14-11-25
ਪੰਜਾਬ ਦੇ ਕਿਸਾਨ
ਪੰਜਾਬ ਦਾ ਕਿਸਾਨ ਸਾਡੇ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਉਹ ਆਪਣੇ ਖੇਤਾਂ ਵਿਚ ਦਿਨ-ਰਾਤ ਮਿਹਨਤ ਕਰਦਾ ਹੈ ਤਾਂ ਜੋ ਸਾਰੇ ਦੇਸ਼ ਨੂੰ ਅਨਾਜ ਮਿਲ ਸਕੇ। ਬਲਵੀਰ ਸਿੰਘ ਰਾਜੇਵਾਲ ਦਾ 'ਅਜੀਤ ਅਖਬਾਰ' ਵਿਚ ਛਪਿਆ ਲੇਖ ਅਨੇਕਾਂ ਮੁਸ਼ਕਿਲਾਂ ਵਿਚ ਘਿਰੇ ਹੋਏ ਹਨ ਪੰਜਾਬ ਦੇ ਕਿਸਾਨ ਇਸ ਹਕੀਕਤ ਨੂੰ ਸਪੱਸ਼ਟ ਕਰਦਾ ਹੈ ਕਿ ਅੱਜ ਦਾ ਕਿਸਾਨ ਕਿੰਨੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਕਰਜ਼ਿਆਂ ਦੀ ਮਾਰ, ਫਸਲਾਂ ਦੀ ਘਟਦੀ ਕੀਮਤ, ਮੌਸਮੀ ਤਬਦੀਲੀਆਂ ਅਤੇ ਪਾਣੀ ਦੀ ਘਾਟ ਇਹ ਸਾਰੀਆਂ ਚੁਣੌਤੀਆਂ ਕਿਸਾਨ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰ ਰਹੀਆਂ ਹਨ। ਪਰ ਫਿਰ ਵੀ ਪੰਜਾਬੀ ਕਿਸਾਨ ਹਿੰਮਤ ਨਹੀਂ ਹਾਰਦਾ। ਉਹ ਆਪਣੀ ਮਿਹਨਤ ਅਤੇ ਸਚਾਈ ਨਾਲ ਹਰ ਮੁਸ਼ਕਿਲ ਦਾ ਸਾਹਮਣਾ ਕਰਦਾ ਹੈ।ਮੇਰੇ ਵਿਚਾਰਾਂ ਅਨੁਸਾਰ ਅੱਜ ਲੋੜ ਹੈ ਕਿ ਕਿਸਾਨ ਪੁਰਾਣੇ ਤਰੀਕਿਆਂ ਨਾਲ ਨਾਲ ਵਿਗਿਆਨਕ ਤੇ ਤਕਨੀਕੀ ਤਰੀਕਿਆਂ ਨੂੰ ਵੀ ਅਪਣਾਏ। ਆਰਗੈਨਿਕ ਖੇਤੀ, ਡ੍ਰਿਪ ਸਿੰਚਾਈ ਅਤੇ ਫਸਲਾਂ ਵਿਚ ਵੱਖਰਾਪਣ ਨਾਲ ਕਿਸਾਨ ਆਪਣੀ ਆਮਦਨ ਵਧਾ ਸਕਦਾ ਹੈ। ਇਸ ਨਾਲ ਮਿੱਟੀ ਤੇ ਪਾਣੀ ਦੀ ਸੰਭਾਲ ਵੀ ਹੋਵੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖੇਤੀਬਾੜੀ ਨਾਲ ਸੰਬੰਧਿਤ ਨੀਤੀਆਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰੇ, ਤੇ ਕਿਸਾਨਾਂ ਲਈ ਸਹੀ ਸਮੇਂ 'ਤੇ ਸਹਾਇਤਾ ਪ੍ਰਦਾਨ ਕਰੇ। ਦੂਜੇ ਪਾਸੇ ਕਿਸਾਨਾਂ ਨੂੰ ਵੀ ਸਿੱਖਿਆ ਤੇ ਜਾਗਰੂਕਤਾ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਨਵੀਂ ਤਕਨਾਲੋਜੀ ਦਾ ਲਾਭ ਲੈ ਸਕਣ। ਜਦੋਂ ਕਿਸਾਨ ਖੁਸ਼ ਹੋਵੇਗਾ, ਤਦੋਂ ਸਾਰਾ ਪੰਜਾਬ ਖੁਸ਼ਹਾਲ ਹੋਵੇਗਾ। ਇਸ ਲਈ ਹਰ ਨਾਗਰਿਕ ਦਾ ਫਰਜ਼ ਹੈ ਕਿ ਉਹ ਕਿਸਾਨ ਦੀ ਮਿਹਨਤ ਦੀ ਕਦਰ ਕਰੇ ਤੇ ਉਸਦਾ ਸਾਥ ਦੇਵੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇਕਰ ਅਸੀਂ ਇਕੱਠੇ ਹੋ ਕੇ ਸਹਿਯੋਗ ਨਾਲ ਕੰਮ ਕਰੀਏ, ਤਾਂ ਪੰਜਾਬ ਦਾ ਕਿਸਾਨ ਦੁਬਾਰਾ ਸੁਨਹਿਰੀ ਯੁੱਗ ਵੱਲ ਵਧੇਗਾ।
-ਹਰਮਨਦੀਪ ਕੌਰ
ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ, ਸੰਦੌੜ (ਮਾਲੇਰਕੋਟਲਾ)
ਜੀਵਨ 'ਚ ਆਜ਼ਾਦੀ ਦਾ ਮਹੱਤਵ
ਮਨੁੱਖ ਦਾ ਕੁਦਰਤੀ ਸੁਭਾਅ ਹੈ ਕਿ ਉਹ ਉਨ੍ਹਾਂ ਲੋਕਾਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ, ਜੋ ਮਾਲੀ ਤੌਰ 'ਤੇ ਮਜ਼ਬੂਤ ਹੋਣ ਜਾਂ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਪਹੁੰਚ ਹੋਵੇ। ਅਸੀਂ ਇਨ੍ਹਾਂ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ, ਕਮੀਆਂ ਤੋਂ ਵਾਕਿਫ਼ ਨਹੀਂ ਹੁੰਦੇ। ਉਨ੍ਹਾਂ ਅੰਦਰ ਬਹੁਤ ਸਾਰੇ ਡਰ ਲੁਕੇ ਹੁੰਦੇ ਹਨ, ਜੋ ਉਨ੍ਹਾਂ ਨੂੰ ਬੇਚੈਨ ਕਰਦੇ ਹਨ। ਇਹ ਆਜ਼ਾਦ ਤੌਰ 'ਤੇ ਵਿਚਰ ਨਹੀਂ ਸਕਦੇ। ਇਨ੍ਹਾਂ ਨੂੰ ਇਹ ਡਰ ਲੱਗਾ ਰਹਿੰਦਾ ਹੈ ਕਿ ਕੋਈ ਗਲਤ ਅਨਸਰ ਉਨ੍ਹਾਂ ਦੇ ਪਰਿਵਾਰ ਦਾ ਕੋਈ ਜਾਨੀ-ਮਾਲੀ ਨੁਕਸਾਨ ਨਾ ਕਰ ਦੇਵੇ। ਜੇਕਰ ਤੁਸੀਂ ਆਜ਼ਾਦ ਤੌਰ 'ਤੇ ਬਿਨਾਂ ਕਿਸੇ ਡਰ ਖ਼ੌਫ਼ ਆਪਣੇ ਰੋਜ਼ਾਨਾ ਦੇ ਕੰਮ ਕਰ ਰਹੇ ਹੋ ਤਾਂ ਆਪਣੇ-ਆਪ ਨੂੰ ਖ਼ੁਸ਼ਕਿਸਮਤ ਲੋਕਾਂ ਵਿਚ ਗਿਣੋ ਪਰ ਕਾਨੂੰਨ ਦੀ ਉਲੰਘਣਾ, ਅਪਰਾਧ, ਨਸ਼ੇ ਆਦਿ ਕਰਕੇ ਆਪਣੇ ਜੀਵਨ ਨੂੰ ਬਰਬਾਦ ਕਰ ਲੈਣਾ ਆਜ਼ਾਦੀ ਨਹੀਂ ਹੈ। ਜੀਵਨ ਦਾ ਮਕਸਦ ਆਜ਼ਾਦੀ ਦਾ ਲਾਹਾ ਲੈ ਕੇ ਜੀਵਨ ਨੂੰ ਸੰਵਾਰਨਾ ਹੋਣਾ ਚਾਹੀਦਾ ਹੈ।
-ਗੁਰਿੰਦਰ ਕਲੇਰ
ਪਿੰਡ ਤੇ ਡਾਕ ਕਲੇਰ ਕਲਾਂ, ਗੁਰਦਾਸਪੁਰ।
ਈ-ਚਲਾਨ ਤੇ ਪੁਲਿਸ ਦੀ ਭੂਮਿਕਾ
ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿਚ ਹੁਣ ਈ-ਚਲਾਨ ਦਾ ਰੁਝਾਨ ਚੱਲ ਪਿਆ ਹੈ। ਸਰਕਾਰ ਵਲੋਂ ਹਰ ਚੌਕ-ਚੁਰਾਹੇ 'ਤੇ ਕੈਮਰੇ ਲਗਾ ਦਿੱਤੇ ਗਏ ਹਨ ਅਤੇ ਇਹ ਕਿਹਾ ਗਿਆ ਹੈ ਕਿ ਹੁਣ ਟ੍ਰੈਫਿਕ ਨਿਯਮਾਂ ਦੀ ਗਲਤੀ ਕਰਨ 'ਤੇ ਗੱਡੀ ਵਾਲੇ ਦਾ ਆਪਣੇ-ਆਪ ਚਲਾਨ ਕੱਟਿਆ ਜਾਵੇਗਾ, ਜੋ ਕਿ ਉਸ ਨੂੰ ਆਨਲਾਈਨ ਹੀ ਭਰਨਾ ਪਵੇਗਾ। ਪਰ ਚੌਂਕਾਂ ਵਿਚ ਖੜ੍ਹੀ ਪੁਲਿਸ ਅੱਜ ਵੀ ਗੱਡੀਆਂ ਨੂੰ ਰੋਕ ਕੇ ਚਲਾਨ ਕੱਟਣ 'ਤੇ ਜ਼ੋਰ ਦੇ ਰਹੀ ਹੈ। ਜੇਕਰ ਕੈਮਰੇ ਹੀ ਲੱਗੇ ਹਨ, ਤਾਂ ਕੀ ਇਨ੍ਹਾਂ ਕੈਮਰਿਆਂ ਵਿਚ ਉਹ ਗੱਡੀਆਂ ਨਹੀਂ ਆਉਂਦੀਆਂ, ਜਿਹੜੇ ਨਿਯਮਾਂ ਦੀ ਅਣਦੇਖੀ ਕਰਦੇ ਹਨ ਜਾਂ ਉਨ੍ਹਾਂ ਦੇ ਈ-ਚਲਾਨ ਨਹੀਂ ਕੱਟੇ ਜਾ ਸਕਦੇ। ਪਰ ਪੁਲਿਸ ਚੌਕਾਂ ਚੁਰਾਹਿਆਂ 'ਤੇ ਟ੍ਰੈਫਿਕ ਚਲਾਉਣ ਦੀ ਥਾਂ ਦੂਜੇ ਰਾਜਾਂ ਦੀਆਂ ਗੱਡੀਆਂ, ਦੂਜੇ ਸ਼ਹਿਰਾਂ ਦੀਆਂ ਗੱਡੀਆਂ 'ਤੇ ਨਿਸ਼ਾਨਾ ਸਾਧੇ ਬੈਠੀ ਰਹਿੰਦੀ ਹੈ। ਜਿਵੇਂ ਹੀ ਕੋਈ ਦੂਜੇ ਰਾਜ ਜਾਂ ਦੂਜੇ ਸ਼ਹਿਰ ਦੀ ਗੱਡੀ ਨਜ਼ਰ ਆਉਂਦੀ ਹੈ ਤਾਂ ਪੁਲਿਸ ਵਾਲੇ ਟੱਪ ਕੇ ਅੱਗੇ ਆ ਜਾਂਦੇ ਹਨ ਅਤੇ ਉਸ ਨੂੰ ਗੱਡੀ ਸਾਈਡ 'ਤੇ ਲਗਾਉਣ ਦਾ ਇਸ਼ਾਰਾ ਕਰਦੇ ਹਨ। ਥੋੜ੍ਹੀ ਜਿਹੀ ਗ਼ਲਤੀ 'ਤੇ ਉਨ੍ਹਾਂ ਦੀ ਵੀਡੀਓ ਤੱਕ ਬਣਾਉਣੀ ਸੁਰੂ ਕਰ ਦਿੱਤੀ ਜਾਂਦੀ ਹੈ, ਤਾਂ ਕਿ ਉਨ੍ਹਾਂ ਨੂੰ ਡਰਾਇਆ ਜਾ ਸਕੇ ਕਿ ਤੁਹਾਡਾ ਚਲਾਨ ਪੱਕਾ ਹੈ। ਜਦਕਿ ਟ੍ਰੈਫਿਕ ਜਾਮ ਵਿਚ ਫਸੇ ਲੋਕ ਪੁਲਿਸ ਨੂੰ ਮਨ ਵਿਚ ਕਈ ਕੁਝ ਕਹਿੰਦੇ ਰਹਿੰਦੇ ਹਨ। ਦੂਜਾ ਕੀ ਇਨ੍ਹਾਂ ਚੌਕਾਂ ਵਿਚ ਜਿਥੇ ਕੈਮਰੇ ਲੱਗੇ ਹੋਏ ਹਨ ਉਥੇ ਭਿਖਾਰੀਆਂ ਨੂੰ ਪੁਲਿਸ ਵਲੋਂ ਨਹੀਂ ਦੇਖਿਆ ਜਾ ਰਿਹਾ, ਜੋ ਖੜ੍ਹੀਆਂ ਗੱਡੀਆਂ ਤੋਂ ਤਾੜੀਆਂ ਮਾਰ ਕੇ, ਗੱਡੀ ਸਾਫ਼ ਕਰਨ ਦੇ ਬਹਾਨੇ ਜਾਂ ਆਪਣੇ ਢਿੱਡ 'ਤੇ ਹੱਥ ਰੱਖ ਕੇ ਪੈਸਿਆਂ ਦੀ ਮੰਗ ਕਰਦੇ ਹਨ। ਕੀ ਪੰਜਾਬ ਪੁਲਿਸ ਇਹੋ ਜਿਹੀ ਚੌਕਾਂ ਚੁਰਾਹਿਆਂ 'ਤੇ ਖੜ੍ਹੀ ਪੁਲਿਸ 'ਤੇ ਵੀ ਕਦੇ ਕਾਰਵਾਈ ਕਰੇਗੀ।
-ਅਸ਼ੀਸ਼ ਸ਼ਰਮਾ, ਜਲੰਧਰ।
ਘਟ ਰਹੀ ਸਹਿਣਸ਼ੀਲਤਾ
ਅਜੋਕੇ ਸਮੇਂ ਸਹਿਣਸ਼ੀਲਤਾ ਇੰਨੀ ਘਟ ਗਈ ਹੈ ਕਿ ਲੋਕ ਛੋਟੀਆਂ-ਛੋਟੀਆਂ ਗੱਲਾਂ 'ਤੇ ਲੜਾਈ ਝਗੜੇ 'ਤੇ ਉਤਰ ਆਉਂਦੇ ਹਨ। ਅਜਿਹੀ ਹੀ ਇਕ ਘਟਨਾ ਬੀਤੇ ਦਿਨ ਮੁਹਾਲੀ ਦੇ ਕੁਰਾਲੀ ਵਿਚ ਵਾਪਰੀ, ਜਿੱਥੇ ਇਕ ਪਿਕਅਪ ਗੱਡੀ ਦੇ ਡਰਾਈਵਰ ਨੇ ਪੰਜਾਬ ਰੋਡਵੇਜ਼ ਬੱਸ ਦੇ ਡਰਾਈਵਰ ਦਾ ਰਾਡ ਮਾਰ ਕੇ ਕਤਲ ਕਰ ਦਿੱਤਾ। ਰਾਡ ਇੰਨੀ ਜ਼ੋਰ ਦੀ ਵੱਜੀ ਕਿ ਡਰਾਈਵਰ ਦੀ ਥਾਂ 'ਤੇ ਹੀ ਮੌਤ ਹੋ ਗਈ। ਕੁਝ ਚਸ਼ਮਦੀਦ ਦੱਸਦੇ ਹਨ ਕਿ ਸਾਈਡ ਦੇਣ ਨੂੰ ਲੈ ਕੇ ਦੋਵਾਂ ਵਿਚ ਪਿੱਛੇ ਤੋਂ ਹੀ ਬਹਿਸਬਾਜ਼ੀ ਹੋ ਰਹੀ ਸੀ, ਪਰੰਤੂ ਜਦੋਂ ਕੁਰਾਲੀ ਆ ਕੇ ਬੱਸ ਰੁਕੀ ਤਾਂ ਇਹ ਬਹਿਸਬਾਜ਼ੀ ਹਿੰਸਾ ਦਾ ਰੂਪ ਧਾਰਨ ਕਰ ਗਈ ਤੇ ਇਕ ਵਿਅਕਤੀ ਦੀ ਜਾਨ ਚਲੀ ਗਈ। ਗੁਨਾਹਗਾਰ ਕੋਈ ਵੀ ਹੋਵੇ, ਪਰੰਤੂ ਕਿਸੇ ਨੂੰ ਜਾਨੋਂ ਮਾਰ ਦੇਣਾ ਜਿਥੇ ਕਾਨੂੰਨ ਅਤੇ ਪ੍ਰਸ਼ਾਸਨ ਦੀਆਂ ਧੱਜੀਆਂ ਉਡਾਉਣਾ ਹੈ, ਉੱਥੇ ਮਨੁੱਖਤਾ ਨੂੰ ਵੀ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਜੰਗਲਾਂ ਵਿਚੋਂ ਤਾਂ ਅਸੀਂ ਬਹੁਤ ਪਹਿਲਾਂ ਦੇ ਨਿਕਲ ਚੁੱਕੇ ਹਾਂ, ਪਰੰਤੂ ਪਸ਼ੂ ਬਿਰਤੀ ਅਸੀਂ ਅੱਜ ਤੱਕ ਨਹੀਂ ਛੱਡ ਸਕੇ। ਅਸੀਂ ਗੱਲ-ਗੱਲ 'ਤੇ ਆਪਣਾ ਆਪਾ ਖੋਹ ਬੈਠਦੇ ਹਾਂ ਅਤੇ ਕਈ ਜ਼ਿੰਦਗੀਆਂ ਤਬਾਹ ਕਰ ਦਿੰਦੇ ਹਾਂ। ਇਸ ਤਰ੍ਹਾਂ ਥੋੜ੍ਹੀ ਜਿਹੀ ਜਲਦਬਾਜ਼ੀ ਅਤੇ ਹਿੰਸਾ ਨੇ ਵਸਦੇ ਘਰਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ। ਜੰਗਾਂ ਨੇ ਕਦੇ ਵੀ ਘਰ ਆਬਾਦ ਨਹੀਂ ਕੀਤੇ। ਜੰਗਾਂ ਮਨੁੱਖ ਦੇ ਹਿੰਸਕ, ਈਰਖਾ ਅਤੇ ਹਊਮੈ ਤੋਂ ਉਪਜਦੀਆਂ ਹਨ। ਮਨੁੱਖ ਨੂੰ ਮੁਸ਼ਕਿਲ ਤੋਂ ਮੁਸ਼ਕਿਲ ਸਮੇਂ ਵਿਚ ਵੀ ਆਪਣੇ-ਆਪ 'ਤੇ ਕਾਬੂ ਪਾਉਣਾ ਚਾਹੀਦਾ ਹੈ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਨੀ (ਬਠਿੰਡਾ)