JALANDHAR WEATHER

25-07-2024

 ਹਾਕੀ ਲਈ ਸ਼ੁੱਭਕਾਮਨਾਵਾਂ

ਹਾਕੀ ਸਾਡੀ ਰਾਸ਼ਟਰੀ ਖੇਡ ਹੈ, ਇਸ ਵਿਚ ਰੁਚੀ ਹੋਣਾ ਸੁਭਾਵਿਕ ਹੈ, ਬਾਕੀ ਸਾਡਾ 'ਹਾਕੀ ਇਤਿਹਾਸ' ਵੀ ਗੌਰਵਸ਼ਾਲੀ ਹੈ। 33ਵੀਆਂ ਉਲੰਪਿਕ ਖੇਡਾਂ ਜੋ ਇਸ ਵਾਰ ਪੈਰਿਸ (ਫਰਾਂਸ) ਵਿਚ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਜਾ ਰਹੀਆਂ ਹਨ, ਉਸ ਵਿਚ ਭਾਗ ਲੈਣ ਲਈ ਇਕ ਵੱਡਾ 'ਖੇਡ ਦਲ' ਭਾਰਤ ਵਲੋਂ ਪਹੁੰਚਿਆ ਹੈ। ਜਿਨ੍ਹਾਂ ਵਿਚੋਂ ਅਹਿਮ ਹੈ 'ਭਾਰਤੀ ਹਾਕੀ' ਜਿਸ ਤੋਂ ਵੱਡੀਆਂ ਉਮੀਦਾਂ ਕੀਤੀਆਂ ਜਾ ਸਕਦੀਆਂ , ਕਿਉਂਕਿ ਇਸ ਟੀਮ ਵਿਚ ਇਸ ਵਾਰ ਦਸ ਖਿਡਾਰੀ ਪੰਜਾਬ ਦੇ ਖੇਡਣਗੇ। ਜੋ ਪੰਜਾਬ ਲਈ ਫਖਰ ਵਾਲੀ ਗੱਲ ਹੈ। 2020 ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਨੇ ਲੰਮੇ ਅਰਸੇ ਮਗਰੋਂ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ 'ਭਾਰਤੀ ਹਾਕੀ' ਆਪਣੇ ਤਗਮੇ ਦਾ ਰੰਗ ਬਦਲਣ ਲਈ ਜ਼ੋਰ ਅਜ਼ਮਾਇਸ਼ ਕਰੇਗੀ, ਪਰ ਉਸ ਦੇ ਲਈ ਉਸ ਨੂੰ ਬੇਹੱਦ ਔਖੇ 'ਪੂਲ' 'ਚੋਂ ਉਪਰ ਜਾਣ ਲਈ 'ਅਗਨੀ ਪ੍ਰੀਖਿਆ' ਦੇਣੀ ਹੋਵੇਗੀ। 27 ਜੁਲਾਈ ਨੂੰ ਭਾਰਤ ਨਿਊਜ਼ੀਲੈਂਡ ਨਾਲ ਆਪਣਾ ਪਹਿਲਾ ਮੈਚ ਖੇਡੇਗਾ। ਨਿਊਜ਼ੀਲੈਂਡ ਵਿਚ ਹਾਕੀ ਦਾ ਕਰੇਜ਼ ਸਾਥੋਂ ਵੱਧ ਹੈ। ਇਕ ਸਮਾਂ ਨਿਊਜ਼ੀਲੈਂਡ ਵਿਚ ਅਜਿਹਾ ਸੀ ਕਿ ਉਥੋਂ ਦੇ ਲੋਕਾਂ ਨੇ ਹਾਕੀ ਨੂੰ ਬਚਾਉਣ ਲਈ ਆਪਣੀਆਂ ਗੱਡੀਆਂ ਤੱਕ ਵੇਚਣ ਦਾ ਅਹਿਦ ਲਿਆ। 29 ਨੂੰ ਭਾਰਤ ਹਾਕੀ ਜਗਤ ਦੀ ਸਭ ਤੋਂ ਵੱਡੀ ਤੋਪ ਅਰਜਨਟੀਨਾ ਨਾਲ ਲੋਹਾ ਲਵੇਗੀ। ਇਕ ਅਗਸਤ ਨੂੰ ਬੈਲਜੀਅਮ ਨਾਲ ਅੰਕਾਂ ਦੇ ਆਧਾਰ 'ਤੇ ਕੁਆਰਟਰ ਫਾਈਨਲ ਲਈ ਟੀਮਾਂ ਅੱਗੇ ਜਾਣਗੀਆਂ। ਸੋ, ਭਾਰਤੀ ਹਾਕੀ ਲਈ ਸ਼ੁੱਭਕਾਮਨਾਵਾਂ ਹਨ, ਜਿਸ ਤੋਂ ਤਗਮੇ ਦੀਆਂ ਵੱਡੀਆਂ ਉਮੀਦਾਂ ਹਨ। ਇਕ ਵਾਰ ਫਿਰ ਇਤਿਹਾਸ ਦੁਹਰਾਇਆ ਜਾਵੇਗਾ, ਜਦ ਜੂੜਿਆਂ ਵਾਲੇ ਪੰਜਾਬੀ ਆਪਣਾ ਪਸੀਨਾ ਭਾਰਤ ਦੀ ਆਨ ਤੇ ਸ਼ਾਨ ਲਈ ਵਹਾਉਣਗੇ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਰਾਏਕੋਟ, ਲੁਧਿਆਣਾ।

ਸਫਲਤਾ ਪ੍ਰਾਪਤੀ ਦੇ ਭੇਤ

ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਲਈ ਕਿਸੇ ਵੀ ਟੀਚੇ ਦਾ ਹੋਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਉਸ ਟੀਚੇ 'ਤੇ ਪਹੁੰਚਣ ਲਈ ਇਨਸਾਨ ਲਗਾਤਾਰ ਮਿਹਨਤ ਕਰਦਾ ਰਹਿੰਦਾ ਹੈ। ਬਹੁਤ ਵਾਰ ਅਸਫਲਤਾ ਵੀ ਮਿਲਦੀ ਹੈ। ਸਫਲ ਨਾ ਹੋਣ ਕਾਰਨ ਇਨਸਾਨ ਦੁੱਖ, ਬੇਚੈਨੀ ਮਹਿਸੂਸ ਕਰਦਾ ਹੈ। ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੁੰਦੀ। ਸਾਨੂੰ ਸਫਲ ਹੋਏ ਇਨਸਾਨਾਂ ਦੀ ਜ਼ਿੰਦਗੀ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਦੀ ਜੀਵਨੀ ਪੜ੍ਹਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਆਖਿਰ ਆਪਣੇ ਟੀਚੇ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ। ਅਜਿਹੀਆਂ ਮਿਸਾਲਾਂ ਸਾਨੂੰ ਹਮੇਸ਼ਾ ਹੀ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਰਹਿੰਦੀਆਂ ਹਨ। ਸਫਲਤਾ ਦਾ ਰਾਹ ਕਦੇ ਵੀ ਸਰਲ ਅਤੇ ਸਿੱਧਾ ਨਹੀਂ ਹੁੰਦਾ। ਉਨ੍ਹਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਹੁੰਦੀ। ਨਾਂਹ-ਪੱਖੀ ਵਿਚਾਰਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਮੁਕਾਬਲੇ ਦੀ ਪ੍ਰੀਖਿਆ ਵਿਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅਸਫਲਤਾ ਸਾਨੂੰ ਸਾਡੀ ਗ਼ਲਤੀਆਂ ਤੋਂ ਜਾਣੂ ਕਰਵਾਉਂਦੀ ਹੈ। ਇਬਰਾਹਮ ਲਿੰਕਨ ਦਾ ਬਚਪਨ ਅਥਾਹ ਗਰੀਬੀ ਵਿਚ ਬੀਤਿਆ। ਮਜ਼ਬੂਤ ਇਰਾਦੇ ਨਾਲ ਉਸ ਨੇ ਇਕ ਦਿਨ ਅਮਰੀਕਾ ਦੇ ਰਾਸ਼ਟਰਪਤੀ ਦਾ ਤਾਜ ਹਾਸਿਲ ਕੀਤਾ। ਮਜ਼ਬੂਤ ਇਰਾਦੇ, ਸਾਕਾਰਾਤਮਿਕ ਸੋਚ ਨਾਲ ਤੁਸੀਂ ਅਸਫਲਤਾਵਾਂ ਨੂੰ ਵੀ ਸਫਲਤਾ ਵਿਚ ਬਦਲ ਸਕਦੇ ਹੋ। ਟੀਚਾ ਮਿੱਥ ਕੇ ਹੀ ਉਸ ਨੂੰ ਅਭਿਆਸ ਨਾਲ ਹਾਸਿਲ ਕੀਤਾ ਜਾ ਸਕਦਾ ਹੈ। ਅਕਸਰ ਸਿਆਣੇ ਵੀ ਕਹਿੰਦੇ ਹਨ ਕਿ ਕਈ ਵਾਰ ਤਾਲਾ ਆਖਰੀ ਚਾਬੀ ਨਾਲ ਹੀ ਖੁੱਲ੍ਹਦਾ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ।

ਪ੍ਰਸੰਸਾਯੋਗ ਲੇਖ

ਪਿਛਲੇ ਦਿਨੀਂ (20 ਜੁਲਾਈ) ਨੂੰ 'ਅਜੀਤ' ਵਿਚ ਛਪਿਆ ਲੇਖ 'ਅੰਗ ਦਾਨ ਕਰਕੇ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ ਨਵੀਂ ਜ਼ਿੰਦਗੀ' ਜੋ ਕਿ ਸੁਖਦੇਵ ਸਲੇਮਪੁਰੀ ਵਲੋਂ ਲਿਖਿਆ ਗਿਆ ਹੈ, ਪੜ੍ਹ ਕੇ ਬਹੁਤ ਅਨੰਦ ਆਇਆ ਅਤੇ ਜਾਣਕਾਰੀ ਮਿਲੀ ਕਿ ਕਿਵੇਂ ਲੋੜਵੰਦ ਪਰਿਵਾਰਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਮਰਹੂਮ ਪੂਜਾ ਅਰੋੜਾ ਦੇ ਪਰਿਵਾਰ ਨੇ ਔਖੀ ਘੜੀ ਵਿਚ ਉਨ੍ਹਾਂ ਦੇ ਅੰਗਦਾਨ ਕਰਕੇ ਦਲੇਰਾਨਾ ਫ਼ੈਸਲਾ ਲਿਆ ਜੋ ਕਿ ਸ਼ਲਾਘਾਯੋਗ ਹੈ। ਮੈਡਮ ਪੂਜਾ ਅਰੋੜਾ ਤਾਂ ਦਿਮਾਗੀ ਤੌਰ 'ਤੇ ਬਿਮਾਰ ਹੀ ਸਨ, ਪਰ ਉਨ੍ਹਾਂ ਦੇ ਅੰਗ ਦਾਨ ਨਾਲ ਕਰਨ ਨਾਲ ਘੱਟੋ-ਘੱਟ 4 ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ। ਜਿਨ੍ਹਾਂ ਮਰੀਜ਼ਾਂ ਨੂੰ ਅੰਗ ਦਾਨ ਕੀਤੇ ਗਏ ਹਨ, ਉਹ ਵਿਅਕਤੀ ਜਦ ਤੱਕ ਜਿਊਂਦੇ ਰਹਿਣਗੇ, ਤਦ ਤੱਕ ਪੂਜਾ ਅਰੋੜਾ ਜਿਊਂਦੀ ਰਹੇਗੀ। ਜਿਨ੍ਹਾਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ, ਉਨ੍ਹਾਂ ਨੂੰ ਵੀ ਪੂਜਾ ਅਰੋੜਾ ਦੇ ਪਰਿਵਾਰ ਦਾ ਰਿਣੀ ਰਹਿਣਾ ਚਾਹੀਦਾ ਹੈ। ਇਸ ਲੇਖ ਤੋਂ ਬਹੁਤ ਸਾਰੇ ਲੋਕਾਂ ਨੂੰ ਸੇਧ ਮਿਲੇਗੀ ਅਤੇ ਹੋਰ ਲੋਕ ਵੀ ਇਸ ਮੁਹਿੰਮ ਦਾ ਹਿੱਸਾ ਬਣਨਗੇ। ਆਓ, ਅਸੀਂ ਸਾਰੇ ਅੰਗ ਦਾਨ ਕਰਨ ਲਈ ਆਮ ਲੋਕਾਂ ਨੂੰ ਸੈਮੀਨਾਰ ਅਤੇ ਲੇਖਾਂ ਰਾਹੀਂ ਜਾਗਰੂਕ ਕਰੀਏ।

-ਸੁਖਵਿੰਦਰ ਸਿੰਘ ਪਾਹੜਾ
ਬਹਿਰਾਮਪੁਰ ਰੋਡ ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ।