13-01-2026
ਲੋਹੜੀ ਦਾ ਤਿਉਹਾਰ
ਦੁੱਲਾ ਆਪਣੇ ਪਿਉ, ਦਾਦੇ ਦੀ ਮੌਤ ਦਾ ਬਦਲਾ ਲੈਣ ਵਾਲਾ ਅਣਖੀਲਾ ਗੱਭਰੂ ਸੀ। ਦੁੱਲਾ ਗਰੀਬਾਂ ਦਾ ਮਸੀਹਾ ਸੀ ਜਿਸ ਨੇ ਬਾਅਦ ਵਿਚ ਮੂੰਹ ਬੋਲੀਆਂ ਭੈਣਾਂ ਸੁੰਦਰੀ ਤੇ ਮੁੰਦਰੀ ਦੀ ਇਕ ਲੱਪ ਸ਼ੱਕਰ ਪਾ ਕੇ ਡੋਲੀ ਵਿਦਾ ਕੀਤੀ ਸੀ। ਉਸ ਅਣਖੀਲੇ ਗੱਭਰੂ ਨੂੰ ਹੁਣ ਤੱਕ ਯਾਦ ਕੀਤਾ ਜਾਂਦਾ ਹੈ ਅਤੇ ਲੋਹੜੀ ਦਾ ਤਿਉਹਾਰ ਹਰੇਕ ਧਰਮ ਦੇ ਲੋਕ ਮਨਾਉਂਦੇ ਆ ਰਹੇ ਹਨ। ਬੱਚੇ ਲੋਹੜੀ ਮੰਗਣ ਵੇਲੇ 'ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ, ਸੇਰ ਸ਼ੱਕਰ ਪਾਈ' ਗਾ ਕੇ ਉਸ ਦੀ ਉਸਤਤ ਕਰਦੇ ਹਨ। ਜਿਨ੍ਹਾਂ ਘਰ ਲੋਹੜੀ ਹੁੰਦੀ ਹੈ ਉਸ ਰਾਤ ਨੂੰ ਅੱਗ ਬਾਲ ਕੇ ਮੂੰਗਫਲੀ, ਚਿੜਵੜੇ, ਮੱਕੀ ਦੇ ਫੁੱਲੇ (ਖਿੱਲਾਂ) ਰਿਉੜੀਆਂ ਖਾਂਦੇ ਹਨ ਜਾਂ ਅੱਗ ਵਿਚ ਪਾਉਂਦੇ ਹਨ। ਲਗਭਗ 5-6 ਦਹਾਕੇ ਪਹਿਲਾਂ ਪਿੰਡਾਂ ਵਿਚ ਲੋਹੜੀ ਵਾਲੇ ਘਰ ਜਾ ਕੇ ਕੁੜੀਆਂ, ਮੁੰਡੇ ਲੋਹੜੀ ਮੰਗਦੇ ਸਨ। ਜਿਥੋਂ ਘਰਾਂ ਵਿਚ ਕੁਝ ਪੈਸੇ ਵੱਧ ਤੋਂ ਵੱਧ ਰੁਪਇਆ ਅਤੇ ਮੂੰਗਫਲੀ ਦਾਣੇ ਮਿਲਦੇ ਸਨ ਅਸੀਂ ਵੀ ਬਚਪਨ ਵਿਚ ਆਪਣੇ ਪਿੰਡ ਲੋਹੜੀ ਮੰਗਦੇ ਹੁੰਦੇ ਸੀ। ਬੱਚੇ ਲੋਹੜੀ ਤੋਂ ਹਫ਼ਤਾ ਪਹਿਲਾਂ ਹੀ ਲੋਹੜੀ ਮੰਗਣੀ ਸ਼ੁਰੂ ਕਰ ਦੇਣੀ ਪਰੰਤੂ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ।
ਪਿੰਡਾਂ ਵਿਚੋਂ ਕੋਈ ਵਿਰਲਾ-ਵਾਂਝਾ ਹੀ ਲੋਹੜੀ ਮੰਗਦਾ ਹੋਵੇਗਾ। ਪੈਕਟਾਂ ਵਿਚ ਭੁੰਨੇ ਦਾਣੇ, ਮਸ਼ੀਨੀ ਮੂੰਗਫਲੀ ਭੁੱਜੀ ਮਿਲ ਜਾਂਦੀ ਹੈ। ਸ਼ਹਿਰਾਂ ਵਿਚ ਸਿਰਫ਼ ਪ੍ਰਵਾਸੀ ਮਜ਼ਦੂਰ ਹੀ ਲੋਹੜੀ ਵਾਲੇ ਦਿਨ ਤੱਕ ਭੱਠੀਆਂ ਲਗਾ ਕੇ ਮੂੰਗਫਲੀ ਦਾਣੇ ਭੁੰਨਦੇ ਹਨ। ਗਲੀਆਂ ਵਿਚ ਰਸ (ਰਹੁ) ਵਾਲੀਆਂ ਰੇਹੜੀਆਂ ਤੋਂ ਰਹੂ ਲੈ ਕੇ ਅਗਲੇ ਦਿਨ ਮਾਘੀ ਵਾਲੇ ਦਿਨ ਖੀਰ ਬਣਾਉਂਦੇ ਹਨ। ਜਦੋਂ ਕਿ ਪਹਿਲਾਂ ਲਗਭਗ ਸਾਰਿਆਂ ਪਿੰਡਾਂ ਵਿਚ ਬਲਦਾਂ ਵਾਲੇ ਵੇਲਣੇ ਤੋਂ ਰਹੁ ਪਿੰਡ ਵਾਲੇ ਲੈ ਕੇ ਜਾਂਦੇ ਇਥੋਂ ਤੱਕ ਕਿ ਸ਼ਹਿਰੀ ਲੋਕ ਵੀ ਪਿੰਡ ਰਹੁ (ਰਸ) ਲੈ ਕੇ ਜਾਂਦੇ ਸੀ ਖੀਰ ਬਣਾਉਂਦੇ। ਭਾਵੇਂ ਸਭ ਕੁਝ ਬਦਲ ਗਿਆ ਹੈ, ਫਿਰ ਵੀ ਦੁੱਲੇ ਦੀ ਲੋਹੜੀ ਨੂੰ ਹਰ ਸਾਲ ਮਨਾ ਕੇ ਯਾਦ ਕੀਤਾ ਜਾਂਦਾ ਹੈ।
-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ (ਬਟਾਲਾ)
ਧੀਆਂ ਦੀ ਲੋਹੜੀ
ਲੋਹੜੀ ਪੰਜਾਬ ਦਾ ਇਕ ਮਹੱਤਵਪੂਰਨ ਤਿਉਹਾਰ ਹੈ ਜੋ ਖ਼ੁਸ਼ੀ, ਉਮੀਦ ਅਤੇ ਨਵੀਂ ਸ਼ੁਰੂਆਤ ਦਾ ਸੰਦੇਸ਼ ਦਿੰਦਾ ਹੈ। ਇਹ ਤਿਉਹਾਰ ਪੰਜਾਬ ਹੀ ਨਹੀਂ, ਸਗੋਂ ਪੂਰੇ ਉੱਤਰ ਭਾਰਤ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਸਾਲਾਂ ਤੱਕ ਲੋਹੜੀ ਮਨਾਉਣ ਦੀ ਰੀਤ ਜ਼ਿਆਦਾਤਰ ਪੁੱਤਰ ਦੇ ਜਨਮ ਨਾਲ ਹੀ ਜੁੜੀ ਰਹੀ। ਅੱਜ ਸਮਾਂ ਬਦਲ ਰਿਹਾ ਹੈ ਤੇ ਹੁਣ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਸਮਝਿਆ ਜਾਣ ਲੱਗਾ ਹੈ। ਇਸ ਬਦਲਾਅ ਦੀ ਸਾਫ਼ ਮਿਸਾਲ ਹੈ ਧੀਆਂ ਦੀ ਲੋਹੜੀ ਮਨਾਉਣ ਦੀ ਪਰੰਪਰਾ।
ਧੀ ਦੀ ਲੋਹੜੀ ਮਨਾਉਣਾ ਸਿਰਫ਼ ਇਕ ਰਸਮ ਨਹੀਂ, ਸਗੋਂ ਇਹ ਸਮਾਜ ਦੀ ਸੋਚ ਵਿਚ ਆ ਰਹੇ ਸਕਾਰਾਤਮਕ ਬਦਲਾਅ ਦਾ ਪ੍ਰਤੀਕ ਹੈ। ਇਹ ਸੰਦੇਸ਼ ਦਿੰਦਾ ਹੈ ਕਿ ਧੀ ਵੀ ਪਰਿਵਾਰ ਲਈ ਪੁੱਤਰ ਵਾਂਗ ਉਨੀ ਹੀ ਖ਼ਾਸ ਕੀਮਤੀ ਹੈ ।ਅੱਜ ਦੀ ਧੀ ਹਰ ਖੇਤਰ ਵਿਚ ਆਪਣੀ ਕਾਬਲੀਅਤ ਸਾਬਤ ਕਰ ਰਹੀ ਹੈ।
ਸਿੱਖਿਆ, ਖੇਡਾਂ, ਵਿਗਿਆਨ ਅਤੇ ਪ੍ਰਸ਼ਾਸਨ ਵਿਚ ਧੀਆਂ ਅੱਗੇ ਵਧ ਰਹੀਆਂ ਹਨ। ਮੈਰੀ ਕਾਮ, ਸੁਨੀਤਾ ਵਿਲੀਅਮਜ਼, ਹਰਮਨਪ੍ਰੀਤ ਕੌਰ ਅਤੇ ਪੀ.ਟੀ.ਊਸ਼ਾ ਵਰਗੀਆਂ ਧੀਆਂ ਨੇ ਭਾਰਤ ਦਾ ਨਾਂਅ ਦੁਨੀਆ ਭਰ ਵਿਚ ਰੌਸ਼ਨ ਕੀਤਾ ਹੈ। ਫਿਰ ਵੀ ਲਿੰਗ ਅਨੁਪਾਤ ਵਿਚ ਅਸਮਾਨਤਾ ਅਤੇ ਧੀਆਂ ਨਾਲ ਹੋ ਰਹੇ ਅਪਰਾਧ ਚਿੰਤਾ ਦਾ ਵਿਸ਼ਾ ਹਨ। ਇਸ ਲਈ ਧੀਆਂ ਦੀ ਲੋਹੜੀ ਮਨਾਉਣਾ ਇਕ ਜਾਗਰੂਕਤਾ ਦਾ ਸਾਧਨ ਵੀ ਬਣ ਸਕਦਾ ਹੈ।
ਮੌਜੂਦਾ ਸਮੇਂ ਵਿਚ ਲੋਹੜੀ ਮਨਾਉਂਦੇ ਹੋਏ ਵਾਤਾਵਰਨ ਦੀ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ। ਵੱਧ ਲੱਕੜ ਸਾੜਨ ਦੀ ਥਾਂ ਥੋੜ੍ਹੀ ਅੱਗ ਬਾਲ ਕੇ ਤਿਉਹਾਰ ਮਨਾਇਆ ਜਾ ਸਕਦਾ ਹੈ।
ਪਲਾਸਟਿਕ ਦੀ ਵਰਤੋਂ ਤੋਂ ਬਚ ਕੇ ਗੁੜ, ਮੂੰਗਫਲੀ ਅਤੇ ਰਿਉੜੀਆਂ ਵਰਗੀਆਂ ਕੁਦਰਤੀ ਚੀਜ਼ਾਂ ਵਰਤਣੀਆਂ ਚਾਹੀਦੀਆਂ ਹਨ। ਅੰਤ ਵਿਚ ਕਹਿ ਸਕਦੇ ਹਾਂ ਕਿ ਜਦੋਂ ਧੀ ਦੇ ਜਨਮ 'ਤੇ ਲੋਹੜੀ ਮਨਾਈ ਜਾਂਦੀ ਹੈ, ਤਾਂ ਉਹ ਸਿਰਫ਼ ਤਿਉਹਾਰ ਨਹੀਂ ਹੁੰਦਾ, ਸਗੋਂ ਬਰਾਬਰੀ, ਪਿਆਰ ਅਤੇ ਬਿਹਤਰ ਸਮਾਜ ਦੀ ਨੀਂਹ ਰੱਖਣ ਵਾਲੀ ਸੋਚ ਨੂੰ ਮਜ਼ਬੂਤ ਕਰਦਾ ਹੈ।
-ਰਸ਼ਪਾਲ ਕੌਰ
ਅਧਿਆਪਕਾ (ਕਪੂਰਥਲਾ)
ਚੁੱਪਚਾਪ ਵਧਾਈਆਂ ਜਾ ਰਹੀਆਂ ਫੀਸਾਂ
ਇਕ ਪਾਸੇ ਤਾਂ ਦਿਨੋ-ਦਿਨ ਵਧ ਰਹੀ ਮਹਿੰਗਾਈ ਨੇ ਗਰੀਬ ਲੋਕਾਂ ਦਾ ਜਿਊਣਾ ਦੁਭਰ ਕੀਤਾ ਹੋਇਆ ਹੈ। ਦੂਜੇ ਪਾਸੇ ਖ਼ਾਮੋਸ਼ ਤਰੀਕੇ ਨਾਲ ਵਧਾਈਆਂ ਜਾ ਰਹੀਆਂ ਫੀਸਾਂ ਨੇ ਲੋਕਾਂ ਦੇ ਨੱਕ ਵਿਚ ਹੀ ਦਮ ਕੀਤਾ ਹੋਇਆ ਹੈ। ਡਾਕ ਵਿਭਾਗ ਵਿਚ ਰਜਿਸਟਰੀ ਦੀ ਸਹੂਲਤ ਬੰਦ ਕਰਕੇ ਸਪੀਡ ਪੋਸਟ ਦੀ ਕੀਮਤ ਰਜਿਸਟਰੀ ਦੀ ਫੀਸ ਤੋਂ ਦੁੱਗਣੀ ਤੋਂ ਵੀ ਵਧ ਕਰ ਦਿੱਤੀ ਗਈ ਹੈ। ਆਧਾਰ ਕਾਰਡ ਬਣਾਉਣ, ਅਪਡੇਟ ਦੀ ਫੀਸ ਵੀ ਕੁਝ ਸਮੇਂ ਵਿਚ ਹੀ 25 ਰੁਪਏ ਤੋਂ 100 ਰੁਪਏ ਕਰ ਦਿੱਤੀ ਗਈ ਹੈ।
ਸੇਵਾ ਕੇਂਦਰਾਂ ਦੀ ਫੀਸ ਵੀ ਲੋਕਾਂ ਦਾ ਖ਼ੂਨ ਚੂਸ ਰਹੀ ਹੈ। ਇਸ ਤੋਂ ਇਲਾਵਾ ਨਿੱਜੀ ਕੈਫੇ ਵਾਲੇ ਵੀ ਮਨਮਰਜ਼ੀ ਦੀਆਂ ਫੀਸਾਂ ਵਸੂਲ ਰਹੇ ਹਨ। ਇਕ ਪਾਸੇ ਤਾਂ ਸਰਕਾਰ ਲੋਕਾਂ ਨੂੰ ਆਪਣੇ ਕਾਗਜ਼ ਪੂਰੇ ਤੇ ਸਹੀ ਰੱਖਣ ਦੀਆਂ ਗੱਲਾਂ ਕਰਦੀ ਨਹੀਂ ਥੱਕਦੀ, ਪਰ ਦੂਜੇ ਪਾਸੇ ਫੀਸਾਂ ਬਹੁਤ ਜ਼ਿਆਦਾ ਹੋਣ ਕਰਕੇ ਕਾਗਜ਼ ਪੂਰੇ ਅਤੇ ਦਰੁਸਤ ਰੱਖਣੇ ਆਮ ਲੋਕਾਂ ਦੇ ਵਸੋਂ ਬਾਹਰ ਦੀ ਗੱਲ ਹੋ ਗਈ ਹੈ। ਸਾਨੂੰ ਸਭ ਨੂੰ ਖ਼ੁਦ ਤੋਂ ਪਹਿਲ ਕਰਦੇ ਹੋਏ ਇਸ ਲੁੱਟ ਦੇ ਖ਼ਿਲਾਫ਼ ਆਪੋ-ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
-ਅੰਗਰੇਜ਼ ਸਿੰਘ ਵਿੱਕੀ, ਕੋਟਗੁਰੂ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)