15-09-2024
ਵਿਗਿਆਨ ਬਨਾਮ ਭਗਵਾਨ : ਸ੍ਰਿਸ਼ਟੀ ਦੀ ਉਤਪਤੀ
ਲੇਖਕ : ਸਰਬਜੀਤ ਉੱਖਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 94
ਸੰਪਰਕ : 94650-27799
ਵਿਗਿਆਨ ਬਨਾਮ ਭਗਵਾਨ : ਸ੍ਰਿਸ਼ਟੀ ਦੀ ਉਤਪਤੀ' ਦੇ ਲੇਖਕ ਸਰਬਜੀਤ ਉੱਖਲਾ ਵਲੋਂ 'ਸ੍ਰਿਸ਼ਟੀ ਦੀ ਉਤਪਤੀ' ਬਾਰੇ ਇਕ ਬਹਿਸ 'ਤੇ ਚਰਚਾ ਛੇੜਨ ਦਾ ਉਪਰਾਲਾ ਕੀਤਾ ਹੈ, ਜਿਸ ਵਿਚ ਇਸ ਸ੍ਰਿਸ਼ਟੀ ਦੀ ਉਤਪਤੀ ਦੇ ਵਿਚਾਰ ਨੂੰ ਚੰਗੀ ਤਰ੍ਹਾਂ ਵਿਚਾਰਿਆ, ਖੰਗਾਲਿਆ ਜਾਵੇ ਤੇ ਯੋਗ ਸਿੱਟੇ ਕੱਢੇ ਜਾ ਸਕਣ।
ਲੇਖਕ ਨੇ ਨਾਟਕੀ ਸ਼ੈਲੀ ਰਾਹੀਂ ਇਕ ਸੰਵਾਦ ਰਚਾਉਣ ਦਾ ਯਤਨ ਕੀਤਾ, ਜਿਸ ਵਿਚ ਪ੍ਰੋ. ਬੁੱਧੀ ਵਿਵੇਕ ਤੇ ਉਸ ਦੇ ਪੰਜ ਸ਼ਿਸ਼ ਤਰਕ-ਵਿਤਰਕ ਕਰਦੇ ਦਿਖਾਈ ਦਿੰਦੇ ਹਨ। ਭਾਸ਼ਾ ਜਾਣ-ਬੁੱਝ ਕੇ ਨਾਟਕੀ ਸੰਵਾਦਾਂ ਜਿਹੀ ਰੱਖੀ ਹੈ, ਸਰਲ ਹੈ ਤਾਂ ਕਿ ਆਮ ਸਰੋਤੇ ਤੇ ਪਾਠਕ ਨੂੰ ਸਮਝ ਲੱਗ ਸਕੇ। ਉਹ ਆਪਣੀ ਗੱਲ ਕਹਿਣ ਲਈ ਕਈ ਸਹਾਇਕ ਪੁਸਤਕਾਂ ਦਾ ਹਵਾਲਾ ਵੀ ਦਿੰਦਾ ਹੈ।
'ਸ੍ਰਿਸ਼ਟੀ ਦੀ ਉਤਪਤੀ' ਬਾਰੇ ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਮੁੱਢ ਤੋਂ ਹੀ ਚਲਦੀਆਂ ਆ ਰਹੀਆਂ ਹਨ। ਪਹਿਲੀ ਹੈ ਅਧਿਆਤਮਵਾਦੀ ਵਿਚਾਰਧਾਰਾ ਤੇ ਦੂਸਰੀ ਵਿਗਿਆਨਕ ਸੋਚ ਹੈ ਜੋ ਠੋਸ ਤੱਥਾਂ 'ਤੇ ਹਵਾਲਿਆਂ 'ਤੇ ਖੜ੍ਹੀ ਦਿਖਾਈ ਦਿੰਦੀ ਹੈ। ਅਧਿਆਤਮਕ ਨਜ਼ਰੀਆ ਸ਼ਰਧਾ, ਅਟਕਲਾਂ ਅਤੇ ਸੁਣੀਆਂ-ਸੁਣਾਈਆਂ ਗੱਲਾਂ 'ਤੇ ਖਲੋਤਾ ਹੁੰਦਾ ਹੈ ਤੇ ਵਿਗਿਆਨਕ ਨਜ਼ਰੀਆ ਠੋਸ ਜ਼ਮੀਨ 'ਤੇ ਖਲੋ ਕੇ ਤਰਕ ਆਧਾਰਿਤ ਤੱਥ ਪੇਸ਼ ਕਰਨ ਦਾ ਯਤਨ ਕਰਦਾ ਹੈ। 'ਸ਼੍ਰਿਸ਼ਟੀ ਦੀ ਉਤਪਤੀ' ਬਾਰੇ ਚਾਰਲਸ ਡਾਰਵਿਨ ਦੀ ਪੁਸਤਕ ®r}{}n of spec}es ਨੂੰ ਆਧਾਰ ਬਣਾਇਆ ਗਿਆ ਹੈ, ਜੋ ਅਧਿਆਤਮਵਾਦ ਦੇ ਸਾਰੇ ਤੱਥਾਂ ਨੂੰ ਤਰਕ ਰਾਹੀਂ ਰੱਖਦਾ ਹੈ। ਸਾਰੇ ਧਰਮ ਹਿੰਦੂ, ਇਸਾਈ, ਯਹੂਦੀ, ਸਿੱਖ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਇਹ ਸ਼੍ਰਿਸ਼ਟੀ ਨਿਰਾਕਾਰ ਪ੍ਰਮਾਤਮਾ ਨੇ ਸਾਜੀ ਹੈ। ਉਹੀ ਇਸ ਦਾ ਪਾਲਕ ਹੈ ਤੇ ਉਹੀ ਰਖਵਾਲਾ।
ਲੇਖਕ ਸਰਲ ਜਿਹੇ ਸੰਵਾਦਾਂ ਤੇ ਤੱਥਾਂ ਰਾਹੀਂ ਵਿਗਿਆਨਕ ਤੱਥਾਂ ਤੇ ਸੱਚ ਨੂੰ ਉਘਾੜਨ ਦਾ ਯਤਨ ਕਰਦਾ ਹੈ, ਕਿਉਂਕਿ ਇਹ ਯੁੱਗ ਵਿਗਿਆਨ ਦਾ ਯੁੱਗ ਹੈ ਤੇ ਧਾਰਮਿਕ ਅਟਕਲਾਂ ਲਈ ਇਥੇ ਕੋਈ ਥਾਂ ਨਹੀਂ ਹੈ।
-ਕੇ. ਐਲ. ਗਰਗ
ਮੋਬਾਈਲ : 94635-37050
ਜੈਤੋ ਦਾ ਇਤਿਹਾਸਕ ਮੋਰਚਾ
ਅਤੇ ਮੋਰਚੇ ਦੀ ਵੀਰਾਂਗਣਾ ਮਾਤਾ ਸੋਧਾਂ
ਲੇਖਕ : ਰਣਜੀਤ ਲਹਿਰਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 64
ਸੰਪਰਕ : 94175-88616
ਹਥਲੀ ਪੁਸਤਕ ਇਤਿਹਾਸਕ ਘਟਨਾ ਜੈਤੋ ਦੇ ਮੋਰਚੇ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਹੈ। ਇਹ ਮੋਰਚਾ ਸਾਡੇ ਪੁਰਖਿਆਂ ਵਲੋਂ 1923 ਤੋਂ 1925 ਤੱਕ ਚੱਲੇ ਸੰਘਰਸ਼ ਦੀ ਗਾਥਾ ਹੈ। ਇਸ ਪੁਸਤਕ ਦੇ ਸੁਹਿਰਦ ਲੇਖਕ ਨੇ ਪੁਸਤਕ ਦੇ ਦੂਜੇ ਹਿੱਸੇ ਵਿਚ ਇਸ ਮੋਰਚੇ ਦੀ ਇਕ ਗੁੰਮਨਾਮ ਵੀਰਾਂਗਣਾ ਮਾਤਾ ਯੋਧਾਂ ਵਲੋਂ ਤੰਗੀਆਂ-ਤੁਰਸ਼ੀਆਂ ਵਾਲਾ ਜੀਵਨ ਜੀਊਂਦਿਆਂ ਇਤਿਹਾਸ ਵਿਚ ਪਾਈਆਂ ਅਮਿੱਟ-ਪੈੜਾਂ ਨੂੰ ਵੀ ਯਾਦ ਕੀਤਾ ਹੈ, ਜਿਸ ਨੇ ਜੀਵਨ ਦੇ ਲਗਭਗ 50 ਸਾਲ ਜੇਲ੍ਹਾਂ ਕੱਟੀਆਂ, ਕੁਰਕੀਆਂ ਕਰਵਾਈਆਂ ਅਤੇ ਜਬਰ-ਜ਼ੁਲਮਾਂ ਦਾ ਟਾਕਰਾ ਖਿੜੇ ਮੱਥੇ ਕੀਤਾ। ਜੋ ਨਾਭਾ ਰਿਆਸਤ ਦੇ ਪਿੰਡ ਭੱਠਲਾਂ (ਬਰਨਾਲਾ) ਦੀ ਅਨਪੜ੍ਹ ਤੇ ਦਲਿਤ ਬਹਾਦਰ ਔਰਤ ਸੀ। ਜੈਤੋ ਦਾ ਮੋਰਚਾ 20ਵੀਂ ਸਦੀ ਦੇ ਤੀਜੇ ਦਹਾਕੇ ਦੇ ਮੁਢਲੇ ਸਾਲਾਂ ਵਿਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਦਾ ਅਨਿੱਖੜਵਾਂ ਅੰਗ ਸੀ, ਜਿਸ ਨੂੰ ਸਿੱਖ ਇਤਿਹਾਸ ਵਿਚ ਅਕਾਲੀ ਲਹਿਰ ਵਜੋਂ ਯਾਦ ਕੀਤਾ ਜਾਂਦਾ ਹੈ। ਇਸ ਮੋਰਚੇ ਦਾ ਅਸਲ ਕਾਰਨ ਉਸ ਸਮੇਂ ਦੇ ਕਰਮਕਾਂਡੀ, ਸਿੱਖੀ ਤੋਂ ਬੇਮੁੱਖ ਹੋਏ ਮਹੰਤਾਂ ਕੋਲੋਂ ਆਜ਼ਾਦ ਕਰਵਾਉਣਾ ਸੀ ਜੋ ਅੰਗਰੇਜ਼ ਹਕੂਮਤ ਦੇ ਪਿੱਠੂ ਬਣ ਚੁੱਕੇ ਸਨ, ਜਿਸ ਨਾਲ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਤਹਿਸ-ਨਹਿਸ ਹੋ ਚੁੱਕਾ ਸੀ। ਇਹ ਲਹਿਰ ਕੇਵਲ ਧਾਰਮਿਕ ਹੀ ਨਹੀਂ ਸੀ, ਸਗੋਂ ਇਨਕਲਾਬੀ ਲਹਿਰ ਸੀ। ਲੇਖਕ ਵਲੋਂ ਇਸ ਅਕਾਰ ਪੱਖੋਂ ਛੋਟੀ ਪਰ ਇਤਿਹਾਸਕ ਪੱਖੋਂ ਜਾਣਕਾਰੀ ਭਰਪੂਰ ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ। ਪਹਿਲੇ ਹਿੱਸੇ ਵਿਚ ਜੈਤੋ ਦਾ ਮੋਰਚਾ ਅਤੇ ਉਸ ਦੀ ਇਨਕਲਾਬੀ ਵਿਰਾਸਤ ਦਾ ਜ਼ਿਕਰ ਪਹਿਲੇ 18-20 ਸਫ਼ਿਆਂ ਵਿਚ ਕੀਤਾ ਹੈ। ਇਸ ਅੱਗੇ ਦੂਜੇ ਹਿੱਸੇ ਵਿਚ ਜੈਤੋ ਮੋਰਚੇ ਦੀ ਅਣਗੌਲੀ ਪਾਤਰ ਵੀਰਾਂਗਣਾਂ ਮਾਤਾ ਯੋਧਾਂ ਦੀ ਕੁਰਬਾਨੀ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। ਪੁਸਤਕ ਦੇ ਤੀਜੇ ਹਿੱਸੇ ਵਿਚ ਕੁਝ ਕੁ ਗੁੱਝੇ ਤੱਥਾਂ ਨੂੰ ਉਜਾਗਰ ਕੀਤਾ ਹੈ, ਜਿਨ੍ਹਾਂ ਵਿਚ 'ਸਿੱਖ ਸੰਗਰਾਮ ਦੀ ਦਾਸਤਾਨ' ਵਿਚੋਂ ਲੋਕ ਲਹਿਰਾਂ ਤੇ ਲੋਕ, 'ਅਕਾਲੀ ਮੋਰਚਿਆਂ ਦੇ ਇਤਿਹਾਸ' ਵਿਚੋਂ 'ਕਾਲੀਆਂ ਪੱਗਾਂ ਦਾ ਹਊਆ', ਸ਼ਹੀਦ ਭਗਤ ਸਿੰਘ ਅਕਾਲੀ ਮੋਰਚਿਆਂ ਨਾਲ ਸੰਬੰਧ, ਗੁੰਮਨਾਮ ਨਾਮ ਯੋਧਾ ਦਰਬਾਰਾ ਸਿੰਘ ਮੱਲਣ, ਜਦੋਂ ਅਰੂੜ ਸਿੰਘ ਜਨਰਲ ਡਾਇਰ ਨੂੰ ਸਿੰਘ ਸਜਾਇਆ, 'ਸ਼੍ਰੋਮਣੀ ਕਮੇਟੀ ਬਣੀ' ਕਿਤਾਬ ਵਿਚੋਂ 'ਅਕਾਲੀ ਆਗੂਆਂ ਤੇ ਸੰਗੀਨ ਦੋਸ਼', 21 ਫਰਵਰੀ, 2021 ਦੀ ਪੰਜਾਬੀ ਟ੍ਰਿਬਿਊਨ ਵਿਚੋਂ ਖਾਲਸੇ ਦੇ ਨਾਂਅ 'ਮਹਾਤਮਾ ਗਾਂਧੀ ਦਾ ਸੰਦੇਸ਼', 'ਹਿੰਦੋਸਤਾਨ ਦੀ ਗ਼ਦਰ ਪਾਰਟੀ ਦਾ ਸੰਖੇਪ ਇਤਿਹਾਸ' ਵਿਚੋਂ ਵੱਖ-ਵੱਖ ਤੱਥਾਂ ਨੂੰ ਬਾਖ਼ੂਬੀ ਕਿਤਾਬ ਦਾ ਹਿੱਸਾ ਬਣਾਇਆ ਹੈ।
ਪੁਸਤਕ ਦੇ ਅੰਤ ਵਿਚ ਸਰੋਤ ਸਮੱਗਰੀ ਦਾ ਵੇਰਵਾ ਵੀ ਦਿੱਤਾ ਗਿਆ ਹੈ। ਸਮੁੱਚੇ ਰੂਪ ਵਿਚ ਇਸ ਪੁਸਤਕ ਵਿਚ ਜਿਥੇ ਅੰਗਰੇਜ਼ ਹਕੂਮਤ ਦੀਆਂ ਕਾਲੀਆਂ ਕਰਤੂਤਾਂ ਤੋਂ ਪਰਦਾ ਚੁੱਕਿਆ ਗਿਆ ਹੈ। ਉਥੇ ਇਸ ਦੇ ਨਾਲ-ਨਾਲ ਅਕਾਲੀ ਲਹਿਰ ਦੇ ਮਰਜੀਵੜਿਆਂ ਦੇ ਸਿਦਕ ਤੇ ਨੈਤਿਕਤਾ ਦੀ ਬੁਲੰਦ ਭਾਵਨਾ ਦਾ ਜ਼ਿਕਰ ਬੜੇ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਜੈਤੋ ਦੇ ਮੋਰਚੇ ਨੂੰ ਵਿਸ਼ੇਸ਼ ਦਸਤਾਵੇਜ਼ ਵਜੋਂ ਪਾਠਕਾਂ ਵਲੋਂ ਵਿਚਾਰਿਆ ਜਾਵੇਗਾ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਮੇਰਾ ਅਧਿਆਪਨ ਸਫ਼ਰ
ਲੇਖਕ : ਪ੍ਰਿੰ. ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ: 200 ਰੁਪਏ, ਸਫ਼ੇ : 135
ਸੰਪਰਕ : 98764-52223
ਪ੍ਰਿੰ. ਬਹਾਦਰ ਸਿੰਘ ਗੋਸਲ ਪਿਛਲੇ 24 ਸਾਲਾਂ ਤੋਂ ਬਾਲ ਸਾਹਿਤ ਅਤੇ ਵਾਰਤਕ ਦੇ ਖੇਤਰ ਵਿਚ ਇਕ ਜਾਣਿਆ ਪਛਾਣਿਆ ਨਾਂਅ ਹੈ। ਹਥਲੀ ਪੁਸਤਕ ਉਸ ਦੁਆਰਾ ਸੰਪਾਦਿਤ ਕੀਤੀ ਗਈ ਹੈ ਜਿਸ ਵਿਚ ਉਸ ਨੇ 20 ਅਧਿਆਪਕਾਂ ਦੁਆਰਾ ਆਪਣੇ ਅਧਿਆਪਨ ਕਿੱਤੇ ਸੰਬੰਧੀ ਲਿਖੇ ਲੇਖ ਸ਼ਾਮਲ ਕੀਤੇ ਹਨ ਅਤੇ ਇਨ੍ਹਾਂ ਦਾ ਵਿਸ਼ਾ-ਵਸਤੂ ਅਜੋਕੇ ਅਧਿਆਪਕਾਂ ਲਈ ਇਕ ਪ੍ਰੇਰਨਾ ਅਤੇ ਸਿਖਿਆ ਥਣ ਉਭਰਦਾ ਹੈ। ਸੰਪਾਦਕ ਨੇ ਇਸ ਪੁਸਤਕ ਵਿਚ ਭੁਪਿੰਦਰ ਸਿੰਘ ਭਾਗੋਮਾਜਰਾ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਬਹਾਦਰ ਸਿੰਘ ਗੋਸਲ, ਅਮਰਜੀਤ ਸਿੰਘ ਬਠਲਾਣਾ, ਪਰਮਜੀਤ ਪਰਮ, ਸਰਬਜੀਤ ਸਿੰਘ, ਪ੍ਰੀਤਮ ਸਿੰਘ ਭੂਪਾਲ, ਰਘਬੀਰ ਸਿੰਘ ਗੋਰਾਇਆ, ਸ਼ਮਸ਼ੇਰ ਕੌਰ, ਅਵਤਾਰ ਸਿੰਘ ਮਹਿਤਪੁਰੀ, ਗੁਰਦਰਸ਼ਨ ਸਿੰਘ ਮਾਵੀ, ਬ੍ਰਹਮਜੀਤ ਕਾਲੀਆ, ਤਰਜੀਤ ਸਿੰਘ ਸ਼ੀਂਹ, ਜਰਨੈਲ ਕੌਰ, ਵਰਿੰਦਰ ਸਿੰਘ, ਭੁਪਿੰਦਰ ਕੌਰ ਸਰੋਆ, ਤੇਜਾ ਸਿੰਘ ਥੂਹਾ, ਡਾ. ਗੁਲਜ਼ਾਰ ਸਿੰਘ, ਦਰਸ਼ਨ ਸਿੰਘ ਸਿੱਧੂ ਅਤੇ ਕ੍ਰਿਸ਼ਨ ਰਾਹੀ ਦੁਆਰਾ ਲਿਖੇ ਲੇਖ ਸੰਪਾਦਿਤ ਕੀਤੇ ਹਨ ਜੋ ਅਸਲ ਵਿਚ ਇਨ੍ਹਾਂ ਅਧਿਆਪਕਾਂ ਦੇ ਸੰਘਰਸ਼ ਦੀਆਂ ਤਸਵੀਰਾਂ ਹਨ। ਇਨ੍ਹਾਂ ਅਧਿਆਪਕਾਂ ਦੁਆਰਾ ਆਪਣੀ ਪੜ੍ਹਾਈ ਅਤੇ ਨੌਕਰੀ ਦੌਰਾਨ ਅਤੇ ਫਿਰ ਆਪਣੀ ਪਰਿਵਾਰਕ ਹਯਾਤੀ ਦੌਰਾਨ ਜਿਨ੍ਹਾਂ ਅਜ਼ਮਾਇਸ਼ਾਂ ਦਾ ਸਾਹਮਣਾ ਕੀਤਾ ਗਿਆ ਇਹ ਲੇਖ ਅਸਲ ਵਿੱਚ ਉਨ੍ਹਾਂ ਹਾਲਤਾਂ ਦੀ ਪੇਸ਼ਕਾਰੀ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਆਪਣੇ ਅਧਿਆਪਨ ਕਾਰਜ ਵਿਚ ਸਮਤੋਲ ਪੈਦਾ ਕਰ ਆਪਣੀਆਂ ਸੇਵਾਵਾਂ ਨਿਭਾਈਆਂ, ਵਿਦਿਆਰਥੀਆਂ ਨੂੰ ਸੇਧ ਦਿੱਤੀ। ਇਨ੍ਹਾਂ ਲੇਖਾਂ ਰਾਹੀਂ ਇਹ ਵੀ ਸਿੱਧ ਹੁੰਦਾ ਹੈ ਕਿ ਇਨ੍ਹਾਂ ਬੁੱਧੀਜੀਵੀਆਂ ਨੇ ਆਪਣੀ ਇੱਜ਼ਤ ਅਤੇ ਆਪਣਾ ਮੁਕਾਮ ਆਪ ਸਥਾਪਤ ਕੀਤਾ ਹੈ ਜਿਸ ਕਾਰਨ ਉਹ ਆਪਣੇ ਵਿਦਿਆਰਥੀਆਂ ਅਤੇ ਇਸ ਪੁਸਤਕ ਦੇ ਪਾਠਕਾਂ ਲਈ ਰੋਲ ਮਾਡਲ ਸਿੱਧ ਹੁੰਦੇ ਹਨ। ਉਨ੍ਹਾਂ ਆਪਣੇ ਲੇਖਾਂ ਰਾਹੀਂ ਇਹ ਵੀ ਸਿੱਧ ਕੀਤਾ ਹੈ ਕਿ ਸਿੱਖਿਆ ਪ੍ਰਾਪਤੀ ਦਾ ਮੰਤਵ ਹੀ ਪਰਉਪਕਾਰ ਅਤੇ ਵਿਕਾਸ ਹੈ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਭਰ ਜੋਬਨ ਬੰਦਗੀ
ਲੇਖਿਕਾ : ਛਿੰਦਰ ਕੌਰ ਸਿਰਸਾ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94679-10187
'ਭਰ ਜੋਬਨ ਜ਼ਿੰਦਗੀ' ਕਾਵਿ-ਸੰਗ੍ਰਹਿ ਛਿੰਦਰ ਕੌਰ ਸਿਰਸਾ ਦਾ ਤੀਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ 'ਖਿਆਲ ਉਡਾਰੀ'-2015 ਅਤੇ 'ਇਹ ਸਦੀ ਵੀ ਤੇਰੇ ਨਾਉਂ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ 'ਕੈਨੇਡਾ ਦੇ ਸੁਪਨਮਈ ਦਿਨ' (ਸਫ਼ਰਨਾਮਾ)-2017 ਵੀ ਪ੍ਰਕਾਸ਼ਿਤ ਹੋਇਆ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਸੱਚ ਨੂੰ ਸਲਾਮ' ਤੋਂ ਲੈ ਕੇ 'ਬੁੱਢੀ ਮਸੀਤ' ਤੱਕ 83 ਛੰਦ-ਬੱਧ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। 'ਡੰਡੀਆਂ, ਪਗਡੰਡੀਆਂ ਤੇ ਕੱਚੇ-ਪੱਕੇ ਸਾਰੇ ਰਾਹਵਾਂ ਨੂੰ ਜੋ ਆਪ ਕਿਤੇ ਨਹੀਂ ਜਾਂਦੇ ਪਰ ਰਾਹੀਆਂ ਨੂੰ ਅਪੜਾਅ ਦਿੰਦੇ ਨੇ ਮਨਚਾਹੀਆਂ ਥਾਵਾਂ 'ਤੇ, ਕਦੀ-ਕਦੀ ਅਣਚਾਹੀਆਂ 'ਤੇ ਵੀ' ਸਰਮਪਣ ਸ਼ਬਦ ਮਨੁੱਖੀ ਜੀਵਨ ਦੀਆਂ ਸੌਖਿਆਈਆਂ ਅਤੇ ਦੁਖਿਆਈਆਂ ਪਰਤਾਂ ਵੱਲ ਸੰਕੇਤ ਕਰਦੇ ਹਨ। ਇਹੀ ਮਨੁੱਖੀ ਜ਼ਿੰਦਗੀ ਦਾ ਸਾਹ-ਤੱਤ ਹੈ ਕਿ ਉਹ ਸਮਾਜਿਕ ਰਿਸ਼ਤਿਆਂ ਦੀ ਵਲਗਣ 'ਚ ਸੁਰੱਖਿਅਤ ਅਤੇ ਅਸੁਰੱਖਿਅਤ ਮਹਿਸੂਸ ਕਰਦਾ ਹੈ। ਇਹ ਕਵਿਤਾਵਾਂ ਮਨੁੱਖੀ ਭਾਵਨਾਵਾਂ ਦੇ ਅੰਗ-ਸੰਗ ਪਾਠਕ ਨੂੰ ਰੂ-ਬਰੂ ਕਰਦੀਆਂ ਜਾਪਦੀਆਂ ਹਨ ਕਿਉਂਕਿ ਮਨੁੱਖੀ ਜਜ਼ਬਿਆਂ ਨੂੰ ਸੂਖ਼ਮ-ਭਾਵੀ ਸ਼ਬਦਾਂ ਰਾਹੀਂ ਬਹੁਤ ਕੁਝ ਕਹਿਣ ਦੇ ਇਹ ਸਮਰੱਥ ਹਨ। ਇਨ੍ਹਾਂ ਕਵਿਤਾਵਾਂ ਦੇ ਸਿਰਲੇਖਾਂ ਵਿਚ : 'ਸੱਚ', 'ਕੰਤ', 'ਛਾਵੇਂ', 'ਪੀ', 'ਪਰਦੇਸੀ', 'ਮਿੱਟੀ', 'ਬਾਬਲ', 'ਜੂਹਾਂ', 'ਨਿਸ਼ਾਨ', 'ਇਸ਼ਕ', 'ਫ਼ਰਿਆਦ', 'ਲਟਬੌਰੀ', 'ਚਿੱਠੀਆਂ', 'ਸਈਓ', 'ਤਕਦੀਰ', 'ਹਿਜਰ', 'ਭਟਕਣ', 'ਆਦਤ', 'ਖ਼ਾਮੋਸ਼ ਕਿਤਾਬ', 'ਖੰਡ ਮਿਸ਼ਰੀ', 'ਕਾਗਜ਼ੀ ਗੁਲਾਬ', 'ਅਣਜੰਮੀ ਧੀ', 'ਪਰਿੰਦਾ', 'ਭਰਮ', 'ਮੂਕ ਸੱਦੇ', 'ਬੁੱਢੀ ਮਸੀਤ' ਆਦਿ ਅਨੇਕਾਂ ਹੋਰ ਸ਼ਬਦ ਸਮਾਜਿਕ ਰਿਸ਼ਤਿਆਂ ਦੀਆਂ ਵੱਖ-ਵੱਖ ਲੱਜਤਾਂ ਦੇ ਪ੍ਰਤੀਕਤ ਸੰਦੇਸ਼ ਹਨ। ਇਹ ਪੀੜਾਵਾਂ ਦੇ ਪਲ ਹਨ, ਸਕੂਨ ਦੇ ਪਲ ਹਨ। ਮਨੁੱਖ ਦੇ ਸਫ਼ਰ 'ਤੇ ਤੁਰਦਿਆਂ-ਤੁਰਦਿਆਂ ਦੇ ਅਹਿਸਾਸ ਹਨ ਜੋ ਸ਼ਬਦੀ ਰੂਪ ਇਖ਼ਤਿਆਰ ਕਰ ਜਾਂਦੇ ਹਨ। ਇਹ ਅਹਿਸਾਸ ਨਿੱਜੀ ਵੀ ਹੋ ਸਕਦੇ ਹਨ ਪਰ ਇਹ ਅਹਿਸਾਸ ਲੋਕਾਈ ਦੇ ਦੁੱਖਾਂ-ਦਰਦਾਂ, ਸੁੱਖਾਂ ਵਿਚ ਵੀ ਪਰਵਰਤਿਤ ਹੋ ਸਕਦੇ ਹਨ। ਅੰਮ੍ਰਿਤਾ ਪ੍ਰੀਤਮ ਨਾਲ ਸੰਵਾਦ ਰਚਾਉਂਦੇ ਹੇਠਲੇ ਸ਼ਬਦ ਔਰਤ ਦੀ ਵਿਰਾਸਤ ਅੇਤ ਹੋਣੀ ਦਾ ਸੰਕੇਤ ਦਿੰਦੇ ਹਨ :
ਵਾਂਗ ਰੱਸੀ ਦੇ ਸੜੀਆਂ
ਵਲ ਵੀ ਸੜ ਗੇ ਨਾਲ
ਆ ਵੇਖ ਅੰਮ੍ਰਿਤਾ ਆਣ ਕੇ
ਸਾਡਾ ਅੱਜ ਵੀ ਉਹੀਓ ਹਾਲ
ਜਾਂ ਫਿਰ ਇਹ ਸਤਰਾਂ ਦੇਖੋ ਜੋ ਔਰਤ ਦੀ ਸਦੀਵੀ ਵੇਦਨਾ ਦੀ ਪਹਿਚਾਣ ਕਰਵਾਉਂਦੀਆਂ ਹਨ :
ਮਹਿਫ਼ਿਲ 'ਚ ਗੱਲ ਛਿੜੀ / ਤੇ ਤੇਰੀ ਛਿੜੀ
ਜ਼ਿਕਰ ਵੀ ਹੋਇਆ / ਤੇ ਤੇਰਾ ਹੀ ਹੋਇਆ
ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਸਮਝਣ ਤੇ ਨਿਭਾਉਣ ਦਾ ਆਦਰਸ਼ ਸਿਰਜਦੀ ਇਸ ਕਵਿਕ-ਸੁਰ ਨੂੰ ਦਿਲੋਂ ਜੀ ਆਇਆਂ ਕਹਿੰਦਿਆਂ ਖ਼ੁਸ਼ੀ ਮਹਿਸੂਸ ਕਰਦਾ ਹਾਂ। ਉਮੀਦ ਕਰਦਾ ਹਾਂ ਕਿ ਪਾਠਕ ਵੀ ਇਸ ਕਾਵਿ-ਸੰਗ੍ਰਹਿ ਨੂੰ ਖ਼ੁਸ਼-ਆਮਦੀਦ ਕਹਿੰਦਿਆਂ ਭਰਵਾਂ ਹੁੰਗਾਰਾ ਭਰਨਗੇ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਸਫ਼ਰ ਦਰ ਸਫ਼ਰ
ਲੇਖਕ : ਡਾ. ਅਰਵਿੰਦਰ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 295 ਰੁਪਏ, ਸਫ਼ੇ : 159
ਸੰਪਰਕ : 94630-62603
ਡਾ. ਅਰਵਿੰਦਰ ਸਿੰਘ ਮੌਜੂਦਾ ਸਮੇਂ ਜੀ.ਜੀ.ਐੱਨ. ਖ਼ਾਲਸਾ ਕਾਲਜ ਲੁਧਿਆਣਾ ਦਾ ਪ੍ਰਿੰਸੀਪਲ ਹੈ। ਉਸ ਨੇ ਰਾਜਨੀਤੀ ਸ਼ਾਸਤਰ ਵਿਚ ਪੀਐਚ.ਡੀ. ਕੀਤੀ ਹੈ। ਉਸ ਦੀਆਂ ਕੁਝ ਕਿਤਾਬਾਂ ਪਾਲਿਟਿਕਸ/ਸਿੱਖ ਪੌਲੀਟੀਕਲ ਥਾਟ ਸੰਬੰਧੀ ਹਨ। ਪਰ ਪਿਛਲੇ ਕੁਝ ਚਿਰ ਤੋਂ ਉਹ ਨੈਤਿਕਤਾ, ਦਰਸ਼ਨ, ਮਾਨਵਤਾ ਆਦਿ ਬਾਰੇ ਵਧੇਰੇ ਦਿਲਚਸਪੀ ਲੈ ਰਿਹਾ ਹੈ। ਅਜਿਹੀਆਂ ਕਿਤਾਬਾਂ ਵਿਚ ਖਿਆਲ ਤੋਂ ਤਹਿਰੀਰ ਤੱਕ, ਜ਼ਾਵੀਆ, ਪਗਡੰਡੀਆਂ ਤੋਂ ਸ਼ਾਹਰਾਹ ਤੱਕ, ਨੁਕਤਾ-ਏ-ਨਿਗਾਹ ਆਦਿ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ। ਸਮੀਖਿਆ ਅਧੀਨ ਕਿਤਾਬ ਸਫ਼ਰ ਦਰ ਸਫ਼ਰ ਵਿਚ ਲੇਖਕ ਨੇ ਆਪਣੀ ਨਿਵੇਕਲੀ ਤੇ ਵਿਲੱਖਣ ਸ਼ੈਲੀ ਵਿਚ 65 ਸੂਕਤੀਆਂ ਦੀ ਰਚਨਾ ਕੀਤੀ ਹੈ ਜੋ ਸੰਖੇਪ ਹੁੰਦੇ ਹੋਏ ਵੀ ਮਹਾਨ ਵਿਚਾਰਾਂ ਤੇ ਖਿਆਲਾਂ ਦੀਆਂ ਲਖਾਇਕ ਹਨ। ਵੇਖਿਆ ਜਾਵੇ ਤਾਂ ਮਾਨਵ-ਜੀਵਨ ਇਕ ਸਫ਼ਰ ਦੀ ਨਿਆਈਂ ਹੈ, ਜਿਸ ਵਿਚ ਵਿਅਕਤੀ ਜਨਮ ਤੋਂ ਮੌਤ ਤੱਕ ਦੁੱਖ-ਸੁੱਖ, ਖੁਸ਼ੀ-ਗ਼ਮੀ, ਊਚ-ਨੀਚ, ਸਫ਼ਲਤਾ-ਅਸਫ਼ਲਤਾ ਨਾਲ ਦੋ-ਚਾਰ ਹੁੰਦਾ ਰਹਿੰਦਾ ਹੈ। ਵਿਦਵਾਨ ਲੇਖਕ ਨੇ ਪੁਸਤਕ ਦੇ ਸਿਰਲੇਖਾਂ ਨੂੰ ਅਹਿਮਦ ਫ਼ਰਾਜ਼, ਸੁਰਜੀਤ ਪਾਤਰ, ਉਸਤਾਦ ਦਾਮਨ, ਜਾਵੇਦ ਅਖ਼ਤਰ, ਕੈਫ਼ ਅਹਿਮਦ ਸਿਦੀਕੀ, ਮੁਜ਼ੱਫ਼ਰ ਰਿਜ਼ਮੀ, ਮੁਹੰਮਦ ਇਕਬਾਲ, ਧਨੀ ਰਾਮ ਚਾਤ੍ਰਿਕ, ਕਤੀਲ ਸ਼ਿਫ਼ਾਈ, ਮਿਰਜ਼ਾ ਗ਼ਾਲਿਬ, ਭਗਤ ਕਬੀਰ, ਮੀਆਂ ਮੁਹੰਮਦ ਬਖ਼ਸ਼, ਬਾਬਾ ਵਜੀਦ, ਸਾਹਿਰ ਲੁਧਿਆਣਵੀ, ਅਹਿਮਦ ਫ਼ਰਾਜ਼, ਮੀਰ ਤਕੀ ਮੀਰ ਆਦਿ ਕਵੀਆਂ/ਦਾਨਿਸ਼ਵਰਾਂ ਦੀਆਂ ਉਕਤੀਆਂ ਨਾਲ ਸ਼ਿੰਗਾਰਿਆ ਹੈ। ਇਸ ਤੋਂ ਬਿਨਾਂ ਸਿਆਸਤ ਅਤੇ ਰਯਤਿ, ਜ਼ਲਾਲਤ ਤੋਂ ਇੰਤਕਾਮ ਤੱਕ, ਸੂਈ ਦੇ ਨੱਕੇ ਵਿਚੋਂ ਲੰਘਦਿਆਂ, ਰਿਸ਼ਤਿਆਂ ਦਾ ਸੰਸਾਰ, ਮੇਰੀ ਧਰਤੀ ਮੇਰਾ ਅੰਬਰ, ਜ਼ਰਫ਼ ਅਤੇ ਸ਼ਖ਼ਸੀਅਤ, ਹਉਮੈ ਬਨਾਮ ਨਿਮਰਤਾ, ਬੌਣੇ ਕਿਰਦਾਰ ਤੰਗਦਿਲ ਸੋਚ ਆਦਿ ਹੋਰ ਵੀ ਬਹੁਤ ਸਾਰੇ ਸੂਖਮ ਤੇ ਭਾਵਪੂਰਤ ਸਿਰਲੇਖ ਹਨ। ਪੁਸਤਕ 'ਚੋਂ ਕੁਝ ਮਹਾਨ ਵਿਚਾਰ :
* ਕੁਝ ਰਿਸ਼ਤਿਆਂ ਨੂੰ ਮਨੁੱਖ ਤਲੀ ਦੇ ਛਾਲੇ ਵਾਂਗ ਸੰਭਾਲ ਸੰਭਾਲ ਕੇ ਰੱਖਦਾ ਹੈ ਅਤੇ ਕਈ ਰਿਸ਼ਤਿਆਂ ਨਾਲ ਜੁੜੀਆਂ ਹੋਈਆਂ ਤਮਾਮ ਯਾਦਾਂ ਤੋਂ ਵੀ ਨਿਜਾਤ ਹਾਸਲ ਕਰਨੀ ਚਾਹੁੰਦਾ ਹੈ। (68)
* ਜਿਵੇਂ ਔੜ ਦਾ ਸਾਹਮਣਾ ਕਰਦੇ ਹੋਏ ਸਾਵਣ ਦੀਆਂ ਘਟਾਵਾਂ ਨੂੰ ਵੇਖਣ ਦੀ ਤਾਂਘ ਹੁੰਦੀ ਹੈ ਅਤੇ ਜਿਵੇਂ ਝੂਠ, ਲਾਲਚ, ਭਟਕਣ ਅਤੇ ਫ਼ਰੇਬ ਦਾ ਸਾਹਮਣਾ ਕਰਦਿਆਂ ਸਚਾਈ, ਸੰਤੋਖ, ਸਹਿਜ ਅਤੇ ਨੇਕੀ ਦਾ ਮੁੱਲ ਪੈਂਦਾ ਹੈ, ਉਸੇ ਤਰ੍ਹਾਂ ਹੀ ਜੀਵਨ ਦੇ ਅਧੂਰੇਪਣ ਵਿਚੋਂ ਹੀ ਉਸ ਸੰਪੂਰਨ ਨਿਰੰਕਾਰ ਵਿਚ ਇਕਮਿਕ ਹੋ ਕੇ ਇਨਸਾਨ ਲਈ ਸੰਪੂਰਨਤਾ ਦਾ ਦਰ ਖੁੱਲ੍ਹਦਾ ਹੈ। (94-95)
* ਅਕਸਰ ਦੇਖਣ ਵਿਚ ਆਉਂਦਾ ਹੈ ਕਿ ਉਹ ਲੋਕ ਜਿਨ੍ਹਾਂ ਕੋਲ ਨਿਮਰਤਾ ਪੂਰਵਕ ਜਿਊਣ ਦੀ ਕਲਾ ਹੁੰਦੀ ਹੈ, ਉਹ ਲੋਕ ਆਪਣੀ ਜ਼ਿੰਦਗੀ ਨੂੰ ਬਾਮਕਸਦ ਗੁਜ਼ਾਰਨ ਦਾ ਤਰੱਦਦ ਕਰਦੇ ਹਨ ਅਤੇ ਗ਼ਰੂਰ ਦੀ ਦਲਦਲ ਵਿਚ ਧਸੇ ਕੁਝ ਲੋਕ ਬੇਸ਼ਕੀਮਤੀ ਜ਼ਿੰਦਗੀ ਨੂੰ ਅਜਾਈਂ ਵੀ ਗਵਾ ਦਿੰਦੇ ਹਨ। (138)
ਇਉਂ ਗੰਭੀਰਤਾ, ਸੂਖਮਤਾ ਅਤੇ ਦਾਰਸ਼ਨਿਕਤਾ ਨਾਲ ਜੁੜੀਆਂ ਇਹ ਉਕਤੀਆਂ ਮਾਨਵ ਜੀਵਨ ਦਾ ਸ਼ਰਫ਼ ਕਹੀਆਂ ਜਾ ਸਕਦੀਆਂ ਹਨ। ਛੋਟੇ ਛੋਟੇ ਨਿਬੰਧਾਂ ਦੀ ਇਹ ਪੁਸਤਕ ਪੜ੍ਹਨ ਤੇ ਸੰਭਾਲਣ ਨਾਲ ਵਾਬਸਤਾ ਹੈ। ਵਿਲੱਖਣ ਸ਼ੈਲੀ ਦੀ ਇਸ ਕਿਤਾਬ ਦਾ ਖ਼ੈਰ ਮਕਦਮ!
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਸ਼ਬਦ ਸਾਗਰ
ਸੰਪਾਦਕ : ਸਾਦਿਕ ਤਖਤੂਪੁਰੀਆ, ਕੁਲਦੀਪ ਸਿੰਘ ਦੀਪ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ ਬਠਿੰਡਾ
ਮੁੱਲ : 220 ਰੁਪਏ, ਸਫ਼ੇ : 124
ਸੰਪਰਕ : 99151-41606
ਪੰਜਾਬੀ ਦੇ ਸਾਹਿਤਕ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਵਾਲੀਆਂ ਕਲਮਾਂ ਨੂੰ ਓਨਾ ਨਹੀਂ ਗੌਲਿਆ ਜਾਂਦਾ ਜਿੰਨਾ ਚਾਹੀਦਾ ਹੈ। ਸਥਾਪਿਤ ਕਲਮਾਂ 'ਚੋਂ ਬਹੁਤ ਘੱਟ ਲੋਕ ਹਨ, ਜੋ ਨਵਿਆਂ ਲਈ ਸਥਾਨ ਛੱਡਦੇ ਹਨ ਤੇ ਨਵੀਂ ਫ਼ਸਲ ਨੂੰ ਮੌਲਣ ਲਈ ਮੌਕੇ ਦਿੰਦੇ ਹਨ। ਫਿਰ ਵੀ ਕੁਝ ਲੋਕ ਤੇ ਸੰਸਥਾਵਾਂ ਗਾਹੇ-ਬਗਾਹੇ ਇਸ ਸੰਬੰਧੀ ਨਿੱਗਰ ਕਾਰਜ ਕਰਦੀਆਂ ਦਿਸਦੀਆਂ ਹਨ। 'ਸ਼ਬਦ ਸਾਗਰ' ਕਾਵਿ-ਸੰਗ੍ਰਹਿ ਵੀ 'ਪੰਜਾਬੀ ਤੇ ਪੰਜਾਬ, ਆਸਟ੍ਰੇਲੀਆ' ਸੰਸਥਾ ਦਾ ਪ੍ਰਯੋਜਨ ਹੈ, ਜਿਸ ਨੇ 29 ਸ਼ਾਇਰਾਂ ਨੂੰ ਇਕ ਥਾਂ ਛਪਣ ਦਾ ਮੌਕਾ ਦਿੱਤਾ ਹੈ ਜਿਨ੍ਹਾਂ 'ਚੋਂ ਵਧੇਰੇ ਨਵੇਂ ਹਨ। ਇਹ ਹਨ ਸਾਦਿਕ ਤਖਤੂਪੁਰੀਆ, ਕੁਲਦੀਪ ਸਿੰਘ ਦੀਪ, ਕੁਲਜੀਤ ਕੌਰ ਪਟਿਆਲਾ, ਅਮਰਜੀਤ ਖਟਕੜ, ਅਵਤਾਰ ਸਿੰਘ ਬਾਲੇਵਾਲ, ਡਾ. ਟਿੱਕਾ ਜੇ. ਐੱਸ. ਸਿੱਧੂ, ਗਗਨਦੀਪ ਸਿੰਘ ਸੰਧੂ, ਅਰਸ਼ ਸੋਹੀਆਂ, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਦਲਜੀਤ ਰਾਏ ਕਾਲੀਆ, ਸੁਰਿੰਦਰ ਸਾਬੀ, ਜੱਸੀ ਧਰੋੜ ਸਾਹਨੇਵਾਲ, ਸੁਖਜਿੰਦਰ ਸਿੰਘ ਭੰਗਚੜੀ, ਹਰਨਫ਼ਸ, ਹਰਨਿੰਦਰਨੀਤ ਕੌਰ, ਸਵਰਨਜੀਤ ਕੌਰ ਬਰਨਾਲਾ, ਗੁਰਦੀਪ ਕੌਰ ਚੰਡੀਗੜ੍ਹ, ਰਮਨਦੀਪ ਕੌਰ, ਸੁਖਵਿੰਦਰ ਸਿੰਘ ਖਾਰਾ, ਪਰਮ ਬੋਹਾਨੀ, ਸ਼ਾਇਰ ਅਲੀ, ਸੁਖਰਮਨ ਸਹੋਤਾ, ਨਿਰਮਲ ਸਿੰਘ ਅਧਰੇੜਾ, ਪਰਦੀਪ ਮਲੌਦਵੀ, ਸਤਨਾਮ ਸਿੰਘ ਅਬੋਹਰ, ਕੈਂਥ ਰਾਵਿੰਦਰ ਜਗਰਾਓਂ, ਹਰਜੀਤ ਕੌਰ, ਪਰਮਜੀਤ ਕੌਰ ਤੇ ਗੁਰੀ ਰਾਮੇਆਣਾ। ਇਸ ਕਾਵਿ ਸੰਗ੍ਰਹਿ ਵਿਚ ਸ਼ਾਇਰੀ ਦਾ ਹਰ ਰੂਪ ਦੇਖਿਆ ਜਾ ਸਕਦਾ ਹੈ ਤੇ ਹਰ ਸ਼ਾਇਰ ਨੂੰ ਚਾਰ ਚਾਰ ਸਫ਼ੇ ਦਿੱਤੇ ਗਏ ਹਨ। ਇਨ੍ਹਾਂ ਰਚਨਾਵਾਂ ਵਿਚ ਵਾਧੇ-ਘਾਟੇ ਤਾਂ ਹਨ, ਪਰ ਆਲੋਚਨਾ ਦੀ ਥਾਂ ਇਨ੍ਹਾਂ ਦੀ ਹੌਸਲਾ ਅਫ਼ਜ਼ਾਈ ਜ਼ਿਆਦਾ ਜ਼ਰੂਰੀ ਹੈ। ਪੁਸਤਕ ਦੀਆਂ ਕਈ ਰਚਨਾਵਾਂ ਪ੍ਰਸੰਸਾ ਦੀਆਂ ਪਾਤਰ ਵੀ ਹਨ ਅਤੇ ਉਨ੍ਹਾਂ ਦਾ ਭਵਿੱਖ ਵੀ ਉੱਜਵਲ ਪ੍ਰਤੀਤ ਹੁੰਦਾ ਹੈ, ਬਸ਼ਰਤੇ ਸ਼ਾਇਰ ਨਿਰੰਤਰ ਚਲਦੇ ਰਹਿਣ। ਹਰ ਇਕ ਦੀ ਲਿਖਣ ਸ਼ੈਲੀ ਆਪਣੀ ਹੁੰਦੀ ਹੈ, ਜਦੋਂ ਅਸੀਂ ਵੱਖਰੀ-ਵੱਖਰੀ ਸ਼ੈਲੀ ਵਾਲੀਆਂ ਰਚਨਾਵਾਂ ਨੂੰ ਇਕ ਥਾਂ ਪੜ੍ਹਦੇ ਹਾਂ ਤਾਂ ਅਕੇਵਾਂ ਮਹਿਸੂਸ ਨਹੀਂ ਹੁੰਦਾ। 'ਸ਼ਬਦ ਸਾਗਰ' ਵਿਚ ਸ਼ਾਮਿਲ ਕੁਝ ਕਲਮਾਂ ਜਾਣੀਆਂ-ਪਹਿਚਾਣੀਆਂ ਹਨ, ਜਿਨ੍ਹਾਂ ਦੀ ਸ਼ਮੂਲੀਅਤ ਨਾਲ ਵੰਨ-ਸੁਵੰਨਤਾ ਹੋਰ ਨਿੱਖਰੀ ਹੈ। ਅਜਿਹੀਆਂ ਪੁਸਤਕਾਂ ਨਾਲ ਉਨ੍ਹਾਂ ਨੂੰ ਵੀ ਛਪਣ ਦਾ ਮੌਕਾ ਮਿਲ ਜਾਂਦਾ ਹੈ ਜੋ ਕੋਈ ਪੁਸਤਕ ਛਪਵਾਉਣ ਤੋਂ ਅਸਮਰਥ ਹੁੰਦੇ ਹਨ। ਇਹ ਯਤਨ ਸਲਾਹੁਣਯੋਗ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਗਰੀਨ ਕਾਰਡ
ਲੇਖਕ : ਸਾਧੂ ਸਿੰਘ ਸੰਘਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 300 ਰੁਪਏ, ਸਫ਼ੇ :176
ਸੰਪਰਕ : 99151-29747
ਸੰਨ 2024 ਵਿਚ ਪ੍ਰਕਾਸ਼ਿਤ 28 ਅੰਕਾਂ ਵਿਚ ਵੰਡਿਆ ਹੋਇਆ ਇਹ ਨਾਵਲ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਗਏ ਪ੍ਰਵਾਸੀ ਲੋਕਾਂ ਦਾ ਗਰੀਨ ਕਾਰਡ ਲੈਣ ਲਈ ਸੰਘਰਸ਼ ਅਧੀਨ ਸੰਤਾਪ ਭੋਗਣ ਅਤੇ ਵਿਦੇਸ਼ਾਂ ਵਿਚ ਗਰੀਨ ਕਾਰਡ ਪ੍ਰਾਪਤ ਲੋਕਾਂ ਵਲੋਂ ਉਨ੍ਹਾਂ ਸੰਤਾਪ ਭੋਗ ਰਹੇ ਬੇਬੱਸ ਲੋਕਾਂ ਦੇ ਸ਼ੋਸ਼ਣ ਕਰਨ ਦੀ ਕਹਾਣੀ ਬਿਆਨ ਕਰ ਰਿਹਾ ਹੈ। ਵਿਦੇਸ਼ 'ਚ ਵਸੇ ਲੇਖਕ ਨੇ ਆਪਣੇ ਪੰਜਾਬੀ ਲੋਕਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਵਿਚ ਵਸਣ ਲਈ ਸੰਘਰਸ਼ ਕਰਦਿਆਂ ਵੇਖ ਉਨ੍ਹਾਂ ਦੀ ਪ੍ਰਵਾਸ ਦੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਨਾਵਲ ਗਰੀਨ ਕਾਰਡ ਸਮੇਤ ਤਿੰਨ ਨਾਵਲਾਂ ਵਿਚ ਬਹੁਤ ਹੀ ਡੂੰਘੀ ਸੋਚ ਸਮਝ ਨਾਲ ਬਿਆਨ ਕੀਤਾ ਹੈ। ਆਪਣੇ ਇਸ ਨਾਵਲ ਵਿਚ ਜਿੱਥੇ ਉਹ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਗਏ ਆਪਣੇ ਪੰਜਾਬੀ ਲੋਕਾਂ ਦੀ ਪ੍ਰਵਾਸ ਦੀ ਜ਼ਿੰਦਗੀ ਦੀ ਤਸਵੀਰ ਪੇਸ਼ ਕਰ ਰਿਹਾ ਹੈ, ਉੱਥੇ ਉਹ ਉਨ੍ਹਾਂ ਨੂੰ ਸੁਨੇਹਾ ਵੀ ਦੇ ਰਿਹਾ ਹੈ ਕਿ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨਾ ਚੰਗੀ ਸੋਚ ਨਹੀਂ ਹੈ। ਵਿਦੇਸ਼ ਵਿਚ ਵਸਣ ਲਈ ਸੰਘਰਸ਼ ਕਰ ਰਹੇ ਪੰਜਾਬੀਆਂ ਨੂੰ ਸਮਰਪਿਤ ਇਸ ਨਾਵਲ ਦੇ ਆਰੰਭ ਵਿਚ ਬਲਦੇਵ ਸਿੰਘ ਸੜਕਨਾਮਾ ਅਤੇ ਪ੍ਰੋਫ਼ੈਸਰ ਹਰਿੰਦਰ ਕੌਰ ਵਲੋਂ ਢੁੱਕਵੇਂ ਸ਼ਬਦਾਂ 'ਚ ਦਿੱਤੀ ਜਾਣਕਾਰੀ ਇਸ ਨਾਵਲ ਨੂੰ ਪੜ੍ਹਨ ਲਈ ਪ੍ਰੇਰਦੀ ਹੈ। ਪਾਠਕਾਂ ਦੀ ਨਬਜ਼ ਦੀ ਪਛਾਣ ਕਰਨ ਵਾਲੇ ਲੇਖਕ ਨੇ ਡੌਂਕੀਆਂ ਰਾਹੀਂ ਅਮਰੀਕਾ ਪਹੁੰਚਣ ਦੇ ਸਫ਼ਰ ਵਿਚ ਦੁੱਖਾਂ ਦਾ ਦਰਿਆ ਪਾਰ ਕਰਦਿਆਂ ਏਜੰਟਾਂ, ਦਲਾਲਾਂ ਅਤੇ ਡੌਂਕਰਾਂ ਦੇ ਵਿਵਹਾਰ ਅਤੇ ਗ਼ੈਰ-ਮਨੁੱਖੀ ਵਤੀਰੇ ਦੇ ਜਲਦੇ ਬਲਦੇ ਮਸਲੇ ਨੂੰ ਬਹੁਤ ਹੀ ਮੁਸਤੈਦੀ ਨਾਲ ਚੁੱਕਿਆ ਹੈ।
ਗ਼ੈਰਕਾਨੂੰਨੀ ਢੰਗ ਨਾਲ ਪ੍ਰਵਾਸ ਕਰਨ ਦੀਆਂ ਦੁਸ਼ਵਾਰੀਆਂ ਅਤੇ ਸੰਕਟਾਂ ਦੀ ਤਹਿ ਤੱਕ ਪਹੁੰਚ ਕੇ ਬਿਆਨ ਕਰਨ ਦਾ ਹੁਨਰ ਉਸ ਦੇ ਸਫ਼ਲ ਨਾਵਲਕਾਰ ਹੋਣ ਨੂੰ ਪ੍ਰਮਾਣਿਤ ਕਰਦਾ ਹੈ। ਘਟਨਾਵਾਂ, ਪਾਤਰਾਂ ਦੀ ਮਾਨਸਿਕਤਾ ਮੁਤਾਬਿਕ ਸ਼ਬਦ ਚੋਣ ਅਤੇ ਉਨ੍ਹਾਂ ਦੇ ਸੰਵਾਦ ਉਸਦੀ ਭਾਸ਼ਾ ਉੱਤੇ ਪਕੜ ਨੂੰ ਤਸਦੀਕ ਕਰਦਾ ਹੈ। ਗ਼ੈਰ-ਕਾਨੂੰਨੀ ਢੰਗ ਨਾਲ ਪ੍ਰਵਾਸ ਤੋਂ ਗਰੀਨ ਕਾਰਡ ਹਾਸਲ ਕਰਨ ਲਈ ਯਤਨਸ਼ੀਲ ਲੋਕਾਂ ਦੇ ਦੁੱਖ ਦਰਦ ਅਤੇ ਅਮਰੀਕਾ 'ਚ ਗਰੀਨ ਕਾਰਡ ਹਾਸਲ ਕਰ ਚੁੱਕੇ ਲੋਕਾਂ ਵਲੋ ਉਨ੍ਹਾਂ ਮਜਬੂਰ ਲੋਕਾਂ ਦੇ ਕੀਤੇ ਜਾਣ ਵਾਲੇ ਸ਼ੋਸ਼ਣ ਦੀ ਦਾਸਤਾਨ ਨੂੰ ਲੇਖਕ ਨੇ ਬਾਖੂਬੀ ਬਿਆਨ ਕੀਤਾ ਹੈ। ਨਾਵਲ 'ਚ ਵਿਦੇਸ਼ 'ਚ ਗ਼ੈਰ-ਕਾਨੂੰਨੀ ਢੰਗ ਨਾਲ ਜ਼ਿੰਦਗੀ ਗੁਜ਼ਾਰ ਰਹੇ ਪ੍ਰਵਾਸੀ ਲੋਕਾਂ ਦਾ ਗਰੀਨ ਕਾਰਡ ਪ੍ਰਾਪਤ ਕਰ ਚੁੱਕੇ ਲੋਕਾਂ ਦੇ ਰਹਿਮ ਦਾ ਪਾਤਰ ਬਣਨਾ, ਫੜੇ ਜਾਣ ਦਾ ਖੌਫ ਅਤੇ ਨਿੱਕੇ-ਵੱਡੇ ਸਮਝੌਤੇ ਕਰਨ ਦੀ ਬੇਵੱਸੀ ਨੂੰ ਪੜ੍ਹ ਕੇ ਮਨ ਵਿਚ ਇਹ ਖਿਆਲ ਪੈਦਾ ਕਰਦਾ ਹੈ, ਕਿੰਨੀ ਔਖੀ ਹੈ ਪ੍ਰਵਾਸ ਦੀ ਇਹ ਜ਼ਿੰਦਗੀ? ਪ੍ਰਵਾਸ ਦੀ ਇਸ ਸੰਘਰਸ਼ ਮਈ ਗ਼ੈਰ-ਕਾਨੂੰਨੀ ਜ਼ਿੰਦਗੀ 'ਚ ਕਦੇ ਕੁਝ ਅਜਿਹਾ ਵੀ ਵਾਪਰ ਜਾਂਦਾ ਹੈ ਜਿਸ ਦਾ ਜ਼ੁਬਾਨ ਤੋਂ ਜ਼ਿਕਰ ਕਰਨਾ ਵੀ ਔਖਾ ਲਗਦਾ ਹੈ। ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਇਸ ਨਾਵਲ ਦੇ ਸੁਨੇਹੇ ਨੂੰ ਮਹਿਸੂਸ ਕਰ ਕੇ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਲੇਖਕ ਛੇਤੀ ਹੀ ਸਾਹਿਤ ਦੇ ਖੇਤਰ ਵਿਚ ਪ੍ਰਸਿੱਧ ਨਾਵਲਕਾਰ ਹੋਣ ਦੀ ਤਿਆਰੀ ਕਰ ਰਿਹਾ ਜਾਪਦਾ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726 27136
ਕਿਤਾਬਾਂ ਨਾਲ ਯਾਰੀ
ਲੇਖਕ : ਗੁਰਮਨਜੀਤ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 80 ਰੁਪਏ, ਸਫ਼ੇ : 24
ਸੰਪਰਕ : 78146-54133
'ਕਿਤਾਬਾਂ ਨਾਲ ਯਾਰੀ' ਵਿਦਿਆਰਥੀ-ਲਿਖਾਰੀ ਗੁਰਮਨਜੀਤ ਸਿੰਘ ਵਲੋਂ ਰਚਿਤ ਨਵਾਂ ਬਾਲ-ਕਾਵਿ ਸੰਗ੍ਰਹਿ ਹੈ। ਬਾਲ ਕਵੀ ਨੇ ਵੰਨ-ਸੁਵੰਨੇ ਵਿਸ਼ਿਆਂ ਦੀ ਸ਼ਕਲ ਵਿਚ ਆਪਣੀਆਂ ਭਾਵਨਾਵਾਂ, ਸੱਧਰਾਂ ਅਤੇ ਸੁਪਨਿਆਂ ਦੀ ਅਭਿਵਿਅਕਤੀ ਕੀਤੀ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ ਵਿਚੋਂ 'ਬਾਣੀ ਬਾਬੇ ਨਾਨਕ ਦੀ', 'ਬਾਬਾ ਫ਼ਰੀਦ ਜੀ', 'ਸਾਹਿਬਜ਼ਾਦੇ', 'ਭਗਤ ਸਿੰਘ', 'ਬਾਪੂ' ਅਤੇ 'ਮਾਂ ਪਿਉ' ਆਦਿ ਕਵਿਤਾਵਾਂ ਵਿਚ ਬਾਲ-ਪਾਠਕਾਂ ਨੂੰ ਗੁਰੂ-ਪੀਰ, ਮਹਾਨ ਸ਼ਖ਼ਸੀਅਤਾਂ, ਦਾਨਿਸ਼ਵਰਾਂ ਅਤੇ ਮਾਪਿਆਂ ਦਾ ਮਹੱਤਵ ਦਰਸਾਇਆ ਗਿਆ ਹੈ ਜੋ ਹੱਥੀਂ ਕਿਰਤ ਕਰਨ ਦੇ ਹੁਨਰ ਦੱਸਦੇ ਹਨ, ਨਵੀਂ ਪੀੜ੍ਹੀ ਨੂੰ ਗ਼ਲਤ ਰਾਹਾਂ ਤੋਂ ਵਰਜਦੇ ਹਨ, ਸੰਘਰਸ਼ ਕਰਦਿਆਂ ਗ਼ੁਲਾਮੀ ਦੇ ਜੂਲੇ ਤੋਂ ਮੁਕਤੀ ਹਾਸਲ ਕਰਨ ਦੀ ਪ੍ਰੇਰਣਾ ਦਿੰਦੇ ਹਨ ਅਤੇ ਨਿਗਰ ਜੀਵਨ-ਮੁੱਲ ਅਪਣਾ ਕੇ ਮੰਜ਼ਿਲ ਪ੍ਰਾਪਤੀ ਦਾ ਰਾਹ ਦੱਸਦੇ ਹਨ। 'ਕਲਯੁਗ', 'ਬਦਲਿਆ ਪੰਜਾਬ', 'ਬੰਦੇ ਅੰਦਰ ਖੋਟ', 'ਨਸ਼ਾ (ਇਕ ਸ਼ੌਕ)', 'ਤਾਰਾਂ ਨੇ ਵੰਡ 'ਤੇ ਬਾਰਡਰ' ਅਤੇ 'ਜ਼ਿੰਦਗੀ' ਵਰਗੀਆਂ ਕਵਿਤਾਵਾਂ ਰਾਹੀਂ ਕਵੀ ਵਰਤਮਾਨ ਸਮਾਜ ਦਾ ਆਪਣੇ ਦ੍ਰਿਸ਼ਟੀਕੋਣ ਤੋਂ ਜਾਇਜ਼ਾ ਲੈਂਦਾ ਹੈ ਅਤੇ ਅਜੋਕੀ ਪੀੜ੍ਹੀ ਦੀ ਦਿਸ਼ਾ ਅਤੇ ਦਸ਼ਾ ਸਹੀ ਨਾ ਹੋਣ ਕਰਕੇ ਚਿੰਤਾ ਅਭਿਵਿਅਕਤ ਕਰਦਾ ਹੈ। ਇਸ ਸੰਦਰਭ ਵਿਚ ਉਸ ਦੀ ਕਵਿਤਾ 'ਬੰਦੇ ਅੰਦਰ ਖੋਟ' ਦੀਆਂ ਇਹ ਸਤਰਾਂ ਬਿਮਾਰ ਸਮਾਜ ਦੀ ਮਾਨਸਿਕਤਾ ਵੱਲ ਸਪੱਸ਼ਟ ਸੰਕੇਤ ਕਰਦੀਆਂ ਪ੍ਰਤੀਤ ਹੁੰਦੀਆਂ ਹਨ:
ਨੋਟਾਂ ਵਿਚ ਬੰਦਾ ਫਿਰੇ,
ਤੇ ਬੰਦੇ ਦੇ ਵਿਚ ਨੋਟ।
ਨੋਟਾਂ ਦੇ ਸਹਾਰੇ ਯਾਰੋ
ਪੈਂਦੀ ਅੱਜਕੱਲ੍ਹ ਵੋਟ। (ਪੰਨਾ 19)
ਇਸ ਪੁਸਤਕ ਵਿਚਲੀਆਂ ਹੋਰ ਕਵਿਤਾਵਾਂ ਵਿਚੋਂ 'ਪੱਗ', 'ਨੀਂਦ', 'ਚਾਰ ਦਿਨਾਂ ਦਾ ਮੇਲਾ' ਅਤੇ 'ਡੰਡਾ' ਕਵਿਤਾਵਾਂ ਵੀ ਆਪਣੇ ਮਕਸਦ ਦੀ ਪੂਰਤੀ ਕਰਦੀਆਂ ਹਨ। ਕਵਿਤਾਵਾਂ ਨਾਲ ਵਿਦਿਆਰਥਣ-ਚਿੱਤਰਕਾਰ ਫ਼ਰੀਦਾ ਵਲੋਂ ਢੁੱਕਵੇਂ ਚਿੱਤਰ ਬਣਾਏ ਗਏ ਹਨ। ਚਿੱਤਰਕਾਰਾ ਵਿਚ ਹੋਰ ਮਿਹਨਤ ਕਰਕੇ ਆਪਣੀ ਤੂਲਿਕਾ ਨੂੰ ਲਿਸ਼ਕਾਉਣ ਦੀ ਊਰਜਾ ਛੁਪੀ ਹੋਈ ਹੈ। ਬਾਲ ਸਾਹਿਤ ਦੇ ਵਿਕਾਸ ਲਈ ਪੁਸਤਕ ਦੀ ਸੁੰਦਰ ਦਿੱਖ ਪੈਦਾ ਕਰਨ ਲਈ ਵਧੀਆ ਤੇ ਹੰਢਣਸਾਰ ਕਾਗ਼ਜ਼ ਵਰਤਿਆ ਜਾਣਾ ਚਾਹੀਦਾ ਹੈ ਪਰ ਇਸ ਪੁਸਤਕ ਦੇ ਟਾਈਟਲ ਲਈ ਵਰਤਿਆ ਗਿਆ ਸਾਧਾਰਨ ਗੱਤੇ ਵਾਲਾ ਕਾਗ਼ਜ਼ ਪੁਸਤਕ ਦੀ ਦਿੱਖ ਨੂੰ ਘਟਾਉਂਦਾ ਹੈ। ਕੀਮਤ ਵੀ ਕੁਝ ਜ਼ਿਆਦਾ ਹੈ। ਇਨ੍ਹਾਂ ਪੱਖਾਂ ਵੱਲ ਤਵੱਜੋ ਦੇਣ ਦੀ ਜ਼ਰੂਰਤ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 9814423703
ਹਾਕੀ ਉਲੰਪੀਅਨ ਫੈਮਿਲੀ-1
ਲੇਖਕ : ਸੁਖਵਿੰਦਰਜੀਤ ਸਿੰਘ ਮਨੌਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 280 ਰੁਪਏ, ਸਫ਼ੇ : 156
ਸੰਪਰਕ : 98171-82993
ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ। ਇਸ ਖੇਡ ਨੂੰ ਖੇਡਣ ਵਾਲਿਆਂ ਅਤੇ ਮਾਣਨ ਵਾਲਿਆਂ ਦੀ ਸੰਸਾਰ ਪੱਧਰ 'ਤੇ ਗਿਣਤੀ ਬਹੁਤ ਜ਼ਿਆਦਾ ਹੈ। ਪਰ ਪੁਸਤਕ ਦੇ ਸ਼ੁਰੂ ਵਿਚ ਹੀ ਡਾ. ਹਰਨੂਰ ਸਿੰਘ ਮਨੌਲੀ ਹੁਰਾਂ ਦਾ ਗਿਲਾ ਬਿਲਕੁਲ ਦਰੁਸਤ ਹੈ ਕਿ ਹਾਕੀ ਖਿਡਾਰੀਆਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਬਹੁਤ ਜ਼ਿਆਦਾ ਹੈ, ਜਿਸ ਕਰਕੇ ਖਿਡਾਰੀਆਂ ਦਾ ਰੁਝਾਨ ਹੋਰ ਖੇਡਾਂ ਵਾਲੇ ਪਾਸੇ ਵਧਿਆ ਹੈ। ਪਰ ਜਦੋਂ ਅਸੀਂ ਸੁਖਵਿੰਦਰਜੀਤ ਸਿੰਘ ਮਨੌਲੀ ਦੀ ਪੁਸਤਕ 'ਹਾਕੀ ਉਲੰਪੀਅਨ ਫੈਮਿਲੀ-1' ਨੂੰ ਪੜ੍ਹਦੇ ਹਾਂ ਤਾਂ ਇਸ ਖੇਡ ਨੂੰ ਖੇਡ ਕੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਪਰਿਵਾਰਾਂ ਪ੍ਰਤੀ ਸ਼ਰਧਾਵੱਸ ਪਾਠਕਾਂ ਦਾ ਸਿਰ ਝੁਕ ਜਾਂਦਾ ਹੈ। ਲੇਖਕ ਨੇ ਇਸ ਪੁਸਤਕ ਵਿਚ ਭਾਰਤੀ ਅਤੇ ਵਿਦੇਸ਼ੀ ਉਨ੍ਹਾਂ ਸਾਰੇ ਹਾਕੀ ਖਿਡਾਰੀਆਂ ਬਾਰੇ ਵਿਸਤ੍ਰਿਤ ਵੇਰਵੇ ਪ੍ਰਸਤੁਤ ਕਰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਹੈ, ਜਿਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਆਪਣੇ ਦੇਸ਼ ਦਾ ਨਾਂਅ ਉੱਚਾ ਕੀਤਾ ਹੈ। ਮੇਜਰ ਧਿਆਨ ਚੰਦ ਜਿਸ ਨੂੰ ਹਾਕੀ ਦਾ ਜਾਦੂਗਰ ਆਖ ਕੇ ਵਡਿਆਇਆ ਜਾਂਦਾ ਹੈ, ਉਸ ਨੂੰ 'ਹਾਕੀ ਦੇ ਜਾਦੂਗਰਾਂ ਦਾ ਪਰਿਵਾਰ' ਕਹਿ ਕੇ ਲੇਖਕ ਸੰਬੋਧਨ ਕਰਦਾ ਹੈ। ਇਥੇ ਵੀ ਲੇਖਕ ਇਹ ਗ਼ਿਲਾ ਜ਼ਾਹਰ ਕਰਦਾ ਹੈ ਕਿ ਉਨ੍ਹਾਂ ਸਾਰੇ ਪਰਿਵਾਰਾਂ ਨੇ ਜਿਨ੍ਹਾਂ ਆਪਣੀ ਵਿਰਾਸਤ ਨੂੰ ਹਾਕੀ ਦੇ ਲੜ ਲਾਇਆ ਅਤੇ ਦੇਸ਼ ਦਾ ਸਿਰ ਉੱਚਾ ਕੀਤਾ 'ਭਾਰਤ ਰਤਨ' ਵਰਗਾ ਸਨਮਾਨ ਕਿਉਂ ਨਹੀਂ ਦਿੱਤਾ ਗਿਆ। ਲੇਖਕ ਜਿਥੇ ਸੰਸਾਰ ਦੇ ਪ੍ਰਸਿੱਧ ਹਾਕੀ ਖਿਡਾਰੀਆਂ ਦੇ ਜੀਵਨ ਨੂੰ ਇਸ ਪੁਸਤਕ ਵਿਚ ਤਸਵੀਰਾਂ ਸਹਿਤ ਪੇਸ਼ ਕਰਦਾ ਹੈ, ਉਥੇ ਹਾਕੀ ਦੇ ਪੰਜਾਬੀ ਖਿਡਾਰੀਆਂ ਗਰੇਵਾਲ ਭਰਾਵਾਂ, ਹਾਕੀ ਉਲੰਪੀਅਨ ਫਿਰੋਜ਼ਪੁਰੀਆ ਪਰਿਵਾਰ (ਅਜੀਤ ਸਿੰਘ, ਗਗਨ ਅਜੀਤ ਸਿੰਘ), ਕੁਲਾਰ ਪਰਿਵਾਰ ਜਿਨ੍ਹਾਂ ਨੇ ਕੈਨੇਡਾ ਵਲੋਂ ਹਾਕੀ ਖੇਡੀ, ਜ਼ਿਕਰ ਬੜੇ ਸਤਿਕਾਰ ਨਾਲ ਕਰਦਾ ਹੈ। ਬਲਬੀਰ ਸਿੰਘ ਸੀਨੀਅਰ ਬਾਰੇ ਵੀ ਜ਼ਿਕਰ ਭਾਵਪੂਰਤ ਸ਼ਬਦਾਂ ਵਿਚ ਕੀਤਾ ਗਿਆ। ਇਸ ਪੁਸਤਕ ਵਿਚ ਉਨ੍ਹਾਂ ਪਰਿਵਾਰਾਂ ਬਾਰੇ ਵੀ ਚਰਚਾ ਕੀਤੀ ਗਈ ਹੈ, ਜਿਨ੍ਹਾਂ ਦੋ-ਦੋ ਦੇਸ਼ਾਂ ਵਲੋਂ ਹਾਕੀ ਖੇਡੀ ਹੈ। ਪੁਸਤਕ ਵਿਚ ਭਾਰਤ ਤੋਂ ਇਲਾਵਾ ਪਾਕਿਸਤਾਨ, ਬ੍ਰਿਟੇਨ, ਆਸਟ੍ਰੇਲੀਆ, ਜਰਮਨੀ, ਨੀਦਰਲੈਂਡ, ਬੈਲਜੀਅਮ, ਅਰਜਨਟਾਈਨਾ ਆਦਿ ਦੇ ਖਿਡਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਪਾਠਕਾਂ ਦੇ ਦਿਲਾਂ ਵਿਚ ਹਾਕੀ ਪ੍ਰਤੀ ਸਤਿਕਾਰ ਅਤੇ ਸਨਮਾਨ ਜਗਾਉਂਦੀ ਇਹ ਪੁਸਤਕ ਪੜ੍ਹਨਯੋਗ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਰੂਹ ਦੇ ਅੱਥਰੂ
ਲੇਖਕ : ਦਰਸ਼ਨ 'ਅਣਜਾਣ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 124
ਸੰਪਰਕ : 98725-73300
ਸ਼ਾਇਰ ਦਰਸ਼ਨ 'ਅਣਜਾਣ' ਹਥਲੇ ਕਾਵਿ-ਸੰਗ੍ਰਹਿ 'ਰੂਹ ਦੇ ਅੱਥਰੂ' ਤੋਂ ਪਹਿਲਾਂ ਵੀ ਕਾਵਿ-ਸੰਗ੍ਰਹਿ ਵੇਦਨ (ਦਿਲ ਦੀ ਪੀੜ) ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਆਪਣਾ ਜੱਦੀ ਪਿੰਡ ਪਿੱਥੋ, ਜ਼ਿਲ੍ਹਾ ਬਠਿੰਡਾ ਤੋਂ ਚੰਗੇਰੇ ਭਵਿੱਖ ਦੀ ਤਲਾਸ਼ ਵਿਚ ਕੈਨੇਡਾ ਦਾ ਪੱਕਾ ਵਸਨੀਕ ਬਣ ਚੁੱਕਿਆ ਹੈ। ਕੈਨੇਡਾ ਵਿਚ ਵੱਖ-ਵੱਖ ਨਸਲਾਂ, ਦੇਸ਼ਾਂ ਤੇ ਕੌਮੀਅਤਾਂ ਵਿਚ ਰਹਿੰਦਿਆਂ ਵਿਸ਼ਵ ਦ੍ਰਿਸ਼ਟੀਕੋਣ ਵਿਚ ਪ੍ਰਬੀਨਤਾ ਆਉਣੀ ਸੁਭਾਵਿਕ ਹੀ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਦੇ ਪ੍ਰਵਚਨ ਦੀ ਥਾਹ ਕਾਵਿ-ਸੰਗ੍ਰਹਿ ਦੇ ਨਾਲ 'ਰੂਹ ਦੇ ਅੱਥਰੂ' ਤੋਂ ਸਹਿਜੇ ਹੀ ਅਸਾਡੇ ਹੱਥ ਆ ਜਾਂਦੀ ਹੈ। ਕਹਿੰਦੇ ਨੇ 'ਆਂਸੂ ਜ਼ੁਬਾਂ ਨਹੀਂ, ਮਗਰ ਬੇਜ਼ੁਬਾਂ ਨਹੀਂ' ਅਰਥਾਤ ਹੰਝੂਆਂ ਦੀ ਜ਼ਬਾਨ ਨਹੀਂ ਹੁੰਦੀ ਤੇ ਇਸ ਦਾ ਇਹ ਭਾਵ ਬਿਲਕੁਲ ਨਹੀਂ ਕਿ ਬੋਲਦੇ ਨਹੀਂ ਤੇ ਕੁਝ ਕਹਿੰਦੇ ਨਹੀਂ। ਉਹ ਹੰਝੂ ਜੋ ਰੂਹ ਤੋਂ ਨਿਕਲਦੇ ਹਨ ਉਹ ਕਿਹੋ ਜਿਹੇ ਹੋਣਗੇ ਇਨ੍ਹਾਂ ਦੀ ਤੰਦ ਫੜਾਉਂਦਿਆਂ ਉਹ ਇਸ ਭਾਵ ਨੂੰ ਕਵਿਤਾਉਂਦਾ ਤੇ ਵਿਸਤਾਰਦਾ ਹੈ। ਇਹ ਕੰਮ ਹਾਰੀ ਸਾਰੀ ਦਾ ਨਹੀਂ ਜੋ ਸ਼ਾਇਰ 'ਅਣਜਾਣ' ਕਰ ਵਿਖਾਉਂਦਾ ਹੈ। ਉਹ ਰੂਹ ਦੇ ਅੱਥਰੂ ਬਹੁਤ ਥਾਈਂ ਕੇਰਦਾ ਹੈ। ਉਹ ਕੁੱਖਾਂ ਵਿਚ ਕਤਲ ਕੀਤੀਆਂ ਜਾਣ ਵਾਲੀਆਂ ਧੀਆਂ 'ਤੇ ਵੀ ਹੰਝੂ ਕੇਰਦਾ ਹੈ। ਉਹ ਵਿਰਾਸਤੀ ਥਾਵਾਂ ਢਾਹ ਢੇਰੀ ਕਰਕੇ ਉਥੇ ਸੰਗਮਰਮਰ ਲਗਾਉਣ ਵਾਲਿਆਂ ਬਾਰੇ ਵੀ ਗੱਲ ਕਰਦਾ ਹੈ। 84 ਵਿਚ ਸਿੱਖਾਂ ਦੀ ਨਸਲਕੁਸ਼ੀ ਤੇ ਹਰਿਮੰਦਰ ਸਾਹਿਬ ਤੇ ਟੈਂਕਾਂ ਦਾ ਹਮਲਾ ਵੀ ਹੰਝੂ ਕੇਰਨ ਨੂੰ ਮਜਬੂਰ ਕਰਦਾ ਹੈ ਪਰ ਨਾਲ ਹੀ ਸਮੇਂ ਦੇ ਹਾਕਮ ਨੂੰ ਲਲਕਾਰਦਾ ਹੈ ਕਿ ਸਿੱਖਾਂ ਦਾ ਇਤਿਹਾਸ ਤਾਂ ਪੜ੍ਹ ਲਓ, ਇਹ ਸਰਬੱਤ ਦਾ ਭਲਾ ਚਾਹੁਣ ਵਾਲੇ ਹਨ, ਇਹ ਅੱਤਵਾਦੀ ਨਹੀਂ ਇਹ ਤਾਂ ਸੱਤਵਾਦੀ ਹਨ। ਜੇ ਕੋਈ ਇਨ੍ਹਾਂ 'ਤੇ ਚੜ੍ਹ ਕੇ ਆਵੇਗਾ, ਉਸ ਨੂੰ ਤੇਗ ਦੇਣਗੇ ਤੇ ਜੋ ਨਿਮਰਤਾ ਨਾਲ ਆਏਗਾ, ਉਸਨੂੰ ਦੇਗ ਦੇਣਗੇ। ਉਹ ਸਿਆਸੀ ਘੜੰਮ ਚੌਧਰੀਆਂ ਦੇ ਵੀ ਬਖੀਏ ਉਧੇੜਦਾ ਹੈ ਕਿ ਵੋਟਾਂ ਮੰਗਣ ਵੇਲੇ ਤਾਂ ਦਲਿਤਾਂ ਨੂੰ ਗਲਵੱਕੜੀਆਂ ਪਾ ਕੇ ਉਨ੍ਹਾਂ ਦੇ ਘਰ ਰੋਟੀਆਂ ਵੀ ਖਾਂਦੇ ਹਨ ਪਰ ਬਾਅਦ ਵਿਚ ਸੱਤਾ ਦੇ ਨਸ਼ੇ ਵਿਚ ਉਨ੍ਹਾਂ ਤੋਂ ਹੀ ਵਿਥ ਸਿਰਜ ਲੈਂਦੇ ਹਨ। ਜਿਵੇਂ ਬਾਬਾ ਨਾਨਕ ਨੇ 'ਤੈ ਕੀ ਦਰਦ ਨਾ ਆਇਆ' ਕਹਿ ਕੇ ਰੱਬ ਨੂੰ ਮੇਹਣਾ ਮਾਰਿਆ ਸੀ। ਏਸੇ ਤਰ੍ਹਾਂ ਇਹ ਸ਼ਾਇਰ ਵੀ ਰੱਬ ਨੂੰ ਮੇਹਣੇ ਮਾਰਦਾ ਹੈ ਕਿ ਜਦ ਤੈਥੋਂ ਬਗ਼ੈਰ ਪੱਤਾ ਵੀ ਨਹੀਂ ਹਿਲ ਸਕਦਾ ਤਾਂ ਫਿਰ ਅਮੀਰ ਗ਼ਰੀਬ ਦਾ ਪਾੜਾ ਕੌਣ ਪਾ ਰਿਹਾ ਹੈ ਤੇ ਨਫ਼ਰਤਾਂ ਦੇ ਬੀਜ ਕੌਣ ਬੀਜ ਰਿਹਾ ਹੈ। ਸ਼ਾਇਰ ਦੀਆਂ ਰਿਸ਼ਤਿਆਂ ਨੂੰ ਸਮਰਪਿਤ ਨਜ਼ਮਾਂ ਤਾਂ ਖੂਬਸੂਰਤ ਹਨ ਹੀ ਪਰ ਜੋ ਉਸ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਕਾਵਿ-ਸ਼ਰਧਾਂਜਲੀ ਦਿੱਤੀ ਹੈ, ਉਹ ਬਾ-ਕਮਾਲ ਹੈ। ਪਰਵਾਸ ਹੰਢਾਅ ਰਹੇ ਪਰਵਾਸੀਆਂ ਦੇ ਦਰਦ 'ਤੇ ਵੀ ਚਿੰਤਨ ਮੰਥਨ ਕਰਦਾ ਹੈ। ਪਹਿਲਾਂ ਸ਼ਾਇਰ ਨਜ਼ਮ ਜਾਂ ਗ਼ਜ਼ਲ ਦੇ ਅਖੀਰ ਵਿਚ ਆਪਣਾ ਤਖੱਲਸ ਲਿਖਦੇ ਹੁੰਦੇ ਸਨ ਪਰ ਹੁਣ ਇਹ ਰਿਵਾਜ ਨਹੀਂ ਹੈ ਤੇ ਜੇ ਹਰੇਕ ਨਜ਼ਮ ਤੋਂ ਬਾਅਦ ਤਖੱਲਸ 'ਅਣਜਾਣ' ਨਾ ਲਿਖਿਆ ਜਾਵੇ ਤਾਂ ਸ਼ਾਇਰ ਸਮੇਂ ਦਾ ਹਾਣੀ ਜ਼ਰੂਰ ਬਣ ਜਾਏਗਾ। ਸ਼ਾਇਰ ਦੀ ਖ਼ੂਬਸੂਰਤ ਸ਼ਾਇਰੀ ਨੂੰ ਸਲਾਮ ਤਾਂ ਕਰਨਾ ਬਣਦਾ ਹੀ ਹੈ।
-ਭਗਵਾਨ ਢਿੱਲੋਂ
ਮੋਬਾਈਲ : 098143-78254
ਸ਼ਬਦ ਸਿਰਜਨਹਾਰੇ-4
ਸੰਪਾਦਕ : ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਪਰਵਿੰਦਰਜੀਤ ਸਿੰਘ ਕਮਲੇਸ਼ ਸੰਧੂ
ਮੁੱਖ ਸਲਾਹਕਾਰ : ਗੁਰਮੀਤ ਸਿੰਘ ਪਲਾਹੀ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ, ਫਗਵਾੜਾ
ਮੁੱਲ : 300 ਰੁਪਏ, ਸਫ਼ੇ : 200
ਸੰਪਰਕ : 98720-07176
ਸ਼ਬਦ ਸਿਰਜਨਹਾਰੇ-4 ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਚੋਣਵੀਆਂ ਰਚਨਾਵਾਂ ਦਾ ਕਾਵਿ-ਸੰਗ੍ਰਹਿ ਹੈ। ਸਕੇਪ ਸਾਹਿਤਕ ਸੰਸਥਾ ਫਗਵਾੜਾ ਵਲੋਂ ਪੰਜਾਬ ਭਵਨ ਸਰੀ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਕਾਵਿ-ਪੁਸਤਕ ਪ੍ਰਕਾਸ਼ਿਤ ਕੀਤੀ ਗਈ ਹੈ।
ਪੁਸਤਕ ਦੇ ਪਹਿਲੇ ਭਾਗ ਵਿਚ ਭਾਰਤੀ ਪੰਜਾਬ ਦੇ ਸਥਾਪਿਤ ਅਤੇ ਨਵੇਂ ਕਵੀਆਂ ਦੀਆਂ ਰਚਨਾਵਾਂ ਦਾ ਗੁਲਦਸਤਾ ਸ਼ਾਮਿਲ ਹੈ। ਗੁਰਭਜਨ ਗਿੱਲ, ਸੁਖਵਿੰਦਰ ਅੰਮ੍ਰਿਤ, ਲਖਵਿੰਦਰ ਜੌਹਲ, ਸੁਲੱਖਣ ਸਰਹੱਦੀ, ਗੁਰਦਿਆਲ ਰੌਸ਼ਨ, ਸਵਰਨਜੀਤ ਸਵੀ, ਤ੍ਰੈਲੋਚਨ ਲੋਚੀ, ਜਸਪਾਲ ਜ਼ੀਰਵੀ, ਰਵਿੰਦਰ ਸਹਿਰਾਅ, ਸੁਰਜੀਤ ਜੱਜ, ਰਣਜੀਤ ਸਿੰਘ ਧੂਰੀ, ਮਨਜਿੰਦਰ ਸਿੰਘ ਧਨੋਆ, ਗੁਰਸ਼ਰਨ ਸਿੰਘ ਅਜੀਬ (ਲੰਡਨ), ਗੁਰਮੀਤ ਸਿੰਘ ਪਲਾਹੀ ਦੀਆਂ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਲਹਿੰਦੇ ਪੰਜਾਬ ਦੇ ਕਵੀਆਂ ਦੀਆਂ ਰਚਨਾਵਾਂ ਦਾ ਲਿੱਪੀਆਂਤਰ ਕਮਲੇਸ਼ ਸੰਧੂ ਨੇ ਕੀਤਾ ਹੈ, ਜਿਨ੍ਹਾਂ ਵਿਚ ਆਕਿਬ, ਇਰਸ਼ਾਦ ਸੰਧੂ, ਉਵੈਸ ਬਾਸਿਲ, ਨਬੀਲ ਨਾਬਰ, ਮੁਹੰਮਦ ਆਸਿਫ਼ ਜਾਵੇਦ, ਸ਼ਗੀਰ ਤਬੱਸੁਮ, ਅਲੀ ਬਾਬਰ, ਕਾਸਿਫ਼ ਤਨਵੀਰ, ਜੈਨ ਜੱਟ, ਰਜ਼ਾ ਸ਼ਾਹ, ਜ਼ਫ਼ਰ ਅਵਾਂਕ, ਖੁਰਮ ਚੌਧਰੀ, ਸੈਫ਼ ਉੱਲਾ ਹੈਦਰ, ਮੰਜ਼ਰ ਜਹਾਂਗੀਰ ਸ਼ਾਮਿਲ ਹਨ। ਇਹ ਰਚਨਾਵਾਂ ਵੀ ਵਿਸ਼ੇ ਅਤੇ ਰੂਪ ਪੱਖੋਂ ਪਾਠਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਤੀਸਰੇ ਹਿੱਸੇ ਵਿਚ ਸਕੇਪ ਸਾਹਿਤਕ ਸੰਸਥਾ ਦੇ ਮੈਂਬਰ ਕਵੀ ਸ਼ਾਮਿਲ ਹਨ। ਬਲਦੇਵ ਰਾਜ ਕੋਮਲ, ਜਸਵਿੰਦਰ ਕੌਰ ਫਗਵਾੜਾ, ਬਲਬੀਰ ਕੌਰ ਸੈਣੀ, ਰਵਿੰਦਰ ਚੋਟ, ਸੀਤਲ ਰਾਮ ਬੰਗਾ, ਮਨੋਜ ਫਗਵਾੜਵੀ, ਕਮਲੇਸ਼ ਸੰਧੂ, ਰਵਿੰਦਰ ਸਿੰਘ ਰਾਏ, ਸੋਹਣ ਸਹਿਜਲ, ਐਸ. ਐਲ. ਵਿਰਦੀ, ਸ਼ਾਮ ਸਰਗੂੰਦੀ, ਕੈਪਟਨ ਦਵਿੰਦਰ ਜੱਸਲ, ਦਲਜੀਤ ਮਹਿਮੀ ਕਰਤਾਰਪੁਰ, ਸੁਖਦੇਵ ਸਿੰਘ ਗੰਢਵਾਂ, ਦਰਸ਼ਨ ਸਿੰਘ ਨੰਦਰਾ, ਸੁਖਦੇਵ ਭੱਟੀ ਫ਼ਿਰੋਜ਼ਪੁਰ, ਸੁਬੇਗ ਸਿੰਘ ਹੰਜ਼ਰਾ, ਉਰਮਿਲਜੀਤ ਵਾਲੀਆ, ਸਿਮਰਤ ਕੌਰ, ਇੰਦਰਜੀਤ ਵਾਸੂ, ਮੋਨਿਕਾ ਬੇਦੀ, ਸੁਰਜੀਤ ਸਿੰਘ ਬਲਾੜੀ ਕਲਾਂ, ਕਰਮਜੀਤ ਸਿੰਘ ਸੰਧੂ, ਬਚਨ ਰਾਮ ਗੁੜ੍ਹਾ, ਲਾਲੀ ਕਰਤਾਰਪੁਰੀ, ਮਨਦੀਪ ਮਹਿਰਮ, ਨਛੱਤਰ ਸਿੰਘ ਭੋਗਲ ਭਾਖੜੀਆਣਾ ਯੂ. ਕੇ., ਮਨਜੀਤ ਕੌਰ ਮੀਸ਼ਾ, ਜਸਵੰਤ ਸਿੰਘ ਮਜਬੂਰ, ਅਮਨਦੀਪ ਸਿੰਘ, ਦੇਵ ਰਾਜ ਦਾਦਰ, ਸੋਢੀ ਸੱਤੋਵਾਲੀ, ਨਵਕਿਰਨ, ਗੁਰਮੁਖ ਲੋਕ ਪਰੇਮੀ, ਰਾਮ ਪਾਲ ਮੱਲ, ਜਸਵਿੰਦਰ ਕੌਰ ਵਿਰਕ ਅਤੇ ਸਿਕੰਦਰ ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ।
200 ਸਫ਼ਿਆਂ ਦੀ ਇਸ ਕਾਵਿ-ਪੁਸਤਕ ਵਿਚ ਵਿਭਿੰਨ ਵਿਸ਼ੇ ਅਤੇ ਵਿਭਿੰਨ ਕਾਵਿ-ਰੂਪਾਂ ਦੀਆਂ ਵੰਨਗੀਆਂ ਹਨ। ਇਹ ਪੁਸਤਕ ਪਾਠਕਾਂ ਦਾ ਵਿਸ਼ੇਸ਼ ਧਿਆਨ ਖਿੱਚਦੀ ਹੈ ਕਿਉਂਕਿ ਪੁਸਤਕ ਵਿਚ ਭਾਵਾਂ ਦੀ ਵੀ ਵੰਨ-ਸੁਵੰਨਤਾ ਹੈ। ਇਸ ਪੁਸਤਕ ਨੂੰ ਤਿਆਰ ਕਰਨ ਵਿਚ ਮਿਹਨਤ ਅਤੇ ਲਗਨ ਨਾਲ ਇਸ ਦੀਆਂ ਕਵਿਤਾਵਾਂ ਨੂੰ ਇਕੱਤਰ ਕਰਨ ਅਤੇ ਪਾਠਕਾਂ ਤੱਕ ਪਹੁੰਚਾਉਣ ਵਾਲੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਸੁੱਖੀ ਬਾਠ ਦੁਆਰਾ ਦਿੱਤੇ ਸਹਿਯੋਗ ਲਈ ਗੁਰਮੀਤ ਸਿੰਘ ਪਲਾਹੀ ਨੇ ਵਿਸ਼ੇਸ਼ ਧੰਨਵਾਦ ਕੀਤਾ ਹੈ।
-ਪ੍ਰੋ. ਕੁਲਜੀਤ ਕੌਰ
ਚਰਨ ਸਿੰਘ ਦਾ ਕਾਵਿ-ਸੰਸਾਰ
ਲੇਖਕ : ਜੋਗਿੰਦਰ ਸਿੰਘ ਕੈਰੋਂ (ਡਾ.)
ਪ੍ਰਕਾਸ਼ਕ : ਬਸੰਤ ਸੁਹੇਲ ਪਬਲੀਕੇਸ਼ਨ, ਫਗਵਾੜਾ
ਮੁੱਲ : 220 ਰੁਪਏ, ਸਫ਼ੇ : 108
ਸੰਪਰਕ : 82643-06671
'ਚਰਨ ਸਿੰਘ ਦਾ ਕਾਵਿ ਸੰਸਾਰ' ਡਾ. ਜੋਗਿੰਦਰ ਸਿੰਘ ਕੈਰੋਂ ਦੀ ਕ੍ਰਿਤ ਹੈ। ਲੇਖਕ ਨੇ ਇਸ ਰਚਨਾ ਵਿਚ ਚਰਨ ਸਿੰਘ ਦੀ ਪੰਜਾਬੀ ਕਵਿਤਾ ਨੂੰ ਦੇਣ ਸੰਬੰਧੀ ਪਰਖ਼ਣ ਦਾ ਬੜਾ ਵਧੀਆ ਅਤੇ ਸੁਹਿਰਦ ਉਪਰਾਲਾ ਕੀਤਾ ਹੈ। ਲਗਪਗ 45 ਸਾਲ ਪਹਿਲਾਂ ਚਰਨ ਸਿੰਘ ਰੋਜ਼ੀ ਰੋਟੀ ਦੀ ਭਾਲ ਵਿਚ ਕੈਨੇਡਾ ਦੀ ਧਰਤੀ ਉੱਤੇ ਜਾ ਉੱਤਰਿਆ। ਜਿਥੇ ਉਸ ਨੇ ਆਪਣੇ ਆਪ ਨੂੰ ਆਰਥਿਕ ਤੌਰ 'ਤੇ ਸੁਦ੍ਰਿੜ੍ਹ ਕੀਤਾ, ਉੱਥੇ ਉਹ ਪੰਜਾਬੀ ਸਾਹਿਤ ਦੀ ਝੋਲੀ ਨੂੰ ਵੀ ਆਪਣੀਆਂ ਕਾਵਿ ਕ੍ਰਿਤਾਂ ਰਾਹੀਂ ਭਰਪੂਰ ਕਰਦਾ ਰਿਹਾ। ਹੁਣ ਤੱਕ ਉਸ ਦੀਆਂ ਪੈਂਤੀ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜੋ ਕਿ ਬਹੁਤ ਹੀ ਮਾਣ ਅਤੇ ਸਲਾਹੁਣਯੋਗ ਕਾਰਜ ਹੈ।
ਚਰਨ ਸਿੰਘ ਦੀ ਕਾਵਿ ਸਿਰਜਣਾ ਜਿੱਥੇ ਸਮਾਜ, ਸੱਭਿਆਚਾਰ ਦੀਆਂ ਉਲਝਣਾਂ ਨੂੰ ਚਿੱਤਰਦੀ ਹੈ, ਉੱਥੇ ਉਹ ਆਧੁਨਿਕ ਵਿਚਾਰਾਂ, ਤਕਨੀਕੀ ਸਾਧਨਾਂ, ਕਾਢਾਂ, ਸੰਦਾਂ, ਜੁਗਤਾਂ ਆਦਿ ਨੂੰ ਵੀ ਬਾਖ਼ੂਬੀ ਚਿੱਤਰਦਾ ਹੈ। ਉਸ ਦੀਆਂ ਰਚਨਾਵਾਂ ਵਿਚ ਮਾਨਵੀ ਹਾਵ-ਭਾਵ, ਗਿਆਨ-ਵਿਗਿਆਨ, ਬ੍ਰਹਿਮੰਡੀ ਵਰਤਾਰਿਆਂ, ਮਨੁੱਖੀ ਰਿਸ਼ਤਿਆਂ ਦੀ ਸੰਯੋਗਤਾ ਅਤੇ ਵਿਯੋਗਤਾ, ਸਮਾਜਿਕ ਬਣਤਰ ਦੀ ਟੁੱਟ-ਭੱਜ, ਸੱਭਿਆਚਾਰਕ ਵਰਤੋਂ ਵਿਹਾਰ, ਮਾਨਵਵਾਦੀ ਸੋਚ ਆਦਿ ਵਿਸ਼ਿਆਂ ਨੂੰ ਬਹੁਤ ਹੀ ਸੂਖ਼ਮਤਾ, ਸਰਲਤਾ, ਸੁਖੈਨਤਾ ਸਹਿਤ ਚਿਤਰਿਆ ਗਿਆ ਹੈ।
ਚਰਨ ਸਿੰਘ ਅਜੋਕੇ ਪਦਾਰਥਵਾਦੀ ਯੁੱਗ ਵਿਚ ਔਰਤ ਦੀ ਸਮਾਜਿਕ ਹੋਣੀ ਨੂੰ ਬਾਖ਼ੂਬੀ ਸਮਝਦਾ ਹੈ। 'ਮਾਂ ਗਾਂ' ਕਵਿਤਾ ਵਿਚ ਉਹ ਇਸਤਰੀ ਨੂੰ ਪਤੀ ਰੂਪੀ ਕਿੱਲ੍ਹੇ ਨਾਲ ਬੱਝੀ ਗਾਂ ਨਾਲ ਤੁਲਨਾ ਕਰਦਾ ਲਿਖਦਾ ਹੈ -
ਉਹ ਕਈ ਵਾਰ ਕਿੱਲਾ ਤੁੜਾ ਕੇ, ਭੱਜ ਜਾਣਾ ਚਾਹੁੰਦੀ ਸੀ।
ਉਸ ਬੈੜ੍ਹਕੇ ਨਾਲ,
ਜੋ ਪਿੰਡੋਂ ਬਾਹਰ,
ਉਸ ਦੀ ਉਡੀਕ ਵਿਚ
ਬੁੱਢਾ ਬੌਲਦ ਹੋ ਗਿਆ ਸੀ।
ਮਾਂ ਕੀ ਕਰਦੀ? ਉਸ ਦਾ ਸਫ਼ਰ ਤਾਂ ਬਾਪੂ ਦੇ ਕਿੱਲੇ ਤੋਂ ਸ਼ੁਰੂ ਹੋ ਕੇ, ਕਿੱਲੇ 'ਤੇ ਹੀ ਮੁੱਕਦਾ ਸੀ।
ਇਸ ਪ੍ਰਕਾਰ ਕਵੀ ਲਾਚਾਰ ਭਾਰਤੀ ਨਾਰੀ ਦੀ ਅਸਲੀ ਮਨੋਦਸ਼ਾ ਨੂੰ ਬਿਆਨ ਕਰਦਾ ਹੈ, ਜਿਹੜੀ ਆਪਣੀਆਂ ਸਾਰੀਆਂ ਖ਼ਾਹਿਸ਼ਾਂ, ਅਰਮਾਨਾਂ, ਵਲਵਲਿਆਂ, ਭਾਵਨਾਵਾਂ ਨੂੰ ਆਪਣੀ ਹਿੱਕ ਅੰਦਰ ਮਾਰ ਕੇ ਅੰਦਰੇ ਅੰਦਰ ਗਿੱਲੇ ਗੋਹੇ ਵਾਂਗ ਧੁਖਦੀ ਰਹਿੰਦੀ ਹੈ। ਉਸ ਦਾ ਸਾਰਾ ਸਫ਼ਰ ਕੁੱਖ ਤੋਂ ਕੁੱਖ ਤੱਕ ਦਾ ਹੀ ਹੈ। ਉਹ ਆਪਣੀ ਸਾਰੀ ਜ਼ਿੰਦਗੀ ਉਨ੍ਹਾਂ ਸੁਪਨਿਆਂ ਵਿਚ ਹੀ ਬਿਤਾ ਦਿੰਦੀ ਹੈ, ਜੋ ਕਦੇ ਵੀ ਪੂਰੇ ਨਹੀਂ ਹੁੰਦੇ। ਉਹ ਰੱਸਾ ਤੁੜਾ ਕੇ ਆਜ਼ਾਦ ਹੋ ਕੇ ਆਪਣੇ ਮਨ ਦੇ ਹਾਣੀ ਨਾਲ ਮਿਲਾਪ ਕਰਨਾ ਚਾਹੁੰਦੀ ਹੋਈ ਵੀ ਮਿਲਾਪ ਨਾ ਕਰ ਸਕੀ।
ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਡਾ. ਜੋਗਿੰਦਰ ਸਿੰਘ ਕੈਰੋਂ ਨੇ ਚਰਨ ਸਿੰਘ ਦੇ ਕਾਵਿ ਸੰਸਾਰ ਦਾ ਅਧਿਐਨ ਕਰਦਿਆਂ ਉਸ ਦੀ ਕਵਿਤਾ ਵਿਚਲੇ ਵਿਸ਼ਿਆਂ ਦੀ ਵਿਭਿੰਨਤਾ ਨੂੰ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020