07-01-2026
ਸਾਕਾਰਾਤਮਿਕ ਸੋਚ ਜ਼ਰੂਰੀ
ਸਾਡੀ ਦ੍ਰਿਸ਼ਟੀ 'ਤੇ ਹੀ ਸਾਡਾ ਦ੍ਰਿਸ਼ਟੀਕੋਣ ਨਿਰਭਰ ਕਰਦਾ ਹੈ। ਅਸੀਂ ਕਿਸੇ ਪ੍ਰਤੀ ਜਿਸ ਤਰ੍ਹਾਂ ਦਾ ਵੀ ਨਜ਼ਰੀਆ ਰੱਖਦੇ ਹਾਂ, ਉਸ ਇਨਸਾਨ ਨਾਲ ਉਸੇ ਤਰ੍ਹਾਂ ਦਾ ਵਤੀਰਾ ਕਰਨ ਲੱਗ ਜਾਂਦੇ ਹਾਂ। ਕਿਸੇ ਪ੍ਰਤੀ ਜੇ ਸਾਡੀ ਸੋਚ ਵਧੀਆ ਹੋਵੇ, ਸਾਡਾ ਉਸ ਨਾਲ ਪਿਆਰ ਵਧ ਜਾਂਦਾ ਹੈ, ਅਸੀਂ ਕਿਸੇ ਪ੍ਰਤੀ ਨਾਂਹ-ਪੱਖੀ ਸੋਚ ਰੱਖਦੇ ਹਾਂ ਤਾਂ ਸਾਡਾ ਉਸ ਦੇ ਪ੍ਰਤੀ ਵਤੀਰਾ ਨਾਕਾਰਤਮਿਕ ਬਣ ਜਾਂਦਾ ਹੈ। ਸਾਡੇ ਮਨ ਵਿਚ ਉਸ ਦੇ ਪ੍ਰਤੀ ਈਰਖਾ, ਵੈਰ, ਨਫ਼ਰਤ ਵਧਦਾ ਚਲਿਆ ਜਾਂਦਾ ਹੈ। ਸਾਨੂੰ ਆਪਣੀ ਸੋਚ ਨੂੰ ਹਮੇਸ਼ਾ ਸਾਕਾਰਾਤਮਿਕ ਰੱਖਣਾ ਚਾਹੀਦਾ ਹੈ ਕਿਉਂਕਿ ਚੰਗੇ ਵਿਚਾਰ ਤੇ ਸੋਚ ਸਾਨੂੰ ਉੱਚੇ ਤੋਂ ਉੱਚੇ ਰੁਤਬੇ ਤੱਕ ਲੈ ਜਾਂਦੇ ਹਨ। ਜੇ ਅਸੀਂ ਪਹਿਲਾਂ ਹੀ ਨਕਾਰਾਤਮਿਕ ਵਿਚਾਰਾਂ ਨਾਲ ਘਿਰੇ ਹੋਈਏ ਤਾਂ ਮਿਹਨਤ ਕਰਨ ਦੇ ਬਾਵਜੂਦ ਵੀ ਅਸੀਂ ਕਾਮਯਾਬੀ ਹਾਸਿਲ ਨਹੀਂ ਕਰ ਪਾਵਾਂਗੇ। ਹਾਂ, ਪੱਖੀ ਨਜ਼ਰੀਆ ਸਾਨੂੰ ਹਮੇਸ਼ਾ ਹੀ ਊਰਜਾ ਪ੍ਰਦਾਨ ਕਰਦਾ ਹੈ। ਜੇ ਸਾਡੇ ਦਿਮਾਗ ਅੰਦਰ ਨਕਾਰਾਤਮਿਕ ਵਿਚਾਰ ਰਹਿਣਗੇ, ਅਸੀਂ ਕੋਈ ਵੀ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਵਾਂਗੇ। ਕਿਉਂਕਿ ਨਕਾਰਾਤਮਕ ਵਿਚਾਰ ਰੋੜਾ ਬਣ ਜਾਣਗੇ। ਦ੍ਰਿਸ਼ਟੀਕੋਣ ਦਾ ਸਾਡੇ ਜੀਵਨ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਸਾਕਾਰਾਤਮਕ ਸੋਚ ਵਾਲੇ ਇਨਸਾਨ ਨਕਾਰਾਤਮਕ ਵਿਚਾਰਾਂ ਵਾਲੇ ਨੂੰ ਵੀ ਸਾਕਾਰਾਤਮਿਕ ਤਬਦੀਲ ਕਰ ਦਿੰਦੇ ਹਨ। ਇਸ ਕਰਕੇ ਹਮੇਸ਼ਾ ਸੋਚ ਸਾਕਾਰਾਤਮਿਕ ਹੋਵੇ।
-ਸੰਜੀਵ ਸਿੰਘ ਸੈਣੀ, ਮੁਹਾਲੀ
ਜੀਭ ਨਾਲ ਕਬਰ ਪੁੱਟਣੀ
ਜੀਭ ਸਾਡੀ ਗਿਆਨ ਇੰਦਰੀ ਹੋਣ ਕਰਕੇ ਸਵਾਦ ਦਾ ਅਹਿਸਾਸ ਕਰਵਾਉਂਦੀ ਹੈ। ਇਹ ਖਾਣ ਸਮੇਂ ਹਿੱਲਜੁੱਲ ਕਰਕੇ ਮੂੰਹ ਵਿਚ ਰਸ ਘੋਲਦੀ ਹੈ। ਇਸ ਤੋਂ ਇਲਾਵਾ ਬੋਲਣ ਲਈ ਵੀ ਜੀਭ ਜ਼ਰੂਰੀ ਹੁੰਦੀ ਹੈ, ਪਰ ਇਸ ਦੇ ਦੋਵੇਂ ਕੰਮ ਸੋਚ ਵਿਚਾਰ ਕੇ ਕਰਨੇ ਚਾਹੀਦੇ ਹਨ। ਅੱਜ ਦਾਅ 'ਤੇ ਲੱਗ ਚੁੱਕੀ ਸਿਹਤ ਕਰਕੇ ਸਵਾਦ ਨੂੰ ਦਰਕਿਨਾਰ ਕਰਕੇ ਸਿਹਤ ਨੂੰ ਮੁਆਫਿਕ ਚੀਜ਼ ਹੀ ਖਾਣੀ ਚਾਹੀਦੀ ਹੈ, ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਜੀਭ ਰਾਹੀਂ ਬੋਲਣ ਤੋਂ ਪਹਿਲਾਂ ਸੋਚੋ ਕਿ ਸਾਡੇ ਮੂੰਹੋਂ ਨਿਕਲਿਆ ਸ਼ਬਦ ਕਿਸੇ ਨੂੰ ਸੱਟ ਤਾਂ ਨਹੀਂ ਮਾਰਦਾ, ਕਿਉਂਕਿ ਸਮਾਜ ਵਿਚੋਂ ਸਹਿਣਸ਼ੀਲਤਾ ਅਤੇ ਸਲੀਕਾ ਗਾਇਬ ਹੋ ਚੁੱਕਿਆ ਹੈ।
ਕੌੜਾ ਸ਼ਬਦ ਅੱਜ ਸਿਰ ਪੜਵਾ ਦਿੰਦਾ ਹੈ। ਇਸ ਲਈ 'ਜੀਭ ਨਾਲ ਕਬਰ ਪੁੱਟਣ' ਦੇ ਕਥਨ ਬਾਰੇ ਸੌ ਵਾਰ ਸੋਚੋ। ਬੋਣ ਅਤੇ ਖਾਣ ਤੋਂ ਪਹਿਲਾਂ ਸੋਚੋ ਬਾਅਦ ਵਿਚ ਬਿਲਕੁਲ ਨਹੀਂ। ਇਸੇ ਕਥਨ ਨੂੰ ਪਿੰਡੇ ਹੰਢਾਅ ਕੇ ਜੀਵਨ ਮਾਨਸਿਕ, ਸਮਾਜਿਕ ਤੇ ਸਿਹਤ ਪੱਖੋਂ ਰਿਸ਼ਟ-ਪੁਸ਼ਟ ਜੀਵਿਆ ਜਾ ਸਕਦਾ ਹੈ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਪ੍ਰੇਰਨਾ
ਪ੍ਰੇਰਨਾ, ਜਿਉਂਦੇ ਮਨੁੱਖ ਦੇ ਸਰੀਰਕ ਤੰਤਰ ਦੀ ਚਾਲਕ ਸ਼ਕਤੀ ਹੈ। ਮਨੁੱਖ ਪ੍ਰੇਰਨਾ ਦੇ ਨਾਲ ਹੀ ਆਪਣੇ ਕੰਮ ਅਤੇ ਇੱਛੁਕ ਵਿਹਾਰ ਕਰਦੇ ਹਨ। ਪ੍ਰੇਰਨਾ ਦਾ ਅਰਥ ਗਤੀ ਜਾਂ ਕਿਰਿਆ ਹੈ। ਸਧਾਰਨ ਭਾਸ਼ਾ ਵਿਚ ਕਿਸੇ ਵੀ ਉਤੇਜਨਾ ਨੂੰ ਪ੍ਰੇਰਨਾ ਕਿਹਾ ਜਾ ਸਕਦਾ ਹੈ ਜਿਸ ਨਾਲ ਮਨੁੱਖ ਕੋਈ ਪ੍ਰਤੀਕਿਰਿਆ ਕਰਦਾ ਹੈ ਜਾਂ ਕੋਈ ਵਿਹਾਰ ਪ੍ਰਗਟ ਕਰਦਾ ਹੈ। ਪ੍ਰੇਰਨਾ ਦੀ ਸ਼ੁਰੂਆਤ ਕਿਸੇ ਲੋੜ ਦੀ ਪੂਰਤੀ ਤੋਂ ਹੁੰਦੀ ਹੈ। ਮਨੁੱਖ ਆਪਣੇ ਉਦੇਸ਼, ਟੀਚੇ ਅਤੇ ਲੋੜ ਦੀ ਪ੍ਰਾਪਤੀ ਤੱਕ ਪ੍ਰੇਰਨਾ ਦੇ ਕਾਰਨ ਕਿਰਿਆਸ਼ੀਲ ਰਹਿੰਦਾ ਹੈ। ਪ੍ਰੇਰਨਾ ਮਨੁੱਖ ਦੀ ਅੰਦਰੂਨੀ ਤਾਕਤ ਹੁੰਦੀ ਹੈ। ਇਸ ਅੰਦਰੂਨੀ ਤਾਕਤ ਦੇ ਪ੍ਰਯੋਗ ਨਾਲ ਮਨੁੱਖ ਆਪਣੀਆਂ ਬਾਹਰਲੀਆਂ ਅਤੇ ਅੰਦਰੂਨੀ ਉਦੇਸ਼ਾਂ ਦੀ ਪੂਰਤੀ ਕਰਦਾ ਹੈ। ਜੀਵਨ ਦੀਆਂ ਅਨੇਕਾਂ ਪ੍ਰਸਥਿਤੀਆਂ ਮਨੁੱਖ ਲਈ ਦੁਖਦਾਇਕ ਹੁੰਦੀਆਂ ਹਨ, ਅਜਿਹੀਆਂ ਪ੍ਰਸਥਿਤੀਆਂ ਵਿਚ ਮਨੁੱਖ ਦੀ ਰੁਚੀ ਨਹੀਂ ਹੁੰਦੀ, ਪਰੰਤੂ ਰੁਚੀ ਨਾ ਹੋਣ ਦੇ ਬਾਵਜੂਦ ਵੀ ਪ੍ਰੇਰਨਾ ਮਨੁੱਖ ਨੂੰ ਕਿਰਿਆਸ਼ੀਲ ਰੱਖਦੀ ਹੈ। ਜਿਵੇਂ ਕਿ ਕਿਸੇ ਵਿਦਿਆਰਥੀ ਦੀ ਕਿਸੇ ਵਿਸ਼ੇ ਵਿਚ ਰੁਚੀ ਨਾ ਹੋਣ 'ਤੇ ਵੀ ਚੰਗੇ ਨੰਬਰ ਪ੍ਰਾਪਤ ਕਰਨ ਲਈ ਉਸ ਨੀਰਸ ਤੇ ਔਖੇ ਵਿਸ਼ਾ ਨੂੰ ਪੜ੍ਹਨਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਦੇ ਕਾਰਜ ਅਤੇ ਵਿਹਾਰ ਨੂੰ ਦਿਸ਼ਾ ਪ੍ਰਦਾਨ ਕਰਨ ਵਾਲੀ ਤਾਕਤ ਦਾ ਨਾਂਅ ਪ੍ਰੇਰਨਾ ਹੈ। ਪ੍ਰੇਰਨਾ ਮਨੋਸਰੀਰਕ ਅੰਦਰੂਨੀ ਪ੍ਰਕਿਰਿਆ ਹੁੰਦੀ ਹੈ ਜਿਹੜੀ ਕਿਸੇ ਲੋੜ ਤੋਂ ਆਰੰਭ ਹੋ ਕੇ ਉਸ ਦੀ ਪੂਰਤੀ ਕਰਦੀ ਹੈ।
-ਮਨੋਵਿਗਿਆਨਕ ਪ੍ਰਯੋਗਸ਼ਾਲਾ
ਨੌਨੀਤਪੁਰ, ਤਹਿ. ਗੜ੍ਹਸ਼ੰਕਰ।
ਹੁਸ਼ਿਆਰਪੁਰ।
ਨਵਾਂ ਸਾਲ, ਨਵੀਂ ਸ਼ੁਰੂਆਤ
ਨਵਾਂ ਸਾਲ ਇਕ ਵਾਰ ਫਿਰ ਨਵੀਂ ਰੌਸ਼ਨੀ ਦੀ ਕਿਰਨ ਤੇ ਇਕ ਨਵੀਂ ਸ਼ੁਰੂਆਤ ਰੂਪੀ ਸੌਗਾਤ ਲੈ ਕੇ ਸਾਡੇ ਜੀਵਨ 'ਚ ਆ ਚੁੱਕਾ ਹੈ। ਅਤੀਤ ਦੀਆਂ ਗਲਤੀਆਂ, ਕਮਜ਼ੋਰੀਆਂ ਤੇ ਬੁਰੀਆਂ ਆਦਤਾਂ ਦਾ ਚਿੰਤਨ ਕਰਦਿਆਂ ਨਵੇਂ ਸਫਰ ਵੱਲ ਵਧਣਾ ਹੀ ਅਸਲ ਵਿਚ ਨਵੇਂ ਦਿਨ ਤੇ ਨਵੇਂ ਸਾਲ ਦਾ ਆਗਮਨ ਹੁੰਦਾ ਹੈ। ਮਨ ਵਿਚ ਚੰਗਿਆਈ ਦੇ ਬੀਜਾਂ ਦਾ ਪੁੰਗਰਨਾ ਤੇ ਕਦਮਾਂ ਵਿਚ ਤਾਕਤ, ਜੋਸ਼ ਤੇ ਹਿੰਮਤ ਦਾ ਖਜ਼ਾਨਾ ਲੈ ਕੇ ਅੱਗੇ ਵਧਦਿਆਂ ਆਪਣੇ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਧਿਆਨ ਅਰਜੁਨ ਵਾਂਗ ਨਿਸ਼ਾਨਾ ਮੱਛੀ ਦੀ ਅੱਖ 'ਤੇ ਸਾਧਣਾ ਅਤੇ ਸ਼ਾਨਦਾਰ ਜਿੱਤ ਨਾਲ ਆਪਣੀ ਮੰਜ਼ਿਲ 'ਤੇ ਪਹੁੰਚਣਾ, ਇਕ ਅਲੱਗ ਹੀ ਖ਼ੁਸ਼ੀ ਦਾ ਅਹਿਸਾਸ ਕਰਵਾਉਂਦਾ ਹੈ। ਇਹ ਹੀ ਸਹੀ ਅਰਥਾਂ ਵਿਚ ਵਿਅਕਤੀ ਲਈ ਨਵੀਂ ਰੌਸ਼ਨੀ, ਨਵੇਂ ਸਾਲ ਦਾ ਆਗਾਜ਼ ਹੁੰਦਾ ਹੈ।
ਹਰ ਅੰਤ ਇਕ ਨਵੇਂ ਬੀਜ ਦੀ ਸ਼ੁਰੂਆਤ ਆਪਣੇ ਅੰਦਰ ਸਮਾਈ ਬੈਠਾ ਹੈ। ਬੀਜ ਦਾ ਪੁੰਗਰਨਾ, ਵੱਡਾ ਹੋਣਾ ਤੇ ਦਰੱਖ਼ਤ ਬਣਨਾ ਇਹ ਆਦਮੀ ਦੀ ਮਿਹਨਤ ਤੇ ਸਮੇਂ ਦੀਆਂ ਪ੍ਰਸਥਿਤੀਆਂ ਦਾ ਡੱਟ ਕੇ ਮੁਕਾਬਲਾ ਕਰਨ 'ਤੇ ਹੀ ਸੰਭਵ ਹੁੰਦਾ ਹੈ। ਸਮਾਂ ਬਹੁਤ ਕੀਮਤੀ ਹੈ। ਆਉ, ਅਸੀਂ ਇਸ ਸਾਲ ਨੂੰ ਸਿਰਫ਼ ਜਸ਼ਨਾਂ ਤੱਕ ਹੀ ਸੀਮਤ ਨਾ ਰੱਖੀਏ ਬਲਕਿ ਸੁੰਦਰ, ਸਹਿਜ ਤੇ ਚੰਗੇਰੇ ਸਮਾਜ ਲਈ ਮਨੁੱਖਤਾ ਦੀ ਸੇਵਾ, ਗਿਆਨ ਦੇ ਪਸਾਰ ਤੇ ਵਾਤਾਵਰਨ ਦੀ ਸੰਭਾਲ ਕਰਨ ਦਾ ਅਹਿਦ ਵੀ ਕਰੀਏ।
-ਲਾਭ ਸਿੰਘ ਸ਼ੇਰਗਿੱਲ
ਬਡਰੁੱਖਾਂ, (ਸੰਗਰੂਰ)
ਧਨ ਦਾ ਸਹੀ ਉਪਯੋਗ ਕਰੋ
ਜੀਵਨ ਦੇ ਵੱਖ-ਵੱਖ ਕਾਰਜਾਂ ਨੂੰ ਪੂਰਾ ਕਰਨ ਲਈ ਪੈਸਾ ਇਕ ਮਹੱਤਵਪੂਰਨ ਸਾਧਨ ਹੈ। ਇਸ ਲਈ ਮਨ ਵਿਚ ਵੱਧ ਤੋਂ ਵੱਧ ਕਮਾਉਣ ਦੀ ਖਾਹਿਸ਼ ਪੈਦਾ ਹੋਣਾ ਕੁਦਰਤੀ ਹੈ। ਧਨ ਪ੍ਰਾਪਤੀ ਲਈ ਉੱਦਮ ਕਰਨਾ ਸਾਰੇ ਲੋਕਾਂ ਦਾ ਫਰਜ਼ ਵੀ ਬਣਦਾ ਹੈ। ਪਰ ਪੈਸੇ ਨਾਲ ਵਿਅਕਤੀ ਜੀਵਨ ਦੀਆਂ ਸਿਰਫ ਸੰਸਾਰਿਕ ਲੋੜਾਂ ਦੀ ਹੀ ਪੂਰਤੀ ਕਰ ਸਕਦਾ ਹੈ। ਧਨ ਕਮਾਉਣ ਦੀ ਤਾਂਘ ਵਿਚ ਜਦੋਂ ਇਨਸਾਨ ਆਪਣੀਆਂ ਮਾਨਸਿਕ, ਬੌਧਿਕ ਅਤੇ ਅਧਿਆਤਮਿਕ ਖਾਹਿਸ਼ਾਂ ਨੂੰ ਮਾੜੇ ਕੰਮਾਂ ਲਈ ਵਰਤਦਾ ਹੈ, ਤਾਂ ਉਹ ਜੀਵਨ ਵਿਚ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਕਿਹਾ ਜਾਂਦਾ ਹੈ ਕਿ ਉਹੀ ਵਿਅਕਤੀ ਸਫਲ ਹੋ ਸਕਦਾ ਹੈ, ਜਿਸ ਦਾ ਜੀਵਨ ਉਦੇਸ਼ ਨਿਸਚਿਤ ਹੋਵੇ। ਜਿਸ ਵਿਅਕਤੀ ਨੂੰ ਆਪਣੇ ਮਨ ਦੀਆਂ ਖਾਹਿਸ਼ਾਂ ਦੀ ਪਛਾਣ ਭਾਵ ਜੀਵਨ ਵਿਚ ਕੋਈ ਉਦੇਸ਼ ਨਿਸਚਿਤ ਨਾ ਹੋਵੇ ਤਾਂ ਉਸ ਵਲੋਂ ਕੀਤੇ ਗਏ ਯਤਨ ਇਕ ਨਿਸਚਿਤ ਦਿਸ਼ਾ ਵੱਲ ਨਹੀਂ ਹੁੰਦੇ। ਉਹ ਅਕਸਰ ਇਧਰ-ਉਧਰ ਬਟਕਦਾ ਰਹਿੰਦਾ ਹੈ। ਵਿਗਿਆਨ ਦਾ ਨਿਯਮ ਹੈ, ਜਿਹੜੀਆਂ ਕੋਸ਼ਿਸ਼ਾਂ ਹੀ ਦਿਸ਼ਾ ਵੱਲ ਹੋਣ, ਉਨ੍ਹਾਂ ਵਿਚ ਹੀ ਸਫਲਤਾ ਮਿਲਦੀ ਹੈ।
-ਡਾ. ਨਰਿੰਦਰ ਭੱਪਰ, ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।