JALANDHAR WEATHER

07-07-2025

 ਚਮਚਿਆਂ ਦਾ ਬੋਲਬਾਲਾ
ਇਹ ਦੁਨੀਆ ਚਮਚਿਆਂ ਦੀ ਦੁਨੀਆ ਹੈ। ਖੀਰ, ਕੜਾਹ, ਚੌਲ, ਸਬਜ਼ੀ ਆਦਿ ਕੁਝ ਵੀ ਬਣਾਈਏ ਚਮਚੇ ਤੋਂ ਬਿਨਾਂ ਖਾਧਾ ਨਹੀਂ ਜਾਂਦਾ। ਚਮਚਿਆਂ ਦਾ ਬੋਲਬਾਲਾ ਹੈ, ਸਗੋਂ ਅੱਜ ਕੱਲ੍ਹ ਦਫ਼ਤਰ, ਥਾਣਿਆਂ, ਕਚਹਿਰੀਆਂ ਹਰ ਜਗ੍ਹਾ ਹਰ ਵੇਲੇ ਚਮਚੇ ਮਿਲ ਜਾਂਦੇ ਹਨ। ਥਾਣੇਦਾਰ, ਵਕੀਲ, ਮੁਨਸ਼ੀ, ਕਲਰਕ, ਡਾਕਟਰ, ਲੇਖਕ ਗੱਲ ਕੀ ਅੱਜ ਕੱਲ ਚਮਚੇ ਤੋਂ ਬਿਨਾਂ ਕੋਈ ਵੀ ਆਦਮੀ ਜ਼ਿੰਦਾ ਨਹੀਂ ਰਹਿ ਸਕਦਾ। ਵੱਡੇ ਲੋਕਾਂ ਦੇ ਵੱਡੇ ਚਮਚੇ ਅਤੇ ਛੋਟੇ ਲੋਕਾਂ ਦੇ ਛੋਟੇ ਚਮਚੇ ਹੁੰਦੇ ਹਨ। ਚਮਚੇ ਜੇ ਚਾਹੁੰਣ ਤਾਂ ਤੁਹਾਨੂੰ ਅਸਮਾਨ 'ਤੇ ਚੜ੍ਹਾ ਸਕਦੇ ਹਨ ਪਰ ਜੇ ਆਪਣੀ ਆਈ 'ਤੇ ਆ ਜਾਣ ਤਾਂ ਉਹ ਧਰਤੀ ਵਿਚ ਗੱਡ ਵੀ ਦਿੰਦੇ ਹਨ।

-ਗੌਰਵ ਮੁੰਜਾਲ ਪੀ.ਸੀ.ਐਸ.

ਟ੍ਰੈਫਿਕ ਲਾਈਟਾਂ ਦੀ ਸਮੱਸਿਆ
ਸ਼ਹਿਰਾਂ ਦੇ ਚੌਂਕਾਂ ਵਿਚ ਲੱਗੀਆਂ ਟ੍ਰੈਫਿਕ ਲਾਈਟਾਂ ਵੀ ਇਕ ਵੱਡੀ ਸਮੱਸਿਆ ਦਾ ਕਾਰਨ ਬਣ ਰਹੀਆਂ ਹਨ। ਚੌਂਕਾਂ ਵਿਚ ਖੜ੍ਹੇ ਪੁਲਿਸ ਕਰਮਚਾਰੀ ਕਈ ਵਾਰ ਤਾਂ ਖ਼ੁਦ ਹੀ ਟ੍ਰੈਫਿਕ ਲਾਈਟਾਂ ਬੰਦ ਕਰਵਾ ਕੇ ਆਪ ਕੈਬਿਨ ਦੇ ਅੰਦਰ ਜਾ ਵੜਦੇ ਹਨ, ਅਤੇ ਲੋਕ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ। ਕਈ ਵਾਰ ਤਾਂ ਇਨ੍ਹਾਂ ਚੌਂਕਾਂ ਵਿਚ ਟ੍ਰੈਫਿਕ ਲਾਈਟ ਨਾ ਹੋਣ ਕਰਕੇ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ, ਦੁਰਘਟਨਾ ਹੋਣ ਦੀ ਸੂਰਤ ਵਿਚ ਪੁਲਿਸ ਦੀ ਕਾਰਗੁਜ਼ਾਰੀ ਨਾ-ਬਰਾਬਰ ਹੁੰਦੀ ਹੈ। ਚੌਂਕਾਂ ਵਿਚ ਭਾਵੇਂ ਪੁਲਿਸ ਦੀ ਡਿਊਟੀ ਲੱਗੀ ਹੋਈ ਹੈ ਪਰ ਵਧੇਰੇ ਤੌਰ 'ਤੇ ਇਨ੍ਹਾਂ ਪੁਲਿਸ ਵਾਲਿਆਂ ਦਾ ਧਿਆਨ ਬਾਹਰੀ ਨੰਬਰ ਵਾਲੀਆਂ ਗੱਡੀਆਂ 'ਤੇ ਹੀ ਟਿਕਿਆ ਹੋਇਆ ਹੁੰਦਾ ਹੈ, ਅਤੇ ਉਨ੍ਹਾਂ ਨੂੰ ਰੋਕ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਚੌਂਕਾਂ ਵਿਚ ਖੜ੍ਹੀ ਪੁਲਿਸ ਅਰਾਜਕ ਤੱਤਾਂ 'ਤੇ ਧਿਆਨ ਨਾ ਦੇ ਕੇ ਚਲਾਨ ਕੱਟਣ 'ਤੇ ਹੀ ਜ਼ੋਰ ਦਿੰਦੀ ਹੈ। ਇਨ੍ਹਾਂ ਪੁਲਿਸ ਕਰਮਚਾਰੀਆਂ ਦਾ ਚੌਂਕ ਵਿਚ ਖੜ੍ਹੇ ਭਿਖਾਰੀਆਂ 'ਤੇ ਵੀ ਕਦੇ ਧਿਆਨ ਨਹੀਂ ਜਾਂਦਾ, ਜਿਹੜੇ ਆਉਣ ਜਾਣ ਵਾਲਿਆਂ ਅੱਗੇ ਹੱਥ ਅੱਡੀ ਰਖਦੇ ਹਨ। ਸੋ, ਪੁਲਿਸ ਨੂੰ ਚਲਾਨ ਕੱਟਣ ਦੇ ਨਾਲ-ਨਾਲ ਅਸਾਮਾਜਿਕ ਅਨਸਰਾਂ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ।

-ਅਸ਼ੀਸ਼ ਸ਼ਰਮਾ ਜਲੰਧਰ।

ਬਦਲੇ/ਈਰਖਾ ਦੀ ਭਾਵਨਾ
ਅਜੋਕੇ ਸਮੇਂ ਸਮਾਜ ਅੰਦਰ ਇਹ ਆਮ ਦੇਖਿਆ ਜਾਂਦਾ ਹੈ ਕਿ ਕੋਈ ਵੀ ਖੇਤਰ ਚਾਹੇ ਸਮਾਜਿਕ, ਰਾਜਨੀਤਕ, ਸਭਿਆਚਾਰਕ ਹੋਵੇ ਜਾਂ ਫਿਰ ਧਾਰਮਿਕ, ਹਰ ਜਗ੍ਹਾ ਈਰਖਾ ਵੱਸ ਹੋ ਕੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾਂਦੀ ਹੈ। ਰਾਜਸੀ ਖੇਤਰ ਵਿਚ ਲੋਕ ਆਪਣੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਆਪਣੀ ਰਾਜਸੀ ਸ਼ਕਤੀ ਦੀ ਦੁਰਵਰਤੋਂ ਕਰਦੇ ਹਨ, ਸਮਾਜਿਕ ਖੇਤਰ ਵਿਚ ਭਰਾ, ਭਰਾ ਨੂੰ ਅਤੇ ਗੁਆਂਢੀ ਗੁਆਂਢੀ ਨੂੰ ਖ਼ੁਸ਼ ਨਹੀਂ ਦੇਖ ਸਕਦਾ। ਸ਼ਾਇਦ ਉਹ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਾ ਹੋਵੇ, ਜਿੰਨਾ ਗੁਆਂਢੀ ਦੇ ਸੁਖਾਂ ਤੋਂ ਦੁਖੀ ਹੁੰਦਾ ਹੈ। ਇਹ ਸਭ ਈਰਖਾ ਵੱਸ ਹੈ। ਇਸੇ ਤਰ੍ਹਾਂ ਇਕ ਗਾਇਕ ਕਲਾਕਾਰ, ਦੂਸਰੇ ਕਲਾਕਾਰ ਦੀ ਚੜ੍ਹਤ ਦੇਖ ਕੇ ਜਾਂ ਉਸ ਦੀ ਸਰੋਤਿਆਂ ਵਲੋਂ ਕੀਤੀ ਜਾਂਦੀ ਪ੍ਰਸ਼ੰਸਾ ਸੁਣ ਕੇ ਈਰਖਾ ਕਰਦਾ ਹੈ ਅਤੇ ਬਦਲੇ ਦੀ ਭਾਵਨਾ ਨਾਲ ਉਸ ਦੀ ਵਿਰੋਧਤਾ ਕਰਦਾ ਹੈ। ਇਸੇ ਤਰ੍ਹਾਂ ਧਰਮ ਦੇ ਖੇਤਰ ਵਿਚ ਇਕ ਧਰਮ ਦਾ ਵਿਅਕਤੀ ਦੂਸਰੇ ਧਰਮ ਦੇ ਪੈਰੋਕਾਰ ਨਾਲ ਈਰਖਾ ਵੱਸ ਹੋ ਕੇ ਆਪਣੇ ਧਰਮ ਨੂੰ ਉੱਚਾ ਅਤੇ ਦੂਸਰੇ ਦੇ ਧਰਮ ਨੂੰ ਨੀਵਾਂ ਦਿਖਾਉਂਦਾ ਹੈ, ਜਿਸ ਨੂੰ ਕਿਵੇਂ ਵੀ ਉਚਿਤ ਨਹੀਂ ਆਖਿਆ ਜਾ ਸਕਦਾ, ਕਿਉਂਕਿ ਕੋਈ ਵੀ ਧਰਮ ਕਿਸੇ ਨੂੰ ਈਰਖਾ, ਸਾੜਾ ਅਤੇ ਨਫ਼ਰਤ ਕਰਨਾ ਨਹੀਂ ਸਿਖਾਉਂਦਾ।

-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।

ਡੂੰਘੇ ਪਾਣੀਆਂ 'ਚ ਨਹਾਉਣ ਤੋਂ ਰੋਕੋ
ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾ ਵਿਚ ਛੁੱਟੀਆਂ ਮੌਕੇ ਬੱਚੇ ਇਕੱਠੇ ਹੋ ਕੇ ਨਹਿਰਾਂ, ਖਾਲਿਆਂ, ਤਲਾਬਾਂ, ਛੱਪੜਾਂ ਅਤੇ ਕੱਸੀਆਂ ਵਿਚ ਨਹਾਉਣ ਲਈ ਚਲੇ ਜਾਂਦੇ ਹਨ। ਇਨ੍ਹਾਂ ਬੱਚਿਆਂ ਵਿਚੋਂ ਕੁਝ ਬੱਚਿਆਂ ਨੂੰ ਪਾਣੀ ਵਿਚ ਤੈਰਨਾ ਆਉਂਦਾ ਹੈ। ਪਰ ਕੁਝ ਬੱਚੇ ਜੋ ਤੈਰਨਾ ਨਹੀਂ ਜਾਣਦੇ, ਉਹ ਵੀ ਦੂਜੇ ਬੱਚਿਆਂ ਪਿੱਛੇ ਲੱਗ ਕੇ ਡੂੰਘੇ ਪਾਣੀ ਵਿਚ ਨਹਾਉਣ ਲੱਗ ਜਾਂਦੇ ਹਨ ਅਤੇ ਪਾਣੀ ਵਿਚ ਡੁੱਬ ਜਾਂਦੇ ਹਨ। ਇਹ ਬੱਚੇ ਅਣਜਾਣੇ ਵਿਚ ਆਪਣੀ ਜਾਨ ਗੁਆ ਲੈਂਦੇ ਹਨ। ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਨਹਿਰਾਂ, ਖਾਲਿਆਂ, ਤਾਲਾਬਾਂ, ਛੱਪੜਾਂ ਅਤੇ ਕੱਸੀਆਂ ਵਿਚ ਨਹਾਉਣ ਜਾਣ ਤੋਂ ਠੋਕਣਾ ਚਾਹੀਦਾ ਹੈ। ਸਾਡੀ ਜ਼ਿਲ੍ਹਾ ਪ੍ਰਸ਼ਾਸਨ, ਸਕੂਲ ਕਾਲਜ ਪ੍ਰਸ਼ਾਸਨ ਅਤੇ ਹੋਰ ਵਿੱਦਿਅਕ ਸੰਸਥਾਵਾਂ ਨੂੰ ਬੇਨਤੀ ਹੈ ਕਿ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਬੱਚਿਆਂ ਨੂੰ ਜ਼ਰੂਰ ਜਾਗਰੂਕ ਕਰਨ ਕਿ ਤੁਸੀਂ ਕਦੀ ਵੀ ਨਹਿਰਾਂ, ਖਾਲਿਆਂ, ਤਲਾਬਾਂ, ਛੱਪੜਾਂ ਅਤੇ ਕੱਸੀਆਂ ਵਿਚ ਨਹਾਉਣ ਲਈ ਨਹੀਂ ਜਾਣਾ। ਬਿਨਾਂ ਤੈਰਨਾ ਸਿੱਖੇ ਡੂੰਘੇ ਪਾਣੀ ਵਿਚ ਨਹਾਉਣਾ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਣਾ ਹੈ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਸਫ਼ਰ ਕਦੇ ਖ਼ਤਮ ਨਹੀਂ ਹੁੰਦਾ
ਜਿਨ੍ਹਾਂ ਰਸਤਿਆਂ ਤੋਂ ਡਰ ਕੇ ਅਸੀਂ ਪਿੱਛੇ ਮੁੜ ਆਉਂਦੇ ਹਾਂ, ਉਨ੍ਹਾਂ ਰਸਤਿਆਂ ਵਿਚੋਂ ਲੰਘ ਕੇ ਹੀ ਕਈ ਜਿੱਤ ਜਾਂਦੇ ਹਨ। ਮੰਜ਼ਿਲਾਂ, ਰਸਤਿਆਂ ਅਤੇ ਹਾਲਾਤਾਂ ਦਾ ਕੋਈ ਕਸੂਰ ਨਹੀਂ ਹੁੰਦਾ। ਕਸੂਰ ਸਾਡੇ ਘੱਟ ਹੌਸਲੇ ਦਾ ਹੁੰਦਾ ਹੈ। ਲੜਨ ਵਾਲੇ ਨੂੰ ਪਤਾ ਹੁੰਦਾ ਹੈ ਕਿ ਹਾਰ ਕਮੀਆਂ ਕਰਕੇ ਹੋਈ ਹੈ, ਸੋ ਜਿੱਤਣ ਅਤੇ ਕੋਸ਼ਿਸ਼ਾਂ ਕਰਨ ਵਾਲੇ ਬਹਾਨੇ ਨਹੀਂ ਬਣਾਉਂਦੇ। ਤੁਰਦੇ ਰਹਿਣ ਵਾਲਿਆਂ ਦਾ ਸਫ਼ਰ ਕਦੇ ਖ਼ਤਮ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਦੀਆਂ ਮੰਜ਼ਿਲਾਂ ਅੱਗੇ ਤੋਂ ਅੱਗੇ ਜਾਂਦੀਆਂ ਹਨ। ਜ਼ਿੰਦਗੀ ਦੇ ਰਸਤਿਆਂ ਨੂੰ ਉਜਾੜ ਚੰਗੀ ਨਹੀਂ ਲਗਦੀ। ਇਹ ਤਾਂ ਹਮੇਸ਼ਾ ਤੁਰਨ ਵਾਲਿਆਂ ਦੀ ਉਡੀਕ ਵਿਚ ਰਹਿੰਦੇ ਹਨ। ਜਿਊਂਦੇ ਜੀਅ ਮੰਜ਼ਿਲਾਂ ਕਦੇ ਖ਼ਤਮ ਨਹੀਂ ਹੁੰਦੀਆਂ, ਸਫ਼ਰ ਦੇ ਮੁੱਕਣ ਨਾਲ ਹੀ ਮੰਜ਼ਿਲਾਂ ਮੁੱਕਦੀਆਂ ਹਨ।

-ਹਰਜਾਪ ਸਿੰਘ ਖੈਰਾਬਾਦ।

ਏ.ਆਈ. ਸਿੱਖਿਆ 'ਚ ਨਵਾਂ ਇਨਕਲਾਬ
ਆਰਟੀਫਿਸ਼ੀਅਲ ਇੰਟੈਲੀਜੈਂਸ-(ਏ.ਆਈ.) ਨਾਲ ਭਾਰਤ ਦੀ ਸਿੱਖਿਆ ਪ੍ਰਣਾਲੀ ਇਕ ਇਨਕਲਾਬੀ ਤਬਦੀਲੀ ਵਲ ਵਧ ਰਹੀ ਹੈ। ਇਹ ਤਕਨਾਲੋਜੀ ਹੁਣ ਸਿਰਫ਼ ਕਮਰਸ਼ੀਅਲ ਅਤੇ ਉਦਯੋਗਿਕ ਖੇਤਰਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਸਿੱਖਿਆ ਦੇ ਖੇਤਰ ਵਿਚ ਵੀ ਆਪਣਾ ਵਿਸਥਾਰ ਕਰ ਚੁੱਕੀ ਹੈ। ਵਿਸ਼ੇਸ਼ ਕਰਕੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਡਿਜੀਟਲ ਪਲੇਟਫਾਰਮਾਂ ਦੇ ਵਾਧੇ ਨਾਲ ਏ.ਆਈ. ਦੀ ਵਰਤੋਂ ਵਧ ਗਈ ਹੈ, ਏ.ਆਈ. ਅਧਾਰਿਤ ਐਪ ਜਿਵੇਂ ਕਿ ਬਾਈਜੂ, ਵੇਦਾਂਤੂ, ਟਾਪਰ ਅਤੇ ਖਾਨ ਅਕੈਡਮੀ ਹੁਣ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਮਝ ਅਤੇ ਰੁਝਾਨ ਅਨੁਸਾਰ ਪਾਠ ਸਮੱਗਰੀ ਉਪਲਬਧ ਕਰਵਾ ਰਹੇ ਹਨ। ਸਿਰਫ਼ ਵਿਦਿਆਰਥੀਆਂ ਲਈ ਹੀ ਨਹੀਂ, ਅਧਿਆਪਕਾਂ ਲਈ ਵੀ ਏ.ਆਈ. ਇਕ ਮਦਦਗਾਰ ਸਾਧਨ ਬਣ ਚੁੱਕਾ ਹੈ। ਹੁਣ ਉਹ ਹਾਜ਼ਰੀ ਲਗਾਉਣ, ਅੰਕਦਾਨ ਕਰਨ, ਪ੍ਰਗਤੀ ਰਿਪੋਰਟ ਤਿਆਰ ਕਰਨ ਅਤੇ ਵਿਦਿਆਰਥੀ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਕਰਨ ਵਰਗੇ ਕੰਮ ਆਟੋਮੈਟਿਕ ਤਰੀਕੇ ਨਾਲ ਕਰ ਸਕਦੇ ਹਨ।

-ਦਿਲਬਰ ਸਿੰਘ ਖੈਰਪੁਰ।

ਬੇਖੌਫ਼ ਹੋਏ ਅਪਰਾਧੀ
ਦੋ ਬਾਈਕ ਸਵਰਾਂ ਵਲੋਂ ਜਲੰਧਰ 'ਚ ਏ.ਐਸ.ਆਈ. ਦੇ ੁਪੱਤਰ ਨੂੰ ਗੋਲੀ ਮਾਰਨ, ਜੱਗੂ ਭਗਵਾਨਪੁਰੀਆ ਦੀ ਮਾਤਾ ਤੇ ਕਰਨਵੀਰ ਦੀ ਗੈਂਗਸਟਰਾਂ ਵਲੋਂ ਗੋਲੀ ਮਾਰ ਕੇ ਕੀਤੇ ਕਤਲ ਦੀਆਂ ਖ਼ਬਰਾਂ ਦਰਮਿਆਨ ਸੂਬੇ 'ਚ ਲਗਾਤਾਰ ਗੈਂਗਸਟਰਾਂ ਵਲੋਂ ਰੰਗਦਾਰੀ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪਿੰਡਾਂ ਵਿਚ ਨਸ਼ੇੜੀ ਚੋਰੀਆਂ ਕਰ ਰਹੇ ਹਨ। ਸ਼ਹਿਰਾਂ ਵਿਚ ਸ਼ਰੇਆਮ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਰਾਜ ਵਿਚ ਅਪਰਾਧੀ ਬੇਖੌਫ਼ ਹੋ ਕੇ ਘੁੰਮ ਰਹੇ ਹਨ। ਸਰਕਾਰ ਨੂੰ ਇਨ੍ਹਾਂ 'ਤੇ ਕਾਰਵਾਈ ਕਰਕੇ ਇਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਅਪੀਲ ਹੈ।

 

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।