19-01-2026
ਲੜਕੀਆਂ ਦੇ ਭਾਗ
'ਲੜ ਬਰਖੁਰਦਾਰਾਂ ਦੇ ਲਾਈ ਅੱਗੇ ਤੇਰੇ ਭਾਗ ਬੱਚੀਏ' ਹਰੇਕ ਲੜਕੀ ਦੇ ਮਾਤਾ-ਪਿਤਾ ਭਾਵੇਂ ਕੋਈ ਗਰੀਬ ਜਾਂ ਅਮੀਰ ਹੋਵੇ ਆਪਣੀ ਲੜਕੀ ਨੂੰ ਚੰਗੇ ਘਰ ਵਿਆਹੁਣ ਦੀ ਇੱਛਾ ਰੱਖਦੇ ਹਨ। ਉਹ ਲੜਕੀ ਨੂੰ ਪੜ੍ਹਾਈ, ਲਿਖਾਈ, ਸਿਲਾਈ, ਕਢਾਈ, ਹੋਰ ਘਰੇਲੂ ਕਾਰਜਾਂ ਸਮੇਤ ਰਸੋਈ ਦੇ ਕੰਮਕਾਜ ਬਾਰੇ ਸਿੱਖਿਆ ਪ੍ਰਦਾਨ ਕਰਵਾਉਂਦੇ ਹਨ। ਲੜਕੀ ਹਰ ਪੱਖੋਂ ਸੁਚਾਰੂ ਢੰਗ ਨਾਲ ਸਿੱਖਿਆ ਗ੍ਰਹਿਣ ਕਰ ਲੈਂਦੀ ਹੈ। ਉਸ ਦਾ ਵਿਆਹ ਵੀ ਦੋਨਾਂ ਪਰਿਵਾਰਾਂ ਦੀ ਇੱਛਾ ਮੁਤਾਬਿਕ ਹੋ ਜਾਂਦਾ ਹੈ। ਪਰ ਅਫਸੋਸ ਕੁਝ ਦਿਨਾਂ ਬਾਅਦ ਲੜਕੀ ਦੀਆਂ ਭਾਵਨਾਵਾਂ, ਕਰਮ, ਮੁਕੱਦਰ ਆਦਿ ਸਭ ਬਦਲ ਜਾਂਦੇ ਹਨ। ਲੜਕੀ ਜੋ ਕਿ ਹੋਰ ਪੜ੍ਹਨਾ ਜਾਂ ਸਰਵਿਸ ਕਰਨੀ ਚਾਹੁੰਦੀ ਹੈ ਜਾਂ ਆਪਣਾ ਕਾਰੋਬਾਰ ਖੋਲ੍ਹਣਾ ਚਾਹੁੰਦੀ ਹੈ ਤਾਂ ਉਸ ਨੂੰ ਉਸ ਘਰ ਦੇ ਹੀ ਕੰਮਾਂ ਵਿਚ ਹੀ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਕਈਆਂ ਨੂੰ ਦਹੇਜ ਹੋਰ ਲਿਆਉਣ ਲਈ ਮਜਬੂਰ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿਚ ਕੀ ਸਹੁਰੇ ਪਰਿਵਾਰ ਆਪਣੀ ਹੀ ਲੜਕੀ ਦੀ ਮਜਬੂਰੀ ਦਾ ਹੱਲ ਕਰ ਸਕਦੇ ਹਨ। ਉਹ ਆਪਣੀ ਧੀ ਵਾਂਗ ਨੂੰਹ ਨੂੰ ਆਪਣੀ ਧੀ ਨਹੀਂ ਸਮਝਦੇ। ਜੇਕਰ ਨੂੰਹਾਂ ਨੂੰ ਆਪਣੀਆਂ ਹੀ ਧੀਆਂ ਮੰਨ ਲਿਆ ਜਾਵੇ ਤਾਂ ,ਮਾਡ ਵਿਚ ਤਲਾਕ ਦੇ ਸਾਰੇ ਝਗੜੇ ਹੱਲ ਹੋ ਸਕਦੇ ਹਨ।
-ਰਘਬੀਰ ਸਿੰਘ ਬੈਂਸ
ਸੇਵਾਮੁਕਤ ਸੁਪਰਡੈਂਟ।
ਵਾਤਾਵਰਨ ਸੰਬੰਧੀ ਜਾਗਰੂਕਤਾ
ਵਾਤਾਵਰਨੀ ਜਾਗਰੂਕਤਾ ਦਾ ਭਾਵ ਹੈ ਕੁਦਰਤ ਦੀ ਮਹੱਤਤਾ ਨੂੰ ਸਮਝਣਾ ਅਤੇ ਇਹ ਜਾਣਨਾ ਕਿ ਮਨੁੱਖੀ ਗਤੀਵਿਧੀਆਂ ਵਾਤਾਵਰਨ 'ਤੇ ਕਿਵੇਂ ਅਸਰ ਪਾਉਂਦੀਆਂ ਹਨ। ਹਵਾ, ਪਾਣੀ, ਜੰਗਲ, ਜੰਗਲੀ ਜੀਵ ਅਤੇ ਮੌਸਮ ਸਾਡੇ ਜੀਵਨ ਦਾ ਅਟੁੱਟ ਹਿੱਸਾ ਹਨ ਅਤੇ ਇਨ੍ਹਾਂ ਦਾ ਬਚਾਅ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਅੱਜ ਦੇ ਸਮੇਂ ਵਿਚ ਵਾਤਾਵਰਨੀ ਜਾਗਰੂਕਤਾ ਅਕਸਰ ਭਾਸ਼ਨਾਂ, ਨਾਅਰਿਆਂ ਅਤੇ ਪੋਸਟਰਾਂ ਤੱਕ ਹੀ ਸੀਮਿਤ ਰਹਿ ਗਈ ਹੈ। ਅਸੀਂ ਵਾਤਾਵਰਨ ਦਿਵਸ ਮਨਾਉਂਦੇ ਹਾਂ ਅਤੇ ਜਾਗਰੂਕਤਾ ਦੇ ਸੁਨੇਹੇ ਦਿੰਦੇ ਹਾਂ, ਪਰ ਰੋਜ਼ਾਨਾ ਜੀਵਨ ਵਿਚ ਇਸ ਦਾ ਪੂਰਾ ਅਮਲ ਨਹੀਂ ਕਰਦੇ। ਦਰੱਖ਼ਤਾਂ ਦੀ ਕਟਾਈ, ਪਲਾਸਟਿਕ ਦੀ ਵਧਦੀ ਵਰਤੋਂ ਅਤੇ ਪਾਣੀ ਦਾ ਪ੍ਰਦੂਸ਼ਣ ਇਸ ਦੀਆਂ ਸਪੱਸ਼ਟ ਉਦਾਹਰਨਾਂ ਹਨ। ਵਾਤਾਵਰਨ ਦੀ ਸੁਰੱਖਿਆ ਸਿਰਫ਼ ਸਰਕਾਰਾਂ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਪਾਣੀ ਦੀ ਸੰਭਾਲ, ਕੂੜੇ ਦਾ ਸਹੀ ਨਿਪਟਾਰਾ ਅਤੇ ਕੁਦਰਤੀ ਸਰੋਤਾਂ ਦੀ ਸੋਝੀ ਨਾਲ ਵਰਤੋਂ ਕਰਕੇ ਹੀ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾ ਸਕਦੇ ਹਾਂ। ਜਦੋਂ ਵਾਤਾਵਰਨ ਜਾਗਰੂਕਤਾ ਸ਼ਬਦਾਂ ਤੋਂ ਅਮਲ ਵੱਲ ਵਧੇਗੀ, ਤਦ ਹੀ ਵਾਤਾਵਰਨ ਸੁਰੱਖਿਆ ਸੰਭਵ ਹੋਵੇਗੀ।
- ਕ੍ਰਿਸ਼ਨਾ ਨੌਟਿਆਲ,
ਫ਼ਤਹਿਗੜ੍ਹ ਸਾਹਿਬ
ਰੁਜ਼ਗਾਰ ਨਾ ਦੇਣਾ ਅਨੈਤਿਕ ਹੈ
ਕਿਸੇ ਵੀ ਦੇਸ਼ ਦੀ ਅਸਲੀ ਤਾਕਤ ਉਸ ਦੇ ਹਥਿਆਰ ਨਹੀਂ ਜਾਂ ਖਜ਼ਾਨੇ ਨਹੀਂ, ਸਗੋਂ ਉਸ ਦੀ ਨੌਜਵਾਨ ਪੀੜ੍ਹੀ ਹੁੰਦੀ ਹੈ। ਪਰ ਜਦੋਂ ਇਹ ਨੌਜਵਾਨ ਪੀੜ੍ਹੀ ਹੱਥਾਂ ਵਿਚ ਡਿਗਰੀਆਂ ਲੈ ਕੇ ਵੀ ਖਾਲੀ ਬੈਠੀ ਹੋਵੇ, ਤਾਂ ਉਹ ਤਾਕਤ ਹੌਲੀ-ਹੌਲੀ ਬੋਝ ਬਣ ਜਾਂਦੀ ਹੈ। ਭਾਰਤ ਅੱਜ ਦੁਨੀਆ ਦਾ ਸਭ ਤੋਂ ਵੱਡੀ ਨੌਜਵਾਨ ਆਬਾਦੀ ਵਾਲਾ ਦੇਸ਼ ਹੈ। ਇਹ ਸਾਡੇ ਦੇਸ਼ ਲਈ ਸਭ ਤੋਂ ਵੱਡਾ ਮੌਕਾ ਹੈ ਤਾਂ ਸਭ ਤੋਂ ਵੱਡੀ ਚੁਣੌਤੀ ਵੀ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਿਰਫ਼ ਆਰਥਿਕ ਲੋੜ ਨਹੀਂ, ਸਮਾਜਿਕ ਤੇ ਨੈਤਿਕ ਜ਼ਿੰਮੇਵਾਰੀ ਹੈ।
ਨੌਜਵਾਨਾਂ ਦੀ ਬੇਰੁਜ਼ਗਾਰੀ ਸਿਰਫ਼ ਖਾਲੀ ਜੇਬਾਂ ਦੀ ਸਮੱਸਿਆ ਨਹੀਂ ਹੁੰਦੀ, ਇਹ ਟੁੱਟਦੇ ਸੁਪਨਿਆਂ, ਘਟਦੇ ਆਤਮ-ਵਿਸ਼ਵਾਸ ਅਤੇ ਨਿਰਾਸ਼ਾ ਵੱਲ ਵਧਦੇ ਕਦਮਾਂ ਦੀ ਕਹਾਣੀ ਹੁੰਦੀ ਹੈ। ਜਦੋਂ ਨੌਜਵਾਨ ਨੂੰ ਆਪਣੀ ਕਾਬਲੀਅਤ ਦੇ ਮੁਤਾਬਿਕ ਮੌਕਾ ਨਹੀਂ ਮਿਲਦਾ ਤਾਂ ਉਹ ਗੁੱਸੇ 'ਚ ਨਸ਼ੇ ਕਰਨ ਜਾਂ ਕਿਸੇ ਹੋਰ ਗਲਤ ਰਸਤੇ ਵੱਲ ਮੁੜ ਜਾਂਦੇ ਹਨ।
ਅੱਜ ਸਾਡੀ ਸਿੱਖਿਆ ਪ੍ਰਣਾਲੀ ਅਕਸਰ ਡਿਗਰੀ ਤਾਂ ਦਿੰਦੀ ਹੈ, ਪਰ ਹੁਨਰ ਨਹੀਂ। ਮਾਰਕੀਟ ਨੂੰ ਹੁਨਰ ਤੇ ਕੁਸ਼ਲਤਾ ਚਾਹੀਦੀ ਹੈ। ਕਾਲਜਾਂ 'ਚ ਪੜ੍ਹਾਇਆ ਗਿਆ ਗਿਆਨ ਇਸ ਦੇ ਹਾਣ ਦਾ ਨਹੀਂ। ਅੱਜ ਸਮੇਂ ਦੀ ਲੋੜ ਹੈ ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਿਆ ਜਾਵੇ। ਸਕਿਲ ਡਿਵੈਲਪਮੈਂਟ ਨੂੰ ਹਕੀਕਤੀ ਬਣਾਇਆ ਜਾਵੇ। ਸਥਾਨਕ ਉਧਯੋਗਾਂ ਨਾਲ ਨੌਜਵਾਨਾਂ ਨੂੰ ਜੋੜਿਆ ਜਾਵੇ। ਰੁਜ਼ਗਾਰ ਦਾ ਮਤਲਬ ਸਿਰਫ਼ ਸਰਕਾਰੀ ਨੌਕਰੀ ਨਹੀਂ ਹੁੰਦਾ। ਖੇਤੀ, ਹੱਥਕਲਾ, ਸਟਾਰਟਅਪ, ਡਿਜੀਟਲ ਕੰਮ, ਸਵੈ-ਰੁਜ਼ਗਾਰ ਇਹ ਸਾਰੇ ਖੇਤਰ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹ ਸਕਦੇ ਹਨ। ਰੁਜ਼ਗਾਰ ਸਿਰਫ਼ ਆਮਦਨ ਨਹੀਂ ਦਿੰਦਾ, ਇੱਜ਼ਤ, ਪਛਾਣ ਅਤੇ ਜੀਵਨ ਦਾ ਮਕਸਦ ਵੀ ਦਿੰਦਾ ਹੈ।
-ਮੰਜੂ ਰਾਇਕਾ
ਭਿੰਡਰਾਂ ਸੰਗਰੂਰ।
ਹਾਰ ਕਦੇ ਵੀ ਆਖ਼ਰੀ ਨਹੀਂ ਹੁੰਦੀ
ਹਾਰ ਕਦੇ ਵੀ ਅੰਤਿਮ ਨਹੀਂ ਹੁੰਦੀ, ਇਹ ਸਿਰਫ਼ ਇੱਕ ਠਹਿਰਾਵ ਹੁੰਦੀ ਹੈ, ਇਕ ਅਜਿਹਾ ਪਲ, ਜੋ ਮਨੁੱਖ ਨੂੰ ਆਪਣੇ-ਆਪ ਨੂੰ ਨਵੀਂ ਨਜ਼ਰ ਨਾਲ ਦੇਖਣ ਦਾ ਮੌਕਾ ਦਿੰਦਾ ਹੈ।
ਕੋਈ ਵੀ ਹਾਰ ਦਰਅਸਲ ਇਹ ਦੱਸਦੀ ਹੈ ਕਿ ਜ਼ਿੰਦਗੀ ਨੇ ਤੁਹਾਨੂੰ ਕਿਨਾਰੇ ਲੱਗ ਕੇ ਸਿਰਫ਼ ਇਕ ਸਾਹ ਲੈਣ ਲਈ ਰੋਕਿਆ ਹੈ, ਤਾਂ ਜੋ ਤੁਸੀਂ ਆਪਣੀ ਦਿਸ਼ਾ ਮੁੜ ਸ਼ੁਰੂ ਕਰ ਸਕੋ, ਆਪਣੀ ਤਾਕਤ ਨੂੰ ਜਗਾ ਸਕੋ, ਨਾ ਕਿ ਹਿੰਮਤ ਹਾਰੋ। ਹਰੇਕ ਹਾਰ ਦੇ ਪਿੱਛੇ ਇੱਕ ਸਬਕ ਲੁਕਿਆ ਹੁੰਦਾ ਹੈ, ਜੋ ਸਾਨੂੰ ਭਵਿੱਖ ਦੀ ਸਫ਼ਲਤਾ ਦੀਆਂ ਦਹਿਲੀਜ਼ਾਂ ਵੱਲ ਲੈ ਜਾਣ ਲਈ ਤਿਆਰ ਕਰਦਾ ਹੈ। ਜਦੋਂ ਮਨੁੱਖ ਦ੍ਰਿੜਤਾ ਨਾਲ ਮੁੜ ਖੜ੍ਹਦਾ ਹੈ, ਉਦੋਂ ਉਸ ਨੂੰ ਸਮਝ ਆਉਂਦੀ ਹੈ ਕਿ ਹਾਰ ਨੇ ਉਸ ਦਾ ਰਸਤਾ ਰੋਕਿਆ ਨਹੀਂ ਸੀ, ਸਗੋਂ ਉਸ ਨੂੰ ਹੋਰ ਮਜ਼ਬੂਤ ਬਣਾਉਣ ਵਾਸਤੇ ਇੱਕ ਨਵਾਂ ਪੜਾਅ ਦਿੱਤਾ ਸੀ। ਜੀਵਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਹਾਰ ਡਿੱਗਣ ਤੋਂ ਬਾਅਦ ਦੁਬਾਰਾ ਉੱਠਣ ਦਾ ਮੌਕਾ ਦਿੰਦੀ ਹੈ। ਜਦੋਂ ਮਨੁੱਖ ਦੇ ਅੰਦਰ ਇੱਛਾ ਜਿੰਦਾ ਰਹੇ, ਤਦੋਂ ਕੋਈ ਵੀ ਹਾਰ ਕਦੇ ਵੀ ਆਖ਼ਰੀ ਨਹੀਂ ਹੁੰਦੀ।
- ਸਤਵਿੰਦਰ ਕੌਰ ਮੱਲੇਵਾਲ