JALANDHAR WEATHER

10-12-2024

 ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ

ਹਾਲ ਹੀ ਵਿਚ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਖੇ ਪੰਜਾਬੀ ਜ਼ੁਬਾਨ ਨੂੰ ਪਿਆਰ, ਸਤਿਕਾਰ ਤੇ ਮਾਣ ਦੇਣ ਵਾਲੀਆਂ ਸ਼ਖ਼ਸੀਅਤਾਂ ਵਲੋਂ ਇਥੇ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਬਹੁਤ ਸਾਰੇ ਕਲਾਕਾਰ, ਪੱਤਰਕਾਰ, ਟੀ.ਵੀ. ਚੈਨਲ ਤੇ ਉੱਘੀਆਂ ਸ਼ਖ਼ਸੀਅਤਾਂ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ । ਦੋਵਾਂ ਮੁਲਕਾਂ ਦੇ ਪੰਜਾਬੀ ਬੋਲਦੇ ਸੂਬਿਆਂ 'ਚ ਪੰਜਾਬੀ ਜ਼ੁਬਾਨ ਬੋਲੀ ਜਾਂਦੀ ਹੈ, ਇਸ ਕਾਨਫਰੰਸ ਦੌਰਾਨ ਪੰਜਾਬੀ ਦੇ ਅਮੀਰ ਸਾਹਿਤਕ ਖ਼ਜ਼ਾਨੇ ਤੋਂ ਪੂਰੀ ਦੁਨੀਆ ਨੂੰ ਜਾਣੂ ਕਰਵਾਇਆ ਗਿਆ। ਪੰਜਾਬੀ ਸੱਚਮੁਚ ਹੀ ਇਕ ਅਮੀਰ ਭਾਸ਼ਾ ਹੈ। ਵਿਦਵਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਭਾਸ਼ਾ ਮਰਦੀ ਨਹੀਂ ਹੁੰਦੀ, ਛੇਤੀ ਕੀਤਿਆਂ ਖ਼ਤਮ ਨਹੀਂ ਹੁੰਦੀ ਕਿਉਂਕਿ ਸਿਰਫ਼ ਟਾਹਣੇ ਛਾਂਗਣ ਨਾਲ ਦਰੱਖ਼ਤ ਖ਼ਤਮ ਨਹੀਂ ਹੁੰਦਾ, ਸਗੋਂ ਇਹ ਹੋਰ ਵੀ ਵੱਡਾ ਤੇ ਭਰਪੂਰ ਪ੍ਰਫੁੱਲਿਤ ਹੁੰਦਾ ਹੈ। ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਸਤਿਕਾਰਤ ਹਨ ਪਰ ਆਪਣੀ ਮਾਂ-ਬੋਲੀ ਪੰਜਾਬੀ ਵਿਚ ਬੋਲਣ ਤੇ ਆਪਣੀ ਗੱਲ ਕਹਿਣ ਦਾ ਅਨੰਦ ਹੀ ਵੱਖਰਾ ਹੈ। ਇਸ ਨੂੰ ਗੁਰੂਆਂ, ਪੀਰਾਂ, ਪੈਗ਼ੰਬਰਾਂ, ਮਹਾਂਪੁਰਖਾਂ ਤੇ ਭਗਤਾਂ ਤੋਂ ਆਸ਼ੀਰਵਾਦ ਪ੍ਰਾਪਤ ਹੈ। ਉਨ੍ਹਾਂ ਨੇ ਵੀ ਆਪਣੀ ਗੱਲ ਪੰਜਾਬੀ ਜ਼ੁਬਾਨ ਵਿਚ ਕਹੀ ਤੇ ਰਚੀ ਹੈ। ਲਹਿੰਦੇ ਪੰਜਾਬ ਤੋਂ ਪੰਜਾਬੀ ਭਾਸ਼ਾ ਵਿਚ ਸੋਸ਼ਲ ਮੀਡੀਆ 'ਤੇ ਲਗਾਤਾਰ ਸਰਗਰਮ ਰਹਿਣ ਵਾਲੀਆਂ ਸ਼ਖ਼ਸੀਅਤਾਂ ਨੇ ਹਕੂਮਤ ਦੀ ਬਿਨਾਂ ਕਿਸੇ ਵਿੱਤੀ ਸਹਾਇਤਾ ਤੋਂ ਇਹ ਇਕ ਨਿਵੇਕਲਾ ਉਪਰਾਲਾ ਕੀਤਾ ਹੈ। ਇਹ ਸਮਾਗਮ ਦੋਹਾਂ ਮੁਲਕਾਂ ਵਿਚਲੀ ਮੁਹੱਬਤ ਨੂੰ ਹੋਰ ਗੂੜ੍ਹਾ ਕਰਨ ਵਿਚ ਕਾਮਯਾਬ ਰਿਹਾ ਤੇ ਅੱਗੇ ਵੀ ਰਹੇਗਾ। ਇਸ ਦੀ ਅਸੀਂ ਸਾਰੇ ਕਾਮਨਾ ਕਰਦੇ ਹਾਂ।

-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।

ਮੰਦੇ ਬੋਲ ਨਾ ਬੋਲੀਏ

ਜ਼ੁਬਾਨ ਸਾਡੀ ਕੋਲ ਇਕ ਅਨਮੋਲ ਤੋਹਫ਼ਾ ਹੈ, ਜਿਸ ਨਾਲ ਅਸੀਂ ਆਪਣੇ ਵਿਚਾਰ ਦੂਜੇ ਸਾਹਮਣੇ ਰੱਖਦੇ ਹਾਂ। ਬਿਨਾਂ ਸੋਚੇ ਸਮਝੇ ਕਈ ਵਾਰ ਅਸੀਂ ਇੰਨਾ ਮਾੜਾ ਬੋਲ ਜਾਂਦੇ ਹਾਂ ਕਿ ਸਾਡੇ ਅਹਿਮ ਰਿਸ਼ਤੇ ਟੁੱਟਣ ਦੀ ਕਗਾਰ 'ਤੇ ਆ ਜਾਂਦੇ ਹਨ। ਕਈ ਵਾਰ ਅਸੀਂ ਇੰਨਾ ਬੇਤੁਕਾ ਬੋਲ ਦਿੰਦੇ ਹਾਂ ਕਿ ਸਾਰੀ ਉਮਰ ਦੇ ਸੰਬੰਧ ਟੁੱਟ ਜਾਂਦੇ ਹਨ। ਸਾਨੂੰ ਕਾਹਲੇਪਣ ਤੇ ਗੁੱਸੇ 'ਚ ਬੋਲਣ ਦੀ ਬਜਾਏ ਸਹਿਣਸ਼ੀਲ ਹੋਣਾ ਚਾਹੀਦਾ ਹੈ। ਸਿਆਣੇ ਅਕਸਰ ਕਹਿੰਦੇ ਹਨ ਕਿ 'ਸੌ ਵਾਰ ਸੋਚ ਕੇ ਬੋਲੋ ਜਾਂ ਪਹਿਲਾਂ ਤੋਲੋ ਫਿਰ ਬੋਲੋ।' ਕਿਸੇ ਨੇ ਸਹੀ ਕਿਹਾ ਹੈ ਕਿ ਜ਼ੁਬਾਨ ਬੰਦੇ ਨੂੰ ਅਰਸ਼ ਤੋਂ ਫਰਸ਼ ਤੇ ਫਰਸ਼ ਤੋਂ ਅਰਸ਼ 'ਤੇ ਪਹੁੰਚਾ ਦਿੰਦੀ ਹੈ। ਕਈ ਲੋਕ ਤਾਂ ਬਿਲਕੁਲ ਹੀ ਘੱਟ ਬੋਲਦੇ ਹਨ। ਸਰਕਾਰੀ ਦਫ਼ਤਰਾਂ ਵਿਚ ਅਫ਼ਸਰ ਬਹੁਤ ਘੱਟ ਬੋਲਦੇ ਹਨ। ਉਨ੍ਹਾਂ ਦੀਆਂ ਅੱਖਾਂ ਹੀ ਬਹੁਤ ਕੁਝ ਸਮਝਾ ਜਾਂਦੀਆਂ ਹਨ। ਉਹ ਦੂਜਿਆਂ ਨੂੰ ਜ਼ਿਆਦਾ ਧਿਆਨ ਨਾਲ ਸੁਣਦੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਦੋਸਤ, ਕਰੀਬੀ ਰਿਸ਼ਤੇਦਾਰ ਸਾਡੀ ਕਦਰ ਕਰਨ ਤਾਂ ਹਲੀਮੀ ਨਾਲ ਬੋਲੋ ਤਾਂ ਹੀ ਜ਼ਿੰਦਗੀ ਨੂੰ ਖ਼ੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹਨ।

-ਸੰਜੀਵ ਸਿੰਘ ਸੈਣੀ ਮੁਹਾਲੀ

ਫੁਕਰੇ ਲੋਕ

ਅੱਜਕਲ੍ਹ ਫੁਕਰੇ ਕਿਸਮ ਦੇ ਲੋਕ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲੈ ਕੇ ਖ਼ੁਸ਼ੀਆਂ ਨੂੰ ਗ਼ਮੀਆਂ ਵਿਚ ਬਦਲ ਦਿੰਦੇ ਹਨ। ਲੋਕਾਂ ਨੂੰ ਆਪਣੇ ਬੱਚਿਆਂ ਦੇ ਵਿਆਹ ਤੇ ਹੋਰ ਖ਼ੁਸ਼ੀਆਂ ਦੇ ਪ੍ਰੋਗਰਾਮ ਬੜੇ ਇੰਤਜ਼ਾਰ ਤੋਂ ਬਾਅਦ ਨਸੀਬ ਹੁੰਦੇ ਹਨ। ਭਾਵੇਂ ਸਰਕਾਰ ਵਲੋਂ ਵਿਆਹ ਤੇ ਹੋਰ ਖ਼ੁਸ਼ੀਆਂ ਦੇ ਪ੍ਰੋਗਰਾਮਾਂ ਵਿਚ ਮੈਰਿਜ ਪੈਲੇਸਾਂ ਵਿਚ ਅਸਲਾ ਲੈ ਕੇ ਆਉਣ 'ਤੇ ਪਾਬੰਦੀ ਲਗਾਈ ਹੋਈ ਹੈ ਪਰ ਕੁਝ ਫੁਕਰੇ ਕਿਸਮ ਦੇ ਲੋਕ ਸਰਕਾਰ ਦੇ ਹੁਕਮ ਤੇ ਪਾਬੰਦੀਆਂ ਦੀ ਪ੍ਰਵਾਹ ਕੀਤੇ ਬਗੈਰ ਪੈਲਸਾਂ 'ਚ ਆਪਣਾ ਅਸਲਾ ਲੈ ਜਾਂਦੇ ਹਨ ਤੇ ਨਸ਼ੇ ਵਿਚ ਫਾਇਰ ਕਰਨ ਲੱਗ ਜਾਂਦੇ ਹਨ। ਇਨ੍ਹਾਂ ਫੁਕਰੇ ਲੋਕਾਂ ਦੀ ਵਜ੍ਹਾ ਕਰਕੇ ਬਹੁਤ ਸਾਰੇ ਨਿਰਦੋਸ਼ ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ। ਅਜਿਹੇ ਲੋਕਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ। ਅਸਲਾ ਕਾਫੀ ਲੋਕਾਂ ਕੋਲ ਹੁੰਦਾ ਹੈ, ਉਹ ਦਿਖਾਵੇ ਤੇ ਫੁਕਰਾਪਨ ਨਹੀਂ ਕਰਦੇ ਪਰ ਕਈ ਵਾਰ ਤਾਂ ਐਵੇਂ ਹੀ ਕੌਲੀ ਚੱਟ ਜਿਹੇ ਲੋਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਜਾਂਦੇ ਹਨ ਜਿਨ੍ਹਾਂ ਦੀ ਪਰਿਵਾਰਾਂ ਵਾਲਿਆਂ ਨੂੰ ਵੀ ਪਹਿਚਾਣ ਵੀ ਨਹੀਂ ਹੁੰਦੀ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਨੌਜਵਾਨ ਵਰਗ ਅਤੇ ਨਸ਼ੇ

ਅਜੋਕੇ ਸਮੇਂ ਸਮਾਜ ਅੰਦਰ ਅਨੇਕਾਂ ਬੁਰਾਈਆਂ/ਕੁਰੀਤੀਆਂ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੇ ਸਮਾਜ ਉੱਪਰ ਅਤੇ ਖ਼ਾਸ ਕਰਕੇ ਨੌਜਵਾਨ ਵਰਗ 'ਤੇ ਬੜਾ ਦੁਰਪ੍ਰਭਾਵ ਪਾਇਆ ਹੈ। ਇਨ੍ਹਾਂ ਸਮਾਜਿਕ ਬੁਰਾਈਆਂ ਵਿਚੋਂ ਇਕ ਬਰਾਈ 'ਨਸ਼ਾ' ਹੈ। ਜਿਸ ਨੇ ਸਮਾਜ ਦਾ ਮੂੰਹ-ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿੱਤਾ ਹੈ। ਨੌਜਵਾਨ ਵਰਗ ਨਸ਼ਿਆਂ ਵਰਗੀ ਨਾਮੁਰਾਦ ਬੁਰਾਈ ਤੋਂ ਜ਼ਿਆਦਾ ਹੀ ਪ੍ਰਭਾਵਿਤ ਹੋ ਕੇ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦਾ ਆਦੀ ਬਣ ਕੇ ਆਪਣੀਆਂ ਕੀਮਤੀ ਜ਼ਿੰਦਗੀਆਂ ਬਰਬਾਦ ਕਰ ਰਿਹਾ ਹੈ। ਇਸ ਬੁਰਾਈ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੀ ਹੈ, ਕਿਉਂਕਿ ਜਦੋਂ ਕੋਈ ਨੌਜਵਾਨ ਡਿਗਰੀ/ਡਿਪਲੋਮਾ ਕਰਕੇ ਆਪਣੀ ਯੋਗਤਾ ਮੁਤਾਬਕ ਰੁਜ਼ਗਾਰ ਦੀ ਭਾਲ ਕਰਦਾ ਹੈ ਤਾਂ ਉਸ ਨੂੰ ਢੁੱਕਵਾਂ ਰੁਜ਼ਗਾਰ/ਨੌਕਰੀ ਨਹੀਂ ਮਿਲਦੀ ਤਾਂ ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਨਸ਼ਿਆਂ ਵਾਲੇ ਪਾਸੇ ਤੁਰ ਪੈਂਦਾ ਹੈ। ਦੇਸ਼ ਦੀ ਕਰੀਮ ਨੌਜਵਾਨੀ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੀ ਹੈ ਜਾਂ ਫਿਰ ਨਸ਼ਿਆਂ ਦੀ ਆਦੀ ਹੋ ਕੇ ਆਪਣਾ ਭਵਿੱਖ ਖਰਾਬ ਕਰ ਰਹੀ ਹੈ। ਸੋ, ਲੋੜ ਹੈ ਸਰਕਾਰ, ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਦੇ ਜਾਗਰੂਕ ਲੋਕਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਢੁੱਕਵੀਂ ਪਹਿਲਕਦਮੀ ਕਰਨੀ ਚਾਹੀਦੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।