JALANDHAR WEATHER

19-11-25

 ਰੁੱਖ : ਜੀਵ-ਜੰਤੂਆਂ ਦਾ ਇਕ ਆਸਰਾ

ਰੁੱਖ ਸਾਡੇ ਜੀਵਨ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ ਪਰ ਅਸੀਂ ਇਨ੍ਹਾਂ ਰੁੱਖਾਂ ਨੂੰ ਹੀ ਵੱਢ ਦਿੰਦੇ ਹਾਂ। ਆਪਣੇ ਘਰ ਨੂੰ ਸਜਾਉਣ ਲਈ ਮਨੁੱਖ ਹੱਦ ਤੋਂ ਵੱਧ ਰੁੱਖਾਂ ਦੀ ਕਟਾਈ ਕਰਦਾ ਹੈ ਤਾਂ ਕਿ ਉਹ ਰੁੱਖਾਂ ਦੀ ਲੱਕੜ ਤੋਂ ਆਪਣੇ ਘਰ ਲਈ ਨਵੀਆਂ ਵਸਤਾਂ ਬਣਾ ਸਕੇ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਮਨੁੱਖ ਜਿਹੜੇ ਰੁੱਖਾਂ ਨੂੰ ਕੱਟਦਾ ਹੈ, ਉਹ ਕਈ ਪੰਛੀਆਂ ਦਾ ਘਰ ਹੁੰਦਾ ਹੈ। ਉਸ ਦੇ ਉੱਪਰ ਕਈ ਤਰ੍ਹਾਂ ਦੇ ਪੰਛੀਆਂ ਦੇ ਆਲ੍ਹਣੇ ਹੁੰਦੇ ਹਨ। ਅਸੀਂ ਰੁੱਖ ਵੱਢ ਕੇ ਉਨ੍ਹਾਂ ਪੰਛੀਆਂ ਨੂੰ ਬੇਘਰ ਕਰ ਦਿੰਦੇ ਹਾਂ। ਇਸ ਲਈ ਮਨੁੱਖ ਨੂੰ ਹੱਦ ਤੋਂ ਵੱਧ ਰੁੱਖ ਨਹੀਂ ਕੱਟਣੇ ਚਾਹੀਦੇ ਜੇਕਰ ਰੁੱਖ ਕੱਟਦੇ ਰਹੇ ਤਾਂ ਉਨ੍ਹਾਂ ਦੀ ਥਾਂ 'ਤੇ ਹੋਰ ਰੁੱਖ ਲਗਾਉਂਦੇ ਰਹਿਣਾ ਚਾਹੀਦਾ ਹੈ, ਤਾਂ ਕਿ ਹੋਰ ਜਾਨਵਰ ਉਨ੍ਹਾਂ ਨੂੰ ਆਪਣਾ ਆਸਰਾ ਬਣਾ ਸਕਣ।

-ਸਿਮਰਨ ਕੌਰ,
ਫਰਵਾਲੀ (ਮਾਲੇਰਕੋਟਲਾ)

ਵਿਕਾਸ

ਮਨੋਵਿਗਿਆਨਕ ਦ੍ਰਿਸ਼ਟੀਕੋਣ ਅਨੁਸਾਰ ਮਨੁੱਖੀ ਜੀਵਨ ਨੂੰ ਸਹੀ ਸੇਧ ਦੇਣ ਲਈ ਬੱਚੇ ਦੀ ਗਰਭ ਧਾਰਨ ਅਵਸਥਾ ਤੋਂ ਹੀ ਨਜ਼ਰ ਰੱਖਣੀ ਹੁੰਦੀ ਹੈ। ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਅਤੇ ਉਨ੍ਹਾਂ ਵਿਚ ਆਏ ਪਰਿਵਰਤਨਾਂ ਨੂੰ ਖਿਆਲ ਵਿਚ ਰੱਖਣਾ ਹੁੰਦਾ ਹੈ। ਇਨ੍ਹਾਂ ਪਰਿਵਰਤਨਾਂ ਵਿਚ ਜੱਦੀ ਵਿਰਾਸਤ, ਵਾਤਾਵਰਨ ਅਤੇ ਸਿੱਖਿਆ ਦਾ ਵਿਸ਼ੇਸ਼ ਪ੍ਰਭਾਵ ਪੈਂਦਾ ਹੈ। ਗਰਭ ਧਾਰਨ ਸਮੇਂ ਤੋਂ ਹੀ ਲਗਾਤਾਰ ਆਉਂਦੇ ਪਰਿਵਰਤਨਾਂ ਨੂੰ ਵਾਧੇ ਤੇ ਵਿਕਾਸ ਸ਼ਬਦਾਂ ਨਾਲ ਪ੍ਰਗਟ ਕੀਤਾ ਜਾਂਦਾ ਹੈ। ਇਹ ਦੋਨੋਂ ਸ਼ਬਦ ਆਮ ਤੌਰ 'ਤੇ ਬਿਨਾਂ ਕਿਸੇ ਭੇਦਭਾਵ ਤੋਂ ਹੀ ਵਰਤੇ ਜਾਂਦੇ ਹਨ, ਪਰੰਤੂ ਮਨੋਵਿਗਿਆਨ ਵਿਸ਼ੇ ਵਿਚ ਤਰੱਕੀ ਰੂਪ ਵਿਚ ਵਾਧੇ ਤੇ ਵਿਕਾਸ ਦੋਨਾਂ ਸ਼ਬਦਾਂ ਵਿਚ ਬਹੁਤ ਫਰਕ ਹੈ। ਇਸ ਲਿਖਤ ਵਿਚ ਵਿਕਾਸ ਸ਼ਬਦ ਬਾਰੇ ਵਿਚਾਰ ਕੀਤੀ ਜਾਵੇਗੀ। ਵਿਕਾਸ ਸ਼ਬਦ ਨੂੰ ਅੰਗਰੇਜ਼ੀ ਭਾਸ਼ਾ ਵਿਚ ਡਿਵੈਲਪਮੈਂਟ ਕਿਹਾ ਜਾਂਦਾ ਹੈ। ਵਿਕਾਸ ਇਕ ਲਗਾਤਾਰ ਪ੍ਰਕਿਰਿਆ ਹੈ, ਜਿਹੜੀ ਕਿ ਜੀਵਨ ਭਰ ਚਲਦੀ ਹੈ। ਵਿਕਾਸ ਸ਼ਬਦ ਆਪਣੇ-ਆਪ ਵਿਚ ਇਕ ਵਿਸ਼ਾਲ ਅਰਥ ਰੱਖਦਾ ਹੈ। ਗਿਣਤੀ-ਮਿਣਤੀ ਨੂੰ ਪ੍ਰਗਟ ਕਰਨ ਵਾਲਾ ਵਾਧਾ, ਸਿਰਫ਼ ਵਿਕਾਸ ਦਾ ਇਕ ਹਿੱਸਾ ਹੈ। ਵਿਕਾਸ ਸ਼ਬਦ ਕਾਰਜ-ਸਮਰੱਥਾ, ਕਾਰਜ ਕੁਸ਼ਲਤਾ ਤੇ ਵਿਹਾਰ ਵਿਚ ਆਉਣ ਵਾਲੇ ਗੁਣਾਤਮਕ ਪਰਿਵਰਤਨਾਂ ਨੂੰ ਵੀ ਪ੍ਰਗਟ ਕਰਦਾ ਹੈ। ਵਿਕਾਸ ਦੀ ਪ੍ਰਕਿਰਿਆ ਵਾਧੇ ਦੇ ਬਿਨਾਂ ਵੀ ਸੰਭਵ ਹੋ ਸਕਦੀ ਹੈ। ਇਸ ਤਰ੍ਹਾਂ ਹੀ ਵਾਧੇ ਦੇ ਨਾਲ ਸਦਾ ਵਿਕਾਸ ਹੋਣਾ ਵੀ ਜ਼ਰੂਰੀ ਨਹੀਂ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ, ਹੁਸ਼ਿਆਰਪੁਰ।

ਹੱਕਾਂ ਲਈ ਸੰਘਰਸ਼ ਜ਼ਰੂਰੀ

ਜਦੋਂ ਗੱਲ ਹੱਕਾਂ ਦੀ ਹੁੰਦੀ ਹੈ, ਉਸ ਸਮੇਂ ਚੁੱਪ ਰਹਿਣਾ ਨਾ ਇਨਸਾਫ਼ੀ ਨਾਲ ਸਹਿਮਤੀ ਦੇਣ ਦੇ ਬਰਾਬਰ ਹੁੰਦਾ ਹੈ। ਇਤਿਹਾਸ ਗਵਾਹ ਹੈ ਕਿ ਹਰ ਵੱਡਾ ਬਦਲਾਅ ਉਨ੍ਹਾਂ ਲੋਕਾਂ ਨੇ ਲਿਆ ਹੈ, ਜਿਨ੍ਹਾਂ ਨੇ ਆਪਣੇ ਹੱਕਾਂ ਲਈ ਲੜਨ ਦੀ ਹਿੰਮਤ ਕੀਤੀ। ਹੱਕਾਂ ਲਈ ਲੜਾਈ ਸਿਰਫ਼ ਆਪਣੇ ਲਈ ਨਹੀਂ, ਸਾਰੀ ਕੌਮ ਲਈ ਹੁੰਦੀ ਹੈ। ਆਪਣੇ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਸਿੱਖੋ। ਹੱਕ ਮੰਗਣ ਨਾਲ ਨਹੀਂ, ਸਗੋਂ ਖੋਹਣ ਨਾਲ ਮਿਲਦੇ ਹਨ। ਇਸ ਲਈ ਜਦੋਂ ਜ਼ੁਲਮ ਦੇ ਖ਼ਿਲਾਫ਼ ਖੜ੍ਹਨ ਦਾ ਸਮਾਂ ਆਵੇ, ਤਾਂ ਡਰੋ ਨਾ, ਕਿਉਂਕਿ ਹੱਕਾਂ ਦੀ ਰਾਖੀ ਹੀ ਅਸਲੀ ਆਜ਼ਾਦੀ ਦੀ ਨਿਸ਼ਾਨੀ ਹੈ।

-ਮੰਜੂ ਰਾਇਕਾ
ਰਣਬੀਰ ਕਾਲਜ, ਸੰਗਰੂਰ।

ਪਰਾਲੀ ਦਾ ਮਸਲਾ

ਪਰਾਲੀ ਦਾ ਮਸਲਾ ਪੰਜਾਬ ਦੇ ਖੇਤੀਬਾੜੀ ਪ੍ਰਣਾਲੀ ਨਾਲ ਜੁੜਿਆ ਇਕ ਗੰਭੀਰ ਵਾਤਾਵਰਣਕ ਤੇ ਸਮਾਜਿਕ ਮੁੱਦਾ ਹੈ। ਫ਼ਸਲ ਕੱਟਣ ਤੋਂ ਬਾਅਦ ਖੇਤਾਂ ਵਿਚ ਬਚਦੀ ਪਰਾਲੀ ਨੂੰ ਕਿਸਾਨ ਸਾੜ ਦਿੰਦੇ ਹਨ, ਜਿਸ ਨਾਲ ਵਾਤਾਵਰਨ ਵਿਚ ਪ੍ਰਦੂਸ਼ਣ ਫੈਲਦਾ ਹੈ, ਜਿਸ ਕਰਕੇ ਸਾਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਸ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਵੀ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ, ਜਿਵੇਂ ਕਿ ਕਿਸਾਨਾਂ ਨੂੰ ਮਸ਼ੀਨਾਂ 'ਤੇ ਸਬਸਿਡੀ, ਨਵੇਂ ਖੇਤੀ ਤਰੀਕਿਆਂ ਨਾਲ ਸੰਬੋਧਿਤ ਕਰਾਉਣਾ ਚਾਹੀਦਾ ਹੈ, ਜਿਸ ਨਾਲ ਉਹ ਪਰਾਲੀ ਦੀ ਵਰਤੋਂ ਠੀਕ ਢੰਗ ਨਾਲ ਕਰ ਸਕਣ ਤੇ ਵਾਤਾਵਰਨ ਨੂੰ ਵੀ ਸੁਰੱਖਿਅਤ ਕਰ ਸਕਣ।

-ਅਵਨੀਤ ਕੌਰ
ਨੌਧਰਾਣੀ (ਮਾਲੇਰਕੋਟਲਾ)

ਜਿੱਤ ਗਈ ਚੋਣ ਸੱਤਾਧਾਰੀ ਪਾਰਟੀ

ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜਾ ਆ ਗਿਆ ਹੈ ਤੇ ਉਮੀਦ ਅਨੁਸਾਰ ਜ਼ਿਮਨੀ ਚੋਣਾਂ ਆਮ ਤੌਰ 'ਤੇ ਸੱਤਾਧਾਰੀ ਪਾਰਟੀ ਹੀ ਜਿੱਤਦੀ ਹੁੰਦੀ ਹੈ। ਉਸੇ ਤਰ੍ਹਾਂ ਇਹ ਚੋਣ ਵੀ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। ਹਾਲਾਂਕਿ 2022 ਦੇ ਮੁਕਾਬਲੇ ਉਨ੍ਹਾਂ ਦੀਆਂ ਵੋਟਾਂ ਬਹੁਤ ਘਟ ਗਈਆਂ ਹਨ, ਜੋ ਕਿ ਸੱਤਾਧਾਰੀ ਪਾਰਟੀ ਲਈ ਚੰਗਾ ਸੰਕੇਤ ਨਹੀਂ। ਬਾਦਲ ਅਕਾਲੀ ਦਲ ਨੂੰ ਇਸ ਚੋਣ ਵਿਚ ਪਈਆਂ ਵੋਟਾਂ ਆਉਣ ਵਾਲੀਆਂ ਚੋਣਾਂ ਦੌਰਾਨ ਉਸ ਲਈ ਆਕਸੀਜਨ ਦਾ ਕੰਮ ਕਰਨਗੀਆਂ। ਕਾਂਗਰਸ ਨੂੰ ਇਸ ਵਾਰ ਚੌਥੇ ਨੰਬਰ 'ਤੇ ਰਹਿਣਾ ਪਿਆ, ਜਿਸ ਦੀ ਵੱਡੀ ਵਜ੍ਹਾ ਕਾਂਗਰਸੀ ਲੀਡਰ ਦੀ ਗ਼ਲਤ ਬਿਆਨਬਾਜ਼ੀ ਸੀ। 2027 ਦੀਆਂ ਆਉਣ ਵਾਲੀਆਂ ਆਮ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਆਪਣੇ ਦਮ 'ਤੇ ਚੋਣਾਂ ਲੜਨ ਦੇ ਜੋ ਦਾਅਵੇ ਕਰ ਰਹੀ ਉਸ ਨੂੰ ਵੀ ਬਹੁਤ ਧੱਕਾ ਲੱਗਿਆ ਤੇ ਉਹ ਪੰਜਵੇਂ ਨੰਬਰ 'ਤੇ ਰਹੀ ਹੈ।

-ਡਾ. ਨਰਿੰਦਰ ਭੱਪਰ
ਝਬੇਲਵਾਲੀ।