25-03-26
ਜੰਗ ਦੌਰਾਨ ਮੀਡੀਆ ਦੀ ਭੂਮਿਕਾ
ਪਿਛਲ ਦਿਨੀਂ ਅਜੀਤ ਦੇ ਐਡੀਟੋਰੀਅਲ ਪੰਨੇ 'ਤੇ ਪ੍ਰੋ. ਕੁਲਬੀਰ ਸਿੰਘ ਵਲੋਂ ਲਿਖੇ ਗਏ ਲੇਖ 'ਜੰਗ ਦੌਰਾਨ ਮੀਡੀਆ ਦੀ ਭੂਮਿਕਾ' ਪੜ੍ਹਿਆ। ਜੰਗ ਮੌਕੇ ਤਾਂ ਮੀਡੀਆ ਦੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿ ਉਹ ਅਜਿਹੇ ਸੰਕਟ ਸਮੇਂ ਲੋਕਾਂ ਨੂੰ ਸਹੀ ਜਾਣਕਾਰੀ ਦੇਵੇ ਤੇ ਪ੍ਰਸ਼ਾਸਨ ਅਤੇ ਸਰਕਾਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰੇ। ਪਰ ਸੋਸ਼ਲ ਮੀਡੀਆ ਅਤੇ ਖ਼ਬਰਾਂ ਦੇ ਚੈਨਲਾਂ ਵਲੋਂ ਅਜਿਹਾ ਨਾ ਕਰ ਕੇ ਆਪਣੀਆਂ ਮਨਮਰਜ਼ੀਆਂ ਕਰ ਕੇ ਫ਼ਰਜੀ ਖ਼ਬਰਾਂ ਅਤੇ ਅਫ਼ਵਾਹਾਂ ਫੈਲਾਉਣਾ ਮਾੜੀ ਗੱਲ ਹੈ। ਅਜਿਹਾ ਕਰਨ ਦੇ ਨਾਲ ਭਾਰਤੀ ਟੈਲੀਵਿਜ਼ਨ ਚੈਨਲਾਂ ਦਾ ਇਕ ਵੱਡਾ ਹਿੱਸਾ ਆਪਣੀ ਰਹਿੰਦੀ ਭਰੋਸੇਯੋਗਤਾ ਵੀ ਗਵਾਉਂਦਾ ਜਾ ਰਿਹਾ ਹੈ। ਜੰਗ ਸਮੇਂ ਮੀਡੀਆ ਦੁਆਰਾ ਵਰਤੀ ਗਈ ਭਾਸ਼ਾ, ਸ਼ਬਦਾਵਲੀ ਦਾ ਲੋਕਾਂ 'ਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪੈਂਦਾ ਹੈ। ਅਮਰੀਕਾ, ਇਜ਼ਰਾਈਲ-ਈਰਾਨ ਜੰਗ 'ਤੇ ਪੂਰੀ ਦੁਨੀਆ ਦੀ ਅੱਖ ਹੈ। ਇਸ ਲਈ ਮੀਡੀਆ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਜੰਗ ਦੀਆਂ ਬਰਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੀ ਬਜਾਏ ਸਹੀ ਜਣਕਾਰੀ ਲੋਕਾਂ ਨੂੰ ਦੇਵੇ ਤੇ ਇਸ ਜੰਗ ਨੂੰ ਰੋਕਣ 'ਚ ਮਦਦ ਕਰੇ। ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਜੰਗ 'ਚ ਹੋਏ ਜਾਨੀ, ਮਾਲੀ ਤੇ ਆਰਥਿਕ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।
-ਇੰਜੀ : ਲਖਵਿੰਦਰ ਪਾਲ ਗਰਗ
ਪਿੰਡ ਤੇ ਡਾਕਖ਼ਾਨਾ : ਘਰਾਚੋਂ, ਸੰਗਰੂਰ।
ਪੁਲਿਸ ਸੁਧਾਰ
ਪੁਲਿਸ ਦਾ ਆਧੁਨਿਕੀਕਰਨ ਅੱਜ ਸਮੇਂ ਦੀ ਲੋੜ ਹੈ। ਜਦੋਂ ਸੂਬੇ ਵਿਚ ਗੈਂਗਸਟਰ, ਸਮੱਗਲਰਾਂ ਦੀਆਂ ਗਤੀਵਿਧੀਆਂ ਵਧ ਰਹੀਆਂ ਹਨ ਤਾਂ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਪੁਲਿਸ ਨੂੰ ਆਧੁਨਿਕ ਹਥਿਆਰ, ਵਹੀਕਲ, ਫੋਰੈਂਸਿਕ ਲੈਬੋਰਟਰੀਆਂ ਨਵੀਨ ਉਪਕਰਨ, ਪੁਲਿਸ ਦੀ ਨਫਰੀ ਵਿਚ ਆਬਾਦੀ ਦੇ ਲਿਹਾਜ਼ ਨਾਲ ਵਾਧਾ ਕਰਨਾ ਬਹੁਤ ਜ਼ਰੂਰੀ ਹੈ। ਪੁਲਿਸ ਨੂੰ ਰਾਜਨੀਤਕ ਦਖਲਅੰਦਾਜ਼ੀ ਤੋਂ ਪਰ੍ਹੇ ਹਟ ਜਵਾਬਦੇਹ ਬਣਾਉਣਾ ਹੋਵੇਗਾ ਤਾਂ ਜੋ ਕੋਈ ਵੀ ਪੀੜਤ ਥਾਣੇ ਜਾਣ ਤੋਂ ਨਾ ਡਰੇ। ਉਸ ਦੀ ਗੱਲ ਸੁਣ ਕੇ ਕਾਨੂੰਨ ਅਨੁਸਾਰ ਪਰਚਾ ਦਰਜ ਕੀਤਾ ਜਾਵੇ।
ਮੁਜਰਮਾਂ 'ਤੇ ਸਖ਼ਤੀ ਕੀਤੀ ਜਾਵੇ। ਪਬਲਿਕ 'ਚ ਇਸ ਗੱਲ ਦਾ ਵਿਸ਼ਵਾਸ ਪੈਦਾ ਕੀਤਾ ਜਾਵੇ ਪੁਲਿਸ ਜਨਤਾ ਦੀ ਮਿੱਤਰ ਹੈ। ਥਾਣੇ ਦਾ ਮੁੱਖ ਅਫਸਰ ਘੱਟ ਤੋਂ ਘੱਟ ਰੈਗੂਲਰ ਸਬ ਇੰਸਪੈਕਟਰ ਅੱਪਰ ਪਾਸ ਅਤੇ ਚੌਂਕੀ ਇੰਚਾਰਜ ਰੈਗੂਲਰ ਏ.ਐਸ. ਆਈ. ਇੰਟਰਪਾਸ ਲਗਾਏ ਜਾਣ। ਪੁਲਿਸ ਤੇ ਪਬਲਿਕ ਦੇ ਸੈਮੀਨਰ ਲਗਾ ਦੂਰੀ ਦੂਰ ਕੀਤੀ ਜਾਵੇ। ਇਸ ਨਾਲ ਅਪਰਾਧਾਂ ਵਿਚ ਕਮੀ ਆਵੇਗੀ ਤੇ ਪੀੜਤ ਨੂੰ ਇਨਸਾਫ ਮਿਲੇਗਾ।
-ਗੁਰਮੀਤ ਸਿੰਘ ਵੇਰਕਾ
ਪੰਜਾਬੀ ਸਾਹਿਤ
ਪੰਜਾਬੀ ਸਾਹਿਤ ਸਾਡੀ ਮਾਂ-ਬੋਲੀ ਦੀ ਰੂਹ ਹੈ। ਇਹ ਸਿਰਫ਼ ਕਵਿਤਾਵਾਂ, ਕਹਾਣੀਆਂ, ਨਾਵਲਾਂ ਜਾਂ ਲੇਖਾਂ ਦਾ ਸੰਗ੍ਰਹਿ ਨਹੀਂ, ਸਗੋਂ ਪੰਜਾਬ ਦੇ ਇਤਿਹਾਸ, ਸੰਸਕਾਰ, ਲੋਕ-ਜੀਵਨ, ਰਿਵਾਜਾਂ ਅਤੇ ਭਾਵਨਾਵਾਂ ਦਾ ਜੀਵੰਤ ਦਰਪਣ ਹੈ।
ਪੰਜਾਬੀ ਸਾਹਿਤ ਨੇ ਸਾਨੂੰ ਮਹਾਨ ਲੇਖਕ ਦਿੱਤੇ ਅਤੇ ਅਨੇਕਾਂ ਸਾਹਿਤਕਾਰ ਦਿੱਤੇ ਹਨ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਮਨੁੱਖਤਾ, ਪ੍ਰੇਮ, ਦਰਦ, ਸੱਚਾਈ ਅਤੇ ਸਮਾਜਿਕ ਮੁੱਲਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ ਹੈ। ਪੰਜਾਬੀ ਸਾਹਿਤ ਸਾਡੀ ਪਹਿਚਾਣ ਨੂੰ ਮਜ਼ਬੂਤ ਕਰਦਾ ਹੈ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦਾ ਹੈ। ਅੱਜ ਦੇ ਸਮੇਂ ਵਿਚ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੇ ਵਧਦੇ ਪ੍ਰਭਾਵ ਕਾਰਨ ਨੌਜਵਾਨਾਂ ਦਾ ਰੁਝਾਨ ਪੰਜਾਬੀ ਪੜ੍ਹਨ ਵੱਲ ਘਟਦਾ ਜਾ ਰਿਹਾ ਹੈ। ਨੌਜਵਾਨਾਂ ਨੂੰ ਵੱਧ ਤੋਂ ਵੱਧ ਪੰਜਾਬੀ ਸਾਹਿਤ ਪੜ੍ਹਨਾ ਚਾਹੀਦਾ ਹੈ । ਸਕੂਲਾਂ, ਕਾਲਜਾਂ ਅਤੇ ਘਰਾਂ ਵਿਚ ਪੰਜਾਬੀ ਕਿਤਾਬਾਂ ਪੜ੍ਹਨ ਦੀ ਆਦਤ ਨੂੰ ਵਧਾਉਣ ਦੀ ਬਹੁਤ ਲੋੜ ਹੈ। ਜੇ ਅਸੀਂ ਆਪਣੀ ਮਾਂ-ਬੋਲੀ ਅਤੇ ਇਸਦੇ ਸਾਹਿਤ ਨੂੰ ਅਣਡਿੱਠਾ ਕਰਾਂਗੇ, ਤਾਂ ਅਸੀਂ ਆਪਣੀ ਸਭਿਆਚਾਰਕ ਵਿਰਾਸਤ ਤੋਂ ਦੂਰ ਹੋ ਜਾਵਾਂਗੇ।
-ਕਬੀਰ ਸਿੰਘ (ਅਲੌੜ)
ਖੰਨਾ
ਸਿਰਫ਼ ਜੇਤੂਆਂ ਦੀ ਪ੍ਰਸੰਸਾ ਕਿਉਂ?
ਸਾਡੇ ਸਮਾਜ ਵਿਚ ਇਕ ਵੱਡੀ ਕਮੀ ਇਹ ਹੈ ਕਿ ਅਸੀਂ ਅਕਸਰ ਮਿਹਨਤ ਦੀ ਕਦਰ ਘੱਟ ਕਰਦੇ ਹਾਂ। ਆਮ ਤੌਰ 'ਤੇ ਸਿਰਫ਼ ਜਿੱਤਣ ਵਾਲਿਆਂ ਦੀ ਹੀ ਪ੍ਰਸ਼ੰਸਾ ਕੀਤੀ ਜਾਂਦੀ ਹੈ, ਜਦਕਿ ਹਾਰਨ ਵਾਲਿਆਂ ਨੂੰ ਲੋਕ ਛੇਤੀ ਹੀ ਭੁੱਲ ਜਾਂਦੇ ਹਨ। ਲੋਕ ਹਮੇਸ਼ਾ ਜੇਤੂਆਂ ਦੇ ਹੀ ਗੁਣ ਗਾਉਂਦੇ ਹਨ ਅਤੇ ਹਾਰਨ ਵਾਲਿਆਂ ਦੀਆਂ ਕੀਤੀਆਂ ਕੋਸ਼ਿਸ਼ਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਨੂੰ ਉਨ੍ਹਾਂ ਦੀ ਕੋਸ਼ਿਸ਼ ਅਤੇ ਜਜ਼ਬੇ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਜੇ ਅਸੀਂ ਹਾਰਨ ਵਾਲਿਆਂ ਨੂੰ ਵੀ ਸਨਮਾਨ ਦੇਵਾਂਗੇ ਤਾਂ ਉਨ੍ਹਾਂ ਦਾ ਹੌਸਲਾ ਵਧੇਗਾ ਅਤੇ ਉਹ ਆਪਣੀ ਹਾਰ ਤੋਂ ਸਿੱਖ ਕੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਹੋਣਗੇ। ਜੋ ਲੋਕ ਹਾਰਦੇ ਹਨ, ਉਹ ਅਗਲੀ ਵਾਰ ਹੋਰ ਜ਼ਿਆਦਾ ਮਿਹਨਤ ਕਰਕੇ ਵੱਡੀ ਕਾਮਯਾਬੀ ਹਾਸਿਲ ਕਰ ਸਕਦੇ ਹਨ। ਜੇ ਸਮਾਜ ਹਰ ਵਿਅਕਤੀ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕਰੇ ਤਾਂ ਹਾਰੇ ਹੋਏ ਵਿਅਕਤੀ ਵਿਚ ਵੀ ਸਕਾਰਾਤਮਕ ਸੋਚ ਅਤੇ ਆਤਮ ਵਿਸ਼ਵਾਸ ਵਧਦਾ ਹੈ। ਚਾਹੇ ਉਹ ਖੇਡਾਂ ਦਾ ਮੈਦਾਨ ਹੋਵੇ, ਪੜ੍ਹਾਈ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਮੁਕਾਬਲਾ ਸਾਨੂੰ ਸਿਰਫ਼ ਜੇਤੂਆਂ ਨੂੰ ਹੀ ਨਹੀਂ, ਸਗੋਂ ਹਰ ਉਸ ਵਿਅਕਤੀ ਨੂੰ ਵੀ ਸਰਾਹਣਾ ਚਾਹੀਦਾ ਹੈ ਜੋ ਇਮਾਨਦਾਰੀ ਨਾਲ ਕੋਸ਼ਿਸ਼ ਕਰਦਾ ਹੈ।
-ਰਮਨਦੀਪ ਸਿੰਘ
ਮੰਡੀ ਗੋਬਿੰਦਗੜ੍ਹ।