06-10-2024
ਮਾਸਟਰ ਜੀ ਪੇਪਰ ਬੈਂਕ
ਸੰਪਾਦਕ : ਰਵਿੰਦਰ ਨਥੇਹਾ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 272
ਸੰਪਰਕ : 95306-97919
ਰਵਿੰਦਰ ਨਥੇਹਾ ਵਲੋਂ ਵਿਦਿਆਰਥੀਆਂ ਦੀ ਵੱਖ-ਵੱਖ ਐਂਟਰੈਂਸ ਤਿਆਰੀ ਹਿੱਤ ਮਾਸਟਰ ਜੀ ਪੇਪਰ ਬੈਂਕ ਪੁਸਤਕ ਸੰਪਾਦਿਤ ਕੀਤੀ ਗਈ ਹੈ। ਇਸ ਵਿਚ ਮਾਸਟਰ ਕਾਰਡ ਪੰਜਾਬ 2016, 2017, 2020, 2022 ਵਿਚ ਆਏ ਪ੍ਰਮੁੱਖ ਪ੍ਰਸ਼ਨ ਦਰਜ ਹਨ। ਲੈਕਚਰਾਰ ਪੰਜਾਬ 2016 ਤੇ 2021 ਨਾਲ ਸੰਬੰਧਿਤ ਪ੍ਰਸ਼ਨੋਤਰੀ ਵੀ ਦਰਜ ਹੈ। ਇਸ ਤੋਂ ਇਲਾਵਾ 4SSS2, "7", P7" ਅਤੇ ਚੰਡੀਗੜ੍ਹ ਦੇ ਹਰਿਆਣਾ "7" ਤੇ P7" ਨਾਲ ਸੰਬੰਧਤ ਪ੍ਰਸ਼ਨ ਦਰਜ ਹਨ।
ਰਵਿੰਦਰ ਨਥੇਹਾ ਵਲੋਂ ਵਿਦਿਆਰਥੀਆਂ ਦੀ ਜਾਣਕਾਰੀ ਹਿਤ ਕੀਤਾ ਗਿਆ ਕੰਮ ਸਲਾਹੁਣਯੋਗ ਹੈ। ਪੁਸਤਕ 'ਮਾਸਟਰ ਜੀ ਪੇਪਰ ਬੈਂਕ' ਵਿਚ ਕਵਿਤਾ, ਨਾਵਲ, ਨਾਟਕ, ਗਲਪ, ਸਫ਼ਰਨਾਮਾ, ਜੀਵਨੀ, ਸਵੈ-ਜੀਵਨੀ, ਭਾਸ਼ਾ, ਆਲੋਚਨਾ, ਸੂਫ਼ੀਮਤ, ਗੁਰਮਤਿ, ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਮਲਟੀਪਲ ਪ੍ਰਸ਼ਨੋਤਰੀ ਦਰਜ ਹੈ। ਇਹ ਪੁਸਤਕ ਵਿਦਿਆਰਥੀਆਂ ਨੂੰ ਸਟੀਕ ਤੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਂਦੀ ਹੋਈ ਘੱਟ ਸਮੇਂ ਵਿਚ ਜ਼ਿਆਦਾ ਜਾਣਕਾਰੀ ਪ੍ਰਦਾਨ ਕਰੇਗੀ। ਵਿਭਿੰਨ ਐਂਟਰੈਸਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਇਸ ਪੁਸਤਕ ਤੋਂ ਭਰਪੂਰ ਲਾਭ ਉਠਾ ਸਕਦੇ ਹਨ ਅਤੇ ਪ੍ਰੀਖਿਆ ਵਿਚੋਂ ਸਫ਼ਲ ਹੋ ਕੇ ਭਵਿੱਖਮੁਖੀ ਸੁਪਨਿਆਂ ਨੂੰ ਪੂਰਾ ਕਰ ਸਕਣਗੇ। ਸੰਪਾਦਕ ਰਵਿੰਦਰ ਨਥੇਹਾ ਦੀ ਪੁਸਤਕ ਮਾਸਟਰ ਜੀ ਪੇਪਰ ਬੈਂਕ ਪੜ੍ਹਨਯੋਗ ਪੁਸਤਕ ਹੈ। ਪੰਜਾਬੀ ਭਾਸ਼ਾ ਵਿਚ ਸਕੂਲ ਮਾਸਟਰ ਅਤੇ ਲੈਕਚਰਾਰ ਬਣਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਪਿਛਲੇ ਸਾਲਾਂ ਵਿਚ ਹੋਏ ਮਾਸਟਰ ਕਾਡਰ ਅਤੇ ਲੈਕਚਰਾਰ ਪੇਪਰਾਂ ਦੀ ਹੱਲ ਸਹਿਤ ਬਹੁਤ ਜ਼ਰੂਰਤ ਸੀ। ਰਵਿੰਦਰ ਨਥੇਹਾ ਨੇ ਸਿਰਫ਼ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਦੇ ਖੇਤਰ ਨੂੰ ਵੀ ਕਲਾਵੇ ਵਿਚ ਲੈਂਦੇ ਹੋਏ ਹੁਣ ਤੱਕ ਪੰਜਾਬੀ ਭਾਸ਼ਾ ਦੇ ਸਮੁੱਚੇ ਪੇਪਰਾਂ ਨੂੰ ਹੱਲ ਕਰਕੇ ਕੁੱਜੇ ਵਿਚ ਸਮੁੰਦਰ ਬੰਦ ਕਰਨ ਦਾ ਕਾਰਜ ਕੀਤਾ ਹੈ। ਪੰਜਾਬੀ ਭਾਸ਼ਾ ਦੇ ਖੇਤਰ ਵਿਚ ਆਪਣਾ ਭਵਿੱਖ ਤਲਾਸ਼ ਰਹੇ ਵਿਦਿਆਰਥੀਆਂ ਲਈ ਇਹ ਕਿਤਾਬ ਆਧੁਨਿਕ ਸਮੇਂ ਦੀਆਂ ਵਿੱਦਿਅਕ ਨੀਤੀਆਂ ਦੇ ਹਨੇਰੇ ਸਮੇਂ ਵਿਚ ਦੀਵੇ ਦਾ ਕਾਰਜ ਕਰੇਗੀ। ਇਸ ਦੇ ਨਾਂਅ 'ਮਾਸਟਰ ਜੀ ਪੇਪਰ ਬੈਂਕ' ਵਾਂਗ ਸੱਚਮੁੱਚ ਹੀ ਇਹ ਕਿਤਾਬ ਪੰਜਾਬੀ ਦੇ ਮਾਸਟਰ ਲੱਗਣ ਲਈ ਪੇਪਰਾਂ ਦਾ ਬੈਂਕ ਹੈ।
-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810
ਅਣਗੌਲਿਆ ਆਜ਼ਾਦੀ ਘੁਲਾਟੀਆ
ਗਿਆਨੀ ਗੁਰਦਿੱਤ ਸਿੰਘ 'ਦਲੇਰ'
ਸੰਪਾਦਕ : ਡਾ. ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 148
ਸੰਪਰਕ : 94170-49417
ਇਸ ਹਥਲੀ ਕਿਤਾਬ ਨੂੰ ਡਾ. ਗੁਰਦੇਵ ਸਿੰਘ ਸਿੱਧੂ ਨੇ ਮੁੱਢਲੇ ਸ਼ਬਦ, ਪਿਛੋਕੜ, ਜੀਵਨ ਪੱਤਰੀ ਗਿਆਨੀ ਗੁਰਦਿੱਤ ਸਿੰਘ 'ਦਲੇਰ' ਤੋਂ ਇਲਾਵਾ ਤਿੰਨਾਂ ਭਾਗਾਂ ਵਿਚ ਵੰਡਿਆ ਹੈ, ਪਹਿਲੇ ਭਾਗ ਵਿਚ ਜੀਵਨ ਕਹਾਣੀ ਗਿਆਨੀ ਗੁਰਦਿੱਤ ਸਿੰਘ 'ਦਲੇਰ', ਦੂਜੇ ਭਾਗ ਵਿਚ ਗਿਆਨੀ ਗੁਰਦਿੱਤ ਸਿੰਘ 'ਦਲੇਰ' ਵਲੋਂ ਪਰਿਵਾਰ-ਜਨਾਂ ਨੂੰ ਲਿਖੇ ਪੰਜ ਖ਼ਤਾਂ, ਪਹਿਲਾ ਖ਼ਤ ਸ੍ਰੀਮਤੀ ਹਰਿਨਾਮ ਕੌਰ ਨੂੰ ਅੰਤਿਮ ਸੰਦੇਸ਼ਾ, ਦੂਜਾ ਖ਼ਤ ਮਾਈ ਜੀ ਦੀ ਪਵਿੱਤਰ ਸੇਵਾ ਵਿਚ ਨਿਮਾਣੇ ਪੁੱਤਰ ਦਾ ਆਖਰੀ ਸੰਦੇਸ਼, ਤੀਜਾ ਖ਼ਤ ਬ੍ਰਖੁਰਦਾਰ ਧੰਨਾ ਸਿੰਘ ਤੇ ਅਜੀਜ਼ ਬੰਤਾ ਸਿੰਘ ਅਤੇ ਸਾਰਿਆਂ ਨੂੰ ਮੇਰਾ ਅੰਤਿਮ ਸੰਦੇਸ਼ਾ, ਚੌਥਾ ਖ਼ਤ ਮੇਰੇ ਮਾਨਯੋਗ ਵੱਡੇ ਭਰਾਤਾ ਸ੍ਰੀਮਾਨ ਭਾਈ ਰਤਨ ਸਿੰਘ ਜੀ ਨੂੰ ਤੀਸਰੇ ਭਾਗ ਵਿਚ ਅੰਤਿਕਾ 1 ਵਿਚ ਮੂਲ ਲਿਖਤ : ਹਰੀ ਸਿੰਘ ਜਲੰਧਰੀ ਉੱਤੇ ਸਰਸਰੀ ਨਜ਼ਰ, ਅੰਤਿਕਾ 2-ਮੂਲ ਲਿਖਤ : ਲਾਲ ਸਿੰਘ ਦੀ ਗਦਾਰੀ ਬਾਰੇ, ਅੰਤਿਕਾ 3-ਸਮਕਾਲੀ ਗਵਾਹੀ: ਅਮਰ ਸਿੰਘ 'ਤੇਗ', ਅੰਤਿਕਾ 4-ਸਮਕਾਲੀ ਗਵਾਹੀ: ਮਾਸਟਰ ਕਾਬਲ ਸਿੰਘ ਗੋਬਿੰਦਪੁਰੀ, ਅੰਤਿਕਾ 5-10; ਸਰਕਾਰੀ ਦਸਤਾਵੇਜ਼ : ਗਿਆਨੀ ਗੁਰਦਿੱਤ ਸਿੰਘ 'ਦਲੇਰ' ਦਾ ਬਿਆਨ, ਸਿਆਸੀ ਕੈਦੀਆਂ ਦੀ ਹਮਦਰਦੀ ਵਿਚ ਭੁੱਖ ਹੜਤਾਲ, ਜਲੰਧਰ ਜੇਲ੍ਹ ਤੋਂ ਮੁਲਤਾਨ ਜੇਲ੍ਹ ਦੀ ਬਦਲੀ ਬਾਰੇ, ਫ਼ਾਂਸੀ ਦੀ ਸਜ਼ਾ ਉੱਤੇ ਜਲੰਧਰ ਦੀ ਥਾਂ ਮੁਲਤਾਨ ਵਿਚ ਅਮਲ ਕਰਨ ਬਾਰੇ, ਗਿਆਨੀ ਗੁਰਦਿੱਤ ਸਿੰਘ 'ਦਲੇਰ' ਦੀ ਅਪੀਲ ਬਾਰੇ ਹਾਈ ਕੋਰਟ ਦਾ ਫ਼ੈਸਲਾ, ਸਜ਼ਾ ਨੂੰ ਅਮਲ ਵਿਚ ਲਿਆਉਣ ਦੇ ਥਾਂ ਬਾਰੇ ਅੰਤਿਮ ਨਿਰਨਾ, ਅੰਤਿਕਾ 11-ਗਿਆਨੀ ਗੁਰਦਿੱਤ ਸਿੰਘ 'ਦਲੇਰ' ਨੂੰ ਫਾਂਸੀ ਲਾਏ ਜਾਣ ਬਾਰੇ ਅਖ਼ਬਾਰੀ ਖ਼ਬਰ, ਅੰਤਿਕਾ 12-ਗਿਆਨ ਗੁਰਦਿੱਤ ਸਿੰਘ 'ਦਲੇਰ' ਵਲੋਂ ਫ਼ਾਂਸੀ ਚੜ੍ਹਨ ਸਮੇਂ ਦੇਸ਼ਵਾਸੀਆਂ ਨੂੰ 'ਅੰਤਿਮ ਸੰਦੇਸ਼ਾ', ਅੰਤਿਕਾ 13-ਹੱਥ-ਲਿਖਤ 'ਜੀਵਨ ਕਹਾਣੀ : ਗਿਆਨੀ ਗੁਰਦਿੱਤ ਸਿੰਘ 'ਦਲੇਰ' ਦੇ ਅੰਤ ਵਿਚ ਉਤਾਰਾਕਾਰ ਵਲੋਂ ਲਿਖੇ ਦੋ ਪੰਨਿਆਂ ਦੀ ਲਿਖਤ :, ਕੁਰਸੀਨਾਮਾ, ਸੰਪਾਦਕ ਡਾਕਟਰ ਸਿੱਧੂ ਦੁਆਰਾ ਕੀਤੇ ਸਾਹਿਤਕ ਕਾਰਜ ਦਾ ਵੇਰਵਾ ਦਰਜ ਕੀਤਾ ਹੈ। ਸੰਪਾਦਕ ਗਿਆਨੀ ਗੁਰਦਿੱਤ ਸਿੰਘ 'ਦਲੇਰ' ਦੇ ਪੋਤਰਿਆਂ ਸ. ਨਾਜਰ ਸਿੰਘ ਅਤੇ ਸ. ਬਚਿੱਤਰ ਸਿੰਘ ਨੂੰ ਉਨ੍ਹਾਂ ਵਲੋਂ ਆਪਣੇ ਦੇਸ਼-ਭਗਤ ਬਾਬੇ ਦੀ ਕੁਰਬਾਨੀ ਦੀ ਯਾਦ ਨੂੰ ਤਰੋ-ਤਾਜ਼ਾ ਕਰਨ ਹਿਤ ਇਹ ਲਿਖਤ ਪ੍ਰਕਾਸ਼ਿਤ ਕਰਵਾਉਣ ਦਾ ਪ੍ਰਸੰਸਾਯੋਗ ਉਪਰਾਲਾ ਕਰਨ ਉੱਤੇ ਵਧਾਈ ਦਿੰਦਾ ਹੈ। ਜਾਬਰ ਦੇ ਮੁਕਾਬਲੇ ਵਿਚ ਮਰਨ ਵਾਲੇ ਉੱਤੇ ਮੂਰਖ ਲੋਕ ਹਾਸਾ ਕਰਨਗੇ ਕਿ 'ਇਸ ਨੇ ਹਕੂਮਤ ਦੇ ਜਾਂ ਜਾਬਰ ਦੇ ਮੁਕਾਬਲੇ ਵਿਚ ਪੈ ਕੇ ਕੀ ਖੱਟਿਆ? ਆਪਣੀ ਜਾਨ ਗਵਾਈ' ਪਰ ਇਹ ਜਾਨ ਉੱਤੇ ਖੇਡਣ ਵਾਲਾ ਭਾਵੇਂ ਮੂਰਖਾਂ ਦੇ ਖਿਆਲ ਮੂਜਬ ਹਾਰ ਗਿਆ ਹੁੰਦਾ ਹੈ ਪਰ ਦਰਅਸਲ ਇਹ ਹਾਰ ਨਹੀਂ ਹੁੰਦੀ। ਸੂਰਮੇ ਦੀ ਜਿੱਤ ਤਲਵਾਰ ਦੀ ਧਾਰ ਹੇਠ ਜਾਂ ਗੋਲੀ ਅੱਗੇ ਉਡਣ ਵਿਚ ਹੀ ਹੁੰਦੀ ਹੈ। ਜੇ ਜਾਬਰ ਦੀ ਗ੍ਰਿਫ਼ਤ ਵਿਚ ਆ ਜਾਵੇ ਤਾਂ ਸੂਰਮੇ ਦੀ ਜਿੱਤ ਫ਼ਾਂਸੀ ਦੇ ਤਖਤੇ ਉਤੇ ਜਾ ਕੇ ਹੁੰਦੀ ਹੈ। ਬਸ਼ਰਤੇ ਕਿ ਇਹ ਫਾਂਸੀ ਕੌਮ ਦੀ ਸੇਵਾ ਬਦਲੇ ਹੋਵੇ। ਪੁਸਤਕ ਦੇ ਪੰਨਾ 90 ਤੋਂ ਲੈ ਕੇ 137 ਵਿਚ ਦਲੇਰ ਜੀ ਵਲੋਂ ਜੇਲ੍ਹ ਅੰਦਰੋਂ ਬਾਹਰੋਂ ਕੀਤੀ ਖ਼ਤੋ ਖਿਤਾਬਤ ਨਾਲ ਸੰਬੰਧਿਤ ਹੈ ਇਹ ਦਸਤਾਵੇਜ਼ ਅੰਗਰੇਜ਼ੀ ਵਿਚ ਹਨ, ਦੋ ਖ਼ਤ ਉਰਦੂ ਵਿਚ ਅੰਕਿਤ ਹਨ। ਕਿਤਾਬ ਦੇ ਟਾਈਟਲ ਬੈਕ 'ਤੇ ਦਲੇਰ ਜੀ ਦੇ ਵੱਡੇ ਭਰਾ ਸ. ਰਤਨ ਸਿੰਘ ਅਕਾਲੀ, ਸ. ਬੰਤਾ ਸਿੰਘ ਪੁੱਤਰ, ਮਹਿੰਦਰ ਸਿੰਘ ਅਤੇ ਕੇਹਰ ਸਿੰਘ ਪੁੱਤਰਾਂ ਦੀਆਂ ਤਸਵੀਰਾਂ ਤੋਂ ਇਲਾਵਾ ਸ. ਨਾਜ਼ਰ ਸਿੰਘ ਪੋਤਰਾ ਅਤੇ ਸੰਪਾਦਕ ਡਾ. ਗੁਰਦੇਵ ਸਿੰਘ ਸਿੱਧੂ ਦੀਆਂ ਰੰਗਦਾਰ ਤਸਵੀਰਾਂ ਵੀ ਸ਼ਾਮਲ ਹਨ। ਕਿਤਾਬ ਸੰਪਾਦਕ ਡਾ. ਸਿੱਧੂ ਦੁਆਰਾ ਕੀਤੇ ਸਾਹਿਤਕ ਕਾਰਜਾਂ ਦੀ ਤਫਸੀਲ ਨਾਲ ਸੰਪੂਰਨ ਹੁੰਦੀ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਗੁਆਚਿਆ ਮਨੁੱਖ
ਲੇਖਕ : ਤੇਜਿੰਦਰ ਸਿੰਘ ਬਾਜ਼
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 98720-74034
ਸ਼ਾਇਰ ਤੇਜਿੰਦਰ ਸਿੰਘ ਬਾਜ਼ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਗੁਆਚਿਆ ਮਨੁੱਖ' ਨਾਲ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਨੇ ਆਪਣੇ ਪਿੰਡ ਬੁਰਜ ਹਕੀਮਾਂ (ਲੁਧਿਆਣਾ) ਤੋਂ ਉੱਠ ਕੇ ਅਧਿਆਪਨ ਦੇ ਕਿੱਤੇ ਕਾਰਨ ਮੋਰਿੰਡਾ ਵਿਖੇ ਆਪਣਾ ਪੱਕਾ ਰੈਣ-ਬਸੇਰਾ ਬਣਾ ਲਿਆ ਹੈ। ਸ਼ਾਇਰ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਫੜਨ ਤੋਂ ਪਹਿਲਾਂ ਕਾਫ਼ਕਾ ਦਾ ਵਿਚਾਰ ਦੱਸਣਾ ਜ਼ਰੂਰੀ ਸਮਝਦਾ ਹਾਂ। ਕਾਫ਼ਕਾ ਕਹਿੰਦਾ ਹੈ ਕਿ ਵਿਗਿਆਨ ਦੀ ਭਾਸ਼ਾ ਵਿਚ ਬੰਦੇ ਕੋਲ ਪੰਜ ਗਿਆਨ ਇੰਦਰੀਆਂ ਹਨ ਪਰ ਇਕ ਛੇਵੀਂ ਗਿਆਨ ਇੰਦਰੀ ਹੈ ਆਰਥਿਕਤਾ। ਜੇ ਇਸ ਗਿਆਨ ਇੰਦਰੀ ਦੀ ਘਾਟ ਹੋ ਜਾਵੇ ਤਾਂ ਪਹਿਲੀਆਂ ਪੰਜ ਗਿਆਨ ਇੰਦਰੀਆਂ ਵੀ ਸਿਥਲ ਹੋ ਜਾਂਦੀਆਂ ਹਨ। ਦੂਸਰਾ ਵਿਚਾਰ ਬਕੌਲ ਪਾਬਲੋ ਨਾਰੂਦਾ ਕਿ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਤਸਵੀਰ ਰੋਟੀ ਦੀ ਹੈ। ਪਰ ਜਦੋਂ ਇਸ ਤਸਵੀਰ 'ਤੇ ਕਾਲਖ ਫਿਰਨ ਲਗਦੀ ਹੈ ਤਾਂ ਬੰਦਾ ਟਹਿਣੀ ਨਾਲੋਂ ਟੁੱਟੇ ਸੁੱਕੇ ਪੱਤੇ ਵਾਂਗ ਕੰਬਣ ਲਗ ਜਾਂਦਾ ਹੈ। ਛੇਵੀਂ ਗਿਆਨ ਇੰਦਰੀ ਅਤੇ ਰੋਟੀ ਦੀ ਤਸਵੀਰ ਦੀ ਅਣਹੋਂਦ ਕਾਰਨ ਬੰਦਾ ਗੁਆਚ ਜਾਂਦਾ ਹੈ। ਆਰਥਿਕਤਾ ਦੇ ਥਪੇੜੇ ਉਸ ਨੂੰ ਘਰੇਲੂ ਦੁਸ਼ਵਾਰੀਆਂ ਦੇ ਚੱਕਰਵਿਊ 'ਚੋਂ ਨਿਕਲਣ ਨਹੀਂ ਦਿੰਦੇ ਤੇ ਬੰਦਾ ਬੰਦਿਆਂ ਦੀ ਭੀੜ ਵਿਚ ਗੁਆਚ ਜਾਂਦਾ ਹੈ। ਸੋ ਸ਼ਾਇਰ ਦਾ 'ਗੁਆਚਿਆ ਮਨੁੱਖ' ਇਸ ਤਰ੍ਹਾਂ ਹੀ ਗੁਆਚ ਗਿਆ ਹੈ। ਸ਼ਾਇਰ ਦੀ ਸਿਖਾਂਦਰੂ ਯਤਨਾਂ ਵਿਚੋਂ ਨਿਕਲਦੀ ਇਹ ਪਲੇਠੀ ਕਿਰਤ ਪ੍ਰਬੁੱਧਤਾ ਦੀ ਪਗਡੰਡੀ 'ਤੇ ਨੱਕ ਦੀ ਸੇਧ ਤੁਰੀ ਜਾਂਦੀ ਨਜ਼ਰ ਆਉਂਦੀ ਹੈ। ਇਹ ਗਭਰੇਟ ਉਮਰ ਦੀ ਕਿਰਤ ਹੈ, ਜਦੋਂ ਤਰੋਗਤੀ ਮੁਹੱਬਤ ਦਾ ਵੇਗ ਪਹਾੜੀ ਨਦੀ ਵਰਗਾ ਹੁੰਦਾ ਹੈ। ਪਰ ਸ਼ਾਇਰ ਦੀ ਖ਼ੂਬਸੂਰਤੀ ਇਹ ਹੈ ਕਿ ਉਹ ਫਲਸਫਾਨਾ ਢੰਗ ਨਾਲ ਕਹਿੰਦਾ ਹੈ ਕਿ ਅੱਜ ਦਾ ਪਿਆਰ ਪਾਰਕਾਂ ਤੋਂ ਸ਼ੁਰੂ ਹੁੰਦਾ ਹੈ ਤੇ ਹੋਟਲ ਦੇ ਕਮਰੇ ਵਿਚ ਦਮ ਤੋੜ ਦਿੰਦਾ ਹੈ। ਮੁਹੱਬਤ ਜਿਸਮਾਂ ਦੀ ਖੇਡ ਨਹੀਂ ਤੇ ਇਹ ਔਝੜ ਰਸਤਾ ਤਾਂ ਹੈ ਪਰ ਸ਼ਾਇਰ ਇਸ ਰਸਤੇ 'ਤੇ ਚੱਲਣ ਲਈ ਰੂਹਾਂ ਦੇ ਮੇਲ ਲਈ ਨਿਰਛਲਤਾ ਅਤੇ ਸੁੱਚਮਤਾ ਲਈ ਅਗਾਊਂ ਜਾਗਰੂਕ ਕਰਦਾ ਹੈ। ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਕਾਰਨ ਘਰਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ। ਪੰਜਾਬ ਅੰਦਰ ਭਰੂਣ ਹੱਤਿਆ ਦੀ ਲਾਹਣਤ ਇਕ ਮਹਾਂਮਾਰੀ ਵਾਂਗ ਫੈਲੀ ਹੋਈ ਹੈ ਪਰ ਸਿਤਮ ਜ਼ਰੀਫੀ ਇਹ ਕਿ ਔਰਤ ਹੀ ਔਰਤ ਦੀ ਕਾਤਲ ਬਣ ਰਹੀ ਹੈ। ਭਰੂਣ ਦੀ ਹਾਲਤ ਵਿਚ ਕਤਲ ਹੋ ਰਹੀ ਬੱਚੀ ਲਾਹਣਤਾਂ ਪਾ ਰਹੀ ਹੈ ਕਿ ਉਸ ਨੇ ਤਾਂ ਮਦਰ ਟਰੇਸਾ, ਕਲਪਨਾ ਚਾਵਲਾ ਤੇ ਅੰਮ੍ਰਿਤਾ ਪ੍ਰੀਤਮ ਬਣਨਾ ਸੀ। ਸ਼ਾਇਰ 15 ਅਗਸਤ ਤੇ 26 ਜਨਵਰੀ ਨੂੰ ਤਿਰੰਗਾ ਲਹਿਰਾ ਕੇ ਜਸ਼ਨ ਮਨਾ ਰਹੀ ਜਨਤਾ 'ਤੇ ਵਿਅੰਗ ਦੇ ਨਸ਼ਤਰ ਚੋਭਦਾ ਹੈ ਕਿ ਕੀ ਤੁਹਾਡੇ ਸੁਪਨਿਆਂ ਦੀ ਆਜ਼ਾਦੀ ਆ ਗਈ ਹੈ? ਸ਼ਾਇਰ ਆਪਣੇ ਤਖੱਲਸ 'ਬਾਜ਼' ਦੀ ਲੱਜ ਪਾਲਦਾ ਹੋਇਆ ਵਿਭਿੰਨ ਸਰੋਕਾਰਾਂ ਤੇ ਬਾਜ਼ ਅੱਖ ਰੱਖ ਰਿਹਾ ਹੈ। ਪਲੇਠੀ ਕਿਰਤ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਮਰਦਾਨਗੀ
ਲੇਖਿਕਾ : ਅੰਬਰ ਹੁਸੈਨੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 200 ਰੁਪਏ, ਸਫ਼ੇ : 143
ਸੰਪਰਕ : 92090-00001
'ਮਰਦਾਨਗੀ' ਕ੍ਰਿਤ ਵਿਚ ਲਹਿੰਦੇ ਪੰਜਾਬ ਦੀ ਕਥਾਕਾਰਾ ਅੰਬਰ ਹੁਸੈਨੀ ਦੀਆਂ 7 ਕਹਾਣੀਆਂ ਤੇ ਇਕ ਨਾਵਲਿਟ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਕਹਾਣੀਆਂ ਵਿਚ ਔਰਤ ਦੇ ਵੱਖੋ-ਵੱਖਰੇ ਰੂਪਾਂ ਨੂੰ ਬਹੁਤ ਹੀ ਸਹਿਜਤਾ, ਸੰਜੀਦਗੀ, ਸੁਹਿਰਦਤਾ, ਸੂਝ-ਬੂਝ ਭਰੀ ਸਿਆਣਪ ਅਤੇ ਰੌਚਕਤਾ ਸਹਿਤ ਚਿਤਰਿਆ ਗਿਆ ਹੈ। 'ਵਿਚਾਰੀ' ਕਹਾਣੀ ਦੀਆਂ 'ਜ਼ੋਇਆ' ਅਤੇ 'ਅਨਮ', 'ਪਛਾਣ' ਕਹਾਣੀ ਦੀ 'ਨਰਗਿਸ', 'ਅੰਮੀ ਜੀ ਤੇ ਮੰਮੀ' ਕਹਾਣੀ ਦੀ 'ਅਰਜੁਮੰਦ', 'ਸਫ਼ੀਆ ਦਾ ਸੋਫ਼ਾ' ਕਹਾਣੀ ਦੀ 'ਸਫ਼ੀਆ', 'ਦੁਆ ਤੇ ਇਲਤਿਜਾ' ਕਹਾਣੀ ਦੀ 'ਨਿੱਗੋ' ਪਾਤਰ ਨੂੰ ਔਰਤ ਦੇ ਵੱਖੋ-ਵੱਖਰੇ ਰੂਪਾਂ ਵਿਚ ਸਜੀਵ ਕੀਤਾ ਗਿਆ ਹੈ। 'ਮਰਦਾਨਗੀ' ਕਹਾਣੀ ਸੰਗ੍ਰਹਿ ਦੇ ਇਸ ਸਿਰਲੇਖ ਵਾਲੀ ਕਹਾਣੀ 'ਮਰਦਾਨਗੀ' ਵਿਚ ਲੇਖਿਕਾ ਦੀ ਕਲਾ ਸਿਖਰਾਂ ਨੂੰ ਛੋਂਹਦੀ ਨਜ਼ਰੀਂ ਪੈਂਦੀ ਹੈ। ਇਸ ਕਹਾਣੀ ਵਿਚ ਚੌਧਰੀ ਨਿਆਜ਼ ਆਪਣੇ 13-14 ਵਰ੍ਹੇ ਦੇ ਪੁੱਤਰ ਮੁਖ਼ਤਾਰ ਨੂੰ ਉਨ੍ਹਾਂ ਦੇ ਘਰ ਵਿਚ ਕੰਮ ਕਰਨ ਵਾਲੀ ਨੌਕਰਾਣੀ ਨੱਛੋ ਦਾ ਰਾਹ ਰੋਕਦਾ ਦੇਖਦਾ ਹੈ। ਅੱਜ ਤੋਂ 27 ਵਰ੍ਹੇ ਪਹਿਲਾਂ ਉਦੋਂ ਚੌਧਰੀ ਨਿਆਜ਼ ਦੀ ਆਪਣੀ ਉਮਰ ਆਪਣੇ ਪੁੱਤਰ ਮੁਖ਼ਤਾਰ ਜਿੰਨੀ ਹੀ ਸੀ, ਜਦੋਂ ਉਹ ਗਸ਼ਤੀ ਜ਼ੁਬੈਦਾ ਕੋਲ ਆਪਣੀ ਮਰਦਾਨਗੀ ਦਿਖਾਉਣ ਗਿਆ ਸੀ। ਜ਼ੁਬੈਦਾ ਉਸ ਨੂੰ ਆਖਦੀ ਹੈ
'ਸੁਣ! ਮੈਂ ਆਪਣੀ ਗਾਹਕੀ ਖ਼ਰਾਬ ਨਹੀਂ ਕਰਦੀ। ਤੂੰ ਸੌ ਵਾਰ ਫਿਰ ਆਵੇਂਗਾ, ਮੈਂ ਸੌ ਵਾਰ ਤੇਰੇ ਨਾਲ ਸੌਵਾਂਗੀ। ਪਰ ਏਦਾਂ ਦੀਆਂ ਗੱਲਾਂ 'ਚ ਨਹੀਂ ਆਈਦਾ। ਓ ਆਪ ਸੋਚ ਤੂੰ। ਤੂੰ ਮਰਦਾਨਗੀ ਲਈ ਇਕ ਬੁੱਢੇ ਗੋਸ਼ਤ ਦਾ ਮੁਹਤਾਜ ਹੋਵੇਂ ਜਾਂ ਕਿਸੇ ਕਮਜ਼ੋਰ, ਤੇਰੇ ਅੱਗੇ ਝੁਕਣ ਵਾਲੀ ਜ਼ਨਾਨੀ ਦਾ। ਇਹ ਗੱਲ ਕੁਝ ਜੱਚਦੀ ਨਹੀਂ।... ਉਸ ਦਿਹਾੜੇ ਘਰ ਆ ਕੇ ਮੈਨੂੰ ਲੱਗਿਆ, ਹੁਣ ਸ਼ਾਇਦ ਮੈਂ ਸਾਰੀ ਉਮਰ ਲਈ ਇਸ ਹਰਕਤ ਤੋਂ ਬਾਅਦ ਨਾਮਰਦ ਹੋ ਚੁੱਕਿਆ ਵਾਂ ਤੇ ਮੈਂ ਨਹੀਂ ਚਾਹੁੰਦਾ, ਇਹੋ ਜਿਹੀ ਨਾਮਰਦੀ ਦਾ ਬੋਝ ਤੂੰ ਸਾਰੀ ਉਮਰ ਚੁੱਕ ਕੇ ਜੀਵੇਂ।' ਇਸ ਕਰਕੇ ਚੌਧਰੀ ਨਿਆਜ਼ ਨਹੀਂ ਚਾਹੁੰਦਾ ਕਿ ਜਿਹੜੀ ਗ਼ਲਤੀ ਚੜ੍ਹਦੀ ਜਵਾਨੀ ਵਿਚ ਉਸ ਨੇ ਕੀਤੀ ਸੀ, ਉਹੀ ਗ਼ਲਤੀ ਉਸ ਦਾ ਪੁੱਤਰ ਮੁਖ਼ਤਾਰ ਦੁਹਰਾਵੇ। ਇਸ ਪ੍ਰਕਾਰ ਲੇਖਿਕਾ ਨੇ ਚੌਧਰੀ ਨਿਆਜ਼ ਦੇ ਕਿਰਦਾਰ ਰਾਹੀਂ ਪਿਤਾ ਦੇ ਰੋਲ ਨੂੰ ਬਾਖ਼ੂਬੀ ਚਿਤਰਿਆ ਹੈ, ਜਿਹੜਾ ਆਪਣੀ ਕਿਸ਼ੋਰ ਅਵਸਥਾ ਵਿਚ ਪੈਰ ਧਰ ਰਹੇ ਪੁੱਤਰ ਨੂੰ ਸਹੀ ਸਮੇਂ ਤੋਂ ਸੈਕਸ ਐਜੂਕੇਸ਼ਨ ਦੇ ਕੇ ਉਸ ਦਾ ਮਾਰਗ ਦਰਸ਼ਨ ਕਰਦਾ ਹੈ। ਚੌਧਰੀ ਦਾ ਇਹ ਕਿਰਦਾਰ ਅੱਜ ਦੇ ਪਿਤਾ ਲਈ ਵੀ ਇਕ ਸੇਧ ਦੇਣ ਵਾਲਾ ਸਿੱਧ ਹੁੰਦਾ ਹੈ, ਤਾਂ ਜੋ ਉਹ ਵੀ ਜਵਾਨੀ ਦੀ ਦਹਿਲੀਜ਼ ਉੱਤੇ ਪੈਰ ਧਰ ਰਹੇ ਆਪਣੇ ਕਿਸ਼ੋਰ ਉਮਰ ਦੇ ਪੁੱਤਰਾਂ ਦਾ ਸਹੀ ਮਾਰਗ ਦਰਸ਼ਨ ਕਰਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਕਹਾਣੀਆਂ ਰੌਚਕਤਾ, ਰਸ ਅਤੇ ਖਿੱਚ ਕਾਰਨ ਪਾਠਕ ਨੂੰ ਆਪਣੇ ਨਾਲ-ਨਾਲ ਤੋਰਨ ਵਿਚ ਪੂਰੀ ਤਰ੍ਹਾਂ ਕਾਮਯਾਬ ਹਨ। ਪਰੰਤੂ ਇਸ ਦੇ ਬਾਵਜੂਦ ਅੰਬਰ ਹੁਸੈਨੀ ਦੀਆਂ ਕਹਾਣੀਆਂ ਦੀ ਸ਼ੈਲੀ ਦੀ ਇਹ ਵਿਲੱਖਣਤਾ ਹੈ ਕਿ ਉਹ ਪਾਠਕਾਂ ਨੂੰ ਸੁਹਜ ਸੁਆਦ ਅਤੇ ਰਸ ਨਾਲ ਤਾਂ ਭਰਦੀਆਂ ਹਨ, ਪ੍ਰੰਤੂ ਇਸ ਦੇ ਬਾਵਜੂਦ ਪਾਠਕ ਦੇ ਮਨ ਵਿਚ ਲੱਚਰਤਾ ਦੇ ਭਾਵ ਪੈਦਾ ਨਹੀਂ ਹੁੰਦੇ। ਮੈਂ 'ਮਰਦਾਨਗੀ' ਕਹਾਣੀ ਸੰਗ੍ਰਹਿ ਦਾ ਪੰਜਾਬੀ ਗਲਪ ਸਾਹਿਤ ਵਿਚ ਭਰਪੂਰ ਸੁਆਗਤ ਕਰਦਾ ਹਾਂ। ਮੇਰਾ ਵਿਸ਼ਵਾਸ ਹੈ ਕਿ ਪੰਜਾਬੀ ਕਥਾ ਸਾਹਿਤ ਦੇ ਰਸੀਏ ਇਸ ਪੁਸਤਕ ਨੂੰ ਪੂਰਾ ਸਮਰਥਨ ਦੇਣਗੇ।
-ਡਾ. ਇਕਬਾਲ ਸਿੰਖ ਸਕਰੌਦੀ
ਮੋਬਾਈਲ : 84276-85020
ਯਾਦਾਂ 'ਚ ਖਿੜ੍ਹੇ ਫੁੱਲ
ਲੇਖਕ : ਸੁਖਜਿੰਦਰ ਸਿੰਘ ਭੰਗਚੜੀ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ (ਬਠਿੰਡਾ)
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 78884-45783
ਯਾਦਾਂ 'ਚ ਖਿੜੇ ਫੁੱਲ (ਕਾਵਿ ਵਚਨ) ਸੁਖਜਿੰਦਰ ਸਿੰਘ ਭੰਗਚੜੀ ਦੀ ਦੂਸਰੀ ਕਾਵਿ-ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਦਾ 'ਕਾਲਾ ਟਿੱਕਾ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਗੁਰੂਆਂ ਦੇ ਨਾਂਅ' ਤੋਂ ਲੈ ਕੇ 'ਅਲਵਿਦਾ' ਤੱਕ ਲਗਭਗ 135 ਮਿੰਨੀ ਕਾਵਿ-ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਇਸ ਪੁਸਤਕ ਦੇ 'ਉਨ੍ਹਾਂ ਗੀਤਾਂ ਨੂੰ, ਜੋ ਗਾਏ ਨਹੀਂ ਗਏ।' ਉਨ੍ਹਾਂ ਰਿਸ਼ਤਿਆਂ ਨੂੰ, ਜੋ ਨਿਭਾਏ ਨਹੀਂ ਗਏ' ਵਾਕੰਸ਼ਾਂ 'ਚ ਕਵਿਤਾਵਾਂ ਦਾ ਸਾਰ-ਤੱਤ ਸਮੋਇਆ ਹੈ। ਲੇਖਕ ਟੈਗੋਰ ਕਾਲਜ ਆਫ਼ ਐਜੂਕੇਸ਼ਨ ਕੋਟਕਪੂਰਾ (ਮੋਗਾ) ਦਾ ਸਿੱਖਿਆਰਥੀ ਅਧਿਆਪਕ ਰਿਹਾ ਹੈ। ਪੁਸਤਕ ਦੇ ਸਰਵਰਕ 'ਤੇ ਉਸ ਸਮੇਂ ਦੀ ਗਰੁੱਪ ਫੋਟੋ ਵੀ ਇਹੀ ਸੰਕੇਤ ਦਿੰਦੀ ਹੈ। ਯਾਦਾਂ ਮਨੁੱਖੀ ਜ਼ਿੰਦਗੀ ਦਾ ਬਹੁ-ਮੁੱਲਾ ਸਰਮਾਇਆ ਹੁੰਦੀਆਂ ਹਨ। ਜਮਾਤ-ਸਾਥੀਆਂ ਦਾ ਹਰ ਸਮੇਂ ਸਾਥ ਸਦੀਵੀ ਕਦੇ ਵੀ ਨਹੀਂ ਰਹਿੰਦਾ। ਤਹਿ ਸਮੇਂ 'ਚ ਹੀ ਸਫਰ ਤਹਿ ਕਰਦਿਆਂ ਮੰਜ਼ਿਲ 'ਤੇ ਪਹੁੰਚਣ ਦਾ ਪੱਕਾ ਨਿਸ਼ਚਾ ਹੁੰਦਾ ਹੈ। ਕੁਝ ਤਫਰੀਹ ਦੇ ਪਲ ਹੁੰਦੇ ਹਨ ਜਿਥੇ ਦੁਨਿਆਵੀ ਝਮੇਲਿਆਂ ਤੋਂ ਦੂਰ ਰਹਿ ਕੇ ਸਿਲੇਬਸ ਤੋਂ ਬਾਹਰਲੀਆਂ ਗੱਲਾਂ ਦੀ ਚਰਚਾ ਹੁੰਦੀ ਹੈ। ਉਹ ਆਪਣੇ ਸ਼ਾਇਰ ਬਣਨ ਦੀ ਕਹਾਣੀ ਦੀ ਸ਼ੁਰੂਆਤ 'ਮੋਗਾ ਸ਼ਹਿਰ' ਨਾਮੀ ਕਵਿਤਾ ਰਾਹੀਂ 'ਮੋਗਾ ਸ਼ਹਿਰ' ਨੂੰ ਤਸਨੀਮ ਕਰਦਾ ਹੈ। ਇਹ ਸਤਰਾਂ ਬਹੁਤ ਕੁਝ ਬਿਆਨ ਕਰਦੀਆਂ ਹਨ:
ਹੁਣ ਰੌਸ਼ਨੀ ਦੇ ਗੀਤ ਗਾਵਾਂ / ਫਿਰ ਆਸ ਦੀ ਨਾ ਲਹਿਰ ਹੁੰਦਾ
ਮੇਰੇ ਸੁਪਨੇ ਕਤਲ ਹੋ ਜਾਂਦੇ / ਜੇ ਨਾ ਮੋਗਾ ਸ਼ਹਿਰ ਹੁੰਦਾ
ਇਹ ਕਾਵਿ-ਰਚਨਾਵਾਂ ਦਰਅਸਲ ਸ਼ਹਿਰਾਂ, ਪਿੰਡਾਂ, ਅਧਿਆਪਕਾਂ, ਸਾਥੀਆਂ ਦੇ ਕਾਵਿਕ-ਚਿੱਤਰ ਹੀ ਹਨ। 'ਬਾਗ ਮਾਲਕ' ਕਵਿਤਾ ਸ. ਦਿਲਬਾਗ ਸਿੰਘ, ਸਤਵੰਤ ਸਿੰਘ ਦਾਨੀ, ਸਮੂਹ ਮੈਨੇਜਮੈਂਟ ਨੂੰ ਸਮਰਪਿਤ ਹੈ, ਜੋ ਕਿ ਇਸ ਵਿਦਿਅਕ ਮੰਦਰ ਦੇ ਮਾਲਕ ਹਨ। ਇਸੇ ਤਰ੍ਹਾਂ ਸਰਵਸ੍ਰੀ, ਗੁਰਮੇਲ ਸਿੰਘ, ਸੁਖਪਾਲ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਭੁੱਲਰ, ਨਵਪ੍ਰੀਤ ਕੌਰ, ਰੀਮਾ ਮੈਣੀ, ਮੈਡਮ ਮਨਿੰਦਰ ਕੌਰ, ਤੇਜਿੰਦਰ ਅਰੋੜਾ, ਸ਼ੀਤਲ, ਸਰਬਜੀਤ ਸਿੰਘ, ਯਾਦਵਿੰਦਰ ਸਿੰਘ ਦੇ ਵਿਅਕਤਿਤਵਾ ਦਾ ਕਾਵਿਕ ਬਿਰਤਾਂਤ ਹੈ। ਇਸੇ ਤਰ੍ਹਾਂ ਆਪਣੇ ਜਮਾਤ ਸਾਥੀਆਂ, ਮਕਾਨ-ਮਾਲਕਾਂ ਆਦਿ ਨਾਲ ਸੰਬੰਧਿਤ ਵਿਅਕਤੀਆਂ ਦੇ ਕਾਵਿ-ਚਿੱਤਰ ਹਨ, ਜੋ ਪ੍ਰਸੰਸਾਮਈ ਸ਼ੈਲੀ/ਰੂਪ 'ਚ ਵਰਣਿਤ ਹਨ। ਇਹ ਸਮਾਂ ਰੂਹਾਨੀਅਤ ਭਰਿਆ ਹੁੰਦਾ ਹੈ ਅਤੇ ਭਵਿੱਖ ਦੇ ਨਕਸ਼ੇ ਉਲੀਕਦਾ ਹੈ। 'ਡਰਾਮੇ' ਕਵਿਤਾ ਮਨੁੱਖ ਨੂੰ ਸੁਪਨਿਆਂ ਦੀ ਦੁਨੀਆ ਵਿਚੋਂ ਬਾਹਰ ਕੱਢ ਸਮਾਜ ਦੀ ਯਥਾਰਥਕ ਅਵਸਤਾ ਦਾ ਬੋਧ ਕਰਵਾਉਂਦੀ ਹੈ। ਸ਼ਾਇਰੀ ਫੱਕਰਾਂ ਦੀ ਵਿਰਾਸਤ ਹੁੰਦੀ ਹੈ। ਕਈ ਵਾਰ ਅੰਧ-ਪ੍ਰਸੰਸਾ ਬਹੁਤ ਭੁਲੇਖੇ ਸਿਰਜ ਜਾਂਦੀ ਹੈ। ਇਸ ਤੋਂ ਸ਼ਾਇਰ ਨੂੰ ਸੁਚੇਤ ਪੱਧਰ ਤੋਂ ਬਚਣ ਦੀ ਲੋੜ ਹੈ। ਇਹੀ ਮੇਰੀ ਤਾਕੀਦ ਹੈ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਸਰਦਾਰ ਸੂਰਤ ਸਿੰਘ ਮਜੀਠੀਆ
ਅਤੇ ਦੂਸਰਾ ਐਂਗਲੋ-ਸਿੱਖ ਯੁੱਧ
ਲੇਖਕ : ਹਰਭਜਨ ਸਿੰਘ ਚੀਮਾ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 375 ਰੁਪਏ, ਸਫ਼ੇ : 200
ਸੰਪਰਕ : 0183-2258633
ਹਥਲੀ ਪੁਸਤਕ ਸਿੱਖ ਇਤਿਹਾਸ ਦੇ ਅਹਿਮ ਪੰਨਿਆਂ ਨੂੰ ਬਿਆਨ ਕਰਦੀ ਹੈ। ਇਸ ਕਿਤਾਬ ਦਾ ਲੇਖਕ ਇਸ ਤੋਂ ਪਹਿਲਾਂ ਸਿੱਖ ਇਤਿਹਾਸ ਅਤੇ ਖ਼ਾਲਸਾ ਰਾਜ ਨਾਲ ਸੰਬੰਧਿਤ ਚਾਰ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਸਰਦਾਰ ਸੂਰਤ ਸਿੰਘ ਮਜੀਠੀਆ ਅਜਿਹਾ ਬਹਾਦਰ ਜਰਨੈਲ ਸੀ, ਜੋ ਬਹਾਦਰ ਯੋਧਾ, ਦਾਨੀ ਤੇ ਨਿੱਤਨੇਮੀ ਹੋਣ ਦੇ ਨਾਲ-ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਵਾਸ-ਪਾਤਰ ਸੀ। ਇਨ੍ਹਾਂ ਦੇ ਪੁਰਖਿਆਂ ਦੀਆਂ ਵੀ ਵੱਡੀਆਂ ਕੁਰਬਾਨੀਆਂ ਸਨ। ਸੁਹਿਰਦ ਲੇਖਕ ਮੁਤਾਬਿਕ ਉਸ ਦੇ ਵਡੇਰਿਆਂ ਦੇ ਸੰਬੰਧ ਵੀ ਇਸ ਪਰਿਵਾਰ ਨਾਲ ਰਹੇ ਹੋਣ ਕਰਕੇ ਮੈਨੂੰ ਇਹ ਇਤਿਹਾਸਕ ਪੰਨੇ ਲਿਖਣ ਦੀ ਪ੍ਰੇਰਨਾ ਮਿਲਦੀ ਰਹੀ। ਸਰਦਾਰ ਸੂਰਤ ਸਿੰਘ ਨੂੰ ਬਹਾਦਰੀ ਤੇ ਜੂਝ ਕੇ ਮਰਨ ਦੀ ਪ੍ਰੇਰਨਾ ਵਿਰਸੇ ਵਿਚੋਂ ਹੀ ਮਿਲੀ ਸੀ। ਲੇਖਕ ਨੇ ਇਨ੍ਹਾਂ ਇਤਿਹਾਸਕ ਤੱਥਾਂ ਨੂੰ ਪਾਠਕਾਂ ਸਨਮੁੱਖ ਪੇਸ਼ ਕਰਨ ਤੋਂ ਪਹਿਲਾਂ ਇਸ ਪੁਸਤਕ ਨੂੰ ਚਾਰ ਮੁੱਖ ਸਿਰਲੇਖਾਂ ਵਿਚ ਵੰਡਿਆ ਹੈ। ਪਹਿਲੇ ਹਿੱਸੇ ਵਿਚ ਸਿੱਖ ਰਾਜ ਦਾ ਵਰਿਆਮੀ ਜਰਨੈਲ, ਉਪ ਸਿਰਲੇਖਾਂ ਵਿਚ ਮਜੀਠੀਆ ਖਾਨਦਾਨ, ਜੁਝਾਰੂਪਨ ਦੀ ਗੁੜ੍ਹਤੀ, ਉੱਚਾ ਸਿੱਖੀ ਆਚਰਣ, ਦੂਸਰੇ ਸਿੱਖ ਯੁੱਧ ਦਾ ਆਗਾਜ਼, ਮਹਾਰਾਣੀ ਜਿੰਦਾਂ ਦਾ ਦੇਸ਼ ਨਿਕਾਲਾ, ਸਰਦਾਰ ਸੂਰਤ ਸਿੰਘ ਮਜੀਠੀਆ ਮੁਲਤਾਨ ਵਿਚ, ਰਾਮ ਨਗਰ, ਸਦੁਲਾ, ਚਿਲਿਆਂਵਾਲੀ ਤੇ ਗੁਜਰਾਂ ਦੀਆਂ ਲੜਾਈਆਂ ਦਾ ਵਰਣਨ ਸੂਰਤ ਸਿੰਘ ਤੇ ਮੁੱਖ ਸਰਦਾਰਾਂ ਦੀ ਗ੍ਰਿਫ਼ਤਾਰੀ, ਮਹਾਰਾਣੀ ਜਿੰਦਾਂ ਨਾਲ ਸੰਪਰਕ ਤੇ ਰਿਹਾਈ, 1957 ਦੇ ਵਿਦਰੋਹ ਦੀਆਂ ਘਟਨਾਵਾਂ, ਸਰਦਾਰ ਦੀ ਪੰਜਾਬ ਵਾਪਸੀ ਆਦਿ ਦੋ ਦਰਜਨ ਉਪ-ਸਿਰਲੇਖਾਂ ਵਿਚ ਘਟਨਾਵਾਂ ਨੂੰ ਬਾਖੂਬੀ ਇਤਿਹਾਸ ਦੇ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਦੂਸਰੇ ਹਿੱਸੇ ਵਿਚ 'ਮੁਲਤਾਨ ਉੱਪਰ ਅੰਗਰੇਜ਼ਾਂ ਦਾ ਕਬਜ਼ਾ' ਮੁੱਖ ਸਿਰਲੇਖ ਅਧੀਨ ਵੀ ਦੋ ਦਰਜਨ ਉਪ ਸਿਰਲੇਖਾਂ ਵਿਚ ਮੁਲਤਾਨ ਸ਼ਹਿਰ ਅਤੇ ਮੂਲ ਰਾਜ ਦੀ ਦਾਸਤਾਨ, ਸੂਬੇਦਾਰੀ ਤੋਂ ਅਸਤੀਫ਼ਾ, ਨਵੇਂ ਗਵਰਨਰ ਦੀ ਨਿਯੁਕਤੀ, ਮੂਲ ਰਾਜ ਦੀ ਬਗ਼ਾਵਤ ਤੇ ਕਮਾਂਡ ਸੰਭਾਲਣਾ, ਕਿਨੇਰੀ, ਸੁਦੋਸ਼ਨ ਤੇ ਮੁਲਤਾਨ ਦੀ ਲੜਾਈ, ਨਿਹੱਥੇ ਲੋਕਾਂ ਦਾ ਕਤਲੇਆਮ, ਮੂਲ ਰਾਜ ਦੀ ਮੁਹਿੰਮ ਦਾ ਫੇਲ੍ਹ ਹੋਣਾ ਆਦਿ ਦਾ ਜ਼ਿਕਰ ਵੀ ਪਾਠਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਪੁਸਤਕ ਦੇ ਤੀਜੇ ਹਿੱਸੇ ਵਿਚ 'ਅੰਗਰੇਜ਼ਾਂ ਅਤੇ ਸਿੱਖਾਂ ਦੇ ਦੂਸਰੇ ਯੁੱਧ' ਦਾ ਵਰਣਨ ਕਰਦਿਆਂ, 9 ਉਪ-ਸਿਰਲੇਖਾਂ ਵਿਚ ਰਾਮ ਨਗਰ ਅਤੇ ਚਿਲਿਆਂਵਾਲਾ ਦੀਆਂ ਲੜਾਈਆਂ, ਡਲਹੌਜ਼ੀ ਦੀ ਪਾਲਿਸੀ, ਅੰਗਰੇਜ਼ਾਂ ਵਲੋਂ ਸਿੱਖਾਂ ਨੂੰ ਬਗ਼ਾਵਤ ਲਈ ਉਕਸਾਉਣਾ, ਦੂਸਰੇ ਐਂਗਲੋ ਯੁੱਧ ਦੇ ਕਾਰਨ, ਚਾਰੇ ਥਾਵਾਂ 'ਤੇ ਹੋਈਆਂ ਗਹਿਗੱਚ ਲੜਾਈਆਂ ਆਦਿ ਸ਼ਾਮਿਲ ਹਨ। ਪੁਸਤਕ ਦੇ ਚੌਥੇ ਤੇ ਅੰਤਿਮ ਹਿੱਸੇ ਵਿਚ 'ਸਰਦਾਰ ਸੁੰਦਰ ਸਿੰਘ ਮਜੀਠੀਆ' ਮੁੱਖ ਸਿਰਲੇਖ ਅਧੀਨ ਸਵਾ ਦਰਜਨ ਉਪ ਸਿਰਲੇਖਾਂ ਵਿਚ ਦੇਸ਼ ਦੀ ਵੰਡ ਤੱਕ ਦਾ ਵਰਣਨ ਮਿਲਦਾ ਹੈ। ਇਨ੍ਹਾਂ ਵਿਚ ਮਜੀਠਿਆ ਸਰਦਾਰ ਦਾ ਪਰਿਵਾਰਕ ਪਿਛੋਕੜ, ਸਿੱਖ ਰਾਜ ਸਮੇਂ ਦੀਆਂ ਜਗੀਰਾਂ, ਸਾਕਾ ਜਲ੍ਹਿਆਂਵਾਲਾ ਬਾਗ਼, ਚੀਫ਼ ਖ਼ਾਲਸਾ ਤੇ ਸਰਦਾਰ ਸੁੰਦਰ ਸਿੰਘ ਦਾ ਯੋਗਦਾਨ, ਗੁਰਦੁਆਰਾ ਸੁਧਾਰ, ਗੁਰਦੁਆਰਾ ਐਕਟ 1925, ਵਿੱਦਿਆ ਦੇ ਪਾਸਾਰ ਲਈ ਯਤਨ, ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕੇ ਬਾਗ਼ ਦਾ ਮੋਰਚਾ, ਪੰਜਾਬ ਦਾ ਬਟਵਾਰਾ ਆਦਿ ਦਾ ਭਾਵਪੂਰਤ ਸ਼ਬਦਾਂ ਵਿਚ ਜ਼ਿਕਰ ਕੀਤਾ ਹੈ। ਪੁਸਤਕ ਦੇ ਅੰਤ ਵਿਚ 8 ਸਫ਼ਿਆਂ ਉੱਤੇ ਸਹਾਇਕ ਇਤਿਹਾਸਕ ਪੁਸਤਕਾਂ ਦੀ ਸੂਚੀ ਵੀ ਛਾਪੀ ਗਈ ਹੈ। ਲੇਖਕ ਵਲੋਂ ਸਖ਼ਤ ਘਾਲਣਾ ਘਾਲ ਕੇ ਲਿਖੇ ਇਤਿਹਾਸ ਦੇ ਇਹ ਪੰਨੇ ਪਾਠਕਾਂ ਲਈ ਅਮੁੱਲ ਖ਼ਜ਼ਾਨੇ ਵਜੋਂ ਸਾਂਭੇ ਜਾਣ ਵਾਲੀ ਪੂੰਜੀ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040