JALANDHAR WEATHER

23-10-25

 ਪਰਾਲੀ, ਪਟਾਕੇ ਤੇ ਪ੍ਰਦੂਸ਼ਣ

ਭਾਵੇਂ ਸੁਪਰੀਮ ਕੋਰਟ ਵਲੋਂ ਦੀਵਾਲੀ ਅਤੇ ਹੋਰ ਤਿਉਹਾਰਾਂ 'ਤੇ ਪਟਾਕੇ ਚਲਾਉਣ ਮਨਾਹੀ ਕੀਤੀ ਹੋਈ ਹੈ, ਤਾਂ ਜੋ ਪ੍ਰਦੂਸ਼ਣ ਨਾ ਫੈਲੇ ਅਤੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਸਰਕਾਰ ਵਲੋਂ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਜਾਂਦਾ ਹੈ। ਪਰ ਇਸ ਵਾਰ ਫਿਰ 20 ਤੇ 21 ਦੀਆਂ ਦੋ ਰਾਤਾਂ ਨੂੰ ਭਾਰੀ ਆਤਿਸ਼ਬਾਜ਼ੀ ਅਤੇ ਪਟਾਕੇ ਚਲਾਏ ਗਏ, ਜਿਸ ਕਾਰਨ ਅਸਮਾਨ 'ਤੇ ਧੂੰਆਂ ਹੀ ਧੂੰਆਂ ਨਜ਼ਰ ਆਇਆ ਅਤੇ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਹੋ ਗਈ ਹੈ। ਪਰ ਹਮੇਸ਼ਾ ਹੀ ਕਿਸਾਨਾਂ ਨੂੰ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਫੈਲਾਉਣ ਲਈ ਦੋਸ਼ੀ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ 'ਤੇ ਭਾਰੀ ਜੁਰਮਾਨੇ, ਰੈੱਡ ਐਂਟਰੀ ਤੇ ਐਫ.ਆਈ.ਆਰ. ਤੱਕ ਦਰਜ ਕੀਤੀਆਂ ਜਾਂਦੀਆਂ ਹਨ, ਜਦੋਂਕਿ ਸੜਕਾਂ 'ਤੇ ਦੌੜਦੀਆਂ ਕਰੋੜਾਂ ਗੱਡੀਆਂ ਅਤੇ ਫੈਕਟਰੀਆਂ ਵਿਚੋਂ ਨਿਕਲਦਾ ਬੇਸ਼ੁਮਾਰ ਧੂੰਆਂ ਵੀ ਪ੍ਰਦੂਸ਼ਣ ਫੈਲਾਉਣ ਦਾ ਕਾਰਨ ਬਣਦਾ ਹੈ। ਭਾਵੇਂ ਕਿ ਇਹ ਦੀਵਾਲੀ ਅਤੇ ਬੰਦੀ ਛੋੜ ਦਿਵਸ ਆਸਥਾ ਨਾਲ ਸੰਬੰਧਿਤ ਹਨ, ਪਰ ਸਰਕਾਰ ਨੂੰ ਸਿਰਫ਼ ਕਿਸਾਨਾਂ ਨੂੰ ਹੀ ਦੋਸ਼ੀ ਨਹੀਂ ਮੰਨਣਾ ਚਾਹੀਦਾ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਹਰੇਕ ਵਿਅਕਤੀ ਵਲੋਂ ਕੀਤੀ ਗਈ ਕੁਤਾਹੀ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਸੋ, ਪਰਾਲੀ ਤੋਂ ਇਲਾਵਾ ਦੂਜੇ ਸਰੋਤਾਂ ਤੋਂ ਵੀ ਫੈਲਾਏ ਜਾਂਦੇ ਜ਼ਹਿਰੀਲੇ ਧੂੰਏਂ ਨਾਲ ਜੋ ਪ੍ਰਦੂਸ਼ਣ ਫੈਲਦਾ ਹੈ, ਉਨ੍ਹਾਂ 'ਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਮਹਿੰਗਾਈ ਦੀ ਸਮੱਸਿਆ

ਅੱਜ ਦੇ ਯੁੱਗ ਵਿਚ ਮਹਿੰਗਾਈ ਇੱਕ ਗੰਭੀਰ ਸਮੱਸਿਆ ਹੈ। ਦਿਨੋ-ਦਿਨ ਚੀਜ਼ਾਂ ਦੇ ਭਾਅ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਆਮ ਵਿਅਕਤੀ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ, ਖਾਣ-ਪੀਣ ਦੀਆਂ ਚੀਜ਼ਾਂ, ਬਿਜਲੀ, ਦਵਾਈਆਂ, ਸਿੱਖਿਆ ਸਭ ਚੀਜ਼ਾਂ ਦਿਨੋ-ਦਿਨ ਮਹਿੰਗੀਆਂ ਹੋ ਰਹੀਆਂ ਹਨ, ਜਿਸ ਕਾਰਨ ਇੱਕ ਆਮ ਵਿਅਕਤੀ ਲਈ ਘਰ ਦਾ ਖਰਚਾ ਚਲਾਉਣਾ ਦਿਨੋ-ਦਿਨ ਔਖਾ ਹੋ ਰਿਹਾ ਹੈ। ਮਹਿੰਗਾਈ ਅੱਜ-ਕੱਲ ਇਕ ਸਮੱਸਿਆ ਦਾ ਰੂਪ ਧਾਰਨ ਕਰ ਰਹੀ ਹੈ ਜੋ ਸਿਰਫ਼ ਆਰਥਿਕ ਪੱਖ ਹੀ ਨਹੀਂ, ਸਗੋਂ ਲੋਕਾਂ ਦੀ ਜੀਵਨ ਸ਼ੈਲੀ 'ਤੇ ਵੀ ਡੂੰਘਾ ਅਸਰ ਪਾਉਂਦੀ ਹੈ।

-ਜਸਦੀਪ ਕੌਰ
ਦਸੌਂਦਾ ਸਿੰਘ ਵਾਲਾ (ਮਲੇਰਕੋਟਲਾ)