08-12-2024
ਬਾਤਾਂ ਵਾਹਗਿਓਂ ਪਾਰ ਦੀਆਂ
ਲੇਖਕ : ਸਤਨਾਮ ਸਿੰਘ ਮਾਣਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 172
ਸੰਪਰਕ : 98726-21741
ਪੰਜਾਬੀ ਦੇ ਸਭ ਤੋਂ ਵੱਡੇ ਅਖ਼ਬਾਰ 'ਅਜੀਤ' ਦੇ ਕਾਰਜਕਾਰੀ ਸੰਪਾਦਕ ਅਤੇ 'ਹਿੰਦ-ਪਾਕਿ ਦੋਸਤੀ ਮੰਚ' ਦੇ ਪ੍ਰਚਾਰਕ ਸ. ਸਤਨਾਮ ਸਿੰਘ ਮਾਣਕ ਦੀ ਇਹ ਪੁਸਤਕ ਲਾਹੌਰ ਦੇ ਫਲੈਟੀਜ਼ ਹੋਟਲ ਵਿਚ 13 ਅਪ੍ਰੈਲ ਤੋਂ 16 ਅਪ੍ਰੈਲ, 2001 ਤੱਕ ਹੋਈ 'ਪੰਜਾਬੀ ਆਲਮੀ ਕਾਨਫ਼ਰੰਸ' ਦਾ ਅੱਖੀਂ ਵੇਖਿਆ ਵੇਰਵਾ ਪੇਸ਼ ਕਰਦੀ ਹੈ। ਇਹ ਪੁਸਤਕ ਇਕ ਸਫ਼ਰਨਾਮਾ ਹੋਣ ਦੇ ਨਾਲ-ਨਾਲ ਇਕ 'ਮੁਹੱਬਤਨਾਮਾ' ਅਤੇ 'ਸਾਹਿਤਨਾਮਾ' ਵੀ ਹੈ। ਸਤਨਾਮ ਸਿੰਘ ਮਾਣਕ ਨੂੰ ਪਾਕਿਸਤਾਨੀ ਪੰਜਾਬ ਨਾਲ ਹੋਰ ਕੁਝ ਲੇਖਕਾਂ ਵਾਂਗ ਕੋਈ 'ਹੇਰਵਾ' ਤਾਂ ਨਹੀਂ ਸੀ ਪਰ ਤਾਂ ਵੀ ਪੰਜਾਬੀਅਤ ਦੇ ਇਤਬਾਰੋਂ ਉਹ ਪਾਕਿਸਤਾਨ ਵਿਚ ਬਿਤਾਏ ਛੇ-ਸੱਤ ਦਿਨਾਂ ਦੌਰਾਨ ਵਾਰ-ਵਾਰ ਭਾਵੁਕ ਅਤੇ ਅੰਦੋਲਿਤ ਹੁੰਦਾ ਰਿਹਾ।
ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ (13 ਅਪ੍ਰੈਲ) ਵਿਚ ਜਨਾਬ ਫ਼ਖ਼ਰ ਜ਼ਮਾਂ, ਸੁਤਿੰਦਰ ਸਿੰਘ ਨੂਰ ਅਤੇ ਦਲੀਪ ਕੌਰ ਟਿਵਾਣਾ ਨੇ ਦੋਵਾਂ ਪੰਜਾਬਾਂ ਦੀ ਸਾਂਝੀ-ਵਿਰਾਸਤ ਉੱਪਰ ਪਹਿਰਾ ਦੇਣ ਦੇ ਅਹਿਦ ਨੂੰ ਦੁਹਰਾਇਆ। ਇਸੇ ਦਿਨ ਦੇ ਦੂਜੇ ਸੈਸ਼ਨ ਵਿਚ ਅਮੀਨ ਮਲਕ, ਇਲਿਆਸ ਘੁੰਮਣ, ਦਿਲਸ਼ਾਦ ਟਿਵਾਣਾ, ਵਰਿਆਮ ਸਿੰਘ ਸੰਧੂ, ਸ. ਪ੍ਰੇਮ ਸਿੰਘ ਐਡਵੋਕੇਟ (ਟਰੱਸਟੀ ਅਜੀਤ), ਐਸ. ਐਸ. ਭੱਟੀ ਅਤੇ ਪ੍ਰੋ. ਸਰਵਣ ਸਿੰਘ ਆਦਿ ਨੇ ਦੋਹਾਂ ਮੁਲਕਾਂ ਵਿਚ ਅਮਨ ਅਤੇ ਸਦਭਾਵਨਾ ਦਾ ਪੈਗ਼ਾਮ ਦਿੱਤਾ। ਰਾਤ ਨੂੰ ਹੋਏ ਮੁਸ਼ਾਇਰੇ ਵਿਚ ਸ੍ਰੀਮਤੀ ਸੁਖਵਿੰਦਰ ਅੰਮ੍ਰਿਤ, ਜਗਤਾਰ, ਪ੍ਰੋ. ਗੁਰਭਜਨ ਗਿੱਲ ਅਤੇ ਉੱਧਰੋਂ ਬਾਬਾ ਨਜ਼ਮੀ ਨੇ ਸ਼ਾਨਦਾਰ ਕਲਾਮ ਪੇਸ਼ ਕਰਕੇ ਪੰਜਾਬੀ ਬੋਲੀ ਦੀ 'ਬੱਲੇ ਬੱਲੇ' ਕਰਵਾ ਦਿੱਤੀ।
ਸ. ਸਤਨਾਮ ਸਿੰਘ ਮਾਣਕ ਇਸ ਕਾਨਫ਼ਰੰਸ ਤੋਂ ਪਹਿਲਾਂ ਵੀ 'ਹਿੰਦ-ਪਾਕਿ ਦੋਸਤੀ ਮੰਚ' ਦਾ ਇਕ ਅਹਿਮ ਕਾਰਕੁੰਨ ਬਣਿਆ ਹੋਇਆ ਸੀ ਅਤੇ ਸ੍ਰੀ ਗੁਲਜ਼ਾਰ, ਸ੍ਰੀ ਕੁਲਦੀਪ ਨਈਅਰ, ਸ. ਹਰਨੇਕ ਸਿੰਘ ਘੜੂੰਆਂ ਵਰਗੇ ਸੁਹਿਰਦ ਅਤੇ ਸੰਵੇਦਨਸ਼ੀਲ ਮਿੱਤਰਾਂ ਨਾਲ ਜੁੜ ਕੇ ਆਜ਼ਾਦੀ ਦੀ ਪੂਰਵ-ਸੰਧਿਆ ਮੌਕੇ ਮੋਮਬੱਤੀਆਂ ਜਗਾ ਕੇ ਸਾਂਝੇ ਸੱਭਿਆਚਾਰ ਨੂੰ ਜ਼ਿੰਦਾ-ਜਾਵੇਦ ਰੱਖਣ ਦੀਆਂ ਕੋਸ਼ਿਸ਼ਾਂ ਕਰਦਾ ਆ ਰਿਹਾ ਸੀ। ਇਸ ਕਾਰਨ ਪੱਛਮੀ ਪੰਜਾਬ ਵਿਚ ਬਹੁਤ ਸਾਰੇ ਲੇਖਕ ਅਤੇ ਫ਼ਨਕਾਰ ਉਸ ਦੇ ਦੋਸਤ ਬਣ ਗਏ ਸਨ। ਰਾਇ ਅਜ਼ੀਜ਼-ਉੱਲਾ ਅਤੇ ਇਲਿਆਸ ਘੁੰਮਣ ਦੇ ਪਰਿਵਾਰ (ਬੇਗ਼ਮ ਘੁੰਮਣ ਅਤੇ ਬੱਚੇ ਕਸ਼ਫ਼ ਨਾਨਕੀ ਅਤੇ ਆਦਮ ਨਾਨਕ) ਨਾਲ ਤਾਂ ਉਸ ਦਾ ਪਰਿਵਾਰਕ ਰਿਸ਼ਤਾ ਬਣ ਗਿਆ ਸੀ। ਇਸ ਕਾਰਨ ਪੰਜ-ਛੇ ਦਿਨਾਂ ਦੀ ਇਹ ਯਾਤਰਾ ਉਸ ਨੂੰ ਕਈ ਵਰ੍ਹਿਆਂ ਦੀ ਮੁਹੱਬਤ ਜਿੰਨੀ ਖ਼ੁਸ਼ੀ ਦੇ ਗਈ ਅਤੇ ਇਸ ਖ਼ੁਸ਼ੀ ਨੂੰ ਲੇਖਕ ਨੇ ਬੜੀ ਸੰਵੇਦਨਾ ਨਾਲ ਚਿਤਵਿਆ ਅਤੇ ਚਿਤਰਿਆ ਹੈ।
ਮਦੀਹਾ ਗੌਹਰ ਦੁਆਰਾ ਮੰਚਿਤ ਅਤੇ ਸ਼ਾਹਿਦ ਨਦੀਮ ਦੁਆਰਾ ਲਿਖਤ ਨਾਟਕ 'ਬੁੱਲਾ' ਦੀ ਪੇਸ਼ਕਾਰੀ ਨੂੰ ਲੇਖਕ ਨੇ ਇਕ ਪਰਿਪੱਕ ਰੰਗਕਰਮੀ ਵਾਂਗ ਅੰਕਿਤ ਕੀਤਾ ਹੈ। ਇਸੇ ਪ੍ਰਕਾਰ ਪ੍ਰੋ. ਰਾਜਪਾਲ ਸਿੰਘ ਅਤੇ ਪ੍ਰੋ. ਕੁਲਦੀਪ ਕੌਰ ਟਿਵਾਣਾ ਦੀ ਟੀਮ ਵਲੋਂ ਪੇਸ਼ 'ਗਿੱਧੇ' ਦੀ ਝਲਕ ਵੀ ਬੜੀ ਸਟੀਕਤਾ ਨਾਲ ਪੇਸ਼ ਕੀਤੀ ਹੈ। ਮੈਂ ਚਾਹੁੰਦਾ ਹਾਂ ਕਿ ਸ. ਸਤਨਾਮ ਸਿੰਘ ਮਾਣਕ ਅਖ਼ਬਾਰਾਂ ਦੇ ਨਾਲ-ਨਾਲ ਸਾਹਿਤਕਾਰੀ ਵੀ ਪੂਰੇ 'ਦਮ-ਖਮ' ਨਾਲ ਕਰਦਾ ਰਹੇ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਤਵਾਰੀਖ
ਪੰਡੋਰੀ ਗੰਗਾ ਸਿੰਘ
ਪ੍ਰਸੰਗ
ਬੱਬਰ ਅਕਾਲੀ ਲਹਿਰ
ਲੇਖਕ : ਵਿਜੈ ਬੰਬੇਲੀ
ਪ੍ਰਕਾਸ਼ਕ : ਅਲੱਖ ਪ੍ਰਕਾਸ਼ਨ, ਮੱਲੀਆਂ ਖ਼ੁਰਦ, ਜਲੰਧਰ
ਮੁੱਲ : 250 ਰੁਪਏ, ਸਫ਼ੇ : 150
ਸੰਪਰਕ : 94634-39075
ਸ੍ਰੀ ਵਿਜੈ ਬੰਬੇਲੀ, ਪੰਜਾਬ ਦਾ ਆਂਚਲਿਕ ਇਤਿਹਾਸ ਲਿਖਣ ਵਾਲੇ ਇਤਿਹਾਸਕਾਰਾਂ ਵਿਚ ਇਕ ਪ੍ਰਮੁੱਖ ਨਾਂਅ ਹੈ। ਆਂਚਲਿਕ ਇਤਿਹਾਸਕਾਰੀ ਦੀ ਲੋੜ ਅਤੇ ਮਹੱਤਵ ਦਾ ਵਰਣਨ ਕਰਦਿਆਂ ਡਾ. ਗੰਡਾ ਸਿੰਘ ਨੇ ਇਕ ਇਤਿਹਾਸਕ-ਕਾਨਫ਼ਰੰਸ ਵਿਚ ਸ਼ਾਮਿਲ ਡੈਲੀਗੇਟਾਂ ਨੂੰ ਸੰਬੋਧਨ ਕਰਨ ਸਮੇਂ ਕਿਹਾ ਸੀ ਕਿ ਪੰਜਾਬ ਦੇ ਕਾਲਜਾਂ ਵਿਚ ਅੰਡਰ-ਗ੍ਰੈਜੂਏਟ ਵਿਦਿਆਰਥੀਆਂ ਨੂੰ ਆਪਣੇ-ਆਪਣੇ ਪਿੰਡ ਦਾ ਇਤਿਹਾਸ ਲਿਖਣ ਵਾਸਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਵਿਚ ਇਤਿਹਾਸਕਾਰਾਂ ਦੀ ਕਮੀ ਕਾਰਨ ਪਿੰਡਾਂ ਦਾ ਇਤਿਹਾਸ ਰੁਲਦਾ ਜਾ ਰਿਹਾ ਹੈ। ਜੇ ਅਸੀਂ ਨਾ ਸੰਭਾਲਿਆ ਤਾਂ ਇਹ ਸਦਾ ਲਈ ਗੁੰਮ ਜਾਵੇਗਾ। ਇਸੇ ਪ੍ਰਕਾਰ ਦਾ ਸੰਸਾ ਸ੍ਰੀ ਵਿਜੈ ਬੰਬੇਲੀ ਨੇ ਵੀ ਜ਼ਾਹਿਰ ਕੀਤਾ ਹੈ। ਪਰ ਉਸ ਨੇ 'ਪੰਡੋਰੀ ਗੰਗਾ ਸਿੰਘ' ਦਾ ਇਤਿਹਾਸ ਲਿਖ ਕੇ ਆਪਣੇ-ਆਪ ਨੂੰ ਉਲਾਂਭੇ ਤੋਂ ਸੁਰਖ਼ਰੂ ਕਰ ਲਿਆ ਹੈ। ਪੰਜਾਬ ਵਿਚ ਛੋਟੇ ਪਿੰਡਾਂ ਨੂੰ 'ਪੰਡੋਰੀ' ਕਹਿਣ ਦੀ ਪ੍ਰਥਾ ਹੈ। ਸਾਡੇ ਇਥੇ 'ਪੰਡੋਰੀ' ਨਾਂਅ ਨਾਲ ਸ਼ੁਰੂ ਹੋਣ ਵਾਲੇ 50-60 ਪਿੰਡ ਵਸੇ ਹੋਏ ਹਨ। ਪੰਡੋਰੀ ਦੀ ਸ਼ਨਾਖਤ ਦੱਸਣ ਲਈ ਇਸ ਦੇ ਨਾਲ ਵਸਾਉਣ ਵਾਲੇ ਸ਼ਖ਼ਸ ਜਾਂ ਖ਼ਾਨਦਾਨ ਦਾ ਨਾਂਅ ਜੋੜ ਦਿੱਤਾ ਜਾਂਦਾ ਹੈ। ਸਾਡਾ ਇਹ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਵਿਚ ਉਸ ਸਥਾਨ ਉੱਪਰ ਸਥਿਤ ਹੈ, ਜਿਥੇ ਜ਼ਿਲ੍ਹਾ ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲੇ ਦੀਆਂ ਹੱਦਾਂ ਮਿਲਦੀਆਂ ਹਨ। ਇਹ ਇਕ ਅਜਿਹਾ ਸਥਾਨ ਸੀ, ਜਿਥੇ ਇਕੱਠੇ ਹੋਣ ਵਾਲੇ ਬੱਬਰ ਅਕਾਲੀ, ਇਕ ਜ਼ਿਲ੍ਹੇ ਤੋਂ ਬੜੀ ਅਸਾਨੀ ਨਾਲ ਦੂਜੇ ਜ਼ਿਲ੍ਹੇ ਵਿਚ ਚਲੇ ਜਾਂਦੇ ਸਨ ਅਤੇ ਇਸ ਤਰ੍ਹਾਂ ਕਿਸੇ ਇਕ ਜ਼ਿਲ੍ਹੇ ਦੀ ਪੁਲਿਸ ਤੋਂ ਫੜੇ ਨਹੀਂ ਸਨ ਜਾ ਸਕਦੇ ਹਨ। ਲੇਖਕ ਨੇ ਇਸ ਜ਼ਿਲ੍ਹੇ ਦੀ ਭੂਗੋਲਿਕ, ਭੂਮੀਗਤ, ਸਮਾਜਿਕ ਅਤੇ ਸੱਭਿਆਚਾਰਕ ਬਣਤਰ ਦਾ ਬੜਾ ਆਲਿਮਾਨਾ ਚਿੱਤਰ ਖਿੱਚਿਆ ਹੈ। ਉਸ ਦਾ ਅਨੁਭਵ ਬੜਾ ਵਿਸ਼ਾਲ ਅਤੇ ਪ੍ਰਗਤੀਸ਼ੀਲ ਹੈ। ਬੱਬਰ ਅਕਾਲੀ ਲਹਿਰ 1921 ਈ. ਵਿਚ 'ਗੁਰਦੁਆਰਾ ਸੁਧਾਰ ਲਹਿਰ', 'ਗ਼ਦਰ ਲਹਿਰ' ਅਤੇ ਪਗੜੀ ਸੰਭਾਲ ਜੱਟਾ! ਆਦਿ ਤਹਿਰੀਕਾਂ ਦੇ ਸਮਾਨਾਂਤਰ, ਵਤਨ ਦੀ ਸੁਤੰਤਰਤਾ ਲਈ ਪੈਦਾ ਹੋਈ ਸੀ। ਇਸ ਲਹਿਰ ਵਿਚ ਸੈਂਕੜੇ ਯੋਧਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਹੁਤ ਸਾਰਿਆਂ ਨੂੰ ਫਾਂਸੀ ਦੀਆਂ ਸਜ਼ਾਵਾਂ ਵੀ ਹੋਈਆਂ। ਗੁਰਦੁਆਰਾ ਸੁਧਾਰ ਲਹਿਰ ਤੋਂ ਪਿੱਛੋਂ ਪੰਜਾਬੀਆਂ ਵਿਚ ਦੇਸ਼ ਭਗਤੀ ਦਾ ਪ੍ਰਚਾਰ ਕਰਨ ਵਾਸਤੇ ਦੋ ਚੱਕਰਵਰਤੀ ਜਥੇ ਬਹੁਤ ਪ੍ਰਸਿੱਧ ਹੋਏ। ਬਾਅਦ ਵਿਚ ਇਨ੍ਹਾਂ ਦੋਹਾਂ ਦੇ ਮਿਲਣ ਕਾਰਨ 'ਬੱਬਰ ਅਕਾਲੀ ਲਹਿਰ' ਦਾ ਜਨਮ ਹੋਇਆ। ਲੇਖਕ ਨੇ ਇਤਿਹਾਸ ਦੇ ਇਸ ਸੁਨਹਿਰੀ ਅਧਿਆਏ ਨੂੰ ਬੜੇ ਵਿਸਤਾਰ ਅਤੇ ਸਟੀਕਤਾ ਸਹਿਤ ਲਿਖਿਆ ਹੈ।
ਅੱਖਰ ਬੋਧ ਅਤੇ ਸਿੱਖ ਧਰਮ ਦੀ ਵਿਸ਼ੇਸ਼ ਜਾਣਕਾਰੀ
ਸੰਪਾਦਕ ਤੇ ਪ੍ਰਕਾਸ਼ਕ : ਮਹੰਤ ਕਾਹਨ ਸਿੰਘ 'ਸੇਵਾ ਪੰਥੀ'
ਸੇਵਾਪੰਥੀ ਗੁਰਦੁਆਰਾ ਟਿਕਾਣਾ ਭਾਈ ਜਗਤਾ ਸਿੰਘ ਜੀ ਸਾਹਿਬ, ਗੋਨਿਆਣਾ ਮੰਡੀ (ਬਠਿੰਡਾ)
ਸਫ਼ੇ : 56
ਸੰਪਰਕ : 98140-04503
ਸੇਵਾ ਪੰਥੀ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਮੰਡੀ (ਬਠਿੰਡਾ) ਦੇ ਮੁਖੀ ਮਹੰਤ ਕਾਹਨ ਸਿੰਘ ਜੀ 'ਸੇਵਾ ਪੰਥੀ' ਨੇ ਬੜੀ ਮਿਹਨਤ ਤੇ ਲਗਨ ਨਾਲ ਇਹ ਆਕਾਰ ਵਿਚ ਛੋਟੀ, ਪਰ ਵਿਸ਼ਾ-ਵਸਤੂ ਵਜੋਂ ਮਹਾਨ ਪੁਸਤਕ ਪ੍ਰਕਾਸ਼ਿਤ ਕੀਤੀ ਹੈ। ਇਹ ਪੁਸਤਕ ਪਹਿਲਾਂ ਹੀ ਅੱਠ ਵਾਰ ਛਪ ਚੁੱਕੀ ਹੈ। ਇਹ ਇਸ ਦਾ ਨੌਵਾਂ ਐਡੀਸ਼ਨ ਹੈ। ਇਸ ਪੁਸਤਕ ਵਿਚ ਪੰਜਾਬੀ ਮਾਂ-ਬੋਲੀ ਸਿੱਖਣ, ਸਿੱਖ ਧਰਮ, ਕੇਸ, ਦਸਤਾਰ, ਅੰਮ੍ਰਿਤ, ਬਖ਼ਸ਼ਿਸ਼ ਮੂਲ ਮੰਤਰ ਦੀ, ਸ਼ਰਾਬਪਾਨ, ਤਮਾਕੂ ਦੇ ਨੁਕਸਾਨ ਆਦਿ ਵਿਸ਼ਿਆਂ ਬਾਰੇ ਗੁਰਮਤਿ ਅਨੁਸਾਰ ਚਰਚਾ ਕੀਤੀ ਗਈ ਹੈ। ਇਸ ਤੋਂ ਛੁੱਟ ਪੰਜਾਬੀ ਅੱਖਰ ਬੋਧ, ਦਸ ਗੁਰੂ ਸਾਹਿਬਾਨ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਪੰਜ ਤਖ਼ਤ, ਪੰਜ ਕਕਾਰ, ਨਿਤਨੇਮ ਦੀਆਂ ਬਾਣੀਆਂ, ਮੂਲ ਮੰਤਰ ਅਤੇ ਉਸ ਦੇ ਅਰਥ ਪੰਜਾਬੀ ਤੇ ਅੰਗਰੇਜ਼ੀ ਵਿਚ ਦਰਸਾਏ ਗਏ ਹਨ। ਆਸ ਹੈ ਪਾਠਕ ਇਸ ਪੁਸਤਕ ਨੂੰ ਪੜ੍ਹਨ ਉਪਰੰਤ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨਗੇ ਅਤੇ ਬੱਚਿਆਂ ਤੇ ਨੌਜਵਾਨਾਂ ਨੂੰ ਵੀ ਇਸ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦੇਣਗੇ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਬੰਦ ਦਰਵਾਜ਼ੇ ਦੀ ਝਾਤ
ਲੇਖਕ : ਪਵਨ ਕੁਮਾਰ 'ਹੋਸ਼ੀ'
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 230 ਰੁਪਏ, ਸਫ਼ੇ : 104
ਸੰਪਰਕ : 80545-45087
ਪਵਨ ਕੁਮਾਰ ਹੋਸ਼ੀ ਅਜਿਹੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਕਰਨਾ ਲੋਚਦੇ ਹਨ, ਜਿੱਥੇ ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਹੋਵੇ। ਸਾਰਿਆਂ ਨੂੰ ਜੀਵਨ ਵਿਚ ਤਰੱਕੀ ਕਰਨ ਲਈ ਬਰਾਬਰ ਦੇ ਮੌਕੇ ਮਿਲਣ, ਹਰ ਕਿਸੇ ਨੂੰ ਉਸ ਦੀ ਮਿਹਨਤ ਦਾ ਪੂਰਾ ਮੁੱਲ ਮਿਲੇ ਅਤੇ ਹਰ ਕੋਈ ਆਪਣੇ ਜੀਵਨ ਨੂੰ ਮਾਣਨ ਦੇ ਸਮਰੱਥ ਹੋ ਸਕੇ। ਪੰਜਾਬ ਪੁਲਿਸ ਵਿਚੋਂ ਸੇਵਾ-ਮੁਕਤ ਹੋਣ ਕਰਕੇ ਉਹ ਸਮਾਜਿਕ ਤਾਣੇ-ਬਾਣੇ ਦੀਆਂ ਗੁੰਝਲਦਾਰ ਪਰਤਾਂ ਸਬੰਧੀ ਵੀ ਬੜੀ ਜ਼ਿਕਰਯੋਗ ਸੂਝ-ਬੂਝ ਰੱਖਦੇ ਹਨ:
ਮੰਦਰਾਂ, ਮਸਜਿਦਾਂ ਤੇ
ਗੁਰਦੁਆਰਿਆਂ ਦੀ
ਇੱਥੇ ਭਰਮਾਰ ਹੈ।
ਫਿਰ ਵੀ ਭਵਿੱਖ ਨੂੰ ਲਕਵਾ ਤੇ
ਇਨਸਾਨੀਅਤ ਬਿਮਾਰ ਹੈ।
ਦੁਨੀਆ ਵਿਚ ਅਜਿਹਾ ਕੁਝ ਵੀ ਨਹੀਂ ਹੈ, ਜਿਸ ਨੂੰ ਅਸੰਭਵ ਕਿਹਾ ਜਾ ਸਕਦਾ ਹੋਵੇ। ਅਸਲ ਵਿਚ ਸੁਣੀਆਂ-ਸੁਣਾਈਆਂ ਧਾਰਨਾਵਾਂ ਅਕਸਰ ਹੀ ਸਾਡੇ ਪੈਰਾਂ ਦੀਆਂ ਬੇੜੀਆਂ ਬਣ ਜਾਂਦੀਆਂ ਹਨ ਅਤੇ ਸਾਨੂੰ ਪ੍ਰਸਥਿਤੀਆਂ ਨਾਲ ਸਮਝੌਤਾ ਕਰਨ ਲਈ ਮਜਬੂਰ ਕਰ ਦਿੰਦੀਆਂ ਹਨ। ਪਵਨ ਕੁਮਾਰ ਹੋਸ਼ੀ ਇਸ ਵਿਚਾਰਧਾਰਾ ਦੇ ਧਾਰਨੀ ਹਨ ਕਿ ਹਿੰਮਤ ਅਤੇ ਹੌਸਲਾ ਰੱਖਣ ਵਾਲੇ ਸਿਰੜੀ ਵਿਅਕਤੀ ਦੀਆਂ ਮਨਚਾਹੀਆਂ ਮੰਜ਼ਿਲਾਂ ਖ਼ੁਦ ਚੱਲ ਕੇ ਉਸ ਦੇ ਕਦਮਾਂ ਵਿਚ ਆਉਂਦੀਆਂ ਹਨ:
ਗ਼ੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ,
ਉੱਪਰ ਉੱਠ ਜੋ,
ਤੇ ਮਰੇ ਹੋਏ ਸੁਪਨਿਆਂ ਨੂੰ ਵੀ
ਤੁਸੀਂ ਸਾਕਾਰ ਕਰੋ।
ਪਵਨ ਕੁਮਾਰ ਹੋਸ਼ੀ ਦੀ ਕਵਿਤਾ ਉਨ੍ਹਾਂ ਸਾਰੇ ਗੁਣਾਂ ਨਾਲ ਪੂਰੀ ਤਰ੍ਹਾਂ ਲਬਰੇਜ਼ ਹੈ, ਜੋ ਇੱਕ ਚੰਗੀ ਕਵਿਤਾ ਵਿਚ ਹੋਣੇ ਲਾਜ਼ਮੀ ਹੁੰਦੇ ਹਨ। ਅਜੇ ਤਾਂ ਉਨ੍ਹਾਂ ਦੇ ਸਾਹਿਤਕ ਸਫ਼ਰ ਦੀ ਪਲੇਠੀ ਪੁਲਾਂਘ ਹੈ ਅਤੇ ਭਵਿੱਖ ਵਿਚ ਉਨ੍ਹਾਂ ਨੇ ਹੋਰ ਉਚੇਰੇ ਪੜਾਅ ਤੈਅ ਕਰਨੇ ਹਨ। ਹਥਲੀ ਪੁਸਤਕ 'ਬੰਦ ਦਰਵਾਜ਼ੇ ਦੀ ਝਾਤ' ਵਿਚ ਉਨ੍ਹਾਂ ਨੇ ਵਰਤਮਾਨ ਦੇ ਹਰੇਕ ਭਖਦੇ ਮਸਲੇ ਨੂੰ ਛੂਹਣ ਦੀ ਸਫ਼ਲ ਅਤੇ ਸੁਚੱਜੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀ ਕਵਿਤਾ ਵਿਚ ਬੜੀਆਂ ਸੰਭਾਵਨਾਵਾਂ ਦਿਖਾਈ ਦਿੰਦੀਆਂ ਹਨ, ਜਿਸ ਕਰਕੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਕੋਲੋਂ ਹੋਰ ਮਿਆਰੀ ਸਿਰਜਣਾ ਦੀ ਉਮੀਦ ਬੱਝਦੀ ਹੈ। ਆਪਣੇ ਆਪ ਨਾਲ ਸੰਵਾਦ ਰਚਾਉਣ ਦੀ ਉਨ੍ਹਾਂ ਦੀ ਇਸ ਬੇਹੱਦ ਖ਼ੂਬਸੂਰਤ ਜੁਗਤ ਦੀ ਭਰਪੂਰ ਸ਼ਲਾਘਾ ਕਰਨੀ ਬਣਦੀ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਪੈਰਿਸ ਕਮਿਊਨ ਸੰਬੰਧੀ
ਲੇਖਕ : ਕਾਰਲ ਮਾਰਕਸ ਫ਼ਰੈਡਰਿਕ ਏਂਗਲਜ਼
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 499 ਰੁਪਏ, ਸਫ਼ੇ : 412
ਸੰਪਰਕ : 95011-45039
ਤਿੰਨ ਭਾਗਾਂ ਵਿਚ ਲਿਖੀ ਗਈ ਇਹ ਪੁਸਤਕ ਵਿਸ਼ਵ ਵਿਚ ਕਮਿਊਨਿਸਟ ਲਹਿਰ ਦੇ ਉਸ ਇਤਿਹਾਸਿਕ ਸਮੇਂ ਦਾ ਦਸਤਾਵੇਜ਼ ਹੈ, ਜਦੋਂ ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼ ਦੇ ਸੁਪਨਈ ਸਿਧਾਂਤਾਂ ਨੇ ਪਹਿਲੀ ਵਾਰ ਰਾਜਨੀਤਕ ਸੱਤਾ ਹਾਸਲ ਕਰਕੇ, ਵਿਸ਼ਵ ਨੂੰ ਹੈਰਾਨ ਕਰ ਦਿੱਤਾ ਸੀ। ਇਨ੍ਹਾਂ ਸਿਧਾਂਤਾਂ ਨੂੰ ਪਹਿਲੀ ਸਫ਼ਲਤਾ ਕਾਰਲ ਮਾਰਕਸ ਵਲੋਂ 'ਕਮਿਊਨਿਸਟ ਮੈਨੀਫੈਸਟੋ' ਲਿਖੇ ਜਾਣ ਤੋਂ 23 ਸਾਲ ਬਾਅਦ 1871 ਵਿਚ ਮਿਲੀ ਸੀ। ਇਕ ਧੂੰਆਧਾਰ ਸੰਘਰਸ਼ ਤੋਂ ਬਾਅਦ ਫ਼ਰਾਂਸ ਦੇ ਕਿਰਤੀਆਂ ਨੇ 18 ਮਾਰਚ, 1871 ਨੂੰ ਬੁਰਜੁਆ ਹਾਕਮਾਂ ਨੂੰ ਪੈਰਿਸ ਸ਼ਹਿਰ ਵਿਚੋਂ ਬਾਹਰ ਧੱਕ ਕੇ ਸੱਤਾ ਆਪਣੇ ਹੱਥਾਂ ਵਿਚ ਲੈ ਲਈ ਸੀ। 28 ਮਾਰਚ, 1871 ਨੂੰ ਇਨ੍ਹਾਂ ਕਿਰਤੀਆਂ ਨੇ ਵਿਸ਼ਵ ਦਾ ਪਹਿਲਾ ਪਰੋਲੇਤਾਰੀ ਸ਼ਾਸਨ 'ਪੈਰਿਸ ਕਮਿਊਨ' ਸਥਾਪਿਤ ਕੀਤਾ ਸੀ। ਇਸ ਅਦਭੁਤ ਸ਼ਾਸਨ ਨੂੰ 'ਲੋਕਾਂ ਵੱਲੋਂ ਲੋਕਾਂ ਲਈ ਹਕੂਮਤ' ਦਾ ਨਾਮ ਦਿੱਤਾ ਗਿਆ ਅਤੇ ਪਹਿਲੀ ਵਾਰ ਕਿਰਤੀਆਂ ਦੇ ਹੱਕ ਵਿਚ ਫ਼ੈਸਲੇ ਲਏ ਗਏ। ਪਰ ਇਹ ਰਾਜ ਪ੍ਰਬੰਧ ਸਿਰਫ਼ 72 ਦਿਨ ਹੀ ਚੱਲ ਸਕਿਆ ਸੀ। ਸਜ-ਪਛਾਖੜੀਆਂ ਨਾਲ ਹੋਏ ਇਕ ਗਹਿਗੱਚ ਮੁਕਾਬਲੇ ਪਿੱਛੋਂ ਇਹ ਸੱਤਾ ਢਹਿਢੇਰੀ ਹੋ ਗਈ। ਪਰ ਵਿਸ਼ਵ ਭਰ ਦੇ ਇਨਕਲਾਬੀਆਂ ਲਈ ਦੂਰ-ਅੰਦੇਸ਼ੀ ਭਰੇ ਸਬਕ ਛੱਡ ਗਈ। 1917 ਵਾਲੇ ਰੂਸੀ ਇਨਕਲਾਬ ਦੇ ਜਨ ਨਾਇਕ ਵਲਾਦੀਮੀਰ ਇਲੀਅਚ ਓਲੀਆਨੋਵ ਲੈਨਿਨ ਨੇ 'ਪੈਰਿਸ ਕਮਿਊਨ' ਬਾਰੇ ਲਿਖਿਆ ਸੀ:-
'ਕਮਿਊਨ ਨੇ ਯੂਰਪ ਦੇ ਪਰੋਲੇਤਾਰੀਆਂ ਨੂੰ ਸੋਸ਼ਲਿਸਟ ਇਨਕਲਾਬ ਦੇ ਕਾਰਜਾਂ ਨੂੰ ਸਥੂਲ ਰੂਪ ਵਿਚ ਪੇਸ਼ ਕਰਨਾ ਸਿਖਾਇਆ। ਪੈਰਿਸ ਵਿਚ ਤੋਪਾਂ ਦੀ ਗਰਜ ਨੇ ਪਰੋਲੇਤਾਰੀਆਂ ਦੇ ਅਤਿ ਪਛੜੇ ਹਿੱਸਿਆਂ ਨੂੰ ਡੂੰਘੀ ਨੀਂਦ ਵਿਚੋਂ ਜਗਾ ਦਿੱਤਾ ਅਤੇ ਹਰ ਥਾਂ ਇਨਕਲਾਬੀ ਸੋਚ ਦੇ ਪ੍ਰਚਾਰ ਦੇ ਵਾਧੇ ਨੂੰ ਬਲ ਬਖਸ਼ਿਆ।'
ਇਹ ਪੁਸਤਕ 'ਪੈਰਿਸ ਕਮਿਊਨ' ਦੀ ਇਤਿਹਾਸਿਕ ਮਹੱਤਤਾ ਨੂੰ ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼ ਦੀਆਂ ਲਿਖਤਾਂ ਰਾਹੀਂ ਸਮਝਣ ਦੀ ਸੋਝੀ ਪ੍ਰਧਾਨ ਕਰਦੀ ਹੈ। ਇਸ ਵਿਚ ਇਨ੍ਹਾਂ ਦੋਵਾਂ ਸਿਧਾਂਤਕਾਰਾਂ ਦੀਆਂ 'ਪੈਰਿਸ ਕਮਿਊਨ' ਸੰਬੰਧੀ ਲਿਖੀਆਂ ਗਈਆਂ ਪ੍ਰਮੁੱਖ ਲਿਖਤਾਂ ਸ਼ਾਮਿਲ ਹਨ। ਕਿਤਾਬ ਦੇ ਪਹਿਲੇ ਭਾਗ ਵਿਚ ਫਰਾਂਸ ਵਿਚ ਖਾਨਾਜੰਗੀ ਬਾਰੇ ਕਾਰਲ ਮਾਰਕਸ ਦਾ ਵਿਸ਼ਲੇਸ਼ਣ 'ਇੰਟਰਨੈਸ਼ਨਲ' ਦੀ ਸਥਾਪਨਾ ਸੰਬੰਧੀ ਉਸ ਦੇ ਵਿਚਾਰ ਅਤੇ ਏਂਗਲਜ਼ ਦੀਆਂ ਟਿੱਪਣੀਆਂ ਅੰਕਿਤ ਹਨ। ਦੂਜੇ ਭਾਗ ਵਿਚ ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼ ਦੀਆਂ ਤਕਰੀਰਾਂ ਅਤੇ 'ਪੈਰਿਸ ਕਮਿਊਨ' ਦੀਆਂ ਵਰ੍ਹੇਗੰਢਾਂ ਉੱਤੇ ਕੀਤੇ ਗਏ ਸਮਾਗਮਾਂ ਦੀਆਂ ਰਿਪੋਰਟਾਂ ਸਮੇਤ ਵੱਖ-ਵੱਖ ਆਗੂਆਂ ਦੇ ਬਿਆਨ ਅਤੇ ਲੇਖ ਦਰਜ ਹਨ। ਜਦੋਂ ਕਿ ਤੀਜੇ ਭਾਗ ਵਿਚ ਕਾਰਲ ਮਾਰਕਸ ਤੇ ਏਂਗਲਜ਼ ਵਲੋਂ ਵੱਖ-ਵੱਖ ਆਗੂਆਂ ਨੂੰ ਲਿਖੇ ਗਏ ਖ਼ਤ ਦਰਜ ਕੀਤੇ ਗਏ ਹਨ। ਕਿਤਾਬ ਦੀ ਅੰਤਿਕਾ ਵਜੋਂ 'ਇੰਟਰਨੈਸ਼ਨਲ' ਦੀ ਆਮ ਪਰੀਸ਼ਦ ਦਾ ਸੰਦੇਸ਼ ਪੱਤਰ ਛਾਪਿਆ ਗਿਆ ਹੈ। ਜੋ ਕਾਮਰੇਡ ਲੈਨਿਨ ਦੇ 'ਪਹਿਲੀ ਇੰਟਰਨੈਸ਼ਨਲ' ਸੰਬੰਧੀ ਵਿਚਾਰਾਂ ਨੂੰ ਵੀ ਉਜਾਗਰ ਕਰਦਾ ਹੈ। :-
'ਪਰੋਲੇਤਾਰੀ ਦੀ ਪਹਿਲੀ ਇੰਟਰਨੈਸ਼ਨਲ' ਪਹਿਲੀ ਜਨਤਕ ਇੰਟਰਨੈਸ਼ਨਲ ਜਥੇਬੰਦੀ ਸੀ, ਜਿਸ ਦੀ ਅਗਵਾਈ ਮਾਰਕਸ ਅਤੇ ਏਂਗਲਜ਼ ਨੇ ਕੀਤੀ ਸੀ। ਇਸ ਨੇ ਵਿਗਿਆਨਿਕ ਸੋਸ਼ਲਿਜ਼ਮ ਦੇ ਵਿਚਾਰ, ਮੁੱਖ ਸਰਮਾਏਦਾਰ ਦੇਸ਼ਾਂ ਦੇ ਅਗਾਂਹ ਵਧੂ ਕਿਰਤੀਆਂ ਤੱਕ ਪਹੁੰਚਾਏ ਅਤੇ ਸਰਮਾਏ ਉੱਤੇ ਇਨਕਲਾਬੀ ਹਮਲੇ ਲਈ ਕਿਰਤੀਆਂ ਦੀ ਕੌਮਾਤਰੀ ਜਥੇਬੰਦੀ ਦਾ ਅਧਾਰ ਤਿਆਰ ਕੀਤਾ।'
ਇਹ ਪੁਸਤਕ ਨਵੇਂ ਦੌਰ ਦੇ ਇਨਕਲਾਬੀ ਸੰਘਰਸ਼ਾਂ ਨੂੰ ਵਰਤਮਾਨ ਦਿਸ਼ਾ ਦੇਣ ਲਈ ਪੜ੍ਹਨੀ ਜ਼ਰੂਰੀ ਹੈ। ਕਿਉਂਕਿ ਇਹ ਇਤਿਹਾਸ ਦੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਅੰਧ-ਰਾਸ਼ਟਰਵਾਦ ਅਤੇ ਧਾਰਮਿਕ ਕੱਟੜਤਾ ਸੰਬੰਧੀ ਗ਼ਲਤ-ਫ਼ਹਿਮੀਆਂ ਨਾਲ ਸਿੱਝਣ ਲਈ ਸਹੀ ਸਮਝ ਪ੍ਰਦਾਨ ਕਰ ਸਕਦੀ ਹੈ।
-ਡਾ.ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812
ਥੋੜ੍ਹਾ-ਬਹੁਤ
ਕਵੀ : ਧਰਮਿੰਦਰ ਭੰਗੂ ਕਾਲੇਮਾਜਰਾ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 89686-82300
'ਥੋੜ੍ਹਾ ਬਹੁਤ' ਕਾਵਿ-ਸੰਗ੍ਰਹਿ ਧਰਮਿੰਦਰ ਭੰਗੂ ਕਾਲੇਮਾਜਰਾ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਕਵੀ ਨੇ ਇਹ ਸਾਰੀਆਂ ਕਵਿਤਾਵਾਂ ਸਮਾਜਿਕ ਮਸਲਿਆਂ ਬਾਰੇ ਤੇ ਵਰਤਮਾਨ ਸਮੇਂ ਸਮਾਜ ਦੀ ਸੋਚ, ਰਿਸ਼ਤੇ ਅਤੇ ਸਮਾਜਿਕ ਸਰੋਕਾਰਾਂ ਵਿਚ ਆ ਰਹੇ ਬਦਲਾਵਾਂ ਨੂੰ ਧਿਆਨ ਵਿਚ ਰੱਖ ਕੇ ਲਿਖੀਆਂ ਹਨ। ਇਸ ਪੁਸਤਕ ਦੀ ਭੂਮਿਕਾ ਰਬਿੰਦਰ ਸਿੰਘ ਰੱਬੀ ਅਤੇ ਗੁਰਿੰਦਰ ਸਿੰਘ ਕਲਸੀ (ਖੋਜ ਅਫ਼ਸਰ ਭਾਸ਼ਾ ਵਿਭਾਗ ਰੂਪਨਗਰ) ਨੇ ਲਿਖੀ ਹੈ। ਇਨ੍ਹਾਂ ਭੂਮਿਕਾਵਾਂ ਤੋਂ ਜਾਣਕਾਰੀ ਹੁੰਦੀ ਹੈ ਕਿ ਧਰਮਿੰਦਰ ਭੰਗੂ ਦੀਆਂ ਕਵਿਤਾਵਾਂ ਦੇ ਵਿਸ਼ੇ ਕਰਾਂਤੀਕਾਰੀ ਜਾਂ ਇਨਕਲਾਬੀ ਸੋਚ ਨਾਲ ਇਸ ਲਈ ਜੁੜੇ ਹਨ ਕਿਉਂ ਜੋ ਇਹ ਕਵੀ ਮੁਲਾਜ਼ਮ ਆਗੂ ਹੈ ਤੇ ਮੁਲਾਜ਼ਮ ਹੱਕਾਂ ਲਈ ਜੂਝਦਿਆਂ ਉਸ ਦੀਆਂ ਕਾਵਿ-ਰਚਨਾਵਾਂ ਵਿਗਿਆਨਕ ਸੋਚ ਤੇ ਕ੍ਰਾਂਤੀਕਾਰੀ ਵਿਚਾਰਾਂ ਵਾਲੀਆਂ ਹਨ। ਕਵੀ ਨੇ ਪੰਜਾਬ ਦੀਆਂ ਬਹੁਤ ਸਾਰੀਆਂ ਸਮਾਜਿਕ ਚਿੰਤਾਵਾਂ ਤੇ ਫਿਕਰਾਂ ਬਾਰੇ ਜ਼ਿਕਰ ਕੀਤਾ ਹੈ। ਉਹ ਸਭ ਤੋਂ ਵੱਡੀ ਵੰਗਾਰ, ਪ੍ਰਦੂਸ਼ਣ ਰੋਕਣ ਅਤੇ ਪਾਣੀ ਦੇ ਬਚਾਅ ਸੰਬੰਧੀ ਚੇਤਨ ਕਰਦਿਆਂ ਪ੍ਰਗਟ ਕਰਦਾ ਹੈ :
ਹਰੀਆਂ ਕ੍ਰਾਂਤੀਆਂ ਨਾਲ ਝੋਨਾ ਅਸੀਂ ਲਾ ਲਿਆ।
ਧਰਤੀ ਦਾ ਸਾਰਾ ਪਾਣੀ ਅਸੀਂ ਹੈ ਗਵਾ ਲਿਆ
ਬਣੇ ਰਾਖੇ ਹੀ ਬਾਗ ਦੇ ਦੋਖੀ ਕਿਵੇਂ ਹੈ ਗੁਲਾਬ ਬਚਣਾ
ਆਪਾਂ ਰਹੇ ਜੇ ਗਵਾਉਂਦੇ ਪਾਣੀ ਕਿੱਥੋਂ ਹੈ ਪੰਜਾਬ ਬਚਣਾ
ਕਵੀ ਨੇ ਭਗਤ ਸਿੰਘ ਦੇ ਕ੍ਰਾਂਤੀਕਾਰੀ ਫਲਸਫ਼ੇ ਦਾ ਵਰਤਮਾਨ ਸਮੇਂ ਬਦਲਦਾ ਸਰੂਪ ਅਤੇ ਨੌਜਵਾਨ ਪੀੜ੍ਹੀ ਅੰਦਰ ਕੇਵਲ ਭਗਤ ਸਿੰਘ ਦੀਆਂ ਤਸਵੀਰਾਂ ਤੱਕ ਦੀ ਦਿਲਚਸਪੀ ਤੇ ਉਸ ਦੀ ਵਿਚਾਰਧਾਰਾ ਤੋਂ ਕਿਨਾਰਾ ਕਰਨ ਦੀ ਰੁਚੀ ਨੂੰ ਕਾਫ਼ੀ ਪ੍ਰਬਲ ਰੂਪ ਵਿਚ ਪੇਸ਼ ਕੀਤਾ ਹੈ। ਉਹ ਭਗਤ ਸਿੰਘ ਦੀ ਸੋਚ ਨੂੰ ਵਰਤਮਾਨ ਸਮੇਂ ਧੁੰਦਲੀ ਹੋਣ ਤੱਕ ਦੇ ਕੇਵਲ ਵਿਖਾਵੇ ਖਾਤਰ ਉਸ ਦੇ ਬੁੱਤ 'ਤੇ ਪਾਏ ਜਾਂਦੇ ਹਾਰ ਤੱਕ ਦੇ ਭਗਤ ਸਿੰਘ ਦੀ ਵਿਚਾਰਦਾਰਾ ਨਾ ਅਪਣਾਉਣ 'ਤੇ ਦੁੱਖ ਮਹਿਸੂਸ ਕਰਦਾ ਹੈ। ਕਵੀ ਨੇ ਜਾਗੋ ਪੰਜਾਬ ਦਿਓ ਲੋਕੋ ਰਾਹੀਂ ਨਸ਼ਿਆਂ ਦੀ ਵਰਤੋਂ ਨਾ ਕਰਨ ਲਈ ਸੁਚੇਤ ਕੀਤਾ ਹੈ। ਕਵੀ ਨੇ ਵਿਅੰਗਾਤਮਿਕ ਜੁਗਤ ਨਾਲ ਸਮੇਂ ਦੀਆਂ ਤਲਖ਼ ਹਕੀਕਤਾਂ ਤੋਂ ਸੁਚੇਤ ਕੀਤਾ ਹੈ। ਨੋਟਤੰਤਰ, ਮਨ ਕੀ ਬਾਤ, ਇਨਕਲਾਬ, ਮੁਆਫ਼ੀਨਾਮਾ, ਮੋਬਾਈਲ, ਰਿਸ਼ਤੇ, ਸਰਾਭੇ ਦਾ ਵਾਰਿਸ, ਵੋਟਾਂ, ਮਖੌਟੇ, ਫ਼ਾਸਲਾ, ਹੈਪੀ ਫਾਦਰਜ਼ ਡੇ, ਜੋਕਾਂ, ਸਾਜ਼ਿਸ਼ਾਂ ਦੇ ਦੌਰ ਵਿਚ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਬਹੁਤ ਛੋਟੀਆਂ ਰਚਨਾਵਾਂ ਵਿਚ ਬਹੁਤ ਗੰਭੀਰ ਵਿਚਾਰ ਵੀ ਕਵੀ ਨੇ ਪ੍ਰਗਟਾਏ ਹਨ। ਵੋਟ ਦੀ ਤਾਕਤ, ਘਰ ਵਾਪਸੀ, ਸਮਝੌਤਾ, ਭੁਲੇਖਾ, ਇਲਜ਼ਾਮ, ਜੇ ਸੱਚੇ ਹੋ ਨਾਨਕ ਦੇ, ਕੇਹਾ ਇਹ ਮੌਸਮ ਆਇਆ, ਰਚਨਾਵਾਂ ਵੀ ਸਲਾਹੁਣਯੋਗ ਹਨ। ਮਈ ਦਿਵਸ ਰਾਹੀਂ ਮਜ਼ਦੂਰ ਤੇ ਕਿਰਤੀਆਂ ਨੂੰ ਇਕਮੁੱਠ ਹੋਣ ਦਾ ਸੱਦਾ ਦਿੱਤਾ ਹੈ। ਸਮੁੱਚੇ ਤੌਰ 'ਤੇ ਇਹ ਕਾਵਿ ਪੁਸਤਕ ਬਹੁਤ ਹੀ ਉਸਾਰੂ ਅਤੇ ਅਗਾਂਹਵਧੂ ਵਿਸ਼ਿਆਂ ਨਾਲ ਭਰਪੂਰ ਕਾਵਿ ਪੁਸਤਕ ਹੈ। ਕਵੀ ਨੂੰ ਇਸ ਦੀ ਮੁਬਾਰਕਬਾਦ।
-ਪ੍ਰੋ. ਕੁਲਜੀਤ ਕੌਰ
ਆਓ, ਸ਼ੁੱਧ ਪੰਜਾਬੀ ਦਾ ਨਾਹਰਾ ਸਿਰਜੀਏ
ਲੇਖਕ : ਰਬਿੰਦਰ ਸਿੰਘ ਰੱਬੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ :191
ਸੰਪਰਕ : 89689-46129
ਅੱਖਰਾਂ ਦਾ ਜੰਗਲ... ਕੰਨਾ (ਲਗ) ਅਤੇ ਬਿੰਦੀ (ਲਗਾਖਰ) ਦਾ ਰੋਲਾ... ਕੰਨਾ ਆਖੇ ਮੈਂ ਵੱਡਾ, ਮੈਂ ਪੂਰਾ... ਬਿੰਦੀ ਕਹਿੰਦੀ ਸਾਰੇ ਬਰਾਬਰ, ਕੋਈ ਨਾ ਪੂਰਾ... ਕੰਨਾ ਇਕ ਅੱਖਰ ਨਾਲ ਲੱਗ ਕੇ ਸ਼ਬਦ ਬਣਾਉਣ ਲੱਗਾ... ਬਿੰਦੀ ਨੇ ਨਾਲ ਆ ਕੇ ਅਰਥ ਬਦਲ ਦਿੱਤੇ... (ਨਾ-ਨਾਂ), (ਗਾ-ਗਾਂ)... ਕੰਨੇ ਨੇ ਇਕ ਅੱਖਰ ਹੋਰ ਬੁਲਾਇਆ ਪਰ ਬਿੰਦੀ ਨਾ ਟਲੀ... (ਸਮਾ-ਸਮਾਂ), (ਭਰਾ-ਭਰਾਂ)... ਕੰਨੇ ਨੇ ਦੋ ਥਾਈਂ ਆ ਕੇ ਦੋ ਅੱਖਰਾਂ ਨਾਲ ਯਾਰੀ ਲਾਈ ਪਰ ਬਿੰਦੀ ਦਾ ਫਿਰ ਵੀ ਉਹੀ ਕੰਮ... (ਸਾਕਾ-ਸਾਕਾਂ), (ਆਸਾ-ਆਸਾਂ)... ਕੰਨਾ ਬਿਹਾਰੀ ਨਾਲ ਗੱਲ ਕਰਨ ਗਿਆ... ਦੋਵੇਂ ਰਲ ਗਏ ਪਰ ਬਿੰਦੀ ਤਾਂ ਬਿੰਦੀ ਸੀ... (ਗੀਤਾ-ਗੀਤਾਂ), (ਤੀਆ-ਤੀਆਂ)... ਬਿੰਦੀ ਨੇ ਬਿਹਾਰੀ ਨੂੰ ਵੀ ਹੱਥ ਵਿਖਾ ਦਿੱਤੇ... (ਰਾਹੀ-ਰਾਹੀਂ), (ਵਾਰੀ-ਵਾਰੀਂ)... ਕੰਨੇ ਨੇ ਲਾਂ ਤੋਂ ਮਦਦ ਮੰਗੀ ਪਰ ਬਿੰਦੀ ਨੇ ਸਭ ਵਿਅਰਥ ਕਰ ਦਿੱਤਾ...(ਵੇਲਾ-ਵੇਲਾਂ),(ਗੇੜਾ-ਗੇੜਾਂ)...ਹੋੜੇ ਨੂੰ ਕਿਹਾ ਪਰ ਗੱਲ ਨਾ ਬਣੀ...(ਦੋਹਾ-ਦੋਹਾਂ),(ਗੋਤਾ-ਗੋਤਾਂ)... ਕਨੌੜੇ ਨੇ ਵੀ ਵਾਹ ਲਾ ਲਈ... (ਸੌ-ਸੌਂ), (ਚੌਕਾ-ਚੌਂਕਾ)... ਬਿੰਦੀ ਨੇ ਔਕੜ ਦੁਲੈਂਕੜ ਵੀ ਚਿੱਤ ਕਰਤੇ... (ਬੂਟਾ-ਬੂਟਾਂ), (ਸੁੱਖਾ-ਸੁੱਖਾਂ)... ਔਂਕੜ ਨੇ ਮਦਦ ਮੰਗੀ ਤੇ ਅੱਧਕ ਨਰਾਜ਼ ਹੋ ਗਿਆ... ਪਰ ਫਿਰ ਵੀ ਕੰਨੇ ਦੀ ਮਦਦ ਕਰ ਗਿਆ... (ਸੱਟਾ-ਸੱਟਾਂ) ਅੱਧਕ ਬਿਹਾਰੀ ਨਾਲ ਰਲ ਕੇ ਵੀ ਬਿੰਦੀ ਦਾ ਮੁਕਾਬਲਾ ਨਾ ਕਰ ਸਕਿਆ... ਫਿਰ ਟਿੱਪੀ ਵੀ ਬਿੰਦੀ ਦੇ ਉਲਟ ਹੋ ਗਈ... ਔਕੜ, ਸਿਹਾਰੀ ਸਭ ਰਲਕੇ ਵੀ ਬਿੰਦੀ ਨੂੰ ਹਰਾ ਨਾ ਸਕੇ... ਇਸੇ ਲੜਾਈ ਵਿਚ ਸ਼ਬਦ ਮੁਖੀ ਵਲੋਂ ਅਨੁਨਾਸਕੀ ਅੱਖਰਾਂ, ਪੈਰ ਬਿੰਦੀ ਵਾਲੇ ਅੱਖਰਾਂ ਅਤੇ ਪੂਰੇ ਅੱਖਰ-ਪਰਿਵਾਰ ਬਾਰੇ ਕਈ ਫ਼ੈਸਲੇ ਲਏ ਗਏ... ਅੱਖਰਾਂ ਤੋਂ ਸ਼ਬਦ ਅਤੇ ਸ਼ਬਦਾਂ ਤੋਂ ਵਾਕ ਬਣਾਉਣ ਦੇ ਨਿਯਮ ਬਣਾਏ ਗਏ... ਇਹ ਅੱਖਰਾਂ, ਲਗਾਂ ਅਤੇ ਲਗਾਖਰਾਂ ਦੀ ਕਹਾਣੀ ਰਵਿੰਦਰ ਸਿੰਘ ਰੱਬੀ ਵਲੋਂ ਲਿਖੀ ਗਈ ਹੈ। ਲੇਖਕ ਵਲੋਂ ਇਹ ਕਹਾਣੀ ਸਿਰਜਣ ਦਾ ਮੁੱਖ ਪ੍ਰਯੋਜਨ ਪਾਠਕ ਨੂੰ ਪੰਜਾਬੀ ਸ਼ਬਦ ਜੋੜਾਂ ਦੇ ਨਿਯਮ ਸਮਝਾਉਣਾ ਹੈ। ਉਸ ਨੇ ਅੱਖਰਾਂ, ਲਗਾਂ, ਲਗਾਖਰਾਂ ਆਦਿ ਨੂੰ ਨਾਇਕ-ਖਲਨਾਇਕ ਦਾ ਰੂਪ ਦੇ ਕੇ ਪੰਜਾਬੀ ਦੇ ਵਿਆਕਰਨਿਕ ਨਿਯਮਾਂਵਾਲੀ ਗੱਲ ਸਮਝਾਈ ਹੈ। ਇਕੋ ਜਿਹੀਆਂ ਆਵਾਜ਼ਾਂ ਵਾਲੇ ਕਈ ਲਫਜ਼ਾਂ, ਉਨ੍ਹਾਂ ਦੇ ਅਰਥ ਅਤੇ ਸ਼ਬਦ-ਜੋੜਾਂ ਦੇ ਨਿਯਮ ਸਮਝਾਉਣ ਲਈ ਇਸ ਕਹਾਣੀ ਵਿਚ ਸੁੰਦਰ ਦ੍ਰਿਸ਼ ਤੇ ਬਿੰਬ ਸਿਰਜੇ ਹਨ। ਲੇਖਕ ਦਾ ਇਸ ਢੰਗ ਨਾਲ ਇਹ ਪੁਸਤਕ ਲਿਖਣਾ ਇਕ ਸ਼ਲਾਘਾਯੋਗ ਕਦਮ ਹੈ। ਲੇਖਕ ਅੱਜ ਦੇ ਸਮੇਂ ਵਿਚ ਪੰਜਾਬੀ ਭਾਸ਼ਾ ਬੋਲਣ ਸਮੇਂ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਅਤੇ ਗੁਰਮੁਖੀ ਲਿੱਪੀ ਵਿਚ ਲਿਖਣ ਸਮੇਂ ਗ਼ਲਤ ਸ਼ਬਦ ਜੋੜਾਂ ਕਾਰਨ ਚਿੰਤਾ ਵਿਅਕਤ ਕਰਦਾ ਹੈ। ਉਹ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਦੇ ਮਿਆਰੀਕਰਨ ਦੀ ਲੋੜ ਨੂੰ ਅਨੁਭਵ ਕਰ ਪੰਜਾਬੀ ਵਿਦਵਾਨਾਂ ਨੂੰ ਇਸ ਖੇਤਰ ਵਿਚ ਕੰਮ ਕਰਨ ਨੂੰ ਪ੍ਰੇਰਦਾ ਹੈ। ਇਸ ਸੰਬੰਧੀ ਹੋ ਚੁੱਕੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਉਹ ਹੋਰ ਵੱਧ ਮਿਹਨਤ ਕੀਤੇ ਜਾਣ ਦੀ ਲੋੜ ਨੂੰ ਮਹਿਸੂਸ ਕਰਦਾ ਹੈ। ਆਸ ਕੀਤੀ ਜਾਂਦੀ ਹੈ ਕਿ ਉਸ ਦੁਆਰਾ ਕੀਤੇ ਇਸ ਵਿਲੱਖਣ ਕਾਰਜ ਦੀ ਭਰਪੂਰ ਪ੍ਰਸੰਸਾ ਹੋਵੇਗੀ ਅਤੇ ਇਸ ਵਰਗੇ ਹੋਰ ਕੰਮ ਵੀ ਵਿਦਵਾਨਾਂ ਵੱਲੋਂ ਕੀਤੇ ਜਾਣਗੇ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਧਰੂ ਤਾਰਾ
ਸੰਤ-ਸਿਪਾਹੀ ਭਾਈ ਮਹਿੰਗਾ ਸਿੰਘ ਜੀ ਬੱਬਰ
ਲੇਖਕ : ਹਾਕਮ ਸਿੰਘ ਨੱਤਿਆਂ
ਪ੍ਰਕਾਸ਼ਕ : ਦਵਿੰਦਰਪਾਲ ਸਿੰਘ, ਖਰੜ
ਸਫ਼ੇ : 60, ਭੇਟਾ : ਮੁਫ਼ਤ
ਸੰਪਰਕ : 98554-82940
ਸਾਕਾ 1984 ਸਮੇਂ ਬੱਬਰ ਜਥੇਬੰਦੀ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਉਰਫ (ਕੁਲਵੰਤ ਸਿੰਘ) ਦੇ ਅੰਤਲੇ ਸਮੇਂ ਦੀ ਜੀਵਨ ਗਾਥਾ ਹੈ। ਲੇਖਕ ਹਾਕਮ ਸਿੰਘ ਨੱਤਿਆਂ ਨੇ ਹਥਲੀ ਕਿਤਾਬ ਵਿਚ ਭਾਈ ਮਹਿੰਗਾ ਸਿੰਘ ਤੇ ਉਸ ਦੇ ਪਰਿਵਾਰ ਨਾਲ ਸੰਬੰਧਿਤ ਅੰਦਾਜਨ 42 ਤੋਂ ਵੱਧ ਰੰਗਦਾਰ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਹਨ। ਦਸ ਕਾਵਿ-ਰਚਨਾਵਾਂ ਹਨ ਅਤੇ 29 ਸਿਰਲੇਖਾਂ ਵਿਚ ਇਹ ਕਿਤਾਬ ਸੰਪੂਰਨ ਹੁੰਦੀ ਹੈ।
ਭਾਈ ਮਹਿੰਗਾ ਸਿੰਘ ਬੱਬਰ ਜਥੇਬੰਦੀ ਦਾ ਸਿਰਕੱਢ ਜੁਝਾਰੂ ਸਿੰਘ ਸੀ, ਇਹ ਜਥੇਬੰਦੀ ਅਖੰਡ ਕੀਰਤਨੀ ਜਥੇ ਦੀ ਉਪਜ ਸੀ। ਉਨ੍ਹਾਂ ਦਾ ਜਨਮ 3 ਜਨਵਰੀ 1957 ਨੂੰ ਮੁਹੱਲਾ ਵਿਸ਼ਕਰਮਾ, ਜਮਨਾ ਨਗਰ ਹਰਿਆਣਾ ਵਿਖੇ ਹੋਇਆ। ਹੋਸ਼ ਸੰਭਾਲਣ 'ਤੇ ਉਸ ਦੀ ਸ. ਅਮਰ ਸਿੰਘ ਖ਼ਾਲਸਾ ਸਨਅਤਕਾਰ ਨਾਲ ਸੰਗਤ ਹੋਈ। ਜੋ ਅਖੰਡ ਕੀਰਤਨੀ ਜਥੇ ਦਾ ਮੈਂਬਰ ਸੀ। ਉਸ ਦੀ ਪ੍ਰੇਰਨਾ ਨਾਲ ਅੰਮ੍ਰਿਤ ਛਕਿਆ ਤੇ ਗੁਰੂ ਦਾ ਲੜ ਫੜਿਆ। ਮਾਤਾ ਪਿਤਾ ਨੇ ਵੀ ਥੋੜ੍ਹੀ ਦੇਰ ਬਾਅਦ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਭਾਈ ਮਹਿੰਗਾ ਸਿੰਘ 1977 ਵਿਚ ਘਰ ਪਰਿਵਾਰ ਛੱਡ ਕੇ ਸ੍ਰੀ ਦਰਬਾਰ ਸਾਹਿਬ ਪੁਹੰਚ ਗਿਆ, ਜਿਥੇ ਇਸ ਦਾ ਮਿਲਾਪ ਭਾਈ ਫ਼ੌਜਾ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਮਹਿਲ ਸਿੰਘ, ਭਾਈ ਅਨੋਖ ਸਿੰਘ, ਭਾਈ ਮਨਮੋਹਨ ਸਿੰਘ ਫ਼ੌਜੀ, ਭਾਈ ਸੁਲੱਖਣ ਸਿੰਘ ਤੇ ਹੋਰ ਜੁਝਾਰੂ ਸਿੰਘਾਂ ਨਾਲ ਹੋਇਆ। ਉਥੇ ਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਨਾਲ ਵੀ ਮੇਲ ਜੋਲ ਵਧਦਾ ਗਿਆ। 1978 ਦੀ ਵਿਸਾਖੀ ਵਾਲੇ ਦਿਨ ਨਕਲੀ ਨਿਰੰਕਾਰੀਆਂ ਵੱਲੋਂ ਖੂਨੀ ਕਾਂਡ ਵਰਤਾਇਆ ਗਿਆ। 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਿਨ੍ਹਾਂ ਦੇ ਮੁਖੀ ਭਾਈ ਫੌਜਾ ਸਿੰਘ ਸ਼ਹੀਦ ਸਨ। ਇਸ ਸ਼ਹੀਦੀ ਸਾਕੇ ਦੀ ਖਬਰ ਇਲਾਕੇ ਵਿਚ ਦੇਣ ਲਈ ਭਾਈ ਮਹਿੰਗਾ ਸਿੰਘ ਨੂੰ ਬੀਬੀ ਅਮਰਜੀਤ ਕੌਰ ਨੇ ਭੇਜਿਆ ਸੀ। ਭਾਈ ਮਹਿੰਗਾ ਸਿੰਘ ਫੁਰਤੀਲਾ ਅਤੇ ਆਗਿਆਕਾਰੀ ਸਿੰਘ ਸੀ। ਇਸ ਕਾਂਡ ਦਾ ਅਸਰ ਭਾਈ ਮਹਿੰਗਾ ਸਿੰਘ 'ਤੇ ਬਹੁਤ ਡੂੰਘਾ ਹੋਇਆ ਤੇ ਉਹ ਬੀਬੀ ਅਮਰਜੀਤ ਕੌਰ ਦੀ ਤਾਬਿਆ ਸੇਵਾ ਵਿਚ ਜੁਟ ਗਿਆ।
1 ਜੂਨ, 1984 ਨੂੰ ਸਵੇਰੇ ਅਰਦਾਸ ਕਰਕੇ ਦੁਮਾਲਾ ਸਜਾਇਆ ਅਤੇ ਸ਼ਸਤਰ ਸਜਾ ਕੇ ਤਿਆਰ-ਬਰ-ਤਿਆਰ ਹੋ ਕੇ ਬੀਬੀ ਅਮਰਜੀਤ ਕੌਰ ਨੂੰ ਅਜਿਹੀ ਗੱਜ ਕੇ ਫਤਿਹ ਬੁਲਾਈ, ਜਿਵੇਂ ਇਹ ਫ਼ਤਿਹ ਆਖਰੀ ਹੋਵੇ ਅਤੇ ਨਾਲ ਹੀ ਬੇਨਤੀ ਕੀਤੀ ਕਿ ਮਾਤਾ ਜੀ ਆਪਣੇ ਪੁੱਤਰ ਨੂੰ ਆਸੀਸ ਬਖਸ਼ੋ। ਬੀਬੀ ਜੀ ਨੇ ਪਿਆਰ ਦਿੱਤਾ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ।ਆਪਣੀ ਧਰਮ ਮਾਤਾ ਅਮਰਜੀਤ ਕੌਰ ਦਾ ਆਸ਼ੀਰਵਾਦ ਲੈ ਕੇ ਆਪਣੇ ਮੋਰਚੇ ਵੱਲ ਚੱਲ ਪਿਆ ਜੋ ਕਿ ਬਾਬਾ ਅੱਟਲ ਰਾਇ ਜੀ ਦੇ ਆਖਰੀ ਮੰਜ਼ਲ 'ਤੇ ਸਥਿਤ ਸੀ।
ਰਸਤੇ ਵਿਚ ਕਈ ਜੁਝਾਰੂ ਸਿੰਘ ਮਿਲੇ, ਸਾਰਿਆਂ ਨੇ ਗੱਜ ਕੇ ਚੜ੍ਹਦੀਕਲਾ ਦੀ ਫ਼ਤਹਿ ਬੁਲਾਈ। ਭਾਈ ਮਹਿੰਗਾ ਸਿੰਘ ਨੇ ਅਸਥਾਨ ਬਾਬਾ ਅਟੱਲ ਰਾਏ ਸਾਹਿਬ ਦੇ ਸਨਮੁੱਖ ਖੜੇ ਹੋ ਕੇ ਅਰਦਾਸ ਕੀਤੀ ''ਬਾਬਾ ਅਟੱਲ, ਬਖਸ਼ੋ ਬਲ, ਮਨ ਰਹੇ ਅਟੱਲ, ਕ੍ਰਿਪਾ ਕਰ ਦਿਓ ਅੱਜ ਹੀ ਸ਼ਾਇਦ ਨਾ ਆਵੇ ਕੱਲ੍ਹ" ਭਾਈ ਸਾਹਿਬ ਨੇ ਮੋਰਚੇ ਵਿਚ ਜਾ ਕੇ ਸਿੰਘਾਂ ਸਾਥੀਆਂ ਨੂੰ ਕਿਹਾ ਸਿੰਘੋ ਤਿਆਰ ਹੋ ਜਾਵੋ ਸ਼ਾਇਦ ਅੱਜ ਸਰਕਾਰੀ ਫੌਜਾਂ ਨਾਲ ਦਸਤ ਪੰਜਾ ਲੈਣ ਦਾ ਮੌਕਾ ਮਿਲ ਜਾਵੇ। ਨੂੰ ਜੀ ਆਇਆਂ ਨੂੰ ਕਹਿਣਾ ਪਏ। ਇਹ ਕਹਿਣ ਤੇ ਸਾਥੀਆਂ ਦੇ ਚਿਹਰੇ ਖਿੜ ਗਏ।
1 ਜੂਨ, 1984 ਤਕਰੀਬਨ ਸ਼ਾਮ ਦਾ 4 ਕੁ ਵਜੇ ਦਾ ਸਮਾਂ ਸੀ ਜਦੋਂ ਫ਼ੌਜਾਂ ਨੇ ਬਾਬਾ ਅਟੱਲ ਰਾਏ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਬਸ ਫਿਰ ਕੀ ਸੀ ਕਿ ਸਿੰਘਾਂ ਨੇ ਮੋਰਚਾ ਸੰਭਾਲਦਿਆਂ ਅਜਿਹਾ ਹੱਲਾ ਬੋਲਿਆ ਤੇ ਕਾਫ਼ੀ ਫ਼ੌਜੀ ਉਥੇ ਹੀ ਢੇਰੀ ਹੋ ਗਏ। ਇਕ ਵਾਰ ਤਾਂ ਫ਼ੌਜਾਂ ਵਿਚ ਸਨਾਟਾ ਜਿਹਾ ਛਾ ਗਿਆ ਅਤੇ ਫ਼ੌਜ ਵਲੋਂ ਘੇਰਾਬੰਦੀ ਹੋਰ ਸਖਤ ਕਰ ਦਿੱਤੀ ਗਈ। ਥੋੜ੍ਹੇ ਸਮੇਂ ਬਾਅਦ ਭਾਈ ਮਹਿੰਗਾ ਸਿੰਘ ਨੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਉੱਚਾ ਚਮਕੀਲਾ ਦੁਮਾਲਾ ਫ਼ੌਜ ਦੇ ਨਜ਼ਰੀਂ ਪੈ ਗਿਆ ਤਾਂ ਫ਼ੌਜਾਂ ਨੇ ਵੱਡਾ ਹਮਲਾ ਬੋਲਿਆ ਅਤੇ ਇਸੇ ਹਮਲੇ ਦੌਰਾਨ ਉਹ ਸ਼ਹੀਦ ਹੋ ਗਏ।
ਗੁ: ਮੰਜੀ ਸਾਹਿਬ ਦੀਵਾਨ ਹਾਲ ਦੇ ਨੇੜੇ ਸਸਕਾਰ ਕੀਤਾ ਗਿਆ ਜਿੱਥੇ ਤਕਰੀਬਨ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਹਮਲੇ ਵਿਚ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਸੀ। ਭਾਈ ਮਹਿੰਗਾ ਸਿੰਘ ਦੇ ਸਸਕਾਰ ਸਮੇਂ ਬੀਬੀ ਅਮਰਜੀਤ ਕੌਰ ਅਤੇ ਸੰਤ ਹਰਚੰਦ ਸਿੰਘ ਲੌਗੋਂਵਾਲ ਨੇ ਵੈਰਾਗਮਈ ਕੀਰਤਨ ਕੀਤਾ। ਇਹ ਹੱਥਲੀ ਕਿਤਾਬ ਭਾਈ ਮਹਿੰਗਾ ਸਿੰਘ ਬੱਬਰ ਦੇ ਜੀਵਨ ਬਾਰੇ ਚੰਗੀ ਜਾਣਕਾਰੀ ਮੁਹੱਈਆ ਕਰਦੀ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਡੱਡੂਆਂ ਦੀ ਮੁਕਾਬਲੇਬਾਜ਼ੀ
ਲੇਖਿਕਾ : ਗਗਨਪ੍ਰੀਤ ਕੌਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 20
ਸੰਪਰਕ : 76529-08747
ਪੰਜਾਬੀ ਬਾਲ ਸਾਹਿਤ ਵਿਚ ਕਹਾਣੀ ਅਜਿਹੀ ਦਿਲਚਸਪ ਸਿਨਫ਼ ਹੈ ਜੋ ਕਿਸੇ ਘਟਨਾਕ੍ਰਮ ਦੇ ਮਾਧਿਅਮ ਦੁਆਰਾ ਪਾਠਕ ਵਰਗ ਨੂੰ ਨਿੱਗਰ ਸੰਦੇਸ਼ ਦਿੰਦੀ ਹੈ। ਗਗਨਪ੍ਰੀਤ ਕੌਰ ਰਚਿਤ ਪੁਸਤਕ 'ਡੱਡੂਆਂ ਦੀ ਮੁਕਾਬਲੇਬਾਜ਼ੀ' ਇਸੇ ਵੰਨਗੀ 'ਤੇ ਆਧਾਰਿਤ ਹੈ, ਜਿਸ ਵਿਚ ਕੁੱਲ 6 ਕਹਾਣੀਆਂ ਸ਼ਾਮਿਲ ਹਨ।
ਹਥਲੀ ਪੁਸਤਕ ਦੀ ਪ੍ਰਥਮ ਕਹਾਣੀ 'ਚੰਗਾ ਮਿੱਤਰ' ਚੰਗੇ ਅਤੇ ਬੁਰਾ ਵਿਵਹਾਰ ਰੱਖਣ ਵਾਲੇ ਦੋ ਦੋਸਤਾਂ ਦਾ ਕਥਾ ਬਿਰਤਾਂਤ ਹੈ। ਜਿਸ ਦਾ ਸਿੱਟਾ ਇਹ ਸਾਹਮਣੇ ਆਉਂਦਾ ਹੈ ਕਿ ਚੰਗਿਆਈ ਪੱਥਰ ਤੇ ਖੋਦੀ ਇਬਾਰਤ ਦੇ ਸਮਾਨ ਹੈ ਜਿਸ ਦੀ ਛਾਪ ਅਮਿੱਟ ਹੁੰਦੀ ਹੈ। 'ਸਿਆਣਾ ਆਦਮੀ' ਕਹਾਣੀ ਪਿੰਡ ਦੇ ਇਕ ਸਿਆਣੇ ਆਦਮੀ ਰਾਹੀਂ ਇਹੋ ਸੁਨੇਹਾ ਦਿੰਦੀ ਹੈ ਕਿ ਚਿੰਤਾ ਕਿਸੇ ਮੁਸ਼ਕਿਲ ਦਾ ਹੱਲ ਨਹੀਂ ਹੁੰਦੀ। ਇਹ ਕੀਮਤੀ ਸਮੇਂ ਤੇ ਸ਼ਕਤੀ ਨੂੰ ਨਸ਼ਟ ਕਰਨ ਦਾ ਹੀ ਸਬੱਬ ਹੈ। ਅਜਿਹੀ ਪ੍ਰਸਥਿਤੀ ਵਿਚ ਧੀਰਜ ਅਤੇ ਦੂਰਦ੍ਰਿਸ਼ਟੀ ਤੋਂ ਕੰਮ ਲੈਣ ਦੀ ਜ਼ਰੂਰਤ ਹੁੰਦੀ ਹੈ।
'ਕੀ ਤੈਨੂੰ ਤੈਰਨਾ ਆਉਂਦਾ?' ਕਹਾਣੀ ਇਕ ਢੌਂਗੀ ਤੇ ਗੁਸੈਲ ਸਾਧ 'ਤੇ ਆਧਾਰਿਤ ਹੈ, ਜੋ ਲੋਕਾਂ ਨੂੰ ਅਨਪੜ੍ਹ, ਮੂਰਖ ਅਤੇ ਗਵਾਰ ਕਹਿ ਕੇ ਉਨ੍ਹਾਂ ਦਾ ਮੌਜੂ ਉਡਾਉਂਦਾ ਹੈ ਪਰੰਤੂ ਜਦੋਂ ਖ਼ੁਦ ਡੁੱਬਣ ਲਗਦਾ ਹੈ ਤਾਂ ਉਸ ਦੀ ਅਖੌਤੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ ਹੈ। ਅੰਤ ਵਿਚ ਉਹ ਮੱਲਾਹ ਕੋਲੋਂ ਜਨਤਾ ਨਾਲ ਮੰਦਾ ਬੋਲਣ ਲਈ ਆਪਣੇ ਗ਼ਲਤ ਵਿਵਹਾਰ ਲਈ ਖ਼ਿਮਾ ਯਾਚਨਾ ਕਰਦਾ ਹੈ। 'ਡੱਡੂਆਂ ਦੀ ਮੁਕਾਬਲੇਬਾਜ਼ੀ' ਅਤੇ 'ਪਰੀਆਂ ਦੀ ਪਹਾੜੀ' ਕਹਾਣੀਆਂ ਸਾਧਾਰਨ ਕਿਸਮ ਦੀਆਂ ਹਨ ਪਰੰਤੂ ਇਨ੍ਹਾਂ ਦੇ ਸਮਾਨਾਂਤਰ ਕਹਾਣੀ 'ਸਦਾ ਬਹਾਰ ਦੋਸਤ' ਚੂਹੇ ਅਤੇ ਡੱਡੂ ਪਾਤਰਾਂ ਦੇ ਮਾਧਿਅਮ ਦੁਆਰਾ ਸੁਨੇਹਾ ਦਿੰਦੀ ਹੈ ਕਿ ਮੂਰਖ਼ ਮਿੱਤਰ ਸਿਆਣੇ ਮਿੱਤਰ ਦਾ ਵੀ ਨੁਕਸਾਨ ਕਰਵਾ ਦਿੰਦਾ ਹੈ। ਇਹ ਕਹਾਣੀਆਂ ਬੱਚਿਆਂ ਵਿਚ ਪੜ੍ਹਨ ਰੁਚੀਆਂ ਉਤਪੰਨ ਕਰਦੀਆਂ ਹਨ। ਕਿਤੇ-ਕਿਤੇ ਅਖਾਣਾਂ ਅਤੇ ਮੁਹਾਵਰਿਆਂ ਨਾਲ ਕਹਾਣੀਆਂ ਦੀ ਮਹੱਤਤਾ ਵਿਚ ਸਾਰਥਿਕ ਵਾਧਾ ਵੀ ਕੀਤਾ ਗਿਆ ਹੈ। ਹਰ ਕਹਾਣੀ ਦੇ ਅੰਤ ਵਿਚ ਕਹਾਣੀ ਦੇ ਆਧਾਰਿਤ ਕੋਈ ਨਾ ਕੋਈ ਸਿੱਖਿਆ ਪ੍ਰਦਾਨ ਕੀਤੀ ਗਈ ਹੈ। ਵਰਤਮਾਨ ਦੌਰ ਵਿਚ ਅਜਿਹਾ ਅਮਲ ਬਾਲ ਪਾਠਕਾਂ ਨੂੰ ਨੈਤਿਕਤਾ ਨਾਲ ਜੋੜਨ ਦਾ ਇਕ ਚੰਗਾ ਉਦਮ ਹੈ।
ਰੰਗਦਾਰ ਚਿੱਤਰਾਂ ਨਾਲ ਸ਼ਿੰਗਾਰੀ ਇਹ ਪੁਸਤਕ ਅੱਠ ਤੋਂ ਬਾਰਾਂ ਸਾਲਾਂ ਦੇ ਬੱਚਿਆਂ ਲਈ ਵਿਸ਼ੇਸ਼ ਪੜ੍ਹਨਯੋਗ ਹੈ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਪਰਵਾਸੀ ਪੰਜਾਬੀ ਗਲਪ
ਖੋਜ-ਝਰੋਖਾ
ਲੇਖਿਕਾ : ਡਾ. ਰਮਨਪ੍ਰੀਤ ਕੌਰ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 120
ਸੰਪਰਕ : 98765-87726
'ਪਰਵਾਸੀ ਪੰਜਾਬੀ ਗਲਪ ਖੋਜ-ਝਰੋਖਾ' ਡਾ. ਰਮਨਪ੍ਰੀਤ ਕੌਰ ਦੀ ਤੀਜੀ ਖੋਜ ਭਰਪੂਰ ਕ੍ਰਿਤ ਹੈ। ਇਸ ਤੋਂ ਪਹਿਲਾਂ ਉਹ 'ਸਤਲੁਜ ਵਹਿੰਦਾ ਰਿਹਾ : ਪਾਠ ਅਧਿਐਨ' ਅਤੇ 'ਬਲਦੇਵ ਸਿੰਘ ਦੇ ਨਾਵਲਾਂ ਦੀ ਗਲਪ-ਚੇਤਨਾ' ਖੋਜ ਦੀਆਂ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕੀ ਹੈ। ਹਥਲੀ ਪੁਸਤਕ ਵਿਚ ਉਸ ਨੇ ਪੰਜਾਬ ਦੀ ਧਰਤੀ 'ਤੇ ਜੁਆਨ ਹੋਏ ਉਨ੍ਹਾਂ ਲੇਖਕਾਂ ਦੀ ਵਿਚਾਰਧਾਰਾਈ ਦ੍ਰਿਸ਼ਟੀਕੋਣ ਵਿਚ ਆਏ ਪਰਿਵਰਤਨ ਨੂੰ ਚਿੱਤਰਿਆ ਹੈ, ਜਿਹੜੇ ਪੈਂਤੀ ਚਾਲੀ ਸਾਲ ਪਹਿਲਾਂ ਵਿਦੇਸ਼ ਚਲੇ ਗਏ ਸਨ। ਇਨ੍ਹਾਂ ਵਿਚੋਂ ਜਰਨੈਲ ਸਿੰਘ, ਵੀਨਾ ਵਰਮਾ, ਹਰਪ੍ਰੀਤ ਸੇਖਾ, ਬਲੀਜੀਤ, ਸੁਖਬੀਰ ਦੀਆਂ ਕਹਾਣੀਆਂ ਅਤੇ ਨਾਵਲਾਂ ਉੱਤੇ ਵਿਸ਼ੇਸ਼ ਤੌਰ 'ਤੇ ਆਪਣੀ ਖੋਜ ਨੂੰ ਕੇਂਦ੍ਰਿਤ ਕੀਤਾ ਹੈ। ਗਲਪ ਸਾਹਿਤ ਦਾ ਕੈਨਵਸ ਕਵਿਤਾ, ਇਕਾਂਗੀ, ਨਿਬੰਧ ਆਦਿ ਰੂਪਾਂ ਦੇ ਮੁਕਾਬਲੇ ਵਧੇਰੇ ਮੋਕਲਾ ਅਤੇ ਵੱਧ ਸੰਭਾਵਨਾਵਾਂ ਵਾਲਾ ਹੁੰਦਾ ਹੈ। ਇਸ ਵਿਚ ਮਨੁੱਖੀ ਜੀਵਨ ਦੀ ਵਾਸਤਵਿਕਤਾ ਦੀ ਜਟਿਲਤਾ ਅਤੇ ਬਹੁ-ਪਾਸਾਰੀ ਤਾਣੇ-ਬਾਣੇ ਨੂੰ ਵਧੇਰੇ ਠੋਸ ਰੂਪ ਵਿਚ ਰੂਪਮਾਨ ਕਰਨ ਦੀ ਗੁੰਜਾਇਸ਼ ਹੁੰਦੀ ਹੈ। ਡਾ. ਰਮਨਪ੍ਰੀਤ ਕੌਰ ਨੇ ਆਪਣੀ ਖੋਜ ਵਿਚ ਇਹ ਸਿੱਧ ਕੀਤਾ ਹੈ ਕਿ ਉਪਰੋਕਤ ਲੇਖਕਾਂ ਨੇ ਪਰਵਾਸੀ ਪੰਜਾਬੀ ਕਥਾ-ਵਸਤੂ, ਕਥਾ-ਦ੍ਰਿਸ਼ਟੀ ਅਤੇ ਕਥਾ-ਸਿਲਪ ਨੂੰ ਨਵੀਂ ਨੁਹਾਰ ਦਿੱਤੀ ਹੈ। ਇਨ੍ਹਾਂ ਲੇਖਕਾਂ ਨੇ ਪੂਰਵਲੀ ਪਰਵਾਸੀ ਪੰਜਾਬੀ ਕਹਾਣੀ ਦੇ ਪ੍ਰਚੱਲਿਤ ਬੌਧਿਕ ਸਰੋਕਾਰਾਂ ਜਿਵੇਂ ਭੂ-ਹੇਰਵਾ, ਨਸਲੀ-ਵਿਤਕਰਾ, ਪੀੜ੍ਹੀ-ਪਾੜਾ, ਇਕੱਲਤਾ, ਬੇਗਾਨਗੀ, ਪਰਿਵਾਰਕ ਟੁੱਟ-ਭੱਜ ਅਤੇ ਪੂੰਜੀਵਾਦੀ ਨੈਤਿਕਤਾ ਦੀਆਂ ਅਲਾਮਤਾਂ ਜਿਵੇਂ ਨਿੱਜਵਾਦ, ਪਦਾਰਥਵਾਦ ਅਤੇ ਬੇਬਾਕ ਕਾਮੁਕਤਾ ਆਦਿ ਵਿਸ਼ਿਆਂ ਨੂੰ ਆਪਣੇ ਕਥਾ-ਜਗਤ ਦਾ ਕੇਂਦਰੀ ਸੂਤਰ ਨਹੀਂ ਬਣਾਇਆ। ਇਨ੍ਹਾਂ ਦੀ ਕਥਾ ਦ੍ਰਿਸ਼ਟੀ ਦੀ ਵਿਲੱਖਣਤਾ ਇਹ ਹੈ ਕਿ ਉਹ ਪੂਰਬੀ ਅਤੇ ਪੱਛਮੀ ਸੱਭਿਆਚਾਰਾਂ ਵਿਚੋਂ ਕਿਸੇ ਇੱਕ ਨੂੰ ਸ੍ਰੇਸ਼ਠ ਜਾਂ ਦੂਜੇ ਨੂੰ ਪਛੜੇਵੇਂ ਮਾਰਿਆ ਨਹੀਂ ਕਹਿੰਦੇ।
ਪੱਛਮ ਦੇ ਵਿਕਸਤ ਪੂੰਜੀਵਾਦੀ ਦੇਸ਼ਾਂ ਵਿਚ ਵਿਅਕਤੀ ਦੀ ਆਜ਼ਾਦੀ ਬਹੁਤ ਅਹਿਮ ਸੁਆਲ ਹੈ। ਉੱਥੇ ਵਿਅਕਤੀ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਨਾਲ ਕਿਸੇ ਕਿਸਮ ਦੇ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ। ਏਸ਼ੀਆਈ ਭਾਈਚਾਰੇ ਦੇ ਲੋਕ ਪੱਛਮੀ ਦੇਸ਼ਾਂ ਵਿਚ ਜਾ ਕੇ ਆਰਥਿਕ ਤੌਰ 'ਤੇ ਸੁਰੱਖਿਅਤ ਅਤੇ ਪਦਾਰਥਕ ਤੌਰ 'ਤੇ ਖ਼ੁਸ਼ਹਾਲ ਹੋ ਜਾਂਦੇ ਹਨ। ਪਰੰਤੂ ਉਹ ਆਪਣੇ ਸੱਭਿਆਚਾਰਕ ਸਰੋਕਾਰਾਂ ਅਤੇ ਪਰੰਪਰਾਵਾਦੀ ਸੰਸਕਾਰਾਂ ਤੋਂ ਮੁਕਤ ਨਹੀਂ ਹੁੰਦੇ। ਨਤੀਜੇ ਵਜੋਂ ਪੱਛਮੀ ਦੇਸ਼ਾਂ ਵਿਚ ਪੈਦਾ ਹੋਈ ਅਤੇ ਉੱਥੋਂ ਦੇ ਸੱਭਿਆਚਾਰ ਵਿਚ ਰਚ ਮਿਚ ਰਹੀ ਨਵੀਂ ਪੀੜ੍ਹੀ ਅਤੇ ਪਰੰਪਰਾਵਾਦੀ ਸੋਚ ਵਾਲੀ ਪੁਰਾਣੀ ਪੀੜ੍ਹੀ ਵਿਚ ਟਕਰਾਉ ਬਹੁਤ ਤਿੱਖਾ ਹੁੰਦਾ ਹੈ। ਜਰਨੈਲ ਸਿੰਘ ਦੀ 'ਪਛਾਣ' ਕਹਾਣੀ ਇਸੇ ਟਕਰਾਉ ਨੂੰ ਪੇਸ਼ ਕਰਦੀ ਹੈ। ਸੁਲੱਖਣ ਸਿੰਘ ਤੇ ਸੁਰਜੀਤ ਕੌਰ ਆਪਣੇ ਪੁੱਤਰ ਤੇ ਨੂੰਹ ਦੇ ਪਰਿਵਾਰ ਦੀ ਮੱਦਦ ਲਈ ਬੜੇ ਚਾਅ ਨਾਲ ਕੈਨੇਡਾ ਜਾਂਦੇ ਹਨ। ਰਿਟਾਇਰਡ ਕਰਨਲ ਸੁਲੱਖਣ ਸਿੰਘ ਪੁੱਤਰ ਦੇ ਪਰਿਵਾਰ ਦੀ ਆਰਥਿਕ ਮੱਦਦ ਲਈ ਬੁਢਾਪੇ ਵਿਚ ਵੀ ਮਿੱਲਾਂ ਵਿਚ ਸਕਿਉਰਟੀ ਮੁਲਾਜ਼ਮ ਦੀ ਨੌਕਰੀ ਕਰਦਾ ਹੈ। ਸੁਰਜੀਤ ਕੌਰ ਆਪਣੇ ਪੋਤਾ ਪੋਤੀ ਪਰਿੰਦਰ ਪੈਮ ਤੇ ਡੈਲੀ ਨੂੰ ਸਾਂਭਦੀ ਹੈ। ਦਾਦੇ ਨੂੰ ਪੋਤੇ ਪੋਤੀ ਦਾ ਗੋਰਿਆਂ ਦੇ ਜੁਆਕਾਂ ਨਾਲ ਮਿਲਣਾ ਗਿਲਣਾ ਚੰਗਾ ਨਹੀਂ ਲਗਦਾ। ਜਦੋਂ ਉਹ ਆਪਣੀ ਪੋਤੀ ਨੂੰ ਉਸ ਦੇ ਗੋਰੇ ਕਲਾਸਫੈਲੋ ਡੇਵ ਨਾਲ ਲੀਵਿੰਗ ਰੂਮ ਵਿਚ ਇਤਰਾਜ਼-ਯੋਗ ਸਥਿਤੀ ਵਿਚ ਦੇਖਦਾ ਹੈ ਤਾਂ ਉਹ ਡੇਵ ਨੂੰ ਡਾਂਟ ਦਿੰਦਾ ਹੈ ਤੇ ਪੋਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਪੋਤੀ ਇਸ ਨੂੰ ਆਪਣੀ ਅਜ਼ਾਦੀ ਵਿਚ ਖ਼ਲਲ ਸਮਝਦੀ ਹੈ। ਉਹ ਮਾਂ ਪਿਉ ਕੋਲ ਦਾਦੇ ਦੀ ਸ਼ਿਕਾਇਤ ਲਾਉਂਦੀ ਹੈ। ਉਸ ਦੇ ਮੰਮੀ ਡੈਡੀ ਉਲਟਾ ਸੁਲੱਖਣ ਸਿੰਘ ਨੂੰ ਇੱਥੋਂ ਦੇ ਮਾਹੌਲ ਮੁਤਾਬਕ ਬਦਲਣ ਲਈ ਕਹਿੰਦੇ ਹਨ। ਸੁਲੱਖਣ ਨੂੰ ਮਾਨਸਿਕ ਤੌਰ 'ਤੇ ਬਹੁਤ ਵੱਡਾ ਝਟਕਾ ਲਗਦਾ ਹੈ। ਉਹ ਆਪਣੇ ਪੁੱਤਰ ਦੇ ਘਰ ਨੂੰ ਕੈਦ ਸਮਝ ਕੇ ਆਪਣੇ ਦੋਸਤ ਸਾਧੂ ਸਿੰਘ ਦੇ ਘਰ ਰਹਿਣ ਲਈ ਚਲਾ ਜਾਂਦਾ ਹੈ। ਕਹਾਣੀਕਾਰ ਇੱਥੇ ਇਹ ਸੁਆਲ ਖੜ੍ਹਾ ਕਰਦਾ ਹੈ ਕਿ ਪਰਵਾਸ ਵਿਚ ਵਸਦੇ ਬੰਦੇ ਦੀ ਪਛਾਣ ਕੀ ਹੈ?
ਇਸ ਪ੍ਰਕਾਰ ਡਾ. ਰਮਨਪ੍ਰੀਤ ਕੌਰ ਨੇ ਪਰਵਾਸੀ ਪੰਜਾਬੀ ਕਹਾਣੀ ਅਤੇ ਨਾਵਲ ਸਾਹਿਤ ਵਿਚ ਆਈ ਨਿਵੇਕਲੀ ਤਬਦੀਲੀ ਨੂੰ ਬੜੀ ਕਲਾਤਮਿਕ ਵਿਧੀ ਰਾਹੀਂ ਸਾਕਾਰ ਕੀਤਾ ਹੈ। ਜਿਸ ਨੂੰ ਪੰਜਾਬੀ ਸਾਹਿਤ ਵਿਚ 'ਜੀ ਆਇਆਂ ਨੂੰ' ਕਹਿਣਾ ਬਣਦਾ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਸੁਰਖਾਬ
ਲੇਖਕ : ਭੂਪਿੰਦਰ ਸਿੰਘ ਜੋਗੇਵਾਲਾ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 89688-00387
ਸਾਹਿਤ ਸਿਰਜਣ ਅਤੇ ਅਧਿਐਨ ਵਿਚ ਨਿਰੰਤਰ ਤੌਰ 'ਤੇ ਰਮੇ ਹੋਏ ਕਵੀ ਭੁਪਿੰਦਰ ਸਿੰਘ ਜੋਗੇਵਾਲਾ ਦੀ 57 ਕਵਿਤਾਵਾਂ ਦੀ ਇਹ ਹਥਲੀ ਪੁਸਤਕ ਉਸ ਦੀ ਤੀਖਣ ਬੁੱਧੀ, ਡੂੰਘੀ ਸੋਚ, ਗੰਭੀਰ ਅਤੇ ਸੰਵੇਦਨਸ਼ੀਲ ਇਨਸਾਨ ਹੋਣ ਦੀ ਪੇਸ਼ੀਨਗੋਈ ਕਰਦੀ ਹੈ। ਅਨੇਕਾਂ ਅਖ਼ਬਾਰਾਂ ਅਤੇ ਰਸਾਲਿਆਂ 'ਚ ਸਮੇਂ-ਸਮੇਂ 'ਤੇ ਪ੍ਰਕਾਸ਼ਿਤ ਹੋਣ ਵਾਲਾ ਇਹ ਕਵੀ ਭਾਵੇਂ ਕਵਿਤਾ ਦੇ ਖੇਤਰ 'ਚ ਨਵਾਂ ਹੈ ਪਰ ਉਸ ਦੀਆਂ ਕਵਿਤਾਵਾਂ ਨੂੰ ਪੜ੍ਹਦਿਆਂ ਇਹ ਅਨੁਭਵ ਹੁੰਦਾ ਹੈ ਕਿ ਉਹ ਕਵਿਤਾ ਸਿਰਜਣ ਦੇ ਗੁਰਾਂ, ਨਿਯਮਾਂ ਅਤੇ ਉਦੇਸ਼ਾਂ ਦੀ ਸਮਝ ਅਤੇ ਸਮਰੱਥਾ ਰੱਖਦਾ ਹੈ। ਉਸ ਦੀਆਂ ਕਵਿਤਾਵਾਂ ਇਸ ਗੱਲ ਨੂੰ ਬਿਆਨ ਕਰਦੀਆਂ ਹਨ ਕਿ ਉਹ ਆਪਣੇ ਆਲੇ ਦੁਆਲੇ, ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ, ਭਖਦੇ ਮਸਲਿਆਂ, ਹਾਲਤਾਂ ਅਤੇ ਸਥਿਤੀਆਂ ਬਾਰੇ ਗਹਿਰੀ ਜਾਣਕਾਰੀ ਰੱਖਦਾ ਹੈ। ਉਹ ਕੇਵਲ ਮੁੱਦੇ ਚੁੱਕਣੇ ਹੀ ਨਹੀਂ ਜਾਣਦਾ ਸਗੋਂ ਰਾਹ ਦਸੇਰਾ ਬਣ ਕੇ ਉਨ੍ਹਾਂ ਦੇ ਹਲ ਵੀ ਦਸਦਾ ਮਹਿਸੂਸ ਹੁੰਦਾ ਹੈ। ਸੰਵਾਦ ਸ਼ੈਲੀ ਦੇ ਮਾਧਿਅਮ ਰਾਹੀਂ ਸਮਾਜਿਕ ਬੁਰਾਈਆਂ ਦੇ ਸ਼ਿਕਾਰ ਸਮਾਜ ਦੇ ਲੋਕਾਂ ਦੀ ਬੜੀ ਨਿਰਪੱਖਤਾ ਨਾਲ ਟਕੋਰ ਕਰਨੀ ਉਸ ਦੇ ਮੰਝੇ ਹੋਏ ਕਵੀ ਵੱਲ ਇਸ਼ਾਰਾ ਕਰਦੀ ਹੈ। ਉਸ ਦੇ ਇਸ ਕਾਵਿ-ਸੰਗ੍ਰਹਿ ਵਿਚ ਭਾਵੇਂ ਕੁਝ ਵਿਸ਼ੇ ਦੁਹਰਾਏ ਵੀ ਗਏ ਹਨ ਪਰ ਫੇਰ ਵੀ ਉਸ ਵਲੋਂ ਇਸ ਕਾਵਿ ਸੰਗ੍ਰਹਿ ਲਈ ਚੁਣੇ ਗਏ ਵਿਸ਼ਿਆਂ ਮਾਂ ਬਾਪ ਦੀ ਅਜੋਕੇ ਸਮਾਜ 'ਚ ਹਾਲਤ,ਧੀਆਂ ਦੀ ਸਥਿਤੀ, ਸਾਉਣ ਦੇ ਮਹੀਨੇ ਬਾਰੇ, ਤਿਉਹਾਰਾਂ, ਸੱਭਿਆਚਾਰ, ਬਿਹਰੇ ਦੇ ਸੰਤਾਪ, ਬਚਪਨ ਦੇ ਅਨੰਦ, ਦਸਮ ਪਿਤਾ ਦੇ ਸਾਹਿਬਜ਼ਾਦਿਆਂ ਅਤੇ ਗਿਰਝਾਂ ਵਰਗੇ ਲੋਕਾਂ ਬਾਰੇ ਪੜ੍ਹਦਿਆਂ ਜਿਥੇ ਉਸ ਦੇ ਸਮਾਜਿਕ, ਸੱਭਿਆਚਾਰਕ ਅਤੇ ਅਧਿਆਤਮਕ ਗਿਆਨ ਦਾ ਪ੍ਰਗਟਾਵਾ ਹੁੰਦਾ ਹੈ, ਉਥੇ ਉਸ ਦੀ ਸਾਹਿਤਕ ਕਲਾ ਵਿਚ ਪਰਿਪਕਤਾ ਅਤੇ ਭਾਸ਼ਾਈ ਮੁਹਾਰਤ ਦਾ ਵੀ ਅਹਿਸਾਸ ਹੁੰਦਾ ਹੈ।
ਉਸ ਨੇ ਆਪਣੀਆਂ ਰਚਨਾਵਾਂ ਵਿਚ ਸਮੇਂ ਦੀ ਨਬਜ਼ ਨੂੰ ਭਾਂਪਦਿਆਂ ਵਿਸਰਦੇ ਜਾ ਰਹੇ ਸੱਭਿਆਚਾਰ, ਪਿੱਛੇ ਰਹਿੰਦੇ ਜਾ ਰਹੇ ਪਿੰਡਾਂ, ਨੌਜਵਾਨਾਂ ਦੇ ਹੋ ਰਹੇ ਪ੍ਰਵਾਸ, ਨਸ਼ਿਆਂ 'ਚ ਗਲਤਾਨ ਹੁੰਦੀ ਜਾ ਰਹੀ ਪੰਜਾਬ ਦੀ ਜਵਾਨੀ ਜਿਹੇ ਮੁੱਦਿਆਂ ਨੂੰ ਬਹੁਤ ਹੀ ਫ਼ਿਕਰਮੰਦੀ, ਸੰਵੇਦਨਸ਼ੀਲਤਾ, ਮਰਮਤਾ ਅਤੇ ਉਦਾਸੀ ਭਰੇ ਮਨ ਨਾਲ ਚੁੱਕਿਆ ਹੈ। ਉਸ ਦੀ ਕਾਵਿ-ਸ਼ੈਲੀ ਦੀ ਸਰਲਤਾ, ਸਹਿਜਤਾ, ਮੌਲਿਕਤਾ ਅਤੇ ਸੰਵੇਦਨਸ਼ੀਲਤਾ ਉਸ ਨੂੰ ਹਰ ਵਰਗ ਦੇ ਪਾਠਕਾਂ ਤੱਕ ਪਹੁੰਚਾਉਣ ਦੀ ਭੂਮਿਕਾ ਨਿਭਾਏਗੀ। ਉਸ ਨੇ ਸੰਵੇਦਨਸ਼ੀਲ ਅਤੇ ਸੂਖਮਭਾਵੀ ਸ਼ਾਇਰ ਵਜੋਂ ਆਪਣੀਆਂ ਭਾਵਨਾਵਾਂ ਅਤੇ ਵਲਵਲਿਆਂ ਨੂੰ ਸ਼ਬਦੀ ਰੂਪ 'ਚ ਰੂਪਮਾਨ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਦੇ ਵਿਸ਼ੇ ਆਮ ਜਨਤਾ, ਧਰਤੀ ਅਤੇ ਹਕੀਕਤਾਂ ਨਾਲ ਜੁੜੇ ਹੋਏ ਹਨ। ਉਹ ਸਿੱਧੇ ਸਾਦੇ ਸ਼ਬਦਾਂ ਛੋਟੇ-ਛੋਟੇ ਬਿੰਬਾਂ ਰਾਹੀਂ ਆਪਣੇ ਭਾਵਾਂ ਨੂੰ ਸਹਿਜ ਰੂਪ ਵਿਚ ਪ੍ਰਗਟਾਉਂਦਾ ਹੈ। ਉਹ ਸ਼ਬਦਾਂ ਦਾ ਭਰਮ ਜਾਲ ਨਹੀਂ ਬੁਣਦਾ। ਉਸ ਦੀਆਂ ਕਵਿਤਾਵਾਂ ਦੇ ਛੰਦ, ਅਲੰਕਾਰ, ਸ਼ਬਦ ਚੋਣ, ਲੈਅ, ਬਹਾਅ ਅਤੇ ਤੁਕਬੰਦੀ ਉਸ ਦੀ ਕਾਵਿ ਕਲਾ ਵਿਚ ਮੁਹਾਰਤ ਨੂੰ ਪ੍ਰਮਾਣਿਤ ਕਰਦੇ ਹਨ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136