24-05-26
ਕੰਢੀ ਦਾ ਵਸੇਬ
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨਜ਼, ਭੀਖੀ (ਪੰਜਾਬ)
ਮੁੱਲ : 195 ਰੁਪਏ, ਸਫ਼ੇ : 107
ਸੰਪਰਕ : 99889-13155

ਬਲਬੀਰ ਪਰਵਾਨਾ ਪੰਜਾਬੀ ਦਾ ਪ੍ਰੌੜ੍ਹ ਲੇਖਕ ਹੈ, ਸੂਝਵਾਨ ਅਤੇ ਚਿੰਤਕ ਸੁਰ ਵਾਲਾ। ਆਪਣੇ ਸਮਾਜ ਦੇ ਯਥਾਰਥ ਅਤੇ ਸਮੱਸਿਆਵਾਂ ਨੂੰ ਸਮਝਣ ਵਾਲਾ ਢਾਹਾਂ ਪੁਰਸਕਾਰ ਜਿਹੇ ਵਕਾਰੀ ਸਨਮਾਨ ਦਾ ਵਿਜੇਤਾ। ਅਨੇਕਾਂ ਸੰਸਥਾਵਾਂ ਅਤੇ ਅਦਾਰਿਆਂ ਵਲੋਂ ਸਨਮਾਨਿਤ।
'ਕੰਢੀ ਦਾ ਵਸੇਬ' ਉਸ ਦੀ ਨਵੀਂ ਕਿਰਤ ਹੈ, ਜਿਸ ਵਿਚ ਉਸ ਨੇ ਆਪਣੇ ਤਿੰਨ ਨਾਵਲੈਟ ਸ਼ਾਮਿਲ ਕੀਤੇ ਹਨ। 'ਅੱਗ ਦੀ ਉਮਰ', 'ਬੇਗਾਨੇ ਪਿੰਡ ਦੀ ਜੂਹ' ਤੇ 'ਜੰਗਲ ਕਦੇ ਸੌਂਦਾ ਨਹੀਂ' ਨਾਂਅ ਦੇ ਨਾਵਲੈਟ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਹਨ।
ਇਨ੍ਹਾਂ ਨਾਵਲੈਟਾਂ ਦੀ ਇਕ ਸਿਫ਼ਤ ਇਹ ਹੈ ਕਿ ਇਕੋ ਖੇਤਰ ਭਾਵ ਕੰਢੀ ਦੇ ਇਲਾਕੇ ਦੇ ਲੋਕਾਂ ਦੇ ਜਨਜੀਵਨ ਦੀ ਪੇਸ਼ਕਾਰੀ ਕਰਦੇ ਹਨ। ਇਥੋਂ ਦੇ ਨੀਮ ਪਹਾੜੀ ਇਲਾਕੇ ਦੇ ਲੋਕ ਰੱਜ ਕੇ ਸਿਰਤੋੜ ਮਿਹਨਤ ਕਰਦੇ ਹਨ, ਖੇਤੀ ਦਾ ਕਿੱਤਾ ਕਰਦੇ ਹਨ, ਪਰ ਉਨ੍ਹਾਂ ਦੀ ਕਦੇ ਪੂਰੀ ਨਹੀਂ ਪੈਂਦੀ। ਕਦੀ ਦਰਿਆ 'ਚ ਹੜ੍ਹ ਆਉਂਦਾ ਹੈ, ਜੋ ਸਾਰੀ ਫਸਲਬਾਨੀ ਰੋੜ੍ਹ ਕੇ ਲੈ ਜਾਂਦਾ ਹੈ ਤੇ ਕਦੀ ਸੋਕਾ ਪੈ ਜਾਂਦਾ ਹੈ, ਜੋ ਖੜ੍ਹੀਆਂ ਫ਼ਸਲਾਂ ਨੂੰ ਸਾੜ ਦਿੰਦਾ ਹੈ। ਉਨ੍ਹਾਂ ਦੀ ਕਰੜੀ ਮਿਹਨਤ ਵੀ ਵਰ ਨਹੀਂ ਆਉਂਦੀ। ਪਰ ਉਨ੍ਹਾਂ ਦੀ ਇਹ ਗੱਲ ਵੀ ਮਾਅਰਕੇ ਵਾਲੀ ਹੈ ਕਿ ਉਹ ਤੰਗੀਆਂ-ਤੁਰਸ਼ੀਆਂ ਝੱਲਦੇ ਹੋਏ ਵੀ ਕਦੇ ਰੱਬ 'ਤੇ ਗਿਲਾ ਨਹੀਂ ਕਰਦੇ। ਸੰਘਰਸ਼ ਕਰਦੇ ਹੋਏ ਵੀ ਉਸ ਦੀ ਰਜ਼ਾ 'ਚ ਰਾਜ਼ੀ ਰਹਿੰਦੇ ਹਨ।
ਜਵਾਨ ਕੁੜੀਆਂ ਦੇ ਵਲਵਲੇ ਤੇ ਆਪਣੀਆਂ ਰੀਝਾਂ ਹਨ। ਉਨ੍ਹਾਂ ਦਾ ਕੁਦਰਤੀ ਸੁਹੱਪਣ ਉਨ੍ਹਾਂ ਵਿਚ ਪਿਆਰ ਅਤੇ ਸੈਕਸ ਜਜ਼ਬਾ ਵੀ ਪੈਦਾ ਕਰਦੀ ਦਿਖਾਈ ਪੈਂਦਾ ਹੈ। 'ਅੱਗ ਦੀ ਉਮਰ' ਦੀ ਰੇਸ਼ਮੋ ਕੈਲੇ ਨੂੰ ਪਿਆਰ ਕਰਦੀ ਹੈ ਤੇ ਉਸ ਨੂੰ ਆਪਣਾ ਸਰੀਰ ਵੀ ਦੇ ਦਿੰਦੀ ਹੈ। ਭਾਵੇਂ ਉਨ੍ਹਾਂ ਦਾ ਪਿਆਰ ਨਿਸਫਲ ਹੀ ਰਹਿੰਦਾ ਹੈ ਪਰ ਉਹ ਆਪਣੀ ਚਾਹਤ ਪੂਰੀ ਜ਼ਰੂਰ ਕਰਦੀਆਂ ਹਨ। 'ਬੇਗਾਨੇ ਪਿੰਡ ਦੀ ਜੂਹ' ਦੀ ਰੂਪੀ ਜ਼ਮੀਨ ਦੇ ਮਾਲਕ ਦੇ ਮੁੰਡੇ ਨਿੰਦਰ ਨੂੰ ਵੇਗ-ਵੇਗ ਵਿਚ ਆਪਣੀ ਦੇਹ ਦਿੰਦੀ ਹੈ ਤੇ ਗਰਭਵਤੀ ਹੋਣ 'ਤੇ ਦੁੱਖ ਝੱਲਦੀ ਹੈ। 'ਜੰਗਲ ਕਦੇ ਸੌਂਦਾ ਨਹੀਂ' ਦੀ ਕੰਮੋ ਲਈ ਦੇਵ ਨਾਲ ਸੈਕਸ ਕਰਨਾ ਸਾਧਾਰਨ ਜਿਹੀ ਗੱਲ ਹੈ। ਇਉਂ ਇਹ ਮਿਹਨਤਕਸ਼ ਕੁੜੀਆਂ ਆਪਣੀਆਂ ਲੈਂਗਿਕ ਇੱਛਾਵਾਂ ਪੂਰੀਆਂ ਕਰਨੋਂ ਸੰਕੋਚ ਨਹੀਂ ਕਰਦੀਆਂ। ਗ਼ਰੀਬੀ ਦੇ ਬਾਵਜੂਦ ਇਹ ਇੱਛਾ ਉਨ੍ਹਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ। ਨਾਵਲ ਰੋਚਕ ਨੇ, ਪੜ੍ਹ ਕੇ ਕੰਢੀ ਦੇ ਜੀਵਨ ਦੇ ਬਹੁਤ ਸਾਰੇ ਵੇਰਵੇ ਸਾਡੇ ਗਿਆਨ 'ਚ ਵਾਧਾ ਕਰਦੇ ਹਨ।
-ਕੇ. ਐਲ. ਗਰਗ
ਮੋਬਾਈਲ : 94635-37050
ਤਿਲਕ ਜੰਞੂ ਕਾ ਰਾਖਾ
(ਜੀਵਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ)
ਲੇਖਕ : ਡਾ. ਇਕਬਾਲ ਸਿੰਘ ਲਾਲਪੁਰਾ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਮੁੱਲ : 350 ਰੁਪਏ, ਸਫੇ : 176
ਸੰਪਰਕ : 0183-5011003

ਡਾ. ਇਕਬਾਲ ਸਿੰਘ ਲਾਲਪੁਰਾ (ਚੇਅਰਮੈਨ, ਘੱਟ-ਗਿਣਤੀ ਕੌਮੀ ਕਮਿਸ਼ਨ), ਗੁਰਬਾਣੀ ਅਤੇ ਗੁਰਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਵਚਨਬੱਧ ਲੇਖਕ ਹੈ। ਉਸ ਨੇ ਲਗਭਗ 20 ਪੁਸਤਕਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿਚੋਂ ਬਹੁਤੀਆਂ ਗੁਰਮਤਿ ਦੀ ਪੁਨਰ-ਵਿਆਖਿਆ ਅਤੇ ਗੁਰਸਿੱਖੀ ਦੇ ਇਤਿਹਾਸ ਦਾ ਨਿਰੂਪਣ ਕਰਦੀਆਂ ਹਨ। ਹਥਲੀ ਪੁਸਤਕ (ਪਹਿਲੀ ਐਡੀਸ਼ਨ ਨਵੰਬਰ 2024), ਸਤਿਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਮੁੱਖ ਰੱਖ ਕੇ ਲਿਖੀ ਅਤੇ ਪ੍ਰਕਾਸ਼ਿਤ ਕੀਤੀ ਗਈ ਸੀ। ਲੇਖਕ ਭਾਰਤ ਦੇ ਇਕ ਬਹੁਤ ਸੰਵੇਦਨਸ਼ੀਲ ਸੰਵਿਧਾਨਕ ਅਹੁਦੇ ਉੱਪਰ ਕੰਮ ਕਰ ਰਿਹਾ ਹੈ, ਇਸ ਕਾਰਨ ਸੁਭਾਵਿਕ ਹੀ ਕੁਝ ਮੌਜੂਦਾ ਰਾਜਨੀਤਕ ਤੱਥ ਵੀ ਪੁਸਤਕ-ਸਮੱਗਰੀ ਦੀਆਂ ਵਿੱਥਾਂ ਵਿਚੋਂ ਝਾਕਦੇ ਨਜ਼ਰ ਆ ਜਾਂਦੇ ਹਨ। ਲੇਖਕ ਆਲੋਚਨਾਤਮਿਕ ਦ੍ਰਿਸ਼ਟੀ ਰੱਖਦਾ ਹੈ। ਉਸ ਨੇ ਇਤਿਹਾਸਕ ਖੋਜਕਾਰੀ ਦੇ ਕੰਮ ਨੂੰ ਇਕ ਰਿਲੇਅ ਰੇਸ ਨਾਲ ਤੁਲਨਾ ਦਿੱਤੀ ਹੈ, ਇਕ ਖੋਜਕਾਰ ਆਪਣੀ ਰੇਸ ਮੁਕੰਮਲ ਕਰਕੇ, ਅਗਲੇ ਖੋਜੀ ਨੂੰ ਆਪਣੇ 'ਬੈਟਨ' ਦੀ ਜ਼ਿੰਮੇਵਾਰੀ ਸੰਭਾਲ ਦਿੰਦਾ ਹੈ। ਇਸ ਪੁਸਤਕ ਦੀ ਸਮੱਗਰੀ ਨੂੰ 9 ਉਪ-ਭਾਗਾਂ ਵਿਚ ਵੰਡਿਆ ਗਿਆ ਹੈ-1. ਗੁਰੂ ਸਾਹਿਬ ਦਾ 350 ਸਾਲਾ ਸ਼ਹੀਦੀ ਸਮਾਗਮ, 2. ਗੁਰੂ ਸਾਹਿਬ ਬਾਰੇ ਸਮਕਾਲੀ ਗੁਰੂਆਂ ਤੇ ਕਵੀਆਂ ਦੇ ਕਥਨ, 3. ਜੀਵਨ ਬਿਰਤਾਂਤ, 4. ਗੁਰੂ ਸਾਹਿਬ ਨਾਲ ਸੰਬੰਧਿਤ ਇਤਿਹਾਸਕ ਸਥਾਨ, 5. ਗੁਰਦੁਆਰੇ, 6. ਗੁਰੂ ਸਾਹਿਬ ਦੀ ਬਾਣੀ : ਸ਼ਬਦ ਅਤੇ ਸਲੋਕ, 7. ਗੁਰੂ ਸਾਹਿਬ ਦੇ ਹੁਕਮਨਾਮੇ, 8. ਅੱਧੇ ਮਨ ਨਾਲ ਮਨਾਈ ਅਰਧ ਸ਼ਤਾਬਦੀ, 9. ਮਨੁੱਖੀ ਅਧਿਕਾਰਾਂ ਦੇ ਰਾਖੇ ਗੁਰੂ ਤੇਗ ਬਹਾਦਰ। ਪੁਸਤਕ ਦੀ ਸਮੱਗਰੀ ਨੂੰ ਬਹੁਤ ਸਾਰੇ ਪ੍ਰਮੁੱਖ ਇਤਿਹਾਸਕਾਰਾਂ ਦੇ ਹਵਾਲਿਆਂ ਨਾਲ ਪ੍ਰਮਾਣਿਕ ਬਣਾਇਆ ਗਿਆ ਹੈ ਭਾਵੇਂ ਪੁਸਤਕ ਦੀ ਧਾਰ ਹੋਰ ਤਿੱਖੀ ਹੋ ਸਕਦੀ ਸੀ ਤੇ ਤਿਲਕ-ਜੰਞੂ ਦੇ ਪ੍ਰਤੀਕਾਂ ਦੁਆਰਾ ਪ੍ਰਵਚਨ (ਡਿਸਕੋਰਸ) ਨੂੰ ਹੋਰ ਵੀ ਫੈਲਾਇਆ ਜਾ ਸਕਦਾ ਸੀ। ਡਾ. ਇਕਬਾਲ ਸਿੰਘ ਨੇ ਇਸ ਪੁਸਤਕ ਵਿਚ ਗੁਰੂ ਸਾਹਿਬ ਦੇ ਜੀਵਨ-ਬਿਰਤਾਂਤ ਉੱਪਰ ਬਹੁਤ ਮਿਹਨਤ ਕੀਤੀ ਹੈ। ਗੁਰੂ ਸਾਹਿਬ ਦੇ ਭੈਣ-ਭਰਾਵਾਂ (ਬੀਬੀ ਵੀਰੋ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਅਟੱਲ, ਬਾਬਾ ਅਣੀਰਾਇ, ਬਾਬਾ ਸੂਰਜ ਮੱਲ) ਤੋਂ ਬਿਨਾਂ ਮੱਖਣ ਸ਼ਾਹ ਲੁਬਾਣਾ, ਲੱਖੀ (ਸ਼ਾਹ) ਦਾਸ, ਭਾਈ ਜੈਤਾ ਜੀ ਅਤੇ ਕੁਝ ਹੋਰ ਗੁਰਸਿੱਖਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਗੁਰੂ ਕੀਆਂ ਸਾਖੀਆਂ, ਭੱਟ ਵਹੀਆਂ ਅਤੇ ਮਹਿਮਾ ਪ੍ਰਕਾਸ਼ ਵਰਗੇ ਸਰੋਤ ਗ੍ਰੰਥਾਂ ਦੀ ਸੁਯੋਗ ਵਰਤੋਂ ਕੀਤੀ ਹੈ। ਕੁਝ ਕਾਂਡਾਂ ਵਿਚ ਇਤਿਹਾਸ ਸਮੱਗਰੀ ਦੀ ਪ੍ਰਮਾਣਿਕਤਾ ਬਰਕਰਾਰ ਰੱਖਣ ਲਈ ਸਾਧ-ਭਾਖਾ ਦਾ ਪ੍ਰਯੋਗ ਹੋਇਆ ਹੈ। ਇਹ ਇਕ ਸਾਂਭਣਯੋਗ ਦਸਤਾਵੇਜ਼ ਹੈ।
c c
ਅੰਦਰ ਦੀ ਗੱਲ
ਲੇਖਕ : ਪ੍ਰਿੰ. ਜਸਪਾਲ ਸਿੰਘ ਲੋਹਾਮ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 150 ਰੁਪਏ, ਸਫ਼ੇ : 208
ਸੰਪਰਕ : 97810-40140

'ਅੰਦਰ ਦੀ ਗੱਲ' ਵਿਚ ਪ੍ਰਿੰ. ਲੋਹਾਮ ਦੁਆਰਾ ਸਮੇਂ-ਸਮੇਂ ਲਿਖੇ 91 ਲਘੂ-ਲੇਖ ਸੰਗ੍ਰਹਿਤ ਹਨ। ਇਹ ਲੇਖ ਪੰਜਾਬੀ ਦੀਆਂ ਵਿਭਿੰਨ ਅਖ਼ਬਾਰਾਂ ਵਿਚ ਛਪਦੇ ਰਹੇ ਹਨ। ਅਜਿਹੇ 'ਮਿਡਲ ਲੇਖਾਂ' ਵਿਚ ਲੇਖਕ ਆਪਣੀ ਨਿੱਜੀ ਜ਼ਿੰਦਗੀ ਦੇ ਕੁਝ ਪ੍ਰੇਰਨਾ ਭਰਪੂਰ ਤਜਰਬੇ ਪਾਠਕਾਂ ਨਾਲ ਸਾਂਝੇ ਕਰਦਾ ਹੈ। ਅਖ਼ਬਾਰਾਂ ਵਿਚ ਛਪਣ ਵਾਲੇ ਲੰਮੇ ਰਾਜਨੀਤਕ ਲੇਖਾਂ ਵਿਚ ਸਾਡੇ ਪਾਠਕ ਬਹੁਤੀ ਰੁਚੀ ਨਹੀਂ ਲੈਂਦੇ ਕਿਉਂਕਿ ਅੱਜਕਲ੍ਹ ਹਰ ਪਾਠਕ ਆਪਣੇ ਆਪ ਨੂੰ ਰਾਜਨੀਤੀ ਵਿਚ ਨਿਪੁੰਨ ਸਮਝਦਾ ਹੈ। ਦੂਜੀ ਗੱਲ ਇਹ ਕਿ ਪੰਜਾਬੀ ਦੇ ਬਹੁਤੇ ਲੇਖਕ ਰਾਜਨੇਤਾਵਾਂ ਬਾਰੇ 'ਅੰਦਰਲੀ ਜਾਣਕਾਰੀ' ਨਹੀਂ ਰੱਖਦੇ ਹੁੰਦੇ। ਉਨ੍ਹਾਂ ਪਾਸ ਇਧਰ-ਉਧਰ ਤੋਂ ਪੜ੍ਹੀ-ਸੁਣੀ ਸਤਹੀ ਪੱਧਰ ਦੀ ਜਾਣਕਾਰੀ ਹੀ ਹੁੰਦੀ ਹੈ। ਇਸ ਕਾਰਨ ਉਨ੍ਹਾਂ ਦੇ ਲੇਖ ਦਿਲਚਸਪ ਜਾਂ ਉਤੇਜਨਾ ਭਰਪੂਰ ਨਹੀਂ ਹੁੰਦੇ। ਇਨ੍ਹਾਂ ਲੇਖਾਂ ਤੋਂ ਪਤਾ ਚਲਦਾ ਹੈ ਕਿ ਪ੍ਰਿੰਸੀਪਲ ਲੋਹਾਮ ਵਿਗਿਆਨ ਅਤੇ ਗਣਿਤ ਦਾ ਅਧਿਆਪਕ ਸੀ। ਬਾਅਦ ਵਿਚ ਉਹ ਆਪਣੇ ਤਜਰਬੇ ਅਤੇ ਵਿੱਦਿਅਕ ਯੋਗਤਾ ਦੇ ਕਾਰਨ ਉਹ ਪ੍ਰਿੰਸੀਪਲ ਵੀ ਬਣ ਗਿਆ ਸੀ। ਉਹ ਆਪਣੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਨਾਲ ਪੜ੍ਹਾਉਂਦਾ ਸੀ। ਟਿਊਸ਼ਨਾਂ ਵੀ ਕਰ ਲੈਂਦਾ ਸੀ, ਕਿਉਂਕਿ ਉਸ ਦੇ ਵੇਲਿਆਂ ਵਿਚ ਟਿਊਸ਼ਨਾਂ ਦਾ ਬਹੁਤ ਬੋਲਬਾਲਾ ਸੀ। ਲੇਖਕ ਦੀ ਜ਼ਿੰਦਗੀ ਪੂਰੀ ਤਰ੍ਹਾਂ ਸਫ਼ਲ ਰਹੀ। ਉਸ ਨੂੰ ਹਰ ਸਮੇਂ ਚੰਗੇ ਤੋਂ ਚੰਗੀ ਨੌਕਰੀ ਮਿਲ ਜਾਂਦੀ ਸੀ। ਸਾਥੀ ਅਧਿਆਪਕ ਅਤੇ ਪ੍ਰਿੰਸੀਪਲ ਵੀ ਚੰਗੇ ਟੱਕਰਦੇ ਰਹੇ। ਹਰ ਲੇਖ ਤੋਂ ਸਿੱਖਿਆ ਇਹੀ ਮਿਲਦੀ ਹੈ ਕਿ ਕੁਝ ਖ਼ੁਦਗੁਰਜ਼ ਅਤੇ ਬੁਰੇ ਲੋਕਾਂ ਨੂੰ ਛੱਡ ਕੇ ਦੁਨੀਆ ਬੜੀ ਚੰਗੀ ਹੈ। ਮੁੱਖ ਮੰਤਰੀ, ਮੰਤਰੀ, ਸਕੱਤਰ ਅਤੇ ਡਾਇਰੈਕਟਰ ਵਗ਼ੈਰਾ, ਸਭ ਬੁੱਧੀਮਾਨ ਅਤੇ ਕੰਮ ਆਉਣ ਵਾਲੇ ਵਿਅਕਤੀ ਹੁੰਦੇ ਹਨ। ਜੇ ਮਨ ਚੰਗਾ ਤਾਂ ਕਠੌਤੀ ਵਿਚ ਗੰਗਾ! ਬਹੁਤ ਹੀ ਪ੍ਰੇਰਨਾਭਰਪੂਰ, ਆਸ਼ਾਵਾਦੀ ਅਤੇ ਸਿੱਖਿਆਦਾਇਕ ਲੇਖ ਹਨ, ਇਸ ਪੁਸਤਕ ਵਿਚ ਮੈਂ ਦੇਖਿਆ ਹੈ ਕਿ ਸਾਡੇ ਬਹੁਤੇ ਲੇਖਕ ਐਵੇਂ ਘੁਣਤਰਾਂ ਕੱਢਦੇ ਰਹਿੰਦੇ ਹਨ। ਸਿਸਟਮ ਨਾਲ ਸਹਿਮਤ ਹੋ ਕੇ ਵੀ ਜੀਵਿਆ ਅਤੇ ਲਿਖਿਆ ਜਾ ਸਕਦਾ ਹੈ। ਯੁਵਾ ਵਰਗ ਲੀ ਇਹ ਲੇਖ ਰੂਪਾਂਤਰਣਕਾਰੀ ਹੋ ਨਿਬੜਣਗੇ। ਮੈਂ ਲੋਹਾਮ ਸਾਹਿਬ ਦੀ ਸ਼ਖ਼ਸੀਅਤ ਅਤੇ ਕਲਮ ਦਾ ਕਦਰਦਾਨ ਹਾਂ। ਇਹ ਲੇਖ ਸਕੂਲਾਂ ਦੀਆਂ ਪਾਠ-ਪੁਸਤਕਾਂ ਦਾ ਹਿੱਸਾ ਬਣਨ ਚਾਹੀਦੇ ਹਨ।
-ਮੋਬਾਈਲ : 98760-52136
ਇਹ ਕਿਹੋ ਜਿਹੇ ਅਹਿਸਾਸ ਨੇ
ਲੇਖਕ : ਸ਼ੈਲੀ ਸਰੋਏ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 135
ਸੰਪਰਕ : 97819-25626

ਜਿਵੇਂ ਕਿ ਪੁਸਤਕ ਦੇ ਨਾਂਅ ਤੋਂ ਜਾਪਦਾ ਹੈ ਕਿ ਇਹ ਪੁਸਤਕ ਅਹਿਸਾਸਾਂ ਦਾ ਖ਼ਜ਼ਾਨਾ ਹੈ। ਪੁਸਤਕ ਵਿਚ ਹਰ ਕਵਿਤਾ ਵਿਚ ਕੋਈ ਨਾ ਕੋਈ ਸੁਨੇਹਾ ਤੇ ਅਹਿਸਾਸ ਦੀ ਝਲਕ ਵਿਖਾਈ ਦਿੰਦੀ ਹੈ। ਇਸ ਪੁਸਤਕ ਵਿਚ 116 ਕਵਿਤਾਵਾਂ ਹਨ, ਜੋ ਭਾਵੇਂ ਛੋਟੀਆਂ ਜ਼ਰੂਰ ਹਨ, ਪ੍ਰੰਤੂ ਇਹ ਬਹੁਤ ਕੁਝ ਕਹਿ ਰਹੀਆਂ, ਜਿਨ੍ਹਾਂ ਨੂੰ ਸਮਝਣ ਲਈ ਪਾਰਖੂ ਹੋਣਾ ਜ਼ਰੂਰੀ ਹੈ। ਸਦਕੇ ਜਾਈਏ ਲੇਖਕ ਦੇ, ਜਿਨ੍ਹਾਂ ਨੇ ਇਹ ਖਜ਼ਾਨਾ ਸਮਾਜ ਦੇ ਆਲੇ-ਦੁਆਲੇ ਤੋਂ ਇਕੱਠਾ ਕਰਕੇ ਉਨ੍ਹਾਂ ਨੂੰ ਇਕ ਮਾਲਾ ਵਿਚ ਪਰੋ ਕੇ ਪਾਠਕਾਂ ਦੇ ਰੂਬਰੂ ਕੀਤੀ। ਲੇਖਕ ਆਪ ਵੀ ਅਧਿਆਪਕ ਹੈ ਜੋ ਕਿ ਇਕ ਵਧੀਆ ਗੱਲ ਹੈ। ਬੱਚਿਆਂ ਨੂੰ ਗਿਆਨ ਵੰਡਣ ਦੇ ਨਾਲ ਉਹ ਸਮਾਜ ਨੂੰ ਵੀ ਸੇਧ ਦੇਣ ਦੇ ਨਾਲ ਚੁੰਡੀਆਂ ਵੀ ਵੱਡ ਰਿਹਾ ਹੈ ਅਤੇ ਨਾਲ ਜਗਾ ਵੀ ਰਿਹਾ ਹੈ। ਪਰਮਾਤਮਾ 'ਤੇ ਵਿਸ਼ਵਾਸ ਕਰਨਾ, ਇਨਸਾਨੀਅਤ ਨੂੰ ਮੰਨਣ ਤੇ ਚੰਗਾ ਸਮਾਜ ਸਿਰਜਣ ਦਾ ਲੇਖਕ ਹਾਮੀ ਹੈ। ਲੋਕ ਪੱਖੀ ਇਹ ਕਵਿਤਾਵਾਂ ਪੜ੍ਹ ਕੇ ਮਨ ਵਿਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਹਨ। ਲੇਖਕ ਦੀ ਇਹ ਪਹਿਲੀ ਪੁਸਤਕ ਜ਼ਰੂਰ ਹੈ, ਪ੍ਰੰਤੂ ਉਸ ਦਾ ਕੱਦ ਵੱਡੇ ਲੇਖਕਾਂ ਦੇ ਆਸ-ਪਾਸ ਪੁੱਜਿਆ ਹੈ। ਲੇਖਕ ਕਵਿਤਾ 'ਕਿਤਾਬ' ਵਿਚ ਲਿਖਦਾ ਹੈ :
'ਹਾਂ ਮੈਂ ਇਕ ਕਿਤਾਬ ਹਾਂ, ਤੂੰ ਮੈਨੂੰ ਵੇਖ ਤਾਂ ਸਹੀ
ਮੈਨੂੰ ਖੋਹਲ ਤਾਂ ਸਹੀ, ਮੈਨੂੰ ਪੜ੍ਹ ਤਾਂ ਸਹੀ।'
ਇਸੇ ਤਰ੍ਹਾਂ ਹੀ 'ਕਤਲੇਆਮ' ਕਵਿਤਾ ਵਿਚ ਕਹਿੰਦਾ ਹੈ:
'ਤਕਨੀਕੀ ਸਾਧਨਾਂ ਹੱਥੋਂ ਕਤਲੇਆਮ ਹੋਈਆਂ ਕਿਤਾਬਾਂ ਦੇ ਪੰਨਿਆਂ ਰੋ-ਰੋ ਦੁਹਾਈ ਦਿੱਤੀ, ਕੇਸ ਚੱਲਿਆ।' ਆਖਿਰ ਸੁਣਵਾਈ ਵੀ ਤਕਨੀਕੀ ਸਾਧਨ ਦੀ ਹੋਈ। ਕਵਿਤਾ 'ਸਬਰ ਤੋਂ ਥੋੜ੍ਹਾ ਉੱਤੇ' ਵਿਚ ਲੇਖਕ ਲਿਖਦਾ ਹੈ :-
'ਤੇਰਾ ਜਬਰ ਸਾਡੇ ਸਬਰ ਤੋਂ ਉੱਤੇ ਥੋੜ੍ਹਾ,
ਤੈਨੂੰ ਜਬਰ ਕਰਨ ਲਈ, ਬਹੁਤ ਕੁਝ ਕਰਨਾ ਪੈਣਾ।
ਸਮੁੱਚੇ ਤੌਰ 'ਤੇ ਇਹ ਪੁਸਤਕ ਪੜ੍ਹਨ ਤੋਂ ਇਲਾਵਾ ਸਾਂਭਣਯੋਗ ਹੈ।
-ਡਾ. ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 92105-88990
ਖ਼ਜ਼ਾਨੇ ਦੀ ਭਾਲ
ਲੇਖਿਕਾ : ਊਸ਼ਾ ਯਾਦਵ
ਅਨੁਵਾਦਕ : ਪ੍ਰੋ. ਨਵ ਸੰਗੀਤ ਸਿੰਘ
ਪ੍ਰਕਾਸ਼ਕ : ਸਾਹਿਤਯਸ਼ਿਲਾ ਪ੍ਰਕਾਸ਼ਨ, ਦਿੱਲੀ
ਮੁੁੱਲ : 350 ਰੁਪੲ, ਸਫ਼ੇ : 151
ਸੰਪਰਕ : 94176-92015

ਪਿਛਲੀ ਅੱਧੀ ਸਦੀ ਤੋਂ ਪੰਜਾਬੀ ਬਾਲ ਸਾਹਿਤ ਵਿਚ ਦੂਜੀਆਂ ਜ਼ੁਬਾਨਾਂ ਵਿਚ ਸਿਰਜਿਤ ਨਾਵਲ ਅਨੁਵਾਦ ਕਰਨ ਦੀ ਰਵਾਇਤ ਮੁਸਲਸਲ ਜਾਰੀ ਹੈ। ਇਸ ਸੰਦਰਭ ਵਿਚ ਹੁਣੇ-ਹੁੁਣੇ ਹਿੰਦੀ ਬਾਲ ਸਾਹਿਤ ਦੀ ਸੁਪ੍ਰਸਿੱਧ ਅਤੇ ਪਦਮਸ੍ਰੀ ਬਾਲ ਸਾਹਿਤ ਲੇਖਿਕਾ ਡਾ. ਊਸ਼ਾ ਯਾਦਵ ਰਚਿਤ ਬਾਲ ਨਾਵਲ 'ਖ਼ਜ਼ਾਨੇ ਦੀ ਭਾਲ' ਛਪ ਕੇ ਸਾਹਮਣੇ ਆਇਆ ਹੈ ਜਿਸ ਨੂੰ ਪ੍ਰਸਿੱਧ ਅਨੁਵਾਦ ਪ੍ਰੋ. ਨਵ ਸੰਗੀਤ ਸਿੰਘ ਨੇ ਅਨੁਵਾਦ ਕੀਤਾ ਹੈ। ਕਿਸ਼ੋਰ-ਉਮਰ ਦੇ ਪਾਠਕ ਵਰਗ ਦੀ ਮਾਨਸਿਕਤਾ ਦੇ ਵੱਖ-ਵੱਖ ਪਹਿਲੂਆਂ ਉਪਰ ਆਧਾਰਿਤ ਬਾਲ ਨਾਵਲ 'ਖ਼ਜ਼ਾਨੇ ਦੀ ਭਾਲ' ਦਾ ਆਗ਼ਾਜ਼, ਦਿੱਲੀ-ਭੋਪਾਲ ਸ਼ਤਾਬਦੀ ਗੱਡੀ ਦੇ ਸਫ਼ਰ ਦੌਰਾਨ ਨਾਵਲ ਦੇ ਨਾਇਕ ਰਜਤ ਦਾ ਆਪਣੇ ਹਮਉਮਰ ਪਾਤਰ ਅਮਨ ਨਾਲ ਮੁਲਾਕਾਤ ਨਾਲ ਹੁੰਦਾ ਹੈ। ਮੁਢਲੇ ਕਾਂਡ ਵਿਚ ਦੋਵੇਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀਆਂ ਗੱਲਾਂ ਵਿਚ ਗ਼ਲਤਾਨ ਹੋਣ ਲੱਗਦੇ ਹਨ। ਜਿਉਂ-ਜਿਉਂ ਇਸ ਬਾਲ ਨਾਟਕ ਦਾ ਬਿਰਤਾਂਤ ਅੱਗੇ ਵਧਦਾ ਜਾਂਦਾ ਹੈ, ਤਿਉਂ-ਤਿਉਂ ਕਿਸ਼ੋਰ-ਮਨ ਦੀ ਸੰਵੇਦਨਾ ਪਰਤ-ਦਰ-ਪਰਤ ਖੁੱਲ੍ਹਦੀ ਜਾਂਦੀ ਹੈ। ਵਾਸਤਵ ਵਿਚ ਕਪਟੀ ਜਾਲ ਬੁਣਨ ਵਿਚ ਮਾਹਿਰ ਅਮਨ ਰਜਤ ਨੂੰ ਆਪਣੇ ਨਾਲ ਲਿਆਂਦੇ ਡੱਬੇ ਵਿਚ ਖੋਏ ਦਾ ਪੇੜਾ ਖੁਆ ਕੇ ਆਪਣੇ ਸਾਜਿਸ਼ੀ-ਜਾਲ ਵਿਚ ਫਸਾ ਲੈਂਦਾ ਹੈ। ਬੇਹੋਸ਼ ਹੋਏ ਰਜਤ ਨੂੰ ਕੁਝ ਹੋਰ ਵਿਅਕਤੀ ਗਿਣੀ-ਮਿੱਥੀ ਸਾਜਿਸ਼ ਤਹਿਤ ਹੀ ਜੰਗਲ ਵਿਚ ਇਕ ਪੁਰਾਣੀ ਇਮਾਰਤ ਦੀ ਖ਼ਸਤਾ ਕੋਠੜੀ ਵਿਚ ਲੈ ਜਾਂਦੇ ਹਨ। ਜਦੋਂ ਉਸ ਕੋਠੜੀ ਵਿਚ ਰਜਤ ਨੂੰ ਹੋਸ਼ ਆਉਂਦੀ ਹੈ, ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਆਪਣੇ ਨਾਲ ਸਫ਼ਰ ਕਰਨ ਵਾਲੇ ਕਿਸੇ ਅਜਨਬੀ ਮੁੰਡੇ ਅਮਨ ਨਾਲ 'ਦੋਸਤੀ' ਦੇ ਨਾਂ ਤੇ ਵੱਡੀ ਸਾਜਿਸ਼ ਦਾ ਸ਼ਿਕਾਰ ਹੋ ਗਿਆ ਹੈ। ਉਸ ਨੂੰ ਆਪਣੇ ਉਪਰ ਰਹਿ-ਰਹਿ ਕੇ ਗੁੱਸਾ ਆਉਂਦਾ ਹੈ, ਜਿਸ ਨੇ ਰੇਲਵੇ ਦੀ ਇਸ ਚਿਤਾਵਨੀ ਨੂੰ ਅਣਡਿੱਠ ਕੀਤਾ ਕਿ ਕਿਸੇ ਅਜਨਬੀ ਹੱਥੋਂ ਖਾਣ ਪੀਣ ਦੀ ਵਸਤੂ ਕਿਸੇ ਵਿਅਕਤੀ ਨੂੰ ਜਾਨੀ ਜਾਂ ਮਾਲੀ ਨੁਕਸਾਨ ਪੁਚਾ ਸਕਦੀ ਹੈ। ਰਜਤ ਦੇ ਅਪਹਰਣ ਵਿਚ ਸਾਥ ਦੇਣ ਵਾਲੇ ਦਬੰਗ ਜਾਂ ਮੁਸ਼ਟੰਡੇ ਵਿਅਕਤੀਆਂ ਦੀ ਨੀਅਤ ਆਪਣੇ ਪੁਰਖਿਆਂ ਵੱਲੋਂ ਧਰਤੀ ਵਿਚ ਦੱਬੇ ਖ਼ਜ਼ਾਨੇ ਦੀ ਪ੍ਰਾਪਤੀ ਲਈ ਲਾਲ ਜੀਭ ਵਾਲੀ ਪੱਥਰ ਦੀ ਆਦਮ ਕੱਦ ਦੇਵੀ ਦੀ ਮੂਰਤੀ ਅੱਗੇ ਰਜਤ ਦੀ ਬਲੀ ਦੇਣਾ ਹੈ, ਪਰੰਤੂ ਸਮੇਂ ਸਿਰ ਮੌਕੇ 'ਤੇ ਪੁੱਜੀ ਪੁਲਿਸ ਉਨ੍ਹਾਂ ਦੇ ਨਾਪਾਕ ਇਰਾਦਿਆਂ ਦਾ ਪਰਦਾਫ਼ਾਸ਼ ਕਰਕੇ ਗ੍ਰਿਫ਼ਤਾਰ ਕਰ ਲੈਂਦੀ ਹੈ। ਇਹ ਬਾਲ ਨਾਵਲ ਸੰਕੇਤਕ ਰੂਪ ਵਿਚ ਜਿੱਥੇ ਕਿਸ਼ੋਰ-ਅਵਸਥਾ ਨੂੰ ਸਫ਼ਰ ਦੌਰਾਨ ਕਿਸੇ ਖਾਣ ਪੀਣ ਦੀ ਲੋਭ-ਲਾਲਸਾ ਤੋਂ ਚੇਤੰਨ ਕਰਦੀ ਹੈ ਉਥੇ ਇਸ ਦਾ ਬਿਰਤਾਂਤ ਇਹ ਵੀ ਦਰਸਾਉਂਦਾ ਹੈ ਕਿ ਚੰਗਾ ਸਾਹਿਤ ਹੀ ਮਨੁੱਖੀ ਸਮਾਜ ਦੀ ਅਗਵਾਈ ਕਰਕੇ ਉਸ ਨੂੰ ਅੰਧ-ਵਿਸ਼ਵਾਸ ਦੇ ਹਨੇਰੇ ਕੋਨਿਆਂ ਵਿਚੋਂ ਬਾਹਰ ਕੱਢ ਸਕਦਾ ਹੈ। ਬੁਰੀ ਸੰਗਤ ਕਿਸੇ ਬੱਚੇ ਦੀ ਭਵਿੱਖ ਨੇਸਤੋ ਨਾਬੂਦ ਕਰ ਸਕਦੀ ਹੈ ਜਦੋਂ ਕਿ ਚੰਗੀ ਸੰਗਤ ਚੰਗੇਰੇ ਚਰਿੱਤਰ ਨਿਰਮਾਣ ਦੇ ਰਾਹ ਦਿਖਾਉਂਦੀ ਹੈ। ਨਾਵਲ ਵਿਚ ਤਿਲਸਮੀ ਜਾਲ ਦੀਆਂ ਤੰਦਾਂ ਹੌਲੀ-ਹੌਲੀ ਟੁੱਟਦੀਆਂ ਜਾਂਦੀਆਂ ਹਨ ਅਤੇ ਚਰਮਸੀਮਾ 'ਤੇ ਜਾ ਕੇ ਗੁੰਝਲਾਂ ਖੁੱਲ੍ਹ ਜਾਂਦੀਆਂ ਹਨ। ਇਸ ਬਾਲ ਨਾਵਲ ਦੇ ਪਾਤਰਾਂ ਦੀ ਵਾਰਤਾਲਾਪ ਸਥਿਤੀ ਅਤੇ ਸਮੇਂ ਦੇ ਅਨੁਕੂਲ ਹੈ। ਢੁਕਵੇਂ ਚਿੱਤਰ ਕਥਾਨਕ ਨੂੰ ਹੋਰ ਸਰਲ ਢੰਗ ਨਾਲ ਸਮਝਣ ਲਈ ਮਦਦਗਾਰ ਸਿੱਧ ਹੁੰਦੇ ਹਨ। ਛਪਾਈ ਅਤੇ ਟਾਈਟਲ ਸੁੰਦਰ ਹਨ। ਕੁੱਲ ਮਿਲਾ ਕੇ ਇਹ ਬਾਲ ਨਾਵਲ ਜਿਗਿਆਸਾ ਅਤੇ ਪ੍ਰੇਰਨਾ ਭਰਪੂਰ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 9814423703
ਤਿਤਲੀਆਂ ਦਾ ਭਾਰ
ਕਵੀ : ਉਂਕਾਰ ਸਿੰਘ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼ ਦਿੱਲੀ
ਮੁੱਲ : 300 ਰੁਪਏ, ਸਫ਼ੇ : 112
ਸੰਪਰਕ : 84277-99098

'ਤਿਤਲੀਆਂ ਦਾ ਭਾਰ' ਕਾਵਿ-ਸੰਗ੍ਰਹਿ ਉਂਕਾਰ ਸਿੰਘ ਦਾ ਨਵਾਂ ਕਾਵਿ-ਸੰਗ੍ਰਹਿ ਹੈ। ਜਦੋਂ ਅਸੀਂ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦਾ ਅਧਿਐਨ ਕਰਦੇ ਹਾਂ ਤਾਂ ਇਹ ਕਵਿਤਾਵਾਂ ਜਿਥੇ ਰਿਸ਼ਤਿਆਂ ਦੇ ਨਿੱਘ ਨੂੰ ਪੇਸ਼ ਕਰਦੀਆਂ ਹਨ, ਉਥੇ ਅਜੋਕੇ ਮਖੌਟਾਧਾਰੀ ਯੁੱਗ ਵਿਚ ਰਿਸ਼ਤਿਆਂ ਦੇ ਹੋ ਰਹੇ ਘਾਣ ਦੀ ਗੱਲ ਵੀ ਕਰਦਾ ਹੈ। ਜਿੱਥੇ ਪੁਰਾਣੇ ਸਮਿਆਂ ਵਿਚ ਪਰਿਵਾਰਕ ਸਾਂਝਾਂ ਕਾਇਮ ਸਨ, ਉਥੇ ਅਖੌਤੀ ਆਧੁਨਿਕਵਾਦੀ ਦੌਰ ਵਿਚ ਪਦਾਰਥਵਾਦੀ ਬਹੁਲਤਾ ਤਾਂ ਹੈ ਪਰ ਰਿਸ਼ਤੇ ਅਤੇ ਸਾਂਝਾਂ ਖੁਰਦੇ-ਭੁਰਦੇ ਜਾ ਰਹੇ ਹਨ:
ਘਰ-ਘਰ ਵਿਚ ਸਿਲੰਡਰ ਬਲ਼ਦੇ
ਲੱਕੜ, ਬਾਲਣ ਚੁੱਲ੍ਹੇ ਨਾ
ਗਿਣਮੀਆਂ-ਮਿਣਮੀਆਂ ਪੱਕਣ ਰੋਟੀਆਂ
ਭੋਰਾ ਦਾਲ ਵੀ ਡੁੱਲੇ ਨਾ।
ਅਸਲ ਵਿਚ ਕਵੀ ਆਪਣੇ ਅਤੀਤ ਵਿਚੋਂ ਸਕੂਨ ਭਾਲਦਾ ਹੈ, ਕਿਉਂਕਿ ਅਜੋਕੀ ਜ਼ਿੰਦਗੀ ਸਰਬਪੱਖੀ ਰੂਪ ਵਿਚ ਆਪਣਾ ਪ੍ਰਦੂਸ਼ਿਤ ਰੂਪ ਵਿਖਾ ਰਹੀ ਹੈ। ਕਵੀ ਪੰਜਾਬ ਦੀ ਨਿੱਘਰਦੀ ਸਥਿਤੀ ਲਈ ਵੀ ਫ਼ਿਕਰਮੰਦ ਹੈ, ਜਿਹੜਾ ਪੰਜਾਬ ਕਦੇ ਕੁਰਬਾਨੀਆਂ ਦਾ ਘਰ ਸੀ, ਅੱਜ ਆਪਣੀ ਹੋਂਦ ਲਈ ਜੂਝ ਰਿਹਾ ਹੈ, ਕਿਉਂਕਿ ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਖੋਰਾ ਪੰਜਾਬ ਲਈ ਘਾਤਕ ਸਿੱਧ ਹੋ ਰਿਹਾ ਹੈ ਜਿਵੇਂ ਕਵੀ ਲਿਖਦਾ ਹੈ :
ਕੀਤੀਆਂ ਕੁਰਬਾਨੀਆਂ ਬੇਸ਼ੁਮਾਰ ਦੇਸ਼ ਲਈ
ਪੰਜਾਬ ਫੇਰ ਵੀ ਹੋਂਦ ਲਈ ਤਲਬਗਾਰ ਹੋ ਰਿਹਾ।
ਕਵੀ ਤਾਂ ਚਾਹੁੰਦਾ ਹੈ ਕਿ ਮਨੁੱਖੀ ਭਾਈਚਾਰਾ ਅਤੇ ਨਿੱਘ ਕਾਇਮ ਹੋਵੇ, ਤਾਂ ਕਿ ਤਰੱਕੀ ਦਾ ਪਰਚਮ ਹਮੇਸ਼ਾ ਝੂਲਦਾ ਰਹੇ। ਕਵੀ ਮਨੁੱਖੀ ਤਰੱਕੀ ਦੀ ਕਾਮਨਾ ਕਰਦਾ ਹੈ ਪਰ ਇਹ ਤਰੱਕੀ ਬਗ਼ੈਰ ਕਿਸੇ ਸੰਘਰਸ਼ ਦੇ ਮਿਲ ਨਹੀਂ ਸਕਦੀ। ਇਸ ਤਰੱਕੀ ਦੇ ਰਾਹ ਵਿਚ ਰੁਕਾਵਟਾਂ ਦੀ ਬਹੁਤਾਤ ਭਾਵੇਂ ਹੋਵੇਗੀ ਪਰ ਦ੍ਰਿੜ੍ਹ ਇਰਾਦਾ ਅਤੇ ਮਿਹਨਤ ਕਦੇ ਨਾ ਕਦੇ ਇਨਸਾਨ ਨੂੰ ਮੰਜ਼ਿਲ 'ਤੇ ਪਹੁੰਚਾ ਹੀ ਦੇਵੇਗੀ। ਉਂਕਾਰ ਸਿੰਘ ਦੀ ਇਸ ਪੁਸਤਕ 'ਤਿਤਲੀਆਂ ਦਾ ਭਾਰ' ਵਿਚ ਜਿਥੇ ਗੀਤ ਅਤੇ ਕਵਿਤਾਵਾਂ ਸ਼ਾਮਿਲ ਹਨ, ਉਥੇ ਜਪਾਨੀ ਸਿਨਫ਼ ਹਾਇਕੂ ਵੀ ਸ਼ਾਮਿਲ ਕੀਤੇ ਗਏ ਹਨ, ਜਿਸ ਕਰਕੇ ਕਾਵਿ-ਰੂਪਾਂ ਪੱਖੋਂ ਵੀ ਵੰਨ-ਸੁਵੰਨਤਾ ਪਾਠਕ ਦਾ ਧਿਆਨ ਆਕਰਸ਼ਿਤ ਕਰਦੀ ਹੈ। ਪੁਸਤਕ ਦੇ ਅਖ਼ੀਰ 'ਤੇ 'ਚੋਣਵੀਂ ਸ਼ਾਇਰੀ' ਸਿਰਲੇਖ ਤਹਿਤ ਕੁਝ ਚੋਣਵੇਂ ਸ਼ੇਅਰ ਵੀ ਸ਼ਾਮਿਲ ਕੀਤੇ ਗਏ ਹਨ ਅਤੇ 'ਚੋਂਹ ਲਾਈਨਾਂ ਵਾਲੀ ਸ਼ਾਇਰੀ' ਵੀ ਪੇਸ਼ ਹੋਈ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਪਿੰਡ ਦੀ ਬਿਰਤਾਂਤਕਾਰੀ
ਅਵਤਾਰ ਸਿੰਘ ਬਿਲਿੰਗ
ਦੇ ਨਾਵਲ
ਲੇਖਕ : ਡਾ.ਨਵਪ੍ਰੀਤ ਕੌਰ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 220
ਸੰਪਰਕ : 82888-48002

ਹਥਲੀ ਪੁਸਤਕ ਦੀ ਲੇਖਿਕਾ ਦੁਆਰਾ ਅਵਤਾਰ ਸਿੰਘ ਬਿਲਿੰਗ ਦੇ ਨਾਵਲਾਂ ਵਿਚ ਪਿੰਡਾਂ ਦੇ ਬਿਰਤਾਂਤ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਉਸ ਦੇ ਨਾਵਲਾਂ ਦਾ ਆਧਾਰ ਢਾਹਾਂ ਖੇਤਰ ਦੀ ਭੂਮੀ ਜਿਸ ਵਿਚ ਖੰਨਾ, ਸਮਰਾਲਾ ਤੇ ਖੁਮਾਣੋ ਸ਼ਾਮਿਲ ਹਨ। ਉਹ ਖ਼ੁਦ ਵੀ ਢਾਹਾਂ ਖੇਤਰ ਦੀ ਪੈਦਾਇਸ਼ ਹੋਣ ਕਰਕੇ ਉਥੋਂ ਦੀ ਜੀਵਨ-ਜਾਂਚ ਅਤੇ ਇਸ ਖਿੱਤੇ ਬਾਰੇ ਸੂਝ-ਬੂਝ ਰੱਖਦੀ ਹੈ। ਉਸ ਵਲੋਂ ਅਵਤਾਰ ਸਿੰਘ ਬਿਲਿੰਗ ਦੇ ਨਾਵਲਾਂ ਵਿਚ ਪਿੰਡਾਂ ਦੇ ਸੱਭਿਆਚਾਰਕ ਜੀਵਨ ਵਿਚ ਆ ਰਹੇ ਬਦਲਾਅ ਨੂੰ ਸਮਝਣ ਅਤੇ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਪੰਜਾਬ ਦੇ ਪਿੰਡਾਂ ਵਿਚ ਪੁਰਾਤਨ ਸਮੇਂ ਨਾਲੋਂ ਮਨੁੱਖੀ ਸਮਾਜਿਕ ਤਾਣੇ-ਬਾਣੇ ਵਿਚ ਢੇਰ ਸਾਰਾ ਅੰਤਰ ਆ ਰਿਹਾ ਹੈ। ਇਸ ਪੁਸਤਕ ਵਿਚ ਅਵਤਾਰ ਸਿੰਘ ਬਿਲਿੰਗ ਦੇ ਨਾਵਲਾਂ ਦੀਆਂ ਰਚਨਾਵਾਂ ਦੇ ਜ਼ਰੀਏ ਢਾਹਾਂ ਖੇਤਰ ਦੇ ਸੱਭਿਆਚਾਰਕ ਜੀਵਨ ਵਿਚ ਪਰਿਵਰਤਨ ਹੋ ਰਿਹਾ ਹੈ, ਉਨ੍ਹਾਂ ਵਿਚ ਪਿੰਡਾਂ ਦੀ ਆਰਥਿਕਤਾ, ਰਾਜਨੀਤਕਤਾ, ਅਪਣੱਤ ਦੀ ਪਛਾਣ, ਮੋਹ ਪਿਆਰ, ਨਿੱਤ ਕਦਰਾਂ-ਕੀਮਤਾ ਵਿਚ ਆ ਰਹੀ ਗਿਰਾਵਟ ਆਦਿ ਸ਼ਾਮਿਲ ਹਨ। ਭਾਰਤ ਨੂੰ 1947 ਵਿਚ ਆਜ਼ਾਦੀ ਮਿਲਣ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਤੋਂ ਹਿਜ਼ਰਤ ਹੋਣ ਕਾਰਨ ਪੰਜਾਬੀ ਸੱਭਿਆਚਾਰਕ ਢਾਂਚਾ ਤਹਿਸ-ਨਹਿਸ ਹੋਇਆ ਹੈ। ਪੰਜਾਬ ਵਿਚ ਆਈ ਹਰੀ ਕ੍ਰਾਂਤੀ ਦੁਆਰਾ ਮਨੁੱਖੀ ਸਾਂਝਾਂ ਵਿਚ ਆਪਣਾ ਰੋਲ ਅਦਾ ਕੀਤਾ ਗਿਆ ਹੈ। ਖੇਤੀ ਕਰਨ ਲਈ ਤਕਨੀਕੀ ਸੰਦਾਂ ਦੇ ਇਜ਼ਾਦ ਹੋਣ ਨਾਲ ਪੰਜਾਬੀ ਸੱਭਿਆਚਾਰ ਦਾ ਸਮਾਜਿਕ ਤਾਣਾ-ਬਾਣਾ ਆਪਣਾ ਰੂਪ ਬਦਲਦਾ ਹੈ। ਪੰਜਾਬ ਦੇ ਖੇਤ ਮਜ਼ਦੂਰਾਂ, ਗ਼ੈਰ-ਕਾਸ਼ਤਕਾਰਾਂ ਅਤੇ ਸ਼ਿਲਪਕਾਰਾਂ ਨੇ ਆਪਣੀ ਰੋਜ਼ੀ-ਰੋਟੀ ਦੀ ਖਾਤਰ ਸ਼ਹਿਰਾਂ ਅਤੇ ਕਸਬਿਆਂ ਵੱਲ ਆਪਣਾ ਰੁਖ ਕੀਤਾ ਜਿਸ ਦੇ ਫਲਸਰੂਪ ਪਿੰਡਾਂ ਦੇ ਸੱਭਿਆਚਾਰਕ ਸੰਬੰਧਾਂ ਵਿਚ ਗਿਰਾਵਟ ਆਈ ਹੈ। ਪੰਜਾਬ ਵਿਚ ਵੱਖ-ਵੱਖ ਸਰਕਾਰਾਂ ਦੀ ਨਾਕਾਮੀ ਦੇ ਕਾਰਨ ਬੜੇ ਲਿਖੇ ਲੋਕ ਬੇਰੁਜ਼ਗਾਰੀ ਅਤੇ ਆਰਥਿਕ ਤੰਗੀ ਦੇ ਕਾਰਨ ਆਪਣੀ ਧਰਤੀ ਤੋਂ ਬੇਮੁੱਖ ਹੋ ਕੇ ਨਵੀਂ ਪੀੜ੍ਹੀ ਪਰਵਾਸ ਕਰ ਰਹੀ ਹੈ। ਪੰਜਾਬ ਵਿਚ ਵੱਸਦੇ ਖੇਤ ਮਜ਼ਦੂਰਾਂ ਦੀ ਨਰਕ ਭਰੀ ਜ਼ਿੰਦਗੀ ਦੇ ਕਾਰਨ ਉਹ ਪਿਤਾ ਪੁਰਖੀ ਧੰਦਿਆਂ ਨੂੰ ਤਿਲਾਂਜਲੀ ਦੇ ਕੇ ਹੋਰ ਧੰਦਿਆਂ ਵੱਲ ਆਪਣੇ ਪੈਰ ਪਸਾਰ ਰਹੇ ਹਨ। ਇਸ ਦੇ ਫਲਸਰੂਪ ਮਜ਼ਦੂਰ ਅਤੇ ਕਿਸਾਨ ਦੇ ਸਮਾਜਿਕ ਸੰਬੰਧਾਂ ਵਿਚ ਤਰੇੜ ਆ ਗਈ ਹੈ। ਹਥਲੀ ਪੁਸਤਕ ਦੀ ਲੇਖਿਕਾ ਨੇ ਅਵਤਾਰ ਸਿੰਘ ਬਿਲਿੰਗ ਦੇ ਨਾਵਲਾਂ ਦਾ ਮੁਲਾਂਕਣ ਕਰਦਿਆਂ ਇਨ੍ਹਾਂ ਆਰਥਿਕ ਤਬਦੀਲੀਆਂ ਦਾ ਜ਼ਿਕਰ ਆਪਣੀ ਪੁਸਤਕ ਵਿਚ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਉਸ ਨੇ ਢਾਹਾਂ ਖੇਤਰ ਦੇ ਸਮਾਜਿਕ ਵਰਤਾਰੇ ਵਿਚ ਵਾਪਰਦੇ ਅੰਦਰੂਨੀ ਵਿਰੋਧਾਂ ਦੇ ਕਈ ਪਸਾਰਾਂ ਨੂੰ ਪ੍ਰਗਤੀਸ਼ੀਲ ਅਤੇ ਯਥਾਰਵਾਦੀ ਪੱਖ ਤੋਂ ਪ੍ਰਗਟ ਕਰਨ ਦਾ ਯਤਨ ਕੀਤਾ ਗਿਆ ਹੈ।
-ਡਾ. ਅਮਰਜੀਤ ਸਿੰਘ ਗਿੱਲ
ਮੋਬਾਈਲ : 98553-88572
ਤਲਖ਼ੀਆਂ ਦੀ ਤਾਸੀਰ
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਮਿੱਤਰ ਮੰਡਲ ਪ੍ਰਕਾਸ਼ਨ, ਬਰਨਾਲਾ
ਮੁੱਲ : 50 ਰੁਪਏ, ਸਫ਼ੇ : 104
ਸੰਪਰਕ : 94635-61123

'ਤਲਖ਼ੀਆਂ ਦੀ ਤਾਸੀਰ' ਪੰਜਾਬੀ ਤੇ ਹਿੰਦੀ ਸਾਹਿਤ ਨੂੰ ਪ੍ਰਣਾਏ, ਯੁੱਗ ਪੁਰਸ਼ ਸ਼ਖ਼ਸੀਅਤ, 93 ਵਰ੍ਹਿਆਂ ਦੇ ਨੌਜਵਾਨ ਓਮ ਪ੍ਰਕਾਸ਼ ਗਾਸੋ ਜੀ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ ਹੈ। ਗਾਸੋ ਬਹੁ ਵਿਧਾਵੀ ਸਾਹਿਤਕਾਰ ਹੈ। ਉਸ ਦੀ ਕਲਮ ਦੀ ਰਵਾਨੀ ਉਸ ਦੇ ਜਜ਼ਬਿਆਂ, ਸੰਵੇਦਨਾਵਾਂ, ਸਮਾਜ ਲਈ ਸ਼ੁਭ ਇੱਛਾਵਾਂ ਅਤੇ ਦੁਆਵਾਂ ਦੀ ਕਹਾਣੀ ਕਹਿੰਦੀ ਹੈ। ਹੁਣ ਤੱਕ ਉਹ 31 ਨਾਵਲ, ਸੰਸਕ੍ਰਿਤੀ ਤੇ ਸੱਭਿਆਚਾਰ ਨਾਲ ਸੰਬੰਧਿਤ 19 ਪੁਸਤਕਾਂ, ਬਾਲਾਂ ਨਾਲ ਸੰਬੰਧਿਤ ਚਾਰ ਪੁਸਤਕਾਂ, ਕਵਿਤਾ ਦੀਆਂ ਤਿੰਨ ਪੁਸਤਕਾਂ ਅਤੇ ਆਲੋਚਨਾ ਦੀਆਂ ਦੋ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕਾ ਹੈ। ਹਿੰਦੀ ਵਿਚ ਉਸ ਦੇ ਚਾਰ ਨਾਵਲ ਅਤੇ ਸੱਤ ਕਾਵਿ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 'ਨਦੀ ਦਾ ਨਾਦ' ਉਸ ਦੀ ਸਵੈ-ਜੀਵਨੀ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਸ ਦੀ 'ਸਾਹਿਤਕ ਸਵੈਜੀਵਨੀ' ਵੀ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ। ਲੇਖਕ ਮੁੱਢ ਤੋਂ ਲੈ ਕੇ ਹੁਣ ਤੱਕ ਮਾਨਵਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਰਿਹਾ ਹੈ। ਇਸ ਲਈ ਉਸ ਨੇ ਆਪਣੀ ਨਵੀਂ ਕ੍ਰਿਤ 'ਤਲਖ਼ੀਆਂ ਦੀ ਤਾਸੀਰ' ਧਰਤੀ ਉਤਲੀ ਸਮੁੱਚੀ ਮਾਨਵਵਾਦੀ ਵਿਕਾਸ ਪ੍ਰਕਿਰਿਆ ਨੂੰ ਸਮਰਪਿਤ ਕੀਤੀ ਹੈ। ਹੱਥਲੀ ਪੁਸਤਕ ਵਿਚ ਲੇਖਕ ਨੇ ਜਨ-ਸਧਾਰਨ ਦੇ ਦੁੱਖਾਂ, ਦਰਦਾਂ, ਹਉਕਿਆਂ, ਲੋੜਾਂ, ਥੁੜ੍ਹਾਂ, ਰੀਝਾਂ, ਝੋਰਿਆਂ, ਵੇਦਨਾਵਾਂ, ਤੰਗੀਆਂ, ਤੁਰਸ਼ੀਆਂ ਅਤੇ ਤਲਖ਼ੀਆਂ ਨੂੰ ਰਚਨਾਤਮਿਕ ਰੂਪ ਵਿਚ ਪੇਸ਼ ਕੀਤਾ ਹੈ-
'ਤਲਖ਼ੀਆਂ ਦੀ ਕੌੜੀ ਤਾਸੀਰ,
ਮੁਰਝਾ ਗਈ ਤਮੰਨਾ।
ਮਨ ਦੀ ਉਦਾਸੀ, ਓਪਰੀ ਜਿਹੀ ਹਾਸੀ।
ਬਣਾਵਟੀ ਭੂਚਾਲ, ਧੋਖੇ ਦੇ ਕਥਨ,
ਝੂਠੇ ਝੂਠੇ ਯਤਨ।
ਜ਼ਿੰਦਗੀ ਉਪਰਾਮ, ਉਪਰਾਮ ਅੱਖਰਾਂ ਦੀ ਇਬਾਦਤ,
ਪੜ੍ਹਦਿਆਂ ਪੜ੍ਹਦਿਆਂ ਬੇਚੈਨ ਹੋਈ ਭਾਵਨਾ।'
ਕਵੀ ਦੁਆਰਾ ਬਿਆਨ ਕੀਤਾ ਤਲਖ਼ੀਆਂ ਦੀ ਤਾਸੀਰ ਦਾ ਦਾਇਰਾ ਬਹੁਤ ਵਿਸ਼ਾਲ ਹੈ। ਉਹ ਪੰਜਾਬ ਵਿਚ ਹੜ੍ਹਾਂ ਦੀ ਮਾਰ ਝੱਲਦੇ ਲੋਕਾਂ ਦੇ ਦੁੱਖਾਂ, ਦਰਦਾਂ ਨੂੰ ਬਿਆਨਦਾ ਹੋਇਆ ਉਨ੍ਹਾਂ ਨਾਲ ਹਮਦਰਦੀ ਅਤੇ ਸਨੇਹ ਪ੍ਰਦਾਨ ਕਰਦਾ ਹੈ-
'ਅਚਾਨਕ ਆਈ ਆਫ਼ਤ ਦਾ ਮਾਰੂ ਭਾਰ,
ਮਨ ਹੋਇਆ ਤਾਰ ਤਾਰ।
ਜ਼ਿੰਦਗੀ ਦੇ ਰੰਗ, ਬਣੇ ਬਦਰੰਗ।
ਦਿਲ ਦਾ ਟੁਕੜਾ ਉਹ ਪਲ ਗੁਆਚ ਗਿਆ।'
ਪਰੰਤੂ ਫ਼ੇਰ ਵੀ ਉਹ ਲੋਕਾਂ ਨੂੰ ਇਨ੍ਹਾਂ ਮਾਰੂ ਤਲਖ਼ੀਆਂ ਅਤੇ ਮਾਰੂ ਮਾਰਾਂ ਨੂੰ ਭੁੱਲ ਕੇ ਜ਼ਿੰਦਗੀ ਵਿਚ ਲਗਾਤਾਰ ਤੁਰਦੇ ਰਹਿਣ ਦਾ ਸੰਕਲਪ ਲੈਂਦੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ-
ਤੁਰਦੇ ਰਹੋ ਤੁਰਦੇ ਰਹੋ,
ਪੁੱਟਦੇ ਰਹੋ ਪੁਲਾਂਘਾਂ।
ਪੁੱਟਦੇ ਰਹੋ ਪੁਲਾਂਘਾਂ,
ਭੁੱਲ ਜਾਵੋ ਤਲਖ਼ੀਆਂ ਦੀ ਤਾਸੀਰ ਨੂੰ।
ਕਵੀ ਦੀ ਰਚਨਾ ਸਮਾਜਿਕ ਵਿਵਸਥਾ ਦੀ ਬੇ-ਵਿਉਂਤ ਵਿਧੀ ਵਿਚੋਂ ਪੈਦਾ ਹੋਈ ਅਰਾਜਕਤਾ, ਵਿਤਕਰੇ, ਵਿਆਕੁਲਤਾ, ਸੀਨਾ-ਜ਼ੋਰੀਆਂ, ਜ਼ੁਲਮਾਂ, ਸਿਤਮਾਂ ਤੋਂ ਵੀ ਚਿੰਤਤ ਹੈ-
'ਕਮੀਆਂ ਤੇ ਕਮਜ਼ੋਰੀਆਂ, ਜ਼ਾਲਮ ਦੀਆਂ ਸੀਨੇ ਜ਼ੋਰੀਆਂ।
ਜ਼ੁਲਮਾਂ ਦੇ ਕਹਿਰ ਭਰੇ ਕਿੱਸੇ, ਇਹ ਕੁਝ ਕੁ ਦੇ ਆਏ ਹਿੱਸੇ।'
ਇਸ ਪ੍ਰਕਾਰ ਓਮ ਪ੍ਰਕਾਸ਼ ਗਾਸੋ ਦੀ ਇਸ ਨਵੀਂ ਸਿਰਜਣਾ 'ਤਲਖ਼ੀਆਂ ਦੀ ਤਾਸੀਰ' ਦਾ ਮੈਂ ਪੰਜਾਬੀ ਸਾਹਿਤ ਵਿਚ ਭਰਪੂਰ ਸੁਆਗਤ ਕਰਦਾ ਹਾਂ। ਨਾਲ਼ ਹੀ ਸਾਰੇ ਪੰਜਾਬੀਆਂ ਨੂੰ ਇਹ ਵਡਮੁੱਲੀ ਕ੍ਰਿਤ ਪੜ੍ਹਨ ਲਈ ਸੁਝਾਅ ਵੀ ਦਿੰਦਾ ਹਾਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਬੇਬੀਲੋਨ ਦਾ ਸਭ ਤੋਂ ਅਮੀਰ ਆਦਮੀ
ਲੇਖਕ : ਜਾਰਜ ਐਸ.ਕਲੈਸਨ
ਅਨੁਵਾਦ: ਜਸਪ੍ਰੀਤ ਸਿੰਘ ਜਗਰਾਓਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ,
ਮੁੱਲ : 195 ਰੁਪਏ, ਸਫ਼ੇ : 120
ਸੰਪਰਕ : 92090-00001

ਪ੍ਰਾਚੀਨ ਮੈਸੋਪੋਟਾਮੀਆ (ਆਧੁਨਿਕ ਇਰਾਕ) ਦੀ ਇੱਕ ਪ੍ਰਮੁੱਖ, ਅਮੀਰ ਅਤੇ ਪ੍ਰਭਾਵਸ਼ਾਲੀ ਸੱਭਿਅਤਾ ਸੀ, ਜੋ ਫਰਾਤ ਦਰਿਆ ਦੇ ਕੰਢੇ ਵਿਕਸਿਤ ਹੋਈ। ਇਸ ਪ੍ਰਚੀਨ ਸੱਭਿਅਤਾ ਬੇਬੀਲੋਨ ਦੀ ਅਮੀਰੀਅਤ ਦੀਆਂ ਨੀਤੀ ਕਥਾਵਾਂ ਕਹਾਣੀਆਂ 'ਤੇ ਆਧਾਰਿਤ ਪੁਸਤਕ ਹੈ 'ਬੇਬੀਲੋਨ ਦਾ ਸਭ ਤੋਂ ਅਮੀਰ ਆਦਮੀ'। ਜਿਸ ਅਨੁਸਾਰ ਅਰਕਦ ਨਾਂਅ ਦਾ ਇੱਕ ਸਧਾਰਨ ਵਿਅਕਤੀ ਬੇਬੀਲੋਨ ਦਾ ਸਭ ਤੋਂ ਵੱਧ ਅਮੀਰ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ, ਫਿਰ ਆਪਣੇ ਅਮੀਰ ਬਣਨ ਦੇ ਅਪਣਾਏ ਗੁਰਾਂ (ਨੁਕਤਿਆਂ) ਨੂੰ ਲੋਕਾਂ ਵਿਚ ਪ੍ਰਚਾਰ ਕਰਨ ਹਿਤ ਸਮੇਂ ਦੇ ਸ਼ਾਸਕ ਦੀ ਹੱਲਾਸ਼ੇਰੀ ਨਾਲ ਪ੍ਰਚਾਰ ਵੀ ਕਰਦਾ ਹੈ। ਜਿਸ ਨਾਲ ਇਹ ਸੱਭਿਅਤਾ ਕਰੀਬ ਸਾਰੇ ਲੋਕ ਆਪਣੇ ਬਲਬੂਤੇ ਆਪਣੀ ਆਪਣੀ ਔਕਾਤ/ ਲਿਆਕਤ ਅਨੁਸਾਰ ਵੱਖ-ਵੱਖ ਕਾਰੋਬਾਰਾਂ/ ਕਿੱਤਿਆਂ ਨੂੰ ਅਪਣਾਉਂਦੇ ਹੋਏ ਅਮੀਰ ਹੋਣ ਦੇ ਰਾਹੇ ਪਏ।
ਕਰੀਬ ਹਰ ਮਨੁੱਖ ਨੂੰ ਕਮਾਈ ਨੂੰ ਜਿਥੇ ਰੋਜ਼ਮਰਾ ਦੀਆਂ ਲੋੜਾਂ ਨੂੰ ਅਰਪਣ ਲਈ ਮਜਬੂਰ ਹੋਣਾ ਪੈਂਦਾ ਹੈ ਉਥੇ ਬੇਲੋੜੇ ਫਜ਼ੂਲ ਖਰਚਿਆਂ, ਹੋਊ ਪਰ੍ਹੇ/ ਘੌਲ/ਲਾਪ੍ਰਵਾਹੀ ਤੋਂ ਬਚਦਿਆਂ 'ਕਮਾਈ ਵਿਚੋਂ ਕੁੱਝ ਨਾ ਕੁੱਝ 'ਪੇਅ ਟੂ ਸੈਲਫ' ਖੁਦ (ਆਪਣੇ ਆਪ) ਲਈ ਵੀ ਬਚਾ ਕੇ ਰੱਖਣਾ ਯਾਨਿ ਆਪਣੇ ਲਈ ਦਸਵੰਧ ਕੱਢਣਾ ਅਮੀਰੀ ਦੀ ਨੀਂਹ ਧਰਨ ਦੇ ਬਰਾਬਰ ਹੁੰਦਾ ਜਿਵੇਂ ਬੂੰਦ ਬੂੰਦ ਨਾਲ ਸਾਗਰ ਭਰਦਾ ਹੈ ਤਿਵੇਂ ਸਿਰਫ ਇੱਕ ਇੱਕ ਪੈਸੇ ਦੀ ਬੱਚਤ ਵੀ ਬਟੂਆ/ਪਰਸ ਤਿਜ਼ੋਰੀ ਭਰਨ ਦਾ ਮੁੱਢ ਬਣਦਾ ਹੈ। ਫਿਰ ਇਸ ਬੱਚਤ ਨੂੰ ਬੜੀ ਸੋਚ ਸਮਝ ਨਾਲ ਨੌਸਰਬਾਜ਼ਾਂ ਦੀਆਂ ਠੱਗੀਆਂ ਠੋਰੀਆਂ ਤੋਂ ਸੁਚੇਤ ਰਹਿ ਕੇ ਸੁਚੱਜਾ ਪ੍ਰਬੰਧਨ ਕਰਦਿਆਂ ਸਹੀ ਜਗ੍ਹਾ ਨਿਵੇਸ਼ ਕਰਨਾ, ਸੁਹਿਰਦ ਯਤਨਾਂ ਨਾਲ ਨਵੇਂ ਉਚਿਤ ਮੌਕਿਆਂ ਦੀ ਭਾਲ, ਮਿਲਦੇ ਉਚਿਤ ਮੌਕਿਆਂ ਦਾ ਫਾਇਦਾ ਉਠਾਉਣਾ, ਨਿਸ਼ਠਾ, ਇੱਛਾ ਸ਼ਕਤੀ ਨਾਲ ਮਿਹਨਤ ਦਾ ਪੱਲਾ ਫੜ ਕੇ ਕਿਰਤ ਨਾਲ ਜੁੜਨਾ, ਆਮਦਨ ਤੇ ਖਰਚ 'ਚ ਸੰਤੁਲਨ ਕਾਇਮ ਕਰਨਾ, ਬਜਟ ਬਣਾਉਣਾ ਆਦਿ ਨੁਕਤਿਆਂ ਨਾਲ ਭਰਪੂਰ ਦਸ ਕੁ ਕਥਾਵਾਂ ਹਨ। ਗ਼ਰੀਬੀ ਨੂੰ 'ਸਰਾਪ' ਤੇ ਅਮੀਰੀ ਨੂੰ 'ਵਰ' ਸਮਝ ਕੇ ਗ਼ਰੀਬ ਨੂੰ 'ਬਦਨਸੀਬੀ' ਤੇ ਅਮੀਰੀ ਨੂੰ 'ਖੁਸ਼ਕਿਸਮਤੀ' ਸਮਝ ਬੈਠਣਾ ਹੀ ਸਮਾਜ ਵਿਚ ਕਾਣੀ ਵੰਡ ਉਤਪੰਨ ਹੋਣ ਦੇ ਹੋਰ ਬਹੁਤ ਸਾਰੇ ਕਾਰਨਾਂ ਵਿਚੋਂ ਇੱਕ ਵੱਡਾ ਕਾਰਨ ਹੈ। ਕਮਾਈ ਸਾਧਨ ਪੈਦਾ ਕਰਨ ਲਈ ਕਰਜਾ ਜ਼ਰੂਰੀ ਹੁੰਦਾ, ਪਰ ਸਮੇਂ ਸਿਰ ਵਾਪਸ ਮੋੜਨਾ ਵੀ ਓਨਾ ਹੀ ਜ਼ਰੂਰੀ ਹੁੰਦਾ ਹੈ।
ਬੇਬੀਲੋਨ ਦੀ ਵਿਕਾਸ ਦੀ ਸਥਾਪਨਾ ਤੋਂ ਪਹਿਲਾਂ ਬਹੁਤ ਸਾਰੇ ਪੱਖਾਂ ਤੋਂ ਊਣੀ ਇਸ ਧਰਤੀ ਤੇ ਇੱਥੋਂ ਦੀ ਗ਼ਰੀਬੀ ਦੇ ਝੰਬੇ ਬਹੁਤਾਤ ਬਾਸ਼ਿੰਦਿਆਂ ਨੇ ਆਪਣੇ-ਆਪ ਤੋਂ ਸ਼ੁਰੂ ਕਰਕੇ ਘਰ, ਪਰਿਵਾਰ ਤੇ ਸਮਾਜ ਨੂੰ ਸੰਵਾਰਨ ਸਜਾਉਣ ਦੇ ਪਾਂਧੀ ਬਣਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ, ਪਰ ਫਿਰ ਵੀ ਬੇਬੀਲੋਨ ਸੱਭਿਅਤਾ ਲੋਕਾਂ ਨੇ ਵਫ਼ਾਦਾਰੀ ਨਾਲ ਇਹ ਸਭ ਕਰ ਵਿਖਾਇਆ। ਗ਼ਰੀਬੀ ਦੇ ਕੁਹਜ ਵਿਚੋਂ ਨਿਕਲਣਾ ਰਾਹ ਦਸੇਰਾ ਇਸ ਪੁਸਤਕ 'ਬੇਬੀਲੋਨ ਦਾ ਸਭ ਤੋਂ ਅਮੀਰ ਆਦਮੀ' ਦਾ ਪੰਜਾਬੀ ਸਾਹਿਤ ਵਿਚ ਆਮਦ ਦਾ ਹਾਰਦਿਕ ਸਵਾਗਤ ਹੈ।
-ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ: 98764-74858
ਵੱਡੇ ਭਾਗ ਗੁਰਸਿਖ ਕੇ
(ਪ੍ਰਿੰਸੀਪਲ ਸੁਰਿੰਦਰ ਸਿੰਘ ਦੇ ਚੋਣਵੇਂ ਲੈਕਚਰ ਅਤੇ ਲੇਖ)
ਸੰਪਾਦਕ : ਇਕਵਾਲ ਸਿੰਘ ਪੱਟੀ
ਪ੍ਰਕਾਸ਼ਕ : ਮਾਝਾ ਵਰਲਡਵਾਈਡ, ਸ੍ਰੀ ਅੰਮ੍ਰਿਤਸਰ ਸਾਹਿਬ
ਸਹਿਯੋਗ ਰਾਸ਼ੀ : 299 ਰੁਪਏ, ਸਫ਼ੇ : 168
ਸੰਪਰਕ : 94787-67620

ਹਥਲੀ ਪੁਸਤਕ ਵਿਚ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਭਵਿੱਖ ਦੀ ਪੀੜ੍ਹੀ ਲਈ ਵੱਡੀ ਪੀੜਾ ਰੱਖਣ ਵਾਲੇ ਗੁਰਪੁਰਵਾਸੀ ਪ੍ਰਿੰਸੀਪਲ ਸੁਰਿੰਦਰ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਵਲੋਂ ਸਮੇਂ-ਸਮੇਂ ਦਿੱਤੇ ਵਖਿਆਨਾਂ/ ਲੈਕਚਰਾਰ/ ਲੇਖਾਂ ਨੂੰ ਗੁਰਮਤਿ ਸਿਧਾਂਤਾਂ ਦੇ ਪਾਠਕ ਗੋਚਰੇ ਕਰਨ ਦਾ ਸਫ਼ਲ ਕਾਰਜ ਸੰਪਾਦਕ ਵਲੋਂ ਕੀਤਾ ਗਿਆ ਹੈ। ਪ੍ਰਿੰਸੀਪਲ ਸੁਰਿੰਦਰ ਸਿੰਘ ਅਜਿਹੀ ਸ਼ਖ਼ਸੀਅਤ ਜਿਨ੍ਹਾਂ ਸਫ਼ਲ ਬੁਲਾਰੇ ਵਜੋਂ ਵਿਸ਼ੇਸ਼ ਪਛਾਣ ਬਣਾਈ, ਉਥੇ ਅਧਿਆਪਕ ਦੇ ਖਿੱਤੇ ਵਿਚ ਵੀ ਸਫ਼ਲ ਅਧਿਆਪਕ ਵਜੋਂ ਕੀਰਤੀਮਾਨ ਸਥਾਪਿਤ ਕੀਤੇ। ਅਕਾਲ ਗੁਰਮਤਿ ਸੰਗੀਤ ਅਕੈਡਮੀ ਅਤੇ ਨੇਤਰਹੀਣ ਸੰਗੀਤ ਵਿਦਿਆਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਦਿੱਤੀਆਂ। 1995 ਤੋਂ ਆਪਣੇ ਅੰਤਿਮ ਸਮੇਂ 2022 ਤੱਕ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦੇ ਵੀ ਪ੍ਰਿੰਸੀਪਲ ਰਹੇ। ਪੰਥਕ ਏਕਤਾ ਲਈ ਤਾ-ਉਮਰ ਯਤਨਸ਼ੀਲ ਰਹੇ। ਇਸ ਪੁਸਤਕ ਨੂੰ ਸੰਪਾਦਕ ਵਲੋਂ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਪ੍ਰਿੰਸੀਪਲ ਸੁਰਿੰਦਰ ਸਿੰਘ ਦੇ 6 ਵਿਖਿਆਨ/ਲੈਕਚਰਾਰ ਦਿੱਤੇ ਗਏ ਹਨ। ਇਨ੍ਹਾਂ ਲੈਕਚਰਾਂ ਵਿਚ 'ਸੇਵਾ ਅਤੇ ਸੇਵਕ', 'ਸਭ ਦੇ ਵੱਡੇ ਭਾਗ ਗੁਰਸਿਖ ਕੇ', 'ਸਿੱਖ ਪ੍ਰਚਾਰਕ ਕਿਹੋ ਜਿਹਾ ਹੋਵੇ?', 'ਗੁਰੂ ਨਾਨਕ ਸਾਹਿਬ ਜੀ ਦੀ ਸਰਬ ਕਲਿਆਣਕਾਰੀ ਵਿਚਾਰਧਾਰਾ', ਮਨ ਰੇ ਰਾਮ ਜੀਆ ਹੈ ਮੋਲ', 'ਸੂ ਅੰਮ੍ਰਿਤ ਗੁਰ ਤੇ ਪਾਇਆ' ਸਧਾਰਨ ਪਾਠਕ ਦੇ ਹਿਰਦੇ ਨੂੰ ਟੁੰਬਣ ਵਾਲੇ ਤੇ ਗੁਰਮਤਿ ਸਿਧਾਂਤਾਂ ਨਾਲ ਓਤ-ਪੋਤ ਹਨ। ਦੂਜੇ ਭਾਗ ਵਿਚ ਪ੍ਰਿੰਸੀਪਲ ਸਾਹਿਬ ਦੇ ਵੱਖ-ਵੱਖ ਸਮੇਂ ਲਿਖੇ 'ਲੇਖ', 'ਪੰਥ ਪ੍ਰਵਾਨਿਤ', 'ਸਿੱਖ ਰਹਿਤ ਮਰਿਯਾਦਾ', 'ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ', 'ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਵਿਚਾਰਧਾਰਾ', 'ਭਗਤੀ ਤੇ ਸ਼ਕਤੀ ਦਾ ਪ੍ਰਤੀਕ ਮੀਰੀ ਪੀਰੀ ਦਿਵਸ' ਅਤੇ 'ਤਿਆਗ ਦੀ ਮੂਰਤਿ', 'ਸ੍ਰੀ ਗੁਰੂ ਤੇਗ ਬਹਾਦਰ ਜੀ' ਪਾਠਕਾਂ ਲਈ ਗੁਰਮਤਿ ਗਿਆਨ ਦਾ ਸੋਮਾ ਹਨ। ਪੁਸਤਕ ਦੇ ਤੀਜੇ ਭਾਗ ਵਿਚ ਸੁਹਿਰਦ ਸੰਪਾਦਕ ਵਲੋਂ ਪ੍ਰਿੰਸੀਪਲ ਸਾਹਿਬ ਦੀ 'ਧਾਰਮਿਕ ਵਸੀਅਤ' ਤੋਂ ਇਲਾਵਾ ਅੰਤਿਕਾ ਵਿਚ ਉਨ੍ਹਾਂ ਦੀ ਹੱਥਲਿਖਤ ਦੀ ਤਸਵੀਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਘਟਨਾਵਾਂ ਪਿੱਛੋਂ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਅਸਤੀਫ਼ਾ, ਉਨ੍ਹਾਂ ਦੇ ਅਕਾਲ ਚਲਾਣੇ 'ਤੇ ਸੋਗਮਤਾ (ਵਿਧਾਨ ਸਭਾ ਪੰਜਾਬ ਵਲੋਂ), ਸਨੇਹੀਆਂ ਦੇ ਵਿਚਾਰ 'ਸੱਚਾ ਸਿਪਾਹੀ, ਦਰਵੇਸ਼ ਸ਼ਖ਼ਸੀਅਤ', ਕਾਵਿਮਈ ਸ਼ਰਧਾਂਜਲੀ ਅਤੇ ਵੱਖ-ਵੱਖ ਅਖ਼ਬਾਰਾਂ ਦੀਆਂ ਕਾਤਰਾਂ' ਸ਼ਾਮਿਲ ਹਨ। ਪੁਸਤਕ ਦੇ ਆਰੰਭ ਵਿਚ ਸ. ਹਰਜੀਤ ਸਿੰਘ ਚੇਅਰਮੈਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ 'ਓਇ ਪੁਰਖ ਪ੍ਰਾਣੀ ਧੰਨਿ ਜਨ ਹਰਿ' ਸੰਪਾਦਕ ਵਲੋਂ 'ਗੁਰਮੁਖਿ ਜਨਮੁ ਸਕਾਰਥਾ' ਅਤੇ 'ਪਾਧਾ ਗੁਰਮੁਖਿ ਆਖੀਐ' ਸਿਰਲੇਖਾਂ ਅਧੀਨ ਪ੍ਰਿੰਸੀਪਲ ਸਾਹਿਬ ਦਾ ਕਰਣੀਨਾਮਾ ਸਾਂਝਾ ਕੀਤਾ ਗਿਆ ਹੈ। ਸੂਝਵਾਨ ਪਾਠਕਾਂ ਵਲੋਂ ਪੁਸਤਕ ਦੀ 'ਆਮਦ' ਦਾ ਸਵਾਗਤ ਕੀਤਾ ਜਾਵੇਗਾ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਹਰਫ਼ਾਂ ਦੀ ਹਲਚਲ
ਲੇਖਕ : ਸੁਖਰਾਜ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 90
ਸੰਪਰਕ : 94638-36591

'ਹਰਫ਼ਾਂ ਦੀ ਹਲਚਲ' ਕਵੀ ਦੀ ਛੇਵੀਂ ਪੁਸਤਕ ਹੈ। ਲੇਖਕ ਨੇ ਹਿੰਦੀ ਵਿਚ ਪੁਸਤਕ ਰਚਨਾ ਕੀਤੀ ਹੈ। ਕਵੀ ਨੇ ਰਿਸ਼ਤਿਆਂ ਦਾ ਜ਼ਿਕਰ ਇਸ ਪੁਸਤਕ ਵਿਚ ਬੜੀ ਖ਼ੂਬਸੂਰਤੀ ਨਾਲ ਕੀਤਾ ਹੈ। 78 ਕਵਿਤਾਵਾਂ ਦੇ ਇਸ ਸੰਗ੍ਰਹਿ ਵਿਚ ਕਵੀ ਨੇ ਕੁਝ ਰਚਨਾਵਾਂ ਵਿਚ ਸਮਾਜ ਦੇ ਅਣਗੌਲੇ ਕਿਰਦਾਰਾਂ ਦਾ ਜ਼ਿਕਰ ਕੀਤਾ ਹੈ। ਕਵੀ ਨੇ ਸ਼ਿਸ਼ਟਾਚਾਰ ਅਤੈ ਨੈਤਿਕ ਗੁਣਾਂ ਦਾ ਪ੍ਰਚਾਰ ਕਰਦਿਆਂ 'ਸਾਦਗੀ ਨਾਲ ਮਿਲੋ' ਕਵਿਤਾ ਵਿਚ ਬਹੁਤ ਖ਼ੂਬਸੂਰਤ ਪੇਸ਼ਕਾਰੀ ਕੀਤੀ ਹੈ। ਕਵੀ ਨੇ ਬਦਲਦੇ ਵਕਤ ਨਾਲ ਬਦਲਦੇ ਅਹਿਸਾਸਾਂ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਹੈ। ਉਹ ਪੰਜਾਬ ਦੀ ਧਰਤੀ ਦੇ ਵਰਤਮਾਨ ਸਰੂਪ ਜਿੱਥੇ ਪ੍ਰਦੂਸ਼ਣ, ਨਸ਼ੇ ਅਤੇ ਇਤਿਹਾਸਕ ਵੰਡ ਆਪਣੇ ਸੀਨੇ 'ਤੇ ਸਹਿੰਦਾ ਹੈ, ਉਸ ਦਾ ਜ਼ਿਕਰ ਬੜੀ ਭਾਵੁਕਤਾ ਨਾਲ ਕਰਦਾ ਹੈ। 'ਕੰਮ ਹੀ ਪੂਜਾ ਹੈ' ਵਰਗੀਆਂ ਨਜ਼ਮਾਂ ਕਰਮਸ਼ੀਲ ਹੋਣ ਲਈ ਪ੍ਰੇਰਦੀਆਂ ਹਨ। ਕਵੀ ਨੇ ਦੁਸ਼ਮਣੀ, ਨਰਮੀ, ਦਿਲ ਦੀ ਵੰਡ, ਮਾਰੂ ਕਾਨੂੰਨ, ਸੁਪਨੇ, ਆਕੜ, ਚਾਹਤ ਆਦਿ ਰਚਨਾਵਾਂ ਰਾਹੀਂ ਮਾਨਵੀ ਸੰਵੇਦਨਾਵਾਂ ਦਾ ਜ਼ਿਕਰ ਤੇ ਫ਼ਿਕਰ ਕੀਤਾ ਹੈ।
ਨਾ ਸੁਪਨੇ ਦੀ ਤਰ੍ਹਾਂ ਸੀ
ਨਾ ਖਿਆਲਾਂ ਦੀ ਤਰ੍ਹਾਂ ਸੀ
ਬਸ ਸ਼ਖ਼ਸ ਸਵਾਲਾਂ ਦੀ ਤਰ੍ਹਾਂ ਸੀ। ਜਾਂ
ਰਾਤ ਜਦੋਂ ਹੋਵੇਗੀ ਤਾਂ ਚੰਨ
ਵੀ ਵਿਖਾਈ ਦੇਵੇਗਾ
ਤੇਰੇ ਮੇਰੇ ਪਿਆਰ ਦਾ ਅਕਸ
ਵੀ ਦਿਖਾਈ ਦੇਵੇਗਾ।
'ਗੁਬਾਰੇ ਵੇਚਦੀ ਕੁੜੀ' ਬੜੀ ਖ਼ੂਬਸੂਰਤ ਕਵਿਤਾ ਹੈ, ਜੋ ਇਕ ਬੇਵੱਸ ਕੁੜੀ ਦੀ ਮਜਬੂਰੀ ਦਾ ਪ੍ਰਗਟਾਵਾ ਹੈ। ਕਵੀ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਦਾ ਸ਼ਬਦ ਚਿੱਤਰ ਵੀ ਬੜੀ ਵਧੀਆ ਸ਼ਬਦਾਵਲੀ ਰਾਹੀਂ ਉਸਾਰਿਆ ਹੈ। ਇਸ ਤਰ੍ਹਾਂ 'ਹਰਫ਼ਾਂ ਦੀ ਹਲਚਲ' ਕਾਵਿ ਸੰਗ੍ਰਹਿ ਕਵੀ ਦੇ ਕਾਵਿ-ਜਜ਼ਬਿਆਂ ਦਾ ਪ੍ਰਗਟਾਵਾ ਹੈ। ਕਵੀ ਦੀ ਕਵਿਤਾ ਦੇ ਰੂਪ ਵਿਧਾਨ ਲਈ ਭਵਿੱਖ ਵਿਚ ਹੋਰ ਉਮੀਦਾਂ ਕਰ ਸਕਦੇ ਹਾਂ। ਇਸ ਪੁਸਤਕ ਲਈ ਮੁਬਾਰਕਬਾਦ।
-ਪ੍ਰੋ. ਕੁਲਜੀਤ ਕੌਰ
ਸੁਰ ਪੰਜ ਦਰਿਆਵਾਂ ਦੇ
ਲੇਖਕ : ਸ਼ਮਸ਼ੇਰ ਸਿੰਘ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 171
ਸੰਪਰਕ : 98763-12860

ਸ਼ਮਸ਼ੇਰ ਸਿੰਘ ਸੰਧੂ ਪੰਜਾਬੀ ਦਾ ਸਥਾਪਤ ਤੇ ਜਾਣਿਆ ਪਛਾਣਿਆ ਪ੍ਰੌੜ੍ਹ ਗੀਤਕਾਰ ਹੈ। ਉਸ ਨੇ ਆਪਣਾ ਸਾਹਿਤਕ ਸਫ਼ਰ ਬਤੌਰ ਕਹਾਣੀਕਾਰ ਸ਼ੁਰੂ ਕੀਤਾ ਸੀ ਤੇ ਇਸ ਪ੍ਰਸੰਗ ਵਿਚ ਉਸ ਦਾ ਇੱਕ ਕਹਾਣੀ ਸੰਗ੍ਰਹਿ 'ਕੋਈ ਦਿਓ ਜਵਾਬ' ਛਪ ਚੁੱਕਾ ਹੈ। ਫਿਰ ਉਸ ਨੇ 'ਪੰਜਾਬੀ ਕਹਾਣੀ ਦਾ ਅੱਜ' ਸਿਰਲੇਖ ਹੇਠ ਇੱਕ ਪੁਸਤਕ ਸੰਪਾਦਿਤ ਕੀਤੀ। ਗਾਇਕਾਂ ਬਾਰੇ ਦੋ ਕਿਤਾਬਾਂ 'ਲੋਕ ਸੁਰਾਂ' ਅਤੇ 'ਸੁਰ ਦਰਿਆਓਂ ਪਾਰ ਦੇ', ਗੀਤ ਸੰਗ੍ਰਹਿ 'ਮੇਰੇ ਚੋਣਵੇਂ ਗੀਤ' ਅਤੇ 'ਤੇਰੇ 'ਚੋਂ ਤੇਰਾ ਯਾਰ ਬੋਲਦਾ' ਸਮੇਤ ਕਾਵਿ ਸੰਗ੍ਰਹਿ 'ਕਿੱਥੇ ਖੋ ਗਏ ਚੱਜ ਦੇ ਬੰਦੇ' ਅਤੇ ਪਾਸ਼ ਬਾਰੇ ਪੁਸਤਕ 'ਇੱਕ ਪਾਸ਼ ਇਹ ਵੀ' ਉਹਦੀਆਂ ਹੋਰ ਕਿਤਾਬਾਂ ਹਨ। ਰੀਵਿਊ ਅਧੀਨ ਪੁਸਤਕ ਉਹਦੀਆਂ 1983 ਵਿਚ ਪ੍ਰਕਾਸ਼ਿਤ ਦੋ ਕਿਤਾਬਾਂ 'ਲੋਕ ਸੁਰਾਂ' ਅਤੇ 'ਸੁਰ ਦਰਿਆਓਂ ਪਾਰ ਦੇ' ਦਾ ਹੀ ਸੰਯੁਕਤ ਰੂਪ ਹੈ। ਇਸ ਦੇ ੳ ਭਾਗ ਵਿਚ ਇਧਰਲੇ ਪੰਜਾਬ ਦੇ ਗਾਇਕ/ਗਾਇਕਾਵਾਂ - ਸੁਰਿੰਦਰ ਕੌਰ, ਯਮਲਾ, ਚਾਂਦੀ ਰਾਮ-ਸ਼ਾਂਤੀ ਦੇਵੀ, ਆਸਾ ਸਿੰਘ ਮਸਤਾਨਾ, ਨਰਿੰਦਰ ਬੀਬਾ, ਜਗਤ ਸਿੰਘ ਜੱਗਾ, ਪ੍ਰਕਾਸ਼ ਕੌਰ, ਮਿਲਖੀ ਰਾਮ, ਸ਼ਮਸ਼ਾਦ ਬੇਗਮ, ਜਸਵੰਤ ਭੰਵਰਾ, ਢਾਡੀ ਦੀਦਾਰ ਸਿੰਘ ਰਟੈਂਡਾ, ਹਰਚਰਨ ਗਰੇਵਾਲ, ਦੀਦਾਰ ਸੰਧੂ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ-ਰਣਜੀਤ ਕੌਰ, ਕੁਲਦੀਪ ਮਾਣਕ, ਬੀਬੀ ਨੂਰਾਂ, ਹਾਕਮ ਸੂਫੀ, ਪੋਹਲੀ-ਪੰਮੀ, ਗੁਰਦਾਸ ਮਾਨ, ਕਰਮਜੀਤ ਪੁਰੀ, ਗੁਰਪਾਲ ਪਾਲ, ਸੁਦੇਸ਼ ਕਪੂਰ, ਜਗਮੋਹਨ ਕੌਰ ਅਤੇ ਅੰਤ ਵਿਚ ਚਮਕੀਲੇ ਤੱਕ ਵਿਚ 75 ਹੋਰ ਗਾਇਕਾਂ ਦੀ ਦੇਣ ਦਾ ਜ਼ਿਕਰ ਹੈ। ਭਾਗ 'ਅ' ਵਿਚ ਓਧਰਲੇ ਪੰਜਾਬ ਦੇ ਗਾਇਕ/ਗਾਇਕਾਵਾਂ ਨੂਰਜਹਾਂ, ਆਲਮ ਲੁਹਾਰ, ਸਬੀਨਾ ਯਾਸਮੀਨ, ਤੁਫ਼ੈਲ ਨਿਆਜ਼ੀ, ਨਾਜ਼ੀਆ ਹਸਨ, ਇਨਾਇਤ ਹੁਸੈਨ ਭੱਟੀ, ਰੂਨਾ ਲੈਲਾ, ਮਹਿਦੀ ਹਸਨ, ਫ਼ਰੀਦਾ ਖ਼ਾਨੁਮ, ਸ਼ੌਕਤ ਅਲੀ, ਨਾਹੀਦ ਅਖ਼ਤਰ, ਅਮਜਦ ਪ੍ਰਵੇਜ਼, ਸ਼ਮਸਾ ਕੰਵਲ, ਗ਼ੁਲਾਮ ਅਲੀ, ਮਲਿਕਾ ਪੁਖ਼ਰਾਜ, ਤਾਹਿਰਾ ਸਈਅਦ, ਗੁਲਸ਼ਨ ਆਰਾ ਸਈਅਦ, ਰੇਸ਼ਮਾ ਤੇ ਹੋਰ ਕਲਾਕਾਰਾਂ ਵਿਚ ਅਫ਼ਸ਼ਾਂ, ਮਸੂਦ ਰਾਨਾ, ਮੁਨੱਵਰ ਸੁਲਤਾਨਾ, ਆਸ਼ਕ ਜੱਟ, ਮਹਿਨਾਜ਼ ਸਮੇਤ ਦਰਜਨ ਹੋਰ ਗਾਇਕਾਂ ਬਾਰੇ ਜਾਣਕਾਰੀ ਹੈ। ਸ਼ਮਸ਼ੇਰ ਸੰਧੂ ਨੇ ਇਨ੍ਹਾਂ ਲੋਕ-ਗਾਇਕਾਂ ਦੇ ਸ਼ਬਦ ਚਿੱਤਰ ਸਿਰਜਦਿਆਂ ਸੰਬੰਧਿਤ ਗਾਇਕ/ਗਾਇਕਾ ਦੀਆਂ ਵਿਲੱਖਣ/ਮਹੱਤਵਪੂਰਨ ਪੇਸ਼ਕਾਰੀਆਂ ਨੂੰ ਰੇਖਾਂਕਿਤ ਕੀਤਾ ਹੈ। ਲੋਕ-ਗਾਇਕੀ ਦੀਆਂ ਬਾਰੀਕੀਆਂ ਤੇ ਇਸਦੇ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਦੇ ਸੂਖ਼ਮ ਰਹੱਸ ਨੂੰ ਜਾਣਨ/ਸਮਝਣ ਲਈ ਇਸ ਪੁਸਤਕ ਦਾ ਅਧਿਐਨ ਦਿਲਚਸਪੀ ਤੋਂ ਕੋਰਾ ਨਹੀਂ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015



















































































































.jpg)


























































































