21-02-26
ਖ਼ਤਰਨਾਕ ਹੈ ਹਥਿਆਰਾਂ ਦਾ ਰੁਝਾਨ
ਅੱਜਕੱਲ੍ਹ ਸਮਾਜ ਵਿਚ ਹਥਿਆਰਾਂ ਦੀ ਨੁਮਾਇਸ਼ ਕਰਨ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ, ਜੋ ਕਿ ਬਹੁਤ ਹੀ ਚਿੰਤਾਜਨਕ ਹੈ। ਕੁਝ ਲੋਕ ਇਸ ਨੂੰ ਸ਼ਾਨ, ਦਲੇਰੀ ਜਾਂ ਪ੍ਰਭਾਵ ਦਿਖਾਉਣ ਦਾ ਸਾਧਨ ਸਮਝਦੇ ਹਨ, ਪਰ ਅਸਲ ਵਿਚ ਇਹ ਸਿਰਫ਼ ਗਲਤ ਸੋਚ ਨੂੰ ਜਨਮ ਹੀ ਨਹੀਂ ਦਿੰਦਾ, ਸਗੋਂ ਸਮਾਜ ਦੇ ਅਮਨ-ਚੈਨ ਲਈ ਵੀ ਗੰਭੀਰ ਖ਼ਤਰਾ ਬਣਦਾ ਹੈ। ਹਥਿਆਰ ਕਦੇ ਵੀ ਦਿਖਾਵੇ ਲਈ ਨਹੀਂ ਬਣਾਏ ਜਾਂਦੇ। ਇਹ ਕਾਨੂੰਨੀ ਅਤੇ ਸੁਰੱਖਿਆ ਸੰਬੰਧੀ ਹਾਲਾਤ ਪੈਦਾ ਹੋਣ 'ਤੇ ਵਰਤੋਂ ਲਈ ਹੁੰਦੇ ਹਨ। ਜਦੋਂ ਲੋਕ ਵਿਆਹਾਂ, ਸਮਾਰੋਹਾਂ ਜਾਂ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਦੇ ਹਨ, ਤਾਂ ਉਹ ਅਣਜਾਣੇ ਹੀ ਨੌਜਵਾਨ ਪੀੜ੍ਹੀ ਨੂੰ ਗਲਤ ਸੰਦੇਸ਼ ਦੇ ਰਹੇ ਹੁੰਦੇ ਹਨ, ਜੋ ਭਵਿੱਖ ਲਈ ਘਾਤਕ ਸਾਬਤ ਹੋ ਸਕਦੀ ਹੈ। ਅਸਲ ਬਹਾਦਰੀ ਹਥਿਆਰ ਲਹਿਰਾਉਣ ਵਿਚ ਨਹੀਂ, ਸਗੋਂ ਸਹੀ ਰਸਤੇ 'ਤੇ ਚੱਲਣ, ਦੂਜਿਆਂ ਦੀ ਇੱਜ਼ਤ ਕਰਨ ਅਤੇ ਸਮਾਜ ਵਿਚ ਸ਼ਾਂਤੀ ਕਾਇਮ ਰੱਖਣ ਵਿਚ ਹੈ। ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀ ਸੋਚ ਨੂੰ ਬਦਲਈਏ ਅਤੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦਿਖਾਈਏ।
-ਗੁਰਕਿਰਤ ਸਿੰਘ
ਅਰਾਂਈ ਮਾਜਰਾ
ਨਸ਼ਿਆਂ ਨੇ ਖ਼ਤਮ ਕੀਤੇ ਰਿਸ਼ਤੇ
ਹਾਲ ਹੀ ਵਿਚ ਪੰਜਾਬ ਦੇ ਰਾਜਪਾਲ ਵਲੋਂ ਸੂਬੇ ਦੇ ਸਰਹੱਦੀ ਇਲਾਕਿਆਂ ਵਿਚ ਪੈਦਲ ਯਾਤਰਾ ਕੀਤੀ ਗਈ ਤਾਂ ਜੋ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਰਾਜਪਾਲ ਸਾਹਿਬ ਦੀ ਸ਼ਲਾਘਯੋਗ ਪਹਿਲ ਸੀ। ਨਸ਼ੇ ਵਿਚ ਧੁੱਤ ਹੁਣ ਆਪਣੇ ਪਰਿਵਾਰਿਕ ਮੈਂਬਰਾਂ ਦੀ ਮਾਰ ਕੁਟਾਈ, ਜਬਰ ਜਨਾਹ ਵਿਚ ਵੀ ਵਾਧਾ ਹੋਇਆ ਹੈ। ਖਬਰ ਪੜ੍ਹੀ ਕਿ ਹਰਿਆਣੇ ਵਿਚ ਇਕ ਨਸ਼ੇੜੀ ਵਲੋਂ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਗਈ, ਕਾਰਨ ਸੀ ਕਿ ਉਹ ਕੁਝ ਕੁ ਰੁਪਏ ਮੰਗ ਰਿਹਾ ਸੀ। ਜਲੰਧਰ ਵਿਚ ਇੱਕ ਸ਼ਰਾਬੀ ਪਿਉ ਵੱਲੋਂ ਆਪਣੀ ਪੰਜ ਸਾਲਾਂ ਦੀ ਧੀ ਜੋ ਕਿ ਜ਼ਿੱਦੀ ਸੀ ਤੇ ਕੁਝ ਖਾਣ ਲਈ ਮੰਗ ਰਹੀ ਸੀ, ਨਸ਼ੇ ਵਿਚ ਧੁੱਤ ਪਿਉ ਨੇ ਬੱਚੀ ਨੂੰ ਧਰਤੀ 'ਤੇ ਪਟਕਾ ਕੇ ਮਾਰਿਆ। ਉਸ ਦੀ ਮੌਤ ਹੋ ਗਈ। ਰਿਸ਼ਤਿਆਂ ਦਾ ਘਾਣ ਹੋ ਚੁੱਕਿਆ ਹੈ। ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਕਿਸੇ ਗੁਆਂਢੀ ਸੂਬੇ ਵਿਚ ਦੇਰ ਰਾਤ ਸ਼ਰਾਬੀ ਜਦੋਂ ਘਰੇ ਆਇਆ, ਉਸਨੇ ਆਪਣੀ ਪਤਨੀ ਨੂੰ ਖਾਣਾ ਬਣਾਉਣ ਲਈ ਕਿਹਾ, ਉਹ ਬਿਮਾਰ ਸੀ। ਖਾਣਾ ਨਾ ਬਣਾਉਣ ਕਾਰਨ ਗੁੱਸੇ ਵਿਚ ਆਏ ਪਤੀ ਨੇ ਪਤਨੀ ਨੂੰ ਗੋਲੀ ਮਾਰ ਦਿੱਤੀ।
ਆਪਣਿਆਂ ਨਾਲ ਹੀ ਜਬਰ ਜਨਾਹ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਮੋਗਾ ਵਿਖੇ ਇਕ ਨਸ਼ੇੜੀ ਵੱਲੋਂ ਪਿਓ-ਮਾਂ ਹੀ ਮਾਰ ਦਿੱਤੇ। ਕਾਰਨ ਸੀ ਕਿ ਹਰ ਰੋਜ਼ ਟੋਕਦੇ ਸਨ, ਕਿ ਤੂੰ ਨਸ਼ਾ ਨਾ ਕਰ। ਤੂੰ ਸਰੀਰਕ ਤੌਰ 'ਤੇ ਕਮਜ਼ੋਰ ਹੋ ਰਿਹਾ ਏ। ਹੁਣ ਕੁੜੀਆਂ ਵੀਚਿੱਟੇ ਦੀਆਂ ਆਦੀ ਹੋ ਚੁੱਕੀਆਂ ਹਨ। ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਕਾਫੀ ਹੱਦ ਤੱਕ ਕਾਰਗਰ ਸਿੱਧ ਹੋ ਰਹੀ ਹੈ। ਵੱਡੀ ਤਾਦਾਦ ਵਿਚ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ। ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।
-ਸੰਜੀਵ ਸਿੰਘ ਸੈਣੀ
ਮੁਹਾਲੀ