JALANDHAR WEATHER

30-04-26

 ਪੰਜਾਬ ਦੀ ਖੇਤੀਬਾੜੀ ਅਤੇ ਕਿਸਾਨ

ਪੰਜਾਬ ਨੂੰ 'ਭਾਰਤ ਦਾ ਅੰਨ ਭੰਡਾਰ' ਕਿਹਾ ਜਾਂਦਾ ਹੈ। ਇਥੋਂ ਦੀ ਉਪਜਾਊ ਧਰਤੀ, ਦਰਿਆਵਾਂ ਦਾ ਪਾਣੀ ਅਤੇ ਮਿਹਨਤੀ ਕਿਸਾਨ ਪੰਜਾਬ ਦੀ ਖੇਤੀਬਾੜੀ ਨੂੰ ਮਜ਼ਬੂਤ ਬਣਾਉਂਦੇ ਹਨ। ਪੰਜਾਬ ਦੇ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਖੇਤੀਬਾੜੀ ਨਾਲ ਜੁੜੀ ਹੋਈ ਹੈ। ਪੰਜਾਬ ਦੇ ਕਿਸਾਨ ਮੁੱਖ ਤੌਰ 'ਤੇ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਹਨ। ਇਸ ਤੋਂ ਇਲਾਵਾ ਮੱਕੀ, ਸਰ੍ਹੋਂ, ਕਪਾਹ, ਗੰਨਾ ਅਤੇ ਵੱਖ-ਵੱਖ ਕਿਸਮਾਂ ਦੀਆਂ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਹਨ। ਨਵੇਂ ਬੀਜਾਂ, ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਫਸਲਾਂ ਦੀ ਪੈਦਾਵਾਰ ਵਿਚ ਕਾਫੀ ਵਾਧਾ ਹੋਇਆ ਹੈ। ਟਰੈਕਟਰ, ਕੰਬਾਈਨ ਅਤੇ ਹੋਰ ਖੇਤੀ ਮਸ਼ੀਨਾਂ ਨੇ ਕਿਸਾਨਾਂ ਦਾ ਕੰਮ ਆਸਾਨ ਬਣਾਇਆ ਹੈ। ਕਿਸਾਨਾਂ ਦੀ ਮਿਹਨਤ ਨਾਲ ਹੀ ਦੇਸ਼ ਦੀ ਖੁਰਾਕ ਦੀ ਲੋੜ ਪੂਰੀ ਹੁੰਦੀ ਹੈ। ਪਰ ਅੱਜਕਲ੍ਹ ਪੰਜਾਬ ਦੇ ਕਿਸਾਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਦਾ ਘਟਣਾ, ਪਾਣੀ ਦਾ ਘਟਦਾ ਪੱਧਰ, ਖਾਦਾਂ ਅਤੇ ਦਵਾਈਆਂ ਦੀ ਵਧਦੀ ਕੀਮਤ ਅਤੇ ਕਰਜ਼ੇ ਦਾ ਬੋਝ ਵੱਡੀਆਂ ਸਮਸਿਆਵਾਂ ਹਨ। ਕਈ ਵਾਰ ਮੌਸਮ ਕਾਰਨ ਫਸਲਾਂ ਨੂੰ ਕਾਫੀ ਨੁਕਸਾਨ ਹੋ ਜਾਂਦਾ ਹੈ। ਇਸ ਕਰਕੇ ਕਿਸਾਨਾਂ ਦੀ ਆਰਥਿਕ ਹਾਲਤ ਪ੍ਰਭਾਵਿਤ ਹੁੰਦੀ ਹੈ। ਇਨ੍ਹਾਂ ਸਮੱਸਿਆਵਾਂ ਕਾਰਨ ਕਿਸਾਨ ਕਰਜ਼ੇ ਦੇ ਬੋਝ ਹੇਠ ਆ ਕੇ ਖੁਦਕੁਸ਼ੀਆਂ ਕਰਦੇ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਖੇਤੀ ਵਿਚ ਨਵੀਆਂ ਤਕਨੀਕਾਂ ਲਿਆਉਣ ਦੀ ਲੋੜ ਹੈ। ਕਿਸਾਨਾਂ ਨੂੰ ਫਲਾਂ, ਸਬਜ਼ੀਆਂ, ਡੇਅਰੀ ਅਤੇ ਹੋਰ ਖੇਤੀ ਸੰਬੰਧੀ ਕਾਰੋਬਾਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

-ਅਕਾਸ਼ਪ੍ਰੀਤ ਸਿੰਘ ਸੋਮਲ
ਸਹੇੜੀ।

ਰਿਸ਼ਤਿਆਂ ਵਿਚ ਦਰਾਰ

ਇਨਸਾਨ ਇਕ ਸਮਾਜਿਕ ਪ੍ਰਾਣੀ ਹੈ ਅਤੇ ਰਿਸ਼ਤਿਆਂ ਤੋਂ ਬਿਨਾਂ ਉਸ ਦੀ ਜ਼ਿੰਦਗੀ ਅਧੂਰੀ ਮੰਨੀ ਜਾਂਦੀ ਹੈ। ਪਰਿਵਾਰ, ਵਿਚ ਮਾਂ-ਬਾਪ ਭੈਣ-ਭਰਾ, ਸਕੇ-ਸੰਬੰਧੀ ਮਨੁੱਖ ਦੇ ਸੁੱਖ-ਦੁੱਖ ਦੇ ਸਾਥੀ ਹੁੰਦੇ ਹਨ। ਇਹੀ ਰਿਸ਼ਤੇ ਮਨੁੱਖ ਨੂੰ ਸਹਾਰਾ, ਪਿਆਰ ਅਤੇ ਹੌਸਲਾ ਦਿੰਦੇ ਹਨ। ਪਰ ਅੱਜਕਲ੍ਹ ਹਰ ਰਿਸ਼ਤਾ ਭਰੋਸੇਯੋਗ, ਹਰ ਰਿਸ਼ਤੇਦਾਰ ਹਮਦਰਦ ਨਹੀਂ ਰਿਹਾ। ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜੋ ਦੂਜਿਆਂ ਦੀ ਖੁਸ਼ਹਾਲੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਹ ਲੋਕ ਰਿਸ਼ਤੇਦਾਰ ਹੁੰਦੇ ਹਨ ਪਰ ਅਸਲ ਵਿਚ ਰਿਸ਼ਤਿਆਂ ਵਿਚ ਦਰਾਰ ਪੈਦਾ ਕਰਦੇ ਹਨ। ਮਿੱਠੀਆਂ ਗੱਲਾਂ, ਝੂਠੀ ਹਮਦਰਦੀ ਅਤੇ ਦਿਖਾਵੇ ਦੇ ਪਿਆਰ ਨਾਲ ਇਹ ਘਰਾਂ ਵਿਚ ਫੁਟ ਪਾਉਣ ਦੀ ਕੋਸ਼ਿਸ਼ ਕਰਦਿਆਂ, ਕਦੇ ਅਫ਼ਵਾਹਾਂ, ਕਦੇ ਸ਼ੱਕ ਦੇ ਬੀਜ ਬੀਜ ਕੇ ਗਲਤਫਹਿਮੀਆਂ ਖੜ੍ਹੀਆਂ ਕਰਕੇ ਪਰਿਵਾਰਕ ਸ਼ਾਂਤੀ ਨੂੰ ਭੰਗ ਕਰ ਦਿੰਦੇ ਹਨ। ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਹਰ ਇਕ ਸੁਣੀ-ਸੁਣਾਈ ਗੱਲ 'ਤੇ ਤੁਰੰਤ ਭਰੋਸਾ ਕਰਨ ਦੀ ਬਜਾਏ ਸਮਝਦਾਰੀ ਅਤੇ ਧੀਰਜ ਨਾਲ ਫੈਸਲਾ ਲੈਂਦਿਆਂ ਸੱਚ ਜਾਂ ਝੂਠ ਦਾ ਪਤਾ ਲਗਾਇਆ ਜਾਵੇ। ਸੱਚੇ ਰਿਸ਼ਤੇ ਉਹੀ ਹੁੰਦੇ ਹਨ ਜੋ ਸੁੱਖ-ਦੁੱਖ, ਸਫਲਤਾ-ਅਸਫਲਤਾ ਵੇਲੇ ਮਨੁੱਖ ਦੇ ਨਾਲ ਖੜ੍ਹੇ ਰਹਿੰਦੇ ਹਨ। ਜੋ ਰਿਸ਼ਤੇ ਸਿਰਫ਼ ਦਿਖਾਵੇ 'ਤੇ ਖੜ੍ਹੇ ਹੋਣ, ਉਹ ਮੁਸ਼ਕਿਲ ਵੇਲੇ ਢਹਿ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਰਿਸ਼ਤਿਆਂ ਦੀ ਕਦਰ ਕਰੀਏ, ਆਪਸੀ ਭਰੋਸੇ ਨੂੰ ਮਜ਼ਬੂਤ ਬਣਾਈਏ ਅਤੇ ਮਤਲਬਖੋਰ ਲੋਕਾਂ ਤੋਂ ਸਾਵਧਾਨ ਰਹੀਏ।

-ਪਵਨ ਕੁਮਾਰ ਅੱਤਰੀ ਕਪੂਰਥਲਾ।

ਏ.ਆਈ. ਟੂਲਾਂ...

ਅੱਜਕਲ੍ਹ ਵਿਦਿਆਰਥੀ ਪੜ੍ਹਾਈ ਵਿਚ ਏ.ਆਈ. ਟੂਲਾਂ ਦੀ ਬਹੁਤ ਵਰਤੋਂ ਕਰਨ ਲੱਗ ਪਏ ਹਨ। ਜਿੱਥੇ ਇਹ ਟੂਲ ਸਹਾਇਤਾ ਲਈ ਬਣੇ ਹਨ, ਉਥੇ ਹੁਣ ਬਹੁਤ ਸਾਰੇ ਵਿਦਿਆਰਥੀ ਆਪਣਾ ਕੰਮ ਖੁਦ ਕਰਨ ਦੀ ਬਜਾਏ ਸਿੱਧਾ ਉਨ੍ਹਾਂ ਤੋਂ ਤਿਆਰ ਜਵਾਬ ਲੈ ਰਹੇ ਹਨ। ਇਸ ਕਰਕੇ ਉਨ੍ਹਾਂ ਦੀ ਆਪਣੀ ਸੋਚਣ ਦੀ ਆਦਤ ਘੱਟ ਰਹੀ ਹੈ। ਪਹਿਲਾਂ ਵਿਦਿਆਰਥੀ ਲੇਖ ਜਾਂ ਅਸਾਈਨਮੈਂਟ ਖੁਦ ਲਿਖਦੇ ਸਨ, ਜਿਸ ਨਾਲ ਉਨ੍ਹਾਂ ਦੀ ਸਮਝ ਤੇ ਲਿਖਣ ਦੀ ਕਾਬਲੀਅਤ ਵਧਦੀ ਸੀ। ਪਰ ਹੁਣ ਉਹ ਸਿਰਫ਼ ਕਾਪੀ-ਪੇਸਟ ਕਰਦੇ ਹਨ। ਇਸ ਨਾਲ ਉਨ੍ਹਾਂ ਦੀ ਰਚਨਾਤਮਿਕਤਾ ਵੀ ਘਟ ਰਹੀ ਹੈ ਅਤੇ ਉਹ ਨਵੀਆਂ ਵਿਚਾਰਾਂ ਬਾਰੇ ਘੱਟ ਸੋਚਦੇ ੇਹਨ। ਇਹ ਗੱਲ ਚਿੰਤਾ ਵਾਲੀ ਹੈ ਕਿਉਂਕਿ ਭਵਿੱਖ ਵਿਚ ਜਦੋਂ ਉਨ੍ਹਾਂ ਨੂੰ ਖੁਦ ਕੰਮ ਕਰਨਾ ਪਵੇਗਾ, ਉਨ੍ਹਾਂ ਲਈ ਮੁਸ਼ਕਿਲ ਹੋ ਸਕਦੀ ਹੈ। ਪੜ੍ਹਾਈ ਦਾ ਅਸਲੀ ਮਕਸਦ ਸਿੱਖਣਾ ਤੇ ਸਮਝਣਾ ਹੁੰਦਾ ਹੈ, ਨਾ ਕਿ ਸਿਰਫ਼ ਤਿਆਰ ਜਵਾਬ ਲੈਣਾ। ਇਸ ਲਈ ਸਕੂਲਾਂ ਅਤੇ ਕਾਲਜਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਮਝਾਉਣ ਕਿ ਏ.ਆਈ. ਟੂਲ ਸਿਰਫ਼ ਮਦਦ ਲਈ ਹਨ, ਪੂਰਾ ਕੰਮ ਕਰਨ ਲਈ ਨਹੀਂ, ਵਿਦਿਆਰਥੀਆਂ ਨੂੰ ਖੁਦ ਸੋਚਣ ਅਤੇ ਲਿਖਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

-ਮਨਪ੍ਰੀਤ ਜਲੰਧਰ।

ਮਰਦਮਸ਼ੁਮਾਰੀ ਕਾਰਨ...

ਮੌਜੂਦਾ ਪੰਜਾਬ ਸਰਕਾਰ ਨੇ ਸਹੁੰ ਚੁੱਕਣ ਸਮੇਂ ਦਾਅਵਾ ਕੀਤਾ ਸੀ ਕਿ ਅਧਿਆਪਕਾਂ ਤੋਂ ਸਿਰਫ਼ ਪੜ੍ਹਾਉਣ ਦਾ ਕੰਮ ਲਿਆ ਜਾਵੇਗਾ ਤੇ ਬਾਕੀ ਕੰਮਾਂ ਲਈ ਹੋਰ ਸਟਾਫ਼ ਭਰਤੀ ਕੀਤਾ ਜਾਵੇਗਾ। ਪਰ ਸਰਕਾਰ ਦਾ ਇਹ ਦਾਅਵਾ ਜਲਦੀ ਹੀ ਦਮ ਤੋੜ ਗਿਆ ਹੈ ਤੇ ਇਸ ਸਰਕਾਰ ਨੇ ਸਗੋਂ ਅਧਿਆਪਕਾਂ ਨੂੰ ਹੋਰ ਜ਼ਿਆਦਾ ਗ਼ੈਰ-ਜ਼ਰੂਰੀ ਕੰਮਾਂ ਵਿਚ ਉਲਝਾਈ ਰੱਖਿਆ ਹੈ। ਹੁਣ ਮਰਦਮਸ਼ੁਮਾਰੀ ਲਈ ਵੱਡੀ ਗਿਣਤੀ ਵਿਚ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਕੇ ਸਕੂਲਾਂ ਨੂੰ ਅਧਿਆਪਕਾਂ ਤੋਂ ਸੱਖਣੇ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵਲੋਂ ਸਕੂਲਾਂ ਵਿਚ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਘੱਟ ਤੋਂ ਘੱਟ ਅੱਧਾ ਸਟਾਫ਼ ਸਕੂਲ ਵਿਚ ਰੱਖਿਆ ਜਾਵੇ। ਇਕ ਪਾਸੇ ਤਾਂ ਸਰਕਾਰ ਫਿਨਲੈਂਡ ਅਤੇ ਸਿੰਗਾਪੁਰ ਵਰਗੇ ਮੁਲਕਾਂ ਵਿਚ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਲਈ ਭੇਜ ਰਹੀ ਹੈ, ਜਿਥੇ ਅਧਿਆਪਕਾਂ ਦਾ ਰੁਤਬਾ ਬਹੁਤ ਉੱਚਾ ਹੈ ਅਤੇ ਦੂਜੇ ਪਾਸੇ ਅਧਿਆਪਕਾਂ ਨੂੰ ਲਗਾਤਾਰ ਗ਼ੈਰ-ਵਿਦਿਅਕ ਕੰਮਾਂ ਵਿਚ ਉਲਝਾਇਆ ਜਾ ਰਿਹਾ ਹੈ। ਵੋਟਾਂ ਮਰਦਮਸ਼ੁਮਾਰੀ ਅਤੇ ਸਰਵੇ ਵਰਗੇ ਕੰਮਾਂ ਲਈ ਅਧਿਆਪਕਾਂ ਨੂੰ ਹਰ ਪਾਸੇ ਟੰਗ ਦਿੱਤਾ ਜਾਂਦਾ ਹੈ। ਨਵਾਂ ਸੈਸ਼ਨ ਸ਼ੁਰੂ ਹੋਣ ਕਰਕੇ ਅਧਿਆਪਕਾ ਪਹਿਲਾਂ ਹੀ ਨਵੇਂ ਦਾਖਲੇ ਅਤੇ ਹੋਰ ਵਿਦਿਅਕ ਕੰਮਾਂ ਵਿਚ ਰੁੱਝੇ ਹੋਏ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਮਰਦਮਸ਼ੁਮਾਰੀ ਦਾ ਕੰਮ ਬੇਰੁਜ਼ਗਾਰ ਨੌਜਵਾਨਾਂ ਤੋਂ ਕਰਵਾਇਆ ਜਾਵੇ।

-ਚਰਨਜੀਤ ਸਿੰਘ ਮੁਕਤਸਰ
ਸੈਂਟਰ ਹੈੱਡ ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।