29-09-2024
ਕਿਛੁ ਸੁਣੀਐ ਕਿਛੁ ਕਹੀਐ
ਸੰਪਾਦਕ : ਡਾ. ਇੰਦਰਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 540 ਰੁਪਏ, ਸਫ਼ੇ : 324
ਸੰਪਰਕ : 94170-85785
ਹਥਲੀ ਕਿਤਾਬ ਵਿਚ ਸੂਝਵਾਨ ਸੰਪਾਦਕ ਲੇਖਿਕਾ ਨੇ ਕੋਈ 38 ਦੇ ਕਰੀਬ ਵਿਦਵਾਨ ਲੇਖਕਾਂ ਦੇ ਮੁੱਲਵਾਨ ਨਿਬੰਧ ਸ਼ਾਮਿਲ ਕੀਤੇ ਹਨ। ਸਮੁੱਚੀ ਕਿਤਾਬ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੇ ਬਹੁਪੱਖੀ ਚਰਿੱਤਰ ਨੂੰ ਰੂਪਮਾਨ ਕਰਦੀ ਹੈ। ਇਸ ਵਿਚ ਗੁਰੂ ਨਾਨਕ ਬਾਣੀ ਵਿਚ ਸੱਭਿਆਚਾਰਕ ਕ੍ਰਾਂਤੀ ਡਾ. ਇੰਦਰਜੀਤ ਕੌਰ, ਮਾਨਵੀ ਵਸੀਲਿਆਂ ਦੀ ਵਿਕਾਸ ਪ੍ਰਕਿਰਿਆ : ਜਪੁਜੀ ਦਾ ਸਿਧਾਂਤਕ ਪ੍ਰਸੰਗ ਡਾ. ਬਲਵਿੰਦਰਪਾਲ ਸਿੰਘ, ਗੁਰੂ ਨਾਨਕ ਦਾ ਵਿੱਦਿਅਕ ਫ਼ਲਸਫ਼ਾ ਡਾ. ਕੁਲਦੀਪ ਸਿੰਘ, ਗੁਰੂ ਨਾਨਕ ਬਾਣੀ-ਵਿਸ਼ਵ ਵਿਆਪੀ ਆਧਾਰ ਅਰਵਿੰਦਰ ਢਿੱਲੋਂ, ਕਿਰਤ ਕਰੋ ਨਾਮ ਜਪੋ ਵੰਡ ਛਕੋ ਡਾ. ਸਰਬਜੋਤ ਕੌਰ, 'ਨਾਨਕਿ ਰਾਜੁ ਚਲਾਇਆ' ਦੇ ਸੰਦਰਭ ਵਿਚ ਗੁਰੂ ਨਾਨਕ ਬਾਣੀ ਦੀ ਰਾਜਨੀਤਕ ਚੇਤਨਾ ਪ੍ਰਿੰ. ਕ੍ਰਿਸ਼ਨ ਸਿੰਘ, ਗੁਰੂ ਨਾਨਕ ਬਾਣੀ ਦੇ ਸਮਾਜਿਕ ਸਰੋਕਾਰਾਂ ਦਾ ਮਹੱਤਵ ਡਾ. ਸੁਖਵਿੰਦਰ ਕੌਰ, ਗੁਰੂ ਨਾਨਕ ਦੀ ਬਾਣੀ ਵਿਚ ਸਹਿਣਸ਼ੀਲਤਾ ਦੇ ਵਿਸ਼ਵ ਵਿਆਪੀ ਆਧਾਰ ਡਾ. ਅਮਨਿੰਦਰ ਪ੍ਰੀਤ ਚਹਿਲ, ਸਮੁੱਚੀ ਮਨੁੱਖਤਾ ਦੇ ਮੁਕਤੀਦਾਤਾ-ਸ੍ਰੀ ਗੁਰੂ ਨਾਨਕ ਦੇਵ ਜੀ ਡਾ. ਤਰਨਜੀਤ ਕੌਰ, ਗੁਰੂ ਨਾਨਕ ਬਾਣੀ ਵਿਚ ਪ੍ਰਕਿਰਤੀ ਚਿਤਰਨ ਪ੍ਰੋ. ਹਰਪ੍ਰੀਤ ਕੌਰ, ਜਪੁਜੀ ਦਾ ਸੰਰਚਨਾਤਮਿਕ ਪ੍ਰਬੰਧ ਡਾ. ਬਲਵਿੰਦਰ ਕੌਰ, ਗੁਰੂ ਨਾਨਕ ਬਾਣੀ : ਸਮਕਾਲੀਨ ਸਮਾਜ ਡਾ. ਸੰਦੀਪ ਕੌਰ ਸੇਖੋਂ, ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸਮਾਜ ਨੂੰ ਸਦੀਵੀ ਦੇਣ ਡਾ. ਕਿਰਨਦੀਪ ਸਿੰਘ, ਗੁਰੂ ਨਾਨਕ ਬਾਣੀ ਅਤੇ ਸਮਾਜਿਕ ਚੇਤਨਾ ਡਾ. ਹਰਜਿੰਦਰ ਕੌਰ ਟਿਵਾਣਾ, ਗੁਰੂ ਨਾਨਕ ਬਾਣੀ ਵਿਚ ਵਿਗਿਆਨਕ ਸੰਦਰਭ ਅਤੇ ਬ੍ਰਹਿਮੰਡੀ ਚੇਤਨਾ ਡਾ. ਸਵਿੰਦਰ ਪਾਲ, ਗੁਰੂ ਨਾਨਕ ਦੇਵ ਅਤੇ ਭਾਰਤ ਦਾ ਮੌਜੂਦਾ ਪ੍ਰਸੰਗ ਡਾ. ਸ਼ੇਰ ਸਿੰਘ ਚਾਹਲ, ਅਜੋਕੇ ਸਮੇਂ ਵਿਚ ਲਿੰਗ ਸਮਾਨਤਾ ਦਾ ਪ੍ਰਵਚਨ ਡਾ. ਬਲਵੀਰ ਕੌਰ, ਬਾਣੀ ਦੀ ਸਰਬਕਾਲਤਾ ਵਿਸ਼ਵ ਵਿਆਪੀ ਆਧਾਰ ਡਾ. ਹਰਜੋਤ ਕੌਰ, ਗੁਰੂ ਨਾਨਕ ਬਾਣੀ ਦਾ ਦਾਰਸ਼ਨਿਕ ਸੰਦਰਭ ਡਾ. ਸਤਵੰਤ ਸਿੰਘ, ਇੱਕੀਵੀਂ ਸਦੀ ਵਿਚ ਗੁਰੂ ਨਾਨਕ ਸਾਹਿਬ ਦਾ ਵਿਸ਼ਵ-ਵਿਆਪੀ ਦ੍ਰਿਸ਼ਟੀਕੋਣ ਡਾ. ਵੰਦਨਾ, ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਔਰਤ ਦਾ ਸਥਾਨ ਡਾ. ਪੁਸ਼ਪਿੰਦਰਪਾਲ ਕੌਰ, ਗੁਰੂ ਨਾਨਕ ਬਾਣੀ ਅਤੇ ਸਮਾਜਿਕ ਚੇਤਨਾ ਡਾ. ਵੀਨਾ ਅਰੋੜਾ, ਨੈਤਿਕ ਸਰੋਕਾਰ ਅਤੇ ਨਾਨਕ ਬਾਣੀ ਦੇ ਪ੍ਰਸੰਗ ਵਿਚ ਡਾ. ਪਰਮਵੀਰ ਕੌਰ, ਅਜੋਕੇ ਜੀਵਨ ਵਿਚ ਸਿੱਖ ਆਰਥਿਕ ਮੁੱਲ-ਪ੍ਰਬੰਧ ਦੀ ਸਾਰਥਕਤਾ ਪ੍ਰੋ. ਪੁਨੀਤ, ਗੁਰੂ ਨਾਨਕ ਬਾਣੀ ਅਤੇ ਰਾਜਨੀਤਕ ਚੇਤਨਾ ਪ੍ਰੋ. ਸੁਖਵੀਰ ਕੌਰ, ਜਪੁਜੀ ਬਾਣੀ ਵਿਚ ਨਾਮ-ਸਿਮਰਨ ਦੀ ਪ੍ਰਮਾਣਿਕਤਾ ਤੇ ਵਿਵੇਚਨ ਪ੍ਰੋ. ਨਵੀਨ ਕੁਮਾਰ, ਗੁਰੂ ਨਾਨਕ ਬਾਣੀ ਦਾ ਸੱਭਿਆਚਾਰਕ ਪਰਿਪੇਖ ਪ੍ਰੋ. ਸੁਖਜੀਤ ਕੌਰ, ਗੁਰੂ ਨਾਨਕ ਬਾਣੀ ਵਿਚ ਮਨੁੱਖ ਦਾ ਸੰਕਲਪ ਪ੍ਰੋ. ਸੁਖਵੀਰ ਕੌਰ, ਗੁਰੂ ਨਾਨਕ ਦੇਵ ਜੀ ਅਤੇ ਵਾਤਾਵਰਨ ਜਿਓਤੀ, ਜਪੁਜੀ ਸਾਹਿਬ ਦਾ ਵਿਸ਼ਵ ਵਿਆਪੀ ਸੰਕਲਪ ਰਾਜਵੀਰ ਕੌਰ, ਗੁਰੂ ਨਾਨਕ ਬਾਣੀ ਅਤੇ ਇਸਲਾਮ : ਅੰਤਰ ਧਰਮ ਸੰਵਾਦ ਸੁਖਵਿੰਦਰ ਸਿੰਘ, ਨਾਨਕ ਬਾਣੀ ਵਿਚ ਸਮਾਜੀ ਬਿੰਬ ਰੇਨੂੰ, ਗੁਰੂ ਨਾਨਕ ਬਾਣੀ ਵਿਚ 'ਕਿਰਤ ਦਾ ਸੰਕਲਪ' (ਵਾਰਾਂ ਦੇ ਸੰਦਰਭ ਵਿਚ) ਰਾਜਵੀਰ ਕੌਰ, ਗੁਰੂ ਨਾਨਕ ਦੇਵ ਜੀ ਦਾ ਜੀਵਨ ਦਰਸ਼ਨ ਸੰਦੀਪ ਕੌਰ, ਕੁਚੱਜੀ ਅਤੇ ਸੁਚੱਜੀ: ਇਸਤਰੀ ਦੀ ਆਤਮਿਕ ਸ਼ਖ਼ਸੀਅਤ ਦੇ ਉਘੜਦੇ ਵੱਖ-ਵੱਖ ਪੱਖਾਂ ਦਾ ਵਿਸਮਾਦ ਸੁਖਜੀਤ ਕੌਰ, ਗੁਰੂ ਨਾਨਕ ਬਾਣੀ ਵਿਚ ਔਰਤ ਦਾ ਸਥਾਨ ਸੁਖਵਿੰਦਰ ਕੌਰ, ਗੁਰੂ ਨਾਨਕ ਬਾਣੀ ਵਿਚ ਤਤਕਾਲੀ ਰਾਜਨੀਤਿਕ ਸਥਿਤੀ ਸੁਖਜੀਤ ਕੌਰ, ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਨਾਲ ਸੰਬੰਧਿਤ ਸਾਖੀਆਂ ਚਿਹਨ ਵਿਗਿਆਨਕ ਅਧਿਐਨ ਡਾ. ਸਤਪ੍ਰੀਤ ਸਿੰਘ ਜੱਸਲ ਤੋਂ ਇਲਾਵਾ 6 ਲੇਖ, Social Ideology of Guru Nanak Dev Ji in relation to the Caste System: An Appraisal Jaspal Kaur, Shri Guru Nanak Dev Ji - A Saint And A Social Reform Dr. Jaswinder, Significance of Pauri in Japuji Sahib Prof. Navdeep Singh, Impact Of Sikh Guru's On Society Navkiran Kaur, Contribution Of Guru Nanak Dev Ji Towards The Upliftment Of Status Of Women in The Society-An Analysis Dr. Neelam Rani, The Position Of Women In Guru Nanak's Bani, Dr. Manjyot Kaurਦੇ ਅੰਗਰੇਜ਼ੀ ਵਿਚ ਸ਼ਾਮਿਲ ਕੀਤੇ ਗਏ ਹਨ। ਧਰਮ ਜਾਂ ਕੌਮ ਦੀ ਵੱਖਰੀ ਹੋਂਦ ਲਈ ਪਹਿਲਾ ਸਥਾਨ ਪੈਗੰਬਰੀ ਅਜ਼ਮਤ ਦਾ ਹੁੰਦਾ ਹੈ ਜਿਸ ਨੂੰ ਧਰਮ ਬਾਨੀ ਜਾਂ ਗੁਰੂ ਦੀ ਸੰਗਿਆ ਨਾਲ ਨਿਵਾਜਿਆ ਜਾਂਦਾ ਹੈ। ਇਹ ਪੈਗੰਬਰੀ ਅਜ਼ਮਤ ਆਪਣੀ ਉੱਚ ਰਹੱਸਮਈ ਪਹੁੰਚ ਸਦਕਾ ਪਹਿਲਾ ਅਕਾਲ ਪੁਰਖ ਨਾਲ ਇੱਕ ਸੁਰ ਹੋ ਜਾਂਦੀ ਹੈ ਅਤੇ ਫਿਰ ਉਸ ਦੇ ਸ਼ਬਦ ਦੀ ਬਖ਼ਸ਼ਿਸ਼ ਨਾਲ- ਸਰਸ਼ਾਰ ਹੋ ਧਰਤੀ ਉੱਤੇ ਜਨ-ਸਮੂਹ ਦੀ ਭਲਾਈ ਹਿੱਤ ਪਰਮੇਸ਼ਵਰ ਦੇ ਦੂਤ ਬਣ ਵਿਚਰਦੀ ਹੈ। ਆਪਣੀ ਵਿਰਾਸਤ ਦੇ ਫ਼ਖ਼ਰ ਨੂੰ ਯਾਦ ਕਰਨਾ ਅਤੇ ਆਪਣੇ ਸਿਰ ਵਿਚ ਜੋਤ ਜਗਾ ਕੇ ਬਿਨਾਂ ਬੁੱਝਿਆਂ ਜਗਦੇ ਰਹਿਣ ਦਾ ਪ੍ਰਸੰਗ ਸਾਹਮਣੇ ਲਿਆਉਣਾ ਜਾਗਦੇ ਸੱਭਿਆਚਾਰਾਂ ਦੀ ਗੱਲ ਹੈ। ਮੈਨੂੰ ਯਕੀਨ ਹੈ ਕਿ ਡਾ. ਇੰਦਰਜੀਤ ਕੌਰ ਦੀ ਇਹ ਪੁਸਤਕ ਨਵੀਂ ਪੀੜ੍ਹੀ ਦਾ ਮਾਰਗਦਰਸ਼ਨ ਕਰੇਗੀ। ਆਧੁਨਿਕ ਗਿਆਨ-ਵਿਗਿਆਨ ਦੇ ਯੁੱਗ ਵਿਚ ਧਰਮਾਂ ਦੀ ਦੁਨੀਆ ਤੇ ਕੀਤੇ ਜਾ ਰਹੇ ਬੇਲੋੜੇ ਪ੍ਰਸ਼ਨਾਂ ਦਾ ਉੱਤਰ ਦੇਣ ਦੇ ਸਮਰੱਥ ਹੋਵੇਗੀ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਮੇਰੀ ਹੇਮਕੁੰਟ ਸਾਹਿਬ ਦੀ ਯਾਤਰਾ
ਲੇਖਕ : ਪ੍ਰਗਟ ਸਿੰਘ ਜੰਬਰ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 88377-26702
ਹਥਲੀ ਪੁਸਤਕ ਦਾ ਲੇਖਕ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਕਲਮ ਅਜ਼ਮਾਈ ਕਰ ਚੁੱਕਾ ਹੈ। ਉਹ ਮਿੰਨੀ ਕਹਾਣੀ, ਕਵਿਤਾ ਅਤੇ ਲੇਖ ਆਦਿ ਵਿਧਾਵਾਂ ਵਿਚ ਪਾਠਕਾਂ ਦੇ ਸਨਮੁੱਖ ਪੇਸ਼ ਹੋ ਚੁੱਕਾ ਹੈ। ਇਸ 'ਸਫ਼ਰਨਾਮੇ' ਵਿਚ ਉਸ ਨੇ ਆਪਣੇ ਜੱਦੀ ਸ਼ਹਿਰ ਮੁਕਤਸਰ ਸਾਹਿਬ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਬਿਰਤਾਂਤ ਲਿਖਿਆ ਹੈ। ਇਸ ਅਕਾਰ ਪੱਖੋਂ ਛੋਟੀ ਰੰਗਦਾਰ ਤਸਵੀਰਾਂ ਨਾਲ ਸਜੀ ਪੁਸਤਕ ਵਿਚ ਲੇਖਕ ਵਲੋਂ ਭੂਗੋਲਿਕ, ਧਾਰਮਿਕ ਅਤੇ ਸੱਭਿਆਚਾਰਕ ਜਾਣਕਾਰੀ ਦੇਣ ਦਾ ਯਤਨ ਹੈ। ਇਸ ਤੋਂ ਪਹਿਲਾਂ ਉਸ ਨੇ ਦਸ ਕਿਤਾਬਾਂ ਪਾਠਕਾਂ ਨੂੰ ਭੇਟ ਕੀਤੀਆਂ ਹਨ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜਿਥੇ ਬੜੀ ਕਠਿਨ ਹੈ, ਪਰ ਨਾਲ-ਨਾਲ ਅਨੰਦ ਭਰਪੂਰ ਵੀ ਹੈ। ਉਥੋਂ ਦੀਆਂ ਖੂਬਸੂਰਤ ਵਾਦੀਆਂ ਅਤੇ ਸਾਫ਼-ਸੁਥਰਾ ਵਾਤਾਵਰਨ ਇਕ ਵੱਖਰੀ ਕਸ਼ਿਸ਼ ਰੱਖਦਾ ਹੈ। ਇਸ ਕਿਤਾਬ ਵਿਚ ਲੇਖਕ ਨੇ ਆਪਣੀ ਯਾਤਰਾ ਦੇ ਅਨੁਭਵ ਪਾਠਕਾਂ ਨਾਲ ਸਾਂਝੇ ਕਰਦਿਆਂ, ਬਿਖਰੇ ਪੈਂਡੇ ਦਾ ਸਫ਼ਰ, ਪਹਾੜਾਂ ਦੀਆਂ ਕਠਿਨ ਚੜ੍ਹਾਈਆਂ ਤੇ ਉਤਰਾਈਆਂ, ਉਥੋਂ ਦੇ ਲੋਕਾਂ ਅਤੇ ਉੱਚੇ ਪਹਾੜਾਂ, ਉਥੋਂ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ, ਨਦੀਆਂ, ਨਾਲਿਆਂ, ਟੋਭਿਆਂ, ਸੱਪ ਵਲੇਵੇਂ ਖਾਂਦੀਆਂ ਡੰਡੀਆਂ, ਸੜਕਾਂ ਦਾ ਜ਼ਿਕਰ ਕੀਤਾ ਹੈ। ਪਹਾੜਾਂ ਦੇ ਸਿਖਰ ਦਾ ਵਾਤਾਵਰਨ ਅਤੇ ਰਾਹ ਵਿਚ ਆਉਂਦੇ ਗੁਰਦੁਆਰਾ ਸਾਹਿਬਾਨ ਦਾ ਇਤਿਹਾਸ ਇਸ ਸਫ਼ਰਨਾਮੇ ਵਿਚ ਪੇਸ਼ ਕੀਤਾ ਹੈ। ਲੇਖਕ ਨੇ ਪੁਸਤਕ ਨੂੰ ਨੌਂ ਸਿਰਲੇਖਾਂ ਵਿਚ ਵੰਡ ਕੇ ਪੁਸਤਕ ਦੀ ਉਸਾਰੀ ਕੀਤੀ ਹੈ। ਇਨ੍ਹਾਂ ਸਿਰਲੇਖਾਂ ਵਿਚ ਲੇਖਕ ਵਲੋਂ ਦੋ ਸ਼ਬਦ ਲਿਖਦਿਆਂ ਖੱਟੇ-ਮਿੱਠੇ ਅਨੁਭਵਾਂ ਨੂੰ ਸਾਂਝਾ ਕੀਤਾ, ਲੇਖਕ ਦੇ ਨਾਲ ਉਸ ਦਾ ਮਿੱਤਰ ਤੇ ਉਸ ਦੀ ਮਾਤਾ ਅਤੇ ਲੇਖਕ ਦਾ ਆਪਣਾ ਪਰਿਵਾਰ ਇਸ ਯਾਤਰਾ ਵਿਚ ਇਕੱਠੇ ਘਰ ਤੋਂ ਤੁਰਦੇ ਹਨ। ਇਸ ਤੋਂ ਅੱਗੇ ਵੱਖ-ਵੱਖ ਸਿਰਲੇਖਾਂ ਵਿਚ ਨਿਰਮੋਹੀ ਧਰਤੀ ਸਰਬੰਸਦਾਨੀ ਪਿਤਾ ਜੀ ਦੇ ਜੀਵਨ ਉੱਪਰ ਪੰਛੀ-ਝਾਤ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਆਰੰਭ ਹੁੰਦਾ ਹੈ। ਅਗਲੇ ਸਿਰਲੇਖਾਂ ਵਿਚ ਚਾਰ ਧਾਮ ਯਾਤਰਾ, ਲੰਗਰਾਂ ਦਾ ਹੜ੍ਹ, ਜਦੋਂ ਰਾਤ ਜੋਸ਼ੀ ਮੱਠ ਕੱਟਣੀ ਪਈ, ਬਦਰੀ ਨਾਥ ਅਤੇ ਸ੍ਰੀ ਹੇਮਕੁੰਟ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੰਦ ਸਿੰਘ ਦਾ ਜ਼ਿਕਰ ਕੀਤਾ ਗਿਆ ਹੈ। ਪੁਸਤਕ ਦੇ ਮੁੱਢ ਵਿਚ ਪੰਜਾਬੀ ਲੇਖਕ ਬੂਟਾ ਗੁਲਾਮੀ ਵਾਲਾ ਵਲੋਂ ਲਿਖੇ ਦੋ ਸ਼ਬਦ 'ਪਾਠਕਾਂ ਦੀ ਸੋਚ 'ਤੇ ਖਰੀ ਉਤਰੇਗੀ, ਇਹ ਕਿਤਾਬ' ਲੇਖਕ ਵਲੋਂ ਪਾਠਕਾਂ ਨੂੰ ਆਪਣੇ ਸੰਗ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਉਣ ਨੂੰ ਸਫਲ ਉੱਦਮ ਦੱਸਿਆ ਹੈ। ਪੁਸਤਕ ਦੇ ਟਾਈਟਲ ਪੰਨੇ ਉੱਪਰ ਸ੍ਰੀ ਹੇਮਕੁੰਟ ਸਾਹਿਬ ਦਾ ਰੰਗਦਾਰ ਤਸਵੀਰ ਤੋਂ ਇਲਾਵਾ ਲੇਖਕ ਅਤੇ ਯਾਤਰਾ ਦੀਆਂ ਤਸਵੀਰਾਂ ਤੋਂ ਇਲਾਵਾ ਸਹਿਯੋਗੀ ਸੱਜਣਾਂ ਦੀਆਂ ਤਸਵੀਰਾਂ ਨੂੰ ਆਰਟ ਪੇਪਰ ਉੱਪਰ ਛਾਪਿਆ ਗਿਆ ਹੈ। ਸਫ਼ਰਨਾਮਾ ਲਿਖਣਾ ਵੀ ਇਕ ਵਧੀਆ ਕਲਾ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਖ਼ਿਆਲ ਤੋਂ ਤਹਿਰੀਰ ਤੱਕ
ਲੇਖਕ : ਡਾ. ਅਰਵਿੰਦਰ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 208
ਸੰਪਰਕ : 94630-62603
ਸਿੱਖ ਗੁਰੂ ਸਾਹਿਬਾਨ, ਗੁਰਬਾਣੀ, ਸਿੱਖ ਧਰਮ ਅਤੇ ਸਿੱਖ ਇਤਿਹਾਸ ਬਾਰੇ ਖੋਜੀ ਤੇ ਵਿਦਵਾਨ ਲੇਖਕ ਡਾ. ਅਰਵਿੰਦਰ ਸਿੰਘ ਦੀਆਂ ਲਗਭਗ 19 ਪੁਸਤਕਾਂ ਛਪ ਚੁੱਕੀਆਂ ਹਨ। ਪੰਜਾਬੀ ਵਿਚ ਹਥਲੀ ਪੁਸਤਕ 'ਖਿਆਲ ਤੋਂ ਤਹਿਰੀਰ ਤੱਕ' ਇਕ ਨਿੱਗਰ ਸਮੱਗਰੀ ਵਾਲੀ ਰਚਨਾ ਹੈ, ਜਿਸ ਵਿਚ ਬੜੇ ਮਹੱਤਵਪੂਰਨ 35 ਲੇਖ ਸ਼ਾਮਿਲ ਹਨ। ਬੜੀ ਡੂੰਘੀ ਦ੍ਰਿਸ਼ਟੀ ਵਾਲੇ ਡਾ. ਅਰਵਿੰਦਰ ਸਿੰਘ ਦਾ ਆਪਣਾ ਮੰਨਣਾ : 'ਇਸ ਪੁਸਤਕ ਵਿਚ ਵੱਖ-ਵੱਖ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਆਰਥਿਕ ਖੇਤਰ ਨਾਲ ਸੰਬੰਧਿਤ ਮੁਖ਼ਤਲਿਫ਼ ਵਿਸ਼ਿਆਂ ਨੂੰ ਛੂਹਣ ਦੇ ਨਾਲ-ਨਾਲ ਮਨੁੱਖ ਦੀ ਜੀਵਨ ਸ਼ੈਲੀ ਨਾਲ ਸੰਬੰਧਿਤ ਬੁਨਿਆਦੀ ਨੁਕਤਿਆਂ ਨੂੰ ਮੈਂ ਆਪਣੇ ਨੁਕਤਾ-ਏ-ਨਜ਼ਰ ਤੋਂ ਬਿਆਨ ਕਰਨ ਦੀ ਇਕ ਅਦਨਾ ਜਿਹੀ ਕੋਸ਼ਿਸ਼ ਕੀਤੀ ਹੈ।' ਚਾਰ ਸਰਗਾਂ 'ਚ ਵੰਡੀ ਗਈ ਹੈ ਸਮੱਗਰੀ। ਪਹਿਲੇ ਸਰਗ : ਮਜ਼ਹਬ ਅਤੇ ਮਨੁਖ 'ਚ 9 ਲੇਖ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵੱਖ-ਵੱਖ ਸੰਕਲਪਾਂ ਨੂੰ ਬਿਆਨ ਕਰਦੇ ਹਨ ਅਤੇ ਦੋ ਲੇਖ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਲੋਕਤੰਤਰੀ ਸਰੋਕਾਰ ਅਤੇ ਬਾਂਹਿ ਜਿਨ੍ਹਾਂ ਦੀ ਪਕੜੀਏ...। ਬਾਰੇ ਹਨ। ਦੂਜੇ ਸਰਗ ਵਿਚ ਸਿੱਖ ਜਗਤ ਦੇ ਅਜੋਕੇ ਗੰਭੀਰ ਮਸਲਿਆਂ ਬਾਰੇ ਗਿਆਰਾਂ ਲੇਖ ਹਨ। ਅਜੋਕੇ ਸੰਦਰਭ ਵਿਚ ਸਿੱਖ ਕੌਮ, ਪੰਜਾਬ ਅਤੇ ਪੰਜਾਬੀਅਤ ਦੇ ਮੂਲ ਨੂੰ ਆਧਾਰ ਬਣਾ ਕੇ ਚੁਣੌਤੀਆਂ ਅਤੇ ਚਿੰਤਾਵਾਂ ਨੂੰ ਰੂਪਮਾਨ ਕਰਦਾ ਅਤੇ ਪਾਠਕ ਨੂੰ ਨਵ-ਚੇਤਨਾ ਤੇ ਚਿੰਤਨ ਕਰਨ ਲਈ ਜਾਗਣ ਲਈ ਹੋਕਾ ਦਿੰਦਾ ਹੈ। ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ, ਉਸ ਨੂੰ ਬੜੀ ਬੁੱਧ-ਬਿਬੇਕਤਾ ਨਾਲ ਵਰਣਨ ਕੀਤਾ ਹੈ। ਪੰਜਾਬ ਲਈ ਸਮਾਂ ਸੁਖਾਵਾਂ ਨਹੀਂ। 'ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ' ਕਾਵਿ-ਪ੍ਰਵਚਨ ਨੂੰ ਯਾਦ ਕਰਾਉਣ ਵਾਲਾ ਹੈ। ਇਸ ਸਰਗ ਵਿਚ ਪੰਥ ਅਤੇ ਪੰਜਾਬ ਦੀ ਅਧੋਗਤੀ ਦੀ ਪੜਚੋਲ ਕੀਤੀ ਗਈ ਹੈ। ਤੀਜੇ ਸਰਗ ਵਿਚ ਸਿੱਖਿਆ ਸੰਸਾਰ ਸੰਬੰਧੀ ਚਾਰ ਲੇਖ ਹਨ, ਜਿਸ ਵਿਚ ਭਾਰਤ ਵਿਚ ਉਚੇਰੀ ਸਿੱਖਿਆ ਦੇ ਖੇਤਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਫ਼ਿਕਰਮੰਦੀ ਜ਼ਾਹਿਰ ਕੀਤੀ ਗਈ ਹੈ। ਚੌਥੇ ਸਰਗ ਵਿਚ ਗਿਆਰਾਂ ਲੇਖ ਵੰਨ-ਸੁਵੰਨੇ ਵਿਸ਼ਿਆਂ ਨਾਲ ਸੰਬੰਧਿਤ ਹਨ। ਇਸ ਵਿਚ ਲੇਖਕ ਨੇ ਜ਼ਿੰਦਗੀ ਨੂੰ ਜਸ਼ਨ ਵਾਂਗ ਜਿਊਣ ਅਤੇ ਦਾਨਿਸ਼ਮੰਦੀ ਦੇ ਪੈਂਡਿਆਂ 'ਤੇ ਤੁਰਨ ਲਈ ਮਨੋਹਰ ਵਿਚਾਰਾਂ ਦੀ ਪ੍ਰਦਰਸ਼ਨੀ ਕੀਤੀ ਹੈ। ਸਰਬੱਤ ਦੇ ਭਲੇ ਨੂੰ ਅਮਲੀ ਰੂਪ ਦੇਣ ਲਈ ਆਪਣੇ ਗਰੂਰ ਦੀ ਕੰਧ ਢਾਹੀਏ, ਇਹ ਇਕ ਸੁਚਾਰੂ ਦਿਸ਼ਾ ਦੇਣ ਵਾਲੀ ਰਚਨਾ ਹੈ। ਦੰਭੀ ਜੀਵਨ ਅਤੇ ਲਾਲਸਾ ਦੇ ਦੌਰ ਵਿਚ ਪੁਰਸਕੂਨ ਜ਼ਿੰਦਗੀ ਦੀ ਭਾਲ ਲਈ ਇਹ ਲੇਖ ਸੱਚੋ-ਸੱਚ ਦੱਸਣ ਦੀ ਹਾਮੀ ਭਰਦੇ ਹਨ। ਸਮਾਜ ਨੂੰ ਨਰੋਈ ਤੇ ਸਾਫ਼-ਸੁਥਰੀ ਸੇਧ ਦੇਣਾ ਇਨ੍ਹਾਂ ਲੇਖਾਂ ਦਾ ਪ੍ਰਮੁੱਖ ਉਦੇਸ਼ ਹੈ। ਲੇਖਕ ਨੇ ਗੁਰੂ ਨਾਨਕ ਚਿੰਤਨ ਨੂੰ ਮਨੁੱਖ ਲਈ ਅਪਣਾਉਣ 'ਤੇ ਜ਼ੋਰ ਦਿੱਤਾ ਹੈ। ਪੰਜਾਬੀ ਨਿਬੰਧਕਾਰੀ ਦੇ ਖੇਤਰ ਵਿਚ ਅਜਿਹੀਆਂ ਪੁਸਤਕਾਂ ਪੜ੍ਹਨਯੋਗ ਹਨ। ਚੰਗਾ ਹੁੰਦਾ ਅਰਬੀ-ਫਾਰਸੀ ਦੇ ਸ਼ਬਦਾਂ ਦੇ ਅਰਥ ਦੇ ਦਿੱਤੇ ਜਾਂਦੇ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਰੋਗ ਬਿਨਾਸ
(ਆਯੂਰਵੈਦਿਕ, ਹੋਮਿਓਪੈਥਿਕ, ਐਲੋਪੈਥਿਕ ਪ੍ਰਣਾਲੀ ਰਾਹੀਂ)
ਲੇਖਕ : ਡਾ. ਹਰਨਾਮ ਸਿੰਘ 'ਸ਼ਾਨ'
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ ਜਲੰਧਰ
ਮੁੱਲ : 450 ਰੁਪਏ, ਸਫ਼ੇ : 304
ਸੰਪਰਕ : 81467-69415
ਹਰ ਪੜ੍ਹੇ-ਲਿਖੇ ਵਿਦਵਾਨ/ ਗਿਆਨਵਾਨ ਦਾ ਕੋਈ ਨਾ ਕੋਈ ਵਿਸ਼ੇਸ਼ ਖ਼ੇਤਰ ਹੋਣਾ ਸੁਭਾਵਿਕ ਹੈ। ਇਵੇਂ ਵਿਚਾਰਧੀਨ ਪੁਸਤਕ 'ਰੋਗ ਬਿਨਾਸ' ਦੇ ਲੇਖਕ ਦਾ ਖੇਤਰ 'ਮੈਡੀਸਨ' ਹੈ। ਆਪਣਾ ਗਿਆਨ ਵੰਡਣ ਵਿਚ ਉਸ ਦੀ ਦਿਲਚਸਪੀ ਪ੍ਰਤੀਤ ਹੁੰਦੀ ਹੈ। ਉਸ ਨੇ ਇਸ ਕਿਤਾਬ ਦੇ 75 ਕਾਂਡਾਂ ਅਤੇ 304 ਪੰਨਿਆਂ ਵਿਚ ਮਨੁੱਖੀ ਸਰੀਰ ਨੂੰ ਸਮੇਂ ਨੂੰ ਸਮੇਂ-ਸਮੇਂ ਚਿੰਬੜਨ ਵਾਲੀਆਂ ਨਾਮੁਰਾਦ ਬਿਮਾਰੀਆਂ ਬਾਰੇ ਬੇਸ਼ੁਮਾਰ ਜਾਣਕਾਰੀ ਉਪਲਬੱਧ ਕਰਵਾਈ ਹੈ। ਉਸ ਨੂੰ ਇਨ੍ਹਾਂ ਸਭ ਪ੍ਰਣਾਲੀਆਂ (ਹੋਮਿਓਪੈਥਿਕ, ਬਾਇਓਕੈਮਿਕ, ਆਯੂਰਵੈਦਿਕ, ਯੂਨਾਨੀ ਅਤੇ ਅੰਗਰੇਜ਼ੀ ਦਵਾਈਆਂ ਐਲੋਪੈਥੀ ਦੀ ਡੂੰਘਾਈ 'ਚ ਸਮਝ ਹੈ, ਉਸ ਨੇ ਇਸ ਪੁਸਤਕ ਵਿਚ ਸਰੀਰ ਦੀਆਂ ਬਿਮਾਰੀਆਂ ਦੇ ਕਾਰਨ, ਲੱਛਣ, ਨੁਸਖੇ ਅਤੇ ਸਾਵਧਾਨੀਆਂ ਬਾਰੇ ਮੁੱਲਵਾਨ ਜਾਣਕਾਰੀ ਦਿੱਤੀ ਹੈ। ਦਵਾਈਆਂ ਦੇ ਪ੍ਰਯੋਗ ਬਾਰੇ, ਆਪਣੇ ਡਾਕਟਰ ਦੀ ਸਲਾਹ ਨਾਲ, ਵਰਤਣ ਦੀ ਸਲਾਹ ਦਿੱਤੀ ਹੈ। ਦਵਾਈਆਂ ਦੀ ਲੰਬੀ ਸੂਚੀ ਹੈ, ਜਿਨ੍ਹਾਂ ਦੇ ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਕਿਹੜੀ ਦਵਾਈ ਕਦੋਂ ਲੈਣੀ ਹੈ, ਕਿਵੇਂ ਲੈਣੀ ਹੈ, ਕਿੰਨੀ ਮਾਤਰਾ ਵਿਚ, ਕਿੰਨੀ ਵਾਰ, ਕਿੰਨੇ ਸਮੇਂ ਬਾਅਦ ਲੈਣੀ ਹੈ। ਉਸ ਦੀਆਂ ਇਹ ਸਾਰੀਆਂ ਦੱਸੀਆਂ ਦਵਾਈਆਂ, ਅਜ਼ਮਾਇਸ਼ੀ ਹਨ। ਬਿਮਾਰੀ ਕਿਵੇਂ ਖ਼ਤਮ ਹੋਵੇਗੀ। ਕਿਹੜੇ ਪ੍ਰਹੇਜ਼ ਰੱਖਣੇ ਹਨ। ਉਮਰ ਅਨੁਸਾਰ ਕਿੰਨੀ ਮਾਤਰਾ ਵਿਚ, ਕਿੰਨੇ ਸਮੇਂ ਬਾਅਦ ਕੋਈ ਦਵਾਈ ਲੈਣੀ ਹੈ। ਇਨ੍ਹਾਂ ਸਾਰੀਆਂ ਬਿਮਾਰੀਆਂ ਦੇ ਅੰਗਰੇਜ਼ੀ ਵਿਚ ਨਾਮ ਵੀ ਦਿੱਤੇ ਹਨ। ਇਕੋ ਬਿਮਾਰੀ ਦੀਆਂ ਭਿੰਨ-ਭਿੰਨ ਕਿਸਮਾਂ ਹੁੰਦੀਆਂ ਹਨ। ਦਵਾਈਆਂ ਦੀਆਂ ਕੰਪਨੀਆਂ ਦੇ ਨਾਂਅ ਵੀ ਦੱਸੇ ਹਨ। ਭਾਵ ਬੈਦਿਆਨਾਥ ਫਾਰਮੇਸੀ, ਜੰਡੂ ਫਾਰਮੇਸੀ, ਹਮਦਰਦ ਫਾਰਮੇਸੀ, ਹਿਮਾਲਿਆ ਫਾਰਮੇਸੀ, ਧਨਵੰਤਰੀ ਫਾਰਮੇਸੀ, ਆਯੂਰਵੈਦਿਕ ਕਮਲ ਫਾਰਮੇਸੀ, ਬਾਕਸਨ ਹੋਮਿਓਪੈਥੀ, ਐਲਨ ਹੋਮਿਓਪੈਥੀ ਕੰਪਨੀ, ਆਰ.ਈ.ਪੀ. ਐਲ. ਕੰਪਨੀ ਜਨਰਲ ਕੰਪਨੀ, ਇੰਡੋ ਜਰਮਨ ਕੰਪਨੀ, ਅੰਗਰੇਜ਼ੀ ਗੋਲੀਆਂ, ਕੈਪਸੂਲ ਆਦਿ ਦੀ ਵਿਸਤ੍ਰਿਤ ਜਾਣਕਾਰੀ ਹੈ। ਇਹ ਪੁਸਤਕ ਵਿਭਿੰਨ ਪ੍ਰਕਾਰ ਦੀਆਂ ਬਿਮਾਰੀਆਂ ਅਤੇ ਦਵਾਈਆਂ ਦਾ ਵਿਸ਼ਵਕੋਸ਼ ਪ੍ਰਤੀਤ ਹੁੰਦੀ ਹੈ। ਇਹ ਪੁਸਤਕ ਪਾਠਕਾਂ ਲਈ ਬੜੀ ਲਾਭਦਾਇਕ ਸਿੱਧ ਹੋਣ ਦੀ ਸੰਭਾਵਨਾ ਰੱਖਦੀ ਹੈ। ਲੇਖਕ ਨੇ ਪੁਸਤਕ ਦੇ ਅੰਤ ਉਤੇ ਸਮੂਹ ਪਾਠਕ ਜਨਾਂ, ਸਨੇਹੀਆਂ, ਪਰਮ-ਮਿੱਤਰਾਂ ਨੂੰ ਸੂਚਿਕ ਕੀਤਾ ਹੈ ਕਿ ਕਿਸੇ ਵੀ ਰੋਗ ਦੇ ਇਲਾਜ ਲਈ 'ਡਾ. ਸ਼ਾਨ' ਨਾਲ ਸੰਪਰਕ ਕੀਤਾ ਜਾ ਸਕਦਾ ਹੈ।
-ਡਾ. ਧਰਮ ਚੰਦ ਵਾਤਿਸ਼
vatishdaramchand.@gmail.com
ਕਾਕੋਰੀ ਤੋਂ ਨਕਸਲਬਾੜੀ
ਲੇਖਕ : ਸ਼ਿਵ ਕੁਮਾਰ ਮਿਸ਼ਰ
ਅਨੁਵਾਦ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਵਾਈਟ ਕਰੋਅ ਪਬਲਿਸ਼ਰਜ਼, ਮਾਨਸਾ
ਮੁੱਲ : 300 ਰੁਪਏ, ਸਫ਼ੇ : 256
ਸੰਪਰਕ : 98153-17028
ਹਥਲੀ ਪੁਸਤਕ ਕਾਨਪੁਰ ਦੇ ਇਕ ਕ੍ਰਾਂਤੀਕਾਰੀ ਸ੍ਰੀ ਸ਼ਿਵ ਕੁਮਾਰ ਮਿਸ਼ਰ ਦੀ ਰਾਜਨੀਤਕ-ਸਵੈਜੀਵਨੀ ਹੈ। ਇਸ ਯੋਧੇ ਦਾ ਜਨਮ 17 ਅਕਤੂਬਰ, 1914 ਨੂੰ ਇਕ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ। ਛੋਟੀ ਜਿਹੀ ਉਮਰ ਵਿਚ ਹੀ ਉਹ ਕਾਕੋਰੀ ਸਾਜਿਸ਼ ਕੇਸ ਨਾਲ ਸੰਬੰਧਿਤ ਇਕ ਕ੍ਰਾਂਤੀਕਾਰੀ, ਸ੍ਰੀ ਮਨੀ ਲਾਲ ਅਵਸਥੀ, ਉੱਪਰ ਚੱਲ ਰਹੇ ਮੁਕੱਦਮੇ ਤੋਂ ਪ੍ਰਭਾਵਿਤ ਹੋ ਕੇ ਕ੍ਰਾਂਤੀਕਾਰੀਆਂ ਨਾਲ ਜੁੜ ਗਏ ਸਨ। ਉਸ ਸਮੇਂ ਅਜੇ ਉਹ ਛੇਵੀਂ ਜਮਾਤ ਦੇ ਵਿਦਿਆਰਥੀ ਸਨ। ਸ਼ਿਵ ਕੁਮਾਰ ਨੇ ਚੜ੍ਹਦੀ ਜਵਾਨੀ ਵਿਚ ਹੀ ਵਿਆਹ ਨਾ ਕਰਨ ਦੀ ਪ੍ਰਤਿੱਗਿਆ ਕਰ ਲਈ ਸੀ। ਉਸ ਦੀ ਮਾਂ ਨੇ ਉਸ ਤੋਂ ਦੋ ਵਾਅਦੇ ਲਏ, ਪਹਿਲਾ ਆਪਣੀ ਪ੍ਰਤਿੱਗਿਆ ਉੱਪਰ ਡਟੇ ਰਹਿਣ ਅਤੇ ਦੂਸਰਾ ਕਿਸੇ ਦੇ ਨਿੱਜੀ ਜੀਵਨ ਵਿਚ ਤਾਂਕ-ਝਾਂਕ ਨਾ ਕਰਨ ਦਾ ਸੀ। ਮਿਸ਼ਰ ਜੀ ਨੇ ਇਹ ਦੋਵੇਂ ਵਾਅਦੇ ਨਿਭਾਏ। ਨਵਯੁਵਕ ਸੰਘ ਦੇ ਮੈਂਬਰ ਅਤੇ ਕ੍ਰਾਂਤੀਕਾਰੀ ਕਾਰਵਾਈਆਂ ਵਿਚ ਭਾਗ ਲੈਣ ਦੇ ਦੋਸ਼ ਵਿਚ ਮਿਸ਼ਰ ਨੂੰ ਇਕ ਸਾਲ ਦੀ ਕੈਦ ਹੋਈ ਸੀ। ਰਿਹਾਅ ਹੋਣ ਪਿਛੋਂ ਉਹ ਉਨਾਂਵ ਚਲਾ ਗਿਆ ਅਤੇ ਕਿਸਾਨ ਚੇਤਨਾ ਦੇ ਵਿਆਪਕ ਪ੍ਰੋਗਰਾਮ ਵਿਚ ਸ਼ਾਮਿਲ ਹੋ ਗਿਆ। ਇਥੇ ਉਹ 1937 ਤੋਂ 1957 ਤੱਕ ਕਮਿਊਨਿਸਟ ਪਾਰਟੀ ਲਈ ਕੰਮ ਕਰਦਾ ਰਿਹਾ। ਸਾਲ 1967 ਵਿਚ ਨਕਸਲਬਾੜੀ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਉਹ ਚਾਰੂ ਮਾਜੂਮਦਾਰ ਦਾ ਸਾਥੀ ਬਣ ਗਿਆ। ਸਾਲ 1970 ਵਿਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜੇਲ੍ਹ ਤੋਂ ਰਿਹਾਅ ਹੋਣ ਤੱਕ ਹਾਲਾਤ ਬਦਲ ਚੁੱਕੇ ਸਨ। ਉਸ ਦਾ ਪੱਕਾ ਵਿਸ਼ਵਾਸ ਸੀ ਕਿ ਫੂਕ-ਫੂਕ ਕੇ ਕਦਮ ਰੱਖਣ ਵਾਲੇ ਲੋਕ ਦੁਨੀਆ ਨੂੰ ਕਦੇ ਨਹੀਂ ਬਦਲ ਸਕਦੇ। ਇਸ ਨੂੰ 'ਉੱਚੇ ਸਿਧਾਂਤਾਂ ਤੋਂ ਪ੍ਰੇਰਿਤ' ਜਨੂੰਨੀ ਲੋਕ ਹੀ ਬਦਲ ਸਕਦੇ ਹਨ। ਆਪਣੇ ਗੁਜ਼ਰੇ ਜੀਵਨ ਉੱਪਰ ਪਿਛਲ-ਝਾਤ ਪਾਉਂਦਾ ਹੋਇਆ ਉਹ ਲਿਖਦਾ ਹੈ ਕਿ ਪ੍ਰਸਿੱਧੀ ਪ੍ਰਾਪਤ ਕਰਨ ਜਾਂ ਲੋਕਾਂ ਵਿਚ ਚਮਕਣ ਦੀ ਉਸ ਦੀ ਕਦੇ ਕੋਈ ਇੱਛਾ ਨਹੀਂ ਸੀ। 'ਮੈਨੂੰ ਆਪਣੇ 'ਨੇਤਾ' ਨਾ ਬਣ ਸਕਣ 'ਤੇ ਵੀ ਸਵੈਮਾਣ ਹੈ। ਬੈਕ-ਬੈਂਚਰ ਬਣੇ ਰਹਿਣ ਕਾਰਨ ਮੈਂ ਉਨਾਂਵ ਜ਼ਿਲ੍ਹੇ ਦੀ ਜਨਤਾ ਤੋਂ ਜਿੰਨਾ ਪਿਆਰ ਪ੍ਰਾਪਤ ਕੀਤਾ ਹੈ, ਓਨਾ ਹੋਰ ਕਿਸੇ 'ਨੇਤਾ' ਨੂੰ ਨਹੀਂ ਮਿਲਿਆ।' ਇਹੋ ਜਿਹੀ ਸੋਚ ਨੂੰ ਸਲਾਮ! ਇਹੋ ਜਿਹੇ ਸੰਗਰਾਮੀਏ ਅੱਜਕਲ੍ਹ ਕਿੱਥੇ ਮਿਲਦੇ ਹਨ? ਧੰਨਵਾਦ! ਲੌਂਗੋਵਾਲ ਜੀ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਰੱਬ ਦੀਆਂ ਅੱਖਾਂ
ਲੇਖਕ : ਈਸਰ ਸਿੰਘ ਲੰਭਵਾਲੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੋ, ਅਮ੍ਰਿਤਸਰ
ਮੁੱਲ : 180 ਰੁਪਏ, ਸਫ਼ੇ : 216
ਸੰਪਰਕ : 98774-70219
ਕਵੀ-ਕਹਾਣੀਕਾਰ ਈਸ਼ਰ ਸਿੰਘ ਲੰਭਵਾਲੀ ਦੇ ਕਹਾਣੀ ਸੰਗ੍ਰਹਿ 'ਰੱਬ ਦੀਆਂ ਅੱਖਾਂ' ਵਿਚ ਦਰਜ 12 ਕਹਾਣੀਆਂ ਦਾ ਪਾਠ ਕਰਨ ਉਪਰੰਤ ਇਹ ਗੱਲ ਬੜੀ ਹੀ ਸ਼ਿੱਦਤ ਨਾਲ ਉਭਰਦੀ ਹੈ ਕਿ ਲੇਖਕ ਪਾਸ ਜ਼ਿੰਦਗੀ ਦਾ ਵਿਸ਼ਾਲ ਤੇ ਡੂੰਘਾ ਤਜਰਬਾ ਹੈ। ਉਸ ਨੇ ਆਪਣੀ ਜ਼ਿੰਦਗੀ ਦੇ ਹੱਡੀਂ ਹੰਢਾਏ ਸੱਚ ਅਤੇ ਅਨੁਭਵ ਕੀਤੀਆਂ ਅਨੁਭੂਤੀਆਂ ਨੂੰ ਆਪਣੀਆਂ ਕਹਾਣੀਆਂ ਦਾ ਆਧਾਰ ਬਣਾਇਆ ਹੈ। ਸੁਣਨ ਸੁਣਾਉਣ ਵਾਲੀ ਕਿੱਸਾਗੋਈ ਸ਼ੈਲੀ ਵਿਚ ਲਿਖੀਆਂ ਇਹ ਕਹਾਣੀਆਂ ਸਵੈ-ਸੰਸਮਰਣ ਅਤੇ ਪਰ-ਸੰਸਮਰਣ ਦੇ ਨੇੜੇ-ਤੇੜੇ ਠਹਿਰਦੀਆਂ ਹਨ। ਇਨ੍ਹਾਂ ਵਿਚ ਅਰਜਿਤ ਯਥਾਰਥ ਅਤੇ ਇੱਛਤ ਯਥਾਰਥ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ। ਰੱਬ ਦੀਆਂ ਅੱਖਾਂ, ਅੰਨ੍ਹਾ ਮੋਹ, ਵਾਲ, ਸ਼ੇਰ ਧੀ, ਆਪ ਮੁਹਾਰੀ, ਵੱਡੀ ਛਾਂ-ਛੋਟੀ ਛਾਂ, ਖਾਲੀ ਵਿਹੜਾ, ਇਹ ਨੰਨ੍ਹੇ ਬੋਟ ਰੱਬ ਦੇ, ਹਾਰਿਆ ਤੇਜ਼ਾਬ, ਰਿਸ਼ਤੇ, ਕੁਦਰਤ ਜਿੱਤ ਗਈ ਕਹਾਣੀਆਂ ਦੇ ਪਾਤਰ ਸਾਡੇ ਆਲੇ-ਦੁਆਲੇ ਤੋਂ ਹੀ ਉੱਠ ਕੇ ਇਨ੍ਹਾਂ ਕਹਾਣੀਆਂ ਵਿਚ ਵਿਚਰਦੇ, ਵਾਰਤਾਲਾਪ ਕਰਦੇ ਨਜ਼ਰ ਆਉਂਦੇ ਹਨ। ਅੰਨ੍ਹਾ ਮੋਹ ਦਾ ਦਿਲਪ੍ਰੀਤ, ਦਿਲਰਾਜ, ਧੀ ਸ਼ੇਰਨੀ ਦਾ ਗੱਜਣ ਸਿੰਘ, ਫੌਜੀ ਗੁਲਜ਼ਾਰ, ਹਾਰਿਆ ਤੇਜ਼ਾਬ ਦਾ ਕੈਪਟਨ ਬਲਰਾਜ, ਹਰੀ ਸਿੰਘ, ਵਾਲ ਦੀ ਪਿਆਰੋ, ਆਪ ਮੁਹਾਰੀ ਦੀ ਹਰਭਜਨ ਕੌਰ, ਵੱਡੀ ਛਾਂ-ਛੋਟੀ ਛਾਂ ਦੀ ਸ਼ਾਮ ਕੌਰ ਤੋਂ ਇਲਾਵਾ ਪ੍ਰਤਾਪ ਸਿੰਘ, ਹਰਨਾਮ ਸਿੰਘ, ਕਰਤਾਰ ਅਤੇ ਗੁਲਜ਼ਾਰ, ਇੰਦਰ ਸਿੰਘ ਹੋਵੇ, ਅਜਿਹੇ ਸਾਰੇ ਹੀ ਪਾਤਰ ਆਪਣੇ ਮਨੋਵਿਗਿਆਨਕ ਸੱਚ ਨਾਲ ਖੜੋਤੇ ਨਜ਼ਰ ਆਉਂਦੇ ਹਨ। ਲੇਖਕ ਦੀ ਸੋਚ ਮਾਨਵਤਾਵਾਦੀ ਹੈ। ਕਈ ਕਹਾਣੀਆਂ ਉਪਦੇਸ਼ਤਾਮਿਕ ਢੰਗ ਨਾਲ ਪਾਠਕਾਂ ਲਈ ਰਾਹ ਦਸੇਰੇ ਦੀ ਭੂਮਿਕਾ ਨਿਭਾਉਂਦੀਆਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਵਿਚ ਮਾਨਵੀ ਸਰੋਕਾਰਾਂ, ਪੇਂਡੂ ਰਹਿਤਲ-ਬਹਿਤਲ, ਪੇਂਡੂ ਸੱਭਿਆਚਾਰ, ਰਸਮੋ ਰਿਵਾਜ ਆਦਿ ਦੀ ਝਲਕ ਨਜ਼ਰ ਆਉਂਦੀ ਹੈ। ਲੇਖਕ ਨੇ ਸਰਲ, ਸਪੱਸ਼ਟ, ਸਹਿਜ ਬੋਲੀ ਤੇ ਠੇਠ ਪੰਜਾਬੀ ਮੁਹਾਵਰਿਆਂ ਦੀ ਵਰਤੋਂ ਕੀਤੀ ਹੈ। ਕਹਾਣੀਆਂ ਵਿਚ ਮਨੋਵਚਨੀ ਅਤੇ ਪਾਤਰ ਸੰਵਾਦ ਢੁਕਵੇਂ ਹਨ। ਆਮ ਆਦਮੀ ਨੂੰ ਦਰਪੇਸ਼ ਸਮਾਜਿਕ ਸਮੱਸਿਆਵਾਂ ਅਤੇ ਮਨੋਵਿਗਿਆਨਕ ਉਲਝਣਾਂ ਨੂੰ ਪੇਸ਼ ਕਰਦੀਆਂ ਇਹ ਕਹਾਣੀਆਂ ਉਨ੍ਹਾਂ ਨਾਲ ਡਟ ਕੇ ਮੁਕਾਬਲਾ ਕਰਨ ਦੀ ਪ੍ਰੇਰਨਾ ਵੀ ਪੈਦਾ ਕਰਦੀਆਂ ਹਨ। ਰੌਚਕਤਾ, ਉਤਸੁਕਤਾ ਅਤੇ ਮਾਨਵਵਾਦੀ ਦ੍ਰਿਸ਼ਟੀਕੋਣ ਇਸ ਕਹਾਣੀ-ਸੰਗ੍ਰਹਿ ਦਾ ਵਿਲੱਖਣ ਗੁਣ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਮਿੱਠੀਆਂ ਲਾਹਨਤਾਂ
ਲੇਖਕ : ਪ੍ਰਿੰ. ਬਲਵਿੰਦਰ ਸਿੰਘ ਫਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਕੀਮਤ : 152
ਸੰਪਰਕ : 98146-19342
'ਮਿੱਠੀਆਂ ਲਾਹਨਤਾਂ' ਪੁਸਤਕ ਦੇ ਵਿਚ ਲੇਖਕ ਨੇ ਜੋ ਲਾਹਨਤਾਂ ਪਾਈਆਂ ਹਨ, ਅਸਲ ਵਿਚ ਉਹ ਘਿਓ ਦੀਆਂ ਨਾਲਾਂ ਹਨ। ਲੇਖਕ ਆਪਣੇ ਆਲੇ-ਦੁਆਲੇ ਦੇ ਪ੍ਰਤੀ ਹਰ ਪੱਖ ਤੋਂ ਸੁਚੇਤ ਹੈ, ਜਿਸ ਨੂੰ ਵੇਖ ਸੁਣ ਕੇ ਉਸ ਦਾ ਹਿਰਦਾ ਵਲੂੰਧਰਿਆ ਹੋਇਆ ਹੈ ਅਤੇ ਇਸੇ ਅੰਦਰਲੀ ਹੂਕ ਨੂੰ ਲੈ ਕੇ ਲੇਖਕ ਨੇ ਜੋ ਕੋਰੇ ਕਾਗਜ਼ 'ਤੇ ਉਲੀਕ ਦਿੱਤਾ, ਉਹ ਇਕ ਬਹੁਤ ਵੱਡੀ ਸੇਧ ਹੈ। ਲੇਖਕ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਬਹੁਤ ਕੁਝ ਗੁਆਂ ਲਿਆ ਹੈ ਅਤੇ ਹੁਣ ਤਾਂ ਕੁੰਭਕਰਨ ਦੀ ਨੀਂਦ ਤੋਂ ਜਾਗ ਜਾਣਾ ਚਾਹੀਦਾ ਹੈ। ਲੇਖਕ ਇਕ ਬਿਹਤਰ ਸਮਾਜ ਬਣਾਉਣ ਦਾ ਹਾਮੀ ਹੈ। ਉਸ ਦੀਆਂ ਕਹੀਆਂ ਸੱਚੀਆਂ ਗੱਲਾਂ ਬੇਸ਼ੱਕ ਕੌੜੀਆਂ ਲੱਗਣ। ਪ੍ਰੰਤੂ ਉਸ ਨੇ ਆਪਣੀ ਹਿੰਮਤ, ਦਲੇਰੀ ਵਿਖਾ ਕੇ ਜੋ ਲਿਖ ਦਿੱਤਾ ਉਸ 'ਤੇ ਵਿਚਾਰ ਕਰਨ ਦੀ ਸਖ਼ਤ ਜ਼ਰੂਰਤ ਹੈ, ਨਾ ਕਿ ਫਿਰ ਕਦੇ ਵਿਚਾਰ ਕਰਨ ਦੀ। ਲੇਖਕ ਨਿਡਰ ਹੈ, ਜਿਸ ਨੇ ਤਾਹਨੇ-ਮਿਹਣੇ ਮਾਰ ਕੇ ਸਾਨੂੰ ਹਲੂਣਿਆ ਹੈ। ਉਸ ਦਾ ਕਹਿਣਾ ਹੈ ਕਿ ਕਹਿਣ ਦੇ ਨਾਲ ਪੂਰੇ ਨਹੀਂ ਪੈਂਦੇ, ਬਲਕਿ ਕਰਨੀ ਨਾਲ ਹੀ ਪੂਰੇ ਪੈਂਦੇ ਹਨ। ਉਸ ਨੂੰ ਅਫ਼ਸੋਸ ਹੈ ਕਿ ਅਸੀਂ ਚੰਦਰਮੇ ਤੀਕ ਤਾਂ ਪੁੱਜ ਗਏ ਪ੍ਰੰਤੂ ਸਮਾਜ, ਕੌਮ, ਦੇਸ਼, ਅਜੇ ਵੀ ਉਥੇ ਹੀ ਖੜ੍ਹਾ ਹੈ ਅਤੇ ਇਹ ਵੀ ਜ਼ਿਕਰ ਕੀਤਾ ਹੈ ਕਿ ਦੇਸ਼ ਵਿਚ ਪੀਰ ਪੈਗੰਬਰ, ਸੰਤ, ਮਹਾਤਮਾਵਾਂ ਨੇ ਕਈ ਵਾਰ ਸੱਚੀਆਂ ਗੱਲਾਂ ਕਹੀਆਂ ਅਤੇ ਸੁਚੇਤ ਵੀ ਕੀਤਾ ਪ੍ਰੰਤੂ ਅਸੀਂ ਫਿਰ ਅਵੇਸਲੇ ਹੋ ਕੇ ਰਹਿ ਗਏ। ਇਨ੍ਹਾਂ ਹਾਲਾਤ ਦੇ ਪ੍ਰਤੀ ਕੌਣ ਜ਼ਿੰਮੇਵਾਰ ਹਨ, ਉਨ੍ਹਾਂ ਦਾ ਵੀ ਲੇਖਕ ਨੇ ਚਿੱਠਾ ਖੋਲ੍ਹ ਕੇ ਰੱਖ ਦਿੱਤਾ। ਲੇਖਕ ਨੇ ਕਿਤਾਬ ਵਿਚ ਸਭ ਤੋਂ ਜ਼ਰੂਰੀ ਸੋਚ ਬਦਲਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਲੇਖਕ ਨੇ ਵੱਖ-ਵੱਖ ਧਰਮਾਂ ਤੇ ਕੌਮਾਂ ਦੀ ਵੀ ਗੱਲ ਕੀਤੀ ਹੈ। ਲੇਖਕ ਦੀਆਂ ਇਸ ਤਰ੍ਹਾਂ ਦੀ ਸੋਚ ਉਡਾਰੀਆਂ ਕਾਬਲ-ਏ-ਤਾਰੀਫ਼ ਹਨ ਅਤੇ ਸਾਨੂੰ ਨਸੀਹਤ ਤੇ ਸੇਧ ਦੇਣ ਵਾਲੀਆਂ ਹਨ। ਸਮੁੱਚੇ ਢਾਂਚੇ ਨੂੰ ਵੇਖ ਕੇ ਲੇਖਕ ਅੰਦਰੋਂ ਬਹੁਤ ਦੁਖੀ ਹੁੰਦਾ ਹੈ, ਉਸ ਨੇ ਆਪਣੇ ਮਨ ਦੇ ਵਲਵਲਿਆਂ, ਸੋਚ, ਵਿਚਾਰਾਂ, ਨਸੀਹਤਾਂ ਦੇ ਕੇ ਸੰਭਲਣ ਦੀ ਗੱਲ ਕੀਤੀ ਹੈ। ਲੇਖਕ ਦੇ ਵਿਚਾਰ ਬੁਹਤ ਉੱਤਮ ਦਰਜੇ ਦੇ ਹਨ ਅਤੇ ਕੌੜੀਆਂ ਗੱਲਾਂ ਦੀ ਕਹਿਣ ਦਾ ਹੌਸਲਾ ਜੋ ਕੀਤਾ ਹੈ, ਉਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ, ਓਨੀ ਥੋੜ੍ਹੀ ਹੈ। ਵੈਸੇ ਆਮ ਵੇਖਿਆ ਗਿਆ ਕਿ ਅਜਿਹਾ ਹੀਆ ਬਹੁਤ ਘੱਟ ਲੇਖਕਾਂ ਕੋਲ ਹਨ। ਵਿਚਾਰ ਸਾਂਭਣਯੋਗ ਹੈ।
-ਬਲਵਿੰਦਰ ਸਿੰਘ ਸੋਢੀ
ਮੋਬਾਈਲ : 92105-88990
ਪਿਆਰੇ-ਪਿਆਰੇ ਕਾਰਟੂਨ
ਲੇਖਕ : ਹਰੀ ਗੋਪਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 80 ਰੁਪਏ, ਸਫ਼ੇ : 24
ਸੰਪਰਕ : 99151-03490
'ਪਿਆਰੇ-ਪਿਆਰੇ ਕਾਰਟੂਨ' ਬਾਲ ਪੁਸਤਕ ਵਿਚ ਕੁੱਲ ਅਠਾਰਾਂ ਬਾਲ ਕਵਿਤਾਵਾਂ ਅਤੇ ਗੀਤ ਹਨ। ਲੇਖਕ ਦੇ ਵਿਦਿਆਰਥੀ ਹੋਣ ਕਰਕੇ ਉਸ ਨੇ ਜ਼ਿਆਦਾ ਵਿਸ਼ੇ ਆਪਣੇ ਆਸੇ-ਪਾਸੇ ਤੋਂ ਭਾਵ ਸਕੂਲ ਅਤੇ ਘਰ ਵਿਚੋਂ ਹੀ ਲਏ ਹਨ ਜਿਵੇਂ: ਅਲਮਾਰੀ, ਸਪੇਰਾ, ਸਾਈਕਲ, ਮੇਜ਼, ਕੁਰਸੀ, ਚਾਕ, ਪੇਪਰ, ਪੈਨਸਲ, ਮੇਰੀ ਘੜੀ, ਵਰਖਾ, ਮੋਬਾਈਲ ਫੋਨ ਆਦਿ। ਲੇਖਕ ਵਲੋਂ ਵਿਦਿਆਰਥੀ ਹੋਣ ਕਰਕੇ ਭਾਸ਼ਾ ਬਹੁਤ ਹੀ ਸਰਲ ਠੇਠ ਅਤੇ ਬਾਲਾਂ ਦੇ ਹਾਣ ਦੀ ਹੀ ਵਰਤੀ ਗਈ ਹੈ। ਉਮਰ ਦੇ ਹਿਸਾਬ ਨਾਲ ਫੇਰ ਵੀ ਚੰਗੀਆਂ ਬਾਲ ਕਵਿਤਾਵਾਂ ਅਤੇ ਗੀਤ ਲਿਖੇ ਹਨ ਜਿਵੇਂ:-
-ਸਾਈਕਲ-
ਇਕ ਸਾਈਕਲ ਹੈ ਮੇਰੇ ਕੋਲ,
ਦੋ ਪਹੀਏ ਓਹਦੇ ਗੋਲ-ਗੋਲ।
ਪੈਡਲ ਮਾਰ ਭਜਾਉਂਦਾ ਜਾਵਾਂ,
ਅੱਗੇ-ਅੱਗੇ ਵਧਾਉਂਦਾ ਜਾਵਾਂ।
ਕੰਮ ਹੋਵੇ ਜੋ ਵੀ ਘਰ ਦਾ,
ਮਦਦ ਮੇਰੀ ਇਹ ਹੈ ਕਰਦਾ।
ਜਿੱਥੇ ਖੜ੍ਹਾਵਾਂ ਰਹਿੰਦਾ ਖੜ੍ਹਾ,
ਚਲਾਵਾਂ ਜਦੋਂ ਆਵੇ ਮਜ਼ਾ ਬੜਾ।
ਏਵੇਂ ਹੀ ਕੁਦਰਤ ਕਵਿਤਾ ਰਾਹੀਂ ਬੱਚੇ ਨੇ ਬੜੇ ਵਧੀਆ ਢੰਗ ਨਾਲ ਸਮਝਾਣਾ ਕੀਤਾ ਹੈ:-
-ਕੁਦਰਤ-
ਕੁਦਰਤ ਵਿਚ ਜੀਵ ਜੰਤੂ,
ਕੁੱਝ ਨਾ ਕੁੱਝ ਸਿਖਾਉਂਦੇ ਨੇ।
ਜ਼ਿੰਦਗੀ ਵਿਚ ਉਦਾਹਰਨ ਬਣ ਕੇ,
ਅੱਗੇ ਸਾਨੂੰ ਵਧਾਉਂਦੇ ਨੇ।
ਕੀੜੀ ਕਦੇ ਨਾ ਰੁਕਦੀ,
ਅੱਗੇ ਚਾਲ ਵਧਾਉਂਦੀ ਆ।
ਮਿਹਨਤ ਕਰਕੇ ਆਪਣੀ ਮੰਜ਼ਿਲ,
'ਤੇ ਪਹੁੰਚਣਾ ਸਿਖਾਉਂਦੀ ਆ।
ਥੋੜ੍ਹੇ-ਥੋੜ੍ਹੇ ਤਿਣਕੇ ਇਕੱਠੇ ਕਰਕੇ,
ਪੰਛੀ ਆਲ੍ਹਣਾ ਬਣਾਉਂਦੇ ਨੇ,
ਥੋੜ੍ਹੀ-ਥੋੜ੍ਹੀ ਮਿਹਨਤ ਕਰਕੇ ਸਾਨੂੰ,
ਕੁਝ ਬਣਾਉਣਾ ਸਿਖਾਉਂਦੇ ਨੇ।
ਕੁਦਰਤ ਸਾਡੇ ਲਈ ਹੈ ਵਰਦਾਨ,
ਇਸ ਤੋਂ ਲੈ ਕੇ ਸਿੱਖਿਆ,
ਅਸੀਂ ਹੋ ਜਾਈਏ ਸੁਜਾਨ।
ਇਸੇ ਤਰ੍ਹਾਂ 'ਉੱਠ ਸਵੇਰੇ' ਕਵਿਤਾ ਰਾਹੀਂ ਸਰੀਰ ਨੂੰ ਅਰੋਗ ਰੱਖਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ:-
-ਉੱਠ ਸਵੇਰੇ-
ਉੱਠ ਸਵੇਰੇ ਗਰਾਊਂਡ ਨੂੰ ਜਾਈਏ,
ਵਿਚ ਗਰਾਊਂਡ ਦੇ ਦੌੜ ਲਗਾਈਏ।
ਭੱਜ-ਭੱਜ ਆਪਣਾ ਦਮ ਪਕਾਈਏ,
ਕਸਰਤ ਕਰਕੇ ਸਰੀਰ ਬਣਾਈਏ,
ਤਾਜ਼ੀ ਹਵਾ ਜਦ ਅੰਦਰ ਜਾਵੇ,
ਆਲਸ ਸਾਰੀ ਦੂਰ ਭੱਜ ਜਾਵੇ।
ਜੋ ਵੀ ਸਾਦਾ ਭੋਜਨ ਖਾਵੇ,
ਓਹਦੇ ਰੋਗ ਨਾ ਨੇੜੇ ਆਵੇ।
ਚਿਤਰ ਰਚਨਾਵਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੇ ਹਨ। ਸਾਰੀਆਂ ਰਚਨਾਵਾਂ ਬਾਲਾਂ ਦਾ ਜਿਥੇ ਮਨੋਰੰਜਨ ਕਰਦੀਆਂ ਹਨ ਉਥੇ ਸੁਭਾਵਕ ਹੀ ਸਿੱਖਿਆ ਵੀ ਦਿੰਦੀਆਂ ਹਨ। ਨਵਾਂ ਬਾਲ ਲੇਖਕ ਤੇ ਪਹਿਲਾ ਉਪਰਾਲਾ ਹੋਣ ਕਰਕੇ ਕੋਈ ਛੋਟੀ-ਮੋਟੀ ਕਮੀ-ਪੇਸ਼ੀ ਹੋਵੇਗੀ ਪਰ ਫੇਰ ਵੀ ਇਸ ਬੱਚੇ ਵਿਚ ਭਵਿੱਖ ਦੀਆਂ ਸ਼ਾਨਦਾਰ ਸੁਭਾਵਨਾਵਾਂ ਛੁਪੀਆਂ ਹੋਈਆਂ ਹਨ ਅਭਿਆਸ ਅਤੇ ਤਜਰਬੇ ਨਾਲ ਲਿਖਤਾਂ ਵਿਚ ਆਪੇ ਸੁਧਾਰ ਹੋ ਜਾਵੇਗਾ ਐਨੀ ਛੋਟੀ ਉਮਰ ਵਿਚ ਕਿਤਾਬ ਛਪਣਾ ਜਿੱਥੇ ਲੇਖਕ ਨੂੰ ਹੌਸਲਾ ਦਿੰਦਾ ਹੈ ਉੱਥੇ ਹੋਰ ਬੱਚਿਆਂ ਲਈ ਏਹੀ ਲੇਖਕ ਪ੍ਰੇਰਨਾ ਸਰੋਤ ਵੀ ਬਣੇਗਾ। ਮੈਂ ਇਸ ਬੱਚੇ ਦੇ ਸਕੂਲ ਅਧਿਆਪਕਾਂ ਦੀ ਪ੍ਰਸੰਸਾ ਕਰਦਾ ਹਾਂ ਜਿਹੜੇ ਬਾਲਾਂ ਅੰਦਰ ਛੁਪੀ ਲਿਖਣ ਕਲਾ ਨੂੰ ਉਜਾਗਰ ਕਰਨ ਵਿਚ ਸਹਾਈ ਹੁੰਦੇ ਹਨ।ਬੱਚੇ ਵੱਲੋਂ ਐਨੀ ਛੋਟੀ ਉਮਰ ਵਿਚ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਸ਼ਾਨਦਾਰ ਪੁਸਤਕ ਪਾਈ ਹੈ ਮੈਂ ਸ਼ਾਬਾਸ਼ ਦਿੰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਣ
ਲੇਖਕ : ਨੱਕਾਸ਼ ਚਿਤੇਵਾਣੀ
ਪ੍ਰਕਾਸ਼ਕ : ਬੁੱਕਬਾਰ ਪਬਲਿੰਸ਼ਿਗ ਹਾਊਸ, ਜਲੰਧਰ
ਮੁੱਲ : 160 ਰੁਪਏ, ਸਫ਼ੇ : 69
ਸੰਪਰਕ : 98157-51529
ਸ਼ਾਇਰ ਨੱਕਾਸ਼ ਚਿਤੇਵਾਣੀ ਹੱਥਲੀ ਕਾਵਿ-ਕਿਤਾਬ 'ਣ' ਤੋਂ ਪਹਿਲਾਂ 'ਅੰਡਰ ਐਸਟੀਮੇਟ' ਅਤੇ 'ਝੀਤ' ਰਾਹੀਂ ਪੰਜਾਬੀ ਪਾਠਕਾਂ ਦੇ ਰੂ-ਬਰੂ ਹੋ ਚੁੱਕਾ ਹੈ। ਕਾਵਿ-ਕਿਤਾਬ ਦਾ ਨਾਮ 'ਣ' ਦੇਖ ਕੇ ਪਹਿਲੀ ਨਜ਼ਰੇ ਹੈਰਾਨੀ ਹੁੰਦੀ ਹੈ ਕਿ ਇਹ ਕਿਹੋ ਜਿਹੀ ਕਿਤਾਬ ਹੈ। ਕਿਤਾਬ ਦੇ ਸਵੇਂ : ਕਥਨ ਵਿਚ ਸ਼ਾਇਰ ਦੱਸਦਾ ਹੈ ਕਿ ਸਕੂਲ ਪੜ੍ਹਦਿਆਂ ਜਦੋਂ ਵਰਨਮਾਲਾ ਦੀ ਮੁਹਾਰਨੀ ਰਟਾਈ ਜਾਂਦੀ ਸੀ ਤਾਂ 'ਣ' ਅੱਖਰ ਆਉਣ ਤੇ ਇਸ ਨੂੰ ਖਾਲੀ ਕਹਿ ਦਿੱਤਾ ਜਾਂਦਾ ਸੀ ਤੇ ਸ਼ਾਇਰ ਨੂੰ ਬਚਪਨ ਤੋਂ ਲੈ ਕੇ ਪ੍ਰਬੁੱਧਤਾ ਦੀ ਪੌੜੀ ਚੜ੍ਹਨ ਤੱਕ ਅਧਿਆਪਕ ਦਾ ਸ਼ਬਦ ਖਾਲੀ ਕਹਿਣਾ ਰੜਕਦਾ ਰਿਹਾ ਹੈ ਤੇ ਹੁਣ ਇਹ ਆਖਦਾ ਹੈ ਕਿ ਇਹ ਸ਼ਬਦ ਖਾਲੀ ਨਹੀਂ। ਇਹ ਕਿਸੇ ਦੇ ਪਹਿਲਾਂ ਨਹੀਂ ਲਗਦਾ ਤੇ ਅਖੀਰ ਵਿਚ ਲੱਗ ਕੇ ਸਾਰਥਿਕ ਅਰਥ ਕੱਢ ਦਿੰਦਾ ਹੈ। ਸ਼ਾਇਰ ਦੀ ਖੂਬਸੂਰਤੀ ਇਹ ਹੈ ਕਿ ਇਸ ਖਾਲੀਪਣ ਦੇ ਖੱਪੇ ਭਰਨ ਲਈ ਹਾਸ਼ੀਆਗਤ ਸ਼੍ਰੇਣੀ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਾ ਹੈ। ਇਹ ਵੀ ਇਕ ਇਤਫਾਕ ਹੈ ਕਿ ਸ਼ਾਇਰ ਦੇ ਪਿੰਡ ਚਿਤੇਵਾਣੀ ਦੇ ਅਖੀਰ ਵਿਚ ਵੀ ਣਾਣਾ ਲੱਗਦਾ ਹੈ ਤੇ ਪਿੰਡ ਚਿੰਤਾ ਕਰਨ ਵਾਲਿਆਂ ਦੀ ਵਾਣੀ ਹੋ ਨਿਬੜਦਾ ਹੈ। ਸ਼ਾਇਰ ਦਾ ਤਖੱਲਸ ਨੱਕਾਸ਼ ਵੀ ਬੜਾ ਖੂਬਸੂਰਤ ਹੈ ਤੇ ਅੱਖਰਕਾਰੀ ਦੀ ਨੱਕਾਸ਼ੀ ਵੀ ਬੜੀ ਖੂਬਸੂਰਤਾ ਕੀਤੀ ਹੈ ਤੇ ਪੁਸਤਕ ਦੇ ਟਾਈਟਲ 'ਤੇ 'ਣ' ਦੇ ਗਲ ਵਿਚ ਫੰਦਾ ਪਾ ਕੇ ਪੁੱਠਾ ਲਟਕਾ ਦਿੱਤਾ ਗਿਆ ਹੈ। ਦਰਅਸਲ ਣਾਣੇ ਨੂੰ ਪੁੱਠਾ ਕਰਨ ਦੀ ਨਹੀਂ ਉਸ ਅੰਦਰ ਇਸ ਨੂੰ ਸਿੱਧਾ ਕਰਨ ਦੀ ਚੇਸ਼ਟਾ ਹੈ। ਸ਼ਾਇਰ ਨੇ ਵਰਨਮਾਲਾ ਤੋਂ ਬਾਅਦ ਕੰਨਾ, ਬਿਹਾਰੀ, ਸਿਹਾਰੀ, ਔਕੜ, ਦੁਲੈਂਕੜ ਤੇ ਬਿੰਦੀ ਆਦਿ ਲਗਾਖਰਾਂ ਦੀ ਵਰਤੋਂ ਇਸ ਤਰ੍ਹਾਂ ਕੀਤੀ ਹੈ ਜਿਵੇਂ ਇਹ ਸ਼ਬਦਾਂ ਦੇ ਗਹਿਣੇ ਹੀ ਨਹੀਂ ਸਗੋਂ ਸੋਹਣੀ ਸੁਨੱਖੀ ਨੱਢੀ ਦਾ ਹਾਰ ਸ਼ਿੰਗਾਰ ਹੋਵੇ। ਇਉਂ ਲਗਦਾ ਹੈ ਜਿਵੇਂ ਸ਼ਾਇਰ ਨੇ ਸ਼ਬਦਾਂ ਦਾ 'ਬਿਊਟੀ ਪਾਰਲਰ' ਖੋਲ੍ਹਿਆ ਹੋਵੇ। ਪੁਸਤਕ ਵਿਚ ਇਕੋ ਇਕ ਲੰਮੀ ਨਜ਼ਮ ਹੈ ਜੋ ਕਵਿਤਾ ਲਈ ਕਿਉਂ, ਕੀ ਤੇ ਕਿਵੇਂ ਦੇ ਸਵਾਲ ਖੜ੍ਹੇ ਕਰਦਿਆਂ ਸਤਿਅਮ, ਸ਼ਿਵਮ, ਸੁੰਦਰਮ ਲਈ ਅਗਾਊਂ ਜਾਗਰੂਕ ਕਰ ਰਿਹਾ ਹੋਵੇ। ਸ਼ਾਇਰ ਨੂੰ ਇਕ ਮੇਹਣਾ ਵੀ ਹੈ ਕਿ 'ਣ' ਤਾਂ ਅਜੇ ਠੀਕ ਠਾਕ ਹੈ ਪਰ 'ਞ' ਅਤੇ 'ਙ' ਦੀ ਹਾਲਤ ਤਾਂ ਬਦ ਤੋਂ ਬਦਤਰ ਹੈ ਸੋ ਸ਼ਾਇਰ ਸਾਹਿਬ ਇਨ੍ਹਾਂ ਵੱਲ ਵੀ ਸਵੱਲੀ ਨਜ਼ਰ ਮਾਰੋ। ਮਾਂ-ਬੋਲੀ ਦੇ ਭਾਸ਼ਾ ਵਿਗਿਆਨੀ ਤੇ ਵਰਨਮਾਲਾ ਦੇ ਆਸ਼ਕ ਨੂੰ ਸਲਾਮ ਤਾਂ ਕਰਨਾ ਬਣਦਾ ਹੀ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਬਾਲਾਂ ਦੇ ਅੰਗ-ਸੰਗ
ਲੇਖਕ : ਤਰਸੇਮ ਸਿੰਘ ਭੰਗੂ
ਪ੍ਰਕਾਸ਼ਕ : ਤਕਦੀਰ ਪ੍ਰਕਾਸ਼ਨ, ਗੁਰਦਾਸਪੁਰ
ਮੁੱਲ : 150 ਰੁਪਏ, ਸਫ਼ੇ : 48
ਸੰਪਰਕ : 94656-56214
ਵਰਤਮਾਨ ਦੌਰ ਵਿਚ ਅਜਿਹੀ ਹੀ ਉਸਾਰੂ ਤੇ ਸੁਧਾਰਕ ਦ੍ਰਿਸ਼ਟੀ ਵਾਲਾ ਬਾਲ ਸਾਹਿਤ ਛਪ ਕੇ ਸਾਹਮਣੇ ਆ ਰਿਹਾ ਹੈ। ਇਸ ਸੰਦਰਭ ਵਿਚ ਹੁਣੇ-ਹੁਣੇ ਛਪਿਆ ਤਰਸੇਮ ਸਿੰਘ ਭੰਗੂ ਦਾ ਨਵ-ਪ੍ਰਕਾਸ਼ਿਤ ਬਾਲ ਕਹਾਣੀ ਸੰਗ੍ਰਹਿ 'ਬਾਲਾਂ ਦੇ ਅੰਗ ਸੰਗ' ਮੇਰੇ ਸਨਮੁੱਖ ਹੈ। ਹਥਲੀ ਪੁਸਤਕ ਵਿਚ ਕੁੱਲ 13 ਕਹਾਣੀਆਂ ਅੰਕਿਤ ਹਨ। ਇਨ੍ਹਾਂ ਕਹਾਣੀਆਂ ਵਿਚ ਬਜ਼ੁਰਗ ਵਿਅਕਤੀ ਨਵੀਂ ਪੀੜ੍ਹੀ ਨੂੰ ਸਿੱਖਿਆ ਪ੍ਰਦਾਨ ਕਰਦੇ ਦਿਖਾਈ ਦਿੰਦੇ ਹਨ, ਪ੍ਰਕਿਰਤੀ ਮਾਨਵ ਨੂੰ ਆਪਣੀ ਸਾਂਭ-ਸੰਭਾਲ ਪ੍ਰਤੀ ਸਜਗ ਕਰਦੀ ਪ੍ਰਤੀਤ ਹੁੰਦੀ ਹੈ। ਨਾਲ ਹੀ ਇਸ ਪੱਖੋਂ ਵੀ ਸਾਵਧਾਨ ਕਰਦੀ ਹੈ ਕਿ ਅਜਿਹਾ ਕਰਨਾ ਉਸ ਦੇ ਆਪਣੇ ਹਿਤ ਵਿਚ ਵੀ ਹੈ ਵਰਨਾ ਇਸ ਦੇ ਖ਼ਤਰਨਾਕ ਸਿੱਟੇ ਮਾਨਵ ਅਤੇ ਜੀਵ-ਜੰਤੂ ਸੰਸਾਰ ਦਾ ਅਸਤਿੱਤਵ ਖ਼ਤਮ ਕਰ ਸਕਦੇ ਹਨ। ਇਸ ਹਵਾਲੇ ਨਾਲ 'ਬਾਬੇ ਬੋਹੜ ਦਾ ਹਉਕਾ', 'ਆਓ ਪਾਣੀ ਦੀ ਸੰਭਾਲ ਕਰੀਏ', 'ਕੁਦਰਤ ਦੇ ਰੂਬਰੂ' ਅਤੇ 'ਮਾਤਮ ਬਨਾਮ ਜਸ਼ਨ' ਕਹਾਣੀਆਂ ਦੇ ਕਥਾਨਕ ਦਾ ਤੱਤ ਸਾਰ ਇਸੇ ਚੇਤਨਾ ਵੱਲ ਸੰਕੇਤ ਕਰਦਾ ਹੈ। 'ਦਾਦੀ ਦੀ ਸਿੱਖਿਆ', 'ਦੋਸਤੀ ਇਕ ਉੱਤਮ ਰਿਸ਼ਤਾ', 'ਫ਼ਕੀਰ ਚੰਦ ਦੀ ਅਮੀਰ ਸਿੱਖਿਆ' ਅਤੇ 'ਆਓ ਖ਼ੁਸ਼ੀਆਂ ਮਾਣੀਏ' ਕਹਾਣੀਆਂ ਬਾਲਾਂ ਦੀ ਸ਼ਖ਼ਸੀਅਤ ਉਸਾਰੀ ਲਈ ਲੁਕਵੇਂ ਰੂਪ ਵਿਚ ਸਿੱਖਿਆ ਪ੍ਰਦਾਨ ਕਰਦੀਆਂ ਹਨ। ਪੰਜਾਬ ਦੀਆਂ ਪ੍ਰਚੱਲਿਤ ਲੋਕ ਕਹਾਣੀਆਂ ਦੀ ਤਰਜ਼ ਤੇ 'ਗਿੱਦੜ ਦੀ ਸ਼ਾਇਰੀ', 'ਬਿਜੜੇ ਦੀ ਸਿਆਣਪ' ਅਤੇ 'ਸਾਂਝੀ ਖਿਚੜੀ' ਕਹਾਣੀਆਂ ਦਾ ਕੁਝ ਪਰਿਵਰਤਨਾਂ ਨਾਲ ਮੁੜ ਨਵੀਨੀਕਰਨ ਕੀਤਾ ਗਿਆ ਹੈ ਜਦੋਂ ਕਿ 'ਸਰਦਾਰੇ ਆਜ਼ਮ ਬਨਾਮ ਸ਼ਹੀਦੇ ਆਜ਼ਮ' ਕਹਾਣੀ ਵਿਚ ਸੁਤੰਤਰਤਾ ਸੰਗਰਾਮ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ। ਕੁਝ ਕਹਾਣੀਆਂ ਨਾਲ ਬਾਣੀ ਦੀਆਂ ਤੁਕਾਂ ਅਤੇ ਹੋਰ ਢੁਕਵੀਆਂ ਕਾਵਿ-ਟੁਕੜੀਆਂ ਵੀ ਦਿੱਤੀਆਂ ਗਈਆਂ ਹਨ ਪਰੰਤੂ ਚੰਗਾ ਹੁੰਦਾ ਜੇਕਰ 'ਬੇਦਰਦ ਲਿਬਾਸ', 'ਇਜ਼ਹਾਰ', 'ਰਾਜਸੀ ਚੇਤਨਾ', 'ਵਿਚਾਰਧਾਰਾ', 'ਤਜਵੀਜ਼', 'ਤਲਖ਼ਕਲਾਮੀ', 'ਸੰਵੇਦਨਸ਼ੀਲ', 'ਵਿਡੰਬਨਾ ਆਦਿ ਔਖੇ ਭਾਰੇ ਸ਼ਬਦਾਂ ਦੀ ਥਾਂ ਸਰਲ ਅਤੇ ਆਸਾਨੀ ਨਾਲ ਸਮਝ ਵਿਚ ਆਉਣ ਵਾਲੇ ਸ਼ਬਦਾਂ ਦਾ ਬਦਲ ਦਿੱਤਾ ਜਾਂਦਾ। ਇਸ ਨਾਲ ਛੋਟੀ ਉਮਰ ਦੇ ਬਾਲ ਪਾਠਕਾਂ ਲਈ ਵੀ ਇਸ ਪੁਸਤਕ ਦਾ ਹੋਰ ਮਹੱਤਵ ਵਧ ਜਾਣਾ ਸੀ। ਖ਼ੈਰ, ਇਹ ਪੁਸਤਕ ਬੱਚਿਆਂ ਨੂੰ ਆਪਣੀ ਸੱਭਿਆਚਾਰਕ ਅਤੇ ਲੋਕ ਵਿਰਾਸਤ ਨਾਲ ਵੀ ਜੋੜਦੀ ਹੈ ਅਤੇ ਬਾਲ ਪਾਠਕਾਂ ਦਾ ਚੰਗਾ ਮਨੋਰੰਜਨ ਵੀ ਕਰਦੀ ਹੈ। ਇਨ੍ਹਾਂ ਕਹਾਣੀਆਂ ਨਾਲ ਬਣੇ ਢੁਕਵੇਂ ਚਿੱਤਰ ਕਹਾਣੀਆਂ ਵਿਚਲੇ ਮਨੋਰਥ ਨੂੰ ਹੋਰ ਅਰਥ ਭਰਪੂਰ ਬਣਾਉਂਦੇ ਹਨ। ਲੇਖਕ ਤੋਂ ਭਵਿੱਖ ਵਿਚ ਹੋਰ ਉਸਾਰੂ ਬਾਲ ਸਾਹਿਤ ਸਿਰਜਣਾ ਦੀ ਉਮੀਦ ਕੀਤੀ ਜਾਂਦੀ ਹੈ। ਪੁਸਤਕ ਦਾ ਚਾਰ ਰੰਗਾ ਟਾਈਟਲ ਆਕਰਸ਼ਕ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਛਿਣਭੰਗਰ ਵੀ ਕਾਲਾਤੀਤ ਵੀ
ਸ਼ਾਇਰ : ਵਿਜੇ ਵਿਵੇਕ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 95017-00495
ਪੰਜਾਬੀ ਵਿਚ ਗ਼ਜ਼ਲ ਦਾ ਪ੍ਰਵੇਸ਼ ਉਰਦੂ ਤੋਂ ਹੋਇਆ ਹੈ। ਇਸੇ ਕਾਰਨ ਸਥਾਪਤੀ ਲਈ ਸੰਘਰਸ਼ ਦੇ ਦਿਨਾਂ ਵਿਚ ਪੰਜਾਬੀ ਗ਼ਜ਼ਲ 'ਤੇ ਉਰਦੂ ਦੀ ਛਾਪ ਗੂੜ੍ਹੀ ਸੀ। ਸਮਾਂ ਪਾ ਕੇ ਪੰਜਾਬੀ ਗ਼ਜ਼ਲ ਦੇਸੀ ਤੇ ਸਕਾਫ਼ਤੀ ਲਹਿਜਾ ਅਪਣਾਉਂਦੀ ਚਲੀ ਗਈ ਤੇ ਅਜੋਕੇ ਦੌਰ ਵਿਚ ਇਹ ਉਰਦੂ ਗ਼ਜ਼ਲ ਤੋਂ ਫ਼ਾਸਲੇ 'ਤੇ ਵਿਸ਼ੇਸ਼ ਲਿਬਾਸ ਵਿਚ ਝਮ-ਝਮ ਕਰ ਰਹੀ ਹੈ। ਵਿਜੇ ਵਿਵੇਕ ਪੰਜਾਬੀ ਦਾ ਅਜਿਹਾ ਸ਼ਾਇਰ ਹੈ ਜਿਸ ਦੀ ਸ਼ੈਲੀ ਤੇ ਸ਼ਬਦਾਂ ਦੀ ਘਾੜਤ ਆਪਣੀ ਭਾਂਤ ਦੀ ਹੈ। ਗ਼ਜ਼ਲ ਦੇ ਨਾਲ-ਨਾਲ ਉਸ ਨੇ ਗੀਤਾਂ ਦੀ ਸਿਰਜਣਾ ਵੀ ਕੀਤੀ ਹੈ ਤੇ ਸ਼ਾਇਰੀ ਦੀਆਂ ਹੋਰ ਵਿਧਾਵਾਂ ਨੂੰ ਵੀ ਅਪਣਾਇਆ ਹੈ। 'ਛਿਣਭੰਗਰ ਵੀ ਕਾਲਾਤੀਤ ਵੀ' ਕਾਵਿ-ਸੰਗ੍ਰਹਿ ਵਿਚ ਵਿਵੇਕ ਦੀਆਂ 70 ਗ਼ਜ਼ਲਾਂ, 7 ਗੀਤ ਤੇ ਕਾਫ਼ੀ ਗਿਣਤੀ ਵਿਚ ਬੈਂਤ ਛਪੇ ਹੋਏ ਹਨ। ਪੁਸਤਕ ਦੀ ਪਹਿਲੀ ਗ਼ਜ਼ਲ ਮੌਲਾ ਨੂੰ ਮੁਖ਼ਾਤਿਬ ਹੈ ਜਿਸ ਵਿਚ ਉਹ ਖ਼ੁਦਾ ਤੋਂ ਪਿਆਰ ਦੀ ਬਖ਼ਸ਼ਿਸ਼ ਚਾਹੁੰਦਾ ਹੈ। ਉਸ ਦੀ ਚਾਹਤ ਹੈ ਕਿ ਉਸ ਦੀ ਕਲਮ ਦੁਆਰਾ ਸਿਰਜੇ ਸ਼ਬਦ ਮਹਿਜ਼ ਕਾਲੇ ਹੀ ਨਾ ਰਹਿਣ ਸਗੋਂ ਇਨ੍ਹਾਂ ਨੂੰ ਸਦੀਵੀ ਚਮਕ ਮਿਲੇ। ਵਿਵੇਕ ਦੀ ਗ਼ਜ਼ਲਕਾਰੀ ਜ਼ਮੀਨ ਤੋਂ ਆਸਮਾਨ ਤੱਕ ਦਾ ਸਫ਼ਰ ਹੈ, ਉਸ ਦਾ ਵੱਸ ਚੱਲੇ ਤਾਂ ਉਹ ਇਸ ਤੋਂ ਵੀ ਅਗੇਰੇ ਜਾਣ ਦੀ ਇੱਛਾ ਰੱਖਦਾ ਹੈ। ਇਸੇ ਲਈ ਉਹ ਆਕਾਸ਼ ਨੂੰ ਕਹਿੰਦਾ ਹੈ ਕਿ ਮੈਨੂੰ ਚੰਦੋਏ ਵਾਂਗ ਤਾਣ ਲੈ ਤੇ ਧਰਤੀ ਨੂੰ ਆਪਣੇ ਵਿਚ ਦਫ਼ਨ ਹੋਣ ਲਈ ਆਖਦਾ ਹੈ। ਉਹ ਸਮੁੰਦਰ ਨੂੰ ਖ਼ੁਦ ਅੰਦਰ ਡੁਬੋਣ ਤੇ ਮਾਰੂਥਲ ਨੂੰ ਛਾਨਣ ਲਈ ਜ਼ਿਦ ਕਰਦਾ ਹੈ। ਵਿਜੇ ਸੱਜਣ ਨੂੰ ਗ਼ੁਜ਼ਾਰਿਸ਼ ਕਰਦਾ ਹੈ ਕਿ ਉਹ ਉਸ ਨੂੰ ਦੁਫਾੜ ਕਰਕੇ ਨਾ ਮਾਰੇ, ਜਾਂ ਤਾਂ ਪੂਰਾ ਕਬੂਲ ਕਰੇ ਜਾਂ ਪੂਰਾ ਨਕਾਰੇ। ਉਸ ਦੇ ਰੋਮਾਂਸ ਨਾਲ ਸੰਬੰਧਿਤ ਸ਼ਿਅਰ ਵੀ ਗਹਿਰ-ਗੰਭੀਰ ਹਨ। ਉਂਝ ਵਿਜੇ ਵਿਵੇਕ ਦੀ ਗ਼ਜ਼ਲਕਾਰੀ ਦੇ ਕੁਝ ਤਕਨੀਕੀ ਨੁਕਤਿਆਂ ਉੱਤੇ ਚਰਚਾ ਹੋ ਸਕਦੀ ਹੈ ਪਰ ਗ਼ਜ਼ਲਕਾਰ ਦਾ ਅੰਦਾਜ਼ ਪਾਠਕ ਨੂੰ ਕਾਇਲ ਕਰਦਾ ਹੈ ਤੇ ਮਾਨਸਿਕ ਸੰਤੁਸ਼ਟੀ ਦਿੰਦਾ ਹੈ। ਵਿਜੇ ਦੇ ਗੀਤ ਵੀ ਆਪਣੀ ਭਾਂਤ ਦੇ ਹਨ, ਸੰਜੀਦਾ ਗਾਉਣ ਵਾਲਿਆਂ ਨੂੰ ਇਹੋ ਜਿਹੇ ਗੀਤਾਂ ਨੂੰ ਆਵਾਜ਼ ਦੇਣੀ ਚਾਹੀਦੀ ਹੈ ਤਾਂ ਕਿ ਇਹ ਬਾਜ਼ਾਰੂ ਕਿਸਮ ਦੇ ਗੀਤਾਂ ਦਾ ਬਦਲ ਹੋ ਸਕਣ। ਸ਼ਾਇਰ ਨੇ ਪੰਜਾਬੀ ਸ਼ਾਇਰੀ ਦੀ ਪੁਰਾਣੀ ਵਿਧਾ ਬੈਂਤ ਨੂੰ ਉਚੇਚੇ ਤੌਰ 'ਤੇ ਸਾਂਭਿਆ ਹੈ, ਇਸ ਦੀ ਹੋਰ ਵੀ ਤਾਰੀਫ਼ ਕਰਨੀ ਬਣਦੀ ਹੈ। 'ਛਿਣਭੰਗਰ ਵੀ ਕਾਲਾਤੀਤ ਵੀ' ਸਚਮੁੱਚ ਕਮਰਫ਼ਤਾਰੀ ਨਾਲ ਲਿਖਣ ਵਾਲੇ ਵਿਜੇ ਵਿਵੇਕ ਦੀ ਮਾਣਮੱਤੀ ਪੇਸ਼ਕਾਰੀ ਹੈ ਜਿਸ 'ਚੋਂ ਵੱਖਰੀ ਭਾਂਤ ਦੀ ਸੰਵੇਦਨਸ਼ੀਲ ਗ਼ਜ਼ਲਕਾਰੀ ਪੜ੍ਹਨ ਨੂੰ ਮਿਲਦੀ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਗੁੰਗਾ ਸਾਜ਼
ਲੇਖਕ : ਅਮਰੀਕ ਹਮਰਾਜ਼
ਪ੍ਰਕਾਸ਼ਕ : ਬੀ. ਆਰ. ਐਸ. ਪਬਲੀਕੇਸ਼ਨ ਹੁਸ਼ਿਆਰਪੁਰ
ਮੁੱਲ : 230 ਰੁਪਏ, ਸਫ਼ੇ : 96
ਸੰਪਰਕ : 94173-41848
ਅਮਰੀਕ ਹਮਰਾਜ਼ ਦੀਆਂ ਪ੍ਰਮੁੱਖ ਰਚਨਾਵਾਂ ਮਾਰੂਥਲ ਦੀ ਰੇਤ, ਸੋਹਣੀ ਦੀ ਨਨਾਣ, ਹੀਰ ਦਾ ਚਾਚਾ, ਪੀਜ਼ਾ ਤੇ ਪਰੌਂਠਾ, ਕਾਸ਼ ਮੈਂ ਪੰਛੀ ਹੋਵਾਂ, ਅੰਮ੍ਰਿਤਬਾਣੀ ਅਤੇ ਗੁੰਗਾ ਸਾਜ਼ ਹਨ। ਗੁੰਗਾ ਸਾਜ਼ ਵਾਰਤਕ ਪੁਸਤਕ ਹੈ ਜਿਸ ਵਿਚ 19 ਨਿਬੰਧ ਸ਼ਾਮਿਲ ਹਨ, ਇਨ੍ਹਾਂ ਦੇ ਵਿਸ਼ੇ ਪ੍ਰਭਾਵਦਾਇਕ ਹਨ ਤੇ ਪਾਠਕ ਦੀ ਸੁਹਜ-ਤ੍ਰਿਪਤੀ ਦੇ ਨਾਲ-ਨਾਲ ਗਿਆਨ ਨਾਲ ਸਾਂਝ ਸਥਾਪਿਤ ਕਰਵਾਉਂਦੇ ਹਨ। 'ਲੜਕਪਨ' ਵਿਚ ਵਿਗਿਆਨ ਤੇ ਮਨੋਵਿਗਿਆਨਕ ਦੀ ਤੱਥਕ ਜਾਣਕਾਰੀ ਦਿੱਤੀ ਹੈ। 'ਗੁਰੂ ਘਰ ਦੇ ਸ਼ਰਧਾਲੂ ਦੋ ਗੁਰਦਾਸ ਜੀ' ਵਿਚ ਦੋਵਾਂ ਭਾਈ ਗੁਰਦਾਸਾਂ ਦੀ ਜੀਵਨ ਦ੍ਰਿਸ਼ਟੀ ਉੱਤੇ ਫੋਕਸ ਕੀਤਾ ਹੈ। 'ਸੰਘਰਸ਼ ਦੀ ਪਰਿਕਰਮਾ' ਵਿਚ ਸੰਘਰਸ਼ ਦੀ ਉੱਚਤਾ ਉੱਤੇ ਫੋਕਸ ਕੀਤਾ ਹੈ। 'ਅੰਮ੍ਰਿਤਾ ਪ੍ਰੀਤਮ ਅਤੇ ਪੰਜਾਬੀ ਸਾਹਿਤ' ਵਿਚ ਅੰਮ੍ਰਿਤਾ ਪ੍ਰੀਤਮ ਦੇ ਸਾਹਿਤਕ ਸਫ਼ਰ ਦੇ ਦਰਸ਼ਨ ਕਰਵਾਏ ਹਨ। 'ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ' ਬਾਬਾ ਖੜਕ ਸਿੰਘ ਜੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਨਾਲ ਨਾਤਾ ਜੋੜਦਾ ਹੈ। 'ਘਰ ਉਜਾੜਨ ਦੀ ਅਰਦਾਸ' ਤੇ 'ਮੇਰੇ ਬਾਪੂ ਜੀ' ਵਿਚ ਪਰਵਾਸ ਨਾਲ ਸੰਬੰਧਤ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। 'ਚੱਕ ਦੀ ਪੂਜਾ' ਵਿਚ ਚੱਕ ਬਾਰੇ ਸਾਰਥਕ ਜਾਣਕਾਰੀ ਦਿੱਤੀ ਹੈ। 'ਤੇਰੀ ਕੱਤਣ ਵਾਲੀ ਜੀਵੇ' ਵਿਚ ਔਰਤ ਦੇ ਸਮਾਜਿਕ ਸਥਾਨ ਨੂੰ ਨਿਸ਼ਚਿਤ ਕੀਤਾ ਹੈ। 'ਦੂਰਅੰਦੇਸ਼ੀ ਸੀ ਪੰਜ ਸਿਰਾਂ ਦੀ ਮੰਗ' ਵਿਚ ਖ਼ਾਲਸਾ ਸਾਜਨਾ ਤੇ ਵਿਕਾਸ ਕਾਰਜ ਦੇ ਤੱਥ ਦਿੱਤੇ ਹਨ। 'ਇਕ ਆਸ਼ਕ ਪੁਸਤਕਾਂ ਦਾ' ਵਿਚ ਗਿਆਨ ਦੀ ਅਹਿਮੀਅਤ 'ਤੇ ਵਿਚਾਰ ਪ੍ਰਗਟਾਏ ਹਨ। 'ਇਕ ਲੇਖਕ ਯਾਰ' ਵਿਚ ਅਵਤਾਰ ਸੰਧੂ ਦੀ ਪ੍ਰਭਾਵਦਾਇਕ ਦਿੱਖ ਦੇ ਦਰਸ਼ਨ ਕਰਵਾਏ ਹਨ। 'ਸੂਫੀ ਰੰਗ ਅਤੇ ਦੋ ਫਰੀਦ' ਵਿਚ ਸ਼ੇਖ ਫਰੀਦ ਜੀ ਤੇ ਖਵਾਜਾ ਗ਼ੁਲਾਮ ਫਰੀਦ ਦਾ ਜ਼ਿਕਰ ਕੀਤਾ ਹੈ। ਸੇਖ ਫਰੀਦ ਜੀ ਫ਼ਰਮਾਉਂਦੇ ਹਨ :
ਬੁੱਢਾ ਹੋਆ ਸੇਖ ਫਰੀਦੁ ਕੰਬਣ ਲੱਗੀ ਦੇਹ॥
ਜੇ ਸਉ ਵਰਿਆ ਜੀਵਣਾ ਭੀ ਤਨ ਹੋਸੀ ਖੇਹ॥
'ਕਸਰਤ ਵਾਲਾ ਗਹਿਣਾ' ਵਿਚ ਸਰੀਰ ਤੇ ਮਨ ਦੀ ਨਿਰੋਗਤਾ ਕਾਇਮੀ ਲਈ ਕਸਰਤ ਉੱਤੇ ਜ਼ੋਰ ਦਿੱਤਾ ਹੈ। ਪੁਸਤਕ ਦੀ ਸਿਰਲੇਖ ਵਾਲਾ ਨਿਬੰਧ 'ਗੁੰਗਾ ਸਾਜ਼' ਵਿਚ ਫ਼ਲਸਫ਼ੇ ਉੱਤੇ ਫੋਕਸ ਕਰਦੇ ਹੋਏ ਵਿਚਾਰਾਂ ਦੀ ਪ੍ਰਭਾਵਿਕਤਾ ਉੱਤੇ ਜ਼ੋਰ ਦਿੱਤਾ ਹੈ। 'ਗੁੱਗਾ ਨੌਵੀਂ' ਵਿਚ ਗੁੱਗੇ ਨਾਲ ਸੰਬੰਧਿਤ ਲੋਕ ਤੱਥ ਉੱਤੇ ਜ਼ੋਰ ਦਿੱਤਾ ਹੈ। 'ਬੜੀ ਉਤਸੁਕਤਾ ਹੁੰਦੀ ਸੀ ਛਿੰਝ ਦੇਖਣ ਦੀ' ਵਿਚ ਛਿੰਝਾਂ ਦੌਰਾਨ ਪਹਿਲਵਾਨਾਂ ਨੂੰ ਦੇਖਣ ਲਈ ਇਕੱਠੀ ਹੋਈ ਖ਼ਲਕਤ ਦੇ ਦਰਸ਼ਨ ਕਰਵਾਏ ਹਨ। 'ਵਿਆਹ' ਵਿਚ ਵਿਆਹ ਦੀਆਂ ਕਿਸਮਾਂ ਦਾ ਜ਼ਿਕਰ ਕੀਤਾ ਹੈ। ਅਮਰੀਕ ਹਮਰਾਜ਼ ਦੀ ਕਲਾਤਮਕ ਪਕੜ ਪੁਸਤਕ ਵਿਚੋਂ ਉਜਾਗਰ ਹੁੰਦੀ ਹੈ। ਪਾਠਕਾਂ ਨੂੰ ਇਕ ਹੀ ਪੁਸਤਕ ਵਿਚੋਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਹੋਵੇਗੀ।
-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810