿਗੜੇ ਰਿਸ਼ਤਿਆਂ ਨੂੰ ਸੁਧਾਰਨ ਵੱਲ ਇਕ ਸਾਰਥਕ ਕਦਮ ਹੈ।
'ਗਰਭ ਵਿਚ ਜੀਵਨ ਪ੍ਰਵੇਸ਼' (ਪੰਨਾ 113) ਅਤੇ 'ਜਨੇਪਾ-ਮਮਤਾ ਅਤੇ ਆਂਦਰਾਂ' ਸ਼ਾਹਕਾਰ ਲੇਖ ਹਨ। ਗੁਰਬਾਣੀ ਦੇ ਅਨੇਕ ਢੁਕਵੇਂ ਪ੍ਰਮਾਣ ਦਿੱਤੇ ਗਏ ਹਨ।

ਪੁਸਤਕ ਹਰ ਪੱਖੋਂ ਪੜ੍ਹਨ ਅਤੇ ਵਿਚਾਰਨਯੋਗ ਤਖ਼ਲੀਕ ਹੈ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

ਸਾਡਾ ਇਤਿਹਾਸ
ਲੇਖਿਕਾ : ਡਾ. ਇਕਬਾਲ ਕੌਰ ਸੌਂਦ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 84
ਸੰਪਰਕ : 96462-37373

ਡਾ. ਇਕਬਾਲ ਕੌਰ ਸੌਂਦ ਦੀ ਪੁਸਤਕ 'ਸਾਡਾ ਇਤਿਹਾਸ' ਸਮੁੱਚੇ ਲੇਖਕ ਭਾਈਚਾਰੇ ਨੂੰ ਅਖੌਤੀ ਨਿਰਪੱਖਤਾ ਤਿਆਗ ਕੇ ਇਕ ਧਿਰ ਨਾਲ ਖੜ੍ਹਨ ਲਈ ਵੰਗਾਰਦੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਗੁਰੂ ਨਾਨਕ ਦੇਵ ਜੀ ਵੀ ਨਿਰਪੱਖ ਹੁੰਦੇ ਤਾਂ ਜਿੱਥੇ ਉਨ੍ਹਾਂ ਨੇ ਭਾਈ ਲਾਲੋ ਦੇ ਘਰੇ ਦੋ ਰੋਟੀਆਂ ਖਾਧੀਆਂ ਸਨ, ਉੱਥੇ ਦੋ ਪੂਰੀਆਂ ਮਲਕ ਭਾਗੋ ਦੇ ਭੰਡਾਰੇ ਵਿਚ ਵੀ ਖਾ ਲੈਣੀਆਂ ਸਨ। ਜੇਕਰ ਉਨ੍ਹਾਂ ਨੇ ਇਕ ਪਾਸੇ ਖੜ੍ਹਨ ਨੂੰ ਤਰਜੀਹ ਦਿੱਤੀ ਤਾਂ ਸਾਨੂੰ ਵੀ ਇਸ ਤੋਂ ਘਬਰਾਹਟ ਨਹੀਂ ਹੋਣੀ ਚਾਹੀਦੀ:
ਭਾਗੋ ਮੁੜ ਮੁੜ ਸੱਦੇ ਦੇਵੇ,
ਮਹਿਲ ਮਾੜੀਆਂ ਸੱਜੇ ਜਿਹਦੇ,
ਉਹ ਲਾਲੋ ਦਾ ਬੂਹਾ ਖੋਲ੍ਹਦਾ।
ਧੰਨ ਬਾਬਾ ਨਾਨਕ...।
ਫੇਸਬੁੱਕ ਦੀ ਆਦਤ ਨੇ ਸਾਡੇ ਆਲੇ-ਦੁਆਲੇ ਨੂੰ ਜਿਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ, ਉਹ ਬਾਰੇ ਵੀ ਡਾ. ਇਕਬਾਲ ਕੌਰ ਪੂਰੀ ਤਰ੍ਹਾਂ ਸੁਚੇਤ ਹਨ। ਇਕ ਛੱਤ ਦੇ ਹੇਠਾਂ ਬੈਠੇ ਹੋਣ ਦੇ ਬਾਵਜੂਦ ਵੀ ਅਸੀਂ ਸਭ ਇਕੱਠੇ ਦਿਖਾਈ ਨਹੀਂ ਦਿੰਦੇ। ਸਾਰੇ ਕੰਮ-ਧੰਦੇ ਛੱਡ ਕੇ ਅਸੀਂ ਹੁਣ ਕੇਵਲ ਫੇਸਬੁੱਕ ਜੋਗੇ ਹੀ ਰਹਿ ਗਏ ਹਾਂ। ਪੁਸਤਕ ਸੱਭਿਆਚਾਰ ਲਈ ਵੀ ਇਹ ਬੜੀ ਵੱਡੀ ਚੁਣੌਤੀ ਬਣ ਚੁੱਕੀ ਹੈ, ਜਿਸ ਨੂੰ ਡਾ. ਸੌਂਦ ਭਲੀ-ਭਾਂਤ ਮਹਿਸੂਸ ਕਰਦੇ ਹਨ ਅਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਹਨ:
ਹਰ ਧਿਰ ਨੁੱਕਰੋ ਨੁੱਕਰੀ ਬਹਿ ਗਈ,
ਰੂਹ ਤਾਂ ਫੇਸਬੁੱਕ ਵਿਚ ਲਹਿ ਗਈ।
ਰੀਸੋ ਰੀਸੀ ਸਭ ਵਧ ਰਹੇ ਅੱਗੇ,
ਕੀ ਜਾਨਣ ਇਹ ਗਏ ਨੇ ਠੱਗੇ।
ਡਾ. ਇਕਬਾਲ ਕੌਰ ਸੌਂਦ ਦੀ ਇਸ ਪੁਸਤਕ ਵਿਚ ਸ਼ਾਮਿਲ ਅੰਤਰੀਵ ਲੰਗਾਰ, ਸੱਚ ਚੰਦਰਮਾ, ਜੰਗ, ਕਲਾ ਦੀ ਮੌਤ, ਕੁਦਰਤ, ਨਵੀਂ ਚੇਤਨਾ, ਲਖੀਮਪੁਰ, ਮਾਂ ਦਾ ਇਤਿਹਾਸ, ਮਾਂ ਬੋਲੀ, ਪੰਜਾਬੀ ਵਿਰਸਾ ਅਤੇ ਹਰ ਨਾਰੀ ਪਰਉਪਕਾਰੀ ਹੈ ਆਦਿ ਕਵਿਤਾਵਾਂ ਵੀ ਪਾਠਕ ਦੇ ਮਨ ਨੂੰ ਟੁੰਬਦੀਆਂ ਹਨ। ਕਾਵਿ ਨਾਟ 'ਧਰਤੀ ਦਾ ਸੱਚ' ਵੀ ਬੜਾ ਅਰਥਪੂਰਨ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਦਸ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦਾ ਇਹ ਉਪਰਾਲਾ ਵੀ ਬੜਾ ਸ਼ਲਾਘਾਯੋਗ ਹੈ।

-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027

ਮੇਰੇ ਸਫ਼ਰਨਾਮੇ
ਲੇਖਕ : ਸੀ. ਮਾਰਕੰਡਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 650 ਰੁਪਏ, ਸਫ਼ੇ : 422
ਸੰਪਰਕ : 94172-72161

ਪੰਜਾਬੀ ਸਾਹਿਤ ਵਿਚ ਲੇਖਕ ਸੀ. ਮਾਰਕੰਡਾ ਇਕ ਗੂੜ੍ਹਾ ਹਸਤਾਖ਼ਰ ਹੈ। ਉਸ ਦੀ ਸਾਧਨਾ ਲੰਮੀ ਹੈ ਜਿਸ ਕਾਰਨ ਉਸ ਨੂੰ ਸਮਰਥ ਕਵੀ, ਸੰਪਾਦਕ, ਅਨੁਵਾਦਕ, ਅਧਿਆਪਕ, ਪੱਤਰਕਾਰ ਤੇ ਸਮੀਖਿਅਕ ਕਰਕੇ ਜਾਣਿਆ ਜਾਂਦਾ। ਉਹ ਪ੍ਰਗਤੀਵਾਦੀ ਹੈ, ਪਰੰਪਰਾ ਦੇ ਅਰਥ ਸਮਝਣ ਵਾਲਾ ਵਿਗਿਆਨਕ ਦ੍ਰਿਸ਼ਟੀ ਦਾ ਧਾਰਨੀ। ਇਸ ਸਫ਼ਰਨਾਮਾ ਗ੍ਰੰਥ ਤੋਂ ਪਹਿਲਾਂ 7 ਕਾਵਿ-ਸੰਗ੍ਰਹਿ, ਇਕ ਸ਼ਬਦ ਚਿੱਤਰ, ਦੋ ਆਲੋਚਨਾ ਪੁਸਤਕਾਂ, ਤਿੰਨ ਅਨੁਵਾਦ ਕਾਰਜ, ਸੰਪਾਦਨਾ ਦੀਆਂ ਦੋ ਪੁਸਤਕਾਂ ਅਤੇ ਹੋਰ ਰਚਨਾਵਾਂ ਰਾਹੀਂ ਨਿੱਗਰ ਸਾਹਿਤ-ਸਿਰਜਣਾ ਕੀਤੀ। ਪੰਜਾਬੀ ਸਾਹਿਤ ਵਿਚ ਸਫ਼ਰਨਾਮਾ ਵਿਧੀ ਨੂੰ ਬਹੁਤ ਮਾਨਤਾ ਮਿਲੀ। ਹਰ ਕੋਈ ਨਵੀਆਂ ਥਾਵਾਂ ਬਾਰੇ ਜਾਨਣ ਦੀ ਪ੍ਰਵਿਰਤੀ ਰੱਖਦਾ। ਇਹ ਨਵਾਂ ਜਾਨਣ ਦੀ ਇੱਛਾ ਹੀ ਮਨੁੱਖ ਨੂੰ ਨਵੇਂ-ਨਵੇਂ ਭੂ-ਖੰਡਾਂ ਦੀ ਯਾਤਰਾ ਕਰਨ ਲਈ ਤੋਰਦੀ। ਮਨੁੱਖ ਦੇ ਪੈਰ ਤੁਰਨ ਦਾ ਨਾਂਅ ਹੀ ਸਫ਼ਰਨਾਮਾ ਹੈ। ਲਾਲ ਸਿੰਘ ਕਮਲਾ ਅਕਾਲੀ ਦਾ 1930 'ਚ ਛਪਿਆ 'ਮੇਰਾ ਵਲੈਤੀ ਸਫ਼ਰਨਾਮਾ' ਇਸ ਵਿਧਾ ਦਾ ਮੁਢਲਾ ਉੱਦਮ ਮੰਨਿਆ ਜਾਂਦਾ ਹੈ, ਉਸ ਤੋਂ ਬਾਅਦ ਲਿਖੇ ਗਏ ਅਤੇ ਲਿਖੇ ਜਾ ਰਹੇ ਸਫ਼ਰਨਾਮਿਆਂ ਦੀ ਲੰਮੀ ਸੂਚੀ ਹੈ। ਸਫ਼ਰਨਾਮੇ ਨੇ ਜਿੱਥੇ ਭਾਸ਼ਾ ਨੂੰ ਅਮੀਰ ਕੀਤਾ, ਉਥੇ ਫੋਟੋਗ੍ਰਾਫ਼ੀ ਦੇ ਦਿਸਹੱਦਿਆਂ ਨੂੰ ਵੀ ਵਿਸਥਾਰਤ ਕੀਤਾ ਹੈ। ਫੋਟੋ ਹਰ ਕਿਸੇ ਨੂੰ ਇਕੋ ਝਲਕ 'ਚ ਬਹੁਤ ਕੁਝ ਵਿਖਾ ਦਿੰਦੀ ਹੈ। ਸੀ. ਮਾਰਕੰਡਾ ਨੇ ਕਿਸੇ ਕਾਰਨਵੱਸ ਇਸ ਪੁਸਤਕ ਵਿਚ ਫੋਟੋਆਂ/ਤਸਵੀਰਾਂ ਅੰਕਿਤ ਨਹੀਂ ਕੀਤੀਆਂ ਪਰੰਤੂ ਉਸ ਦੀ ਲਿਖਣ ਸ਼ੈਲੀ ਵਿਚ ਦ੍ਰਿਸ਼-ਚਿਤਰਣ ਦੀ ਕਲਾ ਕਮਾਲ ਹੈ। 'ਦਰਅਸਲ ਯਾਤਰਾ ਮਨੁੱਖੀ ਜੀਵਨ ਦੀ ਸਿੱਖਿਆ ਦਾ ਇਕ ਅਜਿਹਾ ਮਾਧਿਅਮ ਹੈ ਜੋ ਉਸ ਦੀ ਵਿਦਵਤਾ ਲਈ ਅਨੇਕਾਂ ਮਾਰਗ ਤੈਅ ਕਰਦਾ ਹੈ। ਉਨ੍ਹਾਂ ਮਾਰਗਾਂ 'ਚ ਉਸ ਨੇ ਕਿਸ ਦੀ ਚੋਣ ਕਰਨੀ ਹੈ, ਇਹ ਉਸ ਦੀ ਸੂਝ 'ਤੇ ਨਿਰਭਰ ਕਰਦਾ ਹੈ।' ਇਨ੍ਹਾਂ ਪੰਜ ਸਫ਼ਰਨਾਮਿਆਂ 'ਚ ਲੇਖਕ ਦੇ ਸਹਿ-ਯਾਤਰੀਆਂ ਦੇ ਵਿਅਕਤਿਤਵ ਵੀ ਉਘੜਦੇ ਹਨ ਤੇ ਸ਼ਖ਼ਸੀਅਤਾਂ ਬੋਲਦੀਆਂ ਹਨ। ਪਹਿਲਾਂ ਸਫ਼ਰਨਾਮਾ 'ਡੂਗਰ ਵਾਦਿ ਬਹੁਤ' ਕਸ਼ਮੀਰ 'ਚ ਸਥਿਤ ਅਮਰਨਾਥ ਤੀਰਥ ਦੇ ਦਰਸ਼ਨ ਬੜੀ ਰੌਚਿਕ ਤੇ ਕਾਵਿਕ ਅੰਦਾਜ਼ ਨਾਲ ਰੂਪਮਾਨ ਕੀਤਾ ਗਿਆ ਹੈ। ਪਹਾੜੀ ਯਾਤਰਾ ਤੇ ਬਰਫ਼ਾਨੀ ਮੌਸਮ ਕਿੰਜ ਦਰਪੇਸ਼ ਹੋਇਆ ਉਸ ਕਠਿਨਤਾ ਦੀ ਜਿੱਤ ਇਸ ਦਾ ਹਾਸਿਲ ਹੈ, ਦੂਜਾ ਸਫ਼ਰਨਾਮਾ 'ਮਾਈਸਰਖਾਨਾ ਤੋਂ ਚਾਂਦਨੀ ਚੌਕ' ਗੁਰਮਤਿ ਸਦਭਾਵਨਾ ਵਾਲਾ ਹਿੰਦੂ ਤੀਰਥ ਤੇ ਸਿੱਖ-ਜਗਤ ਦੀਆਂ ਭਾਵਨਾਵਾਂ ਦਾ ਸੁਮੇਲ ਹੈ। ਇਤਿਹਾਸ ਨੂੰ ਪੜ੍ਹਨ ਦਾ ਸੱਚ ਹੈ। ਤੀਜਾ ਸਫ਼ਰਨਾਮਾ 'ਕੁੰਭ ਦਾ ਨ੍ਹਾਉਣ' ਇਲਾਹਾਬਾਦ ਦੇ ਸੰਗਮ ਵਿਖੇ 12 ਵਰ੍ਹਿਆਂ ਬਾਅਦ ਕੁੰਭ ਇਸ਼ਨਾਨ ਦੇ ਦਰਸ਼ਨ ਕਰਵਾਉਂਦਾ। ਇਤਿਹਾਸ-ਮਿਥਿਹਾਸ ਦੀ ਗਾਥਾ। ਚੌਥਾ ਸਫ਼ਰਨਾਮਾ ਨੇਪਾਲ ਦੀ ਯਾਤਰਾ 'ਇਉਂ ਵੇਖਿਆ ਨੇਪਾਲ' ਨਾਲ ਸੰਬੰਧਿਤ ਹੈ। ਨੇਪਾਲ ਦੀ ਪੁਲਿਸ ਪੰਜਾਬ ਪੁਲਿਸ ਨਾਲੋਂ ਵਧੇਰੇ ਸੁਖਦਾਇਕ ਹੈ। ਨੇਪਾਲ ਦੇ ਹੋਟਲਾਂ ਦਾ ਕਾਮਕ ਮਾਹੌਲ ਤੇ ਨੰਗੇਜ਼ ਦ੍ਰਿਸ਼ ਚਿਤਰਨ ਕਰਦਿਆਂ ਲੇਖਕ ਨੇ ਕੋਈ ਓਹਲਾ ਨਹੀਂ ਰੱਖਿਆ। ਕਈ ਨਵੀਆਂ ਗੱਲਾਂ ਦੀ ਜਾਣਕਾਰੀ ਸ਼ਲਾਘਾਯੋਗ ਹੈ। ਪੰਜਵਾਂ ਸਫ਼ਰਨਾਮਾ 'ਪਰਿਕਰਮਾ ਵ੍ਰਿੰਦਾਵਨ' ਭਗਵਾਨ ਕ੍ਰਿਸ਼ਨ ਜੀ ਲੀਲ੍ਹਾ-ਸਥੱਲੀ ਬ੍ਰਿਜ ਭੂਮੀ ਤੇ ਮਥੁਰਾ ਦੀ ਯਾਤਰਾ ਦਾ ਸ਼ਾਨਦਾਰ ਪ੍ਰਕਰਨ ਹੈ। ਪੁਰਾਤਨ ਗ੍ਰੰਥਾਂ ਦੀ ਮਹੱਤਤਾ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ, ਮਿਹਨਤ ਤੇ ਲਗਨ ਦਾ ਪ੍ਰਮਾਣ ਸੀ. ਮਾਰਕੰਡਾ ਨੇ ਮਥੁਰਾ ਦੇ ਹਿੰਦੂ ਮੰਦਰਾਂ ਦੀ ਤਬਾਹੀ ਦਾ ਜ਼ਿਕਰ ਮੁਗ਼ਲ ਸੱਤਾ ਨੇ ਜੋ ਕੀਤਾ, ਉਹ ਬਹੁਤ ਖੋਜ ਵਾਲਾ ਹੈ। ਸਫ਼ਰਨਾਮਿਆਂ ਦੇ ਵੱਡ ਅਕਾਰੀ ਸੰਗ੍ਰਹਿ ਨੂੰ ਬੜੇ ਸਲੀਕੇ ਨਾਲ ਪ੍ਰਕਾਸ਼ਿਤ ਕਰ ਕੇ ਪਾਠਕ ਨੂੰ ਯਾਦਗਾਰੀ ਸਾਹਿਤ ਵਿਧਾ ਦੇ ਦਰਸ਼ਨ ਹੁੰਦੇ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

31-03-2024

 ਅਨੋਖੀਆਂ ਸ਼ਹਾਦਤਾਂ
ਲੇਖਕ : ਨਿਰਮਲ ਸਿੰਘ ਟਪਿਆਲਾ
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 199
ਸੰਪਰਕ : 99153-15787

ਲੇਖਕ ਨਿਰਮਲ ਸਿੰਘ ਟਪਿਆਲਾ ਦੀ ਇਹ ਅੱਠਵੀਂ ਪੁਸਤਕ ਹੈ। ਉਸ ਦੀ ਲੇਖਣੀ, ਧਾਰਮਿਕ ਤੇ ਸਮਾਜੀ ਸਰੋਕਾਰਾਂ ਨੂੰ ਸਮਰਪਿਤ ਹੈ। ਉਸ ਅੰਦਰਲਾ ਕਵੀ, ਸ਼ਰਧਾ ਭਾਵਨਾ ਨਾਲ, ਸਿੱਖ ਇਤਿਹਾਸ ਅਤੇ ਗੌਰਵਮਈ ਇਤਿਹਾਸਕ ਵਿਰਸੇ ਨੂੰ ਬੜੀ ਸ਼ਿੱਦਤ ਨਾਲ, ਕਲਮਬੰਦ ਕਰਦਾ ਹੈ। ਵਿਚਾਰ ਗੋਚਰੀ ਪੁਸਤਕ ਦੇ ਮੁੱਖ ਤੌਰ 'ਤੇ ਤਿੰਨ ਭਾਗ ਹਨ, ਜਿਨ੍ਹਾਂ ਰਾਹੀਂ ਸਿੱਖ ਪੰਥ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਕਾਵਿਕ-ਵਿਧੀ ਰਾਹੀਂ, ਪਾਠਕਾਂ ਦੇ ਸਨਮੁੱਖ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਇਹ ਕਿਤਾਬ ਲੇਖਕ ਨੇ ਆਪਣੀ ਮਰਹੂਮ ਜੀਵਨ-ਸਾਥਣ ਦੀ ਯਾਦ ਨੂੰ ਸਮਰਪਿਤ ਕੀਤੀ ਹੈ। ਕਾਵਿ-ਪੁਸਤਕ ਦੇ ਪਹਿਲੇ ਭਾਗ ਵਿਚ ਅਮਰ ਸ਼ਹੀਦ ਅਤੇ ਖ਼ਾਲਸਾ ਰਾਜ ਦੇ ਉੱਸਰੀਏ ਬਾਬਾ ਬੰਦਾ ਸਿੰਘ ਬਹਾਦਰ ਦੀ ਅਜ਼ੀਮ ਸ਼ਹਾਦਤ ਨੂੰ ਭਾਵ-ਪੂਰਤ ਢੰਗ ਨਾਲ ਰੂਪਮਾਨ ਕੀਤਾ ਗਿਆ ਹੈ। ਅਰੰਭ ਵਿਚ ਗੁਰਦਾਸ ਨੰਗਲ ਦੀ ਜੰਗ-ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਰੰਗੀਨ ਤਸਵੀਰ ਹੈ। ਕਾਵਿਕ ਬਿਰਤਾਂਤ ਤੋਂ ਪਹਿਲਾਂ ਸੰਖੇਪ ਵਾਰਤਕ ਰਾਹੀਂ ਬਾਬਾ ਜੀ ਦੇ ਜੀਵਨ ਬਾਰੇ ਸੌਖੀ ਭਾਸ਼ਾ ਵਿਚ ਜਾਣਕਾਰੀ ਦਿੱਤੀ ਗਈ ਹੈ। ਬਾਬਾ ਜੀ ਨਾਲ ਸੰਬੰਧਿਤ ਹਰੇਕ ਘਟਨਾ ਨੂੰ ਸ਼ੇਅਰਾਂ ਅਤੇ ਬੈਂਤਾਂ ਰਾਹੀਂ ਪੇਸ਼ ਕੀਤਾ ਗਿਆ ਹੈ।
'ਮਨ ਦੇ ਹਉਕੇ ਨੇ ਏਦਾਂ ਮਹਿਸੂਸ ਕਰਦੇ,
ਜਿਵੇਂ ਦੁੱਖ ਅਵੱਲੜੇ ਸਹਿ ਰਹੇ ਨੇ।
ਇਤਿਹਾਸ ਲਿਖਦਿਆਂ ਮਨ ਨੂੰ ਲੱਗਾ ਝਟਕਾ,
ਨਿਰਮਲ ਕੇਲੇ ਕਰੀਰ ਜਿਉਂ ਖਹਿ ਰਹੇ ਨੇ।' (ਪੰਨਾ : 84)
ਇਸ ਪੁਸਤਕ ਦੇ ਦੂਜੇ ਅਧਿਆਏ ਰਾਹੀਂ ਛੋਟਾ ਘੱਲੂਘਾਰਾ, ਕਾਹਨੂੰਵਾਨ ਛੰਭ ਦੀ ਜੰਗ ਦੇ ਦਰਦ, ਪੀੜਾ ਅਤੇ ਦੁਸ਼ਟਾਂ ਵਲੋਂ ਢਾਹੇ ਕਹਿਰ ਨੂੰ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਸੰਖੇਪ ਵਾਰਤਕ ਜਾਣਕਾਰੀ ਹੈ। ਨਾਲ ਹੀ ਰੰਗਦਾਰ ਚਿੱਤਰ ਹਨ। ਲਖਪਤ ਰਾਏ, ਅਦੀਨਾ ਬੇਗ, ਫਰੁਖ਼ਲੀਅਰ, ਦੀਵਾਨ ਕੌੜਾ ਮੱਲ, ਜਸਪਤ ਰਾਏ ਵਰਗੇ ਪਾਤਰਾਂ ਦੇ ਕਿਰਦਾਰਾਂ ਦਾ ਜ਼ਿਕਰ ਹੈ।
'ਛੋਟਾ ਘੱਲੂਘਾਰਾ ਸਿੱਖਾਂ ਨੂੰ ਸਬਕ ਦਿੰਦਾ, ਭੁੱਖੇ ਰਹਿ ਕੇ ਵੀ ਮੰਨਣੀ ਹਾਰ ਨਹੀਓਂ।
ਜ਼ਬਰਦਸਤੀ ਕਰਨ ਵਾਲੇ ਨੂੰ ਕਦੇ ਬਖਸ਼ਣਾ ਨਹੀਂ, ਕੱਚੇ ਹੱਥੀਂ ਕਦੇ ਕਰਨਾ ਵਾਰ ਨਹੀਓਂ। (ਪੰਨਾ : 144)
ਤੀਜੇ ਤੇ ਆਖ਼ਰੀ ਭਾਗ ਵਿਚ ਜਾਣ-ਪਛਾਣ ਤੇ ਤਸਵੀਰ ਤੋਂ ਉਪਰੰਤ ਮਈ, ਜੂਨ 1748 ਵਿਚ ਲਾਹੌਰ ਵਿਖੇ ਜ਼ਾਲਮ ਮੀਰ ਮੰਨੂ ਦੀ ਜੇਲ੍ਹ ਅੰਦਰ ਮਾਸੂਮ ਬੱਚਿਆਂ ਅਤੇ ਸਿਦਕਵਾਨ ਸਿੰਘਣੀਆਂ ਵਲੋਂ ਅਸਹਿ ਅਤੇ ਅਕਹਿ ਤਸੀਹੇ ਝੱਲ ਕੇ ਵੀ ਸਿੱਖੀ ਸਿਦਕ ਨਿਭਾਉਣ ਦੀ ਲਾਸਾਨੀ ਦਾਸਤਾਨ ਨੂੰ ਵਰਣਿਤ ਕੀਤਾ ਗਿਆ ਹੈ।
ਪੁੱਤ ਸ਼ਹੀਦ ਕਰਵਾ ਲਏ ਇਨ੍ਹਾਂ ਬੀਬੀਆਂ ਨੇ, ਰੱਖਿਆ ਸਿੱਖੀ ਨਾਲ ਫਿਰ ਵੀ ਪਿਆਰ ਲੋਕੋ।
ਕਿਸੇ ਪਾਸਿਓਂ ਵੀ ਸੂਬੇ ਦੀ ਨਾ ਜਿੱਤ ਹੋਈ, 'ਨਿਰਮਲ' ਮੂੰਹ 'ਤੇ ਪਈ ਫਿਟਕਾਰ ਲੋਕੋ।' (ਪੰਨਾ : 197)
ਲੇਖਕ ਦੀ ਬੋਲੀ ਸਰਲ, ਭਾਵਪੂਰਨ ਅਤੇ ਠੁੱਕਦਾਰ ਹੈ। ਪੁਸਤਕ ਪੜ੍ਹਨ ਤੇ ਵਿਚਾਰਨਯੋਗ ਰਚਨਾ ਹੈ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

ਰੋਸ਼ਨਾਈ
ਲੇਖਕ : ਸੱਜਾਦ ਜ਼ਹੀਰ
ਅਨੁਵਾਦਕ : ਡਾ. ਨਰੇਸ਼
ਪਬਲਿਸ਼ਰ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 386
ਸੰਪਰਕ : 011-26802488

ਭਾਰਤ ਵਰਸ਼ ਵਿਚ ਪ੍ਰਗਤੀਸ਼ੀਲ ਸਾਹਿਤਕ ਅੰਦੋਲਨ ਦਾ ਇਕ ਲੰਮਾ ਇਤਿਹਾਸ ਹੈ। ਸੱਜਾਦ ਜ਼ਹੀਰ ਉਨ੍ਹਾਂ ਲੇਖਕਾਂ ਵਿਚੋਂ ਹਨ, ਜਿਨ੍ਹਾਂ ਨੇ ਇਸ ਅੰਦੋਲਨ ਦੀ ਸਥਾਪਨਾ ਵਿਚ ਵੱਡੀ ਭੂਮਿਕਾ ਨਿਭਾਈ ਸੀ। ਇਸ ਅੰਦੋਲਨ ਦੀ ਸਥਾਪਨਾ ਦਾ ਮੁਢਲਾ ਵਿਚਾਰ ਲੰਡਨ ਤੋਂ ਪੈਰਿਸ ਰਾਹੀਂ ਹੁੰਦਾ ਹੋਇਆ ਭਾਰਤ ਵਿਚ ਪਹੁੰਚਿਆ ਸੀ। ਲੰਡਨ ਅਤੇ ਪੈਰਿਸ ਵਿਚ ਉਲੀਕੇ ਗਏ ਇਸ ਦੇ ਆਸ਼ਿਆਂ ਅਤੇ ਉਦੇਸ਼ਾਂ ਦੇ ਅਨੁਕੂਲ ਹੀ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਲੇਖਕਾਂ ਨੇ, ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਇਸ ਦੀ ਸਥਾਪਨਾ ਦਾ ਮੁੱਢ ਬੰਨ੍ਹਿਆ ਸੀ। ਇਸ ਵਿਚ ਮੁਣਸ਼ੀ ਪ੍ਰੇਮ ਚੰਦ ਦੀ ਵੀ ਵੱਡੀ ਭੂਮਿਕਾ ਸੀ।
'ਰੋਸ਼ਨਾਈ' ਇਸ ਪ੍ਰਗਤੀਸ਼ੀਲ ਸਾਹਿਤਕ ਅੰਦੋਲਨ ਦਾ ਅਜਿਹਾ ਸਾਹਿਤਕ, ਸੱਭਿਆਚਾਰਕ ਅਤੇ ਇਤਿਹਾਸਕ ਦਸਤਾਵੇਜ਼ ਹੈ, ਜੋ ਇਸ ਅੰਦੋਲਨ ਦੇ ਵੱਖ-ਵੱਖ ਪਾਸਾਰਾਂ ਨੂੰ ਨਾ ਸਿਰਫ਼ ਰੂਪਮਾਨ ਕਰਦਾ ਹੈ, ਸਗੋਂ ਉਸ ਦੀਆਂ ਪ੍ਰਾਪਤੀਆਂ, ਊਣਤਾਈਆਂ ਅਤੇ ਉਸ ਦੇ ਸ਼ਬਦਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਇਸ ਪੁਸਤਕ ਦੇ ਆਰੰਭ ਵਿਚ ਹੀ ਲੇਖਕ ਨੇ ਲਿਖਿਆ ਹੈ, 'ਇਸ ਅੰਦੋਲਨ ਦੇ ਵਿਰੋਧੀ ਵੀ ਇਸ ਦੀ ਲੋਕਪ੍ਰਿਅਤਾ ਤੋਂ ਇਨਕਾਰ ਨਹੀਂ ਕਰ ਸਕਦੇ, ਪਰ ਉਹ ਇਸ ਲੋਕਪ੍ਰਿਅਤਾ ਦੇ ਅਦਭੁਤ ਕਾਰਨ ਬਿਆਨ ਕਰਦੇ ਹਨ... ਇਸ ਨੂੰ ਕੁਝ ਲੋਕਾਂ ਦੀ ਸਾਜਿਸ਼ ਜਾਂ ਚਲਾਕੀ ਦੱਸ ਕੇ ਆਖਦੇ ਹਨ ਕਿ ਅਸਲ ਵਿਚ ਇਹ ਅੰਦੋਲਨ ਕਮਿਊਨਿਸਟਾਂ ਦੀ ਇਕ ਡੂੰਘੀ ਚਾਲ ਤੋਂ ਵੱਧ ਕੁਝ ਨਹੀਂ ਹੈ।' ਸੱਜਾਦ ਜ਼ਹੀਰ ਦਾ ਆਪਣਾ ਕਥਨ ਹੈ ਕਿ ਇਸ ਪੁਸਤਕ ਨੂੰ ਲਿਖਣ ਦਾ ਮਕਸਦ ਇਸ ਸਾਹਿਤਕ ਅੰਦੋਲਨ ਦੇ ਵੱਖ-ਵੱਖ ਪੱਖਾਂ ਉੱਤੇ ਚਾਨਣਾ ਪਾਉਣਾ ਅਤੇ ਗ਼ਲਤ ਫ਼ਹਿਮੀਆਂ ਦਾ ਨਿਵਾਰਨ ਕਰਨਾ ਹੈ। 'ਇਸ ਨੂੰ ਪ੍ਰਗਤੀਸ਼ੀਲ ਲੇਖਕਾਂ ਦੇ ਅੰਦੋਲਨ ਦਾ ਸੰਪੂਰਨ ਇਤਿਹਾਸ ਨਹੀਂ ਸਮਝਿਆ ਜਾਣਾ ਚਾਹੀਦਾ' ਇਸ ਨਜ਼ਰੀਏ ਤੋਂ ਲਿਖੀ ਗਈ ਇਸ ਪੁਸਤਕ ਵਿਚ ਪ੍ਰਗਤੀਸ਼ੀਲ ਸਾਹਿਤਕ ਅੰਦੋਲਨ ਦੇ 1935 ਵਿਚ ਪਹਿਲੇ ਪੂਰ ਦੇ ਗਠਨ ਸਮੇਂ ਨਿਰਧਾਰਿਤ ਕੀਤੇ ਗਏ ਦਿਸ਼ਾ ਨਿਰਦੇਸ਼ ਅਤੇ ਇਕ ਪੰਨੇ ਦੇ ਘੋਸ਼ਣਾ-ਪੱਤਰ ਨੂੰ ਬਣਾਉਣ ਲਈ ਇਕੱਠੇ ਹੋਏ ਲੇਖਕਾਂ ਦਾ ਜ਼ਿਕਰ ਹੈ। ਲੰਡਨ ਵਿਚ ਹੋਈ ਇਸ ਪਹਿਲੀ ਮੀਟਿੰਗ ਵਿਚ ਡਾਕਟਰ ਮੁਲਕ ਰਾਜ ਆਨੰਦ, ਡਾ. ਜਯੋਤੀ ਘੋਸ਼, ਪ੍ਰਮੋਦ ਸੇਨ ਗੁਪਤਾ, ਡਾ. ਮੁਹੰਮਦ ਦੀਨ ਤਾਸੀਰ ਅਤੇ ਸੱਜਾਦ ਜ਼ਹੀਰ ਸ਼ਾਮਿਲ ਸਨ। ਇਹ ਘੋਸ਼ਣਾ ਪੱਤਰ ਲੰਡਨ ਵਿਚੋਂ ਹੀ ਸਾਈਕਲੋਸਟਾਈਲ ਕਰਾ ਕੇ ਭਾਰਤ ਭੇਜਿਆ ਗਿਆ ਸੀ।
ਇਹ ਪੁਸਤਕ ਇਸ ਅੰਦੋਲਨ ਦੀ ਵਿਚਾਰਧਾਰਕ ਅਤੇ ਸੱਭਿਆਚਾਰਕ ਪਿੱਠਭੂਮੀ ਨੂੰ ਬਹੁਤ ਗਹਿਰੀ ਤਰ੍ਹਾਂ ਬਿਆਨ ਕਰਦੀ ਹੋਈ ਅੰਦੋਲਨ ਦੀਆਂ ਕਮਜ਼ੋਰੀਆਂ ਅਤੇ ਵਲਵਲੇ ਨੂੰ ਰੂਪਮਾਨ ਕਰਦੀ ਹੈ। ਸੰਨ 1936 ਤੋਂ 1942 ਤੱਕ ਹੋਏ ਚਾਰ ਸਰਬ ਭਾਰਤੀ ਸੰਮੇਲਨਾਂ ਦਾ ਉਲੇਖ ਕਰਦੀ ਹੋਈ ਹਿੰਦੀ, ਉਰਦੂ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਇਸ ਦੇ ਪਸਾਰਾਂ ਉੱਤੇ ਵੀ ਵਿਸਥਾਰ ਪੂਰਵਕ ਚਰਚਾ ਕਰਦੀ ਹੈ।
ਸੁਤੰਤਰਤਾ ਸੰਗਰਾਮ ਦੀ ਚੜ੍ਹਤ ਦੇ ਦਿਨਾਂ ਵਿਚ ਸ਼ੁਰੂ ਹੋਏ ਪ੍ਰਗਤੀਸ਼ੀਲ ਸਾਹਿਤਕ ਅੰਦੋਲਨ ਬਾਰੇ ਸੱਜਾਦ ਜ਼ਹੀਰ ਵਲੋਂ ਲਿਖੀ ਗਈ ਇਸ ਕਿਤਾਬ ਦੇ ਡਾ. ਨਰੇਸ਼ ਵਲੋਂ ਕੀਤੇ ਗਏ ਪੰਜਾਬੀ ਅਨੁਵਾਦ ਨੂੰ ਉਨ੍ਹਾਂ ਜਗਿਆਸੂਆਂ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ, ਜੋ ਪ੍ਰਗਤੀਸ਼ੀਲ ਸਾਹਿਤਕ ਅੰਦੋਲਨ ਦੀ ਵਰਤਮਾਨ ਪ੍ਰਸੰਗਿਕਤਾ ਨੂੰ ਸਮਝਣਾ ਜ਼ਰੂਰੀ ਸਮਝਦੇ ਹਨ।

-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812

ਸਾਡੀ ਵੀ ਸੁਣ ਲਵੋ
ਲੇਖਕ : ਗੁਰਦੀਪ ਸਿੰਘ ਵੜੈਚ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 58
ਸੰਪਰਕ : 94630-23152

ਗੁਰਦੀਪ ਸਿੰਘ ਵੜੈਚ ਦੀਆਂ ਤਿੰਨ ਵਾਰਤਕ ਪੁਸਤਕਾਂ ਤੋਂ ਬਾਅਦ 'ਸਾਡੀ ਵੀ ਸੁਣ ਲਵੋ' ਚੌਥੀ ਪੁਸਤਕ ਹੈ। ਇਸ ਪੁਸਤਕ ਦੀਆਂ ਰਚਨਾਵਾਂ ਦੇ ਵਿਧਾ ਰੂਪ ਬਾਰੇ ਫ਼ੈਸਲਾ ਕਰਨਾ ਮੁਸ਼ਕਿਲ ਲਗਦਾ ਹੈ ਕਿਉਂਕਿ ਇਹ ਰਚਨਾਵਾਂ ਰੇਖਾ-ਚਿੱਤਰ ਰੂਪੀ ਕਹਾਣੀਆਂ ਹਨ। ਇਨ੍ਹਾਂ ਰਚਨਾਵਾਂ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਇਹ ਕਹਾਣੀਆਂ ਉਨ੍ਹਾਂ ਵਿਅਕਤੀਆਂ ਦੀਆਂ ਹਨ, ਜੋ ਉੱਚੀਆਂ ਜਾਤਾਂ ਨਾਲ ਸੰਬੰਧ ਰੱਖਦੇ ਹਨ, ਪਰ ਆਰਥਿਕ ਰੂਪ ਵਿਚ ਬਹੁਤ ਗ਼ਰੀਬ ਹਨ। ਉੱਚੀ ਜਾਤ ਦੇ ਹੋਣ ਕਾਰਨ ਉਨ੍ਹਾਂ ਨੂੰ ਕੋਈ ਸਰਕਾਰੀ ਮਦਦ ਜਾਂ ਸਹੂਲਤ ਨਹੀਂ ਮਿਲਦੀ, ਕਿਉਂਕਿ ਇਹ ਸਭ ਸਹੂਲਤਾਂ ਨੀਵੀਂ ਜਾਤ ਦੇ ਲੋਕਾਂ ਲਈ ਹੀ ਉਪਲਬਧ ਹਨ। ਲੇਖਕ ਦਾ ਸਾਰੇ ਸੱਤ ਵਿਅਕਤੀਆਂ ਦੇ ਰੇਖਾ-ਚਿੱਤਰ ਰੂਪੀ ਕਹਾਣੀਆਂ ਲਿਖਣ ਦਾ ਢੰਗ ਇਕੋ ਜਿਹਾ ਹੀ ਹੈ। ਇਨ੍ਹਾਂ ਰਚਨਾਵਾਂ ਵਿਚ ਉਹ ਉਨ੍ਹਾਂ ਵਿਅਕਤੀਆਂ ਨੂੰ ਇਕ ਅਰਸੇ ਬਾਅਦ ਮਿਲਦਾ ਹੈ, ਮੁਸ਼ਕਿਲ ਨਾਲ਼ ਪਰ ਪਛਾਣ ਲੈਂਦਾ ਹੈ ਅਤੇ ਫਿਰ ਉਨ੍ਹਾਂ ਦੀ ਗ਼ਰੀਬੀ ਦੀ ਹਾਲਤ ਦੀ ਕਹਾਣੀ ਸੁਣਦਾ ਹੈ। ਇਕ ਇੰਟਰਵਿਊ ਲੈ ਰਹੇ ਵਿਅਕਤੀ ਵਾਂਗ ਉਨ੍ਹਾਂ ਤੋਂ ਕਈ ਸੁਆਲ ਪੁੱਛਦਾ ਹੈ ਅਤੇ ਫਿਰ ਉਨ੍ਹਾਂ ਸੁਆਲਾਂ ਦੇ ਜਵਾਬਾਂ ਤੋਂ ਲਗਭਗ ਇਕ ਹੀ ਤਰ੍ਹਾਂ ਦੇ ਸਿੱਟਿਆਂ 'ਤੇ ਪੁੱਜਦਾ ਹੈ। ਇਹ ਸਿੱਟੇ ਉੱਚੀਆਂ ਜਾਤਾਂ ਦੇ ਲੋਕਾਂ ਦੀ ਗ਼ਰੀਬੀ ਨੂੰ ਚਿੱਤਰਤ ਕਰਦੇ ਹਨ ਅਤੇ ਸਰਕਾਰੀ ਮਦਦ ਨਾ ਮਿਲਣ ਕਾਰਨ ਉਨ੍ਹਾਂ ਪਾਤਰਾਂ ਦੀ ਤ੍ਰਾਸਦੀ ਹੰਢਾਉਣ ਦੀ ਜੱਦੋ-ਜਹਿਦ ਨੂੰ ਬਿਆਨ ਕਰਦੇ ਹਨ। ਲੇਖਕ ਨੇ ਇਨ੍ਹਾਂ ਰੇਖਾ-ਚਿੱਤਰ ਕਹਾਣੀਆਂ ਦੇ ਪਾਤਰਾਂ ਵਿਚ ਰੋੜੀ ਕੁੱਟ, ਨਰਾਤਾ ਬ੍ਰਾਹਮਣ ਅਤੇ ਦਸੌਂਧਾ ਸਿੰਘ ਨੂੰ ਆਪਣੇ ਜਮਾਤੀ ਵਜੋਂ ਅਤੇ ਰੁਲਦੂ ਬ੍ਰਾਹਮਣ, ਛੱਜੂ ਬਾਣੀਆਂ ਤੇ ਭਾਂਡੇ ਕਲੀ ਕਰਨ ਵਾਲਾ ਲੱਭੂ ਰਾਮ ਨੂੰ ਪਿੰਡ ਦੇ ਲੋਕਾਂ ਵਜੋਂ ਸਥਾਪਤ ਕੀਤਾ ਹੈ। ਉਸ ਨੇ ਦੋ ਰੇਖਾ-ਚਿੱਤਰ ਔਰਤ ਪਾਤਰਾਂ ਦੇ ਵੀ ਸ਼ਾਮਿਲ ਕੀਤੇ ਹਨ, ਜੋ ਅੰਤਾਂ ਦੀ ਗ਼ਰੀਬੀ ਅਤੇ ਸਮਾਜ ਦੇ ਰਵੱਈਏ ਕਾਰਨ ਦੁੱਖ ਝੱਲਦੀਆਂ ਹਨ। ਇਹ ਸਾਰੀਆਂ ਰਚਨਾਵਾਂ ਆਰਥਿਕ ਅਤੇ ਸਮਾਜਿਕ ਪੱਖੋਂ ਸਮਾਜ ਵਿਚ ਸਮਾਨਤਾ ਲੱਭਦੀਆਂ ਹਨ ਤੇ ਇਸ ਸੰਬੰਧ ਵਿਚ ਰਾਜਨੀਤਕ ਸੇਧ ਚਾਹੁੰਦੀਆਂ ਹਨ। ਆਸ ਹੈ ਕਿ ਵਿਲੱਖਣ ਵਿਸ਼ੇ ਵਾਲੀ ਇਸ ਪੁਸਤਕ ਦਾ ਪਾਠਕਾਂ ਵਲੋਂ ਸਵਾਗ਼ਤ ਕੀਤਾ ਜਾਵੇਗਾ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਮੇਰੀ ਗ਼ਜ਼ਲ ਦੇ
ਪੰਜ ਪਰਾਗੇ
ਲੇਖਕ : ਡਾ. ਸੁਰਜੀਤ ਸਿੰਘ ਕੁੰਜਾਹੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 650 ਰੁਪਏ, ਸਫ਼ੇ : 360
ਸੰਪਰਕ : 098105-80870

ਗ਼ਜ਼ਲ ਸੰਗ੍ਰਹਿ ਦੀ ਵਿਚਾਰਾਧੀਨ ਪੁਸਤਕ ਵਾਯੂ ਸੈਨਾ ਵਿਚ ਡਾਕਟਰ ਰਹਿ ਚੁੱਕੇ ਡਾ. ਸੁਰਜੀਤ ਸਿੰਘ ਕੁੰਜਾਹੀ ਦੀ ਪੰਜਾਬੀ ਜਗਤ ਨੂੰ ਵੱਡਮੁੱਲੀ ਦੇਣ ਹੈ। ਇਸ ਕਿਤਾਬ ਨੂੰ ਮੁੱਖ ਤੌਰ 'ਤੇ ਪੰਜ ਪਰਾਗਿਆਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਭਾਗਾਂ ਦੇ ਨਾਂਅ ਹਨ : ਕਾਦਰ ਨਗਰੀ, ਕੁਦਰਤੀ ਵਿਹੜਾ, ਮਾਨਵੀ ਕਦਰਾਂ, ਸੰਸਾਰ ਸਮੁੰਦਰ ਅਤੇ ਨਿੱਜ ਨਗਰੀ ਆਦਿ। ਇਨ੍ਹਾਂ ਗ਼ਜ਼ਲਾਂ ਦਾ ਅਧਿਐਨ ਕਰਦਿਆਂ ਜਿਹੜੇ ਸੂਤਰ ਪਾਠਕ ਦੀ ਪਕੜ ਵਿਚ ਆ ਸਕਦੇ ਨੇ, ਉਹ ਹਨ ਵਾਹਿਗੁਰੂ, ਪ੍ਰਾਕ੍ਰਿਤਕ ਵਾਤਾਵਰਨ, ਮਾਨਵੀ ਕਦਰਾਂ-ਕੀਮਤਾਂ, ਵਿਸ਼ਵ ਸਮੁੰਦਰ ਵਿਚੋਂ ਲੇਖਕ ਵਲੋਂ ਆਪਣੇ ਅਸਤਿਤਵ ਦੀ ਪਹਿਚਾਣ ਕਰਨਾ। ਦਰਅਸਲ ਹਰ ਗ਼ਜ਼ਲ ਪਿੱਛੇ ਲੇਖਕ ਦਾ ਵਜੂਦ ਖੜ੍ਹਾ ਵਿਖਾਈ ਦਿੰਦਾ ਹੈ। ਉਹ ਕਿਧਰੇ ਵੀ ਆਪਣੀ ਵਜੂਦੀਅਤ ਨੂੰ ਯਤਨ ਦੇ ਬਾਵਜੂਦ, ਛੁਪਾਉਂਦਾ ਪ੍ਰਤੀਤ ਨਹੀਂ ਹੁੰਦਾ। ਇਨ੍ਹਾਂ ਪੰਜਾਂ ਪਰਾਗਿਆਂ ਦੀ ਆਪਸ ਵਿਚ ਏਨੀ ਸਾਂਝ ਹੈ ਕਿ ਇਨ੍ਹਾਂ ਨੂੰ ਆਪਸ ਵਿਚ ਨਿਖੇੜਨਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਪ੍ਰਤੀਤ ਜ਼ਰੂਰ ਹੁੰਦਾ ਹੈ। ਅਕਸਰ ਹੀ ਘੁਲਮਿਲ ਜਾਂਦੇ ਨੇ। ਦਰਅਸਲ ਕਵੀ ਨੇ ਆਪਣੇ ਸ਼ੇਅਰਾਂ ਵਿਚ ਭਾਵਾਂ ਦਾ ਪ੍ਰਗਟਾਵਾ ਆਪਮੁਹਾਰਾ ਕੀਤਾ ਹੈ। ਉਸ ਦੀ ਸ਼ਾਇਰੀ ਦੇ ਸਾਰੇ ਪਰਾਗਿਆਂ ਵਿਚ ਵਿਚਰਦਿਆਂ ਮਾਨਵੀ ਦੁੱਖਾਂ-ਸੁੱਖਾਂ, ਆਸ਼ਾ-ਨਿਰਾਸ਼ਾ, ਸਬਰ-ਸੰਜਮ, ਬੇਸਬਰੀ ਤੇ ਸੰਤੋਖ-ਅਸੰਤੋਖ ਦਾ ਪ੍ਰਗਟਾਵਾ ਕਰਦੀ ਪ੍ਰਤੀਤ ਹੁੰਦੀ ਹੈ। ਉਹ ਮਾਨਵੀ ਜੀਵਨ ਤੋਂ ਬਿਨਾਂ ਦੋ ਸ਼ਖ਼ਸੀਅਤਾਂ (ਬੜੂ ਸਾਹਿਬ ਦੇ ਸੰਤ ਅਤਰ ਸਿੰਘ ਜੀ ਅਤੇ ਗਗਨ ਪਾਕਿਸਤਾਨੀ) ਦੇ ਗ਼ਜ਼ਲਨੁਮਾ ਸ਼ਬਦ-ਚਿੱਤਰ ਵੀ ਉਲੀਕਦਾ ਹੈ। ਕਵੀ ਨੂੰ ਗਿਲਾ ਹੈ ਕਿ ਆਦਮ-ਜਾਤ ਦੀ ਮੂਰਖਤਾ ਨੇ ਸਿਰਜਣਹਾਰ ਨੂੰ ਵੰਡ ਲਿਆ ਹੈ :
ਆਦਮਜਾਤ ਦੀ ਮੂਰਖਤਾ ਨੇ ਵੰਡ ਖ਼ੁਦਾ ਵੀ ਲੀਤਾ
ਨਾ ਮਹਿਫ਼ੂਜ਼ ਮਸੀਤ ਨਾ ਗਿਰਜਾ, ਗੁਰਦਵਾਰਾ ਮੰਦਰ। ਪੰਨਾ 26
ਗ਼ਜ਼ਲਾਂ ਵਿਚ ਪੰਜ ਤੱਤਾਂ ਪੌਣ, ਪਾਣੀ, ਧਰਤੀ, ਹਵਾ, ਆਕਾਸ਼ ਦੀ ਬਿੰਬਾਵਲੀ ਉਪਲਬਧ ਹੈ। ਅਸਲ ਵਿਚ ਇਹ ਸ਼ਾਇਰੀ ਪਰਬਤ, ਵਾਦੀਆਂ, ਜੰਗਲਾਂ, ਦਰੱਖਤਾਂ, ਨਦੀਆਂ, ਬੱਦਲ ਆਦਿ ਵਾਤਾਵਰਨੀ ਸ਼ਬਦਾਵਲੀ ਨਾਲ ਲਬਰੇਜ਼ ਹੈ।
ਪੰਜ ਤੱਤਾਂ ਦੇ ਸਾਰ ਨੇ ਗੁੰਦਿਆ ਗੁਲਦਸਤਾ
ਖ਼ੁਸ਼ਬੂ ਵਾਂਙਰ ਇਥੋਂ ਕਿਧਰੇ ਉੜ ਜਾਵਾਂ। ਪੰਨਾ 64
ਕਵੀ ਨੂੰ ਵਾਤਾਵਰਨ ਸੰਬੰਧੀ ਵਿਗਿਆਨਕ ਜਾਣਕਾਰੀ ਵੀ ਹੈ :
ਪਵਨ ਦੀਆਂ ਕਈ ਪਰਤਾਂ ਵਿਚੋਂ ਆਕਸੀਜਨ ਮੁੱਕਦੀ ਜਾਵੇ
ਸਮਾ ਜਾਵੇ ਓਜ਼ੋਨ ਦਵਾਰਾ ਟੁੱਟੇ ਚੁੰਬਕ ਦੀ ਪਕੜਾਈ। ਪੰਨਾ : 178
'ਕੁੰਜਾਹੀ' ਤਾਂ ਰੱਬ ਨੂੰ ਵੀ ਮਿਹਣਾ ਮਾਰਦਾ ਹੈ :
ਤੂੰ ਵੀ ਰੱਬਾ ਸਮਝ ਨਾ ਸਕਿਆ ਬੰਦਿਆਂ ਦੇ ਸੰਸਾਰ ਨੂੰ
ਏਸ ਕਸੂਤੇ ਕੂੜ ਕੁਫ਼ਰ ਦੇ ਖਿਲਰੇ ਹੋਏ ਵਾਪਾਰ ਨੂੰ। ਪੰਨਾ : 206
ਗੱਲ ਕੀ 7 ਸਮੁੰਦਰਾਂ, 7 ਅਸਮਾਨਾਂ, 9 ਖੰਡਾਂ ਨੂੰ ਕਲਾਵੇ ਵਿਚ ਲੈਣ ਦਾ ਯਤਨ ਕਰਦੀ ਪ੍ਰਤੀਤ ਹੁੰਦੀ ਹੈ ਇਹ ਸ਼ਾਇਰੀ। ਅਸਲ ਵਿਚ ਬੰਦੇ ਨੂੰ ਬੰਦਾ ਬਣਾਉਣ ਦਾ, ਸਮਝਣ ਦਾ ਪ੍ਰਗਟਾਵਾ ਕਰਦੀਆਂ ਨੇ ਇਹ ਗ਼ਜ਼ਲਾਂ।
'ਕੁੰਜਾਹੀ' ਆਪਣੇ ਉਪਨਾਮ ਦਾ ਪ੍ਰਯੋਗ ਅਨੇਕਾਂ ਮਕਤਿਆਂ ਵਿਚ ਕਰਦਾ ਹੈ, ਜਿਵੇਂ ਕਿ ਵੀਰ ਕੁੰਜਾਹੀ, ਯਾਰ ਕੁੰਜਾਹੀ ਆਦਿ। ਗ਼ਜ਼ਲਾਂ ਮੁਸਲਸੱਲ ਵੀ ਹਨ। ਗ਼ੈਰ-ਮੁਸਲਸੱਲ ਵੀ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vat}sh.dharamchand0{ma}&.com

ਮੁਹੱਬਤ ਇਕ ਮੁਸਾਫ਼ਰ
ਲੇਖਕ : ਅਰਮਿੰਦਰ ਸਿੰਘ ਸੰਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 124
ਸੰਪਰਕ : 94655-64962

ਇਸ ਪੁਸਤਕ ਦੇ ਲੇਖਕ ਅਰਮਿੰਦਰ ਸਿੰਘ ਸੰਧੂ ਹਨ, ਜਿਨ੍ਹਾਂ ਨੇ ਇਸ ਕਾਵਿ-ਸੰਗ੍ਰਹਿ ਵਿਚ 62 ਕਵਿਤਾਵਾਂ ਦਿੱਤੀਆਂ ਹਨ। ਭਾਵੇਂ ਲੇਖਕ ਦਾ ਇਹ ਪਹਿਲਾ ਕਾਵਿ-ਸੰਗ੍ਰਹਿ ਹੈ ਪ੍ਰੰਤੂ ਉਸ ਦੀ ਸ਼ਾਇਰੀ ਦਾ ਘੇਰਾ ਵਿਸ਼ਾਲ ਜਾਪਦਾ ਹੈ, ਜਿਨ੍ਹਾਂ ਦੀਆਂ ਉਦਾਹਰਨਾਂ ਉਨ੍ਹਾਂ ਦੀਆਂ ਕਵਿਤਾਵਾਂ ਵਿਚੋਂ ਵੇਖੀਆਂ ਜਾ ਸਕਦੀਆਂ ਹਨ। ਹਰ ਰਚਨਾ ਵਿਚ ਢੁਕਵੇਂ ਸ਼ਬਦਾਂ ਨੂੰ ਚੁਣ-ਚੁਣ ਕੇ ਰਚਨਾ ਨੂੰ ਜਿਸ ਤਰ੍ਹਾਂ ਪਰੋਇਆ ਗਿਆ ਹੈ, ਉਹ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ। ਲੇਖਕ ਦੇ ਅੰਦਰ ਅਥਾਹ ਸ਼ਬਦਾਂ ਦਾ ਜਿਸ ਤਰ੍ਹਾਂ ਭੰਡਾਰ ਜਮ੍ਹਾਂ ਕੀਤਾ ਹੋਇਆ ਹੈ, ਉਸ ਦੇ ਨਾਲ ਰਚਨਾ ਵਿਚ ਆਪ-ਮੁਹਾਰੇ ਹੀ ਜਾਨ ਪੈ ਜਾਂਦੀ ਹੈ। ਲੇਖਕ ਸ਼ਬਦਾਂ ਦੀ ਵਰਤੋਂ ਤੇ ਸੱਚ ਕਹਿਣ ਪ੍ਰਤੀ ਐਵੇਂ ਵਾਧੂ ਵਲੇਵੇਂ ਜਿਹੇ ਨਹੀਂ ਪਾਉਂਦਾ ਸਗੋਂ ਸਪੱਸ਼ਟ ਅਤੇ ਸਰਲ ਭਾਸ਼ਾ ਦੇ ਵਿਚ ਕਹਿ ਕੇ ਉਸ ਨੂੰ ਸ਼ਿੰਗਾਰਦਾ ਹੈ। ਕਈ ਕਵਿਤਾਵਾਂ ਦੇ ਡੂੰਘੇ ਅਰਥ ਵੀ ਵੇਖੇ ਜਾ ਸਕਦੇ ਹਨ। ਲੇਖਕ ਅੱਜ ਦੇ ਸਮਾਜ ਪ੍ਰਤੀ ਵੀ ਕਾਫ਼ੀ ਚਿੰਤਤ ਹੈ ਅਤੇ ਉਹ ਅੱਜ ਦੇ ਵਰਤੇਵੇਂ ਤੋਂ ਵੀ ਕਾਫ਼ੀ ਪ੍ਰੇਸ਼ਾਨ ਹੈ ਅਤੇ ਆਪਣੀ ਭੜਾਸ ਆਪਣੀਆਂ ਰਚਨਾਵਾਂ ਵਿਚ ਕੱਢ ਕੇ ਸਾਹ ਲੈਂਦਾ ਹੈ। ਲੇਖਕ ਦਾ ਆਪਣਾ ਹੀ ਅੰਦਾਜ਼ ਹੈ ਕਿ ਉਹ ਆਪਣੀ ਗੱਲ ਨੂੰ ਥੋੜ੍ਹੇ ਸ਼ਬਦਾਂ ਵਿਚ ਕਹਿ ਜਾਂਦਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਵੰਨ-ਸੁਵੰਨੇ ਵਿਸ਼ੇ ਲਏ ਗਏ ਹਨ ਅਤੇ ਹਰ ਰਚਨਾ ਦੇ ਨਾਲ ਕੀਤਾ ਗਿਆ ਇਨਸਾਫ਼ ਵੀ ਸਾਫ਼ ਝਲਕਦਾ ਹੈ। ਲੇਖਕ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਆਪਣੀ ਲੇਖਣੀ ਦੇ ਪ੍ਰਤੀ ਡਰ ਦਾ ਭਓ ਨਹੀਂ ਰੱਖਦਾ ਅਤੇ ਜੋ ਕਹਿਣਾ ਹੁੰਦਾ ਹੈ, ਉਸ ਨੂੰ ਕਹਿ ਕੇ ਆਪਣਾ ਦਿਲ ਹਲਕਾ ਕਰ ਲੈਂਦਾ ਹੈ। ਵੈਸੇ ਤਾਂ ਸਾਰੀਆਂ ਹੀ ਕਵਿਤਾਵਾਂ ਵਧੀਆ ਹਨ ਪ੍ਰੰਤੂ ਧੀਆਂ, ਯਾਦਾਂ, ਮੁਸਕਾਨ, ਹੰਝੂ, ਮਹਿੰਦੀ, ਕੰਡਿਆਲੀਆਂ ਤਾਰਾਂ, ਦਿਲ ਦੇ ਸੌਦੇ, ਕਿਸਾਨ, ਇਮਾਨਦਾਰ ਹੋਵੇ ਜੇ ਬੰਦਾ, ਇਨਸਾਨੀਅਤ ਦਾ ਪਾਠ, ਯਾਦਾਂ ਦੇ ਸਹਾਰੇ, ਰੁੱਖ ਤੇ ਕੁੱਖ ਕਾਬਲੇ ਤਾਰੀਫ਼ ਹਨ। ਇਕ ਕਵਿਤਾ ਵਿਚ ਲੇਖਕ ਲਿਖਦਾ ਹੈ :-
ਇਨਸਾਨੀਅਤ ਦਾ ਪਾਠ,
ਧਰਮ ਸਿਖਾਉਂਦੇ ਸਾਰੇ ਨੇ,
ਫੇਰ ਕਾਹਤੋਂ ਹਰ ਵਾਰ,
ਜਾਨੋਂ ਕਈ ਬੇਦੋਸ਼ੇ ਮਾਰੇ।
ਜੇਕਰ ਲੇਖਕ ਇਸੇ ਤਰ੍ਹਾਂ ਨਿਰੰਤਰ ਲਿਖਦਾ ਗਿਆ ਤਾਂ ਹੋਰ ਵੀ ਪ੍ਰਪੱਕਤਾ ਆਵੇਗੀ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਹੱਡੀਂ ਹੰਢਾਏ ਸੱਚ
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 95309-44345

ਬਲਬੀਰ ਪਰਵਾਨਾ ਰੋਜ਼ਾਨਾ 'ਨਵਾਂ ਜ਼ਮਾਨਾ' ਅਖ਼ਬਾਰ ਨਾਲ ਜੁੜਿਆ ਇਕ ਸਥਾਪਤ ਅਤੇ ਚਰਚਿਤ ਨਾਂਅ ਹੈ। ਉਸ ਨੇ ਹੁਣ ਤੱਕ 10 ਵਿਧਾਵਾਂ (ਨਾਵਲ, ਨਾਵਲੈੱਟ, ਕਹਾਣੀ, ਮਿੰਨੀ ਕਹਾਣੀ, ਕਵਿਤਾ, ਖੋਜ ਕਾਰਜ, ਮੁਲਾਕਾਤਾਂ, ਸੰਪਾਦਨ, ਅਨੁਵਾਦ ਆਦਿ) ਵਿਚ ਅੱਧੇ ਸੈਂਕੜੇ ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ ਹੈ। ਰੀਵਿਊ ਅਧੀਨ ਕਿਤਾਬ ਨੂੰ ਓਪਰੀ ਨਜ਼ਰੇ ਵੇਖਿਆਂ ਲੱਗਦਾ ਹੈ ਕਿ ਇਹ ਲੇਖਕ ਦੀਆਂ ਯਾਦਾਂ ਨਾਲ ਸੰਬੰਧਤ ਹੈ, ਪਰ ਅਸਲ ਵਿਚ ਉਸ ਨੇ ਇਨ੍ਹਾਂ ਯਾਦਾਂ ਨੂੰ ਮਹਿਜ਼ ਯਾਦਾਂ ਵਜੋਂ ਹੀ ਪ੍ਰਸਤੁਤ ਨਹੀਂ ਕੀਤਾ, ਸਗੋਂ ਉਨ੍ਹਾਂ 'ਤੇ ਢੁਕਵਾਂ ਤਬਸਰਾ ਵੀ ਕੀਤਾ ਹੈ। ਇਸੇ ਲਈ ਇਸ ਨੂੰ 'ਚਿੰਤਨ' ਦੇ ਘੇਰੇ ਵਿਚ ਰੱਖਿਆ ਗਿਆ ਹੈ। ਇਸ ਕਿਤਾਬ ਦੇ ਤਿੰਨ ਭਾਗ ਬਣਾਏ ਗਏ ਹਨ- }) ਸਾਹਿਤ ਅਨੁਭਵ, }}) ਅਨੁਭਵ ਬਿੰਦੂ ਅਤੇ }}}) ਮੀਲ ਪੱਥਰ। ਇਨ੍ਹਾਂ ਵਿਚ ਕ੍ਰਮਵਾਰ 4, 63 ਅਤੇ 4 ਰਚਨਾਵਾਂ ਹਨ। ਜ਼ਿਆਦਾ ਰਚਨਾਵਾਂ ਦੂਜੇ ਭਾਗ ਦੀਆਂ ਹਨ, ਜਿਨ੍ਹਾਂ ਵਿਚ ਲੇਖਕ ਨੇ ਯਾਦਾਂ ਨੂੰ ਸਮੇਂ ਤੇ ਸਥਿਤੀ ਨਾਲ ਜੋੜ ਕੇ ਇਨ੍ਹਾਂ ਦੀ ਆਧੁਨਿਕ ਪ੍ਰਸੰਗ ਵਿਚ ਥਾਂ ਨਿਰਧਾਰਿਤ ਕੀਤੀ ਹੈ। ਪਹਿਲੇ ਭਾਗ ਵਿਚ ਸਾਹਿਤ ਦੀ ਭੂਮਿਕਾ, ਰਚਨਾ ਦੀਆਂ ਜੜ੍ਹਾਂ, ਸਿਰਜਣਾ 'ਚ ਸਮਕਾਲ, ਕੁਦਰਤ ਤੇ ਸ਼ਬਦ ਸਾਧਨਾ ਸਿਰਲੇਖ ਹੇਠ ਸਾਹਿਤਕ ਲੇਖ ਹਨ, ਅੰਤਿਮ ਭਾਗ ਵਿਚ ਪਾਸ਼, ਅਮਰ ਅਚਰਵਾਲ, ਕਾਮਰੇਡ ਗਿਆਨ ਸਿੰਘ ਸੰਘਾ ਤੇ ਸੁਖਦੇਵ ਪ੍ਰੀਤ ਜਿਹੇ ਪ੍ਰਗਤੀਵਾਦੀ, ਅਗਾਂਹਵਧੂ ਤੇ ਕ੍ਰਾਂਤੀਕਾਰੀ ਲੇਖਕਾਂ/ ਕਾਰਕੁਨਾਂ ਨਾਲ ਜੁੜੀਆਂ ਯਾਦਾਂ ਦੇ ਵਰਕੇ ਹਨ, ਜੋ ਕਿਸੇ 'ਕਾਜ' ਲਈ ਜਾਨਾਂ ਕੁਰਬਾਨ ਕਰ ਗਏ। ਵਿਚਕਾਰਲੇ ਭਾਗ ਦੀਆਂ ਸਾਰੀਆਂ ਹੀ ਰਚਨਾਵਾਂ ਸੰਖਿਪਤ ਅਤੇ ਦਿਲਚਸਪ ਹੋਣ ਦੇ ਨਾਲ-ਨਾਲ ਸਮਕਾਲੀ ਪ੍ਰਸੰਗਾਂ ਨਾਲ ਖਹਿੰਦੀਆਂ ਹਨ। ਇਸ ਭਾਗ ਦੀਆਂ ਲਿਖਤਾਂ ਲੇਖਕ ਦੇ ਬਚਪਨ ਤੋਂ ਹੁਣ ਤੱਕ ਦੇ ਸਮੇਂ ਨਾਲ ਵਾਬਸਤਾ ਹਨ। 'ਸ਼ਬਦ ਤੇ ਅਹਿਸਾਸ' (72) ਵਿਚ ਅੰਕੜਾ 143 ਅਤੇ 'ਅਗਾੜੀ' ਸ਼ਬਦ ਬਾਰੇ ਦਿਲਚਸਪ ਅੰਸ਼ ਹੈ। ਨੌਜਵਾਨ ਪੀੜ੍ਹੀ ਲਈ 143 ਦਾ ਅਰਥ ਹੈ-'ਆਈ ਲਵ ਯੂ'; ਇਸੇ ਤਰ੍ਹਾਂ ਜਦੋਂ ਲੇਖਕ ਆਪਣੇ ਦਫ਼ਤਰ ਵਿਚ ਆਪਣੇ ਖੇਤਰ ਦੀ ਬੋਲੀ ਮੁਤਾਬਕ 'ਅਗਾੜੀ' ਸ਼ਬਦ ਬੋਲਦਾ ਸੀ ਤਾਂ ਦਫ਼ਤਰ ਦੀਆਂ ਕੰਪਿਊਟਰ ਵਾਲੀਆਂ ਕੁੜੀਆਂ ਨੇ ਉਹਦੀ ਛੇੜ ਹੀ 'ਅਗਾੜੀ' ਰੱਖ ਲਈ। 'ਸੰਦਰਭ ਤੇ ਅਰਥ' (65) ਵਿਚ ਪਰਵਾਨਾ ਨੇ ਇਕ ਲੋਕ ਬੋਲੀ 'ਮੌਜ ਸੁਨਿਆਰਾ ਲੈ ਗਿਆ, ਜਿਹੜਾ ਲਾ ਗਿਆ ਦੰਦਾਂ ਨੂੰ ਮੇਖਾਂ' ਨੂੰ ਸੰਦਰਭ ਨਾਲ ਜੋੜ ਕੇ ਵੇਖਣ ਦੀ ਕੋਸ਼ਿਸ਼ ਕੀਤੀ ਹੈ। 'ਪੜ੍ਹਨ ਦੀ ਰੁਚੀ' (110) ਵਿਚ ਲੇਖਕ ਨੇ ਦੱਸਿਆ ਹੈ ਕਿ ਉਸ ਨੇ ਸਕੂਲ 'ਚ ਪੜ੍ਹਦਿਆਂ ਹੀ ਸਕੂਲ-ਲਾਇਬ੍ਰੇਰੀ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਸਨ। ਕਿਤਾਬ ਵਿਚਲੇ ਇਨ੍ਹਾਂ ਸੰਸਮਰਣਾਂ ਦਾ ਮੁੱਢ 1965 (ਲੇਖਕ ਉਦੋਂ 10 ਸਾਲ ਦਾ ਸੀ) ਤੋਂ ਬੱਝਦਾ ਹੈ, ਜਦ ਕਿ ਇਨ੍ਹਾਂ ਦਾ ਰਚਨਾ-ਕਾਲ 1995-2000 ਦਾ ਹੈ। ਹੋਰ ਲਿਖਤਾਂ 'ਕਿਤਾਬਾਂ ਦੀ ਚੋਰੀ', 'ਡਾਇਰੀ ਤੇ ਵਿਆਹ', 'ਕਿੱਸਾ ਇਕ ਕਵਿਤਾ ਦਾ', 'ਸ਼ਬਦਾਂ 'ਚ ਢਲਦੇ ਅਹਿਸਾਸ', 'ਸ਼ਬਦਾਂ ਦੀ ਦਿਸ਼ਾ', 'ਪੀੜਾਂ ਬੋਲਦੀਆਂ' ਆਦਿ ਵਿਚ ਸਾਕਾਰਾਤਮਕ, ਉਸਾਰੂ, ਸੁਝਾਊ, ਸੇਧਪਰਕ ਟਿੱਪਣੀਆਂ ਹਨ, ਜਿਨ੍ਹਾਂ ਨੂੰ ਸਿੱਧੀ, ਸਰਲ ਤੇ ਸਪੱਸ਼ਟ ਭਾਸ਼ਾ ਵਿਚ ਸੰਭਾਲਿਆ ਗਿਆ ਹੈ। ਨਵੀਂ ਪੀੜ੍ਹੀ ਲਈ ਇਹ ਲਿਖਤਾਂ ਅਰਥ-ਭਰਪੂਰ ਤੇ ਉਪਯੋਗੀ ਹੋਣਗੀਆਂ, ਅਜਿਹਾ ਮੇਰਾ ਵਿਸ਼ਵਾਸ ਹੈ!

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

30-03-2024

 ਹੀਰ ਵਾਰਿਸ ਸ਼ਾਹ
ਸੰਪਾਦਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 199 ਰੁਪਏ, ਸਫ਼ੇ : 192
ਸੰਪਰਕ : 78379-11000

ਪੰਜਾਬੀ ਸਾਹਿਤ ਦੇ ਕਿੱਸਾ ਕਾਵਿ ਵਿਚ ਹੀਰ ਵਾਰਿਸ ਇਕ ਸ਼ਾਹਕਾਰ ਰਚਨਾ ਹੈ। ਇਸ ਰਚਨਾ ਨੂੰ ਸੰਸਾਰ ਦੀਆਂ ਮਾਸਟਰ ਪੀਸ ਰਚਨਾਵਾਂ ਵਿਚ ਗਿਣਿਆ ਜਾਂਦਾ ਹੈ। ਇਸ ਦੀ ਰਚਨਾ ਲਗਭਗ 1766 ਈ. ਵਿਚ ਮੁਕੰਮਲ ਹੋ ਚੁੱਕੀ ਸੀ। ਇਸ ਦਾ ਅਧਿਐਨ ਕਰਦਿਆਂ ਅਜਿਹਾ ਪ੍ਰਤੀਤ ਹੁੰਦਾ ਹੈ, ਜਿਵੇਂ ਵਾਰਿਸ ਸ਼ਾਹ ਦਾ ਗਿਆਨ 'ਵਿਸ਼ਵਕੋਸ਼ੀ' ਹੋਵੇ। ਸੰਸਾਰ ਦੇ ਸਭ ਇਤਿਹਾਸਕ ਮਿਥਿਹਾਸਕ ਹਵਾਲੇ, ਕੀ ਪੂਰਬ, ਕੀ ਪੱਛਮ, ਇਸ ਵਿਚ ਉਪਲਬਧ ਹਨ। ਇਸ ਵਿਚ ਸਭ ਧਰਮਾਂ ਦੀਆਂ ਉਦਾਹਰਨਾਂ ਪ੍ਰਸੰਗ ਸਹਿਤ ਪੇਸ਼ ਕੀਤੀਆਂ ਗਈਆਂ ਹਨ। ਇਸ ਸ਼ਾਹਕਾਰ ਦੇ ਅਨੇਕਾਂ ਸੰਪਾਦਨ ਹੋ ਚੁੱਕੇ ਹਨ, ਜਿਸ ਕਾਰਨ ਸਮੇਂ-ਸਮੇਂ ਇਸ ਵਿਚ ਰਲਾਅ ਹੁੰਦਾ ਰਿਹਾ ਹੈ। ਸਮੇਂ ਦੀ ਲੋੜ ਹੈ ਕਿ ਇਸ ਦਾ ਸ਼ੁੱਧ ਸੰਪਾਦਨ ਕੀਤਾ ਜਾਵੇ। ਇਸੇ ਲਈ ਵਿਦਵਾਨ 'ਭੰਗੂ' ਨੇ ਆਪਣੇ ਹਥਲੇ ਸੰਪਾਦਨ ਦਾ ਆਧਾਰ ਪਾਕਿਸਤਾਨ ਦੇ ਪ੍ਰਸਿੱਧ ਖੋਜੀ ਵਿਦਵਾਨ ਜਾਹਿਦ ਇਕਬਾਲ ਦੇ ਕੀਤੇ ਕਾਰਜ ਨੂੰ ਬਣਾਇਆ ਹੈ। ਸੰਪਾਦਕ ਨੇ ਕੁਝ ਮੁੱਲਵਾਨ ਗੱਲਾਂ ਆਪਣੇ ਵਲੋਂ ਫੁਟ ਨੋਟਾਂ ਵਿਚ ਦਿੱਤੀਆਂ ਹਨ। ਪਾਠਕਾਂ ਦੀ ਸਹੂਲਤ ਲਈ ਔਖੇ ਸ਼ਬਦਾਂ ਦੇ ਅਰਥ ਵੀ ਦਿੱਤੇ ਹਨ। ਹੀਰ ਵਾਰਿਸ ਪੰਜਾਬੀ ਸੱਭਿਆਚਾਰ ਦੀ ਚਿੱਤਰਾਵਲੀ ਹੈ। ਮਸਲਨ : ਪੰਜਾਬੀਆਂ ਦੇ ਰਹਿਣ-ਸਹਿਣ, ਜੀਵਨਸ਼ੈਲੀ, ਰਿਸ਼ਤੇ-ਨਾਤੇ, ਰਸਮ-ਰਿਵਾਜ, ਖਾਣ-ਪਹਿਨਣ, ਵਿਆਹ-ਸ਼ਾਦੀਆਂ, ਜਾਤਾਂ, ਵਸਤਾਂ, ਥਾਵਾਂ ਦਾ ਮਹੱਤਵ, ਬਿਮਾਰੀਆਂ-ਇਲਾਜ, ਓਹੜ-ਪੋਹੜ, ਚੁਸਤੀਆਂ-ਚਲਾਕੀਆਂ, ਝੂਠ-ਪਖੰਡ, ਚੁਗਲੀਆਂ, ਭੇਦ ਛੁਪਾਉਣੇ, ਬੇਲਿਆਂ, ਬਾਗਾਂ, ਤ੍ਰਿੰਝਣਾਂ' ਗੱਲ ਕੀ ਹੀਰ ਵਾਰਿਸ ਤਤਕਾਲੀਨ ਸਮਾਜ ਦਾ ਪ੍ਰਮਾਣਿਕ ਦਸਤਾਵੇਜ਼ ਹੋ ਨਿੱਬੜੀ ਹੈ।
ਵਾਰਿਸ ਸ਼ਾਹ ਨੇ ਆਪਣੀਆਂ ਸ਼ਾਇਰੀ ਟਿੱਪਣੀਆਂ ਅਤੇ ਸ਼ਾਇਰੀ ਖ਼ਿਆਲਾਂ ਸਮੇਤ ਮੁੱਖ ਤੌਰ 'ਤੇ ਸੰਵਾਦ ਦੀ ਜੁਗਤ ਅਪਣਾਈ ਹੈ। ਸੰਵਾਦ ਬੜੇ ਤਿੱਖੇ ਹਨ। ਪਾਠਕ ਕਿੱਸਾ ਪੜ੍ਹਦਿਆਂ ਸ਼ਬਦੀ-ਜੰਗ (ਵਰਡ ਵਾਰ) ਹੁੰਦੀ ਵੇਖ ਰਿਹਾ ਹੈ। ਇਕ ਧਿਰ ਦੂਜੀ ਧਿਰ 'ਤੇ ਸ਼ਬਦੀ-ਹਮਲੇ ਕਰਦੀ ਹੈ। ਸੰਵੇਦਨਸ਼ੀਲ ਅੰਗਾਂ ਦੀ ਪੇਸ਼ਕਾਰੀ ਨਿਰਸੰਕੋਚ ਕੀਤੀ ਮਿਲਦੀ ਹੈ। ਸਭ ਤੋਂ ਲੰਮਾ ਅਤੇ ਤਿੱਖਾ ਸੰਵਾਦ ਰਾਂਝੇ ਅਤੇ ਸਹਿਤੀ ਵਿਚਕਾਰ ਹੈ। ਅਸਤਿਤਵਵਾਦੀ ਆਲੋਚਨਾ ਦ੍ਰਿਸ਼ਟੀ ਅਨੁਸਾਰ, ਪਾਠਕ ਨੋਟ ਕਰ ਸਕਦੇ ਹਨ, ਜਦੋਂ ਵੀ ਮੁੱਖ ਪਾਤਰਾਂ ਦੇ ਅਸਤਿਤਵ ਨੂੰ ਠੇਸ ਪਹੁੰਚਦੀ ਹੈ, ਉਦੋਂ ਉਹ ਕਠਿਨ ਕਾਰਜ ਲਈ ਤਤਪਰ ਹੁੰਦੇ ਹਨ। ਭੂਮੀ ਦੀ ਕਾਣੀ ਵੰਡ ਕਾਰਨ ਰਾਂਝੇ ਦਾ ਘਰ ਤਿਆਗਣਾ, ਭਾਬੀਆਂ ਦਾ ਮਿਹਣਾ, 'ਜਾਹ ਹੀਰ ਸਿਆਲ ਵਿਆਹਾ ਲਿਆਵੀਂ', 'ਰਾਂਝੇ ਵਲੋਂ ਬਾਲ ਨਾਥ ਤੋਂ ਕੰਨ ਪੜਵਾਉਣੇ-ਇਤਿਆਦਿ। ਕਿੱਸੇ ਦੇ ਆਰੰਭ ਵਿਚ ਜਿਹੜੀ ਹੀਰ ਰਾਂਝੇ ਨੂੰ ਉਧਾਲ ਕੇ ਲੈ ਜਾਣ ਦੀ ਪੇਸ਼ਕਸ਼ ਕਰਦੀ ਹੈ, ਉਹੀ ਹੀਰ (ਆਪਣੇ ਅਸਤਿਤਵ ਨੂੰ ਸਮਝਦੀ ਹੋਈ) ਸਿੱਧੀ ਤਖ਼ਤ-ਹਜ਼ਾਰੇ ਜਾਣ ਤੋਂ ਇਨ੍ਹਾਂ ਸ਼ਬਦਾਂ ਵਿਚ ਨਾਂਹ ਕਰਦੀ ਹੈ :
ਹੀਰ ਆਖਿਆ, / ਇਵੇਂ ਜੇ ਜਾਇ ਵੜਸਾਂ,
ਰੰਨਾਂ ਆਖਸਣ, / ਉੱਧਲੀ ਆਈ ਏਂ ਨੀ।
ਪੰ. 186
ਹੀਰ ਦੇ ਭਰਾ ਜੰਨ ਲਿਆਉਣ ਦਾ ਲਾਰਾ ਦੇ ਕੇ ਆਪਣੇ ਖਾਨਦਾਨ ਦੇ ਅਸਤਿਤਵ ਦੀ ਰਾਖੀ ਲਈ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੰਦੇ ਹਨ। ਇਸ ਲਈ ਹੀਰ ਦੀ ਮੌਤ ਕੁਦਰਤੀ ਮੌਤ ਨਹੀਂ, ਅਸਤਿਤਵੀ ਮੌਤ (ਐਗਜ਼ਿਸਟੈਂਸੀਅਨ ਡੈੱਥ) ਹੈ। ਇਹ 'ਆਨਰ ਕਿਲਿੰਗ' ਹੈ। ਭਾਸ਼ਾ ਦੀ ਦ੍ਰਿਸ਼ਟੀ ਤੋਂ ਕਈ ਵਿਦਵਾਨਾਂ ਦਾ ਵਿਚਾਰ ਕਿ ਜੇਕਰ ਵਾਰਿਸ ਦੀ ਹੀਰ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਇਕੱਤਰ ਕਰ ਲਿਆ ਜਾਵੇ ਤਾਂ ਲਗਭਗ ਪੰਜਾਬੀ ਦੀ ਡਿਕਸ਼ਨਰੀ ਨੇੜੇ-ਤੇੜੇ ਪਹੁੰਚ ਜਾਵੇਗੀ। ਅਜੋਕੇ ਸਮੇਂ ਪੰਜਾਬੀ ਦਾ ਵਿਕਾਸ ਤਾਂ ਹੋ ਰਿਹਾ ਹੈ, ਪਰ ਇਸ ਦੀ ਚੁੱਕ ਵਾਰਿਸ ਵਰਗੀ ਰਹਿਣੀ ਅਸੰਭਵ ਪ੍ਰਤੀਤ ਹੁੰਦੀ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com


ਮਹਾਰਾਣੀ ਜਿੰਦਾਂ
ਲੇਖਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਈਵਾਨ ਪਬੀਲਕੇਸ਼ਨ, ਬਰਨਾਲਾ
ਮੁੱਲ : 160 ਰੁਪਏ, ਸਫ਼ੇ : 120
ਸੰਪਰਕ : 84277-12890


ਹਥਲੀ ਪੁਸਤਕ ਦਾ ਲੇਖਕ ਇਤਿਹਾਸ ਦਾ ਵਿਦਿਆਰਥੀ ਹੈ। ਉਸ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਇਤਿਹਾਸ ਨੂੰ ਲਿਖਣ ਤੇ ਸੋਧਣ 'ਤੇ ਲਗਾਇਆ ਹੈ। ਉਸ ਨੇ ਹੁਣ ਤੱਕ ਕਿਤਾਬਾਂ ਦੀ ਸੰਪਾਦਨਾ ਅਤੇ ਸਵੈ-ਜੀਵਨੀ ਪਾਠਕਾਂ ਦੇ ਸਨਮੁਖ ਭੇਟ ਕੀਤੀ ਹੈ। 'ਮਹਾਰਾਣੀ ਜਿੰਦਾਂ' ਇਕ ਅਜਿਹੀ ਖ਼ੁਸ਼-ਕਿਸਮਤ ਔਰਤ ਸੀ, ਜੋ ਕਦੇ 1,45,000 ਵਰਗ ਕਿੱਲੋਮੀਟਰ ਇਲਾਕੇ ਦੇ ਵੱਡੇ ਆਜ਼ਾਦ ਦੇਸ਼ ਪੰਜਾਬ ਦੀ ਮਹਾਰਾਣੀ ਸੀ। ਵਕਤ ਦਾ ਦੌਰ ਹੀ ਸੀ ਕਿ ਬਰਤਾਨਵੀ ਹਕੂਮਤ ਨੂੰ ਮਜਬੂਰੀ ਵੱਸ 1809 ਈ. ਵਿਚ ਖ਼ਾਲਸਾ ਰਾਜ ਨਾਲ ਸੰਧੀ ਕਰਨੀ ਪਈ ਸੀ। ਮਹਾਰਾਣੀ ਬਦ-ਕਿਸਮਤ ਵੀ ਏਨੀ ਕੁ ਸੀ ਕਿ ਉਸ ਨੂੰ ਅੰਗਰੇਜ਼ਾਂ, ਡੋਗਰਿਆਂ, ਮਿਸਰਾਂ ਅਤੇ ਕੁਝ ਸਿੱਖ ਦਰਬਾਰੀਆਂ ਨੇ ਇਸ ਤਰ੍ਹਾਂ ਬਦਨਾਮ ਕੀਤਾ, ਬੁਰੀ ਤਰ੍ਹਾਂ ਰੋਲਿਆ, ਦੇਸ਼ੋਂ ਬਾਹਰ ਕੱਢਿਆ ਕਿ ਮੁੜ ਆਪਣੇ ਦੇਸ਼ ਪੰਜਾਬ ਦੀ ਮਿੱਟੀ ਵੀ ਨਸੀਬ ਨਾ ਹੋਈ। ਲੇਖਕ ਮੁਤਾਬਿਕ ਉਸ ਦੇ 47 ਸਾਲਾ ਜੀਵਨ ਵਿਚ ਕੀਤੇ 23 ਸਾਲਾਂ ਦੇ ਸੰਘਰਸ਼ ਦੀ ਗਾਥਾ ਹੈ, ਜਿਸ ਨੂੰ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕਰਨ ਦਾ ਇਹ ਨਿਵੇਕਲਾ ਜਿਹਾ ਉੱਦਮ ਹੈ।
ਇਸ ਪੁਸਤਕ ਨੂੰ 46 ਵੱਖ-ਵੱਖ ਸਿਰਲੇਖਾਂ ਵਿਚ ਵੰਡ ਕੇ ਮਹਾਰਾਣੀ ਦੇ ਜੀਵਨ 'ਤੇ ਪੰਛੀ-ਝਾਤ ਪਾਈ ਗਈ ਹੈ। ਹਰ ਘਟਨਾ ਮਹਾਰਾਣੀ ਦੇ ਜੀਵਨ-ਸੰਘਰਸ਼ ਨੂੰ ਨੇੜਿਓਂ ਬਿਆਨ ਕਰਦੀ ਹੈ। ਇਨ੍ਹਾਂ ਸਿਰਲੇਖਾਂ ਵਿਚ 'ਮਹਾਰਾਣੀ ਜਿੰਦਾਂ ਤੇ ਉਸ ਦੇ ਮਾਪੇ', 'ਮਹਾਰਾਜੇ ਦੇ ਵਿਆਹ', 'ਜਿੰਦਾਂ ਦਾ ਮਹਾਰਾਜੇ ਨਾਲ ਵਿਆਹ', 'ਰਾਣੀ ਜਿੰਦਾਂ ਸ਼ਾਹੀ ਮਹਿਲ ਵਿਚ', 'ਸ਼ਹਿਜ਼ਾਦੇ ਦਲੀਪ ਸਿੰਘ ਦਾ ਜਨਮ', 'ਮਹਾਰਾਜਾ ਰਣਜੀਤ ਸਿੰਘ ਦਾ ਅਕਾਲ ਚਲਾਣਾ', 'ਮਹਾਰਾਜੇ ਦਾ ਸਸਕਾਰ', 'ਮਹਾਰਾਣੀ ਦਾ ਇਕਾਂਤਵਾਸ', 'ਅੰਗਰੇਜ਼ਾਂ ਦਾ ਦਰਬਾਰ ਵੱਲ ਧਿਆਨ ਦੇਣਾ', 'ਦਰਬਾਰ ਵਿਚ ਖਾਨਾਜੰਗੀ', 'ਸ਼ਾਹੀ ਪਰਿਵਾਰ ਦੀ ਸੰਧਾਵਾਲੀਆ ਨਾਲ ਸਾਂਝ', 'ਮਹਾਰਾਜਾ ਸ਼ੇਰ ਸਿੰਘ ਦਾ ਕਤਲ', 'ਧਿਆਨ ਸਿੰਘ ਦੀ ਮੌਤ', 'ਦਲੀਪ ਸਿੰਘ ਦਾ ਮਹਾਰਾਜਾ ਬਣਨਾ', 'ਸੰਧਾਵਾਲੀਆਂ ਦੀ ਮੌਤ', 'ਹੀਰਾ ਸਿੰਘ ਦੀ ਜੁੰਡਲੀ ਦੀ ਮੌਤ', 'ਸ਼ਹਿਜ਼ਾਦੇ ਪਿਸ਼ੌਰਾ ਸਿੰਘ ਦਾ ਕਤਲ', 'ਜਵਾਹਰ ਸਿੰਘ ਦੀ ਮੌਤ', 'ਅੰਗਰੇਜ਼ਾਂ ਨਾਲ ਯੁੱਧ ਤੋਂ ਪਹਿਲਾਂ ਦੇ ਹਾਲਾਤ', 'ਅੰਗਰੇਜ਼ਾਂ ਤੇ ਖ਼ਾਲਸਾ ਫ਼ੌਜਾਂ ਦਾ ਪਹਿਲਾ ਯੁੱਧ', 'ਫੇਰੂ ਸ਼ਹਿਰ ਦੀ ਜੰਗ', 'ਬੱਦੋਵਾਲ ਦਾ ਯੁੱਧ', 'ਸਭਰਾਵਾਂ ਦੀ ਜੰਗ', 'ਪਾਬੰਦੀਆਂ ਦਾ ਦੌਰ', 'ਪਹਿਲੀ ਚਿੱਠੀ ਸੰਮਨ ਬੁਰਜ ਤੋਂ', 'ਜ਼ਿੰਦਾਂ ਨੂੰ ਲਾਹੌਰ ਤੋਂ ਸ਼ੇਖੂਪੁਰੇ ਲਿਜਾਣਾ', 'ਸ਼ੇਖੂਪੁਰੇ ਤੋਂ ਦੂਜੀ ਤੇ ਤੀਜੀ ਚਿੱਠੀ', 'ਮੁਲਤਾਨ ਦੀ ਬਗ਼ਾਵਤ', 'ਮਹਾਰਾਣੀ ਜਿੰਦਾਂ ਨੂੰ ਫ਼ਿਰੋਜ਼ਪੁਰ ਭੇਜਣਾ', 'ਮਹਾਰਾਣੀ ਨੂੰ ਬਨਾਰਸ ਦਾ ਦੇਸ਼ ਨਿਕਾਲਾ', 'ਦੂਜਾ ਐਂਗਲੋ-ਸਿੱਖ ਯੁੱਧ', 'ਚੇਲਿਆਂਵਾਲੀ ਦੀ ਲੜਾਈ', 'ਗੁਜਰਾਤ ਦੀ ਆਖਰੀ ਲੜਾਈ', 'ਸਿੱਖਾਂ ਦੀ ਹਾਰ', 'ਸਿੱਖ ਰਾਜ ਦਾ ਅੰਤਿਮ ਦਰਬਾਰ', 'ਮਹਾਰਾਣੀ ਚੁਨਾਰ ਦੇ ਕਿਲ੍ਹੇ ਵਿਚ, ਕਾਠਮੰਡੂ ਵਿਚ', 'ਮਹਾਰਾਜਾ ਦਲੀਪ ਸਿੰਘ ਦੇ ਲਾਹੌਰ ਦਾ ਹਾਲ', 'ਦੇਸ਼-ਨਿਕਾਲਾ', 'ਦਲੀਪ ਸਿੰਘ ਦਾ ਈਸਾਈ ਬਣਨਾ', 'ਲੰਡਨ ਰਵਾਨਗੀ', 'ਮਹਾਰਾਣੀ ਦਾ ਪੁੱਤਰ ਮਿਲਾਪ', 'ਮਹਾਰਾਣੀ ਦਾ ਇੰਗਲੈਂਡ ਨਿਵਾਸ', 'ਇੰਗਲੈਂਡ ਪਹੁੰਚਣਾ', 'ਅੰਤਿਮ ਸਮਾਂ', ਸਮੁੱਚੀ ਜੀਵਨੀ ਨੂੰ ਸਮੇਟਿਆ ਗਿਆ ਹੈ। ਪੁਸਤਕ ਦੇ ਅੰਤ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਰਜ ਕੀਤੀ ਗਈ ਹੈ। ਅਸਲ ਵਿਚ ਮਹਾਰਾਣੀ ਜਿੰਦਾਂ ਦਾ ਸਾਰਾ ਜੀਵਨ ਖ਼ਾਲਸਾ ਰਾਜ ਦੇ ਚੜ੍ਹਦੇ ਸੂਰਜ ਤੋਂ ਸ਼ੁਰੂ ਹੋ ਕੇ ਸਿੱਖ ਰਾਜ ਦੇ ਡੁੱਬਦੇ ਸੂਰਜ ਦੀ ਉਹ ਗਾਥਾ ਹੈ, ਜਿਸ ਨੂੰ ਪੜ੍ਹ ਕੇੇ ਪਾਠਕਾਂ ਦਾ ਹਿਰਦਾ ਵੀ ਵਲੂੰਧਰਿਆ ਜਾਂਦਾ ਹੈ। ਮਹਾਰਾਜੇ ਦੇ ਅਕਾਲ ਚਲਾਣੇ ਤੋਂ ਬਾਅਦ ਖ਼ਾਲਸਾ ਰਾਜ ਵਿਚ ਮਚੀ ਹਫ਼ੜਾ-ਦਫ਼ੜੀ ਨੇ ਪੰੰਜਾਬ ਨੂੰ ਤਬਾਹੀ ਦੇੇ ਮੰਜ਼ਰ ਤੱਕ ਲੈ ਆਂਦਾ। ਲੇਖਕ ਦੀ ਘਾਲਣਾ ਅਤੇ ਇਤਿਹਾਸ ਨੂੰ ਵੱਖ-ਵੱਖ ਸਰੋਤਾਂ ਤੋਂ ਇਕੱਠਾ ਕਰਨ ਦੀ ਦਾਦ ਦੇਣੀ ਬਣਦੀ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

 


ਵਾਪਸੀ ਟਿਕਟ
ਲੇਖਕ : ਬਿੰਦਰ ਸਿੰਘ ਖੁੱਡੀ ਕਲਾਂ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98786-05965

'ਕੋਸੀ ਕੋਸੀ ਧੁੱਪ' ਮਿੰਨੀ ਕਹਾਣੀ ਸੰਗ੍ਰਹਿ ਤੋਂ ਬਾਅਦ ਬਿੰਦਰ ਸਿੰਘ ਖੁੱਡੀ ਕਲਾਂ ਦਾ ਪਲੇਠਾ ਕਹਾਣੀ-ਸੰਗ੍ਰਹਿ 'ਵਾਪਸੀ ਟਿਕਟ' 2023 'ਚ ਛਪਿਆ ਹੈ। ਕਹਾਣੀ ਖੇਤਰ 'ਚ ਨਵਾਂ ਨਾਂਅ ਹੈ, ਜਿਸ ਬਾਰੇ ਉਹ ਆਪ ਲਿਖਦਾ : ਮੇਰੀਆਂ ਕਹਾਣੀਆਂ ਮਹਿਜ਼ ਕਲਪਨਿਕ ਉਡਾਰੀਆਂ ਜਾਂ ਰੁਮਾਂਸ ਦੀਆਂ ਬਾਤਾਂ ਨਹੀਂ ਪਾਉਂਦੀਆਂ। ਮੇਰੀਆਂ ਕਹਾਣੀਆਂ ਤਾਂ ਤੰਗੀਆਂ-ਤੁਰਸ਼ੀਆਂ ਨਾਲ ਜੂਝਦੇ ਲੋਕਾਂ ਨੂੰ ਸਮਰਪਿਤ ਹਨ। ਕਿਸੇ ਨਜ਼ਰੀਏ ਤੋਂ ਇਹ ਕਥਨ ਸੱਚ ਹੈ। ਪੰਜਾਬੀ ਕਹਾਣੀ ਨੇ ਆਪਣੀ ਪੈਂਠ ਸਾਹਿਤ ਦੇ ਹੋਰ ਰੂਪਾਂ ਨਾਲੋਂ ਵਧੇਰੇ ਪਰਪੱਕ ਕੀਤੀ ਹੈ। 'ਵਾਪਸੀ ਟਿਕਟ' ਕਹਾਣੀ ਸੰਗ੍ਰਹਿ 'ਚ 16 ਕਹਾਣੀਆਂ ਸ਼ਾਮਿਲ ਹਨ। ਲੇਖਕ ਦਾ ਪਿਛੋਕੜ ਪੇਂਡੂ ਹੋਣ ਕਾਰਨ ਇਨ੍ਹਾਂ ਕਹਾਣੀਆਂ ਦਾ ਧਰਾਤਲ ਵੀ ਪੇਂਡੂ ਜੀਵਨ-ਸ਼ੈਲੀ 'ਤੇ ਆਧਾਰਿਤ ਹੈ। ਕਹਾਣੀਕਾਰ ਇਨ੍ਹਾਂ ਕਹਾਣੀਆਂ ਨੂੰ ਯਥਾਰਥਕ ਸਮਾਜੀਕਰਨ ਦੀ ਦ੍ਰਿਸ਼ਟੀ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਾਡਾ ਪੰਜਾਬੀ ਸਮਾਜ ਬਹੁਤ ਸਾਰੀਆਂ ਸਮੱਸਿਆਵਾਂ 'ਚ ਘਿਰਿਆ ਹੋਇਆ ਹੈ, ਜਿਸ ਬਾਰੇ ਲੇਖਕ ਦੀ ਫ਼ਿਕਰਮੰਦੀ ਇਨ੍ਹਾਂ ਕਹਾਣੀਆਂ 'ਚੋਂ ਉਜਾਗਰ ਹੁੰਦੀ ਹੈ। ਪੁਸਤਕ ਦੇ ਨਾਂਅ ਕਰਨ ਵਾਲੀ ਕਹਾਣੀ 'ਵਾਪਸੀ ਟਿਕਟ' ਪੰਜਾਬ 'ਚੋਂ ਪ੍ਰਵਾਸ ਹੋ ਰਹੀ ਜਵਾਨੀ ਨਾਲ ਸੰਬੰਧਿਤ ਹੈ। ਕਿਸਾਨ ਪਿਤਾ ਦਾ ਪੁੱਤਰ ਕਰਮ ਸਿਹੁੰ ਵੈਨਕੂਵਰ 'ਚ ਪੀ.ਆਰ. ਪ੍ਰਾਪਤ ਕਰ ਲੈਂਦਾ ਹੈ। ਮਾਤਾ-ਪਿਤਾ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ ਪ੍ਰੰਤੂ ਮਾਪੇ ਉੱਥੇ ਰਹਿਣ ਤੋਂ ਮਜਬੂਰ ਆਪਣੇ ਪਿੰਡ 20 ਕੀਲੇ ਜ਼ਮੀਨ ਕਿਵੇਂ ਵੇਚ ਸਕਦੇ ਹਨ, ਸੋ ਕੈਨੇਡਾ ਮੁੜਨ ਲਈ ਵਾਪਸੀ ਟਿਕਟ ਨਹੀਂ ਲੈਂਦੇ। ਇਥੇ ਪੰਜਾਬ ਵਿਚ ਹੀ ਆਪਣੀ ਖੇਤੀ ਨੂੰ ਸਫ਼ਲ ਕਰਨ ਦੀ ਸੋਚ ਲੈਂਦੇ ਹਨ। ਇਹ ਕਹਾਣੀ ਕਈ ਨੁਕਤਿਆਂ ਤੋਂ ਅੱਜ ਦੇ ਸੰਕਟ ਨੂੰ ਹੱਲ ਕਰਨ ਲਈ ਪ੍ਰੇਰਨਾ ਦਿੰਦੀ। 'ਮੇਰੇ ਹਿੱਸੇ ਦਾ ਇਨਸਾਫ਼' ਪੂਜਾ ਬੇਦੀ ਨੂੰ ਸਹੁਰੇ ਘਰ ਵਾਲੇ ਧੀਆਂ ਜੰਮਣ ਕਾਰਨ ਮਾਰ ਦਿੰਦੇ ਹਨ ਜੋ ਆਪਣੇ ਪਿਤਾ ਪ੍ਰਸ਼ੋਤਮ ਦੀ ਬਹੁਤ ਨੇਕ ਤੇ ਲਾਡਲੀ ਸੀ। ਧੀਆਂ ਲਈ ਇਨਸਾਫ਼ ਕਿੱਥੇ? 'ਡਰਪੋਕ' ਕਹਾਣੀ 'ਚ ਇਕ ਪਤੀ ਆਪਣੀ ਅਪੰਗ ਪਤਨੀ ਲਈ ਇਕ ਆਦਰਸ਼ ਪਤੀ ਬਣ ਕੇ ਵਿਆਹ-ਸਮਾਗਮ 'ਚ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ। 'ਮੋਹ' ਕਹਾਣੀ ਪਦਾਰਥਕ-ਲਾਲਸਾ ਦਾ ਭਾਂਡਾ ਭੰਨਦੀ ਹੈ ਕਿ ਕਿਵੇਂ ਰਿਸ਼ਤਿਆਂ 'ਚ ਤ੍ਰੇੜਾਂ ਪੈਂਦੀਆਂ ਹਨ। 'ਚੀਕ' ਸਰਕਾਰ ਤੇ ਕੰਪਨੀਆਂ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੇ ਸੰਕਟ ਦੀ ਸਥਿਤੀ ਨੂੰ ਰੂਪਮਾਨ ਕਰਦੀ ਹੈ। 'ਤਾਜ' ਕਹਾਣੀ 'ਚ ਚਾਰ ਧੀਆਂ ਦੇ ਮਾਪਿਆਂ ਲਈ ਸਿਮਰਨ ਬੇਦੀ ਕੈਨੇਡਾ ਜਾ ਕੇ ਸਹਾਰਾ ਬਣ ਕੇ ਤਾਜ ਬਣ ਕੇ ਨਾਂਅ ਰੌਸ਼ਨ ਕਰਦੀ ਹੈ। 'ਦੁਖਦੀ ਰਗ' ਸੰਭਾਲੀ ਦੇ ਸੰਤਾਪ ਤੇ ਆਜ਼ਾਦੀ ਦੇ ਦੁਖਾਂਤ ਨੂੰ ਬੜੀ ਸੰਵੇਦਨਾ ਨਾਲ ਵਰਨਣ ਕਰਦੀ ਹੈ। 'ਉਦਾਸ ਕੋਠੀਆਂ' ਕਹਾਣੀ ਪੰਜਾਬ 'ਚੋਂ ਪਰਿਵਾਰਾਂ ਦਾ ਅਮਰੀਕਾ ਲਈ ਜਾਣ ਦਾ ਰੁਝਾਨ ਅਤੇ ਪਿੱਛੇ ਕੋਠੀਆਂ ਦਾ ਸੁੰਨਾਪਨ ਉਦਾਸ ਕਰਦਾ ਹੈ। ਇਹ ਸਮੱਸਿਆ ਬਹੁਤ ਗੰਭੀਰ ਬਣਦੀ ਜਾ ਰਹੀ। ਰਿਸ਼ਤੇ ਟੁੱਟ ਰਹੇ ਹਨ, ਘਰਾਂ ਦੇ ਵਜੂਦ ਅਲੋਪ ਹੋ ਰਹੇ ਹਨ। ਲੇਖਕ ਨੇ ਬੜੇ ਨੇੜਿਓਂ ਹੋ ਕੇ ਇਨ੍ਹਾਂ ਸਰੋਕਾਰਾਂ ਵੱਲ ਧਿਆਨ ਕੇਂਦਰਿਤ ਕੀਤਾ ਹੈ। 'ਮੈਂ ਚੋਰ ਨਹੀਂ' ਗ਼ਲਤ-ਫ਼ਹਿਮੀ ਦੇ ਵਿਸ਼ੇ ਨੂੰ ਪੇਸ਼ ਕਰਦੀ, ਪ੍ਰੀਤ ਪਾਤਰ ਦੀ ਸੰਵੇਦਨਾ ਬਾ-ਖ਼ੂਬੀ ਚਿੱਤਰੀ ਹੈ। 'ਝੂਟਾ' ਪ੍ਰਤੀਕਾਤਮਿਕ ਕਹਾਣੀ ਪੜ੍ਹਾਈ 'ਚ ਮਿਹਨਤ ਕਰਨ ਦਾ ਸੰਦੇਸ਼ ਦਿੰਦੀ ਹੈ। ਇੰਝ ਹੀ 'ਸਪੀਡ ਬ੍ਰੇਕਰ' ਈਰਖਾ ਕਰਨ ਵਾਲਿਆਂ ਦੇੇ ਕਿਰਦਾਰ ਨੂੰ ਨੰਗਾ ਕਰਦੀ ਹੈ। 'ਇੱਜ਼ਤ', 'ਝੂਠਾ ਸੱਚ' ਤੇ 'ਨਾਸੂਰ' ਕਹਾਣੀਆਂ ਆਪਣੇ ਥੀਮ ਅਨੁਸਾਰ ਸਫ਼ਲ ਕਹਾਣੀਆਂ ਹਨ। ਲੇਖਕ ਦੀ ਭਾਸ਼ਾ ਕਹਾਣੀ ਦੇ ਵਿਸ਼ਾ-ਵਸਤੂ ਅਨੁਸਾਰ ਢੁੱਕਵੀਂ ਅਤੇ ਸੰਜਮੀ ਹੈ। ਮੈਨੂੰ ਯਕੀਨ ਹੈ ਖੁੱਡੀ ਕਲਾਂ ਇਕ ਸਮਰੱਥ ਕਹਾਣੀਕਾਰ ਬਣਨ ਵਾਲੀ ਪ੍ਰਤਿਭਾ ਦਾ ਮਾਲਕ ਹੈ। ਉਸ ਕੋਲ ਲੋਕ ਦਰਦ ਲਈ ਸਹਾਨਭੂਤੀ ਕਥਾ ਕਹਿਣ ਵਾਲੀ ਜਾਚ ਹੈ।

c c c

 

ਮੰਗਵੇਂ ਕੋਟ ਦਾ ਨਿੱਘ
ਲੇਖਕ : ਅਵਤਾਰ ਐੱਸ. ਸੰਘਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 188
ਸੰਪਰਕ : 94631-70369

ਅਵਤਾਰ ਐੱਸ. ਸੰਘਾ ਅੰਗਰੇਜ਼ੀ ਭਾਸ਼ਾ ਦਾ ਪ੍ਰਬੀਨ ਪ੍ਰੋਫ਼ੈਸਰ ਹੁੰਦਿਆਂ ਪੰਜਾਬੀ ਭਾਸ਼ਾ ਨਾਲ ਪ੍ਰਤੀਬੱਧਤਾ ਰੱਖਣ ਵਾਲਾ ਭਲਾ ਪੁਰਸ਼ ਪੰਜਾਬੀ ਲੇਖਕ ਹੈ। ਹਥਲੇ ਕਹਾਣੀ-ਸੰਗ੍ਰਹਿ ਤੋਂ ਪਹਿਲਾਂ 'ਦਿਲਹੁ ਮੁਹੱਬਿਤ' (ਨਾਵਲ), ਘੋੜਾ ਡਾਕਟਰ (ਕਹਾਣੀ-ਸੰਗ੍ਰਹਿ), 'ਸਿਡਨੀ ਦੀਆਂ ਰੇਲ ਗੱਡੀਆਂ', 'ਬਿਲੌਰੀ ਅੱਖਾਂ' (ਕਹਾਣੀ ਸੰਗ੍ਰਹਿ) ਅਤੇ '... ਤੇ ਪ੍ਰੀਖਿਆ ਚਲਦੀ ਰਹੀ' (ਨਾਵਲ) ਰਚਨਾਵਾਂ ਨਾਲ ਆਪਣੀ ਵੱਖਰੀ ਪਛਾਣ ਸਥਾਪਿਤ ਕੀਤੀ ਹੈ। ਆਸਟ੍ਰੇਲੀਆ ਮਹਾਂਦੀਪ ਭੂ-ਖੰਡ ਬਾਰੇ ਜਿੰਨੀ ਜਾਣਕਾਰੀ ਸੰਘਾ ਦੀਆਂ ਰਚਨਾਵਾਂ 'ਚ ਉਪਬਲਬਧ ਹੈ, ਓਨੀ ਕਹਾਣੀਆਂ ਦੀ ਵਿਧਾ 'ਚ ਹੋਰ ਲੇਖਕਾਂ 'ਚ ਨਹੀਂ। ਭਾਵੇਂ ਆਸਟ੍ਰੇਲੀਆ ਬਾਰੇ ਲਿਖੇ ਸਫ਼ਰਨਾਮੇ ਜ਼ਰੂਰ ਮਿਲਦੇ ਹਨ। ਆਸਟ੍ਰੇਲੀਆ ਵਿਸ਼ੇਸ਼ ਕਰਕੇ ਸਿਡਨੀ ਤੇ ਮੈਲਬੋਰਨ ਦੀ ਜੀਵਨਸ਼ੈਲੀ ਤੇ ਲੋਕ ਵਰਤਾਰੇ ਦੇ ਸੱਚ ਨੂੰ ਸੰਘਾ ਨੇ ਕਹਾਣੀਆਂ ਰਾਹੀਂ ਵਰਣਨ ਕੀਤਾ ਹੈ, ਉਹ ਪੰਜਾਬ 'ਚੋਂ ਪ੍ਰਵਾਸ ਕਰਨ ਵਾਲਿਆਂ ਦੀਆਂ ਅੱਖਾਂ ਖੋਲ੍ਹਣ ਵਾਲਾ ਹੈ। ਬਹੁਤ ਸਰਲ ਤੇ ਸਪੱਸ਼ਟ ਭਾਸ਼ਾ ਦੇ ਲੋਕ-ਮੁਹਾਵਰੇ ਰਾਹੀਂ ਘਟਨਾਵਾਂ ਨੂੰ ਬਿਰਤਾਂਤਿਕ ਰੂਪ ਰਾਹੀਂ ਪੇਸ਼ ਕੀਤਾ ਗਿਆ ਹੈ, ਨਾਲ ਦੀ ਨਾਲ ਲੇਖਕ ਨੇ ਆਪਣੇ ਜੀਵਨ ਤਜਰਬੇ ਸਾਂਝੇ ਕਰਕੇ ਯਥਾਰਥਿਕ-ਦ੍ਰਿਸ਼ਟੀ ਅਭੀਵਿਅਕਤ ਕੀਤੀ ਹੈ। ਲੇਖਕ ਦੀ ਜੀਵਨੀ ਅੰਸ਼ ਦੇ ਝਲਕਾਰੇ ਵੀ ਕਹਾਣੀ ਨੂੰ ਰੌਚਿਕ ਬਣਾਉਣ ਵਿਚ ਸਹਾਈ ਹੁੰਦੇ ਹਨ। 'ਮੰਗਵੇਂ ਕੋਟ ਦਾ ਨਿੱਘ' ਕਹਾਣੀ-ਸੰਗ੍ਰਹਿ 'ਚ ਸੰਖੇਪ ਰੂਪ ਵਿਚ 26 ਕਹਾਣੀਆਂ ਹਨ ਜਿਹੜੀਆਂ ਪੰਜਾਬੀਆਂ ਨੂੰ ਪ੍ਰਵਾਸ ਕਰਨ ਦੇ ਹੇਜ ਤੋਂ ਹੋੜਦੀਆਂ ਹਨ ਅਤੇ ਆਪਣੇ ਵਿਰਸੇ ਦੀਆਂ ਜੜ੍ਹਾਂ ਨਾਲ ਜੁੜ ਕੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਚਿੰਤਾ ਪ੍ਰਗਟ ਕਰਦੀਆਂ ਹਨ। 'ਮੰਗਵੇ ਕੋਟ ਦਾ ਨਿੱਘ' 'ਚ ਰਿੰਪੀ ਪਿਤਾ ਦੀ ਮੌਤ ਤੋਂ ਬਾਅਦ ਕਿਵੇਂ ਦੋ ਨੰਬਰ ਦੇ ਧੰਦੇ ਰਾਹੀਂ ਪੈਸੇ ਕਮਾਉਣ ਲਈ ਕਰਮਜੀਤ ਨੂੰ ਆਸਟ੍ਰੇਲੀਆ ਸੈੱਟ ਕਰਾਉਣ ਲਈ ਆਪਣੇ ਫੰਦੇ 'ਚ ਫਸਾਉਂਦੀ ਤੇ ਆਖ਼ਰ ਉਸ ਦੀ ਮਾਂ ਸਿੱਖਿਆ ਦੇਣ ਲਈ ਕਹਿੰਦੀ ਤੇ ਆਖ਼ਰ ਮੌਤ ਦੀ ਲਪੇਟ ਆ ਜਾਂਦੀ ਹੈ। ਇਹ ਕਹਾਣੀ ਆਚਰਣਹੀਣ ਰਿੰਪੀ ਵਰਗੀਆਂ ਔਰਤਾਂ ਤੋਂ ਬਚਣ ਲਈ ਸੁਚੇਤ ਕਰਦੀ ਹੈ। ਵੀਜ਼ਾ ਲੈਣ ਲਈ ਨੌਜਵਾਨ ਕਿਵੇਂ ਫਸਾਏ ਜਾਂਦੇ ਹਨ। 'ਮੁਫ਼ਤ ਰੇਲ ਸਫ਼ਰ' 'ਚ ਵਸਦੇ ਦੋ ਬਜ਼ੁਰਗ ਕਿਵੇਂ ਮੁਫ਼ਤ ਰੇਲ ਸਫ਼ਰ ਦੇ ਲਾਲਚ 'ਚ ਘਿਰ ਜਾਂਦੇ ਹਨ। 'ਪਟਵਾਰੀ ਤੇ ਪ੍ਰੋਫ਼ੈਸਰ ਇੱਧਰ ਪੰਜਾਬ ਦੇ ਮੰਤਰੀ ਤੇ ਡੀ.ਸੀ. ਦੇ ਭ੍ਰਿਸ਼ਟਾਚਾਰ ਦੇ ਪਰਦੇ ਫੋਲਦੀ ਹੈ। 'ਓਵਰ ਟਾਇਮ' 'ਚ ਕਿਵੇਂ ਲਾਲਚ 'ਚ ਫਸ ਕੇ ਦੀਪਤੀ ਆਪਣੇ ਪਤੀ ਮੈਂਡੀ ਨੂੰ ਵਿਦਾਇਗੀ ਦੇ ਕੇ ਈਮਾਨ ਨਾਲ ਜਾ ਵਸਦੀ। ਆਸਟ੍ਰੇਲੀਆ 'ਚ ਸਥਾਪਿਤ ਹੋਣ ਲਈ ਘਿਣਾਉਣੇ ਕੰਮ ਕਰਨ ਦੀ ਤਸਵੀਰ ਮਨ ਨੂੰ ਝੰਜੋੜਨ ਵਾਲੀ ਹੈ। 'ਸ਼ਾਦੀਸ਼ੁਦਾ ਛੜਾ' ਡੀ ਫੈਕਟੋ ਮੈਰਜ ਦਾ ਨੰਗਾ ਨਾਚ ਪੇਸ਼ ਕਰਦੀ। 'ਸਰਾਪੀ ਖੁਸ਼ੀ' ਮਾਪਿਆਂ ਦੀ ਬੱਚਿਆਂ ਦੇ ਵਿਆਹ ਦੀ ਸਮੱਸਿਆ ਨੂੰ ਪੇਸ਼ ਕਰਦੀ ਹੈ। ਸਭ ਕੁਝ ਛਿੱਕੇ ਟੰਗ ਕੇ ਪੰਜਾਬੀ ਸੱਭਿਆਚਾਰ ਕਿਵੇਂ ਵਲੂੰਧਰਿਆ ਜਾ ਰਿਹਾ ਹੈ, ਇਨ੍ਹਾਂ ਕਹਾਣੀਆਂ ਦੀ ਚੇਤਨਾ ਪਾਠਕ ਨੂੰ ਚਿੰਤਨ ਕਰਨ ਲਈ ਸੁਚੇਤ ਕਰਦੀ ਹੈ। 'ਲਾਕਡਾਊਨ' ਬਹੁਤ ਸ਼ਰਮਿੰਦਗੀ ਵਾਲਾ ਦ੍ਰਿਸ਼ ਪੇਸ਼ ਕਰਦੀ ਹੈ ਜਦੋਂ ਸ਼੍ਰੋਮਣੀ ਰਾਗੀ ਨੂੰ ਦਲਿਤ ਹੋਣ ਕਾਰਨ ਸਸਕਾਰ ਕਰਨ ਲਈ ਸ਼ਮਸ਼ਾਨ ਭੂਮੀ ਵੀ ਨਸੀਬ ਨਹੀਂ ਹੁੰਦੀ। ਪੰਜਾਬ ਦੀ ਇਹ ਤ੍ਰਾਸਦੀ ਬਹੁਤ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੀ ਹੈ। 'ਵਿਚਾਰੇ ਅਬਦੁਲ ਤੇ ਅਮੈਂਡਾ' ਇਕ ਬੰਗਾਲੀ ਦੀ ਤ੍ਰਾਸਦੀ ਨੂੰ ਪੇਸ਼ ਕਰਦੀ ਹੈ ਜਿਹੜਾ ਸਿਡਨੀ 'ਚ ਰੇਲ ਗੱਡੀਆਂ 'ਚ ਸਕਿਓਰਟੀ ਕਰਦਾ, ਗੋਰੀ ਕੈਥਰੀਨ ਦਾ ਸ਼ਿਕਾਰ ਹੋ ਜਾਂਦਾ। ਬਾਕੀ ਕਹਾਣੀਆਂ ਵੀ ਵਿਦੇਸ਼ 'ਚ ਰਹਿੰਦੇ ਪੰਜਾਬੀਆਂ ਦੀ ਤਰਸਯੋਗ ਹਾਲਤ ਨਾਲ ਹਮਦਰਦੀ ਪ੍ਰਗਟ ਕਰਦੀਆਂ ਹਨ। ਵਿਦੇਸ਼ਾਂ 'ਚ ਰੁਜ਼ਗਾਰ ਲਈ ਜੋ ਨੀਚਤਾ ਅਤੇ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ, ਉਸ ਗੰਭੀਰ ਸਮੱਸਿਆ ਨੂੰ ਇਹ ਕਹਾਣੀਆਂ ਰਾਹੀਂ ਸੱਚ ਨੂੰ ਜਿਸ ਦਲੇਰੀ ਨਾਲ ਸੰਘਾ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਉਹ ਪਾਠਕਾਂ ਲਈ ਸੋਚਣ ਸਮਝਣ ਲਈ ਸਾਰਥਿਕ ਭੂਮਿਕਾ ਨਿਭਾਉਂਦੀਆਂ ਹਨ। ਮੰਗਵੇਂ ਖੰਭ ਕਦੇ ਵੀ ਧੋਖਾ ਦੇ ਸਕਦੇ ਹਨ। ਆਪਣੀ ਮਿੱਟੀ ਹੀ ਪੂਜਣਯੋਗ ਹੁੰਦੀ ਹੈ। ਪੰਜਾਬ ਲਈ ਸੰਭਲਣ ਦਾ ਵੇਲਾ ਹੈ। ਅਣਖ ਤੇ ਇੱਜ਼ਤ ਹੀ ਕੌਮ ਨੂੰ ਜਿਊਂਦਾ ਰੱਖ ਸਕਦੀ ਹੈ। ਪ੍ਰਵਾਸ ਲਈ ਵੀਜ਼ਾ ਦੁਆਉਣ ਵਾਲੇ ਦਗੇਬਾਜ਼ ਏਜੰਟਾਂ ਤੋਂ ਬਚਣਾ ਜ਼ਰੂਰੀ ਹੈ। ਇਸ ਪੱਖੋਂ ਇਹ ਕਹਾਣੀਆਂ ਪੜ੍ਹਨਯੋਗ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

 

 

 

23-03-2024

 ਮਹਾਰਾਜੇ
ਪੰਜਾਬ ਦੇ ਮਹਾਰਾਜਿਆਂ ਦਾ 'ਰੋਮਾਂਚਿਕ' ਇਤਿਹਾਸ
ਲੇਖਕ : ਗੁਰਨਾਮ ਸਿੰਘ ਅਕੀਦਾ
ਸੰਪਾਦਕ : ਅਮਿੱਤ ਮਿੱਤਰ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : 81460-01100

ਹਥਲੀ ਪੁਸਤਕ ਦਾ ਲੇਖਕ ਇਕ ਸਮੇਂ ਪਾਰਖੂ ਪੱਤਰਕਾਰ ਹੋਣ ਦੇ ਨਾਲ-ਨਾਲ ਨਾਵਲ ਅਤੇ ਕਹਾਣੀ ਦੀ ਵਿਧਾ ਉੱਪਰ ਵੀ ਕਲਮ ਚਲਾ ਚੁੱਕਾ ਹੈ। ਹੁਣ ਤੱਕ ਉਸ ਨੇ 10 ਦੇ ਕਰੀਬ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ। ਇਹ ਪੁਸਤਕ ਲੇਖਕ ਦੀ ਸਖ਼ਤ ਘਾਲਣਾ ਦਾ ਨਤੀਜਾ ਹੈ। ਸੰਪਾਦਕ ਮੁਤਾਬਿਕ ਇਹ ਪੁਸਤਕ ਮਹਾਰਾਜਿਆਂ ਦੇ ਜੀਵਨ-ਕਾਲ ਦੌਰਾਨ ਕੀਤੇ ਕਾਰਜਾਂ ਨੂੰ ਦਰਸਾਉਂਦੀ ਹੈ। ਮਹਾਰਾਜਿਆਂ ਦੇ ਸਮਾਂ-ਕਾਲ ਦੇ ਦੌਰਾਨ ਵਾਪਰਦੀਆਂ ਘਟਨਾਵਾਂ ਨੂੰ ਲੇਖਕ ਨੇ ਪਰਤ-ਦਰ-ਪਰਤ ਪਾਠਕਾਂ ਦੇ ਧਿਆਨ-ਗੋਚਰੇ ਕਰਨ ਲਈ ਮਹਾਰਾਜਿਆਂ ਦੇ ਦੌਰਾਨ ਉਨ੍ਹਾਂ ਦੇ ਸਮਕਾਲੀਆਂ ਵਲੋਂ ਲਿਖੀਆਂ ਪੁਸਤਕਾਂ ਵਿਚੋਂ ਹਵਾਲੇ ਦੇ ਕੇ ਇਸ ਕਾਰਜ ਨੂੰ ਸੰਪੂਰਨਤਾ ਦਿੱਤੀ ਹੈ। ਅਕਸਰ ਅਸੀਂ ਪੜ੍ਹਦੇ-ਸੁਣਦੇ ਰਹਿੰਦੇ ਹਾਂ ਕਿ ਮਹਾਰਾਜਿਆਂ ਦੇ ਮਹਿਲਾਂ ਦੇ ਅੰਦਰ ਬਹੁਤ ਘਟਨਾਵਾਂ ਜਨਮ ਵੀ ਲੈਂਦੀਆਂ ਹਨ, ਇਸ ਦੇ ਨਾਲ ਦਫ਼ਨ ਵੀ ਹੋ ਜਾਂਦੀਆਂ ਹਨ। ਮਹਿਲਾਂ ਵਿਚ ਰਹਿਣ ਵਾਲੇ ਅਹਿਲਕਾਰ ਤੇ ਟਹਿਲੀਏ ਇਨ੍ਹਾਂ ਘਟਨਾਵਾਂ ਨੂੰ ਆਪਣੇ ਮਨ-ਮੰਦਰ ਸਹਿਜ-ਸੁਭਾਅ ਹੀ ਟਿਕਾਅ ਲੈਂਦੇ ਹਨ, ਜਦੋਂ ਸਮੇਂ ਵਿਚ ਬਦਲਾਅ ਆਉਂਦਾ ਹੈ ਤਾਂ ਇਹ ਘਟਨਾਵਾਂ ਉਨ੍ਹਾਂ ਦੇ ਜ਼ਿਹਨ ਦੀ ਤਖ਼ਤੀ ਤੋਂ ਬਾਹਰ ਆਉਂਦੀਆਂ ਹਨ, ਮਹਾਰਾਜਿਆਂ ਦੀ ਜ਼ਿੰਦਗੀ ਦੇ ਦਰਸ਼ਨ ਹੁੰਦੇ ਹਨ। ਮਹਾਰਾਜਿਆਂ ਦੇ ਚਕਾਚੌਂਧ ਜੀਵਨ-ਕਾਲ ਵਿਚੋਂ ਆਮ ਲੋਕਾਂ ਨੂੰ ਝਾਕਣ ਦਾ ਮੌਕਾ ਵੀ ਮਿਲ ਜਾਂਦਾ ਹੈ। ਰਜਵਾੜਾ ਸ਼ਾਹੀ ਦੇ ਮਹਿਲਾਂ ਵਿਚ ਅਨੇਕਾਂ ਲੋਕਾਂ ਦੇ ਮਨ ਦੀ ਵੇਦਨਾ ਤੇ ਦਿਲ-ਕੰਬਾਊ ਚੀਕਾਂ ਦਫ਼ਨ ਹੋਈਆਂ ਮਿਲਦੀਆਂ ਹਨ। ਬਹੁ-ਗਿਣਤੀ ਬੇਗੁਨਾਹ ਲੋਕਾਂ ਦੇ ਦਫ਼ਨ ਹੋਏ ਹੌਕੇ ਤੇ ਹਾਵੇ ਲੋਕਾਈ ਦੇ ਸਾਹਮਣੇ ਆਉਂਦੇ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਦੀਆਂ ਜੋ ਅੱਖਾਂ ਸ਼ਾਖ਼ਸ਼ਾਤ ਗਵਾਹ ਹਨ, ਉਨ੍ਹਾਂ ਅੱਖਾਂ ਵਿਚ ਸਮੋਇਆ ਹੋਇਆ ਸੱਚ, ਇਸ ਕਿਤਾਬ ਵਿਚੋਂ ਆਪ-ਮੁਹਾਰੇ ਪ੍ਰਗਟ ਹੁੰਦਾ ਹੈ। ਸੰਪਾਦਕ ਨੇ ਲੇਖਕ ਦੀ ਸਖ਼ਤ ਮਿਹਨਤ ਨੂੰ ਪਾਠਕਾਂ ਦੇ ਗੋਚਰ ਕਰਨ ਲਈ ਇਸ ਕਿਤਾਬ ਨੂੰ 13 ਅਧਿਆਏ ਵਿਚ ਵੰਡਿਆ ਹੈ, ਜਿਨ੍ਹਾਂ ਵਿਚ 'ਧੀਆਂ ਨੂੰ ਬਚਾਉਣ ਦਾ ਫ਼ੈਸਲਾ', 'ਲਿੰਗ ਵਿਗਿਆਨ', 'ਧੀਆਂ ਬਦਲੇ ਜਗੀਰਾਂ', 'ਲੜਾਕੇ ਰਾਜੇ-ਮਹਾਰਾਜੇ', 'ਸ਼ਾਨਦਾਰ ਮਹਾਰਾਜੇ', 'ਖ਼ੁਦਗਰਜ ਰਜਵਾੜੇ', 'ਪਟਿਆਲਾ ਸੰਗੀਤ ਘਰਾਣਾ', 'ਮਹਾਰਾਜਾ ਪਟਿਆਲਾ ਦਾ ਮੁੱਢ', 'ਜਨਰਲ ਰਾਣੀ' ("he Queen 7enera&) 'ਰੰਡੀ ਬਾਜ਼ਾਰ', 'ਮਹਿਲਾਂ ਦੀਆਂ ਔਰਤਾਂ', 'ਪਟਿਆਲੇ ਦੀਆਂ ਇਤਿਹਾਸਕ ਇਮਾਰਤਾਂ' ਅਤੇ 'ਭਾਰਤੀ ਰਿਆਸਤਾਂ' ਅਧਿਆਏ ਆਪਣੇ-ਆਪ ਵਿਚ ਹਜ਼ਾਰਾਂ ਸਫ਼ਿਆਂ ਦੀਆਂ ਕਿਤਾਬਾਂ ਦੇ ਸਾਰ ਕਿਹਾ ਜਾ ਸਕਦਾ ਹੈ। ਭਾਰਤ ਦੀਆਂ 78 ਰਿਆਸਤਾਂ ਦਾ ਵੇਰਵਾ, ਜਿਸ ਰਾਜ (ਸਟੇਟ) ਵਿਚ ਰਿਆਸਤਾਂ ਸਥਿਤ ਸਨ ਅਤੇ 'ਇਨ੍ਹਾਂ ਰਿਆਸਤਾਂ ਦਾ ਆਖ਼ਰੀ ਰਾਜਾ ਕੌਣ' ਸੀ।
ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ 584 ਛੋਟੀਆਂ-ਵੱਡੀਆਂ ਰਿਆਸਤਾਂ ਸਨ, ਜੋ ਪੂਰਨ ਰੂਪ ਵਿਚ ਅੰਗਰੇਜ਼ ਦੀ ਹਕੂਮਤ ਸਮੇਂ ਅਧੀਨ ਨਹੀਂ ਸਨ, ਪਰ ਸਮਾਂ ਆਉਣ 'ਤੇ ਇਹ ਜ਼ਿਆਦਾਤਰ ਬ੍ਰਿਟਿਸ਼ ਹਕੂਮਤ ਦਾ ਹੀ ਪੱਖ ਪੂਰਦੀਆਂ ਸਨ। ਲੇਖਕ ਨੇ ਸੁਖੈਲ ਭਾਸ਼ਾ ਸ਼ੈਲੀ ਵਿਚ ਪਾਠਕ ਨੂੰ ਨਾਲ ਲੈ ਕੇ ਚੱਲਣ ਦਾ ਯਤਨ ਕੀਤਾ ਹੈ। ਲੇਖਕ ਮੁਤਾਬਿਕ ਇਸ ਕਿਤਾਬ ਨੂੰ ਪੜ੍ਹਨ ਤੋਂ ਪਹਿਲਾਂ ਆਪਣੇ ਚੌਗਿਰਦੇ ਵਿਚੋਂ ਇਕੱਠੇ ਕੀਤੇ ਗਿਆਨ ਤੇ ਪੱਖਪਾਤ ਵਾਲੀ ਰੁਚੀ ਤੋਂ ਕਿਨਾਰਾਂ ਕਰਨਾ ਪਵੇਗਾ। ਲੇਖਕ ਇਸ ਘਾਲਣਾ ਲਈ ਸ਼ਾਬਾਸ਼ ਦਾ ਪਾਤਰ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਭ੍ਰਿਸ਼ਟਾਚਾਰ ਦਾ ਸੰਤਾਪ
ਕਵੀ : ਸੁਰਜੀਤ ਸਿੰਘ ਸੰਸਾਰਪੁਰੀ
ਪ੍ਰਕਾਸ਼ਕ : ਕਾਜਲ ਪਬਲੀਸ਼ਰਜ਼, ਹੁਸ਼ਿਆਰਪੁਰ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 62832-62331

ਸੁਰਜੀਤ ਸਿੰਘ ਸੰਸਾਰਪੁਰੀ ਦਾ ਇਹ ਭਾਵੇਂ ਪਹਿਲਾ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਹੈ, ਪ੍ਰੰਤੂ ਇਹ ਮੰਝੇ ਹੱਥਾਂ ਦੀ ਕਿਰਤ-ਸਿਰਜਣਾ ਵਾਂਗ ਪੇਸ਼ ਹੈ। ਇਹ ਉਸ ਦੀ ਉਮਰ ਭਰ ਦੀ ਕਮਾਈ ਹੈ। ਜੋ ਉਸ ਨੇ ਜ਼ਿੰਦਗੀ ਦੇ ਵਰਤਾਰੇ ਵਿਚੋਂ ਮਹਿਸੂਸ ਕੀਤਾ, ਉਹ ਉਸ ਨੇ ਕਵਿਤਾ ਵਿਚ ਢਾਲਿਆ। ਮੁੱਖ ਰੂਪ ਵਿਚ ਸੁਰਜੀਤ ਸਿੰਘ ਨੇ ਦੇਸ਼ ਵਿਚ ਫੈਲ ਰਹੇ ਭ੍ਰਿਸ਼ਟਾਚਾਰ ਨੂੰ ਚੌਕ ਵਿਚ ਖਲ੍ਹਾਰਿਆ ਹੈ। ਭ੍ਰਿਸ਼ਟਾਚਾਰ ਦਾ ਭਾਵਅਰਥ ਕੇਵਲ ਵੱਢੀ ਖੋਰੀ ਨਹੀਂ ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ 'ਸਚਹੁ ਉਰੇ ਸਭ ਕਉ ਊਪਰ ਸਚ ਆਚਾਰ' ਭਾਵ ਕਿ ਸੱਚ ਦਾ ਸਰੂਪ ਸਭ ਤੋਂ ਆਹਲਾ ਅਤੇ ਸਭ ਤੋਂ ਕੀਮਤੀ ਹੈ ਪਰ ਇਸ ਸੱਚ ਤੋਂ ਵੀ ਉੱਪਰ ਹੈ ਸੱਚ ਆਚਾਰ। ਭਾਵ ਸੱਚਾ ਆਚਰਣ। ਸੱਚਾ ਅਮਲ ਤੇ ਚਾਲ-ਚਲਣ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਮ ਲੋਕਾਂ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਅਤੇ ਦੇਸ਼ ਦਾ ਅਸਲ ਵਿਕਾਸ ਵੀ ਹੋਇਆ, ਪ੍ਰੰਤੂ ਸਮਾਂ ਪਾ ਕੇ ਰਾਜਸੀ ਪ੍ਰਭੂਸੱਤਾ ਦੇ ਮਾਲਕਾਂ ਵਿਚ ਗੱਦੀ ਨਾਲ ਚਿਪਕੇ ਰਹਿਣ ਦੀ ਲਾਲਸਾ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਵਿਚ ਲਿਪਤ ਕਰ ਦਿੱਤਾ। ਲੁੱਟ-ਘਸੁੱਟ, ਧੱਕੇਸ਼ਾਹੀ, ਘਪਲੇਬਾਜ਼ੀ ਅਤੇ ਵੋਟਾਂ ਖ਼ਾਤਿਰ ਰਿਸ਼ਵਤਖੋਰੀ, ਮਨਮਾਨੀ, ਗੁੰਡਾਗਰਦੀ, ਮੌਕਾਪ੍ਰਸਤੀ, ਫ਼ਿਰਕਾਪ੍ਰਸਤੀ, ਬਦਮਾਸ਼ੀ ਅਤੇ ਡਿਕਟੇਟਰਸ਼ਿਪ ਵੱਲ ਧਕੇਲ ਦਿੱਤਾ ਅਤੇ ਇਹ ਵਿਹਾਰ ਆਚਾਰ ਦੇਸ਼ ਦੀ ਆਮ ਜਨਤਾ ਲਈ ਇਕ ਸੰਤਾਪ ਬਣ ਗਿਆ। ਉਹ ਲਿਖਦਾ ਹੈ :
ਭ੍ਰਿਸ਼ਟਾਚਾਰ ਤੇਰਾ ਮੇਰਾ ਇੱਟ ਖੜਿੱਕਾ / ਤੇਰੇ ਸਿੰਗਾਂ ਨੂੰ ਹੱਥ ਮੈ ਪਾਵਾਂਗਾ
ਨਰੜ ਕੇ ਬੂਥੀ ਵਿਚ ਸ਼ਬਦ ਸ਼ਿਕੰਜੇ / ਤੀਰ ਵਿਅੰਗਾਂ ਦੇ ਵਿੰਨ੍ਹ ਵਿੰਨ੍ਹ ਮਾਰਾਂਗਾ
ਜਿਹੜਾ ਚਾਰ ਚੁਫੇਰੇ ਹਨੇਰ ਫੈਲਾਇਆ
ਹਰ ਨੁੱਕਰ ਰੌਸ਼ਨ ਕਰਕੇ ਛੱਡਾਂਗਾ.... (ਸਫ਼ਾ : 15)
ਸੰਸਾਰਪੁਰੀ ਦੀਆਂ ਇਸ ਪੁਸਤਕ ਵਿਚ 51 ਦੀਆਂ 51 ਕਵਿਤਾਵਾਂ ਹੀ ਸਮਾਜ ਵਿਚ ਅਤੇ ਰਾਜਨੀਤੀ ਵਿਚ ਫੈਲੇ ਭ੍ਰਿਸ਼ਟਾਚਾਰ ਦੇ ਖਿਲਾਫ਼ ਕਾਵਿ-ਯੁੱਧ ਹਨ। ਉਸ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਜਾਨ ਅਤੇ ਪਰਿਵਾਰ ਵਾਰਨ ਵਾਲੇ ਗ਼ਦਰੀ ਬਾਬਿਆਂ ਨੂੰ ਸੰਬੋਧਨ ਹੋ ਕੇ ਉਨ੍ਹਾਂ ਨੂੰ ਸੁਆਲ ਕੀਤਾ ਹੈ ਕਿ ਤੁਸੀਂ ਜਿਸ ਆਜ਼ਾਦੀ ਵਾਸਤੇ ਜਾਨਾਂ ਹੂੰਝ ਦਿੱਤੀਆਂ ਸਨ, ਕੀ ਇਹ ਓਹੀ ਆਜ਼ਾਦੀ ਹੈ :
ਰਿਸ਼ਵਤਖੋਰੀ ਅਤੇ ਚੋਰ ਬਾਜ਼ਾਰੀ / ਲੀਡਰਾਂ ਦੇ ਹੱਡਾਂ ਵਿਚ ਬਹਿ ਗਈ।
ਰਲ ਮਿਲ ਇਨ੍ਹਾਂ ਧਨ ਹੂੰਝਿਆ ਸਾਰਾ / ਕੋਈ ਪਾਰਟੀ ਨਹੀਂ ਪਿੱਛੇ ਰਹਿ ਗਈ।
ਗਾਂਧੀ ਜੀ ਦੀ ਫੋਟੋ ਦੇ ਨੋਟਾਂ 'ਤੇ ਵੱਢੀ ਚਲਦੀ
ਭ੍ਰਿਸ਼ਟਾਚਾਰ ਦੀ ਲਿੱਦ ਲੋਕਾਂ ਨੂੰ ਚੁੱਕਣੀ ਪੈ ਗਈ। (17)
ਅੰਧੇਰੀ ਨਗਰੀ ਵਿਚ ਕਵੀ ਕਹਿੰਦਾ ਹੈ :
ਅਸੀਂ ਜਦ ਵੀ / ਛਿਟ ਚਾਨਣ ਦੀ / ਮੰਗਣ ਜਾਂਦੇ ਹਾਂ / ਤਾਂ ਝੋਲੀ / ਕੋਲੇ ਪਾ ਕੇ ਮੁੜਦੇ ਹਾਂ / ਫਨਾਹ ਹੋ ਜਾਂਦੇ ਹਾਂ ਅਸੀਂ / ਟੁੱਟ ਜਾਂਦੇ ਹਾਂ ਅੰਦਰੋਂ /... (ਸਫ਼ਾ 43)
ਨਾਦਰਸ਼ਾਹੀ ਲੁੱਟ ਵਿਚ ਕਵੀ ਹਰ ਪਾਸੇ ਨਾਦਰੀ ਲੁੱਟ ਦਾ ਜ਼ਿਕਰ ਕਰਦਾ ਹੈ ਕਿ ਕਿਧਰੇ ਵੀ ਇਨਸਾਫ਼ ਦੀ ਗੱਲ ਨਹੀਂ ਹੋ ਰਹੀ ਅਤੇ ਹਰ ਪਾਸੇ ਰਾਜੇ ਲੁੱਟ ਮਚਾ ਰਹੇ ਹਨ। ਕਵੀ ਨੇ ਆਪਣੇ ਅਕੀਦੇ ਸੰਤ ਬਾਬਾ ਬਹਾਦਰ ਸਿੰਘ ਸੰਸਾਰਪੁਰ ਵਾਲਿਆਂ ਦੇ ਸਨਮਾਨ ਵਿਚ ਵੱਡੀ ਕਵਿਤਾ ਰਚੀ ਹੈ। ਉਸ ਦਾ ਮੰਨਣਾ ਹੈ ਕਿ ਸਾਰੇ ਹੀ ਬਾਬੇ ਸਮਾਜ ਨੂੰ ਉਲਟ ਦਿਸ਼ਾ ਹੀ ਨਹੀਂ ਦਿਖਾਉਂਦੇ ਸਗੋਂ ਬਹੁਤੇ ਬਾਬੇ ਸਮਾਜ ਨੂੰ ਚੰਗੇ ਰਸਤੇ ਵੀ ਵਿਖਾਉਂਦੇ ਹਨ:
ਪਰ, ਉਪਕਾਰ ਕੀਤੇ ਸੰਤ ਬਾਬਾ ਜੀ ਦੇ ਗਿਣੇ ਨਹੀਂ ਜਾਂਦੇ
ਦੁਨੀਆ ਜਸ ਉਨ੍ਹਾਂ ਦਾ ਪਈ ਹੈ ਅੱਜ ਗਾਉਂਦੀ। (71)
ਪੁਸਤਕ ਆਪਣੇ ਮਕਸਦ ਵਿਚ ਸੰਪੂਰਨ ਹੈ। ਸਮਾਜ ਅਤੇ ਦੇਸ਼ ਵਿਚੋਂ ਭ੍ਰਿਸ਼ਟਾਚਾਰ ਮੁਕਾਉਣ ਲਈ ਇਹ ਕਵਿਤਾਵਾਂ ਇਕ ਹਥਿਆਰ ਵਾਂਗ ਹਨ।

-ਸੁਲੱਖਣ ਸਰਹੱਦੀ,
ਮੋਬਾਈਲ : 94174-84337

17-03-2024

ਦੁਨੀਆ ਦਾ ਮਹਾਨ ਸੇਲਜ਼ਮੈਨ
ਲੇਖਕ : ਆਗ ਮੈਂਡੀਨੋ
ਅਨੁਵਾਦਕ : ਬੂਟਾ ਸਿੰਘ ਸਿੱਧੂ
ਪ੍ਰਕਾਸ਼ਕ : ਵਾਈਟ ਕਰੋਅ ਪਬਲਿਸ਼ਰਜ਼, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 89680-67001

ਵਾਈਟ ਕਰੋਅ ਪਬਲਿਸ਼ਰਜ਼ ਦੀ ਹਥਲੀ 28ਵੀਂ ਪੁਸਤਕ ਹੈ, ਜਿਸ ਨੇ ਸੰਸਾਰ ਦੇ ਪ੍ਰਸਿੱਧ ਮਸਲਿਆਂ ਬਾਰੇ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। 'ਦੁਨੀਆ ਦਾ ਮਹਾਨ ਸੇਲਜ਼ਮੈਨ' ਪੰਜਾਬੀ ਅਨੁਵਾਦ ਬੂਟਾ ਸਿੰਘ ਸਿੱਧੂ ਦੀ ਉੱਤਮ ਕਿਰਤ ਹੈ। ਪੁਸਤਕ ਦੇ ਸਰਵਰਕ 'ਤੇ ਲਿਖਿਆ ਹੋਇਆ : ਇਸ ਕਿਤਾਬ ਦੀਆਂ ਸੰਸਾਰ ਭਰ ਵਿਚ ਦੋ ਕਰੋੜ ਕਾਪੀਆਂ ਵਿਚ ਚੁੱਕੀਆਂ ਹਨ। "he 7reatest Sa&esman }n the wor&d. ਇਹ ਕਿਤਾਬ ਇਕ ਮਜ਼ਬੂਤ ਭਾਵਨਾਤਮਕ ਪ੍ਰਤੀਕਿਰਿਆ ਪੈਦਾ ਕਰਨ ਦੀ ਤਾਕਤ ਰੱਖਦੀ ਹੈ। ਪ੍ਰੇਰਨਾ ਤੇ ਉਤਸ਼ਾਹ ਦਾ ਅਨੁਭਵ ਸਾਬਤ ਕਰਦੀ ਹੈ। ਸਫ਼ਲਤਾ ਅਤੇ ਖ਼ੁਸ਼ੀ ਦੇ ਅਰਥ ਸਮਝਾਉਣਾ ਇਸ ਦਾ ਉਦੇਸ਼ ਹੈ। ਦੁਨੀਆ ਦੀਆਂ 22 ਭਾਸ਼ਾਵਾਂ 'ਚ ਛਪਣਾ, ਇਸ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਅਜਿਹੀਆਂ ਪੁਸਤਕਾਂ ਦਾ ਪੰਜਾਬੀ ਮਾਂ-ਬੋਲੀ 'ਚ ਅਨੁਵਾਦ ਹੋਣਾ ਪਾਠਕਾਂ ਨੂੰ ਜਾਗਰੂਕ ਕਰਨਾ ਹੈ। ਸ਼ੁਰੂ 'ਚ ਅੱਠ-ਨੌਂ ਉੱਘੀਆਂ ਹਸਤੀਆਂ ਦੇ ਇਸ ਪੁਸਤਕ ਬਾਰੇ ਪ੍ਰਤੀਕਰਮ ਦਰਜ ਹਨ। ਜਾਣ-ਪਛਾਣ ਪਹਿਲ ਕਰਦਿਆਂ ਲੇਖਕ ਆਪਣੀ ਮਾਂ ਨੂੰ ਯਾਦ ਕਰਦਾ, ਉਸ ਦੇ ਸੁਪਨੇ ਬਾਰੇ ਲਿਖਦਾ ਹੈ : 'ਇਕ ਦਿਨ ਤੂੰ ਲੇਖਕ ਬਣੇਂਗਾ... ਸਿਰਫ਼ ਇਕ ਲੇਖਕ ਹੀ ਨਹੀਂ, ਇਕ ਮਹਾਨ ਲੇਖਕ।' ਸੋ ਸੁਪਨਾ ਸੱਚ ਕਰ ਵਿਖਾਇਆ ਆਗ ਮੈਂਡੀਨੋ ਨੇ ਪਹਿਲੇ ਸੱਤ ਅਧਿਆਏ ਇਕ ਲੰਮੀ ਕਹਾਣੀ ਦਾ ਬਿਰਤਾਂਤ ਹਨ, ਜਿਨ੍ਹਾਂ 'ਚ ਹਾਫ਼ਿਦ, ਇਰਾਜਮਸ ਅਤੇ ਬੁੱਢਾ ਆਦਮੀ ਜੀਵਨ ਦੀਆਂ ਹਾਰਾਂ ਅਤੇ ਜਿੱਤਾਂ ਨੂੰ ਰੌਚਿਕ ਕਹਾਣੀ ਨਾਲ ਸਿਰਜਦੇ ਜਾਂਦੇ ਹਨ। ਆਪਣੇ ਕੰਮ 'ਚ ਸਫ਼ਲ ਹੋਣ ਲਈ ਪੈਸੇ ਕਮਾਉਣ ਦੀ ਜੁਗਤ ਇਕ ਸੇਲਜ਼ਮੈਨ ਕਿਵੇਂ ਕਰ ਸਕਦਾ। ਮਾਯੂਸੀ ਤੇ ਖ਼ੁਦਕੁਸ਼ੀ ਵਰਗੇ ਪਲਾਂ 'ਚੋਂ ਕਿਵੇਂ ਨਿਕਲਣਾ ਹੈ, ਇਹ ਤਜਰਬਿਆਂ ਦੀ ਚਾਸ਼ਨੀ ਮਨੁੱਖ ਨੂੰ ਕਿਵੇਂ ਚੜ੍ਹਦੀ ਕਲਾ 'ਚ ਲੈ ਜਾਂਦੀ ਹੈ, ਅਜਿਹੇ ਘਟਨਾ-ਕ੍ਰਮ ਇਸ ਪੁਸਤਕ ਦੀ ਪ੍ਰਾਪਤੀ ਹੈ। ਇਸ ਪੁਸਤਕ 'ਚੋਂ ਕੁਝ ਪ੍ਰਵਚਨ ਜ਼ਿਕਰਯੋਗ ਹਨ : ਰੁੱਖਾਂ ਦਾ ਬਾਦਸ਼ਾਹ ਜੈਤੂਨ ਨੂੰ ਵਧਣ ਲਈ ਸੌ ਸਾਲ ਲਗਦੇ, ਪਿਆਜ਼ ਦਾ ਪੌਦਾ ਨੌਂ ਹਫ਼ਤਿਆਂ 'ਚ ਬੁੱਢਾ ਹੋ ਜਾਂਦਾ। ਯਾਰੀਆਂ ਸਫ਼ਲਤਾਵਾਂ ਦੀ ਕੁੰਜੀ ਹੈ ਚੰਗੀ ਆਦਤ। ਬੁਰੀਆਂ ਆਦਤਾਂ ਅਸਫ਼ਲਤਾ ਦਾ ਖੁੱਲ੍ਹਾ, ਦਰਵਾਜ਼ਾ ਹਨ। ਮਜ਼ਬੂਤ ਇਰਾਦਾ ਸਫ਼ਲਤਾ ਦਾ ਰਾਜ਼। ਸੱਚੀ ਦੌਲਤ ਦਿਲ ਦੀ ਹੁੰਦੀ, ਬਟੂਏ ਦੀ ਨਹੀਂ। ਲੋਕਾਂ ਦਾ ਦਿਲ ਖੋਲ੍ਹਣ ਲਈ ਪਿਆਰ ਇਕ ਹਥਿਆਰ ਹੈ। ਮੇਰਾ ਇਰਾਦਾ ਰੇਤ ਦਾ ਦਾਣਾ ਨਹੀਂ, ਸਗੋਂ ਪਹਾੜ ਬਣਨਾ ਹੈ। ਅਧਿਆਏ 8 ਤੋਂ 17 ਤੱਕ ਸੂਚੀ 1 ਤੋਂ 10 ਤੱਕ ਸਫ਼ਲਤਾ ਦੇ ਭੇਤ ਦੀਆਂ ਕੁੰਜੀਆਂ ਹਨ। ਜ਼ਿੰਦਗੀ ਦਾ ਇਨਾਮ ਹਰ ਸਫ਼ਰ ਦੇ ਅੰਤ 'ਤੇ ਮਿਲਦਾ। ਇਸ ਪੁਸਤਕ ਦਾ ਵੱਡਾ ਸੰਦੇਸ਼ ਹੈ : ਮੈਂ ਸਫ਼ਲਤਾ ਮਿਲਣ ਤੱਕ ਡਟਿਆ ਰਹਾਂਗਾ। ਕੁਦਰਤ ਹਾਰ ਨਹੀਂ ਮੰਨਦੀ, ਮੈਂ ਵੀ ਕਿਉਂ ਹਾਰ ਮੰਨਾਂ। ਦੂਜਿਆਂ ਤੋਂ ਅੱਗੇ ਨਿਕਲਣਾ ਜ਼ਰੂਰੀ ਨਹੀਂ, ਆਪਣੇ ਕੰਮਾਂ ਤੋਂ ਅੱਗੇ ਜਾਣਾ ਜ਼ਰੂਰੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਮਹਾਰਾਜਾ ਸ਼ੇਰ ਸਿੰਘ
ਲੇਖਕ : ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
ਸੰਪਾਦਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 175 ਰੁਪਏ, ਸਫ਼ੇ : 136
ਸੰਪਰਕ : 84277-12890

ਇਸ ਪੁਸਤਕ ਦਾ ਲੇਖਕ ਸਿੱਖ ਇਤਿਹਾਸ ਦਾ ਉਹ ਸਫ਼ਲ ਲੇਖਕ ਹੈ, ਜੋ ਲਗਭਗ 70 ਕੁ ਸਾਲ ਪਹਿਲਾਂ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਕੇ ਸਰੀਰਕ ਵਿਛੋੜਾ ਦੇ ਚੁੱਕਾ ਹੈ। ਲੇਖਕ ਦਾ ਪਿਛੋਕੜ ਗੁਰਮਤਿ ਦੇ ਮਾਰਤੰਡ ਤੇ ਮਹਾਨ ਵਿਦਵਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਗੁਰਦਾਸ ਜੀ ਨਾਲ ਜੁੜਦਾ ਹੈ। ਇਸ ਪੁਸਤਕ ਦੇ ਸੰਪਾਦਕ ਨੇ ਮੌਜੂਦਾ ਸਮੇਂ ਦੀ ਪੀੜ੍ਹੀ ਦੇ ਪਾਠਕਾਂ ਨੂੰ ਉਨ੍ਹਾਂ ਦੀ ਵਿਰਾਸਤ ਨਾਲ ਜੋੜਨ ਲਈ ਇਸ ਪੁਸਤਕ ਨੂੰ ਮੁੜ ਪ੍ਰਕਾਸ਼ਿਤ ਕੀਤਾ ਹੈ। ਮਹਾਰਾਜਾ ਸ਼ੇਰ ਸਿੰਘ ਸ਼ੇਰ-ਏ-ਪੰਜਾਬ ਦਾ ਦੂਜਾ ਸ਼ਹਿਜ਼ਾਦਾ ਸੀ। ਇਸ ਸਿੱਖ ਰਾਜ ਦੇ ਇਤਿਹਾਸਕ ਮਹਾਰਾਜੇ ਦਾ ਜੀਵਨ ਅਜਿਹੀ ਮਹਾਨ ਘਟਨਾ ਹੈ, ਜਿਸ ਨੂੰ ਪੜ੍ਹ ਕੇ ਪਾਠਕ ਦਾ ਮਨ ਤੜਫ਼ ਉੱਠਦਾ ਹੈ। ਅੱਖਾਂ ਨੀਰ ਨਾਲ ਭਰ ਜਾਂਦੀਆਂ ਹਨ। ਇਸ ਸ਼ੇਰ ਮਰਦ ਦਾ ਸੀਸ ਉਸ ਦੇ ਚਚੇਰੇ ਭਰਾ ਨੇ ਧੜ ਤੋਂ ਅਲੱਗ ਕਰ ਦਿੱਤਾ ਸੀ, ਉਸ ਦੇ ਸਪੁੱਤਰ ਸ਼ਹਿਜ਼ਾਦੇ ਪ੍ਰਤਾਪ ਸਿੰਘ ਦਾ ਸਿਰ ਵੀ ਉਸ ਦੇ ਦਾਦੇ ਨੇ ਕੱਟਿਆ ਸੀ। ਇਸ ਘਰ ਫੂਕ ਤਮਾਸ਼ੇ ਵਿਚ ਦੋਪਾਸੀ ਤਬਾਹੀ ਖ਼ਾਲਸਾ ਰਾਜ ਤੇ ਖ਼ਾਲਸਾ ਕੌਮ ਦੀ ਹੀ ਹੋਈ ਸੀ। ਖ਼ਾਲਸਾ ਰਾਜ ਦਾ ਵਿਸਥਾਰ ਲੱਦਾਖ, ਤਿੱਬਤ ਤੇ ਚੀਨ ਤੱਕ ਪਹੁੰਚਾਉਣ ਤੋਂ ਬਾਅਦ ਦੀਆਂ ਭਰਾ ਮਾਰੂ ਜੰਗ ਦੀਆਂ ਘਟਨਾਵਾਂ ਨੇ ਖ਼ਾਲਸਾ ਰਾਜ ਨੂੰ ਨੇਸਤੋ-ਨਾਬੂਦ ਕਰ ਦਿੱਤਾ ਸੀ। ਲੇਖਕ ਮੁਤਾਬਿਕ ਮਹਾਰਾਜਾ ਰਣਜੀਤ ਸਿੰਘ ਦਾ ਇਹ ਸ਼ਹਿਜ਼ਾਦਾ ਧਾਰਮਿਕ ਰੁਚੀਆਂ ਦਾ ਮਾਲਕ ਸੀ, ਛੋਟੀ ਉਮਰ ਵਿਚ ਹੀ ਰਾਜਸੀ ਉਲਝਣਾਂ ਨੂੰ ਬੜੀ ਸੂਝ ਬੂਝ ਨਾਲ ਨਿਬੇੜਨ ਦੀ ਰਾਜਨੀਤੀ ਵਿਚ ਨਿਪੁੰਨ ਸੀ। ਹਰ ਮੈਦਾਨ ਦੀ ਫ਼ਤਹਿ ਲਈ ਰਣਤੱਤੇ ਵਿਚ ਖ਼ਾਲਸਾ ਫ਼ੌਜ ਦੇ ਅੱਗੇ ਹੋ ਕੇ ਲੜਨ ਵਲਾ ਯੋਧਾ ਸੀ। ਖ਼ਾਲਸਾ ਰਾਜ ਦੇ ਵਿਸਥਾਰ ਲਈ ਆਪਣੇ ਪਿਤਾ ਵਾਂਗ ਵੱਡੇ ਕਾਰਨਾਮੇ ਕੀਤੇ। ਲੱਦਾਖ ਨੂੰ ਖ਼ਾਲਸਾ ਰਾਜ ਵਿਚ ਮਿਲਾਉਣਾ ਇਸ ਦੀ ਰਾਜਨੀਤਕ ਸੋਚ ਸਦਕਾ ਹੀ ਹੋਇਆ ਸੀ। ਇਸ ਗੱਲ ਨੂੰ ਮੰਨਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਉਸ ਨੇ ਰਾਜਨੀਤਕ ਵੱਡੀਆਂ ਭੁੱਲਾਂ ਵੀ ਕੀਤੀਆਂ, ਜਿਸ ਦਾ ਉਸ ਦੇ ਰਾਜਸੀ ਜੀਵਨ ਅਤੇ ਖ਼ਾਲਸਾ ਰਾਜ ਨੂੰ ਵੱਡਾ ਨੁਕਸਾਨ ਹੋਇਆ।
ਸੰਪਾਦਕ ਨੇ ਇਸ ਪੁਸਤਕ ਨੂੰ ਦੋ ਦਰਜਨ ਤੋਂ ਵੱਧ ਲੇਖਾਂ ਵਿਚ ਵੰਡ ਕੇ ਇਸ ਜੀਵਨ-ਗਾਥਾ ਨੂੰ ਸੰਪੂਰਨਤਾ ਦਿੱਤੀ ਹੈ। ਇਸ ਲੇਖ ਲੜੀ ਵਿਚ 'ਮਹਾਰਾਜਾ ਸ਼ੇਰ ਸਿੰਘ', 'ਕੰਵਰ ਸ਼ੇਰ ਸਿੰਘ ਦੀ ਪਹਿਲੀ ਪ੍ਰੀਖਿਆ, ਸ਼ਹਿਜ਼ਾਦਾ ਸ਼ੇਰ ਸਿੰਘ ਦਾ ਵਿਆਹ', 'ਲਲੀ ਤੇ ਕੰਵਰ ਸ਼ੇਰ ਸਿੰਘ', 'ਦੂਜਾ ਵਿਆਹ', 'ਖਟਕਾਂ ਉੱਪਰ ਭਾਰੀ ਫ਼ਤਹਿ', 'ਸ਼ਹਿਜ਼ਾਦਾ ਸ਼ੇਰ ਸਿੰਘ ਦੀ ਅਦੁੱਤੀ ਪੁਲੀਟੀਕਲ ਸਫ਼ਲਤਾ ਹੋਰ ਸਫ਼ਲਤਾਵਾਂ', 'ਸੱਯਦ ਅਹਿਮਦ ਨੂੰ ਅੰਗਰੇਜ਼ਾਂ ਵਲੋਂ ਉਕਸਾਵੇ, ਸ਼ੇਰ-ਏ-ਪੰਜਾਬ ਦੀ ਦੂਰ-ਦ੍ਰਿਸ਼ਟੀ, ਸੱਯਦ ਅਹਿਮਦ, ਸ਼ਾਹ ਦੇ ਇਰਾਦੇ', 'ਸ਼ੇਰ-ਏ-ਪੰਜਾਬ ਦੀਆਂ ਖ਼ੁਸ਼ੀਆਂ', 'ਕਸ਼ਮੀਰ ਦੀ ਗਵਰਨਰੀ', 'ਲੱਦਾਖ ਨੂੰ ਖ਼ਾਲਸਾ ਰਾਜ ਵਿਚ ਮਿਲਾਉਣਾ', 'ਹੋਰ ਵੱਧ ਜ਼ਿੰਮੇਵਾਰੀ ਮਿਲਣੀ', 'ਖ਼ਾਲਸਾ ਰਾਜ ਉੱਨਤੀ ਦੀ ਟੀਸੀ ਪਰ', 'ਖ਼ਾਲਸਾ ਰਾਜ ਉੱਪਰ ਕਾਲੇ ਬੱਦਲ', 'ਕੰਵਰ ਸ਼ੇਰ ਸਿੰਘ ਦੀ ਉਦਾਰ-ਚਿੱਤੀ', 'ਮਹਾਰਾਜਾ ਸ਼ੇਰ ਸਿੰਘ ਦੀ ਤਖ਼ਤ ਨਸ਼ੀਨੀ ਤੇ ਅੱਖੀਂ ਡਿੱਠੇ ਹਾਲ', 'ਘਰੋਗੀ ਝਗੜੇ ਮੁਕਾਉਣ ਦਾ ਯਤਨ', 'ਸਿੱਕਾ ਚਲਾਉਣਾ', 'ਰਾਣੀ ਚੰਦ ਕੌਰ ਦੀ ਹੱਤਿਆ', 'ਭੇਦ ਖੁੱਲ੍ਹ ਜਾਣਾ', 'ਖ਼ਾਲਸੇ ਦੀ ਤਿੱਬਤ ਤੇ ਚੀਨੀਆਂ ਉੱਪਰ ਦੂਜੀ ਵਾਰ ਫ਼ਤਹਿ', 'ਮਹਾਰਾਜਾ ਸ਼ੇਰ ਸਿੰਘ ਦੇ ਸਮੁੱਚੇ ਜੀਵਨ 'ਤੇ ਝਾਤ', 'ਉਸ ਦੀਆਂ ਭੁੱਲਾਂ ਅਤੇ ਅੰਤ ਵਿਚ 'ਨਿਚੋੜ' ਨੂੰ ਸੁਖੈਨ ਭਾਸ਼ਾ ਵਿਚ ਪੇਸ਼ ਕਰਕੇ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ।
ਸੰਪਾਦਕ ਦਾ ਖ਼ਾਲਸਾ ਰਾਜ ਦੇ ਉਸ ਸਮੇਂ ਦੇ ਹਾਲਾਤ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕਰਨਾ ਲੇਖਕ ਦੀ ਸਖ਼ਤ ਘਾਲਣਾ ਹੈ। ਸ਼ਲਾਘਾਯੋਗ ਉਪਰਾਲਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਕਿੰਨੇ ਸਾਰੇ ਡੈਡੀ
ਗੁਰਪਾਲ ਸਿੰਘ ਲਿੱਟ
ਦੀਆਂ 21 ਕਹਾਣੀਆਂ
ਸੰਪਾਦਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 750 ਰੁਪਏ, ਸਫ਼ੇ : 471
ਸੰਪਰਕ : 080763-63058

ਗੁਰਪਾਲ ਸਿੰਘ ਲਿੱਟ ਇਕ ਪਰਿਪੱਕ ਅਤੇ ਪ੍ਰਮਾਣਿਕ ਕਹਾਣੀਕਾਰ ਸੀ। ਪੰਜਾਬੀ ਦੇ ਬਹੁਤ ਥੋੜ੍ਹੇ ਜਿਹੇ ਕਹਾਣੀਕਾਰਾਂ ਵਾਂਗ ਉਹ ਕਹਾਣੀ ਲਿਖਣ ਸਮੇਂ ਮਾਧਿਅਮ ਅਤੇ ਅਭਿਵਿਅਕਤੀ ਨਾਲ ਕਾਫ਼ੀ ਸੰਘਰਸ਼ ਕਰਦਾ ਸੀ, ਜਿਸ ਦੇ ਸਿੱਟੇ ਵਜੋਂ ਉਸ ਦੀਆਂ ਕਹਾਣੀਆਂ ਕਾਫ਼ੀ ਜਟਿਲ ਹੋ ਜਾਂਦੀਆਂ ਸਨ, ਜਿਨ੍ਹਾਂ ਨੂੰ ਉਠਾਉਣ ਲਈ ਪਾਠਕ ਨੂੰ ਵੀ ਸੰਘਰਸ਼ ਕਰਨਾ ਪੈਂਦਾ ਸੀ। ਸਾਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੁੰਦੀ ਹੈ ਕਿ ਸ. ਗੁਰਬਚਨ ਸਿੰਘ ਭੁੱਲਰ ਨੇ ਇਨ੍ਹਾਂ ਕਹਾਣੀਆਂ ਦੀ ਚੋਣ ਕੀਤੀ ਹੈ ਅਤੇ ਸ. ਬਲਵਿੰਦਰ ਸਿੰਘ ਗਰੇਵਾਲ ਨੇ ਲਿੱਟ ਸਾਹਿਬ ਦੀ ਸ਼ਖ਼ਸੀਅਤ ਬਾਰੇ ਇਕ ਭਾਵਪੂਰਤ ਨੋਟ ਲਿਖ ਕੇ ਇਸ ਪੁਸਤਕ ਨੂੰ ਮੁਕੰਮਲ ਕਰ ਦਿੱਤਾ ਹੈ।
ਕਹਾਣੀਕਾਰ ਲਿੱਟ, ਸੈਕਸ ਨੂੰ ਇਨਸਾਨੀ ਜੀਵਨ ਦਾ ਇਕ ਬੁਨਿਆਦੀ ਅੰਗ ਮੰਨਦਾ ਸੀ ਪਰ ਉਹ ਪੂੰਜੀਵਾਦੀ ਯੁੱਗ ਦੇ ਵਿਕ੍ਰਿਤ ਹੋ ਚੁੱਕੇ ਸੈਕਸ ਨਾਲ ਸੰਤੁਸ਼ਟ ਨਹੀਂ ਸੀ। ਵੀਹਵੀਂ ਸਦੀ ਦੇ ਮੁੱਢਲੇ ਦੋ-ਤਿੰਨ ਦਹਾਕਿਆਂ ਤੱਕ ਸੈਕਸ ਨੂੰ ਲੈ ਕੇ ਸਾਡੇ ਸਮਾਜ ਵਿਚ ਕੋਈ ਹੋ-ਹੱਲਾ ਨਹੀਂ ਸੀ ਮਚਦਾ। ਲੋੜਵੰਦ ਆਦਮੀ-ਔਰਤਾਂ ਇਕ-ਦੂਜੇ ਨਾਲ ਸੈਕਸ ਦੀ ਪੂਰਤੀ ਕਰ ਲੈਂਦੇ ਸਨ। ਜਬਰਜਨਾਹ ਵਰਗੀ ਕੋਈ ਘਟਨਾ ਘੱਟ ਹੀ ਵਾਪਰਦੀ ਸੀ, ਪਰ ਪਿਛਲੇਰੀ ਵੀਹਵੀਂ ਸਦੀ ਵਿਚ ਮਰਦ ਹਾਂਬੜ ਜਿਹਾ ਗਿਆ ਹੈ ਅਤੇ ਉਹ ਸੈਕਸ ਪੂਰਤੀ ਨੂੰ ਆਪਣੀ ਮਰਦਾਵੀਂ ਹੈਂਕੜ ਦੇ ਰੂਪ ਵਿਚ ਵੇਖ ਲੱਗ ਪਿਆ ਹੈ (ਕਿੰਨੇ ਸਾਰੇ ਡੈਡੀ!) ਅਜਿਹੇ ਸੰਬੰਧਾਂ ਨੂੰ ਲੇਖਕ ਇਤਰਾਜ਼ਯੋਗ ਦਰਸਾਉਂਦਾ ਹੈ।
ਸ. ਗੁਰਪਾਲ ਲਿੱਟ ਦੀਆਂ ਕਹਾਣੀਆਂ, ਬਿਰਤਾਂਤ ਦੀ ਕੜੀ ਨੂੰ, ਕਿਸੇ ਇਕ ਮੋੜ ਉੱਪਰ ਰੋਕ ਕੇ ਉਸ ਨੂੰ ਡੂੰਘਾਈ ਅਤੇ ਵਿਸਤਾਰ ਦਿੰਦੀਆਂ ਹਨ। ਉਹ ਮਨੁੱਖੀ ਜੀਵਨ ਨਾਲ ਸੰਬੰਧਿਤ ਕੜੀਆਂ ਦੀ ਅਭਿਵਿਅਕਤੀ ਦਾ ਕਹਾਣੀਕਾਰ ਹੈ। 'ਦੁਰਗ ਟੁੱਟਦੇ ਨੇ, ਰੇਪ ਕੇਸ, ਨਹੀਂ ਇਹ ਅੰਤ ਨਹੀਂ ਹੈ, ਗਿਰਝਾਂ, ਜੜ੍ਹਾਂ ਵਾਲੇ ਅਤੇ ਬਣਵਾਸ' ਉਸ ਦੀਆਂ ਕੁਝ ਹੋਰ ਪ੍ਰਤੀਨਿਧ ਕਹਾਣੀਆਂ ਹਨ। ਉਸ ਦੀਆਂ ਕਹਾਣੀਆਂ ਨੇ ਨਵੇਂ ਪੋਚ ਦੀਆਂ ਕਹਾਣੀਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਸੁਖਵਿੰਦਰ ਦੀ ਕਾਵਿ-ਸੰਵੇਦਨਾ
ਸੰਪਾਦਕ : ਸੁਖਿੰਦਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 403
ਸੰਪਰਕ : 94638-36591

ਪੰਜਾਬੀ ਕਾਵਿ ਦੇ ਆਧੁਨਿਕ ਦੌਰ ਦਾ ਕੈਨੇਡਾ ਨਿਵਾਸੀ, ਪਰਵਾਸੀ, ਪੰਜਾਬੀ ਕਵੀ ਆਪਣੀ ਸਮੁੱਚੀ ਕਵਿਤਾ, ਸੁਖਿਦੰਰ ਦੀ ਕਾਵਿ ਸੰਵੇਦਨਾ, ਆਪ ਹੀ ਸੰਪਾਦਕ ਬਣ ਕੇ ਪੇਸ਼ ਕਰ ਰਿਹਾ ਹੈ, ਜਿਸ ਵਿਚ ਉਸ ਨੇ ਆਪ ਬਕਲਮ-ਖ਼ੁਦ, ਆਪ ਆਪਣੀ, ਕਾਵਿ ਸੰਵੇਦਨਾ ਸੰਬੰਧੀ ਆਪ ਆਪਣੇ ਵਿਚਾਰ ਪੇਸ਼ ਕੀਤੇ ਹਨ, ਬਲਕਿ ਅੰਤਰਰਾਸ਼ਟਰੀ ਪੰਜਾਬੀ ਜ਼ਬਾਨ ਦੇ ਵੱਖ-ਵੱਖ ਦੇਸ਼ਾਂ ਦੇ ਪੰਜਾਬੀ ਦੇ ਲੇਖਕਾਂ ਨੇ ਉਸ ਦੀ ਕਾਵਿ-ਸੰਵੇਦਨਾ ਸੰਬੰਧੀ ਲਿਖਿਆ ਹੈ। ਸੁਖਿੰਦਰ ਨੇ ਕਵਿਤਾ ਤੋਂ ਇਲਾਵਾ ਤਿੰਨ ਪੁਸਤਕਾਂ ਵਿਗਿਆਨ ਸੰਬੰਧੀ ਚਾਰ ਪੁਸਤਕਾਂ ਆਲੋਚਨਾ, ਪੰਜ ਪੁਸਤਕਾਂ, ਵਾਰਤਕ ਦੀਆਂ 6 ਪੁਸਤਕਾਂ ਸੰਪਾਦਨਾ, ਦੋ ਨਾਵਲ, ਇਕ ਪੁਸਤਕ ਬੱਚਿਆਂ ਲਈ ਲਿਖੀ ਹੈ। ਆਪ ਨੇ ਹੁਣ ਤੱਕ ਦੋ ਦਰਜਨ ਦੇ ਲਗਭਗ ਪੰਜਾਬੀ ਕਵਿਤਾ ਦੀਆਂ ਪੁਸਤਕਾਂ ਦਾ ਪ੍ਰਕਾਸ਼ਨ ਕਰਵਾਇਆ ਹੈ, ਇਸ ਸਮੁੱਚੇ ਕਾਵਿ ਨੂੰ ਮੁੱਖ ਰੱਖਦਿਆਂ 'ਸੁਖਿੰਦਰ' ਨੇ ਆਪਣੀ ਸਮੁੱਚੇ-ਕਾਵਿ ਸੰਵੇਦਨਾ ਦਾ ਆਲੋਚਨਾਤਮਿਕ ਅਧਿਐਨ ਕਰਵਾਇਆ ਹੈ, ਜਿਸ ਦਾ ਸੰਪਾਦਨ ਵੀ ਆਪ ਹੀ ਕੀਤਾ ਹੈ, ਜਿਸ ਵਿਚ 73 ਆਲੋਚਕ ਮਰਦ+ਇਸਤਰੀਆਂ ਨੇ ਆਪਣੇ-ਆਪ ਵਿਚਾਰ ਪੇਸ਼ ਕੀਤੇ ਹਨ, ਜਿਨ੍ਹਾਂ ਵਿਚ ਡਾ. ਅਰਵਿੰਦ ਕੌਰ ਕਾਕੜਾ, ਡਾ. ਭੀਮ ਇੰਦਰ ਸਿੰਘ, ਡਾ. ਯੋਗਰਾਜ, ਡਾ. ਸਰਬਜੀਤ ਸਿੰਘ, ਡਾ. ਬਲਵਿੰਦਰ ਕੌਰ, ਡਾ. ਸੋਨੀਆ, ਇੰਡੀਆ, ਰਵਿੰਦਰ ਰਵੀ ਕੈਨੇਡਾ, ਡਾ. ਸਮੀਨਾ, ਡਾ. ਦੇਵਿੰਦਰ ਕੌਰ ਯੂ. ਕੇ., ਡਾ. ਗੁਰਬਖਸ਼ ਸਿੰਘ ਭੰਡਾਲ ਕੈਨੇਡਾ, ਡਾ. ਗੁਰਭਗਤ ਸਿੰਘ ਇੰਡੀਆ, ਪ੍ਰੋ. ਰਾਜਬੀਰ ਕੌਰ ਇੰਡੀਆ, ਡਾ. ਅਮਰਜੀਤ ਟਾਂਡਾ ਆਸਟ੍ਰੇਲੀਆ, ਸੁਰਜੀਤ ਕੈਨੇਡਾ, ਸਤਿੰਦਰ ਸਿੰਘ ਨੂਰ ਇੰਡੀਆ, ਡਾ. ਸੁਦਰਸ਼ਨ ਗਾਸ਼ਸ ਇੰਡੀਆ, ਡਾ. ਗੁਰਬਚਨ ਇੰਡੀਆ, ਸੁਖਿੰਦਰ ਇੰਡੀਆ, ਰਤਨ ਸਿੰਘ ਢਿੱਲੋਂ ਇੰਡੀਆ, ਡਾ. ਮੋਹਨ ਤਿਆਗੀ ਇੰਡੀਆ, ਕੇ.ਐਲ. ਗਰਗ ਯੂ. ਐੱਸ. ਏ., ਕੁੱਲ 73 ਲੇਖਕ ਹਨ, ਜਿਨ੍ਹਾਂ ਨੇ ਇਸ ਅਭਿਨੰਦਨ ਅਥਵਾ ਸੁਖਿੰਦਰ ਦੀ ਕਾਵਿ ਸੰਵੇਦਨਾ ਸੰਬੰਧੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਇਸ 'ਸੁਖਿੰਦਰ' ਦੀ ਕਾਵਿ ਸੰਵੇਦਨਾ ਨੂੰ ਅਸੀਂ ਉਸ ਦੀ ਕਾਵਿ ਕਲਾ ਦਾ, ਅਭਿਨੰਦਨ ਗ੍ਰੰਥ ਕਹਿ ਦੇਈਏ ਤਾਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ, ਹੇਠਾਂ ਕੁਝ ਟੂਕਾਂ ਦੇ ਰਿਹਾ ਹਾਂ, ਜੋ ਉਸ ਦੇ ਕਾਵਿ ਦਾ ਮੁਲਾਂਕਣ ਕਰਦੀਆਂ, ਉਸ ਦਾ ਅਭਿਨੰਦਨ ਹੀ ਹੈ, ਜਿਵੇਂ :
ਉਸ ਦੀ ਕਵਿਤਾ ਪੜ੍ਹਦਿਆਂ, ਕਾਵਿ ਵਸਤੂ ਉੱਪਰ ਭਾਸ਼ਾ ਦਾ ਮੁਹਾਂਦਰਾ, ਹਾਵੀ ਬਣ ਜਾਂਦਾ ਹੈ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਕਵਿਤਾ ਦੀਆਂ ਧੁਨੀਆਂ ਦੇ ਸ਼ਬਦ ਸ਼ਕਤੀਆਂ ਮਾਨਵ-ਵਿਰੋਧੀਆਂ, ਪ੍ਰਬੰਧ ਦਾ ਦਰਸ ਕਰਵਾ ਜਾਂਦੀਆਂ ਹਨ। ਸੁਖਿੰਦਰ ਅੰਦਰ ਹੋ ਰਿਹਾ ਰਾਜਸੀ, ਸਮਾਜਿਕ ਪ੍ਰਬੰਧ ਵਿਰੁੱਧ ਯੁੱਧ, ਸ਼ਬਦਾਂ ਰਾਹੀਂ ਵਿਚ ਚੋਟ ਕਰਦਾ ਹੋਇਆ, ਕਵਿਤਾ ਵਿਚ ਢਲਦਾ ਹੈ। ਸੁਹਜ ਸ਼ਾਸਤਰ ਦੀ ਲੀਕ ਤੋਂ ਅੰਦਰ ਉਬਾਲੇ ਨੂੰ, ਕਾਵਿ-ਵਸਤੂ ਵਿਚ ਢਾਲਣਾ ਹੀ ਸੁਖਿੰਦਰ ਦੀ ਕਵਿਤਾ ਦਾ ਹਾਸਿਲ ਹੈ।
ਅਜਿਹੀਆਂ ਪ੍ਰਸੰਸਾਯੋਗ ਟਿੱਪਣੀਆਂ ਇਸ ਅਭਿਨੰਦਨ ਗਰੰਥ ਵਿਚ ਅਸੀਂ ਸਹਿਜੇ ਲਈ ਹਰ ਥਾਂ ਦੇਖ ਸਕਦੇ ਹਾਂ। ਸਪੱਸ਼ਟ ਹੈ ਕਿ ਸੁਖਿੰਦਰ ਸਿਆਸੀ ਅਨੁਭਵ ਨੂੰ ਆਪਣੀ ਸਿਆਸੀ ਚੇਤਨਾ ਨਾਲ ਇਕ-ਸੁਰ ਕਰਕੇ ਆਪਣੀਆਂ ਕਵਿਤਾਵਾਂ ਵਿਚ ਢਾਲਦਾ ਹੈ। ਸਿਆਸੀ ਚੇਤਨਾ ਤੇ ਵਿਚਾਰਧਾਰਾ ਨਾਲ ਇਕ ਸੁਰ ਹੋਣ ਕਰਕੇ, ਉਸ ਦੀਆਂ ਕਵਿਤਾਵਾਂ ਬਾਕੀ ਕਵੀਆਂ ਨਾਲੋਂ ਵਿਧਾਗਤ, ਪੱਖ ਤੋਂ ਵੱਖਰੀਆਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਇਨ੍ਹਾਂ ਕਵਿਤਾਵਾਂ ਦਾ ਕਾਵਿ-ਸੁਹਜ ਤੇ ਸਿਆਸੀ ਸੂਝ ਇਨ੍ਹਾਂ ਦੀ ਵਿਅੰਗ ਵਿਧੀ ਵਿਚ ਹੈ।' ਅਜਿਹੀ ਟਿੱਪਣੀ ਪੰਜਾਬੀ ਦੇ ਨਾਮਵਰ ਆਲੋਚਕਾਂ ਵਲੋਂ ਇਸ ਪੁਸਤਕ ਵਿਚ ਪ੍ਰਾਪਤ ਹੈ। ਬਿਹਤਰ ਇਹੋ ਹੁੰਦਾ ਕਿ ਸੁਖਿੰਦਰ ਦੀ ਕਾਵਿ ਸੰਵੇਦਨਾ ਨਾਂਅ ਦਾ ਗ੍ਰੰਥ, ਸੁਖਿੰਦਰ ਅਭਿਨੰਦਰ ਗ੍ਰੰਥ ਹੀ ਪ੍ਰਕਾਸ਼ਤ ਕੀਤਾ ਜਾਂਦਾ। ਹੁਣ ਵੀ ਜੋ ਪ੍ਰਾਪਤ ਹੈ, ਆਲੋਚਨਾ ਦਾ ਰੂਪ ਸਰੂਪ ਅਤੇ ਕਵੀ ਦੇ ਕਾਵਿ ਦਾ ਚਿੰਤਨ, ਪ੍ਰਸੰਸਾ ਸੁਰ ਵਾਲਾ ਹੀ ਹੈ।

-ਡਾ. ਅਮਰ ਕੋਮਲ
ਮੋਬਾਈਲ : 84378-73565

ਸੁਗੰਧੀਆਂ ਭਰੇ ਫੁੱਲ
ਲੇਖਕ : ਸੁਰਜੀਤ ਸਿੰਘ ਬਲਾੜ੍ਹੀ ਕਲਾਂ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 55.
ਸੰਪਰਕ : 80540-03315

ਹੱਥਲੀ ਪੁਸਤਕ 'ਸੁਗੰਧੀਆਂ ਭਰੇ ਫੁੱਲ' ਸੁਰਜੀਤ ਬਲਾੜ੍ਹੀ ਕਲਾਂ ਦੀ ਤੀਸਰੀ ਬਾਲ ਪੁਸਤਕ ਹੈ, ਜਿਸ ਵਿਚ 31 ਬਾਲ ਕਵਿਤਾਵਾਂ ਸ਼ਾਮਿਲ ਹਨ ਜੋ ਕਿ ਬਹੁਤ ਹੀ ਸ਼ਾਨਦਾਰ ਢੁਕਵੀਆਂ ਤਸਵੀਰਾਂ ਅਤੇ ਰੰਗਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ। ਸਭ ਰਚਨਾਵਾਂ ਸਰਲ ਠੇਠ ਅਤੇ ਬਾਲਾਂ ਦੇ ਮਾਨਸਿਕ ਪੱਧਰ ਦੀਆਂ ਹਨ। ਸਾਰੀਆਂ ਰਚਨਾਵਾਂ ਜਿੱਥੇ ਬਾਲਾਂ ਦਾ ਭਰਪੂਰ ਮਨੋਰੰਜਨ ਕਰਦੀਆਂ ਹਨ ਉਥੇ ਸੁਭਾਵਿਕ ਹੀ ਬਾਲਾਂ ਨੂੰ ਸਿੱਖਿਆ ਵੀ ਦਿੰਦੀਆਂ ਹਨ। ਜਿਵੇਂ : 'ਇਕ ਇਕ ਰੁੱਖ ਲਗਾਈਏ' ਕਵਿਤਾ ਵਿਚ ਬਾਲਾਂ ਨੂੰ ਮਨੁੱਖੀ ਜੀਵਨ ਲਈ ਰੁੱਖਾਂ ਦਾ ਹੋਣਾ ਕਿੰਨਾ ਜ਼ਰੂਰੀ ਹੈ ਸਮਝਾਇਆ ਗਿਆ ਹੈ:-
ਆਓ ਇਕ ਇਕ ਰੁੱਖ ਸਾਰੇ ਲਾਈਏ ਬੇਲੀਓ।
ਨਾਲੇ ਵਾਤਾਵਰਣ ਨੂੰ ਸਾਫ ਬਣਾਈਏ ਬੇਲੀਓ।
ਜਿਹੜੇ ਲਾਉਣੇ ਅੱਜ ਅਸੀਂ ਰੀਝਾਂ ਨਾਲ ਰੁੱਖ ਨੇ।
ਉਨ੍ਹਾਂ ਦੇਣੇ ਕੱਲ੍ਹ ਸਾਨੂੰ, ਢੇਰਾਂ ਸਾਰੇ ਸੁੱਖ ਨੇ।
ਚਾਰੇ ਪਾਸੇ ਹਰਿਆਲੀ ਨੂੰ ਲਿਆਈਏ ਬੇਲੀਓ।
ਆਓ ਇਕ ਇਕ ਰੁੱਖ ਸਾਰੇ ਲਾਈਏ ਬੇਲੀਓ।
ਏਵੇਂ ਹੀ 'ਲਾਇਬਰੇਰੀ' ਕਵਿਤਾ ਵਿਚ ਪੁਸਤਕਾਂ ਦਾ ਆਪਣੀ ਜ਼ਿੰਦਗੀ ਵਿਚ ਕੀ ਮਹੱਤਵ ਹੈ ਬਹੁਤ ਹੀ ਸੁੰਦਰ ਢੰਗ ਨਾਲ ਸਮਝਾਇਆ ਹੈ :-
ਸਕੂਲ ਸਾਡੇ ਦੀ ਲਾਇਬਰੇਰੀ।
ਸਜੀ ਕਿਤਾਬਾਂ ਨਾਲ ਬਥੇਰੀ।
ਜਦ ਵੀ ਸਾਨੂੰ ਮੌਕਾ ਲੱਗੇ।
ਪੜ੍ਹਨ ਕਿਤਾਬਾਂ ਜਾਈਏ ਭੱਜੇ।
ਬੈਠਣ ਲਈ ਕੁਰਸੀਆਂ ਲੱਗੀਆਂ ।
ਸਾਰੀਆਂ ਮੇਜ਼ਾਂ ਦੁਆਲੇ ਸਜੀਆਂ।
ਇਹਨਾਂ ਉੱਤੇ ਬਹਿ ਕੇ ਪੜ੍ਹੀਏ।
ਆਪਸ ਵਿਚ ਵਿਚਾਰਾਂ ਕਰੀਏ।
ਅਜੋਕੇ ਨਸ਼ਿਆਂ ਦੇ ਯੁੱਗ ਵਿਚ 'ਖੇਡਾਂ ਦਾ ਮਹੱਤਵ' ਗੀਤ ਰਾਹੀਂ ਬੱਚਿਆਂ ਨੂੰ ਖੇਡਾਂ ਦਾ ਮਹੱਤਵ ਸਮਝਾ ਕੇ ਖੇਡਾਂ ਖੇਡਣ ਲਈ ਪ੍ਰੇਰਿਆ ਗਿਆ ਹੈ।
ਖੇਡਾਂ ਜ਼ਿੰਦਗੀ ਦਾ ਹਨ ਇਕ ਅੰਗ ਬੇਲੀਓ।
ਹੁੰਦੇ ਖੇਡਣੇ ਦਾ ਵੱਖੋ-ਵੱਖ ਢੰਗ ਬੇਲੀਓ।
ਖੇਡਾਂ ਖੇਡਣ ਦੇ ਨਾਲ ਸਰੀਰ ਬਣੇ ਮਜ਼ਬੂਤ।
ਨੇੜੇ ਆਵੇ ਨਾ ਸਰੀਰ ਦੇ ਬਿਮਾਰੀਆਂ ਦਾ ਦੂਤ।
ਹੋਊ ਲਾਲ ਤੇ ਗੁਲਾਲ, ਥੋਡਾ ਰੰਗ ਬੱਚਿਓ।
ਖੇਡਾਂ ਜ਼ਿੰਦਗੀ ਦਾ ਹਨ ਇੱਕ ਅੰਗ ਬੱਚਿਓ।
ਇਸੇ ਤਰ੍ਹਾਂ ਹੀ ਪੁਰਾਣੇ ਰਿਸ਼ਤੇ, ਮਿਹਨਤ, ਬੱਲੇ ਨੀ ਪੰਜਾਬੀਏ, ਸਵੇਰ ਦੀ ਸਭਾ, ਘੜੀ, ਅਧਿਆਪਕ, ਮੇਰੇ ਦੇਸ਼ ਵਾਸੀਓ, ਵਿੱਦਿਆ ਦੇ ਫਾਇਦੇ ਆਦਿ ਸੱਭੇ ਬਾਲ ਰਚਨਾਵਾਂ ਬਹੁਤ ਹੀ ਪਿਆਰੀਆਂ ਅਤੇ ਨਿਆਰੀਆਂ ਹਨ ਅੰਤ ਵਿਚ ਬਾਲਾਂ ਅਤੇ ਵੱਡਿਆਂ ਦੀ ਜਾਣਕਾਰੀ ਲਈ ਹੁਣ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਨਾਂਅ ਅਤੇ ਸਮਾਂ ਵੀ ਲਿਖਿਆ ਹੋਇਆ ਹੈ। ਇਹ ਪਿਆਰੀ ਅਤੇ ਨਿਆਰੀ ਪੁਸਤਕ ਬਾਲਾਂ ਦੇ ਗਿਆਨ ਵਿਚ ਜਿੱਥੇ ਬਹੁਤ ਵਾਧਾ ਕਰੇਗੀ ਉੱਥੇ ਪੰਜਾਬ ਦੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਵੀ ਬਣੇਗੀ। ਲੇਖਕ ਨੂੰ ਮੈਂ ਸ਼ਾਬਾਸ਼ ਅਤੇ ਮੁਬਾਰਕਾਂ ਵੀ ਦਿੰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896

ਪ੍ਰੋਫ਼ੈਸਰ ਕਿਰਪਾਲ ਸਿੰਘ ਯੋਗੀ
ਸੰਪਾਦਕ : ਤਰਸੇਮ ਸਿੰਘ ਭੰਗੂ ਅਤੇ ਸੁਭਾਸ਼ ਦੀਵਾਨਾ
ਪ੍ਰਕਾਸ਼ਕ : ਸੁਭਾਸ਼ ਦੀਵਾਨਾ, ਗੁਰਦਾਸਪੁਰ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 94656-56214

ਇਹ ਪੁਸਤਕ ਪੰਜਾਬੀ ਦੇ ਮਹਾਨ ਲੇਖਕ/ਚਿੰਤਕ ਤੇ ਨੇਕਦਿਲ ਇਨਸਾਨ, ਪ੍ਰੋ. ਕਿਰਪਾਲ ਸਿੰਘ ਯੋਗੀ ਨੂੰ ਨਿੱਘੀ ਸ਼ਰਧਾਂਜਲੀ ਹੈ। ਪ੍ਰੋ. ਸਾਹਿਬ, ਕੁਝ ਵਰ੍ਹੇ ਪਹਿਲਾਂ, ਸਦੀਵੀ ਵਿਛੋੜਾ ਦੇ ਗਏ ਸਨ। ਉਹ ਜਿਥੇ ਇਕ ਕੁਸ਼ਲ ਅਧਿਆਪਕ ਸਨ, ਉਥੇ ਬਹੁ-ਵਿਧਾਈ ਲੇਖਕ ਤੇ ਸਿਰਜਕ ਸਨ। ਉਨ੍ਹਾਂ ਦੀ ਸੰਗਤ ਨੇ ਅਨੇਕ ਲੇਖਕ ਤੇ ਸਾਹਿਤਕਾਰ ਪੈਦਾ ਕੀਤੇ। ਵਿਚਾਰ-ਗੋਚਰੀ ਪੁਸਤਕ ਦੇ ਮੁੱਖ ਤੌਰ 'ਤੇ ਤਿੰਨ ਅਧਿਆਏ ਹਨ, ਜਿਨ੍ਹਾਂ ਰਾਹੀਂ ਪ੍ਰਮੁੱਖ ਲੇਖਕਾਂ/ਸਾਹਿਤਕਾਰਾਂ ਨੇ ਪ੍ਰੋ. ਯੋਗੀ ਦੀ ਵਿਲੱਖਣ ਸ਼ਖ਼ਸੀਅਤ ਦੇ ਵੱਖ-ਵੱਖ ਪੱਖਾਂ ਬਾਰੇ ਕੀਮਤੀ ਜਾਣਕਾਰੀ, ਪਾਠਕਾਂ ਨਾਲ ਸਾਂਝੀ ਕੀਤੀ ਹੈ। ਦੋਹਾਂ ਸੰਪਾਦਕਾਂ ਦੇ ਆਰੰਭਕ ਲੇਖਾਂ ਵਿਚ ਪ੍ਰੋ. ਸਾਹਿਬ ਦੀ ਸੰਘਰਸ਼ਮਈ ਜ਼ਿੰਦਗੀ ਬਾਰੇ ਵਡਮੁੱਲੀ ਜਾਣਕਾਰੀ ਮਿਲਦੀ ਹੈ। 'ਯਾਦਾਂ' ਸਿਰਲੇਖ ਹੇਠਲੇ ਅਧਿਆਏ ਵਿਚ 24 ਨਾਯਾਬ ਲੇਖ ਹਨ, ਜਿਨ੍ਹਾਂ ਰਾਹੀਂ ਪ੍ਰੋ. ਯੋਗੀ ਦੀ ਜੀਵਨੀ, ਸਾਹਿਤਕ ਸਿਰਜਣਾ, ਚਿੰਤਨ ਤੇ ਸਾਹਿਤਕ ਕਾਰਜਾਂ ਸੰਬੰਧੀ ਭਰਪੂਰ ਜਾਣਕਾਰੀ ਮਿਲਦੀ ਹੈ। 'ਕਿਰਤਾਂ' ਉਨਵਾਨ ਹੇਠਲੇ ਚੈਪਟਰ ਵਿਚ, ਪ੍ਰੋ. ਯੋਗੀ ਦੀਆਂ 6 ਕਹਾਣੀਆਂ ਦਰਜ ਹਨ। 'ਹਿੰਦੁਸਤਾਨ', 'ਕੰਮ ਦੀ ਭਾਲ ਵਿਚ', 'ਦੁਸ਼ਮਣੀ ਦੀ ਦਾਸਤਾਨ', 'ਜਦੋਂ ਇਕ ਮੁਸਲਮਾਨ ਔਰਤ ਨੇ ਸਿੱਖ ਮੁੰਡੇ ਦੀ ਜਾਨ ਬਚਾਈ', 'ਸ਼ੱਕੀ ਆਦਮੀ' ਅਤੇ 'ਇਹ ਪੈਰ ਥਿੜਕਣ ਵਾਲੇ ਨਹੀਂ' ਮੌਲਿਕ ਰੂਪ ਵਿਚ ਦਰਜ ਹਨ। 'ਓਏ ਮੁੰਡਿਓ, ਆਹ ਕਾਲੀਆਂ ਪੱਗਾਂ ਬੰਨ੍ਹ ਕੇ ਨਾ ਨੇਰ੍ਹੇ ਸਵੇਰੇ ਫਿਰਿਆ ਕਰੋ, ਕੋਈ ਹੋਰ ਰੰਗ ਬੰਨ੍ਹ ਲਿਆ ਕਰੋ।' ਨੇੜਿਓਂ ਹੌਲਦਾਰ ਸ਼ੰਗਾਰਾ ਸਿੰਘ ਨੇ ਨਸੀਹਤ ਕੀਤੀ (ਪੰਨਾ 74), ਇਹ ਸਭੇ ਕਹਾਣੀਆਂ ਕੋਈ ਨਾ ਕੋਈ ਸਾਰਥਕ ਸੰਦੇਸ਼/ਸੇਧ ਦੇਣ ਵਾਲੀਆਂ ਹਨ।
'ਲੇਖ ਤੇ ਯਾਤਰਾਵਾਂ' ਵਾਲੇ ਅਧਿਆਏ ਵਿਚ 13 ਆਰਟੀਕਲ ਹਨ। ਇਹ ਸਾਰੇ ਦੇ ਸਾਰੇ ਲੇਖ ਮਰਹੂਮ ਪ੍ਰੋ. ਯੋਗੀ ਦੀਆਂ ਉਕ੍ਰਿਸ਼ਟ ਰਚਨਾਵਾਂ ਹਨ। 'ਭਾਪਾ ਜੀ ਨਾਲ ਦਸ ਸਾਲ', 'ਦਾਤਾ ਜੀ ਦਾ ਹਾਸ-ਰਸ', 'ਹਿੰਦੀ ਸਾਹਿਤ ਵਿਚ ਗੁਰੂ ਨਾਨਕ ਸਾਹਿਬ', 'ਤਬ ਬਾਬੇ ਨਾਵਲ ਲਿਖਿਆ', 'ਮਾਜ਼ੀ ਦੇ ਝਰੋਖੇ 'ਚੋਂ ਅੰਮ੍ਰਿਤਸਰ', 'ਮਾਂ ਬੋਲੀ ਮੇਰੀ ਪਛਾਣ' ਆਦਿ ਲੇਖ, ਵਾਰਤਕ ਉੱਤੇ ਉਨ੍ਹਾਂ ਦੀ ਪੂਰੀ ਪਕੜ ਅਤੇ ਸਾਫ਼ਗੋਈ, ਅਨੂਠੀ ਲਿਖਣ ਸ਼ੈਲੀ ਦੀ ਮੂੰਹ ਬੋਲਦੀ ਮਿਸਾਲ ਹਨ। 'ਪੰਜਾਬੀ ਕਵੀ ਤੇ ਸ਼ਰਾਬ' ਲੇਖ, ਯੋਗੀ ਜੀ ਦੀ ਬੇਬਾਕੀ ਅਤੇ ਹਕੀਕਤ ਪਸੰਦੀ ਦੀ ਜ਼ਾਹਿਰਾ ਮਿਸਾਲ ਹੈ :-'ਅਜੇ ਸ਼ਾਇਦ ਉਨ੍ਹਾਂ ਨੇ ਕੁਝ ਹੋਰ ਵੀ ਆਖਣਾ ਸੀ ਕਿ ਏਨੇ ਨੂੰ ਉਨ੍ਹਾਂ ਦਾ ਦੂਜਾ ਕਵੀ ਸਾਥੀ ਆ ਪਹੁੰਚਾ, ਜਿਸ ਨੂੰ ਵੇਖਦਿਆਂ ਸਾਰ ਹੀ ਉਨ੍ਹਾਂ ਦੇ ਚਿਹਰੇ 'ਤੇ ਕੁਝ ਚਮਕ ਆ ਗਈ। ਮੈਨੂੰ ਗਲੋਂ ਲਾਹ ਕੇ ਉਹ ਦੋਵੇਂ ਜਣੇ ਫ਼ੌਰਨ ਲੋਇਰ ਬਾਜ਼ਾਰ ਜਾਣ ਵਾਲੀਆਂ ਉਹ ਪੌੜੀਆਂ ਉਤਰ ਗਏ, ਜੋ ਇਕ ਦੇਸੀ ਸ਼ਰਾਬ ਦੇ ਠੇਕੇ ਦੇ ਸਾਹਮਣੇ ਸਮਾਪਤ ਹੁੰਦੀਆਂ ਸਨ।' (ਸਫ਼ਾ 152)। ਯੋਗੀ ਜੀ, ਪਹਾੜਾਂ ਦੀ ਸੈਰ ਦੇ ਬੜੇ ਸ਼ੌਕੀਨ ਸਨ। ਜਦੋਂ ਸਮਾਂ ਮਿਲਦਾ ਉਹ ਦੋਸਤਾਂ-ਮਿੱਤਰਾਂ/ਪਰਿਵਾਰ ਜਨਾਂ ਨਾਲ ਪਹਾੜਾਂ ਦੀ ਸੈਰ ਲਈ ਜਾਂਦੇ। ਉੱਥੇ ਵੀ ਸਾਹਿਤ ਰਚਨਾ ਕਰਦੇ। ਉਨ੍ਹਾਂ ਨੂੰ ਗੁਰਦਾਸਪੁਰ ਦੇ ਅਦਬੀ ਹਲਕਿਆਂ ਦੀ ਜਿੰਦ-ਜਾਨ ਕਿਹਾ ਜਾਂਦਾ ਸੀ। ਉਹ ਉੱਥੋਂ ਦੀ ਸਾਹਿਤ ਸਭਾ ਦੇ ਮੁਖੀ ਵੀ ਰਹੇ। ਉਹ ਸੰਤ ਸੁਭਾਅ ਦੇ ਮਾਲਕ ਤੇ ਵਿਗਿਆਨਕ ਸੋਚ ਦੇ ਧਾਰਨੀ ਸਨ। ਉਨ੍ਹਾਂ ਨੂੰ ਕਰਮਯੋਗੀ ਤੇ ਕਲਮਯੋਗੀ ਵਜੋਂ ਸਤਿਕਾਰਿਆ ਜਾਂਦਾ ਹੈ। ਇਮਾਨਦਾਰੀ ਦੀ ਸਾਕਾਰ ਮੂਰਤ ਸਨ। ਉਨ੍ਹਾਂ ਸੰਘਰਸ਼ਮਈ ਜ਼ਿੰਦਗੀ ਜੀਵੀ। ਉਨ੍ਹਾਂ ਦਾ ਜੀਵਨ ਤਜਰਬਾ ਬੜਾ ਵਿਸ਼ਾਲ ਸੀ ਪਰ ਉਸ ਨੂੰ ਲਿਖਤ ਵਿਚ ਘੱਟ ਲੈ ਕੇ ਆਏ, ਪਰ ਉਨ੍ਹਾਂ ਜਿੰਨਾ ਵੀ ਲਿਖਿਆ, ਮੁੱਲਵਾਨ ਹੈ। (ਬੀਬਾ ਬਲਵੰਤ)। ਮੇਰੀ ਜਾਚੇ ਇਸ ਪੁਸਤਕ ਦੇ ਸਾਰੇ ਲੇਖ ਹਰੇਕ ਸਾਹਿਤ ਪ੍ਰੇਮੀ ਨੂੰ ਗਹੁ ਨਾਲ ਪੜ੍ਹਨੇ ਚਾਹੀਦੇ ਹਨ। ਇਹੋ ਯੋਗੀ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

15-03-2024

 ਭਲਵਾਨਾਂ ਦਾ ਸਕੂਲ ਅਤੇ ਮੇਰੇ ਵਿਦਿਆਰਥੀ
ਲੇਖਕ : ਦਇਆ ਸਿੰਘ ਸੰਧੂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੋ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 224
ਸੰਪਰਕ : 95010-32057

ਦਇਆ ਸਿੰਘ ਸੰਧੂ ਇਕ ਵਧੀਆ ਅਧਿਆਪਕ, ਸਿਰੜੀ ਇਨਸਾਨ ਅਤੇ ਅਧਿਆਪਕੀ ਜਥੇਬੰਦੀ ਵਿਚ ਕਾਰਜ ਕਰਨ ਵਾਲਾ ਇਕ ਸੰਘਰਸ਼ੀ ਵਿਅਕਤੀ ਹੈ। 'ਭਲਵਾਨਾਂ ਦਾ ਸਕੂਲ ਅਤੇ ਮੇਰੇ ਵਿਦਿਆਰਥੀ' ਉਸ ਦੀ ਜ਼ਿੰਦਗੀ ਦੇ ਤਜਰਬਿਆਂ ਅਤੇ ਅਨੁਭਵ ਵਿਚੋਂ ਜਨਮ ਲੈਣ ਵਾਲੀ ਵਿਸ਼ੇਸ਼ ਪੁਸਤਕ ਹੈ, ਜਿਸ ਵਿਚ ਉਸ ਦੇ ਸਾਰੇ ਉਹ ਲੇਖ ਸ਼ਾਮਿਲ ਹਨ, ਜੋ ਵੱਖ-ਵੱਖ ਅਖ਼ਬਾਰਾਂ ਵਿਚ ਸਮੇਂ-ਸਮੇਂ ਪ੍ਰਕਾਸ਼ਿਤ ਹੁੰਦੇ ਰਹੇ ਹਨ। ਪਾਠਕ ਦੀ ਦਿਲਚਸਪੀ ਇਸ ਦੇ ਸਿਰਲੇਖ ਤੋਂ ਹੀ ਪੈਦਾ ਹੋ ਜਾਂਦੀ ਹੈ ਕਿ ਉਹ ਕਿਹੜਾ ਸਕੂਲ ਹੋਵੇਗਾ, ਜਿਸ ਨੂੰ ਭਲਵਾਨਾਂ ਦਾ ਸਕੂਲ ਆਖ ਕੇ ਸੰਬੋਧਨ ਕੀਤਾ ਗਿਆ ਹੋਵੇਗਾ ਜਾਂ ਫਿਰ ਸਾਰੀ ਪੁਸਤਕ ਹੀ ਇਸ ਸਿਰਲੇਖ ਦੁਆਲੇ ਲਿਖੀ ਗਈ ਹੋਵੇਗੀ। ਪਰ ਇਹ ਲੇਖ ਇਸ ਪੁਸਤਕ ਦਾ ਪਹਿਲਾ ਲੇਖ ਹੈ ਜੋ ਚੌਧਰੀ ਪ੍ਰਤਾਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਰਖੋਦਾ ਜ਼ਿਲ੍ਹਾ ਸੋਨੀਪਤ ਹਰਿਆਣਾ ਰਾਜ ਵਿਚ ਸਥਿਤ ਹੈ। ਚੌਧਰੀ ਪਰਤਾਪ ਸਿੰਘ ਖ਼ੁਦ ਪਹਿਲਵਾਨ ਸੀ ਅਤੇ ਉਸ ਦੇ ਪੁੱਤਰ ਵੀ ਕੌਮੀ ਪੱਧਰ ਦੇ ਪਹਿਲਵਾਨ ਅਤੇ ਕੋਚ ਹਨ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਂਅ 'ਤੇ ਸਕੂਲ ਬਣਾਇਆ ਜਿਥੇ ਲੜਕੀਆਂ ਅਤੇ ਲੜਕੇ ਜੋ ਨਾਮੀ ਖਿਡਾਰੀ ਹਨ, ਪੜ੍ਹਦੇ ਹਨ। ਇਸ ਤੋਂ ਇਲਾਵਾ ਪੁਸਤਕ ਵਿਚ ਲੇਖਕ ਨੇ ਜਿਥੇ ਬਹੁਤ ਸਾਰੇ ਸਮਾਜਿਕ ਵਰਤਾਰਿਆਂ ਬਾਰੇ ਲੋਕਧਾਰਾਈ ਪ੍ਰਸੰਗ ਵਿਚ ਚਰਚਾ ਕੀਤੀ ਹੈ। ਉਥੇ ਆਪਣੇ ਉਨ੍ਹਾਂ ਵਿਦਿਆਰਥੀਆਂ ਜਿਹੜੇ ਸਾਧਨਹੀਣ ਹੋਣ ਕਰਕੇ ਜਾਂ ਸਹੀ ਸੇਧ ਨਾ ਮਿਲਣ ਕਰਕੇ ਜ਼ਿੰਦਗੀ ਦੇ ਸੁਚੱਜੇ ਰਸਤੇ ਤੋਂ ਭਟਕ ਸਕਦੇ ਸਨ। ਉਨ੍ਹਾਂ ਨੂੰ ਸਹੀ ਰਸਤਾ ਦਿਖਾ ਕੇ ਜਾਂ ਮਦਦ ਕਰਕੇ ਉੱਚ ਅਹੁਦਿਆਂ 'ਤੇ ਪਹੁੰਚਾਇਆ। ਉਸ ਬਾਰੇ ਵੀ ਭਰਪੂਰ ਰੂਪ ਵਿਚ ਜ਼ਿਕਰ ਛੇੜਿਆ ਹੈ। ਆਪਣੇ ਖਾਨਦਾਨੀ ਵਿਰਸੇ ਅਤੇ ਆਪਣੀ ਮਾਂ ਬਾਰੇ ਵੀ ਲੇਖਕ ਨੇ ਪੁਸਤਕ ਵਿਚ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਹੈ। ਹਰੇਕ ਲੇਖ ਸੰਖੇਪ ਹੈ ਤੇ ਸ਼ੈਲੀ ਏਨੀ ਸਰਲ ਹੈ ਕਿ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕੋਈ ਕਿਸੇ ਪਰਿਵਾਰ ਦਾ ਵਡੇਰਾ ਆਪਣੀਆਂ ਹੱਡਬੀਤੀਆਂ ਆਪਣੇ ਪਰਿਵਾਰ ਵਿਚ ਬੈਠ ਕੇ ਸੁਣਾ ਰਿਹਾ ਹੋਵੇ। ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਕਿਤੇ ਵੀ ਅਕੇਵਾਂ ਮਹਿਸੂਸ ਨਹੀਂ ਕਰਦਾ ਸਗੋਂ ਇਨ੍ਹਾਂ ਲੇਖਾਂ ਵਿਚਲੀ ਕਥਾ ਸ਼ੈਲੀ ਦਾ ਆਨੰਦ ਮਾਣਦਾ ਹੈ। ਇਹ ਲੇਖ ਹਰੇਕ ਉਸ ਵਿਅਕਤੀ ਲਈ ਪ੍ਰੇਰਨਾ ਸਰੋਤ ਹਨ, ਜਿਹੜਾ ਸਮਾਜ ਪ੍ਰਤੀ ਆਪਣੇ ਫ਼ਰਜ਼ ਅਤੇ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਪੁਸਤਕ ਪੜ੍ਹਨਯੋਗ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਦਰਬਾਰ ਸ੍ਰੀ ਪਾਉਂਟਾ ਸਾਹਿਬ
ਖ਼ੂਨੀ ਸ਼ਹੀਦੀ ਸਾਕਾ
ਲੇਖਕ : ਜ਼ਿੰਦਾ ਸ਼ਹੀਦ ਸਿੰਘ ਸਾਹਿਬ, ਬਾਬਾ ਨਿਹਾਲ ਸਿੰਘ
ਪ੍ਰਕਾਸ਼ਕ : ਮਾਤਾ ਯਸ਼ਪਾਲ ਕੌਰ ਜੀ ਹਰੀਆਂ ਬੇਲਾਂ ਸਰੀ, ਬੀ.ਸੀ. (ਕੈਨੇਡਾ), ਹੁਸ਼ਿਆਰਪੁਰ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 01882-274227


ਸ੍ਰੀ ਪਾਉਂਟਾ ਸਾਹਿਬ, ਅਜੋਕੇ ਹਿਮਾਚਲ ਪ੍ਰਦੇਸ਼ ਦੇ ਰਮਣੀਕ ਇਲਾਕੇ ਵਿਚ ਸਥਿਤ ਉਹ ਇਤਿਹਾਸਕ ਅਤੇ ਪਾਵਨ ਅਸਥਾਨ ਹੈ, ਜਿਸ ਨੂੰ ਦਸਮ ਪਾਤਿਸ਼ਾਹ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਅਸਥਾਨ 'ਤੇ ਗੁਰੂ ਸਾਹਿਬ ਆਪਣੀ ਹਯਾਤੀ ਦੇ ਵਰ੍ਹਿਆਂ 'ਚੋਂ ਸਭ ਤੋਂ ਵੱਧ ਵਰ੍ਹੇ ਰਹੇ। ਏਥੇ ਹੀ ਉਨ੍ਹਾਂ ਬੇਸ਼ਕੀਮਤੀ ਸਾਹਿਤਕ ਗ੍ਰੰਥਾਂ ਦੀ ਰਚਨਾ ਕੀਤੀ। ਏਥੇ ਹੀ ਯਮਨਾ ਦੇ ਕੰਢੇ ਅਲੌਕਿਕ ਕਵੀ ਦਰਬਾਰਾਂ ਅੰਦਰ 52 ਕਵੀ ਆਪਣੀਆਂ ਰਚਨਾਵਾਂ ਸੁਣਾ ਕੇ ਗੁਰੂ ਸਾਹਿਬ ਦੀਆਂ ਅਨੰਤ ਅਸੀਸਾਂ ਬਖ਼ਸ਼ਿਸ਼ਾਂ ਦੇ ਪਾਤਰ ਬਣਦੇ।
1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਵੀ ਕਾਫ਼ੀ ਸਮਾਂ ਇਸ ਅਸਥਾਨ 'ਤੇ ਮਹੰਤ ਹੀ ਕਾਬਜ਼ ਸਨ। ਉਨ੍ਹਾਂ ਦਾ ਕਿਰਦਾਰ ਭ੍ਰਿਸ਼ਟ, ਬਦਇਖ਼ਲਾਕ ਅਤੇ ਮਨਮਤੀ ਸੀ। ਇਸ ਪਾਵਨ ਅਸਥਾਨ ਨੂੰ ਭ੍ਰਿਸ਼ਟ ਮਹੰਤਾਂ ਦੇ ਚੁੰਗਲ 'ਚੋਂ ਆਜ਼ਾਦ ਕਰਾਉਣ ਦਾ ਬੀੜਾ, ਮਿਸਲ ਸ਼ਹੀਦਾਂ ਤਰਨਾ ਤਲ, ਹਰੀਆਂ ਬੇਲਾਂ ਦੀ ਮਹਾਨ ਜਥੇਬੰਦੀ ਨੇ ਚੁੱਕਿਆ। ਗੱਲ 27 ਮਈ, 1964 ਦੀ ਹੈ। ਮਿਸਲ ਸ਼ਹੀਦਾਂ ਦੇ ਤਤਕਾਲੀ ਮੁਖੀ ਸਿੰਘ ਸਾਹਿਬ ਬਾਬਾ ਹਰਿਭਜਨ ਸਿੰਘ ਜੀ ਦੀ ਅਗਵਾਈ ਹੇਠ 11 ਸਿਰਲੱਥ ਨਿਹੰਗ ਸਿੰਘਾਂ ਦਾ ਜਥਾ, ਸ਼ਾਂਤਮਈ ਢੰਗ ਨਾਲ ਰਵਾਨਾ ਹੋਇਆ। ਇਸ ਜਥੇ ਵਿਚ ਜਥੇਬੰਦੀ ਦੇ ਮੌਜੂਦਾ ਮੁਖੀ, ਜ਼ਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਵੀ ਸ਼ਾਮਿਲ ਸਨ। ਉਸ ਵੇਲੇ ਉਹ ਭਰ-ਜਵਾਨ ਸਨ। ਮਹੰਤ ਦੀ ਪਿੱਠ ਸਰਕਾਰ ਪੂਰਦੀ ਸੀ। ਇਸ ਘਿਨਾਉਣੀ ਸਾਜਿਸ਼ ਤਹਿਤ ਜਥੇ ਦੇ ਸਿੰਘਾਂ ਉੱਤੇ ਪੁਲਿਸ ਵਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਮਿਸਲ ਦੇ ਮੁਖੀ ਬਾਬਾ ਹਰਿਭਜਨ ਸਿੰਘ ਸਮੇਤ 11 ਸਿੰਘ ਸ਼ਹੀਦ ਹੋ ਗਏ ਅਤੇ ਇਸ ਪੁਸਤਕ ਦੇ ਲੇਖਕ ਚਸ਼ਮਦੀਦ ਗਵਾਹ ਅਤੇ ਮਹਾਨ ਜਥੇਬੰਦੀ ਦੇ ਮੌਜੂਦਾ ਰੂਹੇ-ਰਵਾਂ ਸਿੰਘ ਸਾਹਿਬ, ਬਾਬਾ ਨਿਹਾਲ ਸਿੰਘ ਸਮੇਤ 3 ਸੂਰਮੇ ਸਖ਼ਤ ਫੱਟੜ ਹੋਏ। ਪੰਥ ਦੇ ਜ਼ੋਰਦਾਰ ਵਿਰੋਧ ਤੇ ਰੋਹ ਕਾਰਨ ਓੜਕ, ਪ੍ਰਬੰਧ ਸਿੱਖ ਸੰਗਤਾਂ ਦੇ ਹੱਥ ਆਇਆ।
ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਨੇ ਇਸ ਬਾਰੇ ਸ਼ਹੀਦੀ ਸਾਕੇ ਨੂੰ ਬਿਆਨ ਕਰਨ ਹਿਤ ਇਸ ਪੁਸਤਕ ਦੀ ਰਚਨਾ ਕਰਕੇ ਵੱਡਾ ਇਤਿਹਾਸਕ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਵਿਚਾਰ ਗੋਚਰੀ ਪੁਸਤਕ ਵਿਚ ਪੰਥਕ ਸ਼ਖ਼ਸੀਅਤਾਂ ਦੇ ਸੰਦੇਸ਼ਾਂ ਤੋਂ ਇਲਾਵਾ, ਅੰਤਿਕਾ ਸਮੇਤ 29 ਲੇਖ ਹਨ। ਪੁਸਤਕ ਦੇ ਆਰੰਭਕ ਭਾਗ ਵਿਚ ਸ੍ਰੀ ਮੁੱਖ ਵਾਕ ਪਾਤਿਸ਼ਾਹੀ 10ਵੀਂ, ਸ੍ਰੀ ਗੁਰੂ ਹਰਿਰਾਇ ਜੀ, ਸ੍ਰੀ ਪਾਉਂਟਾ ਸਾਹਿਬ ਦੀ 1970 ਦੀ ਤਸਵੀਰ, ਗੁਰਦੁਆਰਾ ਹਰੀਆਂ ਬੇਲਾਂ ਪਾਤਿਸ਼ਾਹੀ 7ਵੀਂ ਪਿੰਡ ਬਜਰੌਰ (ਹੁਸ਼ਿਆਰਪੁਰ), ਸੱਚਖੰਡਵਾਸੀ ਬਾਬਾ ਹਰਿਭਜਨ ਸਿੰਘ (ਮਿਸਲ ਦੇ ਬਾਨੀ), ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਦੇ ਮਾਤਾ ਚੰਨਣ ਕੌਰ ਸਮੇਤ ਦੁਰਲੱਭ ਰੰਗੀਨ ਤਸਵੀਰਾਂ ਪੁਸਤਕ ਦੀ ਆਭਾ ਵਧਾਉਂਦੀਆਂ ਹਨ।
ਪਾਉਂਟਾ ਸਾਹਿਬ ਦੀ ਸੰਗਤ ਵਲੋਂ ਵਾਰ-ਵਾਰ ਬੇਨਤੀ ਕਰਨ 'ਤੇ ਬਾਬਾ ਹਰਿਭਜਨ ਸਿੰਘ ਜੀ, ਸ੍ਰੀ ਅਨੰਦਪੁਰ ਸਾਹਿਬ ਤੋਂ ਪਾਉਂਟਾ ਸਾਹਿਬ ਪੁੱਜੇ। (ਸਫ਼ਾ 45). ਭ੍ਰਿਸ਼ਟ ਮਹੰਤ ਦੇ 80 ਦੇ ਕਰੀਬ ਸ਼ਰਾਬੀ ਮੁਸ਼ਟੰਡੇ, ਦਰਸ਼ਨੀ ਡਿਓੜੀ ਵਿਚ ਸਨ, ਤਿੰਨ ਹਜ਼ਾਰ ਹਥਿਆਰਬੰਦ ਪੁਲਸੀਏ ਮੌਜੂਦ ਸਨ। ਮਿਸਲ ਦੇ ਸਿੰਘਾਂ ਨੇ ਸਿਆਣਪ ਭਰਪੂਰ ਰਣਨੀਤੀ ਨਾਲ ਮਹੰਤ ਦੀਆਂ ਸਭੇ ਚਾਲਾਂ ਨੂੰ ਨਾਕਾਮ ਕਰਦਿਆਂ ਦਰਬਾਰ ਅੰਦਰ ਹਾਜ਼ਰ ਹੋ ਕੇ ਅਰਦਾਸ ਉਪਰੰਤ ਪ੍ਰਬੰਧ ਸੰਭਾਲ ਕੇ, ਸ੍ਰੀ ਅਖੰਡ ਪਾਠ ਆਰੰਭ ਕਰ ਦਿੱਤਾ। ਮਰਯਾਦਾ ਦੀ ਬਹਾਲੀ ਕਾਰਨ ਸੰਗਤਾਂ ਵਿਚ ਭਰਵਾਂ ਉਤਸ਼ਾਹ ਸੀ। ਪਰ ਮਹੰਤ ਨੇ ਪੁਲਿਸ ਦੀ ਸ਼ਹਿ ਨਾਲ ਸ੍ਰੀ ਦਰਬਾਰ ਅੰਦਰ ਸ਼ੁਰੂ ਕੀਤੀ 101 ਅਖੰਡ ਪਾਠਾਂ ਦੀ ਲੜੀ ਨੂੰ ਖੰਡਿਤ ਕਰਨ ਦੀਆਂ ਲੂੰਬੜ ਚਾਲਾਂ ਚੱਲੀਆਂ। ਪ੍ਰਸ਼ਾਸਨ ਤੇ ਮਹੰਤ, ਗੱਲਬਾਤ ਦਾ ਢੋਂਗ ਵੀ ਰਚਦੇ ਰਹੇ ਅਤੇ ਹਮਲੇ ਦੀ ਤਿਆਰੀ ਵੀ ਕਰਦੇ ਰਹੇ। ਬਾਬਾ ਨਿਹਾਲ ਸਿੰਘ ਜੀ ਨੇ ਇਸ ਮਹਾਨ ਸ਼ਹੀਦੀ ਸਾਕੇ ਦੀ ਹਰ ਘਟਨਾ ਨੂੰ ਬਹੁਤ ਬਾਰੀਕੀ ਨਾਲ ਸਰਲ ਭਾਸ਼ਾ ਵਿਚ ਕਲਮਬੱਧ ਕੀਤਾ ਹੈ।
'ਸਾਢੇ ਤਿੰਨ ਮਹੀਨੇ ਮਗਰੋਂ ਅੰਨ ਦੀ ਗਰਾਹੀ ਮੂੰਹ ਵਿਚ ਪਾਈ, ਸਹਿਜੇ ਸਹਿਜੇ ਕਮਰੇ ਦੀ ਕੰਧ ਨੂੰ ਹੱਥ ਲਾ ਕੇ ਤੁਰਨਾ ਸ਼ੁਰੂ ਕੀਤਾ। -ਸੱਤ ਡਾਕਟਰਾਂ ਨੇ ਮੇਰੇ ਸਰੀਰ ਦਾ ਮੁਆਇਨਾ ਕੀਤਾ। ਸਾਰੇ ਡਾਕਟਰ ਹੈਰਾਨ ਸਨ ਕਿ ਇਹ ਬੰਦਾ ਬਚ ਕਿਵੇਂ ਗਿਆ, ਇਹ ਤਾਂ ਕੋਈ ਕੁਦਰਤ ਦਾ ਹੀ ਕ੍ਰਿਸ਼ਮਾ ਹੈ।' (ਸਫ਼ਾ : 92).
ਮੋਰਚਾ ਫ਼ਤਹਿ ਕਰਕੇ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ, ਗੁਰਦੁਆਰਾ ਹਰੀਆਂ ਬੇਲਾਂ ਪੁੱਜੇ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇਹ ਕਾਵਿਕ ਸਤਰਾਂ ਦਿਲਾਂ ਨੂੰ ਟੁੰਬਣ ਵਾਲੀਆਂ ਹਨ :
'ਜਦੋਂ ਤੇਰੇ ਸਤਿਕਾਰ ਨੂੰ ਕੋਈ ਰੋਲੇ,
ਮੈਂ ਇਕ ਤਬਾਹੀ ਵੀ ਹਾਂ।
ਬਿਖੜੇ ਪੈਂਡਿਆਂ ਵਿਚੋਂ ਲੰਘੀ,
ਭੇਦਾਂ ਭਰੀ ਸਚਾਈ ਵੀ ਹਾਂ।' (ਸਫ਼ਾ : 106)
ਦੋ ਹੋਰ ਕਾਵਿਕ ਰਚਨਾਵਾਂ ਸ਼ਹੀਦ ਸਿੰਘਾਂ ਦੇ ਨਾਵਾਂ ਦੀ ਸੂਚੀ, ਜ਼ਖਮੀਆਂ ਦਾ ਵੇਰਵਾ, ਕੁਝ ਹੋਰ ਦੁਰਲੱਭ ਰੰਗੀਨ ਤਸਵੀਰਾਂ ਪੁਸਤਕ ਦੀ ਜ਼ੀਨਤ ਹਨ। ਇਸ ਪੁਸਤਕ ਦੀ ਰਚਨਾ ਲਈ ਸਿੱਖ ਪੰਥ, ਬਾਬਾ ਨਿਹਾਲ ਸਿੰਘ ਜੀ ਦਾ ਹਮੇਸ਼ਾ ਰਿਣੀ ਰਹੇਗਾ, ਜਿਨ੍ਹਾਂ ਸਰੀਰ ਉੱਤੇ ਹੰਢਾਏ ਅਤੇ ਅੱਖੀਂ ਡਿੱਠੇ ਸ਼ਹੀਦੀ ਸਾਕੇ ਨੂੰ ਪਾਠਕਾਂ ਤੱਕ ਪੁੱਜਦਾ ਕਰਕੇ ਵਿਲੱਖਣ ਤੇ ਤਾਰੀਖ਼ੀ ਕਾਰਜ ਕੀਤਾ ਹੈ। ਉਨ੍ਹਾਂ ਦੀ ਕਲਮ ਨੇ ਇਸ ਮੋਰਚੇ ਨੂੰ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਦੇ ਮੋਰਿਚਆਂ ਦੀ ਪਾਲ ਵਿਚ ਲਿਆ ਖੜ੍ਹਾ ਕੀਤਾ ਹੈ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

 

 

 

 

 

 

10-03-2024

 ਤੀਲਾ ਤੀਲਾ ਸੱਚ
ਲੇਖਕ : ਅਸ਼ਵਨੀ ਆਹੂਜਾ
ਅਨੁਵਾਦ : ਹਰਪਿੰਦਰ ਰਾਣਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ :200 ਰੁਪਏ, ਸਫ਼ੇ : 128
ਸੰਪਰਕ : 94175-29703

ਦੋ ਭਾਸ਼ਾਵਾਂ ਹਿੰਦੀ ਅਤੇ ਅੰਗਰੇਜ਼ੀ ਵਿਚ ਸਾਹਿਤ ਰਚਣ ਵਾਲੇ ਸਾਹਿਤਕਾਰ ਅਸ਼ਵਨੀ ਆਹੂਜਾ ਦੇ ਹਿੰਦੀ ਮਿੰਨੀ ਕਹਾਣੀ-ਸੰਗ੍ਰਹਿ 'ਤਿਨਕਾ ਤਿਨਕਾ ਸੱਚ' ਦਾ ਪੰਜਾਬੀ ਤਰਜਮਾ ਹਰਪਿੰਦਰ ਰਾਣਾ ਨੇ ਕੀਤਾ ਹੈ। ਹੱਥਲੀ ਪੁਸਤਕਾਂ 'ਤੀਲਾ ਤੀਲਾ ਸੱਚ' 50 ਰਚਨਾਵਾਂ 'ਤੇ ਆਧਾਰਿਤ ਹੈ ਜਿਨ੍ਹਾਂ ਨੂੰ ਲੇਖਕ ਮਿੰਨੀ ਕਹਾਣੀਆਂ ਦਾ ਨਾਮ ਦਿੰਦਾ ਹੈ। ਇਹਨਾਂ ਕਹਾਣੀਆਂ ਵਿਚੋਂ ਜਿਥੇ ਕਥਾਕਾਰ ਦੀ ਨਿਵੇਕਲੀ ਸ਼ੈਲੀ ਦੇ ਦਰਸ਼ਨ ਹੁੰਦੇ ਹਨ ਉਥੇ ਸਮਾਜ ਵਿਚ ਪ੍ਰਚਲਿਤ ਸਰੋਕਾਰਾਂ ਦਾ ਪ੍ਰਤੱਖ ਚਿੱਤਰ ਵੀ ਇਹਨਾਂ ਵਿਚੋਂ ਦਿਸਦਾ ਹੈ। ਉਸ ਦੀਆਂ ਕਥਾਵਾਂ ਦੇ ਪਾਤਰ ਸਮਾਜ ਵਿਚ ਵਿਚਰ ਰਹੇ ਆਮ ਵਿਅਕਤੀ ਹਨ ਅਤੇ ਇਹ ਪਾਤਰ ਕਹਾਣੀਕਾਰ ਦੇ ਨਿੱਜੀ ਅਨੁਭਵਾਂ ਅਤੇ ਸਮਾਜਕ ਬਣਤਰ ਵਿਚਲੇ ਕਿਰਦਾਰਾਂ ਦੇ ਜੀਵਨਾਂ ਵਿਚੋਂ ਹੀ ਇਹਨਾਂ ਕਹਾਣੀਆਂ ਦਾ ਵਿਸ਼ਾ ਬਣਦੇ ਹਨ। ਇਹਨਾਂ ਵਿਸ਼ਿਆਂ ਨੂੰ ਸਰਲ ਅਤੇ ਸਿੱਧੇ ਘਟਨਾਕ੍ਰਮ ਦੀ ਮਦਦ ਨਾਲ ਪੇਸ਼ ਕਰਦਿਆਂ ਕਥਾਕਾਰ ਆਪਣੀ ਸਾਰੀ ਗੱਲ ਅਛੋਪਲੇ ਹੀ ਪਾਠਕ ਸਾਹਮਣੇ ਰੱਖ ਦਿੰਦਾ ਹੈ ਅਤੇ ਦਿਲਚਸਪੀ ਅਤੇ ਕਥਾ ਰਸ ਨਾਲ ਓਤਪੋਤ ਇਹ ਕਥਾਵਾਂ ਸਮਾਜਕ ਸਿੱਖਿਆਵਾਂ ਵੰਡਦੀਆਂ ਖ਼ਤਮ ਹੋ ਜਾਂਦੀਆਂ ਹਨ। ਦੀਵਾਲੀ, ਬੌਹਣੀ, ਲਿਫਾਫਾ, ਅਬਾਰਸ਼ਨ, ਹੈਪੀ ਬਰਥ ਡੇਅ ਮੈਡਮ, ਤੂੰ ਧੰਨ ਹੈਂ ਅਮਰੀਕਾ ਅਤੇ ਕਲਚਰ ਜ਼ਿਕਰਯੋਗ ਕਹਾਣੀਆਂ ਹਨ। ਕਥਾਵਾਂ ਦੀ ਭਾਸ਼ਾ ਵੀ ਸਰਲ ਹੈ ਅਤੇ ਲੋੜ ਅਨੁਸਾਰ ਹੋਰ ਭਾਸ਼ਾਵਾਂ ਦੇ ਸ਼ਬਦ ਵੀ ਵਰਤੇ ਗਏ ਹੋਣ ਕਾਰਨ ਹਰ ਉਮਰ ਦੇ ਪਾਠਕਾਂ ਦੀ ਪਸੰਦ ਬਣ ਜਾਂਦੀਆਂ ਹਨ। ਇਨ੍ਹਾਂ ਕਹਾਣੀਆਂ ਦਾ ਅਨੁਵਾਦ ਹਰਪਿੰਦਰ ਰਾਣਾ ਵੱਲੋਂ ਮੂਲ ਪਾਠ ਦੇ ਅਨੁਸਾਰ ਸਹੀ ਅਰਥਾਂ ਵਿਚ ਕੀਤਾ ਗਿਆ ਹੈ ਅਤੇ ਇਸ ਸਾਰੀ ਪ੍ਰਕ੍ਰਿਆ ਵਿਚ ਪਾਠ ਦਾ ਮੂਲ ਸੁਰ ਕਾਇਮ ਰਿਹਾ ਹੈ। ਹਿੰਦੀ ਤੋਂ ਅਨੁਵਾਦਿਤ ਇਸ ਪੁਸਤਕ ਦਾ ਪੰਜਾਬੀ ਮਿੰਨੀ ਕਹਾਣੀ ਜਗਤ ਵਿਚ ਭਰਪੂਰ ਸਵਾਗ਼ਤ ਹੋਣ ਦੀ ਸੰਭਾਵਨਾ ਅਤੇ ਭਵਿੱਖ ਵਿਚ ਇਸ ਕਲਮ ਤੋਂ ਹੋਰ ਪੁਖ਼ਤਾ ਰਚਨਾਵਾਂ ਦੀ ਆਸ ਕੀਤੀ ਜਾਂਦੀ ਹੈ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਸ੍ਰੀ ਗੁਰੂ ਤੇਗ ਬਹਾਦਰ
ਦਾ ਸੋਵੀਨਾਰ ਔਫ਼ ਡੈਮੋਕ੍ਰੇਟਿਕ ਵੈਲਿਊਜ਼
ਲੇਖਕ : ਡਾ. ਅਰਵਿੰਦਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ, ਮੁਹਾਲੀ
ਮੁੱਲ : 495 ਰੁਪਏ, ਸਫ਼ੇ : 230
ਸੰਪਰਕ : 94630-62603

ਡਾ. ਅਰਵਿੰਦਰ ਸਿੰਘ ਮੂਲ ਰੂਪ ਵਿਚ ਬਹੁ-ਵਿਧਾਈ ਲੇਖਕ, ਚਿੰਤਕ ਤੇ ਵਿਦਵਾਨ ਹਨ ਅਤੇ ਉਨ੍ਹਾਂ ਅਮੂਮਨ ਅੰਗਰੇਜ਼ੀ ਭਾਸ਼ਾ ਨੂੰ ਆਪਣੀਆਂ ਲਿਖਤਾਂ ਦਾ ਮਾਧਿਅਮ ਬਣਾਇਆ ਹੈ। ਡਾ. ਸਾਹਿਬ ਹੁਣ ਤੱਕ 16 ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਸੱਜਰੀ ਪੁਸਤਕ ਉਨ੍ਹਾਂ ਦੀ 16ਵੀਂ ਤਖ਼ਲੀਕ ਹੈ। ਧਰਮ ਚਿੰਤਨ ਤੋਂ ਛੁੱਟ ਉਨ੍ਹਾਂ ਸਿੱਖਿਆ, ਸਮਾਜਿਕ ਸਰੋਕਾਰਾਂ, ਵਿਸ਼ਪ-ਵਿਆਪੀ ਮਸਲਿਆਂ ਅਤੇ ਵੰਗਾਰਾਂ, ਜਾਤੀ ਪ੍ਰਥਾ ਤੇ ਔਰਤਾਂ ਦੀ ਅਜੋਕੀ ਦਸ਼ਾ ਸਮੇਤ ਤਕਰੀਬਨ ਹਰੇਕ ਭਖਦੇ ਮਸਲੇ ਨੂੰ ਛੋਹਿਆ ਹੈ। ਉਨ੍ਹਾਂ ਮਾਤ ਭਾਸ਼ਾ ਪੰਜਾਬੀ ਵਿਚ ਵੀ ਚਾਰ ਪੁਸਤਕਾਂ ਲਿਖੀਆਂ ਹਨ। ਵਿਚਾਰ ਗੋਚਰੀ ਪੁਸਤਕ ਅਨੇਕ ਪੱਖਾਂ ਤੋਂ ਲੀਹ ਤੋਂ ਹਟ ਕੇ ਲਿਖੀ ਗਈ ਅਨੂਠੀ ਰਚਨਾ ਹੈ। ਨੌਵੇਂ ਪਾਤਿਸ਼ਾਹ ਦੇ ਜੀਵਨ ਦਰਸ਼ਨ, ਬਾਣੀ ਰਚਨਾ ਅਤੇ ਜੀਵਨ ਬਿਰਤਾਂਤ ਦੇ ਹਰੇਕ ਪੱਖ ਨੂੰ ਉਜਾਗਰ ਕਰਨ ਦੇ ਨਾਲ-ਨਾਲ ਉਨ੍ਹਾਂ ਗੁਰੂ ਸਾਹਿਬ ਨੂੰ ਕੌਮੀ ਏਕਤਾ ਅਤੇ ਅਖੰਡਤਾ, ਧਰਮ ਨਿਰਪੱਖਤਾ, ਲੋਕਰਾਜੀ ਕਦਰਾਂ-ਕੀਮਤਾਂ ਦੇ ਜੁਝਾਰੂ ਰਖਵਾਲੇ ਮਨੁੱਖੀ ਅਧਿਕਾਰਾਂ ਦੇ ਨਿਗਹੇਬਾਨ ਵਜੋਂ ਰੂਪਮਾਨ ਕੀਤਾ ਹੈ। ਉਨ੍ਹਾਂ ਇਕ ਵਿਲੱਖਣ ਸ਼ਬਦ 'ਸਿੱਖੋਕ੍ਰੇਸੀ' ਰਾਹੀਂ, ਇਸ ਤੱਥ ਨੂੰ ਵਧੀਆ ਢੰਗ ਨਾਲ ਉਜਾਗਰ ਕੀਤਾ ਹੈ ਕਿ ਸਿੱਖ ਮੱਤ (ਧਰਮ), ਕਿਉਂਕਿ ਸਿੱਧਾ, ਅਕਾਲ ਪੁਰਖ ਦੀ ਤਾਬਿਆ ਹੈ, ਇਸ ਲਈ ਇਹ ਮਨੁੱਖੀ ਹਕੂਕ ਦੀ ਰਾਖੀ ਉੱਤੇ ਜ਼ੋਰ ਦਿੰਦਾ ਹੈ। (ਪੰਨਾ23). ''S}khocrac਼ encoura{es the act}ve part}c}pat}on of the peop&e and protect the}r r}{hts (ਪੰਨਾ 23). ਗੁਰੂ ਤੇਗ ਬਹਾਦਰ ਜੀ ਮਨੁੱਖੀ ਹਕੂਕ ਦੀ ਆਜ਼ਾਦੀ ਅਤੇ ਧਾਕੜ ਰਾਜਾਸ਼ਾਹੀ ਦੇ ਵਿਰੋਧ ਵਿਚ ਨਿੱਤਰੇ ਅਤੇ ਮਿਸਾਲੀ ਰੋਲ ਅਦਾ ਕੀਤਾ। ਪੁਸਤਕ ਦੇ ਚਾਰ ਮੁੱਖ ਭਾਗਾਂ ਵਿਚ ਔਰੰਗਜ਼ੇਬ ਦੇ ਤਾਅਉਸਬਕੁੰਨ ਰਾਜ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਿਰਤਾਂਤ, ਕੌਤਕਾਂ, ਚਿੰਤਨ ਅਤੇ ਉਪਦੇਸ਼ਾਂ ਦੀ ਬੜੀ ਭਰਪੂਰ ਅਤੇ ਤੁਲਨਾਤਮਕ ਚਰਚਾ ਕੀਤੀ ਗਈ ਹੈ। ਗੁਰੂ ਸਾਹਿਬ ਨੇ ਯੂ.ਐਨ.ਓ. ਦੀ ਸਥਾਪਨਾ ਤੋਂ ਤਿੰਨ ਸੌ ਸਾਲ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ 'ਧਰਮ ਹੇਤ ਸਾਕਾ' ਕਰਕੇ ਇਕ ਨਵਾਂ ਇਤਿਹਾਸ ਰਚਿਆ। ਧਾਰਮਿਕ ਇਕਸੁਰਤਾ ਲਈ ਉਨ੍ਹਾਂ ਪੂਰੇ ਦੇਸ਼ ਦਾ ਰਟਨ ਕੀਤਾ। ਗੁਰੂ ਸਾਹਿਬ ਤਪ, ਤਿਆਗ ਤੇ ਵੈਰਾਗ ਦੀ ਮੂਰਤ ਸਨ। ਉਨ੍ਹਾਂ 1664 ਤੋਂ 1675 ਈਸਵੀ ਦੌਰਾਨ ਬਾਣੀ ਰਚਨਾ ਕੀਤੀ। ਗੁਰੂ ਸਾਹਿਬ ਦੇ 15 ਰਾਗਾਂ ਵਿਚ 59 ਸ਼ਬਦ, 57 ਸਲੋਕ, ਦਸਮ ਪਾਤਿਸ਼ਾਹ ਨੇ ਦਮਦਮੀ ਬੀੜ ਵਿਚ ਦਰਜ ਕੀਤੇ। ਉਨ੍ਹਾਂ ਬਸੰਤ, ਜੈਜਾਵੰਤੀ, ਬਿਲਾਵਲ, ਸਾਰੰਗ, ਸੋਰਠ, ਧਨਾਸਰੀ, ਤਿਲੰਗ, ਟੋਡੀ ਅਤੇ ਮਾਰੂ ਰਾਗਾਂ ਦੀ ਵਰਤੋਂ ਕੀਤੀ। ਉਨ੍ਹਾਂ ਬਾਣੀ ਰਚਨਾ ਵਿਚ ਮਨ, ਸਾਧੋ, ਮਾਟੀ, ਸੰਤੋ ਆਦਿ ਸੰਬੋਧਨੀ ਸ਼ਬਦ ਵਰਤੇ। ਉਨ੍ਹਾਂ ਮਨੁੱਖ ਨੂੰ ਭੈ-ਮੁਕਤ ਕੀਤਾ। ਆਪ ਜੀ ਅਨੁਸਾਰ ਲੋਕਤੰਤਰ ਅਤੇ ਧਰਮ ਦਾ ਉਦੇਸ਼ ਆਤਮਿਕ ਸ਼ਕਤੀਆਂ ਰਾਹੀਂ ਸੰਪੂਰਨਤਾ ਹਸਿਲ ਕਰਨਾ ਹੈ। ਉਨ੍ਹਾਂ ਸਮਾਨਤਾ, ਸਮਾਜੀ ਨਿਆਂ ਅੰਤਰ-ਧਰਮ ਸੰਵਾਦ ਅਤੇ ਫ਼ੈਸਲਾ ਲੈਣ ਦੀ ਖੁੱਲ੍ਹ ਦਾ ਹੋਕਾ ਦਿੱਤਾ। ਵਿਚਾਰ ਅਤੇ ਭਰੋਸਾ ਵੱਡੇ ਸਾਧਨ ਹਨ। ਮਨੁੱਖੀ ਸਵੈਮਾਣ ਨੂੰ ਮਾਨਤਾ ਮਿਲਣੀ ਜ਼ਰੂਰੀ ਹੈ। ਡਾ. ਸਾਹਿਬ ਨੇ ਅੰਤਿਕਾ ਦੇ ਤੌਰ 'ਤੇ 5p}&o{ue ਅਤੇ ਹਵਾਲਾ ਸਮੱਗਰੀ ਦਾ ਵੇਰਵਾ ਦਿੱਤਾ ਹੈ। ਉਨ੍ਹਾਂ ਮੰਨੇ ਪ੍ਰਮੰਨੇ ਇਤਿਹਾਸਕਾਰਾਂ, ਚਿੰਤਕਾਂ, ਧਾਰਮਿਕ ਸ਼ਖ਼ਸੀਅਤਾਂ, ਆਲੋਚਕਾਂ ਅਤੇ ਖੋਜਾਰਥੀਆਂ ਦੇ ਵਿਚਾਰਾਂ ਨੂੰ ਵੀ ਇਸ ਪੁਸਤਕ ਦੀ ਰਚਨਾ ਵਿਚ ਥਾਂ ਦਿੱਤੀ ਹੈ। ਸਰਵਰਕ ਉੱਤੇ ਗੁਰੂ ਸਾਹਿਬ ਦੀ ਸੁੰਦਰ ਤਸਵੀਰ, ਦਸਮ ਗ੍ਰੰਥ ਦੀਆਂ ਤੁਕਾਂ, ਪਿਛਲੇ ਪੰਨੇ ਉੱਤੇ ਦਸਮ ਗ੍ਰੰਥ ਅਤੇ ਕੇਸ਼ਵ ਭੱਟ ਦੇ ਦੋਹਰੇ ਸਦਕਾ ਪੁਸਤਕ ਵਧੀਆ ਦਿੱਖ ਪ੍ਰਦਾਨ ਕਰਦੀ ਹੈ। ਪੁਸਤਕ ਬੇਸ਼ਕੀਮਤੀ ਖ਼ਜ਼ਾਨੇ ਦੇ ਤੁਲ ਹੈ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

 

ਇਸ਼ਕ ਤ੍ਰਾਸਦੀ
ਲੇਖਿਕਾ : ਸੁਰਿੰਦਰ ਕੌਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 95010-73600

ਕਵਿਤਰੀ ਅਤੇ ਨਾਵਲਕਾਰਾ ਸੁਰਿੰਦਰ ਕੌਰ ਸੈਣੀ ਦਾ ਪੰਜਵਾਂ ਨਾਵਲ 'ਇਸ਼ਕ ਤ੍ਰਾਸਦੀ' ਆਪਣੇ ਸਿਰਲੇਖ ਮੁਤਾਬਕ ਇਸ਼ਕ ਦੇ ਦੁਖਾਂਤਕ ਅੰਤ ਦੀ ਦੁੱਖ ਭਰੀ ਗਾਥਾ ਹੈ। ਨਾਵਲਕਾਰਾ ਨੇ ਹਮੇਸ਼ਾ ਵਾਂਗ ਹੀ ਜਾਤ-ਪਾਤ-ਮਜ਼ਹਬ ਦੇ ਸਮਾਜਿਕ ਵਿਤਕਰੇ ਨੂੰ ਆਪਣੇ ਨਾਵਲ ਦਾ ਥੀਮ ਚੁਣਿਆ ਹੈ। ਨਾਵਲ ਵਿਚ ਸੁਖਦੀਪ ਅਤੇ ਫਰੀਹਾ ਮੁੱਖ ਪਾਤਰ ਹਨ। ਕਾਲਜ ਵਿਚ ਪੜ੍ਹਦਿਆਂ ਅਲੱਗ-ਅਲੱਗ ਮਜ਼ਹਬ ਦੇ ਹੁੰਦਿਆਂ ਹੋਇਆਂ ਵੀ ਉਨ੍ਹਾਂ ਵਿਚਕਾਰ ਪਿਆਰ ਹੋ ਜਾਂਦਾ ਹੈ। ਸੁਖਦੀਪ ਦੇ ਮਾਤਾ-ਪਿਤਾ ਪਾਸ਼ੋ ਅਤੇ ਸ਼ਿੰਗਾਰਾ, ਦੂਸਰੇ ਪਾਸੇ ਫ਼ਰੀਹਾ ਦੀ ਅੰਮਾ ਸ਼ਬਾਨਾ ਅਤੇ ਅੱਬੂ ਅਫਜ਼ਲ ਆਪਣੇ ਬੱਚਿਆਂ ਦੇ ਇਸ ਪ੍ਰੇਮ ਪ੍ਰਸੰਗ ਨੂੰ ਮਜ਼੍ਹਬਾਂ-ਧਰਮਾਂ ਦੀਆਂ ਵਲਗਣਾਂ ਤੋੜ ਕੇ ਵਿਆਹ ਬੰਧਨ ਵਿਚ ਬੰਨ੍ਹਣ ਲਈ ਤਿਆਰ ਵੀ ਹੋ ਜਾਂਦੇ ਹਨ। ਪਰ ਵਿਚਾਲੇ ਹੀ ਅਫ਼ਜ਼ਲ ਦਾ ਦੋਸਤ ਸੁਲਤਾਨ ਸਮਾਜਿਕ ਅਤੇ ਭਾਈਚਾਰਕ ਉਲਝਣਾ ਤੇ ਦੂਸਰੀਆਂ ਬੇਟੀਆਂ ਦੀ ਸ਼ਾਦੀ ਵਿਚ ਰੁਕਾਵਟ ਪੈਣ ਦਾ ਡਰ ਵਿਖਾ ਕੇ ਨਕਾਰਾਤਮਕ ਭੂਮਿਕਾ ਅਦਾ ਕਰਦਾ ਹੈ ਤੇ ਅਫ਼ਜ਼ਲ ਇਸ ਡਰੋਂ ਸੁਖਦੀਪ ਤੇ ਫਰੀਹਾ ਦੇ ਵਿਆਹ ਤੋਂ ਹੱਥਖਿੱਚ ਲੈਂਦਾ ਹੈ ਤੇ ਆਪਣੇ ਹੱਥੀਂ ਆਪਣੀ ਬੇਟੀ ਫਰੀਹਾ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਉਸ ਨੂੰ ਦੁੱਧ ਵਿਚ ਜ਼ਹਿਰ ਮਿਲਾ ਕੇ ਦੇ ਦਿੰਦਾ ਹੈ। ਨੌਜਵਾਨ ਸੁਖਦੀਪ ਇਸ ਹਾਦਸੇ ਨੂੰ ਬਰਦਾਸ਼ਤ ਨਾ ਕਰਦਾ ਹੋਇਆ ਸ਼ਰਾਬੀ ਹੋ ਜਾਂਦਾ ਹੈ ਅਤੇ ਦੇਵਦਾਸ ਵਰਗਾ ਜੀਵਨ ਗੁਜ਼ਾਰਨ ਲੱਗਦਾ ਹੈ। ਸੁਖਦੀਪ ਅਤੇ ਫਰੀਹਾ ਦੋਵਾਂ ਪ੍ਰੇਮੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਆਖ਼ਿਰ ਲੰਮੇ ਡਾਕਟਰੀ ਇਲਾਜ਼ ਮਗਰੋਂ ਦੋਵੇਂ ਇਸ ਮਜ਼੍ਹਬੀ ਕੱਟੜਤਾ ਅੱਗੇ ਆਪਣੀਆਂ ਜਾਨਾਂ ਵਾਰ ਦਿੰਦੇ ਹਨ। ਦੋ ਹੱਸਦੇ ਖੇਡਦੇ ਪਰਿਵਾਰਾਂ ਵਿਚ ਮਾਤਮ ਪਸਰ ਜਾਂਦਾ ਹੈ। ਇਕ ਤਰ੍ਹਾਂ ਨਾਲ ਅਣਖ਼ ਖ਼ਾਤਰ ਕਤਲ ਦੇ ਦੁਖਾਂਤ ਦੀ ਬੁਰਾਈ ਨੂੰ ਉਭਾਰਦਾ ਇਹ ਨਾਵਲ ਸਮਾਜ ਨੂੰ ਜਾਤਾਂ-ਪਾਤਾਂ- ਮਜ਼੍ਹਬਾਂ ਤੋਂ ਉਪਰ ਉੱਠਣ ਦਾ ਸੁਨੇਹਾ ਦਿੰਦਾ ਹੈ। ਸਮਾਜ ਸੁਧਾਰਕ ਥੀਮਕ ਪੱਖ ਤੋਂ ਇਲਾਵਾ ਨਾਵਲ ਸ਼ਿਲਪ ਦੀ ਦ੍ਰਿਸ਼ਟੀ ਤੋਂ ਸਧਾਰਨ ਪੱਧਰ ਦਾ ਹੈ। ਫਰੀਹਾ ਨੂੰ ਜ਼ਹਿਰ ਦੇਣ ਬਾਅਦ ਡਾਕਟਰਾਂ ਵਲੋਂ ਫਰੀਹਾ ਦੇ ਪੇਟ ਦਾ ਵਾਰ-ਵਾਰ ਅਪ੍ਰੇਸ਼ਨ ਕਰਨਾ ਸਾਬਿਤ ਕਰਦਾ ਹੈ ਕਿ ਜਾਂ ਤਾਂ ਉਹ ਡਾਕਟਰ ਹੀ ਅਨਾੜੀ ਹਨ ਜਾਂ ਨਾਵਲਕਾਰਾ ਇਸ ਮੈਡੀਕਲ ਪ੍ਰਕਿਰਿਆ ਤੋਂ ਅਨਜਾਣ ਹੈ ਕਿ ਅਜੋਕੀ ਮੈਡੀਕਲ ਸਾਇੰਸ ਵਿਚ ਜ਼ਹਿਰ ਖਾਧੇ ਵਿਅਕਤੀ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ। ਨਾਵਲ ਦੀ ਭਾਸ਼ਾ ਇਕਦਮ ਸਰਲ ਹੈ। ਪਾਤਰ ਸਹਿਜ ਸੁਭਾਅ ਵਿਚਰਦੇ ਹਨ। ਅਣਖ਼ ਖ਼ਾਤਰ ਕਤਲ ਸਮਾਜਿਕ ਕੋਹੜ ਹੈ ਪਰ ਇਸ ਪਿਛਲੀ ਮਾਨਸਿਕਤਾ, ਸਮਾਜਿਕ ਰੁਕਾਵਟਾਂ, ਮਧਕਾਲੀਨ ਸੋਚ ਅਤੇ ਪਿਤਾ ਪੁਰਖੀ ਵਰਤਾਰਿਆਂ ਨੂੰ ਵੀ ਸਪੱਸ਼ਟ ਕਰਨ ਨਾਲ ਨਾਵਲ ਦੀ ਗੋਂਦ ਹੋਰ ਸੰਘਣੀ ਤੇ ਬਹੁਪਰਤੀ ਹੋ ਸਕਦੀ ਸੀ। ਨਾਵਲਕਾਰਾ ਦੀ ਸਮਾਜਿਕ ਬੁਰਾਈਆਂ ਅਤੇ ਜਵਾਨੀ ਦੇ ਹੋ ਰਹੇ ਘਾਣ ਪ੍ਰਤੀ ਚਿੰਤਾ ਦਾ ਪ੍ਰਗਟਾਅ ਸਮੇਂ ਦੀ ਮੰਗ ਹੈ ਅਤੇ ਨਾਵਲ 'ਇਸ਼ਕ ਤ੍ਰਾਸਦੀ' ਦਾ ਸਕਾਰਾਤਮਕ ਪਹਿਲੂ ਵੀ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964


ਖਰਗੋਸ਼ ਅਤੇ ਸ਼ੇਰ ਦੀ ਨਵੀਂ ਕਹਾਣੀ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 32
ਸੰਪਰਕ : 98764 52223

ਹਥਲੀ ਪੁਸਤਕ 'ਖਰਗੋਸ਼ ਅਤੇ ਸ਼ੇਰ ਦੀ ਨਵੀਂ ਕਹਾਣੀ' ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀ ਬਾਲ ਕਹਾਣੀਆਂ ਦੀ ਪੁਸਤਕ ਹੈ ਜਿਸ ਵਿਚ ਅੱਠ ਬਾਲ ਕਹਾਣੀਆਂ ਹਨ। ਪਹਿਲੀ ਕਹਾਣੀ 'ਦੂਜੇ ਟੋਏ ਦੀ ਤਿਆਰੀ' ਜੋ ਕਿ ਅਜੋਕੇ ਸਮੇਂ ਵਿਚ ਜਾਇਦਾਦਾਂ ਦੇ ਪਿੱਛੇ ਗੂੜ੍ਹੇ ਰਿਸ਼ਤੇ ਵੀ ਫਿੱਕੇ ਪੈ ਰਹੇ ਹਨ ਜਾਂ ਤਾਰ-ਤਾਰ ਹੋ ਰਹੇ ਹਨ, ਨੂੰ ਦਰਸਾਉਂਦੀ ਹੈ। ਬੁੱਢੇ ਬਾਪ ਨੂੰ ਉਸ ਦਾ ਬੇਟਾ ਘਰਵਾਲੀ ਪਿੱਛੇ ਲੱਗ ਲਾਲਚ-ਵੱਸ ਜਿਊਂਦੇ ਜੀਅ ਉਸ ਦਾ ਇਲਾਜ ਕਰਵਾਉਣ ਦੇ ਬਹਾਨੇ ਖੇਤ ਲਿਜਾ ਕੇ ਟੋਇਆ ਪੁੱਟ ਕੇ ਦੱਬਣ ਦੀ ਤਿਆਰੀ ਕਰਦਾ ਹੈ। ਪੋਤਰਾ ਨਾਲ ਸੀ ਜੋ ਕਿ ਆਪਣੇ ਦਾਦਾ ਜੀ ਨੂੰ ਅਥਾਹ ਪਿਆਰ ਸਤਿਕਾਰ ਕਰਦਾ ਸੀ ਉਸ ਨੇ ਉੱਥੇ ਪਈ ਕਹੀ ਨਾਲ ਇਕ ਟੋਇਆ ਹੋਰ ਪੁੱਟਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਸ ਦੇ ਪਿਤਾ ਨੇ ਹੋਰ ਟੋਇਆ ਪੁੱਟਣ ਦਾ ਕਾਰਨ ਪੁੱਛਿਆ ਤਾਂ ਉਸ ਦਾ ਪੁੱਤਰ ਕਹਿੰਦਾ ਇਸ ਤੋਂ ਬਾਅਦ ਮੈਂ ਵੀ ਜਾਇਦਾਦ ਦੀ ਖਾਤਰ ਤੁਹਾਨੂੰ ਏਥੇ ਦੱਬ ਕੇ ਜਾਵਾਂਗਾ। ਏਨਾ ਕਹਿਣ ਦੀ ਦੇਰ ਸੀ ਕਿ ਉਸ ਦੇ ਪਿਤਾ ਨੇ ਮੱਥੇ ਉਤੇ ਹੱਥ ਮਾਰਿਆ ਅਤੇ ਆਪਣੀ ਬੱਜਰ ਗ਼ਲਤੀ ਦਾ ਅਹਸਿਾਸ ਕਰਦਿਆਂ ਹੋਇਆਂ ਟੋਇਆ ਝੱਟ ਬੰਦ ਕਰ ਦਿੱਤਾ ਸੀ ਅਤੇ ਆਪਣੇ ਬੇਟੇ ਨੂੰ ਬੁੱਕਲ ਵਿਚ ਲੈ ਕੇ ਆਖਿਆ ਕਿ ਪੁੱਤਰਾ ਤੂੰ ਤਾਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਬਜ਼ੁਰਗ ਘਰ ਦੀ ਰੌਣਕ ਅਤੇ ਸਰਮਾਇਆ ਹੁੰਦੇ ਹਨ ਇਨ੍ਹਾਂ ਦੀ ਸੇਵਾ ਸੰਭਾਲ ਕਰਨਾ ਆਪਣਾ ਫਰਜ਼ ਹੈ । ਇਵੇਂ 'ਗੁਰੂ ਦੀ ਸਿੱਖਿਆ' ਕਹਾਣੀ ਵਿਚ ਇਕ ਚੇਲਾ ਲਾਲਚ-ਵੱਸ ਹੋ ਕੇ ਮੰਗਣ ਗਿਆ ਦਿਆਲੂ ਰਾਜੇ ਦੇ ਇਹ ਕਹਿਣ ਤੇ 'ਬੋਲੋ ਤੁਹਾਨੂੰ ਕੀ ਚਾਹੀਦਾ ਹੈ' ਲਾਲਚ-ਵੱਸ ਰਾਜੇ ਕੋਲੋਂ ਉਸ ਦਾ ਤਾਜ ਤਖ਼ਤ ਸਾਰੀ ਜਾਇਦਾਦ ਮੰਗ ਲੈਂਦਾ ਹੈ। ਦਿਆਲੂ ਰਾਜੇ ਸਭ ਕੁਝ ਦੇ ਦਿੰਦਾ ਹੈ ਪਰ ਅੰਤ ਵਿਚ ਉਸ ਚੇਲੇ ਨੂੰ ਆਪਣੇ ਗੁਰੂ ਜੀ ਵੱਲੋਂ ਦਿੱਤੀ ਸਿੱਖਿਆ ਯਾਦ ਆ ਜਾਂਦੀ ਹੈ ਕਿ ਬੇਟਾ ਲਾਲਚ ਬਿਲਕੁਲ ਨਹੀਂ ਕਰਨਾ ਇਹ ਮਹਾਂ ਪਾਪ ਹੁੰਦਾ ਹੈ ਤਾਂ ਉਹ ਸਭ ਕੁੱਝ ਰਾਜੇ ਨੂੰ ਵਾਪਸ ਕਰ ਦਿੰਦਾ ਹੈ। ਇਵੇਂ ਹੀ 'ਟੀਸੀ ਦਾ ਬੇਰ' ਕਹਾਣੀ ਵਿਚ ਇਕ ਬਾਂਦਰ ਅਤੇ ਬਾਂਦਰੀ ਬੇਰਾਂ ਲੱਦੀ ਬੇਰੀ ਦੇ ਥੱਲੇ ਬੈਠੇ ਹਨ। ਬਾਂਦਰੀ ਨੇ ਟੀਸੀ ਵਾਲਾ ਬੇਰ ਖਾਣ ਦੀ ਬਾਂਦਰ ਕੋਲ ਇੱਛਾ ਪ੍ਰਗਟ ਕੀਤੀ ਤਾਂ ਬਾਂਦਰ ਝੱਟ ਬੇਰੀ ਉੱਤੇ ਚੜ੍ਹ ਕੇ ਆਪਣਾ ਜ਼ੋਰ ਲਗਵਾ ਰਿਹਾ ਸੀ ਕਿ ਪਤਲੀ ਟਾਹਣੀ ਹੋਣ ਕਰਕੇ ਉਪਰ ਜਾ ਨਹੀਂ ਸਕਦਾ ਸੀ। ਓਸੇ ਬੇਰੀ 'ਤੇ ਆਪਣੇ ਆਲ੍ਹਣੇ ਵਿਚ ਬੈਠੀ ਘੁੱਗੀ ਇਹ ਸਭ ਕੁਝ ਵੇਖ ਰਹੀ ਸੀ। ਉਸ ਨੇ ਬਾਂਦਰ ਨੂੰ ਸਲਾਹ ਦਿੱਤੀ ਕਿ ਟਾਹਣੀ ਖਿੱਚ ਕੇ ਆਪਣੇ ਕੋਲ ਕਰ ਲਵੋ, ਬੇਰ ਕੋਲ ਆ ਜਾਵੇਗਾ। ਬਾਂਦਰ ਨੇ ਏਸ ਤਰਾਂ ਹੀ ਕੀਤਾ। ਬੇਰ ਨੇੜੇ ਆ ਗਿਆ। ਬਾਂਦਰ ਨੇ ਬੇਰ ਤੋੜਿਆ ਅਤੇ ਘੁੱਗੀ ਦਾ ਜਦੋਂ ਧੰਨਵਾਦ ਕੀਤਾ ਤਾਂ ਘੁੱਗੀ ਅੱਗੋਂ ਬੋਲੀ ਔਖੇ ਕੰਮਾਂ ਲਈ ਅੰਨ੍ਹੇਵਾਹ ਜ਼ੋਰ ਹੀ ਨਹੀਂ ਲਾਈਦਾ ਸਗੋਂ ਆਪਣੀ ਅਕਲ ਤੋਂ ਵੀ ਕੰਮ ਲੈਣਾ ਚਾਹੀਦਾ ਹੈ। ਸਾਰੀਆਂ ਕਹਾਣੀਆਂ ਬਾਲਾਂ ਦੇ ਮਨੋਰੰਜਨ ਦੇ ਨਾਲ-ਨਾਲ ਸੁਭਾਵਿਕ ਹੀ ਜਿੱਥੇ ਉਚੀ ਸਿੱਖਿਆਂ ਦਿੰਦੀਆਂ ਹਨ ਉੱਥੇ ਨੈਤਿਕਤਾ ਦਾ ਪਾਠ ਵੀ ਪੜ੍ਹਾਉਂਦੀਆਂ ਹਨ। ਪੰਛੀਆਂ ਅਤੇ ਜਾਨਵਰਾਂ ਨੂੰ ਬੱਚੇ ਬਹੁਤ ਪਿਆਰ ਕਰਦੇ ਹਨ ਇਸੇ ਕਰਕੇ ਲੇਖਕ ਨੇ ਜ਼ਿਆਦਾ ਪਾਤਰ ਜਾਨਵਰ ਅਤੇ ਪੰਛੀ ਹੀ ਲਏ ਹਨ। ਇਸ ਤੋਂ ਪਹਿਲਾਂ ਲੇਖਕ ਪੰਜ ਦਰਜਨ ਤੋਂ ਉੱਪਰ ਪੁਸਤਕਾਂ ਪੰਜਾਬੀ ਮਾਂ ਬੋਲੀ ਪਾ ਚੁੱਕਾ ਹੈ। ਮੈਂ ਇਸ ਬਹੁਤ ਹੀ ਪਿਆਰੀ ਅਤੇ ਨਿਆਰੀ ਪੁਸਤਕ ਦਾ ਜ਼ੋਰਦਾਰ ਸਵਾਗਤ ਕਰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896


ਵਾਤਾਵਰਣ ਚੇਤਨਾ ਦਿਹਾੜੇ
ਲੇਖਿਕਾ : ਅਮਰਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 75
ਸੰਪਰਕ : 94638-36591

ਨਿਰਸੰਦੇਹ ਜਦੋਂ ਵੀ ਕੋਈ ਵਿਅਕਤੀ ਮਨੁੱਖੀ ਜ਼ਿੰਦਗੀ ਨਾਲ ਜੁੜੇ ਮਸਲੇ ਬਾਰੇ ਗੱਲ ਕਰਦਾ ਹੈ ਤਾਂ ਇਹ ਗੱਲ ਮਹੱਤਵਪੂਰਨ ਹੁੰਦੀ ਹੈ ਤੇ ਜਦੋਂ ਇਹੋ ਜਿਹਾ ਜ਼ਿਕਰ ਮਨੁੱਖੀ ਹੋਂਦ ਨਾਲ ਹੀ ਜੁੜਿਆ ਹੋਇਆ ਹੋਵੇ ਤਾਂ ਇਸ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਮਨੁੱਖ ਨੇ ਆਪਣੇ ਕਾਰਨਾਮਿਆਂ ਨਾਲ ਅਤੇ ਸੁੱਖ ਸਹੂਲਤਾਂ ਮਾਣਨ ਦੀ ਹੋੜ ਵਿਚ ਕੁਦਰਤ ਦਾ ਸੰਤੁਲਨ ਹੀ ਵਿਗਾੜ ਕੇ ਰੱਖ ਦਿੱਤਾ ਹੈ, ਜਿਸ ਦਾ ਖਮਿਆਜ਼ਾ ਪ੍ਰਦੂਸ਼ਿਤ ਹੋ ਰਹੇ ਹਵਾ-ਪਾਣੀ ਅਤੇ ਸਮੁੱਚੇ ਵਾਤਾਵਰਨ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ। ਘਾਤਕ ਬਿਮਾਰੀਆਂ ਅਤੇ ਮਹਾਂਮਾਰੀਆਂ ਅੱਜ ਮਨੁੱਖੀ ਸਿਹਤ ਲਈ ਨੁਕਸਾਨਦੇਹ ਸਾਬਿਤ ਹੋ ਰਹੀਆਂ ਹਨ ਤੇ ਇਹ ਸਭ ਵਾਤਾਵਰਨ ਪ੍ਰਤੀ ਸਾਡੀ ਅਣਗਹਿਲੀ ਕਰਕੇ ਹੀ ਹੋ ਰਿਹਾ ਹੈ। ਅਮਰਿੰਦਰ ਕੌਰ ਦੀ ਪੁਸਤਕ 'ਵਾਤਾਵਰਨ ਚੇਤਨਾ ਦਿਹਾੜੇ' ਬਹੁਤ ਹੀ ਮਹੱਤਵਪੂਰਨ ਪੁਸਤਕ ਹੈ ਕਿਉਂਕਿ ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਹੋਕਾ ਦੇਣ ਵਾਲੀ ਸਰਲ ਸ਼ੈਲੀ ਵਿਚ ਲਿਖੀ ਇਹ ਪੁਸਤਕ ਪਾਠਕਾਂ ਲਈ ਲਾਹੇਵੰਦੀ ਸਾਬਿਤ ਤਾਂ ਹੋਵੇਗੀ, ਨਾਲ ਹੀ ਵਾਤਾਵਰਨ ਪ੍ਰੇਮੀਆਂ ਲਈ ਵਾਤਾਵਰਨ ਦਿਹਾੜੇ ਮਨਾਉਣ ਲਈ ਵੀ ਪ੍ਰੇਰਨਾ ਸਰੋਤ ਬਣੇਗੀ। ਅਸੀਂ ਬਹੁਤ ਸਾਰੇ ਦਿਨ ਮਨਾਉਂਦੇ ਹਾਂ ਇਥੋਂ ਤੱਕ ਕਿ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਸੱਭਿਆਚਾਰਕ, ਧਾਰਮਿਕ ਅਤੇ ਆਰਥਿਕ ਪੱਖੋਂ ਇਹ ਦਿਹਾੜੇ ਮਨਾਉਣੇ ਵੀ ਬਣਦੇ ਹਨ ਪਰ ਵਾਤਾਵਰਨ ਨਾਲ ਜੁੜੇ ਦਿਨ ਮਨਾ ਕੇ ਅਸੀਂ ਆਪਣੀ ਹੋਂਦ ਨੂੰ ਬਚਾਉਣ ਲਈ ਵੀ ਸੁਚੇਤ ਹੋਵਾਂਗੇ।
ਲੇਖਿਕਾ ਨੇ ਵਾਤਾਵਰਨ ਨਾਲ ਇਨ੍ਹਾਂ ਚੇਤਨਾ ਦਿਹਾੜਿਆਂ ਵਿਚ 20 ਦਿਹਾੜੇ ਵੱਖ-ਵੱਖ ਸਿਰਲੇਖਾਂ ਤਹਿਤ ਇਨ੍ਹਾਂ ਦੀ ਅਹਿਮੀਅਤ ਦੱਸਦਿਆਂ ਪੇਸ਼ ਕੀਤੇ ਹਨ। ਇਨ੍ਹਾਂ ਵਿਚੋਂ ਕੁਝ ਕੁ ਜਿਵੇਂ ਵਿਸ਼ਵ ਧਰਤੀ ਦਿਵਸ, ਵਿਸ਼ਵ ਓਜ਼ੋਨ ਦਿਵਸ, ਵਿਸ਼ਵ ਕੁਦਰਤ ਬਚਾਓ ਦਿਵਸ, ਵਿਸ਼ਵ ਜੰਗਲੀ ਜੀਵ ਦਿਵਸ, ਵਣ ਮਹਾਂਉਤਸਵ, ਵਿਸ਼ਵ ਮੌਸਮ ਵਿਗਿਆਨ ਦਿਵਸ, ਰਾਸ਼ਟਰੀ ਪ੍ਰਦੂਸ਼ਣ ਰੋਕੋ ਦਿਵਸ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਪੁਸਤਕ ਵਿਚ ਕੁੱਲ 20 ਦਿਨਾਂ ਬਾਰੇ ਉਨ੍ਹਾਂ ਦੀਆਂ ਮਨਾਏ ਜਾਣ ਦੀਆਂ ਮਿਤੀਆਂ ਸਮੇਤ ਜ਼ਿਕਰ ਕੀਤਾ ਹੈ ਅਤੇ ਇਨ੍ਹਾਂ ਦਾ ਇਤਿਹਾਸਕ ਕਾਲਕ੍ਰਮ ਵੀ ਪੇਸ਼ ਕੀਤਾ ਹੈ। ਲੇਖਿਕਾ ਨੇ ਲਿਖਤ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਾਵਿ-ਤੁਕਾਂ ਦਾ ਵੀ ਇਸਤੇਮਾਲ ਕੀਤਾ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਖਾਰਾ ਪਾਣੀ
ਲੇਖਕ : ਮਨਮੋਹਨ ਸਿੰਘ ਬਾਸਰਕੇ
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 99147-16616

ਹਥਲੇ ਨਾਵਲ ਵਿਚ ਮਨਮੋਹਨ ਸਿੰਘ ਬਾਸਰਕੇ ਨੇ ਸਾਗਰ ਨੂੰ ਗਾਗਰ ਵਿਚ ਭਰਨ ਦਾ ਯਤਨ ਕੀਤਾ ਹੈ। ਨਾਵਲ ਦੀ ਕਹਾਣੀ ਦੀ ਓਟ ਲੈ ਕੇ ਲੇਖਕ ਨੇ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਬਿਆਨਣ ਦਾ ਯਤਨ ਕੀਤਾ ਹੈ। ਇਹ ਭਾਵੇਂ ਕਿਸਾਨ ਅੰਦੋਲਨ ਹੋਵੇ, ਪੰਚਾਇਤਾਂ ਦੀਆਂ ਚੋਣਾਂ ਹੋਣ, ਨਸ਼ਿਆਂ ਦਾ ਵਗਦਾ ਦਰਿਆ ਹੋਵੇ, ਗ਼ਰੀਬ ਕਿਰਸਾਣੀ ਦੀ ਸਥਿਤੀ, ਵਿਧਵਾ ਔਰਤਾਂ ਦੀਆਂ ਮੁਸ਼ਕਿਲਾਂ ਆੋਿਦ। ਉਸ ਨੇ ਕੇਰਲਾ ਨੂੰ ਇਕ ਮਾਡਲ ਸੂਬੇ ਦੇ ਰੂਪ ਵਿਚ ਵੀ ਪੇਸ਼ ਕੀਤਾ ਹੈ। ਭਾਰਤ-ਪਾਕਿ ਸੰਬੰਧ ਅਤੇ ਸਾਦੇ ਵਿਆਹਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਨਾਵਲ ਦੀ ਕਹਾਣੀ ਪੰਜਾਬ ਦੇ ਪਿੰਡਾਂ ਦੀ ਤਰਾਸਦੀ ਬਿਆਨ ਕਰਦੀ ਸ਼ੁਰੂ ਹੁੰਦੀ ਹੈ। ਇਹ ਕਹਾਣੀ ਇਕ ਗ਼ਰੀਬ ਪਰਿਵਾਰ ਦੀ ਹੈ ਜਿਸ ਦਾ ਮੁਖੀ ਨਸ਼ਿਆਂ ਕਾਰਨ ਇਸ ਸੰਸਾਰ ਨੂੰ ਛੱਡ ਜਾਂਦਾ ਹੈ। ਘਰ ਦਾ ਖਰਚਾ ਜੁਆਨ ਕੁੜੀ ਨੌਕਰੀ ਕਰਕੇ ਚਲਾਉਂਦੀ ਹੈ। ਮਾਂ ਨੂੰ ਉਸ ਦੇ ਵਿਆਹ ਦਾ ਫਿਕਰ ਹੈ ਪਰ ਉਹ ਦਾਜ ਦਹੇਜ ਦੇਣ ਤੋਂ ਅਸਮਰੱਥ ਹੈ। ਆਖਰ ਇਕ ਫੌਜੀ ਨਾਲ ਕੁੜੀ ਦਾ ਵਿਆਹ ਹੋ ਜਾਂਦਾ ਹੈ। ਦੋਵੇਂ ਜੀਅ ਪ੍ਰਸੰਨ ਹਨ। ਘਰ ਵਿਚ ਸੱਸ ਸਹੁਰਾ ਵੀ ਉਸ ਨੂੰ ਬਹੁਤ ਪਿਆਰ ਕਰਦੇ ਹਨ। ਉਹ ਆਪਣੇ ਘਰ ਨੂੰ ਫੁਲਾਂ ਦੀਆਂ ਕਿਆਰੀਆਂ ਨਾਲ ਸ਼ਿੰਗਾਰਦੀ ਹੈ। ਦੋ ਸਾਲ ਬਹੁਤ ਹੀ ਸੋਹਣੇ ਲੰਘ ਜਾਂਦੇ ਹਨ। ਘਰ ਵਿਚ ਇਕ ਮੁੰਡੇ ਦਾ ਜਨਮ ਹੋ ਜਾਂਦਾ ਹੈ ਤੇ ਫੌਜੀ ਆਪਣੀ ਛੋਟੀ ਭੈਣ ਦਾ ਵਿਆਹ ਵੀ ਰੱਖ ਦਿੰਦਾ ਹੈ। ਇਨ੍ਹਾਂ ਦਾ ਜਵਾਈ ਸਕੂਲ ਮਾਸਟਰ ਹੈ ਪਰ ਅਗਾਂਹਵਧੂ ਖਿਆਲਾਂ ਦਾ ਹੈ। ਉਹ ਸ਼ਰਤ ਲਗਾ ਦਿੰਦਾ ਹੈ ਕਿ ਅਸੀਂ ਪੰਜ ਆਦਮੀ ਹੀ ਆਵਾਂਗੇ ਤੇ ਗੁਰਦਵਾਰਾ ਸਾਹਿਬ ਤੋਂ ਅਨੰਦ ਕਾਰਜ ਪਿਛੋਂ ਵਿਦਾਈ ਹੋ ਜਾਵੇਗੀ। ਉਹ ਕੋਈ ਵੀ ਦਹੇਜ ਨਹੀਂ ਲਵੇਗਾ। ਇਸੇ ਦੌਰਾਨ ਸਾਰਾ ਟੱਬਰ ਬਾਸਰਕੇ ਦੇ ਨੇੜੇ ਦੇ ਗੁਰੂ ਘਰਾਂ ਦੇ ਦਰਸ਼ਨ ਕਰਨ ਜਾਂਦਾ ਹੈ ਤੇ ਲੇਖਕ ਗੱਡੀ ਦੇ ਡਰਾਈਵਰ ਰਾਹੀਂ ਇਨ੍ਹਾਂ ਗੁਰੂ ਘਰਾਂ ਦਾ ਇਤਿਹਾਸ ਦੱਸਦਾ ਹੈ। ਇਸ ਹੱਸਦੇ ਵਸਦੇ ਘਰ ਨੂੰ ਕਿਸੇ ਦੀ ਨਜ਼ਰ ਲਗ ਜਾਂਦੀ ਹੈ, ਜਦੋਂ ਫੌਜੀ ਕਾਰਗਿਲ ਦੀ ਜੰਗ ਵਿਚ ਸ਼ਹੀਦ ਹੋ ਜਾਂਦਾ ਹੈ। ਘਰ ਵਿਚ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਪਰ ਫੌਜਣ ਆਪਣੇ ਆਪ ਨੂੰ ਸੰਭਾਲਦੀ ਹੈ ਤੇ ਸਰਕਾਰੀ ਨੌਕਰੀ ਕਰ ਲੈਂਦੀ ਹੈ। ਆਪਣੇ ਬੇਟੇ ਦੀ ਵਧੀਆ ਪੜ੍ਹਾਈ ਲਈ ਉਹ ਪਿੰਡ ਛੱਡ ਕੇ ਸ਼ਹਿਰ ਇਕੱਲੀ ਰਹਿਣ ਲਗਦੀ ਹੈ। ਜੁਆਨ ਵਿਧਵਾ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਦਲੇਰੀ ਨਾਲ ਇਨ੍ਹਾਂ ਦਾ ਸਾਹਮਣਾ ਕਰਦੀ ਹੈ। ਬਦਕਿਸਮਤੀ ਨੂੰ ਉਸ ਦਾ ਪੜ੍ਹਾਈ ਕਰਦਾ ਹੋਇਆ ਮੁੰਡਾ ਨਸ਼ਿਆਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਇਕ ਦਿਨ ਫੜਿਆ ਜਾਂਦਾ ਹੈ ਅਤੇ ਸਜ਼ਾ ਹੋ ਜਾਂਦੀ ਹੈ। ਉਹ ਵਿਚਾਰੀ ਕਿਸਮਤ ਦੀ ਮਾਰੀ ਸ਼ਹਿਰ ਛੱਡ ਕੇ ਮੁੜ ਆਪਣੇ ਪਿੰਡ ਰਹਿਣ ਆ ਜਾਂਦੀ ਹੈ। ਇਸ ਸਮੇਂ ਉਸ ਦੀ ਸੱਸ ਦਾ ਸਵਰਗਵਾਸ ਹੋ ਜਾਂਦਾ ਹੈ ਤੇ ਉਹ ਇਕੱਲੀ ਸਮੇਂ ਦੀਆਂ ਦੁਸ਼ਵਾਰੀਆਂ ਦਾ ਮੁਕਾਬਲਾ ਕਰਦੀ ਹੈ। ਉਸ ਦਾ ਮੁੰਡਾ ਸਜ਼ਾ ਪੂਰੀ ਕਰਕੇ ਪਿੰਡ ਆ ਜਾਂਦਾ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਵਾਅਦਾ ਕਰਦਾ ਹੈ। ਪਰ ਇਹ ਕੇਵਲ ਆਪਣੀ ਮਾਂ ਨੂੰ ਧੋਖਾ ਹੀ ਦੇਣਾ ਸੀ ਤੇ ਉਹ ਨਸ਼ਿਆਂ ਦਾ ਵਿਉਪਾਰੀ ਬਣ ਜਾਂਦਾ ਹੈ ਅਤੇ ਇਕ ਪੁਲਿਸ ਮੁਕਾਬਲੇ ਵਿਚ ਮਾਰਿਆ ਜਾਂਦਾ ਹੈ ਤੇ ਮੁੜ ਉਹ ਘਰ ਵਿਚ ਇਕੱਲੀ ਰਹਿ ਜਾਂਦੀ ਹੈ। ਉਸ ਦੀਆਂ ਨਨਾਣਾਂ ਨੂੰ ਡਰ ਹੈ ਕਿ ਭਰਜਾਈ ਪਿੰਡ ਦਾ ਘਰ ਤੇ ਜ਼ਮੀਨ ਖੁਰਦ ਬੁਰਦ ਨਾ ਕਰ ਦੇਵੇ। ਉਹ ਉਸ ਉੱਤੇ ਦਬਾਅ ਪਾਉਣ ਲਗਦੀਆਂ ਹਨ। ਜਦੋਂ ਉਨ੍ਹਾਂ ਨੂੰ ਤਸੱਲੀ ਹੋ ਜਾਂਦੀ ਹੈ ਕਿ ਭਰਜਾਈ ਪਿਛੋਂ ਘਰ ਜ਼ਮੀਨ ਉਨ੍ਹਾਂ ਦੀ ਹੀ ਹੋਵੇਗੀ ਤਾਂ ਉਹ ਆਪਣੀ ਭਰਜਾਈ ਨਾਲ ਮਿਲਣਾ ਵਰਤਣਾ ਸ਼ੁਰੂ ਕਰਦੀਆਂ ਹਨ। ਨਾਵਲ ਦੀ ਕਹਾਣੀ ਦੀ ਗਤੀ ਤੀਬਰ ਹੈ ਅਤੇ ਲੇਖਕ ਵਲੋਂ ਸਭੋ ਕੁਝ ਬਿਆਨ ਕਰਨ ਦਾ ਯਤਨ ਕੀਤਾ ਗਿਆ। ਪੰਜਾਬ ਦੀ ਮੌਜੂਦਾ ਸਥਿਤੀ ਨੂੰ ਜਾਨਣ ਲਈ ਇਸ ਨਾਵਲ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਅਕੇਵਾਂ ਰਹਿਤ ਦਿਲਚਸਪ ਪੇਸ਼ਕਾਰੀ ਹੈ ਇਹ ਨਾਵਲ।

-ਡਾ. ਰਣਜੀਤ ਸਿੰਘ
ਮੋਬਾਈਲ : 94170-87328

09-03-2024

ਝਾਂਜਰਾਂ ਵਾਲੇ ਪੈਰ
ਲੇਖਕ : ਅਰਵਿੰਦਰ ਕੌਰ ਧਾਲੀਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 120
ਸੰਪਰਕ : 99142-11422

ਅਰਵਿੰਦਰ ਕੌਰ ਧਾਲੀਵਾਲ ਕਿੱਤੇ ਵਜੋਂ ਕਾਲਜ ਅਧਿਆਪਕਾ ਹੈ। ਮੁੱਖ ਤੌਰ 'ਤੇ ਉਹ ਇਕ ਅਨੁਵਾਦਕ ਹੈ। ਉਸ ਦੀਆਂ ਅਨੁਵਾਦ ਦੀਆਂ 4 ਅਤੇ ਲਿਪੀਅੰਤਰਨ ਦੀਆਂ 3 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਉਸ ਦੀਆਂ ਮੁਲਾਂਕਣ ਅਤੇ ਆਲੋਚਨਾ ਦੀਆਂ ਕ੍ਰਮਵਾਰ 3 ਅਤੇ 2 ਕਿਤਾਬਾਂ ਵੀ ਛਪ ਚੁੱਕੀਆਂ ਹਨ। ਇਹ ਸਾਰੀਆਂ ਕਿਤਾਬਾਂ 'ਝਾਂਜਰਾਂ ਵਾਲੇ ਪੈਰ' ਤੋਂ ਪਹਿਲਾਂ ਦੀਆਂ ਹਨ।
'ਝਾਂਜਰਾਂ ਵਾਲੇ ਪੈਰ' ਉਸ ਦਾ ਇਕਲੌਤਾ ਕਹਾਣੀ ਸੰਗ੍ਰਹਿ ਹੈ ਤੇ ਇਸ ਲਈ ਉਸ ਨੂੰ 2022 ਦਾ 'ਢਾਹਾਂ ਇਨਾਮ' ਮਿਲ ਚੁੱਕਾ ਹੈ। ਇਸ ਪੁਸਤਕ ਨੂੰ 2021 ਦਾ 'ਦਲਬੀਰ ਚੇਤਨ ਯਾਦਗਾਰੀ ਪੁਰਸਕਾਰ' ਵੀ ਪ੍ਰਾਪਤ ਹੋ ਚੁੱਕਾ ਹੈ। ਇਸ ਕਥਾ-ਸੰਗ੍ਰਹਿ ਵਿਚ ਕੁੱਲ 10 ਕਹਾਣੀਆਂ ਸ਼ਾਮਿਲ ਹਨ, ਜੋ ਸਾਰੀਆਂ ਹੀ ਔਰਤ ਦੇ ਦ੍ਰਿਸ਼ਟੀਕੋਣ ਤੋਂ ਪ੍ਰਤੀਬਿੰਬਤ ਹੋਈਆਂ ਹਨ। ਇਨ੍ਹਾਂ ਕਹਾਣੀਆਂ ਵਿਚ ਲੇਖਕਾ ਨੇ ਨਾਰੀ ਨੂੰ ਵੱਖਰੇ ਜ਼ਾਵੀਏ ਤੋਂ ਚਿਤਰਿਆ ਹੈ। ਨਿਵੇਕਲੇ ਵਿਸ਼ੇ ਅਤੇ ਵਿਲੱਖਣ ਨਿਭਾਅ ਵਾਲੀਆਂ ਇਨ੍ਹਾਂ ਕਹਾਣੀਆਂ ਵਿਚ ਪਾਤਰਾਂ ਦੀ ਕਸ਼ਮਕਸ਼, ਜ਼ਿੰਦਗੀ ਦੀ ਭੱਜ-ਦੌੜ, ਮਾਨਸਿਕ ਤੇ ਸਰੀਰਕ ਪੀੜਾ, ਮ੍ਰਿਗ-ਤ੍ਰਿਸ਼ਨਾ, ਭਟਕਣ, ਖਲਾਅ, ਮਰਦ-ਔਰਤ ਦਾ ਗੁੰਝਲਦਾਰ ਸੰਸਾਰ ਆਦਿ ਨੂੰ ਕੇਂਦਰ ਵਿਚ ਰੱਖ ਕੇ ਵਿਉਂਤਿਆ ਗਿਆ ਹੈ। ਔਰਤ ਦੇ ਕਿੰਨੇ ਹੀ ਰੂਪ ਇਨ੍ਹਾਂ ਕਹਾਣੀਆਂ ਵਿਚ ਉੱਭਰੇ ਹਨ-ਮਾਂ, ਭੈਣ, ਧੀ, ਪ੍ਰੇਮਿਕਾ, ਵੇਸਵਾ, ਪਤਨੀ, ਅੱਧਾ ਮਰਦ-ਅੱਧੀ ਔਰਤ ਆਦਿ। ਸਮਾਜਿਕ ਤੇ ਸੱਭਿਆਚਾਰਕ ਨੇਮਾਂ ਦੀਆਂ ਅਖੌਤੀ ਮਰਿਆਦਾਵਾਂ ਦੀ ਖੂਬ ਖਿੱਲੀ ਉਡਾਈ ਗਈ ਹੈ। ਸ਼ੀਰਸ਼ਕ ਕਹਾਣੀ ਸਮੁੱਚੀ ਸੰਵਾਦਾਤਮਿਕ ਜੁਗਤ ਵਾਲੀ ਹੈ। ਇਕ ਪਾਤਰ ਹੀ ਸਾਰੀ ਘਟਨਾ ਦਾ ਉਲੇਖ ਸੰਵਾਦ ਰਾਹੀਂ ਕਰਦਾ ਹੈ। ਇਹ ਕਹਾਣੀਆਂ ਔਰਤ-ਮਰਦ ਦੇ ਗੁੰਝਲਦਾਰ ਰਿਸ਼ਤਿਆਂ ਦੀ ਬੇਬਾਕੀ ਨਾਲ ਚੀਰਫਾੜ ਕਰਦੀਆਂ ਹਨ। ਅਰਵਿੰਦਰ ਕੌਰ ਧਾਲੀਵਾਲ ਨੇ ਜਿਸ ਨਿਸ਼ੰਗਤਾ ਅਤੇ ਕਲਾਤਮਕ ਜੁਗਤਾਂ ਨਾਲ ਇਨ੍ਹਾਂ ਕਹਾਣੀਆਂ ਨੂੰ ਸਿਰਜਿਆ ਹੈ, ਉਹ ਵਾਕਈ ਗੌਰਵਮਈ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਆਜ਼ਾਦੀ ਸੰਗਰਾਮ ਅਤੇ ਆਰ.ਐਸ.ਐਸ.
(ਇਕ ਦਾਸਤਾਨ ਗ਼ਦਾਰੀ ਦੀ)
ਲੇਖਕ : ਸ਼ਮਸੁਲ ਇਸਲਾਮ
ਪੰਜਾਬੀ ਅਨੁਵਾਦ : ਬਲਬੀਰ ਲੌਂਗੋਵਾਲ
ਮੁੱਲ : 50 ਰੁਪਏ, ਸਫ਼ੇ : 84
ਸੰਪਰਕ : ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.), ਬਰਨਾਲਾ

ਸਮਸ਼ਲ ਇਸਲਾਮ ਦਿੱਲੀ ਯੂਨੀਵਰਸਿਟੀ 'ਚ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਅਤੇ ਲੋਕ-ਨਾਟਕਕਾਰ ਰਹੇ। ਆਪ ਨੇ ਇਕ ਲੇਖਕ, ਪੱਤਰਕਾਰ ਅਤੇ ਕਾਲਮਨਵੀਸ ਦੇ ਤੌਰ 'ਤੇ ਧਾਰਮਿਕ ਕੱਟੜਤਾ, ਅਣਮਨੁੱਖੀਕਰਨ, ਸਾਮਰਾਜੀ ਜ਼ੁਲਮਾਂ, ਔਰਤਾਂ ਤੇ ਦਲਿਤਾਂ 'ਤੇ ਹੁੰਦੇ ਜਬਰ ਖ਼ਿਲਾਫ਼ ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਨਿੱਠ ਕੇ ਲਿਖਿਆ। ਉਸ ਨੇ ਰਾਸ਼ਟਰਵਾਦ ਦੇ ਮੌਲਿਕ ਖੋਜ ਕਾਰਜਾਂ ਬਾਰੇ ਦੁਨੀਆ 'ਚ ਨਾਮਣਾ ਖੱਟਿਆ। ਉਹ ਬੇਧੜਕ ਹੋ ਕੇ ਲਿਖਣ ਵਾਲਾ ਲੇਖਕ ਹੈ। ਬਲਬੀਰ ਲੌਂਗੋਵਾਲ ਨੇ ਮਿਹਨਤ ਨਾਲ ਢੁਕਵੀਂ ਸਰਲ ਵਾਰਤਕ ਵਿਚ ਅਨੁਵਾਦਿਤ ਰੀਵਿਊ ਅਧੀਨ ਕਿਤਾਬਚਾ ਬਹੁਤ ਅਹਿਮ ਵਿਸ਼ੇ ਨਾਲ ਸੰਬੰਧਿਤ ਹੈ। ਰਾਸ਼ਟਰੀ ਸਵੈ-ਸੇਵਕ ਸੰਘ ਭਾਵ ਆਰ.ਐਸ.ਐਸ. ਦਾ ਭਾਰਤ ਦੇ ਆਜ਼ਾਦੀ ਸੰਗਰਾਮ 'ਚ ਵਿਸ਼ਵਾਸਘਾਤੀ ਭੂਮਿਕਾ ਦਾ ਪਰਦਾਫਾਸ਼, ਲਿਖਤੀ ਸਬੂਤਾਂ 'ਤੇ ਆਧਾਰਿਤ ਕੀਤਾ ਗਿਆ। ਇਨ੍ਹਾਂ ਸਬੂਤਾਂ ਲਈ ਲੇਖਕ ਨੇ ਆਰ.ਐਸ.ਐਸ. ਦੇ ਰਹੇ ਕਾਰਕੁੰਨ ਡਾ. ਡੀ.ਆਰ. ਗੋਇਲ ਅਤੇ ਅਨਿਲ ਨੌਰਿਆ ਦੀ ਮਦਦ ਲੈ ਕੇ ਇਸ ਪੁਸਤਕ ਨੂੰ ਲਿਖਣ ਦਾ ਹੌਸਲਾ ਕੀਤਾ। ਸੰਘ ਦੇ ਸੰਸਥਾਪਕ ਡਾ. ਕੇ. ਬੀ. ਹੇਡਗੇਵਾਰ ਨੂੰ ਲੇਖਕ ਨੇ ਭਾਰਤ ਆਜ਼ਾਦੀ ਅੰਦੋਲਨ ਅਤੇ ਹਿੰਦੂਤਵ ਦੇ ਪਰਿਪੇਖ 'ਚ ਗ਼ਦਾਰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। 1925 ਤੋਂ ਹੀ ਸੰਘ ਆਪਣੀ ਪਛਾਣ ਹਿੰਦੂ ਰਾਸ਼ਟਰਵਾਦੀ ਸੰਗਠਨ ਦੇ ਤੌਰ 'ਤੇ ਬਣਾਉਣ ਵਿਚ ਜੁਟਿਆ ਹੋਇਆ ਹੈ। ਮੁਸਲਿਮ ਲੀਗ ਨੂੰ ਵੀ ਆਜ਼ਾਦੀ ਅੰਦੋਲਨ ਤੋਂ ਨਿਰਲੇਪ ਰੱਖਣ ਦੀਆਂ ਕੂਟਨੀਤੀਆਂ ਵਰਤੀਆਂ ਗਈਆਂ। 1930 'ਚ ਮਹਾਤਮਾ ਗਾਂਧੀ ਵਲੋਂ ਅੰਗਰੇਜ਼ੀ ਹਕੂਮਤ ਵਿਰੁੱਧ ਕਾਨੂੰਨ ਤੋੜਨ ਅਤੇ ਡਾਂਡੀ ਯਾਤਰਾ ਦੌਰਾਨ ਵੀ ਸੰਘ ਦਾ ਰਵੱਈਆ ਉਲਟ ਰਿਹਾ। ਲੇਖਕ ਨੇ ਹਵਾਲਾ ਪੁਸਤਕਾਂ ਰਾਹੀਂ ਇਹ ਸਿੱਧ ਕਰ ਵਿਖਾਇਆ ਕਿ ਸੰਘ, ਹਿੰਦੂ ਰਾਸ਼ਟਰ ਦੀ ਉਸ ਫਿਰਕੂ ਅਤੇ ਤਬਾਹਕੁੰਨ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਸੀ। ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਵਿਚਾਰਾਂ ਅਤੇ ਸਰਗਰਮੀਆਂ ਨੂੰ ਨਿਕਾਰਿਆ ਜਾ ਰਿਹਾ ਸੀ। ਲੇਖਕ ਸੰਘ-ਸੰਸਥਾਪਕ ਡਾ. ਕੇ.ਬੀ. ਹੇਡਗੇਵਾਰ ਦੀਆਂ ਘਿਨਾਉਣੀਆਂ ਸਰਗਰਮੀਆਂ ਨੂੰ ਖੂਬ ਨੰਗਾ ਕੀਤਾ। ਲੇਖਕ ਵੀ.ਡੀ. ਸਾਵਰਕਰ ਦੀ ਪੁਸਤਕ 'ਹਿੰਦੂਤਵ' (1923) ਦੇ ਹਵਾਲੇ ਦਿੱਤੇ ਗਏ ਹਨ, ਤਾਂ ਜੋ ਸੰਘ ਦੀਆਂ ਸਰਗਰਮੀਆਂ ਦਾ ਸੱਚ ਸਾਹਮਣੇ ਆਵੇ। ਬ੍ਰਿਟਿਸ਼ ਹਕੂਮਤ ਵਿਰੁੱਧ ਕੋਈ ਸਬੂਤ ਨਹੀਂ ਮਿਲਦਾ। ਕਾਂਗਰਸ ਦੇ ਆਜ਼ਾਦੀ ਅੰਦੋਲਨ ਲਈ ਕੋਈ ਸਹਿਮਤੀ ਸੰਘ ਦੀ ਨਹੀਂ ਮਿਲਦੀ। ਸੰਘ ਦੀ 'ਪ੍ਰਾਰਥਨਾ' ਅਤੇ 'ਪ੍ਰਤਿੱਗਿਆ' ਵੀ ਔਖੀ ਗਈ ਹੈ, ਤਾਂ ਜੋ ਪਾਠਕਾਂ ਨੂੰ ਸੰਘ ਦੀਆਂ ਅੰਦਰਲੀਆਂ ਚਾਲਾਂ ਬਾਰੇ ਜਾਣਕਾਰੀ ਮਿਲ ਸਕੇ। ਸਪੱਸ਼ਟ ਹੋ ਜਾਂਦਾ ਹੈ ਕਿ ਆਰ.ਐਸ.ਐਸ. ਨੇ ਅੰਗਰੇਜ਼ ਸਾਸ਼ਕਾਂ ਦੇ ਪਿੱਠੂ ਹਿੰਦੂ ਰਜਵਾੜਿਆਂ ਦਾ ਪੱਖ ਲਿਆ। ਦੂਜਾ ਤੱਤ ਸੀ ਮੁਸਲਮਾਨਾਂ ਦੇ ਖ਼ਿਲਾਫ਼ ਸਖ਼ਤ ਨਫ਼ਰਤ ਜੋ ਬੰਕਿਮ ਚੰਦਰ ਚੈਟਰਜੀ ਤੋਂ ਵਿਰਾਸਤ 'ਚ ਮਿਲੀ। ਮਹਾਤਮਾ ਗਾਂਧੀ ਦੀ ਹੱਤਿਆ ਦਾ ਭਾਂਡਾ ਵੀ ਸੰਘ ਦੇ ਮੈਂਬਰਾਂ ਦੀ ਹੀ ਮਿਲੀਭੁਗਤ ਸਿੱਧ ਹੁੰਦੀ ਹੈ। ਪੰਡਿਤ ਨਹਿਰੂ ਨਾਲ ਵੀ ਮਤਭੇਦ ਅਤੇ ਸਰਦਾਰ ਪਟੇਲ ਦੀ ਰਿਆਸਤਾਂ ਤੋੜਨ ਦੀ ਮੁਹਿੰਮ ਨੂੰ ਵੀ ਸੰਘ ਬਰਦਾਸ਼ਤ ਨਹੀਂ ਸੀ ਕਰਦਾ। ਇਕ ਪਾਸੇ ਲੀਗ ਨੂੰ ਅੰਗਰੇਜ਼ ਸਰਕਾਰ ਚੁੱਕ ਰਹੀ ਸੀ ਤੇ ਦੂਜੇ ਪਾਸੇ ਸੰਘ ਨੂੰ 'ਪਾੜੋ ਤੇ ਰਾਜ ਕਰੋ' ਦੀ ਚਾਲ ਸਫਲ ਹੋ ਰਹੀ ਸੀ। ਉੱਤਰ ਪ੍ਰਦੇਸ਼ ਦੇ ਪਹਿਲੇ ਗ੍ਰਹਿ ਸਕੱਤਰ ਰਾਜੇਸ਼ਵਰ ਦਿਆਲ (ਆਈ.ਸੀ.ਐਸ.) ਦੀ ਜੀਵਨੀ ਦੇ ਕੁਝ ਅੰਸ਼ ਤੋਂ ਸੰਘ ਦੇ ਘਿਨਾਉਣੇ ਇਰਾਦਿਆਂ ਦਾ ਪਰਦਾਫਾਸ਼ ਹੁੰਦਾ। ਲੇਖਕ ਨੇ ਬਹੁਤ ਮਿਹਨਤ ਕਰਕੇ ਅੰਤ 'ਚ 73 ਹਵਾਲੇ ਦੇ ਕੇ ਆਪਣੇ ਵਿਸ਼ੇ ਨੂੰ ਪ੍ਰਮਾਣਿਕਤਾ ਦਿੱਤੀ ਹੈ। ਤਰਲ ਇਹ ਹੈ ਕਿ ਲੇਖਕ ਨੇ ਆਰ.ਐਸ.ਐਸ. ਦੇ ਦਸਤਾਵੇਜ਼ ਖੁਦ ਉਸ ਦੀ ਕਾਰਗੁਜ਼ਾਰੀ ਲਈ ਹੰਗਾਲੇ ਹਨ। ਅਜਿਹੀਆਂ ਪੁਸਤਕਾਂ ਬੀਤੇ ਇਹਿਾਸ ਦੇ ਸੱਚ ਨੂੰ ਉਜਾਗਰ ਕਰਦੀਆਂ, ਦੇਸ਼ ਵਾਸੀਆਂ ਨੂੰ ਫਿਰਕਾਪ੍ਰਸਤੀ ਦੀ ਹਨੇਰੀ ਤੋਂ ਸੁਚੇਤ ਕਰਨ ਲਈ ਮਹੱਤਤਾ ਰੱਖਦੀਆਂ ਹਨ। ਸ਼ਮਸੁਲ ਇਸਲਾਮ ਦੀਆਂ ਹਿੰਦੀ 'ਚ 12 ਕਿਤਾਬਾਂ ਵੀ ਉਪਲਬੱਧ ਹਨ, ਜੋ ਭਾਰਤ ਦੇ ਇਤਿਹਾਸ ਨਾਲ ਸੰਬੰਧਿਤ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਧੁੱਪਾਂ ਛਾਵਾਂ ਤੇ ਪਰਛਾਵੇਂ
ਲੇਖਕ : ਡਾ. ਸੁਰਜੀਤ ਸਿੰਘ ਕੁੰਜਾਹੀ
ਪ੍ਰਕਾਸ਼ਕ : ਆਰ.ਸੀ. ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 595 ਰੁਪਏ, ਸਫ਼ੇ : 296
ਸੰਪਰਕ : 098105-80870

ਸ. ਸੁਰਜੀਤ ਸਿੰਘ ਕੁੰਜਾਹੀ ਦਾ ਜਨਮ 1940 ਈ. ਵਿਚ ਕੁੰਜਾਹ (ਜ਼ਿਲ੍ਹਾ ਗੁਜਰਾਤ) ਵਿਚ ਹੋਇਆ। ਦੇਸ਼ ਵੰਡ ਉਪਰੰਤ ਉਹ ਜੰਮੂ ਅਤੇ ਸ੍ਰੀ ਅੰਮ੍ਰਿਤਸਰ ਹੁੰਦਾ ਹੋਇਆ ਕਾਨ੍ਹਪੁਰ ਜਾ ਪਹੁੰਚਾ। ਬੀ.ਐਸ-ਸੀ. ਅਤੇ ਐਮ.ਬੀ.ਬੀ.ਐਸ. ਕਰਨ ਉਪਰੰਤ ਤਿੰਨ ਦਹਾਕੇ ਭਾਰਤੀ ਏਅਰ ਫੋਰਸ ਵਿਚ ਮੈਡੀਕਲ ਅਫ਼ਸਰ (ਕੈਪਟਨ) ਦੀ ਭੂਮਿਕਾ ਨਿਭਾਈ ਅਤੇ ਸੇਵਾਮੁਕਤੀ ਉਪਰੰਤ ਉਸ ਨੇ ਫ਼ਰੀਦਾਬਾਦ (ਹਰਿਆਣਾ) ਨੂੰ ਆਪਣਾ ਟਿਕਾਣਾ ਬਣਾ ਲਿਆ ਹੈ। ਉਹ ਸੱਚੇ ਗੁਰੂ ਦੀ ਸਿੱਖ-ਮਤਿ ਉੱਪਰ ਚੱਲਣ ਵਾਲਾ ਇਕ ਆਦਰਸ਼ਕ ਵਿਅਕਤੀ ਹੈ। ਪਿਛਲੇ ਕੁਝ ਵਰ੍ਹਿਆਂ ਵਿਚ ਉਸ ਨੇ ਵੱਖ-ਵੱਖ ਸਿਨਫ਼ਾਂ ਅਤੇ ਭਾਸ਼ਾਵਾਂ ਵਿਚ 10-12 ਪੁਸਤਕਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿਚੋਂ ਕੁਝ ਅਜੇ ਪ੍ਰਕਾਸ਼ਨ ਅਧੀਨ ਹਨ। ਹਥਲੀ ਪੁਸਤਕ ਉਸ ਅੰਦਰਲੇ ਕਾਵਿ ਸਿਰਜਣਾ ਦੇ ਇਕ ਬਹੁਤ ਵੱਡੇ ਤੇ ਅਮੀਰ ਖ਼ਜ਼ਾਨੇ ਨੂੰ ਸੰਭਾਲੀ ਬੈਠੀ ਹੈ। ਇਸ ਵਿਚ ਉਸ ਦੀਆਂ 222 ਕਵਿਤਾਵਾਂ (ਨਜ਼ਮਾਂ, ਗ਼ਜ਼ਲਾਂ ਅਤੇ ਪ੍ਰਗੀਤ) ਸ਼ਾਮਿਲ ਹਨ। ਉਸ ਦਾ ਆਗ੍ਰਹਿ ਹੈ ਕਿ ਹਰ ਕਵਿਤਾ ਵਿਚ ਮਨੁੱਖੀ ਜੀਵਨ ਦੀ ਕੋਈ ਡੂੰਘੀ ਰਮਜ਼ ਛਿਪੀ ਹੋਣੀ ਚਾਹੀਦੀ ਹੈ। ਸਿੱਧੀ ਤੇ ਉਪਦੇਸ਼ਾਤਮਕ ਕਵਿਤਾ ਨੂੰ ਉਹ ਬਹੁਤੀ ਤੂਲ ਨਹੀਂ ਦਿੰਦਾ। ਰਮਜ਼ ਭਰਪੂਰ ਸ਼ਾਇਰੀ ਕਰਨਾ ਹੀ ਉਸ ਦਾ ਅਕੀਦਾ ਰਿਹਾ ਹੈ। ਮੌਜੂਦਾ ਪੰਜਾਬੀ ਸਾਹਿਤ ਦੀ ਇਹ ਕੈਸੀ ਵਿਡੰਬਨਾ ਹੈ ਕਿ ਪੰਜਾਬੀ ਲੇਖਕਾਂ ਦੀ ਵੱਡੀ ਬਰਾਤ ਵਿਚੋਂ ਅਸੀਂ ਗਿਣਤੀ ਦੇ ਹੀ ਕੁਝ ਲੇਖਕਾਂ ਨੂੰ ਜਾਣਦੇ-ਪਹਿਚਾਣਦੇ ਹਾਂ, ਉਨ੍ਹਾਂ ਦੇ ਹੀ ਸੋਹਿਲੇ ਗਾਈ ਜਾਂਦੇ ਹਾਂ। ਅਸਲ ਵਿਚ ਪਹਿਚਾਣ ਵੀ ਕਈ ਢੰਗ-ਤਰੀਕਿਆਂ ਨਾਲ ਮਸਨੂਈ ਤੌਰ 'ਤੇ ਬਣਾਈ ਜਾਂਦੀ ਹੈ, ਇਸੇ ਲਈ ਇਹ ਸਥਾਈ ਨਹੀਂ ਹੁੰਦੀ। ਕਵੀ ਛੋਟੇ-ਵੱਡੇ ਬਹਿਰ, ਹਰ ਤਰ੍ਹਾਂ ਦੀ ਗ਼ਜ਼ਲ ਰਚਨਾ ਵਿਚ ਨਿਪੁੰਨ ਹੈ। ਦੇਖੋ : 'ਮੇਰਿਆ ਵੀਰਾ ਤੂੰ ਤੇ ਬੋਲ। ਕੋਈ ਨਾ ਆਪਣਾ ਬਚਿਆ ਕੋਲ' ਇਕ ਇਕ ਕਰ ਕੇ ਟੁਰੀ ਗਈ ਨੇ, ਲੈ ਗਈ ਮੌਤ ਵਜਾ ਕੇ ਢੋਲ। ਇਹ ਜਗ ਚਲੋ ਚਲੀ ਦਾ ਮੇਲਾ, ਕਿਸ ਲਈ ਬੈਠੈਂ ਦੁਖੜੇ ਫੋਲ।' (ਪੰਨਾ 31) ਇਹ ਪੋਥੀ ਇਕ ਹੀ ਬੈਠਕ ਵਿਚ ਪੜ੍ਹੀ ਜਾਣ ਵਾਲੀ ਟੈਕਸਟ ਨਹੀਂ ਹੈ। ਪੋਠੋਹਾਰੀ ਅਤੇ ਕੇਂਦਰੀ ਪੰਜਾਬੀ ਬੋਲੀ ਦੇ ਸੁਮੇਲ ਵਾਲੀ ਇਸ ਰਚਨਾ ਨੂੰ ਸਹਿਜ ਤੇ ਮਠਾਰ ਨਾਲ ਪੜ੍ਹਨ ਦੀ ਜ਼ਰੂਰਤ ਪਏਗੀ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਸਮਿਆਂ ਦੇ ਸਨਮੁੱਖ
ਲੇਖਕ : ਬਲਵੰਤ ਸਿੰਘ ਖੇੜਾ
ਸੰਪਾਦਕ : ਮਦਨ ਵੀਰਾ
ਪ੍ਰਕਾਸ਼ਕ : ਆਸ਼ਨਾਂ ਪਬਲੀਕੇਸ਼ਨ, ਹੁਸ਼ਿਆਰਪੁਰ
ਮੁੱਲ : 200 ਰੁਪਏ, ਸਫ਼ੇ : 106
ਸੰਪਰਕ : 94170-46112

ਬਲਵੰਤ ਸਿੰਘ ਖੇੜਾ ਨੂੰ ਪੰਜਾਬੀ ਦੇ ਪ੍ਰਗਤੀਸ਼ੀਲ ਵਿਚਾਰਧਾਰਾ ਦੀ ਲੜੀ ਦੇ ਲੇਖਕਾਂ ਵਿਚ ਸ਼ੁਮਾਰ ਕੀਤਾ ਜਾ ਸਕਦੈ, ਜਿਨ੍ਹਾਂ ਨੇ ਸਮਿਆਂ ਦੇ ਸਨਮੁੱਖ, ਪੁਸਤਕ ਰਾਹੀਂ ਜਿਨ੍ਹਾਂ ਸਮਾਜਿਕ ਆਰਥਿਕ, ਧਾਰਮਿਕ, ਨੈਤਿਕ ਖੇਤਰ ਵਿਚ ਸੁਧਾਰ ਭਾਵ ਤਬਦੀਲੀ ਹੋਣੀ ਚਾਹੀਦੀ ਹੈ, ਨਿਰਪੱਖ ਦ੍ਰਿਸ਼ਟੀਕੋਣ ਤੋਂ ਇਸ ਪੁਸਤਕ ਵਿਚ ਦੋ ਦਰਜਨ ਲੇਖਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ ਹਨ, ਜਿਨ੍ਹਾਂ ਨੂੰ ਪੁਸਤਕ ਦੇ ਸੰਪਾਦਕ ਮਦਨ ਵੀਰਾ ਨੇ 'ਗੁੰਝਲਦਾਰ ਵਰਤਾਰਿਆਂ ਦੀ ਸਹਲ ਪੇਸ਼ਕਾਰੀ ਕਿਹਾ ਹੈ। ਲੇਖਕ ਬਲਵੰਤ ਸਿੰਘ ਖੇੜਾ ਦਾ ਸਮੁੱਚਾ ਜੀਵਨ - ਸਮਾਂ, ਸਮਾਜ-ਸੁਧਾਰ, ਲੋਕ ਕਲਿਆਣ ਅਤੇ ਗੁੰਝਲਦਾਰ ਵਰਤਾਰਿਆਂ ਨੂੰ, ਉਨ੍ਹਾਂ ਨੇ ਸੁਲਝਾਉਣ ਦੇ ਕਿਰਿਆਤਮਿਕ ਕਾਰਜਾਂ 'ਚ ਬੀਤਿਆ ਹੈ। ਸੁਚੇਤ ਭਾਵਨਾ ਨਾਲ, ਉਸ ਨੇ ਪੰਜਾਬੀਆਂ ਨੂੰ ਸਮਝਾਇਆ ਹੈ ਕਿ ਪੰਜਾਬ ਅੰਦਰ, ਪਾਣੀਆਂ ਦਾ ਸੰਕਟ, ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਹੈ। ਭਾਰਤ ਦੇ ਸਿਆਸਤ, ਸੱਭਿਆਚਾਰ ਦਾ ਨਿਘਾਰ, ਸਾਡੇ ਸਾਹਮਣੇ ਹੈ, ਦੇਸ਼ ਨੂੰ ਸਿਆਸੀ, ਆਰਥਿਕ, ਸੱਭਿਆਚਾਰਕ ਸੰਕਟ 'ਚੋਂ ਕੱਢਣ ਦੀ ਲੋੜ ਹੈ। ਰਾਜਨੀਤਕ ਪਾਰਟੀਆਂ, ਫ਼ਿਰਕਾ ਪ੍ਰਸਤੀ ਦਾ ਸ਼ਿਕਾਰ ਹਨ। ਭਾਰਤ ਦੇ ਲੋਕਾਂ ਦੇ ਦੁੱਖਾਂ ਦਾ ਇਲਾਜ ਚੌਖੰਬਾ ਰਾਜ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਲੇਖਕ ਨੇ ਤਬਦੀਲੀਆਂ ਦੀਆਂ ਲੋੜਾਂ ਉੱਪਰ ਜ਼ੋਰ ਦਿੱਤਾ ਹੈ, ਜਿਵੇਂ ਸੂਚਨਾ ਦਾ ਅਧਿਕਾਰ, ਚੌ-ਖੰਭਾ ਰਾਜ, ਨਵੇਂ ਮਸੰਦਾਂ, ਮਹੰਤਾਂ ਤੋਂ ਗੁਰੂ ਘਰਾਂ ਨੂੰ ਮੁਕਤ ਕਰਵਾਉਣਾ, ਅਸਲੀ ਅਤੇ ਨਕਲੀ ਅਕਾਲੀਆਂ ਦੀ ਪਰਖ ਕਰਨੀ, ਕੰਢੀ ਇਲਾਕਿਆਂ ਦੀਆਂ ਸਮੱਸਿਆ ਨੂੰ ਹੱਲ ਕਰਨਾ, ਪੰਜਾਬੀ ਸੱਭਿਆਚਾਰ ਦਾ ਹੁਲੀਆ ਵਿਗਾੜਨ ਵਾਲੇ ਲੋਕਾਂ ਤੋਂ 'ਸੁਚੇਤ ਰਹਿਣ' ਦੀ ਲੋੜ, ਪੰਜਾਬ ਵਿਚ ਸਿੱਖਿਆ-ਖੇਤਰ ਵਿਚ ਸੁਧਾਰਾਂ ਅਤੇ ਤਬਦੀਲੀਆਂ ਸੰਬੰਧੀ ਆਪਣੇ ਸੁਧਾਰਾਂ ਤੋਂ ਸਾਨੂੰ ਜਾਣੂ ਕਰਵਾਇਆ। ਖੇੜਾ ਸਾਹਿਬ ਦੇ ਯਤਨਾਂ ਸਦਕੇ ਹੀ, ਸਕੂਲਾਂ ਦਾ ਪ੍ਰਾਇਮਰੀ ਵਿਭਾਗ, ਵੱਖਰਾ ਪ੍ਰਬੰਧਕ ਵਿਭਾਗ ਸਥਾਪਿਤ ਹੋਇਆ ਸੀ। ਇਹ ਸੁਧਾਰ ਅਸਲ ਵਿਚ ਦੇਸ਼, ਸਮਾਜ ਅਤੇ ਸਰਕਾਰੀ ਗ਼ੈਰ-ਸਰਕਾਰੀ ਅਦਾਰਿਆਂ ਲਈ, ਚੁੱਪ ਕੀਤਾ ਇਨਕਲਾਬ ਸਾਬਿਤ ਹੋਵੇਗਾ, ਜਿਸ ਨੂੰ ਅਸੀਂ 5vo&ut}on ਕਹਿੰਦੇ ਹਾਂ। ਭਾਰਤ ਦੀ ਆਜ਼ਾਦੀ ਦੇ 75-76 ਸਾਲ, ਅਸਲ ਵਿਚ ਖ਼ਾਮੋਸ਼ ਤਬਦੀਲੀ ਦੇ ਸਾਲ ਹਨ, ਜਿਨ੍ਹਾਂ ਦਾ ਜ਼ਿਕਰ ਖੇੜਾ ਸਾਹਿਬ ਨੇ ਆਪਣੀ ਪੁਸਤਕ ਵਿਚ ਕੀਤਾ ਹੈ। ਸੁਧਾਰ ਹੁੰਦੇ ਰਹਿਣੇ ਚਾਹੀਦੇ ਹਨ, ਇਨ੍ਹਾਂ ਰਾਹੀਂ ਹੁੰਦੀ ਤਬਦੀਲੀ, ਹੌਲੇ-ਹੌਲੇ ਖ਼ੁਸ਼ਹਾਲੀ ਦੀ ਸੂਚਕ ਬਣਦੀ ਹੈ।ਅਜਿਹੇ ਲੇਖਕ ਦੀ ਕਲਮ ਦਾ ਅਭਿਨੰਦਨ ਹੈ ਜਿਹੜਾ ਆਪਣੇ ਦੇਸ਼, ਲੋਕ ਸਮਾਜ ਦੇ ਹਰ ਖੇਤਰ ਦੀ ਖ਼ੁਸ਼ਹਾਲੀ ਚਾਹੁੰਦਾ ਸੀ।

-ਡਾ. ਅਮਰ ਕੋਮਲ
ਮੋਬਾਈਲ : 84378-73565

ਕੌਣ ਸਾਹਿਬ ਨੂੰ ਆਖੇ
ਸੰਪਾਦਕ : ਦਰਸ਼ਨ ਬੋਪਾਰਾਏ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 80 ਰੁਪਏ, ਸਫ਼ੇ : 47
ਸੰਪਰਕ : 98158-94856

ਨਿੱਕੇ ਆਕਾਰ ਦੀ ਇਹ ਬੇਹੱਦ ਮਹੱਤਵਪੂਰਨ ਪੁਸਤਕ ਹੈ, ਜਿਸ ਵਿਚ ਪ੍ਰਸਿੱਧ ਸੂਫ਼ੀ ਕਵੀ ਵਜੀਦ ਦੇ ਰਚੇ ਸਲੋਕਾਂ ਦੀ ਹੱਥ ਲਿਖਤ ਸ਼ਾਮਿਲ ਕੀਤੀ ਗਈ ਹੈ। ਪੁਸਤਕ ਦੇ ਸੰਗ੍ਰਹਿ ਕਰਤਾ ਤੇ ਸੰਪਾਦਕ ਦਰਸ਼ਨ ਬੋਪਾਰਾਏ ਮੁੱਲਾਂਪੁਰ ਦਾਖਾ ਨੇ ਪੁਸਤਕ ਦੇ ਆਰੰਭ ਵਿਚ ਦੱਸਿਆ ਕਿ ਉਨ੍ਹਾਂ ਲਾਹੌਰ ਤੋਂ ਆਪਣੇ ਫੇਸਬੁੱਕ ਮਿੱਤਰ ਐਮ.ਐਸ. ਆਸਿਫ ਦੇ ਕਹਿਣ 'ਤੇ ਸੂਫ਼ੀ ਕਵੀ ਵਜੀਦ ਦੇ ਹੱਥ ਲਿਖਤ ਸਲੋਕਾਂ ਨੂੰ ਇਸ ਪੁਸਤਕ ਵਿਚ ਪਦਛੇਦ ਕਰਕੇ ਛਾਪਿਆ ਹੈ। ਇਹ ਪੁਰਾਤਨ ਹੱਥ-ਲਿਖਤ ਮਈ 1888 ਵਿਚ ਨਜ਼ਰ ਆਈ ਸੀ। ਇਸ ਰੂਹਾਨੀ ਕਵੀ ਦੀ ਇਹ ਕਾਵਿ-ਸਤਰ 'ਕੌਣ ਸਾਹਿਬ ਨੂੰ ਆਖੇ' ਇਸੇ ਕਰਕੇ ਇਸ ਪੁਸਤਕ ਦਾ ਸਿਰਲੇਖ ਬਣੀ ਹੈ।
ਇਹ ਪੁਸਤਕ ਪੜ੍ਹ ਕੇ ਦਰਸ਼ਨ ਬੋਪਰਾਏ ਬੇਹੱਦ ਉੱਦਮੀ ਸਿੱਧ ਹੋਏ ਹਨ। ਉਨ੍ਹਾਂ ਦਾ ਕੇਵਲ ਹੱਥ ਲਿਖਤ ਸਲੋਕਾਂ ਨੂੰ ਪਦਛੇਦ ਕੀਤਾ ਨਾਲ ਹੀ ਇਨ੍ਹਾਂ ਸਲੋਕਾਂ ਵਿਚ ਦਰਜ ਔਖੇ ਸ਼ਬਦਾਂ ਦੇ ਅਰਥ ਵੀ ਲਿਖੇ ਹਨ ਜੋ ਕਿ ਪਾਠਕਾਂ ਲਈ ਬੇਹੱਦ ਲੋੜੀਂਦੇ ਹਨ।
ਉਨ੍ਹਾਂ ਨੇ ਇਸ ਪੁਸਤਕ ਵਿਚ ਜਿਥੇ ਸੂਫ਼ੀ ਕਵੀ ਵਜੀਦ ਦੀ ਹੱਥ ਲਿਖਤ ਮਹਿਫੂਜ਼ ਕੀਤੀ ਹੈ, ਉਥੇ ਉਨ੍ਹਾਂ ਇਸ ਪੁਸਤਕ ਵਿਚ ਆਪਣੇ ਲੇਖ 'ਦੌਲਤ ਦੀ ਕਾਣੀ ਵੰਡ', 'ਸੂਫ਼ੀ ਸ਼ਬਦ ਬਾਰੇ' ਅਤੇ 'ਬਾਬਾ ਵਜੀਦ ਜੀ ਬਾਰੇ' ਵਿਚ ਸੂਫੀ ਸਾਹਿਤ, ਸੂਫ਼ੀ ਵਿਚਾਰਧਾਰਾ ਅਤੇ ਸੂਫ਼ੀ ਕਵੀ ਵਜੀਦ ਬਾਰੇ ਬੇਹੱਦ ਮਹੱਤਵਪੂਰਨ ਅਤੇ ਲੋੜੀਂਦੀ ਖੋਜ ਭਰਪੂਰ ਜਾਣਕਾਰੀ ਦਰਜ ਕੀਤੀ ਹੈ। ਬੋਪਾਰਾਏ ਜੀ ਦਾ ਇਹ ਖੋਜ ਕਾਰਜ ਸਭ ਪਾਸਿਉਂ ਸਲਾਹਿਆ ਜਾਣਾ ਬਣਦਾ ਹੈ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444

ਦੂਜਾ ਵਿਸ਼ਵ ਯੁੱਧ
ਅਨੁਵਾਦਕ ਤੇ ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 295 ਰੁਪਏ, ਸਫ਼ੇ : 240
ਸੰਪਰਕ : 98148-03254

ਪ੍ਰਸਿੱਧ ਕਹਾਣੀਕਾਰ ਤੇ ਅਨੁਵਾਦਕ ਜਿੰਦਰ ਨੇ ਇਸ ਕਿਤਾਬ ਵਿਚ ਹਿੰਦੀ ਦੇ ਵੱਖ-ਵੱਖ 12 ਕਹਾਣੀਕਾਰਾਂ ਦੀਆ 12 ਕਹਾਣੀਆਂ ਸੰਪਾਦਿਤ ਕੀਤੀਆਂ ਹਨ। ਆਕਾਰ ਵਲੋਂ ਕਹਾਣੀਆ 5 ਸਫ਼ਿਆਂ ਤੋਂ 33 ਸਫ਼ਿਆਂ ਤੱਕ ਹਨ । ਕਹਾਣੀਆਂ ਦੀ ਚੋਣ ਬਾਰੇ ਜਿੰਦਰ ਨੇ ਲਿਖਿਆ ਹੈ ਇਨ੍ਹਾਂ 12 ਕਹਾਣੀਆ ਵਿਚ 10 ਕਹਾਣੀਆਂ ਬਜ਼ੁਰਗਾਂ ਦੀ ਜ਼ਿੰਦਗੀ ਬਾਰੇ ਹਨ। ਕਹਾਣੀਆਂ ਵੀ ਉਹ ਹਨ ਜੋ ਸੰਪਾਦਕ ਨੂੰ ਹਿੰਦੀ ਮੈਗਜ਼ੀਨ ਪੜ੍ਹਦੇ ਸਮੇਂ ਚੰਗੀਆਂ ਲੱਗੀਆਂ ਤੇ ਜਿਨ੍ਹਾਂ ਪ੍ਰਭਾਵਿਤ ਕੀਤਾ। ਹਿੰਦੀ ਕਹਾਣੀ ਬਾਰੇ ਸੰਪਾਦਕ ਨੇ ਪ੍ਰਭਾਵਸ਼ਾਲੀ ਭੂਮਿਕਾ ਲਿਖੀ ਹੈ। ਹਿੰਦੀ ਕਹਾਣੀ ਦੇ ਆਕਾਰ ਬਾਰੇ ਲਿਖਿਆ ਹੈ- ਉਦਯ ਪ੍ਰਕਾਸ਼ ਨੇ ਕਹਾਣੀ ਮੋਹਨ ਲਾਲ 125 ਸਫ਼ਿਆਂ ਵਿਚ ਲਿਖੀ ਹੈ । 1980-90 ਤੋਂ ਪਿੱਛੋਂ ਹਿੰਦੀ ਕਹਾਣੀ ਵਿਚ ਨਵੇਂ ਚਿਹਰੇ ਆਉਣ ਲੱਗੇ। ਪੰਜਾਬੀ ਕਹਾਣੀ ਵਾਂਗ ਹਿੰਦੀ ਵਿਚ ਵੀ ਕਹਾਣੀ ਦੀ ਪੀੜ੍ਹੀ ਵੰਡ ਹੁੰਦੀ ਰਹੀ ਹੈ। ਹਿੰਦੀ ਕਹਾਣੀਕਾਰ ਭੀਸ਼ਮ ਸਾਹਨੀ ਦਾ ਹਵਾਲਾ ਹੈ। ਭਾਸ਼ਾ ਕੋਈ ਵੀ ਹੋਵੇ, ਕਹਾਣੀ ਸਮਕਾਲੀ ਸਮਾਜਿਕ ਮੁੱਦਿਆਂ ਨੂੰ ਆਧਾਰ ਬਣਾਉਂਦੀ ਹੈ । ਸੰਗ੍ਰਹਿ ਵਿਚ ਗੋਬਿੰਦ ਮਿਸ਼ਰ ਦੀ ਕਹਾਣੀ 'ਜ਼ਖਮੀ' ਦੇ ਪਾਤਰ ਦੇ ਬੋਲ ਹਨ... ਵੇਖ ਅਸੀਂ ਦੋਵੇਂ ਹੀ ਬੁੱਢੇ ਹਾਂ, ਬੇਵਸ। ਹੁਣ ਤੂੰ ਡਿਗ ਪਈ ਸੀ, ਕਿਸੇ ਨਾ ਕਿਸੇ ਤਰਾਂ ਤੈਨੂੰ ਚੁੱਕਿਆ ਮੈਂ...। ਪ੍ਰਿਯ ਵੰਦ ਦੀ ਕਹਾਣੀ 'ਬਿਲਕੁਲ ਨੰਗਾ' ਦੇ ਪਾਤਰ ਰੇਲ ਸਫ਼ਰ ਕਰਦਾ ਬਜ਼ੁਰਗ ਜੋੜਾ ਹੈ। ਉਹ ਕੁਦਰਤ ਦਾ ਅਨੰਦ ਮਾਣਦੇ ਹਨ। ਇਕ ਮੁਸਾਫਰ ਨੂੰ ਮਿਲਦੇ ਹਨ। ਉਹ ਬੇਟਿਕਟਾ ਹੈ। ਕਹਾਣੀਕਾਰ ਆਪਣੀ ਕਹਾਣੀ ਸਿਰਜਣਾ ਦੀ ਗੱਲ ਕਰਦਾ ਹੈ। ਬਜ਼ੁਰਗ ਪਾਤਰ ਜ਼ਿੰਦਗੀ ਜਿਉਣ ਦੇ ਸੁਪਨੇ ਲੈਂਦੇ ਹਨ। ਤੁਰਨ ਫਿਰਨ ਦੀ ਬੇਵਸੀ ਕਾਰਨ ਸੁਪਨਿਆਂ ਵਿਚ ਉਹ ਯਾਤਰਾ ਕਰਦੇ ਹਨ । ਯੋਗੇਂਦਰ ਆਹੂਜਾ ਦੀ ਕਹਾਣੀ 'ਕੁਸ਼ਤੀ' ਦਾ ਪਾਤਰ ਸੁਪਨੇ ਵਿਚ ਕੁਸ਼ਤੀ ਲੜਦਾ ਹੈ। ਪਾਤਰ ਆਪਣੇ ਅਤੀਤ ਨੂੰ ਯਾਦ ਕਰਦੇ ਹਨ। ਉਨ੍ਹਾਂ ਕੋਲ ਜ਼ਿੰਦਗੀ ਦਾ ਗਹਿਰਾ ਤਜ਼ਰਬਾ ਹੈ। ਪਾਤਰ ਜਨਕ ਤੇ ਅਹਿਲਿਆ (ਕਹਾਣੀ ਛੋਟੀ ਜਿਹੀ ਦੁਨੀਆ ਗਿਆਨ ਪ੍ਰਕਾਸ਼ ਵਿਵੇਕ) ਇਕ ਦੂਸਰੇ ਦੇ ਦੁੱਖ ਸੁੱਖ ਦੇ ਭਾਈਵਾਲ ਹਨ। ਉਨ੍ਹਾਂ ਦੇ ਬੱਚੇ ਪਰਿਵਾਰਾਂ ਵਾਲੇ ਹਨ ਤੇ ਦੂਰ ਰਹਿੰਦੇ ਹਨ। ਕਦੇ ਕਦੇ ਘਰ ਗੇੜਾ ਮਾਰਦੇ ਹਨ। ਪਰ ਬਜ਼ੁਰਗ ਫਿਰ ਵੀ ਸੰਤੁਸ਼ਟ ਹਨ। ਬਜ਼ੁਰਗਾਂ ਦੇ ਨਿੱਕੇ ਨਿੱਕੇ ਸੰਵਾਦ ਮਨ ਨੂੰ ਟੁੰਭਦੇ ਹਨ। (ਕਹਾਣੀ ਕੁੱਤਾ- ਬਿੱਲੀ ਮੋ ਆਰਿਫ ਸਫ਼ਾ 180) ਕਹਾਣੀਆਂ 'ਮੱਕੜੀ ਦੇ ਜਾਲੇ, ਸਨੀ ਲਿਓਨੀ, ਦੂਜਾ ਵਿਸ਼ਵ ਯੁੱਧ, ਇਕ ਨਕਸ਼ਾ ਇਕ ਸੁਪਨਾ ਤੇ ਕੁਝ ਤਿਤਲੀਆਂ, ਰੰਗਮੰਚ ਵਿਚ ਨੱਚੀ ਰਾਧਾ, ਸਾਜ਼ ਨਾਸਾਜ਼ ਵੱਖ-ਵੱਖ ਸਥਿਤੀਆਂ' ਦੀਆਂ ਭਾਵਪੂਰਤ ਕਹਾਣੀਆਂ ਹਨ। ਅਨੁਵਾਦਤ ਕਹਾਣੀ ਸੰਗ੍ਰਹਿ ਦਾ ਸਵਾਗਤ ਹੈ ।

-ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

04-03-2024

 ਜੁਗਨੂੰਆਂ ਦੇ ਅੰਗ ਸੰਗ
ਲੇਖਕ : ਜਗਜੀਤ ਸਿੰਘ ਲੋਹਟਬੱਧੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 89684-33500

ਹਥਲੀ ਪੁਸਤਕ ਵਿਚ ਪ੍ਰੋ. ਜਗਜੀਤ ਸਿੰਘ ਲੋਹਟਬੱਧੀ ਦੇ 22 ਲਲਿਤ ਅਤੇ ਸੱਭਿਆਚਾਰਕ ਨਿਬੰਧ ਸੰਕਲਿਤ ਹਨ। ਪ੍ਰੋ. ਲੋਹਟਬੱਧੀ ਪੰਜਾਬੀ ਅਤੇ ਵਿਸ਼ਵ ਸਾਹਿਤ ਦਾ ਇਕ ਗੰਭੀਰ ਪਾਠਕ ਹੈ ਅਤੇ ਉਸ ਨੇ ਆਪਣੇ ਜੀਵਨ ਦੇ ਤਿੰਨ-ਚਾਰ ਦਹਾਕੇ ਅੰਗਰੇਜ਼ੀ ਸਾਹਿਤ ਨੂੰ ਤੁਲਨਾਤਮਕ-ਸ਼ਾਸਤਰ ਦੀ ਦ੍ਰਿਸ਼ਟੀ ਨਾਲ ਪੜ੍ਹਾਇਆ ਹੈ। ਉਹ ਜਾਣਦਾ ਹੈ ਕਿ ਹਰ ਸਾਹਿਤਕ ਰਚਨਾ ਆਪਣੇ ਸਮਕਾਲੀ ਅਤੇ ਪੂਰਵਕਾਲੀ ਸਾਹਿਤ ਨਾਲ ਜੁੜੀ ਹੁੰਦੀ ਹੈ। ਇਹੀ ਕਾਰਨ ਹੈ ਕਿ ਇਸ ਪੁਸਤਕ ਵਿਚਲੇ ਕਈ ਲੇਖ ਗੁਰੂ ਨਾਨਕ ਸਾਹਿਬ, ਪਰਮਸੰਤ ਨਾਮਦੇਵ, ਵਾਰਿਸ ਸ਼ਾਹ, ਪ੍ਰਿੰ. ਤੇਜਾ ਸਿੰਘ ਅਤੇ ਪੰਜਾਬ ਦੇ ਲੋਕ-ਸਾਹਿਤਕ ਵਿਰਸੇ ਨਾਲ ਬੜਾ ਜੀਵੰਤ ਸੰਵਾਦ ਰਚਾਉਂਦੇ ਹਨ।
ਬੇਸ਼ੱਕ, ਪੂੰਜੀਵਾਦੀ ਯੁੱਗ ਦੇ ਅਮਾਨਵੀ ਚਰਿੱਤਰ ਨੇ ਆਧੁਨਿਕ ਕਾਲ ਦੇ ਬਹੁਤ ਸਾਰੇ ਲੇਖਕਾਂ ਦਾ ਲਹਿਜ਼ਾ ਤਲਖ਼ ਅਤੇ ਤੁਰਸ਼ ਕਰ ਦਿੱਤਾ ਹੈ, ਪ੍ਰੰਤੂ ਪ੍ਰੋ. ਸਾਹਿਬ ਨੇ ਆਪਣੇ ਸਹਿਜ-ਸੰਤੁਲਨ ਨੂੰ ਬੇਕਾਬੂ ਜਾਂ ਭਾਵੁਕ ਨਹੀਂ ਹੋਣ ਦਿੱਤਾ। ਉਹ ਮਨੁੱਖੀ ਜੀਵਨ ਨੂੰ ਰੱਬ ਦੀ ਕੁਦਰਤ ਦੀ ਇਕ ਅਨਮੋਲ ਦਾਤ ਸਮਝਦਾ ਹੈ। ਇਸੇ ਲਈ ਉਹ ਇਸ ਦੀ ਰੱਜ ਕੇ ਖ਼ੁਸ਼ੀ ਮਨਾਉਂਦਾ ਹੈ। ਦੇਖੋ : 'ਜ਼ਿੰਦਗੀ ਖ਼ੁਸ਼ਬੋਈ ਐ। ਰੀਝਾਂ ਅਤੇ ਸੁਪਨਿਆਂ ਦੇ ਧਾਗਿਆਂ ਵਿਚ ਪਰੋਈ ਮਾਲਾ! ਦਰਿਆਵਾਂ ਦੇ ਪਾਣੀਆਂ ਦੀ ਸਰਸਾਹਟ, ਪੌਣਾਂ ਦਾ ਸਿਰਨਾਵਾਂ, ਪੰਛੀਆਂ ਦੀ ਉਡਾਰੀ... ਜੀਅ ਭਰ ਕੇ ਜਿਊਣ ਦਾ ਤਸੱਵਰ!' (ਜ਼ਿੰਦਗੀ ਜ਼ਿੰਦਾਬਾਦ, ਪੰ. 25)
ਇਸ ਪੁਸਤਕ ਦੇ ਲੇਖਾਂ ਵਿਚ ਪ੍ਰੋ. ਤੇਜਾ ਸਿੰਘ ਵਾਲੀ ਸਹਿਜ-ਸੁਭਾਵਿਕਤਾ, ਪ੍ਰੋ. ਪੂਰਨ ਸਿੰਘ ਵਰਗੀ ਕਲਪਨਾਤਕਮਤਾ ਅਤੇ ਸ. ਲਾਲ ਸਿੰਘ ਕਮਲਾ ਅਕਾਲੀ ਵਰਗੀ ਤੁਲਨਾਤਮਿਕ ਦ੍ਰਿਸ਼ਟੀ ਨਜ਼ਰ ਆਉਂਦੀ ਹੈ। ਲੇਖਕ ਨੇ ਆਪਣੇ ਵਿਸ਼ਾਲ ਅਨੁਭਵ ਦਾ ਫਾਇਦਾ ਉਠਾਉਂਦਿਆਂ ਇਨ੍ਹਾਂ ਲੇਖਾਂ ਨੂੰ ਬਹੁਪੱਖੀ ਆਕਾਰ-ਪ੍ਰਕਾਰ ਪ੍ਰਦਾਨ ਕੀਤੇ ਹਨ। ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਪੰਜਾਬ ਅਤੇ ਵਿਸ਼ਵ ਦੇ ਪ੍ਰਮੁੱਖ ਲੇਖਕਾਂ ਦੀਆਂ ਉਦਾਹਰਨਾਂ (ਕੋਟੇਸ਼ਨਜ਼ ਸਮੇਤ) ਦਿੱਤੀਆਂ ਹਨ। ਲਾਲਿਤਯ (&਼r}ca&}sm) ਇਨ੍ਹਾਂ ਲੇਖਾਂ ਦਾ ਪਛਾਣ-ਚਿੰਨ੍ਹ ਹੈ। ਇਹ ਪੁਸਤਕ 'ਚੜ੍ਹਦੀ ਕਲਾ' ਦਾ ਇਕ ਬਹੁਮੁੱਲਾ ਦਸਤਾਵੇਜ਼ ਹੈ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਸੁਰਵੰਤੀਆਂ
ਗ਼ਜ਼ਲਕਾਰ : ਮੇਜਰ ਸਿੰਘ ਰਾਜਗੜ੍ਹ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 155 ਰੁਪਏ, ਸਫ਼ੇ : 96
ਸੰਪਰਕ : 98766-64204

ਅਜੋਕੇ ਦੌਰ ਵਿਚ ਲਿਖੀ ਜਾ ਰਹੀ ਪੰਜਾਬੀ ਗ਼ਜ਼ਲ ਦਾ ਦਾਇਰਾ ਹੁਣ ਸੀਮਤ ਨਹੀਂ ਰਿਹਾ, ਇਸ ਦੇ ਰਚਨਹਾਰਿਆਂ ਵਿਚ ਨਵੇਂ ਦਿਨ ਸੰਭਾਵਨਾਵਾਂ ਭਰਪੂਰ ਨਵੇਂ ਚਿਹਰੇ ਸ਼ਾਮਿਲ ਹੋ ਰਹੇ ਹਨ। ਇਨ੍ਹਾਂ ਚਿਹਰਿਆਂ ਵਿਚ ਮੇਜਰ ਸਿੰਘ ਰਾਜਗੜ੍ਹ ਉੱਭਰਵਾਂ ਨਾਮ ਹੈ। ਉਸ ਦਾ ਗ਼ਜ਼ਲ ਸੰਗ੍ਰਹਿ 'ਸੁਰਵੰਤੀਆਂ' ਪੰਜਾਬੀ ਬੋਲੀ, ਸੂਫ਼ੀਆਂ ਤੇ ਕਿਰਤੀਆਂ ਨੂੰ ਸਮਰਪਿਤ ਹੈ। ਇਸ ਸੰਗ੍ਰਹਿ ਦੇ ਪੰਨੇ ਫਰੋਲਦਿਆਂ ਇਹ ਸਾਰਥਿਕ ਵੀ ਲਗਦਾ ਹੈ। ਗ਼ਜ਼ਲ ਭਾਵੇਂ ਮੁਹੱਬਤੀ ਪ੍ਰਵਚਨ ਦੀ ਅਭੀਵਿਅਕਤੀ ਸਮਝੀ ਜਾਂਦੀ ਰਹੀ ਹੈ ਪਰ ਸਮੇਂ ਦੇ ਨਾਲ-ਨਾਲ ਇਸ ਨੇ ਆਪਣੇ ਆਪ ਨੂੰ ਬਦਲ ਲਿਆ ਹੈ। ਇਹ ਮੇਜਰ ਸਿੰਘ ਰਾਜਗੜ੍ਹ ਦੀ ਗ਼ਜ਼ਲਕਾਰੀ ਵੀ ਦਰਸਾਉਂਦੀ ਹੈ। ਉਹ ਖ਼ੁਦ ਕਿਰਤੀ ਹੈ ਤੇ ਆਪਣੇ ਸ਼ਿਅਰਾਂ ਵਿਚ ਵੀ ਉਹ ਕਿਰਤ ਨਾਲ ਸੰਵਾਦ ਰਚਾਉਂਦਾ ਹੈ। ਇਸ ਕਿਤਾਬ ਵਿਚ ਰਾਜਗੜ੍ਹ ਨੇ ਗ਼ਜ਼ਲ ਨੂੰ ਆਪਣੇ ਸੰਘਰਸ਼ ਦਾ ਵਸੀਲਾ ਬਣਾਇਆ ਹੈ। ਉਹ ਨਿੱਤ ਦਿਨ ਕਿਰਤ ਖ਼ਿਲਾਫ਼ ਹੋ ਰਹੇ ਫ਼ੈਸਲਿਆਂ ਅਤੇ ਘੜੇ ਜਾਂਦੇ ਕਾਲੇ ਕਾਨੂੰਨਾਂ ਤੋਂ ਪ੍ਰੇਸ਼ਾਨ ਤੇ ਚਿੰਤਤ ਹੈ ਅਤੇ ਉਸ ਦਾ ਰੰਜ ਇਨ੍ਹਾਂ ਗ਼ਜ਼ਲਾਂ 'ਚੋਂ ਬੋਲਦਾ ਹੈ। ਉਹ ਹਨੇਰੀ ਰਾਤ ਵਿਚ ਦੀਵੇ ਜਗਾਉਣ ਦਾ ਹੋਕਾ ਦਿੰਦਾ ਹੈ ਤੇ ਪ੍ਰਾਪਤੀਆਂ ਲਈ ਇਕਜੁਟਤਾ ਨੂੰ ਬਹੁਤ ਜ਼ਰੂਰੀ ਸਮਝਦਾ ਹੈ। ਕਿਤੇ ਕਿਤੇ ਉਸ ਨੂੰ ਸੱਜਣ ਦੀ ਦੀਦ ਦੀ ਵੀ ਤਾਂਘ ਹੈ, ਕਿਉਂਕਿ ਸਾਥ ਬਿਨਾਂ ਕੋਈ ਵੀ ਜੰਗ ਜਿੱਤਣੀ ਆਸਾਨ ਨਹੀਂ ਹੁੰਦੀ। ਉਹ ਬਚਪਨ ਵਿਚ ਸਾਥੀਆਂ ਨਾਲ ਬਿਤਾਏ ਦਿਨਾਂ ਨੂੰ ਵੀ ਯਾਦ ਕਰਦਾ ਹੈ ਤੇ ਪੁਰਾਣੇ ਸਮੇਂ ਦੀਆਂ ਲਿਹਾਜ਼ਦਾਰੀਆਂ ਹੁਣ ਵੀ ਉਸ ਦੇ ਚੇਤੇ 'ਚ ਹਨ। ਪੁਰਾਤਨ ਪੰਜਾਬ ਦਾ ਮੁਹਾਂਦਰਾ ਹੁਣ ਵੀ ਉਸ ਦੇ ਅੰਦਰ ਵਸਿਆ ਹੋਇਆ ਹੈ। ਪੁਸਤਕ ਵਿਚ ਸ਼ਾਮਿਲ 74 ਗ਼ਜ਼ਲਾਂ ਉਸ ਦੀ ਉਸਾਰੂ ਤੇ ਅਗਾਂਹਵਧੂ ਵਿਚਾਰਧਾਰਾ ਦੀ ਪੁਸ਼ਟੀ ਕਰਦੀਆਂ ਹਨ। ਅਜਿਹੀ ਵਿਚਾਰਧਾਰਾ ਅਜੋਕੇ ਦੌਰੇ ਵਿਚ ਹੋਰ ਵੀ ਅਹਿਮ ਹੋ ਗਈ ਹੈ। ਤਮਾਮ ਗ਼ਜ਼ਲਾਂ ਵਿਚ ਵਧੇਰੇ ਕਰਕੇ ਗ਼ਜ਼ਲ ਦੇ ਅਸੂਲਾਂ ਨੂੰ ਨਿਭਾਇਆ ਗਿਆ ਹੈ ਤੇ ਸ਼ਿਅਰਾਂ ਨੂੰ ਸਰਲ ਰੱਖਿਆ ਗਿਆ ਹੈ। ਸੰਦੇਸ਼ ਵਾਹਕ ਰਚਨਾਵਾਂ ਨੂੰ ਮੁਸ਼ਕਿਲ ਸ਼ਬਦਾਵਲੀ ਰਾਸ ਵੀ ਨਹੀਂ ਆਉਂਦੀ। 'ਸੁਰਵੰਤੀਆਂ' ਗ਼ਜ਼ਲ ਸੰਗ੍ਰਹਿ ਨੂੰ ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਭਵਿੱਖ ਵਿਚ ਗ਼ਜ਼ਲਕਾਰ ਹੋਰ ਵੀ ਸ਼ਿੱਦਤ ਨਾਲ ਨਿੱਖਰ ਕੇ ਸਾਹਮਣੇ ਆਵੇਗਾ। ਲੋਕਾਂ ਦੀ ਗੱਲ ਕਰਨ ਵਾਲੀ ਇਸ ਪੁਸਤਕ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਹਥੇਲੀ 'ਤੇ ਰੱਖਿਆ ਸੂਰਜ
ਸੰਪਾਦਕ : ਡਾ. ਮਨਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 650 ਰੁਪਏ, ਸਫ਼ੇ : 320
ਸੰਪਰਕ : 96469-60600

ਵਿਚਾਰਧੀਨ ਕਹਾਣੀ ਸੰਗ੍ਰਹਿ ਵਿਚ ਮਨੋਵਿਗਿਆਨ/ਮਾਨਸਿਕ ਵਿਸ਼ਲੇਸ਼ਣ/ਪਾਤਰਾਂ ਦੇ ਅਸਤਿਤਵ ਅਨੁਸਾਰ ਬਿਰਤਾਂਤ ਸਿਰਜਣ ਵਾਲੀਆਂ ਕਥਾਵਾਂ ਸੰਕਲਿਤ ਕੀਤੀਆਂ ਗਈਆਂ ਹਨ, ਇਨ੍ਹਾਂ ਕਹਾਣੀਆਂ ਦਾ ਅਧਿਐਨ ਕਰਦਿਆਂ ਬਿਨਾਂ ਕਿਸੇ ਵਾਧੂ ਵਿਸਥਾਰ ਦੇ ਕੇਂਦਰੀ ਸੂਤਰ ਪਹਿਚਾਣੇ ਜਾ ਸਕਦੇ ਹਨ। ਭਾਵ : ਮਰਦਾਵੀਂ ਹਉਂ (ਵਿਪਿਨ ਗਿੱਲ) ਦੀ ਕਹਾਣੀ 'ਅਣਕਹੀ ਪੀੜ੍ਹ', ਗੇਅ : ਅਰਘ (ਜਤਿੰਦਰ ਹਾਂਸ), ਦੁਖੀ ਬੁਢਾਪਾ-ਇਕੱਲਤਾ ਦੀ ਮਾਨਸਿਕਤਾ, ਆਸ ਨਿਰਾਸ਼ (ਬਲਵੀਰ ਪਰਵਾਨਾ), ਪੰਜਾਬ ਬਨਾਮ ਕੈਨੇਡਾ ਦੀ ਅਣਖੀ ਮਾਨਸਿਕਤਾ, ਇਹ ਝਾਂਜਰ ਤੂੰ ਨਾ ਪਾਵੀਂ (ਅਜਮੇਰ ਸਿੱਧੂ), ਇਕੋ ਪਤਨੀ-ਇਕੋ ਦਰਵਾਜ਼ਾ (ਦਰਸ਼ਨ ਜੋਗਾ), ਸੁਪਨ ਅਰਧ ਸੁਪਨ ਅਵਸਤਾ ਊਟ-ਪਟਾਂਗ, ਇਬਾਰਤਾਂ (ਬਲੀਜੀਤ), ਇੱਛਾਧਾਰੀ' (ਕਿਰਪਾਲ ਕਜ਼ਾਕ), ਰੰਗਰੇਟਾ ਬਨਾਮ ਸਿੱਧੂ, ਸਿੱਧਾ ਬੰਦਾ, ਵੰਡੀ ਹੋਈ ਮਾਨਸਿਕਤਾ (ਗੁਰਮੀਤ ਕੜਿਆਲਵੀ), ਨਿਰਾਸ਼ਾ ਦਾ ਆਸ ਵਿਚ ਪਰਿਵਰਤਨ 'ਸੁਪਨਾ' (ਅਮਰਜੀਤ ਸਿੰਘ ਮਾਨ), ਰੇਪ ਬਨਾਮ ਹਊਆ-ਸੇਫਟੀ ਕਿੱਟ (ਜਿੰਦਰ), ਰੂਹ ਬਨਾਮ ਸਰੀਰਕ ਮਿਲਾਪ 'ਹਥੇਲੀ 'ਤੇ ਰੱਖਿਆ ਸੂਰਜ' (ਆਗਾਜ਼ਬੀਰ), 'ਹਾਰਸ ਪਾਵਰ'-ਹਿਣਕਦਾ ਹੋਇਆ ਘੋੜਾ (ਸਵਾਮੀ ਸਰਬਜੀਤ), ਕਰੋਨੇ ਦੇ ਦਿਨਾਂ ਵਿਚ ਘਰਾਂ ਨੂੰ ਜਾਂਦੇ ਬਿਹਾਰੀ ਮਜ਼ਦੂਰ, ਪੁਲਿਸ ਦੀ ਕੁੱਟ 'ਕਵਣੁ ਦੇਸ ਹੈ ਤੇਰਾ' (ਕੇਸਰਾ ਰਾਮ), ਵੱਖ-ਵੱਖ ਘਟਨਾਵਾਂ ਦੀ ਜਟਿਲ ਪੇਸ਼ਕਾਰੀ 'ਕੰਧ 'ਤੇ ਲਿਖਿਆ ਲਫ਼ਜ਼' (ਮਹਿੰਦਰ ਸਿੰਘ ਤਾਤਲਾ), 'ਗਤੀ' ਕੇਵਲ ਨਾਅਰੇ, ਕ੍ਰਾਂਤੀ ਨਹੀਂ (ਸੰਦੀਪ ਸਮਰਾਲਾ), ਮ੍ਰਿਤਕ ਪਤੀ ਪਰ ਪਤਨੀ ਦੀ ਮਾਨਸਿਕ ਦਸ਼ਾ 'ਛੱਲਾ' (ਦੀਪਤੀ ਬਬੂਦਾ), ਜ਼ੀਰੋ ਤੋਂ ਅਸਤਿਤਵ ਦਾ ਵਿਕਾਸ (ਜ਼ੀਰੋ) (ਗੁਰਮੀਤ ਆਰਿਫ਼), ਇਕੋ ਖ਼ਾਨਦਾਨ 'ਚ ਵਿਆਹ ਕਾਰਨ ਬਿਮਾਰੀਆਂ 'ਡੌਂਟ ਮਾਈਂਡ' (ਅਨਮਨ ਸਿੰਘ), ਸਪਰਮ ਤੋਂ ਬੱਚਾ ਪੈਦਾ ਕਰਕੇ ਇੱਜ਼ਤ ਦੀ ਰਾਖੀ 'ਤੁਖ਼ਮ' (ਭੂਪਿੰਦਰ ਸਿੰਘ ਮਾਨ), ਕੁਆਰ ਭੰਗ, ਪਤੀ ਨੂੰ ਦੱਸਣ 'ਚ ਦੁਬਿਧਾ 'ਤੂੰ ਇਜ ਨਾ ਕਰੀਂ' (ਨਿਰੰਜਣ ਬੋਹਾ), ਪਤੀ ਲੜ ਕੇ ਪਿਆਰ ਕਰੇ ਬਨਾਮ ਪਿਆਰ ਕਰਕੇ ਲੜੇ 'ਨਿਸ਼ਾਨ' (ਸਿਮਰਨ ਧਾਲੀਵਾਲ), ਸਿਜ਼ੋਫਰੇਨਿਆ 'ਪਲੇਟੀ' (ਜਸਵਿੰਦਰ ਧਰਮਕੋਟ), ਪੁੱਠੇ ਪੈਰੀਆਂ ਬਨਾਮ ਸਿੱਧੇ ਪੈਰੀਆਂ (ਅੰਜਨਾ ਸ਼ਿਵਦੀਪ), ਅੰਮ੍ਰਿਤਧਾਰੀ ਬਨਾਮ ਪਤਿਤ ਪਰਿਵਾਰ 'ਬੇਅਦਬੀ' (ਬਲਦੇਵ ਸਿੰਘ ਢੀਂਡਸਾ), ਨਾਮਰਦ ਪਤੀ ਬਨਾਮ ਮਰਦ ਬੰਦੇ 'ਬੰਜਰ' (ਜਗਰੂਪ ਸਿੰਘ ਦਾਤੇਵਾਸ), ਅਣਗੌਲੀ ਆਰਟਿਸਟ 'ਮਜਬੂਰੀ' (ਕੁਲਬੀਰ ਬਡੇਸਰੋਂ), ਚੰਦਨ ਦੇ ਬੂਟੇ ਲਾਗੇ ਅਰਹਰ ਦਾ ਮੁਰਝਾਉਣਾ ਮੈਦਾਫਰ 'ਰਹਿਣ ਦਿਓ ਪਾਪਾ' (ਬੂਟਾ ਸਿੰਘ), ਹਰ ਕਹਾਣੀ ਸ਼ੰਕਾ ਨਾਲ ਸ਼ੁਰੂ ਹੁੰਦੀ ਹੈ, ਅੱਗੋਂ ਕੀ ਹੋਇਆ? ਕਈ ਕਹਾਣੀਆਂ ਦੇ ਮੈਨਫਰ ਸੱਜਰੇ ਹਨ, ਕਈ ਵਾਰੀ ਸ਼ਬਦ ਢਕੇ ਰਹਿ ਜਾਂਦੇ ਹਨ, ਅਰਥ ਨੰਗੇ ਹੋ ਜਾਂਦੇ ਹਨ। ਅੰਤ ਪਾਤਰਾਂ ਦੇ ਹੱਥ ਰਹਿੰਦੇ ਹਨ। ਪਾਠਕ ਹੱਕਾ-ਬੱਕਾ ਰਹਿ ਜਾਂਦਾ ਹੈ। ਆਹ ਕੀ ਹੋ ਗਿਆ?

-ਡਾ. ਧਰਮ ਚੰਦ ਵਾਤਿਸ਼
vatishdharamchand@gmail.com

ਮਾਣਮੱਤਾ ਸੰਪਾਦਕ - ਸਾਹਿਤਕਾਰ ਕੰਵਰਜੀਤ ਭੱਠਲ
ਦਾ ਯਾਦਗਾਰੀ ਅਭਿਨੰਦਨ
ਮੁੱਖ ਸੰਪਾਦਕ : ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਭੱਠਲ ਪ੍ਰਕਾਸ਼ਨ, ਬਰਨਾਲਾ
ਮੁੱਲ : 400 ਰੁਪਏ, ਸਫ਼ੇ : 232
ਸੰਪਰਕ : 98766-36159

ਕੰਵਰਜੀਤ ਭੱਠਲ (ਜਨਮ 26.7.1943) ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਸ ਦਾ ਨਾਂਅ ਸੁਣਦਿਆਂ ਹੀ 'ਕਲਾਕਾਰ' ਅਤੇ 'ਭੱਠਲ ਪੁਰਸਕਾਰ' ਸਾਹਮਣੇ ਆ ਜਾਂਦੇ ਹਨ। ਉਹ ਇਕ ਸੁਹਿਰਦ ਕਵੀ ਅਤੇ ਸੂਝਵਾਨ ਸੰਪਾਦਕ ਹੈ। ਉਸ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਸ ਨੇ ਜੋ ਕਾਰਜ ਕੀਤੇ ਹਨ, ਉਹ ਨਿਵੇਕਲੇ ਅਤੇ ਵਿਲੱਖਣ ਹਨ। 1993 ਤੋਂ ਸ਼ੁਰੂ ਹੋਈ ਪੱਤ੍ਰਿਕਾ 'ਕਲਾਕਾਰ' ਅੱਜ ਤੱਕ ਨਿਰਵਿਘਨ ਜਾਰੀ ਹੈ, ਜਿਸ ਦੇ ਉਸ ਨੇ 29 ਵਿਸ਼ੇਸ਼ ਅੰਕ ਵੀ ਪ੍ਰਕਾਸ਼ਿਤ ਕੀਤੇ ਹਨ। ਉਹ ਹੁਣ ਤੱਕ 20 ਸਾਹਿਤਕਾਰਾਂ (ਕਵੀ, ਕਹਾਣੀਕਾਰ, ਪੱਤਰਕਾਰ, ਆਲੋਚਕ, ਨਾਟਕਕਾਰ ਆਦਿ) ਨੂੰ 'ਭੱਠਲ ਸਾਹਿਤਕ ਪੁਰਸਕਾਰ' ਪ੍ਰਦਾਨ ਕਰ ਚੁੱਕਾ ਹੈ। ਉਸ ਨੇ 25 ਇਨਾਮੀ ਕਹਾਣੀ ਮੁਕਾਬਲੇ ਕਰਵਾਏ। ਉਸ ਦੇ 2 ਕਹਾਣੀ ਸੰਗ੍ਰਹਿ ਤੇ 32 ਸੰਪਾਦਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਤੇਜਾ ਸਿੰਘ ਤਿਲਕ ਵਲੋਂ ਸੰਪਾਦਿਤ ਇਸ ਪੁਸਤਕ ਵਿਚ ਬਣਾਏ ਵੱਖ-ਵੱਖ ਭਾਗਾਂ ਅਧੀਨ ਕਰੀਬ 60 ਵਿਦਵਾਨਾਂ ਵਲੋਂ ਲਿਖੇ ਰੇਖਾ ਚਿੱਤਰ, ਸ਼ਬਦ ਚਿੱਤਰ, ਮੁਲਾਕਾਤ, ਆਲੋਚਨਾਤਮਕ ਲੇਖ, ਵਿਸ਼ੇਸ਼ ਅੰਕਾਂ ਬਾਰੇ ਲੇਖ ਆਦਿ ਦੇ ਅੰਤਰਗਤ ਕੰਵਰਜੀਤ ਵਲੋਂ ਕੀਤੇ ਕਾਰਜਾਂ ਨੂੰ ਪੜ੍ਹਿਆ/ਮਾਣਿਆ ਜਾ ਸਕਦਾ ਹੈ। 1993 ਵਿਚ ਬੀਏ ਕਰਦਿਆਂ ਹੀ ਉਸ ਨੇ ਕਾਲਜ ਮੁਕਾਬਲੇ ਲਈ ਪਹਿਲੀ ਕਹਾਣੀ ਲਿਖੀ, ਜੋ ਪਹਿਲੇ ਸਥਾਨ 'ਤੇ ਰਹੀ। ਉਸ ਦੀਆਂ ਕਹਾਣੀਆਂ/ਕਵਿਤਾਵਾਂ 'ਪ੍ਰੀਤਲੜੀ' ਜਿਹੇ ਪ੍ਰਸਿੱਧ ਮੈਗਜ਼ੀਨ ਵਿਚ ਛਪੀਆਂ। ਉਸ ਨੇ ਵੱਖ-ਵੱਖ ਥਾਵਾਂ 'ਤੇ ਕਰੀਬ 40 ਸਾਲ ਅੱਡ-ਅੱਡ ਨੌਕਰੀਆਂ ਕੀਤੀਆਂ ਸਕੂਲ ਅਧਿਆਪਕ, ਕਾਪੀ ਹੋਲਡਰ, ਪਰੂਫ਼ ਰੀਡਰ, ਸੁਪਰਡੈਂਟ ਆਦਿ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ 34 ਸਾਲ ਨੌਕਰੀ ਕਰਨ ਦੇ ਬਾਵਜੂਦ ਉਸ ਦੀ ਉਸ ਮਹਾਂਨਗਰ ਨਾਲ ਨਹੀਂ ਨਿਭ ਸਕੀ ਤੇ ਸੇਵਾਮੁਕਤੀ (30.9.2006) ਪਿੱਛੋਂ ਉਹ ਤੁਰੰਤ ਬਰਨਾਲੇ ਆ ਗਿਆ। ਚੰਡੀਗੜ੍ਹ ਉਸ ਦੇ ਲਈ 'ਚੰਡਾਲਗੜ੍ਹ' ਹੀ ਰਿਹਾ। ਉਸ ਦੀ ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬੇ ਇਸ ਪੁਸਤਕ ਵਿਚੋਂ ਪੜ੍ਹੇ ਜਾ ਸਕਦੇ ਹਨ। ਪੁਸਤਕ ਵਿਚ ਸ਼ਾਮਿਲ ਵੱਖ-ਵੱਖ ਲੇਖਕਾਂ ਨੇ ਆਪੋ-ਆਪਣੇ ਨਜ਼ਰੀਏ ਤੋਂ ਭੱਠਲ ਦੀ ਸ਼ਖ਼ਸੀਅਤ ਅਤੇ ਜੀਵਨ ਨੂੰ ਅੰਕਿਆ ਹੈ। ਤੇਜਾ ਸਿੰਘ ਤਿਲਕ ਅਤੇ ਸੰਪਾਦਕੀ ਮੰਡਲ ਨੇ ਬੜੀ ਮਿਹਨਤ ਤੇ ਰੀਝ ਨਾਲ ਇਹ ਪੁਸਤਕ ਸਾਹਮਣੇ ਲਿਆਂਦੀ ਹੈ, ਜਿਸ ਵਿਚੋਂ ਇਕ ਸੁਹਿਰਦ, ਬੇਬਾਕ, ਪਰਉਪਕਾਰੀ, ਇਮਾਨਦਾਰ, ਮਿਹਨਤੀ ਤੇ ਅਨੁਸ਼ਾਸਨਬੱਧ ਇਨਸਾਨ ਦੇ ਦੀਦਾਰ ਹੁੰਦੇ ਹਨ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਸੰਤਾਲੀ ਤੋਂ ਚੁਰਾਸੀ
ਲੇਖਕ : ਅਸ਼ੋਕ ਵਸਿਸ਼ਠ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 224
ਸੰਪਰਕ : 098106-28570

ਗਲਪਕਾਰ ਮਰਹੂਮ ਅਸ਼ੋਕ ਵਾਸ਼ਿਸ਼ਠ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਸ ਨੇ ਕਹਾਣੀਆਂ ਅਤੇ ਨਾਵਲ ਰਚ ਕੇ ਪਾਠਕਾਂ ਅਤੇ ਆਲੋਚਕਾਂ ਵਿਚ ਆਪਣਾ ਆਦਰਯੋਗ ਸਥਾਨ ਬਣਾ ਲਿਆ ਹੋਇਆ ਸੀ। 'ਸੰਤਾਲੀ ਤੋਂ ਚੁਰਾਸੀ' ਉਸ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ ਪੰਦਰਾਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਸ ਪੁਸਤਕ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚਲੀਆਂ ਸਾਰੀਆਂ ਕਹਾਣੀਆਂ ਚੁਰਾਸੀ ਦੇ ਸਿੱਖ ਕਤਲੇਆਮ ਅਤੇ ਪਿੱਠਭੂਮੀ ਵਿਚ ਸੰਤਾਲੀ ਦੀ ਦੇਸ਼ ਵੰਡ ਨਾਲ ਸੰਬੰਧਿਤ ਹਨ। ਸਭ ਕਹਾਣੀਆਂ ਦਿੱਲੀ ਵਿਚ ਵਾਪਰੇ ਹੌਲਨਾਕ ਭਾਣੇ ਬਾਰੇ ਹਨ ਅਤੇ ਉਨ੍ਹਾਂ ਪਾਤਰਾਂ ਬਾਰੇ ਨੇ ਜੋ ਸੰਤਾਲੀ ਵਿਚ ਦੇਸ਼-ਵੰਡ ਤੋਂ ਬਾਅਦ ਪਾਕਿਸਤਾਨੋਂ ਨਿਕਲ ਕੇ ਦਿੱਲੀ ਆ ਵਸੇ ਸਨ। ਇਨ੍ਹਾਂ ਪਾਤਰਾਂ ਨੂੰ ਦੋ ਵਾਰ ਉਜਾੜੇ ਦਾ ਦੁਖਾਂਤ ਝੱਲਣਾ ਪਿਆ ਸੀ। ਹਰ ਕਹਾਣੀ ਲੁੱਟ-ਮਾਰ, ਜਬਰ ਜਨਾਹ, ਕਤਲੇਆਮ ਅਤੇ ਔਰਤਾਂ ਨਾਲ ਕੀਤੀ ਬੇਹੁਰਮਤੀ ਬਿਆਨ ਕਰਦੀ ਹੈ। ਪਾਤਰ ਭਾਵੇਂ ਵੱਖਰੇ ਹਨ ਪਰ ਉਨ੍ਹਾਂ ਦੀ ਕਹਾਣੀ ਤੇ ਦੁਖਾਂਤ ਉਹੋ ਹੈ, ਜੋ ਗੁੰਡਾ ਰਾਜ ਵਿਚ ਨਿਮਾਣੇ ਅਤੇ ਲਿਤਾਣੇ ਲੋਕ ਝੱਲਦੇ ਹਨ।
'ਮੈਨੂੰ ਕੁਝ ਨਹੀਂ ਹੁੰਦਾ' ਦਾ ਪਾਤਰ ਕਾਮਰੇਡ ਜਗਜੀਤ ਸਿੰਘ ਆਪਣੇ ਇਸੇ ਭੁਲੇਖੇ ਨਾਲ ਦੰਗਾਈਆਂ ਹੱਥੋਂ ਮਾਰਿਆ ਜਾਂਦਾ ਹੈ ਕਿ ਇਹ ਤਾਂ ਆਪਣੇ ਹਿੰਦੂ ਲੋਕ ਹਨ। ਸਾਡੇ ਆਪਣੇ ਹਨ। ਇਹ ਮੈਨੂੰ ਕਿਉਂ ਮਾਰਨਗੇ। ਉਹ ਆਪਣੇ ਮਿੱਤਰ ਪੰਡਿਤ ਰਾਮ ਰੱਖਾ ਮੱਲ ਦੀ ਵੀ ਗੱਲ ਨਹੀਂ ਸੁਣਦਾ ਤੇ ਦੁਖਾਂਤ ਵਾਪਰ ਜਾਂਦਾ ਹੈ। 'ਤੈਂ ਕੀ ਦਰਦ ਨਾ ਆਇਆ' ਦਾ ਪਾਤਰ ਮਹਿੰਗਾ ਸਿੰਘ ਆਪਣੀ ਦਰਦ ਕਹਾਣੀ ਸਫ਼ਰ ਦੌਰਾਨ ਸਵਾਰੀਆਂ ਨੂੰ ਸੁਣਾਉਂਦਾ ਹੈ। 'ਦੇਵਦੂਤ' ਦੇ ਪਾਤਰ ਰਾਮ ਅਤੇ ਸ਼ਾਮ ਦੰਗਿਆਂ ਤੋਂ ਪੀੜਤ ਸਤਵਿੰਦਰ ਉਰਫ਼ ਸੱਤੀ ਦੀ ਰੱਖਿਆ ਹੀ ਨਹੀਂ ਕਰਦੇ, ਸਗੋਂ ਉਸ ਨਾਲ ਵਿਆਹ ਕਰਵਾ ਕੇ ਉਸ ਨੂੰ ਸੁਰੱਖਿਅਤ ਜੀਵਨ ਅਤੇ ਖੁਸ਼ੀਆਂ ਵੀ ਪ੍ਰਦਾਨ ਕਰਦੇ ਹਨ। 'ਖੋਲਾ' ਕਹਾਣੀ ਦੇ ਪਾਤਰਾਂ ਦੇ ਘਰ ਨੂੰ ਦੰਗਾਈ ਅੱਗ ਲਾ ਕੇ ਸਾੜ ਦਿੰਦੇ ਹਨ। ਪਰ ਰਮਾ ਨਾਂਅ ਦੀ ਕੁੜੀ ਬੁਰਛੇ ਦਾ ਪੂਰਾ ਮੁਕਾਬਲਾ ਕਰਦੀ ਹੈ ਤੇ ਉਸ ਨੂੰ ਸੱਟ-ਫੇਟ ਵੀ ਮਾਰ ਦਿੰਦੀ ਹੈ। ਇਸੇ ਤਰ੍ਹਾਂ ਕੁਝ ਕਹਾਣੀਆਂ ਦੀਆਂ ਇਸਤਰੀ ਪਾਤਰਾਂ ਵੀ ਈਨ ਨਾ ਮੰਨ ਕੇ ਗੁੰਡਿਆਂ ਦਾ ਡਟ ਕੇ ਮੁਕਾਬਲਾ ਕਰਦੀਆਂ ਹਨ। ਇਥੇ ਮਾਂ ਦੀ ਇਕ ਕਹਾਣੀ 'ਭਗਤ ਜੀ' ਦੇ ਗੁੰਡੇ ਪਾਤਰ ਨੂੰ ਸੰਧਿਆ ਨਾਂਅ ਦੀ ਕੁੜੀ ਲਹੂ-ਲੁਹਾਨ ਕਰ ਦਿੰਦੀ ਹੈ। 'ਅਗਨ-ਕੁੰਡ' ਕਹਾਣੀ ਦੀ ਇਸਤਰੀ ਪਾਤਰ ਤੇ ਉਸ ਦੇ ਘਰ ਵਾਲੇ ਗੁੰਡਿਆਂ ਦਾ ਮੁਕਾਬਲਾ ਕਰਕੇ ਉਨ੍ਹਾਂ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ ਤੇ ਨੱਸ ਜਾਣ ਲਈ ਵੀ ਮਜਬੂਰ ਕਰ ਦਿੰਦੇ ਹਨ। 'ਉਹ ਕੌਣ ਸੀ' ਦੀ ਇਸਤਰੀ ਪਾਤਰ ਵੀ ਇਸੇ ਤਰ੍ਹਾਂ ਦੀ ਤ੍ਰਾਸਦੀ 'ਚੋਂ ਲੰਘ ਕੇ ਆਪਣਾ ਮਾਨਸਿਕ ਤਵਾਜ਼ਨ ਗੁਆ ਬੈਠਦੀ ਹੈ। 'ਸੰਤਾਲੀ ਤੋਂ ਚੁਰਾਸੀ' ਕਹਾਣੀ ਅਜਿਹੇ ਪਾਤਰ ਦਾ ਦਰਦ ਬਿਆਨ ਕਰਦੀ ਹੈ, ਜਿਸ ਦਾ ਪਿਉ ਨਾਰਾਇਣ ਸਿੰਘ ਸੰਤਾਲੀ ਦੀ ਵੱਢ-ਟੁੱਕ ਵੇਲੇ ਦੰਗਈਆਂ ਦਾ ਮੁਕਾਬਲਾ ਕਰਦਾ ਮਾਰਿਆ ਜਾਂਦਾ ਹੈ। ਉਸ ਦੇ ਪੁੱਤਰ ਬ੍ਰਹਮ ਸਿੰਘ ਨੂੰ ਗੰਡਾ ਸਿੰਘ ਅਤੇ ਧਰਮ ਸਿੰਘ ਦਾ ਟੱਬਰ ਬਚਾ ਕੇ ਦਿੱਲੀ ਲੈ ਆਉਂਦੇ ਹਨ। ਉਸ ਨੂੰ ਪੜ੍ਹਾਉਂਦੇ-ਲਿਖਾਉਂਦੇ ਤੇ ਉਸ ਦਾ ਪਾਲਣ-ਪੋਸ਼ਣ ਕਰਦੇ ਹਨ। ਉਹ ਵਪਾਰ ਵਿਚ ਵੀ ਕਾਮਯਾਬ ਹੁੰਦਾ ਹੈ ਤੇ ਬਚਪਨ ਵਿਚ ਮਿਲਿਆ ਦੁੱਖ ਅਤੇ ਪੀੜ ਭੁੱਲਣ ਲਗਦਾ ਹੈ। ਪਰ ਚੁਰਾਸੀ ਦਾ ਦੁਖਾਂਤ ਫਿਰ ਉਸ ਲਈ ਉਜਾੜਾ ਲੈ ਕੇ ਆਉਂਦਾ ਹੈ ਤੇ ਉਹ ਦੰਗਾਈਆਂ ਹੱਥੋਂ ਕੋਹ-ਕੋਹ ਕੇ ਮਾਰ ਦਿੱਤਾ ਜਾਂਦਾ ਹੈ। ਇੰਝ ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਮਨੁੱਖੀ ਚੀਸ, ਚੀਖ਼ ਅਤੇ ਦਰਦ ਨਾਲ ਭਰਪੂਰ ਹਨ। ਇਕ ਪਾਸੇ ਹੱਤਿਆਰੇ ਹਨ ਤੇ ਦੂਸਰੇ ਪਾਸੇ ਦੇਵਦੂਤ ਹਨ ਜੋ ਬਿਪਤਾ ਮਾਰਿਆਂ ਲਈ ਸਹਾਰਾ ਬਣਦੇ ਹਨ। ਇਕੋ ਸੰਗ੍ਰਹਿ ਵਿਚ ਇਕੋ ਵਿਸ਼ੇ ਨਾਲ ਸੰਬੰਧਿਤ ਕਹਾਣੀਆਂ ਪ੍ਰਕਾਸ਼ਿਤ ਕਰਵਾ ਕੇ ਲੇਖਕ ਨੇ ਨਵੀਂ ਸ਼ੈਲੀ ਨੂੰ ਜਨਮ ਦਿੱਤਾ ਹੈ। ਕਹਾਣੀਆਂ ਦਿੱਲੀ ਦੇ ਦੁਖਾਂਤ ਨੂੰ ਬਾਖ਼ੂਬੀ ਪੇਸ਼ ਕਰਦੀਆਂ ਹਨ।

-ਕੇ.ਐਲ. ਗਰਗ
ਮੋਬਾਈਲ : 94635-37050

ਰੰਗਾਵਲੀ
ਲੇਖਿਕਾ : ਪਵਿੱਤਰ ਕੌਰ ਮਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 104
ਸੰਪਰਕ : 98152-98459

ਸ਼ਾਇਰਾ ਪਵਿੱਤਰ ਕੌਰ ਮਾਟੀ ਕਿਸੇ ਰਸਮੀ ਜਾਣ-ਪਛਾਣ ਦੀ ਮੁਹਤਾਜ਼ ਨਹੀਂ ਤੇ ਹਥਲੀ ਕਾਵਿ-ਕਿਤਾਬ 'ਰੰਗਾਵਲੀ' ਤੋਂ ਪਹਿਲਾਂ ਹੀ ਆਪਣੇ ਦੋ ਕਹਾਣੀ ਸੰਗ੍ਰਹਿਆਂ 'ਰਿਸ਼ਤਿਆਂ ਦੇ ਮਾਰੂਥਲ' ਅਤੇ 'ਸਾਹ ਰਗ ਤੋਂ ਨੇੜੇ' ਰਾਹੀਂ ਪੰਜਾਬੀ ਅਦਬ ਵਿਚ ਵਕਤ ਦੇ ਵਰਤਾਰਿਆਂ ਦਾ ਤਬਸਰਾ ਕਰਕੇ ਸ਼ਾਬਦਿਕ ਗਲਪੀਕਰਨ ਨਾਲ ਆਪਣਾ ਸਿੱਕਾ ਮਨਵਾ ਚੁੱਕੀ ਹੈ। ਹੁਣ ਉਹ ਕਾਵਿ-ਸ਼ਿਲਪ ਰਾਹੀਂ ਪੰਜਾਬੀ ਅਦਬ ਵਿਚ ਡਵਿੱਢਾ ਖੂਹ ਗੇੜਨ ਜਾ ਰਹੀ ਹੈ। ਸ਼ਾਇਰਾ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਕਾਵਿ-ਕਿਤਾਬ ਦੇ ਨਾਂਅ 'ਰੰਗਾਵਲੀ' ਤੋਂ ਸਾਡੇ ਹੱਥ ਸਹਿਜੇ ਹੀ ਆ ਜਾਂਦੀ ਹੈ। ਸ਼ਾਇਰਾ ਤਰੰਗਤੀ ਮੁਹੱਬਤ ਤੱਕ ਪਹੁੰਚਣ ਲਈ ਵੱਖਰੇ-ਵੱਖਰੇ ਰੰਗਾਂ ਦਾ ਜ਼ਿਕਰ ਕਰਦੀ ਹੈ। ਕਦੇ ਇਸ ਰਸਤੇ ਵਿਚ ਗੂੜ੍ਹੇ, ਕਦੇ ਬਦਰੰਗ ਅਤੇ ਕਦੇ-ਕਦੇ ਰੂਹ ਦੇ ਕੌਲ ਫੁੱਲਾਂ ਦੇ ਰੰਗਾਂ ਤੱਕ ਦੀ ਪ੍ਰਕਰਮਾ ਕਰਾਉਂਦੀ ਹੈ। ਦਰਅਸਲ ਇਹ ਰਸਤਾ ਉਸ ਅੱਗ ਦੇ ਦਰਿਆ ਨੂੰ ਪਾਰ ਕਰਨ ਵਰਗੇ ਤਹੱਦਦ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਉਰਦੂ ਦਾ ਸ਼ਾਇਰ ਕਹਿੰਦਾ ਹੈ, 'ਯੇ ਇਸ਼ਕ ਨਹੀਂ ਆਸਾਂ, ਏਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਨਾ ਹੈ' ਅਤੇ ਬਕੌਲ ਬਰਤੌਲਤ ਬ੍ਰੈਖਤ ਕਿ ਇਹ ਠੀਕ ਹੈ ਕਿ ਜਿਊਣ ਲਈ ਖਾਣਾ ਖਾਣਾ ਪੈਂਦਾ ਹੈ ਪਰ ਇਹ ਜ਼ਰੂਰੀ ਤਾਂ ਨਹੀਂ ਕਿ ਜਿਸ ਨੇ ਖਾਣਾ ਖਾ ਲਿਆ ਹੈ, ਉਹ ਜਿਊਂ ਵੀ ਰਿਹਾ ਹੈ। ਬਾਈਬਲ ਆਖਦੀ ਹੈ, 'ਬੰਦਾ ਸਿਰਫ਼ ਰੋਟੀ 'ਤੇ ਹੀ ਨਹੀਂ ਜਿਊਂਦਾ'। ਨਿਤਸ਼ੇ ਆਖਦਾ ਹੈ ਇਸ ਰਸਤੇ ਵਿਚ ਸਮਾਜਿਕ ਵਹਜਣਾਵਾਂ ਅਡਿੱਕੇ ਡਾਹੁੰਦੀਆਂ ਹਨ, ਜੋ ਪਲੇਗ ਤੋਂ ਵੀ ਵੱਧ ਘਾਤਕ ਹੁੰਦੀਆਂ ਹਨ ਤੇ ਇਨ੍ਹਾਂ ਵਹਜਣਾਵਾਂ ਦੀ ਹਾਮਕਾਰ ਉਲੰਘ ਕੇ ਹੀ ਜ਼ਿੰਦਗੀ ਦੇ ਤਰੰਗਤੀ ਪਲਾਂ ਦੇ ਰੰਗਾਂ ਨੂੰ ਮਾਣਿਆ ਜਾ ਸਕਦਾ ਹੈ।' ਪਰ ਇਹ ਸ਼ਾਇਰਾ ਬਾਬੇ ਫ਼ਰੀਦ ਦੇ ਦਰਸਾਏ ਰਾਹ 'ਦਿਲ ਹੋਂ ਮੁਹੱਬਤ ਜਿਨ ਸੇਈ ਸੋਚਿਆ' 'ਤੇ ਤੁਰਨ ਦੀ ਬੇਨਤੀ ਕਰਦੀ ਹੈ। ਉਪਰੋਕਤ ਕਥਨਾਵਲੀ ਇਸ ਸ਼ਾਇਰਾ ਦੀ ਸ਼ਾਇਰੀ ਦੇ ਹਾਣ ਦੀ ਬਣ ਰਹੀ ਹੈ। ਦੇਹੀ ਆਕਰਸ਼ਣ ਤੋਂ ਉਤਾਂਹ ਉੱਠ ਕੇ ਬੇਵਫ਼ਾ, ਵਫ਼ਾ, ਵਿਸ਼ਵਾਸ, ਅਵਿਸ਼ਵਾਸ ਅਤੇ ਸ਼ੰਕਿਆਂ ਦੀ ਵਾਇਰਸ ਨੂੰ ਤਲਾਂਜਲੀ ਦੇ ਕੇ ਤੇ ਵਰਕਣਾਵਾਂ ਦੇ ਪਿੰਜਰੇ ਤੋੜ ਕੇ ਅੰਬਰਾਂ ਦੇ ਉਕਾਬ ਬਣਨ ਤੋਂ ਇਲਾਵਾ ਚਾਚੀਆਂ, ਤਾਈਆਂ ਅਤੇ ਮਾਵਾਂ ਦੀਆਂ ਪਰੰਪਰਾਗਤ ਸਮਝਾਉਣੀਆਂ ਵੱਲ ਪਿੱਠ ਕਰਕੇ ਅਤੇ ਕਿਤਾਬਾਂ ਵਿਚ ਠਾਹਰ ਭਾਲ ਕੇ ਹੀ ਇਸ ਰੰਗਾਵਲੀ ਦੇ ਕੋਲਾਜ ਦੀ ਥਾਹ ਪਾਈ ਜਾ ਸਕਦੀ ਹੈ। ਸਮਾਜ ਦੇ ਗਿਰਗਿਟੀ ਮੁਖੌਟਿਆਂ ਨੂੰ ਦੋਰਾਹੇ ਵਿਚ ਨੰਗਿਆਂ ਹੁੰਦਿਆਂ ਦੇਖਣ ਲਈ ਇਸ ਪੁਸਤਕ ਦੀ ਪੜ੍ਹਤ ਜ਼ਰੂਰੀ ਹੋ ਜਾਂਦੀ ਹੈ।

-ਭਗਵਾਨ ਢਿੱਲੋਂ
ਮੋਬਾਈਲ : 098143-78254

ਬਾਈਕਾਟ
ਲੇਖਕ : ਰਾਜਿੰਦਰ ਸਿੰਘ ਢੱਡਾ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 82849-16049

ਆਪਣੇ ਤੀਸਰੇ ਕਹਾਣੀ ਸੰਗ੍ਰਹਿ ਨਾਲ ਰਾਜਿੰਦਰ ਸਿੰਘ ਢੱਡਾ ਨੇ ਇਕ ਵਾਰ ਫਿਰ ਪੰਜਾਬੀ ਸਾਹਿਤ ਦੇ ਖੇਤਰ ਵਿਚ ਹਾਜ਼ਰੀ ਲਵਾਈ ਹੈ। ਨਿਰੰਤਰ ਆਪਣੇ ਵਿਸ਼ਿਆਂ ਵਿਚ ਸਮਾਜ ਸੁਧਾਰ ਅਤੇ ਯਥਾਰਥ ਦੀ ਗੱਲ ਕਰਦਿਆਂ ਉਸ ਨੇ ਇਸ ਸੰਗ੍ਰਹਿ ਵਿਚ ਵੀ ਇਹੀ ਸੁਨੇਹਾ ਦਿੱਤਾ ਹੈ। ਕਹਾਣੀਕਾਰ ਬਦਲਦੇ ਸਮਿਆਂ ਦੇ ਨਾਲ ਆਪਣੇ ਵਿਸ਼ਿਆਂ ਦੀ ਚੋਣ ਕਰਦਾ ਹੈ ਅਤੇ ਪੇਂਡੂ ਧਰਾਤਲ ਤੋਂ ਲਏ ਇਨ੍ਹਾਂ ਵਿਸ਼ਿਆਂ ਵਿਚ ਸਮਾਜ ਦੇ ਭਖਦੇ ਮਸਲਿਆਂ ਨੂੰ ਆਪਣੀਆਂ ਕਹਾਣੀਆਂ ਰਾਹੀਂ ਪਾਠਕਾਂ ਦੇ ਰੂ-ਬਰੂ ਕਰਦਾ ਹੈ। ਸ਼ਾਇਦ ਇਸੇ ਲਈ ਕਹਾਣੀ ਸੰਗ੍ਰਿਹ ਨੂੰ ਸਮਾਜਿਕ ਯਥਾਰਥ ਦਾ ਪੋਸਟ ਮਾਰਟਮ ਵੀ ਕਿਹਾ ਗਿਆ ਹੈ। ਭਾਵੇਂ ਕਿ ਅਸੀਂ ਆਧੁਨਿਕ ਯੁੱਗ ਵਿਚ ਜੀਅ ਰਹੇ ਹਾਂ ਪਰ ਇਸ ਵਿਚ ਵੀ ਜਾਤ-ਪਾਤ ਦਾ ਜ਼ਹਿਰ ਇਸ ਕਦਰ ਘੁਲਿਆ ਪਿਆ ਹੈ ਕਿ ਇਹ ਕਈ ਜ਼ਿੰਦਗੀਆਂ ਬਰਬਾਦ ਕਰ ਦਿੰਦਾ ਹੈ। ਹਾਲਾਤ ਭਾਵੇਂ ਬਦਲ ਰਹੇ ਹਨ ਪਰ ਅਜੇ ਵੀ ਉਨੇ ਸਾਜ਼ਗਾਰ ਨਹੀਂ ਕਿ ਨਿਰੋਲ ਮਾਨਵਵਾਦੀ ਸਮਾਜ ਦੀ ਸਿਰਜਣਾ ਹੋ ਸਕੇ। ਕਹਾਣੀਆਂ 'ਮਾਂ ਨੇ ਆਤਮ ਹੱਤਿਆ ਕਿਉਂ ਕੀਤੀ' ਅਤੇ 'ਚਾਹ ਦਾ ਕੱਪ' ਅਜਿਹੇ ਹੀ ਜਾਤੀ ਸੰਸਕਾਰਾਂ ਦੀ ਕਥਾ ਬਿਆਨਦੀਆਂ ਹਨ। ਫਰਜ਼ ਕਹਾਣੀ ਆਪਣੇ ਇਨਸਾਨੀ ਰਿਸ਼ਤਿਆਂ ਨੂੰ ਨਿਭਾਉਣ ਅਤੇ ਇਕ ਅਧਿਆਪਕ ਦੇ ਤੌਰ 'ਤੇ ਆਪਣੇ ਵਿਦਿਆਰਥੀਆਂ ਵਿਚ ਇਨਸਾਨੀਅਤ ਦਾ ਜਜ਼ਬਾ ਜਗਾਉਣ ਵਾਲੀ ਇਕ ਖ਼ੂਬਸੂਰਤ ਕਹਾਣੀ ਹੈ ਜਿਸ ਵਿਚ ਇਕ ਅਧਿਆਪਕ ਵਲੋਂ ਮਿਲੇ ਪਿਆਰ ਸਦਕਾ ਉਸ ਦਾ ਵਿਦਿਆਰਥੀ ਉਸ ਨੂੰ ਔਖੇ ਵੇਲੇ ਭੰਵਰ ਵਿਚੋਂ ਬਾਹਰ ਕੱਢ ਲੈਂਦਾ ਹੈ ਕਿਉਂਕਿ ਉਹ ਇਸ ਨੂੰ ਆਪਣਾ ਫਰਜ਼ ਸਮਝਦਾ ਹੈ। ਲਾਲਚ ਅਤੇ ਖਾਹਿਸ਼ਾਂ ਦੀ ਪੂਰਤੀ ਲਈ ਇਨਸਾਨੀ ਰਿਸ਼ਤਿਆਂ ਦੀ ਬਲੀ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ, ਇਸ ਬਿਰਤਾਂਤ ਨੂੰ ਬਾਈਕਾਟ ਵਿਚ ਗੰਭੀਰਤਾ ਨਾਲ ਪੇਸ਼ ਕੀਤਾ ਗਿਆ ਹੈ। ਕਹਾਣੀ 'ਚਿਹਰਾ' ਆਪਣੇ ਸਵਾਰਥ ਲਈ ਕਿਸੇ ਦੀ ਬਰਬਾਦ ਕੀਤੀ ਜ਼ਿੰਦਗੀ ਅਤੇ ਆਪਣੇ ਫਰਜ਼ਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਦੋਵੇਂ ਹੀ ਪੱਖਾਂ ਨੂੰ ਬੜੀ ਡੂੰਘਾਈ ਨਾਲ ਪੇਸ਼ ਕਰਦੀ ਹੈ। ਜਿਥੇ ਡਾਕਟਰ ਆਪਣੇ ਅਤੀਤ ਦੀਆਂ ਕੁਸੈਲੀਆਂ ਯਾਦਾਂ ਨੂੰ ਇਕ ਪਾਸੇ ਰੱਖਦਿਆਂ ਆਪਣੇ ਮਰੀਜ਼ ਨੂੰ ਬਚਾਉਣ ਲਈ ਪਹਿਲ ਕਰਦੀ ਹੈ, ਉਥੇ ਹੀ ਮਰੀਜ਼ ਦਾ ਬਾਪ ਡਾਕਟਰ ਨਾਲ ਅਤੀਤ ਵਿਚ ਕੀਤੀ ਬਦਸਲੂਕੀ ਕਾਰਨ ਜਦੋਂ ਸਾਰਿਆਂ ਵਲੋਂ ਛੇਕਿਆ ਜਾਂਦਾ ਹੈ ਤਾਂ ਉਸ ਦੇ ਪੱਲੇ ਸਿਵਾਏ ਪਛਤਾਵੇ ਦੇ ਕੁਝ ਨਹੀਂ ਪੈਂਦਾ। 'ਉਹ ਝਿੜਕਾਂ' ਲੇਖਕ ਦਾ ਸਵੈ-ਕਥਨ ਹੈ ਜਿਸ ਵਿਚ ਉਹ ਆਪਣੇ ਹੈੱਡਮਾਸਟਰ ਦੀਆਂ ਝਿੜਕਾਂ ਕਰਕੇ ਆਪਣੇ ਜੀਵਨ ਵਿਚ ਆਏ ਬਦਲਾਅ ਅਤੇ ਸਫ਼ਲਤਾ ਦੀ ਕਹਾਣੀ ਨੂੰ ਪੇਸ਼ ਕਰਦਾ ਹੈ। 1947 ਦੀ ਵੰਡ ਨੇ ਭਾਵੇਂ ਦੇਸ਼ ਨੂੰ ਵੰਡ ਦਿੱਤਾ ਹੈ ਪਰ ਉਹ ਦਿਲਾਂ ਵਿਚੋਂ ਪਿਆਰ, ਅਹਿਸਾਸ ਅਤੇ ਸਨੇਹ ਨੂੰ ਨਹੀ ਵੰਡ ਸਕੇ। ਕਹਾਣੀ 'ਬਸ਼ੀਰਾ' ਦਾ ਭਾਵ ਕੁਝ ਅਜਿਹਾ ਹੀ ਹੈ ਜਿਸ ਵਿਚ ਵੰਡ ਵੇਲੇ ਪਿੰਡ ਛੱਡ ਕੇ ਗਏ ਬਸ਼ੀਰੇ ਦਾ ਪੋਤਾ ਆਪਣੇ ਦਾਦੇ ਦਾ ਪਿੰਡ ਦੇਖਣ ਭਾਰਤ ਆਉਂਦਾ ਹੈ। ਅਨਵਰ ਨੂੰ ਪਿੰਡ ਵਿਚ ਏਨਾ ਪਿਆਰ ਤੇ ਸਤਿਕਾਰ ਮਿਲਦਾ ਹੈ ਕਿ ਉਹ ਭਾਵੁਕ ਹੋ ਜਾਂਦਾ ਹੈ। ਲੋਕ ਮਨਾਂ ਅੰਦਰ ਇਸ ਵੰਡ ਦੀ ਪੀੜ ਅਜੇ ਵੀ ਕਿਸ ਕਦਰ ਝਲਕਦੀ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਇਸ ਕਹਾਣੀ ਰਾਹੀਂ ਹੁੰਦਾ ਹੈ। ਕਹਾਣੀ ਕਿਤੇ-ਕਿਤੇ ਉਲਾਰ ਹੋ ਜਾਂਦੀ ਹੈ ਪਰ ਲੋਕ ਮਨਾਂ ਨੂੰ ਬਿਆਨ ਕਰਨ ਵਿਚ ਮਾਰ ਨਹੀ ਖਾਂਦੀ। ਕਹਾਣੀਕਾਰ ਸਪੱਸ਼ਟਤਾ ਨਾਲ ਆਪਣੇ ਵਿਸ਼ਿਆਂ ਨੂੰ ਨਿਭਾਉਂਦਾ ਹੈ ਅਤੇ ਸਰਲ ਸਧਾਰਨ ਸ਼ੈਲੀ ਨਾਲ ਆਪਣੀਆਂ ਕਹਾਣੀਆਂ ਰਾਹੀਂ ਮਾਨਵਤਾ, ਸਮਾਜ ਸੁਧਾਰ ਅਤੇ ਜ਼ਿੰਦਗੀ ਨੂੰ ਪੇਸ਼ ਕਰਦਾ ਹੈ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823

ਫੇਸਬੁੱਕ
ਕਵਿੱਤਰੀ : ਕੰਵਲਜੀਤ ਕੌਰ ਜੁਨੇਜਾ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 098120-32868

ਬਕੌਲ ਕਵਿੱਤਰੀ ਇਹ ਉਸ ਦੀ ਅੱਠਵੀਂ ਪੁਸਤਕ ਹੈ। ਕਵਿੱਤਰੀ ਦੀ ਹਥਲੀ ਕਾਵਿ-ਪੁਸਤਕ ਦੇ 112 ਸਫ਼ਿਆਂ ਵਿਚ ਕੁਝ ਛੋਟੀਆਂ ਅਤੇ ਕੁਝ ਦਰਮਿਆਨੇ ਆਕਾਰ ਦੀਆਂ ਨਵੀਨ ਭਾਵ ਦੀਆਂ ਕਾਵਿ-ਰਚਨਾਵਾਂ ਹਨ। ਕਵਿੱਤਰੀ ਸਮਝਦੀ ਹੈ ਕਿ ਕਵਿਤਾ, ਕਹਾਣੀ, ਆਹਮੋ-ਸਾਹਮਣੇ ਹਨ ਅਤੇ ਹਰ ਤਰ੍ਹਾਂ ਦੀਆਂ ਭਾਵਨਾਵਾਂ ਹੁਣ ਮੀਡੀਏ ਉੱਤੇ ਅਤੇ ਖ਼ਾਸ ਕਰ ਫੇਸ ਬੁੱਕ ਉੱਤੇ ਛਾ ਗਈਆਂ ਹਨ। ਕੋਈ ਜੋ ਵੀ ਲਿਖਦਾ ਹੈ, ਉਹ ਹਜ਼ਾਰਾਂ ਲੋਕਾਂ ਨਾਲ ਉਸੇ ਵੇਲੇ ਹੀ ਸਾਂਝਾ ਕਰ ਲੈਂਦਾ ਹੈ। ਕਦੇ ਹੁੰਦਾ ਸੀ ਕਿ ਲਿਖੀ ਸਾਹਿਤਕ ਰਚਨਾ ਨੂੰ ਕਿਸੇ ਮੈਗਜ਼ੀਨ ਜਾਂ ਅਖ਼ਬਾਰ ਵਿਚ ਛਪਦਿਆਂ ਮਹੀਨੇ ਲਗ ਜਾਂਦੇ ਸਨ ਅਤੇ ਬਹੁਤੀ ਵੇਰ ਤਾਂ ਉਹ ਰਚਨਾ ਮਹੀਨਿਆਂ ਬਾਅਦ ਮੁਆਫ਼ੀ ਸਹਿਤ ਵਾਪਸ ਵੀ ਆ ਜਾਂਦੀ ਸੀ। ਪਰ ਫੇਸ ਬੁੱਕ ਨੇ ਇਹ ਸਾਰੀ ਦੇਰੀ ਖ਼ਤਮ ਕਰ ਦਿੱਤੀ। ਹੁਣ ਜਿਸ ਦਿਨ ਕਵਿਤਾ ਦਾ ਫੁੱਲ ਖਿੜਦਾ ਹੈ, ਉਸੇ ਦਿਨ ਪਾਠਕਾਂ ਨੂੰ ਭੇਟ ਕਰ ਦਿੱਤਾ ਜਾਂਦਾ ਹੈ। ਮਜ਼ਾ ਇਹ ਕਿ ਤੁਹਾਡਾ ਸੁੰਦਰ/ਚਿਹਰਾ ਵੀ ਨਾਲ ਹੀ ਛਪ ਜਾਂਦਾ ਹੈ। ਇਹੀ ਕਾਰਨ ਹੈ ਕਿ ਕਵਿੱਤਰੀ ਨੇ ਕਿਤਾਬ ਦਾ ਨਾਂਅ ਹੀ 'ਫੇਸ ਬੁੱਕ' ਰੱਖ ਲਿਆ ਹੈ। ਇਸ ਤੋਂ ਪਹਿਲਾਂ ਕਵਿੱਤਰੀ ਨੇ 'ਚਿੱਠੀਆਂ ਦੇ ਮੌਸਮ' ਨਾਂਅ ਦਾ ਕਾਵਿ-ਸੰਗ੍ਰਹਿ ਵੀ ਦਿੱਤਾ। ਪਰ ਅਸਲ ਵਿਚ ਉਹ ਮੂਲ ਰੂਪ ਵਿਚ ਕਹਾਣੀਕਾਰਾ ਹੈ ਅਤੇ ਕਹਾਣੀ ਵਿਚ ਉਸ ਨੇ ਫੇਸ ਬੁੱਕ ਦੇ ਜ਼ਰੀਏ ਕਹਾਣੀ ਮੁਕਾਬਲਿਆਂ ਵਿਚੋਂ ਇਨਾਮ ਵੀ ਜਿੱਤੇ ਹਨ।
ਕਵਿੱਤਰੀ ਦੀਆਂ ਕਵਿਤਾਵਾਂ ਵਿਚ ਸਰਲਤਾ, ਸਹਿਜਤਾ ਅਤੇ ਸਪੱਸ਼ਟਤਾ ਹੈ। ਉਹ ਜੋ ਖਿਆਲ ਉਲੀਕਣਾ ਚਾਹੁੰਦੀ ਹੈ, ਉਸ ਨੂੰ ਪਾਠਕ-ਭਾਸ਼ਾ ਵਿਚ ਸਾਫਗੋਈ ਨਾਲ ਪੇਸ਼ ਕਰਦੀ ਹੈ। ਉਸ ਦੀ ਕਵਿਤਾ ਦਾ ਮੁੱਖ ਵਿਸ਼ਾ ਅਸਲ ਜੀਵਨ ਜਾਚ ਦੀ ਭਾਲ ਹੈ। ਉਹ ਹਰ ਮਨੁੱਖ ਦੀ ਚੜ੍ਹਦੀ ਕਲਾ ਦੀ ਚਾਹਤ ਕਰਦੀ ਸਰਬੱਤ ਦਾ ਭਲਾ ਲੋਚਦੀ ਹੈ। ਲੇਖਿਕਾ ਦੀਆਂ ਕਵਿਤਾਵਾਂ ਵਿਚ ਪਰਿਵਾਰ ਅਤੇ ਸਮਾਜ ਵਿਚ ਹੋ ਰਹੀ ਟੁੱਟ-ਭੱਜ, ਰਿਸ਼ਤਿਆਂ ਵਿਚੋਂ ਮੋਹ ਦੀ ਥਾਂ ਜ਼ਰੂਰਤਾਂ ਦਾ ਸ਼ਾਮਿਲ ਹੋਣਾ, ਧਰਮ ਦਾ ਅਧਰਮ ਵਿਚ ਬਦਲਣਾ, ਰਾਜਨੀਤੀ ਦਾ ਸਮਾਜ ਨਾਲ ਕੇਵਲ ਵੋਟ ਰਿਸ਼ਤਾ ਹੀ ਰਹਿ ਜਾਣਾ ਆਦਿ ਵਿਸ਼ੇ ਬਹੁਤ ਸਹਿਜ ਨਾਲ ਪੇਸ਼ ਹੋਏ ਹਨ। ਕਵਿੱਤਰੀ ਨੇ ਉਨ੍ਹਾਂ ਵਿਸ਼ਿਆਂ ਨੂੰ ਆਪਣੀਆਂ ਕਵਿਤਾਵਾਂ ਵਿਚ ਢਾਲਿਆ ਹੈ, ਜੋ ਮਨੁੱਖੀ ਰਿਸ਼ਤਿਆਂ ਵਿਚੋਂ ਸੱਜਰਾਪਨ ਘਟਾ ਰਹੇ ਹਨ। ਮਾਨਵੀ ਕਦਰਾਂ-ਕੀਮਤਾਂ ਦੀ ਤੰਦਰੁਸਤੀ ਉਸ ਦੀਆਂ ਕਵਿਤਾਵਾਂ ਦੀ ਮੁੱਖਧਾਰਾ ਹੈ। 'ਫੇਸ ਬੁੱਕ' ਕਾਵਿ-ਸੰਗ੍ਰਹਿ ਵਿਚੋਂ ਕੁਝ ਕਾਵਿ-ਟੋਟਕੇ ਲਿਖੇ ਜਾ ਰਹੇ ਹਨ :
'ਫੇਸ ਬੁੱਕ ਦਾ ਚਮਤਕਾਰ', 'ਕਿਹਦੀ ਫੋਟੋ/ਕਿਹਦੀ ਰਚਨਾ ਕੌਣ ਸੱਚਾ/ ਕੌਣ ਝੂਠਾ/ ਕੌਣ ਪਰਦੇ ਵਿਚ/ ਕੌਣ ਬੇਪਰਦਾ/ ਪ੍ਰਗਟ ਹੋਣ ਦੀ ਇੱਛਾ/ ਬੱਸ 'ਵੱਟਸਐਪ 'ਤੇ ਗਰੁੱਪ ਡੇ', 'ਵੱਟਸਐਪ ਗਰੁੱਪ ਡੇ ਦੀਆਂ/ ਸਭ ਨੂੰ ਬਹੁਤ ਬਹੁਤ ਵਧਾਈਆਂ/ ਸਭ ਨੂੰ ਆਹਰੇ ਦਿਹਨੇ ਲਾਇਆ/ ਤੁਰਦੇ ਫਿਰਦੇ ਬੰਦੇ ਨੂੰ/ ਬਾਹੋਂ ਫੜ ਇਹਨੇ ਬਿਠਾਇਆ...' (ਸਫ਼ਾ : 45)
'ਮਾਡਰਨ ਅਰਨਿੰਗ ਹੈਂਡ' 'ਪਤੀ-ਪਤਨੀ ਤਨਖਾਹ ਤਿੰਨ ਲੱਖ/ ਕਿਰਾਇਆ ਚਾਲੀ ਹਜ਼ਾਰ/ ਹਾਈ ਫਾਈ ਸਕੂਲ ਦੋ ਬੱਚੇ ਚਾਲੀ ਹਜ਼ਾਰ/ ਕੰਮ ਵਾਲੀ/ ਪੰਦਰਾਂ ਹਜ਼ਾਰ/ ਟਿਊਸ਼ਨ ਵੀਹ ਹਜ਼ਾਰ.../ ਆਮ ਸਕੂਲਾਂ ਵਿਚ ਬੱਚੇ/ ਪੜ੍ਹਨੇ ਪਾਉ/ ਮੋਬਾਈਲ ਕਾਰਟੂਨਾਂ ਦਾ ਖਹਿੜਾ ਛ੍ਰੁਡਾਓ...' (ਸਫ਼ਾ : 44)
'ਮੋਬਾਈਲ' 'ਕੱਖ ਨਾ ਰਹੇ ਮੋਬਾਈਲ ਤੇਰਾ/ ਤੂੰ ਸਭ ਨੂੰ ਗੁਲਾਮ ਬਣਾ ਲਿਆ/ ਤੇਰਾ ਹੀ ਆਲਮ ਹੈ ਸਭ ਪਾਸੇ/ ਤੂੰ ਸਭ ਨੂੰ ਘਰੀਂ ਬਿਠਾ ਲਿਆ/ ਸਭ ਡੁੱਬ ਗਏ ਇਸ ਨਿੱਕੇ ਟੋਬੇ ਵਿਚ/ ਨਿਕਲ ਕੇ ਬਾਹਰ ਆਉਣਾ ਨਾ ਮੁਮਕਿਨ ਰਿਹਾ'... (ਸਫ਼ਾ : 53)
'ਭਗਤ ਰਵੀ ਦਾਸ' 'ਸ਼ੁਕਰ ਹੈ/ਭਗਤ ਜੀ/ ਆਪ ਦੀ ਬਾਣੀ/ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ/ ਅਸੀਂ.../ ਸਿਰਫ਼ ਤੇ ਸਿਰਫ਼ ਪੜ੍ਹਨ ਵਾਲੇ ਤੋਤੇ ਹਾਂ/ ਪੜ੍ਹੀ ਜਾਂਦੇ ਹਾਂ/ ਪੜ੍ਹੀ ਜਾਂਦੇ ਹਾਂ/ ਬਸ.../ ਅਮਲ ਨਹੀਂ ਕਰਦੇ।
ਕਵਿੱਤਰੀ ਦੀ ਕਾਵਿ ਟੋਨ ਆਮ ਕਰਕੇ ਵਿਅੰਗਾਤਮਿਕ ਹੈ ਤੇ ਇਸ ਵਿਧੀ ਰਾਹੀਂ ਉਹ ਸਮਾਜ ਵਿਚ ਫੈਲੀਆਂ ਅਣਹੋਣੀਆਂ ਦਾ ਨੋਟਿਸ ਬੜੇ ਗੌਰਵ ਨਾਲ ਲੈਂਦੀ ਹੈ।

ਬਦਲਦੇ ਮੌਸਮਾਂ ਅੰਦਰ
ਗ਼ਜ਼ਲਕਾਰ : ਅਮਰਜੀਤ ਸਿੰਘ ਜੀਤ
ਪ੍ਰਕਾਸ਼ਕ : ਗੋਲਡ ਮਾਈਨ ਪਬਲੀਕੇਸ਼ਨ
ਮੁੱਲ : 175 ਰੁਪਏ, ਸਫ਼ੇ : 100
ਸੰਪਰਕ : 94172-87122

ਗ਼ਜ਼ਲਕਾਰ ਅਮਰਜੀਤ ਸਿੰਘ ਜੀਤ ਦਾ ਹਥਲਾ ਗ਼ਜ਼ਲ ਸੰਗ੍ਰਹਿ ਉਸ ਦਾ ਦੂਜਾ ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਜੀਤ 2014 ਵਿਚ 'ਚਾਨਣ ਦਾ ਛੱਟਾ' ਗ਼ਜ਼ਲ ਪੁਸਤਕ ਪਾਠਕਾਂ ਨੂੰ ਦੇ ਚੁੱਕਾ ਹੈ। ਜੀਤ ਪੰਜਾਬੀ ਗ਼ਜ਼ਲ ਨੂੰ ਸਮਰਪਿਤ ਗ਼ਜ਼ਲ ਲੇਖਕ ਹੈ। ਉਸ ਨੇ ਪਹਿਲੀ ਗ਼ਜ਼ਲ ਪੁਸਤਕ ਅਤੇ ਇਸ ਪੁਸਤਕ ਦਾ 9 ਸਾਲ ਦਾ ਅੰਤਰ ਰੱਖ ਕੇ ਛਪਣ ਦੀ ਕਾਹਲ ਨਹੀਂ ਕੀਤੀ। ਜੀਤ ਦੀਆਂ ਗ਼ਜ਼ਲਾਂ ਪਾਠਕਾਂ ਤੀਕ ਬੜੇ ਸੁਹਜ ਵਿਚ ਪਹੁੰਚਦੀਆਂ ਹਨ। ਫੇਸਬੁੱਕ ਉੱਤੇ ਉਹ ਕਾਫ਼ੀ ਚਰਚਾ ਵਿਚ ਰਹਿੰਦਾ ਹੈ। ਉਸ ਨੂੰ ਕਵਿਤਾ/ਸਾਹਿਤ ਦੀ ਜਾਗ ਆਪਣੇ ਘਰ ਤੋਂ ਹੀ ਲੱਗੀ, ਕਿਉਂਕਿ ਉਸ ਦੇ ਪਿਤਾ ਜੀ ਵੀ ਸਾਹਿਤਕਾਰ ਸਨ।
ਅਮਰਜੀਤ ਸਿੰਘ ਜੀਤ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਦੀ ਸ਼ਾਇਰੀ ਹੈ। ਉਸ ਦੇ ਸ਼ਿਅਰ ਕੁਰਾਹੇ ਪੈ ਰਹੀ ਰਾਜਨੀਤੀ, ਗ਼ਰੀਬੀ ਤੇ ਅਮੀਰੀ ਦਾ ਵਧ ਰਿਹਾ ਪਾੜਾ, ਰਿਸ਼ਤਿਆਂ ਵਿਚ ਲਾਲਚ ਅਤੇ ਪੰਜਾਬੀ ਸੱਭਿਆਚਾਰ ਵਿਚ ਨਿਘਾਰ ਦਾ ਮਸਲਾ ਬੜੀ ਅਹਿਮੀਅਤ ਨਾਲ ਪੇਸ਼ ਹੁੰਦਾ ਹੈ। ਪ੍ਰਸਿੱਧ ਗ਼ਜ਼ਲ ਸਮੀਖਿਅਕ ਕੁਲਦੀਪ ਸਿੰਘ ਬਾਂਗੀ ਅਨੁਸਾਰ 'ਅਮਰਜੀਤ ਸਿੰਘ ਜੀਤ ਸਮਾਜਿਕ ਅਤੇ ਮਾਨਵੀ ਵਿਵਾਦਿਤ ਮਸਲਿਆਂ 'ਤੇ ਬਹੁਤ ਸੁਹਣਾ ਸੰਵਾਦ ਰਚਾਉਂਦਾ ਹੈ' ਉਸ ਦੀ ਸ਼ਾਇਰੀ ਦਾ ਮੀਰੀ ਗੁਣ ਮਾਨਵੀ ਸੋਚ ਦੁਆਲੇ ਸੰਵਾਦ ਦੀ ਲੋਅ ਹੈ। ਕਿਸਾਨ ਬਾਰੇ ਜੀਤ ਕਹਿੰਦਾ ਹੈ :
ਠੰਢੀਆਂ ਰਾਤਾਂ ਖੁੱਲ੍ਹੇ ਅੰਬਰ ਹੇਠਾਂ ਹੈ ਕਿਰਸਾਨ ਵਤਨ ਦਾ,
ਦੱਸੋ ਯਾਰੋ ਕਿੱਦਾਂ ਕਰੀਏ ਝੂਠਾ ਹੀ ਗੁਣਗਾਨ ਵਤਨ ਦਾ?
ਨਸ਼ਿਆਂ ਦੇ ਕੋਹੜ ਬਾਰੇ ਅਮਰਜੀਤ ਦਾ ਸ਼ਿਅਰ ਵੇਖੋ :
ਕਿਤੇ ਚੋਰੀ ਕਿਤੇ ਜ਼ਹਿਰ ਨਸ਼ੇ ਖਾ ਲਈ ਜਵਾਨੀ ਹੈ,
ਜ਼ਰਾ ਸੋਚੋ ਅਕਲਦਾਨੇ ਕਿਧਰ ਜਾ ਰਹੀ ਜਵਾਨੀ ਹੈ?
ਅਜੋਕੀ ਪਰਵਾਸ ਦੀ ਧੜਾਧੜੀ ਬਾਰੇ :
ਵਿਦੇਸ਼ਾਂ ਨੂੰ ਕਈ ਤੁਰ ਗਏ, ਇਕ ਰੁਜ਼ਗਾਰ ਦੀ ਖ਼ਾਤਰ,
ਕਦੇ ਸ਼ੋਸ਼ਿਤ ਕਦੇ ਗੁਮਰਾਹ ਵੀ ਕੀਤੀ ਗਈ ਜਵਾਨੀ ਹੈ।
ਵਿੱਦਿਆ ਦੇ ਵਪਾਰੀਕਰਨ ਬਾਰੇ ਗ਼ਜ਼ਲਕਾਰ ਚਿੰਤਤ ਹੈ :
ਨਿੱਤ ਬਸਤਿਆਂ 'ਚ ਵਧਦਾ ਹੀ ਜਾਂਦਾ ਭਾਰ ਹੈ
ਵਿੱਦਿਆ ਪਸਾਰ ਹੈ ਜਾਂ ਵਧਿਆ ਵਪਾਰ ਹੈ?
ਅਮਰਜੀਤ ਸਿੰਘ ਜੀਤ ਕੋਲ ਪੰਜਾਬੀ ਗ਼ਜ਼ਲ ਦੀ ਰੂਹ ਬੋਲਦੀ ਹੈ। ਉਹ ਗ਼ਜ਼ਲ ਦੀ ਜ਼ੁਬਾਨ ਸਮਝਦਾ ਅਤੇ ਉਸੇ ਵਿਚ ਹੀ ਗੱਲ ਕਰਦਾ ਹੈ। ਵੱਡੀ ਤੋਂ ਵੱਡੀ ਗੱਲ ਨੂੰ ਵੀ ਉਹ ਸ਼ਿਅਰ ਵਿਚ ਸਹਿਜ ਨਾਲ ਵਿਅਕਤ ਕਰਦਾ ਹੈ : ਕੁਝ ਸ਼ਿਅਰ ਵੇਖੋ :
-ਜੇ ਅੱਖੀਂ ਹੰਝੂ ਤਕ ਲਈਏ ਜਾਂ ਕਿੱਧਰੇ ਸੁਣੀਦੇਂ ਆਹ ਅਸੀਂ,
ਮੇਰੇ ਮੌਲਾ ਬਖਸ਼ੀ ਬਲ ਦੇਨਾ ਬਣ ਸਕੀਏ ਧਰਵਾਸ ਅਸੀਂ।
-ਐਨਾ ਵਿਕਾਸ ਹੋਇਆ, ਵਧਿਆ ਵਪਾਰ ਦਿਉ
ਡੇਰਾ ਸੀ ਕਲ੍ਹ ਤੱਕ ਜੋ ਅੱਜ ਉਹ ਦੁਕਾਨ ਹੈ
-ਚੁੱਪ-ਚਾਪ ਜੁਲਮ ਸਹਿ ਕੇ ਜਾਪਣ ਜੋ ਪਥਰਾਏ ਲੋਕ,
ਜੀਤ ਇਨ੍ਹਾਂ ਦੀ ਚੁੱਪ 'ਚੋਂ ਇਕ ਦਿਨ ਉੱਠੇਗਾ ਤੂਫ਼ਾਨ।
-ਜਿਨ੍ਹਾਂ ਲਈ ਅਹਿਮ ਹੋਣਾ ਸੀ ਮੁਲਕ ਖ਼ੁਸ਼ਹਾਲ ਦਾ ਮਸਲਾ,
ਉਨ੍ਹਾਂ ਦੇ ਸਿਰ 'ਤੇ ਹੁਣ ਭਾਰੂ ਹੈ ਰੋਟੀ ਦਾਲ ਦਾ ਮਸਲਾ।
-ਜੂਝ ਰਹੇ ਨੇ ਲੋਕੀਂ ਹੱਕੀ ਘੋਲ ਹੈ ਲਮੇਰਾ
ਅੱਜ ਜੀਤ ਨੂੰ ਸੰਘਰਸ਼ਾਂ ਦਾ ਉਡੀਕਦਾ ਏ ਰਾਹ।
ਅਮਰਜੀਤ ਸਿੰਘ ਜੀਤ ਨਵੇਂ ਯੁੱਗ ਦਾ ਅਤੇ ਨਵੇਂ ਭਾਵਬੋਧ ਦਾ ਸ਼ਾਇਰ ਹੈ, ਜਿਥੇ ਉਹ ਵਿਸ਼ਿਆਂ ਪ੍ਰਤੀ ਮਾਨਵ ਹਿਤੈਸ਼ੀ ਹੈ ਉਥੇ ਉਹ ਗ਼ਜ਼ਲ ਵਿਆਕਰਨ ਵਿਚ ਵੀ ਪੂਰਾ ਸੂਰਾ ਹੈ। ਉਸ ਦੇ ਛੰਦ ਬਹਿਰ, ਕਾਫੀਏ, ਰਕੀਫ਼ ਦੇ ਗ਼ਜ਼ਲ ਦੇ ਹੋਰ ਅੰਗ ਗ਼ਜ਼ਲ ਤਕਨੀਕ ਵਿਚ ਪੂਰਨ ਹਨ। ਉਸ ਦਾ ਇਕ ਗ਼ਜ਼ਲ ਪ੍ਰਤੀ ਸ਼ਿਅਰ ਦੇ ਕੇ ਹੁਣ ਅਲਵਿਦਾ-
ਉੱਤਮ ਕਲਾ ਹੈ ਦੋਸਤੋ ਗ਼ਜ਼ਲਾਂ 'ਚ ਅੱਖਰ ਢਾਲਣੇ
ਝੱਖੜ 'ਚ ਦੀਵੇ ਬਾਲਣੇ ਸੂਲਾਂ 'ਤੇ ਪਾਉਣੇ ਆਲ੍ਹਣੇ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਅਣਗੌਲਿਆ ਆਜ਼ਾਦੀ ਘੁਲਾਟੀਆ
ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ
ਲੇਖਕ : ਡਾ. ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 94170-49417

ਡਾ. ਗੁਰਦੇਵ ਸਿੰਘ ਸਿੱਧੂ ਨੇ ਦੋ ਆਜ਼ਾਦੀ ਸੰਗਰਾਮੀਆਂ ਬਾਰੇ ਹਾਲ ਹੀ ਵਿਚ ਦੋ ਨਾਯਾਬ ਪੁਸਤਕਾਂ ਲਿਖ ਕੇ ਵਡੇਰਾ ਕਾਰਜ ਕੀਤਾ ਹੈ। ਪਹਿਲੀ ਮਾਸਟਰ ਗੱਜਣ ਸਿੰਘ ਬਾਰੇ ਅਤੇ ਇਹ ਦੂਸਰੀ ਬਾਬਾ ਨਿਧਾਨ ਸਿੰਘ ਮਹੇਸਰੀ (ਗ਼ਦਰੀ ਬਾਬੇ) ਬਾਰੇ। ਇਨ੍ਹਾਂ ਦੇ ਮਹਾਨ ਯੋਗਦਾਨ ਬਾਰੇ, ਬਹੁਤੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ। ਬਾਬਾ ਨਿਧਾਨ ਸਿੰਘ ਮਹੇਸਰੀ ਨੇ ਵਿਦੇਸ਼ਾਂ ਵਿਚ, ਅਣਥੱਕ ਘਾਲਣਾ ਘਾਲਦਿਆਂ, ਆਜ਼ਾਦੀ ਦੇ ਘੋਲ ਵਿਚ ਵਡਮੁੱਲਾ ਯੋਗਾਦਨ ਪਾਇਆ। ਬਾਬਾ ਮਹੇਸਰੀ ਨੇ ਮਾਲਵੇ ਦੇ ਇਕ ਹੋਰ ਉੱਘੇ ਸੁੰਤਰਤਾ ਸੰਗਰਾਮੀਏ, ਬਾਬਾ ਬਚਨ ਸਿੰਘ ਘੋਲੀਆ ਨਾਲ ਮਿਲ ਕੇ ਲਾਲ ਝੰਡੇ ਹੇਠ ਸੰਘਰਸ਼ ਲੜਿਆ। ਬਾਬਾ ਨਿਧਾਨ ਸਿੰਘ, ਅਸੰਬਲੀ ਦੇ ਮੈਂਬਰ ਵਜੋਂ ਵੀ ਲੋਕ ਮਸਲਿਆਂ ਨੂੰ ਉਠਾਉਂਦੇ ਰਹੇ।
ਵਿਚਾਰ-ਗੋਚਰੀ ਪੁਸਤਕ ਦੇ ਕੁੱਲ 11 ਚੈਪਟਰ ਹਨ, ਜਿਨ੍ਹਾਂ ਰਾਹੀਂ ਬਾਬਾ ਜੀ ਦੇ ਮੁਢਲੇ ਜੀਵਨ ਤੋਂ ਲੈ ਕੇ ਸਮੁੱਚੀ ਘਾਲਣਾ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ। ਬਾਬਾ ਜੀ ਨੇ ਸੰਘਰਸ਼ ਦੌਰਾਨ ਅਮਰੀਕਾ ਅਤੇ ਸੋਵੀਅਤ ਯੂਨੀਅਨ ਦੇ ਆਜ਼ਾਦੀ ਪਰਵਾਨਿਆਂ ਨੂੰ ਜਥੇਬੰਦ ਕਰਨ ਲਈ ਅਣਥੱਕ ਕਾਰਜ ਕੀਤੇ। ਲੰਮੇਰੇ ਸੰਘਰਸ਼ ਉਪਰੰਤ ਉਹ ਵਤਨ ਵਾਪਸ ਆਏ। ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਬਾਬਾ ਨਿਧਾਨ ਸਿੰਘ ਗ਼ਦਰ ਪਾਰਟੀ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਦੇ ਉਪਰਾਲੇ ਸਦਕਾ 1935 ਤੱਕ ਗ਼ਦਰ ਪਾਰਟੀਆਂ ਦੀਆਂ ਵਿਦੇਸ਼ਾਂ ਵਿਚ 9 ਇਕਾਈਆਂ ਕਾਇਮ ਹੋ ਚੁੱਕੀਆਂ ਸਨ।' (ਪੰਨਾ 30) ਬਾਬਾ ਜੀ ਦੇ ਯਤਨਾਂ ਸਦਕਾ ਬੰਦ ਹੋ ਚੁੱਕਾ ਗ਼ਦਰ ਪਾਰਟੀ ਦਾ ਹਫ਼ਤਾਵਾਰੀ ਅਖ਼ਬਾਰ 'ਹਿੰਦੋਸਤਾਨ ਗ਼ਦਰ' ਮੁੜ ਕੇ ਛਪਣਾ ਸ਼ੁਰੂ ਹੋਇਆ। 'ਗ਼ਦਰ ਦੀ ਗੂੰਜ' ਅਤੇ 'ਆਜ਼ਾਦੀ ਦੀ ਗੂੰਜ' ਕਾਵਿ-ਲੜੀਆਂ ਵੀ ਸ਼ੁਰੂ ਹੋਈਆਂ। (ਪੰਨਾ 31) ਗ਼ਦਰ ਅਖ਼ਬਾਰ ਦੇ ਮੁੱਖ ਪੰਨੇ ਦੀ ਤਸਵੀਰ ਵੀ ਸਫ਼ਾ ਨੰਬਰ 30 'ਤੇ ਦਰਜ ਹੈ। ਉਨ੍ਹਾਂ ਦਾ ਵਿਆਹ ਬੀਬੀ ਹਰ ਕੌਰ ਨਾਲ ਹੋਇਆ। ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਉਨ੍ਹਾਂ ਦੇਸ਼ ਦੀ ਵੰਡ ਕਾਰਨ ਲਹਿੰਦੇ ਪੰਜਾਬੋਂ ਉੱਜੜ ਕੇ ਆਏ ਲੋਕਾਂ ਦੇ ਮੁੜ-ਵਸੇਬੇ ਲਈ ਡਟ ਕੇ ਕੰਮ ਕੀਤਾ। 1952 ਵਿਚ ਬਾਬਾ ਜੀ, ਪੰਜਾਬ ਅਸੰਬਲੀ ਦੇ ਮੈਂਬਰ ਚੁਣੇ ਗਏ/ਬਤੌਰ ਅਸੰਬਲੀ ਮੈਂਬਰ, ਉਨ੍ਹਾਂ ਲੋਕ-ਮਸਲੇ ਉਠਾਏ ਤੇ ਬਹੁਤ ਸਾਰੇ ਮਸਲੇ ਹੱਲ ਕਰਵਾਏ। ਇਹ ਨਿਧੜਕ ਅਤੇ ਅਣਖੀ ਸੂਰਮਾ ਅਧਰੰਗ ਕਾਰਨ 24 ਜੂਨ-1954 ਵਿਚ ਚਲਾਣਾ ਕਰ ਗਿਆ। ਪਿੰਡ ਵਿਚ ਉਨ੍ਹਾਂ ਦੀ ਯਾਦਗਾਰ ਬਣੀ ਹੋਈ ਹੈ। ਅਧਿਆਏ 11 ਵਿਚ ਬਾਬਾ ਜੀ ਵਲੋਂ ਪੰਜਾਬ ਵਿਧਾਨ ਸਭਾ ਵਿਚ ਪੁੱਛੇ ਪ੍ਰਸ਼ਨਾਂ ਦਾ ਵੇਰਵਾ ਦਰਜ ਹੈ।
ਨਛੱਤਰ ਸਿੰਘ ਗਿੱਲ ਮਾਣੂੰਕੇ ਦਾ ਲੇਖ 'ਮੇਰਾ ਪਥਪਰਦਰਸ਼ਕ' ਪੜ੍ਹਨਯੋਗ ਹੈ। ਸਹਿਯੋਗੀ ਸੱਜਣਾਂ ਦੇ ਨਾਵਾਂ ਦੇ ਨਾਲ-ਨਾਲ, ਸੂਚਨਾ ਸਰੋਤਾਂ ਬਾਰੇ ਵੇਰਵਾ ਵੀ ਦਿੱਤਾ ਹੈ। ਅੰਤਲੇ ਪੰਨਿਆਂ ਉੱਤੇ 26 ਰੰਗਦਾਰ ਤਸਵੀਰਾਂ, ਦੁਰਲੱਭ ਤਸਵੀਰਾਂ ਹਨ। ਪੁਸਤਕ ਦੀ ਬੋਲੀ ਸਰਲ, ਦਮਦਾਰ ਅਤੇ ਛਾਪੀ/ਦਿੱਖ, ਸੁੰਦਰ ਹੈ। ਹਰੇਕ ਪੰਜਾਬੀ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

ਸੰਘਰਸ਼ ਤੇ ਸਮਝੌਤਾ
ਲੇਖਿਕਾ : ਰਵੀਨਾ (ਖਿਆਲੀ)
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 70 ਰੁਪਏ, ਸਫ਼ੇ : 32
ਸੰਪਰਕ : 98762-07774

ਬੇਹੱਦ ਨਿੱਕੀ ਜਿਹੀ ਇਸ ਨਾਵਲ ਰੂਪੀ ਮਹੱਤਵਪੂਰਨ ਪੁਸਤਕ ਵਿਚ ਕੈਨੇਡਾ ਪੜ੍ਹਨ ਗਈ ਸਿਫ਼ਤ ਨਾਂਅ ਦੀ ਇਕ ਪੰਜਾਬੀ ਵਿਦਿਆਰਥਣ ਦੀ ਆਪ-ਬੀਤੀ ਦਰਜ ਹੈ। ਜਿਹੜੀ ਬੇਹੱਦ ਮਿਹਨਤੀ ਅਤੇ ਜ਼ਹੀਨ ਹੈ। ਬੜੇ ਚਾਵਾਂ ਨਾਲ ਉਸ ਦੇ ਮਾਂ-ਬਾਪ ਅਤੇ ਹੋਰ ਪਰਿਵਾਰਕ ਮੈਂਬਰ ਉਸ ਨੂੰ ਕੈਨੇਡਾ ਭੇਜਦੇ ਹਨ। ਕੈਨੇਡਾ ਪਹੁੰਚ ਕੇ ਉਸ ਦੇ ਸੁਪਨੇ ਤੜੱਕ-ਤੜੱਕ ਕਰਕੇ ਟੁੱਟਣ ਲਗਦੇ ਹਨ। ਜਦੋਂ ਪੈਰ-ਪੈਰ 'ਤੇ ਤਿੱਖਾ ਸੰਘਰਸ਼ ਕਰਦਿਆਂ ਉਸ ਨੂੰ ਸਮਝੌਤੇ ਕਰਨੇ ਪੈਂਦੇ ਹਨ ਤਾਂ ਉਸ ਨੂੰ ਖ਼ੂਨ ਦੇ ਹੰਝੂ ਵਹਾਉਣ ਲਈ ਮਜਬੂਰ ਹੋਣਾ ਪੈਂਦਾ ਹੈ।
ਵਿਦੇਸ਼ਾਂ 'ਚ ਸੈੱਟ ਹੋਣ ਦੇ ਚੱਕਰ ਵਿਚ ਵਿਸ਼ੇਸ਼ ਤੌਰ 'ਤੇ ਲੜਕੀਆਂ ਨਾਲ ਜੋ ਭਿਆਨਕ ਹੋਣੀ ਵਾਪਰਦੀ ਹੈ ਦੀ ਇਹ ਪੁਸਤਕ ਸਪੱਸ਼ਟ ਤੇ ਪ੍ਰਤੱਖ ਗਵਾਹੀ ਹੈ। ਪੁਸਤਕ ਦੀ ਦੁਖਿਆਰੀ ਨਾਇਕਾ 'ਸਿਫ਼ਤ' ਦੇ ਇਸ ਅਕਹਿ ਦੁੱਖ ਕਰਕੇ ਪੁਸਤਕ ਦੇ ਆਰੰਭ ਵਿਚ ਦਰਜ 'ਮੁੱਢਲੇ ਸ਼ਬਦ' ਸਿਰਲੇਖ ਹੇਠ ਰੱਬ ਦੀ ਹੋਂਦ 'ਤੇ ਵੀ ਸਵਾਲ ਉਠਾਉਣ ਲਈ ਇਉਂ ਮਜਬੂਰ ਹੋਣਾ ਪਿਆ ਹੈ ਕਿ 'ਮੰਨਿਆ ਜਾਂਦਾ ਹੈ, ਜੋ ਮਿਹਨਤ ਤੇ ਇਮਾਨਦਾਰੀ ਨਾਲ ਕਰਮ ਕਰਦਾ ਹੈ ਰੱਬ ਉਸ ਨੂੰ ਬਣਦਾ ਹੱਕ ਦੇ ਦਿੰਦਾ ਹੈ ਪਰ ਇਸ ਕਿਤਾਬ 'ਚ ਸਵਾਲ ਇਹ ਹੈ ਕਿ, ਕੀ ਇਹ ਗੱਲ ਸੱਚ ਹੈ?' ਇਹ ਪੁਸਤਕ ਪੈਰ-ਪੈਰ 'ਤੇ ਸਮਾਜ ਨੂੰ ਇਸ ਸਭ ਕੁਝ ਬਾਰੇ ਸੋਚਣ ਲਈ ਜ਼ੋਰ ਪਾਉਂਦੀ ਹੈ। ਜੇਕਰ ਅਸੀਂ ਸਾਹਿਤਕ ਤਕਨੀਕ ਨੂੰ ਅਣਗੌਲਿਆ ਕਰਕੇ ਇਸ ਪੁਸਤਕ ਨੂੰ ਪਾਰਖੂ ਨਜ਼ਰ ਨਾਲ ਪੜ੍ਹੀਏ ਤਾਂ ਵਿਦੇਸ਼ 'ਚ ਪੜ੍ਹਨ ਜਾਂਦੀਆਂ ਕੁੜੀਆਂ ਦਾ ਦੁੱਖ ਹੀ ਜ਼ਿਹਨ 'ਤੇ ਭਾਰੂ ਹੁੰਦਾ ਮਹਿਸੂਸ ਕੀਤਾ ਜਾ ਸਕਦਾ ਹੈ।

-ਸੁਰਿੰਦਰ ਸਿੰਘ 'ਕਰਮ ਲਧਾਣਾ'
ਮੋਬਾਈਲ : 98146-81444

ਐਲਿਸ ਇਨ ਫੰਡਰਲੈਂਡ
ਲੇਖਕ : ਦਵਿੰਦਰ ਸਿੰਘ ਗਿੱਲ
ਪ੍ਰਕਾਸ਼ਕ : ਆਟਮ ਆਰਟਸ, ਪਟਿਆਲਾ
ਮੁੱਲ : 175 ਰੁਪਏ, ਸਫ਼ੇ : 92
ਸੰਪਰਕ : 98550-73018

ਨਾਟਕਕਾਰ ਅਤੇ ਵਿਅੰਗ ਲੇਖਕ ਦਵਿੰਦਰ ਸਿੰਘ ਗਿੱਲ ਦਾ ਹਥਲਾ ਨਾਵਲ 'ਐਲਿਸ ਇਨ ਫੰਡਰਲੈਂਡ' ਇਕ ਪੈਰੋਡੀਨੁਮਾ ਨਾਵਲ ਹੈ। ਲੇਖਕ ਨੇ ਖ਼ੁਦ ਹੀ ਸਵੀਕਾਰ ਕੀਤਾ ਹੈ ਕਿ ਇਹ ਨਾਵਲ 'ਅੰਗਰੇਜ਼ੀ ਦੇ ਪ੍ਰਸਿੱਧ ਨਾਵਲ 'ਐਲਿਸ ਐਡਵੈਂਚਰ ਇਨ ਵੰਡਰਲੈਂਡ' ਤੋਂ ਪ੍ਰੇਰਨਾ ਲੈ ਕੇ ਲਿਖਿਆ ਹੈ, ਜਿਸ ਵਿਚ ਨਾਵਲ ਦੀ ਨਾਇਕਾ ਐਲਿਸ ਇਕ ਕਲਪਿਤ ਦੇਸ਼ ਫੰਡਰਲੈਂਡ ਪੁੱਜ ਜਾਂਦੀ ਹੈ। ਨਾਵਲ ਦੇ ਕਥਾਨਕ ਅਨੁਸਾਰ ਸਥਾਨਕ ਪੱਪੂ ਨਾਂ ਦਾ ਪੇਂਡੂ ਮੁੰਡਾ ਤੇ ਵਿਦੇਸ਼ੀ ਗੋਰੀ ਐਲਿਸ ਦੋਸਤ ਹਨ। ਦੋਵੇਂ ਬੱਸ ਰਾਹੀਂ ਕਲਪਿਤ ਮੁਲਕ ਫੰਡਰਲੈਂਡ ਦੀ ਯਾਤਰਾ 'ਤੇ ਜਾਂਦੇ ਹਨ। ਸਾਰਾ ਕਥਾਨਕ ਬੱਸ ਵਿਚ ਹੀ ਬੁਣਿਆ ਗਿਆ ਹੈ। ਬੱਸ ਚਾਲਕ ਮੱਘਰ, ਪੱਪੂ ਅਤੇ ਐਲਿਸ ਇਸ ਕਥਾਨਕ ਦੇ ਮੁੱਖ ਪਾਤਰ ਹਨ। ਪੱਪੂ ਪੰਜਾਬ ਦੀ ਨੌਜਵਾਨੀ ਅਤੇ ਬੱਸ ਮੁਲਕ ਦਾ ਪ੍ਰਤੀਕ ਹਨ ਜੋ ਆਪਣੇ ਦੇਸ਼ ਅਤੇ ਪਰਦੇਸ ਦੇ ਬੌਧਿਕ, ਆਰਥਿਕ, ਸਭਿਆਚਾਰਕ, ਨੈਤਿਕ ਅਤੇ ਸਿਆਸੀ ਵਾਤਾਵਰਨ ਤੋਂ ਨਿਰਾਸ਼ ਹੈ ਅਤੇ ਉਹ ਕਿਸੇ ਆਈਲੈਟਸ ਪਾਸ ਲੜਕੀ ਦੇ ਸਹਾਰੇ ਵਿਦੇਸ਼ ਜਾਣ ਦੀ ਉਮੀਦ ਰੱਖਦਾ ਹੈ। ਚਲਦੀ ਬੱਸ ਦੌਰਾਨ ਹੀ ਪੱਪੂ, ਮੱਘਰ ਅਤੇ ਐਲਿਸ ਦੇ ਵਿਅੰਗਮਈ ਵਾਰਤਾਲਾਪ ਰਾਹੀਂ ਆਪਣੇ ਮੁਲਕ ਦੇ ਸਿਸਟਮ ਤੇ ਕਟਾਖਸ਼ ਕੀਤੇ ਗਏ ਹਨ। ਘੱਟ ਪੜ੍ਹਿਆਂ ਅਤੇ ਨਾਸਮਝ ਚਾਲਕਾਂ ਸਹਾਰੇ ਬੱਸ ਰੂਪੀ ਮੁਲਕ ਨੂੰ ਚਲਾਉਣ ਵਾਲਿਆਂ 'ਤੇ ਤਿੱਖੇ ਵਿਅੰਗ ਬਾਣ ਛੱਡੇ ਗਏ ਜਨ। ਐਲਿਸ ਦੇ ਸਵਾਲਾਂ ਦੇ ਜਵਾਬ ਪੱਪੂ ਨਾਟਕੀ ਢੰਗ ਨਾਲ ਦਿੰਦਾ ਹੈ। ਇੰਜ ਨਾਵਲ ਪੜ੍ਹਦਿਆਂ ਕਿਸੇ ਨਾਟਕ ਨੂੰ ਪੜ੍ਹਣ ਦਾ ਅਹਿਸਾਸ ਵੀ ਹੁੰਦਾ ਹੈ। ਜਿਥੇ ਮੂਲ ਨਾਵਲ ਵਿਚ ਐਲਿਸ ਫੰਡਰਲੈਂਡ ਦੀ ਚਮਤਕਾਰਕ ਦੁਨੀਆ ਵਿਚ ਪ੍ਰਵੇਸ਼ ਕਰਕੇ ਕਈ ਤਰ੍ਹਾਂ ਦੇ ਚਮਤਕਾਰਾਂ ਦੀ ਪ੍ਰਕ੍ਰਿਆ ਦਾ ਹਿੱਸਾ ਬਣਦੀ ਹੈ, ਉੱਥੇ ਨਾਵਲਕਾਰ ਆਪਣੇ ਇਸ ਨਾਵਲ ਵਿਚ ਆਪਣੇ ਮੁਲਕ ਦੀ ਤੁਲਨਾ ਕਿਸੇ ਫੰਡਰ ਗਾਂ-ਮੱਝ ਨਾਲ ਕਰਕੇ ਇਸ ਦਾ ਮਜ਼ਾਕ ਉਡਾਉਂਦਾ ਹੈ। ਉਸ ਨੂੰ ਬੌਧਿਕ, ਆਰਥਿਕ, ਸਿਆਸੀ, ਸੱਭਿਆਚਾਰਕ ਅਤੇ ਨੈਤਿਕ ਤੌਰ 'ਤੇ ਕੰਗਾਲ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਲੇਖਕ ਇਸ ਨਾਵਲ ਰਾਹੀਂ ਪਾਠਕਾਂ ਨੂੰ ਸਿਹਤਮੰਦ ਮਨੋਰੰਜਨ ਦੇਣ ਦੀ ਗੱਲ ਕਰਦਾ ਹੈ। ਭਾਸ਼ਾ ਮਲਵਈ ਹੈ। ਥਾਂ-ਥਾਂ 'ਤੇ ਡੰਗ-ਚੋਭਾਂ ਅਤੇ ਹਾਸੇ ਮਜ਼ਾਕ ਰਾਹੀਂ ਵਿਅੰਗ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ

03-03-2024

 ਸਾਖੀ ਪ੍ਰਥਾਇ
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ
ਅਤੇ ਉਨ੍ਹਾਂ ਦੀਆਂ ਵੰਸ਼ਜਾਂ ਦੀ
ਲੇਖਕ : ਡਾ. ਅਮਰਜੀਤ ਕੌਰ ਇੱਬਣ ਕਲਾਂ
ਪ੍ਰਕਾਸ਼ਕ : ਅਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 495 ਰੁਪਏ, ਸਫ਼ੇ : 339
ਸੰਪਰਕ : 97806-35197

ਮੌਖਿਕ ਤੌਰ 'ਤੇ ਪ੍ਰਚਲਤ ਸਾਖੀ ਸਾਹਿਤ ਦਾ ਆਪਣਾ ਇਤਿਹਾਸ ਹੈ, ਜੋ ਅੱਜ ਖੋਜ ਪ੍ਰਥਾਏ ਹੈ। ਹੁਣ ਡਾ. ਅਮਰਜੀਤ ਕੌਰ ਇੱਬਣ ਕਲਾਂ ਇਤਿਹਾਸ ਨੂੰ ਖੰਗਾਲਣ, ਪੜਚੋਲਣ, ਪ੍ਰਕਾਸ਼ਮਾਨ ਕਰਨ ਵਾਲੀ ਖੋਜੀ ਇਤਿਹਾਸਕਾਰਾਂ ਦੀ ਸ਼੍ਰੇਣੀ 'ਚ ਸ਼ਾਮਲ ਖੋਜੀ ਲੇਖਿਕਾ ਹੈ। ਉਸ ਦੀ ਕਲਮ ਤੋਂ ਪੰਜਾਬੀ ਵਿਚ 24 ਪੁਸਤਕਾਂ ਛਪ ਚੁੱਕੀਆਂ ਹਨ। ਇਸ ਕਿਤਾਬ ਵਿਚ ਲੇਖਿਕਾ ਨੇ ਛੱਜਰਾ/ਬੰਸਾਵਲੀ ਬਾਬਾ ਬੁੱਢਾ ਸਾਹਿਬ ਜੀ, ਬਾਬਾ ਬੁੱਢਾ ਜੀ ਦਾ ਜਨਮ ਸਥਾਨ, ਬਾਬਾ ਬੁੱਢਾ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ, ਬਾਬਾ ਬੁੱਢਾ ਜੀ ਦੀ ਕਰਤਾਰਪੁਰ ਵਿਖੇ ਜ਼ਿੰਮੇਵਾਰੀ, ਬਾਬਾ ਬੁੱਢਾ ਜੀ ਦਾ ਵਿਆਹ, ਬਾਬਾ ਬੁੱਢਾ ਜੀ ਦੇ ਮਾਤਾ-ਪਿਤਾ ਦਾ ਚਲਾਣਾ, ਬਾਬਾ ਜੀ ਦਾ ਪਰਿਵਾਰ, ਬਾਬਾ ਜੀ ਦਾ ਗੁਰੂ ਨਾਨਕ ਸਾਹਿਬ ਜੀ ਦੇ ਅੰਤਲੇ ਦਿਨਾਂ ਵਿਚ ਸੇਵਾ ਵਿਚ ਰਹਿਣਾ, ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦਾ ਤਿਲਕ ਦੇਣਾ, ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣਾ, ਗੁਰੂ ਅੰਗਦ ਦੇਵ ਜੀ ਦਾ ਖਡੂਰ ਸਾਹਿਬ ਸਮਾਧੀ ਲਾ ਕੇ ਬੈਠਣਾ, ਬਾਬਾ ਬੁੱਢਾ ਜੀ ਨੇ ਪ੍ਰਗਟ ਕਰਨਾ, ਰਬਾਬੀ ਰਜ਼ਾਦੇ ਨੇ ਬਾਬਾ ਜੀ ਨੂੰ ਸ਼ਬਦ ਸੁਣਾਉਣ ਤੋਂ ਨਾਂਹ ਕਰਨੀ, ਗੁਰੂ ਅੰਗਦ ਦੇਵ ਜੀ ਦੇ ਨਾਲ ਗੁਰੂ ਅਮਰਦਾਸ ਜੀ ਦਾ ਮਿਲਾਪ, ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋਤ ਸਮਾਉਣਾ ਤੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਚਲੇ ਜਾਣ ਦਾ ਆਦੇਸ਼ ਦੇਣਾ, ਗੁਰੂ ਅਮਰਦਾਸ ਜੀ ਗੋਇੰਦਵਾਲ ਵਿਖੇ, ਸੰਨ੍ਹ ਸਾਹਿਬ ਦਾ ਪ੍ਰਸੰਗ, ਗੁਰੁ ਅਮਰਦਾਸ ਜੀ ਵਲੋਂ ਬਾਈ ਮੰਜੀਆਂ ਸਥਾਪਿਤ ਕਰਨੀਆਂ, ਮੰਜੀ ਪ੍ਰਥਾ, ਬਾਉਲੀ ਸਾਹਿਬ ਤਿਆਰ ਕਰਵਾਉਣੀ ਬਾਦਸ਼ਾਹ ਅਕਬਰ ਨੇ ਆਪਣੇ ਸਫੀਰ ਭੇਜਣੇ, ਬਾਦਸ਼ਾਹ ਅਕਬਰ ਨੇ ਗੋਇੰਦਵਾਲ ਵਿਖੇ ਗੁਰੂ ਦਰਬਾਰ ਵਿਚ ਨਤ-ਮਸਤਕ ਹੋਣਾ, ਬਾਬਾ ਬੁੱਢਾ ਜੀ ਨੇ ਬੀੜ ਸਾਹਿਬ ਆਉਣਾ, ਗੁਰੁ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਗੁਰਿਆਈ ਦੇਣੀ, ਗੁਰੂ ਰਾਮਦਾਸ ਜੀ ਨੇ ਗੁਰੂ ਕਾ ਚੱਕ ਭਾਵ ਅੰਮ੍ਰਿਤਸਰ ਵਸਾਉਣਾ, ਬਾਬਾ ਬੁੱਢਾ ਜੀ ਨੇ ਝੰਡੇ ਰਾਮਦਾਸਪੁਰ ਨਗਰ ਬੰਨ੍ਹਣਾ, ਬਾਬਾ ਬੁੱਢਾ ਜੀ ਦੀ ਧਰਮ ਪਤਨੀ ਮਾਤਾ ਮਿਰੋਆ ਦਾ ਚਲਾਣਾ, ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰ ਅਰਜਨ ਦੇਵ ਨੂੰ ਲਾਹੌਰ ਤੋਂ ਲਿਆਉਣ ਲਈ ਬਾਬਾ ਬੁੱਢਾ ਜੀ ਨੂੰ ਭੇਜਣਾ, ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਸਮਾਉਣਾ, ਗੁਰੁ ਅਰਜਨ ਦੇਵ ਜੀ ਦਾ ਮੁਢਲਾ ਜੀਵਨ, ਪ੍ਰਿਥੀਚੰਦ ਨੇ ਬਾਬਾ ਬੁੱਢਾ ਜੀ ਨੂੰ ਕੁਬੋਲ ਬਚਨ ਕਰਨੇ, ਭਾਈ ਗੁਰਦਾਸ ਜੀ ਨੇ ਬੀਬੀ ਭਾਨੀ ਜੀ ਪਾਸ ਮਾਤਮ-ਪਰਚਾਵੀ ਲਈ ਪੁੱਜਣਾ, ਸ੍ਰੀ ਅੰਮ੍ਰਿਤਸਰ ਦੀ ਸੇਵਾ ਹੋਣੀ, ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇ ਜੀ ਦੇ ਵਿਆਹ ਦੀ ਸੇਵਾ ਕਰਨੀ, ਗੁਰੂ ਅਰਜਨ ਦੇਵ ਜੀ ਨੇ ਸ੍ਰੀ ਤਰਨ ਤਾਰਨ ਦੀ ਨੀਂਹ ਬਾਬਾ ਬੁੱਢਾ ਜੀ ਦੇ ਹੱਥੋਂ ਰਖਵਾ ਕੇ ਨਗਰ ਬੰਨ੍ਹਣਾ, ਬਾਬਾ ਬੁੱਢਾ ਜੀ ਨੇ ਸਰਹਾਲੀ ਪਿੰਡ 'ਤੇ ਪਰਉਪਕਾਰ ਕਰਨਾ, ਮਾਤਾ ਗੰਗਾ ਜੀ ਨੇ ਪੁੱਤਰ ਦਾ ਵਰ ਲੈਣ ਲਈ ਬੀੜ ਸਾਹਿਬ ਜਾਣਾ, ਸ੍ਰੀ ਕਰਤਾਰਪੁਰ (ਜਲੰਧਰ) ਦੀ ਨੀਂਹ ਰੱਖਣੀ, ਸਾਹਿਬਜ਼ਾਦੇ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਅਤੇ ਬਾਬਾ ਬੁੱਢਾ ਜੀ ਨੇ ਦਰਸ਼ਨ ਕਰਨ ਪੁੱਜਣਾ, ਬਾਬਾ ਬੁੱਢਾ ਜੀ ਨੇ ਸਾਹਿਬਜ਼ਾਦੇ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਮੁਖੀ ਵਿੱਦਿਆ ਅਤੇ ਸ਼ਸਤਰ ਵਿੱਦਿਆ ਸਿਖਾਉਣੀ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂ ਸਾਹਿਬਾਨ ਵਲੋਂ ਉਚਾਰਨ ਕੀਤੀ ਬਾਣੀ ਤੇ ਉਨ੍ਹਾਂ ਦੇ ਸਮੇਂ ਤੀਕ ਇਲਹਾਮ ਹੋਈ ਬਾਣੀ ਨੂੰ ਇਕੱਤਰ ਕਰਨ ਦਾ ਵਿਚਾਰ ਆਉਣਾ, ਗੋਇੰਦਵਾਲ ਤੋਂ ਸੈਂਚੀਆਂ ਅੰਮ੍ਰਿਤਸਰ ਪੁੱਜਣ ਦਾ ਪ੍ਰਸੰਗ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਲੋਂ ਰਾਮਸਰ ਦੇ ਸਥਾਨ ਦੀ ਚੋਣ ਕਰਨੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ, ਬਾਦਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਨਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵਿਆਹ, ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਹਰਿਗੋਬਿੰਦ ਸਾਹਿਬ ਜੀ ਦੀ ਗੁਰਿਆਈ ਕਰਨ ਨੂੰ ਕਹਿਣਾ, ਬਾਦਸ਼ਾਹ ਨੇ ਗੁਰੂ ਜੀ ਨੂੰ ਲੈਣ ਵਾਸਤੇ ਅਹਿਦੀਏ ਭੇਜਣੇ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪ੍ਰਭਾਵ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਨਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਕੇ ਬਿਰਾਜਣਾ, ਸੈਨਿਕਾਂ ਦੀ ਭਰਤੀ, ਅੰਮ੍ਰਿਤਸਰ ਦੀ ਕਿਲ੍ਹਾ ਬੰਦੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦੀ, ਕਾਬਲ ਦੇ ਸਿੱਖ ਦਾ ਸੂਬੇ ਵਲੋਂ ਖੋਹਿਆ ਘੋੜਾ ਬਾਬਾ ਬੁੱਢਾ ਜੀ ਦੇ ਬਚਨਾ ਨਾਲ ਵਾਪਿਸ, ਪ੍ਰਸੰਗ ਬੀਬੀ ਕੌਲਾਂ ਜੀ, ਬਿਬੇਕ ਸਰ ਦੀ ਕਥਾ, ਪ੍ਰਥਾਏ ਸਾਖੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਉਨ੍ਹਾਂ ਦੀਆਂ ਵੰਸ਼ਜਾਂ ਦੀ, ਬਾਬਾ ਜੀ ਅੰਤਲੇ ਸਮੇਂ ਰਮਦਾਸ ਵਿਖੇ ਅਤੇ ਅਗਲੇ ਭਾਗ ਪ੍ਰਥਾਏ ਸਾਖੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਉਨ੍ਹਾਂ ਦੀਆਂ ਵੰਸ਼ਜਾਂ ਦੀ, ਵਿਚ 74 ਸਬ ਸਿਰਲੇਖਾਂ ਹੇਠ ਦਰਜ ਹੈ। ਬਾਬਾ ਬੁੱਢਾ ਜੀ ਦੇ ਵੰਸ਼ਜਾਂ ਸੰਬੰਧੀ 1506 ਤੋਂ 1923 ਤੀਕ ਮਹੱਤਵਪੂਰਨ ਜਾਣਕਾਰੀ ਡਾ. ਅਮਰਜੀਤ ਕੌਰ ਇੱਬਣ ਕਲਾਂ ਨੇ ਮੁਹੱਈਆ ਕੀਤੀ ਹੈ। ਇਹ ਪਹਿਲੀ ਵਾਰ ਹੋਇਆ ਹੈ। ਲੇਖਿਕਾ ਦੀ ਮਿਹਨਤ ਮੂੰਹ ਚੜ੍ਹ ਪ੍ਰਸ਼ੰਸਾ ਕਰਵਾਉਂਦੀ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਤਾਬੀਰ
ਲੇਖਕ : ਸ਼ਹਿਬਾਜ਼ ਖਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 127
ਸੰਪਰਕ : 70874-15886

ਸ਼ਾਇਰ ਸ਼ਹਿਬਾਜ਼ ਖਾਨ ਆਪਣੀ ਪਲੇਠੀ ਕਾਵਿ ਕਿਤਾਬ 'ਤਾਬੀਰ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਨੂੰ ਸ਼ਾਇਰੀ ਦੀ ਪਿਉਂਦ ਆਪਣੇ ਮਰਹੂਮ ਪਿਤਾ ਕੰਵਰ ਇਮਤਿਆਜ਼ ਤੋਂ ਲੱਗੀ ਪਰ ਸਿਤਮ ਜ਼ਰੀਫ਼ੀ ਇਹ ਕਿ ਆਪਣੇ ਪੁੱਤਰ ਦੀ ਛਪੀ ਹੋਈ ਕਿਤਾਬ ਦੇਖਣ ਤੋਂ ਪਹਿਲਾਂ ਹੀ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸ਼ਾਇਰ ਦੀ ਤਸਵੀਰ ਇਸ ਪੁਸਤਕ ਦੇ ਪਿੱਠਵਰਕ 'ਤੇ ਛਪੀ ਹੋਈ ਦੇਖ ਕੇ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਖ਼ੂਬਸੂਰਤ ਸ਼ਾਇਰ ਸੂਰਤ, ਸੀਰਤ ਤੇ ਸ਼ਬਦ ਦੀ ਤ੍ਰਿਵੈਣੀ ਨਾਲ ਮਾਲਾ-ਮਾਲ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਕਾਵਿ-ਕਿਤਾਬ ਦੇ ਨਾਂਅ 'ਤਾਬੀਰ' ਤੋਂ ਅਸਾਡੇ ਹੱਥ ਸਹਿਜੇ ਹੀ ਆ ਜਾਂਦੀ ਹੈ ਕਿ ਤਾਬੀਰ ਸੁਪਨਿਆਂ ਨੂੰ ਪੂਰੇ ਹੁੰਦਿਆਂ ਦੇਖਣ ਦਾ ਨਾਂਅ ਹੈ ਤੇ ਇਸ ਤਾਬੀਰ ਤੱਕ ਪਹੁੰਚਣ ਲਈ ਉਹ ਸ਼ਬਦਾਂ ਦੀ ਠਾਹਰ ਤਾਂ ਭਾਲਦਾ ਹੀ ਹੈ ਪਰ ਨਾਲ ਦੀ ਨਾਲ ਕਸਤੂਰੀ ਮਿਰਗ ਦੀ ਅਉਧ ਵੀ ਹੰਢਾ ਰਿਹਾ ਹੈ। ਕਹਿੰਦੇ ਨੇ, 'ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ, ਕਿਸੀ ਕੋ ਜ਼ਮੀਨ ਕਿਸੀ ਕੋ ਜਹਾਂ ਨਹੀਂ ਮਿਲਤਾ' ਅਤੇ ਗਾਲਿਬ ਦੀ ਆਤਿਸ਼ ਦਾ ਸੇਕ ਵੀ ਝੱਲਣਾ ਪੈਂਦਾ ਹੈ ਜਾਂ 'ਯੇ ਇਸ਼ਕ ਨਹੀਂ ਆਸਾਂ ਏਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਨਾ ਹੈ' ਤੱਕ ਦਾ ਕਿਨਾਰਾ ਪਾਰ ਕਰਨ ਲਈ ਮਹਿਬੂਬਾ ਦੀਆਂ ਬਰੂਹਾਂ ਤੱਕ ਜਾਣ ਦਾ ਤਰੱਦਦ ਕਰਨਾ ਪੈਂਦਾ ਹੈ। ਇੱਥੇ ਤੱਕ ਪਹੁੰਚਣ ਲਈ ਉਹ 'ਨਿੰਮ ਦੀ ਚੂਰੀ' ਖਾ ਰਿਹਾ ਹੈ। ਨਿੰਮ ਦੇ ਮੈਟਾਫ਼ਰ ਰਾਹੀਂ ਇਸ ਰਸਤੇ ਵਿਚ ਆਉਣ ਵਾਲੀਆਂ ਦੁਸ਼ਵਾਰੀਆਂ ਦੀ ਬਾਖ਼ੂਬੀ ਸਕੈਨਿੰਗ ਕਰਦਾ ਹੈ। ਤਰੰਗਤੀ ਮੁਹੱਬਤ ਤੱਕ ਪਹੁੰਚਣ ਲਈ ਉਹ ਰੱਬ ਅੱਗੇ ਅਰਦਾਸ ਕਰਦਿਆਂ ਕਹਿੰਦਾ ਹੈ ਕਿ ਆਪਣੇ ਪਿਆਰੇ ਦਾ ਦਰ ਹੀ ਉਸ ਲਈ 'ਜੰਨਤ' ਹੈ। ਸ਼ਾਇਰ ਮਾਂ-ਬੋਲੀ ਪੰਜਾਬੀ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਦਾ ਹੈ ਤੇ ਇਸ ਵੱਲ ਪਿੱਠ ਕਰਨ ਵਾਲਿਆਂ ਨੂੰ ਹੀ ਲਾਹਣਤਾਂ ਦੇ ਨਿਹੋਰੇ ਵੀ ਮਾਰਦਾ ਹੈ। ਉਹ ਪਿੱਤਰੀ ਸੱਤਾ ਦੀਆਂ ਮਾਰੀਆਂ ਵੱਲ ਵੰਗਾਂ ਵੇਚਣ ਵਾਲੇ ਵਣਜਾਰਿਆਂ ਨੂੰ ਸਵਾਲ ਖੜ੍ਹੇ ਕਰਦਾ ਹੈ ਕਿ ਤੇਰੀਆਂ ਰੰਗ ਬਰੰਗੀਆਂ ਵੰਗਾਂ ਇਨ੍ਹਾਂ ਦੀ ਕਿਸਮਤ ਦੇ ਰੰਗ ਨਹੀਂ ਬਦਲ ਸਕਦੀਆਂ। ਭਾਵੇਂ ਉਸ ਦੀਆਂ ਨਜ਼ਮਾਂ ਵਿਚ ਉਦਾਸੀ ਦਾ ਰੰਗ ਭਾਰੀ ਹੈ ਪਰ ਅਵਚੇਤਨ ਵਿਚ ਖੁਸ਼ੀ ਛੁਪੀ ਹੋਈ ਹੈ। ਉਹ ਜੀਵਨ ਯਥਾਰਥ ਦੇ ਵੱਖ-ਵੱਖ ਸਰੋਕਾਰਾਂ ਨਾਲ ਦਸਤਪੰਜਾ ਲੈਂਦਾ ਹੋਇਆ ਗਿਰਗਿਟੀ ਕਿਰਦਾਰਾਂ ਦੇ ਬਖੀਏ ਉਧੇੜਦਾ ਹੈ :
'ਲੋਕਾਂ ਨੂੰ ਵੀ ਡਰ ਲੱਗਦਾ ਏ,
ਨੇਤਾ ਤੇ ਇਤਬਾਰ ਨਾ ਕੋਈ
ਝੂਠੇ ਵਾਅਦੇ ਲਾਰੇ ਲੱਪੇ,
ਨਾਲੋਂ ਵੱਧ ਹਥਿਆਰ ਨਾ ਕੋਈ।
ਵੋਟਾਂ ਨੇੜੇ ਆਵਣ ਤਾਂ ਫਿਰ,
ਘੁਰਨੇ ਵਿਚੋਂ ਬਾਹਰ ਆ ਜਾਂਦੇ।
ਸਾਲਾਂਬੱਧੀ ਲੋਕਾਂ ਦੀ ਇਹ,
ਪੁੱਛਣ ਆਉਂਦੇ ਸਾਰ ਨਾ ਕੋਈ।'

-ਭਗਵਾਨ ਢਿੱਲੋਂ
ਮੋਬਾਈਲ : 98143-78254

ਉਡੀਕ ਅਟਕ ਗਈ ਹੈ
ਕਵਿੱਤਰੀ : ਕੁਲਵੰਤ ਕੌਰ ਨਾਰੰਗ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 104
ਸੰਪਰਕ : 098112-25358

ਗੁਰੂਗ੍ਰਾਮ ਵਸਦੀ ਕਵਿੱਤਰੀ ਕੁਲਵੰਤ ਕੌਰ ਨਾਰੰਗ ਦਾ ਇਹ ਕਾਵਿ-ਸੰਗ੍ਰਹਿ ਉਸ ਦੀ ਛੇਵੀਂ ਸਾਹਿਤਕ ਦੇਣ ਹੈ। ਇਸ ਤੋਂ ਪਹਿਲਾਂ ਉਹ 'ਦਰਦ' ਕਾਵਿ-ਸੰਗ੍ਰਹਿ 1986 'ਪਰਛਾਵੇਂ' ਕਾਵਿ-ਸੰਗ੍ਰਹਿ 2005, 'ਮੇਰੀ ਉਡੀਕ ਰੱਖੀਂ' ਕਾਵਿ ਸੰਗ੍ਰਹਿ 2013 ਅਤੇ 'ਉਡੀਕ ਦੇ ਪਲ' ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਕਰਵਾ ਚੁੱਕੀ ਹੈ।
ਹਥਲੀ ਕਾਵਿ-ਪੁਸਤਕ ਵਿਚ 104 ਸਫ਼ਿਆਂ ਦੇ ਆਂਗਣ ਵਿਚ 70 ਕਵਿਤਾਵਾਂ ਦੇ ਮਹਿਕਦੇ ਫੁੱਲ ਬੂਟੇ ਹਨ। ਨਾਰੰਗ ਪਿਛਲੇ ਚਾਰ ਦਹਾਕਿਆਂ ਤੋਂ ਕਵਿਤਾ ਦੇ ਨਾਲ-ਨਾਲ ਜ਼ਿੰਦਗੀ ਦਾ ਸਫ਼ਰ ਕਰਦੀ ਆ ਰਹੀ ਹੈ। ਉਸ ਦੀ ਕਵਿਤਾ ਆਧੁਨਿਕ ਭਾਵ ਬੋਧ ਦੀ ਕਵਿਤਾ ਹੈ। ਜ਼ਿੰਦਗੀ ਸਫ਼ਰ ਕਰਦੀ ਹੈ, ਤਾਂ ਕਵਿਤਾ ਵੀ ਉਸ ਦੇ ਨਾਲ-ਨਾਲ ਆਪਣੇ-ਆਪ ਨੂੰ ਜ਼ਿੰਦਗੀ ਦੇ ਹਾਣ ਦੀ ਕਰਕੇ ਸਫ਼ਰ ਕਰਦੀ ਹੈ। ਰਿਸ਼ਤਿਆਂ ਦੀ ਟੁੱਟ-ਭੱਜ, ਬਦਲਦੇ ਅਹਿਸਾਸ, ਪੀੜ੍ਹੀ-ਦਰ-ਪੀੜ੍ਹੀ ਪੈਂਦਾ ਖੱਪਾ ਉਸ ਦੀਆਂ ਕਵਿਤਾਵਾਂ ਦੇ ਮੁੱਖ ਵਿਸ਼ੇ ਹਨ। ਉਸ ਨੇ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਸੰਦਰਭਾਂ ਨੂੰ ਕਵਿਤਾ ਦੀ ਜ਼ੁਬਾਨ ਵਿਚ ਸਹਿਜ ਸ਼ਬਦਾਂ ਵਿਚ ਪੇਸ਼ ਕੀਤਾ ਹੈ। ਮੁੱਖ ਤੌਰ ਉੱਤੇ ਕਵਿੱਤਰੀ ਚਾਹੁੰਦੀ ਹੈ ਕਿ ਜ਼ਿੰਦਗੀ ਦੀਆਂ ਕੁੜੱਤਣਾਂ ਦੂਰ ਹੋਣ, ਨਫ਼ਰਤਾਂ ਮਰਨ ਅਤੇ ਇਸ ਦੀ ਥਾਂ ਪਿਆਰ ਦੀ ਮਿਠਾਸ ਅਤੇ ਮੋਹ ਦਾ ਵਾਤਾਵਰਨ ਪੈਦਾ ਹੋਵੇ। 'ਬ੍ਰਿਹਾ ਤੂੰ ਸੁਲਤਾਨ' ਦਾ ਵਾਕ ਉਸ ਨੇ ਉਚੇਰੇ ਅਰਥਾਂ ਵਿਚ ਲਿਆ ਹੈ। ਉਹ ਬ੍ਰਿਹਾ ਜਾਂ ਹਿਜਰ ਹੀ ਹੈ, ਜੋ ਮਨੁੱਖੀ ਆਤਮਾ ਨੂੰ ਮੇਲ ਦੀ ਤਾਂਘ ਨਾਲ ਜੋੜਦਾ ਹੈ। ਇਹ ਵੀ ਸੱਚ ਹੈ ਕਿ 'ਜਿਸ ਤਨ ਬਿਰਹਾ ਨਾ ਉਪਜੇ, ਸੋ ਤਨ ਜਾਣ ਮਸਾਣ' ਉਹ ਸਰੀਰ ਉਹ ਆਤਮਾ ਪਥਰਾਈ ਹੋਈ ਹੀ ਹੁੰਦੀ ਹੈ, ਜਿਸ ਵਿਚ ਦਿਲ ਦੇ ਪਿਆਰ ਨੂੰ ਮਿਲਣ ਦੀ ਤਾਂਘ ਨਾ ਰਹਿ ਜਾਵੇ। ਪਰ ਕਾਵਿ ਧਰਮ ਵੀ ਹੁੰਦਾ ਹੈ। ਹਰ ਕਵੀ ਨੂੰ ਸਮਾਜ ਵਿਚ ਊਚ-ਨੀਚ, ਅਮੀਰੀ ਗ਼ਰੀਬੀ, ਮਹੱਲਾਂ-ਕੁਲੀਆਂ, ਮਾੜੇ-ਲਿਤਾੜੇ ਤੇ ਸ਼ਕਤੀਧਾਰਕ ਵੀ ਦਿਸਦੇ ਹਨ। ਸਾਡੇ ਕੋਲ ਬਾਬੇ ਨਾਨਕ ਅਤੇ ਦਸਮੇਸ਼ ਪਿਤਾ ਜੀ ਦਾ ਉਦਭਵ ਕੀਤਾ ਕਾਵਿ ਸੱਭਿਆਚਾਰ ਹੈ। ਕਵਿੱਤਰੀ ਨੇ ਉਸ ਦਾ ਵੀ ਪਾਲਣ ਕੀਤਾ ਹੈ। ਉਸ ਦੀ ਹਥਲੀ ਕਾਵਿ-ਪੁਸਤਕ ਵਿਚੋਂ ਕੁਝ ਟੂਕਾਂ ਪਾਠਕਾਂ 'ਆ ਨਫ਼ਰਤ ਦੇ/ ਬੀਜ ਨੂੰ ਜੜ੍ਹੋਂ ਪੁੱਟ/ ਮਿੱਟੀ ਪਾ/ ਖਾਲੀ ਹੋਈ ਥਾਂ/ ਵਿਚ ਪਿਆਰ ਦੇ ਬੀਜ ਪਾ/ ਪਿਆਰ ਮਹਿਕਾਂ/ ਪਿਆਰ ਵੰਡ... (ਸਫ਼ਾ 9)'
'ਰਾਤ ਦੇ ਵਿਚ ਹੈ ਕਾਲਖ ਪਸਰੀ/ ਜੀਵਨ ਘੁੱਪ ਹਨੇਰਾ ਹੈ/ ਅੱਜ ਤਕ ਤੇ/ ਮੈਂ ਸਮਝ ਨਾ ਪਾਈ/ ਕੀ ਤੇਰਾ ਕੀ ਮੇਰਾ ਹੈ.../ ਕਾਲੀ ਬੋਲੀ ਸਿਆਹੀ ਰਾਤ ਦੀ/ ਵਰ੍ਹਿਆਂ ਤੀਕ ਨਾ ਧੁਲ ਪਾਏਗੀ.../ ਚੰਦਰੀ ਰਾਤ ਫਿਰ ਮੁੱਕ ਜਾਵੇਗੀ/ ਹਨੇਰੇ ਸਾਰੇ ਛੱਟ ਜਾਵਣਗੇ'... (13)
'ਸਮੇਂ ਕਿਹਾ/ ਮੇਰੇ ਖੰਭ ਨੇ/ ਮੈਂ ਉੱਡ ਜਾਣੈ/ ਮੈਂ ਕਿਹਾ/ ਮੈਂ ਮੁੱਠੀ 'ਚ ਭਰ ਲਾਂਗੀ/ ਸਮਾਂ/ ਕਿੱਥੇ ਉੱਡ ਗਿਆ?/ ... ਹਰ ਕੰਮ/ ਹਰ ਰਿਸ਼ਤਾ/ ਹਰ ਸਾਕ/ ਸਮੇਂ ਅੰਦਰ ਗੁੰਮ ਗਿਆ' (49) ਕਵਿੱਤਰੀ ਦੀਆਂ ਕਵਿਤਾਵਾਂ ਵਿਚ ਵਕਤ ਨੂੰ ਨਿਹੋਰੇ ਹਨ, ਜੋ ਜ਼ਿੰਦਗੀ ਨੂੰ ਪਛਾੜ ਕੇ ਨਵੇਂ ਹੀ ਨਵੇਂ ਦਿਸਹੱਦੇ ਸਿਰਜਦਾ ਦੌੜੀ ਜਾ ਰਿਹਾ ਹੈ। ਬੀਤੇ ਕੱਲ੍ਹ ਅਤੇ ਆਉਂਦੇ ਕੱਲ੍ਹ ਵਿਚ ਵਰਤਮਾਨ ਵਿਚਾਰ ਹੋਇਆ ਖੜ੍ਹਾ ਹੈ। ਕਵਿਤਾ ਭਾਵੇਂ ਵਾਰਤਕ ਅੰਦਾਜ਼ ਵਿਚ ਹੈ ਪਰ ਪੜ੍ਹਦਿਆਂ ਪਾਠਕ ਨੂੰ ਕਾਵਿ ਸੁਆਦ ਦੀ ਘਾਟ ਨਹੀਂ ਪੈਂਦੀ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਮੈਂ ਕਿਤੇ ਵੀ ਨਹੀਂ
ਕਵਿੱਤਰੀ : 'ਕਾਰਿਆ' ਪ੍ਰਭਜੋਤ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 156
ਸੰਪਰਕ : 95011-45039

'ਮੈਂ ਕਿਤੇ ਨਹੀਂ' 'ਕਾਰਿਆ' ਪ੍ਰਭਜੋਤ ਕੌਰ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ 'ਮੈਂ ਤੇ ਸਮੁੰਦਰ' ਉਸ ਦਾ ਪਲੇਠਾ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕਾ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਹੂਕ' ਤੋਂ ਲੈ ਕੇ 'ਹਨੇਰੇ ਰਾਹ' ਤੱਕ 73 ਕਵਿਤਾਵਾਂ ਸੰਗ੍ਰਹਿਤ ਕੀਤੀਆਂ ਗਈਆਂ ਹਨ। ਕਾਵਿ-ਸੰਗ੍ਰਹਿ ਦੀ ਸਿਰਲੇਖ ਕਵਿਤਾ 'ਮੈਂ ਕਿਤੇ ਵੀ ਨਹੀਂ' ਕਵਿਤਾ ਦਾ ਸਮਾਜ ਵਿਚ ਵਿਚਰਦੇ 'ਪਿਤਰੀ' ਸਮਾਜਿਕ ਤਾਣੇ-ਬਾਣੇ 'ਚ 'ਔਰਤ' ਦੇ ਸਥਾਨ ਨੂੰ ਮਨਫ਼ੀ ਹੋਏ ਪਲਾਂ ਵਾਂਗ ਮਹਿਸੂਸਦੀ ਹੈ ਅਤੇ ਆਪਣੀ ਬਣਾਈ ਭੂਮਿਕਾ ਅਤੇ ਥਾਂ ਲਈ ਜ਼ਮੀਨ ਤਲਾਸ਼ਣ ਦਾ ਯਤਨ ਕਰਦੀ ਪ੍ਰਤੀਤ ਹੁੰਦੀ ਹੈ।
ਤੇ ਮੈਂ ਆਪਣੇ ਖ਼੍ਵਾਬਾਂ ਦੇ
ਰਾਹ ਜਾਣਦੀ ਹਾਂ
ਤਾਂ ਹੀ ਨਾ ਹੋ ਕੇ ਵੀ ਕਿਤੇ
ਹਰ ਥਾਂ ਰਹਿੰਦੀ ਹਾਂ ਮੌਜੂਦ
ਤੇਰੀ ਮਾਨਸਿਕਤਾ ਦੇ ਦਾਇਰੇ 'ਚ
ਜਾਂ ਫਿਰ....
ਇੰਝ ਮਿਲਾਂਗੀ ਤੈਨੂੰ
ਸਮੁੰਦਰ ਦੀ ਲਹਿਰ ਹੋ
ਘੋਗੇ-ਸਿੱਪੀਆਂ 'ਚ
ਸੰਖ ਦੀ ਆਵਾਜ਼ ਹੋ।
ਸਾਧਾਰਨ ਪੱਧਰ 'ਤੇ ਵਿਚਰਦੀ ਔਰਤ ਪਦਾਰਥਕ-ਵਸਤੂ 'ਚ ਗਲਤਾਨ ਆਪਣੇ ਬਾਰੇ ਘੱਟ ਹੀ ਸੋਚਦੀ ਹੈ। ਉਹ ਸਮਾਜਿਕ ਬੰਦਿਸ਼ਾਂ ਰਹਿੰਦੀ ਧੀ, ਪਤਨੀ, ਮਾਂ ਦਾ ਫ਼ਰਜ਼ ਨਿਭਾਉਂਦੀ-ਨਿਭਾਉਂਦੀ 'ਮੈਂ ਕਿਤੇ ਵੀ ਨਹੀਂ' ਦੀ ਸੀਮਾ 'ਚ ਗਰਕ ਹੋ ਆਪਣੇ ਵਜੂਦ ਨੂੰ ਤਿਲਾਂਜਲੀ ਦੇ ਦਿੰਦੀ ਹੈ। ਪ੍ਰੰਤੂ ਇਸ ਕਾਵਿ-ਸੰਗ੍ਰਹਿ ਦੀ ਕਰਤਾ ਰੂਹ ਦੀ ਸ਼ਿੱਦਤ ਮਹਿਸੂਸ ਕਰਦੀ ਸਮਰਪਣ ਭਾਵਾਂ 'ਚ ਆਪਣੀ ਸੋਚ, ਕਲਮ ਨੂੰ ਗਹਿਰੀ ਸੋਚ ਦੇ ਹਵਾਲੇ ਕਰ ਉਸ ਅੰਦਰਲੀ ਚਿਣਗ ਨੂੰ ਜੋ ਉਸ ਨੂੰ ਮਾਨਵੀ ਰੂਪ ਵਿਚ ਜ਼ਿੰਦਾ ਰੱਖਦੀ ਹੈ, ਅੰਦਰਲੀ ਆਵਾਜ਼ ਨੂੰ ਹਰ ਹਾਲਤ ਵਿਚ ਜਿਊਂਦਾ ਰੱਖਣ ਲਈ ਕਵਿਤਾ ਦਾ ਸ਼ਬਦਾਂ ਦਾ ਸਿਰਜਦੇ ਹਨ : 'ਜਾਂਦੀ ਹਾਂ... 'ਮੈਂ' ਕੱਢ ਬਾਹਰ/ ਦਹਿਲੀਜ਼ ਚੁੰਮ.../ ਹੋ ਜੋਗੀ.../ ਕੰਨੀਆਂ ਮੁੰਦਰਾ... ਹੱਥ ਫੜ ਕਾਸਾ/ ਹੇਕ ਮਾਰ (ਜਦ ਤੁਰ ਪਈਏ...'
ਇਹ ਅਧੂਰੇ ਮਨ ਦੀ ਕਵਿਤਾ ਹੈ ਜਸ਼ਨ ਦੀ ਨਹੀਂ। ਪਰ ਜਸ਼ਨ ਮਨਾਉਣ ਦੀ ਰੀਝ ਨੂੰ ਜ਼ਰੂਰ ਉਕਸਾਉਂਦੀ ਹੈ। ਉਕਸਾਉਣਾ ਹੀ ਕਵਿਤਾ ਦਾ ਧਰਮ ਹੈ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਚੰਡੀਗੜ੍ਹ ਲੋਪ ਕੀਤੇ ਪੁਆਧੀ ਪਿੰਡ
ਲੇਖਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 98151-23900

ਪੁਆਧੀ ਸਮਾਜ ਅਤੇ ਸੱਭਿਆਚਾਰ ਦੀ ਹੋਂਦ ਨੂੰ ਬਣਾਈ ਰੱਖਣ ਦੇ ਪਵਿੱਤਰ ਸੰਕਲਪ ਨਾਲ ਕਾਇਮ ਕੀਤੇ 'ਪੁਆਧੀ ਪੰਜਾਬੀ ਸੱਥ' ਦੇ ਮੁਖੀ ਸਨਮਾਨਿਤ ਸਾਹਿਤਕਾਰ ਸ. ਮਨਮੋਹਨ ਸਿੰਘ ਦਾਊਂ ਦੁਆਰਾ ਰਚਿਤ ਇਹ ਇਕ ਖੋਜ-ਪੁਸਤਕ ਹੈ, ਜਿਸ ਵਿਚ ਉਸ ਨੇ ਲਗਭਗ 30 ਪਿੰਡਾਂ ਦੇ ਲੋਪ ਹੋਣ ਦੀ ਦਰਦਨਾਕ ਗਾਥਾ ਨੂੰ ਇਕ ਕੁਸ਼ਲ ਸੱਭਿਆਚਾਰ ਸ਼ਾਸਤਰੀ ਵਾਂਗ ਅੰਕਿਤ ਕੀਤਾ ਹੈ। ਸਾਡਾ ਪ੍ਰਾਚੀਨ ਭਾਰਤ ਪਿੰਡਾਂ ਵਿਚ ਵੱਸਦਾ ਸੀ। ਸ਼ਹਿਰ ਤਾਂ ਕੇਵਲ ਮੰਡੀਆਂ ਸਨ, ਜਿਨ੍ਹਾਂ ਵਿਚ ਪੂੰਜੀਵਾਦੀ ਅਰਥਚਾਰੇ ਦੀ ਸਥਾਪਨਾ ਉਪਰੰਤ ਜਿਨਸਾਂ ਵਿਕਦੀਆਂ ਅਤੇ ਖ਼ਰੀਦੀਆਂ ਜਾਂਦੀਆਂ ਸਨ। ਪੰਜਾਬ ਵਿਚ ਇਹ ਮੰਡੀਆਂ ਵੀਹਵੀਂ ਸਦੀ ਦੇ ਆਰੰਭ ਵਿਚ ਬਣੀਆਂ ਸਨ ਅਤੇ ਇਨ੍ਹਾਂ ਨੂੰ ਚਲਾਉਣ ਵਾਲੇ ਲੋਕ ਰਾਜਸਥਾਨ ਅਤੇ ਗੁਜਰਾਤ ਵਰਗੇ ਪ੍ਰਦੇਸ਼ਾਂ ਤੋਂ ਇਥੇ ਆ ਕੇ ਵੱਸੇ ਸਨ। ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਵਿਕਸਿਤ ਕਰਨ ਦਾ ਸਿਹਰਾ ਸ. ਪ੍ਰਤਾਪ ਸਿੰਘ ਕੈਰੋਂ ਨੂੰ ਜਾਂਦਾ ਹੈ, ਜਿਸ ਨੇ ਲਾਹੌਰ ਸ਼ਹਿਰ ਨੂੰ ਅਣਵੰਡੇ ਪੰਜਾਬ ਦੀ ਰਾਜਧਾਨੀ ਵਜੋਂ ਮਾਤ ਦੇਣ ਦੇ ਇਰਾਦੇ ਨਾਲ ਲੇ-ਕਾਰਬੂਜ਼ੀਅਰ ਵਰਗੇ ਕੁਸ਼ਲ ਨਗਰ-ਨਿਰਮਾਤਾਵਾਂ ਦੀ ਸਹਾਇਤਾ ਨਾਲ ਇਸ ਨਗਰ ਦਾ ਨਿਰਮਾਣ ਕੀਤਾ ਸੀ। ਚਾਹੀਦਾ ਤਾਂ ਇਹ ਸੀ ਕਿ ਇਸ ਨਵੇਂ ਸ਼ਹਿਰ ਦੇ ਖ਼ੁਸ਼ਕ ਅਤੇ ਪਥਰੀਲੇ ਚੌਗਿਰਦੇ ਵਿਚ ਨਗਲਾ, ਸ਼ਾਹਜ਼ਾਦਪੁਰ, ਭੰਗੀ ਮਾਜਰਾ, ਰੁੜਕੀ ਪੜ੍ਹਾਓ, ਦਲਹੇੜੀ, ਨਵਾਂ ਗਾਓਂ, ਦਤਾਰਪੁਰ ਅਤੇ ਬਖਤਾ ਬਜਵਾੜੀ ਵਰਗੇ ਪਿੰਡ, ਨਖਲਸਤਾਨਾਂ ਵਾਂਗ ਮਹਿਕਦੇ-ਟਹਿਕਦੇ ਰਹਿੰਦੇ ਪਰ ਪੂੰਜੀਵਾਦ ਕਦੋਂ ਕਿਸੇ ਭੂਪਵਾਦੀ ਨਿਸ਼ਾਨ ਨੂੰ ਬਾਕੀ ਰਹਿਮ ਦਿੰਦਾ ਹੈ? ਇਸ ਨੇ ਉਕਤ ਸਾਰੇ ਪਿੰਡ ਖਾ ਲਏ।
ਇਸ ਪੁਸਤਕ ਦੀ ਲਿਖਤ ਟੈਕਸਟ ਨੂੰ ਸਜਾਉਣ-ਸ਼ਿੰਗਾਰਨ ਲਈ ਦਾਊਂ ਸਾਹਿਬ ਨੇ ਬਹੁਤ ਸਾਰੀਆਂ ਦੁਰਲੱਭ ਤਸਵੀਰਾਂ ਵੀ ਮੁਹੱਈਆ ਕਰਵਾਈਆਂ ਹਨ। ਉਜੜੇ ਪਿੰਡਾਂ ਦੀ ਸੱਭਿਆਚਾਰਕ ਵੱਥ ਉੱਪਰ ਹੇਰਵਾ ਪ੍ਰਗਟ ਕਰਦਾ ਹੋਇਆ ਉਹ ਲਿਖਦਾ ਹੈ, 'ਪਿੰਡਾਂ ਦੇ ਉੱਜੜਨ ਦੇ ਉਸ ਮੰਜ਼ਰ ਨੂੰ ਯਾਦ ਕਰੀਏ ਤਾਂ ਲੋਕਾਂ ਦੇ ਹੰਝੂ ਅਜੇ ਵੀ ਗਿੱਲੇ ਲਗਦੇ ਹਨ। ਔਰਤਾਂ ਦੇ ਵੈਣ ਹਵਾਵਾਂ 'ਚ ਘੁਲ ਰਹੇ ਹਨ। ... ਇਕ ਜਿਊਂਦੇ ਪਿੰਡ ਦੀ ਮੌਤ ਹੋ ਗਈ ਹੈ। ਮਰਗਤ ਲਈ ਮੜ੍ਹੀਆਂ ਵੀ ਨਹੀਂ ਰਹੀਆਂ...।' ਸ. ਮਨਮੋਹਨ ਸਿੰਘ ਦਾਊਂ ਦੀ ਇਹ ਪੁਸਤਕ ਇਕ ਜੀਂਦਾ-ਧੜਕਦਾ ਦਸਤਾਵੇਜ਼ ਹੈ। ਇਹ ਪੁਸਤਕ ਇਕ ਸਰੋਤ-ਗ੍ਰੰਥ ਦਾ ਦਰਜਾ ਰੱਖਦੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

25-02-2024

 ਗ਼ਦਰੀ ਕਿਰਪਾ ਸਿੰਘ ਲੰਗ ਮਜਾਰੀ ਮੀਰਪੁਰ ਜਿਹੜੇ ਝੁਕੇ ਨਹੀਂ
ਲੇਖਕ : ਰਾਕੇਸ਼ ਕੁਮਾਰ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ, ਲੁਧਿਆਣਾ
ਮੁੱਲ : 250, ਸਫ਼ੇ : 136
ਸੰਪਰਕ : 95305-03412

ਹਥਲੀ ਪੁਸਤਕ ਦਾ ਲੇਖਕ ਰਾਕੇਸ਼ ਕੁਮਾਰ ਬਹੁਪੱਖੀ ਸ਼ਖ਼ਸੀਅਤ ਦਾ ਸਵਾਮੀ ਹੈ। ਉਹ ਰੇਲਵੇ ਵਿਭਾਗ ਦੇ ਉੱਚ-ਅਧਿਕਾਰੀ ਵਜੋਂ ਸੇਵਾਮੁਕਤ ਹੈ। ਉਹ ਗ਼ਦਰੀ ਲਹਿਰਾਂ ਅਤੇ ਕ੍ਰਾਂਤੀਕਾਰ ਲਹਿਰਾਂ ਦੇ ਪੁਸਤਕ ਲੇਖਕ ਵਜੋਂ ਵਿਸ਼ੇਸ਼ ਮਾਹਿਰ ਹੈ। ਇਸੇ ਕਰਕੇ ਉਹ ਅਨੇਕਾਂ ਵਿਭਿੰਨ ਸੰਸਥਾਵਾਂ ਵਲੋਂ ਸਨਮਾਨ ਹਾਸਿਲ ਕਰ ਚੁੱਕਾ ਹੈ। ਗ਼ਦਰੀਆਂ ਬਾਰੇ ਆਪਣੀ ਨਿਰੰਤਰ ਪੁਸਤਕ ਲੜੀ ਨੂੰ ਜਾਰੀ ਰੱਖਦਿਆਂ ਹੋਇਆਂ ਉਸ ਨੇ 2023 ਵਿਚ ਵਿਚਾਰਾਧੀਨ ਪੁਸਤਕ ਸਿਰਜੀ ਹੈ। ਇਹ ਜੀਵਨੀ ਸਾਹਿਤ ਬਾਰੇ ਇਕ ਖੋਜ ਭਰਪੂਰ ਪੁਸਤਕ ਹੈ। ਇਸ ਵਿਚ ਗ਼ਦਰੀ ਕਿਰਪਾ ਸਿੰਘ ਲੰਗ ਮਜਾਰੀ ਦੀ ਜੀਵਨੀ 'ਤੇ ਕੇਂਦਰਿਤ ਰਹਿੰਦਿਆਂ ਹੋਇਆਂ ਗ਼ਦਰੀ ਬਾਬਿਆਂ ਦੇ ਇਤਿਹਾਸ ਬਾਰੇ ਵਡਮੁੱਲੀ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਇਸ ਵਿਚ ਕਿਰਪਾ ਸਿੰਘ ਦੇ ਗ਼ਦਰ ਪਾਰਟੀ ਨਾਲ ਸੰਪਰਕ ਬਾਰੇ ਦੱਸਿਆ ਗਿਆ ਹੈ। ਇਸ ਗ਼ਦਰੀ ਨਾਇਕ ਦਾ ਜਨਮ 1888 ਦੇ ਲਾਗੇ ਪਿੰਡ ਲੰਗ ਮਜਾਰੀ ਨੇੜੇ ਅਨੰਦਪੁਰ ਸਾਹਿਬ ਵਿਖੇ ਪਿਤਾ ਜਵਾਹਰ ਸਿੰਘ ਦੇ ਗ੍ਰਹਿ ਵਿਖੇ ਹੋਇਆ। ਅੱਠਵੀਂ ਪਾਸ ਕਰਕੇ ਪਟਵਾਰੀ ਲੱਗਿਆ, ਫਿਰ ਫ਼ੌਜ ਵਿਚ ਭਰਤੀ ਹੋਇਆ। ਹਾਂਗਕਾਂਗ ਵੀ ਰਿਹਾ। ਕਰਾਚੀ ਵੀ ਰਿਹਾ। ਕਰਤਾਰ ਸਿੰਘ ਸਰਾਭੇ ਦੇ ਸੰਪਰਕ ਵਿਚ ਆਇਆ। ਫ਼ਿਰੋਜ਼ਪੁਰ ਛਾਉਣੀ 'ਤੇ ਕਬਜ਼ੇ ਦੀ ਕੋਸ਼ਿਸ਼ ਵੀ ਕੀਤੀ ਪਰ ਮੁਖ਼ਬਰਾਂ ਵਲੋਂ ਸਰਕਾਰ ਨੂੰ ਪੂਰਨ ਜਾਣਕਾਰੀ ਮੁਹੱਈਆ ਕਰਵਾਉਣ ਕਾਰਨ ਅਜਿਹੀ ਕੋਸ਼ਿਸ਼ ਅਸਫ਼ਲ ਰਹੀ। ਕਿਰਪਾ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ। ਉਸ ਨੂੰ ਪਿੰਡ ਵਿਚ 'ਹੱਦ-ਬੰਦ' ਕਰ ਦਿੱਤਾ ਗਿਆ। ਫਿਰ 27 ਸਾਲ ਦੀ ਉਮਰ ਵਿਚ ਅਦਾਲਤੀ ਫ਼ੈਸਲੇ ਅਨੁਸਾਰ ਉਮਰ ਕੈਦ ਦੀ ਸਜ਼ਾ ਅਤੇ ਜਾਇਦਾਦ ਕੁਰਕ ਕੀਤੀ ਗਈ। ਜੇਲ੍ਹਾਂ ਵਿਚ ਨਰਕ ਦਾ ਜੀਵਨ ਭੋਗਿਆ। ਲਗਭਗ 17 ਸਾਲ ਵੱਖ-ਵੱਖ ਜੇਲ੍ਹਾਂ ਵਿਚ ਤਸੀਹੇ ਸਹਿਣ ਉਪਰੰਤ 1932 ਵਿਚ ਰਿਹਾਅ ਕੀਤਾ ਗਿਆ। 1972 ਵਿਚ ਭਾਰਤ ਸਰਕਾਰ ਨੇ 'ਤਾਮਰ ਪੱਤਰ' ਨਾਲ ਸਨਮਾਨਿਤ ਕੀਤਾ। 24 ਜੁਲਾਈ, 1974 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਲੇਖਕ ਨੇ ਇਸ ਪੁਸਤਕ ਨੂੰ ਲਿਖਣ ਲਈ ਬੜੀ ਮਿਹਨਤ ਕੀਤੀ ਹੈ। ਇੰਜ ਇਹ ਪੁਸਤਕ ਨਾ ਕੇਵਲ ਕਿਰਪਾ ਸਿੰਘ ਲੰਗ ਮਜਾਰੀ ਬਾਰੇ ਹੀ, ਸਗੋਂ ਗ਼ਦਰੀ ਬਾਬਿਆਂ ਦੇ ਆਜ਼ਾਦੀ ਲਈ ਸੰਘਰਸ਼ ਦਾ ਮੁੱਲਵਾਨ ਦਸਤਾਵੇਜ਼ ਹੋ ਨਿਬੜਦੀ ਹੈ। ਗ਼ਦਰ ਸੰਬੰਧੀ ਬੀਰ-ਰਸੀ ਕਵਿਤਾਵਾਂ ਇਸ ਪੁਸਤਕ ਦਾ ਇਕ ਹੋਰ ਹਾਸਿਲ ਹੈ।

-ਡਾ. ਸੀ. ਸੀ. ਵਾਤਿਸ਼
ਈਮੇਲ : vat}sh.dharamchand0{ma}&.com

ਹਰੀ ਸਿੰਘ ਨਲੂਆ
ਲੇਖਕ : ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
ਸੰਪਾਦਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 84277-12890

ਹਥਲੀ ਪੁਸਤਕ ਲੇਖਕ ਨੇ ਅੱਠ ਨੌਂ ਦਹਾਕੇ ਪਹਿਲਾਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀ ਸੀ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਗੁਰਮਤਿ ਦੇ ਮਹਾਨ ਲੇਖਕ ਡਾ. ਭਾਈ ਵੀਰ ਸਿੰਘ ਤੋਂ ਪ੍ਰੇਰਨਾ ਮਿਲਣ ਤੋਂ ਬਾਅਦ ਇਤਿਹਾਸਕ ਸਿੱਖ ਨਾਇਕਾਂ ਸੰਬੰਧੀ ਲਿਖਣਾ ਸ਼ੁਰੂ ਕੀਤਾ ਸੀ। ਹਥਲੀ ਪੁਸਤਕ ਨੂੰ ਮੁੜ ਪਾਠਕਾਂ ਦੀ ਚਿਰੋਕਣੀ ਮੰਗ ਨੂੰ ਪੂਰਿਆਂ ਕਰਨ ਦੀ ਖ਼ਾਤਰ ਸੰਪਾਦਕ ਜਗਤਾਰ ਸਿੰਘ ਭੰਗੂ ਨੇ ਸੰਪਾਦਿਤ ਕੀਤੀ ਹੈ। ਸੰਸਾਰ ਵਿਚ ਸਭ ਤੋਂ ਵੱਧ ਸੂਰਬੀਰ, ਯੋਧੇ ਤੇ ਸ਼ਹੀਦ ਪੈਦਾ ਕਰਨ ਦਾ ਮਾਣ ਖ਼ਾਲਸਾ ਪੰਥ ਨੂੰ ਮਿਲਿਆ ਹੈ। ਸਿੱਖ ਧਰਮ ਦੇ ਇਨ੍ਹਾਂ ਮਹਾਨ ਸੂਰਬੀਰ, ਜਰਨੈਲਾਂ ਦੀਆਂ ਜੀਵਨ ਗਾਥਾਵਾਂ ਨੂੰ ਪੜ੍ਹਨ, ਸੁਣਨ ਨਾਲ ਮੁਰਦਾਂ ਦਿਲਾਂ ਵਿਚ ਜਾਨ ਪੈ ਜਾਂਦੀ ਹੈ। ਪਰ ਇਹ ਕੌਮੀ ਦੁਖਾਂਤ ਹੈ ਕਿ ਅਸੀਂ ਇਨ੍ਹਾਂ ਮਹਾਨ ਸੂਰਬੀਰ, ਯੋਧਿਆਂ ਦੀ ਇਤਿਹਾਸਕ ਦੇਣ ਵੱਲ ਧਿਆਨ ਹੀ ਨਹੀਂ ਦਿੱਤਾ। ਲੇਖਕ ਮੁਤਾਬਿਕ ਕਈ ਸਾਲਾਂ ਦੀ ਲੰਮੀ ਖੋਜ, ਬਹੁਮੁੱਲੀਆਂ ਤੇ ਬੇਸ਼-ਕੀਮਤੀ ਪੁਰਾਣੀਆਂ ਤੇ ਨਵੀਆਂ ਕਿਤਾਬਾਂ ਨੂੰ ਵਾਚਣ ਤੋਂ ਬਾਅਦ ਮਹਾਨ ਜਰਨੈਲ ਸ. ਹਰੀ ਸਿੰਘ ਨਲੂਆ ਦੇ ਜੀਵਨ-ਗਾਥਾ ਨੂੰ ਲਿਖਣ ਦਾ ਹੀ ਕੀਤਾ ਹੈ। ਸ. ਹਰੀ ਸਿੰਘ ਨਲੂਆ ਇਤਿਹਾਸ ਦਾ ਅਜਿਹਾ ਪਾਤਰ ਹੈ, ਜਿਸ ਤੋਂ ਅੱਜ ਵੀ ਸੰਸਾਰ ਦੇ ਵੱਡੇ-ਵੱਡੇ ਜਰਨੈਲ ਪ੍ਰੇਰਨਾ ਲੈਂਦੇ ਹਨ। ਸੁਯੋਗ ਸੰਪਾਦਕ ਨੇ ਇਸ ਪੁਸਤਕ ਨੂੰ 104 ਸਿਰਲੇਖਾਂ ਹੇਠ ਵੰਡ ਕੇ ਇਸ ਮਹਾਨ ਜਰਨੈਲ ਦੀ ਜੀਵਨ ਨੂੰ ਸੰਪੂਰਨਤਾ ਦਿੱਤੀ ਹੈ।
ਵੱਖ-ਵੱਖ ਸਿਰਲੇਖਾਂ ਵਿਚੋਂ ਕੁਝ-ਕੁ ਚੋਣਵੇਂ ਸਿਰਲੇਖ ਇਸ ਮਹਾਨ ਜਰਨੈਲ ਦੇ ਕਾਰਨਾਮਿਆਂ ਦੇ ਬਹਾਦਰੀ ਦੀ ਗਾਥਾ ਨੂੰ ਬਿਆਨ ਕਰਦੇ ਹਨ। ਇਨ੍ਹਾਂ ਵਿਚੋਂ 'ਮਹਾਰਾਜਾ ਰਣਜੀਤ ਸਿੰਘ ਦਰਬਾਰ', 'ਸ਼ੇਰ ਦਾ ਸ਼ਿਕਾਰ ਕਰਨਾ', 'ਸਰਦਾਰੀ ਮਿਲਣੀ' ਪਹਿਲਾ ਯੁੱਧ ਕਸੂਰ ਦੀ ਫ਼ਤਹਿ', 'ਮੁਲਤਾਨ ਦਾ ਜੰਗ ਤੇ ਸ. ਹਰੀ ਸਿੰਘ ਦਾ ਫੱਟੜ ਹੋਣਾ, 'ਨਵਾਬ ਬਹਾਵਲਪੁਰ ਦਾ ਖ਼ਾਲਸੇ ਦੇ ਤਹਿਤ ਆਉਣਾ', 'ਨਲੂਏ ਸਰਦਾਰ ਦੀ ਪਹਿਲੀ ਕੁਰਬਾਨੀ', 'ਮਿੱਠੇ ਟਿਵਾਣੇ ਦਾ ਇਲਾਕਾ ਫ਼ਤਹਿ ਕਰਨਾ', 'ਕਿਲ੍ਹਾ ਅਟਲ 'ਤੇ ਕਬਜ਼ਾ', ਬਾਬਾ ਫੂਲਾ ਸਿੰਘ ਅਕਾਲੀ ਦੀ ਮੁਲਤਾਨ ਦੀ ਲੜਾਈ', 'ਕਸ਼ਮੀਰ ਦੀ ਫ਼ਤਹਿ', 'ਖ਼ਾਲਸਾ ਫ਼ੌਜਾਂ ਦਾ ਸ੍ਰੀਨਗਰ ਵਿਚ ਦਾਖ਼ਲਾ', 'ਸ. ਹਰੀ ਸਿੰਘ ਦੀ ਗਵਰਨੀ ਦਾ ਪਹਿਲਾ ਹਾਲ', 'ਕਸ਼ਮੀਰ ਵਿਚ ਸ. ਹਰੀ ਸਿੰਘ ਦੇ ਨਾਂਅ ਦਾ ਸਿੱਕਾ', 'ਮੁੰਘੇਰ ਨੂੰ ਖ਼ਾਲਸਾ ਰਾਜ ਵਿਚ ਮਿਲਾਉਣ ਸਮੇਂ ਸ਼ੇਰ-ਏ-ਪੰਜਾਬ', ਸ. ਹਰੀ ਦਾ ਹਜ਼ਾਰੇ ਦਾ ਗਵਰਨਰ ਬਣਨਾ', 'ਸ. ਹਰੀ ਸਿੰਘ ਨੌਸ਼ਹਿਰੇ ਦੇ ਮੈਦਾਨ ਵਿਚ', 'ਸ. ਹਰੀ ਦਾ ਸ਼ਿਮਲੇ ਜਾਣਾ', 'ਪੰਜਾ ਸਾਹਿਬ ਅੱਜ ਤੋਂ 130 ਸਾਲ ਪਹਿਲਾਂ', 'ਪਿਸ਼ਾਵਰ ਵਿਚ ਚੀਨੀ ਯਾਤਰੂਆਂ ਦੀ ਆਮਦ', 'ਪਿਸ਼ਾਵਰ ਦਾ ਮੌਜੂਦਾ ਨਾਮ ਕਦ ਪਿਆ', 'ਪਿਸ਼ਾਵਰ ਵਿਚ ਖ਼ਾਲਸੇ ਦੀ ਚੜ੍ਹਾਈ', 'ਕਿਲ੍ਹਾ ਜਮਰੌਦ 'ਤੇ ਚੜ੍ਹਾਈ', 'ਸ. ਹਰੀ ਸਿੰਘ ਨੇ ਅਫ਼ਗਾਨਾਂ ਦੀਆਂ 14 ਤੋਪਾਂ ਖੋਹ ਲਈਆਂ', 'ਸ. ਹਰੀ ਸਿੰਘ ਦੇ ਵਿਛੋੜੇ ਦਾ ਅਸਰ ਮਹਾਰਾਜਾ ਰਣਜੀਤ ਸਿੰਘ ਉੱਪਰ', 'ਨਲੂਏ ਸਰਦਾਰ ਦੇ ਫ਼ੌਜੀ ਗੁਣ', 'ਕੀ ਉਹ ਮੁਲਕੀ ਪ੍ਰਬੰਧ ਵਿਚ ਨਾਕਾਮਯਾਬ ਰਿਹਾ ਸੀ?', 'ਇਮਾਰਤਾਂ ਦਾ ਸ਼ੌਕ ਤੇ ਇੰਜੀਨੀਅਰੀ ਵਿਚ ਕਮਾਲ' ਤੋਂ ਇਲਾਵਾ ਸ. ਹਰੀ ਸਿੰਘ ਨਲੂਆ ਇਕ ਅੰਗਰੇਜ਼ ਦੀ ਨਜ਼ਰ ਵਿਚ, ਲਿਖੇ ਵੱਖ-ਵੱਖ ਸਿਰਲੇਖਾਂ ਅਧੀਨ ਵਿਚਾਰਾਂ ਦੀ ਲੜੀ ਨੂੰ ਬਾਖ਼ੂਬੀ ਬਿਆਨ ਕਰਦੇ ਹਨ।
ਪੁਸਤਕ ਦੇ ਅੰਤ ਵਿਚ ਨਲੂਏ ਸਰਦਾਰ ਦੀ ਯਾਦ ਵਿਚ ਸਰਹੱਦੀ ਸੂਬੇ ਅਤੇ ਪਾਕਿਸਤਾਨੀ ਲਹਿੰਦੇ ਪੰਜਾਬ ਅਤੇ ਭਾਰਤ ਵਿਚ ਬਣੀਆਂ ਹੋਈਆਂ 4 ਦਰਜਨਾਂ ਯਾਦਗਾਰਾਂ ਤੇ ਕਿਲ੍ਹਿਆਂ ਦਾ ਵਰੇਵਾ ਵੀ ਦਿੱਤਾ ਗਿਆ ਹੈ। ਸਾਡੇ ਇਤਿਹਾਸ ਦੇ ਅਲੋਪ ਹੋ ਰਹੇ ਖ਼ਜ਼ਾਨੇ ਨੂੰ ਸੰਭਾਲਣ ਲਈ ਸੰਪਾਦਕ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਸੁਖੈਨ ਭਾਸ਼ਾ ਸ਼ੈਲੀ ਵਿਚ ਲਿਖੀ ਇਹ ਪੁਸਤਕ, ਹਰ ਪਾਠਕ ਲਈ ਸਾਂਭਣਯੋਗ ਸੌਗਾਤ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਕੱਚ ਦਾ ਵਪਾਰੀ
ਗ਼ਜ਼ਲਕਾਰ : ਜ਼ੋਰਾਵਰ ਸਿੰਘ ਪੰਛੀ
ਪ੍ਰਕਾਸ਼ਕ : ਏਸ਼ੀਆ ਵਿਜ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 112
ਸੰਪਰਕ : 94173-12003

ਕਈ ਮੁਸ਼ਕਿਲਾਂ ਪਾਰ ਕਰਕੇ ਹੁਣ ਪੰਜਾਬੀ ਗ਼ਜ਼ਲ ਕਾਵਿ ਸਾਹਿਤ ਵਿਚ ਸਭ ਨਾਲੋਂ ਵੱਧ ਪੜ੍ਹੀ ਜਾਣ ਵਾਲੀ ਸਿਨਫ਼ ਬਣ ਗਈ ਹੈ। ਇਸ ਦੀ ਲੋਕਪ੍ਰਿਅਤਾ ਦਾ ਪ੍ਰਮਾਣ ਇਹ ਵੀ ਹੈ ਕਿ ਦਿਨ ਪ੍ਰਤੀ ਦਿਨ ਇਹ ਕਾਫਿਲਾ ਵੱਡਾ ਹੋ ਰਿਹਾ ਹੈ। ਪੰਜਾਬੀ ਕਾਵਿ ਸਾਹਿਤ ਵਿਚ ਬਹੁਤੇ ਸੰਗ੍ਰਹਿ ਗ਼ਜ਼ਲਾਂ ਦੇ ਛਪ ਰਹੇ ਹਨ। ਜ਼ੋਰਾਵਰ ਸਿੰਘ ਪੰਛੀ ਉਤਸ਼ਾਹੀ ਗ਼ਜ਼ਲਕਾਰ ਹੈ, ਜਿਸ ਨੇ ਜ਼ਿੰਦਗੀ ਦੇ ਕਈ ਰੰਗ ਦੇਖੇ ਹਨ। ਉਹ ਗ਼ਜ਼ਲ ਦੇ ਕਈ ਮਹਾਂਰਥੀਆਂ ਨਾਲ ਜੁੜਿਆ ਹੋਇਆ ਹੈ। ਇਹ ਗ਼ਜ਼ਲ ਦੀਆਂ ਰਵਾਇਤਾਂ ਹਨ, ਜਿਹੜੀਆਂ ਕਈਆਂ ਨੂੰ ਰਾਸ ਨਹੀਂ ਆਉਂਦੀਆਂ। ਇਹ ਵੀ ਨਹੀਂ ਕਿ 'ਕੱਚ ਦੇ ਵਪਾਰੀ' ਦੀਆਂ ਗ਼ਜ਼ਲਾਂ ਸਮਰੱਥ ਹੱਥਾਂ 'ਚੋਂ ਗੁਜ਼ਰਨ ਕਾਰਨ ਪ੍ਰਭਾਵੀ ਹਨ, ਬਲਕਿ ਇਨ੍ਹਾਂ ਦੀ ਪੇਸ਼ਕਾਰੀ ਵਿਚ ਗ਼ਜ਼ਲਕਾਰ ਦੀ ਆਪਣੀ ਯੋਗਤਾ ਵੀ ਬੋਲਦੀ ਹੈ। ਇਸ ਸੰਗ੍ਰਹਿ ਵਿਚ ਕੁੱਲ ਨੱਬੇ ਗ਼ਜ਼ਲਾਂ ਛਪੀਆਂ ਮਿਲਦੀਆਂ ਹਨ ਤੇ ਇਨ੍ਹਾਂ ਗ਼ਜ਼ਲਾਂ ਦੀ ਮੁੱਖ ਸੁਰ ਮੁਹੱਬਤ ਹੈ, ਜੋ ਮਨੁੱਖੀ ਜੀਵਨ ਦੀ ਲੋੜ ਅਤੇ ਆਧਾਰ ਹੈ। ਮੁਹੱਬਤ ਦੇ ਨਾਲ ਨਾਲ ਸ਼ਿਅਰਾਂ ਵਿਚ ਸਮਾਜਿਕ ਰਿਸ਼ਤਿਆਂ ਦਾ ਵੀ ਭਰਪੂਰ ਵਰਨਣ ਮਿਲਦਾ ਹੈ। ਤਮਾਮ ਗ਼ਜ਼ਲਾਂ ਆਮ ਫ਼ਹਿਮ ਜ਼ੁਬਾਨ ਵਿਚ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਪਾਠਕ ਨੂੰ ਕੋਈ ਉਚੇਚ ਨਹੀਂ ਕਰਨੀ ਪੈਂਦੀ। ਸਰਲਤਾ ਤੇ ਸਹਿਜਤਾ ਪਾਠਕ ਤਕ ਪਹੁੰਚ ਨੂੰ ਆਸਾਨ ਕਰਦੀ ਹੈ। ਆਪਣੇ ਸ਼ਿਅਰਾਂ ਵਿਚ ਗ਼ਜ਼ਲਕਾਰ ਆਪਣੇ ਪਿਆਰੇ ਦੀ ਦੂਰੀ ਤੋਂ ਪ੍ਰੇਸ਼ਾਨ ਹੈ ਤੇ ਉਸ ਦੀਆਂ ਅੱਖਾਂ ਵਿਚਲੀ ਨਮੀ ਇਬਾਰਤ ਦਾ ਰੂਪ ਲੈਂਦੀ ਮਹਿਸੂਸ ਹੁੰਦੀ ਹੈ। ਉਸ ਦੇ ਦਿਨ ਤੇ ਰਾਤ ਯਾਦ ਕਰਦਿਆਂ ਬਤੀਤ ਹੁੰਦੇ ਹਨ। ਕੁਝ ਹੋਰ ਵਿਸ਼ਿਆਂ 'ਤੇ ਵੀ ਗ਼ਜ਼ਲਾਂ ਕਹੀਆਂ ਗਈਆਂ ਹਨ। ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਮਾਂ ਦੇ ਰਿਸ਼ਤੇ ਨੂੰ ਖ਼ਾਸਕਰ ਮਹੱਤਵ ਦਿੱਤਾ ਗਿਆ ਹੈ। ਗ਼ਜ਼ਲਕਾਰ ਸਮਝਦਾ ਹੈ ਖ਼ੁਦਾ ਨੂੰ ਯਾਦ ਕਰਨ ਤੋਂ ਪਹਿਲਾਂ ਮਾਂ ਦੀ ਇਬਾਦਤ ਜ਼ਰੂਰੀ ਹੈ। ਜ਼ੋਰਾਵਰ ਸਿੰਘ ਪੰਛੀ ਦਾ ਇਹ ਪਹਿਲਾ ਗ਼ਜ਼ਲ ਸੰਗ੍ਰਹਿ ਹੋਣ ਕਾਰਨ ਇਸ ਵਿਚ ਕਿਤੇ ਕਿਤੇ ਵੇਗ ਦੀ ਤੀਬਰਤਾ ਕਾਰਨ ਕਾਹਲ ਹੋਈ ਹੈ, ਭਵਿੱਖ ਵਿਚ ਇਸ ਗ਼ਜ਼ਲਕਾਰ ਤੋਂ ਹੋਰ ਬਿਹਤਰ ਗ਼ਜ਼ਲ ਸਿਰਜਣਾ ਦੀ ਆਸ ਹੈ। ਜ਼ੋਰਾਵਰ ਸਿੰਘ ਪੰਛੀ ਦੇ ਪਹਿਲੇ ਗ਼ਜ਼ਲ ਸੰਗ੍ਰਹਿ 'ਕੱਚ ਦੇ ਵਪਾਰੀ' ਦੀ ਹੌਸਲਾ ਅਫ਼ਜ਼ਾਈ ਕੀਤੀ ਜਾਣੀ ਚਾਹੀਦੀ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਭਾਈ ਸੰਗਤ ਸਿੰਘ ਜੀ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 94178-55876

ਸ਼੍ਰੋਮਣੀ ਸ਼ਹੀਦ, ਭਾਈ ਸੰਗਤ ਸਿੰਘ ਜੀ, ਸਿੱਖ ਇਤਿਹਾਸ ਦੇ ਬਹੁਤ ਮਾਣਮੱਤੇ ਪਾਤਰ ਹਨ। ਉਨ੍ਹਾਂ ਦੇ ਪਰਿਵਾਰ/ਕੁਨਬੇ ਨੇ ਅਨਿਆਂ ਵਿਰੁੱਧ ਸੰਘਰਸ਼ ਵਿਚ, ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਭਾਈ ਸੰਗਤ ਸਿੰਘ ਜੀ ਦੀ ਜੀਵਨੀ ਅਤੇ ਅਜ਼ੀਮ ਸ਼ਹੀਦੀ ਬਾਰੇ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਨਾਵਲ ਸ਼ਾਇਦ ਪਹਿਲੀ ਵਾਰ ਲਿਖਿਆ ਗਿਆ ਹੈ। ਵਿਚਾਰ-ਗੋਚਰੇ ਨਾਵਲ ਦੇ 30 ਚੈਪਟਰ ਹਨ। ਪਹਿਲੇ ਚੈਪਟਰ ਵਿਚ ਸੰਗਤ ਸਿੰਘ ਜੀ ਦੇ ਬਾਲਪਨ ਨੂੰ ਬਹੁਤ ਰੌਚਕ ਢੰਗ ਨਾਲ ਬਿਆਨ ਕੀਤਾ ਗਿਆ ਹੈ। ਮਿਸਾਲ ਵਜੋਂ :-'ਪਟਨਾ ਸ਼ਹਿਰ ਦੇ ਲਾਗੇ ਵਗਦੀ ਗੰਗਾ ਨਦੀ/ ਨਦੀ ਕਿਨਾਰੇ ਇਕ ਮੈਦਾਨ/ ਆਸੇ ਪਾਸੇ ਕਾਫ਼ੀ ਦਰੱਖਤ/ ਖਿੜੀ ਹੋਈ ਦੁਪਹਿਰ/ ਮਿੱਠੀ-ਮਿੱਠੀ ਰੁਮਕਦੀ ਹਵਾ/ ਨਿੱਕੇ-ਨਿੱਕੇ ਬਾਲਕਾਂ ਦੀਆਂ ਦੋ ਟੋਲੀਆਂ ਆਹਮੋ-ਸਾਹਮਣੇ/ ਦੋਹਾਂ ਟੋਲੀਆਂ ਵਿਚ ਸੱਤ-ਸੱਤ ਬਾਲਕ।.... ਬਾਲਕਾਂ ਦੀਆਂ ਦੋਵੇਂ ਟੋਲੀਆਂ ਯੁੱਧ ਕਰਨ ਲਈ ਪੂਰੀ ਤਰ੍ਹਾਂ ਤਿਆਰ' (ਪੰਨਾ 5)। ਪਟਨੇ ਵਿਚ ਬਾਲਕ ਗੋਬਿੰਦ ਰਾਏ ਦੇ ਪੱਕੇ ਬੇਲੀ ਨੂੰ ਉਦੋਂ (ਸੰਗਤਾਂ) ਆਖਿਆ ਜਾਂਦਾ ਸੀ। ਅਗਲੇ ਚੈਪਟਰਾਂ ਵਿਚ ਪਟਨੇ ਅੰਦਰ ਹੋਈਆਂ ਸਾਰੀਆਂ ਘਟਨਾਵਾਂ/ਕੌਤਕਾਂ ਨੂੰ, ਸੂਖਮ ਤੇ ਸਰਲ ਢੰਗ ਨਾਲ ਕਲਮਬੱਧ ਕੀਤਾ ਗਿਆ ਹੈ। 44ਵੇਂ ਪੰਨੇ ਤੋਂ ਗੁਰੂ ਤੇਗ ਬਹਾਦਰ ਜੀ ਵਲੋਂ ਸ਼ਹੀਦੀ ਦੇਣ ਜਾਂਦਿਆਂ, ਆਗਰੇ ਵਿਖੇ ਪੜਾਓ ਬਿਰਤਾਂਤ ਹੈ। ਦਿੱਲੀ ਵਿਚ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਜੀ ਦੀਆਂ ਲਾਸਾਨੀ ਸ਼ਹਾਦਤਾਂ ਦਾ ਬਿਰਤਾਂਤ ਦਿਲਾਂ ਨੂੰ ਟੁੰਬਣ ਵਾਲਾ ਹੈ। (ਪੰਨਾ 36 ਤੋਂ) 14ਵੇਂ ਅਧਿਆਇ ਵਿਚ ਨੌਵੇਂ ਪਾਤਿਸ਼ਾਹ ਦੀ ਸ਼ਹੀਦੀ ਉਪਰੰਤ ਬਾਲਕ ਗੋਬਿੰਦ ਰਾਇ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਗੱਦੀ ਦਾ ਤਿਲਕ ਲਗਾਉਣ ਦਾ ਪ੍ਰਸੰਗ ਹੈ। ਬਾਬਾ ਬੁੱਢਾ ਜੀ ਦੇ ਵੰਸ਼ ਵਿਚੋਂ ਭਾਈ ਰਾਮ ਕੋਇਰ ਪਾਸੋਂ ਤਿਲਕ ਲਗਵਾਇਆ ਗਿਆ। (ਪੰਨਾ 63)। ਮਸੰਦਾਂ ਨੂੰ ਸੋਧਣ ਦਾ ਚੈਪਟਰ ਪੜ੍ਹਨਯੋਗ ਹੈ। ਇਹ ਮਸੰਦ ਭ੍ਰਿਸ਼ਟ ਹੋ ਗਏ ਸਨ। ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਗੁਰੂ ਜੀ ਪ੍ਰਤੀ ਅੰਤਰੀਵ ਪ੍ਰੇਮ ਦਾ ਬਿਰਤਾਂਤ ਵੀ ਧਿਆਨ ਮੰਗਦਾ ਹੈ। (ਭਾਗ 19)। ਭੰਗਾਣੀ ਦੇ ਯੁੱਧ ਦੌਰਾਨ ਗੁਰੂ ਕੀਆਂ ਫ਼ੌਜਾਂ ਦੀ ਜਿੱਤ ਦੇ ਬਿਰਤਾਂਤ ਦੇ ਨਾਲ-ਨਾਲ ਗੁਰੂ ਜੀ ਦੀ ਕੀਰਤਪੁਰ ਫੇਰੀ ਦਾ ਬਿਰਤਾਂਤ ਪੜ੍ਹਨਯੋਗ ਹੈ। (ਭਾਗ 21)
24ਵੇਂ ਅਧਿਆਇ ਵਿਚ ਖ਼ਾਲਸਾ ਪੰਥ ਸਾਜਣ ਦੇ ਪ੍ਰਸੰਗ ਨੂੰ ਬਹੁਤ ਬਾਰੀਕਬੀਨੀ ਅਤੇ ਸੁਰੁੱਚੀ ਪੂਰਨ ਢੰਗ ਨਾਲ ਬਿਆਨਿਆ ਗਿਆ ਹੈ। ਗੁਰੂ ਕਲਗੀਧਰ ਜੀ ਨੇ ਪੰਜ ਸਿੰਘਾਂ ਦੇ ਗੁਰਮਤੇ ਨੂੰ ਮੰਨਦਿਆਂ ਚਮਕੌਰ ਦੀ ਗੜ੍ਹੀ ਛੱਡਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਦੀ ਦਸਤਾਰ ਉੱਪਰ ਆਪਣੀ 'ਜਿਗਾਹ ਕਲਗੀ', ਆਪ ਸਜਾਈ ਅਤੇ ਗੜ੍ਹੀ ਦੀ ਮਮਟੀ ਉੱਤੇ ਬੈਠ ਕੇ ਜੰਗੀ ਪ੍ਰਬੰਧਾਂ ਨੂੰ ਵੇਖਣ ਦਾ ਹੁਕਮ ਕੀਤਾ, ਜਿਸ ਨੂੰ ਉਨ੍ਹਾਂ ਤੋੜ ਨਿਭਾਇਆ।
ਸ਼ਹੀਦੀ ਭਾਈ ਸੰਗਤ ਸਿੰਘ ਜੀ : ਅੰਤਲੇ ਕਾਂਡ ਵਿਚ, ਜਿਸ ਤਰੀਕੇ ਨਾਲ ਭਾਈ ਸੰਗਤ ਸਿੰਘ ਜੀ ਦੀ ਸ਼ਹੀਦੀ ਦਾ ਵਰਣਨ ਕੀਤਾ ਗਿਆ ਹੈ। ਉਸ ਨੂੰ ਪੜ੍ਹ ਕੇ, ਹਰੇਕ ਪਾਠਕ ਦਾ ਸੀਨਾ ਸਤਿਕਾਰ ਨਾਲ ਝੁਕ ਜਾਵੇਗਾ। 'ਭਾਈ ਸੰਗਤ ਸਿੰਘ ਕੋਲ ਹੁਣ ਤੀਰ ਵੀ ਮੁੱਕ ਗਏ। ਉਸ ਨੇ ਸੱਚੇ ਪਾਤਿਸ਼ਾਹ ਨੂੰ ਯਾਦ ਕੀਤਾ ਤੇ ਉੱਚੀ ਆਵਾਜ਼ ਵਿਚ ਜੈਕਾਰਾ ਛੱਡਦੇ ਹੋਏ ਤਲਵਾਰ ਲੈ ਕੇ ਗੜ੍ਹੀ ਦੇ ਬਾਹਰ ਗਏ। ਵੈਰੀ ਦਲ ਨੂੰ ਇਹ ਪੱਕਾ ਯਕੀਨ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਹੈ, ਕਿਉਂਕਿ ਗੁਰੂ ਜੀ ਅਤੇ ਭਾਈ ਸੰਗਤ ਸਿੰਘ ਹਮਉਮਰ ਤੇ ਹਮਸ਼ਕਲ ਸਨ। ਉਨ੍ਹਾਂ ਦੇ ਸੀਸ ਉੱਤੇ ਚਮਕ ਰਹੀ ਕਲਗੀ ਹੋਰ ਵੀ ਵੱਡਾ ਭੁਲੇਖਾ ਪਾ ਰਹੀ ਸੀ। ...ਭਾਈ ਸੰਗਤ ਸਿੰਘ, ਬਹੁਤ ਜ਼ਿਆਦਾ ਫੱਟੜ ਹੋ ਗਿਆ ਅਤੇ ਆਖ਼ਰ ਜੈਕਾਰੇ ਛੱਡਦਾ ਹੋਇਆ ਜੰਗ ਦੇ ਮੈਦਾਨ ਵਿਚ ਲੜਦਾ-ਲੜਦਾ ਸ਼ਹੀਦ ਹੋ ਗਿਆ। ਉਹ ਹੁਣ ਜੰਗ ਦੇ ਮੈਦਾਨ ਵਿਚ ਗੁਰੂ ਜੀ ਨਾਲ ਕੀਤੇ ਕੌਲ ਨਿਭਾਅ ਕੇ ਸ਼ਾਂਤ ਪਿਆ ਸੀ।' (ਪੰਨਾ 141)। ਹਰੀ ਸਿੰਘ ਢੁੱਡੀਕੇ ਦਾ ਇਹ ਨਾਵਲ, ਉਤਕ੍ਰਿਸ਼ਟ ਇਤਿਹਾਸਕ ਦਸਤਾਵੇਜ਼ ਹੈ। ਪਟਨਾ ਸਾਹਿਬ ਤੋਂ ਲੈ ਕੇ, ਚਮਕੌਰ ਦੀ ਗੜ੍ਹੀ ਦੀ ਅਸਾਵੀਂ ਜੰਗ ਵਿਚ ਲਾਸਾਨੀ ਸ਼ਹਾਦਤ ਤੱਕ ਪਾਠਕ ਦੀ ਉਤਸੁਕਤਾ ਕਾਇਮ ਹੀ ਨਹੀਂ, ਸਗੋਂ ਵਧਦੀ ਜਾਂਦੀ ਹੈ। ਮਹੰਤ ਕਿਰਪਾਲ ਦਾਸ, ਦੀਵਾਨ ਨੰਦ ਚੰਦ, ਦੀਵਾਨ ਨੰਦ ਲਾਲ ਗੋਯਾ, ਰਾਜਾ ਰਤਨ ਰਾਇ, ਭਰਾ ਭਾਈ ਜੈਤਾ ਜੀ, ਭਾਈ ਸੰਤਾ, ਪੀਰ ਬੁੱਧੂ ਸ਼ਾਹ ਸਮੇਤ ਸਾਰੇ ਅਹਿਮ ਪਾਤਰਾਂ ਦਾ ਜ਼ਿਕਰ ਹੈ। ਲੇਖਕ ਦਾ ਬਿਆਨੀਆ ਢੰਗ ਪ੍ਰਭਾਵਸ਼ਾਲੀ ਤੇ ਬੋਲੀ ਸਰਲ ਹੈ। ਪੁਸਤਕ ਉੱਤਮ ਰਚਨਾ ਹੈ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

-
ਹੁਕਮ ਸਿਧਾਂਤ
ਲੇਖਕ : ਡਾ. ਟੀ.ਆਰ. ਸ਼ੰਗਾਰੀ
ਪ੍ਰਕਾਸ਼ਕ : ਰਾਧਾ ਸੁਆਮੀ ਸਤਿਸੰਗ, ਬਿਆਸ
ਮੁੱਲ : ਪ੍ਰਕਾਸ਼ਿਤ ਨਹੀਂ, ਸਫ਼ੇ : 176

'ਹੁਕਮ' ਦਾ ਸਿਧਾਂਤ ਦਾਰਸ਼ਨਿਕ ਖੇਤਰ ਵਿਚ ਬਹੁਤ ਹੀ ਮਹੱਤਵਪੂਰਨਤਾ ਦਾ ਧਾਰਨੀ ਸਿਧਾਂਤ ਹੈ। ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਵਿਚ ਬੱਝੀ ਹੋਈ ਹੈ। ਜੀਵ ਪਰਮਾਤਮਾ ਦੇ ਹੁਕਮ ਵਿਚ ਇਸ ਸੰਸਾਰ ਵਿਚ ਆਉਂਦਾ ਹੈ ਅਤੇ ਆਪਣੇ ਕਰਮ ਕਰਦਾ ਹੋਇਆ ਹੁਕਮ ਵਿਚ ਹੀ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਧਰਤੀ, ਸੂਰਜ, ਚੰਦ, ਆਕਾਸ਼, ਰੁੱਤਾਂ ਸਭ ਪਰਮਾਤਮਾ ਦੇ ਹੁਕਮ ਦੇ ਗੇੜ ਵਿਚ ਹੀ ਆਪਣਾ ਸਫ਼ਰ ਅਦਾ ਕਰ ਰਹੇ ਹਨ। ਗੁਰਬਾਣੀ ਵਿਚ ਤਾਂ ਹੁਕਮ ਸਿਧਾਂਤ ਬਾਰੇ ਵਿਆਪਕ ਰੂਪ ਵਿਚ ਜ਼ਿਕਰ ਹੋਇਆ ਮਿਲਦਾ ਹੈ। ਡਾ. ਟੀ. ਆਰ. ਸ਼ੰਗਾਰੀ ਲੰਮਾ ਸਮਾਂ ਅਧਿਆਪਕ ਦੇ ਖੇਤਰ ਨਾਲ ਜੁੜੇ ਰਹੇ, ਜਿਸ ਕਰਕੇ ਉਨ੍ਹਾਂ ਕੋਲ ਅਧਿਐਨ ਦਾ ਵੀ ਲੰਮਾ ਤਜਰਬਾ ਹੈ। ਉਨ੍ਹਾਂ ਦੀ ਵਿਚਾਰ ਅਧੀਨ ਪੁਸਤਕ 'ਹੁਕਮ ਸਿਧਾਂਤ' ਹੁਕਮ ਦੇ ਸਿਧਾਂਤ ਬਾਰੇ ਦਾਰਸ਼ਨਿਕ ਸੰਵਾਦ ਰਚਾਉਂਦੀ ਪੁਸਤਕ ਹੈ। ਲੇਖਕ ਨੇ ਹੁਕਮ ਦੇ ਸਿਧਾਂਤ ਦੇ ਅਧਿਐਨ ਲਈ ਆਪਣੀ ਪੁਸਤਕ ਨੂੰ ਛੇ ਪਾਠਾਂ ਵਿਚ ਵੰਡ ਕੇ ਪੇਸ਼ ਕੀਤਾ ਹੈ, ਜਿਸ ਦੇ ਤਹਿਤ ਲੇਖਕ ਨੇ ਜਿਥੇ ਗੁਰਬਾਣੀ ਦੇ ਹਵਾਲਿਆਂ ਨਾਲ ਹੁਕਮ ਸਿਧਾਂਤ ਬਾਰੇ ਵਿਚਾਰ ਪੇਸ਼ ਕੀਤੇ ਹਨ, ਉਥੇ ਭਾਰਤੀ ਦਰਸ਼ਨ ਦੇ ਪ੍ਰਸੰਗ ਵਿਚ ਵੇਦਾਂ-ਸ਼ਾਸਤਰਾਂ ਦੇ ਜ਼ਿਕਰ ਨਾਲ ਵੀ ਸੰਵਾਦ ਰਚਾਇਆ ਹੈ। ਸ੍ਰਿਸ਼ਟੀ ਰਚਨਾ ਵੀ ਪਰਮਾਮਤਾ ਦੇ ਹੁਕਮ ਅਨੁਸਾਰ ਹੀ ਹੋਈ ਹੈ, ਇਸ ਸੰਬੰਧੀ ਵੱਖ-ਵੱਖ ਧਰਮਾਂ ਅਤੇ ਮੱਤ-ਮਤਾਂਤਰਾਂ ਦੀ ਫ਼ਿਲਾਸਫ਼ੀ ਜਾਂ ਦਰਸ਼ਨ ਕਿਸ ਤਰ੍ਹਾਂ ਦੀ ਦ੍ਰਿਸ਼ਟੀ ਅਖ਼ਤਿਆਰ ਕਰਦਾ ਹੈ, ਉਸ ਬਾਰੇ ਵੀ ਲੇਖਕ ਨੇ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਅਸਲ ਵਿਚ ਪਰਮਾਤਮਾ ਸ੍ਰਿਸ਼ਟੀ ਨੂੰ ਪੈਦਾ ਵੀ ਕਰਦਾ ਹੈ ਅਤੇ ਸਾਰੀ ਸ੍ਰਿਸ਼ਟੀ ਦਾ ਨਿਯੰਤਰਨ ਵੀ ਉਸ ਦੇ ਹੁਕਮ ਵਿਚ ਹੀ ਹੈ। 'ਜਪੁਜੀ ਸਾਹਿਬ' ਅਤੇ 'ਆਸਾ ਦੀ ਵਾਰ' ਵਿਚ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਜ਼ਿਕਰ ਕਰਦਿਆਂ ਜਿਥੇ ਸ੍ਰਿਸ਼ਟੀ ਰਚਨਾ ਦੇ ਸਿਧਾਂਤ ਦੀ ਗੱਲ ਕੀਤੀ ਹੈ, ਉਥੇ ਪਰਮਾਤਮਾ ਦੀ ਵਿਸ਼ਾਲਤਾ ਅਤੇ ਸਮਰੱਥਾ ਦਾ ਜ਼ਿਕਰ ਵੀ ਕੀਤਾ ਹੈ ਜੋ ਪੈਦਾ ਵੀ ਕਰਦਾ ਹੈ ਅਤੇ ਹੁਕਮ ਅਨੁਸਾਰ ਚਲਾਉਂਦਾ ਵੀ ਹੈ ਅਤੇ ਸੰਘਾਰ ਵੀ ਕਰਦਾ ਹੈ। ਦਾਰਸ਼ਨਿਕ ਅਤੇ ਧਾਰਮਿਕ ਖੇਤਰ ਦੇ ਜਗਿਆਸੂਆਂ ਲਈ ਇਹ ਪੁਸਤਕ ਲਾਹੇਵੰਦੀ ਹੈ। ਖੋਜ ਵਿਦਿਆਰਥੀ ਵੀ ਇਸ ਪੁਸਤਕ ਦਾ ਲਾਹਾ ਲੈ ਸਕਦੇ ਹਨ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਝੀਥਾਂ 'ਚੋਂ ਝਾਕਦਿਆਂ
ਲੇਖਕ : ਦੇਵਿੰਦਰ ਦੀਦਾਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 130
ਸੰਪਰਕ : 98142-45911

ਦੇਵਿੰਦਰ ਦੀਦਾਰ ਕੇਵਲ ਕਹਾਣੀਆਂ ਅਤੇ ਨਿਬੰਧ ਹੀ ਲਿਖਦਾ ਹੈ। 1974 ਈ. ਤੋਂ ਲੈ ਕੇ ਹੁਣ ਦਸੰਬਰ, 2023 ਈ. ਤੱਕ ਉਸ ਦੀਆਂ ਕੇਵਲ ਅੱਠ ਪੁਸਤਕਾਂ ਦਾ ਪ੍ਰਕਾਸ਼ਨ ਪਹਿਲਾਂ ਹੋ ਚੁੱਕਾ ਹੈ। ਉਸ ਦੀ ਨਵੀਂ ਪ੍ਰਕਾਸ਼ਨ 'ਝੀਥਾਂ 'ਚੋਂ ਝਾਕਦਿਆਂ' ਨਿਬੰਧ ਸੰਗ੍ਰਹਿ ਉਸ ਦਾ ਨਵਾਂ ਨਿਬੰਧ ਸੰਗ੍ਰਹਿ ਹੈ। ਮੈਨੂੰ ਉਸ ਦੇ ਪਿਛਲੇ ਨਿਬੰਧ ਸੰਗ੍ਰਹਿ ਵਾਂਗ ਇਹ ਨਵਾਂ ਨਿਬੰਧ-ਸੰਗ੍ਰਹਿ 'ਝੀਥਾਂ 'ਚੋਂ ਝਾਕਦਿਆਂ' ਦੇ ਨਿਬੰਧ, ਇੰਜ ਅਨੁਭਵ ਹੁੰਦੇ ਹਨ ਜਿਵੇਂ ਕੋਈ ਆਪਣਾ, ਘਰ ਦਾ ਬਜ਼ੁਰਗ, ਆਪਣੇ ਬੱਚਿਆਂ ਨੂੰ ਸਹਿਜ-ਸਿਆਣਪਾਂ ਦਾ ਪਾਠ ਸਮਝਾ ਰਿਹਾ ਹੋਵੇ। ਉਂਝ ਵੀ ਉਸ ਦੇ ਨਿਬੰਧਾਂ ਦੇ ਵਿਸ਼ੇ ਸਹਿਜਮਈ, ਨਵੀਆਂ ਸੋਚਾਂ ਦੀ ਸਿੱਖਿਆ ਦਿੰਦੇ, ਪਾਠਕਾਂ ਦੀ ਉਂਗਲ ਫੜ ਕੇ, ਤੋਰਨ ਵਾਲੇ ਸਹਿਜ-ਸਿੱਖਿਆ ਦੇ ਰਹੇ, ਸੱਚਿਆਰੀਆਂ ਨਸੀਹਤਾਂ ਵੰਡਦੇ ਜਾਪਦੇ ਹਨ। ਕੋਈ ਨਿਬੰਧ ਲੈ ਲਵੋ, ਜਾਪਦੈ ਜਿਵੇਂ ਕੋਈ ਬਜ਼ੁਰਗ, ਸਹਿਜ ਸਿਆਣਪਾਂ ਦੇ ਮਿੱਠੇ ਪਤਾਸੇ ਵੰਡ ਰਿਹਾ ਹੋਵੇ। ਪਾਠਕ, ਲੇਖਕ ਦੇ ਕਿਸੇ ਨਿਬੰਧ ਨੂੰ ਪੜ੍ਹ ਰਿਹਾ ਹੋਵੇ, ਸਹਿਜ ਸਿਆਣਪਾਂ ਦੀਆਂ ਨਸੀਹਤਾਂ ਉਨ੍ਹਾਂ ਲਈ ਅਕਸ਼ੀਰ ਦਵਾਈ, ਉਨ੍ਹਾਂ ਅੰਦਰ ਨਵਾਂ ਚਾਨਣ ਸੰਚਾਰ ਰਹੀ ਹੈ। ਨਿਬੰਧਾਂ ਦੇ ਵਰਕੇ ਫਰੋਲਦਿਆਂ ਮੈਨੂੰ ਜੋ ਪ੍ਰਾਪਤ ਹੋਇਆ ਹੈ, ਝੀਥਾਂ 'ਚ ਝਾਕਦਿਆਂ ਹੀ ਮਿਲਿਆ ਹੈ : ਜਿਵੇਂ- 'ਕੋਈ ਵੀ ਕੰਮ ਕਰਨ ਲੱਗਿਆਂ ਆਪਣੇ ਉੱਪਰ ਯਕੀਨ ਕਰਨਾ ਬਹੁਤ ਜ਼ਰੂਰੀ ਹੈ। ਵਿਸ਼ਵਾਸ ਭਰਪੂਰ ਬੰਦਾ ਹੀ ਜ਼ਿਆਦਾਤਰ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਧੋਖਾ ਦੇਣ ਵਾਲੇ ਨਾਲੋਂ, ਧੋਖਾ ਖਾਣ ਵਾਲੇ, ਛੇਤੀ ਕਾਮਯਾਬ ਹੁੰਦੇ ਹਨ, ਕਿਉਂਕਿ ਧੋਖਾ ਦੇਣ ਵਾਲੇ ਦਾ ਵਿਸ਼ਵਾਸ ਖਿੰਡਿਆ ਹੁੰਦਾ ਹੈ ਅਤੇ ਉਸ ਨੂੰ ਆਪਣੀ ਸਫ਼ਲਤਾ ਦਾ ਪੂਰਾ ਯਕੀਨ ਵੀ ਨਹੀਂ ਹੁੰਦਾ, ਤਰੱਕੀ ਕਰਨੀ ਹੈ ਤਾਂ ਗੁੱਸਾ ਆਉਣ 'ਤੇ ਵੀ ਸ਼ਾਂਤ ਰਹਿਣ ਦੀ ਕਲਾ ਸਿੱਖੋ। ਮਾੜੇ ਦਿਨ ਆਉਣ 'ਤੇ ਵੀ ਇਮਾਨਦਾਰੀ ਦਾ ਪੱਲਾ ਨਾ ਛੱਡੋ। (ਪੰਨਾ-25) 'ਲੋਕ-ਧਾਰਾ ਅਨੁਸਾਰ ਬੰਦੇ ਦੇ 'ਤੁਸ਼ਟੀ-ਗੁਣਾਂ' ਬਾਰੇ ਇਸ ਤਰ੍ਹਾਂ ਦੱਸਿਆ ਗਿਆ ਹੈ। ਕੋਈ ਵੀ ਚੀਜ਼ ਅਸੀਂ ਜ਼ਰੂਰਤ ਤੋਂ ਵਧ ਹਜ਼ਮ ਨਹੀਂ ਕਰ ਸਕਦੇ, ਜਿਵੇਂ ਖਾਣਾ ਵੀ ਅਸੀਂ ਭੁੱਖ ਤੋਂ ਵੱਧ ਨਹੀਂ ਖਾ ਸਕਦੇ। ਪਾਣੀ ਵੀ ਇਕ ਹੱਦ ਤੱਕ ਪੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਮਨੁੱਖ ਲਈ ਹਰ ਖਾਣ ਵਾਲੀ ਚੀਜ਼ ਦੀ ਆਪਣੇ ਜੁੱਸੇ ਮੁਤਾਬਕ ਇਕ ਹੱਦ ਮੁਕਰਰ ਹੁੰਦੀ ਹੈ, ਪਰ ਦੁਨੀਆ ਵਿਚ ਤਿੰਨ ਚੀਜ਼ਾਂ ਇਸ ਤਰ੍ਹਾਂ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਮਾਤਰਾ, ਜਿੰਨੀ ਵਧਦੀ ਜਾਵੇਗੀ ਓਨੀ ਬੰਦੇ ਦੀ ਲਾਲਸਾ ਵਧਦੀ ਜਾਵੇਗੀ, ਜਿਵੇਂ ਮਾਇਆ, ਸ਼ਰਾਬ ਤੇ ਕਾਮ। ਇਥੇ ਆ ਕੇ ਆਦਮੀ ਦੀ ਸੰਤੁਸ਼ਟੀ ਜਵਾਬ ਦੇ ਦਿੰਦੀ ਹੈ।' ਅਜਿਹੀਆਂ ਅਟੱਲ ਸੱਚਾਈਆਂ ਲੇਖਕ ਦੇ ਨਿਬੰਧਾਂ ਵਿਚ ਅਸੀਂ ਹਰ ਪੰਨੇ ਉੱਪਰ ਪੜ੍ਹ ਸਕਦੇ ਹਾਂ। ਸਹਿਜ ਸਿਆਣਪਾਂ ਲੱਭਣ ਦੀ ਲੋੜ ਨਹੀਂ, ਭੈੜਾ ਕੰਮ ਕਰਨ ਤੋਂ ਪਹਿਲਾਂ ਸਾਡੇ ਅੰਦਰੋਂ ਆਵਾਜ਼ ਤਾਂ ਆਉਂਦੀ ਹੈ, ਪਰ ਵਿਕਾਰੂ ਸ਼ਕਤੀਆਂ ਦਾ ਤੂਫ਼ਾਨ ਮਚਲਦਾ ਰਹਿੰਦਾ ਹੈ 'ਚੜ੍ਹ ਜਾ ਬੱਚਾ ਸੂਲੀ,... ਰੱਬ ਭਲੀ ਕਰੇਗਾ।' 'ਝੀਥਾਂ 'ਚੋਂ ਝਾਕਦਿਆਂ' ਸਧਾਰਨ ਪੁਸਤਕ ਨਹੀਂ, ਜ਼ਿੰਦਗੀ, ਸਮਾਜ ਅਤੇ ਸੰਸਾਰ ਅੰਦਰ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਸਥਾਪਤੀ ਲਈ ਇਕ 'ਹਦਾਇਤਨਾਮਾ' ਹੈ। ਪੁਸਤਕ ਵਿਚ ਹਰ ਵਿਅਕਤੀ ਨੂੰ ਜ਼ਿੰਦਗੀ ਦੇ ਖ਼ਤਰਿਆਂ ਤੋਂ ਸੁਚੇਤ ਕੀਤਾ ਗਿਆ ਹੈ। ਦੇਵਿੰਦਰ ਦੀਦਾਰ ਨੇ ਭਾਵੇਂ ਥੋੜ੍ਹਾ ਲਿਖਿਆ ਹੈ, ਪਰ ਜੋ ਨਿਬੰਧ ਲਿਖੇ ਹਨ, ਉਹ ਕਿਸੇ ਨਾ ਕਿਸੇ ਉਦੇਸ਼ ਪੂਰਤੀ ਲਈ ਲਿਖੇ ਹਨ। ਉਸ ਦੀ ਸ਼ਬਦ ਸ਼ੈਲੀ ਅੰਦਰ ਕਿਸੇ ਨਾ ਕਿਸੇ ਪ੍ਰਕਾਰ ਦਾ ਆਕਰਸ਼ਣ ਹੈ। ਉੱਚੇ-ਸੁੱਚੇ ਸਨੇਹੜਿਆਂ ਦੇ ਠੰਢੇ-ਮਿੱਠੇ ਬੁੱਲ੍ਹਿਆਂ ਦੀਆਂ ਮਹਿਕਾਂ ਹਨ। ਪਾਠਕ ਪੜ੍ਹਨਗੇ, ਹੋਰ ਪੜ੍ਹਨਣਗੇ, ਮਨਾਂ ਅੰਦਰ ਸੰਤੁਸ਼ਟੀ ਦੀਆਂ ਮਹਿਕਾਂ ਪ੍ਰਾਪਤ ਕਰਨਗੇ। ਇਹ ਪੁਸਤਕ ਸਿਰਹਾਣੇ ਰੱਖ ਕੇ, ਹਰ ਰੋਜ਼ ਪੜ੍ਹਨ ਵਾਲੀ ਪੁਸਤਕ ਹੈ।

-ਡਾ. ਅਮਰ ਕੋਮਲ
ਮੋਬਾਈਲ : 84378-73565

24-02-2024

 ਦੱਬੇ-ਕੁਚਲਿਆਂ ਦਾ ਸਿੱਖਿਆ ਸ਼ਾਸਤਰ
ਅਨੁਵਾਦ : ਕੁਮਾਰ ਸੁਸ਼ੀਲ, ਅਮਰਦੀਪ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 183
ਸੰਪਰਕ : 94174-05636

ਇਹ ਪੁਸਤਕ ਵਿਸ਼ਵ ਪ੍ਰਸਿੱਧ ਦਾਰਸ਼ਨਿਕ/ਲੇਖਕ, ਪਾਓਲੇ ਫਰੇਰੇ ਦੀ ਮੌਲਿਕ ਰਚਨਾ ਹੈ, ਪੰਜਾਬੀ ਤਰਜਮਾ ਹੈ। ਪੁਸਤਕ ਦਾ ਮੌਲਿਕ ਨਾਂਅ 'ਪੈਰਾਗੋਜੀ ਆਫ਼ ਆਪਰੈੱਸਡ' ਹੈ। ਇਸ ਪੁਸਤਕ ਦੇ ਭੂਮਿਕਾ ਤੋਂ ਇਲਾਵਾ, ਚਾਰ ਅਧਿਆਇ ਹਨ। ਪਹਿਲੇ ਅਧਿਆਇ ਵਿਚ ਕਦਰਾਂ-ਕੀਮਤਾਂ ਦੇ ਪੱਖ ਤੋਂ ਮਨੁੱਖੀਕਰਨ ਤੇ ਅਣ-ਮਨੁੱਖੀਕਰਨ ਦੇ ਅਹਿਮ ਨੁਕਤੇ ਵਿਚਾਰੇ ਗਏ ਹਨ। ਅਣ-ਮਨੁੱਖੀਕਰਨ ਮਨੁੱਖ ਨੂੰ ਵਧੇਰੇ ਮਨੁੱਖ ਬਣਨ ਦੇ ਰਾਹ ਤੋਂ ਭਟਕਾਉਂਦਾ ਹੈ। ਇਹ ਨਾ ਸਿਰਫ਼ ਉਨ੍ਹਾਂ ਨੂੰ, ਜਿਨ੍ਹਾਂ ਦੀ ਮਨੁੱਖਤਾ ਨੂੰ ਕੁਚਲਿਆ ਗਿਆ ਹੈ, ਸਗੋਂ ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ, ਨੂੰ ਵੀ ਚਿੰਨ੍ਹਤ ਕਰਦਾ ਹੈ।' (ਪੰਨਾ 9) ਜ਼ੁਲਮ ਵਿਚ ਸੰਘਰਸ਼, ਮਨੁੱਖੀ ਸਮਝ 'ਚੋਂ ਉਪਜਦਾ ਹੈ। ਲੇਖਕ ਨਾ ਕਿਸਾਨਾਂ ਵਲੋਂ ਕੀਤੀ ਗੱਲਬਾਤ ਦੇ ਅੰਸ਼ ਵੀ, ਇਸ ਅਧਿਆਏ ਵਿਚ ਦਰਜ ਹਨ। ਅੰਤ ਵਿਚ 18 ਟਿੱਪਣੀਆਂ ਹਨ।
ਦੂਜੇ ਅਧਿਆਇ ਰਾਹੀਂ ਆਪਣੇ ਹਕੂਕ ਪ੍ਰਤੀ ਜਾਗਰੂਕ ਹੋ ਕੇ, ਸੰਘਰਸ਼ ਕਰਨ ਲਈ, ਸਿੱਖਿਅਤ ਹੋਣ ਦੀ ਲੋੜ, ਨੂੰ ਉਜਾਗਰ ਕੀਤਾ ਗਿਆ ਹੈ। ਸਿੱਖਿਆ, ਇਨਕਲਾਬੀ ਢੰਗ ਨਾਲ ਪੱਧਤੀ ਰਾਹੀਂ ਦਿੱਤੀ ਜਾਵੇ ਨਾ ਕਿ ਬੈਂਕਿੰਗ ਪੱਧਤੀ ਦੇ ਛਲਾਵੇ ਭਰੇ ਤੌਰ-ਤਰੀਕਿਆਂ ਰਾਹੀਂ।
ਤੀਜੇ ਅਧਿਆਇ ਦਾ ਆਰੰਭ, ਸੰਵਾਦ ਦੀ ਲੋੜ 'ਤੇ ਜ਼ੋਰ ਦੇਣ ਨਾਲ ਸ਼ੁਰੂ ਹੁੰਦਾ ਹੈ। ਪ੍ਰੋ. ਅਮਾਰਨੀ ਮਾਰੀਆ ਫਿਓਰੀ ਨਾਲ ਸੰਵਾਦ ਵੀ ਇਸੇ ਅਧਿਆਇ ਦਾ ਅਹਿਮ ਭਾਗ ਹੈ। ਇਸੇ ਤਰ੍ਹਾਂ ਆਂਦਰੇ ਮਾਰਲੋ, ਮਾਓ ਜੇ ਤੁੰਗ, ਪ੍ਰੋ. ਅਲਵਾਰੀ ਵਾਇਰਾ, ਕਾਰੇਲ ਕੋਸਿਕ, ਫਰਾਂਸੀਸੀ ਸਮਾਜ ਵਿਗਿਆਨੀ ਮਾਰੀਆ ਐਂਡੀ ਫਰੇਰਾ, ਬ੍ਰਾਜ਼ੀਲੀ ਨਾਵਲਕਾਰ ਗਿਮਾਰੋਜ ਹੇਜਾ, ਅਰਥ ਸ਼ਾਸਤਰੀ ਜੈਕਸ ਚੋਚੋਲ ਅਤੇ ਮਨੋਵਿਗਿਆਨੀ ਪੈਰਿਸਸਿਓ ਲੋਪੇਜ ਦੇ ਵਿਚਾਰਾਂ ਦੇ ਹਵਾਲੇ ਵੀ ਦਿੱਤੇ ਗਏ ਹਨ। 'ਹਰੇਕ ਅਧਿਐਨ ਬੋਰਡ ਵਿਚ ਘੱਟੋ-ਘੱਟ ਵੀਹ-ਵੀਹ ਬੰਦੇ ਹੋਣੇ ਚਾਹੀਦੇ ਹਨ। ਅਧਿਅਨ ਵਿਚ ਸ਼ਾਮਿਲ ਖੇਤਰ ਜਾਂ ਉਪ-ਖੇਤਰ ਦੀ ਜਨਸੰਖਿਆ ਦੇ 10 ਫ਼ੀਸਦੀ ਲੋਕਾਂ ਨੂੰ ਭਾਗੀਦਾਰ ਬਣਾਉਣ ਦੇ ਲਈ ਜਿੰਨੇ ਅਧਿਐਨ ਬੋਰਡਾਂ ਦੀ ਲੋੜ ਪਵੇ, ਬਣਾਉਣੇ ਚਾਹੀਦੇ ਹਨ।' (ਪੰਨਾ : 108)
ਚੌਥੇ ਅਤੇ ਅੰਤਿਮ ਅਧਿਆਇ ਵਿਚ, ਸੱਭਿਆਚਾਰਕ ਕਾਰਜ ਦੇ ਸਿਧਾਂਤ ਦਾ ਖੁੱਲ੍ਹ ਕੇ ਵਿਸ਼ਲੇਸ਼ਣ ਕੀਤਾ ਗਿਆ ਹੈ। ਮਨੁੱਖੀ ਸਰਗਰਮੀ, ਕਾਰਜ ਅਤੇ ਚਿੰਤਨ ਦੇ ਸੁਮੇਲ ਨਾਲ ਬਣਦੀ ਹੈ। ਇਹ, ਸੰਸਾਰ ਵਿਚ ਪਰਿਵਰਤਨ ਦਾ ਸੂਤਰਧਾਰ ਹੋ ਨਿਬੜਦਾ ਹੈ। 'ਇਨਕਲਾਬੀ ਅਮਲ, ਦਾਬਾ ਪਾਉਣ ਵਾਲਿਆਂ ਦੇ ਅਮਲ ਤੋਂ ਉਲਟ ਖੜ੍ਹਨਾ ਚਾਹੀਦਾ ਹੈ।' (ਪੰਨਾ 111, ਪੈਰਾ ਤੀਜਾ)। ਲਿਤਾੜੇ ਹੋਏ ਲੋਕ, ਤਬਦੀਲੀ ਦੇ ਕਰਤਾ ਹੋਣਾ। ਸੰਵਾਦ ਨਾਲ, ਕ੍ਰਾਂਤੀਕਾਰੀ ਧਿਰਾਂ ਵਿਚਾਲੇ ਸਾਂਝ ਪੈਦਾ ਹੁੰਦੀ ਹੈ। ਅਧਿਆਇ ਵਿਚ ਗਾਜਪੈਟਰੋਵਿਕ, ਰੋਇਲ ਸੁਸਾਇਟੀ ਦੇ ਮੁਖੀ ਮਿਸਟਰ ਗਿੱਡੀ, ਫ੍ਰਾਂਸਿਸਕੋ ਵਫਰਟ, ਗੇਟਿਲਿਊ ਵਰਗਸ ਵਰਗੇ ਵਿਦਵਾਨਾਂ ਦੇ ਵਿਚਾਰ, ਇਸ ਅਧਿਆਇ ਵਿਚ ਦਰਜ ਕੀਤੇ ਗਏ ਹਨ। ਸੱਭਿਆਚਾਰਕ ਇਨਕਲਾਬ, ਸਹਿਯੋਗ, ਮੁਕਤੀ ਦੇ ਲਈ ਏਕਾ, ਜਥੇਬੰਦੀ, ਸੱਭਿਆਚਾਰਕ ਸੁਮੇਲ ਵਰਗੇ, ਮਹੱਤਵਪੂਰਨ ਮੁੱਦੇ, ਵਿਸਥਾਰ ਨਾਲ ਛੋਹੇ ਗਏ ਹਨ। ਪਾਓਲੇ ਫਰੇਰੇ ਦੀ ਵਿਚਾਰ-ਗੋਚਰੀ ਇਹ ਪੁਸਤਕ, ਦਲਿਤਾਂ ਦਾ ਸਿੱਖਿਆ ਸ਼ਾਸਤਰ, ਵਿਦਵਤਾ, ਰਾਜਨੀਤੀ ਅਤੇ ਸਿੱਖਿਆ ਵਰਗੇ ਸਿਧਾਂਤਾਂ ਦਾ, ਸੁੰਦਰ ਸੁਮੇਲ ਹੈ। ਸਮਾਜ ਦੇ ਦੱਬੇ-ਕੁਚਲੇ ਅਵਾਮ ਲਈ, ਇਹ ਪੁਸਤਕ, ਮਾਨੋਂ, ਮੁਕਤੀ ਦਾ ਮਾਰਗ ਹੈ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

ਮੈਲ਼ੇ ਮੰਜ਼ਰ
ਗ਼ਜ਼ਲਕਾਰ : ਹਰਮਿੰਦਰ ਸਿੰਘ ਕੋਹਾਰਵਾਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98768-73735

ਹਰਮਿੰਦਰ ਸਿੰਘ ਕੋਹਾਰਵਾਲਾ ਪੁਰਾਣਾ ਕਲਮਕਾਰ ਹੈ, ਜਿਸ ਨੇ ਪੰਜਾਬੀ ਵਿਚ ਗ਼ਜ਼ਲ ਨੂੰ ਤਰਜੀਹੀ ਤੌਰ 'ਤੇ ਲਿਖਿਆ ਹੈ। ਉਸ ਨੇ ਦੋਹੇ ਤੇ ਕਾਵਿ ਚਿੱਤਰ ਵੀ ਲਿਖੇ ਹਨ। 'ਮੈਲ਼ੇ ਮੰਜ਼ਰ' ਉਸ ਦਾ ਤਾਜ਼ਾ ਗ਼ਜ਼ਲ ਸੰਗ੍ਰਹਿ ਹੈ ਤੇ ਉਸ ਦੀ ਅੱਠਵੀਂ ਮੌਲਿਕ ਪੁਸਤਕ ਹੈ, ਜਿਸ ਵਿਚ ਤਿਰਆਸੀ ਗ਼ਜ਼ਲਾਂ ਛਾਪੀਆਂ ਗਈਆਂ ਹਨ। ਕੋਹਾਰਵਾਲਾ ਦੀ ਗ਼ਜ਼ਲਕਾਰੀ ਪੰਜਾਬ ਦੀ ਮਿੱਟੀ ਨਾਲ ਜੁੜੀ ਹੈ ਤੇ ਉਸ ਦੀਆਂ ਗ਼ਜ਼ਲਾਂ ਵਿਚ ਸਮਾਜ ਦੀਆਂ ਤੰਗੀਆਂ-ਤੁਰਸ਼ੀਆਂ ਦਾ ਪ੍ਰਵਚਨ ਨੁਮਾਇਆ ਹੈ। ਕੋਹਾਰਵਾਲਾ ਦੀਆਂ ਗ਼ਜ਼ਲਾਂ ਨਿਰੋਲ ਪੰਜਾਬੀ ਜਨ ਜੀਵਨ, ਪੇਂਡੂ ਸੱਭਿਆਚਾਰ ਤੇ ਸਿਧ-ਪੱਧਰੀ ਭਾਸ਼ਾ ਨਾਲ ਓਤ-ਪੋਤ ਹਨ। ਉਸ ਨੇ ਕਈ ਅਜਿਹੇ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਹੈ ਜੋ ਹੁਣ ਵਿਸਰ ਗਏ ਹਨ ਤੇ ਕਿਸੇ ਲੁਗਾਤ ਵਿਚ ਵੀ ਨਹੀਂ ਲੱਭਦੇ। ਉਹ ਲੰਬਾ ਸਮਾਂ ਅਧਿਆਪਕ ਰਿਹਾ ਹੈ, ਇਸ ਲਈ ਇਨ੍ਹਾਂ ਤੰਗੀਆਂ ਤੁਰਸ਼ੀਆਂ ਪਿਛਲਾ ਸੱਚ ਚੰਗੀ ਤਰ੍ਹਾਂ ਸਮਝਦਾ ਹੈ। ਰਾਜਨੀਤੀ ਦੀ ਗਹਿਰ ਵਿਚ ਕੀ ਹੋ ਰਿਹਾ ਹੈ, ਇਹ ਤਾਂ ਉਹ ਜਾਣਦਾ ਹੀ ਹੈ, ਸਮਾਜ ਵਿਚ ਵਿਚ ਕੀ ਵਾਪਰ ਰਿਹਾ ਹੈ ਇਸ ਤੋਂ ਵੀ ਅਨਜਾਣ ਨਹੀਂ ਹੈ। ਉਹ ਜਾਣਦਾ ਹੈ ਅਜਿਹੇ ਵਿਸ਼ਿਆਂ 'ਤੇ ਲਿਖੀਆਂ ਗ਼ਜ਼ਲਾਂ ਬੋਝਲ ਸ਼ਬਦਾਬਲੀ ਨਾਲ ਆਪਣੇ ਉਦੇਸ਼ ਪੂਰੇ ਨਹੀਂ ਕਰ ਸਕਦੀਆਂ, ਇਸੇ ਕਾਰਨ ਉਸ ਨੇ ਆਪਣੇ ਸ਼ਿਅਰਾਂ ਨੂੰ ਸਾਦਾ, ਬੇਬਾਕ ਤੇ ਸੰਬੋਧਨੀ ਰੱਖਿਆ ਹੈ। ਕੋਹਾਰਵਾਲਾ ਲਈ ਮੁੜ੍ਹਕਾ ਮਿਹਨਤ ਦਾ ਤਗ਼ਮਾ ਹੈ। ਉਸ ਅਨੁਸਾਰ ਜੇ ਸਮਾਜ ਦਾ ਤੀਸਰਾ ਨੇਤਰ ਬੰਦ ਰਿਹਾ ਤਾਂ ਕਾਣੀ ਵੰਡ ਕਦੇ ਵੀ ਰੁਕ ਨਹੀਂ ਸਕਦੀ। ਉਹ ਸਿਰਫ਼ ਬਿਆਨ ਤੱਕ ਸੀਮਤ ਨਹੀਂ ਹੈ, ਹਕੀਕਤ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਉਹ ਆਪਣੇ ਸ਼ਿਅਰਾਂ ਵਿਚ ਢੁੱਕਵੇਂ ਢੰਗ ਤਰੀਕੇ ਵੀ ਦੱਸਦਾ ਹੈ। ਗ਼ਜ਼ਲਕਾਰ ਆਪਣੇ ਇਕ ਮਤਲੇ ਵਿਚ ਲਿਖਦਾ ਹੈ ਜ਼ੁਲਫ਼ਾਂ, ਜਾਮ ਤੇ ਪੈਮਾਨੇ ਇਸ ਦੌਰ ਦੀ ਪੰਜਾਬੀ ਗ਼ਜ਼ਲ ਵਿਚ ਹੁਣ ਬੀਤੇ ਦੀ ਗੱਲ ਹੋ ਗਏ ਹਨ, ਜੋ ਬਿਲਕੁਲ ਠੀਕ ਹੈ। ਪੰਜਾਬੀ ਗ਼ਜ਼ਲ ਹੁਣ ਮਾਨਵ ਨੂੰ ਦਰਪੇਸ਼ ਦੁੱਖਾਂ ਤੇ ਤਕਲੀਫ਼ਾਂ ਦੀ ਗੱਲ ਕਰਦੀ ਹੈ ਤੇ ਇਹ ਕੁਝ ਇਨ੍ਹਾਂ ਗ਼ਜ਼ਲਾਂ ਵਿਚ ਵੀ ਮੌਜੂਦ ਹੈ। ਗ਼ਜ਼ਲਾਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਗ਼ਜ਼ਲਕਾਰ ਨੂੰ ਗ਼ਜ਼ਲ ਦੀਆਂ ਬੰਦਿਸ਼ਾਂ ਬਾਰੇ ਕਾਫ਼ੀ ਗਿਆਨ ਹੈ ਤੇ ਉਹ ਗ਼ਜ਼ਲ ਦੀ ਰੂਹ ਨੂੰ ਸਮਝਦਾ ਹੈ। ਇਸ ਪੁਸਤਕ ਵਿਚ ਸ਼ਾਮਿਲ ਸਾਰੀਆਂ ਗ਼ਜ਼ਲਾਂ ਮਨੁੱਖੀ ਜੀਵਨ ਦੀ ਬਿਹਤਰੀ ਲਈ ਪਾਕਿ ਸ਼ਫ਼ਾਫ਼ ਇਰਾਦੇ ਨਾਲ ਲਿਖੀਆਂ ਜਾਪਦੀਆਂ ਹਨ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਰੰਗਮੰਚ ਵੱਲ ਖੁੱਲ੍ਹਦੀ ਖਿੜਕੀ!
ਲੇਖਕ : ਡਾ. ਸਾਹਿਬ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 260 ਰੁਪਏ, ਸਫ਼ੇ : 234
ਸੰਪਰਕ : 98880-11096

ਡਾ. ਸਾਹਿਬ ਸਿੰਘ ਮੌਜੂਦਾ ਸਮੇਂ ਨਾਟਕ ਤੇ ਰੰਗਮੰਚ ਨਾਲ ਜੁੜਿਆ ਚਰਚਿਤ ਨਾਂਅ ਹੈ। ਉਸ ਨੇ ਹੁਣ ਤੱਕ ਪੰਜਾਬੀ ਤੇ ਹਿੰਦੀ ਵਿਚ 35 ਕਿਤਾਬਾਂ ਲਿਖੀਆਂ ਹਨ। ਵਿਚਾਰ ਅਧੀਨ ਪੁਸਤਕ ਵਿਚ ਸੰਕਲਿਤ ਲੇਖ ਪਹਿਲਾਂ ਇਕ ਪੰਜਾਬੀ ਅਖ਼ਬਾਰ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਨੂੰ ਉਸ ਨੇ ਕਿਤਾਬੀ ਰੂਪ ਦੇ ਕੇ ਬੜਾ ਮੁੱਲਵਾਨ ਕਾਰਜ ਕੀਤਾ ਹੈ। ਇਸ ਪੁਸਤਕ ਵਿਚ ਛੋਟੇ-ਛੋਟੇ 61 ਲੇਖ ਸ਼ਾਮਿਲ ਹਨ, ਜਿਨ੍ਹਾਂ 'ਚੋਂ ਕੁਝ ਨਾਟਕ ਤੇ ਰੰਗਮੰਚ ਨਾਲ ਜੁੜੀਆਂ ਸ਼ਖ਼ਸੀਅਤਾਂ ਬਾਰੇ ਹਨ। ਇਨ੍ਹਾਂ ਵਿਚ ਚਰਨ ਦਾਸ ਸਿੱਧੂ, ਨਰਿੰਦਰ ਜੱਟੂ, ਨਿਰਮਲ ਰਿਸ਼ੀ, ਰਵਿੰਦਰ ਰਵੀ, ਗੁਰਸ਼ਰਨ ਸਿੰਘ, ਰਵੀ ਨੰਦਨ, ਸ਼ਹਰਯਾਰ, ਗੁਰਵਿੰਦਰ ਸਿੰਘ ਇਤਿਆਦਿ ਪੇਸ਼ ਹਨ। ਬਾਕੀ ਲੇਖ ਰੰਗਮੰਚ ਨਾਲ ਸੰਬੰਧਿਤ ਹਨ। ਇਨ੍ਹਾਂ ਸਾਰੇ ਲੇਖਾਂ ਵਿਚ ਸਾਹਿਬ ਸਿੰਘ ਆਪ ਹਾਜ਼ਰ ਹੈ ਤੇ ਉਸ ਨੇ ਇਸ ਵਾਰਤਕ ਨੂੰ ਬੌਧਿਕ ਜੁਗਾਲੀ ਨਹੀਂ ਬਣਨ ਦਿੱਤਾ, ਸਗੋਂ ਰੰਗਮੰਚੀ ਪ੍ਰਕਿਰਿਆ ਵਾਂਗ ਸੁਆਦਲੀ, ਆਕਰਸ਼ਕ, ਧਮਾਕੇਦਾਰ, ਜ਼ਾਇਕੇਦਾਰ ਬਣਾ ਕੇ ਪਾਠਕ ਦੇ ਮਨ-ਮਸਤਕ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਦਾ ਇਕ ਲੇਖ (ਅਵੱਲੇ ਰੰਗਕਰਮੀਆਂ ਦੇ ਅਵੱਲੇ ਦਰਸ਼ਕ) ਰੰਗਕਰਮੀਆਂ ਵਲੋਂ ਨਿਭਾਏ ਕਿਰਦਾਰ ਦੀ ਦਰਸ਼ਕਾਂ ਵਲੋਂ ਪੁਣਛਾਣ ਨੂੰ ਪ੍ਰਗਟ ਕਰਦਾ ਹੈ। ਰੰਗਮੰਚੀ ਪ੍ਰਕਿਰਿਆਵਾਂ ਨੂੰ ਲੇਖਕ ਨੇ ਸਮਕਾਲ ਨਾਲ ਜੋੜ ਕੇ ਪਰਿਭਾਸ਼ਿਤ ਕੀਤਾ ਹੈ। ਜਿਵੇਂ ਸਾਲ ਭਰ ਚੱਲੇ ਕਿਸਾਨ ਅੰਦੋਲਨ ਨੂੰ ਉਹਨੇ 'ਤਿੰਨ ਘੰਟੀਆਂ ਵੱਜਦੀਆਂ ਰਹਿਣਗੀਆਂ' ਵਿਚ ਬੜੀ ਸਹਿਜਤਾ ਨਾਲ ਰੇਖਾਂਕਿਤ ਕੀਤਾ ਹੈ। ਪੁਸਤਕ ਵਿਚਲੇ ਸਾਰੇ ਲੇਖ ਸਮਕਾਲੀ ਰੰਗਮੰਚੀ ਪੇਸ਼ਕਾਰੀਆਂ, ਰੰਗਮੰਚੀ ਸਿਧਾਂਤਾਂ ਤੇ ਰੰਗਮੰਚ ਨਾਲ ਡੂੰਘੀ ਤਰ੍ਹਾਂ ਜੁੜੀਆਂ ਸ਼ਖ਼ਸੀਅਤਾਂ ਨੂੰ ਨੇੜਿਓਂ ਵਾਚਦੇ ਹਨ। ਪੰਜਾਬੀ ਰੰਗਮੰਚ ਤੇ ਇਸ ਦੀਆਂ ਪਰਤਾਂ ਨੂੰ ਜਾਣਨ ਦੇ ਜਗਿਆਸੂਆਂ ਲਈ ਇਹ ਕਿਤਾਬ ਨਵੇਂ ਦਿੱਸਹੱਦੇ ਖੋਲ੍ਹੇਗੀ, ਅਜਿਹਾ ਮੇਰਾ ਵਿਸ਼ਵਾਸ ਹੈ!

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਉਮਰ ਤੇ ਬੁਢਾਪਾ
ਮੂਲ ਲੇਖਕ : ਸੁਰੇਸ਼ ਰਤਨ
ਅਨੁਵਾਦ : ਹਰੀ ਕ੍ਰਿਸ਼ਨ ਮਾਇਰ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 94176-42785

ਪ੍ਰੋ. ਸਰੇਸ਼ ਰਤਨ ਇਕ ਵਿਸ਼ਵ ਪ੍ਰਸਿੱਧ ਵਿਗਿਆਨੀ ਹਨ। ਉਹ ਇਕ ਬਾਇਓਰੋਂਟਾਲਿਸਟ ਹਨ ਅਤੇ ਲੰਮੇ ਸਮੇਂ ਤੋਂ ਉਮਰ ਅਤੇ ਬੁਢਾਪੇ ਤੇ ਖੋਜ ਕਰ ਰਹੇ ਹਨ। ਵੀਹ ਕੁ ਪੁਸਤਕਾਂ ਦੇ ਰਚੇਤਾ ਡਾ. ਸੁਰੇਸ਼ ਰਤਨ ਦੇ ਇਸ ਵਿਸ਼ੇ 'ਤੇ ਸੈਂਕੜੇ ਖੋਜ ਪੱਤਰ ਵਿਸ਼ਵ ਦੀਆਂ ਕਈ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਏ ਹਨ, ਜਿਨ੍ਹਾਂ ਨੇ ਵਿਸ਼ਵ ਵਿਗਿਆਨੀਆਂ ਅਤੇ ਬੁੱਧੀਜੀਵੀਆਂ ਦਾ ਧਿਆਨ ਖਿੱਚਿਆ ਹੈ। ਹਥਲੀ ਪੁਸਤਕ 'ਉਮਰ ਤੇ ਬੁਢਾਪਾ' ਛੇ ਵੱਖੋ-ਵੱਖਰੇ ਆਧਿਆਇਆਂ ਵਿਚ ਵੰਡੀ ਗਈ ਹੈ। ਸਿਰਫ਼ ਇਕ ਨੰਬਰ, ਜੀਵਨ ਦੀ ਉਤਪਤੀ, ਜ਼ਿੰਦਗੀ ਦਾ ਸਿਲਸਿਲਾ, ਜ਼ਿੰਦਗੀ ਭਰ ਦੀ ਰੀਝ, ਸਦੀਵੀ ਜ਼ਿੰਦਗੀ ਦਾ ਫਾਰਮੂਲਾ, ਮੈਂ ਤੇ ਮੇਰੀਆਂ ਉਮਰਾਂ। ਇਨ੍ਹਾਂ ਲੇਖਾਂ ਵਿਚ ਡਾ. ਸੁਰੇਸ਼ ਰਤਨ ਨੇ ਸਵੈ-ਅਨੁਭਵ ਦੇ ਆਧਾਰ 'ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਮਰ ਕੀ ਹੁੰਦੀ ਹੈ। ਇਸ ਦੇ ਵੱਖੋ-ਵਖਰੇ ਪੜਾਅ ਕਿਹੜੇ ਹੁੰਦੇ ਹਨ। ਅਸੀਂ ਇਨ੍ਹਾਂ ਪੜਾਵਾਂ ਨੂੰ ਕਿਵੇਂ ਮਹਿਸੂਸ ਕਰਦੇ ਹਾਂ। ਬੁਢਾਪਾ ਹੈ ਕੀ? ਇਸ ਨੂੰ ਹਰੇਕ ਵਿਅਕਤੀ ਕਿਸ ਰੂਪ ਵਿਚ ਸਮਝਦਾ ਹੈ। ਇਨ੍ਹਾਂ ਹਾਲਤਾਂ ਵਿਚ ਕਿਹੜੇ-ਕਿਹੜੇ ਸਰੀਰਕ ਤੇ ਮਾਨਸਿਕ ਬਦਲਾਅ ਹੁੰਦੇ ਹਨ। ਇਨ੍ਹਾਂ ਮੁਤਾਬਕ ਅਸੀਂ ਪਰਿਵਾਰ ਤੇ ਸਮਾਜ ਵਿਚ ਕਿਵੇਂ ਵਿਚਰਦੇ ਹਾਂ। ਕੀ ਲੰਮੀ ਉਮਰ ਭੋਗਣਾ ਹੀ ਜ਼ਿੰਦਗੀ ਦੀ ਸਫਲਤਾ ਦਾ ਰਾਜ਼ ਹੈ? ਮੌਤ ਦਾ ਵਿਗਿਆਨਕ ਕਨਸੈਪਟ ਕੀ ਹੈ? ਲੰਮੀ ਤੇ ਸਿਹਤਮੰਦ ਉਮਰ ਭੋਗਣ ਦੇ ਰਹੱਸ ਕਿਹੜੇ ਹਨ। ਇਸ ਲਈ ਕਿਹੜੇ ਢੰਗ-ਤਰੀਕੇ ਅਪਣਾਏ ਜਾ ਸਕਦੇ ਹਨ। ਆਮ ਮਨੁੱਖ ਦਰਅਸਲ ਕਿੰਨੀ ਉਮਰ ਜਿਊਂਦਾ ਹੈ। ਜੀਵਨ ਦੇ ਕਈ ਰਹੱਸਾਂ ਤੋਂ ਪਰਦਾ ਉਠਾਉਂਦੀ ਇਹ ਪੁਸਤਕ ਜ਼ਿੰਦਗੀ ਦੇ ਗੁੱਝੇ ਭੇਦਾਂ ਨੂੰ ਸਮਝਣ, ਘੋਖਣ , ਪਰਖਣ ਅਤੇ ਵਿਚਾਰਨ ਲਈ ਖੋਜੀ ਪਰਵਿਰਤੀ ਵਾਲੇ ਪਾਠਕਾਂ ਦਾ ਮਾਰਗਦਰਸ਼ਨ ਵੀ ਕਰਦੀ ਹੈ। ਸਰਲ ਅਤੇ ਆਮ ਜ਼ਿੰਦਗੀ ਦੀਆਂ ਉਦਾਹਰਣਾਵਾਂ ਦੇ ਕੇ ਡਾ. ਸੁਰੇਸ਼ ਰਤਨ ਨੇ ਇਸ ਨੂੰ ਹਰ ਆਮ ਖਾਸ ਪਾਠਕ ਦੀ ਸਮਝ ਦੇ ਹਾਣ ਦਾ ਬਣਾ ਦਿੱਤਾ ਹੈ। ਕਈ ਵਿਗਿਆਨਕ ਨੁਕਤੇ ਵੀ ਆਸਾਨੀ ਨਾਲ ਸਮਝੇ ਜਾ ਸਕਦੇ ਹਨ। ਮੌਤ ਦੀ ਸਹੀ ਉਮਰ, ਡਾਰਵਿਨ ਜਾਣਦਾ ਹੈ, ਬੇਚਾਰਾ ਹਾਈਡਰਾ, ਬੁਢਾਪੇ ਦੀਆਂ ਨਿਸ਼ਾਨੀਆਂ, ਬਚਪਨ ਦੀਆਂ ਕਈ ਉਮਰਾਂ, ਸਾਡਾ ਚੜ੍ਹਦੀ ਜਵਾਨੀ ਵਾਲਾ ਮਨ ਅਤੇ ਮੇਰਾ ਅਮਰ ਹੋਣ ਦਾ ਫਾਰਮੂਲਾ ਆਦਿ ਸਬ ਟਾਈਟਲ ਹੇਠ ਲੇਖਕ ਵਲੋਂ ਬਹੁਤ ਹੀ ਰੌਚਕ ਜਾਣਕਾਰੀ ਦਿੱਤੀ ਗਈ ਹੈ। ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਵਲੋਂ ਪੁਸਤਕ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਕੀਤਾ ਗਿਆ ਅਨੁਵਾਦ ਪੁਸਤਕ ਦੇ ਮੂਲ ਪੰਜਾਬੀ ਵਿਚ ਹੋਣ ਦਾ ਅਹਿਸਾਸ ਪੈਦਾ ਕਰਦਾ ਹੈ। ਇਹ ਅਨੁਵਾਦਕ ਦੀ ਪ੍ਰਾਪਤੀ ਹੈ। ਇਹ ਪੁਸਤਕ ਛੋਟੀ ਪਰ ਬਹੁਤ ਜਾਣਕਾਰੀ ਅਤੇ ਅਰਥ ਭਰਪੂਰ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਦ ਸਟੋਰੀ ਆਫ਼ ਮੈਂਗਲ ਸਿੰਘ
ਲੇਖਕ : ਜਸਵੀਰ ਸਿੰਘ ਰਾਣਾ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 380 ਰੁਪਏ, ਸਫ਼ੇ : 143
ਸੰਪਰਕ : 98156-59220

ਜਸਵੀਰ ਸਿੰਘ ਰਾਣਾ ਪੰਜਾਬੀ ਸਾਹਿਤ ਖੇਤਰ ਦਾ ਜਾਣਿਆ-ਪਛਾਣਿਆ ਨਾਂਅ ਹੈ। ਵਿਸ਼ੇਸ਼ ਕਰਕੇ ਪੰਜਾਬੀ ਗਲਪ ਦੇ ਖੇਤਰ ਵਿਚ ਪਾਠਕ ਅਕਸਰ ਹੀ ਉਸ ਦੀਆਂ ਰਚਨਾਵਾਂ ਨੂੰ ਮਾਣਦੇ ਹਨ। 'ਦ ਸਟੋਰੀ ਆਫ਼ ਮੈਂਗਲ ਸਿੰਘ' ਉਸ ਦੁਆਰਾ ਲਿਖੀ ਨਵੀਂ ਜੀਵਨੀ ਸਾਹਿਤ ਨਾਲ ਸੰਬੰਧਿਤ ਪੁਸਤਕ ਹੈ, ਜਿਸ ਵਿਚ ਉਸ ਨੇ ਆਪਣੇ ਅਧਿਆਪਕ ਅਤੇ ਵਾਲੀਬਾਲ ਦੇ ਮੰਨੇ-ਪ੍ਰਮੰਨੇ ਕੋਚ ਮੈਂਗਲ ਸਿੰਘ ਦੇ ਜੀਵਨ ਸਮਾਚਾਰਾਂ ਨੂੰ ਦਰਜ ਕੀਤਾ ਹੈ। ਭਾਵੇਂ ਕਿ ਜੀਵਨੀ ਆਮ ਤੌਰ 'ਤੇ ਕਿਸੇ ਮਹਾਨ ਵਿਅਕਤੀ ਦੇ ਜਨਮ ਅਤੇ ਪ੍ਰਾਪਤੀਆਂ ਬਾਰੇ ਵੇਰਵਾ ਪ੍ਰਸਤੁਤ ਕਰਦੀ ਹੋਈ ਉਸ ਦੀ ਜ਼ਿੰਦਗੀ ਦੇ ਅੰਤ ਅਥਵਾ ਮੌਤ 'ਤੇ ਜਾ ਕੇ ਖ਼ਤਮ ਹੋ ਜਾਂਦੀ ਹੈ ਪਰ ਲੇਖਕ ਦਾ ਲਿਖਣ ਢੰਗ ਉਸ ਵਿਚ ਵੱਖਰੀ ਜਾਨ ਪਾ ਦਿੰਦਾ ਹੈ ਤੇ ਉਹ ਪਾਠਕਾਂ ਦੇ ਮਨਾਂ 'ਤੇ ਦੁੱਗਣਾ ਅਸਰ ਕਰਦੀ ਹੈ। ਇਸ ਪੁਸਤਕ ਵਿਚ ਜਸਵੀਰ ਰਾਣਾ ਨੇ ਮੈਂਗਲ ਸਿੰਘ ਦੇ ਜੀਵਨ ਨੂੰ ਨਿੱਕੇ-ਨਿੱਕੇ ਪਾਠਾਂ ਵਿਚ ਵੰਡ ਕੇ ਅਤੇ ਫਿਰ ਪਾਠਾਂ ਵਿਚ ਵੀ ਨਿੱਕੇ ਵਾਕਾਂ ਵਿਚ ਵੰਡ ਕੇ ਬੜੀ ਰਸਮਈ ਅਤੇ ਭਾਵੁਕ ਸ਼ੈਲੀ ਵਿਚ ਆਪਣੇ ਅਧਿਆਪਕ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਹਨ। ਮੈਂਗਲ ਸਿੰਘ ਦੇ ਜੀਵਨ ਦੀਆਂ ਪ੍ਰਾਪਤੀਆਂ, ਅਨੁਸ਼ਾਸਨਮਈ ਜੀਵਨ ਅਤੇ ਆਪਣੇ ਸਾਥੀ ਅਧਿਆਪਕਾਂ ਲਛਮਣ ਸਿੰਘ ਅਤੇ ਹਰਨਾਮ ਸਿੰਘ ਨਾਲ ਰਲ ਕੇ ਕੀਤੇ ਕਾਰਜਾਂ ਨੂੰ ਜਸਵੀਰ ਰਾਣਾ ਨੇ ਬਾਖ਼ੂਬੀ ਪੇਸ਼ ਕਰਨ ਦਾ ਯਤਨ ਕੀਤਾ ਹੈ। ਆਈ.ਟੀ.ਆਈ. ਦਾ ਡਿਪਲੋਮਾ ਪਾਸ ਕਰਨ ਤੋਂ ਬਾਅਦ ਐਮ. ਪੀ. ਐੱਡ ਕਰਨ ਤੋਂ ਬਾਅਦ ਖੇਡ ਜਗਤ ਨੂੰ ਸਮਰਪਿਤ ਹੋ ਕੇ ਚੰਗੇ ਖਿਡਾਰੀ ਪੈਦਾ ਕਰਨਾ ਮੈਂਗਲ ਸਿੰਘ ਦੇ ਸੁਭਾਅ ਦਾ ਹਿੱਸਾ ਸੀ। ਪੁਸਤਕ ਵਿਚ ਉਸ ਦੇ ਪਰਿਵਾਰਕ ਮੈਂਬਰਾਂ ਦਾ ਵੀ ਜ਼ਿਕਰ ਹੈ ਅਤੇ ਉਸ ਦੇ ਸ਼ਾਗਿਰਦਾਂ ਅਤੇ ਸਮਕਾਲੀਆਂ ਦੇ ਵਿਚਾਰ ਵੀ ਦਰਜ ਕੀਤੇ ਗਏ ਹਨ। ਉਸ ਦੀ ਯਾਦ ਵਿਚ ਬਣੇ ਟਰੱਸਟ ਦੇ ਮੈਂਬਰਾਂ ਬਾਰੇ ਵੇਰਵੇ ਤੋਂ ਇਲਾਵਾ ਪੁਸਤਕ ਵਿਚ ਉਸ ਦੀਆਂ ਚਿੱਠੀਆਂ ਅਤੇ ਤਸਵੀਰਾਂ ਵੀ ਦਰਜ ਕੀਤੀਆਂ ਗਈਆਂ ਹਨ। ਪੁਸਤਕ ਪ੍ਰੇਰਨਾ ਸਰੋਤ ਪੁਸਤਕ ਦੇ ਰੂਪ ਵਿਚ ਪਾਠਕਾਂ ਦੇ ਪਸੰਦ ਆਵੇਗੀ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਮਿੱਤਰਾਂ ਨਾਲ ਬਹਾਰਾਂ
ਲੇਖਕ : ਬਲਵਿੰਦਰ ਸਿੰਘ ਜੰਮੂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 160 ਰੁਪਏ ਸਫ਼ੇ : 64
ਸੰਪਰਕ : 094196-36562

ਬਾਲ ਸਾਹਿਤਕਾਰ ਬਲਵਿੰਦਰ ਸਿੰਘ ਜੰਮੂ ਦੀ ਹਥਲੀ ਪੁਸਤਕ 'ਮਿੱਤਰਾਂ ਨਾਲ ਬਹਾਰਾਂ' ਬਹੁਤ ਹੀ ਪਿਆਰੀ ਅਤੇ ਨਿਆਰੀ ਬਾਲ ਕਵਿਤਾਵਾਂ ਦੀ ਬਹੁਤ ਹੀ ਸੁੰਦਰ ਪੁਸਤਕ ਹੈ, ਜਿਸ ਵਿਚ 31 ਬਾਲ ਕਵਿਤਾਵਾਂ ਹਨ, ਸਾਰੀਆਂ ਕਵਿਤਾਵਾਂ ਦੇ ਨਾਲ-ਨਾਲ ਬਹੁਤ ਹੀ ਪਿਆਰੀਆਂ ਸ਼ਾਨਦਾਰ ਢੁਕਵੀਆਂ ਤਸਵੀਰਾਂ ਵੀ ਬਣੀਆਂ ਹੋਈਆਂ ਹਨ, ਜੋ ਰਚਨਾਵਾਂ ਨੂੰ ਚਾਰ ਚੰਨ ਲਾ ਰਹੀਆਂ ਹਨ। ਇਸ ਤੋਂ ਪਹਿਲਾਂ ਲੇਖਕ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਦੋ ਸ਼ਾਨਦਾਰ ਬਾਲ ਪੁਸਤਕਾਂ ਪਾ ਚੁੱਕਿਆ ਹੈ। ਕਵਿਤਾਵਾਂ ਸਿੱਖਿਆਦਾਇਕ ਹੋਣ ਦੇ ਨਾਲ-ਨਾਲ ਬਹੁਤ ਹੀ ਰੌਚਿਕ ਵੀ ਹਨ। ਬਲਵਿੰਦਰ ਸਿੰਘ ਜੰਮੂ ਨੇ ਬਾਲ ਕਵਿਤਾਵਾਂ ਦਾ ਅਧਾਰ ਮੁੱਖ ਰੂਪ ਵਿਚ ਸਮਾਜਿਕ ਸਮੱਸਿਆਵਾਂ, ਭਵਿੱਖ ਦੇ ਮਸਲੇ ਤੋਂ ਇਲਾਵਾ ਕੁਦਰਤੀ ਪੂੰਜੀ ਨੂੰ ਬਚਾਉਣ ਵਾਲਾ ਰੱਖਿਆ ਹੈ। ਭਾਰਤ ਦੀਆਂ ਵੰਨ-ਸੁਵੰਨੀਆਂ ਰੁੱਤਾਂ ਦਿਨ ਤਿਉਹਾਰਾਂ ਅਤੇ ਰਿਸ਼ਤੇ ਨਾਤਿਆਂ ਬਾਰੇ ਵੀ ਜਿੱਥੇ ਇਹ ਜਾਣਕਾਰੀ ਪ੍ਰਦਾਨ ਕਰਦੀਆਂ ਹਨ, ਉੱਥੇ ਬਾਲਾਂ ਨੂੰ ਟੈਲੀਫੂਨ ਦੀ ਅੰਨ੍ਹੇਵਾਹ ਵਰਤੋਂ ਤੋਂ ਵੀ ਵਰਜਦੀਆਂ ਹਨ। ਪੱਛਮੀ ਸੱਭਿਅਤਾ ਦੀ ਵਰਤਮਾਨ ਹਨੇਰੀ ਜੋ ਸਾਡੇ ਬੱਚਿਆਂ ਕੋਲੋਂ ਮੁੱਲਵਾਨ ਕਦਰਾਂ ਕੀਮਤਾਂ ਖੋਹ ਕੇ ਉਨ੍ਹਾਂ ਨੂੰ ਅਸੱਭਿਅਕ ਕਿਸਮ ਦੇ ਮਾਹੌਲ ਵਿਚ ਵਿਚਰਣ ਦਾ ਆਦੀ ਬਣਾ ਰਹੀ ਹੈ ਬਾਰੇ ਲੇਖਕ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਆਪਣੇ ਦੇਸ਼ ਦੇ ਬੱਚਿਆਂ ਨੂੰ ਵੀ ਸੁਚੇਤ ਕਰਨਾ ਚਾਹੁੰਦਾ ਹੈ। ਮਿਆਰੀ ਬਾਲ ਸਾਹਿਤ ਦਾ ਕੰਮ ਬੱਚੇ ਦਾ ਕੇਵਲ ਮਨੋਰੰਜਨ ਹੀ ਨਹੀਂ ਕਰਨਾ, ਸਗੋਂ ਬੱਚੇ ਨੂੰ ਚੰਗੇ ਗੁਣਾਂ ਦਾ ਧਾਰਨੀ ਵੀ ਬਣਾਉਣਾ ਹੁੰਦਾ ਹੈ। ਇਸ ਸੰਦਰਭ ਵਿਚ ਲੇਖਕ ਦੀਆਂ ਕੁਝ ਵਿਸ਼ੇਸ਼ ਕਵਿਤਾਵਾਂ ਜਿਵੇਂ ਅੱਧੀ ਛੁੱਟੀ ਸਾਰੀ, ਪਾਪਾ ਮੈਨੂੰ ਪੜ੍ਹਾਇਆ ਕਰੋ, ਹਾੜ੍ਹ ਦੀਆਂ ਧੁੱਪਾਂ, ਪਿਕਨਿਕ 'ਤੇ ਜਾਵਾਂਗੇ, ਪਾਪਾ ਆਉਣਗੇ, ਖੇਡਾਂਗੇ ਦਿਨ ਚਾਰ ਆਦਿ ਜ਼ਿਕਰਯੋਗ ਹਨ। ਸਭ ਕਵਿਤਾਵਾਂ ਬਹੁਤ ਹੀ ਦਿਲਚਸਪ ਅਤੇ ਸਿੱਖਿਆਦਾਇਕ ਹਨ। ਵੈਸੇ ਤਾਂ ਹਰ ਸਾਹਿਤਕਾਰ ਦਾ ਹੀ ਮਨੋਵਿਗਿਆਨੀ ਹੋਣਾ ਜ਼ਰੂਰੀ ਹੈ ਪਰ ਬਾਲਾਂ ਦੇ ਲੇਖਕ ਦਾ ਮਨੋਵਿਗਿਆਨੀ ਹੋਣਾ ਬਹੁਤ ਜ਼ਰੂਰੀ ਹੈ। ਕਿਤੇ ਕਿਤੇ ਪਰੂਫ ਰੀਡਿੰਗ ਵਿਚ ਕਾਹਲੀ ਕੀਤੀ ਸਾਫ ਵਿਖਾਈ ਦਿੰਦੀ ਹੈ। ਲੇਖਕ ਬਲਵਿੰਦਰ ਸਿੰਘ ਸ਼ਬਦ ਸਰਲ, ਠੇਠ ਅਤੇ ਬਾਲਾਂ ਦੇ ਹਾਣ ਦੇ ਵਰਤ ਰਹੇ ਹਨ। ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਬਾਲਾਂ ਲਈ ਬਹੁਤ ਹੀ ਸ਼ਾਨਦਾਰ ਪੁਸਤਕ ਪਾਉਣ ਤੇ ਬਲਵਿੰਦਰ ਸਿੰਘ ਜੰਮੂ ਮੁਬਾਰਕਬਾਦ ਦਾ ਹੱਕਦਾਰ ਹੈ।

-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 9463542896.

18-02-2024

 ਪਾਣੀਆਂ ਦੀ ਗਾਥਾ
ਲੇਖਕ : ਪਾਲ ਸਿੰਘ ਢਿੱਲੋਂ
ਅਨੁਵਾਦ : ਹਰਜੋਤ
ਪ੍ਰਕਾਸ਼ਕ : ਵ੍ਹਾਈਟ ਕਰੋਅ ਪਬਲਿਸ਼ਰਜ਼, ਮਾਨਸਾ
ਮੁੱਲ : 299 ਰੁਪਏ, ਸਫ਼ੇ : 216
ਸੰਪਰਕ : 98769-22503

ਇਹ ਪੁਸਤਕ ਪੰਜਾਬੀ ਦੇ ਇਕ ਸ਼੍ਰੋਮਣੀ ਕਵੀ ਡਾ. ਕੁਲਵੰਤ ਗਰੇਵਾਲ ਦੇ ਇਕ ਟੱਪੇ ਨਾਲ ਸ਼ੁਰੂ ਹੁੰਦੀ ਹੈ : 'ਦਿਲ ਟੁੱਟਦੇ ਹਵਾਵਾਂ ਦੇ! ਬੂੰਦ-ਬੂੰਦ ਤਰਸ ਗਏ ਅਸੀਂ ਪੁੱਤ ਦਰਿਆਵਾਂ ਦੇ।' ਅੰਗਰੇਜ਼ਾਂ ਦੀਆਂ ਬਸਤੀਵਾਦੀ ਨੀਤੀਆਂ ਅਤੇ ਬਾਅਦ ਵਿਚ ਭਾਰਤ ਸਰਕਾਰ ਦੇ ਪੰਜਾਬ ਵਿਰੋਧੀ ਵਤੀਰੇ ਦੇ ਕਾਰਨ ਪੰਜਾਬ ਦੇ ਦੋ ਵੱਡੇ ਦਰਿਆਵਾਂ ਸਤਲੁਜ ਅਤੇ ਬਿਆਸ ਦਾ ਪਾਣੀ, ਧੱਕੇ ਨਾਲ ਖੋਹ ਕੇ ਹਰਿਆਣਾ ਤੇ ਰਾਜਸਥਾਨ ਨੂੰ ਦੇ ਦਿੱਤਾ ਗਿਆ, ਹਾਲਾਂਕਿ ਰਿਪੇਰੀਅਨ ਕਾਨੂੰਨ ਦੇ ਮੁਤਾਬਿਕ ਇਨ੍ਹਾਂ ਦੋਹਾਂ ਰਾਜਾਂ ਦਾ ਇਸ ਪਾਣੀ ਉੱਪਰ ਕੋਈ ਹੱਕ ਨਹੀਂ ਸੀ ਬਣਦਾ। ਪਰ ਕਿਉਂਕਿ ਅਣਖੀਲੀ ਅਤੇ ਪ੍ਰਤੀਰੋਧੀ ਪੰਜਾਬੀ ਕੌਮ ਨੂੰ 'ਸਬਕ' ਸਿਖਾਉਣਾ ਸੀ। ਇਸ ਕਾਰਨ ਪੰਜਾਬ ਨਾਲ 'ਧੱਕੇ ਤੇ ਧੱਕਾ' ਹੁੰਦਾ ਰਿਹਾ। ਸ. ਪਾਲ ਸਿੰਘ ਢਿੱਲੋਂ ਜੋ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਵਿਚੋਂ ਮੁੱਖ ਇੰਜੀਨੀਅਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਅਤੇ ਉਹ ਇਸ ਧੱਕੇਸ਼ਾਹੀ ਦੇ ਚਸ਼ਮਦੀਦ ਤੇ ਚੇਤੰਨ ਗਵਾਹ ਰਹੇ ਸਨ, ਨੇ ਇਹ ਪੁਸਤਕ ਅਨੇਕ ਹਵਾਲਿਆਂ ਅਤੇ ਕਾਨੂੰਨਾਂ ਦੀ ਰੌਸ਼ਨੀ ਵਿਚ ਲਿਖ ਦਿੱਤੀ ਸੀ ਤਾਂ ਜੋ 'ਧੱਕੇ ਦਾ ਦਸਤਾਵੇਜ਼' ਪੜ੍ਹਿਆ ਜਾ ਸਕੇ।
ਪੁਸਤਕ ਦਾ ਆਰੰਭ ਡਾ. ਪਿਆਰੇ ਲਾਲ ਗਰਗ ਦੀ ਇਕ ਸੰਖੇਪ ਟਿੱਪਣੀ ਨਾਲ ਸ਼ੁਰੂ ਹੁੰਦਾ ਹੈ ਕਿ ਕਿਵੇਂ ਪੰਜਾਬ ਨੂੰ ਇਕ ਸੋਚੀ-ਸਮਝੀ ਸਾਜਿਸ਼ ਦੇ ਅਧੀਨ ਉਜਾੜਿਆ ਜਾ ਰਿਹਾ ਹੈ। ਸ. ਹਮੀਰ ਸਿੰਘ ਨੇ ਆਪਣੇ ਕੁੰਜੀਵਤ ਲੇਖ ਦੁਆਰਾ ਸਪੱਸ਼ਟ ਕੀਤਾ ਹੈ ਕਿ ਪਾਣੀਆਂ ਦੀ ਅਨੁਚਿਤ ਵੰਡ ਉੱਪਰ 'ਵੋਟ ਬੈਂਕ' ਦੀ ਸਿਆਸਤ ਭਾਰੀ ਪੈਂਦੀ ਰਹੀ ਹੈ (ਪੰਨੇ 12-47)
ਮੁਢਲੇ ਸ਼ਬਦ (99-104) ਸਰਦਾਰ ਆਰ. ਐਸ. ਗਿੱਲ ਨੇ ਲਿਖੇ ਹਨ ਅਤੇ ਦੱਸਿਆ ਹੈ ਕਿ 1952, 1955, 1973, 1975 ਅਤੇ ਦਸੰਬਰ 1981 ਵਿਚ ਕੀਤੇ ਗਏ ਸਮਝੌਤੇ ਕੋਈ ਨਿਆਂਪੂਰਨ ਵੰਡ ਨਹੀਂ ਸਨ। ਇਹ ਪੰਜਾਬ ਦੀ ਆਰਥਿਕਤਾ ਉੱਪਰ ਪੈਣ ਵਾਲੇ ਹਾਨੀਕਾਰਕ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਨਾਲ ਅਣਦੇਖਿਆ ਕਰਕੇ ਕੀਤੇ ਗਏ ਸਨ। ਇਹ ਪੁਸਤਕ ਕਾਰਪੋਰੇਟ ਦੇ ਪੂੰਜੀਵਾਦੀ ਮਾਡਲ ਦੇ ਵਿਰੋਧ ਵਿਚ ਗੁਰੂ ਨਾਨਕ ਸਾਹਿਬ ਦੇ 'ਕਿਰਤ-ਮਾਡਲ' ਦੀ ਪੁਨਰ-ਪ੍ਰਤਿਸ਼ਠਾ ਕਰਦੀ ਹੈ। ਸ. ਪਾਲ ਸਿੰਘ ਢਿੱਲੋਂ ਦਾ ਇਹ ਅਧਿਐਨ ਸਮੁੱਚੇ ਪੰਜਾਬ ਲਈ 'ਰਾਹ ਦਸੇਰੇ' ਦਾ ਕੰਮ ਕਰਦਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਇਨਕਲਾਬ
ਲੇਖਕ : ਮਹਿੰਦਰ ਸਿੰਘ ਤਤਲਾ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 98726-53150

'ਇਨਕਲਾਬ' ਕਹਾਣੀ-ਸੰਗ੍ਰਹਿ ਮਹਿੰਦਰ ਸਿੰਘ ਤਤਲਾ ਦਾ ਸੱਜਰਾ ਕਹਾਣੀ-ਸੰਗ੍ਰਹਿ ਹੈ। ਮਹਿੰਦਰ ਸਿੰਘ ਤਤਲਾ ਦਾ ਇਹ ਕਹਾਣੀ-ਸੰਗ੍ਰਹਿ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਹੈ। ਪੰਜਾਬੀ ਸਾਹਿਤ ਖੇਤਰ ਵਿਚ ਇਸ ਤੋਂ ਪਹਿਲਾਂ ਦੋ ਕਹਾਣੀ ਸੰਗ੍ਰਹਿ ਅਤੇ ਨਾਵਲ 'ਹੱਦ ਤੋਂ ਪਰੇ' (2020) ਮਹਿੰਦਰ ਸਿੰਘ ਤਤਲਾ ਦੁਆਰਾ ਲਿਖੇ ਮਿਲਦੇ ਹਨ। ਇਸ ਵਿਚ ਕੁਲ 9 ਕਹਾਣੀਆਂ ਸ਼ਾਮਿਲ ਹਨ। ਮਹਿੰਦਰ ਸਿੰਘ ਤਤਲਾ ਦੀ ਇਹ ਰਚਨਾ ਕਿਸਾਨੀ ਜੀਵਨ ਦਾ ਦ੍ਰਿਸ਼ ਚਿਤਰਣ ਪਾਠਕਾਂ ਅੱਗੇ ਪੇਸ਼ ਕਰਦੀ ਹੈ। 'ਇਨਕਲਾਬ' ਕਹਾਣੀ ਸੰਗ੍ਰਹਿ ਵਿਚਲੀਆਂ ਜ਼ਿਆਦਾਤਰ ਕਹਾਣੀਆਂ ਪੰਜਾਬ ਦੇ ਕਿਸਾਨੀ ਜੀਵਨ ਦੀ ਦਸ਼ਾ ਪੇਸ਼ ਕਰਦੀਆਂ ਹਨ। ਕਹਾਣੀ 'ਇਨਕਲਾਬ' ਵਿਚਲਾ ਬਜ਼ੁਰਗ ਪਾਤਰ ਸ਼ਾਹੂਕਾਰਾਂ ਦੁਆਰਾ ਕੀਤੀ ਜਾ ਰਹੀ ਲੁੱਟ-ਖਸੁੱਟ ਦੀ ਹਾਮੀ ਭਰਦਾ ਹੈ ਅਤੇ ਨੌਜਵਾਨ ਪਾਤਰ ਇਸ ਲੁੱਟ ਖ਼ਿਲਾਫ਼ ਇਨਕਲਾਬ ਕਰਨ ਲਈ ਪ੍ਰੇਰਿਤ ਕਰਦਾ ਹੈ। ਜੀਤ, ਇਸ ਕਹਾਣੀ ਦਾ ਮੁੱਖ ਪਾਤਰ, 'ਚੁੰਨੀ ਲਾਲਾ ਤੂੰ ਚੂਨਾ ਲਾਉਣ ਦੀ ਭੋਰਾ ਕਸਰ ਨੀ ਛੱਡੀ। ਪਰ ਮੇਰਾ ਬਾਪੂ ਸ. ਬਚਨ ਸਿੰਘ ਹਮੇਸ਼ਾ ਹੀ ਬਚਨਾਂ ਦਾ ਪੱਕਾ ਰਿਹਾ। 'ਬੋਝ' ਕਹਾਣੀ ਵਿਚ ਰਿਸ਼ਤਿਆਂ ਦੀ ਪੀੜ੍ਹੀ ਦਰ ਪੀੜ੍ਹੀ ਚਲਦੀ ਆਪਸੀ ਰੰਜਿਸ਼ ਇਸ ਤਰ੍ਹਾਂ ਪਾਠਕਾਂ ਅੱਗੇ ਪੇਸ਼ ਹੈ, ਜਿਸ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਕਹਾਣੀਕਾਰ ਜਿਵੇਂ ਇਸ ਕਹਾਣੀ ਰਾਹੀਂ ਆਪਣੇ ਆਪਸੀ ਰਿਸ਼ਤਿਆਂ ਦੀ ਗੱਲ ਕਰ ਰਿਹਾ ਹੋਵੇ। ਰਿਸ਼ਤੇ ਟੁੱਟਣ ਦਾ ਬੋਝ ਪਾਠਕਾਂ ਨੂੰ ਇਸ ਕਹਾਣੀ ਰਾਹੀਂ ਸੋਚਣ ਲਈ ਮਜਬੂਰ ਕਰ ਰਿਹਾ ਹੈ। ਕਹਾਣੀਕਾਰ ਦੀਆਂ ਸਾਰੀਆਂ ਕਹਾਣੀਆਂ ਵਿਚ ਦ੍ਰਿਸ਼ ਚਿਤਰਣ ਬਾ-ਕਮਾਲ ਹੈ। ਇਸ ਕਹਾਣੀ ਸੰਗ੍ਰਹਿ ਵਿਚਲੀ 'ਬਾਪੂ' ਕਹਾਣੀ ਮਾਪਿਆਂ ਦਾ ਬੱਚਿਆਂ ਦੇ ਵਿਆਹ-ਕਾਰਜ ਕਰਾਉਣ ਦੀ ਫ਼ਿਕਰਮੰਦੀ ਬਿਆਨ ਕਰਦੀ ਹੈ। ਕਹਾਣੀ ਸੰਗ੍ਰਹਿ ਵਿਚ ਸ਼ਾਮਿਲ ਕਹਾਣੀਆਂ ਵਿਚਲਾ ਵਾਰਤਾਲਾਪ ਪੇਂਡੂ ਧਰਾਤਲ ਵਾਲਾ ਹੈ। ਤਸੱਲੀਬਖਸ਼ ਗੱਲ ਇਹ ਕਿ ਲੇਖਕ ਦੀ ਦ੍ਰਿਸ਼ਟੀ ਮਾਨਵਵਾਦੀ ਹੈ ਅਤੇ ਸਮਾਜਿਕ ਸਮੱਸਿਆ ਵੱਲ ਸਾਰੀਆਂ ਕਹਾਣੀਆਂ ਆਪਣਾ ਧਿਆਨ ਕੇਂਦਰਿਤ ਕਰਾਉਂਦੀਆਂ ਹਨ। 'ਸ਼ੀਸ਼ਾ ਬੋਲਦਾ ਹੈ', 'ਦਾਗ', 'ਵਾਰਸ', 'ਜਿੱਤ' ਆਦਿ ਕਹਾਣੀਆਂ ਆਪਣੇ ਸਿਰਲੇਖਾਂ ਰਾਹੀਂ ਵਿਸ਼ੇ ਦੀ ਪੂਰਤੀ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਨੇ ਲੇਖਕਾਂ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ, ਸਗੋਂ ਪ੍ਰੇਰਨਾ ਦੇ ਕੇ ਪੰਜਾਬ ਦੀ ਕਿਸਾਨੀ ਨੂੰ ਇਕ ਸੇਧ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਲੋਕ ਸੰਪਰਕ ਪੰਜਾਬ ਦੇ 52 ਰਤਨ
ਲੇਖਕ : ਉਜਾਗਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 148
ਸੰਪਰਕ : 94178-13072

ਵਿਦਵਾਨ ਲੇਖਕ ਨੇ ਪੁਸਤਕ ਦੇ ਆਰੰਭ ਵਿਚ ਲੋਕ ਸੰਪਰਕ ਵਿਭਾਗ ਦੇ ਨਿਕਾਸ ਅਤੇ ਵਿਕਾਸ ਦੀ ਚਰਚਾ ਕੀਤੀ ਹੈ। ਦੱਸਿਆ ਗਿਆ ਹੈ ਕਿ ਪੈਪਸੂ ਵਿਚ 1948 ਅਤੇ ਪੰਜਾਬ ਵਿਚ ਇਸ ਵਿਭਾਗ ਦੀ ਸਥਾਪਨਾ 1949 ਵਿਚ ਕੀਤੀ ਗਈ। ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਵੱਖ-ਵੱਖ ਮੰਤਰੀਆਂ ਸਮੇਂ ਇਸ ਵਿਭਾਗ ਦੀ ਕਾਰਜ-ਸ਼ੈਲੀ ਅਤੇ ਮਹੱਤਵ ਦੀ ਚਰਚਾ ਕੀਤੀ ਗਈ ਹੈ। ਲੇਖਕ ਨੇ ਇਸ ਵਿਭਾਗ ਵਿਚ 33 ਸਾਲ ਦੀ ਨੌਕਰੀ ਵਿਚ ਜੋ ਅਨੁਭਵ ਪ੍ਰਾਪਤ ਕੀਤੇ ਉਨ੍ਹਾਂ ਬਾਰੇ ਵਿਸਤ੍ਰਿਤ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਲੇਖਕ ਨੇ ਇਨ੍ਹਾਂ ਬਵੰਜਾ ਸ਼ਖ਼ਸੀਅਤਾਂ ਬਾਰੇ ਲਿਖਣ ਤੋਂ ਪਹਿਲਾਂ ਉਨ੍ਹਾਂ ਦਾ ਜੀਵਨ-ਬਿਊਰਾ ਮੰਗਵਾਇਆ ਹੋਣਾ ਹੈ। ਇੰਝ ਮਿਹਨਤ ਨਾਲ ਸਮੱਗਰੀ ਇਕੱਤਰ ਕਰ ਕੇ 'ਸ਼ਬਦ-ਚਿੱਤਰਾਂ' ਨੂੰ ਅੰਤਿਮ ਰੂਪ ਦਿੱਤਾ ਹੈ। ਇਹ ਲੇਖਕ ਦਾ ਮੌਲਿਕ ਕਾਰਜ ਹੈ। ਨਿਰਸੰਦੇਹ ਲੋਕ ਸੰਪਰਕ ਵਿਭਾਗ ਸਰਕਾਰ ਅਤੇ ਪਬਲਿਕ ਦਰਮਿਆਨ ਪੁਲ ਦਾ ਕੰਮ ਕਰਦਾ ਹੈ। ਲੇਖਕ ਨੇ ਗ਼ਰੀਬ ਪਿਛੋਕੜ ਵਾਲੇ, ਮੱਧ-ਵਰਗੀ ਅਤੇ ਖਾਂਦੇ-ਪੀਂਦੇ ਸਭ ਪ੍ਰਕਾਰ ਦੀਆਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਅਨੇਕਾਂ ਔਕੜਾਂ ਦੇ ਬਾਵਜੂਦ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਸਿਰੇ ਚੜ੍ਹਾ ਕੇ ਆਪਣਾ ਅਤੇ ਵਿਭਾਗ ਦਾ ਨਾਂਅ ਰੌਸ਼ਨ ਕੀਤਾ। ਅਨੇਕਾਂ ਕਰਮਚਾਰੀਆਂ/ਅਧਿਕਾਰੀਆਂ ਦੇ ਉੱਚ ਅਧਿਕਾਰੀਆਂ, ਮੰਤਰੀਆਂ, ਮੁੱਖ ਮੰਤਰੀਆਂ, ਰਾਜਪਾਲਾਂ ਆਦਿ ਨਾਲ ਸੁਖਾਵੇਂ ਸੰਬੰਧ ਰਹੇ। ਅਜਿਹੀਆਂ ਸ਼ਖ਼ਸੀਅਤਾਂ ਦੇ 'ਸ਼ਬਦ ਚਿੱਤਰ' ਵੀ ਉਲੀਕੇ ਨੇ ਜਿਨ੍ਹਾਂ ਆਪਣੀਆਂ ਵਿਭਾਗੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਾਹਿਤ ਅਤੇ ਹੋਰ ਕਲਾਵਾਂ ਵਿਚ ਆਪਣਾ ਯੋਗਦਾਨ ਪਾਇਆ, ਅਨੇਕਾਂ ਮਾਣ-ਸਨਮਾਨ ਪ੍ਰਾਪਤ ਕੀਤੇ। ਵਿਦੇਸ਼ੀ ਯਾਤਰਾਵਾਂ ਕੀਤੀਆਂ। ਇਸ ਪੁਸਤਕ ਦਾ ਸੰਪਾਦਨ ਅੱਖਰ-ਕ੍ਰਮ ਅਨੁਸਾਰ ਕੀਤਾ ਗਿਆ ਹੈ ਪਰ ਲੇਖਕ ਨੇ ਆਪਣੇ ਬਾਰੇ ਨਿਮਰਤਾ ਸਹਿਤ ਕਿਤਾਬ ਦੇ ਅੰਤ 'ਤੇ ਜਾਣਕਾਰੀ ਦਿੱਤੀ ਹੈ। ਹਰ ਸ਼ਖ਼ਸੀਅਤ ਦਾ ਬਿਆਨ ਕਰਦਿਆਂ ਵਿਸ਼ੇਸ਼ ਜੁਗਤ ਅਪਣਾਈ ਗਈ ਹੈ। ਪਹਿਲਾਂ ਸੰਬੰਧਿਤ ਸ਼ਖ਼ਸੀਅਤ ਦੀ ਦੇਣ ਨੂੰ ਲਾਈਮ-ਲਾਈਟ ਕਰਕੇ ਪਾਠਕਾਂ ਨੂੰ ਅਧਿਐਨ ਕਰਨ ਲਈ ਉਤਸ਼ਾਹਿਤ ਕੀਤਾ ਹੈ। ਬਾਅਦ ਵਿਚ ਜਨਮ, ਪਰਿਵਾਰ, ਵਿੱਦਿਆ, ਕਿੱਤੇ ਲਈ ਸੰਬੰਧਿਤ ਡਿਗਰੀਆਂ ਦੀ ਪ੍ਰਾਪਤੀ ਆਦਿ ਦਾ ਜ਼ਿਕਰ ਕੀਤਾ ਹੈ। ਪਰਿਵਾਰ ਦੇ ਧੀਆਂ, ਪੁੱਤਰ ਕਿੱਥੇ ਕਿੱਥੇ ਸੈਟਲ ਨੇ? ਕਈਆਂ ਦੀ ਸੇਵਾਮੁਕਤੀ ਤੱਕ 'ਸ਼ਬਦ ਚਿੱਤਰ' ਨੂੰ ਅੰਤਿਮ ਛੋਹ ਦਿੱਤੀ ਹੈ। ਦੱਸਿਆ ਗਿਆ ਹੈ ਕਿ ਸ਼ਖ਼ਸੀਅਤਾਂ ਨੇ ਆਪਣੇ ਅਸਤਿਤਵ ਨੂੰ ਕਿਵੇਂ ਬੁਲੰਦ ਕੀਤਾ ਹੈ। ਲੇਖਕ ਨੇ ਵਾਅਦਾ ਕੀਤਾ ਹੈ, ਬਾਕੀ ਰਹਿ ਗਿਆਂ ਬਾਰੇ ਵੀ ਕਲਮ ਚਲਾਵੇਗਾ। ਇਹ ਪੁਸਤਕ ਇਕ ਮੁੱਲਵਾਨ ਦਸਤਾਵੇਜ਼ ਹੋ ਨਿਬੜੀ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਬਿਖੁ ਮਹਿ ਅੰਮ੍ਰਿਤੁ
ਲੇਖਕ : ਸਿਰਦਾਰ ਕਪੂਰ ਸਿੰਘ
ਸੰਪਾਦਕ : ਬਲਦੇਵ ਸਿੰਘ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98151-20919

ਸਿਰਦਾਰ ਕਪੂਰ ਸਿੰਘ ਦੇ ਬਹੁਅਰਥੀ, ਬਹੁਖੇਤਰੀ, ਬਹੁਮੁੱਲੇ, ਬਹੁਅਨੁਭਵੀ ਵੱਖ ਵੱਖ ਲੇਖਾਂ ਨੂੰ ਸ. ਬਲਦੇਵ ਸਿੰਘ ਨੇ ਸੰਗ੍ਰਹਿ ਕਰਕੇ ਹਥਲੀ ਪੁਸਤਕ 'ਬਿਖੁ ਮਹਿ ਅੰਮ੍ਰਿਤੁ' ਵਿਚ ਸ਼ਾਮਿਲ ਕੀਤਾ ਹੈ, ਜਿਸ ਵਿਚ ਸਿੱਖ ਅਤੇ ਅਕਾਲੀ, ਬਿਖੁ ਮਹਿ ਅੰਮ੍ਰਿਤੁ, ਸਿੱਖ ਹੋਮਲੈਂਡ ਦੀ ਰੂਪ-ਰੇਖਾ, ਸਿੱਖਾਂ ਨਾਲ ਵਿਸਾਹਘਾਤ, ਸ. ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ, ਪੰਜਾਬ ਦਾ ਬਟਵਾਰਾ ਤੇ ਸਿੱਖ ਨੇਤਾ, ਸਿੱਖਾਂ ਦਾ ਸਰਵਨਾਸ਼, ਅਨੰਦਪੁਰ ਸਾਹਿਬ ਦਾ ਮਤਾ ਅਤੇ ਅੰਤਿਕਾਵਾਂ ਵਿਚ ਬੁਰਛਾ ਸੋਧਕ ਭੁਜੰਗੀ ਦਲ, ਸ਼ਹੀਦ ਭਗਤ ਸਿੰਘ ਅਤੇ ਸਿਰਦਾਰ ਕਪੂਰ ਸਿੰਘ, ਕੀ ਅਮਰ ਸ਼ਹੀਦ ਲਾਲਾ ਜੀ ਦੇ ਡਾਂਗਾਂ ਮਾਰੀਆਂ ਸੀ?, ਸਰਦਾਰ ਸਾਹਿਬ ਤੁਸੀਂ ਸਿੱਖ ਨਹੀਂ?, ਪੰਜਾਬੀਆਂ ਦੀ ਵੰਡ, ਉਜਾੜਾ ਅਤੇ ਕਤਲੇਆਮ-1947, ਵੀਟੋ-ਵੋਟ, ਸਿਰਦਾਰ ਕਪੂਰ ਸਿੰਘ ਨੂੰ ਆਈ.ਸੀ.ਐਸ ਵਿਚੋਂ ਕਿਉਂ ਕੱਢਿਆ ਸੀ?, ਮਾਸਟਰ ਤਾਰਾ ਸਿੰਘ ਸਿੱਖਾਂ ਨਾਲ ਸਿਆਸੀ ਚਾਲ ਖੇਡ ਗਿਆ। ਸਿਰਦਾਰ ਕਪੂਰ ਸਿੰਘ ਇਕ ਚਲਦਾ-ਫਿਰਦਾ ਵਿਸ਼ਵ ਵਿਦਿਆਲਾ ਸਨ। ਉਹ ਸਿੱਖਾਂ ਨੂੰ ਬੜਾ ਸਿਆਣਾ, ਪੜ੍ਹਿਆ-ਲਿਖਿਆ ਵੇਖਣਾ ਚਾਹੁੰਦੇ ਸਨ। ਉਹ ਮੂਰਖਤਾ ਅਤੇ ਅਨਪੜ੍ਹਤਾ ਨੂੰ ਨਫ਼ਰਤ ਕਰਦੇ ਸਨ। ਸਿਰਦਾਰ ਕਪੂਰ ਸਿੰਘ ਦੀ ਕਲਮ ਤੋਂ ਪੰਜਾਬੀ ਵਿਚ ਸਪਤ ਸ੍ਰਿੰਗ (ਸੱਤ ਮਹਾਨ ਪੁਰਸ਼ਾਂ ਦੇ ਜੀਵਨ ਚਰਿੱਤਰ), ਗੁਰੂ ਗੋਬਿੰਦ ਸਿੰਘ ਦੀ ਵੈਸਾਖੀ, ਰਾਜ ਕਰੇਗਾ ਖ਼ਾਲਸਾ, ਹਸ਼ੀਸ (ਕਵਿਤਾ), ਸਾਚੀ ਸਾਖੀ (1979), ਬਹੁ ਵਿਸਥਾਰ (ਇਤਿਹਾਸਕ ਤੇ ਧਾਰਮਿਕ ਨਿਬੰਧ), ਪੁੰਦ੍ਰੀਕ (ਸੰਸਕ੍ਰਿਤਕ ਨਿਬੰਧ ਸੰਗ੍ਰਹਿ) ਅਤੇ ਅੰਗਰੇਜ਼ੀ ਵਿਚ 10 ਪੁਸਤਕਾਂ ਹਨ। ਸੰਨ 1925 ਦੇ ਲਗਭਗ ਪੰਜਾਬੀ ਮੁਸਲਮਾਨ ਨੀਤੀਵਾਨ ਸਰ ਫ਼ਜ਼ਲ ਹੁਸੈਨ ਨੇ ਇਕ ਗੁਪਤ ਕਿਤਾਬਚਾ, ਕੇਵਲ ਚੋਣਵੇਂ ਮੁਸਲਮਾਨਾਂ ਦੇ ਪੜ੍ਹਨ ਵਿਚਾਰਨ ਲਈ ਲਿਖਿਆ ਸੀ, ਜਿਸ ਵਿਚ ਇਹ ਸ਼ਬਦ ਅੰਕਤ ਸਨ : 'ਹਿੰਦੂ ਬੜਾ ਦੂਰਦਰਸ਼ਕ ਹੈ, ਆਉਣ ਵਾਲੀ ਸਥਿਤੀ ਨੂੰ ਬਹੁਤ ਸਮਾਂ ਪਹਿਲਾਂ ਹੀ ਭਾਂਪ ਲੈਂਦਾ ਹੈ ਅਤੇ ਉਸ ਅਨੁਸਾਰ ਉਪਾਏ ਸੋਚ ਰੱਖਦਾ ਹੈ। ਮੁਸਲਮਾਨ, ਜਦੋਂ ਕੋਈ ਸਥਿਤੀ ਸਿਰ ਉਪਰ ਆ ਜਾਵੇ ਤਾਂ ਚੌਕੰਨਾ ਹੋ ਜਾਂਦਾ ਹੈ ਅਤੇ ਉਸ ਨਾਲ ਸਿੱਝਣ ਦਾ ਰਾਹ ਢੂੰਡਦਾ ਹੈ। ਪਰ ਸਿੱਖ, ਜਿਤਨਾ ਚਿਰ ਵੇਲਾ ਲੰਘ ਨਾ ਜਾਵੇ, ਨਾ ਕੁਝ ਸੋਚਦਾ ਹੈ ਅਤੇ ਨਾ ਹੀ ਕਿਸੇ ਸੋਚਵਾਨ ਦੀ ਗੱਲ ਸੁਣਦਾ ਹੈ । ਫੜ੍ਹਾਂ ਮਾਰੀ ਜਾਂਦਾ ਹੈ ਅਤੇ ਦਮਗਜੇ, ਫੋਕੇ ਦਮਗਜੇ ਮਾਰਨ ਵਾਲੇ ਹੀ ਸਿੱਖਾਂ ਵਿਚ ਪ੍ਰਧਾਨ ਹਨ।' ਅਨੰਦਪੁਰ ਸਾਹਿਬ ਦਾ ਮਤਾ ਲਿਖਣ ਬਾਰੇ ਵੀ ਉਨ੍ਹਾਂ ਦੀ ਪਹਿਚਾਣ ਬਣੀ ਹੋਈ ਹੈ। ਸਿੱਖ ਹੋਮਲੈਂਡ ਦੇ ਕੱਟੜ ਮੁੱਦਈ ਹੋਣ ਨਾਤੇ ਵੀ ਹੈ। ਬੜੇ ਇਤਿਹਾਸਕਾਰ ਉਨ੍ਹਾਂ ਤੱਥਾਂ ਨੂੰ ਹੀ ਆਧਾਰ ਮੰਨ ਕੇ ਸਿੱਖਾਂ ਦੇ ਹੱਕ ਦੀ ਗੱਲ ਅਤੇ ਉਨ੍ਹਾਂ ਨਾਲ ਬੇਇਨਸਾਫ਼ੀ ਦੀ ਗੱਲ ਲਿਖਦੇ ਹਨ। ਸੱਚ ਹੀ ਉਨ੍ਹਾਂ ਦੀ ਤਾਕਤ ਸੀ। ਸ. ਬਲਦੇਵ ਸਿੰਘ ਨੇ ਹਥਲੀ ਪੁਸਤਕ ਵਿਚ ਉਨ੍ਹਾਂ ਦੇ ਲੇਖਾਂ ਨੂੰ ਪ੍ਰਕਾਸ਼ਿਤ ਕਰਵਾ ਕੇ ਉਨ੍ਹਾਂ ਦੇ ਪਾਠਕਾਂ/ਚਾਹਵਾਨਾਂ ਲਈ ਪਰਉਪਕਾਰੀ ਵੱਡਾ ਹਮਲਾ ਮਾਰਿਆ ਹੈ। ਇਹ ਕਿਤਾਬ ਰਾਜਨੀਤਕ, ਸਮਾਜਿਕ ਅਤੇ ਇਤਿਹਾਸ ਦੇ ਖੋਜਾਰਥੀਆਂ ਲਈ ਇਕ ਤੋਹਫ਼ਾ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਅੱਗ ਤੋਂ ਅੱਗ ਤੀਕਰ
ਲੇਖਿਕਾ : ਡਾ. ਵੰਦਨਾ ਗੁਪਤਾ
ਅਨੁਵਾਦ : ਡਾ. ਰਾਜਿੰਦਰ ਸਾਹਿਲ
ਪ੍ਰਕਾਸ਼ਕ : ਰੂਪ ਕੰਵਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 199 ਰੁਪਏ, ਸਫ਼ੇ : 140
ਸੰਪਰਕ : 0161-2878015

ਸ਼ਾਇਰਾ ਡਾ. ਵੰਦਨਾ ਗੁਪਤਾ ਹਿੰਦੀ ਦੀ ਪ੍ਰਬੀਨ ਸ਼ਾਇਰਾ ਹੈ, ਜੋ ਔਰਤ ਦੇ ਸਸ਼ਕਤੀਕਰਨ ਲਈ ਜਨੂੰਨ ਦੀ ਹੱਦ ਤੱਕ ਹੱਕ 'ਚ ਖਲੋਣ ਦਾ ਅਹਿਦ ਕਰ ਚੁੱਕੀ ਹੈ ਜੋ ਔਰਤ ਦੀ ਵੇਦਨਾ, ਪਿੱਤਰੀ ਸੱਤਾ ਤੇ ਸਮਾਜਿਕ ਵਰਣਾਵਾਂ ਜੋ ਨਿਤਸ਼ੇ ਅਨੁਸਾਰ ਪਲੇਗ ਤੋਂ ਵੀ ਘਾਤਕ ਹੁੰਦੀਆਂ, ਦੇ ਚੱਕਰਵਿਊ 'ਚ ਘਿਰੀ ਹੋਈ ਔਰਤ ਨੂੰ ਖੁੱਲ੍ਹੇ ਅੰਬਰ ਤੱਕ ਉਕਾਬ ਵਾਂਗ ਉੱਡਣ ਲਈ ਪਿੱਠ ਥਾਪੜਦਿਆਂ ਔਰਤ ਦੇ ਅੰਦਰ ਨੂੰ ਕਵਿਤਾਉਂਦੀ ਹੈ। ਸ਼ਾਇਰਾ ਇਕ ਅਧਿਆਪਕਾ ਹੈ ਜੋ ਅੱਜਕਲ੍ਹ ਗਰਲਜ਼ ਹਾਈ ਸਕੂਲ ਸਿਲੀਗੁੜੀ ਵਿਖੇ ਅਧਿਆਪਨ ਦੀਆਂ ਸੇਵਾਵਾਂ ਨਿਭਾਅ ਰਹੀ ਹੈ। ਹਥਲੀ ਕਾਵਿ-ਪੁਸਤਕ 'ਅੱਗ ਤੋਂ ਅੱਗ ਤੀਕਰ' ਡਾ. ਵੰਦਨਾ ਗੁਪਤਾ ਦੇ ਛੇ ਕਾਵਿ-ਸੰਗ੍ਰਹਿਆਂ ਵਿਚੋਂ ਪ੍ਰਤੀਨਿਧ ਕਵਿਤਾਵਾਂ ਚੁਣ ਕੇ ਉਨ੍ਹਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਅਤੇ ਅਨੁਵਾਦਕ ਕਵਿਤਾਵਾਂ ਨੂੰ ਇਕੋ ਜਿਲਦ ਵਿਚ ਪੰਜਾਬੀ ਅਤੇ ਹਿੰਦੀ ਵਿਚ ਲਿਪੀਆਂਤਰ ਕਰਕੇ ਛਾਪਿਆ ਗਿਆ ਹੈ ਤੇ ਇਹ ਕਾਵਿ-ਕਿਤਾਬ ਪੰਜਾਬੀ ਅਤੇ ਹਿੰਦੀ ਵਿਚ ਇਕ ਪੁਲ ਦਾ ਕੰਮ ਕਰੇਗੀ। ਕਿਤਾਬ ਦੇ ਅਨੁਵਾਦਕ ਡਾ. ਰਾਜਿੰਦਰ ਸਾਹਿਲ ਦੇ ਪਾਰਦਰਸ਼ੀ ਉਦਮ ਦੇ ਸਿਰੜ ਨੂੰ ਤਾਂ ਸਲਾਮ ਕਰਨਾ ਬਣਦਾ ਹੀ ਬਣਦਾ ਹੈ। ਸ਼ਾਇਰਾ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਸ਼ਾਇਰਾ ਦੀ ਨਜ਼ਮ 'ਲੜਾਈ ਹੈ ਉਹ ਘਰੋਂ ਬਾਹਰ ਜੰਗ' ਤੋਂ ਸਹਿਜੇ ਹੀ ਅਸਾਡੇ ਹੱਥ ਆ ਜਾਂਦੀ ਹੈ, ਜਿਸ ਨੂੰ ਵਾਈ-ਬੀ : ਯੀਟਸ ਆਖਦਾ ਹੈ ਕਿ ਜਦੋਂ ਅਸੀਂ ਦੂਸਰਿਆਂ ਨਾਲ ਲੜਦੇ ਝਗੜਦੇ ਹਾਂ ਤਾਂ ਅਸਾਡੇ ਹੱਥ ਕੁਝ ਨਹੀਂ ਆਉਂਦਾ ਪਰ ਜਦੋਂ ਅਸੀਂ ਆਪਣੇ ਆਪ ਨਾਲ ਲੜਦੇ ਹਾਂ ਤਾਂ ਕਵਿਤਾ ਪੈਦਾ ਹੁੰਦੀ ਹੈ। ਸੋ ਸ਼ਾਇਰਾ ਘਰੋਂ ਬਾਹਰ ਵੀ ਲੜਦੀ ਹੈ ਤੇ ਆਪਣੇ ਆਪ ਨਾਲ ਵੀ ਲੜਦਿਆਂ ਕਦੇ ਮਨ ਬਚਨੀ ਕਰਦੀ ਹੈ ਤੇ ਕਦੇ ਸਵਾਲ 'ਅੱਗ' ਦੇ ਮੈਟਾਫ਼ਰ ਨਾਲ ਔਰਤ ਦੀ ਹੋਣੀ ਨੂੰ ਕਵਿਤਾਉਂਦੀ ਹੈ ਕਿ, ਕੀ ਚੁੱਲ੍ਹੇ ਦੀ ਅੱਗ ਤੋਂ ਲੈ ਕੇ ਸਮਸ਼ਾਨਘਾਟ ਤੱਕ ਦੀ ਅੱਗ ਤੱਕ ਦਾ ਸਫ਼ਰ ਹੀ ਉਸ ਦੀ ਅਉਧ ਦਾ ਸਫ਼ਰ ਹੈ? ਉਸ ਨੂੰ ਸੁਪਨੇ ਸੌਣ ਨਹੀਂ ਦੇ ਰਹੇ ਤੇ ਉਸ ਦੀਆਂ ਇੱਛਾਵਾਂ ਵਿਚ ਜ਼ਹਿਰ ਘੋਲਿਆ ਜਾ ਰਿਹਾ ਹੈ ਤੇ ਸੁਪਨਿਆਂ ਨੂੰ ਤਾਬੀਰ ਦਾ ਜਾਮਾ ਪਹਿਨਾਉਣ ਲਈ ਉਹ ਸ਼ਬਦਾਂ ਵਿਚ ਠਾਹਰ ਭਾਲਦੀ ਹੈ ਤੇ ਬੁਲੰਦ ਵਿਚ ਬੇਬਾਕੀ ਨਾਲ ਆਖਦੀ ਹੈ ਕਿ ਉਹ ਕਿਸੇ ਗੌਤਮ ਰਿਸ਼ੀ ਵਲੋਂ ਸਰਾਪੀ ਅਹਿਲਿਆ ਵਾਂਗ ਦੁਆਪਰ ਯੁੱਗ ਤੱਕ ਉਡੀਕ ਨਹੀਂ ਕਰੇਗੀ ਤੇ ਪਰਸ਼ੋਤਮੀ ਮਰਯਾਦਾ ਨੂੰ ਠੁੱਠ ਦਿਖਾਉਂਦੀ ਹੈ। ਉਹ ਆਪਣੇ ਹਮਸਫ਼ਰ ਦੀ ਚੁੱਪ 'ਤੇ ਵੀ ਸਵਾਲ ਖੜ੍ਹੇ ਕਰਦੀ ਹੈ ਤੇ ਬਹੁਤ ਕੁਝ ਆਪਣੀ ਸ਼ਾਇਰੀ ਵਿਚ ਅਣਕਿਹਾ ਛੱਡ ਦਿੰਦੀ ਹੈ ਤੇ ਇਸ ਅਣਕਹੇ 'ਰਹੱਸ' ਦੀ ਥਾਹ ਪਾਉਣ ਲਈ ਇਸ ਕਿਤਾਬ ਦੇ ਪੜ੍ਹੇ ਜਾਣਾ ਹੀ ਨਹੀਂ ਸਗੋਂ ਗੁੜ੍ਹੇ ਜਾਣਾ ਤਾਂ ਬਣਦਾ ਹੀ ਬਣਦਾ ਹੈ। ਹਿੰਦੀ ਤੇ ਪੰਜਾਬੀ ਦਾ ਪੁਲ ਬਣਾਉਣ ਲਈ ਡਾ. ਸਾਹਿਲ ਨੂੰ ਸਲਾਮ।

-ਭਗਵਾਨ ਢਿੱਲੋਂ
ਮੋਬਾਈਲ : 098143-78254

ਹਮੇਸ਼ਾ ਦੇਰ
ਕਰ ਦੇਤਾ ਹੂੰ
ਸ਼ਾਇਰ : ਮੁਨੀਰ ਨਿਆਜ਼ੀ
ਲਿਪੀਅੰਤਰ : ਅਨੁਪਿੰਦਰ ਸਿੰਘ 'ਅਨੂਪ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ :225 ਰੁਪਏ, ਸਫ਼ੇ : 127
ਸੰਪਰਕ : 098136-46608

ਮੁਨੀਰ ਨਿਆਜ਼ੀ ਉਰਦੂ ਤੇ ਪੰਜਾਬੀ ਦੇ ਮਸ਼ਹੂਰ ਪਾਕਿਸਤਾਨੀ ਸ਼ਾਇਰ ਸਨ, ਜੋ 2006 ਵਿਚ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਪਿਛੋਕੜ ਹੁਸ਼ਿਆਰਪੁਰ ਦਾ ਸੀ ਤੇ ਬਟਵਾਰੇ ਬਾਅਦ ਉਹ ਲਾਹੌਰ ਜਾ ਵਸੇ। ਮੁਨੀਰ ਦੀ ਸ਼ਾਇਰੀ ਦੇ ਮੁਰੀਦ ਜਿੰਨੇ ਓਧਰ ਹਨ ਉਸ ਤੋਂ ਵੱਧ ਏਧਰ ਹਨ। ਮੁਨੀਰ ਨਿਆਜ਼ੀ ਰੇਡੀਓ ਤੇ ਟੀ. ਵੀ. ਨਾਲ ਵੀ ਜੁੜੇ ਰਹੇ ਤੇ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਫ਼ਿਲਮਾਂ ਲਈ ਗੀਤ ਵੀ ਲਿਖੇ, ਜਿਨ੍ਹਾਂ ਨੂੰ ਮਹਿਦੀ ਹਸਨ ਤੇ ਨੂਰਜਹਾਂ ਵਰਗੇ ਵੱਡੇ ਮਹਾਂਰਥੀਆਂ ਨੇ ਆਵਾਜ਼ ਦਿੱਤੀ। ਉਨ੍ਹਾਂ ਦਾ ਆਪਣਾ ਪ੍ਰਕਾਸ਼ਨ ਵੀ ਸੀ। ਇਹ ਜਾਣਕਾਰੀਆਂ ਪੁਸਤਕ ਵਿਚ ਹੋਣੀਆਂ ਚਾਹੀਦੀਆਂ ਸਨ ਪਰ ਉਨ੍ਹਾਂ ਸੰਬੰਧੀ ਬੈਕ ਕਵਰ ਦੇ ਇਕ ਪਹਿਰੇ ਬਿਨਾਂ ਕੋਈ ਤੁਆਰਫ਼ੀ ਲੇਖ ਨਹੀਂ ਛਾਪਿਆ ਗਿਆ। ਇਸ ਪੁਸਤਕ ਦਾ ਨਾਮਕਰਨ ਉਨ੍ਹਾਂ ਦੀ ਪ੍ਰਸਿੱਧ ਨਜ਼ਮ ਦੇ ਆਧਾਰ 'ਤੇ ਰੱਖਿਆ ਗਿਆ ਹੈ। 'ਹਮੇਸ਼ਾ ਦੇਰ ਕਰ ਦੇਤਾ ਹੂੰ' ਉਨ੍ਹਾਂ ਦੀਆਂ ਮਿਸ਼ਰਤ ਰਚਨਾਵਾਂ ਦਾ ਸੰਗ੍ਰਹਿ ਹੈ, ਜਿਸ ਵਿਚ ਵਧੇਰੇ ਗਿਣਤੀ ਗ਼ਜ਼ਲਾਂ ਦੀ ਹੈ। ਇਸ ਸੰਗ੍ਰਹਿ ਨੂੰ ਅਨੁਪਿੰਦਰ ਸਿੰਘ 'ਅਨੂਪ' ਨੇ ਲਿਪੀਅੰਤਰ ਕੀਤਾ ਹੈ। ਗ਼ਜ਼ਲਾਂ ਦੇ ਸ਼ਿਅਰ ਛੇ ਤੋਂ ਜ਼ਿਆਦਾ ਨਹੀਂ ਹਨ ਕਈ ਗ਼ਜ਼ਲਾਂ ਤਾਂ ਮਹਿਜ਼ ਤਿੰਨ-ਤਿੰਨ ਸ਼ਿਅਰਾਂ ਦੀਆਂ ਹਨ। ਮੁਨੀਰ ਨਿਆਜ਼ੀ ਰੋਮਾਂਸ ਦੇ ਸ਼ਾਇਰ ਸਨ, ਜਿਨ੍ਹਾਂ ਨੇ ਗ਼ਜ਼ਲ ਦੇ ਨਾਲ-ਨਾਲ ਸ਼ਾਇਰੀ ਦੀਆਂ ਹੋਰ ਵਿਧਾਵਾਂ ਵਿਚ ਵੀ ਲਿਖਿਆ ਹੈ। 'ਕਿਸੀ ਕੋ ਅਪਨੇ ਅਮਲ ਕਾ ਹਿਸਾਬ ਕਯਾ ਦੇਤੇ, ਸਵਾਲ ਸਾਰੇ ਗ਼ਲਤ ਥੇ ਜਵਾਬ ਕਯਾ ਦੇਤੇ' ਉਨ੍ਹਾਂ ਦੀ ਬਹੁਤ ਪਿਆਰੀ ਗ਼ਜ਼ਲ ਹੈ ਜੋ ਇਸ ਸੰਗ੍ਰਹਿ ਦਾ ਹਾਸਲ ਹੈ। ਨਿਆਜ਼ੀ ਸਾਹਿਬ ਮਹਿਬੂਬ ਦੀ ਤਾਰੀਫ਼ ਕਰਦਿਆਂ ਸਾਰੇ ਹੱਦਾਂ ਬੰਨੇ ਤੋੜ ਦਿੰਦੇ ਹਨ ਤੇ ਉਸ ਦੀਆਂ ਗੁਸਤਾਖ਼ੀਆਂ ਦਾ ਵੀ ਹਲਕਾ ਜਿਹਾ ਰੰਜ ਕਰਦੇ ਹਨ। ਉਰਦੂ ਖ਼ਾਸਕਰ ਪਾਕਿਸਤਾਨੀ ਗ਼ਜ਼ਲ ਨੂੰ ਜਾਨਣ ਤੇ ਇਸ ਦੀ ਸਮੀਖਿਆ ਲਈ ਇਹ ਪੁਸਤਕ ਲਾਹੇਵੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਇਧਰਲੇ ਪੰਜਾਬ ਵਿਚ ਪਾਕਿਸਤਾਨੀ ਸ਼ਾਇਰਾਂ ਨੂੰ ਗੁਰਮੁਖੀ ਵਿਚ ਲਿਪੀਅੰਤਰ ਕਰਨ ਦਾ ਰਿਵਾਜ ਵਧਿਆ ਹੈ ਪਰ ਓਧਰ ਇਧਰਲਿਆਂ ਨੂੰ ਆਪਣੇ ਤੌਰ 'ਤੇ ਬਹੁਤ ਘੱਟ ਲਿਪੀਅੰਤਰ ਕੀਤਾ ਗਿਆ ਹੈ। ਇਹ ਅਦਾਨ-ਪ੍ਰਦਾਨ ਚਲਦਾ ਰਹਿਣਾ ਚਾਹੀਦਾ ਹੈ। 'ਹਮੇਸ਼ਾ ਦੇਰ ਕਰ ਦੇਤਾ ਹੂੰ' ਉਰਦੂ ਸ਼ਾਇਰੀ ਨੂੰ ਜਾਨਣ ਤੇ ਮਾਨਣ ਲਈ ਵਧੀਆ ਯਤਨ ਹੈ, ਪ੍ਰਯੋਜਕ ਵਧਾਈ ਦਾ ਹੱਕਦਾਰ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਬੰਦਾ ਕਿੱਥੇ ਹੈ?
ਲੇਖਕ : ਗੁਰਮੀਤ ਸਿੰਘ ਮਰਾੜ੍ਹ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨਾ, ਫ਼ਰੀਦਕੋਟ
ਮੁੱਲ : 120 ਰੁਪਏ, ਸਫ਼ੇ : 60
ਸੰਪਰਕ : 95014-00397

ਬੰਦਾ ਕਿੱਥੇ ਹੈ, ਗੁਰਮੀਤ ਸਿੰਘ ਮਰਾੜ੍ਹ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 14 ਨਿੱਕੀਆਂ ਕਹਾਣੀਆਂ ਹਨ। ਅੱਜਕਲ੍ਹ ਪੰਜਾਬੀ ਸਾਹਿਤ-ਧਾਰਾ ਵਿਚ ਜਾਂ ਤਾਂ ਮਿੰਨੀ ਕਹਾਣੀਆਂ ਦੇ ਲੇਖਕਾਂ ਦੀ ਭਰਮਾਰ ਹੈ ਜਾਂ ਉਂਗਲੀਆਂ 'ਤੇ ਗਿਣੇ ਜਾਣ ਵਾਲੇ ਲੰਮੀਆਂ ਕਹਾਣੀਆਂ ਲਿਖਣ ਵਾਲੇ ਰਹਿ ਗਏ ਹਨ। ਪ੍ਰੰਤੂ ਨਿੱਕੀਆਂ ਕਹਾਣੀਆਂ ਲਿਖਣ ਵਾਲੇ ਕਹਾਣੀਕਾਰ ਤਾਂ ਉਂਗਲੀਆਂ 'ਤੇ ਗਿਣੇ ਜਾ ਸਕਦੇ ਹਨ। ਜਿਥੋਂ ਤੱਕ ਗੁਰਮੀਤ ਸਿੰਘ ਮਰਾੜ੍ਹ ਦੀਆਂ 'ਬੰਦਾ ਕਿੱਥੇ ਹੈ?' ਦੀਆਂ ਕਹਾਣੀਆਂ ਦਾ ਸੰਬੰਧ ਹੈ, ਇਨ੍ਹਾਂ ਨੂੰ ਅਸੀਂ ਨਿੱਕੀਆਂ ਕਹਾਣੀਆਂ ਕਹਿ ਸਕਦੇ ਹਾਂ। ਇਨ੍ਹਾਂ ਕਹਾਣੀਆਂ ਵਿਚ ਜਿਥੇ ਸਮਾਜ ਦੇ ਵਰਤਮਾਨ ਸਮੇਂ ਦੇ ਹਾਲਾਤ ਦੀਆਂ ਝਲਕਾਂ ਤਾਂ ਪੇਸ਼ ਹਨ, ਕਹਾਣੀਕਾਰ, ਉਨ੍ਹਾਂ ਪਾਤਰਾਂ ਦੀ ਸੰਰਚਨਾ ਕਰਦਾ ਹੈ, ਜਿਹੜੇ ਆਪਣੇ ਨਾਲ ਹੋਈਆਂ ਵਧੀਕੀਆਂ ਕਾਰਨ ਮਾਨਸਿਕ ਸੰਤਾਪ ਭੋਗ ਰਹੇ ਹਨ, ਜਿਵੇਂ 'ਜਦੋਂ ਬਰਫ਼ ਪੰਘਰੀਦਾ ਬਾਬਾ ਹਾਜੀ' ਦੀ ਵੇਦਨਾ-ਸੰਵਦਨਾ ਨੂੰ ਕਹਾਣੀਕਾਰ ਕਿਵੇਂ ਨੰਗਾ ਕਰਦਾ ਹੈ। 'ਬਾਬਾ ਹਾਜ਼ੀ' ਦਾ ਸ਼ਿਕਾਰ 'ਅਮਨ ਕਾਲ ਦਾ ਪ੍ਰਸਿੱਧ ਸ਼ਿਕਾਰ' ਮੰਨਿਆ ਜਾਂਦਾ ਸੀ। ਪਰ ਜਦੋਂ ਦੇ ਕਸ਼ਮੀਰ ਦੇ ਕਾਲੇ ਦਿਨ ਆਏ, ਉਸ ਦਿਨ ਬਾਬਾ ਹਾਜ਼ੀ ਦਾ ਸ਼ਿਕਾਰਾ ਹੀ ਨਹੀਂ, ਬਲਕਿ ਉਸ ਦਾ ਪਰਿਵਾਰ ਵੀ ਕਾਲੇ ਦਿਨਾਂ ਦਾ ਸ਼ਿਕਾਰ ਹੋ ਗਿਆ ਹੈ। ਪੁਲਿਸ ਵਧੀਕੀਆਂ ਕਾਰਨ, ਉਸ ਦੇ ਪਰਿਵਾਰ ਨੂੰ ਸੂਰਜ ਗ੍ਰਹਿਣ ਲੱਗ ਗਿਆ ਹੈ। ਕਹਾਣੀਕਾਰ ਹਾਜ਼ੀ ਬਾਬਾ ਦੀ ਵੇਦਨ-ਸੰਵੇਦਨਾ ਨੂੰ ਅਭਿਵਿਅਕਤ ਕਰਨ ਵਿਚ ਸਫ਼ਲ ਹੈ।
ਇਸ ਤਰ੍ਹਾਂ ਉਸ ਦੀਆਂ ਹੋਰ ਕਹਾਣੀਆਂ, 'ਦਿਨ ਕਦੋਂ ਚੜ੍ਹ' ਇਕ ਸਾਲ ਹੋਰ, ਨਾਮ ਕੱਟਿਆ ਗਿਆ, ਬੰਦਾ ਕਿੱਥੇ ਹੈ? ਤਰਸਦੇ ਨੈਣ, ਨਿੱਕੀਆਂ ਕਹਾਣੀਆਂ ਸਫਲ ਕਹਾਣੀਆਂ ਹਨ। ਅਸੀਂ ਅੱਜ ਦੇ ਹਕੀਕਤ ਪੰਸਦ ਲੋਕਾਂ ਦੀ ਵੇਦਨਾ ਸੰਵੇਦਨਾ ਨੂੰ ਕਹਾਣੀਕਾਰ ਸਮਝ ਕੇ ਉਨ੍ਹਾਂ ਦੇ ਨਿੱਕੇ-ਨਿੱਕੇ ਦੁੱਖ ਦਰਦ ਪੇਸ਼ ਕਰਦਾ ਹੈ, ਪੜ੍ਹੋਗੇ, ਆਪਣੇ ਵਰਤਮਾਨ ਸਮਾਜ ਦੀ ਹਕੀਕਤ ਹੋਰ ਵਧੇਰੇ ਸਮਝ ਸਕੋਗੇ।

-ਡਾ. ਅਮਰ ਕੋਮਲ
ਮੋਬਾਈਲ : 84378-73565

ਪੰਜਾਬ ਉੱਤੇ ਕਬਜ਼ਾ ਅਤੇ ਮਹਾਰਾਜਾ ਦਲੀਪ ਸਿੰਘ
ਮੂਲ ਲੇਖਕ : ਨੰਦ ਕੁਮਾਰ ਦੇਵ ਸ਼ਰਮਾ
ਅਨੁਵਾਦਕ : ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 250, ਸਫ਼ੇ : 184
ਸੰਪਰਕ : 98766-36159

ਹਥਲੀ ਕਿਤਾਬ ਦੇ ਮੂਲ ਲੇਖਕ ਨੰਦ ਕੁਮਾਰ ਦੇਵ ਸ਼ਰਮਾ ਕੋਲਕਾਤਾ (ਬੰਗਾਲ) ਦੇ ਨਿਵਾਸੀ ਹਨ। ਪੁਸਤਕ ਵਿਚ ਦਰਜ ਸਾਰੀ ਗਾਥਾ ਸ਼ੇਰ-ਏ-ਪੰਜਾਬ ਦੇ 1839 ਈ: ਵਿਚ ਸਵਰਗਵਾਸ ਹੋਣ ਤੋਂ ਪਿੱਛੋਂ ਸ਼ੁਰੂ ਹੁੰਦੀ ਹੈ। ਅਨੁਵਾਦਕ ਮੁਤਾਬਿਕ ਖ਼ਾਲਸਾ ਦਰਬਾਰ ਦੇ ਡੁੱਬਦੇ ਸੂਰਜ ਦੀ ਗਾਥਾ ਗਦਾਰੀਆਂ, ਕਤਲੋਗਾਰਤ, ਅੰਗਰੇਜ਼ ਹਕੂਮਤ ਦੀਆਂ ਕੂਟਨੀਤਕ ਚਾਲਾਂ, ਮਹਾਰਾਜੇ ਦੇ ਪਰਿਵਾਰ ਦੇ ਆਖਰੀ ਮਹਾਰਾਜਾ ਦਲੀਪ ਸਿੰਘ, ਉਸ ਦੀ ਮਾਂ ਮਹਾਰਾਣੀ ਜਿੰਦਾਂ, ਰਾਜਾ ਸ਼ੇਰ ਸਿੰਘ, ਉਸ ਦੇ ਪੁੱਤਰ ਵਲੋਂ ਨਿੰਦਣਯੋਗ ਗ਼ੈਰ-ਮਨੁੱਖੀ ਵਿਹਾਰ ਦੀ ਅਸਲ ਤਸਵੀਰ ਨੂੰ ਲੇਖਕ ਵਲੋਂ ਦਰਸਾਉਣ ਦਾ ਸਫ਼ਲ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਖ਼ਾਲਸਾ ਰਾਜ ਦੀ ਅਧੋਗਤੀ ਬਾਰੇ ਸਾਡੇ ਸਾਰੇ ਇਤਿਹਾਸਕਾਰਾਂ ਵਿਸ਼ੇਸ਼ ਕਰਕੇ ਸਿੱਖ ਇਤਿਹਾਸਕਾਰ ਸੋਹਣ ਸਿੰਘ ਸੀਤਲ ਨੇ ਵੱਡਾ ਮਿਸਾਲੀ ਕੰਮ ਕੀਤਾ ਹੈ। ਪੁਸਤਕ ਦੇ ਬੰਗਾਲੀ ਲੇਖਕ ਨੇ ਅੰਗਰੇਜ਼ ਇਤਿਹਾਸਕਾਰ ਜੇ.ਡੀ. ਕਨਿੰਘਮ ਤੇ ਲਤੀਫ਼ ਵਰਗੇ ਲੇਖਕਾਂ ਨੂੰ ਵੀ ਬੜੀ ਨੀਝ ਨਾਲ ਵਾਚਿਆ, ਪਿੱਛੋਂ ਅੰਗਰੇਜ਼ ਅਫ਼ਸਰਾਂ ਦੀਆਂ ਲਿਖਤਾਂ ਨੂੰ ਵੀ ਘੋਖਿਆ/ਲੇਖਕ ਨੇ ਅੰਗਰੇਜ਼ ਦੀਆਂ ਕੂਟਨੀਤਕ ਨੀਤੀਆਂ ਤੋਂ ਵੀ ਪਰਦਾ ਚੁੱਕਣ ਦਾ ਯਤਨ ਵੀ ਕੀਤਾ ਹੈ। ਪੁਸਤਕ ਦੇ ਸੁਯੋਗ ਅਨੁਵਾਦਕ ਨੇ ਵੱਖ-ਵੱਖ ਵਿਧਾਵਾਂ ਵਿਚ ਇਕ ਦਰਜਨ ਪੁਸਤਕਾਂ ਪਾਠਕਾਂ ਦੀ ਝੌਲੀ ਪਾਈਆਂ ਹਨ, ਜਿਨ੍ਹਾਂ ਵਿਚ ਉਸ ਦੀਆਂ ਮੌਲਿਕ ਅਤੇ ਸੰਪਾਦਿਤ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਪੁਸਤਕ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ, ਪੰਜਾਬ ਤੇ ਬੰਗਾਲ ਦੋ ਅਜਿਹੇ ਆਜ਼ਾਦ ਦੇਸ਼ ਸਨ, ਜੋ ਅੰਗਰੇਜ਼ ਹਕੂਮਤ ਦੀਆਂ ਅੱਖਾਂ ਵਿਚ ਹਮੇਸ਼ਾ ਰੜਕਦੇ ਰਹੇ, ਇਹ ਅੰਗਰੇਜ਼ਾਂ ਦੇ ਅਧੀਨ ਹੋ ਕੇ ਵੀ ਉਸ ਦੀ ਈਨ ਮੰਨਣ ਤੋਂ ਹਮੇਸ਼ਾ ਇਨਕਾਰੀ ਹੀ ਰਹੇ। ਇਸੇ ਕਰਕੇ ਜਾਣ ਵੇਲੇ ਫਰੰਗੀ ਇਨ੍ਹਾਂ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਦੋ ਟੁਕੜਿਆਂ ਵਿਚ ਵੰਡਣ ਵਾਲਾ ਗ਼ੈਰ-ਮਨੁੱਖੀ ਜ਼ੁਲਮ ਅਤੇ ਅਨਿਆਂ ਕਰ ਗਏ। ਲੇਖਕ ਮੁਤਾਬਿਕ 1849 ਈ: ਤੱਕ ਸਿੱਖ ਆਜ਼ਾਦ ਹਸਤੀ ਵਿਚ ਵਿਚਰਦੇ ਸਨ। ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਆਜ਼ਾਦੀ ਲਈ ਜਿਹੜੇ ਯੁੱਧ ਹੋਏ, ਉਹ ਪੰਜਾਬ ਦੇ ਲੋਕ ਵਿਰਸੇ ਦਾ ਹਿੱਸਾ ਬਣ ਚੁੱਕੇ ਹਨ। ਲੇਖਕ ਨੇ ਇਸ ਪੁਸਤਕ ਨੂੰ ਵੱਖ-ਵੱਖ ਅਠਾਰਾਂ ਅਧਿਆਇਆਂ ਵਿਚ ਵੰਡਿਆ ਹੈ, ਜਿਨ੍ਹਾਂ ਵਿਚ 'ਪੰਜਾਬ ਦੀ ਦਿਸ਼ਾ', 'ਯੁੱਧ ਦਾ ਭੈਅ', 'ਅੰਗਰੇਜ਼ਾਂ ਨਾਲ ਯੁੱਧ : ਸੰਧੀ ਅਤੇ ਨਵੇਂ ਪ੍ਰਬੰਧ', 'ਬੇਚੈਨੀ ਦਾ ਮੁੱਢ', 'ਮੁਲਤਾਨ ਵਿਦਰੋਹ', 'ਮਹਾਰਾਣੀ ਦਾ ਦੇਸ਼ ਨਿਕਾਲਾ', 'ਅਸ਼ਾਂਤੀ ਦੀ ਭੜਕਦੀ ਅੱਗ', 'ਮੁਲਤਾਨ 'ਤੇ ਹਮਲਾ', 'ਸ਼ੇਰ ਸਿੰਘ ਤੇ ਮੂਲਰਾਜ', 'ਦੂਜਾ ਸਿੱਖ ਯੁੱਧ', 'ਪੰਜਾਬ ਹਰਣ', 'ਪੰਜਾਬ ਛੱਡਣਾ', 'ਇੰਗਲੈਂਡ ਵਿਚ ਪਰਵਾਸ ਅਤੇ ਹੋਰ ਘਟਨਾਵਾਂ', 'ਮਾਤਾ ਅਤੇ ਪੁੱਤਰ', 'ਸ੍ਰੀਮਤੀ ਬੰਬਾ ਨਾਲ ਵਿਆਹ', 'ਮਹਾਰਾਜਾ ਦਲੀਪ ਸਿੰਘ ਤੇ ਸਰਕਾਰ', 'ਇੰਗਲੈਂਡ ਛੱਡਣਾ' ਅਤੇ ਹੋਰ ਘਟਨਾਵਾਂ ਅਤੇ 'ਮਹਾਰਾਜਾ ਦਲੀਪ ਸਿੰਘ ਦਾ ਆਖਰੀ ਸਮਾਂ' ਸ਼ਾਮਿਲ ਹਨ। ਪੁਸਤਕ ਦੀਆਂ ਅੰਤਕਾਵਾਂ ਵਿਚ ਕੋਹਿਨੂਰ ਹੀਰਾ', 'ਕੁਰਗ ਦੀ ਰਾਜ ਕੁਮਾਰੀ, 'ਮਹਾਰਾਜਾ ਸ਼ੇਰ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੀ ਨਿੱਜੀ ਜਾਇਦਾਦ' ਦਾ ਵਰਣਨ ਵੀ ਬੜੇ ਭਾਵ-ਪੂਰਤ ਸ਼ਬਦਾਂ ਵਿਚ ਕੀਤਾ ਗਿਆ ਹੈ। ਪੁਸਤਕ ਦੇ ਅੰਤ ਵਿਚ ਅੰਗਰੇਜ਼ੀ, ਹਿੰਦੀ ਅਤੇ ਬੰਗਾਲੀ ਸਹਾਇਕ ਪੁਸਤਕਾਂ ਦੀ ਸੂਚੀ ਦਿੱਤੀ ਗਈ। ਲੇਖਕ ਨੇ ਇਸ ਪੁਸਤਕ ਦੇ ਆਰੰਭ ਵਿਚ ਕਸ਼ਮੀਰ ਬਾਰੇ ਲਿਖਦਿਆਂ ਇਸ ਗੱਲ ਦਾ ਭੇਦ ਵੀ ਸਾਂਝਾ ਕੀਤਾ ਹੈ ਕਿ ਕਸ਼ਮੀਰ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹੀ ਹਿੱਸਾ ਸੀ, ਜਿਸ ਨੂੰ ਦੁਨੀਆ ਦਾ ਸਵਰਗ ਮੰਨਿਆ ਜਾਂਦਾ ਹੈ, ਸ਼ਾਇਦ ਇਸੇ ਕਰਕੇ ਹੀ ਕਸ਼ਮੀਰ ਦੋ ਹਿੱਸਿਆਂ ਵਿਚ ਵੰਡਣ ਵਾਲੀ ਦੁਰਦਸ਼ਾ ਵੀ ਕੀਤੀ ਗਈ ਹੈ। ਇਤਿਹਾਸ ਦੇ ਪਾਠਕਾਂ ਲਈ ਪੁਸਤਕ ਨੂੰ ਵਾਚਣਾ ਜ਼ਰੂਰੀ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਖੱਡ
ਲੇਖਕ : ਪਾਲੀ ਭੁਪਿੰਦਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 95011-45039

ਪ੍ਰਸਿੱਧ ਰੰਗਕਰਮੀ ਪਾਲੀ ਭੁਪਿੰਦਰ ਸਿੰਘ ਦਾ ਇਹ ਪੂਰਾ ਨਾਟਕ ਪ੍ਰਤੀਕਮਈ ਸ਼ੈਲੀ ਵਿਚ ਹੈ। ਨਾਟਕਕਾਰ ਦੇ ਇਸ ਤੋਂ ਪਹਿਲਾਂ 7 ਨਾਟਕ, ਇਕ ਨਾਵਲ ਤੇ ਇਕ ਕਾਵਿ-ਸੰਗ੍ਰਹਿ ਛਪ ਚੁੱਕੇ ਹਨ। ਇਸ ਨਾਟਕ ਵਿਚ ਡੇਰਾ ਹੈ। ਡੇਰੇ ਵਿਚ ਇਕ ਵਿੱਦਿਅਕ ਅਦਾਰਾ ਹੈ ਅਦਾਰੇ ਵਿਚ ਜ਼ਿਆਦਾ ਸਟਾਫ਼ ਔਰਤਾਂ ਹਨ। ਇਕ ਇਸਤਰੀ ਡਾਕਟਰ ਹੈ। ਡੇਰੇ ਵਿਚ ਇਕ ਥਾਂ ਸਮਾਧੀ ਹੈ। ਪਿਛਲੇ 12 ਸਾਲਾਂ ਤੋਂ ਸਾਧ ਪੂਰਨ ਦਾਸ ਡੇਰੇ ਵਿਚ ਸਮਾਧੀ ਲਾਈ ਬੈਠਾ ਹੈ। ਉਸ ਦੀ ਸਮਾਧੀ ਵਾਲੀ ਥਾਂ 'ਤੇ ਪਿਛਲੇ ਪਾਸੇ ਕੰਧ ਹੈ। ਕੰਧ ਦੇ ਪਿਛੇ ਇਕ ਖੱਡ ਹੈ। ਇਹ ਖੱਡ ਕੀ ਹੈ। ਇਸ ਵਿਚ ਕੀ ਕੁਝ ਹੈ। ਸਾਰਾ ਨਾਟਕ ਇਸ ਖੱਡ ਦੁਆਲੇ ਘੁੰਮਦਾ ਹੈ। ਇਹ ਖੱਡ ਭੇਤ ਖੋਲ੍ਹਦੀ ਹੈ ਕਿ ਇਸ ਡੇਰੇ ਵਿਚ ਕੀ ਕੁਝ ਅਨੈਤਿਕ ਹੋ ਰਿਹਾ ਹੈ। ਕਤਲ ਕਰ ਕੇ ਲਾਸ਼ਾਂ ਇਸ ਖੱਡ ਵਿਚ ਪੂਰ ਦਿੱਤੀਆਂ ਗਈਆਂ ਹਨ। ਪੂਰਨ ਦਾਸ ਔਰਤਾਂ ਦੀਆਂ ਆਵਾਜ਼ਾਂ ਸੁਣਦਾ ਹੈ। ਇਹ ਆਵਾਜ਼ਾਂ ਉਸ ਦੀ ਸਮਾਧੀ ਵਿਚ ਵੱਡਾ ਵਿਘਨ ਪਾ ਰਹੀਆਂ ਹਨ। ਇਹ ਆਵਾਜ਼ਾਂ ਉਨ੍ਹਾਂ ਤੀਵੀਆਂ ਦੀਆਂ ਹਨ, ਜੋ ਕਿਸੇ ਸਮੇਂ ਕਤਲ ਕਰਕੇ ਲਾਸ਼ਾਂ ਖੱਡ ਵਿਚ ਸੁੱਟ ਦਿੱਤੀਆਂ ਗਈਆਂ ਸਨ। ਕਤਲ ਹੋਈਆਂ ਔਰਤਾਂ ਪੂਰਨ ਦਾਸ ਨੂੰ ਚੈਨ ਨਹੀਂ ਲੈਣ ਦੇ ਰਹੀਆਂ। ਉਹ ਵੇਖਣਾ ਚਾਹੁੰਦਾ ਹੈ ਕਿ ਇਹ ਔਰਤਾਂ ਕੌਣ ਹਨ। ਉਸ ਦੀ ਦੁਚਿੱਤੀ ਨਾਟਕ ਦਾ ਵਿਸ਼ੇਸ਼ ਅੰਗ ਹੈ। ਅਖੀਰ ਉਹ ਕੰਧ ਟੱਪ ਜਾਂਦਾ ਹੈ। ਇਕ ਔਰਤ ਪੂਰਨ ਦਾਸ ਨਾਲ ਗੱਲਾਂ ਕਰਦੀ ਹੈ। ਉਹ ਮਾਨਸਿਕ ਰੋਗੀ ਬਣ ਜਾਂਦਾ ਹੈ। ਡੇਰੇ ਦੀ ਇਕ ਲੇਡੀ ਡਾਕਟਰ ਪੂਰਨ ਦਾਸ ਦੇ ਇਲਾਜ ਲਈ ਆਉਂਦੀ ਹੈ। ਡਾਕਟਰ ਖ਼ੁਦ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ। ਪੂਰਨ ਦਾਸ ਦਾ ਮਨੋਵਿਗਿਆਨਕ ਤਰੀਕੇ ਨਾਲ ਇਲਾਜ ਕਰਨ ਦਾ ਯਤਨ ਕਰਦੀ ਹੈ, ਪਰ ਪੂਰਨ ਦਾਸ ਡਾਕਟਰ ਕੋਲੋਂ ਪਿਛੇ ਹਟਦਾ ਹੈ। ਲੇਡੀ ਡਾਕਟਰ ਉਸ ਦੀ ਕਾਮੁਕ ਇੱਛਾ ਨੂੰ ਉਭਾਰਦੀ ਹੈ, ਜੋ ਬਿਮਾਰੀ ਦਾ ਅਸਲ ਕਾਰਨ ਹੈ। ਨਾਟਕ ਵਿਚ ਭੀਖਾ ਸੇਵਾਦਾਰ, ਮੈਨੇਜਰ ਬਚਨ ਲਾਲ, ਪਿਛਲਾ ਡੇਰੇਦਾਰ ਨਿਰੰਜਨ ਦਾਸ ਹੋਰ ਪਾਤਰ ਹਨ। ਇਕ ਦ੍ਰਿਸ਼ ਵਿਚ ਪਤਾ ਲਗਦਾ ਹੈ ਕਿ ਪੂਰਨ ਦਾਸ ਵੀ ਨਿਰਜਨ ਦਾਸ ਦਾ ਨਾਜਾਇਜ਼ ਪੁੱਤਰ ਹੈ। ਨਾਟਕ ਵਿਚ ਪਾਤਰਾਂ ਦੇ ਸੰਵਾਦ ਦਰਸ਼ਕ ਨੂੰ ਕੀਲ ਕੇ ਰੱਖਦੇ ਹਨ। ਅਖੀਰ ਪੂਰਨ ਦਾਸ ਦੇ ਬੋਲ ਉਸਾਰੂ ਹਨ। ਅਸਲ ਜ਼ਿੰਦਗੀ ਵਲ ਪੂਰਨ ਦਾਸ ਮੁੜਦਾ ਹੈ-ਨਾ ਮੈਂ ਦੇਹ ਜਿੱਤ ਸਕਿਆ ਨਾ ਮੈ ਮਨ ਜਿੱਤ ਸਕਿਆ ਮੈਂ ਕੋਈ ਸੰਤ ਨਹੀਂ। ਅਤ੍ਰਿਪਤੀ ਦਾ ਮਾਰਿਆ ਇਕ ਆਮ ਜਿਹਾ ਆਦਮੀ ਹਾਂ। ਮੇਰੇ ਜਿਸਮ ਤੇ ਬਾਣਾ ਨਹੀਂ ਝੂਠ ਹੈ....(ਪੰਨਾ 83)। ਨਾਟਕ ਅਖੌਤੀ ਡੇਰੇ ਦਾ ਅੰਦਰਲਾ ਸੱਚ ਸਾਹਮਣੇ ਲਿਆਉਂਦਾ ਹੈ। ਸਮਾਜ ਨੂੰ ਸੇਧ ਦੇਣ ਵਾਲੇ ਨਾਟਕ ਦਾ ਸਵਾਗਤ ਹੈ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

ਲੋਕ ਕਾਵਿ-ਰੂਪ : ਰੰਗ
ਲੇਖਕ : ਡਾ. ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਨਕੋਦਰ
ਮੁੱਲ : 286, ਸਫ਼ੇ : 176
ਸੰਪਾਦਕ : 94171-40380

ਡਾ. ਹਰਨੇਕ ਸਿੰਘ ਦੀ ਜਦੋਂ ਪਹਿਲੀ ਪੁਸਤਕ ਲੋਕ ਕਾਵਿ-ਰੂਪ : ਰੰਗ ਸੰਪਾਦਕ ਤੇ ਸਮੀਖਿਆ ਜਿਲਦ ਪਹਿਲੀ ਦੀ ਪ੍ਰਕਾਸ਼ਨਾ ਹੋਈ ਸੀ ਤਾਂ ਉਸ ਤੋਂ ਹੀ ਅੰਦਾਜ਼ਾ ਹੋ ਚੁੱਕਾ ਸੀ ਕਿ ਇਸ ਖੋਜ ਕਾਰਜ ਦੀ ਦੂਜੀ ਜਿਲਦ ਵੀ ਜ਼ਰੂਰ ਹੀ ਪ੍ਰਕਾਸ਼ਿਤ ਹੋਵੇਗੀ। ਪਹਿਲੀ ਪੁਸਤਕ ਵਿਚ ਡਾ. ਹੇਅਰ ਨੇ ਲੋਕ ਕਾਵਿ-ਰੂਪ ਰੰਗ ਦੇ ਵਿਧਾਗਤ ਪਾਸਾਰਾਂ ਬਾਰੇ ਚਰਚਾ ਕਰਦਿਆਂ ਇਸ ਕਾਵਿ-ਰੂਪ ਦੀਆਂ ਵੰਨਗੀਆਂ ਦੀ ਇਕੱਤਰਤਾ ਕਰਕੇ ਪਾਠਕਾਂ ਦੇ ਸਨਮੁੱਖ ਕੀਤਾ ਸੀ। ਨਾਲ ਦੀ ਨਾਲ ਲੋਕ-ਕਾਵਿ ਦੇ ਗਾਇਕਾਂ ਦੀਆਂ ਤਸਵੀਰਾਂ ਅਤੇ ਇਨ੍ਹਾਂ ਗੀਤਾਂ ਦੀ ਅਰਥਾਵਲੀ ਵੀ ਪੇਸ਼ ਕੀਤੀ ਸੀ ਪਰ ਇਸ ਪੁਸਤਕ ਵਿਚ ਵਾਧਾ ਇਹ ਕੀਤਾ ਗਿਆ ਹੈ ਕਿ ਇਕ ਤਾਂ ਉਸ ਨੇ ਨਵੇਂ ਕਾਵਿ-ਰੂਪ 'ਰੰਗ' ਦੀਆਂ ਵੰਨਗੀਆਂ ਵਿਚ ਵਾਧਾ ਕੀਤਾ ਹੈ, ਨਾਲ ਦੀ ਨਾਲ ਹਰੇਕ ਇਨ੍ਹਾਂ ਰੰਗਾਂ ਦੀ ਪੁਸਤਕ ਦੇ ਪਹਿਲੇ ਭਾਗ ਵਿਚ ਵਿਹਾਰਕ ਸਮੀਖਿਆ ਵੀ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਡਾ. ਹਰਨੇਕ ਸਿੰਘ ਹੇਅਰ ਖੋਜੀ ਵਿਦਵਾਨ ਹੈ, ਇਸ ਕਰਕੇ ਵੱਖ-ਵੱਖ ਚਿੰਤਕਾਂ ਜਿਨ੍ਹਾਂ ਨੇ ਲੋਕਧਾਰਾ ਦੇ ਖੇਤਰ ਵਿਚ ਕਾਰਜ ਕੀਤਾ ਹੈ, ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲਿਆਂ ਦੀ ਰੌਸ਼ਨੀ ਵਿਚ ਇਹ ਕਾਰਜ ਨੇਪਰੇ ਚਾੜ੍ਹਿਆ ਹੈ। ਪਾਠਕ ਇਸ ਕਾਵਿ-ਰੂਪ ਨੂੰ ਅਖਾੜਿਆਂ ਵਿਚ ਮਾਣਦੇ ਤਾਂ ਰਹੇ ਹਨ ਪਰ ਇਸ ਦੀ ਸੰਰਚਨਾ ਤੋਂ ਅਭਿੱਜ ਹੀ ਰਹਿੰਦੇ ਸਨ, ਜਿਸ ਦਾ ਜ਼ਿਕਰ ਡਾ. ਹੇਅਰ ਦੀ ਇਸ ਪੁਸਤਕ ਵਿਚ ਹੋਇਆ ਹੈ। ਇਸ ਪੁਸਤਕ ਦੀ ਪਹਿਲੀ ਪੁਸਤਕ ਵਾਂਗ ਹੀ ਵਿਸ਼ੇਸ਼ਤਾ ਇਹ ਵੀ ਹੈ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਉਹ ਗਾਇਕ ਜਿਨ੍ਹਾਂ ਨੇ ਇਸ ਕਾਵਿ-ਰੂਪ 'ਰੰਗ' ਨੂੰ ਗਾਇਆ, ਉਨ੍ਹਾਂ ਦੇ ਨਾਂਅ ਅਤੇ ਤਸਵੀਰਾਂ ਇਸ ਪੁਸਤਕ ਵਿਚ ਵੀ ਦਰਜ ਕੀਤੀਆਂ ਗਈਆਂ ਹਨ। ਸਾਡੀਆਂ ਲੋਕ-ਗਾਥਾਵਾਂ ਦੇ ਉਹ ਪਾਤਰ ਜੋ ਲੋਕ ਚੇਤਿਆਂ ਦੀ ਚੰਗੇਰ ਵਿਚੋਂ ਲਗਭਗ ਕਿਰ ਹੀ ਚੁੱਕੇ ਹਨ, ਇਸ ਪੁਸਤਕ ਨੂੰ ਪੜ੍ਹ ਕੇ ਮੁੜ ਪੁਨਰ ਸੁਰਜੀਤ ਹੁੰਦੇ ਦਿਖਾਈ ਦਿੰਦੇ ਹਨ। ਅਸਲ ਵਿਚ ਲੋਕਧਾਰਾ ਦੀ ਇਹ ਖੋਜ ਇਕ ਸੇਵਾ ਦਾ ਕਾਰਜ ਹੈ, ਜਿਸ ਨੂੰ ਡਾ. ਹਰਨੇਕ ਸਿੰਘ ਹੇਅਰ ਨੇ ਬੜੀ ਸ਼ਿੱਦਤ, ਹੌਸਲੇ ਅਤੇ ਦ੍ਰਿੜ੍ਹਤਾ ਨਾਲ ਕੀਤਾ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਕਾਲਾ ਟਿੱਕਾ
ਲੇਖਕ : ਸੁਖਜਿੰਦਰ ਸਿੰਘ ਭੰਗੜਚੀ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 220 ਰੁਪਏ, ਸਫ਼ੇ : 128
ਸੰਪਰਕ : 78884-45783

'ਕਾਲਾ ਟਿੱਕਾ' ਕਾਵਿ-ਸੰਗ੍ਰਹਿ ਸੁਖਜਿੰਦਰ ਸਿੰਘ ਭੰਗੜਚੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚਲੀਆਂ 'ਗੁਰੂ ਗ੍ਰੰਥ ਸਾਹਿਬ ਜੀ' ਤੋਂ ਲੈ ਕੇ 'ਸਤਿ ਸ੍ਰੀ ਅਕਾਲ' ਤੱਕ ਦੀਆਂ ਲਗਭਗ 105 ਕਵਿਤਾਵਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਮਸਲਿਆਂ ਨੂੰ ਮੌਜੂਦਾ ਦੌਰ 'ਚ ਵਾਪਰਦੀ ਗੰਧਲੀ ਸਿਆਸਤ ਨਾਲ ਜੋੜ ਕੇ ਗੰਭੀਰ ਮਾਨਵੀ ਸਰੋਕਾਰਾਂ ਨਾਲੋਂ ਪਾਸਾ ਵੱਟਦਿਆਂ ਭਰਮ-ਭੁਲੇਖੇ ਸਿਰਜਦੀਆਂ ਧਿਰਾਂ ਦੇ ਅੰਦਰਲੇ ਕੋਹਜ ਨੂੰ ਨੰਗਿਆਂ ਕਰਨ ਦਾ ਸ਼ਾਬਦਿਕ ਪ੍ਰਵਚਨ ਸਿਰਜਣ ਦਾ ਯਤਨ ਕਰਦੀਆਂ ਹਨ। ਇਸ ਕਾਵਿ-ਪੁਸਤਕ ਦੇ ਸਮਰਪਣ ਸ਼ਬਦ ਪੜ੍ਹਦਿਆਂ ਹੀ ਕਾਵਿ-ਪਾਠਕ ਚੁੰਧਿਆ ਜਾਵੇਗਾ, ਜਿਸ ਵਿਚ ਮਾਂ ਦੀ ਮਿਹਨਤ ਦਾ ਪਸੀਨਾ, ਪਿਓ ਦੀ ਮੁਸ਼ੱਕਤ, ਰੋਟੀਆਂ ਪਕਾਉਂਦੀ ਦੀ ਪੰਜ ਸਾਲਾਂ ਦੀ ਭੈਣ, ਛੇ ਸਾਲਾਂ ਦਾ ਭਰਾ, ਨਾਨਾ-ਨਾਨੀ, ਦਾਦਾ-ਦਾਦੀ, ਮਾਮਾ-ਮਾਮੀ, ਮਾਸੀਆਂ ਅਤੇ ਹੋਰ ਅਨੇਕਾਂ 'ਲਹੂ' ਅਤੇ 'ਅਲਹੂ' ਦੇ ਰਿਸ਼ਤਿਆਂ ਦੀ ਮਹਿਕ, ਮੌਜੂਦਗੀ, ਸ਼ੁਭ-ਇਛਾਵਾਂ ਦੀ ਰਲੀ-ਮਿਲੀ ਆਸੀਸ ਅਤੇ ਮੌਜੂਦਾ ਦੌਰ 'ਚ ਰਾਜਨੀਤੀ ਦੀਆਂ ਭੇਟ ਚੜ੍ਹੀਆਂ ਗਲੀਆਂ ਨੂੰ ਤੱਕ ਕੇ ਪਾਠਕ ਧੁਰ ਅੰਦਰ ਤੱਕ ਕੰਬ ਜਾਵੇਗਾ। ਇਸੇ ਲਈ 'ਕਵੀ' ਕਵਿਤਾ 'ਚ ਜਿਥੇ ਕਵੀ-ਧਰਮ ਦੀ ਬਾਤ ਛੂੰਹਦਾ ਹੈ, ਉਥੇ ਉਸ ਥਾਂ ਦੀ ਵੀ ਨਿਸ਼ਾਨ-ਦੇਹੀ ਕਰਦਾ ਹੈ, ਜਿਥੇ ਕਵੀ ਵਸਦੇ ਹਨ:
ਜਿਥੇ ਝੂਠ ਅਪਾਹਜ / ਸੱਚ ਨਰੋਏ ਹੋਣਗੇ
ਜ਼ਰੂਰ ਉਥੇ / ਕਵੀ ਹੋਣਗੇ।
ਕਵੀ ਦਾ ਧਰਮ ਹੀ 'ਸਤਿਅਮ, ਸ਼ਿਵਮ, ਸੁੰਦਰਮ' ਦੇ ਲੋਕ-ਬੋਲੇ ਨੂੰ ਹੀ ਬੁਲੰਦ ਕਰਨਾ ਹੈ। ਕਵੀ ਗੁਰਮਤਿ-ਆਸ਼ੇ ਨਾਲ ਜੁੜਿਆ ਹੋਣ ਕਰਕੇ ਗੁਰੂਆਂ, ਪੀਰਾਂ, ਫ਼ਕੀਰਾਂ, ਸੰਤਾਂ ਆਦਿ ਦੇ ਵਿਸ਼ਾਲ ਜੀਵਨ ਦ੍ਰਿਸ਼ਟੀ ਨੂੰ ਅਪਣਾਉਂਦਿਆਂ, ਕਿਰਤ, ਮਾਨਵੀ ਕਦਰਾਂ-ਕੀਮਤਾਂ, ਸੁਹਿਰਦਤਾ, ਦਿਆਨਤਦਾਰੀ, ਇਮਾਨਦਾਰੀ ਵਰਗੇ ਦਾਰਸ਼ਨਿਕ ਪ੍ਰਸ਼ਨਾਂ ਦੇ ਉੱਤਰ ਆਪਣੀਆਂ ਕਵਿਤਾਵਾਂ ਵਿਚੋਂ ਤਲਾਸ਼ਣ ਲਈ ਤੱਤਪਰ ਹੈ। 'ਕਾਲਾ ਟਿੱਕਾ' ਨਾਲ ਸੰਬੰਧਿਤ ਕਵਿਤਾਵਾਂ ਵੀ ਪ੍ਰਸੰਗਿਕ ਸੁੰਦਰਤਾ ਨੂੰ ਨਿਹਾਰਨ ਦਾ ਵਸੀਲਾ ਹਨ। ਕਾਦਰ ਦੀ ਕੁਦਰਤ 'ਚ ਕੋਈ ਵੀ ਰਚਨਾ ਬੇ-ਢੱਬੀ ਜਾਂ ਫਜ਼ੂਲ (ਫਾਲਤੂ) ਨਹੀਂ ਹੈ। 'ਪੰਜਾਬ' ਕਵਿਤਾ ਦੀਆਂ ਇਹ ਸਤਰਾਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ : 'ਐਨਾ ਵੀ/ਕਾਲਾ ਨਹੀਂ/ ਰੰਗ ਮੇਰਾ / ਕਿ ਤੁਸੀਂ / ਮੈਨੂੰ / ਚਿੱਟੇ ਲੀੜੇ / ਪਹਿਨਾ /ਦਿਓ' ਇਸ ਕਾਵਿ-ਸੰਗ੍ਰਹਿ ਦੇ ਕਾਵਿ-ਪਾਤਰ, ਬੋਲੀ, ਸ਼ੈਲੀ ਪੰਜਾਬੀ ਜਨ-ਜੀਵਨ ਦੀ ਦਰਿਆ ਵਰਗੀ ਵਿਸ਼ਾਲਤਾ ਨੂੰ ਮੱਦ-ਏ-ਨਜ਼ਰ ਰੱਖਦਿਆਂ ਉਮੀਦ ਦਾ ਪੱਲਾ ਫੜੀ ਰੱਖਣ ਦੀ ਪ੍ਰੇਰਨਾ ਦਿੰਦੇ ਹਨ।

-ਪ੍ਰੋ. ਸੰਧੂ ਵਰਿਆਣਵੀ
ਮੋਬਾਈਲ : 98786-14096

ਛੱਜੂ ਖੁਰੀਆਂ ਵਾਲਾ
ਲੇਖਕ : ਡਾ. ਮਨਜੀਤ ਸਿੰਘ ਮਝੈਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 98144-07940

ਕਵਿਤਾ ਤੋਂ ਕਹਾਣੀ ਦੇ ਖੇਤਰ ਵੱਲ ਆਏ ਕਹਾਣੀਕਾਰ ਮਨਜੀਤ ਸਿੰਘ ਦੇ 10 ਕਹਾਣੀਆਂ ਵਾਲੇ ਇਸ ਕਹਾਣੀ-ਸੰਗ੍ਰਹਿ ਨੂੰ ਆਦਰਸ਼ ਸਮਾਜ ਅਤੇ ਆਦਰਸ਼ ਜ਼ਿੰਦਗੀ ਨੂੰ ਸਿਰਜਣ ਵਾਲੀ ਕਹਾਣੀ ਦੀ ਪੇਸ਼ਕਾਰੀ ਕਰਨ ਵਾਲਾ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਵਿਚ ਸ਼ਾਮਿਲ ਕਹਾਣੀਆਂ ਕਿਸੇ ਨਾ ਕਿਸੇ ਆਦਰਸ਼ ਨੂੰ ਲੈ ਕੇ ਨਿਭਦੀਆਂ ਨਜ਼ਰ ਆਉਂਦੀਆਂ ਹਨ। ਭਾਵੇਂ ਉਹ ਆਦਰਸ਼ ਸਮਾਜ ਸੁਧਾਰ ਦਾ ਹੋਵੇ, ਸਮਾਜਿਕ ਅਨਿਆਂ ਦੇ ਖਿਲਾਫ਼ ਹੋਵੇ ਜਾਂ ਫਿਰ ਜਾਨਵਰਾਂ ਵਿਚ ਵੀ ਸੰਵੇਦਨਾਂ ਨੂੰ ਸਮਝਣ ਸਮਝਾਉਣ ਦਾ। ਬਾਹਰੀ ਧਰਾਤਲ 'ਤੇ ਵਿਚਰਦੀਆਂ ਇਨ੍ਹਾਂ ਕਹਾਣੀਆਂ ਦੇ ਪਾਤਰ ਜਦੋ-ਜਹਿਦ ਕਰਦੇ ਹਨ, ਅਨਿਆਂ ਦੇ ਖਿਲਾਫ਼ ਲੜਨਾ ਚਾਹੁੰਦੇ ਹਨ ਪਰ ਚੁੱਪ ਰਹਿ ਜਾਂਦੇ ਹਨ ਮਾਨਸਿਕ ਦਵੰਦ ਵੀ ਭੋਗਦੇ ਹਨ ਪਰ ਕੋਈ ਆਵਾਜ਼ ਨਹੀਂ ਉਠਾਉਂਦੇ। ਹਾਲਾਤ ਅਤੇ ਪ੍ਰਸਥਿਤੀਆਂ ਉਨ੍ਹਾਂ ਨੂੰ ਇਸ ਕਦਰ ਆਪਣੀ ਲਪੇਟ ਵਿਚ ਲੈਂਦੀਆਂ ਹਨ ਕਿ ਉਹ ਚਾਹ ਕੇ ਵੀ ਆਪਣਾ ਆਪ ਨਹੀਂ ਪ੍ਰਗਟਾ ਪਾਉਂਦੇ। ਕਹਾਣੀਕਾਰ ਦੇ ਆਪਣੇ ਸ਼ਬਦਾਂ ਵਿਚ ਉਸ ਦੀਆਂ ਕਹਾਣੀਆਂ ਵਿਸ਼ਿਆਂ ਦਾ ਯਥਾਰਥ ਚਿਤਰਨ ਦੀ ਕੋਸ਼ਿਸ਼ ਕਰਦੀਆਂ ਹਨ ਪਰ ਇਸ ਯਥਾਰਥ ਵਿਚ ਆਦਰਸ਼ਕ ਸੁਰ ਵਧੇਰੇ ਭਾਰੂ ਨਜ਼ਰ ਆਉਂਦਾ ਹੈ। ਜਿਵੇਂ ਕਿ ਕਹਾਣੀ ਭੰਗੜ, ਫਾਇਰਮੈਨ, ਕੁੱਤਿਆਂ ਵਾਲੇ ਦੇ ਨਾਇਕ ਆਦਰਸ਼ਕ ਹਨ, ਆਪਣੇ ਕੰਮ ਪ੍ਰਤੀ ਜ਼ਿੰਮੇਵਾਰ, ਆਪਣੇ ਅਸੂਲਾਂ ਨਾਲ ਸਮਝੌਤਾ ਨਾ ਕਰਨ ਵਾਲੇ ਅਤੇ ਸੰਵੇਦਨਾ ਭਰਪੂਰ। ਪਰ ਉਹ ਸਾਰੇ ਕਿਤੇ ਵੀ ਸੰਘਰਸ਼ ਕਰਦੇ ਨਜ਼ਰ ਨਹੀ ਆਉਂਦੇ ਮਾਨਸਕ ਜਦੋ-ਜਹਿਦ ਕਾਫ਼ੀ ਕਰਦੇ ਹਨ। ਜਿਵੇਂ ਭੰਗੜ ਦੇ ਅੰਦਰੋਂ ਕੰਮ ਕਰਨ ਦਾ ਚਾਅ ਅਤੇ ਪਰਮਜੀਤ ਦੇ ਅੰਦਰੋਂ ਰੇਲ ਦਾ ਚਾਅ ਪੂਰੀ ਤਰ੍ਹਾਂ ਮੁੱਕ ਜਾਂਦਾ ਹੈ। ਛੱਜੂ ਖੁਰੀਆਂ ਵਾਲਾ ਦਾ ਛੱਜੂ ਆਪਣਾ ਪਰਿਵਾਰ ਗਵਾਉਣ ਤੋਂ ਬਾਅਦ ਨਜ਼ਮਾਂ ਦੇ ਸਾਥ ਨਾਲ ਫਿਰ ਤੋਂ ਜਿਊਣਾ ਸ਼ੁਰੂ ਕਰਦਾ ਹੈ ਪਰ ਨਜ਼ਮਾਂ ਨੂੰ ਗੁਆਉਣ ਤੋਂ ਬਾਅਦ ਉਹ ਆਪਣੇ ਘਰ ਨੂੰ ਇਕ ਆਸ਼ਰਮ ਵਿਚ ਬਦਲ ਦਿੰਦਾ ਹੈ ਅਤੇ ਉਸ ਦਾ ਵਿਦੇਸ਼ੋਂ ਪਰਤਿਆ ਪੁੱਤਰ ਪੱਕੇ ਘਰ ਨੂੰ ਦੇਖ ਕੇ ਖੁਸ਼ ਹੁੰਦਾ ਹੈ। ਕਹਾਣੀ ਸਵਾਰਥ ਰਹਿਤ ਮੋਹ, ਪਿਆਰ ਦੇ ਰਿਸ਼ਤਿਆਂ ਨੂੰ ਪੇਸ਼ ਕਰਦੀ ਹੈ। ਸਟੇਟਸ ਕਹਾਣੀ ਬਹੁਤ ਸਾਰੇ ਵਿਸ਼ਿਆਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ, ਜਿਸ ਵਿਚ ਆਧੁਨਿਕਤਾ ਦਾ ਅਜੋਕੇ ਜੀਵਨ 'ਤੇ ਅਸਰ, ਮਾਂ-ਬਾਪ ਅਤੇ ਬੱਚਿਆਂ ਵਿਚਕਾਰ ਪਾੜਾ, ਝੂਠੀ ਸ਼ਾਨੋ ਸ਼ੌਕਤ, ਸਾਦਾ ਜੀਵਨ ਦੀ ਇਬਾਰਤ ਨੂੰ ਲਾਲਾ ਜੀ ਦੀ ਮਨਬਚਨੀ ਰਾਹੀਂ ਬਹੁਤ ਖ਼ੂਬਸੂਰਤੀ ਨਾਲ ਬਿਆਨਿਆ ਗਿਆ ਹੈ। ਪੰਜ ਦਿਨਾਂ ਦਾ ਸਫਰ ਇਕ ਵੱਖਰੇ ਅਹਿਸਾਸ ਵਾਲੀ ਕਹਾਣੀ ਹੈ, ਜਿਸ ਵਿਚ ਅਧਿਆਤਮਕਤਾ ਦਾ ਸੁਰ ਭਾਰੂ ਹੈ। ਕਿਤੇ-ਕਿਤੇ ਕਹਾਣੀ ਥੋੜ੍ਹੀ ਰੜਕਦੀ ਹੈ ਪਰ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਤੱਕ ਦਾ ਸਫਰ ਬਿਆਨਦੀ ਇਸ ਕਹਾਣੀ ਦਾ ਰੰਗ ਅਨੋਖਾ ਹੈ। ਅਤੀਤ ਦੇ ਜ਼ਖਮ ਜਦੋਂ ਗ਼ਲਤੀ ਨਾਲ ਵੀ ਕਦੇ ਛਿੱਲੇ ਜਾਣ ਤਾਂ ਇਨਸਾਨ ਨੂੰ ਆਪਣੇ ਪਿੰਡੇ 'ਤੇ ਹੰਢਾਏ ਸਾਰੇ ਅਹਿਸਾਸ ਦੁਬਾਰਾ ਹੰਢਾਉਣੇ ਪੈ ਜਾਂਦੇ ਹਨ। ਕੌਣ ਬੰਧਾਵੇ ਧੀਰ ਦਾ ਵਿਸ਼ਾ ਵੀ ਕੁਝ ਅਜਿਹਾ ਹੀ ਹੈ ਜਿਸ ਦਾ ਮੁੱਖ ਪਾਤਰ ਟੀ. ਵੀ. 'ਤੇ ਖ਼ਬਰਾਂ ਦੇਖ 84 ਦੇ ਆਪਣੇ ਜ਼ਖਮਾਂ ਵਿਚ ਫਿਰ ਤੋਂ ਟੀਸ ਉੱਠਦੀ ਮਹਿਸੂਸ ਕਰਦਾ ਹੈ। ਕਹਾਣੀਕਾਰ ਦੀ ਸ਼ੈਲੀ ਸਰਲ ਹੈ, ਜਿਸ ਵਿਚ ਉਹ ਆਪਣੇ ਪਾਤਰਾਂ ਦੀ ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੰਦਾ ਹੈ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬੀਲ : 83606-83823

 

11-02-2024

 ਮੋਰ ਪੈਲ ਕਿਉਂ ਨਹੀਂ ਪਾਉਂਦੇ
ਲੇਖਕ : ਗੁਰਮੀਤ ਕੜਿਆਲਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 196
ਸੰਪਰਕ : 81461-00994

ਗੁਰਮੀਤ ਕੜਿਆਲਵੀ ਪੰਜਾਬੀ ਦਾ ਸਮਰੱਥ ਕਹਾਣੀਕਾਰ ਹੈ, ਜਿਸ ਦੀਆਂ ਕਹਾਣੀਆਂ ਦੀ ਸਾਹਿਤਕ ਸੱਥਾਂ ਵਿਚ ਵਿਚਾਰ-ਚਰਚਾ ਚਲਦੀ ਰਹਿੰਦੀ ਹੈ। ਉਸ ਨੂੰ ਭਾਰਤੀ ਸਾਹਿਤ ਅਕਾਦਮੀ ਵਲੋਂ 2023 ਦਾ 'ਬਾਲ ਸਾਹਿਤ ਪੁਰਸਕਾਰ' ਪੁਸਤਕ 'ਸੱਚੀ ਦੀ ਕਹਾਣੀ' ਨੂੰ ਮਿਲ ਚੁੱਕਾ ਹੈ। ਪ੍ਰਿੰਸੀਪਲ ਸੁਜਾਨ ਸਿੰਘ ਤੇ ਪ੍ਰੀਤਲੜੀ ਪੁਰਸਕਾਰ ਸਮੇਤ ਕਈ ਸਨਮਾਨ ਮਿਲ ਚੁੱਕੇ ਹਨ। ਉਸ ਦੀਆਂ ਰਚਨਾਵਾਂ ਹਿੰਦੀ, ਮਰਾਠੀ, ਗੁਜਰਾਤੀ, ਸ਼ਾਹਮੁਖੀ ਵਿਚ ਲਿਪੀਅੰਤਰ ਹੋ ਚੁੱਕੀਆਂ ਹਨ। 'ਆਤੂ ਖੋਜੀ' ਉਤੇ ਲਘੂ ਫ਼ਿਲਮ ਬਣ ਚੁੱਕੀ ਹੈ। ਬਹੁਤ ਸਾਰੀਆਂ ਕਹਾਣੀਆਂ ਦਾ ਨਾਟਕੀਕਰਨ ਵੀ ਹੋ ਚੁੱਕਾ ਹੈ। 5 ਕਹਾਣੀ ਸੰਗ੍ਰਹਿ, ਇਕ ਨਾਵਲ, 4 ਵਾਰਤਿਕ ਪੁਸਤਕਾਂ, 8 ਬਾਲ ਸਾਹਿਤ ਪੁਸਤਕਾਂ, ਕਵਿਤਾ ਅਤੇ ਅਨੁਵਾਦ ਪ੍ਰਾਪਤ ਹੁੰਦਾ ਹੈ।
ਕਹਾਣੀ ਸੰਗ੍ਰਹਿ 'ਮੋਰ ਪੈਲ ਕਿਉਂ ਨਹੀਂ ਪਾਉਂਦੇ' ਵਿਚ 12 ਕਹਾਣੀਆਂ ਨਿੱਕੇ ਅੰਬਰ 'ਤੇ ਵੱਡੀ ਉਡਾਰੀ, ਚੱਲ ਟਿਮ ਹੌਰਟਨ ਚੱਲੀਏ, ਅਜਿਹਾ, ਬਸੰਤ, ਰੱਬ ਜੀ, ਜਿਊਂਦਾ ਰਹਿ ਵੇ ਬੱਚੜਿਆ, ਮੋਰ ਪੈਲ ਕਿਉਂ ਨਹੀਂ ਪਾਉਂਦੇ, ਧੂੰਆਂ, ਪਿੰਡ ਆਏ ਨ੍ਹੀਂ ਮਰਦਾ, ਓਅਨਾ ਓਤਵਾਇਰ, ਸਿੱਧਾ ਬੰਦਾ ਤੇ ਦਰੌਣਾਚਾਰੀਆ ਆਦਿ ਹਨ। ਕਹਾਣੀਆਂ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ, ਮਨੋਵਿਗਿਆਨਕ, ਮਿਥਿਹਾਸਕ ਤੇ ਇਤਿਹਾਸਕਤਾ ਅਧੀਨ ਮਨੁੱਖੀ ਜੀਵਨ ਸ਼ੈਲੀ ਦੇ ਵਰਤਾਰਿਆਂ ਉਤੋਂ ਪੈਂਦੇ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦੇ ਹਨ। ਕਹਾਣੀ 'ਮੋਰ ਪੈਲ ਕਿਉਂ ਨਹੀਂ ਪਾਉਂਦੇ' ਵਿਚ ਦਲਿਤ ਸਮਾਜ ਪੀੜ੍ਹੀ-ਦਰ-ਪੀੜ੍ਹੀ ਹੋ ਰਹੇ ਸ਼ੋਸ਼ਣ ਨੂੰ ਰੂਪਮਾਨ ਕੀਤਾ ਗਿਆ ਹੈ। ਪਿੰਡ ਤੋਂ ਦੂਰ ਜਾ ਕੇ ਸ਼ਹਿਰ ਰਹਿਣ ਦਾ ਸੰਤਾਪ, ਪਛਾਣ ਦਾ ਮਸਲਾ, ਜਾਤ-ਪ੍ਰਣਾਲੀ ਦੀ ਕੱਟੜਤਾ, ਸਮਾਜਿਕ ਬਣਤਰ, ਦਲਿਤਾਂ ਦੀ ਹੋਣੀ, ਔਰਤਾਂ ਦੀਆਂ ਦਮਿਤ ਭਾਵਨਾਵਾਂ, ਪੜ੍ਹੀ-ਲਿਖੀ ਸ਼੍ਰੇਣੀ ਦਾ ਮੂਕ ਦਰਸ਼ਕ ਬਣੇ ਰਹਿਣ ਬਾਰੇ ਤੱਥ ਪ੍ਰਾਪਤ ਹੁੰਦੇ ਹਨ। ਪਾਤਰ ਪਾਰੋ ਦਲਿਤ ਸਮਾਜ ਦੀਆਂ ਕੁੜੀਆਂ ਦੀ ਹੋਣੀ ਨੂੰ ਰੂਪਮਾਨ ਕਰਦੀ ਹੈ।
'ਬਸ ਸਾਡੀਆਂ ਗ਼ਰੀਬਾਂ ਦੀਆਂ ਐਮੇਂ ਰੀਝਾਂ ਈ ਹੁੰਦੀਆਂ, ਹੋਰ ਏਹਨਾਂ ਵਿਚਾਰਿਆਂ ਕਿਹੜਾ ਸਾਡੇ ਲਈ ਪੈਲਾਂ ਪਾਉਣੀਆਂ।' ਜਾਤ ਪ੍ਰਣਾਲੀ ਦੀ ਕੱਟੜਤਾ ਹਰੇਕ ਸਮਾਜ ਵਿਚ ਮੌਜੂਦ ਰਹੀ ਹੈ। ਅਨਪੜ੍ਹਤਾ ਕਾਰਨ ਇਸ ਨੇ ਵਿਕਰਾਲ ਰੂਪ ਧਾਰਨ ਕੀਤਾ ਪਰ ਕਹਾਣੀ ਵਿਚ ਜਾਤ ਪ੍ਰਣਾਲੀ ਦੀ ਸਮੱਸਿਆ ਉਦੋਂ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰਦੀ ਹੈ, ਜਦ ਉੱਚ-ਸਿੱਖਿਆ ਪ੍ਰਾਪਤ ਤੇ ਪ੍ਰਿੰਸੀਪਲ ਦੇ ਅਹੁਦੇ ਉਥੋਂ ਬਿਰਾਜਮਾਨ ਜਗਦੇਵ ਸਿੰਘ ਵਰਗੇ ਜਿਨ੍ਹਾਂ ਸਿੱਖਿਆ ਰਾਹੀਂ ਵਿਦਿਆਰਥੀਆਂ ਦੇ ਜੀਵਨ ਵਿਚੋਂ ਜਾਤ-ਪ੍ਰਣਾਲੀ ਨੂੰ ਖ਼ਤਮ ਕਰਨਾ ਸੀ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਮਨੁੱਖਤਾ ਨੂੰ ਜੋੜਨਾ ਸੀ, ਉਹ ਵੀ ਮੂਕ ਦਰਸ਼ਕ ਬਣ ਜਾਂਦੇ ਹਨ। ਜਗਦੇਵ ਸਿੰਘ ਨੂੰ ਜਾਤ ਪ੍ਰਣਾਲੀ ਤੋਂ ਉੱਪਰ ਉੱਠ ਕੇ ਭਣੇਵੀਂ ਵਜੋਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਲੜਕੇ ਨਾਲ ਵਿਆਹ ਕਰਵਾਉਣ ਦੇ ਹੱਕ ਵਿਚ ਖੜ੍ਹਨਾ ਚਾਹੀਦਾ ਸੀ, ਪਰ ਉਹ ਵੀ ਆਪਣੇ ਕਰਤੱਵ ਤੋਂ ਕੰਨੀ ਕਤਰਾਉਂਦਾ ਹੈ। ਪਤਨੀ ਦੇ ਬੋਲ:
'ਫੇਰ ਵੀ ਸ਼ੁਕਰ ਐ ਮੈਂ ਤਾਂ ਡਰਦੀ ਰਹੀ ਕਿਤੇ ਰਵਨੀਤ ਦੇ ਹੱਕ ਵਿਚ ਭਾਸ਼ਨ ਨਾ ਦੇਣ ਲੱਗ ਪਵੋ।'
ਪੜ੍ਹੀ-ਲਿਖੀ ਸ਼੍ਰੇਣੀ ਵੀ ਹੱਕ-ਸੱਚ ਲਈ ਆਵਾਜ਼ ਨਹੀਂ ਉਠਾਉਂਦੀ ਤਾਂ ਆਮ ਮਨੁੱਖ ਦੀ ਹਾਲਤ ਤਾਂ ਇਸ ਤੋਂ ਵੀ ਬਦਤਰ ਹੈ। ਕਹਾਣੀ 'ਨਿੱਕੇ ਅੰਬਰ 'ਤੇ ਵੱਡੀ ਉਡਾਰੀ' ਵਿਚ ਵੇਸ਼ਵਾਗਮਨੀ ਵਿਚ ਵੀ ਆਸ ਦੀ ਕਿਰਨ ਤੇ ਸਾਕਾਰਾਤਮਿਕ ਦ੍ਰਿਸ਼ਟੀਕੋਣ ਰੂਪਮਾਨ ਹੁੰਦਾ ਹੈ। ਚਿੱਕੜ ਵਿਚ ਕਮਲ ਫੁੱਲ ਵਾਂਗ ਜੈਸਿਕਾ ਦੀ ਜੀਵਨ ਸ਼ੈਲੀ ਦਾ ਬਿਰਤਾਂਤ:
'ਅੰਬਰ ਨਿੱਕਾ ਹੋਵੇ ਜਾਂ ਵੱਡਾ, ਕੋਈ ਫ਼ਰਕ ਨਹੀਂ ਪੈਂਦਾ, ਜੇ ਮਨ ਵਿਚ ਉੱਡਣ ਦਾ ਚਾਅ ਹੋਵੇ ਨਿੱਕੇ ਅੰਬਰ 'ਤੇ ਵੀ ਉੱਚੀ ਉਡਾਰੀ ਭਰੀ ਜਾ ਸਕਦੀ ਹੈ।'
ਗੁਰਮੀਤ ਕੜਿਆਲਵੀ ਦੀਆਂ ਕਹਾਣੀਆਂ ਵਿਚ ਉਸ ਦੇ ਜੀਵਨ ਤਜਰਬਿਆਂ ਦੀ ਛੋਹ ਤੇ ਸਮਾਜ ਵਿਚ ਘਟਿਤ ਘਟਨਾਵਾਂ ਦੀ ਥਾਹ ਪ੍ਰਾਪਤ ਹੁੰਦੀ ਹੈ। ਪੁਸਤਕ ਦੀਆਂ ਕਹਾਣੀਆਂ ਗ੍ਰਹਿਣ ਅਧਿਐਨ ਦੀ ਮੰਗ ਕਰਦੀਆਂ ਹਨ, ਤਾਂ ਜੋ ਸਿਸਟਮ ਦੀਆਂ ਪੇਚਦੀਗੀਆਂ ਨੂੰ ਸਮਝਿਆ ਜਾ ਸਕੇ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810

ਫੇਸਬੁੱਕ ਬਨਾਮ ਕਲੇਸ਼ ਬੁੱਕ
ਲੇਖਕ : ਤਰਸੇਮ ਸਿੰਘ ਭੰਗੂ
ਪ੍ਰਕਾਸ਼ਕ : ਤਕਦੀਰ ਪ੍ਰਕਾਸ਼ਨ, ਗੁਰਦਾਸਪੁਰ
ਮੁੱਲ : 200 ਰੁਪਏ, ਸਫ਼ੇ : 107
ਸੰਪਰਕ : 94656-56214

ਤਰਸੇਮ ਸਿੰਘ ਭੰਗੂ ਮੂਲ ਰੂਪ ਵਿਚ ਕਹਾਣੀਕਾਰ ਹੈ। ਉਸ ਨੇ ਚਾਰ-ਪੰਜ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਕਰਵਾ ਕੇ ਪਾਠਕਾਂ ਆਲੋਚਕਾਂ ਵਿਚ ਚੰਗੀ ਥਾਂ ਬਣਾ ਲਈ ਹੋਈ ਹੈ। ਪਿਛਲੇ ਕੁਝ ਅਰਸੇ ਤੋਂ ਉਹ ਪੰਜਾਬੀ ਹਾਸ-ਵਿਅੰਗ ਵੱਲ ਵੀ ਰੁਚਿਤ ਹੋਇਆ ਹੈ। ਉਸ ਦੇ ਵਿਅੰਗ ਲੇਖ ਅਕਸਰ ਹੀ ਐਤਵਾਰੀ ਪਰਚਿਆਂ 'ਚ ਛਪਦੇ ਰਹਿੰਦੇ ਹਨ।
'ਫੇਸਬੁੱਕ ਬਨਾਮ ਕਲੇਸ਼ ਬੁੱਕ' ਉਸ ਦਾ ਪਲੇਠਾ ਹਾਸ-ਵਿਅੰਗ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਆਪਣੇ ਰੰਗ-ਬਿਰੰਗੇ 28 ਲੇਖ ਸ਼ਾਮਿਲ ਕੀਤੇ ਹਨ।
ਪਹਿਲੀ ਗੱਲ ਤਾਂ ਉਸ ਨੇ ਆਪਣੇ ਲੇਖਾਂ ਵਿਚ ਅੱਜ ਦੇ ਯਥਾਰਥ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਹ ਰੋਜ਼ਮਰ੍ਹਾ ਦੀਆਂ ਕਦਰਾਂ-ਕੀਮਤਾਂ 'ਤੇ ਪੈਦਾ ਹੋ ਰਹੀ ਵਿਸੰਗਤੀਆਂ ਨੂੰ ਫੜਨ ਦਾ ਯਤਨ ਕਰਦਾ ਹੈ। ਉਸ ਦੇ ਵਿਸ਼ੇ ਬਿਲਕੁਲ ਨਵੇਂ ਨਕੋਰ ਹਨ। ਘਿਸੇ-ਪਿਟੇ ਵਿਸ਼ਿਆਂ ਨੂੰ ਉਹ ਆਪਣੇ ਲੇਖਾਂ ਦੇ ਨੇੜੇ ਨਹੀਂ ਲੱਗਣ ਦਿੰਦਾ।
ਨਾਵਾਂ-ਕੁਨਾਵਾਂ ਦੀ ਇਕ ਪੂਰੀ ਗੈਲਰੀ ਦੀ ਗੈਲਰੀ ਉਸ ਦੇ ਵਿਅੰਗ ਲੇਖਾਂ ਵਿਚ ਉਸਾਰੀ ਗਈ ਹੈ। ਭਾਨਾ ਭੁੱਖੜ, ਘੁੱਦਾ ਘੁੰਨਤਰੀ, ਚਤਰਾ ਚੂੰਢੀ, ਜੀਤਾ ਜੁਗਾੜੀ ਅਜਿਹੇ ਕੁ ਨਾਂਅ ਹਨ ਜਿਨ੍ਹਾਂ ਨੂੰ ਪੜ੍ਹਦਿਆਂ-ਸੁਣਦਿਆਂ ਹੀ ਹਾਸਾ ਛੁੱਟ-ਛੁੱਟ ਪੈਂਦਾ ਹੈ। ਅੱਜਕਲ੍ਹ ਇੰਟਰਨੈੱਟ ਤੇ ਫੇਸਬੁੱਕ ਦਾ ਜ਼ਮਾਨਾ ਹੈ। ਆਪਣੇ ਨਵੇਂ-ਨਕੋਰ ਵਿਸ਼ਿਆਂ ਵਿਚ ਉਹ 'ਫੇਸਬੁੱਕੀ ਜਿਊਂਦਾ', 'ਫੇਸਬੁੱਕ ਬਨਾਮ ਕਲੇਸ਼ ਬੁੱਕ' ਆਦਿ ਨੂੰ ਵੀ ਸ਼ਾਮਿਲ ਕਰਦਾ ਹੈ। ਕੋਰੋਨਾ ਬਾਰੇ ਵੀ ਉਹ 'ਜਦੋਂ ਕੋਰੋਨਾ ਸਿਰ ਚੜ੍ਹ ਬੋਲਿਆ' ਜਿਹੇ ਲੇਖ ਸ਼ਾਮਿਲ ਕਰਦਾ ਹੈ।
ਉਸ ਦੇ ਲੇਖਾਂ ਵਿਚ ਪੰਜਾਬੀ ਮੁਹਾਵਰੇ, ਅਖਾਣਾਂ,