30-03-26
ਸਿੱਖਿਆ ਦਾ ਮਹੱਤਵ
ਸਿੱਖਿਆ ਸਾਡੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਇਹ ਮਨੁੱਖ ਨੂੰ ਸਹੀ ਤੇ ਗਲਤ ਦੀ ਸਮਝ ਦਿੰਦੀ ਹੈ ਅਤੇ ਉਸ ਦੀ ਸੋਚ ਨੂੰ ਵਿਸ਼ਾਲ ਬਣਾਉਂਦੀ ਹੈ। ਪੜ੍ਹਿਆ-ਲਿਖਿਆ ਮਨੁੱਖ ਸਮਾਜ ਵਿਚ ਇੱਜ਼ਤ ਪਾਉਂਦਾ ਹੈ ਅਤੇ ਆਪਣੇ ਭਵਿੱਖ ਨੂੰ ਵੀ ਚੰਗਾ ਬਣਾ ਸਕਦਾ ਹੈ। ਸਿੱਖਿਆ ਨਾਲ ਦੇਸ਼ ਦੀ ਤਰੱਕੀ ਵੀ ਸੰਭਵ ਹੁੰਦੀ ਹੈ।
ਅੱਜ ਵੀ ਕਈ ਪਿੰਡਾਂ ਵਿਚ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਗਰੀਬੀ ਕਈ ਵਾਰ ਰੁਕਾਵਟ ਬਣਦੀ ਹੈ। ਇਸ ਲਈ ਹਰ ਬੱਚੇ ਨੂੰ ਪੜ੍ਹਨ ਦਾ ਮੌਕਾ ਮਿਲਣਾ ਚਾਹੀਦਾ ਹੈ। ਮਾਪਿਆਂ ਅਤੇ ਅਧਿਆਪਕਾਂ ਨੂੰ ਮਿਲ ਕੇ ਬੱਚਿਆਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਸਿੱਖਿਆ ਮਨੁੱਖ ਨੂੰ ਚੰਗਾ ਨਾਗਰਿਕ ਬਣਾਉਂਦੀ ਹੈ ਅਤੇ ਬੇਰੁਜ਼ਗਾਰੀ ਘਟਾਉਣ ਵਿਚ ਵੀ ਮਦਦ ਕਰਦੀ ਹੈ। ਇਸ ਲਈ ਸਾਨੂੰ ਸਿੱਖਿਆ ਦੀ ਕਦਰ ਕਰਨੀ ਚਾਹੀਦੀ ਹੈ।
- ਹਰਪ੍ਰੀਤ ਸਿੰਘ,
ਮੰਡੀ ਗੋਬਿੰਦਗੜ੍ਹ
ਚੋਣ ਵਾਅਦੇ ਅਧੂਰੇ ਕਿਉਂ?
ਸਰਕਾਰ ਚੋਣ ਵਾਅਦੇ ਵਿਚ ਸਿੱਖਿਆ ਸੁਧਾਰ ਅਤੇ ਸਿਹਤ ਸੇਵਾਵਾਂ ਦੇ ਸੁਧਾਰ ਨੂੰ ਪਹਿਲ ਦੇ ਆਧਾਰ ਤੇ ਸੁਧਾਰ ਕਰਨ ਦੀ ਗੱਲ ਕਰਦੀ ਸੀ, ਪਰ ਬਹੁਤ ਸਾਰੇ ਸਕੂਲਾਂ, ਕਾਲਜਾਂ ਵਿਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਹਨ, ਜਿਸ ਕਰਕੇ ਇਕ ਪ੍ਰਿੰਸੀਪਲ ਨੂੰ ਕਈ-ਕਈ ਸਕੂਲ, ਕਾਲਜਾਂ ਦੀ ਜ਼ਿੰਮੇਵਾਰੀ ਨਿਭਾਉਣ ਕਰਕੇ ਮਾਨਸਿਕ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ। ਕਾਲਜਾਂ ਵਿਚ ਵੱਡੀ ਗਿਣਤੀ ਵਿਚ ਖਾਲੀ ਅਸਾਮੀਆਂ ਤੇ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਦੀ ਭਰਤੀ ਪਿਛਲੀ ਸਰਕਾਰ ਕਰ ਗਈ ਸੀ ਜੋ ਅਦਾਲਤਾਂ ਵਿਚ ਉਲਝ ਗਈ ਹੈ। ਸਰਕਾਰ ਦੀਆਂ ਭਰਤੀ ਵਿਚ ਛੱਡੀਆਂ ਖਾਮੀਆਂ ਦਾ ਖਮਿਆਜ਼ਾ ਸਿਲੈਕਟ ਹੋਏ ਉਮੀਦਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਸਿੱਖਿਆ ਵਿਭਾਗ ਦੇ ਸੁਧਾਰ ਦੀ ਗੱਲ ਵੀ ਅਧੂਰੀ ਰਹਿ ਗਈ ਹੈ, ਉਚੇਰੀ ਸਿੱਖਿਆ ਦੇ ਸੁਧਾਰ ਲਈ ਭਰਤੀ ਕੀਤੇ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਭਰਤੀ ਨੂੰ ਬਚਾਉਣ ਲਈ ਸਰਕਾਰ ਨੂੰ ਸੁਹਿਰਦ ਯਤਨ ਕਰਕੇ ਸਿੱਖਿਆ ਕ੍ਰਾਂਤੀ ਵੱਲ ਵਧਣਾ ਚਾਹੀਦਾ ਹੈ।
-ਮੇਜਰ ਸਿੰਘ ਨਾਭਾ
ਸਿਹਤ ਪ੍ਰਤੀ ਜਾਗਰੂਕਤਾ ਜ਼ਰੂਰੀ
ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿਚ ਸਿਹਤ ਪ੍ਰਤੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਮਨੁੱਖ ਦੀ ਸਫ਼ਲਤਾ, ਖੁਸ਼ਹਾਲੀ ਅਤੇ ਲੰਬੀ ਉਮਰ ਦਾ ਆਧਾਰ ਉਸ ਦੀ ਚੰਗੀ ਸਿਹਤ ਹੈ। ਜੇ ਸਰੀਰ ਤੰਦਰੁਸਤ ਹੋਵੇ ਤਾਂ ਮਨ ਵੀ ਖ਼ੁਸ਼ ਰਹਿੰਦਾ ਹੈ ਅਤੇ ਜੀਵਨ ਦੇ ਹਰ ਖੇਤਰ ਵਿਚ ਅੱਗੇ ਵਧਣਾ ਆਸਾਨ ਹੋ ਜਾਂਦਾ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਸਿਹਤ ਪ੍ਰਤੀ ਜਾਗਰੂਕਤਾ ਦਾ ਮਤਲਬ ਹੈ ਆਪਣੇ ਸਰੀਰ ਦੀ ਸੰਭਾਲ ਕਰਨਾ, ਸਹੀ ਖੁਰਾਕ ਲੈਣਾ, ਕਸਰਤ ਜਾਂ ਯੋਗਾ ਕਰਨਾ ਅਤੇ ਸਫ਼ਾਈ ਦਾ ਧਿਆਨ ਰੱਖਣਾ। ਸੰਤੁਲਿਤ ਆਹਾਰ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ। ਹਰੀਆਂ ਸਬਜ਼ੀਆਂ, ਫਲ, ਦੁੱਧ ਅਤੇ ਦਾਲਾਂ ਸਰੀਰ ਨੂੰ ਤਾਕਤ ਦਿੰਦੀਆਂ ਹਨ, ਜਦਕਿ ਜੰਕ ਫੂਡ ਅਤੇ ਬੇਹੱਦ ਤੇਲ ਮਸਾਲਿਆਂ ਵਾਲੀ ਖੁਰਾਕ ਸਿਹਤ ਲਈ ਹਾਨੀਕਾਰਕ ਹੁੰਦੀ ਹੈ।
ਇਸ ਲਈ ਸਾਨੂੰ ਘਰ ਦਾ ਸਾਫ਼ ਅਤੇ ਸੰਤੁਲਿਤ ਭੋਜਨ ਹੀ ਵਰਤਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰੋਜ਼ਨਾ ਸਵੇਰੇ ਸੈਰ ਕਰਨਾ, ਯੋਗਾ ਕਰਨਾ ਜਾਂ ਖੇਡਾਂ ਵਿਚ ਭਾਗ ਲੈਣਾ ਸਰੀਰਕ ਤੰਦਰੁਸਤੀ ਲਈ ਬਹੁਤ ਲਾਭਕਾਰੀ ਹੈ।
-ਰਾਜਵੀਰ ਸਿੰਘ,
ਫ਼ਤਹਿਗੜ੍ਹ ਸਾਹਿਬ।
ਬਜ਼ੁਰਗ ਹੁੰਦੇ ਘਰ ਦਾ ਗਹਿਣਾ
ਬਜ਼ੁਰਗ ਸਾਡੇ ਜੀਵਨ ਦਾ ਉਹ ਅਨਮੋਲ ਹਿੱਸਾ ਹਨ, ਜਿਨ੍ਹਾਂ ਦੇ ਤਜਰਬੇ ਅਤੇ ਸਲਾਹਾਂ ਸਾਨੂੰ ਜੀਵਨ ਦੇ ਹਰ ਮੋੜ 'ਤੇ ਹਮੇਸ਼ਾ ਠੀਕ ਰਾਹ ਦਿਖਾਉਂਦੀਆਂ ਹਨ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਪਰਿਵਾਰ ਦੀ ਭਲਾਈ, ਬੱਚਿਆਂ ਦੀ ਪਰਵਰਿਸ਼ ਅਤੇ ਸੰਸਕਾਰਾਂ ਦੀ ਸਿੱਖਿਆ ਦੇਣ ਲਈ ਸਮਰਪਿਤ ਕੀਤੀ ਹੁੰਦੀ ਹੈ। ਉਨ੍ਹਾਂ ਦੀ ਮੌਜੂਦਗੀ ਨਾਲ ਘਰ ਵਿਚ ਪਿਆਰ, ਖ਼ੁਸ਼ਹਾਲੀ ਅਤੇ ਸਹਿਜਤਾ ਦਾ ਮਾਹੌਲ ਬਣਿਆ ਰਹਿੰਦਾ ਹੈ। ਬਜ਼ੁਰਗਾਂ ਦੇ ਅਨੁਭਵ ਸਾਡੇ ਲਈ ਵਡਮੁੱਲੀ ਧਰੋਹਰ ਹੁੰਦੇ ਹਨ, ਜੋ ਸਾਨੂੰ ਗਲਤੀਆਂ ਤੋਂ ਬਚਾਉਂਦੇ ਅਤੇ ਸਹੀ ਫ਼ੈਸਲੇ ਲੈਣ ਲਈ ਪ੍ਰੇਰਿਤ ਕਰਦੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਆਧੁਨਿਕ ਯੁਗ ਵਿਚ ਲੋਕ ਬਜ਼ੁਰਗਾਂ ਦੀ ਕਦਰ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਬੋਝ ਸਮਝਣ ਲੱਗੇ ਹਨ। ਅਜਿਹੀ ਗ਼ਲਤ ਸੋਚ ਸਾਡੀ ਸੰਸਕ੍ਰਿਤੀ ਅਤੇ ਸੰਸਕਾਰਾਂ ਦੇ ਖਿਲਾਫ਼ ਹੈ।
ਸਾਨੂੰ ਹਮੇਸ਼ਾ ਬਜ਼ੁਰਗਾਂ ਦਾ ਸਤਿਕਾਰ ਤੇ ਸੇਵਾ ਕਰਦਿਆਂ ਉਨ੍ਹਾਂ ਦੇ ਅਨੁਭਵਾਂ ਦਾ ਲਾਭ ਉਠਾ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੀਦਾ ਹੈ। ਬਜ਼ੁਰਗ ਘਰਾਂ ਦਾ ਗਹਿਣਾ ਹੁੰਦੇ ਹਨ, ਜਿਨ੍ਹਾਂ ਨਾਲ ਘਰ ਦੀ ਰੌਣਕ ਅਤੇ ਪਹਿਚਾਨ ਬਣੀ ਰਹਿੰਦੀ ਹੈ।
-ਗਗਨਜਾਪ ਸਿੰਘ,
ਰਾਜਪੁਰਾ।