JALANDHAR WEATHER

10-11-25

 ਸੜਕ 'ਤੇ ਸਾਵਧਾਨੀ ਨਾਲ ਚੱਲੋ
ਮੌਸਮ ਬਦਲਣ ਕਰਕੇ ਆਉਣ ਵਾਲੇ ਦਿਨਾਂ 'ਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਜਾਵੇਗੀ, ਜਿਸ ਕਰਕੇ ਸੜਕਾਂ 'ਤੇ ਭਿਆਨਕ ਹਾਦਸੇ ਹੋਣ ਲੱਗਣਗੇ। ਸੜਕ ਹਾਦਸਿਆਂ ਤੋਂ ਬਚਣ ਲਈ ਸਾਨੂੰ ਸਭ ਨੂੰ ਆਪਣੇ ਆਵਾਜਾਈ ਦੇ ਸਾਧਨਾਂ 'ਤੇ ਰਿਫਲੈਕਟਰ ਲਗਾਉਣੇ ਚਾਹੀਦੇ ਹਨ। ਲਾਈਟਾਂ ਅਤੇ ਬਰੇਕਾਂ ਸਹੀ ਕੰਮ ਕਰਦੀਆਂ ਹੋਣੀਆਂ ਚਾਹੀਦੀਆਂ ਹਨ। ਗੱਡੀ ਚਲਾਉਣ ਸਮੇਂ ਮੋਬਾਈਲ ਦੀ ਵਰਤੋਂ ਬਿਲਕੁਲ ਵੀ ਨਾ ਕਰੋ। ਸਾਵਧਾਨੀਆਂ ਵਰਤ ਕੇ ਅਸੀਂ ਬਹੁਤ ਸਾਰੀਆਂ ਕੀਮਤੀ ਜਾਨਾਂ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾਅ ਸਕਦੇ ਹਾਂ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਪੰਜਾਬ ਦੇ ਮੁਲਾਜ਼ਮਾਂ ਨਾਲ ਬੇਇਨਸਾਫ਼ੀ
ਪੰਜਾਬ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਲ 2025 'ਚ ਮੁਲਾਜ਼ਮਾਂ ਨੂੰ ਡੀ.ਏ. ਦੀ ਕੋਈ ਕਿਸ਼ਤ ਨਹੀਂ ਦਿੱਤੀ ਗਈ ਜਦਕਿ ਮਹਿੰਗਾਈ ਭੱਤੇ ਦੀ ਕਿਸ਼ਤ ਹਰ ਵਰ੍ਹੇ ਸੂਬੇ ਦੇ ਮੁਲਾਜ਼ਮਾਂ ਤ ਪੈਨਸ਼ਨਰਾਂ ਨੂੰ ਦੋ ਕਿਸ਼ਤਾਂ 'ਚ ਜਾਰੀ ਕੀਤੀ ਜਾਂਦੀ ਹੈ। ਪਰ ਇਸ ਵਾਰ ਸੂਬਾ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਕ ਵੀ ਕਿਸ਼ਤ ਨਾ ਦੇ ਕੇ ਉਨ੍ਹਾਂ ਦੇ ਪੱਲੇ ਸਿਰਫ਼ ਨਿਰਾਸ਼ਾ ਹੀ ਪਾਈ ਗਈ ਹੈ। ਜਿਸ ਕਰਕੇ ਸਮੁੱਚੇ ਮੁਲਾਜਮਾਂ ਦੀ ਦੀਵਾਲੀ ਫਿੱਕੀ ਰਹੀ ਹੈ। ਸੂਬੇ ਦੇ ਆਈ.ਏ.ਐਸ. ਤੇ ਪੀ.ਸੀ.ਐਸ. ਅਧਿਕਾਰੀ 58 ਫ਼ੀਸਦੀ ਡੀ.ਏ. ਲੈ ਰਹੇ ਹਨ, ਜਦਕਿ ਦੂਜੇ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ 42 ਫ਼ੀਸਦੀ ਡੀ.ਏ. ਮਿਲ ਰਿਹਾ ਹੈ। ਮਾਣਯੋਗ ਮੁੱਖ ਮੰਤਰੀ ਸਾਹਿਬ ਇਹ ਸਰਾਸਰ ਬੇਇਨਸਾਫ਼ੀ ਹੈ? ਕਦੇ ਉਹ ਵੀ ਸਮਾਂ ਸੀ ਜਦੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਦੀਵਾਲੀ ਦੇ ਤਿਉਹਾਰ 'ਤੇ ਸਪੈਸ਼ਲ ਬੋਨਸ ਮਿਲਦਾ ਹੁੰਦਾ ਸੀ। ਪਰ ਅੱਜ ਹਾਲਤ ਇਹ ਹਨ ਕਿ ਸੂਬਾ ਸਰਕਾਰ ਮੁਲਾਜ਼ਮਾਂ ਨੂੰ ਤਨਖਾਹ ਦੇਣ 'ਚ ਵੀ ਅਕਸਰ ਦੇਰੀ ਕਰ ਦਿੰਦੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਅਤੇ ਪੰਜਾਬ ਦੇ ਨਾਲ ਲਗਦੇ ਸੂਬਿਆਂ 'ਚ ਵੀ ਡੀ.ਏ. 58 ਫ਼ੀਸਦੀ ਹੈ। ਆਪ ਸਰਕਾਰ ਨੂੰ ਹੋਂਦ 'ਚ ਲਿਆਉਣ 'ਚ ਮੁਲਾਜ਼ਮ ਵਰਗ ਦਾ ਵੱਡਾ ਯੋਗਦਾਨ ਰਿਹਾ ਹੈ ਪਰ ਅੱਜ ਮੁਲਾਜ਼ਮ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੋਂ ਚੋਖੇ ਖਫ਼ਾ ਹਨ। ਕਿਉਂਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਨਾ ਤਾਂ ਇਸ ਨੇ ਡੀ.ਏ. ਦੀ ਕਿਸ਼ਤ ਦਿੱਤੀ ਹੈ ਤੇ ਨਾ ਹੀ ਪੇ-ਕਮਿਸ਼ਨ ਦਾ ਬਕਾਇਆ. ਸਿਰਫ਼ 70-72 ਸਾਲ ਤੋਂ ਉੱਪਰ ਵਾਲੇ ਕੁਝ ਚੋਣਵੇਂ ਪੈਨਸ਼ਨਰਾਂ ਨੂੰ ਹੀ ਬਕਾਏ ਦੀ ਕੁਝ ਰਕਮ ਦਿੱਤੀ ਗਈ ਹੈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਸਰਕਾਰ ਦੀ ਬੇਰੁਖ਼ੀ ਇਸ ਕਦਰ ਹੈ ਕਿ 6 ਹਜ਼ਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪੇ ਕਮਿਸ਼ਨ ਤੇ ਡੀ.ਏ. ਦੀਆਂ ਕਿਸ਼ਤਾਂ ਦੇ ਬਕਾਏ ਜਾਰੀ ਕਰਨ ਤੋਂ ਕੰਨੀ ਕਤਰਾਈ ਜਾ ਰਹੀ ਹੈ। ਇਥੇ ਹੀ ਬੱਸ ਨਹੀਂ ਹੈ ਸਗੋਂ ਮਾਣਯੋਗ ਅਦਾਲਤਾਂ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਣ ਦੇ ਇਰਾਦੇ ਨਾਲ ਸਰਕਾਰ ਕਮੇਟੀਆਂ ਦਾ ਗਠਨ ਕਰਕੇ ਫ਼ੈਸਲਿਆਂ ਨੂੰ ਲਮਕਾ ਰਹੀ ਹੈ। ਸਰਕਾਰ ਨੂੰ ਮੁਲਾਜ਼ਮਾਂ ਦੇ ਜਾਇਜ਼ ਮਸਲਿਆਂ ਨੂੰ ਸਮਾਂ ਰਹਿੰਦਿਆਂ ਨਜਿੱਠਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਦਫ਼ਤਰਾਂ 'ਚ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ।

-ਲੈਕਚਰਾਰ ਅਜੀਤ ਖੰਨਾ।

ਬਜ਼ੁਰਗਾਂ ਕੋਲ ਹੁੰਦਾ ਤਜਰਬਿਆਂ ਦਾ ਭੰਡਾਰ
ਅੱਜ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਕਿਤੇ ਨਾ ਕਤੇ ਅਸੀਂ ਆਪਣੀ ਸਕਾਰਾਤਮਿਕ ਰਿਵਾਜਾਂ ਤੋਂ ਮੂੰਹ ਮੋੜ ਰਹੇ ਹਾਂ। ਸਾਂਝੇ ਪਰਿਵਾਰ ਟੁਟਜੇ ਜਾ ਰਹੇ ਹਨ। ਜਿੰਨੀ ਵਿਗਿਆਨ ਨੇ ਤਰੱਕੀ ਕੀਤੀ ਹੈ, ਇਨਸਾਨ ਦੀ ਜ਼ਿੰਦਗੀ ਸੁਖਾਲੀ ਹੋਣ ਦੀ ਬਜਾਏ ਗੁੰਝਲਦਾਰ ਹੁੰਦੀ ਜਾ ਰਹੀ ਹੈ। ਇਕ-ਦੂਜੇ ਦਾ ਰਾਜ਼ੀ-ਖੁਸ਼ੀ ਪੁੱਛਣ ਲਈ ਸਮਾਂ ਨਹੀਂ ਹੈ। ਬਜ਼ੁਰਗਾਂ ਨਾਲ ਘਰਾਂ ਵਿਚ ਸਿੱਧੇ ਮੂੰਹ ਗੱਲ ਤੱਕ ਨਹੀਂ ਕੀਤੀ ਜਾਂਦੀ। ਬਜ਼ੁਰਗ ਸਾਰੀ ਉਮਰ ਆਪਣੀ ਔਲਾਦ ਲਈ ਬਹੁਤ ਕੁਝ ਕਰਦੇ ਹਨ, ਤੇ ਜਦੋਂ ਬਜ਼ੁਰਗਾਂ ਨੂੰ ਆਖਰੀ ਸਮੇਂ ਸਹਾਰੇ ਦੀ ਜ਼ਰੂਰਤ ਪੈਂਦੀ ਹੈ ਤਾਂ ਉਨ੍ਹਾਂ ਨੂੰ ਦਰ-ਕਿਨਾਰਾ ਕਰਨਾ ਸ਼ੁਰੂ ਕਰ ਦਿੰਦੇ ਹਨ। ਇਥੋਂ ਤੱਕ ਕਿ ਬਜ਼ੁਰਗ ਵੀ ਘਰ ਵਿਚ ਵੰਡ ਲਏ ਹਨ। ਅਕਸਰ ਅੱਜ ਦੀ ਨੌਜਵਾਨ ਪੀੜ੍ਹੀ ਬਜ਼ੁਰਗਾਂ ਨੂੰ ਏ.ਟੀ.ਐਮ. ਸਮਝਦੀ ਹੈ। ਮਾੜਾ ਵਤੀਰਾ ਬਜ਼ੁਰਗਾਂ ਨਾਲ ਆਮ ਹੋ ਰਿਹਾ ਹੈ। ਅੱਜ ਵਧੀਆ ਸ਼ਹਿਰਾਂ ਵਿਚ ਬਿਰਧ ਆਸ਼ਰਮ ਵਿਚ ਟਾਈਮ ਕੱਟਣਾ ਪੈ ਗਿਆ।ਪੁੱਤ ਨੇ ਘਰੋਂ ਕੱਢ ਦਿੱਤੀ। ਮਾਪਿਆਂ ਨੂੰ ਬਿਰਧ ਆਸ਼ਰਮ 'ਚ ਤੋਰ ਕੇ ਅਜੋਕੀ ਨੌਜਵਾਨੀ ਰੰਗਰਲੀਆਂ ਮਨਾਉਣ ਵਿਚ ਲੱਗੀ ਹੋਈ ਹੈ। ਰੋਕਣਾ, ਟੋਕਣਾ ਬੱਚਿਆਂ ਨੂੰ ਪਸੰਦ ਨਹੀਂ ਹੈ। ਚਾਹੇ ਸਾਡੇ ਬਜ਼ੁਰਗ ਘੱਟ ਪੜ੍ਹੇ-ਲਿਖੇ ਹਨ, ਪਰ ਉਨ੍ਹਾਂ ਕੋਲ ਜ਼ਿੰਦਗੀ ਦਾ ਨਿਚੋੜ ਹੈ। ਕੁਝ ਗੱਲਾਂ ਵਿਚ ਬਜ਼ੁਰਗਾਂ ਵੀ ਗ਼ਲਤ ਹਨ। ਉਨ੍ਹਾਂ ਨੂੰ ਸਮੇਂ ਦੇ ਮੁਤਾਬਿਕ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ ਹੈ। ਕਈ ਬਜ਼ੁਰਗ ਘਰਾਂ ਵਿਚ ਆਪਣੀ ਚੌਧਰਾਂ ਚਲਾਉਂਦੇ ਰਹਿੰਦੇ ਹਨ। ਦੂਜਿਆਂ ਦੀਆਂ ਗੱਲਾਂ ਵਿਚ ਆ ਕੇ ਆਪਣੇ ਘਰ ਵਿਚ ਲੜਾਈ-ਝਗੜਾ ਨਹੀਂ ਕਰਨਾ ਚਾਹੀਦਾ।

-ਸੰਜੀਵ ਸਿੰਘ ਸੈਣੀ ਮੋਹਾਲੀ।

'ਅਜੀਤ' ਦਾ ਯੋਗ ਉਪਰਾਲਾ
'ਅਜੀਤ' ਰਾਹਤ ਫੰਡ 'ਚੋਂ 'ਅਜੀਤ' ਪ੍ਰਕਾਸ਼ਨ ਸਮੂਹ ਨੇ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ। ਸਮਾਜ ਦੇ ਵੱਖ-ਵੱਖ ਵਰਗਾਂ ਤੇ ਸੰਸਥਾਵਾਂ ਵਲੋਂ 'ਅਜੀਤ' ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਹੈ। ਇਸ ਦੁੱਖ ਦੀ ਘੜੀ ਵਿਚ ਹਰ ਕੋਈ 'ਅਜੀਤ' ਅਖ਼ਬਾਰ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਬਹੁਤ ਸ਼ਲਾਘਾਯੋਗ ਦੱਸਦਾ ਹੈ। 'ਅਜੀਤ' ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤੇ ਸਮੂਹ ਸਟਾਫ ਵਧਾਈ ਦੇ ਪਾਤਰ ਹਨ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਪੰਜਾਬ ਪੁਲਿਸ।

ਆਓ ਪਰਾਲੀ ਸਾੜਨਾ ਬੰਦ ਕਰੀਏ
ਹਰ ਸਾਲ ਫਸਲ ਕੱਟਣ ਤੋਂ ਬਾਅਦ ਕਈ ਕਿਸਾਨਾਂ ਵਲੋਂ ਪਰਾਲੀ ਸਾੜੀ ਜਾਂਦੀ ਹੈ, ਜਿਸ ਨਾਲ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਬੇਹੱਦ ਵਧ ਜਾਂਦੀ ਹੈ। ਇਸ ਨਾਲ ਨਾ ਸਿਰਫ਼ ਪਿੰਡਾਂ ਅਤੇ ਸ਼ਹਿਰਾਂ ਦੀ ਹਵਾ ਜ਼ਹਿਰੀਲੀ ਹੋ ਜਾਂਦੀ ਹੈ, ਸਗੋਂ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ, ਅੱਖਾਂ ਵਿਚ ਜਲਣ ਅਤੇ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਾਲੀ ਸਾੜਨ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੀ ਘੱਟ ਹੋ ਜਾਂਦੀ ਹੈ। ਜੋ ਆਉਣ ਵਾਲੇ ਸਮੇਂ ਲਈ ਖੇਤੀਬਾੜੀ ਲਈ ਖਤਰਾ ਬਣ ਸਕਦੀ ਹੈ। ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਦੀ ਸੰਭਾਲ ਲਈ ਆਧੁਨਿਕ ਮਸ਼ੀਨਰੀ ਜਿਵੇਂ ਕਿ 'ਹੈਪੀ ਸੀਡਰ' ਅਤੇ 'ਸੁਪਰ ਸਟਰਾਅ ਮੈਨੇਜਮੈਂਟ ਸਿਸਟਮ' ਆਦਿ ਉਪਲਬੱਧ ਕਰਵਾਈ ਗਈ ਹੈ। ਇਸ ਲਈ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਇਸ ਬਦਲ ਨੂੰ ਅਪਣਾ ਕੇ ਪਰਾਲੀ ਸਾੜਨ ਤੋਂ ਬਚਣ, ਤਾਂ ਜੋ ਸਾਡੇ ਵਾਤਾਵਰਨ ਅਤੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

-ਗਗਨਜਾਪ ਸਿੰਘ
ਰਾਜਪੁਰਾ।

ਜੀਰੀ ਦਾ ਘਟਿਆ ਝਾੜ
ਜੀਰੀ ਦੀ ਫਸਲ ਮੰਡੀਆਂ ਵਿਚ ਪਹੁੰਚ ਰਹੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸਾਨ ਸਾਉਣੀ ਦੀ ਫਸਲ ਵੇਖ ਬਹੁਤ ਹੌਸਲੇ ਸਨ। ਪ੍ਰੰਤੂ ਕਿਸਾਨਾਂ ਦਾ ਹੌਸਲਾ ਉਸ ਸਮੇਂ ਢਹਿ-ਢੇਰੀ ਹੋ ਗਿਆ ਜਦੋਂ ਜੀਰੀ ਦਾ ਝਾੜ ਘੱਟ ਨਿਕਲਿਆ। ਕਈ ਕਿਸਾਨਾਂ ਦੀ ਬਿਮਾਰੀ ਰਹਿਤ ਦੇਖਣ ਵਾਲੀ ਫਸਲ ਦਾ ਵੀ ਝਾੜ ਬਹੁਤ ਘੱਟ ਨਿਕਲਿਆ ਹੈ। ਜੀਰੀ ਦਾ ਝਾੜ ਘੱਟ ਨਿਕਲਣ ਦਾ ਕਾਰਨ ਮੌਸਮ ਦਾ ਖਰਾਬ ਹੋਣਾ ਦੱਸਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ।

-ਜਸਦੀਪ ਕੌਰ
ਦਸੌਂਧਾ ਸਿੰਘ ਵਾਲਾ (ਮਾਲੇਰਕੋਟਲਾ)।