JALANDHAR WEATHER

12-07-2024

 ਰੁੱਖ ਤੇ ਬਾਰਿਸ਼
ਰੁੱਖ ਸਾਡੀ ਹੋਂਦ ਲਈ ਜੀਵਨ ਦਾ ਮੂਲ ਆਧਾਰ ਹਨ, ਪੁਰਾਤਨ ਸਮਿਆਂ ਵਿਚ ਮੰਦਰਾਂ, ਗੁਰਦੁਆਰਿਆਂ, ਧਰਮਸ਼ਾਲਾ, ਸ਼ਮਸ਼ਾਨਘਾਟਾਂ ਵਿਚ ਬੋਹੜ, ਪਿੱਪਲ ਦੇ ਛਾਂਦਾਰ ਦਰੱਖਤ ਲਗਾਏ ਜਾਂਦੇ ਸਨ, ਜਿਸ ਵਿਚ ਪਿੱਪਲ ਖ਼ਾਸ ਕਰਕੇ ਰਾਤ ਨੂੰ ਵੀ ਆਕਸੀਜਨ ਦਿੰਦਾ ਰਹਿੰਦਾ ਸੀ ਜੋ ਕਿ ਮਨੁੱਖ ਦਾ ਮਿੱਤਰ ਮੰਨਿਆ ਜਾਂਦਾ ਹੈ ਅਤੇ ਇਸ ਦੀ ਕਈ ਲੋਕ ਪੂਜਾ ਵੀ ਕਰਦੇ ਹਨ। ਜੇਕਰ ਪਿੰਡ ਦੇ ਲਾਗੇ ਬਾਗ਼ ਲੱਗਾ ਹੁੰਦਾ ਤਾਂ ਪਿੰਡ ਦਾ ਵਾਤਾਵਰਨ ਵੀ ਬਹੁਤ ਸੁਹਾਵਨਾ ਬਣਿਆ ਰਹਿੰਦਾ ਸੀ। ਪੁਰਾਣੇ ਬਜ਼ੁਰਗ ਤਾਂ ਰਾਤ ਨੂੰ ਰੁੱਖ ਦੀ ਟਾਹਣੀ ਨੂੰ ਹੱਥ ਵੀ ਨਹੀਂ ਲਗਾਉਣ ਦਿੰਦੇ ਸਨ ਕਿ ਰੁੱਖ ਰਾਤ ਨੂੰ ਸੌਂ ਰਿਹਾ ਹੈ, ਪਰ ਹੁਣ ਤਾਂ ਦਿਨ-ਰਾਤ ਰੁੱਖਾਂ ਦੀ ਕਟਾਈ ਹੁੰਦੀ ਹੈ। ਕਦੀ ਸਮਾਂ ਸੀ ਕਿ ਖੇਤਾਂ ਵਿਚ ਵੀ ਵੱਡੇ-ਵਿੱਡੇ ਢਿਊ, ਅੰਬਾਂ ਦੇ ਦਰੱਖਤ ਹੁੰਦੇ ਸਨ। ਜੰਗਲਾਂ, ਖੇਤਾਂ ਦੇ ਰੁੱਖਾਂ, ਸੜਕਾਂ 'ਤੇ ਲੱਗੇ ਰੁੱਖਾਂ ਦਾ ਕਾਫੀ ਹੱਦ ਤੱਕ ਸਫਾਇਆ ਹੋ ਗਿਆ ਹੈ, ਜੋ ਕਿ ਮਨੁੱਖ ਤੇ ਜੀਵ ਜੰਤੂਆਂ ਲਈ ਖ਼ਤਰੇ ਦੀ ਘੰਟੀ ਹੈ। ਰਹਿੰਦੀ-ਖੂੰਹਦੀ ਕਸਰ ਇਸ ਵਾਰ ਕਣਕ ਦੇ ਨਾੜ ਨੂੰ ਲਗਾਈ ਅੱਗ ਨੇ ਰੁੱਖਾਂ ਨੂੰ ਝੁਲਸ ਕੇ ਰੱਖ ਦਿੱਤਾ ਹੈ, ਜਿਸ ਨਾਲ ਤਪਸ਼ ਦਿਨੋ-ਦਿਨ ਵਧਦੀ ਜਾ ਰਹੀ ਹੈ। ਧਰਤੀ 'ਤੇ ਰੁੱਖ ਹੋਣਗੇ ਤਾਂ ਹੀ ਧਰਤੀ 'ਤੇ ਸਾਡਾ ਜੀਵਨ ਬਚਿਆ ਰਹੇਗਾ। ਸੋ, ਸਾਰਿਆਂ ਨੂੰ ਰੁੱਖ ਲਗਾ ਕੇ ਪਾਲਣਹਾਰਾ ਬਣਨ ਦਾ ਅਹਿਦ ਲੈਣਾ ਪਵੇਗਾ ਤਾਂ ਹੀ ਕਾਲੇ ਬੱਦਲ ਆਉਣਗੇ ਤੇ ਝੜੀਆਂ ਲੱਗਣਗੀਆਂ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਬਾਰਿਸ਼ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ
ਹਾਲ ਵਿਚ ਹੋਈ ਭਾਰੀ ਬਾਰਿਸ਼ ਨਾਲ ਜਗ੍ਹਾ-ਜਗ੍ਹਾ ਪਾਣੀ ਇਕੱਠਾ ਹੋਣ 'ਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ। ਪਾਣੀ ਦੇ ਨਾਲ ਹੜ੍ਹਾਂ ਵਰਗੇ ਹਾਲਾਤ ਨਾ ਬਣਨ, ਬਰਸਾਤਾਂ ਤੋਂ ਪਹਿਲਾਂ ਨਖਾਸੂ, ਨਾਲੇ ਨਦੀਆਂ, ਨਹਿਰਾਂ, ਦਰਿਆ, ਛੱਪੜਾਂ, ਟੋਇਆਂ ਦੀ ਕ੍ਰੇਨ ਨਾਲ ਖੁਦਾਈ ਕੀਤੀ ਜਾਂਦੀ ਸੀ। ਸਾਡੇ ਖੇਤਾਂ ਨੇੜਿਓਂ ਦੋ ਨਖਾਸੂ ਲੰਘਦੇ ਸੀ, ਪਾਣੀ ਦੇ ਨਿਕਾਸ ਵਾਸਤੇ ਪਿੰਡਾਂ ਦੇ ਚਾਰ-ਚੁਫੇਰੇ ਛੱਪੜ ਸਨ। ਅਸੀਂ ਝਲਾਰ ਰਾਹੀਂ ਨਖਾਸੂ ਵਿਚੋਂ ਪਾਣੀ ਕੱਢ ਫ਼ਸਲਾਂ ਦੀ ਸਿੰਚਾਈ ਕਰਦੇ ਸੀ ਜਾਂ ਝੱਟੇ ਰਾਹੀਂ ਪਾਣੀ ਨਖਾਸੂ ਵਿਚੋਂ ਕੱਢਦੇ ਸੀ। ਬਾਰਿਸ਼ਾਂ ਬੜੀਆਂ ਹੁੰਦੀਆਂ ਸਨ। ਹੜ੍ਹ ਆ ਜਾਂਦੇ ਸਨ। ਇਸ ਕਰਕੇ ਦੋਵਾਂ ਨਖਾਸੂਆਂ ਦੀ ਖਲਾਈ ਹੁੰਦੀ ਅਸੀਂ ਦੇਖਦੇ ਰਹੇ ਹਾਂ। ਪਰ ਹੁਣ ਬਰਸਾਤਾਂ ਘੱਟ ਹੋਣ ਨਾਲ ਪ੍ਰਸ਼ਾਸਨ ਖਲਾਈ ਵੱਲ ਧਿਆਨ ਨਹੀਂ ਦਿੰਦਾ, ਜਿਸ ਕਾਰਨ ਬਾਰਿਸ਼ ਹੋਣ ਨਾਲ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਰਹੇ ਹਨ। ਛੱਪੜ ਲੋਕਾਂ ਨੇ ਪੂਰ ਲਏ ਹਨ। ਬਾਹਰ ਘਟਨਾ ਵਾਪਰਨ ਤੋਂ ਪਹਿਲਾਂ ਹੀ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰਦੇ ਹਨ, ਜਿਸ ਨਾਲ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰਦੀ। ਬਾਹਰ ਬਾਰਿਸ਼ ਦੇ ਪਾਣੀ ਨੂੰ ਸਟੋਰ ਕਰ ਪੀਣ ਲਈ ਵਰਤਿਆ ਜਾਂਦਾ ਹੈ। ਹੁਣ ਜਦੋਂ ਧਰਤੀ ਦਾ ਪਾਣੀ ਹੇਠਾਂ ਜਾ ਰਿਹਾ ਹੈ ਬਾਹਰ ਵਾਂਗ ਪਾਣੀ ਸਟੋਰ ਕਰਨਾ ਚਾਹੀਦਾ ਹੈ। ਇਸ ਨਾਲ ਪਾਣੀ ਦਾ ਲੈਵਲ ਵੀ ਠੀਕ ਰਹੇਗਾ ਤੇ ਹੜ੍ਹਾਂ ਵਰਗੇ ਹਾਲਾਤ ਨਹੀਂ ਬਣਨਗੇ। ਸਾਡੇ ਦੇਸ਼ ਦੀ ਬਦਕਿਸਮਤੀ ਹੈ ਜਦੋਂ ਕੋਈ ਘਟਨਾ ਵਾਪਰਦੀ ਹੈ ਫਿਰ ਮੰਥਨ ਹੁੰਦਾ ਹੈ। ਰਾਜਨੀਤੀ ਹੋਣ ਲੱਗ ਪੈਂਦੀ ਹੈ। ਭਵਿੱਖ ਵਿਚ ਇਹੋ ਜਿਹੇ ਹਾਲਾਤ ਪੈਦਾ ਨਾ ਹੋਣ ਸੰਬੰਧਿਤ ਮਹਿਕਮੇ ਨਾਲ ਤਾਲਮੇਲ ਕਰਕੇ ਪ੍ਰਭਾਵਸ਼ਾਲੀ ਯੋਜਨਾ ਤਿਆਰ ਕੀਤੀ ਜਾਵੇ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ।

ਲੁੱਟਾਂ ਖੋਹਾਂ ਦਾ ਖੌਫ਼
ਪੰਜਾਬ ਵਿਚ ਅੱਜਕੱਲ੍ਹ ਪਿੰਡਾਂ, ਸ਼ਹਿਰਾਂ, ਕਸਬਿਆਂ, ਸੁੰਨਸਾਨ ਸੜਕਾਂ 'ਤੇ ਲੁੱਟਾਂ ਖੋਹਾਂ ਦਾ ਬਹੁਤ ਵੱਡਾ ਖ਼ੌਫ਼ ਪੈਦਾ ਹੋ ਚੁੱਕਾ ਹੈ। ਅੱਜ ਹਾਲਾਤ ਇਹ ਹਨ ਕਿ ਪੰਜਾਬ ਦੇ ਲਗਭਗ ਹਰ ਪਿੰਡ ਜਾਂ ਕਸਬੇ ਵਿਚ ਲੁੱਟ-ਖੋਹ ਦੀ ਵਾਰਦਾਤ ਹੋ ਚੁੱਕੀ ਹੈ ਜਾਂ ਇੰਝ ਕਹਿ ਲਈਏ ਕਿ ਹੁਣ ਹਰ ਪਿੰਡ ਜਾਂ ਕਸਬੇ ਵਿਚ ਕੋਈ ਨਾ ਕੋਈ ਇਨ੍ਹਾਂ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੱਥੇ ਚੜ੍ਹ ਚੁੱਕਾ ਹੈ ਅਤੇ ਆਪਣੀ ਮਿਹਨਤ ਦੀ ਕਮਾਈ ਇਨ੍ਹਾਂ ਕੋਲੋਂ ਲੁਟਾ ਚੁੱਕਿਆ ਹੈ। ਕਈ ਵਾਰ ਤਾਂ ਇਨ੍ਹਾਂ ਲੁੱਟਾਂ-ਖੋਹਾਂ ਕਰਨ ਵਾਲਿਆਂ ਵਲੋਂ ਹਥਿਆਰਾਂ ਨਾਲ ਵਾਰ ਕਰ ਕੇ ਰਾਹਗੀਰਾਂ ਨੂੰ ਜ਼ਖ਼ਮੀ ਵੀ ਕਰ ਦਿੱਤਾ ਜਾਂਦਾ ਹੈ। ਹਾਲਾਤ ਇਹ ਹਨ ਕਿ ਜੇਕਰ ਤੁਸੀਂ ਆਪਣੇ ਕਿਸੇ ਵਾਹਨ ਜਿਵੇਂ ਸਕੂਟਰ, ਮੋਟਰਸਾਈਕਲ, ਐਕਟਿਵਾ ਆਦਿ 'ਤੇ ਜਾ ਰਹੇ ਹੋ ਉਸ ਵੇਲੇ ਜੇਕਰ ਖਾਲੀ ਸੜਕ 'ਤੇ ਤੁਹਾਡੇ ਕੋਲ ਕੋਈ ਮੋਟਰਸਾਈਕਲ, ਐਕਟਿਵਾ ਸਵਾਰ ਤੁਹਾਡੇ ਪਿੱਛੇ ਆ ਰਿਹਾ ਹੁੰਦਾ ਹੈ ਤਾਂ ਮਨ ਵਿਚ ਖੌਫ਼ ਪੈਦਾ ਹੋ ਜਾਂਦਾ ਹੈ ਕਿ ਕਿਤੇ ਲੁੱਟ ਖੋਹ ਵਾਲੇ ਨਾ ਹੋਣ। ਇਹ ਡਰ ਲੋਕਾਂ ਵਿਚ ਏਨਾ ਵਧ ਚੁੱਕਾ ਹੈ ਕਿ ਸਵੇਰ ਸ਼ਾਮ ਵੇਲੇ ਤਾਂ ਇਹੋ ਜਿਹੇ ਮਾਹੌਲ ਵਿਚ ਆਮ ਬੰਦੇ ਦਾ ਸਾਹ ਸੂਤੇ ਜਾਂਦੇ ਹਨ। ਇਹ ਸਰਕਾਰਾਂ ਦੀ ਬਹੁਤ ਵੱਡੀ ਨਾਕਾਮੀ ਹੀ ਹੈ ਕਿ ਲੁੱਟਾਂ ਖੋਹਾਂ ਕਰਨ ਵਾਲੇ ਆਮ ਘੁੰਮ ਰਹੇ ਹਨ ਜਦਕਿ ਲੋਕਾਂ ਨੂੰ ਆਪਣੀ ਜਾਣ ਜ਼ੋਖਮ ਵਿਚ ਪਾ ਕੇ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ। ਬਹੁਤੀ ਵਾਰ ਤਾਂ ਲੋਕਾਂ ਵਲੋਂ ਪੁਲਿਸ ਰਿਪੋਰਟ ਵੀ ਨਹੀਂ ਲਿਖਾਈ ਜਾਂਦੀ। ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਇਨ੍ਹਾਂ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ, ਜੋ ਮਿੰਟਾਂ-ਸਕਿਟਾਂ ਵਿਚ ਹੀ ਆਮ ਘਰਾਂ ਦੀ ਜ਼ਿੰਦਗੀ ਭਰ ਦੀ ਕਮਾਈ ਲੁੱਟ ਕੇ ਲੈ ਜਾਂਦੇ ਹਨ, ਫੜ੍ਹ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ।

-ਅਸ਼ੀਸ਼ ਸ਼ਰਮਾ, ਜਲੰਧਰ

ਪੇਪਰ ਲੀਕ ਇਕ ਗੰਭੀਰ ਸਮੱਸਿਆ
ਜਿਥੇ ਇਕ ਪਾਸੇ ਦੁਨੀਆ ਵਿਚ ਭਾਰਤ ਦੀ ਆਰਥਿਕਤਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਦੇਸ਼ ਸਭ ਤੋਂ ਵੱਡੀ ਤਾਕਤ ਵਜੋਂ ਉੱਭਰ ਰਿਹਾ ਹੈ ਉੱਥੇ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਵਿਚ ਪੇਪਰ ਲੀਕ ਦੇ ਮਾਮਲੇ ਵਾਰ-ਵਾਰ ਸਾਹਮਣੇ ਆ ਰਹੇ ਹਨ। ਮੌਜੂਦਾ ਪੇਪਰ ਲੀਕ ਕਾਂਡ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਵਿਸ਼ਵ ਗੁਰੂ ਬਣਨ ਦਾ ਦਾਅਵਾ ਕਰਨ ਵਾਲੇ ਦੇਸ਼ ਲਈ ਸਰਕਾਰੀ ਨੌਕਰੀ ਦੀ ਪ੍ਰਕਿਰਿਆ ਅਤੇ ਨੀਟ ਵਰਗੀ ਉੱਚ ਪੱਧਰੀ ਪ੍ਰੀਖਿਆ ਕਰਵਾਉਣਾ ਚੁਣੌਤੀ ਕਿਉਂ ਬਣ ਰਿਹਾ ਹੈ? ਪੇਪਰ ਲੀਕ ਘਪਲੇ ਦਾ ਮਾਮਲਾ ਨਵਾਂ ਨਹੀਂ ਹੈ। ਰਾਜਸਥਾਨ, ਉੱਤਰਾਖੰਡ, ਬਿਹਾਰ, ਝਾਰਖੰਡ, ਤੇਲੰਗਾਨਾ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪੇਪਰ ਲੀਕ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਪਰ ਬੜੇ ਸ਼ਰਮ ਦੀ ਗੱਲ ਹੈ ਕਿ ਅਜੇ ਤਕ ਕੋਈ ਸਥਾਈ ਹੱਲ ਨਹੀਂ ਨਿਕਲਿਆ। ਇਹ ਦੇਸ਼ ਦੀ ਨੌਜਵਾਨ ਆਬਾਦੀ ਦੇ ਭਵਿੱਖ ਨਾਲ ਜੁੜਿਆ ਇਕ ਮਹੱਤਵਪੂਰਨ ਵਿਸ਼ਾ ਹੈ। ਪੇਪਰ ਲੀਕ ਦੇ ਪੂਰੇ ਭਾਰਤ ਵਿਚ ਫੈਲਣ ਦੇ ਮੱਦੇਨਜ਼ਰ ਜ਼ਰੂਰੀ ਹੈ ਕਿ ਪੇਪਰ ਲੀਕ ਨੂੰ ਇਕ ਸੰਗਠਿਤ ਅਪਰਾਧ ਮੰਨਿਆ ਜਾਵੇ। ਪਰ ਜਾਂਚ ਕੇਂਦਰੀ ਏਜੰਸੀ ਤੋਂ ਹੋਣੀ ਚਾਹੀਦੀ ਹੈ। ਪੇਪਰ ਲੀਕ ਮਾਫ਼ੀਆ ਦੀ ਜਾਇਦਾਦ ਜ਼ਬਤ ਕੀਤੀ ਜਾਵੇ। ਨੌਕਰੀ ਦੀ ਪ੍ਰੀਖਿਆ ਕਰਵਾਉਣ ਵਾਲੇ ਕਮਿਸ਼ਨ ਵਿਚ ਯੋਗ ਅਤੇ ਨਿਰਪੱਖ ਨਿਯੁਕਤੀ ਹੋਣੀ ਚਾਹੀਦੀ ਹੈ। ਫੁੱਲ ਪਰੂਫ਼ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ। ਨੌਕਰੀਆਂ ਦਾ ਕੇਂਦਰੀ ਕੈਲੰਡਰ ਬਣਾਇਆ ਜਾਣਾ ਚਾਹੀਦਾ ਹੈ। ਯੂ.ਪੀ.ਐਸ.ਸੀ. ਵਾਂਗ, ਇਕ ਏਜੰਸੀ ਨੂੰ ਸਾਰੇ ਰਾਜਾਂ ਦੀਆਂ ਨੌਕਰੀਆਂ ਦੀ ਚੋਣ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਸਿੱਖਿਆ ਨੂੰ ਨੌਕਰੀ ਸਮਝ ਕੇ ਸਮਾਜਿਕ ਸੋਚ ਨੂੰ ਖ਼ਤਮ ਕਰਨਾ ਹੋਵੇਗਾ। ਰੁਜ਼ਗਾਰ ਲਈ ਹੁਨਰ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।

-ਗੌਰਵ ਮੁੰਜਾਲ, ਪੀ.ਸੀ.ਐਸ.।