10-09-2024
ਬਾਬੇ ਦਾ ਵਿਆਹ
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਤੇ ਸ੍ਰੀਮਤੀ ਚੰਦੋ ਰਾਣੀ ਦੀ ਸਪੁੱਤਰੀ ਮਾਤਾ ਸੁਲੱਖਣੀ ਨਾਲ ਹੋਇਆ। ਉਨ੍ਹਾਂ ਦੇ ਵਿਆਹ ਦੀ ਯਾਦ ਵਿਚ ਬਟਾਲਾ ਵਿਖੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ। ਗੁਰੂ ਨਾਨਕ ਸਾਹਿਬ ਦੀ ਬਰਾਤ ਹਰੇਕ ਸਾਲ ਸੁਲਤਾਨਪੁਰ ਲੋਧੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨਾਲ ਨਗਰ ਕੀਰਤਨ ਦੇ ਰੂਪ ਵਿਚ ਸਜ-ਧਜ ਕੇ ਬਟਾਲੇ ਆਉਂਦੀ ਹੈ, ਜਿਸ ਦਾ ਸੰਗਤਾਂ ਵਲੋਂ ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਂਦਾ ਹੈ ਅਤੇ ਰਸਤੇ ਵਿਚ ਪਿੰਡਾਂ ਵਾਲਿਆਂ ਵਲੋਂ ਸੰਗਤਾਂ ਲਈ ਥਾਂ-ਥਾਂ 'ਤੇ ਲੰਗਰ ਲਗਾਏ ਜਾਂਦੇ ਹਨ। ਬਟਾਲਾ ਸ਼ਹਿਰ ਵਿਚ ਵਿਆਹ ਤੋਂ ਕੁਝ ਦਿਨ ਪਹਿਲਾਂ ਸਰਕਸ, ਪੰਘੂੜੇ ਤੇ ਵੱਖ-ਵੱਖ ਤਰ੍ਹਾਂ ਦੇ ਮਨੋਰੰਜਨ ਦੇ ਸਟਾਲ ਲੱਗ ਜਾਂਦੇ ਹਨ ਅਤੇ ਦੁਕਾਨਾਂ ਮਠਿਆਈਆਂ ਨਾਲ ਸਜ ਜਾਂਦੀਆਂ ਹਨ। ਪੂਰੇ ਸ਼ਹਿਰ ਨੂੰ ਰੰਗ-ਬਰੰਗੀਆਂ ਲੜੀਆਂ ਨਾਲ ਸਜਾਇਆ ਜਾਂਦਾ ਹੈ। ਲਗਭਗ ਹਰੇਕ ਧਰਮ ਦੇ ਲੋਕ ਦੂਰੋਂ-ਨੇੜਿਓਂ ਬਾਬੇ ਦਾ ਵਿਆਹ ਵੇਖਣ ਲਈ ਬਟਾਲਾ ਵਿਖੇ ਆਉਂਦੇ ਹਨ। ਵਿਆਹ ਦੀ ਖ਼ੁਸ਼ੀ ਵਿਚ ਸ੍ਰੀ ਕੰਧ ਸਾਹਿਬ ਤੇ ਡੇਹਰਾ ਸਾਹਿਬ ਗੁਰਦੁਆਰਾ ਸਾਹਿਬ ਵਿਚ ਸਾਰੀ ਰਾਤ ਦੀਵਾਨ ਸਜਾਏ ਜਾਂਦੇ ਹਨ, ਜਿਥੇ ਸੰਗਤਾਂ ਸ਼ਰਧਾ ਭਾਵਨਾ ਅਤੇ ਪੂਰੇ ਜੋਸ਼ੋ-ਖਰੋਸ਼ ਨਾਲ ਹਾਜ਼ਰੀ ਭਰਦੀਆਂ ਹਨ। ਇਸ ਸਾਲ ਵੀ ਅੱਜ (10 ਸਤੰਬਰ, 2024) ਨੂੰ ਬਾਬੇ ਦਾ ਵਿਆਹ ਪੁਰਬ ਪੂਰੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ, ਬਟਾਲਾ, (ਜ਼ਿਲ੍ਹਾ ਗੁਰਦਾਸਪੁਰ)
ਕਰਜ਼ੇ ਦੀ ਪੰਡ
8 ਅਗਸਤ ਦਾ ਸੰਪਾਦਕੀ 'ਭਾਰੀ ਹੁੰਦੀ ਕਰਜੇ ਦੀ ਪੰਡ' ਨੂੰ ਵਾਚਣ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਪੰਜਾਬ ਨੂੰ ਖ਼ੁਸ਼ਹਾਲ ਤੇ ਰੰਗਲਾ ਬਣਾਉਣ ਦੇ ਦਾਅਵੇ ਕਰਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਸਗੋਂ ਉਲਟਾ ਕਰਜ਼ਾ ਲੈ-ਲੈ ਕੇ ਪੰਜਾਬ ਨੂੰ ਕੰਗਾਲ ਕਰਨ ਦੇ ਰਾਹ ਪਈ ਦਿਖਾਈ ਦੇ ਰਹੀ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਪਹਿਲੀਆਂ ਸਰਕਾਰਾਂ 'ਤੇ ਪੰਜਾਬ ਨੂੰ ਕਰਜਾਈ ਕਰਨ ਤੇ ਲੁੱਟਣ ਦੇ ਦੋਸ਼ ਲਾਉਂਦਿਆਂ 'ਆਪ' ਦੀ ਸਰਕਾਰ ਬਣਨ 'ਤੇ ਵਾਧੂ ਵਿੱਤੀ ਵਸੀਲਿਆਂ ਅਤੇ ਫਾਲਤੂ ਖ਼ਰਚਿਆਂ 'ਚ ਕਟੌਤੀ ਕਰਕੇ ਪੰਜਾਬ ਨੂੰ ਕਰਜ਼ਾ ਮੁਕਤ ਅਤੇ ਖੁਸ਼ਹਾਲ ਬਣਾਉਣ ਦੇ ਸਬਜ਼ਬਾਗ ਦਿਖਾ ਕੇ ਸੱਤਾ ਪ੍ਰਾਪਤੀ ਕੀਤੀ ਸੀ, ਪਰ ਸੱਤਾ 'ਚ ਆ ਕੇ ਜਿਥੇ ਪਹਿਲੀਆਂ ਸਰਕਾਰਾਂ ਵਲੋਂ ਲੋਕਾਂ ਲਈ ਸ਼ੁਰੂ ਕੀਤੀਆਂ ਮੁਫ਼ਤ ਸਹੂਲਤਾਂ ਜਾਰੀ ਰੱਖੀਆਂ, ਉਥੋਂ ਖ਼ਰਚਿਆਂ 'ਚ ਕਟੌਤੀ ਕਰਨ ਦੀ ਬਜਾਏ, ਸਗੋਂ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫ਼ਤ ਦੇ ਕੇ ਪੰਜਾਬ ਦੇ ਖਜ਼ਾਨੇ 'ਤੇ ਵਾਧੂ ਵਿੱਤੀ ਬੋਝ ਪਾਉਣ ਦੇ ਨਾਲ-ਨਾਲ ਆਪਣੇ ਦਿੱਲੀ ਵਾਲੇ ਬਾਬੂ ਨੂੰ ਖ਼ੁਸ਼ ਕਰਨ ਲਈ ਪੰਜਾਬ ਦਾ ਸਰਮਾਇਆ ਇਸ਼ਤਿਹਾਰਬਾਜ਼ੀ 'ਤੇ ਲੁਟਾਇਆ ਅਤੇ ਭਗਵੰਤ ਮਾਨ ਦੀ ਅਜਿਹੀ ਆਕਾ ਖ਼ੁਸ਼ ਕਰੂ ਨੀਤੀ ਕਾਰਨ ਸਗੋਂ ਢਾਈ ਸਾਲ ਦੇ ਅਰਸੇ 'ਚ ਪੰਜਾਬ ਸਿਰ ਕਰਜ਼ੇ ਦੀ ਪੰਡ ਹੌਲੀ ਹੋਣ ਦੀ ਬਜਾਏ ਹੋਰ ਭਾਰੀ ਹੋ ਗਈ। ਇਹ ਵੀ ਸਪੱਸ਼ਟ ਹੈ ਕਿ ਜਦੋਂ ਤੱਕ ਸੱਤਾ ਦੀਆਂ ਪੌੜੀਆਂ ਚੜ੍ਹਨ ਲਈ ਵੋਟ ਰਾਜਨੀਤੀ ਤਹਿਤ ਸਕੀਮਾਂ ਬਣਦੀਆਂ ਰਹਿਣਗੀਆਂ ਉਦੋਂ ਤੱਕ ਸੂਬੇ ਦੀ ਆਰਥਿਕ ਮਜ਼ਬੂਤੀ ਦੀ ਆਸ ਨਹੀਂ ਕੀਤੀ ਜਾ ਸਕਦੀ ਅਤੇ ਇਸ ਲਈ ਸਰਕਾਰ ਨੂੰ ਕੌੜਾ ਘੁੱਟ ਭਰ ਕੇ ਲੋਕ ਲੁਭਾਊ ਤੇ ਮੁਫ਼ਤ ਸਕੀਮਾਂ ਬੰਦ ਕਰਕੇ ਸੂਬੇ ਨੂੰ ਖ਼ੁਸ਼ਹਾਲ ਬਣਾਉਣ ਲਈ ਕਦਮ ਚੁੱਕਣ ਦੀ ਲੋੜ ਹੈ।
-ਮਨੋਹਰ ਸਿੰਘ ਸੱਗੂ
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਧੂਰੀ (ਸੰਗਰੂਰ)
ਨਸੀਹਤ ਭਰੀ ਰਚਨਾ
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਸਾਹਿਤ ਫੁਲਵਾੜੀ ਅੰਕ ਵਿਚ ਤੇਲੂ ਰਾਮ ਕੁਹਾੜਾ ਦੀ ਕਹਾਣੀ 'ਸ਼ਾਇਰ ਪਤੀ' ਪੜ੍ਹੀ। ਲੇਖਕ ਨੇ ਕਹਾਣੀ ਵਿਚਲੇ ਲੇਖਕ ਪਾਤਰ ਦਾ ਚਿਤਰਣ ਕਰਕੇ ਲੇਖਕ ਦੇ ਸੁਭਾਅ ਤੋਂ ਜਾਣੂ ਕਰਵਾ ਦਿੱਤਾ ਹੈ। ਇਹ ਬਿਲਕੁਲ ਸੱਚ ਹੈ ਕਿ ਕਿਸੇ ਲੇਖਕ ਦੀ ਕਿਤਾਬ ਨਾ ਛਪਣਾ ਹੀ ਉਸ ਲਈ ਸਭ ਤੋਂ ਵੱਡਾ ਸਦਮਾ ਹੁੰਦਾ ਹੈ। ਇਸੇ ਅੰਕ ਵਿਚ ਡਾ. ਇਕਬਾਲ ਸਿੰਘ ਸਰਕੌਦੀ ਦੀ ਰਚਨਾ 'ਬੁਢਾਪੇ ਦੇ ਪੜਾਅ ਨੂੰ ਖ਼ੁਸ਼ਗਵਾਰ ਬਣਾਈਏ' ਵੀ ਅੱਜ ਦੇ ਵਰਗ ਨੂੰ ਨਸੀਹਤ ਭਰੀ ਰਚਨਾ ਹੈ। 'ਜਿਹੋ ਜਿਹਾ ਬੀਜਾਂਗੇ, ਉਹੋ ਜਿਹਾ ਵੱਢਾਂਗੇ' ਦੀ ਕਹਾਵਤ ਵਾਂਗ ਜਦੋਂ ਅਸੀਂ ਆਪਣੇ ਬਜ਼ੁਰਗ ਮਾਪਿਆਂ ਦਾ ਉਨ੍ਹਾਂ ਦੇ ਬੁਢਾਪੇ ਵਿਚ ਧਿਆਨ ਨਹੀਂ ਰੱਖਿਆ ਤਾਂ ਫਿਰ ਅਸੀਂ ਆਪਣੇ ਬੱਚਿਆਂ ਤੋਂ ਕਿਉਂ ਉਮੀਦ ਰੱਖਦੇ ਹਾਂ।
-ਸ.ਸ. ਰਮਲਾ, ਸੰਗਰੂਰ।
ਨਵੀਂ ਜਾਣਕਾਰੀ
ਬੀਤੇ ਦਿਨੀਂ 'ਅਜੀਤ' ਮੈਗਜ਼ੀਨ 'ਚ ਲੇਖਕ ਬਹਾਦਰ ਸਿੰਘ ਗੋਸਲ ਦਾ ਲਿਖਿਆ ਲੇਖ 51 ਸਾਲਾਂ ਵਿਚ 52 ਵਾਰ ਲੁੱਟੀ ਗਈ ਸੀ ਦਿੱਲੀ ਪੜ੍ਹਿਆ। ਲੇਖ ਪੜ੍ਹ ਕੇ ਕੇਵਲ ਮੈਨੂੰ ਹੀ ਨਵੀਂ ਜਾਣਕਾਰੀ ਨਹੀਂ ਮਿਲੀ ਸਗੋਂ ਹਜ਼ਾਰਾਂ ਪਾਠਕਾਂ ਨੂੰ ਵੀ ਨਵੀਂ ਜਾਣਕਾਰੀ ਮਿਲੀ। ਲੇਖਕ ਬਹਾਦਰ ਸਿੰਘ ਗੋਸਲ ਵਧਾਈ ਦਾ ਪਾਤਰ ਹੈ, ਜਿਸ ਨੇ ਖੋਜ ਭਰਪੂਰ ਲੇਖ ਲਿਖਿਆ। ਪੰਦਰਾਂ ਵਾਰ ਤਾਂ ਸਿੰਘਾਂ ਨੇ ਹੀ ਦਿੱਲੀ ਉੱਤੇ ਜਿੱਤ ਪ੍ਰਾਪਤ ਕੀਤੀ। ਲੇਖਕ ਦੇ ਪ੍ਰਿੰਸੀਪਲ ਸਤਿਬੀਰ ਸਿੰਘ ਦੇ ਲਿਖਣ ਅਨੁਸਾਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ 1765 ਨੂੰ ਇਕ ਜਨਵਰੀ ਵਾਲੇ ਦਿਨ ਸਿੰਘ ਦਿੱਲੀ ਪੁੱਜ ਗਏ। ਬਾਦਸ਼ਾਹ ਸ਼ਾਹ ਆਲਮ ਨੇ ਸਰਦਾਰ ਬਘੇਲ ਸਿੰਘ ਨਾਲ ਸਮਝੌਤਾ ਕੀਤਾ। ਪਹਿਲਾਂ ਖ਼ਾਲਸੇ ਨੂੰ ਤਿੰਨ ਲੱਖ ਰੁਪਏ ਹਰਜਾਨੇ ਦੇ ਤੌਰ 'ਤੇ ਦਿੱਤੇ ਜਾਣ। ਦੂਜਾ ਸ਼ਹਿਰ ਦੀ ਕੋਤਵਾਲੀ ਅਤੇ ਚੁੰਗੀ ਵਸੂਲ ਕਰਨ ਦੀ ਅਧਿਕਾਰ ਸਰਦਾਰ ਬਘੇਲ ਸਿੰਘ ਦੇ ਹਵਾਲੇ ਕੀਤਾ ਜਾਵੇ। ਤੀਜਾ ਸਰਦਾਰ ਬਘੇਲ ਸਿੰਘ ਨੂੰ 4000 ਘੋੜ ਸਵਾਰ ਆਪਣੇ ਪਾਸ ਰੱਖਣ ਦੀ ਇਜਾਜ਼ਤ ਹੋਵੇ। ਇਸ ਫ਼ੈਸਲੇ ਨਾਲ ਸਿੰਘਾਂ ਦਾ ਮਾਣ-ਸਨਮਾਨ ਤੇ ਚੜ੍ਹਤ ਬਹਾਲ ਹੋ ਗਈ। ਜਿੰਨੀ ਦੇਰ ਤੱਕ ਭਾਵ 1802 ਤਕ ਸਰਦਾਰ ਬਘੇਲ ਸਿੰਘ ਜਿਊਂਦੇ ਰਹੇ, ਉਦੋਂ ਤੱਕ ਦਿੱਲੀ ਸ਼ਹਿਰ ਦੀ ਚੁੰਗੀ ਦਾ ਚੌਥਾ ਹਿੱਸਾ ਉਨ੍ਹਾਂ ਦੇ ਘਰ ਪਹੁੰਚਦਾ ਰਿਹਾ।
-ਜੋਗਿੰਦਰ ਸਿੰਘ ਲੋਹਾਮ
ਡਬਲਿਊ-37/275, ਜਮੀਅਤ ਸਿੰਘ ਰੋਡ, ਮੋਗਾ