27-11-25
ਹਮੇਸ਼ਾ ਸਿੱਖਦੇ ਰਹੀਏ
ਮਨੁੱਖ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਹੈ। ਅੱਜ ਦੇ ਸਮੇਂ ਵਿਚ ਨੈਤਿਕ ਕਦਰਾਂ ਕੀਮਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਨੈਤਿਕ ਕਦਰਾਂ ਕੀਮਤਾਂ ਤੋਂ ਬਿਨਾਂ ਸਿੱਖਿਆ ਦਾ ਕੋਈ ਵੀ ਮਹੱਤਵ ਨਹੀਂ ਹੈ। ਨੈਤਿਕ ਕਦਰਾਂ ਕੀਮਤਾਂ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਅੱਜ ਦੇ ਜ਼ਮਾਨੇ ਵਿਚ ਬੱਚਿਆਂ ਨੂੰ, ਕਿਸ ਤਰ੍ਹਾਂ ਵੱਡਿਆਂ ਨਾਲ ਗੱਲ ਕਰਨੀ ਹੈ, ਸਮਾਜ ਵਿਚ ਕਿਸ ਤਰ੍ਹਾਂ ਵਿਚਰਨਾ ਹੈ, ਉਨ੍ਹਾਂ ਦਾ ਕੀ ਰੁਤਬਾ ਹੈ, ਕੁਦਰਤ ਦੇ ਕੀ ਕਾਇਦੇ ਕਾਨੂੰਨ ਹਨ, ਬਹੁਤ ਘੱਟ ਪਤਾ ਹੈ। ਖੇਡ ਮੈਦਾਨ ਪ੍ਰਤੀ ਦਿਲਚਸਪੀ ਵੀ ਨਹੀਂ ਹੈ। ਮੋਬਾਈਲ ਨੇ ਬੱਚਿਆਂ ਦੇ ਮਨਾਂ ਅੰਦਰ ਘਰ ਕਰ ਲਿਆ ਹੈ। ਸਕੂਲ ਤੋਂ ਆਉਂਦੇ ਹੀ ਕੋਚਿੰਗ ਕਲਾਸਾਂ, ਕੋਚਿੰਗ ਕਲਾਸਾਂ ਤੋਂ ਬਾਅਦ ਸਿੱਧਾ ਹੀ ਮੋਬਾਈਲ ਨੂੰ ਫੜਦੇ ਹਨ। ਜਿਸ ਚੀਜ਼ ਦੇ ਫ਼ਾਇਦੇ ਹੁੰਦੇ ਹਨ ,ਉਸ ਦੇ ਨੁਕਸਾਨ ਵੀ ਜ਼ਰੂਰ ਹੁੰਦੇ ਹਨ। ਦਿਨ ਪ੍ਰਤੀ ਦਿਨ ਮੋਬਾਈਲ ਸਮੱਸਿਆ ਦਾ ਕਾਰਨ ਹੀ ਬਣਦਾ ਜਾ ਰਿਹਾ ਹੈ। ਬੱਚਿਆਂ ਦੀ ਅੱਖਾਂ ਦੀ ਰੌਸ਼ਨੀ ਘਟਦੀ ਜਾ ਰਹੀ ਹੈ। ਹੋਰ ਤਾਂ ਹੋਰ ਰਾਤ ਨੂੰ ਸੌਣ ਲੱਗੇ ਵੀ ਮੋਬਾਈਲ ਆਪਣੇ ਕੰਨ ਦੇ ਹੇਠਾਂ ਰੱਖ ਕੇ ਸੌਂਦੇ ਹਨ। ਲੋੜ ਤੋਂ ਵੱਧ ਵਰਤੋਂ ਘਾਤਕ ਸਿੱਧ ਹੋ ਰਹੀ ਹੈ।
ਚੇਤਨਾ ਨਾਲ ਹੀ ਮਨੁੱਖ ਵਿਚ ਪ੍ਰੇਮ ਅਤੇ ਕਰੁਣਾ ਦਾ ਭਾਵ ਪੈਦਾ ਹੁੰਦਾ ਹੈ। ਹਮੇਸ਼ਾ ਸਾਨੂੰ ਵਰਤਮਾਨ ਵਿਚ ਰਹਿ ਕੇ ਹੀ ਵਿਚਰਨਾ ਚਾਹੀਦਾ ਹੈ। ਅੱਜ ਹਰ ਇਨਸਾਨ ਦੀ ਜ਼ਿੰਦਗੀ ਵਿਚ ਕੋਈ ਨਾ ਕੋਈ ਸਮੱਸਿਆ ਤਾਂ ਜ਼ਰੂਰ ਹੈ। ਜਿਸ ਇਨਸਾਨ ਨੇ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣਾ ਸਿੱਖ ਲਿਆ ਤੇ ਵਰਤਮਾਨ ਵਿਚ ਰਹਿਣਾ ਸਿੱਖ ਲਿਆ ਉਹ ਸਭ ਤੋਂ ਸੁਖੀ ਮਨੁੱਖ ਹੈ। ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਸਮੱਸਿਆਵਾਂ ਵਿਚੋਂ ਕਿਸ ਤਰ੍ਹਾਂ ਨਿਕਲਣਾ ਹੈ।
-ਸੰਜੀਵ ਸਿੰਘ ਸੈਣੀ
ਮੁਹਾਲੀ।
ਪ੍ਰਾਈਵੇਟ ਗੱਡੀਆਂ 'ਤੇ ਸਰਕਾਰ ਦਾ ਨਾਂਅ ਕਿਉਂ?
ਪੰਜਾਬ ਵਿਚ ਅੱਜਕਲ੍ਹ ਆਮ ਦੇਖਣ ਵਿਚ ਆ ਰਿਹਾ ਹੈ ਕਿ ਕੁਝ ਲੋਕ ਆਪਣੀਆਂ ਪ੍ਰਈਵੇਟ ਗੱਡੀਆਂ 'ਤੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਵੱਡੀਆਂ-ਵੱਡੀਆਂ ਪਲੇਟਾਂ ਅਤੇ ਬੋਰਡ ਲਗਵਾ ਕੇ ਸਰੇਆਮ ਸੜਕਾਂ 'ਤੇ ਘੁੰਮ ਰਹੇ ਹਨ। ਜਦੋਂ ਕਿ ਇਨ੍ਹਾਂ ਪ੍ਰਾਈਵੇਟ ਗੱਡੀਆਂ ਦਾ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨਾਲ ਕੋਈ ਲੈਣ ਦੇਣ ਵੀ ਨਹੀਂ ਹੁੰਦਾ। ਇਸ ਤੋਂ ਇਲਾਵਾ ਲੋਕ ਬਹੁਤ ਸਾਰੀਆਂ ਗੱਡੀਆਂ ਤੇ ਪੁਲਿਸ, ਐਕਸਾਈਜ਼, ਇਨਕਮ ਟੈਕਸ ਅਤੇ ਹੋਰ ਵੀ ਬਹੁਤ ਸਾਰੇ ਮਹਿਕਮਿਆਂ ਦੇ ਨਾਂਅ ਅਤੇ ਅਹੁਦੇ ਲਿਖ ਕੇ ਵੀ ਸ਼ਰ੍ਹੇਆਮ ਘੁੰਮ ਰਹੇ ਹਨ। ਇਹ ਲੋਕ ਫੁਕਰਪੁਣੇ ਅਤੇ ਫੋਕੀ ਸ਼ੁਹਰਤ ਲਈ ਇਹ ਸਭ ਕੁਝ ਕਰਦੇ ਹਨ। ਕੁਝ ਲੋਕ ਤਾਂ ਜਿਨ੍ਹਾਂ ਦੇ ਪਰਿਵਾਰ 'ਚੋਂ ਕੋਈ ਪੁਲਿਸ ਮਹਿਕਮੇ, ਡੀ.ਸੀ.ਦਫ਼ਤਰ, ਐਸ.ਡੀ.ਐਮ. ਦਫ਼ਤਰ, ਤਹਿਸੀਦਾਰ ਦਫ਼ਤਰ ਜਾਂ ਕਿਸੇ ਹੋਰ ਸਰਕਾਰੀ ਦਫ਼ਤਰ ਵਿਚ ਕੰਮ ਕਰਦਾ ਉਹ ਲੋਕ ਵੀ ਇਹ ਗੈਰ ਕਾਨੂੰਨੀ ਢੰਗ ਨਾਲ ਇਹ ਸਭ ਕੁਝ ਲਿਖਾਈ ਫਿਰਦੇ ਹਨ।
ਪੁਲਿਸ ਨੂੰ ਇਨ੍ਹਾ ਗੱਡੀਆਂ ਦੀ ਆਮ ਗੱਡੀਆਂ ਤੋਂ ਜ਼ਿਆਦਾ ਚੈਕਿੰਗ ਕਰਨੀ ਚਾਹੀਦੀ ਹੈ। ਫਰਜ਼ੀ ਸਰਕਾਰੀ ਅਹੁਦੇ ਆਪਣੀਆਂ ਪ੍ਰਾਈਵੇਟ ਗੱਡੀਆਂ ਤੇ ਬਿਨਾਂ ਮਨਜ਼ੂਰੀ ਤੋਂ ਲਿਖਾ ਕੇ ਘੁੰਮ ਰਹੇ ਹਨ। ਅਜਿਹੇ ਲੋਕ ਮਾੜੇ ਅਨਸਰਾਂ ਨਾਲ ਮਿਲ ਕੇ ਸਮਾਜ ਵਿਰੋਧੀ ਕੰਮ ਕਰਦੇ ਹੋ ਸਕਦੇ ਹਨ।
ਸਾਡੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਅਪੀਲ ਹੈ ਕਿ ਉਹ ਅਜਿਹੇ ਲੋਕਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। ਅਜਿਹੇ ਲੋਕਾਂ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਪੰਜਾਬ ਨੂੰ ਬਚਾਉਣ ਲਈ ਸੰਜੀਦਾ ਹੋਈਏ
ਪੰਜਾਬ ਅੱਜ ਇਕ ਅਜਿਹੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਜਿਥੇ ਨਸ਼ਿਆਂ ਦੀ ਲਤ, ਬੇਰੁਜ਼ਗਾਰੀ, ਪ੍ਰਦੇਸ ਦੀ ਭੱਜਦੌੜ ਅਤੇ ਖਾਲੀ ਹੁੰਦੇ ਪਿੰਡਾਂ ਨੇ ਸਾਡੀ ਧਰਤੀ ਦੀ ਰੌਣਕ ਹੀ ਘਟਾ ਦਿੱਤੀ ਹੈ, ਹਰ ਰੋਜ਼ ਕਿਸੇ ਮਾਂ ਦੀਆਂ ਅੱਖਾਂ ਆਪਣੇ ਪੁੱਤ ਨੂੰ ਬਚਾਉਣ ਲਈ ਤਰਸਦੀਆਂ ਹਨ, ਕਿਸੇ ਕਿਸਾਨ ਦੀ ਮਿਹਨਤ ਕਰਜ਼ਿਆਂ ਦੇ ਬੋਝ ਹੇਠ ਦਬ ਜਾਂਦੀ ਹੈ, ਤੇ ਸਾਡੇ ਬਹੁਤ ਸਾਰੇ ਯੁਵਾ ਆਪਣੇ ਹੀ ਘਰਾਂ ਤੋਂ ਦੂਰ ਹੋਰ ਦੇਸ਼ਾਂ ਦੀਆਂ ਲਾਈਨਾਂ ਵਿਚ ਲੰਮੇ ਸਮੇਂ ਲਈ ਖੜ੍ਹੇ ਰਹਿੰਦੇ ਹਨ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਅਸੀਂ ਹੌਲੀ-ਹੌਲੀ ਇਹ ਦਰਦਨਾਕ ਹਾਲਤ ਨੂੰ ਸਾਧਾਰਣ ਜੀਵਨ ਦਾ ਹਿੱਸਾ ਮੰਨਣ ਲੱਗ ਪਏ ਹਾਂ। ਜੇ ਅਸੀਂ ਅੱਜ ਆਪਣੇ ਪਿੰਡਾਂ, ਆਪਣੇ ਪਰਿਵਾਰਾਂ ਅਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਗੰਭੀਰ ਹੋ ਕੇ ਨਾ ਸੋਚਿਆ ਤਾਂ ਕੱਲ੍ਹ ਸ਼ਾਇਦ ਪਛਤਾਉਣ ਦਾ ਵੀ ਸਮਾਂ ਨਾ ਰਹੇ। ਸਾਨੂੰ ਹੁਣ ਜਾਗਣ ਦੀ ਲੋੜ ਹੈ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਕ ਸੁਰੱਖਿਅਤ, ਤੰਦਰੁਸਤ ਅਤੇ ਚੰਗੇ ਭਵਿੱਖ ਵਾਲਾ ਪੰਜਾਬ ਦੇ ਸਕੀਏ।
-ਅਸ਼ੋਕ ਗਰੋਵਰ,
ਬਠਿੰਡਾ।
ਮੋਬਾਈਲ ਬਨਾਮ ਸੜਕੀ ਦੁਰਘਟਨਾਵਾਂ
ਸੜਕਾਂ 'ਤੇ ਜਾ ਰਿਹਾ ਹਰ ਇਨਸਾਨ ਮੋਬਾਈਲ ਫੋਨ ਦੀ ਵਰਤੋਂ ਕਰਕੇ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਰਿਹਾ ਹੈ। ਸੜਕਾਂ 'ਤੇ ਹੋ ਰਹੇ ਬਹੁ-ਗਿਣਤੀ ਹਾਦਸਿਆਂ ਦਾ ਮੁੱਖ ਕਾਰਨ ਮੋਬਾਈਲ ਫੋਨ ਹੁੰਦਾ ਹੈ ਕਿਉਂਕਿ ਵਾਹਨ ਚਲਾਉਣ ਸਮੇਂ ਜਦੋਂ ਵਾਹਨ ਚਾਲਕ ਆਪਣਾ ਧਿਆਨ ਮੋਬਾਈਲ ਵਿਚ ਲਗਾਉਂਦਾ ਹੈ ਤਾਂ ਸੜਕੀ ਹਾਦਸੇ ਵਾਪਰ ਜਾਂਦੇ ਹਨ।
ਸਭ ਲੋਕ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਵਾਹਨ ਚਲਾਉਣ ਸਮੇਂ ਮੋਬਾਈਲ ਫੋਨ ਦੀ ਵਰਤੋਂ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ ਪਰੰਤੂ ਫਿਰ ਵੀ ਮੋਬਾਈਲ ਫੋਨ ਦੀ ਵਰਤੋਂ ਕਰਨਾ ਕਿੰਨਾ ਕੁ ਉੱਚਿਤ ਹੈ। ਟ੍ਰੈਫਿਕ ਨਿਯਮਾਂ ਮੁਤਾਬਿਕ ਟ੍ਰੈਫਿਕ ਪੁਲਿਸ ਨੂੰ ਅਜਿਹੇ ਅਨਸਰਾਂ 'ਤੇ ਸਖਤ ਨਕੇਲ ਕੱਸਣੀ ਚਾਹੀਦੀ ਹੈ, ਜੋ ਟ੍ਰੈਫਿਕ ਨਿਯਮਾਂ ਨੂੰ ਟਿੱਚ ਜਾਣਦੇ ਹਨ। ਵਾਹਨ ਚਲਾਉਣ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਜਿੱਥੇ ਖ਼ੁਦ ਜੋਖ਼ਮ ਵਿਚ ਪੈਂਦੇ ਹਨ ਉੱਥੇ ਹੀ ਦੂਸਰਿਆਂ ਲਈ ਵੱਡਾ ਖਤਰਾ ਬਣ ਜਾਂਦੇ ਹਨ। ਸਾਨੂੰ ਸਾਰਿਆਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਅਜਾਈਂ ਨਾ ਗਵਾਇਆ ਜਾਵੇ।
-ਰਵਿੰਦਰ ਸਿੰਘ ਰੇਸ਼ਮ
ਪਿੰਡ ਨੱਥੂਮਾਜਰਾ ਜ਼ਿਲਾ ਮਾਲੇਰਕੋਟਲਾ।