JALANDHAR WEATHER

08-07-2025

 ਬੂਟੇ ਲਗਾਓ, ਵਾਤਾਵਰਨ ਬਚਾਓ

ਚਾਰ, ਪੰਜ ਦਹਾਕੇ ਪਹਿਲਾਂ ਪੰਜਾਬ ਰੁੱਖਾਂ ਨਾਲ ਹਰਿਆ-ਭਰਿਆ ਹੁੰਦਾ ਸੀ, ਕਿਉਂਕਿ ਰੁੱਖਾਂ ਕਾਰਨ ਬਰਸਾਤਾਂ ਬਹੁਤ ਹੁੰਦੀਆਂ ਸਨ। ਸੜਕਾਂ, ਰੇਲ ਦੀਆਂ ਪਟੜੀਆਂ, ਖਾਲੀ ਥਾਵਾਂ 'ਤੇ ਕਾਫੀ ਛਾਂਦਾਰ ਦਰਖ਼ਤ ਹੁੰਦੇ ਸਨ ਅਤੇ ਰਾਹਗੀਰ ਰੁੱਖਾਂ ਹੇਠਾਂ ਬੈਠ ਕੇ ਛਾਂ ਦਾ ਅਨੰਦ ਮਾਣਦੇ ਸਨ ਅਤੇ ਵਾਤਾਵਰਨ ਵੀ ਸਾਫ਼ ਸੁਥਰਾ ਹੁੰਦਾ ਸੀ। ਪਰ ਹੁਣ ਵਿਕਾਸ ਦੇ ਨਾਂਅ 'ਤੇ ਦਰਖ਼ਤਾਂ ਦੀ ਬੇਸ਼ੁਮਾਰ ਕਟਾਈ ਹੋਈ ਹੈ। ਜੰਗਲ-ਬੇਲੇ ਵੀ ਕੱਟੇ ਗਏ ਹਨ ਅਤੇ ਓਨੇ ਰੁੱਖ ਲਗਾਏ ਨਹੀਂ ਗਏ ਜਿੰਨੇ ਕੱਟੇ ਗਏ ਹਨ। ਹੁਣ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਸੋ ਪਿੰਡਾਂ ਦੀਆਂ ਲਿੰਕ ਸੜਕਾਂ, ਮੇਨ ਸੜਕਾਂ, ਖਾਲੀ ਥਾਵਾਂ, ਨਹਿਰਾਂ ਦੀਆਂ ਪਟੜੀਆਂ ਆਦਿ 'ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਜਿਥੇ ਪਿੰਡਾਂ ਦੀਆਂ ਪੰਚਾਇਤਾਂ, ਯੂਥ ਕਲੱਬਾਂ, ਵਾਤਾਵਰਨ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਉਥੇ ਹੀ ਜੰਗਲਾਤ ਵਿਭਾਗ, ਬਾਗਬਾਨੀ ਵਿਭਾਗ ਨੂੰ ਫੁੱਲਦਾਰ, ਫਲਦਾਰ ਅਤੇ ਛਾਂਦਾਰ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਜੇਕਰ ਹੋ ਸਕੇ ਮੁਫ਼ਤ ਬੂਟੇ ਵੰਡ ਕੇ ਲੋਕਾਂ ਨੂੰ ਬੂਟੇ ਲਗਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਹਰੇਕ ਨੂੰ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਕਰਨ ਦੀ ਵੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਸਰਕਾਰ, ਸਮਾਜ ਅਤੇ ਅਸ਼ਲੀਲਤਾ

ਸਮਾਜ ਅੰਦਰ ਬਹੁਤ ਸਾਰੀਆਂ ਕੁਰੀਤੀਆਂ ਦਾਜ, ਫੈਸ਼ਨ, ਰਿਸ਼ਵਤ ਅਤੇ ਨਸ਼ੇ ਆਦਿ ਪਾਈਆਂ ਜਾਂਦੀਆਂ ਹਨ। ਇਕ ਹੋਰ ਬੁਰਾਈ ਅਸ਼ਲੀਲਤਾ (ਨੰਗੇਜ਼) ਨੇ ਸਮਾਜ ਦੇ ਵੱਡੇ ਹਿੱਸੇ ਅਤੇ ਖ਼ਾਸ ਕਰਕੇ ਨੌਜਵਾਨ ਵਰਗ 'ਤੇ ਬਹੁਤ ਮਾਰੂ ਅਸਰ ਪਾਇਆ ਹੈ। ਹੈ। ਨੌਜਵਾਨ ਕੁਰਾਹੇ ਪੈ ਕੇ ਆਪਣਾ ਭਵਿੱਖ ਧੁੰਦਲਾ ਕਰ ਰਹੇ ਹਨ। ਇਹ ਡਾਢੀ ਚਿੰਤਾ ਦਾ ਵਿਸ਼ਾ ਹੈ ਅਤੇ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਮੀਡੀਆ ਪ੍ਰਿੰਟ ਹੋਵੇ ਜਾਂ ਬਿਜਲਈ, ਉਸ ਦਾ ਵੱਡਾ ਹਿੱਸਾ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਵੱਲ ਰੁਚਿਤ ਹੈ, ਜਿਸ ਨੂੰ ਉਚਿਤ ਨਹੀਂ ਠਹਿਰਾਇਆ ਜਾ ਸਕਦਾ। ਮੀਡੀਏ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮਾਜ ਨੂੰ ਸਹੀ ਅਤੇ ਉਸਾਰੂ ਸੇਧ ਦੇਵੇ। ਸਿਆਣੇ ਆਖਦੇ ਹਨ ਕਿ 'ਖਾਈਏ ਮਨ ਭਾਉਂਦਾ ਅਤੇ ਪਹਿਨੀਏ ਜੱਗ ਭਾਉਂਦਾ, ਪਰ ਅਸੀਂ ਇਸ ਦੇ ਉਲਟ ਚੱਲਣ ਵਿਚ ਫ਼ਖ਼ਰ ਮਹਿਸੂਸ ਕਰਦੇ ਹਾਂ। ਜੋ ਉਚਿਤ ਨਹੀਂ ਹੈ।

-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।

ਹੌਸਲੇ ਨਾਲ ਜੀਓ ਜ਼ਿੰਦਗੀ

ਸਾਨੂੰ ਹਰ ਔਕੜ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਜਦੋਂ ਕੋਈ ਮੁਸੀਬਤ ਆਉਂਦੀ ਹੈ ਤਾਂ ਡਾਂਵਾਡੋਲ ਨਾ ਹੋਵੋ। ਸਾਨੂੰ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਮਾਤਾ ਸੀਤਾ ਨੇ ਸਾਰੀ ਉਮਰ ਜੰਗਲਾਂ ਵਿਚ ਹੀ ਕੱਟ ਦਿੱਤੀ। ਕੁਦਰਤ ਦੇ ਦਾਇਰੇ ਵਿਚ ਰਹਿ ਕੇ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ। ਸਾਨੂੰ ਪ੍ਰਮਾਤਮਾ 'ਤੇ ਭਰੋਸਾ ਹੋਣਾ ਚਾਹੀਦਾ ਹੈ। ਜੋ ਵੀ ਕੁਝ ਹੋ ਰਿਹਾ ਹੈ ਉਸ ਨਿਰੰਕਾਰ ਦੀ ਰਜ਼ਾ ਵਿਚ ਹੋ ਰਿਹਾ ਹੈ। ਜਦੋਂ ਵੀ ਅਸੀਂ ਕੋਈ ਵੀ ਕਰਮ ਕਰਦੇ ਹਾਂ, ਤਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਨਿਰੰਕਾਰ ਸਾਨੂੰ ਵੇਖ ਰਿਹਾ ਹੈ। ਜ਼ਿੰਦਗੀ ਵਿਚ ਉਤਾਰ-ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ। ਸਾਨੂੰ ਅੰਦਰੋਂ ਮਜ਼ਬੂਤ ਹੋਣਾ ਚਾਹੀਦਾ ਹੈ। ਅਜੋਕਾ ਮਨੁੱਖ ਮਾਇਆ ਵਿਚ ਜ਼ਿਆਦਾ ਲਿਪਟ ਰਿਹਾ ਹੈ। ਰਿਸ਼ਤਿਆਂ ਦਾ ਘਾਣ ਹੋ ਚੁੱਕਿਆ ਹੈ।

-ਸੰਜੀਵ ਸਿੰਘ ਸੈਣੀ ਮੁਹਾਲੀ

ਸੱਪ ਦੇ ਡੰਗਣ 'ਤੇ ਹਸਪਤਾਲ ਜਾਓ

ਮੀਂਹ ਦੇ ਮੌਸਮ ਵਿਚ ਸੱਪਾਂ ਦਾ ਨਿਕਲਣਾ ਆਮ ਹੋ ਜਾਂਦਾ ਹੈ। ਕੁਝ ਲੋਕਾਂ ਨੂੰ ਖੇਤਾਂ ਵਿਚ ਝੋਨਾ ਲਾਉਂਦੇ ਹੋਏ, ਇਕ ਲੜਕੀ ਸਮੇਤ ਅਲੱਗ-ਅਲੱਗ ਥਾਂਵਾਂ 'ਤੇ ਦੋ ਤਿੰਨ ਬੰਦਿਆਂ ਨੂੰ ਸੱਪਾਂ ਨੇ ਕੱਟ ਲਿਆ ਹੈ। ਜਿਨ੍ਹਾ ਦੀ ਸੱਪਾਂ ਦੇ ਕੱਟਣ ਨਾਲ ਮੌਤ ਹੋ ਚੁੱਕੀ ਹੈ। ਖੇਤਾਂ ਵਿਚ ਪਏ ਘਾਹ ਫੂਸ ਨੂੰ ਚੁੱਕਦੇ ਸਮੇਂ ਜਾਂ ਜਦੋਂ ਲੋਕਾਂ ਨੂੰ ਸੱਪ ਕੱਟ ਲੈਂਦੇ ਹਨ। ਆਮ ਲੋਕ ਬਾਬਿਆਂ ਦੇ ਮਗਰ ਲੱਗ ਕੇ ਉਨ੍ਹਾਂ ਕੋਲੋਂ ਝਾੜ ਫੂਕ, ਥੋਲੇ ਪਵਾਉਣ ਲੱਗ ਜਾਂਦੇ ਹਨ। ਜਦੋਂ ਕਿ ਇਨ੍ਹਾਂ ਪਖੰਡੀਆਂ ਕੋਲ ਸੱਪ ਦੇ ਕੱਟਣ ਦਾ ਕੋਈ ਵੀ ਇਲਾਜ ਜਾਂ ਦਵਾਈ ਨਹੀਂ ਹੁੰਦੀ। ਜਦੋਂ ਵੀ ਕਿਸੇ ਨੂੰ ਸੱਪ ਕੱਟ ਲਵੇ ਤਾਂ ਸਿੱਧੇ ਹੀ ਹਸਪਤਾਲ ਜਾਓ। ਅੱਜ-ਕੱਲ੍ਹ ਤਕਰੀਬਨ ਸਾਰੇ ਹੀ ਸਰਕਾਰੀ ਹਸਪਤਾਲਾਂ ਵਿਚ ਸੱਪ ਦੇ ਕੱਟੇ ਦੇ ਇਲਾਜ ਲਈ ਦਵਾਈਆਂ ਤੇ ਇੰਜੈਕਸ਼ਨ ਮਿਲਦੇ ਹਨ। ਜੇਕਰ ਸੱਪ ਦੇ ਕੱਟਣ ਤੋਂ ਤੁਰੰਤ ਬਾਅਦ ਸਰਕਾਰੀ ਹਸਪਤਾਲ ਵਿਚ ਬੰਦਾ ਪੁੱਜ ਜਾਵੇ। ਫਿਰ ਉਸ ਬੰਦੇ ਦੀ ਜਾਨ ਬਚ ਸਕਦੀ ਹੈ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਪਾਣੀ ਦੀ ਦੁਰਵਰਤੋਂ ਰੋਕੋ

ਪਾਣੀ ਕੁਦਰਤ ਦੀ ਬਖ਼ਸ਼ੀ ਹੋਈ ਬਹੁਤ ਹੀ ਅਨਮੋਲ ਦਾਤ ਹੈ। ਪਾਣੀ ਬਿਨਾਂ ਧਰਤੀ ਉੱਪਰ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪੰਜਾਬ ਵਿਚ ਪੀਣ ਯੋਗ ਪਾਣੀ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਵਿਚ ਬਿਜਲੀ ਮੁਆਫ਼ ਹੋਣ ਕਰਕੇ ਲੋਕ ਟੂਟੀਆਂ ਦੇ ਪਾਣੀ ਨਾਲ ਗੱਡੀਆਂ ਧੋ ਰਹੇ ਹਨ, ਫਰਸ਼ ਧੋ ਰਹੇ ਹਨ, ਢਾਣੀਆਂ ਵਿਚ ਬੈਠੇ ਲੋਕ ਸਬਜ਼ੀਆਂ ਅਤੇ ਫ਼ਸਲਾਂ ਵਿਚ ਪੀਣਯੋਗ ਟੂਟੀਆਂ ਦਾ ਪਾਣੀ ਖੁੱਲ੍ਹੇਆਮ ਛੱਡ ਕੇ ਬਰਬਾਦ ਕਰ ਰਹੇ ਹਨ।

-ਅੰਗਰੇਜ਼ ਸਿੰਘ ਵਿੱਕੀ
ਪਿੰਡ-ਡਾ. ਕੋਟਗੁਰੂ, (ਬਠਿੰਡਾ)