ਰੰਗਲਾ-ਪੰਜਾਬ
ਗੀਤਕਾਰ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਕ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94175-62053
'ਰੰਗਲਾ ਪੰਜਾਬ' ਜਗਜੀਤ ਮੁਕਤਸਰੀ ਦੀ ਦਸਵੀਂ ਕਾਵਿ-ਪੁਸਤਕ ਹੈ। ਇਸ ਤਾਂ ਪਹਿਲਾਂ ਉਸ ਨੇ 'ਰੱਬੀ ਜੋਤ', 'ਕਲਯੁਗ ਦੇ ਅਵਤਾਰ', 'ਸ਼ਹੀਦਾਂ ਦੇ ਸਿਰਤਾਜ', 'ਮੂੰਹੋਂ ਮੰਗੀਆਂ ਮੁਰਾਦਾਂ', 'ਲਾਲ ਗੁਰੂ ਦਸਮੇਸ਼ ਦੇ', 'ਸੱਚ ਲੈ ਜਾਉਗੀ', 'ਦਾਤਾਰ ਮਹਿਮਾ', 'ਸ਼ਾਨ ਪੰਜਾਬੀਆਂ ਦੀ', 'ਆਪੇ ਗੁਰਿ-ਚੇਲਾ' ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਸਾਹਿਤ ਦੀ ਝੋਲੀ ਪਾਏ ਹਨ। ਵਿਦਵਾਨਾਂ ਦੇ ਕਥਨਾਂ ਅਨੁਸਾਰ ਸੰਗੀਤਕ ਧੁਨਾਂ ਨਾਲ ਸ਼ਿੰਗਾਰੀ ਰਚਨਾ ਨੂੰ ਗੀਤ ਕਿਹਾ ਜਾਂਦਾ ਹੈ ਕਿਉਂਕਿ ਸੁਰ ਅਤੇ ਤਾਲ ਦਾ ਸੁਚੱਜਾ ਸੁਮੇਲ ਹੀ ਸ਼ਬਦਾਂ ਰਾਹੀਂ ਮਨੁੱਖੀ ਅਕਾਂਖਿਆਵਾਂ ਨੂੰ ਵਿਅਕਤ ਕਰਨ ਦੇ ਸਮਰੱਥ ਹੁੰਦਾ ਹੈ। ਪੰਜਾਬੀ ਬੋਲੀ ਵਿਚ ਗੀਤ ਲਿਖਣ ਦੀ ਲੰਬੀ ਪ੍ਰੰਪਰਾ ਹੈ। ਲੋਕ ਗੀਤ ਇਸ ਵੰਨਗੀ ਦੇ ਪ੍ਰਮੁੱਖ ਰੂਪ ਵਿਚ ਰਹੇ ਹਨ। ਹਥਲੇ ਸੰਗ੍ਰਹਿ ਵਿਚ ਜਗਜੀਤ ਮੁਕਤਸਰੀ ਨੇ ਆਪਣੀ ਸੁਪਤਨੀ ਜਸਪ੍ਰੀਤ ਕੌਰ ਦੇ ਲਿਖੇ ਤਿੰਨ ਗੀਤ ਸ਼ਾਮਿਲ ਕੀਤੇ ਹਨ। ਇਸ ਦੇ ਨਾਲ ਹੀ ਆਪਣੇ ਬੇਟੇ ਗੁਰਿੰਦਰਜੀਤ ਸਿੰਘ 'ਗੋਲਡੀ' ਮੁਕਤਸਰੀ ਦੇ ਗੀਤ ਅਤੇ ਟੱਪੇ ਵੀ ਸ਼ਮਿਲ ਕੀਤੇ ਹਨ। ਇਸ ਸੰਗ੍ਰਹਿ ਵਿਚਲੇ ਗੀਤ, ਟੱਪੇ ਪੰਜਾਬੀਆਂ ਦੀ ਪੁਰਾਤਨ ਰਹਿਤਲ-ਬਹਿਤਲ ਦਾ ਅਨੁਸਰਨ ਕਰਦਿਆਂ ਹੀ ਅਜੋਕੇ ਪੰਜਾਬੀ ਸੱਭਿਆਚਾਰ ਦੀਆਂ ਪਰਤਾਂ ਨੂੰ ਫਰੋਲਣ ਦਾ ਹੀਲਾ-ਵਸੀਲਾ ਬਣੇ ਹਨ। ਪੰਜਾਬੀਆਂ ਦੇ ਖੁੱਲ੍ਹ-ਦਿਲੇ, ਨਿਡਰ, ਬਹਾਦਰ, ਪਰਉਪਕਾਰੀ, ਦੂਜੇ ਦੇ ਕੰਮ ਆਉਣ ਵਾਲੇ ਸੁਭਾਅ ਦੇ ਧਾਰਨੀ ਹੋਣ ਦਾ ਸੰਕਲਪ ਪੇਸ਼ ਕੀਤਾ ਹੈ। ਸਦਾਚਾਰਕ ਕੀਮਤਾਂ ਦਾ ਸਮਾਜਿਕ ਤਾਣੇ-ਬਾਣੇ 'ਚ ਅਹਿਮ ਸਥਾਨ ਹੋਣ ਕਰਕੇ ਮਨੁੱਖ ਨੂੰ 'ਸਚਿਆਰਾ' ਬਣਨ ਦਾ ਉਪਦੇਸ਼ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ 'ਚ ਢੇਰ ਸਮਾਂ ਪਹਿਲਾਂ ਹੀ ਦੇ ਦਿੱਤਾ ਸੀ। 'ਮਾਇਆ' ਦੇ ਪ੍ਰਭਾਵ ਅਧੀਨ ਅਜੋਕੇ ਮਨੁੱਖ ਨੂੰ ਪਦਾਰਥਕ ਸੁੱਖਾਂ ਦੀ ਪ੍ਰਾਪਤੀ ਵੱਲ ਵਧੇਰੇ ਪ੍ਰੇਰਿਤ ਰਹੀ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅਜੋਕਾ ਮਨੁੱਖ ਆਪਾ-ਧਾਪੀ, ਸਵਾਰਥ, ਊਚ-ਨੀਚ, ਆਦਿ ਅਲਾਮਤਾਂ ਦਾ ਸ਼ਿਕਾਰ ਹੋ ਰਿਹਾ ਹੈ। ਇਸੇ ਲਈ ਜਗਜੀਤ ਮੁਕਤਸਰੀ 'ਮੈਂ ਖੈਰ ਮਨਾਵਾਂ', 'ਵਸਦੇ ਰਹਿਣ ਪੰਜਾਬੀ', 'ਪੰਜਾਬੀਆਂ ਦੀ ਸ਼ਾਨ' ਅਤੇ 'ਜੁੱਗ ਜੁੱਗ ਜਿਊਣ ਪੰਜਾਬੀ' ਗੀਤਾਂ ਵਿਚ ਉਹ ਮਾਂ ਬੋਲੀ ਪੰਜਾਬੀ, ਸਾਹਿਤ, ਸੱਭਿਆਚਾਰ ਦਾ ਪ੍ਰਸੰਗ ਛੇੜ ਕੇ ਇਨ੍ਹਾਂ ਸੰਬੰਧਿਤ ਵਿਸ਼ਿਆਂ ਨੂੰ ਛੂੰਹਦਾ ਹੈ। ਹੇਠਲਾ ਅੰਤਰਾ ਵਿਚਾਰਨਯੋਗ ਹੈ:
ਗਊ ਗਰੀਬ ਕੀ ਰੱਖਿਆ ਕਰਨਾ,
ਧਰਮ ਪੰਜਾਬੀਆਂ ਦਾ,
ਜਬਰ ਜ਼ੁਲਮ ਦੀ ਖਾਤਰ ਖੰਡਾ ਹੈ
ਸ਼ਾਨ ਪੰਜਾਬੀਆਂ ਦਾ।
ਜਗਜੀਤ ਮੁਕਤਸਰੀ ਦੇ ਗੀਤ, ਗਾਣਾ ਬਣਨ ਦੀ ਸਮਰੱਥਾ ਰੱਖਦੇ ਹਨ। ਸਰਲ, ਸਪੱਸ਼ਟ ਅਤੇ ਸਾਦਗੀ ਵਾਲੀ ਭਾਸ਼ਾ ਮੁਹਾਵਰਿਆਂ ਅਤੇ ਅਖਾਣਾਂ ਨਾਲ ਭਰਪੂਰ ਹੈ। ਮੁਬਾਰਕਬਾਦ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਸ਼ਹੀਦਾਂ ਦੀ ਗਾਥਾ
ਲੇਖਕ-ਪਿਆਰਾ ਸਿੰਘ ਦਾਤਾ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 450 ਰੁਪਏ, ਸਫ਼ੇ : 216
ਸੰਪਰਕ : 098113-37763
ਪਿਆਰਾ ਸਿੰਘ ਦਾਤਾ, ਪੰਜਾਬੀ ਸਾਹਿਤਕ ਖੇਤਰ ਦਾ, ਜਾਣਿਆ ਪਛਾਣਿਆ ਨਾਂਅ ਹੈ। ਉਨ੍ਹਾਂ ਦੀਆਂ ਪੁਸਤਕਾਂ ਦਾ, ਪੰਜਾਬੀ ਸਾਹਿਤ ਜਗਤ ਵਿਚ ਵਿਸ਼ੇਸ਼ ਸਥਾਨ ਹੈ। ਉਹ ਬਹੁਵਿਧਾਈ ਲੇਖਕ ਹਨ, ਜਿਨ੍ਹਾਂ ਇਤਿਹਾਸ, ਜੀਵਨੀਆਂ, ਸਫ਼ਰਨਾਮੇ, ਬਾਲ-ਸਾਹਿਤ, ਹਾਸ-ਵਿਅੰਗ, ਸੰਪਾਦਨ ਅਤੇ ਅਨੁਵਾਦ ਦੀਆਂ ਪੁਸਤਕਾਂ ਦੇ ਨਾਲ-ਨਾਲ, ਅੰਗਰੇਜ਼ੀ ਅਤੇ ਹਿੰਦੀ ਪੁਸਤਕਾਂ ਵੀ ਲਿਖੀਆਂ। ਵਿਚਾਰ-ਗੋਚਰੀ ਪੁਸਤਕ 'ਸ਼ਹੀਦਾਂ ਦੀ ਗਾਥਾ' ਇਤਿਹਾਸਕ ਦਸਤਾਵੇਜ਼ ਹੈ। ਵਾਰਤਕ ਰੂਪੀ ਇਸ ਪੁਸਤਕ ਵਿਚ 49 ਲੇਖ ਸ਼ਾਮਿਲ ਹਨ। ਪੁਸਤਕ ਦਾ ਪਹਿਲਾ ਲੇਖ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਹੈ। ਅਗਲੇ ਲੇਖ, ਧਰਮ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ, ਸ਼ਹੀਦ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਗੁਰੂ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਤਾਰਾ ਸਿੰਘ, ਭਾਈ ਮਨੀ ਸਿੰਘ ਜੀ, ਭਾਈ ਬੋਤਾ ਸਿੰਘ ਗਰਜਾ ਸਿੰਘ, ਸ. ਮਹਿਤਾਬ ਸਿੰਘ, ਸੁੱਖਾ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ, ਸਿੱਖਾਂ ਦਾ ਕਤਲੇਆਮ, ਬਾਬਾ ਗੁਰਬਖ਼ਸ਼ ਸਿੰਘ, ਬਾਬਾ ਰਾਮ ਸਿੰਘ ਜੀ ਬੇਦੀ, ਸਿੱਖ ਰਾਜ ਦੇ ਖਾਤਮੇ ਪਿਛੋਂ ਪੌਣੀ ਸਦੀ ਦੇ ਹਾਲਾਤ ਤੇ ਇਕ ਨਜ਼ਰ, ਨਨਕਾਣਾ ਸਾਹਿਬ ਦੇ ਸ਼ਹੀਦ, ਕਰਤਾਰ ਸਿੰਘ ਸਰਾਭਾ, ਭਾਨ ਸਿੰਘ, ਮਥਰਾ ਸਿੰਘ ਸ਼ਹੀਦ, ਬਾਬਾ ਰਾਮ ਸਿੰਘ ਜੀ, ਚੰਦਰ ਸ਼ੇਖਰ ਆਜ਼ਾਦ, ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਊਧਮ ਸਿੰਘ ਸੁਨਾਮ ਦੀਆਂ ਦੇਸ਼ ਧਰਮ ਖਾਤਰ ਕੀਤੀਆਂ ਕੁਰਬਾਨੀਆਂ ਨੂੰ ਬਹੁਤ ਬਾਰੀਕਬੀਨੀ ਨਾਲ ਬਿਆਨ ਕਰਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਕੌਮੀ ਨਾਇਕਾਂ ਦਾ ਜ਼ਿਕਰ ਘੱਟ ਹੋਇਆ ਹੈ, ਜਿਵੇਂ ਰਾਮ ਪ੍ਰਸਾਦ 'ਬਿਸਮਿਲ', ਬਸੰਤ ਕੁਮਾਰ, ਮਦਨ ਲਾਲ ਢੀਂਗਰਾ, ਵਿਸ਼ਨੂੰ ਗਣੇਸ਼ ਪਿੰਗਲੇ, ਰਾਜਿੰਦਰ ਲਾਲ 'ਲਹਿਰੀ', ਅਵਧ ਬਿਹਾਰੀ, ਮੀਰ ਮਕਬੂਲ ਸ਼ੇਰਵਾਨੀ ਪ੍ਰਫੁੱਲ ਕੁਮਾਰ ਚਾਕੀ, ਖ਼ੁਦੀ ਰਾਮ ਬੋਸ, ਕਰਤਾਰ ਸਿੰਘ ਸਰਾਭਾ, ਬਾਬੂ ਹਰਨਾਮ ਸਿੰਘ ਲਹਿਰੀ, ਸੁਤਿੰਦਰ ਕੁਮਾਰ, ਦਾਮੋਦਰ ਦਾਵੇਕਰ, ਭਾਗ ਸਿੰਘ ਕੈਨੇਡੀਅਨ, ਮਾ. ਅਮੀਰ ਚੰਦ, ਭਾਈ ਬਾਲ ਮੁਕੰਦ, ਸੋਹਨ ਲਾਲ ਪਾਠਕ, ਰੋਸ਼ਨ ਸਿੰਘ, ਸੂਫੀ ਅੰਨਾ ਪ੍ਰਸਾਦ, ਜਤਿੰਦਰ ਨਾਥ ਦਾਸ, ਰਾਏ ਹਰੀ ਕ੍ਰਿਸ਼ਨ ਸਰਹੱਦੀ ਅਤੇ ਸ਼ਹੀਦ ਅਸਫਾਕ ਉੱਲਾ ਦੀਆਂ ਇਨਕਲਾਬੀ ਘਾਲਨਾਵਾਂ ਦਾ ਵੀ ਜ਼ਿਕਰ ਹੈ। ਇਹ, ਲੇਖਕ ਦੀ ਖੂਬੀ ਹੈ ਕਿ ਉਨ੍ਹਾਂ ਨੇ ਉਨ੍ਹਾਂ ਸ਼ਹੀਦਾਂ ਬਾਰੇ ਜਾਣਕਾਰੀ, ਪਾਠਕਾਂ ਨਾਲ ਸਾਂਝੀ ਕੀਤੀ ਹੈ, ਜਿਨ੍ਹਾਂ ਬਾਰੇ ਲੋਕਾਂ ਨੇ ਬਹੁਤ ਘੱਟ ਪੜ੍ਹਿਆ, ਸੁਣਿਆ ਹੈ। ਧਾਰਮਿਕ ਸ਼ਖ਼ਸੀਅਤਾਂ ਸੰਬੰਧੀ ਲੇਖਾਂ ਵਿਚ ਗੁਰਬਾਣੀ ਵਿਚੋਂ ਢੁੱਕਵੇਂ ਪ੍ਰਮਾਣ ਦਿੱਤੇ ਗਏ ਹਨ। ਹਰੇਕ ਲੇਖ ਦੇ ਅੰਤ 'ਚ, ਹਵਾਲੇ ਅਤੇ ਟਿੱਪਣੀਆਂ ਦਰਜ ਹਨ। ਚਾਲੀ ਮੁਕਤਿਆਂ ਵਾਲੇ ਲੇਖ ਵਿਚ ਸਾਰੇ ਚਾਲੀ ਸ਼ਹੀਦਾਂ ਸਿੰਘਾਂ ਦੇ ਨਾਂਅ ਦਿੱਤੇ ਗਏ ਹਨ। ਕਵੀ ਸੈਨਾਪਤੀ ਦੀਆਂ ਕਾਵਿਕ ਟੂਕਾਂ ਵੀ ਸ਼ਾਮਿਲ ਹਨ। 'ਵਾਇਸਰਾਏ ਪੁਰ ਟੀਣਾ' ਉਨਵਾਨ ਹੇਠ ਲੇਖ ਵੀ ਪੁਸਤਕ ਦਾ ਹਿੱਸਾ ਹਨ। ਟਾਈਟਲ ਪੰਨੇ ਉਤੇ 10 ਅਤੇ ਮਗਰਲੇ ਸਫ਼ੇ 'ਤੇ ਵੀ 10 ਰੰਗੀਨ ਤਸਵੀਰਾਂ, ਪੁਸਤਕ ਨੂੰ ਸੁੰਦਰ ਦਿੱਖ ਪ੍ਰਦਾਨ ਕਰਦੀਆਂ ਹਨ। ਇਸ ਪੁਸਤਕ ਦੇ ਅਧਿਐਨ ਨਾਲ, ਪਾਠਕਾਂ ਵਿਚ, ਦੇਸ਼ ਪ੍ਰੇਮ ਦਾ ਜਜ਼ਬਾ ਪ੍ਰਚੰਡ ਹੋਵੇਗਾ ਅਤੇ ਰਾਸ਼ਟਰੀ ਏਕਤਾ ਮਜ਼ਬੂਤ ਹੋਵੇਗੀ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਹੁਣ ਤਾਂ ਸ਼ਾਇਦ
ਗ਼ਜ਼ਲਕਾਰ : ਸ਼ਮਸ਼ੇਰ ਮੋਹੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 94171-42415
ਪੰਜਾਬੀ ਗ਼ਜ਼ਲ ਨੇ ਪੰਜਾਬੀ ਅਦਬ ਵਿਚ ਆਪਣੀ ਜਗ੍ਹਾ ਬਣਾਉਣ ਲਈ ਤਕਰੀਬਨ ਢਾਈ ਦਹਾਕੇ ਤਿੱਖਾ ਤੇ ਤਰਕ ਭਰਪੂਰ ਸੰਘਰਸ਼ ਕੀਤਾ ਹੈ, ਬਹੁਤੇ ਸਦਮੇ ਇਸ ਨੂੰ ਆਪਣਿਆਂ ਨੇ ਦਿੱਤੇ ਹਨ ਜੋ ਕਿਤੇ ਨਾ ਕਿਤੇ ਅਜੇ ਵੀ ਜਾਰੀ ਹਨ। ਸ਼ਮਸ਼ੇਰ ਮੋਹੀ ਜਾਣਿਆ ਪਹਿਚਾਣਿਆ ਗ਼ਜ਼ਲਕਾਰ ਹੈ, ਜਿਸ ਨੂੰ ਬਹੁਤਿਆਂ ਵਾਂਗ ਗ਼ਜ਼ਲ ਲਈ ਤਿਆਰ-ਬਰ-ਤਿਆਰ ਜ਼ਮੀਨ ਮਿਲੀ ਹੈ। ਤਿੰਨ ਹੋਰ ਪੁਸਤਕਾਂ ਤੇ ਇਕ ਗ਼ਜ਼ਲ ਸੰਗ੍ਰਹਿ ਤੋਂ ਬਾਅਦ 'ਹੁਣ ਤਾਂ ਸ਼ਾਇਦ' ਉਸ ਦਾ ਦੂਸਰਾ ਨਿਰੋਲ ਮੌਲਿਕ ਗ਼ਜ਼ਲਾਂ ਦਾ ਮਜਮੂਆ ਹੈ। 'ਹੁਣ ਤਾਂ ਸ਼ਾਇਦ' ਵਿਚ ਅਠਵੰਜਾ ਗ਼ਜ਼ਲਾਂ ਪ੍ਰਕਾਸ਼ਿਤ ਹੋਈਆਂ ਮਿਲਦੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿਚ ਜਿੱਥੇ ਮੁਹੱਬਤੀ ਪ੍ਰਵਚਨ ਹਨ ਉਥੇ ਇਨ੍ਹਾਂ ਵਿਚ ਮਾਨਵੀ ਸਰੋਕਾਰਾਂ, ਵਿਗੜਦੀ ਮਾਨਵੀ ਜੀਵਨ ਸ਼ੈਲੀ, ਰਿਸ਼ਤਿਆਂ ਦੇ ਦੰਭ, ਦਮਨ, ਸਮਾਜਿਕ ਤੇ ਰਾਜਨੀਤਕ ਨਿਘਾਰਾਂ ਦਾ ਕਲਾਤਮਿਕ ਪ੍ਰਗਟਾਅ ਵੀ ਹੈ। ਉਸ ਮੁਤਾਬਿਕ ਦੁਨੀਆ ਵਿਚ ਮੁਹੱਬਤ ਬੇਘਰ ਹੋ ਗਈ ਹੈ ਤੇ ਹਰ ਮੋੜ 'ਤੇ ਸ਼ਾਤਰ ਸੁਦਾਗਰਾਂ ਦਾ ਬੋਲਬਾਲਾ ਹੈ। ਕੁਝ ਗ਼ਜ਼ਲਾਂ ਦੇ ਸ਼ਿਅਰ ਪ੍ਰਸ਼ਨਵਾਚਕ ਹਨ ਤੇ ਗ਼ਜ਼ਲਕਾਰ ਉਨ੍ਹਾਂ ਦੇ ਉੱਤਰ ਤਲਾਸ਼ਦਾ ਹੈ। ਇਹ ਉੱਤਰ ਭਵਿੱਖ ਦੀਆਂ ਕੁੰਦਰਾਂ 'ਚ ਛੁਪੇ ਹਨ, ਜੋ ਸ਼ਾਇਦ ਸਾਡੇ ਵਾਰਿਸ ਲੱਭ ਲੈਣ। ਉਹ ਰਿਸ਼ਤਿਆਂ ਦੇ ਬਣੇ ਰਹਿਣ ਜਾਂ ਢਹਿਣ ਸੰਬੰਧੀ ਝਾਉਲ਼ੇ 'ਚ ਹੈ ਤੇ ਕਿਸੇ ਦਾ 'ਭੁੱਲ ਜਾਹ' ਕਿਹਾ ਵੀ ਉਸ ਲਈ ਬੇਯਕੀਨੀ ਹੈ। ਉਹ ਜਾਣਦਾ ਹੈ ਅਜੇ ਖੁੱਲ੍ਹ ਕੇ ਜੀਣ ਦਾ ਮੌਸਮ ਨਹੀਂ ਹੈ ਤੇ ਰੁੱਤਾਂ ਦੇ ਰੰਗ ਹਸੀਨ ਨਹੀਂ ਹਨ। ਗ਼ਜ਼ਲਾਂ ਵਿਚ ਕਿਧਰੇ ਕਿਧਰੇ ਉਹ ਬਦਲਾਓ ਲਈ ਅਹੁਲਦਾ ਹੈ, ਜੋ ਵਕਤ ਦੀ ਜ਼ਰੂਰਤ ਵੀ ਹੈ ਤੇ ਕਿਸੇ ਕਲਮ ਦਾ ਫ਼ਰਜ਼ ਵੀ। 'ਹੁਣ ਤਾਂ ਸ਼ਾਇਦ' ਦੀ ਦੂਸਰੀ ਗ਼ਜ਼ਲ ਇਸ ਸੰਗ੍ਰਹਿ ਦਾ ਹਾਸਿਲ ਹੈ ਜੋ ਆਸ਼ਾਵਾਦੀ ਵੀ ਹੈ ਤੇ ਇਹ ਗ਼ਜ਼ਲਕਾਰ ਦੀ ਸਮਰੱਥਾ ਨੂੰ ਵੀ ਦਰਸਾਉਂਦੀ ਹੈ। ਗ਼ਜ਼ਲਕਾਰ ਆਖਦਾ ਹੈ ਕਿ ਕਿਸੇ ਚਿੱਤਰ ਵਿਚ 'ਨ੍ਹੇਰੇ ਦੀ ਜਗ੍ਹਾ 'ਤੇ ਚਾਨਣ ਵੀ ਭਰਿਆ ਜਾ ਸਕਦਾ ਹੈ ਤੇ ਕੋਸ਼ਿਸ਼ ਨਾਲ ਦੁਨੀਆ ਦਾ ਸਮੁੱਚਾ ਮੰਜ਼ਰ ਜੋ ਹੈ, ਇਸ ਤੋਂ ਵੀ ਬਿਹਤਰ ਬਣਾਇਆ ਜਾ ਸਕਦਾ ਹੈ। ਹੋਰਨਾਂ ਕਲਾਵਾਂ ਵਾਂਗ ਸ਼ਾਇਰੀ ਵਿਚ ਵੀ ਸੰਪੂਰਨਤਾ ਕਦੇ ਹਾਸਿਲ ਨਹੀਂ ਹੁੰਦੀ, ਨਾ ਦਾਅਵਾ ਕੀਤਾ ਜਾ ਸਕਦਾ ਹੈ, ਇਹ ਗੱਲ ਗ਼ਜ਼ਲਕਾਰ ਦੀ ਗ਼ਜ਼ਲਕਾਰੀ ਦੇ ਸੰਦਰਭ ਵਿਚ ਵੀ ਓਨੀ ਹੀ ਢੁਕਵੀਂ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਰੂਹ ਦਾ ਸਾਲ਼ਣੁ
ਲੇਖਕ : ਮੋਹਨ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 232
ਸੰਪਰਕ : 95011-45039
ਪ੍ਰਵਾਸੀ ਪੰਜਾਬੀ ਕਵੀ ਅਤੇ ਵਾਰਤਕ ਲੇਖਕ ਦੀ ਇਸ ਵਿਲੱਖਣ ਵਾਰਤਕ ਪੁਸਤਕ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਅਨਮੋਲ ਵਿਚਾਰ ਸਾਂਭੇ ਗਏ ਹਨ। ਹਰੇਕ ਮਨੋਹਰ ਵਿਚਾਰ ਪਾਠਕ ਦੇ ਮਨ-ਮਸਤਿਕ ਵਿਚ ਇਹ ਵਿਚਾਰ ਸਿਰਜਦਾ ਹੈ ਕਿ ਸਮਾਜਿਕ, ਮਾਨਸਿਕ ਅਤੇ ਸਰੀਰਕ ਸੁਧਾਰਾਂ ਲਈ ਇਹ ਕੀਮਤੀ ਵਿਚਾਰ ਅਜਿਹੇ ਹਥਿਆਰ ਸਾਬਤ ਹੋਣ ਦੇ ਕਾਬਲ ਹਨ, ਜਿਹੜੇ ਪਾਠਕ ਦੇ ਅੰਤਰ ਮਨ ਵਿਚ ਗਿਆਨ ਦੀ ਭਿੱਖੀ ਤੇ ਸਵੱਛ ਲੋਅ ਜਗਾਉਂਦੇ-ਫੈਲਾਉਂਦੇ ਹਨ। ਰੂਹ ਨੂੰ ਸ਼ਰਸ਼ਾਰ ਕਰਦੇ ਹਨ। ਐਸੇ ਵਿਚਾਰ, ਵਾਰਤਕਾਰ ਮੋਹਨ ਗਿੱਲ ਦੀ ਇਸ ਸਾਂਭਣਯੋਗ ਪੁਸਤਕ 'ਰੂਹ ਦਾ ਸਾਲਣੁ' ਦਾ ਹਿੱਸਾ ਹਨ, ਜੋ ਕਿਸੇ ਬੰਦੇ ਨੂੰ ਢਾਹ ਕੇ ਨਵੇਂ ਸਿਰਿਓਂ ਘੜਨ ਦੀ ਸਮਰੱਥਾ ਰੱਖਦੇ ਹਨ। ਇਕ-ਇਕ ਵਿਚਾਰ ਦਿਲ ਦੇ ਬੋਝੇ ਵਿਚ ਸਜਾ-ਸਜਾ ਕੇ ਰੱਖਣ ਦੇ ਯੋਗ ਹੈ। ਇਹ ਤੱਥ ਪਾਠਕ ਦਾ ਧਿਆਨ ਕੇਂਦਰਿਤ ਕਰਦਾ ਹੈ ਕਿ ਪੁਸਤਕ ਵਿਚ ਦਰਜ ਵਿਚਾਰਾਂ ਅਤੇ ਹਾਸੇ ਦਾ ਜੀਵਨ ਦਾ, ਪਿਆਰ ਦਾ, ਮਨੁੱਖੀ ਰਿਸ਼ਤਿਆਂ ਦਾ, ਫਿਕਰ-ਚਿੰਤਾ ਦਾ, ਦਿਲ ਦਾ, ਦਿਮਾਗ਼ ਦਾ, ਹਾਸੇ ਦਾ ਮੁਤਾਲਿਆ ਕਰਦਿਆਂ ਲਾਭਕਾਰੀ ਖ਼ਾਕਾ ਵਾਹਿਆ ਗਿਆ ਹੈ। ਇਸ ਮਹਾਨ ਪੁਸਤਕ ਨੂੰ ਸਭਨਾਂ ਲਾਇਬ੍ਰੇਰੀਆਂ ਦਾ ਹਿੱਸਾ ਬਣਾ ਕੇ ਇੰਜ ਸਾਂਭਿਆ ਜਾਵੇ ਕਿ ਇਸ ਵਿਚ ਦਰਜ ਅਨਮੋਲ ਵਚਨਾਂ ਦਾ ਨਿਤਾਪ੍ਰਤੀ ਪਾਠਕ ਕਰਨਾ ਲਾਜ਼ਮੀ ਬਣ ਜਾਵੇ।
-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444
ਮਹਾਨ ਦੇਸ਼ ਭਗਤਾਂ ਦੇ ਪਿੰਡ
ਲੇਖਕ: ਜਰਨੈਲ ਸਿੰਘ ਅੱਚਰਵਾਲ
ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਕੀਮਤ: 300 ਰੁਪਏ, ਸਫ਼ੇ : 207
ਸੰਪਰਕ: 98154-18851
ਸ. ਜਰਨੈਲ ਸਿੰਘ ਅੱਚਰਵਾਲ ਹੁਣ ਤੱਕ ਦਸ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕਿਆ ਹੈ। ਚਾਰ ਕਵਿਤਾਵਾਂ ਦੀਆਂ, ਚਾਰ ਇਤਿਹਾਸਕ ਖੋਜ, ਦੋ ਇਤਿਹਾਸਕ ਜੀਵਨੀਆਂ ਅਤੇ ਸੰਪਾਦਨਾ ਨਾਲ ਸੰਬੰਧਿਤ ਪੁਸਤਕਾਂ ਤੋਂ ਬਾਅਦ ਹੱਥਲੀ ਗਿਆਰ੍ਹਵੀਂ ਕਿਤਾਬ ਹੈ। ਲੇਖਕ ਨੇ ਪੰਜਾਬ ਦੀ ਧਰਤੀ 'ਤੇ ਜੰਮੇ ਦੇਸ਼-ਪ੍ਰੇਮੀਆਂ, ਸਮਾਜਿਕ ਨਿਖਾਰ ਕਰਨ ਵਾਲੇ ਸੁਧਾਰਕਾਂ ਦੀ ਅਣਗਿਣਤ ਲੜੀ ਦਾ ਜ਼ਿਕਰ ਕੀਤਾ ਹੈ, ਜਿਸ ਦੀ ਝਲਕ ਇਸ ਕਿਤਾਬ ਵਿਚ ਮਿਲਦੀ ਹੈ। ਹੱਥਲੀ ਪੁਸਤਕ ਵਿਚ ਲੇਖਕ ਨੇ ਮਨਚਲੇ ਗ਼ਦਰੀ ਸ਼ਹੀਦ ਦਾ ਪਿੰਡ ਸਰਾਭਾ, ਪਰਜਾ ਮੰਡਲ ਦਾ ਮੁੱਢਲਾ ਪਿੰਡ ਠੀਕਰੀਵਾਲ, ਰੌਸ਼ਨੀ ਦੇ ਨਾਂਅ ਨਾਲ ਜਾਣਿਆ ਜਾਂਦਾ ਸ਼ਹਿਰ ਜਗਰਾਉਂ, ਗ਼ਦਰੀ ਬਾਬਾ ਰੂੜ ਸਿੰਘ ਦਾ ਪਿੰਡ ਚੂਹੜਚੱਕ, ਗ਼ਦਰੀ ਬਾਬਿਆਂ ਤੇ ਆਜ਼ਾਦੀ ਸੰਗਰਾਮੀਆਂ ਦਾ ਪਿੰਡ ਲਤਾਲਾ, ਗ਼ਦਰੀ ਬਾਬੇ ਬਚਿੱਤਰ ਸਿੰਘ ਤੇ ਨਰੈਣ ਸਿੰਘ ਦਾ ਪਿੰਡ ਨੱਥੋਵਾਲ, ਪਰਜਾ ਮੰਡਲ ਦੇ ਪ੍ਰਭਾਵ ਹੇਠਲਾ ਪਿੰਡ ਭੋਤਨਾ, ਮਾਲਵੇ ਦੇ ਪ੍ਰਸਿੱਧ ਡਾਕੂ ਮਿਲਖੀ ਸਿੰਘ ਕੁੰਭੜਵਾਲ ਨਾਲ ਮੁਲਾਕਾਤ, ਬੁੱਤ ਕਲਾ ਸਿਰਜਕ-ਤਾਰਾ ਸਿੰਘ ਰਾਏਕੋਟ ਨਾਲ ਮੁਲਾਕਾਤਾਂ ਦਰਜ ਕੀਤੀਆਂ ਹਨ। ਇਹ ਕਿਤਾਬ ਪਿੰਡਾਂ ਦਾ ਮੁੱਲਵਾਨ ਵਿਰਸਾ ਹੈ, ਜੋ ਸਾਨੂੰ ਅਤੀਤ ਨਾਲ ਜੋੜ ਕੇ ਅੱਜ ਦੇ ਸਵਾਲਾਂ ਦਾ ਉੱਤਰ ਲੱਭਣ ਲਈ ਆਖਦਾ ਹੈ। ਪੰਜਾਬ ਨੂੰ ਸਦਾ ਹੋਣੀਆਂ ਘੇਰਦੀਆਂ ਰਹੀਆਂ ਹਨ। ਇਨ੍ਹਾਂ ਹੋਣੀਆਂ ਨੂੰ ਲਲਕਾਰਨ ਵਾਲੇ ਬਹਾਦਰ ਲੋਕ ਕੌਣ ਸਨ? ਇਹ ਸਨ, ਕੱਚਿਆਂ ਘਰਾਂ, ਛੰਨਾਂ, ਢਾਰਿਆਂ ਵਿਚ ਰਹਿਣ ਵਾਲੇ ਸਾਡੇ ਪਿੰਡਾਂ ਦੇ ਪੁਰਖੇ ਜੋ ਇਸ ਬ੍ਰਹਿਮੰਡ ਵਿਚ ਆਪਣਾ ਅਣਲਿਖਿਆ ਇਤਿਹਾਸ ਛੱਡ ਗਏ। ਸਮੇਂ ਨੇ ਕਰਵਟ ਬਦਲੀ ਹੈ। ਇਨ੍ਹਾਂ ਮਹਾਨ ਲੋਕਾਂ ਨੂੰ ਪਿੰਡਾਂ ਦੀ ਮਿੱਟੀ ਵਿਚੋਂ ਫਰੋਲਿਆ ਜਾਣ ਲੱਗਾ ਹੈ। ਇਤਿਹਾਸ ਕੌਮ ਦਾ ਖ਼ਜ਼ਾਨਾ ਹੈ। ਵਰਤਮਾਨ ਕੌਮੀ ਸਪਿਰਟ ਇਤਿਹਾਸ ਵਿਚ ਜਮ੍ਹਾਂ ਪਈ ਹੈ। ਆਪਣੇ ਇਤਿਹਾਸ ਤੋਂ ਅਣਜਾਣ ਕੌਮਾਂ ਬੇ-ਗ਼ੈਰਤ ਤੇ ਸਤਿਆਹੀਣ ਹੋ ਜਾਂਦੀਆਂ ਹਨ। ਜਿਊਂਦੀਆਂ ਕੌਮਾਂ ਹੀ ਇਤਿਹਾਸ ਜਿਉਂਦਾ ਰੱਖਦੀਆਂ ਹਨ। ਇਹ ਕਿਤਾਬ ਸੁਤੰਤਰਤਾ ਸੰਗਰਾਮ ਨਾਲ ਜੋੜਦੀ ਹੈ, ਖ਼ਾਸ ਤੌਰ ਤੇ ਗ਼ਦਰ ਲਹਿਰ ਨਾਲ। ਗ਼ਦਰੀ ਬਾਬਿਆਂ ਦੀ ਗ਼ਦਰ ਲਹਿਰ ਸਰੋਤਾਂ ਦਾ ਸਰੋਤ ਹੈ। ਬਹੁਤੀਆਂ ਇਨਕਲਾਬੀ ਲਹਿਰਾਂ ਇਸ ਵਿਚੋਂ ਹੀ ਪਨਪਦੀਆਂ ਹਨ। ਆਜ਼ਾਦੀ ਸਾਰੇ ਭਾਰਤ ਨੂੰ ਮਿਲੀ ਪਰ ਆਰਾ ਪੰਜਾਬ ਦੇ ਸੀਨੇ 'ਤੇ ਚੱਲਿਆ। ਹੱਥਲੀ ਲਿਖਤ ਵਾਸਤੇ ਮਹੱਤਵਪੂਰਨ ਧਾਰਨਾ ਇਹ ਬਣਦੀ ਹੈ, ਕਿ ਸ. ਜਰਨੈਲ ਸਿੰਘ ਅੱਚਰਵਾਲ ਨੇ ਆਪਣੀਆਂ ਪੁਸਤਕਾਂ ਵਿਚ, ਆਪਣੇ ਜੀਵਨ ਦੇ ਮੌਲਿਕ ਅਨੁਭਵਾਂ ਦੇ ਆਧਾਰ 'ਤੇ, ਪ੍ਰਚੱਲਤ ਰਵਾਇਤੀ ਦ੍ਰਿਸ਼ਟੀਕੋਣਾਂ ਤੋਂ ਉੱਪਰ ਉੱਠ ਕੇ ਨਵੇਂ ਅਤੇ ਮੌਲਿਕ ਨੁਕਤੇ ਲੱਭੇ ਹਨ। ਬਹੁਤ ਥਾਵਾਂ 'ਤੇ ਇਕੋ ਨਾਂਅ ਦੇ ਪਿੰਡ ਨੇੜੇ-ਨੇੜੇ ਹੁੰਦੇ ਹਨ ਕਈਆਂ ਪਿੰਡਾਂ ਦੀ ਦੂਰੀ ਸੈਂਕੜੇ ਕਿਲੋਮੀਟਰ ਤੱਕ ਪਹੁੰਚ ਜਾਂਦੀ ਹੈ। ਇਨ੍ਹਾਂ ਦਾ ਆਪਸੀ ਸੰਬੰਧ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ। ਜਿਨ੍ਹਾਂ ਪਿੰਡਾਂ ਦੇ ਨਾਵਾਂ ਨਾਲ ਕਲਾਂ ਜਾਂ ਖੁਰਦ, ਵੱਡਾ ਜਾਂ ਛੋਟਾ ਲਾ ਦਿੱਤਾ ਜਾਂਦਾ ਹੈ, ਮਤਲਬ ਦੂਸਰਾ ਪਿੰਡ ਪਹਿਲੇ ਵਿਚੋਂ ਵਸਿਆ ਹੋਇਆ ਹੈ, ਪਰ ਦੂਰੀ ਵਾਲੇ ਪਿੰਡ ਦੀਆਂ ਪਰਤਾਂ ਵੀ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਜੁੜਦੀਆਂ ਹਨ।
ਜਿਵੇ ਸ਼ਾਮ ਸਿੰਘ ਅਟਾਰੀ ਦੇ ਪੁਰਖਿਆਂ ਦਾ ਪਿੰਡ ਕਾਉਂਕੇ ਨੇੜੇ ਜਗਰਾਉਂ ਸੀ। ਜਦ ਉਹ ਇੱਥੋਂ ਉੱਠ ਕੇ ਮਾਝੇ ਵੱਲ ਗਏ ਤਾਂ ਉਨ੍ਹਾਂ ਆਪਣਾ ਨਵਾਂ ਪਿੰਡ ਵਸਾ ਲਿਆ ਜਿਸ ਦਾ ਨਾਂਅ ਵੀ ਕਾਉਂਕੇ ਰੱਖਿਆ, ਜੋ ਅਟਾਰੀ ਦੇ ਨੇੜੇ ਮੌਜੂਦ ਹੈ। ਦੂਸਰਾ ਜਦ ਅੰਗਰੇਜ਼ੀ ਰਾਜ ਸਮੇਂ ਨਹਿਰਾਂ ਕੱਢ ਜੰਗਲਾਂ ਨੂੰ ਆਬਾਦ ਕੀਤਾ ਗਿਆ, ਜਿਸ ਨੂੰ ਬਾਰਾਂ ਕਿਹਾ ਜਾਂਦਾ ਹੈ। ਪੂਰਬੀ ਪੰਜਾਬ ਦੇ ਫ਼ੌਜੀਆਂ ਤੇ ਲੋਕਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ। ਉਨ੍ਹਾਂ ਪਿੰਡਾਂ ਦੇ ਨਾਂਅ ਵੀ ਮੋੜ੍ਹੀਗੱਡਾਂ ਨੇ ਆਪਣੇ ਪਿਛਲੇ ਪਿੰਡਾਂ ਦੇ ਨਾਵਾਂ ਉੱਤੇ ਹੀ ਰੱਖੇ। ਸੱਥ ਦੀ ਚਰਚਾ ਹਰ ਇਨਸਾਨ ਦੇ ਮਨੋਵਿਗਿਆਨ 'ਤੇ ਕਿਨ੍ਹਾਂ ਵੱਡਾ ਅਸਰ ਕਰਦੀ ਹੈ ਅਤੇ ਇਸੇ ਚਰਚਾ ਦਾ ਹਰ ਇਨਸਾਨ ਦੀ ਵਿਚਾਰਧਾਰਾ ਵਿਚ ਵੱਡਮੁੱਲਾ ਯੋਗਦਾਨ ਹੁੰਦਾ ਹੈ। ਸਮੁੱਚੀ ਕਿਤਾਬ ਨੂੰ ਸੋਹਜ ਦ੍ਰਿਸ਼ਟੀ ਨਾਲ ਵਾਚਿਆ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਪੰਜਾਬ ਦੇ ਪਿਛੋਕੜ ਨੂੰ ਬਹੁਤ ਡੂੰਘਾਈ ਨਾਲ ਅਤੇ ਬਹੁਪੱਖੀ ਪਹਿਲੂ ਤੋਂ ਵਾਚਣ ਉਪਰੰਤ ਪੰਜਾਬ ਦੀ ਬਹੁਤ ਖੁੱਲ੍ਹੀ ਝਲਕ ਦਿਖਾਈ ਹੈ, ਜਿਸ ਵਿਚ ਜਨਜੀਵਨ ਦੇ ਹਰ ਪੱਖ ਨੂੰ ਖੰਘਾਲਿਆ ਹੈ ਅਤੇ ਪੰਜਾਬ ਦੇ ਸਮੇਂ-ਸਮੇਂ ਸਿਰ ਸੱਭਿਆਚਾਰਕ ਸਿਆਸੀ ਅਤੇ ਪਿੰਡ ਪੱਧਰ 'ਤੇ ਆਏ ਬਦਲਾਅ ਦੀ ਵਿਆਖਿਆ ਕੀਤੀ ਹੈ।
ਅੱਚਰਵਾਲ ਨੇ ਅਤੀਤ ਨੂੰ ਫਰੋਲਦਿਆਂ ਪੁਰਾਤਨ ਸਮੇਂ ਦੇ ਸਮਾਜਿਕ ਤਾਣੇ ਬਾਣੇ, ਲੋਕਾਂ ਦੇ ਜੀਵਨ, ਉਨ੍ਹਾਂ ਦੇ ਕੰਮ ਧੰਦੇ ਅਤੇ ਸੋਚ ਵਿਚਾਰਾਂ ਨੂੰ ਵੀ ਇਤਿਹਾਸ ਦੇ ਰੂਪ ਵਿਚ ਕਲਮਬੰਦ ਕੀਤਾ ਹੈ। ਪਿੰਡ ਦਾ ਇਤਿਹਾਸ ਪੰਜਾਬ ਦੇ ਪੁਰਾਤਨ ਪੇਂਡੂ ਸਭਿਆਚਾਰ ਦਾ ਸ਼ੀਸ਼ਾ ਹੁੰਦਾ ਹੈ। । ਅੱਚਰਵਾਲ ਦਾ ਇਹ ਯਤਨ ਪਿੰਡਾਂ ਬਾਰੇ ਇਤਿਹਾਸ ਨੂੰ ਪੜ੍ਹਨ ਦੀ ਚੇਟਕ ਪੈਦਾ ਕਰਦਾ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਪਾਗਲ ਆਦਮੀ
ਲੇਖਕ : ਖ਼ਲੀਲ ਜਿਬਰਾਨ
ਅਨੁਵਾਦਕ : ਅਮਰਿੰਦਰ ਸੋਹਲ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਸਫ਼ੇ : 48
ਸੰਪਰਕ : 95016-60416
ਕਹਾਣੀਆਂ ਦੀ ਇਹ ਪੁਸਤਕ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਖਲੀਲ ਜ਼ਿਬਰਾਨ ਦੀਆਂ ਪ੍ਰਸਿੱਧ ਕਹਾਣੀਆਂ ਦਾ ਪੰਜਾਬੀ ਅਨੁਵਾਦ ਪੇਸ਼ ਕਰਦੀ ਹੈ। ਲੇਖਕ ਦੇ ਵਿਚਾਰ ਬਹੁਤ ਉੱਚੇ ਸੁੱਚੇ, ਪਵਿੱਤਰ, ਰਹੱਸਮਈ ਅਤੇ ਪ੍ਰਭਾਵਸ਼ਾਲੀ ਹਨ। ਉਹ ਲਿਖਦਾ ਹੈ ਕਿ ਰੱਬ ਹੀ ਮੇਰਾ ਉਦੇਸ਼ ਹੈ, ਰੱਬ ਹੀ ਮੇਰੀ ਸੰਪੂਰਨਤਾ ਹੈ, ਰੱਬ ਹੀ ਮੇਰਾ ਭੂਤ, ਵਰਤਮਾਨ ਅਤੇ ਭਵਿੱਖ ਹੈ। ਰੱਬ ਨੇ ਮੈਨੂੰ ਇਉਂ ਆਪਣੇ ਨਾਲ ਘੁੱਟਿਆ ਹੋਇਆ ਹੈ ਜਿਵੇਂ ਸਮੁੰਦਰ ਆਪਣੇ ਵੱਲ ਭੱਜੀ ਆਉਂਦੀ ਨਦੀ ਨੂੰ ਸੀਨੇ ਨਾਲ ਲਗਾ ਲੈਂਦਾ ਹੈ। ਇਨ੍ਹਾਂ ਕਹਾਣੀਆਂ ਵਿਚ ਡੂੰਘੇ ਅਰਥ ਅਤੇ ਰਮਜ਼ਾਂ ਛੁਪੀਆਂ ਹੋਈਆਂ ਹਨ। ਛੋਟੀਆਂ-ਛੋਟੀਆਂ ਕਹਾਣੀਆਂ ਵਿਚ ਵੱਡੇ-ਵੱਡੇ ਸੰਦੇਸ਼ ਲੁਕੇ ਹੋਏ ਹਨ। ਆਓ, ਕੁਝ ਝਲਕਾਂ ਮਾਣੀਏ:
ਮੇਰੀ ਆਤਮਾ ਅਤੇ ਮੈਂ ਇਕ ਵੱਡੇ ਸਮੁੰਦਰ ਵਿਚ ਨਹਾਉਣ ਲਈ ਗਏ। ਅਸੀਂ ਕਿਸੇ ਗੁਪਤ ਅਤੇ ਬੇਆਬਾਦ ਥਾਂ ਦੀ ਖੋਜ ਕਰਨ ਲੱਗੇ ਤਾਂ ਸਾਨੂੰ ਇਕ ਨਿਰਾਸ਼ਾਵਾਦੀ, ਇਕ ਆਸ਼ਾਵਾਦੀ, ਇਕ ਪਰਉਪਕਾਰੀ, ਇਕ ਰਹੱਸਵਾਦੀ ਇਕ ਆਦਰਸ਼ਵਾਦੀ ਅਤੇ ਕਿ ਯਥਾਰਥਵਾਦੀ ਮਿਲਿਆ। ਫਿਰ ਅਸੀਂ ਉਸ ਵੱਡੇ ਸਮੁੰਦਰ ਨੂੰ ਛੱਡ ਕੇ ਦੂਜੇ ਵਿਸ਼ਾਲ ਸਮੁੰਦਰ ਨੂੰ ਭਾਲਣ ਤੁਰ ਪਏ। ਇਥੇ ਮੈਂ ਆਪਣੇ ਭਾਈ 'ਪਹਾੜ' ਅਤੇ ਭੈਣ 'ਜਲਰਾਸ਼ੀ' ਦੇ ਵਿਚ ਬੈਠਾ ਹਾਂ। ਅਸੀਂ ਤਿੰਨੇ ਇਕਾਂਤ ਵਿਚ ਹਾਂ ਅਤੇ ਜਿਸ ਪਿਆਰ ਨੇ ਸਾਨੂੰ ਏਕਤਾ ਦੇ ਵਿਚ ਬੰਨ੍ਹ ਰੱਖਿਆ ਹੈ। ਉਹ ਡੂੰਘਾ, ਤਾਕਤਵਰ ਅਤੇ ਅਨੋਖਾ ਹੈ। ਅਫ਼ਕਾਰ ਨਾਮਕ ਸ਼ਹਿਰ ਵਿਚ ਇਕ ਨਾਸਤਿਕ ਅਤੇ ਇਕ ਆਸਤਿਕ ਰਹਿੰਦੇ ਸਨ। ਦੋਵਾਂ ਵਿਚ ਪਰਮਾਤਮਾ ਬਾਰੇ ਘੰਟਿਆਂਬੱਧੀ ਬਹਿਸ ਹੋਈ। ਉਸੇ ਸ਼ਾਮ ਆਸਤਿਕ ਤਾਂ ਨਾਸਤਿਕ ਬਣ ਗਿਆ ਅਤੇ ਨਾਸਤਿਕ ਆਸਤਿਕ ਬਣ ਗਿਆ। ਵਧੀਆ ਤਰਜਮੇ ਵਾਲੀ ਇਹ ਕਿਤਾਬ ਪੜ੍ਹਨਯੋਗ ਹੈ ਅਤੇ ਸੰਭਾਲਣਯੋਗ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਵਾਇਰਸ ਪੰਜਾਬ ਦੇ
ਕਵੀ : ਸੁਖਿੰਦਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 192
ਸੰਪਰਕ : 94638-36591
ਸੁਖਿੰਦਰ ਦੀ ਕਾਵਿ ਪੁਸਤਕ 'ਵਾਇਰਸ ਪੰਜਾਬ ਦੇ' ਸ਼ਾਇਰੀ ਦੀਆਂ ਬੁਲੰਦ ਆਵਾਜ਼ਾਂ ਸੁਲਤਾਨ ਬਾਹੂ, ਬੁੱਲ੍ਹੇ ਸ਼ਾਹ, ਸ਼ੇਖ਼ ਫ਼ਰੀਦ, ਕਬੀਰ, ਸ਼ਾਹ ਹੁਸੈਨ ਅਤੇ ਮੀਆਂ ਮੁਹੰਮਦ ਬਖ਼ਸ਼ ਨੂੰ ਸਮਰਪਿਤ ਹੈ। ਇਸ ਕਾਵਿ ਪੁਸਤਕ ਵਿਚ ਕੁੱਲ 81 ਕਾਵਿਤਾਵਾਂ ਦਰਜ ਹਨ। ਕਵੀ ਕੈਨੇਡਾ ਦੀ ਧਰਤੀ 'ਤੇ ਵਸਦਾ ਹੈ। ਉਸ ਨੇ ਇਸ ਕਾਵਿ ਪੁਸਤਕ ਵਿਚ ਪੰਜਾਬ ਵਿਚ ਫੈਲੀਆਂ ਬਹੁਤ ਸਾਰੀਆਂ ਗ਼ਲਤ ਪ੍ਰਥਾਵਾਂ ਅਤੇ ਗ਼ੈਰ-ਅਨੁਸ਼ਾਸਨੀ ਗ਼ੈਰ-ਸਿਧਾਂਤਕ ਮਾਨਵੀ ਵਿਹਾਰ ਦੀਆਂ ਪਰਤਾਂ ਖੋਲ੍ਹੀਆਂ ਹਨ। ਕਵੀ ਦੀ ਸੁਰ ਵਿਅੰਗਾਤਮਿਕ ਹੈ, ਜਿਸ ਵਿਚ ਉਸ ਨੇ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦੇ ਨਾਂਅ ਉੱਪਰ ਲਿਖੇ ਜਾਣ ਵਾਲੇ ਗ਼ੈਰ-ਮਿਆਰੀ ਸਾਹਿਤ, ਸਾਹਿਤ ਸਭਾਵਾਂ ਵਲੋਂ ਕਰਵਾਏ ਜਾਂਦੇ ਹਲਕੇ ਪੱਧਰ ਦੇ ਸਾਹਿਤਕ ਪ੍ਰੋਗਰਾਮਾਂ ਬਾਰੇ ਤਨਜ਼ਾਂ ਕੱਸੀਆਂ ਹਨ। ਰਾਜਨੀਤਕ ਖੇਤਰ ਵਿਚ ਦੇਸ਼ ਸੇਵਾ ਦੇ ਨਾਂਅ 'ਤੇ ਆਪਣੇ ਘਰ ਭਰਨ ਵਾਲੇ ਲੀਡਰਾਂ ਨੂੰ ਕਵੀ ਖੂਬ ਭੰਡਦਾ ਹੈ। ਉਨ੍ਹਾਂ ਦੁਆਰਾ ਕੀਤੇ ਜਾਂਦੇ ਵਿਖਾਵੇ ਦੁੰਭ ਅਤੇ ਪਾਖੰਡ ਨੂੰ ਪਾਠਕਾਂ ਸਾਹਮਣੇ ਲਿਆਉਂਦਾ ਹੈ। ਕੁਝ ਰਾਜਨੀਤਕ ਨੇਤਾ ਕੁਰਸੀ ਪ੍ਰਾਪਤ ਕਰਨ ਲਈ ਵੋਟਰਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ, ਇਹ ਵੀ ਇਕ ਕੌੜਾ ਸੱਚ ਕਵੀ ਨੇ ਪੇਸ਼ ਕੀਤਾ ਹੈ। ਵਿੱਦਿਆ ਦੇ ਖੇਤਰ ਵਿਚ, ਕਾਨੂੰਨ ਦੇ ਖੇਤਰ ਵਿਚ ਧਾਰਮਿਕ ਸਥਾਨਾਂ ਵਿਚ ਭੇਖ ਪਾਖੰਡ ਵਿਖਾਵਾ ਸਭ ਕਵੀ ਨੂੰ ਨਿਰਾਸ਼ ਕਰਦਾ ਹੈ। ਉਹ ਬੜੇ ਹਿੰਮਤ ਤੇ ਹੌਸਲੇ ਨਾਲ ਪੰਜਾਬ ਦੇ ਇਸ ਦੁੱਖ ਦਾ ਕਵਿਤਾਵਾਂ ਰਾਹੀਂ ਬਿਆਨ ਕਰਦਾ ਹੈ। ਪੰਜਾਬ ਦੀ ਲੋਕ ਗਾਇਕੀ ਦਾ ਡਿਗਦਾ ਮਿਆਰ, ਗ਼ੈਂਗਸਟਰਵਾਦ ਦਾ ਵਧਦਾ ਫੈਸ਼ਨ, ਹਥਿਆਰ ਅਤੇ ਨਸ਼ਿਆਂ ਦਾ ਗੀਤਾਂ ਵਿਚ ਪ੍ਰਚਾਰ ਕਵੀ ਨੂੰ ਦੁਖੀ ਕਰਦਾ ਹੈ।
ਕਵੀ ਨੇ ਸੋਸ਼ਲ ਮੀਡੀਆ ਰਾਹੀਂ ਸਾਹਿਤ ਦੇ ਹੁੰਦੇ ਪ੍ਰਚਾਰ ਪ੍ਰਸਾਰ, ਜੂਮ ਮੀਟਿੰਗ ਪ੍ਰਤੀ ਵੀ ਨਕਾਰੂ ਸੋਚ ਪ੍ਰਗਟਾਈ ਹੈ। ਇਹ ਠੀਕ ਹੈ ਕਿ ਪੰਜਾਬ ਵਿਚ ਬਹੁਤਾ ਕੁਝ ਸਾਹਿਤ, ਰਾਜਨੀਤੀ, ਵਿੱਦਿਆ, ਧਰਮ, ਮੀਡੀਆ ਦੇ ਖੇਤਰ ਵਿਚ ਨਿੰਦਣਯੋਗ ਹੈ ਪਰ ਲੇਖਕ ਨੇ ਕਿਤੇ ਵੀ ਪਾਠਕ ਨੂੰ ਆਸ ਦੀ ਕਿਰਨ ਨਹੀਂ ਦਿਖਾਈ। ਕਿਸੇ ਵੀ ਸਾਹਿਤਕਾਰ ਦਾ ਫ਼ਰਜ਼ ਹੈ ਕਿ ਚੁਫੇਰੇ ਕੁਝ ਗ਼ਲਤ ਹੋਵੇ ਤਾਂ ਉਂਗਲ ਉਠਾਵੇ ਪਰ ਬਹੁਤ ਕੁਝ ਗ਼ਲਤ ਵਿਚੋਂ ਵੀ ਕੁਝ ਚੰਗਾ ਹੋ ਸਕਦਾ ਹੈ। ਇਸ ਪ੍ਰਤੀ ਕਵੀ ਸੁਖਿੰਦਰ ਨੇ ਕੋਈ ਰੁਚੀ ਨਹੀਂ ਦਿਖਾਈ, ਸਮੁੱਚੇ ਤੌਰ 'ਤੇ ਇਹ ਕਾਵਿ ਪੁਸਤਕ ਤਸਵੀਰ ਦਾ ਇਕ ਰੁੱਖ ਪ੍ਰਗਟਾਉਂਦੀ ਹੈ। ਕਵੀ ਦੀ ਚਿੰਤਾ ਜਾਇਜ਼ ਹੈ, ਪਾਠਕ ਇਸ ਪੁਸਤਕ ਨੂੰ ਪੜ੍ਹ ਕੇ ਸਮੁੱਚੇ ਵਰਤਾਰਿਆਂ ਪ੍ਰਤੀ ਸੋਚਣ ਲਈ ਮਜਬੂਰ ਵੀ ਹੁੰਦੇ ਹਨ, ਕਵੀ ਨੇ ਖੁੱਲ੍ਹੀਆਂ ਕਵਿਤਾਵਾਂ ਰਾਹੀਂ ਲੋਕ ਮਸਲਿਆਂ ਨੂੰ ਸਰਲ ਸਾਦੇ ਢੰਗ ਨਾਲ ਪ੍ਰਗਟ ਕੀਤਾ ਹੈ।
-ਪ੍ਰੋ. ਕੁਲਜੀਤ ਕੌਰ
ਜਿਸ ਦਿਨ ਕਵਿਤਾ ਗੁਆਚ ਜਾਏਗੀ
ਲੇਖਕ : ਜੈਪਾਲ
ਪ੍ਰਕਾਸ਼ਕ : ਕੈਫੇ ਵਰਲਡ, ਮੰਡੀ ਕਲਾਂ, ਜਲੰਧਰ, ਬਠਿੰਡਾ
ਮੁੱਲ : 199 ਰੁਪਏ, ਸਫ਼ੇ : 72
ਸੰਪਰਕ : 094666-10508
ਜੈਪਾਲ ਸੂਖਮ ਭਾਵੀ ਬੌਧਿਕ ਮੁਹਾਵਰੇ ਦਾ ਸ਼ਾਇਰ ਹੈ ਤੇ ਅੱਜਕਲ੍ਹ ਸਿੱਖਿਆ ਵਿਭਾਗ ਪੰਜਾਬ ਤੋਂ ਸੇਵਾਮੁਕਤ ਹੋ ਕੇ ਅੰਬਾਲਾ (ਹਰਿਆਣਾ) ਵਿਖੇ ਰਹਿ ਰਿਹਾ ਹੈ। ਸ਼ਾਇਰ ਮੂਲ ਰੂਪ ਵਿਚ ਹਿੰਦੀ ਦਾ ਸ਼ਾਇਰ ਹੈ, ਜਿਸ ਦੀਆਂ ਹਿੰਦੀ ਨਜ਼ਮਾਂ ਨੂੰ ਜਗਤਾਰ ਗਿੱਲ ਨੇ ਪੰਜਾਬੀ ਵਿਚ ਅਨੁਵਾਦ ਕਰਕੇ 'ਜਿਸ ਦਿਨ ਕਵਿਤਾ ਗੁਆਚ ਜਾਵੇਗੀ', ਕਾਵਿ ਸੰਗ੍ਰਹਿ ਦੇ ਰੂਪ ਵਿਚ ਪੰਜਾਬੀ ਪਾਠਕਾਂ ਦੇ ਰੂਬਰੂ ਕੀਤਾ ਹੈ। ਅਨੁਵਾਦ ਤਾਂ ਬਾਕਮਾਲ ਹੈ ਤੇ ਕਿਤੇ ਵੀ ਇਹ ਭੁਲੇਖਾ ਨਹੀਂ ਪੈਂਦਾ ਕਿ ਇਹ ਅਨੁਵਾਦਿਤ ਨਜ਼ਮਾਂ ਹਨ ਬਸ ਪੰਜਾਬੀ ਦੀਆਂ ਹੀ ਨਜ਼ਮਾਂ ਲਗਦੀਆਂ ਹਨ। ਸ਼ਾਇਰ ਨੇ ਕੋਈ ਬੌਧਿਕ ਮਸ਼ਕ ਨਹੀਂ ਕੀਤੀ, ਸਗੋਂ ਜ਼ਿੰਦਗੀ ਨਾਲ ਵੰਗਾਰਿਆ ਹੈ। ਸਮੇਂ ਦਾ ਤਾਨਾਸ਼ਾਹ ਕਾਰਪੋਰੇਟ ਸੈਕਟਰ ਦੇ ਰੀਮੋਟ ਕੰਟਰੋਲ ਨਾਲ ਚਲਦਿਆਂ ਅਜਿਹਾ ਆੜ੍ਹਤੀਆ ਬਣ ਗਿਆ ਹੈ ਜੋ ਅਸਾਡੀ ਜ਼ਿੰਦਗੀ ਦੀ ਫ਼ਸਲ ਨੂੰ ਜੋ ਭੂਤਰਿਆ ਸਾਨ੍ਹ ਬੁਰਕ ਮਾਰ ਰਿਹਾ ਹੈ, ਨੂੰ ਨੱਥ ਪਾਉਣ ਲਈ ਆਪਣਾ ਕਾਵਿ ਧਰਮ ਨਿਭਾਅ ਰਿਹਾ ਹੈ। ਇਸ ਮੁਨਾਫ਼ੇ ਦੀ ਮੰਡੀ ਵਿਚ ਤਾਨਾਸ਼ਾਹ ਜੁਗਾੜ ਲਗਾ ਕੇ 'ਜੰਗ' ਜਗਾਉਣ ਦੀ ਜੁਗਤ ਵਰਤਦਾ ਹੈ, ਇਸ ਜੰਗ ਵਿਚ ਤਾਨਾਸ਼ਾਹ ਤਾਂ ਜਲ ਰਹੇ ਰੋਮ ਤੇ ਨੀਰੋ ਵਾਂਗ ਬੰਸਰੀ ਵਜਾਉਣ ਦੀ ਕਵਾਇਦ ਕਰਦਾ ਹੈ। ਜੰਗ ਵਿਚ ਮਾਵਾਂ ਦੇ ਪੁੱਤਾਂ ਨੂੰ ਤੋਪਾਂ ਦਾ ਚਾਰਾ ਬਣਾਇਆ ਜਾਂਦਾ ਹੈ ਤੇ ਕੁਝ ਜੰਗ ਤੋਂ ਬਾਅਦ ਬਚਦਾ ਹੈ, ਵਿਭਿੰਨ ਸਰੋਕਾਰਾਂ ਨਾਲ ਦਸਤਪੰਜਾ ਲੈਂਦਾ ਹੋਇਆ ਸ਼ਾਇਰ ਸਵਾਲ ਖੜ੍ਹਾ ਕਰਦਾ ਹੈ, ਕੋਇਲ ਦੀ ਕੂਕ ਤੇ ਜੰਗਲ ਵਿਚ ਅਠਖੇਲੀਆਂ ਭਰਦੀ ਗਲਹਿਰੀ ਦਾ ਮਾਸੂਮ ਬੱਚਾ ਕਿਵੇਂ ਬਚ ਸਕਦਾ ਹੈ। ਸ਼ਾਇਰ ਆਪੋ-ਆਪਣੇ ਭਗਵਾਨਾਂ ਨੂੰ ਵੀ ਮੇਹਣਾ ਮਾਰਦਾ ਹੈ ਕਿ ਟੁਕੜੇ-ਟੁਕੜੇ ਹੋਇਆ ਖੌਫ਼ਜ਼ਦਾ ਆਦਮੀ ਅਖੰਡ ਰਾਸ਼ਟਰ ਦੀ ਡਾਇਨਾਸੋਰੀ ਚਿੰਘਾੜ, ਧਰਮ, ਸੰਸਕ੍ਰਿਤੀ ਤੇ ਇਤਿਹਾਸ ਦਾ ਨਕਾਬ ਓੜੀ ਮਗਰਮੱਛ ਦੇ ਜਬਾੜੇ ਤੋਂ ਕਦੋਂ ਬਚਾਏਗਾ। ਉਹ ਸ਼ਾਇਰਾਂ ਨੂੰ ਵੀ ਸਵਾਲ ਖੜ੍ਹਾ ਕਰਦਾ ਹੈ ਕਿ ਇਹ ਠੀਕ ਹੈ ਕਿ ਕਿਤਾਬਾਂ ਚਾਨਣ ਵੰਡਦੀਆਂ ਹਨ ਪਰ ਚਾਨਣ ਵੰਡਦੀਆਂ ਕਿਤਾਬਾਂ ਕਦੋਂ ਲਿਖੋਗੇ, ਉਹ ਸਿਆਸੀ ਘੜੰਮ ਚੌਧਰੀਆਂ ਦੇ ਵੀ ਬਖੀਏ ਉਧੇੜਦਾ ਹੈ ਕਿ ਚੋਣਾਂ ਵੇਲੇ ਦਲਿਤਾਂ ਦੇ ਘਰ ਰੋਟੀ ਖਾਣ ਦਾ ਪਾਖੰਡ ਰਚਦੇ ਹਨ ਪਰ ਰਾਮ ਵਲੋਂ ਭੀਲਣੀ ਦੇ ਬੇਰ ਖਾਣ ਪਿਛੋਂ ਉਹੀ ਸ਼ੰਭੂਕ ਰਿਸ਼ੀ ਦੇ ਕਾਤਲ ਬਣਦੇ ਹਨ। ਕੋਰੋਨਾ ਕਾਲ ਵੇਲੇ ਆਪਣੇ ਹੀ ਦੇਸ਼ ਵਿਚ ਪ੍ਰਦੇਸੀ ਬਣੇ ਮਜ਼ਦੂਰਾਂ ਦੀਆਂ ਦੁਸ਼ਵਾਰੀਆਂ ਦਾ ਮਾਰਮਿਕ ਬਿਆਨ ਕਰਦਾ ਹੈ। ਕਿਤਾਬ ਦੇ ਅਖੀਰ ਵਿਚ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਵਾਲਿਆਂ 'ਤੇ ਵੀ ਸਵਾਲ ਖੜ੍ਹੇ ਕਰਦਾ ਹੈ ਕਿ ਨਵੇਂ ਸਾਲ ਨੂੰ ਕਿਉਂ ਜੀ ਆਇਆਂ ਆਖੀਏ ਜਦੋਂ ਕਿ ਕੈਲੰਡਰ ਤੇ ਸਾਲ ਹੀ ਬਦਲਦਾ ਹੈ, ਹੋਰ ਕੁਝ ਤਾਂ ਨਹੀਂ ਬਦਲਦਾ। ਸ਼ਾਇਰ ਨੂੰ ਤਾਨਾਸ਼ਾਹ ਦੀ ਘੰਡੀ ਤੇ ਅੰਗੂਠਾ ਰੱਖਣ ਵਾਲੀਆਂ ਨਜ਼ਮਾਂ ਨੂੰ ਸਲਾਮ ਤਾਂ ਕਰਨਾ ਹੀ ਬਣਦਾ ਹੈ।
c c c
ਰੁੱਸ ਜਾਵੇ ਨਾ ਬਹਾਰ
ਲੇਖਕ : ਬਿੱਕਰ ਸਿੰਘ ਐਸ਼ੀ ਕੰਮੇਆਣਾ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨ ਦਿੱਲੀ
ਮੁੱਲ : 275 ਰੁਪਏ, ਸਫ਼ੇ : 104
ਸੰਪਰਕ : 098732-37223
ਸ਼ਾਇਰ ਬਿੱਕਰ ਸਿੰਘ ਐਸ਼ੀ ਕੰਮੇਆਣਾ ਆਪਣੇ ਹੱਥਲੇ ਗੀਤ ਸੰਗ੍ਰਹਿ 'ਰੁੱਸ ਜਾਵੇ ਨਾ ਬਹਾਰ' ਤੋਂ ਪਹਿਲਾਂ ਵੀ ਗੀਤ ਸੰਗ੍ਰਹਿ 'ਗੁੜ ਨਾਲੋਂ ਇਸ਼ਕ ਮਿੱਠਾ', 'ਵਿਦਿਆਰਥੀ ਸੰਘਰਸ਼ ਦਾ ਸੁਰਖ ਇਤਿਹਾਸ ਤੇ ਮੇਰੀ ਹੱਡ ਬੀਤੀ' ਅਤੇ ਦੋ ਨਾਵਲ 'ਬਿਨ ਖੰਭਾਂ ਪਰਵਾਜ਼', 'ਉਡਨ ਖਟੋਲਾ ਉਡਦਾ ਰਿਹਾ', 'ਇਤਿਹਾਸਕ ਮੋਗਾ ਘੋਲ ਦੇ ਜੁਝਾਰੂ ਪੰਨੇ' ਤੋਂ ਇਲਾਵਾ 'ਮੇਰੀ ਕਲਮ ਮੇਰੀ ਸੋਚ' ਰਾਹੀਂ ਸਾਹਿਤ ਜਗਤ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਦਾ ਗਰਾਂ 'ਕੰਮੇਆਣਾ' ਗੀਤਕਾਰਾਂ ਦੀ ਜਰਖੇਜ਼ ਭੂਮੀ ਹੈ, ਜਿਸ ਨੇ ਅਨੇਕਾਂ ਗੀਤਕਾਰਾਂ ਨੂੰ ਸਰੋਤਿਆਂ ਅਤੇ ਪਾਠਕਾਂ ਦੇ ਰੂਬਰੂ ਕੀਤਾ ਹੈ। ਸ਼ਾਇਰ ਕੈਲੇਫੋਰਨੀਆ (ਅਮਰੀਕਾ) ਦਾ ਪੱਕਾ ਵਸਨੀਕ ਬਣ ਚੁੱਕਿਆ ਹੈ, ਜਿਸ ਕਾਰਨ ਗਲੋਬਲੀ ਚੇਤਨਾ ਨਾਲ ਲੈਸ ਹੋ ਜਾਣਾ ਸੁਭਾਵਿਕ ਹੀ ਹੈ। ਸ਼ਾਇਰ ਪਾਪੂਲਰ ਸ਼ਾਇਰੀ, ਕੈਸਿਟ ਕਲਚਰ ਅਤੇ ਸਟੇਜੀ ਰੁਮਾਂਟਿਕਤਾ ਦੇ ਗਾਡੀਰਾਹ ਤੇ ਚਲਦਾ ਹੋਇਆ ਨਜ਼ਰ ਆਉਂਦਾ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਗੀਤ ਸੰਗ੍ਰਹਿ ਦੇ ਨਾਂਅ 'ਰੁੱਸ ਜਾਵੇ ਨਾ ਬਹਾਰ' ਤੋਂ ਅਸਾਡੇ ਹੱਥ ਸਹਿਜੇ ਹੀ ਆ ਜਾਂਦੀ ਹੈ। ਜਿਵੇਂ ਸਾਲ ਭਰ ਹੋਰ ਰੁੱਤਾਂ ਆਉਂਦੀਆਂ ਹਨ, ਉਨ੍ਹਾਂ ਵਿਚੋਂ ਬਸੰਤ ਰੁੱਤ ਨੂੰ ਮੀਰੀ ਰੁੱਤ ਕਿਹਾ ਗਿਆ ਹੈ, ਜਿਸ ਵਿਚ ਬਹਾਰ ਵੀ ਜੀਵਨ ਦੀ ਇਕ ਰੁੱਤ ਹੀ ਹੈ ਤੇ ਇਸ ਨੂੰ ਰੁੱਸਣ ਨਾ ਦੇਣਾ ਵੀ ਜੀਵਨ ਜਾਚ ਦਾ ਹਿੱਸਾ ਹੈ। ਇਸ ਰੋਸੇ ਤੋਂ ਬਚਣ ਲਈ ਸ਼ਾਇਰ ਤਰੰਗਤੀ ਮੁਹੱਬਤ ਦੀ ਕਲਮਕਾਰੀ ਕਰਦਾ ਹੈ, ਜਿਥੇ ਰੋਸੇ, ਮੇਹਣੇ, ਮੰਨਣ ਮਨਾਉਣ ਅਤੇ ਆਪਣੀ ਮਾਸ਼ੂਕ ਦੀ ਸਿਫ਼ਤ ਕਰਨ ਲਈ ਹਮੇਸ਼ਾ ਤਤਪਰ ਰਹਿਣਾ ਪੈਂਦਾ ਹੈ। ਸ਼ਾਇਰ ਦੀ ਸ਼ਾਇਰੀ ਨੂੰ ਨਾਮਵਰ ਗੀਤਕਾਰਾਂ ਨੇ ਸਾਜ਼ ਤੇ ਆਵਾਜ਼ ਨਾਲ ਸਰੋਤਿਆਂ ਦੇ ਰੂਬਰੂ ਕੀਤਾ ਹੈ। ਸ਼ਾਇਰ ਪੰਜਾਬੀ ਮਾਂ ਬੋਲੀ ਨੂੰ ਜਾਨੂੰਨ ਦੀ ਹੱਦ ਤੱਕ ਪਿਆਰ ਕਰਦਾ ਹੈ ਤੇ ਹੋਰ ਵਿਭਿੰਨ ਸਰੋਕਾਰਾਂ ਨਾਲ ਦਸਤਪੰਜਾ ਲੈਂਦਾ ਹੋਇਆ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਤੇ ਹੰਝੂ ਵੀ ਵਰ੍ਹਾਉਂਦਾ ਹੈ ਤੇ ਇਸ ਨੂੰ ਠੱਲ੍ਹਣ ਲਈ ਆਪਣਾ ਕਾਵਿਕ ਧਰਮ ਵੀ ਨਿਭਾਉਂਦਾ ਹੈ। ਜੇਕਰ ਗੀਤਕਾਰ, ਗੀਤਕਾਰੀ ਤੋਂ ਵਿਥ ਸਿਰਜ ਕੇ ਸਾਹਿਤ ਦੇ ਪਿੜ ਅੰਦਰ ਆਉਣ ਲਈ ਸਮਕਾਲੀ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰਨ ਉਪਰ ਆਪਣਾ ਸਥਾਨ ਨਿਸ਼ਚਿਤ ਕਰ ਲਵੇ ਤਾਂ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
-ਭਗਵਾਨ ਢਿੱਲੋਂ
ਮੋਬਾਈਲ : 098143-78254
ਗੀਨੂੰ ਗਾਂ
ਲੇਖਿਕਾ : ਰਮਨਪ੍ਰੀਤ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 80 ਰੁਪਏ, ਸਫ਼ੇ : 24
ਸੰਪਰਕ : 98152-43917
'ਗੀਨੂੰ ਗਾਂ' ਬਾਲ ਪੁਸਤਕ ਵਿਚ ਕੁੱਲ ਚੌਵੀ ਬਾਲ ਕਵਿਤਾਵਾਂ ਅਤੇ ਗੀਤ ਹਨ। ਲੇਖਿਕਾ ਵਿਦਿਆਰਥਣ ਹੋਣ ਕਰਕੇ ਉਸ ਨੇ ਜ਼ਿਆਦਾ ਵਿਸ਼ੇ ਆਪਣੇ ਆਸੇ-ਪਾਸੇ ਤੋਂ ਭਾਵ ਸਕੂਲ ਅਤੇ ਘਰ ਵਿਚੋਂ ਹੀ ਲਏ ਹਨ ਜਿਵੇਂ: 'ਰੁੱਖ, ਅੰਬ, ਮੇਰਾ ਬਸਤਾ, ਮਾਂ, ਤਿੱਤਲੀ, ਮੇਰਪਾਪਾ, ਗਾਂ, ਕਾਰ, ਤੋਤਾ, ਕੀੜੀ, ਦੀਵਾਲੀ, ਕਿਤਾਬਾਂ, ਫਰਾਕ, ਪੈੱਨ, ਆਦਿ। ਲੇਖਿਕਾ ਵਿਦਿਆਰਥਣ ਹੋਣ ਕਰਕੇ ਭਾਸ਼ਾ ਬਹੁਤ ਹੀ ਸਰਲ ਠੇਠ ਅਤੇ ਬਾਲਾਂ ਦੇ ਹਾਣ ਦੀ ਹੀ ਵਰਤੀ ਗਈ ਹੈ। ਉਮਰ ਦੇ ਹਿਸਾਬ ਨਾਲ ਫੇਰ ਵੀ ਚੰਗੀਆਂ ਬਾਲ ਕਵਿਤਾਵਾਂ ਅਤੇ ਗੀਤ ਲਿਖੇ ਹਨ ਜਿਵੇਂ:-
-ਰੁੱਖ-
ਠੰਢੀ-ਠੰਢੀ ਹਵਾ ਨੇ ਦਿੰਦੇ,
ਮਿੱਠੇ-ਮਿੱਠੇ ਫਲ਼ ਵੀ ਦਿੰਦੇ।
ਆਕਸੀਜਨ ਦੀ ਸਭ ਨੂੰ ਭੁੱਖ,
ਰੁੱਖ ਦਾ ਸਭ ਤੋਂ ਚੰਗਾ ਸੁੱਖ।
ਰੁੱਖ ਨੇ ਠੰਢੀ ਛਾਂ ਦਿੰਦੇ,
ਮਹਿਕਾਂ ਵਾਲੇ ਫੁੱਲ ਨੇ ਦਿੰਦੇ।
ਦੁਨੀਆ 'ਤੇ ਨੇ ਬਹੁੁਤ ਹੀ ਰੁੱਖ,
ਰੁੱਖ ਦਾ ਸਭ ਤੋਂ ਚੰਗਾ ਸੁੱਖ।
ਏਵੇਂ ਹੀ 'ਕੀੜੀ' ਬਾਰੇ ਬਹੁਤ ਹੀ ਪਿਆਰੀ ਕਵਿਤਾ ਲਿਖੀ ਹੈ:-
ਕੀੜੀ ਦਾ ਰੰਗ ਭੂਰਾ ਹੈ,
ਕੰਮ ਕਰਦੀ ਰਹਿੰਦੀ ਦਿਨ ਪੂਰਾ।
ਦਾਣਾ ਲੈ ਕੇ ਜਦ ਉਹ ਚਲਦੀ,
ਮੈਨੂੰ ਬਹੁਤ ਹੀ ਸੋਹਣੀ ਲਗਦੀ।
ਛੋਟਾ ਹੈ ਉਹਦਾ ਕੱਦ,
ਦੋ ਦਾਣੇ ਲੈਂਦੀ ਮੂੰਹ ਵਿਚ ਲੱਦ।
ਦਾਣਾ ਲੈ ਕੇ ਜਦ ਉਹ ਕੰਧ 'ਤੇ ਚੜ੍ਹਦੀ,
ਸੌ ਵਾਰ ਚੜ੍ਹਦੀ ਸੌ ਵਾਰ ਡਿੱਗਦੀ,
ਡਿੱਗ ਕੇ ਉਹ ਹੌਸਲਾ ਨਾ ਛੱਡਦੀ,
ਆਖਿਰ ਉਹ ਮੰਜ਼ਿਲ ਜਾ ਫੜ੍ਹਦੀ।
ਢੁਕਵੇਂ ਚਿੱਤਰਾਂ ਨੇ ਰਚਨਾਵਾਂ ਨੂੰ ਹੋਰ ਵੀ ਚਾਰ ਚੰਨ ਲਾਏ ਹੋਏ ਹਨ। ਸਾਰੀਆਂ ਰਚਨਾਵਾਂ ਬਾਲਾਂ ਦਾ ਜਿੱਥੇ ਮਨੋਰੰਜਨ ਕਰਦੀਆਂ ਹਨ, ਉਥੇ ਸੁਭਾਵਿਕ ਹੀ ਸਿੱਖਿਆ ਵੀ ਦਿੰਦੀਆਂ ਹਨ। ਨਵੀਂ ਬਾਲ ਲੇਖਿਕਾ ਤੇ ਪਹਿਲਾ ਉਪਰਾਲਾ ਹੋਣ ਕਰਕੇ ਵਜ਼ਨ ਤੋਲ ਤੁਕਾਂਤ ਦੀਆਂ ਕੁਝ ਕੁ ਕਮੀਆਂ ਹਨ ਪਰ ਫਿਰ ਵੀ ਇਸ ਬੱਚੀ ਵਿਚ ਭਵਿੱਖ ਦੀਆਂ ਸ਼ਾਨਦਾਰ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ। ਮੈਂ ਇਨ੍ਹਾਂ ਦੇ ਅਧਿਆਪਕਾਂ ਨੂੰ ਬੇਨਤੀ ਕਰਾਂਗਾ ਕਿ ਪੁਸਤਕ ਦਾ ਖਰੜਾ ਆਪਣੇ ਇਲਾਕੇ ਦੇ ਕਿਸੇ ਨਾਮਵਰ ਬਾਲ ਸਾਹਿਤਕਾਰ ਨੂੰ ਜ਼ਰੂਰ ਪੜ੍ਹਾ ਲਿਆ ਕਰੋ ਪਰ ਫਿਰ ਵੀ ਮੈਂ ਇਨ੍ਹਾਂ ਬੱਚਿਆਂ ਦੇ ਸਕੂਲ ਅਧਿਆਪਕਾਂ ਦੀ ਪ੍ਰਸ਼ੰਸ਼ਾ ਕਰਦਾ ਹਾਂ, ਜਿਹੜੇ ਬਾਲਾਂ ਅੰਦਰ ਛੁਪੀ ਲਿਖਣ ਕਲਾ ਨੂੰ ਉਜਾਗਰ ਕਰਨ ਵਿਚ ਸਹਾਈ ਹੁੰਦੇ ਹਨ। ਬੱਚੀ ਵਲੋਂ ਐਨੀ ਛੋਟੀ ਉਮਰ ਵਿਚ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਸ਼ਾਨਦਾਰ ਪੁਸਤਕ ਪਾਈ ਹੈ ਮੈਂ ਸ਼ਾਬਾਸ਼ ਦਿੰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਦੋ ਦੂਣੀ ਚਾਰ
ਲੇਖਕ : ਅਮਰੀਕ ਸਿੰਘ ਢੀਂਡਸਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 48
ਸੰਪਰਕ : 94635-39590
ਪੰਜਾਬੀ ਪੱਤਰਕਾਰੀ ਅਤੇ ਧਾਰਮਿਕ ਗੀਤਕਾਰੀ ਦੇ ਖੇਤਰਾਂ ਵਿਚ ਜਾਣੇ-ਪਛਾਣੇ ਜਾਂਦੇ ਅਮਰੀਕ ਸਿੰਘ ਢੀਂਡਸਾ ਨੇ ਹੁਣ ਬਾਲ ਸਾਹਿਤ ਦੇ ਖੇਤਰ ਵੱਲ ਵੀ ਆਪਣੀ ਕਲਮ ਦਾ ਰੁਖ਼ ਮੋੜਿਆ ਹੈ, ਜਿਸ ਦੀ ਪੰਜਾਬੀ ਭਾਸ਼ਾ ਵਿਚ ਆਮ ਤੌਰ 'ਤੇ ਘਾਟ ਰੜਕਦੀ ਆ ਰਹੀ ਹੈ। ਉਸ ਨੇ ਆਪਣੇ ਤਾਜ਼ਾਤਰੀਨ ਪ੍ਰਕਾਸ਼ਿਤ ਪਲੇਠੇ ਬਾਲ ਕਾਵਿ ਸੰਗ੍ਰਹਿ 'ਦੋ ਦੂਣੀ ਚਾਰ' ਵਿਚ ਮੁੱਢ ਕਦੀਮਾਂ ਤੋਂ ਬਾਲ ਮਨਾਂ ਦਾ ਪ੍ਰਚਾਵਾ ਕਰਦੇ ਆ ਰਹੇ ਅਤੇ ਗਿਆਨ-ਵਿਗਿਆਨ ਦੀ ਚਾਸ਼ਨੀ ਵਾਲੇ ਆਧੁਨਿਕ ਵਿਸ਼ਿਆਂ ਨੂੰ ਆਪਣੀਆਂ ਕਵਿਤਾਵਾਂ ਦਾ ਆਧਾਰ ਬਣਾਇਆ ਹੈ। ਇਹ ਕਵਿਤਾਵਾਂ 12 ਤੋਂ 16 ਸਾਲ ਉਮਰ ਵਰਗ ਦੇ ਬਾਲ ਪਾਠਕਾਂ ਨੂੰ ਧਿਆਨ ਵਿਚ ਰੱਖ ਕੇ ਰਚੀਆਂ ਗਈਆਂ ਹਨ। ਇਸ ਕਾਵਿ ਪੁਸਤਕ ਦੀ ਸ਼ੁਰੂਆਤ 'ਕਾਂ ਤੇ ਸੱਪ', 'ਸ਼ੇਰ ਤੇ ਚੂਹਾ', 'ਕਾਂ ਦੀ ਜੁਗਤ', 'ਚਿੜੀ ਦੀ ਸੋਚ' ਅਤੇ 'ਦੱਬਿਆ ਖ਼ਜ਼ਾਨਾ' ਆਦਿ ਕਾਵਿ-ਕਹਾਣੀਆਂ ਨਾਲ ਹੁੰਦੀ ਹੈ। ਪੰਚਤੰਤਰ ਅਤੇ ਈਸਪ ਵਰਗੇ ਸ੍ਰੋਤਾਂ ਦੀਆਂ ਇਨ੍ਹਾਂ ਰਵਾਇਤੀ ਕਥਾ-ਕਹਾਣੀਆਂ ਨੂੰ ਢੀਂਡਸਾ ਨੇ ਕਾਵਿਮਈ ਸ਼ੈਲੀ ਵਿਚ ਢਾਲ ਕੇ ਕਵਿਤਾ ਅਤੇ ਕਹਾਣੀ ਦੋਵਾਂ ਵੰਨਗੀਆਂ ਦਾ ਸੁੰਦਰ ਸੁਮੇਲ ਸਿਰਜ ਦਿੱਤਾ ਹੈ। ਇਨ੍ਹਾਂ ਕਾਵਿ-ਕਹਾਣੀਆਂ ਦੇ ਘਟਨਾਕ੍ਰਮ ਵਿਚੋਂ ਇਹ ਉਪਦੇਸ਼ਾਤਮਕ ਨਜ਼ਰੀਆ ਉਭਰਦਾ ਹੈ ਕਿ ਵਿਹਲੜ, ਕੰਮਚੋਰ, ਮੱਕਾਰ ਅਤੇ ਬੇਈਮਾਨ ਕਿਸਮ ਦੇ ਪਾਤਰਾਂ ਦਾ ਸਮਾਜ ਵਿਚ ਆਦਰ ਨਹੀਂ ਹੁੰਦਾ, ਜਦੋਂ ਕਿ ਮਿਹਨਤੀ, ਈਮਾਨਦਾਰੀ, ਲਗਨਸ਼ੀਲ, ਦੂਰਦ੍ਰਿਸ਼ਟ, ਸੂਝਵਾਨ ਅਤੇ ਸਿਰੜੀ ਵਿਅਕਤੀ ਹਮੇਸ਼ਾ ਸਮਾਜ ਵਿਚੋਂ ਮਾਣ-ਸਤਿਕਾਰ ਪਾਉਂਦੇ ਹਨ। ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦਾ ਵਸਤੂ ਜਗਤ ਵੰਨ-ਸੁਵੰਨਾ ਹੈ। 'ਰੁੱਖ', 'ਪੰਛੀਆਂ ਦਾ ਸੰਸਾਰ', 'ਕੁਦਰਤ ਦੇ ਰੰਗ', 'ਊਰਜਾ ਦੇ ਸਰੋਤ' ਆਦਿ ਕਵਿਤਾਵਾਂ ਵਿਚੋਂ ਪ੍ਰਕਿਰਤਕ-ਸੌਂਦਰਯ ਦੇ ਨਜ਼ਾਰੇ ਵਿਖਾਈ ਦਿੰਦੇ ਹਨ। ਇਨ੍ਹਾਂ ਕਵਿਤਾਵਾਂ ਵਿਚ ਭਾਂਤ-ਭਾਂਤ ਦੇ ਨਿੱਕੇ-ਵੱਡੇ ਅਤੇ ਰੰਗ-ਬਰੰਗੇ ਪੰਛੀਆਂ ਅਤੇ ਰੁੱਖਾਂ ਦੀ ਸੁੰਦਰਤਾ ਦਾ ਵਰਣਨ ਅਨੋਖਾ ਮਾਹੌਲ ਪੈਦਾ ਕਰਦਾ ਹੈ ਜਿਵੇਂ 'ਦੁਨੀਆ ਉਤੇ ਪੰਛੀਆਂ ਦਾ ਸੰਸਾਰ ਵੀ ਬੜਾ ਵਚਿੱਤਰ, ਮੋਰ ਕਬੂਤਰ ਘੁੱਗੀਆਂ ਤੋਤੇ, ਸਾਰੇ ਸਾਡੇ ਮਿੱਤਰ।' (ਕਵਿਤਾ 'ਪੰਛੀਆਂ ਦਾ ਸੰਸਾਰ', ਪੰਨਾ 34) ਜਾਂ 'ਕੁਦਰਤ ਦਾ ਅਣਮੁੱਲਾ ਤੋਹਫ਼ਾ, ਜੇ ਨਾ ਹੁੰਦੇ ਰੁੱਖ। ਹੋਰ ਜੀਵਾਂ ਨਾਲ ਧਰਤੀ ਉਤੇ, ਅੱਜ ਨਾ ਹੁੰਦਾ ਮਨੁੱਖ।' (ਕਵਿਤਾ 'ਰੁੱਖ', ਪੰਨਾ : 21) ਹਨ। ਕੁਝ ਹੋਰ ਕਵਿਤਾਵਾਂ ਵਿਚ ਪਰਬਤ, ਦਰਿਆ, ਝੀਲਾਂ, ਫਲ-ਫੁੱਲ, ਪੌਣ, ਮੈਦਾਨ ਆਦਿ ਕੁਦਰਤ ਦੇ ਸ਼ਿੰਗਾਰ ਵਿਚ ਵਾਧਾ ਕਰਦੇ ਦਿਖਾਈ ਦਿੰਦੇ ਹਨ। 'ਸਮਾਂ ਵਕਤ', 'ਅਨੁਸ਼ਾਸਨ ਨਿਯਮ', 'ਪੜ੍ਹਾਈ', 'ਸਬਕ' ਅਤੇ 'ਸਕੂਲ ਇਕ ਮੰਦਰ' ਵਰਗੀਆਂ ਕਵਿਤਾਵਾਂ ਵਿੱਦਿਆ ਅਤੇ ਵਕਤ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ। ਅਜੋਕਾ ਯੁੱਗ ਗਿਆਨ-ਵਿਗਿਆਨ ਦੀ ਮੰਜ਼ਿਲ ਵੱਲ ਨਿਰੰਤਰ ਗਤੀਸ਼ੀਲ ਹੈ। ਢੀਂਡਸਾ ਨੇ ਬੱਚਿਆਂ ਦੀ ਸੋਚ ਨੂੰ ਆਧੁਨਿਕ ਯੁੱਗ ਦੀ ਹਾਣੀ ਬਣਾਉਣ ਵਾਸਤੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਵੀ ਮਹੱਤਵ ਪ੍ਰਦਾਨ ਕੀਤਾ ਹੈ, ਤਾਂ ਜੋ ਬਾਲ ਮਨਾਂ ਵਿਚ ਤਰਕਮਈ ਸੋਚਣੀ ਪੈਦਾ ਹੋ ਸਕੇ। ਅਜਿਹੇ ਰੰਗ ਵਾਲੀਆਂ ਬਾਲ ਕਵਿਤਾਵਾਂ ਵਿਚੋਂ 'ਬਿਜਲੀ ਦਾ ਬਲਬ' ਅਤੇ 'ਊਰਜਾ ਦੇ ਸਰੋਤ' ਆਦਿ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾ ਸਕਦਾ ਹੈ। ਇਨ੍ਹਾਂ ਕਵਿਤਾਵਾਂ ਨਾਲ ਢੁਕਵੇਂ ਚਿੱਤਰ ਵੀ ਦਿੱਤੇ ਗਏ ਹਨ। ਇਸ ਪ੍ਰਕਾਰ ਇਸ ਕਾਵਿ ਸੰਗ੍ਰਹਿ ਦੀਆਂ ਲਿਖਤਾਂ ਬਾਲ ਪਾਠਕ ਦੇ ਮਨ ਵਿਚ ਪੰਜਾਬੀ-ਪ੍ਰੇਮ ਤਾਂ ਪੈਦਾ ਕਰਦੀਆਂ ਹੀ ਹਨ, ਉਨ੍ਹਾਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦੀਆਂ ਹੋਈਆਂ ਚੰਗੇਰੇ ਨਾਗਰਿਕ ਬਣਨ ਦੀ ਪ੍ਰੇਰਨਾ ਵੀ ਦਿੰਦੀਆਂ ਹਨ।
ਉਮੀਦ ਹੈ, ਬੱਚੇ ਇਸ ਮਿਆਰੀ ਪੁਸਤਕ ਤੋਂ ਲਾਹਾ ਖੱਟਣਗੇ ਅਤੇ ਹੋਰਨਾਂ ਨੂੰ ਵੀ ਪੜ੍ਹਨ ਦੀ ਪ੍ਰੇਰਨਾ ਦੇਣਗੇ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਪੁੱਤ ! ਮੈਂ ਇੰਡੀਆ ਜਾਣੈਂ
ਲੇਖਕ : ਸੁਰਿੰਦਰ ਸਿੰਘ ਰਾਏ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ: 295 ਰੁਪਏ, ਸਫ਼ੇ : 110
ਸੰਪਰਕ : 097797-16824
'ਪੁੱਤ! ਮੈਂ ਇੰਡੀਆ ਜਾਣੈਂ' ਸੁਰਿੰਦਰ ਸਿੰਘ ਰਾਏ ਦਾ ਸੱਤਵਾਂ ਕਹਾਣੀ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਹੈਲੋ ਇੰਡੀਅਨ, ਮਿਸ ਕਾਲ, ਪੱਗ, ਕੰਟਰੈਕਟ ਮੈਰਿਜ, ਸ਼ੋਅ ਪੀਸ, ਇਕ ਟੱਕ ਹੋਰ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕਾ ਹੈ। ਹਥਲੇ ਕਹਾਣੀ ਸੰਗ੍ਰਹਿ 'ਪੁੱਤ! ਮੈਂ ਇੰਡੀਆ ਜਾਣੈਂ' ਵਿਚ ਮਾਮੀ ਜੀ, ਮਠਿਆਈ ਦਾ ਡੱਬਾ, ਓਹਦੇ ਬਦੇਸ਼ ਜਾਣ ਤੋਂ ਬਾਅਦ, ਉੱਚੀ ਅੱਡੀ ਵਾਲੇ ਬੂਟ, ਕੁੰਜੀਆਂ, ਨਕਦਾਂ ਦੀ ਹੱਟੀ, ਮਾਡਰਨ ਢਾਬਾ, ਖੁੱਡੇ, ਮੋਟੇ ਹੋਣ ਲਈ ਮਿਲੋ ਅਤੇ ਪੁੱਤ ਮੈਂ ਇੰਡੀਆ ਜਾਣੈਂ ਦਸ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। 'ਪੁੱਤ! ਮੈਂ ਇੰਡੀਆ ਜਾਣੈਂ' ਕਹਾਣੀ ਵਿਚ ਇਕ ਬਹੁਤ ਹੀ ਗੰਭੀਰ ਸਮੱਸਿਆ ਨੂੰ ਪੇਸ਼ ਕੀਤਾ ਗਿਆ ਹੈ। ਬਹੁਤ ਸਾਰੇ ਪੰਜਾਬੀ ਰੋਜ਼ੀ ਰੋਟੀ ਲਈ ਬਾਹਰਲੇ ਮੁਲਕਾਂ ਵਿਚ ਪ੍ਰਵਾਸ ਕਰ ਗਏ ਹਨ। ਉਨ੍ਹਾਂ ਵਿਦੇਸ਼ਾਂ ਵਿਚ ਸਖ਼ਤ ਘਾਲਣਾਵਾਂ ਘਾਲ ਕੇ, ਮਿਹਨਤਾਂ ਕਰਕੇ, ਫ਼ਾਕੇ ਕੱਟ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ। ਪਿੱਛੇ ਪੰਜਾਬ ਵਿਚ ਰਹਿੰਦੇ ਉਨ੍ਹਾਂ ਦੇ ਮਾਪੇ ਲੰਮੇ ਤਰਸੇਵੇਂ ਕੱਟਣ ਉਪਰੰਤ ਉਹ ਵੀ ਵਿਦੇਸ਼ੀ ਧਰਤੀ ਉੱਤੇ ਜਾ ਉੱਤਰਦੇ ਹਨ। ਨੂੰਹ-ਪੁੱਤਰ ਅਤੇ ਪੋਤੇ-ਪੋਤੀ ਨੂੰ ਵਧੀਆ ਅਤੇ ਆਨੰਦਦਾਇਕ ਖ਼ੁਸ਼ਹਾਲ ਜੀਵਨ ਬਤੀਤ ਕਰਦਿਆਂ ਵੇਖ ਕੇ ਪਹਿਲਾਂ ਤਾਂ ਪੰਜਾਬ ਤੋਂ ਗਏ ਮਾਪਿਆਂ ਨੂੰ ਬਹੁਤ ਖ਼ੁਸ਼ੀ ਭਰੀ ਤਸੱਲੀ ਹੁੰਦੀ ਹੈ, ਪ੍ਰੰਤੂ ਸਮਾਂ ਬੀਤਣ ਨਾਲ ਮਾਪਿਆਂ ਨੂੰ ਪੰਜਾਬ ਦੀ ਧਰਤੀ, ਪੰਜਾਬੀ ਭਾਸ਼ਾ, ਇੱਥੋਂ ਦਾ ਮੋਹ ਭਰਿਆ ਵਰਤ-ਵਰਤਾਰਾ, ਆਪਸੀ ਮਿਲਵਰਤਣ ਦੀ ਭਾਈਚਾਰਕ ਸਾਂਝ ਅਤੇ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਉਨ੍ਹਾਂ ਵਿਚ ਉਦਰੇਵਾਂ ਪੈਦਾ ਕਰ ਦਿੰਦਾ ਹੈ। ਜਿਹੜਾ ਉਨ੍ਹਾਂ ਨੂੰ ਚੈਨ ਨਾਲ ਨਹੀਂ ਬੈਠਣ ਦਿੰਦਾ। ਇਸ ਲਈ ਉਹ ਵਾਪਸ ਇੰਡੀਆ ਆਉਣਾ ਚਾਹੁੰਦੇ ਹਨ। ਕਹਾਣੀ ਵਿਚਲਾ 'ਮੈਂ' ਪਾਤਰ ਆਪਣੀ ਮਾਤਾ ਜੀ ਦੇ ਮਨ ਦੇ ਉਦਰੇਵੇਂ ਨੂੰ ਦੂਰ ਕਰਨ ਲਈ ਦੋ ਟਿਕਟਾਂ ਲੈ ਕੇ ਉਸ ਨੂੰ ਇੰਡੀਆ ਲੈ ਆਉਂਦਾ ਹੈ। ਪੁੱਤਰ ਤਾਂ ਆਪਣੇ ਕੈਨੇਡਾ ਵਿਚਲੇ ਕੰਮਾਂਕਾਰਾਂ ਕਾਰਨ ਬਹੁਤ ਜਲਦੀ ਵਾਪਸ ਮੁੜ ਜਾਂਦਾ ਹੈ, ਪ੍ਰੰਤੂ ਮਾਤਾ ਜੀ ਆਪਣੇ ਪਿੰਡ ਵਾਲੇ ਘਰ ਵਿਚ ਹੀ ਰਹਿਣ ਲਈ ਰੁਕ ਜਾਂਦੇ ਹਨ। ਕੁਝ ਦਿਨ ਤਾਂ ਪਿੰਡ ਦੇ ਲੋਕੀਂ ਮਾਤਾ ਜੀ ਨੂੰ ਮਿਲਣ ਆਉਂਦੇ ਰਹਿੰਦੇ ਹਨ ਪ੍ਰੰਤੂ ਫਿਰ ਉਹ ਵੀ ਆਪੋ-ਆਪਣੇ ਕੰਮਾਂ-ਧੰਦਿਆਂ ਵਿਚ ਰੁੱਝੇ ਹੋਏ ਹੋਣ ਕਾਰਨ ਮਿਲਣਾ-ਗਿਲਣਾ ਘੱਟ ਕਰ ਦਿੰਦੇ ਹਨ। ਮਾਤਾ ਜੀ ਆਪਣੇ ਪੇਕੀਂ ਘਰ ਆਪਣੇ ਵੀਰ ਅਤੇ ਭਾਬੀ ਕੋਲ ਰਹਿਣ ਲਈ ਜਾਂਦੇ ਹਨ ਤਾਂ ਵੀਰ ਦੀਆਂ ਪਰਿਵਾਰਕ ਤੰਗੀਆਂ-ਤੁਰਸ਼ੀਆਂ ਅਤੇ ਭਾਬੀ ਦੀ ਬਿਮਾਰੀ ਕਾਰਨ ਜਲਦੀ ਹੀ ਮਾਤਾ ਜੀ ਦਾ ਮਨ ਉਚਾਟ ਹੋ ਜਾਂਦਾ ਹੈ। ਫਿਰ ਮਾਤਾ ਜੀ ਆਪਣੀ ਵਿਆਹੀ ਵਰੀ ਭੈਣ ਕੋਲ ਰਹਿਣ ਲਈ ਜਾਂਦੇ ਹਨ, ਤਾਂ ਭੈਣ ਦੇ ਤਾਅਨੇ-ਮਿਹਣੇ ਸੁਣ ਕੇ ਉੱਥੋਂ ਵੀ ਵਾਪਸ ਪਿੰਡ ਵਾਲੇ ਘਰ ਵਿਚ ਆ ਜਾਂਦੇ ਹਨ। ਪਿੰਡ ਵਾਲੇ ਘਰ ਵਿਚ ਰਹਿੰਦਿਆਂ ਅਜੇ ਡੇਢ ਮਹੀਨਾ ਹੀ ਬੀਤਿਆ ਹੁੰਦਾ ਹੈ ਕਿ ਮਾਤਾ ਜੀ ਨੂੰ ਕੈਨੇਡਾ ਰਹਿੰਦੇ ਆਪਣੇ ਪੋਤੇ-ਪੋਤੀ ਨੂੰ ਮਿਲਣ ਦੀ ਸਿੱਕ ਮੁੜ ਜਾਗ ਉੱਠਦੀ ਹੈ। ਤਦ ਮਾਤਾ ਜੀ ਆਪਣੇ ਪੁੱਤਰ ਨੂੰ ਵਾਪਸ ਕੈਨੇਡਾ ਲਿਜਾਣ ਲਈ ਆਖ ਦਿੰਦੇ ਹਨ। ਕਹਾਣੀ ਯਕਦਮ ਸਿਖ਼ਰ ਉੱਤੇ ਉਦੋਂ ਪੁੱਜਦੀ ਹੈ, ਜਦੋਂ ਵਾਪਸ ਕੈਨੇਡਾ ਜਾਣ ਦੀ ਤਿਆਰੀ ਕਰਦੇ ਹੋਏ ਦੋ ਮੋਟਰਸਾਈਕਲ ਸਵਾਰ ਠੱਗ ਮਾਤਾ ਜੀ ਦੀ ਚੇਨੀ ਝਪਟ ਲੈਂਦੇ ਹਨ ਅਤੇ ਉਸ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੰਦੇ ਹਨ। ਹਸਪਤਾਲ ਵਿਚ ਦਾਖ਼ਲ ਮਾਤਾ ਅਰਧ ਬੇਹੋਸ਼ੀ ਦੀ ਹਾਲਤ ਵਿਚ 'ਪੁੱਤ! ਮੈਂ ਇੰਡੀਆ ਜਾਣੈਂ, ਮੈਂ ਇੰਡੀਆ ਜਾਣੈਂ' ਬਰੜਾਅ ਰਹੇ ਸਨ। ਇਸ ਤਰ੍ਹਾਂ ਜਿੱਥੇ ਅਸੀਂ ਸੁਰਿੰਦਰ ਸਿੰਘ ਰਾਏ ਦੇ ਕਹਾਣੀ ਸੰਗ੍ਰਹਿ ਪੁੱਤ 'ਮੈਂ! ਇੰਡੀਆ ਜਾਣੈਂ' ਦਾ ਸੁਆਗਤ ਕਰਦੇ ਹਾਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020